ਹੋਇਆ ਸੀ।
ਸਮੇਂ ਨਾਲ ਧੁਆਂਖੀਆਂ ਪੌਣ ਚੱਕੀਆਂ ਉਦਾਸ ਖਲ੍ਹਤੀਆਂ ਹੋਈਆਂ ਸਨ । ਇਹੋ ਜਿਹਾ ਸਮਾਂ ਤਾਂ ਉਹਨਾਂ ਕਦੇ ਵੀ ਅੱਜ ਤੱਕ ਨਹੀਂ ਸੀ ਵੇਖਿਆ।
ਪੌਣ ਚੱਕੀਆਂ ਦੇ ਕੋਲ ਟਿੱਬੇ ਉੱਤੇ ਰਜਮੈਂਟ, ਬਟਾਲੀਅਨ ਤੇ ਕੰਪਨੀ ਕਮਾਂਡਰ ਤੇ ਉਹਨਾਂ ਦੇ ਚੀਫ਼ ਆਫ਼ ਸਟਾਫ਼ ਇਕੱਤਰ ਹੋ ਗਏ। ਇਹ ਕੌਣ ਨੇ ? ਜ਼ਾਰਸ਼ਾਹੀ ਦੇ ਅਫਸਰ, ਜੋ ਧੋਬੀਆਂ, ਤਰਖਾਣਾਂ, ਮਲਾਹਾਂ ਤੇ ਮਾਛੀਆਂ ਵਿੱਚੋਂ, ਕਸਾਕ ਪਿੰਡਾਂ ਤੇ ਕਸਬਿਆਂ ਵਿੱਚੋਂ ਉੱਠੇ ਸਨ, ਉਹ ਸਭ ਨਿੱਕੀਆਂ ਲਾਲ ਟੁਕੜੀਆਂ ਦੇ ਸਰਦਾਰ ਸਨ ਜੋ ਆਪਣੇ ਆਪਣੇ ਪਿੰਡ, ਢੋਕਾਂ, ਗਲੀਆਂ ਜਾਂ ਬਸਤੀਆਂ ਵਿੱਚੋਂ ਇਕੱਠੇ ਹੋ ਕੇ ਬਣੇ ਸਨ। ਉਹਨਾਂ ਵਿੱਚ ਥੋੜ੍ਹੇ ਬਹੁਤ ਪੱਕੇ ਫੌਜੀ ਵੀ ਸ਼ਾਮਲ ਸਨ, ਜੋ ਇਨਕਲਾਬ ਵਿੱਚ ਜਾ ਰਲੇ ਸਨ।
ਵੋਰੋਬਇਓਵ, ਚੋੜੋ ਮੋਢਿਆਂ ਤੇ ਅੱਧ-ਫੁੱਟ ਲੰਮੀਆਂ ਮੁੱਛਾਂ ਵਾਲਾ ਰਜਮੈਂਟ ਦਾ ਕਮਾਂਡਰ ਪੌਣ ਚੱਕੀ ਦੀ ਛਤੀਰੀ ਉੱਤੇ ਜਾ ਚੜ੍ਹਿਆ ਤੇ ਆਪਣੀ ਜ਼ੋਰਦਾਰ ਆਵਾਜ਼ ਵਿੱਚ ਗੱਜਿਆ
"ਸਾਥੀਓ!"
ਪਰ ਲਾਖੇ ਚਿਹਰੇ ਵਾਲਿਆਂ ਦੀ ਇਡੀ ਅਥਾਹ ਭੀੜ ਵਿੱਚ ਜਿਨ੍ਹਾਂ ਦੀਆਂ ਅੱਖਾਂ ਉਸ ਵੱਲ ਚੁੱਕੀਆਂ ਹੋਈਆਂ ਸਨ, ਉਸ ਦੀ ਗੜ੍ਹਕ ਚਊਂ ਕਰ ਕੇ ਰਹਿ ਗਈ। ਉਸ ਦੇ ਜਵਾਨ ਉਸ ਦੇ ਦੁਆਲੇ ਘੇਰਾ ਪਾ ਖਲੇ ਗਏ।
" ਸਾਥੀਓ।"
"ਪਓ ਢੱਠੇ ਖੂਹ ਵਿੱਚ!"
“ਆਖੋ ਸਾਰੇ, ਮੁਰਦਾਬਾਦ ।"
"ਸਾਨੂੰ ਨਹੀਂ ਚਾਹੀਦਾ ਤੇਰੇ ਵਰਗਾ ਕਮਾਂਡਰ।"
"ਕਿਹੋ ਜਿਹਾ ਕਮਾਂਡਰ ਏਂ ਤੂੰ ? ਜਾਹ... ਭੱਜ ਜਾ.. ਬੈਠ ਮਾਂ ਦੀ ਝੋਲੀ ਵਿੱਚ ।"
“ਗ਼ੱਦਾਰਾ, ਤੂੰ ਮੋਢੇ ਉੱਤੇ ਵੀਤੀਆਂ ਨਹੀਂ ਸਨ ਲਾਈਆਂ ਇਕੇਰਾਂ ?"
"ਉਸ ਚਰੋਕਣੀਆਂ ਲਾਹ ਸੁੱਟੀਆਂ ਸਨ।"
“ਤੂੰ ਕਿੱਥੋਂ ਆ ਗਿਆ ਓਏ, ਵਿੱਚ ਆ ਕੇ ਭੌਂਕਣ ਵਾਲਾ ?" "ਮਾਰ ਓਏ ਸਾਲੇ ਨੂੰ ਗੋਲੀ।"
ਚਿਹਰਿਆਂ ਦੇ ਠਾਠਾਂ ਮਾਰਦੇ ਸਮੁੰਦਰ ਉੱਤੇ ਮੁੱਕਿਆਂ ਦਾ ਜੰਗਲ ਉੱਗ ਆਇਆ। ਇਹ ਸਮਝਣਾ ਔਖਾ ਹੋ ਰਿਹਾ ਸੀ ਕਿ ਭੀੜ ਆਖਦੀ ਕੀ ਸੀ।
ਪੌਣ ਚੱਕੀ ਦੇ ਕੋਲ ਹੀ ਇੱਕ ਗਿੱਠਾ ਜਿਹਾ, ਤਗੜੇ ਜੁੱਸੇ ਤੇ ਪੱਕੇ ਪੀਡੇ ਜਬਾੜੇ ਵਾਲਾ ਬੰਦਾ ਖਲ੍ਹਤਾ ਹੋਇਆ ਸੀ। ਇਉਂ ਜਾਪਦਾ ਸੀ, ਜਿਉਂ ਉਹ ਸਿੱਕੇ ਦਾ ਬਣਿਆ ਹੋਇਆ ਹੋਵੇ। ਉਸ ਦੀਆਂ ਨਿੱਕੀਆਂ, ਭੂਰੀਆਂ, ਸੁੰਗੜੀਆਂ ਅੱਖਾਂ ਇਸ ਨਜ਼ਾਰੇ ਵੱਲ ਘੂਰ ਘੂਰ ਵੇਖਦੀਆਂ ਲਿਸ਼ਕ ਰਹੀਆਂ ਸਨ। ਪੈਰਾਂ ਕੋਲ ਉਸ ਦਾ ਪਰਛਾਵਾਂ ਪੈ ਰਿਹਾ ਸੀ, ਜਿਸ ਦਾ ਸਿਰ ਕੋਲ ਖੜਿਆਂ ਦੇ ਪੈਰਾਂ ਹੇਠਾਂ ਆਇਆ ਹੋਇਆ ਸੀ।