Back ArrowLogo
Info
Profile

"ਇੱਥੋਂ ਨਾਲੋਂ ਤਾਂ ਕਿਤੇ ਸਖ਼ਤ ਨਹੀਂ ਹੋ ਚੱਲਿਆ: ਜਦ ਬਟਕੋ ਨੇ ਆਖਿਆ ਕਿ ਉਹ ਸਾਡੀ ਮਿੱਝ ਕੱਢ ਛੱਡੇਗਾ, ਸਾਰੇ ਰਾਹੇ ਰਾਸਤੇ ਆ ਗਏ। ਵੇਖ ਲੈ ਬੇਸ਼ੱਕ, ਕਿਵੇਂ ਸਿੱਧੇ ਹੁਣ ਇੱਕ ਕਤਾਰ ਵਿੱਚ ਟੁਰਦੇ ਹਾਂ, ਜਿਉਂ ਕੋਈ ਇੱਕ ਸਿੱਧੀ ਰੱਸੀ ਖਿੱਚੀ ਜਾ ਰਿਹਾ ਹੋਵੇ ਤੇ ਜਦ ਅਸੀਂ ਪਿੰਡਾਂ ਵਿੱਚੋਂ ਦੀ ਹੋ ਕੇ ਲੰਘੇ ਸਾਂ, ਅਸਾਂ ਕਿਸੇ ਦੇ ਤੀਲੇ ਨੂੰ ਵੀ ਹੱਥ ਨਹੀਂ ਸੀ ਲਾਇਆ।"

ਜੋ ਉਹਨਾਂ ਨੂੰ ਸੁਝਦਾ ਸੀ, ਆਖੀ ਜਾ ਰਹੇ ਸਨ- ਪਤਾ ਨਹੀਂ ਤਕਰੀਰਾਂ ਕਰਨ ਵਾਲੇ ਦੂਰ ਖਲ੍ਹਤੇ ਕੀ ਆਖ ਰਹੇ ਸਨ, ਪਰ ਉਹ ਆਪਣੇ ਅਰਥ ਆਪ ਕੱਢ ਕੇ ਗੱਲ ਟੋਰੀ ਜਾ ਰਹੇ ਸਨ ਤੇ ਮਹਿਸੂਸ ਕਰਦੇ ਸਨ ਕਿ ਭਾਵੇਂ ਬੇਓੜਕ ਸਟੈਪੀਆਂ, ਅਲੰਘ ਪਹਾੜਾਂ, ਸਦੀਆਂ ਦੇ ਖਲੋਤੇ ਜੰਗਲਾਂ ਨੇ ਉਹਨਾਂ ਨੂੰ ਨਖੇੜ ਕੇ ਰੱਖਿਆ ਹੋਇਆ ਹੈ, ਪਰ ਉਹ ਵੀ ਆਪਣੇ ਤੌਰ ਉਤੇ ਭਾਵੇਂ ਛੋਟੀ ਪੱਧਰ ਉੱਤੇ ਹੀ ਸਹੀ, ਉਹੀ ਕੁਝ ਕਰਨ ਵਿੱਚ ਜੁਟੇ ਹੋਏ ਸਨ, ਜੋ ਰੂਸ ਵਿੱਚ ਇੱਕ ਸੰਸਾਰਕ ਪੱਧਰ ਉੱਤੇ ਹੋ ਰਿਹਾ ਸੀ। ਉਹ ਵੀ ਭੁੱਖੇ ਨੰਗੇ, ਵਾਹਣੇ ਪੈਰ ਤੇ ਮੰਦੇ ਹਾਲ ਬਿਨਾਂ ਕਿਸੇ ਵਸਬ ਵਸੀਲੇ ਜਾਂ ਮਦਦ ਦੇ ਇੱਥੇ, ਇਕੱਲੇ ਕਰਨ ਲੱਗੇ ਹੋਏ ਸਨ।

ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ, ਉਹਨਾਂ ਨੂੰ ਆਪਣੀ ਗੱਲ ਆਖਣ ਦਾ ਵੱਲ ਨਹੀਂ ਸੀ ਆਉਂਦਾ ਪਰ ਉਹ ਮਹਿਸੂਸ ਜ਼ਰੂਰ ਕਰਦੇ ਸਨ।

ਤ੍ਰਿਕਾਲਾਂ ਢਲਣ ਤੱਕ ਬੁਲਾਰੇ ਇੱਕ ਇੱਕ ਕਰਕੇ ਬੋਲਦੇ ਰਹੇ। ਉਹਨਾਂ ਦੀਆਂ ਤਕਰੀਰਾਂ ਵਿੱਚ ਇੱਕ ਬੜੀ ਸੁਹਣੀ ਖੁਸ਼ਬੋ ਆਉਂਦੀ ਸੀ, ਜੋ ਉਹ ਲਫਜ਼ਾਂ ਰਾਹੀਂ ਨਹੀਂ ਸਨ ਪ੍ਰਗਟ ਕਰ ਸਕਦੇ ਕਿ ਉਹ ਇੱਕ ਮਹਾਨ ਕਾਰਜ ਵਿੱਚ ਜੁਟੇ ਹੋਏ ਸਨ ਤੇ ਨਹੀਂ ਸਨ ਜਾਣਦੇ ਕਿ ਸੋਵੀਅਤ ਰੂਸ ਕਿਸ ਨੂੰ ਆਖਦੇ ਹਨ, ਪਰ ਇਸ ਨਾਲ ਆਪਣੇ ਆਪ ਨੂੰ ਜੁੜੇ ਹੋਏ ਅਵੱਸ਼ ਮਹਿਸੂਸ ਕਰਦੇ ਸਨ।

ਅੰਨ੍ਹੇਰੇ ਵਿਚ ਦੂਰ ਦੂਰ ਤੱਕ ਅੱਗਾਂ ਬਲ ਰਹੀਆਂ ਤੇ ਆਕਾਸ਼ ਵਿੱਚ ਬੇਸ਼ੁਮਾਰ ਤਾਰੇ ਟਿਮ ਟਿਮਾ ਰਹੇ ਸਨ।

ਧੂਏਂ ਦੀਆਂ ਲਕੀਰਾਂ, ਹੌਲੀ ਹੌਲੀ ਆਕਾਸ਼ ਵਲ ਉੱਠ ਰਹੀਆਂ ਸਨ। ਫਟੇ ਹਾਲ ਸਿਪਾਹੀ, ਲੀਰਾਂ ਵਿੱਚ ਤੀਵੀਂਆਂ, ਬੁੱਢੇ, ਬੱਚੇ, ਥੱਕੇ ਹਾਰੇ, ਧੂਣੀਆਂ ਬਾਲ ਕੇ, ਆਸ ਪਾਸ ਬੈਠੇ ਹੋਏ ਸਨ।

ਜਿਵੇਂ ਜਿਵੇਂ ਧੂੰਏਂ ਦੀਆਂ ਮਹੀਨ ਮਹੀਨ ਤਾਰਾਂ, ਤਾਰਿਆਂ ਜੜੇ ਆਕਾਸ਼ ਵਿਚ ਜਾ ਕੇ ਕਿਤੇ ਅਲੋਪ ਹੋ ਗਈਆਂ, ਤਿਵੇਂ ਤਿਵੇਂ ਉਹਨਾਂ ਦਾ ਖੇੜਾ, ਅੱਗਾਂ ਦੁਆਲੇ ਫੈਲੀ ਥਕਾਨ ਵਿੱਚ ਲੋਪ ਹੋ ਗਿਆ ਤੇ ਮਨੁੱਖਾਂ ਦਾ ਠਾਠਾਂ ਮਾਰਦਾ ਸਮੁੰਦਰ, ਹੌਲੀ ਹੌਲੀ, ਹੇਠਾਂ ਉੱਤੇ ਮੁਸਕਾਨਾਂ ਘੁੱਟੀ ਨੀਂਦ ਰਾਣੀ ਦੀ ਝੋਲੀ ਵਿੱਚ ਪੈ ਗਿਆ।

ਇੱਕ ਇੱਕ ਕਰਕੇ ਧੂਣੀਆਂ ਦੀ ਅੱਗ ਬੁਝਦੀ ਗਈ। ਚੁੱਪ ਚਾਂ ਫੈਲਦੀ ਗਈ ਤੇ ਤਾਰਿਆਂ ਭਰੀ ਰਾਤ ਖਿੜੀ ਰਹੀ।

199 / 199
Previous
Next