Back ArrowLogo
Info
Profile

ਦਲੀਪ ਸਿੰਘ ਨੇ ਕਿਹਾ," ਹਾਂ । ਮੈਂ ਇਕ ਵਾਰ ਆਪਣੇ ਹੱਥ ਵਿਚ ਲੈ ਕੇ ਵੇਖਣਾ ਚਾਹੁੰਦਾ ਹਾਂ ।"

ਲੇਡੀ ਲਾਗਨ :"ਕਿਉਂ ? ਕਿਸ ਵਾਸਤੇ ?"

ਦਲੀਪ ਸਿੰਘ :"ਮੈਂ ਇਕ ਵਾਰ ਆਪਣੇ ਹੱਥੀਂ ਮਲਕਾ ਦੀ ਭੇਟਾ ਕਰਨਾ ਚਾਹੁੰਦਾ ਹਾਂ । ਜਦੋਂ ਅਹਿਦਨਾਮੇ ਰਾਹੀਂ ਮੈਥੋਂ ਕੋਹਿਨੂਰ ਲਿਆ ਗਿਆ ਸੀ, ਓਦੋਂ ਮੈਂ ਅਜੇ ਬੱਚਾ ਸਾਂ, ਤੇ ਹੁਣ ਮੈਂ ਕਾਫੀ ਵੱਡਾ ਹਾਂ, ਤੇ ਸਭ ਕੁਛ ਸਮਝਦਾ ਹਾਂ ।"

ਅਗਲੇ ਦਿਨ ਲੇਡੀ ਲਾਗਨ ਨੇ ਸਭ ਕੁਛ ਮਲਕਾ ਨੂੰ ਜਾ ਦੱਸਿਆ । ਇਕ ਦਿਨ ਦਲੀਪ ਸਿੰਘ ਬੈਠਾ ਤਸਵੀਰ ਖਿਚਵਾ ਰਿਹਾ ਸੀ, ਮਲਕਾ ਨੇ ਕੋਹਿਨੂਰ ਮੰਗਵਾਇਆ ਤੇ ਸਹਿਜ ਨਾਲ ਦਲੀਪ ਸਿੰਘ ਦੇ ਹੱਥ 'ਤੇ ਜਾ ਧਰਿਆ । ਮਹਾਰਾਜੇ ਨੂੰ ਇਸ ਸਾਰੀ ਗੋਂਦ ਦਾ ਪਤਾ ਨਹੀਂ ਸੀ । ਅਚਨਚੇਤ ਉਸ ਨੇ ਕੋਹਿਨੂਰ ਆਪਣੇ ਹੱਥਾਂ ਵਿਚ ਡਿੱਠਾ । ਹੋਰ ਕੋਈ ਬੰਦਾ ਹੁੰਦਾ, ਤਾਂ ਸ਼ਾਇਦ ਉਸ ਦੇ ਮਨ ਦੀ ਕੀ ਹਾਲਤ ਹੁੰਦੀ, ਪਰ ਦਲੀਪ ਸਿੰਘ ਓਸੇ ਤਰ੍ਹਾਂ ਸ਼ਾਂਤ ਚਿੱਤ ਉਸ ਨੂੰ ਉਲਟਾ ਕੇ ਵੇਖਦਾ ਰਿਹਾ। ਮਲਕਾ ਨੇ ਪੁੱਛਿਆ, "ਆਪ ਇਸ ਨੂੰ ਪਛਾਣਦੇ ਹੋ ?”

ਦਲੀਪ ਸਿੰਘ ਨੇ ਬਾਰੀ ਕੋਲ ਜਾ ਕੇ ਉਸ ਨੂੰ ਚੰਗੀ ਤਰ੍ਹਾਂ ਵੇਖਿਆ, ਤੇ ਉੱਤਰ ਦਿੱਤਾ, "ਹਾਂ, ਇਹ ਕੋਹਿਨੂਰ ਹੈ। ਚਮਕ ਤਾਂ ਅੱਗੇ ਨਾਲੋਂ ਵੱਧ ਗਈ ਹੈ, ਪਰ ਪਹਿਲਾਂ ਨਾਲੋਂ ਛੋਟਾ ਹੋ ਗਿਆ ਹੈ ।" ਫਿਰ ਬੜੇ ਆਦਰ ਨਾਲ ਉਸ ਨੇ ਕੋਹਿਨੂਰ ਮਲਕਾ ਦੀ ਭੇਟਾ ਕੀਤਾ, ਤੇ ਚੁੱਪ-ਚਾਪ ਆਪਣੀ ਥਾਂ (ਜਿਥੇ ਬੈਠਾ ਤਸਵੀਰ ਖਿਚਵਾ ਰਿਹਾ ਸੀ) 'ਤੇ ਜਾ ਬੈਠਾ । ਉਹਦੇ ਚਿਹਰੇ ਉੱਤੇ ਘਬਰਾਹਟ ਜਾਂ ਅਫਸੋਸ ਦਾ ਕੋਈ ਨਿਸ਼ਾਨ ਨਹੀਂ ਸੀ ।

ਮਲਕਾ ਤੇ ਸ਼ਹਿਜ਼ਾਦਿਆਂ ਨਾਲ ਦਲੀਪ ਸਿੰਘ ਦਾ ਮੇਲ ਵੱਧ ਗਿਆ । ਬਹੁਤ ਵਾਰੀ ਮਹਾਰਾਜੇ ਨੂੰ ਪ੍ਰੀਤੀ ਭੋਜਨ ਦਿੱਤੇ ਜਾਂਦੇ ਸਨ । ਉਹ ਔਸਬੋਰਨ (Osborne) ਵਿੱਚ ਮਲਕਾ ਤੇ ਪ੍ਰਿੰਸ ਕਨਸਰਟ (Prince Consirt) ਨੂੰ ਮਿਲਨ ਗਿਆ।

ਮਹਾਰਾਜੇ ਦਾ ਆਦਰ, ਤੇ ਡਲਹੌਜ਼ੀ ਨੂੰ ਸਾੜਾ

ਇਹ ਫੋਕਾ ਆਦਰ ਵੇਖ ਕੇ ਵੀ ਡਲਹੌਜ਼ੀ ਸਹਾਰ ਨਾ ਸਕਿਆ। ਤੇ ਸਹਾਰਦਾ ਵੀ ਕਿਵੇਂ ? ਉਹ ਨਹੀਂ ਸੀ ਚਾਹੁੰਦਾ ਕਿ ਜਿਸ ਮਹਾਰਾਜੇ ਨੂੰ ਉਸ ਨੇ ਬੜੀ ਬੇਰਹਿਮੀ ਤੇ ਬੇਇਨਸਾਫੀ ਨਾਲ ਤਖਤੋਂ ਲਾਹ ਕੇ ਧੂੰਏਂ ਦਾ ਫਕੀਰ ਬਣਾ ਦਿੱਤਾ ਸੀ, ਉਸ ਨੂੰ ਵਲਾਇਤ ਦੀ ਮਲਕਾ ਤੇ ਸ਼ਹਿਜ਼ਾਦੇ ਨਾਲ ਬਿਠਾ ਕੇ ਖਾਣਾ ਖੁਆਉਣ । ਉਹ ੨੨ ਅਕਤੂਬਰ, ੧੮੫੪ ਨੂੰ ਲਿਖਦਾ ਹੈ, "ਇਹ ਚੰਗਾ ਹੈ ਕਿ ਮਹਾਰਾਜੇ ਤੇ ਸ਼ਾਹੀ ਘਰਾਣੇ ਦਾ ਮਿਲਾਪ ਐਸਬੋਰਨ (Osborne) ਵਿਚ ਚੰਗੇ ਸਮੇਂ ਹੋਇਆ, ਪਰ

90 / 168
Previous
Next