ਲਈ। ਅੰਮਾ ਨੇ ਕਿਹਾ ਕਿ ਪਤਾ ਨੀ ਲੱਗਾ ਪੁੱਤ, ਤੂੰ ਫੜ੍ਹਾ ਗਈ ਤੇ ਮੈਂ ਬੇਧਿਆਨੇ ਖਾ ਲਈ। ਅੰਮਾ ਦਾ ਦਿਮਾਗੀ ਸੰਤੁਲਨ ਦਿਨੋਂ-ਦਿਨ ਵਿਗੜਦਾ ਚਲਾ ਗਿਆ। ਸ਼ਾਇਦ ਦਾਰਜੀ ਦਾ ਹੇਰਵਾ ਕਰ ਗਈ ਸੀ। ਕਰਦੀ ਵੀ ਕਿਵੇਂ ਨਾ ਪੰਜਾਹ ਵਰ੍ਹੇ ਨਾਲ ਗੁਜ਼ਾਰੇ ਸਨ। ਤੰਦੂਰ ਵੀ ਟੁੱਟ ਗਿਆ ਕਿਉਂਕਿ ਪਹਿਲਾਂ ਤਾਈ ਤੰਦੂਰ ਨੂੰ ਮਿੱਟੀ ਲਾਉਂਦੀ ਰਹਿੰਦੀ ਸੀ। ਮੀਂਹ ਵੀ ਦੋ ਤਿੰਨ ਪੈ ਗਏ ਸੀ ਉੱਤੇ ਕਿਉਂਕਿ ਪਹਿਲਾਂ ਘਰ 'ਚ ਐਨੇ ਜੀਅ ਹੁੰਦੇ ਸੀ ਕਿ ਮੀਂਹ ਮਗਰੋਂ ਆਉਣਾ ਤੇ ਤੰਦੂਰ ਨੂੰ ਪਹਿਲਾਂ ਹੀ ਡੋਲਾਬਾਟੀ ਚੁੱਕ ਦਰਵਾਜ਼ੇ 'ਚ ਪਹੁੰਚਾ ਦਿੱਤਾ ਜਾਂਦਾ। ਕਿੰਨਾ ਕੁਛ ਬਦਲ ਗਿਆ ਸੀ।
ਗੱਲਾਂ-ਗੱਲਾਂ 'ਚ ਮੈਂ ਬਹੁਤ ਵਾਰ ਅੰਮਾ ਨੂੰ ਹਾਸੇ 'ਚ ਪੁੱਛਿਆ ਕਿ ਚੱਲ ਸ਼ਹਿਰ ਦਾਰਜੀ ਨੂੰ ਮਿਲਾ ਲਿਆਉਣੇ ਆ..। ਉਹ ਹਮੇਸ਼ਾ ਨਾ ਨੁੱਕਰ ਕਰਦੀ ਰਹੀ ਤੇ ਸ਼ਰਮ ਜਿਹੀ ਆਉਂਦੀ ਸੀ ਉਸਨੂੰ ਇਹ ਗੱਲਾਂ ਸੁਣ ਕੇ। ਦਾਰਜੀ ਦੀ ਘਾਟ ਮਹਿਸੂਸ ਤਾਂ ਕਰਦੀ ਸੀ ਪਰ ਕਦੇ ਕਹਿੰਦੀ ਨਹੀਂ ਸੀ। ਮਹੀਨੇ ਬਾਅਦ ਉਹ ਕਮਜ਼ੋਰ ਹੁੰਦੀ ਹੁੰਦੀ ਸਦਾ ਲਈ ਅੱਖਾਂ ਮੀਚ ਗਈ। ਸੱਥਰ 'ਤੇ ਬੈਠੀ ਹਰ ਬੁੜੀ ਨੇ ਇਹੀ ਕਿਹਾ ਕਿ ਪੁੱਤਾਂ ਦੇ ਅਲੱਗ ਹੋਣ ਦਾ ਝੋਰਾ ਦਿਲ ਨੂੰ ਲਾ ਬੈਠੀ। ਦਾਰਜੀ ਦਾ ਐਨਾ ਮਾੜਾ ਦਿਲ ਸੀ ਕਿ ਉਹ ਅੰਮਾ ਦਾ ਮੂੰਹ ਵੀ ਦੇਖਣ ਨਾ ਆਏ। ਜਦੋਂ ਸੰਸਕਾਰ ਹੋ ਗਿਆ ਤਾਂ ਫਿਰ ਘਰ ਆਏ। ਮੋਟੇ-ਮੋਟੇ ਸ਼ੀਸ਼ਿਆਂ ਵਾਲੀ ਐਨਕ ਪਿੱਛੇ ਅੱਥਰੂ ਲਕੋ ਕੇ ਆਖ ਰਹੇ ਸੀ ਕਿ ਸਭ ਨੇ ਜਾਣਾ ਹੀ ਹਾਂ ਅੱਗੇ ਕੀ ਪਿੱਛੇ ਕੀ... ਪੁੱਤ ਪੋਤਰੇ ਦੇਖ ਗਈ ... ਹੋਰ ਕੀ ਚਾਹੀਦਾ ਹੁੰਦਾ ਬੰਦੇ ਨੂੰ... । ਸੱਚ ਇਹ ਸੀ ਕਿ ਦਾਰਜੀ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਏ ਸਨ।
ਭੋਗ ਪੈਣ ਤੋਂ ਅਗਲੇ ਦਿਨ ਹੀ ਤਾਇਆ ਟਰੱਕ ਸਮਾਨ ਦਾ ਭਰ ਘਰੇ ਆ ਗਿਆ ਤੇ ਦਾਰਜੀ ਨੂੰ ਆਵਦਾ ਫ਼ੈਸਲਾ ਸੁਣਾ ਕੇ ਕਿਹਾ ਕਿ ਹੁਣ ਅਸੀਂ ਨਹੀਂ ਕਿਤੇ ਜਾਵਾਂਗੇ, ਦਾਰਜੀ ਥੋਡੀ ਇਸ ਮਾਮਲੇ 'ਚ ਇੱਕ ਗੱਲ ਨਹੀਂ ਮੰਨਣੀ ਮੈਂ ...। ਦਾਰਜੀ ਚੁੱਪ- ਚਾਪ ਬੈਠੇ ਤਾਏ ਵੱਲ ਦੇਖ ਰਹੇ ਸਨ ਜਿਵੇਂ ਤਾਏ ਦੀ ਗੱਲ 'ਤੇ ਸਹਿਮਤ ਹੋ ਰਹੇ ਹੋਣ।
ਅੰਮਾ ਦੇ ਜਾਣ ਦਾ ਦੁੱਖ ਸੀ ਜਿੱਥੇ ਉੱਥੇ ਖੁਸ਼ੀ ਵੀ ਸੀ ਕਿ ਟੱਬਰ ਫਿਰ ਤੋਂ ਇੱਕ ਹੋ ਗਿਆ ਸੀ। ਜਵਾਕ ਸਾਰੇ ਚਾਬੜ੍ਹਾਂ ਮਾਰ ਰਹੇ ਸਨ ਤੇ ਭੂਆ ਹੋਨੀਂ ਤਾਏ ਦਾ ਮੱਥਾ ਚੁੰਮ ਰਹੀਆਂ ਸਨ। ਸ਼ਾਮੀ ਦਾਰਜੀ ਘੁਮਿਆਰ ਤੋਂ ਨਵਾਂ ਤੰਦੂਰ ਲੈ ਆਏ ਤੇ ਕਹਿੰਦੇ ਕਿ ਅੱਜ ਤੰਦੂਰ ਦੀ ਰੋਟੀ ਬਣਾਇਉ। ਐਵੇਂ ਲੱਗਾ ਜਿਵੇਂ ਦਾਰਜੀ ਅੰਮਾ ਦੀ ਯਾਦ ਨੂੰ ਤਾਜ਼ਾ ਕਰਨਾ ਚਾਹੁੰਦੇ ਹੋਣ। ਤੰਦੂਰ 'ਚ ਤਾਈ ਤੇ ਮਾਂ ਰੋਟੀਆਂ ਲਾਹ ਰਹੀਆਂ ਸਨ। ਤਾਏ ਨੇ ਅੰਮਾ ਵਾਲੀ ਮੰਜੀ ਵਰਾਂਡੇ 'ਚੋਂ ਕੱਢੀ ਤੇ ਉੱਤੇ ਅੰਮਾ ਦੀ ਫੋਟੋ ਲਿਆ ਕੇ ਟਿਕਾ ਦਿੱਤੀ ਤੇ ਕਿਹਾ ਕਿ ਅੰਮਾ ਦੀਆਂ ਪੋਲੀਆਂ-ਪੋਲੀਆਂ ਰੋਟੀਆਂ ਪਹਿਲਾਂ ਲਾਹ ਦੇਣਾ। ਤਾਏ ਦੀ ਗੱਲ ਸੁਣ ਸਾਰੇ ਟੱਬਰ ਦੀਆਂ ਅੱਖਾਂ 'ਚ ਅੱਥਰੂ ਆ ਗਏ। ਅੰਮਾ ਦੀ ਪਲੇਟ ਸਜਾਈ ਗਈ ਤੇ ਰੋਟੀ ਅੰਮਾ ਦੇ ਮੰਜੇ 'ਤੇ ਰੱਖ ਦਿੱਤੀ ਗਈ। ਦਾਰਜੀ ਕੁਰਸੀ ਤੋਂ ਉੱਠੇ ਤੇ ਅੰਮਾ ਦੀ ਰੋਟੀ ਆਪ ਚੁੱਕ ਕੇ ਖਾਣ ਲੱਗੇ। ਉਸ ਦਿਨ ਤੋਂ ਲੈ ਕੇ ਅੱਜ ਤੀਕ