੩. ਹੁਣ ਆ ਮਿਲ ਕਲਗੀਆਂ ਵਾਲਿਆ !
(ਰਾਗ ਸੋਹਣੀ)
ਮੈਂ ਦੁਨੀਆਂ ਤੋਂ ਚਿੱਤ ਚਾ ਲਿਆ,
ਤੇਰੇ ਚਰਨਾਂ ਨਾਲ ਲਗਾ ਲਿਆ,
ਮੈਂ ਤੈਨੂੰ ਨਿੱਤ ਸੰਭਾਲਿਆ !
ਹੁਣ ਆ ਮਿਲ ਕਲਗੀਆਂ ਵਾਲਿਆਂ !
ਕਈ ਜੁੱਗ ਗਏ ਹਨ ਬੀਤਦੇ,
ਨਿੱਤ ਰਹਿੰਦਿਆਂ ਵਿਚ ਉਡੀਕ ਦੇ,
ਇਉਂ ਚੋਖਾ ਜੱਫਰ ਜਾਲਿਆ,
ਹੁਣ ਆ ਮਿਲ ਕਲਗੀ ਵਾਲਿਆਂ !
ਮੈਂ ਦਿਨ ਨੂੰ ਆਹਾਂ ਮਾਰਦੀ,
ਗਿਣ ਤਾਰੇ ਰਾਤ ਗੁਜ਼ਾਰਦੀ,
ਮੈਂ ਬਨ ਦੁਖਾਂ ਦਾ ਝਾਲਿਆ,
ਹੁਣ ਆ ਮਿਲ ਕਲਗੀ ਵਾਲਿਆ ।
ਮੈ ਹਰ ਦਮ ਸੋਚਾਂ ਸੋਚਦੀ,
ਨਿਤ ਦਰਸ਼ਨ ਤੇਰਾ ਲੋਚਦੀ,
ਮੈਂ ਰੋ ਰੋ ਜਿਗਰਾ ਗਾਲਿਆ,
ਹੁਣ ਆ ਮਿਲ ਕਲਗੀ ਵਾਲਿਆ !
ਮੈਂ ਤਕਦੀ ਰਾਹਾਂ ਤੇਰੀਆਂ,
ਪਾ ਜੋਗੀ ਵਾਲੀ ਫੇਰੀਆਂ,
ਮੈਂ ਲੁਛ ਲੁਛ ਹਾਲਵੰਜਾ ਲਿਆ,
ਹੁਣ ਆ ਮਿਲ ਕਲਗੀ ਵਾਲਿਆ !