ਬਿੱਲਾ ਚਾਹ ਪੀ ਰਿਹਾ ਸੀ। ਕਾਲਜ ਦੀ ਪਾਰਕ ਵਿਚ ਬੈਠੀ ਪ੍ਰੀਤੀ ਵੱਲ ਦੇਖ ਕੇ ਉਹ ਸੜ੍ਹਾਕਾ ਮਾਰ ਕੇ, ਲੰਮੀ ਘੁੱਟ ਭਰਦਾ ਅਤੇ "ਹਾਏ...!" ਆਖ ਕੇ ਲੰਬਾ ਸਾਰਾ ਸਾਹ ਬਾਹਰ ਨੂੰ ਛੱਡਦਾ ਸੀ। ਗਰਮ ਸਾਹ ਨਾਲ ਨਿਕਲਦੀ ਭਾਫ਼ ਉਸ ਦੀਆਂ ਅੱਖਾਂ ਅੱਗੇ ਵਰੋਲਾ ਜਿਹਾ ਬਣ ਜਾਂਦੀ ਸੀ । ਪਰ ਪ੍ਰੀਤ ਬੇਖ਼ਬਰ ਪੜ੍ਹ ਰਹੀ ਸੀ। ਉਸ ਦਾ ਧਿਆਨ ਬਿੱਲੇ ਤੱਕ ਨਹੀਂ ਪੁੱਜ ਸਕਿਆ ਸੀ। ਸ਼ਾਇਦ ਉਸ ਦਾ ਧਿਆਨ ਕਿਤਾਬ ਵਿਚ ਹੀ ਖੁੱਭਿਆ ਹੋਇਆ ਸੀ।
ਬਿੱਲੇ ਦੇ ਇਕ ਪਾਸੇ ਬੈਠਾ ਦਰਸ਼ਣ ਉਸ ਦੀ ਹਰ 'ਘਤਿੱਤ' ਨੂੰ ਤਾੜ ਰਿਹਾ ਸੀ। ਪਰ ਉਸ ਨੂੰ ਬਿੱਲੇ ਦੀ ਕਿਸੇ ਘਤਿੱਤ ਦੀ ਕੋਈ ਖ਼ਾਸ ਸਮਝ ਨਹੀਂ ਪਈ ਸੀ।
ਬਿੱਲੇ ਨੇ ਚਾਹ ਦੀ ਘੁੱਟ ਭਰੀ, ਪ੍ਰੀਤੀ ਵੱਲ ਦੇਖਿਆ ਅਤੇ ਫਿਰ "ਹਾਏ.. !" ਕਹਿ ਕੇ ਲੰਮਾਂ ਸਾਹ ਬਾਹਰ ਨੂੰ ਛੱਡਿਆ। ਦਰਸ਼ਣ ਕੱਪੜਿਆਂ ਤੋਂ ਬਾਹਰ ਹੋ ਗਿਆ। ਉਸ ਤੋਂ ਰਿਹਾ ਨਾ ਗਿਆ।
-"ਤੂੰ ਉਏ ਕਿਵੇਂ ਦਮੇਂ ਦੇ ਮਰੀਜ਼ ਵਾਂਗੂੰ ਹਾਉਕੇ ਜਿਹੇ ਲੈਨੈਂ..?"
-"ਕਿਉਂ..? ਤੂੰ ਮੈਨੂੰ ਸਾਕ ਕਰਨੈਂ ?"
-"ਤੂੰ ਕਿਤੇ ਮੈਥੋਂ ਨਾਸਾਂ ਨਾ ਭੰਨਾਂ ਲਈਂ..!"
-"ਬਹਿਜਾ ਬਾਈ ਸਿਆਂ ਬਹਿਜਾ..!"
-"ਦੇਖ ਸਾਲਾ ਲੱਛਣ ਕੀ ਕਰਦੈ, ਕੁੱਤੀ ਜਾਅਤ...!'
-"ਤੂੰ ਬਾਈ ਵਾਧਾ ਨਾਂ ਕਰ..!"
-"ਕਰੂੰਗਾ, ਤੂੰ ਰਿਸ਼ਤਾ ਕਰਦੇ ਜਿਹੜਾ ਕਰਨੈਂ !
-"ਤੂੰ ਤਾਹਾਂ ਈ ਤਾਹਾਂ ਜਾਨੈਂ, ਤੇਰੀ ਮਾਂ ਦੀ... ਦਿੱਤਾ... !" ਦਰਸ਼ਣ ਨੇ ਆਪਣਾਂ ਘਣ ਵਰਗਾ ਘਸੁੰਨ ਬਿੱਲੇ ਦੇ ਮੂੰਹ 'ਤੇ ਮਾਰਿਆ। ਬਿੱਲੇ ਹੱਥੋਂ ਚਾਹ ਦਾ ਗਿਲਾਸ ਛੁੱਟ ਗਿਆ। ਸਾਰੀ ਚਾਹ ਉਪਰ ਡੁੱਲ੍ਹ ਗਈ। ਪੈਂਟ ਗੱਚ ਹੋ ਗਈ।
ਸਾਰੇ ਕਾਲਜੀਏਟ ਇਕ ਦਮ ਇਕੱਠੇ ਹੋ ਗਏ। ਕਾਲਜ ਵਿਚ ਅਜਿਹਾ ਕੁੱਤ-ਪੌਅ ਹਰ ਰੋਜ਼ ਵਾਂਗ ਹੀ ਹੁੰਦਾ ਸੀ।
-"ਕੀ ਗੱਲ ਐ ਉਏ ...?' ਤਖਾਣਵੱਧੀਏ ਨੇ ਹੋਕਰਾ ਮਾਰਿਆ।
-"ਸਾਲਿਓ ਮੱਖ ਲੜਦੀ ਐ ਕਿ ਤੰਦਰੁਸਤੀ.. ?" ਆਖ ਕੇ ਤਖਾਣਵੱਧੀਆ ਹੱਸ ਪਿਆ। ਉਸ ਦਾ ਨਾਂ ਤਾਂ ਜਪਨਾਮ ਸੀ। ਪਰ ਸਾਰੇ ਵਿਦਿਆਰਥੀ ਉਸ ਨੂੰ ਉਸ ਦੇ ਪਿੰਡ ਦੇ ਨਾਂ ਨਾਲ ਹੀ ਬੁਲਾਉਂਦੇ
ਸਨ। ਜਪਨਾਮ ਡੀ. ਐੱਮ. ਕਾਲਜ ਦਾ ਸੀਨੀਅਰ ਵਿਦਿਆਰਥੀ ਸੀ। ਚੱਲਦੇ ਫ਼ਿਰਦੇ ਘਰ ਦਾ ਮੁੰਡਾ। ਉਸ ਦੇ ਕਤਰੀ ਦਾੜ੍ਹੀ, ਚੱਕਵੀਂਆਂ ਮੁੱਛਾਂ, ਕੱਦੋਂ ਲੰਬਾ ਅਤੇ ਰੰਗ ਦਾ ਕਣਕਵੰਨਾਂ ਹੀ ਸੀ। ਸਟੂਡੈਂਟਸ ਯੂਨੀਅਨ ਦੇ ਡਰਾਮਿਆਂ ਵਿਚ ਭਾਗ ਲੈਂਦਾ ਸੀ । ਸਿਗਰਟਾਂ, ਸ਼ਰਾਬ ਅਤੇ ਜ਼ਰਦੇ ਦਾ ਨਸ਼ਈ ਹੋਣ ਕਰਕੇ ਉਸ ਦਾ ਸੁੱਕਿਆ ਜਿਹਾ ਮੂੰਹ ਬੰਦੂਕ ਦੇ ਬੁੱਗ ਵਰਗਾ ਲੱਗਦਾ ਸੀ।
-"ਤਖਾਣਵੱਧੀਆ, ਆਹ ਨਾਸਲ ਈ ਵੰਝ ਖੜ੍ਹਾ ਕਰੀ ਰੱਖਦੇ..।"
-"ਕਿਉਂ ਉਏ ਦਰਸ਼ਣਾਂ, ਤੈਨੂੰ ਕੀ ਚੰਡੀ ਚੜ੍ਹੀ ਐ? ਹਰ ਵੇਲ਼ੇ ਕਾਲਜ 'ਚ ਸੂਹਣ ਈ ਖੜ੍ਹੀ ਰੱਖਦੈਂ..?"
"ਇਹ ਬਾਈ ਧੀ ਭੈਣ ਦੀ ਲਿਹਾਜ ਨ੍ਹੀ ਕਰਦਾ ।" ਉਸ ਨੇ ਠੁਣਾਂ ਬਿੱਲੇ ਸਿਰ ਭੰਨਿਆਂ।
-"ਗੱਲ ਦੱਸ, ਸਿੱਧੀ ਗੱਲ..! ਕਹਾਣੇਂ ਨਾ ਪਾਅ..!"
-"ਇਹ ਪ੍ਰੀਤੀ ਵੱਲ ਦੇਖ ਕੇ ਹਾਉਕੇ ਜੇ ਲੈਂਦੇ..!"
-"ਪ੍ਰੀਤੀ ਦੱਸ ਤੇਰੀ ਧੀ ਲੱਗਦੀ ਐ ਕਿ ਭੈਣ..? ਜਾਂ ਕੋਈ ਚਾਚੀ ਮਾਸੀ ਲੱਗਦੀ ਐ..?"
-"ਕਰ ਲੈਣ ਦੇ ਅੱਖਾਂ ਤੱਤੀਆਂ ਮੁੰਡੇ ਨੂੰ! ਤੇਰੇ ਸੂਲ ਹੁੰਦੇ? ਜੇਆਪ ਤੋਂ ਨ੍ਹੀ ਉਠਿਆ ਜਾਂਦਾ, ਤਾਂ ਗੋਡਿਆਂ ਦੇ ਫਿੱਟੇ ਮੂੰਹ ਨਾ ਆਖ..!"
-"ਜੇ ਤੈਨੂੰ ਨ੍ਹੀ ਨੇੜੇ ਖੰਘਣ ਦਿੰਦੀ, ਦੂਜਿਆਂ ਨੂੰ ਤਾਂ ਪੈ ਲੈਣ ਦੇ ਖ਼ੈਰ..!"
ਹਾਸਾ ਮੱਚ ਗਿਆ।
-"ਬੱਸ, ਬਹਿਜੋ ਹੁਣ ਚੁੱਪ ਕਰਕੇ...। ਖਾਧੇ ਪੀਤੇ ਜਿੰਨਾਂ ਕੰਮ ਤੁਸੀਂ ਕਰਤੈ !'
ਸਾਰੇ ਚੁੱਪ ਕਰ ਗਏ।
ਪਰ ਪ੍ਰੀਤੀ ਨੂੰ ਕੰਨਟੀਨ ਵਿਚ ਆਏ ਇਸ ਭੂਚਾਲ ਬਾਰੇ ਕੁਝ ਵੀ ਪਤਾ ਨਹੀਂ ਸੀ।
ਉਹ ਆਪਣੀ ਪੜ੍ਹਾਈ ਵਿਚ ਹੀ ਮਸਤ ਸੀ।
ਘੰਟੀ ਵੱਜੀ!
ਸਾਰੇ ਹੀ ਕਲਾਸਾਂ ਨੂੰ ਜਾਣੇਂ ਸ਼ੁਰੂ ਹੋ ਗਏ। ਪ੍ਰੀਤੀ ਕਿਤਾਬਾਂ ਹਿੱਕ ਨਾਲ ਲਾਈ ਕਿਸੇ ਧੁੰਦ ਦੇ ਬੱਦਲ ਵਾਂਗ ਉਡੀ ਜਾ ਰਹੀ ਸੀ । ਹੁਸਨ ਦੀ ਮੂਰਤ! ਉਸ ਦੀ ਜੁਆਨ ਛਾਤੀ ਸੀਨੇਂ ਵਿਚੋਂ ਡੁੱਲ੍ਹ ਡੁੱਲ੍ਹ ਪੈਂਦੀ ਸੀ। ਪ੍ਰੀਤੀ ਦੇ ਹੁਸਨ ਪਿੱਛੇ ਸਾਰਾ ਕਾਲਜ ਸ਼ੁਦਾਈ ਸੀ। ਉਸ ਦੀਆਂ ਝੀਲ ਵਰਗੀਆਂ ਅੱਖਾਂ
ਵਿਚ ਡੁੱਬ ਕੇ ਗੱਭਰੂ ਸ਼ਰਾਬੀ ਹੋ ਜਾਂਦੇ ਸਨ। ਕਈ ਉਸ ਦੇ ਮੋਤੀ ਦੰਦਾਂ ਦੇ ਦੀਵਾਨੇ ਸਨ। ਕਈ ਆਖ ਦਿੰਦੇ ਸਨ ਕਿ ਪ੍ਰੀਤੀ ਨੂੰ ਰੱਬ ਨੇ ਵਿਹਲੇ ਬੈਠ ਕੇ ਕਿਸੇ ਰੀਝ ਨਾਲ ਘੜ੍ਹਿਆ ਨਹੀਂ, ਇਕ ਤਰ੍ਹਾਂ ਨਾਲ ਤਰਾਸ਼ਿਆ ਸੀ। ਪ੍ਰੀਤੀ ਦੇ ਸੁਹੱਪਣ ਬਾਰੇ ਕਾਲਜ ਵਿਚ ਅਜੀਬ ਹੀ ਚਰਚਾ ਛਿੜੀ ਰਹਿੰਦੀ!
-"ਪਾ ਦਿਓ ਖ਼ੈਰ ਕਦੇ ਐਸ ਜੋਗੀ ਨੂੰ ਵੀ, ਜਾਂ ਰਾਂਝੇ ਮਾਂਗੂੰ ਬਾਰ੍ਹਾਂ ਸਾਲ ਪੂਰੇ ਕਰਵਾਉਣੇ ਐਂ..?''
ਦਰਸ਼ਣ ਉਸ ਦੇ ਦਰ 'ਤੇ ਝੋਲੀ ਅੱਡੀ ਖੜ੍ਹਾ ਸੀ।
-"..........।" ਪ੍ਰੀਤੀ ਨੇ ਅੱਖਾਂ ਦਿਖਾਈਆਂ। ਪਰ ਮੂੰਹੋਂ ਨਾ ਬੋਲੀ।
-"ਪਤਾ ਨ੍ਹੀ ਦਿਲ ਦੀਆਂ ਕਦੋਂ ਪੂਰੀਆਂ ਹੋਣਗੀਆਂ..!" ਉਸ ਨੇ ਤਪਦੀ ਹਿੱਕ 'ਤੇ ਦੋਵੇਂ ਹੱਥ ਰੱਖ ਲਏ।
-"ਕਿਉ, ਸਾਡੇ ਵਾਰੀ ਬੋਲ਼ੀ ਈ ਹੋ ਜਾਨੀਂ ਐਂ ਕਬੂਤਰੀਏ..? ਅਸੀਂ ਕੀ ਥੋਡੇ ਕਸੂਤੇ ਥਾਂ ਹੱਥ ਲਾ ਦਿੱਤਾ...?" ਦਰਸ਼ਣ ਨੇ ਆਪਣੇ ਸਿਕੰਜੇ ਵਰਗੇ ਹੱਥ ਨਾਲ਼ ਉਸ ਦੀ ਮਾਲੂਕ ਬਾਂਹ ਫੜ ਲਈ।
-"ਓ ਯੂ ਸ਼ੱਟ ਅੱਪ ਯੂ ਬਲੱਡੀ ਬਾਸਟਰਡ !!" ਪ੍ਰੀਤੀ ਬੋਲੀ ਨਹੀਂ, ਇਕ ਤਰ੍ਹਾਂ ਨਾਲ ਸ਼ੇਰਨੀ ਵਾਂਗ ਦਹਾੜ੍ਹੀ ਸੀ। ਇਕ ਥੱਪੜ 'ਠਾਹ' ਕਰਕੇ ਦਰਸ਼ਣ ਦੀ ਗੱਲ੍ਹ 'ਤੇ ਪਿਆ। ਦਰਸ਼ਣ ਨੂੰ ਭੰਬੂਤਾਰੇ ਨਜ਼ਰ ਆ ਰਹੇ ਸਨ ਅਤੇ ਪ੍ਰੀਤੀ ਭੱਜ ਕੇ ਕਲਾਸ ਵਿਚ ਵੜ ਚੁੱਕੀ ਸੀ।
-"ਬੜੀ ਬੁਰੀ ਭਾਜੀ ਪਾਈ ਐ ਨੱਢੀਏ..! ਬੜੀ ਬੁਰੀ ਭਾਜੀ...! ਤੇਰੀ ਉਹ ਬੁਰੀ ਹਾਲਤ ਕਰੂੰਗਾ, ਤੂੰ ਪੈਰੀਂ ਡਿੱਗੇਂਗੀ..!" ਉਸ ਨੇ ਕਰੋਧ ਵਿਚ ਦੰਦ ਪੀਹੇ ਅਤੇ ਉਸ ਦਾ ਮੂੰਹ ਲਾਲ ਹੋ ਗਿਆ।
ਦਰਸ਼ਣ ਇਕ ਰੱਜੇ ਪੁੱਜੇ ਪਿਉ ਦਾ ਪੁੱਤ ਸੀ। ਜਿਸ ਪਾਸ ਪਤਾ ਨਹੀਂ ਕਿੰਨੀ ਕੁ ਜ਼ਮੀਨ ਜਾਇਦਾਦ ਸੀ। ਪਰ ਉਸ ਦਾ ਬਾਪ ਦਰਸ਼ਣ ਵਾਂਗ ਕੁਲੱਛਣਾਂ ਨਹੀਂ ਸੀ। ਉਹ ਇਕ ਗੁਰਮਖ਼ ਬੰਦਾ ਸੀ। ਰੱਬ ਤੋਂ ਭੈਅ ਮੰਨਣ ਵਾਲਾ ਇਨਸਾਨ! ਰੱਬ ਦੇ ਭਾਣੇਂ ਵਿਚ ਤੁਰਨ ਵਾਲਾ ਦਰਵੇਸ਼ ਮਾਨੁੱਖ! ਗਰੀਬ ਗੁਰਬੇ ਦੀ ਮੱਦਦ ਕਰਨਾਂ ਉਹ ਆਪਣੇ ਫ਼ਰਜ਼ ਦੀ ਪਹਿਲੀ ਪੌੜੀ ਸਮਝਦਾ ਸੀ। ਆਸੇ ਪਾਸੇ ਦੇ ਲੋਕ ਉਸ ਦੀ ਮੂਰਤੀ ਵਾਂਗ ਪੂਜਾ ਕਰਦੇ ਸਨ। ਉਸ ਨੂੰ ਆਪਣਾ ਅੰਨਦਾਤਾ ਸਮਝਦੇ ਸਨ । ਪਰ ਉਸ ਦਾ ਇਕਲੌਤਾ ਬਦਜ਼ਾਤ ਪੁੱਤਰ ਉਜੜੇ ਰਸਤੇ ਪਿਆ ਫਿਰਦਾ, ਭੜਕ ਰਿਹਾ ਸੀ। ਜਿੰਨਾਂ ਦਰਸ਼ਣ ਦਾ ਬਾਪ ਨੇਕ ਸੀ, ਉਤਨਾਂ ਉਸ ਦਾ ਪੁੱਤਰ ਬਦ ਸੀ। ਜਿੰਨਾਂ ਬਾਪ ਇੱਜ਼ਤਦਾਰ ਸੀ, ਉਤਨਾਂ ਹੀ ਪੁੱਤਰ ਬੇਇੱਜ਼ਤ ਅਤੇ ਬੇਲੱਜ ਸੀ। ਧਰਮੀਂ ਬਾਪ ਨੂੰ ਬਦਨਾਮ ਪੁੱਤਰ ਦੇ ਮਿਲਦੇ ਉਲਾਂਭੇ ਚੱਪਣੀ ਵਿਚ ਨੱਕ ਡੋਬ ਕੇ ਮਰਨ ਲਈ ਮਜਬੂਰ ਕਰਦੇ! ਜਦੋਂ ਬਾਪ ਨੂੰ ਦਰਸ਼ਣ ਦੀ ਕੋਈ ਸ਼ਕਾਇਤ ਮਿਲਦੀ, ਉਸ ਨੂੰ
ਧਰਤੀ ਜਿਵੇਂ ਗਰਕਣ ਲਈ ਵਿਹਲ ਨਹੀਂ ਦਿੰਦੀ ਸੀ। ਉਸ ਦਾ ਸਰੀਰ ਸ਼ਰਮ ਮਾਰਿਆ ਪਾਣੀ ਪਾਣੀ ਹੋ ਜਾਂਦਾ।
ਦੁਪਿਹਰਾ ਢਲ਼ਿਆ।
ਕਾਲਜ ਵਿਚੋਂ ਛੁੱਟੀ ਹੋ ਗਈ ਸੀ।
ਬਿੱਲਾ ਅਤੇ ਪ੍ਰੀਤੀ ਲੋਕਲ ਬੱਸ ਚੜ੍ਹ ਕੇ ਬੱਸ ਸਟੈਂਡ ਪੁੱਜ ਗਏ। ਬੱਸ ਸਟੈਂਡ ਦੇ ਇਕ ਪਾਸੇ ਖੜ੍ਹਾ ਦਰਸ਼ਣ ਆਪਣੀਆਂ ਤਾਜ਼ੀਆਂ ਫੁੱਟੀਆਂ ਮੁੱਛਾਂ ਨੂੰ ਤਾਅ ਦੇ ਰਿਹਾ ਸੀ। ਪ੍ਰੀਤੀ ਵੱਲ ਉਹ ਭੂਸਰੀ ਗਾਂ ਵਾਂਗ ਝਾਕ ਰਿਹਾ ਸੀ। ਪਰ ਉਸ ਦੀ ਕੋਈ ਪੇਸ਼ ਨਹੀਂ ਜਾ ਰਹੀ ਸੀ। ਨਹੀਂ ਤਾਂ ਸ਼ਾਇਦ ਉਹ ਪ੍ਰੀਤੀ ਦੇ ਰੇਸ਼ਮ ਵਰਗੇ ਸਰੀਰ ਨੂੰ ਘਰੂਟਾਂ ਨਾਲ ਖਾ ਜਾਂਦਾ। ਦੰਦੀਆਂ ਨਾਲ ਨੋਚ ਲੈਂਦਾ!
ਬੱਸ ਆ ਕੇ ਰੁਕੀ।
ਭੀੜ ਕਾਫ਼ੀ ਸੀ।
ਸਵਾਰੀਆਂ ਇਕ ਦੂਜੀ ਤੋਂ ਕਾਹਲੀਆਂ ਸਨ।
ਧੱਕਾ ਪੈ ਰਿਹਾ ਸੀ।
ਬਿੱਲਾ ਬੱਸ ਵਿਚ ਚੜ੍ਹ ਗਿਆ। ਚੜ੍ਹਨ ਲੱਗੀ ਪ੍ਰੀਤੀ ਦੀ ਛਾਤੀ 'ਤੇ ਦਰਸ਼ਣ ਨੇ ਖੁੰਧਕ ਨਾਲ ਕਸਵੀਂ ਚੂੰਢੀ ਭਰ ਲਈ । ਕਸੀਸ ਵੱਟ ਕੇ..!
-"ਮਾਰਤੀ ਵੇ ਬਾਪੂ...!" ਉਸ ਦੀ ਚੰਘਿਆੜ੍ਹ ਵਰਗੀ ਚੀਕ ਨਿਕਲੀ। ਅਛੁਹ ਮਾਲੂਕ ਛਾਤੀ ਉਪਰ ਬੇਕਿਰਕੀ ਨਾਲ ਭਰੀ ਚੂੰਢੀ ਕਾਰਨ ਅਜੀਬ ਪੀੜ ਸਿੱਧੀ ਦਿਲ ਨੂੰ ਗਈ ਸੀ। ਸਰੀਰ ਅੰਦਰ ਚਸਕ ਦੀ ਲਾਟ ਫਿਰ ਗਈ ਸੀ। ਉਸ ਦੀ ਹਿੱਕ 'ਜਲੂੰ-ਜਲੂੰ’ ਕਰਨ ਲੱਗ ਪਈ।
ਬਿੱਲਾ ਇੱਕੋ ਛਾਲ ਨਾਲ ਥੱਲੇ ਉਤਰਿਆ ਅਤੇ ਦਰਸ਼ਣ ਨੂੰ ਬੱਕਰੇ ਵਾਂਗ ਢਾਹ ਲਿਆ। ਘਸੁੰਨ ਅਤੇ ਮੁੱਕੀਆਂ ਮਾਰ ਕੇ ਉਸ ਦੀਆਂ ਨਾਸਾਂ ਲਹੂ ਲੁਹਾਣ ਕਰ ਧਰੀਆਂ।
ਪਰ ਆਸੇ ਪਾਸੇ ਦੇ ਲੋਕਾਂ ਨੇ ਫੜ ਕੇ ਮਾਮਲਾ ਰਫ਼ਾ-ਦਫ਼ਾ ਕਰਵਾ ਦਿੱਤਾ।
-"ਮੈਂ ਤੈਨੂੰ ਦੇਖਲੂੰਗਾ ਉਏ ਨੰਗਾ...।" ਦਰਸ਼ਣ ਨੇ ਅਜੀਬ ਬਚਨ ਕੀਤੇ।
-"ਜਿੱਦੇਂ ਮਰਜੀ..! ਸਾਲਾ ਵੱਡਾ ਸਰਮਾਏਦਾਰ..!'
-"ਆਹੋ, ਹੈਗੇ ਆਂ ਸਰਮਾਏਦਾਰ! ਨਾਲੇ ਤੂੰ ਮੇਰੇ ਮੂਹਰੇ ਕੀ ਬੋਲੇਂਗਾ ਉਏ..? ਥੋਡਾ ਬੁੜ੍ਹਾ ਤਾਂ ਸਾਡੇ ਨਾਲ ਸੀਰੀ ਰਲ ਕੇ ਟੱਬਰ ਪਾਲਦੈ, ਤੇ ਸਾਲ਼ਿਆ ਤੂੰ ਬਣਿਆਂ ਫ਼ਿਰਦੈਂ ਰਾਠ? ਦਰਸ਼ਣ ਨੇ ਮੂੰਹ ਪਾੜ ਕੇ ਦੁਨੀਆਂ ਸਾਹਮਣੇ ਆਖ ਦਿੱਤਾ।
-“....। ਬਿੱਲੇ ਦਾ ਮੂੰਹ ਬੰਦ ਹੋ ਗਿਆ। ਉਸ ਨੂੰ ਕੋਈ ਜਵਾਬ ਨਾ ਔੜਿਆ। ਉਸ ਦੇ ਕਾਲਜਿਓਂ ਰੁੱਗ ਭਰਿਆ ਗਿਆ ਸੀ। ਦਰਸ਼ਣ ਨੇ ਉਸ ਦੀ ਦੁਖੀ ਹਿੱਕ 'ਤੇ ਮਿਹਣੇ ਦਾ ਬਾਣ ਮਾਰ ਦਿੱਤਾ ਸੀ। ਘਰ ਦੀ ਗ਼ਰੀਬੀ ਨੇ ਉਸ ਨੂੰ ਚੁੱਪ ਰਹਿਣ 'ਤੇ ਮਜਬੂਰ ਕਰ ਦਿੱਤਾ। ਗੁੱਸੇ ਅਤੇ ਬੇਵਸੀ ਵਿਚ ਉਸ ਦਾ ਮਨ ਭਰ ਆਇਆ। ਅੱਖਾਂ ਵਿਚ ਹੰਝੂ ਆ ਗਏ। ਜਿਵੇਂ ਉਹ ਸਾਰੇ ਜੱਗ ਜਹਾਨ ਸਾਹਮਣੇ ਨੰਗਾ ਹੋ ਗਿਆ ਸੀ।
-"ਸਾਅਲੀ ਕੁੱਤੀ ਜਾਤ..! ਸਾਡੇ ਘਰੇ ਕੰਮ ਕਰਕੇ ਮਸਾਂ ਡੰਗ ਟਪਾਉਂਦੇ ਐ, ਤੇ ਇਹੇ ਬਣਨ ਤੁਰ ਪਿਆ ਗਾਜੀਆਣੇਂ ਵਾਲਾ ਕੁੰਢਾ ਸਿਉਂ ।" ਦਰਸ਼ਣ ਜਿਵੇਂ ਉਤੋਂ ਦੀ ਪੈ ਗਿਆ ਸੀ।
-"ਕੰਮ ਕਰਕੇ ਈ ਡੰਗ ਟਪਾਉਂਦੇ ਐ ਨਾ? ਮੰਗ ਕੇ ਤਾਂ ਨ੍ਹੀ..?" ਪ੍ਰੀਤੀ ਬਿੱਜ ਵਾਂਗ ਪਈ।
-"........।' ਦਰਸ਼ਣ ਦਾ ਮੂੰਹ ਚਿਤੌੜਗੜ੍ਹ ਦੇ ਕਿਲ੍ਹੇ ਵਾਂਗ ਬੰਦ ਹੋ ਗਿਆ। ਘਣ ਵਰਗੀ ਗੱਲ ਮੱਥੇ ਵਿਚ ਵੱਜ ਟੀਕ ਚਲਾ ਗਈ ਸੀ। ਉਸ ਨੂੰ ਕੋਈ ਜਵਾਬ ਨਾ ਔੜਿਆ।
ਬੱਸ ਤੁਰ ਪਈ।
ਪਰ ਦਰਸ਼ਣ ਬੱਸ ਸਟੈਂਡ 'ਤੇ ਹੀ ਖੜ੍ਹਾ ਆਪਣੇ ਰੁਮਾਲ ਨਾਲ ਖ਼ੂਨ-ਖੂਨ ਹੋਈਆਂ ਨਾਸਾਂ ਪੂੰਝ ਰਿਹਾ ਸੀ।
ਬੱਸ ਭੱਜੀ ਜਾ ਰਹੀ ਸੀ।
-"ਦੇਖ ਲਿਆ ਅਮਰ ਸਿਆ? ਪਿਉ ਕਿੱਡਾ ਦੇਵਤੈ, ਤੇ ਇਹੇ ਉਹਦੇ ਘਰੇ ਕਿੱਥੋਂ ਜੰਮ ਪਿਆ ਦੈਂਤ..?'' ਇਕ ਬੁੱਢਾ ਆਖ ਰਿਹਾ ਸੀ।
-"ਇਹ ਤਾਂ ਸੂਰਜ ਨੂੰ ਗ੍ਰਹਿਣ ਲੱਗਿਐ..!"
-"ਬਾਹਲਾ ਹੰਕਾਰੀ ਐ ਸਹੁਰਾ..। ਬੰਦੇ ਨੂੰ ਬੰਦਾ ਨੀ ਗਿਣਦਾ..!"
-"ਮਿਹਣੇਂ ਤਾਂ ਦੇਖ ਕਿਵੇਂ ਮਾਰਦਾ ਸੀ, ਬੁੜ੍ਹੀਆਂ ਮਾਂਗੂੰ..?'
-"ਭਲਾ ਜੇ ਇਹਨਾਂ ਦੇ ਘਰੇ ਕੋਈ ਕੰਮ ਨਾ ਕਰੇ, ਤਾਂ ਚੱਟ ਲੇ ਜਮੀਨ ਨੂੰ..!"
-"ਨ੍ਹਾ ਇਹ 'ਕੱਲਾ ਕਿਤੇ ਬਾਹੀ ਕਰਲੂ..?"