ਘਰ ਦੀ ਲਲਕ
ਨਿਕੋਲਾਈ ਤੇਲੇਸ਼ੋਵ
ਅਨੁਵਾਦ - ਗਗਨ
ਕਹਾਣੀ ਅਤੇ ਇਸਦੇ ਲੇਖਕ ਬਾਰੇ
ਇਹ ਆਪਣੇ ਆਪ ਵਿੱਚ ਇੱਕ ਜ਼ਿਕਰਯੋਗ ਗੱਲ ਹੈ ਕਿ ਉੱਨੀਵੀਂ ਸਦੀ ਦੇ ਜਿਨ੍ਹਾਂ ਮਹਾਨ ਰੂਸੀ ਲੇਖਕਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਆਪਣੇ ਦੇਸ਼ ਦੇ ਆਮ ਲੋਕਾਂ ਨੂੰ ਅਗਿਆਨ ਅਤੇ ਜ਼ੁਲਮ-ਅੱਤਿਆਚਾਰ ਦੇ ਹਨੇਰੇ ਵਿੱਚੋਂ ਬਾਹਰ ਕੱਢ ਕੇ ਰੌਸ਼ਨੀ ਦੀ ਦੁਨੀਆਂ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਆਮ ਤੌਰ 'ਤੇ ਉਹਨਾਂ ਨੇ ਬੱਚਿਆਂ ਬਾਰੇ ਲਿਖਿਆ ਹੈ। ਇਹ ਸੁਭਾਵਿਕ ਵੀ ਹੈ, ਕਿਉਂਕਿ ਜੋ ਮਹਾਂਪੁਰਸ਼ ਆਪਣੇ ਦੇਸ਼ ਅਤੇ ਸਮੁੱਚੀ ਮਨੁੱਖਤਾ ਦੇ ਭਵਿੱਖ ਨੂੰ ਲੈ ਕੇ ਚਿੰਤਤ ਸਨ, ਉਹ ਬੱਚਿਆਂ ਬਾਰੇ ਵੀ ਸੋਚਦੇ ਹਨ ਕਿਉਂਕਿ ਭਵਿੱਖ ਬੱਚਿਆਂ ਦਾ ਹੀ ਹੁੰਦਾ ਹੈ।
ਇਹ ਵੀ ਧਿਆਨ ਦੇਣ ਯੋਗ ਗੱਲ ਹੈ ਕਿ ਉੱਨੀਵੀਂ ਸਦੀ ਦੇ ਰੂਸੀ ਲੇਖਕ ਜਦੋਂ ਵੀ ਬੱਚਿਆਂ ਬਾਰੇ ਲਿਖਦੇ ਹਨ ਤਾਂ ਉਹ ਆਮ ਤੌਰ 'ਤੇ ਸਦਾ ਹੀ ਬੱਚਿਆਂ ਦੇ ਦੁੱਖਾਂ ਦੀ ਗੱਲ ਕਰਦੇ ਹਨ । ਜੇ ਉਸ ਸਮੇਂ ਦੇ ਰੂਸੀ ਸਮਾਜ ਨੂੰ ਦੇਖੀਏ ਤਾਂ ਇਹ ਇੱਕਦਮ ਸੁਭਾਵਿਕ ਲਗਦਾ ਹੈ। ਰੂਸ ਵਿੱਚ ਉੱਨੀਵੀਂ ਸਦੀ ਲੋਕਾਂ ਦੀ ਕੰਗਾਲੀ ਅਤੇ ਦੁੱਖਾਂ ਦਾ ਯੁੱਗ ਸੀ। 1861 ਤੱਕ ਦੇਸ਼ ਵਿੱਚ ਭੂ-ਗੁਲਾਮ ਪ੍ਰਥਾ ਸੀ। ਇਸ ਅਨੁਸਾਰ ਕਿਸੇ ਵੀ ਜ਼ਿਮੀਂਦਾਰ ਦੀ ਜ਼ਮੀਨ 'ਤੇ ਜੋ ਕਿਸਾਨ ਰਹਿੰਦਾ ਸੀ, ਉਹ ਉਸਦਾ ਦਾਸ ਹੁੰਦਾ ਸੀ । ਜ਼ਿਮੀਂਦਾਰ ਉਹਨਾਂ ਨੂੰ ਖਰੀਦ-ਵੇਚ ਸਕਦਾ ਸੀ ਅਤੇ ਕੋੜੇ ਮਾਰ-ਮਾਰ ਕੇ ਉਹਨਾਂ ਦੀ ਜਾਨ ਲੈਣ 'ਤੇ ਵੀ ਉਹ ਕਿਸੇ ਸਜ਼ਾ ਦਾ ਹੱਕਦਾਰ ਨਹੀਂ ਸੀ ਹੁੰਦਾ। 1861 ਵਿੱਚ ਭੂ- ਗੁਲਾਮ ਪ੍ਰਥਾ ਖਤਮ ਹੋਣ ਤੋਂ ਬਾਅਦ ਵੀ ਆਮ ਲੋਕਾਂ ਦੇ ਜੀਵਨ ਵਿੱਚ ਕੋਈ ਬਦਲਾਅ ਨਹੀਂ ਆਇਆ। ਗ਼ਰੀਬ ਪਹਿਲਾਂ ਦੀ ਤਰ੍ਹਾਂ ਹੀ ਭੁੱਖ, ਹੱਡ-ਭੰਨਵੀਂ ਮਿਹਨਤ ਅਤੇ ਅਮੀਰਾਂ ਦੇ ਜ਼ੁਲਮ ਦਾ ਸ਼ਿਕਾਰ ਸਨ । ਬੱਚਿਆਂ ਦੀ ਹਾਲਤ ਉਦੋਂ ਵਿਸ਼ੇਸ਼ ਰੂਪ ਵਿੱਚ ਤਰਸਯੋਗ ਸੀ। ਅਕਾਲ, ਭੁੱਖਮਰੀ ਵਿੱਚ ਮੌਤ ਅਤੇ ਕਾਲੇ ਪਾਣੀ ਦੀ ਸਜ਼ਾ ਦੇ ਚਲਦੇ ਸੜਕਾਂ 'ਤੇ ਬੇਘਰ, ਯਤੀਮ ਬੱਚਿਆਂ ਦੀ ਭਰਮਾਰ ਸੀ । ਗ਼ਰੀਬ ਘਰਾਂ ਵਿੱਚ ਬੱਚੇ ਛੋਟੀ ਉਮਰ ਵਿੱਚ ਹੀ ਦੋ ਡੰਗ ਦੀ ਰੋਟੀ ਕਮਾਉਣ ਲਈ ਹੱਡ-ਭੰਨਵੀਂ ਮਿਹਨਤ ਕਰਦੇ ਸਨ ਅਤੇ ਜ਼ਿਆਦਾਤਰ ਉਮਰੋਂ ਪਹਿਲਾਂ ਹੀ ਮੌਤ ਦਾ ਸ਼ਿਕਾਰ ਬਣਦੇ ਰਹਿੰਦੇ। ਇੱਥੋਂ ਤੱਕ ਕਿ ਅਮੀਰ ਘਰਾਂ ਦੇ ਬੱਚੇ ਵੀ, ਜਿਹਨਾਂ ਨੂੰ ਕਿਸੇ ਗੱਲ ਦੀ ਤੰਗੀ ਨਹੀਂ ਸੀ, ਅਤੇ ਜਿਹਨਾਂ ਨੂੰ ਪੜ੍ਹਨ-ਲਿਖਣ ਦੇ ਮੌਕੇ ਪ੍ਰਾਪਤ ਸਨ, ਉਹ ਵੀ ਜੀਵਨ ਦੀ ਸੱਚੀ ਖੁਸ਼ੀ ਅਤੇ ਅਜ਼ਾਦੀ ਤੋਂ ਵਿਹੂਣੇ ਸਨ। ਅਜਿਹੇ ਸਮਾਜ ਵਿੱਚ ਬੱਚਿਆਂ ਦੇ ਜੀਵਨ ਦੇ ਦੁੱਖਾਂ ਦਾ ਕਹਾਣੀਆਂ ਵਿੱਚ ਵਧੇਰੇ ਜਗ੍ਹਾ ਘੇਰਨਾ ਸੁਭਾਵਿਕ ਹੀ ਸੀ।
ਪਰ ਮਹੱਤਵਪੂਰਨ ਗੱਲ ਇਹ ਹੈ ਕਿ ਅਜਿਹੇ ਜ਼ਿਆਦਾਤਰ ਲੇਖਕਾਂ ਨੇ ਅਸਹਿ ਦਰਦਭਰੇ ਜੀਵਨ ਦੇ ਹਨੇਰਮਈ ਪੱਖਾਂ ਦੇ ਦਿਲ ਟੁੰਬਵੇਂ ਚਿੱਤਰਣ ਦੇ ਨਾਲ ਹੀ ਉਸਦੇ ਰੌਸ਼ਨ ਪੱਖਾਂ ਨੂੰ ਵੀ ਦਿਖਾਇਆ ਹੈ। ਆਮ ਤੌਰ 'ਤੇ ਅਕੇਵੇਂ ਭਰੇ ਜੀਵਨ, ਅਨਿਆਂ ਅਤੇ ਦੁੱਖਾਂ ਦੇ ਪਹਾੜਾਂ ਵਿੱਚੋਂ ਭਲਾਈ ਅਤੇ ਸੱਚ ਦੇ ਸੋਮੇ ਵੀ ਇਹਨਾਂ ਕਹਾਣੀਆਂ ਵਿੱਚ ਫੁੱਟਦੇ ਹੋਏ ਦਿਸਦੇ ਹਨ। ਨਿਕੋਲਾਈ ਤੇਲੇਸੋਵ ਦੀ ਪੇਸ਼ ਕੀਤੀ ਜਾ ਰਹੀ ਕਹਾਣੀ 'ਘਰ ਦੀ ਲਲਕ' ਵੀ ਅਜਿਹੀ ਹੀ ਕਹਾਣੀ ਹੈ।
ਨਿਕੋਲਾਈ ਤੇਲੇਸ਼ੋਵ ਦਾ ਜਨਮ 1867 ਵਿੱਚ ਹੋਇਆ ਸੀ, ਭਾਵ ਰੂਸ ਵਿੱਚ ਭੂ-ਦਾਸ ਪ੍ਰਥਾ ਨੂੰ ਖਤਮ
ਕੀਤੇ ਜਾਣ ਦੇ ਛੇ ਵਰ੍ਹੇ ਉਪਰੰਤ, ਅਤੇ ਮੌਤ 1957 ਵਿੱਚ ਹੋਈ ਜਦੋਂ ਸਮਾਜਵਾਦੀ ਇਨਕਲਾਬ ਤੋਂ ਬਾਅਦ ਚਾਲੀ ਸਾਲਾਂ ਦਾ ਸਮਾਂ ਬੀਤ ਚੁੱਕਾ ਸੀ । ਜਵਾਨੀ ਵਿੱਚ ਤੇਲੇਸ਼ੋਵ ਨੇ ਗਿਆਨ ਪ੍ਰਸਾਰ ਦਾ ਕੰਮ ਕੀਤਾ। ਬੱਚਿਆਂ ਲਈ ਉਹ ਕਹਾਣੀਆਂ ਅਤੇ ਕਵਿਤਾਵਾਂ ਦੇ ਸੰਗ੍ਰਹਿ ਛਾਪਦੇ ਸਨ । ਮਾਸਕੋ ਕੋਲ ਹੀ ਉਹਨਾਂ ਨੇ ਇੱਕ ਸਕੂਲ ਵੀ ਖੋਲਿਆ ਸੀ। 1894 ਵਿੱਚ ਉਸ ਸਮੇਂ ਇੱਕ ਮਹਾਨ ਮਾਨਵਤਾਵਾਦੀ ਅਤੇ ਯਥਾਰਥਵਾਦੀ ਲੇਖਕ ਐਨਤੋਨ ਚੈਖ਼ਵ ਦੀ ਸਲਾਹ 'ਤੇ ਤੇਲੇਸ਼ੋਵ ਨੇ ਦੂਰ ਸਾਇਬੇਰੀਆ ਦੀ ਯਾਤਰਾ ਕੀਤੀ, ਤਾਂ ਜੋ ਲੋਕਾਂ ਦੇ ਜੀਵਨ ਨੂੰ ਚੰਗੀ ਤਰ੍ਹਾਂ ਦੇਖਿਆ ਜਾ ਸਕੇ ।
ਉਹਨਾਂ ਦਿਨਾਂ ਵਿੱਚ ਜ਼ਾਰ ਦੀ ਸਰਕਾਰ ਰੂਸ ਦੇ ਯੂਰਪੀ ਭਾਗ ਦੇ ਗ਼ਰੀਬ ਕਿਸਾਨਾਂ ਨੂੰ ਸਾਇਬੇਰੀਆ ਦੇ ਸੁੰਨਸਾਨ ਇਲਾਕਿਆਂ ਵਿੱਚ ਵਸਾ ਰਹੀ ਸੀ। ਉਰਾਲ ਪਾਰ ਦੇ ਖੇਤਰਾਂ ਵਿੱਚ ਰੇਲਵੇ ਲਾਈਨਾਂ ਨਾਂਹ ਦੇ ਬਰਾਬਰ ਹੀ ਸਨ। ਕਿਸਾਨ ਆਪਣੇ ਪਰਿਵਾਰਾਂ ਦੇ ਨਾਲ ਘੋੜਾਗੱਡੀਆਂ 'ਤੇ ਯਾਤਰਾ ਕਰਦੇ ਸਨ । ਲੰਮੇ ਰਸਤੇ ਵਿੱਚ ਉਹ ਭੁੱਖੇ ਰਹਿੰਦੇ, ਬਿਮਾਰੀਆਂ ਦਾ ਸ਼ਿਕਾਰ ਹੁੰਦੇ, ਠੰਡ ਨਾਲ ਮਰਦੇ, ਬੱਚੇ ਯਤੀਮ ਹੋ ਜਾਂਦੇ, ਮਾਂ-ਪਿਓ ਬੱਚਿਆਂ ਬਿਨਾਂ ਰਹਿ ਜਾਂਦੇ ਸਾਇਬੇਰੀਆ ਦੇ ਕੇਂਦਰੀ ਭਾਗ ਵਿੱਚ ਤੇਲੇਸ਼ੋਵ ਨੇ ਅਜਿਹੀਆਂ ਬਹੁਤ ਸਾਰੀਆਂ ਬੈਰਕਾਂ ਦੇਖੀਆਂ, ਜੋ ਇਹਨਾਂ ਕਿਸਾਨਾਂ ਦੇ ਬੇਘਰ ਹੋ ਗਏ ਬੱਚਿਆਂ ਨਾਲ ਭਰੀਆਂ ਪਈਆਂ ਸਨ । ਸਾਇਬੇਰੀਆ ਤੋਂ ਮੁੜਨ ਉਪਰੰਤ ਤੇਲੇਸ਼ੋਵ ਨੇ ਲਿਖਿਆ: "ਇਹਨਾਂ ਬੱਚਿਆਂ ਦੇ ਮਾਤਾ-ਪਿਤਾ ਜਾਂ ਤਾਂ ਰਸਤੇ ਵਿੱਚ ਹੀ ਮਰ ਗਏ, ਜਾਂ ਫਿਰ ਬਾਕੀ ਪਰਿਵਾਰ ਨੂੰ ਕੰਗਾਲੀ ਅਤੇ ਭੁੱਖਮਰੀ ਤੋਂ ਬਚਾਉਣ ਦੀ ਕੋਸ਼ਿਸ਼ ਵਿੱਚ ਆਪਣੇ ਬੱਚਿਆਂ ਨੂੰ, ਜਿਹਨਾਂ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ, ਛੱਡ ਕੇ ਅੱਗੇ ਵਧ ਗਏ। ਉਹਨਾਂ ਵਿੱਚ ਇੰਨੀ ਨਾ ਤਾਕਤ ਨਹੀਂ ਸੀ, ਤੇ ਨਾ ਹੀ ਇੰਨਾ ਪੈਸਾ ਸੀ ਕਿ ਉਹ ਰੁਕ ਕੇ ਬੱਚਿਆਂ ਦੇ ਮਰ ਜਾਣ ਦਾ ਇੰਤਜ਼ਾਰ ਕਰਦੇ, ਇਸ ਲਈ ਉਹ ਉਹਨਾਂ ਨੂੰ ਮਰੇ ਮੰਨ ਕੇ ਹੀ ਅੱਗੇ ਵਧ ਜਾਂਦੇ ਹਨ। ਬੇਸ਼ੱਕ, ਇਸ ਤਰ੍ਹਾਂ ਛੱਡੇ ਗਏ ਜ਼ਿਆਦਾਤਰ ਬੱਚੇ ਬੀਮਾਰੀ ਤੋਂ ਠੀਕ ਨਹੀਂ ਸੀ ਹੁੰਦੇ, ਪਰ ਅਜਿਹਾ ਵੀ ਹੁੰਦਾ ਸੀ ਕਿ ਬੱਚੇ ਦੀ ਹਾਲਤ ਸੁਧਰ ਜਾਂਦੀ ਅਤੇ ਫਿਰ ਉਹ 'ਰੱਬ ਦੀ ਔਲਾਦ' ਬਣ ਜਾਂਦਾ ਹੈ।"
ਤੇਲੇਸ਼ੋਵ ਦੀਆਂ ਸਭ ਤੋਂ ਚੰਗੀਆਂ ਕਹਾਣੀਆਂ ਇਹਨਾਂ ਅਭਾਗੇ ਬੱਚਿਆਂ ਬਾਰੇ ਹੀ ਹਨ। ਮਾਂ-ਬਾਪ ਬਿਮਾਰ ਨਿਕੋਲਾ ਨੂੰ ਛੱਡ ਕੇ ਚਲੇ ਗਏ, ਉਹ ਠੀਕ ਹੋ ਗਿਆ ਅਤੇ ਕਿਸੇ ਦਾ ਨਹੀਂ ਰਿਹਾ— ਇਹ ਹੈ 'ਗ਼ਰੀਬੀ' ਕਹਾਣੀ ਦਾ ਕਥਾਨਕ। 'ਨਵਾਂ ਸਾਲ' ਕਹਾਣੀ ਵਿੱਚ ਲੇਖਕ ਇਸ ਗੱਲ ਦਾ ਵਰਨਣ ਕਰਦਾ ਹੈ ਕਿ ਕਿਸ ਤਰ੍ਹਾਂ ਬੁੱਢੇ ਸਿਪਾਹੀ ਮੀਤਰਿਚ ਨੂੰ ਇਹਨਾਂ ਅਭਾਗੇ ਬੱਚਿਆਂ 'ਤੇ ਤਰਸ ਆਉਂਦਾ ਹੈ ਅਤੇ ਉਹ ਆਪਣੀਆਂ ਲੋੜਾਂ 'ਚੋਂ ਕਟੌਤੀ ਕਰਕੇ ਉਹਨਾਂ ਲਈ ਨਵੇਂ ਸਾਲ 'ਤੇ ਤੋਹਫ਼ੇ ਦਾ ਪ੍ਰਬੰਧ ਕਰਦਾ ਹੈ।
ਪੇਸ਼ ਕਹਾਣੀ 'ਘਰ ਦੀ ਲਲਕ' ਵੀ ਇੱਕ ਅਜਿਹੀ ਕਹਾਣੀ ਹੀ ਹੈ, 1896 ਵਿੱਚ ਪ੍ਰਕਾਸ਼ਿਤ ਇਹ ਕਹਾਣੀ ਇੱਕ ਅਜਿਹੇ ਬੱਚੇ ਦੀ ਕਹਾਣੀ ਹੈ ਜੋ ਸਾਇਬੇਰੀਆ ਜਾਂਦੇ ਹੋਏ ਅਨਾਥ ਹੋ ਗਿਆ ਸੀ ਅਤੇ ਉਹ ਹੁਣ ਵਾਪਸ ਘਰ ਮੁੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਦੌਰਾਨ ਉਹ ਗੰਭੀਰ ਰੂਪ ਵਿੱਚ ਬਿਮਾਰ ਹੋ ਜਾਂਦਾ ਹੈ ਅਤੇ ਕਾਲ਼ੇ-ਪਾਣੀ ਤੋਂ ਭੱਜ ਕੇ ਆਇਆ ਇੱਕ ਅਪਰਾਧੀ ਬਿਮਾਰ ਪੈ ਗਏ ਬੱਚੇ ਨੂੰ ਬਚਾਉਣ ਲਈ ਸ਼ਹਿਰ ਲੈ ਜਾਂਦਾ ਹੈ ਅਤੇ ਖੁਦ ਪੁਲਿਸ ਦੇ ਹੱਥ ਆ ਜਾਂਦਾ ਹੈ । ਅਸੀਂ ਨਹੀਂ ਜਾਣਦੇ ਕਿ ਉਸਨੇ ਕੀ ਅਪਰਾਧ ਕੀਤਾ ਸੀ । ਪਰ ਅਸੀਂ
ਦੇਖਦੇ ਹਾਂ ਕਿ ਉਹ ਆਪਣੀ ਇੱਛਾ ਨਾਲ ਆਪਣੀ ਅਜ਼ਾਦੀ, ਅਤੇ ਸ਼ਾਇਦ, ਆਪਣੇ ਜੀਵਨ ਦੀ ਬਲੀ ਦੇ ਦਿੰਦਾ ਹੈ ਤਾਂ ਕਿ ਇੱਕ ਅਣਜਾਣ ਬੱਚੇ ਨੂੰ ਮੌਤ ਦੇ ਮੂੰਹੋਂ ਬਚਾਇਆ ਜਾ ਸਕੇ ਅਤੇ ਉਸਦੀ ਇਹੀ ਮਨੁੱਖਤਾ, ਇਹੀ ਕੁਰਬਾਨੀ, ਇਹੀ ਹਿੰਮਤ ਪਾਠਕਾਂ ਦੇ ਦਿਲਾਂ ਨੂੰ ਛੂਹ ਜਾਂਦੀ ਹੈ।
ਕਹਾਣੀ ਬੱਚਿਆਂ ਦੇ ਸਾਹਮਣੇ ਉਸ ਅਪਰਾਧੀ ਰਾਹੀਂ, ਦੂਜਿਆਂ ਲਈ ਜਿਊਣ ਅਤੇ ਮਰਨ ਵਾਲਾ ਇੱਕ ਕਿਰਦਾਰ ਪੇਸ਼ ਕਰਦੀ ਹੈ। ਨਾਲ ਹੀ ਇੱਕ ਹੋਰ ਢੰਗ ਨਾਲ ਇਹ ਵੀ ਦੱਸਦੀ ਹੈ ਕਿ ਗ਼ਰੀਬੀ ਅਤੇ ਦਾਬੇ ਦੀਆਂ ਸਮਾਜਿਕ ਪ੍ਰਥਿਤੀਆਂ ਅਕਸਰ ਅਜਿਹੇ ਲੋਕਾਂ ਨੂੰ ਅਪਰਾਧੀ ਬਣਾ ਦਿੰਦੀਆਂ ਹਨ ਜੋ ਅਤਿਅੰਤ ਮਾਨਵੀ ਗੁਣਾਂ, ਬਹਾਦਰੀ ਅਤੇ ਤਿਆਗ ਨਾਲ ਭਰੇ ਹੁੰਦੇ ਹਨ। ਅਪਰਾਧ ਦੇ ਕਾਰਨ ਆਮ ਤੌਰ 'ਤੇ ਸਮਾਜਿਕ ਹਾਲਾਤਾਂ ਵਿੱਚ ਪਏ ਹੁੰਦੇ ਹਨ, ਇਸ ਗੱਲ ਨੂੰ ਸਮਝਣ ਵਾਲੇ ਬੱਚੇ ਹੀ ਕੱਲ ਵੱਡੇ ਹੋ ਕੇ ਅਜਿਹੇ ਸਮਾਜ ਦਾ ਨਿਰਮਾਣ ਕਰ ਸਕਦੇ ਹਨ, ਜੋ ਅਪਰਾਧ ਅਤੇ ਅਪਰਾਧੀ ਨਹੀਂ, ਸਗੋਂ ਉੱਚੀਆਂ ਮਨੁੱਖੀ ਕਦਰਾਂ-ਕੀਮਤਾਂ ਅਤੇ ਬਿਹਤਰ ਇਨਸਾਨ ਪੈਦਾ ਕਰੇ ।
-ਪ੍ਰਕਾਸ਼ਕ
ਘਰ ਦੀ ਲਲਕ
ਗਰਮੀਆਂ ਦੀ ਚਾਨਣੀ ਰਾਤ ਸੀ। ਚੰਨ ਦੀ ਰੌਸ਼ਨੀ 'ਚ ਜ਼ਿੰਦਗੀ ਦੀ ਚਾਹਤ ਤੇ ਸਹਿਜ ਸ਼ਾਂਤੀ ਖੇਡ ਮੈਦਾਨਾਂ ਤੇ ਸੜਕਾਂ 'ਤੇ ਉਹ ਚਾਂਦਨੀ ਸੁੱਟ ਰਹੀ ਸੀ, ਜੰਗਲ ਨੂੰ ਆਪਣੀਆਂ ਕਿਰਨਾਂ ਨਾਲ ਬੰਨ ਰਹੀ ਸੀ ਤੇ ਨਦੀਆਂ 'ਚ ਸੋਨਾ ਘੋਲ ਰਹੀ ਸੀ... ਇਸੇ ਰਾਤ ਨੂੰ ਕੋਠੜੀ ਦੇ ਦਰਵਾਜ਼ੇ 'ਚੋਂ ਦਸ-ਗਿਆਰਾਂ ਸਾਲ ਦਾ, ਘੁੰਗਰਾਲੇ ਵਾਲਾਂ ਵਾਲਾ ਅਤੇ ਪੀਲੇ ਚਿਹਰੇ ਵਾਲ਼ਾ ਇੱਕ ਮੁੰਡਾ ਸੇਓਮਕਾ ਚੁੱਪ-ਚਾਪ ਬਾਹਰ ਆਇਆ। ਉਸਨੇ ਇੱਧਰ-ਉੱਧਰ ਦੇਖਿਆ, ਛਾਤੀ 'ਤੇ ਸਲੀਬ ਦਾ ਨਿਸ਼ਾਨ ਬਣਾਇਆ ਤੇ ਹੌਲੀ ਜਿਹੇ ਬਿਨਾਂ ਅਵਾਜ਼ ਕੀਤੇ ਉਸ ਮੈਦਾਨ ਵੱਲ ਭੱਜਿਆ, ਜਿੱਥੋਂ 'ਰੂਸ ਦੀ ਸੜਕ' ਸ਼ੁਰੂ ਹੁੰਦੀ ਸੀ । ਮੁੰਡੇ ਨੂੰ ਡਰ ਸੀ ਕਿ ਉਸਦਾ ਪਿੱਛਾ ਕੀਤਾ ਜਾਵੇਗਾ, ਇਸ ਲਈ ਉਹ ਵਾਰ-ਵਾਰ ਮੁੜ ਕੇ ਦੇਖ ਰਿਹਾ ਸੀ, ਪਰ ਕੋਈ ਵੀ ਉਸਦੇ ਮਗਰ ਨਹੀਂ ਸੀ ਭੱਜਿਆ। ਮੁੰਡਾ ਠੀਕ-ਠਾਕ ਪਹਿਲਾਂ ਮੈਦਾਨ ਤੱਕ ਤੇ ਫਿਰ ਵੱਡੀ ਸੜਕ ਤੱਕ ਪਹੁੰਚ ਗਿਆ। ਇੱਥੇ ਉਹ ਖੜ੍ਹ ਗਿਆ, ਥੋੜੀ ਦੇਰ ਲਈ ਕੁੱਝ ਸੋਚਦਾ ਰਿਹਾ ਅਤੇ ਫਿਰ ਹੌਲ਼ੀ-ਹੌਲ਼ੀ ਸੜਕ ਦੇ ਕਿਨਾਰੇ-ਕਿਨਾਰੇ ਤੁਰ ਪਿਆ।
ਉਹ ਉਹਨਾਂ ਬੇਘਰ ਮੁੰਡਿਆਂ 'ਚੋਂ ਸੀ, ਜੋ ਸਾਇਬੇਰੀਆ 'ਚ ਵਸਾਏ ਜਾ ਰਹੇ ਕਿਸਾਨਾਂ ਤੋਂ ਬਾਅਦ ਯਤੀਮ ਰਹਿ ਜਾਂਦੇ ਸਨ । ਉਸਦੇ ਮਾਂ-ਪਿਓ ਰਸਤੇ ਵਿੱਚ ਹੀ ਟਾਈਫ਼ਾਈਡ ਨਾਲ ਮਰ ਗਏ ਸਨ ਤੇ ਸੇਓਮਕਾ ਬੇਗਾਨੇ ਲੋਕਾਂ ਵਿੱਚਕਾਰ ਇਕੱਲਾ ਰਹਿ ਗਿਆ ਸੀ। ਇੱਥੋਂ ਦਾ ਆਲਾ-ਦੁਆਲਾ ਵੀ ਉਸਦੀ ਮਾਤ-ਭੂਮੀ ਤੋਂ ਬਿਲਕੁਲ ਵੱਖਰਾ ਸੀ । ਉਸਨੂੰ ਯਾਦ ਸੀ ਕਿ ਉਸਦੀ ਮਾਤ-ਭੂਮੀ 'ਚ ਪੱਥਰ ਦਾ
ਚਿੱਟਾ ਗਿਰਜਾਘਰ ਹੈ, ਪੌਣ ਚੱਕੀਆਂ ਹਨ, ਉਜੂਪਕਾ ਨਦੀ ਹੈ, ਜਿੱਥੇ ਉਹ ਆਪਣੇ ਦੋਸਤਾਂ ਨਾਲ ਨਹਾਉਂਦਾ ਹੁੰਦਾ ਸੀ, ਅਤੇ ਬੇਲਯੇ (ਸਫ਼ੈਦ) ਨਾਮ ਦਾ ਉਸਦਾ ਪਿੰਡ ਹੈ। ਪਰ ਇਹ ਮਾਤ-ਭੂਮੀ, ਉਹ ਪਿੰਡ ਤੇ ਉਹ ਨਦੀ ਕਿੱਥੇ ਹੈ, ਇਹ ਸਭ ਉਸਦੇ ਲਈ ਓਨੀ ਹੀ ਵੱਡੀ ਬੁਝਾਰਤ ਸੀ, ਜਿੰਨੀ ਕਿ ਉਹ ਜਗ੍ਹਾ ਜਿੱਥੇ ਉਹ ਹੁਣ ਸੀ । ਉਸਨੂੰ ਬੱਸ ਇੱਕ ਗੱਲ ਯਾਦ ਸੀ ਕਿ ਉਹ ਇੱਥੇ ਇਸ ਸੜਕ 'ਤੇ ਆਏ ਸਨ ਤੇ ਇਸਤੋਂ ਪਹਿਲਾਂ ਉਹਨਾਂ ਨੇ ਬਹੁਤ ਵੱਡੀ ਨਦੀ ਪਾਰ ਕੀਤੀ ਸੀ, ਤੇ ਉਸ ਤੋਂ ਵੀ ਪਹਿਲਾਂ ਕਈ ਦਿਨਾਂ ਤੱਕ ਭਾਫ਼ ਵਾਲੇ ਜਹਾਜ਼ਾਂ 'ਤੇ ਸਫ਼ਰ ਕੀਤਾ ਸੀ, ਫਿਰ ਰੇਲਗੱਡੀ ਤੇ, ਫਿਰ ਭਾਫ਼ ਵਾਲੇ ਜਹਾਜ਼ 'ਤੇ ਅਤੇ ਫਿਰ ਰੇਲਗੱਡੀ 'ਤੇ। ਉਸਨੂੰ ਲਗਦਾ ਸੀ ਕਿ ਉਹ ਬੱਸ ਇਸ ਸੜਕ ਦੀ ਦੂਰੀ ਤੈਅ ਕਰ ਲਵੇ, ਫਿਰ ਨਦੀ ਆਵੇਗੀ, ਉਸ ਤੋਂ ਬਾਅਦ ਰੇਲਗੱਡੀ ਹੋਵੇਗੀ ਤੇ ਫਿਰ ਬੱਸ ਉਜੂਪਕਾ ਨਦੀ ਤੇ ਬੇਲਯੇ ਪਿੰਡ ਆ ਜਾਵੇਗਾ, ਤੇ ਫਿਰ ਉਸਦਾ ਆਪਣਾ ਘਰ, ਜਿੱਥੇ ਉਹ ਪੈਦਾ ਹੋਇਆ ਹੈ ਤੇ ਵੱਡਾ ਹੋਇਆ ਹੈ, ਜਿਸ ਤੋਂ ਬਿਨਾਂ ਉਹ ਨਹੀਂ ਰਹਿ ਸਕਦਾ, ਜਿੱਥੇ ਉਹ ਸਾਰੇ ਬਜ਼ੁਰਗਾਂ ਅਤੇ ਮੁੰਡਿਆਂ ਨੂੰ ਜਾਣਦਾ ਸੀ। ਉਸ ਨੂੰ ਇਹ ਵੀ ਯਾਦ ਸੀ ਕਿ ਕਿਵੇਂ ਉਸਦੇ ਮਾਂ-ਬਾਪ ਮਰੇ ਸਨ, ਕਿਵੇਂ ਲੋਕਾਂ ਨੇ ਉਹਨਾਂ ਨੂੰ ਤਾਬੂਤਾਂ ਵਿੱਚ ਰੱਖ ਕੇ ਦਰੱਖ਼ਤਾਂ ਦੇ ਝੁੰਡ ਪਿੱਛੇ ਕਿਸੇ ਅਣਜਾਣ ਕਬਰਸਤਾਨ ਵਿੱਚ ਦੱਬ ਦਿੱਤਾ ਸੀ। ਸੇਓਮਕਾ ਨੂੰ ਇਹ ਵੀ ਯਾਦ ਸੀ ਕਿ ਕਿਵੇਂ ਉਹ ਰੋਂਦਾ ਰਿਹਾ ਸੀ ਤੇ ਉਸ ਨੂੰ ਘਰ ਭੇਜ ਦੇਣ ਲਈ ਕਹਿੰਦਾ ਰਿਹਾ, ਪਰ ਉਸ ਨੂੰ ਇੱਥੇ ਕੋਠੜੀ 'ਚ ਰਹਿਣ ਲਈ ਮਜ਼ਬੂਰ ਕੀਤਾ ਗਿਆ। ਜਿੱਥੇ ਉਸਨੂੰ ਰੋਟੀ ਤੇ ਬੰਦਗੋਭੀ ਦਾ ਸੂਪ ਸਵੇਰੇ ਮਿਲਦਾ ਸੀ ਤੇ ਹਮੇਸ਼ਾਂ ਕਿਹਾ ਜਾਂਦਾ ਸੀ: "ਜਾ, ਜਾ, ਤੇਰੇ ਬਿਨਾਂ ਕੀ ਇੱਥੇ ਥੋੜਾ ਕੰਮ ਆ।" ਇੱਥੋਂ ਤੱਕ ਕਿ ਵੱਡਾ ਸਾਹਬ ਅਲੈਗਜਾਂਦਰ ਯਾਕਵਲੇਵਿਚ, ਜੋ ਸਾਰਿਆਂ 'ਤੇ ਹਮੇਸ਼ਾਂ ਆਪਣਾ ਹੁਕਮ ਚਲਾਉਂਦਾ ਸੀ, ਉਸ 'ਤੇ ਵਰ੍ਹ ਪਿਆ ਸੀ ਅਤੇ ਬੋਲਿਆ- “ਚੁੱਪ-ਚਾਪ ਰਹੀ ਜਾ, ਜ਼ਿਆਦਾ ਤੰਗ ਕਰੇਂਗਾ ਤਾਂ ਮਾਰ ਪਵੇਗੀ।" ਸੇਓਮਕਾ ਮਨ ਮਾਰ ਕੇ ਉੱਥੇ ਰਹਿ ਰਿਹਾ ਸੀ। ਉਸਦੇ ਨਾਲ ਕੋਠੜੀ 'ਚ ਤਿੰਨ ਲੜਕੀਆਂ ਤੇ ਇੱਕ ਲੜਕਾ ਹੋਰ ਸਨ; ਜਿਨ੍ਹਾਂ ਦੇ ਮਾਤਾ-ਪਿਤਾ ਉਹਨਾਂ ਨੂੰ ਇੱਥੇ ਭੁੱਲ ਗਏ ਸਨ ਅਤੇ ਪਤਾ ਨਹੀਂ ਕਿੱਥੇ ਚਲੇ ਗਏ ਸਨ। ਪਰ ਉਹ ਬੱਚੇ ਇੰਨੇ ਛੋਟੇ ਸਨ ਕਿ ਸੇਓਮਕਾ ਉਹਨਾਂ ਨਾਲ ਨਾ ਖੇਡ ਸਕਦਾ ਸੀ ਤੇ ਨਾ ਸ਼ਰਾਰਤ ਕਰ ਸਕਦਾ ਸੀ।
ਇੱਕ ਤੋਂ ਬਾਅਦ ਇੱਕ ਦਿਨ ਤੇ ਹਫ਼ਤੇ ਲੰਘਦੇ ਰਹੇ ਤੇ ਸੋਓਮਕਾ ਇਸ ਘਟੀਆ ਕੋਠੜੀ ਵਿੱਚ ਰਹਿੰਦਾ ਰਿਹਾ, ਕਿਸੇ ਪਾਸੇ ਜਾਣ ਦੀ ਉਸ ਵਿੱਚ ਹਿੰਮਤ ਨਹੀਂ ਸੀ ਪੈਂਦੀ । ਪਰ ਅਖ਼ੀਰ ਉਹ ਅੱਕ ਗਿਆ। ਉਹ ਤਾਂ ਪਈ ਹੈ ਸੜਕ, ਜਿਸ ਰਾਹੀਂ ਉਹ ਰੂਸ ਤੋਂ ਇੱਥੇ ਆਇਆ ਸੀ । ਸਹੀ ਤਰ੍ਹਾਂ ਨਹੀਂ ਜਾਣ ਦਿੰਦੇ ਤਾਂ ਠੀਕ ਹੈ, ਉਹ ਭੱਜ ਜਾਵੇਗਾ। ਕਿਹੜਾ ਕੋਈ ਬਹੁਤੀ ਪੁਰਾਣੀ ਗੱਲ ਹੈ? ਅਤੇ ਉਹ ਫਿਰ ਤੋਂ ਆਪਣੀ ਨਦੀ ਉਜ਼ੂਪਕਾ, ਆਪਣਾ ਪਿੰਡ ਬੇਲਯੇ ਦੇਖੇਗਾ ਤੇ ਆਪਣੇ ਪੱਕੇ ਮਿੱਤਰਾਂ ਨੂੰ ਮਿਲੇਗਾ, ਅਧਿਆਪਕਾ ਅਫ਼ਰੋਸਿਨੀਆ ਯੇਗੋਰਵਨਾ ਦੇ ਕੋਲ ਚਲਾ ਜਾਵੇਗਾ ਤੇ ਮਹੰਤ ਦੇ ਚੇਲਿਆਂ ਕੋਲ, ਜਿਨ੍ਹਾਂ ਦੇ ਘਰ ਵਿੱਚ
ਬਹੁਤ ਸਾਰੇ ਚੈਰੀ ਅਤੇ ਸਿਓ ਦੇ ਦਰੱਖ਼ਤ ਹਨ। ਫੜੇ ਜਾਣ ਦੇ ਡਰ ਨੇ ਸੇਓਮਕਾ ਨੂੰ ਕਈ ਦਿਨ ਤੱਕ ਰੋਕੀ ਰੱਖਿਆ, ਪਰ ਆਪਣੀ ਨਦੀ, ਆਪਣੇ ਪਿੰਡ, ਆਪਣੇ ਹਮ-ਉਮਰਾਂ ਨੂੰ ਦੇਖਣ ਦੀ ਇੱਛਾ ਇੰਨੀ ਤੇਜ਼ ਸੀ ਕਿ ਸੇਓਮਕਾ ਨੇ ਦਿਲ ਵਿੱਚ ਇਹ ਸੁਪਨਾ ਸਜਾ ਲਿਆ ਅਤੇ ਮੌਕਾ ਮਿਲਦਿਆਂ ਹੀ ਮੁਫ਼ਤ ਦੇ ਖਾਣੇ ਨੂੰ ਲੱਤ ਮਾਰ ਕੇ ਸੜਕ 'ਤੇ ਭੱਜ ਆਇਆ। ਹੁਣ ਉਹ ਬਹੁਤ ਖੁਸ਼ ਸੀ ਕਿ ਘਰ ਜਾ ਰਿਹਾ ਹੈ। ਉਸਨੂੰ ਲਗਦਾ ਸੀ ਕਿ ਬੇਲਯੇ ਪਿੰਡ ਵਰਗੀ ਵਧੀਆ ਥਾਂ ਹੋਰ ਕਿਤੇ ਵੀ ਨਹੀਂ ਤੇ ਸਾਰੀ ਦੁਨੀਆਂ ਵਿੱਚ ਉਜ਼ੂਪਕਾ ਵਰਗੀ ਕੋਈ ਹੋਰ ਨਦੀ ਨਹੀਂ ਹੈ।
ਚੰਨ ਦੁਮੇਲ 'ਤੇ ਜਾ ਪਹੁੰਚਿਆ ਸੀ, ਸਵੇਰਾ ਹੋ ਰਿਹਾ ਸੀ, ਪਰ ਸੇਓਮਕਾ ਤੁਰਿਆ ਜਾ ਰਿਹਾ ਸੀ, ਤਾਜ਼ੀ ਧੁੰਦ ਨਾਲ ਭਿੱਜੀ ਹਵਾ 'ਚ ਸਾਹ ਲੈਂਦਾ ਹੋਇਆ ਤੇ ਇਸ ਗੱਲ 'ਤੇ ਖੁਸ਼ ਹੁੰਦਾ ਹੋਇਆ ਕਿ ਹਰ ਕਦਮ ਉਸਨੂੰ ਘਰ ਵੱਲ ਲਿਜਾ ਰਹੇ ਹਨ।
(2)
ਲਗਦਾ ਹੈ ਕਿ ਇਨਸਾਨ ਲਈ ਜਿਸ ਕਿਸੇ ਗੱਲ ਦੀ ਵੀ ਕਲਪਨਾ ਕੀਤੀ ਜਾ ਸਕੇ, ਉਹ ਸਾਰਾ ਕੁੱਝ ਬੇਅੰਤ ਸਾਇਬੇਰੀਆ ਨੇ ਦੇਖਿਆ ਤੇ ਮਹਿਸੂਸ ਕੀਤਾ ਹੈ ਤੇ ਉਸ ਨੂੰ ਕਿਸੇ ਗੱਲ 'ਤੇ ਹੈਰਾਨੀ ਨਹੀਂ ਹੋ ਸਕਦੀ। ਇਸਦੇ ਰਸਤਿਆਂ 'ਤੇ ਬੇੜੀਆਂ 'ਚ ਬੰਦ ਕੈਦੀਆਂ ਨੇ ਹਜ਼ਾਰਾਂ ਕਿਲੋਮੀਟਰ ਪਾਰ ਕੀਤੇ ਹਨ, ਭਾਰੀ ਜ਼ੰਜ਼ੀਰਾਂ ਖੜਕਾਉਂਦੇ ਹੋਏ, ਇਸ ਦੇ ਗਰਭ ਦੀਆਂ ਹਨੇਰੀਆਂ ਖਾਣਾਂ 'ਚ ਉਹਨਾਂ ਨੇ ਖੁਦਾਈ ਕੀਤੀ। ਇਸਦੀਆਂ ਸੜਕਾਂ 'ਤੇ ਘੁੰਗਰੂਆਂ ਦੀ ਝਣਕਾਰ ਦੇ ਨਾਲ ਅਨੇਕਾਂ ਗੱਡੀਆਂ ਹਵਾ ਨਾਲ ਗੱਲਾਂ ਕਰਦੀਆਂ ਜਾਂਦੀਆਂ ਹਨ, ਅਤੇ ਇਸਦੇ ਸੰਘਣੇ ਜੰਗਲਾਂ 'ਚ ਭੱਜਦੇ ਹੋਏ ਕੈਦੀ ਭਟਕਦੇ ਫਿਰਦੇ ਹਨ, ਜਾਨਵਰਾਂ ਨਾਲ ਲੜਦੇ ਹਨ ਅਤੇ ਕਦੇ ਬਸਤੀਆਂ ਜਲਾ ਦਿੰਦੇ ਹਨ; ਤਾਂ ਕਦੇ ਈਸਾ ਦੇ ਨਾਮ 'ਤੇ ਰੋਟੀ ਦਾ ਟੁਕੜਾ ਮੰਗ ਕੇ ਪੇਟ ਭਰਦੇ ਹਨ।
ਰੂਸ ਤੋਂ ਇੱਥੇ ਵਸਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ, ਉਹਨਾਂ ਦੇ ਕਾਫ਼ਲੇ ਆਪਣੀਆਂ ਗੱਡੀਆਂ ਥੱਲੇ ਰਾਤ ਲੰਘਾਉਂਦੇ ਹਨ, ਧੂਣੀ ਕੋਲ ਬੈਠ ਕੇ ਅੱਗ ਸੇਕਦੇ ਹਨ, ਦੂਜੇ ਪਾਸੇ ਉਹਨਾਂ ਦੇ ਸਾਹਮਣੇ, ਦੂਜੀ ਦਿਸ਼ਾ 'ਚ ਵੀ ਝੁੰਡਾਂ ਦੇ ਝੁੰਡ ਕੰਗਾਲ ਹੋ ਗਏ, ਭੁੱਖੇ ਨੰਗੇ, ਬਿਮਾਰ ਲੋਕ ਵਧਦੇ ਜਾਂਦੇ ਹਨ, ਕੌਣ ਜਾਣੇ ਕਿੰਨੇ ਹੀ ਰਸਤੇ ਵਿਚਕਾਰ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ, ਪਰ ਇੱਥੇ ਕਿਸੇ ਲਈ ਕੁੱਝ ਵੀ ਨਵਾਂ ਨਹੀਂ ਹੈ।
ਸਾਇਬੇਰੀਆ ਨੇ ਇੰਨਾ ਜ਼ਿਆਦਾ ਪਰਾਇਆ ਦਰਦ ਝੱਲਿਆ ਹੈ ਕਿ ਹੁਣ ਹੈਰਾਨੀ ਦੀ ਕੋਈ ਗੱਲ ਨਹੀਂ ਰਹਿ ਗਈ। ਜਦੋਂ ਸੇਓਮਕਾ ਕਿਸੇ ਪਿੰਡ ਜਾਂ ਬਸਤੀ 'ਚੋਂ ਲੰਘਦਾ ਹੋਇਆ ਪੁੱਛਦਾ, “ਰੂਸ ਨੂੰ ਕਿਹੜੀ ਸੜਕ ਜਾਂਦੀ ਹੈ ?" ਤਾਂ ਇਸ 'ਤੇ ਕਿਸੇ ਨੂੰ ਵੀ ਕੋਈ ਹੈਰਾਨੀ ਨਾ ਹੁੰਦੀ।
"ਇੱਥੇ ਸਾਰੇ ਰਾਹ ਰੂਸ ਨੂੰ ਜਾਂਦੇ ਹਨ," ਉਹਨੂੰ ਸਿੱਧਾ ਜਿਹਾ ਜਵਾਬ ਮਿਲਦਾ ਤੇ ਜਵਾਬ ਦੇਣ
ਵਾਲਾ ਸੜਕ ਵੱਲ ਇਸ਼ਾਰਾ ਕਰ ਦਿੰਦਾ, ਜਿਵੇਂ ਉਸਦਾ ਰਾਹ ਦੱਸ ਰਿਹਾ ਹੋਵੇ।
ਸੇਓਮਕਾ ਤੁਰਿਆ ਜਾ ਰਿਹਾ ਸੀ, ਉਹ ਨਾ ਥਕਾਵਟ ਮਹਿਸੂਸ ਕਰ ਰਿਹਾ ਸੀ, ਨਾ ਉਸਦੇ ਦਿਲ 'ਚ ਡਰ ਸੀ; ਉਹ ਆਪਣੀ ਅਜ਼ਾਦੀ 'ਤੇ ਖੁਸ਼ ਸੀ, ਰੰਗ-ਬਰੰਗੇ ਫੁੱਲਾਂ ਵਾਲੇ ਮੈਦਾਨ ਤੇ ਡਾਕ ਵਾਲੀ ਬੱਘੀ ਦੀਆਂ ਘੰਟੀਆਂ ਦੀ ਟਨ-ਟਨ ਉਹਦੇ ਦਿਲ 'ਚ ਉਤਸ਼ਾਹ ਪੈਦਾ ਕਰਦੀ ਸੀ। ਕਦੇ-ਕਦੇ ਉਹ ਘਾਹ 'ਤੇ ਪੈ ਜਾਂਦਾ ਤੇ ਜੰਗਲੀ ਗੁਲਾਬ ਦੀ ਝਾੜੀ ਹੇਠ ਗਹਿਰੀ ਨੀਂਦ ਸੌਂ ਜਾਂਦਾ, ਜਾਂ ਜੇਕਰ ਗਰਮੀ ਜਿਆਦਾ ਹੁੰਦੀ ਤਾਂ ਸੜਕ ਕਿਨਾਰੇ ਕਿਸੇ ਵੀ ਝੋਪੜੀ 'ਚ ਬੈਠ ਜਾਂਦਾ। ਦਿਆਲੂ ਸਾਇਬੇਰੀਅਨ ਔਰਤਾਂ ਉਹਨੂੰ ਰੋਟੀ ਤੇ ਦੁੱਧ ਦੇ ਦਿੰਦੀਆਂ ਸਨ, ਤੇ ਸੜਕ 'ਤੇ ਜਾਂਦੇ ਕਿਸਾਨ ਕਦੇ-ਕਦੇ ਉਸਨੂੰ ਆਪਣੀ ਘੋੜਾ- ਗੱਡੀ 'ਚ ਬਿਠਾ ਲੈਂਦੇ ਸਨ।
"ਬਜ਼ੁਰਗੋ, ਗੱਡੀ 'ਚ ਬਿਠਾ ਲਵੋ, ਦਇਆ ਕਰੋ !" ਨੇੜਿਓਂ ਕੋਈ ਘੋੜਾ-ਗੱਡੀ ਲੰਘਦੀ, ਤਾਂ ਸੇਓਮਕਾ ਬੇਨਤੀ ਕਰਦਾ।
"ਮਾਤਾ ਰੋਟੀ ਦੇ ਦੇ,” ਪਿੰਡਾਂ 'ਚ ਉਹ ਔਰਤਾਂ ਤੋਂ ਮੰਗਦਾ ਸੀ। ਸਾਰਿਆਂ ਨੂੰ ਉਹਦੇ 'ਤੇ ਤਰਸ ਆਉਂਦਾ ਤੇ ਸੇਓਮਕਾ ਦਾ ਢਿੱਡ ਭਰਿਆ ਰਹਿੰਦਾ।
(3)
ਦੋ ਹਫ਼ਤੇ ਲੰਘ ਗਏ।
ਸੇਓਮਕਾ ਕਈ ਰਾਹ ਤੇ ਪਿੰਡ ਪਿੱਛੇ ਛੱਡ ਆਇਆ ਸੀ। ਉਸਨੇ ਹਿੰਮਤ ਨਾ ਹਾਰੀ, ਅਰਾਮ ਨਾਲ ਤੁਰਦਾ ਜਾ ਰਿਹਾ ਸੀ । ਹਾਂ, ਕਦੇ-ਕਦਾਈਂ ਉਹ ਲੋਕਾਂ ਤੋਂ ਪੁੱਛ ਲੈਂਦਾ ਸੀ:
"ਰੂਸ ਕਿੰਨੀ ਦੂਰ ਹੈ ?"
"ਰੂਸ ? ਹਾਂ ਨੇੜੇ ਨਹੀਂ ਹੈ । ਚਲਦੇ ਜਾਓ, ਸਰਦੀਆਂ ਤੱਕ ਪਹੁੰਚ ਜਾਓਗੇ, ਜਾਂ ਸ਼ਾਇਦ ਕੁੱਝ ਪਹਿਲਾਂ ਹੀ।"
"ਤੇ ਕੀ ਸਰਦੀ ਜਲਦੀ ਆਉਣ ਵਾਲੀ ਹੈ ?"
"ਨਹੀਂ ਠੰਡ ਆਉਣ 'ਚ ਹਾਲੇ ਸਮਾਂ ਬਾਕੀ ਹੈ। ਹਾਲੇ ਤਾਂ ਪੱਤਝੜ ਵੀ ਨਹੀਂ ਆਈ।”
ਸੇਓਮਕਾ ਜਦੋਂ ਕਿਸੇ ਪਿੰਡ 'ਚੋਂ ਲੰਘਦਾ, ਜਾਂ ਜਦੋਂ ਉਸ ਨੂੰ ਦੂਰ ਤੋਂ ਹੀ ਗਿਰਜੇ ਦਾ ਉੱਚਾ ਚਿੱਟਾ ਘੰਟਾ-ਘਰ 'ਤੇ ਉਹਦੇ ਉੱਤੇ ਸੁਨਹਿਰੀ ਸਲੀਬ ਦਿਖਾਈ ਦਿੰਦੀ, ਤਾਂ ਉਹਦੀਆਂ ਅੱਖਾਂ 'ਚ ਹੰਝੂ ਆ ਜਾਂਦੇ, ਦਿਲ 'ਚ ਖੁਸ਼ੀ ਉੱਠਦੀ। ਉਹ ਟੋਪ ਲਾਹ ਲੈਂਦਾ, ਗੋਡਿਆਂ ਭਾਰ ਹੋ ਜਾਂਦਾ ਤੇ ਰੋਂਦੇ ਹੋਏ ਪ੍ਰਾਰਥਨਾ ਕਰਦਾ:
"ਹੇ ਰੱਬਾ, ਜਲਦੀ ਠੰਡ ਆ ਜਾਵੇ ।"
ਕਦੇ-ਕਦੇ ਸੇਓਮਕਾ ਨੂੰ ਸੜਕ ਕਿਨਾਰੇ ਲੱਕੜੀ ਦੀ ਸਲੀਬ ਲੱਗੀ ਦਿਖਾਈ ਦਿੰਦੀ, ਨੇੜੇ- ਤੇੜੇ ਕੋਈ ਘਰ ਨਹੀਂ, ਕਿਤੇ ਵੀ ਪਹਿਰੇਦਾਰ ਦੀ ਕੋਠੀ ਤੱਕ ਨਹੀਂ; ਬੱਸ ਇੱਕ ਹੋਰ ਜੰਗਲ ਤੇ ਦੂਜੇ ਪਾਸੇ ਡੂੰਘੀ ਖੱਡ ਹੀ ਹੁੰਦੀ।
ਅਜਿਹਾ ਸਲੀਬ ਦੇਖ ਕੇ ਸੇਓਮਕਾ ਸੋਚਾਂ 'ਚ ਪੈ ਜਾਂਦਾ, ਹਰ ਵਾਰ ਉਸਨੂੰ ਆਪਣੇ ਮਾਂ-ਪਿਓ ਦੀ ਯਾਦ ਆ ਜਾਂਦੀ, ਖੁੱਲੇ ਮੈਦਾਨ ਵਿਚਕਾਰ ਲੱਗਿਆ ਤੰਬੂ ਯਾਦ ਆ ਜਾਂਦਾ, ਜਿਸ ਵਿੱਚ ਉਹ ਮਰੇ ਸਨ, ਤੇ ਸੇਓਮਕਾ ਸਾਰੀ ਥਕਾਵਟ ਭੁੱਲ ਕੇ ਤੇਜ਼ ਤੁਰਨ ਲੱਗਦਾ।
"ਘਰ ! ਘਰ !"
ਲਓ! ਆਖ਼ਿਰ ਇੱਕ ਸ਼ਹਿਰ ਆ ਗਿਆ...
ਚੂੰਗੀ ਚੌਂਕੀ ਤੋਂ ਅੱਗੇ ਸੇਓਮਕਾ ਨੂੰ ਸੱਜੇ-ਖੱਬੇ ਇੱਟਾਂ ਦੇ ਘਰ ਵਿਖਾਈ ਦਿੱਤੇ, ਮਟਮੈਲੇ ਘਰਾਂ ਦੀਆਂ ਛੱਤਾਂ ਹਰੀਆਂ, ਲਾਲ ਜਾਂ ਸੁਰਮਈ ਸਨ । ਅੱਗੇ ਪੱਥਰਾਂ ਦੇ ਸਫ਼ੈਦ ਮਕਾਨ ਸਨ। ਗਲੀਆਂ ਵਿੱਚ ਮੁਰਗੀਆਂ ਘੁੰਮ ਰਹੀਆਂ ਸਨ, ਸੂਰ ਘੁਰ-ਘੁਰ ਕਰ ਰਹੇ ਸਨ। ਫਿਰ ਉੱਚੀ ਚਾਰਦੀਵਾਰੀਆਂ ਅਤੇ ਹਰੇ- ਭਰੇ ਵਿਹੜਿਆਂ ਦੀ ਲੜੀ ਸ਼ੁਰੂ ਹੋ ਗਈ, ਡਾਕ ਚੌਂਕੀ ਦੇ ਕੋਲ ਕਾਲੀਆਂ-ਸਫ਼ੈਦ ਧਾਰੀਆਂ ਵਾਲ਼ੇ ਖੰਭੇ ਲੱਗੇ ਹੋਏ ਸਨ। ਖੁੱਲੇ ਚੌਂਕ ਵਿੱਚ ਲੋਹੇ ਦੇ ਜੰਗਲੇ ਦੇ ਪਿੱਛੇ ਉੱਚਾ ਘੰਟਾਘਰ ਸੀ ਅਤੇ ਉਸਦੇ ਬਿਲਕੁਲ ਸਾਹਮਣੇ ਇੱਟਾਂ ਦਾ ਪਤਲਾ ਬੁਰਜ਼ ਸੀ। ਉਸ ਉੱਤੇ ਇੱਕ ਸਿਪਾਹੀ ਚੱਕਰ ਲਾ ਰਿਹਾ ਸੀ ਅਤੇ ਅੱਗੇ ਫਿਰ ਸ਼ਹਿਰ ਦੀ ਚੌਂਕੀ ਦੀਆਂ ਬੁਰਜ਼ੀਆਂ ਦਿਖਾਈ ਦੇਣ ਲੱਗੀਆਂ।
ਸੇਓਮਕਾ ਬਿਨਾਂ ਰੁਕੇ ਹੀ ਸ਼ਹਿਰ ਵਿੱਚੋਂ ਨਿੱਕਲ ਗਿਆ ਤੇ ਫਿਰ ਤੋਂ ਖੁੱਲੀ ਸੜਕ 'ਤੇ ਜਾ ਪਹੁੰਚਿਆ। ਇੱਥੇ ਉਹ ਨਿਸ਼ਚਿਤ ਹੋ ਕੇ ਆਪਣੀ ਮਸਤੀ 'ਚ ਜਾ ਰਿਹਾ ਸੀ।
(4)
ਜਿਵੇਂ-ਜਿਵੇਂ ਸੇਓਮਕਾ ਦੂਰ ਹੁੰਦਾ ਜਾ ਰਿਹਾ ਸੀ, ਉਵੇਂ ਹੀ ਉਸ ਨੂੰ ਠੰਡ ਦੇ ਜਲਦੀ ਆਉਣ ਦੀਆਂ ਨਿਸ਼ਾਨੀਆਂ ਦਿਖਾਈ ਦੇ ਰਹੀਆਂ ਸਨ। "ਕੋਈ ਗੱਲ ਨਹੀਂ। ਜਲਦੀ ਹੀ ਠੰਡ ਸ਼ੁਰੂ ਹੋ ਜਾਵੇਗੀ," ਸੇਓਮਕਾ ਦੇ ਦਿਲ 'ਚ ਆਉਂਦਾ ਤੇ ਉਹਨੂੰ ਲਗਦਾ ਕਿ ਉਸਦਾ ਪਿੰਡ ਹੁਣ ਨੇੜੇ ਹੀ ਹੈ। ਖੇਤਾਂ ਵਿੱਚ ਰੰਗ-ਬਿਰੰਗੀਆਂ ਤਿਤਲੀਆਂ ਨਹੀਂ ਉੱਡ ਰਹੀਆਂ ਸਨ, ਟਿੱਡੇ ਨਹੀਂ ਸੀ ਉੱਛਲ ਰਹੇ, ਦਰੱਖ਼ਤਾਂ ਦੀਆਂ ਪੱਤੀਆਂ ਝੜਨ ਨਹੀਂ ਲੱਗੀਆਂ ਸਨ, ਘਾਹ ਸੁੱਕਣ ਨਹੀਂ ਲੱਗੀ ਸੀ, ਅਸਮਾਨ 'ਤੇ ਅਕਸਰ ਹਲਕੇ- ਹਲਕੇ ਸੁਰਮਈ ਬੱਦਲ ਛਾ ਜਾਂਦੇ ਸਨ ਤੇ ਰਾਤ ਨੂੰ ਠੰਡਕ ਹੋ ਜਾਂਦੀ ਸੀ ।
ਪਰ ਸੇਓਮਕਾ ਸੋਚਦਾ ਸੀ: “ਹੁਣ ਤਾਂ ਥੋੜੀ ਹੀ ਦੂਰ ਐ। ਬੱਸ ਹੁਣ ਛੇਤੀ ਹੀ ਘਰ ਪੁਹੰਚ ਜਾਵਾਂਗਾ।" ਸੇਓਮਕਾ ਸੜਕ 'ਤੇ ਤੁਰਦਾ ਜਾ ਰਿਹਾ ਸੀ, ਭੁੱਖ ਉਸ ਨੂੰ ਤੰਗ ਕਰ ਰਹੀ ਸੀ । ਸਵੇਰ ਦਾ ਉਸ
ਨੇ ਕੁੱਝ ਨਹੀਂ ਸੀ ਖਾਧਾ।
ਝਾੜੀਆਂ ਵਿਚਕਾਰ ਇੱਕ ਆਦਮੀ ਚੌਂਕੜੀ ਮਾਰ ਕੇ ਬੈਠਾ ਕੁੱਝ ਖਾ ਰਿਹਾ ਸੀ । ਉਸ ਨੂੰ ਦੇਖ ਕੇ ਸੇਓਮਕਾ ਰੁਕ ਗਿਆ। ਉਹ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਕਿ ਕਿਵੇਂ ਉਹ ਆਦਮੀ ਅੰਡਾ ਛਿੱਲ ਕੇ ਦੰਦਾਂ ਨਾਲ ਚੱਬ ਰਿਹਾ ਸੀ ਤੇ ਉੱਪਰੋਂ ਰੋਟੀਆਂ ਖਾ ਰਿਹਾ ਸੀ।
"ਤੈਨੂੰ ਕੀ ਚਾਹੀਦੈ ?” ਉਸ ਆਦਮੀ ਨੇ ਪੁੱਛਿਆ। ਉਹ ਨਾ ਹੀ ਉੱਠਿਆ ਤੇ ਨਾ ਹੀ ਉਸਨੇ ਖਾਣਾ ਬੰਦ ਕੀਤਾ।
ਸੇਓਮਕਾ ਚੁੱਪ-ਚਾਪ ਖੜਾ ਰਿਹਾ।
ਉਹ ਆਦਮੀ ਨੌਜਵਾਨ ਨਹੀਂ ਸੀ। ਚਿਹਰੇ 'ਤੇ ਹਲਕੀ ਜਿਹੀ ਦਾੜ੍ਹੀ ਸੀ, ਅੱਖਾਂ ਸ਼ੱਕੀ ਤੇ ਧਸੀਆਂ ਹੋਈਆਂ ਸਨ, ਮੂੰਹ ਦਾ ਮਾਸ ਕਣਕਵੰਨਾ ਹੋ ਗਿਆ ਸੀ ਤੇ ਖੁਸ਼ਕ ਹਵਾਵਾਂ ਨਾਲ ਫਟ ਗਿਆ ਸੀ। ਪੈਰਾਂ 'ਚ ਉਸਨੇ ਚਮੜੇ ਦੇ ਜੁੱਤੇ ਪਹਿਨੇ ਹੋਏ ਸਨ, ਮੋਢੇ 'ਤੇ ਭੜਕਾਊ ਰੰਗ ਦਾ ਕੋਟ ਤੇ ਸਿਰ 'ਤੇ ਟੋਪੀ ਸੀ।
"ਤੈਨੂੰ ਕੀ ਚਾਹੀਦਾ ਹੈ ?" ਸੇਓਮਕਾ ਵੱਲ ਦੇਖ ਕੇ ਉਸ ਨੇ ਫਿਰ ਪੁੱਛਿਆ।
“ਬਾਬਾ,” ਸੇਓਮਕਾ ਡਰਦੇ ਹੋਏ ਬੋਲਿਆ, "ਈਸਾ ਦੇ ਨਾਮ 'ਤੇ ਥੋੜੀ ਜਿਹੀ ਰੋਟੀ ਦੇ ਦਿਓ...”
“ਓ ਭਾਈ, ਮੈਂ ਤਾਂ ਖੁਦ ਚੰਗੇ ਲੋਕਾਂ ਤੋਂ ਮੰਗੀ ਹੈ.. ਪਰ ਲੈ, ਵੰਡ ਲੈਂਦੇ ਹਾਂ।"
ਉਸਨੇ ਰੋਟੀ ਦਾ ਟੁਕੜਾ ਦਿੱਤਾ ਤੇ ਫਿਰ ਪੁੱਛਿਆ, "ਤੂੰ ਕੌਣ ਹੈਂ ? ਕਿੱਥੋਂ ਆਇਆ ?”
"ਘਰ ਜਾ ਰਿਹਾ ਹਾਂ... ਰੂਸ ਵਿੱਚ ।"
"ਰੂਸ ? ਮੈਂ ਵੀ ਰੂਸ ਜਾ ਰਿਹਾ ਹਾਂ । ਤੂੰ ਕਿਉਂ ਜਾ ਰਿਹਾ ਹੈਂ ?”
ਸੇਓਮਕਾ ਉਸਨੂੰ ਆਪਣੀ ਸਾਰੀ ਕਹਾਣੀ ਸੁਣਾਉਣ ਲੱਗਾ। ਉਹ ਦੱਸ ਰਿਹਾ ਸੀ ਕਿ ਉਸਨੂੰ ਬੈਰਕ ਵਿੱਚ ਕਿੰਨੀ ਬੇਚੈਨੀ ਹੁੰਦੀ ਸੀ; ਕਿਵੇਂ ਉਸਦਾ ਦਿਲ ਘਰ ਜਾਣ ਨੂੰ ਕਰਦਾ ਸੀ ਤੇ ਕਿਵੇਂ ਉਹ ਰਾਤ ਨੂੰ ਭੱਜਿਆ ਸੀ । ਬੁੱਢਾ ਉਸਦੀਆਂ ਗੱਲਾਂ ਸੁਣੀ ਜਾ ਰਿਹਾ ਸੀ ਤੇ ਇੰਝ ਸਿਰ ਹਿਲਾ ਰਿਹਾ ਸੀ, ਜਿਵੇਂ ਕਿਸੇ ਗੱਲ 'ਤੇ ਉਸਦੀ ਤਾਰੀਫ਼ ਕਰ ਰਿਹਾ ਹੋਵੇ।
“ਸ਼ਾਬਾਸ਼ ਬੇਟੇ।” ਸੇਓਮਕਾ ਦਾ ਹੱਥ ਥਪਥਪਾਉਂਦੇ ਹੋਏ ਬੁੱਢੇ ਨੇ ਕਿਹਾ, "ਪਰ ਜ਼ਿੰਦਗੀ ਖ਼ਰਾਬ ਹੀ ਹੋਵੇਗੀ। ਲਗਦਾ ਹੈ ਮੇਰੇ ਹੀ ਕਦਮਾਂ 'ਤੇ ਚੱਲੇਂਗਾ; ਨਾ ਤੈਨੂੰ ਘਰ ਦੇਖਣ ਨੂੰ ਮਿਲੇਗਾ, ਨਾ ਤੇਰਾ ਕੋਈ ਠਿਕਾਣਾ ਹੋਵੇਗਾ... ਕੁੱਤੇ ਵਾਲੀ ਜ਼ਿੰਦਗੀ… ਬਿਲਕੁਲ ਕੁੱਤੇ ਵਾਲੀ।"
"ਬਾਬਾ ਤੁਸੀਂ ਕੌਣ ਹੋ?" ਸੇਓਮਕਾ ਨੇ ਬੜੀ ਦਿਲਚਸਪੀ ਨਾਲ ਪੁੱਛਿਆ ਤੇ ਬੁੱਢੇ ਦੇ ਸਾਹਮਣੇ ਬੈਠ ਗਿਆ।
"ਮੈਂ ਕੌਣ ਹਾਂ ? ਕੋਈ ਵੀ ਨਹੀਂ… ਬੱਸ ਐਵੇਂ ਹੀ... ਇੱਕ ਅਣਜਾਣ ਬੁੱਢਾ।" ਬੁੱਢੇ ਨੇ ਡੂੰਘਾ
ਸਾਹ ਭਰਿਆ ਤੇ ਮੂੰਹ 'ਤੇ ਹੱਥ ਫੇਰਿਆ, ਜਿਵੇਂ ਚਿਹਰਾ ਪੂੰਝ ਰਿਹਾ ਹੋਵੇ।
"ਹਾਂ ਭਾਈ... ਹੈ ਤਾਂ ਤੂੰ ਛੋਟਾ ਜਿਹਾ ਹੀ, ਪਰ ਦੇਖ ਤੈਨੂੰ ਘਰ ਦੀ ਲਲਕ ਵਾਪਸ ਖਿੱਚ ਰਹੀ ਹੈ। ਬੱਸ, ਹਮੇਸ਼ਾ ਇਹੀ ਹੁੰਦਾ ਹੈ, ਘਰ ਨਾ ਹੋਇਆ, ਸਕੀ ਮਾਂ ਹੋਈ... ਅਜਿਹੀ ਹੈ ਘਰ ਦੀ ਲਲਕ, ਖਿੱਚੀ ਜਾਂਦੀ ਹੈ, ਖਿੱਚੀ ਜਾਂਦੀ ਹੈ.. ਇਸ ਤੋਂ ਬਿਨਾਂ ਕਿਤੇ ਚੈਨ ਨਹੀਂ। ਇੱਕ ਵਾਰ ਜਾ ਕੇ ਉਹਨੂੰ ਜੀਅ ਭਰ ਕੇ ਦੇਖ ਲਿਆ, ਬੱਸ ਦਿਲ ਨੂੰ ਚੈਨ ਆ ਗਿਆ।"
"ਤਾਂ ਫਿਰ, ਬਾਬਾ, ਮੈਂ ਸਰਦੀ ਤੱਕ ਰੂਸ ਪਹੁੰਚ ਜਾਵਾਂਗਾ ਕਿ ਨਹੀਂ ?”
"ਨਹੀਂ, ਨਹੀਂ ਪਹੁੰਚ ਸਕੇਂਗਾ। ਕਿਉਂਕਿ ਠੰਡ ਪੈਣ ਲੱਗ ਜਾਵੇਗੀ ਤੇ ਤੇਰੇ ਸਰੀਰ 'ਤੇ ਕੋਈ ਗਰਮ ਕੱਪੜਾ ਤੱਕ ਨਹੀਂ । ਮੈਂ ਤਾਂ ਗਿਆ ਹਾਂ, ਮੈਨੂੰ ਪਤਾ ਹੈ। ਬੱਸ ਕਹਿ ਦਿੱਤਾ ਕਿ ਨਹੀਂ ਪਹੁੰਚੇਂਗਾ, ਠੰਡ ਨਾਲ ਆਕੜ ਜਾਵੇਂਗਾ।"
ਉਸਦੀਆਂ ਇਹ ਗੱਲਾਂ ਸੁਣ ਕੇ ਸੇਓਮਕਾ ਦੇ ਕਾਲਜੇ 'ਤੇ ਸੱਪ ਰੀਂਗਣ ਲੱਗੇ। ਬੁੱਢਾ ਵੀ ਸੋਚਾਂ ਵਿੱਚ ਡੁੱਬ ਗਿਆ। ਦੋਵੇਂ ਸਿਰ ਝੁਕਾਈ ਚੁੱਪ-ਚਾਪ ਬੈਠੇ ਰਹੇ।
ਸੇਓਮਕਾ ਨੂੰ ਹੁਣ ਇਹ ਖ਼ਿਆਲ ਆ ਰਿਹਾ ਸੀ ਕਿ ਕਿਵੇਂ ਉਹ ਠੰਡ 'ਚ ਆਕੜ ਜਾਵੇਗਾ ਤੇ ਇਹ ਸੋਚ ਕੇ ਉਸ ਨੂੰ ਦੁੱਖ ਹੋ ਰਿਹਾ ਸੀ ਕਿ ਬੇਲਯੇ ਵਿੱਚ ਕਿਸੇ ਨੂੰ ਇਸਦੀ ਖ਼ਬਰ ਵੀ ਨਹੀਂ ਹੋਵੇਗੀ। ਬੁੱਢਾ ਆਪਣੀ ਸੋਚ ਰਿਹਾ ਸੀ ਤੇ ਚੁੱਪ- ਚਾਪ ਮੁੱਛਾਂ ਹਿਲਾ ਰਿਹਾ ਸੀ।
"ਤਾਂ ਫਿਰ ਕਿੱਧਰ ਨੂੰ ਚੱਲਿਐਂ ਤੂੰ ?” ਅਚਾਨਕ ਬਾਬੇ ਨੇ ਪੁੱਛਿਆ ਤੇ ਉੱਠ ਕੇ ਖੜਾ ਹੋ ਗਿਆ।
"ਮੈਂ ਤਾਂ ਬਾਬਾ ਘਰ ਨੂੰ ਜਾ ਰਿਹਾ ਹਾਂ..."
"ਮੈਂ ਵੀ ਘਰ ਜਾ ਰਿਹਾ ਹਾਂ। ਚੱਲ ਇਕੱਠੇ ਚਲਦੇ ਹਾਂ।"
ਦੋਵੇਂ ਚੁੱਪ-ਚਾਪ ਸੜਕ 'ਤੇ ਪਹੁੰਚੇ ਤੇ ਪੈਰ ਧਰਦੇ ਅੱਗੇ ਲੰਘ ਗਏ।
(5)
ਸ਼ਾਮ ਢਲ ਆਈ ਸੀ। ਦੁਪਿਹਰ ਤੋਂ ਹੋ ਰਹੀ ਕਿਣਮਿਣ ਨਾਲ ਸੇਓਮਕਾ ਤੇ ਬੁੱਢਾ ਭਿੱਜ ਗਏ ਸਨ।
“ਚੱਲ, ਭਾਈ ਮੇਰੇ, ਚੱਲ," ਬੁੱਢਾ ਉਸਨੂੰ ਹਿੰਮਤ ਦੇ ਰਿਹਾ ਸੀ। "ਤੇਜ਼-ਤੇਜ਼ ਪੈਰ ਚੁੱਕ। ਨਹੀਂ ਤਾਂ ਇਹ ਠੰਡ ਸਚਮੁੱਚ ਆ ਪਹੁੰਚੇਗੀ ਤੇ ਅਸੀਂ ਹਾਲੇ ਪਹਾੜਾਂ* ਤੱਕ ਵੀ ਨਹੀਂ ਪਹੁੰਚੇ। ਉਦੋਂ ਅਸੀ ਕੀ ਕਰਾਂਗੇ ? ਫਿਰ ਤਾਂ ਬੱਸ ਕੰਮ ਹੀ ਨਿੱਬੜ ਜਾਵੇਗਾ।"
"ਚੱਲ ਰਿਹਾ ਹਾਂ, ਬਾਬਾ।"
"ਉਂਝ ਵੀ ਸਾਨੂੰ ਬੜੀ ਦੇਰ ਹੋ ਗਈ ਹੈ। ਮੈਨੂੰ ਡਰ ਹੈ ਕਿਤੇ ਪਾਲ਼ਾ** ਨਾ ਪੈਣ ਲੱਗ ਜਾਵੇ। ਫਿਰ ਤਾਂ ਬੁਹਤ ਬੁਰੀ ਹੋਵੇਗੀ।
ਥਕਾਵਟ ਦੇ ਬਾਵਜੂਦ ਸੇਓਮਕਾ ਠੀਕ-ਠਾਕ ਸੀ। ਹਮਰਾਹੀ ਮਿਲ ਜਾਣ 'ਤੇ ਉਹ ਖੁਸ਼ੀ ਤੇ ਇਸ ਨਾਲ ਉਸਦੀ ਹਿੰਮਤ ਵੀ ਵਧੀ ਸੀ। ਹੁਣ ਉਹ ਬੇਫਿਕਰ ਸੀ ਕਿ ਗਵਾਚੇਗਾ ਨਹੀਂ, ਕਿ ਬਾਬਾ ਉਸਨੂੰ ਠਿਕਾਣੇ 'ਤੇ ਪਹੁੰਚਾ ਦੇਵੇਗਾ; ਤੇ ਨਾਲ ਫਿਰ ਗੱਲਾਂ ਕਰਨੀਆਂ ਵੀ ਚੰਗੀਆਂ ਲਗਦੀਆਂ ਸਨ। ਬੁੱਢਾ ਉਸਨੂੰ ਆਪਣੀ ਜਨਮ-ਭੂਮੀ ਦੀਆਂ ਤੇ ਸਾਇਬੇਰੀਆ ਦੀਆਂ ਗੱਲਾਂ ਦੱਸਦਾ ਰਹਿੰਦਾ, ਕਿ ਕਿਵੇਂ ਸਾਇਬੇਰੀਆ ਵਿੱਚ ਸੋਨਾ ਕੱਢਿਆ ਜਾਂਦਾ ਹੈ, ਕਿਵੇਂ ਉੱਥੇ ਭਿਆਨਕ ਠੰਡ ਹੁੰਦੀ ਹੈ । ਬੁੱਢਾ ਸੇਓਮਕਾ ਨੂੰ ਸਾਈਬੇਰੀਆ ਦੀਆਂ ਜ਼ੇਲ੍ਹਾਂ ਦੀ ਤੇ ਅਜ਼ਾਦੀ ਦੀ ਕਹਾਣੀ ਸੁਣਾਉਂਦਾ, ਦੱਸਦਾ ਕਿ ਬਸੰਤ ਵਿੱਚ ਜਦੋਂ ਹਰਾ-ਹਰਾ ਘਾਹ ਫੁੱਟਦਾ ਹੈ, ਤਾਂ ਕਿਵੇਂ ਆਦਮੀ ਘਰ ਜਾਣ ਨੂੰ ਤੜਫ ਉੱਠਦਾ ਹੈ, ਦਿਨ-ਰਾਤ ਉਸ ਨੂੰ ਚੈਨ ਨਹੀਂ ਮਿਲਦਾ।
------------------------
* ਇੱਥੇ ਭਾਵ ਉਰਾਲ ਪਰਬਤ ਤੋਂ ਹੈ। - ਸੰਪਾ:
** ਪਾਲਾ ਤਾਪਮਾਨ ਦੇ ਸਿਫਰ ਦਰਜੇ ਤੋਂ ਹੇਠਾਂ ਜਾਣ ਨੂੰ ਕਿਹਾ ਗਿਆ ਹੈ। - ਸੰਪਾ:
"ਬਾਬਾ, ਅਸੀਂ ਕਾਫੀ ਰਸਤਾ ਪਾਰ ਕਰ ਲਿਆ ਹੋਵੇਗਾ, ਕਿ ਨਹੀਂ?" ਸੇਓਮਕਾ ਨੇ ਪੁੱਛਿਆ।
"ਦੇਖ ਰਿਹਾ ਹਾਂ, ਇੱਥੇ ਖਾਣ-ਪੀਣ ਨੂੰ ਘੱਟ ਨਹੀਂ ਮਿਲਦਾ ਹੈ, ਮਤਲਬ ਰੂਸ ਕੋਲ ਪਹੁੰਚ ਰਹੇ ਹਾਂ। ਜਦੋਂ ਪਹਾੜ ਪਾਰ ਕਰ ਲਵਾਂਗੇ, ਤਾਂ ਉੱਥੋਂ ਹੋਰ ਵੀ ਘੱਟ ਮਿਲੇਗਾ, ਇਸ ਲਈ ਤਾਂ ਕਹਿੰਦਾ ਹਾਂ ਜਲਦੀ ਕਰ ! ਰੂਸ ਵਿੱਚ ਲੋਕ ਪੈਸੇ ਦੇ ਭੁੱਖੇ ਹਨ ਤੇ ਤੇਰੀ ਤੇ ਮੇਰੀ ਜੇਬ ਖਾਲੀ ਹੈ: ਇਸ ਲਈ ਬੱਸ, ਜਿੱਥੇ ਮਨ ਕਰੇ ਸੌਣਾ, ਜੋ ਦਿਲ ਕਰੇ ਖਾਣਾ । ਸਾਇਬੇਰੀਆ ਵਿੱਚ ਤਾਂ ਭਰਾਵਾ, ਲੋਕ ਚੰਗੇ ਨੇ। ਪਰ ਉਹਨਾਂ ਦੀ ਭਲਾਈ ਵੀ ਸਾਡੇ ਰਾਹ ਗਲੇ 'ਚ ਅੜਕਦੀ ਹੈ। ਚੱਲ, ਬੇਟਾ ਜਲਦੀ ਚੱਲ !"
ਸੜਕ ਦੇ ਇੱਕ ਪਾਸੇ ਗੱਡੀਆਂ ਖੜੀਆਂ ਸਨ । ਚਾਰੇ ਪਾਸੇ ਹਨੇਰਾ ਤੇ ਠੰਡ ਸੀ। ਗੱਡੀਆਂ ਕੋਲ ਮੱਚ ਰਹੀ ਧੂਣੀ ਦੀ ਅੱਗ ਮੁਸਾਫ਼ਿਰਾਂ ਨੂੰ ਆਪਣੇ ਵੱਲ ਖਿੱਚ ਰਹੀ ਸੀ। ਗੱਡੀ ਨਾਲ਼ੋਂ ਖੋਲ ਦਿੱਤੇ ਗਏ ਘੋੜੇ ਹਨੇਰੇ 'ਚ ਮੈਦਾਨ 'ਚ ਭਟਕ ਰਹੇ ਸਨ । ਸਰਦ ਰੁੱਤ ਦਾ ਮੁਰਝਾਇਆ ਘਾਹ-ਫੂਸ ਖਾ ਰਹੇ ਸਨ। ਗੱਡੀਆਂ ਦੇ ਬੰਬੂ ਉੱਚੇ ਉੱਠੇ ਹੋਏ ਸਨ, ਕਿਸਾਨ ਅੱਗ ਮਚਾ ਕੇ ਹੱਥ ਸੇਕ ਰਹੇ ਸਨ ਤੇ ਖਾਣਾ ਬਣਾ ਰਹੇ ਸਨ।
"ਰੱਬ ਤੈਨੂੰ ਖੂਬ ਰੋਟੀ-ਲੂਣ ਦੇਵੇ ।" ਧੂਣੀ ਕੋਲ ਜਾਂਦੇ ਹੋਏ ਬੁੱਢੇ ਨੇ ਕਿਹਾ, "ਜ਼ਰਾ ਅੱਗ ਸੇਕ ਲੈਣ ਦਿਓ, ਭਾਈਓ।”
"ਬੈਠ ਜਾਹ।” ਉਦਾਸੀਨ ਅਵਾਜ਼ਾਂ ਵਿੱਚ ਜਵਾਬ ਮਿਲਿਆ।
ਬੁੱਢੇ ਨੇ ਹੱਥ ਅੱਗੇ ਵਧਾ ਲਏ। ਸੇਓਮਕਾ ਵੀ ਨੇੜੇ ਹੋ ਗਿਆ। ਉਸਦੇ ਗਿੱਲੇ ਕੱਪੜੇ ਛੇਤੀ ਹੀ ਗਰਮ ਹੋ ਗਏ ਤੇ ਪਿੱਠ 'ਤੇ ਹਲਕੀ ਜਿਹੀ ਝਰਨਾਹਟ ਦੌੜ ਗਈ।
"ਕਿੱਥੋਂ ਆ ਰਹੇ ਓ ?" ਉੱਥੇ ਬੈਠੇ ਲੋਕਾਂ ਵਿੱਚੋਂ ਇੱਕ ਨੇ ਅਣਜਾਣ ਬਜ਼ੁਰਗ ਦੇ ਚਿਹਰੇ ਵੱਲ ਧਿਆਨ ਨਾਲ ਦੇਖਦੇ ਹੋਏ ਪੁੱਛਿਆ।
"ਬੜੀ ਦੂਰੋਂ ਆਏ ਹਾਂ। ਘਰੀਂ ਜਾ ਰਹੇ ਹਾਂ।"
"ਮੁੰਡਾ ਤੇਰਾ ਏ ?”
"ਨਹੀਂ, ਰਸਤੇ 'ਚ ਮਿਲ ਗਿਆ । ਸਾਇਬੇਰੀਆ ਵਸਣ ਜਾ ਰਹੇ ਸੀ ਇਹਦੇ ਮਾਂ-ਪਿਓ। ਯਤੀਮ ਹੋ ਗਿਆ।"
“ਦੇਖੋ ਤਾਂ ਵਿਚਾਰਾ ਕਿਵੇਂ ਭਿੱਜ ਗਿਆ ਏ!"
ਸੇਓਮਕਾ ਵੱਲ ਸਾਰਿਆਂ ਦਾ ਧਿਆਨ ਗਿਆ। ਉਹ ਅੱਗ ਦੇ ਬਿਲਕੁਲ ਕੋਲ ਹੀ ਬੈਠਾ ਸੀ, ਤੇ ਠੰਡ ਨਾਲ ਕੰਬਦੇ ਹੋਏ ਦੇਖ ਰਿਹਾ ਸੀ ਕਿ ਕਿਵੇਂ ਧੂਣੀ ਵਿੱਚ ਲੱਕੜਾਂ ਮੱਚ ਰਹੀਆਂ ਹਨ, ਕਿਵੇਂ ਹਵਾ 'ਚ ਚਿੱਟਾ ਧੂੰਆਂ ਉੱਡ ਰਿਹਾ ਹੈ, ਤੇ ਕਿਵੇਂ ਪਤੀਲੇ ਵਿੱਚ ਬਣ ਰਹੇ ਖਾਣੇ ਵਿੱਚੋਂ ਭਾਫ਼ ਉੱਠ ਰਹੀ ਹੈ, ਸ਼ੂ-ਸ਼ੂ ਹੋ ਰਹੀ ਹੈ।
“ਅੱਛਾ, ਤਾਂ ਯਤੀਮ ਹੈ ?" ਕਿਸਾਨਾਂ ਨੇ ਪੁੱਛਿਆ ਤੇ ਫਿਰ ਤੋਂ ਸੇਓਮਕਾ ਵੱਲ ਦੇਖਣ ਲੱਗੇ।
ਫਿਰ ਉਹ ਫਸਲਾਂ ਦੀਆਂ, ਆਪਣੀ ਕੌਮ ਦੀਆਂ ਗੱਲਾਂ ਕਰਨ ਲੱਗੇ; ਜਦੋਂ ਖਾਣਾ ਤਿਆਰ ਹੋ ਗਿਆ, ਤਾਂ ਖਾਣ ਲੱਗੇ।
"ਖਾ ਲੈ, ਬੱਚਿਆ, ਖਾ ਲੈ," ਸੇਓਮਕਾ ਨੂੰ ਖਾਣਾ ਦਿੰਦੇ ਹੋਏ ਉਹ ਕਹਿ ਰਹੇ ਸਨ।
“ਦੇਖੋ ਤਾਂ ਸਹੀ, ਕਿਵੇਂ ਠੰਡ ਨਾਲ ਕੰਬ ਰਿਹਾ ਹੈ।”
ਸੇਓਮਕਾ ਨੇ ਢਿੱਡ ਭਰ ਕੇ ਖਾਣਾ ਖਾਧਾ ਤੇ ਅਰਾਮ ਕਰਨ ਲਈ ਲੇਟ ਗਿਆ। ਗਰਮ ਖਾਣੇ ਤੋਂ ਬਾਅਦ ਅੱਗ ਕੋਲ ਲੇਟਣਾ ਬੜਾ ਵਧੀਆ ਲੱਗ ਰਿਹਾ ਸੀ। ਲੱਕੜਾਂ ਮੱਚ ਰਹੀਆਂ ਸਨ, ਧੂੰਏ ਦੀ ਤੇ ਤਾਜ਼ੇ ਸੱਕ ਦੀ ਗੰਧ ਆ ਰਹੀ ਸੀ— ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹਦੇ ਪਿੰਡ ਬੇਲਯੇ ਵਿੱਚ ਹੁੰਦਾ ਸੀ। ਜੇਕਰ ਉਹ ਘਰੇ ਹੁੰਦਾ ਤਾਂ ਕੁੱਝ ਆਲੂ ਪੁੱਟ ਲਿਆਉਂਦਾ ਤੇ ਉਹਨਾਂ ਨੂੰ ਅੱਗ ਵਿੱਚ ਸੁੱਟ ਦਿੰਦਾ, ਸੇਓਮਕਾ ਨੂੰ ਭੁੰਨੇ ਹੋਏ ਆਲੂ ਯਾਦ ਆ ਗਏ, ਜਿਨ੍ਹਾਂ ਦੀ ਹਲਕੀ-ਹਲਕੀ ਖੁਸ਼ਬੂ ਆਉਂਦੀ ਹੈ ਤੇ ਜਿਨ੍ਹਾਂ ਨਾਲ ਹੱਥ ਮੱਚਦੇ ਹਨ ਅਤੇ ਜਿਹੜੇ ਦੰਦਾਂ ਹੇਠ ਕਰਚ ਕਰਚ ਕਰਦੇ ਹਨ।
ਸੇਓਮਕਾ ਦੇ ਸਿਰ ਉੱਪਰ ਤਾਰੇ ਟਿਮਟਿਮਾ ਰਹੇ ਸਨ। ਬੇਲਯੇ ਦੇ ਅਸਮਾਨ ਵਿੱਚ ਵੀ ਇੰਨੇ ਹੀ ਤਾਰੇ ਹੁੰਦੇ ਹਨ ਅਤੇ ਇੰਝ ਹੀ ਚਮਕਦੇ ਹਨ। ਸੇਓਮਕਾ ਦਾ ਦਿਲ ਕਹਿੰਦਾ ਸੀ, ਹਾਏ, ਬੇਲਯੇ ਕਿਤੇ ਨੇੜੇ ਹੀ ਹੋਵੇ। ਲੱਤਾਂ ਥਕਾਵਟ ਨਾਲ ਦਰਦ ਕਰ ਰਹੀਆਂ ਸਨ, ਤੇ ਚਿਹਰੇ, ਛਾਤੀ ਤੇ ਗੋਡਿਆਂ ਨੂੰ ਅੱਗ ਦੀ ਹਲਕੀ ਗਰਮੀ ਮਿਲ ਰਹੀ ਸੀ।
ਕਿਸਾਨ ਹਾਲੇ ਗੱਲਾਂ ਕਰ ਰਹੇ ਸਨ ਤੇ ਬਾਬਾ ਵੀ ਉਹਨਾਂ ਨਾਲ ਗੱਲਾਂ ਕਰ ਰਿਹਾ ਸੀ । ਸੇਓਮਕਾ ਨੂੰ ਉਹਨਾਂ ਦੀ ਅਵਾਜ਼ ਸੁਣ ਰਹੀ ਸੀ, "ਬੜਾ ਔਖਾ ਏ ਜਿਊਣਾ, ਭਰਾਵੋ ਬੜਾ ਔਖਾ ਏ..." ਕਿਸਾਨ ਵੀ ਕਹਿ ਰਹੇ ਸਨ ਕਿ ਬੜਾ ਮੁਸ਼ਕਲ ਏ । ਫਿਰ ਉਹਨਾਂ ਦੀਆਂ ਅਵਾਜ਼ਾਂ ਦਬੀਆਂ-ਦਬੀਆਂ ਤੇ ਹੌਲ਼ੀ ਹੋ
ਗਈਆਂ। ਜਿਵੇਂ ਮੱਖੀਆਂ ਭਿਣਕ ਰਹੀਆਂ ਹੋਣ… ਫਿਰ ਸੇਓਮਕਾ ਦੀਆਂ ਅੱਖਾਂ ਸਾਹਮਣੇ ਲਾਲ ਘੇਰੇ ਬਣਨ ਲੱਗੇ, ਫਿਰ ਚੌੜੀ ਨਦੀ ਬਹਿਣ ਲੱਗੀ… ਤੇ ਉਸਦੇ ਦੂਜੇ ਪਾਸੇ ਸੀ ਬੇਲਯੇ ਪਿੰਡ। ਸੇਓਮਕਾ ਨਦੀ ਵਿੱਚ ਕੁੱਦਣਾ ਚਾਹੁੰਦਾ ਸੀ ਪਰ ਅਣਜਾਣ ਬਾਬੇ ਨੇ ਉਹਦੀ ਲੱਤ ਫੜ ਲਈ ਤੇ ਕਿਹਾ: "ਔਖਾ ਹੈ! ਔਖਾ ਹੈ!" ਇਸ ਤੋਂ ਮਗਰੋਂ ਫਿਰ ਲਾਲ ਤੇ ਹਰੇ ਘੇਰੇ ਬਣਨ ਲੱਗੇ, ਤੇ ਸਾਰਾ ਕੁੱਝ ਉਲਟ-ਪੁਲਟ ਹੋ ਗਿਆ।
ਸੇਓਮਕਾ ਬੇਸੁਰਤ ਹੋ ਕੇ ਸੌਂ ਰਿਹਾ ਸੀ।
(6)
ਪ੍ਰਭਾਤ ਵੇਲ਼ੇ ਸੇਓਮਕਾ ਦੀ ਅੱਖ ਖੁੱਲੀ, ਅਸਮਾਨ 'ਤੇ ਬੱਦਲ ਤੈਰ ਰਹੇ ਸਨ, ਬੁਝੀ ਧੂਣੀ 'ਤੇ ਹਵਾ ਦੇ ਠੰਡੇ ਬੁੱਲੇ ਆਉਂਦੇ; ਸਵਾਹ ਉਡਾਉਂਦੇ ਤੇ ਛਾਂ-ਛਾਂ ਦੀ ਅਵਾਜ਼ ਕਰਦੇ ਉਸ ਨੂੰ ਮੈਦਾਨ 'ਤੇ ਵਿਛਾ ਦਿੰਦੇ। ਕਿਸਾਨ ਉੱਥੇ ਨਹੀਂ ਸਨ। ਅਣਜਾਣ ਬਾਬਾ ਇਕੱਠਾ ਹੋਇਆ ਜ਼ਮੀਨ 'ਤੇ ਪਿਆ ਸੀ।
ਸੇਓਮਕਾ ਉੱਠ ਕੇ ਬੈਠ ਗਿਆ।
"ਬਾਬਾ!" ਉਸਨੇ ਬਜ਼ੁਰਗ ਨੂੰ ਅਵਾਜ਼ ਦਿੱਤੀ।
"ਕਿਸਾਨ ਕਿੱਥੇ ਗਏ ?” ਉਸਦੇ ਦਿਮਾਗ਼ 'ਚ ਇਹ ਸਵਾਲ ਘੁੰਮਿਆ ਤੇ ਉਹ ਇਹ ਸੋਚ ਕੇ ਡਰ ਗਿਆ ਕਿ ਬਾਬੇ ਨੂੰ ਕੁੱਝ ਹੋ ਤਾਂ ਨਹੀਂ ਗਿਆ।
ਛਾਂ-ਛਾਂ ਕਰਦੀ ਹਵਾ ਸਵਾਹ ਉਡਾ ਰਹੀ ਸੀ; ਕਾਲ਼ੇ, ਅੱਧ-ਮੱਚੇ ਕੋਲਿਆਂ ਤੇ ਮੱਚੀਆਂ ਟਾਹਣੀਆਂ ਦੀ ਸਰਸਰ ਹੋ ਰਹੀ ਸੀ ਤੇ ਲਗਦਾ ਸੀ ਜਿਵੇਂ ਸਾਰਾ ਮੈਦਾਨ ਦਹਾੜ ਰਿਹਾ ਹੋਵੇ। ਸੇਓਮਕਾ ਦਾ ਡਰ ਵਧਦਾ ਜਾ ਰਿਹਾ ਸੀ।
"ਬਾਬਾ!” ਉਹ ਫਿਰ ਕੂਕਿਆ, ਪਰ ਉਸਦੀ ਅਵਾਜ਼ ਨੂੰ ਹਵਾ ਦੂਸਰੇ ਪਾਸੇ ਲੈ ਗਈ।
ਸੇਓਮਕਾ ਦੀਆਂ ਅੱਖਾਂ ਬੰਦ ਹੋ ਰਹੀਆਂ ਸਨ, ਸਿਰ ਭਾਰੀ ਹੋ ਰਿਹਾ ਸੀ ਤੇ ਮੋਢਿਆਂ 'ਤੇ ਲੁੜਕ ਰਿਹਾ ਸੀ। ਸੇਓਮਕਾ ਫਿਰ ਤੋਂ ਪੈ ਗਿਆ, ਚਾਰੇ ਪਾਸਿਓਂ ਉਹਦੇ ਕੰਨਾਂ ਵਿੱਚ ਹਵਾ ਦੀ ਗੂੰਜ ਪੈ ਰਹੀ ਸੀ। ਉਸਨੂੰ ਲੱਗ ਰਿਹਾ ਸੀ ਕਿ ਡਾਕੂਆਂ ਨੇ ਬਾਬੇ ਨੂੰ ਮਾਰ ਦਿੱਤਾ ਹੈ, ਫਿਰ ਤੋਂ ਕਿਤੇ ਨੇੜੇ ਹੀ ਬੇਲਯੇ ਪਿੰਡ ਦਿਖਾਈ ਦਿੱਤਾ। ਪਰ ਕੋਈ ਉਹਨੂੰ ਪਿੰਡ ਵਿੱਚ ਵੜਨ ਤੋਂ ਰੋਕ ਰਿਹਾ ਸੀ; ਉਸਨੂੰ ਪਿੱਛੇ ਖਿੱਚ ਰਿਹਾ ਸੀ, ਉੱਥੇ ਖੁੱਲੇ ਮੈਦਾਨ ਵਿੱਚ, ਜਿੱਥੇ ਗੰਦੀ-ਮੈਲੀ ਬੈਰਕ ਸੀ । “ਅੱਛਾ, ਤੂੰ ਘਰ ਜਾਵੇਂਗਾ ?" ਗੁੱਸੇ ਭਰੀ ਅਵਾਜ਼ ਵਿੱਚ ਕੋਈ ਕਹਿ ਰਿਹਾ ਸੀ। ਫਿਰ ਕੋਈ ਗਰਮ-ਗਰਮ ਚਾਹ ਲੈ ਕੇ ਆਇਆ ਤੇ ਜ਼ਬਰਦਸਤੀ ਸੇਓਮਕਾ ਦੇ ਮੂੰਹ ਵਿੱਚ ਪਾਉਣ ਲੱਗਾ, ਸਿਰ 'ਤੇ ਡੋਲਣ ਲੱਗਾ । ਉਹ ਡੋਲਦਾ ਹੀ ਜਾ ਰਿਹਾ ਸੀ, ਡੋਲਦਾ ਹੀ ਜਾ ਰਿਹਾ ਸੀ... ਸੇਓਮਕਾ ਦੇ ਸਿਰ 'ਤੇ ਗਰਮ ਪਹਾੜ ਬਣ ਗਿਆ। ਅੰਦਰ ਅੱਗ ਮੱਚ ਰਹੀ ਸੀ। ਸੇਓਮਕਾ ਦਾ ਸਾਹ ਰੁਕ ਰਿਹਾ ਸੀ- ਫਿਰ ਉਸਨੇ ਆਪਣੀਆਂ ਅੱਖਾਂ ਖੋਲ੍ਹੀਆਂ । ਬਾਬਾ ਉਹਦੇ ਉੱਪਰ
ਝੁਕਿਆ ਬੈਠਾ ਸੀ।
"ਕਿਉਂ ਭਾਈ ?" ਉਹਦੇ ਚਿਹਰੇ ਨੂੰ ਛੂੰਹਦੇ ਹੋਏ ਬਾਬਾ ਬੋਲਿਆ ਤੇ ਸੇਓਮਕਾ ਨੂੰ ਉੱਪਰ ਅਸਮਾਨ, ਸੂਰਜ, ਖੋਜੀ ਦਾੜ੍ਹੀ ਤੇ ਧਸੀਆਂ ਅੱਖਾਂ ਦਿਖਾਈ ਦਿੱਤੀਆਂ। "ਕਿਉਂ ਭਾਈ? ਲਗਦਾ ਏ, ਮਾਮਲਾ ਗੜਬੜ ਹੈ।"
“ਬਾਬਾ...” ਸੇਓਮਕਾ ਮੁਸ਼ਕਲ ਨਾਲ ਬੋਲਿਆ।
"ਉੱਠ ਭਰਾਵਾ, ਬੈਠ ਤਾਂ ਸਹੀ।"
ਬੁੱਢੇ ਨੇ ਉਸਨੂੰ ਜਗਾ ਕੇ ਆਪਣੀ ਬੁੱਕਲ 'ਚ ਬਿਠਾਇਆ ਤੇ ਸਿਰ ਆਪਣੀ ਛਾਤੀ ਨਾਲ ਲਾ ਲਿਆ।
"ਕਿਉਂ ਭਾਈ ?"
"ਕੁੱਝ ਨਹੀਂ..." ਸੇਓਮਕਾ ਬੁੜਬੁੜਾਇਆ।
"ਥੋੜਾ ਹੋਸ਼ 'ਚ ਆ, ਜੋ ਵੀ ਹੋਵੇ ਸਾਨੂੰ ਚੱਲਣਾ ਚਾਹੀਦਾ ਹੈ... ਇੱਥੇ ਤਾਂ ਨਹੀਂ ਮਰਨਾ।”
ਘੰਟੇ ਪਿੱਛੋਂ ਉਹ ਇੱਕ-ਦੂਜੇ ਦੀ ਲੱਕ 'ਚ ਬਾਹਾਂ ਪਾਈ ਸੜਕ 'ਤੇ ਹੌਲ਼ੀ-ਹੌਲ਼ੀ ਜਾ ਰਹੇ ਸਨ। ਬੁੱਢਾ ਦ੍ਰਿੜਤਾ ਨਾਲ ਨਾਪੇ-ਤੋਲੇ ਕਦਮ ਪੁੱਟ ਰਿਹਾ ਸੀ, ਪਰ ਸੇਓਮਕਾ ਅਕਸਰ ਲੜਖੜਾ ਜਾਂਦਾ ।
"ਸ਼ਹਿਰ ਵੀ ਤਾਂ ਬੜੀ ਦੂਰ ਏ,” ਬੁੱਢਾ ਕਹਿ ਰਿਹਾ ਸੀ, “ਤੈਨੂੰ ਤਾਂ ਹਸਪਤਾਲ 'ਚ ਭਰਤੀ ਕਰਵਾਉਣਾ ਚਾਹੀਦਾ ਹੈ। ਤੇਰੀ ਗੱਲ ਹੋਰ ਏ। ਤੂੰ ਜਾ ਸਕਦਾ ਏਂ। ਮੈਨੂੰ ਤਾਂ ਸ਼ਹਿਰ ਵਿੱਚ ਸ਼ਕਲ ਨਹੀਂ ਦਿਖਾਉਣੀ ਚਾਹੀਦੀ। ਓਹੋ, ਕਿਹੋ ਜਿਹੀ ਜ਼ਿੰਦਗੀ ਹੈ!”
ਥੋੜੀ ਦੇਰ ਬਾਅਦ ਸੇਓਮਕਾ ਰੁਕ ਗਿਆ:
"ਬਾਬਾ ਤੁਰਿਆ ਨਹੀਂ ਜਾਂਦਾ... ਕੁੱਝ ਸਮਾਂ ਬਹਿ ਜਾਈਏ!”
“ਚੱਲ, ਓਧਰ ਰੁੱਖਾਂ ਹੇਠ ਚੱਲਦੇ ਹਾਂ । ਉਥੇ ਕੁੱਝ ਗਰਮੀ ਹੋਵੇਗੀ। ਆ ਜਾ, ਮੈਨੂੰ ਫੜ੍ਹ ਲੈ। ਇੰਝ! ਤੁਰੇ ਜਾਂਦੇ ਹਾਂ !"
ਰੁੱਖਾਂ ਦੇ ਝੁੰਡ ਵਿੱਚ ਉਹ ਬੈਠ ਗਏ। ਅਣਜਾਣ ਬਾਬੇ ਨੇ ਸੇਓਮਕਾ ਨੂੰ ਸਿਰ ਗੋਦੀ ਵਿੱਚ ਰੱਖਣ ਲਈ ਕਿਹਾ। ਖੁਦ ਕੁੱਝ ਟਾਹਣੀਆਂ ਤੋੜ ਕੇ ਬਿਸਤਰਾ ਬਣਾ ਦਿੱਤਾ।
"ਲੇਟ ਜਾ, ਭਾਈ ਲੇਟ ਜਾ।"
“ਬਾਬਾ,” ਸੇਓਮਕਾ ਨੇ ਗਿੜਗਿੜਾਉਂਦੇ ਕਿਹਾ, "ਮੈਨੂੰ ਇਕੱਲਾ ਨਾ ਛੱਡ ਜਾਵੀਂ! ਬਾਬਾ!”
ਉਹ ਉੱਚੀ-ਉੱਚੀ ਰੋ ਪਿਆ। ਉਹਦੇ ਮੂੰਹ 'ਚੋਂ ਇੱਕ ਵੀ ਸ਼ਬਦ ਨਾ ਨਿੱਕਲਿਆ। ਫਿਰ ਉਸਨੂੰ ਲੱਗਿਆ ਕਿ ਚਾਰੇ ਪਾਸੇ ਸਾਂ-ਸਾਂ ਹੋ ਰਹੀ ਹੈ, ਫਿਰ ਤੋਂ ਕੋਈ ਉਹਦੇ ਪੈਰ ਫੜ ਕੇ ਖਿੱਚ ਰਿਹਾ ਹੈ। ਸਭ ਕੁੱਝ ਘੁੰਮ ਰਿਹਾ ਹੈ, ਜਲ ਰਿਹਾ ਹੈ...
“ਘਰ ! ਘਰ !” ਸੇਓਮਕਾ ਦੇ ਮੂੰਹੋਂ ਅਸਪੱਸ਼ਟ ਬੋਲ ਨਿੱਕਲੇ ਤੇ ਜ਼ੋਰ ਨਾਲ ਉਹਨੇ ਅੱਖਾਂ ਖੋਹਲੀਆਂ, ਪਰ ਕੁੱਝ ਨਾ ਦਿਖਾਈ ਦਿੱਤਾ...
ਕਦੇ-ਕਦਾਈਂ ਉਸਨੂੰ ਆਪਣੇ ਨੇੜੇ-ਤੇੜੇ ਨਵੇਂ, ਅਣਜਾਣ ਚਿਹਰੇ ਘੁੰਮਦੇ ਲਗਦੇ, ਨਵੀਂ ਬੈਰਕ ਦਿਖਾਈ ਦਿੰਦੀ, ਕਦੇ ਮਾਂ ਉਸਨੂੰ ਦਿਸਦੀ, ਕਦੇ ਉਜੂਪਕਾ ਨਦੀ, ਕਦੇ ਫਿਰ ਅਣਜਾਣ ਲੋਕ ਤੇ ਕਦੇ ਉਹੀ ਬਾਬਾ; ਦਿਨ-ਰਾਤ ਗੱਡਮੱਡ ਹੋ ਗਏ ਤੇ ਆਖ਼ਰ ਸੇਓਮਕਾ ਨੇ ਫਿਰ ਅੱਖਾਂ ਖੋਹਲੀਆਂ।
ਉਹ ਇੱਕ ਕਮਰੇ ਵਿੱਚ ਗਰਮ ਬਿਸਤਰੇ 'ਤੇ ਪਿਆ ਸੀ, ਉਸਨੂੰ ਉੱਪਰ ਛੱਤ ਸਾਫ਼ ਦਿਖਾਈ ਦੇ ਰਹੀ ਸੀ, ਖਿੜਕੀ ਤੋਂ ਬਾਹਰ ਝੁਕੀਆਂ ਟਾਹਣੀਆਂ ਵਾਲਾ ਰੁੱਖ ਹਿੱਲ ਰਿਹਾ ਸੀ।
ਉਹ ਡਰ ਗਿਆ: "ਫਿਰ ਬੈਰਕ ਵਿੱਚ ਆ ਗਿਆ ?” ਉਸਨੇ ਉੱਠ ਕੇ ਭੱਜ ਜਾਣਾ ਚਾਹਿਆ, ਪਰ ਉਸਦਾ ਸਰੀਰ ਹਿੱਲਦਾ ਨਹੀਂ ਸੀ, ਸਿਰ ਜਿਵੇਂ ਸਿਰਾਹਣੇ ਨਾਲ ਚਿਪਕਿਆ ਪਿਆ ਹੋਵੇ।
"ਬਾਬਾ ਕਿੱਥੇ ਹੈ ?” ਸੇਓਮਕਾ ਨੇ ਅੱਖਾਂ ਘੁੰਮਾ ਕੇ ਜਾਣਿਆ-ਪਹਿਚਾਣਿਆ ਚਿਹਰਾ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਨਾ ਉਹ ਬੁੱਢਾ ਸੀ, ਨਾ ਜੰਗਲ ਤੇ ਨਾ ਵੱਡੀ ਸੜਕ। ਸੇਓਮਕਾ ਦੁਖੀ ਹੋ ਗਿਆ:
ਕਿਉਂ ਅਣਜਾਣ ਬਾਬਾ ਉਸਨੂੰ ਛੱਡ ਕੇ ਚਲਾ ਗਿਆ, ਅਤੇ ਉਸਦੇ ਸੁੱਕੇ ਹੋਏ, ਪੀਲੇ ਚਿਹਰੇ 'ਤੇ ਹੰਝੂ ਵਹਿਣ ਲੱਗੇ।
(7)
ਇੱਕ ਦਿਨ ਬਿਮਾਰੀ ਤੋਂ ਬਾਅਦ ਕਮਜ਼ੋਰ ਸੇਓਮਕਾ ਹਸਪਤਾਲ ਦਾ ਪਹਿਰਾਵਾ ਪਹਿਨੀ ਖਿੜਕੀ ਕੋਲ ਖੜ੍ਹਾ ਸੀ ਤੇ ਸੋਚਾਂ ਵਿੱਚ ਡੁੱਬਿਆ ਹੋਇਆ ਸੜਕ ਵੱਲ ਦੇਖ ਰਿਹਾ ਸੀ, ਜਿੱਥੇ ਹਵਾ ਸੁੱਕੇ ਪੱਤਿਆਂ ਨੂੰ ਉਡਾ ਰਹੀ ਸੀ। ਸੇਓਮਕਾ ਦੇ ਪਿੱਛੇ ਹਸਪਤਾਲ ਦਾ ਸਿਪਾਹੀ ਦੇਮੀਦਿਚ ਖੜਾ ਸੀ, ਉਹ ਵੀ ਆਪਣੀਆਂ ਸੋਚਾਂ ਵਿੱਚ ਡੁੱਬਾ ਹੋਇਆ ਬਾਹਰ ਤੱਕ ਰਿਹਾ ਸੀ। ਉਸਨੇ ਸੇਓਮਕਾ ਨੂੰ ਦੱਸਿਆ ਕਿ ਕਿਵੇਂ ਇੱਕ ਬੁੱਢਾ ਉਸਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਵਿੱਚ ਲੈ ਕੇ ਆਇਆ ਸੀ । ਉਸਨੇ ਬੁੱਢੇ ਨੂੰ ਦੇਖਿਆ ਤੇ ਬੋਲਿਆ: “ਆ ਗਿਆ, ਪੱਠੇ!” ਬੁੱਢਾ ਬੱਸ ਉੱਥੇ ਹੀ ਬੈਠ ਗਿਆ। ਥਾਣੇਦਾਰ ਬੋਲਿਆ: "ਫਿਰ ਭੱਜ ਨਿੱਕਲਿਆ ?” ਅਤੇ ਉਸਨੂੰ ਤੁਰੰਤ ਫੜ ਲਿਆ ਗਿਆ। ਤੀਸਰੀ ਵਾਰ ਉਹ ਕੈਦ ਵਿੱਚੋਂ ਭੱਜਿਆ ਸੀ। ਤੀਜੀ ਵਾਰ ਫੜਿਆ ਗਿਆ ਸੀ।
ਇਹ ਸਾਰੀਆਂ ਗੱਲਾਂ ਸੇਓਮਕਾ ਸਿਪਾਹੀ ਤੋਂ ਕਈ ਵਾਰ ਸੁਣ ਚੁੱਕਾ ਸੀ। ਹਰ ਰੋਜ਼ ਸਵੇਰੇ-ਸ਼ਾਮ ਠੰਡਾ ਹਉਂਕਾ ਲੈਂਦਾ ਤੇ ਸੋਚਦਾ: “ਹਾਏ ਰੱਬਾ, ਬਾਬੇ ਨੂੰ ਬਚਾ ਲੈ।"
"ਅੱਜ ਉਹਨਾਂ ਨੂੰ ਲਿਜਾਇਆ ਜਾ ਰਿਹਾ ਹੈ," ਸਿਪਾਹੀ ਕਹਿ ਰਿਹਾ ਸੀ। "ਦੇਖ ਹੁਣੇ ਨਿੱਕਲਣਗੇ।"
ਥੋੜੀ ਦੇਰ ਬਾਅਦ ਸੇਓਮਕਾ ਨੂੰ ਅਜੀਬ ਦੱਬੀਆਂ-ਦੱਬੀਆਂ ਅਵਾਜ਼ਾਂ ਸੁਣਾਈ ਦਿੱਤੀਆਂ। ਫਿਰ ਮੋਢਿਆਂ 'ਤੇ ਬੰਦੂਕਾਂ ਲਈ ਸਿਪਾਹੀ ਦਿਖਾਈ ਦਿੱਤੇ ਤੇ ਪਿੱਛੇ ਮਟਮੈਲੇ ਚੋਗੇ ਅਤੇ ਗੋਲ ਟੋਪੀਆਂ ਪਹਿਨੀਂ ਲੋਕਾਂ ਦੀ ਭੀੜ। ਉਹਨਾਂ ਦੇ ਹੱਥਾਂ ਅਤੇ ਪੈਰਾਂ ਵਿੱਚ ਬੇੜੀਆਂ ਛਣਕ ਰਹੀਆਂ ਸਨ। ਭੀੜ ਦੇ ਦੋਵੇਂ ਪਾਸੇ ਤੇ ਪਿੱਛੇ ਵੀ ਸਿਪਾਹੀ ਚੱਲ ਰਹੇ ਸਨ; ਸਾਰੇ ਠੰਡ ਨਾਲ ਕੰਬ ਰਹੇ ਸਨ।
ਸੇਓਮਕਾ ਦਾ ਦਿਲ ਰੁਕ ਗਿਆ, ਉਹ ਸ਼ੀਸ਼ੇ ਨਾਲ ਲੱਗ ਗਿਆ, ਅੱਖਾਂ ਪਾੜ ਕੇ ਭੀੜ ਨੂੰ ਦੇਖਣ ਲੱਗਾ ਕਿ ਕਿਤੇ ਉਹ ਜਾਣਿਆ-ਪਛਾਣਿਆ ਚਿਹਰਾ ਨਜ਼ਰ ਆ ਜਾਵੇ ਅਚਾਨਕ ਉਹ ਜ਼ੋਰ ਨਾਲ ਚੀਕਿਆ ਤੇ ਸ਼ੀਸ਼ੇ 'ਤੇ ਮੁੱਕੀਆਂ ਮਾਰਨ ਲੱਗ ਪਿਆ:
"ਬਾਬਾ! ਬਾਬਾ! ਬਾਬਾ!”
ਕੈਦੀਆਂ 'ਚ ਉਸਨੂੰ ਅਣਜਾਣ ਬਾਬਾ ਦਿਖਾਈ ਦੇ ਰਿਹਾ ਸੀ, ਜੋ ਬੇੜੀਆਂ 'ਚ ਉਲਝਦਾ ਹੋਇਆ ਸ਼ੀਸ਼ੇ ਕੋਲ ਦੀ ਹੀ ਲੰਘ ਰਿਹਾ ਸੀ।
“ਬਾਬਾ! ਬਾਬਾ।” ਸੇਓਮਕਾ ਰੌਲਾ ਪਾ ਰਿਹਾ ਸੀ । ਖੁਸ਼ੀ ਅਤੇ ਡਰ ਨਾਲ ਉਹ ਬੇਹਾਲ ਹੋ ਗਿਆ ਸੀ। ਦਸਤਕ ਸੁਣ ਕੇ ਕਈਆਂ ਨੇ ਮੁੜ ਕੇ ਦੇਖਿਆ। ਅਣਜਾਣ ਬਾਬੇ ਨੇ ਵੀ ਸਿਰ ਘੁੰਮਾਇਆ। ਸੇਓਮਕਾ ਨੇ ਦੇਖਿਆ ਕਿ ਬਾਬੇ ਨੇ ਆਪਣੀ ਧਸੀਆਂ ਹੋਈਆਂ ਬਦਰੰਗ ਅੱਖਾਂ ਨਾਲ ਉਸਨੂੰ ਦੇਖਿਆ ਹੈ, ਉਸਨੇ ਦੇਖਿਆ ਕਿ ਬਾਬੇ ਨੇ ਡੂੰਘਾ ਸਾਹ ਭਰਿਆ ਤੇ ਸਿਰ ਹਿਲਾਇਆ।
ਸੇਓਮਕਾ ਦੇ ਹੰਝੂ ਵਹਿ ਤੁਰੇ, ਸੀਨੇ ਵਿੱਚ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਇਸੇ ਦੌਰਾਨ ਕੈਦੀ ਅਤੇ ਕਾਨਵਾਏ ਦੇ ਸਿਪਾਹੀ ਅੱਗੇ ਵਧ ਗਏ ਸਨ ਅਤੇ ਭੀੜ ਪਿੱਛੇ ਲੁਕ ਗਏ ਸਨ। ਸੇਓਮਕਾ ਹਾਲੇ ਵੀ ਮੁੱਕੇ ਮਾਰ ਰਿਹਾ ਸੀ ਤੇ ਚੀਖ਼ ਰਿਹਾ ਸੀ: “ਬਾਬਾ! ਬਾਬਾ!” ਸਿਪਾਹੀ ਉਦਾਸ ਅਵਾਜ਼ ਵਿੱਚ ਕਹਿ ਰਿਹਾ ਸੀ:
"ਓਏ ਰੋਂਦਾ ਕਿਉਂ ਏ ? ਕਿਸ ਗੱਲ ਦਾ ਰੋਣਾ ਏ! ਤੈਨੂੰ ਜਲਦੀ ਹੀ ਤੇਰੇ ਘਰ ਪਹੁੰਚਾ ਦੇਵਾਂਗੇ। ਬੱਚਾ ਏਂ ਤੂੰ, ਇਸ ਲਈ ਤੇਰਾ ਇੱਥੇ ਕੋਈ ਕੰਮ ਨਹੀਂ। ਕਹਿ ਦਿੱਤਾ ਨਾ, ਵਾਪਸ ਭੇਜ ਦਿਆਂਗੇ, ਹੁਣ ਰੌਲਾ ਨਾ ਪਾ !”
ਪਰ ਸੇਓਮਕਾ ਫੁੱਟ-ਫੁੱਟ ਕੇ ਰੋ ਰਿਹਾ ਸੀ ਤੇ ਉਸ ਮੋੜ ਦੇ ਪਿੱਛੇ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿੱਥੇ ਕਿਸਮਤ ਨਾਲ ਹੀ ਉਸਨੂੰ ਮਿਲਿਆ ਉਸਦਾ ਸੱਚਾ, ਅਣਜਾਣ ਦੋਸਤ ਆਪਣੀਆਂ ਬੇੜੀਆਂ ਘੜੀਸਦਾ ਲੰਘ ਗਿਆ ਸੀ।