ਭੂਮਿਕਾ
ਜ਼ਿੰਦਗੀ ਦੇ ਸਫ਼ਰ ਅਤੇ ਚਿੰਤਨ ਦੇ ਸਫ਼ਰ ਵਿਚ ਦੀ ਲੰਘਦਿਆਂ ਸਾਨੂੰ ਬਹੁਤ ਲੋਕ ਮਿਲਦੇ ਨੇ। ਬਹੁਤ ਸਾਰੇ ਉਹਨਾਂ ਵਿਚੋਂ ਮੁੜ ਕੇ ਯਾਦ ਵੀ ਨਹੀਂ ਰਹਿੰਦੇ ਤੇ ਬਹੁਤ ਸਾਰਿਆਂ ਨੂੰ ਯਾਦ ਰੱਖਣ ਦੀ ਲੋੜ ਵੀ ਨਹੀਂ ਹੁੰਦੀ। ਅਜਿਹੀ ਯਾਤਰਾ ਵੇਲੋ ਪੈਨੂੰ ਸਮੇਂ ਤੇ ਸਥਾਨ ਤੋਂ ਪਾਰ ਵਿਚਰਦਿਆਂ ਵਕਤ ਦੀ ਧੂੜ ਹੇਠ ਧੁੰਦਲੇ ਹੋ ਰਹੇ ਤੇ ਝਮੇਲਿਆਂ ਭਰੀ ਆਧੁਨਿਕ ਜ਼ਿੰਦਗੀ ਵਿਚ ਗੁੰਮ ਗੁਆਚ ਰਹੇ ਹੀਰੇ ਮੋਤੀਆਂ ਨੂੰ ਲੱਭ-ਲੱਭ ਕੇ ਸਾਡੇ ਦ੍ਰਿਸ਼ਟੀਗੋਚਰ ਕਰਦਾ ਹੈ। ਕਈ ਵਾਰੀ ਉਨ੍ਹਾਂ ਨੂੰ ਨਵੀਂ ਦ੍ਰਿਸ਼ਟੀ ਅਤੇ ਨਵੇਂ ਦ੍ਰਿਸ਼ਟੀਕੋਣ ਤੋਂ ਵਧੇਰੇ ਪਿਆਰੇ ਅਤੇ ਮੁੱਲਵਾਨ ਬਣਾ ਕੇ ਸਾਡੇ ਮਨ-ਬੁੱਧੀ ਤੋਂ ਵੀ ਅਗਾਂਹ ਧੁਰ ਸਾਡੇ ਦਿਲ ਤੱਕ ਪਹੁੰਚਾ ਦਿੰਦਾ ਹੈ, ਜਿਹੜੇ ਕੋਮਲ ਭਾਵੀ ਲੋਕਾਂ ਦੀ ਤਾਂ ਕਾਇਆ ਕਲਪ ਕਰਨ ਦੇ ਵੀ ਸਮਰੱਥ ਹੁੰਦੇ ਨੇ।
ਇਸ ਸੰਗ੍ਰਹਿ ਦਾ ਪਹਿਲਾ ਹੀ ਲੇਖ ਗੌਤਮ ਬੁੱਧ, ਉਸੇ ਬੁੱਧ ਬਾਰੇ ਹੇ ਜਿਸ ਦਾ ਨਾਉਂ ਅਨੇਕਾਂ ਵਾਰੀ ਅਸੀਂ ਸੁਣਿਆ ਹੋਇਆ ਹੈ, ਜਿਸ ਦੀ ਸੰਖੇਪ ਜਿਹੀ ਜਾਣਕਾਰੀ ਵੀ ਸਾਨੂੰ ਹੈ ਪਰ ਪੰਨੂ ਦਾ ਬਿਆਨ ਕੀਤਾ ਹੋਇਆ ਬੁੱਧ ਸਾਡੇ ਮਨ ਵਿਚੋਂ ਦੀ ਹੁੰਦਾ ਹੋਇਆ ਸਾਡੇ ਦਿਲ ਵਿਚ ਲਹਿ ਜਾਂਦਾ ਹੈ ਤੇ ਅਸੀਂ ਮਨ ਹੀ ਮਨ ਉਸ ਬੁੱਧ ਦੇ ਨਾਲ ਨਾਲ ਯਾਤਰਾ ਕਰਦੇ, ਉਸ ਬੁੱਧ ਦੇ ਮਹਾਂਵਾਕ ਸੁਣਦੇ ਸਮਝਦੇ ਉਨ੍ਹਾਂ ਨੂੰ ਆਪਣੇ ਧੁਰ ਅੰਦਰ ਕਿਤੇ ਸਾਂਭਣ ਦੇ ਸਮਰੱਥ ਹੋ ਜਾਂਦੇ ਹਾਂ। ਇਹ ਉਸਦੇ ਬਿਆਨ ਦੀ ਸਮਰੱਥਾ ਹੋ ਕਿ ਗੂਹੜ ਗਿਆਨ ਦੀਆਂ ਗੱਲਾਂ ਵੀ ਉਹ ਹਨੇਰੇ ਵਿੱਚ ਜਗਦੇ ਜੁਗਨੂੰਆਂ ਵਾਂਗ ਸਾਡੇ ਆਲੇ ਦੁਆਲੇ ਬਿਖੇਰ ਕੇ ਲੁਭਾਉਣੀਆਂ ਬਣਾ ਦਿੰਦਾ ਹੈ।
ਰਾਜਾ ਮਿਲਿੰਦ ਤੇ ਨਾਗਸੈਨ ਦੇ ਸਵਾਲ ਜਵਾਬ ਸਾਧਾਰਨ ਦਿਸਣ ਵਾਲੇ ਹੋਣ ਦੇ ਬਾਵਜੂਦ ਬੜੀਆਂ ਕੀਮਤੀ ਗੱਲਾਂ ਬਾਰੇ ਸਾਨੂੰ ਸੋਝੀ ਕਰਵਾਉਂਦੇ ਨੇ, ਉਹ ਵੀ ਰੌਚਕ ਭਾਸ਼ਾ ਵਿਚ।
ਗੁਰੂ ਨਾਨਕ ਬਾਬੇ ਬਾਰੇ ਅਸੀਂ ਪੰਜਾਬੀ ਲੋਕ ਬਚਪਨ ਤੋਂ ਹੀ ਸੁਣਦੇ ਆਏ ਹਾਂ ਤੇ ਉਸ ਨੂੰ ਕਦੇ ਹੱਥ ਨਾਲ ਪਹਾੜ ਰੋਕਣ ਵਾਲਾ ਕਦੇ ਮਰਦਾਨੇ ਨੂੰ ਭੇਡੂ ਬਣਾਉਣ ਵਾਲੀਆਂ ਜਾਦੂਗਰ ਬੰਗਾਲਣਾਂ ਨੂੰ ਸਬਕ ਸਿਖਾਉਣ ਵਾਲਾ, ਕਦੇ ਕੌਡੇ ਰਾਖਸ਼ਸ ਨੂੰ ਸਿੱਧੇ ਰਾਹ ਪਾਉਣ ਵਾਲਾ ਤੇ ਕਦੇ ਮੱਕੇ ਨੂੰ ਚਾਰੇ ਪਾਸੇ ਘੁਮਾ ਦੇਣ ਵਾਲਾ ਮਹਾਂਪੁਰਖ ਜਾਣਦੇ ਹਾਂ। ਸ਼ਰਧਾਵਸ ਲਿਖੀਆਂ ਇਹ ਗੱਲਾਂ ਕਿਸੇ ਖਾਸ ਉਮਰ ਤੱਕ ਹੀ ਭਾਉਂਦੀਆਂ ਨੇ ਪਰ ਪੰਨੂ ਨੇ ਰਾਏ ਬੁਲਾਰ ਰਾਹੀਂ ਜੋ ਬਾਬੇ ਨਾਨਕ ਦਾ ਸਰੂਪ ਚਿਤਰਿਆ ਹੈ, ਉਹ ਉਸ ਪੇਗੰਬਰ ਦਾ ਰੂਪ
ਹੈ ਜੋ ਬੁੱਧੀ, ਤਰਕ, ਦਾਰਸ਼ਨਿਕਤਾ, ਗਿਆਨ ਧਿਆਨ ਨੂੰ ਜ਼ਿੰਦਗੀ ਵਿੱਚ ਸਮੇ ਕੇ ਤੁਰਦਾ ਹੈ। ਬਾਬੇ ਦੀਆਂ ਯਾਤਰਾਵਾਂ ਨੂੰ ਲੈ ਕੇ ਜੋ ਬਿਰਤਾਂਤ ਪੰਨੂ ਨੇ ਇਸ ਵਿਥਿਆ ਵਿਚ ਜੋੜਿਆ ਹੈ, ਉਹ ਗੁਰੂ ਨਾਨਕ ਬਾਬੇ ਨੂੰ ਸਾਡੇ ਲਈ ਵਧੇਰੇ ਚੰਗਾ ਤੇ ਵਧੇਰੇ ਪਿਆਰਾ ਬਣਾ ਦਿੰਦਾ ਹੈ। ਇਹ ਪੰਨੂ ਦੀਆਂ ਬਿਰਤਾਂਤਕ ਵਿਧੀਆਂ ਦਾ ਚਮਤਕਾਰ ਹੈ।
ਬਾਬੇ ਨਾਨਕ ਦੇ ਨਾਲ ਮਰਦਾਨਾ ਵੀ ਸਾਡੀ ਯਾਦ ਵਿਚ ਆ ਖਲਦਾ ਹੈ, ਰਬਾਬ ਵਜਾਉਂਦਾ। ਪਰ ਪੰਨੂ ਨੇ ਉਸ ਨੂੰ ਬਾਬੇ ਨਾਨਕ ਦਾ ਸਖਾ, ਮਿੱਤਰ, ਬੰਧੂ ਸਭ ਕੁਛ ਦਿਖਾ ਕੇ ਇਹ ਪਹਿਚਾਣ ਕਰਵਾਈ ਹੈ ਕਿ ਇਸ ਮਿੱਤਰਤਾ ਵਿਚ ਨਾ ਉਮਰ, ਨਾ ਜਾਤ, ਨਾ ਅਮੀਰੀ ਗਰੀਬੀ, ਨਾ ਵੱਡਾ ਗਿਆਨ ਧਿਆਨ ਕੁਝ ਵੀ ਨਹੀਂ ਰਾਹ ਵਿੱਚ ਖਲੋਂਦਾ। ਮਰਦਾਨਾ ਵੀ ਬਾਬੇ ਦੀ ਰੂਹਾਨੀਅਤ ਵਿਚ ਰੂਹ ਤੱਕ ਭਿੱਜ ਕੇ ਉਹਦੇ ਨਾਲ ਤੁਰਦਾ ਰਿਹਾ ਤੇ ਅਖੀਰ ਵੇਲੇ ਵੀ ਇਹੀ ਮੰਗਿਆ, "ਮੈਂ ਮਰ ਕੇ ਵੀ ਤੇਰੇ ਨਾਲੋਂ ਨਾ ਵਿਛੜਾਂ", ਤੇ ਜਦੋਂ ਅਸੀਂ ਗੁਰਬਾਣੀ ਨੂੰ ਗੁਰੂ ਮੰਨ ਲਿਆ ਤਾਂ ਮਰਦਾਨਾ ਕੀਰਤਨ ਬਣ ਕੇ ਉਹਦੇ ਨਾਲ ਨਾਲ ਤੁਰ ਰਿਹਾ ਹੈ।
ਪੰਨੂ, ਬੰਦਾ ਸਿੰਘ ਬਹਾਦਰ ਵਾਲੇ ਲੇਖ ਨੂੰ ਪ੍ਰੋ. ਪੂਰਨ ਸਿੰਘ ਦੀਆਂ ਟੂਕਾਂ ਦੇ ਕੇ ਸਮਾਪਤ ਕਰਦਾ ਹੈ ਕਿ, "ਯੋਧੇ ਨੂੰ ਜਲਦੀ ਕੀਤਿਆਂ ਗੁੱਸਾ ਨਹੀਂ ਆਉਂਦਾ। ਉਸਨੂੰ ਗੁੱਸੇ ਕਰਨ ਵਾਸਤੇ ਸਦੀਆਂ ਲੱਗਦੀਆਂ ਨੇ। ਪੰਜਵੇਂ, ਨੌਵੇਂ ਪਾਤਸ਼ਾਹ ਅਤੇ ਸਾਹਿਬਜ਼ਾਦਿਆਂ ਸਮੇਤ ਹਜ਼ਾਰਾਂ ਮਾਸੂਮਾਂ ਦੇ ਕਤਲਾਂ ਨੇ ਬੰਦਾ ਸਿੰਘ ਨੂੰ ਗੁੱਸੇ ਕਰ ਦਿੱਤਾ। ਇਹੋ ਜਿਹੇ ਜਰਨੈਲ ਜਦੋਂ ਗੁੱਸੇ ਵਿਚ ਆ ਜਾਣ ਤਦ ਉਨਾਂ ਦਾ ਗੁੱਸਾ ਉਤਰਨ ਵਿਚ ਵੀ ਕਈ ਸਦੀਆਂ ਲੱਗਦੀਆਂ ਹਨ", ਇਹ ਸਿੱਧ ਕਰਦਾ ਹੈ ਕਿ ਪੰਨੂ ਭਲੀ ਭਾਂਤ ਜਾਣਦਾ ਹੈ ਕਿ ਉਸਨੇ ਆਪਣੀ ਗੱਲ ਸਪਸ਼ਟ ਕਰਨ ਲਈ ਕਿਹੜੀ ਗੱਲ, ਕਿਸ ਵਿਦਵਾਨ ਦੀ, ਕਿਥੋਂ ਲੈਣੀ ਹੈ। ਇਸ ਲਈ ਉਹ ਇਤਿਹਾਸ, ਮਿਥਿਹਾਸ, ਧਰਮ, ਦਰਸ਼ਨ, ਸਾਹਿਤ ਤੇ ਲੋਕ ਸਾਹਿਤ ਦੇ ਵਿਚਾਰਾਂ ਅਤੇ ਭਾਸ਼ਾ ਨੂੰ ਸਹਿਜੇ ਹੀ ਵਰਤ ਲੈਂਦਾ ਹੈ ਤੇ ਫੇਰ ਉਹ ਗੱਲ ਸਾਨੂੰ ਪੰਨੂ ਦੀ ਹੀ ਲੱਗਣ ਲੱਗ ਜਾਂਦੀ ਐ।
ਪੰਨੂ ਦਾ ਇਹ ਲੇਖ ਸੰਗ੍ਰਹਿ ਪੰਜਾਬੀ ਵਾਰਤਕ ਦਾ ਇਕ ਵੱਖਰਾ ਤੇ ਵਿਸ਼ੇਸ਼ ਹਸਤਾਖਰ ਹੈ।
ਦਲੀਪ ਕੌਰ ਟਿਵਾਣਾ
ਬੀ- 13,ਪੰਜਾਬੀ ਯੂਨੀਵਰਸਿਟੀ
ਮੁੱਖ ਬੰਧ
ਹਥਲੀ ਕਿਤਾਬ ਦੇ ਲੇਖ ਉਨ੍ਹਾਂ ਵਡੇਰਿਆਂ ਬਾਬਤ ਸਮੇਂ ਸਮੇਂ ਲਿਖੇ ਗਏ ਜਿਨ੍ਹਾਂ ਨੇ ਮੈਨੂੰ ਕਦੀ ਪ੍ਰਭਾਵਿਤ ਕੀਤਾ। ਇਹਨਾਂ ਵਿਚੋਂ ਕੁਛ ਲੇਖ ਰਿਸਾਲਿਆਂ ਵਿਚ ਛਪੇ ਤਾਂ ਪਾਠਕਾਂ ਪਾਸੋਂ ਜਾਣਕਾਰੀ ਮਿਲੀ ਕਿ ਇਹ ਪੜ੍ਹਨਯੋਗ ਸਮੱਗਰੀ ਹੈ। ਇਸ ਨਾਲ ਮੇਰੀ ਹੌਸਲਾ ਅਫ਼ਜਾਈ ਹੋਈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਮੈਂ ਉਹ ਖੁਸ਼ਕਿਸਮਤ ਅਧਿਆਪਕ ਹਾਂ ਜਿਸ ਨੂੰ ਅਪਣੀ ਵਿਦਵਤਾ ਜਾਂ ਖੋਜਕਾਰਜਾਂ ਬਾਰੇ ਗਲਤ-ਫਹਿਮੀ ਨਹੀਂ ਹੋਈ। ਮੇਰੇ ਪਾਸ ਉਹ ਪ੍ਰਤਿਭਾ ਨਹੀਂ ਹੈ ਜਿਹੜੀ ਮੇਰੀ ਲਿਖਤ ਨੂੰ ਲੰਮਾ ਸਮਾਂ ਜਿਉਂਦਿਆਂ ਰੱਖ ਸਕੇ। ਇਹ ਸੰਭਾਵਨਾ ਜ਼ਰੂਰ ਹੈ ਕਿ ਜਿਨ੍ਹਾਂ ਪੁਰਖਿਆਂ ਬਾਬਤ ਇਹ ਸਮੱਗਰੀ ਤਿਆਰ ਕੀਤੀ ਗਈ, ਉਹਨਾਂ ਵਿਚ ਖੁਦ ਅਜਿਹੀ ਸ਼ਕਤੀ ਮੌਜੂਦ ਹੈ ਕਿ ਜੋ ਉਨ੍ਹਾਂ ਕਮਾਈ ਕੀਤੀ, ਉਹ ਦੇਰ ਤੱਕ, ਸ਼ਾਇਦ ਸਦਾ ਲਈ ਪਾਠਕਾਂ ਦੇ ਮਨਾਂ ਵਿਚ ਵਸਣਗੇ। ਮੈਨੂੰ ਲਗਦਾ ਹੈ ਪਾਠਕ ਅਤੇ ਸਰੋਤਾ ਮੇਂ ਠੀਕ ਹਾਂ। ਘਟਨਾਵਾਂ ਦੀ ਚੋਣ ਵੀ ਸਹੀ ਹੋ ਜਾਂਦੀ ਹੈ।
ਮੈਂ ਨਹੀਂ ਸਮਝਦਾ ਕਿ ਇਨ੍ਹਾਂ ਲੇਖਾਂ ਵਿਚ ਦਰਜ ਸਮੱਗਰੀ ਹਵਾਲਿਆ ਵਜੋਂ ਵਰਤਣ ਯੋਗ ਹੈ ਕਿਉਂਕਿ ਤੱਥਮੂਲਕ ਖੋਜ ਕਰਨ ਦੀ ਥਾਂ ਮੇਰਾ ਨਿਸ਼ਾਨਾ ਭਾਵਨਾਮੂਲਕ ਨਸਰ ਲਿਖਣੀ ਸੀ। ਇਸ ਵਿਚ ਮੈਂ ਕਿੰਨਾ ਕੁ ਸਫਲ ਰਿਹਾ ਹਾਂ, ਇਹ ਪਾਠਕ ਦੱਸਣਗੇ ਤੇ ਉਕਾਈਆਂ ਬਾਬਤ ਪਤਾ ਲੱਗੇਗਾ ਤਾਂ ਮੈਂ ਅਗਲੀ ਵਾਰੀ ਸੇਧਾਂਗਾ ਵੀ ਤੇ ਇਸੇ ਤਰਜ਼ ਉਪਰ ਲਿਖੀ ਜਾ ਰਹੀ ਦੂਜੀ ਕਿਤਾਬ ਨੂੰ ਸੋਧ ਵੀ ਮਿਲੇਗੀ।
ਦੋ ਮਿੱਤਰਾਂ ਦਾ ਧੰਨਵਾਦ ਕਰਨਾ ਜ਼ਰੂਰੀ ਹੈ। ਪਹਿਲਾ ਗੁਰਦਿਆਲ ਬਲ ਦਾ ਸ਼ੁਕਰਗੁਜ਼ਾਰ ਹਾਂ ਜੋ ਮੈਨੂੰ ਲੋੜੀਂਦੀ ਸਮੱਗਰੀ ਤਾਂ ਦਿੰਦਾ ਹੀ, ਨਾਲ ਦੀ ਨਾਲ ਮੈਥੋਂ ਪ੍ਰਗਤੀ ਰਿਪੋਰਟ ਵੀ ਮੰਗਦਾ। ਮੇਰੇ ਵਲੋਂ ਦੇਰ ਹੋਣ ਦੀ ਸੂਰਤ ਵਿਚ ਲੜਦਾ ਵੀ ਨਾਰਾਜ਼ ਵੀ ਹੁੰਦਾ। ਕੰਮ ਪੂਰਾ ਹੋ ਜਾਂਦਾ ਤਾਂ ਬਾਬਾਸ਼ ਮਿਲਦੀ। ਉਸ ਵਿਚਲੇ ਗੁਣਾਂ ਦੀ ਵਧੀਕ ਬੰਦਿਆਂ ਨੂੰ ਜਾਣਕਾਰੀ ਨਹੀਂ। ਮੇਰੇ ਅੰਦਰ ਬੈਠੇ ਗਲਤ ਜਜ਼ਬਾਤ ਜਿਹੜੇ ਮੈਨੂੰ ਬੜੇ ਪਿਆਰੇ ਲਗਦੇ, ਉਹ ਬੇਕਿਰਕ ਹੱਕ ਤੋੜਦਾ।
ਦੂਜਾ ਧੰਨਵਾਦ ਰਾਜਿੰਦਰ ਪਾਲ ਸਿੰਘ ਬਰਾੜ ਦਾ। ਮੈਂ ਲਿਖੀ ਤਾਂ ਗਿਆ, ਇਹ ਕਦੀ ਖਿਆਲ ਨਾ ਕੀਤਾ ਕਿ ਕਿਤਾਬ ਵੀ ਛਪਵਾਉਣੀ ਹੈ। ਬਰਾੜ ਦੇ ਉੱਦਮ ਸਦਕਾ ਮੇਰੀ ਲਿਖਤ ਯੂਨੀਸਟਾਰ ਰਾਹੀਂ ਪ੍ਰਕਾਸ਼ ਵਿਚ ਆਏਗੀ, ਇਹ ਮੈਨੂੰ ਕੋਈ ਪਤਾ ਨਹੀਂ ਸੀ।
ਪਟਿਆਲਾ
18.3.08
ਹਰਪਾਲ ਸਿੰਘ ਪੰਨੂ
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦੂਜੀ ਐਡੀਸ਼ਨ
ਇਸ ਕਿਤਾਬ ਦੀ ਨਾ ਕਿਸੇ ਨੇ ਘੁੰਡ ਚੁਕਾਈ ਕੀਤੀ ਨਾ ਇਸ ਉਪਰ ਵਿਚਾਰ ਗੋਸ਼ਟੀ ਰੱਖੀ ਗਈ। ਘੁੰਡ ਕੱਢਿਆ ਹੁੰਦਾ ਤਦ ਘੁੰਡ ਚੁਕਾਈ ਹੁੰਦੀ। ਤਾਂ ਵੀ ਪਾਠਕ ਵਰਗ ਤੱਕ ਖ਼ੁਦ ਬ ਖ਼ੁਦ ਪੁੱਜੀ, ਇਸ ਨੂੰ ਮੇਰੀ ਖੁਸ਼ਕਿਸਮਤੀ ਸਮਝੋ। ਪਹਿਲੀ ਐਡੀਸ਼ਨ ਜਲਦੀ ਖਤਮ ਹੋਈ ਪਰ ਮੇਰੇ ਵੱਲੋਂ ਦੁਰਸਤੀਆਂ ਕਰਨ ਵਿਚ ਕੁਝ ਦੇਰ ਜਰੂਰ ਹੋਈ।
ਰਾਇਬੁਲਾਰ ਖਾਨ ਸਾਹਿਬ ਬਾਬਤ ਪਾਠਕ ਵਰਗ ਨੇ ਹੋਰ ਜਾਣਨ ਦੀ ਮੰਗ ਕੀਤੀ, ਖਾਸ ਕਰਕੇ ਜਿਸ ਮੁਕੱਦਮੇ ਵਿਚ ਭੱਟੀਆਂ ਨੇ ਕੇਸ ਵਾਪਸ ਲੈ ਲਿਆ ਉਸ ਬਾਬਤ। ਜਿੰਨੀ ਕੁ ਸੂਚਨਾ ਹਾਸਲ ਹੋਈ ਸੋ ਦਰਜ ਕਰ ਦਿੱਤੀ। ਇਵੇਂ ਹੀ ਮੇਂ ਮਿਲਿੰਦ ਪ੍ਰਸ਼ਨ ਦਾ ਪੰਜਾਬੀ ਵਿਚ ਅਨੁਵਾਦ ਕਰਨ ਲੱਗਿਆ ਤਾਂ ਨਾਗਸੈਨ ਬਾਬਤ ਹੋਰ ਸਮੱਗਰੀ ਪ੍ਰਾਪਤ ਹੋ ਗਈ। ਉਹ ਦਰਜ ਕਰ ਦਿਤੀ।
ਬਾਬਾ ਫਤਿਹ ਸਿੰਘ ਦੇ ਜਾਨਸ਼ੀਨ ਇਹ ਕਿਤਾਬ ਪੜ੍ਹਕੇ ਖੁਦ ਮੇਰੇ ਕੋਲ ਪੁੱਜ ਗਏ। ਜਿਸ ਯੋਧੇ ਨੇ ਵਜ਼ੀਰ ਖਾਨ ਦੀ ਗਰਦਨ ਉਡਾਈ ਸੀ ਉਸ ਦਾ ਪਰਿਵਾਰ ਦੇਖ ਸਕਾਂਗਾ, ਇਹ ਕਰਾਮਾਤ ਕਿਤਾਬ ਨੇ ਕੀਤੀ।
ਥੋੜੀਆਂ ਕੁ ਸ਼ਬਦ ਜੋੜਾਂ ਦੀਆਂ ਗਲਤੀਆਂ ਰਹਿ ਗਈਆਂ ਸਨ, ਉਹ ਸੋਧ ਦਿਤੀਆਂ। ਪਾਠਕ ਹੋਰ ਸੁਝਾਅ ਦੇਣ, ਮੇਰੀ ਉਨ੍ਹਾਂ ਅੱਗੇ ਪ੍ਰਾਰਥਨਾ ਹੈ।
1 ਜਨਵਰੀ, 2010
ਹਰਪਾਲ ਸਿੰਘ ਪੰਨੂ
ਗੌਤਮ ਬੁੱਧ
ਢਾਈ ਹਜ਼ਾਰ ਸਾਲ ਪਹਿਲਾਂ ਜਦੋਂ ਵਿਸ਼ਵ ਭਰਮ ਅਤੇ ਮਿੱਥ ਦੇ ਸੰਸਕਾਰਾਂ ਵਿਚ ਲਿਪਟਿਆ ਪਿਆ ਸੀ, ਮਹਾਤਮਾ ਬੁੱਧ ਜਿਹੇ ਵਿਗਿਆਨਕ ਸੋਚ ਵਾਲੇ ਵਿਅਕਤੀ ਦਾ ਜਨਮ ਇਕ ਚਮਤਕਾਰ ਸੀ। ਉਸ ਨੇ ਸ਼ਕਤੀਸ਼ਾਲੀ ਬੌਧਿਕਤਾ ਦੀ ਰੋਸ਼ਨੀ ਰਾਹੀਂ ਹਰ ਪੁਰਾਣੇ ਵਿਸ਼ਵਾਸ ਨੂੰ ਤੋੜਿਆ। ਵੇਦਾਂ ਦੀ ਪ੍ਰਭੂਸੱਤਾ ਨੂੰ ਵੰਗਾਰਨਾ ਕੋਈ ਖੇਡ ਨਹੀਂ ਸੀ ਪਰ ਉਸ ਨੇ ਅਜਿਹਾ ਕਰ ਦਿਖਾਇਆ। ਉਸ ਨੇ ਹਰ ਪਰੰਪਰਾ ਉਤੇ ਵਾਰ ਕੀਤਾ - ਸੰਸਕ੍ਰਿਤ ਭਾਸ਼ਾ ਦੀ ਦਿੱਬਤਾ ਉਤੇ, ਵਰਣ ਆਸ਼ਰਮ ਪ੍ਰਥਾ ਉਤੇ, ਬ੍ਰਾਹਮਣਾਂ ਵਲੋਂ ਪ੍ਰਚੱਲਤ ਕਰਮਕਾਂਡਾਂ ਉਤੇ, ਪੁਜਾਰੀ ਵਰਗ ਵਲੋਂ ਕੀਤੀ ਜਾਂਦੀ ਲੁੱਟ ਉਤੇ ਉਸ ਨੇ ਤਿੱਖੇ ਹੱਲੇ ਕੀਤੇ। ਬੋਧ ਪਰੰਪਰਾ ਵੀ ਜੰਨ-ਪਰੰਪਰਾ ਵਾਂਗ ਆਰੀਅਨ ਪਰੰਪਰਾ ਤੋਂ ਸੁਤੰਤਰ ਅਵੈਦਕ ਸ਼ਰੱਮਣ ਪਰੰਪਰਾ ਕਰ ਕੇ ਜਾਣੀ ਜਾਂਦੀ ਹੈ। ਬੁੱਧ ਦੇ ਉਪਦੇਸ਼ ਇੰਨੇ ਸ਼ਕਤੀਸ਼ਾਲੀ ਸਨ ਕਿ ਉਨ੍ਹਾਂ ਨੂੰ ਸਿੰਘਨਾਦ, ਭਾਵ ਸ਼ੇਰ ਦੀ ਗਰਜ ਕਿਹਾ ਜਾਂਦਾ ਹੈ। ਸਮਰਾਟ ਅਸ਼ੋਕ ਦੁਆਰਾ ਲੋਹੇ ਦੇ ਸਤੰਭ ਉਤੇ ਬਣੇ ਚਾਰ ਦਿਸ਼ਾਵਾਂ ਵੱਲ ਦਹਾੜਦੇ ਚਾਰ ਸ਼ੇਰ, ਬੁੱਧ ਦੀਆਂ ਗਰਜਾਂ ਦੇ ਪ੍ਰਤੀਕ ਹਨ। ਇਹ ਨਿਸ਼ਾਨ ਆਧੁਨਿਕ ਭਾਰਤ ਦਾ ਰਾਸ਼ਟਰੀ ਚਿੰਨ੍ਹ (National Emblem) ਹੈ ਜੇ ਨੋਟਾਂ ਅਤੇ ਸਿੱਕਿਆ ਆਦਿਕ ਸਮੇਤ ਹਰ ਸਰਕਾਰੀ ਕਾਗਜ਼ ਪੱਤਰ ਉਪਰ ਉਕਰਿਆ ਮਿਲਦਾ ਹੈ। ਬੁੱਧ ਦਾ ਧਰਮ-ਚੱਕਰ ਕੌਮੀ ਝੰਡੇ ਦੇ ਵਿਚਕਾਰ ਸੁਸ਼ੋਭਿਤ ਹੈ।
ਗੌਤਮ ਦਾ ਜਨਮ 560 ਪੂਰਬ ਈਸਾ ਵਿਚ ਹਿਮਾਲਿਆ ਪਰਬਤ ਦੇ ਨਜ਼ਦੀਕ ਦੀਆਂ ਵਾਦੀਆਂ ਵਿਚ ਕਪਿਲਵਸਤੂ ਦੀ ਰਿਆਸਤ ਅਧੀਨ ਲੁੰਬਿਨੀ ਨਾਂ ਦੇ ਜੰਗਲ ਵਿਚ ਹੋਇਆ ਸੀ। ਹੁਣ ਇਹ ਨੇਪਾਲ ਵਿਚ ਹੈ। ਪਿਤਾ ਮਹਾਰਾਜ ਸੁਧੋਧਨ ਸਨ ਤੇ ਮਾਤਾ ਦਾ ਨਾਮ ਮਹਾਂਮਾਇਆ ਸੀ। ਸੁਬੋਧਨ ਸਾਕਯਵੰਸ਼ ਦੀ ਗਣਤੰਤਰ ਦਾ ਰਾਜਾ ਸੀ। ਸਾਕਯ ਕੁਲ ਖੱਤਰੀਆਂ ਵਿਚ ਸਤਿਕਾਰਯੋਗ ਖਾਨਦਾਨ ਸੀ। ਮਹਾਰਾਣੀ ਮਹਾਂਮਾਇਆ ਦਾ ਪਿਤਾ ਕੋਲੀ ਰਿਆਸਤ ਦਾ ਰਾਜਾ ਸੀ ਤੇ ਦੇਵਦਾਹ ਉਸ ਦੀ ਰਾਜਧਾਨੀ ਸੀ। ਰਿਵਾਜ ਅਨੁਸਾਰ ਪਹਿਲੇ ਬੱਚੇ ਦੇ ਜਨਮ ਵਕਤ ਇਸਤਰੀਆ ਪੇਕੇ ਜਾਇਆ ਕਰਦੀਆਂ ਸਨ। ਬੁੱਧ ਦੇ ਜਨਮ ਤੋਂ ਪਹਿਲਾਂ ਮਹਾਂਮਾਇਆ ਨੇ ਸੁਧੋਧਨ ਪਾਸ ਬੇਨਤੀ ਕੀਤੀ ਕਿ ਮਾਪਿਆਂ ਪਾਸ ਪੁਚਾਓ। ਰਬ ਤਿਆਰ ਕਰ ਦਿੱਤੇ ਗਏ। ਸੈਨਿਕਾਂ ਦੀ ਇਕ ਟੁਕੜੀ ਅਤੇ ਬਾਂਦੀਆਂ ਉਨ੍ਹਾਂ ਨਾਲ ਤੋਰ ਦਿੱਤੀਆਂ ਤੇ ਇਹ ਕਾਫਲਾ ਦੇਵਦਾਹ ਸ਼ਹਿਰ ਵੱਲ ਤੁਰ ਪਿਆ।
ਸ਼ਾਇਦ ਕੁਦਰਤ ਨੂੰ ਅਜਿਹਾ ਮਨਜ਼ੂਰ ਸੀ ਕਿ ਜਿਸ ਬਾਲਕ ਨੇ ਸ਼ਾਹੀ