ਹਾਲਾਤਾਂ ਅੱਗੇ ਬੰਦੇ ਦਾ ਵੱਸ ਨਹੀਂ ਚੱਲਦਾ ਅਤੇ ਹਾਲਾਤ ਬੰਦੇ ਨਾਲ ਆਏ ਦਿਨ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੀ ਖਿੱਚ-ਧੂਹ ਕਰਦੇ ਰਹਿੰਦੇ ਨੇ। ਇਹੀ ਖਿੱਚ-ਧੂਹ ਇਨਸਾਨ ਨੂੰ ਅਥਾਹ ਖੁਸ਼ੀ ਜਾਂ ਗੁੱਝੇ ਦਰਦ ਦਿੰਦੀ ਹੈ। ਹਾਲਾਤਾਂ ਲਈ ਇਨਸਾਨ ਦੀ ਖਿੱਚ-ਧੂਹ ਕਰਨਾ ਬੜਾ ਸੁਖਾਲਾ ਹੁੰਦਾ ਹੈ ਪਰ ਸ਼ਬਦਾਂ ਨਾਲ ਖਿੱਚ-ਧੂਹ ਕਰਕੇ ਹਾਲਾਤਾਂ ਨੂੰ ਸਰਲ ਅਤੇ ਸਮਝਣਯੋਗ ਕਹਾਣੀ ਵਿੱਚ ਬਦਲਣਾ ਬੜਾ ਔਖਾ। ਇਹੀ ਖਿੱਚ-ਧੂਹ ਕਰਨ ਦੀ ਕੋਸ਼ਿਸ਼ ਮੇਰੀ ਧੀ ਜੈਸੀ ਨੇ ਕੀਤੀ ਹੈ, ਮਾਂ ਹੋਣ ਦੇ ਨਾਂ 'ਤੇ ਮੈਂ ਜਿੰਨ੍ਹਾਂ ਕੁ ਵੀ ਜੈਸੀ ਨੂੰ ਜਾਣਦੀ ਹਾਂ, ਮੈਨੂੰ ਲੱਗਦਾ ਹੈ ਕਿ ਜੈਸੀ ਦੁਆਰਾ ਲਿਖਿਆ ਕਹਾਣੀ ਸੰਗ੍ਰਹਿ 'ਘੜੇ 'ਚ ਦੱਬੀ ਇੱਜਤ' ਪੜ੍ਹ ਕੇ ਤੁਹਾਡੇ ਮਨ 'ਚ ਕਈ ਨਵੇਂ ਸਵਾਲ ਉੱਠਣਗੇ। ਹੋ ਸਕਦਾ ਹੈ ਕਿ ਅੱਖਾਂ 'ਚ ਪਾਣੀ ਭਰੇ ਜਾਂ ਚਿਹਰੇ 'ਤੇ ਹਾਸੇ ਖਿੜ੍ਹਨ ਜਾਂ ਪੜ੍ਹਦੇ-ਪੜ੍ਹਦੇ ਅੱਧ ਵਿਚਾਲੇ ਛੱਡੀ ਕਹਾਣੀ ਘਰਦੇ ਕੰਮ ਨਬੇੜਦਿਆਂ ਨੂੰ ਉਲਝਾਈ ਰੱਖੇ। ਉਮੀਦ ਹੈ ਕਿ ਮੇਰੀ ਧੀ ਆਪਣੀ ਕਿਤਾਬ ਨਾਲ ਮੇਰੇ ਲਿਖੇ ਜਾਂ ਤੁਹਾਨੂੰ ਕਹੇ ਸਬਦਾਂ ਤੇ ਖਰੀ ਉਤਰੇਗੀ।
ਵੱਲੋਂ
ਅਮਰਜੀਤ ਕੌਰ (ਮਾਂ)
ਬਾਪੂ ਦੀ ਜੁੱਤੀ
ਯਾਦ ਆ ਕੇਰਾਂ ਬੱਸ ਤਲਵੰਡੀ ਬੱਸ ਸਟੈਂਡ 'ਚ ਦਾਖ਼ਲ ਹੋਈ ਤੇ ਬੱਸ ਸਟੈਂਡ ਦੇ ਬਾਹਰ ਖੇਡਣ ਵਾਲੇ ਨਿੱਕੇ ਵੱਡੇ ਲੋਹੇ ਤੇ ਲੱਕੜ ਦੇ ਟਰੈਕਟਰ ਕਿਸੇ ਦੁਕਾਨ ਦੇ ਬਾਹਰ ਸਜਾਏ ਹੋਏ ਸੀ, ਮੈਂ ਬਾਪੂ ਨੂੰ ਹਲੂਣ ਕੇ ਟਰੈਕਟਰ ਦਿਖਾਏ ਪਰ ਬਾਪੂ ਨੇ ਗੱਲ ਅਣਸੁਣੀ ਕਰ ਦਿੱਤੀ। ਅਸੀਂ ਬੱਸ ਸਟੈਂਡ ਉੱਤਰੇ। ਬਾਪੂ ਤੇ ਮੈਂ ਉੱਤਰ ਕੇ ਬੱਸ ਸਟੈਂਡ 'ਚ ਬੈਠਣ ਲਈ ਬਣੀਆਂ ਥੜੀਆਂ ਤੇ ਬੈਠ ਗਏ। ਬਾਪੂ ਇੱਕਦਮ ਉੱਠਿਆ ਮੇਰਾ ਹੱਥ ਫੜ੍ਹ ਬਾਪੂ ਮੋਚੀ ਕੋਲ ਚਲਾ ਗਿਆ ਤੇ ਆਵਦੀ ਜੁੱਤੀ ਲਾਹ ਕੇ ਮੋਚੀ ਨੂੰ ਦੇ ਦਿੱਤੀ। ਮੋਚੀ ਕਹਿੰਦਾ ਕਿ ਜੁੱਤੀ ਦੀ ਹਾਲਤ ਖ਼ਰਾਬ ਹੀ ਆ,ਜੇ ਬਾਹਲਾ ਕਹਿੰਨੇ ਆ ਤਾਂ ਸਿਉਂ ਦਿੰਨਾ..ਪਰ ਮਿਲੂ ਕੱਲ੍ਹ। ਬਾਪੂ ਨੇ ਦੂਜੀ ਜੁੱਤੀ ਵੀ ਲਾਹ ਕੇ ਮੋਚੀ ਕੋਲ ਰੱਖ ਦਿੱਤੀ ਤੇ ਕਿਹਾ ਕਿ ਕੱਲ੍ਹ ਹੀ ਲੈ ਜਾਂਵਾਂਗੇ ਦੋਨੋਂ। ਬਾਪੂ ਨੰਗੇ ਪੈਰ ਤੁਰ ਫਿਰ ਉਸੇ ਥੜ੍ਹੀ 'ਤੇ ਜਾ ਕੇ ਬੈਠ ਗਿਆ ਤੇ ਮੈਂ ਵੀ ਬਾਪੂ ਦੇ ਪਿੱਛੇ ਹੀ। ਫੁੱਲੇ, ਗਿਰੀਆਂ, ਪਾਪੜ ਵੇਚਣ ਵਾਲੇ ਵਾਰ ਵਾਰ ਕੋਲੇ ਆਉਂਦੇ ਤੇ ਮੇਰੇ 'ਚ ਹਿੰਮਤ ਨਾ ਪਈ ਕਿ ਬਾਪੂ ਨੂੰ ਕਹਿ ਦੇਵਾਂ ਕਿ ਮੈਨੂੰ ਚੀਜ਼ੀ ਦਵਾ ਦੇ। ਫਿਰ ਬਾਪੂ ਨੇ ਮੈਲੇ ਜੇਹੇ ਝੋਲੇ 'ਚੋਂ ਪਾਣੀ ਦੀ ਬੋਤਲ ਕੱਢੀ ਤੇ ਮੇਰੇ ਮੂਹਰੇ ਕਰ ਦਿੱਤੀ ਕਿ ਤ੍ਰੇਹ ਲੱਗੀ ਤਾਂ ਪੀ ਲੈ। ਮੈਂ ਗਟਾਗਟ ਸਾਰਾ ਪਾਣੀ ਪੀ ਲਿਆ ਤੇ ਬਾਪੂ ਸਕੂਨ ਨਾਲ ਮੇਰੇ ਮੂੰਹ ਵੱਲ ਦੇਖ ਰਿਹਾ ਸੀ। ਜਿਵੇਂ ਉਸਦੀ ਪਿਆਸ ਵੀ ਮੈਂ ਪਾਣੀ ਪੀ ਕੇ ਮੁਕਾ ਦਿੱਤੀ ਹੋਵੇ। ਬਾਪੂ ਨੇ ਬੋਤਲ ਮੁੜ ਝੋਲੇ 'ਚ ਪਾ ਲਈ। ਸਾਨੂੰ ਪਿੰਡ ਵਾਲੀ ਬੱਸ ਮਿਲ ਗਈ ਤੇ ਅਸੀਂ ਮੁੜਕੋ-ਮੁੜਕੀ ਹੋਏ ਪਿੰਡ ਪੁੱਜ ਗਏ।
ਪੰਦਰਾਂ ਦਿਨ ਬਾਅਦ ਵਾਢੀ ਸ਼ੁਰੂ ਹੋਈ। ਬਾਪੂ ਉਸ ਦਿਨ ਆੜਤੀਆਂ ਤੋਂ ਪੈਸੇ ਲੈਣ ਤਲਵੰਡੀ ਗਿਆ ਹੋਇਆ ਸੀ। ਦੁਪਹਿਰੇ ਜਿਹੇ ਤਾਇਆ ਬਿਸ਼ਨਾ ਭੱਜਿਆ ਭੱਜਿਆ ਘਰ ਆਇਆ ਤੇ ਮਾਂ ਚਾਹ ਬਣਾ ਰਹੀ ਸੀ। ਚੌਂਤਰੇ ਕੋਲ ਜਾ ਖੰਘੂਰਾ ਜੇਹਾ ਮਾਰ ਕੇ ਕਿਹਾ, "ਭਾਈ ਲਛਮਣ ਦਾ ਤਲਵੰਡੀ ਤੋਂ ਆਉਂਦੇ ਦਾ ਐਕਸੀਡੈਂਟ ਹੋ ਗਿਆ, ਮੈਂ ਪਤਾ ਥਹੁ ਲੈਣ ਉੱਥੇ ਚੱਲਾਂ। ਤੇਰੀ ਭੈਣ ਆਉਂਦੀ ਆ ਤੇਰੇ ਕੋਲ ..." ਐਨਾ ਕਹਿ ਕੇ ਤਾਇਆ ਚਲਾ ਗਿਆ ਤੇ ਮਾਂ ਥਾਏਂ ਖੜ੍ਹੀ ਸੁੰਨ ਜੇਹੀ ਹੋ ਗਈ ਤੇ ਫਿਰ ਚੱਕਰ ਜੇਹਾ ਖਾ ਕੇ ਡਿੱਗ ਗਈ। ਮੈਂ ਦਵਾਦਵ ਆ ਕੇ ਮਾਂ ਨੂੰ ਪਾਣੀ ਪਿਆਇਆ, ਐਨੇ ਨੂੰ ਤਾਈ ਆ ਗਈ। ਤਾਈ ਮਾਂ ਦੇ ਹੱਥ ਪੈਰ ਮਲਣ ਲੱਗੀ। ਤਾਏ ਦਾ ਮੁੰਡਾ ਪਿੰਡੋਂ ਹੀ
ਮੋਟਰਸਾਇਕਲ 'ਤੇ ਬਿਠਾ ਡਾਕਟਰ ਲੈ ਆਇਆ। ਡਾਕਟਰ ਨੇ ਦੱਸਿਆ ਕਿ ਬਲੱਡ ਘਟਿਆ ਏ, ਥੋੜੇ ਟਾਈਮ ਨੂੰ ਠੀਕ ਹੋ ਜਾਣਗੇ। ਤਿੰਨ ਘੰਟੇ ਬਾਅਦ ਜੀਪ ਤੋਂ ਤਾਇਆ ਰੋਂਦਾ ਰੋਂਦਾ ਉੱਤਰਿਆ ਕਿ ਆਪਾਂ ਤਾਂ ਲੁੱਟੇ ਗਏ, ਮੁੱਕ ਗਿਆ ਮੇਰਾ ਭਰਾ। ਤਾਇਆ ਵਿਹੜੇ 'ਚ ਬੈਠ ਧਾਹਾਂ ਮਾਰਨ ਲੱਗਾ। ਘਰ 'ਚ ਐਬੂਲੈਂਸ ਦੇ ਨਾਲ ਦੋ ਹੋਰ ਗੱਡੀਆਂ ਤੇ ਟਰੈਕਟਰ ਟਰਾਲੀ ਨੇ ਸਾਰਾ ਵਿਹੜਾ ਮੱਲ ਲਿਆ। ਟਰਾਲੀ 'ਤੇ ਬਾਪੂ ਦਾ ਸਕੂਟਰ ਰੱਖਿਆ ਹੋਇਆ ਸੀ। ਘਰ 'ਚ ਇਕੱਠ ਹੋਣਾ ਸ਼ੁਰੂ ਹੋ ਗਿਆ। ਕੋਈ ਬਾਪੂ ਦੀ ਲਾਸ਼ ਨੂੰ ਗੱਡੀ 'ਚੋਂ ਲੁਆ ਰਿਹਾ ਸੀ ਤੇ ਕੋਈ ਬਾਪੂ ਦਾ ਸਕੂਟਰ। ਮੈਂ ਡਰਿਆ-ਸਹਿਮਿਆ ਭੂਆ ਦੀ ਬੁੱਕਲ 'ਚ ਬੈਠਾ ਸੀ, ਰੋ ਰਿਹਾ ਸੀ। ਭੂਆ ਮੈਨੂੰ ਚੁੱਕ ਕੇ ਸਕੂਟਰ ਕੋਲ ਚਲੀ ਗਈ ਤੇ ਉਹਦੀ ਭੁੱਬ ਨਿਕਲ ਗਈ। ਮੇਰੀ ਨਿਗ੍ਹਾ ਸਕੂਟਰ ਮਗਰ ਬੰਨ੍ਹੇ ਉਸ ਖਿਡੌਣੇ ਟਰੈਕਟਰ 'ਤੇ ਪਈ, ਜੋ ਬਾਪੂ ਬਿਨ੍ਹਾਂ ਦੱਸੇ ਮੇਰੇ ਲਈ ਲੈ ਕੇ ਆ ਰਿਹਾ ਸੀ। ਮੇਰੀਆਂ ਅੱਖਾਂ ਤਿੱਪ ਤਿੱਪ ਚੋਣ ਲੱਗੀਆਂ। ਭੂਆ ਨੇ ਮੈਨੂੰ ਜ਼ੋਰ ਦੇਣੇ ਘੁੱਟ ਲਿਆ ਤੇ ਕਮਰੇ 'ਚ ਲੈ ਕੇ ਚਲੀ ਗਈ। ਮੈਂ ਕੰਬ ਰਿਹਾ ਸੀ ਤੇ ਭੂਆ ਮੈਨੂੰ ਕਲਾਵੇ 'ਚ ਘੁੱਟੀ ਬੈਠੀ ਸੀ ਜਿਵੇਂ ਮੈਂ ਉਸਦਾ ਵੀਰ ਹੋਵਾਂ ਤੇ ਮੈਨੂੰ ਮੁੜ ਤੋਂ ਖੋਹਣ ਤੋਂ ਡਰ ਰਹੀ ਹੋਵੇ ਤੇ ਇੱਕ ਦੋ ਵਾਰ ਉਸਦੇ ਮੂੰਹੋਂ ਨਿਕਲਿਆ ਕਿ "ਨਾ ਲਛਮਣ ਰੋ ਨਾ, ਤੇਰੀ ਭੈਣ ਹੈਗੀ ਆ ... ਫ਼ਿਕਰ ਨਾ ਕਰ।" ਭੂਆ ਦਾ ਆਵਦਾ ਤੌਰ ਚੁੱਕਿਆ ਗਿਆ ਸੀ।
ਬਾਪੂ ਨੂੰ ਨੁਹਾਉਣ ਲੱਗੇ ਉਸਦੇ ਗੀਜੇ 'ਚੋਂ ਆੜਤੀਆ ਦੇ ਦਿੱਤੇ ਚੈੱਕ ਨਿਕਲੇ ਜੋ ਵੱਡੇ ਫੁੱਫੜ ਜੀ ਨੂੰ ਸਾਂਭਣ ਲਈ ਫੜ੍ਹਾ ਦਿੱਤੇ। ਬਾਪੂ ਦਾ ਸੰਸਕਾਰ ਹੋ ਗਿਆ। ਬਾਪੂ ਦਾ ਸਕੂਟਰ ਦਲਾਨ ਨਾਲ ਲੱਗਦੇ ਸ਼ਟਰ ਵਾਲੇ ਕਮਰੇ 'ਚ ਸਾਂਭ ਦਿੱਤਾ ਤੇ ਉਹ ਨਿੱਕਾ ਟਰੈਕਟਰ ਵੀ ਉਵੇਂ ਹੀ ਸਕੂਟਰ ਮਗਰ ਬੰਨਿਆ ਹੋਇਆ ਸੀ। ਉਹ ਸਟਰ ਵਾਲਾ ਕਮਰਾ ਮੇਰੀ ਸੁਰਤ 'ਚ ਬੰਦ ਹੀ ਰਹਿੰਦਾ ਤੇ ਕਿਸੇ ਦੀ ਹਿੰਮਤ ਹੀ ਨਹੀਂ ਸੀ ਪਈ ਕਿ ਬਾਪੂ ਦਾ ਸਕੂਟਰ ਠੀਕ ਕਰਾ ਕੇ ਵਰਤ ਲਈਏ, ਨਿੱਕੇ ਟਰੈਕਟਰ ਨਾਲ ਖੇਡ ਲਈਏ। ਸਮਾਂ ਬੀਤਿਆ ਮੈਂ ਤੇ ਮਾਂ ਦੋਵੇਂ ਕੈਨੇਡਾ ਚਲੇ ਗਏ। ਪਿੰਡ ਪੰਜ ਸਾਲਾਂ ਬਾਅਦ ਗੇੜਾ ਲੱਗਦਾ।
ਅੱਜ 25 ਵਰ੍ਹਿਆਂ ਬਾਅਦ ਮੈਂ ਆਵਦੇ ਪਰਿਵਾਰ ਸਮੇਤ ਪਿੰਡ ਆਇਆ ਤਾਂ ਨਾਲ ਇੱਕ ਨਵਾਂ ਜੀਅ ਵੀ ਸੀ, ਉਹ ਸੀ ਮੇਰਾ ਪੁੱਤ। ਮਿਲਣ ਵਾਲੇ ਲੋਕ ਆਖ ਰਹੇ ਸੀ ਕਿ ਜਮਾ ਲਛਮਣ ਸਿੰਹੁ ਦਾ ਮੁਹਾਂਦਰਾਂ ਏ ਮੇਰੇ ਪੁੱਤ ਦਾ। ਐਤਵਾਰ ਵਾਲੇ ਦਿਨ ਪਤਾ ਨਹੀਂ ਮਨ 'ਚ ਕੀ ਆਇਆ ਕਿ ਉਸ ਸ਼ਾਮ ਮੈਂ ਉਹ ਸ਼ਟਰ ਵਾਲਾ ਕਮਰਾ ਖੋਲ੍ਹ ਲਿਆ ਤੇ ਮੇਰਾ ਪੁੱਤ ਮੇਰੀ ਗੋਦੀ ਤੋਂ ਉੱਤਰ ਸਕੂਟਰ ਕੋਲ ਜਾ ਖੜ੍ਹਾ ਹੋ ਗਿਆ ਤੇ ਸਕੂਟਰ 'ਤੇ ਲਾਲ ਲੀੜਾ ਦਿੱਤਾ ਹੋਇਆ ਸੀ ਪਰ ਅੱਧਾ ਲੀੜਾ ਲਹਿ ਗਿਆ ਸੀ। ਪੁੱਤ ਦੀ ਨਿਗ੍ਹਾ ਟਰੈਕਟਰ 'ਤੇ ਪਈ ਤੇ ਉਹ ਜ਼ਿੱਦ ਕਰਨ ਲੱਗਾ ਕਿ ਉਹ ਟਰੈਕਟਰ ਲੈਣਾ ਏ ਖੇਡਣ ਲਈ। ਮੈਂ ਭਰੇ ਜਿਹੇ ਮਨ ਨਾਲ ਲਾਲ ਲੀੜੇ ਨੂੰ ਖਿੱਚ ਲਿਆ ਤੇ ਸਾਰੀ ਮਿੱਟੀ ਸਾਡੇ
ਦੋਵਾਂ `ਤੇ ਪੈ ਗਈ। ਮੈਨੂੰ ਉਸ ਮਿੱਟੀ ਦੀ ਖੁਸ਼ਬੋ ਚੰਗੀ ਲੱਗੀ। ਮੈਂ ਸਕੂਟਰ ਨੂੰ ਰੋੜ੍ਹ ਕੇ ਵਿਹੜੇ 'ਚ ਲੈ ਆਇਆ। ਮਾਂ ਭਾਂਡੇ ਵਿੱਚੇ ਛੱਡ ਸਾਡੇ ਕੋਲ ਆ ਗਈ ... ਸ਼ਾਇਦ ਮੈਨੂੰ ਸਹਾਰਾ ਦੇਣ ਲਈ ਕਿ ਕਿਧਰੇ ਸਕੂਟਰ ਦੇਖ ਮੈਂ ਕਮਜ਼ੋਰ ਪੈ ਰੋਣ ਨਾ ਲੱਗ ਜਾਵਾਂ ਪਰ ਸਕੂਟਰ ਕੋਲ ਆ ਮਾਂ ਨੇ ਡੂੰਘਾ ਹਾਉਂਕਾ ਲਿਆ ਤੇ ਆਵਦੇ ਮੂੰਹ ਨੂੰ ਚੁੰਨੀ ਨਾਲ ਪੂੰਝਣ ਲੱਗੀ। ਮੈਂ ਸਕੂਟਰ ਸਾਫ਼ ਕੀਤਾ ਤੇ ਟਰੈਕਟਰ ਵੀ। ਟਰੈਕਟਰ ਬੇਟੇ ਨੂੰ ਖੇਡਣ ਲਈ ਦੇ ਦਿੱਤਾ।
ਸਕੂਟਰ ਜੀਪ 'ਤੇ ਉਲੱਧ ਕੇ ਤਾਏ ਦੇ ਮੁੰਡੇ ਨਾਲ ਸ਼ਹਿਰ ਵੱਲ ਚੱਲ ਪਿਆ। ਠੀਕ ਕਰਾ ਸਕੂਟਰ ਨੂੰ ਫਿਰ ਤੋਂ ਨਵਾਂ ਬਣਾ ਲਿਆ। ਜੀਪ ਤਾਏ ਦਾ ਮੁੰਡਾ ਘਰ ਲੈ ਆਇਆ ਤੇ ਮੈਨੂੰ ਸਕੂਟਰ ਤੇ ਸ਼ਹਿਰੋਂ ਪਿੰਡ ਆਉਂਦੇ ਰਸਤੇ 'ਚ ਖ਼ਿਆਲ ਆਇਆ ਕਿ ਬਾਪੂ ਨੇ ਕੇਰਾਂ ਜੁੱਤੀ ਗੰਢਣੀ ਦਿੱਤੀ ਸੀ ਮੋਚੀ ਕੋਲ ਬੱਸ ਸਟੈਂਡ 'ਚ। ਪਤਾ ਨਹੀਂ ਕੀ ਸੋਚ ਮੈਂ ਸਕੂਟਰ ਫਿਰ ਤੋਂ ਸ਼ਹਿਰ ਵੱਲ ਮੋੜ ਲਿਆ ਤੇ ਬੱਸ ਸਟੈਂਡ ਚਲਾ ਗਿਆ। ਉੱਥੇ ਹੁਣ ਟਰੈਕਟਰ ਦੇ ਖਿਡੌਣਿਆਂ ਦੀ ਕੋਈ ਦੁਕਾਨ ਨਹੀਂ ਸੀ।
ਬੱਸ ਸਟੈਂਡ ਜਾ ਕੇ ਮੈਂ ਉਸੇ ਜਗ੍ਹਾ ਬਣੀ ਨਵੀਂ ਥੜੀ 'ਤੇ ਕਿੰਨਾ ਚਿਰ ਬੈਠਾ ਰਿਹਾ ਤੇ ਫਿਰ ਉੱਥੋਂ ਉੱਠ ਕੇ ਉਹੀ ਮੋਚੀ ਕੋਲ ਗਿਆ ਜੋ ਕਿ ਹੁਣ ਬੁੱਢਾ ਹੋ ਚੁੱਕਾ ਸੀ। ਮੈਂ ਮੋਚੀ ਕੋਲ ਜਾ ਕੇ ਕਿਹਾ ਕਿ ਮੇਰੇ ਬਾਪੂ ਦੀ ਜੁੱਤੀ ਲੈ ਕੇ ਜਾਣੀ ਏ। ਮੋਚੀ ਨੇ ਕਿਹਾ, ਕਿਸਦੀ ?" ਮੈਂ ਬਾਪੂ ਦੀ ਪਾਸਪੋਰਟ ਸਾਈਜ਼ ਫੋਟੋ ਬਟੂਏ 'ਚੋਂ ਕੱਢ ਕੇ ਦਿਖਾਈ। ਉਸ ਮੋਚੀ ਨੇ ਘੁੱਟ ਕੇ ਮੈਨੂੰ ਸੀਨੇ ਨਾਲ ਲਾ ਲਿਆ ਕਿ ਅੱਛਾ ਲਛਮਣ ਸਿਹੁੰ ਦਾ ਪੁੱਤ ਏ ਤੂੰ ਤੇ ਫਿਰ ਉਹ ਮੇਰਾ ਹੱਥ ਫੜ੍ਹ ਸੜਕ ਦੇ ਦੂਜੇ ਪਾਸੇ ਬਣੇ ਇੱਕ ਵੱਡੇ ਸਾਰੇ ਜੁੱਤੀਆਂ ਦੇ ਸ਼ੋਅ ਰੂਮ 'ਚ ਲੈ ਗਿਆ ਤੇ ਇਸ਼ਾਰਾ ਕਰ ਫਰੇਮ 'ਚ ਜੜ੍ਹੀਆਂ ਕੰਧ 'ਤੇ ਲੱਗਾ ਜੁੱਤੀ ਦਾ ਜੜਾ ਦਿਖਾਇਆ ਤੇ ਕਿਹਾ ਕਿ ਪਤਾ ਇਹ ਜੁੱਤੀ ਮੈਂ ਬਹੁਤ ਸਾਂਭ ਕੇ ਰੱਖੀ ਏ। ਲਛਮਣ ਸਿੰਹੁ ਕੱਲ੍ਹ ਦਾ ਕਹਿ ਮੁੜ ਜੁੱਤੀ ਲੈਣ ਨਹੀਂ ਆਇਆ ਪਰ ਜਿਸ ਦਿਨ ਦੀ ਇਹ ਜੁੱਤੀ ਮੇਰੀ ਦੁਕਾਨ 'ਤੇ ਆਈ ਏ ਮੇਰੇ ਕੰਮ 'ਚ ਬਰਕਤ ਆਈ ਏ ਤੇ ਹੋ ਸਕਦਾ ਮੇਰਾ ਵਹਿਮ ਹੀ ਹੋਵੇ ਪਰ ਮੈਂ ਇਹ ਜੁੱਤੀ ਨੂੰ ਰੱਬ ਵਾਂਗ ਪੂਜਦਾ। ਮੈਂ ਇੱਕ ਵਾਰ ਫਿਰ ਸੁੰਨ ਜਿਹਾ ਹੋ ਕੇ ਜੁੱਤੀ ਨੂੰ ਇੱਕਟਕ ਦੇਖਣ ਲੱਗਾ । ਮੈਂ ਬੁੱਢੇ ਮੋਚੀ ਨੂੰ ਤਰਲਾ ਜਿਹਾ ਪਾ ਕੇ ਕਿਹਾ ਕਿ ਇਹ ਜੋੜਾ ਮੈਨੂੰ ਦੇ ਦਿਉ, ਮੈਂ ਜੋ ਕੀਮਤ ਕਹੋਗੇ ਦੇ ਦੇਵਾਂਗਾ। ਬੁੱਢੇ ਮੋਚੀ ਨੇ ਆਵਦੇ ਪੁੱਤ ਨੂੰ ਕਹਿ ਮੈਨੂੰ ਉਹ ਜੁੱਤੀ ਅਖ਼ਬਾਰ 'ਚ ਲਪੇਟ ਕਾਲੇ ਲਿਫਾਫੇ 'ਚ ਪਾ ਕੇ ਦਿੱਤੀ। ਮੈਂ ਆਉਂਦਾ-ਆਉਂਦਾ ਉਸ ਤੋਂ ਪੁੱਛਣਾ ਜਰੂਰੀ ਸਮਝਿਆ ਕਿ ਜੇ ਐਨਾ ਵੱਡਾ ਸ਼ੋਅ ਰੂਮ ਏ ਤਾਂ ਤੁਸੀਂ ਬੱਸ ਸਟੈਂਡ ਧੁੱਪ 'ਚ ਨਿੱਕੀ ਜਿਹੀ ਦੁਕਾਨ 'ਤੇ ਕਿਉਂ ਕੰਮ ਕਰਦੇ ਹੋ। ਬੁੱਢੇ ਮੋਚੀ ਨੇ ਚਿੱਟੇ ਮੋਤੀਏ ਉੱਤਰੇ ਵਾਲੀਆਂ ਅੱਖਾਂ ਭਰ ਕਿਹਾ, "ਮੇਰੇ ਪਿਉ ਨੇ ਉਹ ਜੁੱਤੀਆਂ ਵਾਲੇ ਖੋਖੇ 'ਚ ਜ਼ਿੰਦਗੀ ਕੱਢ ਦਿੱਤੀ, ਮੈਨੂੰ ਉਸ ਦੁਕਾਨ 'ਤੇ
ਬਹਿ ਕੇ ਬਹੁਤ ਸਕੂਨ ਮਿਲਦਾ ਤੇ ਐਵੇਂ ਲੱਗਦਾ ਜਿਵੇਂ ਮੇਰਾ ਪਿਉ ਮੇਰੇ ਕੋਲ ਬੈਠਾ ਹੋਵੇ। "ਮੈਂ ਉਦਾਸ ਜਿਹਾ ਹੋ ਉਹਨਾਂ ਤੋਂ' ਅਲਵਿਦਾ ਲੈ ਕੇ ਸਕੂਟਰ 'ਤੇ ਘਰ ਆਇਆ।
ਘਰ ਪਹੁੰਚਿਆ ਤਾਂ ਮਾਂ ਫ਼ਿਕਰ ਕਰ ਰਹੀ ਸੀ ਕਿ ਕਿੰਨਾ ਕੁਵੇਲਾ ਕਰ ਦਿੱਤਾ ਸ਼ਹਿਰੋਂ ਘਰ ਆਉਣ 'ਚ ਤੇ ਫੋਨ ਵੀ ਬੰਦ ਜੁ ਹੋ ਗਿਆ ਸੀ। ਬੋਲਦੀ-ਬੋਲਦੀ ਉਹਦੀ ਨਿਗ੍ਹਾ ਜਦ ਬਾਪੂ ਵਾਲੇ ਸਕੂਟਰ 'ਤੇ ਪਈ ਉਹ ਇੱਕ ਦਮ ਹੈਰਾਨ ਰਹਿ ਗਈ। ਉਹ ਵਾਰ-ਵਾਰ ਸਕੂਟਰ ਨੂੰ ਹੱਥ ਲਗਾ ਕੇ ਦੇਖ ਰਹੀ ਸੀ। ਮੇਰੇ ਕੋਲ ਆ ਉਹਨੇ ਮੇਰਾ ਮੱਥਾ ਚੁੰਮ ਕੇ ਉਸ ਆਖਿਆ, ਮੇਰਾ ਬਹਾਦਰ ਪੁੱਤ... "ਕਿਉਂਕਿ ਉਹਨੂੰ ਹਮੇਸ਼ਾ ਲੱਗਦਾ ਹੁੰਦਾ ਸੀ ਕਿ ਮੈਂ ਬਾਪੂ ਦੀਆਂ ਚੀਜ਼ਾਂ ਦਾ ਸਾਹਮਣਾ ਨਹੀਂ ਕਰ ਪਾਵਾਂਗਾ, ਤਾਹੀਂ ਤੇ ਉਹਨੇ ਪਿੰਡ ਛੱਡ ਪ੍ਰਦੇਸ਼ ਰਹਿਣਾ ਸਹੀ ਸਮਝਿਆ। ਸਹੀ ਵੀ ਸੀ ਉਦੋਂ ਮੈਂ ਬਾਪੂ ਦੇ ਜਾਣ ਮਗਰੋਂ ਰੋਜ਼ ਰਾਤ ਨੂੰ ਸੁੱਤਾ-ਸੁੱਤਾ ਬੁੜਕ ਕੇ ਉੱਠ ਜਾਂਦਾ ਤੇ ਬਾਪੂ ਨਾ ਜਾ ਛੱਡ ਕੇ ਕਹਿ ਕੇ ਰੋਣ ਲੱਗ ਜਾਂਦਾ। ਮਾਂ ਮੇਰੇ ਤੇ ਅੱਜ ਮਾਣ ਮਹਿਸੂਸ ਕਰ ਰਹੀ ਸੀ ਕਿ ਮੈਂ ਬੀਤੇ ਮਾੜ੍ਹੇ ਕੱਲ੍ਹ ਨੂੰ ਸਵੀਕਾਰ ਲਿਆ ਹੈ।
ਮੈਂ ਮੰਜੇ 'ਤੇ ਬੈਠ ਮਾਂ ਨੂੰ ਫਰੇਮ 'ਚ ਜੜ੍ਹੀ ਜੁੱਤੀ ਦਿਖਾਈ ਤੇ ਕਿਹਾ ਕਿ ਯਾਦ ਆ ਕੇਰਾਂ ਬਾਪੂ ਨੰਗੇ ਪੈਰੀਂ ਸ਼ਹਿਰੋਂ ਆਇਆ ਸੀ ਤੇ ਪੈਸੇ ਨਾ ਹੋਣ ਕਰਕੇ ਮੁੜ ਜੁੱਤੀ ਚੁੱਕਣ ਨਹੀਂ ਗਿਆ ਦੁਕਾਨ ਤੋਂ। ਉਦੋਂ ਦੀ ਪੰਜਾਹ ਰੁਪਏ ਦੀ ਜੁੱਤੀ ਦੀ ਕੀਮਤ ਹੁਣ ਕਰੋੜਾਂ ਏ... । ਮਾਂ ਮੇਰੀਆਂ ਗੱਲਾਂ 'ਚ ਉਲਝ ਗਈ ਤੇ ਮੈਂ ਉਹਨੂੰ ਮੋਚੀ ਵਾਲੀ ਗੱਲ ਸੁਣਾਈ। ਮਾਂ ਨੇ ਅੱਖਾਂ ਭਰ ਲਈਆਂ। ਐਨੇ ਨੂੰ ਮੇਰਾ ਪੁੱਤ ਟਰੈਕਟਰ ਦੇ ਮੂਹਰੇ ਲੱਗੇ ਵਾਜੇ ਨਾਲ ਪਾਂ ਪਾਂ ਕਰਦਾ ਮੇਰੇ ਕੋਲ ਆਇਆ ਤੇ ਕਹਿਣ ਲੱਗਾ, ਪਾਪਾ ਦਿਸ ਇਜ ਦਾ ਬੈਸਟ ਗਿਫਟ .. ਮੈਂ ਮੁਸਕਰਾ ਪਿਆ। ਮੇਰੀ ਘਰਵਾਲੀ ਪਾਣੀ ਦਾ ਗਿਲਾਸ ਲੈ ਕੇ ਆਈ ਕਿ ਮੈਂ ਪਾਣੀ ਦਾ ਗਿਲਾਸ ਹੱਥ 'ਚ ਫੜਿਆ ਤੇ ਮੇਰਾ ਪੁੱਤ ਮੇਰੇ ਕੋਲ ਆਇਆ ਤੇ ਮੇਰੇ ਹੱਥੋਂ ਪਾਣੀ ਦਾ ਗਿਲਾਸ ਫੜ੍ਹ ਆਪ ਸਾਰਾ ਪਾਣੀ ਪੀ ਗਿਆ। ਮੈਂ ਉਸ ਵੱਲ ਉਸੇ ਸਕੂਨ ਨਾਲ ਦੇਖ ਰਿਹਾ ਸੀ ਜਿਵੇਂ ਮੇਰਾ ਪਿਉ ਕਈ ਸਾਲ ਪਹਿਲਾਂ ਉਸ ਬੱਸ ਸਟੈਂਡ 'ਚ ਬੈਠਾ ਮੇਰੇ ਵੱਲ ਦੇਖ ਰਿਹਾ ਸੀ। ਪੀੜ੍ਹੀਆਂ ਬਦਲੀਆਂ ਰਹਿੰਦੀਆਂ ਪਰ ਸਮਾਂ ਪਿਛਲੀਆਂ ਪੀੜ੍ਹੀਆਂ ਨੂੰ ਫਿਰ ਸਾਡੇ ਵਿੱਚ ਲਿਆ ਕੇ ਖੜ੍ਹਾ ਕਰ ਦਿੰਦੀਆਂ ਹਨ।
ਇੱਕ ਤੇਰੀ ਜੁੱਤੀ ਸਾਹਮਣੇ,
ਬੂਟ ਜੌਰਡਨ ਦੇ ਜਾਪਦੇ ਨੇ ਹੌਲੇ।
ਫੇਅਰ ਪਲੇਸਾਂ ਲੱਗਣ ਠੰਡੀਆਂ,
ਮੈਂ ਲੱਭਦਾ ਰਹਿੰਨਾ ਨਿੱਘ ਵਾਲੇ ਕੌਲੇ।