ਘੜੇ 'ਚ ਦੱਬੀ ਇੱਜ਼ਤ
ਬਰਾੜ ਜੈਸੀ
ਸਮਰਪਿਤ
ਮੇਰੇ ਨਾਨਾ ਜੀ ਸ: ਦਲੀਪ ਸਿੰਘ ਪਟਵਾਰੀ
ਅਤੇ
ਬਾਪੂ ਜਸਵੰਤ ਕੰਵਲ ਜੀ ਦੇ ਨਾਂ
ਪ੍ਰਵੇਸ਼ ਦੁਆਰ
ਬਾਪੂ ਦੀ ਜੁੱਤੀ
ਜਵਾਈ ਪੁੱਤ
ਵੀਰੇ ਦੀਆਂ ਤ੍ਰੇਲੀਆਂ
ਬੂਟੀਆਂ ਵਾਲਾ ਸੂਟ
ਖਾੜੂਸਪੁਣ
ਪੋਲੀਆਂ ਰੋਟੀਆਂ
ਵੀਰੇ! ਮੇਰੀਆਂ ਪੈਲੀਆਂ ?"
ਰੱਬ ਦੀ ਰਜ੍ਹਾ
ਗਲਤੀਆਂ
ਭੂਆ
ਕੁੜੱਤਣ
ਉਨਾਭੀ ਕੋਟੀ
ਢਿੱਡ 'ਚ ਦੁੱਖ
ਅਗਾਂਹ ਵਾਲੇ
ਸੱਤਰਵਾਂ ਵਰ੍ਹਾ
ਪੀੜ੍ਹ
ਹੀਰ
ਘੁੱਟੀ ਹੋਈ ਸੰਘੀ
ਅੰਬ
ਮੁਆਫ਼ੀ
ਖੰਮਣੀ
ਘੋਰ ਕੰਢੇ
ਸਿਲਕ ਦਾ ਸੂਟ
ਗਾਂਢਾ-ਸਾਂਢਾ
ਡਾਇਰੀ
ਉਜਾੜਾ
ਅਹਿਸਾਸ
ਦਾਤੀਆਂ ਵਾਲਾ ਪੱਖਾ
ਹਾਲਾਤਾਂ ਅੱਗੇ ਬੰਦੇ ਦਾ ਵੱਸ ਨਹੀਂ ਚੱਲਦਾ ਅਤੇ ਹਾਲਾਤ ਬੰਦੇ ਨਾਲ ਆਏ ਦਿਨ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੀ ਖਿੱਚ-ਧੂਹ ਕਰਦੇ ਰਹਿੰਦੇ ਨੇ। ਇਹੀ ਖਿੱਚ-ਧੂਹ ਇਨਸਾਨ ਨੂੰ ਅਥਾਹ ਖੁਸ਼ੀ ਜਾਂ ਗੁੱਝੇ ਦਰਦ ਦਿੰਦੀ ਹੈ। ਹਾਲਾਤਾਂ ਲਈ ਇਨਸਾਨ ਦੀ ਖਿੱਚ-ਧੂਹ ਕਰਨਾ ਬੜਾ ਸੁਖਾਲਾ ਹੁੰਦਾ ਹੈ ਪਰ ਸ਼ਬਦਾਂ ਨਾਲ ਖਿੱਚ-ਧੂਹ ਕਰਕੇ ਹਾਲਾਤਾਂ ਨੂੰ ਸਰਲ ਅਤੇ ਸਮਝਣਯੋਗ ਕਹਾਣੀ ਵਿੱਚ ਬਦਲਣਾ ਬੜਾ ਔਖਾ। ਇਹੀ ਖਿੱਚ-ਧੂਹ ਕਰਨ ਦੀ ਕੋਸ਼ਿਸ਼ ਮੇਰੀ ਧੀ ਜੈਸੀ ਨੇ ਕੀਤੀ ਹੈ, ਮਾਂ ਹੋਣ ਦੇ ਨਾਂ 'ਤੇ ਮੈਂ ਜਿੰਨ੍ਹਾਂ ਕੁ ਵੀ ਜੈਸੀ ਨੂੰ ਜਾਣਦੀ ਹਾਂ, ਮੈਨੂੰ ਲੱਗਦਾ ਹੈ ਕਿ ਜੈਸੀ ਦੁਆਰਾ ਲਿਖਿਆ ਕਹਾਣੀ ਸੰਗ੍ਰਹਿ 'ਘੜੇ 'ਚ ਦੱਬੀ ਇੱਜਤ' ਪੜ੍ਹ ਕੇ ਤੁਹਾਡੇ ਮਨ 'ਚ ਕਈ ਨਵੇਂ ਸਵਾਲ ਉੱਠਣਗੇ। ਹੋ ਸਕਦਾ ਹੈ ਕਿ ਅੱਖਾਂ 'ਚ ਪਾਣੀ ਭਰੇ ਜਾਂ ਚਿਹਰੇ 'ਤੇ ਹਾਸੇ ਖਿੜ੍ਹਨ ਜਾਂ ਪੜ੍ਹਦੇ-ਪੜ੍ਹਦੇ ਅੱਧ ਵਿਚਾਲੇ ਛੱਡੀ ਕਹਾਣੀ ਘਰਦੇ ਕੰਮ ਨਬੇੜਦਿਆਂ ਨੂੰ ਉਲਝਾਈ ਰੱਖੇ। ਉਮੀਦ ਹੈ ਕਿ ਮੇਰੀ ਧੀ ਆਪਣੀ ਕਿਤਾਬ ਨਾਲ ਮੇਰੇ ਲਿਖੇ ਜਾਂ ਤੁਹਾਨੂੰ ਕਹੇ ਸਬਦਾਂ ਤੇ ਖਰੀ ਉਤਰੇਗੀ।
ਵੱਲੋਂ
ਅਮਰਜੀਤ ਕੌਰ (ਮਾਂ)
ਬਾਪੂ ਦੀ ਜੁੱਤੀ
ਯਾਦ ਆ ਕੇਰਾਂ ਬੱਸ ਤਲਵੰਡੀ ਬੱਸ ਸਟੈਂਡ 'ਚ ਦਾਖ਼ਲ ਹੋਈ ਤੇ ਬੱਸ ਸਟੈਂਡ ਦੇ ਬਾਹਰ ਖੇਡਣ ਵਾਲੇ ਨਿੱਕੇ ਵੱਡੇ ਲੋਹੇ ਤੇ ਲੱਕੜ ਦੇ ਟਰੈਕਟਰ ਕਿਸੇ ਦੁਕਾਨ ਦੇ ਬਾਹਰ ਸਜਾਏ ਹੋਏ ਸੀ, ਮੈਂ ਬਾਪੂ ਨੂੰ ਹਲੂਣ ਕੇ ਟਰੈਕਟਰ ਦਿਖਾਏ ਪਰ ਬਾਪੂ ਨੇ ਗੱਲ ਅਣਸੁਣੀ ਕਰ ਦਿੱਤੀ। ਅਸੀਂ ਬੱਸ ਸਟੈਂਡ ਉੱਤਰੇ। ਬਾਪੂ ਤੇ ਮੈਂ ਉੱਤਰ ਕੇ ਬੱਸ ਸਟੈਂਡ 'ਚ ਬੈਠਣ ਲਈ ਬਣੀਆਂ ਥੜੀਆਂ ਤੇ ਬੈਠ ਗਏ। ਬਾਪੂ ਇੱਕਦਮ ਉੱਠਿਆ ਮੇਰਾ ਹੱਥ ਫੜ੍ਹ ਬਾਪੂ ਮੋਚੀ ਕੋਲ ਚਲਾ ਗਿਆ ਤੇ ਆਵਦੀ ਜੁੱਤੀ ਲਾਹ ਕੇ ਮੋਚੀ ਨੂੰ ਦੇ ਦਿੱਤੀ। ਮੋਚੀ ਕਹਿੰਦਾ ਕਿ ਜੁੱਤੀ ਦੀ ਹਾਲਤ ਖ਼ਰਾਬ ਹੀ ਆ,ਜੇ ਬਾਹਲਾ ਕਹਿੰਨੇ ਆ ਤਾਂ ਸਿਉਂ ਦਿੰਨਾ..ਪਰ ਮਿਲੂ ਕੱਲ੍ਹ। ਬਾਪੂ ਨੇ ਦੂਜੀ ਜੁੱਤੀ ਵੀ ਲਾਹ ਕੇ ਮੋਚੀ ਕੋਲ ਰੱਖ ਦਿੱਤੀ ਤੇ ਕਿਹਾ ਕਿ ਕੱਲ੍ਹ ਹੀ ਲੈ ਜਾਂਵਾਂਗੇ ਦੋਨੋਂ। ਬਾਪੂ ਨੰਗੇ ਪੈਰ ਤੁਰ ਫਿਰ ਉਸੇ ਥੜ੍ਹੀ 'ਤੇ ਜਾ ਕੇ ਬੈਠ ਗਿਆ ਤੇ ਮੈਂ ਵੀ ਬਾਪੂ ਦੇ ਪਿੱਛੇ ਹੀ। ਫੁੱਲੇ, ਗਿਰੀਆਂ, ਪਾਪੜ ਵੇਚਣ ਵਾਲੇ ਵਾਰ ਵਾਰ ਕੋਲੇ ਆਉਂਦੇ ਤੇ ਮੇਰੇ 'ਚ ਹਿੰਮਤ ਨਾ ਪਈ ਕਿ ਬਾਪੂ ਨੂੰ ਕਹਿ ਦੇਵਾਂ ਕਿ ਮੈਨੂੰ ਚੀਜ਼ੀ ਦਵਾ ਦੇ। ਫਿਰ ਬਾਪੂ ਨੇ ਮੈਲੇ ਜੇਹੇ ਝੋਲੇ 'ਚੋਂ ਪਾਣੀ ਦੀ ਬੋਤਲ ਕੱਢੀ ਤੇ ਮੇਰੇ ਮੂਹਰੇ ਕਰ ਦਿੱਤੀ ਕਿ ਤ੍ਰੇਹ ਲੱਗੀ ਤਾਂ ਪੀ ਲੈ। ਮੈਂ ਗਟਾਗਟ ਸਾਰਾ ਪਾਣੀ ਪੀ ਲਿਆ ਤੇ ਬਾਪੂ ਸਕੂਨ ਨਾਲ ਮੇਰੇ ਮੂੰਹ ਵੱਲ ਦੇਖ ਰਿਹਾ ਸੀ। ਜਿਵੇਂ ਉਸਦੀ ਪਿਆਸ ਵੀ ਮੈਂ ਪਾਣੀ ਪੀ ਕੇ ਮੁਕਾ ਦਿੱਤੀ ਹੋਵੇ। ਬਾਪੂ ਨੇ ਬੋਤਲ ਮੁੜ ਝੋਲੇ 'ਚ ਪਾ ਲਈ। ਸਾਨੂੰ ਪਿੰਡ ਵਾਲੀ ਬੱਸ ਮਿਲ ਗਈ ਤੇ ਅਸੀਂ ਮੁੜਕੋ-ਮੁੜਕੀ ਹੋਏ ਪਿੰਡ ਪੁੱਜ ਗਏ।
ਪੰਦਰਾਂ ਦਿਨ ਬਾਅਦ ਵਾਢੀ ਸ਼ੁਰੂ ਹੋਈ। ਬਾਪੂ ਉਸ ਦਿਨ ਆੜਤੀਆਂ ਤੋਂ ਪੈਸੇ ਲੈਣ ਤਲਵੰਡੀ ਗਿਆ ਹੋਇਆ ਸੀ। ਦੁਪਹਿਰੇ ਜਿਹੇ ਤਾਇਆ ਬਿਸ਼ਨਾ ਭੱਜਿਆ ਭੱਜਿਆ ਘਰ ਆਇਆ ਤੇ ਮਾਂ ਚਾਹ ਬਣਾ ਰਹੀ ਸੀ। ਚੌਂਤਰੇ ਕੋਲ ਜਾ ਖੰਘੂਰਾ ਜੇਹਾ ਮਾਰ ਕੇ ਕਿਹਾ, "ਭਾਈ ਲਛਮਣ ਦਾ ਤਲਵੰਡੀ ਤੋਂ ਆਉਂਦੇ ਦਾ ਐਕਸੀਡੈਂਟ ਹੋ ਗਿਆ, ਮੈਂ ਪਤਾ ਥਹੁ ਲੈਣ ਉੱਥੇ ਚੱਲਾਂ। ਤੇਰੀ ਭੈਣ ਆਉਂਦੀ ਆ ਤੇਰੇ ਕੋਲ ..." ਐਨਾ ਕਹਿ ਕੇ ਤਾਇਆ ਚਲਾ ਗਿਆ ਤੇ ਮਾਂ ਥਾਏਂ ਖੜ੍ਹੀ ਸੁੰਨ ਜੇਹੀ ਹੋ ਗਈ ਤੇ ਫਿਰ ਚੱਕਰ ਜੇਹਾ ਖਾ ਕੇ ਡਿੱਗ ਗਈ। ਮੈਂ ਦਵਾਦਵ ਆ ਕੇ ਮਾਂ ਨੂੰ ਪਾਣੀ ਪਿਆਇਆ, ਐਨੇ ਨੂੰ ਤਾਈ ਆ ਗਈ। ਤਾਈ ਮਾਂ ਦੇ ਹੱਥ ਪੈਰ ਮਲਣ ਲੱਗੀ। ਤਾਏ ਦਾ ਮੁੰਡਾ ਪਿੰਡੋਂ ਹੀ
ਮੋਟਰਸਾਇਕਲ 'ਤੇ ਬਿਠਾ ਡਾਕਟਰ ਲੈ ਆਇਆ। ਡਾਕਟਰ ਨੇ ਦੱਸਿਆ ਕਿ ਬਲੱਡ ਘਟਿਆ ਏ, ਥੋੜੇ ਟਾਈਮ ਨੂੰ ਠੀਕ ਹੋ ਜਾਣਗੇ। ਤਿੰਨ ਘੰਟੇ ਬਾਅਦ ਜੀਪ ਤੋਂ ਤਾਇਆ ਰੋਂਦਾ ਰੋਂਦਾ ਉੱਤਰਿਆ ਕਿ ਆਪਾਂ ਤਾਂ ਲੁੱਟੇ ਗਏ, ਮੁੱਕ ਗਿਆ ਮੇਰਾ ਭਰਾ। ਤਾਇਆ ਵਿਹੜੇ 'ਚ ਬੈਠ ਧਾਹਾਂ ਮਾਰਨ ਲੱਗਾ। ਘਰ 'ਚ ਐਬੂਲੈਂਸ ਦੇ ਨਾਲ ਦੋ ਹੋਰ ਗੱਡੀਆਂ ਤੇ ਟਰੈਕਟਰ ਟਰਾਲੀ ਨੇ ਸਾਰਾ ਵਿਹੜਾ ਮੱਲ ਲਿਆ। ਟਰਾਲੀ 'ਤੇ ਬਾਪੂ ਦਾ ਸਕੂਟਰ ਰੱਖਿਆ ਹੋਇਆ ਸੀ। ਘਰ 'ਚ ਇਕੱਠ ਹੋਣਾ ਸ਼ੁਰੂ ਹੋ ਗਿਆ। ਕੋਈ ਬਾਪੂ ਦੀ ਲਾਸ਼ ਨੂੰ ਗੱਡੀ 'ਚੋਂ ਲੁਆ ਰਿਹਾ ਸੀ ਤੇ ਕੋਈ ਬਾਪੂ ਦਾ ਸਕੂਟਰ। ਮੈਂ ਡਰਿਆ-ਸਹਿਮਿਆ ਭੂਆ ਦੀ ਬੁੱਕਲ 'ਚ ਬੈਠਾ ਸੀ, ਰੋ ਰਿਹਾ ਸੀ। ਭੂਆ ਮੈਨੂੰ ਚੁੱਕ ਕੇ ਸਕੂਟਰ ਕੋਲ ਚਲੀ ਗਈ ਤੇ ਉਹਦੀ ਭੁੱਬ ਨਿਕਲ ਗਈ। ਮੇਰੀ ਨਿਗ੍ਹਾ ਸਕੂਟਰ ਮਗਰ ਬੰਨ੍ਹੇ ਉਸ ਖਿਡੌਣੇ ਟਰੈਕਟਰ 'ਤੇ ਪਈ, ਜੋ ਬਾਪੂ ਬਿਨ੍ਹਾਂ ਦੱਸੇ ਮੇਰੇ ਲਈ ਲੈ ਕੇ ਆ ਰਿਹਾ ਸੀ। ਮੇਰੀਆਂ ਅੱਖਾਂ ਤਿੱਪ ਤਿੱਪ ਚੋਣ ਲੱਗੀਆਂ। ਭੂਆ ਨੇ ਮੈਨੂੰ ਜ਼ੋਰ ਦੇਣੇ ਘੁੱਟ ਲਿਆ ਤੇ ਕਮਰੇ 'ਚ ਲੈ ਕੇ ਚਲੀ ਗਈ। ਮੈਂ ਕੰਬ ਰਿਹਾ ਸੀ ਤੇ ਭੂਆ ਮੈਨੂੰ ਕਲਾਵੇ 'ਚ ਘੁੱਟੀ ਬੈਠੀ ਸੀ ਜਿਵੇਂ ਮੈਂ ਉਸਦਾ ਵੀਰ ਹੋਵਾਂ ਤੇ ਮੈਨੂੰ ਮੁੜ ਤੋਂ ਖੋਹਣ ਤੋਂ ਡਰ ਰਹੀ ਹੋਵੇ ਤੇ ਇੱਕ ਦੋ ਵਾਰ ਉਸਦੇ ਮੂੰਹੋਂ ਨਿਕਲਿਆ ਕਿ "ਨਾ ਲਛਮਣ ਰੋ ਨਾ, ਤੇਰੀ ਭੈਣ ਹੈਗੀ ਆ ... ਫ਼ਿਕਰ ਨਾ ਕਰ।" ਭੂਆ ਦਾ ਆਵਦਾ ਤੌਰ ਚੁੱਕਿਆ ਗਿਆ ਸੀ।
ਬਾਪੂ ਨੂੰ ਨੁਹਾਉਣ ਲੱਗੇ ਉਸਦੇ ਗੀਜੇ 'ਚੋਂ ਆੜਤੀਆ ਦੇ ਦਿੱਤੇ ਚੈੱਕ ਨਿਕਲੇ ਜੋ ਵੱਡੇ ਫੁੱਫੜ ਜੀ ਨੂੰ ਸਾਂਭਣ ਲਈ ਫੜ੍ਹਾ ਦਿੱਤੇ। ਬਾਪੂ ਦਾ ਸੰਸਕਾਰ ਹੋ ਗਿਆ। ਬਾਪੂ ਦਾ ਸਕੂਟਰ ਦਲਾਨ ਨਾਲ ਲੱਗਦੇ ਸ਼ਟਰ ਵਾਲੇ ਕਮਰੇ 'ਚ ਸਾਂਭ ਦਿੱਤਾ ਤੇ ਉਹ ਨਿੱਕਾ ਟਰੈਕਟਰ ਵੀ ਉਵੇਂ ਹੀ ਸਕੂਟਰ ਮਗਰ ਬੰਨਿਆ ਹੋਇਆ ਸੀ। ਉਹ ਸਟਰ ਵਾਲਾ ਕਮਰਾ ਮੇਰੀ ਸੁਰਤ 'ਚ ਬੰਦ ਹੀ ਰਹਿੰਦਾ ਤੇ ਕਿਸੇ ਦੀ ਹਿੰਮਤ ਹੀ ਨਹੀਂ ਸੀ ਪਈ ਕਿ ਬਾਪੂ ਦਾ ਸਕੂਟਰ ਠੀਕ ਕਰਾ ਕੇ ਵਰਤ ਲਈਏ, ਨਿੱਕੇ ਟਰੈਕਟਰ ਨਾਲ ਖੇਡ ਲਈਏ। ਸਮਾਂ ਬੀਤਿਆ ਮੈਂ ਤੇ ਮਾਂ ਦੋਵੇਂ ਕੈਨੇਡਾ ਚਲੇ ਗਏ। ਪਿੰਡ ਪੰਜ ਸਾਲਾਂ ਬਾਅਦ ਗੇੜਾ ਲੱਗਦਾ।
ਅੱਜ 25 ਵਰ੍ਹਿਆਂ ਬਾਅਦ ਮੈਂ ਆਵਦੇ ਪਰਿਵਾਰ ਸਮੇਤ ਪਿੰਡ ਆਇਆ ਤਾਂ ਨਾਲ ਇੱਕ ਨਵਾਂ ਜੀਅ ਵੀ ਸੀ, ਉਹ ਸੀ ਮੇਰਾ ਪੁੱਤ। ਮਿਲਣ ਵਾਲੇ ਲੋਕ ਆਖ ਰਹੇ ਸੀ ਕਿ ਜਮਾ ਲਛਮਣ ਸਿੰਹੁ ਦਾ ਮੁਹਾਂਦਰਾਂ ਏ ਮੇਰੇ ਪੁੱਤ ਦਾ। ਐਤਵਾਰ ਵਾਲੇ ਦਿਨ ਪਤਾ ਨਹੀਂ ਮਨ 'ਚ ਕੀ ਆਇਆ ਕਿ ਉਸ ਸ਼ਾਮ ਮੈਂ ਉਹ ਸ਼ਟਰ ਵਾਲਾ ਕਮਰਾ ਖੋਲ੍ਹ ਲਿਆ ਤੇ ਮੇਰਾ ਪੁੱਤ ਮੇਰੀ ਗੋਦੀ ਤੋਂ ਉੱਤਰ ਸਕੂਟਰ ਕੋਲ ਜਾ ਖੜ੍ਹਾ ਹੋ ਗਿਆ ਤੇ ਸਕੂਟਰ 'ਤੇ ਲਾਲ ਲੀੜਾ ਦਿੱਤਾ ਹੋਇਆ ਸੀ ਪਰ ਅੱਧਾ ਲੀੜਾ ਲਹਿ ਗਿਆ ਸੀ। ਪੁੱਤ ਦੀ ਨਿਗ੍ਹਾ ਟਰੈਕਟਰ 'ਤੇ ਪਈ ਤੇ ਉਹ ਜ਼ਿੱਦ ਕਰਨ ਲੱਗਾ ਕਿ ਉਹ ਟਰੈਕਟਰ ਲੈਣਾ ਏ ਖੇਡਣ ਲਈ। ਮੈਂ ਭਰੇ ਜਿਹੇ ਮਨ ਨਾਲ ਲਾਲ ਲੀੜੇ ਨੂੰ ਖਿੱਚ ਲਿਆ ਤੇ ਸਾਰੀ ਮਿੱਟੀ ਸਾਡੇ
ਦੋਵਾਂ `ਤੇ ਪੈ ਗਈ। ਮੈਨੂੰ ਉਸ ਮਿੱਟੀ ਦੀ ਖੁਸ਼ਬੋ ਚੰਗੀ ਲੱਗੀ। ਮੈਂ ਸਕੂਟਰ ਨੂੰ ਰੋੜ੍ਹ ਕੇ ਵਿਹੜੇ 'ਚ ਲੈ ਆਇਆ। ਮਾਂ ਭਾਂਡੇ ਵਿੱਚੇ ਛੱਡ ਸਾਡੇ ਕੋਲ ਆ ਗਈ ... ਸ਼ਾਇਦ ਮੈਨੂੰ ਸਹਾਰਾ ਦੇਣ ਲਈ ਕਿ ਕਿਧਰੇ ਸਕੂਟਰ ਦੇਖ ਮੈਂ ਕਮਜ਼ੋਰ ਪੈ ਰੋਣ ਨਾ ਲੱਗ ਜਾਵਾਂ ਪਰ ਸਕੂਟਰ ਕੋਲ ਆ ਮਾਂ ਨੇ ਡੂੰਘਾ ਹਾਉਂਕਾ ਲਿਆ ਤੇ ਆਵਦੇ ਮੂੰਹ ਨੂੰ ਚੁੰਨੀ ਨਾਲ ਪੂੰਝਣ ਲੱਗੀ। ਮੈਂ ਸਕੂਟਰ ਸਾਫ਼ ਕੀਤਾ ਤੇ ਟਰੈਕਟਰ ਵੀ। ਟਰੈਕਟਰ ਬੇਟੇ ਨੂੰ ਖੇਡਣ ਲਈ ਦੇ ਦਿੱਤਾ।
ਸਕੂਟਰ ਜੀਪ 'ਤੇ ਉਲੱਧ ਕੇ ਤਾਏ ਦੇ ਮੁੰਡੇ ਨਾਲ ਸ਼ਹਿਰ ਵੱਲ ਚੱਲ ਪਿਆ। ਠੀਕ ਕਰਾ ਸਕੂਟਰ ਨੂੰ ਫਿਰ ਤੋਂ ਨਵਾਂ ਬਣਾ ਲਿਆ। ਜੀਪ ਤਾਏ ਦਾ ਮੁੰਡਾ ਘਰ ਲੈ ਆਇਆ ਤੇ ਮੈਨੂੰ ਸਕੂਟਰ ਤੇ ਸ਼ਹਿਰੋਂ ਪਿੰਡ ਆਉਂਦੇ ਰਸਤੇ 'ਚ ਖ਼ਿਆਲ ਆਇਆ ਕਿ ਬਾਪੂ ਨੇ ਕੇਰਾਂ ਜੁੱਤੀ ਗੰਢਣੀ ਦਿੱਤੀ ਸੀ ਮੋਚੀ ਕੋਲ ਬੱਸ ਸਟੈਂਡ 'ਚ। ਪਤਾ ਨਹੀਂ ਕੀ ਸੋਚ ਮੈਂ ਸਕੂਟਰ ਫਿਰ ਤੋਂ ਸ਼ਹਿਰ ਵੱਲ ਮੋੜ ਲਿਆ ਤੇ ਬੱਸ ਸਟੈਂਡ ਚਲਾ ਗਿਆ। ਉੱਥੇ ਹੁਣ ਟਰੈਕਟਰ ਦੇ ਖਿਡੌਣਿਆਂ ਦੀ ਕੋਈ ਦੁਕਾਨ ਨਹੀਂ ਸੀ।
ਬੱਸ ਸਟੈਂਡ ਜਾ ਕੇ ਮੈਂ ਉਸੇ ਜਗ੍ਹਾ ਬਣੀ ਨਵੀਂ ਥੜੀ 'ਤੇ ਕਿੰਨਾ ਚਿਰ ਬੈਠਾ ਰਿਹਾ ਤੇ ਫਿਰ ਉੱਥੋਂ ਉੱਠ ਕੇ ਉਹੀ ਮੋਚੀ ਕੋਲ ਗਿਆ ਜੋ ਕਿ ਹੁਣ ਬੁੱਢਾ ਹੋ ਚੁੱਕਾ ਸੀ। ਮੈਂ ਮੋਚੀ ਕੋਲ ਜਾ ਕੇ ਕਿਹਾ ਕਿ ਮੇਰੇ ਬਾਪੂ ਦੀ ਜੁੱਤੀ ਲੈ ਕੇ ਜਾਣੀ ਏ। ਮੋਚੀ ਨੇ ਕਿਹਾ, ਕਿਸਦੀ ?" ਮੈਂ ਬਾਪੂ ਦੀ ਪਾਸਪੋਰਟ ਸਾਈਜ਼ ਫੋਟੋ ਬਟੂਏ 'ਚੋਂ ਕੱਢ ਕੇ ਦਿਖਾਈ। ਉਸ ਮੋਚੀ ਨੇ ਘੁੱਟ ਕੇ ਮੈਨੂੰ ਸੀਨੇ ਨਾਲ ਲਾ ਲਿਆ ਕਿ ਅੱਛਾ ਲਛਮਣ ਸਿਹੁੰ ਦਾ ਪੁੱਤ ਏ ਤੂੰ ਤੇ ਫਿਰ ਉਹ ਮੇਰਾ ਹੱਥ ਫੜ੍ਹ ਸੜਕ ਦੇ ਦੂਜੇ ਪਾਸੇ ਬਣੇ ਇੱਕ ਵੱਡੇ ਸਾਰੇ ਜੁੱਤੀਆਂ ਦੇ ਸ਼ੋਅ ਰੂਮ 'ਚ ਲੈ ਗਿਆ ਤੇ ਇਸ਼ਾਰਾ ਕਰ ਫਰੇਮ 'ਚ ਜੜ੍ਹੀਆਂ ਕੰਧ 'ਤੇ ਲੱਗਾ ਜੁੱਤੀ ਦਾ ਜੜਾ ਦਿਖਾਇਆ ਤੇ ਕਿਹਾ ਕਿ ਪਤਾ ਇਹ ਜੁੱਤੀ ਮੈਂ ਬਹੁਤ ਸਾਂਭ ਕੇ ਰੱਖੀ ਏ। ਲਛਮਣ ਸਿੰਹੁ ਕੱਲ੍ਹ ਦਾ ਕਹਿ ਮੁੜ ਜੁੱਤੀ ਲੈਣ ਨਹੀਂ ਆਇਆ ਪਰ ਜਿਸ ਦਿਨ ਦੀ ਇਹ ਜੁੱਤੀ ਮੇਰੀ ਦੁਕਾਨ 'ਤੇ ਆਈ ਏ ਮੇਰੇ ਕੰਮ 'ਚ ਬਰਕਤ ਆਈ ਏ ਤੇ ਹੋ ਸਕਦਾ ਮੇਰਾ ਵਹਿਮ ਹੀ ਹੋਵੇ ਪਰ ਮੈਂ ਇਹ ਜੁੱਤੀ ਨੂੰ ਰੱਬ ਵਾਂਗ ਪੂਜਦਾ। ਮੈਂ ਇੱਕ ਵਾਰ ਫਿਰ ਸੁੰਨ ਜਿਹਾ ਹੋ ਕੇ ਜੁੱਤੀ ਨੂੰ ਇੱਕਟਕ ਦੇਖਣ ਲੱਗਾ । ਮੈਂ ਬੁੱਢੇ ਮੋਚੀ ਨੂੰ ਤਰਲਾ ਜਿਹਾ ਪਾ ਕੇ ਕਿਹਾ ਕਿ ਇਹ ਜੋੜਾ ਮੈਨੂੰ ਦੇ ਦਿਉ, ਮੈਂ ਜੋ ਕੀਮਤ ਕਹੋਗੇ ਦੇ ਦੇਵਾਂਗਾ। ਬੁੱਢੇ ਮੋਚੀ ਨੇ ਆਵਦੇ ਪੁੱਤ ਨੂੰ ਕਹਿ ਮੈਨੂੰ ਉਹ ਜੁੱਤੀ ਅਖ਼ਬਾਰ 'ਚ ਲਪੇਟ ਕਾਲੇ ਲਿਫਾਫੇ 'ਚ ਪਾ ਕੇ ਦਿੱਤੀ। ਮੈਂ ਆਉਂਦਾ-ਆਉਂਦਾ ਉਸ ਤੋਂ ਪੁੱਛਣਾ ਜਰੂਰੀ ਸਮਝਿਆ ਕਿ ਜੇ ਐਨਾ ਵੱਡਾ ਸ਼ੋਅ ਰੂਮ ਏ ਤਾਂ ਤੁਸੀਂ ਬੱਸ ਸਟੈਂਡ ਧੁੱਪ 'ਚ ਨਿੱਕੀ ਜਿਹੀ ਦੁਕਾਨ 'ਤੇ ਕਿਉਂ ਕੰਮ ਕਰਦੇ ਹੋ। ਬੁੱਢੇ ਮੋਚੀ ਨੇ ਚਿੱਟੇ ਮੋਤੀਏ ਉੱਤਰੇ ਵਾਲੀਆਂ ਅੱਖਾਂ ਭਰ ਕਿਹਾ, "ਮੇਰੇ ਪਿਉ ਨੇ ਉਹ ਜੁੱਤੀਆਂ ਵਾਲੇ ਖੋਖੇ 'ਚ ਜ਼ਿੰਦਗੀ ਕੱਢ ਦਿੱਤੀ, ਮੈਨੂੰ ਉਸ ਦੁਕਾਨ 'ਤੇ
ਬਹਿ ਕੇ ਬਹੁਤ ਸਕੂਨ ਮਿਲਦਾ ਤੇ ਐਵੇਂ ਲੱਗਦਾ ਜਿਵੇਂ ਮੇਰਾ ਪਿਉ ਮੇਰੇ ਕੋਲ ਬੈਠਾ ਹੋਵੇ। "ਮੈਂ ਉਦਾਸ ਜਿਹਾ ਹੋ ਉਹਨਾਂ ਤੋਂ' ਅਲਵਿਦਾ ਲੈ ਕੇ ਸਕੂਟਰ 'ਤੇ ਘਰ ਆਇਆ।
ਘਰ ਪਹੁੰਚਿਆ ਤਾਂ ਮਾਂ ਫ਼ਿਕਰ ਕਰ ਰਹੀ ਸੀ ਕਿ ਕਿੰਨਾ ਕੁਵੇਲਾ ਕਰ ਦਿੱਤਾ ਸ਼ਹਿਰੋਂ ਘਰ ਆਉਣ 'ਚ ਤੇ ਫੋਨ ਵੀ ਬੰਦ ਜੁ ਹੋ ਗਿਆ ਸੀ। ਬੋਲਦੀ-ਬੋਲਦੀ ਉਹਦੀ ਨਿਗ੍ਹਾ ਜਦ ਬਾਪੂ ਵਾਲੇ ਸਕੂਟਰ 'ਤੇ ਪਈ ਉਹ ਇੱਕ ਦਮ ਹੈਰਾਨ ਰਹਿ ਗਈ। ਉਹ ਵਾਰ-ਵਾਰ ਸਕੂਟਰ ਨੂੰ ਹੱਥ ਲਗਾ ਕੇ ਦੇਖ ਰਹੀ ਸੀ। ਮੇਰੇ ਕੋਲ ਆ ਉਹਨੇ ਮੇਰਾ ਮੱਥਾ ਚੁੰਮ ਕੇ ਉਸ ਆਖਿਆ, ਮੇਰਾ ਬਹਾਦਰ ਪੁੱਤ... "ਕਿਉਂਕਿ ਉਹਨੂੰ ਹਮੇਸ਼ਾ ਲੱਗਦਾ ਹੁੰਦਾ ਸੀ ਕਿ ਮੈਂ ਬਾਪੂ ਦੀਆਂ ਚੀਜ਼ਾਂ ਦਾ ਸਾਹਮਣਾ ਨਹੀਂ ਕਰ ਪਾਵਾਂਗਾ, ਤਾਹੀਂ ਤੇ ਉਹਨੇ ਪਿੰਡ ਛੱਡ ਪ੍ਰਦੇਸ਼ ਰਹਿਣਾ ਸਹੀ ਸਮਝਿਆ। ਸਹੀ ਵੀ ਸੀ ਉਦੋਂ ਮੈਂ ਬਾਪੂ ਦੇ ਜਾਣ ਮਗਰੋਂ ਰੋਜ਼ ਰਾਤ ਨੂੰ ਸੁੱਤਾ-ਸੁੱਤਾ ਬੁੜਕ ਕੇ ਉੱਠ ਜਾਂਦਾ ਤੇ ਬਾਪੂ ਨਾ ਜਾ ਛੱਡ ਕੇ ਕਹਿ ਕੇ ਰੋਣ ਲੱਗ ਜਾਂਦਾ। ਮਾਂ ਮੇਰੇ ਤੇ ਅੱਜ ਮਾਣ ਮਹਿਸੂਸ ਕਰ ਰਹੀ ਸੀ ਕਿ ਮੈਂ ਬੀਤੇ ਮਾੜ੍ਹੇ ਕੱਲ੍ਹ ਨੂੰ ਸਵੀਕਾਰ ਲਿਆ ਹੈ।
ਮੈਂ ਮੰਜੇ 'ਤੇ ਬੈਠ ਮਾਂ ਨੂੰ ਫਰੇਮ 'ਚ ਜੜ੍ਹੀ ਜੁੱਤੀ ਦਿਖਾਈ ਤੇ ਕਿਹਾ ਕਿ ਯਾਦ ਆ ਕੇਰਾਂ ਬਾਪੂ ਨੰਗੇ ਪੈਰੀਂ ਸ਼ਹਿਰੋਂ ਆਇਆ ਸੀ ਤੇ ਪੈਸੇ ਨਾ ਹੋਣ ਕਰਕੇ ਮੁੜ ਜੁੱਤੀ ਚੁੱਕਣ ਨਹੀਂ ਗਿਆ ਦੁਕਾਨ ਤੋਂ। ਉਦੋਂ ਦੀ ਪੰਜਾਹ ਰੁਪਏ ਦੀ ਜੁੱਤੀ ਦੀ ਕੀਮਤ ਹੁਣ ਕਰੋੜਾਂ ਏ... । ਮਾਂ ਮੇਰੀਆਂ ਗੱਲਾਂ 'ਚ ਉਲਝ ਗਈ ਤੇ ਮੈਂ ਉਹਨੂੰ ਮੋਚੀ ਵਾਲੀ ਗੱਲ ਸੁਣਾਈ। ਮਾਂ ਨੇ ਅੱਖਾਂ ਭਰ ਲਈਆਂ। ਐਨੇ ਨੂੰ ਮੇਰਾ ਪੁੱਤ ਟਰੈਕਟਰ ਦੇ ਮੂਹਰੇ ਲੱਗੇ ਵਾਜੇ ਨਾਲ ਪਾਂ ਪਾਂ ਕਰਦਾ ਮੇਰੇ ਕੋਲ ਆਇਆ ਤੇ ਕਹਿਣ ਲੱਗਾ, ਪਾਪਾ ਦਿਸ ਇਜ ਦਾ ਬੈਸਟ ਗਿਫਟ .. ਮੈਂ ਮੁਸਕਰਾ ਪਿਆ। ਮੇਰੀ ਘਰਵਾਲੀ ਪਾਣੀ ਦਾ ਗਿਲਾਸ ਲੈ ਕੇ ਆਈ ਕਿ ਮੈਂ ਪਾਣੀ ਦਾ ਗਿਲਾਸ ਹੱਥ 'ਚ ਫੜਿਆ ਤੇ ਮੇਰਾ ਪੁੱਤ ਮੇਰੇ ਕੋਲ ਆਇਆ ਤੇ ਮੇਰੇ ਹੱਥੋਂ ਪਾਣੀ ਦਾ ਗਿਲਾਸ ਫੜ੍ਹ ਆਪ ਸਾਰਾ ਪਾਣੀ ਪੀ ਗਿਆ। ਮੈਂ ਉਸ ਵੱਲ ਉਸੇ ਸਕੂਨ ਨਾਲ ਦੇਖ ਰਿਹਾ ਸੀ ਜਿਵੇਂ ਮੇਰਾ ਪਿਉ ਕਈ ਸਾਲ ਪਹਿਲਾਂ ਉਸ ਬੱਸ ਸਟੈਂਡ 'ਚ ਬੈਠਾ ਮੇਰੇ ਵੱਲ ਦੇਖ ਰਿਹਾ ਸੀ। ਪੀੜ੍ਹੀਆਂ ਬਦਲੀਆਂ ਰਹਿੰਦੀਆਂ ਪਰ ਸਮਾਂ ਪਿਛਲੀਆਂ ਪੀੜ੍ਹੀਆਂ ਨੂੰ ਫਿਰ ਸਾਡੇ ਵਿੱਚ ਲਿਆ ਕੇ ਖੜ੍ਹਾ ਕਰ ਦਿੰਦੀਆਂ ਹਨ।
ਇੱਕ ਤੇਰੀ ਜੁੱਤੀ ਸਾਹਮਣੇ,
ਬੂਟ ਜੌਰਡਨ ਦੇ ਜਾਪਦੇ ਨੇ ਹੌਲੇ।
ਫੇਅਰ ਪਲੇਸਾਂ ਲੱਗਣ ਠੰਡੀਆਂ,
ਮੈਂ ਲੱਭਦਾ ਰਹਿੰਨਾ ਨਿੱਘ ਵਾਲੇ ਕੌਲੇ।
ਜਵਾਈ ਪੁੱਤ
ਠਠੰਬਰੀ ਜੇਹੀ ਕੁੰਗੜ ਕੇ ਬੈਠੀ ਉਹ ਅੰਦਰੋਂ-ਅੰਦਰ ਡਰ ਰਹੀ ਸੀ। ਤਿੰਨ ਲਾਵਾਂ ਹੋ ਗਈਆਂ ਤੇ ਜਦੋਂ ਚੌਥੀ ਲਾਵ ਬਾਬਾ ਜੀ ਪੜ੍ਹ ਰਹੇ ਸੀ ਤਾਂ ਪਿੱਛੇ ਰੌਲਾ ਪੈਣ ਲੱਗਾ। "ਜਲਦੀ ਕੋਈ ਪਾਣੀ ਲੈ ਕੇ ਆਉ... ਗੱਡੀ ਕੱਢੋ... ਡਾਕਟਰ ਬੁਲਾ ਲੋ...ਦੌਰਾ ਲੱਗਦਾ" ਦੌਰਾ ਸ਼ਬਦ ਸੁਣਦਿਆਂ ਹੀ ਉਸਦੇ ਮੱਥੇ 'ਚ ਮਾਂ ਦਾ ਚੇਹਰਾ ਠਣਕਿਆ ਪਰ ਪਿੱਛੇ ਮੁੜ ਕੇ ਕਿਵੇਂ ਦੇਖਦੀ ਤੇ ਉੱਤੋਂ ਘੁੰਡ ਵੀ ਸੀ। ਘੁੰਡ ਕਿਵੇਂ ਚੁੱਕ ਮੁੜ ਕੇ ਦੇਖਦੀ। ਚੌਥੀ ਲਾਵ ਵਾਰੀ ਚਹੁੰ ਕੋਨਿਆਂ 'ਚ ਖੜ੍ਹੇ ਭਰਾਵਾਂ 'ਚੋਂ ਇੱਕ ਵੀਰ ਨੂੰ ਬਦਲ ਦਿੱਤਾ ਗਿਆ ਸੀ, ਸ਼ਾਇਦ ਉਸਦਾ ਵੀਰ ਮਾਂ ਨੂੰ ਡਾਕਟਰ ਦੇ ਲੈ ਗਿਆ ਹੋਣਾ। ਫੜ੍ਹ ਕੇ ਤੋਰਦੇ ਮਾਮੇ ਦੇ ਮੁੰਡੇ ਨੇ ਉਹਦੇ ਕੰਨ 'ਚ ਹੌਲੀ ਦੇਣੇ ਕਿਹਾ ਕਿ ਭੈਣੇ, ਠੀਕ ਆ ਭੂਆ ਜੀ ਮਾੜਾ ਜਾ ਚੱਕਰ ਆਇਆ ਸੀ ਤੇ ਪਿਛਲੇ ਕਮਰੇ 'ਚ ਪੈ ਗਏ, ਮੰਮੀ ਕੋਲ ਹੀ ਆ ਉਹਨਾਂ ਦੇ।" ਮੱਥੇ 'ਤੇ ਤਰੇਲੀ ਆ ਗਈ ਤੇ ਉਹਨੇ ਕੰਬਦੀ-ਕੰਬਦੀ ਨੇ ਚੌਥੀ ਲਾਵ ਲਈ। ਅੱਖਾਂ ਭਰ ਲਈਆਂ ਤੇ ਘੁੰਡ ਥੱਲੇ ਉਸਦਾ ਰੋਂਦਾ ਚਿਹਰਾ ਕੋਈ ਨਹੀਂ ਦੇਖ ਸਕਦਾ। ਲਾਵਾਂ ਲੈ ਕੇ ਸ਼ਗਨ ਦੀ ਰਸਮ ਕਰਕੇ ਬਰਾਤ ਰੋਟੀ ਖਾਣ ਲੱਗ ਗਈ। ਓਹਦੇ ਬਾਪੂ ਤੇ ਉਸਦੀ ਭੂਆ ਨੇ ਮੂੰਹ ਜਠੌਣ ਦਾ ਸ਼ਗੁਨ ਕੀਤਾ। ਭੂਆ ਦੇ ਹੱਥਾਂ ਦੀ ਛੋਹ ਤੇ ਮਾਂ ਦੇ ਹੱਥਾਂ ਦੀ ਛੋਹ ਨੂੰ ਉਹ ਚੰਗੀ ਤਰ੍ਹਾ ਜਾਣਦੀ ਸੀ। ਮਨ 'ਚ ਸੋਚ ਰਹੀ ਸੀ ਕਿ ਮਾਂ ਸ਼ਗੁਨ ਕਰਨ ਨਹੀਂ ਆਈ, ਜ਼ਿਆਦਾ ਬਿਮਾਰ ਨਾ ਹੋਵੇ।
ਰਸਮਾਂ ਨਿਬੇੜ ਉਹ ਆਵਦੀ ਵਿਚੋਲਣ ਨਾਲ ਪਿਛਲੇ ਕਮਰੇ 'ਚ ਮਾਂ ਨੂੰ ਦੇਖਣ ਆ ਗਈ।
ਵਿਚੋਲਣ ਬਾਹਰ ਖੜ ਗਈ। ਉੱਥੇ ਮਾਂ ਨਹੀਂ ਸੀ । ਉੱਥੇ ਉਸਦੀ ਭੂਆ ਅਤੇ ਉਸਦਾ ਪਿਉ ਘੁਸਰ-ਮੁਸਰ ਕਰ ਰਹੇ ਸਨ। ਓਹਨੇ ਘੁੰਡ ਚੁੱਕ ਬਾਪੂ ਦਾ ਰੋਣਹਾਕਾ ਚਿਹਰਾ ਪੁੱਛਿਆ, "ਕਿੱਥੇ ਆ ਮਾਂ, ਠੀਕ ਨਹੀਂ ਆ??" ਓਹਦੀ ਭੂਆ ਨੇ ਗੱਲ ਅੱਗੋਂ ਵਲਦੇ ਉਸਨੂੰ ਬੁੱਕਲ 'ਚ ਲਹਿੰਦੇ ਕਿਹਾ, "ਹਸਪਤਾਲ ਆ, ਠੀਕ ਹੋਜੂ... ਤੂੰ ਸ਼ਗਨਾਂ ਦੇ ਦਿਨ ਸੁੱਖੀ ਸਾਂਦੀ ਰੋ ਕੇ ਨਾ ਜਾ... ਅਸੀਂ ਹੈਗੇ ਆ ਸਾਰੇ ਇੱਥੇ ... " ਉਹਦੀ ਭੁੱਬ ਨਿਕਲ ਗਈ, "ਭੂਆ ਰੋਵਾਂ ਕਿਵੇਂ ਨਾ, ਮਾਂ ਏ ਤੇ ਉਹਤੋਂ ਬਿਨਾਂ ਕਿਵੇਂ ਤੁਰ
ਜਾਵਾਂ ਸਹੁਰੀ… ਉਹ ਜਦੋਂ ਠੀਕ ਹੋ ਕੇ ਘਰ ਆਜੂ ਉਦੋਂ ਹੀ ਜਾਊਂ ਮੈਂ ਵੀ.. ਭੂਆ ਨੇ ਬਾਪੂ ਵੱਲ ਦੇਖਦੇ ਕਿਹਾ, "ਜਿੱਦ ਨਾ ਕਰ, ਬਾਪ ਵੱਲ ਦੇਖ... "ਉਹਨੇ ਅੱਖਾਂ ਭਰ ਕੇ ਡੋਲਦੇ ਹੋਏ ਕਿਹਾ, "ਭੂਆ ਮਾਂ ਬਿਨਾਂ ਕਿਵੇਂ ਕੋਈ ਡੋਲੀ ਬੈਠ ਸਕਦਾ.. ਸਮਝਦੇ ਕਿਉਂ ਨਹੀਂ .. " ਐਨੇ ਨੂੰ ਉਸਦਾ ਦੂਜਾ ਭਰਾ ਆਇਆ ਤੇ ਬਾਪੂ ਨੂੰ ਆਣ ਕੇ ਕਹਿੰਦਾ ਕਿ ਹੋਇਆ ਪੈਸਿਆਂ ਦਾ ਇਤਜ਼ਾਮ ਬਾਪੂ.. ਉਹ ਅੱਬੜਵਾਹੇ ਕਦੇ ਭਰਾ ਕਦੇ ਭੂਆ ਤੇ ਕਦੇ ਬਾਪੂ ਦੇ ਮੂੰਹ ਵੱਲ ਦੇਖਦੀ । ਉਹਨੇ ਪਰਸ ਵਾਲੇ ਸਾਰੇ ਪੈਸੇ ਬਾਪੂ ਨੂੰ ਦਿੰਦੇ ਕਿਹਾ, "ਇਹ ਵਰਤ ਲੋ, ਮਾਂ ਨੂੰ ਬਚਾ ਲੋ ਬਾਪੂ.. " ਉੱਥੇ ਖੜ੍ਹੇ ਸਭ ਦੀਆਂ ਅੱਖਾਂ ਤਿਪ-ਤਿਪ ਕਰ ਵਹਿ ਗਈਆਂ । ਬਾਪੂ ਨੇ ਉਸਦੇ ਸਿਰ 'ਤੇ ਹੱਥ ਰੱਖਦੇ ਕਿਹਾ, "ਧੀਆਂ ਨੂੰ ਦੇਣਾ ਹੁੰਦਾ ਲੈਣਾ ਨਹੀਂ ਤੇ ਨਾਲੇ ਪੁੱਤ ਤੇਰੇ ਸ਼ਗਨਾਂ ਦੇ ਪੈਸੇ ਕਿਵੇਂ ਰੱਖ ਲਾਂ ਮੈਂ ??" ਉਹ ਕਹਿੰਦੀ, "ਕਰਜ਼ਾ ਸਮਝ ਕੇ ਰੱਖ ਲਾ ਬਾਪੂ, ਮਾਂ ਜ਼ਰੂਰੀ ਏ.. ਬਚਾ ਲਵੋ ਮਾਂ ਨੂੰ ... " ਐਨੇ ਨੂੰ ਵਿਚੋਲਣ ਆ ਗਈ ਤੇ ਕਹਿੰਦੀ ਕਿ ਚਲੋ ਭਾਈ ਤੋਰੀਏ ਕੁੜੀ ਨੂੰ । ਭੂਆ ਨੇ ਝੱਟ ਦੇਣੇ ਹਾਮੀ ਭਰੀ । ਜਿਵੇਂ ਸਾਰੇ ਕਿਸੇ ਅਣਹੋਣੀ ਤੋਂ ਡਰ ਰਹੇ ਹੋਣ ਕਿ ਕੁੜੀ ਸੁੱਖੀ ਸਾਂਦੀ ਤੁਰ ਜਾਵੇ । ਉਹਨੇ ਚੁੰਨੀ ਠੀਕ ਕਰਦੀ ਨੇ ਕਿਹਾ, "ਭੂਆ ਹਾਲੇ ਤਾਂ ਦੋ ਵੀ ਨਹੀਂ ਵੱਜੇ ਥੋੜਾ ਚਿਰ ਹੋਰ ਰੁਕ ਜੋ, ਮਾਂ ਦੀ ਸੁੱਖ-ਸਾਂਦ ਆ ਜੇ ..ਕੀ ਪਤਾ ਡਾਕਟਰ ਰਾਜੀ ਕਰਕੇ ਹੁਣੇ ਮੋੜ ਦੇਵੇ.. "ਸਾਰੇ ਚੁੱਪ ਹੋ ਗਏ ਤੇ ਵਿਚੋਲਣ ਦੇ ਪਿੱਛੇ ਬਾਹਰ ਚੱਲ ਪਏ । ਭੂਆ ਨੇ ਉਹਦੀ ਗੱਲ ਅਣਸੁਣੀ ਕਰ ਉਸਦੀਆਂ ਅੱਖਾਂ ਦੁਆਲੇ ਫੈਲਿਆ ਸੁਰਮਾ ਪੇਟੀ 'ਤੇ ਪਈ ਉਸਦੀ ਮਾਂ ਦੀ ਚੁੰਨੀ ਨਾਲ ਠੀਕ ਕਰ ਦਿੱਤਾ। ਮਾਂ ਦੀ ਉਹ ਸੂਤੀ ਚੁੰਨੀ ਜੋ ਉਹ ਰੋਜ਼ ਘਰ ਲੈਂਦੀ ਸੀ, ਉਹ ਚੁੰਨੀ ਮਾਂ ਦੇ ਵੰਡੇ ਦੇ ਹੰਝੂ-ਪੂੰਝ ਰਹੀ ਸੀ। ਉਹਨੇ ਭੂਆ ਨੂੰ ਕਿਹਾ ਕਿ ਭੂਆ ਆਹ ਚੁੰਨੀ ਪਰਸ 'ਚ ਪਾ ਦੇ ਤੇ ਪੈਸੇ ਕੱਢ ਕੇ ਰੱਖ ਲੈ,ਬਾਪੂ ਨੂੰ ਦੇ ਦੀ। ਭੂਆ ਨੇ ਉਵੇਂ ਹੀ ਕੀਤਾ । ਡੋਲੀ ਤੁਰ ਗਈ।
ਸਾਰੇ ਰਾਸਤੇ ਉਹ ਪਰਸ ਸੀਨੇ ਲਾ ਕੇ ਬੈਠੀ ਰਹੀ ਜਿਵੇਂ ਮਾਂ ਨੂੰ ਗਲਵੱਕੜੀ ਪਾਈ ਹੋਵੇ। ਰੋਂਦੀ ਰਹੀ, ਡਰਦੀ ਰਹੀ ਤੇ ਕਦੇ ਭੁੱਬ ਨਿਕਲਦੀ ਤਾਂ ਨਾਲ ਬੈਠੀ ਵਿਚੋਲਣ ਹੁੱਜ ਮਾਰ ਦਿੰਦੀ। ਸਹੁਰੇ ਘਰ ਪੁੱਜੀ, ਰਸਮ-ਰਿਵਾਜ ਹੋਏ। ਮੂੰਹ ਜਠੌਣ ਵੇਲੇ ਖਵਾਏ ਲੱਡੂ ਉਹਨੂੰ ਫੋਕਲੇ ਲੱਗੇ। ਮਹਿੰਦੀ ਦਾ ਰੰਗ ਵੀ ਫਿੱਕਾ ਲੱਗਾ ਤੇ ਕਲੀਰਿਆਂ ਦੀ ਅਵਾਜ਼ ਉਹਨੂੰ ਕੰਨ ਚੀਰਦੀ ਲੱਗੀ। ਮਾਂ ਬਗੈਰ ਕਿੰਨੇ ਚਾਅ ਮੱਠੇ ਪੈ ਗਏ ਸੀ।
ਪਿੰਡ ਦੀਆਂ ਬੁੜੀਆਂ ਮੂੰਹ ਵਿਖਾਈ ਕਰਨ ਲੱਗੀਆਂ। ਘੁੰਡ ਚੁੱਕਦੀਆਂ ਤੇ ਫਿਰ ਮੂੰਹ ਜੋੜ ਗੱਲਾਂ ਕਰਦੀਆਂ, " ਪੇਕਿਆਂ ਦਾ ਬਾਹਲਾ ਮੋਹ ਕਰਦੀ ਲੱਗਦੀ ਏ..ਰੋ ਕੇ ਅੱਖਾਂ ਸੁਜਾਈ ਬੈਠੀ ਏ ..." ਇੱਕ ਕਹਿੰਦੀ, "ਗਲੇਡੂ ਤਾਂ ਬਣਾਏ ਹੋਣੇ ਆ ਮਾਂ ਪੇ ਨੇ ਕਿਤੇ ਹੋਰ ਤੋਰਤੀ ਹੋਨੀ ਆ...ਤਾਹੀਓਂ ਭੋਰਾ ਰੌਣਕ ਨੀ ਬਹੂ ਦੇ ਮੂੰਹ ‘ਤੇ ਉਹਨੂੰ ਉਹ ਗੱਲਾਂ ਸੁਣ ਰਹੀਆਂ ਸੀ ਪਰ ਕੌੜੀਆਂ ਨਹੀਂ ਲੱਗ ਰਹੀਆਂ ਸੀ। ਸੁਰਤ ਜੁ ਮਾਂ ‘ਚ ਸੀ।
ਬੁੜੀਆਂ ਨੱਚਣ ਲੱਗੀਆਂ, ਬੋਲੀਆਂ ਪਾਈਆਂ ਪਰ ਉਹਦਾ ਨੱਚਣ ਦਾ ਦਿਲ ਨਾ ਕੀਤਾ ਤੇ ਮਾੜਾ ਜਾ ਸ਼ਗਨ ਕਰ ਵਿਚੋਲਣ ਨੂੰ ਕਹਿ ਕਮਰੇ 'ਚ ਚਲੀ ਗਈ। ਉਸਦੇ ਪਿੱਛੇ ਹੀ ਉਸਦਾ ਪ੍ਰਾਹੁਣਾ ਆ ਗਿਆ ਤੇ ਕਹਿੰਦਾ "ਤਿਆਰ ਹੋ ਜੋ, ਲਹਿੰਗਾ ਬਦਲ ਲੋ ਤੇ ਮੈਂ ਤੁਹਾਡੇ ਪਿੰਡ ਛੱਡ ਆਉਣਾ ਆ... ਉਹਨੇ ਘੁੰਡ ਬਿਨਾਂ ਉੱਪਰ ਚੁੱਕੇ ਹੀ ਕਿਹਾ, "ਕਾਹਤੋਂ ...ਸਾਡੇ ਉੱਧਰ ਅਪਸ਼ਗੁਨਾ ਸਮਝਦੇ ਆ ਐਵੇਂ ਮੁੜ ਜਾਣਾ” ਉਹ ਕਹਿੰਦਾ ਕਿ ਮਾਂ ਬਿਮਾਰ ਏ ਤੇ ਤੇਰੇ ਨਿੱਕੇ ਭੈਣ ਭਰਾਵਾਂ ਨੂੰ ਤੇਰੀ ਲੋੜ ਏ.. ਇੱਧਰ ਮਾਂ ਤੋਂ ਪੁੱਛ ਲਿਆ ਸੀ ਮੈਂ। ਉਹ ਹੋਰ ਕੁਛ ਬਿਨਾਂ ਕਹੇ ਸੁਣੇ ਉਹਨੂੰ ਨਾਲ ਮਾਰੂਤੀ 'ਚ ਬਿਠਾ ਉਹਨੂੰ ਛੱਡਣ ਸਹੁਰਿਆਂ ਵੱਲ ਚੱਲ ਪਿਆ। ਉੱਧਰ ਪੁੱਜਾ ਤਾਂ ਮੇਲ ਹੈਰਾਨ ਹੋਇਆ ਤੇ ਸਾਰੇ ਘਰਦੇ ਹੈਰਾਨ ਹੋ ਗਏ ਤੇ ਉਸਦੇ ਪਿਉ ਨੇ ਪ੍ਰੇਸ਼ਾਨ ਹੋ ਕਿਹਾ, 'ਪੁੱਤ ਮੁੜ ਕਾਹਤੋਂ ਆਏ ....ਕੋਈ ਗਲਤੀ ਹੋਗੀ ਪੁੱਤ ਸਾਡੇ ਤੋਂ? ਉਹਨੇ ਉਹਦੇ ਬਾਪੂ ਦਾ ਹੱਥ ਫੜ੍ਹਦੇ ਹੋਏ ਕਿਹਾ, "ਪੰਮੀ ਓਨ੍ਹੇ ਦਿਨ ਇੱਥੇ ਰਹੇਗੀ, ਜਿੰਨੇ ਦਿਨ ਮਾਂ ਨਹੀਂ ਆਉਂਦੀ ਘਰ .. ਜਦ ਸਭ ਕੁਛ ਠੀਕ ਹੋ ਗਿਆ ਮੈਂ ਆ ਕੇ ਲੈ ਜਾਊਂ... ਲੋੜ ਏ ਉਸਨੂੰ ਤੁਹਾਡੀ ਤੇ ਤੁਹਾਨੂੰ ਉਹਨਾਂ ਦੀ..” ਜਵਾਈ ਦੇ ਮੂੰਹੋਂ ਏਹ ਗੱਲ ਸੁਣ ਕੇ ਉਸਦਾ ਬਾਪੂ ਉਸਦੇ ਪੈਂਰੀ ਡਿੱਗ ਗਿਆ, 'ਐਨਾ ਬੀਬਾ ਪੁੱਤ ਮਿਲਿਆ ਸਾਨੂੰ... ਕੀ ਕਹੀਏ ਪੁੱਤ ਹੁਣ .." ਉਹ ਬਾਪੂ ਜੀ ਦੇ ਬਰੋਬਰ ਜ਼ਮੀਨ 'ਤੇ ਪਥੱਲਾ ਮਾਰ ਬੈਠ ਕੇ ਕਹਿੰਦਾ, ਪੁੱਤ ਕਹਿਤਾ ਹੁਣ ਤੁਸੀਂ ਤੇ ਮੈਂ ਵੀ ਪੁੱਤ ਬਣ ਕੇ ਕਹਿੰਨਾ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਦੱਸਿਓ, ਪੈਸੇ ਥੁੜਨ ਤਾਂ ਝਿਜਕਿਓ ਨਾ, ਪੁੱਤ ਤੋਂ ਮੰਗਣੋਂ... ਮੈਂ ਇਹਦਾ ਉਦਾਸਿਆ ਚਿਹਰਾ ਨਹੀਂ ਦੇਖ ਸਕਦਾ ਸੀ ਤਾਂ ਵਾਪਸ ਲੈ ਆਇਆ.." ਬਾਪੂ ਨੇ ਅੱਖਾਂ ਭਰ ਜਵਾਈ ਦਾ ਮੱਥਾ ਚੁੰਮ ਲਿਆ। ਉਹ ਬਿਨਾਂ ਹੋਰ ਕਿਸੇ ਨੂੰ ਕੁਛ ਕਹੇ ਵਿਦਾ ਲੈ ਵਾਪਸ ਚਲਾ ਗਿਆ। ਉਹ ਚੂੜਾ ਪਾਈ ਖੜ੍ਹੀ ਕਦੇ ਮਾਂ ਬਾਰੇ ਸੋਚਦੀ ਰਹੀ ਕਿ ਮਾਂ ਤੂੰ ਕਿੰਨੀ ਖੁਸ਼ ਹੋਣਾ ਸੀ, ਜਵਾਈ ਐਡਾ ਪਿਆਰਾ ਦੇਖ ਕੇ। ਐਨੇ ਨੂੰ ਭੂਆ ਕਹਿੰਦੀ ਕਿ ਚੱਲ ਕੁੜੀਏ ਆਪਾਂ ਹਸਪਤਾਲ ਚੱਲੀਏ, ਤੇਰਾ ਭਰਾ ਉੱਥੇ ਇਕੱਲਾ ਬੈਠਾ ਕੰਬੀ ਜਾਂਦਾ ਹੋਣਾ।
ਟੈਂਪੂ 'ਤੇ ਬੈਠ ਉਹ ਹਸਪਤਾਲ ਵੱਲ ਚੱਲ ਪਈਆਂ। ਹਸਪਤਾਲ ਪੁੱਜਦੇ ਪਤਾ ਲੱਗਾ ਕਿ ਮਾਂ ਆਈ.ਸੀ.ਯੂ. 'ਚ ਏ ਤੇ ਹਾਲੇ ਤੱਕ ਬੋਲੀ ਨਹੀਂ। ਭਰਾ ਭੈਣ ਨੂੰ ਦੇਖ ਭੱਜ ਕੇ ਗਲ ਲੱਗ ਗਿਆ ਕਿ ਭੈਣੇ ਚੰਗਾ ਹੋਇਆ ਤੂੰ ਆ ਗਈ, ਮੈਂ ਇਕੱਲਾ ਕੀਹਨੂੰ ਕੀਹਨੂੰ ਸਾਂਭਦਾ... ਬਾਪੂ ਗੁੰਮ ਸੁੰਮ ਹੋ ਗਿਆ ਸੀ ਤੇਰੇ ਤੁਰਨ ਮਗਰੋਂ ... ਉਹਦੀ ਵੀਰ ਦੀ ਗੱਲ ਸੁਣ ਭੁੱਬ ਨਿਕਲ ਗਈ ਤੇ ਬੋਲੀ ਕਿ ਕੋਈ ਨਾ ਵੀਰੇ, ਮੇਰੀ ਮਹਿੰਦੀ ਗੂੜੀ ਹੋਊ, ਮਾਂ ਖੁਦ ਤੋਰੂ ਮੈਨੂੰ... ।" ਦੋਵੇਂ ਭੈਣ ਭਰਾ ਇੱਕ ਦੂਜੇ ਦਾ ਹੌਂਸਲਾ ਬਣ ਮਾਂ ਦੇ ਬੋਲਣ ਦਾ ਇੰਤਜ਼ਾਰ ਕਰਨ ਲੱਗੇ।
ਹਸਪਤਾਲ 'ਚ ਰਹਿੰਦਿਆਂ ਮਾਂ ਦੇ ਫਿਕਰਾਂ 'ਚ ਸੁੱਧ-ਬੁੱਧ ਭੁੱਲ ਗਈ ਸੀ। ਡਾਕਟਰ ਕੁਛ ਨਾ ਦੱਸਦੇ ਕੀ ਹੋਇਆ ਕੀ ਨਾ ਹੋਇਆ ਮਾਂ ਨੂੰ। ਭੂਆ ਨੇ ਸਾਡਾ ਬਹੁਤ ਡੰਗ ਸਾਰਿਆ। ਹਸਪਤਾਲ 'ਚ ਜੇ ਕੋਈ ਮੇਰਾ ਚੂੜਾ ਵੇਖ ਪੁੱਛਦਾ ਕਿ ਹੁਣੇ ਵਿਆਹ ਹੋਇਆ ਲੱਗਦਾ। ਮੇਰਾ ਰੋਣ ਨਿਕਲ ਜਾਂਦਾ ਤੇ ਭੂਆ ਮੇਰੇ ਅੱਗੇ ਦੀ ਹੋ ਸਾਰੀ ਘਟਨਾ ਸੁਣਾ ਦਿੰਦੀ ਜਿਵੇਂ ਉਹ ਵੀ ਕਿਸੇ ਕੋਲ ਢਿੱਡ ਫਰੋਲਣ ਨੂੰ ਤਿਆਰ ਬੈਠੀ ਹੋਵੇ ਤੇ ਭੂਆ ਅੱਖਾਂ ਭਰ ਆਖਦੀ ਕਿ ਮੇਰੀ ਮਾਂ ਤਾਂ ਨਿੱਕੀ ਹੁੰਦੀ ਦੀ ਹੀ ਮੁੱਕ ਗਈ ਸੀ। ਬਚਪਨ ਕੰਧਾਂ ਕੌਲਿਆਂ ਨਾਲ ਲੱਗ ਕੱਢਿਆ ਤੇ ਫਿਰ ਜਦ ਵੀਰੇ ਦਾ ਵਿਆਹ ਹੋਇਆ ਤਾਂ ਮਹਿਸੂਸ ਹੋਇਆ ਕਿ ਕੰਧਾਂ ਕੌਲਿਆਂ ਰੋਣ ਨੂੰ ਹੀ ਨਹੀਂ ਹੁੰਦੇ ਸਗੋਂ ਦਿਨ ਤਿਉਹਾਰ ਨੂੰ ਉਹਨਾਂ ਤੇ ਮੋਰ ਬੂਟੀਆਂ ਵਾਹੀਦੇ ਆ...। ਭੂਆ ਆਵਦਾ ਤੇ ਮੇਰਾ ਸਾਂਝਾ ਜਿਹਾ ਦੁੱਖ ਮਹਿਸੂਸ ਕਰ ਮਣ-ਮਣ ਰੋਂਦੀ ਤੇ ਮੈਂ ਭੂਆ ਨੂੰ ਚੁੱਪ ਕਰਾਉਂਦੀ ਆਖਦੀ ਕਿ ਨਾ ਭੂਆ ਰੋ ਨਾ, ਤੇਰਾ ਅੱਖ ਦਾ ਆਪ੍ਰੇਸ਼ਨ ਹੋਏ ਨੂੰ ਹਾਲੇ ਥੋੜ੍ਹਾ ਵਖ਼ਤ ਤਾਂ ਹੋਇਆ.. ਹੋਰ ਨਾ ਕੰਮ ਵਧਾ ਲਵੀ। ਭੂਆ ਚੁੱਪ ਹੋ ਜਾਂਦੀ। ਚੁੰਨੀ ਦਾ ਰੁਗ ਜਿਹਾ ਬਣਾ ਬੁੱਲ੍ਹਾਂ 'ਤੇ ਧਰ ਆਵਦੇ ਆਪ ਨੂੰ ਚੁੱਪ ਕਰਾਉਂਦੀ।
ਹਸਪਤਾਲ 'ਚ ਰੋਟੀ ਖਾਂਦੇ ਤਾਂ ਮੂੰਹ 'ਚ ਫੁੱਲਣ ਲੱਗ ਜਾਂਦੀ ? ਮੈਂ ਇੱਕ ਰੋਟੀ ਖਾ ਕੇ ਬੱਸ ਕਰ ਜਾਂਦੀ। ਫਿਕਰ ਮਾਂ ਦਾ ਢਿੱਡੀ ਜੋ ਵਸਿਆ ਹੋਇਆ ਸੀ, ਭੁੱਖ ਪਿਆਸ ਦਾ ਕੁਛ ਨਹੀਂ ਸੀ ਪਤਾ।
ਪੰਚੀ ਦਿਨਾਂ ਬਾਅਦ ਮਾਂ ਨੂੰ ਹਸਪਤਾਲੋਂ ਛੁੱਟੀ ਮਿਲੀ। ਮਾਂ ਦੇ ਚਿਹਰੇ 'ਤੇ ਰੌਣਕ ਸੀ ਪਰ ਸਰੀਰ ਕਮਜ਼ੋਰ ਹੋ ਗਿਆ। ਘਰ ਆਉਣ ਤੀਕ ਮਾਂ ਰਸਤੇ 'ਚ ਮੇਰੇ ਹੱਥ ਨੂੰ ਘੁੱਟ ਕੇ ਫੜ੍ਹੀ ਬੈਠੀ ਰਹੀ। ਮੇਰੇ ਚਿਹਰੇ 'ਤੇ ਮੁਸਕਰਾਹਟ ਸੀ। ਸੱਤ ਕੁ ਦਿਨ ਮਾਂ ਕੋਲ ਰਹਿਣ ਮਗਰੋਂ ਭੂਆ ਹੋਣੀ ਕਹਿਣ ਲੱਗ ਗਏ ਕਿ ਹੁਣ ਕੁੜੀ ਨੂੰ ਸਹੁਰੀਂ 'ਛੱਡ ਆਈਏ। ਐਤਵਾਰ ਨੂੰ ਮੈਂ ਤਿਆਰ ਹੋ ਗਈ ਤੇ ਮਾਂ ਕੋਲ ਜਾ ਕਿਹਾ ਕਿ ਚੰਗਾ ਮੈਂ ਛੇਤੀ ਗੇੜਾ ਮਾਰੂ। ਖਿਆਲ ਰੱਖਿਉ। ਮਾਂ ਨੇ ਆਪਣੇ ਹੱਥ 'ਚ ਪਾਈ ਸ਼ਾਪ ਮੱਲੋ ਮੱਲੀ ਮੇਰੀ ਉਂਗਲ 'ਚ ਪਾ ਕੇ ਕਿਹਾ, "ਤੇਰੇ ਲਈ ਪਿਆਰ ਏ .. ਤੰਦਰੁਸਤ ਹੁੰਦੀ ਤਾਂ ਸੰਦੂਕ 'ਚੋਂ ਹੋਰ ਵੀ ਕੁਛ ਦਿੰਦੀ ਕੱਢ ਕੇ ... ਇੱਕ ਸੋਨੇ ਦੇ ਬਟਨ ਪਏ ਆ, ਤੂੰ ਲੈ ਜਾਵੀਂ .. ਸੂਟ ਸਵਾ ਕੇ ਲਵਾ ਲਵੀਂ.. ਤੇਰੇ ਵਾਸਤੇ ਸਾਂਭੇ ਹੋਏ ਸੀ... ਅਗਲੀ ਵਾਰ ਸਹੀ....। ਮੈਂ ਬੇਬੇ ਦਾ ਮੱਥਾ ਚੁੰਮਿਆ ਤੇ ਫਟਾਫਟ ਉਸ ਕਮਰੇ 'ਚੋਂ ਬਾਹਰ ਆ ਗਈ ਕਿ ਕਿੱਧਰੇ ਰੋਣ ਹੀ ਨਾ ਨਿਕਲ ਜਾਵੇ। ਬਾਪੂ ਤੇ ਫੁੱਫੜ ਜੀ ਮੈਨੂੰ ਸਹੁਰੀਂ ਛੱਡ ਆਏ।
ਸਹੁਰੇ ਘਰ ਸਾਰਿਆਂ ਨੇ ਮੇਰੇ ਆਉਣ ਦਾ ਮੇਰਾ ਲੋਹੜੇ ਦਾ ਚਾਅ ਕੀਤਾ। ਉਹਨਾਂ ਦੇ ਚੰਗੇ ਵਿਵਹਾਰ ਕਰਕੇ ਮੇਰਾ ਦਿਲ ਲੱਗਣ ਲੱਗ ਗਿਆ। ਸੱਸ ਪੁੱਤ ਪੁੱਤ ਕਰਕੇ ਗੱਲ ਕਰਦੀ ਤੇ ਮੈਨੂੰ ਵੀ ਲੱਗਣਾ ਕਿ ਇੱਕ ਮਾਂ ਛੱਡ ਕੇ ਆਈ ਤੇ ਦੂਜੀ ਮਿਲ ਗਈ। ਦਸ ਦਿਨਾਂ ਬਾਅਦ ਇੱਕ ਦਿਨ ਰਾਤ ਨੂੰ ਰੋਟੀ ਖਾ ਕੇ ਵਿਹੜੇ 'ਚ ਗੇੜੇ ਕੱਢ ਰਹੇ
ਸੀ ਕਿ ਪਿੰਡੋਂ ਫੋਨ ਆਇਆ ਕਿ ਮਾਂ ਨੂੰ ਅਧਰੰਗ ਦਾ ਦੌਰਾ ਪੈ ਗਿਆ ਤੇ ਸ਼ਹਿਰ ਲੈ ਕੇ ਚੱਲੇ ਆ। ਫੋਨ ਕੱਟਿਆ ਗਿਆ ਤੇ ਇੰਝ ਲੱਗਾ ਕਿ ਫਿਰ ਤੋਂ ਕੋਈ ਮੇਰੀ ਰੂਹ ਕੱਢ ਕੇ ਲੈ ਗਿਆ। ਉਹਨੇ ਮੈਨੂੰ ਸੰਭਾਲਿਆ ਤੇ ਕਮਰੇ 'ਚ ਲੈ ਗਿਆ। ਕੱਪੜੇ ਆਪ ਪੈਕ ਕੀਤੇ ਤੇ ਕਹਿੰਦਾ ਕਿ ਚੱਲ ਚੱਲੀਏ ਆਪਾਂ ਵੀ। ਮੈਨੂੰ ਕੋਈ ਸੁਰਤ ਨਹੀਂ ਕਿਵੇਂ ਪਿੰਡ ਪੁੱਜੇ। ਮਾਸੀ-ਮਾਸੜ ਪਿੰਡ ਆਏ ਹੋਏ ਸੀ ਤੇ ਮੈਂ' ਮਾਸੀ ਦੇ ਗਲ ਲੱਗ ਧਾਹਾਂ ਮਾਰ ਰੋਣ ਲੱਗੀ। ਉਹ ਮੇਰੀ ਹਾਲਤ ਦੇਖ ਮੈਨੂੰ ਮਾਸੀ ਕੋਲ ਪਿੰਡ ਛੱਡ ਆਪ ਹਸਪਤਾਲ ਚਲਾ ਗਿਆ। ਹਸਪਤਾਲ ਦਾ ਸਾਰਾ ਅੱਗਾ ਤੱਗਾ ਉਹਨੇ ਸਾਂਭ ਲਿਆ ਬਾਪੂ ਤੇ ਭੂਆ ਨੂੰ ਘਰ ਭੇਜ ਦਿੱਤਾ ਕਿ ਮੈਂ ਤੇ ਸਰਬੀ ( ਮੇਰਾ ਨਿੱਕਾ ਭਰਾ) ਇੱਥੇ ਦਾ ਸਾਂਭ ਲਵਾਂਗੇ। ਉਹਨੇ ਪੁੱਤ ਬਣ ਜਿੰਮੇਵਾਰੀ ਨਿਭਾਈ। ਡਾਕਟਰ ਨੇ ਕਿਹਾ ਕਿ ਅਧਰੰਗ ਕਰਕੇ ਸ਼ਾਇਦ ਇੱਕ ਪਾਸਾ ਮਾਰਿਆ ਜਾਵੇ ਤੇ ਸ਼ਾਇਦ ਕਦੇ ਚੰਗੀ ਤਰ੍ਹਾਂ ਬੋਲ ਨਾ ਸਕਣ।
ਮਾਂ ਨੂੰ ਠੀਕ ਹੋਣ ਤੇ ਦਸ ਦਿਨ ਬਾਅਦ ਘਰ ਲੈ ਆਏ। ਬਥੇਰੀਆਂ ਦੱਸਾਂ ਪੈਂਦੀਆਂ ਕਿ ਫਲਾਣੇ ਥਾਹੋਂ ਅਫ਼ੀਮ ਦਾ ਟੀਕਾ ਲੱਗਦਾ ਉਹਦੇ ਨਾਲ ਠੀਕ ਹੋ ਜਾਂਦਾ। ਥੌਲੇ ਪੈਂਦੇ ਆ.. ਸੁੱਖ ਪੂਰੀ ਹੁੰਦੀ...। ਅਸੀਂ ਸਭ ਕਰਕੇ ਦੇਖਿਆ ਪਰ ਮਾਂ ਨੂੰ ਬਹੁਤਾ ਫਰਕ ਨਾ ਪਿਆ। ਮਾਂ ਥੋੜਾ ਬਹੁਤਾ ਤੁਰ ਫਿਰ ਸਕਦੀ ਸੀ ਪਰ ਸਾਫ਼ ਬੋਲ ਨਹੀਂ ਸੀ ਸਕਦੀ ਤੇ ਇੱਕ ਖੱਬੀ ਬਾਂਹ ਜੋ ਹਮੇਸ਼ਾ ਕੰਬਦੀ ਰਹਿੰਦੀ ਸੀ। ਦਵਾਈ ਲੈਂਦੀ ਤਾਂ ਦੋ ਤਿੰਨ ਕੁ ਘੰਟੇ ਠੀਕ ਰਹਿੰਦੀ ਤੇ ਫਿਰ ਬਾਂਹ ਉਵੇਂ ਹੀ ਕੰਬਣ ਲੱਗ ਜਾਂਦੀ। ਸਾਰੇ ਕਹਿਣ ਲੱਗ ਗਏ ਕਿ ਕਿਤੇ ਨਾ ਲੈ ਕੇ ਜਾਉ, ਐਨਾ ਬਹੁਤ ਆ ਆਵਦਾ-ਆਪ ਸੰਭਾਲੀ ਫਿਰਦੀ ਏ। ਸਾਰੇ ਪਾਸੇ ਹੱਥ ਮਾਰ ਆਖਰ ਨੂੰ ਰੱਬ ਦਾ ਭਾਣਾ ਮੰਨ ਲਿਆ, ਮਾਂ ਦੀ ਹਾਲਤ ਦੇਖ ਕੇ ਆਵਦਾ ਮਨ ਵਿੱਚੋਂ-ਵਿੱਚ ਝੁਰਦਾ ਰਹਿੰਦਾ।
ਮੈਂ ਦੋ ਮਹੀਨੇ ਪੇਕੀਂ ਰਹੀ ਤੇ ਭੂਆ ਕਹਿੰਦੀ ਕਿ ਫੇਰ ਹੀ ਸਹੁਰੇ ਪਿੰਡ ਜਾਈਂ ਪਹਿਲਾਂ ਰੋਟੀ ਦਾ ਹੀਲਾ ਕਰ ਜਾ ਕੋਈ। ਨਿੱਕੇ ਦਾ ਵਿਆਹ ਕਰ ਦੀਈਏ ਆਪਾਂ। ਰਿਸ਼ਤੇ ਆਉਣ ਲੱਗੇ ਪਰ ਨਿੱਕੇ ਦੇ ਮਨ 'ਚ ਕੀ ਚੱਲ ਰਿਹਾ ਸੀ, ਉਹਨੂੰ ਕਿਸੇ ਨੇ ਨਹੀਂ ਪੁੱਛਿਆ। ਉਹਨੇ ਬਾਰਵੀਂ ਪਾਸ ਕਰ ਲਈ ਤੇ ਮੈਂ ਜਾਣਦੀ ਸੀ ਕਿ ਉਹ ਕੈਨੇਡਾ ਜਾਣ ਦਾ ਸੁਪਨਾ ਮਨ 'ਚ ਲਈ ਬੈਠਾ ਸੀ ਪਰ ਮਾਂ ਦੀ ਹਾਲਤ ਮੂਹਰੇ ਉਹ ਚੁੱਪ ਰਿਹਾ। ਤਾਈ ਨੇ ਆਵਦੀ ਭੈਣ ਦੀ ਕੁੜੀ ਦਾ ਰਿਸ਼ਤਾ ਕਰਾ ਦਿੱਤਾ। ਵਿਆਹ ਵਾਲੇ ਦਿਨ ਜਦ ਡੋਲੀ ਘਰ ਆਈ ਤਾਂ ਮਾਂ ਨੇ ਪਾਣੀ ਵਾਰਨਾ ਸੀ। ਮੈਨੂੰ ਮਾਂ ਕਿਧਰੇ ਨਾ ਦਿਖੀ ਤੇ ਮੈਂ ਪਾਣੀ ਵਾਲੀ ਗੜ੍ਹਵੀ ਚੁੱਕੀ ਮਾਂ ਨੂੰ ਲੱਭਦੀ ਰਹੀ। ਸਾਰੇ ਕਿਤੇ ਲੱਭਣ ਤੋਂ ਬਾਅਦ ਦੇਖਿਆ ਕਿ ਮਾਂ ਨਹਾਉਣ ਵਾਲੇ(ਵਾਸ਼ਰੂਮ) 'ਚ ਡਿੱਗੀ ਪਈ ਤੇ ਬੇਸੁਰਤ ਸੀ। ਇੱਕ ਵਾਰ ਫਿਰ ਪੈਰਾਂ ਥੱਲੋਂ ਜਮੀਨ ਖਿਸਕ ਗਈ। ਮੈਂ ਉਸੇ ਸ਼ਗਨਾਂ ਵਾਲੀ ਗੜਵੀ ਨਾਲ ਮਾਂ ਨੂੰ ਪਾਣੀ ਪਿਲਾਉਣ ਦੀ ਕੋਸ਼ਿਸ਼ ਕੀਤੀ ਪਰ ਉਸਤੋਂ ਪੀਤਾ ਨਾ ਗਿਆ। ਮੈਂ ਵੀਰੇ ਤੇ ਭੂਆ ਹੋਰਾਂ ਨੂੰ ਆਵਾਜ਼ਾਂ ਮਾਰੀਆਂ ਕਿ ਮਾਂ ਨੂੰ ਦੌਰਾ ਪੈ ਗਿਆ ਸੀ, ਆਜੋ ਛੇਤੀ 'ਤੇ ਗੜ੍ਹਵੀ ਵਾਲਾ
ਸਾਰਾ ਪਾਣੀ ਉੱਥੇ ਹੀ ਡੁੱਲ ਗਿਆ। ਮਾਂ ਨੂੰ ਚੁੱਕ ਕੇ ਵਿਹੜੇ 'ਚ ਲੈ ਆਏ ਤੇ ਗੱਡੀ ਚ ਪਾ ਸ਼ਹਿਰ ਹਸਪਤਾਲ ਲਿਜਾਣਾ ਚਾਹਿਆ ਪਰ ਮਾਂ ਪਿੰਡ ਦੀ ਜੂਹ ਟੱਪਦੇ ਹੀ ਦਮ ਤੋੜ ਗਈ। ਜਿਹਨੇ ਪਾਣੀ ਵਾਰਨਾ ਸੀ ਤੇ ਪਤਾਸਿਆਂ ਨਾਲ ਮੂੰਹ ਜਠਾਉਣਾ ਸੀ ਉਹ ਤਾਂ ਸੱਥਰ 'ਤੇ ਪਈ ਸੀ ਤੇ ਨਿੱਕਾ ਵੀਰ ਹਲਫਿਆ ਪਿਆ ਸੀ ਕਿ ਕੀ ਕਰਤਾ ਰੱਬ ਨੇਂ। ਨਵੀਂ ਵਿਆਹੀ ਕਦੇ ਮੈਨੂੰ ਚੁੱਪ ਕਰਾਉਂਦੀ ਤੇ ਕਦੇ ਵੀਰੇ ਨੂੰ। ਉਹ ਤੇ ਵਿਚਾਰੀ ਫਿਰ ਉਸੇ ਮੇਰੇ ਵਾਲੀ ਥਾਂ ਤੇ ਸੀ ਜਿਵੇਂ ਮੇਰੇ ਵਿਆਹ 'ਤੇ ਹੋਇਆ ਸੀ।
ਮਾਂ ਤੋਂ ਬਾਅਦ ਮਹੀਨਾ ਪੇਕੇ ਫਿਰ ਰਹੀ ਤੇ ਫਿਰ ਆਪਣੇ ਸਹੁਰੀਂ ਚਲੀ ਗਈ। ਮੇਰਾ ਉੱਥੇ ਦਿਲ ਨਹੀਂ ਸੀ ਲੱਗ ਰਿਹਾ ਸੀ। ਕੋਈ ਹੱਸਦਾ ਤਾਂ ਮੈਨੂੰ ਵਿਹੁ ਵਰਗਾ ਲੱਗਦਾ। ਮੈਂ ਪਰਿਵਾਰ 'ਚ ਜ਼ਿਆਦਾ ਨਾ ਬੈਠਦੀ। ਸਭ ਨੂੰ ਮੇਰਾ ਸੁਭਾਅ ਉੱਖੜਿਆ ਉੱਖੜਿਆ ਜਿਹਾ ਲੱਗਾ। ਮੈਂ ਆਪਣੇ ਹਮਸਫਰ ਨਾਲ-ਨਾਲ ਗੱਲ ਸ਼ੇਅਰ ਕਰਦੀ ਕਿ ਮੇਰੇ ਦਿਮਾਗ 'ਚ ਸੁਸਾਈਡ ਕਰਨ ਦੇ ਵਿਚਾਰ ਆਉਂਦੇ ਹਨ, ਮਾਂ ਤੋਂ ਬਾਅਦ ਐਵੇਂ ਲੱਗਦਾ ਕਿ ਜਿਵੇਂ ਦੁਨੀਆ ਖ਼ਤਮ ਹੋ ਗਈ ਏ। ਉਹ ਮੈਨੂੰ ਬਥੇਰਾ ਸਮਝਾਉਂਦਾ ਸੀ ਤੇ ਆਖ਼ਰ ਇੱਕ ਦਿਨ ਉਹਨੇ ਮੇਰੀ ਸਹਿਮਤੀ ਨਾਲ ਫੈਸਲਾ ਲਿਆ ਕਿ ਬੱਚਾ ਲੈ ਲੈਨੇ ਆ ਫਿਰ ਸ਼ਾਇਦ ਮੇਰਾ ਮਨ ਠੀਕ ਹੋ ਜਾਵੇ।
ਸਾਲ ਬਾਅਦ ਮੇਰੇ ਘਰ ਧੀ ਨੇ ਜਨਮ ਲਿਆ। ਜਮ੍ਹਾਂ ਮਾਂ ਵਰਗਾ ਮੁਹਾਂਦਰਾ ਸੀ। ਪਹਿਲੀ ਵਾਰ ਜ਼ਿੰਦਗੀ 'ਚ ਐਨੀ ਖੁਸ਼ੀ ਹੋ ਰਹੀ ਸੀ ਤੇ ਮੈਂ ਆਪਣੀ ਧੀ ਨੂੰ ਵਾਰ- ਵਾਰ ਚੁੰਮ ਰਹੀ ਸੀ। ਧੀ ਦੇ ਆਉਣ ਤੋਂ ਬਾਅਦ ਮੇਰਾ ਸੁਭਾਅ ਬਦਲਣ ਲੱਗਾ ਤੇ ਮੈਨੂੰ ਸਹੁਰੇ ਪਰਿਵਾਰ ਦੇ ਹਰ ਜੀਅ ਦਾ ਮੋਹ ਜਿਹਾ ਆਉਣ ਲੱਗਾ। ਮੈਂ ਆਪਣੀ ਧੀ ਨੂੰ ਪਿਆਰ ਨਾਲ ਸੀਬੋ ਆਖਦੀ ਜਿਵੇਂ ਮਾਂ ਨੂੰ ਕਦੇ-ਕਦੇ ਕਹਿ ਦਿੰਦੀ ਸੀ ਕਿ ਸੀਬੋ ਕੀ ਕਰਦੀ ਏ। ਭਾਵੇਂ ਮਾਂ ਬਾਪ ਸਾਰੀ ਉਮਰ ਲੋੜੀਂਦੇ ਹੁੰਦੇ ਨੇ ਪਰ ਇਸ ਨਵੇਂ ਜੀਅ ਨੇ ਮੇਰਾ ਮਾਂ ਵਾਲਾ ਜਖਮ ਭਰ ਦਿੱਤਾ ਸੀ। ਮਾਂ ਯਾਦ ਆਉਂਦੀ ਤਾਂ ਭੱਜ ਕੇ ਜਾ ਕੇ ਨਿੱਕੀ ਜੇਹੀ ਸੀਬੋ ਨੂੰ ਗਲ ਲਾ ਲੈਂਦੀ ਤੇ ਉਹ ਵੀ ਮੈਨੂੰ ਨਿੱਕੀਆਂ ਨਿੱਕੀਆਂ ਆਪਣੀਆਂ ਬਾਹਾਂ 'ਚ ਭਰ ਲੈਂਦੀ ਪਰ ਅੰਦਰੋਂ ਅੰਦਰ ਇੱਕ ਹਾਉਂਕਾ ਜ਼ਰੂਰ ਰਿਸਦਾ ਏ ਤੇ ਸਾਰੀ ਉਮਰ ਰਿਸਦਾ ਰਹੂ ਭਾਵੇਂ ਮੈਂ ਨਾਨੀ, ਦਾਦੀ ਵੀ ਬਣਜਾ ਤੇ ਹਾਂ ਸੱਚ ਮਾਂ ਦੇ ਕਹੇ ਉਹ ਬਟਨ .... ਹਾਲੇ ਤੀਕ ਵੀ ਮੇਰਾ ਹੀਆ ਨਹੀਂ ਪਿਆ ਕਿ ਮਾਂ ਦਾ ਸੰਦੂਕ ਖੋਲ੍ਹ ਉਹ ਬਟਨ ਕੱਢ ਲਵਾਂ। ਭਾਵੇਂ ਲੱਖ ਭਰਾ ਭਰਜਾਈ ਮੋਹ ਕਰਦੇ ਹੋਣ ਪਰ ਅਸਲ ਚਾਅ ਮਾਂ ਨਾਲ ਪੱਗਦੇ ਹਨ। ਅਰਦਾਸ ਕਰਦੀ ਹਾਂ ਕਿ ਮੇਰੀ ਧੀ ਦੀ ਕਿਸਮਤ ਮੇਰੇ ਵਰਗੀ ਨਾ ਹੋਵੇ।
ਵੀਰੇ ਦੀਆਂ ਤ੍ਰੇਲੀਆਂ
ਇਸ ਵਾਰ ਜਦ ਵੀਰਾ ਜੂਨ-ਜੁਲਾਈ ਦੇ ਮਹੀਨੇ ਦੀਆਂ ਛੁੱਟੀ ਆਇਆ ਤਾਂ ਪ੍ਰੇਸ਼ਾਨ ਜਿਹਾ ਦਿਖ ਰਿਹਾ ਸੀ। ਮਾਂ ਨੇ ਕਿੰਨੇ ਵਾਰ ਪੁੱਛਿਆ ਕਿ ਜੇ ਬੰਗਲੌਰ ਨਹੀਂ ਦਿਲ ਲੱਗਦਾ ਤਾਂ ਛੱਡ ਦੇ ਨੌਕਰੀ, ਇੱਥੇ ਕਿਤੇ ਲੱਗ ਜਾ, ਨਹੀਂ ਤਾਂ ਆਵਦੀ ਵਾਹੀ ਕਰਲਾ। ਵੀਰੇ ਨੇ ਮਾਂ ਨੂੰ ਗਲਵੱਕੜੀ ਪਾਉਂਦੇ ਹੋਏ ਕਿਹਾ, "ਨਹੀਂ ਮਾਂ, ਦਿਲ ਤਾਂ ਮੇਰਾ ਉੱਥੇ ਸਗੋਂ ਜ਼ਿਆਦਾ ਲੱਗਦਾ, ਘਰੇ ਆ ਕੇ ਤਾਂ ਵਿਹਲੇ ਬੈੱਡ 'ਤੇ ਬੈਠੇ ਰਹੀਦਾ... ਨਾਲ ਥੋਨੂੰ ਤੰਗ ਕਰਦਾ ਰਹਿੰਨਾ ਕਿ ਆਹ ਲਿਆ ਦੇ.. ਉਹ ਲਿਆ ਦੇ ... ਉੱਥੇ ਵਧੀਆ ਆਵਦਾ ਕਰੀਦਾ ਤੇ ਵਾਧੂ ਘੁੰਮੀ ਫਿਰੀਦਾ।" ਮਾਂ ਉਸਦੀ ਗੱਲ ਸੁਣ ਚੁੱਪ ਹੋ ਜਾਂਦੀ ਕਿ ਜਿੱਥੇ ਉਸਦੀ ਖੁਸ਼ੀ ਹੋਵੇ ਰਹਿ ਲਵੇ।
ਇੱਕ ਸਵੇਰ ਉਹ ਉੱਠਿਆ ਤੇ ਮੈਨੂੰ ਕਹਿੰਦਾ ਕਿ ਨਿੱਕੀ ਸਿਰ ਦੁਖੀ ਜਾਂਦਾ ਨੱਪ ਦੇ...। ਮੈਂ ਝਾੜੂ ਲਗਾਉਣਾ ਵਿੱਚੇ ਛੱਡ ਉਸਦਾ ਸਿਰ ਨੱਪਣ ਲੱਗ ਗਈ। ਵੀਰੇ ਨੂੰ ਕਿਹਾ ਕਿ ਸਿਰ ਦੁੱਖਦੇ ਦੀ ਗੋਲੀ ਲਿਆ ਕੇ ਦੇਵਾਂ। ਪੀੜ 'ਚ ਅੱਖਾਂ ਚੁੰਨੀਆ ਜਿਹੀਆਂ ਕਰ ਕਹਿੰਦਾ ਕਿ ਚਾਹ-ਚੂ ਪੀ ਲਵਾਂ, ਨਿਰਣੇ ਕਾਲਜੇ ਨੀ ਲੈਂਦਾ ...। ਗੋਲੀਆਂ ਕਿਹੜਾ ਚੰਗੀਆਂ ਉੱਥੇ ਵੀ ਰੋਜ਼ ਈ ਖਾਨਾ.. । ਮੈਂ ਕਿਹਾ ਜ਼ਿਆਦਾ ਪਰੌਬਲਮ ਤਾਂ ਡਾਕਟਰ ਨੂੰ ਦਿਖਾ ਲਾ। ਡਾਕਟਰ ਦਾ ਨਾਮ ਸੁਣ ਕੇ ਬੈੱਡ ਤੋਂ ਖੜ੍ਹਾ ਹੋ ਕੇ ਕਹਿੰਦਾ, 'ਚੱਲ ਚਾਹ ਬਣਾ ਦੇ ਫਿਰ ਗੋਲੀ ਲੈ ਲਵਾਂਗੇ ਤੇ ਨਾਲੇ ਅੱਜ ਆਪਾਂ ਨਾਨਕੀਂ ਜਾ ਕੇ ਆਵਾਂਗੇ। ਮੈਂ ਚਾਹ ਬਣਾਈ ਤੇ ਵੀਰੇ ਨੇ ਚਾਹ ਪੀ ਕੇ ਗੋਲੀ ਲੈ ਲਈ। ਮੈਂ ਕੰਮ ਨਬੇੜ ਵੀਰੇ ਨਾਲ ਨਾਨਕੀ ਜਾਣ ਨੂੰ ਤਿਆਰ ਹੋ ਗਈ।
ਪਿੰਡ ਟੱਪੇ ਸੀ ਕਿ ਵੀਰ ਆਖਣ ਲੱਗਾ ਕਿ ਨਿੱਕੀ ਪਹਿਲਾਂ ਆਪਾਂ ਫਰਦੀਕੋਟ ਮੈਡੀਕਲ(ਹਸਪਤਾਲ) 'ਚ ਜਾ ਆਈਏ। ਹਸਪਤਾਲ ਪੁੱਜ ਵੀਰ ਨੇ ਕਿਹਾ ਕਿ ਤੂੰ ਕਾਰ 'ਚ ਹੀ ਬੈਠ ਜਾ, ਮੈਂ ਆਇਆ ਦਸ ਮਿੰਟ 'ਚ। ਕਾਰ ਦੇ ਸ਼ੀਸ਼ੇ ਥੱਲੇ ਕਰ ਵੀਰਾ ਹਸਪਤਾਲ ਚਲਾ ਗਿਆ। ਵੀਰੇ ਨੇ ਡੇਢ ਘੰਟਾ ਲਗਾ ਦਿੱਤਾ। ਮੈਂ ਫੋਨ ਕੀਤਾ ਤੇ ਕਹਿੰਦਾ ਕਿ ਹੁਣੇ ਆਉਣਾ, ਕੋਈ ਕਾਲਜ ਵਾਲਾ ਦੋਸਤ ਮਿਲ ਗਿਆ ਸੀ ਇੱਥੇ। ਫੋਨ ਤੋਂ ਕੁੱਝ-ਕੁ ਟਾਈਮ ਬਾਅਦ ਵੀਰਾ ਆਇਆ, ਹੱਥ 'ਚ ਕੋਈ ਲਿਫ਼ਾਫ਼ਾ ਸੀ। ਮੇਰੇ ਵੀ ਨਾ ਧਿਆਨ 'ਚ ਰਿਹਾ ਕਿ ਪੁੱਛ ਲਵਾਂ ਕਿ ਕੀ ਏ। ਐਨਾ ਕੁ ਪੁੱਛਿਆ ਕਿ ਕੀ ਕਹਿੰਦਾ ਡਾਕਟਰ ?
ਕਹਿੰਦਾ ਕਿ ਕੁਛ ਨੀ, ਮਾਈਗ੍ਰੇਨ ਪਰੌਬਲਮ ਏ। ਉਹਦੇ ਮੱਥੇ 'ਤੇ ਤ੍ਰੇਲੀ ਆਈ ਹੋਈ ਸੀ ਜੋ ਉਹਨੇ ਮੇਰੀ ਚੁੰਨੀ ਨਾਲ ਸਾਫ ਕਰ ਲਈ। ਮੈਂ ਸੋਚਿਆ ਸ਼ਾਇਦ ਗਰਮੀ ਕਰਕੇ ਪਸੀਨਾ ਆ ਗਿਆ ਹੋਣਾ। ਅਸੀਂ ਨਾਨਕੀ ਗਏ ਤੇ ਮਿਲ ਕੇ ਮੁੜ ਆਏ।
ਉਸ ਦਿਨ ਤੋਂ ਬਾਅਦ ਵੀਰ ਉੱਖੜਿਆ-ਉੱਖੜਿਆ ਰਹਿਣ ਲੱਗਾ। ਚਾਰ ਕੁ ਦਿਨ ਬਾਅਦ ਫਿਰ ਵੀਰ ਕਹਿੰਦਾ ਕਿ ਮੈਂ ਫਰੀਦਕੋਟ ਜਾ ਕੇ ਆਉਣਾ, ਡਾਕਟਰ ਨੇ ਕਿਹਾ ਸੀ ਕਿ ਦੋ-ਤਿੰਨ ਵਾਰ ਦਵਾਈ ਖਾ ਲੈ ਲਗਾਤਾਰ, ਫਿਰ ਠੀਕ ਹੋਜੂ ਸਿਰ ਦਰਦ ਦੀ ਪਰੌਬਲਮ। ਦੋ-ਤਿੰਨ ਵਾਰ ਉਹ ਫਿਰ ਇਕੱਲਾ ਗਿਆ ਤੇ ਮੁੜ ਆਉਂਦਾ। ਮੇਰੀ ਕਿਸੇ ਸਹੇਲੀ ਨੇ ਦੱਸਿਆ ਕਿ ਫਰੀਦਕੋਟ ਸਕਿਨ ਪਰੌਬਲਮ ਦੀ ਦਵਾਈ ਦਿੰਦੇ ਆ, ਅੱਖਾਂ ਵਾਲੇ ਬਰਾੜ ਡਾਕਟਰ ਦੀ ਵਾਇਫ ਸਕਿਨ ਡਾਕਟਰ ਹੈ। ਫਿਨਸੀਆਂ ਤੇ ਦਾਗ ਜਮ੍ਹਾ ਹਟਾ ਦਿੰਦੇ ਆ। ਮੈਂ ਵੀਰ ਨੂੰ ਕਿਹਾ ਕਿ ਹੁਣ ਫਰੀਦਕੋਟ ਗਿਆ ਤਾਂ ਮੈਨੂੰ ਵੀ ਨਾਲ ਲੈ ਜਾਈ। ਵੀਰ ਬੁੱਧਵਾਰ ਵਾਲੇ ਦਿਨ ਕਹਿੰਦਾ ਕਿ ਜਾਣਾ ਏ ਤਾਂ ਤਿਆਰ ਹੋਜਾ ਜਲਦੀ-ਜਲਦੀ ... ਆ ਕੇ ਮੈਂ ਕਿਸੇ ਦੋਸਤ ਦੀ ਜਾਗੋ 'ਤੇ ਜਾਣਾ। ਅਸੀਂ ਹਸਪਤਾਲ ਚਲੇ ਗਏ। ਪਰਚੀ ਕਟਾ ਚਮੜੀ ਵਾਲੇ ਡਾਕਟਰ ਦੇ ਬਾਹਰ ਲੱਗੀਆਂ ਕੁਰਸੀਆਂ ਤੇ ਬਿਠਾ ਵੀਰ ਆਪ ਇਹ ਕਹਿ ਕੇ ਚਲਾ ਗਿਆ ਕਿ ਮੈਂ ਵੀ ਦਵਾਈ ਲੈ ਆਵਾਂ । ਉਹ ਸਾਹਮਣੇ ਵਾਰਡ 'ਚ ਆ। ਮੈਂ ਦਵਾਈ ਲੈ ਲਈ ਤੇ ਵੀਰ ਨੂੰ ਉਸ ਵਾਰਡ 'ਚ ਜਾ ਲੱਭਣ ਲੱਗੀ। ਇੱਧਰ ਉੱਧਰ ਦੇਖਣ ਤੋਂ ਬਾਅਦ ਜਦ ਵੀਰ ਨਾ ਮਿਲਿਆ ਤਾਂ ਉੱਥੇ ਕੁਰਸੀ ਤੇ ਬੈਠ ਗਈ। ਮੇਰੇ ਨਾਲ ਇੱਕ ਭਾਰੇ ਸਰੀਰ ਦੀ ਮਾਂ ਦੀ ਉਮਰ ਦੀ ਔਰਤ ਬੈਠੀ ਸੀ ਤੇ ਉਹ ਮੇਰੇ ਨਾਲ ਗੱਲਬਾਤ ਕਰਨ ਲੱਗੀ। ਮੈਂ ਉਹਨੂੰ ਦੱਸਿਆ ਕਿ ਮੇਰਾ ਵੀਰ ਇਸ ਵਾਰਡ 'ਚ ਆਇਆ, ਲੱਭਿਆ ਨਹੀਂ... ਉਹਨੂੰ ਮਾਈਗ੍ਰੇਨ ਪਰੌਬਲਮ ਏ। ਉਹ ਔਰਤ ਅੱਖਾਂ ਵੱਡੀਆਂ ਕਰ ਮੇਰੇ ਵੱਲ ਦੇਖਣ ਲੱਗੀ ਤੇ ਬੋਲੀ ਇਹ ਕੈਂਸਰ ਵਾਰਡ ਏ, "ਤੇਰਾ ਵੀਰ ਇੱਥੇ ਨੀ ਹੋਣਾ।" ਹਾਲੇ ਐਨਾ ਕਹਿ ਕੇ ਹੀ ਹਟੀ ਸੀ' ਕਿ ਵੀਰ ਉੱਥੇ ਮੇਰੇ ਕੋਲ ਆਇਆ ਤੇ ਕਹਿੰਦਾ ਚੱਲ ਚੱਲੀਏ। ਮੇਰੇ ਮੂੰਹ 'ਚ ਕੋਈ ਸ਼ਬਦ ਨਹੀਂ ਸੀ।
ਕਾਰ ਤੀਕ ਆਉਂਦੇ ਆਵਦੇ ਸਰੀਰ ਦਾ ਭਾਰ ਨਹੀਂ ਸੀ ਚੁੱਕਿਆ ਜਾ ਰਿਹਾ। ਗੱਡੀ 'ਚ ਬੈਠ ਮੇਰੇ ਮੱਥੇ 'ਤੇ ਤਰੇਲੀ ਆ ਗਈ ਸੀ। ਵੀਰ ਨੇ ਕਿਹਾ ਕਿ ਕੀ ਹੋਇਆ, ਘਾਬਰੀ ਕਿਉਂ ਪਈ ਏ ਤੇ ਨਾਲ ਹੀ ਉਹਨੇ ਮੇਰੀ ਚੁੰਨੀ ਨਾਲ ਮੇਰੇ ਮੱਥੇ ਦੀ ਤ੍ਰੇਲੀ ਪੂੰਝ ਦਿੱਤੀ। ਮੈਂ ਕਿਹਾ ਕਿ ਝੂਠ ਨਾ ਬੋਲੀ ਵੀਰੇ ਜੇ ਕੁਛ ਪੁੱਛਾਂ ? ਉਹ ਕਹਿੰਦਾ ਕਿ ਹਾਂ ਦੱਸ ? ਮੈਂ ਕਿਹਾ ਕਿ ਕੀ ਆਇਆ ਸੀ ਉਸ ਦਿਨ ਰਿਪੋਰਟ 'ਚ? ਕਹਿੰਦਾ ਕਿ ਜੇ ਹੁਣ ਪਤਾ ਲੱਗ ਗਿਆ ਏ ਤਾਂ ਦੱਸ ਦਿੰਨਾ.. । ਜਦੋਂ ਬੰਗਲੌਰ ਤੋਂ ਪਿੰਡ ਆਉਂਦਾ ਸੀ, ਉਸ ਦਿਨ ਮੈਡੀਕਲ ਗਿਆ ਸੀ ਤੇ ਸੈਂਪਲ ਦੇ ਕੇ ਆਇਆ ਸੀ ਆਪਣੇ ਟੈਸਟ ਕਰਾਉਣ ਲਈ। ਜਿਸ ਦਿਨ ਨਾਨਕੀ ਚੱਲੇ ਸੀ ਉਸ ਦਿਨ ਉਹ ਰਿਪੋਰਟ ਆਈ ਸੀ... ਡਾਕਟਰ ਕਹਿੰਦਾ ਕਿ ਕੈਂਸਰ ਏ ਤੀਜੀ ਸਟੇਜ 'ਚ ਏ.. ਕੀ ਦੱਸਦਾ ਘਰੇ ਜਾ ਤੈਨੂੰ.. ? ਮੈਂ ਪਹਿਲੀ ਵਾਰ
ਐਨੀ ਸੁੰਨਤਾ ਮਹਿਸੂਸ ਕੀਤੀ ਤੇ ਐਵੇਂ ਲੱਗਾ ਕਿ ਜਿਵੇਂ ਕਿਸੇ ਹਵਾ ਨੇ ਮੈਨੂੰ ਧਰਤੀ 'ਤੇ ਜੋਰ ਦੀ ਵਗਾ ਕੇ ਸੁੱਟ ਦਿੱਤਾ ਹੋਵੇ, ਮੇਰਾ ਅੰਦਰ ਚੀਕ ਰਿਹਾ ਸੀ। ਮਨ 'ਚ ਕਿੰਨਾ ਕੁਛ ਭੱਜਣ ਲੱਗਾ ... ਕੀ ਕਰਾਂਗੇ.. ਉਹਦਾ ਕੀ ਬਣੂ ਜਿਸ ਨਾਲ ਦੋ ਸਾਲ ਤੋਂ ਮੰਗਿਆ ਹੋਇਆ ਏ... ਵਿਆਹ ਤੋਂ ਪਹਿਲਾਂ ਵਿਧਵਾ...। ਮੈਂ ਆਵਦੇ ਆਪ ਨੂੰ ਇਸ ਸਭ 'ਚੋਂ ਕੱਢ ਕੇ ਵੀਰ ਨੂੰ ਕਿਹਾ ਕਿ ਘਰ ਨਹੀਂ ਦੱਸਦੇ, ਨਹੀਂ ਤਾਂ ਮਾਂ ਜਿਉਂਦੇ ਜੀਅ ਮਰਜੂ। ਵੀਰ ਕਹਿੰਦਾ ਕਿ ਮੈਂ ਵੀ ਆਹੀ ਕਹਿਣਾ ਸੀ। ਅਸੀਂ ਕੱਖੋਂ ਹੌਲੇ ਹੋ ਕੇ ਘਰ ਆਏ ਸਾਂ।
ਮਹੀਨੇ ਕੁ ਬਾਅਦ ਇੱਕ ਸਵੇਰ ਵੀਰ ਨੂੰ ਬੁਖਾਰ ਚੜ੍ਹਿਆ ਤੇ ਫਿਰ ਉਲਟੀਆਂ ਆਉਣ ਲੱਗੀਆਂ। ਮੱਥੇ 'ਤੇ ਤ੍ਰੇਲੀਆਂ ਆਉਣ ਲੱਗੀਆਂ, ਮੈਂ ਚੁੰਨੀ ਨਾਲ ਉਹਦਾ ਮੱਥਾ ਪੂੰਝਦੀ ਰਹੀ। ਫਿਰ ਡਾਕਟਰ ਆਇਆ, "ਉਹ ਕਹਿੰਦਾ ਕਿ ਸ਼ਹਿਰ ਲੈ ਜਾਉ। ਮੇਰੇ ਤਾਂ ਸਮਝੋਂ ਬਾਹਰ ਆ ਗੱਲ।" ਚਾਰ ਸ਼ਰਟਸ ਬਦਲ ਦਿੱਤੀਆਂ ਸੀ ਤੇ ਫਿਰ ਉਹ ਲਾਲ ਦੀ ਰੰਗ ਦੀ ਸ਼ਰਟ ਜੋ ਉਸਦੀ ਮਨ ਪਸੰਦ ਦੀ ਸੀ, ਉਹ ਸ਼ਰਟ ਮੈਂ ਉਸਦੇ ਪਾਉਣ ਲੱਗੀ ਕਿ ਹਾਲੇ ਇੱਕ ਬਾਂਹ ਹੀ ਪਾਈ ਸੀ ਕਿ ਵੀਰ ਨੂੰ ਖੂਨ ਦੀ ਉਲਟੀ ਆਈ ਤੇ ਉਹ ਮੇਰੀ ਬੁੱਕਲ 'ਚ ਦਮ ਤੋੜ ਗਿਆ। ਮੈਂ ਉਹਨੂੰ ਬਥੇਰਾ ਝੰਝੋੜਿਆ ਪਰ ਉਹ ਕਮਲਾ ਨਾ ਉੱਠਿਆ। ਮੇਰੀ ਧਾਹ ਨਿਕਲ ਗਈ ਤੇ ਮਾਂ ਨੂੰ ਦੌਰੇ ਪੈਣ ਲੱਗੇ ਕਿ ਇੱਕਦਮ ਕੀ ਦਾ ਕੀ ਬਣ ਗਿਆ। ਸੰਸਕਾਰ ਹੋ ਗਿਆ। ਚੰਨ ਵਰਗਾ ਵੀਰ ਤਾਰਾ ਬਣ ਗਿਆ, ਜਿਹਨੇ ਹੁਣ ਕਦੇ ਨਹੀਂ ਮੁੜਨਾ ਸੀ।
ਮੈਂ ਅੱਜ ਵੀ ਉਹ ਚੁੰਨੀ ਸਾਂਭ ਰੱਖੀ ਏ, ਜਿਸ 'ਚ ਮੇਰੇ ਤੇ ਵੀਰ ਦੀਆਂ ਰਲੀਆਂ ਮਿਲੀਆਂ ਤ੍ਰੇਲੀਆਂ ਸਮੋਈਆ ਹੋਈਆਂ ਤੇ ਉਸਦੀਆਂ ਉਹ ਸ਼ਰਟਸ ਜੋ ਮੈਨੂੰ ਲੱਗਦਾ ਹੁੰਦਾ ਕਿ ਜਦ ਮੇਰਾ ਵਿਆਹ ਹੋਵੇਗਾ ਤੇ ਫਿਰ ਅਰਦਾਸ ਕਰਾਂਵਾਂਗੀ ਕਿ ਰੱਬਾ ਮੇਰਾ ਵੀਰ ਮੈਨੂੰ ਵਾਪਸ ਕਰਦੇ ਤੇ ਮੇਰੇ ਪੁੱਤ ਦੇ ਰੂਪ 'ਚ ਮੇਰਾ ਵੀਰ ਵਾਪਸ ਆਵੇਗਾ ਉਹ ਵੱਡਾ ਹੋ ਕੇ ਉਹ ਲਾਲ ਸ਼ਰਟ ਪਾਵੇਗਾ। ਉਸਦੇ ਜਾਣ ਤੋਂ ਬਾਅਦ ਜਦ ਵੀ ਕਦੀ ਉਸਦੀ ਯਾਦ ਮੈਨੂੰ ਮਰਨ ਵਰਗਾ ਕਰ ਦੇਵੇ ਤਾਂ ਮੈਂ ਉਸਦੀ ਉਹ ਲਾਲ ਸ਼ਰਟ ਪਾ ਕੇ ਆਵਦੇ ਆਪ ਨੂੰ ਜਿਉਂਦਾ ਕਰ ਲੈਨੀ ਆ। ਕਿਹੋ ਜਿਹਾ ਦਰਦ ਏ ਜਿਸਨੂੰ ਦੱਸਣ ਲੱਗਿਆ ਵੀ ਮੇਰੀ ਅੱਖ ਤਿੱਪ-ਤਿੱਪ ਰੋ ਰਹੀ ਏ।
ਬੂਟੀਆਂ ਵਾਲਾ ਸੂਟ
ਓਹਨੇ ਦਰਵਾਜ਼ੇ 'ਚ ਵੜਦਿਆਂ ਸਾਫ਼ੇ ਨਾਲ ਮੁੜਕਾ ਸਾਫ਼ ਕਰਦੇ ਹੋਏ ਪੁੱਛਿਆ, "ਦੱਸ ਚਰਨੋ ਕੀ ਲੈਣਾ ਐਂਤਕੀਂ.. ਫ਼ਸਲ ਬਲ੍ਹਾ ਸੋਹਣੀ ਹੋਈ ਆ। ਕੋਈ ਟੂਮ ਛੱਲਾ ਕਰਾਉਣਾ ਤਾਂ ਦੱਸ।" ਚਰਨੋ ਨੇ ਆਟਾ ਗੁੰਨਦੀ ਨੇ ਵਿੱਚੇ ਕੰਮ ਛੱਡ ਪਾਣੀ ਦਾ ਗਲਾਸ ਭਰ ਉਸਨੂੰ ਫੜਾਦਿਆਂ ਕਿਹਾ, "ਮੈਂ ਨਿੱਕੀਆਂ ਬੂਟੀਆਂ ਵਾਲਾ ਸੂਟ ਲੈਣਾ, ਬਹੁਤ ਰੀਝ ਆ ਮੇਰੀ.. ਅਗਲੇ ਸ਼ੁੱਕਰਵਾਰ ਪਿੰਡ ਵੀ ਜਾਣਾ ਤੇ ਸਵਾ ਕੇ ਨਵਾਂ ਸੂਟ ਪਾ ਕੇ ਜਾਊ .." ਉਸਨੇ ਚਰਨੋ ਦੇ ਚਿਹਰੇ ਤੇ ਅਜੀਬ ਖੁਸ਼ੀ ਦੇਖੀ ਤੇ ਪਾਣੀ ਦਾ ਗਲਾਸ ਇੱਕੋ ਸਾਹੇ ਖਿੱਚ ਕੇ ਕਿਹਾ, "ਚੱਲ ਰੋਟੀ ਟੁੱਕ ਕਰਲਾ ਤੇ ਚੱਲਦੇ ਆ ਫਿਰ ਸ਼ਹਿਰ.. ਮੈਂ ਓਨਾ ਚਿਰ ਮੱਝਾਂ ਨੁਵਾ ਦੇਵਾਂ।" ਦੋਵੇਂ ਜਾਣੇ ਆਹਰ ਲੱਗ ਗਏ ਤੇ ਫਿਰ ਤਿਆਰ ਹੋ ਗਏ ਸ਼ਹਿਰ ਜਾਣ ਨੂੰ।
ਓਹਨੇ ਸਕੂਟਰ ਕੱਢਿਆ ਤੇ ਸ਼ਹਿਰ ਵੱਲ ਚੱਲ ਪਏ। ਸਾਰੇ ਰਾਹ ਚਰਨੋ ਸੂਟਾਂ ਬਾਰੇ ਸੋਚਦੀ ਗਈ ਕਿ ਕਿਹੜਾ ਸੂਟ ਬਣਾਵਾਂਗੀ। ਫਿਰ ਚਰਨੋ ਨੇ ਮੋਢਾ ਹਲੂਣ ਉਹਨੂੰ ਪੁੱਛਿਆ," ਕਿਹੜਾ ਰੰਗ ਲਵਾਂ ਸੂਟ ਦਾ... " ਉਹ ਕਹਿੰਦਾ, "ਲਾਲ ਰੰਗ ਜੱਚਦਾ ਤੈਨੂੰ..।" ਚਰਨੋ ਨੇ ਠਾਣ ਲਈ ਕਿ ਲਾਲ ਰੰਗ ਦਾ ਸੂਟ ਬਣਾਊਂਗੀ। ਦੁਕਾਨ 'ਤੇ ਚਰਨੋ ਨੇ ਪਹਿਲੀ ਨਜ਼ਰੇ ਹੀ ਚਿੱਟਾ ਤੇ ਲਾਲ ਬੂਟੀਆਂ ਵਾਲਾ ਸੂਟ ਲੈ ਲਿਆ । ਜਿਸ ਨਾਲ ਲਾਲ ਸੂਹਾ ਦੁਪੱਟਾ ਸੀ।
ਸੂਟ ਲੈ ਕੇ ਘਰ ਨੂੰ ਆਉਂਦਿਆਂ ਉਹਨਾਂ ਦਾ ਐਕਸੀਡੈਂਟ ਹੋ ਗਿਆ। ਚਰਨੋ ਸਿਰ 'ਚ ਸੱਟ ਲੱਗਣ ਤੇ ਥਾਏਂ ਦਮ ਤੋੜ ਗਈ ਤੇ ਉਹਦੇ ਸੱਟਾਂ ਲੱਗੀਆਂ ਪਰ ਉਹ ਬਚ ਗਿਆ। ਚਰਨੋ ਦਾ ਸੰਸਕਾਰ ਕਰਨ ਤੋਂ ਪਹਿਲਾਂ ਉਹਨੇ ਬੂਟੀਆਂ ਵਾਲਾ ਸੂਟ ਕਫ਼ਨ ਸਵਾ ਆਵਦੀ ਸੱਸ ਦੇ ਹੱਥ ਫੜਾ ਦਿੱਤਾ। ਨਵਾ ਕੇ ਜਦ ਚਰਨੋ ਦੇ ਲੀੜੇ ਪਾਏ ਤਾਂ ਇਕੱਲੀ-ਇਕੱਲੀ ਬੁੜੀ ਨੇ ਵਿਚਾਰ ਕੀਤੀ, "ਕੁੜੇ ਸੁਹਾਗਣ ਮਰੀ ਆ,ਚਿੱਟਾ ਲੀੜਾ ਕਾਹਤੋਂ ਪਾਇਆ ਵਿਚਾਰੀ ਦੇ। ਜਾਂਦੀ ਵਾਰੀ ਤਾਂ ਕੋਈ ਸੂਹਾ ਰੰਗ ਪਾ ਦਿੰਦੇ। ਐਂਵੇਂ ਲੱਗਦਾ ਜਿਵੇਂ ਘਰੋਂ ਕੱਢ ਕੇ ਸਵਾਤਾ। ਮੁਟਿਆਰ ਜਹਾਨ ਸੀ, ਚਿੱਟਾ ਰੰਗ ਕੀ ਸੋਂਹਦਾ।"
ਚਰਨੋ ਦਾ ਘਰਵਾਲਾ ਹੀ ਜਾਣਦਾ ਸੀ ਬੂਟੀਆਂ ਵਾਲੇ ਓਸ ਚਿੱਟੇ ਸੂਟ ਦੀ ਰੀਝ ਨੂੰ। ਓਹਨੂੰ ਚਰਨੋ ਦਾ ਸੂਟ ਲੈਣ ਦੇ ਚਾਅ 'ਚ ਲਾਲ ਹੋਇਆ ਚਿਹਰਾ ਵਾਰ-ਵਾਰ ਰਵਾ ਰਿਹਾ ਸੀ। ਓਹਨੇ ਚਰਨੋ ਦੇ ਓਸ ਬੂਟੀਆਂ ਵਾਲੇ ਸੂਟ ਨਾਲੋਂ ਕੱਤਰ ਲਵਾ ਬਟੂਏ 'ਚ ਰੱਖ ਲਈ ਸੀ। ਮਰਦੇ ਦਮ ਤੀਕ ਉਹ ਕੱਤਰ ਉਸਦੇ ਘਸੇ ਹੋਏ ਬਟੂਏ 'ਚ ਰਹੀ।
ਖਾੜੂਸਪੁਣਾ
ਡੋਲੀ ਤੁਰਨ ਵੇਲੇ ਉਹਦੇ ਮਨ 'ਚ ਕਿੰਨਾ ਕੁਛ ਉਬਲਣ ਲੱਗਾ, ਇੱਕ ਡਰ ਜਿਹਾ ਅੰਦਰੋਂ-ਅੰਦਰ ਖਾਣ ਲੱਗਾ। ਸੱਚੀਂ ਛੱਡ ਦੇਵਾਂਗੀ ਬਾਬਲ ਦਾ ਘਰ, ਕਿਵੇਂ ਰਹੂਗੀ ਮਾਂ ਪਿਉ, ਭੈਣ ਭਰਾ ਬਿਨਾਂ। ਲੰਮੀ ਵਾਟ ਏ, ਦੋ ਮਹੀਨੇ ਬਾਅਦ ਹੀ ਗੇੜਾ ਲੱਗਿਆ ਕਰੂ। ਮਾਂ ਬੁੱਲ੍ਹ ਟੇਰ ਰਹੀ ਸੀ ਪਰ ਰੋ ਨਹੀਂ ਸੀ ਰਹੀ ਕਿ ਕਿਧਰੇ ਮੈਂ ਉਹਨੂੰ ਦੇਖ ਕੇ ਚਿੱਤ ਭੈੜਾ ਨਾ ਕਰ ਲਵਾਂ।
ਸਭ ਨੂੰ ਵਾਰੋ ਵਾਰੀ ਮਿਲੀ ਪਰ ਜਦ ਉਹ ਆਵਦੇ ਪਿਉ ਨੂੰ ਮਿਲਣ ਲੱਗੀ ਤਾਂ ਉਹ ਭੁੱਬੀ ਰੋ ਰਿਹਾ ਸੀ ਤੇ ਨਾਲ ਕੁਛ ਕਹਿਣਾ ਚਾਹੁੰਦਾ ਸੀ ਪਰ ਬੋਲ ਨਹੀਂ ਸੀ ਹੋ ਰਿਹਾ। ਧੀ ਦੇ ਅੰਦਰ ਡੱਕਿਆ ਸਮੁੰਦਰ ਵਹਿ ਗਿਆ। ਓਹਨੂੰ ਪਹਿਲੀ ਵਾਰ ਬਾਪ ਦਾ ਬਾਹਲਾ ਮੋਹ ਆਇਆ ਕਿਉਂਕਿ ਸਾਰੀ ਉਮਰ ਉਹਨੇ ਡਰ 'ਚ ਗੁਜ਼ਾਰੀ ਸੀ ਕਿ ਬਾਪੂ ਜੀ ਕੁਛ ਕਹਿ ਨਾ ਦੇਣ।
ਬਚਪਨ ਤੋਂ ਹੀ ਮਾਂ ਨੂੰ ਬਾਪੂ ਦੇ ਦਬਕਿਆਂ ਤੋਂ ਡਰਦੇ ਦੇਖਿਆ ਸੀ ਤੇ ਬਾਪੂ ਕੋਈ ਭੈੜਾ ਜੇਹਾ ਬੰਦਾ ਲੱਗਦਾ ਸੀ। ਓਹਨੇ ਕਦੇ ਕੋਈ ਗੱਲ ਬਾਪੂ ਨਾਲ ਬਹਿ ਕੇ ਨਹੀਂ ਸੀ ਕੀਤੀ। ਨਿੱਕੇ ਹੁੰਦੇ ਅਕਸਰ ਉਹ ਐਤਵਾਰ ਨੂੰ ਆਉਂਦੀ 4 ਵਜੇ ਫਿਲਮ ਦੇਖਦੀ ਹੁੰਦੀ ਸੀ ਪਰ ਕਦੇ ਕੋਈ ਫਿਲਮ ਪੂਰੀ ਨਹੀਂ ਸੀ ਦੇਖੀ ਉਹਨੇ। ਦੋਵੇਂ ਭੈਣਾਂ ਰਲ ਕੇ ਜਦੋਂ ਫ਼ਿਲਮ ਦੇਖ ਰਹੀਆਂ ਹੁੰਦੀਆਂ ਤਾਂ 6 ਵਜੇ ਜਾਂ ਉਸਦੇ ਆਸ-ਪਾਸ ਬਾਪੂ ਜੀ ਖੇਤੋਂ ਆ ਜਾਂਦੇ ਤੇ ਟਰੈਕਟਰ ਦੀ ਆਵਾਜ਼ ਸੁਣਦਿਆਂ ਹੀ ਦਵਾਦਵ ਟੀ ਵੀ ਦੀਆਂ ਤਾਰਾਂ ਕੱਢ ਦੇਣੀਆਂ। ਕਿੰਨਾ ਸਾਰਾ ਡਰ ਪਾਲ ਰੱਖਿਆ ਸੀ ਅੰਦਰ। ਗੀਤ ਤਾਂ ਕਦੇ ਸੁਣ ਕੇ ਹੀ ਨਹੀਂ ਦੇਖੇ। ਕਿਤੇ ਬਾਹਰ ਜਾਣਾ ਤਾਂ ਮਾੜੀ ਜੀ ਚੁੰਨੀ ਸਿਰ ਤੋਂ ਖਿਸਕਣੀ ਤਾਂ ਬਾਪੂ ਜੀ ਨੇ ਆਖਣਾ ਕਿ ਸਿਰ ਢੱਕ ਲੋ ਕੁੜੀਉ, ਮਿੱਟੀ ਪਈ ਜਾਂਦੀ ਆ। ਅਸੀਂ ਦੋਹਾਂ ਭੈਣਾਂ ਨੇ ਚੁੰਨੀਆਂ ਲੋਟ ਕਰਕੇ ਘੁੱਟ ਕੇ ਲੈ ਲੈਣੀਆਂ। ਕਦੇ-ਕਦੇ ਹੋਰਾਂ ਕੁੜੀਆਂ ਵੱਲ ਦੇਖਣਾ ਕਿ ਉਹਨਾਂ ਦੇ ਪਿਉ ਐਨਾ ਨਹੀਂ ਟੋਕਦੇ, ਸਾਡਾ ਬਾਪੂ ਕਾਹਤੋਂ ਐਂਵੇ। ਅੱਜ ਉਹੀ ਇਨਸਾਨ ਭੁੱਬੀ ਰੋ ਰਿਹਾ ਸੀ।
ਉਹ ਬਾਪੂ ਨੂੰ ਬਹੁਤ ਕੁਛ ਕਹਿਣਾ ਚਾਹੁੰਦੀ ਸੀ ਪਰ ਹੁਣ ਇਸ ਟਾਈਮ ਕੀ ਕਹਿ ਸਕਦੀ ਸੀ। ਬਾਪੂ ਨੇ ਆਵਦੀਆਂ ਅੱਖਾਂ 'ਚੋਂ ਆਉਂਦੇ ਹੰਝੂ ਰੁਮਾਲ ਨਾਲ ਸਾਫ਼
ਕਰਕੇ ਕਿਹਾ, 'ਬੀਬੀ ਧੀ ਬਣ ਕੇ ਰਹੀ, ਹੁਣ ਤੇਰਾ ਉਹੀ ਪਰਿਵਾਰ ਏ। ਉਦਾਸ ਨਾ ਹੋਵੀਂ ਛੇਤੀ ਗੇੜਾ ਮਾਰਿਆ ਕਰਾਂਗੇ.." ਬਾਪੂ ਦੀਆਂ ਅੱਖਾਂ ਫੇਰ ਪਾਣੀ ਨਾਲ ਤਰ ਗਈਆਂ ਤੇ ਹੱਥ ਕੰਬਣ ਲੱਗੇ ਤਾਂ ਤਾਏ ਦਾ ਮੁੰਡੇ ਨੇ ਬਾਪੂ ਨੂੰ ਫੜ੍ਹ ਕੇ ਪਾਸੇ ਪਈ ਕੁਰਸੀ ਤੇ ਬਿਠਾ ਦਿੱਤਾ। ਬਾਪੂ ਨੇ ਕੁਰਸੀ 'ਤੇ ਬੈਠ ਕੇ ਉਹਨੂੰ ਕੋਲੇ ਬੁਲਾਇਆ ਤੇ ਜੇਬ 'ਚੋਂ ਨਿੱਕੀ ਜਿਹੀ ਰਬੜ ਦੀ ਗੁੱਡੀ ਕੱਢ ਕੇ ਉਸਨੂੰ ਦੇ ਦਿੱਤੀ ਤੇ ਕਿਹਾ, "ਇਹ ਲੈ ਤੇਰੀ ਪਿਆਰੀ ਗੁੱਡੀ, ਜਿਹਦੇ ਨਾਲ ਕਦੇ ਤੈਨੂੰ ਖੇਡਣ ਨਹੀਂ ਸੀ ਦਿੱਤਾ ਪਰ ਇਹ ਤੇਰੀ ਅਮਾਨਤ ਏ ਤੇ ਮੈਂ ਸਾਂਭ ਕੇ ਰੱਖ ਲਈ ਸੀ।" ਓਹਨੂੰ ਯਾਦ ਆਇਆ ਕਿ ਇਹ ਗੁੱਡੀ ਉਸਦੀ ਮਾਂ ਦੀ ਮਾਸੀ ਨੇ ਬਾਹਰਲੇ ਮੁਲਕ 'ਚੋਂ ਲਿਆ ਕੇ ਦਿੱਤੀ ਸੀ ਤੇ ਕਿੰਨੇ ਦਿਨ ਉਹ ਗੁੱਡੀ ਨਾਲ ਚੋਰੀ-ਚੋਰੀ ਖੇਡਦੀ ਰਹੀ ਪਰ ਇੱਕ ਦਿਨ ਬਾਪੂ ਜੀ ਦੇ ਨਜ਼ਰੀ ਪੈ ਗਈ ਤੇ ਬਾਪੂ ਜੀ ਗੁੱਡੀ ਖੋਹ ਕੇ ਪੜਛੱਤੇ 'ਤੇ ਸੁੱਟਦੇ ਕਿਹਾ, "ਘਰਦਾ ਕੋਈ ਕੰਮ ਕਰਾਇਆ ਕਰ ਆਵਦੀ ਮਾਂ ਨਾਲ, ਉਹੀ ਕੰਮ ਆਉਣਾ.. ਬਾਪੂ ਦੀ ਉਹ ਸੁੱਟੀ ਗੁੱਡੀ ਚੁੱਕਣ ਦੀ ਹਿੰਮਤ 22 ਸਾਲਾਂ 'ਚ ਕਦੇ ਨਹੀਂ ਸੀ ਪਈ। ਦੀਵਾਲੀ ਵੇਲੇ ਸਫ਼ਾਈ ਵੀ ਕਰਨੀ ਪਰ ਪੜਛੱਤਾ ਬਾਪੂ ਨੇ ਸੀਰੀ ਤੋਂ ਸਾਫ਼ ਕਰਵਾ ਦੇਣਾ। ਅੱਜ ਪੁਰਾਣਾ ਵੇਲਾ ਰੀਲ ਵਾਂਗ ਅੱਖਾਂ ਅੱਗੇ ਘੁੰਮ ਗਿਆ। ਜਦੋਂ ਬਾਪੂ ਨੇ ਅੱਜ ਫਿਰ ਉਹ ਗੁੱਡੀ ਦੁਬਾਰਾ ਦਿੱਤੀ ਤਾਂ ਬਾਪੂ ਲਈ ਅੱਖਾਂ 'ਚ ਲੋਹੜੇ ਦਾ ਸਤਿਕਾਰ ਭਰ ਗਿਆ ਜਿਵੇਂ ਬਾਪੂ ਦੇ ਕਈ ਵਰ੍ਹਿਆਂ ਦਾ ਖਾੜੂਸਪਣ ਧੋਤਾ ਗਿਆ ਹੋਵੇ। ਉਹਨੇ ਬਾਪੂ ਨੂੰ ਘੁੱਟ ਕੇ ਗਲਵੱਕੜੀ ਪਾ ਲਈ। ਵਿਦਾ ਲੈ ਕੇ ਗੱਡੀ 'ਚ ਬਹਿ ਗਈ ਤੇ ਗੁੱਡੀ ਨੂੰ ਸੀਨੇ ਨਾਲ ਲਾਈ ਰੱਖਿਆ। ਗੁੱਡੀ ਜਮ੍ਹਾ ਨਵੀਂ ਪਈ ਸੀ ਸ਼ਾਇਦ ਬਾਪੂ ਜੀ ਨੇ ਇੱਕ ਵਾਰ ਪੜਛੱਤੇ 'ਤੇ ਸੁੱਟ ਕੇ ਫਿਰ ਲਾਹ ਕੇ ਸਾਂਭ ਕੇ ਰੱਖਤੀ ਹੋਊ। ਬਾਪੂ ਇੰਝ ਹੀ ਹੁੰਦੇ ਆ ਪਿਆਰ ਕਰਦੇ ਆ ਪਰ ਜਿਤਾਉਂਦੇ ਘੱਟ ਆ। ਖਾੜੂਸਪੁਣਾ ਸੀ ਪਰ ਪਿਆਰ ਵੀ ਘੱਟ ਨਹੀਂ ਸੀ।
ਪੋਲੀਆਂ ਰੋਟੀਆਂ
ਦੋਨੋਂ ਵੇਲੇ ਰੋਟੀ ਤੰਦੂਰ 'ਤੇ ਪੱਕਦੀ ਸੀ। ਘਰ 'ਚ ਅਠਾਰਾਂ ਜੀਅ ਸਨ ਤੇ ਕਿਸੇ ਦੀ ਵੀ ਕੋਈ ਅਲੱਗ ਜਿਹੀ ਫਰਮਾਇਸ਼ ਨਹੀਂ ਸੀ। ਲਹਿੰਦੀਆਂ ਲਹਿੰਦੀਆਂ ਚੁੱਕ ਕੇ ਖਾ ਲੈਣੀਆਂ। ਅੰਮਾ ਜ਼ਰੂਰ ਆਖਦੀ ਸੀ ਕਿ ਮੈਨੂੰ ਪੋਲੀ ਜੀ ਰੋਟੀ ਲਿਆ ਦੋ, ਖਾਣ ਨੂੰ ਬਥੇਰਾ ਜੀਅ ਕਰਦਾ ਕੜੁੱਕ ਰੋਟੀ ਪਰ ਬੁੱਟਾਂ ਤੋਂ ਚੱਬੀ ਕਿਹੜਾ ਜਾਂਦੀ ਏ, ਡੁੱਬੜੀ। ਅੰਮਾ ਨੂੰ ਪੋਲੀ ਜੇਹੀ ਰੋਟੀ ਵੇਖ ਕੇ ਦੇਣੀ।
ਇੰਝ ਹੀ ਇਕੱਠ ਬੜਾ ਸੋਹਣਾ ਨਿਭ ਰਿਹਾ ਸੀ। ਫਿਰ ਇੱਕ ਦਿਨ ਦਾਰਜੀ ਦੇ ਮਨ 'ਚ ਪਤਾ ਨਹੀਂ ਕੀ ਆਇਆ ਤੇ ਦੋਨੋਂ ਪੁੱਤਾਂ ਨੂੰ ਬੁਲਾ ਕੇ ਕਹਿੰਦੇ ਕਿ ਅੱਡ-ਅੱਡ ਹੋ ਕੇ ਆਵਦੇ-ਆਵਦੇ ਕਾਰੋਬਾਰ ਸਾਂਭ ਲਵੋ, ਬਥੇਰਾ ਇਕੱਠ ਨਿਭ ਗਿਆ, ਜਰੂਰੀ ਤਾਂ ਨਹੀਂ ਲੜ੍ਹ ਕੇ ਹੀ ਅੱਡ-ਵਿੱਢ ਹੋਣਾ। ਬੱਚੇ ਤੋਂ ਲੈ ਕੇ ਵੱਡਿਆਂ ਤੀਕ ਸਾਰੇ ਹੈਰਾਨ ਸਨ ਅੰਦਰੋਂ-ਅੰਦਰ ਗੁੱਸੇ ਵੀ ਰਹੇ ਸਨ ਕਿ ਦਾਰਜੀ ਕਿਉਂ ਸਾਨੂੰ ਅਲੱਗ ਕਰ ਰਹੇ ਹਨ, ਸ਼ਾਇਦ ਪਿੰਡ 'ਚ ਇਹ ਪਹਿਲਾਂ ਵਾਕਾ ਹੋਣਾ ਕਿ ਅੱਡ ਹੋਣ ਤੇ ਦਰਾਣੀ ਜਠਾਣੀ ਗਲ ਲੱਗ ਰੋ ਰਹੀਆਂ ਸਨ ਤੇ ਆਵਦੇ ਸਹੁਰੇ ਨੂੰ ਇਸ ਗੱਲ ਕਰਕੇ ਕੋਸ ਰਹੀਆਂ ਸਨ।
ਦਿਨਾਂ 'ਚ ਹੀ ਸਭ ਕੁਛ ਵੰਡ ਦਿੱਤਾ ਗਿਆ ਤੇ ਦਾਰਜੀ ਨੇ ਕਿਹਾ ਕਿ ਮੈਂ ਵੱਡੇ ਵੱਲ ਸ਼ਹਿਰ ਵਾਲੇ ਮਕਾਨ 'ਚ ਰਹੂਗਾ ਤੇ ਅੰਮਾ ਥੋਡੀ ਨਿੱਕੇ ਵੱਲ ਪਿੰਡ ਰਹਿ ਲਵੇਗੀ। ਅੰਮਾ ਇਹ ਸੁਣ ਕੇ ਘਾਬਰ ਗਈ ਪਰ ਦਾਰਜੀ ਮੂਹਰੇ ਬੋਲਣ ਦੀ ਕਿਸੇ ਦੀ ਤਿਣਕੇ ਜਿੰਨੀ ਹਿੰਮਤ ਵੀ ਨਹੀਂ ਸੀ। ਦਾਰਜੀ ਅਤੇ ਤਾਏ ਦਾ ਟੱਬਰ ਸ਼ਹਿਰ ਵਾਲੇ ਮਕਾਨ 'ਚ ਚਲਾ ਗਿਆ।
ਦਾਰਜੀ ਤੋਂ ਅਲੱਗ ਹੋ ਕੇ ਅੰਮਾ ਨੂੰ ਮੈਂ ਰੋਜ਼ ਦੇਖਦੀ, ਉਹ ਉੱਖੜੀ ਉੱਖੜੀ ਰਹਿੰਦੀ ਤੇ ਗੱਲ-ਗੱਲ 'ਤੇ ਚਿੜ੍ਹਨ ਵੀ ਲੱਗਦੀ ਤੇ ਹੁਣ ਉਹ ਕਦੇ ਇਹ ਨਹੀਂ ਸੀ ਕਹਿੰਦੀ ਕਿ ਪੋਲੀ ਰੋਟੀ ਲਿਆ ਦੋ ਮੈਨੂੰ। ਇੱਕ ਦਿਨ ਐਵੇਂ ਹੀ ਅੰਮਾ ਦੇ ਦਿਲ ਦੀ ਗੱਲ ਜਾਨਣ ਲਈ ਮੈਂ ਕੜੱਕ ਜੇਹੀ ਰੋਟੀ ਅੰਮਾ ਦੀ ਥਾਲੀ 'ਚ ਰੱਖ ਦਿੱਤੀ। ਮੈਨੂੰ ਸੀ ਕਿ ਉਹ ਅਵਾਜ਼ ਮਾਰੇਗੀ ਕਿ ਇਹ ਕਿੱਥੋਂ ਚੱਥ ਹੁੰਦੀ ਏ ਮੈਥੋਂ। ਮੈਂ ਰੋਟੀ ਫੜ੍ਹਾ ਕੇ ਭੁੱਲ ਗਈ ਤੇ ਲੀੜੇ ਸੁੱਕਣੇ ਪਾਉਣ ਲੱਗੀ। ਜਦ ਕੰਮ ਕਰ ਮੁੜਕੇ ਆਈ ਤਾਂ ਦੇਖਿਆ ਤਾਂ ਅੰਮਾ ਨੇ ਉਹ ਰੋਟੀ ਖਾ ਲਈ ਸੀ। ਮੈਂ ਕੋਲ ਆਣ ਕੇ ਪੁੱਛਿਆ ਕਿ ਐਨੀ ਕਰੜੀ ਰੋਟੀ ਕਿਵੇਂ ਖਾ
ਲਈ। ਅੰਮਾ ਨੇ ਕਿਹਾ ਕਿ ਪਤਾ ਨੀ ਲੱਗਾ ਪੁੱਤ, ਤੂੰ ਫੜ੍ਹਾ ਗਈ ਤੇ ਮੈਂ ਬੇਧਿਆਨੇ ਖਾ ਲਈ। ਅੰਮਾ ਦਾ ਦਿਮਾਗੀ ਸੰਤੁਲਨ ਦਿਨੋਂ-ਦਿਨ ਵਿਗੜਦਾ ਚਲਾ ਗਿਆ। ਸ਼ਾਇਦ ਦਾਰਜੀ ਦਾ ਹੇਰਵਾ ਕਰ ਗਈ ਸੀ। ਕਰਦੀ ਵੀ ਕਿਵੇਂ ਨਾ ਪੰਜਾਹ ਵਰ੍ਹੇ ਨਾਲ ਗੁਜ਼ਾਰੇ ਸਨ। ਤੰਦੂਰ ਵੀ ਟੁੱਟ ਗਿਆ ਕਿਉਂਕਿ ਪਹਿਲਾਂ ਤਾਈ ਤੰਦੂਰ ਨੂੰ ਮਿੱਟੀ ਲਾਉਂਦੀ ਰਹਿੰਦੀ ਸੀ। ਮੀਂਹ ਵੀ ਦੋ ਤਿੰਨ ਪੈ ਗਏ ਸੀ ਉੱਤੇ ਕਿਉਂਕਿ ਪਹਿਲਾਂ ਘਰ 'ਚ ਐਨੇ ਜੀਅ ਹੁੰਦੇ ਸੀ ਕਿ ਮੀਂਹ ਮਗਰੋਂ ਆਉਣਾ ਤੇ ਤੰਦੂਰ ਨੂੰ ਪਹਿਲਾਂ ਹੀ ਡੋਲਾਬਾਟੀ ਚੁੱਕ ਦਰਵਾਜ਼ੇ 'ਚ ਪਹੁੰਚਾ ਦਿੱਤਾ ਜਾਂਦਾ। ਕਿੰਨਾ ਕੁਛ ਬਦਲ ਗਿਆ ਸੀ।
ਗੱਲਾਂ-ਗੱਲਾਂ 'ਚ ਮੈਂ ਬਹੁਤ ਵਾਰ ਅੰਮਾ ਨੂੰ ਹਾਸੇ 'ਚ ਪੁੱਛਿਆ ਕਿ ਚੱਲ ਸ਼ਹਿਰ ਦਾਰਜੀ ਨੂੰ ਮਿਲਾ ਲਿਆਉਣੇ ਆ..। ਉਹ ਹਮੇਸ਼ਾ ਨਾ ਨੁੱਕਰ ਕਰਦੀ ਰਹੀ ਤੇ ਸ਼ਰਮ ਜਿਹੀ ਆਉਂਦੀ ਸੀ ਉਸਨੂੰ ਇਹ ਗੱਲਾਂ ਸੁਣ ਕੇ। ਦਾਰਜੀ ਦੀ ਘਾਟ ਮਹਿਸੂਸ ਤਾਂ ਕਰਦੀ ਸੀ ਪਰ ਕਦੇ ਕਹਿੰਦੀ ਨਹੀਂ ਸੀ। ਮਹੀਨੇ ਬਾਅਦ ਉਹ ਕਮਜ਼ੋਰ ਹੁੰਦੀ ਹੁੰਦੀ ਸਦਾ ਲਈ ਅੱਖਾਂ ਮੀਚ ਗਈ। ਸੱਥਰ 'ਤੇ ਬੈਠੀ ਹਰ ਬੁੜੀ ਨੇ ਇਹੀ ਕਿਹਾ ਕਿ ਪੁੱਤਾਂ ਦੇ ਅਲੱਗ ਹੋਣ ਦਾ ਝੋਰਾ ਦਿਲ ਨੂੰ ਲਾ ਬੈਠੀ। ਦਾਰਜੀ ਦਾ ਐਨਾ ਮਾੜਾ ਦਿਲ ਸੀ ਕਿ ਉਹ ਅੰਮਾ ਦਾ ਮੂੰਹ ਵੀ ਦੇਖਣ ਨਾ ਆਏ। ਜਦੋਂ ਸੰਸਕਾਰ ਹੋ ਗਿਆ ਤਾਂ ਫਿਰ ਘਰ ਆਏ। ਮੋਟੇ-ਮੋਟੇ ਸ਼ੀਸ਼ਿਆਂ ਵਾਲੀ ਐਨਕ ਪਿੱਛੇ ਅੱਥਰੂ ਲਕੋ ਕੇ ਆਖ ਰਹੇ ਸੀ ਕਿ ਸਭ ਨੇ ਜਾਣਾ ਹੀ ਹਾਂ ਅੱਗੇ ਕੀ ਪਿੱਛੇ ਕੀ... ਪੁੱਤ ਪੋਤਰੇ ਦੇਖ ਗਈ ... ਹੋਰ ਕੀ ਚਾਹੀਦਾ ਹੁੰਦਾ ਬੰਦੇ ਨੂੰ... । ਸੱਚ ਇਹ ਸੀ ਕਿ ਦਾਰਜੀ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਏ ਸਨ।
ਭੋਗ ਪੈਣ ਤੋਂ ਅਗਲੇ ਦਿਨ ਹੀ ਤਾਇਆ ਟਰੱਕ ਸਮਾਨ ਦਾ ਭਰ ਘਰੇ ਆ ਗਿਆ ਤੇ ਦਾਰਜੀ ਨੂੰ ਆਵਦਾ ਫ਼ੈਸਲਾ ਸੁਣਾ ਕੇ ਕਿਹਾ ਕਿ ਹੁਣ ਅਸੀਂ ਨਹੀਂ ਕਿਤੇ ਜਾਵਾਂਗੇ, ਦਾਰਜੀ ਥੋਡੀ ਇਸ ਮਾਮਲੇ 'ਚ ਇੱਕ ਗੱਲ ਨਹੀਂ ਮੰਨਣੀ ਮੈਂ ...। ਦਾਰਜੀ ਚੁੱਪ- ਚਾਪ ਬੈਠੇ ਤਾਏ ਵੱਲ ਦੇਖ ਰਹੇ ਸਨ ਜਿਵੇਂ ਤਾਏ ਦੀ ਗੱਲ 'ਤੇ ਸਹਿਮਤ ਹੋ ਰਹੇ ਹੋਣ।
ਅੰਮਾ ਦੇ ਜਾਣ ਦਾ ਦੁੱਖ ਸੀ ਜਿੱਥੇ ਉੱਥੇ ਖੁਸ਼ੀ ਵੀ ਸੀ ਕਿ ਟੱਬਰ ਫਿਰ ਤੋਂ ਇੱਕ ਹੋ ਗਿਆ ਸੀ। ਜਵਾਕ ਸਾਰੇ ਚਾਬੜ੍ਹਾਂ ਮਾਰ ਰਹੇ ਸਨ ਤੇ ਭੂਆ ਹੋਨੀਂ ਤਾਏ ਦਾ ਮੱਥਾ ਚੁੰਮ ਰਹੀਆਂ ਸਨ। ਸ਼ਾਮੀ ਦਾਰਜੀ ਘੁਮਿਆਰ ਤੋਂ ਨਵਾਂ ਤੰਦੂਰ ਲੈ ਆਏ ਤੇ ਕਹਿੰਦੇ ਕਿ ਅੱਜ ਤੰਦੂਰ ਦੀ ਰੋਟੀ ਬਣਾਇਉ। ਐਵੇਂ ਲੱਗਾ ਜਿਵੇਂ ਦਾਰਜੀ ਅੰਮਾ ਦੀ ਯਾਦ ਨੂੰ ਤਾਜ਼ਾ ਕਰਨਾ ਚਾਹੁੰਦੇ ਹੋਣ। ਤੰਦੂਰ 'ਚ ਤਾਈ ਤੇ ਮਾਂ ਰੋਟੀਆਂ ਲਾਹ ਰਹੀਆਂ ਸਨ। ਤਾਏ ਨੇ ਅੰਮਾ ਵਾਲੀ ਮੰਜੀ ਵਰਾਂਡੇ 'ਚੋਂ ਕੱਢੀ ਤੇ ਉੱਤੇ ਅੰਮਾ ਦੀ ਫੋਟੋ ਲਿਆ ਕੇ ਟਿਕਾ ਦਿੱਤੀ ਤੇ ਕਿਹਾ ਕਿ ਅੰਮਾ ਦੀਆਂ ਪੋਲੀਆਂ-ਪੋਲੀਆਂ ਰੋਟੀਆਂ ਪਹਿਲਾਂ ਲਾਹ ਦੇਣਾ। ਤਾਏ ਦੀ ਗੱਲ ਸੁਣ ਸਾਰੇ ਟੱਬਰ ਦੀਆਂ ਅੱਖਾਂ 'ਚ ਅੱਥਰੂ ਆ ਗਏ। ਅੰਮਾ ਦੀ ਪਲੇਟ ਸਜਾਈ ਗਈ ਤੇ ਰੋਟੀ ਅੰਮਾ ਦੇ ਮੰਜੇ 'ਤੇ ਰੱਖ ਦਿੱਤੀ ਗਈ। ਦਾਰਜੀ ਕੁਰਸੀ ਤੋਂ ਉੱਠੇ ਤੇ ਅੰਮਾ ਦੀ ਰੋਟੀ ਆਪ ਚੁੱਕ ਕੇ ਖਾਣ ਲੱਗੇ। ਉਸ ਦਿਨ ਤੋਂ ਲੈ ਕੇ ਅੱਜ ਤੀਕ
ਅੰਮਾ ਦੀਆਂ ਪੋਲੀਆਂ ਰੋਟੀਆਂ ਬਣਦੀਆਂ ਹਨ ਤੇ ਦਾਰਜੀ ਉਹ ਰੋਟੀ ਖਾਂਦੇ ਹਨ। ਦਾਰਜੀ ਦੇ ਮਨ 'ਚ ਹਮੇਸ਼ਾ ਝੋਰਾ ਜੇਹਾ ਰਿਹਾ ਕਿ ਜੇ ਮੈਂ ਅਲੱਗ ਨਾ ਹੁੰਦਾ ਤਾਂ ਅੰਮਾ ਸਾਡੇ ਵਿਚਕਾਰ ਹੁੰਦੀ। ਕੁੱਝ ਕੁ ਮੁਹੱਬਤਾਂ ਬਿਨਾਂ ਕਹੇ ਹੀ ਬੜਾ ਕੁਛ ਕਹਿ ਜਾਂਦੀਆਂ ਤੇ ਇਹ ਵੀ ਚੀਜ਼ਾਂ ਉੱਥਲ ਪੁੱਥਲ ਹੋਣ ਤੇ ਵੀ ਜੇ ਸੁਲਝਾ ਦਿੱਤੀਆਂ ਜਾਣ ਤਾਂ ਫਿਰ ਵੀ ਜਿਉਣ ਦੇ ਕਈ ਰਾਹ ਬਚ ਜਾਂਦੇ ਹਨ।
ਵੀਰੇ ! ਮੇਰੀਆਂ ਪੈਲ਼ੀਆਂ ?"
ਉਹਨੂੰ ਕਿਤਾਬਾਂ ਪੜ੍ਹਨ ਦਾ ਡਾਢਾ ਸ਼ੌਕ ਸੀ ਤੇ ਕਿਸੇ ਵੀ ਪੁਸਤਕ ਮੇਲੇ 'ਤੇ ਜਾਂਦੀ ਤਾਂ ਦਸ ਕੁ ਕਿਤਾਬਾਂ ਤਾਂ ਚੁਣ ਕੇ ਲੈ ਹੀ ਆਉਂਦੀ ਸੀ। ਜੋ-ਜੋ ਵੀ ਕਿਸੇ ਕਵੀ ਦੀਆਂ ਲਿਖੀਆਂ ਕਵਿਤਾਵਾਂ ਸੋਹਣੀਆਂ ਲੱਗਦੀਆਂ, ਉਹ ਡਾਇਰੀ 'ਤੇ ਉਤਾਰ ਲੈਂਦੀ। ਫੇਸਬੁੱਕ ਸਕਰੋਲ ਕਰਦਿਆਂ ਇੱਕ ਦਿਨ ਉਸਦੇ ਸਾਹਮਣੇ ਇੱਕ ਕਵਿਤਾ ਆਈ ਜੋ ਕਿ ਪਾਕਿਸਤਾਨ ਦੀ ਇੱਕ ਲੇਖਿਕਾ 'ਸਫੀਆ ਹਯਾਤ' ਦੀ ਅਤੇ 'ਜਸਪਾਲ ਘਈ' ਦੁਆਰਾ ਅਨੁਵਾਦਿਤ ਕੀਤੀ ਗਈ ਸੀ। ਉਸਦੇ ਮਨ ਨੂੰ ਇੱਕਦਮ ਛੋਹ ਗਈ ਤੇ ਉਹਨੇ ਫਟਾਫਟ ਬੈੱਡ ਦੇ ਗੱਦੇ ਥੱਲੇ ਲਕੋਈ ਭੂਰੀ ਲੌਕ ਵਾਲੀ ਡਾਇਰੀ ਚੁੱਕੀ ਤੇ ਕਵਿਤਾ ਹਰੇ ਪਿੰਨ ਨਾਲ ਡਾਇਰੀ 'ਤੇ ਉਤਾਰ ਲਈ ਤੇ ਕਵਿਤਾ ਦੀ ਪਹਿਲੀ ਲਾਈਨ ਮੂਹਰੇ ਨਿੱਕਾ ਜੇਹਾ ਤਾਰਾ ਬਣਾ ਦਿੱਤਾ ਤੇ ਕਵਿਤਾ ਇੰਝ ਸੀ:
ਨਿੱਕੇ ਭਤੀਜੇ ਨੂੰ
ਦਿੱਤੇ ਮੇਰੇ ਰੁਪਈਏ
ਵੀਰੇ ਨੇ ਖੋਹ ਕੇ
ਮੇਰੇ ਹੱਥ 'ਤੇ ਰੱਖੇ
ਤੇ ਬੋਲਿਆ :
“ਝੱਲੀਏ, ਤੈਨੂੰ ਪਤੈ
ਧੀਆਂ ਕੋਲੋਂ ਅਸੀਂ ਕੁਝ ਨਹੀਂ ਲੈਂਦੇ।"
ਮੈਂ ਅੰਦਰੋਂ ਬੋਲੀ :
ਵੀਰੇ ! ਮੇਰੀਆਂ ਪੈਲ਼ੀਆਂ ?"
ਇਹ ਸ਼ਰਬਤ ਦਾ ਗਿਲਾਸ ਵੀ ਚੁੱਕ ਲੈ।
ਕਮਲੀਏ । ਤੈਨੂੰ ਤੇ ਪਤਾ ਏ
ਅਸੀਂ ਤੇ ਧੀਆਂ ਦੇ ਘਰ ਦਾ
ਪਾਣੀ ਵੀ ਨਹੀਂ ਪੀਂਦੇ।"
ਮੈਂ ਅੰਦਰੋਂ ਬੋਲੀ:
ਵੀਰੇ! ਮੇਰੀਆਂ ਪੈਲ਼ੀਆਂ ?
ਰਾਤ ਵੇਲੇ ਟੀਵੀ ਦੇਖਦਿਆਂ ਉਹਨੇ ਉਹ ਕਵਿਤਾ ਘਰ ਦੇ ਮੈਂਬਰਾਂ ਨੂੰ ਸੁਣਾਈ ਤੇ ਸਭ ਦਾ ਰਲਿਆ ਮਿਲਿਆ ਪ੍ਰਤੀਕਰਮ ਇੰਝ ਸੀ, 'ਬੇਤੁਕੀ ਕਵਿਤਾ ਹੈ। ਅਸੂਲ ਜੋ ਬਣੇ ਆ ਮੁੱਢੋਂ ਕਿਵੇਂ ਟੁੱਟ ਜਾਣਗੇ ? ਕੁੜੀਆਂ ਨੇ ਪੈਲ਼ੀ ਲੈਣੀ ਆ ਤਾਂ ਮਾਂ ਪਿਉ ਵੀ ਸਾਂਭਣ। ਵਿਆਹ 'ਤੇ ਲੋਹੜੇ ਦਾ ਖਰਚਾ ਕਰਾ ਲੈਂਦੀਆਂ, ਹੋਰ ਕੀ ਪੈਲੀਆਂ ਪਿੱਛੇ ਰਹਿ ਜਾਂਦੀਆਂ?" ਇਸ ਮੁੱਦੇ 'ਤੇ ਉਸਦੇ ਘਰ ਅੱਧਾ ਘੰਟਾ ਬਹਿਸ ਹੋਈ ਤੇ ਸਿੱਟਾ ਏਹੀ ਨਿਕਲਿਆ ਕਿ ਮੂਰਖ਼ਤਾ ਏ ਪੈਲੀਆਂ ਮੰਗਣ ਵਾਲੀਆਂ ਕੁੜੀਆਂ ਦੀ, ਜਾਂ ਪੈਲੀਆਂ ਲੈ ਲੈਣ ਜਾਂ ਫਿਰ ਭਰਾਵਾਂ ਨਾਲ ਵਰਤੀਆਂ ਰਹਿ ਜਾਣ।
ਗੱਲ ਹੋਈ ਨਿੱਬੜੀ। ਉਹਦੀ ਰਿਸ਼ਤੇਦਾਰੀ 'ਚ ਲੱਗਦੀ ਭੂਆ ਸੀਬੋ ਉਸ ਲਈ ਕੋਈ ਰਿਸ਼ਤਾ ਲੈ ਕੇ ਆਈ ਕਿ ਮੁੰਡਾ ਏ ਸਾਡੇ ਲਾਗੇ ਪਿੰਡ ਦਾ। ਪੁੱਜ ਕੇ ਸਿਆਣਾ ਏ, ਫਰੀਦਕੋਟ ਦੇ ਇੱਕ ਕਾਲਜ 'ਚ ਪ੍ਰਾਇਵੇਟ ਨੌਕਰੀ ਕਰਦਾ ਏ ਪਰ ਜ਼ਮੀਨ ਨਹੀਂ ਏ ਪਰ ਮੁੰਡਾ ਹੀਰਾ ਆ ਇੱਕ ਵਾਰ ਦੇਖ ਲੋ। ਕਹਿ ਕਹਾ ਕੇ ਉਹਦਾ ਪਿਉ ਤੇ ਭਰਾ ਉਹ ਰਿਸ਼ਤਾ ਦੇਖਣ ਚਲੇ ਗਏ। ਵੇਖ ਕੇ ਘਰ ਆ ਕੇ ਲੋਹੜੇ ਦਾ ਕਲਪੇ ਕਿ ਮੁੰਡੇ ਕੋਲ ਘਰ-ਘਰ ਹੀ ਆ ਤੇ ਨਾਲ ਛੋਟੀ ਮੋਟੀ ਜਾੱਬ ਕਰਦਾ ਕੋਈ। ਪੈਲੀ ਕਨਾਲ ਵੀ ਨਹੀਂ ਏ। ਸੀਬੋ ਨੇ ਵੀ ਪਤਾ ਨਹੀਂ ਕੀ ਸੋਚ ਕੇ ਦੱਸ ਪਾ ਦਿੱਤੀ। ਕੱਲ੍ਹ ਨੂੰ ਕੁੜੀ ਘਰੇ ਆਟਾ ਨਾ ਆਇਆ, ਫਿਰ ਕਿੱਥੋਂ ਰੋਜ਼-ਰੋਜ਼ ਛੱਡਣ ਜਾਇਆ ਕਰਾਂਗੇ। ਉਂਝ ਹੀ ਜੀਹਦਾ ਐਂਹ ਘੱਟ ਪੈਲੀ ਜਾਂ ਬਿਨਾਂ ਜ਼ਮੀਨ ਤੋਂ ਵਿਆਹ ਕਰਦੀਏ ਉਹ ਕੁੜੀ ਪਿਛਾਂਹ ਨੂੰ ਪੇਕਿਆਂ ਵੱਲ ਹੀ ਝਾਕਦੀ ਰਹੂ। ਸਾਰੀ ਉਮਰ ਕੌਣ ਦੇਊ ਜਾਊ। ਕੇਰਾਂ ਚੰਗੇ ਥਾਂ ਫਾਹਾ ਵੱਢਿਆ ਹੋਵੇ ਤਾਂ ਮਾਂ ਪਿਉ ਨੂੰ ਫ਼ਿਕਰ ਨੀ ਹੁੰਦੀ। ਇਹ ਤਾਂ ਊਂਅ ਵੀ ਭਰਾ ਦੀ ਜ਼ਮੀਨ ਵੰਡਾਉਣ ਦੀਆਂ ਗੱਲਾਂ ਕਰਦੀ ਏ ਤੇ ਕੱਲ੍ਹ ਨੂੰ ਹਿੱਸਾ ਵੰਡਾਉਣ ਬੈਠ ਗਈ ਤਾਂ ਸਾਰੀ ਉਮਰ ਦਾ ਰੋਣਾ ਏ।
ਘਰ 'ਚ ਫਿਰ ਇੱਕ ਵਾਰ ਫਿਰ ਬਹਿਸ ਛਿੜ ਗਈ। ਗੱਲ ਰਿਸ਼ਤੇ ਦੀ ਸ਼ੁਰੂ ਹੋਈ ਤੇ ਪੈਲੀਆਂ ਵਿੱਚ ਘਸੀਟ ਲਈਆਂ ਗਈਆਂ। ਸ਼ਾਇਦ ਇੱਕੋ ਕਵਿਤਾ ਸਭ ਨੂੰ ਸੂਲ ਵਾਂਗ ਚੁੱਭ ਗਈ ਸੀ।
ਉਹ ਕਿੰਨਾ ਚਿਰ ਚੁੱਪ ਰਹੀ, ਸੁਣਦੀ ਰਹੀ ਤੇ ਫਿਰ ਇੱਕਦਮ ਬੋਲੀ ਕਿ ਮੇਰਾ ਵਿਆਹ ਕਰੋਗੇ ਤਾਂ ਲੋਕਾਂ ਨੂੰ ਨਾ ਖਵਾਉਣਾ, ਕੋਈ ਇਕੱਠ ਨਾ ਕਰਨਾ, ਚਾਹੇ ਬਿਨਾਂ ਪੈਲੀ ਵਾਲੇ ਦੇ ਕਰਦੋ ਪਰ ਜੇ ਪੈਸੇ ਲੋਕਾਂ ਨੂੰ ਖਵਾਉਣ 'ਤੇ ਉਹਨਾਂ ਨੂੰ ਠਾਠ-ਬਾਠ ਦਿਖਾਉਣ 'ਤੇ ਖਰਚ ਕਰਨੇ ਆ ਉਹੀ ਪੈਸਿਆਂ ਦਾ ਮੈਨੂੰ ਕੋਈ ਬਿਜ਼ਨਸ ਸ਼ੁਰੂ ਕਰ
ਦੇਣਾ। ਓਹਦਾ ਭਰਾ ਇੱਕਦਮ ਬੋਲਿਆ, "ਦੇਖ ਬਾਪੂ ਤੈਨੂੰ ਕਿਹਾ ਸੀ ਇਹਨੂੰ ਨਾ ਪੜ੍ਹਾ ਐਨਾ ਕਿ ਦਿਮਾਗ ਖ਼ਰਾਬ ਹੋ ਜੇ ਇਸਦਾ, ਹੁਣ ਇਸਦੀ ਮੇਰੀ ਪੈਲੀ 'ਤੇ ਅੱਖ ਏ .." ਉਹ ਤ੍ਰਬਕ ਕੇ ਜੇਹੇ ਬੋਲੀ ਕਿ ਮੈਂ ਪੈਲੀ ਦੀ ਗੱਲ ਕਦੋਂ ਕੀਤੀ ? ਉਸਦਾ ਭਰਾ ਬੁੜਬੜਾਉਂਦਾ ਬਾਹਰ ਚਲਾ ਗਿਆ, ਦੇਖੀਂ ਬੁੜਿਆ ਏਹ ਸ਼ਰੀਕਣੀ ਬਣੂ ਆਪਣੀ ਤੇ ਫੇਰ ਸੁਣਲੀ ਲੋਕਾਂ ਦੇ ਮਿਹਣੇ...।"
ਉਹ ਕੁੜੀ ਨੇ ਅੰਦਰ ਜਾ ਕੇ ਡਾਇਰੀ ਦਾ ਉਹ ਪੰਨਾ ਹੀ ਪਾੜ੍ਹ ਦਿੱਤਾ ਜਿੱਥੇ ਕਦੇ ਉਹਨੇ ਪੈਲੀਆਂ ਵਾਲੀ ਕਵਿਤਾ ਲਿਖ ਕੇ ਮੂਹਰੇ ਤਾਰਾ ਬਣਾਇਆ ਸੀ।
ਰੱਬ ਦੀ ਰਜ੍ਹਾ
ਨਿੱਕੇ-ਨਿੱਕੇ ਹੁੰਦੇ ਸੀ ਉਦੋਂ ਜਦੋਂ ਬਾਪੂ ਦੀ ਬਾਂਹ ਪੱਠੇ ਕੁਤਰਣ ਵਾਲੇ ਲੱਗੇ ਟੋਕੇ 'ਚ ਆ ਗਈ ਸੀ। ਬਾਪੂ ਲਹੂ-ਲੁਹਾਨ ਹੋਇਆ ਮੰਜੇ 'ਤੇ ਪਿਆ ਸੀ। ਸ਼ਹਿਰ ਡਾਕਟਰ ਦੇ ਲਿਜਾਣ ਲਈ ਨਾਲ ਦੇ ਪਿੰਡੋਂ ਕਿਰਾਏ ਵਾਲੀ ਗੱਡੀ ਕਰਾਈ। ਬਾਪੂ ਠੀਕ ਤਾਂ ਹੋ ਗਿਆ ਪਰ ਉਸਦਾ ਇੱਕ ਹੱਥ ਨਕਾਰਾ ਹੋ ਗਿਆ ਸੀ। ਗੁੱਟ ਤੋਂ ਅੱਗੇ ਤੀਕ ਬਾਂਹ ਵੱਢੀ ਗਈ ਸੀ। ਬਾਪੂ ਦੇ ਟਾਂਕੇ ਲੱਗੇ ਤੇ ਮਹੀਨੇ ਬਾਅਦ ਹਸਪਤਾਲੋਂ ਘਰ ਆਇਆ। ਬਾਪੂ ਦੀ ਉਸ ਵੱਢੀ ਹੋਈ ਬਾਂਹ ਤੋਂ ਡਰ ਜਾ ਵੀ ਲੱਗਣਾ। ਹੌਲੀ- ਹੌਲੀ ਬਾਪੂ ਨੂੰ ਉਵੇਂ ਦੇਖਣ ਦੀ ਆਦਤ ਪੈ ਗਈ। ਮੱਝਾਂ ਵੇਚ ਦਿੱਤੀਆਂ ਤੇ ਦੋਧੀ ਤੋਂ ਮੁੱਲ ਦਾ ਦੁੱਧ ਲੈ ਲੈਂਦੇ ਸੀ। ਬਾਪੂ ਨੇ ਰੋਜ਼ ਆਖਣਾ ਕਿ ਘਰਦੇ ਦੁੱਧ ਵਰਗੀ ਰੀਸ ਨੀ, ਜਮ੍ਹਾ ਪਾਣੀ ਧਾਣੀ ਏ।
ਸ਼ਹਿਰ ਜਾਣਾ ਤਾਂ ਬਾਪੂ ਨੇ ਉਸ ਵੱਢੀ ਹੋਈ ਬਾਂਹ ਤੇ ਝੋਲਾ ਟੰਗ ਲੈਣਾ। ਬੱਸ 'ਚ ਬਾਪੂ ਨੂੰ ਅਕਸਰ ਕਿਸੇ ਨੇ ਪੁੱਛਣਾ ਕਿ ਕੀ ਹੋਇਆ ਸੀ ਬਾਂਹ ਨੂੰ। ਬਾਪੂ ਨੇ ਹਮੇਸ਼ਾ ਇੱਕੋ ਗੱਲ ਕਹਿਣੀ ਕਿ ਰੱਬ ਦੀ ਰਜ਼ਾ। ਸੱਚ ਵੀ ਤਾਂ ਸੀ ਕਿ ਬਾਪੂ ਨਾ ਬਾਂਹ ਵੱਢੀ ਤੋਂ ਡੋਲਿਆ ਨਾ ਉਸਤੋਂ ਬਾਅਦ। ਬਾਪੂ ਨੂੰ ਕਦੇ ਮੈਂ ਕਿਸਮਤ ਨੂੰ ਕੋਸਦੇ ਨਹੀਂ ਸੀ ਦੇਖਿਆ। ਬਾਪੂ ਦੀ ਬਾਂਹ ਦਾ ਉਹ ਵੱਢਿਆ ਹਿੱਸਾ ਮਿੱਟੀ 'ਚ ਦੱਬ ਦਿੱਤਾ ਗਿਆ ਸੀ। ਸਰਕਾਰ ਵੱਲੋਂ ਤੀਹ ਹਜ਼ਾਰ ਰੁਪਏ ਮਿਲਿਆ ਸੀ ਜੋ ਬਾਪੂ ਦੇ ਇਲਾਜ ਤੋਂ ਪੰਜ ਵਰ੍ਹੇ ਬਾਅਦ ਮਿਲਿਆ ਸੀ।
ਵਖ਼ਤ ਅੱਖ ਝਪਕਦੇ ਹੀ ਬੀਤ ਗਿਆ। ਮਾਂ ਨਾਨਕੀ ਗਈ ਤਾਂ ਮਾਮਾ ਜੀ ਨੇ ਮਾਂ ਨੂੰ ਕਿਹਾ ਕਿ ਮੱਝ ਲੈ ਜਾਉ, ਦੁੱਧ ਪੀ ਲਿਉ। ਘਰ 'ਚ ਸਤਾਰਾਂ ਵਰ੍ਹਿਆਂ ਬਾਅਦ ਮੱਝ ਆਈ ਸੀ। ਬਾਪੂ ਦਾ ਚਾਅ ਨਹੀਂ ਸੀ ਚੁੱਕਿਆ ਜਾ ਰਿਹਾ ਪਰ ਉਹ ਅਹਿਸਾਨ ਨਹੀਂ ਸੀ ਲੈਣਾ ਚਾਹੁੰਦਾ ਤੇ ਉਹਨੇ ਮਾਂ ਨੂੰ ਕਿਹਾ ਕਿ ਜੋ ਸਰਕਾਰ ਨੇ ਮੈਨੂੰ ਪੈਸੇ ਦਿੱਤੇ ਸਨ, ਉਹਨਾਂ 'ਚੋਂ ਵੀਹ ਹਜ਼ਾਰ ਕਢਾ ਆਵਦੇ ਭਰਾ ਨੂੰ ਦੇ ਆ। ਮਾਂ ਨੇ ਭਰਾ ਨੂੰ ਪੈਸੇ ਫੜ੍ਹਾ ਦਿੱਤੇ ਕਿ ਕਾਲਜ ਤੋਂ ਬਾਅਦ ਨਾਨਕੀ ਜਾ ਆਵਦੇ ਮਾਮੇ ਨੂੰ ਦੇ ਆਈਂ। ਜੇ ਨਾ ਨੁੱਕਰ ਵੀ ਕਰਨ ਤਾਂ ਵੀ ਦੇ ਆਵੀਂ।
ਮੱਝ ਲਈ ਪੰਜ ਕੁ ਦਿਨ ਤਾਂ ਪੱਠੇ ਗੁਆਂਢੀਆਂ ਤੋਂ ਮੰਗੇ ਪਰ ਬੇਗਾਨਾ ਵੀ ਕਿੰਨਾ ਕੁ ਚਿਰ ਝੱਲਦਾ। ਵੀਰ ਨੂੰ ਮਾਂ ਆਖਣ ਲੱਗੀ ਕਿ ਗੱਭਰੂ ਸਾਰਾ ਏ ਹੁਣ, ਘਰ ਦੀ
ਜ਼ਿੰਮੇਵਾਰੀ ਸਾਂਭ ਲੈ ਪਰ ਉਹ ਕੰਨਾਂ 'ਚ ਕੌੜਾ ਤੇਲ ਪਾ ਕੇ ਤੁਰਿਆ ਫਿਰਦਾ ਰਹਿੰਦਾ। ਹਾਰ ਕੇ ਪਿੰਡੋਂ ਹੀ ਸੀਰੀ ਰਲਾ ਲਿਆ ਤੇ ਟੋਕਾ ਵੀ ਮੋਟਰ ਵਾਲਾ ਲਵਾ ਲਿਆ। ਬਾਪੂ ਨੂੰ ਅਸੀਂ ਟੋਕੇ ਕੋਲ ਨਾ ਜਾਣ ਦਿੰਦੇ ਕਿਉਂਕਿ ਪਹਿਲਾਂ ਵਾਲਾ ਮਨ 'ਚ ਡਰ ਸੀ।
ਸੀਰੀ ਪੱਠੇ ਲਿਆਉਂਦਾ ਤੇ ਕੁਤਰ ਕੇ ਮੱਝ ਨੂੰ ਪਾ ਦਿੰਦਾ। ਇੱਕ ਦਿਨ ਬਾਪੂ ਕਿਸਾਨ ਯੂਨੀਅਨ ਵੱਲੋਂ ਲਗਾਏ ਨਾਲ ਦੇ ਪਿੰਡ ਧਰਨੇ 'ਤੇ ਗਿਆ ਹੋਇਆ ਸੀ। ਮਾਂ ਭੂਆ ਕੋਲ ਸੰਧਾਰਾ ਦੇਣ ਚਲੀ ਗਈ ਤੇ ਜਦ ਸ਼ਾਮ ਨੂੰ ਉਹ ਮੁੜ ਕੇ ਆਈ ਤੇ ਦੇਖਿਆ ਕਿ ਮੱਝ ਗਾਇਬ ਸੀ। ਅੰਦਰ ਗਈ ਤਾਂ ਦੇਖਿਆ ਕਿ ਵੀਰਾ ਨਸ਼ੇ ਨਾਲ ਰੱਜਿਆ ਫਰਸ਼ 'ਤੇ ਬੈਠਾ ਸੀ ਤੇ ਮਾਂ ਨੂੰ ਦੇਖ ਗਾਲਾਂ ਵਰਾਉਣ ਲੱਗ ਗਿਆ। ਮਾਂ ਨੇ ਮੱਝ ਦਾ ਪੁੱਛਿਆ ਤਾਂ ਭੈਣ ਦੀ ਗਾਲ੍ਹ ਕੱਢ ਕਹਿੰਦਾ ਕਿ ਭੈਣ... ਮੈਂ ਵੇਚ ਤੀ, ਲਕੋ ਲਾ ਪੈਸੇ ਪੇਟੀਆਂ 'ਚ... ਜੱਟ ਨੇ ਬੰਦੋਬਸਤ ਕਰ ਲਿਆ ਆਵਦੇ ਖਾਣ ਪੀਣ ਦਾ। ਮਾਂ ਭਰੇ ਮਨ ਨਾਲ ਰਸੋਈ 'ਚ ਗਈ ਤੇ ਆਵਦੇ ਆਪ ਨੂੰ ਪਿੱਟ-ਪਿੱਟ ਰੋਣ ਲੱਗੀ ਕਿ ਇਸਤੋਂ ਚੰਗਾ ਸੀ ਕਿ ਪੁੱਤ ਦਿੰਦਾ ਹੀ ਨਾ, ਇੱਕ ਧੀ ਹੋਰ ਦੇ ਦਿੰਦਾ ....। ਬਾਪੂ ਧਰਨੇ ਤੋਂ ਆਇਆ ਤੇ ਮਾਂ ਦੇ ਰੋਂਦੀ ਦੀ ਅਵਾਜ਼ ਸੁਣ ਉਹਦੇ ਮਨ 'ਚ ਵੱਜਾ ਕਿ ਮੇਰੇ ਪੁੱਤ ਨਾਲ ਨਾ ਕੋਈ ਅਣਹੋਈ ਹੋ ਗਈ ਹੋਵੇ। ਬਾਪੂ ਮਾਂ ਕੋਲ ਗਿਆ ਤੇ ਉਹ ਬਾਪੂ ਨੂੰ ਵੇਖਦੇ ਹੀ ਉਹਦੇ ਗਲ ਨਾਲ ਚਿੰਬੜ ਗਈ। ਸਾਰੀ ਗੱਲ ਰੋਂਦੀ ਰੋਂਦੀ ਨੇ ਦੱਸੀ। ਅਸਲ 'ਚ ਉਹਨਾਂ ਨੂੰ ਪਤਾ ਹੀ ਅੱਜ ਲੱਗਾ ਸੀ ਕਿ ਮੇਰਾ ਪੱਤ ਨਸ਼ੇ ਕਰਦਾ। ਅੱਗੇ ਘਰ 'ਚ ਪੈਸੇ ਗਾਇਬ ਹੋਣੇ ਤਾਂ ਉਹਨਾਂ ਨੂੰ ਲੱਗਣਾ ਕਿ ਸੀਰੀ ਸਾਂਝੀ ਨਾ ਕੱਢ ਕੇ ਲੈ ਜਾਂਦਾ ਹੋਵੇ ਜਾਂ ਫਿਰ ਆਵਦੀ ਭੁੱਲਣ ਵਾਲੀ ਮੱਤ ਨੂੰ ਦੋਸ਼ ਦੇਣਾ। ਮਾਂ ਮੱਝ ਨੂੰ ਨਹੀਂ, ਪੁੱਤ ਨੂੰ ਰੋ ਰਹੀ ਸੀ ਕਿ ਉਹਦੀ ਮੌਤ ਨੇੜੇ ਹੀ ਆ ਹੁਣ।
ਬਾਪੂ ਭੱਜ ਕੇ ਅੰਦਰ ਪੁੱਤ ਕੋਲ ਗਿਆ ਤੇ ਪੁੱਛਿਆ ਕਿ ਨਸ਼ਾ ਕੀਤਾ? ਵੀਰਾ ਬਾਪੂ ਨੂੰ ਵੇਖਦੇ ਹੀ ਅੱਗੋਂ ਭੱਜ ਕੇ ਪੈ ਗਿਆ ਕਿ ਹਾਂ ਸਾਲਿਆ ਕੀਤਾ ਤੂੰ ਦੱਸ ਕੀ ਕਰਲੇਗਾ... ਟੁੰਡਾ ਜਾ ਨਾ ਹੋਵੇ ਤਾਂ... ਜਾ ਭੱਜ ਜਾ ਮੇਰੇ ਕੋਲੋਂ। ਬਾਪੂ ਦੀਆਂ ਅੱਖਾਂ 'ਚੋਂ ਡਿੱਗਦੇ ਹੰਝੂ ਦੱਸ ਰਹੇ ਸੀ ਕਿ ਬਾਪੂ ਦੀ ਅਸਲ ਬਾਂਹ ਤਾਂ ਅੱਜ ਹੀ ਵੱਢੀ ਗਈ ਸੀ। ਬਾਪੂ ਭੁੱਬਾਂ ਮਾਰ ਕੇ ਰੋਣ ਲੱਗਾ ਤੇ ਬਾਪੂ ਦੇ ਡਿੱਗਦੇ ਹੰਝੂ ਬਾਪੂ ਦੀ ਜੇਬ ਦੇ ਲੱਗੇ ਜੈ ਜਵਾਨ ਜੈ ਕਿਸਾਨ ਵਾਲੇ ਬੈਚ 'ਤੇ ਡਿੱਗ ਰਹੇ ਸਨ। ਬਾਪੂ ਨੇ ਰੋਂਦੇ-ਰੋਂਦੇ ਨੇ ਮਾਮੇ ਨੂੰ ਫੋਨ ਲਾਇਆ ਤੇ ਸਾਰੀ ਗੱਲ ਦੱਸੀ। ਮਾਮੇ ਤੋਂ ਉਹਨੂੰ ਪਤਾ ਲੱਗਾ ਕਿ ਵੀਰਾ ਮੱਝ ਦੇ ਪੈਸੇ ਵੀ ਨਹੀਂ ਦੇ ਕੇ ਆਇਆ, ਰਾਹ 'ਚ ਕਿਤੇ ਗਾਇਬ ਕਰਤੇ। ਬਾਪੂ ਫੋਨ ਕੱਟ ਕੇ ਫਿਰ ਰੋਣ ਲੱਗਾ ਤੇ ਬਾਬੇ ਦੀ ਫੋਟੋ ਮੂਹਰੇ ਖੜ੍ਹ ਕੇ ਕਹਿ ਰਿਹਾ ਸੀ ਕਿ ਰੱਬਾ ਦੱਸ ਮੈਂ ਕਿਹੜੇ ਮਾੜੇ ਕਰਮ ਕਰਤੇ ਸੀ ਜੋ ਐਨੀ ਵੱਡੀ ਸਜ਼ਾ ਦੇ ਦਿੱਤੀ। ਬਾਪੂ ਰੱਬ ਦੀ ਇਸ ਰਜ਼ਾ ਨੂੰ ਮੰਨਣ ਲਈ ਤਿਆਰ ਨਹੀਂ ਸੀ।
ਗਲਤੀਆਂ
ਵਿਆਹ ਆਵਦੀ ਮਰਜ਼ੀ ਨਾਲ ਕਰਵਾਇਆ ਸੀ ਤੇ ਪੇਕਿਆਂ ਨਾਲੋਂ ਟੁੱਟ ਗਈ ਸੀ। ਪੰਜ ਸਾਲ ਹੋਗੇ ਸੀ ਵੀਰ, ਭੈਣ, ਮਾਂ ਦਾ ਮੂੰਹ ਦੇਖਣ ਨੂੰ ਤਰਸ ਗਈ ਸੀ। ਇੱਕ ਦਿਨ ਪੇਕੇ ਜਾਣ ਦਾ ਸੰਯੋਗ ਬਣਿਆ। ਸੰਯੋਗ ਕਾਹਦਾ ਵਿਯੋਗ ਹੀ ਸੀ ਕਿਸੇ ਨੇ ਦੱਸਿਆ ਸੀ ਕਿ ਤੇਰੀ ਮਾਂ ਬਿਮਾਰ ਰਹਿੰਦੀ ਏ ਤੇਰਾ ਨਾਮ ਜਪਦੀ ਰਹਿੰਦੀ ਏ। ਮੈਂ ਪਿੰਡ ਪੁੱਜੀ ਤੇ ਘਰ 'ਚ ਵਿਰਲਾਪ ਸੀ। ਮੇਰੇ ਦਿਲ 'ਚ ਉਦੋਂ ਹੀ ਵੱਜਾ ਕਿ ਮਾਂ ਨੂੰ ਕੁਛ ਹੋ ਗਿਆ। ਮੈਂ ਸਾਰਾ ਮੂੰਹ ਢੱਕ ਕੇ ਮਾਂ ਨੂੰ ਦੇਖ ਕੇ ਓਨੀ ਪੈਰੀ ਵਾਪਿਸ ਮੁੜ ਆਈ। ਪਿਉ ਸਰਮਾਏਦਾਰ ਹੋਣ ਕਰਕੇ ਘਰ 'ਚ ਇਕੱਠ ਜਿਆਦਾ ਸੀ ਤੇ ਕਿਸੇ ਨੂੰ ਪਹਿਚਾਣ ਨਹੀਂ ਸੀ ਆਈ। ਮੇਰੇ ਘਰ ਆ ਕੇ ਭੁੰਜੇ ਬੈਠ ਭੁੱਬਾਂ ਮਾਰ-ਮਾਰ ਰੋਈ। ਨਾ ਕੋਈ ਰੋਂਦੀ ਨੂੰ ਚੁੱਪ ਕਰਾਉਣ ਵਾਲਾ ਸੀ ਤੇ ਨਾ ਦਿਲਾਸੇ ਦੇਣ ਵਾਲਾ। ਜਗਜੀਤ ਦੇ ਪਿਉ ਗੁਜ਼ਰੇ ਨੂੰ ਵੀ ਇੱਕ ਸਾਲ ਤੋਂ ਉੱਤੇ ਹੋ ਗਿਆ ਸੀ। ਕਦੇ ਸੋਚਾਂ ਕਿ ਮਾਂ ਕਿਧਰੇ ਮੇਰਾ ਗਮ ਲਾਈ ਤਾਂ ਨਹੀਂ ਸੀ ਬੈਠੀ ਕਿ ਮੇਰੀ ਧੀ ਰੁਲ ਰਹੀ ਏ। ਦੁੱਖ-ਸੁੱਖ ਕਰਨ ਵਾਲਾ ਕੋਈ ਨਹੀਂ ਸੀ, ਜਿੱਥੇ ਹੁਣ ਸ਼ਹਿਰ 'ਚ ਸ਼ਿਫਟ ਹੋਈ ਸੀ ਉੱਥੇ ਆਂਢ-ਗੁਆਂਢ ਕੋਈ ਕਿਸੇ ਦੇ ਨਹੀਂ ਸੀ ਜਾਂਦਾ। ਜਗਜੀਤ ਸਕੂਲ ਗਿਆ ਹੋਇਆ ਸੀ। ਮਰਦੀ-ਮਰਦੀ ਨੇ ਘਰ ਦੇ ਕੰਮ ਕਾਰ ਕੀਤੇ। ਉਸ ਦਿਨ ਮੇਰੀ ਤੀਜੀ ਵਾਰ ਮੌਤ ਹੋਈ ਸੀ। ਪਹਿਲੀ ਜਦੋਂ ਜਗਜੀਤ ਦੇ ਪਿਉ ਨਾਲ ਵਿਆਹ ਕਰਾਉਣ ਦੀ ਜ਼ਿਦ ਕਰੀ ਸੀ ਤੇ ਭਰਾ ਨੇ ਘਰੋਂ ਕੱਢ ਕੇ ਇਹ ਕਹਿ ਦਿੱਤਾ ਸੀ ਕਿ ਹੁਣ ਰਹਿੰਦੀ ਉਮਰ ਤੀਕ ਮੂੰਹ ਨਾ ਵਿਖਾਈ ਸਾਨੂੰ। ਦੂਜੀ ਮੌਤ ਜਿਸ ਦਿਨ ਜਗਜੀਤ ਦਾ ਪਿਉ ਪੂਰਾ ਹੋਇਆ ਤੇ ਤੀਜੀ ਮੌਤ ਮਾਂ ਦਾ ਮਰਿਆ ਮੂੰਹ ਦੇਖਣਾ।
ਸਾਲ ਗੁਜ਼ਰ ਗਿਆ। ਸਾਉਣ ਮਹੀਨਾ ਚੱਲ ਰਿਹਾ ਸੀ। ਮੇਰੇ ਘਰ ਦੀ ਬੈੱਲ ਵੱਜੀ। ਵੀਰਾ ਤੇ ਨਵੀਂ ਵਿਆਹੀ ਭਾਬੀ ਘਰ ਦੇ ਬਾਹਰ ਖੜ੍ਹੇ ਸਨ ਤੇ ਹੱਥ 'ਚ ਕਿੰਨਾ ਸਾਰਾ ਸਮਾਨ ਸੀ। ਮੇਰੇ ਚਾਅ ਦਾ ਕੋਈ ਟਿਕਾਣਾ ਨਾ ਰਿਹਾ। ਮੈਂ ਘੁੱਟ ਘੁੱਟ ਦੋਹਾਂ ਨੂੰ ਗਲ ਲਾਇਆ। ਐਵੇ ਲੱਗਾ ਜਿਵੇਂ ਮੇਰਾ ਪੁਨਰ-ਜਨਮ ਹੋ ਗਿਆ ਹੋਵੇ। ਮੈਂ ਅੰਦਰ ਆਈ ਤੇ ਉਹ ਵੀ ਮੇਰੇ ਪਿੱਛੇ ਪਿੱਛੇ। ਬਿਸਕੁਟਾਂ ਦਾ ਡੱਬਾ ਤੇ ਹੋਰ ਮਠਿਆਈ ਮੈਨੂੰ ਫੜਾਉਂਦੇ ਵੀਰੇ ਨੇ ਕਿਹਾ ਕਿ ਇਹ ਹੈ ਤੇਰਾ ਪੰਜਾਂ ਸਾਲਾਂ ਦਾ ਸੰਧਾਰਾ ਤੇ ਮੁਆਫ਼ ਕਰਦੇ ਭੈਣੇ, ਤੇਰੇ ਨਾਲ ਬਹੁਤ ਗਲਤ ਕੀਤਾ ਮੈਂ ਨਿਆਣ ਮੱਤ 'ਚ। ਆਵਦੀ ਘਰਵਾਲੀ ਵੱਲ ਇਸ਼ਾਰਾ ਕਰਦੇ ਕਿਹਾ, "ਸਾਡੀ ਇੰਟਰਕਾਸਟ ਮੈਰਿਜ ਹੋਈ ਏ, ਮਸਾਂ ਮਨਾਇਆ
ਏ ਪਾਪਾ ਨੂੰ .... ਬਹੁਤ ਪਰੌਬਲਮ ਫੇਸ ਕੀਤੀਆਂ ਹਨ.. " ਮੈਂ ਗੱਲ ਇਗਨੋਰ ਕਰ ਦਿੱਤੀ। ਵੀਰੇ ਨੇ ਕੋਲ ਆ ਹੱਥ ਫੜ੍ਹ ਕਿਹਾ ਕਿ ਕੋਈ ਗੁੱਸਾ ਏ ਤਾਂ ਕੁੱਟ ਲੈ। ਮੈਂ ਕਿਹਾ, ਨਾ ਵੀਰੇ, ਮੈਨੂੰ ਤਾਂ ਚਾਅ ਹੀ ਐਨਾ ਏ ਕਿ ਮੈਂ ਕੁਛ ਹੋਰ ਨਹੀਂ ਸੋਚ ਰਹੀ ... " ਮੈਂ ਅੱਖਾਂ ਭਰ ਲਈਆਂ ਕਿਉਂਕਿ ਮਾਂ ਚੇਤੇ ਆ ਗਈ ਸੀ ਜੋ ਧੀ ਨੂੰ ਵਿਲਕਦੀ ਤੁਰ ਗਈ ਸੀ। ਵੀਰੇ ਨੇ ਕਿਹਾ ਕਿ ਮਾਂ ਬਥੇਰਾ ਯਾਦ ਕਰਦੀ ਸੀ ਤੈਨੂੰ, ਮੇਰੀ ਹੀ ਮੱਤ ਮਾਰੀ ਗਈ ਸੀ ਕਿ ਮੈਂ ਉਹਦੀ ਖੁਸ਼ੀ ਉਹਨੂੰ ਦੇ ਨਾ ਸਕਿਆ। ਮੈਂ ਤੈਨੂੰ ਉਸ ਦਿਨ ਦੇਖਿਆ ਸੀ ਮਾਂ ਦੇ ਸੰਸਕਾਰ ਵਾਲੇ ਦਿਨ। ਬਥੇਰਾ ਦਿਲ ਕਰ ਰਿਹਾ ਸੀ ਕਿ ਤੇਰੀ ਬੁੱਕਲ 'ਚ ਸਿਰ ਦੇ ਕੇ ਰੋ ਲਵਾਂ ਪਰ ਹਿੰਮਤ ਹੀ ਨਾ ਕਰ ਸਕਿਆ। ਇਹ ਗੱਲ ਕਰ ਉਹ ਹੌਂਕੇ ਲੈ-ਲੈ ਕੇ ਰੋਣ ਲੱਗਾ ਤੇ ਮੇਰੀ ਵੀ ਭੁੱਬ ਨਿਕਲ ਗਈ। ਸਾਨੂੰ ਦੇਖ ਉਹ ਨਵੀਂ ਵਿਆਹੀ ਵੀ ਹੋਣ ਲੱਗ ਗਈ। ਐਨੇ ਨੂੰ ਜਗਜੀਤ ਸਕੂਲੋਂ ਆ ਗਿਆ ਤੇ ਮੈਨੂੰ ਰੋਂਦੀ ਦੇਖ ਭੱਜ ਕੇ ਮੇਰੇ ਗੱਲ ਲੱਗ ਗਿਆ ਤੇ ਕਹਿਣ ਲੱਗਾ ਕਿ ਮੰਮਾ ਨਾ ਰੋ, ਤੈਨੂੰ ਮੈਂ ਰੋਂਦੇ ਨਹੀਂ ਦੇਖ ਸਕਦਾ। ਭਰਾ ਗੱਲ ਸੁਣ ਉੱਚੀ-ਉੱਚੀ ਰੋਣ ਲੱਗਾ ਕਿ ਹਾਏ ਰੱਬਾ! ਮੈਂ ਕਿਵੇਂ ਆਵਦੀ ਮਾਂ ਨੂੰ ਰੋਂਦੀ ਵਿਲਕਦੀ ਨੂੰ ਮਾਰ ਦਿੱਤਾ... । ਜਗਜੀਤ ਮੇਰੀ ਬੁੱਕਲ 'ਚੋਂ ਉੱਤਰ ਕੇ ਮਾਮੇ ਦੀ ਬੁੱਕਲ ਚ ਚਲਾ ਗਿਆ ਤੇ ਉਸਦੀਆਂ ਅੱਖਾਂ ਪੂੰਝ ਕੇ ਕਹਿੰਦਾ ਕਿ ਮਾਮੂ ਤੁਸੀਂ ਨਾ ਰੋਵੋ। ਭਰਾ ਹੈਰਾਨ ਹੋਇਆ ਤੇ ਉਸਦੀ ਗੱਲ ਸੁਣ ਚੁੱਪ ਕਰ ਗਿਆ। ਮੈਂ ਕਿਹਾ ਕਿ ਅਸੀਂ ਅਕਸਰ ਫੇਸਬੁੱਕ ਤੇ ਥੋਡੀਆਂ ਸਾਰਿਆਂ ਦੀ ਫੋਟੋ ਦੇਖਦੇ ਰਹਿੰਦੇ ਆ ਤੇ ਮੈਂ ਇਹਨੂੰ ਦੱਸਦੀ ਰਹਿੰਦੀ ਹਾਂ ਕਿ ਇਹ ਨਾਨੂ ਆ, ਇਹ ਮਾਮੂ ਆ। ਵੀਰ ਨੇ ਘੁੱਟ ਕੇ ਜਗਜੀਤ ਨੂੰ ਗਲ ਨਾਲ ਲਗਾ ਲਿਆ। ਮੈਂ ਮਾਹੌਲ ਬਦਲਦੇ ਕਿਹਾ ਕਿ ਚਲੋ ਮੈਂ ਖੀਰ ਬਣਾ ਕੇ ਲੈ ਕੇ ਆਉਣੀ ਆ। ਵੀਰ ਅੱਖਾਂ ਪੂੰਝ ਕੇ ਕਹਿਣ ਲੱਗਾ, "ਕੋਈ ਨਾ ਰੁਕ ਕੇ ਖਾਵਾਂਗੇ, ਰਾਤ ਰਹਿਣ ਆਏ ਆ। ਰੱਜ ਕੇ ਸੇਵਾ ਕਰਾਵਾਂਗੇ।" ਵੀਰ ਨੇ ਫੋਨ ਕੱਢ ਮੇਰੇ ਨਾਲ ਇੱਕ ਸੈਲਫੀ ਲਈ। ਮੈਂ ਰਸੋਈ 'ਚ ਚਲੀ ਗਈ। ਵੀਰੇ ਨੇ ਕੁਛ ਕੁ ਸਮੇਂ ਬਾਅਦ ਫੇਸਬੁੱਕ 'ਤੇ ਫੋਟੋ ਇਹ ਲਿਖ ਕੇ ਪੋਸਟ ਕਰ ਕੀਤੀ ਕਿ ਗਲਤੀਆਂ ਇਸੇ ਜਨਮ 'ਚ ਸੁਧਾਰੀਆਂ ਜਾ ਸਕਦੀਆਂ, ਭੈਣ ਨੂੰ ਪੰਜ ਸਾਲ ਬਾਅਦ ਮਿਲ ਕੇ ਇੰਝ ਲੱਗਾ ਕਿ ਜਿਵੇਂ ਮਾਂ ਨੂੰ ਮਿਲ ਰਿਹਾ ਹੋਵਾਂ। ਮੈਂ ਰਸੋਈ 'ਚ ਖੜ੍ਹੀ ਉਸਦਾ ਸਟੇਟਸ ਪੜ੍ਹ ਰੋ ਰਹੀ ਸੀ ਤੇ ਸੋਚ ਰਹੀ ਸੀ ਕਿ ਕਾਸ਼! ਅੱਜ ਜਗਜੀਤ ਦਾ ਪਿਉਂ ਜਿਉਂਦਾ ਹੁੰਦਾ ਤਾਂ ਅੱਗਾ ਤੱਗਾ ਸਾਰਾ ਸਾਂਭ ਲੈਂਦਾ ਤੇ ਮੈਨੂੰ ਰੋਂਦੀ ਨੂੰ ਵੀ।
ਭੂਆ
ਮੇਰੇ ਪਾਏ ਸੂਟਾਂ ਨੂੰ ਫੜ-ਫੜ ਦੇਖਦੀ ਤੇ ਪੁੱਛਦੀ ਕਿ ਕਿੱਥੋਂ ਲਿਆ ਇਹ। ਮੈਂ ਵੀ ਸੁਰਮੇ ਵਾਲੀਆਂ ਅੱਖਾਂ 'ਚ ਚਮਕ ਲਿਆ ਮੂੰਹ ਮਠਾਰ ਮਠਾਰ ਕੇ ਦੱਸਣਾ ਕਿ ਫਲਾਣੀ ਦੁਕਾਨ ਤੋਂ ਐਨੇ ਦਾ ਲਿਆ। ਭੂਆ ਨੇ ਹਰ ਵਾਰ ਦੀ ਤਰ੍ਹਾਂ ਇੱਕੋ ਡਾਇਲਾਗ ਮਾਰਨਾ ਕਿ ਮੇਰੇ ਆਉਂਦਾ ਹੁੰਦਾ ਤਾਂ ਮੈਂ ਵੀ ਮੰਗ ਲੈਂਦੀ ਕਿਸੇ ਵਿਆਹ 'ਤੇ ਪਾ ਲੈਂਦੀ। ਭੂਆ ਇਹ ਗੱਲ ਕਰਦੀ ਕਰਦੀ ਪਿਛਲੇ ਵੇਲੇ 'ਚ ਚਲੀ ਜਾਂਦੀ ਕਿ ਥੋਡੇ ਪਿਉ ਨੇ ਸਾਨੂੰ ਤਾਂ ਕਦੀ ਸੱਜਰਣ ਸੰਵਰਨ ਵੀ ਨਹੀਂ ਸੀ ਦਿੱਤਾ। ਕਦੇ ਵਿਆਹੀ ਸ਼ਾਦੀ ਸੁਰਮਾ ਪਾ ਲੈਣਾ ਤਾਂ ਕੌੜਨ ਲੱਗਦੇ ਤੇ ਰੁਆ ਰੁਆ ਕੇ ਸਾਰਾ ਮੂੰਹ ਧੁਵਾ ਦੇਣਾ। ਜੇ ਕਦੇ ਸੂਟ ਦਾ ਗੂੜਾ ਰੰਗ ਸਵਾ ਲੈਣਾ ਤਾਂ ਸੂਟ ਇਕੱਠਾ ਕਰ ਪੜਛੱਤੇ 'ਤੇ ਸੁੱਟ ਦਿੰਦਾ। ਇੱਕ ਸ਼ੀਸ਼ਿਆਂ ਵਾਲਾ ਸੂਟ ਬਣਾਇਆ ਸੀ ਤੇ ਬਾਈ ਨੇ ਉਹ ਸੂਟ ਕਦੇ ਨਹੀਂ ਪਾਉਣ ਦਿੱਤਾ ਤੇ ਪਿਆ ਪਿਆ ਉਹ ਸੂਟ ਪੇਟੀ 'ਚ ਲੱਗ (ਉੱਲੀ) ਗਿਆ। ਕੇਰਾਂ ਨਾਲ ਦੇ ਪਿੰਡ 'ਚ ਮੇਰੇ ਨਾਲ ਪੜ੍ਹਦੀ ਕੁੜੀ ਦਾ ਵਿਆਹ ਸੀ ਤੇ ਅਸੀਂ ਤਿਆਰ ਹੋ ਕੇ ਬੱਸ ਚੜ੍ਹਨ ਲੱਗੀਆਂ ਤਾਂ ਇਹ ਖੇਤੋਂ ਆਇਆ ਹੀ ਸੀ ਤੇ ਬੱਸ ਵਾਲੇ ਨੂੰ ਹਾਕ ਮਾਰ ਰੋਕ ਲਿਆ ਤੇ ਸਾਨੂੰ ਬੱਸ 'ਚੋਂ ਉਤਾਰ ਲਿਆ ਤੇ ਬੀਬੀ ਨੂੰ ਲੋਹੜ੍ਹੇ ਦਾ ਲੜਿਆ ਕਿ ਕੁੜੀਆਂ ਅਵਾਰਾ ਹੋ ਜਾਣੀਆਂ। ਐਨਾ ਕਹਿ ਭੂਆ ਮੇਰੇ ਪਾਏ ਸੁਰਮੇ ਨੂੰ ਘੂਰਦੀ। ਫਿਰ ਕਹਿੰਦੀ ਕਿ ਹੁਣ ਤਾਂ ਬਥੇਰਾ ਹੀ ਫ਼ਰਕ ਆ ਬਾਈ ਦਾ। ਸਾਡੇ ਤਾਂ ਸਾਹ ਸੂਤ ਲੈਂਦਾ ਸੀ ਬਾਈ। ਮੈਂ ਭੂਆ ਦੇ ਸ਼ਿਕਵਿਆਂ ਨੂੰ ਮਿਹਣੇ ਜਿਹੇ ਸਮਝਦੀ ਤੇ ਮੈਨੂੰ ਭੂਆ ਐਵੇਂ ਗੱਲਾਂ ਕਰਦੀ ਚੰਗੀ ਨਾ ਲੱਗਦੀ। ਮੈਂ ਭੂਆ ਨੂੰ ਮੰਜੇ 'ਤੇ ਇਕੱਲੀ ਬੈਠੀ ਛੱਡ ਬਹਾਨਾ ਜਿਹਾ ਲਗਾ ਕਮਰੇ 'ਚ ਚਲੀ ਜਾਂਦੀ।
ਹੁਣ ਕਈ ਸਾਲਾਂ ਬਾਅਦ ਇੰਗਲੈਂਡ ਤੋਂ ਮੈਂ ਸਿੱਧਾ ਪੇਕੇ ਘਰ ਆਈ ਤੇ 14 ਕੁ ਸਾਲ ਦੀ ਮੇਰੀ ਭਤੀਜੀ ਦੇ ਕੈਪਰੀ ਨਾਲ ਕਰੌਪ ਟੌਪ ਪਾਇਆ ਹੋਇਆ ਸੀ। ਉਹ ਮੇਰੇ ਵੱਲ ਭੱਜੀ ਆਈ ਤੇ ਮੈਨੂੰ ਘੁੱਟ ਕੇ ਜੱਫੀ ਪਾਈ ਉਹਨੇ। ਬਹੁਤ ਮੋਹ ਆਇਆ ਉਸਦਾ ਪਰ ਉਸਦੇ ਪਾਏ ਕੱਪੜੇ ਮੈਨੂੰ ਪਹਿਲੀ ਨਿਗ੍ਹਾ 'ਚ ਹੀ ਚੁਭ ਰਹੇ ਸੀ। ਪੁਰਾਣਾ ਵੇਲਾ ਯਾਦ ਆ ਗਿਆ ਕਿ ਜਦੋਂ ਕਾਲਜ ਟੂਰ 'ਤੇ ਜਾਣ ਵੇਲੇ ਮੈਂ ਸ਼ਹਿਰੋਂ ਜੀਨ-ਟੌਪ ਖਰੀਦ ਲਿਆਈ ਸੀ ਤੇ ਜਦ ਜਾਣ ਵੇਲੇ ਪਾਇਆ ਤਾਂ ਵੀਰਾ ਕਲੇਸ਼ ਪਾ ਕੇ ਬੈਠ
ਗਿਆ ਸੀ ਕਿ ਜਾਂ ਤਾਂ ਟੂਰ ਤੇ ਜਾਏਗੀ ਜਾਂ ਫਿਰ ਜੀਨ ਪਾਏਗੀ। ਹਾਰ ਕੇ ਜੀਨ ਬਦਲ ਕੇ ਜੂਟ ਪਾ ਕੇ ਗਈ। ਉਸ ਦਿਨ ਐਨਾ ਠਿੱਠ ਕੀਤਾ ਸੀ ਵੀਰੇ ਕਿ ਵਿਆਹ ਹੋਣ ਤੀਕ ਕਦੇ ਜੀਨ ਪਾਉਣ ਦਾ ਸੋਚਿਆ ਹੀ ਨਾ। ਭਤੀਜੀ ਨੂੰ ਦੇਖ ਭੂਆ ਵਾਲੀ ਥਾਂ ਤੇ ਅੱਜ ਮੈਂ ਖੜ੍ਹੀ ਸੀ। ਮੈਂ ਸਭ ਅੰਦਰੇ ਅੰਦਰ ਪੀ ਲਿਆ। ਰਾਤ ਨੂੰ ਭਤੀਜੀ ਨੇ ਆਵਦੇ ਕੱਪੜੇ ਕੱਢ ਕੇ ਦਿੱਤੇ ਕਿ ਭੂਆ ਜੀ ਤੁਸੀਂ ਮੇਰਾ ਨਾਈਟ ਸੂਟ ਪਾ ਲਿਉ। ਮੈਂ ਅੰਦਰ ਭੜਾਸ ਦੱਬਦੀ ਨੇ ਕਿਹਾ ਕਿ ਨਾ ਪੁੱਤ ਮੈਨੂੰ ਸੂਟ 'ਚ ਕੰਮਫਾਰਟੇਬਲ ਲੱਗਦਾ ਏ। ਵੀਰੇ ਨੂੰ ਸ਼ਾਇਦ ਉਹ ਗੱਲ ਯਾਦ ਨਾ ਹੋਵੇ ਪਰ ਧੀਆਂ ਅੰਦਰ ਪੇਕਿਆਂ ਦੀਆਂ ਗੱਲਾਂ ਘਰ ਪਾ ਕੇ ਬੈਠ ਜਾਂਦੀਆਂ।
ਅਗਲੇ ਦਿਨ ਭੂਆ ਦੇ ਪਿੰਡ ਘੋਲੀਏ ਮਿਲਣ ਜਾਣਾ ਸੀ ਤੇ ਮੈਂ ਰਾਸਤੇ 'ਚ ਪੈਂਦੇ ਸ਼ਹਿਰ ਤੋਂ ਭੂਆ ਲਈ ਸੋਹਣੇ ਸੋਹਣੇ ਪੰਜ ਸੂਟ ਖ਼ਰੀਦ ਲਏ ਕਿਉਂਕਿ ਭੂਆ ਦਾ ਦਰਦ ਹੀ ਐਨੇ ਸਾਲਾਂ ਬਾਅਦ ਸਮਝ 'ਚ ਆਇਆ ਸੀ। ਘਰ ਪੁੱਜੇ ਤਾਂ ਦੇਖਿਆ ਭੂਆ ਨੂੰ ਅਧਰੰਗ ਹੋਣ ਕਰਕੇ ਮਸੀਂ ਬੋਲਿਆ ਜਾਂਦਾ ਸੀ। ਉਹਨੇ ਸਾਨੂੰ ਪਹਿਚਾਣ ਤਾਂ ਲਿਆ ਪਰ ਕੁਛ ਨਾ ਬੋਲੀ ਤੇ ਮੇਰੇ ਪਾਏ ਸੂਟ ਨੂੰ ਉਸੇ ਗਹੁ ਨਾਲ ਦੇਖ ਰਹੀ ਸੀ ਕਿ ਜਿਵੇਂ ਪੁੱਛਣਾ ਚਾਹੁੰਦੀ ਹੋਵੇ ਕਿ ਕਿੱਥੋਂ ਬਣਾਇਆ। ਮੈਂ ਭੂਆ ਨੂੰ ਲਿਫ਼ਾਫ਼ੇ 'ਚੋਂ ਕੱਢ ਕੇ ਸੂਟ ਦਿਖਾਏ ਤਾਂ ਭੂਆ ਨੇ ਅੱਖਾਂ ਭਰ ਲਈਆਂ। ਉਸ ਦਿਨ ਭਾਰੇ ਮਨ ਨਾਲ ਭੂਆ ਦੇ ਪਿੰਡ ਆਏ ਜਦੋਂ ਦਾ ਭੂਆ ਦੀ ਨੂੰਹ ਨੇ ਦੱਸਿਆ ਕਿ ਹਫ਼ਤਾ ਮਸਾਂ ਹੀ ਕੱਟੂ ਬੇਜੀ। ਚੌਥੇ ਦਿਨ ਖ਼ਬਰ ਆਈ ਕਿ ਭੂਆ ਪੂਰੀ ਹੋ ਗਈ। ਐਂਵੇ ਲੱਗਾ ਕਿ ਜਿਵੇਂ ਮੇਰਾ ਕੋਈ ਹਿੱਸਾ ਕੱਟਿਆ ਗਿਆ ਹੋਵੇ। ਭੂਆ ਦੇ ਪਿੰਡ ਪੁੱਜੇ ਤਾਂ ਦੇਖਿਆ ਕਿ ਮੇਰੇ ਦਿੱਤੇ ਸੂਟਾਂ 'ਚੋਂ ਮਸਟਰਡ ਸੂਟ ਜਿਸ 'ਤੇ ਛੋਟੇ ਛੋਟੇ ਸ਼ੀਸ਼ੇ ਲੱਗੇ ਸਨ, ਉਹ ਭੂਆ ਦੇ ਪਾਇਆ ਹੋਇਆ ਸੀ। ਭੂਆ ਦੀ ਨੂੰਹ ਦੱਸਣ ਲੱਗੀ ਕਿ ਉਸ ਦਿਨ ਤੁਹਾਡੇ ਜਾਣ ਤੋਂ ਮਗਰੋਂ ਹੀ ਇਸ਼ਾਰੇ ਕਰ ਕਹਿਣ ਲੱਗ ਗਏ ਸੀ ਕਿ ਇਹ ਸੂਟ ਪਾਉਣਾ। ਅਸੀਂ ਸਿਉਣਾ ਦਿੱਤਾ ਸੀ ਪਰ ਜਦੋਂ ਸਿਉਂ ਕੇ ਆਇਆ ਤਾਂ ਪੂਰੇ ਹੋ ਗਏ। ਅਸੀਂ ਸੋਚਿਆ ਕਿ ਇਹੀ ਪਾ ਦੇਈਏ। ਉਹਨਾਂ ਦੀ ਇੱਛਾ ਪੂਰੀ ਹੋ ਜਾਊਗੀ। ਮੇਰਾ ਦਿਲ ਕਰ ਰਿਹਾ ਸੀ ਕਿ ਭੂਆ ਨੂੰ ਰੱਬ ਤੋਂ ਖੋਹ ਲਿਆਵਾਂ ਤੇ ਉਸ ਨਾਲ ਰੱਜ-ਰੱਜ ਗੱਲਾਂ ਕਰਾਂ ਸੂਟਾਂ ਦੀਆਂ ਤੇ ਮੇਰੇ ਬਾਪ ਦੀਆਂ। ਭੂਆ ਦੀਆਂ ਬੰਦ ਅੱਖਾਂ ਦੇਖ ਮੇਰੀ ਕਿੰਨੇ ਵਾਰ ਭੁੱਬ ਨਿਕਲੀ।
ਕੁੜੱਤਣ
ਸਾਰਾ ਦਿਨ ਅੱਖਾਂ ਭਰ ਕੇ ਤੁਰੀ ਫਿਰਦੀ ਰਹੀ ਕਿ ਲੈ ਕਿਸੇ ਨੂੰ ਮੇਰਾ ਜਨਮ ਦਿਨ ਵੀ ਨਹੀਂ ਯਾਦ। ਚੰਦਰੀਆਂ ਸਰਪ੍ਰਾਈਜ਼ ਵੀਡਿਉ ਵੀ ਇੰਸਟਾਗ੍ਰਾਮ 'ਤੇ ਵਾਰ- ਵਾਰ ਮੂਹਰੇ ਆ ਜਾਂਦੀਆਂ ਤੇ ਉਹ ਇੱਕ ਸਾਹੇ ਵੀਡਿਉ ਸਕਰੋਲ ਕਰ ਅਗਾਂਹ ਲੰਘਾ ਦਿੰਦੀ। ਬਾਹਰੋਂ ਭੈਣ ਦਾ ਫੋਨ ਆਇਆ ਕਿ ਕੀ ਗਿਫ਼ਟ ਦਿੱਤਾ ਭਾਜੀ ਨੇ ਜਨਮ ਦਿਨ 'ਤੇ। ਕੀ ਆਖਦੀ ? ਹਾਰ ਕੇ ਥੋੜ੍ਹੇ ਕੁ ਦਿਨ ਪਹਿਲਾਂ ਨਵੇਂ ਲਿਆਂਦੇ ਸੂਟ ਦੀ ਫੋਟੋ ਉਹਨੂੰ ਭੇਜ ਦਿੱਤੀ ਕਿ ਇਹ ਸੂਟ ਲਿਆ ਕੇ ਦਿੱਤਾ 7000 ਦਾ।
ਸ਼ਾਮ ਹੋਈ ਤਾਂ ਉਹ ਕਮਰੇ 'ਚ ਗਈ ਤੇ ਬਾਰੀ ਦੀ ਚਾਬੀ ਇੱਧਰ ਉੱਧਰ ਲੱਭ ਰਹੀ ਸੀ ਕਿ ਸਰਹਾਣੇ ਥੱਲੇ ਜਦ ਉਹਨੇ ਹੱਥ ਮਾਰਿਆ ਤਾਂ ਹਰੇ ਰੰਗ ਦੀ ਇੱਕ ਡਾਇਰੀ ਮਿਲੀ। ਪਹਿਲੇ ਪੰਨੇ 'ਤੇ ਲਿਖਿਆ ਸੀ ਕਿ ਤੂੰ ਪੁੱਛਦੀ ਸੀ ਨਾ ਕਿ ਮੇਰੀ ਚੁੱਪੀ ਦਾ ਕਾਰਨ, ਅੱਜ ਪੜ੍ਹ ਲਵੀ ਫਿਰ ਤੇਰੇ ਸਾਰੇ ਸਵਾਲ ਮੁੱਕ ਜਾਣਗੇ। ਤੇਰੇ ਜਨਮ-ਦਿਨ ਦਾ ਚਾਅ ਤਾਂ ਕਰਨਾ ਸੀ, ਜੇ ਇਸ ਮਹੀਨੇ ਮੇਰਾ ਪਿਉ ਨਾ ਮੁੱਕਿਆ ਹੁੰਦਾ। ਮੈਨੂੰ ਇਹ ਮਹੀਨਾ ਵੱਢ ਵੱਢ ਖਾਂਦਾ ਏ ਤੇ ਮੈਂ ਇਸ ਮਹੀਨੇ ਦੇ ਆਉਣ ਤੋਂ ਡਰਦਾ ਹਾਂ। ਡਰ ਏ ਕਿਸੇ ਅਣਹੋਈ ਘਟਨਾ ਦਾ। ਮੈਂ ਰੋਜ਼ ਥੋੜਾ ਥੋੜਾ ਮਰ ਰਿਹਾਂ ਪਿਉ ਤੋਂ ਬਿਨਾਂ। ਮੈਂ ਅੱਜ ਕਮਾਉਣਾ ਆ ਪਰ ਮੇਰੀ ਕਮਾਈ ਨੂੰ ਸਲਾਹੁਣ ਵਾਲਾ ਮੇਰਾ ਪਿਉ ਨਹੀਂ ਏ। ਮੈਂ ਕੀਹਨੂੰ ਸਾਬਤ ਕਰਨਾ ਕਿ ਮੈਂ ਕਾਬਲ ਬਣ ਗਿਆ ਹਾਂ। ਮੈਂ ਵੀ ਚਾਹੁੰਦਾ ਸੀ ਕਿ ਮੇਰੇ ਪਿਉ ਦੀ ਜੁੱਤੀ ਮੈਂ ਚੋਰੀ ਦੇਣੇ ਪਾ ਕੇ ਕਿਸੇ ਵਿਆਹ ਤੇ ਚਲਾ ਜਾਵਾਂ ਜਾਂ ਫਿਰ ਮੇਰੇ ਫ਼ਿਕਰ ਕਰਨ ਤੇ ਕੋਈ ਆਖੇ ਕਿ ਤੇਰਾ ਪਿਉ ਬੈਠਾ, ਤੈਨੂੰ ਕੀ ਲੋੜ ਫ਼ਿਕਰ ਕਰਨ ਦੀ। ਮੈਂ ਆਵਦੀਆਂ ਭੈਣਾਂ ਦਾ ਪਿਉ ਵਾਂਗ ਖ਼ਿਆਲ ਤਾਂ ਰੱਖ ਸਕਦਾਂ ਪਰ ਜੋ ਅੱਗਾ-ਤੱਗਾ ਲਾਣੇਦਾਰ ਨੇ ਸਾਂਭਣਾ ਸੀ ਉਹ ਮੇਰੇ ਤੋਂ ਨਹੀਂ ਹੋ ਰਿਹਾ। ਮੇਰੀ ਮਾਂ ਰੋਜ਼ ਪਿਉ ਦੀ ਫੋਟੋ ਫੜ੍ਹ ਕੇ ਰੋਂਦੀ ਏ ਤਾਂ ਮੇਰਾ ਮਰਨ ਹੋ ਜਾਂਦਾ ਕਿ ਸਾਰੀ ਦੁਨੀਆਂ ਦੀ ਖੁਸ਼ੀਆਂ ਮਾਂ ਦੇ ਕਦਮਾਂ 'ਚ ਰੱਖ ਸਕਦਾ ਪਰ ਉਸਦੇ ਹਮਸਾਏ ਨੂੰ ਰੱਬ ਤੋਂ ਕਿਵੇਂ ਖੋਹ ਲਿਆਵਾਂ...। ਵੈਟੀਲੇਟਰ ਦਾ ਨਾਂ ਸੁਣ ਕੇ ਹੀ ਘਬਰਾਹਟ ਹੁੰਦੀ ਏ, ਬਾਪੂ ਤੜਫ਼ਦਾ ਦੇਖਿਆ ਸੀ .. ਮੈਂ ਕਿੰਨੀਆਂ ਚੀਜ਼ਾਂ ਤੋਂ ਭੱਜ ਰਿਹਾ ਹਾਂ। ਯਾਦ ਏ ਜਦ ਸਾਲ ਕੁ ਪਹਿਲਾਂ ਜਾਪ ਹੋਇਆ ਸੀ ਤਾਂ ਮੈਂ ਤੇਰੇ ਵਾਰ-ਵਾਰ ਕਹਿਣ 'ਤੇ ਹਸਪਤਾਲ ਵੀ ਵੇਖਣ ਨਹੀਂ ਸੀ ਆਇਆ ਤੇ ਤੂੰ ਕਿੰਨਾ ਗੁੱਸੇ
ਹੋਈ ਸੀ ਕਿ ਕਿਹੋ ਜਿਹਾ ਪਿਉ ਏ, ਜਵਾਕ ਦੇਖਣ ਨਹੀਂ ਆਇਆ। ਪਰ ਪਤਾ ਉਹ ਉਹੀ ਹਸਪਤਾਲ ਏ ਜਿੱਥੇ ਮੇਰੇ ਪਿਉ ਨੇ ਅਖੀਰਲਾ ਸਾਹ ਲਿਆ ਸੀ। ਮੈਂ ਉਸ ਹਸਪਤਾਲ ਦੇ ਮੂਹਰਦੀ ਵੀ ਨਹੀਂ ਲੰਘਦਾ ਤੇ ਕਿਤੇ ਜਾਣ ਲਈ ਵਲ ਪਾ ਕੇ ਹੋਰ ਰਸਤੇ ਗੱਡੀ ਪਾ ਲੈਂਦਾ ਹਾਂ। ਪਤਾ ਏ ਕਿ ਮੈਂ ਜ਼ਿੰਮੇਵਾਰੀਆਂ ਤੋਂ ਭੱਜ ਰਿਹਾ ਪਰ ਕੀ ਕਰਾਂ ਮੇਰਾ ਜੇਰਾ ਥੋੜ੍ਹਾ। ਤੇਰੇ ਨਾਲ ਰਹਿੰਦਿਆਂ ਮੈਨੂੰ ਦੋ ਸਾਲ ਹੋ ਗਏ ਪਰ ਮੈਂ ਤੈਨੂੰ ਚਾਹੁੰਦੇ ਹੋਏ ਵੀ ਜਨਮ-ਦਿਨ ਮੁਬਾਰਕ ਨਹੀਂ ਕਰ ਸਕਦਾ। ਮੈਨੂੰ ਮੁਆਫ਼ ਕਰ ਦੇਵੀ। ਤੂੰ ਬਹੁਤ ਪਿਆਰੀ ਏਂ ਤੇ ਮੈਂ ਤੇਰੇ ਨਾਲ ਹਾਂ ਹਮੇਸ਼ਾ... ਨਾਲ ਹੀ ਰਹਾਂਗਾ। ਡਾਇਰੀ ਦੇ ਪੰਜ ਪੇਜ ਉਹਨੇ ਯਕਦਮ ਪੜ੍ਹ ਲਏ ਤੇ ਅੱਖਾਂ 'ਚ ਅੱਥਰੂ ਆ ਗਏ। ਜਨਮ-ਦਿਨ ਨਾ ਮੁਬਾਰਕ ਕਰਨ ਦਾ ਸਾਰਾ ਗੁੱਸਾ ਲਹਿ ਗਿਆ। ਉਹ ਖੇਤੋਂ ਆਇਆ ਤੇ ਉਹਨੇ ਬਿਨਾਂ ਕੋਈ ਸਵਾਲ ਕੀਤੇ ਮੁਸਕਰਾ ਕੇ ਉਸਨੂੰ ਪਾਣੀ ਦਾ ਗਲਾਸ ਫੜ੍ਹਾ ਦਿੱਤਾ। ਸਾਰੀ ਕੁੜੱਤਣ ਨੂੰ ਡਾਇਰੀ ਦੇ ਸ਼ਬਦਾਂ ਨੇ ਪੀ ਲਿਆ ਸੀ।
ਉਨਾਭੀ ਕੋਟੀ
ਰੋਜ਼ ਲੱਗਣਾ ਕਿ ਬਾਪੂ ਮਾਂ ਬਿਨਾਂ ਰੋਜ਼ ਭੁਰ ਰਿਹਾ ਏ। ਕਦੇ ਚਿੱਤ ਕਰਦਾ ਸੀ, ਕਿ ਝੂਠਾ ਜਿਹਾ ਹੀ ਆਖ ਦੇਵਾਂ ਕਿ ਉਹ ਮੁੜ ਆਊਗੀ, ਦਿਲ ਹੌਲਾ ਨਾ ਕਰ ਬਾਬਲਾ। ਮਨ ਨੇ ਉਦੋਂ ਹੀ ਆਖਣਾ ਕਿ ਉੱਥੋਂ ਗਿਆ ਕੌਣ ਬਹੁੜਦਾ, ਝੂਠੇ ਦਿਲਾਸੇ ਕਿਉਂ ਦੇਣੇ। ਆਖ ਦੇਵਾਂ ਕਿ ਹੋਰ ਵਿਆਹ ਕਰਾ ਲਵੇ, ਮਨਾ ਲਵਾਂ ਬਾਪੂ ਨੂੰ ਕਿ ਰੋਟੀ ਪੱਕਦੀ ਹੋਜੂ। ਕੋਈ ਦੁੱਖ ਸੁੱਖ ਸੁਣਨ ਵਾਲਾ ਆਜੂ.. ਪਰ ਨਹੀਂ ਮੰਨਣਾ ਬਾਪੂ ਨੇ। ਲੋਕ ਵੀ ਤਾਂ ਛੱਤੀ ਗੱਲਾਂ ਕਰਨਗੇ ਕਿ ਬੁੱਢੇ ਬਾਰੇ ਝੱਖ ਮਾਰਦਾ ਫਿਰਦਾ। ਇਕੱਲਿਆਂ ਰਹੂ ਵੀ ਕਿਵੇਂ। ਮੈਂ ਮਨ 'ਚ ਬੁਣਤੀਆਂ ਬੁਣ ਬੁਣ ਉਧੇੜਦੀ ਰਹੀ।
ਐਨੇ ਨੂੰ ਬਾਪੂ ਅੰਦਰੋਂ ਆਇਆ ਤੇ ਹੱਥ ਚ ਮਾਂ ਦੀ ਬੁਣੀ ਉਨਾਭੀ ਰੰਗ ਦੀ ਕੋਟੀ ਸੀ। ਬਾਪੂ ਨੇ ਕੋਟੀ ਮੈਨੂੰ ਫੜਾਉਂਦੇ ਕਿਹਾ ਕਿ ਸਿਉਣ ਵੱਲੋਂ ਹੀ ਪਈ ਏ, ਤੇਰੀ ਮਾਂ ਨੇ ਬੁਣ ਤਾਂ ਦਿੱਤੀ ਸੀ ਪਰ ਸਿਉਣ ਵੱਲੋਂ ਰਹਿ ਗਈ ਸੀ। ਸਿਉਂ ਦੇਵੀਂ, ਰੀਲ ਐਥੇ ਉਹਦੀ ਮਸ਼ੀਨ ਚ ਹੋਣੀ ਏ।
ਮੈਂ ਕੋਟੀ ਫੜ੍ਹ ਕੇ ਦਵਾਦਵ ਮਸ਼ੀਨ ਵੱਲ ਗਈ ਤੇ ਪੰਨੇ ਚੜ੍ਹੇ ਵਾਲੀ ਉਨਾਭੀ ਰੀਲ ਡੱਬੀ 'ਚ ਪਈ ਸੀ। ਸ਼ਾਇਦ ਮਾਂ ਨੇ ਕੋਟੀ ਲਈ ਹੀ ਮੰਗਾਈ ਹੋਣੀ ਆ। ਮੈਂ ਅੱਖਾਂ ਭਰ ਕੇ ਮਾਂ ਨੂੰ ਯਾਦ ਕਰਦੀ ਨੇ ਮਸ਼ੀਨ ਦੀ ਸੂਈ 'ਚ ਧਾਗਾ ਪਾਇਆ ਤਾਂ ਦੇਖਿਆ ਬਾਪੂ ਸਿਰ 'ਤੇ ਖੜ੍ਹਾ ਸੀ ਤੇ ਮੇਰੇ ਚਿਹਰੇ ਵੱਲ ਵੇਖਦੇ ਬਾਪੂ ਨੇ ਆਵਦੇ ਅੱਥਰੂ ਲਕੋਂਦੇ ਨੇ ਕਿਹਾ, 'ਕਮਲੀਏ, ਫਿਰਕੀ ਤਾਂ ਭਰਲਾ.. " ਮੈਂ ਆਸ ਪਾਸ ਕੋਈ ਪੈੱਨ ਲੱਭਣ ਲੱਗੀ ਕਿ ਫਿਰਕੀ ਭਰ ਸਕਾਂ। ਬਾਪੂ ਅੰਦਰ ਗਿਆ ਤੇ ਸਿਰ 'ਤੇ ਲਾਉਣ ਵਾਲੀ ਮਾਂ ਦੀ ਸੂਈ ਚੁੱਕ ਲਿਆਇਆ ਤੇ ਮੇਰੇ ਹੱਥੋਂ ਫਿਰਕੀ ਫੜ੍ਹਦੇ ਬਾਪੂ ਨੇ ਕਿਹਾ, "ਤੇਰੀ ਮਾਂ ਏਹਦੇ ਨਾਲ ਫਿਰਕੀ ਭਰਦੀ ਹੁੰਦੀ ਸੀ .." ਰੀਲ ਮਸ਼ੀਨ ਤੋਂ' ਲਾਹ ਫਿਰਕੀ 'ਤੇ ਦਸ ਕੁ ਵਲਗਣੇ ਮਾਰ ਬਾਪੂ ਨੇ ਸੂਈ 'ਚ ਫਿਰਕੀ ਪਾ ਸੂਈ ਨੂੰ ਦੋਨਾਂ ਸਿਰਿਆਂ ਤੋਂ ਫੜ੍ਹ ਮੈਨੂੰ ਮਸ਼ੀਨ ਘੁਮਾਉਣ ਨੂੰ ਕਿਹਾ। ਕੁਛ ਕੁ ਸਕਿੰਟਾਂ 'ਚ ਫਿਰਕੀ ਭਰੀ ਗਈ ਤੇ ਮੈਂ ਕੋਟੀ ਸਿਉਂ ਦਿੱਤੀ।
ਬਾਪੂ ਨੇ ਜਦੇ ਹੀ ਕੋਟੀ ਫੜ੍ਹ ਕੇ ਪਾ ਲਈ ਤੇ ਸ਼ੀਸ਼ੇ ਮੂਹਰੇ ਖੜ੍ਹ ਆਵਦਾ ਆਪ ਦੇਖਦੇ ਹੋਏ ਬੋਲਣ ਲੱਗਾ, 'ਦੇਖ ਲੈ ਛਿੰਦੀਏ, ਪੂਰੀ ਮੇਚ ਆ ਗਈ ... ਰੰਗ ਵੀ ਵਾਹਵਾ
ਜੱਚਦਾ ਮੇਰੇ 'ਤੇ ..." ਮੈਂ' ਮਾਂ ਦਾ ਨਾਂ ਸੁਣ ਆਸ-ਪਾਸ ਦੇਖਣ ਲੱਗੀ ਪਰ ਕੋਈ ਨਹੀਂ ਸੀ ਉੱਥੇ। ਬਾਪੂ ਕੋਟੀ ਪਾ ਠੁਮਕਦਾ-ਠੁਮਕਦਾ ਏਹ ਕਹਿ ਕੇ ਬਾਹਰ ਨੂੰ ਚਲਿਆ ਗਿਆ ਕਿ ਅੱਜ ਮੇਰੇ ਜੁਆਈ ਨੇ ਆਉਣਾ, ਠੰਡਾ ਫੜ੍ਹ ਕੇ ਲਿਆਉਣਾ... ਹੋਰ ਕੁਛ ਲਿਆਉਣਾ ਤਾਂ ਫੋਨ ਕਰਦੀ ਧੀਏ। ਮੈਨੂੰ ਮਹਿਸੂਸ ਹੋਇਆ ਕਿ ਬਾਪੂ ਇਕੱਲਾ ਨਹੀਂ ਏ, ਮਾਂ ਦੀ ਹੋਂਦ ਉਸਦੇ ਨਾਲ ਏ, ਚੀਜ਼ਾਂ 'ਚ ਉਹਦੀਆਂ ਯਾਦਾਂ 'ਚ। ਉਹ ਜੀਅ ਲਵੇਗਾ, ਕੋਟੀ ਨਾਲ ਸੂਈ ਨਾਲ ਤੇ ਉਸਦੀ ਹਰ ਇੱਕ ਚੀਜ਼ ਨਾਲ। ਮੈਂ ਬੇਫ਼ਿਕਰ ਹੋ ਆਵਦੇ ਸਹੁਰੇ ਘਰ ਮੁੜਨ ਲਈ ਨਹਾਉਣ ਲੱਗੀ।
ਢਿੱਡ 'ਚ ਦੁੱਖ
ਨਾਨਕੀ ਜਾਣਾ ਤਾਂ ਬੀਬੀ ਨੂੰ ਚਾਅ ਚੜ੍ਹ ਜਾਣਾ ਕਿ ਮੇਰੀ ਧੀ ਤੇ ਦੋਹਤੇ ਦੋਹਤੀਆਂ ਆਏ ਨੇ। ਕਦੇ ਸਾਡੇ ਜਾਣ ਤੋਂ ਪਹਿਲਾਂ ਹੀ ਖੋਆ ਮਾਰ ਕੇ ਰੱਖ ਲੈਂਦੀ ਜਾ ਗਜਰੇਲਾ ਬਣਾ ਕੇ ਰੱਖ ਦਿੰਦੀ। ਕਦੇ ਗਿਆਂ ਤੋਂ ਤੱਤਾ-ਤੱਤਾ ਸੂਜੀ ਦਾ ਪ੍ਰਸ਼ਾਦ ਰੀਝ ਨਾਲ ਬਣਾ ਕੇ ਖਵਾਉਂਦੀ। ਕਦੇ ਮੀਸਨੇ ਹਲਵਾਈ ਤੋਂ ਤੱਤੀਆਂ-ਤੱਤੀਆਂ ਜਲੇਬੀਆਂ ਖਵਾਉਂਦੀ। ਯਾਦ ਆ ਕੇਰਾਂ ਬੀਬੀ ਨੇ ਸਾਡੇ ਗਿਆਂ ਤੋਂ ਨਿਰਾ ਖੋਆ ਕੱਢਿਆ ਤੇ ਬੀਬੀ ਨੇ ਮਨ੍ਹਾਂ ਕਰਦੇ ਕਰਦੇ ਤੱਤਾ-ਤੱਤਾ ਕੌਲੀ ਭਰ ਕੇ ਖੋਆ ਖਵਾ ਦਿੱਤਾ ਕਿ ਕਿਵੇਂ ਜਾਬੜਾਂ ਨਿਕਲੀਆਂ ਪਈਆਂ, ਭੋਰਾ ਤਾਕਤ ਵਾਲੀਆਂ ਚੀਜ਼ਾਂ ਵੀ ਖਾਇਆ ਕਰ। ਬਾਅਦ 'ਚ ਉਹ ਹਜਮ ਨਾ ਹੋਵੇ, ਕਦੇ ਲੇਟੇ ਮਾਰਾਂ, ਕਦੇ ਵਾਰ-ਵਾਰ ਤੁਰਾਂ ਕਿ ਹਜ਼ਮ ਹੋ ਜੇ। ਉਹ ਦਿਨ ਕਦੇ ਨਹੀਂ ਭੁੱਲਦੇ। ਪਿੰਡੋਂ ਵਾਪਸ ਆਉਣ ਲੱਗੇ ਬੀਬੀ ਬਾਈ ਨੂੰ ਆਖਦੀ ਕਿ ਜਾ ਹੱਟਿਉਂ ਜਵਾਕਾਂ ਨੂੰ ਖਾਣ ਪੀਣ ਦਾ ਸਮਾਨ ਲਿਆ ਦੇ। ਬਾਈ ਨੇ ਝੋਲਾ ਭਰ ਕੇ ਸਮਾਨ ਲਿਆ ਦੇਣਾ। ਬੀਬੀ ਹਰ ਵਾਰ ਘਰੋਂ ਸੇਵੀਆਂ, ਘਰਦੇ ਕੱਢੇ ਬਿਸਕੁਟ ਪੀਪੇ 'ਚ ਪਾ ਦਿੰਦੀ। ਮੈਂ ਮਨ੍ਹਾ ਕਰਦੀ ਤਾਂ ਆਖਦੀ ਕਿ ਜਵਾਕਾਂ ਨੂੰ ਤਰਸੇਵਾ ਰਹਿੰਦਾ, ਆਹੀ ਉਮਰ ਆ ਖਾਣ ਪੀਣ ਦੀ। ਕਦੇ ਕਦੇ ਘਰ ਦਾ ਦੇਸੀ ਘਿਉ ਪੀਪੀ ਚ ਪਾ ਦਿੰਦੀ ਤੇ ਕਹਿੰਦੀ ਕਿ ਜੇ ਹੋਰ ਲੋੜ ਹੋਈ ਤਾਂ ਦੱਸ ਦੀ, ਤੇਰਾ ਬਾਈ ਫੜ੍ਹਾ ਜਾਊ। ਸੂਟ ਦੇ ਪੈਸੇ ਬਾਪੂ ਤੋਂ ਚੋਰਿਉਂ ਵੱਧ ਦੇ ਦਿੰਦੀ ਤੇ ਫਿਰ ਟਰੰਕ ਖੋਲ੍ਹ ਕੇ ਆਖਦੀ ਕਿ ਜੋ ਮਰਜ਼ੀ ਸੂਟ ਚੱਕ ਲਾ,ਇਹ ਸਵਾ ਲੀ ਤੇ ਸੂਟ ਨਾ ਬਣਾਵੀ ਤੇ ਜੋ ਪੈਸੇ ਹਨ ਏਹ ਜੋੜ ਲੀ... । ਬੀਬੀ ਨੂੰ ਪਤਾ ਸੀ, ਮੇਰੀ ਸੱਸ ਸਾਨੂੰ ਕੁਛ ਨਹੀਂ ਦਿੰਦੀ। ਜਵਾਕ ਖਾਣ ਪੀਣ ਨੂੰ ਤਰਸਦੇ ਨੇ। ਕੇਰਾਂ ਬੀਬੀ ਸਾਡੇ ਪਿੰਡ ਆਈ ਸੀ ਤੇ ਚਾਹ ਬਣਾਈ ਤੇ ਮੇਰੀ ਨਿੱਕੀ ਕੁੜੀ ਵਾਰ-ਵਾਰ ਕਹਿ ਰਹੀ ਸੀ ਕਿ ਚਾਹ ਪੀਣੀ ਏ। ਮੇਰੀ ਜੁੱਅਰਤ ਨਹੀਂ ਸੀ ਕਿ ਆਵਦੀ ਧੀ ਨੂੰ ਚਾਹ ਬਣਾ ਕੇ ਦੇ ਦੇਵਾਂ। ਮੇਰੀ ਸੱਸ ਨੇ ਆਵਦੀ ਚਾਹ 'ਚੋਂ ਥੋੜੀ ਜੇਹੀ ਚਾਹ ਕੌਲੀ ‘ਚ ਪਾ ਕੇ ਠੰਡਾ ਪਾਣੀ 'ਚ ਪਾ ਦਿੱਤਾ ਤੇ ਮੇਰੀ ਕੁੜੀ ਨੇ ਉਹ ਪਾਣੀ-ਧਾਣੀ ਚਾਹ ਸਮਝ ਕੇ ਪੀ ਲਿਆ। ਬੀਬੀ ਇਹ ਸਭ ਦੇਖ ਕੇ ਅੱਖਾਂ ਭਰ ਆਈ। ਬਥੇਰੀ ਜ਼ਮੀਨ ਜਾਇਦਾਦ ਸੀ ਪਰ ਹੱਥ ਵੱਸ ਮੇਰੀ ਸੱਸ ਦੇ ਸੀ। ਚਲੋਂ ਸਮਾਂ ਚੰਗਾ-ਮਾੜਾ ਲੰਘ ਗਿਆ।
ਮੇਰੇ ਪੇਕੇ ਸਾਰੇ ਕੈਨੇਡਾ ਚਲੇ ਗਏ। ਬੀਬੀ ਵੀ ਚਲੀ ਗਈ। ਇੰਝ ਹੀ ਕਿੰਨੇ ਸਾਲ ਗੁਜ਼ਰਦੇ ਗਏ। ਬੀਬੀ ਦੇ ਉੱਧਰ ਰੀੜ੍ਹ ਦੀ ਹੱਡੀ 'ਤੇ ਸੱਟ ਵੱਜ ਗਈ ਜਿਸ ਕਰਕੇ ਬੀਬੀ ਤੁਰਨੋਂ ਫਿਰਨੋ ਰਹਿ ਗਈ। ਬੀਬੀ ਨੂੰ ਓਲਡ ਏਜ ਹੋਮ 'ਚ ਭੇਜ ਦਿੱਤਾ। ਨਰਸਾਂ ਦੇਖ ਭਾਲ ਕਰਦੀਆਂ। ਬੀਬੀ ਹੁਣ ਅੱਧੀ ਰਹਿ ਗਈ ਸੀ। ਬਹੁਤ ਗੱਲਾਂ ਭੁੱਲਣ ਲੱਗ ਗਈ ਸੀ।
ਬੀਬੀ ਨੂੰ ਮਿਲਣ ਲਈ ਮੇਰਾ ਵਿਜ਼ਟਰ ਵੀਜਾ ਲੱਗ ਗਿਆ। ਬੀਬੀ ਨੂੰ ਰੋਜ਼ ਵਾਂਗ ਮਿਲਣ ਜਾਂਦੀ। ਚਿੱਤ ਤਾਂ ਭਰਦਾ ਪਰ ਬੀਬੀ ਨੂੰ ਹੌਂਸਲਾ ਦੇਣ ਲਈ ਕਦੇ ਅੱਖੋਂ ਹੰਝੂ ਨਾ ਕੇਰਿਆ। ਰੂਮ 'ਚ ਬਾਹਰ ਆਉਂਦੇ ਹੀ ਧਾਹ ਨਿਕਲ ਜਾਣੀ। ਪੰਦਰਾਂ ਦਿਨ ਰਹਿਣ ਤੋਂ ਬਾਅਦ ਮੈਂ ਇੰਡੀਆ ਮੁੜਨਾ ਸੀ। ਉਸ ਦਿਨ ਬੀਬੀ ਇੱਕ ਰਾਤ ਲਈ ਘਰ ਲੈ ਕੇ ਆਏ। ਬੀਬੀ ਨੇ ਉਹ ਰਾਤ ਕੋਈ ਖਾਸ ਗੱਲ ਨਹੀਂ ਕੀਤੀ ਪਰ ਰਾਤ ਨੂੰ ਹਾਏ ਹਾਏ ਦੀ ਅਵਾਜ਼ ਸੁਣ ਮੈਂ ਕੰਬਲ 'ਚ ਮੂੰਹ ਕਰਕੇ ਰੋਂਦੀ ਰਹੀ। ਅਗਲੇ ਦਿਨ ਮੈਂ, ਬਾਈ ਤੇ ਭਰਜਾਈ ਏਅਰਪੋਰਟ ਜਾਣ ਨੂੰ ਤਿਆਰ ਹੋ ਗਏ। ਬੀਬੀ ਨੇ ਮੇਰੀ ਭਰਜਾਈ ਨੂੰ ਕੋਲ ਬੁਲਾ ਥਿੜਕਵੀਂ ਜੇਹੀ ਆਵਾਜ਼ 'ਚ ਕਿਹਾ ਕਿ ਗੁੱਡੀ ਨੂੰ ਬਿਸਕੁਟਾਂ ਦੇ 7-8 ਪੈਕਟ ਦੇ ਦਿਉ, ਜਵਾਕ ਖਾ ਲੈਣਗੇ। ਅਖਰੋਟ, ਬਾਦਾਮ ਵੀ ਪਾ ਦਿਉ ਵਾਧੂ ਆ ਇੱਥੇ ਤਾਂ। ਬੀਬੀ ਦੀ ਗੱਲ ਮੇਰੀਆਂ ਅੱਖਾਂ ਭਰ ਆਈਆਂ। ਬੀਬੀ ਹਾਲੇ ਵੀ ਪਿਛਲੇ ਵੇਲੇ 'ਚ ਫਿਰਦੀ ਸੀ। ਕਿਵੇਂ ਸਮਝਾਉਂਦੀ ਉਹਨੂੰ ਕਿ ਸੱਸ ਮੰਜੇ 'ਤੇ ਏ ਤੇ ਹੁਣ ਘਰ 'ਚ ਸਾਰਾ ਸਮਾਨ ਵਾਧੂ ਰੁਲਦਾ ਏ। ਜਵਾਕ ਵੱਡੇ ਹੋ ਗਏ ਨੇ ਤੇ ਚੀਜ਼ੀਆਂ ਦੀ ਜ਼ਿੱਦ ਨਹੀਂ ਕਰਦੇ। ਮਨਮਰਜ਼ੀ ਦੇ ਲੀੜੇ ਲੱਤੇ ਪਾਉਂਦੇ ਹਨ। ਮੇਰੀ ਭਰਜਾਈ ਬੀਬੀ ਦੇ ਆਖੇ ਸਮਾਨ ਲੈਣ ਲਈ ਰਸੋਈ 'ਚ ਗਈ। ਮੈਂ ਉਹਨੂੰ ਰੋਕ ਦਿੱਤਾ ਕਿ ਵੇਟ ਜ਼ਿਆਦਾ ਹੋ ਜਾਣਾ। ਬੀਬੀ ਨੂੰ ਊਈਂ ਕਹਿ ਦੇਣਾ ਕਿ ਦੇ ਦਿੱਤਾ ਸੀ ਸਾਰਾ ਸਮਾਨ। ਬੀਬੀ ਕੋਲ ਆਈ ਤਾਂ ਉਹ ਅੱਖਾਂ ਭਰੀ ਬੈਠੀ ਸੀ। ਉਹ ਆਪਣੇ ਹੱਥੀਂ ਮੈਨੂੰ ਭਰ ਕੇ ਤੋਰਨਾ ਚਾਹੁੰਦੀ ਸੀ ਪਰ ਬੀਬੀ ਨੂੰ ਕਿਵੇਂ ਦੱਸਦੀ ਕਿ ਮਾਂ, ਮੇਰਾ ਘਰ ਸਮਾਨ ਨਾਲ ਭਰਿਆ ਪਿਆ ਤੇ ਜੇ ਕੁਛ ਊਣਾ ਹੈ ਉਹ ਮੇਰਾ ਦਿਲ ਏ ਜੋ ਤੇਰੇ ਤੋਂ ਬਿਨਾਂ ਊਣਾ ਏ। ਦਿਲ 'ਤੇ ਬਾਹਲਾ ਸਾਰਾ ਭਾਰ ਲੈ ਕੇ ਮੈਂ ਬੀਬੀ ਤੋਂ ਵਿਦਾ ਲਈ। ਮੇਰੇ ਇੰਡੀਆ ਆਉਣ ਤੋਂ ਪੰਦਰਾਂ ਦਿਨ ਬਾਅਦ ਹੀ ਬੀਬੀ ਪੂਰੀ ਹੋ ਗਈ। ਮੇਰੇ ਕੜਮੀ ਤੋਂ ਸੰਸਕਾਰ 'ਤੇ ਵੀ ਨਾ ਬਹੁੜਿਆ ਕਿਉਂਕਿ ਜਿਸ ਦਿਨ ਬੀਬੀ ਦਾ ਸੰਸਕਾਰ ਕਰਨਾ ਸੀ ਉਸੇ ਦਿਨ ਮੇਰੀ ਸੱਸ ਦੇ ਫੁੱਲ ਚੁਗਣੇ ਸਨ। ਪਤਾ ਨਹੀਂ ਕੀ-ਕੀ ਦੁੱਖ ਢਿੱਡ 'ਚ ਲੈ ਕੇ ਤੁਰ ਗਈ।
ਅਗਾਂਹ ਵਾਲੇ
'ਬੀਬੀ ਧੀ ਬਣ ਕੇ ਰਹੀਦਾ, ਬਾਹਰ ਜਾਣਾ ਤਾਂ ਸਿਰ ਤੇ ਚੁੰਨੀ ਹੋਵੇ.. ਢੱਕ ਕੇ ਰੱਖੀਦਾ ਪੁੱਤ ਆਵਦਾ ਆਪ। ਨਹੀਂ ਤਾਂ ਲੋਕੀਂ ਸੌ-ਸੌ ਗੱਲਾਂ ਕਰਦੇ ਆ ਕਿ ਫਲਾਣੇ ਦੀ ਕੁੜੀ ਨੂੰ ਭੋਰਾ ਸ਼ਰਮ ਨੀ, ਸਿਰ ਤਾਂ ਕੀ ਢੱਕਣਾ ਚੁੰਨੀ ਵੀ ਨਹੀਂ ਲੈਂਦੀ। ਨਾਲੇ ਉਂਝ ਵੀ ਸਿੱਖਾਂ ਦੀਆਂ ਕੁੜੀਆਂ ਸਿਰ ਢੱਕ ਕੇ ਰਹਿੰਦੀਆਂ।" ਮਾਂ ਨੇ ਧੀ ਦੇ ਸਿਰ 'ਤੇ ਤੇਲ ਝੱਸਦੀ ਨੇ ਸਮਝਾਇਆ। ਐਨੇ ਨੂੰ ਉਸਦਾ ਭਰਾ ਬਾਹਰੋਂ ਆਇਆ। ਉਹਨੇ ਵੀਰੇ ਵੱਲ ਇਸ਼ਾਰਾ ਕਰਦੇ ਕਿਹਾ, "ਵੀਰਾ ਤਾਂ ਲੱਤਾਂ ਢੱਕ ਕੇ ਬਾਹਰ ਨਹੀਂ ਜਾਂਦਾ, ਸਾਰਾ ਦਿਨ ਨਿੱਕਰ ਸ਼ਰਟ 'ਚ ਘੁੰਮਦਾ, ਲੋਕ ਏਹਦੇ ਬਾਹਰੋਂ ਵੀ ਗੱਲਾਂ ਕਰਦੇ ਹੋਣਗੇ ਮਾਂ.. ।"
ਉਹਦੀ ਮਾਂ ਨੇ ਉਸਦੇ ਮੋਢੇ ਤੇ ਪੋਲਾ ਜਾ ਮਾਰਦੇ ਕਿਹਾ, "ਬੰਦਿਆਂ ਦਾ ਕੀ ਆ, ਬੰਦੇ ਤਾਂ ਸੌ ਕੁਛ ਕਰਦੇ ਆ ਬਾਹਰ..।
ਉਹਨੇ ਮੱਥੇ ਤਿਉੜੀਆਂ ਪਾ ਮਾਂ ਵੱਲ ਝਾਕਦੇ ਕਿਹਾ, 'ਫਿਰ ਮੈਨੂੰ ਪਜਾਮੀ ਕਿਉਂ ਨਹੀਂ ਪਾਉਣ ਦਿੰਦਾ ਬਾਪੂ, ਉਹ ਤਾਂ ਸਾਰਾ ਸਰੀਰ ਢੱਕਦੀ ਏ।"
ਮਾਂ ਨੇ ਉਸਦੇ ਸਵਾਲਾਂ ਤੋਂ ਦੁਖੀ ਹੋਈ ਨੇ ਜਵਾਬ ਦਿੱਤਾ, 'ਤੇਰਾ ਬਾਪੂ ਕਹਿੰਦਾ ਕਿ ਨਾਚਾਰਾਂ ਦੇ ਪਾਈਆਂ ਹੁੰਦੀਆਂ...।
ਉਹਨੇ ਮਾਂ ਤੋਂ ਕੰਘਾ ਫੜ੍ਹਦੀ ਨੇ ਕਿਹਾ, 'ਜਦ ਆਪਾਂ ਨਾਨਕੀ ਛੱਕ ਭਾਗਸਰ ਗਏ ਸੀ ਤਾਂ ਡੀ.ਜੇ ਤੇ ਨੱਚਦੀ ਪਜਾਮੀ ਵਾਲੀ ਕੁੜੀ ਤੋਂ ਬਾਪੂ ਨੇ ਸ਼ਰਾਬ ਪੀ ਕੇ ਕਿੰਨੇ ਪੈਸੇ ਸੁੱਟ ਦਿੱਤੇ ਸੀ ਤੇ ਕੁੜੀ ਨੇ ਵਾਰ-ਵਾਰ ਅਨਾਊਸਮੈਂਟ ਵੀ ਕਰਾਈ ਸੀ ਕਿ ਸ਼ਰਾਬ ਪੀ ਕੇ ਸਟੇਜ 'ਤੇ ਨਾ ਚੜ੍ਹੋ... ਬਾਪੂ ਕਾਹਤੋਂ ਜਿੱਦ ਕਰਦੇ ਸੀ ਸਟੇਜ 'ਤੇ ਚੜ੍ਹਨ ਦੀ... ਸਿੱਖੀ ਚ ਇਹ ਕੁਛ ਕਦੋਂ ਲਿਖਿਆ...?
ਮਾਂ ਨੇ ਮੰਜੇ ਤੋਂ ਉੱਠਦੀ ਨੇ ਉਸਦੀ ਗੱਲ ਇੱਕ ਲਾਈਨ 'ਚ ਨਬੇੜ ਦਿੱਤੀ, “ਬਿਗਾਨੇ ਘਰ ਜਾ ਕੁਛ ਮਰਜੀ ਕਰਲੀ.. ਇੱਥੇ ਤੈਨੂੰ ਤੇਰੇ ਬਾਪ ਦੀ ਮੰਨਣੀ ਪਊ..।" ਉਹਨੇ ਗੁੱਤ 'ਤੇ ਰਬੜ ਪਾਉਂਦੀ ਨੇ ਚੌਂਤਰੇ ਵੱਲ ਚਾਹ ਧਰਨ ਜਾਂਦੀ ਮਾਂ ਨੂੰ ਕਿਹਾ, “ਅਗਾਂਹ ਵਾਲੇ ਵੀ ਐਂਵੇ ਹੀ ਹੋਏ... ਫੇਰ ?" ਮਾਂ ਕੋਲ ਕੋਈ ਜਵਾਬ ਨਹੀਂ ਸੀ ਤੇ ਉਹ ਗੱਲ ਅਣਸੁਣੀ ਕਰ ਚਾਹ ਬਣਾਉਣ ਲੱਗ ਪਈ। ਸ਼ਾਇਦ ਮਾਂ ਅੰਦਰ ਆਵਦੇ ਅਗਾਂਹ ਵਾਲਿਆਂ ਦਾ ਡਰ ਬੈਠਿਆ ਹੋਇਆ ਸੀ।
ਸੱਤਰਵਾਂ ਵਰ੍ਹਾ
ਮੈਂ ਹਰ ਦਮ ਉਹਦਾ ਹੱਥ ਫੜਨਾ ਲੋਚਦਾ ਤੇ ਜਦੋਂ ਵੀ ਕਦੇ ਉਹ ਸੁਰਮਈ ਰੰਗ ਦਾ ਸੂਟ ਪਾਉਂਦੀ ਤਾਂ ਮੇਰਾ ਦਿਲ ਕਰਦਾ ਕਿ ਉਹਨੂੰ ਸ਼ੀਸ਼ੇ ਮੂਹਰੇ ਲਿਜਾ ਕੇ ਕਹਾਂ, “ਦੇਖ ਸੱਤਰਵੇਂ ਵਰ੍ਹੇ 'ਚ ਤੇਰੇ 'ਤੇ ਕਿੰਨਾ ਰੂਪ ਏ ਤੇ ਵਾਲ ਵੀ ਸੂਟ ਨਾਲ ਮੈਚ ਹੋ ਗਏ... ਅੰਗਰੇਜ਼ਣਾਂ ਨੂੰ ਮਾਤ ਪਾਉਣੀ ਏ.." ਪਰ ਕਹਿ ਨਹੀਂ ਸਕਦਾ ... ਪੁੱਤ-ਪੋਤੇ ਕੀ ਕਹਿਣਗੇ ਕਿ ਬੁੱਢੇ ਹੋ ਕਿ ਆਸ਼ਕੀਆਂ ਕਰਦੇ ਆ ਬੁੱਢਾ ਬੁੱਢੀ...।
ਓਹ ਕਮਲੀ ਤਾਂ ਹੁਣ ਪੱਗ ਦੀ ਪੂਣੀ ਵੀ ਨਹੀਂ ਕਰਾ ਸਕਦੀ। ਅਧਰੰਗ ਕਰਕੇ ਹੱਥ ਕੰਬਣ ਲੱਗ ਗਿਆ ਏ। ਮੇਰਾ ਦਿਲ ਕਰਦਾ ਕਿ ਅਸੀਂ ਵੀ ਸਕੂਲ ਵੇਲੇ ਤੇ ਜਵਾਨੀ ਦੀਆਂ ਗੱਲਾਂ ਹੌਲੀ-ਹੌਲੀ ਕਰੀਏ ਪਰ ਹੌਲੀ ਬੋਲਣ ਵਾਲੇ ਦਿਨ ਗੁਜ਼ਰ ਗਏ। ਉਸ ਨੂੰ ਹੁਣ ਉੱਚਾ ਸੁਣਨ ਲੱਗ ਗਿਆ ਤੇ ਕੰਨਾਂ ਵਾਲੀ ਮਸ਼ੀਨ ਤੋਂ ਖਿੱਝ ਕੇ ਕਦੇ ਕਦੇ ਮਸ਼ੀਨ ਵਗਾਹ ਮਾਰਦੀ ਤੇ ਆਖਦੀ, ਸਾਰੀਆਂ ਬਿਮਾਰੀਆਂ ਮੈਨੂੰ ਹੀ ਚਿੰਬੜ ਗਈਆਂ ...।
ਮੇਰਾ ਅਜੇ ਵੀ ਦਿਲ ਕਰਦਾ ਕਿ ਮੈਂ ਘਰਦਿਆਂ ਤੋਂ ਚੋਰੀ ਉਸ ਕਮਲੀ ਲਈ ਰਸਗੁੱਲੇ ਲੈ ਕੇ ਆਵਾਂ ਤੇ ਪਿਛਲੇ ਪੇਟੀਆਂ ਵਾਲੇ ਕਮਰੇ 'ਚ ਉਸਦੇ ਸੰਦੂਕ 'ਚ ਰੱਖ ਦੇਵਾਂ। ਸ਼ਾਮ ਨੂੰ ਜਦ ਵੀ ਉਹ ਸੰਦੂਕ ਖੋਲੇ ਤੇ ਰਸਗੁੱਲੇ ਦੇਖ ਕੇ ਝੱਟ ਸਮਝ ਜਾਵੇ ਕਿ ਮੈਂ ਲੈ ਕੇ ਆਇਆ ਉਸ ਲਈ ਤੇ ਗਲ ਲੱਗ ਜਾਵੇ ਆ ਕੇ ਪਰ ਲਿਆ ਨਹੀਂ ਸਕਦਾ, ਡਾਕਟਰ ਨੇ ਸਭ ਕਾਸੇ ਨੂੰ ਮਨ੍ਹਾਂ ਕੀਤਾ। ਸ਼ੂਗਰ ਵੀ ਚੰਦਰੀ ਬਿਮਾਰੀ ਏ, ਉਹ ਵਿਚਾਰੀ ਕੀ ਕਰੇ, ਕੀ ਖਾਵੇ।
ਬਿਮਾਰ ਰਹਿਣ ਕਰਕੇ ਰਾਤ ਨੂੰ ਉਸਦੀ ਨਿਗਰਾਨੀ ਲਈ ਮੇਰੀ ਪੋਤੀ ਉਸ ਕੋਲ ਪੈਂਦੀ ਏ ਤੇ ਜਦੋਂ ਕਦੇ ਰਾਤ ਨੂੰ ਨੀਂਦ ਨਾ ਆਉਣ ਕਰਕੇ ਤੋੜਾਖੋਈ ਕਰਦੀ ਏ ਤਾਂ ਸੜਕ 'ਤੇ ਬਣੀ ਬੈਠਕ 'ਚ ਮੈਂ ਉਸਤੋਂ ਅਲੱਗ ਪਿਆ ਸੋਚਦਾ ਕਿ ਕਿਧਰੇ ਇਹ ਉਸਦੀ ਆਖਰੀ ਰਾਤ ਨਾ ਹੋਵੇ।
ਕੱਲ੍ਹ ਵੀ ਇੰਝ ਹੀ ਹੋਇਆ। ਉਸਦੇ ਖੰਘਣ ਦੀ ਆਵਾਜ਼ ਆਈ। ਮੈਨੂੰ ਲੱਗਾ ਕਿ ਮੈਨੂੰ ਉਸ ਕੋਲ ਜਾਣਾ ਚਾਹੀਦਾ ਏ। ਓਹਨੂੰ ਲੋੜ ਏ ਮੇਰੀ। ਜੇ ਉਹਨੂੰ ਕੁਛ ਹੋ ਗਿਆ ਮੈਂ ਕੀ ਕਰਾਂਗਾ ਉਸ ਤੋਂ ਬਿਨਾਂ। ਪੀਣ ਦੇ ਬਹਾਨੇ ਮੈਂ ਚੌਂਤਰੇ ਤੋਂ ਹੋ ਕੇ ਉਸਦੇ
ਕਮਰੇ ਵੱਲ ਹੋ ਤੁਰਦਾ ਹਾਂ। ਦੱਥੇ ਜਿਹੇ ਪੈਰਾਂ ਨਾਲ ਬਿਨ੍ਹਾਂ ਖੜਕਾ ਕੀਤੇ ਉਸ ਕੋਲ ਜਾ ਪੱਛਦਾ ਹਾਂ ਕਿ ਪਾਣੀ ਲਿਆਵਾਂ । ਓਹ ਅੱਗੋਂ ਮੇਰਾ ਸਾਥ ਲੋਚਦੀ ਆਖਦੀ ਏ ਕਿ ਲਿਆ ਦੇ ਘੁੱਟ ਕੁ .. ਮੈਂ ਆਪਣੇ ਵਾਲਾ ਪਾਣੀ ਦਾ ਗਿਲਾਸ ਉਸਨੂੰ ਦੇਣ ਉਸਦੇ ਬੈੱਡ ਵੱਲ ਵਧਦਾ ਹਾਂ। ਐਨੇ ਨੂੰ ਪੋਤੀ ਉੱਠ ਕੇ ਆਖਦੀ ਏ, "ਵੱਡੇ ਪਾਪਾ ਤੁਸੀਂ ਪਾਣੀ ਦਾ ਗਿਲਾਸ ਮੈਨੂੰ ਫੜਾ ਦੋ ਮੈਂ ਪਿਆ ਦੇਵਾਂ.. ਬੀਬੀ ਨੇ ਮੈਨੂੰ ਨਹੀਂ ਉਠਾਇਆ ਕਿ ਪਾਣੀ ਪੀਣਾ। "ਪੋਤੀ ਮੇਰੇ ਤੋਂ ਪਾਣੀ ਫੜ੍ਹ ਕੇ ਉਸਨੂੰ ਦੇ ਦਿੰਦੀ ਏ। ਓਹ ਮੇਰੇ ਵੱਲ ਅੱਖਾਂ ਭਰ ਕੇ ਦੇਖਦੀ ਏ ਤੇ ਕਿੰਨਾ ਕੁਛ ਕਹਿ ਜਾਂਦੀ ਏ। ਸੋਚਾਂ 'ਚ ਡੁੱਬਿਆ ਮੈਂ ਕੁੱਝ ਪਲ ਹੋਰ ਉਸ ਕੋਲ ਰੁਕਣਾ ਚਾਹੁੰਦਾ ਸੀ ਪਰ ਪੋਤੀ ਹਲੂਣ ਕੇ ਮੈਨੂੰ ਆਖਦੀ,"ਵੱਡੇ ਪਾਪਾ ਤੁਸੀਂ ਸੌ ਜੋ ਜਾ ਕੇ... ਠੀਕ ਆ ਬੀਬੀ.." ਪਰ ਮੈਨੂੰ ਉਹਦੀਆਂ ਅੱਖਾਂ ਕਹਿ ਰਹੀਆਂ ਸੀ ਕਿ ਰੁਕ ਜੋ ਸਰਦਾਰ ਜੀ।
ਚਾਹ ਕੇ ਵੀ ਨਾ ਰੁਕ ਸਕਿਆ ਤੇ ਬੇਅਰਾਮ ਜਿਹਾ ਹੋਇਆ ਜਾ ਕੇ ਬੈਠਕ 'ਚ ਗੇੜੇ ਕੱਢਣ ਲੱਗ ਗਿਆ ਤੇ ਫਿਰ ਪਾਠ ਗੁਟਕਾ ਸਾਹਿਬ ਚੁੱਕ ਕਰਨ ਲੱਗ ਗਿਆ। ਅੰਦਰ ਸ਼ੋਰ ਜਿਹਾ ਸੀ। ਪਾਠ ਕਰਕੇ ਨੀਂਦ ਆ ਗਈ।
ਸਵੇਰੇ ਅੱਖ ਖੁੱਲ੍ਹੀ ਤਾਂ ਬਾਹਰ ਕਿਸੇ ਦੀ ਰੋਣ ਦੀ ਆਵਾਜ਼ ਆ ਰਹੀ ਸੀ। ਮੱਥਾ ਠਣਕਿਆ, ਬਿਨਾਂ ਸਾਫਾ ਬੰਨੇ ਮੈਂ ਉਸਦੇ ਕਮਰੇ ਵੱਲ ਤੁਰ ਪਿਆ। ਉਹ ਚੁੱਪ ਪਈ ਸੀ ਤੇ ਅੱਖਾਂ ਬੰਦ ਸੀ। ਮੈਂ ਭਰੇ ਮਨ ਨਾਲ ਮਨ ਨੂੰ ਹੀ ਕਿਹਾ, 'ਛੱਡ ਗਈ ਸਾਥ, ਕਾਸ਼ ਰਾਤ ਤੇਰੇ ਕੋਲ ਰਹਿਣ ਦੀ ਜਿੱਦ ਕਰ ਲਈ ਹੁੰਦੀ, ਮੈਂ ਤੇਰੇ ਕੋਲ ਕੁਛ ਪਲ ਰਹਿ ਲੈਂਦਾ। ਕਾਸ਼ ! ਤੂੰ ਆਖ ਦਿੰਦੀ ਕਿ ਰੁਕਜੋ ਮੇਰੇ ਕੋਲ..." ਮੇਰਾ ਕਿੰਨਾ ਕੁਛ ਅੰਦਰ ਹੀ ਦੱਬਿਆ ਰਹਿ ਗਿਆ। ਕਾਸ਼। ਤੇਰਾ ਹੱਥ ਫੜ ਲਿਆ ਹੁੰਦਾ। ਹੁਣ ਮੈਂ ਸੋਚਣਾ ਛੱਡ ਦੇਵਾਂਗਾ ਕੁਝ ਵੀ ਪਰ ਤੇਰੇ ਕਮਰੇ 'ਚੋਂ ਤੇਰੀਆਂ ਆਵਾਜ਼ਾਂ ਰੋਜ਼ ਮੇਰੇ ਕੰਨ ਚੀਰਨਗੀਆਂ।
ਪੀੜ੍ਹ
ਹਾਲੇ ਮੰਜੇ 'ਤੇ ਆਣ ਬੈਠਾ ਹੀ ਸੀ ਕਿ ਉਹ ਪਾਣੀ ਦਾ ਗਿਲਾਸ ਲੈ ਸਿਰਹਾਣੇ ਖੜ੍ਹੀ ਸੀ। ਮੈਂ ਹੈਰਾਨ ਹੁੰਦਾ ਕਿ ਮੇਰੀ ਪਿਆਸ ਦਾ ਬਿਨ੍ਹਾਂ ਬੋਲੇ ਕਿਵੇਂ ਪਤਾ ਲੱਗ ਜਾਂਦਾ ਉਹਨੂੰ। ਮੈਂ ਜੇਬ ਫਰੋਲਣ ਲੱਗਦਾ ਤਾਂ ਉਹ ਆਖਦੀ ਕਿ ਸਿਰ ਦੁੱਖਦਾ, ਗੋਲੀ ਲੱਭ ਰਹੇ ਹੋ। ਮੈਂ ਆਖਦਾ ਕਿ ਕਾਗ਼ਜ਼ 'ਚ ਲਪੇਟ ਗੀਜੇ 'ਚ ਪਾਈ ਸੀ, ਕਿਧਰੇ ਡਿੱਗ ਗਈ ਹੋਨੀ ਏ। ਉਹ ਨੂੰਹ ਨੂੰ ਅਵਾਜ਼ ਮਾਰ ਕੇ ਆਖਦੀ ਕਿ ਆਵਦੇ ਬਾਪੂ ਜੀ ਨੂੰ ਗੋਲੀ ਲਿਆ ਦੇ ਅੰਦਰੋਂ ਪੁੱਤ.. ਸ਼ੀਸ਼ੀ ਸਬਾਤ 'ਚ ਪੇਟੀ 'ਤੇ ਪਈ ਏ... । ਨੂੰਹ ਗੋਲੀ ਲੈ ਕੇ ਆਉਂਦੀ ਤੇ ਮੈਂ ਗੋਲੀ ਲੈ ਕੇ ਪਾਣੀ ਪੀ ਕੇ ਬਾਹਰ ਜਾਣ ਲੱਗਦਾ ਤਾਂ ਉਹ ਆਖਦੀ ਕਿ ਬਿੰਦ ਘੜ੍ਹੀ ਆਰਾਮ ਤਾਂ ਕਰਲੋ .. ਜੇ ਸਿਰ ਦੁੱਖਦਾ.. ਕੰਮ ਤਾਂ ਹੋਈ ਜਾਣੇ ਆ...। ਮੈਂ ਉਸਨੂੰ ਹਮੇਸ਼ਾ ਵਾਂਗ ਅਣਸੁਣਾ ਕਰ ਬਾਹਰ ਨੂੰ ਚਲਾ ਜਾਂਦਾ। ਉਹ ਮਗਰੋਂ ਫ਼ਿਕਰ ਕਰਦੀ ਰਹਿੰਦੀ।
ਅੱਜ ਦੋ ਸਾਲ ਹੋ ਗਏ ਉਹਨੂੰ ਗਈ ਨੂੰ। ਮੈਂ ਬਾਹਰੋਂ ਆ ਕੇ ਮੰਜੇ 'ਤੇ ਬੈਠ ਕੇ ਇੰਤਜ਼ਾਰ ਕਰਦਾ ਕਿ ਉਹ ਆਵੇਗੀ ਪਾਣੀ ਦਾ ਗਿਲਾਸ ਲੈ ਕੇ। ਦੋ ਮਿੰਟ ਉਡੀਕਦਾ ਪਰ ਕੋਈ ਨਾ ਆਉਂਦਾ ਤੇ ਫਿਰ ਅੱਖਾਂ ਭਰ ਖੁਦ ਘੜ੍ਹੇ 'ਚੋਂ ਗਿਲਾਸ ਪਾਣੀ ਦਾ ਭਰ ਪੀ ਲੈਂਦਾ। ਉਸਦੇ ਜਾਣ ਤੋਂ ਬਾਅਦ ਰੋਜ਼ ਸਿਰ ਦਰਦ ਰਹਿੰਦਾ ਪਰ ਗੋਲੀ ਨਾ ਲੈਂਦਾ। ਇਹ ਦਰਦ ਉਸਦੇ ਵਿਛੜਨ ਦਾ ਏ ਜੋ ਮੈਂ ਰੋਜ਼ ਸਹਿੰਦਾ ਹਾਂ ਤੇ ਗੋਲੀਆਂ ਅਜਿਹੇ ਦਰਦ ਦਾ ਕਦੇ ਇਲਾਜ ਨਹੀਂ ਬਣਦੀਆਂ।
ਹੀਰ
ਧੀ : ਮਾਂ ਇਹ ਹੀਰ ਕੌਣ ਸੀ ?
ਮਾਂ : ਜਵਾਨੀ ਵੇਲੇ ਮੈਨੂੰ ਹੀਰ ਮੇਰੀ ਭੈਣ ਵਰਗੀ ਲੱਗਦੀ ਸੀ...।
ਧੀ : ਹੁਣ ਨਹੀਂ ਲੱਗਦੀ ?
ਮਾਂ : ਨਾ ਹੁਣ ਉਹ ਕਿਸੇ ਚੰਦਰੀ ਸਹੇਲੀ ਵਰਗੀ ਲੱਗਦੀ ਏ, ਜਿਸਦਾ ਮੈਂ ਧੀਆਂ ਤੇ ਪਰਛਾਵਾਂ ਪੈਣ ਤੋਂ ਵੀ ਡਰਦੀ ਹਾਂ....।
ਧੀ : ਮਾਂ ਮੈਨੂੰ ਬਹੁਤ ਪਸੰਦ ਆ ਹੀਰ ਰਾਂਝੇ ਦੀ ਕਹਾਣੀ...।
ਮਾਂ: ਤੂੰ ਕਿੱਥੇ ਪੜ੍ਹੀ?
ਧੀ : ਮੇਰੀ ਪੰਜਾਬੀ ਦੀ ਕਿਤਾਬ 'ਚ ਹੈ ਤਾਂ ਹੈ।
ਮਾਂ : ਬੋਰਡਾਂ ਵਾਲੇ ਮੱਚੜੇ ਜੁਆਕਾਂ ਨੂੰ ਵਿਗਾੜਨ ਦੀ ਵੀ ਕੋਈ ਕਸਰ ਨਹੀਂ ਛੱਡਦੇ।
ਧੀ : ਤੂੰ ਪੜਿਆ ਉਹਨਾਂ ਦਾ ਸਾਰਾ ਕਿੱਸਾ ਮਾਂ ?
ਮਾਂ : ਹਾਂ, ਬਾਪੂ ਜੀ ਤੋਂ ਚੋਰੀ ਕਿਸੇ ਸਹੇਲੀ ਤੋਂ ਲਿਆ ਕੇ ਕਿਤਾਬ ਪੜ੍ਹੀ ਸੀ
ਧੀ : ਮਾਂ ਤੂੰ ਵੀ ਕਿਸੇ ਨੂੰ ਚੂਰੀ ਖਵਾਈ ਸੀ ਚੋਰੀ-ਚੋਰੀ ???
ਮਾਂ : ਫਾਲਤੂ ਬਕਵਾਸ ਨਾ ਕਰਿਆ ਕਰ, ਗੁੱਤ ਗੁੰਦਤੀ ਜਾ ਅੰਦਰ ਜਾ ਕੇ ਰਿਬਨ ਪਾ ਲੈ ਤੇ ਟੈਮ ਨਾਲ ਸਕੂਲ ਜਾ ਤੇ ਸੁਣ ਏਹ ਹੀਰ ਵਾਲੇ ਕਿੱਸੇ ਦਿਮਾਗ 'ਚੋਂ ਕੱਢ ਦੇ... ਮਾਂ ਨੇ ਰਸੋਈ 'ਚ ਜਾ ਧੀ ਲਈ ਕੁੱਟੀ ਚੂਰੀ ਵੰਡ ਵਾਲੇ ਤੌੜੇ 'ਚ ਪਾ ਦਿੱਤੀ ਸ਼ਾਇਦ ਕੁਛ ਪਿਛਲਾ ਯਾਦ ਆ ਗਿਆ ਸੀ...।
ਘੁੱਟੀ ਹੋਈ ਸੰਘੀ
ਘਰ ਕਿਵੇਂ ਦੱਸਦੀ ? ਹੋਰ ਜਾਤ ਦਾ ਮੁੰਡਾ ਤੇ ਪਿਆਰ ਕਰਦੀ ਆਂ ਉਹਨੂੰ, ਗੋਲੀ ਮਾਰ ਦੇਣਗੇ ਮੈਨੂੰ ਤੇ ਨਾਲੇ ਉਹਨੂੰ ਪਰ ਛੱਡ ਵੀ ਤਾਂ ਨਹੀਂ ਸਕਦੀ ਉਹਨੂੰ, ਨਾ ਮਾਪਿਆਂ ਨੂੰ। ਇੱਕ ਨੂੰ ਪਾਵਾਂਗੀ ਤਾਂ ਦੂਜਾ ਛੁੱਟ ਜਾਊਗਾ। ਉਹਦੇ ਮਾਂ ਜਿਉਂ ਦਾ ਤਾਂ ਧਰਮ ਵੀ ਹੋਰ ਆ .. ਕਿੱਥੇ ਮੰਨਣਾ ਨਾ ਬਾਪੂ ਜੀ ਦਾ ਤਾਂ ਅੰਮ੍ਰਿਤ ਛਕਿਆ.. ਕੀ ਪਤਾ ਮੰਨ ਜਾਣ ਉਹਨੇ ਵੀ ਤਾਂ ਅੰਮ੍ਰਿਤ ਛਕ ਲਿਆ ਮੇਰੇ ਨਾਲ ਵਿਆਹ ਕਰਾਉਣ ਲਈ ਕਿ ਤੇਰੇ ਘਰਦੇ ਧਰਮ ਦਾ ਰੌਲਾ ਨਾ ਪਾਉਣ ਪਰ ਜਾਤ ਕਿਵੇਂ ਬਦਲਾ ਉਸਦੀ .. ਧਰਮ ਤਾਂ ਬਦਲ ਲਿਆ ਉਹਨੇ.. ਬਾਪੂ ਜੀ ਨੂੰ ਕਿਵੇਂ ਸਮਝਾਵਾਂ ਕਿ ਸਭ ਦੀ ਜਾਤ ਮਨੁੱਖ ਏ। ਕਿਵੇਂ ਦੱਸਾਂ ਉਹ ਬਾਬੇ ਨਾਨਕ ਦੀ ਜਾਤ ਦੇ ਏ ਖੱਤਰੀ....ਕਿਵੇਂ ਮੰਨ ਜਾਣਗੇ.. ਨਹੀਂ ਮੰਨਦੇ.. ਮਾਂ ਰੋਵੇਗੀ, ਬਾਪੂ ਨੂੰ ਕਿਤੇ ਦਿਲ ਦਾ ਦੌਰਾ ਹੀ ਨਾ ਪੈ ਜਾਵੇ ਪਰ ਉਹ ਵੀ ਹੈ ਵਿਚਾਰਾ ਜੋ ਮੈਨੂੰ ਜਾਨ ਤੋਂ ਵੱਧ ਪਿਆਰ ਕਰਦਾ ਤੇ ਮੇਰੇ ਨਾਲ ਨਾ ਵਿਆਹ ਹੋਇਆ ਤਾਂ ਮਰ ਜਾਵੇਗਾ .. ਮਾਂ ਪਿਉ ਦਾ ਇਕੱਲਾ-ਇਕੱਲਾ ਪੁੱਤ..ਜੇ ਉਹ ਮਰ ਗਿਆ ਉਸਦੇ ਮਾਂ-ਪਿਉ ਤਾਂ ਜਿਉਂਦੇ ਜੀਅ ਮਰ ਜਾਣਗੇ .. ਕੀ ਕਰਾਂ... ਬਾਪੂ ਜੀ ਨਾਲ ਗੱਲ ਕਰਾਂ... ਸਵੇਰੇ ਉੱਠਦੇ ਐਨਾ ਕੁਛ ਸੋਚਦੀ ਨੇ ਮਾਂ ਨਾਲ ਗੱਲ ਕਰਨ ਦਾ ਫ਼ੈਸਲਾ ਕੀਤਾ।
ਬੌਕਰ ਮਾਰ ਕੇ ਉਹ ਰੋਟੀਆਂ ਪਕਾਉਂਦੀ ਮਾਂ ਕੋਲ ਜਾ ਬੈਠੀ ਤੇ ਕਹਿੰਦੀ, "ਮਾਂ ਇੱਕ ਗੱਲ ਕਰਨੀ ਸੀ, ਮੈਨੂੰ ਮੁੰਡਾ ਪਸੰਦ ਆ ਇੱਕ, ਨਾਲ ਪੜ੍ਹਦਾ ਏ ਮੇਰੇ।" ਮਾਂ ਨੇ ਰੋਟੀ ਵੇਲ੍ਹ ਕੇ ਤਵੇ ਤੇ ਪਾਉਂਦੇ ਉਸ ਕੰਨ੍ਹੀ ਝਾਕਦੇ ਕਿਹਾ, "ਧੀਏ ਮੇਰੇ ਕੋਲ ਕਰਤੀ ਤੂੰ ਆਹ ਗੱਲ, ਬੱਸ ਇੱਥੇ ਹੀ ਦੱਬ ਦੇ... ਨਹੀਂ ਤੇਰੇ ਪਿਉ ਨੇ ਤੈਨੂੰ ਕਾਲਜੋਂ ਹਟਾ ਲੈਨਾ ਤੇ ਮੈਂ ਨਹੀਂ ਚਾਹੁੰਦੀ ਕਿ ਤੂੰ ਮੇਰੇ ਵਾਂਗ ਪੜ੍ਹਾਈ ਵਿੱਚ ਛੱਡੇ.. ਐਨਾ ਸਮਝ ਨੇ ਕਿ ਮਰਜ਼ੀ ਨਹੀਂ ਚੱਲਦੀ ਧੀਆਂ ਦੀ...। ਉਹ ਅੱਖਾਂ ਭਰ ਮਾਂ ਕੋਲੋਂ ਉੱਠ ਗਈ ਤੇ ਜਾਤ ਧਰਮ ਵਾਲੀ ਗੱਲ ਤਾਂ ਹਾਲੇ ਉਸਨੇ ਕਰਨੀ ਸੀ ਪਰ ਮਨਮਰਜ਼ੀ ਦਾ ਵਰ ਲੱਭਣਾ ਵੀ ਗੁਨਾਹ ਸੀ ਤੇ ਸ਼ਾਇਦ ਉਸਦੀ ਮਾਂ ਨੇ ਵੀ ਏਹੀ ਦੁੱਖ ਹੰਢਾਇਆ ਸੀ।
ਐਨੇ ਨੂੰ ਉਸਦੇ ਬਾਪੂ ਜੀ ਬਾਹਰੋਂ ਆਏ ਤੇ ਕਹਿੰਦੇ, "ਦੇਖ ਗੁੱਡੀ ਤੇਰੀ ਪਸੰਦ ਦਾ ਸੂਟ ਲੈ ਕੇ ਆਇਆ।" ਗੁੱਡੀ ਨੇ ਅੱਖਾਂ ਪੂੰਝ ਕੇ ਸੂਟ ਵਾਲਾ ਲਿਫਾਫਾ ਫੜ੍ਹਦੇ ਕਿਹਾ, 'ਅੱਛਾ ਬਾਪੂ ਐਹ ਦੱਸ ਤੈਨੂੰ ਕਿਵੇਂ ਪਤਾ ਕਿ ਆਹੀਂ ਸੂਟ ਪਸੰਦ ਸੀ ਮੈਨੂੰ ..." ਗੁੱਡੀ ਦੇ ਬਾਪੂ ਨੇ ਪਾਣੀ ਪੀਂਦੇ ਹੋਏ ਕਿਹਾ, "ਬਾਪੂ ਆਂ, ਪੁੱਤ ਤੇਰਾ ਚਿਹਰਾ ਪੜ੍ਹ ਕੇ ਦੱਸ ਸਕਦਾਂ .. ਕੀ ਪਸੰਦ ਕੀ ਨਾਪਸੰਦ ਏ ਤੈਨੂੰ...।" ਗੁੱਡੀ ਬਾਪੂ ਦੀ ਗੱਲ ਸੁਣ ਮਨ 'ਚ ਸੋਚ ਰਹੀ ਸੀ ਕਿ ਕਾਸ਼! ਬਾਪੂ ਤੂੰ ਬਿਨਾਂ ਕਹੇ ਮੇਰਾ ਮਨ ਪੜ੍ਹ ਲਵੇਂ ਤੇ ਮੈਨੂੰ ਉਸਦੇ ਲੜ੍ਹ ਲਾ ਦੇਵੇ... ਜਾਤਾਂ ਪਾਤਾਂ ਤੋਂ ਪਰ੍ਹੇ ਹੋ .. ਤੈਨੂੰ ਪਤਾ ਮੈਨੂੰ ਜਾਤਾਂ ਪਾਤਾਂ ਨੀ ਪਸੰਦ .." ਗੁੱਡੀ ਬਿਨਾਂ ਕੁਛ ਕਹੇ ਸੂਟ ਲੈ ਕੇ ਅੰਦਰ ਕਮਰੇ ਵੱਲ ਚੱਲ ਪਈ।
ਅੰਬ
ਗੱਲ ਦੱਸਦੀ ਦਾ ਮੇਰਾ ਗੱਚ ਭਰ ਗਿਆ ਕਿ ਜਦ ਭਰਜਾਈ ਨੇ ਫੋਨ ਕੀਤਾ ਕਿ ਮਾਂ ਤੈਨੂੰ ਮਿਲਣ ਨੂੰ ਸੱਦ ਰਹੀ ਏ । ਡਾਕਟਰ ਨੇ ਆਖਿਆ ਗੁਰਦੇ ਕੰਮ ਛੱਡ ਗਏ ਤੇ ਫੇਫੜੇ ਵੀ ਗਲ ਗਏ ਹੁਣ ਕੁਝ ਨਹੀਂ ਹੋ ਸਕਦਾ ਘਰੇ ਸੇਵਾ ਕਰ ਲਵੋ। ਮੈਂ ਲੀੜ੍ਹੇ ਧੋਂਦੀ ਵਿਚਾਲੇ ਛੱਡ ਓਨੀ ਕੱਪੜੀ ਹੀ ਬੱਸ ਚੜ੍ਹ ਗਈ। ਬੱਸ 'ਚ ਬੈਠੀ ਨੂੰ ਯਾਦ ਆਇਆ ਕਿ ਮਾਹਤੜ੍ਹੇ ਬਟੂਆ ਤਾਂ ਖਾਲੀ ਏ। ਕੰਡਕਟਰ ਪਿੰਡ ਦਾ ਹੀ ਸੀ ਤਾਂ ਕਰਕੇ ਉਹਨੇ ਕਿਹਾ, ''ਭੈਣੇ ਕੋਈ ਨਾ ਫੇਰ ਦੇ ਦੇਵੀਂ ਪੈਸੇ।" ਕੰਡਕਟਰ ਮੇਰੇ ਉਦਾਸ ਚਿਹਰੇ, ਪਾਣੀ ਨਾਲ ਭਰੀਆਂ ਤੇ ਭਿੱਜੇ ਹੋਏ ਕੱਪੜਿਆਂ ਨੂੰ ਦੇਖ ਕੇ ਅੰਦਾਜ਼ਾ ਲਗਾ ਲਿਆ ਸੀ ਕਿ ਮੈਂ ਕਿਸ ਹਾਲਾਤ 'ਚੋਂ ਗੁਜ਼ਰ ਰਹੀ ਸੀ। ਪੇਕੇ ਪਿੰਡ ਉੱਤਰੀ, ਕਾਹਲੇ ਕਦਮਾਂ ਨਾਲ ਘਰ ਵੱਲ ਜਾਣ ਲੱਗੀ। ਕਦਮ ਭਾਰੇ ਲੱਗ ਰਹੇ ਸੀ ਤੇ ਘਰ ਦੂਰ ਲੱਗ ਰਿਹਾ ਸੀ। ਮਾਂ ਵਰਾਂਡੇ ਮੰਜੇ 'ਤੇ ਪਈ ਸੀ ਅਤੇ ਭਰਜਾਈ ਕੋਲ ਬੈਠੀ ਉਹਨੂੰ ਨੱਪ ਘੁੱਟ ਰਹੀ ਸੀ। ਮਾਂ ਨੇ ਅੱਖਾਂ ਖੋਲ੍ਹ ਕੇ ਕਿਹਾ ਕਿ ਆ ਗਈ ਪੁੱਤ...। ਮੈਂ ਰੋ ਰਹੀ ਸੀ ਤੇ ਮਾਂ ਨੇ ਮੇਰੇ ਚਿਹਰੇ ਨੂੰ ਦੇਖਦੇ ਕਿਹਾ, "ਪੁੱਤ ਰੋ ਨਾ ... ਮੇਰੀ ਰੂਹ ਤੜਫੂ ਜੇ ਤੂੰ ਰੋਈ... ਵਾਹਿਗੁਰੂ ਵਾਹਿਗੁਰੂ ਕਹਿ .... ਜਾਣਾ ਸਭ ਨੇ ਏ .. ਕੀ ਅੱਗੇ ਕੀ ਪਿੱਛੇ..." ਐਨਾ ਕਹਿੰਦੀ ਦੇ ਮਾਂ ਦੀਆਂ ਅੱਖਾਂ 'ਚ ਅੱਥਰੂ ਸਨ। ਮੈਂ ਮਾਂ ਦੇ ਮੱਥੇ 'ਤੇ ਹੱਥ ਫੇਰਿਆ ਤਾਂ ਉਹਨੇ ਅੱਖਾਂ ਬੰਦ ਕਰ ਲਈਆਂ। ਫਿਰ ਉਹ ਇੱਕਦਮ ਸਾਹ ਔਖੇ ਲੈਣ ਲੱਗੀ ਤੇ ਫਿਰ ਗੁੰਮਸੁੰਮ ਹੋ ਗਈ। ਅਸੀਂ ਪਿੰਡ 'ਚੋਂ ਡਾਕਟਰ ਨੂੰ ਬੁਲਾਇਆ। ਡਾਕਟਰ ਨੇ ਸਿਰ ਫੇਰ ਦਿੱਤਾ। ਲੱਗਾ ਜਿਵੇਂ ਮੈਨੂੰ ਹੀ ਉਡੀਕ ਰਹੀ ਸੀ ਤੇ ਰੱਬ ਤੋਂ ਕੁਝ ਪਲ ਉਹਨੇ ਮੰਗ ਕੇ ਲਏ ਹੋਣ ਕਿ ਮੈਂ ਮੇਰੀ ਧੀ ਨੂੰ ਮਿਲਣਾ। ਮਾਂ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰ ਜਦ ਪੰਦਰਵੇਂ ਦਿਨ ਘਰ ਆਈ ਤਾਂ ਘਰ ਵੱਢ-ਵੱਢ ਖਾਣ ਨੂੰ ਆਵੇ। ਇਕੱਲੀ ਬੈਠੀ ਰੋਂਦੀ ਰਹਿੰਦੀ। ਹੁਣ ਲੀੜ੍ਹੇ ਧੋਣ ਤੋਂ ਡਰ ਆਉਂਦਾ ਤੇ ਦਿਲ 'ਚ ਵਹਿਮ ਜੇਹਾ ਬੈਠਿਆ ਹੋਇਆ ਸੀ ਕਿ ਕਿਸੇ ਦਾ ਮੰਦਭਾਗਾ ਸੁਨੇਹਾ ਨਾ ਆ ਜਾਏ। ਸਾਲ ਬੀਤ ਗਿਆ ਇੱਕ ਦਿਨ ਮੈਂ ਫਿਰ ਲੀੜੇ ਧੋ ਰਹੀ ਸੀ ਤੇ ਪੇਕਿਆਂ ਤੋਂ ਫੋਨ ਆਇਆ ਤੇ ਮੈਂ ਡਰਦੀ-ਡਰਦੀ ਨੇ ਫੋਨ ਚੁੱਕਿਆ ਤੇ ਭਰਜਾਈ ਨੇ ਕਿਹਾ ਵਧਾਈਆਂ ਭੈਣੇ ਤੂੰ ਭੂਆ ਬਣਨ ਵਾਲੀ ਏ। ਗੱਲ ਸੁਣ ਮੇਰੀਆਂ ਅੱਖਾਂ ਖੁਸ਼ੀ ਨਾਲ ਭਰ ਗਈਆਂ ਤੇ ਮਾਂ ਵੀ ਚੇਤੇ ਆਈ ਜੋ ਸਾਰੀ ਉਮਰ ਪੋਤਰੇ-ਪੋਤਰੀ ਨੂੰ ਤਰਸਦੀ
ਮਰ ਗਈ। ਵੀਰੇ ਦੇ ਵਿਆਹ ਨੂੰ ਪੰਦਰਾਂ ਸਾਲ ਹੋ ਗਏ ਤੇ ਕਦੇ-ਕਦੇ ਮੈਨੂੰ ਲੱਗਦਾ ਹੁੰਦਾ ਸੀ ਕਿ ਮਾਂ ਹੇਰਵਾ ਕਰ ਗਈ ਸੀ ਕਿ ਵੀਰੇ ਦੇ ਕੋਈ ਜਵਾਬ ਨਹੀਂ ਹੋਇਆ। ਉਸ ਦਿਨ ਮੈਂ ਚਾਅ 'ਚ ਪ੍ਰਸ਼ਾਦ ਬਣਾ ਕੇ ਗੁਰੂਘਰ ਵੰਡ ਕੇ ਆਈ। ਮਹੀਨ ਗੁਜ਼ਰਦੇ ਗਏ ਤੇ ਵੀਰ ਘਰ ਧੀ ਨੇ ਜਨਮ ਲਿਆ। ਸੱਚ ਮੰਨਣਾ ਉਹ ਜਮ੍ਹਾਂ ਆਵਦੀ ਦਾਦੀ ਦਾ ਮੁਹਾਂਦਰਾ ਲੈ ਕੇ ਜੰਮੀ ਸੀ ਤੇ ਇੱਕ ਪਲ ਲਈ ਲੱਗਾ ਕਿ ਰੱਬ ਨੇ ਸ਼ਾਇਦ ਮੇਰੀ ਮਾਂ ਮੋੜ ਦਿੱਤੀ। ਵੀਰਾ ਕਹਿੰਦਾ ਕਿ ਮਾਂ ਵਰਗੀ ਏ ਕਿਉਂ ਨਾ ਵੀ ਮਾਂ ਵਾਲਾ ਰੱਖ ਦੇਈਏ। ਕਿਹਾ ਵੀਰ ਨੇ ਬੇਸ਼ੱਕ ਹਾਸੇ 'ਚ ਸੀ ਪਰ ਸੱਚੀ ਉਹਦਾ ਨਾਂ ਨਰਸ ਨੇ ਪ੍ਰਸਿੰਨ ਕੌਰ ਲਿਖ ਦਿੱਤਾ। ਅਸੀਂ ਕਿਸੇ ਨੇ ਜ਼ਿਆਦਾ ਧਿਆਨ ਨਾ ਦਿੱਤਾ ਤੇ ਫਿਰ ਘਰ ਪੁੱਜ ਕੇ ਜਦ ਵੀਹ ਦਿਨ ਬਾਅਦ ਵੀਰਾ ਜਨਮ ਸਰਟੀਫਿਕੇਟ ਲਿਖਾਉਣ ਗਿਆ ਤਾਂ ਧੀ ਦਾ ਨਾਮ ਪ੍ਰਸਿੰਨ ਕੌਰ ਲਿਖਿਆ ਦੇਖ ਹੈਰਾਨ ਹੋਇਆ ਤੇ ਬਿਨਾਂ ਕੋਈ ਸਵਾਲ ਜਵਾਬ ਕਰੇ ਸਰਟੀਫਿਕੇਟ ਲੈ ਕੇ ਘਰ ਆ ਗਿਆ। ਹੁਣ ਰੌਲਾ ਇਹ ਸੀ ਕਿ ਉਹਨੂੰ ਪ੍ਰਸਿੰਨੀ ਕਿਵੇਂ ਕਹੀਏ...। ਮੈਂ ਕਿਹਾ ਕਿ ਕੱਚਾ ਨਾਮ ਅੰਬੋ ਰੱਖ ਲੋ। ਪਤਾ ਨਹੀਂ ਕਿਵੇਂ ਸਾਰਿਆਂ ਨੇ ਅੰਬੋ-ਅੰਬੋ ਦੀ ਅੱਲ ਪਾ ਲਈ। ਭਤੀਜੀ ਵੱਡੀ ਹੁੰਦੀ ਗਈ ਤੇ ਉਸਦੀਆਂ ਹਰਕਤਾਂ ਇੰਨ-ਬਿੰਨ ਆਵਦੀ ਦਾਦੀ ਜਾਨੀ ਕਿ ਮੇਰੀ ਮਾਂ ਵਰਗੀਆਂ ਸੀ। ਭਾਂਡੇ ਇੱਧਰ ਉੱਧਰ ਨਾ ਹੋਣ ਦਿੰਦੀ। ਇੱਕ ਹੱਥ ਢਾਕਾਂ ਤੇ ਹੱਥ ਰੱਖ ਤੇ ਦੂਜਾ ਹੱਥ ਨਾਲ ਗੱਲ ਸਮਝਾਉਂਦੀ। ਆਵਦੇ ਨਿੱਕੇ ਭਰਾ 'ਤੇ ਪੂਰਾ ਰੋਹਬ ਰੱਖਦੀ ਤੇ ਹਰ ਵਖ਼ਤ ਉਸਦੀ ਬੌਡੀਗਾਰਡ ਬਣੀ ਰਹਿੰਦੀ। ਹੈਰਾਨੀ ਦੀ ਗੱਲ ਉਸਦੇ ਗੱਲ੍ਹ 'ਤੇ ਵੀ ਉੱਥੇ ਹੀ ਤਿਲ ਜਿੱਥੇ ਮਾਂ ਦੇ ਸੀ। ਕੇਰਾਂ ਘਰੇ ਕੋਈ ਦੂਰ ਦਾ ਰਿਸ਼ਤੇਦਾਰ ਆਇਆ ਤੇ ਭਰਜਾਈ ਵੀਰੇ ਨੂੰ ਕਹਿਣ ਲੱਗੀ ਕਿ ਅੰਬੋ ਇੱਥੇ ਨਾਲ ਦੇ ਘਰ ਗਈ ਏ, ਅੰਬੋ ਨੂੰ ਜਾ ਕੇ ਲੈ ਆਉ... ਕਿਤੇ ਨਾਲੇ 'ਚ ਨਾ ਡਿੱਗ ਜੇ ਇਕੱਲੀ ਆਉਂਦੀ। ਭਰਾ ਆਖਣ ਲੱਗਾ ਕਿ ਨਹੀਂ ਡਿੱਗਦੀ, ਉਹਨੇ ਤਾਂ ਛਾਲਾਂ ਮਾਰਦੀ ਨੇ ਆਉਣਾ...। ਰਿਸ਼ਤੇਦਾਰ ਭਰਾ ਭਾਬੀ ਨੂੰ ਬਹਿਸਦੇ ਦੇਖ ਕਹਿਣ ਲੱਗੇ ਕਿ ਭਾਈ ਆਪ ਜਾ ਕੇ ਲੈ ਆਉ, ਬਜ਼ੁਰਗ ਬੰਦੇ ਦਾ ਕੋਈ ਪਤਾ ਨਹੀਂ ਕਦੋਂ ਲੱਤ ਮਰੋੜਾ ਆ ਜਾਏ... ਬਥੇਰੀ ਥਾਈਂ ਡਿੱਗ ਕੇ ਚੂਲੇ ਟੁੱਟੇ ਆ। ਭਰਾ ਭਾਬੀ ਇੱਕ ਦੂਜੇ ਵੱਲ ਵੇਖ ਹੱਸੇ ਤੇ ਉਹਨਾਂ ਦੇ ਕੁਝ ਬੋਲਣ ਤੋਂ ਪਹਿਲਾਂ ਅੰਬੋ ਨੱਚਦੀ-ਟੱਪਦੀ ਆਈ ਭਾਬੀ ਨੇ ਕਿਹਾ ਕਿ ਅੰਬੋ ਪੁੱਤ ਇੱਧਰ ਆ, ਸਾਸਰੀਕਾਲ ਬੁਲਾ ਸਾਰਿਆਂ ਨੂੰ। ਅੰਬੋ ਨੇ ਸਭ ਨੂੰ ਬੁਲਾਇਆ ਤੇ ਰਿਸ਼ਤੇਦਾਰ ਕੱਚੇ ਜੇਹੇ ਹੋ ਗਏ, ਸ਼ਾਇਦ ਮਨ ਹੀ ਮਨ ਹੱਸਦੇ ਵੀ ਹੋਣ। ਮਾਂ ਦੀਆਂ ਨਿੱਕੇ ਪਨੇ ਦੀਆਂ ਫੁਲਕਾਰੀ ਵਾਂਗ ਕੱਢੀਆਂ ਚੁੰਨੀਆਂ ਨਿੱਕੀ ਅੰਬੋ ਤੈਹਾਂ ਮਾਰ-ਮਾਰ ਰੱਖਦੀ। ਕਦੇ-ਕਦੇ ਚੌੜ 'ਚ ਉਹ ਸਾਰਿਆਂ ਦੇ ਸਿਰ ਪਲੋਸ ਦਿੰਦੀ ਕਈ ਵਾਰ ਚੀਜ਼ਾਂ ਲੁਕੋ ਕੇ ਸਿਰਹਾਣੇ ਥੱਲੇ ਰੱਖ ਲੈਂਦੀ ਜਿਵੇਂ ਵੀਰੇ ਦਾ ਸੁੱਕਿਆ ਰੁਮਾਲ, ਕੋਈ ਵਾਧੂ ਸੁੱਬੀ ਜਾਂ ਕੋਈ ਹੋਰ ਚੀਜ਼ ਜੋ ਅਸੀਂ ਵਾਧੂ ਸਮਝ ਕੇ ਸੁੱਟ ਦਿੱਤੀ ਹੋਵੇ ਤੇ ਉਹਨੂੰ ਕੰਮ ਦੀ ਲੱਗੀ ਹੋਵੇ। ਜੇ ਚਾਚੇ ਘਰ ਕੋਈ ਭਾਂਡਾ ਚਲਾ ਜਾਂਦਾ ਤਾਂ
ਸਿਆਣ ਕੇ ਚਮਚੇ ਤੱਕ ਆਵਦੇ ਘਰ ਲੈ ਆਉਂਦੀ। ਕਦੇ-ਕਦੇ ਪਾਣੀ ਵੀ ਓਕ ਨਾਲ ਪੀਂਦੀ ਕਿ ਗਿਲਾਸ ਐਂਵੇ ਕਿਉਂ ਜੂਠਾ ਕਰਨਾ। ਜਦੋਂ ਦੀ ਉਹ ਆਈ ਮਾਂ ਦੀ ਥਾਂ ਭਰਨ ਲੱਗੀ ਸੀ। ਉਹਦੇ ਆਰੇ ਲੱਗੇ ਰਹਿੰਦੇ ਸਾਰੇ। ਉਹਨੂੰ ਦੇਖ ਕੇ ਮਾਂ ਚੇਤੇ ਤਾਂ ਆਉਂਦੀ ਪਰ ਦਿਲ ’ਚ ਹੌਲ ਜਾ ਨਾ ਪੈਂਦਾ ਕਿਉਂਕਿ ਮਾਂ ਵਰਗੀ ਉਹ ਜਮ੍ਹਾ ਸਾਹਮਣੇ ਫਿਰਦੀ ਰਹਿੰਦੀ।
ਮੁਆਫ਼ੀ
ਮੱਖਣ ਦੀ 4 ਕੁ ਵਰ੍ਹੇ ਦੀ ਕੁੜੀ ਅੰਮ੍ਰਿਤ ਆਵਦੇ ਤੋਂ ਵੱਡੇ ਭਰਾ ਜੋਤ ਨਾਲ ਖੇਡਦੀ-ਖੇਡਦੀ ਖਹਿਬੜ ਲੱਗ ਪਈ ਤੇ ਮੱਖਣ ਨੇ ਉੱਠ ਕੇ ਜੋਤ ਨੂੰ ਝਿੜਕਿਆ, 'ਜੋਤ ਭੈਣ ਤੇਰੇ ਤੋਂ ਛੋਟੀ ਆ, ਲੜੀਦਾ ਨੀ ਹੁੰਦਾ... ਮੁਆਫ਼ ਕਰ ਦੇਈਦਾ ਹੁੰਦਾ " ਜਵਾਕ ਨੂੰ ਰਲ-ਮਿਲ ਕੇ ਰਹਿਣ ਦੀ ਨਸੀਹਤ ਦੇਣ ਵਾਲਾ ਮੱਖਣ ਅਗਲੇ ਦਿਨ ਸਹੁਰਿਆਂ ਤੋਂ ਆਈ ਨਿੱਕੀ ਭੈਣ ਨੂੰ ਕਹਿ ਰਿਹਾ ਸੀ,"ਤੂੰ ਸਾਡੇ ਲਈ ਮਰੀ ਹੋਈ ਏ, ਅਸੀਂ ਤੇਰੇ ਲਈ ਮਰੇ। ਰਹਿੰਦੀ ਉਮਰ ਸਾਨੂੰ ਦੋਹਾਂ ਜੀਆਂ ਨੂੰ ਨਾ ਬੁਲਾਈ.. ਬੇਬੇ ਬਾਪੂ ਨੂੰ ਜਿਵੇਂ ਲੋਟ ਲੱਗਦਾ ਉਹ ਉਵੇਂ ਕਰ ਲੈਣ" ਕੋਲ ਬੰਟੇ ਖੇਡ ਰਹੇ ਜੋਤ ਨੇ ਖੇਡਣਾ ਛੱਡ ਆਵਦੇ ਪਿਉ ਮੱਖਣ ਕੋਲ ਆਣ ਪੁੱਛਿਆ, "ਡੈਡੀ ਕੀ ਮੁਆਫ਼ੀ ਜੁਆਕਾਂ ਲਈ ਬਣੀ ਹੁੰਦੀ ਏ ..” ਮੱਖਣ ਉਸਦੀ ਗੱਲ ਅਣਸੁਣੀ ਕਰ ਕੁੜ੍ਹਤਾ ਝਾੜਦਾ ਬਾਹਰ ਨੂੰ ਤੁਰ ਗਿਆ।
ਖੰਮਣੀ
ਓਹਨੇ ਆਖਿਆ ਕਿ ਘਰ ਗੱਲ ਹੋਗੀ,ਅਗਲੇ ਬੁੱਧਵਾਰ ਦੇਖਣ ਲਈ ਆਉਣਗੇ ਤੇ ਸ਼ਗੁਨ ਪਾ ਜਾਣਗੇ, ਡੇਢ ਕੁ ਸਾਲ ਨੂੰ ਇੰਡੀਆ ਆਵਾਗਾਂ ਤੇ ਉਦੋਂ ਵਿਆਹ ਕਰਾ ਲਵਾਂਗੇ। ਇਹ ਸੁਣ ਕੇ ਉਹਦਾ ਚਾਅ ਨਹੀਂ ਸੀ ਚੁੱਕਿਆ ਜਾ ਰਿਹਾ ਪਰ ਉਹਨੇ ਮੋੜਵਾਂ ਉਹਨੂੰ ਕਿਹਾ ਕਿ ਡੇਢ ਸਾਲ ਜ਼ਿਆਦਾ ਏ, ਕਦੇ ਵਿੱਚ ਦੀ ਆ ਸਕਦਾ ਏ। ਓਹ ਕਹਿੰਦਾ ਨਹੀਂ, "ਆਉਣਾ ਔਖਾ ਏ ..ਕੋਈ ਨਾ ਸਾਲ ਅੱਗੇ ਵੀ ਲੰਘ ਗਿਆ ਤੇ ਡੇਢ ਸਾਲ ਵੀ ਇੰਝ ਹੀ ਲੰਘ ਜਾਊ..।" ਓਹ ਕਹਿੰਦੀ, "ਹਮਮ ਏਹ ਤਾਂ ਹੈ ..ਐਵੇਂ ਦੱਸੀ ਕਿਹੜਾ ਸੂਟ ਪਾਵਾਂ .." ਉਹ ਕਹਿੰਦਾ "ਦਿਖਾ ਦੀ ਸਾਰੇ ਸੂਟ... ਦੱਸਦੂ..”
ਬੁੱਧਵਾਰ ਆ ਗਿਆ ਤੇ ਉਹਨੇ ਉਹਦੀ ਪਸੰਦ ਦਾ ਲਾਲ ਸੂਟ ਤੇ ਜ਼ਾਲ ਵਾਲਾ ਦੁਪੱਟਾ ਪਾ ਕੇ ਉਹਨੂੰ ਤਸਵੀਰ ਭੇਜੀ ਪਰ ਉਸਦਾ ਕੋਈ ਨਾ ਰਿਪਲਾਈ ਆਇਆ। ਵਟਸਐਪ ਮੈਸੇਜ 'ਚ ਇੱਕ ਟਿੱਕ ਜਾ ਰਹੀ ਸੀ। ਉਹਨੂੰ ਫ਼ਿਕਰ ਹੋਈ ਤੇ ਗੁੱਸਾ ਵੀ ਆਇਆ ਕਿ ਅੱਜ ਦੇ ਦਿਨ ਤਾਂ ਨਾ ਬਿਜ਼ੀ ਹੁੰਦਾ। ਓਹਦੇ ਘਰਦੇ ਮਿੱਥੇ ਸਮੇਂ ਤੇ ਉਹਨੂੰ ਕਿਸੇ ਰਿਸ਼ਤੇਦਾਰ ਦੇ ਘਰ ਦੇਖਣ ਆਏ। ਉਹ ਪਸੰਦ ਆ ਗਈ ਤੇ ਰਸਮੀ ਗੱਲਬਾਤ ਤੋਂ ਬਾਅਦ ਸ਼ਗੁਨ ਪਾਉਣ ਦੀ ਗੱਲ ਹੋਈ। ਫੋਟੋਗ੍ਰਾਫ਼ਰ ਨੂੰ ਬੁਲਾਇਆ ਗਿਆ।
ਰਸਮ ਕਰਨ ਵੇਲੇ ਮੁੰਡੇ ਦੀ ਭੈਣ ਨੇ ਆਵਦੇ ਫੋਨ 'ਚੋਂ ਆਵਦੇ ਭਰਾ ਦੀ ਫੋਟੋ ਕੱਢ ਉਹਨੂੰ ਫੜਾਉਂਦੇ ਹੋਏ ਕਿਹਾ, "ਭਾਬੀ ਫੋਨ ਨਾਲ ਸਾਈਡ 'ਤੇ ਰੱਖ ਲਵੋ, ਸ਼ਗੁਨ ਪੈ ਜਾਵੇਗਾ .." ਫੋਟੋਗ੍ਰਾਫ਼ਰ ਨੇ ਗੱਲ ਵਿੱਚੇ ਟੋਕਦੇ ਕਿਹਾ, "ਮੁੰਡੇ ਨੂੰ ਵੀਡਿਉ ਕਾਲ ਕਰਲੋ....।" ਸਭ ਨੂੰ ਗੱਲ ਜਚੀ ਤੇ ਮੁੰਡੇ ਨੂੰ ਵੀਡਿਉ ਕਾਲ ਕਰਨ ਲੱਗੇ ਪਰ ਉੱਧਰੋਂ ਕੋਈ ਜਵਾਬ ਨਾ ਆਇਆ। ਸਾਰੇ ਪ੍ਰੇਸ਼ਾਨ ਹੋਏ। ਉਸਦੇ ਦੋਸਤ ਨੂੰ ਕਾਲ ਕੀਤੀ ਤਾਂ ਉਹਨੇ ਦੱਸਿਆ ਕਿ ਉਹ ਤਾਂ ਦੋ ਦਿਨ ਤੋਂ ਗਾਇਬ ਏ। ਸਾਰਿਆਂ ਦੇ ਮੂੰਹ ਉੱਡ ਗਏ। ਰਿਸ਼ਤੇਦਾਰ ਕਹਿੰਦੇ, "ਇੱਕ ਵਾਰ ਸ਼ਗੁਨ ਪਾਉ .. ਫਿਰ ਕਾਲ ਕਰਕੇ ਦੇਖਦੇ ਆਂ।" ਐਨੇ ਨੂੰ ਕੋਈ ਕਾਲੇ ਕੋਟ 'ਚ ਮਫ਼ਲਰ ਨਾਲ ਮੂੰਹ ਢੱਕ ਕੇ ਉੱਥੇ ਆਉਂਦਾ ਏ ਤੇ ਕਹਿੰਦਾ ਏ, " ਰੁਕੋ ਮੈਂ ਬੈਠ ਜਾਵਾਂ ਉਸਦੇ ਨਾਲ ਫਿਰ ਸ਼ਗੁਨ ਪੂਰਾ ਕਰਨਾ।" ਸਾਰਿਆਂ ਦੇ ਕੰਨ ਉਸ ਆਵਾਜ਼ ਵੱਲ ਹੋ ਜਾਂਦੇ ਨੇ। ਓਹ ਬਿਨਾਂ ਪੁੱਛੇ ਕੁੜੀ ਨਾਲ ਬੈਠ ਜਾਂਦਾ ਏ ਤੇ ਆਵਦਾ ਚਿਹਰਾ ਸਭ ਨੂੰ ਦਿਖਾਉਂਦਾ। ਸਾਰੇ ਹੈਰਾਨ ਹੁੰਦੇ ਨੇ ਤੇ ਖੁਸ਼ ਵੀ। ਉਹ ਉਸਦੀ
ਗੱਲ 'ਤੇ ਪੋਲਾ ਜਿਹਾ ਮਾਰ ਕੇ ਕਹਿੰਦੀ ਏ ਕਿ ਤੇਰੇ ਇਸ ਸਰਪ੍ਰਾਈਜ਼ ਨੇ ਮੇਰੇ ਸਾਹ ਸੂਤੇ ਪਏ ਸੀ ਕਿ ਪਤਾ ਨੀ ਕਿਧਰ ਗਿਆ। ਓਹ ਕਹਿੰਦਾ ਕਿ ਬਾਕੀ ਗੱਲਾਂ ਛੱਡ ਇਹ ਦੱਸ ਖੁਸ਼ ਤਾਂ ਏ। ਉਹ ਕਹਿੰਦੀ, "ਹਾਂ ਬਹੁਤ... ਲਵ ਯੂ... ਫੋਟੋਗ੍ਰਾਫਰ ਉਹਨਾਂ ਦੀ ਇਸ ਆਪਸੀ ਗੱਲਬਾਤ ਦੀ ਵੀਡੀਓ ਬਣਾ ਦਿੰਦਾ ਏ। ਦੋਨਾਂ ਦੇ ਖੰਬਣੀਆਂ ਬੰਨੀਆਂ ਜਾਂਦੀਆਂ ਨੇ ਤੇ ਉਹ ਇੱਕ ਸੋਹਣੇ ਰਿਸ਼ਤੇ 'ਚ ਬੰਨੇ ਜਾਂਦੇ ਨੇ ਤੇ ਵੀਹ ਦਿਨਾਂ ਨੂੰ ਵਿਆਹ ਬੰਨ ਦਿੱਤਾ ਜਾਂਦਾ। ਓਹ ਉਹਨੂੰ ਕਹਿੰਦਾ, "ਸੱਚੀ ਡੇਢ ਸਾਲ ਪੰਜ ਸਾਲ ਵਰਗੇ ਲੱਗਣੇ ਸੀ।
ਵਿਆਹ ਵਾਲਾ ਦਿਨ ਨੇੜੇ ਆ ਰਿਹਾ ਸੀ। ਸ਼ਾਮ ਜੇਹੇ ਨੂੰ ਉਹਦੀ ਕਾਲ ਆਈ ਤਾਂ ਉਹਨੇ ਨੇਲਪਾਲਿਸ਼ ਲਗਾਉਂਦੀ ਨੇ ਫੋਨ ਚੁੱਕਿਆ। ਉਹ ਅੱਗੋਂ ਬੋਲਿਆ "ਕਿਵੇਂ ਆ... ਭੈਣ ਹੋਰੀਂ ਆਏ ਆ... ਪਨੀਰ ਲੈਣ ਬਜ਼ਾਰ ਗਿਆ ਸੀ ਤੇ ਫੋਨ ਘਰ ਦੀ ਭੁੱਲ ਗਿਆ ਸੀ..ਆ ਕੇ ਦੇਖਿਆ ਤੇਰੀਆਂ ਗਿਆਰਾਂ ਮਿਸ ਕਾਲਾਂ... ਮੰਮੀ ਕਹਿੰਦੇ ਕਿ ਤੇਰਾ ਫੋਨ ਵੱਜੀ ਗਿਆ... ਮੈਂ ਪਨੀਰ ਰਸੋਈ ਚ ਰੱਖ ਭੱਜ ਕੇ ਫੋਨ ਚੁੱਕਿਆ..." ਉਹਨੇ ਨੇਲਪਾਲਿਸ਼ ਦੀ ਘੁੱਟ ਕੇ ਸ਼ੀਸ਼ੀ ਬੰਦ ਕੀਤੀ ਤੇ ਮੁਸਕਰਾ ਕੇ ਕਹਿਣ ਲੱਗੀ, "ਹਾਏ... ਗੱਲ ਕਰਦਾ ਸਾਹ ਤਾਂ ਲੈ ਲਿਆ ਕਰ... " ਉਹ ਕਹਿੰਦਾ, "ਅੱਛਾ.. ਦੱਸ ਕੋਈ ਜ਼ਰੂਰੀ ਗੱਲ ਸੀ...?"
ਓਹ ਕਹਿੰਦੀ, 'ਮੇਰੀ ਇੱਕ ਰੀਝ ਇਹ ਵੀ ਏ ਕਿ ਡੋਲੀ ਤੋਂ ਬਾਅਦ ਤੂੰ ਆਪ ਕਾਰ ਚਲਾ ਕੇ ਲੈ ਕੇ ਜਾਵੇ ਤੇ ਪਿੰਡ ਤੀਕ ਤੂੰ ਤੇ ਮੈਂ ਇਕੱਲੇ ਕਾਰ 'ਚ ਘਰ ਆਈਏ" ਉਹ ਕਹਿੰਦਾ, "ਅੱਛਾ, ਐਵੇਂ ਕਰਦੇ ਆਂ ਕਿ ਕਿਸੇ ਨੂੰ ਦੱਸਦੇ ਨਹੀਂ ਹਾਲੇ... ਵਿਆਹ ਵਾਲੇ ਦਿਨ ਹੀ ਕਹਾਂਗੇ... ਨਹੀਂ ਤਾਂ ਸਾਰੇ ਪਹਿਲਾਂ ਹੀ ਸ਼ਗਨਾ-ਅਪਸ਼ਗਨਾ ਕਹੀ ਜਾਣਗੇ "ਉਹ ਕਹਿੰਦੀ, "ਹਾਂ, ਸਾਰੇ ਹੈਰਾਨ ਹੋਣਗੇ... ਤੈਨੂੰ ਲੜਦੇ ਤਾਂ ਨਹੀਂ ਹਨਾ ?? ਉਹ ਕਹਿੰਦਾ, "ਮੈਂ ਆਪੇ ਸਾਂਭ ਲੂੰ.. ਤੂੰ ਫਟਾਫਟ ਸੀਟ 'ਤੇ ਬੈਠਣ ਵਾਲੀ ਬਣੀ.. ਉਹ ਕਹਿੰਦੀ, “ਥੈਂਕਸ, ਚੱਲ ਮੈਂ ਮੰਮੀ ਨਾਲ ਕੰਮ ਦਾ ਦੇਖ ਲਵਾਂ... ਫੇਰ ਗੱਲ ਕਰਦੇ ਆਂ.. ਏਹਨਾਂ ਕਹਿ ਉਹਨੇ ਫੋਨ ਕੱਟ ਦਿੱਤਾ...।
ਵਿਆਹ ਵਾਲਾ ਦਿਨ ਆ ਗਿਆ। ਸਾਰਾ ਵਿਆਹ ਵਧੀਆ ਹੋਇਆ। ਡੋਲੀ ਤੁਰਨ ਦੀ ਵਾਰੀ ਆਈ। ਫੁੱਲਾਂ ਵਾਲੀ ਕਾਰ ਪੈਲੇਸ ਦੇ ਦਰਵਾਜ਼ੇ ਅੱਗੇ ਆ ਖੜੀ। ਉਹਦੇ ਚਾਚੇ ਦਾ ਮੁੰਡਾ ਚਾਬੀ ਘੁੰਮਾਉਂਦਾ ਹੁੱਬਿਆ ਫਿਰੇ ਕਿ ਗੱਡੀ ਤਾਂ ਮੈਂ ਚਲਾ ਕੇ ਲੈ ਕੇ ਜਾਊਂ। ਉਹਨੇ ਆਵਦੇ ਕਜ਼ਨ ਨੂੰ ਕੋਲ ਬੁਲਾ ਚਾਬੀ ਲੈ ਲਈ ਤੇ ਉਹ ਹੱਕਾ-ਬੱਕਾ ਰਹਿ ਗਿਆ ਕਿ ਵਿਆਹ ਵਾਲੇ ਦਿਨ ਵੀ ਨਹੀਂ ਟਿਕਦਾ।
ਕੁੜੀ ਨੇ ਚੌਲਾਂ ਵਾਲੀ ਰਸਮ ਅਦਾ ਕੀਤੀ। ਹੁਣ ਵਾਰੀ ਸੀ ਘਰਦਿਆਂ ਨੂੰ ਮਿਲਣ ਦੀ। ਘਰਦਿਆਂ ਨੂੰ ਮਿਲ ਕੇ ਉਹ ਥੋੜਾ ਇਮੋਸ਼ਨਲ ਜਿਹਾ ਹੋਈ ਪਰ ਰੋਈ ਨਾ। ਉਹਦੇ ਸਾਹਾਂ ਵਰਗਾ ਸੱਜਣ ਉਹਦਾ ਘੁੱਟ ਕੇ ਹੱਥ ਫੜ੍ਹੀ ਬੈਠਾ ਸੀ ...
ਉਹਨੇ ਕਾਰ ਦੀ ਮੂਹਰਲੀ ਬਾਰੀ ਖੋਲ੍ਹ ਇਸ਼ਾਰੇ ਨਾਲ ਨਵਵਿਆਹੀ ਦੁਲਹਣ ਨੂੰ ਕਾਰ 'ਚ ਬੈਠਣ ਦਾ ਇਸ਼ਾਰਾ ਕੀਤਾ ਤੇ ਉਹਨੂੰ ਬਿਠਾ ਕੇ ਆਪ ਦੂਜੇ ਪਾਸੇ ਡਰਾਇਵਿੰਗ ਵਾਲੀ ਬਾਰੀ ਵੱਲ ਚਲਾ ਗਿਆ। ਅਜੇ ਬੈਠਣ ਹੀ ਲੱਗਾ ਸੀ ਕਿ ਉਹਦੀ ਦੁਲਹਨ ਦਾ ਦਾਦਾ ਮੂਹਰੇ ਆ ਗਿਆ ਕਹਿੰਦਾ, "ਉਂਅ ਤਾਂ ਕਾਕਾ ਅਸੀਂ ਪੁਰਾਣੇ ਖਿਆਲਾਂ ਦੇ ਆਂ, ਜਾਣ ਨੂੰ ਤਾਂ ਚਲੇ ਜਾਂਦੇ ਇਕੱਲੇ ਕੋਈ ਗੱਲ ਨੀ ਸੀ ਪਰ ਅਣਹੋਣੀ ਨਾ ਵਾਪਰਜੇ ਕੋਈ... ਦੋਨੋਂ ਇਕੱਲੇ ਨਾ ਜਾਓ... " ਉਹਨੇ ਦਾਦਾ ਜੀ ਦੇ ਦੋਹੇਂ ਹੱਥ ਫੜ ਕਿਹਾ "ਬਾਪੂ ਜੀ ਕੁਛ ਨਹੀਂ ਹੁੰਦਾ.. ਤੁਹਾਡੀ ਪੋਤੀ ਦੀ ਕਿਸਮਤ ਏ ਮੇਰੇ ਨਾਲ ..ਉਹਦੇ ਹੁੰਦਿਆਂ ਕੁਛ ਮਾੜਾ ਨਹੀਂ ਵਾਪਰਦਾ..." ਦਾਦਾ ਜੀ ਨੇ ਅੱਖਾਂ ਭਰ ਕਿਹਾ, "ਬਿੱਲਿਆ ਜਿਵੇਂ ਤੈਨੂੰ ਸਹੀ ਲੱਗੇ ..." ਐਨਾ ਕਹਿ ਉਹਨੇ ਪੋਤਜੁਆਈ ਦਾ ਮੋਢਾ ਪਲੋਸ ਦਿੱਤਾ।
ਉਹ ਸਾਰਿਆਂ ਨੂੰ ਹੱਥ ਜੋੜ ਸਤਿ ਸ੍ਰੀ ਅਕਾਲ ਬੁਲਾ ਕਾਰ 'ਚ ਬੈਠ ਗਿਆ ਤੇ ਬੈਠਣ ਸਾਰ ਉਹਨੂੰ ਪੁੱਛਿਆ, "ਖੁਸ਼ ਏਂ..." ਉਹ ਨੀਵੀਂ ਪਾ ਕਹਿੰਦੀ, "ਹਾਂ ਬਹੁਤ..” ਉਹਨਾਂ ਨੇ ਸਾਰਿਆਂ ਬਾਏ ਕੀਤੀ ਤੇ ਉਹ ਘਰ ਵੱਲ ਚੱਲ ਪਏ।
ਵਿਆਹ ਵਾਲੇ ਮੁੰਡੇ ਦਾ ਜੀਜਾ ਦੋ ਪੈੱਗ ਵੱਧ ਹੋਰ ਗਟਾਗਟ ਖਿੱਚ ਆਵਦੀ ਘਰਵਾਲੀ ਨੂੰ ਕਹਿੰਦਾ, "ਚੱਲ ਆਵਦੇ ਪਿੰਡ ਚੱਲੀਏ, ਸਾਲਾ ਕੋਈ ਇੱਜ਼ਤ ਆ ਆਪਣੀ, ਫੁੱਲਾਂ ਵਾਲੀ ਕਾਰ 'ਚ ਬੈਠਣ ਨੂੰ ਵੀ ਨਹੀਂ ਪੁੱਛਿਆ ਸਾਲੇ ਨੇ... ਖੜਿਆਂ ਨੂੰ ਹੀ ਛੱਡ ਗਿਆ... ਸਾਲਾ ਫੋਕੀ ਸੁਲਾਅ ਹੀ ਮਾਰ ਲੈਂਦਾ..." ਸਾਰੇ ਅੰਦਰੋਂ-ਅੰਦਰ ਹੀ ਹੱਸ ਰਹੇ ਸੀ ਤੇ ਨਵੇਂ ਜ਼ਮਾਨੇ ਨੂੰ ਸਹਿਜੇ ਪਰਵਾਨ ਕਰ ਲਿਆ ਸੀ ...
ਘੋਰ ਕੰਢੇ
ਸਤਨਾਮ ਕੌਰ ਪੋਤੀ ਦੇ ਸਹੁਰੇ ਮਿਲਣ ਲਈ ਆਈ ਹੋਈ ਤੇ ਚਾਹ ਪੀਣ ਤੋਂ ਬਾਅਦ ਇੱਧਰ ਉੱਧਰ ਦੀ ਸੁੱਖ ਸਾਂਦ ਪੁੱਛਣ ਲੱਗੀ। ਬਿਸਕੁਟਾਂ ਦੀ ਭੋਰ ਨਾਲ ਲਿੱਬੜੀਆਂ ਬਰਾਛਾਂ ਪੂੰਝਦੀ ਪੋਤੀ ਦੀ ਸੱਸ ਚਰਨਜੀਤ ਨੂੰ ਪੁੱਛਣ ਲੱਗੀ, 'ਹੈਂਅ ਪੁੱਤ ਰਿੰਮੀ ਭਲਾ ਕੀ ਆਖ ਬੁਲਾਉਂਦੀ ਏ ਭਜਨ ਨੂੰ... ਪਾਪਾ ਕਿ ਡੈਡੀ।" ਚਰਨਜੀਤ ਨੇ ਚਾਹ ਦੇ ਕੱਪ ਟਰੇਅ 'ਚ ਰੱਖਦੀ ਨੇ ਕਿਹਾ, 'ਬੇਬੇ ਜੀ ਪਾਪਾ ਹੀ ਕਹਿੰਦੀ ਏ ... ਪਹਿਲਾਂ ਤੋਂ ਅਰਸ਼ੂ ਵੀ ਪਾਪਾ ਹੀ ਕਹਿੰਦਾ ਏ... ਮਗਰੇ ਇਹ ਵੀ ਉਵੇਂ ਹੀ ਕਹਿੰਦੀ ਏ...।"
ਚਰਨਜੀਤ ਨੂੰ ਸਮਝ ਨਾ ਆਈ ਕਿ ਬੇਬੇ ਇੰਝ ਕਿਉਂ ਪੁੱਛ ਰਹੀ ਏ। ਸਤਨਾਮ ਕੌਰ ਕੁਛ ਬੋਲਣ ਲੱਗੀ ਸੀ ਪਰ ਉਸਦਾ ਗਲ ਭਰ ਗਿਆ। ਆਪਦਾ ਆਪ ਸੰਭਾਲਦੀ ਚਰਨਜੀਤ ਦੇ ਦੋਹੇਂ ਹੱਥ ਫੜ੍ਹ ਕਹਿੰਦੀ, 'ਚੰਗਾ ਏ ਪੁੱਤ ਬਹੁਤ ਚੰਗਾ ਏ, ਵਿਚਾਰੀ ਨੂੰ ਆਵਦਾ ਪਿਉ ਮਿਲ ਗਿਆ ... ਪਾਪਾ ਗੁਆਚ ਗਿਆ ਸੀ ਮਿਲ ਗਿਆ, ਸ਼ੁਕਰ ਆ ਮਾਲਕ ਦਾ । ਥੋਡਾ ਕਰਜਾ ਨਹੀਂ ਦਿੱਤਾ ਜਾਣਾ ਸਾਡੇ ਤੋਂ.. ਸ਼ੁਕਰ ਏ...। ਬੇਬੇ ਸਤਨਾਮ ਫੇਰ ਦੀਆਂ ਅੱਖਾਂ ਫੁੱਲ ਰਹੀਆਂ ਸੀ ਪੁੱਤ ਨੂੰ ਯਾਦ ਕਰਕੇ। ਚਰਨਜੀਤ ਨੇ ਬੇਬੇ ਨੂੰ ਦਿਲਾਸਾ ਦਿੰਦੇ ਕਿਹਾ ਕਿ ਬੇਬੇ ਜੀ ਐਵੇਂ ਨਾ ਰੋਇਆ ਕਰੋ ਗੱਲਾਂ ਯਾਦ ਕਰਕੇ... ਹੁਣ ਤੁਹਾਡੇ ਪੋਤਾ ਪੜ੍ਹਪੋਤਾ ਸੁੱਖ ਨਾਲ ਅੱਖਾਂ ਸਾਹਮਣੇ ਤੁਰੇ ਫਿਰਦੇ ਦੀਹਦੇ ਆ .. ਰੱਬ ਇਹਨਾਂ ਦੀ ਉਮਰ ਲੰਬੀ ਕਰੇ...।
ਬੇਬੇ ਸਤਨਾਮ ਕੁਰ ਨੇ ਫਿਰ ਹਾਉਕਾ ਜੇਹਾ ਭਰ ਕਿਹਾ, 'ਪੁੱਤ ਮੇਰੇ ਕਲੇਜੇ ਧੂਹ ਪੈਂਦੀ, ਭੁੱਲਦਾ ਨੀ ਉਹ ਦਿਨ... ਕੀ ਕਰਾਂ...ਕੋਏ ਸੜ੍ਹ ਗਏ ਰੋ-ਰੋ ਕੇ ਪਰ ਐਹ ਹੈਗਾ ਗੱਲਾਂ ਕਰਕੇ ਸੀਨਾ ਠਰ ਜਾਂਦਾ..ਹੁਣ ਤਾਂ ਪੋਤੇ ਦੇ ਆਸਰੇ ਹੀ ਤੁਰੀ ਫਿਰਦੀ ਆਂ ... ਬਥੇਰੇ ਦੁੱਖ ਦੇਖੇ .. ਪਹਿਲਾਂ ਮਾਮਿਆਂ ਕੰਨਿਉਂ ਊਣੀ ਰਹੀ, ਮਾਂ ਨੂੰ ਝੁਰਦੇ ਦੇਖਦੀ ਸੀ...ਫਿਰ ਭਰਾ ਮੁੱਕ ਗਿਆ...ਹਾਲ ਉਹ ਜਖਮ ਅੱਲਾ ਹੀ ਸੀ ਕਿ ਰੱਬ ਨੇ ਪੁੱਤ ਵੀ ਖੋਹ ਲਿਆ। ਹੁਣ ਤੇ ਐਵੇਂ ਏ ਕਿ ਰੱਬ ਛੇਤੀ ਲੈ ਜਾਵੇ।" ਬੇਬੇ ਗੱਲਾਂ ਦੱਸਦੀ ਰੋ ਰਹੀ ਸੀ।
ਐਨੇ ਨੂੰ ਰਿੰਮੀ ਦਾ ਪੰਜ ਕੁ ਸਾਲ ਦਾ ਜੁਆਕ ਬੇਬੇ ਕੋਲ ਆਇਆ ਤੇ ਪੁੱਛਿਆ, 'ਬੇਬੇ ਕਾਹਤੋਂ ਰੋਈ ਜਾਨੇ ਓ...” ਬੇਬੇ ਨੇ ਉਸ ਨਿੱਕੇ ਜਵਾਕ ਨੂੰ ਚੁੱਕ ਕੇ
ਬੁੱਕਲ 'ਚ ਬਿਠਾਉਂਦੇ ਕਿਹਾ ਕਿ ਪੁੱਤ ਅੱਖ 'ਚ ਕੁਛ ਪੈ ਗਿਆ... ਰੋਣਾ ਕਾਹਨੂੰ ਸੁੱਖੀ ਸਾਂਦੀ। ਐਨਾ ਕਹਿ ਬੇਬੇ ਹੱਸ ਪਈ ਤੇ ਨਿੱਕੇ ਬੱਚੇ ਦਾ ਹੱਥ ਫੜ੍ਹ ਘੋਰਕੰਢੇ ਕਰਨ ਲੱਗੀ ਕਿ ਘੋਰਕੰਢੇ ਚੂਹੇ ਲੰਢੇ ਆ ਜਾਂਦੀ ਪੈੜ...ਲੱਭ ਗਿਆ। ਬੱਚਾ ਕੁਤਕਤਾੜੀ ਹੋਣ 'ਤੇ ਹੱਸਦਾ ਬੇਬੇ ਵੀ ਨਾਲ ਹੱਸ ਪੈਂਦੀ। ਚਰਨਜੀਤ ਬੈਠੀ ਸੋਚ ਰਹੀ ਸੀ ਕਿ ਕਾਸ਼ ਗੁਆਚੇ ਪੁੱਤ ਵੀ ਘੋਰਕੰਢਿਆਂ ਨਾਲ ਲੱਭ ਜਾਂਦੇ ਤੇ ਬੇਬੇ ਸੱਚਮੁੱਚ ਹੀ ਖੁਸ਼ ਹੋ ਜਾਂਦੀ।
ਸਿਲਕ ਦਾ ਸੂਟ
ਸਰਦਈ ਸਿਲਕ ਦਾ ਸੂਟ ਪੇਟੀ 'ਚੋਂ ਕੱਢਦੇ ਮਾਂ ਨੇ ਕਿਹਾ, "ਇਹ ਦੇਖ ਮੇਰੇ ਵਿਆਹ ਵਾਲਾ ਸੂਟ ..." ਮੈਂ ਉਤਸੁਕਤਾ ਨਾਲ ਸੂਟ ਫੜ੍ਹਿਆ ਤੇ ਖੋਲ੍ਹ ਕੇ ਦੇਖਿਆ ਕੁੜਤੀ ਦੇ ਦੋ ਤਿੰਨ ਥਾਈਂ ਮੋਰੀਆਂ ਸਨ। ਮੈਂ ਮਾਂ ਨੂੰ ਕਿਹਾ ਕਿ ਸੂਟ ਮੈਂ ਰੱਖ ਲਵਾਂ। ਮਾਂ ਨੇ ਕਿਹਾ, "ਤੂੰ ਕੀ ਕਰਨਾ ਇਸਦਾ ? ਬੋਡਾ ਹੋਇਆ ਪਿਆ।" ਮੈਂ ਮਾਂ ਤੋਂ ਸੂਟ ਲੈ ਕੇ ਆਵਦੀ ਅਲਮਾਰੀ 'ਚ ਰੱਖ ਲਿਆ।
ਵਿਆਹ ਵਾਲਾ ਦਿਨ ਆਇਆ। ਮੇਰਾ ਸੂਟ ਦਰਜ਼ੀ ਤੋਂ ਫੜ੍ਹ ਕੇ ਲਿਆਉਣਾ ਸੀ ਹਾਲੇ। ਵੀਰਾ ਸੂਟ ਲੈ ਕੇ ਆਇਆ ਤੇ ਫਿਰ ਮੈਂ ਤਿਆਰ ਹੋਣ ਲਈ ਚਲੀ ਗਈ। ਸਿੱਧਾ ਨੰਦਾਂ 'ਤੇ। ਗੁਰੂ ਘਰ ਮੈਂ ਆਈ ਤਾਂ ਮਾਂ ਵਾਲਾ ਸੂਟ ਪਾਇਆ ਸੀ। ਮਾਂ ਨੇ ਦੂਰੋਂ ਤੁਰੀ ਆਉਂਦੀ ਦੀ ਸੂਟ ਦੀ ਨਿਰਖ਼ ਕੀਤੀ ਤੇ ਕੋਲ ਆ ਕੇ ਕਿਹਾ, "ਹੈਂਅ ਉਹੀ ਸੂਟ ਆ? ਕਿੱਡਾ ਸੋਹਣਾ ਲੱਗਦਾ। ਜਮ੍ਹਾ ਮੇਰੇ ਵਰਗੀ ਲੱਗਦੀ ਏਂ.." ਮਾਂ ਦੀਆਂ ਅੱਖਾਂ 'ਚ ਚਮਕ ਸੀ।
ਅਨੰਦ ਕਾਰਜ ਸਮਾਪਤ ਹੋਏ ਤੇ ਮਾਂ ਦੀਆਂ ਅੱਖਾਂ ਹਾਲੇ ਵੀ ਮੈਨੂੰ ਦੇਖ ਰਹੀਆਂ ਸੀ। ਮੈਂ ਕੋਲੇ ਜਾ ਕੇ ਕਿਹਾ, 'ਕੀ ਹੋਇਆ? ਡੌਰ ਭੌਰ ਕਾਹਤੋਂ ਏ..." ਮਾਂ ਦੇ ਅੱਖਾਂ 'ਚ ਅੱਥਰੂ ਸੀ। ਮਾਂ ਤੋਂ ਕੁਛ ਨਾ ਬੋਲਿਆ ਗਿਆ।
ਗੱਡੀ 'ਚ ਬੈਠਣ ਲੱਗੇ ਇੰਝ ਲੱਗਾ ਜਿਵੇਂ ਪਿਛਲੇ ਗਲੇ ਤੋਂ ਸੂਟ ਪਾਟ ਗਿਆ ਪਰ ਉੱਤੇ ਦੁਪੱਟਾ ਸੀ। ਨਾ ਕਿਸੇ ਨੂੰ ਕਹਿ ਸਕਦੀ ਸੀ ਕਿ ਕੋਈ ਦੇਖ ਲਵੇ। ਜਲਦੀ ਜਲਦੀ ਨਾਲ ਮੈਨੂੰ ਸਿਹਰਿਆਂ ਵਾਲੇ ਨਾਲ ਗੱਡੀ 'ਚ ਬਿਠਾ ਦਿੱਤਾ ਤੇ ਨਾਲ ਘੁਸੜ ਕੇ ਦੋ ਜਵਾਕ ਤੇ ਇੱਕ ਉਹਨਾਂ ਦੀ ਭੂਆ ਬੈਠ ਗਈ। ਮੈਂ ਸੂਟ ਬੋਚਾਂ ਕਿ ਕਿਧਰੇ ਹੋਰ ਕਿਤੋਂ ਹੀ ਨਾ ਪਾਟ ਜਾਵੇ। ਭਚੀਕੜ ਕੇ ਗੱਡੀ 'ਚ ਬੈਠੇ ਸੀ ਤੇ ਹਿੱਲ-ਜੁੱਲ ਵੀ ਨਹੀਂ ਸੀ ਸਕਦੇ। ਸਿੱਧੇ ਪੈਲੇਸ 'ਚ ਜਾਣਾ ਸੀ।
ਗੱਡੀ ਪੈਲੇਸ 'ਚ ਪਹੁੰਚੀ ਤਾਂ ਸਾਹ ਆਇਆ। ਆਵਦਾ ਆਪ ਬੋਚ ਕੇ ਉਹ ਕਾਰ 'ਚੋਂ ਉੱਤਰੀ। ਪੈਲਸ ਦਾਖਲ ਹੋਏ ਤਾਂ ਉਹਨੂੰ ਲੱਗ ਰਿਹਾ ਸੀ ਕਿ ਜਿਵੇਂ ਕਮੀਜ਼ ਅੱਗੇ ਦੀ ਅੱਗੇ ਪਾਟ ਰਹੀ ਹੋਵੇ। ਫੋਟੋ ਸ਼ੂਟ ਹੋਣਾ ਸੀ ਤੇ ਉਹਨੇ ਹੌਲੀ ਕੁ ਦੇਣੇ ਆਵਦੇ ਸੇਹਰਿਆਂ ਵਾਲੇ ਦੇ ਕੰਨ੍ਹ 'ਚ ਕਿਹਾ, "ਜੀ ਮੈਨੂੰ ਲੱਗਦਾ ਕੇ ਮੇਰਾ ਸੂਟ ਫਟ ਗਿਆ ਏ।
'ਉਹਨੇ ਹੈਰਾਨ ਹੋ ਕੇ ਕਿਹਾ, "ਐਂਵੇ ਕਿਵੇਂ…ਮੈਂ ਦੇਖਦਾਂ…ਕਰਦੇ ਆ ਕੋਈ ਹੱਲ…' ਉਹਨੇ ਫੋਟੋਗਾਫ਼ਰ ਤੇ ਉੱਥੇ ਕਮਰੇ 'ਚ ਖੜ੍ਹੇ ਹੋਰ ਰਿਸ਼ਤੇਦਾਰਾਂ ਨੂੰ ਬਾਹਰ ਭੇਜ ਦਿੱਤਾ ਤੇ ਉਹਨੇ ਫਟਾਫਟ ਦੁਪੱਟੇ ਨੂੰ ਉਤਾਰ ਕੇ ਕਿਹਾ ਕਿ ਬਦਲਣਾ ਪਵੇਗਾ ਸੂਟ। ਮੇਰੇ ਮੂੰਹੋਂ ਨਿਕਲਿਆ ਕਿ ਸੂਟ ਤਾਂ ਹੈ ਨਹੀਂ ਹੋਰ..ਐਨੀ ਛੇਤੀ ਕਿੱਥੋਂ ਲੈ ਕੇ ਆਵਾਂਗੇ। ਉਸਨੇ ਕਿਹਾ ਕਿ ਮੇਰੇ ਕੋਲ ਹੋਰ ਸੂਟ ਹੈਗਾ ਕੋਟ ਪੈਂਟ। ਤੁਸੀਂ ਐਵੇਂ ਕਰੋ ਕਿ ਅਚਕਨ ਪਾ ਲੈਨਾ ਤੇ ਮੈਂ ਕੋਟ ਪੈਂਟ ਪਾ ਲੈਨਾ। ਤੁਸੀਂ ਬਾਹਰ ਜਾਉ ਤੇ ਮੈਂ ਬਦਲ ਲੈਂਦਾ ਹਾਂ। ਉਹਨੇ ਕੱਪੜੇ ਬਦਲ ਲਏ ਤੇ ਬਾਹਰ ਆ ਕੇ ਮੈਨੂੰ ਕਿਹਾ ਹੁਣ ਤੁਸੀਂ ਬਦਲ ਲਉ।
ਮੈਂ ਫਟਾਫਟ ਅੰਦਰ ਜਾ ਅਚਕਨ ਪਾ ਲਈ। ਥੋੜੀ ਕੁ ਖੁੱਲ੍ਹੀ ਸੀ ਪਰ ਠੀਕ ਲੱਗ ਰਹੀ ਸੀ। ਮੈਂ ਮਾਂ ਵਾਲਾ ਸੂਟ ਉੱਥੇ ਪਏ ਖਾਲੀ ਲਿਫ਼ਾਫ਼ੇ 'ਚ ਪਾ ਦਿੱਤਾ। ਸੂਟ ਬਦਲ ਕੇ ਮੈਂ ਬਾਹਰ ਆਈ। ਸਾਰੇ ਹੈਰਾਨ ਹੋਏ ਕਿ ਇਹ ਕੀ ਕਰੀ ਜਾਂਦੇ ਆ। ਕਿਸੇ ਨੂੰ ਕੁਛ ਵੀ ਜਵਾਬ ਦਿੱਤੇ ਬਿਨਾਂ ਅਸੀਂ ਫੋਟੋ ਸ਼ੂਟ ਕਰਵਾਇਆ। ਮੈਂ ਉਹਨਾਂ ਨੂੰ ਕਿਹਾ ਕਿ ਦੁਪੱਟਾ ਕਿਵੇਂ ਲਵਾਂਗੀ, ਉਹ ਤਾਂ ਮੈਚ ਨਹੀਂ ਹੁੰਦਾ। ਉਹਨੇ ਮੇਰੇ ਮੱਥੇ ਤੋਂ ਘਬਰਾਹਟ ਪੜ੍ਹਦੇ ਕਿਹਾ, "ਕੋਈ ਨਾ ਰਹਿਣ ਦੇ ਦੁਪੱਟਾ।" ਮੈਂ ਕਿਹਾ ਕਿ ਰੀਤ ਏ ਦੁਪੱਟਾ ਲੈਣ ਦੀ। ਉਹਨੇ ਮੇਰੇ ਉਦਾਸ ਚਿਹਰੇ ਨੂੰ ਹਸਾਉਣ ਲਈ ਕਿਹਾ, "ਤੋੜਦੇ ਆਂ ਇਹ ਰੀਤ...ਆਵਦੇ ਰੁਮਾਲ ਨਾਲ ਮੇਰਾ ਸੁਰਮਾ ਠੀਕ ਕਰਕੇ ਉਹਨੇ ਪੁੱਛਿਆ ਕਿ ਚੱਲੀਏ ਹਾਲ 'ਚ। ਮੈਂ ਸਿਰ ਹਿਲਾ ਦਿੱਤਾ।
ਹਾਲ 'ਚ ਬੈਂਡ ਬਾਜਿਆਂ ਨਾਲ ਦਾਖਲ ਹੋ ਰਹੇ ਸੀ ਕਿ ਸਾਰੇ ਮਹਿਮਾਨ ਦੁੱਗਣੀ ਹੈਰਾਨੀ ਸਾਡੇ ਵੱਲ ਦੇਖ ਰਹੇ ਸੀ ਤੇ ਹੈਰਾਨੀ ਦੀ ਵਜ੍ਹਾ ਮੇਰੇ ਪਾਈ ਅਚਕਨ ਸੀ। ਅਸੀਂ ਸਟੇਜ ਤੇ ਪੁੱਜੇ ਤੇ ਸੋਫ਼ਿਆਂ 'ਤੇ ਬੈਠ ਗਏ। ਥੋੜ੍ਹੇ ਸਮੇਂ ਬਾਅਦ ਮਾਹੌਲ ਠੀਕ ਹੋ ਗਿਆ। ਮਹਿਮਾਨ ਸਹਿਜ ਜੇਹੀ ਨਿਗ੍ਹਾ ਨਾਲ ਦੇਖਣ ਲੱਗੇ ਜਿਵੇਂ ਇੱਕ ਦਮ ਕਿਸੇ ਚੀਜ਼ ਨੂੰ ਕਬੂਲਿਆ ਨਹੀਂ ਜਾਂਦਾ ਤੇ ਹੌਲੀ-ਹੌਲੀ ਕਬੂਲ ਲਿਆ ਜਾਂਦਾ। ਮਾਂ ਨੇ ਸ਼ਗੁਨ ਕਰਨ ਆਈ ਨੇ ਕੰਨ੍ਹ 'ਚ ਪੁੱਛਿਆ ਕਿ ਇਹ ਕਾਹਤੋਂ ਪਾਇਆ ? ਮੈਂ ਕੀ ਆਖਦੀ ਕੈਮਰਾ ਸਾਹਮਣੇ ਸੀ ਤੇ ਐਨਾ ਕੁ ਆਖਿਆ ਬਾਅਦ 'ਚ ਦੱਸਦੀ ਆਂ।
ਵਿਆਹ ਹੋ ਗਿਆ। ਮੈਂ ਸਹੁਰੀ ਆ ਗਈ ਤੇ ਫਿਰ ਜਦੋਂ ਵਾਪਸ ਮਿਲਣ ਪੇਕੀਂ ਗਈ ਤਾਂ ਦੱਸਿਆ ਕਿ ਕਿਉਂ ਅਚਕਨ ਪਾਉਣੀ ਪਈ। ਸਾਰੇ ਹੱਸ ਹੱਸ ਕੇ ਕਮਲੇ ਹੋ ਗਏ ਕਿ ਮਾੜੀ ਹੋਈ। ਥੋੜੇ ਦਿਨ ਬਾਅਦ ਚਾਚੇ ਦੀ ਕੁੜੀ ਦਾ ਵਿਆਹ ਸੀ ਤੇ ਉਹਨੇ ਮੈਨੂੰ ਪੁੱਛਿਆ ਕਿ ਭਾਜੀ ਵਾਲੀ ਅਚਕਨ ਤੁਹਾਡੇ ਬੜੀ ਪਿਆਰੀ ਲੱਗਦੀ ਸੀ ਤੇ ਮੈਂ ਵੀ ਸੇਮ ਬਣਾਈ ਏ ਵਿਆਹ ਵਾਲੇ ਦਿਨ ਲਈ। ਉਸ ਦਿਨ ਤੋਂ ਦੋ ਗੱਲਾਂ ਸਮਝ ਆ ਗਈਆਂ ਕਿ ਜੋ ਪਾ ਲਉ ਉਹੀ ਫੈਸ਼ਨ ਬਣ ਜਾਂਦਾ। ਦੂਜੀ ਗੱਲ ਕਿ ਬੋਡੀ ਚੀਜ਼ ਤੇ ਬੰਦਾ ਕਦੇ ਵਿਸ਼ਵਾਸ਼ ਨਾ ਕਰੇ, ਕਦੇ ਵੀ ਧੋਖਾ ਦੇ ਜਾਂਦੀਆਂ ਪਰ ਮਾਂ ਦਾ ਸੂਟ ਪਾਉਣ ਦੀ ਰੀਝ ਪੂਰੀ ਕਰ ਲਈ ਸੀ।
ਗਾਂਢਾ-ਸਾਂਢਾ
ਮੰਜੇ ਦੀ ਪੈਂਦ ਕਸਦੀ ਨੇ ਉਹਨੇ ਚਾਹ ਪੀਂਦੇ ਕਰਮੇ ਨੂੰ ਸਹਿ ਸੁਭਾਏ ਪੁੱਛਿਆ, "ਫ਼ਸਲ ਸੋਹਣੀ ਹੋਈ ਏ ਹਨਾ ਇਸ ਵਾਰ..." ਕਰਮਾ ਕਹਿੰਦਾ, "ਹਾਂ..." ਫਿਰ ਇਸ ਵਾਰ ਮੈਨੂੰ ਨਾ ਉਹ...” ਫ਼ਰਮਾਇਸ਼ ਕਰਦੀ ਕਰਦੀ ਅਮਰੋ ਰੁਕ ਗਈ। ਕਰਮ ਨੂੰ ਕਿਸੇ ਦਾ ਫੋਨ ਆ ਗਿਆ ਸੀ।
ਫੋਨ ਕੱਟ ਕੇ ਕਰਮੇ ਦੇ ਚਿਹਰੇ ਦੀ ਉਦਾਸੀ ਪੜ੍ਹਦਿਆਂ ਉਹਨੇ ਪੁੱਛਿਆ, “ਕੀ ਹੋਇਆ ? "ਕਰਮਾ ਪਰਨਾ ਢਾਹ ਕੇ ਲੜ੍ਹ ਫੜ ਦੁਬਾਰਾ ਬੰਨ੍ਹਦਾ ਹੋਇਆ ਕਹਿੰਦਾ, “ਆਪਣੇ ਪੁੱਤ ਸ਼ਰਨੇ ਲਈ ਜੋ ਬਾਹਰਲੀ ਕੁੜੀ ਦੀ ਦੱਸ ਪਈ ਸੀ। ਘਰ ਵੇਖਣ ਆਏ ਸੀ ਜਿਹੜੇ .. ਉਹ ਕਹਿੰਦੇ ਕਿ ਵਿਆਹ ਤਾਂ ਅਸੀਂ ਕਰਦਾਂਗੇ ਪਰ ਕੁੜੀ ਦੀ ਫੀਸ ਜੋ ਅਸੀਂ ਭਰੀ ਆ, ਉਹ ਫ਼ੀਸ ਦੇ ਪੈਹੇ ਸਾਨੂੰ ਦੇਣੇ ਪੈਣਗੇ.. 15 ਲੱਖ ਕਹਿੰਦੇ ਆ ਕਿ ਬੀ ਐਨਾ ਖਰਚਾ ਹੋ ਗਿਆ ਵੀਜ਼ੇ ਤੀਕ।"
ਅਮਰੋ ਨੇ ਕਰਮੇ ਦੀ ਸਾਰੀ ਉਦਾਸੀ ਆਵਦੀਆਂ ਅੱਖਾਂ 'ਚ ਭਰ ਕੇ ਕਿਹਾ, "ਰਹਿਣ ਦੋ...ਹੋਰ ਜਿੱਥੇ ਸੰਯੋਗ ਹੋਇਆ ਹੋਜੂਗਾ...ਕੁੜੀ ਵੀ ਵਿਆਹੁਣੀ ਏ।" ਕਰਮੇ ਨੇ ਅਮਰੋ ਦੀ ਗੱਲ ਵਿੱਚੇ ਕੱਟ ਕਿਹਾ, 'ਤੂੰ ਕੀ ਆਖਦੀ ਸੀ ਲੈਣ ਨੂੰ..." ਅਮਰੋ ਕਹਿੰਦੀ, “ਕੁਛ ਨਹੀਂ...” ਪੈਂਦ ਕਸ ਕੇ ਅਮਰੋ ਪੇਟੀਆਂ ਤੋਂ ਲਾਹੇ ਦੋੜੇ ਧੋਣ ਬਾਹਰਲੇ ਘਰ ਚਲੀ ਗਈ ਤੇ ਕੱਪੜੇ ਧੋਣ ਵਾਲੀ ਮਸ਼ੀਨ ਲੈਣ ਵਾਲੀ ਰੀਝ ਮਨ 'ਚ ਦੱਬ ਲਈ ਤੇ ਅਗਲੇ ਸਿਆਲ ਦੀ ਫ਼ਸਲ ਨਾਲ ਗਾਂਢਾ-ਸਾਂਢਾ ਕਰ ਲਿਆ।
ਡਾਇਰੀ
ਉਹਦਾ ਵਿਆਹ ਹੋ ਰਿਹਾ ਸੀ ਕਿਸੇ ਅਣਜਾਣ ਮਰਦ ਨਾਲ। ਕਿੰਨੇ ਦਿਨਾਂ ਦੀ ਸੋਚ ਰਹੀ ਸੀ ਉਹ ਆਵਦੀ ਲਿਖੀ ਡਾਇਰੀ ਦਾ ਕੀ ਕਰਾਂਗੀ। ਸਾੜ ਦੇਵਾਂ ਜਾਂ ਕਿਤੇ ਲੁਕੋ ਜਾਵਾਂ। ਕਈ ਵਾਰ ਸਾੜਨੀ ਚਾਹੀ ਪਰ ਹੱਥਾਂ ਦੀ ਹਿੰਮਤ ਜਵਾਬ ਦੇ ਜਾਂਦੀ।
ਉਹਦਾ ਆਵਦੀ ਮਾਂ ਨਾਲ ਮੋਹ ਤਾਂ ਸੀ ਪਰ ਐਨਾ ਵੀ ਨਹੀਂ ਸੀ ਕਿ ਡਾਇਰੀ ਮਾਂ ਨੂੰ ਦੇ ਕੇ ਆਖੇ, " ਮਾਂ ਏਹਨੂੰ ਪੇਟੀ 'ਚ ਸਾਂਭ ਦੇਵੀਂ ...ਮੇਰੀ ਅਮਾਨਤ ਏ।" ਉਹਦਾ ਕਦੀ ਹੀਆ ਹੀ ਨਹੀਂ ਸੀ ਪਿਆ ਕਿ ਮਾਂ ਨੂੰ ਆਵਦੀ ਜ਼ਿੰਦਗੀ ਤੇ ਮਹਿਬੂਬ ਬਾਰੇ ਦੱਸ ਦੇਵੇ। ਮਾਂ ਸਾਊ ਕੁੜੀ ਸਾਊ ਕੁੜੀ ਆਖਦੀ ਨਾ ਥੱਕਦੀ ਸੀ ਤੇ ਉਹ ਵੀ "ਸਾਊ ਕੁੜੀ" ਬਣ ਕਿਸੇ ਅਣਜਾਣ ਨਾਲ ਵਿਆਹ ਲਈ ਮੰਨ ਗਈ ਸੀ...।
ਉਹ ਰਾਤ ਨੂੰ ਉੱਠੀ ਤੇ ਨਾਲ ਲੱਗਦੇ ਵਾੜੇ ਗਈ ਤੇ ਕਹੀ ਨਾਲ ਮਿੱਟੀ ਪੁੱਟ ਟੋਆ ਪੁੱਟਿਆ ਤੇ ਡਾਇਰੀ ਦੱਬ ਟੋਆ ਭਰ ਦਿੱਤਾ। ਅਗਲੇ ਦਿਨ ਉਸੇ ਥਾਂ ਤੇ ਉਹਨੇ ਡੇਕ ਦਾ ਨਿੱਕਾ ਜਿਹਾ ਦਰੱਖਤ ਲਗਾ ਦਿੱਤਾ। ਮਾਂ ਨੇ ਪੁੱਛਿਆ, ''ਤੈਨੂੰ ਕੀ ਦਰੱਖਤ ਲਗਾਉਣ ਦਾ ਚਾਅ ਚੜਿਆ। ਉਹ ਕਹਿੰਦੀ, "ਦੇਖ ਮਾਂ ਮੈਂ ਚਲੀ ਜਾਊਂਗੀ ਕੱਲ੍ਹ ਇਸ ਘਰੋਂ ਵਿਆਹ ਕੇ... ਤੁਸੀਂ ਜਦੋਂ ਵੀ ਏਹ ਡੇਕ ਦੇਖੋਗੇ ਮੈਨੂੰ ਯਾਦ ਕਰੋਗੇ...ਆਉਂਦੇ ਜਾਂਦਿਆਂ ਦੇ ਤੁਹਾਡੇ ਮੱਥੇ ਲੱਗੇਗਾ...।"
ਮਾਂ ਕਹਿੰਦੀ, "ਹਾਂ ਇਹ ਤਾਂ ਹੈ.. ਮੈਂ ਵੀ ਆਵਦੇ ਪੇਕੀਂ ਅੰਬ ਦਾ ਬੂਟਾ ਲਾ ਕੇ ਆਈ ਸੀ... ਹੁਣ ਫਲ ਲੱਗਣ ਲੱਗਾ ਉਹਨੂੰ...ਹੁਣ ਤੱਕ ਯਾਦ ਕਰਦੇ ਆ ਭਤੀਜੇ ਮੇਰੇ...ਬੜੀਆਂ ਯਾਦਾਂ ਜੁੜੀਆਂ ਉਸ ਦਰੱਖਤ ਨਾਲ ਮੇਰੀਆਂ... ਮੇਰੀਆਂ ਲਾਲ ਵੰਗਾਂ, ਸੁਰਮਾ ਜੋ ਜੋ ਵੀ ਉਹਨੇ ਦਿੱਤਾ ਸੀ ਉਸ ਦਰੱਖਤ ਥੱਲੇ ਨੱਪਿਆ ਹੋਇਆ..." ਉਹਨੇ ਹੈਰਾਨੀ ਨਾਲ ਮਾਂ ਦਾ ਚਿਹਰਾ ਪੜ੍ਹਦੇ ਕਿਹਾ, "ਕਿਹਨੇ ਦਿੱਤੀਆਂ ਸੀ ਉਹ ਵੰਗਾਂ ਮਾਂ।"
ਮਾਂ ਨੇ ਭਾਵਨਾਵਾਂ 'ਚ ਵਹਿੰਦੀ ਨੇ ਅੱਖ ਭਰ ਕਿਹਾ, "ਉਸ ਚੰਦਰੇ ਨੇ... ਗੁਆਂਢ ਪਿੰਡ ਤੋਂ ਸੀ ਸਰਪੰਚਾਂ ਦਾ ਮੁੰਡਾ... ਤੇਰਾ ਨਾਨਾ ਨਹੀਂ ਸੀ ਮੰਨਿਆ ਰਿਸ਼ਤੇ ਨੂੰ ਅਗਲਿਆਂ ਨੇ ਬਥੇਰਾ ਜ਼ੋਰ ਲਾਇਆ ਸੀ ਕਿ ਵਿਆਹ ਹੋਜੇ ...ਵੱਢ ਦਿੱਤਾ ਸੀ ਤੇਰੇ ਮਾਮਿਆਂ ਨੇ ਉਹਨੂੰ... ।
ਉਹ ਮਾਂ ਦੀਆਂ ਗੱਲਾਂ ਸੁਣ ਸਹਿਮ ਗਈ ਤੇ ਆਵਦੇ ਅਤੀਤ ਨੂੰ ਪਰਦੇ ਪਿੱਛੇ ਰੱਖਣਾ ਮੁਨਾਸਿਫ਼ ਸਮਝਿਆ। ਆਵਦੇ ਆਪ ਨੂੰ ਵਾਅਦਾ ਕੀਤਾ ਕਿ ਮੇਰੀ ਹੋਣ ਵਾਲੀ ਧੀ ਨੂੰ ਆਵਦੀ ਜ਼ਿੰਦਗੀ ਨੱਪ ਕੇ ਦਰੱਖਤ ਨਹੀਂ ਲਾਉਣ ਦੇਵਾਂਗੀ।
ਉਜਾੜਾ
ਬੀਬੀ ਨੂੰ ਹੱਥਾਂ ਪੈਰਾਂ ਦੀ ਪੈ ਗਈ, ਜਦ ਉਜਾੜੇ ਬਾਰੇ ਸੁਣਿਆ। ਰੋਟੀਆਂ ਪਕਾਉਣੀਆਂ ਵਿੱਚੇ ਛੱਡ ਰੇਡਿਓ ਕੋਲ ਜਾ ਖੜ੍ਹੀ ਹੋ ਗਈ ਤੇ ਖ਼ਬਰਾਂ ਸੁਣਨ ਲੱਗੀ। ਖ਼ਬਰਾਂ ਆ ਰਹੀਆਂ ਸੀ ਕਿ ਵੰਡ ਹੋ ਗਈ ਤੇ ਵੱਢ ਟੁੱਕ ਹੋਣ ਲੱਗ ਗਈ ਏ।
ਕਾਫਲਿਆਂ ਦੇ ਕਾਫ਼ਲੇ ਪੰਜਾਬ ਵੱਲ ਆ ਰਹੇ ਨੇ। ਬੀਬੀ ਨੇ ਮੱਥੇ 'ਤੇ ਹੱਥ ਮਾਰਦੀ ਨੇ ਕਿਹਾ, "ਪ੍ਰੀਤੇ ਨੂੰ ਬਾਹਲਾ ਭੋਇੰ ਦਾ ਮੋਹ ਜਾਗਦਾ ਸੀ, ਅਖੇ ਤੁਸੀਂ ਜਾਉ। ਮੈਂ ਇੱਥੇ ਰਹਿੰਨਾ ਟਿਕ ਟਿਕਾ ਹੋਏ ਤੋਂ ਥੋਨੂੰ ਵਾਪਸ ਲੈ ਬੁਲਾ ਲਊ। ਹੁਣ ਫਸ ਗਿਆ ਉੱਧਰ ਹੀ ਪਤਾ ਨੀ ਕਿਹੋ ਜਾ ਕਲੈਣਾ ਦਿਨ ਚੜ੍ਹਿਆ। ਮਸਾਂ ਮੰਗ-ਮੰਗ ਲਿਆ ਸੀ ਰੱਬ ਕਲੋਂ... ਨੇਜਾਣੀਏ ਹੁਣ ਕੋਈ ਭਾਣਾ ਵਰਤ ਗਿਆ...ਕੀ ਕਰੂ ਮੈਂ... ਸਾਹ ਵਰੋਲਦੀ ਫਿਰਦੀ ਆ... ਉਹ ਕਲੈਹਣੀ ਵੀ ਤਾਂ ਨੱਪੀ ਬੈਠੀ ਹੋਊ ਕਿ ਮੇਰੇ ਕੋਲ ਰਹਿ... ਬਾਹਲਾ ਇਸ਼ਕ ਜਾਗਦਾ।" ਐਨਾ ਆਖਦੀ ਨੇ ਉਹਨੇ ਰੇਡਿਓ ਨੂੰ ਬੰਦ ਕਰ ਦਿੱਤਾ। ਰੋਟੀ ਪਕਾਉਣ ਦਾ ਮਨ ਨਾ ਕੀਤਾ। ਛਾਬੇ 'ਚ ਦੋ ਕੁ ਰੋਟੀਆਂ ਲਪੇਟ ਕੇ ਉਵੇਂ ਹੀ ਛਾਬਾ ਹਾਰੇ 'ਤੇ ਰੱਖ ਦਿੱਤਾ।
ਉੱਧਰ ਪ੍ਰੀਤਾ ਕਾਫ਼ਲੇ 'ਚ ਉਧਰੋਂ ਚੱਲ ਪਿਆ ਸੀ। ਰਾਸਤੇ 'ਚ ਪਿਆਸ ਲੱਗਦੀ ਤਾਂ ਪਾਣੀ ਦੀ ਚੂਲੀ ਪੀ ਕੇ ਗੁਜ਼ਾਰਾ ਕਰ ਲੈਂਦਾ। ਡੇਢ ਮਹੀਨੇ ਬਾਅਦ ਬੌਂਦਲਿਆ ਹੋਇਆ ਪ੍ਰੀਤਾ ਮਾਸੀ ਦੇ ਪਿੰਡ ਪੁੱਜਾ। ਮਾਸੀ ਦੀ ਕੁੜੀ ਬਿਸ਼ਨੀ ਬਾਹਰਲੇ ਘਰ ਧਾਰ ਚੋਅ ਰਹੀ ਸੀ। ਪ੍ਰੀਤਾ ਕੋਲ ਜਾ ਕੇ ਖੜ੍ਹ ਗਿਆ। ਮੱਝ ਡਰ ਕੇ ਤ੍ਰਬਕ ਗਈ ਤੇ ਬਿਸ਼ਨੀ ਨੇ ਧਾਰ ਵਿੱਚੇ ਛੱਡ ਖਲੋ ਕੁ ਦੇਖਿਆ। ਪਾਟੇ, ਮੈਲੇ ਕੁਚੈਲੇ ਕੱਪੜਿਆਂ ਵਾਲੇ ਤੇ ਘਸਮੈਲੇ ਚੇਹਰੇ ਨਾਲ ਓਪਰੇ ਬੰਦੇ ਨੂੰ ਦੇਖ ਬਿਸ਼ਨੀ ਡਰ ਗਈ।
ਡਰ ਕੇ ਅੱਧ ਕੁ ਚੋਏ ਦੁੱਧ ਵਾਲੀ ਬਾਲਟੀ ਲੈ ਕੇ ਘਰ ਵੱਲ ਨੱਠੀ ਤੇ ਜਾ ਕੇ ਹੜਬੜ੍ਹਾਉਂਦੀ ਆਵਦੇ ਵੀਰ ਨੂੰ ਕਹਿੰਦੀ, "ਵੀਰ ਜੀ ਬਾਹਰਲੇ ਘਰੇ ਕੋਈ ਓਪਰਾ ਬੰਦਾ ਆਇਆ, ਕੋਈ ਚੋਰ ਲੱਗਦਾ ..." ਵੀਰ ਜੀ ਗੱਲ ਸੁਣ ਬਾਹਰਲੇ ਘਰ ਵੱਲ ਹੋ ਤੁਰੇ ਤੇ ਦੇਖਿਆ ਕਿ ਪਾਟੇ ਲੀੜਿਆਂ ਵਾਲਾ ਉਹ ਅਣਜਾਣ ਬੰਦਾ ਪਸ਼ੂਆਂ ਵਾਲੇ ਚਵੱਚੇ 'ਚੋਂ ਪਸ਼ੂਆਂ ਵਾਂਗ ਪਾਣੀ ਪੀ ਰਿਹਾ ਸੀ ਜਿਵੇਂ ਕਈ ਸਾਲਾਂ ਤੋਂ ਭੁੱਖਾ ਹੋਵੇ। ਵੀਰ ਜੀ ਨੇੜੇ ਗਏ ਤੇ ਪੁੱਛਣ ਲੱਗੇ, "ਕੌਣ ਆ ਉਏ...।" ਪ੍ਰੀਤੇ ਨੇ ਆਵਦੀ ਮਾਸੀ ਦੇ ਮੁੰਡੇ ਨੂੰ ਪਛਾਣਦੇ
ਨੇ ਕਿਹਾ, " ਪਛਾਣਿਆ ਨਹੀਂ ? ਮੈਂ ਤੁਹਾਡਾ ਸਕਾ…। " ਐਨਾ ਕਹਿੰਦਿਆਂ ਹੀ ਪ੍ਰੀਤਾ ਬੇਹੋਸ਼ ਹੋ ਡਿੱਗ ਗਿਆ। ਐਨੇ ਨੂੰ ਬਿਸ਼ਨੀ ਤੇ ਉਸਦੀ ਮਾਂ ਵੀ ਆ ਗਈਆਂ। ਵੀਰ ਜੀ ਨੇ ਮਾਂ ਨੂੰ ਦੱਸਿਆ ਕਿ ਕਹਿੰਦਾ ਸੀ ਕਿ ਤਹਾਡਾ ਸਕਾ ਹਾਂ। ਤਿੰਨੇ ਜਣੇ ਕੋਲ ਗਏ ਤਾਂ ਨੈਣ ਨਕਸ਼ ਪਛਾਣਨ ਲੱਗੇ। ਬਿਸ਼ਨੀ ਦੀ ਮਾਂ ਨੇ ਇੱਕਦਮ ਕਿਹਾ, “ਹਾਏ ਆ ਕੀ ਹਾਲ ਬਣਾ ਲਿਆ, ਇਹ ਤਾਂ ਪ੍ਰੀਤਾ ਏ ਨਾਨਕਸਰ ਵਾਲਾ ... ਚਲੋ ਉਹਨੂੰ ਚੁੱਕ ਕੇ ਘਰ ਲੈ ਕੇ ਜਾਈਏ।"
ਵੀਰ ਜੀ ਨੇ ਦੋ ਤਿੰਨ ਬੰਦਿਆਂ ਨੂੰ ਅਵਾਜ਼ ਮਾਰੀ ਤੇ ਚੁੱਕ ਕੇ ਉਹਨੂੰ ਘਰ ਲੈ ਆਏ। ਵੀਰ ਜੀ ਨੇ ਚੂਲੀ ਪਾਣੀ ਦੀ ਭਰੀ ਤੇ ਪ੍ਰੀਤੇ ਦੇ ਮੂੰਹ 'ਤੇ ਮਾਰੀ। ਪ੍ਰੀਤੇ ਨੂੰ ਹੋਸ਼ ਆਇਆ ਤਾਂ ਬਿਸ਼ਨੀ ਨੇ ਪ੍ਰੀਤੇ ਨੂੰ ਗਲ ਲਾ ਲਿਆ ਤੇ ਕਹਿਣ ਲੱਗੀ, "ਭਰਾਵਾ ਮੁਆਫ ਕਰੀਂ, ਮੈਂ ਤਾਂ ਪਛਾਣਿਆ ਹੀ ਨਹੀਂ ... ਕੀ ਹਾਲਤ ਬਣਾ ਰੱਖੀ ਏ .. ਸ਼ੁਕਰ ਏ ਕਿ ਤੂੰ ਸਲਾਮਤ ਪੁੱਜ ਗਿਆ...।" ਪ੍ਰੀਤੇ ਨੇ ਕਿਹਾ, “ਭੈਣੇ ਤੇਰਾ ਨਹੀਂ ਕਸੂਰ, ਸਰਕਾਰਾਂ ਦਾ ਕਸੂਰ ਏ ਜਿਹਨੇ ਸਾਡੇ ਰੰਗ ਰੂਪ ਤੇ ਘਰ ਬਦਲ ਦਿੱਤੇ।" ਸਾਰੇ ਪ੍ਰੀਤੇ ਨੂੰ ਮਿਲੇ ਤੇ ਲਿਜਾ ਕੇ ਨੁਹਾ ਕੇ ਸੋਹਣੇ ਕੱਪੜੇ ਪਾਉਣ ਲਈ ਦਿੱਤੇ। ਪ੍ਰੀਤਾ ਅਜੇ ਵੀ ਬੇਸਿਆਣੂੰ ਜਹਾ ਲੱਗਦਾ ਸੀ। ਧੁੱਪ ਨੇ ਰੰਗ ਝੁਲਸਾ ਦਿੱਤਾ ਸੀ। ਦਾੜ੍ਹੀ ਕਰੜ ਬਰੜੀ ਹੋ ਗਈ ਸੀ। 7-8 ਦਿਨ ਪ੍ਰੀਤਾ ਉੱਥੇ ਰਿਹਾ ਤੇ ਫਿਰ ਵੀਰ ਜੀ ਉਹਨੂੰ ਟਾਂਗੇ ਤੇ ਪਿੰਡ ਛੱਡਣ ਚਲੇ ਗਏ।
ਉਹਦੀ ਬੀਬੀ ਨੇ ਪ੍ਰੀਤੇ ਦੇ ਪਹੁੰਚਿਆਂ ਹੀ ਉਹਨੂੰ ਘੁੱਟ ਕੇ ਸੀਨੇ ਲਾ ਲਿਆ ਤੇ ਕਿਹਾ, 'ਮੇਰੇ ਪੁੱਤ ਦਾ ਦੁਬਾਰਾ ਜਨਮ ਹੋਇਆ...।" ਵੀਰ ਜੀ ਛੱਡ ਕੇ ਉਹਨੇ ਪੈਰੀਂ ਵਾਪਸ ਮੁੜ ਗਏ। ਚਾਹ ਪਾਣੀ ਪੀ ਪ੍ਰੀਤੇ ਨੇ ਦਿਲ 'ਚ ਘੁੱਟੀ ਗੱਲ ਦਾ ਜ਼ਿਕਰ ਬੀਬੀ ਕੋਲ ਕੀਤਾ, "ਬੀਬੀ ਸਾਡੀਆਂ ਜ਼ਮੀਨਾਂ ਉੱਧਰ ਰਹਿ ਗਈਆਂ...ਤੇ ਉਹ ਕਾਲੀ ਝੋਟੀ ਵੀ ਜਿਹਨੂੰ ਤੂੰ ਨਿੱਕੀ ਹੁੰਦੀ ਨੂੰ ਧੀ ਵਾਂਗ ਪਾਲਿਆ ਸੀ । ਜਦੋਂ ਤੁਰਨ ਲੱਗਾ ਸੀ ਤਾਂ ਰੋ ਰਹੀ ਸੀ ਉਹ ... ਨਾਲ ਕਿਵੇਂ ਲੈ ਕੇ ਆਉਂਦਾ ਉਹਨੂੰ ਤੇ ਪਤਾ ਉਹ ਸਬਾਤ ਜਿੱਥੇ ਬਾਪੂ ਨੇ ਦਮ ਤੋੜਿਆ ਸੀ, ਉਹ ਆਖਦੀ ਸੀ ਕਿ ਮੈਨੂੰ ਵੀ ਨਾਲ ਲੈਜਾ .. ਕਿੰਨਾ ਕੁਛ ਵਿਲਕਦਾ ਛੱਡ ਆਇਆ ਬੀਬੀ ਤੇ ਮੇਰੀ ਮੰਗ ਵੀ ... ਪਤਾ ਨਹੀਂ ਵਿਚਾਰੀ ਨੂੰ ਹੁਣ ਕਿੱਥੇ ਤੋਰਨਗੇ... ਤੁਰਨ ਲੱਗੇ ਨੂੰ ਉਹ ਕਹਿੰਦੀ ਕਿ ਮੈਂ ਰਹਿ ਲੂੰ ਤੇਰੇ ਬਿਨਾਂ ਪਰ ਬੀਬੀ ਤੇਰੇ ਬਿਨਾਂ ਮਰ ਜਾਊਗੀ .. ਕਿੰਨਾ ਕਰਦੀ ਏ ਬੀਬੀ ਉਹ ਤੇਰਾ ... ਮੈਨੂੰ ਨੀ ਲੱਗਦਾ ਕਿ ਹੁਣ ਟਿਕਟਿਕਾ ਹੋਊ... । ਉਹਨੇ ਐਨਾ ਕਹਿ ਅੱਖਾਂ ਹੰਝੂਆਂ ਨਾਲ ਭਰ ਲਈਆਂ। ਉਹਨੂੰ ਲੱਗਾ ਕਿ ਜਿਵੇਂ ਉਹਦਾ ਅੱਧਾ ਸਰੀਰ ਪਾਕਿਸਤਾਨ 'ਚ ਹੀ ਰਹਿ ਗਿਆ ਹੋਵੇ। ਬੇਬੇ ਨੂੰ ਜ਼ਮੀਨਾਂ ਗੁਆਚਣ ਦਾ ਕੋਈ ਦੁੱਖ ਨਹੀਂ ਸੀ, ਉਹ ਖੁਸ਼ ਸੀ ਕਿ ਪੁੱਤ ਸਹੀ ਸਲਾਮਤ ਘਰ ਆ ਗਿਆ। ਸੋਚ ਰਹੀ ਸੀ ਕਮਾਈ ਵਾਲਾ ਪੁੱਤ ਏ ਜ਼ਮੀਨਾਂ ਆਪੇ ਬਣਾ ਲੂ। ਬੇਬੇ ਖੁਸ਼ ਹੋ ਕੇ ਪੁੱਤ ਲਈ ਰੋਟੀ ਬਣਾਉਣ ਲੱਗ ਗਈ ਤੇ ਪੁੱਤ ਗਵਾਚੀ ਮੁਹੱਬਤ ਬਚਾਉਣ ਰੋਜ਼ ਰੇਡਿਉ ਦੀਆਂ ਖਬਰਾਂ ਸੁਣਦਾ ਕਿ ਕਦੇ ਟਿਕਟਿਕਾ ਦੀ ਖ਼ਬਰ ਆਵੇ।
ਤੇਰੇ ਤੋਂ ਬਿਨਾਂ ਸਾਹ ਨਹੀਂ ਆਉਂਦਾ
ਹਾਲੇ ਵੀ ਦੱਸਣ ਦੀ ਲੋੜ ਏ
ਕਿ ਤੂੰ ਕੀ ਏ ਮੇਰੇ ਲਈ.... ?"
ਅਖੀਰੀ ਇਹ ਸਤਰਾਂ ਲਿਖ ਲੰਮ੍ਹਾ ਸਾਰਾ ਹਾਉਕਾ ਲੈ ਉਹਨੇ ਚਿੱਠੀ ਬੰਦ ਕਰ ਦਿੱਤੀ। ਪਿਛਲੀ ਚਿੱਠੀ ਵਿੱਚ ਉਸਨੂੰ ਪਿਆਰ ਕਰਨ ਵਾਲੀ ਕੁੜੀ ਦਾ ਰੋਸ ਸੀ ਕਿ ਤੂੰ ਜਵਾਬੀ ਖ਼ਤ 'ਚ ਅਹਿਸਾਸ ਨਹੀਂ ਲਿਖਦਾ ਕਿ ਤੂੰ ਮੇਰੇ ਬਿਨਾਂ ਕਿਵੇਂ ਜਿਉਂ ਰਿਹਾਂ...ਕਿੰਨਾ ਯਾਦ ਕਰਦਾ ਹੁੰਨਾ? ਉਸਦੀਆਂ ਗੱਲਾਂ ਦਾ ਜਵਾਬ ਲਿਖ ਉਹ ਚਾਈਂ ਚਾਈਂ ਚਿੱਠੀ ਪੋਸਟ ਕਰਨ ਸ਼ਹਿਰ ਚਲਾ ਗਿਆ।
ਚਿੱਠੀ ਟਿਕਾਣੇ ਤੇ ਪੁੱਜ ਗਈ। ਗ਼ਰਲਜ਼ ਹੋਸਟਲ ਦੀ ਵਾਰਡਨ ਨੇ ਹਰ ਵਾਰ ਨਾਮ ਬਦਲ-ਬਦਲ ਕੇ ਇੱਕੋ ਕੁੜੀ ਨੂੰ ਆਉਂਦੀਆਂ ਚਿੱਠੀਆਂ 'ਤੇ ਸ਼ੱਕ ਵਾਲੀ ਸੂਈ ਘੁੰਮਾਈ। ਖਾੜੂਸ ਵਾਰਡਨ ਨੇ ਕੁੜੀ ਨੂੰ ਚਿੱਠੀ ਦੇਣ ਤੋਂ ਪਹਿਲਾਂ ਪੜ ਲੈਣੀ ਮੁਨਾਸਿਫ਼ ਸਮਝੀ।
ਵਾਰਡਨ ਨੇ ਚਿੱਠੀ ਪੜਨੀ ਸ਼ੁਰੂ ਕੀਤੀ ...
"ਸਤਿ ਸ਼੍ਰੀ ਅਕਾਲ ਮੋਟੂ ..ਕਿਵੇਂ ਆਂ ? ਗੁੱਸੇ ਨਾ ਹੋਇਆ ਕਰ, ਟਾਇਮ ਘੱਟ ਹੁੰਦਾ ਤੇ ਉੱਤੋਂ ਸਾਰੇ ਘਰ ਦੀ ਜ਼ਿੰਮੇਵਾਰੀ ਮੇਰੇ ਸਿਰ ਆ। ਜ਼ਿੰਮੇਵਾਰੀਆਂ ਅਹਿਸਾਸ ਬਿਆਨ ਕਰਨ ਦਾ ਟਾਇਮ ਨਹੀਂ ਦਿੰਦੀਆਂ। ਮਾਂ ਬਿਮਾਰ ਸੀ, ਡਾਕਟਰ ਕਹਿੰਦਾ ਕੋਈ ਭੈੜੀ ਬਿਮਾਰੀ ਆਂ .. ਸਾਲ ਦੋ ਸਾਲ ਮਸਾਂ ਈ .. ਮਾਂ ਨੂੰ ਮੰਜੇ 'ਤੇ ਪਈ ਦੇਖ ਰੋਨਾ ਰਹਿੰਨਾ .. ਕਰ ਵੀ ਕੀ ਸਕਦੇ ਆ .. ਨਿੱਕਾ ਊਂਅ ਨਸ਼ੇ ਨਾਲ ਰੱਜ ਕੇ ਪਿਆ ਰਹਿੰਦਾ...ਕੋਈ ਆਵਦੀ ਸੁੱਧ ਬੁੱਧ ਨਹੀਂ ਉਹਨੂੰ..ਇੱਕੋ ਰੀਝ ਏ ਕਿ ਤੇਰੀ ਪੜ੍ਹਾਈ ਖ਼ਤਮ ਹੁੰਦੇ ਹੀ ਆਪਾਂ ਵਿਆਹ ਕਰਾ ਲਈਏ ਤੇ ਮਾਂ ਦੇ ਜਿਉਂਦੇ ਜਿਉਂਦੇ ਉਹ ਤੈਨੂੰ ਮੇਰੇ ਨਾਲ ਖੜਾ ਦੇਖ ਲਵੇ ਕਿ ਮੇਰੇ ਤੋਂ ਬਾਅਦ ਸਾਂਭਣ ਵਾਲਾ ਹੈਗਾ ਕੋਈ ਮੇਰੇ ਪੁੱਤ ਨੂੰ...ਦਿਲ ਭਰਦਾ, ਬੱਸ ਬੋਲਦਾ ਨਹੀਂ .. ਇੰਝ ਨਹੀਂ ਕਿ ਅਹਿਸਾਸ ਨਹੀਂ ਰਹੇ ਤੇਰੇ ਲਈ .. ਬੱਸ ਹਲਾਤਾਂ ਨੇ ਅਹਿਸਾਸ ਦੱਬ ਲਏ .. ਜਦ ਵੀ ਕਦੇ ਸੁਪਨੇ 'ਚ ਕੋਈ ਕੁੜੀ ਦਿਸੀ ਏ
.. ਉਹ ਤੇਰਾ ਹੀ ਮੁਹਾਂਦਰਾ ਹੁੰਦਾ ਏ ਰਾਤ ਸੁਪਨਾ ਆਇਆ ਸੀ ਕਿ ਮੈਂ ਆਪਣਾ ਪਿੰਡ ਅਬਲੂ ਕੋਟਲੀ ਤੈਨੂੰ ਦਿਖਾ ਰਿਹਾ ਸੀ...।"
ਵਾਰਡਨ ਨੇ ਜਦ ਅਬਲੂ ਕੋਟਲੀ ਪੜ੍ਹਿਆ ਤਾਂ ਉੱਥੇ ਹੀ ਕੁਰਸੀ 'ਤੇ ਬੈਠ ਪੁਰਾਣਾ ਵੇਲਾ ਯਾਦ ਕਰਨ ਲੱਗੀ... ਭੂਆ ਦੇ ਪਿੰਡ ਅਬਲੂ ਕੋਟਲੀ ਦਾ ਉਹ ਮੁੰਡਾ...ਦਿਲ ਦਾ ਟੁਕੜਾ... ਪਤਾ ਨਹੀਂ ਕਿਵੇਂ ਹੋਊ ... ਹੁਣ ਜਾਤ ਅੱਡ ਦੀ ਹੋਣ ਕਰਕੇ ਸਿਰੇ ਹੀ ਨਾ ਚੜ੍ਹਨ ਦਿੱਤਾ ਪਰਿਵਾਰ ਨੇ ਪਿਆਰ ਨੂੰ... ਉਹਨੇ ਅੱਖਾਂ ਭਰ ਲਈਆਂ ਤੇ ਇਹ ਚਿੱਤ ਕਰੇ ਉਹ ਅਬਲੂ ਕੋਟਲੀ ਕਿਸੇ ਅਣਜਾਣ ਦੇ ਪਤੇ 'ਤੇ ਖ਼ਤ ਲਿਖੇ ਤੇ ਪੁੱਛੇ ਕਿ ਕੁਲਵੰਤ ਪਟਵਾਰੀ ਦਾ ਕੀ ਹਾਲ ਏ। ਕਿੰਨਾ ਕੁਛ ਸਮੇਟਦੀ ਉਹ ਚਿੱਠੀ ਨੂੰ ਬੰਦ ਕਰ ਹੋਸਟਲ ਵਾਲੀ ਕੁੜੀ ਨੂੰ ਦੇਣ ਗਈ।
ਹੋਸਟਲ ਵਾਲੀ ਕੁੜੀ ਦੇ ਮੂੰਹ 'ਤੇ ਸਹਿਮ ਸੀ ਤੇ ਅੱਖਾਂ 'ਚ ਖ਼ਤ ਮਿਲਣ ਦੀ ਖੁਸ਼ੀ। ਵਾਰਡਨ ਨੂੰ ਪਹਿਲੀ ਵਾਰ ਉਹ ਕੁੜੀ ਨਾਲ ਆਪਣਾਪਣ ਮਹਿਸੂਸ ਹੋਇਆ... ਉਹਨੇ ਬਿਨਾਂ ਕੁੱਝ ਬੋਲੇ ਕੁੜੀ ਨੂੰ ਗਲ ਨਾਲ ਲਾ ਲਿਆ ਤੇ ਕਿਹਾ ਕਿ ਖਤਾਂ ਤੱਕ ਨਾ ਸਿਮਟ ਕੇ ਰਹਿ ਜਾਣਾ...। ਵਾਰਡਨ ਐਨਾ ਕਹਿ ਕਮਰੇ 'ਚੋਂ ਚਲੀ ਗਈ। ਕੁੜੀ ਨੂੰ ਵਾਰਡਨ ਦੀ ਗੱਲ ਸਮਝ ਨਾ ਆਈ ਕਿ ਕਿਉਂ ਕਿਹਾ ਉਹਨਾਂ ਇੰਝ। ਕੁੜੀ ਨੇ ਖ਼ਤ ਨੂੰ ਚੁੰਮਿਆ ਤੇ ਪੜ੍ਹਨ ਲੱਗ ਗਈ।
ਦਾਤੀਆਂ ਵਾਲਾ ਪੱਖਾ
ਨਾਨਕੀ ਗਏ ਤਾਂ ਚਾਅ ਸੀ ਕਿ ਕੂਲਰ ਮੂਹਰੇ ਪਵਾਂਗੇ। ਗਰਮੀ ਦੀਆਂ ਸਾਰੀਆਂ ਛੁੱਟੀਆਂ ਉੱਥੇ ਹੀ ਕੱਟ ਕੇ ਆਵਾਂਗੇ। ਅਸੀਂ ਜੁਆਕਾਂ ਨੇ ਸਾਰਾ ਦਿਨ ਕਮਲਿਆਂ ਵਾਂਗ ਹਰਲ-ਹਰਲ ਕਰਦੇ ਰਹਿਣਾ। ਕਦੇ ਘਰ-ਘਰ ਖੇਡਣਾ, ਕਦੇ ਬਾਂਦਰ ਕਿੱਲਾ ਤੇ ਹਾਂ ਕਈ ਵਾਰ ਕ੍ਰਿਕਟ ਵੀ। ਸ਼ਾਮੀ ਕੂਲਰ ਨੂੰ ਪਾਣੀ ਨਾਲ ਭਰ ਕੇ ਵਿਹੜੇ 'ਚ ਲਗਾ ਲੈਣਾ ਤੇ ਕੂਲਰ ਭਰਨ ਨੂੰ ਲਾਈ ਪਾਈਪ ਨਾਲ ਅਸੀਂ ਜੁਆਕਾਂ ਨੇ ਖੂਬ ਨਹਾਉਣਾ ਤੇ ਵਿਹੜੇ 'ਚ ਛਿੜਕ ਵੀ ਦੇਣਾ। ਨਾਨਾ ਜੀ ਆਖਦੇ ਸੀ ਕਿ ਵਿਹੜੇ 'ਚ ਐਂਵੇ ਛਿੜਕਣ ਨਾਲ ਤਪਾੜ ਘਟ ਜਾਂਦਾ। ਕੂਲਰ ਮੂਹਰੇ ਵਾਰੀ-ਵਾਰੀ ਖੜ੍ਹ ਕੇ ਮੁੜਕਾ ਜਿਹਾ ਸੁਕਾਉਂਦੇ ਤੇ ਮਾਮਾ ਜੀ ਹੋਨਾਂ ਦੇ ਕੁੜਤਿਆਂ 'ਚ ਹਵਾ ਪੈ ਜਾਣੀ ਤੇ ਉਹ ਫੁੱਲ ਜਾਂਦੇ, ਅਸੀਂ ਬੜਾ ਹੱਸਣਾ। ਫਿਰ ਪਿਛਲੇ ਮੰਜੇ 'ਤੇ ਬੈਠੀ ਨਾਨੀ ਨੇ ਆਖਣਾ ਕਿ ਸਾਰੀ ਹਵਾ ਰੋਕ ਲੀ, ਬਹਿ ਕੇ ਹਵਾ ਲੈ ਲਵੋ।
ਰੋਟੀ ਖਾਣੀ ਜਲਦੀ-ਜਲਦੀ ਕਿ ਬਾਅਦ 'ਚ ਭਮੰਕੜ ਹੀ ਨਾ ਨਿਕਲ ਆਉਣ। ਤਰੀ ਵਾਲੀ ਸਬਜ਼ੀ ਕੂਲਰ ਮੂਹਰੇ ਬੁਰਕੀ 'ਚੋਂ ਉੱਡਦੀ ਅਤੇ ਮੰਜੇ 'ਤੇ ਡੁੱਲ ਜਾਣੀ। ਨਾਨੀ ਗਾਲਾਂ ਦੀ ਵਰਖਾ ਸ਼ੁਰੂ ਕਰ ਦਿੰਦੀ ਕਿ ਖਸਮਾਂ ਨੂੰ ਖਾਣਿਉ ਹਾਲੇ ਪਰਸੋਂ ਹੀ ਧੋ ਕੇ ਮੰਜਿਆਂ ਨੂੰ ਲੀੜੇ ਲਾਏ ਆ, ਹੁਣ ਫਿਰ ਕੰਮ ਵਧਾ ਤਾਂ। ਕਈ ਵਾਰ ਜੇ ਕੁਛ ਡੁੱਲਣਾ ਤਾਂ ਨਾਨੀ ਤੋਂ ਅੱਖ ਬਚਾ ਸਬਜ਼ੀ ਮੰਜੇ ਤੋਂ ਚੁੱਕ ਲੈਣੀ ਜਾਂ ਡਿੱਗੀ ਥੋੜੀ ਜਿਹੀ ਉੱਤੇ ਹੀ ਮਲ ਦੇਣੀ। ਰੋਟੀ ਖਾ ਫਿਰ ਖੇਡਣ ਲੱਗ ਜਾਣਾ।
ਇੰਝ ਕਰਦੇ ਕਰਾਉਂਦੇ ਰਾਤ ਆਉਣੀ ਜਦ ਤਾਂ ਕੂਲਰ ਦੇ ਮੂਹਰੇ ਪਹਿਲੇ ਮੰਜੇ ਤੇ ਪੈਣ ਪਿੱਛੇ ਲੜੀ ਜਾਣਾ ਤੇ ਹਾਰ ਕੇ ਮਾਂ ਦਾ ਮੰਜਾ ਕੂਲਰ ਮੂਹਰੇ ਡਾਹ ਦਿੱਤਾ ਜਾਂਦਾ ਤੇ ਮੈਂ ਤੇ ਮੇਰੇ ਮਾਮੇ ਦੀ ਕੁੜੀ ਦੂਜੇ ਨੰਬਰ 'ਤੇ ਸੌਂਦੇ ਅਤੇ ਤੀਜੇ 'ਤੇ ਨਾਨੀ, ਚੌਥੇ 'ਤੇ ਮਾਮਾ। ਲਾਈਨ ਉੱਥੇ ਮੁੱਕ ਜਾਂਦੀ ਤੇ ਇੱਕ ਹੋਰ ਦਾਤੀਆਂ ਵਾਲਾ ਪੱਖਾ ਦਾਣੇ ਆਲੇ ਕਮਰੇ 'ਚੋਂ ਕੱਢ ਲੈਂਦੇ ਤੇ ਉਸ ਮੂਹਰੇ ਵੀ ਚਾਰ ਪੰਜ ਮੰਜੇ ਡਾਹ ਲੈਂਦੇ। ਵਿਆਹ ਵਾਲਾ ਘਰ ਬਣ ਜਾਂਦਾ।
ਇੱਕ ਦਿਨ ਰਾਤ ਨੂੰ ਨਿੱਕੇ ਭਰਾ ਨੂੰ ਬੁੱਕਲ 'ਚ ਬਿਠਾ ਨਾਨੀ ਨੇ ਜਦ ਪੁੱਛਿਆ ਕਿ ਕੀ ਲੈਣਾ ਇਸ ਵਾਰ, ਸੋਹਣਾ ਸੂਟ ਕਿ ਸੈਕਲੀਂ। ਨਿੱਕੇ ਨੇ ਮੂੰਹ ਜਿਹਾ ਸੰਵਾਰਦੇ
ਕਿਹਾ, "ਦਾਤੀਆਂ ਵਾਲਾ ਪੱਖਾ…" ਮਾਂ ਨੇ ਨਿੱਕੇ ਦੀ ਗੱਲ ਤੇ ਪੋਲਾ ਜਿਹਾ ਮਾਰ ਕੇ ਕਿਹਾ, "ਊਈਂ ਨਾ ਮੰਗਤਾ ਬਣਿਆ ਕਰ ...” ਨਿੱਕਾ ਮਾਂ ਦੀ ਗੱਲ ਸੁਣ ਨਾਨੀ ਨੂੰ ਸਫਾਈਆਂ ਦੇਣ ਲੱਗਾ ਕਿ ਨਾਨੀ ਮੱਛਰ ਤੇ ਗਰਮੀ ਬਹੁਤ ਏ ਸਾਡੇ ਪਿੰਡ, ਮੇਰਾ ਦਿਲ ਕਰਦਾ ਕਿ ਅਸੀਂ ਵੀ ਥੋਡੇ ਕੋਲ ਹੀ ਘਰ ਖੁੱਗ ਲਿਆਈਏ ਤੇ ਜਦੋਂ ਗਰਮੀ ਆਵੇ ਭੱਜ ਕੇ ਕੂਲਰ ਮੂਹਰੇ ਪੈ ਜਾਈਏ। ਨਾਨੀ ਨੇ ਨਿੱਕੇ ਦੀ ਗੱਲ ਦਿਲ 'ਤੇ ਲਾਈ ਤੇ ਅਗਲੇ ਦਿਨ ਹੀ ਮਾਮੇ ਨੂੰ ਹੁਕਮ ਦੇ ਦਿੱਤਾ ਕਿ ਦਾਤੀਆਂ ਵਾਲਾ ਪੱਖਾ ਲਿਆ ਕੇ ਕੁੜੀ ਦੇ ਪਿੰਡ ਛੱਡ ਕੇ ਆਉਣਾ। ਸੂਟ ਬਣਾਉਣ ਸ਼ਹਿਰ ਗਏ ਤੇ ਮਾਮੇ ਨੇ ਪੱਖਾ ਖਰੀਦਣਾ ਸੀ। ਇਸ ਵਾਰ ਸੂਟਾਂ ਤੋਂ ਵੱਧ ਚਾਅ ਪੱਖੇ ਦਾ ਸੀ। ਮਾਂ ਨੂੰ ਜਦ ਪਤਾ ਲੱਗਾ ਮਾਮਾ ਪੱਖਾ ਲੈਣ ਗਿਆ ਤਾਂ ਮਾਂ ਨੇ ਮਾਮੀ ਦੇ ਜ਼ੋਰ ਪਾਉਣ 'ਤੇ ਇਕੱਲੇ ਸਾਡੇ ਸੂਟ ਬਣਾ ਲਏ ਤੇ ਆਵਦਾ ਸੂਟ ਨਾ ਬਣਾਇਆ। ਅਸੀਂ ਘਰ ਆ ਗਏ ਅਤੇ ਉਹ ਲਾਲ ਰੰਗ ਦਾ ਪੱਖਾ ਰਿਕਸ਼ੇ ਤੇ ਆ ਰਿਹਾ ਸੀ। ਪੱਖਾ ਘਰ ਆਇਆ ਤੇ ਮੇਰਾ ਤੇ ਨਿੱਕੇ ਵੀਰ ਦਾ ਚਾਅ ਨਹੀ ਸੀ ਚੁੱਕਿਆ ਜਾ ਰਿਹਾ ਕਿ ਸਕੂਲ ਜਾ ਕੇ ਦੱਸਾਂਗੇ ਦੋਸਤਾਂ ਨੂੰ ਕਿ ਅਸੀਂ ਵੀ ਪੱਖੇ ਮੂਹਰੇ ਸੌਂਨੇ ਆ। ਹੁਣ ਸਾਨੂੰ ਕਾਹਲ ਸੀ ਕਿ ਪਿੰਡ ਜਾਈਏ ਤੇ ਪੱਖਾ ਚਲਾ ਕੇ ਦੇਖੀਏ।
ਐਤਵਾਰ ਨੂੰ ਅਸੀਂ ਤਿਆਰ ਹੋ ਗਏ ਤੇ ਮਾਂ ਤੇ ਨਾਨੀ ਸੰਦੂਕ ਵਾਲੇ ਕਮਰੇ 'ਚ ਸੀ। ਨਾਨੀ ਆਵਦੇ ਸੂਟ ਕੱਢ ਕੇ ਦਿਖਾ ਰਹੀ ਸੀ ਨਾਨੀ ਮਾਂ ਨੂੰ ਕਹਿ ਰਹੀ ਸੀ ਕਿ ਇਹ ਸੂਟਾਂ 'ਚੋਂ ਕਈ ਮਰਜ਼ੀ ਪਸਿੰਦ ਕਰ ਲੈ ਤੇ ਮਾਂ ਨੇ ਇੱਕ ਸੂਟ ਲੈ ਲਿਆ। ਨਾਨੀ ਨੇ 100-00 ਰੁਪਏ ਦੇ ਕਈ ਨੋਟ ਮਾਂ ਦੀ ਮੁੱਠੀ 'ਚ ਦੇ ਕਿਹਾ ਕਿ ਦੱਸਣ ਦੀ ਲੋੜ ਨੀ ਕਿਸੇ ਨੂੰ, ਇਹ ਪੈਸੇ ਵਰਤ ਲੀ। ਕੁੜੀਆਂ ਨੇ ਤਾਂ ਹੱਥੀਂ ਦਿੱਤਾ ਲੈ ਕੇ ਜਾਣਾ। ਮਾਂ ਨੂੰ ਲਾਲਚ ਨਹੀਂ ਸੀ ਕਿਸੇ ਕਿਸਮ ਦਾ ਵੀ ਪਰ ਮਾਂ ਦਾ ਦਿਲ ਰੱਖਣ ਲਈ ਉਹਨੇ ਦਿੱਤੇ ਪੈਸੇ ਰੁਮਾਲ ਚ ਬੰਨ੍ਹ ਕੇ ਵੀਰੇ ਦੀ ਜੇਬ 'ਚ ਪਾ ਦਿੱਤੇ। ਅਸੀਂ ਮਾਮੇ ਨਾਲ ਪਿੰਡ ਵਾਲੀ ਬੱਸ ਚੜ੍ਹ ਗਏ। ਪੱਖੇ ਉੱਤੇ ਲਿਫ਼ਾਫ਼ਾ ਚੜਿਆ ਹੋਇਆ ਸੀ ਤੇ ਮੈਂ ਤੇ ਵੀਰਾ ਟੋਹ-ਟੋਹ ਕੇ ਪਟਾਕੇ ਪਾਉਂਦੇ ਰਹੇ। ਮਾਂ ਨੇ ਵੀ ਨਾ ਹਟਾਇਆ ਕਿ ਚੰਗਾ ਲਾਲਚ ਲੱਗੇ ਆ। ਉਸ ਦਿਨ ਅਸੀਂ ਚੀਜ਼ੀ ਲੈਣ ਦੀ ਵੀ ਕੋਈ ਜ਼ਿੱਦ ਨਾ ਕੀਤੀ।
ਪਿੰਡ ਆ ਗਿਆ ਤੇ ਅਸੀਂ ਉੱਤਰ ਗਏ। ਮਾਮੇ ਨੇ ਪੱਖਾ ਬੱਸ 'ਚੋਂ ਬੋਚ ਕੇ ਜਿਹੇ ਉਤਾਰ ਲਿਆ। ਘਰ ਪੁੱਜੇ ਤੇ ਦਾਦੀ ਸਾਡੇ ਵੱਲ ਭੱਜੀ ਆਈ। ਸਿਰ ਪਲੋਸੇ ਤੇ ਪੱਖੇ ਨੂੰ ਦੇਖ ਮਣਾਂਮੂੰਹੀ ਖੁਸ਼ ਹੋਈ। ਮਾਮਾ ਵਾਪਸ ਮੁੜ ਗਿਆ। ਅਸੀਂ ਰਾਤ ਦਾ ਇੰਤਜ਼ਾਰ ਕਰਨ ਲੱਗੇ। ਵਿਹੜੇ 'ਚ ਪੱਖਾ ਲਾਇਆ ਤੇ ਦਾਦੀ ਨੇ ਆਵਦਾ ਮੰਜਾ ਮੂਹਰੇ ਡਾਹ ਲਿਆ ਦੂਜੇ 'ਤੇ ਭੂਆ ਦਾ ਮੰਜਾ, ਤੀਜੇ 'ਤੇ ਬਾਪੂ ਦਾ ਮੰਜਾ ਤੇ ਚੌਥੇ ਨੰਬਰ 'ਤੇ ਡੈਡੀ ਦਾ ਮੰਜਾ ...। ਦਾਦੀ ਸਾਹਮਣੇ ਕੌਣ ਬੋਲਦਾ। ਮਾਂ ਨੇ ਅੰਦਰੇ ਅੰਦਰ ਘੁਸੰਨ ਜਿਹੀ ਵੱਟ ਨੇ ਆਵਦਾ ਮੰਜਾ ਪੰਜਵੇਂ ਨੰਬਰ 'ਤੇ ਡਾਹ ਲਿਆ, ਜਿੱਥੇ ਹਵਾ ਨਾਮਾਤਰ ਹੀ ਆਉਂਦੀ ਸੀ ਤੇ ਨਿੱਕਾ ਵੀਰਾ ਮੰਮੀ ਨਾਲ ਹੀ ਸੌਂਦਾ ਸੀ। ਮੈਂ ਭੂਆ ਨਾਲ ਸੌਂਦੀ ਸੀ।
ਨਿੱਕੇ ਵੀਰੇ ਨੇ ਸਵੇਰੇ ਉੱਠਦੇ ਹੀ ਚਾਹ ਦਾ ਗਿਲਾਸ ਮੂੰਹ ਨੂੰ ਲਾਉਣ ਤੋਂ ਪਹਿਲਾਂ ਪੁੱਛਿਆ, “ਅਗਲੀਆਂ ਗਰਮੀ ਦੀਆਂ ਛੁੱਟੀਆਂ ਕਦੋਂ ਆਉਣਗੀਆਂ, ਨਾਨਕੀਂ ਜਾਣ ਨੂੰ ਦਿਲ ਕਰਦਾ ਜਾਂ ਘਰ ਖੁੱਗ ਕੇ ਉੱਥੇ ਲੈ ਜਾਈਏ।" ਮਾਂ ਨੇ ਉਸਦੀ ਗੱਲ ਸੁਣ ਅੱਖਾਂ ਭਰ ਲਈਆਂ ਤੇ ਕਿਹਾ ਬੱਸ ਥੋੜੇ ਦਿਨਾਂ ਨੂੰ ਗਰਮੀ ਦੀਆਂ ਛੁੱਟੀਆਂ ਫੇਰ ਆ ਜਾਣੀਆਂ ਤੇ ਫੇਰ ਤੂੰ ਵੀਹ ਦਿਨ ਰੱਜ ਰੱਜ ਕੂਲਰ ਮੂਹਰੇ ਪਵੀਂ, ਨਾਨੀ ਨੂੰ ਆਪਾਂ ਮੂਹਰੇ ਨਹੀਂ ਪੈਣ ਦੇਣਾ...। ਐਨਾ ਕਹਿ ਉਹ ਮਨ 'ਚ ਸੋਚ ਰਹੀ ਸੀ ਕਿ ਪੇਕੇ ਘਰ ਦਾ ਜੋਰ ਪਿੰਡ ਦੀ ਜੂਹ ਟੱਪਣ 'ਤੇ ਹੀ ਛੱਡਿਆ ਜਾਂਦਾ।