

ਵਿਸ਼ਵਾਸੀ ਤੇ ਵਫਾਦਾਰ ਮਿੱਤਰ ਡਲਹੌਜ਼ੀ ਵੱਲੋਂ ਸਤਿਕਾਰ ਸਹਿਤ ਭੇਟਾ । अप्रैल ५, १८५४."
ਵਲਾਇਤ ਨੂੰ ਜਹਾਜੇ ਚੜ੍ਹਨ ਤੋਂ ਇਕ ਦਿਨ ਪਹਿਲਾਂ ਡਲਹੌਜ਼ੀ ਨੇ ਮਹਾਰਾਜੇ ਨੂੰ ਇਕ ਵਿਦਾਇਗੀ ਪੱਤਰ ਲਿਖਿਆ
"ਗੌਰਮਿੰਟ ਹਾਊਸ : ੧੮ ਅਪ੍ਰੈਲ, ੧੮੫੪.
"ਮੇਰੇ ਪਿਆਰ ਮਹਾਰਾਜਾ !
"ਹਿੰਦੁਸਤਾਨ ਛੱਡਣ ਤੋਂ ਪਹਿਲਾਂ ਵਿਦਾਇਗੀ ਵਜੋਂ ਮੈਂ ਉਹ ਚੀਜ਼ ਆਪ ਦੀ ਭੇਟਾ ਕਰਦਾ ਹਾਂ, ਜੋ ਆਉਣ ਵਾਲੇ ਸਮੇਂ ਵਿਚ ਆਪ ਨੂੰ ਮੇਰੀ ਯਾਦ ਕਰਾਉਂਦੀ ਰਹੇਗੀ ।
"ਆਪ ਬੱਚੇ ਹੀ ਸਉ, ਜਾਂ ਦੁਨੀਆਂ ਦੇ ਹੋਰ ਫੇਰ ਨੇ ਆਪ ਨੂੰ ਮੇਰੀ ਰੱਖਿਆ ਵਿਚ ਦਿੱਤਾ । ਓਦੋਂ ਤੋਂ ਕਈ ਹਾਲਤਾਂ ਵਿਚ ਮੈਂ ਆਪ ਨੂੰ ਆਪਣੇ ਪੁੱਤਰ ਸਮਾਨ ਸਮਝਦਾ ਹਾਂ । ਇਸ ਵਾਸਤੇ ਵਿਛੜਨ ਤੋਂ ਪਹਿਲਾਂ ਮੈਂ ਆਪ ਪਾਸ ਉਸ ਪੁਸਤਕ ਦੇ ਪਰਵਾਨ ਕਰਨ ਦੀ ਪ੍ਰਾਰਥਨਾ ਕਰਦਾ ਹਾਂ, ਜੋ ਮੈਂ ਸਾਰੇ ਤੋਹਫਿਆਂ ਨਾਲੋਂ ਉੱਤਮ ਸਮਝ ਕੇ ਆਪਣੇ ਪੁੱਤਰ ਨੂੰ ਦੇਂਦਾ । ਇਸ ਦੁਨੀਆਂ ਤੇ ਆਉਣ ਵਾਲੀ ਦੁਨੀਆਂ ਵਿਚ ਇਹ ਇਕੱਲੀ ਕਿਤਾਬ ਹੀ ਸਾਰੇ ਸੁੱਖਾਂ ਦੀ ਕੁੰਜੀ ਆਪ ਨੂੰ ਪਰਾਪਤ ਹੋਵੇਗੀ।
"ਮੇਰੇ ਪਿਆਰੇ ਮਹਾਰਾਜ ! ਆਪ ਨੂੰ ਅੰਤਮ ਨਮਸਕਾਰ ਕਰਦਾ ਹਾਂ, ਤੇ ਪ੍ਰਾਰਥਨਾ ਕਰਦਾ ਹਾਂ ਕਿ ਸਦਾ ਮੇਰੇ 'ਤੇ ਭਰੋਸਾ ਰੱਖਣਾ ।
ਆਪ ਦਾ ਵਿਸ਼ਵਾਸੀ ਮਿੱਤਰ
ਡਲਹੌਜ਼ੀ"
ਲਾਰਡ ਡਲਹੌਜ਼ੀ! ਕੀ ਤੇਰਾ ਖਿਆਲ ਹੈ, ਦਲੀਪ ਸਿੰਘ ਤੈਨੂੰ ਭੁਲਾ ਦੇਵੇਗਾ ? ਉਸ ਦੀ ਤਾਂ ਰੂਹ ਵੀ ਕਈ ਜਨਮ ਤੱਕ ਤੇਰੀਆਂ ਕੀਤੀਆਂ ਨੂੰ ਨਹੀਂ ਭੁਲਾਵੇਗੀ ।
ਹਿੰਦੁਸਤਾਨ ਤੋਂ ਕੂਚ
ਅਗਲੇ ਦਿਨ, ੧੯ ਅਪ੍ਰੈਲ, ੧੮੫੪ ਨੂੰ ਮਹਾਰਾਜਾ ਦਲੀਪ ਸਿੰਘ ਆਪਣੀ ਪਾਰਟੀ ਸਣੇ ਵਲਾਇਤ ਜਾਣ ਵਾਸਤੇ ਕਲਕੱਤੇ ਤੋਂ ਜਹਾਜ਼ੇ ਚੜ੍ਹਿਆ ।