ਇਹ ਕਿੱਥੇ ਲਿਖਿਆ ?
ਸਾਬਿਰ ਅਲੀ ਸਾਬਿਰ
ਤੋਤੇ
ਕੋਈ ਗੱਲ ਕਰਾਂ ਤੇ
ਫੱਟ ਬੋਲ ਪੈਂਦੇ ਨੇ
ਇਹ ਕਿੱਥੇ ਲਿਖਿਆ ?
ਲਿਖੀਆਂ ਨੂੰ ਮੰਨਦੇ ਨੇ
ਮੈਂ ਲਿਖ ਦਿੰਨਾ ਵਾਂ ਤੇ
ਫੇਰ ਵੀ ਨਈਂ ਮੰਨਦੇ ?
ਇਹ ਜੋ ਤੂੰ ਲਿਖਿਆ ਏ
ਇਹ ਕਿੱਥੇ ਲਿਖਿਆ ?
ਜਿਹੜੀ ਗੱਲ ਹੋਈ ਨਈਂ,
ਉਹ ਕੋਈ ਕਰੇ ਨਾ
ਜੋ ਕਿਤੇ ਲਿਖਿਆ ਨਈਂ
ਉਹ ਕੋਈ ਲਿਖੇ ਨਾ
ਇਹ ਕਿੱਥੇ ਲਿਖਿਆ ?
ਚੰਗਾ ਹੋਇਆ
ਪੰਗਾ ਹੋਇਆ ਏ
ਦੰਗਾ ਹੋਇਆ ਏ
ਕਿਹੜਾ ਕੀ ਏ
ਨੰਗਾ ਹੋਇਆ ਏ
ਚੰਗਾ ਹੋਇਆ ਏ
ਭੁਰਦਾ ਰਹਿਨਾ....
ਭਾਵੇਂ ਭੁਰਦਾ ਰਹਿੰਦਾ ਵਾਂ
ਫੇਰ ਵੀ ਤੁਰਦਾ ਰਹਿੰਦਾ ਵਾਂ
ਅੱਥਰੂ ਚੱਖ ਕੇ ਦੇਖੇ ਨੇ
ਲੂਣ ਹਾਂ ਖੁਰਦਾ ਰਹਿੰਦਾ ਵਾਂ
ਗੁੜ੍ਹਤੀ
ਨਵੇਂ ਮੌਸਮ ਨੂੰ
ਗੁੜ੍ਹਤੀ ਮੈਂ ਦਿਆਂਗਾ
ਹਵਾ ਦਾ ਪੈਰ
ਭਾਰਾ ਹੋ ਗਿਆ ਏ
ਰੱਬ ਤੇ ਬੰਦਾ
ਬੰਦਾ ਰੱਬ ਬਣਾਉਂਦਾ ਆਇਆ
ਬੰਦਾ ਰੱਬ ਬਣਾਉਂਦਾ ਰਹਿੰਦਾ
ਬੰਦਾ ਰੱਬ ਬਣਾ ਰਿਹਾ ਹੈ
ਬੰਦਾ ਰੱਬ ਬਣਾਵੇ, ਨਾ ਤੇ
ਰੱਬ ਵੀ ਬੰਦਾ ਬਣ ਜਾਵੇ
ਅੱਲ੍ਹਾ ਦੇ ਘਰ ਘੱਲੋ ਦਾਣੇ
ਚੜ੍ਹੀ ਵਿਸਾਖੀ ਵਾਢੇ ਬੈਠੇ,
ਪੱਕੀ ਕਣਕ ਵਢੀਚਣ ਲੱਗੀ।
ਤਿੱਖੀ ਧੁੱਪੇ ਭਰੀਆਂ ਬੱਝੀਆਂ,
ਅੱਧੀ ਰਾਤ ਗਵੀਚਣ ਲੱਗੀ।
ਕਹਿਣ ਖ਼ੁਦਾ ਦਾ ਹਿੱਸਾ ਘੱਲੋ,
ਵਿਚ ਮਸੀਤਾਂ ਦੇ ਮਲਵਾਣੇ।
ਅੱਲ੍ਹਾ ਦੇ ਘਰ ਘੱਲੋ ਦਾਣੇ,
ਭਾਵੇਂ ਅੱਲ੍ਹਾ ਨੇ ਨਈਂ ਖਾਣੇ।
ਅੱਲ੍ਹਾ ਦੇ ਘਰ ਘੱਲੋ ਦਾਣੇ
ਦਾਣੇ ਯਾਂ ਫਿਰ ਪੈਸੇ ਘੱਲੋ
ਜੋ ਵੀ ਜੀ ਕਰਦਾ ਏ ਘੱਲੋ !
ਰੱਬ ਦੇ ਘਰ ਵਿਚ ਹਿੱਸਾ ਪਾਓ,
ਜੋ ਵੀ ਪੁੱਜਦਾ ਸਰਦਾ ਏ ਘੱਲੋ।
ਰੱਬ ਦੇ ਘਰ ਦੇ ਹਮਸਾਏ
ਅੱਲ੍ਹਾ ਦੇ ਘਰ ਘੱਲੋ ਦਾਣੇ,
ਭਾਵੇਂ ਅੱਲ੍ਹਾ ਨੇ ਨਈਂ ਖਾਣੇ।
ਅੱਲ੍ਹਾ ਦੇ ਘਰ ਘੱਲੋ ਦਾਣੇ
ਫ਼ਰਸ਼ ਪੁਰਾਣਾ ਪੁੱਟ ਮਸਜਿਦ ਦਾ,
ਛੇਤੀ ਕਰੀਏ ਨਵਾਂ ਲਵਾਈਏ।
ਕੰਧਾਂ ਨਾਲ ਵੀ ਸੰਗੇਮਰਮਰ,
ਯਾਂ ਚੀਨੀ ਦੀਆਂ ਟਾਇਲਾਂ ਲਾਈਏ।
ਬੰਦੇ ਪਏ ਕੁੱਲੇ ਨੂੰ ਤਰਸਣ,
ਰੱਬ ਪਿਆ ਮਹਿਲੀਂ ਮੌਜਾਂ ਮਾਣੇ।
ਅੱਲ੍ਹਾ ਦੇ ਘਰ ਘੱਲੋ ਦਾਣੇ,
ਭਾਵੇਂ ਅੱਲ੍ਹਾ ਨੇ ਨਈਂ ਖਾਣੇ।
ਅੱਲ੍ਹਾ ਦੇ ਘਰ ਘੱਲੋ ਦਾਣੇ ਚੌਧਰੀ,
ਹੱਕ ਮੁਜਾਰੇ ਦਾ ਵੀ,
ਮਸਜਿਦ ਦੇ ਵਿਚ ਦੇ ਜਾਏ ਭਾਵੇਂ।
ਮੀਆਂ ਜੀ ਉਹਨੂੰ ਬਹਾ ਦਿੰਦੇ ਨੇ,
ਜੰਨਤ ਦੇ ਵਿਚ ਠੰਡੀ ਛਾਵੇਂ।
ਕਣਕ ਤੋ ਸਾਵੀਂ ਜੰਨਤ ਵੇਚੇ,
ਵੇਖੋ ਮੁੱਲਾ ਹਾਸੇ ਭਾਣੇ।
ਅੱਲ੍ਹਾ ਦੇ ਘਰ ਘੱਲੋ ਦਾਣੇ,
ਭਾਵੇਂ ਅੱਲ੍ਹਾ ਨੇ ਨਈਂ ਖਾਣੇ।
ਅੱਲ੍ਹਾ ਦੇ ਘਰ ਘੱਲੋ ਦਾਣੇ
ਜਿਸ ਘਰੋਂ ਨਾ ਦਾਣੇ ਆਏ,
ਉਸ ਘਰ ਅਸੀਂ ਆਪ ਆਵਾਂਗੇ।
ਪੰਜ ਸੱਤ ਬੰਦੇ ਕੱਠੇ ਹੋਕੇ,
ਉਸ ਦਾ ਬੂਹਾ ਖੜਕਾਵਾਂਗੇ।
ਮੁੱਲਾ ਦੇ ਐਲਾਨ ਤੋਂ ਮੈਂ ਜਿਹੇ,
ਕਈ ਬਹਿ ਗਏ ਹੋ ਨਿੰਮੋਝਾਣੇ।
ਅੱਲ੍ਹਾ ਦੇ ਘਰ ਘੱਲੋ ਦਾਣੇ,
ਭਾਵੇਂ ਅੱਲ੍ਹਾ ਨੇ ਨਈਂ ਖਾਣੇ।
ਅੱਲ੍ਹਾ ਦੇ ਘਰ ਘੱਲੋ ਦਾਣੇ
ਜੁਮਾਂ ਪੜਨ ਸਾਂ ਗਿਆ ਮਸੀਤੇ,
'ਵਾਜ਼ ਹੋਈ ਮੁੱਲਾ ਫਰਮਾਇਆ।
ਸਾਫ਼ੇ ਦੀ ਇਕ ਝੋਲੀ ਲੈ ਕੇ,
ਚੰਦੇ ਦੇ ਲਈ ਬੰਦਾ ਆਇਆ।
ਖ਼ਾਲੀ ਖੀਸੇ ਲੱਗਾ 'ਸਾਬਰ’
ਰੱਬ ਦੇ ਘਰ ਨਈਂ ਆਇਆ ਠਾਣੇ।
ਅੱਲ੍ਹਾ ਦੇ ਘਰ ਘੱਲੋ ਦਾਣੇ,
ਭਾਵੇਂ ਅੱਲ੍ਹਾ ਨੇ ਨਈਂ ਖਾਣੇ।
ਅੱਲ੍ਹਾ ਦੇ ਘਰ ਘੱਲੋ ਦਾਣੇ
ਰੱਬਾ ਤੇਰੇ ਹੁਕਮ ਬਿਨਾਂ ਜੇ....
ਰੱਬਾ ਤੇਰੇ ਹੁਕਮ ਬਿਨਾਂ ਜੇ
ਪੱਤਾ ਵੀ ਨਹੀਂ ਹਿੱਲਦਾ
ਕੀ ਸਮਝਾਂ ਫਿਰ ਹਰ ਮਾੜੇ ਤੇ
ਤਗੜੇ ਪਿੱਛੇ ਤੂੰ ਏਂ ?
ਲੱਗਦੇ ਪਏ ਨੇ ਜਿਹੜੇ ਸਾਨੂੰ
'ਰਗੜੇ ਪਿੱਛੇ ਤੂੰ ਏਂ ?
ਮਸਜਿਦ ਮੰਦਿਰ ਤੇ ਗਿਰਜੇ
ਦੇ ਝਗੜੇ ਪਿੱਛੇ ਤੂੰ ਏਂ ?
ਏਨੇ ਖ਼ੂਨ ਖ਼ਰਾਬੇ ਦੇ ਵਿਚ
ਤੈਨੂੰ ਕੀਹ ਏ ਮਿਲਦਾ ?
ਰੱਬਾ ਤੇਰੇ ਹੁਕਮ ਬਿਨਾਂ
ਜੇ ਪੱਤਾ ਵੀ ਨਹੀਂ ਹਿੱਲਦਾ
ਰੱਬਾ ਬੇਸ਼ੱਕ ਜੱਗ ਦੀ ਹਰ ਇਕ
ਸ਼ੈਅ ਦਾ ਮਾਲਿਕ ਤੂੰ ਏਂ,
ਤੇਰੀ ਸ਼ੈਅ ਦਾ ਏਥੇ ਮਾਲਿਕ
ਬਣਦਾ ਜਿਹੜਾ ਕੀ ਏ ?
ਉਲਟਾ ਕਾਫ਼ਿਰ ਕਹਿੰਦੇ ਜੇ
ਮੈਂ ਦੱਸਨਾਂ ਕਿਹੜਾ ਕੀ ਏ
ਤੂੰ ਕਾਦਿਰ ਏਂ ਕਰ ਦੇਵੇਂ
ਜੇ ਸਾਂਝਾ ਵਿਹੜਾ ਕੀ ਏ ?
ਮਲਕੀਅਤ ਦੇ ਰੌਲੇ ਕਿਉਂ
ਜੇ ਸਭ ਦਾ ਖ਼ਾਲਿਕ ਤੂੰ ਏਂ
ਰੱਬਾ ਬੇਸ਼ੱਕ ਜੱਗ ਦੀ ਹਰ
ਇਕ ਸ਼ੈਅ ਦਾ ਮਾਲਿਕ ਤੂੰ ਏਂ,
ਰੱਬਾ ਕਿੱਥੇ ਤੇਰਾ ਸੱਤਰ
ਮਾਂਵਾਂ ਵਾਲਾ ਪਿਆਰ ?
ਜੇ ਕਰ ਵੇਖ ਰਿਹਾਂ ਏਂ ਤੇਰੀ
ਕਿਉਂ ਨਹੀਂ ਨਿੱਕਲੀ ਚੀਕ ?
ਮੁੱਲਾ ਆਖੇ ਵੈਰੀ ਤੇਰੇ
ਨਾਂ ਨੂੰ ਲਾਉਂਦਾ ਏ ਲੀਕ
ਇਹਦਾ ਮਤਲਬ ਤਾਕਤਵਰ ਏ
ਤੈਥੋਂ ਤੇਰਾ ਸ਼ਰੀਕ?
ਆਪਣੇ ਵੈਰੀ ਲਈ ਕਿਉਂ ਨਹੀਂ
ਤੂੰ ਜੱਬਾਰ ਕੁਹਾਰ ?
ਰੱਬਾ ਕਿੱਥੇ ਤੇਰਾ ਸੱਤਰ
ਮਾਂਵਾਂ ਵਾਲਾ ਪਿਆਰ ?
ਕਿਸਮਤ
ਬੇਹਿੰਮਤਾਂ ਨੇ ਬੇਹਿੰਮਤੀ ਦਾ।
ਬੇਅਕਲਾਂ ਨੇ ਬੇਅਕਲੀ ਦਾ।
ਮਜ਼ਬੂਰਾਂ ਨੇ ਮਜ਼ਬੂਰੀ ਦਾ।
ਨਾਂ ਰੱਖ ਦਿੱਤਾ ਕਿਸਮਤ।
ਫ਼ਰਕ
ਇੱਕ ਦੇ ਮਗਰ ਸੀ ਚੋਖੇ ਲੱਗੇ
ਜਾਨ ਬਚਾਵਣ ਦੇ ਲਈ ਭੱਜਾ
ਵਾਹਵਾ ਭੱਜਾ
ਚੋਖਾ ਭੱਜਾ
ਪਰ ਉਹਨਾਂ ਪਿੱਛਾ
ਨਹੀਂ ਛੱਡਿਆ
ਆਖ਼ਰ ਬੇਵੱਸ ਹੋ ਕੇ ਓਹਨੇ
ਲੱਤਾਂ ਦੇ ਵਿੱਚ ਪੂਛਲ ਲੈ ਕੇ
ਮਾੜੇ ਹੋਣ ਦਾ ਤਰਲਾ ਪਾਇਆ
ਸਾਰੇ ਓਹਨੂੰ ਛੱਡ ਕੇ ਤੁਰ ਗਏ।
ਪਰ,
ਜੇ ਉੱਥੇ ਕੁੱਤਿਆਂ ਦੀ ਥਾਂ ਬੰਦੇ ਹੁੰਦੇ,
ਫੇਰ ਕੀ ਹੁੰਦਾ......??
ਅੰਨ੍ਹਾ
ਅੰਨ੍ਹਾ ਉਹ ਨਹੀਂ ਹੁੰਦਾ
ਜਿਹਨੂੰ ਦਿਸਦਾ ਨਾ ਹੋਵੇ ।
ਅੰਨ੍ਹਾ ਉਹ ਹੁੰਦਾ ਏ
ਜਿਹੜਾ ਵੇਖਦਾ ਨਾ ਹੋਵੇ।
ਬੇਈਮਾਨ
ਮੈਂ ਬੇਈਮਾਨ ਆਂ
ਤੇ ਮੈਨੂੰ ਇਸ ਆਪਣੀ ਡਾਢੀ ਖ਼ੂਬੀ 'ਤੇ
ਡਾਢਾ ਮਾਣ ਏ
ਕਿ ਬੇਈਮਾਨ ਆਂ।
ਜਦੋਂ ਵੀ ਵੇਲਾ ਉਹ
ਯਾਦ ਕਰਨਾਂ ਤੇ ਮਾਣ ਕਰਨਾਂ
ਮੈਂ ਬੇਈਮਾਨ ਆਂ
ਜਦੋਂ ਕਿਸੇ ਨੇ ਸੀ ਪਹਿਲੀ
ਵਾਰੀ ਨਜ਼ਰ ਝੁਕਾ ਕੇ
ਤੇ ਮੁਸਕਰਾ ਕੇ
ਬੜੀ ਹੀ ਨਰਮੀ ਦੇ ਨਾਲ
ਮੇਰਾ ਇਹ ਹੱਥ ਫੜਿਆ
ਤੇ ਫੇਰ ਹੌਲੀ ਜਿਹੀ ਆਖ ਦਿੱਤਾ
ਵੇ ਬੇਈਮਾਨਾ!
ਉਹ ਬੁੱਲ੍ਹ ਕੀ ਸੀ ਜਨਾਬ ਹਿੱਲੇ
ਸੀ ਟਹਿਣੀਆਂ ਤੋਂ ਗੁਲਾਬ ਹਿੱਲੇ
ਗੁਨਾਹ ਮਰ ਗਏ ਸਵਾਬ ਹਿੱਲੇ
ਮੁਹੱਬਤਾਂ ਵੱਲ ਸ਼ਬਾਬ ਹਿੱਲੇ
ਤੇ ਰੂਹ 'ਚੋਂ ਸਾਰੇ ਅਜ਼ਾਬ ਹਿੱਲੇ
ਮੈਂ ਉਸੇ ਦਿਨ ਤੋਂ ਹੀ ਬੇਈਮਾਨ ਆਂ
ਕਿਸੇ ਵੀ ਪਹਿਲੀ ਤੋਂ ਚੰਗੀ ਸ਼ੈਅ ਨੂੰ
ਜਾ ਵੇਖਣਾ ਵਾਂ ਤੇ
ਡੋਲ ਜਾਨਾਂ
ਲੋਕੀ ਕਹਿੰਦੇ ਨੇ ਬੇਈਮਾਨ ਏ
ਮੈਂ ਬੇਈਮਾਨ ਆਂ
ਮੈਂ ਹਰ ਜ਼ਮਾਨੇ ਦੇ
ਸੱਜਰੇ ਤੇ ਨਰੋਏ ਸੱਚ ਨੂੰ
ਸਲਾਮ ਕਰਨਾਂ,
ਤੇ ਦੇਖਣਾਂ ਵਾਂ
ਕਿ ਕੱਲ੍ਹ ਕੀ ਸੀ
ਤੇ ਅੱਜ ਕੀ ਏ
ਗੁਵੇੜ ਲਾਉਨਾਂ ਵਾਂ
ਆਉਂਦੀ ਕੱਲ੍ਹ ਦਾ
ਕਿਸੇ ਜ਼ਮਾਨੇ ਦੇ
ਇੱਕੋ ਸੱਚ ਦਾ ਹੀ ਤੌਕ
ਗਲ ਵਿੱਚ ਮੈਂ ਪਾ ਨਹੀਂ ਸਕਦਾ
ਮੈਂ ਸੋਚ ਨੂੰ ਕਿਓਂ ਲਗਾਮ ਦੇਵਾਂ
ਪਸ਼ੂ ਤੇ ਨਹੀਂ ਆਂ
ਮੈਂ ਤੇ ਬੇਕੈਦ ਹਾਂ ਬੁੱਲੇ ਵਾਂਗੂੰ
ਤੇ ਚੌਦੀਂ ਤਬਕੀਂ ਹੈ ਸੈਰ ਮੇਰਾ
ਮੈਂ ਆਪਣੇ ਬਾਹੂ ਦਾ ਹਾਂ ਪਿਆਰਾ
ਕਦਮ ਅਗੇਰੇ ਕਿਵੇਂ ਨਾ ਰੱਖਾਂ
ਮੇਰਾ ਸਲਾਮਤ ਏ ਇਸ਼ਕ ਯਾਰੋ
ਮੈਂ ਬੇਈਮਾਨ ਆਂ.........।
ਮੈਂ 'ਬੇਈਮਾਨ ਆਂ........।
ਭੁੱਖ
ਪਹਿਲੀ ਭੁੱਖ ਏ ਢਿੱਡ ਦੀ।
ਦੂਜੀ ਢਿੱਡ ਤੋਂ ਥੱਲੇ ਦੀ।
ਤੀਜੀ ਸਭ ਤੋਂ ਡਾਢੀ ਏ,
ਨਾਂ, ਨਾਵੇਂ ਤੇ ਪੱਲੇ ਦੀ।
ਇੰਨਾ ਸੱਚਾ ਹੋ ਜਾਨਾਂ ਵਾਂ
ਕਦੀ-ਕਦੀ ਤੇ ਇੰਨਾਂ ਸੱਚਾ ਹੋ ਜਾਨਾਂ ਵਾਂ
ਤਾਂ ਆਪਣੇ ਆਪ ਤੋਂ ਡਰ ਲੱਗਦਾ ਏ
ਜਿਉਂਦਾ ਪੱਥਰ ਬਣ ਜਾਨਾਂ ਵਾਂ
ਆਪਣੇ ਆਪ ਨੂੰ ਸਜਦਾ ਕਰਨਾਂ
ਮਿੰਨਤਾਂ ਕਰਨਾਂ, ਪੈਰੀਂ ਪੈਨਾਂ
ਜਿਵੇਂ ਕੋਈ ਪੱਕਾ ਮੋਮਨ ਹਸ਼ਰ ਦਿਹਾੜੇ
ਰੱਬ ਦੇ ਕੋਲੋਂ ਆਪਣੀ ਬਖ਼ਸ਼ਿਸ਼ ਮੰਗਦਾ ਹੋਵੇ
ਕਦੀ-ਕਦੀ ਤੇ ਇੰਨਾਂ ਸੱਚਾ ਹੋ ਜਾਨਾਂ ਵਾਂ
ਆਪਣੇ ਆਪ ਤੋਂ ਡਰ ਲੱਗਦਾ ਏ
ਨਿਜ਼ਾਮ
ਬਾਲਣ 600 ਰੁਪਈਏ ਮਣ
ਗੰਨਾ 180 ਰੁਪਈਏ ਮਣ
ਜਾਤੀ ਬਿਆਨ
ਮੈਂ ਕਿਸੇ ਦਾ ਸੁੱਕਾ ਨਈਂ
ਮੈਨੂੰ ਸਾਰੇ ਇੱਕੋ ਜਏ ਨੇ
ਸਾਰੀ ਦੁਨੀਆਂ ਮੇਰੀ ਏ
ਮੈਂ ਕਿਸੇ ਦਾ ਸੁੱਕਾ ਨਈਂ
ਰਾਹ
ਵੇਖੀ ਦਾ ਏ
ਪੁੱਛੀ ਦਾ ਏ
ਦੱਸੀ ਦਾ ਏ
ਮੋੜੀ ਦਾ ਏ
ਬਦਲੀ ਦਾ ਏ
ਡੱਕੀ ਦਾ ਨਈਂ ।
ਭੁੱਖ -2
ਏਨੀ ਭੁੱਖ ਲੱਗੀ ਏ ਕਿ
ਲਾਗੇ ਬੈਠੀ ਕੁੜੀ ਵੀ
ਸੋਹਣੀ ਨਹੀਂ ਲੱਗਦੀ
ਅੱਥਰੂ
ਨਾ ਪੀਏ ਤੇ, ਲੜ ਪੈਨੇ ਆਂ।
ਪੀ ਲਈਏ ਤੇ, ਲੜ ਜਾਂਦੇ ਨੇ।
ਗੀਤ
ਸਭ ਦਾ ਰੱਬ ਏ ਰੱਬ ਦਾ ਸਭ ਏ,
ਕਿੱਥੋਂ ਆਇਆ ਗ਼ੈਰ
ਇੱਕੋ ਕੁਦਰਤ ਦੇ ਸਭ ਬੰਦੇ,
ਕਾਹਨੂੰ ਰੱਖੀਏ ਵੈਰ।
ਸਭ ਦਾ ਭਲਾ ਤੇ ਸਭ ਦੀ ਖ਼ੈਰ,
ਕੁਲ ਦਾ ਭਲਾ ਤੇ ਕੁੱਲ ਦੀ ਖ਼ੈਰ।
ਹਿੰਦੂ ਮੁਸਲਿਮ ਸਿੱਖ ਇਸਾਈ,
ਕਿਧਰੇ ਬੁੱਧੇ -ਬੱਧੇ।
ਧਰਮਾਂ ਦੇ ਵਿੱਚ ਫਸਕੇ ਜੀਵਣ,
ਰਹਿ ਗਏ ਅੱਧ ਪਚੱਧੇ।
ਮਨ ਤੋਤੇ ਦਾ ਖੋਲ ਕੇ ਪਿੰਜਰਾ,
ਬਾਗੀਂ ਕਰੀਏ ਸੈਰ,
ਸਭ ਦਾ ਭਲਾ ਤੇ ਸਭ ਦੀ ਖ਼ੈਰ,
ਕੁੱਲ ਦਾ ਭਲਾ ਤੇ ਕੁੱਲ ਦੀ ਖ਼ੈਰ।
ਚਾਰ ਚੁਫੇਰੇ ਲੀਕਾਂ ਦਿੱਸਣ,
ਲੀਕਾਂ ਅੰਦਰ ਚੀਕਾਂ।
ਨਾ ਲੀਕਾਂ ਤੇ ਲੀਕਾਂ ਲਗਣ,
ਕਿਹੜੀ-ਕਿਹੜੀ ਲੀਕਾਂ ?
ਲੀਕਾਂ ਤੇ ਬਸ ਲੀਕਾਂ ਈ ਨੇ,
ਨਹੀ ਲੀਕਾਂ ਦੇ ਪੈਰ।
ਸਭ ਦਾ ਭਲਾ ਤੇ ਸਭ ਦੀ ਖ਼ੈਰ,
ਕੁੱਲ ਦਾ ਭਲਾ ਤੇ ਕੁਲ ਦੀ ਖ਼ੈਰ।
ਮੂਰਖ, ਰੱਬ ਦੇ ਨਾਂ ਤੇ ਰੱਬ ਦੀ,
ਖ਼ਲਕਤ ਮਾਰੀ ਜਾਂਦੇ।
ਆਪਣੀ ਹਿਰਸ ਹਵਸ ਦਾ ਵੇਖੋ,
ਬੁੱਤਾ ਸਾਰੀ ਜਾਂਦੇ।
ਰੱਬ ਦੇ ਮੋਢੇ ਉੱਤੇ ਧਰਕੇ,
ਕਰਦੇ ਪਏ ਨੇ ਫੈਰ।
ਸਭ ਦਾ ਭਲਾ ਤੇ ਸਭ ਦੀ ਖ਼ੈਰ,
ਕੁੱਲ ਦਾ ਭਲਾ ਤੇ ਕੁਲ ਦੀ ਖ਼ੈਰ ।
ਚਿਤਾਵਨੀ
ਇੱਕ ਪੰਜਾਂ ਛੀਆਂ ਵਰ੍ਹਿਆਂ ਦੀ ਬਾਲੜੀ
ਚੁੰਨੀ ਦਾ ਨਕਾਬ ਕਰਕੇ
ਰਾਹ ਵਿਚੋਂ ਲੰਘਦੀ ਹੋਈ
ਚੋਰ ਅੱਖਾਂ ਨਾਲ ਆਸੇ ਪਾਸੇ ਤੱਕਦੀ
ਇੱਕ ਪੰਜਾਂ ਛੀਆਂ ਵਰ੍ਹਿਆਂ ਦੀ ਬਾਲੜੀ
ਮੇਰੇ ਸ਼ਹਿਰ ਦਾ ਹਰ ਇੱਕ ਬੰਦਾ
ਮੇਰੇ ਸ਼ਹਿਰ ਦਾ ਹਰ ਇੱਕ ਬੰਦਾ
ਇਹੋ ਈ ਕਹਿੰਦਾ
ਇੱਕ ਦੂਜੇ ਨੂੰ ਭਾਵੇਂ ਜੋ ਕੁਝ ਮਰਜ਼ੀ ਆਖੋ
ਮੈਨੂੰ ਕੁਝ ਨਾ ਆਖੋ
ਮਜ਼ਹਬ
(ਇੱਕ ਲਫ਼ਜ ਦੀ ਨਜ਼ਮ)
ਮਾਫ਼ੀਆ
(ਸਾਬਿਰ ਦਾ ਕਹਿਣਾ ਹੈ ਕਿ
ਇਸ ਨਜ਼ਮ ਨੂੰ ਲਿਖਣ ਤੇ 11 ਸਾਲ ਲੱਗੇ ਸਨ।)
ਗੀਤ
ਚੁੱਪ ਵੱਟਿਆਂ ਗੁਜ਼ਾਰੇ
ਨਈਂਓ ਹੁੰਦੇ,
ਨੀ ਵੱਟੇ ਵੱਟ ਜਾਣ ਵਾਲੀਏ।
ਕੱਚੇ ਸੁਫ਼ਨੇ ਸਹਾਰੇ ਨਈਂਓ ਹੁੰਦੇ,
ਨੀ ਵੱਟੇ ਵੱਟ ਜਾਣ ਵਾਲੀਏ।
ਵੱਟਾਂ ਵਾਲਿਆਂ ਦੇ ਮੱਥੇ,
ਅਜ਼ਲਾਂ ਤੋਂ ਵੱਟ ਨੀ।
ਸਿੱਪੀਆਂ ਦੇ ਨਾਲ ਨਾ,
ਸਮੁੰਦਰਾਂ ਨੂੰ ਝੱਟ ਨੀ।
ਝੰਗ ਤਖ਼ਤ ਹਜ਼ਾਰੇ ਨਈਂਓ ਹੁੰਦੇ,
ਨੀ ਵੱਟੇ ਵੱਟ ਜਾਣ ਵਾਲੀਏ।
ਚੁੱਪ ਵੱਟਿਆਂ ਗੁਜ਼ਾਰੇ ਨਈਂਓ ਹੁੰਦੇ,
ਨੀ ਵੱਟੇ ਵੱਟ ਜਾਣ ਵਾਲੀਏ।
ਝਾਂਜਰਾਂ ਦੀ ਚੁੱਪ ਵਿੱਚ, ਧੁੱਖ਼ਦਾ ਸਰੀਰ ਨੀ,
ਮਰਜ਼ੀ ਏ ਤੇਰੀ ਇਹਨੂੰ ਕਵੇਂ ਤਕਦੀਰ ਨੀ।
ਧੁਰੋਂ ਨਫ਼ੇ ਤੇ ਖ਼ਸਾਰੇ ਨਈਂਓ ਹੁੰਦੇ,
ਨੀ ਵੱਟੇ ਵੱਟ ਜਾਣ ਵਾਲੀਏ।
ਚੁੱਪ ਵੱਟਿਆਂ ਗੁਜ਼ਾਰੇ ਨਈਂਓ ਹੁੰਦੇ,
ਨੀ ਵੱਟੇ ਵੱਟ ਜਾਣ ਵਾਲੀਏ।
ਚਿੱਟੇ ਦਿਨ ਤਾਰੇ ਤੈਨੂੰ ਤੱਕਦੇ ਨਾ ਰੱਜਦੇ,
ਚੁੱਕ ਦੇ ਨੀ ਘੁੰਡ ਹੁਣ ਲੱਜੀਆਂ ਦੀ ਲੱਜਦੇ।
ਬਿਨਾਂ ਵੇਖਿਆਂ ਨਤਾਰੇ ਨਈਂਓ ਹੁੰਦੇ,
ਨੀ ਵੱਟੇ ਵੱਟ ਜਾਣ ਵਾਲੀਏ।
ਚੁੱਪ ਵੱਟਿਆਂ ਗੁਜ਼ਾਰੇ ਨਈਂਓ ਹੁੰਦੇ,
ਨੀ ਵੱਟੇ ਵੱਟ ਜਾਣ ਵਾਲੀਏ।
ਕੱਚ ਦਿਆਂ ਸ਼ੀਸ਼ਿਆਂ ਤੇ
ਕਰੇਂ ਇਤਬਾਰ ਤੂੰ,
ਸਾਡੀਆਂ ਵੀ ਅੱਖਾਂ ਵਿਚ
ਝਾਤੀ ਜ਼ਰਾ ਮਾਰ ਤੂੰ।
ਰੋਜ਼-ਰੋਜ਼ ਇਹ ਇਸ਼ਾਰੇ ਨਈਂਓ ਹੁੰਦੇ,
ਨੀ ਵੱਟੇ ਵੱਟ ਜਾਣ ਵਾਲੀਏ।
ਚੁੱਪ ਵੱਟਿਆਂ ਗੁਜ਼ਾਰੇ ਨਈਂਓ ਹੁੰਦੇ,
ਨੀ ਵੱਟੇ ਵੱਟ ਜਾਣ ਵਾਲੀਏ।
ਨਿੱਕੇ-ਨਿੱਕੇ
ਨਿੱਕੇ-ਨਿੱਕੇ ਹੁੰਦੇ ਸਾਂ
ਵੱਡੇ ਵੱਡੇ-ਵੱਡੇ ਸੀ
ਨਿੱਕੇ-ਨਿੱਕੇ ਹੁੰਦੇ ਸਾਂ...
ਚੇਤਰ
ਚੜ੍ਹਿਆ ਚੇਤਰ ਲਗਰਾਂ ਫੁੱਟੀਆਂ,
ਪਰ ਨਾ ਹਾਸੇ ਫੁੱਟੇ।
ਮਨ ਦੀ ਰੁੱਤ ਨੂੰ ਤਨ ਦੇ ਸੋਕੇ,
ਅੱਖੀਓਂ ਕਾਸੇ ਫੁੱਟੇ।
ਭੁੱਖੀ ਰੂਹ ਦੀ ਕੁੱਖੋਂ ਵਹਿਸ਼ੀ,
ਭੁੱਖੇ ਪਿਆਸੇ ਫੁੱਟੇ।
ਤਾਹੀਓਂ ਸਾਡੇ ਵਿਹੜੇ ਫੁੱਟੇ,
ਜੋ ਅਕਵਾਸੇ ਫੁੱਟੇ।
ਚੜ੍ਹਿਆ ਚੇਤਰ.......
ਚੜ੍ਹਿਆ ਚੇਤਰ ਲਗਰਾਂ ਫੁੱਟੀਆਂ,
ਆਸਾਂ ਹਰੀਆਂ ਹੋਈਆਂ।
ਸ਼ਾਲਾ ! ਛੇਤੀ ਰੰਗ ਲਿਆਵਣ,
ਪੀੜਾਂ ਜਰੀਆਂ ਹੋਈਆਂ।
ਚੰਗੀ ਜੂਨੇ ਉੱਠਣ ਸੱਭੇ,
ਸੱਧਰਾਂ ਮਰੀਆਂ ਹੋਈਆਂ।
ਸੋਚਾਂ ਦੇ ਗਲ ਘੁੱਟ ਨਾ ਦੇਵਣ,
ਅਕਲਾਂ ਡਰੀਆਂ ਹੋਈਆਂ।
ਚੜ੍ਹਿਆ ਚੇਤਰ.......
ਚੜ੍ਹਿਆ ਚੇਤਰ ਲਗਰਾਂ ਫੁੱਟੀਆਂ,
ਰੁੱਖਾਂ ਬਾਣੇ ਬਦਲੇ।
ਰੁੱਤ ਬਦਲਦੀ ਵੇਖੀ ਤੇ ਸਭ,
ਲੋਕ ਸਿਆਣੇ ਬਦਲੇ।
ਸਾਡਾ ਆਪਣੇ ਆਪ ਨੂੰ ਧੋਖਾ,
ਆਪਣੇ ਭਾਣੇ ਬਦਲੇ।
ਕੁਝ ਬਦਲ ਨਈਂ ਹੋਣਾ ਜੇ ਨਾ,
ਪੇਟੇ ਤਾਣੇ ਬਦਲੇ।
ਚੜ੍ਹਿਆ ਚੇਤਰ ਲਗਰਾਂ ਫੁੱਟੀਆਂ,
ਰੁੱਖਾਂ ਬਾਣੇ ਬਦਲੇ ।
ਨੱਚੋ ਗਾਓ
ਨੱਚੋ ਗਾਓ
ਨੱਚੋ ਗਾਓ
ਇਸ ਤੋਂ ਪਹਿਲਾਂ
ਕਿ ਤੁਸੀਂ ਲੜ ਪਵੋ
ਨੱਚੋ ਗਾਓ
ਸੱਜਣ
ਪੂਰੇ ਸ਼ਹਿਰ 'ਚ ਮੇਰਾ
ਇੱਕ ਸੱਜਣ ਸੀ
ਗੱਲਾਂ ਗੱਲਾਂ ਦੇ ਵਿੱਚ ਐਵੇਂ
ਮੂੰਹੋਂ ਇਹ ਗੱਲ ਨਿਕਲ ਗਈ ਏ
ਓਸ ਸਿਆਸੀ ਪੀਰ ਦੀ ਮੈਨੂੰ
ਇੱਕੋ ਗੱਲ ਪਸੰਦ ਆਈ ਸੀ
ਜਿਹਦੇ ਨਾਲ ਤੂੰ ਲੜ ਨਈਂ ਸਕਦਾ
ਓਹਦੇ ਨਾਲ ਬਣਾ ਕੇ ਰੱਖ
ਪੂਰੇ ਸ਼ਹਿਰ 'ਚ ਮੇਰਾ
ਇੱਕੋ ਸੱਜਣ ਸੀ।
ਰਗੜੇ ਹੋਵਣਗੇ
ਤਗੜੇ ਹੋਵਣਗੇ
ਝਗੜੇ ਹੋਵਣਗੇ
ਜਿਹੜੇ ਰੜਕੇ ਨਈਂ
ਰਗੜੇ ਹੋਵਣਗੇ
ਜੀਅ
ਤੂੰ ਕਹਿਨਾ ਏਂ
ਜੀ ਨੂੰ ਜੀ ਏ ਮੈਂ
ਮੈਂ ਤੇ ਜੀ ਨੂੰ ਜੀ ਨਈਂ ਕਰਦਾ
ਜਦ ਤਕ ਮੇਰਾ ਜੀਅ ਨਈਂ ਕਰਦਾ
ਲੋੜਾਂ
ਭੁੱਖਾਂ ਬਣ ਜਾਵਣ ਤੇ,
ਬੰਦਾ ਵਹਿਸ਼ੀ ਹੋ ਜਾਂਦਾ ਏ।
ਤੂੰ ਮੈ
ਤੂੰ ਤੇ ਮੈਂ ਆਂ
ਕੁਝ ਤੂੰ ਮੈਂ ਆਂ,
ਕੁਝ ਮੈਂ ਤੂੰ ਏਂ।
ਜਿਹੜਾ ਤੂੰ ਮੈਂ ਆਂ,
ਤੇ ਮੈਂ ਤੂੰ ਆਂ,
ਉਹੀ ਖ਼ੁਦਾ ਏ !
ਬਾਕੀ ਸਭ ਤੂੰ ਮੈਂ ਆਂ।
ਮੈਂ
ਉਂਝ ਤੇ ਪੁੱਜਦੀ ਸਰਦੀ ਏ,
ਗੱਲ ਕਰਨ ਤੋਂ ਡਰਦੀ ਏ,
ਅੜਿਆ-ਅੜਿਆ ਕਰਦੀ ਏ,
ਮੈਂ ਮਾਰਨ ਨੂੰ ਫਿਰਦਾ ਵਾਂ,
'ਮੈਂ' ਮੇਰੇ ਤੇ ਮਰਦੀ ਏ।
ਸਾਹ
ਜਿਓਂਦੇ ਹੋਣ ਦੀ
ਦਲੀਲ ਨਹੀਂ ਵਕੀਲ ਏ
ਮੁਨਸਿਫ਼
ਡਾਢਿਆ, ਰੱਬਾ, ਵੇਲਿਆ
ਮੈਂ ਤੇਰੀ ਜੇ ਦੌੜ ਨੂੰ,
ਮੁਨਸਿਫ਼ ਬਣ ਕੇ ਵੇਖਾਂ।
ਲੂਲ੍ਹੇ
ਲੰਗੜੇ
ਅੱਗੇ ਨੇ
ਤੇ ਅੰਨ੍ਹੇ, ਕਾਣੇ ਪਿੱਛੇ।
ਅੱਖਰ
ਅੱਖਰ ਬੰਦਾ ਵੇਖ ਕੇ,
ਮਤਲਬ ਦੇਂਦਾ ਏ।
ਪਰਦਾ
ਪਰਦਾ ਕੁਫ਼ਰ ਏ
ਜੀਹਦੇ ਉੱਤੇ ਜਿੰਨਾ ਹੈ ਆ
ਓਨਾ ਕੁ ਉਹ ਕਾਫ਼ਿਰ ਏ
ਪ੍ਰਸ਼ਨ ਚਿੰਨ੍ਹ
ਉਹ ਕਰੇ ਤਾਂ,
ਬੇਪਰਵਾਹੀ
ਮੈਂ ਕਰਾਂ ਤਾਂ,
ਲਾਪਰਵਾਹੀ
ਪਹਿਲਾ ਸਾਵਣ
ਕੱਚੀ ਗੋਰ ਤੇ ਟੁੱਟੇ ਦਿਲ 'ਤੇ,
ਪਹਿਲਾ ਸਾਵਣ ਭਾਰਾ ਹੁੰਦਾ।
ਅਦਾਲਤਾਂ
ਸਾਡੀਆਂ ਅਦਾਲਤਾਂ
ਤਕੜਿਆਂ ਦੇ ਫ਼ੈਸਲੇ
ਮਾੜਿਆਂ ਦੇ ਹੌਸਲੇ
ਸਾਡੀਆਂ ਅਦਾਲਤਾਂ
ਸਿਆਣੇ
ਸਿਆਣੇ ਆਖਦੇ ਨੇ ਜੀ
ਬੁੱਢੜੇ ਬਾਲ ਹੁੰਦੇ ਨੇ
ਬਾਲ ਵੀ ਬਾਲ ਹੁੰਦੇ ਨੇ,
ਸਿਆਣੇ ਕੌਣ ਹੁੰਦੇ ਨੇ ?
ਹੱਥ
ਜੇਕਰ ਇੱਕ ਦੂਜੇ ਦਾ
ਹੱਥ ਫੜਨਾ ਏ
ਤੇ ਏਵੇਂ ਫੜੀਏ
ਪਤਾ ਨਾ ਲੱਗੇ
ਕੀਹਨੇ ਕੀਹਦਾ
ਹੱਥ ਫੜਿਆ ਏ
ਵੱਡੇ
ਨਾਂ ਵੱਡੇ ਨੇ,
ਤਾਂ ਵੱਡੇ ਨੇ।
ਆਮ ਝੂਠ
ਸ਼ੁਕਰ ਏ ਰੱਬ ਦਾ
ਹਾਲ
ਹਾਲ
ਪੁੱਛੀਦਾ ਨਹੀਂ
ਵੇਖੀਦਾ ਏ
ਗੀਤ
ਇਸ ਦੇ ਦਮ ਨਾਲ ਬਾਗ਼ ਬਹਾਰਾਂ,
ਸਾਰਾ ਕਾਰ ਵਿਹਾਰ।
ਜੀਵਣ ਬੱਸ ਇੱਕੋ ਨੁਕਤਾ,
ਨਰ-ਨਾਰੀ ਦਾ ਪਿਆਰ।
ਨਾਰੀਆਂ ਪਿਆਰੀਆਂ ਨੂੰ ਲਵ ਯੂ
ਸਾਡੇ ਵੱਲੋਂ ਸਾਰੀਆਂ ਨੂੰ ਲਵ ਯੂ
ਹੈਪੀ-ਹੈਪੀ ਫੇਸ ਤੇ ਜਵਾਨੀਆਂ,
ਅੱਖਾਂ ਵਿੱਚ ਮਿੱਠੀਆਂ ਸ਼ੈਤਾਨੀਆਂ।
ਅੱਲ੍ਹੜਾਂ ਦੇ ਹਾਸੇ ਰਹਿਣ ਮਹਿਕਦੇ,
ਕਦੇ ਵੀ ਨਾ ਆਉਣ ਪਰੇਸ਼ਾਨੀਆਂ,
ਚੜੀਆਂ ਖ਼ੁਮਾਰੀਆਂ ਨੂੰ ਲਵ ਯੂ।
ਸਾਡੇ ਵੱਲੋਂ ਸਾਰੀਆਂ ਨੂੰ ਲਵ ਯੂ।
ਗੋਰੀਆਂ ਤੇ ਕਾਲੀਆਂ ਨੂੰ,
ਭਾਬੀਆਂ ਤੇ ਸਾਲੀਆਂ ਨੂੰ,
ਘਰ-ਬਾਰ ਵਾਲੀਆਂ ਨੂੰ,
ਦਾਦੀਆਂ ਤੇ ਅੰਮੀਆਂ ਨੂੰ
ਹੁਣੇ ਹੁਣੇ ਜੰਮੀਆਂ ਨੂੰ,
ਭੋਲੀਆਂ ਸਿਆਣੀਆਂ ਨੂੰ,
ਧੀਆਂ ਭੈਣਾਂ ਰਾਣੀਆਂ ਨੂੰ,
ਹਰ ਇੱਕ ਰੂਪ ਵਿੱਚ,
ਸਾਰੀਆਂ ਸੁਆਣੀਆਂ ਨੂੰ,
ਪਿਆਰ ਨਾਲੋਂ ਪਿਆਰੀਆਂ ਨੂੰ ਲਵ ਯੂ।
ਸਾਡੇ ਵਲੋ ਸਾਰੀਆਂ ਨੂੰ ਲਵ ਯੂ।
ਮਾਣ ਤੇ ਗਰੂਰ ਵਿਚ ਰਹਿੰਦੀਆਂ,
ਘੂਰਦੀਆਂ ਉੱਠਦੀਆਂ ਬਹਿੰਦੀਆਂ।
ਪਿਆਰ ਦੀਆਂ ਅਜ਼ਲੋਂ ਪਿਆਸੀਆਂ,
ਵਿੱਚੋਂ-ਵਿੱਚ ਧੁੱਖਦੀਆਂ ਰਹਿੰਦੀਆਂ।
ਉਹਨਾਂ ਵੀ ਵਿਚਾਰੀਆਂ ਨੂੰ ਲਵ ਯੂ ।
ਮੇਰੇ ਵੱਲੋਂ ਸਾਰੀਆਂ ਨੂੰ ਲਵ ਯੂ।
ਪਿਆਰ
ਸਭ ਤੋਂ ਪਹਿਲਾਂ,
ਰੱਬ ਤੋਂ ਪਹਿਲਾਂ।
ਦੋਹੜਾ
ਜਿਹੜੇ ਰਾਹੋਂ ਲੰਘਾਂ ਰਾਹੀ
ਰਾਹ ਛੱਡਣ,
ਮੇਰੇ ਨਾਲ ਨੇ ਸੱਪ ਮਜ਼ਬੂਰੀਆਂ ਦੇ।
ਹੁਣ ਤੇ ਲੁਕਣ ਨੂੰ ਥਾਂ ਵੀ ਨਹੀ ਮਿਲਦੀ,
ਕਦੀ ਚਾਅ ਸੀ ਬੜੇ ਮਸ਼ਹੂਰੀਆਂ ਦੇ।
ਮੇਰੇ ਦੁੱਖ ਨੂੰ ਫ਼ਨ ਦਾ ਨਾਂ ਮਿਲਦਾ,
ਹਾਉਕੇ ਹਾਵਾਂ ਤੇ ਚੀਕਾਂ ਦੇ ਦਾਦ ਮਿਲਦੀ,
ਸਾਬਰ ਹਾਂ ਨਸੀਬ 'ਤੇ ਨਹੀ ਸ਼ਿਕਵਾ,
ਡੰਗੇ ਹੋਏ ਹਾਂ ਬੇ ਦਸਤੂਰੀਆਂ ਦੇ।
ਬੁਝਾਰਤ
ਅੰਨ੍ਹਿਆਂ
ਅੰਨ੍ਹੀ ਪਾਈ ਹੋਈ ਏ
ਅੱਖਾਂ ਵਾਲੇ ਲੂਲ੍ਹੇ ਨੇ,
ਕੰਨਾਂ ਵਾਲੇ ਗੂੰਗੇ ਨੇ,
ਤੇ ਬੋਲਣ ਵਾਲੇ ਕਾਣੇ
ਪੰਧ
ਛੋਟੇ ਮੂੰਹ 'ਚੋਂ
ਵੱਡੀਆਂ ਗੱਲਾਂ
ਏਨੀਆਂ ਕੁ ਹੋ ਚੁੱਕੀਆਂ ਨੇ
ਕਿ ਹੁਣ ਗੱਲ ਕਰਨ ਤੋਂ ਪਹਿਲਾਂ
ਇੰਝ ਲੱਗਦਾ ਏ
ਮੂੰਹ ਵੱਡਾ ਏ ਗੱਲ ਛੋਟੀ ਏ
ਮੇਲਾ
ਗੋਲੀ ਵੱਜੀ,
ਪਿੰਡ ਦੇ ਬੁੱਲੀ ਕੁੱਤੇ ਨੂੰ।
ਮੇਲਾ ਲੱਗਾ,
ਰੰਗ ਬਿਰੰਗੀਆਂ ਕਾਰਾਂ ਦਾ।
ਗੱਲ
ਜਦੋਂ ਕਿਤੇ ਵੀ,
ਗੱਲ ਮੈਂ ਕੀਤੀ।
ਦੁਨੀਆਂ,
ਗੂੰਗੀ ਬੋਲੀ ਹੋ ਗਈ।
ਮੇਰੀ ਗੱਲ ਦੀ,
ਗੱਲ ਬੜੀ ਸੀ।
ਪ੍ਰਸ਼ਨ ਚਿੰਨ-2
ਖੂਹ ਵਿੱਚ ਉੱਗੇ,
ਬੋਹੜ ਦੇ ਬੂਟੇ ਨੂੰ,
ਬੰਦਾ ਪੁੱਛੇ,
ਤੇ ਕੀ ਪੁੱਛੇ ?
ਲੋਰੀ
ਅੱਲ੍ਹੜ ਬੱਲ੍ਹੜ ਬਾਵੇਗਾ,
ਬਾਵਾ ਕੰਮ ਵਿਖਾਵੇਗਾ,
ਆਈ.ਐਮ.ਐੱਫ
ਦੀਆਂ ਸ਼ਰਤਾਂ 'ਤੇ,
ਮੁਲਕ 'ਚ ਪੈਸਾ ਆਵੇਗਾ।
ਵੱਡੇ ਵੰਡੀਆਂ ਪਾਵਣਗੇ,
ਰਲ ਮਿਲ ਆਪੇ ਖਾਵਣਗੇ।
ਬੱਚਿਆਂ ਵੱਡਿਆਂ ਹੋਣਾ ਨਹੀਂ,
ਖੱਟਣਾ ਕਿਸੇ ਕਮਾਉਣਾ ਨਹੀਂ।
ਜਦੋਂ ਸਿਆਣੇ ਹੋਵਣਗੇ,
ਹਾਲ ਆਪਣੇ ਤੇ ਰੋਵਣਗੇ।
ਹੁਸਨ
ਕਸਮ ਏ,
ਏਡਾ ਸੋਹਣਾ ਸੀ!
ਹੱਥ ਲਾਵਣ ਨੂੰ,
ਜੀ ਨਹੀਂ ਕੀਤਾ।
ਪਾਗਲ
ਸੋਚਾਂ ਬੁੱਸ ਜਾਵਣ ਤੇ,
ਬੰਦਾ ਪਾਗਲ ਹੋ ਜਾਂਦਾ ਏ ।
ਕਦੀ ਕਦੀ
ਕਦੀ ਕਦੀ ਤੇ ਇੰਝ ਲਗਦਾ ਏ,
ਸਾਹਵਾਂ ਨੇ ਤੇ ਹਾਵਾਂ ਨੇ,
ਬਾਕੀ ਸਭ ਅਫ਼ਵਾਹਵਾਂ ਨੇ ।
ਬਦਨਾਮੀ
ਕੁੱਤਿਆਂ ਨੇ,
ਜਦ ਬੰਦੇ ਲੜਦੇ ਵੇਖੇ ਤਾਂ,
ਆਖਣ ਲੱਗੇ,
ਅਸੀ ਤਾਂ ਨਾਂ ਦੇ ਹੀ ਕੁੱਤੇ ਆਂ।
ਕਿੱਥੇ
ਜਿੱਥੇ ਰਹਿੰਨੇ ਆਂ,
ਤਿੱਥੇ ਰਹਿੰਨੇ ਆਂ।
ਤੂੰ ਕਿਓਂ ਪੁੱਛਣਾ ਏ,
ਕਿੱਥੇ ਰਹਿੰਨੇ ਆਂ।
ਕਾਲਖ਼
ਕਾਲੀਆਂ ਮੁੱਛਾਂ
ਕਾਲੇ ਝਾਟੇ ਦੇ
ਵਿੱਚ ਉਸਦੀ
ਕੱਲ੍ਹ ਦੀ ਮੁੰਨੀ
ਬੱਗੀ ਦਾੜ੍ਹੀ
ਲੁੱਕ ਨਹੀਂ ਸਕੀ
ਕਿੱਧਰੇ ਮੂੰਹ ਨਾ ਕਾਲਾ ਕਰ ਲਏ
ਵੰਡ
ਉੱਧਰ 'ਕੱਲਾ ਵਾਰਿਸ ਏ,
ਇੱਧਰ ਅੱਲ੍ਹਾ ਵਾਰਿਸ ਏ।
ਤਸੱਲੀ
ਵਾਵਰੋਲੇ ਦੇ ਵਿੱਚ,
ਸੁੱਕੇ ਪੱਤਰ ਨੂੰ,
ਨੱਚਦਾ ਵੇਖ ਕੇ,
ਮਾਯੂਸੀ ਨੂੰ ਟਾਲ ਗਿਆ
ਭੜਾਸ
ਮਨ ਚੋਂ ਪੁੱਟ ਕੇ ਪੱਕ ਦਾ ਬੂਟਾ।
ਲਾ ਬੈਠਾ ਵਾਂ ਸ਼ੱਕ ਦਾ ਬੂਟਾ।
ਜਿੱਥੇ ਸਾਬਰ ਬੰਦਾ ਨੱਪਿਐ,
ਉੱਥੇ ਉੱਗਿਐ ਅੱਕ ਦਾ ਬੂਟਾ।
ਗਾਲ਼
ਇਨਸਾਨਾਂ ਨੂੰ ਮੈਂ,
ਪੱਥਰ ਕਹਿ ਬੈਠਾ
ਤੇ ਪੱਥਰ,
ਮੇਰੀ ਗੱਲ ਦਾ,
ਗੁੱਸਾ ਕਰ ਬੈਠੇ।
ਖ਼ਤਰਾ
ਸੁੱਖਾਂ ਨੇ ਹੜਤਾਲ ਏ ਕੀਤੀ,
ਧਰਨਾ ਦਿੱਤਾ ਦੁੱਖਾਂ ਨੇ ।
ਸੋਚਾਂ ਨੇ ਆ ਰੈਲੀ ਕੱਢੀ,
ਜਲਸਾ ਕੀਤਾ ਭੁੱਖਾਂ ਨੇ।
ਸਾਹਵਾਂ ਹੱਥੋਂ ਸਮਝੋ ਹੁਣ,
ਹਕੂਮਤ ਛੁੱਟਣ ਵਾਲੀ ਏ।
ਸੱਧਰਾਂ ਵਾਲੀ ਸਾਬਿਰ ਯਾਰ,
ਅਸੰਬਲੀ ਟੁੱਟਣ ਵਾਲੀ ਏ।
ਬੁੱਲ੍ਹੇ ਸ਼ਾਹ ਦੀ ਵੇਲ
ਬੁੱਲ੍ਹਿਆ ਅੱਜ ਵੀ ਅਲਫ਼ ਪੜ੍ਹਾਂ 'ਤੇ,
ਮੁੱਲਾਂ ਮੈਨੂੰ ਮਾਰੇ।
ਸਿੱਧੇ ਅਲਫ਼ ਦੇ ਰਾਹ ਟੁਰਨਾਂ ਤੇ,
ਮੈਨੂੰ ਕਾਫ਼ਿਰ ਕਹਿੰਦਾ।
ਸੱਚ ਦਾ ਮੁਨਕਰ ਹੋ ਕੇ ਵੀ ਇਹ,
ਸੱਚਾ ਬਣ- ਬਣ ਬਹਿੰਦਾ।
ਭਾੜੇ ਦਾ ਸਰਕਾਰੀ ਟੱਟੂ,
ਮਸਲੇ ਘੜਦਾ ਰਹਿੰਦਾ।
ਸੱਚ ਆਖਾਂ ਤੇ ਭਾਂਬੜ ਮੱਚਦਾ,
ਕਿੱਸਰਾਂ ਹੋਣ ਗੁਜ਼ਾਰੇ।
ਬੁੱਲ੍ਹਿਆ ਅੱਜ ਵੀ ਅਲਫ਼ ਪੜ੍ਹਾਂ ਤੇ,
ਮੁੱਲਾਂ ਮੈਨੂੰ ਮਾਰੇ ।
ਬੁੱਲ੍ਹਿਆ ਮੇਰੀ ਬੁੱਕਲ ਵਿੱਚੋਂ,
ਕਿੱਸਰਾਂ ਨਿੱਕਲੇ ਚੋਰ।
ਆਲ-ਦੁਆਲੇ ਮੁੱਲਾਂ ਕਾਜ਼ੀ,
ਮੈਂ ਵਿਚਕਾਰ ਖਲੋਤਾ।
ਜਰਮ ਭਰਮ ਦਾ ਕੈਦੀ ਬਣਕੇ,
ਪੱਬਾਂ ਭਾਰ ਖਲੋਤਾ।
ਸੱਚ ਦਾ ਵੈਰੀ ਢਿੱਡ ਦਾ ਕੁੱਤਾ,
ਪਹਿਰੇਦਾਰ ਖਲੋਤਾ।
ਗਲ ਪਿਆ ਢੋਲ ਜੇ ਲਾਹੁਣਾ ਚਾਹਵਾਂ,
ਪੈ ਜਾਂਦਾ ਏ ਸ਼ੋਰ।
ਬੁੱਲ੍ਹਿਆ ਮੇਰੀ ਬੁੱਕਲ ਵਿੱਚੋਂ,
ਕਿੱਸਰਾਂ ਨਿੱਕਲੇ ਚੋਰ।
ਬੁੱਲ੍ਹਿਆ ਅੱਜ ਵੀ ਬੂਹੇ,
ਹਸ਼ਰ ਅਜ਼ਾਬ ਦੇ ਖੁੱਲ੍ਹੇ ਹੋਏ।
ਅੱਖਾਂ ਵਾਲੇ ਵੇਖ ਨਹੀਂ ਸਕਦੇ,
ਜੋ ਅਸਾਡਾ ਹਾਲ।
ਕੁੱਖੋਂ ਅੰਨ੍ਹੇ ਜੰਮਦੇ ਪਏ ਨੇ,
ਅੱਜ ਵੀ ਇੱਥੇ ਬਾਲ।
ਨੁੰਗਣ ਮਾਸ ਸ਼ਹੀਨ ਕਬਾਲੀ,
ਫੜ ਕੇ ਧਰਮੀ ਢਾਲ।
ਹਾਵੀਏ ਦੋਜ਼ਖ਼ ਦੇ ਡਰ ਮਾਰੇ,
ਨਾ ਜਿਉਂਦੇ ਨਾ ਮੋਏ।
ਬੁੱਲ੍ਹਿਆ ਬੂਹੇ ਅੱਜ ਵੀ,
ਹਸ਼ਰ ਅਜ਼ਾਬ ਦੇ ਖੁੱਲ੍ਹੇ ਹੋਏ।
ਬੁੱਲ੍ਹਿਆ ਆਈ ਸੂਰਤੋਂ ਕਿੱਸਰਾਂ,
ਸੱਚੇ ਹੋ ਕੇ ਰਹੀਏ।
ਅੱਜ ਵੀ ਰਾਮ ਰਹੀਮ ਦੇ ਰੌਲੇ,
ਪਾਉਂਦੇ ਲੋਕ ਮੁਨਾਖੇ।
ਇਹਨਾਂ ਨੂੰ ਹੂਰਾਂ ਦੇ ਸੁਫ਼ਨੇ,
ਹੋਣ ਨਾ ਦੇਣ ਸੁਜਾਖੇ।
ਸੁੰਮਣ ਬੁਕਮੁਣ ਹੋਇਆਂ ਨੂੰ,
ਕੋਈ ਆਖੇ ਤੇ ਕੀ ਆਖੇ।
ਗੱਲ ਸੁਣਨ ਤੇ ਸਮਝਣ ਗੱਲ ਨੂੰ,
ਨਹੀਂ ਸੁਣਦੇ ਕੀ ਕਹੀਏ।
ਬੁੱਲ੍ਹਿਆ ਆਈ ਸੂਰਤੋਂ ਕਿੱਸਰਾਂ,
ਸੱਚੇ ਹੋ ਕੇ ਰਹੀਏ।
ਬੁੱਲ੍ਹਿਆ ਲੋਕੀਂ ਲੁੱਟੀ ਜਾਵਣ,
ਪੜ੍ਹ-ਪੜ੍ਹ ਅਸਤਰਫ਼ਾਰ,
ਰੋਜ਼ੇ ਹੱਜ ਜ਼ਕਾਤ ਨਮਾਜ਼ਾਂ,
ਬਖਸ਼ਿਸ਼ ਦੇ ਸਭ ਹੀਲੇ ।
ਕਰ-ਕਰ ਕੇ ਬਖਸ਼ਾਈ ਜਾਵਣ,
ਘੜ੍ਹ-ਘੜ੍ਹ ਨਵੇ ਵਸੀਲੇ।
ਅੰਦਰ ਬੈਠਾ ਪਾਪ ਦਾ ਫ਼ਨੀਅਰ,
ਕਿਹੜਾ ਜੋਗੀ ਕੀਲੇ।
ਜੁਰਮਾਂ ਦੇ ਦਰਵਾਜ਼ੇ ਖੁੱਲ੍ਹੇ,
ਧਰਮਾਂ ਦੇ ਦਰਬਾਰ ।
ਬੁੱਲ੍ਹਿਆ ਲੋਕੀਂ ਲੁੱਟੀ ਜਾਵਣ,
ਪੜ੍ਹ-ਪੜ੍ਹ ਅਸਤਰਫ਼ਾਰ।
ਬੁੱਲਿਆ ਅੱਜ ਵੀ ਕਾਫ਼ਿਰ,
ਮੈਨੂੰ ਕਾਫ਼ਿਰ ਆਖਣ ਤੇ ?
ਆਹੋ-ਆਹੋ ਕਹਿ ਕੇ ਜੇਕਰ,
ਮੈਂ ਵੀ ਟਾਲ ਗਿਆ ?
ਬਲਦਾ ਕਿੰਝ ਰਵੇਗਾ ਜੋ ਤੂੰ,
ਦੀਵਾ ਬਾਲ ਗਿਆ ?
ਜੇ ਇਹ ਭੇਤ ਨਾ ਖੁੱਲ੍ਹਾ ਤੇ ਫਿਰ,
ਮੇਰਾ ਹਾਲ ਗਿਆ।
ਸੱਚ ਦਾ ਮੱਚ ਮਚਾਵਾਂ ਜਾਂ ਫਿਰ,
ਅਲਫ਼ਾਂ ਹੋਵਾਂ ਬੇ ?
ਬੁੱਲ੍ਹਿਆ ਅੱਜ ਵੀ ਕਾਫ਼ਿਰ ਮੈਨੂੰ
ਕਾਫ਼ਿਰ ਆਖਣ ਤੇ ?
ਬੁੱਲ੍ਹਿਆ ਕੂੜ ਦੀ ਗੱਡ ਦੇ ਜੂਲੇ,
ਥੱਲੇ ਸਾਡੀ ਧੌਣ।
ਸੱਚ ਨਪੀਚਾ ਸ਼ਰਮਾਂ- ਧਰਮਾਂ,
ਤੇ ਅਨਾਵਾਂ ਥੱਲੇ।
ਧਰਤੀ 'ਤੇ ਰੱਬ ਆਏ ਪਏ ਨੇ,
ਆਪ ਬੁਲਾਵਾਂ ਥੱਲੇ।
ਸੂਰਜ ਲੁੱਕਣ ਮੀਟੀ ਖੇਡੇ,
ਧੁੱਪਾ-ਛਾਂਵਾਂ ਥੱਲੇ।
ਆਪਣੀ ਭਲਕ ਦੇ ਆਪ ਆਂ ਵੈਰੀ,
ਸਾਨੂੰ ਦੱਸੇ ਕੌਣ।
ਬੁੱਲ੍ਹਿਆ ਕੂੜ ਦੀ ਗੱਡ ਦੇ ਜੂਲੇ,
ਥੱਲੇ ਸਾਡੀ ਧੌਣ।
ਬੁੱਲ੍ਹਿਆ ਅੱਜ ਵੀ ਪਾ ਪੜ੍ਹਿਆਂ ਨੇ,
ਸਾਡੀ ਅਕਲ ਗਵਾਈ।
ਮੰਨਦੇ ਨਹੀਂ ਦਲੀਲਾਂ,
ਅਕਲੋਂ ਬਾਹਰ ਇਹ ਗੱਲਾਂ ਕਰਦੇ।
ਸੱਪ ਨਾ ਵੇਖਣ ਲੀਹਾਂ ਕੁੱਟਣ,
ਇਹ ਰੀਤਾਂ ਦੇ ਬਰਦੇ।
ਇਹਨਾਂ ਅੱਗੇ ਕੁਸਕ ਨਾ ਸਕੀਏ,
ਕਾਫ਼ਿਰ ਹੋਣ ਤੋਂ ਡਰਦੇ।
ਡਰ ਦੋਜ਼ਖ਼ ਦਾ ਪੂਰੀ ਜਾਵੇ,
ਸੋਚਾਂ ਦੀ ਡੂੰਘਿਆਈ ।
ਬੁੱਲ੍ਹਿਆ ਅੱਜ ਵੀ ਪਾ ਪੜ੍ਹਿਆਂ ਨੇ,
ਸਾਡੀ ਅਕਲ ਗਵਾਈ।
ਮੰਨਦੇ ਨਹੀਂ ਦਲੀਲਾਂ,
ਅਕਲੋਂ ਬਾਹਰ ਇਹ ਗੱਲਾਂ ਕਰਦੇ।
ਸੱਪ ਨਾ ਵੇਖਣ ਲੀਹਾਂ ਕੁੱਟਣ,
ਇਹ ਰੀਤਾਂ ਦੇ ਬਰਦੇ।
ਇਹਨਾਂ ਅੱਗੇ ਕੁਸਕ ਨਾ ਸਕੀਏ,
ਕਾਫ਼ਿਰ ਹੋਣ ਤੋਂ ਡਰਦੇ।
ਡਰ ਦੋਜ਼ਖ਼ ਦਾ ਪੂਰੀ ਜਾਵੇ,
ਸੋਚਾਂ ਦੀ ਡੂੰਘਿਆਈ ।
ਬੁੱਲ੍ਹਿਆ ਅੱਜ ਵੀ ਪਾ
ਪੜ੍ਹਿਆਂ ਨੇ,
ਸਾਡੀ ਅਕਲ ਗਵਾਈ।
ਬੁੱਲ੍ਹਿਆ ਆ ਤੇ ਰਲਕੇ "ਮੈਂ" ਬੇਕੈਦ ਦਾ
ਨਾਅਰਾ ਲਾਈਏ।
ਕਿਓਂ ਗੰਗਾ ਵਿੱਚ ਗੋਤੇ ਲਾਈਏ,
ਕਿਉਂ ਕਰ ਜਾਈਏ ਮੌਕੇ ?
ਮੋਨ ਮੁਨਾ ਕੇ ਰੱਖੀਏ ਕਾਹਨੂੰ,
ਰੱਖੀਏ ਪੰਜੇ ਕੱਕੇ ?
ਕਾਫ਼ਿਰ ਕਹੀਏ ਕੁੱਲ ਦੀ ਗੱਲ,
ਕਰਨ ਤੋਂ ਜਿਹੜਾ ਡੱਕੇ।
ਖੂਹ ਦੇ ਡੱਡੂ ਵਰਗਾ ਜੀਵਨ,
ਕਿਉਂ ਕਰ ਹੋਰ ਹੰਢਾਈਏ।
ਬੁੱਲ੍ਹਿਆ ਆ ਕਿ 'ਮੈਂ' ਬੇਕੈਦ ਦਾ
ਨਾਅਰਾ ਲਾਈਏ।
ਸ਼ਾਇਰ ਏ ਮਸ਼ਰਕ ਦੇ ਨਾਂ
ਕੀ ਉੱਥੇ ਜ਼ਾਲਮ ਨੂੰ ਮਿਹਣਾ ਤੇ ਤਾਹਨਾ ?
ਜਿੱਥੇ ਹੈ ਲੋਕਾਂ ਦਾ ਇੰਝ ਦਾ ਤਰਾਨਾ।
ਝਪਟਨਾ ਪਲਟਨਾ ਪਲਟਕਰ ਝਪਟਨਾ,
ਲਹੂ ਗਰਮ ਰਖਨੇ ਕਾ ਹੈ ਇਕ ਬਹਾਨਾ
ਝੂਠੀ ਗੱਲ
ਉੱਕਾ ਈ ਝੂਠੀ,
ਮੈਂ ਨਹੀਂ ਮੰਨਦਾ,
ਭਾਵੇਂ ਲੱਖ ਦਲੀਲਾਂ ਦੇਵੋ,
ਮੈਂ ਨਹੀਂ ਮੰਨਦਾ,
ਕਿਸੇ ਦੀ ਧੀ ਜਾਂ,
ਪੁੱਤ ਬੁਰਾ ਏ ।
ਸੱਚ
ਸਭ ਦਾ
ਆਪਣਾ-ਆਪਣਾ ਸੱਚ ਏ,
ਸਾਰੇ ਸੱਚ ਇਕੱਠੇ ਕਰਕੇ
ਅੱਧਾ ਸੱਚ ਨਹੀਂ ਬਣਦਾ।
ਗੱਲ
ਗੱਲ ਕਰਨ ਲਈ ਹੁੰਦੀ ਏ,
ਮੰਨਵਾਵਣ ਲਈ ਨਹੀਂ ਹੁੰਦੀ।
ਗੱਲ ਵਿੱਚ ਕੋਈ ਗੱਲ ਹੋਵੇ ਤੇ,
ਆਪਣਾ ਅਸਰ ਵਿਖਾ ਦਿੰਦੀ ਏ।
ਜ਼ਿੰਦਗੀ
ਜਿਉਂਦੇ ਜਾਗਦੇ ਹੁੰਦੇ ਨੇ,
ਸੁੱਤੇ ਮੋਏ ਹੁੰਦੇ ਨੇ,
ਮੋਏ ਮੁੱਕੇ ਨਹੀਂ ਹੁੰਦੇ।
ਅਕੀਦਾ
ਗਲ ਪਿਆ ਢੋਲ
ਮਿਲਣਾ
ਜਾਂ ਤੇ ਹੱਸ ਕੇ ਮਿਲਿਆ ਕਰ।
ਨਹੀਂ ਤੇ ਦੱਸ ਕੇ ਮਿਲਿਆ ਕਰ।
ਤੂੰ ਇਤਬਾਰ ਗਵਾ ਬੈਠਾ ਏਂ,
ਬੱਦਲਾ ਵੱਸ ਕੇ ਮਿਲਿਆ ਕਰ।
ਮੌਸਮ
ਵੰਡਦੀ ਪਈ ਏ ਧੁੱਪ ਹਨੇਰੇ।
ਦਿਨ ਵੀ ਤਾਂ ਨੇ ਘੁੱਪ ਹਨੇਰੇ।
ਆਪਣੇ ਸ਼ਹਿਰ ਦਾ ਮੌਸਮ ਦੱਸਾਂ?
ਹਿਰਕ ਦਲਿੱਦਰ ਚੁੱਪ ਹਨੇਰੇ
ਚਾਨਣ
ਚਾਨਣ ਵਿੱਚ ਖਲੋ ਕੇ ਬੰਦਾ,
'ਨ੍ਹੇਰੇ ਵਿੱਚ ਕੁਝ ਵੇਖ ਨਹੀਂ ਸਕਦਾ।
'ਨ੍ਹੇਰੇ ਵਿੱਚ ਖਲੋਤੇ ਹੋਏ ਨੂੰ,
ਚਾਨਣ 'ਚੋਂ ਸਭ ਕੁਝ ਦਿਖਦਾ ਏ।
ਰੋਗੀ ਬਾਲ
ਪਿਓ ਤੋਂ ਦੋ ਰੁਪਈਏ ਲੈ ਕੇ,
ਹੱਟੀ ਤੋਂ ਚੀਜ਼ੀ ਨਹੀਂ ਲੈਂਦਾ,
ਪੰਜ-ਪੰਜ ਸੌ ਦੇ ਜਾਅਲੀ
ਨੋਟ ਲਿਆਉਂਦਾ ਏ।
ਅਸਰ
ਚੌਧਰੀਆਂ ਦਾ,
ਕੁੱਤਾ ਵੀ ਹੁਣ,
ਉਹਨਾਂ ਵਰਗਾ ਈ,
ਹੋ ਗਿਆ ਏ।
ਵਕਤ ਤੋਂ ਪਹਿਲਾਂ ਜੰਮਣ ਦੀ ਸਜ਼ਾ
ਸ਼ੀਸ਼ੇ ਦੇ,
ਪਿੰਜਰੇ ਵਿੱਚ,
ਰਹਿਣਾ ਪੈਂਦਾ ਏ।
ਕਰੱਪਸ਼ਨ
ਆਪਣੇ ਬਾਲ ਨੂੰ,
ਖੇਡਣ ਲਈ,
ਕਾਰ ਇੱਕ ਲੈ ਕੇ ਦੇ ਬੈਠਾਂ।
ਬਹਿਸ
ਉਹ ਕਹਿੰਦਾ ਏ,
ਗੱਲ ਕਰਨੀ ਹੀ ਸੌਖੀਏ।
ਮੈਂ ਕਹਿੰਨਾ ਵਾਂ,
ਗੱਲ ਕਰਨ ਤੋਂ ਔਖਾ ਕੰਮ,
ਜੇ ਹੈ ਤੇ ਦੱਸ !
ਬਲੀ
ਆਪਣਾ ਮਾਣ ਵਧਾਵਣ ਲਈ,
ਇੱਜ਼ਤ ਸ਼ਾਨ ਵਧਾਵਣ ਲਈ,
ਰੱਬ ਦੇ ਨੇੜੇ ਆਵਣ ਲਈ,
ਜੰਨਤ ਦੇ ਵਿੱਚ ਜਾਵਣ ਲਈ,
ਤੇ ਗੁਨਾਹ ਬਖਸ਼ਾਵਣ ਲਈ,
ਛੁਰੀਆਂ ਬੇਜ਼ੁਬਾਨਾਂ 'ਤੇ।
ਭਾਰ
ਸਿਰ ਦਾ ਭਾਰ ਵੀ ਪੈਰਾਂ 'ਤੇ,
ਸਰਕਾਰ ਦਾ ਭਾਰ ਵੀ ਪੈਰਾਂ 'ਤੇ।
ਢਿੱਡ ਦਾ ਭਾਰ ਵੀ ਪੈਰਾਂ 'ਤੇ,
ਦਸਤਾਰ ਦਾ ਭਾਰ ਵੀ ਪੈਰਾਂ 'ਤੇ।
ਭਾਰਾਂ ਨੇ ਪੈਰਾਂ ਦਾ ਹੁਣ ਤੇ,
ਪੈਰ ਏ ਭਾਰਾ ਕਰ ਛੱਡਿਆ।
ਉਰਾਰ ਦਾ ਭਾਰ ਵੀ ਪੈਰਾਂ 'ਤੇ,
ਪਾਰ ਦਾ ਭਾਰ ਵੀ ਪੈਰਾਂ 'ਤੇ।
ਪਾਣੀ
ਮੇਰੇ ਕੋਲ,
ਜਿੰਨਾ ਕੁ ਪਾਣੀ ਹੈ ਸੀ,
ਉਹਦੇ 'ਚ ਰੰਗ ਘੋਲ ਕੇ,
ਕੈਨਵਸ ਤੇ ਦਰਿਆ
ਬਣਾ ਦਿੱਤੇ ਨੇ ।
ਵਿਚਾਰਾ
ਉੱਡਦੀ ਚਿੜੀ ਦੇ ਜੇ
ਤੂੰ ਖੰਭ ਗਿਣ ਲੈਦਾਂ ਸੈਂ,
ਅੱਜ-ਕੱਲ੍ਹ ਉਸ ਤੋਂ,
ਅਗਾਂਹ ਦੀਆਂ ਗੱਲਾਂ ਨੇ।
ਕਿੱਥੇ ਲੱਗਾ ਫਿਰਨਾ ਏ ?
ਕੰਧਾਂ ਦੇ ਜੇ ਕੰਨ ਸੀ ਤੇ
ਅੱਜ-ਕੱਲ੍ਹ ਅੱਖਾਂ ਨੇ,
ਹਰ ਪਾਸੇ ਅੱਖਾਂ ਨੇ,
ਮੂੰਹਾਂ ਨੂੰ ਕੀ ਵੇਖਣਾਂ ਏ,
ਹੱਥਾਂ ਵਿੱਚ ਅੱਖਾਂ ਨੇ ਤੇ
ਤਲੀ ਤੇ ਜ਼ਮਾਨਾ ਏ,
ਕਿੱਥੇ ਲੱਗਾ ਫਿਰਨਾ ਏਂ ?
ਬੋਲਦੇ ਜੇ ਨਹੀਂ ਲੋਕੀਂ
ਵੇਖਦੇ ਤੇ ਪਏ ਨੇ,
ਬੋਲਦੇ ਵੀ ਪਏ ਨੇ।
ਤੇਰੀਆਂ ਇਹ ਪਾਟੀਆਂ
ਪੁਰਾਣੀਆਂ ਚਲਾਕੀਆਂ,
ਤੇ ਕੂੜ ਦਾ ਵਪਾਰ,
ਹੁਣ ਚੱਲ ਨਹੀਓਂ ਸਕਣਾ।
ਅੰਨ੍ਹਿਆਂ ਦੇ ਦੌਰ ਦਿਆ
ਕਾਣਿਆ ਵਿਚਾਰਿਆ,
ਕਿੱਥੇ ਲੱਗਾ ਫਿਰਨਾਂ ਏ ?
ਬੇਨਤੀ
ਸਾਡੇ ਮੋਢਿਆਂ 'ਤੇ,
ਕੰਕਰੀਟ ਦੇ ਗਾਡਰ ਰੱਖ ਕੇ,
ਸੜਕਾਂ ਨਾ ਬਣਾਓ।
ਅਸੀਂ,
ਇੱਕ ਲੱਤ 'ਤੇ ਖਲੋਤੇ ਹਾਂ।
ਧਰਾਓ (ਜ਼ਿਆਦਤੀ)
ਜੰਮਣ ਤੋਂ ਪਹਿਲਾਂ ਹੀ,
ਸਾਡੇ ਨਾਂ ਰੱਖ ਦਿੱਤੇ ਗਏ ਸੀ।
ਪਹੁੰਚ
ਗੱਲ ਏ ਵੇਲੇ ਦੀ,
ਤੋਰ ਏ ਵੇਲੇ ਦੀ,
ਪਹੁੰਚ ਏ ਵੇਲੇ ਦੀ,
ਉਹ ਵੇਲਾ ਸੁਕਰਾਤ ਦਾ ਸੀ,
ਤੇ ਇਹ ਵੇਲਾ ਮੇਰਾ ਏ,
ਤੇਰੇ ਮੂੰਹ ਵਿੱਚ ਲੁੱਦਾਂਗਾ,
ਇਹ ਜ਼ਹਿਰ ਪਿਆਲਾ ਤੇਰਾ ਏ।
ਮਿਹਣਾ
ਤੇਰਾ ਕੁਝ ਵੀ ਤੇਰਾ ਨਹੀਂ,
ਨਾ ਤੇਰਾ ਕੁਝ ਮੇਰਾ ਏ।
ਮੇਰਾ ਵੀ ਕੁਝ ਤੇਰਾ ਨਹੀਂ,
ਨਾ ਮੇਰਾ ਕੁਝ ਮੇਰਾ ਏ।
ਆਪਣਾ ਆਪ ਵੀ ਆਪਣਾ ਨਹੀਂ,
ਨਾ ਕਿਸੇ ਦੇ ਹੋ ਸਕਣੇ ਆ,
ਨਾ ਕੋਈ ਸਾਡਾ ਹੋ ਸਕਦਾ ਏ ।
ਸਾਡਾ ਕੀ ਏ ਕੁਝ ਵੀ ਨਹੀਂ,
ਸਭ ਕੁਝ ਪਹਿਰੇਦਾਰਾਂ ਦਾ।
ਸਲਾਹ
ਗੱਲ ਕਰ, ਯਾ ਚੁੱਪ ਕਰ ਜਾ
(ਰੌਲਾ ਪਾਣ ਦਾ ਫ਼ੈਦਾ ਕੋਈ ਨਈਂ)
ਜਾਤੀ ਨਾ ਹੋ
ਮੰਦਾ ਬੋਲੇਗਾ ਤੇ.....
ਚੰਗਾ ਨਈਂ ਹੋਣਾ
ਮੈਂ ਤੇ ਤੈਨੂੰ ਕਹਿਣਾ ਕੁਝ ਨਈਂ
ਤੇਰੇ ਪੱਲੇ ਰਹਿਣਾ ਕੁਝ ਨਈਂ
ਗੱਲ਼ ਕਰ, ਯਾ ਫਿਰ ਚੁੱਪ ਕਰ ਜਾ
ਆਖ਼ਰੀ ਸਵਾਲ
ਬੰਦਾ,
’ਕੱਲਾ,
ਜੀ ਸਕਦਾ ਏ ?
ਆਪਣੀ ਜਿੰਦੜੀ ਰੁੱਲਦੀ ਪਈ ਏ
ਆਪਣੀ ਜਿੰਦੜੀ ਰੁੱਲਦੀ ਪਈਏ,
ਪਰ ਕੱਲੇ ਨੂੰ ਕੁੱਲਦੀ ਪਈ ਏ।
ਭਾਂਡੇ ਟੀਂਡੇ ਸਾਂਭ ਲਓ ਲੋਕੋ,
ਲਹਿੰਦੇ ਵਲੋਂ ਝੁੱਲਦੀ ਪਈ ਏ।
ਹੁਣ ਮੈਂ ਤੈਨੂੰ ਭੈੜਾ ਈ ਲੱਗਣੇ,
ਤੇਰੀ ਪੱਗ ਜੂ ਖੁੱਲ੍ਹਦੀ ਪਈ ਏ।
ਅੱਟੀ ਦੇ ਮੁੱਲ ਵਿਕਿਆ ਸੀ ਨਾ,
ਏਥੇ ਕਿਸ ਭਾ ਤੁੱਲਦੀ ਪਈ ਏ।
ਮੈਂ ਉਹਨੂੰ ਕਿੰਝ ਭੁਲਾ ਸਕਨਾ ਵਾਂ,
ਉਹ ਜੋ ਮੈਨੂੰ ਭੁੱਲਦੀ ਪਈ ਏ।
ਨਹੀਂ ਪੀਂਦਾ, ਜਾ ਕੰਮ ਕਰ ਜਾ ਕੇ,
ਸਾਡੀ ਕਿਹੜੀ ਡੁੱਲਦੀ ਪਈ ਏ।
ਰੋਸ਼ਨੀ ਉਡੀਕਦਾ
ਜੇ ਕਿਸੇ ਚਿਰਾਗ਼ ਦੀ ਮੈਂ
ਰੌਸ਼ਨੀ ਉਡੀਕਦਾ,
ਸਰਘੀਆਂ ਦੇ ਤਾਰਿਆਂ ਨੂੰ
ਕਿਸ ਤਰ੍ਹਾਂ ਧਰੀਕਦਾ।
ਇਕ ਈ ਸੰਗਤਰਾਸ਼ ਸੀ
ਨਾ ਏਸ ਪੂਰੇ ਸ਼ਹਿਰ ਵਿੱਚ,
ਪੱਥਰਾਂ ਤੇ ਮੁਰਦਿਆਂ ਦੇ
ਨਾਂਅ ਪਿਆ ਉਲੀਕਦਾ।
ਓ ਖ਼ੁਦਾ ਦੀ ਮਾਲਕੀ ਦੇ
ਮਾਲਕਾ ਜਵਾਬ ਦੇ,
ਤੂੰ ਸ਼ਰੀਕ ਬਣ ਗਿਆ
ਨਾ ਓਸ ਲਾਸ਼ਰੀਕ ਦਾ।
ਨੀਚ ਹਾਂ ਮੈਂ ਨੀਚ ਹਾਂ
ਤੇ ਨੀਚ ਤੋਂ ਵੀ ਨੀਚ ਹਾਂ,
ਮੈਂ ਤੇਰੇ ਜਹੇ ਆਸ਼ਨਾ ਨੂੰ
ਆਸ਼ਨਾ ਨਈਂ ਲੀਕਦਾ।
ਇਸ਼ਕ ਹੈ ਸੀ ਇਸ਼ਕ ਹੈ
ਆ ਇਸ਼ਕ ਹੀ ਏ ਜ਼ਿੰਦਗੀ,
ਬਣ ਗਿਆ ਵਾਂ ਬੱਕਰਾ
ਇਮਾਨ ਦੀ ਫੱਟੀਕ ਦਾ
ਸਿਰ ਚੁੱਕਣ ਲਈ
ਸੱਚਿਆਂ ਹੋਣਾ ਪੈਂਦਾ ਏ
ਸੱਚਿਆਂ ਹੋਣ ਲਈ
ਸਿਰ ਚੁੱਕੀਏ ਤੇ
ਸਿਰ ਨਈਂ ਰਹਿੰਦਾ
ਰਹਿ ਵੀ ਜਾਏ ਤੇ ਮੂੰਹ ਨਈਂ ਰਹਿੰਦਾ
ਮੂੰਹ ਨਾ ਰਹੇ ਤੇ ਗੱਲ ਨਈਂ ਰਹਿੰਦੀ
ਗੱਲ ਨਾ ਰਹੇ ਤੇ ਖਾਲੀ ਸਿਰ ਨੂੰ.....
ਮੈਂ ਸਾਬਿਰ ਹਾਂ
ਜੇ ਤੂੰ ਮੈਨੂੰ ਕੱਜ ਨਹੀਂ ਸਕਦਾ
ਤੇਰੇ ਨਾਲ ਮੈਂ ਸੱਜ ਨਹੀਂ ਸਕਦਾ
ਚੁੱਪ ਚਪੀਤਾ ਭਰਿਆ ਪੀਤਾ
ਵਰ ਸਕਨਾ ਵਾਂ ਗੱਜ ਨਹੀਂ ਸਕਦਾ
ਤੂੰ ਚਾਹਵੇਂ ਤੇ ਦੁਨੀਆਂ ਵੱਲੋਂ
ਇੱਕ ਵੀ ਮੇਹਣਾ ਵੱਜ ਨਹੀਂ ਸਕਦਾ
ਪੈਰਾਂ ਵਿੱਚ ਨੇ ਆਨ ਦੇ ਛਾਲੇ
ਮਰ ਤੇ ਸਕਨਾ ਭੱਜ ਨਹੀਂ ਸਕਦਾ
ਜਿੰਨੇ ਮਰਜ਼ੀ ਦੁੱਖ ਦੇ ਸੱਜਣਾ
ਮੈਂ ਸਾਬਰ ਹਾਂ ਰੱਜ ਨਹੀਂ ਸਕਦਾ
ਚੁੱਪ
ਜਿਓਂਦਾ ਨਹੀਂ ਉਹ,
ਜਿਹੜਾ ਚੁੱਪ ਏ
ਵੇਖੋ ਕਿਹੜਾ ਕਿਹੜਾ ਚੁੱਪ ਏ
ਬੋਲ ਚੰਦਰੀਏ ਜੀਭੇ ਬੋਲ
ਪਿੱਛੇ ਸਾਰਾ ਵਿਹੜਾ ਚੁੱਪ ਏ
ਫਿਰ ਅੱਜ ਕਾਗ ਬਨੇਰੇ ਬੈਠਾ
ਹੋਣੈ ਹਿਜਰ ਸੁਨੇਹੜਾ, ਚੁੱਪ ਏ
ਗੱਲ ਮੈਂ ਕੁਝ ਕੁਝ ਸਮਝ ਗਿਆ ਵਾਂ
ਠੀਕ ਏ, ਛੱਡੋ ਖਹਿੜਾ, ਚੁੱਪਏ
ਏਥੇ ਸਾਰੇ 'ਸਾਬਰ' ਤੇ ਨਹੀਂ
ਜਿਹਦਾ ਰਿੜਦੈ ਰੇੜਾ, ਚੁੱਪਏ
ਬੜੀ ਲੰਮੀ ਕਹਾਣੀ ਏ
ਜੋ ਅੱਖਾਂ ਨੀਂਵੀਆਂ ਨੇ ਸ਼ੀਸ਼ਿਆਂ
ਦੇ ਸਾਹਮਣੇ ਬਹਿ ਕੇ
ਤੇ ਕੰਧਾਂ ਨੂੰ ਸੁਨਾਂਣੀ ਏ,
ਬੜੀ ਲੰਮੀ ਕਹਾਣੀ ਏ
ਮੇਰਾ ਮਤਲਬ ਕਿ ਪਲਕਾਂ ਮੁੱਢ
ਜੰਮੀ ਲੂਣੀਆਂ ਬਰਫ਼ਾਂ ਦੀ
ਜਿਹੜੀ ਤਹਿ ਪੁਰਾਣੀ ਏ,
ਬੜੀ ਲੰਮੀ ਕਹਾਣੀ ਏ
ਗੁਲਾਮਾਂ ਦੇ ਗ਼ੁਲਾਮਾਂ ਦੀ ਗ਼ੁਲਾਮੀ
ਕਰਦਿਆਂ ਹੋਇਆਂ
ਵਫ਼ਾ ਦੀ ਰੀਤ ਚਲੀ ਸੀ,
ਜਵਾਨੀ ਬੀਤ ਚਲੀ ਸੀ
ਕਿਸੇ ਜੁਗਨੂੰ ਨੇ ਦੱਸਿਆ ਏ
ਹਨ੍ਹੇਰਾ ਨਾਲ ਨਈਂ ਜੰਮਿਆ,
ਤੇਰੇ ਪੁਰਖਾਂ ਦਾ ਹਾਣੀ ਏ,
ਬੜੀ ਲੰਮੀ ਕਹਾਣੀ ਏ
ਇਹ ਸ਼ਾਹੀਆਂ ਨੂੰ ਬਚਾਵਣ ਲਈ
ਜੋ ਸਾਵੇ, ਲਾਲ,
ਕਾਲੇ ਝੰਡਿਆਂ ਦੇ ਨਾਲ ਖਹਿੰਦੇ ਨੇ
ਤੇ ਸਾਨੂੰ ਯਾਰ ਕਹਿੰਦੇ ਨੇ,
ਅਸੀਂ ਇਹ ਸਮਝਦੇ ਕਿਉਂ ਨਈਂ
ਕਿ ਸਾਡੇ ਖੂਨ ਪਾਣੀ ਤੇ
ਇਹਨਾਂ ਦਾ ਤੇਲ ਪਾਣੀ ਏ,
ਮੈਂ ਅਕਸਰ ਸੋਚਦਾਂ ਰਹਿਨਾਂ
ਖ਼ੁਦਾ ਤਸਲੀਮ ਕੀਤਾ ਏ,
ਖ਼ੁਦਾ ਤਸਲੀਮ ਨਈਂ ਕਰਦਾ,
ਜਮ੍ਹਾਂ ਤਕਸੀਮ ਨਈਂ ਕਰਦਾ,
ਫਿਰ ਆਪੇ ਸੋਚ ਲੈਂਦਾ ਹਾਂ
ਖ਼ੁਦਾਵਾਂ ਦੇ ਖ਼ੁਦਾਵਾਂ ਤੋਂ
ਖ਼ੁਦਾ ਨੇ ਮਾਰ ਖਾਣੀ ਏ,
ਬੜੀ ਲੰਮੀ ਕਹਾਣੀ ਏ
ਕਦੀਂ ਤੂੰ ਸੋਚਿਆ ਕਿਉਂ ਨਈਂ
ਜੇ ਹੋਰਾਂ ਵਾਂਗ ਸਾਬਿਰ ਵੀ
ਤੇਰੇ ਕੁੰਨ ਕੁੰਨ ਤੇ ਕੰਨ ਧਰਦਾ
ਜਬਰ ਨੂੰ ਜ਼ੇਰ ਨਾ ਕਰਦਾ,
ਇਹ ਮੇਰਾ ਮੌਅਜ਼ਜਾ ਏ ਕਿ
ਤੇਰੇ ਆਦਮ ਤੋਂ ਪਹਿਲਾਂ ਦੀ
ਮੈਂ ਕੋਈ ਰਮਜ਼ ਜਾਣੀ ਏ,
ਬੜੀ ਲੰਮੀ ਕਹਾਣੀ ਏ ...
ਐਸੀ ਤੈਸੀ
ਰੰਗਤ, ਮਹਿਕ, ਨਫ਼ਾਸਤ
ਓਹਦੇ ਬੁੱਲ੍ਹਾਂ ਦੀ,
ਐਸੀ ਤੈਸੀ ਕਰ ਦੇਂਦੀ ਏ ਫੁੱਲਾਂ ਦੀ ।
ਸਾਰੀ ਉਮਰੇ ਸਜ਼ਾ ਭੁਗਤਣੀ ਪੈਂਦੀ ਏ,
ਅਕਸਰ ਵਕਤੋਂ ਪਹਿਲਾਂ ਹੋਈਆਂ ਭੁੱਲਾਂ ਦੀ।
ਯਾਰਾਂ ਮੇਰੇ ਗੱਲ ਦੀ ਫਾਹੀ ਬਣਾ ਲਈ ਏ,
ਮੇਰੇ ਵਲੋਂ ਦਿੱਤੀਆਂ ਗਈਆਂ ਖੁੱਲ੍ਹਾਂ ਦੀ।
ਮੈਂ ਪੱਥਰ ਦੀ ਬੇੜੀ ਲੈ ਕੇ ਟੁਰਿਆਂ ਵਾਂ,
ਮੈਨੂੰ ਕੀ ਪਰਵਾਹ ਏ ਛੱਲਾਂ-ਫੁੱਲਾਂ ਦੀ।
ਰੱਬ ਦੇ ਨਾਂ ਤੇ ਬੰਦੇ ਮਾਰੀ ਜਾਨਾਂ ਏਂ,
ਤੇਰੇ ਪੰਡਤ ਫ਼ਾਦਰ ਦੀ ਤੇ ਮੁੱਲਾਂ ਦੀ।
ਮੁਨਾਫ਼ੇ
ਜੇ ਮੁਨਾਫ਼ੇ ਤੇ ਕੁ ਸਾਰੇ ਵੇਖਦੇ
ਫੇਰ ਕਿਵੇਂ ਨੇ ਨਜ਼ਾਰੇ ਵੇਖਦੇ
ਭਾਰ ਆਪਣੇ ਤੇ ਖਲੋ ਕੇ ਵੇਖਿਆ
ਡੋਲ ਜਾਂਦੇ ਜੇ ਸਹਾਰੇ ਵੇਖਦੇ
ਐਨਕਾਂ ਲਾ ਕੇ ਅਕੀਦਤ ਵਾਲੀਆਂ
ਕੀ ਹਕੀਕਤ ਨੂੰ ਵਿਚਾਰੇ ਵੇਖਦੇ
ਸਾਨੂੰ ਚੁੱਲ੍ਹੇ ਦਾ ਹੀ ਝੋਰਾ ਲੈ ਗਿਆ
ਬੀਤ ਗਈ ਤਵਿਆਂ ਤੇ ਤਾਰੇ ਵੇਖਦੇ
ਸਾਹ ਬਦਲੇ ਨੇ
ਜਿਹੜੇ ਦਿਨ ਦੇ ਰਾਹ ਬਦਲੇ ਨੇ
ਸੱਜਣ ਅੰਨ੍ਹੇਵਾਹ ਬਦਲੇ ਨੇ
ਜਦ ਵੀ 'ਆਲੀਜਾਹ ਬਦਲੇ ਨੇ
ਗੱਲ ਨੀ ਬਦਲੇ, ਫਾਹ ਬਦਲੇ ਨੇ
ਲੱਖਾਂ ਵਰ੍ਹਿਆਂ ਤੋਂ ਇਹ ਰੀਤ ਏ
ਹੋ ਕੇ ਲੋਕ ਤਬਾਹ ਬਦਲੇ ਨੇ
ਉਹੋ ਤਾਪ ਤੇ ਉਹੋ ਖੰਘਾਂ
ਮੌਸਮ ਕੀ ਸਵਾਹ ਬਦਲੇ ਨੇ
ਕੁਝ ਹੌਕੇ ਕੁਝ ਹਾਵਾਂ ਬਣ ਗਏ
ਮੈਂ "ਸਾਬਿਰ " ਸਾਹ ਬਦਲੇ ਨੇ ।
ਅੱਖਾਂ
ਹਾਲੀ ਤੀਕ ਨਈਂ ਭੁੱਲੀਆਂ ਅੱਖਾਂ
ਲੰਮੀ ਚੁੱਪ ਤੇ, ਖੁੱਲ੍ਹੀਆਂ ਅੱਖਾਂ
ਤੌਬਾ.. ਤੌਬਾ.. ਤੌਬਾ.. ਤੌਬਾ..
ਜੋਬਨ, ਜ਼ੁਲਫਾਂ, ਬੁੱਲ੍ਹੀਆਂ, ਅੱਖਾਂ
ਅੰਬਰ ਧਰਤੀ ਵੱਟੇ ਪਾਏ,
ਪਰ ਨਾ ਮੈਥੋਂ ਤੁੱਲੀਆਂ ਅੱਖਾਂ
ਮੈਂ ਦੁੱਖਾਂ ਦੇ ਸਾਗਰ ਪੀਤੇ,
ਹੁਣ ਜੇ ਮੇਰੀਆਂ ਡੁੱਲੀਆਂ ਅੱਖਾਂ
ਜੱਗ ਤੇ ਸਾਬਿਰ ਬਣ ਕੇ ਰਹੀਏ,
ਰੱਖੀਏ ਖੁੱਲ੍ਹੀਆਂ ਡੁੱਲੀਆਂ ਅੱਖਾਂ
ਕਲੀ ਜੋਟਾ
ਜਦ ਤੱਕ ਸਾਕੀ ਕਲੀਓਂ
ਜੋਟਾ ਨਈਂ ਹੁੰਦਾ,
ਮੇਰੀ ਅੱਖ ਦਾ ਪੂਰਾ ਪੋਟਾ ਨਈਂ ਹੁੰਦਾ।
ਬਹੁਤੇ ਮਿੱਠੇ ਲੋਕ ਮੁਨਾਫ਼ਕ ਹੁੰਦੇ ਨੇ,
ਕੌੜਾ ਬੰਦਾ ਅਕਸਰ ਖੋਟਾ ਨਈਂ ਹੁੰਦਾ।
ਜੇ ਆਖੋ ਤਾਂ ਇੱਕ ਨਿੱਕੀ ਜਹੀ ਗੱਲ ਕਰਾਂ,
ਉਮਰੋਂ ਕੋਈ ਵੱਡਾ ਛੋਟਾ ਨਈਂ ਹੁੰਦਾ।
ਦੋਹਾਂ ਦੀ ਮਰਜ਼ੀ
ਭਾਵੇਂ ਉਹਦੀ ਮੇਰੀ ਦੂਰੀ
ਨਈਂ ਹੁੰਦੀ,
ਪਰ ਦੋਹਾਂ ਦੀ ਮਰਜ਼ੀ ਪੂਰੀ
ਨਈਂ ਹੁੰਦੀ।
ਸਭ ਦੇ ਸਾਵੇਂ ਨਿਰਣਾ ਕੋਈ
ਮਿਲਣਾ ਨਈਂ,
ਕਰਨੀ ਏ ਜੋ ਗੱਲ ਜ਼ਰੂਰੀ
ਨਈਂ ਹੁੰਦੀ।
ਤੇਰੀ ਮੇਰੀ ਗੱਲ ਏ ਤੇਰੇ ਮੇਰੇ ਵਿਚ,
ਕਹਿ ਦਿੱਤਾ ਏ ਨਾਂ, ਮਸ਼ਹੂਰੀ ਨਈਂ ਹੁੰਦੀ।
ਆਪਣੀ ਆਪ ਸਿਆਣ ਕਰਾਉਣਾ ਡਰਨਾ ਵਾਂ,
ਹਾਲਾਂ ਸੱਚ ਕੋਈ ਮਗ਼ਰੂਰੀ ਨਈਂ ਹੁੰਦੀ।
ਦੂਜਾ ਨਾਂਅ ਏ
ਜ਼ਿੰਦਗੀ ਪਿਆਰ ਦਾ
ਦੂਜਾ ਨਾਂਅ ਏ
ਇਕ ਮੁਟਿਆਰ ਦਾ
ਦੂਜਾ ਨਾਂਅ ਏ
ਚੰਨ ਦਾ ਨਾਂ ਬਦਲਾਓ ਇਹ ਤੇ
ਮੇਰੇ ਯਾਰ ਦਾ ਦੂਜਾ ਨਾਂਅ ਏ
ਰੱਬਾ ਮੈਥੋਂ ਜਾਨ ਨਾ ਮੰਗੀਂ
ਇਹ ਸਰਕਾਰ ਦਾ ਦੂਜਾ ਨਾਂਅ ਏ
ਕੁਝ ਤੇ ਬੋਲ ਕਿ ਮੈਂ ਇਹ ਸਮਝਾਂ
ਚੁੱਪ ਇਕਰਾਰ ਦਾ ਦੂਜਾ ਨਾਂਅ ਏ
ਵੇਖ ਕੇ ਨਿੰਮਾ-ਨਿੰਮਾ ਹੱਸਣਾ
ਇਹ ਇਜ਼ਹਾਰ ਦਾ ਦੂਜਾ ਨਾਂਅ ਏ
ਖੇਡਦੇ
ਓਹਦੇ ਨੈਣਾਂ ਦੇ ਇਸ਼ਾਰਿਆਂ ਦੇ ਨਾਲ ਖੇਡਦੇ,
ਅਸੀਂ ਰਹੇ ਆਂ ਸਦਾ ਤਾਰਿਆਂ ਦੇ ਨਾਲ ਖੇਡਦੇ।
ਖੌਰੇ ਨਾ ਈ ਜਵਾਨੀ ਨੂੰ ਗ੍ਰਹਿਣ ਲੱਗਦਾ,
ਜੇ ਨਾ ਚੰਨ ਦਿਆਂ ਲਾਰਿਆਂ ਦੇ ਨਾਲ ਖੇਡਦੇ।
ਕਦੀ-ਕਦੀ ਅਸੀਂ ਸਾਹ ਵੀ ਲੈਣਾ ਭੁੱਲ ਜਾਨੇ ਆਂ,
ਓਹਦੇ ਰੂਪ ਦੇ ਨਜ਼ਾਰਿਆਂ ਦੇ ਨਾਲ ਖੇਡਦੇ।
ਹੁਣ ਕੰਡੇ ਤੇ ਖਲੋਤੇ ਆਂ ਤੇ ਕਾਹਦਾ ਸ਼ਿਕਵਾ,
ਅਸੀਂ ਡੁੱਬੇ ਆਂ ਸਹਾਰਿਆਂ ਦੇ ਨਾਲ ਖੇਡਦੇ।
ਜੀਅ ਕਰਦਾ ਸੀ ਹਾਰ ਦਾ ਸਵਾਦ ਚੱਖੀਏ,
ਤਾਈਓਂ ਹਾਰ ਗਏ ਆਂ ਹਾਰਿਆਂ ਦੇ ਨਾਲ ਖੇਡਕੇ।
ਹੱਥ ਬਾਲਾਂ ਦੇ ਬੰਦੂਕਾਂ ਨਾਲੋਂ ਸੋਹਣੇ ਲੱਗਦੇ,
ਘੁੱਗੂ ਘੋੜਿਆਂ ਗੁਬਾਰਿਆਂ ਦੇ ਨਾਲ ਖੇਡਦੇ।
ਨਈਂ ਵੇਂਹਦੇ
ਲੋਕੀ ਅੱਖਾਂ ਨਾਲ
ਨਈਂ ਵੇਂਹਦੇ
ਵੇਖਣ ਵੀ ਤੇ ਹਾਲ
ਨਈਂ ਵੇਂਹਦੇ।
ਉਂਝ ਇਹ ਕੋਈ ਜੁਰਮ
ਤੇ ਨਈਂ ਨਾ,
ਠੀਕ ਏ ਜੀ, ਫ਼ਿਲਹਾਲ
ਨਈਂ ਵੇਂਹਦੇ।
ਰਾਜ਼ੀ ਨਾਵਾਂ ਹੋ ਸਕਦਾ ਏ
ਰਾਜ਼ੀ ਨਾਵਾਂ ਹੋ ਸਕਦਾ ਏ,
ਜੇ ਉਹ ਸਾਵਾਂ ਹੋ ਸਕਦਾ ਏ।
ਧੁੱਪ ਦੇ ਵਿਚ ਮੇਰੇ ਨਾਲ ? ਹਾਂ !
ਪਰਛਾਵਾਂ ਹੋ ਸਕਦਾ ਏ।
ਮੇਰੇ ਵਰਗੇ ਮੁੱਕ ਨਈਂ ਸਕਦੇ,
ਟਾਵਾਂ ਟਾਵਾਂ ਹੋ ਸਕਦਾ ਏ।
ਅੱਜ ਮੇਰੇ ਤੇ ਖੁਸ਼ ਲੱਗਦਾ ਏ,
ਹੱਥ ਤੇ ਲਾਵਾਂ, ਹੋ ਸਕਦਾ ਏ ?
ਇਸ ਹੱਥ ਤੋਂ ਉਸ ਗੱਲ ਦੇ ਪੈਂਡੇ,
ਸੋਹਣੀ ਲਈ ਨੇ ਥਲ ਦੇ ਪੈਂਡੇ।
ਮੈਂ ਚਾਹਨਾਂ ਸਾਂ ਟਲ ਦੇ ਪੈਂਡੇ,
ਭੱਜ-ਭੱਜ ਪਏ ਨੇ ਰਲ਼ ਦੇ ਪੈਂਡੇ।
ਮੰਜ਼ਲ ਕੋਈ ਦੂਰ ਤੇ ਨਈਂ ਸੀ,
ਜੇ ਨਾ ਮੈਨੂੰ ਛਲ ਦੇ ਪੈਂਡੇ ।
ਹੌਕੇ ਭਰ-ਭਰ ਬਰਫ਼ਾਂ ਹੋ ਗਏ,
ਕਿੰਨੇ ਸੜਦੇ ਬਲਦੇ ਪੈਂਡੇ ।
ਮੇਰੀ ਲਾਹਨਤ ਤੇ ਸੁੱਤੇ ਉੱਠੇ,
ਅੱਖਾਂ ਮਲਦੇ-ਮਲਦੇ ਪੈਂਡੇ।
ਸਾਬਰ ਸਾਂ, ਨਾ ਤਾਂ ਹੀ ਖ਼ਬਰੇ,
ਮੈਨੂੰ ਰਹੇ ਨੇ ਛਲਦੇ ਪੈਂਡੇ ।
ਵਖ਼ਤੋਂ ਪਹਿਲਾਂ
ਉਂਝ ਤਾਂ ਰਾਹੇ ਰਾਹੇ ਗਏ ਆਂ,
ਰਾਹਾਂ ਦੇ ਵਿਚ ਰਾਹੇ ਗਏ ਆਂ,
ਅਰਸ਼ਾਂ ਉਤੋਂ ਲਾਹੇ ਗਏ ਆਂ,
ਮਿੱਟੀ ਨਾਲ ਵਿਆਹੇ ਗਏ ਆਂ,
ਅਚਨ ਚੇਤੀ ਫਾਹੇ ਗਏ ਆਂ,
ਤਾਂ ਹੀ ਇਕੋ ਸਾਹੇ ਗਏ ਆਂ,
ਮੂੰਹ ਤੇ ਕਲ੍ਹਾਏ ਗਏ ਆਂ,
ਫੇਰ ਸਲ੍ਹਾਏ ਗਏ ਆਂ,
ਸਾਨ੍ਹ ਕਵਾਉਣਾ ਚਾਹੁੰਨੇ ਸਾਂ ਨਾ,
ਤਾਂ ਕੋਹਲੂ ਤੇ ਵਾਹੇ ਗਏ ਆਂ,
ਪੀੜੇ ਗਏ ਆਂ ਗਾਹੇ ਗਏ ਆਂ,
ਧੁੱਖ ਧੁੱਖ 'ਸਾਬਿਰ' ਕਿਉਂ ਨਾ ਬਲਦੇ,
ਵਖ਼ਤੋਂ ਪਹਿਲਾਂ ਡਾਹੇ ਗਏ ਆਂ।
ਗੰਗਾ ਜਾਂ ਮੱਕਾ
ਗੰਗਾ ਏ ਜਾਂ ਮੱਕਾ ਏ,
ਸਿੱਧਾ-ਸਿੱਧਾ ਧੱਕਾ ਏ।
ਰੱਬ ਨੂੰ ਲੱਭਦੇ ਫਿਰਦੇ ਹੋ,
ਰੱਬ ਕਿਸੇ ਦਾ ਸੱਕਾ ਏ।
ਮੇਰਾ ਰਾਸ਼ਨ ਮਹੀਨੇ ਦਾ,
ਤੇਰਾ ਇਕੋ ਫੱਕਾ ਏ।
ਤੇਰਾ ਦੀਵਾ ਬੁੱਝ ਜਾਂਦਾ,
ਮੇਰੀ ਖੱਲ ਦਾ ਡੱਕਾ ਏ।
ਇੰਨੇ 'ਸਾਬਰ' ਹੋ ਗਏ ਆਂ,
ਜ਼ਾਲਮ ਹੱਕਾ ਬੱਕਾ ਏ।
(ਸਾਬਰ: ਸਬਰ ਕਰਨ ਵਾਲਾ,
ਸਹਿਣ ਵਾਲਾ, ਬਰਦਾਸ਼ਤ ਕਰਨ ਵਾਲਾ)
ਤੇਰੇ ਇਕ ਇਸ਼ਾਰੇ ਤੇ
ਤੇਰੇ ਇਕ ਇਸ਼ਾਰੇ ਤੇ,
ਕੋਈ ਜਿੰਦੜੀ ਵਾਰੇ ਤੇ?
ਚਾਰੇ ਤੜਫ਼ੇ ਲਾਰੇ ਤੇ,
ਚੰਨ, ਚਾਨਣੀ, ਤਾਰੇ ਤੇ।
ਸੂਰਜ ਡੁੱਬ ਕਿ ਮਰ ਜਏਗਾ,
ਜੇ ਤੈਂ ਵਾਲ ਖਿਲਾਰੇ ਤੇ।
ਬੰਦੇ ਦੇ ਵਿਚ ਅੱਲ੍ਹਾ ਏ,
ਬੰਦਾ ਬੰਦਾ ਮਾਰੇ ਤੇ ?
ਚੌਦੀਂ ਤਬਕ ਸੀ ਦਿਲ ਅੰਦਰ,
ਕਬਜ਼ਾ ਕੀਤਾ ਈ ਸਾਰੇ ਤੇ।
ਦੁਨੀਆਂ ਪਾਗਲ ਕਹਿੰਦੀ ਏ,
ਸੋਚਾਂ ਦੁਨੀਆਂ ਬਾਰੇ ਤੇ।
ਸੋਚ ਸੁਹਾਗਣ ਹੋ ਜਾਂਦੀ,
ਜਜ਼ਬੇ ਹੋਣ ਕੁਵਾਰੇ ਤੇ।
ਕਿਸਮਤ ਹਾਰ ਈ ਜਾਂਦੀ ਏ,
ਬੰਦਾ ਹਿੰਮਤ ਹਾਰੇ ਤੇ।
ਮੈਂ 'ਸਾਬਰ' ਨਈਂ ਰਹਿ ਸਕਦਾ,
ਜ਼ਾਲਮ ਕੋਈ ਵੰਗਾਰੇ ਤੇ।
ਚੁੱਪ ਮਸਲੇ ਦਾ ਹੱਲ ਤੇ ਨਹੀਂ ਨਾ
ਮੈਂ ਕਿਹਾ ਇਹ ਕੋਈ
ਗੱਲ ਤੇ ਨਹੀਂ ਨਾ
ਚੁੱਪ ਮਸਲੇ ਦਾ ਹੱਲ
ਤੇ ਨਹੀਂ ਨਾ
ਮੇਰੇ ਦਿਲ 'ਚੋਂ ਨਿਕਲ ਵੀ ਸਕਨਾ ਏਂ
ਦਿਲ ਕੋਈ ਦਲਦਲ ਤੇ ਨਹੀਂ ਨਾ
ਇਸ਼ਕ ਤੋਂ ਮੈਂ ਅਨਜਾਣ ਹੀ ਸਹੀ ਪਰ
ਤੈਨੂੰ ਵੀ ਤੇ ਕੋਈ ਵੱਲ ਤੇ ਨਹੀਂ ਨਾ
ਮੰਨਿਆ ਬੰਦੇ ਇੱਕੋ ਜਿਹੇ ਨਹੀਂ
ਪਰ ਤੇਰੇ ਗਲ ਟੱਲ ਤੇ ਨਹੀਂ ਨਾ
ਮੈਂ ਕਹਿੰਨਾ ਲਹੂ ਇੱਕੋ ਜਿਹੇ ਨੇ
ਉਹ ਕਹਿੰਦਾ ਏ ਖੱਲ ਤੇ ਨਹੀਂ ਨਾ
ਤੇ ਦੁਨੀਆਂ ਮੈਥੋਂ ਬਾਗ਼ੀ ਸਾਬਰ
ਤੂੰ ਦੁਨੀਆਂ ਦੇ ਵੱਲ ਤੇ ਨਹੀਂ ਨਾ
ਨਾ ਆਇਆ ਕਰ
ਤੈਨੂੰ ਨਾ ਵੇਖਣ ਤੇ ਏਹਨਾਂ
ਅੱਖਾਂ ਕੋਲੋਂ ਕੋਈ
ਪੁੱਠੀ-ਸਿੱਧੀ ਹਰਕਤ
ਹੋ ਸਕਦੀ ਏ
ਏਨੇ ਚੋਖੇ ਚਿਰ ਪਿੱਛੋਂ
ਨਾ ਆਇਆ ਕਰ ....
ਤੇਰੀ ਆਵਾਜ਼ ਨੂੰ ਤਰਸੇ ਹੋਏ
ਕੰਨ ਕਿਸੇ ਦੇ ਆਪੇ
ਹਿਲਦੇ ਬੁੱਲ੍ਹ ਵੇਖ ਕੇ ਕੋਲੋਂ
ਗੱਲਾਂ ਘੜ ਲੈਂਦੇ ਨੇ
ਏਨੇ ਚੋਖੇ ਚਿਰ ਪਿੱਛੋਂ
ਨਾ ਆਇਆ ਕਰ...
ਪੈਰਾਂ ਤੇ
ਜਿਹੜਾ ਪਾਉਂਦਾ ਨਹੀਂ
ਭਾਰ ਪੈਰਾਂ ਤੇ
ਉਹਨੂੰ ਮਿਲਦੀਆ
ਹਾਰ ਪੈਰਾਂ ਤੇ
ਬੜੇ ਹੋਏ ਨੇ ਵਾਰ ਪੈਰਾਂ ਤੇ
ਫਿਰ ਵੀ ਰਹੇ ਹਾਂ ਗੁਜ਼ਾਰ ਪੈਰਾਂ ਤੇ
ਇਸ਼ਕਾ ! ਮੇਰਾ ਅਹਿਸਾਨ ਨਾ ਭੁੱਲੀ
ਤੈਨੂੰ ਦਿੱਤਾ ਖ਼ਿਲਾਰ ਪੈਰਾਂ ਤੇ
ਮੇਰੀ ਰਾਹ ਹੀ ਅਸਲ 'ਚ ਵੱਖਰੀ ਆ
ਉਂਝ ਤਾਂ ਮੰਜਿਲ ਆ ਚਾਰ ਪੈਰਾਂ ਤੇ
ਸਫ਼ਰ ਕੀਤਾ ਆ ਅਸਮਾਨਾਂ ਦਾ
ਅਸੀਂ ਰਹੇ ਹਾਂ ਸਵਾਰ ਪੈਰਾਂ ਤੇ
ਬਦਲੇ
ਇਸ਼ਕ ਮਿਲਿਆ ਈਮਾਨ ਬਦਲੇ,
ਤਾਂ ਮੈਂ ਆਪਣੇ ਬਿਆਨ ਬਦਲੇ।
ਦਰਦ ਤੇਰਾ ਮੁਕਾਣ ਬਦਲੇ,
ਦਿਲ ਨੇ ਕਿੰਨੇ ਮਕਾਨ ਬਦਲੇ।
ਜਿਹੜਾ ਕਹਿੰਦੇ ਜਹਾਨ ਬਦਲੇ,
ਪਹਿਲਾਂ ਆਪਣੀ ਉਡਾਨ ਬਦਲੇ।
ਸਾਨੂੰ ਜਾਹਿਦ ਨੇ ਕੀ ਬਦਲਨਾ,
ਜਿਹਦਾ ਹਰ ਕੰਮ ਏ ਦਾਨ ਬਦਲੇ।
ਉਂਝ ਤੇ ਹਰ ਸ਼ੈਅ ਬਦਲਦੀ ਰਹਿੰਦੀ,
ਪਰ ਜੇ ਬੰਦਾ ਜ਼ੁਬਾਨ ਬਦਲੇ ?
ਮੇਰੀ ਖੂਬੀ ਵੀ ਖ਼ਾਮੀ ਹੋਈ,
ਉਹਦੀ ਖ਼ਾਮੀ ਲੁਕਾਣ ਬਦਲੇ।
ਪੂਰੇ ਚੰਨ ਕੀ ਰਾਤ ਹੋਵੇ
ਪੂਰੇ ਚੰਨ ਦੀ ਰਾਤ ਹੋਵੇ ਤੇ
ਖੌਰੇ ਮੈਨੂੰ ਕੀ ਹੁੰਦਾ ਏ
ਸਾਹਵਾਂ ਦੇ ਹੌਕੇ ਬਣਦੇ ਨੇ
ਰੰਗ ਵੀ ਪੀਲਾ ਪੈ ਜਾਂਦਾ ਏ
ਅੱਖਾਂ ਮੀਟ ਕੇ ਜਾਗਦਿਆਂ ਈ
ਸੁਫ਼ਨੇ ਵਹਿੰਨਾਂ ਬਹੁਤ ਪੁਰਾਣੇ
ਪੂਰੇ ਚੰਨ ਦੀ ਰਾਤ ਹੋਵੇ ਤੇ
ਖੌਰੇ...
ਕਦੀ-ਕਦੀ ਤੇ ਇੰਝ ਲਗਦਾ ਏ
ਚੰਨ ਵਿੱਚ ਬੈਠੀ ਚਰਖ਼ਾ ਕੱਤਦੀ
ਬੁੱਢੀ ਮਾਈ ਦੀ ਥਾਂ ਕੋਈ
ਅੱਲੜ੍ਹ ਪੀਂਘ ਝੂਟਾਉਂਦੀ ਪਈ ਏ
ਪੂਰੇ ਚੰਨ ਦੀ ਰਾਤ ਹੋਵੇ ਤੇ
ਖੌਰੇ...
ਬੈਠਾ ਬੈਠਾ ਡਰ ਜਾਨਾਂ ਵਾਂ
ਜੇਸਰਾਂ ਕੋਈ ਨ੍ਹੇਰੇ ਦੇ ਵਿੱਚ
ਮਾਂ ਤੋਂ ਵੱਖਰਾ ਸੁੱਤਾ ਹੋਇਆ
ਬਾਲ ਅਯਾਣਾ
ਪੂਰੇ ਚੰਨ ਦੀ ਰਾਤ ਹੋਵੇ ਤੇ
ਖੌਰੇ...
ਕਦੀ-ਕਦੀ ਇੰਝ ਲੱਗਦਾ ਏ ਕਿ
ਸੂਰਜ ਵੱਲੋਂ
ਚੰਨ ਦੇ ਵੱਲੇ ਜਾਂਦਾ ਰਸਤਾ
ਮੋੜ ਕਿਸੇ ਨੇ
ਮੇਰੇ ਵੱਲੇ ਕਰ ਦਿੱਤਾ ਏ
ਮੈਂ ਸੂਰਜ ਤੋਂ ਚਾਨਣ ਲੈ ਕੇ
ਚੰਨ ਦੇ ਵੱਲੇ ਟੋਰ ਰਿਹਾ ਵਾਂ
ਪੂਰੇ ਚੰਨ ਦੀ ਰਾਤ ਹੋਵੇ ਤੇ
ਖੌਰੇ...
ਚੰਨ ਦਾ ਚਾਨਣ ਅੱਖਾਂ ਦੇ
ਵਿੱਚ ਰੜਕਾਂ ਪਾਉਂਦਾ ਏ
ਪਲਕਾਂ ਦੇ ਵਿਚ ਅੜਕਾਂ ਪਾਉਂਦਾ ਏ
ਅੱਖਾਂ ਸਿੱਲੀਆਂ ਹੁੰਦੀਆਂ ਨੇ ਤੇ
ਚੰਨ ਫੇਰ ਇੱਕ ਨਈਂ
ਦੋ ਦਿਸਦੇ ਨੇ
ਪੂਰੇ ਚੰਨ ਦੀ ਰਾਤ ਹੋਵੇ ਤੇ
ਖੌਰੇ...
ਚੰਨ ਦੇ ਨਾਲ ਇਕ ਚੰਨ ਵਹਿੰਨਾ ਵਾਂ
ਚੰਨ ਨੂੰ ਲਾਉਂਦਾ ਸੰਨ ਵਹਿੰਨਾ ਵਾਂ
ਚੰਨ ਜਦੋਂ ਚੰਨ ਵਿੱਚ ਜਾ ਵੜਦਾ ਏ
ਫੇਰ ਮੈਂ ਚੰਨ ਨਾਲ ਗੱਲਾਂ ਕਰਨਾ
ਪੂਰੇ ਚੰਨ ਦੀ ਰਾਤ ਹੋਵੇ ਤੇ
ਖੌਰੇ...
ਬੈਠਾ-ਬੈਠਾ ਬਕ ਕੇ ਆਪੇ
ਈ ਹੱਸ ਪੈਨਾਂ ਵਾਂ
ਜੇਸਰਾਂ ਕੋਈ ਦੱਬੇ ਪੈਰੀਂ
ਮਗਰੋਂ ਆ ਕੇ
ਕੰਨ ਕੋਲ ਮੂੰਹ ਨਾਲ ਠਾਹ ਕਰ ਦੇਵੇ
ਪੂਰੇ ਚੰਨ ਦੀ ਰਾਤ ਹੋਵੇ ਤੇ
ਖੌਰੇ...
ਚੰਨ ਦੀ ਅੱਖ ਵਿੱਚ ਅੱਖ ਪਾਵਾਂ
ਤੇ ਅੱਖੋਂ ਪਾਣੀ ਇੰਝ ਟੁਰਦਾ ਏ
ਜੇਸਰਾਂ ਕੋਈ ਕਵਾਰਾ ਪੁੱਤਰ
ਪਿਉ ਨਾਲ ਲੜ ਕੇ ਘਰ ਛੱਡ ਦੇਵੇ
ਪੂਰੇ ਚੰਨ ਦੀ ਰਾਤ ਹੋਵੇ ਤੇ
ਖੌਰੇ...
ਪਾਣੀ ਦੇ ਵਿੱਚ ਚੰਨ ਵੇਖਾਂ ਤੇ
ਰੋੜਾ ਮਾਰ ਕੇ ਟੋਟੇ ਟੋਟੇ ਕਰ ਦੇਨਾ ਵਾਂ
ਤੇ ਫਿਰ ਕੋਈ ਜੁਗਨੂੰ ਫੜ ਕੇ
ਅੰਦਰ ਵੜ ਕੇ
ਬੂਹਾ ਬਾਰੀ ਢੋਹ ਕੇ
ਅੱਗੇ ਪਰਦਾ ਕਰਕੇ
ਬਲਬ ਬੁਝਾ ਕੇ
ਨ੍ਹੇਰੇ ਦੇ ਵਿੱਚ ਛੱਡ ਦੇਨਾਂ ਵਾਂ
ਖੁਸ਼ ਹੋਨਾਂ ਵਾਂ
ਪੂਰੇ ਚੰਨ ਦੀ ਰਾਤ ਹੋਵੇ ਤੇ
ਖੌਰੇ...
ਕਦੀ-ਕਦੀ ਇਹ ਜੀ ਕਰਦਾ ਏ
ਕੋਈ ਬੱਦਲ ਦਾ ਟੋਟਾ ਹੋਵੇ
ਜਿਹੜਾ ਚੰਨ ਦੇ ਸਾਹਵੇਂ ਆ ਕੇ
ਮੇਰੀਆਂ ਅੱਖਾਂ ਵਾਂਗੂ ਵਸੇ
ਪੂਰੇ ਚੰਨ ਦੀ ਰਾਤ ਹੋਵੇ ਤੇ
ਖੌਰੇ...
ਚੰਨ ਦੇ ਲਾਗੇ ਲਾਗੇ ਮੈਨੂੰ
ਕੋਈ ਤਾਰਾ ਨਹੀਂ ਦਿਸਦਾ ਤੇ
ਆਪਣਾ ਆਲ ਦੁਆਲਾ ਤੱਕ ਕੇ
ਐਵੇਂ ਈ ਹੱਥ ਘੁਮਾ ਦੇਨਾਂ ਵਾਂ
ਪੂਰੇ ਚੰਨ ਦੀ ਰਾਤ ਹੋਵੇ ਤੇ
ਖੌਰੇ...
ਵੱਡਾ ਸਾਰਾ ਸੀਸ਼ਾ ਫੜ ਕੇ
ਚੰਨ ਦੇ ਸਾਹਵੇਂ ਕਰ ਦੇਨਾਂ ਵਾਂ
ਤੇ ਕਹਿੰਨਾ ਵਾਂ
ਮੈਂ ਵੀ ਗਲਮੇ ਝਾਤੀ ਪਾਉਂਨਾ
ਤੂੰ ਵੀ ਆਪਣਾ ਮੂੰਹ ਤੇ ਵੇਖ ਓਏ
ਵੱਡਿਆ ਚੰਨਾ
ਫੇਰ ਮੈਂ ਤਾਰੇ ਗੁੰਨਦਾ-ਗੁੰਨਦਾ
ਚੰਨ ਨੂੰ ਵਿੱਚੇ ਈ ਗੁੰਨ ਜਾਨਾਂ ਵਾਂ
ਪੂਰੇ ਚੰਨ ਦੀ ਰਾਤ ਹੋਵੇ ਤੇ
ਖੌਰੇ ਮੈਨੂੰ ਕੀ ਹੁੰਦਾ ਏ।
ਅੱਖਰ ਸਾਥ ਨਈਂ ਦੇਂਦੇ
ਮੈਂ ਜੋ ਮਹਿਸੂਸ ਕਰਨਾ ਵਾਂ ਜੇ
ਉਹ ਸਭ ਲੀਕਣਾ ਚਾਹਵਾਂ
ਤੇ ਅੱਖਰ ਸਾਥ ਨਈਂ ਦੇਂਦੇ
ਜਿਵੇਂ ਡਾਢੇ ਕਿਸੇ ਵੇਲੇ ਤੇ
ਅਕਸਰ ਚੱਲਦੀਆਂ ਸਾਹਵਾਂ
ਤੇ ਅੱਖਰ ਸਾਥ ਨਈਂ ਦੇਂਦੇ
ਪੰਜੀਰੀ ਤਾਰਿਆਂ ਦੀ ਜੇ
ਬਣਾਕੇ ਖਾਵਣਾ ਚਾਹੁੰਨਾਂ
ਤੇ ਇਹਦਾ ਮੁੱਲ ਪਾਵਾਂਗਾ
ਮੈਂ ਦੱਸ ਦੇਵਾਂਗਾ ਸੂਰਜ ਨੂੰ
ਕਿਵੇਂ ਬਰਫ਼ੀਲੀਆਂ ਰਾਹਵਾਂ
ਤੇ ਅੱਖਰ ਸਾਥ ਨਈਂ ਦੇਂਦੇ
ਮੇਰੀ ਜੋ ਅੱਖ ਦੇ ਛਾਲੇ ਸੀ
ਰੋ-ਰੋ ਚੰਡੀਆਂ ਬਣ ਗਏ
ਕਿ ਕੋਈ ਗੱਲ ਨਈਂ ਕਰਦਾ
ਚਿਖ਼ਾ ਹੁਣ ਚੁੱਪ ਦੀ ਬਲਦੀ 'ਚ
ਆਪਣੀ ਜੀਭ ਵੀ ਡਾਹਵਾਂ
ਤੇ ਅੱਖਰ ਸਾਥ ਨਈਂ ਦੇਂਦੇ
ਸਫ਼ਾਈ ਦਾ ਜੇ ਮੌਕਾ ਏ ਤਾਂ ਮੈਨੂੰ
ਖੋਲ੍ਹ ਵੀ ਦੇਵੋ ਮਸ਼ੀਨਾਂ ਵਰਗਿਓ ਲੋਕੋਂ
ਤੁਹਾਨੂੰ ਕੀ ਪਤਾ ਹੋਵੇ
ਕਿ ਹੋਵਣ ਬੱਝੀਆਂ ਬਾਹਵਾਂ
ਤੇ ਅੱਖਰ ਸਾਥ ਨਈਂ ਦੇਂਦੇ
ਕਿਸੇ ਦਿਨ ਚੱਬ ਕੇ ਸੂਰਜ ਹਵਾ
ਵਿੱਚ ਫੁੜਕੜਾ ਮਾਰਨ ਤੇ
ਵੀ ਮਜਬੂਰ ਹੋ ਸਕਨਾਂ
ਕਿਉਂ ਜੇ ਸੋਚ ਦਾ ਚਾਨਣ
ਹੁਣ ਕਾਗ਼ਜ਼ ਤੇ ਮੈਂ ਲਾਹਵਾਂ ਤੇ
ਅੱਖਰ ਸਾਥ ਨਈ ਦੇਂਦੇ
ਗ਼ਜ਼ਲ ਦੀ ਮਾਂਗ ਭਰਨੀ ਸੀ ਤੇ
ਸਾਹ ਦਾ ਵੇਲਨਾ ਜੋਇਆ ਏ
ਪੀੜਾਂ ਪੀੜ ਲਈਆਂ ਨੇ
ਖ਼ਿਆਲਾਂ ਦੇ ਜੇ ਖਲਵਾੜੇ 'ਚ
ਆਪਣਾ ਆਪ ਨਾ ਗਾਹਵਾਂ ਤੇ
ਅੱਖਰ ਸਾਥ ਨਈਂ ਦੇਂਦੇ
ਮਸੱਵਰ ਹੋ ਗਏ ਪੱਥਰ ਤੇ ਸਾਰੇ ਰੰਗ
ਉਹਨਾਂ ਦੇ ਨਮੋਸ਼ੀ ਨਾਲ ਮਰ ਗਏ ਨੇ
ਮੈਂ 'ਸਾਬਰ' ਹਾਂ ਜੇ ਓਹਦੇ ਨੂੰ ਦਾ ਵੀ
ਨਕਸ਼ਾ ਕਦੇ ਵਾਹਵਾਂ ਤੇ
ਅੱਖਰ ਸਾਥ ਨਈਂ ਦੇਂਦੇ
ਸਿਆਣਾ ਹੋ ਗਿਆ ਵਾਂ
ਸਿਆਣਾ ਹੋ ਗਿਆ ਵਾਂ
ਨਿਮਾਣਾ ਹੋ ਗਿਆ ਵਾਂ
ਖ਼ੁਦਾ ਦਾ ਨਾਂ ਲਿਆ ਸੀ
ਮੈਂ ਕਾਣਾ ਹੋ ਗਿਆ ਵਾਂ
ਕਿਸੇ ਨੇ ਹੱਥ ਲਾਇਐ
ਪੁਰਾਣਾ ਹੋ ਗਿਆ ਵਾਂ
ਵਿਖਾਇਆ ਜਾ ਰਿਹਾ ਵਾਂ
ਵਿਖਾਇਆ ਜਾ ਰਿਹਾ ਵਾਂ
ਕਮਾਇਆ ਜਾ ਰਿਹਾ ਵਾਂ
ਹਵਾ ਦਾ ਫ਼ੈਸਲਾ ਏ
ਉਡਾਇਆ ਜਾ ਰਿਹਾ ਵਾਂ
ਮੈਂ ਜ਼ਾਲਿਮ ਹੋਵਨਾਂ ਏ
ਸਤਾਇਆ ਜਾ ਰਿਹਾ ਵਾਂ
ਕਿਸੇ ਦੀ ਜ਼ਿੰਦਗੀ ਆਂ
ਬਚਾਇਆ ਜਾ ਰਿਹਾ ਵਾਂ
ਮੈਂ 'ਸਾਬਿਰ' ਤੇ ਨਈਂ ਸਾਂ
ਬਣਾਇਆ ਜਾ ਰਿਹਾ ਵਾਂ
ਝੱਟ ਕੁ ਕਣੀਆਂ
ਝੱਟ ਕੁ ਕਣੀਆਂ ਪਈਆਂ ਨੇ
ਦਿਲ ਤੇ ਬਣੀਆਂ ਪਈਆਂ ਨੇ
ਪੀੜ ਇਕੱਲੀ ਕਾਫ਼ੀ ਸੀ
ਵਾਹਵਾ ਜਣੀਆਂ ਪਈਆਂ ਨੇ
ਸੀਤੀ ਅੱਖ ਵੀ ਖੁੱਲ੍ਹੇਗੀ
ਪਲਕਾਂ ਤਣੀਆਂ ਪਈਆਂ ਨੇ
ਮੈਂ ਕਿਹਾ ਇਹ ਕੋਈ ਗੱਲ ਤੇ ਨਈਂ ਨਾ
ਚੁੱਪ ਮਸਲੇ ਦਾ ਹੱਲ ਤੇ ਨਈਂ ਨਾ
ਮੇਰੇ ਦਿਲ 'ਚੋਂ ਨਿਕਲ ਵੀ ਸਕਨਾ ਏਂ
ਦਿਲ ਕੋਈ ਦਲਦਲ ਤੇ ਨਈਂ ਨਾ
ਇਸ਼ਕ ਤੋਂ ਮੈਂ ਅਨਜਾਣ ਹੀ ਸਹੀ ਪਰ
ਤੈਨੂੰ ਵੀ ਤੇ ਕੋਈ ਵਕ਼ ਤੇ ਨਈਂ ਨਾ
ਮੰਨਿਆ ਬੰਦੇ ਇੱਕੋ ਜਿਹੇ ਨਈਂ
ਪਰ ਤੇਰੇ ਗਲ ਟੱਲ ਤੇ ਨਈਂ ਨਾ
ਮੈਂ ਕਹਿਨਾਂ ਲਹੂ ਇੱਕੋ ਜਿਹੇ ਨੇ
ਉਹ ਕਹਿੰਦਾ ਣੇ ਖੱਲ ਤੇ ਨਈਂ ਨਾ
ਤੇ ਦੁਨੀਆਂ ਮੈਥੋਂ ਬਾਗ਼ੀ “ਸਾਬਿਰ"
ਤੂੰ ਦੁਨੀਆਂ ਦੇ ਵੱਲ ਤੇ ਨਈਂ ਨਾ ...