

ਆਪਣੇ ਆਪ ਨੂੰ ਆਖਦਾ ਹੈ- ਲੈਨਿਨ ਚੰਗਾ ਰਿਹਾ, ਛੇਤੀ ਮਰ ਗਿਆ। ਕੀ ਪਿਐ ਇਥੇ ?
ਸਰਗੇਈ ਦੀ ਮਾਂ ਨਤਾਲੀਆ ਨੇ ਦੁਨੀਆਂ ਦੇ ਨਾਮ ਇਕ ਖੁੱਲ੍ਹੇ ਖਤ ਰਾਹੀਂ ਆਪਣੇ ਪੁੱਤਰ ਦੀ ਮਾਸੂਮੀਅਤ ਦਾ ਵਾਸਤਾ ਪਾ ਕੇ ਉਸ ਲਈ ਜਲਾਵਤਨੀ ਮੰਗੀ। ਉਸ ਨੂੰ ਮਰਨ ਤੋਂ ਬਚਾਉਣ ਦੀ ਅਪੀਲ ਕੀਤੀ। ਵਿਅਰਥ। ਕਦੀ ਉਸ ਦਾ ਬਹੁ ਪਤਾ ਨਹੀਂ ਲੱਗਾ।
ਨਾਰਵੇ ਵਿਚ ਲੇਬਰ ਪਾਰਟੀ ਦੀ ਸਰਕਾਰ ਬਣ ਗਈ ਤਾਂ ਤਾਸਕੀ ਨੇ ਉਥੇ ਪਨਾਹ ਮੰਗੀ ਕਿਉਂਕਿ ਫਰਾਂਸ ਵਿਚ ਉਸ ਦਾ ਸਾਹ ਘੁਟਦਾ ਸੀ। ਇਥੇ ਕੁਝ ਰਾਹਤ ਮਿਲੀ। ਲਿਖਦਾ ਹੈ- ਰੂਸ ਵਿਚ ਜ਼ਾਰ ਦੀ ਕੈਦ ਵਿਚ ਮੈਂ ਬਹੁਤ ਸਾਰੀਆਂ ਯੋਰਪੀਨ ਬੋਲੀਆਂ ਵਿਚ ਛਪੀ ਬਾਈਬਲ ਪੜ੍ਹਦਾ ਰਹਿੰਦਾ। ਇਸ ਕਰਕੇ ਨਹੀਂ ਕਿ ਧਰਮ ਵਿਚੋਂ ਕੋਈ ਸ਼ਾਂਤੀ ਮਿਲੇ। ਇਸ ਕਰਕੇ ਕਿ ਮੈਂ ਉਸ ਦਾ ਪਾਠ ਕਰਦਿਆਂ ਕਰਦਿਆਂ ਯੋਰਪ ਦੀਆ ਨਵੀਆਂ ਤੇ ਪੁਰਾਣੀਆਂ ਬੋਲੀਆਂ ਸਿਖੀਆਂ। ਇਥੇ ਮੇਰੇ ਸਾਹਮਣੇ ਨਾਰਵੇਜੀਅਨ ਬੋਲੀ ਵਿਚ ਛਪੀ ਬਾਈਬਲ ਪਈ ਹੈ। ਹੁਣ ਮੈਂ ਇਸ ਦਾ ਪਾਠ ਕਰਕੇ ਨਾਰਵੇਜੀਅਨ ਸਿਖ ਲਵਾਂਗਾ।
ਛੇਤੀ ਹੀ ਨਾਰਵੇ ਵਿਚ ਉਸ ਦੁਆਲੇ ਸਹਿਮ ਨੇ ਘੇਰਾ ਪਾ ਲਿਆ। ਰੂਸ ਨੇ ਨਾਰਵੇ ਪਾਸ ਰੋਸ ਪ੍ਰਗਟਾਇਆ ਕਿ ਤਾਸਕੀ ਉਸ ਦੇਸ ਵਿਚੋਂ ਅੱਤਵਾਦੀ ਸਰਗਰਮੀਆਂ ਚਲਾ ਰਿਹਾ ਹੈ। ਇਸ ਨਾਲ ਦੋਹਾਂ ਦੋਸਾਂ ਦੇ ਸੰਬੰਧਾਂ ਨੂੰ ਖਤਰਾ ਪੈਦਾ ਹੋ ਗਿਆ ਹੈ। ਨਾਰਵੇ ਦੀ ਪੁਲੀਸ ਉਸ ਦੇ ਆਲੇ ਦੁਆਲੇ ਤੈਨਾਤ ਹੋ ਗਈ ਅਤੇ ਹਰ ਕਿਸਮ ਦਾ ਸਿਆਸੀ ਬਿਆਨ ਬੰਦ ਕਰਨ ਦੀ ਹਦਾਇਤ ਕੀਤੀ। ਤਾਸਕੀ ਨੇ ਦੁਖੀ ਹਿਰਦੇ ਨਾਲ ਕਿਹਾ- ਜੇ ਚੁਪ ਕਰਕੇ ਬੈਠਣਾ ਹੁੰਦਾ ਫੇਰ ਰੂਸ ਵਿਚ ਹੀ ਬੈਠ ਜਾਂਦਾ। ਮੈਨੂੰ ਉਥੇ ਕਿਸੇ ਨੇ ਕੀ ਕਹਿਣਾ ਸੀ ?
ਲੇਬਰ ਪਾਰਟੀ ਦਾ ਵਜ਼ੀਰ ਤਰਿਵਲੀ, ਤਾਸਕੀ ਦਾ ਪੁਰਾਣਾ ਦੋਸਤ ਸੀ। ਉਸੇ ਨੇ ਖੁਸ਼ੀ ਖੁਸ਼ੀ ਤਾਸਕੀ ਨੂੰ ਸਿਆਸੀ ਸ਼ਰਣ ਦਿਵਾਈ ਸੀ। ਆ ਕੇ ਤਾਸਕੀ ਨੂੰ ਕਹਿਣ ਲੱਗਾ- ਤੁਹਾਡੇ ਕਰਕੇ ਮੇਰੇ ਖਿਲਾਫ ਜੁੰਡਲੀ ਲਾਮਬੰਦ ਹੋ ਗਈ ਹੈ। ਤੁਹਾਨੂੰ ਚੁਪ ਕਰਕੇ ਬੈਠਣਾ ਪਵੇਗਾ। ਜੇ ਸਿਆਸੀ ਲੇਖ ਛਪਵਾਉਂਦੇ ਰਹੇ ਤਦ ਜਾਂ ਤੁਹਾਨੂੰ ਦੇਸ ਛੱਡਣਾ ਪਵੇਗਾ ਜਾਂ ਮੈਨੂੰ ਕੈਬਨਿਟ ਵਿਚੋਂ ਕੱਢਣਗੇ। ਤਾਸਕੀ ਗੁੱਸੇ ਵਿਚ ਆ ਗਿਆ, ਗਰਜਿਆ- ਤੂੰ ਨਿਕਲੇਗਾ ਤਰਿਵਲੀ, ਯਕਨੀਨ ਨਿਕਲੇਗਾ। ਕੇਵਲ ਸਰਕਾਰ ਵਿਚੋਂ ਨਹੀਂ ਦੇਸ਼ ਵਿਚੋਂ ਵੀ। ਨਾਜ਼ੀਵਾਦ ਅਗੇ ਤੂੰ ਗੋਡੇ ਟੇਕ ਦਿਤੇ ਹਨ। ਮੇਰੇ ਵਾਂਗ ਤੂੰ ਸਿਆਸੀ ਪਨਾਹ ਮੰਗਦਾ ਵਿਰੇਂਗਾ। ਕੱਲਾ ਤੂੰ ਨੀ। ਤੇਰੀ ਸਰਕਾਰ ਵੀ। ਤੂੰ ਦਰ ਦਰ ਭਟਕੇਗਾ।
ਪੀਰ ਦੀ ਭਵਿਖਬਾਣੀ ਸੁਣ ਕੇ ਵਜ਼ੀਰ ਨੂੰ ਤਰੇਲੀ ਆ ਗਈ, ਉਹ ਜਾਣ ਲਈ ਉਠਿਆ ਤੇ ਹੱਥ ਵਧਾਇਆ। ਤਾਸਕੀ ਨੇ ਉਸ ਨਾਲ ਹੱਥ ਨਹੀਂ ਮਿਲਾਇਆ।