ਫ਼ੌਲਾਦੀ ਹੜ੍ਹ
ਅਲੈਗਜ਼ਾਂਦਰ ਸਰਾਫ਼ੀਮੋਵਿਚ
ਅਨੁਵਾਦਕ : ਐਮ. ਐਸ. ਸੇਠੀ
ਲੇਖਕ ਬਾਰੇ
ਅਲੈਗਜ਼ਾਂਦਰ ਸੇਰਾਫ਼ੀਮੋਵਿਚ (ਪੋਪੇਵ) (1863-1949) ਸੋਵੀਅਤ ਸਾਹਿਤ ਦੇ ਉਸਰੱਈਆਂ ਵਿੱਚੋਂ ਇੱਕ ਹਨ। ਵਲਾਦੀਮੀਰ ਇਲੀਚ ਲੈਨਿਨ ਉਹਨਾਂ ਦੀਆਂ ਲਿਖਤਾਂ ਦੀ ਬਹੁਤ ਪ੍ਰਸ਼ੰਸਾ ਕਰਦੇ ਸਨ।
"...ਤੁਹਾਡੀਆਂ ਰਚਨਾਵਾਂ ਨੇ ਮੇਰੇ ਅੰਦਰ ਤੁਹਾਡੇ ਲਈ ਡੂੰਘੀ ਸਦਭਾਵਨਾ ਪੈਦਾ ਕੀਤੀ ਹੈ," ਲੈਨਿਨ ਨੇ ਉਹਨਾਂ ਨੂੰ ਲਿਖਿਆ ਸੀ। "ਮੇਰੀ ਤੁਹਾਨੂੰ ਇਹ ਦੱਸਣ ਦੀ ਬਹੁਤ ਇੱਛਾ ਹੈ ਕਿ ਮਜ਼ਦੂਰਾਂ ਅਤੇ ਹੋਰ ਸਬਨਾਂ ਲਈ ਤੁਹਾਡਾ ਕੰਮ ਕਿੰਨਾ ਜ਼ਰੂਰੀ ਹੈ.."
ਸੇਰਾਫ਼ੀਮੋਵਿਚ ਦਾ ਜਨਮ 1863 ਵਿੱਚ ਦੋਨ ਨਦੀ ਦੇ ਖ਼ੇਤਰ ਵਿੱਚ ਇੱਕ ਮੱਧ- ਵਰਗੀ ਕਜ਼ਾਕ ਫ਼ੌਜੀ ਅਫ਼ਸਰ ਦੇ ਪਰਿਵਾਰ ਵਿੱਚ ਹੋਇਆ ਸੀ । ਸਕੂਲੀ ਸਿੱਖਿਆ ਤੋਂ ਬਾਅਦ ਉਹਨਾਂ ਨੇ ਪੀਟਰਜ਼ਬਰਗ ਯੂਨੀਵਰਸਿਟੀ ਦੇ ਫਿਜ਼ਿਕਸ-ਗਣਿਤ ਵਿਭਾਗ ਵਿੱਚ ਅਧਿਐਨ ਕੀਤਾ। ਉਸਦੇ ਨਾਲ ਹੀ ਉਹ ਕਾਨੂੰਨ ਅਤੇ ਵਿਗਿਆਨ ਵਿਭਾਗ ਦੇ ਭਾਸ਼ਣਾਂ ਵਿੱਚ ਵੀ ਜਾਂਦੇ ਰਹੇ ਅਤੇ ਸਮਾਜ-ਵਿਗਿਆਨ ਤੇ ਅਰਥ-ਸ਼ਾਸਤਰ ਦਾ ਵੀ ਅਧਿਐਨ ਕਰਦੇ ਰਹੇ। ਯੂਨੀਵਰਸਿਟੀ ਵਿੱਚ ਉਹ ਰੂਪੋਸ਼ ਇਨਕਲਾਬੀ ਗਰੁੱਪ ਦੇ ਇੱਕ ਸਰਗਰਮ ਮੈਂਬਰ ਬਣ ਗਏ। ਜਿਸਦੇ ਆਗੂ ਲੈਨਿਨ ਦੇ ਵੱਡੇ ਭਾਈ ਅਲੈਗਜ਼ਾਂਦਰ ਓਲੀਆਨੋਵ ਸਨ।
ਜ਼ਾਰ ਸ਼ਾਹੀ ਸਰਕਾਰ ਨੇ ਯੂਨੀਵਰਸਿਟੀ ਦੇ ਇਨਕਲਾਬੀ ਕੇਂਦਰ ਦਾ ਬਹੁਤ ਬੇਰਹਿਮੀ ਨਾਲ ਖ਼ਾਤਮਾ ਕੀਤਾ। ਸੇਰਾਫੀਮੋਵਿਚ ਉਸ ਸਮੇਂ ਚੌਥੇ ਸਾਲ ਦੇ ਵਿਦਿਆਰਥੀ ਸਨ—ਉਹਨਾਂ ਨੂੰ ਯੂਨੀਵਰਸਿਟੀ 'ਚੋਂ ਕੱਢ ਕੇ ਆਰਟਿਕ ਮਹਾਂਸਾਗਰ ਦੇ ਨੇੜੇ ਮੇਨੇਜ ਪਿੰਡ ਭੇਜ ਦਿੱਤਾ। ਗਿਆ।
ਸੇਰਾਫ਼ੀਮੋਵਿਚ ਨੇ ਆਪਣੀ ਪਹਿਲੀ ਕਹਾਣੀ "ਬਰਫ਼ ਦੀ ਚੋਟੀ 'ਤੇ" ਇਸੇ ਜਲਾਵਤਨੀ ਦੇ ਸਮੇਂ (1889) ਵਿੱਚ ਲਿਖੀ। "ਇਹ ਸਥਾਨ ਦੁਨੀਆਂ ਦੇ ਦੂਜੇ ਸਿਰੇ ਉੱਤੇ ਹੈ। ਇਥੇ ਬੇਹੱਦ ਨਮੀ, ਸੰਘਣੀ ਧੁੰਦ ਅਤੇ ਲਗਭਗ ਸਾਰਾ ਸਾਲ ਬਰਫ਼ ਜੰਮੀ ਰਹਿੰਦੀ ਹੈ..., ਉਦਾਸ, ਵਿਚਾਰਾਂ 'ਚ ਗੁੰਮ ਚੁੱਪ ਚੁਪੀਤੇ ਉੱਤਰ, ਚਿੰਤਨ ਲਈ ਵਿਸ਼ਾਲ ਪ੍ਰਦੇਸ਼ ਅਤੇ ਕੌੜੀਆਂ ਯਾਦਾਂ ਨੇ ਮੈਨੂੰ ਲਿਖਣ ਦੀ ਪ੍ਰੇਰਣਾ ਦਿੱਤੀ.. ਮੈਂ ਪੀੜ, ਹੰਝੂਆਂ, ਗ਼ਰੀਬੀ ਅਤੇ ਦੱਬੇ-ਕੁਚਲੇ ਲੋਕਾਂ ਬਾਰੇ ਲਿਖਣ ਲੱਗਾ।"
ਸੇਰਾਫ਼ੀਮੋਵਿਚ ਦੀਆਂ ਸ਼ੁਰੂਆਤੀ ਕਹਾਣੀਆਂ (1890-1900) ਮੁੱਢਲੇ ਉਦਾਸ ਤੇ ਜ਼ਾਲਮ ਰੂਸੀ ਜੀਵਨ ਨੂੰ ਪੇਸ਼ ਕਰਦੀਆਂ ਹਨ। "ਤੂਫਾਨ”, “ਰੇਤ”)।
ਪਰ ਸੇਰਾਫੀਮੋਵਿਚ ਦਾ ਵਿਸ਼ਵਾਸ਼ ਸੀ ਕਿ ਰੂਸੀ ਲੋਕਾਂ ਨੂੰ ਸਿਰਫ਼ ਗਰੀਬ, ਨੀਵੀਂ ਤੇ ਹਨੇਰੇ 'ਚ ਗ੍ਰਸਤ ਲੋਕਾਂ ਦੇ ਰੂਪ 'ਚ ਪੇਸ਼ ਕਰਨਾ ਠੀਕ ਨਹੀਂ ਹੈ, ਕਿਉਂਕਿ ਇਹ ਉੱਥਾਨ ਵੱਲ ਵਧ ਰਹੇ, ਹਰ ਮੁਸ਼ਕਲ ਨਾਲ ਤੇ ਮੌਤ ਨਾਲ ਜੂਝਣ ਵਾਲੇ ਲੋਕ ਹਨ, ਜੋ ਉਹਨਾਂ ਜੰਜ਼ੀਰਾਂ ਨੂੰ ਤੋੜਨ ਦੇ ਸਮਰੱਥ ਹਨ, ਜਿਨ੍ਹਾਂ 'ਚ ਉਹ ਸਦੀਆਂ ਤੋਂ ਜਕੜੇ ਹੋਏ ਹਨ।
ਸੋਰਾਫ਼ੀਮੋਵਿਚ ਦੀ "ਮੌਤ ਦੀ ਮੁਹਿੰਮ" ਅਤੇ "ਚੱਟਾਨ ਦੇ ਥੱਲੇ" ਕਹਾਣੀਆਂ 1905 ਦੇ ਰੂਸੀ ਇਨਕਲਾਬ ਬਾਰੇ ਹਨ। ਇਹ ਇਸ ਤਰ੍ਹਾਂ ਦੀਆਂ ਕਹਾਣੀਆਂ ਸਨ, ਜਿਹਨਾ ਨੂੰ ਜ਼ਾਰਸ਼ਾਹੀ ਸਰਕਾਰ ਨੇ "ਬਹੁਤ ਖ਼ਤਰਨਾਕ" ਐਲਾਨ ਦਿੱਤਾ ਸੀ।
1917 ਵਿੱਚ ਉਹਨਾਂ ਨੇ "ਗਾਲੀਨਾ" ਕਹਾਣੀ ਲਿਖੀ, ਜਿਸ ਵਿੱਚ ਉਹਨਾਂ ਨੇ ਰੂਸੀ ਪੇਂਡੂ ਜੀਵਨ ਵਿੱਚ ਆਉਣ ਵਾਲੀ ਜਾਗ੍ਰਿਤੀ ਦਾ ਵਰਨਣ ਕੀਤਾ ਹੈ। 1926 ਵਿੱਚ ਉਹਨਾਂ ਨੇ 'ਦੋ ਮੌਤਾਂ' ਕਹਾਣੀ ਲਿਖੀ, ਜੋ ਉਹਨਾਂ ਦੀਆਂ ਬੇਹਤਰੀਨ ਕਹਾਣੀਆਂ ਵਿੱਚੋਂ ਇੱਕ ਹੈ। ਇਸ ਕਹਾਣੀ ਦੀ ਨਾਇਕਾ ਇੱਕ ਨੌਜਵਾਨ ਕੁੜੀ ਹੈ, ਜੋ 1917 ਦੇ ਇਨਕਲਾਬ ਦੇ ਯੋਧਿਆਂ ਦੀ ਨਿਆਂ ਪੂਰਨ ਯੁੱਧ ਵਿੱਚ ਸਹਾਇਤਾ ਕਰਦੇ ਹੋਏ ਮਾਰੀ ਜਾਂਦੀ ਹੈ।
1925 ਵਿੱਚ ਪ੍ਰਕਾਸ਼ਿਤ ਨਾਵਲ "ਫ਼ੌਲਾਦੀ ਹੜ੍ਹ" ਨੇ, ਜਿਸ ਵਿੱਚ ਉਹਨਾਂ ਨੇ ਰੂਸੀ ਘਰੇਲੂ ਜੰਗ ਦੀ ਇੱਕ ਘਟਨਾ ਦੀ ਪੇਸ਼ਕਾਰੀ ਕੀਤੀ ਹੈ, ਸੇਰਾਫ਼ੀਮੋਵਿਚ ਨੂੰ ਸੰਸਾਰਵਿਆਪੀ ਪ੍ਰਸਿੱਧੀ ਦਿੱਤੀ।
1930-40 ਦੇ ਸਾਲਾਂ ਵਿੱਚ ਲੇਖਕ ਆਪਣੇ ਦੇਸ਼ ਦੀ ਯਾਤਰਾ ਕਰਦੇ ਹੋਏ ਨਵੇਂ ਸ਼ਹਿਰਾਂ, ਨਵੇਂ ਲੋਕਾਂ ਉਹਨਾਂ ਦੀਆਂ ਸਿੱਧੀਆਂ ਤੇ ਪ੍ਰਾਪਤੀਆਂ ਅਤੇ ਸ਼ਾਂਤੀਪੂਰਨ ਜੀਵਨ ਦੀ ਜਿੱਤ ਬਾਰੇ ਲਿਖਦੇ ਰਹੇ।
ਉਹ ਨੌਜਵਾਨ ਲੇਖਕਾਂ ਨੂੰ ਵੀ ਆਪਣਾ ਕਾਫ਼ੀ ਸਮਾਂ ਦਿੰਦੇ ਸਨ । ਦ. ਫੁਰਮਾਨੋਵ ਨੂੰ ਆਪਣੇ ਨਾਵਲ "ਚਾਪਾਯੇਵ” ਵਿੱਚ ਅਤੇ ਨਿਕੋਲਾਈ ਓਸਤਰੋਵਸਕੀ ਨੂੰ "ਕਬਹੂੰ ਨਾ ਛਾਡੇ ਖੇਤ" ਲਿਖਣ ਵਿੱਚ ਉਹਨਾਂ ਨੇ ਬਹੁਤ ਮਹੱਤਵਪੂਰਨ ਸੁਝਾਅ ਦਿੱਤੇ।
“ਡਾਨ ਵਹਿੰਦਾ ਰਿਹਾ" ਅਤੇ "ਧਰਤੀ ਪਾਸਾ ਪਰਤਿਆ" ਦੇ ਭਾਵੀ ਲੇਖਕ ਦੀਆਂ ਸ਼ੁਰੂਆਤੀ ਕਹਾਣੀਆਂ ਨੂੰ ਵੀ ਸੇਰਾਫ਼ੀਮੋਵਿਚ ਨੇ ਸਾਹਮਣੇ ਲਿਆਉਣ ਵਿੱਚ ਸਹਾਇਤਾ ਦਿੱਤੀ ਸੀ। ਲੈਨਿਨ ਪੁਰਸਕਾਰ ਜੇਤੂ ਮਿਖਾਈਲ ਸ਼ੋਲੇਖ਼ੋਵ ਨੇ ਆਪਣੇ ਗੁਰੂ ਬਾਰੇ ਲਿਖਿਆ ਹੈ, "ਮੈਂ ਸੇਰਾਫ਼ੀਮੋਵਚਿ ਦਾ ਬਹੁਤ ਹੀ ਸ਼ੁਕਰਗੁਜ਼ਾਰ ਰਹਾਂਗਾ, ਕਿਉਂਕਿ ਉਹਨਾਂ ਨੇ ਮੇਰੇ ਲੇਖਣ- ਕਾਰਜ ਦੇ ਸ਼ੁਰੂਆਤੀ ਦੌਰ 'ਚ ਮੈਨੂੰ ਬਹੁਤ ਹੀ ਹੌਸਲਾ ਦਿੱਤਾ। ਉਹ ਮੈਨੂੰ ਉਹਨਾਂ ਨੇ ਸ਼ਬਦ ਕਹਿਣ ਵਾਲੇ ਪਹਿਲੇ ਵਿਅਕਤੀ ਸਨ ।"
ਉਹਨਾਂ ਦਾ ਨਾਵਲ The Iron Flood (ਫ਼ੌਲਾਦੀ ਹੜ੍ਹ) ਸਮਾਜਵਾਦੀ ਯਥਾਰਥਵਾਦ ਦੀ ਇੱਕ ਪ੍ਰਮਾਣਿਕ ਰਚਨਾ ਮੰਨੀ ਗਈ ਹੈ।
ਵੀ. ਆਈ. ਲੈਨਿਨ ਉਸ ਬਾਰੇ ਬੜੀ ਉੱਚੀ ਰਾਏ ਰੱਖਦੇ ਸਨ। ਆਪਣੀ ਇੱਕ ਚਿੱਠੀ ਵਿੱਚ ਉਹਨਾਂ ਨੇ ਲਿਖਿਆ, "ਤੁਹਾਡੀ ਰਚਨਾ ਕਿਰਤੀਆਂ ਤੇ ਸਾਡੇ ਲਈ ਕਿੰਨੀ ਲ਼ੋੜੀਂਦੀ ਹੈ...।"
ਇਸ ਪ੍ਰਸਿੱਧ ਨਾਵਲ ਤੋਂ ਛੁੱਟ ਵੀ ਸਰਾਫ਼ੀਮੋਵਿਚ ਨੇ ਕਿੰਨੀਆਂ ਹੀ ਕਹਾਣੀਆਂ ਲਿਖੀਆਂ।
ਮਿਖਾਈਲ ਸ਼ੋਲੋਖੋਵ ਦੇ ਵਿਚਾਰ ਸਨ ਕਿ ਸਰਾਫ਼ੀਮੋਵਿਚ "ਸਹੀ ਅਰਥਾਂ ਵਿੱਚ ਇੱਕ ਕਲਾਕਾਰ ਤੇ ਇੱਕ ਮਹਾਨ ਹਸਤੀ ਸੀ, ਜਿਸ ਦੀਆਂ ਕਿਰਤਾਂ ਸਾਡੇ ਬਹੁਤ ਨੇੜੇ ਦੀਆਂ ਤੇ ਜਾਣੀਆਂ ਪਛਾਣੀਆਂ ਹੋਈਆਂ ਹਨ। ਉਹ ਉਹਨਾਂ ਲੇਖਕਾਂ ਦੀ ਪੀੜ੍ਹੀ ਵਿੱਚੋਂ ਹੈ, ਜਿਨ੍ਹਾਂ ਕੋਲੋਂ ਅਸੀਂ ਨਵੇਂ ਉੱਭਰਦੇ ਲੇਖਕ, ਲਿਖਣਾ ਸਿੱਖਦੇ ਹਾਂ।"
ਸਰਾਫ਼ੀਮੋਵਿਚ ਦਾ ਨਾਵਲ ‘ਫ਼ੌਲਾਦੀ ਹੜ੍ਹ’, ਨਿਰੋਲ ਸੱਚੀਆਂ ਘਟਨਾਵਾਂ ਉੱਤੇ ਅਧਾਰਿਤ ਹੈ—ਕਿਵੇਂ ਤਮਾਨ ਸੈਨਾ, ਈ. ਆਈ. ਕੋਵਤਈ ਯੁਖ (ਕੋਜੂਖ) ਦੀ ਕਮਾਂਡ ਹੇਠ ਉੱਤਰੀ ਕਾਕੇਸ਼ ਵਿੱਚੋਂ ਹੁੰਦੀ ਹੋਈ ਮੁੱਖ ਲਾਲ ਸੈਨਾ ਦੀਆਂ ਫੌਜਾਂ ਨਾਲ (1918 ਦੇ ਹੁਨਾਲ ਵਿੱਚ) ਜਾ ਰਲੀ।
ਦਮਿਤ੍ਰੀ ਫ਼ਰਮਾਨੋਵ ਦੇ ਵਿਚਾਰ ਵਿੱਚ ਜੇ "ਕੁਝ ਘੰਟਿਆਂ ਲਈ ‘ਫ਼ੌਲਾਦੀ ਹੜ੍ਹ' ਦੇ ਵਰਕਿਆਂ ਵਿੱਚ ਗੋਤਾ ਮਾਰ ਜਾਓ ਤਾਂ ਇੰਝ ਲੱਗਦਾ ਹੈ, ਜਿਵੇਂ ਪੂਰਾ ਇਨਕਲਾਬ ਅੱਖਾਂ ਸਾਹਮਣੇ ਸਾਕਾਰ ਹੋ ਉੱਠਿਆ ਹੈ।"
ਹਿਟਲਰੀ ਜਰਮਨੀ ਦੇ ਵਿਰੁੱਧ ਸੋਵੀਅਤ ਸੰਘ ਦੀ ਮਹਾਨ ਦੇਸ਼-ਭਗਤੀਪੂਰਨ ਜੰਗ ਦੇ ਸਮੇਂ ਆਪਣੀ 80 ਸਾਲ ਦੀ ਉਮਰ ਦੇ ਬਾਵਜੂਦ ਸੇਰਾਫ਼ੀਮੋਵਿਚ ਜੰਗ ਦੇ ਮੋਰਚੇ 'ਤੇ ਗਏ ਅਤੇ ਇਸ ਜੰਗ ਵਿੱਚ ਰੂਸੀ ਯੋਧਿਆਂ ਦੀਆਂ ਜਿੱਤਾਂ ਤੇ ਪ੍ਰਾਪਤੀ ਬਾਰੇ ਕਹਾਣੀਆਂ ਤੇ ਲੇਖ ਲਿਖਦੇ ਰਹੇ।
ਸੇਰਾਫ਼ੀਮੋਵਿਚ ਦਾ ਸਾਹਿਤ ਪਾਠਕ ਨੂੰ ਉਹਨਾਂ ਦੇ ਨਿਹਚਾਪੂਰਨ ਤੇ ਹਮਦਰਦੀਪੂਰਨ ਲੇਖਣੀ ਦੀ ਪੂਰੀ ਜਾਣਕਾਰੀ ਦਿੰਦਾ ਹੈ। ਆਪਣੀਆਂ ਲਿਖਤਾਂ ਬਾਰੇ ਉਹ ਖ਼ੁਦ ਕਹਿੰਦੇ ਸਨ:
"... ਸਾਹਿਤ ਵਿੱਚ ਸੱਚ ਦੀ ਕਸੌਟੀ 'ਤੇ ਜੋ ਖਰਾ ਨਾ ਉੱਤਰੇ, ਉਸ ਤੋਂ ਮੈਨੂੰ ਸਦਾ ਨਫ਼ਰਤ ਰਹੀ ਹੈ।”
ਅਲੈਗਜ਼ਾਂਦਰ ਸੇਰਾਫ਼ੀਮੋਵਿਚ ਦੀ ਮੌਤ 1949 ਵਿੱਚ ਹੋਈ।