

ਕੰਵਰ ਨੇ ਜ਼ਿੱਦ ਕੀਤੀ ਸਿਰਫ ਇਕ। ਬਸ ਇਕ। ਉਸਨੇ ਇਕ ਬਿਸਕੁਟ ਤੇ ਇਕ ਪੀਸ ਕੇਕ ਦਾ ਖਾ ਲਿਆ। ਗੱਲਾਂ ਕਰਨ ਲੱਗੇ। ਕੰਵਰ ਦੇਖਦਾ ਰਿਹਾ। ਜ਼ਹਿਰ ਦਾ ਅਸਰ ਨਹੀਂ ਸੀ ਹੋ ਰਿਹਾ। ਕੰਵਰ ਘਬਰਾ ਗਿਆ। ਫਿਰ ਜ਼ਹਿਰ ਵਾਲਾ ਗਲਾਸ ਚੁਕ ਲਿਆਇਆ ਤੇ ਵਿਸਕੀ ਪੀਣ ਲਈ ਕਿਹਾ। "ਵਿਸਕੀ ਨਹੀਂ ਪੀਣੀ", ਰਾਸਪੂਤਿਨ ਨੇ ਕਿਹਾ। ਅੱਛਾ ਵਾਈਨ (ਫਲਾਂ ਦੀ ਸ਼ਰਾਬ) ਲਿਆਉਂਦਾ ਹਾਂ। ਗਲਾਸ ਭਰ ਕੇ ਸਾਇਨਾਇਡ ਮਿਲਾ ਕੇ ਵਾਈਨ ਲਿਆਂਦੀ। ਉਹ ਪੀ ਗਿਆ। ਗੱਲਾਂ ਕਰਦਾ ਰਿਹਾ। ਕੋਈ ਅਸਰ ਨਹੀਂ।
ਉਸ ਦੀ ਮੌਤ ਦਾ ਇਹ ਪੱਖ ਸਭ ਤੋਂ ਵਧੀਕ ਚਰਚਿਤ ਰਿਹਾ ਕਿ ਉਸ ਉਪਰ ਸਾਇਨਾਈਡ ਦਾ ਅਸਰ ਕਿਉਂ ਨਾ ਹੋਇਆ। ਕਾਤਲ ਕੋਈ ਬੱਚੇ ਨਹੀਂ ਸਨ, ਡਾਕਟਰ ਉਨ੍ਹਾਂ ਵਿਚ ਮੌਜੂਦ ਸੀ। ਫਿਰ ਗ਼ੈਰ ਕੁਦਰਤੀ ਵਰਤਾਰਾ ਕਿਉਂ? ਕਾਤਲ ਇਹ ਵੀ ਨਹੀਂ ਚਾਹੁੰਦੇ ਹੁੰਦੇ ਕਿ ਮਕਤੂਲ ਨੂੰ ਉਨ੍ਹਾਂ ਦੇ ਇਰਾਦਿਆਂ ਦਾ ਪਤਾ ਲੱਗ ਜਾਏ। ਘਬਰਾਹਟ ਵਿਚ ਡਿਊਕ ਗੱਲਾਂ ਵੀ ਜਾਰੀ ਨਹੀਂ ਰੱਖ ਸਕਦਾ ਸੀ। ਦੋ ਵਾਰ ਪੌੜੀਆਂ ਚੜ੍ਹ ਕੇ ਦੱਸਣ ਵਾਸਤੇ ਉਪਰ ਗਿਆ ਕਿ ਜ਼ਹਿਰ ਬੇਅਸਰ ਹੈ। ਬਦਰੂਹਾਂ ਉਸ ਦੀਆਂ ਮਦਦਗਾਰ ਹਨ, ਇਹ ਸੋਚ ਕੇ ਡਾਕਟਰ ਬੇਹੋਸ਼ ਹੋ ਗਿਆ।
ਗਿਟਾਰ ਉਪਰ ਨਜ਼ਰ ਪਈ ਤਾਂ ਰਾਜਪੁਤਿਨ ਨੇ ਕਿਹਾ- ਛੋਟੂ, ਗਿਟਾਰ ਤਾਂ ਵਜਾ ਜਰਾ। ਗਿਟਾਰ ਵਜਾਈ ਤਾਂ ਪਰ ਕਿਹੜੀ ਸੁਰ ਨਿਕਲਦੀ ਉਸ ਵੇਲੇ ? ਨੂੰ ਤਾਂ ਕੀਤੀ ਬੇਕਾਰ। ਮੌਤ ਨੇੜੇ ਤੇੜੇ ਵੀ ਨਹੀਂ। ਪਰ ਅੱਜ ਨਹੀਂ ਤਾਂ ਕਦੀ ਨਹੀਂ। ਡਿਊਕ ਦੂਜੇ ਕਮਰੇ ਵਿਚੋਂ ਰਿਵਾਲਵਰ ਚੁਕ ਲਿਆਇਆ। ਰਾਸਪੂਤਿਨ ਕੁਰਸੀ ਤੋਂ ਉਠ ਕੇ ਟਹਿਲਣ ਲੱਗਾ, ਫਿਰ ਡਿਊਕ ਨੂੰ ਕਿਹਾ- ਜਿਪਸੀਆਂ ਦੇ ਗੀਤ ਸੁਣਨ ਚੱਲੀਏ? ਡਿਊਕ ਨੇ ਕਿਹਾ- ਨਹੀਂ, ਹੁਣ ਦੇਰ ਹੋ ਚੁਕੀ ਹੈ। ਹੁਣ ਨਹੀਂ। ਕਮਰੇ ਵਿਚ ਸੁਹਣਾ ਕਰਾਂਸ ਸੀ। ਸੰਤ, ਕਰਾਸ ਲਾਗੇ ਜਾ ਕੇ ਆਪਣਾ ਹੱਥ ਉਪਰ ਹੇਠ ਸੱਜੇ ਖੱਬ, ਸਲਾਮ ਕਰਨ ਹੀ ਲੱਗਾ ਸੀ ਕਿ ਕੰਵਰ ਨੇ ਕਿਹਾ- ਤੇਰਾ ਅੰਤ ਆ ਗਿਆ। ਰਿਵਾਲਵਰ ਤਾਣੀ ਖਲੋਤੇ ਮੇਜ਼ਬਾਨ ਵੱਲ ਮਹਿਮਾਨ ਨੇ ਗੁੱਸੇ ਨਾਲ ਨਹੀਂ ਦੇਖਿਆ। ਸ਼ਾਂਤ ਰਿਹਾ। ਕੰਵਰ ਉਸਦੇ ਪਿਛਲੇ ਪਾਸੇ ਚਲਾ ਗਿਆ ਤੇ ਪਿਛੋਂ ਦੀ ਗੋਲੀ ਦਾਗ ਦਿਤੀ। ਸਾਧ, ਹੇਠ ਵਿਛੀ ਰਿੱਛ ਦੀ ਖੱਲ ਉਪਰ ਡਿਗ ਪਿਆ।
ਗੋਲੀ ਦੀ ਆਵਾਜ਼ ਸੁਣ ਕੇ ਬਾਕੀ ਹੇਠ ਆ ਗਏ। ਖੱਲ ਉਪਰੋਂ ਲਾਸ਼ ਚੁਕ ਲਈ ਤਾਂ ਕਿ ਉਸ ਉਪਰ ਵਧੀਕ ਖੂਨ ਨਾ ਜਮ ਜਾਏ। ਸਵੇਰੇ 3 ਵਜੇ ਦਾ ਸਮਾਂ ਸੀ। ਇਕ ਦੀ ਡਿਊਟੀ ਲਹੂ ਭਿਜੇ ਕੱਪੜਿਆਂ ਨੂੰ ਅੱਗ ਵਿਚ ਸਾੜਨ ਦੀ ਸੀ। ਬਾਕੀ ਦੇ ਉਸਨੂੰ ਨਦੀ ਵਿਚ ਸੁਟਣਗੇ। ਸਾਰੇ ਹੌਂਸਲੇ ਵਿਚ ਹੋ ਗਏ ਕਿ ਦੇਸ ਨੂੰ ਇਕ ਪਾਪੀ ਤੋਂ ਮੁਕਤੀ ਮਿਲੀ।
ਬਾਕੀਆਂ ਨੂੰ ਬਾਹਰ ਲਾਅਨ ਵਿਚ ਛਡ ਕੇ ਕੰਵਰ ਇਕ ਵਾਰ ਫੇਰ ਉਸੇ ਕਮਰੇ ਵਿਚ ਚਲਾ ਗਿਆ। ਆਪਣੇ ਸ਼ਿਕਾਰ ਨੂੰ ਦੁਬਾਰਾ ਦੇਖਣਾ ਚਾਹਿਆ।