"ਬਾਬਾ, ਅਸੀਂ ਕਾਫੀ ਰਸਤਾ ਪਾਰ ਕਰ ਲਿਆ ਹੋਵੇਗਾ, ਕਿ ਨਹੀਂ?" ਸੇਓਮਕਾ ਨੇ ਪੁੱਛਿਆ।
"ਦੇਖ ਰਿਹਾ ਹਾਂ, ਇੱਥੇ ਖਾਣ-ਪੀਣ ਨੂੰ ਘੱਟ ਨਹੀਂ ਮਿਲਦਾ ਹੈ, ਮਤਲਬ ਰੂਸ ਕੋਲ ਪਹੁੰਚ ਰਹੇ ਹਾਂ। ਜਦੋਂ ਪਹਾੜ ਪਾਰ ਕਰ ਲਵਾਂਗੇ, ਤਾਂ ਉੱਥੋਂ ਹੋਰ ਵੀ ਘੱਟ ਮਿਲੇਗਾ, ਇਸ ਲਈ ਤਾਂ ਕਹਿੰਦਾ ਹਾਂ ਜਲਦੀ ਕਰ ! ਰੂਸ ਵਿੱਚ ਲੋਕ ਪੈਸੇ ਦੇ ਭੁੱਖੇ ਹਨ ਤੇ ਤੇਰੀ ਤੇ ਮੇਰੀ ਜੇਬ ਖਾਲੀ ਹੈ: ਇਸ ਲਈ ਬੱਸ, ਜਿੱਥੇ ਮਨ ਕਰੇ ਸੌਣਾ, ਜੋ ਦਿਲ ਕਰੇ ਖਾਣਾ । ਸਾਇਬੇਰੀਆ ਵਿੱਚ ਤਾਂ ਭਰਾਵਾ, ਲੋਕ ਚੰਗੇ ਨੇ। ਪਰ ਉਹਨਾਂ ਦੀ ਭਲਾਈ ਵੀ ਸਾਡੇ ਰਾਹ ਗਲੇ 'ਚ ਅੜਕਦੀ ਹੈ। ਚੱਲ, ਬੇਟਾ ਜਲਦੀ ਚੱਲ !"
ਸੜਕ ਦੇ ਇੱਕ ਪਾਸੇ ਗੱਡੀਆਂ ਖੜੀਆਂ ਸਨ । ਚਾਰੇ ਪਾਸੇ ਹਨੇਰਾ ਤੇ ਠੰਡ ਸੀ। ਗੱਡੀਆਂ ਕੋਲ ਮੱਚ ਰਹੀ ਧੂਣੀ ਦੀ ਅੱਗ ਮੁਸਾਫ਼ਿਰਾਂ ਨੂੰ ਆਪਣੇ ਵੱਲ ਖਿੱਚ ਰਹੀ ਸੀ। ਗੱਡੀ ਨਾਲ਼ੋਂ ਖੋਲ ਦਿੱਤੇ ਗਏ ਘੋੜੇ ਹਨੇਰੇ 'ਚ ਮੈਦਾਨ 'ਚ ਭਟਕ ਰਹੇ ਸਨ । ਸਰਦ ਰੁੱਤ ਦਾ ਮੁਰਝਾਇਆ ਘਾਹ-ਫੂਸ ਖਾ ਰਹੇ ਸਨ। ਗੱਡੀਆਂ ਦੇ ਬੰਬੂ ਉੱਚੇ ਉੱਠੇ ਹੋਏ ਸਨ, ਕਿਸਾਨ ਅੱਗ ਮਚਾ ਕੇ ਹੱਥ ਸੇਕ ਰਹੇ ਸਨ ਤੇ ਖਾਣਾ ਬਣਾ ਰਹੇ ਸਨ।
"ਰੱਬ ਤੈਨੂੰ ਖੂਬ ਰੋਟੀ-ਲੂਣ ਦੇਵੇ ।" ਧੂਣੀ ਕੋਲ ਜਾਂਦੇ ਹੋਏ ਬੁੱਢੇ ਨੇ ਕਿਹਾ, "ਜ਼ਰਾ ਅੱਗ ਸੇਕ ਲੈਣ ਦਿਓ, ਭਾਈਓ।”
"ਬੈਠ ਜਾਹ।” ਉਦਾਸੀਨ ਅਵਾਜ਼ਾਂ ਵਿੱਚ ਜਵਾਬ ਮਿਲਿਆ।
ਬੁੱਢੇ ਨੇ ਹੱਥ ਅੱਗੇ ਵਧਾ ਲਏ। ਸੇਓਮਕਾ ਵੀ ਨੇੜੇ ਹੋ ਗਿਆ। ਉਸਦੇ ਗਿੱਲੇ ਕੱਪੜੇ ਛੇਤੀ ਹੀ ਗਰਮ ਹੋ ਗਏ ਤੇ ਪਿੱਠ 'ਤੇ ਹਲਕੀ ਜਿਹੀ ਝਰਨਾਹਟ ਦੌੜ ਗਈ।
"ਕਿੱਥੋਂ ਆ ਰਹੇ ਓ ?" ਉੱਥੇ ਬੈਠੇ ਲੋਕਾਂ ਵਿੱਚੋਂ ਇੱਕ ਨੇ ਅਣਜਾਣ ਬਜ਼ੁਰਗ ਦੇ ਚਿਹਰੇ ਵੱਲ ਧਿਆਨ ਨਾਲ ਦੇਖਦੇ ਹੋਏ ਪੁੱਛਿਆ।
"ਬੜੀ ਦੂਰੋਂ ਆਏ ਹਾਂ। ਘਰੀਂ ਜਾ ਰਹੇ ਹਾਂ।"
"ਮੁੰਡਾ ਤੇਰਾ ਏ ?”
"ਨਹੀਂ, ਰਸਤੇ 'ਚ ਮਿਲ ਗਿਆ । ਸਾਇਬੇਰੀਆ ਵਸਣ ਜਾ ਰਹੇ ਸੀ ਇਹਦੇ ਮਾਂ-ਪਿਓ। ਯਤੀਮ ਹੋ ਗਿਆ।"
“ਦੇਖੋ ਤਾਂ ਵਿਚਾਰਾ ਕਿਵੇਂ ਭਿੱਜ ਗਿਆ ਏ!"
ਸੇਓਮਕਾ ਵੱਲ ਸਾਰਿਆਂ ਦਾ ਧਿਆਨ ਗਿਆ। ਉਹ ਅੱਗ ਦੇ ਬਿਲਕੁਲ ਕੋਲ ਹੀ ਬੈਠਾ ਸੀ, ਤੇ ਠੰਡ ਨਾਲ ਕੰਬਦੇ ਹੋਏ ਦੇਖ ਰਿਹਾ ਸੀ ਕਿ ਕਿਵੇਂ ਧੂਣੀ ਵਿੱਚ ਲੱਕੜਾਂ ਮੱਚ ਰਹੀਆਂ ਹਨ, ਕਿਵੇਂ ਹਵਾ 'ਚ ਚਿੱਟਾ ਧੂੰਆਂ ਉੱਡ ਰਿਹਾ ਹੈ, ਤੇ ਕਿਵੇਂ ਪਤੀਲੇ ਵਿੱਚ ਬਣ ਰਹੇ ਖਾਣੇ ਵਿੱਚੋਂ ਭਾਫ਼ ਉੱਠ ਰਹੀ ਹੈ, ਸ਼ੂ-ਸ਼ੂ ਹੋ ਰਹੀ ਹੈ।
“ਅੱਛਾ, ਤਾਂ ਯਤੀਮ ਹੈ ?" ਕਿਸਾਨਾਂ ਨੇ ਪੁੱਛਿਆ ਤੇ ਫਿਰ ਤੋਂ ਸੇਓਮਕਾ ਵੱਲ ਦੇਖਣ ਲੱਗੇ।
ਫਿਰ ਉਹ ਫਸਲਾਂ ਦੀਆਂ, ਆਪਣੀ ਕੌਮ ਦੀਆਂ ਗੱਲਾਂ ਕਰਨ ਲੱਗੇ; ਜਦੋਂ ਖਾਣਾ ਤਿਆਰ ਹੋ ਗਿਆ, ਤਾਂ ਖਾਣ ਲੱਗੇ।
"ਖਾ ਲੈ, ਬੱਚਿਆ, ਖਾ ਲੈ," ਸੇਓਮਕਾ ਨੂੰ ਖਾਣਾ ਦਿੰਦੇ ਹੋਏ ਉਹ ਕਹਿ ਰਹੇ ਸਨ।
“ਦੇਖੋ ਤਾਂ ਸਹੀ, ਕਿਵੇਂ ਠੰਡ ਨਾਲ ਕੰਬ ਰਿਹਾ ਹੈ।”
ਸੇਓਮਕਾ ਨੇ ਢਿੱਡ ਭਰ ਕੇ ਖਾਣਾ ਖਾਧਾ ਤੇ ਅਰਾਮ ਕਰਨ ਲਈ ਲੇਟ ਗਿਆ। ਗਰਮ ਖਾਣੇ ਤੋਂ ਬਾਅਦ ਅੱਗ ਕੋਲ ਲੇਟਣਾ ਬੜਾ ਵਧੀਆ ਲੱਗ ਰਿਹਾ ਸੀ। ਲੱਕੜਾਂ ਮੱਚ ਰਹੀਆਂ ਸਨ, ਧੂੰਏ ਦੀ ਤੇ ਤਾਜ਼ੇ ਸੱਕ ਦੀ ਗੰਧ ਆ ਰਹੀ ਸੀ— ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹਦੇ ਪਿੰਡ ਬੇਲਯੇ ਵਿੱਚ ਹੁੰਦਾ ਸੀ। ਜੇਕਰ ਉਹ ਘਰੇ ਹੁੰਦਾ ਤਾਂ ਕੁੱਝ ਆਲੂ ਪੁੱਟ ਲਿਆਉਂਦਾ ਤੇ ਉਹਨਾਂ ਨੂੰ ਅੱਗ ਵਿੱਚ ਸੁੱਟ ਦਿੰਦਾ, ਸੇਓਮਕਾ ਨੂੰ ਭੁੰਨੇ ਹੋਏ ਆਲੂ ਯਾਦ ਆ ਗਏ, ਜਿਨ੍ਹਾਂ ਦੀ ਹਲਕੀ-ਹਲਕੀ ਖੁਸ਼ਬੂ ਆਉਂਦੀ ਹੈ ਤੇ ਜਿਨ੍ਹਾਂ ਨਾਲ ਹੱਥ ਮੱਚਦੇ ਹਨ ਅਤੇ ਜਿਹੜੇ ਦੰਦਾਂ ਹੇਠ ਕਰਚ ਕਰਚ ਕਰਦੇ ਹਨ।
ਸੇਓਮਕਾ ਦੇ ਸਿਰ ਉੱਪਰ ਤਾਰੇ ਟਿਮਟਿਮਾ ਰਹੇ ਸਨ। ਬੇਲਯੇ ਦੇ ਅਸਮਾਨ ਵਿੱਚ ਵੀ ਇੰਨੇ ਹੀ ਤਾਰੇ ਹੁੰਦੇ ਹਨ ਅਤੇ ਇੰਝ ਹੀ ਚਮਕਦੇ ਹਨ। ਸੇਓਮਕਾ ਦਾ ਦਿਲ ਕਹਿੰਦਾ ਸੀ, ਹਾਏ, ਬੇਲਯੇ ਕਿਤੇ ਨੇੜੇ ਹੀ ਹੋਵੇ। ਲੱਤਾਂ ਥਕਾਵਟ ਨਾਲ ਦਰਦ ਕਰ ਰਹੀਆਂ ਸਨ, ਤੇ ਚਿਹਰੇ, ਛਾਤੀ ਤੇ ਗੋਡਿਆਂ ਨੂੰ ਅੱਗ ਦੀ ਹਲਕੀ ਗਰਮੀ ਮਿਲ ਰਹੀ ਸੀ।
ਕਿਸਾਨ ਹਾਲੇ ਗੱਲਾਂ ਕਰ ਰਹੇ ਸਨ ਤੇ ਬਾਬਾ ਵੀ ਉਹਨਾਂ ਨਾਲ ਗੱਲਾਂ ਕਰ ਰਿਹਾ ਸੀ । ਸੇਓਮਕਾ ਨੂੰ ਉਹਨਾਂ ਦੀ ਅਵਾਜ਼ ਸੁਣ ਰਹੀ ਸੀ, "ਬੜਾ ਔਖਾ ਏ ਜਿਊਣਾ, ਭਰਾਵੋ ਬੜਾ ਔਖਾ ਏ..." ਕਿਸਾਨ ਵੀ ਕਹਿ ਰਹੇ ਸਨ ਕਿ ਬੜਾ ਮੁਸ਼ਕਲ ਏ । ਫਿਰ ਉਹਨਾਂ ਦੀਆਂ ਅਵਾਜ਼ਾਂ ਦਬੀਆਂ-ਦਬੀਆਂ ਤੇ ਹੌਲ਼ੀ ਹੋ
ਗਈਆਂ। ਜਿਵੇਂ ਮੱਖੀਆਂ ਭਿਣਕ ਰਹੀਆਂ ਹੋਣ… ਫਿਰ ਸੇਓਮਕਾ ਦੀਆਂ ਅੱਖਾਂ ਸਾਹਮਣੇ ਲਾਲ ਘੇਰੇ ਬਣਨ ਲੱਗੇ, ਫਿਰ ਚੌੜੀ ਨਦੀ ਬਹਿਣ ਲੱਗੀ… ਤੇ ਉਸਦੇ ਦੂਜੇ ਪਾਸੇ ਸੀ ਬੇਲਯੇ ਪਿੰਡ। ਸੇਓਮਕਾ ਨਦੀ ਵਿੱਚ ਕੁੱਦਣਾ ਚਾਹੁੰਦਾ ਸੀ ਪਰ ਅਣਜਾਣ ਬਾਬੇ ਨੇ ਉਹਦੀ ਲੱਤ ਫੜ ਲਈ ਤੇ ਕਿਹਾ: "ਔਖਾ ਹੈ! ਔਖਾ ਹੈ!" ਇਸ ਤੋਂ ਮਗਰੋਂ ਫਿਰ ਲਾਲ ਤੇ ਹਰੇ ਘੇਰੇ ਬਣਨ ਲੱਗੇ, ਤੇ ਸਾਰਾ ਕੁੱਝ ਉਲਟ-ਪੁਲਟ ਹੋ ਗਿਆ।
ਸੇਓਮਕਾ ਬੇਸੁਰਤ ਹੋ ਕੇ ਸੌਂ ਰਿਹਾ ਸੀ।
(6)
ਪ੍ਰਭਾਤ ਵੇਲ਼ੇ ਸੇਓਮਕਾ ਦੀ ਅੱਖ ਖੁੱਲੀ, ਅਸਮਾਨ 'ਤੇ ਬੱਦਲ ਤੈਰ ਰਹੇ ਸਨ, ਬੁਝੀ ਧੂਣੀ 'ਤੇ ਹਵਾ ਦੇ ਠੰਡੇ ਬੁੱਲੇ ਆਉਂਦੇ; ਸਵਾਹ ਉਡਾਉਂਦੇ ਤੇ ਛਾਂ-ਛਾਂ ਦੀ ਅਵਾਜ਼ ਕਰਦੇ ਉਸ ਨੂੰ ਮੈਦਾਨ 'ਤੇ ਵਿਛਾ ਦਿੰਦੇ। ਕਿਸਾਨ ਉੱਥੇ ਨਹੀਂ ਸਨ। ਅਣਜਾਣ ਬਾਬਾ ਇਕੱਠਾ ਹੋਇਆ ਜ਼ਮੀਨ 'ਤੇ ਪਿਆ ਸੀ।
ਸੇਓਮਕਾ ਉੱਠ ਕੇ ਬੈਠ ਗਿਆ।
"ਬਾਬਾ!" ਉਸਨੇ ਬਜ਼ੁਰਗ ਨੂੰ ਅਵਾਜ਼ ਦਿੱਤੀ।
"ਕਿਸਾਨ ਕਿੱਥੇ ਗਏ ?” ਉਸਦੇ ਦਿਮਾਗ਼ 'ਚ ਇਹ ਸਵਾਲ ਘੁੰਮਿਆ ਤੇ ਉਹ ਇਹ ਸੋਚ ਕੇ ਡਰ ਗਿਆ ਕਿ ਬਾਬੇ ਨੂੰ ਕੁੱਝ ਹੋ ਤਾਂ ਨਹੀਂ ਗਿਆ।
ਛਾਂ-ਛਾਂ ਕਰਦੀ ਹਵਾ ਸਵਾਹ ਉਡਾ ਰਹੀ ਸੀ; ਕਾਲ਼ੇ, ਅੱਧ-ਮੱਚੇ ਕੋਲਿਆਂ ਤੇ ਮੱਚੀਆਂ ਟਾਹਣੀਆਂ ਦੀ ਸਰਸਰ ਹੋ ਰਹੀ ਸੀ ਤੇ ਲਗਦਾ ਸੀ ਜਿਵੇਂ ਸਾਰਾ ਮੈਦਾਨ ਦਹਾੜ ਰਿਹਾ ਹੋਵੇ। ਸੇਓਮਕਾ ਦਾ ਡਰ ਵਧਦਾ ਜਾ ਰਿਹਾ ਸੀ।
"ਬਾਬਾ!” ਉਹ ਫਿਰ ਕੂਕਿਆ, ਪਰ ਉਸਦੀ ਅਵਾਜ਼ ਨੂੰ ਹਵਾ ਦੂਸਰੇ ਪਾਸੇ ਲੈ ਗਈ।
ਸੇਓਮਕਾ ਦੀਆਂ ਅੱਖਾਂ ਬੰਦ ਹੋ ਰਹੀਆਂ ਸਨ, ਸਿਰ ਭਾਰੀ ਹੋ ਰਿਹਾ ਸੀ ਤੇ ਮੋਢਿਆਂ 'ਤੇ ਲੁੜਕ ਰਿਹਾ ਸੀ। ਸੇਓਮਕਾ ਫਿਰ ਤੋਂ ਪੈ ਗਿਆ, ਚਾਰੇ ਪਾਸਿਓਂ ਉਹਦੇ ਕੰਨਾਂ ਵਿੱਚ ਹਵਾ ਦੀ ਗੂੰਜ ਪੈ ਰਹੀ ਸੀ। ਉਸਨੂੰ ਲੱਗ ਰਿਹਾ ਸੀ ਕਿ ਡਾਕੂਆਂ ਨੇ ਬਾਬੇ ਨੂੰ ਮਾਰ ਦਿੱਤਾ ਹੈ, ਫਿਰ ਤੋਂ ਕਿਤੇ ਨੇੜੇ ਹੀ ਬੇਲਯੇ ਪਿੰਡ ਦਿਖਾਈ ਦਿੱਤਾ। ਪਰ ਕੋਈ ਉਹਨੂੰ ਪਿੰਡ ਵਿੱਚ ਵੜਨ ਤੋਂ ਰੋਕ ਰਿਹਾ ਸੀ; ਉਸਨੂੰ ਪਿੱਛੇ ਖਿੱਚ ਰਿਹਾ ਸੀ, ਉੱਥੇ ਖੁੱਲੇ ਮੈਦਾਨ ਵਿੱਚ, ਜਿੱਥੇ ਗੰਦੀ-ਮੈਲੀ ਬੈਰਕ ਸੀ । “ਅੱਛਾ, ਤੂੰ ਘਰ ਜਾਵੇਂਗਾ ?" ਗੁੱਸੇ ਭਰੀ ਅਵਾਜ਼ ਵਿੱਚ ਕੋਈ ਕਹਿ ਰਿਹਾ ਸੀ। ਫਿਰ ਕੋਈ ਗਰਮ-ਗਰਮ ਚਾਹ ਲੈ ਕੇ ਆਇਆ ਤੇ ਜ਼ਬਰਦਸਤੀ ਸੇਓਮਕਾ ਦੇ ਮੂੰਹ ਵਿੱਚ ਪਾਉਣ ਲੱਗਾ, ਸਿਰ 'ਤੇ ਡੋਲਣ ਲੱਗਾ । ਉਹ ਡੋਲਦਾ ਹੀ ਜਾ ਰਿਹਾ ਸੀ, ਡੋਲਦਾ ਹੀ ਜਾ ਰਿਹਾ ਸੀ... ਸੇਓਮਕਾ ਦੇ ਸਿਰ 'ਤੇ ਗਰਮ ਪਹਾੜ ਬਣ ਗਿਆ। ਅੰਦਰ ਅੱਗ ਮੱਚ ਰਹੀ ਸੀ। ਸੇਓਮਕਾ ਦਾ ਸਾਹ ਰੁਕ ਰਿਹਾ ਸੀ- ਫਿਰ ਉਸਨੇ ਆਪਣੀਆਂ ਅੱਖਾਂ ਖੋਲ੍ਹੀਆਂ । ਬਾਬਾ ਉਹਦੇ ਉੱਪਰ
ਝੁਕਿਆ ਬੈਠਾ ਸੀ।
"ਕਿਉਂ ਭਾਈ ?" ਉਹਦੇ ਚਿਹਰੇ ਨੂੰ ਛੂੰਹਦੇ ਹੋਏ ਬਾਬਾ ਬੋਲਿਆ ਤੇ ਸੇਓਮਕਾ ਨੂੰ ਉੱਪਰ ਅਸਮਾਨ, ਸੂਰਜ, ਖੋਜੀ ਦਾੜ੍ਹੀ ਤੇ ਧਸੀਆਂ ਅੱਖਾਂ ਦਿਖਾਈ ਦਿੱਤੀਆਂ। "ਕਿਉਂ ਭਾਈ? ਲਗਦਾ ਏ, ਮਾਮਲਾ ਗੜਬੜ ਹੈ।"
“ਬਾਬਾ...” ਸੇਓਮਕਾ ਮੁਸ਼ਕਲ ਨਾਲ ਬੋਲਿਆ।
"ਉੱਠ ਭਰਾਵਾ, ਬੈਠ ਤਾਂ ਸਹੀ।"
ਬੁੱਢੇ ਨੇ ਉਸਨੂੰ ਜਗਾ ਕੇ ਆਪਣੀ ਬੁੱਕਲ 'ਚ ਬਿਠਾਇਆ ਤੇ ਸਿਰ ਆਪਣੀ ਛਾਤੀ ਨਾਲ ਲਾ ਲਿਆ।
"ਕਿਉਂ ਭਾਈ ?"
"ਕੁੱਝ ਨਹੀਂ..." ਸੇਓਮਕਾ ਬੁੜਬੁੜਾਇਆ।
"ਥੋੜਾ ਹੋਸ਼ 'ਚ ਆ, ਜੋ ਵੀ ਹੋਵੇ ਸਾਨੂੰ ਚੱਲਣਾ ਚਾਹੀਦਾ ਹੈ... ਇੱਥੇ ਤਾਂ ਨਹੀਂ ਮਰਨਾ।”
ਘੰਟੇ ਪਿੱਛੋਂ ਉਹ ਇੱਕ-ਦੂਜੇ ਦੀ ਲੱਕ 'ਚ ਬਾਹਾਂ ਪਾਈ ਸੜਕ 'ਤੇ ਹੌਲ਼ੀ-ਹੌਲ਼ੀ ਜਾ ਰਹੇ ਸਨ। ਬੁੱਢਾ ਦ੍ਰਿੜਤਾ ਨਾਲ ਨਾਪੇ-ਤੋਲੇ ਕਦਮ ਪੁੱਟ ਰਿਹਾ ਸੀ, ਪਰ ਸੇਓਮਕਾ ਅਕਸਰ ਲੜਖੜਾ ਜਾਂਦਾ ।
"ਸ਼ਹਿਰ ਵੀ ਤਾਂ ਬੜੀ ਦੂਰ ਏ,” ਬੁੱਢਾ ਕਹਿ ਰਿਹਾ ਸੀ, “ਤੈਨੂੰ ਤਾਂ ਹਸਪਤਾਲ 'ਚ ਭਰਤੀ ਕਰਵਾਉਣਾ ਚਾਹੀਦਾ ਹੈ। ਤੇਰੀ ਗੱਲ ਹੋਰ ਏ। ਤੂੰ ਜਾ ਸਕਦਾ ਏਂ। ਮੈਨੂੰ ਤਾਂ ਸ਼ਹਿਰ ਵਿੱਚ ਸ਼ਕਲ ਨਹੀਂ ਦਿਖਾਉਣੀ ਚਾਹੀਦੀ। ਓਹੋ, ਕਿਹੋ ਜਿਹੀ ਜ਼ਿੰਦਗੀ ਹੈ!”
ਥੋੜੀ ਦੇਰ ਬਾਅਦ ਸੇਓਮਕਾ ਰੁਕ ਗਿਆ:
"ਬਾਬਾ ਤੁਰਿਆ ਨਹੀਂ ਜਾਂਦਾ... ਕੁੱਝ ਸਮਾਂ ਬਹਿ ਜਾਈਏ!”
“ਚੱਲ, ਓਧਰ ਰੁੱਖਾਂ ਹੇਠ ਚੱਲਦੇ ਹਾਂ । ਉਥੇ ਕੁੱਝ ਗਰਮੀ ਹੋਵੇਗੀ। ਆ ਜਾ, ਮੈਨੂੰ ਫੜ੍ਹ ਲੈ। ਇੰਝ! ਤੁਰੇ ਜਾਂਦੇ ਹਾਂ !"
ਰੁੱਖਾਂ ਦੇ ਝੁੰਡ ਵਿੱਚ ਉਹ ਬੈਠ ਗਏ। ਅਣਜਾਣ ਬਾਬੇ ਨੇ ਸੇਓਮਕਾ ਨੂੰ ਸਿਰ ਗੋਦੀ ਵਿੱਚ ਰੱਖਣ ਲਈ ਕਿਹਾ। ਖੁਦ ਕੁੱਝ ਟਾਹਣੀਆਂ ਤੋੜ ਕੇ ਬਿਸਤਰਾ ਬਣਾ ਦਿੱਤਾ।
"ਲੇਟ ਜਾ, ਭਾਈ ਲੇਟ ਜਾ।"
“ਬਾਬਾ,” ਸੇਓਮਕਾ ਨੇ ਗਿੜਗਿੜਾਉਂਦੇ ਕਿਹਾ, "ਮੈਨੂੰ ਇਕੱਲਾ ਨਾ ਛੱਡ ਜਾਵੀਂ! ਬਾਬਾ!”
ਉਹ ਉੱਚੀ-ਉੱਚੀ ਰੋ ਪਿਆ। ਉਹਦੇ ਮੂੰਹ 'ਚੋਂ ਇੱਕ ਵੀ ਸ਼ਬਦ ਨਾ ਨਿੱਕਲਿਆ। ਫਿਰ ਉਸਨੂੰ ਲੱਗਿਆ ਕਿ ਚਾਰੇ ਪਾਸੇ ਸਾਂ-ਸਾਂ ਹੋ ਰਹੀ ਹੈ, ਫਿਰ ਤੋਂ ਕੋਈ ਉਹਦੇ ਪੈਰ ਫੜ ਕੇ ਖਿੱਚ ਰਿਹਾ ਹੈ। ਸਭ ਕੁੱਝ ਘੁੰਮ ਰਿਹਾ ਹੈ, ਜਲ ਰਿਹਾ ਹੈ...
“ਘਰ ! ਘਰ !” ਸੇਓਮਕਾ ਦੇ ਮੂੰਹੋਂ ਅਸਪੱਸ਼ਟ ਬੋਲ ਨਿੱਕਲੇ ਤੇ ਜ਼ੋਰ ਨਾਲ ਉਹਨੇ ਅੱਖਾਂ ਖੋਹਲੀਆਂ, ਪਰ ਕੁੱਝ ਨਾ ਦਿਖਾਈ ਦਿੱਤਾ...
ਕਦੇ-ਕਦਾਈਂ ਉਸਨੂੰ ਆਪਣੇ ਨੇੜੇ-ਤੇੜੇ ਨਵੇਂ, ਅਣਜਾਣ ਚਿਹਰੇ ਘੁੰਮਦੇ ਲਗਦੇ, ਨਵੀਂ ਬੈਰਕ ਦਿਖਾਈ ਦਿੰਦੀ, ਕਦੇ ਮਾਂ ਉਸਨੂੰ ਦਿਸਦੀ, ਕਦੇ ਉਜੂਪਕਾ ਨਦੀ, ਕਦੇ ਫਿਰ ਅਣਜਾਣ ਲੋਕ ਤੇ ਕਦੇ ਉਹੀ ਬਾਬਾ; ਦਿਨ-ਰਾਤ ਗੱਡਮੱਡ ਹੋ ਗਏ ਤੇ ਆਖ਼ਰ ਸੇਓਮਕਾ ਨੇ ਫਿਰ ਅੱਖਾਂ ਖੋਹਲੀਆਂ।
ਉਹ ਇੱਕ ਕਮਰੇ ਵਿੱਚ ਗਰਮ ਬਿਸਤਰੇ 'ਤੇ ਪਿਆ ਸੀ, ਉਸਨੂੰ ਉੱਪਰ ਛੱਤ ਸਾਫ਼ ਦਿਖਾਈ ਦੇ ਰਹੀ ਸੀ, ਖਿੜਕੀ ਤੋਂ ਬਾਹਰ ਝੁਕੀਆਂ ਟਾਹਣੀਆਂ ਵਾਲਾ ਰੁੱਖ ਹਿੱਲ ਰਿਹਾ ਸੀ।
ਉਹ ਡਰ ਗਿਆ: "ਫਿਰ ਬੈਰਕ ਵਿੱਚ ਆ ਗਿਆ ?” ਉਸਨੇ ਉੱਠ ਕੇ ਭੱਜ ਜਾਣਾ ਚਾਹਿਆ, ਪਰ ਉਸਦਾ ਸਰੀਰ ਹਿੱਲਦਾ ਨਹੀਂ ਸੀ, ਸਿਰ ਜਿਵੇਂ ਸਿਰਾਹਣੇ ਨਾਲ ਚਿਪਕਿਆ ਪਿਆ ਹੋਵੇ।
"ਬਾਬਾ ਕਿੱਥੇ ਹੈ ?” ਸੇਓਮਕਾ ਨੇ ਅੱਖਾਂ ਘੁੰਮਾ ਕੇ ਜਾਣਿਆ-ਪਹਿਚਾਣਿਆ ਚਿਹਰਾ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਨਾ ਉਹ ਬੁੱਢਾ ਸੀ, ਨਾ ਜੰਗਲ ਤੇ ਨਾ ਵੱਡੀ ਸੜਕ। ਸੇਓਮਕਾ ਦੁਖੀ ਹੋ ਗਿਆ:
ਕਿਉਂ ਅਣਜਾਣ ਬਾਬਾ ਉਸਨੂੰ ਛੱਡ ਕੇ ਚਲਾ ਗਿਆ, ਅਤੇ ਉਸਦੇ ਸੁੱਕੇ ਹੋਏ, ਪੀਲੇ ਚਿਹਰੇ 'ਤੇ ਹੰਝੂ ਵਹਿਣ ਲੱਗੇ।
(7)
ਇੱਕ ਦਿਨ ਬਿਮਾਰੀ ਤੋਂ ਬਾਅਦ ਕਮਜ਼ੋਰ ਸੇਓਮਕਾ ਹਸਪਤਾਲ ਦਾ ਪਹਿਰਾਵਾ ਪਹਿਨੀ ਖਿੜਕੀ ਕੋਲ ਖੜ੍ਹਾ ਸੀ ਤੇ ਸੋਚਾਂ ਵਿੱਚ ਡੁੱਬਿਆ ਹੋਇਆ ਸੜਕ ਵੱਲ ਦੇਖ ਰਿਹਾ ਸੀ, ਜਿੱਥੇ ਹਵਾ ਸੁੱਕੇ ਪੱਤਿਆਂ ਨੂੰ ਉਡਾ ਰਹੀ ਸੀ। ਸੇਓਮਕਾ ਦੇ ਪਿੱਛੇ ਹਸਪਤਾਲ ਦਾ ਸਿਪਾਹੀ ਦੇਮੀਦਿਚ ਖੜਾ ਸੀ, ਉਹ ਵੀ ਆਪਣੀਆਂ ਸੋਚਾਂ ਵਿੱਚ ਡੁੱਬਾ ਹੋਇਆ ਬਾਹਰ ਤੱਕ ਰਿਹਾ ਸੀ। ਉਸਨੇ ਸੇਓਮਕਾ ਨੂੰ ਦੱਸਿਆ ਕਿ ਕਿਵੇਂ ਇੱਕ ਬੁੱਢਾ ਉਸਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਵਿੱਚ ਲੈ ਕੇ ਆਇਆ ਸੀ । ਉਸਨੇ ਬੁੱਢੇ ਨੂੰ ਦੇਖਿਆ ਤੇ ਬੋਲਿਆ: “ਆ ਗਿਆ, ਪੱਠੇ!” ਬੁੱਢਾ ਬੱਸ ਉੱਥੇ ਹੀ ਬੈਠ ਗਿਆ। ਥਾਣੇਦਾਰ ਬੋਲਿਆ: "ਫਿਰ ਭੱਜ ਨਿੱਕਲਿਆ ?” ਅਤੇ ਉਸਨੂੰ ਤੁਰੰਤ ਫੜ ਲਿਆ ਗਿਆ। ਤੀਸਰੀ ਵਾਰ ਉਹ ਕੈਦ ਵਿੱਚੋਂ ਭੱਜਿਆ ਸੀ। ਤੀਜੀ ਵਾਰ ਫੜਿਆ ਗਿਆ ਸੀ।
ਇਹ ਸਾਰੀਆਂ ਗੱਲਾਂ ਸੇਓਮਕਾ ਸਿਪਾਹੀ ਤੋਂ ਕਈ ਵਾਰ ਸੁਣ ਚੁੱਕਾ ਸੀ। ਹਰ ਰੋਜ਼ ਸਵੇਰੇ-ਸ਼ਾਮ ਠੰਡਾ ਹਉਂਕਾ ਲੈਂਦਾ ਤੇ ਸੋਚਦਾ: “ਹਾਏ ਰੱਬਾ, ਬਾਬੇ ਨੂੰ ਬਚਾ ਲੈ।"
"ਅੱਜ ਉਹਨਾਂ ਨੂੰ ਲਿਜਾਇਆ ਜਾ ਰਿਹਾ ਹੈ," ਸਿਪਾਹੀ ਕਹਿ ਰਿਹਾ ਸੀ। "ਦੇਖ ਹੁਣੇ ਨਿੱਕਲਣਗੇ।"