

੧੧ ਦਸੰਬਰ, ੧੮੪੯ ਈ: ਨੂੰ ਗਵਰਨਰ-ਜੈਨਰਲ ਦੇ ਸਕੱਤਰ ਨੇ ਪੰਜਾਬ ਸਰਕਾਰ ਨੂੰ ਲਿਖਿਆ, "ਇਹ ਪਹਿਲਾਂ ਹੀ ਫੈਸਲਾ ਹੋ ਚੁੱਕਾ ਹੈ ਕਿ ਰਾਜ ਖੋਹੇ ਜਾਣ ਪਿਛੋਂ ਦਲੀਪ ਸਿੰਘ ਪੰਜਾਬ ਵਿਚ ਨਹੀਂ ਰਹੇਗਾ । ਅਪ੍ਰੈਲ ਵਿਚ ਸਫਰ ਦੀ ਗਰਮੀ ਤੋਂ ਡਰਦਿਆਂ ਨਹੀਂ ਸੀ ਤੋਰਿਆ, ਪਰ ਹੁਣ ਹੋਰ ਦੇਰ ਨਹੀਂ ਹੋ ਸਕਦੀ। ਫਤਹਿਗੜ੍ਹ ਵਿਚ ਮਹਾਰਾਜੇ ਵਾਸਤੇ ਘਰ ਤਿਆਰ ਹੈ। ਉਸ ਨੂੰ ਲੈ ਜਾਣ ਲਈ ਫੌਜ ਤਿਆਰ ਹੈ : ਇਕ ਦਸਤਾ ਸਰੀਰ ਰੱਖਿਆ ਵਾਸਤੇ (Body Guard) ਲਾਹੌਰ ਆਵੇਗਾ ਤੇ ਮਲਕਾ ਦੀ ਅਨ੍ਹਾਰਵੀਂ ਰੈਜੀਮੈਂਟ ਦੀਆਂ ਦੋ ਕੰਪਨੀਆਂ ਪਹਿਲਾਂ ਹੀ ਓਥੇ ਹਨ। ਪ੍ਰਧਾਨ ਸੈਨਾਪਤੀ ਨੂੰ ਵੀ ਕਿਹਾ ਜਾਵੇਗਾ, ਕਿ ਇਸ ਫੌਜ ਦੀ ਮਦਦ ਵਾਸਤੇ ਇਕ ਰੈਜਮੈਂਟ ਹੋਰ ਦੇਵੇ । ਲਾਗਨ ੧੨੦੦ ਰੁਪੈ ਮਹੀਨੇ ਦੀ ਤਨਖਾਹ 'ਤੇ ਮਹਾਰਾਜੇ ਦਾ ਰਖਵਾਲਾ ਰਹੇਗਾ । ਇਹ ਇਨਸਾਫ ਨਹੀਂ, ਕਿ ਸਾਰੀ ਤਨਖਾਹ ਸਰਕਾਰ ਦੇਵੇ । ਸੋ ਲਾਟ ਸਾਹਿਬ ਦੀ ਸਲਾਹ ਹੈ ਕਿ ਇਸ ਦੇ ਯੋਗ ਹਿੱਸੇ ਕੀਤੇ ਜਾਣ, ਅੱਧੀ ਸਰਕਾਰ ਅੰਗਰੇਜ਼ੀ ਦੇਵੇ ਤੇ ਅੱਧੀ ਮਹਾਰਾਜੇ ਦੀ ਸਾਲਾਨਾ ਪੈਨਸ਼ਨ ਵਿਚੋਂ ਕੱਟੀ ਜਾਵੇ । ਮਹਾਰਾਜੇ ਦੀ ਬਾਲਕ ਅਵਸਥਾ ਵਿਚ ਉਸ ਦੇ ਘਰ ਦੇ ਸਾਰੇ ਪ੍ਰਬੰਧ ਬਾਰੇ ਲਾਗਨ ਨੂੰ ਪੂਰੇ ਅਖਤਿਆਰ ਹੋਣਗੇ । ਉਹ ਸਿੱਧਾ ਗਵਰਨਰ-ਜੈਨਰਲ ਦੇ ਹੁਕਮ ਵਿਚ ਰਹੇਗਾ, ਤੇ ਹਰ ਮਹੀਨੇ ਸਰਕਾਰ ਦੇ ਸਕੱਤਰ ਨੂੰ ਰਿਪੋਰਟ ਤੇ ਹਿਸਾਬ ਭੇਜਦਾ ਰਹੇਗਾ । ਰਾਹ ਵਿਚ ਲਾਗਨ ਮਹਾਰਾਜੇ ਦੀ ਰਾਖੀ ਦਾ ਬੰਦੋਬਸਤ ਰੱਖੋ । ਗਵਰਨਰ-ਜੈਨਰਲ ਚਾਹੁੰਦਾ ਹੈ ਕਿ ਮਹਾਰਾਜੇ ਦੇ ਨਾਲ ਹੀ ਸ: ਸ਼ੇਰ ਸਿੰਘ ਦੇ ਪੁੱਤਰ ਸ਼ਿਵਦੇਵ ਸਿੰਘ ਨੂੰ ਵੀ ਪੰਜਾਬ ਵਿਚੋਂ ਕੱਢਿਆ ਜਾਵੇ । ਇਨ੍ਹਾਂ ਦੇ ਸਾਥ ਵਾਸਤੇ ਲਾਹੌਰੋਂ ਚੁਣੇ ਹੋਏ ਆਦਮੀ-ਜਿਨ੍ਹਾਂ ਉਤੇ ਲਾਗਨ ਨੂੰ ਭਰੋਸਾ ਹੋਵੇ—ਲਏ ਜਾਣ ।"
ਪੰਜਾਬ ਸਰਕਾਰ ਦੇ ਸਕੱਤਰ ਨੇ ਕੁਝ ਹਦਾਇਤਾਂ ਹੋਰ ਨਾਲ ਲਿਖ ਕੇ ਉਪਰਲਾ ਹੁਕਮ ਲਾਗਨ ਨੂੰ ਦਿੱਤਾ: "ਕਿਸੇ ਸ਼ੱਕੀ ਆਦਮੀ ਨੂੰ ਮਹਾਰਾਜੇ ਦੇ ਡੇਰੇ ਨਾਲ ਜਾਣ ਦੀ ਆਗਿਆ ਨਾ ਦਿੱਤੀ ਜਾਵੇ । ਹਥਿਆਰ-ਬੰਦ ਰਖਵਾਲੀ ਫੌਜ ਦੇ ਨਾਲ-ਨਾਲ ਆਪ ਨੂੰ ਦੋ ਤਿੰਨ ਭਰੋਸੇਯੋਗ ਆਦਮੀ ਮਹਾਰਾਜੇ ਦੇ ਹਰ ਵੇਲੇ ਨਾਲ ਰੱਖਣੇ ਚਾਹੀਦੇ ਹਨ। ਏਸ ਗੱਲ ਦਾ ਧਿਆਨ ਰੱਖਣਾ, ਕਿ ਉਹਨੂੰ ਰਾਤ ਨੂੰ ਕੋਈ ਉਠਾ ਕੇ ਨਾ ਲੈ ਜਾਏ। ਲੋੜ ਪਈ 'ਤੇ ਹਥਿਆਰ ਬੰਦ ਟਾਕਰੇ ਵਾਸਤੇ ਵੀ ਤਿਆਰ ਰਹਿਣਾ ।"
ਜਿੰਨਾ ਵੱਡਾ ਕੋਈ ਪਾਪ ਕਰਨ ਲੱਗਦਾ ਹੈ, ਓਨਾ ਹੀ ਵਧੇਰੇ ਉਸ ਦੇ ਅੰਦਰ ਡਰ ਹੁੰਦਾ ਹੈ । ਸੋ ਦਲੀਪ ਸਿੰਘ ਨੂੰ ਦੇਸ-ਨਿਕਾਲਾ ਦੇਣ ਉੱਤੇ ਗੜਬੜ ਹੋਣ ਦਾ ਸਰਕਾਰੀ ਅਫਸਰਾਂ ਨੂੰ ਬੜਾ ਡਰ ਸੀ । ਪੰਜਾਬ ਸਰਕਾਰ ਲਾਗਨ ਨੂੰ ਵਾਰ-ਵਾਰ ਏਸ ਗੱਲ ਦੀਆਂ ਹਦਾਇਤਾਂ ਕਰਦੀ ਰਹੀ । ਹੁਕਮ ਸੀ, ੨੧ ਦਸੰਬਰ, ੧੮੪੯ ਈ: ਨੂੰ ਸਵੇਰੇ ਸੱਤ ਵਜੇ ਮਹਾਰਾਜ ਲਾਹੌਰੋਂ ਕੱਢਿਆ ਜਾਵੇ ।