ਹੁੰਦਾ। ਗਿਆਨੋਂ ਉਠ ਕੇ ਚਾਹ ਧਰ ਧੀਏ ਆਬਦੇ ਸੋਹਣੇ ਵੀਰ ਵਾਸਤੇ। ਉਠ ਮੇਰੀ ਸਿਆਣੀ ਧੀ..!" ਮਾਂ ਨੇ ਬਿੱਲੇ ਦੇ ਹੰਝੂ ਪੂੰਝਦਿਆਂ ਕਿਹਾ। ਮਨ ਉਸ ਦਾ ਵੀ ਭਰ ਆਇਆ ਸੀ। ਕਈ ਜੁੱਗਾਂ ਦਾ ਬੰਨ੍ਹਿਆਂ ਬੰਨ੍ਹ ਟੁੱਟ ਗਿਆ ਸੀ।
ਪਰ ਬਿੱਲਾ ਅਜੇ ਵੀ ਰੋਈ ਜਾ ਰਿਹਾ ਸੀ।
ਗਿਆਨੋਂ ਚਾਹ ਬਣਾਉਣ ਚਲੀ ਗਈ।
ਬੱਗਾ ਘੁੱਟਾਂਬਾਟੀ ਝਾਕੀ ਜਾ ਰਿਹਾ ਸੀ।
ਕਿਸ਼ਤ 8
ਮੱਚਦਾ ਬੁਝਦਾ ਮਿੰਦੀ ਠਾਣੇ ਪਹੁੰਚਿਆ।
ਉਸ ਦੀਆਂ ਮਿੱਡੀਆਂ ਨਾਸਾਂ ਡੱਡੂ ਵਾਂਗ ਫੁੱਲੀਆਂ ਹੋਈਆਂ ਸਨ। ਉਹ ਸਾਹ ਲੈਣ ਦੀ ਜਗਾਹ ਆਫ਼ਰੇ ਕੱਟੇ ਵਾਂਗ ਫੁੰਕਾਰੇ ਜਿਹੇ ਮਾਰਦਾ ਸੀ। ਸ਼ਾਇਦ ਉਸ ਨੂੰ ਬਿੱਲੇ ਦੇ ਠਾਣਿਓਂ ਛੁੱਟ ਜਾਣ ਦਾ ਪਤਾ ਲੱਗ ਗਿਆ ਸੀ। ਮੁਣਸ਼ੀ ਨੇ ਉਸ ਨੂੰ ਆਉਂਦਾ ਤਾਂ ਤੱਕ ਲਿਆ ਸੀ। ਪਰ ਬਹੁਤੀ ਕੋਈ ਖ਼ਾਸ ਪ੍ਰਵਾਹ ਨਹੀਂ ਕੀਤੀ ਸੀ। ਠਾਣੇਦਾਰ ਠਾਣੇ ਵਿਚ ਨਹੀਂ ਸੀ। ਮੁਣਸ਼ੀ ਬੇਪ੍ਰਵਾਹ ਜਿਹਾ ਹੋਇਆ ਫ਼ਾਈਲਾਂ ਫਰੋਲਣ ਲੱਗ ਪਿਆ। ਜਿਵੇਂ ਉਸ ਨੂੰ ਕਿਸੇ ਦੇ ਆਏ ਦਾ ਪਤਾ ਹੀ ਨਹੀਂ ਸੀ।
-"ਹੁਣ ਟੁੱਟਗੀ ਭਰਾਵਾਂ ਨਾਲੋਂ - ਪੁੱਤ ਦਾ ਵਿਆਹ ਕਰਕੇ ?" ਮਿੰਦੀ ਨੇ ਗੱਲ ਚੱਬ ਕੇ ਜਿਹੇ ਕੀਤੀ। ਵਿਅੰਗ ਕਸਿਆ।
-"ਕੌਣ ਸੀ ਉਹੋ ਗੱਦਾਂ ਯੱਧੀ - ਉਹਦੇ 'ਤੇ ਕੇਸ ਕਰੀਏ ? ਪੁੱਤ ਦਾ ਵਿਆਹ ਕਰਕੇ ਭਰਾਵਾਂ ਨਾਲੋਂ ਟੁੱਟਣਾਂ ਕਾਨੂੰਨ ਦੇ ਖ਼ਾਸ ਕਰਕੇ ਵਿਰੁੱਧ ਐ।" ਮੁਣਸ਼ੀ ਮਚਲਾ ਹੋ ਗਿਆ।
-''ਤੈਨੂੰ ਕਾਹਨੂੰ ਪਤੈ..? ਚਾਲਾਂ ਕਰਦੈਂ, ਚਾਲਾਂ..!'
-''ਮੈਂ ਯਾਰ ਕਿਤੇ ਪਾਂਡੈਂ..?"
-''ਜੰਗੀਰ, ਤੇਰੀ ਮਰਜੀ ਐ, ਦੇਖ ਲੈ..!"