ਏਤੀ ਮਾਰ ਪਈ ਕੁਰਲਾਣੇ
(ਨਾਵਲ)
ਸ਼ਿਵਚਰਨ ਜੱਗੀ ਕੁੱਸਾ
ਕਿਸ਼ਤ 1
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨ ਆਇਆ।
-ਸ੍ਰੀ ਗੁਰੂ ਨਾਨਕ ਦੇਵ ਜੀ
ਸ਼ਾਮ ਦਾ ਵੇਲਾ ਸੀ।
ਸੂਰਜ ਨੇ ਆਪਣਾ ਮੂੰਹ ਲਕੋਇਆ ਹੀ ਸੀ। ਪਰ ਡੁੱਬੇ ਸੂਰਜ ਦੀ ਲਾਲੀ ਅਜੇ ਵੀ ਅਸਮਾਨ ਵਿਚ ਕਾਇਮ ਸੀ।
ਅੱਜ ਵਿਕਰਮ ਸਿੰਘ ਦੇ ਲੜਕੇ ਦੀ ਸ਼ਾਦੀ ਸੀ।
ਬੱਗਾ ਸਿੰਘ, ਵਿਕਰਮ ਦਾ ਬਹੁਤ ਨੇੜਿਓਂ ਅਤੇ ਮੁਹਤਬਰ ਆਦਮੀ ਸੀ। ਉਹ ਇਕ ਦੂਜੇ 'ਤੇ ਜਾਨ ਦਿੰਦੇ ਸਨ। ਲਹੂ ਡੋਲ੍ਹਦੇ ਸਨ। ਸੁਣਿਆਂ ਸੀ ਕਿ ਉਹਨਾਂ ਦੀ ਪੱਗ ਵੀ ਵਟਾਈ ਹੋਈ ਸੀ। ਵਿਕਰਮ ਸਿੰਘ ਇਲਾਕੇ ਦਾ ਮੁਹਤਬਰ ਬੰਦਾ ਸੀ। ਸਰਕਾਰੇ ਦਰਬਾਰੇ ਉਸ ਦੀ ਪੂਰੀ ਭੱਲ ਸੀ। ਪਾਰਟੀਆਂ ਵਿਚ ਦਾਰੂ ਦਾ ਗਿਲਾਸ ਚੱਕੀ ਦੇ ਪੁੜ ਵਾਂਗ ਘੁੰਮ ਰਿਹਾ ਸੀ। ਬੱਕਰੇ ਅਤੇ ਕੁੱਕੜ ਖਾਧੇ ਨਹੀਂ, ਚੱਬੇ ਜਾ ਰਹੇ ਸਨ। ਸ਼ਰਾਬੀ ਹੋਈਆਂ ਪਾਰਟੀਆਂ ਵੱਖੋ ਵੱਖ ਜਗਾਹ 'ਤੇ ਬੈਠੀਆਂ ਚੀਕਾਂ ਮਾਰ ਰਹੀਆਂ ਸਨ।
ਅਗਲੇ ਦਿਨ ਜੰਝ ਚੜ੍ਹਨੀ ਸੀ।
ਬੱਗਾ ਸਿੰਘ ਦੀ ਪਾਰਟੀ "ਤਵਿਆਂ ਵਾਲੀ ਮਸ਼ੀਨ ਦੇ ਨੇੜੇ ਹੀ ਬੈਠੀ ਸੀ। ਸਾਰੇ ਤਵੇ ਸੁਣਦੇ ਖੀਵੇ ਹੋ ਰਹੇ ਸਨ ਅਤੇ ਕਈਆਂ ਦਾ ਸ਼ਰਾਬ ਦੇ ਨਸ਼ੇ ਅਤੇ ਤਵੇ ਦੀ ਸੁਰ ਨਾਲ ਸਿਰ ਵੀ ਘੁੰਮ ਰਿਹਾ ਸੀ।
ਆਨੰਦ ਮਾਣਿਆ ਜਾ ਰਿਹਾ ਸੀ।
-"ਕੋਈ ਚੱਕਮਾਂ ਲਾ ਯਾਰ..। ਕਿਸੇ ਨੇ ਸਪੀਕਰ ਵਾਲੇ ਨੂੰ ਕਿਹਾ।
-"ਚੋਂਦਾ ਚੋਂਦਾ ਸੁਣਾ.!" ਕੋਈ ਹੋਰ ਤੋਤਲਾ ਬੋਲਿਆ।
-"ਕਰ ਦੇਹ ਰੂਹਾਂ ਖ਼ੁਸ਼ ਬਾਈ ਬਣਕੇ..!"
ਮਸ਼ੀਨ 'ਤੇ ਤਵਾ ਚੱਲਣ ਲੱਗ ਪਿਆ।
-"ਗੋਲ ਮਸ਼ਕਰੀ ਕਰ ਗਿਆ ਨ੍ਹੀ ਬਾਬਾ ਬਖ਼ਤੌਰਾ..!"
ਸਾਰਿਆਂ ਨੂੰ ਜਿਵੇਂ ਗਧੇ ਵਾਂਗ 'ਹੀਂਗਣਾਂ ਛੁੱਟ ਪਿਆ। ਚੀਕਾਂ ਸ਼ੁਰੂ ਹੋ ਗਈਆਂ।
-"ਵਾਹ ਬਈ ਵਾਹ..!"
-"ਐਹੋ ਜਿਆ ਤਵਾ ਕਰਦੇ ਕੌਡੀ ਟਿਕਾਣੇ ਸੁੱਖ ਨਾਲ..!"
-"ਮੈਖਿਆ ਮੱਲਾ ਕੀ ਪੁੱਛਦੈਂ.. ?"
-"ਬਾਬਾ ਬਖ਼ਤੌਰਾ ਵੀ ਪੂਰਾ ਚੌਰਾ ਹੋਊ..!"
-"ਕੰਜਰ ਆਖ, ਕੰਜਰ..!"
-"ਅਜੇ ਕੋਈ ਸ਼ੱਕ ਐ..?"
-"ਬੁੜ੍ਹਾ ਹੋਇਆ ਨ੍ਹੀ ਸੀ ਮਾਣ, ਜੁਆਨੀ 'ਚ ਪਤਾ ਨ੍ਹੀ ਕੀ ਭੂਚਾਲ ਲਿਆਇਆ ਹੋਊ..?"
-"ਮਖਿਆ ਹੱਦ ਕਰਤੀ..!'
-"ਮੈਂ ਕਹਿੰਨੈਂ ਬਰਨੋਂ ਉਡਾਤੀ ਮਾਂਦਰੀ ਨੇ..!
-"ਬੁੜ੍ਹਾਪੇ 'ਚ ਜੁਆਨੀ ਆ ਚੜ੍ਹੀ..!"
-"ਉਏ ਬੁੜ੍ਹਾਪੇ 'ਚ ਚੜ੍ਹੀ ਜੁਆਨੀ 'ਚ ਕਿਹੜਾ ਉਹਨੇ ਖੁਰਗੋ ਪੱਟਤੀ ਹੋਣੀ ਐਂ..?" ਇਕ ਨੇ ਨੱਕ ਚਾੜ੍ਹਿਆ।
-"ਰੋਂਦੀ ਹੋਊ ਬਚਾਰੀ ਕਰਮਾਂ ਨੂੰ..!"
-"ਪਾਸਾ ਮਰੋੜ ਕੇ ਪੈ ਜਾਂਦਾ ਹੋਊ.. ?" ਇਕ ਖ਼ੀ-ਖ਼ੀ ਕਰ ਕੇ ਹੱਸਿਆ।
-"ਉਏ ਸਾਲਿਓ..! ਕਿਉਂ ਕੁੱਤੇ ਮਾਂਗੂੰ ਭੌਂਕੀ ਜਾਨੇ ਐਂ..! ਪੁਰਾਣੇ ਬੁੜ੍ਹੇ ਮਣ ਮਣ ਘਿਉ ਖਾ ਜਾਂਦੇ ਸੀ..!" ਬੱਗਾ ਸਿੰਘ ਨੇ ਬੱਕਰੇ ਦੀ ਲੱਤ ਚੂੰਡਦਿਆਂ ਆਖਿਆ। ਉਹ ਸਾਬਤਾ ਬੱਕਰਾ ਖਾਣ ਵਾਲਾ ਬੰਦਾ ਸੀ। ਉਸ ਦੀ ਅਵਾਜ਼ ਨਗਾਰੇ ਵਾਂਗ ਵੱਜੀ ਸੀ।
ਗੀਤ ਖ਼ਤਮ ਹੋਣ ਤੱਕ ਪਾਰਟੀ ਚੜ੍ਹਦੀਆਂ ਲਹਿੰਦੀਆਂ ਗੱਲਾਂ ਕਰੀ ਗਈ।
-''ਐਹੋ ਜਿਆ ਈ ਕੋਈ ਹੋਰ ਲਾ ਬਾਈ..!" ਕਿਸੇ ਨੇ ਕਿਹਾ।
ਦੂਜਾ ਤਵਾ ਘੁੰਣ ਲੱਗ ਪਿਆ।
-"ਲੱਗੀ ਵਾਲੇ ਕਦੇ ਨਾ ਸੌਂਦੇ ਤੇਰੀ ਕਿਵੇਂ ਅੱਖ ਲੱਗ ਗਈ...!"
-"ਨਹੀਂ ਰੀਸਾਂ ਆਸ਼ਕਾਂ ਦੀਆਂ.. !" ਇਕ ਨੇ ਅੱਡੀ 'ਤੇ ਘੁਕ ਕੇ ਬੱਕਰਾ ਬੁਲਾਇਆ। ਮੁੱਛਾਂ ਨੂੰ ਲੱਗੀ ਮੀਟ ਦੀ ਤਰੀ ਦੂਰ ਦੂਰ ਤੱਕ ਬੁੜ੍ਹਕੀ ।
-"ਬਾਈ ਆਸ਼ਕ ਸੀ ਮਿਹਨਤੀ..!"
-"ਹੈ ਕਮਲਾ..! ਮਿਹਨਤੀਆਂ ਅਰਗੇ ਮਿਹਨਤੀ..? ਮਜਨੂੰ ਦੇਖ ਲੈ ਬਾਰ੍ਹਾਂ ਸਾਲ ਹਲਟ ਈ ਗੇੜੀ ਗਿਐ..!"
-"ਰਾਂਝਾ ਕਿਹੜਾ ਘੱਟ ਸੀ..? ਉਹ ਬਾਰ੍ਹਾਂ ਸਾਲ ਮੱਝਾਂ ਈ ਚਾਰੀ ਗਿਐ..! ਸਾਥੋਂ ਚਾਰ ਦਿਨ ਪੱਠੇ ਨ੍ਹੀ ਆਉਂਦੇ..!"
-"ਬੱਸ ਮੱਝਾਂ ਚਾਰਨ 'ਤੇ ਈ ਰਹੇ? ਹੋਰ ਤਾਂ ਨ੍ਹੀ ਕੱਖ ਹੋਇਆ..!"
-"ਘੈਂਟ ਤਾਂ ਅਸਲ 'ਚ ਮਿਰਜਾ ਜੱਟ ਨਿਕਲਿਆ..!"
-"ਅਗਲੇ ਦੀ ਨੱਢੀ ਬੱਕੀ 'ਤੇ ਬਿਠਾ ਕੇ ਗੋਲ਼ੀ ਬਣ ਗਿਆ..।"
-"ਰੇਡੂਏ ਆਲਾ ਬਾਈ ਕਿਹੜਾ ਮਿਰਜੇ ਨਾਲੋਂ ਘੱਟ ਐ..?"
-"ਪੂਰਾ ਠਰਕੀ ਲੱਗਦੈ..।'
-"ਉਹਨੂੰ ਪੈੱਗ ਲੁਆ ਕੇ ਆਉਨੈਂ ਯਾਰ..!"
ਪਾਰਟੀ ਵਿਚੋਂ ਉਠ ਕੇ ਇਕ ਉਸ ਨੂੰ ਪੈੱਗ ਲੁਆਉਣ ਉਠ ਗਿਆ।
-"ਲੈ ਬਾਈ..! ਤੇ ਹੁਣ ਇਕ ਮਿਰਜੇ ਜੱਟ ਦੀ ਕਲੀ ਲਾ ਦੇ !" ਪੈੱਗ ਲੁਆ ਕੇ ਮੁੜਨ ਲੱਗਾ ਉਹ ਸਪੀਕਰ ਵਾਲ਼ੇ ਨੂੰ ਹੁਕਮ ਕਰ ਆਇਆ।
ਬੱਗਾ ਸਿੰਘ ਅਜੇ ਗਿਲਾਸ ਵਿਚ ਬੋਤਲ ਟੇਢੀ ਕਰਨ ਹੀ ਲੱਗਾ ਸੀ ਕਿ ਮਿਰਜ਼ੇ ਜੱਟ ਦਾ ਤਵਾ ਬੋਲ ਪਿਆ;
-"ਹੋ ਭਾਈ ਮਰੇ ਬਾਂਹ ਭੱਜਦੀ…. ਅੱਖੀਓਂ ਨਾ ਠੱਲ੍ਹਦਾ ਨੀਰ...!"
-"ਬੰਦ ਕਰੋ ਉਏ...!" ਬੱਗਾ ਸਿੰਘ ਚੀਕਿਆ। ਦਾਰੂ ਨਾਲ਼ ਭਰੀ ਬੋਤਲ ਉਸ ਨੇ ਮਸ਼ੀਨ 'ਤੇ ਚਲਾ ਕੇ ਮਾਰੀ। ਤਵੇ ਦੇ ਟੁਕੜੇ-ਟੁਕੜੇ ਹੋ ਗਏ। ਬੱਗਾ ਸਿੰਘ ਦੀਆਂ ਅੱਖਾਂ ਵਿਚੋਂ ਖੂਨ ਚੋਅ ਰਿਹਾ ਸੀ। ਉਸ ਦਾ ਭਾਰਾ ਸਰੀਰ ਕੰਬਣ ਲੱਗ ਪਿਆ ਸੀ। ਚਿਹਰਾ ਭਿਆਨਕ ਹੋ ਗਿਆ ਸੀ। ਕਿਸੇ ਨੂੰ ਵੀ ਤਾਂ ਨਹੀਂ ਪਤਾ ਸੀ ਕਿ ਉਸ ਨੂੰ ਇਸ ਗੀਤ ਨਾਲ ਕੀ ਖੁੰਧਕ ਸੀ..? ਜਿਸ ਨੇ ਉਸ ਦੇ ਦਿਲ ਦੀ ਧੁਖ਼ਦੀ ਅੱਗ ਨੂੰ ਭਾਂਬੜ ਬਣਾਂ ਦਿੱਤਾ ਸੀ। ਕਲੇਜਾ ਚੀਰ ਦਿੱਤਾ ਸੀ। ਇਕ ਮਾਨੁੱਖ ਕਿਸੇ ਦੈਂਤ ਨਾਲੋਂ ਵੀ ਬੇਰਹਿਮ, ਨਿਰਦਈ ਅਤੇ ਭਿਆਨਕ ਹੈ।
ਸਾਰੀਆਂ ਪਾਰਟੀਆਂ ਵਿਚ ਹੀ ਸੰਨਾਟਾ ਛਾ ਗਿਆ ਸੀ। ਪੀਂਦਿਆਂ ਦੇ ਗਿਲਾਸ ਰੁਕ ਗਏ ਸਨ। ਮੂੰਹ ਬੰਦ ਹੋ ਗਏ ਸਨ। ਅੱਖਾਂ ਕੜ੍ਹ ਗਈਆਂ ਸਨ। ਹਰ ਇਕ ਦੇ ਚਿਹਰੇ ਹੈਰਾਨਗੀ ਦੇ ਬੱਦਲ ਜਿਹੇ ਛਾ ਗਏ ਸਨ। ਸਾਰੇ ਹੀ ਡੁੱਬੀਆਂ ਜਿਹੀਆਂ ਅੱਖਾਂ ਨਾਲ ਬੱਗਾ ਸਿੰਘ ਵੱਲ ਝਾਕ ਰਹੇ ਸਨ।
-"ਉਏ ਕੀ ਹੋ ਗਿਆ ਤੈਨੂੰ ?" ਵਿਕਰਮ ਸਿੰਘ ਨੇ ਆ ਕੇ ਹੈਰਾਨੀ ਜਿਹੀ ਨਾਲ ਪੁੱਛਿਆ।
-"ਕੁਛ ਨਹੀਂ..!" ਬੱਗਾ ਸਿੰਘ ਨੇ ਇਕ ਹਾਉਕਾ ਜਿਹਾ ਲਿਆ। ਬੋਤਲ ਚੁੱਕ ਕੇ ਉਸ ਨੇ ਜੜ੍ਹੀਂ ਲਾ ਦਿੱਤੀ ਅਤੇ ਦੂਰ ਵਗਾਹ ਮਾਰੀ। ਫਿਰ ਉਸ ਦਾ ਜਿਵੇਂ ਬੇਵਸਾ ਰੋਣ ਨਿਕਲ ਗਿਆ। ਉਹ ਪਾਰਟੀ ਵਿਚੋਂ ਉਠ ਕੇ, ਇਕ ਕਮਰੇ ਵਿਚ ਜਾ ਕੇ ਪਲੰਘ 'ਤੇ ਪੈ ਗਿਆ। ਬੀਤ ਚੁੱਕਿਆ ਸਮਾਂ, ਜੋ ਕਈ ਸਾਲ ਪਹਿਲਾਂ ਗੁਜ਼ਰਿਆ ਸੀ, ਉਸ ਦੇ ਦਿਮਾਗ ਵਿਚ ਊਰੀ ਵਾਂਗ ਉਧੜਨ ਲੱਗ ਪਿਆ........!
ਕਿਸ਼ਤ 2
..ਸਰਦੀਆਂ ਅਜੇ ਉਤਰੀਆਂ ਹੀ ਸਨ। ਚੁਪਾਸਾ ਇਕ ਦਮ ਤਾਜ਼ਾ ਨਜ਼ਰ ਆਉਂਦਾ ਸੀ। ਖੇਤਾਂ ਵਿਚ ਹਰਿਆਲੀ ਹੀ ਹਰਿਆਲੀ ਨਜ਼ਰ ਆਉਂਦੀ ਸੀ। ਕਾਲਜ ਦੀ ਪਾਰਕ ਦੇ ਫੁੱਲਾਂ ਦੀਆਂ ਪੱਤੀਆਂ ਖ਼ੁਸ਼, ਹੱਸ ਰਹੀਆਂ ਸਨ।
ਸਵੇਰ ਦਾ ਸਮਾਂ ਸੀ।
ਕਾਲਜ ਅਜੇ ਲੱਗਿਆ ਨਹੀਂ ਸੀ।
ਮੁੰਡੇ ਕੰਨਟੀਨ ਵਿਚ ਬੈਠੇ ਗੱਪਾਂ ਮਾਰ ਰਹੇ ਸਨ।
ਬਿੱਲਾ ਚਾਹ ਪੀ ਰਿਹਾ ਸੀ। ਕਾਲਜ ਦੀ ਪਾਰਕ ਵਿਚ ਬੈਠੀ ਪ੍ਰੀਤੀ ਵੱਲ ਦੇਖ ਕੇ ਉਹ ਸੜ੍ਹਾਕਾ ਮਾਰ ਕੇ, ਲੰਮੀ ਘੁੱਟ ਭਰਦਾ ਅਤੇ "ਹਾਏ...!" ਆਖ ਕੇ ਲੰਬਾ ਸਾਰਾ ਸਾਹ ਬਾਹਰ ਨੂੰ ਛੱਡਦਾ ਸੀ। ਗਰਮ ਸਾਹ ਨਾਲ ਨਿਕਲਦੀ ਭਾਫ਼ ਉਸ ਦੀਆਂ ਅੱਖਾਂ ਅੱਗੇ ਵਰੋਲਾ ਜਿਹਾ ਬਣ ਜਾਂਦੀ ਸੀ । ਪਰ ਪ੍ਰੀਤ ਬੇਖ਼ਬਰ ਪੜ੍ਹ ਰਹੀ ਸੀ। ਉਸ ਦਾ ਧਿਆਨ ਬਿੱਲੇ ਤੱਕ ਨਹੀਂ ਪੁੱਜ ਸਕਿਆ ਸੀ। ਸ਼ਾਇਦ ਉਸ ਦਾ ਧਿਆਨ ਕਿਤਾਬ ਵਿਚ ਹੀ ਖੁੱਭਿਆ ਹੋਇਆ ਸੀ।
ਬਿੱਲੇ ਦੇ ਇਕ ਪਾਸੇ ਬੈਠਾ ਦਰਸ਼ਣ ਉਸ ਦੀ ਹਰ 'ਘਤਿੱਤ' ਨੂੰ ਤਾੜ ਰਿਹਾ ਸੀ। ਪਰ ਉਸ ਨੂੰ ਬਿੱਲੇ ਦੀ ਕਿਸੇ ਘਤਿੱਤ ਦੀ ਕੋਈ ਖ਼ਾਸ ਸਮਝ ਨਹੀਂ ਪਈ ਸੀ।
ਬਿੱਲੇ ਨੇ ਚਾਹ ਦੀ ਘੁੱਟ ਭਰੀ, ਪ੍ਰੀਤੀ ਵੱਲ ਦੇਖਿਆ ਅਤੇ ਫਿਰ "ਹਾਏ.. !" ਕਹਿ ਕੇ ਲੰਮਾਂ ਸਾਹ ਬਾਹਰ ਨੂੰ ਛੱਡਿਆ। ਦਰਸ਼ਣ ਕੱਪੜਿਆਂ ਤੋਂ ਬਾਹਰ ਹੋ ਗਿਆ। ਉਸ ਤੋਂ ਰਿਹਾ ਨਾ ਗਿਆ।
-"ਤੂੰ ਉਏ ਕਿਵੇਂ ਦਮੇਂ ਦੇ ਮਰੀਜ਼ ਵਾਂਗੂੰ ਹਾਉਕੇ ਜਿਹੇ ਲੈਨੈਂ..?"
-"ਕਿਉਂ..? ਤੂੰ ਮੈਨੂੰ ਸਾਕ ਕਰਨੈਂ ?"
-"ਤੂੰ ਕਿਤੇ ਮੈਥੋਂ ਨਾਸਾਂ ਨਾ ਭੰਨਾਂ ਲਈਂ..!"
-"ਬਹਿਜਾ ਬਾਈ ਸਿਆਂ ਬਹਿਜਾ..!"
-"ਦੇਖ ਸਾਲਾ ਲੱਛਣ ਕੀ ਕਰਦੈ, ਕੁੱਤੀ ਜਾਅਤ...!'
-"ਤੂੰ ਬਾਈ ਵਾਧਾ ਨਾਂ ਕਰ..!"
-"ਕਰੂੰਗਾ, ਤੂੰ ਰਿਸ਼ਤਾ ਕਰਦੇ ਜਿਹੜਾ ਕਰਨੈਂ !
-"ਤੂੰ ਤਾਹਾਂ ਈ ਤਾਹਾਂ ਜਾਨੈਂ, ਤੇਰੀ ਮਾਂ ਦੀ... ਦਿੱਤਾ... !" ਦਰਸ਼ਣ ਨੇ ਆਪਣਾਂ ਘਣ ਵਰਗਾ ਘਸੁੰਨ ਬਿੱਲੇ ਦੇ ਮੂੰਹ 'ਤੇ ਮਾਰਿਆ। ਬਿੱਲੇ ਹੱਥੋਂ ਚਾਹ ਦਾ ਗਿਲਾਸ ਛੁੱਟ ਗਿਆ। ਸਾਰੀ ਚਾਹ ਉਪਰ ਡੁੱਲ੍ਹ ਗਈ। ਪੈਂਟ ਗੱਚ ਹੋ ਗਈ।
ਸਾਰੇ ਕਾਲਜੀਏਟ ਇਕ ਦਮ ਇਕੱਠੇ ਹੋ ਗਏ। ਕਾਲਜ ਵਿਚ ਅਜਿਹਾ ਕੁੱਤ-ਪੌਅ ਹਰ ਰੋਜ਼ ਵਾਂਗ ਹੀ ਹੁੰਦਾ ਸੀ।
-"ਕੀ ਗੱਲ ਐ ਉਏ ...?' ਤਖਾਣਵੱਧੀਏ ਨੇ ਹੋਕਰਾ ਮਾਰਿਆ।
-"ਸਾਲਿਓ ਮੱਖ ਲੜਦੀ ਐ ਕਿ ਤੰਦਰੁਸਤੀ.. ?" ਆਖ ਕੇ ਤਖਾਣਵੱਧੀਆ ਹੱਸ ਪਿਆ। ਉਸ ਦਾ ਨਾਂ ਤਾਂ ਜਪਨਾਮ ਸੀ। ਪਰ ਸਾਰੇ ਵਿਦਿਆਰਥੀ ਉਸ ਨੂੰ ਉਸ ਦੇ ਪਿੰਡ ਦੇ ਨਾਂ ਨਾਲ ਹੀ ਬੁਲਾਉਂਦੇ
ਸਨ। ਜਪਨਾਮ ਡੀ. ਐੱਮ. ਕਾਲਜ ਦਾ ਸੀਨੀਅਰ ਵਿਦਿਆਰਥੀ ਸੀ। ਚੱਲਦੇ ਫ਼ਿਰਦੇ ਘਰ ਦਾ ਮੁੰਡਾ। ਉਸ ਦੇ ਕਤਰੀ ਦਾੜ੍ਹੀ, ਚੱਕਵੀਂਆਂ ਮੁੱਛਾਂ, ਕੱਦੋਂ ਲੰਬਾ ਅਤੇ ਰੰਗ ਦਾ ਕਣਕਵੰਨਾਂ ਹੀ ਸੀ। ਸਟੂਡੈਂਟਸ ਯੂਨੀਅਨ ਦੇ ਡਰਾਮਿਆਂ ਵਿਚ ਭਾਗ ਲੈਂਦਾ ਸੀ । ਸਿਗਰਟਾਂ, ਸ਼ਰਾਬ ਅਤੇ ਜ਼ਰਦੇ ਦਾ ਨਸ਼ਈ ਹੋਣ ਕਰਕੇ ਉਸ ਦਾ ਸੁੱਕਿਆ ਜਿਹਾ ਮੂੰਹ ਬੰਦੂਕ ਦੇ ਬੁੱਗ ਵਰਗਾ ਲੱਗਦਾ ਸੀ।
-"ਤਖਾਣਵੱਧੀਆ, ਆਹ ਨਾਸਲ ਈ ਵੰਝ ਖੜ੍ਹਾ ਕਰੀ ਰੱਖਦੇ..।"
-"ਕਿਉਂ ਉਏ ਦਰਸ਼ਣਾਂ, ਤੈਨੂੰ ਕੀ ਚੰਡੀ ਚੜ੍ਹੀ ਐ? ਹਰ ਵੇਲ਼ੇ ਕਾਲਜ 'ਚ ਸੂਹਣ ਈ ਖੜ੍ਹੀ ਰੱਖਦੈਂ..?"
"ਇਹ ਬਾਈ ਧੀ ਭੈਣ ਦੀ ਲਿਹਾਜ ਨ੍ਹੀ ਕਰਦਾ ।" ਉਸ ਨੇ ਠੁਣਾਂ ਬਿੱਲੇ ਸਿਰ ਭੰਨਿਆਂ।
-"ਗੱਲ ਦੱਸ, ਸਿੱਧੀ ਗੱਲ..! ਕਹਾਣੇਂ ਨਾ ਪਾਅ..!"
-"ਇਹ ਪ੍ਰੀਤੀ ਵੱਲ ਦੇਖ ਕੇ ਹਾਉਕੇ ਜੇ ਲੈਂਦੇ..!"
-"ਪ੍ਰੀਤੀ ਦੱਸ ਤੇਰੀ ਧੀ ਲੱਗਦੀ ਐ ਕਿ ਭੈਣ..? ਜਾਂ ਕੋਈ ਚਾਚੀ ਮਾਸੀ ਲੱਗਦੀ ਐ..?"
-"ਕਰ ਲੈਣ ਦੇ ਅੱਖਾਂ ਤੱਤੀਆਂ ਮੁੰਡੇ ਨੂੰ! ਤੇਰੇ ਸੂਲ ਹੁੰਦੇ? ਜੇਆਪ ਤੋਂ ਨ੍ਹੀ ਉਠਿਆ ਜਾਂਦਾ, ਤਾਂ ਗੋਡਿਆਂ ਦੇ ਫਿੱਟੇ ਮੂੰਹ ਨਾ ਆਖ..!"
-"ਜੇ ਤੈਨੂੰ ਨ੍ਹੀ ਨੇੜੇ ਖੰਘਣ ਦਿੰਦੀ, ਦੂਜਿਆਂ ਨੂੰ ਤਾਂ ਪੈ ਲੈਣ ਦੇ ਖ਼ੈਰ..!"
ਹਾਸਾ ਮੱਚ ਗਿਆ।
-"ਬੱਸ, ਬਹਿਜੋ ਹੁਣ ਚੁੱਪ ਕਰਕੇ...। ਖਾਧੇ ਪੀਤੇ ਜਿੰਨਾਂ ਕੰਮ ਤੁਸੀਂ ਕਰਤੈ !'
ਸਾਰੇ ਚੁੱਪ ਕਰ ਗਏ।
ਪਰ ਪ੍ਰੀਤੀ ਨੂੰ ਕੰਨਟੀਨ ਵਿਚ ਆਏ ਇਸ ਭੂਚਾਲ ਬਾਰੇ ਕੁਝ ਵੀ ਪਤਾ ਨਹੀਂ ਸੀ।
ਉਹ ਆਪਣੀ ਪੜ੍ਹਾਈ ਵਿਚ ਹੀ ਮਸਤ ਸੀ।
ਘੰਟੀ ਵੱਜੀ!
ਸਾਰੇ ਹੀ ਕਲਾਸਾਂ ਨੂੰ ਜਾਣੇਂ ਸ਼ੁਰੂ ਹੋ ਗਏ। ਪ੍ਰੀਤੀ ਕਿਤਾਬਾਂ ਹਿੱਕ ਨਾਲ ਲਾਈ ਕਿਸੇ ਧੁੰਦ ਦੇ ਬੱਦਲ ਵਾਂਗ ਉਡੀ ਜਾ ਰਹੀ ਸੀ । ਹੁਸਨ ਦੀ ਮੂਰਤ! ਉਸ ਦੀ ਜੁਆਨ ਛਾਤੀ ਸੀਨੇਂ ਵਿਚੋਂ ਡੁੱਲ੍ਹ ਡੁੱਲ੍ਹ ਪੈਂਦੀ ਸੀ। ਪ੍ਰੀਤੀ ਦੇ ਹੁਸਨ ਪਿੱਛੇ ਸਾਰਾ ਕਾਲਜ ਸ਼ੁਦਾਈ ਸੀ। ਉਸ ਦੀਆਂ ਝੀਲ ਵਰਗੀਆਂ ਅੱਖਾਂ
ਵਿਚ ਡੁੱਬ ਕੇ ਗੱਭਰੂ ਸ਼ਰਾਬੀ ਹੋ ਜਾਂਦੇ ਸਨ। ਕਈ ਉਸ ਦੇ ਮੋਤੀ ਦੰਦਾਂ ਦੇ ਦੀਵਾਨੇ ਸਨ। ਕਈ ਆਖ ਦਿੰਦੇ ਸਨ ਕਿ ਪ੍ਰੀਤੀ ਨੂੰ ਰੱਬ ਨੇ ਵਿਹਲੇ ਬੈਠ ਕੇ ਕਿਸੇ ਰੀਝ ਨਾਲ ਘੜ੍ਹਿਆ ਨਹੀਂ, ਇਕ ਤਰ੍ਹਾਂ ਨਾਲ ਤਰਾਸ਼ਿਆ ਸੀ। ਪ੍ਰੀਤੀ ਦੇ ਸੁਹੱਪਣ ਬਾਰੇ ਕਾਲਜ ਵਿਚ ਅਜੀਬ ਹੀ ਚਰਚਾ ਛਿੜੀ ਰਹਿੰਦੀ!
-"ਪਾ ਦਿਓ ਖ਼ੈਰ ਕਦੇ ਐਸ ਜੋਗੀ ਨੂੰ ਵੀ, ਜਾਂ ਰਾਂਝੇ ਮਾਂਗੂੰ ਬਾਰ੍ਹਾਂ ਸਾਲ ਪੂਰੇ ਕਰਵਾਉਣੇ ਐਂ..?''
ਦਰਸ਼ਣ ਉਸ ਦੇ ਦਰ 'ਤੇ ਝੋਲੀ ਅੱਡੀ ਖੜ੍ਹਾ ਸੀ।
-"..........।" ਪ੍ਰੀਤੀ ਨੇ ਅੱਖਾਂ ਦਿਖਾਈਆਂ। ਪਰ ਮੂੰਹੋਂ ਨਾ ਬੋਲੀ।
-"ਪਤਾ ਨ੍ਹੀ ਦਿਲ ਦੀਆਂ ਕਦੋਂ ਪੂਰੀਆਂ ਹੋਣਗੀਆਂ..!" ਉਸ ਨੇ ਤਪਦੀ ਹਿੱਕ 'ਤੇ ਦੋਵੇਂ ਹੱਥ ਰੱਖ ਲਏ।
-"ਕਿਉ, ਸਾਡੇ ਵਾਰੀ ਬੋਲ਼ੀ ਈ ਹੋ ਜਾਨੀਂ ਐਂ ਕਬੂਤਰੀਏ..? ਅਸੀਂ ਕੀ ਥੋਡੇ ਕਸੂਤੇ ਥਾਂ ਹੱਥ ਲਾ ਦਿੱਤਾ...?" ਦਰਸ਼ਣ ਨੇ ਆਪਣੇ ਸਿਕੰਜੇ ਵਰਗੇ ਹੱਥ ਨਾਲ਼ ਉਸ ਦੀ ਮਾਲੂਕ ਬਾਂਹ ਫੜ ਲਈ।
-"ਓ ਯੂ ਸ਼ੱਟ ਅੱਪ ਯੂ ਬਲੱਡੀ ਬਾਸਟਰਡ !!" ਪ੍ਰੀਤੀ ਬੋਲੀ ਨਹੀਂ, ਇਕ ਤਰ੍ਹਾਂ ਨਾਲ ਸ਼ੇਰਨੀ ਵਾਂਗ ਦਹਾੜ੍ਹੀ ਸੀ। ਇਕ ਥੱਪੜ 'ਠਾਹ' ਕਰਕੇ ਦਰਸ਼ਣ ਦੀ ਗੱਲ੍ਹ 'ਤੇ ਪਿਆ। ਦਰਸ਼ਣ ਨੂੰ ਭੰਬੂਤਾਰੇ ਨਜ਼ਰ ਆ ਰਹੇ ਸਨ ਅਤੇ ਪ੍ਰੀਤੀ ਭੱਜ ਕੇ ਕਲਾਸ ਵਿਚ ਵੜ ਚੁੱਕੀ ਸੀ।
-"ਬੜੀ ਬੁਰੀ ਭਾਜੀ ਪਾਈ ਐ ਨੱਢੀਏ..! ਬੜੀ ਬੁਰੀ ਭਾਜੀ...! ਤੇਰੀ ਉਹ ਬੁਰੀ ਹਾਲਤ ਕਰੂੰਗਾ, ਤੂੰ ਪੈਰੀਂ ਡਿੱਗੇਂਗੀ..!" ਉਸ ਨੇ ਕਰੋਧ ਵਿਚ ਦੰਦ ਪੀਹੇ ਅਤੇ ਉਸ ਦਾ ਮੂੰਹ ਲਾਲ ਹੋ ਗਿਆ।
ਦਰਸ਼ਣ ਇਕ ਰੱਜੇ ਪੁੱਜੇ ਪਿਉ ਦਾ ਪੁੱਤ ਸੀ। ਜਿਸ ਪਾਸ ਪਤਾ ਨਹੀਂ ਕਿੰਨੀ ਕੁ ਜ਼ਮੀਨ ਜਾਇਦਾਦ ਸੀ। ਪਰ ਉਸ ਦਾ ਬਾਪ ਦਰਸ਼ਣ ਵਾਂਗ ਕੁਲੱਛਣਾਂ ਨਹੀਂ ਸੀ। ਉਹ ਇਕ ਗੁਰਮਖ਼ ਬੰਦਾ ਸੀ। ਰੱਬ ਤੋਂ ਭੈਅ ਮੰਨਣ ਵਾਲਾ ਇਨਸਾਨ! ਰੱਬ ਦੇ ਭਾਣੇਂ ਵਿਚ ਤੁਰਨ ਵਾਲਾ ਦਰਵੇਸ਼ ਮਾਨੁੱਖ! ਗਰੀਬ ਗੁਰਬੇ ਦੀ ਮੱਦਦ ਕਰਨਾਂ ਉਹ ਆਪਣੇ ਫ਼ਰਜ਼ ਦੀ ਪਹਿਲੀ ਪੌੜੀ ਸਮਝਦਾ ਸੀ। ਆਸੇ ਪਾਸੇ ਦੇ ਲੋਕ ਉਸ ਦੀ ਮੂਰਤੀ ਵਾਂਗ ਪੂਜਾ ਕਰਦੇ ਸਨ। ਉਸ ਨੂੰ ਆਪਣਾ ਅੰਨਦਾਤਾ ਸਮਝਦੇ ਸਨ । ਪਰ ਉਸ ਦਾ ਇਕਲੌਤਾ ਬਦਜ਼ਾਤ ਪੁੱਤਰ ਉਜੜੇ ਰਸਤੇ ਪਿਆ ਫਿਰਦਾ, ਭੜਕ ਰਿਹਾ ਸੀ। ਜਿੰਨਾਂ ਦਰਸ਼ਣ ਦਾ ਬਾਪ ਨੇਕ ਸੀ, ਉਤਨਾਂ ਉਸ ਦਾ ਪੁੱਤਰ ਬਦ ਸੀ। ਜਿੰਨਾਂ ਬਾਪ ਇੱਜ਼ਤਦਾਰ ਸੀ, ਉਤਨਾਂ ਹੀ ਪੁੱਤਰ ਬੇਇੱਜ਼ਤ ਅਤੇ ਬੇਲੱਜ ਸੀ। ਧਰਮੀਂ ਬਾਪ ਨੂੰ ਬਦਨਾਮ ਪੁੱਤਰ ਦੇ ਮਿਲਦੇ ਉਲਾਂਭੇ ਚੱਪਣੀ ਵਿਚ ਨੱਕ ਡੋਬ ਕੇ ਮਰਨ ਲਈ ਮਜਬੂਰ ਕਰਦੇ! ਜਦੋਂ ਬਾਪ ਨੂੰ ਦਰਸ਼ਣ ਦੀ ਕੋਈ ਸ਼ਕਾਇਤ ਮਿਲਦੀ, ਉਸ ਨੂੰ
ਧਰਤੀ ਜਿਵੇਂ ਗਰਕਣ ਲਈ ਵਿਹਲ ਨਹੀਂ ਦਿੰਦੀ ਸੀ। ਉਸ ਦਾ ਸਰੀਰ ਸ਼ਰਮ ਮਾਰਿਆ ਪਾਣੀ ਪਾਣੀ ਹੋ ਜਾਂਦਾ।
ਦੁਪਿਹਰਾ ਢਲ਼ਿਆ।
ਕਾਲਜ ਵਿਚੋਂ ਛੁੱਟੀ ਹੋ ਗਈ ਸੀ।
ਬਿੱਲਾ ਅਤੇ ਪ੍ਰੀਤੀ ਲੋਕਲ ਬੱਸ ਚੜ੍ਹ ਕੇ ਬੱਸ ਸਟੈਂਡ ਪੁੱਜ ਗਏ। ਬੱਸ ਸਟੈਂਡ ਦੇ ਇਕ ਪਾਸੇ ਖੜ੍ਹਾ ਦਰਸ਼ਣ ਆਪਣੀਆਂ ਤਾਜ਼ੀਆਂ ਫੁੱਟੀਆਂ ਮੁੱਛਾਂ ਨੂੰ ਤਾਅ ਦੇ ਰਿਹਾ ਸੀ। ਪ੍ਰੀਤੀ ਵੱਲ ਉਹ ਭੂਸਰੀ ਗਾਂ ਵਾਂਗ ਝਾਕ ਰਿਹਾ ਸੀ। ਪਰ ਉਸ ਦੀ ਕੋਈ ਪੇਸ਼ ਨਹੀਂ ਜਾ ਰਹੀ ਸੀ। ਨਹੀਂ ਤਾਂ ਸ਼ਾਇਦ ਉਹ ਪ੍ਰੀਤੀ ਦੇ ਰੇਸ਼ਮ ਵਰਗੇ ਸਰੀਰ ਨੂੰ ਘਰੂਟਾਂ ਨਾਲ ਖਾ ਜਾਂਦਾ। ਦੰਦੀਆਂ ਨਾਲ ਨੋਚ ਲੈਂਦਾ!
ਬੱਸ ਆ ਕੇ ਰੁਕੀ।
ਭੀੜ ਕਾਫ਼ੀ ਸੀ।
ਸਵਾਰੀਆਂ ਇਕ ਦੂਜੀ ਤੋਂ ਕਾਹਲੀਆਂ ਸਨ।
ਧੱਕਾ ਪੈ ਰਿਹਾ ਸੀ।
ਬਿੱਲਾ ਬੱਸ ਵਿਚ ਚੜ੍ਹ ਗਿਆ। ਚੜ੍ਹਨ ਲੱਗੀ ਪ੍ਰੀਤੀ ਦੀ ਛਾਤੀ 'ਤੇ ਦਰਸ਼ਣ ਨੇ ਖੁੰਧਕ ਨਾਲ ਕਸਵੀਂ ਚੂੰਢੀ ਭਰ ਲਈ । ਕਸੀਸ ਵੱਟ ਕੇ..!
-"ਮਾਰਤੀ ਵੇ ਬਾਪੂ...!" ਉਸ ਦੀ ਚੰਘਿਆੜ੍ਹ ਵਰਗੀ ਚੀਕ ਨਿਕਲੀ। ਅਛੁਹ ਮਾਲੂਕ ਛਾਤੀ ਉਪਰ ਬੇਕਿਰਕੀ ਨਾਲ ਭਰੀ ਚੂੰਢੀ ਕਾਰਨ ਅਜੀਬ ਪੀੜ ਸਿੱਧੀ ਦਿਲ ਨੂੰ ਗਈ ਸੀ। ਸਰੀਰ ਅੰਦਰ ਚਸਕ ਦੀ ਲਾਟ ਫਿਰ ਗਈ ਸੀ। ਉਸ ਦੀ ਹਿੱਕ 'ਜਲੂੰ-ਜਲੂੰ’ ਕਰਨ ਲੱਗ ਪਈ।
ਬਿੱਲਾ ਇੱਕੋ ਛਾਲ ਨਾਲ ਥੱਲੇ ਉਤਰਿਆ ਅਤੇ ਦਰਸ਼ਣ ਨੂੰ ਬੱਕਰੇ ਵਾਂਗ ਢਾਹ ਲਿਆ। ਘਸੁੰਨ ਅਤੇ ਮੁੱਕੀਆਂ ਮਾਰ ਕੇ ਉਸ ਦੀਆਂ ਨਾਸਾਂ ਲਹੂ ਲੁਹਾਣ ਕਰ ਧਰੀਆਂ।
ਪਰ ਆਸੇ ਪਾਸੇ ਦੇ ਲੋਕਾਂ ਨੇ ਫੜ ਕੇ ਮਾਮਲਾ ਰਫ਼ਾ-ਦਫ਼ਾ ਕਰਵਾ ਦਿੱਤਾ।
-"ਮੈਂ ਤੈਨੂੰ ਦੇਖਲੂੰਗਾ ਉਏ ਨੰਗਾ...।" ਦਰਸ਼ਣ ਨੇ ਅਜੀਬ ਬਚਨ ਕੀਤੇ।
-"ਜਿੱਦੇਂ ਮਰਜੀ..! ਸਾਲਾ ਵੱਡਾ ਸਰਮਾਏਦਾਰ..!'
-"ਆਹੋ, ਹੈਗੇ ਆਂ ਸਰਮਾਏਦਾਰ! ਨਾਲੇ ਤੂੰ ਮੇਰੇ ਮੂਹਰੇ ਕੀ ਬੋਲੇਂਗਾ ਉਏ..? ਥੋਡਾ ਬੁੜ੍ਹਾ ਤਾਂ ਸਾਡੇ ਨਾਲ ਸੀਰੀ ਰਲ ਕੇ ਟੱਬਰ ਪਾਲਦੈ, ਤੇ ਸਾਲ਼ਿਆ ਤੂੰ ਬਣਿਆਂ ਫ਼ਿਰਦੈਂ ਰਾਠ? ਦਰਸ਼ਣ ਨੇ ਮੂੰਹ ਪਾੜ ਕੇ ਦੁਨੀਆਂ ਸਾਹਮਣੇ ਆਖ ਦਿੱਤਾ।
-“....। ਬਿੱਲੇ ਦਾ ਮੂੰਹ ਬੰਦ ਹੋ ਗਿਆ। ਉਸ ਨੂੰ ਕੋਈ ਜਵਾਬ ਨਾ ਔੜਿਆ। ਉਸ ਦੇ ਕਾਲਜਿਓਂ ਰੁੱਗ ਭਰਿਆ ਗਿਆ ਸੀ। ਦਰਸ਼ਣ ਨੇ ਉਸ ਦੀ ਦੁਖੀ ਹਿੱਕ 'ਤੇ ਮਿਹਣੇ ਦਾ ਬਾਣ ਮਾਰ ਦਿੱਤਾ ਸੀ। ਘਰ ਦੀ ਗ਼ਰੀਬੀ ਨੇ ਉਸ ਨੂੰ ਚੁੱਪ ਰਹਿਣ 'ਤੇ ਮਜਬੂਰ ਕਰ ਦਿੱਤਾ। ਗੁੱਸੇ ਅਤੇ ਬੇਵਸੀ ਵਿਚ ਉਸ ਦਾ ਮਨ ਭਰ ਆਇਆ। ਅੱਖਾਂ ਵਿਚ ਹੰਝੂ ਆ ਗਏ। ਜਿਵੇਂ ਉਹ ਸਾਰੇ ਜੱਗ ਜਹਾਨ ਸਾਹਮਣੇ ਨੰਗਾ ਹੋ ਗਿਆ ਸੀ।
-"ਸਾਅਲੀ ਕੁੱਤੀ ਜਾਤ..! ਸਾਡੇ ਘਰੇ ਕੰਮ ਕਰਕੇ ਮਸਾਂ ਡੰਗ ਟਪਾਉਂਦੇ ਐ, ਤੇ ਇਹੇ ਬਣਨ ਤੁਰ ਪਿਆ ਗਾਜੀਆਣੇਂ ਵਾਲਾ ਕੁੰਢਾ ਸਿਉਂ ।" ਦਰਸ਼ਣ ਜਿਵੇਂ ਉਤੋਂ ਦੀ ਪੈ ਗਿਆ ਸੀ।
-"ਕੰਮ ਕਰਕੇ ਈ ਡੰਗ ਟਪਾਉਂਦੇ ਐ ਨਾ? ਮੰਗ ਕੇ ਤਾਂ ਨ੍ਹੀ..?" ਪ੍ਰੀਤੀ ਬਿੱਜ ਵਾਂਗ ਪਈ।
-"........।' ਦਰਸ਼ਣ ਦਾ ਮੂੰਹ ਚਿਤੌੜਗੜ੍ਹ ਦੇ ਕਿਲ੍ਹੇ ਵਾਂਗ ਬੰਦ ਹੋ ਗਿਆ। ਘਣ ਵਰਗੀ ਗੱਲ ਮੱਥੇ ਵਿਚ ਵੱਜ ਟੀਕ ਚਲਾ ਗਈ ਸੀ। ਉਸ ਨੂੰ ਕੋਈ ਜਵਾਬ ਨਾ ਔੜਿਆ।
ਬੱਸ ਤੁਰ ਪਈ।
ਪਰ ਦਰਸ਼ਣ ਬੱਸ ਸਟੈਂਡ 'ਤੇ ਹੀ ਖੜ੍ਹਾ ਆਪਣੇ ਰੁਮਾਲ ਨਾਲ ਖ਼ੂਨ-ਖੂਨ ਹੋਈਆਂ ਨਾਸਾਂ ਪੂੰਝ ਰਿਹਾ ਸੀ।
ਬੱਸ ਭੱਜੀ ਜਾ ਰਹੀ ਸੀ।
-"ਦੇਖ ਲਿਆ ਅਮਰ ਸਿਆ? ਪਿਉ ਕਿੱਡਾ ਦੇਵਤੈ, ਤੇ ਇਹੇ ਉਹਦੇ ਘਰੇ ਕਿੱਥੋਂ ਜੰਮ ਪਿਆ ਦੈਂਤ..?'' ਇਕ ਬੁੱਢਾ ਆਖ ਰਿਹਾ ਸੀ।
-"ਇਹ ਤਾਂ ਸੂਰਜ ਨੂੰ ਗ੍ਰਹਿਣ ਲੱਗਿਐ..!"
-"ਬਾਹਲਾ ਹੰਕਾਰੀ ਐ ਸਹੁਰਾ..। ਬੰਦੇ ਨੂੰ ਬੰਦਾ ਨੀ ਗਿਣਦਾ..!"
-"ਮਿਹਣੇਂ ਤਾਂ ਦੇਖ ਕਿਵੇਂ ਮਾਰਦਾ ਸੀ, ਬੁੜ੍ਹੀਆਂ ਮਾਂਗੂੰ..?'
-"ਭਲਾ ਜੇ ਇਹਨਾਂ ਦੇ ਘਰੇ ਕੋਈ ਕੰਮ ਨਾ ਕਰੇ, ਤਾਂ ਚੱਟ ਲੇ ਜਮੀਨ ਨੂੰ..!"
-"ਨ੍ਹਾ ਇਹ 'ਕੱਲਾ ਕਿਤੇ ਬਾਹੀ ਕਰਲੂ..?"
-"ਮੈਖਿਆ ਭੈੜ੍ਹਿਆ ਦੋ ਪਹੀਆਂ ਬਗੈਰ ਗੱਡੀ ਈ ਨ੍ਹੀ ਰਿੜ੍ਹਦੀ..!"
-"ਬਿਚਾਰੇ ਕਰਨੈਲ ਸਿਉਂ ਦੀ ਪੱਗ ਰੋਲੂ ਕਿਤੇ, ਦੇਖਲੀਂ..!"
-"ਤੇ ਹੋਰ ਆਹਾ ਘੱਟ ਕਰਦੈ? ਇਹਦੇ 'ਤੇ ਕੋਈ ਅਲੈਹਦੀ ਜੁਆਨੀ ਚੜ੍ਹੀ ਐ..?"
-"ਜਗਤ ਸਿਆਂ..! ਕਲਜੁਗ ਐ, ਕਲਜੁਗ ...। ਜੁਆਨੀ ਤਾਂ ਆਪਣੇ 'ਤੇ ਵੀ ਆਈ ਸੀ..! ਬੁੜ੍ਹੀ ਕੁੜੀ ਦੇਖ ਕੇ ਗੋਡੇ ਕੰਬਣ ਲੱਗ ਜਾਂਦੇ ਸੀ..!"
-"ਤੇ ਅੱਜ ਕੱਲ੍ਹ ਦੀ ਮਡੀਹਰ ਤਾਂ ਐਨੀ ਕੋਹੜੀ ਵੀ ਐ, ਕੁੜੀ ਕੱਤਰੀ ਨੂੰ ਦੇਖ ਕੇ ਕਬਿੱਤਾਂ ਗਾਉਣ ਲੱਗ ਜਾਂਦੀ ਐ..!"
-"ਤੂੰ ਹੋਰ ਦੇਖਲੀਂ..! ਇਹ ਕੁੱਤਾ ਵੀ ਥੋੜਾ ਚਿਰ ਈ ਭੌਂਕੂਗਾ..!"
-"ਚਿੱਪਿਆ ਲੈ, ਗਿੱਲੇ ਰੱਸੇ ਮਾਂਗੂੰ ਕਿਸੇ ਨੇ..!"
-"ਕਮਲਿਆ ਚਿੱਪ ਤਾਂ ਅਗਲੇ ਆਥਣ ਨੂੰ ਦੇਣ? ਪਰ ਸਿਆਣਿਆਂ ਦੇ ਆਖਣ ਮਾਂਗੂੰ, ਅਖੇ ਕੁੱਤਿਆ ਤੇਰਾ ਮੂੰਹ ਨ੍ਹੀ ਮਾਰਦਾ, ਤੇਰੇ ਮਾਲਕ ਦਾ ਮਾਰਦੈ..!"
-"ਉਹੀ ਤਾਂ ਗੱਲ ਐ..!"
-"ਅਗਲੇ ਕੁੱਟ ਕੇ ਹੁਣ ਨੂੰ ਮੂੰਹ 'ਤੇ ਚਿੱਬ ਪਾ ਦਿੰਦੇ..!"
-"ਉਏ ਅਗਲੇ ਕਰਨੈਲ ਸਿਉਂ ਦੇ ਮੂੰਹ ਨੂੰ ਚੁੱਪ ਐ..! ਨਹੀਂ ਤਾਂ ਆਥਣ ਨੂੰ ਭੁੱਗਾ ਕੁੱਟ ਦੇਣ..!'
-"ਬਈ ਸਹੁਰਿਆ ਲਲੈਕਾ..! ਤੂੰ ਕੁਛ ਸੋਚ..! ਅਗਲੇ ਦਿਨ ਰਾਤ ਥੋਡੇ ਖੇਤਾਂ 'ਚ ਬਲਦਾਂ ਮਾਂਗੂੰ ਕੰਮ ਕਰਦੇ ਐ..!
-"ਆਹ, ਸੋਚਣੈਂ ਇਹਨੇ..? ਪੁੱਛਣ ਆਲਾ ਹੋਵੇ ? ਬਈ ਸਹੁਰਿਆ। ਥੋਡੇ ਘਰੇ ਕੰਮ ਕਰਕੇ ਡੰਗ ਈ ਟਪਾਉਂਦੇ ਐ, ਹੋਰ ਤੂੰ ਕਿਤੇ ਅਗਲਿਆਂ ਦੇ ਨਾਂ ਕਿੱਲੇ ਤਾਂ ਨ੍ਹੀ ਕਰਵਾਤੇ..?'
ਦਰਸ਼ਣ ਦੇ ਪਿੰਡ ਦੇ ਬੁੱਢੇ ਬੱਸ ਵਿਚ ਗੱਲਾਂ ਕਰ ਰਹੇ ਸਨ।
ਬਿੱਲਾ ਘੋਰ ਉਦਾਸੀ ਅਤੇ ਨਮੋਸ਼ੀ ਵਿਚ ਡੁੱਬਿਆ ਕੁਝ ਸੋਚ ਰਿਹਾ ਸੀ। ਉਸ ਦੇ ਦਿਲ ਅੰਦਰ ਕੋਈ ਲਾਵਾ, ਕੋਈ ਜਵਾਰਭਾਟਾ ਹਰਕਤ ਕਰ ਰਿਹਾ ਸੀ। ਪ੍ਰੀਤੀ ਬਿੱਲੇ ਦੀ ਮਜਬੂਰੀ ਅਤੇ ਚੁੱਪ ਨੂੰ ਸਮਝਦੀ ਸੀ। ਪ੍ਰੀਤੀ ਦੀ ਬਿੱਲ 'ਤੇ ਅੱਖ ਭਿੱਜਦੀ ਸੀ, ਉਸ ਨੂੰ ਧੁਰ ਦਿਲੋਂ ਚਾਹੁੰਦੀ ਸੀ। ਪ੍ਰੇਮ ਕਰਦੀ ਸੀ। ਪਰ ਲੋਕਾਂ ਨੂੰ ਇਹ ਪ੍ਰੇਮ ਸਬਜ਼ਬਾਗ ਅਤੇ ਕੁਝ ਦਿਨਾਂ ਦਾ ਪਾਹੁੰਣਾਂ ਹੀ ਜਾਪਦਾ ਸੀ। ਵਕਤੀ ਮਾਲੂਮ ਹੁੰਦਾ ਸੀ। ਕਿਉਂਕਿ ਪ੍ਰੀਤੀ ਇਕ ਬਹੁਤ ਵੱਡੇ ਅਤੇ ਅਮੀਰ ਘਰਾਣੇ ਨਾਲ ਸਬੰਧ
ਰੱਖਦੀ ਸੀ। ਉਸ ਦਾ ਬਾਪ ਲੱਖਾਂ ਛੱਡ, ਕਰੋੜਾਂਪਤੀ ਸੀ। ਸਾਰੀ ਜ਼ਿੰਦਗੀ ਉਸ ਦੇ ਬਾਪ ਨੇ ਮਲਾਇਆ ਵਿਚ ਇੰਮਪੋਰਟ-ਐਕਸਪੋਰਟ ਦਾ ਬਿਜ਼ਨਸ ਕੀਤਾ ਸੀ। ਅਮੀਰ ਬਾਪ ਦੀ ਲੜਕੀ ਕਿਸੇ ਨੂੰ ਪਿਆਰ ਕਰਦੀ ਸੀ..! ਪਰ ਉਸ ਦੀ ਬਦਕਿਸਮਤੀ ਇਹ ਸੀ ਕਿ ਉਹ ਗਰੀਬ ਬਿੱਲੇ ਨੂੰ ਚਾਹੁੰਦੀ ਸੀ..! ਬਾਪ ਨੇ ਲੱਖ ਸਮਝਾਉਣ 'ਤੇ ਵੀ ਰਾਜ਼ੀ ਨਹੀਂ ਹੋਣਾਂ ਸੀ। ਉਸ ਦੀ ਰੱਜੀ ਪੁੱਜੀ ਜ਼ਮੀਰ ਨੇ ਧੱਕਾ ਖਾ ਕੇ ਰਹਿ ਜਾਣਾਂ ਸੀ। ਪ੍ਰੀਤੀ ਨੂੰ ਇਕ ਗੱਲ ਦੀ ਕਦੇ ਸਮਝ ਨਹੀਂ ਲੱਗੀ ਸੀ ਕਿ ਮਾਪੇ ਆਪਣੇ ਬੱਚਿਆਂ ਦੀ ਖ਼ੁਸ਼ੀ ਨੂੰ ਅੱਖੋਂ ਪਰੋਖੇ ਕਰਕੇ, ਉਹਨਾਂ ਨੂੰ ਸੋਨੇ ਦੀ ਜੇਲ੍ਹ ਅੰਦਰ ਧੱਕਣ ਨੂੰ ਕਿਉਂ ਤਰਜ਼ੀਹ ਦਿੰਦੇ ਹਨ..? ਜਿਸ ਜੇਲ ਅੰਦਰ ਆਦਮੀ ਜਾਂ ਔਰਤ ਮਾਨਸਿਕ ਤੌਰ 'ਤੇ ਖ਼ਤਮ ਅਤੇ ਘੁੱਟ ਘੁੱਟ ਕੇ ਮਰਨ ਲਈ ਮਜਬੂਰ ਹੁੰਦਾ ਹੈ ? ਇਹੀ ਝੋਰਾ ਬਿੱਲੇ ਨੂੰ ਵੀ ਅੰਦਰੋ ਅੰਦਰੀ ਖਾਂਦਾ ਰਹਿੰਦਾ। ਪਰ ਪ੍ਰੀਤੀ ਦੇ ਮਨ 'ਤੇ ਕੋਈ ਬਹੁਤਾ ਖ਼ਾਸ ਅਸਰ ਨਹੀਂ ਸੀ। ਸ਼ਾਇਦ ਉਹ ਇਸ ਮੰਜ਼ਿਲ ਦਾ ਰਸਤਾ ਨਕਸ਼ੇ ਤੋਂ ਚੰਗੀ ਤਰ੍ਹਾਂ ਪੜ੍ਹ ਚੁੱਕੀ ਸੀ ਅਤੇ ਦਿਮਾਗ ਅੰਦਰ ਬਿਠਾ ਚੁੱਕੀ ਸੀ ? ਸ਼ਾਇਦ ਉਸ ਅੰਦਰ ਅਥਾਹ ਆਤਮ ਵਿਸ਼ਵਾਸ ਘਰ ਕਰੀ ਬੈਠਾ ਸੀ।
ਬੱਸ ਰੁਕੀ!
ਬਿੱਲਾ ਸੀਟ ਤੋਂ ਉਠਿਆ।
ਪ੍ਰੀਤੀ ਦੇ ਨਾਲ ਬਿਨਾਂ ਗੱਲ ਕੀਤਿਆਂ ਹੀ ਉਹ ਹੇਠਾਂ ਉਤਰ ਗਿਆ। ਨਹੀਂ ਤਾਂ ਹਮੇਸ਼ਾ ਉਹ ਪ੍ਰੀਤੀ ਦੇ ਕੰਨ ਕੋਲ, "ਜਿਉਂਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ " ਆਖ ਕੇ ਉਤਰਦਾ ਸੀ।
ਪ੍ਰੀਤੀ ਨੇ ਅਜੇ ਦੋ ਸਟੇਸ਼ਨ ਛੱਡ ਕੇ ਉਤਰਨਾਂ ਸੀ। ਉਸ ਦਾ ਪਿੰਡ ਅਜੇ ਅੱਗੇ ਸੀ। ਪ੍ਰੀਤੀ ਨੇ ਉਡਦੀ ਉਡਦੀ ਜਿਹੀ ਨਜ਼ਰ ਨਾਲ ਬਿੱਲੇ ਨੂੰ ਬੁਲਾਉਣ ਦੇ ਕਈ ਯਤਨ ਕੀਤੇ ਸਨ। ਪਰ ਬਿੱਲਾ ਬੋਲ ਨਹੀਂ ਸਕਿਆ ਸੀ। ਗੁੱਸੇ ਜਾਂ ਹੰਝੂਆਂ ਦਾ ਹੜ੍ਹ ਉਸ ਦੀ ਅਵਾਜ਼ ਨੂੰ ਰੋੜ੍ਹ ਕੇ ਲੈ ਜਾਂਦਾ ਸੀ। ਪਰ ਇਹ ਕਿਸ ਨੂੰ ਪਤਾ ਸੀ..? ਬਿੱਲੇ ਤੋਂ ਬਿਨਾਂ ਕਿਸੇ ਨੂੰ ਵੀ ਤਾਂ ਨਹੀਂ..!
ਬਿੱਲਾ ਚੁੱਪ ਚਾਪ, ਬਿਨਾਂ ਕਿਸੇ ਨਾਲ ਗੱਲ ਕਰਨ ਦੇ ਗੁੰਮ-ਸੁੰਮ ਜਿਹਾ ਹੋਇਆ ਘਰੇ ਪਹੁੰਚ ਗਿਆ।
ਕਿਸ਼ਤ 3
ਬਿੱਲੇ ਦੀ ਬੁੱਢੀ ਬਿਮਾਰ ਮਾਂ ਮੰਜੇ 'ਤੇ ਬੈਠੀ ਖੇਸ ਦੇ ਬੰਬਲ ਵੱਟ ਰਹੀ ਸੀ। ਉਸ ਨੂੰ ਦਿਲ ਦੀ ਬਿਮਾਰੀ ਨੇ ਘੁਣ ਵਾਂਗ ਚਰ ਲਿਆ ਸੀ। ਉਸ ਨੂੰ ਦਿਲ ਦਾ ਦੌਰਾ ਪੈਂਦਾ ਸੀ। ਬਿੱਲਾ ਅਤੇ ਉਸ ਦਾ
ਬਾਪ ਇਤਨੀ ਮਿਹਨਤ ਕਰਨ ਦੇ ਬਾਵਜੂਦ ਵੀ ਉਸ ਦਾ ਮੁਕੰਮਲ ਇਲਾਜ਼ ਨਹੀਂ ਕਰਵਾ ਸਕੇ ਸਨ। ਡਾਕਟਰਾਂ ਅਨੁਸਾਰ ਉਸ ਦੇ ਦਿਲ ਦਾ 'ਬਾਲ' ਰੁਕਦਾ ਸੀ, ਜਿਸ ਕਰਕੇ ਦਿਲ ਖੂਨ ਦੀ ਸਪਲਾਈ ਪੂਰੀ ਨਹੀਂ ਭੇਜਦਾ ਸੀ। ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਲੈ ਜਾ ਕੇ ਕਿਸੇ ਸਪੈਸ਼ਲ ਡਾਕਟਰ ਨੂੰ ਦਿਖਾਉਣ ਦੀ ਸਲਾਹ ਦਿੱਤੀ ਸੀ। ਪਰ ਗ਼ਰੀਬ ਪਿਉ-ਪੁੱਤ ਆਪਣੀ ਖਾਲੀ ਜੇਬ ਵੱਲ ਦੇਖ ਕੇ ਚੁੱਪ ਕਰ ਗਏ ਸਨ। ਜਦੋਂ ਬੰਦਾ ਆਰਥਿਕ ਪੱਖੋਂ ਮਾਰ ਖਾਵੇ, ਉਦੋਂ ਉਹ ਗੱਲ ਰੱਬ 'ਤੇ ਛੱਡ ਦਿੰਦਾ ਹੈ। ਕੋਈ ਕਿਤਨਾ ਵੀ ਨਜ਼ਦੀਕੀ ਹੋਵੇ, ਪੈਸੇ ਖੁਣੋਂ ਲੋਕ ਮਜਬੂਰੀ ਵਿਚ ਉਸ ਨੂੰ ਰੱਬ ਦੇ ਰਹਿਮ 'ਤੇ ਹੀ ਰਹਿਣ ਦਿੰਦੇ ਹਨ ਅਤੇ ਆਖਰੀ ਸਾਹ ਦੀ ਉਡੀਕ ਕਰਨ ਲੱਗ ਪੈਂਦੇ ਹਨ। ਬਿੱਲਾ ਜਾਂ ਉਸ ਦਾ ਬਾਪ ਬੇਬੇ ਨੂੰ ਪਿੰਡ ਦੇ ਹੀ ਡਾਕਟਰ ਤੋਂ ਗੋਲੀ-ਗੱਪਾ ਦੁਆ ਛੱਡਦੇ। ਜਦੋਂ ਕਦੇ ਉਸ ਦੀ ਹਾਲਤ ਗੰਭੀਰ ਹੋ ਜਾਂਦੀ, ਤਾਂ ਡਾਕਟਰ ਟੀਕਾ ਵੀ ਲਾ ਜਾਂਦਾ ਅਤੇ ਪਿਉ ਪੁੱਤ ਦੀ ਵਿਪਤਾ ਨਾਲ ਕੀਤੀ ਕਮਾਈ ਹੂੰਝ ਕੇ ਲੈ ਜਾਂਦਾ ਸੀ।
ਬੁੱਢੀ ਮਾਂ ਨੂੰ ਬਿਮਾਰੀ ਨੇ ਸਿਉਂਕ ਵਾਂਗ ਖਾ ਲਿਆ ਸੀ।
ਵਿਹੜੇ ਵਿਚ ਡਹੀ ਮੰਜੀ ਉਪਰ ਬੈਠੀ ਉਹ ਹੱਡੀਆਂ ਦੀ ਮੁੱਠ ਹੀ ਤਾਂ ਜਾਪਦੀ ਸੀ ?
ਬਿੱਲੇ ਦੀ ਇਕ ਭੈਣ ਅਤੇ ਛੋਟਾ ਭਰਾ ਸੀ । ਭਰਾ, ਜੋ ਕਿ ਨਲਾਇਕ ਅਤੇ ਪੁੱਜ ਕੇ ਇੱਲਤੀ ਸੀ। ਬਿੱਲਾ ਉਸ ਨੂੰ ਪੜ੍ਹਨ ਲਈ ਆਖਦਾ ਤਾਂ ਉਹ ਚਾਰੇ ਚੁੱਕ ਕੇ ਆਉਂਦਾ। ਉਹ ਅੱਠਵੀਂ ਕਲਾਸ ਵਿਚ ਪੜ੍ਹਦਾ ਸੀ। ਸਕੂਲ ਵਿਚ ਕਿਸੇ ਨਾ ਕਿਸੇ ਨਾਲ ਉਹ ਸਿੰਗ ਫਸਾਈ ਰੱਖਦਾ। ਘਰੋਂ ਫ਼ੀਸ ਵਾਸਤੇ ਪੈਸੇ ਲੈ ਕੇ ਜਾਂਦਾ ਤਾਂ ਉਸ ਦੀ ਫ਼ੀਸ 'ਚੰਡੋਲ 'ਤੇ ਹੀ ਰੁੜ੍ਹ ਜਾਂਦੀ ਸੀ। ਫ਼ੀਸ ਦੇ ਪੈਸੇ ਉਹ ਸਕੂਲ ਤੱਕ ਪਹੁੰਚਦਾ ਪਹੁੰਚਦਾ ਕਿਤੇ ਨਾ ਕਿਤੇ ਬਿਲੇ ਲਾ ਦਿੰਦਾ! ਜਦ ਕਦੇ ਕਿਸੇ ਵਿਦਿਆਰਥੀ ਹੱਥ ਮਾਸਟਰਾਂ ਦਾ ਸੁਨੇਹਾ ਆਉਂਦਾ ਕਿ ਅਜੇ ਸਕੂਲ ਵਿਚ ਫ਼ੀਸ ਨਹੀਂ ਪਹੁੰਚੀ, ਤਾਂ ਬਿੱਲਾ ਅਤੇ ਮਾਂ ਬਹੁਤ ਦੁਖੀ ਹੁੰਦੇ। ਇਤਨੀ ਮਿਹਨਤ ਨਾਲ ਕੀਤੀ ਕਮਾਈ ਬੱਗਾ ਫੂਕ ਮਾਰ ਕੇ ਹੀ ਉਡਾ ਦਿੰਦਾ ਸੀ!
ਬਿੱਲਾ ਕਾਲਜ ਤੋਂ ਆ ਕੇ ਕੰਮ ਕਰਨ ਚਲਾ ਜਾਂਦਾ। ਜਿਸ ਨਾਲ ਉਹ ਆਪਣੀ ਫ਼ੀਸ ਅਤੇ ਘਰ ਦਾ 'ਗੁੜ-ਚਾਹ ਤੋਰਦਾ ਸੀ। ਪੜ੍ਹਨਾ ਬਿੱਲੇ ਦਾ ਸ਼ੌਕ ਸੀ। ਉਹ ਪੜ੍ਹ ਕੇ ਲੋਕਾਂ ਨੂੰ ਕੁਝ ਬਣ ਕੇ, ਕੁਝ ਕਰ ਕੇ ਦਿਖਾਉਣਾਂ ਚਾਹੁੰਦਾ ਸੀ। ਪਰ ਬੱਗਾ ਤਾਂ ਬਹੁਤ 'ਉਚੇ' ਜੋੜਾਂ ਵਿਚ ਸੀ। ਭੈਣ ਗਿਆਨੋਂ ਪੰਜ ਪੜ੍ਹ ਕੇ ਹੀ ਹਟਾ ਲਈ ਸੀ। ਮਾਂ ਬਿਮਾਰ ਹੋਣ ਕਾਰਨ ਘਰ ਦੇ ਕੰਮ ਦਾ ਮੁਸ਼ਕਲ ਸੀ।
-"ਬਿੱਲਿਆ..! ਰੋਟੀ ਖਾ ਲੈ ਪੁੱਤ..!" ਮਾਂ ਧੁੱਪੇ ਬੈਠੀ ਬੋਲੀ।
-"......." ਬਿੱਲਾ ਚੁੱਪ ਰਿਹਾ।
-"ਪੁੱਤ, ਸਾਗ ਕੁੱਜੇ 'ਚ ਪਿਐ, ਤੇ ਰੋਟੀਆਂ ਆਲੇ `ਚ ਪੋਣੋਂ 'ਚ ਵਲੇਟੀਆਂ ਪਈਆਂ, ਖਾ ਲੈ ਮੇਰਾ ਸ਼ੇਰ..!'
-"ਮੈਨੂੰ ਭੁੱਖ ਨ੍ਹੀ..!" ਬਿੱਲਾ ਅੱਕਰਾ ਜਿਹਾ ਬੋਲਿਆ।
-"ਕਿਉਂ..? ਭੁੱਖ ਕਾਹਤੋਂ ਨ੍ਹੀ ਪੁੱਤ..? ਜਿੰਨੀ ਕੁ ਭੁੱਖ ਐ, ਇਕ ਅੱਧੀ ਖਾ ਲਾ..! ਨਹੀਂ ਤਾਂ ਅੰਦਰ ਗਰਮੀ ਪੈਜੂਗੀ..!" ਮਾਂ ਦੀ ਮਮਤਾ ਕੁਰਲਾਈ।
-"ਨਾਲੇ ਪੁੱਤ ਅੱਜ ਸਾਗ ਬਲਾਅ ਸੁਆਦ ਬਣਿਐਂ। ਅਧਕਰ ਪਾ ਕੇ ਬਣਾਇਐ ਤੇਰੀ ਭੈਣ ਨੇ..!"
-"ਮੈਂ ਕਿਹੈ ਮੈਨੂੰ ਭੁੱਖ ਨ੍ਹੀ.. !" ਬਿੱਲਾ ਪਤਾ ਨਹੀਂ ਕਿਸ 'ਤੇ ਖਿਝਿਆ ਪਿਆ ਸੀ ?
-"ਅੱਜ ਤੈਨੂੰ ਭੁੱਖ ਕਾਹਤੋਂ ਨੀ, ਮਾਂ ਸਦਕੇ? ਤੇਰਾ ਚਿੱਤ ਤਾਂ ਠੀਕ ਐ? ਤੇਰਾ ਕੁਛ ਦੁਖਦਾ ਤਾਂ ਨ੍ਹੀ..?' ਮਾਂ ਦੀਆਂ ਚਿਹਰੇ ਦੀਆਂ ਝੁਰੜੀਆਂ ਵਿਚ ਫ਼ਿਕਰ ਝਲਕਣ ਲੱਗ ਪਿਆ।
-"ਬਿੱਲੂ, ਪੁੱਤ ਤੂੰ ਅੱਜ ਬੋਲਦਾ ਕਿਉਂ ਨੀ ? ਤੇਰਾ ਚਿੱਤ ਤਾਂ ਨ੍ਹੀ ਢਿੱਲਾ..? ਉਰ੍ਹੇ ਆ ਤੇਰਾ ਮੱਥਾ ਦੇਖਾਂ..!"
-"ਮੇਰਾ ਕੁਛ ਨ੍ਹੀ ਦੁਖਦਾ! ਨਾ ਈ ਮੈਨੂੰ ਭੁੱਖ ਐ..! ਮੇਰੇ ਅੰਤਰੇ ਨਾ ਲਿਆ ਕਰੋ ਸਾਰਾ ਟੱਬਰ..!" ਬਿੱਲਾ ਬੱਦਲ ਵਾਂਗ ਗੱਜਿਆ।
-"........।' ਮਾਂ ਹੈਰਾਨ ਹੋ ਗਈ ਕਿ ਬਿੱਲਾ ਅੱਜ ਉਸ ਨਾਲ ਕਿਸ ਤਰੀਕੇ ਨਾਲ ਗੱਲ ਕਰ ਰਿਹਾ ਸੀ..? ਉਹ ਤਾਂ ਉਸ ਦਾ ਸੱਤਾਂ ਧੀਆਂ ਵਰਗਾ ਪੁੱਤ ਸੀ ? ਬਿੱਲਾ ਤਾਂ ਮਾਂ ਅੱਗੇ ਕਦੇ ਉਚੀ ਨਹੀਂ ਬੋਲਿਆ ਸੀ..? ਫਿਰ ਉਸ ਨੂੰ ਅੱਜ ਕੀ ਹੋ ਗਿਆ ਸੀ..? ਮਾਂ ਨੂੰ ਕੋਈ ਸਮਝ ਨਾ ਪਈ। ਉਹ ਘੇਸਲ ਜਿਹੀ ਵੱਟ ਗਈ।
-"ਪੁੱਤ..! ਵੇ ਮੇਰਿਆ ਸਿਉਣਿਆਂ, ਤੈਨੂੰ ਅੱਜ ਹੋ ਕੀ ਗਿਆ ?" ਮਾਂ ਨੇ ਹੌਂਸਲਾ ਕਰ ਕੇ ਪੁੱਛ ਹੀ ਲਿਆ।
-"ਮੈਨੂੰ ਕੁਛ ਨ੍ਹੀ ਹੋਇਆ..! ਕੋਈ ਨ੍ਹੀ ਮੈਂ ਮਰਨ ਲੱਗਿਆ। ਜਿੱਦੇਂ ਕੁਛ ਹੋ ਗਿਆ, ਆਪੇ ਪਤਾ ਲੱਗਜੂ..!" ਉਹ ਅਜੀਬ ਅਜੀਬ ਉਤਰ ਦੇ ਰਿਹਾ ਸੀ।
ਬਿੱਲੇ ਨੂੰ ਗੁੱਸੇ ਵਿਚ ਦੇਖ ਕੇ ਮਾਂ ਮੁਰਕੜੀ ਜਿਹੀ ਮਾਰ ਕੇ ਬੈਠ ਗਈ। ਉਸ ਨੂੰ ਕੋਈ ਸਮਝ ਨਹੀਂ ਪਈ ਸੀ ਅਤੇ ਨਾ ਹੀ ਉਸ ਦਾ ਦਿਮਾਗ ਕੋਈ ਫ਼ੈਸਲਾ ਕਰ ਸਕਿਆ ਸੀ । ਜਬਾਨ ਉਮਰ ਵਿਚ ਗੁੱਸਾ ? ਇਹ ਉਮਰ ਤਾਂ ਖੇਡਣ ਦੀ ਸੀ ? ਪੜ੍ਹਨ ਦੀ ਸੀ ਅਤੇ ਖ਼ੁਸ਼ ਰਹਿਣ ਦੀ ਸੀ ? ਪਰ ਗ਼ਰੀਬ ਦਾ ਪੁੱਤ ਤਾਂ ਖੇਡਣ ਮੱਲਣ ਦੀ ਥਾਂ ਜ਼ਿੰਮੇਵਾਰੀਆਂ ਦਾ ਜੂਲਾ ਮੋਢੇ 'ਤੇ ਰੱਖ ਸਕਦਾ ਸੀ। ਪੜ੍ਹਨ ਦੀ ਥਾਂ ਕੰਮ ਕਰ ਸਕਦਾ ਸੀ। ਖ਼ੁਸ਼ ਰਹਿਣ ਦੀ ਜਗਾਹ ਸੋਚਾਂ ਮੱਲ ਲੈਂਦੀਆਂ ਸਨ। ਮਾਂ ਨੇ ਧੁਖ਼ਦੀ ਚਿਖ਼ਾ ਵਾਂਗ ਹਾਉਕਾ ਭਰਿਆ।
-"ਅੰਮਾਂ ਘਰੇ ਈ ਐਂ.. ?" ਬਾਹਰੋਂ ਕਿਸੇ ਬੱਚੇ ਨੇ ਅਵਾਜ਼ ਦਿੱਤੀ। ਉਸ ਦੇ ਗਲ ਵਿਚ ਕਿਤਾਬਾਂ ਵਾਲਾ ਝੋਲਾ ਲਟਕ ਰਿਹਾ ਸੀ।
-"ਵੇ ਆ ਜਾਹ ਸੁੱਖੀ ਲੱਧਿਆ, ਕਿਹੜੈ ਤੂੰ..?" ਮਾਂ ਬੋਲੀ।
-"ਅੰਮਾਂ, ਬੱਗੇ ਨੇ ਅਜੇ ਤਾਈਂ ਫ਼ੀਸ ਨ੍ਹੀ ਦਿੱਤੀ, ਮਾਸਟਰਾਂ ਨੇ ਕਿਹੈ ਬਈ ਜੇ ਪਰਸੋਂ ਤੱਕ ਫ਼ੀਸ ਨਾ ਆਈ, ਤਾਂ ਉਹਦਾ ਨਾਂ ਕੱਟ ਦਿੱਤਾ ਜਾਊਗਾ..!" ਮੁੰਡੇ ਨੇ ਜਿਵੇਂ ਮੌਤ ਦੀ ਖ਼ਬਰ ਸੁਣਾਈ ਸੀ।
...........।' ਮਾਂ ਦੀਆਂ ਅੱਖਾਂ ਨੀਵੀਆਂ ਹੋ ਗਈਆਂ। ਉਸ ਦਾ ਮੂੰਹ ਬੰਦ ਹੋ ਗਿਆ। ਉਹ ਬੋਲ ਨਾ ਸਕੀ। ਪਰ ਮਾਂ ਸਮੇਂ ਦੀ ਨਬਜ਼ ਪੜ੍ਹ ਕੇ ਚੁੱਪ ਹੋ ਗਈ। ਪਰ ਬਿੱਲੇ ਅੰਦਰੋਂ ਭਾਂਬੜ ਨਿਕਲਣ ਲੱਗ ਪਏ। ਉਹ ਤਾਂ ਅੱਗੇ ਹੀ ਦੁਖੀ ਸੀ? ਉਹ ਚੁੱਪ ਚਾਪ, ਬਿਨਾਂ ਕੁਝ ਕਹੇ ਸੁਣੇਂ ਬਾਹਰ ਨਿਕਲ ਗਿਆ। ਉਸ ਦਾ ਅੰਦਰ ਧੁਖ਼ ਰਿਹਾ ਸੀ।
ਮਾਂ ਨੂੰ ਫ਼ਿਕਰ ਪੈ ਗਿਆ। ਉਹ "ਹੇ ਬਾਖ਼ਰੂ!" ਕਹਿੰਦੀ ਲੰਮਾਂ ਸਾਰਾ ਹਾਉਕਾ ਲੈ ਕੇ ਪੈ ਗਈ। ਦਿਨ ਢਲ ਗਿਆ।
-"ਮਾਂ ਰੋਟੀ ਨ੍ਹੀ ਪਈ ਕੋਈ.. ?' ਬਾਹਰੋਂ ਬੱਗਾ ਆ ਧਮਕਿਆ। ਮਾਂ ਚੁੱਪ ਰਹੀ।
-"ਇਕ ਅੱਧੀ ਰੋਟੀ ਨ੍ਹੀ ਪਈ, ਬੇਬੇ..?"
ਮਾਂ ਫ਼ਿਰ ਨਾ ਬੋਲੀ।
-"ਬੇਬੇ ਕੀ ਹੋ ਗਿਆ..? ਤੂੰ ਅੱਜ ਬੋਲਦੀ ਨ੍ਹੀ.. ?" ਬੱਗੇ ਨੇ ਸਹਿਜ ਸੁਭਾਅ ਹੀ ਬੇਬੇ ਕੋਲ ਆ ਕੇ ਪੁੱਛ ਲਿਆ। ਬੇਬੇ ਨੇ ਚੁੱਕ ਕੇ ਚੱਪਲੀ ਬੱਗੇ ਵੱਲ ਚਲਾਵੀਂ ਮਾਰੀ । ਬੱਗਾ ਪਾਸੇ ਹੋ ਗਿਆ। ਚੱਪਲੀ ਪਾਸੇ ਦੀ ਲੰਘ ਗਈ।
-"ਅੱਜ ਤਾਂ ਬਈ ਮਾਤਾ ਜੀ ਗਰਮ ਲੱਗਦੇ ਐ..!"
-"ਤੁਸੀਂ ਮੇਰਾ ਆਤਮਾਂ ਜਿਉਂ ਠੰਢਾ ਠਾਰ ਰੱਖਦੇ ਓ, ਹਰ ਬਖਤ..?" ਮਾਂ ਕੁੜ੍ਹ ਕੇ ਬੋਲੀ।
-"ਕਿਉਂ..? ਮੈਂ ਤੇਰੇ ਆਤਮੇ ਨੂੰ ਕੀ ਕਰਤਾ..?"
-'ਹਰਾਮੀਆਂ..! ਮੈਂ ਤੇਰੇ ਮੂੰਹ ਬੰਨੀਂ ਦੇਖਦੀ ਐਂ..! ਤੈਨੂੰ ਪੈਸੇ ਦੇ ਕੇ ਤੋਰਿਆ ਸੀ, ਫੇਰ ਤੂੰ ਮੱਚ ਜਾਣੀ ਫ਼ੀਸ ਕਿਉਂ ਨ੍ਹੀ ਮਚਾਈ, ਦਿੱਤੀ.. ?' ਮਾਂ ਵਿਤ ਅਨੁਸਾਰ ਕਟਕੀ ਸੀ।
ਬੱਗੇ ਦੇ ਮਨ 'ਤੇ ਕੋਈ ਬਹੁਤਾ ਅਸਰ ਨਹੀਂ ਹੋਇਆ ਸੀ। ਉਹ ਚੁੱਲ੍ਹੇ ਮੂਹਰੇ ਬੈਠ ਕੇ ਅਊਂ-ਅਊਂ ਕਰਦਾ, ਰੋਟੀਆਂ ਰਗੜਨ ਲੱਗ ਪਿਆ।
-"ਬੱਗਿਆ..! ਪੁੱਤ ਤੁਸੀਂ ਮੈਨੂੰ ਬਾਹਲਾ ਤਪਾਇਆ ਨਾ ਕਰੋ ਅੱਜ ਵੱਡਾ ਵੀ ਰੋਟੀ ਹੀ ਖਾ ਕੇ ਗਿਆ, ਪਤਾ ਨੀ ਕਿੱਧਰ ਚਲਿਆ ਗਿਆ.. ? ਤੁਸੀਂ ਹਰ ਬਖਤ ਮੇਰਾ ਕਾਲਜਾ ਭੁੰਨੀ ਜਾਨੇ ਰਹਿੰਨੇ ਐ..!" ਮਾਂ ਦੀ ਅਵਾਜ਼ ਵਿਚ ਮਮਤਾ ਦੇ ਹੰਝੂ ਬੋਲੇ!
-"ਕਿਉਂ..? ਉਹਨੂੰ ਅੱਜ ਕੀ ਸੱਪ ਲੜ ਗਿਆ? ਨਹੀਂ ਖਾਧੀ, ਨਾਂ ਖਾਵੇ..! ਅੰਨ ਨਾਲ ਕੋਈ ਬੈਰ ਐ..?"
-''ਔਤਰੇ ਦਿਆ, ਕਦੇ ਤਾਂ ਚੰਗਾ ਬਚਨ ਕੱਢ ਲਿਆ ਕਰ ਮੂੰਹੋਂ! ਤੇਰੀ ਚੰਦਰੀ ਜਬਾਨ ਕੈਂਚੀ ਮਾਂਗੂੰ ਚੱਲਦੀ ਰਹਿੰਦੀ ਐ..! ਨਾ ਤਪਾਓ ਮੈਨੂੰ ਪੁੱਤ ਬੱਗਿਆ..!"
ਕਿਸ਼ਤ 4
ਮੂੰਹ ਹਨ੍ਹੇਰਾ ਹੋਇਆ।
ਬਿੱਲਾ ਘਰੇ ਪਹੁੰਚ ਗਿਆ। ਬਾਪੂ ਪਹਿਲਾਂ ਹੀ ਪਹੁੰਚਿਆ ਹੋਇਆ ਸੀ। ਬੱਗਾ ਬਿਸਤਰੇ ਵਿਚ ਪਿਆ ਦਰਦ ਹੋਣ ਵਾਲੇ ਕੱਟਰੂ ਵਾਂਗ ਪਲਸੇਟੇ ਜਿਹੇ ਮਾਰ ਰਿਹਾ ਸੀ। ਬਿਸਤਰੇ ਵਿਚ ਮਹਿਮਾਨ ਬਣੇ ਪਏ ਬੱਗੇ ਨੂੰ ਤੱਕ ਕੇ ਬਿੱਲੇ ਨੂੰ ਚੇਹ ਚੜ੍ਹ ਗਈ। ਉਸ ਨੇ ਅੜਬ ਬੋਤੇ ਵਾਂਗ ਦੰਦ ਪੀਸੇ!
-"ਕਿਮੇਂ ਜਮਾਈ ਬਣਿਆ ਪਿਐਂ ਉਏ... ?" ਬਿੱਲੇ ਨੇ ਕਚੀਚੀ ਵੱਟੀ।
-"ਕਿਉਂ ਤੇਰਾ ਢਿੱਡ ਦੁਖਦੈ ?" ਉਸ ਨੇ ਅੱਗਓਂ ਬਚਨ ਸੁਣਾਇਆ।
-"ਮੇਰਿਆ ਸਹੁਰਿਆ..! ਨਾਲੇ ਡੱਕਾ ਨ੍ਹੀ ਤੋੜਦਾ, ਤੇ ਨਾਲੇ ਫ਼ੀਸਾਂ ਵੀ ਰਾਹ 'ਚ ਈ ਚੱਬ ਜਾਨੇਂ..?' ਬਿੱਲੇ ਨੇ ਬੱਗੇ ਦੇ ਕਈ ਥੱਪੜ ਜੜ ਦਿੱਤੇ। ਬੱਗਾ ਥਾਂ 'ਤੇ ਹੀ ਸਾਹ ਘੁੱਟ ਗਿਆ। ਉਸ ਨੂੰ ਪਤਾ ਸੀ ਕਿ ਉਸ ਦਾ ਕਸੂਰ ਸੀ। ਜੇਕਰ ਜ਼ਿਆਦਾ 'ਚਿੜ-ਫ਼ਿੜ ਕੀਤੀ, ਦੁਰਬੜੀ ਹੋਰ ਲੱਗੇਗੀ। ਬਿੱਲੇ ਨੇ ਤਾਂ ਪੈਂਦੀ ਸੱਟੇ ਹੋਰ ਤਾਉਣੀ ਲਾ ਦੇਣੀਂ ਸੀ..! ਜਾਨ ਬਚੀ ਲਾਖੋਂ ਪਾਏ.. ? ਚੁੱਪ ਵੱਟਣੀ ਹੀ ਭਲੀ ਸੀ !
-"ਚੱਲ ਹਟ ਜਾ ਬਿੱਲਿਆ.. । ਤੂੰ ਸਿਆਣੇਂ ਮੇਰਾ ਸ਼ੇਰ! ਚਲ ਜਾਣਦੇ..!" ਮਾਂ ਨੇ ਗੱਲ 'ਤੇ ਮਿੱਟੀ ਪਾਉਣੀ ਚਾਹੀ।
-"ਮਾਂ, ਇਹ ਤੇਰਾ ਈ ਚਮਲਾਇਆ ਹੋਇਐ..!"
-"ਚੱਲ ਬੱਸ ਕਰ ਮੇਰਾ ਪੁੱਤ..! ਨਾ ਮੇਰਾ ਮੱਲ! ਫੇਰ ਵੀ ਤੇਰਾ ਨਿੱਕਾ ਭਰਾ ਐ..!" ਬਾਪੂ ਨੇ ਆਖਿਆ। ਉਹ ਮੰਜੀ 'ਤੇ ਮੁਰਕੜੀ ਜਿਹੀ ਮਾਰੀ ਬੈਠਾ ਸੀ।
-"ਇਹ ਸਾਲਾ ਭਾਈ ਐ..? ਇਹ ਤਾਂ ਦੁਸ਼ਮਣ ਐਂ..! ਤੇ ਨਾਲੇ ਬਾਪੂ ਤੂੰ ਕੱਲ੍ਹ ਤੋਂ ਜੰਗੀਰਦਾਰਾਂ ਦੇ ਕੰਮ 'ਤੇ ਨ੍ਹੀ ਜਾਣਾ..!" ਬਿੱਲੇ ਨੇ ਆਪਣਾ ਦੋ ਟੁੱਕ ਫ਼ੈਸਲਾ ਸੁਣਾਇਆ।
-"ਕਿਉਂ ਕਾਹਤੋਂ ਪੁੱਤ.. ?" ਮਾਂ ਦੇ ਹਰਾਸ ਮਾਰੇ ਗਏ।
-"ਬੱਸ ਥੋਨੂੰ ਇਕ ਆਰੀ ਆਖਤਾ..! ਕੰਮ 'ਤੇ ਨ੍ਹੀ ਜਾਣਾ..!" ਉਹ ਦਿਲ ਦੀ ਪੋਟਲੀ ਬੰਦ ਹੀ ਰੱਖਣਾ ਚਾਹੁੰਦਾ ਸੀ।
-"ਪੁੱਤ ਕੰਮ ਨਾ ਕਰਾਂਗੇ, ਤਾਂ ਖਾਵਾਂਗੇ ਕੀ..?'
-"ਬੇਬੇ, ਜੰਗੀਰਦਾਰਾਂ ਦੇ ਕੰਮ ਕਰਨਾ ਆਪਾਂ ਨੂੰ ਸੁੱਖ ਕੇ ਤਾਂ ਨ੍ਹੀ ਦਿੱਤਾ ? ਮਜਦੂਰੀ ਈ ਕਰਨੀ ਐਂ..? ਕਿਤੇ ਹੋਰ ਸਹੀ.. !" ਬਿੱਲੇ ਨੇ ਅਗਲਾ ਉਤਰ ਮੋੜਿਆ।
ਕੁਝ ਚਿਰ ਚੁੱਪ ਵਰਤੀ ਰਹੀ। ਕਿਸੇ ਨੂੰ ਕਿਸੇ ਗੱਲ ਦਾ ਲੱਲ ਨਹੀਂ ਲੱਗ ਰਿਹਾ ਸੀ। ਬਾਪੂ ਸ਼ਮਸ਼ਾਨ ਘਾਟ ਵਾਂਗ ਚੁੱਪ ਸੀ।
-"ਪੁੱਤ, ਜੰਗੀਰਦਾਰ ਤਾਂ ਬੜਾ ਧਰਮੀ ਆਦਮੀ ਐਂ, ਤੈਨੂੰ ਉਹਦੇ ਨਾਲ ਕੀ ਖੁੰਧਕ ਜਾਗ ਪਈ..?'
-"ਬੇਬੇ, ਜੰਗੀਰਦਾਰ ਤਾਂ ਬਥੇਰਾ ਧਰਮੀ ਬੰਦਾ ਐ, ਕੋਈ ਸ਼ੱਕ ਨ੍ਹੀ, ਪਰ..!" ਬਿੱਲੇ ਦਾ ਗਚ ਭਰ ਆਇਆ। ਹੰਝੂਆਂ ਨੇ ਉਸ ਦੀ ਅਵਾਜ਼ ਗਲ ਵਿਚ ਹੀ ਦੱਬ ਦਿੱਤੀ।
-"ਕਮਲਿਆ ਪੁੱਤਾ… ਆਪਾਂ ਗਰੀਬ, ਉਹ ਅਮੀਰ! ਫਿਰ ਆਪਣਾ ਉਹਨਾਂ ਨਾਲ ਕੀ ਮੁਕਾਬਲਾ..? ਦੱਸ ਹੈ ਕੋਈ ਮੁਕਾਬਲਾ.. ?" ਬਾਪੂ ਨੂੰ ਜਿਵੇਂ ਕਿਸੇ ਗੱਲ ਦੀ ਸ਼ਾਇਦ ਕਨਸੋਅ ਸੀ।
-"ਸਿਉਣਿਆਂ ਪੁੱਤਾ..! ਗਰੀਬ ਨੂੰ ਆਪਣੀ ਗਰੀਬੀ ਨ੍ਹੀ ਭੁੱਲਣੀ ਚਾਹੀਦੀ! ਚਾਦਰ ਦੇਖ ਕੇ ਪੈਰ ਪਸਾਰੀਏ ਮੇਰਾ ਸ਼ੇਰ..!"
-"……………।“
-"ਵੇਖ, ਕੱਲ੍ਹ ਨੂੰ ਤੇਰੀ ਭੈਣ ਜੁਆਨ ਹੋਈ ਖੜ੍ਹੀ ਐ..? ਆਪਾਂ ਇਹਦਾ ਵਿਆਹ ਨੀ ਕਰਨਾ..? ਵਿਹਲੇ ਬੈਠ ਕੇ ਇਉਂ ਕਿਮੇ ਸਰਜੂ ਪੁੱਤ...?"
-'ਮੇਰਾ ਸ਼ੇਰ, ਕਦਮ ਸੋਚ ਸਮਝ ਕੇ ਚੱਕੀਏ। ਗਰੀਬ ਦੀ ਜਿਦ ਸਿਰੇ ਨ੍ਹੀ ਚੜ੍ਹਦੀ ਹੁੰਦੀ..।"
-"-"ਠੀਕ ਐ ਬੇਬੇ..! ਫਿਰ ਮੈਂ ਕਾਲਜ ਛੱਡ ਦਿੰਨੈਂ ।" ਬਿੱਲਾ ਅੱਤ ਨਿਰਾਸ਼ਾ ਵਿਚੋਂ ਬੋਲਿਆ। ਉਸ ਦਾ ਅੰਦਰ ਲਰਜ਼ ਰਿਹਾ ਸੀ। ਮਾਂ ਬਾਪ ਅੱਗੇ ਬੋਲਣਾਂ ਉਸ ਦੀ ਫ਼ਿਤਰਤ ਨਹੀਂ ਸੀ। ਘਰ ਦੀ ਗਰੀਬੀ ਅਤੇ ਦਰਸ਼ਣ ਦੇ ਮਾਰੇ ਤਰਕਾਂ ਦੇ ਤੀਰ ਉਸ ਨੂੰ ਰੋਹੀਏਂ ਚਾੜ੍ਹੀ ਫਿਰਦੇ ਸਨ।
ਬੱਗੇ ਦੇ ਘੁਰਾੜ੍ਹੇ ਸ਼ੁਰੂ ਹੋ ਚੁੱਕੇ ਸਨ।
ਮਾਂ ਚੁੱਪ ਕਰ ਗਈ ਸੀ। ਬਾਪੂ ਬਹੁਤੇ ਸੁਆਲ ਜਵਾਬ ਕਰਨੇ ਠੀਕ ਨਹੀਂ ਸਮਝਦਾ ਸੀ। ਪਰ ਮਾਂ ਅਤੇ ਬਾਪੂ ਬਿੱਲੇ ਦੇ ਗੁੱਸੇ ਤੋਂ ਕੋਰੇ ਸਨ। ਉਹਨਾਂ ਨੂੰ ਕਿਸੇ ਗੱਲ ਦੀ ਸਮਝ ਨਹੀਂ ਪੈ ਰਹੀ ਸੀ।
ਸਾਰੇ ਅੱਡ ਅੱਡੀ ਮੰਜਿਆਂ 'ਤੇ ਪੈ ਗਏ। ਬਿੱਲੇ ਦੀਆਂ ਅੱਖਾਂ ਵਿਚ ਨੀਂਦ ਦਾ ਨਾਮੋਂ ਨਿਸ਼ਾਨ ਨਹੀਂ ਸੀ। ਮਾਂ ਅਤੇ ਬਾਪੂ ਵੀ ਸੋਚਾਂ ਦੀਆਂ ਲਹਿਰਾਂ ਵਿਚ ਡੁੱਬੇ ਹੋਏ ਸਨ। ਕੋਈ ਕੁਝ ਸੋਚਣ ਦਾ ਯਤਨ ਕਰਦਾ, ਪਰ ਮਨ ਫ਼ੈਸਲਾ ਨਾ ਕਰ ਸਕਦਾ। ਦਿਮਾਗ ਖਲਾਅ ਵਿਚ ਗੇੜੇ ਦੇ ਕੇ ਖਾਲੀ ਹੱਥ ਵਾਪਸ ਪਰਤ ਆਉਂਦਾ।
ਅਗਲੇ ਦਿਨ ਬਿੱਲਾ ਗਾਇਬ ਸੀ। ਪਤਾ ਨਹੀਂ ਉਹ ਕਿਹੜੀ ਕੂਟੀਂ ਚੜ੍ਹ ਗਿਆ ਸੀ। ਬੱਸ, ਮਾਂ ਨੂੰ ਸਿਰਫ਼ ਇਤਨਾ ਹੀ ਦੱਸ ਕੇ ਗਿਆ ਸੀ ਕਿ ਉਹ ਕੁਝ ਦਿਨ ਅਟਕ ਕੇ ਆਵੇਗਾ। ਪਰ ਗਿਆ ਕਿੱਥੇ ਸੀ..? ਕਦੋਂ ਆਵੇਗਾ..? ਮਾਂ ਦੇ ਪੁੱਛਣ 'ਤੇ ਵੀ ਉਸ ਨੇ ਨਹੀਂ ਦੱਸਿਆ ਸੀ।
ਬਾਪ ਅੱਜ ਦੁਪਿਹਰੇ ਹੀ ਕੰਮ ਤੋਂ ਆ ਗਿਆ ਸੀ। ਬੇਬੇ ਦੀ ਹਾਲਤ ਕਾਫ਼ੀ ਖਰਾਬ ਹੋ ਗਈ ਸੀ। ਬੱਗਾ ਮਾਂ ਦੇ ਅੱਗੇ ਪਿੱਛੇ ਮੰਜੇ ਦੁਆਲੇ ਭੱਜਿਆ ਫਿਰਦਾ ਸੀ। ਗਿਆਨੋਂ ਦੇ ਸਾਹ ਸੁੱਕੇ ਹੋਏ ਸਨ। ਉਹ ਕਾਲਜਾ ਫੜੀ ਫਿਰਦੀ ਸੀ।
ਡਾਕਟਰ ਬੁਲਾਇਆ ਗਿਆ।
ਡਾਕਟਰ ਨੇ ਟੀਕਾ ਲਾਇਆ। ਦੁਆਈ ਦਿੱਤੀ ਅਤੇ ਉਸ ਨੂੰ ਸ਼ਹਿਰ ਹਸਪਤਾਲ ਦਾਖ਼ਲ ਕਰਾ ਦੇਣ ਦੀ ਰਾਇ ਦਿੱਤੀ। ਸ਼ਹਿਰ ਅਤੇ ਹਸਪਤਾਲ ਦਾ ਨਾਂ ਸੁਣ ਕੇ ਬਾਪੂ ਦਾ ਸਾਹ ਦਿਮਾਗ ਨੂੰ ਚੜ੍ਹ ਗਏ। ਉਸ ਨੂੰ ਕੁਝ ਔੜ ਨਹੀਂ ਰਿਹਾ ਸੀ। ਉਹ ਸਿਰ ਫੜੀ ਧਰਤੀ 'ਤੇ ਬੈਠਾ ਸੀ। ਅਤੀਅੰਤ ਦੁਖੀ ਬਾਪੂ ਆਪਣੀ ਕਿਸਮਤ ਨੂੰ ਕੋਸਣ ਲੱਗ ਪਿਆ! ਅਤਰ ਕੌਰ ਦੀ ਹਾਲਤ ਪਲੋ ਪਲ ਵਿਗੜਦੀ ਜਾ ਰਹੀ ਸੀ।
ਬੱਗੇ ਨੇ ਤੱਕਿਆ ਕਿ ਬਾਪੂ ਬੇਬੇ ਦੇ ਪੀਲ਼ੇ ਵਿਸਾਰ ਚਿਹਰੇ ਵੱਲ ਤੱਕ ਕੇ ਬਾਹਰ ਨਿਕਲ ਗਿਆ ਸੀ। ਉਹ ਸਿੱਧਾ ਕਰਨੈਲ ਸਿੰਘ ਪਾਸ ਪਹੁੰਚਿਆ।
-"ਆ ਬਈ ਮੁਕੰਦ ਸਿਆਂ..?" ਕਰਨੈਲ ਸਿੰਘ ਬੜੀ ਨਿਮਰਤਾ ਅਤੇ ਅਪਣੱਤ ਨਾਲ ਬੋਲਿਆ।
-"ਸਰਦਾਰ ਜੀ, ਇਕ ਕੰਮ ਆਇਆ ਸੀ..!'
- "ਬੈਠ ਕੇ ਦੱਸ..."
-"ਸਰਦਾਰ ਜੀ, ਬੱਗੇ ਦੀ ਮਾਂ ਬਹੁਤ ਢਿੱਲੀ ਐ..!" ਮੁਕੰਦ ਸਿੰਘ ਦਾ ਚਿਹਰਾ ਬੁਝਿਆ ਪਿਆ ਸੀ।
-"ਉਸ ਨੂੰ ਬਈ ਕਿਸੇ ਚੰਗੇ ਡਾਕਟਰ ਨੂੰ ਦਿਖਾਓ..! ਜਿਵੇਂ ਆਂਹਦੇ ਹੁੰਦੇ ਐ, ਸਿਆਣੇ ਬੁੜ੍ਹੀ ਬੰਦੇ ਦਾ ਤਾਂ ਘਰੇ ਬੈਠੇ ਦਾ ਈ ਬੜਾ ਆਸਰਾ ਹੁੰਦੈ..?"
-"ਪਰ ਸਰਦਾਰ ਜੀ, ਡੁੱਬੀ ਤਾਂ, ਤਾਂ ਜੇ ਸਾਹ ਨਾ ਆਇਆ..? ਪੈਸਾ ਤਾਂ ਜੇਬ 'ਚ ਜਹਿਰ ਖਾਣ ਨੂੰ ਨ੍ਹੀ..! ਨਾਲੇ ਸਹੁਰੇ ਡਾਕਦਾਰ ਕਿਹੜਾ ਫੀਸ ਲਈ ਤੋਂ ਬਿਨਾਂ ਗੱਲ ਗੌਲਦੇ ਐ..?" ਮੁਕੰਦ ਸਿੰਘ ਦੀਆਂ ਅੱਖਾਂ ਵਿਚ ਹੰਝੂ ਛਲਕ ਪਏ।
-"ਹੈ ਕਮਲਾ..! ਤੂੰ ਮੈਨੂੰ ਪਹਿਲਾਂ ਕਿਉਂ ਨੀ ਦੱਸਿਆ।। ? ਪੈਸੇ ਧੇਲੇ ਵੱਲੋਂ ਅਤਰ ਕੌਰ ਦੀ ਜਾਨ ਨਾ ਜਾਵੇ..! ਸਹੁਰੀ ਮਾਇਆ ਦਾ ਕੀ ਐ..? ਇਹ ਤਾਂ ਹੱਥਾਂ ਦੀ ਮੈਲ ਐ, ਪਰ ਬੰਦਾ ਨ੍ਹੀ ਕਿਤੋਂ ਥਿਆਉਂਦਾ..! ਆਹ ਚੱਕ!" ਨੋਟਾਂ ਦਾ ਰੁੱਗ ਭਰ ਕੇ ਕਰਨੈਲ ਸਿੰਘ ਨੇ ਮੁਕੰਦ ਸਿੰਘ ਦੇ ਹੱਥ 'ਤੇ ਰੱਖ ਦਿੱਤੇ।
-"ਪਰ ਸਰਦਾਰ ਜੀ, ਇਹ ਮੈਂ ਮੋੜੂੰ ਕਿਵੇਂ ?" ਮੁਕੰਦ ਸਿੰਘ ਅੱਗੇ ਪਹਾੜ ਜਿੱਡੀ ਮੁਸ਼ਕਿਲ ਖੜ੍ਹੀ ਸੀ। ਉਸ ਦੇ ਜੋੜੇ ਹੱਥ ਕੰਬ ਰਹੇ ਸਨ।
-"ਮੁਕੰਦ ਸਿਆਂ, ਪਹਿਲਾਂ ਤੂੰ ਅਤਰ ਕੌਰ ਬਾਰੇ ਸੋਚ..! ਮੋੜ ਮੁੜਾਈ ਬਾਰੇ ਆਪਾਂ ਕਦੇ ਫੇਰ ਸੋਚਾਂਗੇ..! ਇਹ ਫ਼ਿਕਰ ਤੂੰ ਦਿਲੋਂ ਕੱਢ। ਭਾਵੇਂ ਚਾਰ ਦਿਨ ਤੂੰ ਵੀ ਕੰਮ 'ਤੇ ਨਾ ਆਈਂ..! ਅਤਰ ਕੌਰ ਦਾ ਖਿਆਲ ਰੱਖ! ਕੰਮ ਦਾ ਆਪੇ ਸਰੀ ਜਾਊ.. !" ਕਰਨੈਲ ਸਿੰਘ ਨੇ ਕਿਹਾ।
ਮੁਕੰਦ ਸਿੰਘ ਨੇ ਸ਼ੁਕਰਾਨੇ ਭਰੀਆਂ ਨਜ਼ਰਾਂ ਨਾਲ ਕਰਨੈਲ ਸਿੰਘ ਵੱਲ ਤੱਕਿਆ ਅਤੇ ਪੈਸੇ ਕੁੜਤੇ ਦੀ ਜੇਬ ਵਿਚ ਪਾ ਲਏ।
-"ਅੱਛਾ ਸਰਦਾਰ ਜੀ, ਕਦੇ ਮੁਕੰਦ ਸਿੰਘ ਦੀ ਜਾਨ ਦੀ ਲੋੜ ਪਵੇ ਤਾਂ ਹਾਜਰ ਐ..! ਜਦੋਂ ਮਰਜੀ ਬੁਲਾ ਲੈਣਾਂ..।" ਉਸ ਨੇ ਇਕ ਤਰ੍ਹਾਂ ਨਾਲ ਬਚਨ ਦਿੱਤਾ।
ਮੁਕੰਦ ਸਿੰਘ ਚਲਾ ਗਿਆ।
ਅਜੇ ਉਹ ਕਰਨੈਲ ਸਿੰਘ ਦੇ ਘਰ ਤੋਂ ਬਾਹਰ ਹੀ ਨਿਕਲਿਆ ਸੀ ਕਿ ਉਸ ਦੇ ਪਿੱਛੇ ਆ ਰਿਹਾ ਦਰਸ਼ਣ ਉਸ ਵੱਲ ਭੁੱਖੇ ਮਗਰਮੱਛ ਵਾਂਗ ਝਾਕਿਆ। ਮੁਕੰਦ ਸਿੰਘ ਉਸ ਨੂੰ ਤੱਕ ਕੇ ਠਠੰਬਰ ਜਿਹਾ ਗਿਆ, ਸਹਿਮ ਜਿਹਾ ਗਿਆ।
-"ਅੱਜ ਕੱਲ੍ਹ ਪਿਉ ਪੁੱਤ ਬੜੇ ਦਿਮਾਗੀ ਹੋ ਗਏ.. !" ਦਰਸ਼ਣ ਨੇ ਵਿਅੰਗਮਈ ਆਖਿਆ।
-"ਦਰਸ਼ਣ ਸਿਆਂ, ਮੈਂ ਤੇਰੀ ਗੱਲ ਨ੍ਹੀ ਸਮਝਿਆ..?'
-"ਬੱਲੇ..! ਪੁੱਤ ਅਮੀਰ ਘਰ ਦੀ ਕੁੜੀ ਦੇ ਪੱਟਾਂ ਦਾ ਸਿਰਾਣਾਂ ਬਣਾਂ ਕੇ ਜਾਇਦਾਦ ਹੜੱਪ ਕਰਨੀ ਚਾਹੁੰਦੈ, ਤੇ ਪਿਉ ਬਿਮਾਰ ਰੰਨ ਦਾ ਬਹਾਨਾ ਬਣਾਂ ਕੇ ਥੁੱਕ ਲਾ ਜਾਂਦੈ..!"
-"ਦਰਸ਼ਣ ਸਿਆਂ, ਉਹ ਤੇਰੀਆਂ ਮਾਵਾਂ ਅਰਗੀ ਐ, ਭਲਾ ਐਹੋ ਜੀਆਂ ਗੱਲਾਂ ਕਰਦਾ ਚੰਗਾ ਲੱਗਦੈਂ..?"
-"ਤੁਸੀਂ ਦੂਜਿਆਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਲੁੱਟ ਸਕਦੇ ਐਂ, ਤੇ ਸਾਡਾ ਰੰਨ ਕਹਿਣਾਂ ਵੀ ਚੁੱਭਦੈ..? ਥੋਡਾ ਟੱਬਰ ਜਿੰਦਾਬਾਦ, ਦੋਹੀਂ ਹੱਥੀਂ ਲੱਡੂ ਆਏ ਐ, ਲੁੱਟੀ ਚੱਲੋ ਬੁੱਲੇ..!"
-"ਦਰਸ਼ਣ ਸਿਆਂ, ਗਰੀਬ ਦੀ ਭਲਮਾਣਸੀ ਦੇ ਛਿੱਤਰ ਨ੍ਹੀਂ ਮਾਰੀਦੇ..!"
-"ਵਾਹ ਕਿਆ ਡਾਇਲਾਗ ਮਾਰਾ? ਅਮੀਰਾਂ ਦੀਆਂ ਕੁੜੀਆਂ ਦੀਆਂ ਬੁੱਕਲਾਂ 'ਚ ਪੈਣਾਂ ਥੋਨੂੰ ਈ ਲਿਖ ਕੇ ਦਿੱਤੇ.. ? ਸੱਚੀ ਗੱਲ ਆਖੀ ਤੋਂ ਹਰ ਇਕ ਦੀ ਮੱਚਦੀ ਐ!"
-"ਕੋਈ ਗੱਲ ਪੱਲੇ ਵੀ ਪਾਵੇਂਗਾ? ਮੇਰੇ ਡਮਾਕ 'ਚ ਕੋਈ ਗੱਲ ਨ੍ਹੀ ਵੜੀ ਸ਼ੇਰਾ..!"
-"ਗੱਲ ਪੱਲੇ ਤਾਂ ਤੇਰਾ ਬਿੱਲਾ ਈ ਪਾਊ ਮਿੱਤਰਾ.! ਜੇ ਉਹਨੇ ਨਾ ਕੁਛ ਪੱਲੇ ਪਾਇਆ, ਨੱਕ ਦੀ ਸੇਧ ਨੂੰ ਮੇਰੇ ਕੋਲੇ ਆਜੀ, ਅਖਾੜਾ ਗੱਡਲਾਂਗੇ..। ਫੇਰ ਸੁਣਾਉਂ ਪੰਚਮ 'ਚ ਹੋ ਕੇ..!"
-"ਦਰਸ਼ਣ ਸਿਆਂ, ਗੱਲ ਕਿਸੇ ਰਾਹ ਵੀ ਪਾਵੇਂਗਾ, ਕਾਹਨੂੰ ਗਰੀਬ ਬੰਦੇ ਨੂੰ ਹੋਰ ਦੁਖੀ ਕਰਦੈਂ ? ਮੈਂ ਤਾਂ ਅੱਗੇ ਈ ਸਤਿਆ ਪਿਐਂ..!"
-"ਤੇਰਾ ਪੁੱਤ ਨ੍ਹੀ ਨਾ ਗਰੀਬ ਸਮਝਦਾ ਆਪਣੇ ਆਪ ਨੂੰ.. ? ਉਹ ਤਾਂ ਮਲਾਇਆ ਵਾਲਿਆਂ ਦੀ ਕੁੜੀ ਦੀਆਂ ਬਾਂਹਾਂ 'ਚ ਬਾਂਹਾਂ ਪਾ ਕੇ ਚਿੱਤੜ ਉਚੇ ਕਰ ਕਰ ਤੁਰਦੈ । ਉਹ ਤਾਂ ਮਲਾਇਆ ਵਾਲ਼ੇ ਬਲੌਰ ਸਿਉਂ ਦਾ ਸੱਜਰਾ ਜਮਾਈ ਸਮਝਦੇ ਆਪਦੇ ਆਪ ਨੂੰ… ਉਦੇਂ ਪਤਾ ਲੱਗੂ, ਜਿੱਦੇਂ ਅਗਲਿਆਂ ਨੇ ਬੱਕਰੇ ਮਾਂਗੂੰ ਉਲੱਦ ਕੇ ਮਾਰਿਆ, ਪਈ ਦਿਮਾਗ 'ਚ ਗੱਲ ਕਿ ਅਜੇ ਵੀ ਨ੍ਹੀ..?"
ਮੁਕੰਦ ਸਿੰਘ ਦੀਆਂ ਅੱਖਾਂ ਅੱਗੇ ਹਨ੍ਹੇਰ ਛਾ ਗਿਆ । ਦਰਸ਼ਣ ਦੀਆਂ ਬਰਛੀ ਵਰਗੀਆਂ ਗੱਲਾਂ ਨੇ ਉਸ ਦਾ ਕਾਲਜਾ ਕੱਢ ਲਿਆ ਸੀ। ਉਸ ਨੂੰ ਬਿੱਲੇ 'ਤੇ ਕਰੋਧ ਚੜ੍ਹ ਗਿਆ। ਕਸੂਰ ਉਸ ਦੀ ਆਪਣੇ ਔਲਾਦ ਦਾ ਸੀ। ਨਹੀਂ ਤਾਂ ਦਰਸ਼ਣ ਵਰਗੇ ਉਸ ਦੀ ਚੁਰੱਸਤੇ ਵਿਚ ਬੇਇੱਜ਼ਤੀ ਨਾ ਕਰ ਸਕਦੇ। ਹੁਣ ਬਿੱਲਾ ਸਾਹਮਣੇ ਹੁੰਦਾ ਤਾਂ ਮੁਕੰਦ ਸਿੰਘ ਨੇ ਉਸ ਨੂੰ ਸ਼ਾਇਦ ਕੱਚੇ ਨੂੰ ਚੱਬ ਜਾਣਾਂ ਸੀ।
ਦਰਸ਼ਣ ਗਾਇਬ ਸੀ।
ਤੁਰਨ ਲੱਗਿਆ ਉਹ ਮੁਸ਼ਕੜੀਏਂ ਹੱਸਿਆ ਸੀ। ਉਹ ਤਾਂ ਡੱਬੂ ਸੀ, ਬੱਸ! ਸੀਖ਼ ਲਾ ਕੇ ਕੰਧ 'ਤੇ ਜਾ ਚੜਿਆ ਸੀ। ਭਾਂਬੜ ਤਾਂ ਹੁਣ ਬਿੱਲੇ ਕੇ ਘਰ ਹੀ ਮੱਚਣੇ ਸਨ।
ਮੁਕੰਦ ਸਿੰਘ ਗੁੰਮ ਸੁੰਮ ਹੋਇਆ ਸਤੰਭ ਖੜ੍ਹਾ ਸੀ। ਉਸ ਦੇ ਦਿਲ ਦਿਮਾਗ ਨੂੰ ਇਕ ਸਦਮਾਂ ਪੁੱਜਿਆ ਸੀ। ਸਰੀਰ ਪਾਰੇ ਵਾਂਗ 'ਝਰਨ-ਝਰਨ' ਕਰ ਰਿਹਾ ਸੀ। ਡੂੰਘੀਆਂ ਅਤੇ ਉਦਾਸ ਸੋਚਾਂ ਵਿਚ ਡੁੱਬਿਆ ਉਹ ਘਰ ਨੂੰ ਤੁਰ ਪਿਆ। ਡਰੀ ਗਊ ਵਾਂਗ ਉਹ ਓਪਰਾ ਓਪਰਾ ਝਾਕ ਰਿਹਾ ਸੀ। ਚੁਪਾਸਾ ਜਿਵੇਂ ਉਸ ਨੂੰ ਖਾਣ ਆ ਰਿਹਾ ਸੀ। ਦਿਮਾਗ ਚੱਕਰੀ ਗੇੜੇ ਪਿਆ ਹੋਇਆ ਸੀ। ਕਿਸੇ ਤਲਖ਼ੀ ਕਾਰਨ ਉਸ ਦਾ ਬਦਨ ਜਿਵੇਂ ਜਲ ਰਿਹਾ ਸੀ।
ਡਿੱਗਦਾ ਢਹਿੰਦਾ ਉਹ ਘਰੇ ਪਹੁੰਚ ਗਿਆ।
ਅਤਰ ਕੌਰ ਮੰਜੀ 'ਤੇ ਪਈ ਹੂੰਗਰ ਮਾਰ ਰਹੀ ਸੀ। ਉਸ ਦੀਆਂ ਅੱਖਾਂ ਅੱਧ-ਖੁੱਲ੍ਹੀਆਂ, ਚਿਹਰਾ ਬੱਗਾ ਪੂਣੀਂ ਅਤੇ ਬੁੱਲ੍ਹ ਪੱਤੇ ਵਾਂਗ ਸੁੱਕੇ ਹੋਏ ਸਨ। ਮੰਜੀ ਹੇਠਲਾ ਥਾਂ ਗਿੱਲਾ ਸੀ, ਸ਼ਾਇਦ ਬੇਵੱਸੀ ਵਿਚ ਪਿਸ਼ਾਬ ਨਿਕਲ ਗਿਆ ਸੀ। ਗਿਆਨ ਅਤੇ ਬੱਗਾ ਮੰਜੀ ਦੇ ਪਾਸੀਂ ਮੱਖੀਆਂ ਵਾਂਗ ਲੱਗੇ ਬੈਠੇ ਸਨ।
-"ਅਤਰ ਕੁਰੇ, ਚੱਲ ਤੈਨੂੰ ਡਾਕਦਾਰ ਦੇ ਲੈ ਕੇ ਚੱਲਾਂ.. !" ਸੋਚਾਂ ਨਾਲ ਝੰਬੇ ਮੁਕੰਦ ਸਿੰਘ ਨੇ ਕਿਹਾ।
-"ਨਹੀਂ, ਮੈਂ ਨੀ ਜਾਣਾਂ, ਆਪੇ 'ਰਾਮ ਆਜੂ..!"
-"ਆਪੇ 'ਰਾਮ ਕਿਮੇ ਆਜੂ.. ? ਚੱਲ ਉਠ, ਜਿਦ ਨੀ ਕਰੀਦੀ ਹੁੰਦੀ! ਤੇਰੇ ਬਿਨਾਂ ਤਾਂ ਕਮਲੀਏ ਜੁਆਕ ਰੁਲ ਜਾਣਗੇ..! ਉਠ... !' ਮੁਕੰਦ ਸਿੰਘ ਨੇ ਉਸ ਨੂੰ ਬਾਹੋਂ ਫੜ ਕੇ ਬੈਠਾ ਕਰ ਲਿਆ।
-"ਬੱਗੇ ਦੇ ਬਾਪੂ, ਮੈਨੂੰ ਮੇਰੇ ਪੁੱਤ ਬਿੱਲੇ ਨੂੰ ਮਿਲਾ ਦੇਹ, ਮੈਂ ਠੀਕ ਹੋਜੂੰਗੀ..!'
-"ਮੈਂ ਉਹਨੂੰ ਕਮਜਾਤ ਨੂੰ ਹੁਣ ਕਿੱਥੋਂ ਭਾਲਾਂ?" ਬਾਪੂ ਭੜਾਕੇ ਵਾਂਗ ਚੱਲਿਆ।
-"ਮਾਂ..! ਤੂੰ ਉਠ ਕੇ ਹਸਪਤਾਲ ਜਾਹ। ਮੈਂ ਬਿੱਲੇ ਨੂੰ ਭਾਲ ਕੇ ਲਿਆਉਨੈਂ ਬੱਗੇ ਨੇ ਬੜ੍ਹਕ ਮਾਰੀ।
ਬਾਪੂ ਮਾਂ ਨੂੰ ਸਾਈਕਲ 'ਤੇ ਬਿਠਾ ਕੇ ਸ਼ਹਿਰ ਨੂੰ ਤੁਰ ਗਿਆ। ਬੱਗਾ ਝੂਠਾ ਜਿਹਾ ਹੋ ਕੇ ਬੈਠ ਗਿਆ। ਅੱਜ ਪਹਿਲੀ ਵਾਰ ਉਸ ਨੂੰ ਭਾਈ ਨਾ ਘਰੇ ਹੋਣ ਦਾ ਅਹਿਸਾਸ ਹੋਇਆ ਸੀ। ਨਹੀਂ ਤਾਂ ਉਹ ਸੁੱਖਾਂ ਹੀ ਸੁੱਖਦਾ ਰਹਿੰਦਾ ਸੀ ਕਿ ਬਿੱਲਾ ਘਰ ਹੀ ਨਾ ਆਵੇ!
ਰਾਤ ਪੈ ਗਈ।
ਪਰ ਬਾਪੂ ਅਜੇ ਵੀ ਸ਼ਹਿਰੋਂ ਨਹੀਂ ਪਰਤਿਆ ਸੀ। ਨਾ ਹੀ ਬੱਗੇ ਨੇ ਰੋਟੀ ਪਕਾਉਣ ਬਾਰੇ ਆਖਿਆ ਅਤੇ ਨਾ ਹੀ ਗਿਆਨ ਨੇ ਰੋਟੀ ਪਕਾਈ। ਸ਼ਾਇਦ ਅੱਜ ਉਹਨਾਂ ਨੂੰ ਭੁੱਖ ਹੀ ਨਹੀਂ ਲੱਗੀ ਸੀ।
ਗਲੀ ਵਾਲੇ ਦਰਵਾਜੇ 'ਤੇ ਖੜਕਾ ਹੋਇਆ।
ਬੱਗੇ ਨੇ ਕੰਨ ਸਹੇ ਵਾਂਗ ਉਚੇ ਚੁੱਕੇ। ਚੁਸਤ ਕੁੱਤੇ ਵਾਂਗ ਉਸ ਨੇ ਕੰਨ ਬੜਿੱਕੇ ਜਿਹੇ ਭੰਨ ਕੇ ਬਿੜਕ ਲਈ। ਸ਼ਾਇਦ ਬਾਪੂ ਆ ਗਿਆ ਸੀ। ਮਾਂ ਦਾ ਹਾਲ ਚਾਲ ਪੁੱਛਣ ਲਈ ਉਹ ਹਾਬੜਿਆ ਪਿਆ ਸੀ।
-'ਆ ਗਿਆ ਬਾਪੂ..?" ਬੱਗੇ ਨੇ ਦੀਵਾ ਉਚਾ ਚੁੱਕ ਕੇ ਪੁੱਛਿਆ।
ਕੋਈ ਜਵਾਬ ਨਾ ਆਇਆ।
ਬੱਗਾ ਮੂਲੋਂ ਹੀ ਘਾਬਰ ਗਿਆ। ਉਸ ਦਾ ਦਿਲ ਇੱਕ ਵਾਰ ਹੀ ਧੜਕਿਆ ਸੀ। ਮੱਥਾ ਠਣਕਿਆ ਸੀ। ਖ਼ੈਰ ਨਹੀਂ ਸੀ, ਜਾਂ ਸੁੱਖ ਦਾ ਸੁਨੇਹਾ ਨਹੀਂ ਸੀ ? ਜਿਹੜਾ ਬਾਪੂ ਨੇ ਉਤਰ ਹੀ ਨਹੀਂ ਦਿੱਤਾ ਸੀ ?
-"ਬਾਪੂ ਆ ਗਿਆ ਤੂੰ..?" ਬੱਗੇ ਨੇ ਚੰਘਿਆੜ੍ਹ ਜਿਹੀ ਮਾਰੀ। ਉਹ ਦੀਵਾ ਲੈ ਕੇ ਦਰਵਾਜੇ ਵੱਲ ਨੂੰ ਗਿਆ।
-"ਕਿਹੜੈ ਉਏ ਬਾਪੂ ਆਖਣ ਆਲਾ.. ?" ਬਿੱਲਾ ਬਾਘੜ ਬਿੱਲੇ ਵਾਂਗ ਘੁਰਕਿਆ। ਉਸ ਦੀ ਜੁਬਾਨ ਥਥਲਾ ਰਹੀ ਸੀ। ਪੈਰ ਉਖੜ ਰਹੇ ਸਨ। ਸਾਹਾਂ 'ਚੋਂ ਸ਼ਰਾਬ ਦੀ ਬੂਅ ਆ ਰਹੀ ਸੀ। ਉਹ ਨਸ਼ੇ ਵਿਚ ਧੁੱਤ ਸੀ।
ਬੱਗੇ ਨੇ ਉਦਾਸ ਜਿਹੀ ਲਾਟ ਵਾਲਾ ਦੀਵਾ ਉਪਰ ਚੁੱਕਿਆ। ਉਸ ਦੀਆਂ ਆਚੰਭੇ ਭਰੀਆਂ ਅੱਖਾਂ ਖੁੱਲ੍ਹੇ ਦੀਆਂ ਖੁੱਲ੍ਹੀਆਂ ਹੀ ਰਹਿ ਗਈਆਂ। ਬਿੱਲੇ ਦੇ ਸਿਰ 'ਤੇ ਸੁੱਚੀ ਮੋਤੀਆ ਪੱਗ, ਕਰੀਮ ਰੰਗਾ
ਕਲੀਆਂ ਵਾਲਾ ਕੁੜਤਾ ਅਤੇ ਕਰੀਮ ਰੰਗਾ ਹੀ ਚਾਦਰਾ ਬੰਨ੍ਹਿਆ ਹੋਇਆ ਸੀ। ਪੈਰਾਂ ਵਿਚ ਕੱਢਵੀਂ ਨੋਕਦਾਰ ਜੁੱਤੀ ਸੀ, ਜੋ ਦੀਵੇ ਦੇ ਖ਼ਾਮੋਸ਼ ਚਾਨਣ ਵਿਚ ਇੱਕੋ ਵਾਰ ਹੀ ਚਮਕੀ ਸੀ। ਉਸ ਦੇ ਸੱਜੇ ਹੱਥ ਵਿਚ ਸੋਨੇ ਦੀਆਂ ਦੋ ਮੁੰਦਰੀਆਂ ਪਾਈਆਂ ਹੋਈਆਂ ਸਨ, ਜੋ ਲਾਟ ਦੇ ਚਾਨਣ ਵਿਚ ਟਟਿਆਣੇ ਵਾਂਗ ਦਗ ਰਹੀਆਂ ਸਨ । ਉਹ ਕਾਲਜੀਏਟ ਬਿੱਲਾ ਨਹੀਂ, ਕੋਈ ਜੱਦੀ ਸਰਦਾਰ ਬਿੱਲਾ ਲੱਗਦਾ ਸੀ।
-"ਇਹ ਪੈਂਟ ਕਮੀਜ ਲਾਹ ਕੇ ਪੋਸ਼ ਕਿੱਧਰੋਂ ਬਦਲ ਆਇਆ.. ?" ਬੱਗੇ ਨੇ ਆਪਣੇ ਮਨ ਤੋਂ ਪੁੱਛਿਆ। ਉਸ ਦਾ ਮੂੰਹ ਰੋਟੀਆਂ ਵਾਲੇ ਆਲ਼ੇ ਵਾਂਗ ਖੁੱਲ੍ਹਾ ਸੀ।
-"ਬੇਬੇ ਕਿੱਥੇ ਐ ਉਏ.. ?" ਉਸ ਦੇ ਪੁੱਛਣ ਦਾ ਅੰਦਾਜ਼ ਵੱਖਰਾ ਹੀ ਸੀ।
-"ਉਹ ਤਾਂ ਬਾਈ ਬਿਮਾਰ ਐ..!"
-"ਬਿਮਾਰ ਤਾਂ ਮੈਨੂੰ ਪਤੈ, ਪਰ ਹੈ ਕਿੱਥੇ?"
-"ਉਹਨੂੰ ਤਾਂ ਬਾਪੂ ਹਸਪਤਾਲ ਲੈ ਕੇ ਗਿਐ..!"
-"ਹਸਪਤਾਲ..?" ਬਿੱਲੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸ਼ਾਇਦ ਦਾਰੂ ਦਾ ਨਸ਼ਾ ਗੇੜਾ ਦੇ ਕੇ ਲਹਿ ਗਿਆ ਸੀ।
-"ਕਦੋਂ..?"
-"ਅੱਜ ਤਪਿਹਰ ਦਾ..!"
ਬਿੱਲਾ ਚੁੱਪ ਚਾਪ ਕੁਝ ਸੋਚਣ ਲੱਗ ਪਿਆ।
-"ਪਰ ਵੀਰੇ, ਤੂੰ ਚਲਿਆ ਕਿੱਥੇ ਗਿਆ ਸੀ..?" ਗਿਆਨੋਂ ਨੇ ਪੁੱਛਿਆ। ਉਹ ਅੱਡ ਦੰਗ ਹੋਈ ਖੜ੍ਹੀ ਸੀ।
-"ਤੇ ਆਹਾ ਟਿੰਡ ਫ਼ੌੜ੍ਹੀ ਕਿੱਧਰੋਂ ਬਦਲ ਆਇਆ.. ?'' ਲੱਗਦੇ ਹੱਥ ਹੀ ਬੱਗਾ ਬੋਲ ਪਿਆ।
-"ਤੁਸੀਂ ਸੌਵੋਂ ਜਾ ਕੇ, ਮੈਂ ਬੇਬੇ ਦਾ ਪਤਾ ਲੈਣ ਚੱਲਿਐਂ..!"
-"ਨਹੀਂ ਵੀਰੇ, ਹੁਣ ਨ੍ਹੀ ਜਾਣਾ ਐਨੀ ਨ੍ਹੇਰੇ..!" ਗਿਆਨੋਂ ਨੇ ਰਾਹ ਰੋਕ ਲਿਆ।
-"ਐਨੀ ਨ੍ਹੇਰੇ ਕੀ ਹੁੰਦੈ? ਨ੍ਹੇਰੇ 'ਚ ਫ਼ਿਰਨਾ ਤੇ ਸੱਪਾਂ ਦੀਆਂ ਸਿਰੀਆਂ ਮਿੱਧਣਾਂ, ਜੱਟ ਦੀ ਕਿਰਤ ਹੁੰਦੈ..!"
-"ਨਹੀਂ ਵੀਰੇ ਜਮਾਨਾ ਮਾੜੈ..!"
-"ਕੁਛ ਨੀ ਕਹਿੰਦਾ ਜਮਾਨਾ !"
-"ਨਹੀਂ ਬਾਈ, ਪੈ ਜਾਹ ਬਾਈ ਬਣਕੇ..!" ਬੱਗਾ ਟੁੱਟੀ ਜਿਹੀ ਕੱਛ ਉਪਰ ਨੂੰ ਚੁੱਕਦਾ ਹੋਇਆ ਬੋਲਿਆ।
-"ਉਏ ਬੱਗਿਆ..! ਤੈਨੂੰ ਉਦੋਂ ਆਲਾ ਛਿਤਰੌਲਾ ਨੀ ਭੁੱਲਿਆ.. ? ਤੂੰ ਪੂਰਾ ਲੁੱਚੈਂ! ਜਣੇ ਖਣੇ ਨੂੰ ਪਾਗਲ ਸਮਝਦੈਂ..!"
ਬੱਗਾ ਦੰਦੀਆਂ ਜਿਹੀਆਂ ਕੱਢਦਾ ਚੁੱਪ ਕਰ ਗਿਆ।
-"ਚੰਗਾ, ਮੈਨੂੰ ਸਵੇਰੇ ਸਾਝਰੇ ਉਠਾ ਦਿਓ..!"
-"ਵੀਰੇ ਰੋਟੀ ਨ੍ਹੀ ਖਾਣੀਂ.. ?
-"ਨਹੀਂ ਬਿੱਲੂ, ਰੋਟੀ ਮੈਂ ਖਾ ਕੇ ਆਇਐਂ" ਅੰਦਰ ਜਾ ਕੇ ਬਿੱਲਾ ਮੰਜੇ ਤੇ ਲਿਟ ਗਿਆ।
ਗਿਆਨੇਂ ਅਤੇ ਬੱਗਾ ਹੱਦੋਂ ਵੱਧ ਹੈਰਾਨ ਸਨ ਕਿ ਬਿੱਲਾ ਇਤਨਾ ਸੱਜ ਧਜ ਕੇ ਕਿੱਧਰੋਂ ਆ ਗਿਆ ਸੀ ? ਚਾਹੇ ਉਹਨਾਂ ਨੇ ਇੱਕ ਦੂਜੇ ਨੂੰ ਕੁਝ ਕਿਹਾ ਜਾਂ ਪੁੱਛਿਆ ਨਹੀਂ ਸੀ, ਕੋਈ ਗੱਲ ਨਹੀਂ ਕੀਤੀ ਸੀ, ਪਰ ਉਹਨਾਂ ਦੀਆਂ ਸਵਾਲੀ ਜਿਹੀਆਂ ਨਜ਼ਰਾਂ ਕਿਸੇ ਅਲੋਕਾਰ ਵਿਚ ਡੁੱਬੀਆਂ ਹੋਈਆਂ ਸਨ।
ਦਿਨ ਚੜ੍ਹਿਆ।
ਬਿੱਲਾ ਉਠਿਆ।
ਕੁੜਤਾ ਚਾਦਰਾ ਲਾਹ ਕੇ ਉਸ ਨੇ ਆਪਣਾ ਪੁਰਾਣਾਂ ਲਿਬਾਸ ਪਹਿਨ ਲਿਆ। ਮੁੰਦਰੀਆਂ ਲਾਹ ਕੇ ਜੇਬ ਵਿਚ ਪਾ ਲਈਆਂ। ਬਿਨਾਂ ਚਾਹ ਪੀਤੇ ਹੀ ਉਹ ਹਸਪਤਾਲ ਨੂੰ ਤੁਰ ਪਿਆ। ਉਸ ਦਾ ਦਿਮਾਗ ਸੋਚਾਂ ਦੀਆਂ ਘੁੰਮਣ ਘੇਰੀਆਂ ਵਿਚ ਗੋਤੇ ਖਾ ਰਿਹਾ ਸੀ। ਉਸ ਦਾ ਸਿਰ ਪਤਾ ਨਹੀਂ ਕਿਸ ਫ਼ਖ਼ਰ ਨਾਲ ਉਚਾ ਹੋ ਰਿਹਾ ਸੀ ?
ਬੱਸ ਉਤਰ ਕੇ ਉਸ ਨੇ ਰਿਕਸ਼ਾ ਲਿਆ ਅਤੇ ਹਸਪਤਾਲ ਪਹੁੰਚ ਗਿਆ।
ਜਾਣਕਾਰੀ ਦਫ਼ਤਰ ਵਿਚ ਪਹੁੰਚ ਕੇ ਉਸ ਨੇ ਮਾਂ ਦਾ ਪਤਾ ਕੀਤਾ ਅਤੇ ਕਮਰੇ ਅੰਦਰ ਪਹੁੰਚ ਗਿਆ।
-'ਮਾਂ...!' ਬਿੱਲੇ ਦੇ ਬੋਲਾਂ ਵਿਚ ਹੰਝੂ ਬੋਲੇ।
-"........" ਮਾਂ ਨੇ ਪਾਸਾ ਨਾ ਪਰਤਿਆ।
-"ਮਾਂ... !" ਬਿੱਲਾ ਘਬਰਾ ਗਿਆ।
-'ਮਾਂ ਤੂੰ ਬੋਲਦੀ ਕਿਉਂ ਨੀ ?" ਉਸ ਨੇ ਮਾਂ ਨੂੰ ਹਲੂਣਿਆਂ।
ਦਵਾਈ ਨਾਲ ਨਿਢਾਲ ਕੀਤੀ ਮਾਂ ਨੇ ਅੱਖਾਂ ਮਸਾਂ ਹੀ ਉਘੜੀਆਂ। ਉਸ ਨੂੰ ਸੱਚ ਹੀ ਨਾ ਆਇਆ। ਮਾਂ ਨੇ ਚੰਗੀ ਤਰ੍ਹਾਂ ਟੋਹਣ ਅਤੇ ਪਰਖਣ ਤੋਂ ਬਾਅਦ ਹੀ ਯਕੀਨ ਕੀਤਾ। ਉਹ ਡਡਿਆ ਕੇ ਪੁੱਤ ਦੇ ਗਲ ਲੱਗ ਗਈ। ਉਸ ਦੀਆਂ ਅੱਖਾਂ ਵਿਚੋਂ ਹੰਝੂ ਹੜ੍ਹ ਬਣ ਕੇ ਵਹਿ ਤੁਰੇ ਸਨ। ਪੁੱਤ ਨੂੰ ਕਲੇਜੇ ਲਾ ਕੇ ਮਾਂ ਅੰਦਰ ਸ਼ਾਂਤੀ ਵਰਤ ਗਈ ਸੀ, ਠੰਢ ਪੈ ਗਈ ਸੀ। ਪਤਾ ਨਹੀਂ ਕਿਉਂ, ਮਾਂ ਰੋਈ ਜਾ ਰਹੀ ਸੀ।
-"ਮਾਂ, ਤੈਨੂੰ ਹੁਣ ਕੀ ਤਕਲੀਫ਼ ਐ..?" ਉਸ ਨੇ ਮਾਂ ਦੇ ਗਲੋਂ ਲਹਿ ਕੇ ਪੁੱਛਿਆ। ਮਨ ਉਸ ਦਾ ਵੀ ਨੱਕੋ ਨੱਕ ਭਰਿਆ ਪਿਆ ਸੀ।
-"ਸੋਹਣਿਆਂ ਪੁੱਤਾ, ਹੁਣ ਤੂੰ ਆ ਗਿਐਂ, ਮੇਰਾ ਹੁਣ ਕੀ ਦੁਖਣਾਂ ਸੀ? ਤੂੰ ਆ ਗਿਆ, ਹੁਣ ਮੈਂ ਬਿਲਕੁਲ ਰਾਜੀ ਐਂ ਸ਼ੇਰਾ..!"
-"ਪਰ ਮਾਂ, ਮੈਂ ਤੈਨੂੰ ਦੱਸ ਕੇ ਤਾਂ ਗਿਆ ਸੀ..!"
-"ਸ਼ੇਰਾ, ਮੇਰਾ ਤਾਂ ਮੱਚੜਾ ਜੀਅ ਨੀ ਪਿੱਛੇ ਪੈਂਦਾ, ਪੁੱਤ! ਮਾਂਵਾਂ ਦੀਆਂ ਅੱਖਾਂ ਪੁੱਤ ਈ ਤਾਂ ਹੁੰਦੇ ਐ ? ਮਾਂਵਾਂ ਨੂੰ ਤਾਂ ਸਾਹ ਈ ਪੁੱਤਾਂ ਵਿਚ ਦੀ ਆਉਂਦੇ। ਮਾਂਵਾਂ ਨੂੰ ਤਾਂ ਪੁੱਤਾਂ ਦਾ ਪਿਆਰ ਆਉਂਦੈ, ਜੇ ਪੁੱਤ ਧੀਆਂ ਨਹੀਂ ਕਰਦੇ? ਪੁੱਤਾਂ ਬਿਨਾਂ ਤਾਂ ਮਾਂਵਾਂ ਨੂੰ ਵਿਹੜੇ ਸੁੰਨੇ ਸੁੰਨੇ ਲੱਗਦੇ ਐ..! ਜੱਗ ਹਨ੍ਹੇਰਾ ਈ ਨਜਰ ਆਉਂਦੇ ਪੁੱਤਾ !" ਮਾਂ ਨੇ ਵਗਦੇ ਹੰਝੂ ਪੂੰਝੇ।
-"ਪਰ ਮਾਂ ਬੱਗਾ ਵੀ ਤਾਂ ਤੇਰੇ ਕੋਲ਼ੇ ਘਰੇ ਈ ਸੀ..?"
-''ਵੇ ਸ਼ੇਰਾ..! ਹੁੰਦੇ ਮਾਂ ਦੇ ਦਿਲ ਦੇ ਟੁਕੜੇ, ਪੁੱਤ ਹੋਣ ਚਾਹੇ ਸੱਤ..!" ਮਾਂ ਨੇ ਦਿਲੀ ਗੱਲ ਕੱਢ ਮਾਰੀ।
ਬਿੱਲਾ ਨਿਰੁੱਤਰ ਹੋ ਗਿਆ।
-"ਪਰ ਤੂੰ ਚਲਿਆ ਕਿੱਥੇ ਗਿਆ ਸੀ.. ?" ਮਾਂ ਨੇ ਹੈਰਾਨੀ ਭਰੇ ਸ਼ਬਦਾਂ ਵਿਚ ਪੁੱਛਿਆ।
-"ਬੱਸ ਮਾਂ ਐਥੇ ਈ ਯਾਰਾਂ ਦੋਸਤਾਂ ਨੂੰ ਮਿਲਣ..! ਸੱਚ, ਬਾਪੂ ਕਿੱਥੇ ਐ..?" ਬਿੱਲੇ ਨੇ ਗੱਲ ਦਾ ਰੁੱਖ ਬਦਲਿਆ।
-"ਡਾਕਦਾਰ ਨੇ ਦੁਆਈ ਲਿਖ ਕੇ ਦਿੱਤੀ ਸੀ, ਉਹ ਲੈਣ ਗਿਐ..!"
ਬਿੱਲਾ ਚੁੱਪ ਵੱਟ ਗਿਆ। ਸ਼ਾਇਦ ਉਹ ਮਾਂ ਦੀ ਦੁਆਈ ਦੇ ਪੈਸਿਆਂ ਬਾਰੇ ਸੋਚ ਰਿਹਾ ਸੀ।
-"ਮਾਂ, ਮੈਂ ਹੁਣੇਂ ਈ ਆਇਆ.. !" ਬਿੱਲਾ ਬਾਹਰ ਨਿਕਲ ਗਿਆ।
ਜਾਂਦੇ ਪੁੱਤ ਦੀ ਪਿੱਠ ਵੱਲ ਮਾਂ ਨੇ ਬੜੇ ਪਿਆਰ ਨਾਲ, ਬੜੀਆਂ ਸਧਰਾਂ ਨਾਲ ਤੱਕਿਆ। ਉਸ ਨੂੰ ਬਿੱਲੇ 'ਤੇ ਅਕਹਿ ਮਾਣ ਸੀ। ਉਹ ਵੀ ਤਾਂ ਮਾਂ ਦੇ ਸਾਹ ਵਿਚ ਸਾਹ ਲੈਂਦਾ ਸੀ।
-"ਸ਼ੇਰਾ, ਮਹਾਰਾਜ ਤੇਰੀ ਖੁਆਜੇ ਜਿੱਡੀ ਉਮਰ ਕਰੇ.. ! ਬਹੁਤਾ ਦੇਵੇ ਤੇ ਤੂੰ ਸਦਾ ਸੁਖੀ ਵਸੇਂ !" ਮਾਂ ਦੇ ਦਿਲ ਨੇ ਅਸੀਸ ਦਿੱਤੀ।
-"ਅਤਰ ਕਰੇ, ਮੈਂ ਦੁਆਈ ਤਾਂ ਲਿਆਂਦੀ ! ਪਰ ਡਾਕਦਾਰ ਨੂੰ ਪੁੱਛਣਾਂ ਪਊ ਬਈ ਲੈਣੀ ਕਿਵੇਂ ਐਂ..।" ਬਾਹਰੋਂ ਮੁਕੰਦ ਸਿੰਘ ਆ ਗਿਆ ਸੀ। ਉਸ ਦਾ ਉਤਰਿਆ ਚਿਹਰਾ ਥਕਾਵਟ ਦੀ ਖ਼ਾਸ ਨਿਸ਼ਾਨੀ ਸੀ। ਉਹ ਠਿੱਬੇ ਜਿਹੇ ਘੜੀਸਦਾ ਫਿਰਦਾ ਸੀ।
ਅਤਰ ਕੌਰ ਦੀਆਂ ਸੋਚਾਂ ਦੀ ਤੰਦ ਟੁੱਟੀ।
-"ਬਿੱਲਾ ਵੀ ਆ ਗਿਆ..।" ਉਸ ਨੇ ਬੜੇ ਉਤਸ਼ਾਹ ਨਾਲ ਦੱਸਿਆ।
-"ਕਿੱਥੇ ਐ..?" ਮੁਕੰਦ ਸਿੰਘ ਵੱਟ ਖਾ ਗਿਆ। ਉਸ ਦੀਆਂ ਅੱਖਾਂ ਵਿਚ ਗੁੱਸਾ ਝਲਕ ਪਿਆ ਸੀ। ਸ਼ਾਇਦ ਉਸ ਦੀ ਗਰਦਨ ਝੁਕ ਗਈ ਸੀ। ਪਰ ਮਨ ਅੰਦਰ ਅੱਗ ਮੱਚੀ ਸੀ।
-"ਬਾਹਰ ਨੂੰ ਗਿਐ, ਆਉਣ ਆਲਾ ਈ ਐ..!" ਉਹ ਬੜੇ ਚਾਅ ਨਾਲ ਦੱਸ ਰਹੀ ਸੀ।
-"ਐਨੇ ਦਿਨ ਉਹ ਰਿਹਾ ਕਿੱਥੇ.. ?"
-"ਰੱਬ ਨੂੰ ਪਤੈ..! ਕਹਿੰਦਾ ਕਿਸੇ ਦੋਸਤ ਦੂਸਤ ਨੂੰ ਮਿਲਣ ਗਿਆ ਸੀ।"
-"ਮੈਨੂੰ ਪਤੈ ਉਹ ਕਿੱਥੇ ਧੱਕੇ ਖਾਂਦਾ ਫਿਰਦੈ। ਉਹਨੂੰ ਆਖੀਂ, ਮੇਰੇ ਮੱਥੇ ਨਾ ਲੱਗੇ. !" ਮੁਕੰਦ ਸਿੰਘ ਭੜ੍ਹਾਕੇ ਵਾਂਗ ਚੱਲਿਆ।
-"ਕਿਉਂ..? ਕਾਹਤੋਂ..? ਤੂੰ ਰੌਲਾ ਜਿਆ ਕਾਹਤੋਂ ਪਾਉਣ ਲੱਗ ਪਿਆ..?"
ਮੁਕੰਦ ਸਿੰਘ ਚੁੱਪ ਸੀ।
-"ਬੱਗੇ ਦੇ ਬਾਪੂ, ਤੈਨੂੰ ਹੋ ਕੀ ਗਿਆ..? ਤੂੰ ਖੜ੍ਹਾ ਈ ਭਖ਼ਣ ਲੱਗ ਪਿਆ..?' ਅਤਰ ਕੌਰ ਹੈਰਾਨ ਸੀ।
-'ਅਤਰ ਕੁਰੇ, ਤੇਰਾ ਚਿੱਤ ਢਿੱਲਾ ਹੋਣ ਕਰਕੇ ਮੈਂ ਬੋਲਿਆ ਨੀ..! ਮੇਰੀ ਪੱਗ ਸੱਥ 'ਚ ਰੁਲਣ ਨੂੰ ਬਹੁਤਾ ਚਿਰ ਨੀ ਲੱਗਣਾਂ! ਲੱਲੀ ਛੱਲੀ ਗੱਲਾਂ ਕਰੂ..!"
-"ਕਾਹਤੋਂ ਸੁੱਖੀ ਸਾਂਦੀ..? ਕੀ ਚੰਦਰੇ ਜੇ ਬੋਲ ਕੱਢੀ ਜਾਨੈਂ ਤੂੰ..? ਕੀ ਕੀਤੈ ਜੁਆਕ ਨੇ..?"
-"ਉਹ ਹੁਣ ਜੁਆਕ ਨ੍ਹੀ, ਜੁਆਕ ਕਿਤੇ ਐਹੋ ਜੀਆਂ ਬਹਿਬਤਾਂ ਕਰਦੇ ਹੁੰਦੇ ਐ..?"
-"ਕਿਹੋ ਜੀਆਂ ਬਹਿਬਤਾਂ..? ਕੀ ਭੈੜੇ ਜੇ ਬੋਲ ਕਰੀ ਜਾਨੈਂ ਤੂੰ..?"
-"ਅਤਰ ਕੁਰੇ..! ਤੈਥੋਂ ਕੀ ਲਕੋ ਐ..? ਮੇਰੇ ਗਲ 'ਚ ਛਿੱਤਰਾਂ ਦਾ ਹਾਰ ਪੈਣ ਈ ਆਲੈ..! ਅਗਲੇ ਮੇਰਾ ਮੂੰਹ ਕਾਲਾ ਕਰਕੇ ਗਧੇ ਤੇ ਬਿਠਾ ਕੇ ਸਾਰੇ ਪਿੰਡ 'ਚ ਫੇਰਨਗੇ..!"
-''ਭੈੜਿਆ ਸੁੱਖ ਭਾਲ, ਕਾਹਤੋਂ ਫੇਰਨਗੇ? ਤੈਨੂੰ ਹੋਇਆ ਅੱਜ ਕੀ ਐ..?
-"ਤੇਰਾ ਲਾਡਲਾ ਮਲਾਇਆ ਆਲਿਆਂ ਦੀ ਕੁੜੀ ਨਾਲ ਖੇਹ ਖਾਂਦੇ.।" ਮੁਕੰਦ ਸਿੰਘ ਜਿਵੇਂ ਦੋਫਾੜ ਹੋ ਗਿਆ ਸੀ। ਉਸ ਦਾ ਮੂੰਹ ਲਾਲ ਅਤੇ ਉਹ ਬੇਹੋਸ਼ੀ ਜਿਹੀ ਦੀ ਹਾਲਤ ਵਿਚ ਚੀਕ ਰਿਹਾ ਸੀ।
-"ਤੈਨੂੰ ਕੀਹਨੇ ਦੱਸਿਐ..?'
-"ਸਰਦਾਰ ਦੇ ਮੁੰਡੇ ਦਰਸ਼ਣ ਨੇ... "
-"ਬੰਗੇ ਦੇ ਬਾਪੂ, ਲੋਕਾਂ ਦੀਆਂ ਨੀ ਸੁਣੀਦੀਆਂ ਹੁੰਦੀਆਂ। ਲੋਕ ਤਾਂ ਪਾਟਕ ਪਾਉਣ ਆਲੇ ਹੁੰਦੇ ਐ, ਲੋਕ ਤਾਂ ਬੱਤੀ ਉਹਗੀਸ ਕੇ ਇਕ ਦੀਆਂ ਸੌ ਬਣਾਉਂਦੇ ਐ। ਨਾਲੇ ਜਿਹੇ ਜਿਆ ਦਰਸ਼ਣ ਆਪ ਐ, ਉਹੋ ਜੀਆਂ ਈ ਉਹਨੂੰ ਭਾਸਰਨੀਐਂ! ਅਤਰ ਕੌਰ ਨੇ ਬਲਦੀ 'ਤੇ ਪਾਣੀ ਛਿੜਕਿਆ।
-'ਅਤਰ ਕੁਰੇ..! ਮਾੜੀ 'ਲਾਦ ਤਾਂ ਮਾਂ ਪਿਉ ਨੂੰ ਲੈ ਕੇ ਬਹਿ ਜਾਂਦੀ ਐ..! ਜੇ ਮਾੜੀ ਮੋਟੀ ਗੱਲ ਹੋਊ, ਤਾਂ ਹੀ ਅਗਲੇ ਨੇ ਵੱਡੀ ਬਣਾਈ..? ਆਪਾਂ ਤਾਂ ਲੋਕਾਂ ਨੂੰ ਮੂੰਹ ਦਿਖਾਉਣ ਜੋਕਰੇ ਨੀ ਰਹਿਣਾਂ..!"
-"ਬੱਗੇ ਦੇ ਬਾਪੂ..! ਤੂੰ ਪਿੰਡ ਜਾਹ, ਮੈਂ ਉਹਨੂੰ ਆਪੇ ਸਮਝਾ ਦਿਉਂ! ਮੇਰਾ ਦਿਲ ਕਾਹਲਾ ਪੈਂਦੇ..! ਜੁਆਨ ਧੀ ਪੁੱਤ ਨੂੰ ਘੂਰਨਾ ਵੀ ਚੰਗਾ ਨੀ ਹੁੰਦਾ, ਆਪਣਾ ਘਰ ਗਰਕ ਜਾਊ..! ਗੁੱਸੇ ਦਾ ਮਾਰਿਆ ਧੀ ਪੁੱਤ ਖੂਹ ਟੋਭੇ ਪੈ ਜਾਂਦੇ । ਉਸ ਨੇ ਮੁਕੰਦ ਸਿੰਘ ਦੇ ਗੁੱਸੇ 'ਤੇ ਠੰਢਾ ਪੋਚਾ ਫੇਰ ਦਿੱਤਾ। ਪਰ ਉਸ ਦਾ ਆਪਣਾ ਅੰਦਰਲਾ ਕੰਬੀ ਜਾ ਰਿਹਾ ਸੀ।
ਮੁਕੰਦ ਸਿੰਘ ਚਲਾ ਗਿਆ।
ਮਾਂ ਫ਼ਿਕਰਾਂ ਦੀ ਮੂਰਤ ਬਣੀ ਚਿੰਤਾ ਦੇ ਸਾਗਰ ਵਿਚ ਲੱਥ ਗਈ। ਮੁਕੰਦ ਸਿੰਘ ਨੇ ਸੱਚ ਹੀ ਕਿਸੇ ਨੂੰ ਮੂੰਹ ਦਿਖਾਉਣ ਜੋਕਰਾ ਨਹੀਂ ਰਹਿਣਾਂ ਸੀ। ਤੀਹ ਸਾਲ ਹੋ ਗਏ ਸਨ ਉਹਨਾਂ ਨੂੰ ਇਸ ਪਿੰਡ ਵਿਚ ਆਇਆਂ, ਪਰ ਕਿਸੇ ਗੱਲੋਂ ਉਹਨਾਂ ਨਟ ਬਦਨਾਮੀ ਨਹੀਂ ਖੱਟੀ ਸੀ। ਚਾਹੇ ਉਹ ਗਰੀਬ ਸਨ, ਪਰ ਪਿੰਡ ਦਾ ਹਰ ਇਨਸਾਨ ਉਹਨਾਂ ਦੀ ਦਿਲੋਂ ਇੱਜ਼ਤ ਕਰਦਾ ਸੀ। ਹਰ ਕੋਈ ਕਦਰ ਕਰਦਾ ਸੀ। ਫਿਰ ਉਸ ਦੀ ਔਲਾਦ ਇਤਨੀ ਨੀਚ ਕਿਉਂ ਸੀ.. ? ਲੋਕਾਂ ਦਾ ਕਿਹੜਾ ਮੂੰਹ ਫੜ ਲੈਣਾਂ ਸੀ..? ਲੋਕਾਂ ਨੇ ਤਾਂ ਤਾਹਨੇ ਹੀ ਮਾਰਨੇ ਸਨ ? ਬਸੰਤਰ ਨੂੰ ਫੂਕਾਂ ਮਾਰਨੀਆਂ ਹੀ ਸਨ...! ਮੂੰਹ ਵਿਚ ਉਂਗਲਾਂ ਦੇਣੀਆਂ ਸਨ; ਟਿਕ ਕੇ ਟੱਬਰੀ ਨਾ ਪਾਲੀ ਗਈ..? ਜਿਹੜੀ ਥਾਲੀ ਵਿਚ ਖਾਧਾ ਉਸੇ ਵਿਚ ਹੀ ਮੂਤਿਆ..?
-"ਮਾਂ, ਆਹ ਫੜ ਫਲ ਤੇ ਆਹ ਦੁੱਧ ਦੀ ਬੋਤਲ !" ਬਿੱਲਾ ਕਹਿ ਰਿਹਾ ਸੀ।
ਮਾਂ ਦਾ ਮਨ ਉਖੜ ਗਿਆ। ਉਸ ਨੇ ਸਿਰ ਘੁੰਮਾ ਕੇ ਓਪਰੀ ਜਿਹੀ ਨਜ਼ਰ ਨਾਲ ਬਿੱਲੇ ਵੱਲ ਤੱਕਿਆ। ਉਸ ਦਾ ਅੰਦਰ ਗਵਾਹੀ ਦੇ ਰਿਹਾ ਸੀ ਕਿ ਬਿੱਲਾ ਐਹੋ ਜਿਹਾ ਹੈ ਨਹੀਂ ਸੀ..!
-"ਮਾਂ, ਤੂੰ ਚੁੱਪ ਜੀ ਕਿਉਂ ਐਂ..?
ਮਾਂ ਚੁੱਪ ਸੀ।
-"ਬਾਪੂ ਨੀ ਆਇਆ.. ?"
-"ਆਇਆ ਤਾਂ ਸੀ, ਚਲਿਆ ਗਿਆ..!'
-"ਚਲਿਆ ਕਿਉਂ ਗਿਆ..?"
-"ਤੇਰੇ ਨਾਲ ਗੁੱਸੇ ਐ..!"
-"ਕਿਉਂ..?"
ਮਾਂ ਬੋਲ ਨਾ ਸਕੀ।
-"ਮਾਂ, ਤੂੰ ਬੋਲਦੀ ਕਿਉਂ ਨ੍ਹੀ ? ਬਾਪੂ ਮੇਰੇ ਨਾਲ ਕਾਹਤੋਂ ਗੁੱਸੇ ਐ..?" ਉਸ ਨੇ ਮਾਂ ਦਾ ਮੋਢਾ ਹਲੂਣ ਕੇ ਪੁੱਛਿਆ।
-"ਬਿੱਲਿਆ।"
-" ਹਾਂ ਮਾ..?"
-"ਐਥੇ ਬੈਠ ਮੇਰਾ ਮੱਲ.. !" ਮਾਂ ਨੇ ਉਸ ਦੀ ਬਾਂਹ ਫੜ ਕੇ ਕੋਲ ਬਿਠਾ ਲਿਆ।
ਬਿੱਲਾ ਹੈਰਾਨ ਪ੍ਰੇਸ਼ਾਨ ਹੋ ਉਠਿਆ। ਉਹ ਸੋਚ ਰਿਹਾ ਸੀ ਕਿ ਅਜਿਹੀ ਕਿਹੜੀ ਗੱਲ ਸੀ, ਜਿਸ ਕਰਕੇ ਬਾਪੂ ਗੁੱਸੇ ਸੀ? ਜੋ ਕੁਝ ਉਹ ਰਾਤ ਕਰ ਕੇ ਆਇਆ ਸੀ, ਉਸ ਦਾ ਬਾਪੂ ਨੂੰ ਤਾਂ ਕੀ, ਕਿਸੇ ਫ਼ਰਿਸ਼ਤੇ ਨੂੰ ਵੀ ਪਤਾ ਚੱਲਣਾਂ ਅਸੰਭਵ ਸੀ!
-"ਹਾਂ ਬੋਲ ਮਾਂ.. !' ਉਸ ਦਾ ਦਿਲ ਕਾਹਲਾ ਪਿਆ ਹੋਇਆ ਸੀ।
-ਦੇਖ ਪੁੱਤ, ਮਾਂ ਬਾਪ ਦੀ ਇੱਜ਼ਤ ਧੀਆਂ ਪੁੱਤਾਂ ਦੇ ਹੱਥ ਚ ਹੁੰਦੀ ਐ..! ਨਾਲੇ ਫਿਰ ਆਪਣੀ ਗਿਆਨੋਂ ਵੀ ਤਾਂ ਘਰੇ ਜੁਆਨ ਐ..! ਮੇਰਾ ਸ਼ੇਰ ਸੋਚ ਸਮਝ ਕੇ ਪੈਰ ਧਰੀਏ! ਪਿਉ ਦੀ ਪੱਗ ਲੋਕਾਂ ਦੇ ਪੈਰਾਂ 'ਚ ਰੋਲਣੀ ਕੋਈ ਲਾਇਕੀ ਦੀ ਗੱਲ ਨੀ ਹੁੰਦੀ ਪੁੱਤ! ਮਾਂ ਧੀਮੀ ਬੋਲ ਕੇ ਸਮਝੌਤੀਆਂ ਦੇ ਰਹੀ ਸੀ।
ਪਰ ਗੱਲ ਬਿੱਲੇ ਦੇ ਸਿਰੋਂ ਜਹਾਜ ਵਾਂਗ ਲੰਘ ਗਈ ਸੀ।
-ਪੁੱਤ ਚਾਦਰ ਦੇਖ ਕੇ ਪੈਰ ਪਸਾਰੀਏ..!
-ਮਾਂ ਕੋਈ ਗੱਲ ਤਾਂ ਦੱਸ..?'
-ਮੈਨੂੰ ਆਹ ਦੱਸ, ਬਈ ਤੇਰਾ ਮਲਾਇਆ ਵਾਲਿਆਂ ਦੀ ਕੁੜੀ ਨਾਲ ਕੀ ਮੇਲ ? ਗੁਆਂਢ ਮੱਥੇ ਪਿੰਡ ਐ..। ਸੋਚ ਕੇ ਪੁੱਤ...। ਤੂੰ ਮੈਨੂੰ ਸੱਚ ਸੱਚ ਦੱਸ, ਬਈ ਜਿਹੜਾ ਕੁਛ ਤੇਰਾ ਪਿਉ ਕਹਿੰਦੇ, ਜਾਂ ਜੋ ਉਹਨੇ ਸੁਣਿਆ, ਉਹ ਸੱਚ ਐ ? ਮਾਂ ਨੇ ਗੱਲ ਬਿੱਲੇ ਦੇ ਕਪਾਲ ਵਿਚ ਦੇ ਮਾਰੀ।
ਬਿੱਲੇ ਦੇ ਚਿਹਰੇ ਤੇ ਸ਼ਰਮ ਦੀ ਲਾਲੀ ਪਸਰ ਗਈ।
-"ਹਾਂ ਮਾਂ, ਇਹ ਸੱਚ ਐ..!" ਬਿੱਲਾ ਮਾਂ ਅੱਗੇ ਝੂਠ ਨਾ ਬੋਲ ਸਕਿਆ।
-"ਪਰ ਮਾਂ, ਬਾਪੂ ਨੂੰ ਕਿੱਥੋਂ ਪਤਾ ਲੱਗਿਆ.. ?'
-"ਸਰਦਾਰ ਦੇ ਮੁੰਡੇ ਦਰਸ਼ਣ ਨੇ ਦੱਸਿਐ..!"
ਦਰਸ਼ਣ ਦਾ ਨਾਂ ਸੁਣ ਕੇ ਬਿੱਲੇ ਅੰਦਰ ਗੁੱਸੇ ਦਾ ਤੂਫ਼ਾਨ ਹਿੱਲਿਆ। ਉਸ ਦੀਆਂ ਅੱਖਾਂ ਕਰੋਧ ਨਾਲ ਰੱਤੀਆਂ ਹੋ ਗਈਆਂ। ਚਿਹਰਾ ਤਾਂਬੇ ਵਾਂਗ ਦਗਣ ਲੱਗ ਪਿਆ। ਸਾਲਾ ਨਾ ਹਟਿਆ ਕਮੀਨੀਆਂ ਹਰਕਤਾਂ ਤੋਂ.. ? ਸਾਲੇ ਦੀ ਕੋਈ ਪੇਸ਼ ਨਹੀਂ ਚੱਲੀ, ਬਾਪੂ ਦੇ ਕੰਨ ਭਰ ਮਾਰੇ..? ਕਿੱਡਾ ਕਮੀਨੈਂ ਮੇਰਾ ਸਹੁਰਾ । ਉਸ ਦਾ ਦਿਮਾਗ ਵਾਹਣੀ ਪਿਆ ਹੋਇਆ ਸੀ। ਉਸ ਦੇ ਸਾਹਮਣੇ ਦਰਸ਼ਣ ਹੁੰਦਾ ਤਾਂ ਸ਼ਾਇਦ ਉਹ ਪਾੜ ਕੇ ਲੀਰਾਂ ਕਰ ਦਿੰਦਾ।
-"ਪੁੱਤ, ਤੂੰ ਮੇਰੀ ਸਹੁੰ ਖਾ ਬਈ ਅੱਜ ਤੋਂ ਤੂੰ ਉਸ ਕੁੜੀ ਨੂੰ ਮੁੜ ਕੇ ਨ੍ਹੀਂ ਮਿਲੇਗਾ..!"
ਬਿੱਲਾ ਚੁੱਪ ਸੀ। ਨਹੁੰਆਂ ਨਾਲੋਂ ਮਾਸ ਟੁੱਟਣਾਂ ਮੁਸ਼ਕਿਲ ਸੀ। ਹਵਾ ਨੂੰ ਕੱਟਣ ਵਾਲੀ ਗੱਲ ? ਡੋਰ ਟੁੱਟਣ ਨਾਲ ਤਾਂ ਪਤੰਗ ਵੀ ਡਾਂਵਾਂ ਡੋਲ ਹੋ ਜਾਂਦਾ ਹੈ। ਕੱਚਾ ਫਲ ਤੋੜੀਏ, ਪਾਣੀ ਸਿੰਮਦਾ ਹੀ ਹੈ..! ਬਿੱਲਾ ਸੋਚਾਂ ਵਿਚ ਗਲਤਾਨ ਸੀ।
-"ਕਹਿ ਦੇ ਪੁੱਤ ਮਾਂ ਦੀ ਸਹੁੰ ਖਾ ਕੇ !" ਮਾਂ ਨੇ ਜ਼ਿਦ ਜਿਹੀ ਫੜ ਲਈ ਸੀ।
ਬਿੱਲੇ ਨੇ ਬਿਮਾਰ ਮਾਂ ਦੇ ਅੱਕਲਕਾਨ ਚਿਹਰੇ ਵੱਲ ਤੱਕਿਆ। ਜੋ ਬਿਮਾਰੀ ਕਾਰਨ ਪੀਲਾ ਪੈ ਗਿਆ ਸੀ। ਉਸ ਨੂੰ ਮਾਂ ਦਾ ਅੰਤਾਂ ਦਾ ਤਰਸ ਆਇਆ। ਤਰਸ ਨਾਲ ਉਸ ਦਾ ਮਨ ਪਾਣੀ ਪਾਣੀ ਹੋਇਆ ਪਿਆ ਸੀ। ਅੱਖਾਂ ਵਿਚੋਂ ਹੰਝੂਆਂ ਦੀ ਛੱਲ ਛੁੱਟ ਪਈ ਸੀ। ਉਸ ਦੇ ਸਰੀਰ ਵਿਚੋਂ ਸਾਹ ਸਤ ਜਿਹਾ ਨਿਕਲ ਗਿਆ ਸੀ। ਉਹ ਮੂੰਹੋਂ ਕੁਝ ਨਾ ਬੋਲ ਸਕਿਆ।
-"ਪੁੱਤ ਇਕ ਵਾਰੀ ਮਾਂ ਦੀ ਸਹੁੰ ਖਾ ਜਾਹ, ਚਾਹੇ ਝੂਠੀ ਈ ਖਾ ਲੈ..! ਮਾਂ ਤਾਂ ਕਮਲਿਆ ਪੁੱਤਾ ਪਤਾ ਨ੍ਹੀ ਕੈ ਰੋਜ ਐ..? ਇਹਨੇ ਕਿਹੜਾ-!" ਬਿੱਲੇ ਨੇ ਮਾਂ ਦੇ ਮੂੰਹ 'ਤੇ ਹੱਥ ਰੱਖ ਦਿੱਤਾ। ਮੋਟੇ ਹੰਝੂ ਉਸ ਦੀਆਂ ਅੱਖਾਂ ਵਿਚੋਂ ਤਰ ਕੇ ਛਾਤੀ 'ਤੇ ਡੁੱਲ੍ਹ ਰਹੇ ਸਨ।
-'ਮਾਂ, ਮੈਨੂੰ ਤੇਰੀ ਸਹੁੰ ਖਾਣੀ ਤਾਂ ਬੜੀ ਮੁਸ਼ਕਿਲ ਲੱਗਦੀ ਐ, ਪਰ ਮੈਂ ਉਸ ਕੁੜੀ ਨੂੰ ਨਹੀਂ ਮਿਲੂੰਗਾ..!" ਬਿੱਲਾ ਇਕ ਤਰ੍ਹਾਂ ਨਾਲ ਦੋਨੋਂ ਪਾਸੇ ਬੋਚ ਗਿਆ।
-"ਪਰ ਦਰਸ਼ਣ ਨੂੰ ਕਦੇ ਨਾ ਕਦੇ ਜਰੂਰ ਮਿਲੂੰਗਾ.!" ਉਸ ਦਾ ਮਨ ਬੋਲਿਆ।
ਮਾਂ ਨੇ ਪੁੱਤ ਨੂੰ ਛਾਤੀ ਨਾਲ ਲਾਇਆ। ਉਸ ਨੇ ਮਹਿਸੂਸ ਕੀਤਾ ਕਿ ਉਸ ਦੇ ਮੋਹ ਪਿਆਰ ਨੇ ਪੁੱਤ ਦਾ ਮਨ ਜਿੱਤ ਲਿਆ ਸੀ। ਗੱਭਰੂ ਧੀ ਪੁੱਤ ਦਾ ਮਨ ਤਾਂ ਸਿਰਫ਼ ਪਿਆਰ ਨਾਲ ਹੀ ਜਿੱਤਿਆ ਜਾ ਸਕਦਾ ਸੀ। ਹੋਰ ਬਰਾਬਰ ਦੇ ਧੀ ਪੁੱਤ ਦੇ ਕਿਹੜਾ ਕਿਸੇ ਨੇ ਡਾਂਗ ਮਾਰਨੀ ਸੀ ? ਜੇ ਬੋਤਾ ਇੱਛ- ਇੱਛ ਕਰੇ ਤੋਂ ਨਾ ਬੈਠੇ, ਉਸ ਦਾ ਕੀ ਕਰ ਲਈਏ? ਉਹ ਹੀ ਹਾਲ ਜੁਆਨ ਧੀ ਪੁੱਤ ਦਾ ਹੁੰਦਾ ਹੈ।
-"ਸੋਹਣਿਆਂ ਪੁੱਤਾ, ਵੇ ਸ਼ੇਰਾ! ਇਹ ਅਮੀਰ ਘਰਾਂ ਦੀਆਂ ਤਾਂ ਚਾਰ ਦਿਨਾਂ ਦੇ ਸੁਪਨੇ ਹੁੰਦੇ ਐ..! ਨਾ ਮੇਰਾ ਮੱਲ..! ਮਨ ਜਿੱਤ ਕੇ ਤਾਂ ਕਹਿੰਦੇ ਹੁੰਦੇ ਐ, ਜੱਗ ਜਿੱਤਿਆ ਜਾਂਦੇ..!"
ਬਿੱਲਾ ਚੁੱਪ ਜਿਹਾ ਸੀ। ਸੁੰਨ ਸੀ।
- ਜਾਹ ਹੁਣ ਮੇਰਾ ਪੁੱਤ। ਘਰੇ ਭੈਣ ਡੀਕਦੀ ਹੋਊ..। ਆਬਦੇ ਬਾਪੂ ਤੋਂ ਮਾਫ਼ੀ ਮੰਗਲੀ ਪੁੱਤ। ਕਹਿ ਦੇਈਂ, ਬਾਪੂ ਗਾਂਹਾਂ ਨੂੰ ਗਲਤੀ ਨੀ ਕਰਦਾ! ਮਾਪਿਆਂ ਨੂੰ ਖੁਸ਼ ਕਰਨਾ ਤਾਂ ਸ਼ੇਰਾ ਇਕ ਕੱਚੇ ਮਿਲਟ ਦਾ ਕੰਮ ਐਂ..! ਜਾਹ ਮੇਰਾ ਸ਼ੇਰ! ਕੱਲ੍ਹ ਨੂੰ ਆ ਕੇ ਮੈਨੂੰ ਛੁੱਟੀ ਦੁਆ ਕੇ ਲੈ ਜਾਈਂ ਪੁੱਤ..! ਹਸਪਤਾਲ ਦਾ ਤਾਂ ਵਹਿਮ ਜਿਆ ਈ ਐ, ਬਈ ਹਸਪਤਾਲ 'ਚ ਦਾਖਲ ਐਂ, ਕੋਈ ਗੋਲੀ ਗੱਟਾ ਤਾਂ ਦਿੰਦੇ ਨ੍ਹੀ, ਐਮੇਂ ਨਬਜ ਜੀ ਲਾ ਕੇ ਦੇਖ ਜਾਂਦੇ ਐ, ਐਮੇਂ ਟੂਟੀ ਜੀ ਲਾ ਕੇ ਦੇਖ ਜਾਂਦੇ ਐ, ਖੂਨ
ਜਿਆ ਕੱਢ ਲੈਂਦੇ ਐ, ਆਹ ਬਿਮਾਰਾਂ ਨਾਲ ਤਾਂ ਸਿੱਧੇ ਮੂੰਹ ਗੱਲ ਈ ਨੀ ਕਰਦੀਆਂ..! ਤੇ ਡਾਕਦਾਰਾਂ ਨਾਲ ਜਾੜ੍ਹਾਂ ਜੀਆਂ ਕੱਢਦੀਆਂ ਤੁਰੀਆਂ ਫਿਰਦੀਐਂ। ਕੱਲ੍ਹ ਵਿਚਾਰੀ ਕੋਈ ਟੀਕਾ ਲੁਆਉਣ ਆ ਗਈ, ਤੇ ਔਹੋ ਲੰਬੋ ਜੀ ਨੇ ਪੰਜ ਰੁਪਈਏ ਸਿਰਫ਼ ਟੀਕਾ ਲੁਆਈ ਦੇ ਈ ਲੈ ਲਏ..! ਬਾਖਰੂ ਬਾਖਰੂ ! ਬਾਹਲਾ ਨ੍ਹੇਰ ਐ ਭਾਈ ਐਥੇ ਤਾਂ.!"
ਬਿੱਲਾ ਰੋਂਦਾ ਰੋਂਦਾ ਮੁਸ਼ਕੜੀਏਂ ਹੱਸ ਪਿਆ।
-"ਜਾਹ ਪੁੱਤ, ਕੁਵੇਲਾ ਨਾ ਕਰ !" ਮਾਂ ਨੇ ਪੁੱਤ ਦੀ ਪਿੱਠ ਥਾਪੜੀ।
ਮਾਂ ਦੇ ਚਰਨ ਛੂਹ ਕੇ ਬਿੱਲਾ ਚਲਾ ਗਿਆ।
ਮਾਂ ਤੱਕਦੀ ਰਹੀ।
ਕਿਸ਼ਤ 5
ਕਈ ਦਿਨ ਬੀਤੇ!
ਸਵੇਰ ਦਾ ਸਮਾਂ ਸੀ। ਠੰਢੀ ਅਤੇ ਮਿੱਠੀ ਮਿੱਠੀ ਹਵਾ ਚੱਲ ਰਹੀ ਸੀ। ਠੰਢੀ ਹਵਾ ਵਾਂਗ ਹੀ ਕਾਲਜ ਵਿਚ ਚਰਚਾ ਸੀ ਕਿ ਪ੍ਰੀਤੀ ਤਿੰਨ ਚਾਰ ਦਿਨਾਂ ਤੋਂ ਕਾਲਜ ਨਹੀਂ ਆ ਰਹੀ ਸੀ। ਸ਼ਾਇਦ ਉਸ ਦੀ ਤਬੀਅਤ ਠੀਕ ਨਹੀਂ ਸੀ। ਬਿੱਲੇ ਦੇ ਵਿਛੜੇ ਨੇ ਉਸ ਨੂੰ ਤਪਾ ਰੱਖਿਆ ਸੀ। ਪਾਰਕ ਵਿਚ ਜਾਂ ਕਲਾਸ ਵਿਚ ਬੈਠੀ ਉਹ ਕੰਨਟੀਨ ਜਾਂ ਕਾਲਜ ਦੇ ਗੇਟ ਵੱਲ ਹੀ ਤੱਕਦੀ ਰਹਿੰਦੀ। ਬਿੱਲੇ ਦੀ ਜੁਦਾਈ ਉਸ ਨੂੰ ਅੰਦਰ ਅੰਦਰੀ ਸੱਲ ਪਾ ਰਹੀ ਸੀ। ਪਲਕਾਂ ਦੇ ਦਰਵਾਜੇ ਉਹ ਹਰ ਪਲ ਖੁੱਲ੍ਹੇ ਹੀ ਰੱਖਦੀ। ਪਰ ਬਿੱਲੇ ਦਾ ਕਿਸੇ ਪਾਸਿਓਂ ਝਾਉਲਾ ਵੀ ਨਹੀਂ ਪੈਂਦਾ ਸੀ। ਉਹ ਓਪਰੀ ਓਪਰੀ ਕਾਲਜ ਦੀਆਂ ਕੰਧਾਂ ਵੱਲ ਝਾਕਦੀ ਰਹਿੰਦੀ ਕਿ ਬਿੱਲਾ ਸ਼ਾਇਦ ਇਹਨਾਂ ਵਿਚੋਂ ਹੀ ਪ੍ਰਗਟ ਹੋ ਜਾਵੇ ? ਪਰ ਕਿਸਮਤ ਸਾਥ ਨਹੀਂ ਦੇ ਰਹੀ ਸੀ। ਬਿੱਲਾ ਪਤਾ ਨਹੀਂ ਕਿੱਧਰ ਉਡਾਰੀ ਮਾਰ ਗਿਆ ਸੀ।
ਕਈ ਦਿਨਾਂ ਬਾਅਦ ਇਕ ਦਿਨ ਕਾਲਜ ਦੀ ਕੰਨਟੀਨ ਵਿਚ ਬੈਠੇ ਮੁੰਡੇ ਗੱਪਾਂ ਮਾਰ ਰਹੇ ਸਨ। ਅਚਾਨਕ ਹੀ ਕਿਸੇ ਨੇ 'ਐਥੇ ਰੱਖ! ਔਧਰ ਦੇਖੋ..!" ਕਿਹਾ।
ਕੰਨਟੀਨ ਦੇ ਵੱਡੇ ਮੇਜ਼ 'ਤੇ ਬੈਠਾ ਬਿੱਲਾ ਚਾਹ ਪੀ ਰਿਹਾ ਸੀ। ਉਸ ਦੇ ਸਾਹਮਣੇ ਤੇਲ ਤਲੇ ਪਕੌੜੇ ਰੱਖੇ ਹੋਏ ਸਨ। ਸੱਜੇ ਹੱਥ ਦੀਆਂ ਉਂਗਲੀਆਂ ਵਿਚ ਪਾਈਆਂ ਮੁੰਦਰੀਆਂ ਕਾਲੇ ਨਾਗ ਦੀਆਂ ਅੱਖਾਂ
ਵਾਂਗ ਦਗ ਰਹੀਆਂ ਸਨ । ਫੁੱਲਾਂ ਵਾਲੀ ਕਮੀਜ਼ ਦੇ ਕਾਲਰ 'ਬਹਿਜਾ-ਬਹਿਜਾ ਕਰਦੇ ਸਨ। ਸਿਰ 'ਤੇ ਬੰਨ੍ਹੀ ਮੂੰਗੀਆ ਪੱਗ ਦੇ ਪਟੇ ਗਲੋਟੇ ਵਾਂਗ ਮੜ੍ਹੇ ਹੋਏ ਸਨ।
-"ਉਏ ਸੁਣਾ ਉਏ ਬਿੱਲਿਆ ਯਾਰਾ..!" ਤਖਾਣਵੱਧੀਆ ਮੁਹਿੰਦਰ ਬਿੱਲੇ ਕੋਲ ਆ ਗਿਆ।
-"ਠੀਕ ਐ ਪ੍ਰਧਾਨਾਂ.. !" ਬਿੱਲਾ ਸਰਦ ਜਿਹਾ ਬੋਲਿਆ।
-"ਕਿਹੜੇ ਬਾਗਾਂ 'ਚ ਉਡਾਰੀ ਮਾਰ ਗਿਆ ਸੀ ਪਤੰਦਰਾ..?"
-"ਯਾਰ ਮੇਰੀ ਮਾਂ ਬਿਮਾਰ ਸੀ..!"
-"ਕਿਉਂ ਕੀ ਗੱਲ ਹੋਗੀ ਸੀ..?'
-"ਉਹਨੂੰ ਦਿਲ ਦੀ ਬਿਮਾਰੀ ਐ ਪ੍ਰਧਾਨਾਂ.. !"
-"ਹੁਣ ਕਿਵੇਂ ਐਂ, ਠੀਕ ਐ..?"
-"ਹਾਂ, ਹੁਣ ਠੀਕ ਐ..!"
-"ਘਰੇ ਈ ਐ ਜਾਂ ਹਸਪਤਾਲ ?'
-"ਹੁਣ ਤਾਂ ਘਰੇ ਈ ਐ।"
-"ਮਿੱਤਰਾ ਦਿਲ ਦੀ ਬਿਮਾਰੀ ਤਾਂ ਸਾਰੀਆਂ ਬਿਮਾਰੀਆਂ ਨਾਲੋਂ ਭੈੜੀ ਐ..।" ਪ੍ਰਧਾਨ ਸੱਚ ਹੀ ਦੁਖੀ ਹੋ ਗਿਆ ਸੀ।
-"ਖ਼ੈਰ ਬਿਮਾਰੀ ਤਾਂ ਕੋਈ ਵੀ ਨ੍ਹੀ ਚੰਗੀ ਹੁੰਦੀ.. !" ਪਾਸਿਓਂ ਦਰਸ਼ਣ ਬੋਲਿਆ, "ਪਰ ਦਿਲ ਦੀ ਬਿਮਾਰੀ ਤਾਂ ਸਾਲੀ ਸਾਰੀਆਂ ਬਿਮਾਰੀਆਂ ਨਾਲੋਂ ਖ਼ਤਰਨਾਕ ਐ..!" ਉਹ ਥਮਲ੍ਹੇ ਨਾਲ ਲੱਗਿਆ ਸਾਰਾ ਕੁਝ ਸੁਣ ਰਿਹਾ ਸੀ।
-''ਮਾਂ ਨੂੰ ਦਿਲ ਦੀ ਬਿਮਾਰੀ। ਇਹਨੂੰ ਦਿਲ ਦੀ ਬਿਮਾਰੀ। ਪ੍ਰੀਤੀ ਨੂੰ ਦਿਲ ਦੀ ਬਿਮਾਰੀ। ਥੋੜ੍ਹਾ ਚਿਰ ਅੜਕੇ, ਇਹਨਾਂ ਦੀ ਕੁੜੀ ਨੂੰ ਵੀ ਦਿਲ ਦੀ ਬਿਮਾਰੀ ਵੀ ਹੋਣ ਈ ਵਾਲੀ ਐ..। ਟੱਪਿਆ ਕਰੂ ਕੰਧਾਂ ਕੋਠੇ..!' ਦਰਸ਼ਣ ਦੇ ਹਿੱਕ ਚੀਰਵੇਂ ਬੋਲਾਂ ਨੇ ਬਿੱਲੇ ਦੇ ਦਿਲ 'ਤੇ ਸੱਪ ਵਾਂਗ ਡੰਗ ਮਾਰਿਆ।
ਬਲਦੀ 'ਤੇ ਤੇਲ ਪੈ ਗਿਆ ਸੀ।
ਬਿੱਲੇ ਦੀ ਭਰੀ ਚਾਹ ਦੀ ਘੁੱਟ ਜਿਵੇਂ ਗਲ ਵਿਚ ਹੀ ਫੁੱਲ ਗਈ। ਦਰਸ਼ਣ ਦੀ ਕੀਤੀ ਰੜਕਵੀਂ ਗੱਲ ਨੇ ਬਿੱਲੇ ਦਾ ਸੀਨਾਂ ਭਰਾੜ੍ਹ ਕਰ ਮਾਰਿਆ ਸੀ। ਉਸ ਨੇ ਚਾਹ ਦਾ ਭਰਿਆ ਗਿਲਾਸ ਦਰਸ਼ਣ
ਦੇ ਜਬਾੜਿਆਂ 'ਤੇ ਦੇ ਮਾਰਿਆ। ਕੱਚ ਦਾ ਗਿਲਾਸ ਟੱਲੀ ਵਾਂਗ 'ਟਣਨ' ਕਰਕੇ ਖੜਕਿਆ ਸੀ। ਦਰਸ਼ਣ ਬੱਕਰੇ ਵਾਂਗ ਮਿਆਂਕਿਆ। ਪ੍ਰਧਾਨ ਨੇ ਸਾਰੇ ਜੋਰ ਨਾਲ ਬਿੱਲੇ ਨੂੰ ਮਸਾਂ ਹੀ ਰੋਕਿਆ। ਪਰ ਜੰਗਲੀ ਬਿੱਲਾ ਉਸ ਦੇ ਕੰਟਰੋਲ ਤੋਂ ਬਾਹਰ ਸੀ। ਅੱਜ ਉਹ ਅਗਲਾ ਪਿਛਲਾ ਹਿਸਾਬ ਕਿਤਾਬ ਬਰਾਬਰ ਕਰ ਮਾਰਨਾ ਚਾਹੁੰਦਾ ਸੀ। ਨਿੱਤ ਨਿੱਤ ਭਾਣਜੇ ਵਿਆਹੁੰਣ ਦਾ ਬਿੱਲਾ ਆਦੀ ਨਹੀਂ ਸੀ!
ਕਰੋਧ ਵਿਚ ਸੜੇ ਬਿੱਲੇ ਦੇ ਹੱਥ ਕੰਨਟੀਨ ਦੀ ਕੁਰਸੀ ਲੱਗ ਗਈ। ਉਸ ਨੇ ਸਾਰਾ ਜੋਰ ਇਕੱਠਾ ਕਰਕੇ ਕੁਰਸੀ ਦਰਸ਼ਣ ਦੇ ਮੋਢਿਆਂ ਵਿਚ ਜੜ ਦਿੱਤੀ। ਦਰਸ਼ਣ ਬੋਹੜ ਦੇ ਮੁੱਛ ਵਾਂਗ ਧਰਤੀ 'ਤੇ ਡਿੱਗਿਆ। ਸ਼ਾਇਦ ਉਸ ਦਾ ਮੋਢਾ ਟੁੱਟ ਗਿਆ ਸੀ।
ਕੰਨਟੀਨ ਵਿਚ ਹਾਹਾਕਾਰ ਮੱਚ ਗਈ। ਦਰਸ਼ਣ ਮੁਰਦਈ ਜਿਹੀਆਂ ਚੀਕਾਂ ਮਾਰ ਰਿਹਾ ਸੀ। ਕਈ ਨਿੱਗਰ ਮੁੰਡਿਆਂ ਨੇ ਬਿੱਲੇ ਨੂੰ ਜਕੜ ਲਿਆ ਸੀ । ਪਰ ਬਿੱਲਾ ਅਜੇ ਵੀ ਉਹਨਾਂ ਤੋਂ ਛੁੱਟ ਛੁੱਟ ਕੇ ਭੱਜਦਾ ਸੀ।
-"ਭੈਣ ਦੇਣਾਂ ਕਈ ਦਿਨਾਂ ਦਾ ਬੱਸ ਆਹੀ ਕੁਛ ਭਾਲਦਾ ਸੀ..! ਕੁੱਤੇ ਨੂੰ ਚੌਲ ਕਾਹਨੂੰ ਪਚਦੇ ਐ? ਅੱਤ ਚੱਕੀ ਫਿਰਦਾ ਸੀ..!" ਪ੍ਰਧਾਨ ਨੇ ਦੂਰ ਡਿੱਗੇ ਪਏ ਦਰਸ਼ਣ ਵੱਲ ਝਾਕਦਿਆਂ ਕਿਹਾ।
-"ਕਿਰਲੇ ਮਾਂਗੂੰ ਪੂਛ ਅਕੜਾਈ ਫਿਰਦਾ ਸੀ ਸਹੁਰਾ ਮੇਰਾ! ਲੈ ਕਰ ਅਰਾਮ ਤੂੰ ਤਾਂ ਹਸਪਤਾਲ ਜਾ ਕੇ..!" ਬਿਲਾਸਪੁਰੀਆ ਮਨਜੀਤ ਬੋਲਿਆ।
ਜੱਦੋਜਹਿਦ ਨਾਲ ਕੁਝ ਮੁੰਡਿਆਂ ਨੇ ਬਿੱਲੇ ਨੂੰ ਖਿੱਚ ਕੇ ਕੰਨਟੀਨ 'ਚੋਂ ਬਾਹਰ ਲਿਆਂਦਾ।
ਉਹ ਗੁੱਸੇ ਨਾਲ ਕੰਬੀ ਜਾ ਰਿਹਾ ਸੀ । ਦਰਸ਼ਣ ਦੀ ਕਿਸਮਤ ਚੰਗੀ ਸੀ ਕਿ ਲੜਾਈ ਕਾਲਜ ਦੀ ਕੰਨਟੀਨ ਵਿਚ ਹੋਈ ਸੀ। ਅਗਰ ਦਰਸ਼ਣ ਬਿੱਲੇ ਨੂੰ ਕਿਤੇ ਇਕੱਲਾ ਟੱਕਰ ਜਾਂਦਾ, ਅੱਜ ਜ਼ਾਹਿਰਾ ਤੌਰ 'ਤੇ ਉਸ ਦਾ ਕਤਲ ਪੱਕਾ ਸੀ।
ਕਾਲਜ ਦੇ ਕਈ ਕੌਲੀ ਚੱਟ ਦਰਸ਼ਣ ਨੂੰ ਲੈ ਕੇ ਹਸਪਤਾਲ ਤੁਰ ਗਏ।
ਪ੍ਰਧਾਨ ਬਿੱਲੇ ਹੋਰਾਂ ਕੋਲ ਆ ਗਿਆ।
-"ਇਕ ਆਰੀ ਦੀ ਗੱਲ ਐ..!" ਪ੍ਰਧਾਨ ਨੇ ਮਾਹੌਲ ਸੁਖਾਵਾਂ ਬਣਾਉਣ ਲਈ ਗੱਲ ਛੇੜੀ।
-"ਤਖਤੂਪੁਰੇ ਦੇ ਮੇਲੇ 'ਤੇ ਇਕ ਜੱਟ ਰੱਜਿਆ ਸ਼ਰਾਬ ਨਾਲ ਰੌਲਾ ਪਾਈ ਜਾਵੇ, ਅਖੇ ਮੈਂ ਅੱਸੀ ਕਿੱਲਿਆਂ ਦਾ ਮਾਲਕ, ਮੈਂ ਅੱਸੀ ਕਿੱਲਿਆਂ ਦਾ ਮਾਲਕ..! ਇਕ ਲੰਡਾ ਜਿਆ ਜੱਟ ਆਇਆ, ਤੇ ਆ ਕੇ ਉਹਨੇ ਅੱਸੀ ਕਿੱਲਿਆਂ ਦੇ ਮਾਲਕ ਦੇ ਇਕ ਟਿਕਾਅ ਕੇ ਲਫ਼ੇੜਾ ਮਾਰਿਆ, ਤੇ ਕਹਿੰਦਾ, ਲੈ ਮਿੱਤਰਾ, ਯਾਰ ਕੋਲ਼ੇ ਤਾਂ ਬਿੱਘਾ ਵੀ ਹੈਨ੍ਹੀ.. !" ਪ੍ਰਧਾਨ ਦੀ ਗੱਲ 'ਤੇ ਬਿੱਲੇ ਤੋਂ ਬਿਨਾਂ ਸਾਰੇ ਹੱਸ ਪਏ।
ਪਿਆਲੇ ਦੇ ਯਾਰਾਂ ਨੇ ਦਰਸ਼ਣ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਅਤੇ ਉਸ ਦੇ ਮਾਮੇਂ ਦੇ ਮੁੰਡੇ ਮੁਹਿੰਦਰ ਸਿੰਘ ਨੂੰ ਖ਼ਬਰ ਕਰ ਦਿੱਤੀ। ਮੁਹਿੰਦਰ ਦਾ ਪਿੰਡ ਸ਼ਹਿਰ ਦੇ ਨਾਲ ਹੀ ਸੀ। ਮੁਹਿੰਦਰ ਦੀ ਦਰਸ਼ਣ ਨਾਲ ਕਾਫ਼ੀ ਮੱਤ ਮਿਲਦੀ ਸੀ। ਦਰਸ਼ਣ ਵਾਂਗ ਉਹ ਵੀ ਲਫ਼ੰਗਾ ਹੀ ਸੀ। ਮੁਡੀਹਰ ਨਾਲ ਰਲ ਕੇ ਉਸ ਨੂੰ ਵੀ ਘਤਿੱਤਾਂ ਕਰਨ ਦੀ ਬੁਰੀ ਬਾਣ ਸੀ। ਉਸ ਦਾ ਬਾਪ ਵੀ ਇਲਾਕੇ ਦੀ ਉਘੀ ਹਸਤੀ ਸੀ। ਦੋਹਾਂ ਧਿਰਾਂ ਵੱਲੋਂ ਦਰਸ਼ਣ ਅਤੇ ਮੁਹਿੰਦਰ ਦੇ ਇਕੱਠੇ ਹੋਣ 'ਤੇ ਸਖ਼ਤ ਮਨਾਹੀ ਸੀ। ਕਿਉਂਕਿ ਜਦੋਂ ਉਹ ਇਕੱਠੇ ਹੋ ਜਾਂਦੇ ਸਨ, ਤਾਂ ਕੋਈ ਨਾ ਕੋਈ ਘਤਿੱਤ ਕਰਦੇ ਸਨ। ਦੋਵੇਂ ਹੀ ਛਿੱਤਰ ਘੜੀਸ ਆਸ਼ਕ ਸਨ। ਪਰ ਇਤਨੀ ਸਖ਼ਤ ਮਨਾਹੀ ਦੇ ਬਾਵਜੂਦ ਵੀ ਲੰਡੇ ਨੂੰ ਕੁੰਢਾ ਸੌ ਕੋਹ ਦਾ ਵਲ ਪਾ ਕੇ ਮਿਲਦਾ ਸੀ।
ਮੁਹਿੰਦਰ ਜੀਪ ਲੈ ਕੇ ਠਾਣੇ ਪਹੁੰਚਿਆ।
-"ਆਓ ਜੀ ਮਿੰਦੀ ਸਾਹਬ, ਸਾਹਬ ਬਹਾਦਰ.. !" ਮੁਣਸ਼ੀ ਅਦਬ ਭਰੀ ਅਵਾਜ਼ ਵਿਚ ਬੋਲਿਆ। ਮਿੰਦੀ ਦਾ ਅਚਾਨਕ ਠਾਣੇ ਆਉਣਾ ਸ਼ੁਭ ਸ਼ਗਨ ਸੀ।
-"ਅੱਜ ਸਾਡੀ ਯਾਦ ਕਿਵੇਂ ਆਗੀ..?" ਮੁਣਸ਼ੀ ਦੇ ਸਿਰ ਵਿਚ ਖ਼ੁਸ਼ੀ ਦੀਆਂ ਘੰਟੀਆਂ ਖੜਕੀ ਜਾ ਰਹੀਆਂ ਸਨ।
-"ਯਾਰ ਕਾਹਦੀ ਗੱਲ ਐ..? ਬੱਸ ਪੁੱਛ ਨਾ.. !" ਮਿੰਦੀ ਜਿਵੇਂ ਕਾਫ਼ੀ ਅੰਬਿਆ ਪਿਆ ਸੀ।
-"ਤਾਂ ਵੀ, ਠਾਣੇਂ ਨੂੰ ਅੱਜ ਕਿਵੇਂ ਭਾਗ ਲਾਏ.. ?'
-"ਯਾਰ ਕਾਲਜ ਦੇ ਇਕ ਲੰਡਰ ਜੇ ਮੁੰਡੇ ਨੇ ਆਪਣੇ ਦਰਸ਼ਣ ਦੇ ਸੱਟਾਂ ਮਾਰੀਆਂ. ?''
-"ਅੱਛਾ..?"
-"ਮੁੰਡੇ ਆਂਹਦੇ ਐ, ਉਹਨੇ ਬੜੀ ਅੱਤ ਚੱਕੀ ਵੀ ਐ..!"
-"ਤੂੰ ਫ਼ਿਕਰ ਕਾਹਦਾ ਕਰਦੈਂ ਮਿੰਦੀ ਸਿਆਂ.. ? ਅਸੀਂ ਲਾ ਦਿਆਂਗੇ ਖੁਰੀਆਂ..। ਜੜ ਦਿਆਂਗੇ ਕੋਕੇ..! ਸਾਡੇ ਹੁੰਦਿਆਂ ਉਹ ਅੱਤ ਚੁੱਕੇ? ਉਹਦੀ ਮਾਂ ਦੀ! ਅਸੀਂ ਸਾਲੇ ਛੋਟੇ ਦੇ ਹੱਡਾਂ 'ਚ ਚਿੱਬ ਪਾ ਦਿਆਂਗੇ..! ਨਾਲੇ ਜੇ ਪੁਲਸ ਈ ਮੁੰਡਿਆਂ ਨਾਲ ਨਰਮੀ ਵਰਤਣ ਲੱਗ ਪਈ, ਤਾਂ ਇਕ ਨਾ ਇਕ ਦਿਨ ਇਹੀ ਲਗੌੜ ਸਾਨੂੰ ਪੈ ਨਿਕਲੂ? ਤੂੰ ਚਿੰਤਾ ਕਾਹਦੀ ਕਰਦੈਂ ? ਪਰ ਸਾਡੇ ਮੁੰਡੇ ਖੁੰਡੇ ਖ਼ੁਸ਼ ਕਰਨੇ, ਤੇਰਾ ਕੰਮ ਐਂ ਮਿੰਦੀ..!"
ਮਿੰਦੀ ਮੁਣਸ਼ੀ ਨੂੰ ਦਫ਼ਤਰ ਤੋਂ ਪਾਸੇ ਲੈ ਗਿਆ।
ਕਾਫ਼ੀ ਦੇਰ ਉਹ ਕੋਈ ਗੁੱਝੀ ਗੱਲ ਕਰਦੇ ਰਹੇ। ਮੁਣਸ਼ੀ ਉਂਗਲ ਦੇ ਸਹਾਰੇ ਮਿੰਦੀ ਨੂੰ ਕੋਈ ਖ਼ਾਸ ਗੱਲ ਸਮਝਾਉਂਦਾ ਰਿਹਾ। ਉਹ ਆਪਣੀਆਂ ਉਖੜੀਆਂ ਜਿਹੀਆਂ ਜਾਭਾਂ 'ਤੇ ਵਾਰ ਵਾਰ ਹੱਥ ਫੇਰਦਾ ਰਿਹਾ।
ਮਿੰਦੀ ਅਤੇ ਹੌਲਦਾਰ ਜੀਪ ਲੈ ਕੇ ਹਸਪਤਾਲ ਨੂੰ ਸਿੱਧੇ ਹੋ ਗਏ।
ਹਸਪਤਾਲ ਦੇ ਜਾਣੂੰ ਡਾਕਟਰ ਨਾਲ ਮਿੰਦੀ ਨੇ ਕੋਈ ਗੁਪਤ ਗੱਲ ਕੀਤੀ।
ਬਿੱਲੇ 'ਤੇ ਦਫ਼ਾ 307, ਇਰਾਦਾ ਕਤਲ ਦਾ ਪਰਚਾ ਬਣ ਗਿਆ। ਪਰਚਾ ਅਜੇ ਕੱਟਿਆ ਨਹੀਂ ਸੀ। ਮੁਣਸ਼ੀ ਨੇ ਕੁਝ ਬਿਆਨ ਰਾਖਵੇਂ ਰੱਖ ਲਏ ਤਾਂ ਕਿ ਲੋੜ ਪੈਣ 'ਤੇ ਅਦਲਾ ਬਦਲੀ ਕੀਤੀ ਜਾ ਸਕੇ।
ਲਿਖਾਇਆ ਗਿਆ ਕਿ ਬਿੱਲੇ ਨੇ ਦਰਸ਼ਣ ਤੇ ਹਥੌੜੇ ਦੇ ਵਾਰ ਕੀਤੇ ਸਨ । ਬਿੱਲਾ ਦਰਸ਼ਣ ਨੂੰ ਸਿਰ 'ਚ ਹਥੌੜਾ ਮਾਰ ਕੇ ਜਾਨੋਂ ਮਾਰ ਦੇਣਾ ਚਾਹੁੰਦਾ ਸੀ। ਪਰ ਇਹ ਦਰਸ਼ਣ ਦੀ ਖ਼ੁਸ਼ ਕਿਸਮਤੀ ਸੀ ਕਿ ਹਥੌੜਾ ਸਿਰ ਵਿਚ ਨਹੀਂ ਵੱਜ ਸਕਿਆ ਸੀ। ਵਜਾਹ ਇਹ ਸੀ ਕਿ ਅੱਜ ਤੋਂ ਦੋ ਕੁ ਹਫ਼ਤੇ ਪਹਿਲਾਂ ਬਿੱਲੇ ਨੇ ਦਰਸ਼ਣ ਨੂੰ ਧਮਕੀ ਦਿੱਤੀ ਸੀ ਕਿ ਜੇ ਉਸ ਨੂੰ ਇਕ ਹਫ਼ਤੇ ਦੇ ਅੰਦਰ ਅੰਦਰ ਪੰਜ ਹਜ਼ਾਰ ਰੁਪਏ ਨਾ ਦਿੱਤੇ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਪਰ ਦਰਸ਼ਣ ਨੇ ਪੰਜ ਹਜ਼ਾਰ ਰੁਪਏ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਬਿੱਲਾ ਮੌਕਾ ਪਾਉਂਦਾ ਰਿਹਾ। ਪਰ ਮੌਕਾ ਨਾ ਲੱਗ ਸਕਿਆ। ਅੱਜ ਮੌਕਾ ਪੈਣ 'ਤੇ ਬਿੱਲੇ ਨੇ ਦਰਸ਼ਣ ਤੇ ਵਾਰ ਕੀਤੇ ਅਤੇ ਨਤੀਜੇ ਵਜੋਂ ਦਰਸ਼ਣ ਸਖ਼ਤ ਫੱਟੜ ਹੋ ਗਿਆ। ਬਿੱਲੇ ਨੂੰ ਇਹ ਪੰਜ ਹਜ਼ਾਰ ਰੁਪਏ ਆਪਣੀ ਬਿਮਾਰ ਮਾਂ ਵਾਸਤੇ ਚਾਹੀਦੇ ਸਨ। ਸਬੂਤ ਵਜੋਂ ਹਸਪਤਾਲ ਵਿਚੋਂ ਪਤਾ ਕੀਤਾ ਜਾ ਸਕਦਾ ਸੀ। ਬਿੱਲੇ ਦੀ ਮਾਂ ਕੁਝ ਦਿਨ ਹਸਪਤਾਲ ਦਾਖ਼ਲ ਰਹੀ ਸੀ। ਕੁਝ ਦਿਨ ਪਹਿਲਾਂ ਵੀ ਬਿੱਲੇ ਨੇ ਦਰਸ਼ਣ ਨੂੰ ਬੱਸ ਸਟੈਂਡ 'ਤੇ ਕੁੱਟਿਆ ਸੀ।
ਬਿੱਲਾ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ।
ਉਸ ਨੂੰ ਗਧੇ ਵਾਂਗ ਧੱਕ ਕੇ ਹਵਾਲਾਤ ਵਿਚ ਤਾੜ ਦਿੱਤਾ ਗਿਆ। ਅੰਦਰੋਂ ਇੰਜ ਮੁਸ਼ਕ ਮਾਰ ਰਿਹਾ ਸੀ, ਜਿਵੇਂ ਕਈ ਦਿਨਾਂ ਦਾ ਅੰਦਰ ਕੁੱਤਾ ਮਰ ਕੇ ਸੜ ਗਿਆ ਸੀ। ਮੱਛਰ "ਭੀ-ਭੀ" ਕਰਦਾ ਉਡਿਆ ਫਿਰਦਾ ਸੀ। ਹਵਾਲਾਤ ਦੇ ਇਕ ਖੂੰਜੇ ਗਲਿਆ ਸੜਿਆ ਜਿਹਾ ਸਰ੍ਹੋਂ ਦਾ ਟਾਂਗਰ ਪਿਆ ਸੀ।
ਪਰ ਬਿੱਲਾ ਖ਼ਾਮੋਸ਼ ਸੀ। ਕਿਸੇ ਪਰਬਤ ਵਾਂਗ ਅਡੋਲ ਸੀ। ਕੋਈ ਆਸ ਉਸ ਦਾ ਦਿਲ ਡੋਲਣ ਜਾਂ ਟੁੱਟਣ ਨਹੀਂ ਦੇ ਰਹੀ ਸੀ। ਉਸ ਦੇ ਮਨ ਅੰਦਰ ਪੂਰਨ ਵਿਸ਼ਵਾਸ ਸੀ, ਅਕਹਿ ਅਹਿਸਾਸ ਸੀ, ਹੌਂਸਲਾ ਸੀ। ਉਸ ਦੀ ਆਸ ਦਾ ਸਾਗਰ ਉਸ ਨੂੰ ਬੇਡਰ ਕਰ ਰਿਹਾ ਸੀ।
ਸ਼ਾਮ ਹੋਈ।
ਤਖਾਣਵੱਧੀਆ ਪ੍ਰਧਾਨ ਬਿੱਲੇ ਦੀ ਖਾਤਰ ਰੋਟੀ ਲੈ ਕੇ ਆਇਆ। ਪਹਿਰਾ ਦੇ ਰਹੇ ਸੰਤਰੀ ਨੇ ਉਸ ਨੂੰ ਗੇਟ 'ਤੇ ਹੀ ਰੋਕ ਲਿਆ।
-"ਕਿੱਧਰ ਨੂੰ ਰੇਬੀਏ ਪਿਆ ਜਾਨੈਂ ਉਏ..?"
-"ਮੈਂ ਜੀ ਬਿੱਲੇ ਨੂੰ ਰੋਟੀ ਦੇਣ ਚੱਲਿਐਂ..!"
-"ਬਿੱਲਾ ਨਾਨਕੀਂ ਆਇਆ ਵਿਐ..?
-...........।" ਤਖਾਣਵੱਧੀਆ ਅਵਾਕ ਸੀ।
-"ਤੇਰਾ ਕੀ ਲੱਗਦੇ ਉਹੋ ?" ਪਾਸਿਓਂ ਇਕ ਸਿਪਾਹੀ ਨੇ ਪੁੱਛਿਆ।
-"ਮਿੱਤਰ ਐ, ਅਸੀਂ ਕੱਠੇ ਕਾਲਜ 'ਚ ਪੜ੍ਹਦੇ ਐਂ..!"
-"ਕਿੱਥੇ..?"
-"ਗੁਰੂ ਨਾਨਕ ਕਾਲਜ ਮੋਗਾ..!"
-"ਚੰਗਾ, ਜਾਹ ਦੇ ਆ..!" ਸਿਪਾਹੀ ਨੇ ਰਸਤਾ ਸਾਫ਼ ਕਰ ਦਿੱਤਾ।
-"ਇਹਤੋਂ ਸ਼ੀਸ਼ੀ ਜੋਗੇ ਤਾਂ ਝਾੜ ਲੈਂਦਾ? ਰਾਤ ਨੂੰ ਔਖੇ ਹੋਵਾਂਗੇ ?" ਸੰਤਰੀ ਨੇ ਕਿਹਾ।
-"ਉਏ ਰਹਿਣ ਦੇਹ..! ਕਿਤੇ ਲੈਣੇ ਦੇ ਦੇਣੇ ਨਾ ਪੈ ਜਾਣ..!"
-"ਕਿਉਂ..?"
-"ਇਹ ਕਾਲਜੀ ਟੱਟੂ ਪੂਰੇ ਕੁੱਤੇ ਦੇ ਸਾਲੇ ਹੁੰਦੇ ਐ..! ਚਾਰ ਰੁਪਈਏ ਦੇ ਕੇ, ਪੂਰਾ ਸੌ ਬਣਾਂ ਲੈਂਦੇ ਐ, ਤੇ ਫੇਰ ਕਰਕੇ ਫ਼ੰਡਰ ਜੀ ਮੁੰਡੀਹਰ ਕੱਠੀ, ਬਾਧੂ ਹੈਰਾਨ ਕਰਦੇ ਐ..!"
ਸੰਤਰੀ ਚੁੱਪ ਕਰ ਗਿਆ।
ਉਸ ਨੂੰ ਸਿਪਾਹੀ ਦੀ ਗੱਲ ਵਜ਼ਨਦਾਰ ਹੀ ਤਾਂ ਲੱਗੀ ਸੀ।
-"ਵਾਹ ਉਏ ਦੋਸਤਾ..! ਪ੍ਰਧਾਨਾਂ ਜੇ ਸਕੇ ਭਰਾ ਨੂੰ ਨਹੀਂ, ਤਾਂ ਤੈਨੂੰ ਤਾਂ ਫ਼ਿਕਰ ਹੈ..!" ਬਿੱਲੇ ਨੇ ਪ੍ਰਧਾਨ ਨੂੰ ਅਨੋਖੇ ਅੰਦਾਜ਼ ਵਿਚ ਆਖਿਆ।
ਪ੍ਰਧਾਨ ਨੇ ਬਿੱਲੇ ਨੂੰ ਰੋਟੀ ਫੜਾ ਦਿੱਤੀ । ਬਿੱਲਾ ਸ਼ੁਕਰਾਨੇ ਭਰੀ ਨਜ਼ਰ ਨਾਲ ਦੋਸਤ ਵੱਲ ਝਾਕਿਆ। ਯਾਰ ਵਿਚੋਂ ਉਸ ਨੂੰ ਰੱਬ ਦਿਸਿਆ ਸੀ।
- " ਪ੍ਰਧਾਨਾਂ..!"
-"ਬੋਲ..?"
-"ਮੇਰਾ ਇਕ ਕੰਮ ਕਰ ਯਾਰ..!" ਬਿੱਲੇ ਨੇ ਬੜੇ ਗੜ੍ਹਕੇ ਨਾਲ ਕਿਹਾ।
-"ਹੁਕਮ ਕਰ..!"
-"ਮੇਰਾ ਇਕ ਸੁਨੇਹਾਂ ਕੋਠਿਆਂ ਆਲੇ ਸੀਤੋ ਨੂੰ ਪਹੁੰਚਦਾ ਕਰ..।"
-"ਸੁਨੇਹਾ ਬੋਲ..?"
-"ਉਹਨੂੰ ਆਖੀਂ ਬਈ ਬਿੱਲਾ ਰਾਜੇ ਇੰਦਰ ਦੀਆਂ ਪਰੀਆਂ ਨਾਲ ਖੜਮਸਤੀਆਂ ਕਰਦੈ..!"
ਬਿੱਲੇ ਦੇ ਕਹਿਣ 'ਤੇ ਦੋਨੋਂ ਹੱਸ ਪਏ।
-"ਬੱਸ ਆਹੀ ਕਹਿਣੈਂ ਬਈ ਬਿੱਲਾ ਫੜਿਆ ਗਿਆ.. । ਬਾਕੀ ਗੱਲ ਤੂੰ ਆਪ ਈ ਦੱਸਦੀਂ !" ਬਿੱਲਾ ਫਿਰ ਗੰਭੀਰ ਹੋ ਗਿਆ।
-"ਕੋਠਿਆਂ ਆਲ਼ੇ ਸੀਤੋਂ ਨੂੰ.. ?" ਪ੍ਰਧਾਨ ਦਾ ਮੂੰਹ ਹੈਰਾਨੀ ਵਿਚ ਖੁੱਲ੍ਹਾ ਹੀ ਰਹਿ ਗਿਆ। ਸੀਤੋ ਦਾ ਨਾਂ ਲੈਣ 'ਤੇ ਜਿਵੇਂ ਉਸ ਦੀ ਚੀਕ ਨਿਕਲ ਗਈ ਸੀ।
ਕੋਠਿਆਂ ਵਾਲਾ ਸੀਤੋ ਇਲਾਕੇ ਦਾ ਮਸ਼ਹੂਰ, ਝੰਡੇ ਹੇਠਲਾ ਬੰਦਾ ਸੀ। ਜਿੱਧਰ ਨੂੰ ਮੂੰਹ ਹੋ ਜਾਂਦਾ ਸੀ। ਫ਼ਤਹਿ ਹੀ ਪ੍ਰਾਪਤ ਕਰਦਾ ਸੀ। ਉਸ ਦੀ ਉਮਰ ਕੋਈ ਬਹੁਤੀ ਵੱਡੀ ਨਹੀਂ ਸੀ। ਪਰ ਉਘਾ ਅਤੇ ਅਮੀਰ ਬੰਦਾ ਹੋਣ ਕਾਰਨ ਉਹ ਚੜ੍ਹਦੀ ਉਮਰ ਵਿਚ ਹੀ ਮਸ਼ਹੂਰ ਹੋ ਗਿਆ ਸੀ।
ਥੋੜ੍ਹੇ ਦਿਨ ਪਹਿਲਾਂ ਹੀ ਬਿੱਲਾ ਉਸ ਦੇ ਕੋਲ ਗਿਆ ਸੀ । ਬਿੱਲੇ ਨੇ ਉਸ ਨੂੰ ਸਾਰੀ ਕਹਾਣੀ ਦੱਸੀ ਤਾਂ ਸੀਤੋ ਨੇ ਬਿੱਲੇ ਨੂੰ ਸ਼ਰਨ ਦਿੱਤੀ ਸੀ। ਸੀਤੋ ਦੇ ਦਰਜਨ ਤੋਂ ਉਪਰ ਟਰੱਕ ਚੱਲਦੇ ਸਨ। ਪਰ ਉਸ ਦੇ ਕੁਝ ਵਿਰੋਧੀ ਦੁਸ਼ਮਣ ਉਸ ਦੇ ਕਾਰੋਬਾਰ ਵਿਚ ਰੋੜੇ ਸਨ। ਬਿੱਲੇ ਨੇ ਸੀਤੋ ਨੂੰ ਇਹ ਰੋੜੇ ਹੂੰਝ ਕੇ ਬਾਹਰ ਸੁੱਟਣ ਦਾ ਵਾਅਦਾ ਦਿੱਤਾ ਸੀ ਅਤੇ ਸੀਤੋ ਨੇ ਮੁੱਲ ਤਾਰਨ ਦਾ! ਸੀਤੋਂ ਨੂੰ ਆਦਮੀ ਦੀ ਪਹਿਚਾਣ ਸੀ। ਇਮਾਨਦਾਰੀ ਅਤੇ ਨਿੱਡਰਤਾ ਦੀ ਉਸ ਨੂੰ ਦਿਲੋਂ ਕਦਰ ਸੀ। ਉਹ ਦਿਲ ਦਾ ਸਾਫ਼, ਨੀਅਤ ਦਾ ਸੁੱਚਾ, ਪਰ ਐਸ਼ੀ ਪੱਠਾ ਸੀ।
-"ਤੂੰ ਸੀਤੋ ਨੂੰ ਕਿਵੇਂ ਜਾਣਦੈਂ.. ?" ਪ੍ਰਧਾਨ ਦਾ ਚਿਹਰਾ ਹੈਰਾਨਗੀ ਵਿਚ ਤਣਿਆਂ ਖੜ੍ਹਾ ਸੀ।
- "ਬੱਸ..! ਮਿੱਤਰਤਾਈ ਐ..!"
-"ਅੱਛਾ..?" ਪ੍ਰਧਾਨ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ। ਉਹ ਸੁਆਲੀਆ ਜਿਹੀਆਂ ਨਜ਼ਰਾਂ ਨਾਲ ਬਿੱਲੇ ਨੂੰ ਤੱਕ ਰਿਹਾ ਸੀ। ਉਸ ਦੇ ਦਿਮਾਗ ਦੀਆਂ ਨਾੜਾਂ ਹਲਟ ਦੇ ਕੁੱਤੇ ਵਾਂਗ "ਟੱਕ-ਟੱਕ" ਵੱਜ ਰਹੀਆਂ ਸਨ। ਉਸ ਨੂੰ ਇੰਜ ਮਹਿਸੂਸ ਹੋਇਆ ਕਿ ਬਿੱਲਾ ਕਾਲਜੀਏਟ ਬਿੱਲਾ ਨਹੀਂ, ਸਗੋਂ ਉਹ ਤਾਂ ਇਕ ਜੰਗਲੀ ਬਾਘੜ ਬਿੱਲਾ ਸੀ, ਜਿਸ ਦੀ ਬਘਿਆੜ੍ਹਾਂ ਅਤੇ ਬੱਬਰ ਸ਼ੇਰਾਂ ਨਾਲ ਦੋਸਤੀ ਸੀ।
-"ਮੇਰਾ ਐਨਾਂ ਕੰਮ ਤਾਂ ਕਰ ਸਕਦੈਂ ?" ਬਿੱਲੇ ਨੇ ਪੁੱਛਿਆ।
-"ਯਾਰ ਤੂੰ ਕਹੇਂ ਜਾਨ ਨਿਲਾਮ ਕਰ ਦੇਈਏ, ਹੋਰ ਦੱਸ.. ?' ਪ੍ਰਧਾਨ ਨੇ ਹਮਦਰਦੀ ਦਿਖਾਈ। ਹੈਰਾਨੀ ਨਾਲ ਗੱਚ ਹੋਇਆ ਪ੍ਰਧਾਨ ਠਾਣੇਂ ਤੋਂ ਬਾਹਰ ਆ ਗਿਆ।
ਉਹ ਸਕੂਰ ਲੈ ਕੇ ਸਿੱਧਾ ਕੋਠਿਆਂ ਵਾਲ਼ੇ ਸੀਤੋ ਦੇ ਪਿੰਡ ਨੂੰ ਸਿੱਧਾ ਹੋ ਗਿਆ।
ਬਿੱਲੇ ਦੇ ਮਨ ਨੇ ਹੁਣ ਸਾਫ਼ ਹੀ ਆਖ ਦਿੱਤਾ ਸੀ ਕਿ ਉਸ ਨੇ ਸਿਰਫ਼ ਦੋ ਜਾਂ ਤਿੰਨ ਘੰਟੇ ਹੀ ਹਵਾਲਾਤ ਵਿਚ ਕੱਟਣੇ ਸਨ, ਜ਼ਿਆਦਾ ਨਹੀਂ..!
ਪ੍ਰਧਾਨ ਦਾ ਸਕੂਟਰ ਹਵਾ ਨੂੰ ਗੰਢਾਂ ਦਿੰਦਾ ਜਾ ਰਿਹਾ ਸੀ। ਸੜਕਾਂ ਦੀ ਛਾਤੀ ਮਿੱਧਦਾ, ਹਵਾ ਦਾ ਸੀਨਾਂ ਪਾੜਦਾ ਉਹ ਸੀਤੋ ਦੀ ਕੋਠੀ ਪਹੁੰਚ ਗਿਆ। ਕੋਠੀ ਮਹਿਲ ਨਜ਼ਰ ਆਉਂਦੀ ਸੀ। ਜਿਸ ਦੇ ਆਲੇ ਦੁਆਲੇ ਪੰਜ ਏਕੜ ਦੇ ਘੇਰੇ ਵਿਚ ਸਿਰਫ਼ ਬਾਗ ਹੀ ਬਾਗ ਸਨ। ਕੋਠੀ ਪਿੰਡੋਂ ਕਾਫ਼ੀ ਵਾਟ ਸੀ। ਜਿਸ ਨੂੰ ਪੱਕੀ ਸੜਕ ਜਾਂਦੀ ਸੀ। ਕੋਠੀ ਉਪਰ ਲੱਗਿਆ ਟੈਲੀਵੀਯਨ ਦਾ ਅਨਟੀਨਾਂ ਅਕਾਸ਼ ਦੀ ਛਾਤੀ ਛੂੰਹਦਾ ਸੀ। ਅੱਧੀ ਪੱਥਰ ਅਤੇ ਸ਼ੀਸ਼ਿਆਂ ਦੀ ਬਣੀ ਕੋਠੀ ਵਿਚ ਪ੍ਰਧਾਨ ਦਾ ਸਕੂਟਰ ਜਾ ਕੇ ਖੜ੍ਹਾ ਹੋ ਗਿਆ। ਵੱਡੇ ਦਰਵਾਜੇ ਵਿਚੋਂ ਬੱਬਰ ਸ਼ੇਰਾਂ ਜਿੱਡੇ ਕੁੱਤੇ ਘੁਰਕੇ। ਪ੍ਰਧਾਨ ਦਾ ਤ੍ਰਾਹ ਨਿਕਲ ਗਿਆ। ਕੁੱਤਿਆਂ ਦੇ ਗਲਾਂ ਵਿਚ ਚੰਮ ਦੇ ਪਟੇ ਪਾਏ ਹੋਏ ਸਨ, ਜਿੰਨ੍ਹਾਂ ਵਿਚ ਸੋਨੇ ਦੇ ਕੋਕੇ ਜੜੇ ਹੋਏ ਸਨ।
ਪ੍ਰਧਾਨ ਨੇ ਅਵਾਜ ਦਿੱਤੀ।
ਉਸ ਦੀ ਅਵਾਜ਼ ਕੋਠੀ ਦੇ ਸ਼ੀਸ਼ਿਆਂ ਨਾਲ ਟਕਰਾ ਕੇ ਦੁੱਗਣੀ ਹੋ ਗਈ।
ਇਕ ਕਮਰੇ ਵਿਚੋਂ ਇਕ ਨੌਂ ਗਜਾ ਬੰਦਾ ਬਾਹਰ ਨਿਕਲਿਆ। ਉਸ ਦੀ ਦਾਹੜੀ ਅਤੇ ਸਿਰ ਉਸਤਰੇ ਨਾਲ ਘੋਨ ਕੀਤਾ ਹੋਇਆ ਸੀ ਅਤੇ ਗਿੱਠ ਗਿੱਠ ਲੰਮੀਆਂ ਮੁੱਛਾਂ ਰੱਖੀਆਂ ਹੋਈਆਂ ਸਨ। ਜਿੰਨ੍ਹਾਂ ਨੂੰ ਕਤਰ ਕੇ ਉਸ ਨੇ ਬਰਛੇ ਵਾਂਗ ਤਿੱਖਾ ਕਰ ਰੱਖਿਆ ਸੀ । ਕੁੜਤੇ ਉਪਰੋਂ ਦੀ ਕਾਰਤੂਸਾਂ ਦੀ ਪੇਟੀ ਅਤੇ ਮਾਊਜਰ ਲਟਕ ਰਿਹਾ ਸੀ। ਉਸ ਦੀਆਂ ਗੁਰੂ ਅੱਖਾਂ ਪ੍ਰਧਾਨ ਨੂੰ ਬਿਜਲੀ ਦੀ ਫੁਰਤੀ ਨਾਲ ਪੈਰਾਂ ਤੋਂ ਲੈ ਕੇ ਸਿਰ ਤੱਕ ਪੜ੍ਹ ਗਈਆਂ।
-"ਕੀ ਗੱਲ ਐ..?" ਉਸ ਦੀ ਨਗਾਰੇ ਵਰਗੀ ਅਵਾਜ਼ ਗੜ੍ਹਕੀ!
-"ਸੀਤੋ ਸਾਹਿਬ ਘਰ ਈ ਐ..?"
-"ਕੀ ਕੰਮ ਐਂ..?" ਉਹ ਬੜੀਆਂ ਸੰਖੇਪ ਗੱਲਾਂ ਕਰ ਰਿਹਾ ਸੀ।
-"ਮੈਂ ਬਿੱਲੇ ਦਾ ਸੁਨੇਹਾ ਲੈ ਕੇ ਆਇਐਂ..!" ਘੁੱਟਾਂਬਾਟੀ ਝਾਕਦੇ ਪ੍ਰਧਾਨ ਨੇ ਚਿਪਕੀ ਜ਼ੁਬਾਨ ਮਸਾਂ ਹੀ ਖੋਲ੍ਹੀ।
ਸੁਣ ਕੇ ਉਹ ਅੰਦਰ ਚਲਾ ਗਿਆ।
ਪ੍ਰਧਾਨ ਥਾਂ 'ਤੇ ਹੀ ਸੁੰਨ ਹੋਇਆ ਖੜ੍ਹਾ ਸੀ।
ਕਿਸ਼ਤ 6
ਥੋੜੀ ਦੇਰ ਬਾਅਦ ਹੀ ਉਹ ਆਦਮੀ ਹਨ੍ਹੇਰੀ ਵਾਂਗ ਮੁੜ ਆਇਆ।
-"ਅੰਦਰ ਆ ਜਾਹ ਬਈ ਜੁਆਨਾਂ. !" ਉਸ ਦੀ ਜੁਬਾਨ ਵਿਚ ਅਦਬ ਸੀ। ਆਕੜੀਆਂ ਮੁੱਛਾਂ ਢੈਲੀਆਂ ਪੈ ਗਈਆਂ ਸਨ। ਮੱਥੇ ਦੀ ਤਿਉੜੀ ਸੱਪ ਵਾਂਗ ਸਿੱਧੀ ਹੋ ਗਈ ਸੀ। ਪ੍ਰਧਾਨ ਹੈਰਾਨ ਸੀ! ਦੰਗ ਸੀ ਕਿ ਉਸ ਦੀ ਖੰਘਰ ਜੁਬਾਨ ਵਿਚ ਇਤਨੀ ਜਲਦੀ ਪ੍ਰੀਵਰਤਨ ਕਿਵੇਂ ਆ ਗਿਆ ? ਬਿੱਲਾ ਵਾਕਿਆ ਹੀ ਕੋਈ ਗੁੱਝੀ ਸ਼ੈਅ ਸੀ। ਜਿਸ ਦਾ ਸੀਤੋ ਵਰਗੇ ਘੈਂਟ ਆਦਮੀ 'ਤੇ ਜਾਦੂ ਸੀ।
ਦੋ ਕਮਰਿਆਂ ਵਿਚੋਂ ਲੰਘ ਕੇ ਉਸ ਆਦਮੀ ਨੇ ਤੀਜਾ ਦਰਵਾਜਾ ਖੋਲ੍ਹਿਆ ਅਤੇ ਪ੍ਰਧਾਨ ਨੂੰ ਅੰਦਰ ਜਾਣ ਦਾ ਇਸ਼ਾਰਾ ਦੇ ਦਿੱਤਾ।
ਪ੍ਰਧਾਨ ਸਹਿਮਿਆਂ ਪਿਆ ਸੀ।
-"ਜਾ ਵੜ ਅੰਦਰ ਡਰ ਨਾ..!" ਉਹ ਪ੍ਰਧਾਨ ਦੇ ਚਿਹਰੇ ਦੇ ਬਦਲਦੇ ਰੰਗ ਪੜ੍ਹ ਕੇ ਬੋਲਿਆ।
ਜਦੋਂ ਪ੍ਰਧਾਨ ਅੰਦਰ ਗਿਆ ਤਾਂ ਸੀਤੇ ਸੋਫ਼ੇ 'ਤੇ ਬੈਠਾ ਪੀ ਰਿਹਾ ਸੀ। ਉਸ ਦੀ ਉਮਰ ਕੋਈ ਚਾਲੀ ਕੁ ਸਾਲ ਦੀ ਸੀ। ਪਰ ਲੱਗਦਾ ਉਹ ਪ੍ਰਧਾਨ ਦੀ ਉਮਰ ਦਾ ਹੀ ਸੀ।
-"ਸਾਸਰੀਕਾਲ ਜੀ...!" ਪ੍ਰਧਾਨ ਨੇ ਅਦਬ ਵਿਚ ਹੱਥ ਜੋੜੇ। ਇਲਾਕੇ ਦਾ ਮੰਨਿਆਂ ਤੰਨਿਆਂ ਬੰਦਾ ਸੀਤੋ ਪ੍ਰਧਾਨ ਦੇ ਸਾਹਮਣੇ ਬੈਠਾ ਸੀ।
-"ਸਾਸਰੀਕਾਲ..! ਆ ਬਈ ਜੁਆਨਾਂ, ਕੀ ਗੱਲ ਐ..?" ਸੀਤੋ ਨੇ ਆਪ ਹੀ ਪੁੱਛ ਲਿਆ।
-"ਜੀ ਬਿੱਲਾ ਹਵਾਲਾਤ 'ਚ ਐ..!"
-"ਕਿਉਂ..?" ਸੀਤੋ ਚੌਂਕਿਆ।
ਪ੍ਰਧਾਨ ਨੇ ਸਾਰੀ ਘਟਨਾ ਖੋਲ੍ਹ ਕੇ ਸੁਣਾਈ। ਭੋਰਾ ਵੀ ਲਕੋ ਨਾ ਰੱਖਿਆ।
ਸੀਤੋ ਨੇ ਅੜਬ ਬੋਤੇ ਵਾਂਗ ਦੰਦ ਪੀਹੇ!
ਪਰ ਗੁੱਸੇ 'ਤੇ ਕਾਬੂ ਪਾ ਲਿਆ।
- "ਆਇਆ ਕਾਸ ਤੇ ਐਂ..?"
-"ਜੀ ਸਕੂਟਰ ਤੇ..!"
-"ਪਾੜ੍ਹਿਆ, ਤੂੰ ਚੱਲ ਤੇ ਅਸੀਂ ਆਏ..!" ਸੀਤੋ ਨੇ ਉਠ ਕੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ। ਸ਼ਾਇਦ ਗੁੱਸੇ ਵਿਚ ਉਹ ਪ੍ਰਧਾਨ ਨੂੰ ਚਾਹ ਪਾਣੀ ਵੀ ਪੁੱਛਣਾਂ ਭੁੱਲ ਗਿਆ ਸੀ । ਜਾਂ ਸ਼ਾਇਦ ਗੁੱਸੇ ਨੇ ਉਸ ਦੇ ਹੋਸ਼ ਹਵਾਸ ਹੀ ਗੁੰਮ ਕਰ ਦਿੱਤੇ ਸਨ।
ਪ੍ਰਧਾਨ ਜਾ ਚੁੱਕਾ ਸੀ!
ਕਿਸੇ ਕਰੋਧ ਨਾਲ ਸੀਤੋ ਸਾਹਣ ਵਾਂਗ ਵਿਹੜੇ ਵਿਚ ਆ ਖੜ੍ਹਾ ਹੋਇਆ।
-"ਉਏ ਰਾਗਟਾ..!" ਉਸ ਦੀ ਅਵਾਜ਼ ਨਗਾਰੇ ਵਾਂਗ ਗੱਜੀ। ਰਾਕਟ ਹਾਜ਼ਰ ਸੀ।
-"ਸਾਰੇ ਤਿਆਰ ਹੋਵੋ..!" ਸੀਤੋ ਦੀ ਅਵਾਜ਼ ਸੰਖ ਵਾਂਗ ਗੂੰਜਦੀ ਸੀ।
ਪਲਾਂ ਵਿਚ ਹੀ ਸੀਤੋ ਦੁਆਲੇ ਇਕੱਠ ਬੱਝ ਗਿਆ। ਸਾਰੇ ਦੇ ਸਾਰੇ ਜਿਵੇਂ ਟਿੱਡੀ ਦਲ ਵਾਂਗ ਉਤਰ ਆਏ ਸਨ।
-"ਜੀਪਾਂ ਤਿਆਰ ਕਰੋ ਤੇ ਵਿਚ ਬੈਠੋ !" ਹੁਕਮ ਹੋ ਗਿਆ।
ਹੁਕਮ ਦੀ ਤਾਮੀਲ ਹੋ ਗਈ।
ਧੂੜ ਦੇ ਬੱਦਲ ਛੱਡਦੀਆਂ ਦੋ ਜੀਪਾਂ ਬਾਹਰ ਨਿਕਲੀਆਂ।
ਛੂਕਦੀਆਂ ਜੀਪਾਂ ਦੇ ਟਾਇਰਾਂ ਵਿਚੋਂ ਸ਼ਾਇਦ ਚੰਗਿਆੜੇ ਨਿਕਲੇ ਸਨ।
ਜੀਪ ਵਿਚ ਬੈਠਾ ਸੀਤੋ ਕਿਸੇ ਦਧਨ ਨਾਲ ਉਸਲਵੱਟੇ ਲੈ ਰਿਹਾ ਸੀ। ਉਸ ਦੇ ਮਨ ਅੰਦਰ ਕੋਈ ਭੂਚਾਲ ਹਰਕਤ ਕਰਦਾ ਸੀ। ਜਿਸ ਨੂੰ ਫ਼ਟ ਕੇ ਬਾਹਰ ਆਉਣ ਵਿਚ ਕੋਈ ਬਹੁਤੀ ਦੇਰ ਨਹੀਂ ਲੱਗਦੀ ਦਿਸਦੀ ਸੀ।
ਬੇਕਿਰਕੀ ਨਾਲ ਸੜਕਾਂ ਕੁਚਲਦੀਆਂ ਜੀਪਾਂ ਠਾਣੇ ਦੇ ਮੁੱਖ ਦਰਵਾਜੇ ਅੱਗੇ ਆ ਤਣੀਆਂ! ਸੀਤੋ ਉਤਰਿਆ। ਨਾਲ ਹੀ ਉਸ ਦੀ ਫ਼ੌਜ ਛਾਲਾਂ ਮਾਰਦੀ ਉਤਰ ਆਈ।
ਪਹਿਰਾ ਦੇ ਰਹੇ ਸੰਤਰੀ ਨੇ ਬੰਦੂਕ ਸੰਭਾਲ ਕੇ ਸੀਤੋ ਨੂੰ ਸਲੂਟ ਮਾਰੀ। ਸ਼ਾਇਦ ਸੀਤੋ ਨੂੰ ਕੁਝ ਦਿਸਿਆ ਜਾਂ ਸੁਣਿਆਂ ਹੀ ਨਹੀਂ ਸੀ। ਉਹ ਬਿਨਾਂ ਸਲੂਟ ਮੰਨੀ ਦੇ ਹੀ ਅੰਦਰ ਚਲਾ ਗਿਆ।
ਸੀਤੋ ਨੂੰ ਦੇਖਦਿਆਂ ਹੀ ਮੁਣਸ਼ੀ ਹੱਥ ਜੋੜ ਕੇ ਖੜ੍ਹ ਗਿਆ।
-"ਬੱਲੇ..! ਸੀਤੋ ਸਾਹਿਬ ਤੁਸੀਂ..? ਅੱਜ ਤਾਂ ਕੋਈ ਭਾਗਾਂ ਆਲਾ ਦਿਨ ਚੜ੍ਹਿਐ..! ਜਿਹੜੇ ਥੋਡੇ ਦਰਸ਼ਣ ਹੋਗੇ..!" ਮੁਣਸ਼ੀ ਅੰਦਰੋਂ ਪੂਰਾ ਖ਼ੁਸ਼ ਸੀ। ਸੀਤੋ ਦਾ ਠਾਣੇ ਆਉਣਾ ਸ਼ੁਭ ਸੀ।
-"ਸਾਡਾ ਨ੍ਹੀ ਨਾ ਭਾਗਾਂ ਆਲਾ ਚੜ੍ਹਿਆ..!" ਸੀਤੋ ਅੱਕਿਆਂ ਵਾਂਗ ਬੋਲਿਆ। ਉਸ ਦੀਆਂ ਅੱਖਾਂ ਵਿਹੜੇ ਵਿਚੋਂ ਕੁਝ ਭਾਲ ਰਹੀਆਂ ਸਨ।
-"ਦੱਸੋ ਤਾਂ ਸਹੀ ਕੀ ਹੋ ਗਿਆ..? ਕੀ ਬਿਪਤਾ ਆ ਪਈ..?''
-"ਤੁਸੀਂ ਮੇਰਾ ਬੰਦਾ ਫੜ ਲਿਆਏ.. ?" ਸੀਤੋ ਦਾ ਮੂੰਹ ਰੱਤਾ ਹੋ ਗਿਆ।
-"ਥੋਡਾ ਬੰਦਾ..! ਸਾਹਬ ਬਹਾਦਰ ਥੋਡਾ ਬੰਦਾ ਐਥੇ ਕਿਹੜੈ..? ਐਥੇ ਤਾਂ ਸਾਰਾ ਮਾਤਾ ਦਾ ਮਾਲ 'ਕੱਠਾ ਹੋਇਆ ਵਿਐ..!"
-"ਬਿੱਲੇ ਨੂੰ ਬਾਹਰ ਲਿਆ..!"
-"ਬਿੱਲਾ ਥੋਡਾ ਬੰਦੈ..?" ਮੁਣਸ਼ੀ ਦਾ ਮੂੰਹ ਆਲ਼ੇ ਵਾਂਗ ਖੁੱਲ੍ਹਾ ਹੀ ਰਹਿ ਗਿਆ। ਉਸ ਨੂੰ ਸੱਚ ਨਹੀਂ ਆਇਆ ਸੀ।
-"ਆਹੋ...!"
ਸੋਚਾਂ ਵਿਚ ਡੁੱਬੇ ਮੁਣਸ਼ੀ ਨੇ ਮੂੰਹ ਵਿਚ ਅੰਗੂਠਾ ਪਾ ਲਿਆ। ਬਚਪਨ ਵਿਚ ਮੁਣਸ਼ੀ ਨੂੰ ਕਦੇ ਅੰਗੂਠਾ ਚੁੰਘਣ ਦੀ ਭੈੜ੍ਹੀ ਬਾਣ ਰਹੀ ਸੀ। ਪਰ ਹੁਣ ਵੀ ਕਦੇ-ਕਦੇ ਆਪਣੇ ਆਪ ਉਸ ਦਾ ਅੰਗੂਠਾ ਮੂੰਹ ਵਿਚ ਜਾ ਧੁਸਦਾ ਸੀ। ਮੁਣਸ਼ੀ ਨੂੰ ਪਤਾ ਹੀ ਨਹੀਂ ਲੱਗਦਾ ਸੀ। ਖੋਟੀ ਆਦਤ ਕਦੋਂ ਹੱਟਦੀ ਹੈ..? ਮੁਣਸ਼ੀ ਸੋਚਾਂ ਵਿਚ ਗੁੰਮ ਸੀ। ਉਹ ਬਿੱਲੇ ਨੂੰ ਬਾਹਰ ਕੱਢੇ ਜਾਂ ਨਾਂ..? ਸੀਤੋ ਨੂੰ ਲਾਰਾ ਮਾਰਨਾ ਉਸ ਦੇ ਗੁੱਸੇ ਨੂੰ ਅਵਾਜ਼ ਦੇਣਾਂ ਸੀ। ਫਿਰ ਦਰਸ਼ਣ ਅਤੇ ਮਿੰਦੀ ਤਾਂ ਕੱਲ੍ਹ ਦੇ ਛੋਕਰੇ ਸਨ। ਉਹ ਉਸ ਦਾ ਕੁਝ ਨਹੀਂ ਵਿਗਾੜ ਸਕਦੇ ਸਨ। ਸੀਤ ਦੀ ਇਲਾਕੇ ਵਿਚ ਬੇਹੱਦ ਪਹੁੰਚ ਸੀ। ਉਸ ਤੋਂ ਕਿਸੇ ਸਮੇਂ, ਕੋਈ ਵੀ ਕੰਮ ਲਿਆ ਜਾ ਸਕਦਾ ਸੀ। ਉਸ ਦੇ ਹੁਕਮ ਦਾ ਪੱਤਾ ਚੱਲਦਾ ਸੀ। ਦਰਸ਼ਣ ਦਾ ਬਾਪ ਤਾਂ ਨੇਕ, ਸਾਊ ਸੁਭਾਅ ਦਾ ਬੰਦਾ ਸੀ। ਨਾ ਤਾਂ ਉਸ ਨੇ ਠਾਣੇ ਆਉਣਾ ਸੀ ਅਤੇ ਨਾ ਹੀ ਕਿਸੇ ਨੇ ਮੁਣਸ਼ੀ ਨੂੰ ਕੁਝ ਆਖਣਾਂ ਸੀ। ਉਹ ਤਾਂ ਸਿਰਫ਼ ਘਰ ਦੀ ਬਿੱਲੀ ਘਰੇ 'ਮਿਆਉਂ ਸੀ। ਪਰ ਸੀਤੋ ਤਾਂ ਇਲਾਕੇ ਦੀ ਇਕ ਮੰਨੀ ਤੰਨੀ ਹਸਤੀ ਸੀ। ਵਣਾਂ ਦਾ ਸ਼ੇਰ ਸੀ। ਨਰ ਬੰਦਾ ਸੀ। ਬਚਨ ਕਰ ਕੇ ਮਰ ਮਿਟਣ ਵਾਲਾ ਫ਼ੌਲਾਦੀ ਇਨਸਾਨ!
-"ਬਿੱਲੇ ਨੂੰ ਬਾਹਰ ਲਿਆਓ ਬਈ.. ।" ਮੁਣਸ਼ੀ ਨੇ ਹੋਕਰਾ ਮਾਰਿਆ।
-"ਹੈ ਮੇਰਾ ਸਾਲਾ ਕੰਜਰੀ ਦੀਆਂ ਟੰਗਾਂ ਮਾਂਗੂੰ ਘੁਕਦਾ ? ਉਹ ਛੋਟਾ ਸਾਲਾ ਆਇਆ, ਤਾਂ ਕਹਿੰਦਾ ਗਿ੍ਫ਼ਤਾਰ ਕਰ ਕੇ ਲਿਆਓ..! ਹੁਣ ਇਹ ਮੁੱਛਾਂ ਚੱਕ ਕੇ ਆ ਗਿਐ, ਹੁਣ ਕਹਿੰਦੈ ਛੇਤੀ ਬਾਹਰ ਕੱਢੋ..!" ਇਕ ਸਿਪਾਹੀ ਨੇ ਦੂਜੇ ਦੇ ਕੰਨ 'ਚ ਕਿਹਾ।
-"ਕਦੇ ਮਰ ਚਿੜੀਏ - ਕਦੇ ਜਿਉਂ ਚਿੜੀਏ..!"
-"ਐਮੇਂ ਡਰੂ ਐ ਸਾਲਾ ਬੋਂਡੀ..!"
-"-"ਜੇ ਡਰੂ ਨਾ ਹੁੰਦਾ ਤਾਂ ਅੱਜ ਨੂੰ ਧੌਲਰ ਨਾ ਖੜ੍ਹੇ ਕੀਤੇ ਹੁੰਦੇ.. ?"
-"ਉਏ ਕੀ ਗੁਰਮਤੇ ਕਰੀ ਜਾਨੇ ਐਂ..? ਬਿੱਲੇ ਨੂੰ ਬਾਹਰ ਕਿਉਂ ਨ੍ਹੀ ਲਿਆਉਂਦੇ ?" ਸਿਪਾਹੀਆਂ ਦੇ ਕੰਨਾਂ ਨਾਲ ਮੁਣਸ਼ੀ ਦੀ ਕਰੜੀ ਅਵਾਜ਼ ਟਕਰਾਈ।
-"ਕੱਢ ਯਾਰ ਬਾਹਰ ਮੇਰੇ ਸਾਲੇ ਨੰਗ ਜੇ ਨੂੰ! ਬਾਧੂ ਅੜਾਹਟ ਪਾਈ ਜਾਂਦੈ ਧੀ ਦਾ ਖ਼ਸਮ.. ! ਸਿਪਾਹੀ ਖਿਝ ਕੇ ਬੋਲਿਆ।
-"ਮੇਰਾ ਸਾਲਾ ਡਰਦਾ ਕੱਟੇ ਮਾਂਗੂੰ ਦੇਖ ਕਿਵੇਂ ਰਿੰਗਦੈ..!"
-"ਵੱਡੇ ਜੁਆਈਆਂ ਨੂੰ ਦੇਖ ਕੇ ਸੰਘ ਅੱਡਣ ਡਹਿਜੂ..!"
-"ਇਹਨੂੰ ਛੱਡ ਕੇ ਫੜਲੇ...।"
"ਮੈਂ ਸੋਚਿਆ ਸੀ ਮਿਹਨਤ ਪਊ ਪੱਲੇ, ਆਥਣੇ ਚਾਰ ਸ਼ੀਸ਼ੀਆਂ ਹੱਥ ਲੱਗ ਜਾਣਗੀਆਂ..।"
-"ਉਏ ਇਹਨੇ ਕੁੱਤੇ ਦੇ ਸਾਲੇ ਨੇ ਹੱਥ ਪੱਲੇ ਕੀ ਆਉਣ ਦੇਣੈਂ..?"
-"ਇਹਦਾ ਸਾਲ਼ੇ ਦਾ ਮੱਥਾ ਈ ਮਾੜੇ..!"
-"ਬੱਲ੍ਹਾ ਐ, ਬੱਲ੍ਹਾ..!"
-"ਸ਼ਰਤ ਲਾ ਲੈ, ਇਹਦੀ ਬੇਬੇ ਕਮੰਡਲੀ ਹੋਊ..!"
-"ਉਏ ਮੈਂ ਕੁੱਤੈਂ ਜਿਹੜਾ ਭੌਂਕੀ ਜਾਨੇਂ.. ? ਤੁਸੀਂ ਨੌਕਰੀ ਕਰਨੀ ਐਂ ਕਿ ਨਹੀਂ..? ਸਾਲ਼ੇ ਗੱਲ ਈ ਨੀ ਗੌਲਦੇ..!"
-"ਉਏ ਲਿਆਉਨੇ ਐਂ ਭੈਣ ਦੀ .... ਦੇਣਾਂ!" ਸਿਪਾਹੀ ਨੇ ਕੁੱਕੜ ਵਾਂਗ ਮੂੰਹ 'ਚ ਹੀ ਕੁੜ-ਕੁੜ ਕੀਤੀ।
ਬਿੱਲੇ ਨੂੰ ਬਾਹਰ ਕੱਢਿਆ ਗਿਆ।
ਸਾਹਮਣੇ ਸੀਤੋ ਨੂੰ ਤੱਕ ਕੇ ਉਸ ਦੀਆਂ ਅੱਖਾਂ ਵਿਚ ਫ਼ਖ਼ਰ ਦੇ ਹੰਝੂ ਆ ਗਏ। ਉਹ ਸੀਤੋ ਦੇ ਪੈਰਾਂ 'ਤੇ ਢੇਰੀ ਹੋ ਗਿਆ। ਸੀਤੋ ਦਾ ਇਸ ਵਕਤ ਆਉਣਾ ਉਸ ਲਈ ਕਿਸੇ ਦੇਵਤੇ ਦਾ ਪ੍ਰਗਟ ਹੋਣਾਂ ਸੀ। ਨਹੀਂ ਤਾਂ ਸ਼ਰਾਬੀ ਸਿਪਾਹੀਆਂ ਨੇ ਰਾਤ ਨੂੰ ਉਸ ਵਿਚ ਚਿੱਬ ਪਾ ਦੇਣੇ ਸਨ। ਕਿਹੜਾ ਕਿਸੇ ਖੱਬੀ ਖ਼ਾਨ ਨੇ ਹੱਥ ਫੜਨਾ ਸੀ ?
ਸੀਤੋ ਨੇ ਫੜ ਕੇ ਬਿੱਲੇ ਨੂੰ ਆਪਣੀ ਹਿੱਕ ਨਾਲ ਲਾ ਲਿਆ।
-"ਹੋਰ ਕੋਈ ਸੇਵਾ..?" ਮੁਣਸ਼ੀ ਨੇ ਪੁੱਛਿਆ।
-"ਅੱਜ ਐਨੀ ਈ ਬਹੁਤ ਐ..! ਆਹ ਮੁੰਡਿਆਂ ਦਾ ਖਰਚ ਪੱਠਾ! ਖਾ ਪੀ ਲੈਣਗੇ ਆਥਣੇ.. !' ਸੀਤੋ ਨੇ ਨੋਟਾਂ ਦਾ ਰੁੱਗ ਭਰਕੇ ਮੁਣਸ਼ੀ ਅੱਗੇ ਢੇਰੀ ਕਰ ਦਿੱਤਾ।
-"ਕਾਹਨੂੰ ਬੇਸ਼ਰਮੀ ਦਿੰਨੇ ਐਂ..? ਅੱਗੇ ਵੀ ਥੋਡਾ ਈ ਖਾਈਦੈ..!" ਮੁਣਸ਼ੀ ਨੇ ਬੜੇ ਤਪਾਕ ਨਾਲ ਹੱਥ ਮਿਲਾਉਂਦਿਆਂ ਕਿਹਾ।
ਸੀਤੋ ਬਿੱਲੇ ਸਮੇਤ ਜੀਪ ਵਿਚ ਬੈਠ ਗਿਆ।
ਤੁਰਦੀਆਂ ਜੀਪਾਂ ਨੇ ਠਾਣੇ ਦੇ ਦਰਵਾਜੇ ਅੱਗੇ ਖੁਰਗੋ ਪੱਟ ਦਿੱਤੀ ਸੀ। ਧੂੜ ਤੋਂ ਡਰਦੇ ਮੰਤਰੀ ਨੇ ਮੂੰਹ ਆਪਣੇ ਪਰਨੇਂ ਨਾਲ ਢਕ ਲਿਆ।
ਕਿਸ਼ਤ 7
ਸਾਰੇ ਪਿੰਡ ਵਿਚ ਹੀ ਗੱਲ ਜੰਗਲ ਦੀ ਅੱਗ ਵਾਂਗ ਫ਼ੈਲ ਗਈ ਸੀ ਕਿ ਬਿੱਲੇ ਨੇ ਦਰਸ਼ਣ ਨੂੰ ਕੁੱਟਿਆ ਸੀ। ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਸਨ। ਅੱਧਿਆਂ ਕੁ ਨੇ ਤਾਂ ਸ਼ੁਕਰ ਵੀ ਮਨਾਇਆ ਸੀ ਅਤੇ ਗੱਲਾਂ ਗੱਲਾਂ ਵਿਚ ਬਿੱਲੇ ਨੂੰ ਥਾਪੀਆਂ ਵੀ ਦਿੱਤੀਆਂ ਸਨ।
ਦਰਸ਼ਣ ਦਾ ਬਾਪ ਕਰਨੈਲ ਸਿੰਘ ਦੇ 'ਤੱਤੇ' ਕਾਮੇਂ ਭੁੱਜਦੇ ਦਾਣਿਆਂ ਵਾਂਗ ਬੁੜ੍ਹਕ ਰਹੇ ਸਨ। ਕਰਨੈਲ ਸਿੰਘ ਦੁਆਲੇ ਇਕ ਮੇਲਾ ਜਿਹਾ ਲੱਗਿਆ ਹੋਇਆ ਸੀ।
-"ਸਰਦਾਰ ਜੀ, ਅੱਜ ਦਰਸ਼ਣ ਦੇ ਸੱਟਾਂ ਮਾਰੀਆਂ - ਕੱਲ੍ਹ ਨੂੰ ਥੋਡੇ ਕੋਲ ਵੀ ਪਹੁੰਚ ਸਕਦੈ!" ਕੋਈ ਆਖ ਰਿਹਾ ਸੀ।
-"ਕਿਸੇ ਦਾ ਹੱਥ ਖੁੱਲ੍ਹਣ ਤੋਂ ਪਹਿਲਾਂ ਈ ਵੱਢ ਦੇਣਾਂ ਚੰਗਾ ਰਹਿੰਦੈ..!''
-"ਕੱਲ੍ਹ ਨੂੰ ਕੋਈ ਹੋਰ ਲਗੌੜ ਮੁੰਡੇ 'ਤੇ ਹੱਥ ਚੱਕੂ..!"
-"ਉਹਨੂੰ ਝਟਕਾ ਕੇ ਕਿਸੇ ਖੂਹ ਖਾਤੇ ਸੁੱਟੋ..!"
-"ਉਹ ਭੈੜ੍ਹਿਆ ਸਾਹਣ ਐਂ? ਮਾਰ ਕੇ ਪਰ੍ਹਾਂ ਕਰੋ।"
-"ਸਮਝਦਾ ਆਬਦੇ ਆਪ ਨੂੰ ਕੀ ਐ ਉਹੋ ?"
-"ਨਹੀਂ ਮਾਰਨਾ ਤਾਂ ਲੱਤ ਬਾਂਹ ਤਾਂ ਵੱਢੋ..!"
-"ਲੱਤ ਬਾਂਹ ਕਾਹਨੂੰ ਭੈੜਿਆ.. ? ਊਂ ਈਂ ਘੋਗਾ ਚਿੱਤ ਕਰੋ...!"
-"ਹੋਰ..! ਮੁਕਾਓ ਪਰ੍ਹਾਂ ਟੈਂਟਾ..!"
-"ਨਾਂ ਸੈਹਾ ਨਿਕਲੇ ਤੇ ਨਾ ਕੁੱਤੀ ਭੌਂਕੇ..!
-"ਗਲ ਘੁੱਟ ਕੇ ਦਰੱਖ਼ਤ ਨਾਲ ਲਮਕਾ ਦਿਆਂਗੇ - ਮਗਰੋਂ ਰੌਲਾ ਪਾ ਦਿਓ, ਅੱਤਬਾਦੀ ਮਾਰਗੇ..!"
-"ਆਹ ਸਕੀਮ ਸਾਰਿਆਂ ਨਾਲੋਂ ਘੈਂਟ ਐ..!"
-'ਮਖਿਆ ਭੈੜਿਆ ਜਮਾਂ ਫਿੱਟ ਸਕੀਮ ਐਂ..!"
-"ਨਹੀਂ... !" ਕਰਨੈਲ ਸਿਉਂ ਇਕ ਤਰ੍ਹਾਂ ਨਾਲ ਚੀਕਿਆ ਸੀ। ਹੁਣ ਤੱਕ ਸਾਰੀਆਂ ਸਕੀਮਾਂ ਉਸ ਨੇ ਚੁੱਪ ਚਾਪ ਸੁਣ ਲਈਆਂ ਸਨ। ਉਹ ਕਾਫ਼ੀ ਗੰਭੀਰ ਹੋਇਆ ਬੈਠਾ ਸੀ।
.।" ਇਕ ਚੁੱਪ, ਇਕ ਸੰਨਾਟਾ ਛਾ ਗਿਆ।
-"ਸਰਦਾਰ ਜੀ, ਇਉਂ ਤਾਂ ਉਹੋ ਸਿਰ 'ਤੇ ਆ ਚੜੂ ? ਵਿਗੜਿਆ ਲੋਟ ਨੀ ਆਉਣਾ..!"
-"ਕੋਈ ਗੱਲ ਨੀ..!"
-" ਸਰਦਾਰ ਜੀ ਸੋਚ ਲਓ..! ਸਬੱਬੀਂ ਬੰਦੇ ਰਲੇ ਐ..!"
-"ਮੇਰਾ ਸੋਚਿਆ ਵਿਐ..! ਬੱਸ ਤੁਸੀਂ ਚੁੱਪ ਕਰਕੇ ਤੁਰ ਜਾਓ ਤੇ ਆਪਣਾ ਕੰਮ ਕਰੋ..! ਐਹੋ ਜੀਆਂ ਸਕੀਮਾਂ ਪੁੱਛਣ ਦੀ ਲੋੜ ਪਈ ਤਾਂ ਮੈਂ ਥੋਨੂੰ ਆਪੇ ਈ ਬੁਲਾ ਲਊਂਗਾ ।" ਕਰਨੈਲ ਸਿੰਘ ਨੇ ਬੜਾ ਸੰਜੀਦਾ ਹੋ ਕੇ ਆਖਿਆ।
ਸਾਰੇ ਕੰਨ ਜਿਹੇ ਝਾੜ ਕੇ ਤੁਰ ਗਏ।
ਪਾਸੇ ਜਾ ਕੇ 'ਤੱਤੇ' ਕਾਮੇਂ ਆਪਸ ਵਿਚ ਕਾਨਾਫੂਸੀ ਕਰਨ ਲੱਗ ਪਏ।
-"ਸਰਦਾਰ ਡਰਦੈ!'
-"ਡਰਿਆ ਸੋ ਮਰਿਆ..!"
-"ਇਹ ਤਾਂ ਕਿਸੇ ਦੇ ਕੀ ਖੁਰ ਵੱਢਦੈ? ਮੁੰਡੇ ਨੂੰ ਮਰਵਾਊ, ਮੈਂ ਸ਼ਰਤ ਕਰਦੈਂ..!"
-"ਅਗਲੇ ਦਾ ਹੱਥ ਖੁੱਲ੍ਹ ਗਿਐ, ਹੋਰ ਹੁਣ ਭਲੀ ਗੁਜਾਰੂ..?"
-"ਜੇ ਸਰਦਾਰ ਨੇ ਨਾ ਦਬਾਅ ਪਾਇਆ ਤਾਂ ਦੇਖ ਲਈਂ ਦਰਬੜੀ ਉਹ ਫੇਰ ਵੀ ਕਿਤੇ ਲਾਊ..!"
ਕਾਮੇਂ ਉਤਨਾਂ ਚਿਰ ਚੁੱਪ ਨਹੀਂ ਕਰੋ, ਜਿੰਨਾਂ ਚਿਰ ਕਰਨੈਲ ਸਿੰਘ ਉਠ ਕੇ ਬਾਹਰ ਨਹੀਂ ਆ ਗਿਆ ਸੀ।
ਸਾਰਾ ਪਿੰਡ ਹੀ ਮੂੰਹ ਜੋੜ-ਜੋੜ ਗੱਲਾਂ ਕਰ ਰਿਹਾ ਸੀ। ਪਿੰਡ ਦੀ ਸੱਥ ਅਤੇ ਆਂਢ ਗੁਆਂਢ ਵਿਚ ਇਹੋ ਚਰਚਾ ਸੀ। ਭੱਠੀ 'ਤੇ ਬੈਠੇ, ਅੱਗ ਸੇਕਦੇ ਮੁੰਡੇ ਰਾਤ ਨੂੰ ਰੰਗ ਬਿਰੰਗੀਆਂ ਗੱਲਾਂ ਕਰ ਰਹੇ ਸਨ।
-"ਊਂ ਗੱਲ ਦੱਸਦੇ ਐ ਮੱਲਾ, ਬਈ ਪਤੰਦਰ ਨੇ ਕੁੱਟਣ ਲੱਗੇ ਨੇ ਅੱਗਾ ਪਿੱਛਾ ਨੀ ਦੇਖਿਆ..!
-"ਤਾਂ ਹੀ ਤਾਂ ਹਸਪਤਾਲ ਮੂਧੇ ਮੂੰਹ ਪਿਐ..! ਹੋਰ ਕਿਤੇ ਚਾਅ ਨੂੰ ਪਿਐ..?"
-"ਚੰਗਾ, ਚਾਰ ਦਿਨ 'ਰਾਮ ਕਰਲੂ..!"
-"ਪਰ ਯਾਰ ਉਹਨੇ ਕੁੱਟਿਆ ਕਿਉਂ ?" ਕਿਸੇ ਨੂੰ ਅਚਾਨਕ ਗੱਲ ਯਾਦ ਆਈ।
-"ਇਹ ਕਿਹੜਾ ਨਵੀਂ ਗੱਲ ਐ..? ਉਹਨਾਂ ਦੀ ਕੁੜੀ ਨੂੰ ਪੈ ਨਿਕਲਿਆ ਹੋਊ.. ?"
-"ਜਾਂ ਫੜ ਫੁੜਲੀ ਹੋਊ ਸਾਲ਼ੇ ਨੇ..?"
-"ਇਕ ਤਾਂ ਅੱਗਾ ਪਿੱਛਾ ਨ੍ਹੀ ਦੇਖਦਾ - ਬੱਸ ਅੰਨ੍ਹੇ ਆਲਾ ਜੱਫ਼ਾ ਜਾ ਮਾਰਦੈ..!"
-"ਫਿਰ ਅਗਲੇ ਨੇ ਮੰਜੇ ਮਾਂਗੂੰ ਠੋਕ ਕੇ ਵੀ ਧਰਤਾ..!"
-"ਇਹਦੇ ਅਰਗੇ ਆਸ਼ਕੀ ਭਮੱਕੜ ਇਉਂ ਈ ਮਰਦੇ ਐ..!"
-"ਜਦੋਂ ਕੀੜੀ ਦੀ ਮੌਤ ਆਉਂਦੀ ਐ, ਉਹਦੇ ਵੀ ਖੰਭ ਲੱਗ ਜਾਂਦੇ ਐ..!"
-"ਸੱਚ ਉਏ ਤੁਣਕੀ..!"
-"ਹੋਅ..?"
-"ਅੱਜ ਥੋਡੀ ਬੁੜ੍ਹੀ ਫੁਲਕਾਰੀ ਲੈ ਕੇ ਵੀਹੀਆਂ 'ਚ ਗੇੜੇ ਕਾਹਤੋਂ ਦਿੰਦੀ ਫਿਰਦੀ ਸੀ.. ?"
-"ਸਾਲਿਆ ਕਮੰਡਲਿਆ, ਜੇ ਮੂੰਹ ਨੀ ਚੱਜ ਦਾ ਤਾਂ ਗੱਲ ਤਾਂ ਚੱਜ ਦੀ ਕਰ ਲਿਆ ਕਰ। ਉਹਦੇ ਤਾਂ ਬਿਚਾਰੀ ਦੇ ਛਪਾਕੀ ਲਿਕਲੀ ਵੀ ਸੀ ਡਾਕਦਾਰ ਤੋਂ ਗੋਲ਼ੀ ਗੱਪਾ ਲੈਣ ਗਈ ਹੋਊ..!"
ਇਕ ਹਾਸੜ ਮੱਚ ਗਈ।
ਵੰਨ-ਸੁਵੰਨੀਆਂ ਗੱਲਾਂ ਕਰਦੀ ਅਤੇ ਹੱਸਦੀ ਢਾਣੀ ਨਿੱਖੜ ਗਈ। ਰਾਤ ਵੱਡੀ ਹੋ ਚੁੱਕੀ ਸੀ। ਕਦੇ ਕਦੇ ਕੁੱਤੇ ਭੌਂਕਣ ਦੀ ਅਵਾਜ਼ ਆਉਂਦੀ ਸੀ। ਅਸਮਾਨ ਦੀ ਗੋਦੀ ਚੜ੍ਹੇ ਤਾਰੇ ਖਿੜਖੜਾ ਕੇ ਹੱਸ ਰਹੇ ਸਨ।
ਦਿਨ ਚੜ੍ਹਿਆ।
ਮੁਕੰਦ ਸਿੰਘ ਸਾਝਰੇ ਹੀ ਉਠਿਆ।
ਉਸ ਦੀਆਂ ਅੱਖਾਂ ਦੀਆਂ ਗੰਨੀਆਂ ਸੁੱਜੀਆਂ ਹੋਈਆਂ ਸਨ। ਸ਼ਾਇਦ ਉਹ ਸਾਰੀ ਰਾਤ ਰੋਂਦਾ ਰਿਹਾ ਸੀ। ਕਰਨੈਲ ਸਿੰਘ ਦੇ ਡਰ ਨਾਲ ਉਸ ਦੇ ਗਲੇ ਅੰਦਰੋਂ ਲਵ ਨਹੀਂ ਲੰਘਦੀ ਸੀ। ਅਤਰ ਕੌਰ ਦੀ ਜੁਬਾਨ ਸੁੱਕ ਗਈ ਸੀ। ਅੱਖਾਂ ਤਾੜੇ ਲੱਗ ਗਈਆਂ ਸਨ। ਪਤਾ ਨਹੀਂ ਕੀ ਕਰਨੈਲ ਸਿੰਘ ਨੇ ਉਹਨਾਂ ਨੂੰ ਸਣ ਬੱਚੇ ਘਾਣੀ ਪੀੜ ਦੇਣਾ ਸੀ। ਸਾਰਾ ਪ੍ਰੀਵਾਰ ਸਾਰੀ ਰਾਤ ਤਾਰੇ ਗਿਣਦਾ ਰਿਹਾ ਸੀ। ਅੱਖਾਂ ਵਿਚ ਨੀਂਦ ਨਹੀਂ ਪਈ ਸੀ। ਸਾਰੇ ਹੀ ਥਰਨ-ਥਰਨ ਕੰਬ ਰਹੇ ਸਨ। ਪਤਾ ਨਹੀਂ ਕੀ ਆਫ਼ਤ ਆਉਣ ਵਾਲੀ ਸੀ ?
ਬਿਨਾਂ ਚਾਹ ਪੀਤੀ ਦੇ ਹੀ ਮੁਕੰਦ ਸਿੰਘ ਕਰਨੈਲ ਸਿੰਘ ਦੀ ਹਵੇਲੀ ਨੂੰ ਸਿੱਧਾ ਹੋ ਗਿਆ। ਉਹ ਮੁਰਦਾ ਚਾਲ ਤੁਰਦਾ ਸੀ। ਇਕ ਰਾਤ ਵਿਚ ਹੀ ਜਿਵੇਂ ਉਸ ਦੇ ਸਾਹ ਸਤ ਖਤਮ ਹੋ ਗਏ ਸਨ। ਉਹ ਇਕ ਚੱਲਦੀ ਫਿਰਦੀ ਲਾਸ਼ ਹੀ ਤਾਂ ਨਜ਼ਰ ਆਉਂਦਾ ਸੀ। ਤੁਰਿਆ ਜਾਂਦਾ ਉਹ ਹਾਉਕੇ ਭਰਦਾ, "ਮਾਰਤੇ ਗੰਦੀ "ਲਾਦ ਨੇ' ਆਖਦਾ ਜਾ ਰਿਹਾ ਸੀ।
ਗੱਡੇ ਵਰਗੇ ਭਾਰੇ ਪੈਰ ਚੁੱਕਦਾ ਉਹ ਕਰਨੈਲ ਸਿੰਘ ਪਾਸ ਪਹੁੰਚ ਗਿਆ।
ਕਰਨੈਲ ਸਿੰਘ ਆਪਣੇ ਕਮਰੇ ਅੰਦਰ ਚੁੱਪ ਚਾਪ। ਖਿਝਿਆ ਜਿਹਾ ਬੈਠਾ ਸੀ। ਉਸ ਦੇ ਚਿਹਰੇ ਉਪਰ ਗੁੱਸਾ ਪ੍ਰਤੱਖ ਝਲਕ ਰਿਹਾ ਸੀ। ਹਰਖ਼ ਨਾਲ ਉਸ ਦੀਆਂ ਅੱਖਾਂ ਰੱਤੀਆਂ ਸਨ। ਪਤਾ ਨਹੀਂ ਉਹ ਕਿਸ 'ਤੇ ਗੁੱਸੇ ਸੀ?
-"ਸਰਦਾਰ ਜੀ, ਮੇਰੇ ਗੋਲੀ ਮਾਰੋ ਜੀਹਨੇ ਐਹੋ ਜੀ ਗੰਦੀ 'ਲਾਦ ਜੰਮੀ.. !" ਧਾਹ ਮਾਰ ਕੇ ਮੁਕੰਦ ਸਿੰਘ ਕਰਨੈਲ ਸਿੰਘ ਦੇ ਪੈਰਾਂ 'ਤੇ ਜਾ ਡਿੱਗਿਆ।
" ...................।“ ਕਰਨੈਲ ਸਿੰਘ ਚੁੱਪ ਸੀ।
-"ਸਰਦਾਰ ਜੀ ਮੈਨੂੰ ਐਸ ਗੱਲ ਦੀ ਬਹੁਤ ਨਮੋਸ਼ੀ ਐ - ਮੈਂ ਆਬਦੇ ਦੁਸ਼ਟ ਮੁੰਡੇ ਨੂੰ ਆਬਦੇ ਘਰੇ ਪੈਰ ਵੀ ਨ੍ਹੀ ਪਾਉਣ ਦਿੰਦਾ..!"
-"…………….।‘
-"ਸਰਦਾਰ ਜੀ, ਤੁਸੀਂ ਆਖੋਂ ਤਾਂ ਮੈਂ ਪਿੰਡ ਛੱਡ ਕੇ ਵੀ ਜਾਣ ਨੂੰ ਤਿਆਰ ਐਂ..! ਗਰੀਬ ਬੰਦੇ ਨੇ ਤਾਂ ਮਜੂਰੀ ਕਰ ਕੇ ਖਾਣੀ ਐਂ- ਜੇ ਐਥੇ ਨਹੀਂ ਤਾਂ ਕਿਤੇ ਹੋਰ ਸਹੀ.. !" ਮੁਕੰਦ ਸਿੰਘ ਜਾਰੋ ਜਾਰ ਰੋਈ ਜਾ ਰਿਹਾ ਸੀ।
ਕਰਨੈਲ ਸਿੰਘ ਦੇ ਕਾਲਜੇ ਧੂਹ ਪੈ ਗਈ। ਤਰਸ ਨਾਲ ਉਸ ਦਾ ਦਿਲ ਬਰਫ਼ ਦੀ ਟੁਕੜੀ ਵਾਂਗ ਪਿਘਲ ਗਿਆ। ਪਾਣੀ ਦੀ ਤਹਿ ਵਾਂਗ ਵਹਿ ਗਿਆ। ਪਰ ਫਿਰ ਮੁਕੰਦ ਸਿੰਘ ਦਾ ਕਸੂਰ ਵੀ ਕੀ ਸੀ ? ਕੁਝ ਵੀ ਤਾਂ ਨਹੀਂ। ਕਸੂਰ ਤਾਂ ਉਸ ਦੇ ਮੁੰਡੇ ਦਾ ਸੀ। ਮੁਕੰਦ ਸਿੰਘ ਤਾਂ ਇਕ ਫ਼ੱਕਰ, ਇਕ
ਭਗਤ ਬੰਦਾ ਸੀ। ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਕੇ ਖਾਣ ਵਾਲਾ ਇਨਸਾਨ। ਫਿਰ ਸਾਰਾ ਕਸੂਰ ਬਿੱਲੇ ਵਿਚ ਵੀ ਨਹੀਂ ਸੀ। ਸ਼ੁਰੂਆਤ ਤਾਂ ਦਰਸ਼ਣ ਵੱਲੋਂ ਹੀ ਹੋਈ ਸੀ। ਸਿੰਗੜੀ ਤਾਂ ਦਰਸ਼ਣ ਨੇ ਹੀ ਛੇੜੀ ਸੀ! ਚਾਹੇ ਕੋਈ ਗਰੀਬ ਹੋਵੇ, ਚਾਹੇ ਅਮੀਰ? ਧੀ ਭੈਣ ਦੀ ਗੱਲ ਕੌਣ ਜਰ ਸਕਦੈ ? ਕਸੂਰ ਦਰਸ਼ਣ ਕਰੇ, ਤੇ ਮੁਆਫ਼ੀਆਂ ਮੁਕੰਦ ਸਿਉਂ ਮੰਗੇ ? ਕਰੇ ਦਰਸ਼ਣ ਤੇ ਭਰੇ ਮੁਕੰਦ ਸਿਉਂ? ਅੱਗ ਲੱਗੇ ਜਗਰਾਵੀਂ ਤੇ ਧੂੰਆਂ ਨਿਕਲੇ ਬਪਾਰਾਮੀਂ ? ਇਹ ਕਿੱਧਰਲਾ ਇਨਸਾਫ਼ ਸੀ? ਇਹ ਧੱਕਾ ਹੈ। ਬੇਇਨਸਾਫ਼ੀ ਹੈ। ਗਰੀਬ ਦੀ ਮਜਬੂਰੀ ਹੈ..!
-"ਸਰਦਾਰ ਜੀ, ਮੇਰੇ ਗੋਲੀ ਮਾਰ ਦਿਓ -ਪਰ ਮੇਰੇ ਕੋਈ ਬੱਸ ਨ੍ਹੀ.. !" ਮੁਕੰਦ ਸਿੰਘ ਉਸੇ ਤਰ੍ਹਾਂ ਹੀ ਬਿਲਕ ਰਿਹਾ ਸੀ।
-"ਨਹੀਂ ਮੁਕੰਦ ਸਿਆਂ ਉਠ, ਰੋ ਨਾ ! ਕਰਨੈਲ ਸਿੰਘ ਨੇ ਆਖਿਆ।
ਪਰ ਮੁਕੰਦ ਸਿੰਘ ਨੂੰ ਜਿਵੇਂ ਸੱਚ ਹੀ ਨਹੀਂ ਆਇਆ ਸੀ। ਉਹ ਕੁਝ ਕਹਿਣਾ ਚਾਹੁੰਦਾ ਸੀ, ਪਰ ਆਖ ਨਾ ਸਕਿਆ।
-"ਉਠ ਤਾਂ ਸਹੀ..। ਕਮਲੇ ਨ੍ਹੀ ਬਣੀਂਦਾ..!"
-"ਪਹਿਲਾਂ ਕਹੋ ਬਖ਼ਸ਼ਿਆ..!"
-"ਕਾਹਦੇ ਲਈ ਬਖਸ਼ਾਂ..? ਜਦੋਂ ਤੇਰਾ ਕਸੂਰ ਈ ਕੋਈ ਨ੍ਹੀ.. ?"
-"ਨਹੀਂ, ਕਸੂਰ ਮੇਰੀ ਗੰਦੀ ਲਾਦ ਨੇ ਕੀਤੈ..?
-"ਮੈਖਿਆ ਉਠ ਤਾਂ ਸਹੀ - ਰੋਈਦਾ ਨੀ ਹੁੰਦਾ..!"
-"ਪਹਿਲਾਂ ਕਹੋ ਬਖ਼ਸ਼ ਦਿੱਤਾ..!"
-"ਚੱਲ ਚੰਗਾ ਬਾਬਾ ਗੁਰੂ, ਬਖਸ਼ ਦਿੱਤਾ..!'
I" ਹੈਰਾਨੀ ਭਰੀਆਂ ਨਜ਼ਰਾਂ ਨਾਲ ਮੁਕੰਦ ਸਿੰਘ ਨੇ ਕਰਨੈਲ ਸਿੰਘ ਦੇ ਚਿਹਰੇ ਵੱਲ ਤੱਕਿਆ।
-"ਸਰਦਾਰ ਜੀ, ਜੇ 'ਲਾਦ ਈ ਗੰਦੀ ਨਿਕਲ ਜਾਵੇ ਤਾਂ ਮਾਪਿਆਂ ਦੇ ਕੋਈ ਗੱਲ ਬੱਸ ਨ੍ਹੀ ਰਹਿੰਦੀ..."
-"ਨਹੀਂ ਮੁਕੰਦ ਸਿਆਂ..! ਔਲਾਦ ਤੇਰੀ ਨਹੀਂ, ਮੇਰੀ ਗੰਦੀ ਐ..!"
-"........" ਮੁਕੰਦ ਸਿੰਘ ਹੋਰ ਹੈਰਾਨ ਹੋ ਗਿਆ।
-"ਸਾਰਾ ਕਸੂਰ ਤੇਰੇ ਮੁੰਡੇ 'ਚ ਈ ਨ੍ਹੀ - ਦਰਸ਼ਣ 'ਚ ਐ..!"
-"ਥੋਨੂੰ ਕਿਵੇਂ ਪਤੈ..?" ਮੁਕੰਦ ਸਿੰਘ ਨੇ ਹੰਝੂ ਪੂੰਝੇ।
-"ਮੈਨੂੰ ਸਾਰੀ ਘਾਣੀ ਕਾਲਜ ਦੇ ਮੁੰਡਿਆਂ ਨੇ ਦੱਸੀ ਐ..!"
-"ਹਲਾ.. ?" ਮੁਕੰਦ ਸਿੰਘ ਦੇ ਸਾਹ ਵਿਚ ਸਾਹ ਆਇਆ।
-"ਸਰਦਾਰ ਜੀ, ਮੈਂ ਫੇਰ ਵੀ ਥੋਤੋਂ ਮਾਫ਼ੀ ਮੰਗਦੈ। ਮੈਨੂੰ ਮਾਫ਼ ਕਰ ਦਿਓ..!" ਉਸ ਦੇ ਜੋੜੇ ਹੱਥ ਕੰਬੀ ਜਾ ਰਹੇ ਸਨ।
-"ਨਹੀਂ ਮੁਕੰਦ ਸਿਆਂ..! ਮਾਫ਼ੀ ਤਾਂ ਸਗੋਂ ਮੈਨੂੰ ਤੈਥੋਂ ਮੰਗਣੀ ਚਾਹੀਦੀ ਐ, ਜਿਹੜੀ ਤੇਰੀ ਬੇਕਸੂਰ ਆਤਮਾ ਤਪੀ..!" ਕਰਨੈਲ ਸਿੰਘ ਦਿਲੋਂ ਪਾਣੀ ਪਾਣੀ ਹੋਇਆ ਖੜ੍ਹਾ ਸੀ।
-"ਜਾਹ, ਹੁਣ ਤੂੰ ਘਰ ਨੂੰ ਜਾਹ" ਕਰਨੈਲ ਸਿੰਘ ਨੇ ਉਸ ਦਾ ਮੋਢਾ ਥਾਪੜਿਆ।
ਜਿਵੇਂ ਮੁਕੰਦ ਸਿੰਘ ਦੀ ਨਿਕਲਦੀ ਜਾਨ ਕਿਸੇ ਨੇ ਵਾਪਸ ਪਾ ਦਿੱਤੀ ਸੀ । ਜਿਵੇਂ ਪਿਆਸੇ ਨੂੰ ਨੀਰ ਮਿਲ ਗਿਆ ਸੀ। ਜਿਵੇਂ ਭਟਕਦੀ ਰੂਹ ਨੂੰ ਅਚਾਨਕ ਸ਼ਾਂਤੀ ਆ ਗਈ ਸੀ। ਉਸ ਦਾ ਨਿਢਾਲ ਜਿਹਾ ਸਰੀਰ ਕੁਝ ਫੁਰਤੀ ਫੜ ਗਿਆ ਸੀ। ਉਸ ਨੂੰ ਖੁਸ਼ੀ ਨਾਲੋਂ ਹੈਰਾਨੀ ਜ਼ਿਆਦਾ ਸੀ। ਦਿਲ ਹੀ ਦਿਲ ਵਿਚ ਉਹ ਕਰਨੈਲ ਸਿੰਘ ਦੀ ਸਹਿਣਸ਼ੀਲਤਾ ਨੂੰ ਦਾਦ ਦੇ ਰਿਹਾ ਸੀ।
-"ਚੰਗਾ ਜੀ - ਮੈਂ ਚੱਲਦੈਂ..!"
-"ਐਵੇਂ ਫ਼ਿਕਰ ਨਾ ਕਰੀਂ..!"
ਬੜੇ ਹੌਸਲੇ ਨਾਲ ਉਹ ਕਰਨੈਲ ਸਿੰਘ ਦੇ ਕਮਰੇ ਵਿਚੋਂ ਨਿਕਲਿਆ।
-"ਜਦੋਂ ਗਿੱਦੜ ਦੀ ਮੌਤ ਆਉਂਦੀ ਐ ਤਾਂ ਜੱਟ ਦੀ ਮੁੰਨੀ ਨਾਲ ਖਹਿੰਦੈ !" ਪਾਸਿਓਂ ਕਿਸੇ ਨੇ ਤਰਕ ਲਾਈ।
-"........" ਮੁਕੰਦ ਸਿੰਘ ਅਵਾਕ ਸੀ।
-"ਤੇਰੀ ਪੱਟਲਾਂ ਜੀਭ ਕੁੱਤਿਆ !" ਅੰਦਰੋਂ ਕਰਨੈਲ ਸਿੰਘ ਦੀ ਅਵਾਜ਼ ਕੜਕੀ। ਸ਼ਾਇਦ ਉਸ ਨੇ ਸੁਣ ਲਿਆ ਸੀ।
-".......... I' ਖ਼ਾਮੋਸ਼ੀ ਛਾ ਗਈ ਸੀ।
-"ਕੀਹਨੇ ਬਕਵਾਸ ਕੀਤੈ ਇਹੇ...?'
-......।" ਕੋਈ ਨਾ ਬੋਲਿਆ। ਸਾਰੇ ਚੁੱਪ ਕਰ ਗਏ ਸਨ।
-"ਜੇ ਕਿਸੇ ਨੇ ਮੁਕੰਦ ਸਿਉਂ ਨੂੰ ਮੰਦਾ ਬਚਨ ਬੋਲਿਆ - ਆਬਦਾ ਪੜ੍ਹਿਆ ਬਿਚਾਰ ਲਏ - ਜੀਭ ਪੱਟਦੂੰ ਜੀਭ..।" ਉਸ ਦੀਆਂ ਅੱਖਾਂ ਰੱਤੀਆਂ ਗੇਰੂ ਸਨ।
-"ਜਾਹ ਮੁਕੰਦ ਸਿਆਂ - ਘਰ ਨੂੰ ਜਾਹ..! ਭੌਂਕੀ ਜਾਣਦੇ ਕੁੱਤਿਆਂ ਨੂੰ ਐਵੇਂ ਫ਼ਿਕਰ ਨਾ ਕਰੀਂ..! ਤੈਨੂੰ ਕੋਈ ਬੁਰਾ ਬੋਲੇ - ਸਿੱਧਾ ਮੇਰੇ ਕੋਲੇ ਆਜੀ..!"
ਮੁਕੰਦ ਸਿੰਘ ਚਲਾ ਗਿਆ।
ਕਰਨੈਲ ਸਿੰਘ ਅੰਦਰ ਚਲਾ ਗਿਆ।
ਮੁਕੰਦ ਸਿੰਘ ਦੇ ਸਾਰੇ ਪ੍ਰੀਵਾਰ ਦੇ ਸਾਹ ਪਰਤੇ ਸਨ।
ਰੋਟੀ ਕੁ ਵੇਲਾ ਹੋਇਆ ਸੀ ਕਿ ਬਿੱਲਾ ਆ ਗਿਆ। ਉਸ ਨੇ ਘਰ ਦੀ ਚੁੱਪ ਭਾਂਪੀ। ਘਰ ਦਾ ਮਾਹੌਲ ਕੁਝ ਸੁਖਾਵਾਂ ਨਹੀਂ ਜਾਪਦਾ ਸੀ। ਬਾਪੂ ਉਸ ਵੱਲ ਕੌੜ ਕੁੱਤੇ ਵਾਂਗ ਝਾਕਿਆ ਸੀ।
-"ਗੰਦੀਏ 'ਲਾਦੇ - ਕਦੋਂ ਮਰ ਕੇ ਸਾਡੇ ਮਗਰੋਂ ਲਹੇਂਗਾ.. ?" ਬਾਪੂ ਭੜ੍ਹਾਕੇ ਵਾਂਗ ਚੱਲਿਆ।
-.........।'' ਬਿੱਲਾ ਖ਼ਾਮੋਸ਼ ਸੀ।
-"ਸਾਨੂੰ ਨਮੋਸ਼ੀਆਂ ਈ ਦੁਆਉਨਾ ਰਹਿੰਨੇ ਚਾਰੇ ਪਾਸਿਓਂ ਚਾਰ ਭਰਾਵਾਂ 'ਚ ਖੜ੍ਹਨ ਜੋਕਰਾ ਵੀ ਛੱਡੇਂਗਾ ਕਿ ਨਹੀਂ..?"
-"ਕੁੱਤੀ 'ਲਾਦ ਵੀ ਨਾ ਜੰਮੇ ਕਿਸੇ ਦੇ..!
-"ਤੂੰ ਕਿੱਡਾ ਕੁ ਸਾਹਣ ਐਂ ਉਏ - ਜਣੇ ਖਣੇ ਨਾਲ ਪੰਗੇ ਲੈਣ ਲੱਗ ਪੈਨੈਂ..?" ਉਠ ਕੇ ਬਾਪੂ ਨੇ 'ਠਾਹ' ਕਰਦਾ ਥੱਪੜ ਬਿੱਲੇ ਦੇ ਮੂੰਹ 'ਤੇ ਮਾਰਿਆ।
-"ਵੇ ਬੱਸ ਵੀ ਕਰ ਹੁਣ - ਬਹੁਤ ਹੋਗੀ ਦੁਸ਼ਮਣਾਂ !" ਮਾਂ ਨੇ ਤਰਲਾ ਪਾਇਆ। ਉਸ ਦਾ ਕਾਲਜਾ ਫੜਿਆ ਗਿਆ ਸੀ। ਜੁਆਨ ਪੁੱਤਰ ਦੇ ਥੱਪੜ ਮਾਰਨਾ ਘਰ ਦੀ ਤਬਾਹੀ ਦਾ ਸੰਕੇਤ ਸੀ।
-"ਨ੍ਹੀ ਇਹੇ ਤੇਰੇ ਸਿਰ ਚਾੜ੍ਹੇ ਵੇ ਐ..।" ਬਾਪੂ ਉਸ ਨੂੰ ਵੀ ਚਾਰੇ ਚੁੱਕ ਕੇ ਪਿਆ।
ਮਾਂ ਚੁੱਪ ਵੱਟ ਗਈ।
ਬਿੱਲਾ ਪੱਥਰ ਬਣਿਆ ਖੜ੍ਹਾ ਸੀ ।
ਬੱਗਾ ਆਪਣੇ ਡਰ ਕਾਰਨ ਥਰ ਥਰ ਕੰਬੀ ਜਾ ਰਿਹਾ ਸੀ।
-"ਤੂੰ ਹੁਣ ਮੈਨੂੰ ਲੜ ਕੇ ਦਿਖਾਈਂ ਹਰਾਮਦਿਆ ਕਿਸੇ ਨਾਲ - ਤੇਰੀਆਂ ਮੈਂ ਨਾਸਾਂ ਨਾ ਭੰਨ ਦਿੱਤੀਆਂ - ਜਿਹੜੀਆਂ ਗਜ ਗਜ ਲੰਮੀਆਂ ਕਰੀ ਫ਼ਿਰਦੈਂ !" ਦੀਵੇ ਵਾਂਗ ਭੜੱਕਦਾ ਬਾਪੂ ਬਾਹਰ ਨਿਕਲ ਗਿਆ।
ਕੰਬਦੀ ਅਤੇ ਬੱਗੀ ਪੂਣੀ ਹੋਈ ਮਾਂ ਨੇ ਬਿੱਲੇ ਵੱਲ ਤੱਕਿਆ।
ਉਹ ਗੁੰਮ ਸੁੰਮ ਜਿਹਾ ਹੋਇਆ ਖੜ੍ਹਾ ਸੀ।
-"ਆ ਜਾਹ ਪੁੱਤ..! ਆ ਜਾਹ ਮੇਰਾ ਸ਼ੇਰ! ਗੁੱਸਾ ਨ੍ਹੀ ਡੱਡੇ ਕਰੀਦਾ ਹੁੰਦਾ। ਮਾਂ ਪਿਉ ਸੌ ਸੌ ਕੁਛ ਆਖ ਲੈਂਦੇ ਹੁੰਦੇ ਐ - ਕੁੱਟ ਵੀ ਲੈਂਦੇ ਹੁੰਦੇ ਐ ਪਰ ਸਿਆਣੇ ਧੀ ਪੁੱਤ ਗੁੱਸਾ ਨ੍ਹੀ ਕਰਦੇ ਸ਼ੇਰਾ..! ਆ ਜਾਹ ਮੇਰਾ ਸਿਉਣਾਂ ਪੁੱਤ..!" ਮਾਂ ਨੇ ਬੁਸ਼ਕਾਰ ਕੇ ਪੁੱਤ ਨੂੰ ਮੰਜੇ 'ਤੇ ਬਿਠਾ ਲਿਆ।
ਬਿੱਲੇ ਦਾ ਮੱਲੋਜੋਰੀ ਰੋਣ ਨਿਕਲ ਗਿਆ।
ਬਾਪੂ ਨੇ ਕਮਾਊ ਅਤੇ ਸਾਊ ਪੁੱਤ ਦਾ ਕਦੇ ਮੂੰਹ ਨਹੀਂ ਫ਼ਿਟਕਾਰਿਆ ਸੀ। ਬੱਗੇ ਦੇ ਜ਼ਰੂਰ ਉਸ ਦੀਆਂ ਕਰਤੂਤਾਂ ਕਰ ਕੇ ਛਿੱਤਰਪੋਲਾ ਹੁੰਦਾ ਰਹਿੰਦਾ ਸੀ।
-"ਨਾ ਮੇਰਾ ਸ਼ੇਰ..! ਰੋਣਾਂ ਕਾਹਤੋਂ ਐਂ ਸੁੱਖੀ ਸਾਂਦੀ, ਹੈਂ ? ਮਾਂ ਸਦਕੇ ਪੁੱਤ। ਰੋਂਦੇ ਕਮਜੋਰ ਹੁੰਦੇ ਐ..! ਜੇਰਾ ਪਹਾੜ ਅਰਗਾ ਰੱਖੀਏ ਪੁੱਤ..!"
ਬਿੱਲੇ ਦੀ ਫ਼ੌਲਾਦੀ ਚੁੱਪ ਧਾਰੀ ਹੋਈ ਸੀ।
-"ਕੋਈ ਨਾ ਪੁੱਤ ਜੇ ਇਕ ਅੱਧੀ ਮਾਰ ਗਿਆ - ਫੇਰ ਵੀ ਤੇਰਾ ਪਿਉ ਐ - ਬਥੇਰੀਆਂ ਤਕਲੀਫਾਂ ਝੱਲੀਆਂ ਜਿਉਣ ਜੋਕਰੇ ਨੇ - ਬਿਚਾਰੇ ਨੇ ਸਾਰੀ ਉਮਰ ਸੁਖ ਨੀ ਦੇਖਿਆ - ਪਹਿਲਾਂ ਪਿਉ ਦੁਸ਼ਮਣ ਬਣਿਆ ਰਿਹਾ - ਫੇਰ ਭਰਾ ਵੈਰੀ ਬਣਗੇ - ਪਿਉ ਤੋਂ ਸਾਰੀ ਜਮੀਨ ਆਬਦੇ ਨਾਂ ਕਰਵਾ ਗਏ ਧੋਖੇ ਨਾਲ - ਅੱਜ ਐਸ਼ਾਂ ਕਰਦੇ ਐ - ਬੁੱਲੇ ਲੁੱਟਦੇ ਐ - ਤੇ ਮਹਾਤੜਾਂ ਦਾ ਠੂਠੇ ਨਾਲ ਕੁਨਾਲ ਵੱਜਦੇ - ਪੁੱਤ ਫਿਕਰ ਨਾ ਕਰ, ਰੱਬ ਨਾ ਫੱਤੀ ਨੂੰ ਮਾਰੇ - ਫੱਤੀ ਨਾ ਡਰੇ ਡਿਪਟੀ ਤੋਂ - ਧਰ ਧਰ ਕੇ ਭੁੱਲੋਂਗੇ - ਉਹਦੇ ਘਰੇ ਦੇਰ ਐ ਨ੍ਹੇਰ ਨੀ - ਉਹ ਦੇਖ ਲਈਂ ਜੇ ਨਾ ਯਬਕਦੇ ਫਿਰੇ, ਤਾਂ ਕਹੀਂ..! ਧੋਖੇ ਦਾ ਧਨ ਦੁੱਗਣਾਂ ਲੈ ਕੇ ਨਿਕਲਦੈ - ਪੁੱਤ ਪਾਪਾਂ ਬਾਝੋਂ ਹੋਵੇ ਨਾਹੀ ਮੋਇਆਂ ਸਾਥ ਨਾ ਜਾਈ - ਰੋ ਨਾ ਮੇਰਾ ਪੁੱਤ..! ਉਹ ਵੀ ਤੇਰੀ ਭਲਾਈ ਵਾਸਤੇ ਈ ਕਲਪਦੈ ਸ਼ੇਰਾ ! ਬੱਸ ਰੋਈਦਾ ਨੀ
ਹੁੰਦਾ। ਗਿਆਨੋਂ ਉਠ ਕੇ ਚਾਹ ਧਰ ਧੀਏ ਆਬਦੇ ਸੋਹਣੇ ਵੀਰ ਵਾਸਤੇ। ਉਠ ਮੇਰੀ ਸਿਆਣੀ ਧੀ..!" ਮਾਂ ਨੇ ਬਿੱਲੇ ਦੇ ਹੰਝੂ ਪੂੰਝਦਿਆਂ ਕਿਹਾ। ਮਨ ਉਸ ਦਾ ਵੀ ਭਰ ਆਇਆ ਸੀ। ਕਈ ਜੁੱਗਾਂ ਦਾ ਬੰਨ੍ਹਿਆਂ ਬੰਨ੍ਹ ਟੁੱਟ ਗਿਆ ਸੀ।
ਪਰ ਬਿੱਲਾ ਅਜੇ ਵੀ ਰੋਈ ਜਾ ਰਿਹਾ ਸੀ।
ਗਿਆਨੋਂ ਚਾਹ ਬਣਾਉਣ ਚਲੀ ਗਈ।
ਬੱਗਾ ਘੁੱਟਾਂਬਾਟੀ ਝਾਕੀ ਜਾ ਰਿਹਾ ਸੀ।
ਕਿਸ਼ਤ 8
ਮੱਚਦਾ ਬੁਝਦਾ ਮਿੰਦੀ ਠਾਣੇ ਪਹੁੰਚਿਆ।
ਉਸ ਦੀਆਂ ਮਿੱਡੀਆਂ ਨਾਸਾਂ ਡੱਡੂ ਵਾਂਗ ਫੁੱਲੀਆਂ ਹੋਈਆਂ ਸਨ। ਉਹ ਸਾਹ ਲੈਣ ਦੀ ਜਗਾਹ ਆਫ਼ਰੇ ਕੱਟੇ ਵਾਂਗ ਫੁੰਕਾਰੇ ਜਿਹੇ ਮਾਰਦਾ ਸੀ। ਸ਼ਾਇਦ ਉਸ ਨੂੰ ਬਿੱਲੇ ਦੇ ਠਾਣਿਓਂ ਛੁੱਟ ਜਾਣ ਦਾ ਪਤਾ ਲੱਗ ਗਿਆ ਸੀ। ਮੁਣਸ਼ੀ ਨੇ ਉਸ ਨੂੰ ਆਉਂਦਾ ਤਾਂ ਤੱਕ ਲਿਆ ਸੀ। ਪਰ ਬਹੁਤੀ ਕੋਈ ਖ਼ਾਸ ਪ੍ਰਵਾਹ ਨਹੀਂ ਕੀਤੀ ਸੀ। ਠਾਣੇਦਾਰ ਠਾਣੇ ਵਿਚ ਨਹੀਂ ਸੀ। ਮੁਣਸ਼ੀ ਬੇਪ੍ਰਵਾਹ ਜਿਹਾ ਹੋਇਆ ਫ਼ਾਈਲਾਂ ਫਰੋਲਣ ਲੱਗ ਪਿਆ। ਜਿਵੇਂ ਉਸ ਨੂੰ ਕਿਸੇ ਦੇ ਆਏ ਦਾ ਪਤਾ ਹੀ ਨਹੀਂ ਸੀ।
-"ਹੁਣ ਟੁੱਟਗੀ ਭਰਾਵਾਂ ਨਾਲੋਂ - ਪੁੱਤ ਦਾ ਵਿਆਹ ਕਰਕੇ ?" ਮਿੰਦੀ ਨੇ ਗੱਲ ਚੱਬ ਕੇ ਜਿਹੇ ਕੀਤੀ। ਵਿਅੰਗ ਕਸਿਆ।
-"ਕੌਣ ਸੀ ਉਹੋ ਗੱਦਾਂ ਯੱਧੀ - ਉਹਦੇ 'ਤੇ ਕੇਸ ਕਰੀਏ ? ਪੁੱਤ ਦਾ ਵਿਆਹ ਕਰਕੇ ਭਰਾਵਾਂ ਨਾਲੋਂ ਟੁੱਟਣਾਂ ਕਾਨੂੰਨ ਦੇ ਖ਼ਾਸ ਕਰਕੇ ਵਿਰੁੱਧ ਐ।" ਮੁਣਸ਼ੀ ਮਚਲਾ ਹੋ ਗਿਆ।
-''ਤੈਨੂੰ ਕਾਹਨੂੰ ਪਤੈ..? ਚਾਲਾਂ ਕਰਦੈਂ, ਚਾਲਾਂ..!'
-''ਮੈਂ ਯਾਰ ਕਿਤੇ ਪਾਂਡੈਂ..?"
-''ਜੰਗੀਰ, ਤੇਰੀ ਮਰਜੀ ਐ, ਦੇਖ ਲੈ..!"
-'ਕੋਈ ਗੱਲ ਵੀ ਦੱਸ, ਦੇਖਣ ਨੂੰ ਐਥੇ ਬਾਘੀ ਪੈਂਦੀ ਐ..?"
-'ਬਿੱਲੇ ਨੂੰ ਕਾਹਤੋਂ ਛੱਡਿਐ.?"
-'ਇਹ ਸਾਰਾ ਕੁਛ ਕਾਨੂੰਨ ਕਰਦੈ ਅਸੀਂ ਨੀ! ਛੱਡਣ ਫੜਨ ਨੂੰ ਕਿਹੜਾ ਉਹ ਵੱਗ 'ਚ ਛੱਡਿਆ ਵਿਆ ਸੀ..?"
-'ਜੰਗੀਰ, ਤੇਰੇ ਦਿਨ ਹੁਣ ਮਾੜੇ ਆਗੇ.!" ਮਿੰਦੀ ਡਰਾ ਰਿਹਾ ਸੀ।
-'ਕਿਉਂ ਮੈਂ ਕੋਈ ਟੂਣਾਂ ਟੱਪ ਗਿਆ..? ਦਿਨ ਤਾਂ ਬਾਹਲੇ ਈ ਵਧੀਆ ਲੰਘੀ ਜਾਂਦੇ ਐ, ਤੀਆਂ ਵਾਂਗੂੰ ਲੰਘਦੇ ਨੇ ਦਿਨ ਮਿੱਤਰਾ ਵੇ ਯਾਰੀ ਜਦੋਂ ਦੀ ਤੇਰੇ ਨਾਲ ਲਾਈ..!" ਮੁਣਸ਼ੀ ਕਵੀਸ਼ਰੀ ਕਰਨ ਲੱਗ ਪਿਆ।
-'ਮੈਂ ਤੈਨੂੰ ਦੇਖਲੂੰਗਾ ਜੰਗੀਰ..!" ਕਰੋਧ ਵਿਚ ਚੀਕਦਾ ਮਿੰਦੀ ਠਾਣੇ 'ਚੋਂ ਬਾਹਰ ਨਿਕਲ ਗਿਆ। ਮੁਣਸ਼ੀ ਨੇ ਉਸ ਨੂੰ ਟੁੱਕ 'ਤੇ ਡੇਲਾ ਹੀ ਸਮਝਿਆ ਸੀ। ਉਸ ਦੀ ਖਿੱਲੀ ਉਡਾਈ ਸੀ।
-'ਉਏ ਜਾਹ ਸਾਲਾ ਕੁੱਤਿਆਂ ਦਾ.! ਤੂੰ ਮੇਰਾ ਕੀ ਬਛੇਰਾ ਫੜਲੇਂਗਾ- ਤੇਰੇ ਅਰਗੇ ਗਿੱਟਲ ਅਸੀਂ ਆਥਣ ਨੂੰ ਬੀਹ ਮੂਧੇ ਪਾਈਦੇ ਐ..।' ਮੁਣਸ਼ੀ ਮੇਜ਼ 'ਤੇ ਫ਼ਾਈਲ ਸੁੱਟ ਕੇ ਖੜ੍ਹਾ ਹੋ ਗਿਆ।
-'ਇਹ ਕਿਵੇਂ ਬਾਹਲੀਆਂ ਟੰਗਾਂ ਜੀਆਂ ਖਿਲਾਰਦਾ ਸੀ.. ?" ਪਾਸਿਓਂ ਆ ਕੇ ਛੋਟੇ ਠਾਣੇਦਾਰ ਨੇ ਪੁੱਛਿਆ।
-"ਕੁੱਟ ਭਾਲਦੇ ਭੈਣ ਦਾ ਲੱਕੜ.."
- ਫੜ ਕੇ ਚਾਰ ਮਾਰਦੇ ਚੂਕਣੇ 'ਚ ਤੇ ਚਿੱਬ ਪਾ ਕੇ ਪਰ੍ਹਾਂ ਕਰਦੇ.... "
-'ਉਏ ਕਾਹਨੂੰ - ਗੰਦ ਨੂੰ ਛੇੜਾਂਗੇ ਤਾਂ ਛਿੱਟੇ ਈ ਪੈਣਗੇ..!"
-'ਅੱਗੇ ਤਾਂ ਤੇਰਾ ਦਰਵੇਸ਼ਾਂ ਨਾਲ ਈ ਵਾਹ ਹੋਣੋ ? ਇਕ ਸਿਪਾਹੀ ਬੋਲਿਆ।
-'ਜੇ ਹੁਣ ਇਹਨੇ ਆ ਕੇ ਕਮਲ ਜਿਆ ਖਿਲਾਰਿਆ- ਡੰਡਾ ਤੁੰਨੋਂ ਮੁਕਲਾਵਾ ਦੇਣੇ ਦੀ..... 'ਚ
-ਇਹਦੀ ਮਾਂ ਦੇ ... ਦਿੱਤਾ!'
-'ਆਹੋ, ਬੱਸ ਹੋਰ ਨਾ ਕੁਛ ਕਰਿਓ - ਡੰਡੇ ਤੁੰਨਣ ਤੇ ਈ ਰਿਹੋ....। ਕੋਈ ਖਾਣ ਪੀਣ ਦਾ ਜੁਗਾੜ ਵੀ ਕਰ ਲਿਆ ਕਰੋ ਕਿਸੇ ਭੈਣ ਚੋਦ ਤੋਂ। ਸਾਲਿਓ ਕੁੱਤਿਆਂ ਦਿਓ- ਨਾਲੇ ਸੁੱਕੇ ਸੋਹੜੇ ਮਰਦੇ ਓ ਤੇ ਨਾਲੇ ਸਾਨੂੰ ਮਾਰਦੇ ਓ..। ਉਜੜੀਆਂ ਖੇਡਾਂ ਚ ਹੱਥ ਪਾ ਪਾ ਕੇ ਟਿੱਡੀਆਂ ਈ
ਬੁਸ਼ਕਰਦੇ ਰਹਿੰਨੇ ਐਂ..! ਬੁੜ੍ਹੀ ਡੰਡ ਬੈਠਕਾਂ ਕੱਢਦੀ ਹੋਊ, ਮੇਰੇ ਸ਼ੇਰ ਪੁਲਸ 'ਚ ਐ..! ਇਹ ਨ੍ਹੀ ਪਤਾ ਸ਼ੇਰ ਬੱਗੇ ਨੰਗ ਪੁੱਤ ਈ ਐ..!" ਸਿਪਾਹੀ ਦੇ ਸੱਚੀ ਆਖਣ 'ਤੇ ਇਕ ਚੁੱਪ ਛਾ ਗਈ।
ਭੂਤਰਿਆ ਮਿੰਦੀ ਸਿੱਧਾ ਦਰਸ਼ਣ ਕੋਲ ਪਹੁੰਚ ਗਿਆ। ਦਰਸ਼ਣ ਹੁਣ ਕੁਝ ਠੀਕ ਸੀ। ਪਰ ਮੋਢੇ 'ਤੇ ਪਲੱਸਤਰ ਕੀਤਾ ਹੋਇਆ ਸੀ। ਮਿੰਦੀ ਨੂੰ ਦੇਖ ਕੇ ਉਹ ਹੌਲੀ-ਹੌਲੀ ਉਠ ਕੇ ਬੈਠ ਗਿਆ।
-"ਯਾਰ ਬੁੜ੍ਹਾ ਪਤਾ ਈ ਨ੍ਹੀ ਕਰਨ ਆਇਆ!" ਦਰਸ਼ਣ ਨੇ ਮਿੰਦੀ ਅੱਗੇ ਮਨ ਦੀ ਭੜਾਸ ਕੱਢੀ।
-"ਜੇ ਭੈਣ ਚੋਦ ਬੁੜ੍ਹੇ ਕਿਸੇ ਕਰਮ ਦੇ ਹੋਣ ਤਾਂ ਜੰਗੀਰ ਅਰਗੇ ਨਾਸਾਂ ਚੱਕ ਚੱਕ ਨਾ ਦਿਖਾਉਣ..!'
ਮਿੰਦੀ ਅੱਗਿਓਂ ਬੋਲਿਆ। ਉਸ ਦਾ ਸਰੀਰ ਅੰਦਰੋਂ ਬਲਿਆ ਪਿਆ ਸੀ।
-"ਕਿਹੜਾ ਜੰਗੀਰ..?'
-"ਮੁਣਸ਼ੀ..!"
-"ਕਿਉਂ..? ਉਹਨੇ ਤੈਨੂੰ ਕੀ ਆਖਤਾ..?"
-"ਕੰਜਰ ਨੇ ਬਿੱਲੇ ਦਾ ਰੱਸਾ ਲਾਹ ਦਿੱਤਾ..!"
-"ਹੈਂ...!" ਦਰਸ਼ਣ ਦੇ ਸਾਹ ਰੁਕ ਗਏ।
-"ਹਾਏ ਰੱਬਾ, ਇਰਾਦਾ ਕਤਲ ਦਾ ਕੇਸ ਗੋਹਿਆਂ ਦੀ ਲੜਾਈ 'ਚ ਈ ਰੁਲ ਗਿਆ - ਦਫ਼ਾ ਸਿੱਧੀ ਤਿੰਨ ਸੌ ਸੱਤ ਲੱਗਣੀ ਸੀ..।"
-"ਪਰ ਛੱਡਿਆ ਕਿਉਂ..?"
-"ਪਤਾ ਨਹੀਂ..!"
-"ਪੁੱਛ ਤਾਂ ਲੈਣਾਂ ਸੀ - ਗਾਂਧੀ ਬਣ ਕੇ ਤੂੰ ਮੁੜ ਆਇਐਂ..!" ਦਰਸ਼ਣ ਨੇ ਰੋਸਾ ਕੀਤਾ।
-"ਉਹ ਕਿਹੜਾ ਭੈਣ ਦਾ ਖ਼ਸਮ ਸਿੱਧੇ ਮੂੰਹ ਨਾਲ ਗੱਲ ਕਰਦਾ ਸੀ..?"
-"ਮੈਨੂੰ ਮੈਦ ਐ ਕਿਸੇ ਨੇ ਛੁਡਾਇਆ ਹੋਊ..!"
-"ਹਾਂ, ਹੋ ਸਕਦੈ..!"
-"ਮਾੜੀ ਜੀ ਬਿੜਕ ਰੱਖੀਂ ਬਈ ਛੁਡਾਇਆ ਕੀਹਨੇ ਐਂ..!"
ਬਾਹਰੋਂ ਪੈਰਾਂ ਦਾ ਖੜਕਾ ਸੁਣਾਈ ਦਿੱਤਾ।
ਕਰਨੈਲ ਸਿੰਘ ਦੇ ਨਾਲ ਤਿੰਨ ਬੰਦੇ ਹੋਰ ਅੰਦਰ ਲੰਘ ਆਏ। ਕਰਨੈਲ ਸਿੰਘ ਦਾ ਚਿਹਰਾ ਉਤਰਿਆ ਹੋਇਆ ਸੀ।
ਬਾਪੂ ਨੂੰ ਤੱਕਣ ਸਾਰ ਹੀ ਦਰਸ਼ਣ ਅਤੇ ਮਿੰਦੀ ਸੁੱਸਰੀ ਵਾਂਗ ਸੌਂ ਗਏ।
-"ਸਾਸਰੀਕਾਲ ਫੁੱਫੜ ਜੀ..!" ਮਿੰਦੀ ਨੇ ਉਠ ਕੇ ਫੁੱਫੜ ਦੇ ਗੋਡੀਂ ਹੱਥ ਲਾਇਆ। ਕਰਨੈਲ ਸਿੰਘ ਨੇ ਸਿਰ ਹਿਲਾ ਕੇ 'ਸਾਸਰੀਕਾਲ ਤਾਂ ਮੰਨੀ, ਪਰ ਮੂੰਹੋਂ ਕੁਝ ਨਾ ਬੋਲਿਆ। ਉਹ ਮਿੰਦੀ ਨਾਲ ਪਹਿਲਾਂ ਤੋਂ ਹੀ ਘੱਟ ਬੋਲਦਾ ਸੀ। ਫੁੱਫੜ ਜੀ ਦਾ ਮੂੜ ਖ਼ਰਾਬ ਦੇਖ ਕੇ ਮਿੰਦੀ ਵੀ ਚੁੱਪ ਵੱਟ ਗਿਆ।
ਦਰਸ਼ਣ ਨੀਵੀਂ ਨਹੀਂ ਚੁੱਕ ਰਿਹਾ ਸੀ।
-"ਕਿਉਂ ਪਾ ਦਿੱਤੀ ਪੂਰੀ..? ਬਣਾ ਦਿੱਤੀ ਇੱਜ਼ਤ ਇਲਾਕੇ 'ਚ? ਠੀਕ ਐ..। ਬਹੁਤ ਈ ਸੋਹਣਾਂ ਕੀਤਾ..! ਚੰਗੇ ਸਲੱਗ ਧੀਆਂ ਪੁੱਤ ਪਿਉ ਦੀ ਪੱਗ ਨੂੰ ਇਉਂ ਈ ਚਾਰ ਚੰਨ ਲਾਉਂਦੇ ਐ - ਸ਼ਾਬਾਸ਼..!" ਬਾਪੂ ਕੌੜਾ ਜਿਹਾ ਮੁਸਕਰਾਇਆ।
-........।' ਦਰਸ਼ਣ ਨੀਵੀਂ ਨਹੀਂ ਚੁੱਕ ਰਿਹਾ ਸੀ। ਉਸ ਦੇ ਬਰਾਬਰ ਹੀ ਮਿੰਦੀ ਠੱਕੇ ਦੀ ਮਾਰੀ ਬੱਕਰੀ ਵਾਂਗ ਸਿਰ ਸੁੱਟੀ ਬੈਠਾ ਸੀ। ਜਿਵੇਂ ਦੋਹਾਂ ਨੂੰ ਤੰਦੂਆ ਪੈ ਗਿਆ ਸੀ।
-"ਹੁਣ ਦੱਸ ਤੇਰੀ ਕੀ ਮਰਜੀ ਐ ਦਰਸ਼ਣ ਸਿਆਂ..?"
-...........Γ'
-"ਬੋਲ ਕੇ ਦੱਸ ਵੀ - ਉਵੇਂ ਈ ਕਰਲਾਂਗੇ..!"
-"ਫੁੱਫੜ ਜੀ ਕਰ ਕੀ ਲਵਾਂਗੇ..? ਆਪਾਂ ਨੂੰ ਤਾਂ ਬਹੁਤ ਚਿਰ ਪਹਿਲਾਂ ਹੀ ਕਰ ਲੈਣਾਂ ਚਾਹੀਦਾ ਸੀ..! ਸਾਲਾ ਨੰਗ ਜੱਟ ਸੱਟਾਂ ਮਾਰ ਕੇ ਔਹ ਤੁਰਿਆ ਫਿਰਦੈ - ਤੇ ਆਪਾਂ ਚੁੱਪ ਐਂ..!" ਮਿੰਦੀ ਨੇ ਆਪਣਾ ਗੁੱਸਾ ਜਤਾਇਆ। ਪਾਣ ਦੇਣੀ ਚਾਹੀ। ਹਮਦਰਦੀ ਜ਼ਾਹਿਰ ਕੀਤੀ।
-"ਕਾਕਾ - ਮੈਂ ਦਰਸ਼ਣ ਨੂੰ ਪੁੱਛਿਆ- ਤੈਨੂੰ ਨੀ..! ਚੁੱਪ ਕਰ ਕੇ ਬੈਠ..!"
ਮਿੰਦੀ ਦਾ ਮੂੰਹ ਜਮੂਰ ਵਾਂਗ ਬੰਦ ਹੋ ਗਿਆ।
ਸਮਾਂ ਵਿਚਾਰ ਕੇ, ਕੁਝ ਸੋਚ ਕੇ ਬਾਪੂ ਹਸਪਤਾਲ ਦੇ ਅੰਦਰ ਚਲਾ ਗਿਆ। ਸ਼ਾਇਦ ਉਹ ਹਸਪਤਾਲ ਦਾ ਬਿੱਲ ਦੇਣ ਗਿਆ ਸੀ। ਕਰਨੈਲ ਸਿੰਘ ਨੇ ਡਾਕਟਰ ਨਾਲ ਦਰਸ਼ਣ ਦੀ ਛੁੱਟੀ ਬਾਰੇ ਗੱਲ ਕੀਤੀ ਤਾਂ ਡਾਕਟਰ ਨੇ ਝੱਟ 'ਹਾਂ' ਕਰ ਦਿੱਤੀ ਅਤੇ ਅਗਲੇ ਹਫ਼ਤੇ ਪਲੱਸਤਰ ਕਟਵਾ ਕੇ ਲੈ ਜਾਣ ਲਈ ਆਖਿਆ।
ਦਰਸ਼ਣ ਨੂੰ ਫੜ ਕੇ ਜੀਪ ਵਿਚ ਬਿਠਾਇਆ ਗਿਆ।
ਸਾਰੇ ਪਿੰਡ ਨੂੰ ਰਵਾਨਾ ਹੋ ਗਏ।
ਮਾਂ ਪੁੱਤ ਦੀ ਹਾਲਤ ਦੇਖ ਕੇ ਰੋ ਰਹੀ ਸੀ। ਕਰਨੈਲ ਸਿੰਘ ਚੁੱਪ ਚਾਪ ਸੋਚਾਂ ਵਿਚ ਡੁੱਬਿਆ ਬੈਠਾ ਸੀ। ਲੋਕ ਦਰਸ਼ਣ ਦਾ ਪਤਾ ਹੁੰਮ ਹੁੰਮਾਂ ਕੇ ਲੈਣ ਆ ਰਹੇ ਸਨ। ਕਈ ਦਰਸ਼ਣ ਦੇ ਹੋਇਆ ਪਲੱਸਤਰ ਦੇਖ ਕੇ ਮਨ ਵਿਚ ਹੀ ਲੱਡੂ ਭੋਰ ਰਹੇ ਸਨ। ਖ਼ੁਸ਼ੀ ਮਨਾ ਰਹੇ ਸਨ।
ਰਾਤ ਹੋਈ।
ਕਰਨੈਲ ਸਿੰਘ ਨੇ ਭਜਨ ਬੰਦਗੀ ਤੋਂ ਬਾਅਦ ਘਰਵਾਲੀ ਨੂੰ ਆਪਣੇ ਪਾਸ ਸੱਦਿਆ।
-"ਰਣਜੀਤ ਕੁਰੇ! ਜਦੋਂ ਪਾਣੀ ਗਲ ਤੱਕ ਆ ਜਾਵੇ - ਉਸ ਦਾ ਪ੍ਰਬੰਧ ਉਸੇ ਵਕਤ ਕਰਨਾ ਚਾਹੀਦੈ - ਨਹੀਂ ਤਾਂ ਆਦਮੀ ਦਾ ਡੁੱਬਣ ਦਾ ਖ਼ਤਰਾ ਹਰ ਵਕਤ ਬਣਿਆਂ ਰਹਿੰਦੈ।" ਕਰਨੈਲ ਸਿੰਘ ਨੇ ਕਿਹਾ।
-"ਮੈਂ ਥੋਡਾ ਕੋਈ ਮਤਲਬ ਨ੍ਹੀ ਸਮਝੀ..?" ਉਹ ਹੱਕੀ ਬੱਕੀ ਹੋ ਗਈ ਸੀ। ਉਸ ਦੇ ਦਿਮਾਗ ਅੰਦਰ ਸੱਚ ਮੁੱਚ ਹੀ ਕੁਛ ਨਹੀਂ ਪਿਆ ਸੀ।
-"ਆਪਾਂ ਏਸ ਕਲਬੱਜੂ ਦਾ ਵਿਆਹ ਕਰ ਦੇਈਏ - ਨਹੀਂ ਤਾਂ ਇਹ ਕਦੇ ਐਸਾ ਚੰਦ ਚੜਾਊ - ਆਪਾਂ ਸਾਰੇ ਇਲਾਕੇ 'ਚ ਕਿਸੇ ਨੂੰ ਮੂੰਹ ਦਿਖਾਉਣ ਜੋਕਰਾ ਨੀ ਰਹਿਣਾਂ - ਜਦੋਂ ਕਬੀਲਦਾਰੀ ਗਲੁ ਪੈ ਗਈ- ਆਪੇ ਸੁਧਰਜੂ..!"
ਕਰਨੈਲ ਸਿੰਘ ਦੀ ਮੱਤ ਲੱਖ ਰੁਪਏ ਦੀ ਸੀ । ਮੁੰਡਾ ਵੀ ਜੁਆਨ ਹੋ ਚੁੱਕਾ ਸੀ। ਕੋਈ ਨਿਆਣਾ ਨਹੀਂ ਸੀ। ਸੱਚ ਹੀ ਉਸ ਨੇ ਕਬੀਲਦਾਰੀ ਗਲ ਪਈ ਤੋਂ ਸੁਧਰਨਾ ਸੀ। ਸਾਹਣ ਦੇ ਗਲ ਨੂੰ ਅਗਰ ਸੰਗਲ ਪੈ ਜਾਵੇ, ਤਾਂ ਉਹ ਵੀ ਅਹਿਸਾਸ ਨਾਲ ਟਿਕ ਕੇ ਖੜ੍ਹ ਜਾਂਦਾ ਹੈ! ਧੀਏਂ ਪੁੱਤੀ ਪਏ ਬੰਦੇ ਨੂੰ ਵੈਸੇ ਵੀ ਅਕਲ ਆ ਜਾਂਦੀ ਹੈ। ਸੋਚ ਕੇ ਰਣਜੀਤ ਕੌਰ ਝੱਟ ਮੰਨ ਗਈ।
-"ਪਰ ਸਰਦਾਰ ਜੀ, ਆਪਾਂ ਦਰਸ਼ਣ ਨੂੰ ਵੀ ਪੁੱਛ ਲਈਏ।" ਉਸ ਦੇ ਮਨ ਅੰਦਰ ਇਕ ਸੋਚ ਉਭਰੀ।
-"ਚੰਗੇ ਕੰਮ ਵਿਚ ਉਸ ਦੀ ਹਮੇਸ਼ਾ ਨਾਂਹ ਈ ਹੁੰਦੀ ਐ- ਉਹਨੂੰ ਪੁੱਛਣ ਦੀ ਕੋਈ ਲੋੜ ਨ੍ਹੀ ਤੇ ਨਾ ਈ ਕੋਈ ਫ਼ਾਇਦਾ !"
-"ਸਰਦਾਰ ਜੀ, ਵਿਆਹ ਤਾਂ ਆਖਰ ਦਰਸ਼ਣ ਨੇ ਈ ਕਰਨੇਂ ਨ੍ਹਾਂ..?"
ਕਰਨੈਲ ਸਿੰਘ ਸੋਚਾਂ ਵਿਚ ਪੈ ਗਿਆ।
-"ਪਰ ਪਹਿਲਾਂ ਕੁੜੀ ਵੀ ਤਾਂ ਕੋਈ ਦੇਖਣੀ ਐਂ..!"
-"ਸ਼ਾਇਦ ਕੋਈ ਕੁੜੀ ਦਰਸ਼ਣ ਨੂੰ ਪਸੰਦ ਹੋਵੇ ?" ਰਣਜੀਤ ਕੌਰ ਨੇ ਕਿਹਾ।
-"ਇਹ ਵੀ ਹੋ ਸਕਦੈ..।"
-"ਮੈਂ ਕੱਲ੍ਹ ਨੂੰ ਦਰਸ਼ਣ ਨਾਲ ਗੱਲ ਕਰੂੰਗੀ..!"
-"ਠੀਕ ਐ..।"
ਰਣਜੀਤ ਕੌਰ ਚਲੀ ਗਈ।
ਪਲੰਘ 'ਤੇ ਪਈ ਰਣਜੀਤ ਕੌਰ ਦੀਆਂ ਅੱਖਾਂ ਅੱਗੇ ਜਿਵੇਂ ਨੂੰਹ ਵਿਹੜੇ ਵਿਚ 'ਛਣਕ-ਛਣਕ' ਕਰਦੀ ਫ਼ਿਰਦੀ ਸੀ। ਕੋਈ ਆਸ ਉਭਰੀ ਸੀ। ਕੋਈ ਖ਼ੁਸ਼ੀ ਜਾਗੀ ਸੀ। ਬਹੁਤ ਵਰ੍ਹੇ ਪਹਿਲਾਂ ਰਣਜੀਤ ਕੌਰ ਇਸ ਘਰ ਵਿਚ ਨੂੰਹ ਬਣ ਕੇ ਆਈ ਸੀ। ਪਰ ਥੋੜ੍ਹੇ ਦਿਨਾਂ ਵਿਚ ਉਸ ਨੇ 'ਸੱਸ' ਬਣ ਜਾਣਾ ਸੀ। ਖ਼ੁਸ਼ੀਆਂ ਵਿਚ ਭਿੱਜੀ ਰਣਜੀਤ ਕੌਰ ਨੂੰ ਪਤਾ ਨਹੀਂ ਕਦੋਂ ਨੀਂਦ ਨੇ ਘੇਰ ਲਿਆ।
ਰਣਜੀਤ ਕੌਰ ਸਵੇਰੇ ਸਾਝਰੇ ਹੀ ਉਠ ਖੜ੍ਹੀ ਹੋਈ। ਉਸ ਨੇ ਖ਼ੁਦ ਆਪ ਚਾਹ ਬਣਾਈ। ਨੌਕਰਾਣੀ ਨੂੰ ਹੁਕਮ ਕਰਨ ਲਈ ਉਸ ਦਾ ਦਿਲ ਨਹੀਂ ਕੀਤਾ ਸੀ। ਉਸ ਲਈ ਤਾਂ ਜਿਵੇਂ ਮਸਾਂ ਹੀ ਦਿਨ ਚੜ੍ਹਿਆ ਸੀ।
ਉਸ ਨੇ ਦਰਸ਼ਣ ਨੂੰ ਬੁਲਾਇਆ। ਸਾਰੀ ਗੱਲ ਬਾਤ ਕੀਤੀ। ਪਰ ਦਰਸ਼ਣ ਦੇ ਮਨ 'ਤੇ ਕੋਈ ਬਹੁਤਾ ਪ੍ਰਭਾਵ ਨਾ ਪਿਆ। ਉਹ ਖ਼ੁਸ਼ ਸੀ ਜਾਂ ਦੁਖੀ? ਹੈਰਾਨ ਸੀ ਜਾਂ ਪ੍ਰੇਸ਼ਾਨ? ਸ਼ਾਇਦ ਉਸ ਨੂੰ ਖ਼ੁਦ ਨੂੰ ਵੀ ਨਹੀਂ ਪਤਾ ਸੀ।
-"ਦਰਸ਼ਣ, ਤੈਨੂੰ ਕੋਈ ਕੁੜੀ ਪਸੰਦ ਹੈ ?" ਮਾਂ ਨੇ ਸਭਾਵਿਕ ਹੀ ਪੁੱਛਿਆ।
-"ਹਾਂ ਮਾਂ..।" ਦਰਸ਼ਣ ਜਿਵੇਂ ਜਵਾਬ ਘੜ੍ਹੀ ਬੈਠਾ ਸੀ।
ਰਣਜੀਤ ਕੌਰ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਜਿਵੇਂ ਉਸ ਦੀ ਬਹੁਤ ਵੱਡੀ ਮੁਸ਼ਕਿਲ ਹੱਲ ਹੋ ਗਈ ਸੀ। ਸ਼ਾਇਦ ਉਸ ਦੇ ਪੁੱਤ ਨੇ ਪਹਿਲੀ ਵਾਰ ਕਿਸੇ ਚੰਗੇ ਕੰਮ ਵਿਚ 'ਹਾਂ' ਕੀਤੀ ਸੀ।
-"ਕੌਣ ਐਂ ਕੁੜੀ... ?" ਰਣਜੀਤ ਕੌਰ ਕਾਹਲੀ ਪੈ ਗਈ।
-"ਮਾਂ ਦੱਸ ਦਿਆਂ... ?" ਦਰਸ਼ਣ ਚਾਂਭਲ ਗਿਆ।
-"ਦੱਸ ਕਾਕਾ - ਜਲਦੀ ਦੱਸ, ਮਾਂ ਸਦਕੇ..!"
-"ਮਲਾਇਆ ਵਾਲਿਆਂ ਦੀ ਕੁੜੀ, ਪ੍ਰੀਤੀ..!"
ਰਣਜੀਤ ਕੌਰ ਸੋਚਾਂ ਵਿਚ ਪੈ ਗਈ।
-"ਚੰਗਾ, ਤੂੰ ਹੁਣ ਚਾਹ ਪਾਣੀ ਪੀ - ਮੈਂ ਤੇਰੇ ਬਾਪੂ ਜੀ ਨਾਲ ਗੱਲ ਕਰੂੰਗੀ..!"
ਰਣਜੀਤ ਕੌਰ ਚਲੀ ਗਈ। ਜਾਂਦੀ ਮਾਂ ਵੱਲ ਤੱਕ ਕੇ ਦਰਸ਼ਣ ਤਾੜੀ ਮਾਰ ਕੇ ਹੱਸਿਆ।
-"ਦੇਖੀਂ ਪ੍ਰੀਤੀਏ..! ਹੁਣ ਲਊਂ ਤੇਰੇ ਬਦਲੇ ਗਿਣ ਗਿਣ ਕੇ - ਤੂੰ ਮੈਨੂੰ ਬਹੁਤ ਸਤਾਇਆ - ਮੇਰਾ ਕਾਲਜਾ ਭੁੰਨਿਆਂ - ਹੁਣ ਕਰੂੰ ਸਾਰੇ ਹਿਸਾਬ ਬਰਾਬਰ - ਕੱਚੀ ਨੂੰ ਖਾਊਂ ਕੱਚੀ ਨੂੰ !" ਉਸ ਨੇ ਕਚੀਚੀ ਵੱਟੀ। ਉਸ ਅੰਦਰ ਪ੍ਰੀਤੀ ਅਤੇ ਬਿੱਲੇ ਦਾ ਬਦਲਾ ਜਾਗ ਪਿਆ ਸੀ। ਹੁਣ ਉਹ ਮਸਾਂ ਉਸ ਦੀ ਜਾੜ੍ਹ ਹੇਠ ਆਏ ਸਨ। ਜਿਹਨਾਂ ਨੂੰ ਉਸ ਨੇ 'ਕੜੱਕ' ਕਰਕੇ ਚੱਬ ਦੇਣਾਂ ਸੀ।
ਕਿਸ਼ਤ 9
ਅਗਲੇ ਦਿਨ ਰਣਜੀਤ ਕੌਰ ਨੇ ਬੜੇ ਸੁਧਰੇ ਢੰਗ ਨਾਲ ਕਰਨੈਲ ਸਿੰਘ ਨਾਲ ਗੱਲ ਕੀਤੀ। ਕਰਨੈਲ ਸਿੰਘ ਥੋੜਾ ਚਿਰ ਚੁੱਪ ਰਹਿ ਕੇ ਕੁਝ ਸੋਚਣ ਲੱਗ ਪਿਆ। ਦਰਸ਼ਣ ਦੀ ਪਸੰਦ ਵੀ ਕੋਈ ਮਾੜੀ ਨਹੀਂ ਸੀ। ਘਰ ਵੀ ਚੰਗਾ ਸੀ । ਖ਼ਾਨਦਾਨ ਵੀ ਮਸ਼ਹੂਰ ਸੀ। ਕਿਸੇ ਗੱਲ ਦਾ ਘਾਟਾ ਨਹੀਂ ਸੀ। ਅਮੀਰ ਘਰਾਣੇ ਦੀ ਲੜਕੀ ਸੋਹਣੀ ਹੋਣੀਂ ਤਾਂ ਇੱਕ ਕੁਦਰਤੀ ਗੱਲ ਸੀ। ਇਕਲੌਤੇ ਪੁੱਤਰ ਦੀ ਖ਼ੁਸ਼ੀ ਮਾਂ- ਬਾਪ ਦੀ ਖ਼ੁਸ਼ੀ ਸੀ। ਪਰ ਸਭ ਤੋਂ ਵੱਡਾ ਕੰਮ ਤਾਂ ਉਸ ਨੂੰ ਘਤਿੱਤਾਂ ਤੋਂ ਰੋਕਣਾਂ ਸੀ।
-"ਚੰਗਾ ਰਣਜੀਤ ਕੁਰੇ - ਆਪਾਂ ਕਰਦੇ ਆਂ ਬਲੌਰ ਸਿਉਂ ਨਾਲ ਗੱਲ!" ਕਰਨੈਲ ਸਿੰਘ ਨੇ ਆਸ ਜਿਹੀ ਬੰਨ੍ਹਦੇ ਹੋਏ ਨੇ ਆਖਿਆ।
ਜੀਪ ਤਿਆਰ ਕੀਤੀ ਗਈ।
ਕਰਨੈਲ ਸਿੰਘ, ਰਣਜੀਤ ਕੌਰ ਅਤੇ ਦੋ ਸੁੱਘੜ ਸਿਆਣੇ ਬੰਦੇ ਜੀਪ ਵਿਚ ਬੈਠ ਤੁਰ ਗਏ।
ਕੁਝ ਮਿੰਟਾਂ ਵਿਚ ਹੀ ਜੀਪ ਨੇ ਪੰਜ ਕਿਲੋਮੀਟਰ ਦਾ ਸਫ਼ਰ ਵੱਢ ਕੇ ਰੱਖ ਦਿੱਤਾ। ਜੀਪ ਮਲਾਇਆ ਵਾਲਿਆਂ ਦੀ ਹਵੇਲੀ ਅੱਗੇ ਜਾ ਕੇ ਖੜ੍ਹੀ ਹੋ ਗਈ।
ਹਵੇਲੀ ਅੰਦਰ ਨੌਕਰ ਅਤੇ ਨੌਕਰਾਣੀਆਂ ਹੀ ਨਜ਼ਰ ਆ ਰਹੇ ਸਨ।
ਪ੍ਰੀਤੀ ਆਪਣੇ ਕਮਰੇ ਵਿਚ ਬੈਠੀ ਕੁਝ ਲਿਖ ਰਹੀ ਸੀ। ਉਸ ਨੂੰ ਬਿੱਲੇ ਦਾ ਵਿਛੋੜਾ ਤੜਪਾ ਰਿਹਾ ਸੀ। ਵਿਛੋੜੇ ਦੇ ਦੁੱਖ ਵਿਚ ਉਹ ਅੰਦਰੋ ਅੰਦਰੀ ਕਿਸੇ ਚਿਤਾ ਵਾਂਗ ਧੁਖ਼ ਰਹੀ ਸੀ। ਉਸ ਦਾ ਦਿਲ ਧੜਕ ਕੇ ਬਾਹਰ ਡਿੱਗਣ ਲਈ ਕਾਹਲਾ ਸੀ। ਨਾ ਉਸ ਨੂੰ ਭੁੱਖ ਦੀ ਪ੍ਰਵਾਹ ਸੀ ਅਤੇ ਨਾ ਤ੍ਰੇਹ ਦੀ! ਉਹ ਇਕ ਥਾਂ ਟਿਕ ਕੇ ਨਾ ਬੈਠ ਸਕਦੀ। ਦਿਲ ਨੂੰ ਅੱਚਵੀ ਜਿਹੀ ਲੱਗੀ ਰਹਿੰਦੀ। ਘਾਇਲ ਜਾਨਵਰ ਵਾਂਗ ਉਹ ਤੜਪ ਜਿਹੀ, ਸਹਿਕ ਜਿਹੀ ਰਹੀ ਸੀ। ਉਸ ਦਾ ਸੂਰਜ ਵਾਂਗ ਦਗਦਾ ਚਿਹਰਾ ਕਿਸੇ ਦੀਵੇ ਵਾਂਗ ਬੁਝਿਆ ਪਿਆ ਸੀ। ਕਿਸੇ ਸੰਤਾਪ ਨਾਲ ਉਹ ਅੰਦਰੇ ਅੰਦਰ ਬਿਲਕ ਰਹੀ ਸੀ। ਮੱਚ ਰਹੀ ਸੀ। ਕਰਾਹ ਰਹੀ ਸੀ। ਉਸ ਨੂੰ ਇਸ ਸਮਾਜ 'ਤੇ ਅਥਾਹ ਗੁੱਸਾ ਆਉਂਦਾ। ਪਰ ਉਹ ਬੇਵੱਸ, ਮੁੱਠੀਆਂ ਮੀਟ ਕੇ ਰਹਿ ਜਾਂਦੀ। ਉਸ ਦਾ ਇਹ ਘਰ, ਇਹ ਸੰਸਾਰ ਛੱਡ ਕੇ ਕਿਸੇ ਪਾਸੇ ਨੂੰ ਤੁਰ ਜਾਣ ਨੂੰ ਦਿਲ ਕਰਦਾ। ਮਨ ਕੋਈ ਫ਼ੈਸਲਾ ਕਰਦਾ, ਪਰ ਦਿਲ ਹਾਂਮੀਂ ਨਾ ਭਰਦਾ। ਇਹ ਸਮਾਜ ਕਿਤਨਾ ਕਠੋਰ ਦਿਲ ਅਤੇ ਬੇਰਹਿਮ ਹੈ ? ਉਹ ਸੋਚਦੀ ਰਹਿੰਦੀ।
ਅੱਜ ਉਸ ਦੀ ਸਵੇਰ ਦੀ ਹੀ ਅੱਖ ਫ਼ਰਕੀ ਜਾਂਦੀ ਸੀ।
ਕਰਨੈਲ ਸਿੰਘ ਹੋਰੀਂ ਵਰਾਂਡੇ ਵਿਚ ਆਏ। ਅਚਾਨਕ ਰਣਜੀਤ ਕੌਰ ਦੀ ਨਜ਼ਰ ਬਾਰੀ ਵਿਚੋਂ ਦੀ ਅੰਦਰ ਬੈਠੀ ਪ੍ਰੀਤੀ 'ਤੇ ਪਈ। ਪ੍ਰੀਤੀ ਉਸ ਦੀਆਂ ਅੱਖਾਂ ਅੱਗੇ ਮਸਾਲ ਵਾਂਗ ਜਗੀ ਸੀ! ਕਿਸੇ ਤਾਰੇ ਵਾਂਗ ਚਮਕੀ ਸੀ। ਉਸ ਦੇ ਰੂਪ ਦੀ ਲਿਸ਼ਕ ਨਾਲ ਰਣਜੀਤ ਕੌਰ ਨੂੰ ਦਿਨ ਹੋਰ ਚਿੱਟਾ-ਚਿੱਟਾ ਲੱਗਿਆ। ਪ੍ਰੀਤੀ ਉਸ ਨੂੰ ਤਰਾਸ਼ਿਆ ਬੁੱਤ ਹੀ ਤਾਂ ਜਾਪੀ ਸੀ ! ਸੰਗਮਰਮਰ ਦੀ ਮੂਰਤ! ਕਮਰੇ ਅੰਦਰ ਹੁਸਨ ਅਤੇ ਰੰਗ ਰੂਪ ਹੀ ਤਾਂ ਡੁੱਲ੍ਹਿਆ ਪਿਆ ਸੀ। ਮੁੱਖ ਜਿਵੇਂ ਕੋਈ ਅੰਮ੍ਰਿਤ ਝਰ ਰਿਹਾ ਸੀ। ਦਰਸ਼ਣ ਦੀ ਪਸੰਦ ਦੀ ਰਣਜੀਤ ਕੌਰ ਨੇ ਅੰਦਰੋ ਅੰਦਰੀ ਸਿਫ਼ਤ ਕੀਤੀ। ਆਪਣੇ ਦੁੱਧ 'ਤੇ ਮਾਣ ਹੋਇਆ। ਹੀਰਾ ਪਰਖ਼ਣ ਵਾਂਗ ਦਰਸ਼ਣ ਨੂੰ ਖਰੇ ਖੋਟ ਦੀ ਪਹਿਚਾਣ ਸੀ । ਰਣਜੀਤ ਕੌਰ ਦੀ ਖੁਸ਼ੀ ਵਿਚ ਚੀਕ ਨਿਕਲਣ ਵਾਲੀ ਹੋ ਗਈ। ਉਸ ਦੀਆਂ ਅੱਖਾਂ ਅੱਗੇ ਜਿਵੇਂ ਸੱਤ ਬਹਿਸ਼ਤਾਂ ਘੁੰਮ ਰਹੀਆਂ ਸਨ। ਉਹ ਕਿਸੇ ਹੂਰ ਜਾਂ ਕਿਸੇ ਪਰੀ ਦੇ ਦਰਸ਼ਣ ਹੀ ਤਾਂ ਕਰ ਰਹੀ ਸੀ।
ਪਰ ਦੁੱਖਾਂ ਨਾਲ ਝੰਬੀ ਪ੍ਰੀਤੀ ਬੇਖ਼ਬਰ ਸੀ। ਉਹ ਆਪਣੇ ਜ਼ਿਹਨ ਵਿਚ ਹੀ ਗੁਆਚੀ ਹੋਈ ਸੀ। ਕਿਸੇ ਹਿਜ਼ਰ ਦਾ ਸੰਤਾਪ ਹੰਢਾ ਰਹੀ ਸੀ।
-''ਬੀਬੀ ਜੀ - ਬੁੱਕਣ ਆਲੀਏ ਸਰਦਾਰ ਕਰਨੈਲ ਸਿੰਘ ਜੀ ਆਏ ਐ!" ਇਕ ਨੌਕਰ ਨੇ ਖ਼ਬਰ ਕੀਤੀ।
-'ਹੈਂ--! ਕੀ ਕਿਹੈ--?" ਬੁੱਕਣ ਆਲੀਏ ਸਰਦਾਰ ਕਰਨੈਲ ਸਿੰਘ--!" ਪ੍ਰੀਤੀ ਦੇ ਹੋਸ਼ਾਂ ਨੂੰ ਝਟਕਾ ਲੱਗਿਆ। ਜਿਵੇਂ ਕਿਸੇ ਕਿਸਾਈ ਨੇ ਹਲਾਲ ਕਰਨ ਲਈ ਬੱਕਰੇ ਦੀ ਗਰਦਨ 'ਤੇ ਛੁਰੀ ਦਾ ਰਗੜਾ ਸ਼ੁਰੂ ਕੀਤਾ ਹੋਵੇ! ਪ੍ਰੀਤੀ ਦੀਆਂ ਸਧਰਾਂ ਦੇ ਘੜ੍ਹੇ 'ਤੇ ਜਿਵੇਂ ਕਿਸੇ ਨੇ ਅਚਾਨਕ ਪੱਥਰ ਕੱਢ ਮਾਰਿਆ ਸੀ। ਬੁੱਕਣ ਆਲੀਆ ਕਰਨੈਲ ਸਿੰਘ ਤਾਂ ਦਰਸ਼ਣ ਦਾ ਬਾਪ ਸੀ। ਪ੍ਰੀਤੀ ਨੂੰ ਚੰਗੀ ਤਰ੍ਹਾਂ ਹੀ ਤਾਂ
ਪਤਾ ਸੀ। ਸੁਣ ਕੇ ਉਹ ਸਿਲ-ਪੱਥਰ ਹੀ ਤਾਂ ਹੋ ਗਈ ਸੀ। ਉਹ ਹੈਰਾਨ ਸੀ ਜਾਂ ਬੇਹੋਸ਼? ਡਰੀ ਹੋਈ ਸੀ ਜਾਂ ਕੋਈ ਸੁਪਨਾ ਲੈ ਰਹੀ ਸੀ? ਬੱਸ, ਇਕ ਵਾਰ ਉਸ ਦੀਆਂ ਅੱਖਾਂ ਜ਼ਰੂਰ ਪੱਥਰ ਬਣ ਗਈਆਂ ਸਨ। ਉਸ ਦਾ ਮੱਥਾ ਠਣਕਿਆ ਸੀ। ਸੱਜੀ ਅੱਖ ਪੂਰੇ ਜੋਰ ਨਾਲ ਫ਼ਰਕਣ ਲੱਗ ਪਈ ਸੀ। ਖ਼ੈਰ ਨਹੀਂ ਸੀ। ਕੋਈ ਭਾਣਾਂ ਵਰਤਣ ਵਾਲਾ ਸੀ। ਪਲ ਦੀ ਪਲ ਉਸ ਨੂੰ ਇੰਜ ਮਹਿਸੂਸ ਹੋਇਆ ਕਿ ਬੁੱਕਣ ਆਲੀਆ ਕਰਨੈਲ ਸਿੰਘ ਨਹੀਂ, ਕੋਈ ਜੱਲਾਦ ਉਸ ਨੂੰ ਸੂਲੀ ਟੰਗਣ ਆਇਆ ਸੀ, ਜਾਂ ਜਿਵੇਂ ਇਕ ਵਾਰ ਫਿਰ ਰਾਵਣ ਕਿਸੇ ਸੀਤਾ ਨੂੰ ਚੁੱਕਣ ਆਇਆ ਸੀ।
-"ਬੀਬੀ ਜੀ, ਸਰਦਾਰ ਕਰਨੈਲ ਸਿੰਘ ਹੋਰੀਂ ਆਏ ਐ, ਬੁੱਕਣ ਆਲੀਏ--! ਹੱਡ ਮਾਸ ਦਾ ਨੌਕਰ ਕਈ ਵਾਰ ਦੁਹਰਾ ਚੁੱਕਾ ਸੀ।
ਪ੍ਰੀਤੀ ਦੀ ਸੋਚ ਦੀ ਲੜੀ ਟੁੱਟੀ।
ਹਵੇਲੀ ਦੇ ਪਿਛਲੇ ਵਰਾਂਡੇ ਵਿਚੋਂ ਦੀ ਹੁੰਦੀ ਹੋਈ ਉਹ ਆਪਣੇ ਬਾਪ ਦੇ ਕਮਰੇ ਵਿਚ ਚਲੀ ਗਈ। ਜਿਵੇ ਬਾਪ ਦਾ ਕਮਰਾ ਕੋਈ ਕਿਲ੍ਹਾ ਸੀ, ਜਿਸ ਨੂੰ ਕੋਈ ਦੁਸ਼ਟ ਜਾਂ ਡਾਹਢਾ ਪਾਰ ਨਹੀਂ ਕਰ ਸਕਦਾ ਸੀ! ਪ੍ਰੀਤੀ ਹਫ਼ੀ ਹੋਈ ਸੀ। ਉਸ ਦਾ ਦਿਲ ਜੋਰ ਜੋਰ ਨਾਲ ਧੜ੍ਹਕ ਰਿਹਾ ਸੀ।
-"ਬਾਪੂ ਜੀ--!" ਉਹ ਬੋਲੀ ਨਹੀਂ, ਕਿਸੇ ਕੱਟੀਦੇ ਬੱਕਰੇ ਵਾਂਗ ਮਿਆਂਕੀ ਸੀ।
-"ਹਾਂ ਪੁੱਤਰ ਜੀ-- ?!
-"ਬੁੱਕਣਆਲੀਏ ਸਰਦਾਰ ਕਰਨੈਲ ਸਿੰਘ ਆਏ ਐ--!" ਉਸ ਦੀ ਜੁਬਾਨ ਥਿੜਕ ਰਹੀ ਸੀ।
-"ਹੈ! ਕੀ ਕਿਹੈ? ਕਰਨੈਲ ਸਿਉਂ-- ? ਤੇ ਤੂੰ ਕਿਉਂ ਘਾਬਰੀ ਪਈ ਐਂ ਕਮਲੀਏ ? ਸੁਣਦਿਆਂ ਹੀ ਬਲੌਰ ਸਿੰਘ ਨੇ ਪਲੰਘ ਤੋਂ ਉਠ ਕੇ ਜੁੱਤੀ ਪਾਈ ਅਤੇ ਲੋਈ ਦੀ ਬੁੱਕਲ ਮਰਦਾ ਹੋਇਆ ਬਾਹਰ ਆ ਗਿਆ। ਇਲਾਕੇ ਦੀ ਹਸਤੀ, ਅਮੀਰ ਅਤੇ ਇੱਜ਼ਤਦਾਰ ਬੰਦਾ ਕਰਨੈਲ ਸਿੰਘ ਬੁੱਕਣ ਆਲੀਆ, ਜਿਸ ਨੂੰ ਮਿਲਣ ਲਈ ਲੋਕ ਤਾਂਘਦੇ ਸਨ, ਉਹ ਖ਼ੁਦ ਚੱਲ ਕੇ ਉਸ ਦੇ ਘਰ ਆਇਆ ਸੀ।
-"ਧੰਨਭਾਗ ਸਰਦਾਰ ਕਰਨੈਲ ਸਿੰਘ ਜੀ- ਧੰਨਭਾਗ ਸਾਡੇ--!'
-"ਆਓ - ਕਿਰਪਾ ਕਰੋ, ਅੰਦਰ ਆਓ--
ਸਾਰੇ ਅੰਦਰ ਚਲੇ ਗਏ। ਪਰ ਰਣਜੀਤ ਕੌਰ ਦੀਆਂ ਅੱਖਾਂ ਪ੍ਰੀਤੀ ਨੂੰ ਭਾਲ ਰਹੀਆਂ ਸਨ।
ਬਲੌਰ ਸਿੰਘ ਖ਼ੁਸ਼ ਵੀ ਸੀ ਅਤੇ ਹੈਰਾਨ ਵੀ। ਕੁਝ ਆਖਣ ਲਈ ਉਸ ਨੂੰ ਸੁੱਝ ਨਹੀਂ ਰਿਹਾ ਸੀ। ਸ਼ਬਦ ਨਹੀਂ ਲੱਭ ਰਹੇ ਸਨ।
-"ਸਰਦਾਰ ਜੀ - ਅੱਜ ਤਾਂ ਪਤਾ ਨਹੀਂ ਕੌਣ ਬਲੀ ਬੰਦਾ ਮੱਥੇ ਲੱਗਿਆ? ਦਿਨ ਈ ਸੁਲੱਖਣਾਂ, ਭਾਗਾਂ ਆਲਾ ਚੜ੍ਹਿਐ - ਜਿਹੜੇ ਥੋਡੇ ਦਰਸ਼ਣ ਹੋ ਗਏ!'
-"ਸਾਡੇ ਲਈ ਤਾਂ ਓਦੂੰ ਵੀ ਭਾਗਾਂ ਆਲਾ ਚੜਿਐ ਜੀ !' ਰਣਜੀਤ ਕੌਰ ਤੋਂ ਖ਼ੁਸ਼ੀ ਸਾਂਭੀ ਨਹੀਂ ਜਾਂਦੀ ਸੀ।
-"ਅੱਜ ਕੀੜੀ ਦੇ ਘਰ ਨਰਾਇਣ ਕਿਵੇਂ--? ਮੈਂ ਖੁਸ਼ ਨਾਲੋਂ ਹੈਰਾਨ ਵੱਧ ਐਂ--!'
-"ਭਰਾ ਜੀ - ਅਸੀਂ ਤਾਂ ਥੋਨੂੰ ਕੋਈ ਸੁਆਲ ਪਾਉਣ ਆਏ ਐਂ--।" ਰਣਜੀਤ ਕੌਰ ਨੂੰ ਵਿਤੋਂ ਵੱਧ ਚਾਅ ਸੀ।
-"ਭੈਣ ਜੀ - ਬਾਤਾਂ ਨਾ ਪਾਓ- ਹੁਕਮ ਫ਼ੁਰਮਾਓ!" ਬਲੌਰ ਸਿੰਘ ਵੀ ਮਾਣ ਨਾਲ ਲਿਫ਼ਿਆ ਪਿਆ ਸੀ।
ਰਣਜੀਤ ਕੌਰ ਕਰਨੈਲ ਸਿੰਘ ਵੱਲ ਦੇਖ ਕੇ ਚੁੱਪ ਵੱਟ ਗਈ।
-"ਮੈਂ ਤਾਂ ਜਿੰਨੀ ਜੋਕਰਾ ਹਾਂ - ਹੱਥ ਬੰਨ੍ਹ ਕੇ ਹਾਜ਼ਰ ਆਂ!" ਬਲੌਰ ਸਿੰਘ ਨੇ ਉਹਨਾਂ ਦੀ ਦੋਚਿੱਤੀ ਤੋੜੀ।
-"ਬਲੌਰ ਸਿਆਂ - ਮੂੰਹ ਛੋਟੈ, ਤੇ ਵੀਰ ਮੇਰਿਆ ਗੱਲ ਵੱਡੀ ਐ!"
-"ਪਰ ਹੁਕਮ ਤਾਂ ਕਰੋ - !"
-"ਭਰਾ ਜੀ - ਸੌ ਹੱਥ ਰੱਸਾ ਸਿਰੇ 'ਤੇ ਗੰਢ - ਬਹੁਤੀਆਂ 'ਚ ਕੀ ਫ਼ਾਇਦਾ- ਅਸੀਂ ਪ੍ਰੀਤੀ ਦਾ ਰਿਸ਼ਤਾ ਮੰਗਣ ਆਏ ਐਂ।' ਰਣਜੀਤ ਕੌਰ ਨੇ ਗੱਲ ਨਿਖ਼ਾਰ ਧਰੀ। ਉਸ ਦੇ ਸਬਰ ਦਾ ਬੰਨ੍ਹ ਟੁੱਟਿਆ ਪਿਆ ਸੀ।
-"------ !'' ਬਲੌਰ ਸਿੰਘ ਅਵਾਕ ਸੀ। ਕਿਸੇ ਸੋਚ ਨੇ ਉਸ ਨੂੰ ਘੇਰ ਲਿਆ ਸੀ।
-"ਬਲੌਰ ਸਿਆਂ - ਕਿਸੇ ਚੀਜ਼ ਦੀ ਸਾਨੂੰ ਭੁੱਖ ਨਹੀਂ - ਅਕਾਲ ਪੁਰਖ਼ ਦਾ ਘਰੇ ਸਭ ਕੁਛ ਦਿੱਤਾ ਹੋਇਆ - ਬੱਸ ਬੱਚਿਆਂ ਦੀ ਖ਼ੁਸ਼ੀ ਹੀ ਮਾਂ ਪਿਉ ਦੀ ਖ਼ੁਸ਼ੀ ਹੁੰਦੀ ਐ - ਨਾਲੇ ਬੱਚੇ ਇਕ ਦੂਜੇ ਨੂੰ ਪਸੰਦ ਕਰਦੇ ਨੇ! ਕਰਨੈਲ ਸਿੰਘ ਨੇ ਕਿਹਾ।
-"ਅੱਛਾ--- !" ਬਲੌਰ ਸਿੰਘ ਦੇ ਚਿਹਰੇ ਤੇ ਲਾਲੀ ਝਲਕ ਪਈ। ਖ਼ੁਸ਼ੀ ਟਹਿਕ ਪਈ। ਜਿਵੇਂ ਉਸ ਦੀ ਹਰ ਮੁਸ਼ਕਿਲ ਪਾਸੇ ਹੋ ਗਈ ਸੀ। ਉਹ ਤਾਂ ਦੁਬਿਧਾ ਵਿਚ ਫ਼ਸ ਚੱਲਿਆ ਸੀ ਕਿ ਸ਼ਾਇਦ ਪ੍ਰੀਤੀ ਮੇਂ ਕਿ ਨਾ ਮੰਨੇ ? ਉਹ ਉਸ ਦੀ ਜ਼ਿਦ ਤੋਂ ਅੱਛੀ ਤਰ੍ਹਾਂ ਜਾਣੂੰ ਸੀ। ਪਰ ਉਸ ਨੇ ਤਾਂ ਕਦੇ ਕੁਛ ਦੱਸਿਆ ਵੀ ਨਹੀਂ ਸੀ? ਪਰ ਹਿੰਦੁਸਤਾਨ ਦੀ ਨਾਰੀ ਕਦੋਂ ਖੁੱਲ੍ਹ ਕੇ ਦੱਸਦੀ ਹੈ ਕਿ ਉਹ ਕਿਸੇ ਨੂੰ
ਪਿਆਰ ਕਰਦੀ ਐ? ਚਾਹੇ ਕਿੰਨੀ ਵੀ ਪੜ੍ਹੀ ਲਿਖੀ ਕਿਉਂ ਨਾ ਹੋਵੇ? ਸ਼ਾਇਦ ਸੰਗਦੀ ਨੇ ਨਹੀਂ ਦੱਸਿਆ ? ਜਾਂ ਉਸ ਅੰਦਰ ਭਾਰਤੀ ਸਮਾਜ ਹੀ ਧੜਕਦਾ ਰਿਹਾ! ਹੈ ਕਮਲੀ। ਇਕਲੌਤੀ ਧੀ ਦੀ ਖ਼ੁਸ਼ੀ ਹੀ ਉਸ ਦੀ ਆਪਣੀ ਖ਼ੁਸ਼ੀ ਸੀ। ਉਹ ਸੋਚਾਂ ਦੇ ਸਾਗਰਾਂ ਵਿਚ ਰੁੜ੍ਹਿਆ ਜਾ ਰਿਹਾ ਸੀ।
-"ਇੱਤਰਾਂ ਭਾਅ ਮੁੜ ਸੋਚਣ ਕੀ ਡਿਹਾ ਏਂ ? ਇੱਤਰਾਂ ਦੇ ਰਿਸ਼ਤੇ ਮੁੜ ਨਿੱਤ ਨਿੱਤ ਆਉਂਦੇ ਈ ਭਾਊ ? ਉਤਰਾਂ ਮੁੜ ਗੱਲ ਸਿਰੇ ਚਾੜ੍ਹ ਤੇ ਮੂੰਹ ਪਏ ਮਿੱਠਾ ਕਰਾਓ। ਬਹੁਤਾ ਸੋਚਣ ਨਾਲ ਮੁੜ ਦਿਮਾਗ ਸੂਤਰ ਨਹੀਂ ਜੇ ਰਹਿੰਦਾ ਭਾਅ!" ਕਰਨੈਲ ਸਿੰਘ ਦਾ ਜੁੰਡੀ ਦਾ ਯਾਰ ਅੰਮਿ੍ਤਸਰੀਆ ਭਾਊ ਬੋਲਿਆ। ਉਸ ਦੀਆਂ ਸਿੱਧੀਆਂ ਮੁੱਛਾਂ ਡੰਡੇ ਵਾਂਗ ਖੜ੍ਹੀਆਂ ਸਨ।
-"ਭੈਣ ਜੀ - ਪ੍ਰੀਤੀ ਦੀ ਮਾਂ ਤਾਂ ਹੈ ਫੇਰ ਮੇਰੀ ਧੀ ਦੀ ਕਿਸਮਤ ਇਸ ਤੋਂ ਨਹੀਂ - ਮੈਂ ਹੀ ਇਸ ਦੀ ਮਾਂ ਤੇ ਮੈਂ ਹੀ ਇਸ ਦਾ ਬਾਪ ਚੰਗੀ ਹੋਰ ਕੀ ਹੋ ਸਕਦੀ ਐ ?" ਬਲੌਰ ਸਿੰਘ ਨੇ ਹੱਥ ਜੋੜੇ।
-"ਸ਼ੁਕਰ ਹੈ ਪ੍ਰਮਾਤਮਾਂ ਦੀ ਘੜ੍ਹੀ ਦਾ !" ਰਣਜੀਤ ਕੌਰ ਦੀ ਖੁਸ਼ੀ ਅੰਦਰੋਂ ਡੁੱਲ੍ਹ ਡੁੱਲ੍ਹ ਪੈਂਦੀ ਸੀ। ਦਿਲ ਖਿੜਿਆ ਪਿਆ ਸੀ।
-"ਫੇਰ ਅਸੀਂ ਗੱਲ ਪੱਕੀ ਸਮਝੀਏ ?"
-"ਹਾਂ ਜੀ - ਮੈਂ ਨਾਂਹ ਕਿਵੇਂ ਕਰ ਸਕਦੈਂ? ਅੰਨ੍ਹਾਂ ਕੀ ਭਾਲੇ, ਦੋ ਅੱਖਾਂ? ਨਾਲੇ ਮੇਰੇ ਬੁੱਕਣ ਆਲੀਏ ਖ਼ਾਨਦਾਨ ਨਾਲ ਹੱਥ ਜੁੜਦੇ ਐ - ਐਦੂੰ ਖ਼ੁਸ਼ੀ ਦੀ ਗੱਲ ਮੇਰੇ ਲਈ ਹੋਰ ਕਿਹੜੀ ਹੋਊ?"
-"ਮੁੜ ਭਾਅ ਕੋਈ ਪੱਕੀ ਤਰੀਕ ਵੀ ਪਏ ਬੰਨ੍ਹੋਂ - ਤੇ ਲੱਡੂ ਛੱਡੂ ਵੀ ਪਏ ਖੁਆਓ!" ਭਾਊ ਬੋਲਿਆ। ਉਸ ਨੂੰ ਵਿਚ ਦੀ ਬੋਲਣ ਦਾ ਹਲਕ ਉਠਦਾ ਸੀ।
ਸਾਰੇ ਇਕ ਦੂਜੇ ਵੱਲ ਝਾਕੇ!
ਚਾਹ ਪੀਤੀ ਗਈ। ਛੱਬੀ ਤਾਰੀਖ਼ ਦੀ ਮੰਗਣੀ ਅਤੇ ਸਤਾਈ ਤਾਰੀਖ਼ ਦੀ ਸ਼ਾਦੀ ਤੈਅ ਕਰ ਲਈ ਗਈ। ਬਲੌਰ ਸਿੰਘ ਨੂੰ ਸ਼ਾਇਦ ਮੁੰਡਾ ਦੇਖਣਾਂ ਅਤੇ ਪਸੰਦ ਕਰਨਾ ਵੀ ਭੁੱਲ ਗਿਆ ਸੀ। ਉਹ ਖ਼ੁਸ਼ੀ ਵਿਚ ਮਿਆਉਂਦਾ ਨਹੀਂ ਸੀ। ਅੱਜ ਤਾਂ ਉਸ ਦਾ ਧਰਤੀ 'ਤੇ ਪੈਰ ਵੀ ਨਹੀਂ ਲੱਗਦਾ ਸੀ। ਕੋਈ ਖ਼ੁਸ਼ੀ ਉਸ ਨੂੰ ਹਵਾ ਵਿਚ ਉਡਾਈ ਫ਼ਿਰਦੀ ਸੀ।
ਬੁੱਕਣ ਆਲੀਆਂ ਦੀ ਜੀਪ ਤੁਰ ਗਈ। ਕਰਨੈਲ ਸਿੰਘ ਅਤੇ ਰਣਜੀਤ ਕੌਰ ਨੂੰ ਜਿਵੇਂ ਮਸਾਂ ਹੀ ਸੁਖ ਦਾ ਸਾਹ ਆਇਆ ਸੀ। ਤੁਰੀ ਜੀਪ ਦੇ ਨਾਲ ਉਡੀ ਧੂੜ ਵੀ ਜਿਵੇਂ ਖ਼ੁਸ਼ੀ ਨਾਲ ਆਫ਼ਰੀ ਅਸਮਾਨ ਨੂੰ ਚੜ੍ਹਦੀ ਜਾ ਰਹੀ ਸੀ।
-"ਬਾਪੂ ਜੀ - ਇਹ ਕਿਵੇਂ ਆਏ ਸੀ?" ਪ੍ਰੀਤੀ ਨੇ ਪੁੱਛਿਆ। ਉਸ ਦਾ ਮੂੰਹ ਉਤਰਿਆ ਹੋਇਆ ਸੀ। ਚਿਹਰੇ 'ਤੇ ਸੁਆਲੀ ਜਿਹੇ ਬੱਦਲ ਛਾਏ ਹੋਏ ਸਨ।
-"ਜਾਹ ਪਰ੍ਹੇ ਮਰ ਜਾਣੀ!" ਬਾਪੂ ਹੱਸਿਆ। ਉਸ ਦੇ ਦਿਲ ਵਿਚ ਸੀ ਕਿ ਤੂੰ ਤਾਂ ਕੁਛ ਨਹੀਂ ਦੱਸਿਆ, ਪਰ ਮੈਨੂੰ ਪਤਾ ਲੱਗ ਗਿਆ ਕਿ ਤੂੰ ਕਿਸੇ ਨੂੰ ਪਸੰਦ ਵੀ ਕਰਦੀ ਹੈਂ!
-"ਬਾਪੂ ਜੀ - ਕੁਛ ਦੱਸੋ ਵੀ?"
-"ਧੀਏ! ਨਾਨਕ ਨਾਮੁ ਧਿਆਈਐ ਕਾਰਜ ਆਵੈ ਰਾਸ! ਬਲੌਰ ਸਿੰਘ ਨੇ ਅੱਖਾਂ ਬੰਦ ਕਰ ਲਈਆਂ।
-"ਬਾਪੂ ਜੀ - ਸੱਚੋ ਸੱਚ ਦੱਸੋ - ਗੱਲ ਕੀ ਐ?"
ਬਾਪੂ ਨੇ ਪਿਆਰ ਭਰੀਆਂ ਨਜ਼ਰਾਂ ਨਾਲ ਪ੍ਰੀਤੀ ਵੱਲ ਤੱਕਿਆ। ਉਹ ਘਬਰਾਈ ਖੜ੍ਹੀ ਸੀ। ਚਿਹਰੇ 'ਤੇ ਪਸੀਨੇ ਦੇ ਕਣ ਸਨ।
-"ਦੇਖ ਧੀਏ! ਧੀਆਂ ਬਿਗਾਨਾ ਧਨ ਹੁੰਦੀਐਂ - ਜਿੰਨਾਂ ਚਿਰ ਧੀਆਂ ਬਾਰੋਂ ਨਹੀਂ ਉਠਦੀਆਂ - ਮਾਂ ਬਾਪ ਦੇ ਸਿਰ 'ਤੇ ਫ਼ਿਕਰ ਈ ਰਹਿੰਦੈ। ਪੁੱਤਰ, ਇਸ ਫ਼ਿਕਰ ਨੂੰ ਕੋਈ ਬੰਦਾ ਸਿੱਟ ਤਾਂ ਦਿੰਦਾ ਨੀ - ਤੇ ਨਾ ਹੀ ਸਿੱਟ ਸਕਦੈ?''
ਬਾਪੂ ਦੀਆਂ ਗੋਲ ਮੋਲ ਗੱਲਾਂ ਦੀ ਪ੍ਰੀਤੀ ਨੂੰ ਕੋਈ ਸਮਝ ਨਹੀਂ ਆਈ ਸੀ।
ਉਹ ਉਲਝਣ ਵਿਚ ਪਈ ਹੋਈ ਸੀ।
-"ਬਾਪੂ ਜੀ!"
-"ਹਾਂ ਪੁੱਤਰ - ਮੈਂ ਤੇਰਾ ਰਿਸ਼ਤਾ ਬੁੱਕਣ ਵਾਲੇ ਕਰਨੈਲ ਸਿੰਘ ਦੇ ਲੜਕੇ ਨਾਲ ਪੱਕਾ ਕਰ ਦਿੱਤੇ!" ਹੱਸਦਾ ਬਾਪੂ ਜਾ ਚੁੱਕਾ ਸੀ ।
ਕਿਸ਼ਤ 10
ਪ੍ਰੀਤੀ ਨੂੰ ਜਿਵੇਂ ਮੌਤ ਦੀ ਖ਼ਬਰ ਸੁਣੀ ਸੀ। ਉਹ ਮੜ੍ਹੀ ਵਾਂਗ ਸੁੰਨ ਹੋਈ ਖੜ੍ਹੀ ਸੀ । ਉਸ ਦੇ ਦਿਲ, ਦਿਮਾਗ ਅਤੇ ਅਰਮਾਨਾਂ 'ਤੇ ਬਿਜਲੀ ਡਿੱਗ ਪਈ ਸੀ। ਉਸ ਨੂੰ ਦੁੱਖਾਂ ਦੀ ਖ਼ਤਰਨਾਕ ਧਾਰ ਰੋੜ੍ਹ ਕੇ ਲੈ ਚੱਲੀ ਸੀ। ਉਸ ਦੇ ਮਨ ਵਿਚ "ਮੈਨੂੰ ਲੈ ਚੱਲੇ ਬਾਬਲਾ ਲੈ ਚੱਲੇ" ਦਾ ਕੀਰਨਾਂ ਪੈਂਦਾ ਸੀ। ਉਸ ਦੇ ਕੰਨ 'ਟੀਂਅ-ਟੀਂਅ ਅਤੇ ਸਾਰਾ ਸਰੀਰ 'ਝਰਨ-ਝਰਨ ਕਰੀ ਜਾ ਰਿਹਾ ਸੀ। ਅੱਖਾਂ ਝਮਕਦੀਆਂ ਹੀ ਨਹੀਂ ਸਨ। ਜਿਵੇਂ ਉਹ ਕਿਸੇ ਮਗਰਮੱਛ ਦੇ ਮੂੰਹ ਆ ਚੱਲੀ ਸੀ। ਉਸ ਦੀ ਚੀਕ ਨਿਕਲਣ ਲੱਗੀ ਸੀ, ਜੋ ਉਸ ਨੇ ਆਪਣੇ ਗਲਾ ਦਬਾ ਕੇ ਰੋਕ ਲਈ ਸੀ।
ਬਲੌਰ ਸਿੰਘ ਦਾ ਮਨ ਬਹੁਤ ਖ਼ੁਸ਼ ਸੀ। ਪਰ ਉਹ ਨਹੀਂ ਜਾਣਦਾ ਸੀ ਕਿ ਉਸ ਦੀ ਖ਼ੁਸ਼ੀ ਥੋੜ੍ਹੇ ਚਿਰ ਦੀ ਹੀ ਤਾਂ ਸੀ! ਉਸ ਦੀ ਇਕਲੌਤੀ, ਮਾਂ ਵਿਹੂਣੀਂ ਧੀ ਨੇ ਦਰਸ਼ਣ ਦੀ ਸਾਥਣ ਬਣ ਕੇ ਸੁਖ ਤਾਂ ਮਾਨਣਾਂ ਹੀ ਨਹੀਂ ਸੀ। ਪਰ ਇਹ ਕਿਸ ਨੂੰ ਪਤਾ ਸੀ ? ਸ਼ਾਇਦ ਪ੍ਰੀਤੀ ਤੋਂ ਬਿਨਾਂ ਕਿਸੇ ਨੂੰ ਵੀ ਤਾਂ ਨਹੀਂ। ਉਹ ਦਰਸ਼ਣ ਦੀਆਂ ਬਦ ਕਰਤੂਤਾਂ ਤੋਂ ਭਲੀ ਭਾਂਤ ਹੀ ਤਾਂ ਜਾਣੂੰ ਸੀ। ਉਹ ਤਾਂ ਦਰਸ਼ਣ ਨੂੰ ਘ੍ਰਿਣਾਂ ਕਰਦੀ ਸੀ। ਕਿੱਥੇ ਘ੍ਰਿਣਾਂ? ਅਤੇ ਕਿੱਥੇ ਪਿਆਰ? ਕਿੱਥੇ ਸ਼ਾਦੀ ? ਇਕ ਅਣਹੋਣੀ ਗੱਲ ਸੀ। ਅਸਮਾਨ ਧਰਤੀ ਨਾਲ ਲੱਗਣ ਵਾਲੀ ਗੱਲ ਸੀ। ਜੇ ਉਹ ਪਿਆਰ ਕਰਦੀ ਸੀ ਤਾਂ ਸਿਰਫ਼ ਬਿੱਲੇ ਨੂੰ! ਬਿੱਲਾ ਹੀ ਉਸ ਦੇ ਸੁਪਨਿਆਂ ਦਾ ਬਾਦਸ਼ਾਹ ਸੀ। ਪਰ ਪ੍ਰੀਤੀ ਵੀ ਉਸ ਦੇ ਦਿਲ ਦੀ ਮਹਿਬੂਬਾ ਸੀ। ਉਸ ਦੇ ਸੁਪਨਿਆਂ ਦੀ ਗੁਲਜ਼ਾਰ, ਸਾਹਾਂ ਦੀ ਮਹਿਕ! ਬਿੱਲਾ ਵੀ ਉਸ ਦੇ ਅਰਮਾਨਾਂ ਵਿਚ ਰਚ ਚੁੱਕਿਆ ਸੀ। ਉਸ ਦੀ ਨਸ ਨਸ ਵਿਚ ਬੋਲਦਾ ਸੀ। ਕੀ ਹੋ ਗਿਆ ਸੀ ਕਿ ਉਹ ਗ਼ਰੀਬ ਸੀ ? ਕੀ ਹੋ ਗਿਆ ਸੀ ਕਿ ਉਸ ਕੋਲ ਜ਼ਮੀਨ ਜਾਇਦਾਦ ਨਹੀਂ ਸੀ? ਉਹ ਭੁੱਖ ਕੱਟ ਸਕਦੀ ਸੀ। ਪਰ ਰੱਜ ਕੇ ਠੋਹਕਰਾਂ ਨਹੀਂ ਖਾ ਸਕਦੀ ਸੀ। ਰੱਜ ਕੇ, ਪੇਟ ਭਰਕੇ ਵੀ ਤਾਂ ਆਦਮੀ ਤਾਂ ਹੀ ਖਾ ਸਕਦਾ ਹੈ, ਜੇਕਰ ਉਹ ਸੁਖੀ ਹੋਵੇ! ਇਹ ਸਾਰੀ ਚਾਲ ਦਰਸ਼ਣ ਦੀ ਹੀ ਸੀ।
ਪ੍ਰੀਤੀ ਬਾਪੂ ਜੀ ਨੂੰ ਸਾਰਾ ਕੁਝ ਕਹਿ ਸਕਦੀ ਸੀ ਕਿ ਇਕਲੌਤੀ ਬੱਚੀ ਲਈ ਖ਼ੁਸ਼ੀ ਜ਼ਰੂਰੀ ਸੀ। ਕੋਈ ਅਮੀਰ ਘਰਾਣਾਂ ਜ਼ਰੂਰੀ ਨਹੀਂ ਸੀ। ਸੋਨੇ ਦੀ ਜੇਹਲ ਨਾਲੋਂ ਕੱਚੇ ਘਰ ਵਿਚ ਰਹਿਣਾਂ ਕਈ ਗੁਣਾਂ ਬਿਹਤਰ ਸੀ। ਕੁੱਲੀ ਯਾਰ ਦੀ ਸਰਗ ਦਾ ਝੂਟਾ - ਅੱਗ ਲੱਗੇ ਮਹਿਲਾਂ ਨੂੰ! ਹੁਕਮ ਚਲਾਉਣ ਨਾਲੋਂ ਬਿਮਾਰ ਸੱਸ ਅਤੇ ਬਿਰਧ ਸਹੁਰੇ ਦੀ ਸੇਵਾ ਕਰਨੀ ਕਿੰਨੀ ਉਚਿੱਤ ਸੀ! ਮਨ ਨੂੰ ਸਕੂਨ ਮਿਲਣਾਂ ਸੀ! ਆਤਮਾਂ ਨੂੰ ਸ਼ਾਂਤੀ ਮਿਲਣੀ ਸੀ। ਪਰ ਬਾਪੂ ਵੀ ਛੇਤੀ ਕੀਤੇ ਮੰਨਣ ਵਾਲਾ ਨਹੀਂ ਸੀ। ਕਾਸ਼ ਅੱਜ ਮੇਰੀ ਮਾਂ ਜਿਉਂਦੀ ਹੁੰਦੀ! ਮਾਂ ਧੀ ਦੇ ਸੌ ਪਰਦੇ। ਮਾਂ ਧੀ ਦੀਆਂ ਸੌ ਦਿਲੀ ਸਾਂਝਾਂ! ਕੀ ਕੀਤਾ ਜਾ ਸਕਦਾ ਸੀ? ਬਿੱਲੇ ਨੂੰ ਮਿਲਿਆ ਜਾਵੇ? ਹਾਂ, ਬਿੱਲਾ ਕੋਈ ਨਾ ਕੋਈ ਰਾਹ ਜ਼ਰੂਰ ਲੱਭ ਸਕਦਾ ਸੀ। ਬੰਦਿਆਂ ਦੀਆਂ ਵੀਹ ਪਹੁੰਚਾਂ! 'ਕੱਲੀ ਕਹਿਰੀ ਕੁੜੀ ਕੀ ਕਰ ਸਕਦੀ ਹੈ? ਬਿੱਲੇ ਨੂੰ ਮਿਲਾਂ ? ਉਸ ਨੂੰ ਆਖਾਂਗੀ, ਅਗਰ ਮੈਨੂੰ ਸੱਚੇ ਦਿਲੋਂ ਪਿਆਰ ਕਰਦਾ ਹੈਂ, ਤਾਂ ਆ! ਅਤੇ ਆਪਣੀ ਸਾਹਿਬਾਂ ਨੂੰ ਬੱਕੀ 'ਤੇ ਬਿਠਾ ਕੇ ਲੈ ਜਾਹ! ਮੈਂ ਤੇਰਾ ਇੰਤਜ਼ਾਰ ਕਰਾਂਗੀ। ਫਿਰ ਪਿੱਛੋਂ ਮਿਹਣਿਆਂ ਤਾਹਨਿਆਂ ਨੇ ਕੁਛ ਨਹੀਂ ਖੋਹਣਾਂ - ਜਦੋਂ ਹੀਰ ਵਿਆਹ ਕੇ ਲੈ ਗਏ ਖੇੜੇ। ਉਹ ਵਿਹੜੇ ਵਿਚ ਖੜ੍ਹੀ ਸੋਚ ਰਹੀ ਸੀ!
ਉਸ ਨੇ ਚਾਰੇ ਪਾਸੇ ਨਜ਼ਰ ਮਾਰੀ।
ਪਰ ਬਾਪੂ ਨਜ਼ਰ ਨਾ ਆਇਆ। ਕਿਲ੍ਹੇ ਵਰਗੇ ਘਰ 'ਚੋਂ ਅੱਜ ਉਸ ਨੂੰ ਪਹਿਲੀ ਵਾਰ ਭੈਅ ਆਇਆ ਸੀ।
ਉਸ ਨੇ ਜੀਪ ਸਟਾਰਟ ਕਰ ਲਈ।
ਨੌਕਰ ਕਤੂਰੇ ਵਾਂਗ ਭੱਜਿਆ ਆਇਆ।
-"ਬੀਬੀ ਜੀ - ਤੁਸੀਂ ਕਿੱਧਰ ਨੂੰ ?"
-"ਬਾਪੂ ਜੀ ਨੂੰ ਕਹਿਣਾਂ ਮੈਂ ਸ਼ਹਿਰੋਂ ਕੁਛ ਖਰੀਦਣ ਚੱਲੀ ਹਾਂ!"
-"ਪਰ ਤੁਸੀਂ 'ਕੱਲੇ-!"
-"ਕਿਉਂ? ਕਾਲਜ ਵੀ ਤਾਂ ਮੈਂ 'ਕੱਲੀ ਈ ਜਾਂਦੀ ਆਂ!"
ਨੌਕਰ ਚੁੱਪ ਧਾਰ ਗਿਆ।
ਪ੍ਰੀਤੀ ਦੀ ਜੀਪ ਤੁਰ ਗਈ।
ਨੌਕਰ ਅਜੀਬ ਨਜ਼ਰਾਂ ਨਾਲ ਦੇਖਦਾ ਰਹਿ ਗਿਆ।
ਜੀਪ ਆਪਣੀ ਚਾਲ ਭੱਜੀ ਜਾ ਰਹੀ ਸੀ। ਫ਼ਸਲਾਂ ਜਿਵੇਂ ਪ੍ਰੀਤੀ 'ਤੇ ਮੂੰਹ ਚਿੜਾ ਰਹੀਆਂ ਸਨ। ਉਹ ਓਪਰੀ ਓਪਰੀ ਜਿਹੀ ਤੱਕ ਰਹੀ ਸੀ। ਬੇਸੁੱਧ ਸੀ ਜਾਂ ਮਜਬੂਰ ? ਉਸ ਦਾ ਦਿਲ, ਉਸ ਦਾ ਦਿਮਾਗ ਸੱਚਾਈ ਪੜ੍ਹਨ ਦਾ ਯਤਨ ਕਰ ਰਿਹਾ ਸੀ। ਕੀ ਉਹ ਵਾਕਿਆ ਹੀ ਦਰਸ਼ਣ ਦੀ ਸਾਥਣ ਬਣ ਕੇ ਉਸ ਦੇ ਘਰ ਜਾਵੇਗੀ? ਕੀ ਇਹ ਵਾਕਿਆ ਹੀ ਹੋ ਸਕੇਗਾ? ਹੋ ਸਕੇਗਾ ਨਹੀਂ ਪ੍ਰੀਤੀਏ, ਹੋ ਗਿਆ ਹੈ! ਉਸ ਦੇ ਦਿਮਾਗ ਨੇ ਉਤਰ ਦਿੱਤਾ। ਪਰ ਉਹ ਇਸ ਦਾ ਇਲਾਜ, ਇਸ ਦਾ ਹੱਲ ਕੀ ਕਰੇ ? ਕੀ ਸੋਚੇ ? ਕਿਸ ਦੀ ਰਾਇ ਲਵੇ? ਕਿਸ ਕੋਲ ਜਾ ਕੇ ਦੁਹਾਈ ਦੇਵੇ? ਕਿਸ ਸਾਹਮਣੇ ਪਿੱਟੇ ? ਕੋਈ ਨਾ ਡਿੱਠਾ ਮੈਂ ਢੂੰਡ ਥੱਕੀ - ਕੌਣ ਵਿਛੜੇ ਯਾਰ ਮਿਲਾਂਵਦਾ ਈ। ਕਿਸ ਨੂੰ ਆਖੇ ਕਿ ਇਕ ਰਾਵਣ ਸੀਤਾ ਨੂੰ ਜ਼ਬਰਦਸਤੀ ਲਿਜਾ ਰਿਹਾ ਹੈ? ਨਹੀਂ, ਜ਼ਬਰਦਸਤੀ ਨਹੀਂ, ਇਕ ਭਿਖ਼ਾਰੀ ਬਣ ਕੇ ! ਚਾਲ ਖੇਡ ਕੇ! ਪਰ ਇਸ ਨੂੰ ਮੰਨੇਗਾ ਕੌਣ? ਕੋਈ ਵੀ ਤਾਂ ਨਹੀਂ! ਲੋਕ ਤਾਂ ਇਹ ਸੋਚਣਗੇ ਕਿ 'ਰਾਜਾ ਘਰ' ਮਿਲ ਰਿਹਾ ਹੈ, ਪਰ ਕੁੜੀ ਕਮਲ਼ੀ ਐ! ਕਿਸੇ ਨੇ ਅਸਲੀਅਤ ਸਮਝਣ ਦਾ ਯਤਨ ਹੀ ਨਹੀਂ ਕਰਨਾ! ਜਦ ਉਸ ਦਾ ਸਕਾ ਬਾਪ ਸੋਚਣ ਜਾਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ, ਤਾਂ ਹੋਰ ਕਰ ਵੀ ਕੌਣ ਸਕਦਾ ਸੀ? ਉਸ ਦਾ ਮਨ ਬਾਪ ਅੱਗੇ ਕੂਕਾਂ ਮਾਰਨ ਨੂੰ ਕਰਦਾ ਸੀ ਕਿ ਹੇ ਮੇਰਿਆ ਧਰਮੀ ਬਾਬਲਾ! ਮੈਨੂੰ ਕਸਾਈ ਵੱਸ ਨਾ ਪਾ!! ਤੇਰੀ ਧੀ ਉਸ ਘਰ ਘੁੱਟ ਘੁੱਟ ਕੇ ਪੀਤੀ ਜਾਵੇਗੀ। ਸਹਿਕ ਸਹਿਕ ਕੇ ਮਰ ਜਾਵੇਗੀ! ਪਰ ਬਾਪ ਤਾਂ ਉਸ ਦਾ ਭਲਾ ਸੋਚ ਰਿਹਾ ਸੀ! "ਧੀਏ ਤੈਨੂੰ ਕਿਸੇ ਰਾਜੇ ਘਰ ਤੋਰਾਂਗਾ!" ਅਕਸਰ ਬਾਪੂ ਆਖਦਾ ਹੁੰਦਾ।
-"ਰਾਜੇ ਤਾਂ ਬਾਪੂ ਸਿਰ ਮੁੰਨਣ ਵਾਲਿਆਂ ਨੂੰ ਆਖਦੇ ਹੁੰਦੇ ਐ!" ਉਹ ਹੱਸ ਕੇ ਬਾਪੂ ਦੀ ਗੱਲ ਦਾ ਮਜ਼ਾਕ ਉਡਾਉਂਦੀ।
ਸੋਚਾਂ ਵਿਚ ਡੁੱਬੀ ਪ੍ਰੀਤੀ ਦੀ ਸੋਚ ਉਸ ਵੇਲੇ ਟੁੱਟੀ, ਜਦੋਂ ਇਕ ਕਾਰ ਵਾਲੇ ਨੇ ਸਾਹਮਣਿਓਂ ਹਾਰਨ ਦੇ ਕੇ ਉਸ ਨੂੰ ਸਾਵਧਾਨ ਕੀਤਾ। ਉਸ ਦੀ ਜੀਪ ਸੜਕ ਦੇ ਵਿਚਕਾਰ ਜਾ ਰਹੀ ਸੀ। ਜੇ ਕੋਈ ਟਰੱਕ
ਜਾਂ ਬੱਸ ਸਾਹਮਣੇ ਤੋਂ ਆ ਜਾਂਦੀ ਤਾਂ ਸਾਹਮਣੀ ਟੱਕਰ ਹੋ ਜਾਣੀ ਸੀ। ਜੀਪ ਦਾ ਡੱਕਾ ਨਹੀਂ ਬਚਣਾਂ ਸੀ ਅਤੇ ਨਾ ਹੀ ਪ੍ਰੀਤੀ ਦਾ! ਫਿਰ ਪ੍ਰੀਤੀ ਨੇ ਜਿਉਣਾਂ ਵੀ ਕਾਹਦੇ ਲਈ ਸੀ? ਆਪਣੇ ਲਈ ? ਜਾਂ ਆਪਣੇ ਬਾਪ ਲਈ ? ਜਾਂ ਹੋਣ ਵਾਲੇ ਖ਼ਸਮ ਦਰਸ਼ਣ ਲਈ ?
ਜੀਪ ਨੇ ਇਕ ਤਰ੍ਹਾਂ ਨਾਲ ਸਫ਼ਰ ਹੜੱਪ ਕਰ ਲਿਆ।
ਜੀਪ ਬਿੱਲੇ ਦੇ ਘਰ ਅੱਗੇ ਜਾ ਕੇ ਖੜ੍ਹ ਗਈ।
ਸਿਰਫ਼ ਬੱਗਾ ਅਤੇ ਮਾਂ ਹੀ ਘਰ ਸਨ। ਬੱਗੇ ਨੇ ਫੁੱਲਝੜੀ ਵਰਗੀ ਪ੍ਰੀਤੀ ਨੂੰ ਦੇਖ ਕੇ ਆਪਣੀਆਂ ਲਿੱਬੜੀਆਂ ਜਿਹੀਆਂ ਜਾਭਾਂ ਪੂੰਝੀਆਂ! ਨਾਸਾਂ ਚੌੜੀਆਂ ਕਰਕੇ ਖਚਰੇ ਬੁੱਲ੍ਹਾਂ 'ਤੇ ਜੀਭ ਫੇਰੀ ਅਤੇ ਉਸ ਨੇ 'ਨਲੀ ਦਾ ਸੜਾਕਾ ਉਪਰ ਨੂੰ ਖਿੱਚਿਆ। ਸ਼ਾਇਦ ਉਸ ਨੂੰ ਬਿੱਲੇ ਅਤੇ ਪ੍ਰੀਤੀ ਦੇ ਸਬੰਧ ਦਾ ਪਤਾ ਨਹੀਂ ਸੀ।
-"ਆਹ ਆਪਣੇ ਘਰ ਨੂੰ ਕਿਵੇਂ ਤੁਰੀ ਆਉਂਦੀ ਐ ਬੇਬੇ?" ਬੱਗੇ ਨੇ ਗਿੱਚੀ ਖੁਰਚ ਕੇ ਮਾਂ ਨੂੰ ਪੁੱਛਿਆ।
-"ਵੇ ਇਹ ਕੌਣ ਐਂ ਪੁੱਤ ?' ਮਾਂ ਨੇ ਮੱਥੇ 'ਤੇ ਹੱਥ ਦੀ ਛਾਂ ਪਾ ਕੇ ਉਸ ਨੂੰ ਪਛਾਨਣਾਂ ਚਾਹਿਆ।
-"ਨਾਲ ਦੇ ਪਿੰਡ ਮਲਾਇਆ ਆਲਿਆਂ ਦੀ ਭੰਬੂਕੀ ਐ!"
ਮਾਂ ਦਾ ਦਿਲ ਡੁੱਬ ਗਿਆ। ਉਸ ਦੀ ਜ਼ੁਬਾਨ ਠਾਕੀ ਗਈ। ਸਿਰ ਵਿਚ ਸੋ ਘੜਾ ਪਾਣੀ ਦਾ ਪੈ ਗਿਆ। ਮਾਂ ਨੂੰ ਲੱਗਿਆ ਕਿ ਉਹਨਾਂ ਦੇ ਘਰ ਦੀ ਸ਼ਾਮਤ ਆ ਗਈ ਸੀ।
-"ਆਓ ਜੀ - ਸਾਸਰੀਕਾਲ !' ਲਾਚੜਿਆ ਬੱਗਾ ਪਹਿਲਾਂ ਹੀ ਬੋਲ ਪਿਆ।
-"ਬਿੱਲਾ ਘਰੇ ਨੀ ਬੱਗਿਆ ?" ਪ੍ਰੀਤੀ ਨੇ 'ਸਾਸਰੀਕਾਲ ਵੱਲੋਂ ਬੇਧਿਆਨੀ ਹੋ ਕੇ ਕਿਹਾ। ਪਰ ਬੱਗੇ ਦਾ ਖਿੜਿਆ ਮਨ ਵੱਟ ਖਾ ਗਿਆ, "ਸਾਸਰੀਕਾਲ ਤਾਂ ਮੰਨ ਲੈਂਦੀ!" ਪਰ ਉਸ ਨੇ "ਨਹੀਂ" ਦਾ ਉਤਰ ਦੇ ਦਿੱਤਾ।
-"ਕਿੱਥੇ ਗਿਐ ?"
ਉਹ ਆਖਣ ਤਾਂ ਲੱਗਿਆ ਸੀ ਕਿ ਮੈਂ ਕਿਹੜਾ ਉਸ ਦਾ ਸੰਤਰੀ ਐਂ ? ਪਰ ਉਹ ਪ੍ਰੀਤੀ ਦਾ ਗੁਲਾਬੀ ਮੂੰਹ ਦੇਖ ਕੇ ਆਖ ਨਾ ਸਕਿਆ ਅਤੇ "ਪਤਾ ਨੀ'' ਕਹਿ ਦਿੱਤਾ।
-"ਬੀਜੀ ਤੁਹਾਨੂੰ ਵੀ ਨ੍ਹੀ ਪਤਾ?"
-"ਕਿੱਥੇ ਧੀਏ! ਕਿਹੜਾ ਦੱਸ ਕੇ ਜਾਂਦੇ ?"
-"ਕੋਈ ਜਰੂਰੀ ਕੰਮ ਸੀ ਜੀ ?" ਬੱਗੇ ਨੇ ਡਿੱਗਦੀ 'ਲਾਲ' ਬੋਚ ਲਈ!
-"ਹਾਂ, ਜਰੂਰੀ ਈ ਸੀ।"
-"ਮੈਨੂੰ ਦੱਸ ਦਿਓ!"
-"ਨਹੀਂ - ਉਸੇ ਤੱਕ ਈ ਕੰਮ ਸੀ।'
-"ਕਿਉਂ - ਅਸੀਂ ਮਾੜੇ ਐਂ? ਮੇਰੇ ਛਪਾਕੀ ਨਿਕਲੀ ਵੀ ਐ?"
-"ਕਰਜਾ ਚੁੱਪ!" ਮਾਂ ਨੇ ਝਿੜਕਿਆ।
-"ਮੁੜੂ ਕਦੋਂ ਕੁ ?"
-"ਪਤਾ ਨ੍ਹੀ - ਰੱਬ ਜਾਣੇ ।" ਪਰ ਬੱਗੇ ਦਾ ਮਨ ਬੋਲ ਰਿਹਾ ਸੀ ਕਿ ਮੈਂ ਕਿਹੜਾ ਉਸ ਦਾ ਰੋਜ਼- ਨਾਮਚਾ ਤਿਆਰ ਕਰਦੈਂ।
-"ਬੀਜੀ ਤੁਹਾਨੂੰ ਪਤਾ ਹੋਊ ?"
-"ਧੀਏ ਖਾਉ-ਪੀਏ ਜੇ ਆ ਜਾਂਦਾ ਹੁੰਦੈ!"
-"ਕੋਈ ਖਾਸ ਕੰਮ ਸੀ ਤਾਂ ਮੈਨੂੰ ਦੱਸ ਦਿਓ ਜੀ!" ਬੱਗਾ ਫਿਰ ਨਾ ਰਹਿ ਸਕਿਆ।
-"ਨਹੀਂ - ਤੈਨੂੰ ਦੱਸਣ ਆਲਾ ਨੀ!"
-"ਮਾੜਾ ਜਿਆ ਐਧਰ ਨੂੰ ਆਵਾਂ ?" ਬੱਗੇ ਦੇ ਮੂੰਹੋਂ ਫਿਰ 'ਲਾਲ' ਟਪਕੀ। ਪਰ ਉਸ ਨੇ ਮੱਲਕ ਦੇਣੇ ਬੋਚ ਲਈ!
-"ਕੁੱਤਿਆ - ਹੱਟਦਾ ਨ੍ਹੀ ਭੌਂਕਣੋ ?" ਮਾਂ ਫਿਰ ਕਲਪੀ।
ਬੱਗੇ ਨੇ ਆਪਣਾ ਮੂੰਹ ਬੰਦ ਕਰ ਲਿਆ। ਉਸ ਦੀ ਬੇਇੱਜ਼ਤੀ ਹੋ ਰਹੀ ਸੀ। ਚੁੱਪ ਰਹਿਣਾਂ ਹੀ ਬਿਹਤਰ ਸੀ!
-"ਜਦੋਂ ਆਇਆ - ਉਸ ਨੂੰ ਮੇਰਾ ਸੁਨੇਹਾਂ ਦੇ ਦੇਵੀਂ ਬਈ ਪ੍ਰੀਤੀ ਆਈ ਸੀ!"
ਪ੍ਰੀਤੀ ਜੀਪ ਵਿਚ ਬੈਠ ਗਈ।
-"ਆਖਦੂੰਗਾ ਜੀ!" ਬੱਗੇ ਦਾ ਦਿਲ ਜੀਪ ਵਿਚ ਬੈਠ ਕੇ 'ਝੂਟਾ' ਲੈਣ ਨੂੰ ਕਰਦਾ ਸੀ। ਪਰ ਉਸ ਦੀ ਅੰਨ੍ਹੇ ਦੀ ਰੀਝ ਗੁਲੇਲ 'ਤੇ ਵਾਲੀ ਕਹਾਵਤ ਵਾਂਗ, ਰੀਝ ਵਿਚੇ ਹੀ ਰਹਿ ਗਈ ਸੀ!
ਜੀਪ ਤੁਰ ਗਈ।
ਬੱਗੇ ਦੀ ਜਿਵੇਂ ਆਤਮਾਂ ਤੁਰ ਗਈ।
-"ਮੈਖਿਆ ਮਹਾਤੜਾਂ ਨੂੰ ਅਜੇ ਤੱਕ ਛੈਂਕਲ ਨ੍ਹੀ ਚਲਾਉਣਾ ਆਉਂਦਾ - ਐਥੇ ਸਹੁਰੀਆਂ ਕੁੜੀਆਂ ਜੀਪਾਂ ਦਬੱਲੀ ਫਿਰਦੀਆਂ।" ਮਾੜੇ ਅਮਲੀ ਨੇ ਰਣਜੀਤ ਪਾੜ੍ਹੇ ਨੂੰ ਆਖਿਆ।
-"ਅਮਲੀਆ - ਸਦੀ ਤਾਂ ਦੇਖ ਉਤੋਂ ਕਿਹੜੀ ਐ? ਇੱਕੀਵੀਂ ਸਦੀ ਐ, ਇੱਕੀਵੀਂ।" ਪਾੜ੍ਹੇ ਨੇ ਆਖਿਆ।
-'ਸਦੀ ਚਾਹੇ ਪਾੜ੍ਹਿਆ ਪੈਤੀਮੀ ਆਜੇ ਪਰ ਮਹਾਤੜਾਂ ਨੇ ਖੁੱਡੇ ਦੇ ਕੁੱਕੜ ਈ ਰਹਿਣੇ। ਸਾਡੀ ਤਾਂ ਓਸ ਗੱਲ ਦੇ ਆਖਣ ਮਾਂਗੂ, ਸਾਰੀ ਉਮਰ ਪੀਸੀ ਕਰਨ ਦੀ ਆਦਤ ਨ੍ਹੀ ਜਾਣੀ।" ਚਿਲਮ 'ਚੋਂ ਸੂਟੇ ਮਾਰਦਾ ਅਮਲੀ ਅੱਗੇ ਤੁਰ ਗਿਆ।
ਮਾਂ ਮੜ੍ਹੀ ਵਾਂਗ ਚੁੱਪ ਕਰੀ ਬੈਠੀ ਸੀ। ਉਸ ਦੀਆਂ ਝੁਰੜੀਆਂ ਵਿਚ ਫ਼ਿਕਰ ਝਲਕਦਾ ਸੀ। ਅੰਦਰੋਂ ਜਾਨ ਕੰਬੀ ਜਾ ਰਹੀ ਸੀ। ਉਸ ਨੂੰ ਚੌਂਧੀ ਜਿਹੀ ਲੱਗੀ ਹੋਈ ਸੀ। ਕੁਝ ਸੁੱਝ ਨਹੀਂ ਰਿਹਾ ਸੀ। ਪੁੱਤ ਨੂੰ ਵਰਜਿਆ ਸੀ, ਹੁਣ ਇਹ ਘਰੇ ਆਉਣ ਲੱਗ ਪਈ ਅਖੀਰ ਦੁਨੀਆਂ ਕਸੂਰ ਸਿੱਧਾ ਮੁੰਡਿਆਂ ਵਿਚ ਹੀ ਕੱਢਦੀ ਐ। ਮਰਦ ਕਦੇ ਸੱਚੇ ਨਹੀਂ ਹੁੰਦੇ। ਕੁੜੀ ਨੂੰ ਪਿੱਛੋਂ ਸਾਰੇ ਬੇਕਸੂਰ, ਧੀ ਧਿਆਣੀ ਆਖਣ ਲੱਗ ਜਾਂਦੇ ਨੇ। ਸਾਹਿਬਾਂ ਨੇ ਮਿਰਜ਼ਾ ਖ਼ੁਦ 'ਕਰਮੂੰ ਬਾਹਮਣ ਭੇਜ ਕੇ ਸੱਦਿਆ। ਜਦੋਂ ਘੈਂਟ ਬੰਦਾ ਅਗਲੀ ਦੇ ਕਹੇ ਬੱਕੀ 'ਤੇ ਬਿਠਾ ਕੇ ਲੈ ਗਿਆ, ਤਾਂ ਲੋਕ ਅੱਜ ਵੀ, "ਕੱਢ ਕੇ ਲੈ ਗਿਆ!" ਦਾ ਰੌਲਾ ਪਾ ਰਹੇ ਨੇ। ਅਸਲ ਇਤਿਹਾਸ ਦਾ ਸ਼ਾਇਦ ਕਿਸੇ ਨੂੰ ਪਤਾ ਹੀ ਨਾ ਹੋਵੇ। ਮਿਰਜ਼ਾ ਵੱਢਿਆ ਗਿਆ ਜੰਡ ਥੱਲੇ ਅਤੇ ਲੋਕਾਂ ਨੇ ਕੱਦੂਆਂ ਵਿਚ ਡੰਡੇ ਅੜਾ ਲਏ!
ਮਾਂ ਮੱਥੇ 'ਤੇ ਹੱਥ ਰੱਖੀ ਬੈਠੀ ਸੀ।
ਬੱਗਾ ਅਜੇ ਵੀ ਦਰਵਾਜੇ ਅੱਗੇ ਖੜ੍ਹਾ ਪ੍ਰੀਤੀ ਦੀ ਤੁਰ ਚੁੱਕੀ ਜੀਪ ਦਾ ਧੂੰਆਂ ਸੁੰਘ ਰਿਹਾ ਸੀ। ਉਸ ਦੀਆਂ ਨਜ਼ਰਾਂ ਟਾਇਰਾਂ ਦੀਆਂ ਲੀਹਾਂ 'ਤੇ ਖੜ੍ਹੀਆਂ ਸਨ। ਉਸ ਦੇ ਦਿਮਾਗ ਵਿਚ ਬਿੱਲੇ ਬਾਰੇ ਖ਼ਾਸ, ਵਿਸ਼ੇਸ਼ ਹੀ ਉਤਰਾਅ ਚੜਾਅ ਆ ਰਹੇ ਸਨ । ਖਿਆਲਾਂ ਵਿਚ ਇਕ ਚੁੱਪ ਯੁੱਧ ਚੱਲ ਰਿਹਾ ਸੀ। ਬਿੱਲਾ ਕੋਤਕੀ ਪੱਠਾ ਐ, ਇਸ ਖ਼ਰਬੂਜੇ ਵਰਗੀ ਦੇ ਬੁੱਲੇ ਲੁੱਟਦਾ ਹੋਊ? ਅਖਰੋਟ ਦੀ ਗਿਰੀ ਐ - ਲੱਡੂ ਦੀ ਭੋਰ ਐ - ਬੁੱਲ੍ਹਾਂ ਨਾਲ ਈ ਭੁਰਦੀ ਹੋਊ! ਨਹੀਂ ਮਿੱਤਰਾ, ਪਹਿਲੇ ਤੋੜ ਦੀ ਬੋਤਲ ਐ- ਅੱਖਾਂ ਰਾਹੀਂ ਦਿਲ ਵਿਚ ਉਤਰ ਜਾਂਦੀ ਹੋਊ!
ਬੱਗੇ ਦੀ ਸੋਚ ਉਦੋਂ ਟੁੱਟੀ, ਜਦੋਂ ਉਸ ਦੇ ਮੂੰਹੋਂ 'ਲਾਲ' ਲਮਕ ਕੇ ਉਸ ਦੇ ਪੈਰ ਦੇ ਪੰਜੇ 'ਤੇ ਜਾ ਡਿੱਗੀ!
ਉਹ ਅੰਦਰ ਚਲਾ ਗਿਆ। ਉਸ ਦੇ ਦਿਮਾਗ ਅੰਦਰ ਸੋਚਾਂ ਦੀ ਘੋੜ ਦੌੜ ਜਾਰੀ ਸੀ।
ਮਾਂ ਕਬਰ ਵਾਂਗ ਚੁੱਪ ਸੀ।
-"ਕਿਉਂ ਬੇਬੇ - ਦੇਖਲੀ ਰਾਮ ਲੀਲ੍ਹਾ ?"
ਮਾਂ ਚੁੱਪ ਰਹੀ।
-"ਹੈ ਨਾ ਪਾਨ ਦੀ ਬੇਗੀ ਅਰਗੀ ?"
-"ਮੈਨੂੰ ਮੈਦ ਐ ਆਪਣੇ ਘੁੱਗੂ ਨਾਲ ਕੋਈ ਗੱਲ ਬਾਤ ਐ ਇਹਦੀ - ਤੂੰਬਾ ਘਰੇ ਸੁਣੀਂਦਾ - ਵੱਜਦਾ ਨਹਿਰੋਂ ਪਾਰ!" ਬੱਗੇ ਨੇ ਲਾਚੜ ਕੇ ਕਵੀਸ਼ਰੀ ਸ਼ੁਰੂ ਕਰ ਦਿੱਤੀ।
-"ਵੇ ਕਦੇ ਚੁੱਪ ਵੀ ਕਰਜਿਆ ਕਰ - ਮਾਂ ਨੂੰ ਰੋਣਿਆਂ!" ਮਾਂ ਨੇ ਨਿਰਲੱਜ ਬੱਗੇ ਵੱਲ ਕੌੜ ਤੱਕਣੀ ਤੱਕੀ।
-"ਆਹ ਆਪਣੇ ਘਰੇ ਜੀਪ ਕੈਸੀ ਆਈ ਸੀ?" ਬਾਹਰੋਂ ਗਿਆਨੇਂ ਨੇ ਆ ਕੇ ਪੁੱਛਿਆ।
-"ਧੀਏ! ਜਦੋਂ ਗਰੀਬ ਦੇ ਘਰ ਦਾ ਨਾਸ਼ ਹੋਣਾਂ ਹੋਵੇ - ਉਦੋਂ ਇਉਂ ਈ ਜੀਪਾ ਘਰੇ ਖੌਰੂ ਪਾਉਂਦੀਐਂ।" ਮਾਂ ਦੇ ਬੋਲਾਂ ਵਿਚ ਕਹਿਰਾਂ ਦਾ ਦੁੱਖ ਸੀ। ਉਸ ਦੀਆਂ ਝੁਰੜੀਆਂ ਕੰਬੀ ਜਾ ਰਹੀਆਂ ਸਨ।
-"ਤਾਂ ਵੀ ਬੇਬੇ - ਕੌਣ ਆਇਆ ਸੀ ?'
-''ਆਈ ਸੀ ਛਿੱਟਣੀਆਂ ਦੀ ਫੇਟ!"
-"ਛਿੱਟਣੀਆਂ ਦੀ ਫ਼ੇਟ ਨ੍ਹੀ ਬੇਬੇ - ਖੋਪੇ ਦੀ ਗਿਰੀ ਆਖ!" ਬੱਗੇ ਦੇ ਚੁੱਪ ਦਿਲੋਂ ਲੇਰ ਉਠੀ ਸੀ।
ਹਾਏ ਰੱਬਾ - ਉਹ ਬੇਬੇ ਨੂੰ ਪਤਾ ਨੀ ਕਿਉਂ ਬੁਰੀ ਲੱਗਦੀ ਐ? ਬੱਗਾ ਸੋਚ ਰਿਹਾ ਸੀ।
-"ਕੁਲਿਹਣੀ ਬੰਦੇ ਮਰਵਾਉ।" ਬੇਬੇ ਨੇ ਅਗਲੀ ਅਕਾਸ਼ਬਾਣੀ ਕੀਤੀ ਸੀ।
-"ਕਿਉਂ ? ਬੰਦੇ ਕਾਹਦੇ ਨਾਲ ਮਰ ਜਾਗੇ ਬੇਬੇ - ਅਸੀਂ ਕਿਸੇ ਦਾ ਟੋਭਾ ਫੂਕਤਾ ?" ਬੱਗਾ ਅੱਗਿਓਂ ਬਜ਼ਿਦ ਸੀ।
-"ਵੇ ਮਾਂ ਨੂੰ ਰਣਿਆਂ! ਜਦੋਂ ਜੁਆਨ ਹੋਈਆਂ ਐਹੋ ਜੀਆਂ ਕੁਲੱਛਣੀਆਂ ਕਿਸੇ ਮੁੰਡੇ ਦੇ ਹੱਥ ਧੋ ਕੇ ਮਗਰ ਪੈ ਜਾਣ - ਤਾਂ ਕਤਲੇਆਮ ਈ ਹੁੰਦੇ! ਤੈਨੂੰ ਕੀ ਪਤੈ ਪੁੱਤ ਸ਼ੇਰਾ ? ਬਈ ਮਾਂ ਦੀਆਂ ਆਂਦਰਾਂ ਕਿਮੇਂ ਮੱਚੀ ਜਾਂਦੀਐਂ - ਤੈਨੂੰ ਨ੍ਹੀ ਪਤਾ ਅਜੇ ਬੱਗਿਆ - ਤੂੰ ਅਜੇ ਨਿਆਣੇਂ ਪੁੱਤ!" ਮਾਂ ਨੇ ਰੱਬ ਜਿੱਡਾ ਹਾਉਕਾ ਲਿਆ।
ਬੱਗਾ ਘੋਸਲ ਵੱਟ ਕੇ ਅੰਦਰ ਵੜ ਗਿਆ।
ਬੇਬੇ ਦੀਆਂ ਕਹੀਆਂ ਸੱਚੀਆਂ ਕੀਮਤੀ ਗੱਲਾਂ ਨੂੰ ਉਸ ਦਾ ਬੱਚਾ ਦਿਮਾਗ ਫੜ ਨਹੀਂ ਸਕਿਆ ਸੀ। ਉਸ ਦੀਆਂ ਅੱਖਾਂ ਅੱਗੇ ਪ੍ਰੀਤੀ ਦੀਆਂ ਪੱਥਰ ਵਰਗੀਆਂ ਛਾਤੀਆਂ ਗੁੱਟਘੂੰ -ਗੁੱਟਘੂੰ ਕਰਦੀਆਂ ਫ਼ਿਰਦੀਆਂ ਸਨ।
-"ਗੱਲਾਂ ਹੁੰਦੀਆਂ ਪਿੰਡਾਂ ਦੇ ਵਿਚ ਸਾਰੇ - ਛੜਿਆਂ ਨੇ ਕਹਿੰਦੇ ਕਾਟੋ ਕੁੱਟ ਲਈ - ਬਈ ਬੱਲੇ ਬੱਲੇ!' ਬੱਗੇ ਨੇ ਫਿਰ ਕਵੀਸ਼ਰੀ ਛੇੜ ਲਈ। ਚਾਹੇ ਉਸ ਦਾ ਪੈਰ ਅਜੇ ਬਚਪਨ 'ਚੋਂ ਨਿਕਲਿਆ ਹੀ ਸੀ। ਪਰ ਪ੍ਰੀਤੀ 'ਤੇ ਆਇਆ ਜੁਆਨੀ ਦਾ ਹੜ੍ਹ ਉਸ ਦੇ ਦਿਲ ਦਿਮਾਗ ਨੂੰ ਰੋੜ੍ਹ ਕੇ ਲੈ ਗਿਆ ਸੀ। ਪਰ ਜਦੋਂ ਉਸ ਦੇ ਦਿਮਾਗ ਵਿਚ ਪ੍ਰੀਤੀ ਦੀ ਥਾਂ ਬਿੱਲਾ ਆ ਜਾਂਦਾ, ਤਾਂ ਉਹ ਕਸੀਸ ਵੱਟ ਕੇ ਰਹਿ ਜਾਂਦਾ। ਉਹ ਸੋਚਦਾ ਕਿੱਥੇ ਕੋਇਲ ਤੇ ਕਿੱਥੇ ਕਾਂ? ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ ? ਗਊ ਅਤੇ ਗਧੇ ਦਾ ਕੀ ਮੇਲ? ਜਦ ਫਿਰ ਪ੍ਰੀਤੀ ਦੀ ਤਸਵੀਰ ਉਸ ਦੀਆਂ ਅੱਖਾਂ ਅੱਗੇ ਆ ਜਾਂਦੀ ਤਾਂ ਉਹ ਸੁਆਦ ਦੀਆਂ ਘੁੱਟਾਂ ਜਿਹੀਆਂ ਭਰਨ ਲੱਗ ਪੈਂਦਾ। ਸੋਚਾਂ ਸੋਚਾਂ ਵਿਚ ਉਹ ਪ੍ਰੀਤੀ ਨੂੰ ਕਲਾਵੇ ਮਾਰ ਰਿਹਾ ਸੀ।
-"ਵੇ ਪੁੱਤ ਬੱਗਿਆ।' ਬੇਬੇ ਦੀ ਅਵਾਜ਼ ਸੀ। ਬੇਬੇ ਦੀ ਅਵਾਜ਼ ਜਿਵੇਂ ਬੱਗੇ ਦੀ ਵੱਖੀ ਵਿਚ ਘਸੁੰਨ ਵਾਂਗ ਵੱਜੀ ਸੀ। ਉਸ ਦੀ ਸੋਚ ਟੁੱਟੀ। ਜਿਵੇਂ ਸੁੱਤੇ ਖੂਹ ਵਿਚ ਭਾਰਾ ਪੱਥਰ ਡਿੱਗਿਆ ਸੀ। ਸ਼ਾਂਤੀ ਭੰਗ ਹੋ ਗਈ ਸੀ।
-"ਕੀ ਐ?" ਉਹ ਖਿਝਿਆ ਚੀਕ ਉਠਿਆ।
-"ਪੁੱਤ ਪੱਠੇ ਨ੍ਹੀ ਲਿਆਉਣੇ ?
-"ਕਦੇ ਆਪਣੇ ਰਾਂਝੇ ਨੂੰ ਵੀ ਆਖ ਦਿਆ ਕਰੋ! ਕਿ ਮੇਰੇ ਨਾਲ ਈ ਕੋਈ ਬੈਰ ਕੱਢਣੇ ਸਾਰੇ ਟੱਬਰ ਨੇ ? ਉਸ ਦੀ ਅਵਾਜ਼ ਵਿਚ ਅੱਗ ਜਿੰਨਾਂ ਸੇਕ ਸੀ।
-"ਚੰਗਾ ਫੇਰ - ਉਰ੍ਹੇ ਆ ਮੇਰਾ ਸ਼ੇਰ ਬੱਗਾ।' ਬੇਬੇ ਨੇ ਉਸ ਨੂੰ ਵਡਿਆਉਣਾਂ ਚਾਹਿਆ। ਪਰ ਬੱਗੇ ਦੇ ਕੰਨ 'ਤੇ ਜੂੰ ਨਾ ਸਰਕੀ। ਉਹ ਮੱਚਦਾ ਬੁਝਦਾ ਅਤੇ ਬੁੜ-ਬੁੜ ਕਰਦਾ ਬਾਹਰ ਨਿਕਲ ਗਿਆ।
ਭੱਠੀ 'ਤੇ ਬੈਠੇ ਮੁੰਡਿਆਂ ਨੇ ਉਸ ਨੂੰ ਬੁਲਾਉਣ ਦਾ ਯਤਨ ਕੀਤਾ। ਪਰ ਉਹ ਅਣਸੁਣੀ ਕਰਕੇ ਅੱਗੇ ਤੁਰ ਗਿਆ। ਨਹੀਂ ਤਾਂ ਲੰਡਰ ਮੁੰਡੀਹਰ ਉਸ ਨੂੰ ਮਸਾਂ ਮਿਲਦੀ ਸੀ! ਜਿੰਨਾਂ ਚਿਰ ਉਹ ਕਿਸੇ ਦੇ ਚਾਰ ਛਿੱਤਰ ਮਾਰਦਾ ਜਾਂ ਖਾਂਦਾ ਨਹੀਂ ਸੀ, ਉਸ ਨੂੰ ਸਬਰ ਨਹੀਂ ਆਉਂਦਾ ਸੀ।
ਫਿਰ ਉਹ ਡਰੇ ਬੋਤੇ ਵਾਂਗ ਰੋਹੀ ਨੂੰ ਦੌੜ ਪਿਆ!
ਕਿਸ਼ਤ 11
ਅੱਜ ਠੰਢ ਕੁਝ ਘੱਟ ਸੀ।
ਦਰੱਖ਼ਤਾਂ ਦੇ ਧੋਤੇ ਪੱਤੇ ਮਸਤੀ ਮਾਰੇ ਖੜਕ ਰਹੇ ਸਨ।
ਮੱਠੀ ਮੱਠੀ ਹਵਾ ਚੱਲ ਰਹੀ ਸੀ।
ਕੁਦਰਤ ਦਾ ਸੰਗੀਤ ਅਜੀਬ ਧੁਨ ਅਲਾਪ ਰਿਹਾ ਸੀ।
ਬਿੱਲੇ ਦੇ ਕੰਨਾਂ ਵਿਚ ਪ੍ਰੀਤੀ ਅਤੇ ਦਰਸ਼ਣ ਦੀ ਸ਼ਾਦੀ ਦੀ ਭਿਣਕ ਪਈ। ਉਸ ਦੀਆਂ ਅੱਖਾਂ ਅੱਗੇ ਭੂਚਾਲ ਆ ਗਿਆ। ਦਿਲ ਵਿਚੋਂ ਕਟਾਰ ਨਿਕਲ ਗਈ। ਉਸ ਨੂੰ ਮਹਿਸੂਸ ਹੋਇਆ ਕਿ ਧਰਤੀ ਪਾਟ ਗਈ ਸੀ, ਜਿਸ ਵਿਚ ਉਹ ਗਰਕ ਹੋ ਰਿਹਾ ਸੀ । ਉਹ ਬੈਠਾ ਬੈਠਾ ਤ੍ਰਭਕ ਕੇ ਉਠਿਆ।
-"ਬਾਈ ਜੀ!" ਬਿੱਲਾ ਸੀਤੋ ਨੂੰ 'ਬਾਈ ਜੀ ਆਖਣ ਲੱਗ ਪਿਆ ਸੀ।
- ਆ ਬੈਠ!"
-"ਇਕ ਦਿਨ ਦੀ ਇਜਾਜ਼ਤ ਚਾਹੀਦੀ ਐ!"
-"ਕਿਉਂ?" ਸੀਤੋ ਉਠ ਕੇ ਬੈਠ ਗਿਆ।
-'ਮਾਂ ਬਾਪ ਦਾ ਪਤਾ ਵੀ ਕਰਨੈਂ ਬਥੇਰੇ ਦਿਨ ਹੋ ਗਏ ਘਰੋਂ ਸਨਿਆਸ ਲਏ ਨੂੰ!"
-'ਉਕਾ ਈ ਝੂਠ!" ਸੀਤੋ ਸੱਤਾਂ ਪੱਤਣਾਂ ਦਾ ਤਾਰੂ ਸੀ। ਅੱਖ ਪਹਿਚਾਣਦਾ ਸੀ।
-"ਸਿੱਧੀ ਵੱਢ ਸਿੱਧੀ - ਮਿੱਤਰਾ ਦੂਰ ਦਿਆ!" ਸੀਤੇ ਹੱਸੀ ਜਾ ਰਿਹਾ ਸੀ।
-'ਦਾਈਆਂ ਕੋਲੋਂ ਢਿੱਡ ਕੀਹਨੇ ਲਕੋਏ ਦੇ ਸਾਹਬ ਬਹਾਦਰ? ਪਰ ਗੱਲ ਵੱਡੀ ਐ ਤੇ ਮੂੰਹ ਛੋਟੇ ! ' ਬਿੱਲਾ ਜਰਕ ਗਿਆ।
-"ਫੇਰ ਮੂੰਹ ਵੱਡਾ ਕਰਨਾ ਪਊ - ਸੈਂਚਾ ਮੰਗਵਾਵਾਂ ?'
ਦੋਨੋਂ ਹੱਸ ਪਏ।
-"ਬੋਲ ਤਾਂ ਸਹੀ!'
-"ਬਾਈ ਜੀ - ਗਿੱਦੜ ਚੜ੍ਹ ਗਿਆ ਸ਼ਰੀਕਾਂ ਦਾ ਚੱਕਿਆ ਚਕਾਇਆ ਬੋਤੇ 'ਤੇ - ਤੇ ਬੋਤਾ ਉਠ ਕੇ ਹੋ ਗਿਆ ਖੜ੍ਹਾ - ਪਾਸੇ ਖੜ੍ਹੇ ਸ਼ਰੀਕ ਉਂਗਲਾਂ ਲਾਈ ਜਾਣ- ਅਖੇ ਬਾਹਲੀਆਂ ਪਾਡੀਆਂ ਜੀਆਂ ਮਾਰਦਾ ਸੀ - ਮਾਰ ਹੁਣ ਸ਼ਿਕਾਰ। ਗਿੱਦੜ ਬੋਤੇ ਦੀ ਪਿੱਠ ਦੀ ਟੀਸੀ 'ਤੇ ਬੈਠਾ ਕਹਿੰਦਾ, ਸ਼ਿਕਾਰ ਸੁਆਹ ਮਾਰਾਂ ? ਸਾਲਾ ਪੈਰ ਤਾਂ ਮੇਰੇ ਥੱਲੇ ਲੱਗਣ ਨੀ ਦਿੰਦਾ!"
ਫਿਰ ਹਾਸੜ ਮੱਚ ਗਈ।
-"ਬੁਝਾਰਤਾਂ ਜੀਆਂ ਨਾ ਪਾ! ਸਿੱਧੀ ਕਰ ਗੱਲ, ਸਿੱਧੀ।" ਸੀਤੋ ਸੌ ਹੱਥ ਰੱਸੇ ਦੇ ਸਿਰੇ ਨੂੰ ਹੱਥ ਪਾਉਣਾ ਚਾਹੁੰਦਾ ਸੀ।
ਬਿੱਲੇ ਨੇ ਸੰਜੀਦਾ ਹੋ ਕੇ ਸਾਰੀ 'ਹੀਰ ਸੁਣਾਈ ਤਾਂ ਸੀਤੋ ਗੰਭੀਰ ਹੋ ਗਿਆ।
ਮਸਲਾ ਵਾਕਿਆ ਹੀ ਗੁੰਝਲਦਾਰ ਬਣਿਆ ਪਿਆ ਸੀ।
-"ਇਕ ਗੱਲ ਆਖਾਂ ?" ਸੀਤੋ ਬੋਲਿਆ ।
-"ਬੋਲ ਬਾਈ!"
-"ਨਾ ਰਹੇ ਬਾਂਸ ਤੇ ਨਾ ਵੱਜੇ ਬਾਂਸਰੀ - ਨੱਢੀ ਨੂੰ ਊਂਈਂ ਟਰੱਕ 'ਤੇ ਰਾਤ ਬਰਾਤੇ ਲੱਦ ਲਿਆਉਨੇ ਐਂ - ਬੋਕੀ ਬਿਨਾਂ ਨਲਕਾ ਆਪੇ ਡੱਕ ਡੱਕ ਵੱਜੀ ਜਾਊ - ਕੀ ਖਿਆਲ ਐ?" ਸੀਤੋ ਨੇ ਦਿਲ ਦੀ ਗੱਲ ਆਖੀ।
-"ਨਹੀਂ ਬਾਈ ਜੀ - ਉਹ ਕਿਤੇ ਲੱਦ ਕੇ ਲਿਆਉਣ ਆਲੀ ਚੀਜ ਐ ? ਉਹ ਤਾਂ ਬਾਈ ਚੁਬਾਰੇ ਚੜ੍ਹ ਜਾਵੇ - ਸਹੁਰੀ ਦਾ ਮਾਰ ਫੜਕੇ ਸਾਰੇ ਪਿੰਡ 'ਚ ਚਾਨਣ ਹੁੰਦੈ - ਇਹ ਤਾਂ ਬਾਈ ਦਿਲਾਂ ਦੇ ਰਸਤੇ ਐ - ਸਿੱਧੇ ਸੁਰਗਾਂ ਨੂੰ ਜਾਂਦੇ ਐ - ਮੇਰੇ ਤਾਂ ਸਹੁਰੀ ਉਂਈਂ ਹੱਡਾਂ 'ਚ ਰਚੀ ਪਈ ਐ - ਬਾਈ ਰਾਂਝੇ ਵਾਂਗੂੰ ਬਾਰ੍ਹਾਂ ਸਾਲ ਮੱਝਾਂ ਚਾਹੇ ਚਾਰ ਲਵਾਂ - ਪਰ ਮਿਰਜੇ ਵਾਂਗੂੰ ਧੱਕੇ ਨਾਲ ਬੱਕੀ 'ਤੇ ਨੀ ਬਿਠਾ ਕੇ ਲਿਆਉਂਦਾ !" ਬਿੱਲੇ ਨੇ ਕੰਗਣੀਂ ਤੱਕ ਗਿਲਾਸ ਭਰਕੇ ਅੰਦਰ ਮਾਰਿਆ।
ਸੀਤੋ ਉਸ ਦੀ ਰਗ ਨੂੰ ਸਮਝਦਾ ਸੀ।
-"ਮਿਰਜੇ ਦਾ ਕੀ ਐ? ਉਹ ਤਾਂ ਸਾਲਾ ਗੁੰਡਾ ਸੀ। ਪਹਿਲਾਂ ਸਾਲੀ ਨੂੰ ਧੱਕੇ ਨਾਲ ਬੱਕੀ 'ਤੇ ਲੱਦ ਲਿਆਇਆ - ਫੇਰ ਜੰਡ ਥੱਲੇ ਆ ਕੇ ਸਾਰੀ ਰਾਤ ਕੁੱਤੀ ਨਾਲ ਮਸਕਾ ਮਾਰਦਾ ਰਿਹਾ - ਬਾਕੀ ਥੋਨੂੰ ਪਤਾ ਈ ਐ ਬਈ ਤੀਮੀਆਂ ਤਾਂ ਫ਼ੱਕਾ ਨ੍ਹੀ ਛੱਡਦੀਆਂ ਵਿਚ ਬੰਦੇ ਦੇ - ਫੇਰ ਤੜਕਿਓਂ ਉਠਿਆ ਸਾਲ਼ੇ ਤੋਂ ਸੁਆਹ ਜਾਣਾ ਸੀ? ਹੱਡ ਈ ਨ੍ਹੀ ਕੱਠੇ ਹੁੰਦੇ - ਅਗਲਿਆਂ ਨੇ ਝਟਕਾਅ ਕੇ ਪਰ੍ਹਾਂ ਮਾਰਿਆ!" ਬਿੱਲੇ ਨੇ ਇਕ ਪੈਗ ਹੋਰ ਸੂਤ ਧਰਿਆ। ਦਾਰੂ ਦੀ ਬੋਤਲ ਉਸ ਅੱਗੇ ਹਨ੍ਹੇਰੀ ਬਣਦੀ ਜਾ ਰਹੀ ਸੀ।
ਸੀਤੋ ਉਸ ਵੱਲ ਤੱਕ ਕੇ ਮੁਸਕਰਾਈ ਜਾ ਰਿਹਾ ਸੀ।
-"ਬਾਈ ਸੋਚਣ ਆਲ਼ੀ ਗੱਲ ਐ - ਬਈ ਸਹੁਰਿਆ, ਜਦੋਂ ਤੂੰ ਉਹਨੂੰ ਪਤੰਦਰਨੀ ਨੂੰ ਕੱਢ ਈ - ਲਿਆਇਐਂ - ਦੋ ਚਾਰ ਘੰਟਿਆਂ ਨਾਲ ਤੇਰੀ ਜਾਨ ਨਿਕਲਦੀ ਸੀ? ਕਿਸੇ ਤਣ ਪੱਤਣ ਤਾਂ ਲੱਗ - ਘਰੇ ਜਾ ਕੇ ਮਰ ਲੈਂਦਾ ਜਿਹੜਾ ਮਰਨਾਂ ਸੀ! ਬਈ ਕੁੱਤੀਏ ਜਾਤੇ - ਜੰਡ ਥੱਲੇ ਕਿਹੜਾ ਤੇਰੀ ਸਪੈਸ਼ਲ ਬਟਾਲੀਅਨ ਲਾਈ ਵੀ ਐ - ਜਿਹੜੀ ਅਗਲਿਆਂ ਨੂੰ ਮੂੰਹ ਭੰਵਾ ਕੇ ਮੋੜਦੂਗੀ? ਜਿੰਨ੍ਹਾਂ ਦੀ ਤੂੰ ਕੱਢ ਕੇ ਲਿਆਇਐਂ - ਅਗਲੇ ਵੀ ਮਾਣਸ-ਬੂ ਮਾਣਸ-ਬੂ ਕਰਦੇ ਹੇਲੀਆਂ ਦਿੰਦੇ ਫ਼ਿਰਦੇ ਹੋਣਗੇ !"
ਬਿੱਲੇ ਦੀ ਗੱਲ 'ਤੇ ਸੀਤੋ ਖਿੜ ਖਿੜਾ ਕੇ ਹੱਸ ਪਿਆ। -"ਹੁਣ ਤੂੰ ਬਾਹਲੀ ਨਾ ਪੀਅ - ਤੇ ਚੜ੍ਹ ਬੱਕੀ 'ਤੇ!"
-"ਨਹੀਂ ਬਾਈ - ਮੈਂ ਪਹਿਲਾਂ ਈ ਕਿਹੈ ਬਈ ਮੈਂ ਬੱਕੀ 'ਤੇ ਨ੍ਹੀ ਜਾਣਾ - ਬੱਕੀ ਦੀ ਗੱਲ ਤੋਂ ਮੈਨੂੰ ਹੋਰ ਹਰਖ਼ ਚੜ੍ਹਦੈ - ਅਖੇ ਮੇਰੀ ਬੱਕੀ ਤੋਂ ਡਰਨ ਫ਼ਰਿਸ਼ਤੇ ਤੇ ਜੱਟ ਤੋਂ ਡਰੇ ਖ਼ੁਦਾ - ਬਈ ਸਹੁਰਿਆ ਲੈ ਕੇ ਲੰਡੀ ਜੀ ਖੱਚਰ - ਉਸੇ 'ਤੇ ਈ ਆਕੜਿਆ ਫ਼ਿਰਦੈਂ - ਬਈ ਇਹ ਬੱਕੀ ਐ ਕਿ ਯੂ ਐਨ ਓ ਦਾ ਟੈਂਕ ਐ? ਅਖੇ ਮੈਥੋਂ ਡਰੇ ਖ਼ੁਦਾ - ਜਦੋਂ ਅਗਲੇ ਬਣਾਉਣ ਲੱਗੇ ਸੀ ਬੋਕ - ਉਦੋਂ ਤੇਰਾ ਰੰਘੜਊ ਕਿੱਥੇ ਗਿਆ ਸੀ? ਤੁਸੀਂ ਦੱਸੋ ਬਾਈ ਜੀ ਬਈ ਕਦੇ ਖ਼ੁਦਾ ਬੰਦੇ ਤੋਂ ਡਰਿਐ ?" ਉਸ ਨੇ ਇਕ ਗਿਲਾਸ ਹੋਰ ਅੰਦਰ ਸੁੱਟ ਲਿਆ।
-"ਉਏ ਸਾਰੀ ਮਗਜਮਾਰੀ ਐ ਖ਼ਸਮਾਂ! ਇਹ ਤਾਂ ਗਵੱਈਆਂ ਦੇ ਕਿਆਫ਼ੇ ਐ- ਦੁਨੀਆਂ ਨੇ ਘਾਣੀਆਂ ਘੜੀਆਂ ਵੀਐਂ - ਤੂੰ ਹੁਣ ਬਾਹਲੀ ਨਾ ਪੀਅ - ਮਾਸ਼ੂਕ ਦੇ ਮੱਥੇ ਵੀ ਲੱਗਣੈ - ਹੋਰ ਨਾ ਹਲਵਾਈ ਦੇ ਕੁੱਤੇ ਮਾਂਗੂੰ ਡੰਡੇ ਈ ਪੈਂਦੇ ਆਉਣ।" ਸੀਤੋ ਮਜ਼ਾਕੀ ਮੂੜ੍ਹ ਵਿਚ ਸੀ।
-"ਨਾ ਬਾਈ - ਆਪਣੀ ਮਾਸ਼ੂਕ ਕਾਹਨੂੰ ਐਹੋ ਜੀ ਐ- ਕਹਿੰਦੇ ਐ ਮਨਸੂਰ ਨੂੰ ਲੋਕਾਂ ਨੇ ਪੱਥਰ ਮਾਰੇ ਪਰ ਉਸ ਨੇ 'ਸੀ' ਨਾ ਭਰੀ - ਜਦੋਂ ਮਾੜੀ ਮਾਸ਼ੂਕ ਸ਼ਿਬਲੀ ਨੇ ਆ ਕੇ ਰਵਾਇਤ ਪੂਰੀ ਕਰਨ ਲਈ ਫ਼ੁੱਲ ਮਾਰਿਆ - ਤਾਂ ਬਲੀ ਆਸ਼ਕ ਕੁਰਲਾ ਉਠਿਆ - ਕਹਿੰਦਾ ਮੈਨੂੰ ਹਜ਼ਾਰਾਂ ਪੱਥਰਾਂ ਨੇ ਓਨਾ ਜ਼ਖ਼ਮੀ ਨ੍ਹੀ ਕੀਤਾ ਸ਼ਿਬਲੀਏ - ਜਿੰਨਾਂ ਤੇਰੇ ਫੁੱਲ ਨੇ ਕੀਤੈ - ਉਹ ਇਉਂ ਨੀ ਬਈ ਫ਼ੁੱਲ ਨੇ ਉਹਦੀ ਪੁੜਪੜੀ 'ਚ ਚਿੱਬ ਪਾਅਤਾ ਹੋਊ - ਉਹਦੀ ਮਾਨਸਿਕਤਾ ਫ਼ੱਟੜ ਹੋ ਗਈ ਸੀ - ਕਿਉਂਕਿ ਉਹਨੂੰ ਮਾਸ਼ੂਕ ਤੋਂ ਐਨੀ ਉਮੀਦ ਨ੍ਹੀ ਸੀ - ਬਈ ਇਹ ਵੀ ਦੁਨਿਆਵੀ ਹੁਕਮ ਮੰਨਦੀ ਮੇਰੇ 'ਤੇ ਵਾਰ ਕਰੂਗੀ!"
-"ਵਾਹ! ਅਸ਼ਕੇ ਜੁਆਨ ਦੇ!"
-"ਬਾਈ ਮੈਂ ਜੀਪ ਲੈ ਜਾਂ ?"
-'ਮਾਸ਼ੂਕ ਕੋਲੇ ਜਾਣੈਂ - ਜਹਾਜ ਮੰਗਵਾ ਕੇ ਦੇਵਾਂ?'
ਦੋਨੋਂ ਹੱਸ ਪਏ।
-"ਪਰ ਕੱਲ੍ਹ ਆ ਜਾਈਂ !'
-"ਪੱਕਾ ਬਾਈ!"
ਬਿੱਲਾ ਚਲਾ ਗਿਆ।
ਬਿੱਲਾ ਸੀਤੋ ਦੀ ਸੱਜੀ ਬਾਂਹ ਬਣ ਚੁੱਕਿਆ ਸੀ। ਜਿਸ ਲਈ ਸੀਤੋ ਹਰ ਵਕਤ ਆਪਣੇ ਨਾਲ ਰੱਖਣਾਂ ਚਾਹੁੰਦਾ ਸੀ। ਹਰ ਵਕਤ ਉਸ ਦੀ ਲੋੜ ਮਹਿਸੂਸ ਕਰਦਾ ਸੀ। ਬਿੱਲੇ ਨੇ ਉਸ ਦੇ ਅਜਿਹੇ ਕੰਮ ਸਿਰੇ ਲਾਏ ਸਨ, ਜਿਸ ਨੂੰ ਨਾ ਤਾਂ ਕੋਈ ਕਰ ਸਕਿਆ ਸੀ ਅਤੇ ਨਾ ਹੀ ਕਰ ਸਕਦਾ ਸੀ। ਇਹ ਗੁਣ ਅਤੇ ਮਾਣ ਸਿਰਫ਼ ਅਤੇ ਸਿਰਫ਼ ਬਿੱਲੇ ਦੇ ਹਿੱਸੇ ਹੀ ਆਇਆ ਸੀ। ਬਿੱਲਾ ਇਮਾਨਦਾਰ ਅਤੇ ਨਿੱਡਰ ਜਾਨ ਹੂਲਣ ਵਾਲ਼ਾ ਬੰਦਾ ਸੀ। ਉਸ 'ਤੇ ਕੋਈ ਵੀ ਭਰੋਸਾ ਕੀਤਾ ਜਾ ਸਕਦਾ ਸੀ। ਬਿੱਲੇ ਨੂੰ ਵੀ ਸੀਤੋ 'ਤੇ ਦਿਲੋਂ ਪੂਰਾ ਮਾਣ ਸੀ । ਸੀਤੋ ਬਿੱਲੇ ਲਈ ਆਪਣੀ ਜਾਨ ਵਾਰ ਸਕਦਾ ਸੀ। ਉਹ ਭਰੋਸੇਯੋਗ, ਨਿੱਡਰ ਅਤੇ ਇਮਾਨਦਾਰ ਆਦਮੀ 'ਤੇ ਲਹੂ ਡੋਲ੍ਹਦਾ ਸੀ।
ਬਿੱਲੇ ਦੀ ਜੀਪ ਸਿੱਧੀ ਪ੍ਰੀਤੀ ਦੇ ਦਰਵਾਜੇ ਅੱਗੇ ਆ ਕੇ ਰੁਕੀ।
ਆਸ਼ਕ ਮਰਦ ਦਲੇਰ ਨੂੰ ਸਿਵਾ ਉਡੀਕੇ ਗੋਰ। ਉਸ ਨੂੰ ਕਿਸੇ ਦਾ ਡਰ ਡੁੱਕਰ ਨਹੀਂ ਸੀ ਅਤੇ ਇਕ ਉਸ ਦੀ ਸ਼ਰਾਬ ਪੀਤੀ ਹੋਈ ਸੀ।
ਜਿਵੇਂ ਪ੍ਰੀਤੀ ਬਿੱਲੇ ਨੂੰ ਹੀ ਉਡੀਕ ਰਹੀ ਸੀ। ਹਿੱਕ 'ਤੇ ਔਸੀਆਂ ਪਾ ਰਹੀ ਸੀ। ਉਸ ਦਾ ਦਿਲ ਸੰਤਾਪ, ਵਿਛੋੜੇ ਨਾਲ ਕੁਰਲਾ ਰਿਹਾ ਸੀ। ਰੂਹ ਦੋ ਪੁੜਾਂ ਵਿਚ ਪਿਸ ਰਹੀ ਸੀ।
-"ਬੀਬੀ ਜੀ - ਥੋਨੂੰ ਕੋਈ ਬਿੱਲੇ ਨਾਂ ਦਾ ਮੁੰਡਾ ਮਿਲਣ ਆਇਐ!" ਨੌਕਰ ਨੇ ਦੱਸਿਆ ਸੀ।
-"ਕਿੱਥੇ ਐ?" ਪ੍ਰੀਤੀ ਦੀ ਚੀਕ ਨਿਕਲਣ ਵਾਲੀ ਹੋ ਗਈ। ਉਸ ਦੇ ਦਿਲ ਅੰਦਰ ਖ਼ੁਸ਼ੀ ਦੀਆਂ ਘੰਟੀਆਂ ਖੜਕ ਗਈਆਂ ਸਨ। ਦਿਲ ਨੇ ਇਕ ਵਾਰ ਹੀ 'ਧੱਕ' ਕੀਤਾ ਸੀ।
-"ਬਾਹਰ ਖੜ੍ਹੇ!"
-"ਬਾਪੂ ਜੀ ਕਿੱਥੇ ਐ?"
-"ਉਹ ਤਾਂ ਸ਼ਹਿਰ ਸੁਨਿਆਰੇ ਦੇ ਗਏ ਐ।"
-"ਕਦੋਂ ਕੁ ਦੇ ?"
-"ਘੰਟਾ ਕੁ ਹੋਇਐ।"
-ਕਦੋਂ ਕੁ ਮੁੜਨਗੇ "
- ਕਹਿ ਕੇ ਤਾਂ ਆਪਣੇ ਗਏ ਐ।
-ਚੰਗਾ ਤੂੰ ਉਸ ਮੁੰਡੇ ਨੂੰ ਅੰਦਰ ਭੇਜ!"
-"ਆ ਜਾਹ ਬਾਈ ਸਿਆ- ਅੰਦਰ ਆ ਜਾਹ - ਲੰਘ ਆ। ਨੌਕਰ ਨੇ ਬਿੱਲੇ ਨੂੰ ਆਖਿਆ। ਜਿਵੇਂ ਬਿੱਲੇ ਨੂੰ ਕਿਸੇ ਆਫ਼ਤ ਦਾ ਡਰ ਸੀ। ਉਹ ਧੁੱਸ ਦੇ ਕੇ ਪ੍ਰੀਤੀ ਦੇ ਕਮਰੇ ਅੰਦਰ ਚਲਾ ਗਿਆ।
ਕਿਸ਼ਤ 12
ਅੱਜ ਛੱਬੀ ਤਾਰੀਖ਼ ਸੀ।
ਦਰਸ਼ਣ ਦੀ ਮੰਗਣੀ ਸੀ । ਕੁੜਮਾਈ ਹੋ ਚੁੱਕੀ ਸੀ। ਕੋਠੀ ਅੰਦਰ ਲੋਕਾਂ ਦਾ ਹੜ੍ਹ ਆਇਆ ਪਿਆ ਸੀ। ਸਰਦਾਰ ਕੁੰਢਾ ਸਿੰਘ ਜਿਹੇ ਮਹਿਮਾਨ ਵੀ ਉਚੇਚ ਨਾਲ ਆਏ ਹੋਏ ਸਨ। ਸਰਦਾਰਾਂ ਦੇ ਪੈਰੀਂ ਪਾਈਆਂ ਸੁੱਚੇ ਤਿੱਲੇ ਦੀਆਂ ਜੁੱਤੀਆਂ 'ਚੀਕੂ-ਚੀਕੂ ਦਾ ਅਲਾਪ ਕਰਦੀਆਂ ਸਨ ਅਤੇ ਖੁੱਸਿਆ ਦੀਆਂ ਨੋਕਾਂ ਸਰਦਾਰਾਂ ਦੀਆਂ ਮੁੱਛਾਂ ਵਾਂਗ ਹੀ ਖੜ੍ਹੀਆਂ ਸਨ। ਦਰਸ਼ਣ ਕਿਸੇ ਜਿੱਤੇ ਹੋਏ ਖਿਡਾਰੀ ਵਾਂਗ ਪੈਰਾਂ ਹੇਠੋਂ ਮਿੱਟੀ ਕੱਢਦਾ ਫਿਰਦਾ ਸੀ। ਕਿਸੇ ਖ਼ੁਸ਼ੀ ਨਾਲ ਉਹ ਫੈਲਰਿਆ ਫਿਰਦਾ ਸੀ।
ਕੋਠੀ ਵਿਚ ਪੂਰੀ ਗਹਿਮਾ ਗਹਿਮੀਂ ਸੀ। ਕੋਈ ਚਾਅ ਸੀ, ਖ਼ੁਸ਼ੀ ਸੀ। ਸ਼ਗਨ ਬਹੁਤ ਹੀ ਸੋਹਣਾ ਪਿਆ ਸੀ। ਮੰਗਣੇ ਤੇ ਹੀ ਲੈਣ ਦੇਣ ਦੀ ਕਸਰ ਨਹੀਂ ਛੱਡੀ ਸੀ। ਵਿਆਹ 'ਤੇ ਤਾਂ ਪਤਾ ਨਹੀਂ ਕੀ ਕੁਛ ਦੇਣਾ ਸੀ? ਦੂਰ ਨੇੜੇ ਦੇ ਪਿੰਡਾਂ ਦੇ ਲੋਕ ਮੂੰਹ ਜੋੜ ਜੋੜ ਗੱਲਾ ਕਰਦੇ ਸਨ।
ਕਰਨੈਲ ਸਿੰਘ ਅਤੇ ਰਣਜੀਤ ਕੌਰ ਦੀ ਅੱਡੀ ਨਹੀਂ ਲੱਗਦੀ ਸੀ। ਕੋਠੀ ਦੇ ਇਕ ਪਾਸੇ ਕੁੜੀਆਂ ਚਿੜੀਆਂ ਦੇ ਗਿੱਧੇ ਦੀਆਂ ਧਮਾਲਾਂ ਪੈਂਦੀਆਂ ਸਨ ਅਤੇ ਕੋਠੀ ਦੇ ਦੂਜੇ ਪਾਸਿਓਂ ਲਲਕਾਰੇ ਅਤੇ ਬੱਕਰੇ ਬੋਲਦੇ ਸੁਣਾਈ ਦਿੰਦੇ ਸਨ। ਸ਼ਰਾਬ ਪਾਣੀ ਦੀ ਸਬੀਲ ਵਾਂਗ ਵਰਤਾਈ ਜਾ ਰਹੀ ਸੀ। ਮੁਰਗੇ,
ਬੱਕਰੇ ਅਤੇ ਤਿੱਤਰ ਬਟੇਰੇ ਭੁੰਨੇ ਅਤੇ ਖਾਧੇ ਜਾ ਰਹੇ ਸਨ। ਕਈ ਸ਼ਰਾਬੀ ਹੋਏ ਕੱਟੇ ਵਾਂਗ ਲਿਟੇ ਪਏ ਸਨ। ਝੱਖੜ ਵਾਲਾ ਇਮਾਨ ਸਿੰਘ ਲਗਾਤਾਰ ਗਧੇ ਵਾਂਗ ਹਿਣਕ ਰਿਹਾ ਸੀ।
ਅਗਲੇ ਦਿਨ ਜੰਝ ਚੜ੍ਹਨੀ ਸੀ। ਜੰਝ ਦੇ ਨਾਲ ਨਾਲ ਅਣਗਿਣਤ ਗਵੱਈਆ ਪਾਰਟੀਆਂ ਸਨ। ਅਣਗਿਣਤ ਕਾਰਾਂ ਜੀਪਾਂ ਸਨ।
ਬਰਾਤ ਤੁਰੀ।
ਜਿਵੇਂ ਕੋਈ ਫ਼ੌਜੀ ਛਾਉਣੀ ਹਿੱਲੀ ਸੀ।
ਆਨੰਦ ਕਾਰਜਾਂ ਤੋਂ ਬਾਅਦ ਬਾਕੀ ਸ਼ਗਨ ਪੂਰੇ ਕੀਤੇ ਗਏ। ਗਾਉਣ ਵਾਲੀਆਂ ਪਾਰਟੀਆਂ ਨੇ ਆਪਣਾ ਰੰਗ ਜਮਾਇਆ ਸੀ। ਸਰਗੋਧੇ ਵਾਲੀ ਨਾਚੀ ਦੀ ਤਾੜੀ ਗਿਆਰਾਂ ਗੋਲੀ ਦੀ ਬੰਦੂਕ ਦੀ ਗੋਲੀ ਵਾਂਗ ਵੱਜੀ ਸੀ। ਨਾ ਗਾਉਣ ਵਾਲੇ ਹੀ ਥੱਕੇ ਸਨ ਅਤੇ ਨਾ ਸੁਣਨ ਵਾਲੇ ਅੱਕੇ ਸਨ। ਇਨਾਮੀ ਨੋਟਾਂ ਦਾ ਮੀਂਹ ਵਰ੍ਹਿਆ ਸੀ।
ਦੋਹਾਂ ਪਾਸਿਆਂ ਤੋਂ ਕੋਈ ਥੁੜ ਨਹੀਂ ਰਹੀ ਸੀ। ਬਲੌਰ ਸਿੰਘ ਨੇ ਇਕਲੌਤੀ ਧੀ ਦੀ ਸ਼ਾਦੀ ਕੀਤੀ ਸੀ ਅਤੇ ਕਰਨੈਲ ਸਿੰਘ ਨੇ ਇਕਲੌਤੇ ਪੁੱਤਰ ਦੀ!
ਟਹਿਕਦੇ ਫੁੱਲ ਵਰਗੀ, ਸਜੀ ਧਜੀ ਪ੍ਰੀਤੀ ਨੂੰ ਡੋਲੀ ਵਿਚ ਬੈਠੀ ਦੇਖ ਕੇ ਦਰਸ਼ਣ ਧਰਤੀ ਲਤੜਦਾ ਸੀ। ਪਤਾ ਨਹੀਂ ਕਿਸ ਖ਼ੁਸ਼ੀ ਵਿਚ ਉਸ ਨੇ ਕਈ ਫ਼ਾਇਰ ਕਰ ਦਿੱਤੇ ਸਨ। ਜਿਵੇਂ ਉਸ ਨੇ ਕੋਈ ਜੰਗ ਜਿੱਤ ਲਈ ਸੀ। ਖ਼ੈਰ। ਜੰਗ ਹੀ ਤਾਂ ਜਿੱਤੀ ਸੀ। ਜਿਹੜੀ ਪ੍ਰੀਤੀ ਨੇ ਉਸ ਨੂੰ ਕਦੇ ਸਿੱਧੇ ਮੂੰਹ ਨਾਲ ਨਹੀਂ ਬੁਲਾਇਆ ਸੀ, ਉਹ ਅੱਜ ਉਸ ਦੀ ਰੰਨ ਬਣ ਕੇ ਚੱਲੀ ਸੀ। ਦਰਸ਼ਣ ਨੇ ਜ਼ਿਦ ਪੂਰੀ ਕੀਤੀ ਸੀ ਅਤੇ ਅੜੀ ਪੁਗਾਈ ਸੀ। ਇਕ ਸੁਪਨੇ ਵਾਲੀ ਗੱਲ ਸੀ। ਗੱਲ ਨਹੀਂ ਸੁਪਨਾ ਸੀ। ਇਕ ਸੱਚਾ ਸੁਪਨਾ! ਦਰਸ਼ਣ ਲਈ ਤਾਂ ਕੋਈ ਦੇਵਤਾ ਸਿੱਧ ਹੋਇਆ ਸੀ। ਜਿਸ ਨੇ ਉਸ ਨੂੰ ਮੂੰਹ ਮੰਗਿਆ ਸਭ ਕੁਝ ਬਖ਼ਸ਼ ਦਿੱਤਾ ਸੀ!
ਅਗਲੇ ਦਿਨ ਮੁਕਲਾਵਾ ਲਿਆਂਦਾ ਗਿਆ!
ਆਏ ਰਿਸ਼ਤੇਦਾਰ, ਮਿੱਤਰ ਅਤੇ ਪਤਵੰਤੇ ਸੱਜਣ ਕਰਨੈਲ ਸਿੰਘ ਅਤੇ ਰਣਜੀਤ ਕੌਰ ਨੂੰ ਵਧਾਈਆਂ ਦੇ ਰਹੇ ਸਨ। ਹਰ ਕੋਈ ਪ੍ਰੀਤੀ ਦੇ ਸੁਹੱਪਣ, ਉਸ ਦੇ ਸਲੀਕੇ ਦੀ ਸਿਫ਼ਤ ਕਰਦਾ ਸੀ। ਕਰਨੈਲ ਸਿੰਘ ਦੇ ਪ੍ਰੀਵਾਰ ਨੂੰ ਭਾਗਸ਼ਾਲੀ ਆਖਦਾ ਸੀ! ਜਿਹਨਾਂ ਨੂੰ ਇਤਨੀ ਸੁੱਘੜ ਸਿਆਣੀ ਅਤੇ ਸੁਨੱਖੀ ਨੂੰਹ ਮਿਲੀ ਸੀ।
ਰਾਤ ਹੋਈ।
ਦਰਸ਼ਣ ਅਤੇ ਪ੍ਰੀਤੀ ਦੀ ਸੁਹਾਗ ਰਾਤ ਵਾਲਾ ਪਲੰਘ ਰਣਜੀਤ ਕੌਰ ਨੇ ਨੌਕਰਾਣੀਆਂ ਨਾਲ ਲੱਗ ਕੇ ਖ਼ੁਦ ਸਜਾਇਆ। ਤਰ੍ਹਾਂ ਤਰ੍ਹਾਂ ਦੇ ਫੁੱਲ ਵਿਛਾਏ ਗਏ। ਕਮਰਾ ਮਹਿਕਾਂ ਛੱਡਣ ਲੱਗ ਪਿਆ ਸੀ। ਕਮਰੇ ਅੰਦਰੋਂ ਸੁਗੰਧੀਆਂ ਭਰੀਆਂ ਲਪਟਾਂ ਆਉਂਦੀਆਂ ਸਨ। ਭਾਂਤ ਭਾਂਤ ਦੇ ਵਿਛੇ ਫੁੱਲ ਪਲੰਘ ਨੂੰ ਦੁੱਗਣਾਂ ਸੁਹੱਪਣ ਦੇ ਰਹੇ ਸਨ।
ਪ੍ਰੀਤੀ ਨੂੰ ਸੁਹਾਗ ਰਾਤ ਵਾਲੇ ਕਮਰੇ ਵਿਚ ਲਿਆਂਦਾ ਗਿਆ। ਉਸ ਦਾ ਦਿਲ ਘੋਰ ਉਦਾਸ ਸੀ। ਪਰ ਦਿਲ ਦੀ ਉਦਾਸੀ ਨੂੰ ਉਸ ਨੇ ਆਪਣੇ ਚਿਹਰੇ ਤੱਕ ਨਹੀਂ ਪਹੁੰਚਣ ਦਿੱਤਾ ਸੀ। ਉਸ ਦੇ ਮੱਥੇ 'ਤੇ ਕੱਚੀਆਂ ਤਰੇਲੀਆਂ ਦੀ ਭਰਮਾਰ ਸੀ। ਉਸ ਦਾ ਦਿਲ ਦੀਵੇ ਦੀ ਲਾਟ ਵਾਂਗ ਡੋਲ ਰਿਹਾ ਸੀ। ਮਨ ਥਾਲੀ ਦੇ ਪਾਣੀ ਵਾਂਗ ਗੋਤੇ ਖਾਂਦਾ ਸੀ। ਉਸ ਦਾ ਦਿਲ ਉਸ ਵਕਤ ਹੌਸਲਾ ਫੜਦਾ, ਜਦ ਬਿੱਲੇ ਦੇ ਕਹੇ ਲਫ਼ਜ਼, "ਸਿਰਫ਼ ਤੇਰੀ ਕੁਰਬਾਨੀ ਨਾਲ ਹੀ ਇਤਨੇ ਲੋਕਾਂ ਦਾ ਭਲਾ ਹੋ ਸਕਦਾ ਹੈ ।!" ਉਸ ਦੇ ਕੰਨਾਂ ਵਿਚ ਗੂੰਜਦੇ! ਉਸ ਦਾ ਮਨ ਹਾਂਮੀ ਭਰ ਜਾਂਦਾ । ਹੌਂਸਲਾ ਬੁਲੰਦ ਹੋ ਜਾਂਦਾ! ਜਦ ਫਿਰ ਉਸ ਦੇ ਦਾ ਮਨ ਡਿੱਕਡੋਲੇ ਖਾਣ ਲੱਗਦਾ ਤਾਂ ਉਹ ਆਪਣਾ ਦਿਲ ਖੋਲ੍ਹ ਕੇ ਉਸ ਅੰਦਰ ਝਾਤੀ ਮਾਰਦੀ। ਬਿੱਲੇ ਦੀ ਤਸਵੀਰ ਉਸ ਦੀਆਂ ਅੱਖਾਂ ਅੱਗੇ ਪ੍ਰਤੱਖ ਆ ਕੇ ਖੜ੍ਹੀ ਹੋ ਜਾਂਦੀ। ਫਿਰ ਉਹ ਅੱਖਾਂ ਬੰਦ ਕਰ ਇਕ ਠੰਢਾ ਹਾਉਕਾ ਭਰ ਕੇ ਆਪਣੇ ਡੁੱਬਦੇ ਦਿਲ 'ਤੇ ਹੱਥ ਰੱਖ ਲੈਂਦੀ ਅਤੇ ਸੋਚਦੀ ਕਿ ਸਮਾਜ ਨੇ ਉਸ ਤੋਂ ਬਿੱਲਾ ਤਾਂ ਵੱਖ ਕਰ ਲਿਆ, ਖੋਹ ਖਿੰਝ ਲਿਆ। ਪਰ ਕਿਤੇ ਹੁਣ ਕੋਈ ਦਿਲ 'ਚੋਂ ਉਸ ਦੀ ਤਸਵੀਰ ਵੀ ਨਾ ਚੁਰਾ ਕੇ ਲੈ ਜਾਵੇ। ਫੁੱਲਾਂ ਨਾਲ ਲੱਦੇ ਪਲੰਘ 'ਤੇ ਬੈਠੀ ਉਹ ਬਿੱਲੇ ਨਾਲ ਹੀ ਗੁਫ਼ਤਗੂ ਵਿਚ ਰੁੱਝੀ ਹੋਈ ਸੀ।
ਬਾਹਰੋਂ ਪੈਰਾਂ ਦਾ ਖੜਾਕ ਹੋਇਆ। ਉਹ ਸੰਭਲ ਕੇ ਬੈਠ ਗਈ। ਅੱਖਾਂ ਵਿਚ ਕੰਬਦੇ ਹੰਝੂ ਪੂੰਝ ਲਏ। ਲਾਲ ਚੁੰਨੀ ਵਿਚ ਮੁੱਖ ਕੱਜ ਲਿਆ। ਫੁਲਕਾਰੀ ਵਿਚੋਂ ਜਿਵੇਂ ਚੰਦ ਝਾਕ ਰਿਹਾ ਸੀ।
ਦਰਵਾਜੇ ਨੂੰ ਠੁੱਡ ਵੱਜਿਆ।
ਦਰਵਾਜਾ 'ਫ਼ਆੜ' ਕਰਕੇ ਖੁੱਲ੍ਹਿਆ ਸੀ! ਪ੍ਰੀਤੀ ਦਾ ਤ੍ਰਾਹ ਨਿਕਲ ਗਿਆ।
ਦਰਸ਼ਣ ਅੰਦਰ ਆਇਆ। ਉਸ ਤੋਂ ਸਿੱਧਾ ਖੜ੍ਹਾ ਨਹੀਂ ਹੋਇਆ ਜਾਂਦਾ ਸੀ। ਉਸ ਦੇ ਸਾਹਾਂ 'ਚੋਂ ਸ਼ਰਾਬ ਦੀ ਬਦਬੂ ਮਾਰ ਰਹੀ ਸੀ। ਨਾਸਾਂ 'ਸੂੰ-ਸੂੰ' ਕਰ ਰਹੀਆਂ ਸਨ।
-"ਕਰ ਲਈ ਨਾ ਕਾਬੂ...? ਬਣਾ ਦਿੱਤੀ ਨ੍ਹਾਂ ਤੱਕਲਾ..? ਭੰਨਤੀ ਨਾ ਆਕੜ..? ਕਰ ਲਈ ਨ੍ਹਾਂ ਬੱਤ... ? ਸਾਡੇ ਹੱਥ ਬਹੁਤ ਲੰਮੇ ਐਂ..! ਤੂੰ ਰੱਬ ਕੋਲ਼ੇ ਵੀ ਜਾ ਲੁਕਦੀ-ਫੇਰ ਵੀ ਧੁਹ ਲਿਆਉਂਦਾ..!" ਉਹ ਇਕ ਭਿਆਨਕ ਹਾਸਾ ਹੱਸਿਆ। ਦੈਂਤਾਂ ਵਾਲਾ ਖੂਨੀ ਹਾਸਾ। ਮੂੰਹ 'ਚੋਂ ਥੁੱਕ ਦਾ ਫ਼ਰਾਟਾ ਜਿਹਾ ਵੱਜਿਆ। ਉਸ ਨੇ ਆਪਣੀਆਂ ਲਿੱਬੜੀਆਂ ਹੋਈਆਂ ਬਰਾਛਾਂ ਪੂੰਝੀਆਂ।
ਪ੍ਰੀਤੀ ਦਾ ਦਿਲ ਨਿਕਲ ਗਿਆ। ਉਹ ਡਰ ਗਈ। ਉਸ ਦਾ ਦਿਲ ਧੁਰੋਂ ਕੰਬ ਗਿਆ ਸੀ। ਘਬਰਾਹਟ ਨਾਲ ਉਸ ਦੇ ਹੱਥ ਪੈਰ ਕੰਬਣ ਲੱਗ ਪਏ। ਉਸ ਨੂੰ ਦਰਸ਼ਣ ਆਪਣਾ ਖ਼ਸਮ ਨਹੀਂ, ਕੋਈ ਜਮਦੂਤ ਨਜ਼ਰ ਆ ਰਿਹਾ ਸੀ। ਜਿਸ ਨੇ ਉਸ ਨੂੰ ਪਲਾਂ ਵਿਚ ਹੀ 'ਹੜੱਪ ਕਰ ਜਾਣਾ ਸੀ।
-"ਹੁਣ ਤੈਨੂੰ ਘੋੜ੍ਹੀ ਬਾਣਊਂ ਘੋੜ੍ਹੀ.. !"
-"ਦਰਸ਼ਣ ਜੀ, ਹੁਣ ਆਪਾਂ ਪਵਿੱਤਰ ਰਿਸ਼ਤੇ ਵਿਚ ਬੱਝੇ ਪਤੀ ਪਤਨੀ ਹਾਂ-ਇਕੱਠਿਆਂ ਨੇ ਜ਼ਿੰਦਗੀ ਬਸਰ ਕਰਨੀ ਐਂ-!" ਪ੍ਰੀਤੀ ਨੇ ਪੱਥਰ 'ਤੇ ਪਾਣੀ ਪਾਉਣਾ ਚਾਹਿਆ।
-"ਇਕੱਠਿਆਂ ਨੇ.. ?" ਉਹ ਹੱਸਿਆ, "ਨੀ ਅਸੀਂ ਤੇਰੇ ਅਰਗੀਆਂ ਵੀਹ ਚਗਲਾਂ ਵਜਾਈਐਂ..! ਇਹ ਕੰਮ ਤਾਂ ਤੇਰੀ ਆਕੜ ਭੰਨਣ ਲਈ ਤੇ ਉਸ ਕੁੱਤੇ ਦੇ ਪੁੱਤ ਬਿੱਲੇ ਤੋਂ ਬਦਲਾ ਲੈਣ ਲਈ ਕੀਤੈ..! ਇਕ ਤੇਰੀ ਅੜ ਬੰਨਣੀਂ ਲੱਸੀ ਪੀਣ ਦਾ ਸ਼ੌਕ ਨਾ ਕਾਈ..!" ਉਸ ਨੇ ਕਵੀਸ਼ਰੀ ਕੀਤੀ।
ਪ੍ਰੀਤੀ ਦੀਆਂ ਖਾਨਿਓਂ ਗਈਆਂ। ਕਹਾਣੀ ਤਾਂ ਉਥੇ ਦੀ ਉਥੇ ਹੀ ਅੜੀ ਖੜ੍ਹੀ ਸੀ। ਪਰ ਇਹ ਉਸ ਲਈ ਕੋਈ ਨਵੀਂ ਗੱਲ ਨਹੀਂ ਸੀ। ਉਸ ਨੂੰ ਤਾਂ ਬਹੁਤ ਦਿਨ ਪਹਿਲਾਂ ਹੀ ਪਤਾ ਚੱਲ ਗਿਆ ਸੀ ਕਿ ਇਹ ਦਰਸ਼ਣ ਦੀ ਬਦਲਾ ਲੈਣ ਦੀ ਹੀ ਇਕ ਚਾਲ ਸੀ! ਉਸ ਦੀ ਜ਼ੁਬਾਨ ਬੰਦ ਹੋ ਗਈ। ਅੱਖਾਂ ਡੁੱਬ ਗਈਆਂ ਸਨ। ਉਸ ਦਾ ਸਾਰਾ ਸਰੀਰ ਝੂਠਾ ਪਿਆ ਹੋਇਆ ਸੀ।
-"ਸੱਚ ਮੈਂ ਤਾਂ ਇਕ ਗੱਲ ਹੋਰ ਭੁੱਲ ਗਿਆ..!"
"....। " ਪ੍ਰੀਤੀ ਨੇ ਸੁਆਲੀਆ ਅਤੇ ਡਰੀਆਂ ਅੱਖਾਂ ਉਪਰ ਉਠਾਈਆਂ।
-"ਤੈਨੂੰ ਪਤੈ..? ਪਤੈ ਇਕ ਆਰੀ ਕਾਲਜ 'ਚ ਤੂੰ ਮੇਰੇ ਥੱਪੜ ਮਾਰਿਆ ਸੀ..? ਲੈ ਹੁਣ ਮਾਰ ਕੇ ਦਿਖਾ..!" ਉਸ ਨੇ ਪ੍ਰੀਤੀ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਪ੍ਰੀਤੀ ਡੁਸਕਣ ਲੱਗ ਪਈ। ਉਸ ਦਾ ਦਿਲ ਨਿਕ ਕੇ ਰਗਾਂ ਨੂੰ ਆ ਰਿਹਾ ਸੀ।
ਦਰਸ਼ਣ ਹਫ਼ ਕੇ ਕੁੱਟਣੋਂ ਹਟ ਗਿਆ।
ਪ੍ਰੀਤੀ ਪਲੰਘ 'ਤੇ ਵਿਛੀ ਰੋਈ ਜਾ ਰਹੀ ਸੀ। ਅੱਜ ਉਸ ਦਾ ਦਿਲ ਪੁੱਛਿਆ ਜਾਣਦਾ ਸੀ। ਇਹ ਕੈਸੀ ਦਰਦ ਭਰੀ ਸੁਹਾਗ ਰਾਤ ਸੀ ?
-"ਹੁਣ ਬੂਕ੍ਹ ਨਾ..! ਲੀੜੇ ਲਾਹ ਲੀੜੇ..! ਪੈ ਗਈ ਸੁੱਥਣ ਸਣੇ ਮੇਲਣ ਬਣਕੇ..! ਹਾਏ ਪ੍ਰੀਤੀਏ..! ਤੂੰ ਮੇਰੇ ਦਿਲ ਨੂੰ ਵੱਢਦੀ ਰਹੀ-ਮੈਂ ਵੀ ਹੁਣ ਤੇਰੇ ਨਿੱਤ ਗਿਣ ਗਿਣ ਬਦਲੇ ਲਿਆ ਕਰੂੰ..! ਪੋਰੀ ਪੋਰੀ ਕਰੂੰ..। ਦੰਦੀਆਂ ਨਾਲ ਖਾਊਂ..! ਤੂੰ ਕੀ ਯਾਦ ਰੱਖੇਂਗੀ..! ਤੈਨੂੰ ਬੱਕਰੇ ਵਾਂਗੂੰ ਹਲਾਲ ਕਰੂੰ..! ਲੀੜੇ ਲਾਹ ਜਲਦੀ ਕਿ ਪਾੜਾਂ ਸਾਰੇ.. ?" ਦਰਸ਼ਣ ਨੇ ਹਲਕੇ ਕੁੱਤੇ ਵਾਂਗ ਝੱਗ ਸੁੱਟੀ। ਉਹ ਸਾਹਣ ਵਾਂਗ ਭੂਸਰਿਆ ਪਿਆ ਸੀ।
ਕੰਬਦੇ ਹੱਥਾਂ ਨਾਲ ਪ੍ਰੀਤੀ ਨੇ ਕੱਪੜੇ ਲਾਹੁੰਣੇ ਸ਼ੁਰੂ ਕਰ ਦਿੱਤੇ। ਉਹ ਤਾਂ ਇਕ ਕੱਠਪੁਤਲੀ ਸੀ। ਮਜ਼ਬੂਰ ਸੀ। ਇਕ ਖਿਡੌਣਾਂ ਸੀ!
ਦਰਸ਼ਣ ਨੇ ਦਰਵਾਜਾ ਬੰਦ ਕਰ ਦਿੱਤਾ ਅਤੇ ਕੁੰਡੀ ਚਾੜ੍ਹ ਦਿੱਤੀ। ਇਕ ਸੁੱਕੀ ਸ਼ਰਾਬ ਦਾ ਪੈੱਗ ਲਾਇਆ। ਦਾਰੂ ਅੰਦਰ ਵੱਢਦੀ ਉਤਰੀ ਸੀ। ਡਕਾਰ ਮਾਰ ਕੇ ਉਸ ਨੇ ਆਪਣੇ ਕੱਪੜੇ ਲਾਹੇ ਨਹੀਂ, ਪਾੜ ਕੇ ਸੁੱਟ ਦਿੱਤੇ।
ਉਸ ਦੀਆਂ ਭਿਆਨਕ ਅੱਖਾਂ ਵਿਚ ਕਾਮ ਦੇ ਭੰਬੂਤਾਰੇ ਨੱਚ ਰਹੇ ਸਨ। ਨੰਗੀ ਪਈ ਪ੍ਰੀਤੀ ਦਾ ਸੰਗਮਰਮਰ ਵਰਗਾ ਕੂਲਾ ਅਤੇ ਤਰਾਸ਼ਿਆ ਸਰੀਰ ਅਸਮਾਨੀ ਬਿਜਲੀ ਵਾਂਗ ਦਰਸ਼ਣ ਦੀਆਂ ਅੱਖਾਂ 'ਚ ਚਮਕਿਆ। ਉਸ ਦਾ ਮੂੰਹ ਜਿਵੇਂ ਸ਼ਹਿਦ ਨਾਲ ਭਰ ਗਿਆ ਸੀ। ਉਹ ਜੰਗਲੀ ਗੈਂਡੇ ਵਾਂਗ ਪ੍ਰੀਤੀ ਉਪਰ ਡਿੱਗਿਆ ਅਤੇ ਉਸ ਦਾ ਮੂੰਹ 'ਖਾਣਾ' ਸ਼ੁਰੂ ਕਰ ਦਿੱਤਾ। ਪ੍ਰੀਤੀ ਕੰਬ ਰਹੀ ਸੀ। ਬਘਿਆੜ੍ਹ ਦੇ ਮੂੰਹ ਹਰਨੀ ਦੇ ਬੱਚੇ ਵਾਂਗ। ਉਸ ਦੀਆਂ ਗੱਲ੍ਹਾਂ ਦੇ ਮਾਸ 'ਚੋਂ ਪੀੜਾਂ ਦੀਆਂ ਲਾਟਾਂ ਉਠ ਰਹੀਆਂ ਸਨ। ਚੁੱਪ ਕਰਮੇ ਵਿਚੋਂ ਉਸ ਦਾ ਦਿਲ 'ਫ਼ੜੱਕ-ਫ਼ੜੱਕ ਧੜਕਦਾ ਸਾਫ਼ ਸੁਣਾਈ ਦੇ ਰਿਹਾ ਸੀ। ਸਹੇ ਵਾਂਗ ਜਾਨ ਸਹਿ ਸਹਿ ਕਰਦੀ ਸੀ।
ਅਚਾਨਕ ਪ੍ਰੀਤੀ ਦੀ ਚੀਕ ਨਿਕਲੀ, "ਹਾਏ..! ਮਾਰਤੀ ਵੇ ਬਾਪੂ..।।" ਪ੍ਰੀਤੀ ਦਾ ਅੰਗ ਅੰਗ ਕਿਸੇ ਪੀੜ ਨਾਲ ਚਿਲਾ ਉਠਿਆ। ਉਸ ਦਰਦ ਦੀ ਮਾਰੀ ਨੇ ਦਰਸ਼ਣ ਨੂੰ ਘੁੱਟ ਕੇ ਜੱਫੀ ਪਾ ਰੱਖੀ ਸੀ। ਅੱਖਾਂ ਵਿਚੋਂ ਹੰਝੂ ਛਲਕ ਪਏ ਸਨ। ਫਿਰ ਸ਼ਾਇਦ ਉਹ ਦਰਦ ਨਾ ਸਹਿੰਦੀ ਹੋਈ ਬੇਹੋਸ਼ ਹੋ ਗਈ ਸੀ। ਬੇਸੁੱਧ ਹੋ ਗਈ ਸੀ। ਉਸ ਦੀ ਜਾਨ ਰਗਾਂ ਵਿਚ ਆ ਗਈ ਸੀ।
-"ਬਾਪੂ ਨੂੰ ਵੀ ਨਾਲ ਈ ਲਈ ਆਉਂਦੀ-ਤੇਰੀ ਕੋਈ ਮੱਦਦ ਕਰ ਦਿੰਦਾ " ਦਰਸ਼ਣ ਨੇ ਰੂਹ ਦੇ ਫੱਟ 'ਤੇ ਸ਼ਬਦਾਂ ਦਾ ਲੂਣ ਛਿੜਕਿਆ। ਉਸ ਨੂੰ ਪ੍ਰੀਤੀ ਦੇ ਹਾੜੇ, ਵਾਸਤੇ ਜਾਂ ਚੀਕਾਂ ਸੁਣਾਈ ਨਹੀਂ ਦਿੱਤੀਆਂ ਸਨ ਉਹ ਆਪਣੇ ਕੰਮ ਵਿਚ ਮਘਨ ਸੀ। ਪ੍ਰੀਤੀ ਦਾ ਰੰਗ ਭੂਕ ਵਰਗਾ ਹੋ ਗਿਆ ਸੀ।
ਆਪਣਾ ਤਾਣ ਲਾ ਕੇ ਦਰਸ਼ਣ ਨੇ ਉਸ ਨੂੰ ਛੱਡ ਦਿੱਤਾ। ਉਹ ਹੋਰ ਵੀ ਜ਼ਿਆਦਾ ਦਰਦ ਮਹਿਸੂਸ ਕਰਦੀ ਜਲੇਬੀ ਸੱਪ ਵਾਂਗ ਗੁੰਝਲੀ ਜਿਹੀ ਮਾਰ ਕੇ ਪੈ ਗਈ। ਅਜੇ ਵੀ ਉਸ ਦੀ ਮੁਰਦਾ ਜਿਹੀ 'ਹਾਏ' ਸੁਣਾਈ ਦਿੰਦੀ ਸੀ।
-"ਖੇਖਣ ਜੇ ਕਰ ਕਰ ਕੀਹਨੂੰ ਵਿਖਾਉਨੀ ਐਂ? ਅਜੇ ਤਾਂ ਸੇਰ 'ਚੋਂ ਪੂਣੀ ਵੀ ਨ੍ਹੀ ਕੱਤੀ..! ਅਖੇ ਕੋਹ ਨਾ ਚੱਲੀ ਬਾਬਾ ਤਿਹਾਈ.. ? ਇੱਕੋ ਝੁੱਟੀ 'ਚ ਈ ਸਾਹ ਸਤ ਛੱਡਗੀ.. ? ਤੂੰ ਅੱਗੇ ਦੇਖੀ ਚੱਲ ਕੀ ਹੁੰਦੈ..। ਤੇਰੇ ਸਾਰੇ ਵਲ ਸੱਪ ਵਾਂਗੂ ਕੱਢ ਕੇ ਹਟੂੰ।" ਦਰਸ਼ਣ ਪਲੰਘ ਤੋਂ ਉਠਿਆ। ਪੈੱਗ ਲਾਇਆ। ਉਹ ਚੌਂਕ ਜਿਹਾ ਗਿਆ, ਜਦ ਉਸ ਦੀ ਨਜ਼ਰ ਪਲੰਘ 'ਤੇ ਗਈ। ਫੁੱਲਾਂ ਦੀਆਂ ਵਿਛੀਆਂ ਪੱਤੀਆਂ ਖੂਨ ਨਾਲ ਗੜੁੱਚ ਸਨ ਅਤੇ ਪਲੰਘ ਉਪਰ ਖੂਨ ਦਾ ਛੱਪੜ ਲੱਗਿਆ ਪਿਆ
ਸੀ। ਪਰ ਉਸ ਦੇ ਪੱਥਰ ਮਨ 'ਤੇ ਕੋਈ ਖ਼ਾਸ ਪ੍ਰਭਾਵ ਨਾ ਪਿਆ। ਉਸ ਨੇ ਇਕ ਹੋਰ ਪੈੱਗ ਮਾਰਿਆ ਅਤੇ ਖਾਣਾਂ ਖਾ ਕੇ ਉਹ ਨੰਗ ਧੜੰਗਾ ਹੀ ਘੁਰਾੜੇ ਮਾਰਨ ਲੱਗ ਪਿਆ।
ਪਰ ਪ੍ਰੀਤੀ ਦਰਦਾਂ ਵਿੰਨ੍ਹੀਂ ਅਜੇ ਵੀ ਉਸਲਵੱਟੇ ਲੈ ਰਹੀ ਸੀ। ਉਸ ਦੀਆਂ ਲੱਤਾਂ ਸਿੱਧੀਆਂ ਨਹੀਂ ਹੁੰਦੀਆਂ ਸਨ। ਨਿਰਬਲ ਹੱਥ ਪੈਰ ਕੰਬ ਰਹੇ ਸਨ।
ਸਵੇਰ ਹੋਈ।
ਪ੍ਰੀਤੀ ਸੀਖ਼ ਟੰਗੇ ਚੂਹੇ ਵਾਂਗ ਸੂਲੀ ਟੰਗੀ ਰਹੀ ਸੀ। ਉਸ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਸੀ। ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ। ਬੜੀ ਮੁਸ਼ਕਿਲ ਨਾਲ ਉਠ ਕੇ ਨਹਾਉਣ ਚਲੀ ਗਈ। ਉਸ ਦੇ ਸਰੀਰ ਵਿਚੋਂ ਉਸ ਨੂੰ ਅਜੀਬ ਬੂਅ ਆ ਰਹੀ ਸੀ। ਆਪਣੇ ਆਪ ਵਿਚੋਂ 'ਕਚਿਆਣ ਜਿਹੀ ਆ ਰਹੀ ਸੀ। ਉਹ ਹੌਲ਼ੀ ਹੌਲ਼ੀ ਨਹਾਤੀ। ਗਰਮ ਪਾਣੀ ਉਸ ਦੇ ਬੁਰਕੀਆਂ ਖਾਧੇ ਸਰੀਰ ਉਪਰ ਮਿਰਚਾਂ ਵਾਂਗ ਲੱਗਦਾ ਸੀ। ਉਸ ਦੇ ਅੰਗ ਪੈਰ ਸਾਥ ਨਹੀਂ ਦੇ ਰਹੇ ਸਨ। ਸਾਰਾ ਬਦਨ ਝੂਠਾ ਜਿਹਾ ਪਿਆ, ਗੱਡੇ ਵਾਂਗ ਚੂਕ ਜਿਹਾ ਰਿਹਾ ਸੀ। ਪਰ ਰਾਤ ਦਾ ਦਲਿੱਦਰ ਧੋ ਕੇ ਉਹ ਸੌਖੀ ਸੌਖੀ ਅਤੇ ਹਲਕੀ ਮਹਿਸੂਸ ਕਰ ਰਹੀ ਸੀ।
ਉਹ ਨਹਾ ਕੇ ਮੁੜੀ ਤਾਂ ਸੱਸ ਰਣਜੀਤ ਕੌਰ ਸਾਹਮਣੇਂ ਖੜ੍ਹੀ ਮੁਸਕਰਾਈ ਜਾ ਰਹੀ ਸੀ। ਸੱਸ ਨੂੰ ਤੱਕ ਕੇ ਉਸ ਨੇ ਸ਼ਰਮ ਭਰੀ ਫਿੱਕੀ ਜਿਹੀ ਮੁਸਕੁਰਾਹਟ ਆਪਣੇ ਚਿਹਰੇ 'ਤੇ ਮੱਲੋਮੱਲੀ ਲਿਆਂਦੀ । ਜੋ ਫ਼ੋਰਨ ਵਾ-ਵਰੋਲੇ ਵਾਂਗ ਉਡ ਗਈ।
-"ਉਠ ਖੜ੍ਹੀ ਮੇਰੀ ਨੂੰਹ ਰਾਣੀ.. !" ਉਸ ਨੇ ਬੜੇ ਪਿਆਰ, ਬੜੀਆਂ ਸਧਰਾਂ ਨਾਲ ਨੂੰਹ ਨੂੰ ਤੱਕਿਆ ਸੀ।
-"..............." ਪ੍ਰੀਤੀ ਨੇ ਹਾਂ ਵਿੱਚ ਸਿਰ ਹਿਲਾਇਆ ਅਤੇ ਚੁੱਪ ਚਾਪ ਅੰਦਰ ਚਲੀ ਗਈ।
-"ਥੱਕੀ ਹੋਊਗੀ..!" ਸੱਸ ਦੇ ਮੂੰਹ 'ਤੇ ਮੀਸਣਾਂ ਜਿਹਾ ਹਾਸਾ ਫੁੱਟਿਆ। ਫਿਰ ਉਹ ਅੰਦਰ ਚਲੀ ਗਈ।
ਦਰਸ਼ਣ ਉਠਿਆ।
ਰਾਤ ਦੀ ਅਥਾਹ ਦਾਰੂ ਦਾ ਉਹ ਭੰਨਿਆ ਪਿਆ ਸੀ। ਮੂੰਹ ਧੋ ਕੇ ਉਸ ਨੇ ਚਾਹ ਪੀਤੀ ਅਤੇ ਬਿਨਾਂ ਕਿਸੇ ਵੱਲ ਧਿਆਨ ਕੀਤੇ ਉਹ ਮਿੰਦੀ ਦੇ ਕਮਰੇ ਵਿਚ ਪਹੁੰਚ ਗਿਆ। ਉਸ ਨੇ ਮਿੰਦੀ ਨੂੰ ਰਾਤ ਵਾਲੀ ਸਾਰੀ ਕਹਾਣੀ ਦੱਸੀ ਤਾਂ ਉਹ ਕਾਮੀ ਘੁੱਟਾਂ ਜਿਹੀਆਂ ਅੰਦਰ ਲੰਘਾਉਣ ਲੱਗ ਪਿਆ। ਉਸ ਨੇ ਆਪਣੇ ਨਲਕੇ ਦੀ ਕੱਥ ਵਰਗੇ ਬੁੱਲ੍ਹਾਂ 'ਤੇ ਖੁਰਦਰੀ ਜੀਭ ਘਸਾਈ। 'ਸਰੜ-ਸਰੜ' ਕਰਦੀ ਜੀਭ ਨਾਗ ਵਾਂਗ ਫ਼ਿਰਦੀ ਸੀ।
-"ਕਿਵੇਂ ਢਿੱਲਾ ਜਿਐਂ..?" ਮਿੰਦੀ ਨੇ ਪੁੱਛਿਆ।
-"ਰਾਤ ਪੀ ਲਈ ਜ਼ਿਆਦਾ..! ਮਿੱਤਰਾ ਬਹੁਤ ਈ ਬੁਰਾ ਹਾਲ ਐ ਤੇ ਬਾਕੀ ਤੈਨੂੰ ਪਤਾ ਈ ਐ..!" ਦਰਸ਼ਣ ਨੇ ਜਾੜ੍ਹਾਂ ਜਿਹੀਆਂ ਕੱਢੀਆਂ।
-"ਕੱਖ ਨੀ ਰਿਹਾ ਸਰੀਰ 'ਚ..!"
-"ਕੱਖ ਛੱਡਦੀਆਂ ਈ ਨੀ ਵਿਚ ਬੰਦੇ ਦੇ..! ਪਾਣੀ ਦੇ ਮਾਰਿਆਂ ਨੂੰ ਪਾਣੀ ਹਰੇ ਕਰੂ..! ਲੈ ਮਾਰ ਘੁੱਟ..!" ਮਿੰਦੀ ਨੇ ਅਲਮਾਰੀ ਵਿਚੋਂ ਬੋਤਲ ਕੱਢ ਲਈ। ਦਾਰੂ ਦੀ ਹਵਾੜ ਨਾਲ ਦਰਸ਼ਣ ਨੂੰ ਧੁੜਧੜੀ ਆਈ। ਉਸ ਨੇ ਮੂੰਹ ਘੁੱਟ ਲਿਆ।
-"ਮੇਰੇ ਤਾਂ ਅੰਦਰ ਨ੍ਹੀ ਲੰਘਣੀ !" ਉਹ ਅਵੱਤ ਲੈ ਰਿਹਾ ਸੀ। ਘਿਰਦਾ ਦਿਲ ਨਿਕਲ ਕੇ ਬਾਹਰ ਨੂੰ ਆ ਰਿਹਾ ਸੀ।
ਮਿੰਦੀ ਨੇ ਅਲਮਾਰੀ ਖੋਲ੍ਹ ਲੇ ਅੰਬ ਦਾ ਅਚਾਰ ਕੱਢ ਲਿਆ।
-"ਇਕ ਫ਼ਾੜੀ ਪਹਿਲਾਂ ਚੱਬ ਲੈ ਤੇ ਅੱਖਾਂ ਮੀਚ ਕੇ ਇਕ ਗਿਲਾਸ ਅੰਦਰ ਸਿੱਟ..! ਬੋਲ ਬਾਖਰੂ..! ਦੇਖੀਂ ਕਿਵੇਂ ਧਰਨ ਟਿਕਾਣੇ ਕੱਚੇ ਮਿੰਟ 'ਚ ਕਰਦੀ ਐ ਸਹੁਰੀ! ਐਵੇਂ ਨੀ ਲੋਕੀ ਪੀਂਦੇ ਤੇ ਨਾਲ਼ੇ ਨਾਅਵਾਂ ਖਰਚਦੇ..!" ਮਿੰਦੀ ਨੇ ਗਿਲਾਸ ਭਰ ਕੇ ਉਸ ਨੂੰ ਫੜਾ ਦਿੱਤਾ। ਅੰਬ ਦੇ ਅਚਾਰ ਦੀ ਫ਼ਾੜੀ ਚੂਸ ਕੇ ਦਰਸ਼ਣ ਨੇ ਗਿਲਾਸ ਮਸਾਂ ਹੀ ਜਾੜ੍ਹ ਘੁੱਟ ਕੇ ਅੰਦਰ ਸੁੱਟਿਆ। ਫ਼ਿਰ ਅੰਬ ਦੀ ਫਾੜੀ ਜੀਭ 'ਤੇ ਘਸਾਈ। ਘਿਰਦਾ ਦਿਲ ਸ਼ਾਂਤ ਹੋ ਗਿਆ। ਤੜਪਦੀ ਆਤਮਾਂ ਝੂਟਣ ਲੱਗ ਪਈ। ਠੰਢੀ ਹਵਾ ਦਾ ਬੁੱਲਾ ਲੋਰੀਆਂ ਦਿੰਦਾ ਜਾਪਿਆ। ਉਸ ਦਾ ਸਰੀਰ 'ਕੰਡੇ ਵਿਚ ਹੋ ਗਿਆ। ਅੱਖਾਂ ਚਮਕਣ ਲੱਗ ਪਈਆਂ। ਵਗਦੀ ਹਵਾ ਖਹਿ ਖਹਿ ਕੇ ਲੰਘਣ ਲੱਗ ਪਈ।
ਦਰਸ਼ਣ ਮਿੰਦੀ ਦੇ ਕਮਰੇ ਵਿਚੋਂ ਨਿਕਲ ਕੇ ਬਾਪੂ ਦੇ ਕਮਰੇ ਅੱਗਿਓਂ ਲੰਘਣ ਲੱਗਿਆ ਤਾਂ ਬਾਪੂ ਨੇ ਹਾਕ ਮਾਰ ਲਈ।
-"ਦਰਸ਼ਣ ਸਿਆਂ..!"
-"ਹਾਂ ਬਾਪੂ ਜੀ..?"
-"ਅੰਦਰ ਆਓ ਪੁੱਤਰ ਜੀ..!"
ਦਰਸ਼ਣ ਚਿੱਆਿ ਜਿਹਾ ਮੂੰਹ ਲੈ ਕੇ ਹਾਜ਼ਰ ਹੋ ਗਿਆ।
-"ਕੀ ਗੱਲ ਐ ਬਾਪੂ ਜੀ..?"
-"ਕਿਉਂ ਪੁੱਤਰ ਜੀ, ਖ਼ੁਸ਼.. ?" ਬਾਪੂ ਦੇ ਚਿਹਰੇ 'ਤੇ ਮੁਸਕਾਣ ਸੀ। ਦਰਸ਼ਣ ਬਿਨਾਂ ਉਤਰ ਦਿੱਤਿਆਂ ਹੀ ਕਮਰੇ 'ਚੋਂ ਬਾਹਰ ਹੋ ਗਿਆ। ਕਰਨੈਲ ਸਿੰਘ ਨੂੰ ਕੁਝ ਵੀ ਮਹਿਸੂਸ ਨਾ ਹੋਇਆ। ਪਰ ਉਸ ਦੇ ਦਿਲ ਵਿਚ ਗਲਤ ਫ਼ਹਿਮੀਂ ਸੀ ਕਿ ਦਰਸ਼ਣ ਸ਼ਰਮਾਉਂਦਾ ਸੀ।
ਬਾਪੂ ਚੁੱਪ ਹੋ ਗਿਆ।
ਰਣਜੀਤ ਕੌਰ ਅੰਦਰ ਆਈ।
-"ਲੜਕੀ ਨੇ ਚਾਹ ਪਾਣੀ ਪੀਤਾ ਕਿ ਨਹੀਂ ?" ਕਰਨੈਲ ਸਿੰਘ ਨੇ ਪੁੱਛਿਆ।
-"ਮੈਨੂੰ ਤੁਹਾਡੇ ਨਾਲੋਂ ਜ਼ਿਆਦਾ ਫ਼ਿਕਰ ਐ..!" ਆਪ ਹੱਸਦੀ ਰਣਜੀਤ ਕੌਰ ਬਾਹਰ ਨਿਕਲ ਗਈ।
ਕਿਸ਼ਤ 13
ਮਹੀਨਾ ਬੀਤਿਆ!
ਪ੍ਰੀਤੀ ਦੇ ਨੱਕ ਵਿਚ ਦਮ ਆ ਚੁੱਕਾ ਸੀ। ਦਰਸ਼ਣ ਹਰ ਰੋਜ਼ ਦਾਰੂ ਨਾਲ ਰੱਜ ਕੇ ਅੱਧੀ ਰਾਤੋਂ ਘਰ ਆਉਂਦਾ। ਪ੍ਰੀਤੀ ਨੂੰ ਤੰਗ ਕਰਦਾ। ਕੁੱਟਦਾ ਮਾਰਦਾ। ਪਰ ਪ੍ਰੀਤੀ ਸਭ ਕੁਝ ਚੁੱਪ ਚਾਪ ਸਹਿ ਰਹੀ ਸੀ। ਸਹਿ ਨਹੀਂ ਰਹੀ ਸੀ, ਸਗੋਂ ਸਹਿਣ 'ਤੇ ਮਜਬੂਰ ਸੀ। ਦਰਸ਼ਣ ਉਸ ਨੂੰ ਧਮਕੀਆਂ ਦਿੰਦਾ ਰਹਿੰਦਾ ਕਿ ਜੇ ਉਸ ਦੀ ਕੁੱਟ ਮਾਰ ਦੀ ਖ਼ਬਰ ਮਾਂ ਬਾਪ ਜਾਂ ਸਹੁਰੇ ਬਲੌਰ ਸਿੰਘ ਦੇ ਕੰਨਾਂ ਤੱਕ ਪਹੁੰਚੀ ਤਾਂ ਉਸ ਨੂੰ ਜ਼ਿੰਦਾ ਜਲਾ ਦਿੱਤਾ ਜਾਵੇਗਾ। ਇਹ ਸੁਣ ਕੇ ਉਸ ਦਾ ਦਿਲ ਦਹਿਲ ਜਾਂਦਾ। ਡਰਦੀ ਡਰਦੀ ਉਹ ਰੋ ਕੇ ਚੁੱਪ ਹੋ ਜਾਂਦੀ। ਹੋਰ ਕਰ ਵੀ ਕੀ ਸਕਦੀ ਸੀ ?
-"ਕੱਟ ਲੈ ਹਿੱਸੇ ਆਈਆਂ-ਲਿਖੀਆਂ ਲੇਖ ਦੀਆਂ.. ।" ਇਹ ਭਾਰੇ ਮਾਮਲੇ ਉਸ ਨੂੰ ਕੱਟਣੇ ਹੀ ਪੈਣੇਂ ਸਨ! ਹੋਰ ਕਰਦੀ ਵੀ ਕੀ? ਸੱਸ ਕੋਲੇ ਰੋਂਦੀ ਜਾਂ ਸਹੁਰੇ ਨੂੰ ਦੱਸਦੀ? ਜਾਂ ਆਪਣੇ ਬਾਪ ਕੋਲ ਜਾ ਕੇ ਭੁੱਬਾਂ ਮਾਰ ਕੇ ਦੁੱਖ ਫਰੋਲਦੀ? ਜਿਸ ਨੇ ਉਸ ਨੂੰ, ਖ਼ੁਦ ਆਪਣੀ ਧੀ ਨੂੰ ਆਪਣੇ ਹੱਥੀਂ ਨਰਕ ਵਿਚ ਤੋਰ ਦਿੱਤਾ ਸੀ। ਪਰ ਨਹੀਂ! ਉਹ ਹਟਕੋਰੇ ਭਰ ਕੇ ਚੁੱਪ ਹੋ ਜਾਂਦੀ! ਮਾਂ ਬਾਪ ਤਾਂ ਹਮੇਸ਼ਾ ਹੀ
ਧੀਆਂ ਨੂੰ ਖ਼ੁਸ਼ ਅਤੇ ਸੁਖੀ ਦੇਖਣਾਂ ਚਾਹੁੰਦੇ ਹਨ। ਉਹ ਖ਼ੁਦ ਤਾਂ ਦੁਖੀ ਸੀ। ਫ਼ਿਰ ਬੁੱਢੇ ਬਾਪ ਨੂੰ ਕਿਉਂ ਤੰਗ ਕਰਦੀ ? ਬਾਪ ਵੀ ਕੀ ਕਰ ਸਕਦਾ ਸੀ ? ਹਰਗਿਜ਼ ਕੁਛ ਨਹੀਂ! ਦਰਸ਼ਣ ਉਸ ਦਾ ਜੁਆਈ ਸੀ। ਧੀਆਂ ਵਾਲੇ ਤਾਂ ਹਮੇਸ਼ਾ ਹੀ ਨੀਵੇਂ ਹੁੰਦੇ ਨੇ। ਆਪਣੀ ਹਿੱਕ 'ਤੇ ਪੱਥਰ ਰੱਖ ਕੇ ਸਭ ਕੁਝ ਸਹਿੰਦੇ ਨੇ! ਕਿਸੇ ਨੂੰ ਕੁਝ ਦੱਸਣ ਦਾ ਪ੍ਰੀਤੀ ਵਿਚ ਸਾਹਸ ਹੀ ਨਹੀਂ ਰਹਿ ਗਿਆ ਸੀ।
ਰਾਤ ਫ਼ਿਰ ਦਰਸ਼ਣ ਨੇ ਉਸ ਨੂੰ ਕੁੱਟਿਆ। ਪਹਿਲਾਂ ਉਸ ਨੇ ਉਸ ਦੇ ਥੱਪੜ ਮਾਰੇ ਅਤੇ ਫ਼ਿਰ ਉਸ ਦੇ ਵਾਲ ਪੱਟ ਸੁੱਟੇ। ਵਾਲ ਉਸ ਨੇ ਇਤਨੀ ਬੇਕਿਰਕੀ ਨਾਲ ਖਿੱਚੇ ਕਿ ਅੱਧੇ ਵਾਲ ਤਾਂ ਉਸ ਦੇ ਹੱਥਾਂ ਵਿਚ ਹੀ ਰਹਿ ਗਏ। ਪਰ ਪ੍ਰੀਤੀ ਨੇ ਇਹ ਵਾਧਾ ਵੀ ਕਿਸੇ ਕੋਲ ਨਾ ਚਿਤਵਿਆ। ਸਭ ਵਰਤਾਓ ਆਪਣੀ ਚੁੰਨੀ ਵਿਚ ਹੀ ਛੁਪਾਈ ਰੱਖਿਆ। ਉਸ ਨੇ ਸੱਸ ਦੇ ਪੁੱਛਣ 'ਤੇ ਵੀ ਕੁਝ ਨਹੀਂ ਦੱਸਿਆ ਸੀ। ਕੁਝ ਦੱਸ ਵੀ ਤਾਂ ਨਹੀਂ ਸਕਦੀ ਸੀ! ਨਾਲੇ ਉਹ ਇਕੱਲੀ ਨਹੀਂ ਸੀ। ਉਸ ਦੀਆਂ ਬਹੁਤ ਸਾਰੀਆਂ ਹਿੰਦੋਸਤਾਨੀ ਭੈਣਾਂ ਨਾਲ ਹਰ ਰੋਜ਼ ਇਹੋ ਜਿਹਾ ਵਰਤਾਓ ਹੁੰਦਾ ਸੀ।
ਇਕ ਦਿਨ ਦਰਸ਼ਣ ਅਤੇ ਮਿੰਦੀ ਗੁਆਂਢੀਆਂ ਦੇ ਖੇਤ ਟਿਊਬਵੈੱਲ 'ਤੇ ਪਏ ਸਨ । ਦਾਰੂ ਦੇ ਨਸ਼ੇ ਨਾਲ ਉਹਨਾਂ ਦੀਆਂ ਅੱਖਾਂ ਲਾਲ ਗੇਰੂ ਸਨ। ਬਾਹਰ ਠੰਢੀ ਠੰਢੀ ਹਵਾ ਵਗ ਰਹੀ ਸੀ। ਸੂਰਜ ਦੀ ਤਪਸ਼ ਧੁੰਦ ਨੂੰ ਦੁਪਿਹਰੋਂ ਬਾਅਦ ਵੀ ਨਹੀਂ ਹੂੰਝ ਸਕੀ ਸੀ।
ਸ਼ਾਮ ਦੇ ਤਿੰਨ ਕੁ ਵਜੇ ਦਾ ਟਾਈਮ ਸੀ।
ਸਰਦੀਆਂ ਦਾ ਸੂਰਜ ਅਸਮਾਨ ਦੇ ਇਕ ਖੂੰਜੇ ਠਰਿਆ ਜਿਹਾ ਖੜ੍ਹਾ ਸੀ। ਉਹਨਾਂ ਨੂੰ ਬਾਹਰੋਂ ਕੋਈ ਖੜਕਾ ਸੁਣਾਈ ਦਿੱਤਾ। ਉਹ ਸੰਭਲ ਕੇ ਜਿਹੇ ਬੈਠ ਗਏ।
-"ਹਾਏ..! ਹੁਣ ਕੀ ਕਰੀਏ..?" ਦਰਸ਼ਣ ਨਾਲ ਪਈ ਇਕ ਓਪਰੀ ਜਿਹੀ ਕੁੜੀ ਆਖ ਰਹੀ ਸੀ। ਉਸ ਦਾ ਸੀਨਾਂ ਧੜ੍ਹਕ ਨਹੀਂ, ਫ਼ਟ ਰਿਹਾ ਸੀ। ਮੱਥੇ 'ਤੇ ਪਸੀਨੇ ਦੇ ਕਣ ਸਿੰਮ ਆਏ ਸਨ। ਕੇਸੂ ਬੁੱਲ੍ਹ ਖ਼ੁਸ਼ਕ ਹੋ ਗਏ ਸਨ।
-"ਹਾਏ..! ਕੋਈ ਆ ਗਿਆ.. !" ਉਹ ਗੁੱਝੀ ਗੁੱਝੀ ਦਰਸ਼ਣ ਦੇ ਕੰਨ ਕੋਲ ਬੋਲ ਰਹੀ ਸੀ। ਉਸ ਨੇ ਤਮਾਮ ਨੰਗੇ ਅੰਗ ਢਕਣ ਦਾ ਯਤਨ ਕੀਤਾ। ਰਜਾਈ ਖਿੱਚ ਕੇ ਉਪਰ ਲੈ ਲਈ।
-"ਤੂੰ ਫ਼ਿਕਰ ਕਾਹਦਾ ਕਰਦੀ ਐਂ..? ਦਰਸ਼ਣ ਤੋਂ ਤਾਂ ਰੱਬ ਡਰਦੇ ਨੱਢੀਏ..। ਮਜਾਲ ਐ ਕੋਈ ਉਚਾ ਸਾਹ ਵੀ ਕੱਢਜੇ..!"
ਕੋਠੀ ਦਾ ਦਰਵਾਜਾ ਖੁੱਲ੍ਹਿਆ। ਦਰਵਾਜਾ ਭਾਵੇਂ ਬੰਦ ਸੀ। ਪਰ ਕਿਸੇ ਨੇ ਝੀਥ ਵਿਚ ਦੀ ਹੱਥ ਪਾ ਕੇ ਕੁੰਡਾ ਖੋਲ੍ਹ ਲਿਆ ਸੀ।
-"ਤੂੰ ਕੌਣ ਐਂ ਉਏ..?" ਮਿੰਦੀ ਉਸ ਨੂੰ ਸੂਈ ਕੁੱਤੀ ਵਾਂਗ ਪਿਆ।
-"ਬਾਈ ਇਹ ਸਾਡੀ ਕੋਠੀ ਐ..!"
-"ਤੈਨੂੰ ਪਤਾ ਨ੍ਹੀ ਬਈ ਅਸੀਂ ਐਥੇ ਐਂ..?"
-"ਪਰ ਬਾਈ ਮੈਂ ਤਾਂ ਇੰਜਣ ਚਲਾਉਣਾ..!"
-"ਇੰਜਣ ਚਲਾ ਕੇ ਤੂੰ ਮਾਂ ਦੀ…. ਕਰਨੈਂ ਕੱਕਰ ਤਾਂ ਅੱਗੇ ਪਈ ਜਾਂਦੈ!"
-''ਤੂੰ ਸਿੱਧੇ ਮੂੰਹ ਤਾਂ ਬੋਲ ਯਾਰ.. !" ਮੁੰਡਾ ਵੱਟ ਖਾ ਗਿਆ।
-"ਕਿਹੜੈ ਉਏ ਇਹੋ ਸਿੱਧੇ ਮੂੰਹ ਬੁਲਾਉਣ ਆਲਾ ਇਹਦੀ ਮੈਂ ਮਾਂ ਦੀ.... ਦਿੱਤਾ। ਅੰਦਰੋਂ ਰੱਜੇ ਦਰਸ਼ਣ ਨੇ ਅਜੀਬ ਅਕਾਸ਼ਬਾਣੀ ਕੀਤੀ। ਮੁੰਡੇ ਨੇ ਜਦ ਅੰਦਰ ਨਿਗਾਹ ਮਾਰੀ ਤਾਂ ਉਸ ਦੀ ਨਜ਼ਰ ਦਰਸ਼ਣ ਨਾਲ ਪਈ ਨੰਗ-ਧੜੰਗੀ ਕੁੜੀ ਤੇ ਪਈ। ਉਹ ਸਤੰਭ ਰਹਿ ਗਿਆ । ਉਸ ਦਾ ਅਣਖੀ ਦਿਮਾਗ ਸੱਤ ਅਸਮਾਨੀ ਚੜ੍ਹ ਗਿਆ ਸੀ।
-"ਅਸੀਂ ਐਥੇ ਕੰਜਰਖ਼ਾਨਾ ਨ੍ਹੀ ਹੋਣ ਦੇਣਾਂ ਉਏ ਵੱਡਿਆ ਸੂਰਮਿਆਂ ।" ਮੁੰਡਾ ਬੁੱਕਿਆ। ਉਸ ਦੀਆਂ ਅੱਖਾਂ ਵਿਚ ਲਹੂ ਉਤਰ ਆਇਆ ਸੀ।
-'ਅਸੀਂ ਤਾਂ ਐਥੇ ਡਾਂਗ ਨਾਲ ਕੰਜਰਖ਼ਾਨਾ ਕਰਾਂਗੇ-ਤੂੰ ਰੋਕੇਂਗਾ..?"
-"ਆਹੇ ਮੈਂ ਰੋਕੂੰਗਾ..! ਅਸੀਂ ਕਿਹੜਾ ਵੰਗਾਂ ਪਾਈਐਂ? ਤੂੰ ਸਾਨੂੰ ਕੰਜਰ ਸਮਝ ਲਿਆ..? ਬਿਗਾਨੀਆਂ ਧੀਆਂ ਭੈਣਾਂ ਲਿਆ ਕੇ ਐਥੇ ਰੰਡੀ ਬਜਾਰ ਬਣਾਈ ਬੈਠੈਂ..!"
-"ਬਿਗਾਨੀਆਂ ਨਾ ਸਹੀ। ਕੱਲ੍ਹ ਨੂੰ ਆਬਦੀ ਭੈਣ ਨੂੰ ਛੱਡ ਜਾਈਂ-ਉਹਦੇ ਨਾਲ ਬਿੰਦ ਮੌਜ ਮੇਲਾ ਕਰਲਾਂਗੇ!'
-ਖੜ੍ਹ ਤੇਰੀ ਮਾਂ ਦੀ.... ਤੇਰੀ ਦੀ!" ਮੁੰਡੇ ਨੇ ਕਹੀ ਦਰਸ਼ਣ ਵੱਲ ਉਘਰੀ। ਪਰ ਮਿੰਦੀ ਨੇ ਹੱਥ ਦੇ ਕੇ ਰੋਕ ਲਈ। ਖੂੰਜੇ 'ਚੋਂ ਕੁਹਾੜੀ ਚੁੱਕ ਕੇ ਦਰਸ਼ਣ ਨੇ ਮੁੰਡੇ 'ਤੇ ਵਾਰ ਕੀਤਾ। ਕੁਹਾੜੀ ਉਸ ਦੇ ਸਿਰ ਵਿਚ ਖੱਪਾ ਖੇਲ੍ਹ ਗਈ। ਸਿਰ 'ਚੋਂ ਖੂਨ ਦਾ ਫੁਹਾਰਾ ਫੁੱਟਿਆ। ਮੁੰਡੇ ਦੇ ਹੱਥੋਂ ਕਹੀ ਛੁੱਟ ਕੇ ਡਿੱਗ ਪਈ, ਜਿਹੜੀ ਮਿੰਦੀ ਹੱਥ ਆ ਗਈ। ਪਿੱਛ ਤੋਂ ਮਿੰਦੀ ਨੇ ਕਹੀ ਸਿੱਧੀ ਕਰਕੇ ਉਸ ਦੀ ਗਿੱਚੀ ਵਿਚ ਦੇ ਮਾਰੀ। ਮੁੰਡਾ ਚੌਫ਼ਾਲ ਧਰਤੀ 'ਤੇ ਵਿਛ ਗਿਆ। ਖੂਨ ਨਾਲ ਉਸ ਦਾ ਸਾਰਾ ਮੂੰਹ ਲੱਥ ਪੱਥ ਹੋ ਗਿਆ ਸੀ।
ਉਸ ਨੂੰ ਖੂਨ ਨਾਲ ਭਿੱਜਿਆ ਦੇਖ ਕੁੜੀ ਘਬਰਾਈ ਹੋਈ ਚੀਕਾਂ ਮਾਰਦੀ, ਨੰਗ ਧੜੰਗੀ ਕੱਪੜੇ ਪਾਉਂਦੀ ਭੱਜ ਤੁਰੀ। ਖੇਤਾਂ ਵਿਚ ਦੀ ਉਹ ਡਰੀ ਘੋੜ੍ਹੀ ਵਾਂਗ ਹਵਾ ਹੋਈ ਜਾ ਰਹੀ ਸੀ।
ਮੁੰਡੇ ਦੇ ਸਰੀਰੋਂ ਬੇਥਾਹ ਖ਼ੂਨ ਵਹਿ ਗਿਆ ਸੀ। ਪਰ ਸਰੀਰ ਗਰਮ ਹੋਣ ਕਾਰਨ ਉਹ ਉਠਣ ਦਾ ਯਤਨ ਕਰਦਾ ਸੀ। ਦੋ ਕੁਹਾੜੀਆਂ ਮਾਰ ਕੇ ਦਰਸ਼ਣ ਨੇ ਉਸ ਦਾ ਸਿਰ ਧੜ੍ਹ ਨਾਲੋਂ ਵੱਖ ਕਰ ਦਿੱਤਾ। ਮੁੰਡਾ ਕੁਝ ਚਿਰ ਤੜਪ ਕੇ ਸ਼ਾਂਤ ਹੋ ਗਿਆ। ਨਬਜ਼ਾਂ ਟੁੱਟ ਚੁੱਕੀਆਂ ਸਨ। ਖੂਨ ਦਾ ਛੱਪੜ ਲੱਗ ਗਿਆ ਸੀ।
ਮਿੰਦੀ ਅਤੇ ਦਰਸ਼ਣ ਗਾਇਬ ਹੋ ਗਏ।
ਪ੍ਰੀਤੀ ਆਪਣੇ ਕਮਰੇ ਵਿਚ ਉਦਾਸ ਬੈਠੀ ਸੀ। ਆਪਣੀ ਸੜੀ ਤਕਦੀਰ ਨੂੰ ਕੋਸ ਰਹੀ ਸੀ। ਪਤਾ ਨਹੀਂ ਵਿਧਾਤਾ ਨੇ ਉਸ ਨਾਲ ਕਿਹੜੇ ਜਨਮ ਦਾ ਵੈਰ ਕੱਢਿਆ ਸੀ। ਉਸ ਦਾ ਗੰਦਲ ਵਰਗਾ ਸਰੀਰ ਥੋੜ੍ਹੇ ਸਮੇਂ ਵਿਚ ਹੀ ਮੋਮਬੱਤੀ ਵਾਂਗ ਪਿਘਲ ਗਿਆ ਸੀ। ਰਣਜੀਤ ਕੌਰ ਨੌਕਰਾਣੀਆਂ ਨਾਲ ਚੱਕਣ ਧਰਨ ਕਰਵਾ ਰਹੀ ਸੀ। ਕਰਨੈਲ ਸਿੰਘ ਆਪਣੀ ਭਜਨ ਬੰਦਗੀ ਵਿਚ ਮਸਤ ਸੀ।
-"ਸਰਦਾਰ ਜੀ-ਸਰਦਾਰ ਜੀ..!" ਹਫ਼ਦੀ ਕੁੜੀ ਕਰਨੈਲ ਸਿੰਘ ਦੇ ਕਮਰੇ ਅੰਦਰ ਆ ਕੇ ਇਕ ਤਰ੍ਹਾਂ ਨਾਲ ਡਿੱਗ ਪਈ। ਉਸ ਦਾ ਸਾਹ ਨਾਲ ਸਾਹ ਨਹੀਂ ਰਲਦਾ ਸੀ। ਮੂੰਹ 'ਚੋਂ ਝੱਗ ਡਿੱਗ ਰਹੀ ਸੀ।
-"ਕੀ ਗੱਲ ਐ ਕੁੜ੍ਹੇ..!" ਕਰਨੈਲ ਸਿੰਘ ਉਸ ਕੁੜੀ ਨੂੰ ਜਾਣਦਾ ਨਹੀਂ ਸੀ। ਪਰ ਹਾਲਤ ਦੇਖ ਕੇ ਉਸ ਦਾ ਦਿਲ ਨਿਕਲ ਗਿਆ ਸੀ।
-"ਸਰਦਾਰ ਜੀ-ਦਰਸ਼ਣ ਨੇ ਗੱਜਣ ਮਾਰਤਾ।" ਹਫ਼ੀ ਹੋਈ ਕੁੜੀ ਨੇ ਗੱਲ ਮਸਾਂ ਹੀ ਪੂਰੀ ਕੀਤੀ। ਉਸ ਦਾ ਮੂੰਹ ਬੱਗਾ ਪੂਣੀਂ ਵਰਗਾ ਹੋਇਆ ਪਿਆ ਸੀ।
-"ਕਿਹੜਾ ਗੱਜਣ ਕੁੜ੍ਹੇ?" ਸਰਦਾਰ ਦਾ ਫੂਸ ਉਡ ਗਿਆ।
-"ਗਿੱਟਲਾਂ ਦਾ ਗੱਜਣ..!"
-''ਹੈਂ...! ਕਾਹਤੋਂ..!' ਕਰਨੈਲ ਸਿੰਘ ਦੇ ਹੋਸ਼ ਗੁੰਮ ਹੋ ਗਏ। ਦਿਮਾਗ ਸੁੰਨ ਹੋ ਗਿਆ। ਸਿਰ ਵਿਚ ਜਿਵੇਂ ਹਥੌੜਾ ਵੱਜਿਆ ਸੀ । ਰਣਜੀਤ ਕੌਰ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਕੰਧਾਂ ਨਾਲ ਟੱਕਰਾਂ ਮਾਰਨ ਲੱਗ ਪਈ।
ਕਰਨੈਲ ਸਿੰਘ ਦੇ ਮੋਹਤਵਰ ਬੰਦੇ ਬੜੀ ਤੇਜ਼ੀ ਨਾਲ ਬੁਲਾਏ ਗਏ। ਦੇਰ ਹਨ੍ਹੇਰ ਸੀ। ਇਸ ਕਰਕੇ ਆਦਮੀ ਛੇਤੀ ਹੀ ਪੁੱਜ ਗਏ ਸਨ। ਕਮਰਾ ਬੰਦ ਕਰ ਲਿਆ ਗਿਆ। ਆਦਮੀਆਂ ਵਿਚ ਕਰਨੈਲ ਸਿੰਘ ਕੁਮਲਾਇਆ ਬੈਠਾ ਸੀ । ਕੰਬੀ ਅਤੇ ਰੋਈ ਜਾ ਰਿਹਾ ਸੀ।
-"ਇੱਤਰਾਂ ਭਾਅ ਡਮਾਕ ਤੋਂ ਕੰਮ ਲਓ-ਰੋਇਆਂ ਕੁਝ ਨਹੀਂ ਜੇ ਬਣਨਾਂ.. ।" ਭਾਊ ਬੋਲਿਆ। ਛੇ ਗੋਲੀ ਦੀ ਬੰਦੂਕ ਖੜ੍ਹੀ ਕਰਕੇ ਉਸ ਨੇ ਗੋਡਿਆਂ ਦੇ ਸੰਨ੍ਹ ਦੇ ਲਈ।
-"....... ।" ਇਕ ਭਿਆਨਕ ਚੁੱਪ ਛਾਈ ਹੋਈ ਸੀ।
-"ਮੁੜ ਧੀਰਜ ਬੰਨ੍ਹੇ ਤੇ ਕੋਈ ਵਿਧੀ ਸੋਚੋ..!"
-"ਮੈਂ ਇਕ ਰੈਅ ਦੇਵਾਂ ?" ਕਾਫ਼ੀ ਦੇਰ ਬਾਅਦ ਕਿਸੇ ਨੇ ਕਿਹਾ।
-"ਬੋਲ..!" ਸਾਰੇ ਇਕ ਦਮ ਉਧਰ ਨੂੰ ਝਾਕੇ!
-"ਮੇਰੀ ਮੰਨੋਂ-ਆਪਾਂ ਕਿਸੇ ਕਾਮੇਂ ਨੂੰ ਲਾਲਚ ਦੇ ਕੇ ਹੱਥ 'ਚ ਕਰੋ! ਕੇਸ ਉਹਦੇ ਜ਼ਿੰਮੇ ਪੁਆ ਕੇ ਤੇ ਆਪ ਉਸ ਦੇ ਮਗਰ ਪੈਰਵਾਹੀ ਕਰੋ! ਨਹੀਂ ਆਪਣਾ ਮੁੰਡਾ ਫ਼ਾਹੇ ਆਜੂ..!"
-"ਨਹੀਂ ਉਏ ਧੀ ਆਲਿਆ.. ! ਚੰਦਰੇ ਬੋਲ ਮੂੰਹੋਂ ਨਾ ਕੱਢ..!"
-"ਉਤਰਾਂ ਗੱਲ ਭਾਊ ਦੀ ਟਿਕਾਣੇਂ ਦੀ ਐ..!" ਭਾਊ ਉਸ ਦੇ ਹੱਕ 'ਚ ਵੋਟ ਭੁਗਤਾਈ।
ਸਾਰੇ ਕਾਮੇਂ ਸੱਦ ਕੇ ਗੱਲ ਬਾਤ ਕੀਤੀ ਗਈ ਲਾਲਚ ਦਿੱਤੇ ਗਏ। ਪਰ ਕੋਈ ਵੀ ਨੱਕ 'ਤੇ ਮੱਖੀ ਨਹੀਂ ਬੈਠਣ ਦਿੰਦਾ ਸੀ। ਸੱਪ ਦੀ ਸਿਰੀ ਨੂੰ ਹੱਥ ਪਾਉਣ ਤੋਂ ਸਾਰੇ ਹੀ ਤ੍ਰਭਕਦੇ ਸਨ। ਜੇ ਲੜਾਈ ਝਗੜੇ ਜਾਂ ਸੱਟਾਂ ਦਾ ਕੇਸ ਹੁੰਦਾ, ਤਾਂ ਸ਼ਾਇਦ ਕੋਈ ਮੰਨ ਵੀ ਜਾਂਦਾ। ਪਰ ਕਤਲ ਕੇਸ ਸਿਰ ਪੁਆਉਣ ਤੋਂ ਹਰ ਕੋਈ ਯਰਕਦਾ ਸੀ । ਸਾਰੇ ਕਾਮੇਂ ਇਕ ਤਰ੍ਹਾਂ ਨਾਲ ਝੱਗਾ ਚੁੱਕ ਕੇ ਤੁਰ ਗਏ।
ਕਮਰੇ ਅੰਦਰ ਸੰਨਾਟਾ ਛਾ ਗਿਆ।
ਕਿਸੇ ਨੂੰ ਕੁਝ ਵੀ ਸੁੱਝ ਨਹੀਂ ਰਿਹਾ ਸੀ।
-"ਚੱਲੋ..! ਮੇਰੇ ਨਾਲ ਤੁਰੋ ।" ਅਚਾਨਕ ਕਰਨੈਲ ਸਿੰਘ ਨੇ ਕੱਛ 'ਚੋਂ ਮੂੰਗਲਾ ਮਾਰਿਆ।
- " ਕਿੱਥੇ...?"
-"ਕਿੱਥੇ ਨਹੀਂ ਕਹੀਦਾ ਭਲਿਆ ਮਾਣਸਾ..! ਮੇਰੇ 'ਕੱਲੇ 'ਕੱਲੇ ਪੁੱਤ ਦੀ ਜ਼ਿੰਦਗੀ ਦਾ ਸੁਆਲ ਐ..!"
-"ਕੱਲੇ ਪੁੱਤ ਦਾ ਈ ਨ੍ਹੀ-ਔਸ ਵਿਚਾਰੀ ਬਿਗਾਨੀ ਧੀ ਦਾ ਵੀ ਤਰਸ ਆਉਂਦੈ!" ਰਣਜੀਤ ਕੌਰ ਡੁਸਕ ਪਈ।
ਸਾਰੇ ਬਾਹਰ ਨਿਕਲ ਗਏ।
ਤੁਰਦੇ ਤੁਰਦੇ ਉਹ ਮੁਕੰਦ ਸਿੰਘ ਦੇ ਘਰ ਪਹੁੰਚ ਗਏ।
ਹਨ੍ਹੇਰਾ ਹੋ ਚੁੱਕਾ ਸੀ। ਕੁੱਤੇ ਰੋ ਰਹੇ ਸਨ। ਬਿੱਲੀਆਂ ਵੈਣ ਪਾ ਰਹੀਆਂ ਸਨ। ਦੂਰੋਂ ਹੱਡਾਂ ਰੋੜੀ ਵਿਚੋਂ ਗਿਰਝ ਚੀਕ ਰਹੀ ਸੀ। ਰਾਤ ਡਰਾਉਣੀ ਅਤੇ ਭਿਆਨਕ ਸੀ। ਮੁਕੰਦ ਸਿੰਘ ਅਜੇ ਰੋਟੀ ਖਾ ਕੇ ਹਟਿਆ ਸੀ।
-"ਭਾਈ ਮੁਕੰਦ ਸਿਆਂ !" ਕਰਨੈਲ ਸਿੰਘ ਦੀ ਅਵਾਜ਼ ਸੀ।
-"ਖੋਲ੍ਹਦੈਂ... ?" ਅੰਦਰੋਂ ਅਵਾਜ਼ ਆਈ।
-"ਸਰਦਾਰ ਜੀ ਤੁਸੀਂ !" ਮੁਕੰਦ ਸਿੰਘ ਘੋਰ ਹੈਰਾਨ ਸੀ।
-"ਮੈਨੂੰ ਸਰਦਾਰ ਨਾ ਆਖ ਭੈੜਿਆ..! ਮੈਂ ਤਾਂ ਤੇਰੇ ਦਰ 'ਤੇ ਭਿਖ਼ਾਰੀ ਬਣ ਕੇ ਕੁਛ ਮੰਗਣ ਆਇਐਂ..!"
-"ਕੀ ਮਾੜੇ ਬਚਨ ਕਹਿੰਨੇ ਓਂ ਸਰਦਾਰ ਜੀ? ਮੈਂ ਦੀਨ ਦੁਨੀਆਂ ਦਾ ਨੰਗ-ਥੋਨੂੰ ਕੀ ਦੇਣ ਜੋਕਰੈਂ..?"
-"ਆ ਤੁਰ ਮੇਰੇ ਨਾਲ...!"
ਮੁਕੰਦ ਸਿੰਘ ਬਿਨਾਂ ਕੁਝ ਕਹੇ-ਪੁੱਛੇ ਉਸ ਦੇ ਨਾਲ ਤੁਰ ਪਿਆ। ਉਸ ਦੇ ਪ੍ਰੀਵਾਰ ਦੇ ਜੀਅ ਵੀ ਦੰਗ ਸਨ। ਮਾਂ ਸੋਚਾਂ ਵਿਚ ਉਲਝੀ ਬੈਠੀ ਸੀ, "ਜਾਹ ਜਾਂਦੀਏ...! ਸਰਦਾਰ ਚੱਲ ਕੇ ਘਰੇ ਆਇਐ- ਕੋਈਨਾ ਕੋਈ ਭਾਵੀ ਜਰੂਰ ਬੀਤੂਗੀ...!" ਉਸ ਦਾ ਮੱਥਾ ਇਕ ਦਮ ਠਣਕਿਆ ਸੀ।
ਕਰਨੈਲ ਸਿੰਘ ਨੇ ਸਾਰੀ ਵਿੱਥਿਆ ਸੁਣਾਈ ਅਤੇ ਆਪਣੀ ਪੱਗ ਲਾਹ ਕੇ ਮੁਕੰਦ ਸਿੰਘ ਦੇ ਪੈਰਾਂ 'ਤੇ ਰੱਖਣ ਹੀ ਲੱਗਿਆ ਸੀ ਕਿ ਪੱਗ ਮੁਕੰਦ ਸਿੰਘ ਨੇ ਰਾਹ ਵਿਚ ਹੀ ਬੋਚ ਲਈ।
-"ਸਰਦਾਰ ਜੀ ਇਹ ਪੱਗ ਤੁਹਾਡੀ ਹੀ ਨਹੀਂ-ਪੂਰੇ ਪਿੰਡ ਦੀ ਸ਼ਾਨ ਐਂ..! ਐਨਾਂ ਭਾਰ ਨਾ ਚੜਾਓ..।" ਪਰ ਉਹ ਅੰਦਰੋਂ ਥਿੜਕਿਆ ਹੋਇਆ ਸੋਚਾਂ ਵਿਚ ਡੁੱਬਿਆ ਪਿਆ ਸੀ।
-"ਮੁੜ ਤੂੰ ਜਕਦਾ ਕਾਹਤੋਂ ਐਂ ਗੁਰੂ ਦੇ ਬੰਦੇ ! ਤੇਰੇ ਮਗਰ ਦਿੱਲੀ ਦੱਖਣੋਂ ਬੰਦੇ ਢੋਅ ਦਿਆਂਗੇ..! ਇੱਤਰਾਂ ਦੇ ਫ਼ਿਕਰ ਫ਼ਾਕੇ ਦਿਲੋਂ ਪਿਆ ਕੱਢ!" ਭਾਊ ਨੇ ਹੱਲਾਸ਼ੇਰੀ ਦਿੱਤੀ।
-"ਦੇਖੋ ਸਰਦਾਰ ਜੀ.. !" ਮੁਕੰਦ ਸਿੰਘ ਕਰਨੈਲ ਸਿੰਘ ਨੂੰ ਹੀ ਸੰਬੋਧਨ ਹੋਇਆ।
-"ਤੁਸੀਂ ਮੇਰਾ ਦੁੱਖਾਂ ਸੁੱਖਾਂ ਵਿਚ ਸਾਥ ਦਿੱਤੈ-ਤੇ ਮੈਂ ਵੀ ਜਿੱਥੋਂ ਤੱਕ ਨਿਭੀ, ਨਿਭਾਊਂਗਾ ਪਰ ਹਜੂਰ ਇਕ ਗੱਲ ਦਾ ਖਿਆਲ ਰੱਖਿਓ-ਪਿੱਛੋਂ ਕਿਤੇ ਮੇਰੀ ਗਰੀਬ ਟੱਬਰੀ ਨਾ ਰੁਲਜੇ...! ਮੈਂ ਮਿੰਨਤ ਕਰਦੈਂ ਸਰਦਾਰ ਜੀ-ਮੇਰੀ ਟੱਬਰੀ ਦਾ ਖਿਆਲ ਰੱਖਿਓ..!" ਦੁੱਖ ਵਿਚ ਰੋਂਦਾ ਮੁਕੰਦ ਸਿੰਘ ਕਰਨੈਲ ਸਿੰਘ ਦੇ ਪੈਰਾਂ 'ਤੇ ਡਿੱਗ ਪਿਆ।
-"ਮੈਖਿਆ ਤੂੰ ਫ਼ਿਕਰ ਕਾਹਦਾ ਕਰਦੈਂ ? ਤੇਰੇ ਮਗਰ ਚਿੜੀਆਂ ਦਾ ਦੁੱਧ ਢੋਅ ਦਿਆਂਗੇ..!" ਕਿਸੇ ਨੇ ਕਿਹਾ।
-"ਅਸੀਂ ਤੇਰੇ ਮਗਰ ਨਾਅਵਾਂ ਰੋਲ ਦਿਆਂਗੇ..!"
-"ਤੇਰੇ ਟੱਬਰ ਨੂੰ ਤੱਤੀ 'ਵਾਅ ਨ੍ਹੀ ਲੱਗਣ ਦਿੰਦੇ-ਤੂੰ ਚਿੰਤਾ ਕਾਹਤੋਂ ਕਰਦੈਂ ?'
-"ਮੁਕੰਦ ਸਿਆਂ..! ਮੈਨੂੰ ਆਪਣੇ ਕੁਪੱਤੇ ਪੁੱਤ ਦਾ ਕੋਈ ਦੁੱਖ ਨੀ-ਦੁੱਖ ਤਾਂ ਅਸਲ ਵਿਚ ਔਸ ਨੂੰਹ ਦਾ ਐ-ਜਿਹੜੀ ਉਸ ਦੇ ਬਾਪ ਨੇ ਪਰ੍ਹੇ ਵਿਚ ਸਾਡੀ ਝੋਲੀ ਪਾਈ ਐ..! ਰੰਡੀ ਹੋਈ ਜੁਆਨ ਧੀ ਵਿਹੜੇ ਵਿਚ ਬੈਠੀ ਚਿਖ਼ਾ ਵਾਂਗ ਧੁਖ਼ਦੀ ਨਜਰ ਆਉਂਦੀ ਐ..!" ਕਰਨੈਲ ਸਿੰਘ ਦੇ ਹੰਝੂ 'ਤਰਿੱਪ- ਤਰਿੱਪ ਚੋਅ ਪਏ।
-"ਤੁਸੀਂ ਫ਼ਿਕਰ ਨਾ ਕਰੋ ਸਰਦਾਰ ਜੀ..! ਇਹ ਕੰਮ ਮੇਰੇ 'ਤੇ ਛੱਡੋ..!"
-"ਤੂੰ ਵੀ ਕਿਸੇ ਗੱਲ ਦਾ ਫ਼ਿਕਰ ਦਿਲੋਂ ਕੱਢ ਮਾਰੀਂ ।" ਕਿਸੇ ਨੇ ਆਖਿਆ।
ਕਿਸ਼ਤ 14
ਅਗਲੇ ਦਿਨ ਸਵੇਰੇ ਹੀ ਪੁਲੀਸ ਹੇਲੀਆਂ ਦਿੰਦੀ ਪਿੰਡ ਦੀਆਂ ਗਲੀਆਂ ਵਿਚ ਘੁੰਮ ਰਹੀ ਸੀ। ਪੁਲਸ ਦੀ ਜਿਵੇਂ 'ਆਹਣ ਉਤਰ ਆਈ ਸੀ। ਠਾਣੇਦਾਰ ਗੁੱਸੇ ਵਿਚ ਦਧਨ ਹੋਇਆ ਕੰਧਾਂ ਵਿਚ ਡੰਡੇ ਮਾਰਦਾ ਫਿਰਦਾ ਸੀ। ਗੱਲਣ ਦੀ ਲਾਸ਼ ਧਰਮਸ਼ਾਲਾ ਵਿਚ ਚਿੱਟੇ ਕੱਪੜੇ ਨਾਲ ਢਕੀ ਪਈ ਸੀ। ਠਾਣੇਦਾਰ ਕਿਸੇ ਨੂੰ ਲਾਸ਼ ਦੇ ਨੇੜੇ ਨਹੀਂ ਆਉਣ ਦਿੰਦਾ ਸੀ। ਉਹ ਕੋਹੜ ਕਿਰਲੇ ਵਰਗੀ ਮੁੱਛ ਨੂੰ ਕਸੀਸ ਵੱਟ ਕੇ ਵੱਟ ਚਾੜ੍ਹਦਾ ਸੀ। ਫ਼ਿਰ ਠਾਣੇਦਾਰ ਦੇ ਹੁਕਮ 'ਤੇ ਲਾਸ਼ ਪੋਸਟ ਮਾਰਟਮ ਲਈ ਸ਼ਹਿਰ ਨੂੰ ਤੋਰ ਦਿੱਤੀ ਗਈ।
ਠਾਣੇਦਾਰ ਨੇ ਕੁਰਸੀ ਮੱਲ ਲਈ।
-"ਥੋਨੂੰ ਕੀਹਦੇ 'ਤੇ ਸ਼ੱਕ ਐ ਉਏ… " ਠਾਣੇਦਾਰ ਵਾਰਸਾਂ ਦੇ ਲੇਟ ਆਉਣ ਕਰਕੇ ਕਾਫ਼ੀ ਖਿਝਿਆ ਹੋਇਆ ਸੀ। ਇਕ ਪਿੰਡ ਵਿਚੋਂ ਕਿਸੇ ਨੇ ਚਾਹ-ਪਾਣੀ ਦੀ ਸੁਲਾਹ ਨਹੀਂ ਮਾਰੀ ਸੀ।
-"ਸਾਨੂੰ ਕੀਹਦੇ 'ਤੇ ਸ਼ੱਕ ਹੋਣੀ ਐਂ ਜੀ..!" ਗੱਜਣ ਦਾ ਰੱਬ ਆਸਰੇ ਤੁਰਨ ਵਾਲਾ ਪਿਉ ਬੋਲਿਆ।
-"ਤੇਰੀ ਧੀ ਦੀ… ਚੌਰਿਆ। ਹੋਰ ਉਹਨੇ ਆਪ ਈ ਤਾਂ ਨ੍ਹੀ ਗਲ ਵੱਢ ਲਿਆ ਆਪਦਾ-ਕਿਸੇ ਦਾ ਨਾਂ ਤਾਂ ਧਰ..!" ਠਾਣੇਦਾਰ ਨੇ ਕੋਰੜਾ ਛੰਦ ਪੇਸ਼ ਕੀਤਾ।
-"ਜੀ ਇਉਂ ਕਿਸੇ ਨਿਰਦੋਸ਼ ਦਾ ਨਾਂ ਕਿਵੇਂ ਧਰ ਦਿਆਂ-ਰੱਬ ਨੂੰ ਜਾਨ ਦੇਣੀਂ ਐਂ ਮਾਈ ਬਾਪ..!" ਬਜੁਰਗ ਡਾਂਗ ਆਸਰੇ ਹੀ ਬੈਠ ਗਿਆ।
-"ਇਉਂ ਕਿਵੇਂ ਕੰਮ ਚੱਲੂ ਬਾਬਾ..! ਤੇਰੀ ਕਿਸੇ ਨਾਲ ਕੋਈ ਰੌਲਾ ਸੀ..?"
-"ਜੀ ਮੇਰਾ ਕਿਸੇ ਨਾਲ ਕੱਖ ਦਾ ਰੌਲਾ ਨੀ। ਮੈਂ ਤਾਂ ਰੱਬ ਦੀਆਂ ਦਿੱਤੀਆਂ ਖਾਣ ਆਲੈਂ..!'
ਬਾਜ਼ੀ ਠਾਣੇਦਾਰ ਨੂੰ ਹੱਥੋਂ ਜਾਂਦੀ ਦਿਸੀ। ਕਤਲ ਦਾ ਕੇਸ, ਕੋਈ ਗਵਾਹ, ਤੇ ਨਾ ਕਿਸੇ 'ਤੇ ਸ਼ੱਕ! ਠਾਣੇਦਾਰ ਦਾ ਤਾਂ ਕੇਸ ਖੂਹ ਵਿਚ ਪੈ ਚੱਲਿਆ ਸੀ।
-"ਸਰਦਾਰ ਜੀ ਮੈਂ ਦੱਸਦੈਂ । ਸਾਡਾ ਬਾਪੂ ਤਾਂ ਕਦੇ ਕਦੇ ਊਂ ਈਂ ਗਾਂਧੀ ਬਣ ਤੁਰਦੈ..!" ਗੱਜਣ ਦਾ ਛੋਟਾ ਭਰਾ ਆ ਗਿਆ।
ਠਾਣੇਦਾਰ ਨੇ ਉਸ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਬੜੀ ਗਹੁ ਨਾਲ ਤੱਕਿਆ। ਅੱਖ ਨਾਲ ਅੰਦਰ ਦੀ ਤਲਾਸ਼ੀ ਲਈ।
-"ਤੂੰ ਕੌਣ ਐਂ ਬਈ ਜੁਆਬਾਂ ?' ਠਾਣੇਦਾਰ ਦੀ ਧੜਕਦੀ ਕੌਡੀ ਸ਼ਾਂਤ ਹੋ ਗਈ।
-"ਮੈਂ ਜੀ ਮਰਨ ਆਲੇ ਦਾ ਨਿੱਕਾ ਭਰਾ ਐਂ..!"
-"ਆ ਜਾਹ ਫੇਰ..! ਤੂੰ ਈ ਸਾਡੀ ਖੁੱਭੀ ਕੱਢੇਗਾ-ਬਾਬਾ ਤਾਂ ਕੇਸ ਨੂੰ ਖੁੱਡੇ ਲਾਈਨ ਲਾ ਗਿਆ ਸੀ..
ਮੁੰਡਾ ਠਾਣੇਦਾਰ ਦੇ ਕੋਲ ਆ ਗਿਆ।
-"ਹਾਂ ਬਈ-ਹੁਣ ਦੱਸ ਤੈਨੂੰ ਕਿਸੇ 'ਤੇ ਸ਼ੱਕ ਹੈ....? ਠਾਣੇਦਾਰ ਨੇ ਅੱਖਾਂ ਦੀ ਕਟਾਰ ਨਜ਼ਰ ਉਸ ਦੇ ਘਸਮੈਲੇ ਜਿਹੇ ਚਿਹਰੇ 'ਤੇ ਗੱਡ ਲਈ।
-“ ਹਾਂ ਜੀ..!"
-"ਕੀਹਦੇ ‘ਤੇ ..?"
-"ਜੀ ਸਰਦਾਰ ਦੇ ਮੁੰਡੇ ਦਰਸ਼ਣ 'ਤੇ..!"
ਮੁੰਡੇ ਦੇ ਆਖਣ 'ਤੇ ਇਕ ਸੰਨਾਟਾ ਛਾ ਗਿਆ ਅਤੇ ਫਿਰ ਕੁਰਬਲ-ਕੁਰਬਲ ਹੋਣ ਲੱਗ ਪਈ।
-"ਪੱਕੀ ਗੱਲ ਕਹਿੰਨੇਂ..?" ਠਾਣੇਦਾਰ ਦੇ ਹੱਥ ਜਿਵੇਂ ਲੱਡੂ ਆ ਗਏ। ਉਸ ਨੇ ਕੁਰਸੀ ਤੋਂ ਢੋਅ ਹਟਾ ਕੇ ਫ਼ਿਰ ਪੁੱਛਿਆ।
-"ਹਾਂ ਜੀ ਪੱਕੀ ਗੱਲ ਕਹਿੰਨੈਂ..!"
-"ਸਰਦਾਰ ਨੂੰ ਕਹੋ ਪੇਸ਼ ਹੋਵੇ.!" ਚੌਕੀਦਾਰ ਸਮੇਤ ਦੋ ਸਿਪਾਹੀ ਠਾਣੇਦਾਰ ਨੇ ਕਰਨੈਲ ਸਿੰਘ ਵੱਲ ਤੋਰ ਦਿੱਤੇ।
ਕਰਨੈਲ ਸਿੰਘ ਆ ਪੇਸ਼ ਹੋਇਆ।
ਉਸ ਦੇ ਹਮਾਇਤੀ ਉਸ ਪਿੱਛੇ ਕੰਧ ਬਣੇਂ ਖੜ੍ਹੇ ਸਨ।
-"ਕਰਨੈਲ ਸਿਆਂ-ਮਕਤੂਲ ਦੇ ਵਾਰਸਾਂ ਨੂੰ ਥੋਡੇ ਮੁੰਡੇ 'ਤੇ ਸ਼ੱਕ ਐ..!" ਠਾਣੇਦਾਰ ਕਰਨੈਲ ਸਿੰਘ ਦੇ ਸਾਊ ਚਿਹਰੇ ਵੱਲ ਦੇਖ ਕੇ ਕੁਝ ਧੀਮਾਂ ਬੋਲਿਆ।
-"ਜੀਹਦੇ 'ਤੇ ਸ਼ੱਕ ਐ-ਉਹਨੂੰ ਫੜ ਲਓ ਸਰਕਾਰ.. !" ਕਰਨੈਲ ਸਿੰਘ ਬੋਲਿਆ।
-"ਤੇਰੀ ਧੀ ਦੀ...ਚੌਰਿਆ-ਬੋਲ ਹੁਣ..! ਘੁੱਗੂ ਬਣਿਆਂ ਬੈਠੇ-ਐਥੇ ਫੇਰਿਆਂ 'ਤੇ ਬੈਠੇ..!" ਠਾਣੇਦਾਰ ਨੇ ਰੂਲ ਗੱਜਣ ਦੇ ਭਰਾ ਵੱਲ ਉਘਰਿਆ।
ਉਹ ਪਾਸੇ ਹਟ ਗਿਆ।
-"ਜੀ ਮੈਂ ਤਾਂ ਅੱਗੇ ਪਿੱਟੀ ਜਾਨੇਂ ਬਈ ਸਰਦਾਰ ਦੇ ਮੁੰਡੇ ਦਰਸ਼ਣ ਨੇ ਗੱਜਣ ਦਾ ਖੂਨ ਕੀਤੇ-ਹੋਰ ਤੁਸੀਂ ਮੈਥੋਂ 'ਗੂਠੇ ਦੀ ਥਾਂ ਚਿੱਤੜ ਤਾਂ ਨੀ ਲੁਆਉਣੇ.. ?" ਮੁੰਡਾ ਵੀ ਵੱਟ ਖਾ ਗਿਆ।
-"ਇੱਤਰਾਂ ਠਾਣੇਦਾਰ ਭਾਅ-ਇਹ ਕਿੱਦਾਂ ਹੋ ਸਕਦੈ ?" ਭਾਊ ਬੋਲਿਆ।
-"ਹੋ ਕੀ ਨਹੀਂ ਸਕਦਾ.. ?'
-"ਠਾਣੇਦਾਰ ਭਾਅ-ਉਹ ਤਾਂ ਪੰਜ ਦਿਹਾੜੇ ਦਾ ਹਸਪਤਾਲ ਦਾਖ਼ਲ ਈ-ਉਹ ਕਤਲ ਕਿੱਦਾਂ ਪਿਆ ਕਰ ਸਕਦੈ-ਉਸ ਪਾਸੋਂ ਤਾਂ ਉਠ ਕੇ ਮੂਤਰ ਨਹੀਂ ਜੇ ਕਰਿਆ ਜਾਂਦਾ-ਕਤਲ ਕਿੱਦਾਂ ਪਿਆ ਕਰ ਦੇਵੇਗਾ!"
ਠਾਣੇਦਾਰ ਲੰਮਾਂ ਸਾਹ ਲੈ ਕੇ ਮੁੱਠੀਆਂ ਮੀਟ ਗਿਆ ਕਿ ਕਾਤਲ ਧਿਰ ਨੇ ਚਾਲ ਚੱਲ ਦਿੱਤੀ ਸੀ।
ਅਸਲ ਵਿਚ ਦਰਸ਼ਣ ਨੂੰ ਅੱਜ ਸਵੇਰੇ ਹੀ ਹਸਪਤਾਲ ਦਾਖ਼ਲ ਕਰਵਾਇਆ ਸੀ। ਵੱਡੇ ਡਾਕਟਰ ਨੂੰ 'ਮੱਥਾ ਟੇਕ' ਕੇ ਚਾਰ ਦਿਨ ਪਹਿਲਾਂ ਦੀ ਹਾਜ਼ਰੀ ਪੁਆ ਲਈ ਸੀ । ਮੱਥਾ ਟਿਕਵਾ ਕੇ ਠਾਣੇਦਾਰ ਨੇ 'ਬੇਫ਼ਿਕਰ ਹੋ ਜਾਣ ਲਈ ਹਿੱਕ ਠੋਕੀ ਸੀ।
-"ਠਾਣੇਦਾਰ ਭਾਅ-ਉਸ ਦਾ ਤੇ ਹਰਨੀਆਂ ਦਾ ਉਪਰੇਸ਼ਨ ਪਿਆ ਹੋਣਾਂ ਏ-ਤੇ ਤੂੰ ਭਾਅ ਹੋਰ ਈ ਅਸਮਾਨ ਨੂੰ ਟਾਕੀ ਪਿਆ ਲਾਂਦਾ ਏਂ..। ਕੱਛ ਵਿਚੋਂ ਦੀ ਮੁੰਮਾਂ ਨਾ ਦੇਹ ਠਾਣੇਦਾਰ ਭਾਅ-ਅਸੀਂ ਅੱਗੇ ਈ ਪੁਲੀਸ ਦੇ ਖ਼ਿਦਮਤਗਾਰ ਪਏ ਰਹੇ ਆਂ..!"
ਠਾਣੇਦਾਰ ਭਾਊ ਦੇ ਖੁੱਲ੍ਹੇ ਸੁਭਾਅ ਤੋਂ ਭੈਅ ਖਾ ਗਿਆ।
-"ਤੇ ਫ਼ੇਰ ਇਹ ਭਣੋਈਏ ਦਾ ਨਾਂ ਕਿਉਂ ਲੈਂਦੇ ਐ..?" ਠਾਣੇਦਾਰ ਅੰਦਰੋ ਅੰਦਰੀ ਸਭ ਸਮਝ ਗਿਆ ਸੀ। ਪਰ ਮਜਬੂਰ ਸੀ।
-"ਇਹ ਇਹਨਾਂ ਨੂੰ ਪਏ ਪੁੱਛੇ..!"
-"ਗੱਲ ਸੁਣ ਭਾਊ..! ਜੇ ਮੁੰਡਾ ਹਸਪਤਾਲ ਨਾ ਦਾਖ਼ਲ ਹੋਇਆ-ਉਹ ਕੇੜਾ ਚਾਹੜੂੰ-ਕੋੜਮਾਂ ਯਾਦ ਕਰੂ...!" ਉਸ ਨੇ ਮੰਜੇ ਦੇ ਸੇਰੂ 'ਤੇ ਡੰਡਾ ਖੜਕਾਇਆ।
-"..........I' ਕਰਨੈਲ ਸਿੰਘ ਨੇ ਨੀਵੀਂ ਸੁੱਟ ਲਈ। ਕਰਨੈਲ ਸਿੰਘ ਬੁੱਢਾ ਹੋ ਗਿਆ ਸੀ। ਪਰ ਅੱਜ ਤੱਕ ਉਸ ਨੂੰ ਕਿਸੇ ਨੇ 'ਉਏ' ਤੱਕ ਨਹੀਂ ਕਿਹਾ ਸੀ। ਕਦੇ ਕਿਸੇ ਨੇ ਉਂਗਲ ਚੁੱਕ ਕੇ ਗੱਲ ਨਹੀਂ ਕੀਤੀ ਸੀ। ਜਿੱਧਰ ਗਿਆ ਸੀ, ਸਲੂਟਾਂ ਹੀ ਵੱਜੀਆਂ ਸਨ। ਪਰ ਅੱਜ ਉਸ ਦੀ ਗੰਦੀ ਔਲਾਦ ਦੀਆਂ ਕਰਤੂਤਾਂ ਉਸ ਨੂੰ ਕੀ ਕੁਝ ਸੁਣਨ ਲਈ ਮਜਬੂਰ ਕਰਦੀਆਂ ਸਨ। ਨਹੀਂ ਤਾਂ ਪੁਲੀਸ ਵਾਲੇ ਉਸ ਅੱਗੋਂ ਦੀ ਨੀਵੀਂ ਪਾ ਕੇ ਲੰਘਦੇ ਸਨ। ਉਸ ਦਾ ਦਿਲ ਕੀਤਾ ਕਿ ਉਹ ਸਾਫ਼ ਸਾਫ਼ ਆਖ ਦੇਵੇ ਕਿ ਗੱਜਣ ਦਾ ਕਤਲ ਦਰਸ਼ਣ ਨੇ ਹੀ ਕੀਤਾ ਸੀ। ਪਰ ਜਦ ਉਸ ਦੀ ਸਤਿਯੁਗੀ ਨੂੰਹ ਦਾ ਚਿਹਰਾ ਉਸ ਅੱਗੇ ਆ ਜਾਂਦਾ, ਤਾਂ ਉਹ ਆਪਣੇ ਬੁੱਲ੍ਹ ਸਿਉਣ 'ਤੇ ਮਜਬੂਰ ਹੋ ਜਾਂਦਾ।
-"ਹੁਣ ਬੋਲਦੇ ਨਹੀਂ.. ।" ਹੌਲਦਾਰ ਨੇ ਅੱਗਾ ਵਲਿਆ।
-"ਸਰਦਾਰ ਜੀ-ਇਕ ਗੱਲ ਮੇਰੀ ਵੀ ਸੁਣ ਲਓ ।" ਇਕ ਪਾਸਿਓਂ ਮੁਕੰਦ ਸਿੰਘ ਨੇ ਖੜ੍ਹਾ ਹੋ ਕੇ ਹੱਥ ਜੋੜ ਲਏ।
ਸਾਰੇ ਉਧਰ ਨੂੰ ਝਾਕਣ ਲੱਗ ਪਏ।
-"ਗੱਜਣ ਦਾ ਕਤਲ ਮੈਂ ਕੀਤੈ..!"
ਸੁੰਨ ਵਰਤ ਗਈ।
ਠਾਣੇਦਾਰ ਸਤੰਭ, ਮਜੌਰਾਂ ਦੀ ਮਾਂ ਵਾਂਗ ਮੁਕੰਦ ਸਿੰਘ ਵੱਲ ਦੇਖ ਰਿਹਾ ਸੀ।
-"ਤੇਰੀ ਕੀ ਦੁਸ਼ਮਣੀ ਸੀ... ?"
-"ਦੁਸ਼ਮਣੀਂ ਦੱਸ ਕੇ ਪੈਂਦੀ ਐ? ਤੁਸੀਂ ਅੰਬ ਖਾਣੇਂ ਐਂ ਕਿ ਦਰੱਖ਼ਤ ਗਿਣਨੇ ਐਂ? ਗੱਜਣ ਦਾ ਕਤਲ ਮੈਂ ਕੀਤੇ..!'
ਪਿੰਡ ਦੇ ਲੋਕ ਘੁਸਰ-ਮੁਸਰ ਕਰਨ ਲੱਗ ਪਏ।
ਸਾਰੇ ਹੀ ਮੰਨਣ ਤੋਂ ਇਨਕਾਰੀ ਸਨ। ਮੁਕੰਦ ਸਿੰਘ ਅਤੇ ਕਾਤਲ ? ਕਦੇ ਨਹੀਂ..!
-"ਚੁੱਪ ਕਰੋ ਉਏ ਹਰਾਮ ਦਿਓ ।" ਠਾਣੇਦਾਰ ਗੱਜਿਆ। ਉਹ ਸੋਟੀ ਉਲਰ-ਉਲਰ ਪੈਂਦਾ ਸੀ।
ਚੁੱਪ ਵਰਤ ਗਈ।
-"ਹਾਂ ਬਈ-ਤੂੰ ਕੀਤੈ ਕਤਲ ?"
-"ਆਹੋ ਜੀ..! ਮੈਂ ਕੀਤੈ.. !" ਉਸ ਨੇ ਹਿੱਕ ਥਾਪੜੀ।
-"ਧੀ ਦਾ ਮੁਕਲਾਵਾ ਦੇਣਿਆਂ-ਐਡਾ ਉਹ ਕੀ ਤੇਰੀ ਕੁੜੀ ਨਾਲ ਪੈਂਦਾ ਸੀ..!"
-“………………..”
-"ਠਾਣੇਦਾਰ ਭਾਅ...! ਕਾਨੂੰਨੀ ਕਾਰਵਾਈ ਪਏ ਕਰੋ-ਕਿਉਂ ਇੱਤਰਾਂ ਗਾਲਾਂ ਦੀ ਧੂਹ ਕਿਉਂ ਪਏ ਵਰ੍ਹਾਂਦੇ ਜੇ... ?" ਭਾਊ ਨੇ ਠਾਣੇਦਾਰ ਨੂੰ ਕਿਹਾ। ਉਸ ਦੀ ਠਾਣੇਦਾਰ ਨਾਲ ਅੱਖ ਮਿਲੀ। ਗੱਲ ਸਾਂਝੀ ਹੋ ਕੇ ਅੱਖਾਂ ਰਾਹੀਂ ਹੀ ਯਾਰੀ ਪੈ ਗਈ।
ਸ਼ਾਂਤੀ ਵਰਤ ਗਈ ਸੀ।
ਪੁਲੀਸ ਮੁਕੰਦ ਸਿੰਘ ਨੂੰ ਗਿ੍ਫ਼ਤਾਰ ਕਰਕੇ ਤੁਰ ਗਈ।
ਪਿੱਛੇ ਹੀ ਕਰਨੈਲ ਸਿੰਘ ਅਤੇ ਉਸ ਦੇ ਹਮਾਇਤੀ ਤੁਰ ਗਏ।
-"ਕਰਨੈਲ ਸਿਆਂ-ਫ਼ਿਕਰ ਨਾ ਕਰੋ-ਪੁਲਸ ਨੇ ਕਿਸੇ ਦੀ ਗਵਾਹੀ ਈ ਨੀ ਪੈਣ ਦੇਣੀਂ..!" ਮੁਣਸ਼ੀ ਬੋਲ ਰਿਹਾ ਸੀ।
-"ਬੱਸ ਜੀ ਥੋਡੀ ਮਿਹਰ ਹੋਣੀ ਚਾਹੀਦੀ ਐ-ਕਿਤੇ ਗਰੀਬ ਮਾਰ ਨਾ ਹੋਜੇ-ਬਿਚਾਰੇ ਦੀ ਪਨੀਰੀ ਅਜੇ ਛੋਟੀ ਐ..!"
-"ਬੰਦਾ ਆਪਣਾ ਪੱਕਾ ਬਰੀ-ਲੋਹੇ 'ਤੇ ਲਕੀਰ ।" ਮੇਜ 'ਤੇ ਲਕੀਰ ਮਾਰ ਕੇ ਮੁਣਸ਼ੀ ਨੇ ਬੰਦਾ 'ਬਰੀ ਕਰ ਦਿੱਤਾ। ਠਾਣੇ ਦੀ ਕੁਰਸੀ 'ਤੇ ਉਹ ਮੁਣਸ਼ੀ ਨਹੀਂ, ਜੱਜ ਬਣਿਆ ਬੈਠਾ ਸੀ। ਨੋਟ ਸੰਭਾਲ ਕੇ ਉਸ ਨੇ ਜੇਬ ਵਿਚ ਪਾ ਲਏ। ਕੁਝ ਹੋਰ ਰਕਮ ਲੈ ਕੇ ਉਸ ਨੇ ਦਰਾਜ ਵਿਚ ਰੱਖ ਲਏ ਅਤੇ ਝੂਠੀਆਂ ਤਸੱਲੀਆਂ ਦੇ ਕੇ ਕਰਨੈਲ ਸਿੰਘ ਹੋਰਾਂ ਨੂੰ ਵਿਦਾਅ ਕਰ ਦਿੱਤਾ।
-"ਮਸਾਂ ਰੌਣਕ ਲੱਗੀ ਐ ਬਈ।" ਪਾਸਿਓਂ ਇਕ ਸਿਪਾਹੀ ਨੇ ਕਿਹਾ।
-"ਪਤਾਸੇ ਸੁੱਖੇ ਰਾਸ ਆਗੇ..!"
-"ਖਾਸੇ ਚਿਰ ਬਾਅਦ ਕਤਲ ਦਾ ਕੇਸ ਆਇਐ..!"
-"ਸਰਦਾਰ ਝੜ੍ਹਿਆ ਕੁਛ..?"
-"ਮੁਣਸ਼ੀ ਨੂੰ ਪੁੱਛੋ-ਉਹ ਈ ਰਿੰਡ ਪ੍ਰਧਾਨ ਐਂ..!"
-"ਕਿੰਨੇ ਕੁ ਹਾਜਰ ਕਰ ਗਿਆ ਕਰਨੈਲ ਸਿਉਂ. ?" ਸਿਪਾਹੀ ਨੇ ਬੜੀ ਆਸ ਨਾਲ ਮੁਣਸ਼ੀ ਨੂੰ ਸੁਆਲ ਕੀਤਾ।
-"ਬਾਬੇ ਦਾ ਬੋਕ...! ਚਾਹੀਦੈ..?'
-"ਤਾਂ ਵੀ ਕਿੰਨ੍ਹੇ.. ?" ਕਿਸੇ ਨੇ ਪੱਕ ਕਰਨ ਲਈ ਪੁੱਛਿਆ।
-"ਬੱਸ ਸੰਤਰਾ ਸ਼ੀਸ਼ੀ ਦਾ ਕੰਮ ਸਰ ਜਾਊ..!" ਮੁਣਸ਼ੀ ਨੇ ਧਰਵਾਸ ਦੇਣ ਲਈ ਇਕਬਾਲ ਕੀਤਾ।
-"ਵੇਖਿਆ ਸਾਲਾ ਲੱਛਣ ਕਰਦਾ..!"
-"ਭੌਂਕ ਨਾ ਉਏ ਕੁੱਤਿਆ...!"
-"ਮੈਂ ਹੋਰ ਕੀਰਤਨ ਕਰਾਂ? ਨੋਟਾਂ ਦੀ ਸੱਥਰੀ ਪੜ ਕੇ ਸਾਲੇ ਨੇ ਦਰਾਜ 'ਚ ਪਾਅਲੀ..!"
-"ਕਿਹੜੇ ਥੋਡੀ ਬੁੜ੍ਹੀ ਦੀ ਪੰਜੀਰੀ ਆਲੀ ਪੀਪੀ 'ਚ ਪਾਅਲੀ ? ਲੈ ਦੇਖ ਲੈ..!" ਮੇਜ ਦਾ ਦਰਾਜ ਖੋਲ੍ਹ ਕੇ ਮੁਣਸ਼ੀ ਨੇ ਵਾਧੂ ਜਿਹੇ ਕਾਗਜ਼ ਬਾਹਰ ਸੁੱਟਣੇਂ ਸ਼ੁਰੂ ਕਰ ਦਿੱਤੇ।
ਨਿਰਾਸ਼ ਹੋਏ ਸਿਪਾਹੀ ਮੁਣਸ਼ੀ ਨੂੰ ਗੱਲੀਂ ਬਾਤੀਂ 'ਖੰਡ ਪਾ ਰਹੇ ਸਨ।
ਕਰਨੈਲ ਸਿੰਘ ਨੇ ਮੁਕੰਦ ਸਿੰਘ ਦੇ ਘਰ ਕਣਕ, ਆਟਾ, ਘਿਉ, ਖੰਡ ਅਤੇ ਪੈਸੇ ਭਿਜਵਾ ਦਿੱਤੇ। ਪਰ ਮੁਕੰਦ ਸਿੰਘ ਦੇ ਘਰ ਚੁੱਲ੍ਹ ਬਲਣਾਂ ਬੰਦ ਹੋ ਗਿਆ ਸੀ। ਰੋਟੀ ਪੱਕਣੀ ਬੰਦ ਹੋ ਗਈ ਸੀ। ਘਰ ਵਿਚ ਸੋਗ ਪੈ ਗਿਆ ਸੀ। ਮਾਹੌਲ ਵੈਣ ਪਾ ਰਿਹਾ ਸੀ।
ਬੱਗੇ ਦੀ ਮਾਂ ਦੀ ਹਾਲਤ ਕਈ ਵਾਰ ਕਾਫ਼ੀ ਗੰਭੀਰ ਹੋ ਜਾਂਦੀ। ਬੱਗਾ ਮਾਂ ਦਾ ਕਾਫ਼ੀ ਖ਼ਿਆਲ ਰੱਖਣ ਲੱਗ ਪਿਆ ਸੀ। ਕਿਉਂਕਿ ਹੁਣ ਉਸ ਨੂੰ ਬਾਹਵਾ ਸੂਝ ਆ ਚੁੱਕੀ ਸੀ। ਗਿਆਨੋਂ ਵੀ ਜੁਆਨ ਹੋ ਚੁੱਕੀ ਸੀ। ਉਸ ਨੂੰ ਵੀ ਸਭ ਕਾਸੇ ਦਾ ਗਿਆਨ ਸੀ। ਉਹ ਮਾਂ ਨੂੰ ਬਹੁਤ ਹੌਸਲਾ ਦਿੰਦੇ ਸਨ। ਪਰ ਮਾਂ ਧਾਹ ਨਾ ਧਰਦੀ। ਕਿਉਂਕਿ ਜੁਆਨੀ ਵਿਚ ਉਸ ਦੇ ਭਰਾ ਤੋਂ ਕਿਸੇ ਦਾ ਕਤਲ ਹੋ ਗਿਆ ਸੀ। ਉਸ ਨੂੰ ਫ਼ਾਂਸੀ ਦੀ ਸਜ਼ਾ ਹੋਈ ਸੀ। ਭਰਾ ਦਾ ਵਿਛੋੜਾ ਅਜੇ ਤੱਕ ਮਾਂ ਦੇ ਦਿਲ 'ਤੇ ਲਿਖਿਆ ਪਿਆ ਸੀ। ਚਾਹੇ ਮੁਕੰਦ ਸਿੰਘ ਨੇ ਕਤਲ ਨਹੀਂ ਕੀਤਾ ਸੀ। ਪਰ ਖ਼ੁਦ ਇਕਬਾਲ ਕਰਨ ਵਾਲਾ ਅਦਾਲਤ ਦੀਆਂ ਨਜ਼ਰਾਂ ਵਿਚ ਤਾਂ ਉਹ ਕਾਤਲ ਹੀ ਸੀ।
ਬਿੱਲੇ ਨੂੰ ਬਾਪੂ ਦੀ ਗ੍ਰਿਫ਼ਤਾਰੀ ਦੀ ਕੋਈ ਖ਼ਬਰ ਨਹੀਂ ਸੀ। ਨਾ ਹੀ ਮਾਂ ਉਸ ਨੂੰ ਸੁਨੇਹਾ ਭੇਜਣਾਂ ਮੁਨਾਸਿਬ ਸਮਝਦੀ ਸੀ। ਮਾਂ ਦੀਆਂ ਨਜ਼ਰਾਂ ਵਿਚ ਤਾਂ ਬਿੱਲਾ ਸਿਰਫ਼ ਬਿੱਲਾ ਹੀ ਸੀ। ਸੀਤੋ ਦੀ ਜੀਪ ਦਾ ਡਰਾਈਵਰ ਸੀ। ਉਸ ਨੂੰ ਸੀਤੋ ਅਤੇ ਬਿੱਲੇ ਦੀ ਯਾਰੀ ਦਾ ਨਹੀਂ ਪਤਾ ਸੀ। ਉਹ ਬਿੱਲੇ ਦੀ ਹਸਤੀ ਤੋਂ ਨਾਵਾਕਿਫ਼ ਸੀ।
ਬਿੱਲੇ ਨੇ ਸੀਤੋ ਦੀ ਵਿਰੋਧੀ ਪਾਰਟੀ ਨੂੰ ਕੁੱਟ ਕੁੱਟ ਕੇ ਤੱਕਲਾ ਬਣਾਂ ਦਿੱਤਾ ਸੀ। ਖੇਤਾਂ ਵਿਚੋਂ ਚੋਰੀ ਬੰਦ ਹੋ ਗਈ ਸੀ। ਟਰੱਕ ਸੁੱਖ ਸਾਂਦ ਨਾਲ ਆਪਣੀ ਮੰਜ਼ਿਲ 'ਤੇ ਪਹੁੰਚਣ ਲੱਗ ਪਏ ਸਨ। ਸੀਤੋ ਦੇ ਜ਼ਰੀਏ ਇਸ ਏਰੀਏ ਵਿਚ ਬਿੱਲੇ ਦੇ ਨਾਂ ਦੀ 'ਧਾਂਕ ਬੈਠ ਚੁੱਕੀ ਸੀ। ਬਿੱਲਾ ਸੀਤੋ ਦਾ 'ਖ਼ਾਸ ਬੰਦਾ ਵੱਜਣ ਲੱਗ ਪਿਆ ਸੀ। ਜਿਸ ਠੇਕੇ 'ਤੇ ਬਿੱਲਾ ਬੈਠਾ ਪੀਂਦਾ ਹੁੰਦਾ, ਵਿਰੋਧੀ ਧਿਰ ਉਥੋਂ ਦਾਰੂ ਵੀ ਨਹੀਂ ਲੈਣ ਆਉਂਦੀ ਸੀ । ਜੇ ਵਿਰੋਧੀ ਪਾਰਟੀ ਨੂੰ ਪਤਾ ਲੱਗਦਾ ਕਿ ਬਿੱਲਾ ਅੱਜ ਇਸ ਇਲਾਕੇ ਵਿਚ ਹੈ, ਤਾਂ ਕੋਈ ਉਚੀ ਅਵਾਜ਼ ਨਾ ਮਾਰਦਾ। ਕਾਲਜੀਏਟ ਅਤੇ ਨਵੇਂ ਨਰੋਏ ਬਿੱਲੇ ਦੇ ਖੂਨ ਨੇ ਵਿਰੋਧੀ ਧਿਰ ਨੂੰ ਆਪਣਾ ਰੰਗ ਦਿਖਾ ਦਿੱਤਾ ਸੀ। ਗੱਲ ਕੀ, ਬਿੱਲੇ ਤੋਂ ਖ਼ੌਫ਼ ਖਾਂਦੀ ਧਿਰ ਸੀਤੋ ਦੀ ਕੋਠੀ ਵੱਲ ਮੂੰਹ ਕਰਕੇ ਵੀ ਨਹੀਂ ਸੌਂਦੀ ਸੀ। ਸੀਤੋ ਦੀਆਂ ਗੱਡੀਆਂ ਸਹੀ ਸਲਾਮਤ ਚੱਲਣ ਲੱਗ ਪਈਆਂ ਸਨ। ਪਿਛਲੇ ਸੀਜਨ ਵਿਚ ਮੱਕੀ-ਕਣਕ, ਨਰਮੇਂ-ਕਪਾਹ ਦੇ ਉਜਾੜੇ ਦੀ ਕੋਈ ਖ਼ਬਰ ਨਹੀਂ ਸੀ!
ਬਿੱਲਾ ਮਹੀਨੇ ਦੇ ਮਹੀਨੇ ਕਿਸੇ ਦੇ ਹੱਥ ਪੈਸੇ ਘਰ ਨੂੰ ਭੇਜ ਛੱਡਦਾ। ਸੀਤੋ ਬਿੱਲੇ ਨੂੰ ਬਹੁਤਾ ਪਿੰਡ ਨਹੀਂ ਜਾਣ ਦਿੰਦਾ ਸੀ। ਉਹ ਉਸ ਦਾ ਆਸਰਾ ਮਹਿਸੂਸ ਕਰਦਾ ਸੀ। ਬਿੱਲੇ ਦੇ ਗਲ ਵਿਚ ਹੁਣ ਗਿਆਰਾਂ ਗੋਲੀ ਦੀ ਬੰਦੂਕ ਹਰ ਵਕਤ ਲਟਕਦੀ ਰਹਿੰਦੀ। ਪਰ ਕਿਸੇ ਨੂੰ ਉਹ ਨਜਾਇਜ਼ ਤੰਗ ਕਰਨ ਵਾਲਾ ਇਨਸਾਨ ਨਹੀਂ ਸੀ।
ਮੁਕੰਦ ਸਿੰਘ ਦਾ ਮੁਕੱਦਮਾਂ ਅਦਾਲਤ ਵਿਚ ਪਹੁੰਚਿਆ।
ਕਰਨੈਲ ਸਿੰਘ ਦਾ ਕੀਤਾ ਵਕੀਲ ਅਦਾਲਤ ਵਿਚ ਗੇੜੇ ਦਿੰਦਾ ਫਿਰਦਾ ਸੀ।
ਸਾਰ ਕੇਸ ਪੜ੍ਹ ਕੇ ਸੁਣਾਇਆ ਗਿਆ।
ਪੋਸਟ ਮਾਰਟਮ ਦੀ ਰਿਪੋਰਟ ਪੇਸ਼ ਕਰ ਦਿੱਤੀ ਗਈ।
ਗਵਾਹ ਭੁਗਤ ਗਏ ਸਨ । ਪੁਲੀਸ ਨੇ ਗਵਾਹਾਂ ਨੂੰ ਤੋਤੇ ਵਾਂਗ ਪੜ੍ਹਾ ਰੱਖਿਆ ਸੀ। ਵਕੀਲ ਝਗੜ ਰਹੇ ਸਨ। ਮੁਕੰਦ ਸਿੰਘ ਕਟਿਹਰੇ ਵਿਚ ਸ਼ਾਂਤ, ਚੁੱਪ ਚਾਪ ਖੜ੍ਹਾ ਸੀ। ਉਹ ਵਾਰ ਵਾਰ ਕਰਨੈਲ ਸਿੰਘ ਵੱਲ ਤੱਕਦਾ ਸੀ। ਜਿਵੇਂ ਆਪਣੇ ਪ੍ਰੀਵਾਰ ਦੀ ਜ਼ਿੰਮੇਵਾਰੀ ਬਾਰੇ ਤਾਕੀਦ ਕਰ ਰਿਹਾ ਹੋਵੇ।
ਕਾਫ਼ੀ ਬਹਿਸ ਹੋਣ ਤੋਂ ਬਾਅਦ ਜੱਜ ਨੇ ਫ਼ੈਸਲੇ ਦੀ ਤਾਰੀਖ਼ ਇਕ ਹਫ਼ਤੇ 'ਤੇ ਪਾ ਦਿੱਤੀ।
ਕਰਨੈਲ ਸਿੰਘ ਅਤੇ ਉਸ ਦੇ ਸਾਥੀ ਪਿੰਡ ਚਲੇ ਗਏ ਮੁਕੰਦ ਸਿੰਘ ਨੂੰ ਹੱਥਕੜੀਆਂ ਅਤੇ ਬੇੜੀਆਂ ਸਮੇਤ ਫਿਰ ਜੇਲ੍ਹ ਭੇਜ ਦਿੱਤਾ ਗਿਆ।
ਕਿਸ਼ਤ 15
ਮੁਕੰਦ ਸਿੰਘ ਦਾ ਸਾਰਾ ਪ੍ਰੀਵਾਰ ਹੀ ਤਰਾਸ-ਤਰਾਸ ਕਰ ਰਿਹਾ ਸੀ। ਗੁਰੂ ਮਹਰਾਜ, ਅਕਾਲ ਪੁਰਖ਼ ਸੱਚੇ ਪਾਤਿਸ਼ਾਹ ਨੂੰ ਸਿਰਜ ਰਿਹਾ ਸੀ।
ਮਾਂ ਨੂੰ ਮੁਕੱਦਮਾਂ ਜਿੱਤਣ ਦੀ ਕੋਈ ਆਸ ਨਹੀਂ ਸੀ।
ਹਫ਼ਤੇ ਬਾਅਦ ਸਵੇਰੇ ਸਾਝਰੇ ਹੀ ਫ਼ੈਸਲੇ ਦੀ ਅਵਾਜ਼ ਪਈ। ਕਰਨੈਲ ਸਿੰਘ ਅਤੇ ਉਸ ਦੇ ਹਮਾਇਤੀ ਗੱਡ ਵਾਂਗ ਭਾਰੇ ਭਾਰੇ ਪੈਰ ਘੜੀਸਦੇ ਅੰਦਰ ਚਲੇ ਗਏ। ਕਰਨੈਲ ਸਿੰਘ ਦਾ ਮਨ ਡਰ ਚੁੱਕਿਆ ਸੀ। ਉਹ ਸਾਹ ਜਿਹੇ ਵਰੋਲਦੇ ਫ਼ਿਰਦੇ ਸਨ। ਠਾਣੇਦਾਰ ਉਹਨਾਂ ਨਾਲ ਗੱਲ ਨਹੀਂ ਕਰ ਰਿਹਾ ਸੀ।
ਜੱਜ ਸਾਹਿਬ ਨੇ ਫ਼ਾਈਲ ਚੁੱਕੀ ਅਤੇ ਫ਼ੈਸਲਾ ਸੁਣਾਂ ਦਿੱਤਾ।
ਮੁਕੰਦ ਸਿੰਘ ਨੂੰ ਫਾਂਸੀ ਦੀ ਸਜ਼ਾ ਹੋ ਗਈ!!
ਕਰਨੈਲ ਸਿੰਘ ਦੇ ਦਿਲ ਵਿਚ ਫ਼ੈਸਲਾ ਸੇਹ ਦੇ ਤੱਕਲੇ ਵਾਂਗ ਖੁੱਭ ਗਿਆ। "ਹੇ ਵਾਹਿਗੁਰੂ" ਉਸ ਨੇ ਹਾਉਕਾ ਭਰਿਆ। ਉਸ ਦੇ ਸਾਹ ਸੁੱਕ ਗਏ ਸਨ। ਮੁਕੰਦ ਸਿੰਘ ਦੇ ਪ੍ਰੀਵਾਰ ਦੇ ਜੀਅ ਉਸ ਦੇ ਦਿਮਾਗ ਵਿਚ ਤੂਫ਼ਾਨ ਬਣ ਕੇ ਘੁੰਣ ਲੱਗ ਪਏ।
ਮੁਕੰਦ ਸਿੰਘ ਨੂੰ ਸਿਪਾਹੀ ਪਤਾ ਨਹੀਂ ਕਿੱਧਰ ਨੂੰ ਲੈ ਗਏ?
ਕਰਨੈਲ ਸਿੰਘ ਅਤੇ ਉਸ ਦੇ ਸਾਥੀ ਮੁਕੰਦ ਸਿੰਘ ਦੇ ਘਰ ਪਹੁੰਚੇ। ਬਾਪੂ ਨੂੰ ਹੋਈ ਸਜ਼ਾ ਸੁਣ ਕੇ ਬੱਗਾ ਧਾਹਾਂ ਮਾਰਨ ਲੱਗ ਪਿਆ। ਗਿਆਨੇਂ ਨੇ ਚੀਕਾਂ ਛੱਡ ਦਿੱਤੀਆਂ। ਘਰ ਵਿਚ ਸੋਗ ਵਰ੍ਹਾ ਪਿਆ ਸੀ। ਵਸਦੇ ਰਸਦੇ ਘਰ 'ਤੇ ਅਚਾਨਕ ਕੋਏ ਕਹਿਰ ਵਰ੍ਹਿਆ ਸੀ।
ਮਾਂ ਗੁੰਮ ਸੁੰਮ ਸੀ। ਉਹ ਪੱਥਰ ਬਣੀਂ ਬੈਠੀ ਸੀ। ਨਾ ਉਹ ਰੋਂਦੀ ਸੀ ਅਤੇ ਨਾ ਹੀ ਉਸ ਦੀਆਂ ਰਗਾਂ ਵਿਚੋਂ ਧਾਹਾਂ ਨਿਕਲਦੀਆਂ ਸਨ।
ਰਾਤ ਪਈ।
ਨਾ ਹੀ ਕਿਸੇ ਨੇ ਰੋਟੀ ਪਕਾਈ ਅਤੇ ਨਾ ਹੀ ਕਿਸੇ ਨੇ ਖਾਧੀ। ਲੋਕਾਂ ਦੇ ਕਹਿਣ 'ਤੇ ਵੀ ਕਿਸੇ ਨੇ ਰੋਟੀ ਨੂੰ ਮੂੰਹ ਨਾ ਕੀਤਾ।
ਰਾਤ ਗੂਹੜੀ ਹੋ ਚੁੱਕੀ ਸੀ। ਅਚਾਨਕ ਮਾਂ ਨੂੰ ਖੰਘ ਜਿਹੀ ਛਿੜੀ। ਉਹ ਕਾਫ਼ੀ ਦੇਰ ਖੰਘਦੀ ਰਹੀ। ਜ਼ਿਆਦਾ ਖੰਘਣ ਨਾਲ ਉਸ ਦਾ ਮੂੰਹ ਲਾਲ ਹੋ ਗਿਆ ਅਤੇ ਅੱਖਾਂ ਵਿਚੋਂ ਪਾਣੀ ਪ੍ਰਨਾਲੇ ਵਾਂਗ ਚੱਲ ਰਿਹਾ ਸੀ। ਫ਼ਿਰ ਉਸ ਨੇ ਥੁੱਕਿਆ ਤਾਂ ਥੁੱਕ ਵਿਚੋਂ ਖੂਨ ਆਇਆ। ਪਰ ਹਨ੍ਹੇਰੇ ਵਿਚ ਕਿਸੇ ਨੂੰ ਪਤਾ ਨਾ ਚੱਲਿਆ। ਫ਼ਿਰ ਜੋਰ ਦੀ ਖੰਘ ਆਈ। ਸਾਹ ਹੀ ਨਾ ਮੁੜਿਆ। ਸ਼ਾਇਦ ਦੰਦਲ ਪੈ ਗਈ ਸੀ। ਚਮਚੇ ਨਾਲ ਦੰਦਲ ਭੰਨੀ ਗਈ। ਜਦੋਂ ਮਾਂ ਨੂੰ ਹੋਸ਼ ਆਇਆ ਤਾਂ ਉਹ ਗੁਆਂਢਣ ਨੂੰ ਬੋਲੀ।
-"ਕਰਮ ਕੁਰੇ, ਮੈਂ ਬਚਦੀ ਨਹੀਂ-ਇਕ ਬਚਨ ਦੇਹ... ।" ਮਾਂ ਨੂੰ ਫ਼ਿਰ ਖੰਘ ਛਿੜ ਪਈ।
-" ਹਾਂ ਹਾਂ ਬੋਲ...। ਬੋਲ ਬੋਲ...!"
-"ਮੇਰੇ ਫੁੱਲ ਵੱਡਾ ਪੁੱਤ ਗੰਗਾ ਜੀ ਪਾ ਕੇ ਆਵੇ-ਨਹੀਂ ਤਾਂ ਕਹਿੰਦੇ ਬੰਦੇ ਬੁੜ੍ਹੀ ਦੀ ਗਤੀ ਨ੍ਹੀ ਹੁੰਦੀ-ਅੰਮਾਂ ਜੀ ਮੈਂ ਐਵੇਂ ਭਟਕਦੀ ਨਾ ਫ਼ਿਰਾਂ-ਅੱਗੇ ਈ ਬਥੇਰੇ ਔਖੇ ਦਿਹਾੜ੍ਹੇ ਕੱਟੇ ਐ...।"
ਕਰਮ ਕੌਰ ਬੋਲ ਨਾ ਸਕੀ। ਉਹ 'ਹਾਂ' ਵਿਚ ਸਿਰ ਹਿਲਾਉਂਦੀ ਰੋਈ ਜਾ ਰਹੀ ਸੀ।
-"ਪੁੱਤ ਰਲ ਮਿਲ ਕੇ ਰਹਿਓ! ਰੋਣਾਂ ਨ੍ਹੀ..! ਦੇਖਿਓ ਮੇਰੀ ਜਾਂਦੀ ਵਾਰੀ ਦੀ ਅਸੀਸ ਐ-ਧਰ ਧਰ ਕੇ ਭੁੱਲੋਂਗੇ..! ਲੜਿਓ ਨਾ.. ! ਬਿੱਲੇ ਨੂੰ ਆਖਿਓ-ਮੇਰੇ ਫੁੱਲ ਗੰਗਾ ਜੀ ਪਾ ਕੇ ਆਵੇ..!
ਵਾਹਿਗੁਰੂ...ਵਾਹਿਗੁਰੂ..!" ਕਹਿੰਦੀ ਕਹਿੰਦੀ ਮਾਂ ਰੁਕ ਗਈ। ਮਾਂ ਦੇ ਸਾਹ ਪੂਰੇ ਹੋ ਚੁੱਕੇ ਸਨ। ਵਜੂਦ
ਵਿਚੋਂ ਭੌਰ ਉਡਾਰੀ ਮਾਰ ਗਿਆ ਸੀ। ਮਾਂ ਦਾ ਇਕ ਹੱਥ ਗਿਆਨੋਂ ਦੇ ਅਤੇ ਇਕ ਬੱਗੇ ਦੇ ਸਿਰ 'ਤੇ ਟਿਕਿਆ ਹੋਇਆ ਸੀ। ਉਸ ਦੀਆਂ ਖੁੱਲ੍ਹੀਆਂ ਅੱਖਾਂ ਖੜ੍ਹੀਆਂ ਸਨ । ਸ਼ਾਇਦ ਪੁੱਤ ਅਤੇ ਧੀ ਨੂੰ ਰੱਜ ਕੇ ਦੇਖਣ ਲਈ ਤਰਸਦੀਆਂ ਸਨ । ਜਾਂ ਫ਼ਿਰ ਵੱਡੇ ਪੁੱਤਰ ਬਿੱਲੇ ਨੂੰ ਲੱਭ ਰਹੀਆਂ ਸਨ।
ਕਿਸੇ ਸਿਆਣੀ ਬੁੜ੍ਹੀ ਨੇ ਅੱਖਾਂ ਬੰਦ ਕਰ ਦਿੱਤੀਆਂ।
ਬੱਗਾ ਅਤੇ ਗਿਆਨੋਂ ਮਾਂ ਦੀ ਲਾਸ਼ 'ਤੇ ਡਿੱਗੇ ਰੋ ਰਹੇ ਸਨ। ਪਿੰਡ ਦੀਆਂ ਸਿਆਣੀਆਂ ਬੁੜ੍ਹੀਆਂ ਉਹਨਾਂ ਨੂੰ ਦਿਲਾਸਾ ਦੇ ਰਹੀਆਂ ਸਨ, "ਬੱਸ ਪੁੱਤ..! ਆਪਣਾ ਉਹਦੇ ਨਾਲ ਐਨਾਂ ਕੁ ਈ ਸੀ..!"
ਕਰਨੈਲ ਸਿੰਘ ਬੱਗੇ ਕੇ ਵਿਹੜੇ ਵਿਚ ਬੈਠਾ ਧਾਹੀਂ ਰੋ ਰਿਹਾ ਸੀ।
-"ਕੁੜ੍ਹੇ ਬਿੱਲਾ ਕਿੱਥੇ ਐ..?" ਅਚਾਨਕ ਕਿਸੇ ਨੇ ਕਿਹਾ।
ਬੱਗੇ ਨੇ ਕੰਨ ਚੁੱਕੇ। ਗਿਆਨੋਂ ਦੇ ਵਗਦੇ ਹੰਝੂ ਠੱਲ੍ਹ ਗਏ। ਜਿਵੇਂ ਉਹਨਾਂ ਨੇ ਵੱਡੇ ਭਰਾ ਦਾ ਆਸਰਾ ਮਹਿਸੂਸ ਕੀਤਾ ਸੀ। ਜਿਵੇਂ ਉਹਨਾਂ ਦੇ ਸਿਰ 'ਤੇ ਅਜੇ ਵੀ ਕਿਸੇ ਸਿਆਣੇ ਦਾ ਹੱਥ ਸੀ। ਉਹਨਾਂ ਦਾ ਰੱਬ ਅਜੇ ਜਿਉਂਦਾ ਸੀ। ਵੱਡੇ ਭਾਈ ਦੇ ਹੱਥ ਕਿਸੇ ਕਿਲ੍ਹੇ ਦੀਆਂ ਕੰਧਾਂ ਸਨ । ਜਿੰਨ੍ਹਾਂ ਨੂੰ ਪਾਰ ਕਰ ਕੇ ਕੋਈ ਵੀ ਦੁੱਖ ਉਹਨਾਂ ਨੂੰ ਚਿੰਬੜ ਨਹੀਂ ਸਕਦਾ ਸੀ। ਬੱਗੇ ਨੂੰ ਕੁਝ ਹੌਂਸਲਾ ਹੋਇਆ। ਦਿਲ ਨੇ ਕੋਈ ਸਾਹਸ ਇਕੱਠਾ ਕੀਤਾ।
ਮਾਂ ਦੀ ਲਾਸ਼ ਅਹਿਲ, ਬੇਖ਼ਬਦ, ਬੇਸੁੱਧ ਅਤੇ ਬੇਫ਼ਿਕਰ ਹੋਈ ਪਈ ਸੀ । ਸੰਸਾਰਕ ਦੁੱਖੜਿਆਂ ਤੋਂ ਜ਼ਿੰਦਗੀ ਛੁਟਕਾਰਾ ਪਾ ਗਈ ਸੀ।
-"ਮੈਂ ਲਿਆਉਨੇਂ ਬਾਈ ਨੂੰ...!" ਬੱਗਾ ਉਠਿਆ।
-"ਵੇ ਬੱਗਿਆ-ਅਜੇ ਤਾਂ ਨ੍ਹੇਰਾ ਵੀ ਬਹੁਤ ਐ-ਦਿਨ ਚੜ੍ਹ ਲੈਣ ਦੇ ਪੁੱਤ..!"
-"ਕੁਛ ਨੀ ਹੁੰਦਾ..!"
ਬੱਗਾ ਚਲਿਆ ਗਿਆ।
ਉਹ ਕੱਚੇ ਰਾਹ ਸੀਤੋ ਦੇ ਪਿੰਡ ਨੂੰ ਨੰਗੇ ਪੈਰੀਂ ਭੱਜਿਆ ਜਾ ਰਿਹਾ ਸੀ। ਕੜਾਕੇਦਾਰ ਠੰਢ ਜਿਵੇਂ ਉਸ ਦੇ ਪੈਰਾਂ ਜਾਂ ਸਰੀਰ ਨੂੰ ਪੋਂਹਦੀ ਹੀ ਨਹੀਂ ਸੀ। ਭੱਜੇ ਜਾਂਦੇ ਬੱਗੇ ਦੇ ਦਿਮਾਗ ਵਿਚ ਮਾਂ ਦੀਆਂ ਕੀਤੀਆਂ ਗੱਲਾਂ, ਦਿੱਤੀਆਂ ਗਾਲਾਂ ਘੁੰਮ ਰਹੀਆਂ ਸਨ । ਜੋ ਉਸ ਨੂੰ ਮਿੱਠੀਆਂ ਮਿੱਠੀਆਂ ਅਤੇ ਪਿਆਰੀਆਂ ਪਿਆਰੀਆਂ ਲੱਗ ਰਹੀਆਂ ਸਨ। ਠੰਢੇ ਗਾਰੇ ਵਿਚੋਂ ਦੀ ਹੁੰਦਾ ਹੋਇਆ ਉਹ ਸੜਕ ਚੜ੍ਹ ਸੀਤੋ ਦੀ ਕੋਠੀ ਪਹੁੰਚ ਗਿਆ।
ਉਸ ਨੇ ਕਈ ਹਾਕਾਂ ਮਾਰੀਆਂ। ਪਰ ਕਿਸੇ ਨੇ ਉਸ ਦੀ ਹਾਕ ਦਾ ਕੋਈ ਉਤਰ ਨਾ ਦਿੱਤਾ। ਸਾਰੀ ਕੋਠੀ ਹੀ ਠੰਢ ਵਿਚ ਸੁੱਤੀ ਹੋਈ ਸੀ। ਉਸ ਨੂੰ ਕਾਂਬਾ ਲੱਗਣਾਂ ਸ਼ੁਰੂ ਹੋ ਗਿਆ। ਪੈਰ ਠਰਨ ਲੱਗ ਪਏ। ਉਸ ਦੇ ਪੈਰ ਠੰਢ ਨਾਲ ਕੋਕੜਾਂ ਹੋ ਰਹੇ ਸਨ। ਕਦੇ ਉਹ ਪੱਬਾਂ 'ਤੇ ਖੜ੍ਹਦਾ ਅਤੇ ਕਦੇ ਅੱਡੀਆਂ 'ਤੇ..! ਸਾਰੀ ਰਾਤ ਹੀ ਉਹ ਕੋਠੀ ਦੇ ਦੁਆਲੇ ਭੱਜਿਆ ਫਿਰਦਾ ਰਿਹਾ। ਉਹ ਹਾਲੋਂ ਬੇਹਾਲ ਹੋ ਚੁੱਕਾ ਸੀ। ਠੰਢ ਨਾਲ ਉਸ ਦੇ ਬੁੱਲ੍ਹ ਨੀਲੇ ਹੋ ਚੁੱਕੇ ਸਨ।
ਸਵੇਰੇ ਚਾਰ ਵਜੇ ਸੀਤੋਂ ਦੀ ਕੋਠੀ ਦਾ ਦਰਵਾਜਾ ਖੁੱਲ੍ਹਿਆ। ਬਾਹਰਲੀਆਂ ਬੱਤੀਆਂ ਜਗਣ ਕਰਕੇ ਜਿਵੇਂ ਦਿਨ ਚੜ੍ਹ ਗਿਆ ਸੀ।
ਦੈਂਤ ਵਰਗਾ ਆਦਮੀ ਬੇਸ਼ਕੀ ਦੇ ਕੱਛੇ ਅਤੇ ਬੁਨੈਣ ਸਮੇਤ ਬਾਹਰ ਨਿਕਲਿਆ। ਬੱਗਾ ਦੇਖ ਕੇ ਹੈਰਾਨ ਹੋ ਗਿਆ ਕਿ ਇਤਨੀ ਸਰਦੀ ਵਿਚ ਉਹ ਨੰਗ ਧੜੰਗਾ ਹੀ ਫ਼ਿਰਦਾ ਸੀ..? ਉਸ ਨੂੰ ਠੰਢ ਨਹੀਂ ਸੀ ਲੱਗਦੀ..?
-"ਕੌਣ ਐਂ ਤੂੰ...?" ਉਸ ਦੀਆਂ ਭਿਆਨਕ ਅੱਖਾਂ ਨੇ ਬੱਗੇ ਦੀ ਤਲਾਸ਼ੀ ਲਈ।
-"ਮੈਂ ਬਿੱਲੇ ਦਾ ਨਿੱਕਾ ਭਰਾ ' ਠਰੇ ਬੱਗੇ ਤੋਂ ਸਿਰਫ਼ ਇਤਨਾ ਹੀ ਆਖ ਹੋਇਆ। ਪਰ ਉਸ ਦੀ ਠੰਢ ਉਸ ਬੰਦੇ ਨੂੰ ਦੇਖ ਕੇ ਉਡ ਗਈ ਸੀ।
-"ਬਿੱਲੇ ਦਾ ਭਰਾ..!"
-"ਆਹੋ-ਉਹਨੂੰ ਮਿਲਣੇ..।"
-"ਤੇ ਫ਼ੇਰ ਬਾਹਰ ਖੜ੍ਹਾ ਕੀ ਕਰਦੈਂ ? ਅੰਦਰ ਆ ਜਾਹ..!" ਉਹ ਠੰਢ ਵਿਚ ਕੜਾਕਾ ਬਣੇਂ ਬੱਗੇ ਦੀ ਹਾਲਤ ਸਮਝ ਗਿਆ।
ਉਹ ਅੰਦਰ ਚਲਾ ਗਿਆ। ਉਸ ਨੇ ਬੱਗੇ ਨੂੰ ਬਰਾਂਡੀ ਵਿਚ ਗਰਮ ਪਾਣੀ ਪਾ ਕੇ ਦਿੱਤਾ। ਹੀਟਰ ਕੋਲ ਕਰਕੇ ਗਰਮੀ ਦਿੱਤੀ ਅਤੇ ਦੇ ਰਜਾਈਆਂ ਦੇ ਕੇ ਮੰਜੇ 'ਤੇ ਪਾ ਦਿੱਤਾ।
-"ਪਰ ਬਾਈ ਮੈਂ ਤਾਂ ਬੱਗੇ ਨੂੰ ਹੁਣੇਂ ਹੀ ਮਿਲਦੈਂ..!"
-"ਮਿਲਾ ਦਿੰਨੇਂ..! ਘਾਬਰਦਾ ਕਾਹਤੋਂ ਐਂ ਯਾਰ..? ਪਹਿਲਾਂ ਮਾੜਾ ਜਿਆ ਪਾਲਾ ਤਾਂ ਹਟਾ ਲੈ! ਗਰਮ ਹੋ ਗਰਮ ! ਠਾਰੀ ਐ..!"
ਉਹ ਅੰਦਰ ਚਲਾ ਗਿਆ। ਉਸ ਨੇ ਸਾਰੀ ਕੋਠੀ ਦੀਆਂ ਅੰਦਰਲੀਆਂ ਬੱਤੀਆਂ ਜਗਾਈਆਂ। ਹੁਣ ਕੋਠੀ ਦੇ ਅੰਦਰ ਵੀ ਚਾਨਣ ਹੋ ਗਿਆ। ਉਸ ਨੇ ਬਿੱਲੇ ਨੂੰ ਜਾ ਦੱਸਿਆ। ਬਿੱਲਾ ਹੈਰਾਨ ਜਿਹਾ ਹੋ ਗਿਆ। ਐਡੀ ਸਾਝਰੇ ਬੱਗਾ? ਸੁੱਖ ਹੋਵੇ ਰੱਬਾ..। ਉਹ ਘਬਰਾਇਆ ਬੱਗੇ ਕੋਲ ਆਇਆ। ਉਸ ਦਾ
ਮੱਥਾ ਠਣਕਿਆ ਸੀ। ਕੋਈ ਸੁੱਖ ਦਾ ਸੁਨੇਹਾ ਨਹੀਂ ਸੀ। ਬੱਗੇ ਦਾ ਇਤਨੀ ਹਨ੍ਹੇਰੇ ਆਉਣਾ ਸ਼ੁਭ ਨਹੀਂ ਸੀ। ਕੋਈ ਭਾਵੀ ਸੀ ਜੋ ਬੀਤ ਚੁੱਕੀ ਸੀ। ਪਰ ਬਿੱਲਾ ਇਸ ਤੋਂ ਨਾਵਾਕਿਫ਼ ਸੀ।
-"ਕਿਵੇਂ ਆਇਐਂ ਬੱਗਿਆ !" ਉਸ ਦੇ ਬੋਲਾਂ ਵਿਚ ਲਾਡ ਘੁਲ ਗਿਆ।
-"ਬਾਈ...!" ਉਸ ਤੋਂ ਬੋਲਿਆ ਨਾ ਗਿਆ। ਹੰਝੂਆਂ ਦਾ ਪਰਦਾ ਉਸ ਦੀ ਅਵਾਜ਼ ਅੱਗੇ ਤਣ ਗਿਆ।
-"ਕੀ ਹੋ ਗਿਆ? ਬੋਲ ਤਾਂ ਸਹੀ ਨਿੱਕਿਆ-ਰੋਣ ਕਾਹਤੋਂ ਲੱਗ ਪਿਐਂ..?
-"ਬਾਈ...! ਆਪਣੀ ਬੇਬੇ ਮਰਗੀ !" ਨਾਲ ਹੀ ਬੱਗੇ ਦੀ ਲੇਰ ਨਿਕਲ ਗਈ।
-"ਕਿਵੇਂ..?" ਬਿੱਲੇ ਦੇ ਦਿਮਾਗ ਵਿਚ ਬਿਜਲੀ ਕੜਕੀ। ਮਨਹੂਸ ਖ਼ਬਰ ਨਾਲ ਸਾਰਾ ਸਰੀਰ ਜਰਖਲਿਆ ਗਿਆ ਸੀ। ਕੰਨਾਂ ਵਿਚ ਬੱਦਲ ਜਿਹਾ ਗੱਜਿਆ ਸੀ। ਕਿਸੇ ਬੇਤਰਸ ਬਿਜਲੀ ਨੇ ਉਸ ਦੇ ਦਿਲ ਦਾ ਬਾਗ ਸਾੜ ਕੇ ਰਾਖ਼ ਕਰ ਦਿੱਤਾ ਸੀ।
ਰੋਂਦੇ ਬੱਗੇ ਨੇ ਸਾਰੀ ਦੁੱਖ ਭਰੀ ਕਹਾਣੀ ਬਿੱਲੇ ਅੱਗੇ ਰੱਖ ਦਿੱਤੀ। ਬਿੱਲੇ ਦੀਆਂ ਅੱਖਾਂ ਵਿਚੋਂ ਪਾਣੀ ਝਰਨੇਂ ਵਾਂਗ ਵਹਿ ਤੁਰਿਆ ਸੀ। ਦਿਲ ਅੰਦਰ ਕੋਈ ਪਛਤਾਵਾ ਹਿੱਲਿਆ ਸੀ।
ਉਹਨਾਂ ਜੀਪ ਲਈ ਅਤੇ ਸਿੱਧੇ ਪਿੰਡ ਪਹੁੰਚੇ। ਰਿਸ਼ਤੇਦਾਰਾਂ ਨੂੰ ਖ਼ਬਰਾਂ ਕੀਤੀਆਂ ਗਈਆਂ। ਨਾਲ਼ੇ ਰਿਸ਼ਤੇਦਾਰ ਸੀ ਵੀ ਕਿੰਨ੍ਹੇ ਕੁ? ਗ਼ਰੀਬ ਦਾ ਰਿਸ਼ਤੇਦਾਰ ਹੁੰਦਾ ਵੀ ਕੌਣ ਐਂ? ਪਰ ਫ਼ਿਰ ਵੀ ਨੇੜ ਦੇ ਰਿਸ਼ਤੇਦਾਰ ਪਹੁੰਚਣੇਂ ਸ਼ੁਰੂ ਹੋ ਗਏ।
ਕਰਨੈਲ ਸਿੰਘ ਮੁਕੰਦ ਸਿੰਘ ਦੀ ਲਾਸ਼ ਲੈ ਕੇ ਪਹੁੰਚ ਗਿਆ। ਲਾਸ਼ਾਂ ਨੂੰ ਇਸ਼ਨਾਨ ਕਰਵਾਇਆ ਗਿਆ। ਅਰਥੀਆਂ ਸ਼ਮਸ਼ਾਨ ਭੂਮੀ ਵਿਚ ਲਿਆਂਦੀਆਂ ਗਈਆਂ। ਮਾਂ ਅਤੇ ਬਾਪੂ ਦੀਆਂ ਚਿਤਾਵਾਂ ਬਰਾਬਰ ਬਰਾਬਰ ਬਣਾਈਆਂ ਗਈਆਂ। ਅੰਤਿਮ ਵਿਦਾਈ ਦੇਣ ਲਈ ਪਿੰਡ ਦੇ ਅਨੇਕਾਂ ਲੋਕ ਅਰਥੀਆਂ ਮਗਰ ਆਏ ਸਨ। ਸੀਤੋ ਹਿਮਾਚਲ ਪ੍ਰਦੇਸ ਵੱਲ ਨੂੰ ਗਿਆ ਹੋਇਆ ਸੀ। ਜਿਸ ਕਰਕੇ ਉਹ ਪਹੁੰਚ ਨਾ ਸਕਿਆ। ਇਕ ਚਿਤਾ ਨੂੰ ਬੱਗੇ ਨੇ ਅਤੇ ਇਕ ਨੂੰ ਬਿੱਲੇ ਨੇ ਦਾਗ ਦਿੱਤਾ, ਅੱਗ ਦਿਖਾਈ। ਬੇਸਬਰੀ ਅੱਗ ਪਲ ਵਿਚ ਭਾਂਬੜ ਬਣ ਗਈ। ਲਾਟਾਂ ਅਸਮਾਨ ਨੂੰ ਛੂਹਣ ਲੱਗ ਪਈਆਂ। ਬੱਗਾ, ਬਿੱਲਾ ਅਤੇ ਗਿਆਨੋਂ ਧਾਹਾਂ ਮਾਰ ਕੇ ਰੋ ਰਹੇ ਸਨ। ਪਰ ਮਾਂ ਅਤੇ ਬਾਪੂ ਉਹਨਾਂ ਵੱਲ ਮੁੜ ਕੇ ਨਹੀਂ ਦੇਖ ਰਹੇ ਸਨ। ਜੋ ਮਾਂ ਬੱਚਿਆਂ ਦੇ ਉਤਰੇ ਮੂੰਹ ਤੋਂ ਹੀ ਕੁਰਬਾਨ ਜਾਣ ਲਈ ਤਿਆਰ ਹੋ ਜਾਂਦੀ ਸੀ, ਉਹ ਅੱਜ ਰੋਂਦਿਆਂ ਨੂੰ ਵੀ ਵਿਰਾ ਤੱਕ ਨਹੀਂ ਰਹੀ ਸੀ। ਮਾਂ ਅਤੇ ਬਾਪੂ ਪਤਾ ਨਹੀਂ ਕਿੱਧਰ ਅਲੋਪ ਹੋ ਗਏ ਸਨ । ਸਾਰੀ ਜ਼ਿੰਦਗੀ 'ਮੇਰੀ-ਮੇਰੀ ਕਰਨ ਵਾਲੀ ਦੇਹ ਅੱਜ ਮਿੰਟਾਂ ਵਿਚ ਸਾਰੇ ਸੰਸਾਰ ਨੂੰ ਤਿਆਗ ਗਈ ਸੀ। ਸਾਰਾ ਕੁਝ ਇੱਥੇ ਹੀ ਧਰਿਆ ਧਰਾਇਆ ਰਹਿ ਗਿਆ ਸੀ। ਪੈਰ ਪੈਰ 'ਤੇ ਬੱਚਿਆਂ ਨੂੰ ਨਸੀਹਤਾਂ ਦੇਣ ਵਾਲਾ ਸਰੀਰ ਅੱਜ ਉਹਨਾਂ ਨੂੰ ਇਕੱਲਿਆਂ ਛੱਡ, ਬੇਫ਼ਿਕਰ ਹੋ ਕੇ
ਜਹਾਨੋਂ ਕੂਚ ਕਰ ਗਿਆ ਸੀ। ਇਹ ਸਿਰਫ਼ ਇਨਸਾਨ ਦੇ ਮਨ ਦਾ ਭਰਮ ਹੈ ਕਿ ਮੇਰੇ ਪਿੱਛੋਂ ਤੁਹਾਡਾ ਕੀ ਬਣੂੰ? ਕੁਦਰਤ ਦੇ ਸਮੇਂ ਦਾ ਪਹੀਆ ਨਿਰੋਲ ਆਪਣੇ ਨਿਸ਼ਾਨੇ ਅਨੁਸਾਰ ਗਿੜਦਾ ਹੀ ਰਹਿਣਾ ਹੈ। ਇਹ ਕਿਸੇ ਜਗਿਆਸੂ ਦਾ ਚਲਾਇਆ ਨਹੀਂ ਚੱਲਦਾ। ਲਾ ਕੀੜੀ ਤੋਂ ਲੈ ਕੇ ਬ੍ਰਹਮਾਂ ਤੱਕ ਉਸੇ ਅਕਾਲ ਪੁਰਖ ਦੀ ਹੀ ਸਰਪ੍ਰਸਤੀ ਤੁਰੀ ਜਾ ਰਹੀ ਹੈ।
ਗੁਰਦੁਆਰਾ ਸਾਹਿਬ ਪਹੁੰਚ ਕੇ ਹਰ ਇਕ ਨੇ ਰੂਹਾਂ ਦੀ ਸ਼ਾਂਤੀ ਲਈ ਬੇਨਤੀ ਕੀਤੀ ਸੀ। ਜਦ ਸਾਰੇ ਗੁਰਦੁਆਰਾ ਸਾਹਿਬ ਚੋਂ ਬਾਹਰ ਨਿਕਲੇ ਤਾਂ ਇਕ ਪਾਸਿਓ ਸਪੀਕਰ 'ਚੋਂ ਅਵਾਜ ਆ ਰਹੀ ਸੀ:
ਆਪੇ ਦੇਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ।।
ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨ ਆਇਆ।।
ਬਿੱਲੇ ਅੰਦਰਲਾ ਹੜ੍ਹ ਹਿੱਲ ਪਿਆ।
-''ਹੇ ਸੱਚੇ ਪਾਤਿਸ਼ਾਹ । ਓਹ ਮੇਰੇ ਮਿਹਰਾਂ ਦੇ ਸਾਈ! ਪੱਥਰਾਂ ਚ ਕੀੜਿਆਂ ਨੂੰ ਐਨ ਦੇਣ ਵਾਲਿਆ ਮੇਰਿਆ ਦਾਤਿਆ! ਐਡੇ ਐਡੇ ਕਹਿਰ? ਇੱਕ ਵਾਰ ਦੋ ਦੋ ਮੋਤਾਂ? ਉਹ ਵੀ ਬੇਕਸੂਰ...! ਮੇਰਿਆ ਸਤਿਗੁਰਾ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨ ਆਇਆ....!
-ਅਕਾਲ ਪੁਰਖ ਦੀ ਰਜ਼ਾ ਵਿਚ ਰਾਜੀ ਰਹਿ ਸ਼ੇਰਾ। ਉਸ ਦਾ ਭਾਣਾ ਮਿੱਠਾ ਕਰ ਕੇ ਮੰਨ। ਉਸ ਤੋਂ ਬੇਮੁੱਖ ਹੋ ਕੇ ਅਸੀਂ ਭੱਜ ਵੀ ਕਿਧਰ ਸਕਦੇ ਐਂ..? ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ 'ਤੇ ਬੈਠਿਆ ਪੁਕਾਰਿਆ ਸੀ ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕ ਮਾਰੀ।। ਗਰੰਥੀ ਸਿੰਘ ਨੇ ਬਿੱਲੇ ਨੂੰ ਧਰਵਾਸ ਦਿੱਤਾ।
ਬਿੱਲੇ ਦੇ ਮਨ ਨੇ ਕੁਝ ਹੌਸਲਾ ਫੜਿਆ।
-"ਧੰਨ ਐਂ ਸੱਚੇ ਪਾਤਿਸ਼ਾਹ ਤੇਰੀ ਕਮਾਈ !'
-ਤੇਰਾਂ ਤੇਰਾਂ ਤੋਲਣ ਵਾਲਾ ਬਾਬਾ ਨਾਨਕ ਸਭ ਦਾ ਭਲਾ ਹੀ ਸੋਚਦੇ ਸ਼ੇਰਾ... ਦਸਮੇਸ਼ ਪਿਤਾ 'ਤੇ ਜਦੋਂ ਭਾਣਾ ਵਰਤਿਆ-ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ-ਮਾਤਾ ਗੁਜਰੀ ਜੀ ਸ਼ਹੀਦ ਹੋ ਗਏ-ਨਾਲ ਦੇ ਸਿੰਘ ਸ਼ਹੀਦ ਹੋ ਗਏ-ਫਿਰ ਵੀ ਚਿਹਰੇ 'ਤੇ ਉਦਾਸੀ ਨਹੀਂ ਆਈ-ਅਕਾਲ ਪੁਰਖ ਦਾ ਕਰਜ ਉਤਾਰ ਕੇ ਆਪਣੇ ਆਪ ਨੂੰ ਸੁਰਖ਼ਰੂ ਹੋਇਆ ਕਿਹਾ । ਜਦ ਮਾਤਾ ਨੇ ਆਪਣੇ ਚਾਰ ਲਾਲਾ ਬਾਰੇ
ਪੁੱਛਿਆ ਤਾਂ ਗੁਰੂ ਸਾਹਿਬ ਨੇ ਬੜੇ ਹੌਂਸਲੇ ਨਾਲ ਕਿਹਾ: ਇਨ ਪੁਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ - ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ..! ਤੂੰ ਗੁਰਾਂ ਦਾ ਜਿਗਰਾ ਦੇਖ ਸ਼ੇਰਾ..!"
-"ਬਾਬਾ ਉਹ ਤਾਂ ਸਮਰੱਥ ਗੁਰੂ ਸੀ-ਪਰ ਅਸੀਂ ਤਾਂ ਕਲਜੁਗੀ ਕੀੜੇ ਹਾਂ..!"
-"ਏਸੇ ਲਈ ਤਾਂ ਸ਼ਰਾ ਅਸੀਂ ਮਾੜੀ ਮਾੜੀ ਗੱਲ ਤੋਂ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਆਂ-ਤੂੰ ਸੱਚੇ ਪਾਤਿਸ਼ਾਹ ਦਾ ਭਾਣਾਂ ਮਿੱਠਾ ਕਰਕੇ ਮੰਨ-ਉਸ ਦਾ ਸ਼ੁਕਰੀਆ ਅਦਾ ਕਰ! ਦੇਖ ਤੇਰੇ ਮਨ ਨੂੰ ਕਿਵੇਂ ਸਕੂਨ ਮਿਲਦੈ। ਵਾਹਿਗੁਰੂ ਵਾਹਿਗੁਰੂ ਕਰ ਕੇ ਦੇਖ-ਰੂਹ ਨੂੰ ਕਿਵੇਂ ਸ਼ਾਂਤੀ ਮਿਲਦੀ ਐ-ਉਹ ਸਭ ਕੁਝ ਆਪੇ ਕਰ ਅਤੇ ਕਰਾ ਰਿਹਾ ਹੈ-ਕਿਸੇ ਨੂੰ ਕੋਈ ਦੋਸ਼ ਨਾ ਦੇਹ! ਜੋ ਕਰਦੈ ਠੀਕ ਹੀ ਕਰਦੈ..!
ਕਿਣਕੇ ਕਿਣਕੇ ਵਿਚ ਉਹ ਆਪ ਵਸਿਆ ਹੋਇਆ ਹੈ: ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ।। ਜਾਹ ਮੇਰਾ ਸ਼ੇਰ ਘਰ ਜਾਹ..! ਵਾਹਿਗੁਰੂ ਭਲੀ ਕਰੇਗਾ.. " ਗਰੰਥੀ ਸਾਹਿਬਾਨ ਨੇ ਉਸ ਦੀ ਪਿੱਠ ਥਾਪੜੀ। ਬਿੱਲੇ ਦੇ ਸਰੀਰ ਵਿਚ ਜਿਵੇਂ ਨਵੇਂ ਅਤੇ ਨਰੋਏ ਖੂਨ ਦਾ ਸੰਚਾਰ ਹੋ ਗਿਆ ਸੀ।
ਮਹੀਨਾਂ ਭਰ ਅਫ਼ਸੋਸ ਚੱਲਦਾ ਰਿਹਾ। ਰਿਸ਼ਤੇਦਾਰ, ਯਾਰ ਮਿੱਤਰ ਆਉਂਦੇ ਅਤੇ ਅਫ਼ਸੋਸ ਕਰ ਕੇ ਮੁੜ ਜਾਂਦੇ । ਕਰਨੈਲ ਸਿੰਘ ਆਉਂਦਾ ਤਾਂ ਬਿੱਲੇ ਨੂੰ ਚੇਹ ਚੜ੍ਹ ਜਾਂਦੀ। ਪਰ ਉਹ ਬੋਲਦਾ ਕੁਝ ਨਹੀਂ ਸੀ। ਮੌਕਾ ਕਸੂਤਾ ਸੀ। ਮਾਂ ਅਤੇ ਬਾਪੂ ਦੇ ਫੁੱਲ ਬੱਗਾ ਅਤੇ ਬਿੱਲਾ ਗੰਗਾ ਜੀ ਪਾ ਆਏ ਸਨ। ਦੋ ਆਖੰਡ ਪਾਠ ਪ੍ਰਕਾਸ਼ ਕਰਵਾ ਕੇ ਭੋਗ ਪਾ ਦਿੱਤੇ ਗਏ ਸਨ।
-"ਕਾਕਾ-ਮੈਨੂੰ ਤੁਹਾਡੇ ਨਾਲ ਬਹੁਤ ਹਮਦਰਦੀ ਐ..।" ਇਕ ਦਿਨ ਕਰਨੈਲ ਸਿੰਘ ਬਿੱਲੇ ਨੂੰ ਕਹਿ ਬੈਠਾ।
-"ਹਮਦਰਦੀ ਬੜੀ ਦੇਰ ਬਾਅਦ ਚੇਤੇ ਆਈ ਸਰਦਾਰ ਜੀ..!" ਬਿੱਲੇ ਨੇ ਬੜੀ ਧੀਰਜ ਤੋਂ ਕੰਮ ਲਿਆ।
-"ਮੁਕੰਦ ਸਿੰਘ ਮੇਰਾ ਕਾਮਾਂ ਨਹੀਂ, ਯਾਰ ਸੀ..!"
-"ਫੇਰ ਉਹਨੇ ਤਾਂ ਯਾਰੀ ਪੂਰ ਦਿੱਤੀ-ਤੇ ਤੁਸੀਂ ਯਾਰ ਮਾਰ ਕਰਕੇ ਦਿਖਾ ਦਿੱਤੀ !'
-"ਮੈਨੂੰ ਉਮੀਦ ਨਹੀਂ ਸੀ ਕਿ ਉਹ ਫ਼ਾਂਸੀ ਚੜ੍ਹ ਜਾਵੇਗਾ।"
-"ਹਾਂ, ਥੋਨੂੰ ਕਾਹਨੂੰ ਉਮੀਦ ਸੀ..! ਜੇ ਤੁਹਾਨੂੰ ਫ਼ਾਂਸੀ ਲੱਗਣ ਦੀ ਨਹੀਂ ਉਮੀਦ ਸੀ ਤਾਂ ਕਰ ਦਿੰਦੇ ਆਪਣੇ ਪੁੱਤ ਨੂੰ ਅੱਗੇ-ਤੇ ਪੁਆ ਦਿੰਦੇ ਉਹਦੇ ਦਿਰ ਕੇਸ..! ਪਰ ਨਹੀਂ, ਤੁਹਾਨੂੰ ਅਮੀਰਾਂ ਨੂੰ ਤਾਂ ਗਰੀਬ ਮਾਰ ਕਰਕੇ ਈ ਖ਼ੁਸ਼ੀ ਹੁੰਦੀ ਐ-ਗਰੀਬਾਂ ਦਾ ਲਹੂ ਪੀ ਕੇ ਤਾਂ ਤੁਸੀਂ ਡਕਾਰ ਵੀ ਨ੍ਹੀ ਮਾਰਦੇ...!"
-"ਨਹੀਂ ਪੁੱਤਰ..! ਮੈਨੂੰ ਦਰਸ਼ਣ ਨਾਲ ਕੋਈ ਹਮਦਰਦੀ ਨਹੀਂ ਸੀ-ਮੈਨੂੰ ਤਾਂ ਬਿਗਾਨੀ ਧੀ ਨਾਲ ਹਮਦਰਦੀ ਸੀ-ਸਿਰਫ਼ ਬਲੌਰ ਸਿੰਘ ਦੀ ਧੀ ਨਾਲ !' ਕਰਨੈਲ ਸਿੰਘ ਦੀਆਂ ਅੱਖਾਂ ਨੱਕੋ ਨੱਕ ਭਰ ਆਈਆਂ।
ਬਿੱਲੇ ਦੀਆਂ ਅੱਖਾਂ ਅੱਗੇ ਪ੍ਰੀਤੀ ਦਾ ਚਿਹਰਾ ਪ੍ਰਤੱਖ ਤਣ ਕੇ ਖੜ੍ਹ ਗਿਆ। ਹਮਦਰਦੀ ਤਾਂ ਬਿੱਲੇ ਨੂੰ ਵੀ ਪ੍ਰੀਤੀ ਨਾਲ ਸੀ। ਪ੍ਰੀਤੀ ਵੀ ਤਾਂ ਬਿੱਲੇ ਦੇ ਕਹੇ ਕੁਰਬਾਨ ਹੋਈ ਸੀ। ਉਸ ਦੇ ਬੋਲਾਂ 'ਤੇ ਫੁੱਲ ਚੜ੍ਹਾਏ ਸਨ। ਆਪਣਾ ਪਿਆਰ ਕਤਲ ਕਰਕੇ ਦਰਸ਼ਣ ਨਾਲ ਸ਼ਾਦੀ ਕੀਤੀ ਸੀ। ਪਰ ਬਿੱਲੇ ਦੇ ਮਾਪੇ ਵੀ ਕੁਰਬਾਨ ਹੋ ਗਏ ਸਨ। ਪਤਾ ਨਹੀਂ ਕਿਹੜੇ ਜਨਮਾਂ ਦੇ ਲੈਣ ਦੇਣ ਦੇ ਸਬੰਧ ਸਨ ?
-'ਪ੍ਰੀਤੀਏ..! ਹੁਣ ਮੇਰੇ ਕੋਲ ਤੇਰੀ ਖਾਤਰ ਕੁਰਬਾਨ ਕਰਨ ਲਈ ਕੁਛ ਨਹੀਂ । ਬੱਸ ਸਿਰਫ਼ ਬਿੱਲੇ ਦੀ ਜਾਨ ਬਚੀ ਐ-ਉਹ ਜਦੋਂ ਮਰਜ਼ੀ ਹੋਈ-ਲੈ ਲਵੀਂ! ਹਾਜਰ ਐ..!"
-"ਪੁੱਤਰ..! ਮੈਂ ਥੋਨੂੰ ਆਪਣੀ ਅੱਧੀ ਜ਼ਮੀਨ ਦੇਣ ਲਈ ਤਿਆਰ ਹਾਂ.!" ਕਰਨੈਲ ਸਿੰਘ ਨੇ ਕਿਹਾ।
-"ਸ਼ੁਕਰੀਆ ਸਰਦਾਰ ਜੀ..! ਤੁਹਾਡੀ ਜ਼ਮੀਨ ਤੁਹਾਨੂੰ ਹੀ ਮੁਬਾਰਕ। ਮੈਂ ਤੁਹਾਡੀ ਜ਼ਮੀਨ ਲੈ ਕੇ ਆਪਣੇ ਮਾਂ ਬਾਪ ਦੀਆਂ ਕਬਰਾਂ 'ਤੇ ਮੰਜਾ ਨਹੀਂ ਡਾਹੁੰਣਾ ਚਾਹੁੰਦਾ! ਇਹ ਜ਼ਮੀਨ ਤੁਸੀਂ ਦਰਸ਼ਣ ਤੇ ਆਪਣੀ ਨੂੰਹ ਵਾਸਤੇ ਹੀ ਰਹਿਣ ਦਿਓ। ਬਹੁਤ ਬਹੁਤ ਮਿਹਰਬਾਨੀ.! ਜੋ ਕੁਛ ਰੱਬ ਨੇ ਦਿੱਤੇ- ਓਸੇ ਵਿਚ ਈ ਬਾਗੋ ਬਾਗ ਐਂ ਸਰਦਾਰ ਜੀ..!"
ਬਿੱਲਾ ਉਠ ਕੇ ਚਲਾ ਗਿਆ।
ਕਰਨੈਲ ਸਿੰਘ ਬਿੱਲੇ ਦੇ ਦਰਦ ਨੂੰ ਸਮਝਦਾ ਸੀ। ਪਰ ਕਰ ਕੁਝ ਨਹੀਂ ਸਕਦਾ ਸੀ। ਪਰ ਇਤਨਾ ਜ਼ਰੂਰ ਸੀ ਕਿ ਚੜ੍ਹਦੀ ਉਮਰ ਵਿਚ ਘਾਤਕ ਘਾਉ ਲੱਗਿਆ ਖ਼ਤਰਨਾਕ ਸਾਬਤ ਹੋ ਸਕਦਾ ਸੀ।
ਕਿਸ਼ਤ 16
ਦੋ ਕੁ ਮਹੀਨੇ ਬੀਤੇ !
ਮਾਂ ਅਤੇ ਬਾਪੂ ਭੁੱਲ ਵਿਸਰੀ ਜਿਹੀ ਯਾਦ ਬਣ ਗਏ ਸਨ। ਬਿੱਲੇ ਨੇ ਆਪਣੇ ਪਿੰਡ ਪੱਕੀਮ ਕੋਠੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਇਹ ਕੋਠੀ ਉਸ ਨੇ ਬੱਗੇ ਦੇ ਨਾਂ 'ਤੇ ਬਣਾਉਣੀ ਸ਼ੁਰੂ ਕਰਵਾ ਦਿੱਤੀ ਸੀ। ਰਾਜ ਅਤੇ ਮਜਦੂਰ ਜ਼ਿਆਦਾ ਹੋਣ ਕਰਕੇ ਕੋਠੀ ਅਗਲੇ ਮਹੀਨੇ ਹੀ ਤਿਆਰ ਹੋ ਜਾਣੀ ਸੀ। ਘਰ ਦਾ ਮਾਹੌਲ ਬਦਲ ਗਿਆ ਸੀ। ਬਿੱਲਾ ਸੋਚਦਾ ਕਿ ਕਾਸ਼, ਅੱਜ ਮੇਰੀ ਮਾਂ ਜਿਉਂਦੀ ਹੁੰਦੀ। ਉਸ ਦੀਆਂ ਅਸੀਸਾਂ ਹੀ ਸਾਰੇ ਟੱਬਰ ਨੂੰ ਤਾਰ ਗਈਆਂ ਸਨ। ਲੋਕ ਮੂੰਹ ਜੋੜ ਜੋੜ ਗੱਲਾਂ ਕਰਦੇ। ਪਰ ਕਿਸੇ ਨੂੰ ਕੋਈ ਸਮਝ ਨਹੀਂ ਪੈਂਦੀ ਸੀ। ਜੇ ਕੋਈ ਬਿੱਲੇ ਨੂੰ ਪੁੱਛਦਾ ਤਾਂ ਉਹ ਹੱਸ ਕੇ ਹੀ ਆਖ ਛੱਡਦਾ, "ਮੈਂ ਤਾਂ ਬਾਈ ਸੀਤੋ ਦਾ ਡਰਾਈਵਰ ਐਂ..!" ਪਰ ਲੋਕ ਜ਼ਿਆਦਾ ਪੁੱਛਣ ਦਾ ਹੀਆਂ ਨਾ ਕਰਦੇ।
ਅਚਾਨਕ ਸੀਤ ਬਿਮਾਰ ਪੈ ਗਿਆ। ਭਾਵੇਂ ਸੀਤੋ ਦੀ ਬਹੁਤੀ ਉਮਰ ਨਹੀਂ ਸੀ। ਪਰ ਦਿਨ ਰਾਤ ਦੀ ਸ਼ਰਾਬ ਨੇ ਉਸ ਦੇ ਦੋਵੇਂ ਗੁਰਦੇ ਘੁਣ ਵਾਂਗ ਖਾ ਲਏ ਸਨ। ਸ਼ਰਾਬ ਨੇ ਉਸ ਦੇ ਸਰੀਰ ਨੂੰ 'ਚਰ ਲਿਆ ਸੀ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਸ ਦੀ ਹਾਲਤ ਕਾਫ਼ੀ ਨਾਜ਼ਕ ਸੀ। ਡਾਕਟਰ ਕਾਫ਼ੀ ਫ਼ਿਕਰਮੰਦ ਨਜ਼ਰ ਆ ਰਹੇ ਸਨ। ਉਸ ਦੀ ਜਾਨ ਨੂੰ ਹਰ ਵਕਤ ਖ਼ਤਰਾ ਸੀ। ਬਿਮਾਰੀ ਨੇ ਅਚਾਨਕ ਹੀ ਹਮਲਾ ਕੀਤਾ ਸੀ।
ਬਿੱਲਾ ਹਸਪਤਾਲ ਪਹੁੰਚਿਆ।
ਉਸ ਨੂੰ ਸੀਤੋ ਦੀ ਤਕਲੀਫ਼ ਦਾ ਪਤਾ ਚੱਲਿਆ।
-"ਗੁਰਦਾ ਤਾਂ ਕੀ, ਬਾਈ ਸੀਤੋ ਵਾਸਤੇ ਮੇਰੀ ਜਾਨ ਵੀ ਹਾਜਰ ਐ..।" ਬਿੱਲੇ ਨੇ ਕਿਹਾ।
ਸੀਤੋ ਨੇ ਹੈਰਾਨੀ ਨਾਲ ਬਿੱਲੇ ਵੱਲ ਤੱਕਿਆ।
ਬਿੱਲਾ ਉਸ ਨੂੰ ਆਪਣਾ ਦੋਸਤ ਜਾਂ ਕਾਮਾਂ ਨਹੀਂ, ਇਕ ਭਰਾ ਨਜ਼ਰ ਆਇਆ।
ਬਿੱਲੇ ਦਾ ਆਪ੍ਰੇਸ਼ਨ ਕਰ ਕੇ ਇਕ ਗੁਰਦਾ ਕੱਢਿਆ ਗਿਆ। ਗੁਲੂਕੋਜ਼ ਲਾ ਕੇ ਉਸ ਨੂੰ ਆਪ੍ਰੇਸ਼ਨ ਥੀਏਟਰ ਤੋਂ ਬਾਹਰ ਲਿਆਂਦਾ ਗਿਆ। ਉਹ ਬੇਹੋਸ਼ ਸੀ। ਸੀਤੋ ਨੂੰ ਆਪ੍ਰੇਸ਼ਨ ਥੀਏਟਰ ਵਿਚ ਲਿਆ ਕੇ ਗੁਰਦਾ ਪਾਇਆ ਗਿਆ।
ਕੁਝ ਦਿਨਾਂ ਵਿਚ ਹੀ ਦੋਨੋਂ ਘੋੜੇ ਵਰਗੇ ਹੋ ਗਏ।
ਕੋਠੀ ਤਿਆਰ ਹੋ ਚੁੱਕੀ ਸੀ। ਸਿਰਫ਼ ਬਾਹਰੋਂ ਪਲੱਸਤਰ ਕਰਨ ਵਾਲਾ ਹੀ ਰਹਿੰਦਾ ਸੀ। ਬਿੱਲੇ ਦੇ ਸਿਰ 'ਤੇ ਬੱਗਾ ਪੈਸੇ ਵਿਚ ਖੇਡਣ ਲੱਗ ਪਿਆ ਸੀ। ਗਿਆਨੋਂ ਭਾਂਤ ਭਾਂਤ ਦੇ ਕੱਪੜੇ ਪਾਉਂਦੀ। ਹੁਣ ਉਹ ਜੁਆਨੀ ਭਰੀ ਸੁਰਾਹੀ ਬਣ ਚੁੱਕੀ ਸੀ। ਕਿਰੇ ਖ਼ਰਬੂਜੇ ਵਰਗੀਆਂ ਛਾਤੀਆਂ ਗਿੱਧਾ ਪਾਉਂਦੀਆਂ ਥਰਕਦੀਆਂ ਸਨ। ਚੜ੍ਹੀ ਜੁਆਨੀ ਕੂਕਾਂ ਮਾਰਦੀ ਸੀ । ਕੂਕਾਂ ਤੋਂ ਦੁਹਾਈ ਬਣਨ ਵਿਚ ਬਹੁਤੀ ਦੇਰ
ਅਚਾਨਕ ਇਕ ਦਿਨ ਸੀਤੋ ਦੇ ਗੁਰਦੇ ਵਿਚ ਦਰਦ ਸ਼ੁਰੂ ਹੋ ਗਿਆ। ਡਾਕਟਰਾਂ ਨੇ ਉਸ ਨੂੰ ਸ਼ਰਾਬ ਤੋਂ ਸਖ਼ਤ ਮਨਾਹੀ ਕੀਤੀ ਹੋਈ ਸੀ। ਪਰ ਉਹ ਸ਼ਰਾਬ ਦਾ ਆਦੀ ਹੋਣ ਕਰਕੇ ਸ਼ਰਾਬ ਨਹੀਂ ਛੱਡ ਸਕਿਆ ਸੀ। ਉਸ ਦੀ ਹਾਲਤ ਕਾਫ਼ੀ ਕਮਜ਼ੋਰ ਹੋ ਚੁੱਕੀ ਸੀ। ਚਿਹਰੇ 'ਤੇ ਝਲਕਦਾ ਰੋਹਬ ਪਤਾ ਨਹੀਂ ਕਿੱਧਰ ਉਡਾਰੀ ਮਾਰ ਗਿਆ ਸੀ। ਜਬਾੜੇ ਵਿਚ ਨੂੰ ਵੜ ਗਏ ਸਨ । ਅੱਖਾਂ ਅੰਦਰ ਨੂੰ ਧਸ ਗਈਆਂ ਸਨ। ਦਰਦ ਨਾਲ ਉਸ ਦੀ ਜਾਨ ਨਿਕਲਦੀ ਸੀ। ਪੀੜ ਨਾਲ ਉਹ ਕਰਾਹ ਰਿਹਾ ਸੀ। ਬਿੱਲਾ ਉਸ ਨੂੰ ਜੀਪ ਵਿਚ ਪਾ ਕੇ ਹਸਪਤਾਲ ਲੈ ਗਿਆ। ਉਹ ਕੁਝ ਦਿਨ ਹਸਪਤਾਲ ਰਿਹਾ। ਡਾਕਟਰਾਂ ਨੇ ਦੁਆਈਆਂ ਦਿੱਤੀਆਂ। ਟੀਕੇ ਲਾਏ। ਜਿਤਨਾ ਚਿਰ ਦੁਆਈ ਦਾ ਅਸਰ ਰਹਿੰਦਾ, ਉਤਨਾ ਚਿਰ ਕੁਝ ਅਰਾਮ ਰਹਿੰਦਾ, ਨਹੀਂ ਤਾਂ ਦਰਦ ਫ਼ਿਰ ਸ਼ੁਰੂ ਹੋ ਜਾਂਦਾ ਅਤੇ ਸੀਤੋ ਫੱਟੜ ਸੱਪ ਵਾਂਗ ਮੇਹਲਣ ਲੱਗ ਪੈਂਦਾ। ਲੋਕ ਆਖਦੇ ਸਨ ਕਿ ਉਸ ਨੂੰ ਬਿਗਾਨਾ ਗੁਰਦਾ ਫਿੱਟ ਨਹੀਂ ਬੈਠਿਆ ਸੀ !
ਇਕ ਦਿਨ ਸੀਤੋ ਨੇ ਬਿੱਲੇ ਨੂੰ ਆਪਣੇ ਕੋਲ ਬੁਲਾਇਆ।
ਬਿੱਲਾ ਝੱਟ ਹਾਜ਼ਰ ਹੋ ਗਿਆ।
-"ਬਿੱਲਿਆ-ਤੂੰ ਮੇਰਾ ਦੋਸਤ ਨਹੀਂ, ਭਰਾ ਐਂ..!'
-"ਕੋਈ ਸ਼ੱਕ ਨਹੀਂ..!"
-"ਪਰ ਤੇਰਾ ਬਾਈ ਬਹੁਤਾ ਚਿਰ ਬਚਦਾ ਨਹੀਂ-ਅੱਜ ਕੱਲ੍ਹ 'ਚ ਭੋਰ ਉਡੂਗਾ।'
ਬਿੱਲੇ ਨੇ ਉਸ ਨੂੰ ਜੱਫ਼ੀ ਪਾ ਲਈ।
-"ਢਿੱਲੀ ਜੀ ਗੱਲ ਨਾ ਕਰ ਯਾਰ..!" ਬਿੱਲੇ ਨੇ ਉਸ ਦੀ ਗੱਲ 'ਤੇ ਲਾਹਣਤ ਪਾਈ। ਉਸ ਨੇ ਪਹਿਲੀ ਵਾਰ ਸੀਤੋ ਨੂੰ 'ਯਾਰ' ਆਖਿਆ ਸੀ।
-"ਨਹੀਂ ਬਿੱਲਿਆ..! ਮੈਨੂੰ ਖ਼ੁਦ ਨੂੰ ਪਤਾ ਲੱਗ ਰਿਹੈ-ਮੇਰੀ ਨਜ਼ਰ ਕਮਜ਼ੋਰ ਹੋ ਚੁੱਕੀ ਐ-ਦਿਲ ਘਟਦਾ ਰਹਿੰਦੇ-ਹੱਥ ਪੈਰ ਕੰਬਣ ਲੱਗ ਪਏ-ਖੂਨ ਦੀਆਂ ਉਲਟੀਆਂ ਆਉਂਦੀਆਂ-ਇਉਂ ਲੱਗਦੇ ਬਈ ਹੁਣੇਂ ਜਾਨ ਨਿਕਲਜੁਗੀ..!" ਸੀਤੋ ਨੇ ਤਕਲੀਫ਼ਾਂ ਦੱਸੀਆਂ।
-"ਤੂੰ ਫ਼ਿਕਰ ਕਾਹਦਾ ਕਰਦੈਂ ਬਾਈ..! ਤੇਰੀ ਖਾਤਰ ਤਾਂ ਮੈਂ ਆਪਣਾ ਦਿਲ ਵੀ ਚੀਰ ਕੇ ਦੇ ਦਿਊਂ... !"
ਸੀਤੋ ਨੇ ਉਸ ਨੂੰ ਜੱਫ਼ੀ ਵਿਚ ਘੁੱਟ ਲਿਆ।
-"ਇਕ ਗੱਲ ਕਹਿਣ ਲੱਗਿਐਂ, ਦਿਲ ਕਰੜਾ ਕਰ..!"
-"ਦਿਲ ਆਪਣਾ ਫੌਲਾਦ ਐ ਬਾਈ-ਤੂੰ ਗੱਲ ਕਰ..!"
-"ਬਿੱਲਿਆ..! ਮੈਂ ਚਾਹੁੰਨੇਂ ਬਈ ਮਰਨ ਤੋਂ ਪਹਿਲਾਂ ਆਪਣੀ ਸਾਰੀ ਜ਼ਮੀਨ ਜਾਇਦਾਦ ਤੇਰੇ ਨਾਂ ਲੁਆ ਦਿਆਂ..!"
-"ਨਹੀਂ ਮਿੱਤਰਾ..! ਇਹ ਆਪਾਂ ਨੂੰ ਮਨਜੂਰ ਨਹੀਂ.. " ਉਸ ਨੇ ਜੱਫ਼ੀ ਢਿੱਲੀ ਚੱਡ ਦਿੱਤੀ।
-"ਦੇਖ ਬਿੱਲਿਆ। ਤੂੰ ਇਮਾਨਦਾਰ ਆਦਮੀ ਐ-ਸੱਚਾ ਐਂ..! ਤੇਰੇ ਅੰਦਰ ਰੱਬ ਵੱਸਦੈ ਤੈਨੂੰ ਕੋਈ ਲਾਲਚ ਨੀ-ਨਾਲੇ ਮੈਂ ਹੋਰ ਦੱਸ ਸਾਰੀ ਜਾਇਦਾਦ ਕੀਹਦੇ ਨਾਂ ਲੁਆ ਦਿਆਂ? ਭਰਾ ਮੇਰੇ ਨੀ-ਭੈਣ ਮੇਰੇ ਨੀ-ਜਨਾਨੀ ਮੇਰੇ ਨੀ-ਬਾਲ ਬੱਚਾ ਕੋਈ ਮੇਰੇ ਨੀ-ਦੂਰੋਂ ਲੱਗਦੇ ਸ਼ਰੀਕ ਈ ਮੁੱਠੀਆਂ 'ਚ ਬੁੱਕੀ ਫ਼ਿਰਦੇ ਐ-ਮੇਰੇ ਮਰਨ ਤੋਂ ਬਾਅਦ ਐਸੇ ਜਾਇਦਾਦ ਖਾਤਰ ਲੋਕ ਡਹਿ ਡਹਿ ਮਰਿਆ ਕਰਨਗੇ। ਇਸ ਨਾਲੋਂ ਬਿਹਤਰ ਐ-ਮੈਂ ਤੇਰੇ ਨਾਂ ਲੁਆ ਦਿਆਂ? ਕਤਲੇਆਮ ਹੋਣ ਤੋਂ ਬਚ ਜਾਊਗਾ! ਨਹੀਂ ਪਤਾ ਨੀ ਇਸ ਜ਼ਮੀਨ ਖਾਤਰ ਕਿੰਨੇ ਬੰਦੇ ਇੱਥੇ ਖਪਣਗੇ..!"
-"ਬਾਈ ਸੱਚ ਪੁੱਛੇਂ ਤਾਂ ਮੈਂ ਆਪਣੇ ਆਪ ਦੇ ਨਾਂ ਕੋਈ ਜ਼ਮੀਨ ਜਾਇਦਾਦ ਕਰਵਾ ਕੇ ਖ਼ੁਸ਼ ਨਹੀਂ- ਪਤਾ ਨਹੀਂ ਕਿਉਂ ਮੈਨੂੰ ਆਬਦੀ ਜ਼ਿੰਦਗੀ ਬੜੀ ਛੋਟੀ ਜੀ ਜਾਪਦੀ ਐ।"
-"ਬਿੱਲਿਆ। ਅੱਜ ਤੂੰ ਬਾਈ ਦੇ ਆਖਰੀ ਬੋਲਾਂ 'ਤੇ ਠੋਹਕਰ ਮਾਰ ਰਿਹੈਂ। ਤੈਨੂੰ ਬਾਈ ਦਾ ਨਾਂ ਪਿਆਰਾ ਨ੍ਹੀ ? ਨਹੀਂ ਤਾਂ ਤੇਰੇ ਬਾਈ ਦਾ ਕਿਸੇ ਨੇ ਨਾਂ ਨਹੀਂ ਲੈਣਾਂ-ਅੰਤ ਦੀ ਕੜਮੀਂ ਜ਼ਮੀਨ ਈ ਦੱਸਣਗੇ..। ਨਾਲੇ ਔਤ ਦੀ ਜ਼ਮੀਨ ਤਾਂ ਕਈ ਵਾਰ ਕਬਰਸਤਾਨ ਬਣ ਜਾਂਦੀ ਐ..। ਤੂੰ ਗਾਉਣ ਨੀ ਸੁਣਿਆਂ ? ਗਾਉਂਦੇ ਹੁੰਦੇ ਐ: ਰੱਸੀਆਂ ਧਰ ਕੇ ਲੋਕੀ ਮਿਣਦੇ ਅੰਤ ਗਿਆਂ ਦੀਆਂ ਥਾਂਵਾਂ..!
"ਔਤ" ਦਾ ਨਾਂ ਸੁਣ ਕੇ ਬਿੱਲੇ ਦੇ ਮਨ ਅੰਦਰ 'ਝੋਕਾ' ਜਿਹਾ ਫਿਰ ਗਿਆ। ਦਿਲੋਂ ਦਰਦ ਹਿੱਲਿਆ। ਉਸ ਨੇ ਕਸੀਸ ਵੱਟ ਲਈ।
-'ਠੀਕ ਐ ਬਾਈ..! ਮੈਂ ਤਾਂ ਨਹੀਂ, ਪਰ ਆਪਾਂ ਮੇਰੇ ਛੋਟੇ ਵੀਰ ਬੱਗੇ ਦੇ ਨਾਂ ਲੁਆ ਦਿੰਨੇ ਐਂ..!" ਕੁਝ ਸੋਚ ਵਿਚਾਰ ਕੇ ਬਿੱਲੇ ਨੇ ਆਖਿਆ।
-"ਠੀਕ ਐ-ਜਿਵੇਂ ਤੂੰ ਠੀਕ ਸਮਝੇਂ " ਸੀਤੋਂ ਸਹਿਮਤ ਹੋ ਗਿਆ।
ਸੋਮਵਾਰ ਨੂੰ ਸ਼ਹਿਰ ਜਾ ਕੇ ਰਜਿਸਟਰੀ ਕਰਵਾਉਣ ਦਾ ਮਨ ਬਣਾ ਲਿਆ। ਸੀਤੋ ਅਤੀ ਅੰਤ ਖ਼ੁਸ਼ ਸੀ। ਉਸ ਦੀ ਰੂਹ ਤੋਂ ਜਿਵੇਂ ਮਣਾਂ ਮੂੰਹੀਂ ਭਾਰ ਉਤਰ ਗਿਆ ਸੀ।
ਬੱਗਾ ਸੁਣ ਕੇ ਲੇਰ ਮਾਰਨ ਵਾਲਾ ਹੋ ਗਿਆ। ਉਸ ਦਾ ਧਰਤੀ 'ਤੇ ਪੈਰ ਨਹੀਂ ਲੱਗਦਾ ਸੀ।
"ਪੁੱਤ ਧਰ ਧਰ ਭੁੱਲੇਂਗੋ !" ਆਖਰ ਸਮੇਂ ਮਾਂ ਦੀ ਕਹੀ ਗੱਲ ਅੱਜ ਉਸ ਨੂੰ ਵਾਰ ਵਾਰ ਚੇਤੇ ਆ ਰਹੀ ਸੀ।
ਸੋਮਵਾਰ ਨੂੰ ਸ਼ਹਿਰ ਜਾ ਕੇ ਸੀਤੋ ਨੇ ਨੌਂ ਟਰੱਕ, ਸਾਢੇ ਤਿੰਨ ਸੌ ਏਕੜ ਜ਼ਮੀਨ ਅਤੇ ਕੋਠੀ ਬੱਗੇ ਦੇ ਨਾਂ ਕਰ ਦਿੱਤੀ। ਸੀਤੋ ਨੇ ਬੱਗੇ ਨੂੰ ਥਾਪੜਾ ਦਿੱਤਾ, "ਅੱਜ ਤੋਂ ਤੂੰ ਬੱਗਾ ਸਿੰਘ ਸਰਦਾਰ ਐਂ..!" ਸੀਤੋ ਨੇ ਕਿਹਾ, "ਪਰ ਸਾਡੀ ਜੱਦੀ ਪੁਸ਼ਤੀ ਜ਼ਮੀਨ ਐਂ-ਅਜਾਈਂ ਨਾ ਗੁਆਦੀਂ..!"
ਬੱਗੇ ਨੇ ਸਿਰ ਹਿਲਾ ਕੇ ਨੀਵੀਂ ਪਾ ਲਈ।
ਕਚਿਹਰੀਆਂ ਵਿਚ ਹੀ ਸੀਤੋ ਨੂੰ ਦੌਰਾ ਪੈ ਗਿਆ। ਉਸ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਗਿਆ। ਪਰ ਸੀਤੋ ਦਮ ਤੋੜ ਚੁੱਕਾ ਸੀ। ਬਿੱਲੇ ਨੂੰ ਅਸਹਿ ਸਦਮਾਂ ਪੁੱਜਿਆ। ਉਹ ਤੁਰੰਤ ਅੰਦਰ ਚਲਾ ਗਿਆ। ਹੁਬਕੀਂ ਰੋਂਦੇ ਬਿੱਲੇ ਨੇ ਯਾਰ ਵੱਲ ਤੱਕਿਆ। ਉਮਰ ਦਾ ਪੰਧ ਮਾਰ ਕੇ ਉਹ ਸ਼ਾਂਤ ਸੁੱਤਾ ਪਿਆ ਸੀ। ਉਹ ਘੋਰ ਉਦਾਸੀ ਵਿਚ ਸਿਰ ਫ਼ੜ ਕੇ ਧਰਤੀ 'ਤੇ ਬੈਠ ਗਿਆ। ਨਸੀਹਤਾਂ, ਮੱਤਾਂ ਦੇਣ ਅਤੇ ਕਦੇ ਕਦੇ ਘੂਰਨ ਵਾਲਾ ਯਾਰ ਸੀਤੋ ਬਾਈ ਤੁਰ ਗਿਆ ਸੀ।
-"ਤੂੰ ਤਾਂ ਮੈਨੂੰ ਮਾਰ ਕੇ ਸਿੱਟ ਗਿਐਂ ਉਏ ਬਾਈ.. !" ਬਿੱਲੇ ਨੇ ਉਠ ਕੇ ਧਾਹ ਮਾਰੀ। ਬੱਗੇ ਵਰਗੇ ਉਸ ਨੂੰ ਦਿਲਾਸਾ ਦਿੰਦੇ ਰਹੇ। ਬਿੱਲੇ ਨੇ ਡਾਕਟਰ ਨੂੰ ਪੈਸੇ ਦੇ ਕੇ ਪੋਸਟ ਮਾਰਟਮ ਕਰਨ ਤੋਂ ਰੋਕ ਦਿੱਤਾ ਸੀ। ਉਹ ਨਹੀਂ ਚਾਹੁੰਦਾ ਸੀ ਕਿ ਸੀਤੋ ਬਾਈ ਦੇ ਸਰੀਰ ਦੀ 'ਵੱਢ-ਕੱਟ ਕੀਤੀ ਜਾਵੇ।
ਲਾਸ਼ ਪਿੰਡ ਲਿਆਂਦੀ ਗਈ। ਇਸ਼ਨਾਨ ਕਰਵਾ ਕੇ ਅੰਤਿਮ ਸਸਕਾਰ ਖੇਤਾਂ ਵਿਚ ਹੀ ਕਰ ਦਿੱਤਾ ਗਿਆ।
ਬਿੱਲੇ ਅਤੇ ਬੱਗੇ ਨੇ ਸੀਤੋ ਬਾਈ ਦੀ ਆਤਮਾਂ ਦੀ ਸ਼ਾਂਤੀ ਲਈ ਆਖੰਡ ਪਾਠ ਪ੍ਰਕਾਸ਼ ਕਰਵਾਇਆ। ਆਪਣੇ ਚਰਨਾਂ ਵਿਚ ਸ਼ਰਨ ਦੇਣ ਲਈ ਉਸ ਪਰਮ-ਸ਼ਕਤੀ ਅੱਗੇ ਅਰਦਾਸ ਕੀਤੀ ਗਈ। ਭੋਗ ਤੋਂ ਬਾਅਦ ਸਸਕਾਰ ਵਾਲੀ ਜਗਾਹ 'ਤੇ ਇਕ ਪੱਥਰ ਲਾਇਆ ਗਿਆ, "ਸਵਰਗਵਾਸੀ ਸਰਦਾਰ ਸੀਤਾ ਸਿੰਘ !"
ਬਿੱਲਾ ਕਈ ਦਿਨ ਰੋਣੋਂ ਨਾ ਹਟਿਆ। ਸੀਤੋ ਦੇ ਨਾਂ ਵਾਲਾ ਪੱਥਰ ਤੱਕ ਕੇ ਉਸ ਦੀ ਰੂਹ ਨੂੰ ਅਜੀਬ ਸਕੂਨ ਮਿਲਦਾ। ਉਹ ਘੰਟਿਆਂ ਬੱਧੀ ਪਾਗਲਾਂ ਵਾਂਗ ਉਸ ਪੱਥਰ ਨਾਲ ਗੱਲਾਂ ਕਰਦਾ ਰਹਿੰਦਾ।
-"ਲੈ ਗੱਲ ਸੁਣ ਲੈ..! ਮੈਂ ਹਰ ਸਾਲ ਤੇਰੀ ਬਰਸੀ ਮਨਾਇਆ ਕਰੂੰਗਾ-ਹਰ ਸਾਲ ਆਖੰਡ ਪਾਠ ਪ੍ਰਕਾਸ਼ ਕਰਵਾਇਆ ਕਰੂੰਗਾ-ਹੋ ਸਕਿਆ ਤਾਂ ਮੈਂ ਵੀ ਤੇਰੇ ਕੋਲ਼ੇ ਜਲਦੀ ਪਹੁੰਚੂ " ਬਿੱਲਾ ਪੱਥਰ 'ਤੇ ਹੱਥ ਮਾਰ ਮਾਰ ਕਹਿੰਦਾ। ਹੰਝੂ ਕੇਰਦਾ।
ਕਿਸ਼ਤ 17
ਗੱਜਣ ਦੇ ਕਤਲ ਤੋਂ ਬਾਅਦ ਬਾਪੂ ਜੀ ਨੇ ਦਰਸ਼ਣ ਨੂੰ ਬੁਲਾਉਣਾ ਹੀ ਛੱਡ ਦਿੱਤਾ ਸੀ। ਸਾਰਿਆਂ ਨੇ ਹੀ ਦਰਸ਼ਣ ਦੀ ਚੰਗੀ 'ਲਾਹ-ਪਾਅ ਕੀਤੀ ਸੀ। ਕਰਨੈਲ ਸਿੰਘ ਦੇ ਮਨ 'ਤੇ ਇਸ ਗੱਲ ਦਾ ਅਥਾਹ ਬੋਝ ਸੀ ਕਿ ਮੁਕੰਦ ਸਿੰਘ ਦਾ ਘਰ ਦਰਸ਼ਣ ਕਰਕੇ ਹੀ ਉਜੜਿਆ ਸੀ । ਮਛ੍ਹੋਰ ਜੁਆਕਾਂ 'ਤੇ ਉਸ ਨੂੰ ਬੜਾ ਤਰਸ ਆਉਂਦਾ। ਦਿਲ ਪਾਣੀ ਪਾਣੀ ਹੋ ਜਾਂਦਾ। ਰੂਹ ਕੁਰਲਾ ਉਠਦੀ। ਕਈ ਵਾਰ ਕਰਨੈਲ ਸਿੰਘ ਸੋਚਦਾ ਕਿ ਪ੍ਰੀਤੀ ਨਹੀਂ ਸਗੋਂ ਇਕ ਸੀਤਾ ਰਾਵਣ ਨਾਲ 'ਨਰੜੀ ਗਈ ਸੀ। ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਅਤੇ ਪਛਤਾਵਾ ਵੀ! ਪਰ ਹੁਣ ਉਹ ਕੁਝ ਕਰ ਨਹੀਂ ਸਕਦਾ ਸੀ।
ਇਕ ਦਿਨ ਸ਼ਾਮ ਨੂੰ ਚਾਰ ਕੁ ਵਜੇ ਦਰਸ਼ਣ ਸ਼ਰਾਬ ਨਾਲ ਰੱਜਿਆ ਆਪਣੇ ਕਮਰੇ ਵਿਚ ਪਿਆ ਸੀ। ਅਚਾਨਕ ਮਿੰਦੀ ਆ ਗਿਆ।
-"ਸੁਣਾਂ ਬੇਲੀਆ...
-"....... I" ਦਰਸ਼ਣ ਚੁੱਪ ਰਿਹਾ।
-"ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ..!
-"ਕਿਵੇਂ... ?" ਦਰਸ਼ਣ ਉਠ ਕੇ ਬੈਠ ਗਿਆ।
-"ਤੈਨੂੰ ਅਜੇ ਵੀ ਨੀ ਪਤਾ ਬੇਲੀਆ? ਜਮਾਂ ਈ ਨਿਆਣੇਂ..!"
-"ਕਾਹਦਾ? ਸਿੱਧੀ ਗੱਲ ਕਰ..! ਤਾਤੇ ਬਾਤੇ ਜੇ ਨਾ ਪਾਅ..!"
-"ਆਪਾਂ ਬਿੱਲੇ ਤੋਂ ਬਦਲਾ ਲੈਣਾਂ ਸੀ-ਦੇਖ ਲੈ, ਲੈ ਲਿਆ..! ਕਤਲ ਆਪਾਂ ਕੀਤਾ-ਪੈ ਉਹਨਾਂ ਦੇ ਬੁੜ੍ਹੇ ਜਿੰਮੇਂ ਗਿਆ-ਬੁੜ੍ਹੀ ਹੋਕੇ ਨਾਲ ਮਰਗੀ-ਸਾਲਿਆਂ ਦਾ ਘਰ ਉਜੜ ਗਿਆ-ਆਹ ਥੋੜ੍ਹੀ...?"
-"ਤੂੰ ਨਿਆਣੇਂ-ਮੈਂ ਨ੍ਹੀ..!"
-"ਕਿਉਂ ? ਕਾਹਤੋਂ ??"
-"ਪਰਦਾ ਉਠਾ ਤੇ ਕੋਈ ਜਲਵਾ ਦਿਖਾ..!"
-"ਮੈਨੂੰ ਕੱਲ੍ਹ ਧੱਤੂ ਨੇ ਇਕ ਨਵੀਂ ਖ਼ਬਰ ਦਿੱਤੀ ਐ-!"
-"ਉਹ ਕੀ..?"
-"ਯਾਰ ਉਹਨਾਂ ਦੀ ਭੈਣ ਐਂ ਗਿਆਨ-ਕਹਿੰਦੇ ਐ ਭੜ੍ਹਾਕਾ ਐ, ਭੜ੍ਹਾਕਾ..!"
-"ਅੱਛਾ ਜੀ...!" ਮਿੰਦੀ ਨੇ ਆਪਣੀ ਕੱਟੇ ਦੀ ਜੀਭ ਵਰਗੀ ਜੀਭ ਰੇਗਮਾਰ ਵਰਗੇ ਬੁੱਲ੍ਹਾਂ 'ਤੇ ਮਾਰੀ। ਬੁੱਲ੍ਹਾਂ 'ਚੋਂ ਜਿਵੇਂ ਭੜ੍ਹਾਸ ਨਿਕਲੀ ਸੀ।
-"ਕੁੜੀ ਦਾ ਸੁਆਦ ਕਦੇ ਚੱਖਦੈਂ! ਇਹ ਤਾਂ ਬੂਰ ਦੇ ਲੱਡੂ ਐ-ਜਿਹੜਾ ਖਾਊ ਉਹ ਵੀ ਪਛਤਾਊ-ਜਿਹੜਾ ਨਾ ਖਾਊ-ਉਹਨੇ ਤਾਂ ਪਛਤਾਉਣਾ ਈ ਐਂ..!"
-"ਊਂ ਮਾਲ ਤੂੰ ਦੇਖਿਐ..?"
-"ਨਹੀਂ ਦੇਖਿਆ ਤਾਂ, ਦੇਖਲਾਂਗੇ..!"
-"ਨਹੀਂ ਰੀਸਾਂ ਬੱਬਰ ਸ਼ੇਰ ਦੀਆਂ! ਤਬੀਤਾਂ ਈ ਖ਼ੁਸ਼ ਕਰ ਧਰੀਆਂ। ਸਾਡੇ ਹੱਥ ਪੱਲੇ ਵੀ ਕੁਛ ਆਊ-ਕਿ ਮੈਂ ਬਾਧੂ ਖਰਖਰਾ ਕਰਨ 'ਤੇ ਈ ਐਂ..?"
-"ਢੀਠਾਂ ਆਲੀ ਗੱਲ ਨਾ ਕਰਿਆ ਕਰ..! ਅੱਗੇ ਤੈਨੂੰ ਕਦੇ ਪਿੱਛੇ ਰੱਖਿਐ.. ?"
-"ਤਾਂ ਹੀ ਤਾਂ ਤੇਰੀ ਗੱਲ ਭੁੰਜੇ ਨੀ ਡਿੱਗਣ ਦੇਈਦੀ! ਰੱਬ ਮਾਂਗੂੰ ਪੂਜੀਦੈ!"
-"ਤੂੰ ਆਏਂਗਾ ਕਦੋਂ..?'
-"ਯਾਰ ਆ ਤਾਂ ਚਾਹੇ ਮੈਂ ਨਿੱਤ ਜਾਇਆ ਕਰਾਂ-ਪਰ ਫੁੱਫ਼ੜ ਆਨੇ ਕੱਢਦੈ..!" ਮਿੰਦੀ ਨੇ ਮਸ਼ਕਿਲ ਦੱਸੀ ।
-"ਫੁੱਫ਼ੜ ਦੀ ਤੂੰ ਗੜ੍ਹ ਭੈਣ ਨੂੰ ! ਬਾਹਲਾ ਤਾਂਹਾਂ ਨੂੰ ਜਾਊ-ਚਾਰ ਝਾੜ ਦਿਆਂਗੇ..!" ਦਰਸ਼ਣ ਪੂਰਾ ਬਦ ਸੀ। ਉਹ ਆਪਣੇ ਪਿਉ ਨੂੰ ਗਾਲ ਦੇ ਰਿਹਾ ਸੀ।
-"ਇਹੋ ਜੇ ਬੁੜ੍ਹੇ ਵੀ ਦਾਹੜੀ ਖਿੱਚੀ ਤੋਂ ਲੋਟ ਆਉਂਦੇ ਐ।" ਮਿੰਦੀ ਦਰਸ਼ਣ ਦਾ ਵੀ ਗੁਰੂ ਸੀ!
-"ਤੂੰ ਦੱਸ ਕਦੋਂ ਆਵੇਂਗਾ ?"
-"ਅਗਲੇ ਹਫ਼ਤੇ ਬੁੱਧਵਾਰ ਨੂੰ.. !"
-"ਠੀਕ ਐ-ਉਦੋਂ ਤੱਕ ਮੈਂ ਕੋਈ ਸਕੀਮ ਬਣਾਉਨੈਂ!"
ਮਿੰਦੀ ਚਲਾ ਗਿਆ। ਕਰਨੈਲ ਸਿੰਘ ਉਸ ਨੂੰ ਜਾਂਦੇ ਨੂੰ ਮਿਲਿਆ। ਪਰ ਉਸ ਨੇ 'ਫੁੱਫੜ ਜੀ ਨੂੰ 'ਸਤਿ ਸ੍ਰੀ ਅਕਾਲ' ਵੀ ਨਾ ਆਖੀ। ਬੱਸ ਚੁੱਪ ਜਿਹਾ ਕਰ ਕੇ ਬਾਹਰ ਨਿਕਲ ਗਿਆ।
ਸੂਰਜ ਧਰਤੀ 'ਤੇ ਫ਼ਣ ਜਿਹਾ ਖਿਲਾਰ ਕੇ ਬੈਠ ਗਿਆ ਸੀ। ਪ੍ਰਛਾਵੇਂ ਟੀਸੀਆਂ 'ਤੇ ਚੜ੍ਹ ਬੈਠੇ ਸਨ। ਬਲੌਰ ਸਿੰਘ ਦੀ ਕਾਰ "ਛੂੰ" ਕਰਕੇ ਕਰਨੈਲ ਸਿੰਘ ਦੇ ਵਿਹੜੇ ਵਿਚ ਆ ਖੜ੍ਹੀ। ਬਲੌਰ ਸਿੰਘ ਉਤਰਿਆ। ਅਦਬ ਨਾਲ ਕਰਨੈਲ ਸਿੰਘ ਨੇ ਉਸ ਨੂੰ 'ਜੀ ਆਇਆਂ ਆਖਿਆ।
ਗਲਵਕੜੀ ਪਾਈ ਸਣੇਂ ਹੀ ਉਹ ਅੰਦਰ ਚਲੇ ਗਏ।
ਚਾਹ ਪੀਤੀ ਗਈ। ਘਰੇਲੂ ਗੱਲਾਂ ਚੱਲਦੀਆਂ ਰਹੀਆਂ। ਫ਼ਸਲਵਾੜੀ ਬਾਰੇ ਪੁੱਛਿਆ ਗਿਆ। ਕੰਮ ਖ਼ਤਮ ਕਰਵਾ ਕੇ ਰਣਜੀਤ ਕੌਰ ਵੀ ਆ ਗਈ। ਪ੍ਰੀਤੀ ਸੁਸਤ ਜਿਹੀ ਹੋਈ ਕੋਲ ਹੀ ਬੈਠੀ ਸੀ।
-"ਹੋਰ ਤਾਂ ਸਭ ਠੀਕ ਐ ਨ੍ਹਾਂ? ਸਿਹਤ ਕਿਵੇਂ ਰਹਿੰਦੀ ਐ..?" ਕਰਨੈਲ ਸਿੰਘ ਨੇ ਪੁੱਛਿਆ।
-"ਬੱਸ ਜੀ-ਸਿਹਤ ਤਾਂ ਠੀਕ ਈ ਐ..! ਪ੍ਰੀਤੀ ਘਰੇ ਹੁੰਦੀ ਸੀ-ਘਰ 'ਚ ਬਾਹਵਾ ਰੌਣਕ ਰਹਿੰਦੀ ਸੀ-ਜਿਸ ਦਿਨ ਦੀ ਇਹ ਆਈ ਐ-ਮੈਨੂੰ ਤਾਂ ਜਾਣੀਂਦੀ ਘਰ ਖਾਣ ਨੂੰ ਆਉਂਦੈ। ਖ਼ੈਰ ਧੀਆਂ ਧਿਆਣੀਆਂ ਨੇ ਤਾਂ ਅਕਸਰ ਆਪਣੇ ਘਰ ਜਾਣਾ ਈ ਹੁੰਦੈ-ਪਰ ਮਨ ਕਦੇ ਕਦੇ ਉਦਾਸ ਹੋ ਜਾਂਦੈ..!" ਬਲੌਰ ਸਿੰਘ ਨੇ ਹਾਉਕਾ ਭਰਿਆ।
-"ਇਹ ਤਾਂ ਹੈ..!
-"ਕਾਕਾ ਜੀ ਕਿੱਥੇ ਨੇ ?"
-"ਉਹਦੀ ਗੱਲ ਸੁਣ ਲਓ..। ਉਹਦੇ ਮਾਮਾ ਜੀ ਦਾ ਮੁੰਡਾ ਆਇਆ ਸੀ-ਖਾਂਦੇ ਪੀਂਦੇ ਰਹੇ ਤੇ ਫਿਰ ਸੌਂ ਗਏ..!"
-"ਚਲੋ ਆਦਮੀ ਖਾ ਪੀ ਕੇ ਸੌਂ ਜਾਵੇ-ਇਹਦੇ ਅਰਗੀ ਵੀ ਰੀਸ ਨ੍ਹੀ..!"
-"ਤੁਹਾਡਾ ਅੱਜ ਕਿਵੇਂ ਦਿਲ ਕਰ ਆਇਆ ਆਉਣ ਨੂੰ ?" ਰਣਜੀਤ ਕੌਰ ਬੋਲੀ। ਅੰਦਰੋਂ ਉਹ ਡਰੀ ਡਰੀ ਮਹਿਸੂਸ ਕਰ ਰਹੀ ਸੀ।
-"ਦੇਖੋ ਜੀ ਪ੍ਰੀਤੀ ਧੀ ਤਾਂ ਹੁਣ ਤੁਹਾਡੀ ਐ-ਪਰ ਜੇ ਇਜਾਜ਼ਤ ਹੋਵੇ-ਤਾਂ ਮੈਂ ਦੋ ਚਾਰ ਦਿਨਾਂ ਵਾਸਤੇ ਇਹਨੂੰ ਲੈ ਜਾਵਾਂ ? ਨਾਲੇ ਚਾਰ ਦਿਨ ਮੇਰਾ ਜੀਅ ਲੱਗਜੂ..!"
-"ਕਿਉਂ ਨਹੀਂ? ਮੈਨੂੰ ਕੋਈ ਇਤਰਾਜ਼ ਨ੍ਹੀ..!"
-"ਦੋ ਚਾਰ ਦਿਨ ਬਾਅਦ ਕਾਕਾ ਜੀ ਆ ਜਾਣ-ਨਾਲ਼ੇ ਮਿਲ ਗਿਲ ਆਉਣਗੇ-ਤੇ ਨਾਲ਼ੇ ਪ੍ਰੀਤੀ ਨੂੰ ਲੈ ਆਉਣਗੇ..!"
-"ਕੋਈ ਚਿੰਤਾ ਵਾਲੀ ਗੱਲ ਨਹੀਂ ਜੀ-ਅਸੀਂ ਭੇਜ ਦਿਆਂਗੇ!' ਰਣਜੀਤ ਕੌਰ ਨੇ ਹਾਮੀ ਭਰੀ।
ਗੱਲਾਂ ਬਾਤਾਂ ਕਰਕੇ ਸਾਰੇ ਸੌਂ ਗਏ।
ਦਰਸ਼ਣ ਦੀ ਸਵੇਰੇ ਕੁੱਕੜ ਦੀ ਬਾਂਗ ਨਾਲ ਹੀ ਅੱਖ ਖੁੱਲ੍ਹ ਗਈ।
ਉਹ ਉਠਿਆ।
ਬਾਹਰ ਵਿਹੜੇ ਵਿਚ ਝਾਤੀ ਮਾਰੀ। ਬਲੌਰ ਸਿੰਘ ਦੀ ਕਾਰ ਦੇਖ ਕੇ ਉਸ ਨੂੰ ਚੇਹ ਚੜ੍ਹ ਗਈ। ਉਸ ਦਾ ਦਿਲ ਕੀਤਾ ਕਿ ਬਲੌਰ ਸਿੰਘ ਦੀ ਕਾਰ ਨੂੰ ਟੱਕਰਾਂ ਮਾਰ ਮਾਰ ਕੇ ਭੰਨ ਦੇਵੇ। ਪਰ ਕੋਈ ਪੇਸ਼ ਨਾ ਗਈ। ਉਸ ਨੇ ਆਸਾ ਪਾਸਾ ਵੇਖਿਆ। ਸਾਰੇ ਹੀ ਘੂਕ ਸੁੱਤੇ ਪਏ ਸਨ। ਕੋਠੀ ਦੇ ਪਿਛਲੇ ਦਰਵਾਜਿਓਂ ਲੰਘ ਕੇ ਉਹ ਬਾਹਰ ਨਿਕਲ ਗਿਆ ਅਤੇ ਪਤਲੇ ਹਨ੍ਹੇਰੇ ਵਿਚ ਗਾਇਬ ਹੋ ਗਿਆ।
ਸਾਰੇ ਸਵੇਰੇ ਉਠੇ। ਚਾਹ ਪੀਤੀ। ਕਰਨੈਲ ਸਿੰਘ ਨੇ ਪ੍ਰੀਤੀ ਨੂੰ ਤਿਆਰ ਹੋਣ ਲਈ ਆਖਿਆ ਅਤੇ ਦਰਸ਼ਣ ਨੂੰ ਬੁਲਾਉਣ ਲਈ ਨੌਕਰ ਭੇਜਿਆ। ਪਰ ਨੌਕਰ ਖੋਟੇ ਪੈਸੇ ਵਾਂਗ ਪੁੱਠੇ ਪੈਰੀਂ ਵਾਪਸ ਆ ਗਿਆ। ਦਰਸ਼ਣ ਕਮਰੇ ਵਿਚ ਨਹੀਂ ਸੀ। ਉਹ ਤਾਂ ਵੱਡੇ ਤੜਕੇ ਹੀ ਚਲਾ ਗਿਆ ਸੀ। ਪਰ ਪ੍ਰੀਤੀ ਨੇ ਪਤਾ ਹੋਣ ਦੇ ਬਾਵਜੂਦ ਵੀ ਨਹੀਂ ਦੱਸਿਆ ਸੀ।
ਪ੍ਰੀਤੀ ਨੇ ਇਸ਼ਾਰੇ ਨਾਲ ਬਾਪੂ ਨੂੰ ਪਾਸੇ ਸੱਦਿਆ।
-"ਬਾਪੂ ਜੀ-ਮੈਂ ਉਹਨਾਂ ਦੀ ਇਜਾਜ਼ਤ ਤੋਂ ਬਿਨਾ ਨਹੀਂ ਜਾਣਾ-ਉਹਨਾਂ ਨੇ ਮੇਰਾ ਖਹਿੜਾ ਨੀ ਛੱਡਣਾ-!" ਪ੍ਰੀਤੀ ਭਰੀ ਪੀਤੀ ਖੜ੍ਹੀ ਸੀ।
-"ਫ਼ਿਕਰ ਨਾ ਕਰ ਪੁੱਤਰ! ਆਪਾਂ ਕਾਕਾ ਜੀ ਨੂੰ ਪੁੱਛ ਕੇ ਈ ਚੱਲਾਂਗੇ!"
ਬਲੌਰ ਸਿੰਘ ਕਰਨੈਲ ਸਿੰਘ ਪਾਸ ਆ ਗਿਆ।
-"ਸਰਦਾਰ ਜੀ ਕਾਕਾ ਜੀ ਨੂੰ ਤਾਂ ਬੁਲਾਓ-ਉਹਨਾਂ ਦੀ ਵੀ ਇਜਾਜ਼ਤ ਲੈ ਲਈਏ!"
-"ਉਸ ਦਾ ਨੀ ਜੀ ਪਤਾ ਕਦੋਂ ਆਵੇ ? ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ-ਉਹਦੀ ਇਜਾਜ਼ਤ ਦੀ ਕੋਈ ਲੋੜ ਨੀ!"
-"ਫੇਰ ਵੀ ਸਰਦਾਰ ਜੀ-ਆਪਣੇ ਸਭ ਤੋਂ ਜ਼ਿਆਦਾ ਪ੍ਰੀਤੀ ਉਪਰ ਕਾਕਾ ਜੀ ਦਾ ਹੱਕ ਐ-!"
-"ਜਦੋਂ ਮੈਂ ਕਹਿੰਨੇਂ ਬਲੌਰ ਸਿਆਂ-ਤੁਸੀਂ ਬੇਫ਼ਿਕਰ ਰਹੋ!"
-"ਤੁਸੀਂ ਕਾਕਾ ਜੀ ਨੂੰ ਦੋ ਚਾਰ ਦਿਨਾਂ ਤੱਕ ਭੇਜ ਦਿਓ!"
-"ਅਸੀਂ ਭੇਜ ਦਿਆਂਗੇ ਜੀ-ਚਿੰਤਾ ਨਾ ਕਰੋ!' ਰਣਜੀਤ ਕੌਰ ਨੇ ਆਖਿਆ।
ਕੁੜਮ ਗਲਵਕੜੀ ਪਾ ਕੇ ਮਿਲੇ। ਫਿਰ ਪ੍ਰੀਤੀ ਨੂੰ ਲੈ ਕੇ ਬਲੌਰ ਸਿੰਘ ਵਿਦਾਅ ਹੋ ਗਿਆ। ਪ੍ਰੀਤੀ ਨੇ ਮਸਾਂ ਸੁਖ ਦਾ ਸਾਹ ਲਿਆ ਸੀ। ਉਸ ਨੂੰ ਇੰਜ ਮਹਿਸੂਸ ਹੋਇਆ ਸੀ ਕਿ ਜਿਵੇਂ ਉਹ ਨਰਕ 'ਚੋਂ ਨਿਕਲ ਕੇ ਸਵਰਗ ਵਿਚ ਜਾ ਰਹੀ ਸੀ। ਕਿਸੇ ਦੈਂਤ ਤੋਂ ਉਸ ਦਾ ਮਸਾਂ ਹੀ ਖਹਿੜਾ ਛੁੱਟਿਆ ਸੀ।
ਕਰਨੈਲ ਸਿੰਘ ਨੂੰ ਦਰਸ਼ਣ ਬਾਰੇ ਫ਼ਿਕਰ ਪੈ ਗਿਆ।
ਦਰਸ਼ਣ ਦਾ ਦਿਨ ਰਾਤ ਘਰੋਂ ਬਾਹਰ ਰਹਿਣਾ ਖ਼ਤਰੇ ਤੋਂ ਖਾਲੀ ਨਹੀਂ ਸੀ। ਉਸ ਨੇ ਕੋਈ ਕੁਪੱਤ ਜ਼ਰੂਰ ਕਰਨੀ ਸੀ।
ਕਰਨੈਲ ਸਿੰਘ ਨੇ ਰਣਜੀਤ ਕੌਰ ਨੂੰ ਕੋਲ ਸੱਦਿਆ।
-"ਰਣਜੀਤ ਕੁਰੇ! ਕੀਤਾ ਤਾਂ ਭਲਾਈ ਨੂੰ ਸੀ-ਪਰ ਪਰਨਾਲਾ ਥਾਂ ਦੀ ਥਾਂ ਈ ਰਿਹਾ।"
-"...'
-"ਕੀ ਸੋਚਿਆ ਜਾਵੇ ?"
-"ਜੀ ਮੇਰਾ ਤਾਂ ਡਮਾਕ ਨੀ ਕੰਮ ਕਰਦਾ!" ਰਣਜੀਤ ਕੌਰ ਨਿਮੋਝੂਣੀਂ ਸੀ।
-"ਉਹਨੂੰ ਬਿਠਾ ਕੇ ਸਮਝਾ ਤਾਂ ਸਹੀ!"
-"ਇਹ ਵੀ ਕਰ ਕੇ ਦੇਖ ਲੈਨੀਂ ਐਂ ਜੀ!"
ਸ਼ਾਮ ਨੂੰ ਡਿੱਗਦਾ ਢਹਿੰਦਾ ਸ਼ਰਾਬ ਨਾਲ ਧੁੱਤ ਹੋਇਆ ਦਰਸ਼ਣ ਘਰੇ ਪਹੁੰਚਿਆ। ਉਸ ਨੇ ਆਪਣੀਆਂ ਗੁਰੂ ਅੱਖਾਂ ਚਾਰੇ ਪਾਸੇ ਘੁਮਾਈਆਂ। ਪਰ ਪ੍ਰੀਤੀ ਨਜ਼ਰ ਨਾ ਆਈ। ਗੁੱਸੇ ਨਾਲ ਉਸ ਦਾ ਮੂੰਹ ਆਵੇ ਵਾਂਗ ਲਾਲ ਹੋ ਗਿਆ। ਕਰੋਧ ਨਾਲ ਉਹ ਸੜ ਉਠਿਆ ਸੀ।
-"ਮਾਂ...!" ਉਹ ਕਟਕਿਆ।
-"ਹਾਂ ਪੁੱਤ...!"
- "ਪ੍ਰੀਤੀ ਕਿੱਥੇ ਐ...?"
-"ਉਹਨੂੰ ਤਾਂ ਪੁੱਤ ਉਹਦਾ ਪਿਉ ਲੈ ਗਿਆ-ਦੋ ਚਹੁੰ ਦਿਨਾਂ ਵਾਸਤੇ !"
-"ਉਹ ਭੈਣ ਚੋਦ ਕੀਹਨੂੰ ਪੁੱਛ ਕੇ ਲੈ ਕੇ ਗਿਐ ?" ਉਸ ਦੀਆਂ ਬਰਾਛਾਂ ਵਿਚੋਂ ਝੱਗ ਡਿੱਗ ਰਹੀ ਸੀ।
-"ਸਾਨੂੰ...!" ਅੰਦਰੋਂ ਬਾਪੂ ਗੱਜਿਆ।
-"ਤੂੰ ਕੌਣ ਹੁੰਨੈਂ ਕਜਾਤੇ ? ਤੁਸੀਂ ਪ੍ਰੀਤੀ ਦੇ ਸਾਲ਼ੇ ਐਂ..?" ਦਰਸ਼ਣ ਬਾਪੂ ਨੂੰ ਚਾਰੇ ਚੁੱਕ ਕੇ ਪਿਆ।
-"ਕਰਦੈਂ ਚੁੱਪ ਕਿ ਕਰਾਵਾਂ ਦੁਸ਼ਟਾ...!"
-"ਤੂੰ ਕੌਣ ਹੁੰਨੇਂ ਉਏ ਮੈਨੂੰ ਚੁੱਪ ਕਰਵਾਉਣ ਵਾਲਾ ਚੌਰਿਆ..!"
-"ਖੜ੍ਹਜਾ ਤੇਰੀ ਮੈਂ ਮਾਂ ਦੀ !" ਕਰਨੈਲ ਸਿੰਘ ਉਠਿਆ। ਪਰ ਨੌਕਰਾਂ ਨੇ ਫੜ ਲਿਆ। ਅੱਧੇ ਕੁ ਨੌਕਰ ਦਰਸ਼ਣ ਨੂੰ ਘੜੀਸ ਕੇ ਉਸ ਦੇ ਕਮਰੇ ਵਿਚ ਲੈ ਗਏ। ਉਹ ਛੁੱਟ ਛੁੱਟ ਭੱਜਦਾ ਸੀ। ਪਰ ਨੌਕਰਾਂ ਨੇ ਧੱਕ ਕੇ ਉਸ ਨੂੰ ਪਾ ਦਿੱਤਾ। ਉਹ ਕੁਝ ਚਿਰ ਤਾਂ ਹੀਂਜਰਿਆ। ਪਰ ਫਿਰ ਸ਼ਰਾਬੀ ਹੋਣ ਕਾਰਨ ਉਸ ਨੂੰ ਨੀਂਦ ਆ ਗਈ। ਉਹ ਪੈਣ ਸਾਰ ਘੁਰਾੜੇ ਮਾਰਨ ਲੱਗ ਪਿਆ ਸੀ।
ਬਾਪੂ ਦੀ ਬੀਬੀ ਦਾਹੜੀ ਕੰਬ ਰਹੀ ਸੀ। ਉਸ ਦਾ ਦਿਲ ਦਿਮਾਗ ਦੁੱਖਾਂ ਦੇ ਸਾਗਰਾਂ ਵਿਚ ਡਾਵਾਂ ਡੋਲ ਗੋਤੇ ਖਾ ਰਿਹਾ ਸੀ। ਦਰਸ਼ਣ ਦੁਸ਼ਟ ਉਹਨਾਂ ਦੇ ਘਰ ਕਿਉਂ ਜੰਮਿਆਂ? ਜਿਸ ਨੇ ਅੱਜ ਪਿਉ ਦੀ ਸਾਊ ਦਾਹੜੀ ਵਿਚ ਵੀ ਸੁਆਹ ਪਾਉਣੋਂ ਗੁਰੇਜ਼ ਨਾ ਕੀਤਾ। ਅਜਿਹੇ ਬਦ ਪੁੱਤਰ ਨਾਲੋਂ ਤਾਂ ਚੰਗਾ ਹੁੰਦਾ ਉਹਨਾਂ ਦੇ ਘਰੇ ਕੋਈ ਔਲਾਦ ਹੀ ਨਾ ਹੁੰਦੀ। ਪੁੱਤਰ ਜੰਮੇਂ ਨਾਲਾਇਕ ਨਾ ਧੀ ਅੰਨ੍ਹੀ ਚੰਗੀ..! ਨਮੋਸ਼ੀਆਂ ਤਾਂ ਨਾ ਮਿਲਦੀਆਂ! ਨਿਰਦੋਸ਼ ਗੱਜਣ ਦਾ ਕਤਲ ਨਾ ਹੁੰਦਾ। ਬੇਕਸੂਰ ਮੁਕੰਦ ਸਿੰਘ ਫ਼ਾਹੇ ਨਾ ਆਉਂਦਾ। ਹਾਉਕੇ ਨਾਲ ਅਤਰ ਕੌਰ ਨਾ ਮਰਦੀ। ਮੁਕੰਦ ਸਿੰਘ ਦੇ ਬੱਚੇ ਅਨਾਥ ਨਾ ਹੁੰਦੇ! ਕਰਨੈਲ ਸਿੰਘ ਨੂੰ ਦਰਸ਼ਣ ਆਪਣਾ ਖੂਨ ਹੀ ਨਹੀਂ ਲੱਗਦਾ ਸੀ । ਜੋ ਉਸ ਨੂੰ ਡੁੱਬ ਮਰਨ ਜੋਗੀਆਂ ਖ਼ਬਰਾਂ ਲਿਆ ਕੇ ਦਿੰਦਾ ਸੀ! ਜੋ ਖ਼ਬਰਾਂ ਉਸ ਨੂੰ ਧਰਤੀ ਵਿਚ ਗਰਕਣ 'ਤੇ ਮਜਬੂਰ ਕਰਦੀਆਂ ਸਨ। ਸਿਰਫ਼ ਇਕਲੌਤੇ ਪੁੱਤਰ ਦੀ ਦੇਣ ਸੀ, ਜੋ ਮਾਂ ਬਾਪ ਅੱਖਾਂ ਉਚੀਆਂ ਕਰ ਕੇ ਨਹੀਂ ਦੇਖ ਸਕਦੇ ਸਨ।
-"ਕੋਈ ਪਿਛਲੇ ਕਰਮਾਂ ਦੇ ਕੀਤੇ ਪਾਪ ਭੋਗਦੇ ਐਂ ਰਣਜੀਤ ਕੁਰੇ!" ਬਾਪੂ ਹਟਕੋਰੇ ਲੈ ਲੈ ਕੇ ਆਖਦਾ।
ਅਗਲੇ ਦਿਨ ਦਰਸ਼ਣ ਪ੍ਰੀਤੀ ਨੂੰ ਉਸ ਦੇ ਪਿੰਡੋਂ ਲੈ ਆਇਆ। ਬਲੌਰ ਸਿੰਘ ਨੂੰ ਉਸ ਨੇ ਕਿਤੇ ਵਿਆਹ ਜਾਣ ਦਾ 'ਪੱਜ' ਲਾਇਆ ਸੀ। ਜਿਸ ਕਰਕੇ ਬਲੌਰ ਸਿੰਘ ਨੇ 'ਨਾਂਹ ਨਾ ਕੀਤੀ। ਪ੍ਰੀਤੀ ਦਾ ਦਿਲ ਪੁੱਛਿਆ ਹੀ ਜਾਣਦਾ, ਕੀਰਨੇ ਪਾ ਰਿਹਾ ਸੀ। ਅੰਦਰੋਂ ਉਹ ਕੁਰਲਾ ਉਠੀ ਸੀ। ਉਸ ਨੇ ਬਾਬਲ ਦੇ ਘਰ ਨੂੰ ਬੜੀ ਹਸਰਤ ਨਾਲ, ਬੜੀ ਰੀਝ ਨਾਲ ਤੱਕਿਆ, ਜਿਵੇਂ ਮੁੜ ਉਸ ਨੇ ਇਸ ਘਰ
ਬਾਪੂ ਚੁੱਪ ਸੀ। ਮਾਂ ਚੁੱਪ ਸੀ । ਖ਼ਾਮੋਸ਼ ਸੀ। ਸਭ ਨੇ ਹੀ ਚੁੱਪ ਰਹਿਣ ਵਿਚ ਫ਼ਾਇਦਾ ਸਮਝਿਆ ਸੀ। ਚੁੱਪ ਵੱਟ ਲਈ ਸੀ। ਕਿਸੇ ਨੇ ਪ੍ਰੀਤੀ ਨੂੰ ਲਿਆਉਣ ਦਾ ਕਾਰਨ ਪੁੱਣਾ ਵੀ ਬਿਹਤਰ ਨਾ ਸਮਝਿਆ।
ਰਾਤ ਪਈ!
ਪ੍ਰੀਤੀ ਸੌਣ ਚਲੀ ਗਈ। ਉਸ ਦੇ ਪਿੱਛੇ ਹੀ ਦਰਸ਼ਣ ਚਲਾ ਗਿਆ। ਅੰਦਰ ਜਾਣ ਸਾਰ ਉਸ ਨੇ ਇਕ ਲੰਡਾ ਪੈੱਗ ਸੁੱਕੀ ਦਾਰੂ ਦਾ ਅੰਦਰ ਸੁੱਟਿਆ। ਸੁੱਕੀ ਵਿਸਕੀ ਅੱਗ ਦੇ ਭਾਂਬੜ ਬਾਲਦੀ ਥੱਲੇ ਉਤਰੀ ਸੀ। ਲੱਗਦੇ ਹੱਥ ਹੀ ਉਸ ਨੇ ਇਕ ਪੈਗ ਹੋਰ ਅੰਦਰ ਮਾਰਿਆ। ਉਸ ਦੀਆਂ ਅੱਖਾਂ ਦਾ ਰੰਗ ਬਦਲ ਗਿਆ। ਅੱਖਾਂ ਵਿਚ ਸ਼ਰਾਬ ਦਾ ਨਸ਼ਾ ਕਰੋਧ ਦੇ ਚੰਗਿਆੜੇ ਬਾਲਣ ਲੱਗ ਪਿਆ ਸੀ। ਫ਼ਿਰ ਉਸ ਨੇ ਅਲਮਾਰੀ ਦੇ ਇਕ ਪਾਸਿਓਂ ਮਿੱਟੀ ਦੇ ਤੇਲ ਦੀ ਭਰੀ ਬੋਤਲ ਕੱਢੀ। ਜੋ ਉਸ ਨੇ ਦਿਨੇ ਨੌਕਰ ਭੇਜ ਕੇ ਮੰਗਵਾਈ ਸੀ । ਡੱਟ ਖੋਲ੍ਹ ਕੇ ਚੰਗੀ ਤਰ੍ਹਾਂ ਸੁੰਘਿਆ। ਉਸ ਨੂੰ ਯਕੀਨ ਆ ਗਿਆ ਕਿ ਇਹ ਮਿੱਟੀ ਦਾ ਤੇਲ ਹੀ ਸੀ। ਬੋਤਲ ਉਸ ਨੇ ਮੇਜ 'ਤੇ ਰੱਖ ਦਿੱਤੀ। ਮੇਜ 'ਤੇ ਪਈ ਸੀਖਾਂ ਦੀ ਡੱਬੀ ਖੜਕਾ ਕੇ ਦੇਖੀ।
ਪ੍ਰੀਤੀ ਸਾਹ ਘੁੱਟੀ ਪਈ ਸੀ!
ਉਸ ਦੇ ਦਿਲ ਨੇ ਸਾਫ਼ ਆਖ ਦਿੱਤਾ ਸੀ ਕਿ ਅੱਜ ਕੋਈ ਮਨਹੂਸ ਭਾਣਾਂ ਵਰਤਣ ਵਾਲਾ ਸੀ । ਪਰ ਇਸ ਬੀਤਣ ਵਾਲ਼ੇ ਭਾਣੇਂ ਤੋਂ ਉਸ ਨੂੰ ਬਹੁਤਾ ਡਰ ਨਹੀਂ ਲੱਗਿਆ ਸੀ। ਉਸ ਦੀ ਜ਼ਿੰਦਗੀ ਵਿਚ ਸੀ ਵੀ ਕੀ ? ਕੁਝ ਵੀ ਤਾਂ ਨਹੀਂ। ਨਾ ਕੋਈ ਰੰਗ, ਨਾ ਉਤਸ਼ਾਹ, ਨਾ ਹੌਸਲਾ, ਨਾ ਆਸ, ਨਾ ਖ਼ੁਸ਼ੀ, ਨਾ ਪਤੀ ਦਾ ਪਿਆਰ! ਤਾਂ ਉਸ ਕੋਲ ਕੀ ਸੀ ? ਦੁੱਖਾਂ, ਗ਼ਮਾਂ ਜਾਂ ਰੋਣ ਤੋਂ ਇਲਾਵਾ ਕੁਝ ਵੀ ਤਾਂ ਨਹੀਂ! ਇਸ ਜ਼ਿੰਦਗੀ ਨਾਲੋਂ ਤਾਂ ਮੌਤ ਹੀ ਬਿਹਤਰ ਸੀ! ਦੁੱਖਾਂ ਗ਼ਮਾਂ ਤੋਂ ਛੁਟਕਾਰਾ ਮਿਲਣ ਦਾ ਸਿਰਫ਼ ਇਹ ਇੱਕੋ ਇਕ ਹੀ ਤਾਂ ਰਾਹ ਸੀ! ਉਹ ਸੋਚ ਰਹੀ ਸੀ। ਉਸ ਦੀ ਸੋਚ ਉਦੋਂ ਟੁੱਟੀ, ਜਦੋਂ ਉਸ ਦੇ ਕੰਨੀਂ ਦਰਸ਼ਣ ਦੀ ਡਰਾਉਣੀ ਅਵਾਜ਼ ਪਈ।
-"ਤੂੰ ਕਿਹੜੇ ਖ਼ਸਮ ਨੂੰ ਪੁੱਛ ਕੇ ਗਈ ਸੀ ਕੁੱਤੀਏ ਰੰਨੇਂ...?"
-".......।" ਉਸ ਦੇ ਬੁੱਲ੍ਹ ਕੰਬੇ! ਦਿਲ ਜਿਹਾ ਨਿਕਲ ਗਿਆ। ਡਰ ਦੀ ਝਰਨਾਹਟ ਸਾਰੇ ਸਰੀਰ ਅੰਦਰ ਕਟਾਰ ਵਾਂਗ ਫਿਰ ਗਈ।
-"ਮੈਂ ਕੀ ਪੁੱਛਿਐ-- ? ਮੈਂ ਕੁੱਤਾ ਜਿਹੜਾ ਭੌਂਕੀ ਜਾਨੈਂ..!"
-''ਮੈਂ ਤਾਂ ਜਾਂਦੀ ਨਹੀਂ ਸੀ-ਪਰ ਬਾਪੂ ਜੀ ਨੇ ਜੋਰ ਦੇ ਕੇ ਭੇਜ ਦਿੱਤਾ-ਚਾਹੇ ਬਾਪੂ ਜੀ ਨੂੰ ਪੁੱਛ ਲਓ..!" ਉਸ ਨੇ ਸਫ਼ਾਈ ਪੇਸ਼ ਕਰਨੀ ਚਾਹੀ।
-"ਤੂੰ ਬਾਪੂ ਦੀ ਰੰਨ ਐਂ ਕਿ ਮੇਰੀ...?" ਦਰਸ਼ਣ ਨੇ ਉਸ ਦੇ ਚੁਪੇੜ ਕੱਢ ਮਾਰੀ । ਡਿੱਗਦੀ ਪ੍ਰੀਤੀ ਦੀ ਗੱਲ੍ਹ ਪਲੰਘ 'ਤੇ ਵੱਜ ਕੇ ਸੁੰਨ ਹੋ ਗਈ। ਦਰਸ਼ਣ ਬੋਲ ਕਬੋਲ ਕਰਦਾ ਰਿਹਾ। ਕੁੱਟਦਾ ਮਾਰਦਾ ਰਿਹਾ। ਉਹ ਮਿੱਟੀ ਬਣੀਂ ਸਹਿੰਦੀ ਰਹੀ। ਰਤਾ ਵੀ ਵਿਰੋਧਤਾ ਨਾ ਕੀਤੀ।
-"ਇਹ ਹਰ ਰੋਜ ਦਾ ਟੈਂਟਾ ਮੈਨੂੰ ਅੱਜ ਨਬੇੜ ਈ ਲੈਣ ਦੇ-ਕੀ ਤੰਗ ਕੀਤੈ ਇਹਨੇ ਕੁੱਤੀ ਰੰਨ ਨੇ..!" ਉਸ ਨੇ ਮਿੱਟੀ ਦੇ ਤੇਲ ਦੀ ਬੋਤਲ ਖੜ੍ਹੀ ਪ੍ਰੀਤੀ ਦੇ ਸਿਰ ਵਿਚ ਮੁਧਿਆ ਦਿੱਤੀ। ਤੇਲ ਸਾਰੇ ਸਰੀਰ ਨੂੰ ਭਿਆਉਂਦਾ ਗਿੱਟਿਆਂ ਤੱਕ ਪਹੁੰਚ ਗਿਆ ਅਤੇ ਦਰਸ਼ਣ ਨੇ ਤੀਲ ਘਸਾ ਕੇ ਅੱਗ ਲਾ रिंडी।
ਅੱਗ ਦਾ ਲਾਂਬੂ ਇਕ ਦਮ ਭੜ੍ਹਕ ਪਿਆ!
ਪ੍ਰੀਤੀ ਨੇ ਚੀਕਾਂ ਛੱਡ ਦਿੱਤੀਆਂ!!
-"ਬਾਪੂ ਜੀ...! ਬੀ ਜੀ...!! ਮੈਨੂੰ ਬਚਾ ਲਓ..! ਮੈਂ ਮੱਚਜਾਂਗੀ...! ਹਾਏ ਮੈਂ ਮੱਚ ਗਈ ਵੇ ਡਾਢਿਆ ਰੱਬਾ... !" ਲਗਾਤਾਰ ਚੀਕਦੀ ਉਹ ਵਿਹੜੇ ਵਿਚ ਆ ਡਿੱਗੀ। ਅੱਗ ਦੇ ਭਾਂਬੜ ਨੇ ਉਸ ਦਾ ਸੋਹਲ ਅਤੇ ਮਾਲੂਕ ਪਿੰਡਾ ਸਾੜਨਾ ਸ਼ੁਰੂ ਕਰ ਦਿੱਤਾ ਸੀ।
ਦਰਸ਼ਣ ਕਮਰੇ ਦੇ ਪਿਛਲੇ ਪਾਸਿਓਂ ਬਾਹਰ ਭੱਜ ਗਿਆ ਸੀ।
ਇਕ ਨੌਕਰ ਨੇ ਜਾ ਕੇ ਕਰਨੈਲ ਸਿੰਘ ਕੋਲ ਦੁਹਾਈ ਪਾਈ। ਸਭ ਦੇ ਭਾਅ ਦੀ ਬਣ ਗਈ। ਪ੍ਰੀਤੀ ਉਪਰ ਮਿੱਟੀ ਸੁੱਟੀ ਗਈ। ਗਿੱਲਾ ਕੰਬਲ ਸੁੱਟ ਕੇ ਕਿਸੇ ਨਾ ਕਿਸੇ ਤਰ੍ਹਾਂ ਅੱਗ 'ਤੇ ਕਾਬੂ ਪਾ ਲਿਆ ਗਿਆ।
ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
-"ਖ਼ੁਦਕਸ਼ੀ..? ਜਾਂ ਕਿਸੇ ਨੇ ਮਚਾਉਣ ਦਾ ਯਤਨ ਕੀਤਾ ?" ਡਾਕਟਰ ਦਾ ਸੁਆਲ ਡਾਂਗ ਵਾਂਗ ਸਿਰ ਉਪਰ ਆ ਪਿਆ। ਜਿਵੇਂ ਡਾਕਟਰ ਲਈ ਇਹ ਕੋਈ ਨਵੀਂ ਗੱਲ ਨਹੀਂ ਸੀ। ਉਸ ਦਾ ਹਰ ਰੋਜ਼ ਹੀ ਅਜਿਹੇ ਕੇਸਾਂ ਨਾਲ ਆਮ ਵਾਹ ਪੈਂਦਾ ਸੀ।
-"ਨਹੀਂ ਜੀ-ਸਟੋਵ ਪਾਟ ਗਿਆ !" ਕਰਨੈਲ ਸਿੰਘ ਨੇ ਨਿਰੋਲ ਝੂਠ ਬੋਲ ਧਰਿਆ।
-"ਅੱਧੀ ਰਾਤੋਂ ਸਟੋਵ ਦਾ ਕੀ ਕੰਮ..?" ਸੁਆਲ ਫ਼ਿਰ ਕਪਾਲ ਵਿਚ ਆ ਵੱਜਿਆ।
-"ਮੁੜ ਡਾਕਟਰ ਭਾਅ-ਲੜਕੀ ਦੀ ਬੇਬੇ ਢਿੱਲੀ ਉ-ਦੁੱਧ ਗਰ, ਕਰਕੇ ਦੇਂਦੀ ਪਈ ਸੀ..!" ਭਾਊ ਨਾ ਆਖਿਆ। ਮੌਕਾ ਉਸ ਨੂੰ ਬੜੀ ਚੰਗੀ ਤਰ੍ਹਾਂ ਸਾਂਭਣਾਂ ਆਉਂਦਾ ਸੀ।
-"ਤੁਹਾਡੀ ਇਹ ਕੀ ਲੱਗਦੀ ਐ... ?" ਡਾਕਟਰ ਨੇ ਕਰਨੈਲ ਸਿੰਘ ਨੂੰ ਹੀ ਪੁੱਛਿਆ।
-"ਜੀ ਮੇਰੀ ਲੜਕੀ ਐ..!" ਝੂਠ 'ਤੇ ਝੂਠ ਬੋਲਦੇ ਕਰਨੈਲ ਸਿੰਘ ਦੀ ਬੱਗੀ ਦਾਹੜੀ ਕੀਰਨੇ ਪਾਈ ਜਾ ਰਹੀ ਸੀ। ਜ਼ਮੀਰ ਵੱਖ ਲਾਹਣਤ ਪਾਉਂਦੀ ਸੀ। ਡਾਕਟਰ ਕਰਨੈਲ ਸਿੰਘ ਦਾ ਦਰਵੇਸ਼ ਜਿਹਾ ਚਿਹਰਾ ਦੇਖ ਕੇ ਚੁੱਪ ਹੋ ਗਿਆ। ਸ਼ਾਇਦ "ਧੀ" ਦੇ ਨਾਂ 'ਤੇ ਯਕੀਨ ਹੋ ਗਿਆ ਸੀ।
ਪ੍ਰੀਤੀ ਦਾ ਇਲਾਜ ਸ਼ੁਰੂ ਹੋ ਗਿਆ।
ਸੱਸ ਸਹੁਰਾ ਚੁੱਪ ਚਾਪ, ਸਿਰ ਫੜੀ ਪ੍ਰੀਤੀ ਦੇ ਸਿਰਹਾਣੇਂ ਬੈਠੇ ਆਪਣੀ ਖੋਟੀ ਕਿਸਮਤ ਨੂੰ ਰੋ ਰਹੇ ਸਨ। ਅਚਾਨਕ ਬਲੌਰ ਸਿੰਘ ਪਹੁੰਚ ਗਿਆ। ਉਸ ਦੀਆਂ ਅੱਖਾਂ ਵਿਚ ਗੁੱਸਾ ਮਘ ਨਹੀਂ, ਭਾਂਬੜ ਵਾਂਗ ਮੱਚ ਰਿਹਾ ਸੀ। ਕਰਨੈਲ ਸਿੰਘ ਨੇ ਉਸ ਨੂੰ ਹੱਥ ਜੋੜ ਕੇ ਚੁੱਪ ਰਹਿਣ ਲਈ ਤਰਲਾ ਪਾਇਆ।
ਦਰਸ਼ਣ ਅਜੇ ਵੀ ਗਾਇਬ ਸੀ। ਸ਼ਾਇਦ ਉਹ ਮਿੰਦੀ ਕੋਲ ਚਲਾ ਗਿਆ ਸੀ।
-"ਬਲੌਰ ਸਿਆਂ-ਵੀਰ ਜੀ ਬਣਕੇ ਥੋੜ੍ਹੀ ਸਮਾਈ ਕਰੋ-ਲੜਕੀ ਨੂੰ ਰਾਜੀ ਹੋ ਲੈਣ ਦਿਓ.ਉਸ ਦੁਸ਼ਟ ਦੇ ਗੋਲੀ ਮੈਂ ਮਾਰੂੰਗਾ..!" ਕਰਨੈਲ ਸਿੰਘ ਨੇ ਕਿਹਾ। ਬਲੌਰ ਸਿੰਘ ਚੁੱਪ ਸੀ । ਸ਼ਾਇਦ ਉਹ ਕਰਨੈਲ ਸਿੰਘ ਦੀ ਮਜਬੂਰੀ ਅਤੇ ਦੁੱਖ ਸਮਝਦਾ ਸੀ।
ਕਿਸ਼ਤ 18
ਬੁੱਧਵਾਰ ਦਾ ਦਿਨ ਸੀ।
ਬਿੱਲਾ ਘਰੇ ਨਹੀਂ ਸੀ। ਬੱਗਾ ਵੀ ਟਰੱਕ ਯੂਨੀਅਨ ਦੇ ਦਫ਼ਤਰ ਕੋਈ ਕੰਮ ਗਿਆ ਹੋਇਆ ਸੀ। ਇਕੱਲੀ ਗਿਆਨੋਂ ਹੀ ਘਰੇ ਸੀ।
ਅਜੇ ਮੂੰਹ ਹਨ੍ਹੇਰਾ ਹੋਇਆ ਹੀ ਸੀ ਕਿ ਦੋ ਆਦਮੀ ਕਾਰ 'ਤੇ ਆਏ।
-''ਭੈਣੇਂ ਬੱਗਾ ਨ੍ਹੀ ਘਰੇ... ?" ਮੂੰਹ ਢਕੇ ਵਾਲੇ ਆਦਮੀ ਨੇ ਕਾਰ 'ਚੋਂ ਹੀ ਪੁੱਛਿਆ।
-"ਨਹੀਂ ਵੀਰੇ-ਉਹ ਤਾਂ ਘਰੇ ਨ੍ਹੀ..!"
- "ਕਿੱਥੇ ਗਿਐ..?"
-"ਯੂਨੀਅਨ ਦੇ ਦਫ਼ਤਰ ਗਿਐ..!"
-"ਤੇ ਬਿੱਲਾ.. ?"
-"ਉਹ ਸ਼ਹਿਰੋਂ ਸੀਮਿੰਟ ਲੈਣ ਗਿਐ..!"
ਕੋਠੀ ਦੇ ਵੱਡੇ ਗੇਟ ਰਾਹੀਂ ਕਾਰ ਵਿਹੜੇ ਵਿਚ ਆ ਕੇ ਖੜ੍ਹ ਗਈ। ਇਕ ਨੇ ਉਤਰ ਕੇ ਗਿਆਨੋਂ ਦੇ ਮੂੰਹ 'ਤੇ ਹੱਥ ਰੱਖ ਲਿਆ ਅਤੇ ਫੁਰਤੀ ਨਾਲ ਮੂੰਹ 'ਤੇ ਸਾਅਫ਼ਾ ਬੰਨ੍ਹ ਦਿੱਤਾ। ਫ਼ਿਰ ਦੋਨਾਂ ਨੇ ਹੱਥ ਪੈਰ ਬੰਨ੍ਹ ਕੇ ਕਾਰ ਦੀ ਪਿਛਲੀ ਸੀਟ 'ਤੇ ਸੁੱਟ ਲਈ।
ਚੀਕਾਂ ਮਾਰਦੀ ਕਾਰ ਹਵਾ ਨਾਲ ਗੱਲਾਂ ਕਰਨ ਲੱਗ ਪਈ। ਗਿਆਨੋਂ ਤਾਣ ਤਾਂ ਬਹੁਤ ਲਾ ਰਹੀ ਸੀ। ਪਰ ਹੱਥ ਪੈਰ ਨਰੜੇ ਹੋਣ ਕਰਕੇ ਉਹ ਬੇਵੱਸ ਸੀ। ਉਸ ਦੀਆਂ ਅੱਖਾਂ ਵਿਚੋਂ ਪਾਣੀ "ਧਰਲ-ਧਰਲ" ਚੱਲ ਰਿਹਾ ਸੀ।
ਅੱਧੇ ਕੁ ਘੰਟੇ ਬਾਅਦ ਕਾਰ ਇਕ ਸੁੰਨੀ ਜਿਹੀ ਕੋਠੜੀ ਕੋਲ ਜਾ ਕੇ ਰੁਕ ਗਈ। ਗਿਆਨੋਂ ਨੂੰ ਚੁੱਕ ਕੇ ਕੋਠੜੀ ਅੰਦਰ ਲਿਆਂਦਾ ਗਿਆ। ਬੱਤੀ ਜਗਾਈ ਅਤੇ ਦਰਵਾਜਾ ਬੰਦ ਕਰ ਲਿਆ ਗਿਆ। ਗਿਆਨੋਂ ਦੇ ਹੱਥ ਪੈਰ ਅਤੇ ਮੂੰਹ ਖੋਲ੍ਹ ਦਿੱਤਾ ਗਿਆ।
ਦਰਸ਼ਣ ਅਤੇ ਮਿੰਦੀ ਨੇ ਵੀ ਮੜਾਸੇ ਲਾਹ ਲਏ।
-"ਮਰ ਜਾਣੀਏਂ-ਕਿੱਥੇ ਲੁਕੀ ਰਹੀ ਹੁਣ ਤੱਕ ?" ਦਰਸ਼ਣ ਨੂੰ ਝੋਰਾ ਖਾ ਰਿਹਾ ਸੀ। ਉਸ ਨੇ ਗਿਆਨੋਂ ਨੂੰ ਬੜੀ ਰੀਝ ਨਾਲ ਤੱਕਿਆ ਸੀ।
-"ਹਰਾਮੀਓ..! ਤੁਸੀਂ ਮੈਨੂੰ ਭੈਣ ਕਹਿ ਕੇ-!"
-"ਭੈਣ ਤਾਂ ਜ਼ੁਬਾਨ ਨੇ ਕਿਹੈ-ਦਿਲ ਨੇ ਤਾਂ ਨ੍ਹੀ..! ਦਿਲ ਤਾਂ ਕੁਛ ਹੋਰ ਈ ਕਹਿੰਦੈ-ਨਾਲ਼ੇ ਭੈਣ ਤਾਂ ਹਰ ਪੇਂਡੂ ਕੁੜੀ ਦਾ ਇਕ ਤਰ੍ਹਾਂ ਨਾਲ ਨਾਂ ਹੁੰਦੈ!" ਉਸ ਨੇ ਗਿੱਦੜ ਦੇ ਮੱਕੀ ਦੇ ਦੋਧੇ ਤੋਂ ਪਰਦਾ ਲਾਹੁੰਣ ਵਾਂਗ ਉਸ ਦੇ ਕੱਪੜੇ ਲਾਹੁੰਣੇਂ ਚਾਹੇ !
-"ਛੱਡ ਦੇ ਕੁੱਤਿਆ ਕਮੀਨਿਆਂ ਹਰਾਮਜ਼ਾਦਿਆ.. !" ਗਿਆਨੋਂ ਭੱਜ ਕੇ ਦਰਵਾਜੇ ਵੱਲ ਗਈ। ਪਰ ਮਿੰਦੀ ਨੇ ਰਜਾਈ ਵਾਂਗ ਖਿੱਚ ਲਈ।
-"ਤੈਨੂੰ ਅਸੀਂ ਘਰੇ ਛੱਡ ਕੇ ਆਵਾਂਗੇ-ਤਹੱਮਲ ਰੱਖ। ਐਡੀ ਕਾਹਲੀ ਵੀ ਕਾਹਦੀ ਐ ਨੱਢੀਏ.. ? ਮੇਰਾ ਨਾਂ ਮਿੰਦੀ ਐ, ਮਿੰਦੀ! ਨਿਸ਼ਾ ਕਰਕੇ ਤੋਰੂੰ! ਚੱਲ ਖਿੱਚ ਦਰਸ਼ਣਾਂ ਕੰਮ !" ਖਿੱਚ ਕੇ ਮਿੰਦੀ ਨੇ ਉਸ ਦੇ ਕੱਪੜੇ ਭਰਾੜ੍ਹ ਕਰ ਧਰੇ। ਉਹ ਹਰਕਤ ਕਰਨ ਲੱਗੀ ਤਾਂ ਦਰਸ਼ਣ ਨੇ ਥਾਂ 'ਤੇ ਹੀ ਘੁੱਟ ਲਈ ਅਤੇ ਕੁੜੀ ਨੂੰ ਨਿਰਵਸਤਰ ਕਰ ਲਿਆ।
ਉਹ ਰੌਲਾ ਮਚਾ ਰਹੀ ਸੀ। ਪਰ ਕਿਸੇ ਨੂੰ ਉਸ ਦਾ ਰੌਲਾ ਸੁਣਦਾ ਨਹੀਂ ਸੀ। ਫ਼ਿਰ ਉਸ ਦੀ ਇਕ ਭਿਆਨਕ ਚੀਕ ਨਿਕਲ਼ੀ, "ਹਾਏ ਮਰਗੀ...! ਮਰਗੀ ਵੇ ਰੱਬਾ ਮੇਰਿਆ !" ਉਹ ਕਿਸੇ ਬੱਕਰੇ ਵਾਂਗ 'ਹਲਾਲ' ਕੀਤੀ ਜਾ ਰਹੀ ਸੀ। ਅੰਦਰਲੀਆਂ ਪੀੜਾਂ ਨੇ ਅੱਗ ਮਚਾ ਦਿੱਤੀ ਸੀ। ਅੱਗ ਦੀ ਲਾਟ ਸਿੱਧੀ ਦਿਲ ਨੂੰ ਜਾਂਦੀ ਸੀ। ਪਰ ਦਰਸ਼ਣ ਦੇ ਕੰਨ ਬੋਲੇ ਹੋ ਚੁੱਕੇ ਸਨ । ਸਰੀਰ ਮੁੜ੍ਹਕੋ-ਮੁੜ੍ਹਕੀ ਹੋ ਗਿਆ ਸੀ।
ਦਰਸ਼ਣ ਦੇ ਬਾਅਦ ਮਿੰਦੀ ਦੀ ਵਾਰੀ ਆਈ। ਫਿਰ ਦਰਸ਼ਣ ਅਤੇ ਫ਼ਿਰ ਮਿੰਦੀ! ਵਾਰੀ ਨਾਲ ਦੀ ਨਾਲ ਬੜੀ ਤੇਜ਼ੀ ਨਾਲ ਬਦਲ ਜਾਂਦੀ ਸੀ।
ਕੁੜੀ ਅੱਧਮਰੀ ਹੋ ਚੁੱਕੀ ਸੀ। ਉਸ ਦੇ ਅੰਦਰੋਂ ਜਿਵੇਂ ਸਾਰਾ ਖੂਨ ਹੀ ਡੁੱਲ੍ਹ ਗਿਆ ਸੀ। ਦਰਸ਼ਣ ਅਤੇ ਮਿੰਦੀ ਨੇ ਕੱਪੜੇ ਪਾਏ। ਗਿਆਨੋਂ ਦਰਦ ਵਿੰਨ੍ਹੀ ਰੋਈ ਜਾ ਰਹੀ ਸੀ। ਉਸ ਦਾ ਸਰੀਰ ਨਿਰਬਲ ਹੋ ਚੁੱਕਾ ਸੀ।
-"ਲੀੜੇ ਪਾ ਲੈ ਕੰਜਰ ਦੀਏ! ਅਸੀਂ ਕੀ ਤੇਰੇ ਸੱਪ ਲੜਾ ਦਿੱਤਾ.. ?' ਦਰਸ਼ਣ ਨੇ ਉਸ ਦੇ ਜ਼ਬਰਦਸਤੀ ਕੱਪੜੇ ਪੁਆ ਦਿੱਤੇ ਅਤੇ ਉਸ ਨੂੰ ਕਾਰ ਵਿਚ ਸੁੱਟ ਅੱਧੀ ਰਾਤੋਂ ਕੋਠੀ ਕੋਲ ਉਤਾਰ ਗਏ। ਉਸ ਤੋਂ ਸਿੱਧਾ ਖੜ੍ਹਾ ਨਹੀਂ ਹੋਇਆ ਜਾਂਦਾ ਸੀ। ਜਿਵੇਂ ਕੋਈ ਕਟਾਰ ਅੰਦਰ ਵੱਜ ਕੇ ਟੁੱਟ ਗਈ ਸੀ। ਪੀੜਾਂ ਭੂਚਾਲ ਬਣ ਉਸ ਦੇ ਸਿਰ ਨੂੰ ਚੜ੍ਹ ਰਹੀਆਂ ਸਨ। ਅੱਖਾਂ ਅੱਗੇ ਹਨ੍ਹੇਰਾ ਛਾਇਆ ਹੋਇਆ ਸੀ ਅਤੇ ਸਿਰ ਘੁੰਮ ਰਿਹਾ ਸੀ। ਉਹ ਕੰਧਾਂ ਨੂੰ ਹੱਥ ਪਾ ਪਾ ਕੇ ਅੰਦਰ ਗਈ। ਬੱਗਾ ਅਤੇ ਬਿੱਲਾ ਅਜੇ ਵੀ ਘਰ ਨਹੀਂ ਪਰਤੇ ਸਨ। ਉਸ ਨੇ ਅੰਦਰ ਜਾ ਕੇ ਬੱਤੀ ਜਗਾਈ। ਉਸ ਦੀ ਨਜ਼ਰ ਬੱਗੇ ਅਤੇ ਬਿੱਲੇ ਦੀ ਫ਼ੋਟੋ 'ਤੇ ਪਈ। ਉਸ ਦਾ ਧਾਹੀਂ ਰੋਣ ਨਿਕਲ ਗਿਆ। ਉਸ ਨੇ ਮੂੰਹ ਛੁਪਾ ਲਿਆ।
-"ਵੇ ਵੀਰੋ..! ਥੋਡੀ ਭੈਣ ਥੋਡੇ ਜਿਉਂਦੇ ਜੀਅ ਲੁੱਟੀ ਗਈ ਵੇ !" ਉਸ ਨੇ ਦੁਹੱਥੜ ਮਾਰੀ। ਅਚਾਨਕ ਉਸ ਦੀ ਨਜ਼ਰ ਕਮਰੇ ਦੇ ਇਕ ਖੂੰਜੇ ਪਏ ਰੱਸੇ 'ਤੇ ਪਈ। ਉਸ ਨੇ ਰੱਸਾ ਚੁੱਕਿਆ ਅਤੇ ਕਮਰੇ ਦੀ ਛੱਤ 'ਤੇ ਨਜ਼ਰ ਮਾਰੀ। ਪੱਖਾ ਲਟਕਾਉਣ ਵਾਲਾ ਕੁੰਡਾ ਦਿਸਿਆ।
ਉਸ ਨੇ ਵੱਡਾ ਮੇਜ਼ ਖਿੱਚ ਕੇ ਮਸਾਂ ਹੀ ਨੇੜੇ ਕੀਤਾ। ਮੇਜ਼ ਉਪਰ ਚੜ੍ਹ ਕੇ ਕੁੰਡੇ ਵਿਚ ਰੱਸਾ ਪਾ ਕੇ ਵਲ ਪਾਇਆ। ਮੇਜ਼ ਉਪਰ ਬੈਠ ਕੇ ਹੀ ਇਕ ਚਿੱਠੀ ਲਿਖੀ ਅਤੇ ਮੇਜ਼ 'ਤੇ ਹੀ ਰੱਖ ਦਿੱਤੀ। ਗਲ ਵਿਚ ਰੱਸਾ ਪਾ ਕੇ ਮੇਜ਼ ਨੂੰ ਪਰ੍ਹਾਂ ਧੱਕ ਦਿੱਤਾ । ਉਸ ਦੀ ਧੌਣ ਫੁੱਟ ਲੰਮੀ ਹੋ ਗਈ ਅਤੇ ਨੀਲੀ
ਘੰਟੇ ਕੁ ਬਾਅਦ ਬਿੱਲਾ ਆਇਆ। ਉਸ ਦੀ ਨਜ਼ਰ ਭੈਣ ਦੀ ਲਟਕਦੀ ਲਾਸ਼ 'ਤੇ ਪਈ। ਉਸ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਹੋਸ਼ ਉਡ ਗਏ। ਇੱਕੋ ਛਾਲ ਨਾਲ ਹੀ ਉਹ ਮੇਜ਼ 'ਤੇ ਚੜ੍ਹਿਆ ਅਤੇ ਲਾਸ਼ ਨੂੰ ਸਹਾਰਾ ਦੇ ਕੇ ਗਲ 'ਚੋਂ ਰੱਸਾ ਕੱਢਿਆ। ਲਾਸ਼ ਥੱਲੇ ਲਾਹ ਕੇ ਫ਼ਰਸ਼ 'ਤੇ ਲਿਟਾ ਦਿੱਤੀ। ਕਾਹਲੀ ਨਾਲ ਉਸ ਨੇ ਚਿੱਠੀ ਖੋਲ੍ਹ ਕੇ ਪੜ੍ਹਨੀ ਸ਼ੁਰੂ ਕਰ ਦਿੱਤੀ।
-"ਮੇਰੇ ਅਤੀ ਅੰਤ ਪਿਆਰੇ ਵੀਰੋ..! ਭੈਣ ਦੇ ਜਿਗਰੋ! ਤੁਹਾਡੀ ਭੈਣ ਗੰਗਾ ਵਾਂਗ ਪਵਿੱਤਰ ਸੀ। ਪਰ ਤੁਹਾਡੀ ਭੈਣ ਦੀ ਪਵਿੱਤਰਤਾ ਦੋ ਜ਼ਾਲਮਾਂ ਨੇ ਭੰਗ ਕਰ ਦਿੱਤੀ। ਉਹ ਜ਼ਾਲਮ ਹਨ ਦਰਸ਼ਣ ਅਤੇ ਮਿੰਦੀ! ਵੀਰੋ! ਤੁਹਾਡੀ ਭੈਣ ਦੀ ਕੋਈ ਪੇਸ਼ ਨਹੀਂ ਜਾ ਸਕੀ। ਹੁਣ ਮੈਂ ਕਲੰਕਿਤ ਹੋ ਚੁੱਕੀ ਹਾਂ-ਤੁਹਾਡੇ ਮੱਥੇ ਨਹੀਂ ਲੱਗ ਸਕਦੀ! ਜਿਉਂਦੇ ਜੀਅ ਤੁਹਾਨੂੰ ਆਪਣਾ ਮੂੰਹ ਨਹੀਂ ਵਿਖਾ ਸਕਦੀ। ਖ਼ੁਦਕਸ਼ੀ ਕਰਨ 'ਤੇ ਮਜਬੂਰ ਹਾਂ। ਹੋ ਸਕੇ ਤਾਂ ਭੈਣ ਨੂੰ ਮੁਆਫ਼ ਕਰ ਦੇਣਾਂ! ਪਰ ਨਿੱਕੀ ਭੈਣ ਨੂੰ ਭੁੱਲਣਾਂ ਨਾ! ਕਦੇ ਕਦਾਈਂ ਯਾਦ ਜ਼ਰੂਰ ਕਰ ਲੈਣਾਂ! ਪਰ ਭੈਣ ਮਰ ਕੇ ਵੀ ਤੁਹਾਡੀ ਸੁੱਖ ਮੰਗੇਗੀ! ਤੁਹਾਡੀ ਚੜ੍ਹਦੀ ਕਲਾ ਲਈ ਪ੍ਰਮਾਤਮਾਂ ਅੱਗੇ ਬੇਨਤੀਆਂ ਕਰੇਗੀ, ਹੱਥ ਜੋੜੇਗੀ!
ਅਲਵਿਦਾ!
ਤੁਹਾਡੀ ਭੈਣ,
ਗਿਆਨੋਂ!"
ਪੜ੍ਹ ਕੇ ਬਿੱਲੇ ਦਾ ਦਿਮਾਗ ਸੱਤ ਅਸਮਾਨੀਂ ਚੜ੍ਹ ਗਿਆ। ਖ਼ਿਆਲਾਂ ਵਿਚ ਤੂਫ਼ਾਨ ਆ ਗਿਆ।
-"ਹਾਏ ਉਏ ਰੱਬਾ... !" ਉਹ ਸਾਰੇ ਜੋਰ ਨਾਲ ਚੀਕਿਆ। ਉਸ ਦੀ ਗੂੰਜਦੀ ਅਵਾਜ਼ ਟਿਕੀ ਰਾਤ ਵਿਚ ਸੁੱਤੀਆਂ ਕੰਧਾਂ ਨਾਲ ਟੱਕਰਾਂ ਮਾਰ ਕੇ ਮੁੜ ਉਸ ਦੇ ਕੰਨਾਂ ਨਾਲ ਆ ਟਕਰਾਈ। ਉਸ ਦਾ ਦਿਮਾਗ ਸੋਚ ਨੇ ਘੇਰ ਲਿਆ। ਇਸ ਖ਼ੁਦਕਸ਼ੀ ਦਾ ਕਾਰਨ ਬੱਗੇ ਨੂੰ ਦੱਸਿਆ ਜਾਵੇ ਕਿ ਨਾ ? ਨਹੀਂ ਬੱਗੇ ਦੀ ਉਮਰ ਅਜੇ ਕੱਚੀ ਐ। ਉਸ ਨੇ ਅਜੇ ਬਹੁਤ ਕੁਝ ਬਣਨਾਂ ਹੈ! ਸਾਰਾ ਭਵਿੱਖ ਉਸ ਦੇ ਅੱਗੇ ਪਿਆ ਹੈ! ਉਸ ਨੂੰ ਦੱਸਣਾਂ ਠੀਕ ਨਹੀਂ! ਕਹਿ ਦਿੱਤਾ ਜਾਵੇ ਕਿ ਕਾਰਨ ਦਾ ਪਤਾ ਨਹੀਂ! ਬੱਗਾ ਸੋਹਲ ਉਮਰ ਵਿਚ ਹੋਣ ਕਾਰਨ ਸੁਭਾਅ ਦਾ 'ਤੱਤਾ' ਹੈ। ਉਹ ਦਰਸ਼ਣ ਨੂੰ ਮਾਰ ਕੇ ਫਾਹੇ ਲੱਗ ਜਾਵੇਗਾ। ਉਹਨਾਂ ਦੁਸ਼ਟਾਂ ਨੂੰ ਮੈਂ ਮਾਰਾਂਗਾ! ਹੁਣੇ ਹੀ..! ਇਸੇ ਵਕਤ...!
ਬਿੱਲਾ ਸਾਰੇ ਜ਼ੋਰ ਨਾਲ ਉਠਿਆ।
ਪਰ ਫਿਰ ਬੈਠ ਗਿਆ।
ਨਹੀਂ ਇਸੇ ਵਕਤ ਨਹੀਂ ! ਭੈਣ ਦੇ ਸਸਕਾਰ ਦੀਆਂ ਆਖ਼ਰੀ ਰਸਮਾਂ ਪੂਰੀਆਂ ਕਰਕੇ ਬਲੀ ਲਵਾਂਗਾ..! ਭੈਣ ਨੂੰ ਵਿਦਾਈ ਆਪਣੇ ਹੱਥੀਂ ਦੇਵਾਂਗਾ। ਉਸ ਦੀ ਅਰਥੀ ਨੂੰ ਕੰਧਾ ਲਾਵਾਂਗਾ..! ਵੀਰ ਤਾਂ ਭੈਣ ਨੂੰ ਚੁੱਕ ਕੇ ਡੋਲੀ ਵਿਚ ਬਿਠਾਉਂਦੇ ਨੇ! ਪਰ ਭੈਣ ਨੂੰ ਡੋਲੀ ਵਿਚ ਬਿਠਾਉਣਾ ਤਾਂ ਸ਼ਾਇਦ ਸਾਡੇ ਕਰਮਾਂ ਵਿਚ ਹੀ ਨਹੀਂ ਸੀ..! ਅਸੀਂ ਤਾਂ ਭੈਣ ਦੀ ਅਰਥੀ ਨੂੰ ਹੀ ਕੰਧਾ ਦੇਣਾਂ ਸੀ..! ਇਹ ਹੀ ਸਾਡੀ ਕਿਸਮਤ ਵਿਚ ਸੀ..। ਡਾਢੇ ਰੱਬ ਦੀਆਂ ਲਿਖੀਆਂ ਕਿਸ ਨੇ ਮੋੜਨੀਆਂ ਸਨ..? ਵਿਧਾਤਾ ਦੇ ਲਿਖੇ ਲੇਖ ਬੜੇ ਬਲੀ ਹਨ..! ਤੁਰ ਗਿਆਂ ਨੇ ਕਦੀ ਪਿੱਛੇ ਮੁੜ ਨਹੀਂ ਤੱਕਿਆ ਸੀ...!
ਹਾਂ..। ਮੈਂ ਦਰਸ਼ਣ ਅਤੇ ਮਿੰਦੀ ਨੂੰ ਸਸਕਾਰ ਕਰਨ ਤੋਂ ਬਾਅਦ। ਉਹ ਸੋਚ ਰਿਹਾ ਸੀ। ਉਸ ਦੀਆਂ ਅੱਖਾਂ ਵਿਚ ਲਾਟਾਂ ਮੱਚ ਰਹੀਆਂ ਸਨ। ਫਿਰ ਉਸ ਨੇ ਭੈਣ ਦੀ ਅਡੋਲ ਅਤੇ ਸ਼ਾਂਤ ਪਈ ਲਾਸ਼ ਵੱਲ ਦੇਖਿਆ। ਆਪ ਮੁਹਾਰੇ ਹੰਝੂ ਵਗਣੇ ਸ਼ੁਰੂ ਹੋ ਗਏ!
-"ਗਿਆਨੋਂ..! ਇਹ ਤੂੰ ਕੀ ਕੀਤਾ? ਕਿਉਂ ਕੀਤਾ...? ਤੂੰ ਵੀਰਾਂ ਨਾਲ ਧੋਖਾ ਕਰ ਗਈ...! ਸਦਾ ਲਈ ਛੱਡ ਕੇ ਤੁਰ ਗਈ..! ਹੁਣ ਜ਼ਿੰਦਾ ਮੈਂ ਵੀ ਨਹੀਂ ਰਹਿਣਾਂ ਭੈਣੇਂ ਤੇਰਾ ਸਤ ਭੰਗ ਕਰਨ ਵਾਲਿਆਂ ਨੂੰ ਕੁੱਤੇ ਦੀ ਮੌਤ ਮਾਰ ਕੇ ਮੈਂ ਤਾਂ ਆਪ ਫ਼ਾਂਸੀ ਚੜ੍ਹ ਜਾਣੈ ਭੈਣੇਂ...! ਹਾਏ ਗਿਆਨੋਂ ਭੈਣੇਂ ਤੂੰ ਸਾਨੂੰ ਜਿਉਂਦਿਆਂ ਨੂੰ ਮਾਰ ਗਈ..! ਵੀਰ ਤੇਰਾ ਮੁੜ੍ਹਕਾ ਨਾ ਸਹਾਰਨ ਕੁੜ੍ਹੇ ਮੇਰੀਏ ਲਾਡਲੀਏ ਭੈਣੇਂ... !" ਬਿੱਲਾ ਇਕ ਤਰ੍ਹਾਂ ਨਾਲ ਵੈਣ ਪਾਉਣ ਲੱਗ ਪਿਆ ਸੀ।
-"ਉਏ ਡਾਢਿਆ ਰੱਬਾ...! ਹੈਗੈਂ ਕਿ ਬੋਲਾ ਹੋ ਗਿਆ...? ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨ ਆਇਆ...? ਕਿਹੜੇ ਬਦਲੇ ਲੈਨੇਂ ਸਾਡੇ ਤੋਂ ਉਏ ਰੱਬ ਸੱਚਿਆ...!"
ਭੈਣ ਦੀ ਲਾਸ਼ ਨੂੰ ਉਹ ਵਾਰ ਵਾਰ ਛਾਤੀ ਨਾਲ ਲਾ ਰਿਹਾ ਸੀ। ਰੋ ਰੋ ਕੇ ਬੇਹਾਲ ਹੋ ਰਿਹਾ ਸੀ। ਪਰ ਭੈਣ ਉਸ ਨੂੰ ਦੇਖ ਨਹੀਂ ਰਹੀ ਸੀ। ਉਹ ਤਾਂ ਕਿਸੇ ਓਸ ਦੁਨੀਆਂ ਵਿਚ ਪੁੱਜ ਗਈ ਸੀ, ਜਿੱਥੇ ਜਾ ਕੇ ਅੱਜ ਤੱਕ ਕੋਈ ਮਿਲਿਆ ਨਹੀਂ ਸੀ...! ਉਹ ਇਕੱਲਾ ਹੀ ਤਾਂ ਵਿਰਲਾਪ ਕਰ ਰਿਹਾ ਸੀ।
ਆਖਰੀ ਕਿਸ਼ਤ 19
ਸਾਰੇ ਪਿੰਡ ਵਿਚ ਗੱਲ ਧੂੰਏਂ ਵਾਂਗ ਫ਼ੈਲ ਗਈ ਸੀ ਕਿ ਗਿਆਨੋਂ ਨੇ ਖ਼ੁਦਕਸ਼ੀ ਕਰ ਲਈ ਸੀ। ਲੋਕਾਂ ਦੇ ਦੰਦ ਜੁੜ ਗਏ ਸਨ। ਜਵਾਨ ਕੁੜੀ ਦੀ ਮੌਤ ਨੇ ਜਿਵੇਂ ਪਿੰਡ ਦਾ ਗਲ ਘੁੱਟ ਦਿੱਤਾ ਸੀ। ਆਂਢੀ
-"ਉਏ ਫ਼ਾਹਾ ਨਾ ਲੈਂਦੀ ਤਾਂ ਹੋਰ ਜਣਦਿਆਂ ਦਾ ਸਿਰ ਕਰਦੀ ? ਉਹ ਲੰਡੇ ਢੱਟੇ ਦੇ ਸਾਲ਼ੇ ਕਿਹੜਾ ਉਹਨੂੰ ਵਿਆਹੁੰਦੇ ਸੀ ਬਿਚਾਰੀ ਨੂੰ..?"
-"ਸੁੱਖ ਨਾਲ ਪੂਰੀ ਜੁਆਨ ਹੋਈ ਵੀ ਸੀ..!"
-"ਜੁਆਨੀ ਸਿਖਰਾਂ 'ਤੇ ਸੀ ਲੇਖੇ ਨਾਲ... !'
-"ਉਏ ਜੇ ਦੋ ਸਾਲ ਉਹਨੂੰ ਹੋਰ ਨਾ ਵਿਆਹੁੰਦੇ-ਉਹਦਾ ਮੂੰਹ ਊਂ ਥੰਧੇ ਛਾਬੇ ਅਰਗਾ ਹੋ ਜਾਣਾ ਸੀ ।"
-"ਸਾਲਿਆਂ ਦੀ ਮੱਤ ਮਾਰਤੀ ਮੁਖ਼ਤ ਦੀ ਜ਼ਮੀਨ ਨੇ..!"
-"ਤੇਰੀਆਂ ਪਤੰਦਰ ਨੌਂ ਗੱਡੀਆਂ ਵੀ ਤਾਂ ਮਿਲੀਐਂ..!"
-"ਕਰੋੜਪਤੀ ਬਣ ਕੇ ਬਹਿਗੇ..!"
-"ਕੱਟੇ ਦੇ ਮੂੰਹ 'ਚ ਦਸ ਰੁਪਈਏ ਤੁੰਨ ਦੇਈਏ-ਉਹ ਸਾਲਾ ਹੇਕ 'ਚ ਰਿੰਗਣ ਲੱਗ ਪੈਂਦੈ-ਇਹਨਾਂ ਨੂੰ ਤਾਂ ਕਰੋੜਾਂ ਦੀ ਜੈਦਾਤ ਮਿਲਗੀ..!"
-"ਚੋਰਾਂ ਦਾ ਮਾਲ ਡਾਂਗਾਂ ਦੇ ਗਜ..!"
-"ਜਿਵੇਂ ਆਈ ਐ-ਉਵੇਂ ਜਾਊ...!"
-"ਆਹ ਹੁਣ ਘੱਟ ਹੋਈ ਐ..?"
-"ਬੰਦਾ ਲੱਖੀਂ ਨਾ ਹਜਾਰੀਂ-!"
-"ਸਾਲਿਆਂ ਨੇ ਪਟੋਲ੍ਹੇ ਅਰਗੀ ਭੈਣ ਮਰਵਾਲੀ..!"
-"ਐਦੂੰ ਤਾਂ ਮੇਰੇ ਤੇਰੇ ਅਰਗੇ ਕੋਲ਼ੇ ਆ ਜਾਂਦੀ-ਫ਼ੇਰ ਦੇਖਦਾ ਨੱਢੀ ਨੂੰ ਕਿਵੇਂ ਕਰਦਾ ਸੀ ਖ਼ੁਸ਼..!"
-"ਸਾਲ਼ੇ ਚਿੱਤੜ ਉਚੇ ਕਰ ਕਰ ਤੁਰਦੇ ਸੀ-ਬਈ ਸਾਲਿਓ ਤੁਸੀਂ ਪਿੱਛਾ ਤਾਂ ਸੋਚੇ-ਕੱਲ੍ਹ ਭੁੱਖੇ ਮਰਦੇ ਹੁੰਦੇ ਸੀ-ਪਰ ਕਾਹਨੂੰ..!"
-"ਯਾਰ ਨੰਗ ਦੇ ਤਾਂ ਪੰਜ ਰੁਪਈਏ ਹੱਥ ਆਏ ਨ੍ਹੀ ਮਾਣ ਹੁੰਦੇ-!"
-"ਸਾਲੀ ਕੁੜੀ ਗੜੋਂਧੇ ਅਰਗੀ ਸੀ ਬਾਈ- !'
ਚਾਂਭਲੀ ਮੁੰਡੀਹਰ ਨੂੰ ਜ਼ਰਾ ਵੀ ਦੁੱਖ ਨਹੀਂ ਸੀ। ਕਿਸੇ ਨੂੰ ਵੀ ਅਸਲੀਅਤ ਦਾ ਪਤਾ ਨਹੀਂ ਸੀ। ਪਤਾ ਸੀ ਤਾਂ ਸਿਰਫ਼ ਬਿੱਲੇ ਨੂੰ। ਪਰ ਉਸ ਨੇ ਬੱਗੇ ਜਾਂ ਕਿਸੇ ਹੋਰ ਨੂੰ ਦੱਸਣਾਂ ਮੁਨਾਸਿਬ ਨਹੀਂ ਸਮਝਿਆ ਸੀ। ਬੱਗੇ ਨੇ ਪੰਜਾਹ ਵਾਰ ਬਿਲਕ ਕੇ ਪੁੱਛਿਆ ਸੀ, "ਬਾਈ ਇਹ ਕਿਵੇਂ ਹੋ ਗਿਆ..?" ਪਰ ਬਿੱਲੇ ਨੇ ਉਸ ਨੂੰ ਲੜ ਪੱਲਾ ਨਹੀਂ ਫੜਾਇਆ ਸੀ। ਬੱਸ ਥਾਪੜਾ ਦੇ ਕੇ ਚੁੱਪ ਕਰਵਾ ਦਿੱਤਾ ਸੀ। ਗਿਆਨੋਂ ਦਾ ਸਸਕਾਰ ਕੀਤਾ ਗਿਆ। ਗੁਰਦੁਆਰੇ ਜਾ ਕੇ ਅਰਦਾਸ ਕਰਕੇ ਸਾਰੇ ਕੋਠੀ ਨੂੰ ਪਰਤ ਆਏ।
ਬਿੱਲਾ ਅਤੇ ਬੱਗਾ ਚੁੱਪ ਚਾਪ ਦੁੱਖ ਜਿਹੇ ਵਿਚ ਬੈਠੇ ਸਨ। ਕਦੇ ਕਦੇ ਉਹ ਭੈਣ ਦੇ ਵੈਰਾਗ ਵਿਚ ਫ਼ਿਸ ਵੀ ਪੈਂਦੇ ਸਨ। ਉਹਨਾਂ ਅੰਦਰ ਕੋਈ ਸਾਹ ਸਤ ਨਹੀਂ ਰਹਿ ਗਿਆ ਸੀ। ਤਾਕਤ ਹੰਝੂਆਂ ਦਾ ਰੂਪ ਧਾਰਨ ਕਰ ਵਹਿ ਗਈ ਸੀ । ਸਾਰੀ ਕੋਠੀ ਗ਼ਮ ਵਿਚ ਡੁੱਬੀ ਪਈ ਸੀ।
ਕਰਨੈਲ ਸਿੰਘ ਅਫ਼ਸੋਸ ਕਰਨ ਆਇਆ। ਜਿਵੇਂ ਅੱਗ 'ਤੇ ਪੈਟਰੋਲ ਪੈ ਗਿਆ। ਬਿੱਲੇ ਦੇ ਧੁਖ਼ਦੇ ਗੁੱਸੇ ਨੂੰ ਲਾਂਬੂ ਲੱਗ ਗਿਆ। ਉਸ ਦਾ ਦਿਲ ਭੈਣ ਦੀ ਚਿਤਾ ਵਾਂਗ ਹੀ ਬਲ ਉਠਿਆ ਸੀ। ਅੱਖਾਂ ਆਹਰਨ 'ਚੋਂ ਕੱਢੇ ਫ਼ਾਲੇ ਵਾਂਗ ਦਗਣ ਲੱਗ ਪਈਆਂ ਸਨ। ਭੈਣ ਦੀ ਲਿਖੀ ਚਿੱਠੀ ਦੇ ਸ਼ਬਦ ਉਸ ਦੀਆਂ ਅੱਖਾਂ ਅੱਗਿਓਂ ਲੰਘ ਗਏ।
ਉਹ ਉਠਿਆ।
ਕਮਰੇ ਅੰਦਰੋਂ ਆਪਣਾ ਮਾਊਜਰ ਕੱਢ ਕੇ ਡੱਬ ਵਿਚ ਦੇ ਲਿਆ ਅਤੇ ਚੁੱਪ ਚੁਪੀਤਾ ਬਾਹਰ ਨਿਕਲ ਗਿਆ। ਉਹ ਸਿੱਧਾ ਸਲੋਟ ਹੀ ਝਾਕ ਰਿਹਾ ਸੀ । ਜਿਵੇਂ ਸੂਰਜ ਦੀ ਲਾਲੀ ਉਸ ਦੀਆਂ ਅੱਖਾਂ ਵਿਚ ਉਤਰ ਆਈ ਸੀ।
ਜੀਪ ਫ਼ਰਾਟੇ ਮਾਰਦੀ ਵਾਟ ਵੱਢ ਰਹੀ ਸੀ।
ਦਸ ਕੁ ਮਿੰਟਾਂ ਵਿਚ ਹੀ ਜੀਪ ਕਰਨੈਲ ਸਿੰਘ ਦੀ ਕੋਠੀ ਆ ਖੜ੍ਹੀ।
-"ਦਰਸ਼ਣ ਕਿੱਥੇ ਐ...?" ਉਸ ਨੇ ਨੌਕਰ ਨੂੰ ਪੁੱਛਿਆ।
-"ਪਰਲੇ ਕਮਰੇ 'ਚ ਐ..!" ਉਸ ਨੇ ਉਂਗਲ ਕਰ ਕੇ ਦੱਸਿਆ।
-"ਹੋਰ ਕੌਣ ਐਂ..?
-"ਮਿੰਦੀ ਐ..!"
-"ਬੱਸ ਇਹਨਾਂ ਦੀ ਈ ਲੋੜ ਸੀ...!" ਬਿੱਲੇ ਨੇ ਆਪਣਾਂ ਮਾਊਜਰ ਕੱਢ ਲਿਆ।
-"ਤੈਨੂੰ ਕੀ ਕੰਮ ਐਂ.? ਨੌਕਰ ਨੇ ਉਸ ਦੀ ਬਾਂਹ ਫੜ ਲਈ।
-"ਹੱਟ ਪਿੱਛੇ...! ਹੁਣੇ ਪਤਾ ਲੱਗ ਜਾਂਦੈ... !" ਬਿੱਲੇ ਨੇ ਉਸ ਨੂੰ ਕਤੂਰੇ ਵਾਂਗ ਪਰਾਂਹ ਚਲਾ ਮਾਰਿਆ। ਉਹ ਡਿੱਗਦਾ ਮਸਾਂ ਹੀ ਬਚਿਆ ਸੀ।
ਦਰਸ਼ਣ ਅਤੇ ਮਿੰਦੀ ਦਾਰੂ ਪੀਂਦੇ ਲੁੱਡੀਆਂ ਪਾ ਰਹੇ ਸਨ।
ਜਦੋਂ ਕਮਰੇ ਦਾ ਦਰਵਾਜਾ ਖੁੱਲ੍ਹਿਆ ਤਾਂ ਮਿੰਦੀ ਅਤੇ ਦਰਸ਼ਣ ਦੇ ਸਾਹ ਰੁਕ ਗਏ। ਹਾਸਾ ਬੰਦ ਹੋ ਗਿਆ। ਬਿੱਲੇ ਦੇ ਹੱਥ ਵਿਚ ਮਾਉਜਰ ਜੀਭਾਂ ਕੱਢਦਾ ਦੇਖ ਕੇ ਦੋਨੋ ਡੌਰ ਭੌਰ ਤਾਂ ਹੋ ਗਏ ਸਨ।
-"ਬਾਈ ਜੀ ਸਾਸਰੀਕਾਲ.. !" ਮਿੰਦੀ ਨੇ ਹਿਚਕੀ ਲਈ। ਉਸ ਨੂੰ ਹੋਰ ਕੁਝ ਸੁੱਝਿਆ ਹੀ ਨਹੀਂ ਸੀ।
-"ਸਾਸਰੀਕਾਲ...!" ਤੇ ਬਿੱਲੇ ਨੇ ਇੱਕੋ ਸਾਹ ਮਾਊਜਰ ਖਾਲੀ ਕਰ ਦਿੱਤਾ। ਇੱਕੋ ਸਾਹ ਚੱਲੀਆਂ ਗੋਲੀਆਂ ਨੇ ਕਹਿਰ ਵਰ੍ਹਾ ਦਿੱਤਾ ਸੀ। ਦਰਸ਼ਣ ਅਤੇ ਮਿੰਦੀ ਬੱਕਰੇ ਵਾਂਗ ਇਕੱਠੇ ਕਰ ਦਿੱਤੇ ਸਨ। ਦਰਸ਼ਣ ਦੀ ਖੱਬੀ ਵੱਖੀ ਭਰਾੜ੍ਹ ਹੋ ਗਈ ਸੀ। ਮਿੰਦੀ ਦੀ ਪੁੜਪੜੀ ਵਿਚੋਂ ਬਿੱਲੀ ਪੂਛ ਵਰਗੀ ਲਹੂ ਦੀ ਧਾਰ ਵਗ ਰਹੀ ਸੀ। ਉਸ ਨੇ ਦੋਨਾਂ ਨੂੰ ਹਿਲਾ ਕੇ ਨਿਸ਼ਾ ਕਰ ਲਈ। ਦੋਵੇਂ ਧਰਮਰਾਜ ਦੀ ਕਚਿਹਰੀ ਪੁੱਜ ਚੁੱਕੇ ਸਨ।
ਬਿੱਲੇ ਨੇ ਮਾਊਜਰ ਵਿਚ ਹੋਰ ਗੋਲੀਆਂ ਚਾੜ੍ਹ ਲਈਆਂ ਅਤੇ ਜੀਪ ਵਿਚ ਜਾ ਚੜ੍ਹਿਆ। ਕੋਠੀ ਵਿਚ ਹਾਹਾਕਾਰ ਮੱਚੀ ਹੋਈ ਸੀ।
ਦਰਸ਼ਣ ਅਤੇ ਮਿੰਦੀ ਠੰਢੇ ਹੋ ਚੁੱਕੇ ਸਨ। ਫ਼ਰਸ਼ 'ਤੇ ਖੂਨ ਦਾ ਛੱਪੜ ਲੱਗ ਗਿਆ ਸੀ। ਰਣਜੀਤ ਕੌਰ ਦੁਹੱਥੜੀ ਪਿੱਟ ਰਹੀ ਸੀ। ਨੌਕਰਾਂ ਵਿਚ ਭੂਚਾਲ ਆਇਆ ਹੋਇਆ ਸੀ। ਕਿਸੇ ਨੂੰ ਕੁਝ ਸੁੱਝ ਨਹੀਂ ਰਿਹਾ ਸੀ। ਭਾਣਾਂ ਇਤਨੀ ਜਲਦੀ ਨਾਲ ਵਾਪਰਿਆ ਸੀ ਕਿ ਕਿਸੇ ਨੂੰ ਸੰਭਾਲਣ ਦਾ ਮੌਕਾ ਹੀ ਨਹੀਂ ਮਿਲਿਆ ਸੀ। ਕੋਈ ਸਾਈਕਲ ਚੁੱਕ ਠਾਣੇ ਨੂੰ ਤੁਰ ਗਿਆ ਸੀ । ਕੋਈ ਕਰਨੈਲ ਸਿੰਘ ਵੱਲ ਭੱਜ ਗਿਆ ਸੀ।
ਪੁਲੀਸ ਪਹੁੰਚ ਗਈ।
ਬਿੱਲਾ ਗਿ੍ਫ਼ਤਾਰ ਕੀਤਾ ਜਾ ਚੁੱਕਾ ਸੀ!
ਅੱਜ ਸਾਰੇ ਪਿੰਡ ਨੂੰ ਗਿਆਨੋਂ ਦੀ ਖ਼ੁਦਕਸ਼ੀ ਦਾ ਪਤਾ ਚੱਲਿਆ ਸੀ। ਬਿੱਲੇ ਉਪਰ ਦਫ਼ਾ 302 ਤਹਿਤ ਪਰਚਾ ਕੱਟ ਕੇ ਮੁਕੱਦਮਾਂ ਚਲਾਇਆ ਗਿਆ।
ਪ੍ਰੀਤੀ ਹੁਣ ਠੀਕ ਸੀ। ਜਦੋਂ ਦੀ ਹਸਪਤਾਲੋਂ ਵਾਪਸ ਆਈ ਸੀ, ਬਾਪੂ ਕੋਲ ਹੀ ਰਹਿੰਦੀ ਸੀ। ਉਸ ਨੂੰ ਦਰਸ਼ਣ ਦੀ ਮੌਤ ਅਤੇ ਬਿੱਲੇ ਦੀ ਗਿ੍ਫ਼ਤਾਰੀ ਦੀ ਖ਼ਬਰ ਮਿਲੀ। ਉਸ ਨੂੰ ਉਤਨਾ ਦਰਸ਼ਣ ਦੀ ਮੌਤ ਦਾ ਦੁੱਖ ਨਾ ਹੋਇਆ, ਜਿੰਨਾਂ ਕਿ ਬਿੱਲੇ ਦੀ ਗ੍ਰਿਫ਼ਤਾਰੀ ਦਾ! ਉਸ ਨੇ ਬਿੱਲੇ ਦੀ ਮੁਲਾਕਾਤ ਕਰਨ ਬਾਰੇ ਬਾਪੂ ਦਾ ਤਰਲਾ ਕੀਤਾ। ਕਾਲਜ ਸਮੇਂ ਤੋਂ ਉਹਨਾਂ ਦੇ ਨਜ਼ਦੀਕੀ ਸਬੰਧਾਂ ਬਾਰੇ ਵੀ ਵੇਰਵਾ ਪਾਇਆ।
ਬਾਪੂ ਨੇ ਪ੍ਰੀਤੀ 'ਤੇ ਗਿਲਾ ਕੀਤਾ।
-"ਕਮਲੀਏ ਤੂੰ ਮੈਨੂੰ ਉਦੋਂ ਕਿਉਂ ਨਾ ਦੱਸਿਆ..?"
-"...........।' ਪ੍ਰੀਤੀ ਅਵਾਕ ਸੀ। ਉਹ ਕਹਿਣਾਂ ਤਾਂ ਚਾਹੁੰਦੀ ਸੀ ਕਿ ਮੈਂ ਤਾਂ ਤੇਰੀ ਅਣਖ਼ ਇੱਜ਼ਤ ਕਰਕੇ ਈ ਚੁੱਪ ਚਾਪ ਸੰਤਾਪ ਭੋਗਦੀ ਰਹੀ ਬਾਪੂ..! ਪਰ ਆਖ ਨਾ ਸਕੀ। ਹੁਣ ਵੇਲਾ ਹੱਥੋਂ ਨਿਕਲ ਚੁੱਕਾ ਸੀ। ਚਿੜੀਆਂ ਖੇਤ ਚੁਗ ਗਈਆਂ ਸਨ । ਹੁਣ ਗਾਲਾਂ ਕੱਢਣ ਕੋਈ ਲਾਭ ਨਹੀਂ ਸੀ!
ਉਹ ਮੁਲਾਕਾਤ ਕਰਨ ਚਲੇ ਗਏ। ਬੱਗਾ ਅਤੇ ਟਰੱਕ ਯੂਨੀਅਨ ਦਾ ਪ੍ਰਧਾਨ ਵੀ ਮੁਲਾਕਾਤ ਲਈ ਪੁੱਜੇ ਹੋਏ ਸਨ। ਪ੍ਰੀਤੀ ਹੰਝੂ ਵਗਾ ਰਹੀ ਸੀ। ਬੱਗਾ ਵੀ ਚੁੱਪ ਚਾਪ ਅੱਖਾਂ ਭਰੀ ਖੜ੍ਹਾ ਸੀ।
-"ਮੈਨੂੰ ਮੁਆਫ਼ ਕਰਨਾ ਪ੍ਰੀਤੀ-ਇਹ ਕੁਝ ਮੈਨੂੰ ਮਜਬੂਰਨ ਕਰਨਾ ਪਿਆ-ਪਾਪੀ ਦੇ ਪਾਪਾਂ ਦਾ ਅੰਤ ਹੁੰਦਾ ਨਹੀਂ ਸੀ..!"
-"ਇਹ ਕੁਛ ਤਾਂ ਪੁੱਤਰਾ ਬਹੁਤ ਚਿਰ ਪਹਿਲਾਂ ਹੋ ਜਾਣਾ ਚਾਹੀਦਾ ਸੀ.. !" ਬਲੌਰ ਸਿੰਘ ਬੋਲਿਆ।
-"ਹੁਣ ਮੇਰੀ ਜਾਨ ਵੀ ਚਲੀ ਜਾਵੇ-ਤਾਂ ਮੈਨੂੰ ਕੋਈ ਅਫ਼ਸੋਸ ਨਹੀਂ..!
-"ਮਾਤਮਾ ਦੇ ਦਰ ਦਾ ਭਰੋਸਾ ਰੱਖੋ !" ਪ੍ਰੀਤੀ ਨੇ ਹੰਝੂ ਪੂੰਝੇ।
-"ਸਰਦਾਰ ਜੀ-ਇਕ ਗੱਲ ਆਖਾਂ-ਮੰਨ ਜਾਓਂਗੇ.. ?''
-"ਬੋਲ ਪੁੱਤਰਾ..! ਤੇਰੀ ਖ਼ਾਤਰ ਮੇਰੀ ਜਾਨ ਵੀ ਹਾਜਰ ਐ..!" ਬਲੌਰ ਸਿੰਘ ਨੇ ਪੰਜਾ ਆਪਣੀ ਛਾਤੀ 'ਤੇ ਮਾਰਿਆ।
-"ਮੈਨੂੰ ਪਤੈ ਬਈ ਮੈਨੂੰ ਫ਼ਾਂਸੀ ਜ਼ਰੂਰ ਹੋਵੇਗੀ..!'
-"ਮੰਦੇ ਬੋਲ ਨਾ ਬੋਲ ਸ਼ੇਰਾ! ਰੱਬ 'ਤੇ ਭਰੋਸਾ ਰੱਖ-ਜਿਉਂਦੇ ਬੰਦੇ ਦੇ ਪੱਲੇ ਆਸ ਹਮੇਸ਼ਾ ਹੋਣੀਂ ਚਾਹੀਦੀ ਐ!"
-"ਬਹੁਤ ਚਿਰ ਭਰੋਸਾ ਕੀਤਾ-ਪਰ ਰੱਬ ਨਾ ਬਹੁੜਿਆ ਸਰਦਾਰ ਜੀ!"
-"ਉਹ ਬਹੁੜਦੇ ਪੁੱਤਰ.. । ਬਹੁੜਦੈ...!"
-"ਸਰਦਾਰ ਜੀ ਮੇਰੀ ਗੱਲ-!"
-"ਹਾਂ ਦੱਸ ਸ਼ੇਰਾ..!'
-"ਇਹ ਮੇਰਾ ਭਰਾ ਬੱਗਾ ਹੈ..! ਇਸ ਕੋਲ ਪ੍ਰਮਾਤਮਾਂ ਦਾ ਦਿੱਤਾ ਬਹੁਤ ਕੁਛ ਐ-ਤੁਸੀਂ ਪ੍ਰੀਤੀ ਦਾ ਹੱਥ ਇਸ ਦੇ ਹੱਥ ਵਿਚ ਦੇ ਦੇਣਾਂ-ਇਸ ਵਿਚ ਹੀ ਮੇਰੀ ਖ਼ੁਸ਼ੀ ਹੈ-ਮੇਰੇ ਪਿਆਰ ਦੀ ਪੂਰਤੀ ਹੈ-ਮੇਰੀ ਰੂਹ ਦੀ ਸੰਤੁਸ਼ਟੀ ਹੈ..!" ਤੇ ਬਿੱਲਾ ਚਲਾ ਗਿਆ। ਪ੍ਰੀਤੀ ਦੇ ਦਿਲ ਨੂੰ ਖੋਹ ਜਿਹੀ ਪਈ। ਹੌਲ ਜਿਹਾ ਪਿਆ। ਉਹ ਇਕ ਵਾਰ ਬਿੱਲੇ ਨੂੰ ਗਲ ਲਾਉਣਾ ਚਾਹੁੰਦੀ ਸੀ। ਪਰ ਬਦਕਿਸਮਤੀ ਨਾਲ ਸੀਖਾਂ ਲੋਹੇ ਦੀਆਂ ਸਨ।
ਉਹ ਸਾਰੇ ਵਾਪਸ ਆ ਗਏ।
ਅਖੀਰ ਬਿੱਲੇ ਦੇ ਮੁਕੱਦਮੇਂ ਦੀ ਤਾਰੀਕ ਦਾ ਦਿਨ ਆ ਗਿਆ।
ਮੁਕੱਦਮਾਂ ਬੜਾ ਸਖ਼ਤ ਸੀ। ਦੋ ਕਤਲਾਂ ਦਾ ਭਾਰ ਸਿਰਫ਼ ਬਿੱਲੇ ਦੇ ਸਿਰ 'ਤੇ ਸੀ। ਕਤਲ ਮਕਤੂਲਾਂ ਦੇ ਘਰ ਜਾ ਕੇ, ਲਲਕਾਰ ਕੇ ਕੀਤੇ ਗਏ ਸਨ । ਚਸ਼ਮਦੀਦ ਗਵਾਹ ਭੁਗਤ ਗਏ ਸਨ। ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਬਿੱਲਾ ਦੋਨੋਂ ਕਤਲਾਂ ਦਾ ਜ਼ੁਰਮ ਖ਼ੁਦ ਇਕਬਾਲ ਕਰ ਰਿਹਾ ਸੀ ਅਤੇ ਵਾਰ ਵਾਰ ਇਕਬਾਲ ਕਰ ਰਿਹਾ ਸੀ। ਮੌਕੇ ਦੇ ਗਵਾਹ ਵੀ ਤੋਤੇ ਵਾਂਗ ਬੋਲੇ ਸਨ। ਪੁਲੀਸ ਨੇ ਗਵਾਹਾਂ ਨੂੰ ਬਿਆਨ ਰਟਾਏ ਹੋਏ ਸਨ। ਜੱਜ ਦੇ ਮੱਥੇ ਦੀ ਤਿਊੜੀ ਭਿਆਨਕ ਹੋ ਗਈ। ਉਸ ਨੇ ਤ੍ਰਿਸਕਾਰ ਨਜ਼ਰਾਂ ਨਾਲ ਦੋਸ਼ੀ ਵੱਲ ਤੱਕਿਆ ਸੀ। ਪਰ ਜਦ ਬਿੱਲਾ ਹੀ ਕਤਲ ਕਬੂਲ ਰਿਹਾ ਸੀ, ਉਥੇ ਕੋਈ ਵੀ ਚਾਰਾਜੋਈ ਬੇਕਾਰ ਸੀ!
ਜੱਜ ਨੇ ਫ਼ੈਸਲਾ ਸੁਣਾਇਆ।
ਫ਼ਾਂਸੀ ਦੀ ਸਜ਼ਾ ਸੁਣਾਈ ਗਈ।
ਹਰ ਇਕ ਨੂੰ ਝਟਕਾ ਜਿਹਾ ਲੱਗਿਆ। ਉਹ ਅਦਾਲਤ ਦੇ ਬੈਂਚਾਂ ਉਪਰ ਬੈਠੇ ਸੁੰਨ ਜਿਹੇ ਹੋ ਗਏ ਸਨ । ਕਟਹਿਰੇ ਵਿਚ ਖੜ੍ਹਾ ਬਿੱਲਾ ਪ੍ਰੀਤੀ, ਬੱਗੇ ਅਤੇ ਫ਼ਿਰ ਬਲੌਰ ਸਿੰਘ ਵੱਲ ਝਾਕਿਆ। ਬਲੌਰ ਸਿੰਘ ਨੇ 'ਹਾਂ' ਵਿਚ ਸਿਰ ਹਿਲਾਇਆ। ਜਿਵੇਂ ਉਸ ਨੇ ਬੱਗੇ ਅਤੇ ਪ੍ਰੀਤੀ ਦਾ ਰਿਸ਼ਤਾ ਪ੍ਰਵਾਨ ਕਰ ਲਿਆ ਸੀ। ਅਦਾਲਤ ਵਿਚ ਹੀ ਬਲੌਰ ਸਿੰਘ ਨੇ ਬੱਗੇ ਦੇ ਹੱਥ ਵਿਚ ਪ੍ਰੀਤੀ ਦਾ ਹੱਥ ਦੇ ਦਿੱਤਾ। ਦੇਖ ਕੇ ਬਿੱਲੇ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਦੋ ਕੋਸੇ ਹੰਝੂ ਉਸ ਦੀਆਂ ਅੱਖਾਂ ਵਿਚੋਂ ਕਿਰ ਕੇ ਕਟਿਹਰੇ ਦੀ ਬਾਹੀ 'ਤੇ ਡੁੱਲ੍ਹ ਗਏ।
ਬਿੱਲਾ ਕਟਿਹਰੇ ਵਿਚੋਂ ਅਲੋਪ ਸੀ। ਸਿਪਾਹੀ ਪਤਾ ਨਹੀਂ ਉਸ ਨੂੰ ਕਿੱਧਰ ਲੈ ਗਏ ਸਨ।
…………….ਸਵੇਰ ਹੋ ਚੁੱਕੀ ਸੀ! ਚਿੜੀਆਂ ਚੂਕਣ ਲੱਗ ਪਈਆਂ ਸਨ । ਸੂਰਜ ਨਿਕਲਣ ਦੀ ਤਿਆਰੀ ਵਿਚ ਸੀ।
-"ਉਠੋ ਸਰਦਾਰ ਬੱਗਾ ਸਿੰਘ ਜੀ...! ਕਿੱਡਾ ਦਿਨ ਚੜ੍ਹ ਆਇਐ...!" ਕਿਸੇ ਨੇ ਪਏ ਬੱਗਾ ਸਿੰਘ ਨੂੰ ਆ ਕੇ ਹਲੂਣਿਆਂ।
ਉਸ ਦਾ ਸੁਪਨਾ ਟੁੱਟਿਆ। ਉਹ ਨੀਂਦ ਵਿਚੋਂ ਵਾਪਸ ਪਰਤਿਆ। ਉਸ ਦੀਆਂ ਅੱਖਾਂ ਵਿਚੋਂ ਪਾਣੀ "ਤਰਿੱਪ-ਤਰਿੱਪ" ਚੋਅ ਰਿਹਾ ਸੀ।
-"ਦਿਨ ਚੜ੍ਹ ਗਿਐ ਜਨਾਬ..! ਤੁਸੀਂ ਜੰਨ ਨ੍ਹੀ ਜਾਣਾਂ..? ਕਿੱਡਾ ਦਿਨ ਚੜ੍ਹ ਗਿਆ..। ਵਿਕਰਮ ਸਿੰਘ ਤੁਹਾਡੀ ਉਡੀਕ ਕਰ ਰਹੇ ਨੇ !" ਬੱਗਾ ਸਿੰਘ ਦੀ ਜੀਵਨ ਸਾਥਣ, ਹਸਰਤ ਪ੍ਰੀਤ ਕੌਰ ਬੋਲ ਰਹੀ ਸੀ। ਜਿਸ ਨੂੰ ਸਾਰੇ 'ਪ੍ਰੀਤੀ ਆਖ ਕੇ ਹੀ ਬੁਲਾਉਂਦੇ ਸਨ।
-"ਓਹੋ...! ਕਿੱਡਾ ਭਾਣਾਂ ਸੀ ਮੇਰਿਆ ਰੱਬਾ... !" ਬੱਗਾ ਸਿੰਘ ਉਠ ਕੇ ਬੈਠ ਗਿਆ।
-"ਤੁਹਾਨੂੰ ਕੋਈ ਸੁਪਨਾ ਆਇਆ ਹੋਣੈ ਜਨਾਬ..। ਜਲਦੀ ਨਾਲ ਨਹਾ ਕੇ ਤਿਆਰ ਹੋ ! ਜੰਨ ਤੁਰਨ ਆਲੀ ਐ..!" ਪ੍ਰੀਤੀ ਨੇ ਆਖਿਆ ਅਤੇ ਚਲੀ ਗਈ। ਉਸ ਦੇ ਵੰਝਲੀ ਵਰਗੇ ਬੋਲਾਂ ਵਿਚ ਮਿਸਰੀ ਵਾਲੀ ਮਿਠਾਸ ਘੁਲੀ ਹੋਈ ਸੀ।
-"ਕਾਸ਼..! ਇਹ ਸੁਪਨਾ ਹੀ ਹੁੰਦਾ ਪ੍ਰੀਤੀਏ..! ਪਰ ਤੇਰੇ ਸਾਹਮਣੇਂ ਤਾਂ ਸਾਰਾ ਕੁਛ ਬੀਤਿਐ..! ਹਿਜਰ ਹੱਡਾਂ ਨਾਲ ਹੰਢਾਇਐ..! ਸਿਆਣਿਆਂ ਨੇ ਸੱਚ ਹੀ ਕਿਹੈ ਕਿ ਭਾਈ ਮਰੇ ਤਾਂ ਬਾਂਹ ਭੱਜ ਜਾਂਦੀ ਐ..! ਪਰ ਮਾਲਕਾ ! ਤੂੰ ਵੀ ਪੱਥਰ ਦਿਲ ਈ ਐਂ..! ਏਤੀ ਮਾਰ ਪਈ ਕੁਰਲਾਣੇ-ਤੈਂ ਕੀ ਦਰਦੁ ਨ ਆਇਆ...? ਖ਼ੈਰ! ਜਿੱਥੇ ਰੱਬ ਰੱਖੇ ਉਥੇ ਰਹਿਣਾਂ ਪੈਂਦੈ..!"
-"ਉਏ ਤੂੰ ਉਠ ਖੜ੍ਹ ਸਰਦਾਰਾ..! ਕੀ ਮੋਤੀ ਪਰੋਈ ਜਾਨੈਂ !" ਵਿਕਰਮ ਸਿੰਘ ਡੰਡ ਜਿਹੀ ਪਾਉਂਦਾ ਅੰਦਰ ਆ ਗਿਆ।
-"ਬੱਸ ਮੈਂ ਤਿਆਰ ਐਂ ਬਾਈ... !" ਬੱਗਾ ਸਿੰਘ ਨੇ ਅੱਖਾਂ ਪੂੰਝੀਆਂ ਅਤੇ ਨਹਾਉਣ ਚਲਾ ਗਿਆ...!
ਸਮਾਪਤ