ੴ ਸਤਿਗੁਰ ਪ੍ਰਸਾਦਿ
ਗੁਰਪੁਰਬ ਗੁਲਜ਼ਾਰ
------------------------
੧. ਖੇੜਾ ਪਹਿਲਾ
(ਸੰ: ੪੩੧ ਨਾ: ਦੀ ਗੁਰਪੁਰਬ ਸਪਤਮੀ ਦੀ ਰਚਨਾ)
੧. ਅੱਜ ਵਧਾਈ ਦਾ ਦਿਨ
ਧੰਨ ਧੰਨ ਅੱਜ ਵਧਾਈ ਦਾ ਦਿਨ,
ਗੁਰੂ ਗੋਬਿੰਦ ਸਿੰਘ ਜਗ ਵਿਚ ਆਇਆ।
ਸੱਤ੍ਰਾਂ ਸੌ ਤੇਈਆ ਸੰਨ ਬਿਕ੍ਰਮ,
ਪਟਣਾਂ ਸ਼ਹਰ ਬਿਹਾਰ ਸੁਹਾਇਆ।
ਪੋਹ ਸੁਦੀ ਸਤਮੀ ਅਧ ਰਾਤੀ,
ਦੁਸ਼ਟ ਦਮਨ ਪਰਕਾਸ਼ ਕਰਾਇਆ।
ਮਹਾਂਪੁਰਖ ਗੁਰ ਤੇਗ ਬਹਾਦੁਰ,
ਮਹਾਂ ਤੇਜਸ੍ਵੀ ਤਿਸ ਘਰ ਆਇਆ।
ਧੰਨ ਧੰਨ ਅੱਜ ਵਧਾਈ ਦਾ ਦਿਨ,
ਗੁਰੂ ਗੁਬਿੰਦ ਸਿੰਘ ਜਗ ਵਿਚ ਆਇਆ ॥੧॥
ਗਈ ਗੁਆਤੀ ਹਾਲਤ ਭਾਰਤ,
ਗਈ ਬਹੋਰ ਦਾ ਬਿਰਦ ਵਿਖਾਇਆ।
ਕੁਬੁਧ ਕਰਨ ਤੇ ਲੋਕ ਹਟਾ ਕੇ,
ਕਹਿਆ ਪ੍ਰਭੂ ਦਾ ਜਗਤ ਸੁਣਾਇਆ।
ਸਤਿਨਾਮ ਦਾ ਮੰਤ੍ਰ ਦ੍ਰਿੜਾ ਕੇ,
ਮੁਕਤੀ ਮਾਰਗ ਸੁੱਖ ਦਿਖਾਇਆ।
ਅਪਨੇ ਜਾਣ ਨਿਵਾਜੇ ਬਖਸ਼ੇ,
ਸਿਖ ਸੰਗਤ ਸਭ ਪਾਰ ਲੰਘਾਇਆ।
ਧੰਨ ਧੰਨ ਅੱਜ ਵਧਾਈ ਦਾ ਦਿਨ ॥੨॥
ਮੰਗਲ ਚਾਰ ਉਛਾਹ ਘਨੇਰਾ,
ਘਰ ਘਰ ਮੰਗਲ ਅਨਦ ਸਵਾਇਆ।
ਪਟਨਾ ਸ਼ਹਰ ਲਹਰ ਆਨੰਦ ਵਿਚ,
ਨਰ ਨਾਰੀ ਉਤਸ਼ਾਹ ਵਧਾਇਆ।
ਫੈਲੀ ਖੁਸ਼ੀ ਕੀਰਤੀ ਵਾਕਰ,
ਮੁਲਕ ਅਸਾਮ ਤੀਕ ਪਹੁੰਚਾਇਆ।
ਦੇਸ ਕਾਵਰੂ ਹੁਤੇ ਸਤਿਗੁਰੂ,
ਸੁਣਤੋਪਾਂ ਦਾ ਸ਼ਕਲ ਕਰਾਇਆ।
ਧੰਨ ਧੰਨ ਅੱਜ ਵਧਾਈ ਦਾ ਦਿਨ : ॥੩॥
ਮੰਗਤ ਆਏ ਸਭ ਵਰਸਾਏ,
ਭੁਗਤ ਮੁਕਤ ਜੋ ਜਿਸ ਨੂੰ ਭਾਇਆ।
ਗਿਆ ਨ ਖਾਲੀ ਕੁਈ ਸਵਾਲੀ,
ਜੋ ਚਾਹਿਆ ਸੋਈ ਕੁਝ ਪਾਇਆ।
ਖੁਲ੍ਹੇ ਭੰਡਾਰੇ ਅਪਰ ਅਪਾਰੇ,
ਦਾਨ ਅਤੋਟ ਬਿਅੰਤ ਕਰਾਇਆ।
ਸ਼ਦਯਾਨੇ ਨੌਬਤ ਦਰ ਵੱਜੇ,
ਜੱਸ ਕਵਿੱਤ ਕਵਿ ਭੱਟਾਂ ਗਾਇਆ।
ਧੰਨ ਧੰਨ ਅੱਜ ਵਧਾਈ ਦਾ ਦਿਨ : ॥੪॥
ਹੋਰ ਅਵਤਾਰ ਬਥੇਰੇ ਹੋਏ,
ਇਕ ਇਕ ਕਾਰਣ ਤੇ ਇਕ ਆਇਆ॥
ਜੋ ਆਇਆ ਤਿਨ ਅਪਣਾ ਜਗ ਵਿਚ,
ਦੋਹੀ ਡੰਕਾ ਨਾਮ ਜਪਾਇਆ।
ਏਹ ਅਵਤਾਰ ਉਤਰ ਕੇ ਆਪੇ,
ਭਗਤ ਭਾਉ ਬ੍ਰਿਤ ਰੂਪ ਦਿਖਾਇਆ।
ਦੁਸ਼ਟ ਦੋਖੀਆਂ ਨੂੰ ਦਲ ਮਲ ਕੇ,
ਨਾਮ, ਪ੍ਰੇਮ, ਭਗਤੀ ਵਲ ਲਾਇਆ।
ਧੰਨ ਧੰਨ ਅੱਜ ਵਧਾਈ ਦਾ ਦਿਨ : ॥੫॥
ਇਕ ਨੂੰ ਇੱਕੋ ਕਰਕੇ ਕਹ ਕੇ,
ਇਕ ਇਕ ਵਾਰੀ ਇਕ ਸਮਝਾਇਆ।
ਬਿਨ ਅਕਾਲ ਕੁਈ ਹੋਰ ਨ ਦੂਜਾ,
ਸਰਬ ਕਲਾ ਸਮਰੱਥ ਸੁਹਾਇਆ।
ਦੁਬਿਧਾ ਦ੍ਵੈਤ ਹਨੇਰਾ ਰੌਲਾ,
ਸੱਤ ਉਪਦੇਸ਼ ਪ੍ਰਕਾਸ਼ ਦਿਖਾਇਆ।
ਸੱਤ ਧਰਮ ਦਾ ਮਾਰਗ ਸਿੱਧਾ,
ਚੱਲਣ ਦਾ ਜਿਨ ਵੱਲ ਸਿਖਾਇਆ।
ਧੰਨ ਧੰਨ ਅੱਜ ਵਧਾਈ ਦਾ ਦਿਨ: ॥੬॥
ਬਲਿਹਾਰੇ ਵਾਰੇ ਘੁੰਮ ਵਾਰੇ,
ਜਗ ਰੁੜ੍ਹਦੇ ਨੂੰ ਬੰਨੇਂ ਲਾਇਆ।
ਕੁਰਬਾਣੀ ਸਦਕੇ ਹੋ ਉਸਤੋਂ,
ਨਾਮ ਦੇਇ ਜਿਨ ਭਗਤੀ ਲਾਇਆ।
ਰਹੁ ਸ਼ਰਣਾਈ ਉਸਦੀ ਨਿਸ ਦਿਨ,
ਚਾਹੀਏ ਨਹਿਂ ਉਪਕਾਰ ਭੁਲਾਇਆ।