ਆਪਣੀ ਕੀ ਦੱਸਾਂ ? ਮੇਰੀ ਥਾਂ ਕਿੱਥੇ ਸੀ ?
ਮੈਂ ਆਪਣੇ ਤੌਰ 'ਤੇ ਇਸ ਸੰਘਰਸ਼ ਨੂੰ ਚਲਾਣ ਹਿੱਤ, ਅਪੀਲਾਂ, ਲੇਖ, ਭਾਸ਼ਣ ਲੜਾਈ ਦੇ ਮੋਰਚੇ ਤੋਂ ਲਿਖ ਲਿਖ ਕੇ ਭੇਜ ਰਿਹਾ ਸਾਂ, ਪਰ ਫਿਰ ਵੀ, ਮੇਰੇ ਅੰਦਰ ਇੱਕ ਖੋਹ ਜਿਹੀ ਪੈਂਦੀ ਰਹਿੰਦੀ ਸੀ ਕਿ ਮੈਂ ਜੋ ਕੁਝ ਕਰਨਾ ਚਾਹੀਦਾ ਹੈ, ਉਹ ਨਹੀਂ ਕਰ ਰਿਹਾ। ਮੈਨੂੰ ਕੁਝ ਮਹਾਨ ਕਰਕੇ ਵਿਖਾਣਾ ਚਾਹੀਦਾ ਸੀ, ਕੁਝ ਸੰਸਾਰ ਵਿੱਚ ਉੱਗੇ ਝਾੜ-ਝਖਾੜ ਨੂੰ ਵੱਢ ਕੇ, ਸਾਫ ਥਾਂ ਕਰਨੀ ਚਾਹੀਦੀ ਸੀ । ਸਾਹਿਤ ਵਿੱਚ ਵੀ ਕੁਝ ਅਜਿਹਾ ਕਰਨ ਦੀ ਲੋੜ ਸੀ, ਜਿਸ ਨਾਲ ਪੁਰਾਣੇ ਜੰਗਲ ਵੱਢ ਕੇ, ਕੁਝ ਨਵੇਂ ਤੇ ਸੁਹਣੇ ਬੂਟੇ ਲਾਏ ਜਾ ਸਕਣ। ਇੱਕ ਪਾਸੇ ਢਾਹੁਣ ਤੇ ਦੂਜੇ ਪਾਸੇ ਉਸਾਰਨ ਦਾ ਕੰਮ ਨਾਲੋਂ ਨਾਲ ਕਰਨ ਦੀ ਲੋੜ ਸੀ।
ਪਰ ਕਿਸ ਤਰ੍ਹਾਂ ?
ਮੈਨੂੰ ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਦੀ ਇੱਕ ਘਟਨਾ ਯਾਦ ਆਉਂਦੀ ਹੈ: ਮੇਰੀ ਮੋਟਰ ਸਾਈਕਲ ਜਿਸ ਨੂੰ ਮੈਂ "ਡੈਵਲ" ਆਖਦਾ ਸਾਂ, ਮੁੱਖ ਮਾਰਗ ਉੱਤੇ ਧੂੜਾਂ ਉਡਾਂਦੀ ਤੇ ਚੱਕਰ ਕੱਟਦੀ ਉੱਡੀ ਜਾ ਰਹੀ ਸੀ; ਸੱਜੇ ਹੱਥ ਪਹਾੜ ਤੇ ਖੱਬੇ ਨੀਲਾ ਸਮੁੰਦਰ ਠਾਠਾਂ ਮਾਰ ਰਿਹਾ ਸੀ। ਮੈਂ ਪਹਾੜਾਂ ਵਿੱਚ ਆਪਣੇ "ਡੈਵਲ" ਨੂੰ ਸਟੈਂਡ ਉੱਤੇ ਖੜ੍ਹਾ ਕੀਤਾ ਤੇ ਇੱਕ ਕਿਰਸਾਨ ਦੀ ਝੁੱਗੀ ਵਿੱਚ ਦੁੱਧ ਲੈਣ ਟੁਰ ਗਿਆ। ਉਸ ਮੈਨੂੰ ਦੱਸਿਆ ਕਿ ਗੁਰਬਤ ਦਾ ਮਾਰਿਆ ਉਹ, ਰਇਆਜ਼ਾਨ ਗੁਬਰੀਨਾ ਤੋਂ ਇੱਥੇ ਆਇਆ ਸੀ । ਬੱਚਿਆਂ ਦਾ ਇੱਜੜ ਉਸ ਦੇ ਕੋਲ ਸੀ, ਮਿਹਨਤ ਮੁਸ਼ੱਕਤਾਂ ਦੀ ਮਾਰੀ ਉਸ ਦੀ ਵਹੁਟੀ ਸੀ ਤੇ ਬੁੱਢੇ ਮਾਂ-ਬਾਪ ਸਨ, ਜਿਨ੍ਹਾਂ ਦੀ ਦੇਖ ਭਾਲ ਕਰਨੀ ਪੈਂਦੀ ਸੀ।
ਅੰਗੂਰ ਦੀਆਂ ਵੇਲਾਂ ਤੇ ਅੰਜ਼ੀਰਾਂ ਦੇ ਬੂਟਿਆਂ ਦੀ ਥਾਈਂ, ਜੋ ਉਸ ਖੇਤਰ ਵਿੱਚ ਬਹੁਤ ਕਰਕੇ ਉਗਦੇ ਸਨ, ਉਸ ਕਣਕ ਬੀਜਣੀ ਸ਼ੁਰੂ ਕੀਤੀ। ਬੜੀ ਸੁਹਣੀ ਉੱਚੀ ਲੰਮੀ ਤੇ ਭਾਰੇ ਸਿੱਟਿਆਂ ਵਾਲੀ ਕਣਕ ਉੱਗੀ। ਸਾਰਾ ਟੱਬਰ ਬੜੀਆਂ ਸਧਰਾਈਆਂ ਅੱਖਾਂ ਨਾਲ ਬੂਟਿਆਂ ਵੱਲ ਵੇਖਦਾ ਰਹਿੰਦਾ, ਕਿ ਹੋਰ ਚਹੁੰ ਦਿਨਾਂ ਨੂੰ ਵਾਢੀ ਪੈ ਜਾਣੀ ਏ।
ਤੇ ਫਿਰ ਅਚਾਨਕ ਕੀ ਹੋਇਆ ਕਿ ਪਹਾੜਾਂ ਉੱਤੇ ਕਾਲੇ ਬੱਦਲ ਘਿਰ ਆਏ। ਘਮਾ ਘਮ ਮੀਂਹ ਵਰ੍ਹਣ ਲੱਗ ਪਿਆ। ਸਭ ਨਦੀਆਂ ਨਾਲੇ ਭਰ ਭਰ ਕੇ ਵਗਣ ਲੱਗ ਪਏ ਤੇ ਰੁੱਖ ਬੂਟੇ ਸਭ ਰੋੜ੍ਹ ਕੇ ਲੈ ਗਏ। ਅੱਧੇ ਘੰਟੇ ਮਗਰੋਂ ਵੇਖਿਆ ਕਿ ਕਣਕ ਦਾ ਸਾਰਾ ਖੇਤ ਵੱਡੇ ਵੱਡੇ ਪੱਥਰਾਂ ਤੇ ਰੁੱਖਾਂ ਹੇਠ ਵਿਛਿਆ ਪਿਆ ਸੀ- ਜਿਉਂ ਕਿਸੇ ਭੂਤ ਨੇ ਆ ਕੇ ਸਭ ਲਿਤਾੜ ਕੇ ਰੱਖ ਦਿੱਤਾ ਹੋਵੇ। ਕੋਈ ਵੀ ਨਹੀਂ ਸੀ ਜਾਣ ਸਕਦਾ ਕਿ ਇੱਥੇ ਸੁਨਹਿਰੀਆਂ ਕਣਕਾਂ ਦੇ ਸਿੱਟੇ ਝੂਲ ਰਹੇ ਸਨ, ਕਿ ਬੜੇ ਹੱਡ ਗੋਡੇ ਰਗੜ ਕੇ ਇੱਥੇ ਕਣਕ ਬੀਜੀ ਗਈ ਸੀ । ਕਿਰਸਾਨ ਵਿਚਾਰੇ ਦਾ ਸਿਰ ਗੋਡਿਆਂ ਨਾਲ ਜਾ ਲੱਗਾ ਤੇ ਭੁੱਖੇ ਬੱਚੇ ਉਸ ਦੇ ਦੁਆਲੇ ਆ ਕੇ ਖਲ੍ਹ ਗਏ।
ਸ਼ਾਇਦ ਮੈਨੂੰ ਇਸ ਕਿਰਸਾਨ ਬਾਰੇ ਕੋਈ ਪੁਸਤਕ ਲਿਖਣੀ ਚਾਹੀਦੀ ਸੀ ਜੋ ਪਹਾੜਾਂ ਵਿੱਚ ਰੁਲ ਗਿਆ ਸੀ। ਵਿਚਾਰੇ ਲਈ ਕੋਈ ਰਾਹ ਨਹੀਂ ਸੀ ਰਿਹਾ, ਕੋਈ ਸਮਾਜਿਕ ਰਾਹ। ਰਇਆਜ਼ਾਨ ਗੁਬਰੀਨਾ ਵਿੱਚ ਜ਼ਿਮੀਂਦਾਰ, ਕੁਲਕ, ਪਾਦਰੀ ਤੇ ਪੁਲਿਸ ਅਫਸਰਾਂ ਨੇ, ਉਸ ਦੇ ਮਾਸ ਵਿੱਚ ਆਪਣੇ ਦੰਦ ਖੋਭੇ ਹੋਏ ਸਨ। ਪਰ ਇੱਥੇ ਪਹਾੜਾਂ ਵਿੱਚ ਚੱਟਾਨਾਂ, ਖੱਡਾਂ,
ਜੰਗਲਾਂ ਤੇ ਸਮੁੰਦਰ ਵਿੱਚ ਘਿਰਿਆ - ਕਿਸਮਤ ਨੂੰ ਰੋ ਰਿਹਾ ਸੀ। ਵਿਚਾਰੇ ਦਾ ਇਹੋ ਜਿਹੀਆਂ ਚੀਜ਼ਾਂ ਨਾਲ ਪਹਿਲਾਂ ਕਿੱਥੇ ਵਾਸਤਾ ਪਿਆ ਸੀ, ਕਿ ਕੋਈ ਤਜ਼ਰਬਾ ਹੁੰਦਾ। ਸਦੀਆਂ ਤੋਂ ਉਸ ਦੀ ਹਾਲਤ ਇਸੇ ਤਰ੍ਹਾਂ ਟੁਰੀ ਆਈ ਸੀ । ਕੁਦਰਤ ਨਾਲ ਉਹ ਕਿਵੇਂ ਟੱਕਰ ਲੈ ਸਕੇ। ਉਹ ਤਾਂ ਸਮਾਜਿਕ ਤੌਰ 'ਤੇ ਆਪਣੇ ਹਲ-ਪੰਜਾਲੀ ਨਾਲ ਬੱਧਾ ਹੋਇਆ ਸੀ। ਕੀ ਉਸ ਬਾਰੇ ਲਿਖਾਂ ?
ਨਹੀਂ... ਨਹੀਂ...। ਗਰੀਬ ਕਿਰਸਾਨਾਂ ਬਾਰੇ ਪਹਿਲਾਂ ਹੀ, ਉਹਨਾਂ ਦੀ ਕੰਗਾਲੀ, ਜਹਾਲਤ, ਸਦੀਵੀ ਦੁੱਖਾਂ ਬਾਰੇ ਲਿਖਿਆ ਜਾ ਚੁੱਕਾ ਹੈ। ਮੈਂ ਆਪ ਇਹਨਾਂ ਕਿਰਸਾਨਾਂ ਦੀ ਹੂ-ਬ-ਹੂ ਜ਼ਿੰਦਗੀ ਦਾ ਚਿੱਤਰਣ ਕੀਤਾ ਹੈ। ਪਰ ਹੁਣ ਤਾਂ ਇਨਕਲਾਬ ਆ ਚੁੱਕਾ ਸੀ ਤੇ ਇਹੀ ਕਿਰਸਾਨ ਭੁੱਖਾ, ਨੰਗਾ, ਵਾਹਣੇ ਪੈਰ, ਖਸਤਾ ਹਾਲ, ਕਈਆਂ ਮੋਰਚਿਆਂ ਉੱਤੇ ਰੋਹ ਭਰੇ ਰਿੱਛ ਵਾਂਗ ਲੜ ਰਿਹਾ ਸੀ ਤੇ ਉਸ, ਦੁਸ਼ਮਣਾਂ ਦਾ ਮੂੰਹ ਵੀ ਕਈ ਥਾਈਂ ਵਲੂੰਧਰ ਕੇ ਰੱਖ ਦਿੱਤਾ ਸੀ। ਉਹ ਹੁਣ ਪਹਿਲਾਂ ਵਾਲਾ ਕਿਰਸਾਨ ਕਿਸੇ ਵੀ ਹਾਲਤ ਵਿੱਚ ਨਹੀਂ ਸੀ ਰਿਹਾ।
ਹੁਣ ਮੈਂ ਇਹਨਾਂ ਕਿਰਸਾਨਾਂ ਬਾਰੇ, ਦਹਾੜਦੇ ਰਿੱਛ ਵਾਂਗ ਗਰਜਦੇ, ਅੱਗੇ ਵਧੀ ਜਾਂਦੇ ਅਤੇ ਜ਼ਿਮੀਂਦਾਰਾਂ ਤੇ ਚਿੱਟੀ ਚਮੜੀ ਵਾਲੇ ਜਰਨੈਲਾਂ ਨਾਲ ਟੱਕਰ ਲੈਂਦੇ ਰੂਪ ਵਿੱਚ ਲਿਖਾਂਗਾ ਤੇ ਫਿਰ ਮੇਰੀਆਂ ਅੱਖਾਂ ਸਾਹਮਣੇ ਉੱਚੇ ਪਹਾੜ, ਸੁੱਖੜ ਚੱਟਾਨਾਂ ਦੀਆਂ ਚੋਟੀਆਂ, ਬਰਫਾਂ ਨਾਲ ਢੱਕੀਆਂ ਹੋਈਆਂ ਮੂੰਹ ਅੱਡੀ ਦਰਾਰਾਂ, ਸਮੁੰਦਰ ਦੀ ਉਸਰੀ ਉੱਚੀ ਕੰਧ, ਸਭ ਆ ਖਲ੍ਹਤੇ।
ਮੈਂ ਆਪਣੇ ਸਾਥੀਆਂ ਤੋਂ, ਜੇ ਖਾਨਾਜੰਗੀ ਦੇ ਮੋਰਚਿਆਂ ਤੋਂ ਪਰਤ ਕੇ ਆਏ ਸਨ, ਉਹਨਾਂ ਦੇ ਤਜ਼ਰਬੇ 'ਤੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਬੜੀਆਂ ਹੈਰਾਨ ਕਰਨ ਵਾਲੀਆਂ ਗੱਲਾਂ, ਮੈਂ ਉਹਨਾਂ ਦੇ ਮੂੰਹੋਂ ਸੁਣੀਆਂ। ਬੇਮਿਸਾਲ ਬਹਾਦਰੀ ਦੇ ਸਾਕੇ ਮੈਨੂੰ ਦੱਸੇ ਗਏ। ਪਰ ਮੈਨੂੰ ਫੇਰ ਵੀ ਕਿਸੇ ਖਾਸ ਚੀਜ਼ ਦੀ ਉਡੀਕ ਲੱਗੀ ਹੀ ਰਹੀ ਤੇ ਮੇਰੀ ਇਹ ਉਡੀਕ, ਬੇਅਰਥ ਨਹੀਂ ਗਈ।
ਮਾਸਕੋ ਵਿੱਚ ਮੇਰਾ ਇੱਕ ਯੂਕਰੇਨੀਅਨ ਮਿੱਤਰ, ਸੈਕਿਰਕੋ ਰਹਿੰਦਾ ਸੀ। ਇੱਕ ਸ਼ਾਮ, ਜਦ ਮੈਂ ਉਸ ਦੇ ਘਰ ਸਾਂ, ਉਸ ਨੂੰ ਤਿੰਨ ਬੰਦੇ ਮਿਲਣ ਲਈ ਆਏ। ਇੱਕ ਬੜਾ ਮੌਜੀ ਜਿਹਾ ਸੀ ਤੇ ਮੈਂ ਸਮਝ ਸਕਦਾ ਸਾਂ ਕਿ ਉਹ ਬੜੀ ਪਿਆਰੀ ਸੁਰ ਵਿੱਚ ਯੂਕਰੇਨੀਅਨ ਗੀਤ ਗਾ ਸਕਦਾ ਸੀ। ਦੂਜਾ, ਚੁੱਪੂ ਜਿਹਾ ਬੰਦਾ ਸੀ, ਜੋ ਬੈਠਾ ਸਿਗਰਟਾਂ ਦੀ ਫੂਕੀ ਜਾ ਰਿਹਾ ਸੀ। ਤੀਜਾ, ਸੱਚੀ ਮੁੱਚੀ ਇੱਕ ਜ਼ੋਰਦਾਰ ਬੰਦਾ ਸੀ, ਚਿਹਰਾ ਜਿਉਂ ਕਾਂਸੇ ਵਿੱਚੋਂ ਘੜ੍ਹਿਆ ਹੋਇਆ ਹੋਵੇ, ਸਖਤ ਤੇ ਧੜੱਲੇਦਾਰ।
“ਲੈ, ਤੇਰੇ ਮਤਲਬ ਦੇ ਤਿੰਨ ਬੰਦੇ ਆ ਗਏ ਨੇ ਅੱਜ ਤਮਾਨ ਡਵੀਜ਼ਨ ਤੋਂ, ਜਿੰਨਾ ਜੀਅ ਕਰਦਾ ਈ ਇਹਨਾਂ ਕੋਲ ਬਹਿ ਕੇ, ਲਿਖੀ ਜਾ।" ਸੇਕਿਰਕ ਕਹਿਣ ਲੱਗਾ।
ਉਸ ਦੀ ਵਹੁਟੀ ਚਾਹ ਬਣਾ ਕੇ ਸਾਨੂੰ ਦਈ ਗਈ ਤੇ ਅਸੀਂ ਸਾਰੀ ਰਾਤ ਗੱਲਾਂ ਬਾਤਾਂ ਸੁਣਦੇ ਸੁਣਾਂਦੇ ਕੱਢ ਦਿੱਤੀ। ਅਖੀਰ ਦਿਨ ਚੜ੍ਹੇ ਘਰ ਦੀ ਮਾਲਕਣ ਕਹਿਣ ਲੱਗੀ, "ਹੱਦ ਏ, ਸੌਣਾ ਨਹੀਂ ਤੁਸਾਂ ਲੋਕਾਂ ।"
ਸੱਚੀ ਗੱਲ ਤਾਂ ਇਹ ਸੀ ਕਿ ਨੀਂਦ ਨਾਲ ਮੈਂ ਆਪ ਬਉਰਾ ਹੋਇਆ ਪਿਆ ਸਾਂ। “ਕਿਉਂ ਭਈ ਮੁੰਡਿਓਂ, ਅੱਜ ਸੌਣ ਦੀ ਸਲਾਹ ਨਹੀਂ ਤੁਹਾਡੀ ?"
ਮੈਂ ਘਰ ਆ ਗਿਆ। ਭੁੱਖ ਨਾਲ ਮੇਰਾ ਢਿੱਡ ਨਾਲ ਲੱਗਾ ਹੋਇਆ ਸੀ, ਪਰ ਦਿਲ ਖੁਸ਼ੀ ਨਾਲ ਉੱਛਲ ਰਿਹਾ ਸੀ: ਤਿੰਨਾਂ ਨੇ ਮੈਨੂੰ ਤਮਾਨ ਫ਼ੌਜ ਦੀ ਕਾਲੇ ਸਾਗਰ ਦੇ ਸਾਹਿਲ ਦੇ ਨਾਲ ਨਾਲ ਚੜ੍ਹਾਈ ਦੀ ਕਹਾਣੀ ਸੁਣਾਈ, ਜੋ ਇੱਕ ਅਜਿਹੀ ਥਾਂ ਸੀ, ਜਿਹੜੀ ਮੇਰੀ ਯਾਦ ਵਿੱਚ ਸਗਵੀਂ ਉੱਘੜ ਆਈ।
ਇਹ ਕਿਸੇ ਇਲਹਾਮ ਤੋਂ ਘੱਟ ਨਹੀਂ ਸੀ: "ਇਨਕਲਾਬ ਵਿੱਚ ਉੱਠ ਖਲ੍ਹਤੀ ਕਿਰਸਾਨੀ ਨੂੰ, ਉਹਨਾਂ ਪਹਾੜਾਂ ਦੇ ਸਿਲਸਿਲਿਆਂ ਉੱਤੋਂ ਦੀ ਲੈ ਚੱਲੋ। ਉਹਨਾਂ ਗਰੀਬਾਂ ਕਿਰਸਾਨਾਂ ਨੇ, ਵਾਸਤਵ ਵਿੱਚ, ਇੱਥੋਂ ਲੰਘਦਿਆਂ ਹੀ ਆਪਣੇ ਸਿਰ ਇਨਕਲਾਬ ਦੀ ਭੇਟ ਚੜ੍ਹਾ ਦਿੱਤੇ ਸਨ।" ਜੀਵਨ ਨੇ ਆਪ ਮੈਨੂੰ ਪ੍ਰੇਰਨਾ ਦਿੱਤੀ: "ਢਾਲ ਦੇ ਇਸ 'ਫੌਲਾਦੀ ਹੜ੍ਹ' ਨੂੰ - ਤੂੰ ਐਵੇਂ ਤਾਂ ਉਹਨਾਂ ਥਾਵਾਂ ਨੂੰ ਨਹੀਂ ਗਾਂਹਦਾ ਰਿਹਾ ਤੇ ਤੂੰ ਉਹਨਾਂ ਕਿਰਸਾਨਾਂ ਨੂੰ ਵੀ ਭਲੀ ਭਾਂਤ ਜਾਣਦਾ ਹੈ... "
ਸੱਚਮੁੱਚ ਹੀ, ਇਨਕਲਾਬ ਵਿੱਚ ਕਿਰਸਾਨਾਂ ਦੇ ਸ਼ਾਮਿਲ ਹੋਣ ਦਾ ਵਿਸ਼ਾ, ਕਈ ਮਹੀਨਿਆਂ ਤੋਂ ਮੇਰੇ ਦਿਮਾਗ ਵਿੱਚ ਰਿੱਝਦਾ ਆ ਰਿਹਾ ਸੀ।
ਅਸੀਂ ਇਤਿਹਾਸ ਤੋਂ ਜਾਣਦੇ ਹਾਂ ਕਿ ਕਿਰਸਾਨਾਂ ਨੇ ਕਈ ਇਨਕਲਾਬੀ ਲਹਿਰਾਂ ਵਿੱਚ ਹਿੱਸਾ ਲਿਆ। ਭਾਵੇਂ ਉਹਨਾਂ ਦੇ ਕੰਮ ਚੰਗੀ ਤਰ੍ਹਾਂ ਜਥੇਬੰਦ ਨਹੀਂ ਸਨ ਤੇ ਵੇਖਣ ਵਿੱਚ ਮਾਰ ਧਾੜ ਵਾਲੇ ਹੀ ਲੱਗਦੇ ਸਨ । ਰੈਜ਼ਿਨ, ਪੁਗਾਚੇਵ ਤੇ ਉਪਰੰਤ ਕਈ ਹੋਰ ਖੇਤਰਾਂ ਵਿੱਚ ਕਿਰਸਾਨਾਂ ਦੀ ਬਗਾਵਤ)। ਇਹਨਾਂ ਬਗਾਵਤਾਂ ਨਾਲ, ਇੱਕ ਇਨਕਲਾਬ ਨਹੀਂ ਸੀ ਆ ਸਕਦਾ। ਸਮਾਜਵਾਦੀ ਇਨਕਲਾਬ ਉਦੋਂ ਹੀ ਸਫਲ ਹੋ ਸਕਦਾ ਹੈ, ਜਦ ਇਸ ਦੀ ਅਗਵਾਈ ਪ੍ਰੋਲੇਤਾਰੀ ਦੇ ਹੱਥ ਹੋਵੇ। ਕਿਰਸਾਨ ਦੀ ਬਗਾਵਤ ਨੇ ਸਮਾਜਿਕ ਵਿਵਸਥਾ ਨੂੰ ਹਿਲਾ ਤਾਂ ਦਿੱਤਾ, ਪਰ ਇਸ ਦੀ ਥਾਂ ਕੋਈ ਨਵੀਂ ਸਥਾਪਨਾ ਨਾ ਕੀਤੀ। ਇਨਕਲਾਬ ਨੇ ਪੁਰਾਣੀ ਪ੍ਰੰਪਰਾ ਨੂੰ ਨੀਹਾਂ ਤੋਂ ਹਿਲਾ ਕੇ ਰੱਖ ਦਿੱਤਾ ਤੇ ਇਸ ਦੀ ਥਾਈਂ, ਇੱਕ ਨਵੀਂ ਦੀ ਸਥਾਪਨਾ ਕੀਤੀ।
ਸੁਭਾਵਕ ਹੀ ਪ੍ਰੋਲੇਤਾਰੀ ਇਨਕਲਾਬ ਦਾ ਮੋਹਰੀ ਦਸਤਾ ਤੇ ਜਥੇਬੰਦੀ ਦੀ ਸ਼ਕਤੀ ਬਣਿਆ ਰਿਹਾ - ਪਰ ਇਸ ਇਕੱਲਿਆਂ ਹੀ ਸਭ ਕੁਝ ਨਹੀਂ ਕਰ ਦਿੱਤਾ- ਜੋ ਇਸ ਕੀਤਾ, ਉਹ ਇਹ ਸੀ ਕਿ ਇਸ ਵਿਸ਼ਾਲ ਕਿਰਸਾਨੀ ਦੀ ਸੰਘਰਸ਼ ਪ੍ਰਤੀ, ਸੂਝ ਨੂੰ ਜਗਾ ਦਿੱਤਾ।
ਜੇ ਇਨਕਲਾਬੀ ਸੰਘਰਸ਼ ਵਿੱਚ ਕਿਰਤੀ ਜਮਾਤ ਇਕੱਲੀ ਹੀ ਲੜਦੀ ਰਹਿੰਦੀ ਤਾਂ ਇਸ ਦਾ ਅੰਤ ਹੋ ਜਾਂਦਾ, ਜਿਵੇਂ ਕਿ ਪਹਿਲੇ ਇਨਕਲਾਬਾਂ ਸਮੇਂ ਹੋਇਆ। ਪਰ ਅਕਤੂਬਰ ਇਨਕਲਾਬ ਦੇ ਸਮੇਂ ਕਿਰਸਾਨੀ ਨੇ ਪੂਰਾ ਪੂਰਾ ਸਾਥ ਦਿੱਤਾ ਤੇ ਇਸੇ ਕਾਰਨ ਇਨਕਲਾਬ ਨੂੰ ਜਿੱਤ ਪ੍ਰਾਪਤ ਹੋ ਗਈ।
ਪੂਰਵ-ਇਨਕਲਾਬੀ ਕਿਰਸਾਨੀ, ਆਪਣੇ ਆਪ ਵਿੱਚ ਹੀ, ਕਿਰਤੀਆਂ ਨਾਲੋਂ ਇੱਕ ਵੱਖਰੀ ਜਮਾਤ ਸੀ । ਕਿਰਤੀ, ਉਦਯੋਗਿਕ ਉਪਜ ਵਿੱਚੋਂ ਸਾਹਮਣੇ ਆਉਂਦਾ ਹੈ, ਉਹ ਸਮੁੱਚੇ ਜੀਵਨ ਵਿੱਚ ਹੀ ਇਨਕਲਾਬੀ ਸੰਘਰਸ਼ ਵਿੱਚ ਰਿਹਾ ਹੁੰਦਾ ਹੈ ਅਰਥਾਤ, ਉਸ ਦੀ
ਆਪਣੀ ਕੋਈ ਜਾਇਦਾਦ ਨਹੀਂ ਹੁੰਦੀ।
ਕਿਰਸਾਨ, ਦੂਜੇ ਪਾਸੇ, ਇੱਕ ਅਜਿਹਾ ਕਿਰਸਾਨ ਜਿਸ ਨੂੰ ਮੈਂ 'ਫ਼ੌਲਾਦੀ ਹੜ੍ਹ' ਵਿੱਚ ਉਲੀਕਣਾ ਚਾਹੁੰਦਾ ਸਾਂ, ਇੱਕ ਜਾਇਦਾਦ ਦਾ ਮਾਲਕ ਸੀ: ਉਸ ਕੋਲ ਗਾਂ ਸੀ, ਘੋੜਾ ਸੀ, ਜ਼ਮੀਨ ਦਾ ਟੋਟਾ ਸੀ ਤੇ ਇੱਕ ਮਕਾਨ ਸੀ। ਉਹ ਇੱਕ ਮਾਲਕ ਸੀ, ਭਾਵੇਂ ਕਿੰਨਾ ਹੀ ਛੋਟਾ ਤੇ ਅਸੁਰੱਖਿਅਤ ਸੀ ਤੇ ਇਹੀ ਮੁੱਢਲਾ ਫਰਕ ਸੀ ਉਸ ਦੀ ਮਨੋਬਿਰਤੀ ਤੇ ਇੱਕ ਕਿਰਤੀ ਦੀ ਮਨੋਬਿਰਤੀ ਵਿੱਚ, ਜਿਸ ਕਰਕੇ ਇਨਕਲਾਬ ਪ੍ਰਤੀ ਦੋਹਾਂ ਦੇ ਰੁਖ਼ ਵਿੱਚ ਅੰਤਰ ਸੀ। ਉਸ ਦਾ ਜੀਵਨ ਕਠੋਰ ਸੀ, ਪਰ ਉਸ ਦੇ ਤਰਕ ਦਾ ਰੰਗ ਵੱਖਰਾ ਸੀ। "ਜ਼ਿਮੀਂਦਾਰੀ ਸਮਾਪਤ ਕਰ ਕੇ, ਜ਼ਿਮੀਂਦਾਰ ਦੀ ਜ਼ਮੀਨ ਖੋਹ ਲਵੋ; ਮੈਂ ਵੀ ਕਿਉਂ ਨਾ ਉਸ ਦੇ ਔਜ਼ਾਰ, ਗਾਵਾਂ, ਘੋੜੇ ਤੇ ਹਲ ਖੋਹ ਲਵਾਂ, ਹੋਰ ਚਾਹੀਦਾ ਕੀ ਹੈ ਮੈਨੂੰ । ਮੈਂ ਵੀ ਆਪਣਾ ਫਾਰਮ ਵਧਾ ਕੇ ਸੌਖਾ ਹੋ ਜਾਵਾਂਗਾ।" ਇਹ ਸੀ ਦਲੀਲ ਛੋਟੀ ਜਾਇਦਾਦ ਦੇ ਮਾਲਕ ਦੀ ਤੇ ਜਿਸ ਵੇਲੇ ਇਨਕਲਾਬ ਸ਼ੁਰੂ ਹੋਇਆ, ਛੋਟੇ ਕਿਰਸਾਨ ਇਸ ਕਰ ਕੇ ਉੱਠ ਖਲੋਤੇ ਕਿ ਜ਼ਿਮੀਂਦਾਰ ਕੋਲ, ਉਸ ਦਾ ਸਭ ਕੁਝ ਖੋਹ ਲਿਆ ਜਾਵੇ । ਬਹੁਤਿਆਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਸ ਤੋਂ ਮਗਰੋਂ ਕੀ ਹੋਣਾ, ਜਾਂ ਉਹਨਾਂ ਕੀ ਕਰਨਾ ਸੀ।
ਪਰ, ਫਿਰ ਇਹ ਕਿਵੇਂ ਹੋ ਗਿਆ ਕਿ ਇਹ ਜਿਹੀ ਸੋਚਣੀ ਲੈ ਕੇ, ਏਨੀ ਭਾਰੀ ਗਿਣਤੀ ਵਿੱਚ ਕਿਰਸਾਨ ਇਨਕਲਾਬ ਵਿੱਚ ਕੁੱਦ ਪਏ ਤੇ ਅਖੀਰ, ਉਹ ਇਡੀ ਭਾਰੀ ਹੈਰਾਨ ਕਰ ਦੇਣ ਵਾਲੀ ਲਾਲ ਫੌਜ ਵਿੱਚ ਜਥੇਬੰਦ ਹੋ ਕੇ ਰਲ ਗਏ, ਜਿਸ ਨਾਲ ਪ੍ਰੋਲੇਤਾਰੀ ਇਨਕਲਾਬ ਦੀ ਜਿੱਤ ਹੋ ਗਈ।
ਇਹ ਇਤਿਹਾਸ ਦੀ ਯਥਾਰਥਕ ਤੋਰ ਸੀ, ਜਿਸ ਨੇ ਕਿਰਸਾਨਾਂ ਨੂੰ ਇਨਕਲਾਬ ਵਿੱਚ ਕਿਰਤੀਆਂ ਨਾਲ ਮਿਲਣ ਲਈ ਪ੍ਰੇਰਿਆ। ਇਹੀ ਇੱਕ ਵਸੀਲਾ ਸੀ, ਜਿਸ ਦੁਆਰਾ ਕਿਰਸਾਨ ਜ਼ਿਮੀਂਦਾਰਾਂ ਦੇ ਹੱਥੋਂ ਹਮੇਸ਼ਾ ਹਮੇਸ਼ਾ ਲਈ ਚੰਗਾ ਵਿਹਾਰ ਪ੍ਰਾਪਤ ਕਰ ਸਕਦੇ ਸਨ। ਆਪਣੇ 'ਫ਼ੌਲਾਦੀ ਹੜ੍ਹ' ਲਈ ਮੈਨੂੰ ਅਜਿਹੀ ਸਮੱਗਰੀ ਦੀ ਤਲਾਸ਼ ਸੀ, ਜਿਸ ਰਾਹੀਂ ਮੈਂ ਕਿਰਸਾਨ ਨੂੰ ਉਸ ਦੇ ਸਮੁੱਚੇ ਰੂਪਾਂ ਵਿੱਚ ਪੇਸ਼ ਕਰ ਸਕਦਾ।
ਜਦ ਤਮਾਨ ਦੇ ਸਿਪਾਹੀਆਂ ਨੇ ਆਪਣੀ ਚੜ੍ਹਾਈ ਦੀ ਕਹਾਣੀ ਮੈਨੂੰ ਸੁਣਾਈ, ਮੈਂ ਮਹਿਸੂਸ ਕੀਤਾ ਕਿ ਅਖੀਰ ਉਹ ਮਸਾਲਾ ਮੇਰੇ ਹੱਥ ਆ ਹੀ ਗਿਆ। ਜਿਸ ਦੀ ਮੈਨੂੰ ਚਰੋਕਣੀ ਤਲਾਸ਼ ਸੀ। ਬਿਨਾਂ ਕਿਸੇ ਹੀਲ ਹੁੱਜਤ ਮੈਂ ਇਸ ਵਿਸ਼ੇ ਨੂੰ ਗਲ ਲਾ ਲਿਆ। ਜਿਸ ਵਿੱਚ ਕੀਊਬਨ ਖੇਤਰ ਵਿੱਚੋਂ ਗਰੀਬ ਕਿਰਸਾਨਾਂ ਦੇ ਹਜੂਮ, ਮੈਨੂੰ, ਉੱਥੇ ਅਮੀਰ ਕੁਲਕਾਂ ਦੇ ਅਕਤੂਬਰ ਇਨਕਲਾਬ ਦੇ ਵਿਰੋਧ ਵਿੱਚ ਉੱਠ ਖਲ੍ਹਣ ਨਾਲ ਨੱਸਦੇ ਦਿੱਸੇ। ਗਰੀਬ ਕਿਰਸਾਨ ਤੇ ਕਸਾਕ ਲਾਲ ਫੌਜ ਦੀਆਂ ਹਾਰੀਆਂ ਹੋਈਆਂ ਯੂਨਿਟਾਂ ਵਿੱਚ ਜਾ ਰਲੇ ਤੇ ਉੱਥੋਂ ਦੱਖਣ ਵੱਲ, ਸੋਵੀਅਤ ਦਸਤਿਆਂ ਨਾਲ ਉੱਤਰੀ ਕਾਕੇਸ਼ਸ਼ ਵਿੱਚ ਰਲਣ ਲਈ ਟੁਰ ਪਏ। ਗਰੀਬ ਕਿਰਸਾਨਾਂ ਕੋਲ ਭੱਜ ਜਾਣ ਤੋਂ ਸਿਵਾ ਕੋਈ ਚਾਰਾ ਨਹੀਂ ਸੀ, ਕਿਉਂ ਜੋ ਅਮੀਰ ਕਸਾਕਾਂ ਨੇ ਉਹਨਾਂ ਗਰੀਬ ਕਿਰਸਾਨਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਦੀ ਹਮਦਰਦੀ ਸੋਵੀਅਤਾਂ ਨਾਲ ਸੀ। ਪਰ ਉਹਨਾਂ ਦੀ ਇਹ ਨੱਠ-ਭੱਜ ਬੜੀ ਬੇਮੁਹਾਰੀ ਤੇ ਭਗਦੜ ਭਰੀ ਸੀ। ਕਿਰਸਾਨਾਂ ਦਾ ਇੱਕ
ਬੇਤਰਤੀਬਾ ਰਲਗਡ ਜਿਹਾ ਹਜੂਮ ਬਣਿਆ ਹੋਇਆ ਸੀ, ਜੋ ਆਪ ਚੁਣੇ ਹੋਏ ਕਮਾਂਡਰਾਂ ਦਾ ਹੁਕਮ ਮੰਨਣ ਨੂੰ ਵੀ ਤਿਆਰ ਨਹੀਂ ਸੀ।
ਉਹਨਾਂ ਦੀ ਇਹ ਦੌੜ ਬੜੀ ਕਲੇਸ਼ਾਂ ਤੇ ਦੁੱਖਾਂ ਭਰੀ ਸੀ, ਇਹ ਏਨੀ ਭਿਆਨਕ ਸੀ ਕਿ ਜਦ ਸਭ ਕੁਝ ਸਥਿਰ ਹੋ ਗਿਆ ਤਾਂ ਲੋਕਾਂ ਦੀਆਂ ਸ਼ਕਲਾਂ ਵੀ ਪਛਾਣੀਆਂ ਨਹੀਂ ਸਨ ਜਾਂਦੀਆਂ: ਨੰਗੇ, ਵਾਹਣੇ ਪੈਰ, ਭੁੱਖੇ, ਸਾਹਸਤ ਹੀਨ ਲੋਕਾਂ ਦਾ ਇਹ ਇੱਕ ਅਜਿਹਾ ਭਿਆਨਕ ਦਲ ਬਣ ਖਲ੍ਹੋਤਾ ਸੀ, ਜੋ ਆਪਣੇ ਰਾਹ ਵਿੱਚ ਆਏ ਕਿਸੇ ਵੀ ਰੋਕ ਤੇ ਅੜਿਚਨ ਨੂੰ ਲਤਾੜਦਾ, ਜਿੱਤ ਪ੍ਰਾਪਤ ਕਰਦਾ ਤੇ ਜਦ ਉਹ ਇਸ ਪੀੜ, ਲਹੂ, ਹੰਝੂ ਤੇ ਮਾਯੂਸੀਆਂ ਵਿੱਚੋਂ ਲੰਘ ਗਏ, ਤਦ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਫਿਰ ਉਹਨਾਂ ਮਹਿਸੂਸ ਕੀਤਾ ਕਿ ਕੇਵਲ ਸੋਵੀਅਤ ਸ਼ਕਤੀ ਹੀ ਉਹਨਾਂ ਨੂੰ ਮੁਕਤੀ ਦਿਵਾ ਸਕਦੀ ਸੀ । ਇਹ ਕਿਸੇ ਚੇਤੰਨ ਮਨ ਦਾ ਗਿਆਨ ਨਹੀਂ ਸੀ, ਜਿਵੇਂ ਕਿ ਪ੍ਰੋਲੇਤਾਰੀਆਂ ਦੀ ਗੱਲ ਹੈ, ਪਰ ਇਹ ਇੱਕ ਅੰਦਰ ਦੀ ਜਾਗ੍ਰਿਤ ਸੂਝ ਸੀ।
ਮੈਂ ਤਮਾਨ ਸਿਪਾਹੀਆਂ ਦੀ ਚੜ੍ਹਾਈ ਦੀ ਇਸ ਬੇਮਿਸਾਲ ਗਾਥਾ ਨੂੰ, ਜਿਸ ਨੂੰ ਮੈਂ ਸਮਝਦਾ ਹਾਂ ਕਿ ਉਸ ਨਾਲ ਕਿਰਸਾਨਾਂ ਦੀ ਸੋਚਣੀ ਹੀ ਮੂਲ ਬਦਲ ਗਈ, ਹੱਥ ਪਾ ਲਿਆ। ਉਹਨਾਂ ਦੀ ਕਹਾਣੀ ਮੂਜਬ ਆਰੰਭ ਵਿੱਚ ਇਹ ਇੱਕ ਬੇਤਰਤੀਬ ਭੰਨਤੋੜ ਕਰਨ ਵਾਲੇ, ਛੋਟੇ ਛੋਟੇ ਮਾਲਕਾਂ ਦਾ ਦਲ ਸੀ। ਪਰ ਅਣਮਨੁੱਖੀ ਤਸੀਹਿਆਂ ਤੇ ਇੱਕ ਭਿਆਨਕ ਲੜਾਈ ਦਾ ਮੁੱਲ ਤਾਰ ਕੇ, ਜਿਸ ਵਿੱਚ ਅਤਿ ਦਾ ਨੁਕਸਾਨ ਹੋਇਆ, ਇਸ ਹਜੂਮ ਦੀ ਕਾਇਆ ਪਲਟ ਗਈ ਤੇ ਜਦ ਇਹਨਾਂ ਦੀ ਇਹ ਦੌੜ ਭੱਜ ਆਪਣੇ ਅਖੀਰਲੇ ਪੜਾਅ ਉੱਤੇ ਆ ਪਹੁੰਚੀ, ਇਸ ਦਾ ਰੂਪ ਇੱਕ ਇਨਕਲਾਬੀ ਦਲ ਦਾ ਰੂਪ ਹੋ ਗਿਆ, ਇਨਕਲਾਬੀ ਕਿਰਸਾਨੀ ਜੋ ਕਿਰਤੀਆਂ ਨਾਲ ਪੱਕੇ ਪੈਰੀਂ ਜੁੜ ਕੇ ਖਲ੍ਹ ਗਈ।
ਮੈਨੂੰ ਆਪਣੇ 'ਫ਼ੌਲਾਦੀ ਹੜ੍ਹ' ਲਈ ਇਹੀ ਕੁਝ ਚਾਹੀਦਾ ਸੀ।
ਮੈਂ ਇੱਥੇ ਇਹ ਵੀ ਜ਼ਿਕਰ ਕਰ ਦਿਆਂ ਕਿ ਤਮਾਨ ਦੇ ਲੋਕ ਉੱਥੇ ਹੀ ਨਹੀਂ ਰੁੱਕ ਗਏ, ਜਿਥੇ ਮੈਂ ਆਪਣੀ ਕਹਾਣੀ ਦਾ ਅੰਤ ਕੀਤਾ ਹੈ, ਸਗੋਂ ਅਸਤਰਖਾਨ ਤੀਕ ਅੱਗੇ ਵੱਧਦੇ ਗਏ।ਮੈਂ ਪੂਰਨ ਵਿਰਾਮ ਪਹਿਲਾਂ ਕਿਉਂ ਲਾ ਦਿੱਤਾ ? ਕਿਉਂਕਿ, ਮੇਰਾ ਕੰਮ ਪੂਰਾ ਹੋ ਚੁੱਕਾ ਸੀ । ਮੈਂ ਆਪਣੇ ਹੱਥ ਵਿੱਚ ਭੰਨ-ਤੋੜ ਕਰਨ ਵਾਲਿਆਂ ਦਾ ਗ੍ਰੋਹ ਲਿਆ ਸੀ, ਜੋ ਕਿਸੇ ਦਾ ਹੁਕਮ ਮੰਨਣ ਨੂੰ ਤਿਆਰ ਨਹੀਂ ਸੀ ਤੇ ਜੋ ਨਰਾਜ਼ ਹੋ ਜਾਣ ਤਾਂ ਆਪਣੇ ਆਗੂਆਂ ਦਾ ਵੀ ਢਿੱਡ ਪਾੜ ਦੇਣ ਨੂੰ ਤਤਪਰ ਸਨ ਤੇ ਅਨੇਕਾਂ ਕਲੇਸ਼ਾਂ ਵਿੱਚੋਂ ਲੰਘਾ ਕੇ ਉਹਨਾਂ ਨੂੰ ਉਸ ਨੁਕਤੇ ਉੱਤੇ ਲੈ ਪਹੁੰਚਿਆ, ਜਿੱਥੇ ਉਹ ਮਹਿਸੂਸ ਕਰਨ ਲੱਗ ਪਏ ਕਿ ਉਹ ਅਕਤੂਬਰ ਇਨਕਲਾਬ ਦੀ ਜੱਥੇਬੰਦ ਫੌਜ ਦਾ ਇੱਕ ਅੰਗ ਸਨ । ਮੇਰੇ ਲਈ ਏਨਾ ਹੀ ਕਾਫੀ ਸੀ। ਮੇਰਾ ਉਦੇਸ਼ ਪੂਰਾ ਹੋ ਚੁੱਕਾ ਸੀ।
ਅਲੈਗਜ਼ਾਂਦਰ ਸਰਾਫ਼ੀਮੋਵਿਚ