ਗੌਤਮ ਤੋਂ ਤਾਸਕੀ ਤੱਕ
(ਦਸ ਵਡੇਰਿਆਂ ਦੀ ਜੀਵਨ ਕਥਾ)
ਜਿਲਦ ਪਹਿਲੀ
ਹਰਪਾਲ ਸਿੰਘ ਪੰਨੂ
ਸਮਰਪਣ
ਅਪਣੀ ਮਾਂ ਦੇ ਨਾਮ, ਜਿਸ ਦੇ ਨੈਣ ਨਕਸ਼ ਕਿਸੇ
ਅਗਲੀ ਕਿਤਾਬ ਵਿਚੋਂ ਅੰਸ਼ਿਕ ਤੌਰ ਤੇ ਦਿੱਸਣਗੇ।
ਤਤਕਰਾ
ਭੂਮਿਕਾ
ਜ਼ਿੰਦਗੀ ਦੇ ਸਫ਼ਰ ਅਤੇ ਚਿੰਤਨ ਦੇ ਸਫ਼ਰ ਵਿਚ ਦੀ ਲੰਘਦਿਆਂ ਸਾਨੂੰ ਬਹੁਤ ਲੋਕ ਮਿਲਦੇ ਨੇ। ਬਹੁਤ ਸਾਰੇ ਉਹਨਾਂ ਵਿਚੋਂ ਮੁੜ ਕੇ ਯਾਦ ਵੀ ਨਹੀਂ ਰਹਿੰਦੇ ਤੇ ਬਹੁਤ ਸਾਰਿਆਂ ਨੂੰ ਯਾਦ ਰੱਖਣ ਦੀ ਲੋੜ ਵੀ ਨਹੀਂ ਹੁੰਦੀ। ਅਜਿਹੀ ਯਾਤਰਾ ਵੇਲੋ ਪੈਨੂੰ ਸਮੇਂ ਤੇ ਸਥਾਨ ਤੋਂ ਪਾਰ ਵਿਚਰਦਿਆਂ ਵਕਤ ਦੀ ਧੂੜ ਹੇਠ ਧੁੰਦਲੇ ਹੋ ਰਹੇ ਤੇ ਝਮੇਲਿਆਂ ਭਰੀ ਆਧੁਨਿਕ ਜ਼ਿੰਦਗੀ ਵਿਚ ਗੁੰਮ ਗੁਆਚ ਰਹੇ ਹੀਰੇ ਮੋਤੀਆਂ ਨੂੰ ਲੱਭ-ਲੱਭ ਕੇ ਸਾਡੇ ਦ੍ਰਿਸ਼ਟੀਗੋਚਰ ਕਰਦਾ ਹੈ। ਕਈ ਵਾਰੀ ਉਨ੍ਹਾਂ ਨੂੰ ਨਵੀਂ ਦ੍ਰਿਸ਼ਟੀ ਅਤੇ ਨਵੇਂ ਦ੍ਰਿਸ਼ਟੀਕੋਣ ਤੋਂ ਵਧੇਰੇ ਪਿਆਰੇ ਅਤੇ ਮੁੱਲਵਾਨ ਬਣਾ ਕੇ ਸਾਡੇ ਮਨ-ਬੁੱਧੀ ਤੋਂ ਵੀ ਅਗਾਂਹ ਧੁਰ ਸਾਡੇ ਦਿਲ ਤੱਕ ਪਹੁੰਚਾ ਦਿੰਦਾ ਹੈ, ਜਿਹੜੇ ਕੋਮਲ ਭਾਵੀ ਲੋਕਾਂ ਦੀ ਤਾਂ ਕਾਇਆ ਕਲਪ ਕਰਨ ਦੇ ਵੀ ਸਮਰੱਥ ਹੁੰਦੇ ਨੇ।
ਇਸ ਸੰਗ੍ਰਹਿ ਦਾ ਪਹਿਲਾ ਹੀ ਲੇਖ ਗੌਤਮ ਬੁੱਧ, ਉਸੇ ਬੁੱਧ ਬਾਰੇ ਹੇ ਜਿਸ ਦਾ ਨਾਉਂ ਅਨੇਕਾਂ ਵਾਰੀ ਅਸੀਂ ਸੁਣਿਆ ਹੋਇਆ ਹੈ, ਜਿਸ ਦੀ ਸੰਖੇਪ ਜਿਹੀ ਜਾਣਕਾਰੀ ਵੀ ਸਾਨੂੰ ਹੈ ਪਰ ਪੰਨੂ ਦਾ ਬਿਆਨ ਕੀਤਾ ਹੋਇਆ ਬੁੱਧ ਸਾਡੇ ਮਨ ਵਿਚੋਂ ਦੀ ਹੁੰਦਾ ਹੋਇਆ ਸਾਡੇ ਦਿਲ ਵਿਚ ਲਹਿ ਜਾਂਦਾ ਹੈ ਤੇ ਅਸੀਂ ਮਨ ਹੀ ਮਨ ਉਸ ਬੁੱਧ ਦੇ ਨਾਲ ਨਾਲ ਯਾਤਰਾ ਕਰਦੇ, ਉਸ ਬੁੱਧ ਦੇ ਮਹਾਂਵਾਕ ਸੁਣਦੇ ਸਮਝਦੇ ਉਨ੍ਹਾਂ ਨੂੰ ਆਪਣੇ ਧੁਰ ਅੰਦਰ ਕਿਤੇ ਸਾਂਭਣ ਦੇ ਸਮਰੱਥ ਹੋ ਜਾਂਦੇ ਹਾਂ। ਇਹ ਉਸਦੇ ਬਿਆਨ ਦੀ ਸਮਰੱਥਾ ਹੋ ਕਿ ਗੂਹੜ ਗਿਆਨ ਦੀਆਂ ਗੱਲਾਂ ਵੀ ਉਹ ਹਨੇਰੇ ਵਿੱਚ ਜਗਦੇ ਜੁਗਨੂੰਆਂ ਵਾਂਗ ਸਾਡੇ ਆਲੇ ਦੁਆਲੇ ਬਿਖੇਰ ਕੇ ਲੁਭਾਉਣੀਆਂ ਬਣਾ ਦਿੰਦਾ ਹੈ।
ਰਾਜਾ ਮਿਲਿੰਦ ਤੇ ਨਾਗਸੈਨ ਦੇ ਸਵਾਲ ਜਵਾਬ ਸਾਧਾਰਨ ਦਿਸਣ ਵਾਲੇ ਹੋਣ ਦੇ ਬਾਵਜੂਦ ਬੜੀਆਂ ਕੀਮਤੀ ਗੱਲਾਂ ਬਾਰੇ ਸਾਨੂੰ ਸੋਝੀ ਕਰਵਾਉਂਦੇ ਨੇ, ਉਹ ਵੀ ਰੌਚਕ ਭਾਸ਼ਾ ਵਿਚ।
ਗੁਰੂ ਨਾਨਕ ਬਾਬੇ ਬਾਰੇ ਅਸੀਂ ਪੰਜਾਬੀ ਲੋਕ ਬਚਪਨ ਤੋਂ ਹੀ ਸੁਣਦੇ ਆਏ ਹਾਂ ਤੇ ਉਸ ਨੂੰ ਕਦੇ ਹੱਥ ਨਾਲ ਪਹਾੜ ਰੋਕਣ ਵਾਲਾ ਕਦੇ ਮਰਦਾਨੇ ਨੂੰ ਭੇਡੂ ਬਣਾਉਣ ਵਾਲੀਆਂ ਜਾਦੂਗਰ ਬੰਗਾਲਣਾਂ ਨੂੰ ਸਬਕ ਸਿਖਾਉਣ ਵਾਲਾ, ਕਦੇ ਕੌਡੇ ਰਾਖਸ਼ਸ ਨੂੰ ਸਿੱਧੇ ਰਾਹ ਪਾਉਣ ਵਾਲਾ ਤੇ ਕਦੇ ਮੱਕੇ ਨੂੰ ਚਾਰੇ ਪਾਸੇ ਘੁਮਾ ਦੇਣ ਵਾਲਾ ਮਹਾਂਪੁਰਖ ਜਾਣਦੇ ਹਾਂ। ਸ਼ਰਧਾਵਸ ਲਿਖੀਆਂ ਇਹ ਗੱਲਾਂ ਕਿਸੇ ਖਾਸ ਉਮਰ ਤੱਕ ਹੀ ਭਾਉਂਦੀਆਂ ਨੇ ਪਰ ਪੰਨੂ ਨੇ ਰਾਏ ਬੁਲਾਰ ਰਾਹੀਂ ਜੋ ਬਾਬੇ ਨਾਨਕ ਦਾ ਸਰੂਪ ਚਿਤਰਿਆ ਹੈ, ਉਹ ਉਸ ਪੇਗੰਬਰ ਦਾ ਰੂਪ
ਹੈ ਜੋ ਬੁੱਧੀ, ਤਰਕ, ਦਾਰਸ਼ਨਿਕਤਾ, ਗਿਆਨ ਧਿਆਨ ਨੂੰ ਜ਼ਿੰਦਗੀ ਵਿੱਚ ਸਮੇ ਕੇ ਤੁਰਦਾ ਹੈ। ਬਾਬੇ ਦੀਆਂ ਯਾਤਰਾਵਾਂ ਨੂੰ ਲੈ ਕੇ ਜੋ ਬਿਰਤਾਂਤ ਪੰਨੂ ਨੇ ਇਸ ਵਿਥਿਆ ਵਿਚ ਜੋੜਿਆ ਹੈ, ਉਹ ਗੁਰੂ ਨਾਨਕ ਬਾਬੇ ਨੂੰ ਸਾਡੇ ਲਈ ਵਧੇਰੇ ਚੰਗਾ ਤੇ ਵਧੇਰੇ ਪਿਆਰਾ ਬਣਾ ਦਿੰਦਾ ਹੈ। ਇਹ ਪੰਨੂ ਦੀਆਂ ਬਿਰਤਾਂਤਕ ਵਿਧੀਆਂ ਦਾ ਚਮਤਕਾਰ ਹੈ।
ਬਾਬੇ ਨਾਨਕ ਦੇ ਨਾਲ ਮਰਦਾਨਾ ਵੀ ਸਾਡੀ ਯਾਦ ਵਿਚ ਆ ਖਲਦਾ ਹੈ, ਰਬਾਬ ਵਜਾਉਂਦਾ। ਪਰ ਪੰਨੂ ਨੇ ਉਸ ਨੂੰ ਬਾਬੇ ਨਾਨਕ ਦਾ ਸਖਾ, ਮਿੱਤਰ, ਬੰਧੂ ਸਭ ਕੁਛ ਦਿਖਾ ਕੇ ਇਹ ਪਹਿਚਾਣ ਕਰਵਾਈ ਹੈ ਕਿ ਇਸ ਮਿੱਤਰਤਾ ਵਿਚ ਨਾ ਉਮਰ, ਨਾ ਜਾਤ, ਨਾ ਅਮੀਰੀ ਗਰੀਬੀ, ਨਾ ਵੱਡਾ ਗਿਆਨ ਧਿਆਨ ਕੁਝ ਵੀ ਨਹੀਂ ਰਾਹ ਵਿੱਚ ਖਲੋਂਦਾ। ਮਰਦਾਨਾ ਵੀ ਬਾਬੇ ਦੀ ਰੂਹਾਨੀਅਤ ਵਿਚ ਰੂਹ ਤੱਕ ਭਿੱਜ ਕੇ ਉਹਦੇ ਨਾਲ ਤੁਰਦਾ ਰਿਹਾ ਤੇ ਅਖੀਰ ਵੇਲੇ ਵੀ ਇਹੀ ਮੰਗਿਆ, "ਮੈਂ ਮਰ ਕੇ ਵੀ ਤੇਰੇ ਨਾਲੋਂ ਨਾ ਵਿਛੜਾਂ", ਤੇ ਜਦੋਂ ਅਸੀਂ ਗੁਰਬਾਣੀ ਨੂੰ ਗੁਰੂ ਮੰਨ ਲਿਆ ਤਾਂ ਮਰਦਾਨਾ ਕੀਰਤਨ ਬਣ ਕੇ ਉਹਦੇ ਨਾਲ ਨਾਲ ਤੁਰ ਰਿਹਾ ਹੈ।
ਪੰਨੂ, ਬੰਦਾ ਸਿੰਘ ਬਹਾਦਰ ਵਾਲੇ ਲੇਖ ਨੂੰ ਪ੍ਰੋ. ਪੂਰਨ ਸਿੰਘ ਦੀਆਂ ਟੂਕਾਂ ਦੇ ਕੇ ਸਮਾਪਤ ਕਰਦਾ ਹੈ ਕਿ, "ਯੋਧੇ ਨੂੰ ਜਲਦੀ ਕੀਤਿਆਂ ਗੁੱਸਾ ਨਹੀਂ ਆਉਂਦਾ। ਉਸਨੂੰ ਗੁੱਸੇ ਕਰਨ ਵਾਸਤੇ ਸਦੀਆਂ ਲੱਗਦੀਆਂ ਨੇ। ਪੰਜਵੇਂ, ਨੌਵੇਂ ਪਾਤਸ਼ਾਹ ਅਤੇ ਸਾਹਿਬਜ਼ਾਦਿਆਂ ਸਮੇਤ ਹਜ਼ਾਰਾਂ ਮਾਸੂਮਾਂ ਦੇ ਕਤਲਾਂ ਨੇ ਬੰਦਾ ਸਿੰਘ ਨੂੰ ਗੁੱਸੇ ਕਰ ਦਿੱਤਾ। ਇਹੋ ਜਿਹੇ ਜਰਨੈਲ ਜਦੋਂ ਗੁੱਸੇ ਵਿਚ ਆ ਜਾਣ ਤਦ ਉਨਾਂ ਦਾ ਗੁੱਸਾ ਉਤਰਨ ਵਿਚ ਵੀ ਕਈ ਸਦੀਆਂ ਲੱਗਦੀਆਂ ਹਨ", ਇਹ ਸਿੱਧ ਕਰਦਾ ਹੈ ਕਿ ਪੰਨੂ ਭਲੀ ਭਾਂਤ ਜਾਣਦਾ ਹੈ ਕਿ ਉਸਨੇ ਆਪਣੀ ਗੱਲ ਸਪਸ਼ਟ ਕਰਨ ਲਈ ਕਿਹੜੀ ਗੱਲ, ਕਿਸ ਵਿਦਵਾਨ ਦੀ, ਕਿਥੋਂ ਲੈਣੀ ਹੈ। ਇਸ ਲਈ ਉਹ ਇਤਿਹਾਸ, ਮਿਥਿਹਾਸ, ਧਰਮ, ਦਰਸ਼ਨ, ਸਾਹਿਤ ਤੇ ਲੋਕ ਸਾਹਿਤ ਦੇ ਵਿਚਾਰਾਂ ਅਤੇ ਭਾਸ਼ਾ ਨੂੰ ਸਹਿਜੇ ਹੀ ਵਰਤ ਲੈਂਦਾ ਹੈ ਤੇ ਫੇਰ ਉਹ ਗੱਲ ਸਾਨੂੰ ਪੰਨੂ ਦੀ ਹੀ ਲੱਗਣ ਲੱਗ ਜਾਂਦੀ ਐ।
ਪੰਨੂ ਦਾ ਇਹ ਲੇਖ ਸੰਗ੍ਰਹਿ ਪੰਜਾਬੀ ਵਾਰਤਕ ਦਾ ਇਕ ਵੱਖਰਾ ਤੇ ਵਿਸ਼ੇਸ਼ ਹਸਤਾਖਰ ਹੈ।
ਦਲੀਪ ਕੌਰ ਟਿਵਾਣਾ
ਬੀ- 13,ਪੰਜਾਬੀ ਯੂਨੀਵਰਸਿਟੀ