ਪਯਾਰੇ ਪਾਠਕ ਸਾਨੂੰ ਸੱਚੇ ਗੁਰੂ ਦੀਆਂ ਅਮਿੱਤ ਦਯਾਲਗੀਆਂ ਪਰ ਧੰਨਵਾਦ ਤੇ ਖੁਸ਼ੀ ਨਹੀਂ ਕਰਨੀ ਚਾਹੀਦੀ ? ਕਿਉਂ ਨਹੀਂ, ਜੋ ਕਰੀਏ ਸੋ ਥੋੜਾ ਹੈ। ਉਸ ਟੁਟੀ ਗੰਢਣ ਵਾਲੇ ਦੀ ਯਾਦਗਾਰ ਵਿਚ ਲੜੇ ਭਰਾਵਾਂ ਦੀ ਸੁਲਹ ਕਰਾਈਏ, ਟੋਟੇ ਹੋਈਆਂ ਸਭਾ ਦੀ ਸਿਰ ਜੋੜੀ ਕਰਾਈਏ, ਧੜੇ ਬਾਜੀਆਂ ਦੇ ਧੜਿਆਂ ਨੂੰ ਤੋੜਕੇ ਇੱਕ ਰੂਪ ਬਣਾਈਏ, ਵਿਗੜੀ ਨੂੰ ਸੁਆਰੀਏ, ਅਪਨੇ ਨਾਲ ਵਿਗੜਿਆਂ ਤੋਂ ਖਿਮਾਂ ਮੰਗੀਏ, ਖਿਮਾਂ ਮੰਗਨ ਵਾਲਿਆਂ ਨੂੰ ਗਲ ਨਾਲ ਲਾਈਏ, ਅਪਨੇ ਮਨ ਯਾ ਸਰੀਰ ਦੇ ਪ੍ਰਬਲ ਵਿਕਾਰਾਂ ਦੇ ਤਯਾਗਣ ਦਾ ਪ੍ਰਣ ਕਰੀਏ, ਅੰਮ੍ਰਿਤ ਛਕੀਏ ਛਕਾਈਏ, ਪਾਠ ਭੋਗ, ਰਤਜਾਗੇ, ਜੋੜ ਮੇਲ, ਦੀਪਮਾਲਾ ਆਦਿ ਉਤਸ਼ਾਹ ਕਰੀਏ, ਨੌਕਰਾਂ ਨੂੰ ਇਨਾਮ ਤੇ ਮ੍ਰਿਤਾਂ ਨੂੰ ਤੋਹਫੇ ਦੇਈਏ, ਦੀਨਾਂ ਦੁਖੀਆਂ ਦੀ ਸਹਾਇਤਾ ਕਰੀਏ, ਧਰਮ ਕਾਰਜਾਂ ਵਿਚ ਗੱਫੇ ਭੇਜੀਏ, ਗੁਰ ਮਹਿੰਮਾ ਤੇ ਧਰਮ ਪ੍ਰਚਾਰ ਦੇ ਗੁਟਕੇ ਵੰਡੀਏ, ਅਰ ਤਨ ਮਨ ਧਨ ਨਾਲ ਪੰਥ ਦੇ ਵਾਧੇ ਦੇ ਸਾਧਨ ਸਾਧੀਏ, ਕਿਉਂਕਿ ਇਸ ਨਾਲੋਂ ਵਧ ਕੇ ਖੁਸ਼ੀ ਦਾ ਦਿਨ ਸਾਡੇ ਵਾਸਤੇ ਹੋਰ ਕੇਹੜਾ ਹੈ ?
ਏਹ ਪਵਿਤ੍ਰ ਦਿਨ ਮੰਗਲਵਾਰ ੬ ਜਨਵਰੀ ਨੂੰ ਹੈ । ਆਸ਼ਾ ਹੈ ਕਿ ਇਸ ਦਿਨ ਜਗਾ ਜਗਾ ਪਿਛਲੇ ਬਰਸਾਂ ਨਾਲੋਂ ਬਹੁਤ ਵਧਕੇ ਆਨੰਦ ਤੇ ਉਤਸ਼ਾਹ ਮਨਾਏ ਜਾਣਗੇ ਧਰਮ ਦਾ ਪ੍ਰਚਾਰ ਹੋਵੇਗਾ। ਆਪ ਨੂੰ ਚਾਹੀਏ ਕਿ ਗੁਰੂ ਕੇ ਉਪਕਾਰਾਂ ਨੂੰ ਯਾਦ ਕਰਦੇ ਹੋਏ ਤਨ ਮਨ ਧਨ ਨਾਲ ਖੁਸ਼ੀ ਮਨਾਓ ਤੇ ਗੁਰੂ ਕੀ ਬਖਸ਼ੀ ਦੇਗ ਵਿਚੋਂ ਯਥਾ ਸਕਤ ਲੋੜ ਵੰਦਾਂ ਨਾਲ ਵੰਡ ਛਕੋ।
ਧਯਾਨ ਰੱਖਣਾਂ ਕਿਤੇ ਇਸ ਖੁਸ਼ੀ ਵਿਚ ਤਮਾਸ਼ਾ ਅਰ ਅਪਵਿੱਤ੍ਰ ਧਨ ਰਲਾ ਕੇ ਇਕ ਲੁਚ ਪੁਣੇ ਦਾ ਮੇਲਾ ਨਾਂ ਬਣਾ ਲੈਣਾਂ, ਗੁਰਪੁਰਬ ਸਦਾ ਪਵਿਤ੍ਰ ਅਰ ਅਦਬ ਵਾਲੇ ਹੋਣੇ ਚਾਹੀਏ।