Back ArrowLogo
Info
Profile

ਜਿੰਦਾਂ ਨੂੰ ਬਣਾਉਟੀ ਚਿੱਠੀ

ਨਵੰਬਰ, ੧੮੫੬ ਈ. ਵਿਚ ਕਿਸੇ ਨੇ ਦਲੀਪ ਸਿੰਘ ਦੇ ਨਾਮ ਹੇਠਾਂ ਮਹਾਰਾਣੀ ਜਿੰਦਾਂ ਨੂੰ ਚਿੱਠੀ ਲਿਖੀ, ਜਿਸ ਦਾ ਮਤਲਬ ਧੋਖਾ ਦੇ ਕੇ ਮਹਾਰਾਣੀ ਤੋਂ ਪੈਸੇ ਠੱਗਣਾ ਸੀ । ਉਹ ਚਿੱਠੀ ਨੇਪਾਲ ਦਰਬਾਰ ਵਿਚ ਫੜੀ ਗਈ, ਜੋ ਪਿਛੋਂ ਸਰਕਾਰ ਹਿੰਦ ਨੇ ਵਲਾਇਤ ਕੋਰਟ ਆਫ ਡਾਇਰੈਕਟਰਜ਼ ਨੂੰ ਭੇਜ ਦਿੱਤੀ। ਕੋਰਟ ਨੇ ਪੜਤਾਲ ਕਰਨ ਵਾਸਤੇ ਲਾਗਨ ਨੂੰ ਦਿੱਤੀ, ਜਿਸ ਨੇ ਉਸ ਚਿੱਠੀ ਨੂੰ ਝੂਠੀ (ਫਰਜ਼ੀ, ਜਾਹਲੀ) ਮੰਨਿਆ । ਏਸ ਤਰ੍ਹਾਂ ਏਹ ਗੱਲ ਏਥੇ ਮੁੱਕੀ ।

ਨੇਹੇਮੀਆਂ ਗੋਰੇ ਹੱਥ ਚਿੱਠੀ

ਇਸ ਘਟਨਾ ਨੇ ਮਹਾਰਾਜੇ ਦੇ ਦਿਲ ਵਿਚ ਮਹਾਰਾਣੀ ਦਾ ਹਾਲ ਜਾਨਣ ਵਾਸਤੇ ਇਕ ਨਵਾਂ ਫਿਕਰ ਲਾ ਦਿੱਤਾ । ਅਸਲ ਵਿਚ ਜਦੋਂ ਉਸ ਨੂੰ ਮਾਂ ਨਾਲੋਂ ਵਿਛੋੜਿਆ ਗਿਆ ਸੀ, ਉਸ ਤੋਂ ਪਿਛੋਂ ਉਹਨਾਂ ਦਾ ਚਿੱਠੀ-ਪੱਤਰ ਸਰਕਾਰ ਨੇ ਪ੍ਰਵਾਨ ਨਹੀਂ ਸੀ ਕੀਤਾ । ਜਦੋਂ ਜਨਵਰੀ, ੧੮੫੭ ਨੂੰ ਪੰਡਤ ਨੇਹੇਮੀਆਂ ਗੋਰੇ ਹਿੰਦੁਸਤਾਨ ਨੂੰ ਆਉਣ ਲੱਗਾ, ਤਾਂ ਮਹਾਰਾਜੇ ਨੇ ਮਹਾਰਾਣੀ ਜਿੰਦ ਕੌਰ ਦੇ ਨਾਮ ਚਿੱਠੀ ਦਿੱਤੀ ਤੇ ਉਸ ਨੂੰ ਪੱਕੀ ਕੀਤੀ ਕਿ ਉਹ ਆਪ ਨੇਪਾਲ ਜਾ ਕੇ ਇਹ ਚਿੱਠੀ ਮਹਾਰਾਣੀ ਨੂੰ ਦੇਵੇ। ਹਿੰਦ ਵਿਚ ਆ ਕੇ ਨੇਹੇਮੀਆਂ ਗੋਰੇ ਆਪ ਤਾਂ ਨੇਪਾਲ ਨਾ ਗਿਆ, ਪਰ ਉਹਨੇ ਚਿੱਠੀ ਇਕ ਉਦਾਸੀ ਸੰਤ ਮਨੀ ਰਾਮ ਹੱਥ ਮਹਾਰਾਣੀ ਨੂੰ ਭੇਜ ਦਿੱਤੀ।

ਲਾਗਨ ਇਹ ਨਹੀਂ ਸੀ ਚਾਹੁੰਦਾ ਕਿ ਜਿੰਦ ਕੌਰ ਕਦੇ ਵੀ ਇੰਗਲੈਂਡ ਵਿਚ ਆਵੇ, ਜਾਂ ਮਹਾਰਾਜੇ ਨੂੰ ਮਿਲੇ । ਸੋ ਉਹਨੇ ੩੦ ਜਨਵਰੀ, ੧੮੫੭ ਨੂੰ ਪਿਛੋਂ ਨੇਹੇਮੀਆਂ ਗੋਰੇ ਨੂੰ ਚਿੱਠੀ ਲਿਖੀ ਕਿ ਆਪ ਜਾ ਕੇ ਰਾਣੀ ਨੂੰ ਕਹੋ : "ਮਹਾਰਾਜਾ ਚਾਹੁੰਦਾ ਹੈ ਕਿ ਜਿੰਦਾਂ ਨੇਪਾਲ ਵਿਚ ਹੀ ਰਹੇ, ਉਹਦੇ ਵਾਸਤੇ ਇਸ ਤੋਂ ਚੰਗੀ ਥਾਂ ਕੋਈ ਨਹੀਂ ।" ਨੇਹੇਮੀਆਂ ਗੋਰੇ ਦੇ ਸਫਰ ਖਰਚ ਵਾਸਤੇ ਲਾਗਨ ਨੇ ਕੁਛ ਰੁਪੈ ਵੀ ਘੱਲੇ ।

ਅੱਗੋਂ ਨੇਹੇਮੀਆਂ ਗੋਰੇ ਨੇ ੨੬ ਫਰਵਰੀ ਨੂੰ ਉੱਤਰ ਲਿਖਿਆ ਕਿ ਲਾਰਡ ਕੈਨਿੰਗ (Canning) ਨੇ ਮੇਰੇ ਜਾਣ ਦੀ ਆਗਿਆ ਨਹੀਂ ਦਿੱਤੀ । ਪਰ ਜਿੰਦਾਂ ਨੂੰ ਰੈਜ਼ੀਡੈਂਟ ਰਾਹੀਂ ਸਭ ਹਾਲ ਪੁਚਾ ਦਿੱਤੇ ਗਏ ਹਨ। ਉਸ ਨੇ ਇਹ ਵੀ ਦੱਸਿਆ ਕਿ ਅੱਗੇ ਕਿਸੇ ਆਦਮੀ ਨੇ ਏਸ ਤਰ੍ਹਾਂ ਦੀ ਚਿੱਠੀ ਪੱਤਰ ਦੇ ਬਹਾਨੇ ਜਿੰਦਾਂ ਕੋਲੋਂ ਕੁਛ ਰੁਪੈ ਠੱਗ ਲਏ ਹਨ।

ਫਤਹਿਗੜ੍ਹ ਲੁਟਿਆ ਗਿਆ

ਦਲੀਪ ਸਿੰਘ ਕੈਸਲ ਮੈਨਜ਼ੀਜ਼ ਵਿਚ ਫੋਟੋਗ੍ਰਾਫੀ ਦਾ ਅਭਿਆਸ ਕਰਦਾ

97 / 168
Previous
Next