ਅੰਨ੍ਹਾ
ਅੰਨ੍ਹਾ ਉਹ ਨਹੀਂ ਹੁੰਦਾ
ਜਿਹਨੂੰ ਦਿਸਦਾ ਨਾ ਹੋਵੇ ।
ਅੰਨ੍ਹਾ ਉਹ ਹੁੰਦਾ ਏ
ਜਿਹੜਾ ਵੇਖਦਾ ਨਾ ਹੋਵੇ।
ਬੇਈਮਾਨ
ਮੈਂ ਬੇਈਮਾਨ ਆਂ
ਤੇ ਮੈਨੂੰ ਇਸ ਆਪਣੀ ਡਾਢੀ ਖ਼ੂਬੀ 'ਤੇ
ਡਾਢਾ ਮਾਣ ਏ
ਕਿ ਬੇਈਮਾਨ ਆਂ।
ਜਦੋਂ ਵੀ ਵੇਲਾ ਉਹ
ਯਾਦ ਕਰਨਾਂ ਤੇ ਮਾਣ ਕਰਨਾਂ
ਮੈਂ ਬੇਈਮਾਨ ਆਂ
ਜਦੋਂ ਕਿਸੇ ਨੇ ਸੀ ਪਹਿਲੀ
ਵਾਰੀ ਨਜ਼ਰ ਝੁਕਾ ਕੇ
ਤੇ ਮੁਸਕਰਾ ਕੇ
ਬੜੀ ਹੀ ਨਰਮੀ ਦੇ ਨਾਲ
ਮੇਰਾ ਇਹ ਹੱਥ ਫੜਿਆ
ਤੇ ਫੇਰ ਹੌਲੀ ਜਿਹੀ ਆਖ ਦਿੱਤਾ
ਵੇ ਬੇਈਮਾਨਾ!
ਉਹ ਬੁੱਲ੍ਹ ਕੀ ਸੀ ਜਨਾਬ ਹਿੱਲੇ
ਸੀ ਟਹਿਣੀਆਂ ਤੋਂ ਗੁਲਾਬ ਹਿੱਲੇ
ਗੁਨਾਹ ਮਰ ਗਏ ਸਵਾਬ ਹਿੱਲੇ
ਮੁਹੱਬਤਾਂ ਵੱਲ ਸ਼ਬਾਬ ਹਿੱਲੇ
ਤੇ ਰੂਹ 'ਚੋਂ ਸਾਰੇ ਅਜ਼ਾਬ ਹਿੱਲੇ
ਮੈਂ ਉਸੇ ਦਿਨ ਤੋਂ ਹੀ ਬੇਈਮਾਨ ਆਂ
ਕਿਸੇ ਵੀ ਪਹਿਲੀ ਤੋਂ ਚੰਗੀ ਸ਼ੈਅ ਨੂੰ
ਜਾ ਵੇਖਣਾ ਵਾਂ ਤੇ
ਡੋਲ ਜਾਨਾਂ
ਲੋਕੀ ਕਹਿੰਦੇ ਨੇ ਬੇਈਮਾਨ ਏ
ਮੈਂ ਬੇਈਮਾਨ ਆਂ
ਮੈਂ ਹਰ ਜ਼ਮਾਨੇ ਦੇ
ਸੱਜਰੇ ਤੇ ਨਰੋਏ ਸੱਚ ਨੂੰ
ਸਲਾਮ ਕਰਨਾਂ,
ਤੇ ਦੇਖਣਾਂ ਵਾਂ
ਕਿ ਕੱਲ੍ਹ ਕੀ ਸੀ
ਤੇ ਅੱਜ ਕੀ ਏ
ਗੁਵੇੜ ਲਾਉਨਾਂ ਵਾਂ
ਆਉਂਦੀ ਕੱਲ੍ਹ ਦਾ
ਕਿਸੇ ਜ਼ਮਾਨੇ ਦੇ
ਇੱਕੋ ਸੱਚ ਦਾ ਹੀ ਤੌਕ
ਗਲ ਵਿੱਚ ਮੈਂ ਪਾ ਨਹੀਂ ਸਕਦਾ
ਮੈਂ ਸੋਚ ਨੂੰ ਕਿਓਂ ਲਗਾਮ ਦੇਵਾਂ
ਪਸ਼ੂ ਤੇ ਨਹੀਂ ਆਂ
ਮੈਂ ਤੇ ਬੇਕੈਦ ਹਾਂ ਬੁੱਲੇ ਵਾਂਗੂੰ
ਤੇ ਚੌਦੀਂ ਤਬਕੀਂ ਹੈ ਸੈਰ ਮੇਰਾ
ਮੈਂ ਆਪਣੇ ਬਾਹੂ ਦਾ ਹਾਂ ਪਿਆਰਾ
ਕਦਮ ਅਗੇਰੇ ਕਿਵੇਂ ਨਾ ਰੱਖਾਂ
ਮੇਰਾ ਸਲਾਮਤ ਏ ਇਸ਼ਕ ਯਾਰੋ
ਮੈਂ ਬੇਈਮਾਨ ਆਂ.........।
ਮੈਂ 'ਬੇਈਮਾਨ ਆਂ........।
ਭੁੱਖ
ਪਹਿਲੀ ਭੁੱਖ ਏ ਢਿੱਡ ਦੀ।
ਦੂਜੀ ਢਿੱਡ ਤੋਂ ਥੱਲੇ ਦੀ।
ਤੀਜੀ ਸਭ ਤੋਂ ਡਾਢੀ ਏ,
ਨਾਂ, ਨਾਵੇਂ ਤੇ ਪੱਲੇ ਦੀ।