

ਵਲਾਇਤ ਭੇਜਣ ਦੇ ਵਿਚਾਰ
ਹੁਣ ਦਲੀਪ ਸਿੰਘ ਨੂੰ ਹਿੰਦੁਸਤਾਨ ਵਿਚੋਂ ਕੱਢਣ ਦੀ ਵਾਰੀ ਆਈ । ਜਦੋ ਤੋਂ ਲਾਗਨ ਆਇਆ, ਓਦੋਂ ਤੋਂ ਦਲੀਪ ਸਿੰਘ ਦੇ ਦਿਲ ਵਿਚ ਵਲਾਇਤ ਦੇਖਣ ਦਾ ਖਿਆਲ ਭਰਨ ਲੱਗਾ । ਸ਼ਾਇਦ ਮੁੱਲਾਂ ਕਿਸੇ ਮੋਮਨ ਦੇ ਦਿਲ ਵਿਚ ਬਹਿਸ਼ਤ ਵੇਖਣ ਦਾ ਏਨਾ ਚਾਅ ਪੈਦਾ ਨਾ ਕਰ ਸਕਿਆ ਹੋਵੇ, ਜਿੰਨਾ ਲਾਗਨ ਨੇ ਮਹਾਰਾਜੇ ਦੇ ਅੰਦਰ ਵਲਾਇਤ ਵੇਖਣ ਦਾ ਕਰ ਦਿੱਤਾ। ਹੁਣ ਬਹਿਸ ਏਸ ਗੱਲ ਦੀ ਸੀ ਕਿ ਦਲੀਪ ਸਿੰਘ ਇਕੱਲਾ ਵਲਾਇਤ ਭੇਜਿਆ ਜਾਵੇ, ਜਾਂ ਸ਼ਿਵਦੇਵ ਸਿੰਘ ਵੀ ਨਾਲ ਹੀ। ਲਾਗਨ ਨੇ ਮਹਾਰਾਜੇ ਦੇ ਦਿਲ ਵਿਚ ਇਹ ਇੱਛਿਆ ਵੀ ਪੈਦਾ ਕਰ ਦਿੱਤੀ ਕਿ ਸ਼ਿਵਦੇਵ ਸਿੰਘ ਉਸ ਦੇ ਨਾਲ ਵਲਾਇਤ ਜਾਵੇ । ਮਗਰ ਡਲਹੌਜ਼ੀ ਦੀ ਰਾਏ ਇਸ ਦੇ ਉਲਟ ਸੀ। ਉਹ ਕਹਿੰਦਾ ਸੀ ਕਿ ਏਡੇ ਛੋਟੇ ਬੱਚੇ ਨੂੰ ਉਸ ਦੀ ਮਾਂ ਤੋਂ ਵਿਛੋੜਨਾ ਠੀਕ ਨਹੀਂ। ਪਰ ਲਾਗਨ ਏਸ ਗੱਲ 'ਤੇ ਬੜਾ ਜ਼ੋਰ ਦੇਂਦਾ ਸੀ ਕਿ ਸ਼ਿਵਦੇਵ ਸਿੰਘ ਨਾਲ ਹੀ ਵਲਾਇਤ ਭੇਜ ਦਿੱਤਾ ਜਾਏ । ਆਪਣੀ ਰਾਏ ਦੀ ਪੁਸ਼ਟੀ ਵਾਸਤੇ ਉਸ ਨੇ ਲਿਖਿਆ, "ਕਿਉਂਕਿ ਮਹਾਰਾਜੇ ਨੇ ਸਾਡਾ ਮਜ਼੍ਹਬ ਧਾਰਨ ਕਰਕੇ ਆਪਣੇ ਦੇਸ-ਵਾਸੀਆਂ 'ਚੋਂ ਸਭ ਰਾਜਸੀ ਅਸਰ ਗੁਆ ਲਿਆ ਹੈ । ਹੁਣ ਉਹ ਸ਼ਹਿਜ਼ਾਦੇ ਨੂੰ ਹੀ ਪੁਰਾਣੇ ਸ਼ਾਹੀ ਘਰਾਣੇ ਵਿਚੋਂ ਆਪਣਾ ਸੱਚਾ ਆਗੂ ਸਮਝਦੇ ਹਨ । ਸੋ ਚੰਗੀ ਸਲਾਹ ਏਹਾ ਹੈ ਕਿ ਜਿਥੋਂ ਤੱਕ ਹੋ ਸਕੇ, ਸ਼ਹਿਜ਼ਾਦੇ ਨੂੰ ਮਹਾਰਾਜੇ ਦੇ ਨਾਲ ਰੱਖਿਆ ਜਾਵੇ । ਮਹਾਰਾਜੇ ਦੇ ਵਲਾਇਤ ਰਹਿਣ ਸਮੇਂ ਸ਼ਹਿਜ਼ਾਦੇ ਨੂੰ ਹਿੰਦੁਸਤਾਨ ਵਿਚ ਰਹਿਣ ਦੀ ਖੁੱਲ੍ਹ ਦੇਣ ਤੋਂ ਮੈਂ ਡਰਦਾ ਹਾਂ ਕਿ ਆਪਣੀ ਵੱਖਰੀ ਤਾਕਤ ਬਨਾਉਣ ਵਿਚ ਉਸ ਦਾ ਹੌਂਸਲਾ ਹੋਰ ਵੱਧ ਜਾਵੇਗਾ, ਤੇ ਉਸ ਨੂੰ ਕਾਬੂ ਵਿਚ ਰੱਖਣਾ ਔਖਾ ਹੋ ਜਾਵੇਗਾ। ਪਰ ਮਹਾਰਾਜੇ ਦੇ ਨਾਲ ਹੁੰਦਿਆਂ ਉਹ ਸੁਭਾਵਕ ਹੀ ਦਬਿਆ ਰਹੇਗਾ" ।" ਇਹ ਦਲੀਲ ਸੁਣ ਕੇ ਡਲਹੌਜ਼ੀ ਮੰਨ ਗਿਆ ਕਿ ਸ਼ਿਵਦੇਵ ਸਿੰਘ ਨੂੰ ਵਲਾਇਤ ਭੇਜਿਆ ਜਾਵੇ । ਵਲਾਇਤ ਜਾਣ ਦੀਆਂ ਤਿਆਰੀਆਂ ਹੋਣ ਲੱਗੀਆਂ ।
ਗਾਈਜ਼ ਨੂੰ ਇਨਾਮ
ਮਿਸਟਰ ਗਾਈਜ਼ (Guise) ਨੂੰ ਨੌਕਰੀ ਛੱਡਣ ਉੱਤੇ ਮਹਾਰਾਜੇ ਵੱਲੋਂ ਪੰਜ ਹਜ਼ਾਰ ਰੁਪਏ ਇਨਾਮ ਦਿਵਾਇਆ ਗਿਆ । (ਜੋ ਕੁਛ ਗਰੀਬ ਕੋਲੋਂ ਕਿਸੇ ਨਾ ਕਿਸੇ ਢੰਗ ਨਾਲ ਲੈ ਲਿਆ ਜਾਵੇ, ਲਾਹੇ ਦਾ ਹੈ) ਟੋਮੀ ਸਕਾਟ ਜੋ ਹੁਣ ਤੱਕ ਮਹਾਰਾਜੇ ਦੇ ਖਰਚ 'ਤੇ ਪਲਦਾ ਰਿਹਾ ਸੀ-ਵਾਸਤੇ ਵੱਖਰਾ ਭੱਤਾ (Allowance) ਨੀਯਤ ਕਰ ਦਿੱਤਾ ਗਿਆ ।
-------------------
੧. ਲੇਡੀ ਲਾਗਨ, ਪੰਨਾ ੩੧੬ ।