੨. ਪ੍ਰੇਮ ਸੰਦੇਸਾ
ਧਾਰਨਾ-ਜੇ ਤੁਸਾਂ ਆਂਦੀਆਂ ਪਿੱਤਲ ਪ੍ਰਾਤਾਂ,
ਅਗੇ ਤਾਂ ਸਾਡੀਆਂ ਉਚੀਆਂ ਜਾਤਾਂ,
ਜਾਤ ਵਟਾਉਣੀ ਪਈ।
ਕੌਣ ਵੇਲੇ ਦੀ ਤੱਕ ਵਿਚ ਖਲੀਆਂ,
ਖਲੀ ਨੂੰ ਪੈ ਗਈਆਂ ਖਲੀਆਂ,
ਰਾਹ ਤਕਦਿਆਂ ਅੱਖਾਂ ਨ ਹਲੀਆਂ।
ਟੋਕ
ਕਲਗੀਆਂ ਵਾਲੇ ਨੂੰ ਕਹੀਂ ਨੀ ਮਾਏ,
ਕਲਗੀਆਂ ਵਾਲੇ ਨੂੰ ਕਹੀਂ,
ਫੇਰਾ ਤਾਂ ਪਾਵਣਾ ਸਹੀ, ਨੀ ਮਾਏ,
ਕਦੀ ਤਾਂ ਆਂਵਣਾ ਸਹੀ।
ਤੱਕਾਂ ਤਕਦਿਆਂ ਏਹ ਦਿਨ ਆਏ.
ਸੁਖਾਂ ਸੁਖਾਂਦਿਆਂ ਵਰਹੇ ਬਿਤਾਏ,
ਸਿੱਕ ਸਕਦਿਆਂ ਜੁਗ ਬਿਲਾਏ,
ਸਤਿਗੁਰ ਆਇਆ ਨਹੀਂ ।੧। ਕਲਗੀ :
ਰਾਤਾਂ ਤਾਂ ਬੀਤਣ ਤਾਰੇ ਗਿਣਦਿਆਂ,
ਸੂਰਜ ਚੜ੍ਹਦਾ ਬੰਨੇ ਫਰੇਂਦਿਆਂ,
ਦੇਹੁੰ ਤਾਂ ਬੀਤਦਾ ਸਾਹ ਭਰੇਂਦਿਆਂ,
ਸੰਝ ਪਿਆਂ ਸੁਖ ਨਹੀਂ ।੨। ਕਲਗੀ:
ਕੱਖ ਹਿੱਲੇ ਮੈਂ ਤੱਬਕ ਉਠੇਂਦੀ,
ਚਾਰ ਚੁਫੇਰੇ ਉੱਠ ਤਕੇਂਦੀ,
ਤਕ ਤਕ ਸਾਰੇ ਨੈਣ ਭਰੇਂਦੀ,
ਨੈਣ ਭਰੇ ਬੈਹ ਗਈ ।੩। ਕਲਗੀ:
ਢੂੰਢ ਫਿਰੀ ਮੈਂ ਸ਼ੈਹਰ ਗਿਰਾਈ,
ਜੰਗਲ ਬੇਲੇ ਔਝੜੀ ਬਾਈ,
ਨਦੀ ਕਿਨਾਰੇ ਸ਼ਹੁ ਦਰਿਆਈ,
ਸਾਰ ਨ ਕਿਧਰੋ ਪਈ ।੪। ਕਲਗੀ:
ਪਰਬਤ ਉੱਚੜੇ ਦੇਖ ਮੈਂ ਹਾਰੀ,
ਕੁਖਾਂ ਤੇ ਕੰਦਰਾਂ ਡੂੰਘੀਆਂ ਗਾਰੀ,
ਸਾਗਰ ਸਮੁੰਦ੍ਰਾ ਪਾਰ ਉਰਾਰੀ,
ਢੂੰਡ ਨਿਰਾਸੀ ਰਹੀ ।੫। ਕਲਗੀ:
ਵੇਲੇ ਕਵੇਲੜੇ ਢੂੰਡਿਆ ਸਾਰੇ,
ਦਿਨੀ ਦੁਪਹਰੀ ਸੰਝ ਮਝਾਰੇ,
ਕਾਲੀਆਂ ਰਾਤਾਂ ਤੜਕੇ ਸਾਰੇ,
ਢੂੰਡਦੀ ਢੂੰਡਦੀ ਰਹੀ ।੬। ਕਲਗੀ
ਅੱਮਾਂ ਤ ਹਟਕੇ ਬਹੁਤ ਪਿਆਰੀ,
ਹੋਸ਼ ਕਰੀਂ ਕਹੇ ਧੀਏ ਵਾਰੀ!
ਕਲਗੀਆਂ ਵਾਲੇ ਦੀ ਪ੍ਰੀਤ ਵਿਸਾਰੀ,
ਦੁਨਯਾਂ ਨੂੰ ਘੁਟਕੇ ਫਹੀਂ ।੭। ਕਲਗੀ:
ਪੰਜ ਭਰਾ ਮੁਹਿ ਨਿੱਤ ਸਮਝਾਵਨ,
ਯਤਨ ਕਰੇਂਦੇ ਚਿਤ ਪਰਚਾਵਨ,
ਜਿਵੇਂ ਜਿਵੇਂ (ਮੈਨੂੰ) ਤੁਧੋਂ ਭੁਲਾਵਨ,
ਹਾਇ ! ਮੈਂ ਭੁਲਦੀ ਨਹੀਂ ।੮। ਕਲਗੀ:
ਮੈਨੂੰ ਨ ਭਾਂਵਦੇ ਵੀਰ ਪਿਆਰੇ,
ਅੱਮਾਂ ਸਣੇ ਸਾਕ ਸੈਣ ਜੋ ਸਾਰੇ,
ਦੁਨੀ ਦੇ ਰੰਗ ਸਭ ਭਾਸਦੇ ਖਾਰੇ,
ਪ੍ਰੀਤ ਤੇਰੀ ਰਚ ਰਹੀ ।੯। ਕਲਗੀ:
ਪ੍ਰੇਮ ਤੇਰੇ ਚਿਤ ਡੇਰਾ ਜਮਾਇਆ,
ਲੂੰ ਲੂੰ ਵਿਖੇ ਤੇਰਾ ਪ੍ਰੇਮ ਸਮਾਇਆ,
ਚਾਰ ਚੁਫੇਰੇ ਪ੍ਰੇਮ ਹੈ ਛਾਇਆ.
ਪ੍ਰੇਮ ਬਿਨਾਂ ਕੁਛ ਨਹੀਂ । ੧੦ । ਕਲਗੀ:
ਪ੍ਰੇਮ ਦੀ ਅੱਗ ਚਿੱਤ ਬਲੇ ਕਰਾਰੀ,
ਬਾਲੇ ਤੇ ਸਾੜੇ ਫੇਰ ਲਗੇ ਪਿਆਰੀ,
ਦਰਸ਼ਨ ਦੀ ਸਿੱਕ ਨਾਲ ਮੱਲ੍ਹਦੀ ਭਾਰੀ.
ਤਰਸ ਤਰਸ ਨਿਤ ਰਹੀ ।੧੧1 ਕਲਗੀ:
ਕਦੀ ਤਾਂ ਲਾਲ ਆ ਮਿਲੋ ਪਿਆਰੇ,
ਦਰਸ ਵਿਟਹੁ ਚਉਖੰਨੀਆਂ ਵਾਰੇ,
ਘੋਲ ਘੁਮਾਈ ਸਦੱਕੜੀ ਸਾਰੇ,
ਕਦੀ ਤਾਂ 'ਆਵਣਾ ਸਹੀ ।੧੨। ਕਲਗੀ:
ਅੰਗਣ ਹਾਰੀ ਭਾਰੀ ਮੈਂ ਸਾਈਆਂ,
ਔਗਣੀ ਪਲੀਆਂ, ਔਗਣੀ ਜਾਈਆਂ,
ਅੱਗਣ ਭਰੀ ਤੇਰੇ ਦੁਆਰੇ ਤੇ ਆਈਆਂ.
ਪਿਆਰਿਆਂ "ਨਾਂਹ" ਨ ਕਹੀਂ ।੧੩। ਕਲਗੀ:
ਅੰਗਣ ਨ ਤੱਕੀ ਅਪਣਾ ਬਿਰਦ ਸੰਮਾਲੀ,
ਮੋੜ ਨ ਦੇਈ ਮੈਂ ਨਿਮਾਣੀ ਸੁਵਾਲੀ,
ਤੇਰੇ ਦਰੋ ਕੋਈ ਗਿਆ ਨ ਖਾਲੀ,
ਖੈਰ ਤਾਂ ਪਾਵਣਾ ਸਹੀ ।੧੪। ਕਲਗੀ:
ਨਾਂ ਮੈਂ ਰੂਪ ਧਨ ਜੋਬਨ ਨਾਹੀ,
ਅੱਲ ਵਲੱਲੀ ਭੁਲੱਕਣ ਗੁਨਾਹੀ,
ਨਾਂ ਮੈਂ ਮਾਣ ਤਾਣ ਕੁਝ ਰਖਾਹੀ,
ਬਖਸ਼ ਬਖਸ਼ ਤੂੰ ਲਈ ।੧੫) ਕਲਗੀ:
ਸਭ ਕੁਝ ਮੇਰਾ ਗਿਆ ਗੁਵਾਤਾ,
ਯਾਦ ਤੇਰੀ ਵਿਚ ਏਹ ਮਨ ਰਾਤਾ,
ਯਾਦ ਬਿਨਾਂ ਮੈਂ ਕੁਝ ਨ ਜਾਤਾ,
ਯਾਦੋ ਯਾਦ ਹੀ ਰਹੀ ।੧੬। ਕਲਗੀ:
ਮੈਂ ਨਾ ਰਹੀ, ਮੇਰਾ ਕੁਝ ਨ ਰਹਿਆ,
ਯਾਦ ਤੇਰੀ ਪ੍ਰੇਮ ਤੇਰਾ ਹੈ ਗਹਿਆ,
ਸਿੱਕ ਉਡੀਕ ਇਸ਼ਕ ਤੇਰਾ ਹੀ ਰਹਿਆ,
ਦੂਈ ਨ ਮੂਲੋਂ ਰਹੀ ।੧੭। ਕਲਗੀ:
ਦੂਈ ਦੀ ਡਾਇਣ ਗਈ ਗੁਵਾਤੀ,
ਹਉਮੈਂ ਦੀ ਸੈਨਾਂ ਜਾ ਪਈ ਖਾਤੀ,
ਬਖਸ਼ ਪਿਆਰੇ ਹੁਣ ਪਿਰਮ ਪਰਾਤੀ,
ਚਰਨੀ ਹੁਣ ਲਾ ਲਈ ॥੧੮॥
੪. ਖੇੜਾ ਚੌਥਾ
(ਸੰਮਤ ੪੩੪ ਨਾ: ਦੀ ਗੁਰਪੁਰਬ ਸਪਤਮੀ ਦੀ ਰਚਨਾਂ)
੧-ਪ੍ਰਸੰਗ ਭਾਈ ਜਯੋਤੀ ਸਿੰਘ
ਬ੍ਰਹਮ ਪੁਤ੍ਰਾ ਨਦੀ ਦੇ ਕਿਨਾਰੇ, ਢਾਕੇ ਸ਼ਹਰ ਤੋਂ ਕੁਝ ਦੂਰ, ਅੱਜ ਤੋਂ ਕੋਈ ਦੋ ਕੁ ਸੌ ਵਰ੍ਹਾ ਪਿਛੇ ਇਕ ਅਚਰਜ ਤਮਾਸ਼ਾ ਹੋ ਰਿਹਾ ਹੈ, ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਕਮਲਾਂ ਦਾ ਭੌਰਾ ਭਾ: ਜਯੋਤੀ ਸਿੰਘ ਚੌਕੜੀ ਮਾਰੇ ਬੈਠਾ ਅਪਣੇ ਅਨੰਦ ਵਿਚ ਮਗਨ ਸਾਯੰਕਾਲ ਦੇ ਸਮੇਂ ਪ੍ਰੇਮ ਦੇ ਸ਼ਬਦ ਗਾਉਂ ਰਿਹਾ
ਹੈ, ਦਿਲ ਪ੍ਰੇਮ ਵਿਚ ਮਗਨ ਹੈ, ਸੁਰਤ ਪੂਰਨ ਏਕਾਗ੍ਰਤਾ ਵਿਚ ਖਚਿਤ ਹੈ, ਜ਼ਬਾਨ ਪ੍ਰੇਮ ਰਸ ਦੀ ਰੱਤੀ ਐਸੇ ਦਿਲ ਖਿੱਚਵੇਂ ਸ਼ਬਦ ਗਾ ਰਹੀ ਹੈ ਕਿ ਚਲਦੇ ਜਲ ਨੂੰ ਮਾਨੋ ਬੰਨ੍ਹਣ ਵਾਲੀ ਗਲ ਹੋ ਰਹੀ ਹੈ। ਅੱਖਾਂ ਤੋਂ ਕਿਸੇ ਕਿਸੇ ਵੇਲੇ ਜਲ ਦੇ ਟੋਪੇ ਕਿਰਦੇ ਹਨ, ਸਰੀਰ ਸਾਰੇ ਤੇ ਲੂੰ ਕੰਡੇ ਹੋ ਹੋ ਜਾਂਦੇ ਹਨ, ਸ਼ੁਕਰ ਦਾ ਭਾਵ ਚਾਰ ਚੁਫੇਰੇ ਛਾ ਰਿਹਾ ਹੈ, ਜਲ ਦੇ ਤੰਗ ਮਨ ਦੇ ਪ੍ਰੇਮ ਦੀਆਂ ਲਹਿਰਾਂ ਨਾਲ ਇੱਕ ਸੁਰ ਹੋ ਰਹੇ ਹਨ। ਇਨ੍ਹਾਂ ਦੀ ਮਧੁਰ ਧੁਨ ਦਾ ਓਹ ਦਿਲ ਖਿੱਚਵਾਂ ਅਸਰ ਪੈ ਰਿਹਾ ਹੈ ਕਿ ਇਕ ਨਵਾਬ ਸਾਹਿਬ ਥੋੜੀ ਵਿੱਥ ਉੱਤੇ ਅਪਨੇ ਜਸ਼ਨ ਵਿਚ ਰੱਤੇ ਹੋਏ ਤ੍ਰਬਕ ਉਠੇ। ਸ਼ਰਾਬ ਦਾ ਪਯਾਲਾ ਹੱਥੋਂ ਰਹ ਗਿਆ ਨਚਦੀ ਵੇਸਵਾ ਨੂੰ ਨੱਚਣ ਦਾ ਹੁਕਮ ਬੰਦ ਹੋ ਗਿਆ, ਹਾਹਾ ਹੀਹੀ ਦੀ ਥਾਂ ਚੁਪ ਵਰਤ ਗਈ, ਸੰਧਯਾ ਦੀ ਮਧਮ ਛਾਉ ਦੇ ਹਨੇਰੇ ਪਯਾਰੀ ਰੁਮਕਦੀ ਪੌਣ, ਤੇ ਮਿੱਠੀ ੨ ਪਸਰਦੀ ਠੰਢਕ ਅੱਖਾਂ ਅੱਗੇ ਸ਼ਾਂਤੀ ਨਾਲ ਵਗਦੀ ਸੀਤਲ ਤੇ ਸੁਹਾਉਣੀ ਨਦੀ ਨੇ ਐਸਾ ਪਿਆਰਾ ਸਮਾਂ ਬਣਾ ਦਿੱਤਾ ਸੀ, ਜਿਸ ਵਿਚ ਸਿੰਘ ਹੁਰਾਂ ਦੀ ਦਿਲ ਚੀਰਵੀਂ ਅਵਾਜ਼ ਨਾਲ ਰਾਗ ਵਿੱਦਯਾ ਦਾ ਸੁਰਤਾਰ ਠੀਕ, ਉਪਰੋ ਪ੍ਰੇਮ ਨਾਲ ਪ੍ਰੋਤੀ ਹੇਕ ਨੇ ਓਹ ਜਾਦੂ ਦਾ ਅਸਰ ਕੀਤਾ ਕਿ ਵਿਸ਼ਈ ਨਵਾਬ ਸਾਹਿਬ ਖਿੱਚੇ ਗਏ ਤੇ ਪੱਥਰ ਦੀ ਮੂਰਤ ਵਾਂਙ ਬੈਠੇ ਦੇਰ ਤਕ ਸੁਣਦੇ ਰਹੇ।
ਉਸ ਮਨ ਨੂੰ ਪ੍ਰੇਰ ਦੇਣ ਵਾਲੀ ਸੁਰ ਨੇ ਕੀ ਅਚਰਜ ਅਸਰ ਕੀਤਾ ਕਿ ਸਾਰਾ ਵਿਸ਼ਈ ਜਲਸਾ ਪੁਤਲੀਆਂ ਵਾਂਙ ਪੱਥਰ ਹੋ ਗਿਆ। ਜਿਸ ਵੇਲੇ ਸਿੰਘ ਹੁਰਾਂ ਨੇ ਚੁਪ ਕੀਤੀ, ਨਵਾਬ ਸਾਹਿਬ ਦੇ ਮੂੰਹੋਂ ਵਾਹ ਵਾਹ ਨਿਕਲੀ, ਚਾਰ ਚੁਫੇਰੇ ਤੱਕੇ, ਹੁਕਮ ਹੋਇਆ ਕਿ ਜਾਓ ਦੇਖੋ ਕੌਣ ਹੈ ? ਹੁਕਮ ਪਾਕੇ ਪਿਆਦੇ ਗਏ ਅਰ ਆਕੇ ਖਬਰ ਦਿਤੀ ਕਿ ਕੋਈ ਕਾਫਰ ਮਲੂਮ ਹੁੰਦਾ ਹੈ । ਹੁਕਮ ਹੋਇਆ ਹਾਜ਼ਰ ਕਰੋ, ਉਸੇ ਵੇਲੇ ਪਯਾਦਿਆਂ ਜਾ ਲਲਕਾਰਿਆ। ਸਤੋ ਗੁਣੀ ਸੁਮੰਦਰ ਵਿਚ ਗ਼ਰਕ ਹੋਏ ਹੋਏ ਸਿੰਘ ਜੀ ਸ਼ਾਂਤੀ ਨਾਲ ਤੱਕ ਕੇ ਸਹਜ ਨਾਲ ਬੋਲੇ, ਕੀ ਆਗਯਾ ਹੈ ? ਸਿਪਾਹੀਆਂ ਨੇ ਕਿਹਾ ਨਵਾਬ ਸਾਹਿਬ ਯਾਦ ਕਰਦੇ ਹਨ। ਆਪ ਨੇ ਕਿਹਾ ਸਾਡੇ ਗ਼ਰੀਬਾਂ ਨਾਲ ਉਨ੍ਹਾਂ ਦਾ ਕੀ ਪ੍ਰਯੋਜਨ ਹੋ ਸਕਦਾ ਹੈ ? ਪਰ ਉਨ੍ਹਾਂ ਦੀ ਬਹੁਤ ਖਿਚ