Back ArrowLogo
Info
Profile
ਬੱਗਾ ਅਤੇ ਪ੍ਰੀਤੀ ਰੋ ਰਹੇ ਸਨ। ਉਹਨਾਂ ਦੇ ਹੱਥ ਅਜੇ ਵੀ ਇਕ ਦੂਜੇ ਦੇ ਹੱਥ ਵਿਚ ਫੜੇ ਹੋਏ ਸਨ। ਬਲੌਰ ਸਿੰਘ ਉਦਾਸ ਸੀ। ਪਰ ਬਿੱਲੇ ਦੀ ਕੁਰਬਾਨੀ ਦੇ ਬਲਿਹਾਰੇ ਜਾ ਰਿਹਾ ਸੀ। ਉਸ ਦੀਆਂ ਅੱਖਾਂ ਨੱਕੋ ਨੱਕ ਭਰੀਆਂ ਹੋਈਆਂ ਸਨ।

ਬਿੱਲਾ ਕਟਿਹਰੇ ਵਿਚੋਂ ਅਲੋਪ ਸੀ। ਸਿਪਾਹੀ ਪਤਾ ਨਹੀਂ ਉਸ ਨੂੰ ਕਿੱਧਰ ਲੈ ਗਏ ਸਨ।

…………….ਸਵੇਰ ਹੋ ਚੁੱਕੀ ਸੀ! ਚਿੜੀਆਂ ਚੂਕਣ ਲੱਗ ਪਈਆਂ ਸਨ । ਸੂਰਜ ਨਿਕਲਣ ਦੀ ਤਿਆਰੀ ਵਿਚ ਸੀ।

-"ਉਠੋ ਸਰਦਾਰ ਬੱਗਾ ਸਿੰਘ ਜੀ...! ਕਿੱਡਾ ਦਿਨ ਚੜ੍ਹ ਆਇਐ...!" ਕਿਸੇ ਨੇ ਪਏ ਬੱਗਾ ਸਿੰਘ ਨੂੰ ਆ ਕੇ ਹਲੂਣਿਆਂ।

ਉਸ ਦਾ ਸੁਪਨਾ ਟੁੱਟਿਆ। ਉਹ ਨੀਂਦ ਵਿਚੋਂ ਵਾਪਸ ਪਰਤਿਆ। ਉਸ ਦੀਆਂ ਅੱਖਾਂ ਵਿਚੋਂ ਪਾਣੀ "ਤਰਿੱਪ-ਤਰਿੱਪ" ਚੋਅ ਰਿਹਾ ਸੀ।

-"ਦਿਨ ਚੜ੍ਹ ਗਿਐ ਜਨਾਬ..! ਤੁਸੀਂ ਜੰਨ ਨ੍ਹੀ ਜਾਣਾਂ..? ਕਿੱਡਾ ਦਿਨ ਚੜ੍ਹ ਗਿਆ..। ਵਿਕਰਮ ਸਿੰਘ ਤੁਹਾਡੀ ਉਡੀਕ ਕਰ ਰਹੇ ਨੇ !" ਬੱਗਾ ਸਿੰਘ ਦੀ ਜੀਵਨ ਸਾਥਣ, ਹਸਰਤ ਪ੍ਰੀਤ ਕੌਰ ਬੋਲ ਰਹੀ ਸੀ। ਜਿਸ ਨੂੰ ਸਾਰੇ 'ਪ੍ਰੀਤੀ ਆਖ ਕੇ ਹੀ ਬੁਲਾਉਂਦੇ ਸਨ।

-"ਓਹੋ...! ਕਿੱਡਾ ਭਾਣਾਂ ਸੀ ਮੇਰਿਆ ਰੱਬਾ... !" ਬੱਗਾ ਸਿੰਘ ਉਠ ਕੇ ਬੈਠ ਗਿਆ।

-"ਤੁਹਾਨੂੰ ਕੋਈ ਸੁਪਨਾ ਆਇਆ ਹੋਣੈ ਜਨਾਬ..। ਜਲਦੀ ਨਾਲ ਨਹਾ ਕੇ ਤਿਆਰ ਹੋ ! ਜੰਨ ਤੁਰਨ ਆਲੀ ਐ..!" ਪ੍ਰੀਤੀ ਨੇ ਆਖਿਆ ਅਤੇ ਚਲੀ ਗਈ। ਉਸ ਦੇ ਵੰਝਲੀ ਵਰਗੇ ਬੋਲਾਂ ਵਿਚ ਮਿਸਰੀ ਵਾਲੀ ਮਿਠਾਸ ਘੁਲੀ ਹੋਈ ਸੀ।

-"ਕਾਸ਼..! ਇਹ ਸੁਪਨਾ ਹੀ ਹੁੰਦਾ ਪ੍ਰੀਤੀਏ..! ਪਰ ਤੇਰੇ ਸਾਹਮਣੇਂ ਤਾਂ ਸਾਰਾ ਕੁਛ ਬੀਤਿਐ..! ਹਿਜਰ ਹੱਡਾਂ ਨਾਲ ਹੰਢਾਇਐ..! ਸਿਆਣਿਆਂ ਨੇ ਸੱਚ ਹੀ ਕਿਹੈ ਕਿ ਭਾਈ ਮਰੇ ਤਾਂ ਬਾਂਹ ਭੱਜ ਜਾਂਦੀ ਐ..! ਪਰ ਮਾਲਕਾ ! ਤੂੰ ਵੀ ਪੱਥਰ ਦਿਲ ਈ ਐਂ..! ਏਤੀ ਮਾਰ ਪਈ ਕੁਰਲਾਣੇ-ਤੈਂ ਕੀ ਦਰਦੁ ਨ ਆਇਆ...? ਖ਼ੈਰ! ਜਿੱਥੇ ਰੱਬ ਰੱਖੇ ਉਥੇ ਰਹਿਣਾਂ ਪੈਂਦੈ..!"

-"ਉਏ ਤੂੰ ਉਠ ਖੜ੍ਹ ਸਰਦਾਰਾ..! ਕੀ ਮੋਤੀ ਪਰੋਈ ਜਾਨੈਂ !" ਵਿਕਰਮ ਸਿੰਘ ਡੰਡ ਜਿਹੀ ਪਾਉਂਦਾ ਅੰਦਰ ਆ ਗਿਆ।

-"ਬੱਸ ਮੈਂ ਤਿਆਰ ਐਂ ਬਾਈ... !" ਬੱਗਾ ਸਿੰਘ ਨੇ ਅੱਖਾਂ ਪੂੰਝੀਆਂ ਅਤੇ ਨਹਾਉਣ ਚਲਾ ਗਿਆ...!

 

ਸਮਾਪਤ

124 / 124
Previous
Next