ਮੈਂ ਸਹੀਆਂ ਵਿਚ ਨ ਖੇਡਦੀ,
ਮੈਂ ਖੂਹ ਬਿਰਹੋ ਦਾ ਗੇੜਦੀ,
ਮੈਂ ਦੁਖਾਂ ਖੇਤ ਉਗਾ ਲਿਆ,
ਹੁਣ ਆ ਮਿਲ ਕਲਗੀ ਵਾਲਿਆਂ ।
ਤੈਨੂੰ ਕਰ ਕਰ ਯਾਦ ਪਯਾਰਿਆ,
ਜੀਉ ਟੋਟੇ ਕਰ ਵਾਰਿਆ,
ਨਿਮਾਣੇ ਮਾਣਨ ਵਾਲਿਆ,
ਹੁਣ ਆ ਮਿਲ ਕਲਗੀ ਵਾਲਿਆ ।
ਮੈਂ ਤੈਨੂੰ ਨਿੱਤ ਚਿਤਾਰਦੀ,
ਇਕ ਪਲ ਬੀ ਨਾਹਿ ਵਿਸਾਰਦੀ,
ਹਰ ਲੂੰ ਲੂੰ ਵਿਚ ਵਸਾ ਲਿਆ,
ਹੁਣ ਆ ਮਿਲ ਕਲਗੀ ਵਾਲਿਆ !
ਮੈਂ ਚਾਰ ਚੁਫੇਰੇ ਵੇਖਦੀ,
ਬਿਨ ਤੇਰੇ ਹੋਰ ਨ ਪੇਖਦੀ,
ਤੂੰ ਹਰ ਥਾਂ ਡੇਰਾ ਪਾ ਲਿਆ,
ਹੁਣ ਆ ਮਿਲ ਕਲਗੀ ਵਾਲਿਆ !
ਮੈਂ ਦੂਈ ਤੋਂ ਦਿਲ ਧੋ ਲਿਆ,
ਇਉਂ ਦੀਨ ਦੁਨੀ ਸਭ ਖੋਲਿਆ,
ਇਕ ਯਾਦ ਤੇਰੀ ਨੂੰ ਪਾ ਲਿਆ,
ਹੁਣ ਆ ਮਿਲ ਕਲਗੀ ਵਾਲਿਆ !
ਕਰ ਮੇਹਰ ਇਸ ਔਗੁਣ ਹਾਰ ਤੇ,
ਹੁਣ ਛੇਤੀ ਆ ਦੀਦਾਰ ਦੇ,
ਹੇ ਬਖਸ਼ ਮਿਲਾਵਣ ਵਾਲਿਆ ।
ਹੁਣ ਆ ਮਿਲ ਕਲਗੀ ਵਾਲਿਆ !
ਮੈਂ ਪੱਲੇ ਕੋਈ ਨਰਾਸ ਹੈ
ਤੇਰੇ ਚਰਨਾਂ ਸੰਦੀ ਆਸ ਹੈ,
ਇਕ ਪ੍ਰੇਮ ਤੇਰਾ ਮੈਂ ਪਾਲਿਆ,
ਹੁਣ ਆ ਮਿਲ ਕਲਗੀ ਵਾਲਿਆ !
ਕੋਈ ਰਖਦੇ ਹਿੰਮਤ ਤਾਣ ਹਨ,
ਕੋਈ ਬੰਨ੍ਹਦੇ ਦਾਵੇ ਮਾਣ ਹਨ,
ਮੇਰਾ ਸਭ ਕੁਝ ਬਿਰਹੋ ਜਾਲਿਆ,
ਹੁਣ ਆ ਮਿਲ ਕਲਗੀ ਵਾਲਿਆ !
ਕਈ ਜਨਮ ਗਏ ਤਰਸੋਂ ਦਿਆ,
ਗਿਆ ਏਹ ਬੀ ਸਿੱਕ ਸਿਕਦਿਆਂ,
ਏ ਹਰਾ ਜਨਮ ਗੁਆ ਲਿਆ,
ਹੁਣ ਆ ਮਿਲ ਕਲਗੀ ਵਾਲਿਆ ।
ਮੁਕ ਚਲਿਆ ਏਹ ਬੀ ਸਾਲ ਹੈ,
ਅੱਜ ਪੂਰਬੀ ਵਾਲਾ ਕਾਲ ਹੈ,
ਪਾ ਖੈਰ ਖੁਲ੍ਹੇ ਦਿਲ ਵਾਲਿਆ ।
ਹੁਣ ਆ ਮਿਲ ਕਲਗੀ ਵਾਲਿਆ ।
ਮੈਂ ਦੋਲਤ ਮਾਲ ਨਾਂ ਮੰਗਦੀ,
ਮੈਂ ਮੰਗਣੋਂ ਮੂਲੋਂ ਸੰਗਦੀ।
ਦੇਹ ਦਰਸ ਦਇਆ ਦੇ ਆਲਿਆ,
ਹੁਣ ਆ ਮਿਲ ਕਲਗੀ ਵਾਲਿਆ।
ਰੰਗ ਰੰਗ ਖੁਸ਼ੀ ਹੈ ਸੋਹ ਰਹੀ,
ਗੁਰ ਪੁਰਬ ਮੌਜ ਹੈ ਹੋ ਰਹੀ ।
ਕਰ ਬਖਤ ਮੇਰੇ ਬੀ ਸਾਲਿਆ *
ਹੁਣ ਆ ਮਿਲ ਕਲਗੀ ਵਾਲਿਆ।
* ਮੇਰੇ ਕਰਮਾਂ ਨੂੰ ਨੇਕ ਕਰ ਦੇਹ।
ਅੱਜ ਖੁਸ਼ੀਆਂ ਮਾਣੇ ਖਾਲਸਾ,
ਮੈਨੂੰ ਦਰਸ ਤੇਰੇ ਦੀ ਲਾਲਸਾ।
ਕਰ ਦਰਸਨ ਨਾਲ ਨਿਹਾਲਿਆ,
ਅੱਜ ਆ ਮਿਲ ਕਲਗੀ ਵਾਲਿਆ ॥
"ਔਹ ਕਲਗੀਆਂ ਵਾਲਾ ਆ ਗਿਆ,
ਮੈਨੂੰ ਚਰਨਾਂ ਵਿਚ ਸਮਾਂ ਲਿਆ।।
ਹੁਣ ਵਿਛੜ ਨ ਮੇਲਣ ਵਾਲਿਆ,
ਰਹੁ ਮਿਲਿਆ ਕਲਗੀ ਵਾਲਿਆ ॥
੪. ਕੀ ਕੀਤਾ ?
ਕੀ ਕੀਤਾ, ਗੁਰ ਗੋਬਿੰਦ ਸਿੰਘ ਨੇ ?
ਤੈਨੂੰ ਲੀਤਾ, ਰਖ ਦੁਖ ਪੀੜੋ ॥
ਸੁਣ ਮੀਤਾ, ਜਮ ਮਾਰੋ ਨਰਕੋ,
ਦਿਲ ਸੀਤਾ, ਪ੍ਰਭ ਪਗ ਸੰਗ ਤੇਰਾ॥
ਤੋਂ ਜੀਤਾ, ਮਨ ਉਸ ਦੀ ਬਖਸ਼ਸ਼,
ਰਖ ਨੀਤਾ, ਚਿਤ ਉਸ ਸਤਿਗੁਰ ਨੂੰ ॥
ਪੈ ਪੀਤਾ, ਤੂੰ ਜੀਵਿਓਂ ਮੁਰਦਾ,
ਦੁਖ ਬੀਤਾ, ਛਕ ਜਦ ਤੋਂ ਲੀਤਾ॥
ਸੁਖ ਰੀਤਾ, ਏਹ ਅੰਮ੍ਰਿਤ ਛਕਣਾ,
ਜਰ ਨੀਤਾ, ਹੈ ਔਖਾ ਇਸ ਨੂੰ ॥
ਮੈਂ ਕੀਤਾ ਉਲਟਾ ਇਸ ਨਾਲੋਂ,
ਭੁਲ ਦੀਤਾ, ਉਪਕਾਰ ਗੁਰੂ ਦਾ ॥
ਗਾਉਂ ਗੀਤਾ, ਅਨਮਤ ਦੇ ਹਰ ਦਮ,
ਨਹ ਚੀਤਾ, ਸਿੱਖੀ ਦਾ ਰਸਤਾ॥
ਇਕ ਭੀਤਾ, ਉਸਰੀ ਹੁਣ ਡਾਢੀ,
ਜਿਨ ਕੀਤਾ, ਬੇ ਮੁਖ ਸਤਿਗੁਰ ਤੋਂ ॥
ਸੁਣ ਮੀਤਾ ਮੰਗ ਬਖਸ਼ਸ਼ ਗੁਰ ਦੀ,
ਦਿਲ ਛੀਤਾ, ਕਰ ਇਕ ਦਮ ਨਾਹੀ ॥
ਸਰਣੀਤਾ, ਉਸ ਗੁਰ ਦੀ ਹੋ ਜਾ,
ਰਖ ਲੀਤਾ, ਗੁਰ ਕਲਗੀ ਵਾਲੇ ॥
ਗਾ ਗੀਤਾ, ਹੁਣ ਹਰਦਮ ਉਸ ਦੇ,
ਨਵ ਨੀਤਾ ਰਹੁ ਸਿਮਰਨ ਕਰਦਾ ॥
੫. ਗੁਰਪੁਰਬ ਨੂੰ ਕੀ ਕਰਨਾਂ ਚਾਹੀਏ ?
(੧) ਲੜੇ ਹੋਏ ਭਰਾਵਾਂ ਦੀ ਸੁਲ੍ਹਾ ਕਰਾਉਣੀ ਚਾਹੀਦੀ ਹੈ।
(੨) ਦੋ ਟੋਟੇ ਹੋਈਆਂ ਸਭਾਂ ਨੂੰ ਮਿਲਾ ਦੇਣਾ ਚਾਹੀਦਾ ਹੈ।
(੩) ਵਿਗੜੀ ਨੂੰ ਸਵਾਰ ਦੇਣਾ ਚਾਹੀਦਾ ਹੈ।
(੪) ਆਪਣੇ ਨਾਲ ਬਿਗੜਿਆਂ ਤੋਂ ਖਿਮਾਂ ਮੰਗਣੀ ਚਾਹੀਦੀ ਹੈ, ਅਰ ਖਿਮਾਂ ਮੰਗਣ ਵਾਲੇ ਨੂੰ ਬਖਸ਼ ਦੇਣਾ ਚਾਹੀਦਾ ਹੈ ।
(੫) ਪ੍ਰਣ ਕਰਨਾਂ ਚਾਹੀਦਾ ਹੈ ਕਿ ਅਪਨੇ ਮਨ ਜਾਂ ਸਰੀਰ ਦੇ ਪ੍ਰਬਲ ਵਿਕਾਰਾਂ ਨੂੰ ਛਡਿਆ ।
(੬) ਅੰਮ੍ਰਿਤ ਛਕਣਾਂ ਚਾਹੀਦਾ ਹੈ।
(੭) ਭਜਨ ਸਿਮਰਨ, ਪਾਠ, ਪੁੰਨ, ਭੋਗ, ਜੋੜ ਮੇਲ, ਦੀਪ ਮਾਲਾ, ਨੌਕਰਾਂ ਨੂੰ ਇਨਾਮ, ਮਿਤ੍ਰਾਂ ਨੂੰ ਸੁਗਾਤਾਂ ਤੇ ਸਰਬੰਧੀਆਂ ਨੂੰ ਤੁਹਫੇ ਦੇਣੇ ਚਾਹੀਦੇ ਹਨ ॥
੩. ਖੇੜਾ ਤੀਜਾ
(ਸੰ: ੪੩੩ ਨਾ: ਦੀ ਗੁਰਪੁਰਬ ਸਪਤਮੀ ਦੀ ਰਚਨਾਂ)
੧. ਅਜ ਕੀ ਹੈ ?
ਜੋ ਖਾਲਸਾ ਸਮਾਚਾਰ ਰੰਗਾਂ ਮੇਚੀ ਪੁਸ਼ਾਕ ਪਹਿਨੀ ਸਜ ਧਜ ਨਾਲ ਨਿਕਲ ਕੇ ਆਪ ਦੇ ਮਨਾਂ ਨੂੰ ਪ੍ਰਫੁਲਤ ਕਰ ਰਿਹਾ ਹੈ, ਪਯਾਰੇ ਪਾਠਕ! ਆਪ ਜਾਣਦੇ ਹੋ ਕਿਸ ਖੁਸ਼ੀ ਵਿਚ ? ਆਪ ਦੱਸੋ ਨਾਂ ਦੱਸੋ, ਪਰਚਾ ਆਪੇ ਬੋਲਕੇ ਦੱਸ ਦੇਵੇਗਾ ਜੋ ਇਹ ਖੁਸ਼ੀ ਪੰਥ ਰਖਯਕ, ਧਰਮ ਦੀਨ ਰਖਯਕ, ਦੀਨ ਦੁਨੀ ਦੇ ਮਾਲਕ, ਦੁਸ਼ਟ ਰਾਜ ਘਾਲਕ, ਅਨਾਥ ਪ੍ਰਤਿਪਾਲਕ, ਅਕਾਲ ਪੁਰਖ ਦੇ ਨਿਵਾਜੇ ਹੋਏ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਸਾਰ ਪਰ ਆਉਣ ਦੀ ਯਾਦਗਾਰੀ ਦਿਨ ਦੀ ਹੈ, ਜਿਨ੍ਹਾਂ ਨੇ ਸੰਸਾਰ ਪਰ ਆ ਕੇ ਅਮਨ ਫੈਲਾ ਦਿੱਤਾ, ਆਪਣੇ ਉਪਰ ਅਨੇਕਾਂ ਕਸ਼ਟ ਸਹਾਰ ਕੇ ਬੀ ਦੀਨ ਦੁਖੀਆਂ ਦਾ ਦੁਖ ਦੂਰ ਕੀਤਾ, ਅਪਨੇ ਪਯਾਰੇ ਪੁਤ੍ਰਾਂ ਦੇ ਧਰਮ ਹੇਤ ਕੁਰਬਾਨ ਹੁੰਦਿਆਂ ਵੀ ਮੱਥੇ ਤੀਉੜੀ ਨਹੀਂ ਪਾਈ, ਅਸਾਂ ਪਾਪੀ ਤੇ ਕ੍ਰਿਤਘਣਾਂ ਦੇ ਬੇਦਾਵੇ ਲਿਖ ਦੇਣ ਪਰ ਭੀ ਕ੍ਰਧਤ ਨਹੀਂ ਹੋਏ,
"ਟੂਟੀ ਗਾਢਨ ਹਾਰ ਗੋਪਾਲ''
ਅਰ ਸਾਨੂੰ ਅਪਨੀ ਪਵਿਤ੍ਰ ਸ਼ਰਨ ਵਿਚ ਲੈ ਕੇ ਦੀਨ ਦੁਨੀ ਦੇ ਸੁਖਾਂ ਦੇ ਭੰਡਾਰ ਸੌਂਪ ਦਿਤੇ ।