ਮੁੱਖ ਬੰਧ
ਜੀਵਨ ਅਜਬ ਗੋਰਖਧੰਦਾ ਹੈ, ਦ੍ਵੰਦ ਦਾ ਮਿਲਗੋਭਾ ਜਿਹਾ। ਅਨਕੂਲ ਤੇ ਪ੍ਰਤੀਕੂਲ। ਕਈ ਘਟਨਾਵਾਂ ਵਾਪਰਦੀਆਂ ਹਨ। ਕਈ ਖ਼ੁਸ਼ੀਆਂ ਗਮੀਆਂ ਜ਼ਿੰਦਗੀ ਦੇ ਸਫ਼ਰ ਵਿਚ ਨਾਲ ਹੋ ਤੁਰਦੀਆਂ ਹਨ। ਸੁਖ ਦੁਖ ਜਨਮ ਮਰਨ, ਹਰਖ ਸੋਗ ਆਦਿ ਸਰਬ ਸਾਂਝੇ ਤਜਰਬੇ ਹਨ । ਸੰਸਾਰਕ ਵਾਕਿਆਤ ਨਾਲ ਸੁਰਤ ਦਾ ਲਹਾ ਚੜਾ ਸੁਭਾਵਕ ਹੈ ਤੇ ਅਹਿਸਾਸ ਨਾਲ ਬੱਧਾ ਮਨ 'ਸੀਰਾ ਤਾਤਾ' ਹੁੰਦਾ ਰਹਿੰਦਾ ਹੈ । ਹਾਂ ਕਦੇ.. ਕਿਧਰੇ... ਕੋਈ ਸੱਤਪੁਰਖ ਐਸੇ ਹੁੰਦੇ ਹਨ ਜੋ ਸੱਟ ਤੇ ਸੱਟ ਪੈਣ ਤੇ ਵੀ ਅਹਿਲ ਤੇ ਅਡੋਲ ਖਲੋਤੇ ਆਖਦੇ ਹਨ :
"ਜੋ ਕੁਛ ਹੁੰਦਾ ਹੈ ਹੁਕਮ ਵਿਚ ਹੁੰਦਾ ਹੈ, ਉਦਾਸੀ ਦੀ ਲੋੜ ਨਹੀਂ, ਹੁਕਮ ਸੁਖ ਲਈ ਹੁੰਦਾ ਹੈ ।"
ਉਪਰੋਕਤ ਬਚਨ* ਓਸ ਸੰਤ-ਕਵੀ ਤੇ ਸ਼੍ਰੋਮਣੀ ਸਾਹਿਤਕਾਰ ਦੇ ਹਨ ਜਿਨ੍ਹਾਂ ਨੂੰ ਅਸੀਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਨਾਂ ਨਾਲ ਪਿਆਰਦੇ ਸਤਕਾਰਦੇ ਹਾਂ । ਨੇਕੀ ਦੇ ਪੁੰਜ, ਸ੍ਰੀ ਭਾਈ ਸਾਹਿਬ ਦਾ ਕਿਰਦਾਰ ਓਸ ਗੁਰਸਿਖ ਵਾਂਗ ਹੈ ਜਿਸ ਦੀ ਬਾਬਤ ਇਕ ਮਹਾਂਵਾਕ ਏਸ ਤਰ੍ਹਾਂ ਹੈ :
ਜਨ ਨਾਨਕ ਧੂੜ ਮੰਗੇ ਤਿਸ ਗੁਰਸਿਖ ਕੀ
ਜੋ ਆਪਿ ਜਪੈ ਅਵਰਹ ਨਾਮੁ ਜਪਾਵੈ
ਧੁਰੋਂ ਵਰੋਸਾਏ ਗੁਰਮੁਖ ਪਿਆਰੇ ਭਾਈ ਸਾਹਿਬ, ਇਹ ਉੱਤਮ ਕਾਰ ਕਰਦੇ ਕਰਦੇ ਨਾਲ ਨਾਲ ਚੜ੍ਹਦੀ ਕਲਾ ਦੀ ਪ੍ਰੇਰਨਾਂ ਦੇਂਦੇ ਹਨ । ਖੇੜਾ, ਖਿੜਨਾਂ ਖਿੜਾਣਾਂ ਆਪ ਜੀ ਦੇ ਚਿੰਤਨ ਦਾ ਕੇਂਦਰੀ ਨੁਕਤਾ ਹੈ। ਹਾਂ, ਜੇ ਕਿਧਰੇ ਦੁਖ ਦੇਖਦੇ ਹਨ ਤਾਂ ਸੱਜਲ ਨੇਤਰ, ਆਪ ਦਾ ਦਯਾਲੂ ਹਿਰਦਾ ਪੰਘਰ ਕੇ ਵਗ ਤੁਰਦਾ ਹੈ ।" ਕਹਿੰਦੇ ਹਨ :
ਦੁਨੀਆਂ ਦਾ ਦੁਖ ਦੇਖ ਦੇਖ ਦਿਲ
ਦਬਦਾ ਦਬਦਾ ਜਾਂਦਾ,
*ਪੁਸਤਕ "ਗੁਰਮੁਖ ਸਿਖਿਆ" - ਸਫ਼ਾ 13.
** ਪੁਸਤਕ ਲਹਿਰਾਂ ਦੇ ਹਾਰ - ਸਫ਼ਾ 32 ਕਵਿਤਾ, ਦਰਦ ਦੇਖ ਦੁਖ ਆਦਾ ।
ਅੰਦਰਲਾ ਪੰਘਰ ਵਗ ਟੁਰਦਾ
ਨੈਣੋਂ ਨੀਰ ਵਸਾਂਦਾ,
ਫਿਰ ਬੀ ਦਰਦ ਨ ਘਟੇ ਜਗਤ ਦਾ
ਚਾਹੇ ਆਪਾ ਵਾਰੋ,
ਪਰ ਪੱਥਰ ਨਹੀਂ ਬਣਿਆਂ ਜਾਂਦਾ
ਦਰਦ ਦੇਖ ਦੁਖ ਆਂਦਾ ।
ਆਪ ਜੀ ਦਾ ਮਾਨਵ ਪਿਆਰ, ਲੋਕ-ਪੀੜਾ ਮਹਿਸੂਸ ਕਰਦਾ ਵੈਰਾਗ ਵਿਚ ਔਂਦਾ ਹੈ ਅਤੇ ਆਪ ਜੀ ਅਪਨਾ ਆਪਾ ਵਾਰ ਕੇ ਵੀ ਜਗਤ ਦਾ ਦੁਖ ਦੂਰ ਕਰਨਾ ਲੋੜਦੇ ਹਨ । ਇਹ ਹਮਦਰਦੀ ਦਾ ਜਜ਼ਬਾ, ਲਿਖਤ ਦਾ ਰੂਪ ਲੈਂਦਾ, ਥਾਂ ਥਾਂ ਪ੍ਰਦੀਪਤ ਹੁੰਦਾ ਹੈ । ਕਿਧਰੇ ਇਹ ਕਵਿਤਾ ਬਨ ਕੇ, ਦਰਦ ਵੰਡਦਾ, ਦਿਲਜੋਈ ਕਰਦਾ ਹੈ ਅਤੇ ਕਿਧਰੇ ਚਿੱਠੀਆਂ ਦ੍ਵਾਰਾ ਚੰਗੇ ਜੀਵਨ ਦੀ ਰਾਹਨੁਮਾਈ ਕਰਦਾ ਹੈ। ਅੱਡ ਅੱਡ ਸਮੇਂ ਭੇਜੇ ਗਏ ਅਨੇਕ ਪੱਤਰ ਇਕ ਭਾਵਨਾਂ… ਇਕ ਅੰਤ੍ਰੀਵ ਆਸ਼ਾ ਦਰਸਾਂਦੇ ਦਿਸਦੇ ਹਨ। ਤੇ ਉਹ ਇਹ ਕਿ ਹੋਰ ਜੋ ਕੁਝ ਹੋਵੇ ਸੋ ਹੋਵੇ ਪਰ ਵਾਹਿਗੁਰੂ ਜੀ ਨਾਲ ਸਾਡੀ ਵਿੱਥ ਨਾ ਪਵੇ । ਆਪ ਜੀ ਦੇ ਖ਼ਿਆਲ ਵਿਚ ਅਸਲ ਸੁਖ ਕੀ ਹੈ । ਉਸ ਦਾ ਵਰਨਨ* ਐਉਂ ਕਰਦੇ ਹਨ :
"ਮਨ ਦੇ ਸੰਸੇ ਛੱਡ ਕੇ ਉਸ ਬੇਅੰਤ ਦੀ ਬਿਅੰਤ ਲੀਲਾ ਦਾ ਦਿਦਾਰਾ ਕਰਨਾ ਤੇ ਉਸ ਦੇ ਪਿਆਰ ਤੇ ਯਾਦ ਵਿਚ ਰਹਿਣਾ ਅਸਲ ਸੁਖ ਹੈ ।"
ਇਹ ਪੱਤਰ ਕਿ ਕਿਰਪਾ ਪੱਤਰ ਭਾਈ ਸਾਹਿਬ ਦੀ ਵਿਸ਼ੇਸ਼ ਸਾਹਿਤਕ ਦੇਣ ਤੋਂ ਛੁਟ ਆਪ ਜੀ ਦਾ ਵਡਾ ਭਾਰਾ ਪ੍ਰਉਪਕਾਰੀ ਕਰਮ ਹੈ । ਜਿਥੇ ਹੋਰ ਸਾਹਿਤ ਵਿਆਪਕ ਤੌਰ ਤੇ ਗੁਰਮਤ ਦੀ ਵਿਆਖਿਆ ਕਰਦਾ ਹੈ ਓਥੇ ਪੱਤਰਾਂ ਦਾ ਸਿਲਸਲਾ ਵਿਅਕਤੀ-
ਗਤ ਸਮਾਚਾਰਾਂ ਤੇ ਨਿੱਜ ਮਨਾਂ ਲਈ ਜੀਅਦਾਨ ਦਾ ਕੰਮ ਕਰਦਾ ਹੈ । ਇਹਨਾਂ ਪੱਤਰਾਂ ਵਿਚੋਂ ਕੁਝ ਜੋ ਸ਼ੋਕਮਈ ਚਲਾਣਿਆਂ ਦੇ ਮੌਕੇ ਤੇ ਵਿਯੋਗੀ ਪਰਵਾਰਾਂ ਨੂੰ ਲਿਖੇ ਗਏ, ਸੰਕਲਿਤ ਕਰ ਕੇ, ਹਮਦਰਦੀ ਪੱਤਰ ਦੇ ਨਾਂ ਹੇਠ ਛਾਪੇ ਦਾ ਜਾਮਾ ਪਹਿਨ ਰਹੇ ਹਨ।
ਆਸ ਹੈ ਕਿ ਇਹ ਪਾਠਕ ਜਨਾਂ ਨੂੰ ਸੁਖ ਸਨੇਹ ਦੇਂਦੇ, ਉਹਨਾਂ ਦੇ ਸਿਦਕ ਭਰੋਸੇ ਵਿਚ ਵਾਧਾ ਕਰਨਗੇ ।
ਇਹਨਾਂ ਪੱਤਰਾਂ ਦੀ ਪ੍ਰਾਪਤੀ ਦਾ ਵੇਰਵਾ ਕੁਝ ਏਸ ਤਰਾਂ ਹੈ ਕਿ ਜਦੋਂ ਸ੍ਰੀ ਭਾਈ ਸਾਹਿਬ ਕਿਸੇ ਦੁਖਿਤ ਹਿਰਦੇ ਨੂੰ ਓਸ ਦੇ ਮਿੱਤ੍ਰ ਜਾਂ ਸੰਬੰਧੀ ਦੇ ਵਿਛੋੜੇ ਤੇ ਕੁਝ ਧੀਰਜ ਦਿਲਾਸੇ ਅਤੇ ਭਾਣਾ ਮਿੱਠਾ ਕਰ ਕੇ ਮਨਣ ਦੇ ਅੱਖਰ ਲਿਖਿਆ ਕਰਦੇ ਸਨ ਤਾਂ ਸਿੰਧ ਵਾਲੇ ਬੀਬੀ ਤੇਜ ਜੀ ਆਪ ਜੀ ਦੀ ਆਗਿਆ ਲੈ ਕੇ ਉਹਨਾਂ ਦਾ ਉਤਾਰਾ ਅਪਨੇ ਲਈ ਰਖ ਲਿਆ ਕਰਦੇ ਸਨ। ਉਹ ਉਤਾਰੇ ਕਠੇ ਕਰ ਕੇ ਬੀਬੀ ਤੇਜ ਜੀ ਨੇ ਇਕ ਫਾਈਲ (File) ਦੀ ਸ਼ਕਲ ਵਿਚ ਬੀਬੀ ਗੁਰਲੀਲਾ ਜੀ ਨੂੰ ਦੇ ਦਿਤੇ ਸਨ । ਹੁਣ ਜਿਵੇਂ ਜਿਵੇਂ ਪਿਆਰ ਵਾਲੇ ਸੱਜਨਾਂ ਨੂੰ ਇਸ ਗੱਲ ਦਾ ਪਤਾ ਲਗਾ ਤਾਂ ਓਹਨਾਂ
*ਪੁਸਤਕ ਬਾਬਾ ਨੌਧ ਸਿੰਘ ਸੁਭਾਗ ਜੀ-ਸਫ਼ਾ 1.
ਇਸਰਾਰ ਕੀਤਾ ਕਿ ਇਸ ਅਮੋਲਕ ਸਮੱਗਰੀ ਨੂੰ ਕਿਤਾਬ ਦਾ ਰੂਪ ਦਿੱਤਾ ਜਾਏ । ਸੋ ਓਹਨਾਂ ਪਿਆਰਿਆਂ ਦੀ ਤੀਬਰ ਇੱਛਾ ਕਾਰਨ ਅਤੇ ਭਾਈ ਸਾਹਿਬ ਭਾਈ ਵੀਰ ਸਿੰਘ ਸਟੱਡੀ ਸਰਕਲ ਦੇ ਉੱਦਮ ਨਾਲ ਸਹਾਨਭੂਤੀ ਪੱਤਰਾਂ ਦਾ ਇਹ ਸੰਗ੍ਰਹਿ ਹਮਦਰਦੀ ਪੱਤਰ ਬਨ ਕੇ ਪਾਠਕਾਂ ਤਕ ਪਹੁੰਚ ਰਿਹਾ ਹੈ । ਆਸ ਹੈ ਜੀਵਨ ਜਾਚ ਦਸਦੇ, ਇਹ ਅਧਯਾਤਮਕ ਨੁਕਤੇ ਓਹਨਾਂ ਨੂੰ ਇਕ ਨਵੀਂ ਸੇਧ ਤੇ ਬਲ ਪ੍ਰਦਾਨ ਕਰਨਗੇ ।
ਦੋ ਹੋਰ ਕਿਰਪਾ ਪੱਤਰ ਜੋ ਭਾਈ ਸਾਹਿਬ ਜੀ ਦੀ ਆਪਨੀ ਹੱਥ-ਲਿਖਤ ਹਨ, ਇਸ ਪੁਸਤਕ ਦੇ ਸ਼ੁਰੂ ਤੋਂ ਅਖੀਰ ਵਿਚ ਦਿਤੇ ਗਏ ਹਨ ਤਾਂ ਜੋ ਪਾਠਕ ਜਨ ਆਪ ਜੀ ਦੇ ਸ਼ੁਭ ਵਿਚਾਰਾਂ ਦੇ ਨਾਲ ਨਾਲ ਆਪ ਜੀ ਦੀ ਹੱਥ-ਲਿਖਤ ਦੇ ਵੀ ਦਰਸ਼ਨ ਕਰ ਸਕਨ ।
ਕੁਝ ਅੱਖਰ ਸਟੱਡੀ ਸਰਕਲ ਬਾਰੇ :
ਭਾਈ ਸਾਹਿਬ ਭਾਈ ਵੀਰ ਸਿੰਘ ਸਟੱਡੀ ਸਰਕਲ ਇਕ ਧਾਰਮਿਕ ਸੰਸਥਾ ਹੈ ਜਿਸ ਦਾ ਮੁਖ ਉਦੇਸ਼ ਹੈ :
ਕਥਾ ਕੀਰਤਨ ਤੇ ਵਖਿਆਨਾਂ ਦ੍ਵਾਰਾ ਗੁਰਬਾਣੀ ਦੀ ਵੀਚਾਰ ।
ਸ੍ਰੀ ਭਾਈ ਸਾਹਿਬ ਦੇ ਸਾਹਿਤ ਦਾ ਅਧਿਐਨ ਕਰਨਾ ਅਤੇ ਆਪ ਜੀ ਦੇ ਅੰਕਿਤ ਕੀਤੇ ਗੁਰੂ ਪ੍ਰਸੰਗ ਤੇ ਗੁਰੂ ਆਸ਼ੇ ਸੰਗਤ ਵਿਚ ਪੜ੍ਹ ਕੇ ਸੁਣਾਣੇ ਤਾਂ ਜੋ ਨਾਮ ਸਿਮਰਨ ਅਤੇ ਉੱਚੇ ਸਿੱਖੀ ਆਦਰਸ਼ ਵਾਚਨ ਵਿਚ ਸਮਾਂ ਸਫਲ ਹੋਵੇ ।
ਏਸ ਮੰਤਵ ਦੀ ਪੂਰਤੀ ਲਈ ਸਟੱਡੀ ਸਰਕਲ ਦੇ ਮਾਸਕ ਸਮਾਗਮਾਂ ਦੇ ਨਾਲ ਹੋਰ ਵੀ ਕਈ ਉਪਰਾਲੇ ਗੁਰਮਤ ਪ੍ਰਚਾਰ ਦੇ ਕੀਤੇ ਜਾਂਦੇ ਹਨ ।
ਕੁਝ ਅੰਤਲੀਆਂ ਸਤਰਾਂ।
ਸਤਕਾਰ ਯੋਗ ਭਾਈ ਸਾਹਿਬ ਦੇ ਵਿਰਸੇ ਤੇ ਅਮੀਰ ਪਿਛੇ ਸੰਬੰਧੀ ਕੁਝ ਵਾਕਫ਼ੀ ਆਪ ਜੀ ਦੀ ਤਸਵੀਰ ਨਾਲ ਵੱਖਰੀ ਦਿਤੀ ਗਈ ਹੈ । ਆਪ ਜੀ ਦੇ ਦੈਵੀ ਜੀਵਨ ਤੇ ਪ੍ਰਾਪਤੀਆਂ ਦਾ ਵਿਸਥਾਰ ਸਹਿਤ ਵਰਨਨ ਥਾਂ ਦੀ ਥੁੜ ਕਾਰਨ ਇਥੇ ਸੰਭਵ ਨਹੀਂ । ਆਪ ਜੀ ਦੀ ਸਾਧ ਮੂਰਤ ਆਪਾ ਲੁਕਾਊ ਸ਼ਖ਼ਸੀਅਤ ਦਾ ਕਰਾਮਾਤੀ ਕਮਾਲ ਹੈ। ਇਤਨੇ ਮਾਣ ਸਨਮਾਣ ਮਿਲਨ ਤੇ ਵੀ ਆਪ ਜੀ ਦੀ ਛਿਪੇ ਰਹਿਨ ਦੀ ਚਾਹ ਸਦਾ ਪ੍ਰਧਾਨ ਰਹੀ । ਆਪ ਜੀ ਦੀ ਵਿਸ਼ਾਲ ਤੇ ਸੁਖਦਾਈ ਰਚਨਾ ਅਤੇ ਅਨੇਕ ਸਦਾਚਾਰਕ ਕਾਰਜਾਂ ਦਾ ਨਿਰੀਖਣ ਕਰੀਏ ਤਾਂ ਐਉਂ ਲਗਦਾ ਹੈ ਕਿ ਆਪ ਜੀ ਇਕ ਵਿਅਕਤੀ ਨਹੀਂ, ਇਕ ਵਡੀ ਭਾਰੀ ਸੰਸਥਾ ਹਨ। ਪਰਉਪਕਾਰ ਦੀ ਭਾਵਨਾ ਆਪ ਜੀ ਦੀ ਅਮਿਤ ਵਡਿਆਈ ਹੈ । ਭਲਿਆਈ ਆਪ ਜੀ ਤੋਂ ਸੁਤੇ ਸਿੱਧ ਹੁੰਦੀ ਹੈ । ਸਫਲ ਦਰਸ਼ਨ ਹਨ, ਸਫਲ ਯਾਤਰਾ ਤੇ ਸਫਲ ਜੀਵਨ ।
ਨਵੀਂ ਦਿੱਲੀ ਖ਼ੁਸ਼ਹਾਲ ਸਿੰਘ ਚਰਨ
5. 9. 1984
ਸਤਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਵਿਰਸਾ, ਜਨਮ ਤੇ ਕੁਝ ਜੀਵਨ ਝਲਕੇ
ਪੰਜਾਬ ਦੇ ਇਤਿਹਾਸ ਵਿਚ ਦੀਵਾਨ ਕੌੜਾ ਮਲ ਜੀ ਦਾ ਜ਼ਿਕਰ ਆਉਂਦਾ ਹੈ। 'ਸ੍ਰੀ ਚਰਨ ਹਰੀ ਵਿਸਥਾਰ' ਦੇ ਹਵਾਲੇ ਤੋਂ ਆਪ ਦਾ ਜਨਮ ਸੰਨ 1710 ਈਸਵੀ ਦਾ ਸਹੀ ਹੁੰਦਾ ਹੈ । ਆਪ ਦੇ ਵਡੇ ਵਡੇਰੇ, ਪਿਤਾ ਦੀਵਾਨ 'ਵਲੂ ਮਲ' ਅਤੇ ਦਾਦਾ ਦੀਵਾਨ 'ਦੀਵਾਨ ਚੰਦ ਚੁਘ' ਮੁਗ਼ਲਾਂ ਦੇ ਰਾਜ ਸਮੇਂ ਮੁਲਤਾਨ ਦੇ ਹਾਕਮਾਂ ਪਾਸ ਦੀਵਾਨ ਅਥਵਾ ਵਜ਼ੀਰ ਹੋਇਆ ਕਰਦੇ ਸਨ । ਕੁਝ ਸਮਾਂ ਪਾ ਕੇ, ਪਿਤਾ ਤੋਂ ਬਾਅਦ ਦੀਵਾਨ ਕੌੜਾ ਮਲ ਵੀ ਇਸੇ ਅਹੁਦੇ ਤੇ ਤਈਨਾਤ ਹੋਏ ਅਤੇ ਤਰੱਕੀ ਕਰਦੇ ਕਰਦੇ ਮੁਲਤਾਨ ਦੇ ਹਾਕਮ ਬਣ ਗਏ । ਇਹ ਗਲ ਉਦੋਂ ਦੀ ਹੈ ਜਦੋਂ ਸੰਨ 1748 ਈ: ਵਿਚ ਮੀਰ ਮੰਨੂੰ ਲਾਹੌਰ ਦਾ ਸੂਬਾ ਥਾਪਿਆ ਗਿਆ ਸੀ । ਦੀਵਾਨ ਕੌੜਾ ਮਲ ਨੂੰ ਓਹਨਾਂ ਦੀ ਅਦੁੱਤੀ ਸਿਆਣਪ, ਦੂਰਅੰਦੇਸ਼ੀ, ਬਹਾਦਰੀ ਅਤੇ ਰਾਜਨੀਤਿੱਗਤਾ ਕਾਰਨ ਹਕੂਮਤ ਵਲੋਂ 'ਮਹਾਰਾਜਾ ਬਹਾਦੁਰ' ਦਾ ਖ਼ਿਤਾਬ ਦਿਤਾ ਗਿਆ। ਆਪ ਦੀ ਸ਼ਖ਼ਸੀਅਤ ਦਾ ਵੱਡਾ ਕਮਾਲ ਇਹ ਹੈ ਕਿ ਸਿੱਖਾਂ ਦੀਆਂ ਔਖਿਆਈਆਂ ਤੇ ਜਬਰ ਜ਼ੁਲਮ ਸਮੇਂ ਆਪ ਓਹਨਾਂ ਦੀ ਹਰ ਸੰਭਵ ਸਹਾਇਤਾ ਗੁਪਤ ਤੌਰ ਤੇ ਕਰਦੇ ਰਹੇ । ਇਸੇ ਕਰ ਕੇ ਆਪ ਜੀ ਨੂੰ ਖ਼ਾਲਸਾ ਪੰਥ ਵਿਚ ਦੀਵਾਨ ਮਿੱਠਾ ਮਲ ਕਰ ਕੇ ਜਾਣਿਆ ਜਾਂਦਾ ਸੀ । ਇਹ ਵੀ ਦਸਿਆ ਜਾਂਦਾ ਹੈ ਕਿ ਆਪ ਗੁਰੂ ਘਰ ਦੇ ਪਿਆਰ ਵਾਲੇ ਸਹਿਜ ਧਾਰੀ ਸਿੱਖ ਸਨ ਅਤੇ ਸ੍ਰੀ ਦਰਬਾਰ ਸਾਹਿਬ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਕਈ ਗੁਰਦਵਾਰਿਆਂ ਦੀ ਸੇਵਾ ਸੰਭਾਲ ਤਨ ਮਨੁ ਧੰਨ ਨਾਲ ਖ਼ੁਦ ਕਰਦੇ ਰਹੇ ।
ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਦਾਦਾ ਸੰਤ ਬਾਬਾ ਕਾਹਨ ਸਿੰਘ ਜੀ ਇਸ ਵੰਸ਼ ਦੇ ਸਤਵੇਂ ਰੁਕਨ ਤੇ ਪਹਿਲੇ ਅੰਮ੍ਰਿਤਧਾਰੀ ਸਿੰਘ ਸਨ । ਆਪ ਦਾ ਜਨਮ ਸੰਨ 1788 ਈ: ਦਾ ਅਨੁਮਾਨਿਆ ਜਾਂਦਾ ਹੈ । ਆਪ ਬੜੇ ਸਾਧੂ ਸੁਭਾ ਅਤੇ ਤਿਆਗੀ
* ਸ੍ਰੀ ਚਰਨ ਹਰੀ ਵਿਸਥਾਰ -- ਭਾਗ 1 ਪੰਨਾ 3, ਕ੍ਰਿਤ ਡਾਕਟਰ ਬਲਬੀਰ ਸਿੰਘ ਜੀ ।
ਵੈਰਾਗੀ ਤਬੀਅਤ ਦੇ ਮਾਲਕ ਸਨ । ਪਿਤਾ ਜੀ ਦੇ ਚੜ੍ਹਾਈ ਕਰਨ ਤੋਂ ਬਾਅਦ, ਛੋਟੀ ਉਮਰ ਤੋਂ ਹੀ ਜੰਗਲਾਂ ਵਿਚ ਵਿਚਰਦੇ ਤਪ ਕਰਦੇ ਰਹੇ ਤੇ ਏਸ ਤਰ੍ਹਾਂ ਬਾਰਾਂ ਚੌਦਾਂ ਬਰਸ ਲੰਘ ਗਏ । ਅਖੀਰ 24 ਸਾਲਾਂ ਪਿਛੋਂ ਮਾਂ ਪੁੱਤਰ ਸ੍ਰੀ ਅੰਮ੍ਰਿਤਸਰ ਜੀ ਮਿਲੇ । ਇਹ ਇਕ ਅਜੀਬ ਨਜ਼ਾਰਾ ਸੀ । ਮਾਂ ਚਾਹੁੰਦੀ ਸੀ ਕਿ ਪੁੱਤਰ ਵਿਆਹ ਕਰੇ ਤਾਂ ਜੋ ਦੀਵਾਨ ਕੋੜਾ ਮਲ ਦੀ ਵੰਸ਼ ਅਗੇ ਚਲਦੀ ਰਹੇ । ਸੋ ਏਸੇ ਤਰ੍ਹਾਂ ਹੀ ਹੋਇਆ । ਮਜਬੂਰ ਕਰਨ ਤੇ ਬਾਬਾ ਜੀ ਨੇ 40 ਸਾਲ ਦੀ ਉਮਰ ਵਿਚ ਵਿਆਹ ਕਰ ਕੇ ਘਰ ਵਸਾਇਆ। ਸਿੱਕਾਂ ਸਿਕਦਿਆਂ ਆਪ ਦੇ ਗ੍ਰਹਿ ਸੰਨ 1853 ਈ: ਨੂੰ ਪੁੱਤਰ ਦਾ ਜਨਮ ਹੋਇਆ। ਏਸ ਹੋਣਹਾਰ ਬੱਚੇ ਦਾ ਨਾਂ ਚਰਨ ਸਿੰਘ ਰਖਿਆ ਗਿਆ । ਵਡੇ ਹੋ ਕੇ ਆਪ ਨੇ ਹਿਕਮਤ ਦੀ ਸਿਖਿਆ ਆਪਣੇ ਪਿਤਾ ਹਕੀਮ ਸੰਤ ਬਾਬਾ ਕਾਹਨ ਸਿੰਘ ਜੀ ਪਾਸੋਂ ਲਈ ਤੇ ਨਾਲ ਨਾਲ ਐਲੋਪੈਥਿਕ ਡਾਕਟਰੀ ਦੀ ਵੀ ਚੰਗੀ ਜਾਣਕਾਰੀ ਹਾਸਲ ਕੀਤੀ। ਡਾਕਟਰ ਚਰਨ ਸਿੰਘ ਜੀ ਬੜੇ ਦਾਨੀ ਤੇ ਆਤਮਕ ਸੂਝ ਬੂਝ ਵਾਲੇ ਵਿਦਵਾਨ ਪੁਰਸ਼ ਸਨ ! ਆਪ ਹਿੰਦੀ, ਸੰਸਕ੍ਰਿਤ, ਫ਼ਾਰਸੀ, ਅੰਗਰੇਜ਼ੀ ਆਦਿ ਭਾਸ਼ਾਵਾਂ ਦੇ ਵੀ ਚੰਗੇ ਗਿਆਤਾ ਸਨ ਅਤੇ ਬ੍ਰਜ ਭਾਸ਼ਾ ਦੇ ਮਹਾਨ ਕਵੀ ਤੇ ਲਿਖਾਰੀ ਮੰਨੇ ਜਾਂਦੇ ਸਨ । ਕਹਿੰਦੇ ਹਨ ਕਿ ਜਿਥੇ ਆਪ ਰੋਗੀਆਂ ਦੇ ਰੋਗ ਹਮਦਰਦੀ ਨਾਲ ਇਲਾਜ ਕਰ ਕੇ ਦੂਰ ਕਰਿਆ ਕਰਦੇ ਸਨ, ਓਥੇ ਲੋਕ-ਸੇਵਾ ਦੇ ਭਾਵ ਨਾਲ ਲੋੜਵੰਦਾਂ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਦੇ ਰਹਿੰਦੇ ਸਨ।
ਡਾਕਟਰ ਚਰਨ ਸਿੰਘ ਜੀ ਦਾ ਵਿਆਹ ਗਿਆਨੀ ਹਜ਼ਾਰਾ ਸਿੰਘ ਜੀ ਦੀ ਪੁੱਤਰੀ ਬੀਬੀ ਉੱਤਮ ਕੌਰ ਨਾਲ ਸੰਨ 1869 ਈ: ਵਿਚ ਹੋਇਆ । ਸੰਸਕ੍ਰਿਤ ਦੇ ਬਹੁਤ ਵਡੇ ਵਿਦਵਾਨ ਹੋਣ ਕਰ ਕੇ ਆਪ ਜੀ ਪੰਡਤ ਗਿਆਨੀ ਹਜ਼ਾਰਾ ਸਿੰਘ ਕਰ ਕੇ ਮਸ਼ਹੂਰ ਸਨ । ਆਪ ਜੀ ਫ਼ਾਰਸੀ ਦੇ ਵੀ ਬੜੇ ਆਲਮ ਸਨ ਤੇ ਕਈ ਉਰਦੂ ਫ਼ਾਰਸੀ ਕਿਤਾਬਾਂ ਦਾ ਆਪ ਨੇ ਪੰਜਾਬੀ ਵਿਚ ਅਨੁਵਾਦ ਕੀਤਾ। ਆਪ ਨੇ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਸੰਖੇਪ ਵੀ ਛਾਪਿਆ ਤੇ ਕਈ ਹੋਰ ਪੁਸਤਕਾਂ ਵੀ ਲਿਖੀਆਂ । ਗਿਆਨੀ ਜੀ ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚੋਂ ਸਨ ਜਿਨ੍ਹਾਂ ਨੇ ਧਰਮ ਪ੍ਰਚਾਰ ਦੀ ਸਫ਼ਲ ਤੋ ਨਿਸ਼ਕਾਮ ਸੇਵਾ ਨਾਲ ਫੇਰ ਨਵੇਂ ਸਿਰੋਂ ਸਿੱਖ ਕੌਮ ਵਿਚ ਉਤਸ਼ਾਹ ਤੇ ਜੀਵਨ ਭਰ ਦਿਤਾ ।
ਗਿਆਨੀ ਹਜ਼ਾਰਾ ਸਿੰਘ ਜੀ ਦੀ ਪਤਨੀ ਦਾ ਨਾਂ ਮਾਤਾ ਸੋਭਾ ਸੀ । ਆਪ ਜੀ ਦੇ ਆਚਰਨ ਬਾਬਤ ਇਹ ਗੱਲ ਮਸ਼ਹੂਰ ਸੀ ਕਿ ਮਾਤਾ ਜੀ ਨੇ ਸਾਰੀ ਜ਼ਿੰਦਗੀ ਕਦੇ ਝੂਠ ਨਹੀਂ ਸੀ ਬੋਲਿਆ ਤੇ ਨਾਂ ਹੀ ਕਿਸੇ ਝੂਠ ਬੋਲਣ ਵਾਲੇ ਨਾਲ ਓਹ ਕਦੇ ਬੋਲਦੇ ਵਰਤਦੇ ਸਨ । ਦਸਿਆ ਜਾਂਦਾ ਹੈ ਕਿ ਮਾਤਾ ਸੋਭੀ ਬੜੇ ਸਤਿ-ਵਕਤਾ, ਸੁਘੜ, ਸਿਆਣੇ ਤੇ ਨਾਮ ਬਾਣੀ ਦੇ ਪਿਆਰ ਵਾਲੇ ਸਨ । ਆਪ ਜੀ ਦੀ ਕਾਕੀ ਬੀਬੀ ਉੱਤਮ ਕੌਰ ਤੇ ਸਤਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਮਾਤਾ ਜੀ ਵੀ ਬਹੁਤ ਸੰਤ-ਸੇਵੀ, ਮਿੱਠੇ ਸੁਭਾ ਦੇ ਹਰ ਮਨ ਪਿਆਰੇ ਵਿਅਕਤੀ ਸਨ । ਆਪ ਦਾ ਕੰਮਲ ਹਿਰਦਾ ਦੂਜਿਆਂ ਦਾ ਦੁੱਖ ਦਰਦ ਦੇਖ ਕੇ ਵਿਆਕੁਲ ਹੋ ਉਠਦਾ ਸੀ ਅਤੇ ਆਪ ਵੱਸ
ਲਗਦੇ ਅਪਨੇ ਆਸ ਪੜੋਸ ਤੇ ਹੋਰ ਜਾਣਨ ਵਾਲਿਆਂ ਦੀ ਬੜੀ ਹਮਦਰਦੀ ਨਾਲ ਸੇਵਾ ਕਰਦੇ ਹੁੰਦੇ ਸਨ ।
ਇਹ ਸੀ ਅਤੀਤ ਚੁਗਿਰਦਾ ਓਹਨਾਂ ਸਤਿ-ਵਕਤਾ, ਉੱਚੇ ਇਖ਼ਲਾਕ, ਸੰਤ ਬ੍ਰਿਤੀ, ਗੁਣੀ ਗਿਆਨੀ, ਕੂਲੇ ਕੂਲ ਦਿਲ ਵਾਲਿਆਂ ਦਾ ਜਿਨ੍ਹਾਂ ਦੀ ਛਤਰ ਛਾਇਆ ਹੇਠ ਇਕ ਅਲੋਕਾਰ ਵਰਤਮਾਨ ਤਿਆਰ ਹੋਇਆ ਓਸ ਅਲੋਕਿਕ ਬੱਚੇ ਲਈ ਜੋ ਵੱਡਾ ਹੋ ਕੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਨਾਮ ਨਾਲ ਪ੍ਰਸਿੱਧ ਹੋਇਆ। ਆਪ ਦੇ ਪੂਰਬਲੇ ਜਨਮਾਂ ਦਾ ਬਿਰਤਾਂਤ ਕੁਝ ਇਸ ਤਰ੍ਹਾਂ ਦਸਿਆ ਜਾਂਦਾ ਹੈ : ਕਹਿੰਦੇ ਹਨ ਕਿ ਇਕ ਵੇਰ ਭਾਈ ਸਾਹਿਬ ਦੇ ਦਾਦਾ ਸੰਤ ਬਾਬਾ ਕਾਹਨ ਸਿੰਘ ਜੀ ਲਾਹੌਰ ਅਪਨੀ ਧਰਮ ਦੀ ਭੈਣ ਪਾਸ ਗਏ ਹੋਏ ਸਨ। ਇਕ ਦਿਨ ਆਪ ਯਕਦਮ ਲਾਹੌਰੋਂ ਸ੍ਰੀ ਅੰਮ੍ਰਿਤਸਰ ਜਾਣ ਵਾਸਤੇ ਤਿਆਰ ਹੋ ਗਏ। ਪੁੱਛਨ ਤੇ ਬਾਬਾ ਜੀ ਨੇ ਦਸਿਆ ਕਿ ਸਾਨੂੰ ਇਕ ਜ਼ਰੂਰੀ ਕੰਮ ਹੈ । ਹੋਰ ਖਿੱਚ ਕਰਨ ਤੇ ਬਾਬਾ ਜੀ ਕਹਿਨ ਲਗੇ ਕਿ ਅੰਮ੍ਰਿਤਸਰ ਸਾਡੇ ਘਰ ਇਕ ਪਵਿੱਤਰ ਆਤਮਾਂ ਇਕ ਮਹਾਂਪੁਰਸ਼ ਆ ਰਹੇ ਹਨ । ਇਹ ਗੱਲ 3 ਜਾਂ 4 ਦਸੰਬਰ ਸੰਨ 1872 ਈ: ਦੀ ਹੈ। ਬਾਅਦ ਵਿਚ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਓਹ ਪਵਿੱਤਰ ਆਤਮਾਂ ਤੇ ਮਹਾਂਪੁਰਖ ਹੋਰ ਕੋਈ ਨਹੀਂ, ਬਾਲਕ ਭਾਈ ਸਾਹਿਬ ਹੀ ਸਨ ਜਿਨ੍ਹਾਂ ਦਾ ਸ਼ੁਭ ਜਨਮ 5 ਦਸੰਬਰ ਸੰਨ 1872 ਈ: ਨੂੰ ਹੋਇਆ ।
ਏਸ ਤਰ੍ਹਾਂ ਦੀ ਇਕ ਹੋਰ ਚੀਜ਼ ਵੀ ਬਿਆਨ ਕੀਤੀ ਜਾਂਦੀ ਹੈ । ਦੱਸਦੇ ਹਨ ਕਿ ਸੰਤ ਬਾਬਾ ਕਾਹਨ ਸਿੰਘ ਜੀ ਨੇ ਅਪਨੇ ਅੰਤ ਸਮੇਂ ਅਪਨੇ ਪੁੱਤਰ ਡਾਕਟਰ ਚਰਨ ਸਿੰਘ ਜੀ ਨੂੰ ਬੁਲਾ ਕੇ ਕਿਹਾ ਕਿ ਦੇਖੋ ਬੇਟਾ ਇਹ (ਭਾਈ ਸਾਹਿਬ) ਕੋਈ ਆਮ ਬੱਚਾ ਨਹੀਂ । ਇਹ ਮੇਰੀਆਂ ਅਰਦਾਸਾਂ ਨਾਲ ਗੁਰੂ ਨਾਨਕ ਦਾ ਪਿਆਰਾ ਸਿੱਖ ਆਇਆ ਹੈ । ਤੁਸੀਂ ਇਸ ਦਾ ਖ਼ਿਆਲ ਰਖਨਾ ਤੇ ਇਸ ਨੂੰ ਕਦੇ ਨਾਰਾਜ਼ ਨਾ ਹੋਣਾ ।
ਬਾਣੀ ਦੀਆਂ ਲੋਰੀਆਂ ਸੁਣਦੇ ਤੇ ਨਾਮ ਸਿਮਰਨ ਦੇ ਝੂਟੇ ਲੈਂਦੇ ਬਾਲਕ ਭਾਈ ਸਾਹਿਬ ਵਡੇ ਹੋਏ। ਸਿੱਖੀ ਪਿਆਰ ਤੇ ਗੁਰਮਤ ਪ੍ਰਚਾਰ ਆਪ ਦਾ ਪ੍ਰਾਚੀਨ ਵਿਰਸਾ ਸੀ । ਆਪ ਨੇ ਇਹ ਵਿਰਸਾ ਅਗੇ ਤੋਰਿਆ ਅਤੇ ਅਪਨਾ ਸਾਰਾ ਜੀਵਨ ਏਸ ਆਦਰਸ਼ ਦੇ ਨਮਿੱਤ ਅਰਪਣ ਕਰ ਦਿਤਾ । ਇਕ ਥਾਂ ਆਪ ਅਪਨੀ ਲੇਖਣੀ ਦਾ ਆਸ਼ਾ ਏਸ ਤਰ੍ਹਾਂ ਅੰਕਿਤ ਕਰਦੇ ਹਨ । ਲਿਖਦੇ ਹਨ :
"ਮੈਂ ਜੋ ਕੁਝ ਲਿਖਿਆ ਹੈ ਓਹ ਜੋ ਕੁਝ ਮੈਂ ਸਤਗੁਰਾਂ ਦੀ ਮਹਾਨ ਪਵਿੱਤਰ ਬਾਣੀ ਤੋਂ ਸਮਝਿਆ ਹੈ ਸੱਚਾ ਤੇ ਸਿੱਧਾ ਰਸਤਾ ਜੀਵਨ ਪੱਧਰ ਦਾ ਉਸੇ ਨੂੰ ਦੁਖੀ ਜਗਤ ਲਈ ਪੇਸ਼ ਕਰਨ ਦਾ ਜਤਨ ਕਰਦਾ ਰਿਹਾ ਹਾਂ ।...
ਏਸ ਤਰ੍ਹਾਂ ਇਹ ਗੁਰਮੁਖ ਜੀਵਨ 5 ਦਸੰਬਰ ਸੰਨ 1872 ਈ: ਤੋਂ 10 ਜੂਨ ਸੰਨ 1957 ਈ: ਤਕ ਕਰੀਬਨ 85 ਸਾਲ ਧੁਰੋਂ ਬਖ਼ਸ਼ੀ ਦੇਵਤੋਂ* ਬਨਾਣ ਵਾਲੀ ਕਾਰ ਕਰਦਾ ਰਿਹਾ ਤੇ ਇੰਜ ਅਪਨੇ ਪੰਨੇ ਪਾਇਆਂ ਦੀ ਸਾਰ ਲੈਂਦਾ ਰਿਹਾ ।
ਦਿੱਲੀ, ਖ਼ੁਸ਼ਹਾਲ ਸਿੰਘ ਚਰਨ
5-10-1984
* ਦੇਵਤੇ ਬਨਾਓਣ ਵਾਲੇ ਕਾਰੀਗਰ ।
'ਬਾਬਾ ਨੌਧ ਸਿੰਘ' ਵਿਚ ਇਉਂ ਲਿਖਿਆ ਹੈ :
"ਇਕ ਦਿਨ ਬਾਬਾ ਜੀ ਨੂੰ ਸੰਗਤ ਵਿਚੋਂ ਕਿਸੇ ਬਾਹਰੋਂ ਆਏ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਕਾਰਾਂ ਪਰ ਵਖਯਾਨ ਦਿਓ । ਬਾਬੇ ਨੇ ਆਖਿਆ ਭਈ :
ਗੁਰੂ ਨਾਨਕ ਜਗਤ ਵਿਚ ਆਇਆ, ਅਸੀਂ ਪਸ਼ੂ ਸਾਂ ਸਾਨੂ ਆਦਮੀ ਬਣਾਇਆ, ਫੇਰ ਆਦਮੀ ਤੋਂ ਉਸਨੇ ਦੇਵਤਾ ਬਣਾ ਦਿਤਾ । ਹੁਣ ਸਾਡਾ ਧਰਮ ਹੈ ਕਿ ਧਰਮ ਦੀ ਕਿਰਤ ਕਰੀਏ, ਵੰਡ ਛਕੀਏ ਤੇ ਨਾਮ ਜਪੀਏ ।
ਏਥੇ ਬਾਬੇ ਦਾ ਲੈਕਚਰ ਮੁੱਕ ਗਿਆ । ਇਕ-ਸਜਨ ਨੇ ਕਿਹਾ, ਬਾਬਾ ਜੀ ! ਬਸ ? ਤਾਂ ਬਾਬੇ ਨੇ ਖਿੜ ਕੇ ਕਿਹਾ, ਭਈ ਮੇਰੇ ਹੱਡ ਜੋ ਬੀਤਿਆ, ਮੈਂ ਸੁਣਾ ਦਿਤਾ ਹੈ।"
ਸਮੇਂ ਦੇ ਗੇੜ ਨਾਲ ਅਸੀਂ ਫੇਰ ਪਸ਼ੂ ਬਣ ਗਏ ਸਾਂ । ਸਤਿਗੁਰੂ ਨਾਨਕ ਮੁੜ ਤਰੁਠੇ । ਉਨ੍ਹਾਂ ਖਸਮਾਨਾ ਕੀਤਾ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੂੰ ਸਾਹਿਬੀ ਬਖ਼ਸ਼ੀ । ਕਵੀ ਦਾ ਓਹਲਾ ਪਾ ਕੇ ਆਪਣੀ ਦੇਵਤੇ ਬਣਾਨ ਵਾਲੀ ਕਾਰੇ ਲਾਇਆ ਤੇ ਇੰਜ ਆਪਣੇ ਪੰਨੇ ਪਾਇਆਂ ਦੀ ਸਾਰ ਲੀਤੀ ।
ਮੇਰਾ ਇਹ ਸੱਚਾ ਨਿਸਚਾ ਹੈ ।
ਸੰਤ ਗੁਰਬਖ਼ਸ਼ ਸਿੰਘ
ਭਾਈ ਵੀਰ ਸਿੰਘ ਅਭਿਨੰਦਨ ਗ੍ਰੰਥ -- ਪੰਨਾ 168
ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਲਿਖੇ ਹਮਦਰਦੀ ਪੱਤਰ
1
C/o
D. T. Punjabi Bombay-1
13, Usha Kiran, 10-2-1953
Opp. C.C.I.
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਵਿਤ੍ਰਾਤਮਾ ਜੀਓ
8-2-53 ਦਾ ਪਤ੍ਰ ਅਜ ਪੁਜਾ ਹੈ। ਕਲ ਰਾਤ ਫੋਨ ਤੇ ਦਰਸਨ ਮੇਲੇ ਹੋਏ ਸਨ ।
ਸ੍ਰੀ ਰਾਜ ਜੀ ਨੇ ਅਪਨੀ ਟਿਕੀ ਅਵਸਥਾ ਦਸੀ ਸੀ, ਤੁਸੀ ਵੀ ਕੋਲ ਹੀ ਸਾਓ।
ਭਾਣਾ ਬਿਖਮ ਹੈ ਝਲਣਾ ਕਠਨ ਹੁੰਦਾ ਹੈ ਪਰ ਦਾਰੂ ਬੀ ਹੋਰ ਕੋਈ ਨਹੀ। ਇਸ ਕਰਕੇ ਬਾਰ ਬਾਰ ਫੋਨਾਂ ਤੇ ਪਤ੍ਰਾਂ ਵਿਚ ਸਹਾਰਾ ਦੇਣ ਦਾ ਯਤਨ ਹੈ । ਦਿਲ ਢੈਂਦੇ ਹਨ ਤਾਂ ਛਪਰਾਂ ਨੂੰ ਤੁਲਹਾ ਦੇ ਕੇ ਚਾਣਾ ਹੁੰਦਾ ਹੈ । ਦਿਲ ਖੜੇ ਕਰਨੇ ਦੇ ਕਈ ਤ੍ਰੀਕੇ ਹੁੰਦੇ ਹਨ । ਇਕ ਤ੍ਰੀਕਾ ਹੈ—ਭੁਲ ਜਾਓ, ਕਦੇ ਨਹੀਂ ਸਾਂ ਕੱਠੇ, ਤਦੋਂ ਬੀ ਵਕਤ ਲੰਘਦਾ ਸੀ, ਚਲੋ ਹੁਣ ਫੇਰ ਨਾ ਰਹੇ ਇਕਠੇ । ਇਹ ਤ੍ਰੀਕਾ ਸਬਰ ਕਰਨ ਦਾ ਇਕ ਪ੍ਰਕਾਰ ਦਾ ਅੰਦਰਲੇ ਸੂਖਮ ਭਾਵਾਂ ਦੀ ਮੌਤ ਹੁੰਦਾ ਹੈ।
ਜੇ ਸਦਮੇ ਤੇ ਵਿਯੋਗ ਨਾਲ ਆਪਾ ਹਲਾਲ ਕੀਤਾ ਜਾਏ, ਨਾਸ਼ੁਕਰੋ ਹੋ ਹੋ ਰੋਣ ਕੁਰਲਾਣ ਵਿਚ ਲਗਿਆ ਜਾਵੇ ਤਾਂ ਮਨ ਤੇ ਤਨ ਦੁਇ ਰੰਗੀ ਹੋ ਜਾਂਦੇ ਹਨ ਤੇ ਸੋਹਣੇ ਵਾਹਿਗੁਰੂ ਤੇ ਗੁਰੂ ਨਾਲ ਵਿਥ ਪੈ ਜਾਂਦੀ ਹੈ । ਸਿਖੀ ਇਹ ਹੈ ਕਿ ਮਨ ਦ੍ਰਵੇ, ਵੈਰਾਗ ਵਿਚ ਆਵੇ ਕੋਮਲਤਾ ਅੰਦਰ ਪਯਾਰੇ ਦੀ ਯਾਦ ਤੇ ਪਯਾਰ ਨਾਲ ਆ ਆ ਕੇ ਟੁੰਬੇ ਤੇ ਵੈਰਾਗ ਛੇੜੇ ਪਰ feelings ਦੇ ਇਸ ਪ੍ਰਵਾਹ ਨੂੰ ਵਾਹਿਗੁਰੂ ਅਰਪਨ ਕੀਤਾ ਜਾਵੇ । ਉਸ ਵੇਲੇ ਅਰਦਾਸ ਵਿਚ ਪੈ ਜਾਈਏ ਹੋ ਦਾਤਾ ਜਿਤਨੇ ਦੁਖ ਹਨ ਤੇਰੇ ਤੋਂ ਵਿਛੜੇ ਰਹਣ ਵਿਚ ਜੋ ਜਨਮ ਜਨਮਾਤ੍ਰਾਂ ਵਿਚ ਭੁਲਾਂ ਕੀਤੀਆਂ ਹਨ ਉਨ੍ਹਾਂ ਦਾ ਫਲ ਹਨ। ਤੁਸੀਂ ਪਯਾਰ ਪੁੰਜ ਹੋ ਹੁਣ ਸਾਡੇ ਅਵਗੁਣ ਬਖਸ਼ੋ, ਹੁਣ ਸਾਥੋਂ ਨਾ ਵਿਛੁੜੋ ਸਦਾ ਸਾਡੇ ਨਾਲ ਰਹੋ । ਸਾਡੇ ਵਿਛੜੇ ਪਯਾਰੇ ਨੂੰ ਅਪਨੀ ਗੋਦ ਵਿਚ ਸੰਭਾਲੇ, ਸਾਨੂੰ ਨਾਮਦਾਨ ਬਖਸੋ ਤੇਰੇ ਗੁਣ ਗਾਉਂਦੇ ਅਸੀ ਬੀ ਆਪ ਦੀ ਚਰਨ ਸਰਣ ਆ ਕੇ ਵਸਣ ਜੋਗ ਹੋ ਜਾਵੀਏ।
ਉਸ ਪੰਘਰੇ ਮਨ ਵਿਚ ਇਸ ਪ੍ਰਕਾਰ ਦੀ ਅਰਦਾਸ ਸਾਂਈ ਦਰ ਅਪੜਦੀ ਹੈ ਤੇ ਮੇਹਰਾਂ ਹੁੰਦੀਆਂ ਹਨ ।
ਸੋ ਤੁਸਾਂ ਨੂੰ ਇਹ ਹਰਫ ਰਾਜ ਜੀ ਨੂੰ ਸੁਨਾਉਣ ਲਈ ਲਿਖੇ ਹਨ । ਰਾਜ ਜੀ ਜਾਣਦੇ ਹਨ ਕੇਵਲ ਯਾਦ ਕਰਾਉਣੇ ਦੀ ਲੋੜ ਹੈ । ਸੋ ਗੁਰੂ ਕੀ ਮੇਹਰ ਅੰਗ ਸੰਗ ਰਹੇ ।
ਇਥੇ ਪਾਠ ਪਯਾਰ ਨਾਲ ਕਈ ਲੋਕੀ ਆ ਆ ਕੇ ਕਰ ਰਹੇ ਹਨ । ਸਾਰਾ ਦਿਨ ਘਰ ਵਿਚ ਰੂਹਾਨੀ ਪ੍ਰਭਾਵ ਛਾਯਾ ਰਹਿਦਾ ਹੈ ।
ਤੁਸਾਂ ਜੀ ਨੇ ਮਲਕ ਹਰਦਿਤ ਸਿੰਘ ਜੀ ਵਲ ਖਤ ਲਿਖਣੇ ਲਈ ਲਿਖਯਾ ਹੈ ਯਤਨ ਕਰਸਾਂ ਅਜ ਕਲ ਲਿਖਣੇ ਦਾ ।
ਸਾਰੇ ਪਰਵਾਰ ਜੋਗ ਅਸੀਸ
ਹਿਤਕਾਰੀ
ਵੀਰ ਸਿੰਘ
2
ਅੰਮ੍ਰਿਤਸਰ
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਯਾਰੇ ਜੀਓ,
ਆਪ ਦਾ ਪਤ੍ਰ ਪਹੁੰਚਾ, ਬਰਖੁਰਦਾਰ... ਜੀ ਦੇ ਕਾਕੇ ਦੇ ਸਚਖੰਡ ਪਯਾਨੇ ਦੀ ਹ੍ਰਿਦਯ ਵਿਹਦਕ ਖਬਰ ਪੜ੍ਹ ਕੇ ਬਹੁਤ ਸ਼ੋਕ ਹੋਇਆ । ਆਪ ਅਰ ਪਯਾਰੇ.... ਜੀ ਜੋਗ ਐਸੀ ਸੱਟ ਜੇ ਸਾਈ ਜੀ ਵਲੋਂ ਬਚਾ ਲਈ ਜਾਂਦੀ ਤਾਂ ਡਾਢੀ ਹੀ ਲੋੜੀਂਦੀ ਗਲ ਸੀ, ਪਰ ਰਬ ਸਾਈਂ ਜੀ ਦੇ ਕਰਤਵ ਕਿਸੇ ਹੋਰ ਧਰੁਵੇ ਤੋਂ ਟੁਰਦੇ ਹਨ ਕਿ ਜਿਥੇ ਸਾਡੀ ਪਹੋਂਚ ਨਹੀਂ ਤੇ ਸਦੀਵ ਉਸ ਨੂੰ ਸਮਝ ਨਹੀਂ ਸਕੀਦਾ, ਅਸੀਂ ਅੰਤ ਵਿਚ ਹਾਂ, ਉਹ ਅਨੰਤ ਹੈ। ਸਤਿਗੁਰੂ ਜੀ ਨੇ ਉਸ ਨੂੰ ਪਯਾਰ ਸਰੂਪ ਲਿਖਿਆ ਹੈ, ਓਸ ਤੋਂ ਜੋ ਕੁਛ ਹੁੰਦਾ ਹੈ ਪਯਾਰ ਹੁੰਦਾ ਹੈ ਪਰ ਕਾਇਨਾਤ ਦੇ ਪ੍ਰਬੰਧ ਵਿਚ ਸਾਡੀ ਸਮਝ ਉਸ ਦਰਜੇ ਤੇ ਹੈ ਕਿ ਹਰ ਪ੍ਰਕਾਰ ਦੇ ਰਬ ਜੀ ਦੇ ਪਯਾਰ ਨੂੰ ਸਮਝ ਨਹੀਂ ਸਕਦੀ, ਇਸ ਕਰ ਕੇ ਅਸੀ ਭੁਲੇਖੇ ਵਿਚ ਪੈ ਜਾਂਦੇ ਹਾਂ । ਦਾਤਾ ਜੀ ਵਾਹਿਗੁਰੂ ਨੂੰ ਮਿੱਤ੍ਰ ਦਸਦੇ ਹਨ ਤੇ ਲਿਖਦੇ ਹਨ :-
ਮੀਤ ਕਰੈ ਸੋਈ ਹਮ ਮਾਨਾ ॥ ਮੀਤ ਕੇ ਕਰਤਬ ਕੁਸਲ ਸਮਾਨਾ ॥
ਪਰ ਸਾਡੇ ਦਿਲਾਂ ਦੀ ਬਨਾਵਟ ਐਸੀ ਹੈ ਕਿ ਡੂੰਘੇ ਪਯਾਰ ਦੇ ਵਿਛੋੜਿਆਂ ਨਾਲ ਦਿਲਾਂ ਨੂੰ ਡੂੰਘੇ ਜ਼ਖ਼ਮ ਲਗਦੇ ਹਨ ਜੋ ਗੱਲਾਂ ਨਾਲ ਉਪਦੇਸ਼ਾਂ ਨਾਲ ਝਟ ਪਟ ਨਹੀਂ ਮਿਲਦੇ । ਪ੍ਰੰਤੂ ਇਨਸਾਨ ਪਾਸ ਇਨਸਾਨ ਨਾਲ ਹਮਦਰਦੀ ਤੇ ਪਯਾਰ ਦੇ ਸਿਵਾ ਹੋਰ ਕੋਈ ਰਸਤਾ ਵੀ ਨਹੀਂ ਕਿ ਜਿਸ ਨਾਲ ਅਪਨੇ ਪਯਾਰਿਆਂ ਦੇ ਦਿਲਾਂ ਨੂੰ ਲਗੇ ਘਾਵਾਂ ਨੂੰ ਮਰਹਮ ਲਗਾ ਸਕੇ । ਇਹੋ ਪਯਾਰ ਹੀ ਸੈਹਜੇ ਸੈਹਜੇ ਦਿਲ ਦੇ ਘਾਉ ਮੇਲਦਾ ਹੈ । ਤੇ ਪਯਾਰ ਇਹ ਹੈ ਕਿ ਅਪਨੇ ਮਿਤ੍ਰਾਂ ਪਯਾਰਿਆਂ ਦੇ ਦਿਲ ਹਰ ਵੇਲੇ ਸਾਈਂ ਜੀ ਦੇ ਚਰਨਾਂ ਵਲ ਲੁਆਏ ਜਾਣ, ਜਿਥੋਂ ਕਿ ਅਸੀ ਆਏ ਤੇ ਅੰਤ ਜਿਥੇ ਢੋਈ ਹੈ। ਉਹ ਸਦਾ ਰਹਿਣ ਵਾਲੀ ਓਟ ਹੈ, ਤੇ ਉਥੇ ਹੀ ਸੁਖ ਬਿਸ੍ਰਾਮ ਹੈ।
ਆਪ ਦੁਏ ਪਿਤਾ ਪੁਤ੍ਰ ਵਾਹਿਗੁਰੂ ਜੀ ਦੇ ਪਯਾਰ ਵਾਲੇ ਹੋ । ਬਾਣੀ ਆਪਦਾ ਆਸਰਾ ਹੈ ਤੇ ਨਾਮ ਦੀ ਆਪ ਨੂੰ ਸੋਝੀ ਹੈ। ਇਸ ਵੇਲੇ ਗੁਰੂ ਆਪ ਦੇ ਦਿਲਾਂ ਤੇ ਅਪਨੀ ਮਿਹਰ ਨਾਲ ਠੰਢ ਵਰਤਾਵੇ ਤੇ ਗੁਰਬਾਣੀ ਆਪ ਨੂੰ ਸੁਖ ਦੇਵੇ । ਜੋ ਜ਼ਿੰਦਗੀ ਦਾ ਨੁਕਤਾ ਨਿਗਾਹ ਗੁਰਬਾਣੀ ਵਿਚ ਲਿਖਿਆ ਹੈ ਉਹੀ ਦੁਖਾਂ ਦਰਦਾਂ ਦਾ ਦਾਰੂ ਹੈ। ਵਾਹਿਗੁਰੂ
ਆਪ ਨੂੰ ਭਾਣੇ ਮੰਨਣ ਦੀ ਦਾਤ ਬਖ਼ਸ਼ੇ ਤੇ ਨਾਮ ਬਾਣੀ ਦੇ ਆਸਰੇ ਨਾਲ ਦਿਲ ਨੂੰ ਉਚਾ ਤੇ ਸਾਈਂ ਪਯਾਰ ਨਾਲ ਸੁਖ ਵਿਚ ਕਰ ਦੇਵੇ । ਇਹੀ ਅਰਦਾਸ ਹੈ ਤੇ ਮੇਰੀ ਦਿਲੀ ਹਮਦਰਦੀ ਇਸ ਅਸਹਿ ਵਿਛੋੜੇ ਵਿਚ ਆਪ ਸਾਹਿਬਾਨ ਦੇ ਨਾਲ ਹੈ।
ਜੋ ਕੁਛ ਕਰੇ ਸੁ ਭਲਾ ਕਰ ਮਾਨੀਐ
ਹਿਕਮਤ ਹੁਕਮ ਚੁਕਾਈਐ ॥
ਚਾਹੇ ਵਿਛੋੜੇ ਦੀ ਪੀੜਾ ਕਿਤਨੀ ਬੀ ਅਸਹਿ ਹੋਵੇ ਪਰੰਤੂ ਦਾਰੂ ਸਤਿਗੁਰੂ ਜੀ ਨੇ ਵਾਹਿਗੁਰੂ ਜੀ ਦੀ ਸ਼ਰਨ ਹੀ ਦਸਿਆ ਹੈ, ਤੇ ਹੁਕਮ ਦਿਤਾ ਹੈ :
ਜਿਸ ਕੀ ਬਸਤ ਤਿਸ ਆਗੈ ਰਾਖੈ ॥
ਪ੍ਰਭ ਕੀ ਆਗਿਆ ਮਾਨੈ ਮਾਥੈ ॥
ਉਸ ਤੇ ਚਉਗਨ ਕਰੈ ਨਿਹਾਲੁ ॥
ਨਾਨਕ ਸਾਹਿਬ ਸਦਾ ਦਇਆਲੁ ॥
ਗੁਰੂ ਮਿਹਰ ਕਰੇ ਤੇ ਆਪ ਦੇ ਅੰਗ ਸੰਗ ਹੋਵੇ ਤੇ ਵਿਛੜੇ ਬਚੇ ਨੂੰ ਅਪਨੀ ਮਿਹਰ ਦੀ ਛਾਵੇਂ ਥਾਉਂ ਬਖਸ਼ੋ ।
ਆਪ ਜੀ ਦੇ ਦਰਦ ਵਿਚ ਦਰਦੀ ਵੀਰ ਸਿੰਘ
3
ਅੰਮ੍ਰਿਤਸਰ ੧੯੨੬
ਪੱਤ੍ਰ ਮਿਲਿਆ ਹੈ । ਵਾਹਿਗੁਰੂ ਜੀ ਅਗੇ ਅਰਦਾਸ ਕਰੋ ਜੋ ਓਹ ਸਾਨੂੰ ਸਭਨਾਂ ਨੂੰ ਅਪਨੇ ਚਰਨਾਂ ਦਾ ਕੂਲਾ ਕੂਲਾ ਪਿਆਰ ਬਖ਼ਸ਼ੋ । ਆਪਣੀ ਮਿਠੀ ਮਿਠੀ ਯਾਦ ਦਾਨ ਕਰੇ । ਉਸ ਦਾ ਪਯਾਰਾ ਪਯਾਰਾ ਨਾਮ ਸਾਡੀ ਰਸਨਾ ਨੂੰ ਤਖਤ ਬਠਾ ਕੇ ਉਤੇ ਬਹਿ ਕੇ ਸਾਡੇ ਮਨ ਉਤੇ ਰਾਜ ਕਰੇ । ਅਸੀ ਦੁਨੀਆਂ ਦੇ ਓਸ ਗੁਬਾਰ ਵਿਚ ਨਾ ਜਾਈਏ ਜਿਸ ਦੇ ਪਰਛਾਵੇਂ ਵਿਚ ਸਾਨੂੰ ਪਰਲੋਕ, ਸਾਈਂ, ਗੁਰ ਨਾਨਕ ਦੂਰ ਤੇ ਓਪਰੇ ਦਿੱਸਣ । ਸਾਨੂੰ ਧੰਨ ਗੁਰ ਨਾਨਕ ਸਚੀ ਹਸਤੀ, ਨੇੜੇ ਦੀ ਹਸਤੀ ਤੇ ਪਯਾਰੀਕ ਦਿਸੇ । ਅਸੀ ਜਗਤ ਵਿਚ ਸੁਖੀ ਵਸੀਏ, ਪਰ ਵਾਹਿਗੁਰੂ ਆਪਣਾ ਤੇ ਨੇੜੇ ਨੇੜੇ ਦਿਸੇ, ਸੋ ਉਸ ਦੀ ਯਾਦ ਸਾਡੇ ਮਨ ਮੰਦਰ ਵਿਚ ਵਸੇ, ਅਸੀਂ ਐਉਂ ਜੀਵੀਏ, ਮਨ ਵਸਾ ਕੇ ਸਾਈਂ ਨੂੰ ਜੀਵੀਏ ।
ਲਾਜਾਂ ਦਾ ਵਿਛੋੜਾ ਅਚਾਨਕ ਤੇ ਨਾ ਆਸ ਕੀਤੀ ਜਾਣ ਵਾਲੀ ਹਾਲਤ ਵਿਚ ਹੋਇਆ ਹੈ । ਦਿਲ ਨੂੰ ਕੂਲਾ ਕੂਲਾ ਬਿਰਹਾ ਝੰਝਲਦਾ ਦਿਸਦਾ ਹੈ, ਪਰ ਇਸ ਤੋਂ ਲਾਭ ਇਹ ਲਓ ਕਿ ਸਾਈਂ ਦੇ ਪਯਾਰ ਵਿਚ ਘੁਲ ਜਾਓ। ਲਾਜਾਂ ਜੇ ਸਾਈਂ ਰੰਗ ਵਿਚ ਸਾਂਦੀ ਤੱਕੀ ਨੇ ਤਾਂ ਸਾਈਂ ਦੀ ਰੰਗਣ ਵਿਚ ਡੋਬਾ ਲਾ ਲਓ। ਤੁਸੀ ਕੋਲ ਸਾਓ ਤਾਂ ਤਕਿਆ ਹੋਸੀ ਨੇ । ਮੇਰਾ ਖ਼ਯਾਲ ਹੈ ਕਿ ਲਾਜਾਂ ਸੁਖੀ ਹੈ । ਅਗੋਂ "ਧੰਨ ਗੁਰ ਨਾਨਕ" ਜਾਣੇ ਜਾਂ ਓਸਦੀ ਮਿਠੀ ਮਿਠੀ ਗੋਦ ਜਾਣੇ, ਜਿਸ ਗੋਦ ਨਾਲ ਸਾਨੂੰ ਕੁਛੜ ਦੇ ਬਾਲ ਵਾਂਙੂ ਸਦਾ ਇਹ ਮਾਣ ਹੋਵੇ ਕਿ ਗੁਰ ਨਾਨਕ ਮੇਰਾ ਹੈ, ਉਸ ਦੀ ਸਦਾ ਹਰੀ ਗੋਦ ਪਯਾਰ ਭਰੀ ਗੋਦ, ਮੇਰੀ ਹੈ, ਗੁਰ ਨਾਨਕ ਦੇ ਚਰਨਾਂ ਨਾਲ ਸਾਡਾ ਦਾਵਾ ਹੋਵੇ, ਕਿ ਓਹ ਅੰਮ੍ਰਿਤ ਦੇ ਸੋਮੇ ਮੇਰੇ ਹਨ।
'ਧੰਨ ਗੁਰ ਨਾਨਕ ਮੇਰਾ ਹੈ' ।
ਇਹ ਪਯਾਰ ਝਰਨਾਟ ਸਾਡੇ ਅੰਦਰ ਛਿੜੇ, ਇਹੋ ਜੀਵਨ ਹੋਵੇ ਇਹੋ ਮੁਕਤੀ । ਇਹ ਸੁਹਣੇ ਖ਼ਿਆਲ ਨਹੀਂ, ਮੇਰੀ ਉਸ ਦਰੋਂ ਇਹੋ ਮੰਗ ਹੈ ਕਿ ਗੁਰ ਨਾਨਕ ਮੇਰਾ ਤੇ ਮਿਠਾ ਮਿਠਾ ਤੇ ਪਯਾਰਾ ਪਯਾਰਾ ਮੇਰਾ ਮੇਰਾ ਲਗੇ ।
ਭੈਣੀ ਅਪਣੀ ਨੂੰ ਮਰ ਗਈ ਨਾ ਜਾਣੋ, ਓਹ ਗਈ ਹੈ ਜਿਥੇ ਸਭਨਾਂ ਜਾਣਾਂ ਹੈ, ਪਰ ਸਫਲ ਹੈ ਜਾਣਾ ਉਨ੍ਹਾਂ ਦਾ ਜੋ ਨਾਮ ਰੰਗ ਰਤੇ ਜਾਂਦੇ ਹਨ । ਸੋ ਲਾਜ ਦਾ ਪਿਆਰ ਇਹ ਹੈ ਕਿ ਉਸ ਵਾਂਙੂ ਨਾਮ ਜਪੋ, ਨਾਮ ਦੀ ਪੀਂਘ ਘੁਕਾਓ। ਜੀਵਨ ਸਫਲ ਕਰੋ !
ਹਿਤਕਾਰੀ
ਵ. ਸ.
4
ਅੰਮ੍ਰਿਤਸਰ
੨੬,੧,੩੩
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ,
ਪਯਾਰੇ ਡਾਕਟਰ ਜੀਓ ਜੀ -
ਕੰਨਸੋ ਕੰਨੀ ਪਈ ਹੈ ਕਿ ਆਪ ਜੋਗ ਜ਼ਿੰਦਗੀ ਦੀ ਉਸ ਅਜ਼ਮਾਇਸ਼ ਦਾ ਸਾਹਮਣਾ ਕਰਨਾ ਪਿਆ ਹੈ ਜੋ ਕਿ ਇਨਸਾਨ ਲਈ ਕਠਨ ਤੋਂ ਕਠਨ ਹੁੰਦੀ ਹੈ ਤੇ ਜਿਸ ਕਿਸਮ ਦੀਆਂ ਮੁਸ਼ਕਲਾਂ ਨਾਲ ਗ੍ਰਹਸਤ ਆਸ਼੍ਰਮ ਅਪਨੇ ਸਾਰੇ ਮਿੱਠੇ ਸਾਮਾਨਾਂ ਦੇ ਹੁੰਦਿਆਂ ਕੌੜਾ ਹੋ ਜਾਇਆ ਕਰਦਾ ਹੈ, ਇਨ੍ਹਾਂ ਖੋਦਾਂ ਕਰਕੇ ਹੀ ਪਿਛਲੇ ਸਮੇਂ ਵੀਚਾਰਵਾਨ ਲੋਕ ਤਯਾਗ ਨੂੰ ਚੰਗੇਰਾ ਸਮਝਦੇ ਰਹੇ ਹਨ, ਕਿਉਂਕਿ ਇਨ੍ਹਾਂ ਦਾ ਫ਼ਲਸਫ਼ਾ ਇਹ ਸੀ ਕਿ ਇਨਸਾਨੀ ਜੀਵਨ ਕਿਸੇ ਉਕਾਈ ਨਾਲ ਬਣ ਗਿਆ ਹੈ ।
ਇਸ ਵਿਚ ਸੰਸਾ ਨਹੀਂ ਕਿ ਇਸ ਤਰ੍ਹਾਂ ਦੇ ਪਰਤਾਵੇ ਵੇਲੇ ਪੀੜਾ ਦੀ ਝਰਨਾਟ ਬੜੀ ਡੂੰਘੀ ਜਾਂਦੀ ਹੈ ਤੇ ਖ਼ਾਸ ਕਰ ਕੇ ਐਸੇ ਵੇਲੇ ਕਿ ਜਦੋਂ ਆਪ ਜੈਸੇ ਸੁਹਿਰਦ ਪੁਰਖ ਉਮਰਾਂ ਦਾ ਕੰਮ ਕਰ ਕੇ ਆਰਾਮ ਲਈ ਘਰ ਆ ਟਿਕੇ ਤੇ ਘਰ ਦਾ ਸਾਰਾ ਬੋਝ ਤੇ ਜ਼ਿਮੇਵਾਰੀ ਬਰਖੁਰਦਾਰ ਨੇ ਚਾਈ ਹੋਈ ਸੀ ਤੇ ਆਪ ਬੇਫ਼ਿਕਰ ਹੋ ਕੇ ਅਪਨਾ ਪਰਉਪਕਾਰ ਤੇ ਬਾਣੀ ਪਾਠ ਦਾ ਕਾਰਜ ਕਰ ਰਹੇ ਸੀ । ਕਿੰਤੂ ਸ੍ਰੀ ਗੁਰੂ ਸਾਹਿਬਾਨ ਨੇ ਗ੍ਰਸਤ ਆਸ਼੍ਰਮ ਨੂੰ ਐਸੇ ਕਠਨ ਪਰਤਾਵਿਆਂ ਦੇ ਹੁੰਦਿਆਂ ਬੀ ਵਿਸ਼ੇਸ਼ਤਾ ਦਿਤੀ ਹੈ ਤੇ ਨਾਮ ਆਰਾਧਨ ਦੇ ਨਾਲ ਜੋ ਰਜ਼ਾ ਦਾ ਸਬਕ ਸਿਖਾਇਆ ਹੈ ਦੱਸਿਆ ਹੈ ਕਿ ਉਸ ਦੀ ਤਾਲੀਮ ਗ੍ਰਹਸਤ ਦੀਆਂ ਮੁਸ਼ਕਲਾਂ ਵਿਚ ਹੀ ਹੁੰਦੀ ਹੈ । ਚਿਤ ਕਈ ਦਿਨ ਸੰਕੁਚਦਾ ਰਿਹਾ ਹੈ ਕਿ ਮੈਂ ਆਪ ਨੂੰ ਇਸ ਵੇਲੇ ਕੀਹ ਲਿਖਾਂ ਕਿਉਂਕਿ ਮੈਨੂੰ ਮਿਤ੍ਰਾਂ ਪਿਆਰਿਆਂ ਦੇ ਵਿਯੋਗ ਵੇਲੇ ਦਾ ਪਤਾ ਹੈ ਕਿ ਸਮਝੌਤੀਆਂ ਦੇਣੀਆਂ ਆਸਾਨ ਹਨ ਪਰ ਕਮਾਣੀਆਂ ਕਠਨ । ਕਿਉਂਕਿ ਉਪਦੇਸ਼ ਤਾਂ ਸਾਡਾ ਇਹ ਮਨ ਜੋ 'ਸਗਯਾਤ ਮਨ' ਹੈ ਸੁਣਦਾ ਹੈ ਤੇ ਉਹ ਤਸੱਲੀ ਬੀ ਪਾ ਜਾਂਦਾ ਹੈ, ਪਰ ਪਯਾਰਿਆਂ ਦੇ ਵਿਯੋਗ ਦੀ ਪੀੜਾ ਹੇਠਾਂ 'ਅਗਯਾਤ ਮਨ' ਵਿਚ ਲਹ ਗਈ ਹੁੰਦੀ ਹੈ । ਉਥੇ ਉਪਦੇਸ਼ ਦੀ ਸੂਈ ਇੰਨੀ ਛੇਤੀ ਡੂੰਘੀ ਉਤਰ ਕੇ ਪੀੜ ਦੇ ਕੰਡੇ ਨੂੰ ਧਰੂ ਕੇ ਬਾਹਰ ਨਹੀਂ ਲੈ ਆਉਂਦੀ ਜਿੰਨੀ ਛੇਤੀ ਕਿ ਤਸੱਲੀ ਤੇ ਉਪਦੇਸ਼ ਦੇ ਵਾਕ ਪੜੇ ਸੁਣੇ ਤੇ ਸਮਝੇ ਜਾਂਦੇ ਹਨ । ਇਥੇ ਹੀ ਉਹ ਰਮਜ਼ ਤੇ ਉਸ ਦੀ ਬਜ਼ੁਰਗੀ ਹੈ ਜੋ ਸ੍ਰੀ ਗੁਰੂ ਜੀ ਨੇ ਨਾਮ ਦੇ ਅਭਯਾਸ ਵਿਚ ਰੱਖੀ ਹੈ। ਲਗਾਤਾਰ ਨਾਮ ਦਾ ਅਭਯਾਸ ਸਾਡੇ 'ਸਗਯਾਤ ਮਨ' ਵਿਚ ਪੁੜਦਾ ਪੁੜਦਾ 'ਅਗਯਾਤ
ਮਨ' ਵਿਚ ਸੰਚਰਣ ਲਗ ਜਾਂਦਾ ਹੈ । ਲਗਾਤਾਰ ਲਗੇ ਰਹਣ ਨਾਲ ਇਕ ਦਿਨ 'ਅਗਯਾਤ ਮਨ' ਨਾਮ ਨਾਲ ਤ੍ਰਿਬੁਡ ਹੋ ਜਾਂਦਾ ਹੈ, ਇੰਨਾ ਭਰ ਜਾਂਦਾ ਹੈ ਕਿ ਉਸ ਵਿਚ ਦਾ ਹੈਵਾਨੀ ਰੁੱਖ ਦੇਵਤਾ ਰੂਪ ਹੋ ਜਾਂਦਾ ਹੈ । ਉਥੇ ਫਿਰ ਵਾਹਿਗੁਰੂ ਜੀ ਨਾਲ ਹਿੱਤ ਤੇ ਟੇਕ ਟਿਕ ਜਾਂਦੀ ਹੈ, ਤਦੋਂ ਗ੍ਰਹਸਤ ਦੀਆਂ ਪੀੜਾ ਉਥੇ ਜਾ ਕੇ ਪੁੜਦੀਆਂ ਨਹੀਂ, ਜੇ ਪੁੜ ਜਾਣ ਤਾਂ ਬਾਹਰਲੇ ਸਤਸੰਗ ਦੇ ਪਯਾਰ ਤੇ ਪ੍ਰੇਰਨਾ ਨਾਲ ਗਾਫ਼ਲ ਲੋਕਾਂ ਨਾਲੋਂ- ਛੇਤੀ ਨਿਕਲ ਜਾਂਦੀਆਂ ਹਨ । ਸੋ ਸਤਿਸੰਗ ਦਾ ਪਿਆਰ ਇਸ ਵੇਲੇ ਇਹੀ ਹੁੰਦਾ ਹੈ ਕਿ ਚਾਹੇ ਅਪਨੇ ਪਿਆਰੇ ਨੂੰ ਕਿੰਨੀ ਕਰੜੀ ਖੇਚਲ ਆਈ ਹੋਵੇ ਅਪਨੇ ਪਯਾਰ ਤੇ ਪ੍ਰੀਤੀ ਪ੍ਰੇਰਨਾ ਨਾਲ ਸਤਿਗੁਰ ਦੇ ਦੱਸੇ ਉਪਦੇਸ਼ਾਂ ਦੁਆਰਾ ਸਾਹਸ ਦੇਣੀ । ਜਿਸ ਵੇਲੇ ਜੋ ਸੁਖੀ ਹੈ ਉਹ ਅਪਨੇ ਮਿਤ੍ਰ ਨੂੰ ਜਿਸ ਵੇਲੇ ਦੇਖੋ ਕਿ ਕਿਸੇ ਕਠਨਾਈ ਵਿਚ ਹੈ ਤਾਂ ਇਸ ਰੂਹਾਨੀ ਪਦਾਰਥ ਨਾਲ ਸੁਖੀ ਕਰਨ ਦਾ ਜਤਨ ਕਰੇ । ਇਸੇ ਕਰ ਕੇ ਅੱਜ ਮੈਂ ਇਹ ਆਜ਼ਾਦੀ ਲੈ ਰਿਹਾ ਹਾਂ ਕਿ ਤੁਸਾਨੂੰ ਜੋ ਸ਼ਾਯਦ ਬੀਸ ਬਰਸ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਤਿ ਪ੍ਰੇਮੀ ਹੋ ਰਹੇ ਹੋ, ਤੇ ਜੋ ਅਣਗਿਣਤ ਭੋਗ ਪਾ ਕੇ ਸੁਸਿਖਯਤ ਹੋ ਚੁਕੇ ਹੋ, ਉਸੇ ਗੁਰਬਾਣੀ ਦੇ ਖਯਾਲ ਲਿਖਾਂ ਤੇ ਪਯਾਰ ਨਾਲ ਆਖਾਂ ਪਯਾਰੇ ਜੀਓ !
ਵਾਹਿਗੁਰੂ ਸਾਡਾ ਮਿਤ੍ਰ ਹੈ,
ਮਿੱਤਰ ਜੋ ਕੁਛ ਕਰਦਾ ਹੈ ਮਿਤ੍ਰ ਦੇ ਭਲੇ ਲਈ ਕਰਦਾ ਹੈ, ਇਸ ਲਈ ਮਿਤ੍ਰ ਦਾ ਕੀਤਾ ਸਦਾ ਕੁਸ਼ਲਤਾ ਵਾਲਾ ਹੁੰਦਾ ਹੈ। ਤਾਂਤੇ ਵਾਹਿਗੁਰੂ ਜੋ ਕੁਛ ਕੀਤਾ ਹੈ ਸਾਡੇ ਨਾ ਸਮਝੇ ਪੈਣ ਵਾਲੇ ਭਲੇ ਲਈ ਕੀਤਾ ਹੈ ।
ਇਹ ਨੁਕਤਾ ਖਯਾਲ ਹੈ ਜੋ ਗੁਰੂ ਜੀ ਨੇ ਉਨ੍ਹਾਂ ਅਪਨੇ ਸਿੱਖਾਂ ਨੂੰ ਦਸਿਆ ਹੈ ਜੋ · ਬਾਣੀ ਪੜ੍ਹ ਕੇ ਭਗਤੀ ਵਿਚ ਆਏ ਤੇ ਵਾਹਿਗੁਰੂ ਜੀ ਨੂੰ ਪਿਆਰ ਭਾਵਨਾ ਨਾਲ ਵੇਖਦੇ ਹਨ । ਤੇ ਫੁਰਮਾਇਆ ਹੈ :
ਜੋ ਕਿਛੁ ਕਰੇ ਸੁ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਈਐ ॥
ਇਕ ਹੋਰ ਉਕਾਈ ਗੁਰੂ ਜੀ ਦੇ ਭੇਤ ਤੋਂ ਨਾਮਹਰਮ ਲੋਕ ਦੂਜੇ ਮਤਾਂ ਤੋਂ ਸਿਖੀ ਸਿਖਯਾ ਨਾਲ ਕਰਯਾ ਕਰਦੇ ਹਨ । ਹਰੇਕ ਦਾ ਜਤਨ ਹੁੰਦਾ ਹੈ ਕਿ ਪਯਾਰੇ ਦੇ ਵਿਯੋਗ ਤੋਂ ਚਿਤ ਦ੍ਰੱਵ ਰਿਹਾ ਹੈ ਤੇ ਇਹ ਬ੍ਰਿਹ ਪੀੜਾ ਨਾਲ ਪੰਘਰ ਰਿਹਾ ਹੈ, ਜੋ ਕਈ ਵੇਰ ਬਾਹਰ ਅਥਰੂਆਂ ਦੀ ਸ਼ਕਲ ਬੀ ਲੈਂਦਾ ਹੈ ਇਸ ਦ੍ਰਵਣਤਾ ਨੂੰ ਕਿਵੇਂ ਦੂਰ ਕੀਤਾ ਜਾਏ, ਇਸ ਲਈ ਤਰਾਂ ਤਰਾਂ ਦੇ ਉਪਦੇਸ਼ ਹੁੰਦੇ ਹਨ। ਜਿਨਾਂ ਨਾਲ ਮਨ ਦੁਖ ਨੂੰ ਭੁਲਣ ਲਗ ਤਾਂ ਜਾਂਦਾ ਹੈ ਪਰ ਕਠੋਰ ਜਿਹਾ ਹੋ ਜਾਂਦਾ ਹੈ । ਇਹ ਕਠੋਰਤਾ ਉਸ ਕਿਸਮ ਦੀ ਹੁੰਦੀ ਹੈ ਜਿਸ ਤਰਾਂ ਦੀ ਕਿ ਨੀਂਵੀ ਜ਼ਿੰਦਗੀ ਬਨਸਪਤੀ ਦੇ ਵਿਚ ਹੁੰਦੀ ਹੈ ਯਾ ਪਥਰਾਂ ਆਦਿਕਾਂ ਵਿਚ ਹੁੰਦੀ ਹੈ, ਮਨ ਨਿਰਾ ਸੋਚਣ ਦਾ ਸੰਦ ਨਹੀਂ, ਨਿਰੀ ਵੀਚਾਰ ਦਾ ਕਾਰਖਾਨਾ ਨਹੀਂ । ਮਨ ਵਿਚ ਭਾਵ ਤੇ ਵਲਵਲੇ ਬੀ ਹੈਨ, ਫੇਰ ਇਕ ਵਲਵਲੇ ਪਸ਼ੂਆਂ ਨਾਲ ਸਾਂਝੇ ਹਨ ਉਨ੍ਹਾਂ ਨੂੰ ਤਾਂ ਬੁੱਧੀ ਅਪਨੇ ਤਾਬੇ ਰਖੇ ਤਾਂ ਸੁਖ ਹੁੰਦਾ ਹੈ, ਪਰ ਬੁੱਧੀ ਪਸ਼ੂਆਂ ਨਾਲ ਸਾਂਝੇ ਵਲਵਲਿਆਂ ਨੂੰ ਕਾਬੂ ਕਰਦੀ ਕਰਦੀ ਮਨ ਵਿਚ ਬੱਝ ਪਾ ਕੇ ਇਸ ਨੂੰ ਕਰੜਾ ਜੇਹਾ ਤੇ ਕਈ ਵੇਰ ਰੋਗੀ ਕਰ ਦੇਂਦੀ ਹੈ । ਜੋ ਰੋਗ ਕਿ ਕਦੇ ਹਿਸਟੀਰੀਆ ਤੇ
ਕਦੇ ਸਰੀਰਕ ਔਹਰਾਂ ਦੀ ਸ਼ਕਲ ਪਕੜਦੇ ਹਨ । ਇਸ ਕਰ ਕੇ ਸਤਿਗੁਰ ਜੀ ਨੇ ਦਸਿਆ ਹੈ ਕਿ ਉੱਚੇ ਵਲਵਲਿਆਂ ਵਿਚ ਜਾਓ। ਉੱਚੇ ਵਲਵਲੇ ਬੁੱਧੀ ਦੀ ਇਸ ਬੱਝ ਨੂੰ ਤੋੜਦੇ ਉਸ ਵਿਚ ਕੋਮਲਤਾ ਭਰ ਕੇ ਮਾਨਸਿਕ ਤੇ ਸਰੀਰਕ ਅਰੋਗਤਾ ਬਖ਼ਸ਼ਦੇ ਹਨ, ਇਸ ਲਈ ਕਈ ਉਪ੍ਰਾਲੇ ਹਨ ਪਰ ਸਭ ਤੋਂ ਉੱਚਾ ਉਪ੍ਰਾਲਾ ਹੈ 'ਵਾਹਿਗੁਰੂ ਪ੍ਰੇਮ । ਸਭ ਤੋਂ ਉੱਚੀ ਹਸਤੀ ਪਰਮੇਸ਼ੁਰ ਸਾਈਆਂ ਜੀ ਦੀ ਹੈ। ਉਨ੍ਹਾਂ ਵਲ ਖਯਾਲ ਕਰਨ ਨਾਲ ਮਨ ਉੱਚਾ ਹੁੰਦਾ ਹੈ, ਉਨ੍ਹਾਂ ਨਾਲ ਪ੍ਰੇਮ ਕਰਨ ਨਾਲ ਮਨ ਵਿਚ ਪਿਆਰ ਤੇ ਕੋਮਲਤਾ ਦੇ ਵਲਵਲੇ ਜਾਗਦੇ ਹਨ । ਕਦੇ ਸ਼ੁਕਰ ਦੇ ਭਾਵ ਉਠਦੇ ਹਨ, ਕਦੇ ਬੇਨਤੀ ਦੇ ਭਾਵ ਪੈਦਾ ਹੁੰਦੇ ਹਨ, ਕਦੇ ਬਿਰਹੇ ਦੇ ਤਨੁਕੇ ਵਜਦੇ, ਕਦੇ ਮਿਲਾਪ ਦੀ ਤਾਂਘ ਖਿਚਦੀ ਹੈ, ਕਦੇ ਟਿਕਾਉ ਆ ਕੇ ਰਸ ਭਰਦਾ ਹੈ, ਇਹ ਉੱਚੇ ਵਲਵਲੇ ਬੁੱਧੀ ਦੀ ਪੈਦਾ ਕੀਤੀ ਬੱਝ ਰੁਖਾਪਨ ਤੇ ਗਮਰੁਠਤਾਈ ਨੂੰ ਕੂਲਿਆਂ ਕਰ ਕੇ ਇਨਸਾਨ ਨੂੰ ਦੇਵਤਾ ਬਨਾ ਦੇਂਦੇ ਹਨ, ਪਸ਼ੂ ਅਸਲੇ ਵਾਲਾ ਮਨ ਉੱਚੇ ਰਸਾਂ ਦਾ ਜਾਣੂੰ ਹੋ ਜਾਂਦਾ ਹੈ ।
ਹੁਣ ਵੀਚਾਰ ਦੀ ਗੱਲ ਇਹ ਹੈ ਕਿ ਜਦੋਂ ਵਾਹਿਗੁਰੂ ਜੀ ਦੇ ਭਾਣੇ ਇਸ ਤਰਾਂ ਦਾ ਸਮਾਂ ਆ ਜਾਵੇ ਕਿ ਜੀਕੂ ਦਾ ਹੁਣ ਆਪ ਪਰ ਆ ਗਿਆ ਹੈ, ਉਸ ਵੇਲੇ ਬਾਣੀ ਦੇ ਪ੍ਰੇਮੀ ਤੇ ਨਾਮ ਦੇ ਉਪਾਸ਼ਕ ਅਪਨੇ ਮਨ ਦੀ ਇਸ ਉੱਚੀ ਹਾਲਤ ਨੂੰ ਸੰਭਾਲਣ ਜੋ ਓਹ ਵਿਯੋਗ ਦੀ ਪੀੜਾ ਨਾਲ ਉਖੜ ਨਾ ਜਾਵੇ ਯਾ ‘ਪ੍ਰੇਮ ਪੀੜਾ' ਤੋਂ ਨਾਮਹਿਰਮ ਸਿਆਣਿਆਂ ਦੇ ਉਪਦੇਸ਼ਾਂ ਨਾਲ ਪਥਰਾ ਨਾ ਜਾਵੇ। ਸਿਆਣੇ ਗੁਰਮੁਖ ਇੰਝ ਕਰਯਾ ਕਰਦੇ ਹਨ ਕਿ ਮਨ ਵਿਚ ਜੋ ਪਯਾਰੇ ਦੇ ਵਿਯੋਗ ਨਾਲ ਵੈਰਾਗ ਉਪਜਿਆ ਹੈ, ਉਸ ਨੂੰ ਨਾ ਦੂਰ ਕੀਤਾ ਜਾਵੇ, ਪਰ ਉਸ ਨੂੰ ਪਹਿਲਾਂ 'ਵਾਲੇਵੇ ਦੀ ਕਸਰ' ਤੋਂ ਸੋਧ ਲਈਏ। ਫਿਰ ਉਹੋ ਵੈਰਾਗ ਦੀ ਦ੍ਰਵਣਤਾ ਸਾਈਆਂ ਵਾਹਿਗੁਰੂ ਜੀ ਵਲ ਲਾ ਲਵੀਏ । ਇਸ ਗੱਲ ਦੇ ਠੀਕ ਸਮਝਣ ਲਈ ਸ੍ਰੀ ਗੁਰੂ ਜੀ ਦੀ ਅਪਨੀ ਸਾਖੀ ਸਹਾਈ ਹੁੰਦੀ ਹੈ । ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਚਖੰਡ ਪਿਆਨੇ ਦੇ ਕੁਛ ਅਰਸਾ ਮਗਰੋਂ ਭਾਈ ਬੁੱਢਾ ਜੀ ਸੰਗਤ ਦੇ ਮੁਖੀਆਂ ਸਣੇ ਖਡੂਰ ਵਿਚ ਏਕਾਂਤ ਹੋਏ ਹੋਇਆਂ ਨੂੰ ਆ ਕੇ ਮਿਲੇ ਤਾਂ ਆਪ ਲਿਵਲੀਨ ਬੈਠੇ ਸਨ, ਜਦੋਂ ਆਪ ਦੇ ਨੇਤਰ ਖੁੱਲੇ ਤਾਂ ਭਾਈ ਬੁੱਢਾ ਜੀ ਵਲ ਤੱਕ ਕੇ ਡਾਢੀ ਕੋਮਲ ਦ੍ਰਵਣਤਾ ਵਿਚ ਬੋਲੇ :
ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥
ਧ੍ਰਿਗੁ ਜੀਵਣੁ ਸੰਸਾਰਿ ਤਾਕੈ ਪਾਛੈ ਜੀਵਣਾ ॥
ਵਾਚ ਗਿਆਨੀ ਘਬਰਾਉਂਦੇ ਹਨ ਕਿ ਹੈਂ ਤ੍ਰਿਕਾਲਗੱਯ ਪੂਰਨ ਗੁਰੂ ਹੋ ਕੇ ਗੁਰੂ ਅੰਗਦ ਦੇਵ ਜੀ ਨੇ ਐਸੇ ਵੈਰਾਗ ਦੇ ਵਾਕ ਕਿਉਂ ਕਹੇ । ਪਰ ਇਸ ਦਾ ਭੇਤ ਸ੍ਰੀ ਗੁਰੂ ਨਾਨਕ ਦੇਵ ਜੀ ਅਪਨੀ ਬਾਣੀ ਵਿਚ ਆਪ ਦਸ ਗਏ ਹੋਏ ਹਨ :--
ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥
ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣ ਸਗਲ ਬਿਕਾਰੇ ॥
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਬਿਰਹਾ ਪਯਾਰ ਦਾ ਬਿਰਹਾ ਸੀ, ਵਾਲੇਵੇ ਦਾ ਨਹੀਂ ਸੀ, ਉਨ੍ਹਾਂ ਦੀ ਆਤਮਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਤਮਾ ਨਾਲ
ਸੱਚੇ ਪਿਆਰ ਨਾਲ ਜੁੜੀ ਹੋਈ ਸੀ । ਇਕ ਪਾਸੇ ਗੁਰੂ ਅੰਗਦ ਦੇਵ ਜੀ ਰੂਹਾਨੀ ਔਜ ਦੇ ਸਰਦਾਰ ਸਨ ਦੂਜੇ ਪਾਸੇ ਇਨਸਾਨੀ ਕਮਾਲ ਦਾ ਨਮੂਨਾ ਸੇ । ਉਨ੍ਹਾਂ ਦਾ ਉਪਰ ਦਸਿਆ ਸਲੋਕ ਰੂਹਾਨੀ ਪਿਆਰ ਤੋਂ ਉਪਜਿਆ ਸੀ ਤੇ ਇਨਸਾਨੀ ਵਲਵਲੇ (Feeling) ਦੀ ਡੂੰਘੀ ਤੋਂ ਡੂੰਘੀ ਡੂੰਘਾਈ ਦਾ ਪਤਾ ਦੇਂਦਾ ਹੈ।
ਧਯਾਨ ਦੇਣ ਦੀ ਥਾਂ ਹੈ ---- ਗੁਰੂ ਅੰਗਦ ਦੇਵ ਜੀ ਨੇ ਨਹੀਂ ਕਿਹਾ ਕਿ ਸੰਸਾਰ ਤਿੰਨ ਕਾਲ ਮਿਥਿਆ ਹੈ । ਗੁਰੂ ਨਾਨਕ ਦੇਵ ਜੀ ਰਬ ਰੂਪ ਸੇ, ਜਨਮ ਮਰਨ ਉਨ੍ਹਾਂ ਲਈ ਕੁਛ ਅਰਥ ਨਹੀਂ ਰਖਦਾ, ਓਹ ਸਦਾ ਜਾਗਤੀ ਜੋਤ ਹਨ । ਅਸੀਂ ਬ੍ਰਹਮ ਗਯਾਨੀ ਹਾਂ, ਸਾਨੂੰ ਤ੍ਰੈ ਕਾਲ ਸ੍ਵੈ ਸਰੂਪ ਪ੍ਰਾਪਤ ਹੈ, ਸਾਨੂੰ ਗੁਰੂ ਨਾਨਕ ਦੇਵ ਜੀ ਦਾ ਕੋਈ ਵਿਛੋੜਾ ਨਹੀਂ ਹੈ, ਵੈਰਾਗ ਨਹੀਂ ਹੈ ਦੁਖ ਨਹੀਂ, ਅਸੀ ਸਦਾ ਸੁਧ ਚੇਤਨ ਹਾਂ, ਏਹ ਉਪਦੇਸ਼ ਵਾਚ ਗਯਾਨੀ ਦੇਂਦੇ ਹਨ ਤੇ ਇਨ੍ਹਾਂ ਦਾ ਫਲ ਹੁੰਦਾ ਹੈ ਮਨ ਵਿਚ ਰੁਖਾਪਨ ਪੈਦਾ ਹੋਣਾ ਤੇ ਵਲਵਲੇ ਵਾਲੇ ਹਿਸੇ ਦਾ ਪਥਰਾ ਜਾਣਾ । ਇਸ ਕਰਕੇ ਸੱਚੇ ਮਹਿਰਮ ਨੇ ਦਸਿਆ ਕਿ ਸੱਚਾ ਪਿਆਰ ਇਹ ਹੈ ਕਿ ਇਸ ਜਗਤ ਵਿਚ ਪਯਾਰੇ ਗੁਰੂ ਤੋਂ ਵਿਛੜ ਕੇ ਜੀਉਣ ਨਾਲੋਂ ਉਸ ਤੋਂ ਪਹਲੇ ਟੁਰਨਾ ਵਧੇਰੇ ਚੰਗਾ ਹੈ। ਗੁਰੂ ਨਾਨਕ ਪ੍ਰੇਮ ਦਾ, ਉੱਚੇ ਸੁੱਚੇ ਰੂਹਾਨੀ ਪ੍ਰੇਮ ਦਾ, ਇਹ ਇਕ ਜੀਉਂਦਾ ਚਿਤ੍ਰ ਹੈ ਜੋ ਜੀਵਨ ਹੁਲਾਰੇ ਨਾਲ ਇਸ ਵੇਲੇ ਤਕ ਥਰਰਾ ਰਿਹਾ ਹੈ ਤੇ ਜੀਵਨ ਭਰ ਰਿਹਾ ਹੈ । ਇਹ ਤਾਂ ਸਾਖੀ ਹੈ ਰੱਬ ਰੂਪ ਸਤਿਗੁਰਾਂ ਦੇ ਨਿਜ ਪ੍ਰੇਮ ਤੇ ਅੰਤ੍ਰੀਵ ਤਜਰਬੇ ਦੀ, ਅਸਾਂ ਇਸ ਤੋਂ ਕਿੰਝ ਲਾਹਾ ਲੈਣਾ ਹੈ ?
ਜਿਸ ਵੇਲੇ ਸਾਡਾ ਡਾਢਾ ਪਿਆਰਾ ਸਾਥੋਂ ਵਿਛੜਿਆ ਹੈ ਸਾਡੇ ਦਿਲ ਨੇ ਸਦਮਾ ਖਾਧਾ ਹੈ, ਫਿਰ ਵੈਰਾਗ ਆਇਆ ਹੈ। ਮਨ ਇਸ ਵੈਰਾਗ ਦੀ ਅਰਨੀ ਨਾਲ ਪੰਘਰ ਗਿਆ ਹੈ, ਦ੍ਰੱਵ ਗਿਆ ਹੈ । ਇਹ ਦ੍ਰਵਣ ਦੀ ਹਾਲਤ ਸਾਨੂੰ ਰੁਆਉਂਦੀ ਹੈ, ਸੰਤਾਪ ਦੇਂਦੀ ਹੈ ਤੇ ਤੜਫਾਉਂਦੀ ਹੈ । ਇਨ੍ਹਾਂ ਤਿੰਨਾਂ ਵਿਚੋਂ ਪਹਲੀ ਹਾਲਤ 'ਦ੍ਰਵਣਤਾ', ਇਹ ਤਾਂ ਚੰਗੀ ਹੈ । ਤੇ ਪਿਛਲੀਆਂ ਦੋ ਉਸ ‘ਦ੍ਰਵਣਤਾ' ਦਾ ਗਲਤ ਵਰਤਾਉ ਹੈ, ਅਸਾਂ ਉਸ ਦ੍ਰਵਣਤਾ ਨਾਲ ਅਪਨੇ ਅੰਦਰ ਨੀਵੇਂ ਵਲਵਲੇ ਪੈਦਾ ਕਰ ਲਏ ਹਨ ਜੋ ਸਾਡੇ ਮਨ ਤੇ ਸਰੀਰ ਦੋਹਾਂ ਪਰ ਬੁਰਾ ਅਸਰ ਪਾਉਣਗੇ ਤੇ ਜਿਸ ਪਿਆਰੇ ਲਈ ਓਹ ਹੋਏ ਹਨ ਓਹ ਪਾਰ ਲੋਕ ਜਾ ਚੁਕਾ ਹੈ, ਉਸ ਨੂੰ ਵਾਪਸ ਲਿਆਉਣ ਵਿਚ ਇਨ੍ਹਾਂ ਨੇ ਕਾਮਯਾਬ ਨਹੀਂ ਹੋਣਾ, ਇਸ ਕਰਕੇ ਅਸਾਂ ਹੁਣ 'ਦ੍ਰਵਣਤਾ' ਨੂੰ ਉੱਚੇ ਪਾਸੇ ਪਾਉਣਾ ਹੈ, ਉਸ ਨਾਲ ਦੇਵੀ ਵਲਵਲੇ ਪੈਦਾ ਕਰਨੇ ਹਨ।
ਇਕ ਗੱਲ ਇਥੇ ਹੋਰ ਵਿਚਾਰ ਗੋਚਰੀ ਹੈ ਕਿ 'ਦ੍ਰਵਣਤਾ' ਕਿਉਂ ਲੱੜੀਂਦੀ ਸ਼ੈ ਹੈ ? ਗੁਰੂ ਪੰਚਮ ਪਾਤਸ਼ਾਹ ਨੇ ਫੁਰਮਾਇਆ ਹੈ :-
ਅਨਿਕ ਜਤਨ ਕਰਿ ਆਤਮ ਨਹੀ ਦ੍ਰਵੈ ॥
ਹਰਿ ਦਰਗਹ ਕਹੁ ਕੈਸੇ ਗਵੈ ॥
ਇਸ ਤੁਕ ਤੋਂ ਪਤਾ ਲੱਗਾ ਕਿ ਵਾਹਿਗੁਰੂ ਦੀ ਦਰਗਾਹੇ ਜਾਣ ਲਈ 'ਆਤਮ- ਦ੍ਰਵਣਤਾ' = ਆਪੇ ਦਾ ਪੰਘਰਣਾ ਇਕ ਜ਼ਰੂਰੀ ਅੰਗ ਹੈ। ਸੋ ਜਦੋਂ ਕਿ ਸਾਡੇ ਉਤੇ
ਸਾਡੇ ਕੀਤੇ ਤੇ ਵਾਹਿਗੁਰੂ ਦੇ ਭਾਣੇ ਵਿਚ ਐਸੀ ਕੋਈ ਅਜ਼ਮਾਇਸ਼ ਕਰੜੀ ਆ ਗਈ ਹੈ ਕਿ ਸਾਡਾ ਮਨ ਵੈਰਾਗ ਅਗਨੀ ਨਾਲ ਪੰਘਰ ਗਿਆ ਹੈ ਤਾਂ ਉਸ ਪੰਘਰ ਨੂੰ ਉਸ ਦ੍ਰਵਣਤਾ ਨੂੰ - ਅਸੀਂ ਸੰਤਾਪ, ਦੁਖ ਗਮ-ਦੇ ਨੀਵੇਂ ਵਲਵਲਿਆਂ ਦੀ ਉਤਪਤੀ ਤੋਂ ਹੋੜ੍ਹ ਕੇ ਉੱਚੇ ਪਾਸੇ ਪਾਈਏ । ਵੀਚਾਰ ਕਰੀਏ ਕਿ ਸਾਨੂੰ ਦੁਖ ਕਿਉਂ ਆਇਆ ? ਦੁਖ ਸਾਰੇ ਵਾਹਿਗੁਰੂ ਦੇ ਵਿਛੋੜੇ ਕਰਕੇ ਆਉਂਦੇ ਹਨ। ਕਿਉਂਕਿ ਭੁੱਲਾਂ ਸਾਰੀਆਂ, ਪਾਪ ਸਾਰੇ, ਅਪ੍ਰਾਧ ਸਾਰੇ ਰੱਬ ਤੋਂ ਵਿੱਛੜ ਕੇ ਤੇ ਉਸ ਨੂੰ ਵਿੱਸਰ ਕੇ ਆਉਂਦੇ ਹਨ ਤੇ ਦੁਖ ਸਾਡੇ ਹੈਨ ਹੀ ਫਲ ਸਾਡੀਆਂ ਭੁੱਲਾਂ ਦਾ, ਸਾਡੇ ਅਪ੍ਰਾਧਾਂ ਦਾ । ਤਾਂਤੇ ਪਿਛਲੇ ਕੀਤੇ ਤਾਂ ਭੋਗਣੇ ਹਨ ਅਗੋਂ ਨੂੰ ਹੁਣ ਰਬ ਨਾਲ ਜੁੜੀਏ, ਜੁੜੇ ਰਿਹਾਂ ਭੁੱਲਾਂ ਨਾਂ ਹੋਸਣ, ਭੁੱਲਾਂ ਨਾਂ ਹੋਣਗੀਆਂ ਤਾਂ ਫੇਰ ਦੁਖ ਨਾ ਆਉਣਗੇ, ਇਸ ਲਈ ਹੁਣ ਜੇ ਮਨ ਦ੍ਰਵ ਰਿਹਾ ਹੈ ਪੰਘਰ ਰਿਹਾ ਹੈ, ਕੌਮਲ ਹੋ ਰਿਹਾ ਹੈ, ਹੁਣ ਏਕਾਂਤ ਬਹਿ ਬਹਿ ਕੇ ਵਾਹਿਗੁਰੂ ਜੀ ਦੇ ਬਿਰਹੋਂ ਨੂੰ ਪ੍ਰਤੀਤ (Feel) ਕਰੀਏ। ਅੱਖਾਂ ਅਗੇ ਖਯਾਲ ਲਿਆਈਏ ਪ੍ਰਮੇਸ਼ਰ ਜੀ ਦਾ ਤੇ ਵਿਯੋਗ ਜੋ ਅੰਦਰ ਹੋ ਰਿਹਾ ਹੈ 'ਪੁਤ੍ਰ ਵਿਛੋੜੇ ਦਾ ਉਸ ਨੂੰ ਪਲਟ ਦੇਈਏ 'ਰੱਬ ਵਿਛੋੜੇ' ਵਿਚ ਨੈਣ ਭਰ ਭਰ ਡੁਲਣ ਬੇਸ਼ਕ ਡੁਲਣ ਨਾ ਡੁਲਣ ਤਾਂ ਜ਼ੋਰ ਨਹੀਂ ਲਾਉਣਾ, ਅੰਦਰ ਜੋ ਕੌਮਲਤਾ ਹੈ ਉਸ ਵਿਚ ਪ੍ਰਤੀਤ ਕਰੋ ਕਿ ਰਬ ਜੀ ਸਾਡੇ ਪਿਆਰੇ ਪ੍ਰੀਤਮ ਹਨ, ਪਰ ਸਾਥੋਂ ਵਿਛੜ ਰਹੇ ਹਨ ਉਸ ਵਿਚ ਮਨ ਸਨਮੁਖ ਕਰਕੇ ਤਰਲਿਆਂ ਵਿਚ ਪੈ ਜਾਈਏ ਕਿ 'ਹੇ ਪਯਾਰੇ ਵਾਹਿਗੁਰੂ ਜੀ ਆਪ ਮਿਲੋ, ਸਾਨੂੰ ਮੇਲ ਲਓ।
ਮਿਲਹੁ ਪਿਆਰੇ ਜੀਆ ਸਭ ਕੀਆ ਤੁਮਾਰਾ ਥੀਆ ॥
ਮਿਹਰ ਕਰੋ ਸਾਨੂੰ ਚਰਨੀ ਲਾਓ, ਸਾਨੂੰ ਸਰਨੀ ਸਮਾਓ, ਸਾਨੂੰ ਅਪਨੇ ਤੋਂ ਦੂਰ ਨਾ ਕਰੋ, ਸਦਾ ਹਜ਼ੂਰੀ ਵਿਚ ਰੱਖੋ, ਹੇ ਪਯਾਰੇ ਅਕਾਲ ਪੁਰਖ ਜੀਓ ਸਾਨੂੰ ਨਾ ਵਿਛੋੜੋ :--
ਮੇਲ ਲੈਹੁ ਦਇਆਲ ਢਹਿ ਪਏ ਦੁਆਰਿਆ ॥
ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ।
ਭਗਤਿ ਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ ॥
ਤੁਝ ਬਿਨੁ ਨਾਹੀ ਕੋਇ ਬਿਨਉ ਮੋਹਿ ਸਾਰਿਆ ॥
ਕਰੁ ਗਹਿ ਲੈਹੁ ਦਇਆਲ ਸਾਗਰ ਸੰਸਾਰਿਆ ॥੧੬॥
ਅਥਵਾ-
ਆਸਾਵੰਤੀ ਆਸ ਗੁਸਾਈ ਪੂਰੀਐ ॥
ਮਿਲਿ ਗੋਪਾਲ ਗੋਬਿੰਦ ਨ ਕਬਹੂ ਝੂਰੀਐ ॥
ਦੇਹੁ ਦਰਸੁ ਮਨਿਚਾਉ ਲਹਿ ਜਾਹਿ ਵਿਸੂਰੀਐ ॥
ਹੋਇ ਪਵਿਤ੍ਰ ਸਰੀਰੁ ਚਰਨਾ ਧੂਰੀਐ ॥
ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀਐ ॥
ਇਸ ਤਰ੍ਹਾਂ ਦੀਆਂ ਬੇਨਤੀਆਂ ਵਿਚ ਜੋ ਅਥਰੂ ਕਿਰਨਗੇ ਤਾਂ ਥਾਂ ਪੈਣਗੇ, ਇਨ੍ਹਾਂ ਦੇ ਮਗਰੋਂ ਦੇਖੋ ਤਾਂ ਸਰੀਰ ਹਲਕਾ ਫੁਲ ਹੋ ਜਾਂਦਾ ਹੈ, ਗ਼ਮ, ਚਿੰਤਾ ਦਾਹ ਵਿਚ ਜੋ
ਅਥਰੂ ਕਿਰਦੇ ਹਨ ਉਨ੍ਹਾਂ ਨਾਲ ਸੰਤਾਪ ਹੁੰਦਾ ਤੇ ਸਾੜ ਪੈਂਦਾ ਹੈ, ਜਦੋਂ ਇਸ ਤਰ੍ਹਾਂ ਦੀਆਂ ਬੇਨਤੀਆਂ ਵਿਚ ਮਨ ਲਗ ਜਾਵੇ ਤੇ ਵੈਰਾਗ ਦੇ ਵੇਗ ਚਾਹੇ ਬਾਹਰਲਾ ਅਥਰੂਆਂ ਵਾਲਾ ਹੋਵੇ ਚਾਹੇ ਐਵੇਂ ਪਲਟ ਜਾਏ ਤਾਂ ਅੰਦ੍ਰਲਾ ਸਾਈਂ ਵਲ ਲਗੇਗਾ ਤੇ ਸਰੀਰ ਹਲਕਾ ਹੋ ਜਾਵੇਗਾ ਉਸ ਵੇਲੇ ਫੇਰ ਸਾਈਂ ਸਿਮਰਨ ਵਿਚ ਲਗ ਪਵੀਏ । ਉਸ ਵੇਲੇ ਨਾਮ ਦਾ ਪਰਵਾਹ ਰਸਦਾਇਕ ਹੋ ਕੇ ਟੁਰਦਾ ਹੈ, ਕਦੇ ਇਸ ਰਸ ਅਵਸਥਾ ਵਿਚ ਦੋ ਚਾਰ ਪਲਾਂ ਦੀ ਇਕ ਨੀਂਦ ਜੇਹੀ ਦੀ ਝੁਣ ਝੁਣੀ ਲੰਘ ਜਾਂਦੀ ਹੈ ਜਿਸ ਮਗਰੋਂ ਸਰੀਰ ਤੇ ਮਨ ਦੁਇ ਸੁਖੀ ਪ੍ਰਤੀਤ ਕਰਦੇ ਹਨ। ਸਿਮਰਨ ਦਾ ਪਰਵਾਹ ਸੁਤੇ ਹੀ ਅੰਦਰ ਚਲ ਰਿਹਾ ਪ੍ਰੀਤਤ ਦੇਂਦਾ ਹੈ, ਬਾਹਰ ਸੁੰਦਰਤਾ ਦਾ ਪ੍ਰਭਾਵ ਭਾਸਦਾ ਹੈ, ਤੇ ਰਜ਼ਾ ਮਿਠੀ ਮਿਠੀ ਲਗਦੀ ਹੈ ।
ਇਹ ਤਾਂ ਹੈ ਗੁਰਮਤ ਵਿਚ ਵਿਯੋਗ ਵੇਲੇ ਆਪੇ ਦੀ ਸੰਭਾਲ। ਦੋ ਗੱਲਾਂ ਹੋਰ ਰਹਿ ਜਾਂਦੀਆਂ ਹਨ । ਇਕ ਪਯਾਰੇ ਦੇ ਵਿਛੋੜੇ ਨਾਲ ਉਸ ਦੇ ਪਰਿਵਾਰ ਦੀ ਜ਼ਿੰਮੇਵਾਰੀ ਤੇ ਦੂਜੇ ਵਿਛੁੜੇ ਪਯਾਰੇ ਦੀ ਸਦਗਤੀ ।
ਪਹਿਲੀ ਗੱਲ ਵਾਕਈ ਅਮਲੀ ਮੁਸ਼ਕਲ ਹੁੰਦੀ ਹੈ । ਚਿਤ ਇਨਸਾਨ ਦਾ ਸੁਤੇ ਹੀ ਅਰਾਮ ਲੋੜਦਾ ਹੈ ਤੇ ਨਵੀਂ ਪਈ ਜ਼ਿਮੇਵਾਰੀ ਬੇਆਰਾਮੀ ਲਿਆਉਂਦੀ ਹੈ ਇਸ ਕਰਕੇ ਚਿਤ ਸੁਖੀ ਨਹੀਂ ਰਹਿੰਦਾ । ਪਰ ਗੁਰਮਤ ਦਾ ਨੁਕਤਾ ਇਹ ਹੈ ਕਿ ਅਸਾਂ ਸਾਈਂ ਸਿਮਰਨ ਨਾਲ ਅਪਨੀ ਕਲਯਾਨ ਕਰਨੀ ਹੈ ਤੇ ਸਰੀਰ ਨੂੰ ਸਫਲ ਕਰਨਾ ਹੈ, ਭਲੇ ਕੰਮਾਂ ਨਾਲ, ਸੇਵਾ ਨਾਲ, ਸੋ ਜੇ ਸਾਈਂ ਨੂੰ ਭਾਇਆ ਹੈ ਕਿ ਬਜਾਏ ਆਰਾਮ ਮਿਲਨ ਦੇ ਹੋਰ ਸੇਵਾ ਕਰੀਏ ਤਾਂ 'ਹੁਕਮ ਮੰਨ ਹੋਵੈ ਪਰਵਾਨ ਤਾਂ ਖਸਮੈ ਕਾ ਮਹਲੁ ਪਾਇਸੀ' ਦੀ ਆਗਿਆ ਮੰਨ ਕੇ ਤਿਆਰ ਬਰ ਤਿਆਰ ਹੋ ਜਾਈਏ ਕਿ ਚੰਗਾ, ਸੇਵਾ ਸਹੀ ਜੋ ਹੇ ਸਾਈਂ ਸੇਵਾ ਤੂੰ ਘਲੀ ਤੂੰ ਵਿਚ ਹੋ ਕੇ ਨਿਰਬਾਹ ਦੇਹ । ਉਸ ਦੀ ਮਿਹਰ ਸਭ ਮੁਸ਼ਕਲਾਂ ਹਲ ਕਰੇਗੀ । ਬਸ਼ਰਤੇ ਕਿ ਅਸੀਂ ਉਨ੍ਹਾਂ ਨਾਲ ਲਗੇ ਰਹੀਏ :--
ਏ ਮਨਾ ਮੇਰਿਆ ਤੂ ਸਦਾ ਰਹੁ ਹਰਿ ਨਾਲੇ ॥
ਹਰਿ ਨਾਲ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਨਾ ॥
ਅੰਗੀਕਾਰੁ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ ॥
ਇਹ ਭੇਤ ਤੀਸਰੇ ਸਤਿਗੁਰਾਂ ਨੇ ਦਸਿਆ ਹੈ । ਅਸੀਂ ਮੁਸ਼ਕਲਾਂ ਵੇਲੇ ਚਿੰਤਾ ਦੇ ਆਸਰੇ ਅਪਨੀ ਸੋਚ ਵਿਚ ਰੁੜ੍ਹ ਜਾਂਦੇ ਹਾਂ, ਐਉਂ ਉਹ ਮੇਲ ਜੋ ਸਿਮਰਨ ਨੇ ਪੈਦਾ ਕਰ ਦਿਤਾ ਸੀ ਵਿੱਥਾਂ ਖਾ ਜਾਂਦਾ ਹੈ ਤੇ ਅਸੀਂ ਸਾਂਈ ਤੋਂ ਦੂਰ ਜਾ ਪੈਂਦੇ ਹਾਂ । ਦੂਰ ਹੋਇਆਂ ਫੇਰ ਅਸੀ ਅਪਨੇ ਆਸਰੇ ਹੋ ਜਾਂਦੇ ਹਾਂ ਤੇ ਚਿੰਤਾ ਹੋਣ ਕਰ ਕੇ ਅਪਨੇ ਆਸਰੇ ਤੋਂ ਬੀ ਘੁਸ ਜਾਂਦੇ ਹਾਂ । ਇਸ ਕਰ ਕੇ ਸਤਿਗੁਰ ਨੇ ਫੁਰਮਾਇਆ ਹੈ, ਕਿ ਹੇ ਮਨ ਸਦਾ ਹਰੀ ਦੇ ਨਾਲ ਰਹੁ । ਹਰਿ ਨਾਲ ਰਿਹਾਂ ਤੇਰੇ ਦੁੱਖਾਂ ਨੂੰ ਓਹ ਆਪ ਵਿਸਾਰੇਗਾ, ਤੇਰੇ ਸਾਰੇ ਕੰਮ ਸੁਆਰੇਗਾ 1 ਤੇਰਾ ਅੰਗੀਕਾਰ ਕਰੇਗਾ, ਸੋ ਇਹ ਗੁਰਸਿੱਖੀ ਦਾ ਅਸੂਲ ਸਿਮਰਨ ਵਾਲੇ ਬੰਦਿਆਂ ਨੂੰ ਸਿਰ ਪਈਆਂ ਜ਼ਿਮੇਵਾਰੀਆਂ ਵਿਚ ਸਹਾਈ ਹੋ ਕੇ ਸੁਖੈਨਤਾ ਕਰ ਦੇਂਦਾ ਹੈ। ਤੁਸਾ ਨੂੰ ਵਾਹਿਗੁਰੂ ਜੀ ਨੇ ਬਾਣੀ ਦਾ ਜੀਵਨ ਦਿਤਾ ਹੈ, ਤੁਸਾਂ ਮੁਦਤਾਂ ਤੋਂ ਬਿਨਾਂ
ਫ਼ੀਸ ਲਏ ਬੀਮਾਰਾਂ ਦੀ ਸੇਵਾ ਸਿਰ ਚਾਈ ਹੋਈ ਹੈ । ਤੁਸਾਂ ਵਿਚ ਗੁਰੂ ਨੇ ਸੇਵਾ ਦਾ ਗੁਣ ਵਾਫ਼ਰ ਪਾਇਆ ਹੋਇਆ ਹੈ । ਇਸ ਲਈ ਇਸ ਵੇਲੇ 'ਹਰਿ ਨਾਲ' ਰਹਿ ਕੇ ਨਵੀਂ ਸੇਵਾ ਦੀ ਜ਼ਿਮੇਵਾਰੀ ਸਾਈਂ ਆਪ ਸੁੱਖਲੀ ਤੇ ਸੁਹੇਲੀ ਕਰ ਦੇਵੇਗਾ, ਹਰਿ ਨਾਲ ਰਹਿਣਾ ਤੇ ਰਜ਼ਾ ਮੰਨਣੀ ਇਹ ਹੋਵੇ ਸਾਡਾ ਯਤਨ ਤੇ 'ਵਾਹਿਗੁਰੂ ਨ ਵਿਸਰੇ ਇਹ ਹੋਵੇ ਅਮਲ, ਫਿਰ ਸਤਿਗੁਰ ਨੇ ਫੁਰਮਾਇਆ ਹੈ :-
'ਸਾਨਥ ਮੇਰੀ ਆਪ ਖੜਾ’'
ਬਾਕੀ ਰਹੀ ਵਿਛੁੜੇ ਪਿਆਰੇ ਦੀ ਸਦਗਤੀ। ਇਸ ਵਿਚ ਆਮ ਰਿਵਾਜ਼ ਹੈ ਕਿ ਸਾਰੇ ਪਿਆਰੇ ਆਪੋ ਆਪਣੇ ਸੁੱਖਾਂ ਨੂੰ ਯਾਦ ਕਰ ਕਰ ਕੇ ਰੋਂਦੇ ਹਨ। ਅਪਨੇ ਆਏ ਵਿਗੋਚਿਆਂ ਨੂੰ ਰੋਂਦੇ ਹਨ। ਬੜੇ ਹਾਵੇ ਕਰਦੇ ਹਨ, ਪਰ ਅਪਨੇ ਸੁਖਾਂ ਦੇ ਘਟਣ ਨੂੰ, ਯਾ ਅਪਨੇ ਮੋਹ ਮਮਤਾ ਵਿਚ ਗੁੱਸੇ ਰੋਂਦੇ ਹਨ ਤੇ ਗਮਾਂ ਵਿਚ ਪੈ ਜਾਂਦੇ ਹਨ, ਪਯਾਰਾ ਜੋ ਵਿਛੁੜ ਗਿਆ ਹੈ ਉਸ ਦਾ ਕੀ ਹਾਲ ਹੈ ? ਅਸੀ ਕੁਛ ਸਹਾਯਤਾ ਕਰ ਸਕਦੇ ਹਾਂ ? ਇਹ ਖਯਾਲ ਬਹੁਤ ਘਟ ਉਪਜਦਾ ਹੈ । ਜੋ ਕੁਛ ਹੁੰਦਾ ਹੈ ਤਾਂ ਆਮ ਰਸਮੀ ਰੀਤ ਰਸਮ, ਗੁਰਸਿੱਖਾਂ ਵਿਚ ਇਕ ਭੋਗ ਬਿਰਾਦਰੀ ਵਿਚ ਤੇ ਬੱਸ ।
ਪਰ ਵਿਸ਼ੇਸ਼ ਲੋੜ ਇਸ ਵਿਸ਼ੇ ਵਿਚ ਇਹ ਹੁੰਦੀ ਹੈ ਕਿ ਤੁਰ ਗਏ ਪਿਆਰੇ ਨੂੰ ਅਸੀ ਬੀ ਸਹਾਈ ਹੋਵੀਏ ।
ਜੇਹੜੇ ਲੋਕ ਤਾਂ ਗਾਫ਼ਲੀ ਵਿਚ ਗਏ ਹਨ ਉਨ੍ਹਾਂ ਨੂੰ ਤਾਂ ਸਹਾਯਤਾ ਦੀ ਬਹੁਤ ਲੋੜ ਹੁੰਦੀ ਹੈ, ਪਰ ਜੋ ਸਾਈਂ ਸਿਮਰਦੇ ਗਏ ਹਨ ਉਨ੍ਹਾਂ ਲਈ ਵੀ ਕੁਛ ਕਰਨਾ ਜ਼ਰੂਰੀ ਹੁੰਦਾ ਹੈ । ਤੀਸ੍ਰੇ ਸਤਿਗੁਰ ਜੀ ਗੁਰ ਨਾਨਕ ਰੂਪ ਸਨ, 'ਆਪ ਮੁਕਤ ਮੁਕਤ ਕਰੈ ਸੰਸਾਰ ਦੇ ਬਿਰਦ ਵਾਲੇ ਸਨ, ਉਨ੍ਹਾਂ ਨੂੰ ਅਪਨੇ ਮਗਰੋਂ ਕਿਸੇ ਸਹਾਯਤਾ ਦੀ ਲੋੜ ਨਹੀਂ ਸੀ, ਪਰ ਸਾਡੇ ਵਿਚ ਸ਼ੁਭ ਮਾਰਗ ਟੋਰਨ ਲਈ ਆਪਨੇ ਫ਼ੁਰਮਾਇਆ 'ਮੈ ਪਿਛੇ ਕੀਰਤਨ ਕਰਿਅਹੁ ਨਿਰਬਾਣ ਜੀਓ ।
ਇਸ ਤੋਂ ਦੋ ਪਤੇ ਲੱਗੇ, ਇਕ ਤਾਂ ਇਹ ਕਿ ਪਿਛੋਂ ਕੁਛ ਕਰਨਾ ਚਾਹਯੇ, ਦੂਸ੍ਰੇ ਕੀਹ ਕਰਨਾ ਚਾਹਯੇ - ਕੀਰਤਨ ਨਿਰਬਾਣ ।
ਸੋ ਗੁਰਬਾਣੀ ਦਾ ਪਾਠ ਕੀਰਤਨ, ਅਖੰਡ ਭੋਗ, ਖੁਲ੍ਹੇ ਭੋਗ, ਏਹ ਸਾਰੇ ਸਾਮਾਨ ਕਰਨੇ ਉਚਿਤ ਹਨ, ਏਹ ਪ੍ਰਾਣੀ ਦੀ ਸਹਾਯਤਾ ਕਰਦੇ ਹਨ । ਏਹ ਅਰਦਾਸ ਰੂਪ ਹਨ, ਅਰਦਾਸ ਅਪੜਦੀ ਹੈ ਤੇ ਅਸਰ ਕਰਨੇ ਵਾਲੀ ਵਸਤੂ ਹੈ । ਸੋ ਪਿਆਰੇ ਦੇ ਅਗਲੇ ਸੁਖ ਲਈ, ਚਾਹੋ ਉਸ ਦਾ ਜੀਵਨ ਉਪਕਾਰ ਵਾਲਾ ਸੀ, ਚਾਹੇ ਓਹ ਬਾਣੀ ਦਾ ਪ੍ਰੇਮੀ ਤੇ ਗੁਰੂ ਕੇ ਭੋਸੇ ਵਾਲਾ ਸੀ, ਤੇ ਚਾਹੋ ਨਾਮ ਦਾ ਰਸੀਆ ਬੀ ਹੋਵੇ, ਮਗਰੋਂ ਭੋਗ ਪੁਆਣੇ ਤੇ ਚੰਗੇ ਭਲੇ ਪੁਰਖਾਂ ਤੋਂ ਪਾਠ ਕਰਵਾਣੇ ਲਾਭਦਾਇਕ ਹੁੰਦੇ ਹਨ ।
ਵਿਛੁੜੇ ਪਯਾਰੇ ਲਈ ਆਪੂੰ ਅਰਦਾਸਾ ਕਰਨ ਵਾਲੇ ਨੂੰ ਇਕ ਗੁਰਮਤ ਦੀ ਸੋਝੀ ਚਾਹਯੇ । ਓਹ ਇਹ ਕਿ ਬਿਰਹੋਂ ਦੀ ਪੀੜਾ ਵਿਚ, ਚਿੰਤਾ ਵਿਚ, ਢਹਿੰਦੀਆਂ ਕਲਾਂ ਵਿਚ, ਕਿਸੇ ਦੇ ਨਮਿਤ ਪਾਠ ਅਰਦਾਸ ਕਰਨੀ ਚੰਗੀ ਨਹੀਂ । ਦਿਲ ਨੂੰ ਸਾਈਂ ਦੀ ਯਾਦ ਵਿਚ ਉੱਚਾ ਕਰ ਕੇ ਅੰਦਰੋਂ ਚੜਦੀਆਂ ਕਲਾਂ ਵਿਚ ਹੋ ਕੇ ਅਰਦਾਸ ਕੀਤੀ ਅਗਲੇ ਦਾ ਭਲਾ ਕਰਦੀ ਹੈ ਤੇ ਅਪਨੇ ਆਪ ਨੂੰ ਖੇਚਲ ਨਹੀਂ ਦੇਂਦੀ । ਜਿਥੋਂ ਤਕ
ਹੋ ਸਕੇ ਚੜਦੀਆਂ ਕਲਾਂ ਵਿਚ ਮਨ ਉੱਚਾ ਕਰ ਕੇ ਪਾਠ ਯਾ ਅਰਦਾਸ ਯਾ ਕੀਰਤਨ ਪਯਾਰੇ ਲਈ ਕੀਤਾ ਜਾਵੇ ।
ਤੁਸੀ ਬਾਣੀ ਦੇ ਪ੍ਰੇਮੀ ਹੋ ਤੇ ਬੜੇ ਪ੍ਰੇਮੀ ਹੋ ਤੇ ਮੇਰੇ ਖਯਾਲ ਵਿਚ ਹੁਣ ਸਿਮਰਨ ਵਿਚ ਬੀ ਹੋ, ਜੀਵਨ ਤੁਸਾਂ ਦਾ ਉਪਕਾਰ ਤੇ ਸੇਵਾ ਦਾ ਹੈ, ਤੁਸੀ ਗੁਰੂ ਮੇਹਰ ਨਾਲ ਭਾਣੇ ਦੇ ਸ਼ਾਕਰ ਹੋਸੋ ਤੇ ਇਸ ਪਰਤਾਵੇ ਵਿਚ ਬਹੁਤ ਅਡੋਲ ਲੰਘੇ ਹੋਸੇ, ਕਿਸੇ ਗੱਲ ਲਿਖਣ ਦੀ ਲੋੜ ਘਟ ਸੀ । ਪਰ ਬਾਜ਼ੇ ਵੇਲੇ ਇਨ੍ਹਾਂ ਪਰਤਾਵਿਆਂ ਵਿਚ ਸਤਸੰਗ ਦੀਆਂ ਪਿਆਰ ਚੇਤਾਵਨੀਆਂ ਕੁਛ ਸੁਖਦਾਈ ਹੋ ਜਾਯਾ ਕਰਦੀਆਂ ਹੈਨ, ਇਸ ਕਰ ਕੇ ਸ੍ਰੀ ਗੁਰੂ ਜੀ ਦੇ ਦਿਤੇ ਉਪਦੇਸ਼ ਦੁਹਰਾਏ ਹਨ ਕਿ ਆਪ ਦਾ ਸਿਮਰਨ ਕਾਂਪ ਖਾਧੇ ਬਿਨਾ ਅਡੋਲ ਸਿਮਰਨ ਵਿਚ ਟੁਰਯਾ ਰਹੇ । ਆਪ ਦਾ ਮਨ 'ਹਰਿ ਨਾਲ' ਰਹੇ, ਆਪ ਦੀ ਸੰਸਾਰ ਯਾਤ੍ਰਾ ਸਾਈਂ ਦੇ ਪ੍ਰੇਮ ਵਿਚ ਨਿਭੇ ਤੇ ਇਸ ਵੇਲੇ ਭਾਣਾ ਮਿੱਠਾ ਕਰ ਕੇ ਲਗੇ । ਇਹੋ ਮੇਰੀ ਉਪਰਲੇ ਖਯਾਲਾਂ ਵਿਚ ਕੋਸ਼ਿਸ਼ ਹੈ ਤੇ ਇਹੋ ਮੇਰੀ ਅਰਦਾਸ ਹੈ ਕਿ ਗੁਰੂ ਆਪ ਨੂੰ ਸਿਦਕ ਵਿਚ ਰਖੇ, ਨਾਮ ਦਾ ਰਸ ਮਿਲੇ । ਇਹੋ ਅਰਦਾਸ ਹੈ ਕਿ ਵਿਛੁੜੇ ਪਯਾਰੇ ਦੀ ਆਤਮਾ ਤੇ ਸਾਈਂ ਦੀ ਰਹਮਤ ਦੀ ਛਾਂ ਹੋਵੇ ਤੇ ਸੁਖ ਮਿਲੇ । ਇਹੋ ਅਰਦਾਸ ਹੈ ਕਿ ਸਾਰੇ ਪਰਿਵਾਰ ਨੂੰ ਸਿੱਖੀ ਸਿਦਕ ਤੇ ਭਾਣੇ ਦਾ ਦਾਨ ਮਿਲੇ ਤੇ ਉਨ੍ਹਾਂ ਦੀ ਇਸਤ੍ਰੀ ਤੇ ਬੱਚਿਆਂ ਤੇ ਰਹਮਤ ਹੋਵੇ, ਓਹ ਗੁਰੂ ਦੇ ਚਾਨਣੇ ਵਿਚ ਟੁਰਨ ਅਤੇ ਸੇਵਾ ਤੇ ਨਾਮ ਨਾਲ ਜੀਵਨ ਸਫ਼ਲਾ ਕਰਨ ।
ਗੁਰੂ ਆਪ ਦੇ ਅੰਗ ਸੰਗ ਹੋਵੇ ਤੇ ਆਪ ਸਦਾ ਹਜ਼ੂਰੀ ਵਿਚ ਵੱਸੋ।
ਆਪ ਦਾ ਹਿਤੂ
ਵ.ਸ.
5
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਯਾਰੇ ਜੀਓ ਜੀ
ਆਪ ਸਾਹਿਬਾਂ ਦਾ ਸ਼ੌਕ ਮਈ ਪੱਤ੍ਰ ਸਾਡੇ ਪਰਮ ਪਯਾਰੇ ਤੇ ਪੁਰਾਤਨ ਦਿਲੀ ਮਿਤ੍ਰ ਸ੍ਰੀਮਾਨ... ਜੀ ਦੇ ਚਲਾਣੇ ਬਾਬਤ ਪਹੁੰਚਾ । ਅਗੇ ਸਰਦਾਰ ਜੀ ਤੋਂ ਬੀ ਇਹ ਪਰਮ ਸ਼ੋਕ ਮਈ ਖ਼ਬਰ ਸੁਣੀ ਹੈ । ਆਪ ਜੀ ਦੇ ਬਜ਼ੁਰਗ ਪਿਤਾ ਪੂਰੇ ਗੁਰ ਸਿੰਘ ਤੇ ਪਰਮ ਪਵਿਤ੍ਰ ਜੀਵਨ ਬਸਰ ਕਰਨੇ ਵਾਲੇ ਪਯਾਰੇ ਦਾ ਵਿਯੋਗ ਇਕ ਆਪ ਲਈ ਕਦੇ ਨਾ ਭਰਨੇ ਵਾਲਾ ਘਾਟਾ ਹੈ, ਪਰ ਮਿਤ੍ਰ ਮੰਡਲ ਵਿਚ ਵੀ ਉਨ੍ਹਾਂ ਦੀ ਥੁੜ ਪੂਰੀ ਹੋਣ ਵਾਲੀ ਨਹੀ, ਐਸੇ ਸੁੱਚੇ ਤੇ ਸੱਚੇ ਮਿਤ੍ਰ ਤੇ ਸਜਨ ਅਤਿ ਦੁਰਲਭ ਹਨ। ਪੰਥ ਵਿਚ ਤੇ ਪਰਉਪਕਾਰ ਦੇ ਮੰਡਲ ਵਿਚ ਬੀ ਆਪ ਦਾ ਜੀਵਨ ਇਕ ਬੇਨਜ਼ੀਰ ਉਪਕਾਰੀ ਜੀਵਨ ਸੀ । ਘਾਟ ਹੈ ਸਭ ਪਾਸੇ ਉਨ੍ਹਾਂ ਦੇ ਸਰੀਰ ਦੇ ਚਲੇ ਜਾਣੇ ਨਾਲ ਪਰ ਇਹ ਸਭ ਕੁਛ ਭਾਣੇ ਵਿਚ ਵਰਤਦਾ ਹੈ ਤੇ ਵਾਹਿਗੁਰੂ ਜੀ ਦਾ ਭਾਣਾ ਅਮਿੱਟ ਹੈ । ਵਾਹਿਗੁਰੂ ਜੀ ਪਰਮ ਮਿਤ੍ਰ ਕਿਰਪਾਲੂ ਤੇ ਦਿਆਲੂ ਹਨ ਜੋ ਕੁਛ ਕਰਦੇ ਹਨ ਉਨ੍ਹਾਂ ਦੀ ਅਕਲ ਕੁਲ ਵਿਚ ਠੀਕ ਵਰਤਦਾ ਹੈ, ਕੇਵਲ ਸਾਨੂੰ ਉਸ ਗਯਾਨ ਤਕ ਪਹੁੰਚ ਨਹੀ ਹੈ । ਅਸੀਂ ਅਪਨੇ ਪਯਾਰ ਮੁਹੱਬਤਾਂ ਤੇ ਪਰਸਪਰ ਕਦਰਦਾਨੀਆਂ ਦੇ ਘਾਟੇ ਪ੍ਰਤੀਤ ਕਰਦੇ ਤੇ ਵਿਯੋਗ ਮੰਨ ਮੰਨ ਕੇ ਉਦਾਸ ਹੁੰਦੇ ਹਾਂ ਪਰ ਗੁਰੂ ਮੇਹਰ ਕਰੇ ਤੇ ਅਪਣਾ ਬਲ ਬਖ਼ਸ਼ੇ ਭਾਣਾਂ ਮੰਨਣ ਦਾ । ਵਾਹਿਗੁਰੂ ਆਪ ਜੀ ਨੂੰ ਤੇ ਸਾਰੇ ਵਿਛੜੇ ਸਜਨਾਂ ਨੂੰ ਭਾਣੇ ਮੰਨਣ ਦੀ ਦਾਤ ਬਖ਼ਸ਼ੇ ਤੇ ਵਿਛੜੀ ਆਤਮਾ ਨੂੰ ਅਪਨੀ ਚਰਨ ਸ਼ਰਨ ਨਿਵਾਸ ਬਖ਼ਸ਼ੇ । ਮੇਰੀ ਦਿਲੀ ਹਮਦਰਦੀ ਆਪ ਜੀ ਦੇ ਸਾਰੇ ਪਰਵਾਰ ਨਾਲ ਹੈ।
ਆਪ ਦਾ ਹਿਤਕਾਰੀ
ਵੀਰ ਸਿੰਘ
6
ਅੰਮ੍ਰਿਤਸਰ ਜੀ
२੮ -५-३३
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ ।
ਪ੍ਰਮ ਕਿਰਪਾਲੂ ਜੀਓ ਜੀ
ਸ੍ਰੀਮਾਨ ਜੀ ਦਾ ਪਤ੍ਰ ਪਹੁੰਚਾ ਜਿਸ ਵਿਚ ਆਪ ਜੀ ਨੇ ਆਪਨੇ ਬਜ਼ੁਰਗ ਮਾਤਾ ਜੀ ਦੇ ਸਚਖੰਡ ਪਯਾਨੇ ਦੀ ਖ਼ਬਰ ਲਿਖੀ ਹੈ। ਸੰਸਾਰ ਚਲਣੀ ਸਰਾਂ ਹੈ ਤੇ ਸਭ ਨੇ ਚਲਨਾ ਹੈ, ਪਰ ਸੰਸਾਰ ਵੀ ਉਨ੍ਹਾਂ ਬੰਦਿਆਂ ਨਾਲ ਸੁਭਾਇਮਾਨ ਹੈ ਜਿਨ੍ਹਾਂ ਨੇ ਇਸ ਵਿਚ ਆ ਕੇ ਅਪਨੇ ਸਿਰਜਨਹਾਰ ਨੂੰ ਸਿਆਣਿਆਂ ਹੈ ਤੇ ਸੁਹਣੇ ਸੁਹਣੇ ਤੇ ਭਲੇ ਭਲੇ ਕਰਮਾਂ ਨਾਲ ਇਸ ਦੀ ਪੀੜਾ ਨੂੰ ਘਟਾਇਆ ਹੈ । ਆਪ ਦੇ ਬਜ਼ੁਰਗ ਪਿਤਾ ਜੀ ਨੇ ਬੜੇ ਚੰਗੇ ਖ਼ਿਆਲੀਂ ਸਾਰੇ ਪੰਥ ਦੀ ਸੇਵਾ ਕੀਤੀ ਹੈ ਤੇ ਓਹ ਦਰਵਾਜ਼ਾ ਖੁਹਲਿਆ ਹੈ ਜਿਸ ਲਈ ਮਹਾਤਮਾ ਗਾਂਧੀ ਵਰਗੇ ਹੁਣ ਜ਼ੋਰ ਲਾਣ ਵਿਚ ਲਗ ਰਹੇ ਹਨ । ਤਦੋਂ ਇਹ ਬੜਾ ਹੀ ਕਠਨ ਕੰਮ ਸੀ ਕਿ ਪਤਤਾਂ ਨੂੰ, ਅਨਮਤੀਆਂ ਨੂੰ ਦੂਸਰੇ ਮਜ਼ਬਾਂ ਵਿਚ ਚਲੇ ਗਿਆਂ ਨੂੰ ਮੁੜ ਕੇ ਵਾਪਸ ਲੈ ਲਿਆ ਜਾਵੇ ਖ਼ਾਸ ਕਰ ਕੇ ਹਿੰਦੂਆਂ ਨੂੰ ਜੋ ਦੂਜੇ ਮਤ ਵਿਚ ਚਲੇ ਜਾਂਦੇ ਸਨ ਕਿ ਸਹਜਧਾਰੀ ਬਣਾ ਕੇ ਮੁੜ ਆਪਨੇ ਟਬਰਾਂ ਵਿਚ ਆ ਮਿਲਨ ਦਾ ਅਵਸਰ ਖੂਹਲਿਆ ਗਿਆ ਸੀ । ਅਨੇਕ ਕਠਨਾਈਆਂ ਤੇ ਮੁਸ਼ਕਲਾਂ ਝਲ ਕੇ ਆਪ ਦੇ ਪਿਤਾ ਜੀ ਨੇ ਸਿੰਘ ਸਭਾ ਦਾ ਕੰਮ ਟੋਰਿਆ ਸੀ, ਉਨ੍ਹਾਂ ਦੇ ਹਥ ਵਟਾਉਣ ਵਾਲੇ ਅਜੇ ਕਈ ਜੀਊਂਦੇ ਤੇ ਉਸ ਕੰਮ ਦੇ ਹਾਲਾਤ ਦਸਦੇ ਹਨ । ਆਪ ਦੇ ਬਜ਼ੁਰਗ ਮਾਤਾ ਜੀ ਆਪ ਦੇ ਪਿਤਾ ਜੀ ਦੇ ਇਸ ਔਖੇ ਕੰਮ ਵਿਚ ਨਾ ਕੇਵਲ ਹਮਦਰਦ ਸਨ ਸਗੋਂ ਪੂਰੇ ਸਹਾਈ ਸੇ। ਉਨ੍ਹਾਂ ਦਾ ਪ੍ਰਲੋਕ ਗਮਨ ਸ਼ੋਕ ਦਾਇਕ ਹੈ। ਪਰ ਬਾਇਸ ਫਖਰ ਬੀ ਹੈ ਜੋ ਆਪਨੇ ਜੀਵਨ ਦੇ ਪਿਛੇ ਐਸੀ ਹਛੀ ਯਾਦਗਾਰ ਛੋੜ ਗਏ ਹਨ, ਮੈਨੂੰ ਨਿਜ ਦੇ ਤੌਰ ਤੇ ਬੀ ਆਪ ਜੀ ਦੀ ਮਾਤਾ ਜੀ ਦੇ ਗੁਣਾਂ ਦੀ ਗਯਾਤ ਦਾ ਅਵਸਰ ਮਿਲਦਾ ਰਿਹਾ ਹੈ ਕਿਉਂਕੇ ਭਾਈ ਸਾਹਿਬ ਸਾਧੂ ਸਿੰਘ ਜੀ ਪ੍ਰਸਿਧ ਪੰਥ ਸੇਵਕ ਤੇ ਭਾਈ ਮੰਨਾ ਸਿੰਘ ਜੀ ਪੰਥ ਸੇਵਕ ਦੁਹਾਂ ਦੇ ਤਅਲਕਾਤ ਆਪ ਜੀ ਦੇ ਖਾਨਦਾਨ ਨਾਲ ਬੜੇ ਗਹਰੇ ਤੇ ਡੂੰਘੇ ਸਨ । ਇਸ ਵਾਕਫੀਯਤ ਕਰ ਕੇ ਉਨ੍ਹਾਂ ਦੇ ਵਿਯੋਗ ਦਾ ਜੋ ਘਾਟਾ ਆਪ ਸਾਹਿਬਾਨ ਨੂੰ ਹੈ ਜਿਨ੍ਹਾਂ ਨੂੰ ਕਿ ਉਨ੍ਹਾਂ ਦੇ ਸਪੁਤ੍ਰ ਹੋਣ ਦਾ ਮਾਨ ਹੈ ਮੈਂ ਚੰਗੀ ਤਰ੍ਹਾਂ ਅਨੁਭਵ ਕਰਦਾ ਹਾਂ । ਪਰੰਤੂ ਇਹ ਸਾਰੇ ਖੇਲ ਕਰਤੇ ਪੁਰਖ ਦੇ ਹੁਕਮ ਵਿਚ ਹੈਨ ਤੇ ਓਹ ਸਾਡਾ ਪਯਾਰ
ਕਰਨ ਵਾਲਾ ਪ੍ਰਮ ਮਿਤ੍ਰ ਹੈ ਜੋ ਕਰਦਾ ਹੈ ਭਲੇ ਦੀ ਕਰਦਾ ਹੈ । ਚਾਹੋ ਸਾਨੂੰ ਸਮਝ ਨਾ ਆਵੇ ਇਸ ਕਰ ਕੇ ਸਤਿਗੁਰ ਜੀ ਦੀ ਆਗਯਾ ਹੈ ਕੇ ਅਸੀਂ ਓਸ ਦੇ ਹੁਕਮ ਤੇ ਦ੍ਰਿੜ ਰਹੀਏ ਤੇ ਸ਼ੁਕਰ ਵਿਚ ਵਸੀਏ।
ਜੋ ਕਿਛ ਕਰੈ ਸੁ ਭਲਾਕਰ ਮਾਨੀਐ ਹਿਕਮਤ ਹੁਕਮ ਚੁਕਾਈਐ ॥
ਵਾਹਿਗੁਰੂ ਸੱਚਾ ਪਾਤਸ਼ਾਹ ਆਪ ਸਾਹਿਬਾਨ ਤੇ ਰਹਿਮਤ ਕਰੇ ਜੋ ਆਪ ਨੂੰ ਆਪਨੇ ਮਾਤਾ ਪਿਤਾ ਜੀ ਦੇ ਪੂਰਨਿਆਂ ਪਰ ਟੁਰਨ ਦੀ ਬਰਕਤ ਬਖ਼ਸ਼ੇ ਤੇ ਆਪ ਨੂੰ ਅਪਨਾ ਪਿਆਰ ਤੇ ਨਾਮ ਦਾਨ ਕਰੇ । ਆਪ ਅਪਨਾ ਜੀਵਨ ਉਸ ਤਰ੍ਹਾਂ ਪੰਥ ਦੀ ਭਲਿਆਈ ਤੇ ਸੇਵਾ ਬਿਚ ਬਿਤਾਓ ਕਿ ਜੈਸੇ ਪੂਰਨੇ ਉਨ੍ਹਾਂ ਨੇ ਪਾਏ ਹਨ । ਮੇਰੀ ਦਿਲੀ ਹਮਦਰਦੀ ਇਸ ਵਿਯੋਗ ਵਿਚ ਆਪ ਦੇ ਨਾਲ ਹੈ। ਹੁਣ ਸੱਚਾ ਪਾਤਸ਼ਾਹ ਆਪ ਜੀ ਦੇ ਬਜ਼ੁਰਗ ਮਾਤਾ ਜੀ ਨੂੰ ਆਪਨੀ ਰਹਿਮਤ ਦੀ ਛਾਵੇਂ ਟਿਕਾਣਾ ਬਖਸ਼ੇ ।
ਆਪ ਦਾ ਹਿਤਕਾਰੀ
ਵ. ਸ.
7
ਅੰਮ੍ਰਿਤਸਰ
२५.੬.३४
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਸ੍ਰੀ ਕ੍ਰਿਪਾਲੂ ਜੀਓ
ਆਪ ਜੀ ਦਾ ਪਤ੍ਰ ੧੬.੫.੩੪ ਦਾ ਪੁੱਜਾ । ਅਖਨੂਰ ਦੀ ਦੁਖਦਾਈ ਘਟਨਾ ਪੜ੍ਹੀ ਸੁਣੀ ਹੈ ਤੇ ਭਾ: ਮਨੋਹਰ ਸਿੰਘ ਜੀ ਦੀ ਮਾਤਾ ਭ੍ਰਾਤਾ ਦੇ ਦਰਸਨ ਬੀ ਹੋਏ ਹੈਨ ਜੋ ਕਿ ਬਰਖੁਰਦਾਰ ਦੇ ਬਿਰਹੇ ਵਿਚ ਜ਼ਖਮ ਖੁਰਦਾ ਸਨ, ਇਹ ਘਟਨਾ ਐਸੀ ਹੋਈ ਹੈ ਕਿ ਜਿਸ ਨੂੰ ਸੁਣ ਕੇ ਸਭ ਦੇ ਹਿਰਦੇ ਪੰਘਰਦੇ ਹਨ ਤੇ ਟੁਰ ਗਿਆਂ ਲਈ ਅਰਦਾਸ ਵਿਚ ਤੇ ਪਿਛਲਿਆਂ ਲਈ ਹਮਦਰਦੀ ਵਿਚ ਦਿਲ ਵਹਿ ਟੁਰਦੇ ਹਨ । ਪਰੰਤੂ ਕੁਛ ਸੰਸਾਰ ਦੀ ਰਚਨਾ ਐਸੀ ਹੈ ਕਿ ਦੁਖ ਜਗਤ ਵਿਚ ਬਹੁਤ ਹੈ ਤੇ ਸਾਰੇ ਪ੍ਰਵਿਰਤ ਹੈ, ਕਿਤੇ ਭੁਚਾਲ, ਕਿਤੇ ਟਾਈਫੂਨ, ਕਿਤੇ ਹੜ, ਕਿਤੇ ਜੰਗ, ਕਿਤੇ ਮਰੀਆਂ ਕਿਤੇ ਅੱਗਾਂ ਦੇ ਹਾਦਸੇ ਹੁੰਦੇ ਹੀ ਰਹਿੰਦੇ ਹਨ । ਸ੍ਰੀ ਗੁਰੂ ਜੀ ਨੇ ਬੀ ਜਗਤ ਜਲੰਦਾ ਵੇਖ ਕੇ ਦਰਦ ਫੀਲ ਕੀਤਾ ਤੇ ਆਖਿਆ ਸੀ
'ਨਾਨਕ ਦੁਖੀਆ ਸਭੁ ਸੰਸਾਰੁ ਤੇ ਅਰਦਾਸ ਕੀਤੀ ਸੀ
'ਜਗਤੁ ਜਲੰਦਾ ਰਖਿ ਲੈ ਅਪਨੀ ਕਿਰਪਾ ਧਾਰਿ ।
ਇਸ ਅਰਦਾਸ ਦੇ ਨਾਲ ਮਨੁਖ ਨੂੰ ਆਪ ਕੁਛ ਹੀਲਾ ਕਰਨ ਲਈ ਬੀ ਰਸਤੇ ਪਾਇਆ ਤੇ ਫੁਰਮਾਇਆ ਸੀ :-
ਮੰਨੇ ਨਾਉਂ ਸੋਈ ਜਿਣਿ ਜਾਇ ॥
ਅਉਰੀ ਕਰਮ ਨ ਲੇਖੈ ਲਾਇ ॥
ਆਪ ਨੂੰ ਬੀ ਜੋ ਇਸ ਵੇਲੇ ਅਖਨੂਰ ਦੀ ਕਸ਼ਟਣੀ ਝਲਣੀ ਪਈ ਹੈ, ਉਨ੍ਹਾਂ ਹੋਣੀਆਂ ਵਿਚੋਂ ਹੈ ਜਿਸ ਪੁਰ ਮਨੁਖ ਦੀ ਕੁਦਰਤ ਨਹੀ ਹੈ । ਤੇ ਆਪਨੇ ਅਪਨੇ ਦਿਲ ਦਾ ਜੋ ਡੋਲਣਾ ਹਾਲ ਲਿਖਿਆ ਹੈ, ਉਸ ਨਾਲ ਪੜ੍ਹ ਕੇ, ਦਿਲੀ ਹਮਦਰਦੀ ਤੇ ਦੁਖ ਵੰਡਾਵਣ ਦਾ ਭਾਵ ਉਪਜਦਾ ਹੈ। ਪਰ ਇਨਸਾਨ ਇਨਸਾਨ ਨਾਲ ਦਿਲੀ ਭਾਵ ਹੀ ਪ੍ਰਗਟ ਕਰ ਸਕਦਾ ਹੈ। ਮਰਮ ਅਸਥਾਨਾਂ ਦੀ ਪੀੜਾ ੜਾਂ ਜਿਸ ਤਨ ਨੂੰ ਵਾਪਰਦੀ ਹੈ ਓਸੇ ਤਨ ਨੂੰ ਹੀ ਝਲਣੀ ਪੈਂਦੀ ਹੈ । ਬੱਚਾ ਦਰਦ ਨਾਲ ਤੜਫਦਾ ਹੋਵੇ ਮਾਂ ਕੋਲ ਬੈਠੀ ਟਕੋਰ ਕਰ ਸਕਦੀ ਹੈ, ਦਵਾ ਦੇ ਸਕਦੀ ਹੈ ਹਮਦਰਦੀ ਨਾਲ ਰੋ ਸਕਦੀ ਹੈ ਪਰ ਜਿਸ
ਟਿਕਾਣੇ ਬੱਚੇ ਨੂੰ ਪੀੜਾ ਹੈ ਓਥੇ ਪਹੁੰਚ ਕੇ ਪੀੜਾ ਨੂੰ ਤੋੜ ਕੇ ਪਰੇ ਨਹੀਂ ਸਿਟ ਸਕਦੀ । ਇਸ ਤਰਾਂ ਬਹੁਤੇ ਦੁਖਾਂ ਵਿਚ ਤਾਂ ਹਮਦਰਦੀ ਦੇ ਪ੍ਰਕਾਸ਼ ਦੇ ਸਿਵਾ ਕੋਈ ਕਿਸੇ ਦੀ ਸਹਾਯਤਾ ਨਹੀਂ ਕਰ ਸਕਦਾ ਹਾਂ ਬਾਜੇ ਦੁਖ ਐਸੇ ਹਨ ਕਿ ਜਿਨ੍ਹਾਂ ਵਿਚ ਕੁਛ ਅਮਲੀ ਮਦਦ ਹੋ ਸਕਦੀ ਹੈ, ਪਰੰਤੂ ਮੌਜੂਦਾ ਦੁਖ ਜੋ ਮਾਤਾ ਭ੍ਰਾਤਾ ਤੇ ਆਪ ਨੂੰ ਬੱਚੇ ਦੇ ਵਿਛੋੜੇ ਦਾ ਹੋਇਆ ਹੈ ਉਸ ਨੂੰ ਦਾਰੂ ਕੌਣ ਲਾ ਸਕਦਾ ਹੈ, ਐਸੇ ਦੁਖਾਂ ਨੂੰ ਜਗਤ ਵਿਚ ਵੇਖ ਕੇ 'ਜਗਤ ਪੀੜਾ ਨੂੰ ਵੇਖ ਕੇ ਦ੍ਰਵਣ ਵਾਲੇ ਤੇ ਦਾਰੂ ਲਾਣ ਵਾਲੇ ਗੁਰੂ ਬਾਬਾ ਜੀ ਨੇਂ ਫੁਰਮਾਯਾ ਸੀ :
ਦੁਖੁ ਵੇਛੋੜਾ ਇਕੁ ਦੁਖੁ ਭੂਖ ॥
ਇਕੁ ਦੁਖੁ ਸਕਤਵਾਰ ਜਮਦੂਤ ॥
ਇਕੁ ਦੁਖੁ ਰੋਗੁ ਲਗੈ ਤਨਿ ਧਾਇ ॥
ਵੈਦ ਨ ਭੋਲੇ ਦਾਰੂ ਲਾਇ ॥
ਏਹ ਚਾਰ ਮਹਾਨ ਦੁਖ ਅਸਲ ਦੁਖ ਹਨ, ਸੋ ਆਪ ਦੇ ਵਿਯੋਗ ਵਿਚ ਦਿਲੀ ਹਮਦਰਦੀ ਹੀ ਅਰਪਨ ਹੈ, ਗੁਰੂ ਮੇਹਰ ਕਰੇ ਤੇ ਸੁਖ ਸ਼ਾਂਤੀ ਬਖਸ਼ੇ ।
ਬਾਕੀ ਰਹੇ ਆਪ ਦੇ ਪ੍ਰਸ਼ਨ, ਇਨ੍ਹਾਂ ਉਪਰਲੇ ਦੁਖਾਂ ਨੂੰ ਦੇਖ ਤੇ ਇਸੇ ਕਿਸਮ ਦੇ ਪ੍ਰਸ਼ਨ ਲੈ ਕੇ 'ਸ੍ਰੀ ਬੁਧ ਜੀ' ਰਾਜ ਛੋੜ ਕੇ ਸੰਸਾਰ ਵਿਚ ਨਿਕਲੇ ਸਨ ਤੇ ਅਖੀਰ ਉਨ੍ਹਾ ਨੇ ਇਨਸਾਨ ਦੇ ਦਰੁਸਤ ਤਰੀਕੇ ਨਾਲ ਜੀਵਨ ਬਸਰ ਕਰਨ ਦੇ ਅਸੂਲਾਂ ਨੂੰ ਲਭ ਕੇ ਦਸਿਆ ਸੀ ਕਿ ਇਨ੍ਹਾਂ ਨਾਲ ਵਾਸ਼ਨਾ ਜਿਤੀ ਦੀ ਹੈ ਤੇ ਵਾਸ਼ਨਾ ਦੇ ਜਿੱਤਨ ਨਾਲ ਜਨਮ ਮਰਨ ਕਟੀਂਦਾ ਤੇ ਨਿਰਵਾਨ ਦੀ ਹਾਲਤ ਲਭਦੀ ਹੈ । ਉਨ੍ਹਾਂ ਨੇ ਸਮੁਚੇ ਤੌਰ ਤੇ ਸਾਰੀ Riddle (ਬੁਝਾਰਤ) ਨੂੰ ਐਉਂ ਹਲ ਕੀਤਾ ਸੀ, ਇਸ ਵਿਚ ਜੇ ਆਦਰਸ਼ਕ ਜੀਵਨ ਬਸਰ ਕੀਤਾ ਜਾਏ ਤਾਂ ਜੀਵ ਲਗਪਗ ਸਨਯਾਸ ਵਿਚ ਚਲਾ ਜਾਂਦਾ ਹੈ । ਅਤੇ ਇਸ ਵਿਚ ਜਗਤ ਦੇ 'ਅੰਤਲੇ ਆਧਾਰ' ਵਲ ਦ੍ਰਿਸ਼ਟੀ ਨਹੀਂ ਉਠਦੀ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਪੀੜਾ ਦੇਖੀ ਤੇ ਸੰਸਾਰ ਤਿਆਗ ਕੇ ਉਦਾਸੀ ਲਈ ਤੇ ਪੰਜ ਵੇਰ ਲਗਪਗ ਉਸ ਵੇਲੇ ਦੇ ਪ੍ਰਸਿਧ ਜਗਤ ਵਿਚ ਫਿਰੇ ਤੇ ਹਰ ਮਤ ਦੇ ਫਕੀਰਾਂ ਨੂੰ ਮਿਲੇ ਤੇ ਤੀਰਥਾਂ ਪੁਰ ਪੁਜ ਕੇ ਭਲੇ ਪੁਰਖਾਂ ਨਾਲ ਗੋਸ਼ਟਾਂ ਕੀਤੀਆਂ। ਉਨ੍ਹਾਂ ਨੇ ਇਸ ਦਾ ਇਲਾਜ ਇਸ ਗਲ ਵਿਚ ਦਸਿਆ ਕਿ ਜਗਤ ਦਾ Ultimate cause (ਮੂਲ ਕਾਰਣ) ਇਕ ਸਦਾ ਸਥਿਰ ਸ਼ਕਤੀ ਤੇ ਵਜੂਦ ਹੈ, ਓਹ ਕਲੇਸ਼ ਕਸ਼ਟ ਦੁਖ ਤੋਂ ਰਹਿਤ ਹੈ, ਉਸ ਦੀ ਨਿਕਟਤਾ ਇਨ੍ਹਾਂ ਕਲੇਸ਼ਾਂ ਕਸ਼ਟਾਂ ਦੁਖਾਂ ਤੋਂ ਛੁਡਾਉਂਦੀ ਹੈ ਤੇ ਕਿਸੇ ਸੁਖ ਤੇ ਆਰਾਮ ਵਿਚ ਲੈ ਜਾਂਦੀ ਹੈ । ਉਸ ਤੋਂ ਦੂਰੀ ਹੋਣੀ ਦੁਖਾਂ ਦੀ ਦਾਤੀ ਹੈ। ਜਿਵੇਂ ਸਿਆਲੇ ਵਿਚ ਅਗ ਦੇ ਨੇੜੇ ਰਿਹਾ ਸੀਂ ਦਾ ਦੁਖ ਨਹੀਂ ਲਗਦਾ ਦੂਰ ਹੋਇਆ ਸੀ ਦਾ ਦੁਖ ਬਾਹਲਾ ਵਾਪਰਦਾ ਹੈ । ਇਸ ਨਿਕਟਤਾ ਦੀ ਪ੍ਰਾਪਤੀ ਦਾ ਉਪ੍ਰਾਲਾ ਆਪਨੇ ਉਸ 'ਅਨੰਤ' ਨਾਲ ਅਪਨੇ ਦਿਲ ਨੂੰ ਲਾਈ ਰਖਣਾ ਦਸਿਆ, ਤੇ ਇਸ ਉਪਰਾਲੇ ਦਾ ਸਾਧਨ ਉਸ ਦਾ ਨਾਮ ਸਿਮਰਨ ਦਸਿਆ ਤੇ ਸਿਮਰਨ ਦੀ ਪ੍ਰਾਪਤੀ ਲਈ ਨਾਮ ਦਾ ਜਪ ਦਸਿਆ । ਇਸ ਸਾਧਨ ਨੂੰ ਫਲ ਲਗਣ ਵਾਸਤੇ ਆਪ ਨੇ ਇਸ ਦਾ
ਇਕ ਉਦਾਲਾ ਪੁਦਾਲਾ Environments ਦਸਿਆ, ਜੋ ਹੈ ਸਤਿਸੰਗ, ਕਿਸੇ ਭਲੇ ਨਾਮੀ ਪੁਰਖ ਦਾ ਸਤਿਸੰਗ । ਗੁਰਦੁਆਰੇ ਗੁਰਧਾਮਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਰਤਨ ਕਥਾ ਆਦਿ । ਇਸ ਰਾਹੇ ਪਿਆਂ ਮਨ ਉਸ 'ਅਨੰਤ' ਵਲ, ਇਸ ਦਿਸਦੇ ਵੱਸਦੇ ਸੰਸਾਰ ਦੀ 'ਅਸਲੀਅਤ' ਵਲ, ਇਸ ਦੀ Ultimate Reality ਵਲ ਰੁਖ ਕਰਦਾ ਕਰਦਾ ਇੰਨਾ ਨੇੜੇ ਹੋ ਜਾਂਦਾ ਹੈ ਕਿ ਫੇਰ ਉਸ ਦੇ ਗੁਣਾਂ ਦਾ ਸਾਂਝੀਵਾਲ ਹੋ ਕੇ ਕਿਸੇ ਉਚੇਰੇ ਹਾਲ ਵਿਚ ਅਪੜਦਾ ਹੈ। ਜਿਥੇ ਜਾ ਕੇ 'ਕਿਉਂ ਹੋਇਆ ਤੇ ਕੀਕੂੰ ਹੋਇਆ' ਆਦਿ ਦੇ ਸਾਰੇ ਪ੍ਰਸ਼ਨ ਸ਼ਾਂਤ ਹੋ ਜਾਂਦੇ ਹਨ । ਮਨ ਦੇ ਅੰਦਰ ਇਕ ਆਧਾਰ ਬੱਝ ਜਾਂਦਾ ਹੈ :-
ਸਿਮਰਿ ਸਿਮਰਿ ਨਾਮ ਬਾਰੰ ਬਾਰ ॥
ਨਾਨਕ ਜੀਅ ਕਾ ਇਹੈ ਅਧਾਰ ॥
ਅੰਦਰਲਾ ਇਕ ਟਿਕਾਉ ਤੇ ਉਚਯਾਣ ਵਿਚ ਆ ਜਾਂਦਾ ਹੈ ਤੇ ਜਗਤ ਵਿਚ ਹੋ ਰਹੇ ਹਾਲਾਤ ਤੇ ਵਾਪਰ ਰਹੀਆਂ ਹੋਣੀਆਂ ਵਿਚ ਘਬਰਾ ਘਟ ਜਾਂਦਾ ਹੈ ਤੇ ਕਈ ਵੇਰ ਹਰ ਹੀ ਜਾਂਦਾ ਹੈ। ਤੇ ਮਨ ਦਾ ਰੁਖ਼ (Attitude) ਕੁਛ ਇਸ ਕਿਸਮ ਦਾ ਬਣ ਜਾਂਦਾ ਹੈ :--
ਨਾਮੀ ਪੁਰਖ ਦੀ --- ਬਾਰੰਬਾਰ ਬਾਰ ਪ੍ਰਭ ਜਪੀਐ ॥
ਘਾਲ --- ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ ॥
ਹੋਣ ਹਾਰਾਂ ਨਾਲ --- ਜੋ ਹੋਆ ਹੋਵਤ ਸੋ ਜਾਨੈ ॥
ਨਾਮੀ ਪੁਰਖ ਦਾ --- ਪ੍ਰਭ ਅਪਨੇ ਕਾ ਹੁਕਮੁ ਪਛਾਨੈ ॥
Attitude (ਰੁਖ)
ਇਹ ਤਾਂ ਹੈ ਅਮਲੀ ਤ੍ਰੀਕਾ ਦੁਖਾਂ ਤੋਂ ਛੁਟਣੇ ਦਾ, ਇਸ ਅਮਲ ਵਾਲੇ ਕੰਮ ਤਾਂ ਕਰਦੇ ਹਨ ਪਰ ਕਰਮਾਂ ਦੇ ਫਲ ਤੋਂ ਨਿਰਵਾਸ਼ ਰਹਿੰਦੇ ਹਨ। ਮੌਤ ਤੇ ਦੁਖ ਨੂੰ ਕੁਛ ਸ਼ੈ ਨਹੀਂ ਸਮਝਦੇ । ਮਨ ਦਾ ਦਾਈਆ ਤੇ ਹੌਂਸਲਾ ਉਚਾ ਹੋ ਜਾਂਦਾ ਹੈ । ਦੁਖ ਅੱਵਲ ਤਾਂ ਪੁਹਂਦੇ ਨਹੀਂ, ਪਰ ਅਵਸਥਾ ਅਨੁਸਾਰ ਹੈ, ਜੇ ਪੁਹਂਦੇ ਹਨ ਤਾਂ ਇੰਨਾ ਜ਼ਰੂਰ ਹੋ ਜਾਂਦਾ ਹੁੰਦਾ ਹੈ ਕਿ ਦੁਖ ਆਉਂਦੇ ਹਨ ਪਰ ਸੰਤਾਪ ਨਹੀਂ ਦੇਂਦੇ ਯਥਾ :-- ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ॥
ਪਹਲੀ ਅਵਸਥਾ ਵਿਚ ਏਹ ਲੋਕ ਦੁਖਾਂ ਕਸ਼ਟਾਂ ਹੋਣੀਆਂ ਨੂੰ ਅਪਨੇ ਕਰਮਾਂ ਦਾ ਫਲ ਸਮਝਦੇ ਹਨ ਯਥਾ :--
ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ ॥
ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ ॥
ਜਦੋਂ ਨਾਮ ਦੀ ਅਵਸਥਾ ਪਕਦੀ ਜਾਂਦੀ ਹੈ ਤਾਂ ਕੀਹ ਦੇਖਦੇ ਹਨ ਕਿ ਪਾਈਦਾ
ਤਾਂ ਕਰਮਾਂ ਦਾ ਫਲ ਆਪਨਿਆਂ ਦਾ ਹੈ ਪਰ ਕਰਮਾਂ ਅਪਨਿਆਂ ਦਾ ਫਲ ਪ੍ਰਦਾਤਾ ਕਿਸੇ ਸ਼ਕਲ ਵਿਚ ਜਿਸ ਨੂੰ ਅਸੀਂ ਨਹੀਂ ਸਮਝ ਸਕਦੇ ਉਹੋ ਜਗਤਾ-ਧਾਰ ਹੈ, ਸਿਮਰਨ ਨਾਲ ਨਜ਼ਰ ਉਸ ਵਲ ਉਠ ਰਹੀ ਹੁੰਦੀ ਹੈ, ਨਿਕਟਤਾ ਪ੍ਰਾਪਤ ਹੋ ਰਹੀ ਹੁੰਦੀ ਹੈ, ਫਿਰ ਇਹ ਦਿੱਸਣ ਲਗ ਪੈਂਦਾ ਹੈ ਕਿ ਸਭ ਕੁਛ ਹੁਕਮ ਹੈ ਤੇ ਹੁਕਮ ਦੇਣ ਵਾਲਾ ਮੇਰਾ ਪ੍ਰੀਤਮ ਹੈ । ਜਿਸ ਦੇ ਮੈਂ ਨੇੜੇ ਜਾ ਰਿਹਾ ਹਾਂ ਤੇ ਓਹ ਸਜਨ ਹੈ, ਮਿਤ੍ਰ ਹੈ । ਫਿਰ ਇਸ ਤਰ੍ਹਾਂ ਦੇ ਭਾਵ ਉੱਠਣ ਲਗ ਪੈਂਦੇ ਹਨ ।
ਜੋ ਕਿਛੁ ਹੋਆ ਸਭੁ ਕਿਛੁ ਤੁਝ ਤੇ ਤੇਰੀ ਸਭ ਅਸਨਾਈ ॥
ਜੋ ਕੁਛ ਹੁੰਦਾ ਹੈ ਉਸ ਤੋਂ ਤੇ ਉਹ ਜੋ ਕੁਛ ਕਰਦਾ ਹੈ ਮਿਤ੍ਰਤਾ ਹੈ, ਇਸ ਤਰ੍ਹਾਂ ਨਾਮ ਅਭਯਾਸ ਨਾਲ ਦ੍ਰਿਸ਼ਟੀ ਬਦਲਦੀ ਬਦਲਦੀ ਕਿਤੇ ਟਿਕਾਣੇ ਜਾ ਕੇ ਵਿਸ਼ਵਾਸ਼ ਦੇ ਘਰ ਟਿਕ ਜਾਂਦੀ ਹੈ । ਫਿਰ ਅਗੇ ਸਤਗੁਰ ਦਸਦੇ ਹਨ ਕਿ ਤਤ੍ਵ ਗਯਾਨ ਨਾਲ ਦੀ ਹੀ ਮੰਜ਼ਲ ਹੈ :-
ਜਾ ਕੇ ਰਿਦੈ ਬਿਸ੍ਵਾਸੁ ਪ੍ਰਭ ਆਇਆ ॥
ਤਤ ਗਿਆਨੁ ਤਿਸੁ ਮਨਿ ਪ੍ਰਗਟਾਇਆ ॥
ਇਹ ਕੁਛ ਤਾਂ ਸਤਗੁਰ ਦਾ ਮਾਰਗ ਸ੍ਰੀ ਗੁਰਬਾਣੀ ਵਿਚੋਂ ਉਨ੍ਹਾਂ ਦੇ ਜੀਵਨ ਵਿਚੋਂ ਤੇ ਨਾਮੀ ਪੁਰਖਾਂ ਦੇ ਸਤਸੰਗ ਵਿਚੋਂ ਸਮਝੇ ਪੈਂਦਾ ਹੈ।
ਜੇ ਹੁਣ ਅਸੀ ਪ੍ਰਸ਼ਨਾ ਨੂੰ ਜੋ ਜਗਤ ਵਿਚ 'ਬਦੀ' ਵੇਖ ਕੇ ਅਤੇ ਜਗਤ ਵਿਚ 'ਪੀੜਾ' ਵੇਖ ਕੇ ਉਪਜਦੇ ਹਨ ਦਿਮਾਗੀ ਤਾਕਤ ਨਾਲ ਹੱਲ ਕਰਨਾ ਚਾਹਯੇ ਤਾਂ ਓਹ ਹੱਲ ਘਟ ਹੁੰਦੇ ਹਨ। ਕਿਉਂਕਿ ਸਾਡਾ ਮਨ 'ਸਾਕਤ' ਅਵਸਥਾ ਵਿਚ ਹੈ। ਜਿਵੇਂ ਕਿਸੇ ਦੇ ਘਰ ਬਿਜਲੀ ਦਾ ਲੈਂਪ ਹੋਵੇ ਤੇ ਬਿਜਲੀ ਘਰ ਨਾਲ ਉਸ ਦਾ ਸੰਬੰਧ ਸਾਕਤ ਹੋਇਆ ਹੋਵੇ ਭਾਵ ਟੁਟਾ ਹੋਆਿ ਹੋਵੇ ਤਾਂ ਉਸ ਵਿਚ ਬਿਜਲੀ ਦੀ ਰੌਂ ਨਹੀਂ ਆਉਂਦੀ, ਇਸ ਤਰਾਂ ਜੋ ਮਨ ਅਪਨੇ ਅੰਤਮ ਆਧਾਰ 'ਅਨੰਤ' ਨਾਲ ਨਹੀਂ ਲਗ ਰਿਹਾ ਉਹ 'ਅੰਤ' ਵਿਚ ਹੈ Finite ਹੈ, ਉਸ ਦੀ ਦ੍ਰਿਸ਼ਟੀ Finite ਹੈ ਅੰਤ ਵਾਲੀ ਹੈ । ਉਹ ਮੋਹ ਮਾਯਾ ਵਿਚ ਵੇਹੜਿਆ ਹੋਇਆ ਹੈ । ਉਸ ਦੀ ਨਜ਼ਰ ਥੋੜੀ ਦੂਰ ਤਕ ਜਾਂਦੀ ਤੇ ਛੋਟੇ ਦਾਇਰੇ ਦੇ ਦੁਖਾਂ ਸੁਖਾਂ ਵਿਚ ਘਾਬਰਦੀ ਹੈ ਯਾ ਬਫਾਉਂਦੀ ਹੈ । ਜਿਸ ਤਰ੍ਹਾਂ ਇਕ ਬੱਚੇ ਦਾ ਖਿਡੌਣਾ ਟੁਟ ਜਾਣ ਨਾਲ ਡਾਢੀ ਬੁਰੀ ਹਾਲਤ ਹੁੰਦੀ ਹੈ ਤੇ ਰੋਂਦਾ ਹਥ ਨਹੀਂ ਆਉਂਦਾ ਪਰ ਉਹੋ ਬੱਚਾ ਵਡਾ ਹੋ ਕੇ ਜਦੋਂ ਉਸ ਦੀ ਦ੍ਰਿਸ਼ਟੀ ਜ਼ਰਾ ਕੁ ਵਿਸ਼ਾਲ ਹੁੰਦੀ ਹੈ ਤਾਂ ਖਿਡਾਉਣੇ ਟੁਟਣ ਨਾਲ ਦੁਖੀ ਨਹੀਂ ਹੁੰਦਾ। ਇਸੀ ਤਰਾਂ ਦੀ ਕੁਛ ਇਧਰ ਹਾਲਤ ਹੈ। ਜਦੋਂ ਨਾਮ ਜਪਦਾ ਹੈ ਤਾਂ ਰੁਖ ਅੰਤਰਮੁਖ ਹੋਣਾ ਸ਼ੁਰੂ ਹੁੰਦਾ ਹੈ, ਜਿਥੇ ਜਾ ਕੇ Out Look ਵਾਹਯ ਦ੍ਰਿਸ਼ਟੀ ਨੇ ਬਦਲਨਾ ਹੈ । ਨਾਮਜਦ ਅਠ ਪਹਿਰਾ ਹੋ ਜਾਂਦਾ ਹੈ ਤਾਂ ਨਾਮੀ ਮਨ ਸਾਕਤ ਅਵਸਥਾ ਵਿਚੋਂ ਨਿਕਲ ਜਾਦਾਂ ਹੈ ਫਿਰ ਉਹ 'ਜਨ' ਹੋ ਜਾਂਦਾ ਹੈ । ਉਸ ਦੀ ਦ੍ਰਿਸ਼ਟੀ ਫੇਰ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ । ਸੰਤਾਪ ਘਟ ਜਾਂਦੇ ਹਨ, ਹਰਖ ਸ਼ੌਕ ਨੀਵੇਂ ਪੈ ਜਾਂਦੇ ਹਨ, ਪੰਜਾਂ ਮਹਾਂ ਬਲੀਆਂ ਉਤੇ ਵਸੀਕਾਰ ਹੋਣ ਲਗ
ਜਾਂਦਾ ਹੈ, ਪੰਜਾਂ ਇੰਦ੍ਰਿਆਂ ਤੋਂ ਪ੍ਰਾਪਤ ਹੋਣ ਵਾਲੇ ਸੁਖਾਂ ਵਲ ਰੁਚੀ ਢਿੱਲੀ ਪੈ ਜਾਂਦੀ ਹੈ, ਇਸ ਤੋਂ ਅਗੇ ਫੇਰ ਨਾਮ ਪ੍ਰਾਣਾਂ ਵਿਚ ਵਸ ਜਾਂਦਾ ਹੈ, ਯਥਾ :-
ਏਕ ਸਬਦ ਮੇਰੈ ਪ੍ਰਾਣ ਬਸਤ ਹੈ ਬਹੁੜ ਜਨਮ ਨਹੀ ਆਵਾ ॥
ਫਿਰ ਰਜ਼ਾ ਦੀ ਸੋਝੀ ਪੈਣ ਲਗ ਜਾਂਦੀ ਹੈ । ਇਸ ਨੂੰ ਸਮਝ ਆਉਣ ਲਗ ਜਾਂਦੀ ਹੈ ਕਿ ਮੈਂ ਵਾਹਿਗੁਰੂ ਜੀ ਦੀ 'ਰਜ਼ਾ' ਵਿਚ ਅਪਨੀ 'ਮਰਜ਼ੀ' ਮੇਲਣੀ ਹੈ । ਮੈਂ ਅਪਨੀ ਨਿਕੀ ਜੇਹੀ Finite ਅੰਤ ਵਾਲੀ 'ਮਰਜ਼ੀ' ਵਿਚ Infinite ਅਨੰਤ 'ਰਜ਼ਾ' ਨੂੰ ਨਹੀਂ ਮੇਲਣਾ । ਜਿਵੇਂ ਸਤਾਰ ਸੁਰ ਕਰਨ ਵਾਲਾ ਸਾਰੀਆਂ ਤਰਬਾਂ ਨੂੰ 'ਬਾਜ' ਦੀ ਸੁਰ ਨਾਲ ਇਕ ਸ੍ਵਰ (Tune) ਕਰਦਾ ਹੈ, ਬਾਜ਼ ਦੀ ਸੁਰ ਨੂੰ ਤਰਬਾਂ ਨਾਲ ਸੁਰ ਨਹੀਂ ਕਰਦਾ, ਜਦੋਂ ਏਹ ਸੋਝੀ ਪੈਂਦੀ ਹੈ ਤਾਂ ਉਸ 'ਜਨ ਨੂੰ 'ਗੁਰਸਿਖ ਨੂੰ 'ਗੁਰਮੁਖ' ਆਖੀਦਾ ਹੈ, 'ਗੁਰਮੁਖ' ਦਾ ਨਾਮ ਇਸ ਅਵਸਥਾ ਦਾ ਹੁੰਦਾ ਹੈ ।
ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥
ਬਸ ਜਦ ਗੁਰਮੁਖ 'ਸਾਈਂ-ਸੁਰ' ਨਾਲ ਇਕ ਸ੍ਵਰ ਹੋ ਗਿਆ, ਉਸ ਨੂੰ ਫਿਰ ਪਯਾਰ ਦਾ ਸਾਰਾ ਖੇਲ ਦਿਸਦਾ ਹੈ, ਉਸ ਦੀ ਉੱਚੀ ਹੋ ਗਈ ਦ੍ਰਿਸ਼ਟੀ ਫਿਰ ਜਵਾਨ ਆਦਮੀ ਦੀ ਉੱਚੀ ਦ੍ਰਿਸ਼ਟੀ ਵਾਂਙੂ ਖਿਡਾਉਣਿਆਂ ਵਾਲੇ ਹਰਖ਼ ਸ਼ੋਕ ਤੋਂ ਉੱਚੀ ਹੋ ਜਾਂਦੀ ਹੈ ।
ਮੈਂ ਨਹੀਂ ਕਹਿ ਸਕਦਾ ਕਿ ਮੈਂ ਤੁਸਾਨੂੰ ਗੁਰੂ ਜੀ ਦੇ ਆਸ਼ੇ ਨੂੰ ਠੀਕ ਤਰ੍ਹਾਂ ਦਸ ਰਿਹਾ ਹਾਂ ਕਿ ਨਹੀਂ, ਪਰ ਮੇਰਾ ਜਤਨ ਇਸ ਖਤ ਦਾ ਇਹੋ ਹੈ, ਜੋ ਇਸ ਤੋਂ ਆਪ ਦੇ ਦੁਖਿਤ ਚਿਤ ਨੂੰ ਕੁਛ ਸੁਖ ਮਿਲੇ ਤਾਂ ‘ਅਨੰਤ ਦਾਤਾ' ਦਾ ਸ਼ੁਕਰ ਹੈ ਜੇ ਨਾ ਕੁਈ ਰਹਨੁਮਾਈ ਮਿਲੇ ਤਾਂ ਇਨਸਾਨੀ ਅਕਲ ਕਾਸਰ ਹੈ ਕਿ ਅਪਨੇ ਚਮਤਕਾਰ ਮਾਤ੍ਰ ਨਾਲ ਜਗਤ ਬੁਝਾਰਤ ਨੂੰ, ਬਦੀ ਤੇ ਪੀੜਾ ਦੀ ਮੁੰਦਾਵਣੀ ਨੂੰ ਖੁਹਲ ਸਕੇ, ਕਿਸੇ ਦਾਨੇ ਨੇ ਕਿਹਾ ਹੈ :
کس به کشور او نه کشاند حکمت این معما را
ਕਸ ਨਾ ਕਸੂਦ ਉ ਨ ਕੁਸ਼ਾਯਦ ਬ ਹਿਕਮਤ ਈ ਮੁਇੰਮਾਰਾ ।
ਇਸ ਬੁਝਾਰਤ ਨੂੰ 'ਅਕਲ' ਮਾਤ੍ਰ ਨਾਲ ਨਾ ਕਿਸੇ ਖੂਹਲਿਆ ਹੈ ਤੇ ਨਾ ਕੋਈ ਖੁਹਲ ਸਕਦਾ ਹੈ ।
ਕਿੰਉਂਕਿ ਸਾਡੀ ਜੋ ਅਕਲ ਹੈ, ਬੁੱਧੀ ਹੈ, ਯਾ ਜਿਸ ਨੂੰ Intellect ਆਖਦੇ ਹਨ ਇਹ ਤਾਂ ਸਰੀਰ ਨੂੰ ਜਗਤ ਵਿਚ ਸੁਖੀ ਰਖਣ ਵਾਸਤੇ ਬਾਹਰਮੁਖੀ ਸੰਦ ਹੈ । ਇਹ ਸਾਨੂੰ ਬਾਹਰਲੇ ਪਸਾਰੇ ਵਿਚ ਲੈ ਜਾਂਦੀ ਹੈ ਤੇ ਪੰਜਾਂ ਇੰਦ੍ਰਿਆਂ ਦੀ ਤਾਕਤ ਦੇ ਹਦ ਬੰਨੇ ਵਿਚ ਰਖਦੀ ਹੈ, ਤੇ ਅਨੁਮਾਨ ਤੇ ਤਜਰਬੇ ਆਦਿਕਾਂ ਨਾਲ ਪਸਾਰੇ ਵਿਚ ਸਲਾਮਤੀ ਦੇ ਰਾਹ ਸਿਖਾਲਦੀ ਹੈ । 'ਅਨੰਤ ਅਸਲੀਅਤ' ਜੋ ਹੈ ਸੋ ਦ੍ਰਿਸ਼ਟਮਾਨ ਨਹੀਂ ਉਹ ਦ੍ਰਿਸ਼ਟਾ ਹੈ, ਜਦੋਂ ਕਿਸੇ ਤ੍ਰੀਕੇ ਨਾਲ ਸਾਡੀ ਬੁੱਧੀ ਅੰਦਰੋਂ ਉਲਟੇ ਤੇ ਅੰਤਰਮੁਖ
ਹੋਵੇ ਤਾਂ [ਜੈਸਾ ਕਿ ਮਰਦਾਨੇ ਨੂੰ ਗੁਰੂ ਜੀ ਨੇ ਕਿਹਾ ਸੀ ਕਿ] ਇਹ ਬੁੱਧ ਇਕ ਤਰਾਂ ਨਾਲ ਮਰਦੀ ਹੈ ਤੇ ਇਕ ਹੋਰ ਬੁੱਧ ਉਪਜਦੀ ਹੈ, ਉਹ ਬੁੱਧ ਦ੍ਰਿਸ਼ਟਾ ਦੇ ਕਾਰਖ਼ਾਨੇ ਨੂੰ ਵੇਖਦੀ ਹੈ ਤੇ ਜੇ ਕਿਸੇ ਨੇ ਸਮਝਣਾ ਹੈ ਕਿ (ਕਿਉਂ ਹੈ ਤੇ ਕੀਕੂੰ ਹੈ) ਤਾਂ ਉਸ ਦਾ ਸਾਮਾਨ ਦ੍ਰਿਸ਼ਟਾ ਪਦ ਵਿਚ ਹੈ, ਦ੍ਰਿਸ਼ਟਮਾਨ ਵਿਚ ਨਹੀਂ। ਇਸ ਲਈ ਦ੍ਰਿਸ਼ਟਮਾਨ ਤੋਂ ਉਠ ਕੇ ਦ੍ਰਿਸ਼ਟਾ ਵਾਲੇ ਪਾਸੇ ਰੁਖ ਬੰਨ੍ਹੀਦਾ ਹੈ, ਬੰਨ੍ਹਦੇ ਬੰਨ੍ਹਦੇ, ਜਦ ਦ੍ਰਿਸ਼ਟਾ ਪਦ ਵਿਚ ਜਾ ਟਿਕੀਦਾ ਹੈ ਤਾਂ ਦ੍ਰਿਸ਼ਟੀ ਬਦਲਦੀ ਹੈ ਜੋ 'ਅਸਲੀਅਤ ਨੂੰ ਅਨੁਭਵ ਕਰਦੀ ਹੈ । 'ਜਾਣਨ' ਦੀ ਹਾਲਤ ਹਦ ਬੰਨੇ ਵਾਲੀ ਹੈ ਤੇ 'ਅਨੁਭਵ' ਦੀ ਹਦ 'ਬੇਹਦ' ਵਿਚ ਹੈ। ਇਹ ਗੱਲਾਂ ਮਾਤ੍ਰ ਨਹੀਂ" ਹਰਿਨਾਮ ਸਿਮਰਨ ਨਾਲ ਇਸ ਦੀ ਪ੍ਰਾਪਤੀ ਦਾ ਅਮਲੀ ਰਾਹ ਸਤਿਗੁਰ ਨੇ ਦਸ ਦਿੱਤਾ ਹੈ । ਜੋ ਸੰਖੇਪ ਮਾਤਰ ਉਪਰ ਕਥਿਆ ਹੈ।
ਜਿਸ ਹਾਲਤ ਵਿਚ ਅਸੀਂ ਹਾਂ ਸਾਨੂੰ ਸਮਝਣਾ ਚਾਹਯੇ ਕਿ ਅਸੀਂ ਮਨ ਬੁਧੀ ਕਰਕੇ ਐਸੇ ਟਿਕਾਣੇ ਨਹੀਂ ਹਾਂ ਕਿ ‘ਕੁਲ ਨੂੰ ਸਮਝ ਸਕੀਏ, ਜੋ ਹੋ ਰਿਹਾ ਹੈ ਸੋ ਹੁਕਮ ਹੈ, ਅਸੀ ਮਾਰਗ ਤੇ ਪੈ ਜਾਈਏ ਸਮਾਂ ਆਵੇਗਾ ਕਿ ਅਸੀ 'ਅਸਲੀਅਤ' ਨੂੰ ਅਨੁਭਵ ਕਰਾਂਗੇ । ਇਸ ਵੇਲੇ ਭਰੋਸਾ ਲੋੜੀਏ ਕਿ
ਮੀਤੁ ਕਰੈ ਸੋਈ ਹਮ ਮਾਨਾ ॥
ਮੀਤ ਕੇ ਕਰਤਬ ਕੁਸਲ ਸਮਾਨਾ ॥
ਤੁਸੀਂ ਲਿਖਦੇ ਹੋ ਕਿ ਤੁਸਾਂ ਸਤਿਸੰਗ ਕੀਤਾ ਹੈ ਅਰ ਕਿਸੇ ਮਹਾਂ ਪੁਰਖ ਨੇ ਤੁਸਾਨੂੰ ਆਖਿਆ ਹੈ ਕਿ ਚਪੇੜ ਪਿਤਾ ਪੁਤ੍ਰ ਨੂੰ ਮਾਰਦਾ ਹੈ, ਯਤੀਮ ਨੂੰ 'ਪਿਤ੍ਰੀ-ਚਪੇੜ' ਪ੍ਰਾਪਤ ਨਹੀਂ ਹੁੰਦੀ । ਜਦ ਐਸੇ ਦਿਲਾਸਾ ਦੇਣ ਵਾਲੇ ਤੇ ਇਕ ਫਿਕਰੇ ਵਿਚ ਸੁਮੱਤ ਦੇਣ ਵਾਲੇ ਮਹਾਂ ਪੁਰਖ ਦਾ ਸੰਗ ਤੁਸਾਂ ਨੂੰ ਪ੍ਰਾਪਤ ਹੈ ਤਾਂ ਡੋਲਨਾ ਕੁਛ ਨਹੀਂ ਸੰਵਾਰ ਸਕਦਾ। ਸ਼ੁਕਰ ਕਰਨਾ ਤੇ ਨਾਮ ਵਿਚ ਉਠਨਾ ਤੇ ਅੰਤਰਮੁਖ ਜੀਵਨ ਦਾ ਯਤਨ ਕਰਨਾ ਲਾਭਕਾਰੀ ਹੋ ਸਕਦਾ ਹੈ।
ਵਾਹਿਗੁਰੂ ਰਹਮਤ ਕਰੇ ਤੇ ਇਸ ਖੇਦ ਵਿਚ ਆਪ ਨੂੰ ਠੰਡ ਸ਼ਾਂਤੀ ਤੇ ਸੁਖ ਦੇਵੇ ਤੇ ਅਪਨੇ ਨੇੜੇ ਕਰੇ ।
ਆਪ ਦਾ ਹਿਤਕਾਰੀ
ਵੀਰ ਸਿੰਘ
P.S. ਉਪ੍ਰਲੀ ਗੱਲਬਾਤ ਅੰਦਰਲੇ ਜੀਵਨ ਦੀ ਹੈ । ਬਾਹਰ ਜਿਥੇ ਦੁਖ ਵਾਪਰ ਰਹੇ ਹਨ ਸਤਿਗੁਰ ਨੇ ਦੋ ਬਾਤਾਂ ਦਸੀਆਂ ਇਕ ਤਾਂ ਇਹ ਕਿ 'ਰਚਨਾ ਵਿਚ ਉਮਾਹ' ਬੀ ਹੈ । ਬਾਵਜੂਦ ਦੁਖਾਂ ਦੇ ਮਰਨੇ ਦਾ ਚਿਤ ਕਿਸੇ ਨੂੰ ਨਹੀਂ ਕਰਦਾ । ਤਾਂ ਤੇ ਜੀਉਂਦੇ ਰਹਨ ਵਿਚ ਕੋਈ ਗੱਲ ਵਾਂਛਤ ਬੀ ਹੈ ਇਸ ਲਈ ਆਪਨੇ ਜਗਤ ਨੂੰ ਢੈਂਦੀਆਂ ਕਲਾਂ ਵਿਚ ਨਹੀਂ ਸਟਿਆ, ਪਰ ਦੁਖ ਵੇਲੇ ਦੁਖ ਪੀੜਤਾਂ ਦੀ ਅਮਲੀ ਸਹਾਯਤਾ ਸਿਖਾਈ । ਸਿਖ ਅੰਦ੍ਰਲੇ ਦੇ ਟਿਕਾਉ ਨਾਲ ਖੇੜੇ ਵਿਚ ਰਹਿੰਦਾ ਹੈ ਤੇ ਜਗਤ ਪੀੜਾ ਹਰਨ ਲਈ ਸੰਸਾਰ ਸੇਵਾ ਵਿਚ ਹਥ ਵਟਾਉਂਦਾ ਹੈ।
8
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ
ਅੰਮ੍ਰਿਤਸਰ
२੯.੬,३३
ਪਿਆਰੇ...ਜੀਓ ਤੇ...ਜੀਓ ਜੀ
ਅਚਾਨਕ ਹੀ ਡਾ: ਜੀ ਅੰਮ੍ਰਿਤਸਰ ਆਏ ਤਾਂ ਆਪਦੇ ਬਜ਼ੁਰਗ ਪਿਤਾ ਜੀ ਦੇ ਗੁਰੂ ਕੇ ਦੇਸ ਵਲ ਕਮਰਕਸੇ ਕਰ ਜਾਣ ਦੀ ਖਬਰ ਸੁਣੀ। ਇਸ ਸਰੀਰਾਂ ਵਾਲੀ ਦੁਨੀਆਂ ਵਿਚ ਸਰੀਰਕ ਵਿਛੋੜੇ ਬੜੀ ਦੁਖਦਾਈ ਗੱਲ ਹੁੰਦੀ ਹੈ, ਪਰ ਜਿਥੇ ਪਿਆਰ ਨੇ ਸਰੀਰਾਂ ਨੂੰ ਬਹੁਤ ਬਹੁਤ ਕੀਮਤੀ ਬਨਾ ਦਿਤਾ ਹੋਵੇ ਉਥੇ ਤਾਂ ਇਹ ਵਿਛੋੜਾ ਡਾਢਾ ਹੀ ਕੇਹਰ ਕਮਾਉਂਦਾ ਹੈ। ਕੁਛ ਮਿੰਟ ਇਸ ਕਰ ਕੇ ਮਨ ਡਾਢੀ ਸੋਚ ਵਿਚ ਗਿਆ ਕਿ ਬੀਬੀ ਜੀ ਤੇ ਆਪ ਦੇ ਹਿਰਦੇ ਨੂੰ ਇਸ ਵੇਲੇ ਕਿੰਨੀ ਕੁ ਪੀੜਾ ਹੋਈ ਹੌਸੀ, ਤੇ ਨਿਰੇ ਪਿਆਰ ਤੇ ਦਿਲਾਸੇ ਦੇ ਅੱਖਰ ਦੋ ਚਾਰ ਕੁਛ ਸਾਰ ਸਕਣਗੇ ਕੇ ਨਾਂਹ । ਪਰ ਕਰਤਾਰ ਨੇ ਸਾਡੀ ਬਨਾਵਟ ਵਿਚ ਦਿਲ ਤੋਂ ਦਿਲ ਨੂੰ ਰਾਹ ਹੀ ਲਿਖੇ ਯਾ ਬੋਲੇ ਵਾਕਾਂ ਦੁਆਰਾ ਹੀ ਰਖਿਆ ਹੈ। ਖ਼ਿਆਲਾਂ ਦਾ ਵਟਾਂਦਰਾ ਤੇ ਪਿਆਰ ਵਾਲੇ ਖ਼ਿਆਲਾਂ ਦੀ ਪਿਆਰ ਦੇ ਖ਼ਿਆਲ ਮੰਡਲ ਵਿਚ ਪਹੁੰਚ ਇਸੇ ਵਸੀਲੇ ਹੀ ਬਨਾਈ ਗਈ ਹੈ, ਚਾਹੇ ਜਦੋਂ ਬੰਦਗੀ ਦੇ ਰਸਤੇ ਮਨ ਦੇ ਭਾਵ ਮਨੋ ਮਨ ਬੀ ਤਾਸੀਰ ਕਰਦੇ ਹਨ ਪਰ ਵਿਦਤ ਰਾਹ ਇਹੋ ਹੀ ਹੈ । ਇਸ ਕਰ ਕੇ ਮੈਂ ਦੋ ਚਾਰ ਅਖਰ ਅਜ ਲਿਖਣ ਦਾ ਹੀਆ ਕਰ ਹੀ ਲਿਆ ਹੈ। ਗੁਰੂ ਦੀ ਮੇਹਰ ਨਾਲ ਤੁਸੀਂ ਦੋਇ ਸੁਭਾਗ ਹੋ ਜੋ ਨਾਮ ਦੇ ਰਸਤੇ ਪੁਰ ਟੁਰਨ ਵਾਲੇ ਪੰਧਾਊ ਹੋ । ਨਾਮ ਦਾ ਪ੍ਰੇਮੀ ਤੇ ਨਾਮ ਦਾ ਸਾਧਨ ਕਰਨ ਵਾਲਾ ਸਹਜੇ ਸਹਜੇ ਸਾਂਈ ਟੇਕ ਦੇ ਆਸਰੇ ਹੁੰਦਾ ਜਾਂਦਾ ਹੈ । ਨਾਮ ਦੀ ਖਿਚ ਦੇ ਦਾਇਰੇ ਵਿਚ ਨਾਂਹ ਆਏ ਮਨ ਭਟਕਦੇ ਹਨ, ਪਰ ਨਾਮ ਨਾਲ ਸਿਧੇ ਹੋ ਗਏ ਮਨ ਸੰਸਾਰ ਵਿਚ ਐਸੇ ਵੇਲਿਆਂ ਤੇ ਆਪਨੇ 'ਨਾਮ' ਦੇ 'ਨਾਮੀ' ਵਲ ਤਕਦੇ ਹਨ, ਜਿਸ ਦਾ ਇਹ ਸਾਰਾ ਸੰਸਾਰ ਖੇਲਦਾ ਅਖਾੜਾ ਹੈ।
'ਸਭੁ ਤੇਰਾ ਖੇਲੁ ਅਖਾੜਾ ਜੀਉ'
ਉਨ੍ਹਾਂ ਨੂੰ ਇਹੋ ਜਹੇ ਵਾਕਏ ਆਪੇ ਹੋਏ ਯਾ ਅਗੰਤਕ ਨਹੀਂ ਲਗਦੇ, ਉਹ ਸਮਝਦੇ ਹਨ ਕਿ ਸਾਡੇ ਨਾਮ ਦਾ ਆਧਾਰ ਪਿਆਰ ਵਾਲਾ ਪ੍ਰੀਤਮ ਹੈ ਤੇ ਉਹ ਜੋ ਕੁਛ ਕਰਦਾ ਹੈ ਕਿਸੇ ਪ੍ਰਯੋਜਨ ਲਈ ਕਰਦਾ ਹੈ, ਤੇ ਉਹ ਦਾਨਾਂ ਬੀਨਾਂ ਹੈ, ਅਸੀਂ ਉਸ ਦੀ ਸਾਰ ਜਾਣਨ ਵਿਚ ਸਮਰਥ ਨਹੀਂ, ਪਰ ਸਿਦਕ ਨਾਲ ਸਮਝਦੇ ਹਾਂ ਕਿ ਜੋ ਉਹ ਕਰਦਾ ਹੈ
ਉਸ ਵਿਚ ਕੁਛਹੇ ਚਾਹੋ ਅਸੀ ਨਹੀਂ ਜਾਣਦੇ, ਉਹ ਮਿੱਤ੍ਰ ਹੈ, ਸਖਾ ਹੈ, ਪਿਆਰਾਂ ਦਾ ਪੁੰਜ ਹੈ ਜੋ ਕਰਦਾ ਹੈ ਭਲੇ ਲਈ ਕਰਦਾ ਹੈ, ਅਸੀ ਉਸ ਦੀ ਟੇਕ ਤੇ ਖੁਸ਼ ਤੇ ਸੁਖੀ ਰਹੀਏ ਤੇ ਉਸ ਦੀ ਰਜ਼ਾ ਵਿਚ ਅਪਨੀ ਮਰਜ਼ੀ ਮੇਲੀਏ । ਸੁਖ ਦਾ ਮਾਰਗ ਇਹ ਹੈ । ਆਪ ਦੇ ਪਿਤਾ ਜੀ ਆਪ ਦੋਹਾਂ ਨੂੰ ਵਡਾ ਪਿਆਰ ਕਰਦੇ ਸੀ ਤੇ ਆਪ ਦੇ ਸੁਖ ਤੇ ਭਲੇ ਲਈ ਉਹਨਾਂ ਨੇ ਬੜੇ ਸਾਮਾਨ ਕੀਤੇ ਸਨ, ਆਪ ਦੇ ਮਨ ਭੀ ਉਨ੍ਹਾਂ ਨਾਲ ਕੂਲ੍ਹੇ ਕੂਲ੍ਹੇ ਪਿਆਰ ਵਿਚ ਸਨ ਤੇ ਹੁਣ ਇਸ ਪਿਆਰ ਕਾਰਨ ਬਹੂੰ ਦ੍ਰਵਦੇ ਹੋਸਣ । ਦ੍ਰਵਣ । ਦ੍ਰਵਣਾ ਮਨ ਦੇ ਸੁਭਾਗ ਲਛਣਾਂ ਵਿਚੋਂ ਹੈ ਤੇ ਦਰਗਾਹੇ ਜਾਣ ਵਾਸਤੇ ਦ੍ਰਵਣਾ ਇਕ ਜ਼ਰੂਰੀ ਗੁਣ ਹੈ ।
ਅਨਿਕ ਜਤਨ ਕਰਿ ਆਤਮ ਨਾਹੀ ਦ੍ਰਵੈ ॥
ਹਰਿਦਰਗਹ ਕਹੁ ਕੈਸੇ ਗਵੈ ॥
ਇਹ ਦ੍ਰਵਣਾਂ ਹੈ ਸੋਹਣਾ, ਪਰ ਜੇ ਇਸ ਨੂੰ ਅਸੀ ਵਾਲੇਵੇ ਕਾਰਨ ਬਾਬਾ ਰੋਈਐ ਰੋਵਣ ਸਗਲ ਬਿਕਾਰੋ, ਵਾਲੇ ਵੈਹਣਾਂ ਵਿਚ ਜਾਣੋਂ ਰੋਕ ਕੇ ਉਰਧਗਾਮੀ ਕਰੀਏ । ਹਾਂ ਜਦੋਂ ਕਿ ਅਪਨੇ ਸੁਭਾਗ ਪਿਆਰੇ ਦੇ ਵਿਛੋੜੇ ਵਿਚ ਤੇ ਤੁਹਾਡੀ ਦਸ਼ਾ ਵਿਚ ਉਸ ਪਿਆਰੇ ਦੇ ਵਿਛੋੜੇ ਵਿਚ ਕਿ ਜਿਨ੍ਹਾਂ ਦਾ ਜੀਵਨ ਗੁਰਸਿਖੀ ਵਿਚ ਸੋਹਣਿਆਂ ਜੀਵਨਾਂ ਵਿਚੋਂ ਸੀ, ਮੰਨ ਦ੍ਰਵੇ ਤਾਂ ਝਟ ਸਿਮਰਨ ਦੀ ਤਾਰ ਨੂੰ ਸੰਭਾਲੀਏ ਤੇ ਦਾਤਾ ਵਾਹਿਗੁਰੂ ਜੀ ਤੋਂ ਜੋ ਸਾਨੂੰ ਵਿਥ ਹੈ ਉਸ ਦੇ ਅਨੁਭਵ ਵਿਚ ਆ ਕੇ ਅਰਦਾਸ ਵਿਚ ਪੈ ਜਾਈਏ ਕਿ ਹੇ ਜਗਤ ਆਧਾਰ ! ਹੇ ਪੂਰਨ, ਹੇ ਪਿਆਰ ਪੁੰਜ ਪ੍ਰੀਤਮ ।
ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ
ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ
ਭਗਤਿ ਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ
ਤੁਝ ਬਿਨੁ ਨਾਹੀ ਕੋਇ ਬਿਨਉ ਮੋਹਿ ਸਾਰਿਆ
ਕਰੁ ਗਹਿ ਲੇਹੁ ਦਇਆਲ ਸਾਗਰ ਸੰਸਾਰਿਆ ॥
ਬਾਬਾ ਜੀ ਨੇ ਆਪ ਫੁਰਮਾਇਆ ਹੈ :
ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥
ਪਿਆਰ ਲਾ ਕੇ ਰੋਵੀਏ ਪਰ ਪਿਆਰ ਦਾ ਨਿਸ਼ਾਨਾਂ ਸਾਂਈ ਨੂੰ ਬਣਾ ਲਈਏ। ਪਛਮੀ ਵਿਦਿਯਾ ਨੇ ਜਿਥੇ ਵਿਦਿਯਾ ਫੈਲਾਈ ਹੈ ਉਥੇ ਭਰਮ ਭੁਲਾਵੇ ਬੀ ਆਤਮ ਨੈਣਾਂ ਦੇ ਅਗੇ ਤਾਂਣੇ ਹਨ । ਹੁਣ ਕੁਛ ਅਰਸੇ ਤੋਂ ਇਸ ਨੂੰ ਆਪ ਦਿਸਦੇ ਦੇ ਪਿਛੇ ਕੁਛ ਧੁੰਧਲੇ ਚਮਕਾਰੇ ਹੋਰ ਤਰਾਂ ਦੇ ਪੈਂਦੇ ਹਨ । ਇਸ ਨੇ ਅੰਤ ਜੇ ਇਸੇ ਰਾਹ ਪਏ ਰਹੇ ਤਾਂ ਓਥੇ ਹੀ ਆਉਣਾ ਹੈ ਕਿ ਦਿਸਦੇ ਦਾ ਕੇਂਦ੍ਰੀਅ ਆਧਾਰ ਇਸ ਸਾਰੇ ਵਿਚ ਵਿਆਪ ਰਿਹਾ ਆਸ੍ਰਾ 'ਇਕ ਹੈ । ਪਰ ਸਾਨੂੰ ਦਾਨੇ ਸਤਿਗੁਰ ਦਸ ਦਿਤਾ ਹੈ ਕਿ ਉਹ 'ਇਕ' ਹੈ, ਪਿਆਰ ਪੁੰਜ ਹੈ ਤੇ ਫਿਰ ਇਨਸਾਨੀ ਦਿਲ ਦੀ ਠਾਹਰ ਹੈ ਤਾਂ ਉਹੋ, ਤੇ ਉਹੋ ਉਸ ਦੀ ਟੇਕ । ਚਾਹੇ ਅਸੀ ਉਸ ਨੂੰ ਦੇਖਦੇ ਨਹੀਂ, ਪਰ ਭਗਤਾਂ ਦੀ ਓਟ ਉਹ ਹੈ; ਤੋ ਉਸੇ ਦਾ ਨਾਮ ਉਸ ਦੀ ਟੇਕ ਦ੍ਰਿੜਾਉਂਦਾ ਹੈ ।
ਮੈਂ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ।
ਸੋ ਨਾਮੀ ਪੁਰਖ ਜਾਣਦਾ ਹੈ ਕਿ ਉਹ ਮਾਲਕ ਦਾਤਾ ਮੇਰਾ ਹੈ ਤੇ ਅਸੀਂ ਸਾਰੇ ਉਸ ਦੇ ਬੱਚੇ ਹਾਂ ਤੇ ਗੁਪਤ ਪ੍ਰਗਟ ਉਸ ਦੀ ਰਚਨਾਂ ਦੇ ਦੋ ਪਖ ਹਨ 1 ਜੋ ਪਿਆਰਾ ਟੁਰ ਗਿਆ ਹੈ, ਉਹ ਸਦਾ ਲਈ ਅਣਹੋਂਦ ਵਿਚ ਨਹੀਂ ਜਾ ਸੁੱਤਾ, ਉਹ ਦੂਜੇ ਪੱਖ ਗੁਪਤ ਪੱਖ ਵਿਚ ਜਾ ਖੇਡਿਆ ਹੈ, ਅਸਾਂ ਬੀ ਇਕ ਦਿਨ ਓਥੇ ਜਾਣਾ ਹੈ ਓਸੇ ਪੱਖ ਜਾਂ ਖੇਡਣਾ ਹੈ, ਸੋ ਵਿਛੋੜਾ ਆਰਜ਼ੀ ਹੈ ਤੇ ਵਿਛੋੜਾ ਮਾਤ੍ਰ ਹੈ ਸਦਾ ਦੀ ਜੁਦਾਈ ਨਹੀਂ । ਇਸ ਕਰ ਕੇ ਅਸੀ ਅਪਨਾ ਸਮਾਂ ਦਿਲ ਢਾਹ ਦੇਣ ਵਾਲੇ ਹਾਹੁਕਿਆਂ ਵਿਚ ਨਿਸਫਲ ਨਹੀਂ ਗੁਆਉਣਾ ਅਸਾਂ ਅਪਨੀ ਕਾਰ ਕਰਨੀ ਹੈ। ਦਮ ਬਿਰਥਾ ਨਹੀਂ ਗੁਆਉਣਾ । ਆਪਣੇ ਪਿਆਰੇ ਵਾਹਿਗੁਰੂ ਜੀ ਵਿਚ ਲਗੇ ਰਹਿਣਾ ਹੈ। ਸਾਡੇ ਅੰਤਰ ਆਤਮੇਂ ਪਿਆਰੇ ਦਾ ਐਹਸਾਸ ਜਾਰੀ ਰਹੇ, ਅਸੀਂ ਅਪਨੇ ਅੰਦਰ ਉਸ ਦੀ 'ਹੋਂਦ ਨਾਲ ਲਗੇ ਰਹੀਏ, ਜੋ ਕਿ ਸਾਨੂੰ ਉੱਨਤ ਕਰਦੀ ਹੈ, ਤੇ ਸੁਖੀ ਰਖਦੀ ਹੈ। ਇਸ ਆਧਾਰ ਵਾਲੇ ਦੇ ਅੰਦਰ ਤ੍ਰਿਪਤੀ ਆਉਂਦੀ ਹੈ, ਸ਼ਾਂਤ ਵਰਤਦੀ ਹੈ, ਸੁਖ ਉਪਜਦਾ ਹੈ ਤੇ ਅਗੇ ਜਾ ਕੇ ਇਸ ਦਾ ਮਨ ਸੁਹੇਲਾ ਹੁੰਦਾ ਹੈ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭਿ ਆਪੇ ਮੇਲੇ ॥
ਸੋ ਇਸ ਰਸਤੇ ਦੇ ਪੰਧਾਊ ਜਦੋਂ ਕਿ ਪਿਆਰਾ ਅਪਨਾ ਦੂਜੇ ਪੱਖ ਵਿਚ ਜੀਵਨ ਦਾ ਪਾਸਾ ਪਰਤ ਲਵੇ ਤਾਂ ਵਾਲੇਵੇ ਕਾਰਨ ਹ ਨੇਰੇ ਵਿਚ ਜਾ ਕੇ ਵਿਰਲਾਪ ਨਹੀਂ ਕਰਦੇ, ਉਹ ਸਿਦਕ ਦੇ ਨੈਣਾਂ ਨਾਲ ਅਸਲ ਨੂੰ ਪਛਾਣ ਕੇ ਵਾਹਿਗੁਰੂ ਦੇ ਪਿਆਰ ਵਿਚ ਵਸਦੇ ਹਨ ਤੇ ਜਦੋਂ ਬਿਰਹੋਂ ਦੀ ਪੀੜਾ ਨਾਲ ਦਿਲ ਕਸਕਦਾ ਤੇ ਦ੍ਰਵਦਾ ਹੈ, ਉਹ ਉਸ ਦ੍ਰਵਣਤਾ ਵਿਚ ਅਰਦਾਸ ਰੂਪ ਹੋ ਕੇ ਵਾਹਿਗੁਰੂ ਜੀ ਦੇ ਚਰਨਾਂ ਨੂੰ ਜੱਫੀ ਮਾਰ ਕੇ ਉਸ ਚਰਨ ਕਮਲ ਦੀ ਮਉਜ ਵਿਚ ਰਸ ਲੈਣ ਦਾ ਜਤਨ ਕਰਦੇ ਹਨ। ਐਸਾ ਕਰਨ ਨਾਲ ਆਪਣਾ ਅੰਦਲਾ ਵਾਧਾ ਹੁੰਦਾ ਹੈ, ਗਿਰਦੇ ਦਾ ਪ੍ਰਵਾਰ ਸੁਖੀ ਹੁੰਦਾ ਹੈ, ਤੇ ਵਿਛੜੇ ਪਿਆਰੇ ਨੂੰ ਜਿਸ ਗੁਪਤ ਪੱਖ ਵਿਚ ਉਸ ਦਾ ਜੀਵਨ ਜਾ ਸੁਰਜੀਤ ਹੋਇਆ ਹੈ ਸੁਖ ਪ੍ਰਤੀਤ ਹੁੰਦਾ ਹੈ । ਤੁਸੀਂ ਸਿਆਣੇ ਹੋ ਰਸਤੇ ਦੇ ਟੁਰਨ ਵਾਲੇ ਹੋ, ਆਸ ਹੈ ਕਿਸੇ ਟੋਟ ਵਿਚ ਨਹੀਂ ਗਏ ਹੰਸੋ, ਤੇ ਜੇ ਕਦੇ ਕੋਈ ਦਰਦ ਕਿਛੋੜੇ ਦੀ ਪੀੜਾ ਹੋਈ ਹੋਸੀ ਤਾਂ ਹੰਭਲਾ ਮਾਰ ਕੇ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਵਿਚ ਉੱਚੇ ਉਠੇ ਹੋਸੋ। ਮੈਂ ਚੇਤਾਵਨੀ ਲਈ ਲਿਖ ਰਿਹਾ ਹਾਂ ਜੇ ਭਲਾ ਕਿਸੇ ਅਟਕਾ ਸਟਕਾ ਵੇਲੇ ਇਹ ਪਕਾ ਦਿਲ ਨੂੰ ਸਹਾਰਾ ਦੇ ਕੇ ਕਢ ਲਏ ਤੇ ਮਨ ਦਾ ਪੰਛੀ ਮਾਰਗ ਪਿਆਰੋ ਦੇ ਦੇਸ ਨੂੰ ਉਡਾਰੀ ਮਾਰਨ ਵਾਲਾ ਕਿਸੇ ਬਦਲਵਾਈ ਨਾਲ ਛਾਯਾ ਨਾਂਹ ਪਾਰੇ । ਵਾਹਿਗੁਰੂ ਆਪ ਦੇ ਬਜ਼ੁਰਗ ਪਿਤਾ ਜੀ ਨੂੰ ਆਪਣੀ ਮੋਹਰ ਦੀ ਛਾਵੇਂ ਰਖੇ ਤੇ ਆਪ ਸਭਨਾਂ ਨੂੰ ਰਜ਼ਾ ਵਿਚ ਰਾਜ਼ੀ ਤੇ ਅਪਨੇ ਪਿਆਰ ਵਿਚ ਸਨਿ ਰਖੇ । ਮੇਰਾ ਦਿਲੀ ਪਿਆਰ ਤੇ ਹਮਦਰਦੀ ਤੁਸਾਂ ਦੇ ਨਾਲ ਹੈ । ਗੁਰੂ ਅੰਗ ਸੰਗ ।
ਪਉੜੀ
ਸੋ ਐਸਾ ਹਰਿ ਨਾਮੁ ਧਿਆਈਐ ਮਨ ਮੇਰੇ
ਜੋ ਸਭਨਾ ਉਪਰਿ ਹੁਕਮੁ ਚਲਾਏ,
ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ
ਜੋ ਅੰਤੀ ਅਉਸਰ ਲਏ ਛਡਾਏ,
ਸੋ ਐਸਾ ਹਰਿ ਨਾਮ ਜਪੀਐ ਮਨ ਮੇਰੇ
ਜੁ ਮਨ ਕੀ ਤ੍ਰਿਸਨਾ ਭੁਖ ਗਵਾਏ,
ਸੋ ਗੁਰਮੁਖਿ ਨਾਮੁ ਜਪਿਆ ਵਡਭਾਗੀ
ਤਿੰਨ ਨਿੰਦਕ ਦੁਸਟ ਸਭਿ ਪੈਰੀ ਪਾਏ,
ਨਾਨਕ ਨਾਮੁ ਅਰਾਧਿ ਸਭਨਾ ਤੇ ਵਡਾ
ਸਭਿ ਨਾਵੈ ਅਗੈ ਆਣਿ ਨਿਵਾਏ ।
ਅਸੀਸ ਸਹਿਤ
ਆਪ ਦਾ ਹਿਤ ਵਿਚ
ਵ. ਸ.
9
ਅੰਮ੍ਰਿਤਸਰ
25. 7. 33
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ
ਸ੍ਰੀ ਜੀਓ -
ਆਪ ਦਾ ਪੱਤਰ ਪੁਜਾ । ਆਪ ਦੇ ਬਜ਼ੁਰਗ ਮਾਮਾ ਜੀ ਦਾ ਅਕਾਲ ਚਲਾਣਾ ਪੜ੍ਹ ਕੇ ਚਿੱਤ ਨੂੰ ਸ਼ੌਕ ਹੋਇਆ, ਵਧੀਕ ਇਸ ਕਰ ਕੇ ਕਿ ਸਰਦਾਰ ਜੀ ਜੈਸੇ ਨੇਕ ਤੇ ਨਿਰੋਲ ਸੱਚ ਦੇ ਪਯਾਰੇ, ਉੱਚੇ ਇਖ਼ਲਾਕ ਤੇ ਗੁਰਬਾਣੀ ਦੇ ਪ੍ਰੇਮੀ ਦਿਨੋ ਦਿਨ ਘਟ ਰਹੇ ਹਨ ।
ਕਦੇ ਕਦੇ ਆਪ ਦੇ ਦਰਸ਼ਨ ਮੇਲੇ ਡੇਹਰਾਦੂਨ ਹੁੰਦੇ ਪਰਮਾਰਥਿਕ ਵਿਚਾਰਾਂ ਹੋਇਆ ਕਰਦੀਆਂ ਸਨ, ਆਪ ਨੂੰ, ਪਖੰਡ ਤੋਂ ਬੜੀ ਨਫ਼ਰਤ ਸੀ ਤੇ ਪੰਥ ਵਿਚ ਤੇ ਬਾਹਰ ਐਸੇ ਆਦਮੀਆਂ ਦੇ ਤਜਰਬੇ ਸੁਣਾਇਆ ਕਰਦੇ ਸੇ, ਅਪਨੇ ਮਿਤ੍ਰਾਂ ਨੂੰ ਗੁਰਬਾਣੀ ਵਲ ਖਿਚਦੇ ਤੇ ਅੱਜ ਕਲ ਦੇ ਵਿਛ ਰਹੇ ਗੁਰੂ ਬੇਮੁਖਾਂ ਦੇ ਜਾਲ ਤੋਂ ਬਚਾਇਆ ਕਰਦੇ ਸੇ । ਉਨ੍ਹਾਂ ਦਾ ਵਿਯੋਗ ਇਕ ਚੰਗੇ ਤਕੜੇ ਪੰਥਕ ਘਾਟੇ ਦਾ ਸੂਚਕ ਹੈ, ਵਾਹਿਗੁਰੂ ਮਿਹਰ ਕਰੋ, ਉਨ੍ਹਾਂ ਨੂੰ ਅਪਨੇ ਚਰਨਾ ਦਾ ਨਿਵਾਸ ਬਖ਼ਸੇ ਤੇ ਪਰਵਾਰ ਵਿਚ ਉਨ੍ਹਾਂ ਵਰਗਾ ਸਿੱਖੀ ਸਿਦਕ ਪ੍ਰਦਾਨ ਕਰੋ ।
ਆਪ ਪਾਸ ਜੇ ਉਨ੍ਹਾਂ ਦੀ ਕੋਈ ਚੰਗੀ ਸੁਥਰੀ ਛੋਟੇ ਹੋਵ ਤੇ ਆਪ ਘਲ ਸਕੋ ਤਾਂ ਕ੍ਰਿਪਾ ਹੈ । ਗੁਰੂ ਆਪ ਨੂੰ ਉਨ੍ਹਾਂ ਦੇ ਨਕਸ਼ੇ ਕਦਮ ਤੇ ਟੋਰੇ ।
ਆਪ ਦਾ ਹਿਤਕਾਰੀ
ਵ. ਸ.
10
ਅੰਮ੍ਰਿਤਸਰ
३०. ੭,३४
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ
ਬਰਖ਼ੁਰਦਾਰ ਜੀਓ
ਬਰਖ਼ੁਰਦਾਰ ਜੀ ਦਾ ਪੋਸਟ ਕਾਰਡ ਆਇਯਾ ਹੈ, ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਬਰਖ਼ੁਰਦਾਰ… ਜੀ ਦਾ ਕਾਕਾ ਗੁਜ਼ਰ ਗਿਆ ਹੈ । ਇਹ ਖ਼ਬਰ ਪੜ੍ਹ ਕੇ ਮੈਨੂੰ ਤੇ ਤੁਸਾਂ ਜੀ ਦੀ ਮਾਸੀ ਨੂੰ ਬਹੁਤ ਸੋਕ ਹੋਇਆ ਹੈ, ਮੈਂ ਬਹੁਤ ਫ਼ਿਕਰ ਕਰ ਰਿਹਾ ਹਾਂ ਕਿ ਤੁਸੀਂ ਅਜੇ ਬੱਚੇ ਹੋ ਕੀਕੂੰ ਇਸ ਸਦਮੇਂ ਨੂੰ ਸਹਾਰੋਗੇ । ਗ੍ਰਹਸਤ ਆਸ਼ਰਮ ਦਾ ਵੀਚਾਰ ਕਰੀਏ ਤਾਂ, ਵਡਾ ਦੁਖ ਏਹ ਹੁੰਦਾ ਹੈ ਕਿ ਇਸ ਵਿਚ ਬੜੀਆਂ ਮੁਸ਼ਕਲਾਂ ਦੇ ਸਾਹਮਣੇ ਕਰਨੇ ਪੈਂਦੇ ਹਨ । ਪਰੰਤੂ ਸਤਿਗੁਰਾਂ ਦਾ ਹੁਕਮ ਏਸੇ ਆਸ਼੍ਰਮ ਵਿਚ ਰਹਿ ਕੇ ਬੰਦਗੀ ਕਰਨ ਤੇ ਅਪਨੇ ਆਪ ਨੂੰ ਭਾਣੇ ਦਾ ਸ਼ਾਕਰ ਬਣਾਉਣ ਦਾ ਹੈ, ਇਥੇ ਹੀ ਰਹਿ ਕੇ ਮੁਸ਼ਕਲਾਂ ਦੇ ਸਾਹਮਣੇ ਕਰ ਕਰ ਕੇ ਹੀ ਸੁਰਤ ਮਜ਼ਬੂਤੀ ਪਕੜਦੀ ਤੇ ਨਾਮ ਅਭਯਾਸ ਵਿਚ ਉੱਚੀ ਹੁੰਦੀ ਹੈ। ਅਸਲ ਵਿਚ ਤਾਂ ਮਨੁੱਖਾ ਜਨਮ ਵਾਹਿਗੁਰੂ ਜੀ ਦੇ ਨਾਮ ਜਪ ਨਾਲ ਪਾਰਗਿਰਾਮੀ ਹੋਣ ਵਾਸਤੇ ਹੈ । ਗ੍ਰਹਸਤ ਆਸ਼੍ਰਮ ਉਸ ਦੀ ਪ੍ਰਾਪਤੀ ਤੇ ਮਸ਼ਕ ਦਾ ਇਕ ਅਖਾੜਾ ਹੈ ਜਿਥੇ ਸਤਿਗੁਰ ਨੇ – ਮੈਂ ਗੁਸਾਈ ਦਾ ਪਹਲਵਾਨੜਾ - ਵਾਲਾ ਸ਼ਬਦ ਉਚਾਰ ਕੇ ਸਾਨੂੰ ਸੁਮੱਤ ਦਿਤੀ ਹੈ ਕਿ ਅਸੀ ਕਿਵੇਂ ਜੀਵਨ ਮੁਕਤੀ ਦੇ ਸੁਖ ਨੂੰ ਪ੍ਰਾਪਤ ਹੋਵੀਏ । ਤੁਸਾਂ ਨੇ ਆਮ ਦੁਨੀਆਂਦਾਰਾਂ ਵਾਂਗੂ ਅਪਨੇ ਆਪ ਨੂੰ ਉਦਾਸੀ ਦੇ ਹੱਥ ਨਾਂਹ ਸੌਂਪਣਾ । ਤੁਸੀ ਗੁਰਮੁਖਾਂ ਦੀ ਵੰਸ਼ ਹੋ ਤੁਸਾਡੇ ਪਿਤਾ, ਦਾਦਾ, ਪੜਦਾਦਾ ਮੈਂ ਵੇਖੋ ਹਨ ਸ੍ਰੀ ਚੌਂਕੀ ਸਾਹਿਬ ਦੇ ਨੇਮੀ ਤੇ ਗੁਰਬਾਣੀ ਦੇ ਪ੍ਰੇਮੀ ਸਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਓਟ ਲੈਣੀ ਤੇ ਅਰਦਾਸ ਕਰਨੀ ਤੇ ਵਾਹਿਗੁਰੂ ਜੀ ਨੂੰ ਮਿਤ੍ਰ ਸਮਝਣਾ । ਮਿਤ੍ਰ ਜੋ ਕਰੇ ਸੋ ਭਲਾ ਹੁੰਦਾ ਹੈ । ਜੋ ਵਾਹਿਗੁਰੂ ਜੀ ਅਪਨੇ ਹੁਕਮ ਵਿਚ ਕਰਦੇ ਹਨ ਸਾਨੂੰ ਸਮਝ ਨਹੀਂ ਓਹ ਭਲੇ ਲਈ ਹੁੰਦਾ ਹੈ । ਗੁਰੂ ਤੁਸਾਡੇ ਅੰਗ ਸੰਗ ਹੋਵੇ ਤੁਹਾਡੀ ਤੇ ਤੁਹਾਡੀ ਸਿੰਘਣੀ ਦੇ ਮਨ ਨੂੰ ਤੁਲਹਾ ਹੋਵੇ ਤੇ ਤੁਸੀਂ ਗੁਰਬਾਣੀ ਦੇ ਪ੍ਰੇਮ ਵਿਚ ਵਾਹਿਗੁਰੂ ਜੀ ਦੇ ਕਠਨ ਭਾਣੇ ਨੂੰ ਮਿੱਠਾ ਕਰ ਕੇ ਮੰਨੋ ।
ਤੁਸਾਡੀ ਮਾਸੀ ਜੀ ਤੁਸਾਂ ਦੋਹਾਂ ਨਾਲ ਤੇ ਤੁਹਾਡੀ ਮਾਤਾ ਜੀ ਨਾਲ ਦਿਲੋਂ
ਹਮਦਰਦੀ ਪ੍ਰਗਟ ਕਰਦੇ ਹਨ । ਮਰੀ ਵਲੋਂ ਸਾਰ ਪਰਵਾਰ ਤੇ ਤੁਸਾਂ ਦੇ ਮਾਤਾ ਜੀ ਤੇ ਸਿੰਘਣੀ ਨਾਲ ਦਿਲੋਂ ਹਮਦਰਦੀ ਹੈ ਤੇ ਅਰਦਾਸ ਹੈ ਕਿ ਸਤਗੁਰ ਤੁਸਾਂ ਤੇ ਮੇਹਰ ਕਰੇ ਤੇ ਏਹ ਬਲ ਬਖ਼ਸ਼ੇ ਕਿ ਤੁਸੀ ਸਤਿਗੁਰਾਂ ਦੀ ਏਹ ਬਾਣੀ ਪੜ੍ਹੋ :
"ਜਿਸ ਕੀ ਬਸਤੁ ਤਿਸੁ ਆਗੈ ਰਾਖੈ
ਪ੍ਰਭ ਕੀ ਆਗਿਆ ਮਾਨੈ ਮਾਥੈ
ਉਸ ਤੇ ਚਉਗੁਣ ਕਰੇ ਨਿਹਾਲੁ
ਨਾਨਕ ਸਾਹਿਬੁ ਸਦਾ ਦਿਆਲੁ !
ਆਪ ਦਾ ਹਮਦਰਦ ਤੇ ਹਿਤਕਾਰੀ
ਵ.ਸ.
11
ਅੰਮ੍ਰਿਤਸਰ
२- ੮ -३४
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ
ਬਰਖੁਰਦਾਰ ਜੀਓ,
ਆਪ ਜੀ ਦਾ ਪਤਰ ਪਹੁੰਚਾ ਆਪ ਜੀ ਦੇ ਬਜ਼ੁਰਗ ਪਿਤਾ ਜੀ ਦਾ ਚਲਾਣਾ ਨਾ ਕੇਵਲ ਆਪ ਲਈ ਦੁਖਦਾਈ ਪਰ ਸਾਰੇ ਮਿਤ੍ਰਾਂ ਨੂੰ ਉਨ੍ਹਾਂ ਦੇ ਚਲੇ ਜਾਣ ਦਾ ਸ਼ੌਕ ਹੈ । ਤੁਸੀ ਲਿਖਦੇ ਹੋ ਕਿ ਚਿਤ ਕੰਮ ਕਾਜ ਨੂੰ ਨਹੀਂ ਲਗਦਾ । ਇਹ ਠੀਕ ਹੈ ਕਿ ਵਿਛੋੜਾ ਬੁਰੀ ਬਲਾ ਹੈ ਅਰ ਉਦਾਸੀ ਦਾ ਜਨਕ ਹੈ । ਪਰੰਤੂ ਸੰਸਾਰ ਵਿਚ ਰਹਿ ਕੇ ਕੰਮ ਕਰਨਾ ਹੀ ਬਣਦਾ ਹੈ । ਇਨਸਾਨ ਦੇ ਸਿਰ ਜ਼ਿਮੇਵਾਰੀਆਂ ਹਨ, ਪ੍ਰਸ਼ਾਦੇ ਕਮਾਈ ਕਰ ਕੇ ਛਕਣੇ ਹਨ। ਇਸ ਕਰ ਕੇ ਵਾਹਿਗੁਰੂ ਜੀ ਦੇ ਹੁਕਮ ਨੂੰ ਮੰਨ ਕੇ ਸੇਵਾ ਵਿਚ ਤਤਪਰ ਹੋਣਾ ਚਾਹਯੋ । ਓਹ ਅਪਨਾ ਚਲਦਾ ਕੰਮ ਆਪ ਦੇ ਲਈ ਛੋੜ ਗਏ ਹਨ ਇਸ ਨੂੰ ਹਿੰਮਤ ਨਾਲ ਕਰਨਾ ਚਾਹਯੇ । ਸਾਡਾ ਪਿਆਰ ਵਿਛੁੜਿਆਂ ਲਈ ਸ਼ੌਕ ਕਰਨ ਵਿਚ ਨਹੀਂ ਪਰ ਉਨ੍ਹਾਂ ਦੇ ਨੇਕ ਪੂਰਨਿਆਂ ਪਰ ਟੁਰਨ ਵਿਚ ਹੈ । ਦੁਕਾਨ ਚਲਾਓ, ਕਮਾਈ ਕਰੋ, ਪਰਿਵਾਰ ਨੂੰ ਪਾਲੋ, ਗੁਰੂ ਕੀ ਸੇਵਾ ਵਿਚ ਲਗੇ ਰਹੋ, ਨਾਮ ਜਪੋ, ਥਾਣੀ ਪੜ੍ਹ, ਸੰਗਤ ਭਲਿਆਂ ਦੀ ਕਰੋ, ਬੁਰੀ ਸੰਗਤ ਤੋਂ ਸਦਾ ਬਚੋ, ਪਿਤਾ ਜੀ ਲਈ ਭੋਗ ਪੁਆਓ, ਅਰਦਾਸੇ ਸੁਧਵਾਓ, ਇਹ ਸ਼ੁਭ ਕਾਰਜ ਕਰਨੇ ਚਾਹਯੇ । ਅੰਮ੍ਰਿਤ ਵੇਲੇ ਜਾਗਣਾ ਤੇ ਬਾਣੀ ਨਾਮ ਵਿਚ ਤਤਪਰ ਹੋਣਾ ਗੁਰਸਿਖਾਂ ਦਾ ਧਰਮ ਹੈ।
ਜੇ ਚਿਤ ਵਧੇਰੇ ਉਦਾਸੀ ਮੰਨੇ ਤਾਂ ਸੂਰਜ ਪ੍ਰਕਾਸ਼ ਪੜ੍ਹੋ । ਚਮਤਕਾਰ ਤੇ ਸੁਸਾਇਟੀ ਦੇ ਹੋਰ ਟਰੈਕਟਾਂ ਦਾ ਪਾਠ ਕਰੋ । ਇਸ ਤਰਾਂ ਤਬੀਅਤ ਸੁਮੱਤੇ ਲਗੇਗੀ ।
ਗੁਰੂ ਬਾਬੇ ਦਾ ਤਾਂ ਨਿਤ ਪਾਠ ਕਰਦੇ ਹੀ ਹੋਸੋ ਜ਼ਰਾ ਵੀਚਾਰ ਨਾਲ ਪਾਠ ਕਰਨਾ ਜੋ ਸਤਿਗੁਰ ਦਾ ਆਸ਼ਾ ਚਿਤ ਤੇ ਅਸਰ ਕਰੋ ਤੇ ਭਲਿਆਈ ਤੇ ਨਾਮ ਦਾ ਬਲ ਭਰ ਆਵੇ ।
ਹੋਰ ਅਸੀਸ
ਆਪਦਾ ਹਿਤਕਾਰੀ
ਵੀਰ ਸਿੰਘ
12
ਅੰਮ੍ਰਿਤਸਰ
२. ੮.३४
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਸ੍ਰੀ ਸਤਿਕਾਰ ਜੋਗ ਜੀਉ,
ਆਪ ਦਾ ਪੱਤ੍ਰ ਕਈ ਦਿਨ ਤੇ ਆਯਾ ਪਿਆ ਹੈ ਮੈਂ ਅਜ ਕਲ ਬਹੁਤ ਰੋਬੋਵੇਂ ਵਿਚ ਹਾਂ । ਛੇਕੜਲੀ ਜਿਲਦ ਛਪ ਰਹੀ ਹੈ ਤੇ ਵਿਹਲ ਨਹੀਂ ਮਿਲਦੀ ਇਸ ਕਰ ਕੇ ਛੇਤੀ ਨਹੀਂ ਉੱਤਰ ਪਾ ਸਕਿਆ।
ਆਪ ਜੀ ਦੀ ਉਦਾਸੀ ਤੇ ਵਿਯੋਗ ਦੇ ਅਸਰ ਹੇਠ ਵੈਰਾਗ ਵਿਚ ਜਾਣਾ ਇਨਸਾਨੀ ਤਬੀਅਤ ਦਾ ਖਾਸਾ ਹੈ । ਇਸ ਬੰਦੇ ਦਾ ਮਨ ਭਾਈਚਾਰੇ ਵਿਚ ਰਹਣ ਦੇ ਸੁਭਾਵ ਵਾਲਾ ਹੈ । ਇਕੱਲਾ ਰਹਿ ਨਹੀਂ ਸਕਦਾ। ਸੋ ਜੋ ਭਾਈਚਾਰਕ ਸੁਭਾ ਵਾਲਾ ਹੈ ਉਸਨੂੰ ਜਿੰਨੇ ਵਧੀਕ ਨੇੜੇ ਦੇ ਸੰਬੰਧ ਵਾਲੇ ਹੁੰਦੇ ਹਨ ਓਹ ਵਧੀਕ ਪਯਾਰੇ ਲਗਦੇ ਹਨ ਤੇ ਉਨ੍ਹਾਂ ਦਾ ਵਿਛੋੜਾ ਵਧੀਕ ਘਾਟ ਪਾਉਂਦਾ ਹੈ । ਦੂਜੇ ਤੁਸਾਨੂੰ ਜੋ ਵੀਰ ਵਿਛੋੜਾ ਹੱਯਾ ਹੈ ਓਸ ਵਿਚ ਜੋ ਤਤਫਟ ਕਾਰਨ ਬਣਿਆ ਹੈ ਉਹ ਬੀ ਗ਼ਮ ਵਧਾਣ ਵਿਚ ਸਹਾਈ ਹੁੰਦਾ ਹੈ । ਇਹ ਹਾਲਤ ਐਸੀ ਹੈ ਕਿ ਆਪ ਨੂੰ ਯਾ ਆਪ ਦੀ ਮਾਤਾ ਜੀ ਨੂੰ ਕੋਈ ਗੱਲਾਂ ਨਿਰੀਆਂ ਕਰ ਕੇ ਯਾ ਚਾਰ ਅੱਖਰ ਲਿਖ ਕੇ ਤਸੱਲੀ ਕਰਾ ਦੇਣੀ ਸੌਖੀ - ਗੱਲ ਨਹੀਂ ਕਿਉਂ ਕੇ ਵਿਛੋੜਿਆਂ ਦੇ ਘਾਉ ਡੂੰਘੇ ਥਾਂ ਹੁੰਦੇ ਹਨ ।
ਪਰੰਤੂ ਇਕ ਦਾਨੇ ਨੂੰ ਕਿਸੇ ਨੇ ਇਕ ਵੇਰੀ ਪੁਛਿਆ ਸੀ ਕਿ ਬੰਦੇ ਪਾਸ ਇਸ ਜਗਤ ਦੇ ਸਾਗਰ ਉਤੇ ਤਰਦੇ ਰਹਣ ਲਈ ਕਿਹੜਾ ਬਾਹੂ ਬਲ ਹੈ ਤਾਂ ਉਸ ਨੇ ਉਤਰ ਦਿਤਾ ਸੀ ਕਿ ਕੋਈ ਨਾ ਸਿਵਾ ਵਿਚਾਰ ਦੇ । ਹੋਰ ਕੋਈ ਉਪਾਉ ਉਪਾਲਾ 'ਵੀਚਾਰ' ਬਿਨਾ ਇਨਸਾਨ ਦੇ ਅੰਦਰੋਂ ਨਿਕਲ ਕੇ ਇਸ ਦੇ ਅੰਦਰ ਤੇ ਬਾਹਰ ਦਾ ਸਹਾਈ ਨਹੀਂ ਹੁੰਦਾ । ਵੀਚਾਰ ਦਸਦੀ ਹੈ, ਕਿ ਜਗਤ ਵਿਚ ਰੋਗ ਹੈ, ਵਿਛੋੜਾ ਹੈ, ਬੁਢੇਪਾ ਹੈ, ਬੀਮਾਰੀ ਹੈ, ਭੁੱਖ ਹੈ, ਮੌਤ ਹੈ। ਇਨਸਾਨ ਕੀਹ ਕਰੇ ? ਤਾਂ ਇਨਸਾਨ ਤਲਾਸ਼ ਵਿਚ ਲਗਦਾ ਹੈ, ਜੇ ਤਲਾਸ਼ ਸੱਚੀ ਹੋ ਤਾਂ ਅੰਤ ਸਤਿਨਾਮ ਨੂੰ ਪ੍ਰਾਪਤ ਹੁੰਦਾ ਹੈ । ਸਤਸੰਗ ਦਸਦਾ ਹੈ ਕਿ ਸੰਸਾਰ ਵਿਚ ਏਹ ਦੁਖ ਹਨ । ਪਰ ਸੰਸਾਰ ਸਦਾ ਨਹੀਂ, ਤੋ ਸਦਾ ਦਾ ਥਾਉਂ ਟਿਕਾਣਾ ਹੋਰਥੇ ਹੋ ਤੇ ਏਥੇ ਵਸਦਿਆਂ ਓਥੋਂ ਦੇ ਤਿਆਰ ਕਰਨੇ ਹਨ । ਫਿਰ ਇਹ ਕਿ ਸੰਸਾਰ ਵਿਚ ਦੁੱਖ ਹੋ ਪਰ ਸੰਸਾਰ ਵਿਚ ਸੁੱਖ ਬੀ ਹੈ। ਸੰਸਾਰ ਦੀ ਰਚਨਾ ਤੇ ਕੁਦਰਤ ਦੇ ਰੰਗਾਂ ਵਿਚ ਖਿੜਾਉ ਹੈ, ਜੋ ਸਾਰੇ ਦੀਹਦਾ ਪਿਆ ਹੈ । ਦੁੱਖ
ਹੈ ਪਰ ਦੁੱਖ ਨਾ ਹੋਵੇ ਤਾਂ ਨਿਰੇ ਸੁੱਖ ਦੇ ਕੀਹ ਅਰਥ ਹੈਨ। ਦੁੱਖ ਹੀ ਸੁੱਖ ਨੂੰ ਮਿਠਾ ਬਨਾਉਂਦਾ ਹੈ । ਪੀੜਾ ਦੁੱਖ ਹੈ ਪਰ ਪੀੜਾ ਤੋਂ ਹੀ ਅਨੇਕ ਨੇਕੀਆਂ ਉਪਜਦੀਆਂ ਹਨ । ਤੇ ਕਈ ਵੇਰ ਦੁੱਖ ਸੁਖਦਾਤੇ ਹੋ ਢੁਕਦੇ ਹਨ ਤੇ ਸੁੱਖ ਦੁਖਦਾਈ ਹੋ ਜਾਂਦੇ ਹਨ।
ਦੁਖੁ ਦਾਰੂ ਸੁਖੁ ਰੋਗ ਭਇਆ ॥
ਦੁੱਖ ਬਿਨਸਨ ਹਾਰ ਵਲੋਂ ਮਨ ਦਾ ਰੁਖ ਮੋੜਦਾ ਹੈ ਤੇ ਅਬਿਨਾਸ਼ੀ ਸੁੱਖਾਂ ਵਲ ਪਾਉਂਦਾ ਹੈ, ਉਂਞ ਵੀ ਤੱਕ ਲਉ, ਮਾਂ ਪੁਤ੍ਰ ਨੂੰ ਦੁੱਖਾਂ ਨਾਲ ਲੈਂਦੀ ਤੇ ਪਾਲਦੀ ਹੈ। ਪਰ ਪੁਤ੍ਰ ਲੈਣ ਦੇ, ਪਾਲਨ ਦੇ ਦੁੱਖ ਨੂੰ ਸੁੱਖ ਕਰ ਕੇ ਜਾਣਦੀ ਹੈ। ਸੂਰਮਾ ਮੈਦਾਨ ਜੰਗ ਵਿਚ ਟੁਕੜੇ ਟੁਕੜੇ ਹੋ ਕੇ ਉਡਦਾ ਹੈ ਪਰ ਜਿਸ ਬੀਰਤਾ ਲਈ, ਜਿਸ ਪਰ- ਸੁਆਰਥ ਲਈ ਉਹ ਦੁੱਖ ਪਾਉਂਦਾ ਹੈ ਉਸ ਦੇ ਸਿਰੇ ਚਾੜਨ ਲਈ ਕਸ਼ਟਾਂ ਨੂੰ ਚਾਈਂ ਚਾਈਂ ਸਹੇੜਦਾ ਹੈ ।
ਇਕ ਪ੍ਰੇਮੀ ਅਪਨੇ ਪ੍ਰੀਤਮ ਦੀ ਪ੍ਰਾਪਤੀ ਲਈ ਅੱਥਰੂ ਵਗਾਉਂਦਾ ਹੈ, ਓਹ ਅੱਥਰੂ ਦਿਲ ਪੀੜਾ ਉਪਜਾਉਂਦੀ ਹੈ ਪਰ ਉਹ ਉਨਾਂ ਵਿਚ ਦੁੱਖ ਨਹੀਂ ਮਨਾਉਂਦਾ । ਦੁੱਖ ਮਨਾਵੇ ਤਾਂ ਛੋੜ ਦੇਵੇ । ਸੋ ਸਦਾ ਦੁੱਖ ਨੂੰ ਮਾੜਾ ਨਹੀਂ ਸਮਝਨਾ ਚਾਹਯੇ, ਝਲਣਾ ਯਾ ਦੁਖ ਸਹਿਣਾ ਇਨਸਾਨ ਲਈ ਇਕ ਕੁਦਰਤੀ ਗੱਲ ਹੈ ਤੇ ਸ਼ਾਇਦ ਜਗਤ ਵਿਚ ਬਹੁਤ ਕੁਛ ਉੱਚਾ ਸੁੱਚਾ ਤੇ ਸੁਹਣਾ ਇਸੇ ਤੇ ਟਿਕਦਾ ਹੈ। ਕਿਉਂਕਿ ਸੂਰਬੀਰਤਾ, ਕੁਰਬਾਨੀ, ਪ੍ਰੇਮ, ਭਗਤੀ, ਨੇਕੀ, ਪਰਸੁਆਰਥ ਸਾਰੇ ਉੱਤਮ ਭਾਵ ਪੀੜਾ ਦੇ ਵਿਹੜੇ ਵਿਚ ਖੇਡਦੇ ਹਨ ।
ਦੁੱਖ ਵੇਲੇ ਹੀ ਮਨ ਨਰਮੀ ਖਾਂਦਾ ਹੈ, ਦੁੱਖ ਵੇਲੇ ਹੀ ਲੋਕੀ ਇਸ ਨਾਲ ਹਮਦਰਦੀ ਕਰਦੇ ਹਨ, ਦੁੱਖ ਹੀ ਹੈ ਜੋ ਇਨਸਾਨ ਨੂੰ ਇਨਸਾਨ ਨਾਲ ਪਯਾਰ ਕਰਵਾਉਂਦਾ ਹੈ। ਤੇ ਦੁੱਖ ਹੀ ਅੰਤ ਇਸ ਅੰਧ ਪਸ਼ੂ ਨੂੰ ਜਿਸ ਨੂੰ ਮਾਨੁੱਖ ਕਹੀਦਾ ਹੈ ਵੈਰਾਗ ਦੇ 'ਸੁਰਮੇ ਨਾਲ ਅਗਯਾਨ ਦੇ ਛੱਪਰਾਂ ਦੇ ਢੋਣ ਦਾ ਅਵਸਰ ਦੇਂਦਾ ਹੈ, ਤੇ ਭਗਤੀ ਵਲ ਪ੍ਰੇਰਦਾ ਹੈ ਤੇ ਭਗਤੀ ਕਰਨੇ ਨਾਲ ਅਬਨਾਸ਼ੀ ਖੇਮ ਦਾ ਪਤਾ ਲਗਦਾ ਹੈ । ਤੁਸਾਂ ਕਦੇ ਡਿੱਠਾ ਹੈ ਕਿ ਸੁਖੀ ਤੇ ਪੈਸੇ ਵਾਲੇ ਖ਼ੁਸ਼ੀ ਵਿਚ ਮਸਤ ਲੋਕ ਆਪੇ ਵਿਚ ਹਮਦਰਦੀ, ਦਇਆ, ਪਿਆਰ, ਕੁਰਬਾਨੀ ਕਰ ਰਹੇ ਹਨ, ਇਨ੍ਹਾਂ ਚੀਜ਼ਾਂ ਦੀ ਲੋੜ ਹੀ ਨਹੀਂ ਹੁੰਦੀ ਓਥੇ ਤਾਂ । ਚੰਗੀਆ ਖ਼ੂਬੀਆਂ ਓਥੇ ਹੀ ਪ੍ਰਕਾਸ਼ ਪਾ ਰਹੀਆਂ ਹਨ ਜਿਥੇ ਕਿ ਪੀੜਾਂ ਤੇ ਦੁੱਖ ਸਹਾਰਨ ਦੇ ਸਮੇ ਵਾਪਰਦੇ ਹਨ, ਹਮਦਰਦੀ ਦੇਣੀ ਤੇ ਲੈਣੀ, ਪਿਆਰ ਕਰਨਾ ਤੇ ਕਰਾਉਣਾ ਓਥੇ ਹੀ ਹੋ ਰਿਹਾ ਹੈ !
ਹੁਣ ਜਦੋਂ ਕਿਸੇ ਸੁਭਾਗ ਦਾ ਮਨ ਦੁੱਖਾਂ ਤੋਂ ਉੱਚਾ ਉੱਠਦਾ ਹੈ ਤੇ ਇਸ ਦੁੱਖਾਂ ਵਾਲੇ ਜਗਤ ਵਿਚ 'ਅਬਿਨਾਸ਼ੀ ਖੇਮ' ਦੀ ਚਾਹਨਾ ਕਰਦਾ ਹੈ ਤਾਂ ਉਸ ਨੂੰ ਆਪਨੀ ਤਲਾਸ਼ ਵਿਚ ਇਹ ਨੁਸਖਾ ਮਿਲਦਾ ਹੈ :-
ਅਬਿਨਾਸੀ ਖੇਮ ਚਾਹਹਿ ਜੇ ਨਾਨਕ ਸਦਾ ਸਿਮਰਿ ਨਾਰਾਇਣ ॥
ਸੋ ਦੁੱਖਾਂ ਵਿਹੜਤ ਜਗਤ ਵਿਰ, ਪਸ਼ੂ ਬ੍ਰਿਤੀ ਵਾਲੇ ਇਨਸਾਨਾਂ ਦੇ ਮੰਡਲ ਵਿਚ ਵੀਚਾਰ ਸਾਨੂੰ ਕਿਥੇ ਲੈ ਗਈ ?
ਅਵਿਨਾਸ਼ੀ ਖੇਮ ਦੀ ਮੰਗ ਵਿਚ ਤੇ ਸਾਨੂੰ ਰਾਹ ਲੱਝਾ ।
ਸਦਾ ਸਿਮਰਿ ਨਾਰਾਇਣ ।
ਜੋ ਇਸ ਆਹਰੇ ਲਗ ਗਏ ਉਨ੍ਹਾਂ ਦੇ ਅੰਦਰ ਜੋ ਸੰਕਲਪਾਂ ਆਸਾਂ, ਅੰਦੇਸਿਆਂ, ਤੇ ਤ੍ਰਿਸ਼ਨਾ ਦੀ ਲਹਿਰ ਪਛਾੜ ਹੋ ਰਹੀ ਸੀ ਉਸ ਵਿਚ ਸਾਈਂ ਨਾਮ ਦੀ ਇਕ ਨਾਉਕਾ ਤਰਨ ਲਗ ਪੈਂਦੀ ਹੈ । ਇਸ ਉਤੇ ਟਿਕਾਉ ਮਿਲਦਾ ਹੈ ਤੇ ਤ੍ਰੰਗਾਂ ਵਿਚ ਰੁੜ੍ਹਨ ਵਾਲਾ ਮਨ ਬੇੜੀ ਦੀ ਸਲਾਮਤੀ ਵਿਚ ਬੈਠ ਜਾਂਦਾ ਹੈ ।
ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥
ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ ॥
ਇਸ ਬੇੜੀ ਤੇ ਚੜ੍ਹ ਕੇ ਸਲਾਮਤੀ ਦੇ ਘਰ ਬੈਠ ਜਾਈਦਾ ਹੈ । ਰੁੜ੍ਹਦੇ ਰਹਣੋਂ ਬਚ ਜਾਈਦਾ ਹੈ ਤੇ ਅੰਤ ਪਾਰ ਲੰਘ ਜਾਈਦਾ ਹੈ ।
ਜਗਤ ਰੋੜ੍ਹ ਲਿਆ ਹੈ ਆਸ ਅੰਦੇਸੇ ਤ੍ਰਿਸ਼ਨਾ ਦੇ ਮਨ ਤ੍ਰੰਗਾਂ ਨੇ, ਦਿਨੇ ਏਹ ਤੇ ਰਾਤ ਇਨ੍ਹਾਂ ਦੇ ਸੁਪਨਿਆਂ ਨੇ ਦਿਲ ਕਦੇ ਠਿਕਾਣੇ ਨਹੀਂ ਰਹਣ ਦਿਤਾ। ਪਰ ਜੇ ਸਦਾ ਸਿਮਰ ਨਾਰਾਇਣ 'ਵਾਹਿਗੁਰੂ ਹੈਂ' ਵਾਹਿਗੁਰੂ ਹੈ, ਇਹ ਯਾਦਿ ਲਗਾਤਾਰ ਅੰਦਰ ਬਝ ਗਈ ਤਾਂ 'ਹੈ' ਇਸਥਿਤ ਹੋ ਗਈ । ਇਹ ਨਾਉਕਾ ਤੁਲਹਾ ਬੇੜੀ ਹੋ ਗਈ।
ਜਿਨ੍ਹਾਂ ਨੂੰ ਇਹ ਹੱਥ ਆ ਗਈ ਹੈ ਉਨ੍ਹਾਂ ਨੂੰ ਹੁਣ ਕਿਸੇ ਦੁੱਖ ਸੁੱਖ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੂੰ ਇਕ ਤਰਲਾ ਚਾਹਯੇ ਕਿ ਕਿਵੇਂ ਇਹ ਨਾਉਕਾ ਹੱਥੋਂ ਨਾ ਨਿਕਲ ਜਾਵੇ, ਜੇ ਓਹ ਸੁਰਤ ਨੂੰ ਦੁੱਖਾਂ ਵਿਚ ਸਹਿਮਤ ਹੋਣ ਦੇਣਗੇ ਯਾ ਸੁੱਖਾਂ ਵਿਚ ਗਾਫ਼ਲ ਤੇ ਹੰਕਾਰੀ ਹੋਣ ਦੇਣਗੇ ਤਾਂ ਬੇੜੀ ਤਿਲਕ ਜਾਏਗੀ । 'ਨਾਮ ਨਾਉਕਾ ਪ੍ਰਾਪਤ' ਪੁਰਖਾਂ ਨੂੰ ਫੇਰ ਇਸ ਨੂੰ ਜੱਫਾ ਮਾਰੀ ਰਖਣਾ ਚਾਹੀਦਾ ਹੈ । ਜੋ ਹੋ ਰਿਹਾ ਹੈ ਹੁਕਮ ਹੈ ਸਾਡੇ ਵਸੋਂ ਬਾਹਰ ਹੈ, ਸਾਡੇ ਹਿੱਸੇ ਉਨ੍ਹਾਂ ਵਿਚ ਰੁੜਿਆਂ ਗੁਮਰਾਹੀ ਆਉਣੀ ਹੈ । ਤੇ ਮਨ ਨੇ ਫੇਰ ਤਰੰਦੜੀ ਨਦੀ ਦੀ ਲਹਰ ਪਛਾੜ ਵਿਚ ਰੁੜ੍ਹਨ ਲੱਗ ਜਾਣਾ ਹੈ। ਜਗਤ ਦੇ ਦਾਨੇ ਹਾਰ ਗਏ ਹਨ ਸੋਚਦੇ, ਕੋਈ ਨਾਸਤਕਤਾ ਵਲ ਜਾਂਦਾ ਹੈ ਕੱਈ ਅਨਜਾਣਤਾ ਵਲ ਤੇ ਕੋਈ ਜਾਣਨ ਵਲ, ਪਰ ਜਦ ਤਾਈਂ ਮਨ ਵਿਚ ਆਸ ਅੰਦੇਸੇ ਤੇ ਸੰਕਲਪ ਵਿਕਲਪ ਦੀ ਲਹਰ ਪਛਾੜ ਉਤੇ ਕੋਈ ਨਾਉਕਾ ਨਹੀਂ ਤਰਾਈ ਜਾਂਦੀ ਤੇ ਉਸ ਵਿਚ ਸੁਰਤ ਨੂੰ ਸਵਾਰ ਨਹੀਂ ਕੀਤਾ ਜਾਂਦਾ ਠੇਰ ਨਹੀਂ ਲਗਦੀ । ਜਦ ਠੋਰ ਲਗ ਜਾਵੇ ਫਿਰ ਇਸ ਨੂੰ ਛੇੜਨਾ ਨਹੀਂ ਚਾਹੀਦਾ । ਪ੍ਰਿਥਵੀ ਦੇ ਕਾ ਤਾਂ ਸੈਂਕੜੇ ਮੀਲਾਂ ਦੀ ਉਡਾਰੀ ਦਿਹਾੜੀ ਮਾਰ ਕੇ ਜਗਾ ਜਗਾ ਫਿਰ ਸਕਦੇ ਹਨ ਪਰ ਜਹਾਜ਼ ਦਾ ਕਾ ਕੀ ਕਰੇ । ਉੱਡੇ ਇਧਰ ਉਧਰ ਜਾਵੇ, ਅੰਤ ਜਹਾਜ਼ ਪਰ, ਜੇ ਜਹਾਜ਼ ਦਾ ਆਸਰਾ ਗੁਆ ਬੈਠੇਗਾ ਤਾਂ ਸਮੁੰਦਰ ਦੀ ਲਹਿਰ ਪਛਾੜ ਉਸ ਦੇ ਹਿੱਸੇ ਆਵੇਗੀ। ਹੋਰ ਉਹ ਕੀਹ ਕਰੇਗਾ। ਜਗਤ ਇਸੇ ਲਹਿਰ ਪਛਾੜ ਵਿਚ ਹੈ। ਇਕ ਤਾਂ ਉਂਝ ਇਨਸਾਨ ਸੁਖੀ ਨਹੀਂ । ਇਕ ਇਹ ਅੰਦਰਲੀ ਲਹਿਰ ਪਛਾੜ ਮਾਰਦੀ ਹੈ । ਤਾਂਤੇ ਜਿਨ੍ਹਾਂ ਨੂੰ ਸਤਿਸੰਗ ਲੱਭਾ ਹੈ, ਨਾਮ ਅੰਦਰ ਬੈਠਾ ਹੈ, ਸਿਮਰਨ ਵਿਚ ਰੌਂ ਟੁਰੀ ਹੈ, ਇਸ "ਨਾਉਂ ਦੀ ਟੇਕ ਨਾ ਛੋੜਨ ਤੇ ਹਰ ਸਦਮੇ ਦੁੱਖ ਸੁੱਖ, ਆਰਾਮ, ਨਛੇ ਵਾਧੇ ਵੇਲੇ ਇਹੋ ਫ਼ਿਕਰ ਕਰਨ ਕਿ ਕਿਵੇਂ ਅਸੀ ਨਾਉ ਤੋਂ ਢੈ
ਕੇ ਮੁੜ ਲਹਰ ਪਛਾੜ ਵਿਚ ਨਾ ਜਾ ਪਵੀਏ । ਇਹੋ ਵਿਚਾਰ ਹੈ ਤੁਸਾਂ ਲਈ ਤੇ ਤੁਸਾਂ ਦੀ ਮਾਤਾ ਜੀ ਲਈ ਜੋ ਇਸ ਵੇਲੇ ਰਖਯਾ ਕਰ ਲਏਗੀ ਤੇ ਜੋ ਕਿਛ ਕਰੇ ਸੋ ਭਲਾ ਕਰ ਮਾਨੀਐ, ਦੀ ਰਜ਼ਾ ਪੁਰ ਟਿਕਾ ਕੇ ਸੁਖੀ ਕਰ ਦੇਣ ਦੀ । ਹੋਰ ਕੁਸ਼ਲ ਹੈ । ਅਪਨੀ ਮਾਤਾ, ਭ੍ਰਾਤਾ, ਬਾਈ ਜੀ ਸਰਬਤ ਜੋਗ ਵਾਹਿਗੁਰੂ ਜੀ ਕੀ ਫਤੇ----
ਅਸ਼ੀਰਵਾਦ, ਗੁਰੂ ਚਿਤ ਆਵੇ ਤੇ ਨਾਮ ਦਾ ਲੜ ਹੱਥੋਂ ਕਦੇ ਨਾ ਛੁੱਟੇ ।
ਤੁਸਾਂ ਦਾ ਹਿਤਕਾਰੀ
ਵ.ਸ.
13
ਅੰਮ੍ਰਿਤਸਰ
२੮.੮.३४
ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਹ
ਕ੍ਰਿਪਾਲੂ ਜੀਓ--
ਤੁਸਾਂ ਦਾ ਪੱਤਰ ਪੁੱਜਾ । ਸੂਰਜ ਪ੍ਰਕਾਸ਼ ਦੀ ਪ੍ਰਸਤਾਵਨਾ ਦੇ ਛਪਣ ਦਾ ਕੰਮ ੧ ਸਾਵਣ ਤੋਂ ਅੱਜ ਅੰਤ ਤੇ ਅਪੜਿਆ ਹੈ । ਏਹ ਦਿਨ ਡਾਢੇ ਰੁਝੇਵੇਂ ਦੇ ਹੋਣ ਕਰਕੇ ਮੈਂ ਆਪ ਦੀ ਪੱਤ੍ਰਿਕਾ ਦਾ ਉੱਤਰ ਨਹੀਂ ਦੇ ਸਕਿਆ। ਖਿਮਾਂ ਕਰਨੀ ।
ਮੈਂ ਆਪ ਨੂੰ ਗੁਰੂ ਜੀ ਦਾ ਆਸ਼ਾ ਜੋ ਬਾਣੀ ਤੋਂ ਸਮਝੇ ਪੈਂਦਾ ਹੈ Explain ਕਰਨ ਦੀ ਕੋਸ਼ਿਸ਼ ਕੀਤੀ ਸੀ, ਗੁਰੂ ਕੀ ਬਾਣੀ ਦੇ ਭਾਵ ਨੇ ਮੈਨੂੰ ਮੇਰੇ ਦੁੱਖਾਂ ਵਿਚ ਮਦਦ ਦਿਤੀ ਹੈ ਤੇ ਉਨ੍ਹਾਂ ਨੂੰ ਝੱਲਣਾ ਸੁਖੇਰਾ ਕੀਤਾ ਹੈ, ਇਸ ਕਰਕੇ ‘ਬੁਧੀ ਨਾਲ ਜਾਣੇ ਜਾਣ ਵਾਲਾ ਪੱਖ' ਤੇ 'ਆਤਮਾਂ ਵਿਚ ਅਨੁਭਵ ਕੀਤੇ ਜਾਣ ਵਾਲਾ ਪੱਖ' ਆਪ ਜੋਗ ਦਰਸਾਏ ਸਨ। ਸਾਡੀ ਬੁੱਧੀ Totality of things ਨੂੰ ਨਹੀਂ ਸਮਝ ਸਕਦੀ, ਇਸ ਸਿੱਧਾਂਤ ਤੇ ਲਗਪਗ ਹੁਣ ਤਕ ਦੇ ਸਾਰੇ ਪੂਰਬ ਪੱਛਮ ਦੇ ਫਿਲਾਸਫਰ ਅਪੜੇ ਹਨ ।
ਬੁੱਧੀ ਤੋਂ ਅੱਗੇ ਅਨੁਭਵ ਦਾ ਮਾਰਗ ਹੈ।
Blind faith ਬੁੱਧੀ ਤੋਂ ਹੇਠਾਂ ਦੀ ਸ਼ੈ ਹੈ।
ਅਨੁਭਵ ਬੁੱਧੀ ਤੋਂ ਅਗੇਰੇ ਦੀ ਚੀਜ਼ ਹੈ ਤੇ ਖਯਾਲੀ ਵਸਤੂ ਨਹੀਂ, ਤਜਰਬੇ ਵਿਚ ਆਉਣ ਵਾਲੀ ਵਸਤੂ ਹੈ ।
ਅਨੁਭਵ ਦਾ ਪਹਲਾ Step ਵਿਸ਼ਵਾਸ ਹੈ। ਵਿਸ਼ਵਾਸ ਬਾਬਤ ਗੁਰਵਾਕ ਹੈ :--
'ਜਾਕੇ ਰਿਦੇ ਬਿਸ੍ਵਾਸ ਪ੍ਰਭ ਆਇਆ॥
ਤਤੁ ਗਿਆਨ ਤਿਸੁ ਮਨਿ ਪ੍ਰਗਟਾਇਆ ॥
ਜਾਣਨਾ ਧਰਮ ਹੈ ਬੁੱਧੀ-Intellect ਦਾ । ਬੁੱਧੀ 'ਦੇਸ਼ ਕਾਲ ਆਦਿ' ਨਾਲ ਵਿਹੜਿਤ ਹੈ । ਇਹ ਦੇਸ਼ ਕਾਲ ਤੋਂ ਅੱਗੇ ਜਾ ਨਹੀਂ ਸਕਦੀ । ਸੋ ਬੁੱਧੀ ਨਾਲ ਦੇਸ਼ ਕਾਲ ਵਾਲੇ ਦ੍ਰਿਸ਼ਟਮਾਨ ਨੂੰ ਜਾਣ ਸਕੀਦਾ ਹੈ, ਅਕਾਲ ਅਦੇਸ਼ ਨੂੰ ਬੁੱਧੀ ਨਾਲ ਨਹੀਂ ਜਾਣ ਸਕੀਦਾ, ਅੰਤਰ ਆਤਮੇ ਅਨੁਭਵ ਦੁਆਰਾ Realise ਕਰ ਸਕੀਦਾ ਹੈ ।
ਬੁੱਧੀ ਪ੍ਰਸ਼ਨ ਕਰਦੀ ਹੈ, ਬੁੱਧੀ ਮੰਡਲ ਵਿਚ ਉਸ ਦੇ ਉੱਤਰ ਦਾਨਿਆਂ ਨੇ ਦਿੱਤੇ
ਹਨ । ਉਨ੍ਹਾਂ ਪਰ ਹੋਰ ਕਿੰਤੂ ਹੁੰਦੇ ਹਨ। ਉਨ੍ਹਾਂ ਦੇ ਫੇਰ ਉੱਤਰ ਮਿਲਦੇ ਹਨ । ਫਿਰ ਉਨ੍ਹਾਂ ਤੇ ਕਿੰਤੂ ਉਠਦੇ ਤੇ ਉੱਤਰ ਪੈਦਾ ਹੁੰਦੇ ਹਨ ਤੇ ਸਿਲਸਿਲਾ ਟੁਰਿਆ ਰਹਿੰਦਾ ਹੈ।
ਆਪ ਦੇ ਸਾਰੇ ਖਤ ਨੂੰ ਪੜ੍ਹ ਕੇ ਆਪ ਦਾ ਪ੍ਰਸ਼ਨ ਇਹ ਜਾਪਦਾ ਹੈ ਕਿ ਕਿਉਂ ਭਲੇ ਦੁਖੀ ਹਨ ਤੋ ਬੁਰੇ ਸੁਖੀ ਹਨ ? ਇਸ ਪ੍ਰਸ਼ਨ ਦੇ ਉੱਤਰ ਵਿਚ ਭਲੇ ਪੁਰਖਾਂ ਤੇ ਦਾਨਿਆਂ ਪ੍ਰਬੀਨਿਆਂ ਨੇ ਐਉਂ ਦਸਿਆ ਹੈ :-
ਸੁੱਖ ਜੀਵ ਪਾ ਰਹੇ ਹਨ ਇਹ ਅਪਨੇ ਕਰਮਾਂ ਦਾ ਫਲ ਹੈ, ਕਰਮ ਤ੍ਰੈ ਪ੍ਰਕਾਰ ਦੇ ਹਨ 'ਸੰਚਿਤ' 'ਕ੍ਰਿਯਮਾਨ' ਤੇ 'ਪ੍ਰਾਰਬਧ' । ਜਨਮ ਲੈਣ ਤੋਂ ਪਹਿਲਾਂ ਜੋ ਕਰਮ ਆਪੋ ਵਿਚ ਜੜ ਖਾ ਕੇ ਇਸ ਜਨਮ ਦੇ ਦਾਤਾ ਤੇ ਇਸ ਵਿਚ ਦੇ ਦੁੱਖ ਸੁੱਖ ਦੇ ਦਾਤਾ ਹੋਏ ਹਨ ਓਹ 'ਪ੍ਰਾਰਬਧ' ਕਰਮ ਹਨ । ਸਭ ਕਿਸੇ ਨੇ ਭੰਗਣੇ ਹਨ ।
ਜੋ ਕਰਮ ਇਸ ਜਨਮ ਤੋਂ ਪਹਲਾਂ ਦੇ ਕੀਤੇ ਹੋਏ ਤਾਂ ਹਨ ਪਰ ਓਹ ਪ੍ਰਾਰਬਧ ਤੇ ਅਜੇ ਪਏ ਨਹੀਂ ਹਨ, ਓਹ ਇਸ ਜਨਮ ਦੇ ਅੰਤ ਤੇ ਇਸ ਜਨਮ ਦੇ ਕਰਮਾਂ ਨਾਲ ਮਿਲ ਕੇ ਅਗਲੇ ਜਨਮ ਲਈ ਪ੍ਰਾਰਬਧ ਕਰਮ ਅਪਨੇ Laws ਦੇ ਮੁਤਾਬਕ ਬਣਨਗੇ ।
ਜੋ ਕਰਮ ਅਸੀਂ ਹੁਣ ਕਰ ਰਹੇ ਹਾਂ ਏਹ ਕ੍ਰਿਯਮਾਨ ਕਰਮ ਕਹੀਦੇ ਹਨ। ਵਿਸ਼ੇਸ਼ ਕਰਕੇ ਏਹ ਮਰਨੇ ਬਾਦ ਸੰਚਿਤ ਕਰਮਾਂ ਨਾਲ ਮਿਲ ਕੇ ਕੁਛ ਅਗਲੇ ਜਨਮ ਲਈ ‘ਪ੍ਰਾਰਬਧ' ਕਰਮ ਬਣ ਜਾਣਗੇ ਕੁਛ ਸੰਚਿਤ ਪਏ ਰਹਣਗੇ ।
ਪ੍ਰਾਰਬਧ ਕਰਮਾਂ ਬਾਬਤ ਦਾਨੇ ਮਿਸਾਲ ਦਿੰਦੇ ਹਨ ਕਮਾਨੋ ਛੁਟੇ ਤੀਰ ਦੀ, ਓਹ ਹੁਣ ਸਾਡੇ ਵੱਸ ਦੇ ਨਹੀਂ ਰਹੇ, ਓਹ ਚੱਲ ਚੁਕੇ ਹਨ, ਸੋ ਜੋ ਭਲੇ ਦੁੱਖ ਪਾ ਰਹੇ ਹਨ ਅਪਨੇ ਪ੍ਰਾਰਬਧ ਕਰਮਾਂ ਦਾ ਪਾ ਰਹੇ ਹਨ । ਪ੍ਰਾਰਬਧ ਕਰਮ ਅਵਸਮੇਵ ਭੋਗ ਭੁਗਾ ਕੇ ਰਹਣਗੇ, ਜੋ ਬੁਰੇ ਸੁੱਖ ਪਾ ਰਹੇ ਹਨ ਤਾਂ ਪ੍ਰਾਰਬਧ ਅਨੁਸਾਰ ਉਨ੍ਹਾਂ ਦਾ ਭੋਗ ਪਿਛਲੇ ਸ਼ੁਭ ਪ੍ਰਾਰਬਧ ਕਰਮਾਂ ਦਾ ਫਲ ਪਾ ਰਹੇ ਹਨ। ਕਿਉਂਕਿ ਜਨਮ 'ਮਿਸ਼੍ਰਤ ਕਰਮਾਂ' ਨਾਲ ਹੁੰਦਾ ਹੈ, ਸਾਰੇ ਭਲੇ ਹੋਣ ਤਾਂ ਦੋਵਤਾ ਹੋ ਜਾਂਦਾ ਹੈ, ਮਨੁਖ ਸਰੀਰ ਨਹੀਂ ਬਣਦਾ, ਸਾਰੇ ਮਾੜੇ ਹੋਣ ਤਾਂ ਅਦੇਵ ਹੋ ਜਾਂਦਾ ਹੈ ਮਨੁੱਖ ਸਰੀਰ ਵਿਚ ਪ੍ਰਵੇਸ ਨਹੀਂ ਕਰ ਸਕਦਾ । ਸੋ ਮਨੁਖਾ ਜਨਮ ਭਲੇ ਬੁਰੇ ਦੁਹਾਂ ਤਰਾਂ ਦੇ ਮਿਸ਼ਰਤ ਕਰਮਾਂ ਤੋਂ ਬਣਦਾ ਹੈ । ਉਨ੍ਹਾਂ ਅਨੁਸਾਰ ਭਲਿਆਂ ਬੁਰਿਆਂ ਉਤੇ ਦੁੱਖਾਂ ਸੁੱਖਾਂ ਦੇ ਭੋਗ ਆਉਂਦੇ ਹਨ। ਤੇ ਇਹ ਗੱਲ ਕਿ ਪਾਪੀ ਸਾਰੇ ਸਦਾ ਸੁਖੀ ਰਹਿੰਦੇ ਹਨ, ਨਾ ਤਾਂ ਦਾਨੇ ਲੋਕ ਮੰਨਦੇ ਹਨ ਤੇ ਨਾ ਦੇਖਣ ਵਿਚ ਆਉਂਦਾ ਹੈ । ਦੁੱਖ ਸੁੱਖ ਪੂਰਬਲੇ ਕਰਮਾ ਅਨੁਸਾਰ ਕਿਸੇ ਤੇ ਵਧ ਕਿਸੇ ਤੇ ਘਟ ਆਉਂਦੇ ਹਨ । ਦੁੱਖਾਂ ਵਿਚ ਫਰਕ ਹੁੰਦਾ ਹੈ। ਜੋ ਲੋਕੀ ਹੁਣ ਭਲੇ ਹੋ ਰਹੇ ਹਨ ਤੇ ਭਗਤ ਤੇ ਗਯਾਨੀ ਬੀ ਹੋ ਜਾਣ ਓਹ ਬੀ ਪ੍ਰਾਰਬਧ ਦੇ ਕਰਮ ਭੋਗਣਗੇ । ਹਾਂ ਉਨ੍ਹਾਂ ਦੇ ਸੰਚਿਤ ਤੇ ਕ੍ਰਿਯਮਾਨ ਕਰਮ ਦਗਧ ਹੋ ਜਾਣਗੇ । ਸੋ ਇਸ ਪ੍ਰਕਾਰ ਦੀ Explanation ਸਾਡੇ ਦੁਖਾਂ ਦੀ ਭਲੇ ਲੋਕਾਂ ਨੇ ਵਰਣਨ ਕੀਤੀ ਹੈ । ਸਾਧਨਾ ਕਰਨ ਵਾਲੇ ਫਕੀਰਾਂ ਨੂੰ ਐਦਾਂ ਕਹਿੰਦੇ ਸੁਣਿਆ ਹੈ :-
ਕਿ ਤੁਸੀਂ ਰੱਬ ਦੀ ਉਪਾਸ਼ਨਾ ਕਰਕੇ ਦੁੱਖਾਂ ਦੀ ਨਵਿਰਤੀ ਚਾਹੁੰਦੇ ਹੋ ਇਹ ਤੁਸੀ ਵਪਾਰ ਕਰਦੇ ਹੋ ਭਗਤੀ ਨਹੀਂ ਕਰਦੇ । ਅਪਨੇ ਕੀਤੇ ਦਾ ਫਲ ਸ਼ੁਕਰ ਨਾਲ ਭੋਗੋ,
ਅਗੋਂ ਭਗਤੀ ਕਰੋ, ਤੁਸਾਡਾ ਅੱਗਾ ਸੌਰ ਜਾਏਗਾ, ਫੇਰ ਦੁੱਖ ਨਹੀਂ ਪਾਓਗੇ । ਸੂਫੀ ਫਕੀਰਾਂ ਦੇ ਪੁਸਤਕਾਂ ਵਿਚ ਤਾਂ ਜ਼ਾਹਿਦਾਂ, ਤਪਸਵੀਆਂ, ਆਦਿਕਾਂ ਨੂੰ ਇਸੇ ਨੁਕਤੇ ਤੋਂ ਆਮ ਮਖੌਲ ਲਿਖੇ ਹੋਏ ਹਨ ਕਿ ਏਹ ਰੱਬ ਦੇ ਆਸ਼ਕ ਨਹੀਂ ਹਨ ਜੋ ਬੰਦਗੀ ਤੇ ਭਲਿਆਈ ਕਰਕੇ ਸੁੱਖ ਮੰਗਦੇ ਹਨ । ਏਹ ਬਨੀਏ ਹਨ ਜੋ ਸੌਦਾ ਕਰਦੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਿਖਾਯਾ ਹੈ
'ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ ॥
ਦੁਕ੍ਰਿਤੁ ਸੁਕ੍ਰਿਤੁ ਬਾਰੋ ਕਰਮੁਰੀ ॥
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥
ਉੱਚੀ ਅਵਸਥਾ ਦੇ ਮਹਾਤਮਾ ਬਾਬਤ ਆਪ ਨੇ ਪੁਛ ਕੀਤੀ ਹੈ। ਸੰਤ ਅਤਰ ਸਿੰਘ ਜੀ ਦੇਖੋ ਹਨ, ਉਨ੍ਹਾਂ ਦਾ ਤਜਰਬਾ ਆਪ ਨੂੰ ਹੌਸੀ । ਜੋ ਆਪ ਨੂੰ ਸੁਪਨਿਆਂ ਵਿਚ ਮਿਲਦੇ ਹਨ ਉਨ੍ਹਾਂ ਦਾ ਤਜਰਬਾ ਬੀ ਤੁਸਾਂ ਨੂੰ ਹੈ।
ਅਸਲ ਵਿਚ ਸੰਤ ਲਈ ਆਪ ਟੋਲ ਕਰਨੀ ਠੀਕ ਹੈ, ਇਕੋ ਅਵਸਥਾ ਦੇ ਦੋ ਸੰਤ ਆਪ ਨੂੰ ਮਿਲਨ, ਜ਼ਰੂਰੀ ਨਹੀਂ ਕਿ ਦੁਇ ਆਪ ਨੂੰ ਸੁਖਦਾਈ ਲਗਣ । ਅਪਨੇ ਮਨ ਦੀ ਬਨਾਵਟ ਤੇ ਸੰਤ ਦੇ ਮਨ ਦੀ ਅਵਸਥਾ ਤੇ ਕੋਈ ਹੋਰ Laws work ਕਰਦੇ ਹਨ ਜਿਸ ਤੋਂ ਸੰਤ ਨਾਲ ਸੰਬੰਧ ਯਾ ਲਾਭ ਦਾ ਅਵਸਰ ਬਣਦਾ ਹੈ, ਤੁਸਾਡਾ ਚਿਤ ਲੋੜ ਪ੍ਰਤੀਤ ਕਰੇ ਤਾਂ ਜੁਬਾ ਅਵਸਥਾ ਹੈ ਭਾਲ ਕਰ ਲਓ । ਮੇਰੇ ਲਿਖਣ ਨੂੰ ਤੁਸਾਡਾ Imaginary ਖਯਾਲ ਕਰਨਾ ਬਣ ਸਕਦਾ ਹੈ, ਪਰ ਮੈਂ ਅਪਨੇ Imagination ਦੀ ਗੱਲ ਨਹੀਂ ਸੀ ਲਿਖੀ ਮੈਂ ਤਾਂ ਸੁੱਖੀ ਪੁਰਖ ਦੀ ਅਵਸਥਾ ਗੁਰੂ ਸਾਹਿਬ ਜੀ ਦੀ ਦੱਸੀ ਹੋਈ Explain ਕੀਤੀ ਸੀ । ਉਹ ਤੁਸੀਂ ਆਪ ਗੁਰਬਾਣੀ ਪੜ੍ਹ ਕੇ ਤਸਲੀ ਕਰ ਸਕਦੇ ਹੋ ਕਿ ਓਥੇ ਗੁਰੂ ਜੀ ਨੇ ਨਿਜ ਤਜਰਬੇ ਦਿੱਤੇ ਹਨ ਕਿ ਨਹੀਂ । ਮੈਨੂੰ ਅਪਨੇ ਦੁੱਖਾਂ ਦ ਸਮਿਆਂ ਪਰ ਗੁਰਬਾਣੀ ਵਿਚ ਦੱਸੀਆਂ ਗੱਲਾਂ ਤੋਂ Comfort ਮਿਲਿਆ ਹੈ । ਸੋ ਜਦ ਕੋਈ ਮੈਥੋਂ ਕੁਛ ਪੁਛੇ ਤਾਂ ਮੈਂ ਜਿਥੋਂ ਸੁੱਖੀ ਹੋਇਆ ਹਾਂ ਦਸ ਦੇਂਦਾ ਹਾਂ ।
ਹਿਤਕਾਰੀ
ਵ.ਸ.
14
ਡੇਹਰਾ
१੮.੯.३४
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਬਰਖੁਰਦਾਰ ਜੀਓ-
ਤੁਸਾਂ ਦੀ ਤਾਰ ਪੁਜੀ ਹੈ । ਵਾਹਿਗੁਰੂ ਜੀ ਦੇ ਭਾਣੇ ਅਗੇ ਸਿਰ ਨਿਵਾ ਕੇ ਹੀ ਸੁੱਖ ਹੈ। ਸੰਸਾਰ ਵਿਚ ਇਹੋ ਕੁਛ ਹੈ। ਵਿਛੋੜੇ ਆਉਂਦੇ ਹਨ ਤੇ ਝਲਣੇ ਪੈਂਦੇ ਹਨ 1 ਡਾਕਟਰ ਸਾਹਿਬ ਦਾ ਤੁਸਾਂ ਨੂੰ ਨਿਜ ਦਾ ਵਿਛੋੜਾ ਹੈ, ਉਨ੍ਹਾਂ ਦੇ ਪਯਾਰ ਤੇ ਗੁਣਾਂ ਕਰਕੇ ਉਨ੍ਹਾਂ ਦੇ ਮਿੱਤਰਾਂ ਨੂੰ ਆਪ ਸਾਹਿਬਾਂ ਤੋਂ ਘਟ ਦੁੱਖ ਨਹੀਂ ਹੋ ਰਿਹਾ।
ਤੁਸਾਂ ਲਈ ਹੁਣ ਸਿਵਾ ਵਿਛੋੜੇ ਦੇ ਸਹਿਣ ਦੇ ਅਰ ਐਸੇ ਅਮੋਲਕ ਗੁਣਾਂ ਦੇ ਰਤਨ ਦੇ ਸਿਰ ਤੋਂ ਸਾਯਾ ਦੂਰ ਹੋਣ ਦੇ ਹੋਰ ਜਿਮੇਵਾਰੀਆਂ ਪੈ ਗਈਆਂ ਹਨ । ਜਿਨ੍ਹਾਂ ਦਾ ਬੋਝ ਥੋੜਾ ਨਹੀਂ । ਮਾਤਾ ਜੀ ਦੀ ਸੇਵਾ ਤੇ ਪਯਾਰ ਹੁਣ ਤੁਹਾਡੇ ਜ਼ਿਮੇ ਹੈ । ਭੈਣ ਜੀ ਦਾ ਫ਼ਿਕਰ ਆਪ ਦੇ ਦਿਮਾਗ ਲਈ ਹੈ। ਦੋਨੋਂ ਛੋਟੇ ਭਿਰਾ ਤੇ ਖ਼ਾਸ ਕਰਕੇ ਅਵਤਾਰ ਜਿਸ ਦੀ ਪੜ੍ਹਾਈ ਨਹੀਂ ਮੁਕੀ ਆਪ ਦੇ ਜ਼ਿਮੇ ਹੈ । ਆਪ ਨੇ ਹੁਣ ਅਪਨੇ ਫ਼ਰਜ਼ਾਂ ਦੇ ਨਾਲ ਪਿਤਾ ਜੀ ਦੀਆਂ ਸਾਰੀਆਂ ਜ਼ਿਮੇਵਾਰੀਆਂ ਸੰਭਾਲਨੀਆਂ ਹਨ, ਆਪ ਤਕੜੇ ਹੋਵੇ, ਗੁਰੂ ਆਪ ਨੂੰ ਬਲ ਬਖਸ਼ੇ ਤੇ ਐਂਤਨੀ Normal Fervour ਦਾਨ ਕਰੋ ਕਿ ਆਪ ਏਹ ਸਾਰੇ ਕੰਮ ਨਿਬਾਹ ਤੋ ਅਪਨੀ ਆਤਮ ਉਨਤੀ ਥੀ ਕਰੋ । ਪਿਤਾ ਜੀ ਨੇ ਆਪ ਦੇ ਉੱਚੇ ਖਾਨਦਾਨ ਨੂੰ ਹੋਰ ਉੱਚਾ ਤੇ ਰੌਸ਼ਨ ਕੀਤਾ ਹੈ, ਤੁਸੀ ਹੁਣ ਉਸ ਨੂੰ ਚਾਰ ਚੰਨ ਲਾਓ, ਮੇਰੀ ਦਿਲੀ ਹਮਦਰਦੀ ਤੁਸਾਂ ਸਾਰਿਆਂ ਦੇ ਨਾਲ ਹੈ। ਤੇ ਅਰਦਾਸ ਹੈ ਜੋ ਪਿਤਾ ਜੀ ਦੇ ਟੁਰ ਜਾਣ ਤੋਂ ਜੋ ਵਿਗੋਚੇ ਪਏ ਹਨ ਖਾਨਦਾਨੀ ਤੇ ਪੰਥਕ, ਸਾਰੇ ਤੁਸਾਥੋਂ ਵਾਹਿਗੁਰੂ ਪੂਰੇ ਕਰਾਵੇ, ਫਕੀਰ ਅਸੀਸ ਦੇ ਸਕਦਾ, ਸ਼ੁਭ ਇਛਾ ਪ੍ਰਗਟ ਕਰ ਸਕਦਾ ਹੈ। ਪਯਾਰ ਦੀ ਪ੍ਰੇਰਨਾ ਸਕਦਾ ਹੈ, ਹੋਰ ਦਾਨ ਦੇਣਾ ਵਾਹਿਗੁਰੂ ਦੇ ਵਸ ਹੈ ਤੇ ਉਸ ਦਾਤੇ ਅਗੇ ਝੋਲੀ ਅਡਣੀ ਤੁਸਾਂ ਦਾ ਕੰਮ ਹੈ। ਜੀਵਨ ਕੀਮਤੀ ਵਸਤੂ ਹੈ, Opportunity ਸਦਾ ਨਹੀਂ ਰਹਿੰਦੀ ਸੋ ਜੋ ਸਮੇਂ ਨੂੰ ਸੰਭਾਲ ਕੇ ਸਫ਼ਲਾ ਕਰ ਲਵੇ ਉਹ ਜਿਤ ਵਿਚ ਰਹਿੰਦਾ ਹੈ। ਜ਼ਿੰਦਗੀ ਬੜੀ ਕੀਮਤੀ ਸੈ ਹੈ । ਹਥ ਮੁਸ਼ਕਲਾਂ ਨਾਲ ਆਉਂਦੀ ਹੈ, ਇਸ ਨੂੰ ਸਫਲ ਕਰਨਾ ਹੀ ਮਰਦਉ ਤੇ ਜੀਵਨ ਦਾ ਲਾਹਾ ਹੈ।
ਸ੍ਰੀ ਅਪਨੀ ਮਾਤਾ ਜੀ ਜੋਗ ਮੇਰੀ ਵਲੋਂ ਅਸੀਸ ਤੇ ਦਿਲਾਸਾ ਬਿਨੈ ਕਰਨਾ । ਉਨ੍ਹਾਂ ਨੇ ਉਤਮ ਜੀਵਨ ਡਿਠਾ ਹੈ, ਬਾਣੀ ਨਾਮ ਨਾਲ ਪਿਆਰ ਹੈ, ਸਬਰ ਸ਼ੁਕਰ ਵਿਚ
ਵਸ ਕੇ ਨਾਮ ਬਾਣੀ ਦੇ ਆਸਰੇ ਅਪਨਾ ਆਪ ਜਿੰਨਾ ਉੱਚਾ ਤੇ ਵਾਹਿਗੁਰੂ ਜੀ ਦੇ ਨੇੜੇ ਹੋ ਸਕਦਾ ਹੈ ਕਰ ਲੈਣ । ਇਹੋ ਲਾਹਾ ਹੈ ਮਨੁਖਾ ਜਨਮ ਦਾ, ਬਾਕੀ ਸਦਾ ਇਥੇ ਕੌਈ ਨਹੀਂ, ਸਤਿਗੁਰ ਨੇ ਫੁਰਮਾਯਾ ਹੈ :-
'ਅਸਾਂ ਬਿ ਓਥੇ ਜਾਣਾ' ਜਦ ਸਭ ਨੇ ਜਾਣਾ ਹੈ ਤਾਂ ਜਿਤਨਾ ਸਮਾਂ ਜਿਸ ਪਾਸ ਬਾਕੀ ਹੈ ਸਫਲਾ ਕਰ ਲਏ । ਹੋਰ ਅਸੀਸ । ਸਾਰੇ ਪਰਿਵਾਰ ਨੂੰ ਅਸੀਸ ।
ਆਪ ਦਾ ਹਿਤਕਾਰੀ
ਵ. ਸ.
15
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਵਿਤ੍ਰਾਤਮਾ ਜੀਓ-
ਆਪ ਦਾ ਪਤ੍ਰ ਪੁਜਾ ਹੈ । ਇਹ ਪੜ੍ਹ ਕੇ ਵਾਹਿਗੁਰੂ ਜੀ ਦਾ ਸ਼ੁਕਰ ਆਉਂਦਾ ਹੈ ਕਿ ਰਾਣੋ ਜੀ ਤੇ ਪਰਿਵਾਰ ਤੁਸੀਂ ਸਾਰੇ ਭਾਣੇ ਵਿਚ ਸ਼ਾਕਰ ਹੋ ਤੇ ਰਜ਼ਾ ਮਿਠੀ ਕਰਕੇ ਮੰਨ ਰਹੇ ਹੋ । ਵਾਹਿਗੁਰੂ ਹੋਰ ਬਲ ਬਖਸ਼ੇ ।
ਤੁਸਾਂ ਦੇ ਵੀਚਾਰ ਸ਼ੁਭ ਹਨ। ਅਪਨੀ ਮਾਤਾ ਜੀ ਨਾਲ ਪਯਾਰ ਕਰੋ ਤੇ ਉਨ੍ਹਾਂ ਦਾ ਸਤਸੰਗ ਦਾ ਤੇ ਸਾਥੀ ਦਾ ਆਸਰਾ ਬਣੇ ਬੜੀ ਚੰਗੀ ਗੱਲ ਹੈ । ਅਪਨਾ ਜੀਵਨ ਉਨ੍ਹਾਂ ਪੂਰਨਿਆਂ ਤੇ ਪਾਓ ਜੋ ਆਪ ਦੇ ਪਿਤਾ ਜੀ ਪਾ ਗਏ ਹਨ । ਸੰਸਾਰ ਵਿਚ ਅਕਸਰ "ਉਚੀਆਂ ਸ਼ਖ਼ਸੀਅਤਾਂ" ਦੀ ਕਦਰ ਪਰਿਵਾਰਾਂ ਨੇ ਨਹੀਂ ਪਾਈ, ਓਹ ਮੋਹ ਮਾਯਾ ਤੇ ਲਾਡਾਂ ਵਿਚ ਰਹਿ ਜਾਂਦੇ ਹਨ ਤੇ ਅਕਸਰ ਉਨ੍ਹਾਂ ਉਨਤਾਈਆਂ ਵਲ ਤਕਦੇ ਹਨ ਜੋ ਇਨਸਾਨ ਹੋਣ ਕਰਕੇ ਹਰ ਬੰਦੇ ਵਿਚ ਕਿਸੇ ਨਾ ਕਿਸੇ ਸ਼ਕਲ ਵਿਚ ਹੁੰਦੀਆਂ ਹਨ, ਉਨਤਾਈਆਂ ਤਾਂ ਸਭ ਵਿਚ ਹਨ, ਪਰ ਫਿਰ ਉੱਚੀ ਸ਼ਖ਼ਸੀਅਤ ਯਾ Personality ਕਿਸ ਨੂੰ ਆਖੀਦਾ ਹੈ, ਜਿਨ੍ਹਾਂ ਵਿਚ ਗੁਣ ਵਿਸ਼ੇਸ਼ ਹੋਣ ਤੇ ਜਿਨ੍ਹਾਂ ਵਿਚ ਅਪਨੇ ਅਵਗੁਣਾਂ ਤੇ ਫਤੇ ਪਾਣ ਦੀ ਕੋਸ਼ਸ਼ ਜਾਰੀ ਹੁੰਦੀ ਹੈ ਤੇ ਜਿਨ੍ਹਾਂ ਦੀਆਂ ਉਨਤਾਈਆਂ ਕਈ ਵੇਰ ਪੇੜ ਨੂੰ ਖਾਦ ਵਾਂਙ ਕੋਈ ਸਹਾਯਕ ਹੋ ਢੁਕਦੀਆਂ ਹਨ, ਤੇ ਓਹ ਅਪਨਾ ਪ੍ਰਭਾਵ ਦੂਸਿਆਂ ਤੇ ਪਾ ਕੇ ਉਚੇ ਕੰਮ ਕਰ ਲੈਂਦੇ ਹਨ। ਐਸੇ ਗੁਣਾਂ ਦੀ ਕਦਰ ਅਕਸਰ ਓਪਰੇ ਕਰਦੇ ਤੇ ਲਾਹੇ ਲੈਂਦੇ ਹਨ, ਨੇੜੇ ਰਹਣ ਵਾਲੇ ਘਟ ਲਾਭ ਲੈਂਦੇ ਹਨ, ਤੁਸਾਂ ਵਿਚੋਂ ਜਿਨ੍ਹਾਂ ਨੇ ਲਾਭ ਉਠਾ ਲਿਆ ਹੈ ਸੁਭਾਗ ਹਨ, ਜਿਨ੍ਹਾਂ ਨਹੀਂ ਉਠਾਇਆ ਹੈ ਉਹ ਹੁਣ ਨਕਸ਼ੇ ਕਦਮ ਤੇ ਚਲਣ ਤੇ ਜਨਮ ਸਫ਼ਲਾ ਕਰ ਲੈਣ ।
ਸੰਸਾਰ ਵਿਚ ਖਾਣਾ, ਪੀਣਾ, ਸੈਣਾ ਅਨੰਦ ਦੇ ਮਗਰ ਰਹਣਾ ਜੀਵ ਜੰਤੂ ਪਸ਼ੂ ਪੰਖੀ ਸਾਰੇ ਕਰ ਰਹੇ ਹਨ, ਪਰ ਉਹ ਕੋਈ ਵਿਰਲਾ ਹੈ ਜੋ ਇਨ੍ਹਾਂ ਦੇ ਨਾਲ ਨਾਲ ਦੁਖੀਆਂ ਨੂੰ ਸੁਖ ਦੇਣ, ਭਲੇ ਕਰਨ ਤੇ ਠੰਢਾਂ ਵਰਤਾਣ ਦਾ ਕੰਮ ਬੀ ਕਰਦਾ ਹੈ, ਫਿਰ ਓਹ ਹੋਰ ਵਿਰਲੇ ਹਨ ਜੋ ਨਿਰਆਸ ਹੋ ਕੇ ਐਸਾ ਕਰਦੇ ਹਨ ਤੇ ਨਾਲ ਅਪਨੇ ਅੰਦਰ ਨੂੰ ਜਾਗ੍ਰਤ ਵਿਚ ਲਿਆ ਕੇ ਉਚਾ ਕਰ ਲੈਂਦੇ ਹਨ ਆਪ ਦ੍ਰਿਸ਼ਟਮਾਨ ਵਿਚ ਵਸਦੇ ਦ੍ਰਿਸ਼ਟਾ ਪਦ ਵਿਚ ਉਠਦੇ ਹਨ, ਅਰਥਾਤ ਜੋ ਅਪਨੇ ਅੰਦਰ ਅਪਨੀ Subjective ਤ੍ਰਕੀ ਕਰਕੇ ਉੱਚੇ ਜੀਵਨ ਵਾਲੇ ਹੋ ਜਾਂਦੇ ਹਨ। ਵਾਹਿਗੁਰੂ ਜੀ ਮੇਹਰ ਕਰੇ ਤੇ ਤੁਸਾਂ ਸਾਰਿਆਂ ਨੂੰ
ਇਹ ਦਾਨ ਦੇਵੇ ਤਾਂ ਡਾਕਟਰ ਸਾਹਿਬ ਦੀ ਆਤਮਾਂ ਨਾਲੋਂ ਵਧੀਕ ਖ਼ੁਸ਼ੀ ਕਿਸ ਨੂੰ ਹੋਵੇਗੀ।
ਤੁਸਾਂ ਦੇ ਅਗੇ ਖਾਸ ਕਰਕੇ ਬੜਾ ਜ਼ਿਮੇਵਾਰੀ ਦਾ ਜੀਵਨ ਹੈ, ਇਕ ਤੁਸਾਂ ਬ੍ਰਿਧ ਮਾਤਾ ਜੀ ਦੀ ਸੇਵਾ ਕਰਨੀ ਹੈ, ਦੂਜੇ ਤੁਸਾਂ ਅਪਨੇ ਆਪ ਨੂੰ ਅਪਨੇ ਪੈਰਾਂ ਤੇ ਕਰਨਾ ਹੈ, ਜਿਸ ਵਿਦਯਾ ਪ੍ਰਾਪਤੀ ਦੇ ਰਾਹੇ ਪਿਤਾ ਜੀ ਪਾ ਗਏ ਹਨ, ਉਸ ਵਿਚ ਉੱਨਤ ਹੋ ਕੇ ਅਪਨੇ ਜੀਵਨ ਨੂੰ ਲਾਹੇਵੰਦਾ ਤੇ ਅਪਨੇ ਪੈਰਾਂ ਤੇ ਆਪ ਖੜਾ ਹੋਣ ਵਾਲਾ ਬਨਾਉਣਾ ਹੈ ਤੇ ਫਿਰ ਐਸਾ ਸੁਹਣਾ ਬਨਾਉਣਾ ਹੈ ਕਿ ਤੁਸਾਡਾ ਆਇਆ ਸਫ਼ਲ ਹੋਵੇ ਜੋ ਨਾਮ ਜਪਣ ਨਾਲ ਤੇ ਸੁਖ ਦੇਣ ਨਾਲ ਬਣਦਾ ਹੈ । ਇਸ ਕਰਕੇ ਅਪਨੇ ਬਜ਼ੁਰਗ ਪਿਤਾ ਜੀ ਦੇ ਜੀਵਨ ਦਾ ਧਯਾਨ ਧਰ ਕੇ ਤੁਸੀ ਮਰਦਊਪਨੇ ਵਿਚ ਉਠੋ, ਅਪਨੇ ਆਪ ਨੂੰ ਮਰਦ ਸਮਝ ਕੇ ਉਚ ਜੀਵਨ ਤੇ ਪਵਿਤਰ ਜੀਵਨ ਤੇ ਉਪਕਾਰੀ ਜੀਵਨ ਦਾ ਨਮੂਨਾ ਬਣੋ । ਟੇਕ ਸਤਿਗੁਰ ਦੀ ਲਓ, ਸੋਝੀ ਗੁਰਬਾਣੀ ਤੋਂ ਪ੍ਰਾਪਤ ਕਰੋ ਤੇ ਬਲ ਨਾਮ ਤੋਂ ਪ੍ਰਾਪਤ ਕਰੋ, ਚੰਗਿਆਂ ਦੀ ਉਲਾਦ ਵਡਿਆਂ ਦੀ ਮਿਸਾਲ ਤੇ ਵਡਿਆ ਦੇ ਫ਼ਖ਼ਰ ਨਾਲ ਬੀ ਉਚੀ ਹੋ ਜਾਂਦੀ ਹੈ ।
ਸ੍ਰੀ ਰਾਣੋ ਜੀ ਜੋਗ ਅਸੀਸ, ਆਪ ਜੋਗ ਤੇ ਸਰਬਤ ਪਰਵਾਰ ਜੋਗ ਅਸੀਸ, ਗੁਰੂ, ਅੰਗ ਸੰਗ ।
ਡੇਹਰਾਦੂਨ ਆਪ ਦਾ ਹਿਤਕਾਰੀ ਵੀਰ ਸਿੰਘ
੧੯, ੯, ੩੪
16
ਡੇਹਰਾਦੂਨ
२१. ੯.३४
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਯਾਰੇ ਜੀਓ--
੨੦ ਦਾ ਆਪ ਦਾ ਪਤ੍ਰ ਪਹੁੰਚਾ। ਡਾਕਟਰ ਦੀਵਾਨ ਸਿੰਘ ਜੀ ਦੇ ਚਲਾਣੇ ਦਾ ਦਰਦ ਜੋ ਆਪ ਮਹਸੂਸ ਕਰ ਰਹੇ ਹੋ ਉਹ ਕਰਨਾ ਹੀ ਉਚਿਤ ਹੈ ਸੀ । ਐਸੀ Personality ਜਗਤ ਵਿਚ ਹਰ ਥਾਂ ਨਹੀਂ ਮਿਲਦੀ । ਮਿਤਰ ਕੇ ਸੰਬੰਧੀ, ਪੰਥ ਸੇਵਕ ਕਿ ਚਕਿਤਸਕ ਹਰ ਪਹਲੂ ਵਿਚ ਜੋ ਨਿਪੁਨਤਾ ਪ੍ਰਾਪਤ ਸੀ, ਉਹ ਕਮਾਲ ਦੀ ਸੀ । ਜਿਸ ਮਿਤਰ ਮੰਡਲ ਵਿਚੋਂ ਜਿਸ ਪੰਥ ਵਿਚੋਂ ਐਸਾ ਲਾਲ ਟੁਰ ਜਾਵੇ ਉਥੇ ਅਸਹਿ ਘਾਪਾ ਕੀਕੂੰ ਨਾ ਪਵੇ ? ਇਸ ਦਾ ਹੁਣ ਆਮ ਦਾਰੂ ਇਹ ਹੈ ਕਿ ਮੂੰਹੋਂ ਭਾਣਾ ਕਹਿ ਕੇ ਦੁਖ ਸਹਿ ਲਿਆ ਤੇ ਕੁਛ ਸਮੇ ਨੂੰ ਅਗਲੇ ਵਿਛੋੜਿਆਂ ਵਾਂਙੂ ਗਲ ਭੁਲ ਭੁਲਾ ਜਾਵੇਗੀ, ਯਾ ਵਾਹਿਗੁਰੂ ਜੀ ਦੇ ਭਾਣੇ ਵਲ ਬਾਹਰਲਾ ਬੀ ਰੁਖ਼ ਨਾ ਕੀਤਾ ਸੰਸਾਰਿਕ ਪਰਚਾਵਿਆਂ ਵਲ ਅਪਨੇ ਆਪ ਨੂੰ ਪਾ ਲਿਆ। ਕੁਛ ਮੋਟੀ ਮੋਟੀ ਤਹਿ ਭੁਲ ਦੀ ਮਨ ਤੇ ਚੜ੍ਹ ਗਈ, ਕੁਛ ਸਮੇਂ ਬਾਅਦ ਭੁਲ ਗਏ । ਕਦੇ ਕਿਤੋਂ ਜ਼ਿਕਰ ਚਲਿਆ ਟੁਰਿਆ ਯਾ ਵਿਗੋਚਾ ਆਇਆ ਤਾਂ ਕਹਿ ਦਿਤਾ ਕਿ ਹਾਂ ਫਲਾਣੇ ਬਹੁਤ ਚੰਗੇ ਹੁੰਦੇ ਸਨ । ਜਗਤ ਰੀਤ ਤੇ ਜਗਤ ਗਤੀ ਇਹੋ ਹੈ।
ਪਰ ਜੇ ਪਯਾਰ 'ਪ੍ਰੇਮ'-ਹੋਣ ਤਦ ਵਿਛੋੜਿਆਂ ਦੇ ਸੱਲ ਡੂੰਘੇ ਹੁੰਦੇ ਹਨ । ਅਰ ਓਹ ਕੋਈ ਐਸੀ ਸੂਰਤ ਪਕੜਦੇ ਹਨ ਕਿ ਜੋ ਸਰੀਰਕ ਖਦ ਵਿਚ ਲੈ ਜਾਂਦੀ ਹੈ । ਪਰ ਜੇ ਕੋਈ ਸਤਿਸੰਗ ਪ੍ਰਾਪਤ ਹੋਵੇ ਤਾਂ ਵਿਛੋੜੇ ਵੇਲੇ ਦੀ ਆਈ ਦ੍ਰਵਣਤਾ ਮਨੁਖ ਦੇ ਜਨਮ ਨੂੰ ਸੁਆਰ ਜਾਂਦੀ ਹੈ ।
ਤੁਸੀ ਜੇ ਅਪਨੇ ਬਿਰਹੇ ਦੀ ਤੀਖਣਤਾ ਦਾ ਹਾਲ ਨਾ ਲਿਖਦੇ ਤਾਂ ਮੈਂ ਇਹ ਖਤ ਲਿਖਣ ਦੀ ਖੁਲ ਨਹੀਂ ਸੀ ਲੈਣੀ, ਪਰ ਚੂੰਕਿ ਤੁਸਾਂ ਨੇ ਉਹ ਪੀੜਾ ਲਿਖੀ ਹੈ ਜੋ ਸਚੀ ਮਿਤਰਤਾ ਦੀ ਸੂਚਕ ਹੈ, ਮੈਂ, ਚਾਹੇ ਤੁਹਾਨੂੰ ਚੰਗਾ ਨਾ ਲਗੇ, ਹੇਠ ਲਿਖੀ ਗੱਲ ਲਿਖਣ ਦੀ ਖੁਲ੍ਹ ਲੈ ਹੀ ਲੈਣ ਲਗਾ ਹਾਂ।
ਇਨਸਾਨੀ ਤਬੀਅਤ ਅਪਨੇ ਪਯਾਰ ਤੇ ਵਾਕਫ਼ੀ ਦੇ ਦਾਇਰੇ ਵਿਚ ਅਪਨੇ ਆਪ ' ਨੂੰ ਸਦਾ ਦੂਸ੍ਰਿਆਂ ਤੋਂ ਵਡਾ ਸਮਝਣ ਤੇ Assert ਕਰਨ ਤੇ ਅਰਥਾਤ ਆਪ ਵਡਾ
ਕਰਕੇ ਜਨਾਉਣ ਤੇ ਲਗੀ ਰਹਿੰਦੀ ਹੈ। ਜੇ ਇਤਫ਼ਾਕ ਨਾਲ ਅਪਨੇ ਵਿਚ ਕੋਈ ਸਜਨ ਇਕ ਸ਼ਖ਼ਸੀਅਤ ਹੋਵੇ, ਇਕ ਕਰੈਕਟਰ ਹੋਵੇ, ਤਾਂ ਉਸ ਦੇ ਅਵਗੁਣ ਚੁਣ ਚੁਣ ਕੇ ਸੰਤੁਸ਼ਟ ਰਹਿੰਦੀ ਹੈ ਕਿ ਮੈਂ ਚੰਗੇਰਾ ਹਾਂ। ਯਾ ਕਈ ਹੋਰ ਢੰਗ ਨਾਲ ਉਸ ਦੀ ਸ਼ਖ਼ਸੀਅਤ ਨੂੰ ਪਹਚਾਨਣ ਤੇ ਮੰਨਣ ਵਿਚ ਸੁਤੇ ਹੀ ਕੰਨੀ ਕਤਰਾਉਂਦੀ ਰਹਿੰਦੀ ਹੈ। ਅਵਗੁਣਾਂ ਤੋਂ ਖਾਲੀ ਕੌਣ ਹੋ ਸਕਦਾ ਹੈ। ਪਰ ਸ਼ਖ਼ਸੀਅਤ' ਵਿਚ ਗੁਣ ਵਿਸ਼ੇਸ਼ ਹੁੰਦੇ ਹਨ, ਅਵਗੁਣਾਂ ਤੇ ਉਸ ਦਾ ਕਾਬੂ ਹੁੰਦਾ ਹੈ ਯਾ ਕਾਬੂ ਪਾਣ ਦਾ ਜਤਨ ਉਸ ਦਾ ਜਾਰੀ ਰਹਿੰਦਾ ਹੈ । ਅਤੇ ਉਸ ਦੀਆਂ ਨਿੱਕੀਆਂ ਨਿੱਕੀਆਂ ਉਕਾਈਆਂ ਕਈ ਵੇਰ ਕੁਦਰਤ ਉਸ ਵਿਚ ਇਉਂ ਰਹਣ ਦੇਂਦੀ ਹੈ ਜਿਵੇਂ ਪੇੜ ਦੇ ਪੈਰਾਂ ਵਿਚ ਖਾਦ । ਮੇਰਾ ਇਹ ਮਤਲਬ ਨਹੀਂ ਕਿ ਪਾਪ ਤੇ ਅਵਗੁਣ ਇਸ ਖਯਾਲ ਨਾਲ ਬਰਦਾਸ਼ਤ ਕਰ ਲੀਤੇ ਜਾਣ। ਮੇਰਾ ਮਤਲਬ ਹੋਰ ਹੈ। ਉਹ ਇਸ ਪ੍ਰਕਾਰ ਦਾ ਹੈ ਕਿ ਜਿਵੇਂ ਭਾਈ ਹੀਰਾ ਸਿੰਘ ਨੂੰ ਸਾਈਂ ਨੇ ਗ੍ਰੀਬ ਘਰ ਵਿਚ ਜਨਮ ਦਿੱਤਾ ਸੀ । ਪਰ ਉਸ ਨੂੰ ਗੁਣ ਕਮਾਲ ਦਾ ਬਖ਼ਸ਼ਿਆ ਸੀ, ਪਰ ਅਪਨੇ ਜੀਵਨ ਦੇ ਨਿਰਬਾਹ ਵਾਸਤੇ ਤੇ ਬੁਢੇਪੇ ਲਈ ਕੁਛ ਜਮਾ ਕਰਨ ਵਾਸਤੇ ਉਸ ਨੂੰ ਮਾਯਾ ਲੈਣੀ ਪੈਂਦੀ ਸੀ । ਇਸ ਨੂੰ ਲੋਕੀ ਆਖਦੇ ਸੀ ਲਾਲਚ ਹੈ । ਪਰੰਤੂ ਇਹ ਕੁਦਰਤ ਨੂੰ ਮਨਜ਼ੂਰ ਸੀ ਕਿ ਉਸ ਪਾਸ ਰੋਟੀ ਦਾ ਸਾਮਾਨ ਪਿਛੋਂ ਨਾ ਆਵੇ ਸੋ ਉਸ ਨੇ ਇਹ ਪੈਦਾ ਕਰਨਾ ਸੀ, ਕਿੱਤਾ ਕੋਈ ਹੋਰ ਉਸ ਪਾਸ ਸੀ ਨਹੀਂ ਕਿ ਉਹ ਬੀ ਕਰਦਾ ਤੇ ਸੇਵਾ ਕੀਰਤਨ ਤੇ ਉਪਦੇਸ਼ ਬੀ ਕਰਦਾ । ਇਸ ਲਈ ਕਮਾਈ ਕਰਨੀ ਤੇ ਪੈਸੇ ਲੈਣੇ ਉਸ ਲਈ ਜ਼ਰੂਰੀ ਸਨ ਤੇ ਇਹ ਲਾਲਚ ਕਿਹਾ ਜਾਂਦਾ ਸੀ, ਪਰ ਇਹ ਲਾਲਚ ਉਸ ਦੇ ਕੰਮ ਵਿਚ ਕੁਛ ਸਹਾਯਕ ਸੀ । ਜਦੋਂ ਅਸੀ ਦੇਖਦੇ ਹਾਂ ਕਿ ਫਿਰਕੇ ਦੇ ਹਾਈ ਸਕੂਲ ਦੀ ਸਾਜਨਾ ਉਸ ਦੇ ਕਠੇ ਕੀਤੇ ਰੁਪੈ ਤੋਂ ਹੋਈ ਤੇ ਵਰਿਹਾਂ ਬੱਧੀ ਉਹ ਅਪਨੀ ਕਮਾਈ ਵਿਚੋਂ ਇਕ ਸ਼ਖ਼ਸ ਨੂੰ ਸੌ ਰੁਪਯਾ ਮਹੀਨਾ ਦੁਨੀਆਂ ਤੋਂ ਉਹਲੇ ਰਖ ਕੇ ਦੇਂਦਾ ਰਿਹਾ ਕਿ ਕਿਵੇਂ ਸਕੂਲ ਦਾ ਪ੍ਰਬੰਧ ਚੰਗਾ ਟੁਰਿਆ ਰਹੇ, ਤੇ ਜਦੋਂ ਅਸੀ ਦੇਖਦੇ ਹਾਂ ਕਿ ਪੰਥ ਵਿਚ ਕੋਈ ਹੀ ਐਸਾ ਆਸ਼੍ਰਮ ਹੋਊ ਜਿਸ ਨੂੰ ਭਾਈ ਹੀਰਾ ਸਿੰਘ ਨੇ ਦੋ ਚਾਰ ਮਹੀਨੇ ਦੀ ਅਪਨੀ ਸਾਰੀ ਕਮਾਈ ਕੱਠੀ ਕਰਕੇ ਅਰਦਾਸ ਨਾ ਕਰਾਈ ਹੋਵੇ ਤਾਂ ਉਹ ਸ਼ੈ ਕਿ ਜਿਸ ਨੂੰ ਉਸ ਦੇ ਜੀਵਣ ਦੇ ਨੁਕਤਾ ਚੀਨ ਲਾਲਚ ਕਹਿੰਦੇ ਸਨ ਉਹ ਸ਼ੈ ਨਜ਼ਰ ਪੈਂਦੀ ਹੈ ਜੋ ਕਿ ਖਿੜੇ ਗੁਲਾਬ ਦੀ ਪਸਰ ਰਹੀ ਖ਼ੁਸ਼ਬੋਈ ਵੇਲੇ ਉਸ ਦੇ ਚਰਨਾਂ ਵਿਚ ਲਿਪਟੀ ਪਈ ਖਾਦ ਵਾਂਙੂ ਪ੍ਰਤੀਤ ਦੇਂਦੀ ਹੈ। ਮੇਰਾ ਮਤਲਬ ਇਸ ਪ੍ਰਕਾਰ ਦੀਆਂ ਕਮੀਆਂ ਤੋਂ ਹੈ । ਸੋ ਸ਼ਖ਼ਸੀਅਤਾਂ ਦੇ ਜੀਉਂਦਿਆਂ ਉਨ੍ਹਾਂ ਦੀ ਸ਼ਖ਼ਸੀਅਤ ਦੀ ਵਿਸ਼ੇਸ਼ਤਾ ਕਿਸ ਕਿਸ ਗੱਲ ਵਿਚ ਹੈ' ? ਸੰਬੰਧੀ, ਮਿਤਰ ਤੇ ਜ਼ਮਾਨਾ ਨਹੀਂ ਤਕਦਾ । ਤਦੋਂ ਨਿੱਕੀਆਂ-੨ ਊਣਤਾਈਆਂ ਤੱਕ ਕੇ ਵਡੇ ਗੁਣਾਂ ਵਲੌਂ ਬੇਪਰਵਾਹੀ ਰਹਿੰਦੀ ਹੈ। ਜਿਵੇਂ ਅਸਮਾਨਾਂ ਵਿਚ ਚਲ ਰਹੇ Meteors ਅਰਥਾਤ ਓਹ ਤਾਰੇ ਜਿਨ੍ਹਾਂ ਨੇ ਟੁੱਟਣਾ ਹੈ ਜਿਨ੍ਹਾਂ ਨੂੰ ਉਲਕਾ ਆਖਦੇ ਹਨ ਨਜ਼ਰ ਨਹੀਂ ਪੈਂਦੇ, ਪਰ ਜਦੋਂ ਕਿ ਓਹ ਟੁੱਟਦੇ ਹਨ ਤਦ ਉਨ੍ਹਾਂ ਦੇ ਪ੍ਰਕਾਸ਼ ਦੀ ਲਸ ਪੈਂਦੀ ਹੈ ਤਾਂ ਹੀ ਉਨ੍ਹਾਂ ਨੂੰ ਸਭ ਕੋਈ ਦੇਖਦਾ ਹੈ । ਇਸੀ ਤਰ੍ਹਾਂ 'ਸ਼ਖ਼ਸੀਅਤਾਂ' ਦੀ ਕਦਰ ਆਮ ਲੋਕੀ ਤੇ ਭੁਲੇਵੇਂ ਵਿਚ ਪਏ ਮਿਤ੍ਰ ਤੇ ਸੰਬੰਧੀ ਤਦੋਂ ਹੀ ਪਾਉਂਦੇ ਹਨ ਜਦੋਂ ਕਿ ਓਹ ਜੀਵਨ ਸਮਾਪਤ ਕਰ ਲੈਂਦੇ ਹਨ ।
ਪਰੰਤੂ ਜਿਨ੍ਹਾਂ ਸੰਬੰਧੀਆਂ ਕਿ ਮਿੱਤ੍ਰਾਂ, ਜ਼ਮਾਨੇ ਵਿਚੋਂ ਓਪਿਆਂ ਕਿ ਉਪਕਾਰ ਨਾਲ ਫ਼ੈਜ਼ਯਾਬ ਹੋਏ ਲੋਕਾਂ ਨੂੰ ਜੀਉਂਦੇ ਜੀ ਪੈ ਜਾਵੇ, ਉਨ੍ਹਾਂ ਨੂੰ ਸ਼ਖ਼ਸੀਅਤਾਂ ਦੇ ਵਿਛੋੜੇ ਵੇਲੇ ਜੋ ਘਾਪਾ ਪੈਂਦਾ ਹੈ, ਉਹ ਬਹੁਤ ਡੂੰਘਾ ਤੇ ਅਸਹਿ ਹੁੰਦਾ ਹੈ । ਉਸ ਦਾ ਇਲਾਜ ਫਿਰ ਉਸ ਦੇ ਗ਼ਮ ਨੂੰ ਕਿਸੇ ਤਰਾਂ ਦੀ ਭੁੱਲ ਨਾਲ ਦੂਰ ਕਰਨਾ ਨਹੀਂ ਹੁੰਦਾ, ਪਰ ਉਸ ਦੀ ਯਾਦ ਨੂੰ ਸਦੈਵੀ ਕਰਨਾ ਹੁੰਦਾ ਹੈ । ਯਾਦ ਸਦੇਵੀ ਤੋਂ ਮੇਰੀ ਮੁਰਾਦ ਦੁਖੀ ਰਹਿਣੇ ਦੀ ਨਹੀਂ, ਕਿਉਂਕਿ ਸਦਾ ਹਾਵੇ ਵਿਚ ਰਹਣਾ ਆਦਮੀ ਮਨ ਸਰੀਰ ਦੁਹਾਂ ਕਰ ਕੇ ਕਮਜ਼ੋਰ ਤੇ ਸਾਹਸਹੀਨ ਹੋ ਜਾਂਦਾ ਹੈ, ਮੇਰਾ ਮਤਲਬ ਯਾਦ ਸਦੈਵੀ ਤੋਂ ਇਹ ਹੈ ਕਿ ਮਿਤ੍ਰ ਦੇ ਵਿਛੋੜੇ ਨੂੰ ਭਾਣਾ ਮੰਨੇ, ਪਰ ਜੋ ਕੋਮਲਤਾ ਤੇ ਹਿਰਦੇ ਦੀ ਦ੍ਰਵਣਤਾ ਉਸ ਸੱਟ ਨਾਲ ਆਈ ਹੈ ਉਸ ਨੂੰ ਅਪਨੇ ਆਤਮਾ ਦੇ ਸੁਧਾਰ ਦਾ ਅਵਸਰ ਬਣਾ ਲਵੇ । ਵਾਹਿਗੁਰੂ ਜੀ ਅਗੇ ਉਸ ਦ੍ਰਵਣਤਾ ਵੇਲੇ ਅਰਦਾਸ ਵਿਚ ਲੀਨ ਹੋਵੇ ਤੇ ਇਹ ਮੰਗੇ ਮੇਰੇ ਪਿਆਰੇ ਨੂੰ ਅਪਨੇ ਚਰਨਾਂ ਵਿਚ ਨਿਵਾਸ ਦਿਓ ਤੇ ਇਹ ਮੱਗੋਂ ਕਿ "ਹੇ ਭਗਵਾਨ ਮੇਰੇ ਅਵਗਣ ਦੂਰ ਕਰੋ । ਮੈਂ ਜਗਤ ਵਿਚ ਤਾਂ ਭਲਾ ਪ੍ਰਸਿੱਧ ਹਾਂ, ਪਰ ਮੈਨੂੰ ਮੇਰੇ ਅਵਗੁਣ ਪਤਾ ਹਨ, ਤੇ ਆਪ ਨੂੰ ਬੀ ਮੇਰੇ ਅਵਗੁਣ ਪਤਾ ਹਨ, ਸੋ ਦੋਵੇਂ ਪਤੇ ਵਾਲੇ ਹੁਣ ਸਨਮੁਖ ਹਨ, ਮੈਂ ਜਿਸ ਨੂੰ ਅਪਨੇ ਅਵਗੁਣਾਂ ਦਾ ਪਤਾ ਹੈ ਬਲਹੀਨ ਹਾਂ, ਤੂੰ ਜਿਸ ਨੂੰ ਮੇਰੇ ਅਵਗੁਣਾਂ ਦਾ ਪਤਾ ਹੈ ਬਲਵਾਨ ਹੈਂ । ਅਪਨਾ ਬਲ ਭਰ ਦੇਹ ਜੋ ਮੈਂ ਆਪਣੇ ਅਵਗੁਣ ਤਯਾਗ ਦਿਆਂ ! ਮੈਨੂੰ ਸ਼ੁਭ ਗੁਣ ਬਖਸ਼ ਜੋ ਮੈਂ ਤੇਰੇ ਹੁਕਮ ਵਿਚ ਟੁਰਾਂ । ਮੈਨੂੰ ਉੱਚਾ ਕਰ, ਸੁੱਚਾ ਕਰ, ਮੈਨੂੰ ਗੁਣਾਂ ਵਿਚ ਸਮੁੱਚਾ ਕਰ, ਮੈਂ ਅਪਨੇ ਅੰਦਰ ਅਪਨੇ ਆਪ ਨੂੰ ਦੇਖਣ ਵਾਲਾ ਬਣਾਂ, ਅਪਨੇ ਦੇਖੇ ਅਵਗੁਣ ਦੂਰ ਕਰਨ ਵਾਲਾ ਬਣਾਂ, ਮੇਰਾ ਅੰਦਰਲਾ ਤੇਰੀ ਯਾਦ ਵਿਚ ਰਹੇ, ਤੇਰੇ ਭੈ ਵਿਚ ਰਹੇ, ਤੇ ਫੇਰ ਤੇਰੇ ਪਯਾਰ ਵਿਚ ਉੱਚਾ ਉੱਠੇ ਤੇ ਅੰਤ ਤੇਰੇ ਨਾਲ ਰਹਣ ਵਾਲਾ ਬਣੇ । ਮੈਂ ਫੇਰ ਤੇਰੀ ਹਜ਼ੂਰੀ ਵਿਚ ਵੱਸਾਂ, ਤੇਰੇ ਨਾਲ ਵੱਸਾਂ, ਤੇਰੀ ਮੇਰੀ ਇਕ ਸਾਥਤਾ ਦੀ ਵੱਸਣ ਹੋਵੇ, ਤਾਂ ਜੋ ਮੇਰਾ ਮਨੁੱਖਾ ਜਨਮ ਸਫਲ ਹੋਵੇ । ਇਹ ਅਵਸਰ ਜੋ ਮਿਲਿਆ ਹੈ ਮੇਰੇ ਹੱਥੋਂ ਐਵੇਂ ਨਾ ਤਿਲਕ ਜਾਵੇ ।" ਇਉਂ ਅੰਦਰੋਂ ਜਾਗ੍ਰਿਤ ਵਿਚ ਆ ਕੇ 'ਸਾਈਂ ਦੇ ਨਾਲ ਰਹਣ' ਦੇ ਹੁਲਾਰੇ ਵਾਲੀ ਉਮੰਗ ਜਗਾ ਲਵੇ ਤੇ ਇਸ ਦੇ ਜਾਰੀ ਰਹਣ ਦੇ ਯਤਨ ਵਿਚ ਲਗ ਪਵੇ । ਦੂਜੇ ਪਾਸੇ ਅਪਨੀ ਬਾਹਰ ਦੀ ਵਰਤੋਂ ਨੂੰ 'ਨਾ ਦੁੱਖ ਦੇਣੀ ਵਾਲੀ' ਬਣਾਵੇ । “ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉਂ ! ਹਾਂ ਵਾਹਿਗੁਰੂ ਤੋਂ ਮੰਗੇ, ਉਸ ਦ੍ਰਵਣਤਾ ਵੇਲੇ ਮੰਗੇ ਕਿ ਹੇ ਦਾਤਾ ਮੈਥੋਂ ਕਿਸੇ ਨੂੰ ਦੁੱਖ ਨਾ ਮਿਲੇ, ਮੇਰੇ ਕਰਮ ਓਹ ਹੋਣ ਜਿਨ੍ਹਾਂ ਤੋਂ ਤੇਰਾ ਜਲਾਲ ਪ੍ਰਗਟ ਹੋਵੇ, ਮੇਰੀ ਵਰਤੋਂ ਪ੍ਰੇਮ ਦੀ ਹੋਵੇ, ਸੁਖਦਾਤੀ ਹੋਵੇ ।
ਜਦੋਂ ਜਦੋ ਚਿਤ ਨੂੰ ਮਿੱਤ੍ਰ ਵਿਛੋੜੇ ਦਾ ਸੇਲਾ ਵਜ ਕੇ ਉਦਾਸ ਕਰੋ ਮਨ ਨੂੰ ਪੰਘਾਰੇ ਤੇ ਇਸ ਅਰਦਾਸ ਵਿਚ ਜਾਵੇ, ਫਿਰ ਦਿਲ ਨੂੰ ਬਦਲੇ, ਹਰ ਦਿਨ ਅਮਲ ਦਾ ਜਤਨ ਆਪ ਅਪਨੇ ਗਲੇ ਪਾ ਲਵੇ ਕਿ ਜੋ ਗੁਣ ਮਿੱਤਰ ਵਿਚ ਸਨ ਓਹ ਹੁਣ ਮੈਂ ਧਾਰਨੇ ਹਨ, ਜੇ ਸੰਸਾਰ ਵਿਚ ਘਾਪਾ ਉਸ ਦੀ ਮੌਤ ਨੇ ਪਾਯਾ ਹੈ, ਮੈਂ ਪੂਰਾ ਕਰਨਾ ਹੈ, ਜੋ ਵਿਗੋਚੇ ਉਸ ਦੇ ਵਿ ਛੇੜੇ ਤੋਂ ਆਏ ਹਨ ਮੈਂ ਪੂਰੇ ਕਰਨੇ ਹਨ, ਇਉਂ ਜੇ ਜੀਵਨ ਨੂੰ ਪਲਟਾ ਲਈਏ,
ਪਲਟਣ ਦੇ ਜਤਨ ਵਿਚ ਪੈ ਜਾਈਏ, ਤਾਂ ਮਿੱਤ੍ਰ ਦਾ ਬਿਰਹਾ ਸਦੈਵੀ ਬਿਰਹਾ ਹੋ ਗਿਆ ।
ਜਾਣਾ ਤਾਂ ਸਭ ਨੇ ਹੈ, ਰਹਣਾ ਸਦਾ ਕਿਸੇ ਨਹੀਂ, ਮਾਨਸਿਕ ਤੇ ਪਰਉਪਕਾਰਕ ਜੀਵਨ ਜਿਨ੍ਹਾਂ ਨੇ ਸੰਵਾਰ ਲਿਆ ਉਨ੍ਹਾਂ ਨੇ ਇਹ ਜੀਵਨ ਦਾ ਪ੍ਰਯੋਜਨ ਪਾ ਲਿਆ, ਦੋ ਹੀ ਕੰਮ ਹਨ :--
੧. ਸਾਡੇ ਆਪੇ ਦਾ ਅਸਲਾ ਚੰਗਾ ਹੈ, ਪਰ ਉਹ ਕੁਸੰਗਾਂ ਨਾਲ ਮਾੜਾ ਹੋ ਰਿਹ ਹੈ, ਕਰਮਾਂ ਨੇ ਸੁਭਾਵ ਬਣ ਬਣ ਕੇ ਉਸ ਨੂੰ ਵਿਗਾੜ ਛੱਡਿਆ ਹੈ, ਇਸ ਨੂੰ ਅਸਾਂ ਅੰਦਰੋਂ ਜਗਾ ਦੇਣਾ ਹੈ, ਪ੍ਰਬੁੱਧ ਕਰ ਦੇਣਾ ਹੈ ਤੇ ਇਕ ਆਦਰਸ਼ਕ ਉੱਚਤਾ ਵਾਲਾ ਬਣਾ ਦੇਣਾ ਹੈ ।
੨. ਜਿਸ ਜਗਤ ਵਿਚ ਵਸਦੇ ਹਾਂ ਦੁਖਾਂ ਨਾਲ ਵਿਹੜਤ ਹੈ, ਸਾਡਾ ਕੰਮ ਉਨ੍ਹਾਂ ਦੁਖਾਂ ਨੂੰ ਵਧਾਉਣ ਵਾਲਾ ਨਾ ਬਣੇ, ਪਰ ਘਟਾਉਣ ਵਾਲਾ ਹੋਵੇ ਚਾਹੇ ਓਹ ਘਟਾਉਣਾ ਹੋਮਿਓ ਪੰਥਕ ਡੋਜ਼ ਜਿਨ੍ਹਾਂ ਥੁਹੜਾ ਹੋਵੇ ਪਰ ਹੋਵੇ ਘਟਾਉਣ ਦੀ ਤਾਸੀਰ ਵਾਲਾ ।
ਮੇਰੇ ਲਿਖੇ ਦੋ ਹੋਰ ਹੋਰ ਅਰਬ ਨਾਹ ਕਰਨੇ ਨਾਂ ਇਸ ਦੇ ਕੋਈ ਇਸ਼ਾਰਿਆਂ ਵਾਲੇ ਅਰਥ ਕਰਨੇ ਤੁਸਾਂ ਡਾਕਟਰ ਸਾਹਿਬ ਦੇ ਵਿਯੋਗ ਵਿਚ ਦਿਲ ਪੀੜਾ ਦਾ ਹਾਵਾ ਲਿਖਯਾ ਹੈ, ਮੈਂ ਚਾਹੁੰਦਾ ਹਾਂ ਕਿ ਇਹ ਹਾਵਾ ਆਪ ਦੀ ਕਾਯਾਂ ਪਲਟ ਕਰੇ । ਆਪ ਨੌਕਰੀ ਕਰ ਚੁਕੇ ਹੋ ਪੈਨਸ਼ਨ ਪਾ ਚੁਕੇ ਹੋ । ਰੋਟੀ ਦੀ ਬੇਫਿਕਰੀ ਹੈ। ਪੰਥ ਸੇਵਾ ਦਾ ਚਾਓ ਸਾਰੀ ਉਮਰਾ ਰਿਹਾ ਤੇ ਕਰਦੇ ਰਹੇ ਹੋ । ਹੁਣ ਜੀਵਨ ਓਹ ਪਲਟਾ ਖਾਵੇ ਕ ਜਿਵੇਂ ਕੋਈ ਇਕ ਆਦਮੀ ਆਪੇ ਤੋਂ ਐਸਾ ਬਲ ਪਾਵੇ ਕਿ ਹੋਵੇ ਇਕ ਪਰ ਦੋ ਇਨਸਾਨਾਂ ਦਾ ਕੰਮ ਕਰਨ ਲਗ ਜਾਵੇ । ਤੁਸੀਂ ਹੁਣ ਅਪਨੇ ਅੰਤਰੀਵੀ ਜੀਵਨ ਵਿਚ ਇੰਨੇ ਉੱਚੇ ਉਠੋ ਕਿ ਦੇ ਡਾਕਟਰ ਸਾਹਿਬ ਹੋ ਜਾਵਨ । ਇਸੇ ਤਰ੍ਹਾਂ ਬਾਹਰੀ ਪੰਥ ਸੇਵਾ ਤੇ ਜਗਤ ਸੇਵਾ ਵਿਚ ਵੀ ਓਹ ਤਾਨ ਆਪੇ ਵਿਚ ਭਰੋ ਕਿ ਦੋ ਡਾਕਟਰ ਦੀਵਾਨ ਸਿੰਘ ਹੋ ਜਾਵਨ । ਇਸ ਲਈ ਜ਼ਰੂਰੀ ਹੈ :
ਅੰਮ੍ਰਿਤ ਵੇਲੇ ਦਾ ਜਾਗਨਾ, ਤੇ ਉੱਠ ਕੇ ਨਾਮ ਵਿਚ ਲਗ ਪੈਣਾ । ਹੁਣ ਇਹ ਨਿਯਮ ਪੱਕਾ ਨਿਯਮ ਪੂਰਬਕ ਹੋ ਜਾਵੇ, ਬਾਣੀ ਦਾ ਪਾਠ ਅਭਯਾਸ ਅੱਗੇ ਤੋਂ ਵਧ ਵਕਤ ਲਵੇ 1
Introspection, ਆਪਾ ਚੀਨਣ ਦਾ ਸੁਭਾਵ ਹੋਰ ਵਧੇ ਸੰਸਾਰਕ ਭੁਲੇਵਿਆਂ ਵਿਚ ਪਾਵਣ ਵਾਲੇ ਮਾਨ ਧਾਰੀ ਅਪਸ੍ਵਾਰਥੀ ਮਿੱਤਰਾਂ ਨੂੰ ਜਗਤਚਾਰੀ ਤੌਂ ਵਧ ਵਾਕਫ਼ੀ ਨਾਹ ਰਹੇ । ਅਪਨੇ ਰੋਜ਼ਾਨਾ ਵਿਹਾਰਕ ਕੰਮਾਂ ਤੋਂ ਛੁਟ ਕੇ ਬਾਕੀ ਵਕਤ ਭਲੇ ਵਿਚ ਸਫਲ ਹੋਵੇ । ਤੁਸਾਡਾ ਦਮ ਸਿੱਖੀ ਦਾ ਪ੍ਰਚਾਰ ਕੇਂਦਰ ਹੋਵੇ । ਤੁਸੀ ਸਿੱਖੀ ਦੀ ਖ਼ੁਸ਼ਬੋ ਨਾਲ ਬੁਹੋ ਤੇ ਦੂਜੇ ਤੁਹਾਨੂੰ ਮਿਲ ਕੇ ਸੁਗੰਧਤ ਹੋਵਨ ਤੁਸੀ ਰਸ ਪ੍ਰਾਪਤ ਹੋਵੇ ਤੇ ਜਗਤ ਤੁਹਾਥੋਂ ਰਸ ਪ੍ਰਾਪਤ ਕਰੇ ।
ਰਾਤ ਬਾਰਾ ਯਾ ਇਕ ਵਜੇ ਜਦ ਜਾਗ ਖੁਲ੍ਹੇ ਇਕੱਲੇ ਉੱਠ ਕੇ ਬੈਠ ਜਾਵੋ, ਉਸ ਵੇਲੇ ਜਗਤ ਸੁੱਤਾ ਪਿਆ ਹੈ ਪਰਵਾਰ ਸੁੱਤਾ ਪਿਆ ਹੈ । ਤੁਸੀ ਜਾਗਦੇ ਹੋ। ਵਿਚਾਰ ਕਰੋ ਕਿ ਮੈਂ ਇਸ ਵੇਲੇ ਨਿਰਜਨ ਬਨ ਵਿਚ ਹਾਂ ਹੋ ਮੇਰੇ ਮਨ ਦਸ ਤੇਰਾ ਕੀ ਹਾਲ ਹੈ ਉਸ ਵੇਲੇ ਇਹ ਖੋਦਰ ਮਨ ਅਪਨੇ ਅਵਗੁਣ ਦਸੇਗਾ। ਚੰਗੇ ਲੋਕ ਇਸੀ ਤਰਾਂ ਆਪਾ
ਵੇਖਦੇ ਹਨ। ਅਸੀ ਸਾਰੇ ਅਵਗੁਣੀ ਭਰਪੂਰ ਹਾਂ । ਜਿਸ ਨੇ ਇਹ ਸੁਭਾਵ ਅੰਦਰ ਵੇਖਣ ਦਾ ਪਾਵਣਾ ਹੈ ਉਸ ਨੇ ਉੱਚੇ ਉਠਣਾ ਹੈ । ਸੋ ਹਰ ਏਕ ਆਪੋ ਆਪਣੀ ਥਾਂ, ਮੈਂ ਆਪਣੀ ਥਾਂ ਤੁਸੀਂ ਆਪਣੀ ਥਾਂ ; ਇਹ ਸੁਭਾਵ ਪੱਕਾ ਉੱਚੇ ਉਠਣ ਦਾ ਪਹਲਾ ਡੰਡਾ ਇਹ ਹੈ । ਪੈਹਲੇ ਵੇਖੀਦਾ ਹੈ, ਫੇਰ ਕੁਦਰਤ ਪਾਈਦਾ ਹੈ ਫੇਰ ਕਾਦਰ ਹੋ ਜਾਈਦਾ ਹੈ । ਗੁਲਾਬ ਵਾਂਙੂ ਆਪ ਪਲਨਾ ਤੇ ਪਲ ਕੇ ਖਿੜਨਾ ਤੇ ਖਿੜ ਕੇ ਸੁਤੇ ਖ਼ੁਸ਼ਬੂ ਦਾ ਦਾਤਾ ਹੋਣਾ ਇਹੋ ਹੈ ਮਨੁੱਖਾ ਜਨਮ ਤੇ ਇਸ ਦਾ ਲਾਹਾ ।
ਪਤਾ ਨਹੀਂ ਕਿਉਂ ? ਆਪ ਨੇ ਜੋ ਬਿਰਹੇ ਪੀੜਾ ਡਾਕਟਰ ਜੀ ਦੇ ਵਿਛੋੜੇ ਵਿਚ ਪ੍ਰਤੀਤ ਕੀਤੀ ਹੈ ਉਸ ਬਾਬਤ ਆਪ ਦੇ ਅੱਖਰ ਪੜ੍ਹ ਕੇ ਮੇਰੇ ਤੋਂ ਮੱਲੋ ਮੱਲੀ ਇਹ ਕੁਝ ਲਿਖਯਾ ਗਿਆ ਹੈ । ਗੁਰੂ ਕਰੇ ਕਿ ਜਿਸ ਭਾਵਨਾ ਨਾਲ ਮੈਂ ਲਿਖੇ ਹਨ ਤੁਸਾਂ ਤੇ ਓਹ ਅਸਰ ਹੋਣ । ਤੁਸੀਂ ਆਪਣੀ ਥਾਂ ਤੇ ਡਾਕਟਰ ਸਾਹਿਬ ਦੀ ਥਾਂ ਦੋ ਟਿਕਾਣੇ ਪੂਰੇ ਕਰਨ ਵਾਲੇ ਸੁੱਚੇ ਉੱਚੇ ਤੇ ਆਦਰਸ਼ਕ ਗੁਰੂ ਪਯਾਰੇ ਬਣ ਕੇ ਜੀਵਨ ਸਫਲਾ ਕਰੋ !
ਆਪ ਦਾ
ਵ. ਸ.
17
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ ॥
ਪਯਾਰੇ ਭਾਈ...ਸਿੰਘ ਜੀਓ
ਆਪ ਦਾ ਪੱਤਰ ਪਹੁੰਚਾ, ਬੀਬੀ ਸੰਤ ਸੇਵ ਕੌਰ ਜੀ ਦੇ ਅਕਾਲ ਚਲਾਣੇ ਦੀ ਖਬਰ ਪੜ੍ਹ ਕੇ ਬਹੁਤ ਸ਼ੌਕ ਹੋਇਆ । ਵਾਹਿਗੁਰੂ ਜੀ ਦੀ ਰਜ਼ਾ ਦੀ ਚਾਲ ਇਨਸਾਨੀ ਸਮਝ ਤੋਂ ਪਰੇ ਹੈ । ਡਾਕਟਰ ਸਾਹਿਬ ਦੇ ਵਿਯੋਗ ਦੇ ਜ਼ਖ਼ਮ ਅਜੇ ਅੱਲੇ ਸਨ ਕਿ ਇਹ ਇਕ ਹੋਰ ਸੱਟ ਆਪ ਦੇ ਲਈ ਆ ਗਈ ਹੈ। ਜੇ ਦੁੱਖਾਂ ਵਲ ਡਿੱਠਾ ਜਾਏ ਤਾਂ ਭਾਰੀ ਕਸ਼ਟ ਦਾ ਮੁਕਾਬਲਾ ਹੈ ।
ਪਰ ਸੱਜਣ ਜੀਓ ਆਪ ਦਾ ਜੀਵਨ ਸਤਿਸੰਗ ਵਿਚ ਬੀਤਿਆ ਹੈ, ਆਪ ਨੇ ਨਾਮ ਬਾਣੀ ਦੀ ਟੇਕ ਲੈ ਕੇ ਦਿਨ ਬਿਤਾਏ ਹਨ । ਇਸ ਕਰ ਕੇ ਇਸ ਵੇਲੇ ਵੀ ਇਸੇ ਟੇਕ ਦਾ ਆਸਰਾ ਲਓ ਤੇ ਵਾਹਿਗੁਰੂ ਜੀ ਦੇ ਭਾਣੇ ਨੂੰ ਸਿਰ ਧਰ ਕੇ ਮੰਨੋ । ਕਠਨ ਬੜਾ ਹੈ ਦੁੱਖਾਂ ਵੇਲੇ ਦੁਖੀ ਨਾਂ ਹੋਣਾ, ਪਰੰਤੂ ਨਾਮ ਬਾਣੀ ਨਾਲ ਜੋ ਅੰਦਰ ਵਾਹਿਗੁਰੂ ਬਲ ਦੇਂਦਾ ਹੈ, ਉਹੀ ਸਾਰੇ ਦੁਖਾਂ ਦਾ ਟਾਕਰਾ ਕਰਦਾ ਹੈ । ਵਾਹਿਗੁਰੂ ਮਿੱਤ੍ਰ ਹੈ, ਪਿਤਾ ਹੈ, ਪ੍ਰਤਿਪਾਲਕ ਹੈ, ਜੋ ਕੁਛ ਕਰਦਾ ਹੈ ਸਾਡੇ ਭਲੇ ਦਾ ਹੈ, ਚਾਹੋ ਸਾਡੀ ਸਮਝੋ ਅਗੋਚਰ ਹੋਵੇ ਗੱਲ ਪਰ ਹੁੰਦਾ ਉਸ ਦਾ ਭਾਣਾ ਹੈ, ਤੇ ਭਾਣਾ ਮਿੱਠਾ ਕਰਨਾ ਹੀ ਗੁਰਸਿੱਖੀ ਹੈ ! ਅੰਦਰ ਤਾਣ ਭਰੋ ਤੇ ਸਿਰ ਰਜ਼ਾ ਦੀ ਦਲੀਜ਼ ਤੇ ਰਖ ਦਿਓ, ਤੇ ਸਿਰ ਆ ਪਈਆਂ ਜ਼ਿੰਮੇਵਾਰੀਆਂ ਨੂੰ ਖ਼ਾਲਸਾ ਬਹਾਦਰ ਹੋ ਕੇ ਨਿਬਾਹੋ, ਨਾਮ ਬਾਣੀ ਦਾ ਲੜ ਨਾਂ ਛੋੜੋ, ਗੁਰੂ ਮਿਹਰ ਕਰੇ ਜੋ ਬਲ ਬਖ਼ਸ਼ੇ ਤੇ ਸ਼ੁਕਰ ਅਰਦਾਸ ਨਾਮ ਦਾ ਦਾਨ ਦੇਵੇ ਤਾਂ ਜੋ ਖ਼ਾਲਸਿਆਂ ਦੇ ਨਮੂਨੇ ਤੇ ਟੁਰ ਕੇ ਤੁਸੀਂ ਲੋਕ ਸੁਖੀ ਵਸੋ ਤੇ ਪਰਲੋਕ ਦਾ ਸਾਮਾਨ ਜਮਾ ਕਰਨ ਵਿਚ ਕਸਰ ਨਾਂ ਪਵੇ ।
ਅਸਲ ਵਿਚ ਦੁੱਖ ਆ ਕੇ ਸਾਨੂੰ ਨਾਮ ਤੇ ਨਾਮ ਦੀ ਲਿਵ ਤੋਂ ਜੁਦਾ ਕਰਦੇ ਹਨ, ਸਾਡੀ ਅਰਦਾਸ ਹੋਵੇ ਕਿ ਹੇ ਵਾਹਿਗੁਰੂ ਸਾਨੂੰ ਬਲ ਬਖ਼ਸ਼ ਜੋ ਅਸੀ ਨਾਮ ਤੋਂ ਜੁਦਾ ਨਾ ਹੋਵੀਏ ਤੇ ਸਦਾ ਤੇਰੇ ਚਰਨਾਂ ਵਿਚ ਵੱਸੀਏ ।
ਮੇਰੀ ਦਿਲੀ ਹਮਦਰਦੀ ਤੁਸਾਂ ਨਾਲ ਤੇ ਸਾਰੇ ਪਰਿਵਾਰ ਨਾਲ ਹੈ । ਗੁਰੂ ਸਭ ਨੂੰ ਤਾਣ ਬਖ਼ਸ਼ੇ ਕਿ ਭਾਣਾ ਮਿੱਠਾ ਕਰ ਮੰਨਣ।
ਬੀਬੀ ਸੰਤ ਸੇਵ ਕੌਰ ਸਤਵੰਤੀ ਸੀ, ਪਤਿਬ੍ਰਤਾ ਸੀ, ਤੁਸਾਂ ਜੀ ਦੇ ਘਰ ਆ ਕੇ ਸਤਿਸੰਗ ਨੂੰ ਪ੍ਰਾਪਤ ਸੀ, ਵਾਹਿਗੁਰੂ ਉਸ ਦੀ ਆਤਮਾਂ ਨੂੰ ਅਪਨੀ ਮਿਹਰ ਦੀ ਛਾਵੇਂ ਨਿਵਾਸ ਬਖ਼ਸ਼ਣ ।
ਅੰਮ੍ਰਤਸਰ ਆਪ ਦਾ ਦਰਦੀ
੯.੧. ੩੫ ਵ.ਸ.
18
૧૧.૫.૩૫
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਸਤਿਕਾਰ ਯੋਗ ਬੀਬੀ ਜੀਓ !
ਸ੍ਰੀ ਕਾਕਾ ਜੀ ਦੇ ਅਕਾਲ ਚਲਾਣੇ ਢੀ ਖ਼ਬਰ ਪੁਜ ਗਈ ਸੀ । ਜਿਸ ਤੋਂ ਬਹੁਤ ਸ਼ੋਕ ਹੋਇਆ। ਆਪ ਜੀ ਦਾ ਦਿਲ ਮਸੇ ਮਸੇਂ ਡਾਕਟਰ ਸਾਹਿਬ ਦੇ ਵਿਛੋੜੇ ਮਗਰੋਂ ਹੁਣ ਟਿਕਾਣੇ ਆ ਰਿਹਾ ਸੀ ਕਿ ਹੋਰ ਸੱਟ ਆ ਵੱਜੀ। ਕੁਦਰਤ ਦੇ ਰੰਗ ਨਿਆਰੇ ਹਨ ਤੇ ਜੀਵ ਕੁਛ ਲਖ ਨਹੀਂ ਸਕਦਾ ਕਿ ਭਾਣੇ ਦਾ ਰੁਖ ਕੀਕੂ ਦਾ ਹੁੰਦਾ ਹੈ ।
ਮੈਂ ਕਈ ਦਿਨ ਸੋਚਦਾ ਰਿਹਾ ਹਾਂ ਕਿ ਆਪ ਜੀ ਕਾਕਾ ਜੀ ਤੇ ਸਾਰੇ ਪਰਿਵਾਰ ਨੂੰ ਕੀਹ ਲਿਖਾਂ। ਵਿਛੋੜੇ ਦਿਲੀ ਮਰਮ ਸਥਾਨਾ ਨੂੰ ਸੱਟ ਮਾਰਦੇ ਹਨ ਤੇ ਨਿਰੋ ਹਮਦਰਦੀ ਦੇ ਪਤ੍ਰ ਕੀਹ ਸਾਰਦੇ ਹਨ । ਪਰ ਇਨਸਾਨ ਪਾਸ ਸਿਵਾ ਹਮਦਰਦੀ ਤੇ ਅਰਦਾਸ ਦੇ ਹੋਰ ਕਈ ਦਾਰੂ ਬੀ ਨਹੀਂ ਜੋ ਉਹ ਦੁੱਖ ਸੁੱਖ ਵੇਲੇ ਅਪਣਿਆਂ ਨਾਲ ਵੰਡ ਕੇ ਸੁੱਖ ਵਰਤਾਣ ਦਾ ਜਤਨ ਕਰੋ । ਦੁੱਖਾਂ ਦੇ ਵੇਲੇ ਜਗਤ ਵਿਚ ਦਿਲੀ ਦਰਦ ਹੀ ਪਰਸਪਰ ਪਯਾਰ ਹੈ ਤੇ ਦੁੱਖ ਘਟਾਨੇ ਦਾ ਤਰਲਾ ਹੈ। ਦਿਲੀ ਦਰਦ ਅਸੀ ਲਿਖ ਬੋਲ ਕੇ ਹੀ ਸਜਨਾਂ ਤਕ ਪੁਚਾ ਸਕਦੇ ਹਾਂ ।
ਵਾਹਿਗੁਰੂ ਆਪ ਦਾ ਸਹਾਈ ਹੋਵੇ ਤੇ ਆਪ ਦੇ ਹਿਰਦੇ ਵਿਚ ਆਪ ਨਿਵਾਸ ਕਰੇ ਜੋ ਓਥੇ ਵਿਛੋੜੇ ਦੀ ਪੀੜਾ ਕਾਯਾਂ ਪਲਟ ਕੇ ਵਾਹਿਗੁਰੂ ਪ੍ਰੇਮ ਬਣ ਜਾਵੇ । ਸਭ ਕੋਈ ਜਨਮ ਧਾਰ ਕੇ ਦੁੱਖ ਸੁੱਖ ਦੇਖਦਾ ਹੈ, ਪਰ ਮੁਬਾਰਕ ਹੈ ਉਹ ਦਿਲ ਜੋ ਇਹ ਸੱਟਾਂ ਖਾ ਕੇ ਵਾਹਿਗੁਰੂ ਦੇ ਚਰਨਾਂ ਵਲ ਰੁਖ਼ ਕਰਦਾ ਆਪਾ ਸੰਭਾਲਦਾ ਤੇ ਉਚ ਜੀਵਨ ਵਿਚ ਆ ਜਾਂਦਾ ਹੈ, ਸੁਰਤ ਜਦ ਉਚੇਰੀ ਰੌਂ ਵਿਚ ਆ ਜਾਂਦੀ ਹੈ ਤਾਂ ਆਪੇ ਦਾ ਟਿਕਾਉ ਤੇ ਸੁੱਖ ਅੰਦਰ ਤੁਲਹਾ ਬੰਨ ਦੇਂਦਾ ਹੈ ਕਿ ਜਿਸ ਨਾਲ ਫਿਰ ਮਨ ਡੋਲਦਾ ਨਹੀ ਤੇ ਜੀਵਨ ਯਾਤ੍ਰਾ ਪਵਿਤ੍ਰ ਪਰੋਪਕਾਰੀ ਤੇ ਪਰਮੇਸ਼ੁਰ ਨਾਲ ਸਦਾ ਮਿਲਾਪ ਵਾਲੀ ਬਸਰ ਕਰਦਾ ਹੈ ।
ਮੈਂ ਆਸ ਕਰਦਾ ਹਾਂ ਕਿ ਤੁਸੀ ਅਪਣੇ ਸੁਹਣੇ ਮਨ ਨੂੰ ਬਾਣੀ ਨਾਮ ਦੇ ਆਸਰੇ ਉੱਚਾ ਕਰ ਲਿਆ ਹੋਣਾ ਹੈ ਤੇ ਵਾਹਿਗੁਰੂ ਪਯਾਰੇ ਦੇ ਭਾਣੇ ਨੂੰ ਮਿੱਠਾ ਕਰ ਲਿਆ ਹੋਣਾ ਹੈ। ਮੇਰੀ ਅਰਦਾਸ ਹੈ ਕਿ ਸੱਚਾ ਪਾਤਸ਼ਾਹ ਆਪ ਦੇ ਅੰਗ ਸੰਗ ਹੋਵੇ ਤੇ ਤੁਸੀ ਤੇ ਸਾਰਾ ਪਰਵਾਰ ਸਿੱਖੀ ਸਿਦਕ ਭਰੋਸੇ ਵਿਚ ਵੱਸੋ। ਮੇਰੀ ਦਿਲੀ ਹਮਦਰਦੀ ਆਪ ਸਾਰਿਆਂ ਦੇ ਨਾਲ ਹੈ ।
ਹਿਤਕਾਰੀ
ਵ.ਸ.
19
ਡਾਕਟਰ ਖੁਦਾਦਾਦ ਜੀ ਨੂੰ ਸ਼ੋਕ ਦੀ ਤਾਰ ਦੇ ਜਵਾਬ ਵਿਚ ਤਾਰ-
१੮.५.३੬
Gargi ji has found her permanent abode.
We all are marching to that eternal home.
Let us move on with steady steps,
With our hopes centred in eternal union.
VIR SINGH
20
ਅੰਮ੍ਰਿਤਸਰ
૧੯.૫. ੩੬
ੴ ਸਤਿਗੁਰ ਪ੍ਰਸਾਦਿ
ਪਿਯਾਰੇ ਡਾਕਟਰ ਸਾਹਿਬ ਜੀਓ
ਆਪ ਜੀ ਦੀ ਤਾਰ ਕਲ੍ਹ ਪਹੁੰਚੀ ਜੀ, ਜਿਸ ਵਿਚ ਬੀਬੀ ਗਾਰਗੀ ਜੀ ਦੇ ਅਚਾਨਕ ਵਿਛੋੜੇ ਤੋਂ ਹੋਏ ਸਦਮੇਂ ਦਾ ਪਤਾ ਲਗਦਾ ਸੀ, ਮੈਂ ਉਸ ਵੇਲੇ ਆਪ ਜੋਗ ਤਾਰ ਵਿਚ ਸੰਦੇਸ ਘਲਿਆ ਸੀ, ਆਸ ਹੈ ਇਹ ਤਾਰ ਪੁੱਜ ਗਈ ਹੋਸੀ, ਅੱਜ ਆਪ ਜੋਗ ਇਕ ਹੋਰ ਤਾਰ ਦਿਤੀ ਸੀ ਜਿਸ ਦਾ ਮਜ਼ਮੂਨ ਇਹ ਸੀ ਕਿ ਮਾਇਆ ਜੀ, ਨਰੈਣ, ਟੂਲੀ, ਭਾਲੂ ਇਥੇ ਹਨ ਤੇ ਖ਼ੁਸ਼ ਹਨ, ਆਸ ਹੈ ਇਹ ਬੀ ਪੁੱਜ ਗਈ ਹੋਵੇਗੀ ।
ਬੀਬੀ ਗਾਰਗੀ ਨੇ ਜਿਤਨਾ ਪਿਆਰ ਬਾਬੀ ਜੀ ਤੋਂ, ਆਪ ਤੋਂ ਬਲਬੀਰ ਤੋਂ ਮਾਇਆ ਜੀ ਤੇ ਹੋਰ ਅਸਾਂ ਸਾਰਿਆਂ ਤੋਂ ਪ੍ਰਾਪਤ ਕਰਕੇ ਪਰਵਰਸ਼ ਪਾਈ ਸੀ ਉਹ ਉਸ ਦੀ ਬੜੀ ਭਾਰੀ ਸੁਭਾਗਤਾ ਸੀ, ਖ਼ਾਸ ਕਰ ਤੁਸਾਂ ਤਾਂ ਉਸ ਦੀ ਬੜੀ Tender Age (ਛੋਟੀ ਜਹੀ ਉਮਰ) ਤੋਂ ਪਿਆਰ ਭਰੀ ਪਾਲਨਾਂ ਕੀਤੀ ਸੀ। ਤੇ ਆਪ ਦੇ ਪਿਆਰ ਤੇ ਸਿਖਿਆ ਦੇ ਮੰਡਲ ਵਿਚ ਪਰਵਰਸ਼ ਪਾ ਕੇ ਬੀਬੀ ਇਕ ਕੁੰਦਨ ਤਿਆਰ ਹੋਈ ਸੀ । ਜੋ ਸੇਵਾ ਤੇ ਕੁਰਬਾਨੀ ਵਾਲਾ ਪਿਆਰ ਬੀਬੀ ਨੇ ਅਪਨੇ ਨਨਦੇਈਏ ਦੇ ਗੁਜ਼ਰ ਜਾਨ ਪਰ ਅਪਨੀ ਨਿਨਾਣ ਤੇ ਉਸ ਦੇ ਬੱਚਿਆਂ ਨਾਲ ਕੀਤਾ ਹੈ ਉਹ ਉਸ ਦੇ ਬਜ਼ੁਰਗ ਦਿਲ ਦਾ ਪੱਕਾ ਸਬੂਤ ਹੈ ਤੇ ਆਪ ਸਾਹਿਬਾਂ ਦੀ ਸਿਖਿਯਾ ਪਿਆਰ ਤੇ ਪਰਵਰਸ਼ ਦੀ ਸਫ਼ਲਤਾ ਦੀ ਜ਼ਿੰਦਾ ਦਲੀਲ ਤੇ ਮਿਸਾਲ ਹੈ। ਇਹ ਪਿਆਰ ਤੇ ਉਪਕਾਰ ਕਰਕੇ ਬੀਬੀ ਨੇ ਆਮ ਜਗਤ ਵਿਚ ਬੀ ਬੜਾ ਜਸ ਖਟਿਆ ਹੈ, ਐਸੀ ਸੋਹਣੀ ਜ਼ਿੰਦਗੀ ਦਾ ਇਸ ਤਰਾਂ ਅਚਾਨਕ ਵਿਛੜ ਜਾਣਾ ਇਨਸਾਨੀ ਦਿਲਾਂ ਲਈ ਤੇ ਪਿਆਰ ਵਾਲੇ ਦਿਲਾਂ ਲਈ ਅਸੈਹ ਸਦਮਾਂ ਹੈ, ਪਰ ਇਹ ਸਾਰਾ ਕੁਛ ਸਾਡੀ ਨਿਕੀ ਮਰਜ਼ੀ ਦੇ ਦਾਇਰੇ ਤੋਂ ਬਾਹਰ ਕਿਸੇ ਅਨੰਤ ਰਜ਼ਾਂ ਦੀ ਕਰਨੀ ਵਿਚ ਹੁੰਦਾ ਹੈ, ਜਿਸ ਅਗੇ ਸਰੇ ਤਸਲੀਮ ਨਿਹੜਾਉਣਾਂ ਹੀ ਬਣਦਾ ਹੈ । ਅਸੀ ਨਹੀਂ ਜਾਣਦੇ ਕਿ ਗੈਬ ਵਿਚੋਂ ਕਿੰਓ ਐਸਾ ਹੁੰਦਾ ਹੈ, ਪਰ ਗ਼ੈਬ ਵਿਚ, ਸਾਡਾ ਈਮਾਨ ਹੈ ਕਿ, ਅਨੰਤ ਭਲਿਆਈ ਦਾ ਚਸ਼ਮਾਂ ਹੈ, ਉਸ ਤੋਂ ਜੋ ਹੁੰਦਾ ਹੈ ਕਿਸੇ ਚੰਗਿਆਈ ਵਾਸਤੇ ਹੁੰਦਾ ਹੈ, ਇਸ ਲਈ ਚਾਹੇ ਸਾਡਾ ਪਿਆਰ ਦਿਲ ਨੂੰ ਹਿਲਾ ਦੇਂਦਾ ਤੇ ਬੇਚੈਨ ਕਰ ਸਕਦਾ ਹੈ ਪਰ ਸਾਨੂੰ ਉਸ ਨੇਕੀ-ਕੁਲ
ਦੀ ਕਰਨੀ ਨਾਲ ਜੋੜ ਚਾਹੀਦਾ ਹੈ ਤੇ ਟਿਕਵੇਂ ਦਿਲ ਨਾਲ ਤੇ ਅਡੋਲ ਕੀਤੀ ਬੁਧੀ ਨਾਲ ਉਸ ਦੀ ਰਜ਼ਾ ਵਿਚ ਮਰਜ਼ੀ ਨੂੰ ਮੇਲਨਾ ਚਾਹੀਦਾ ਹੈ । ਫਿਰ ਅਸੀ ਸਾਰੇ ਇਸੇ ਰਸਤੇ ਦੇ ਮੁਸਾਫ਼ਰ ਹਾਂ, ਕਿਤਨੇ ਅਜ਼ੀਜ਼ ਤੇ ਮਿੱਠੇ ਪਿਆਰੇ ਅਗੋ ਇਸੇ ਰਾਹੇ ਜਾ ਚੁਕੇ ਹਨ, ਅਸਾਂ ਬੀ ਉਸੇ ਰਾਹੇ ਜਾਣਾ ਹੈ ਤੇ ਓਥੇ ਪਹੁੰਚਣਾ ਹੈ । ਇਸ ਲਈ ਜੋ ਵਿਛੋੜੇ ਹੋ ਰਹੇ ਹਨ ਇਹ ਸਦਾ ਦੇ ਵਿਛੋੜੇ ਨਹੀਂ ਹਨ, ਇਹ ਕੁਛ ਸਮੇਂ ਲਈ ਹਨ, ਜਦੋਂ ਅਸਾਂ ਬੀ ਓਥੇ ਜਾਣਾ ਹੈ ਤਾਂ ਫਿਰ ਸਦਾ ਦੇ ਮੇਲੇ ਹੋਣੇ ਹਨ। ਇਸ ਕਰਕੇ ਇਹ ਵਿੱਥਾਂ 'ਵਿਛੋੜੇ' ਹੈਨ ਇਹ 'ਸਦਾ ਦੀਆਂ ਜੁਦਾਈਆਂ' ਨਹੀਂ । ਇਨ੍ਹਾਂ ਦੇ ਸਦਮੇ ਤਾਂ ਲਗਦੇ ਹਨ ਪਰ ਸਾਈਂ ਮੇਹਰ ਕਰੇ ਕਿ ਇਨਾਂ ਸਦਮਿਆਂ ਨੂੰ ਦਿਲ ਦੀ ਅਡੋਲਤਾ ਜਜ਼ਬ ਕਰ ਲਵੇ ਅਰ ਰਜ਼ਾ ਦੇ ਭਾਵ ਵਿਚ ਤੇ ਸ਼ੁਕ੍ਰ ਦੇ ਰੰਗ ਵਿਚ ਜਜ਼ਬ ਕਰੇ ਕਿੰਓ ਕੇ ਸਾਈਆਂ ਜੀਓ ਨੇ ਸਾਨੂੰ ਆਸ ਬਖ਼ਸ਼ੀ ਹੈ ਕਿ ਸਾਡਾ ਅਸਲਾ ਇਥੇ ਜੰਮਣ ਤੋਂ ਪੈਹਲਾਂ ਸੀ ਤੇ ਮਗਰੋਂ ਹੋਸੀ । ਚਾਹੇ ਸਾਨੂੰ ਠੀਕ ਪਤਾ ਨਹੀਂ ਕਿ ਕਿੰਞ ਸੀ ਤੇ ਕਿੰਞ ਹੋਸੀ। ਪਰ ਹੋਸੀ ਤੇ ਸੁਹਣਾ ਹੋਸੀ ਤੇ ਹੁਣ ਨਾਲੋਂ ਚੰਗਾ ਹੋਸੀ। ਇਸ ਆਸ ਵਿਚ, ਇਸ ਭਰੋਸੇ ਵਿਚ ਸਾਡੇ ਮਨ ਸੁੱਖ ਦੀ ਤਾਰ ਨੂੰ ਲੱਭ ਲੈਂਦੇ ਹਨ ਤੇ ਡੋਲਨੋਂ ਟਿਕ ਜਾਂਦੇ ਹਨ । ਆਸ ਹੈ ਤੁਸੀ ਹੁਣ ਤਾਈਂ ਸੁਖੀ ਤੇ ਅਡੋਲ ਹੋ ਗਏ ਹੋਸੋ । ਬੀਬੀ ਗਾਰਗੀ ਦੇ ਚਲਾਣੇ ਮਗਰੋਂ ਲਹੌਰ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਕੇ ਮਾਇਆ ਜੀ ਤੇ ਪਰਵਾਰ ਏਥੇ ਆ ਗਏ ਸਨ ਤੇ ਏਥੇ ਹਨ, ਤੇ ਸਾਰੇ ਰਜ਼ਾ ਵਿਚ ਰਾਜ਼ੀ ਹੈਨ, ਜਿਸ ਤਰਾਂ ਦਾ ਸਦਮਾ ਸੀ ਮਾਇਆ ਜੀ ਉਸ ਅਗੇ ਇਤਨੇ ਅਡੋਲ ਰਹੇ ਹਨ ਕਿ ਮਾਨੋਂ ਡੋਲੇ ਹੀ ਨਹੀਂ । ਉਨ੍ਹਾਂ ਨੇ ਭਾਣਾ ਮਿੱਠਾ ਕਰਕੇ ਮੰਨਿਆ ਹੈ। ਉਨ੍ਹਾਂ ਦੇ ਸਬਰ ਸ਼ੁਕਰ ਵਿਚ ਰੈਹਣ ਨੂੰ ਤੇ ਰਜ਼ਾ ਨਾਲ ਅਪਨੇ ਮਨ ਨੂੰ ਇਕਸੁਰ ਕਰਨੇ ਦੇ ਅਮਲੀ ਉੱਚ ਜੀਵਨ ਨੂੰ ਤਕ ਤਕ ਕੇ ਲਹੌਰ ਦੇ ਲੋਕੀ ਤੇ ਸੱਜਨ ਮਿਤਰ ਅਸ਼ ਅਸ਼ ਕਰ ਰਹੇ ਹਨ । ਮਾਇਆ ਜੀ ਦੇ ਐਸੇ ਸੋਹਣੇ ਜਿਗਰੇ ਨੇ ਪਰਵਾਰ ਤੇ ਬੱਚਿਆਂ ਤੇ ਸੋਹਣਾ ਅਸਰ ਪਾਇਆ ਹੈ ਤੇ ਉਨ੍ਹਾਂ ਨੂੰ ਵੇਖ ਕੇ ਸਾਰੇ Good Cheer (ਬੜੇ ਖ਼ੁਸ਼ ਤਬੀਅਤ) ਵਿਚ ਹੈਨ । ਤੁਸੀ ਦੂਰ ਹੋ ਤੇ ਇਕੱਲੇ, ਇਸ ਖ਼ਬਰ ਨੂੰ ਸੁਣ ਕੇ ਅਪਨੇ ਮਨ ਦੇ Resources ਤੋਂ ਹੀ Comfort ਢੂੰਢਣ ਤੇ ਸੁਖੀ ਹੋਣ ਵਿਚ ਤਾਣ ਲਾ ਰਹੇ ਹੋਸੋ, ਕਾਸ਼ ਇਸ ਵੇਲੇ ਅਸੀ ਸਾਰੇ ਆਪ ਦੇ ਪਾਸ ਹੁੰਦੇ ਤੇ ਆਪ ਮਾਇਆ ਜੀ ਦਾ ਇਸਤਕਲਾਲ ਤੇ ਸਬਰ ਸ਼ੁਕਰ ਵੇਖਦੇ ਤਾਂ ਆਪ ਨੂੰ ਬੜਾ ਹੌਸਲਾ ਤੇ ਧਰਵਾਸ ਮਿਲਦਾ । ਹੁਣ ਬੀ ਆਸ ਹੈ ਕਿ ਆਪ ਦਾ ਸਾਧਿਆ ਹੋਇਆ ਮਨ ਸੁਖੀ ਹੋ ਗਿਆ ਹੋਵੇਗਾ ਤੇ ਇਥੋਂ ਦਾ ਇਹ ਹਾਲ ਪੜ੍ਹ ਕੇ ਮੂਲੋਂ ਹੀ ਸੁਖੀ ਹੋ ਜਾਏਗਾ । ਸਾਡੀਆਂ ਦੁਆਵਾਂ ਤੇ ਦਿਲੀ ਪਿਆਰ ਦੇ ਵਲਵਲੇ ਤੁਸਾਂਦੇ ਸਹਾਈ ਹੋਣ ਤੇ ਇਸ ਦਿਸਦੇ ਤੇ ਅਣ ਦਿਸਦੇ ਜਗਤ ਦਾ ਅਨੰਤ ਮਾਲਕ ਤੁਸਾਨੂੰ ਪਿਆਰ ਕਰੇ ਤੇ ਅਪਨੇਂ ਪ੍ਰੇਮ ਨਾਲ ਸੁੱਖ ਤੇ Comfort (ਆਰਾਮ) ਦੇਵੇ । ਗੁਰੂ ਨਾਨਕ ਅੰਗ ਸੰਗ ।
ਹਿਤਕਾਰੀ
ਵ.ਸ.
21
ਅੰਮ੍ਰਿਤਸਰ
੧੯.੭.੩੬
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ
ਪਯਾਰੇ ਜੀਓ -
ਭਾਈ...ਸਿੰਘ ਜੀ ਗੜੀ ਵਾਲਿਆਂ ਦਾ ਖ਼ਤ ਆਯਾ ਹੈ ਜਿਸ ਵਿਚ ਉਨ੍ਹਾਂ ਨੇ ਬਰਖੁਰਦਾਰ,..ਜੀ ਦੇ ਭਰ ਜੁਆਨੀ ਵਿਚ ਆਪ ਸਜਣਾਂ ਨੂੰ ਵਿਛੋੜਾ ਦੇ ਕੇ ਪ੍ਰਲੋਕ ਗਮਨ ਦੀ ਖ਼ਬਰ ਲਿਖੀ ਹੈ। ਇਹ ਪੜ੍ਹ ਕੇ ਦਿਲ ਕੀ ਬਹੁਤ ਹੀ ਸੋਕ ਹੋਇਆ ਤੇ ਆਪ ਜੀ ਦੇ ਦਰਦ ਵਿਚ ਦਿਲੀ ਦਰਦ ਨਾਲ ਅਰਦਾਸ ਹੈ ਕਿ ਗੁਰੂ ਬਰਖ਼ੁਦਾਰ ਨੂੰ ਅਪਨੀ ਮਿਹਰ ਦੀ ਛਾਵੇਂ ਥਾਂ ਬਖ਼ਸ਼ੇ ਤੇ ਆਪ ਜੀ ਤੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੀ ਦਾਤ ਕਰੇ ।
ਇਸ ਪ੍ਰਕਾਰ ਦੇ ਡੂੰਘੇ ਘਾ ਲਾਣ ਵਾਲੇ ਵਿਛੋੜਿਆਂ ਤੇ ਦੋ ਚਾਰ ਦਰਦ ਦੇ ਅੱਖਰ ਲਿਖਣ ਵੇਲੇ ਸੋਚ ਫੁਰਦੀ ਹੈ ਕਿ ਅਸਾਂ ਅਮਲੀ ਤੇ ਅਸਲੀ ਪਿਆਰ ਇਸ ਵੇਲੇ ਕੀਹ ਕੀਤਾ ਹੈ । ਪਰ ਸੋਚ ਸੋਚ ਕੇ ਇਹੀ ਸਿੱਟਾ ਨਿਕਲਦਾ ਹੈ ਕਿ ਇਨਸਾਨ ਦਾ ਇਨਸਾਨ ਨਾਲ ਸੱਜਨ ਦਾ ਸੱਜਨ ਨਾਲ ਕਿ ਅਪਨੇ ਹਿਤੂ ਨਾਲ ਪਯਾਰ ਦਰਦ ਵੰਡਾਣ ਵਿਚ ਹੀ ਹੈ । ਪਯਾਰ ਦੇ ਸ਼ਬਦਾਂ ਨਾਲ ਹੀ ਉਦਾਸੀਆਂ ਵਿਚੋਂ ਕੱਢ ਸਕੀਦਾ ਹੈ । ਇਸੇ ਕਰਕੇ ਗੁਰੂ ਦਾਤੇ ਨੇ ਅਪਨੇ ਰੱਬੀ ਖਯਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਿਖ ਦਿਤੇ ਕਿ ਸਦਾ ਲਈ ਸਾਡੇ ਅੰਗ ਸੰਗ ਆਪ ਰਹਣ ਤੇ ਉਨ੍ਹਾਂ ਦੇ ਉਚਾਰੇ ਪਯਾਰ ਤੇ ਉਪਦੇਸ਼ ਦੇ ਵਾਕ ਸਾਨੂੰ ਦੁੱਖਾਂ ਦੀ ਨੈਂ ਵਿਚੋਂ ਕਢਦੇ ਰਹਣ। ਇਸੇ ਖਯਾਲ ਤੇ ਮੈਂ ਇਸ ਵੇਲੇ ਆਪ ਜੀ ਦਾ ਖਯਾਲ ਸ੍ਰੀ ਗੁਰੂ ਜੀ ਦੀ ਬਾਣੀ ਵਲ ਵਿਸ਼ੇਸ਼ ਪੁਆਉਣਾ ਚਾਹੁੰਦਾ ਹਾਂ ਕਿ ਓਥੇ ਸੱਚੇ ਪਾਤਸ਼ਾਹ ਨੇ ਉਦਾਸੀਆਂ ਦੇ ਦਾਰੂ ਤੇ ਜ਼ਖ਼ਮੀ ਦਿਲਾਂ ਦੀਆਂ ਮਰਹਮਾਂ ਰਖੀਆਂ ਹਨ। ਆਪ ਗੁਰਬਾਣੀ ਵਲ ਅਗੇ ਹੀ ਵਿਸ਼ੇਸ਼ ਰੁਚੀ ਰਖਦੇ ਹੋ । ਇਸ ਵੇਲੇ ਬਾਣੀ ਨੇ ਜ਼ਰੂਰ ਸਹਾਯਤਾ ਕੀਤੀ ਹੋਣੀ ਹੈ । ਹੋਰ ਬੀ ਜਿਤਨਾ ਵਧੀਕ ਰੁਖ਼ ਇਸ ਅੰਮ੍ਰਿਤ ਸੋਮੇ ਵਲ ਕਰੋਗੇ ਉਤਨਾ ਸੁਖ ਪ੍ਰਾਪਤ ਹੋਵੇਗਾ ।
ਸਤਿਗੁਰੂ ਸਾਨੂੰ ਬਾਣੀ ਵਿਚ ਦਸਦੇ ਹਨ ਕਿ ਇਥੋਂ ਸਰੀਰ ਛੋੜ ਕੇ ਟੁਰ ਜਾਣਾ ਵਿਨਾਸ਼ ਨਹੀਂ ਹੈ, ਪਰ ਚੋਲਾ ਬਦਲਨਾ ਹੈ! ਮਰ ਕੇ ਜੋ ਪਯਾਰੇ ਵਿਛੁੜਦੇ ਹਨ ਸੋ ਜੀਉਂਦੇ ਹਨ, ਕੇਵਲ ਹਾਲਤ ਬਦਲਦੀ ਹੈ, ਰੰਗ ਵਟੀਜਦਾ ਹੈ। ਰੂਹ ਜੀਉਂਦੀ ਹੈ। ਤੇ ਜਦ ਸਭ ਨੇ ਹੀ ਏਥੋਂ ਟੁਰ ਜਾਣਾ ਹੈ ਤਾਂ ਆਪ ਆਗਯਾ ਕਰਦੇ ਹਨ ਕਿ ਚਿੰਤਾ ਵਸ ਨਾ ਹੋਯਾ ਕਰੋ, ਇਸ ਨੂੰ ਕਰਤੇ ਪੁਰਖ ਦਾ ਹੁਕਮ ਜਾਣ ਕੇ ਅਪਨੇ ਜੀਵਨ ਨੂੰ ਸੁਆਰਨ
ਵਿਚ ਵਧੇਰੇ ਉੱਦਮ ਧਾਰਿਆ ਕਰੋ, ਇਕ ਸ਼ਬਦ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ' ਆਪ ਪ੍ਰਸ਼ਨ ਕਰ ਕੇ ਸਦਾ ਦੇ ਸੁੱਖ ਦਾ ਰਾਹ ਐਉਂ ਦਸਿਆ ਹੈ :
ਸਭਨਾ ਮਰਣਾ ਆਇਆ ਵੇਛੋੜਾ ਸਭਨਾਹ
ਪੁਛਹੁ ਜਾਇ ਸਿਆਣਿਆ ਆਗੈ ਮਿਲਣੁ ਕਿ ਨਾਹ ॥
ਇਹ ਪ੍ਰਸ਼ਨ ਦਾ ਆਪ ਹੀ ਉੱਤਰ ਦੇਂਦੇ ਹਨ :
ਜਿਨ ਮੇਰਾ ਸਾਹਿਬੁ ਵੀਸਰੈ ਵਡੜੀ ਵੇਦਨ ਤਿਨਾਹ ॥
ਅਰਥਾਤ ਕਿ ਜਿਨ੍ਹਾਂ ਨੂੰ ਰੱਬ ਭੁੱਲ ਗਿਆ ਹੈ ਉਨ੍ਹਾਂ ਨੂੰ ਵਿਛੋੜਾ ਹੁੰਦਾ ਹੈ, ਜਿਸ ਦਾ ਸਿਧਾਂਤ ਏਹ ਨਿਕਲਦਾ ਹੈ ਕਿ ਰੱਬ ਸਾਈਂ ਜੀ ਨੂੰ ਯਾਦ ਰਖਣ ਵਾਲੇ ਸਾਰੇ ਫੇਰ ਮਰਨ ਉਪ੍ਰੰਤ ਮਿਲਦੇ ਹਨ । ਇਸ ਤੋਂ ਸਿੱਟਾ ਨਿਕਲਿਆ ਕਿ ਸਾਨੂੰ ਚਾਹੀਦਾ ਹੈ ਕਿ ਅਸੀ ਅਪਨੇ ਵਿਛੜੇ ਪਿਆਰਿਆਂ ਦੇ ਵਿਯੋਗ ਵਿਚ ਦੁੱਖਾਂ ਤੇ ਹਾਵਿਆਂ ਵਿਚ ਰੋ ਰੋ ਕੇ ਆਪਾ ਨਾਂਹੇ ਵੰਝਾਈਏ ਸਗੋਂ ਵਾਹਿਗੁਰੂ ਜੀ ਦੇ ਨਾਮ ਵਿਚ ਪਰਵਿਰਤ ਹੋਵੀਏ, ਇਸ ਕਰ ਕੇ ਅਗਲੀ ਤੁਕ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਗਿਆ ਕੀਤੀ ਹੈ ਕਿ :
ਭੀ ਸਾਲਾਹਿਹੁ ਸਾਚਾ ਸੋਇ ॥ ਜਾਕੀ ਨਦਰ ਸਦਾ ਸੁਖੁ ਹੋਇ ॥
ਅਰਥਾਤ ਹੇ ਭਾਈ ਉਸ ਸੱਚੇ ਅਕਾਲ ਪੁਰਖ ਦੀ ਸਿਫ਼ਤ ਸਲਾਹ ਕਰੋ ਜਿਸ ਦੀ ਮਿਹਰ ਨਾਲ ਸਦਾ ਦਾ ਸੁੱਖ ਪ੍ਰਾਪਤ ਹੁੰਦਾ ਹੈ । ਸੋ ਸ੍ਰੀ ਗੁਰੂ ਜੀ ਅਪਨੇ ਸਿੱਖਾਂ ਨੂੰ ਇਹ ਰਸਤਾ ਦੱਸਦੇ ਹਨ ਕਿ ਨਾਮ ਸਿਮਰੋ ਤੇ ਦੁੱਖ ਭਰ ਭਰ ਕੇ ਰੋਣ ਤੋਂ ਮਨ੍ਹਾਂ ਕਰਦੇ ਹਨ ਜਿਹਾ ਕਿ ਫ਼ੁਰਮਾਇਆ ਨੇ :
ਵਡਾ ਕਰਿ ਸਾਲਾਹਣਾ ਹੈ ਭੀ ਹੋਸੀ ਸੋਇ ॥
ਸਭਨਾ ਦਾਤਾ ਏਕੁ ਤੂ ਮਾਣਸ ਦਾਤਿ ਨ ਹੋਇ ॥
ਜੋ ਤਿਸੁ ਭਾਵੈ ਸੋ ਥੀਐ ਰੰਨ ਕਿ ਰੁੰਨੈ ਹੋਇ ॥
ਅਰਬ ਇਹ ਕਿ ਇਸਤ੍ਰੀਆਂ ਵਾਂਗੂੰ ਰੋਵੋ ਨਹੀਂ, ਰੋਵਿਆਂ ਕੁਛ ਨਹੀਂ ਬਣਦਾ ਕਿਉਂਕਿ ਕਿਸੇ ਪ੍ਰਾਣੀ ਦਾ ਜੋ ਸੰਸਾਰ ਤੋਂ ਚਲਾਣਾ ਹੋਇਆ ਸੋ ਉਸ ਦੇ ਭਾਣੇ ਵਿਚ ਹੋਇਆ ਹੈ, ਉਸ ਤੋਂ ਬਿਨਾਂ ਕੌਈ ਮਾਰਨ ਜੀਵਾਲਣ ਨੂੰ ਸਮਰਥ ਨਾਹੀ ਹੈ, ਤੇ ਨਾ ਹੀ ਕਿਸੇ ਮਨੁੱਖ ਤੋਂ ਕੋਈ ਦਾਤ ਪ੍ਰਾਪਤ ਹੋ ਸਕਦੀ ਹੈ, ਦਾਤਾ ਬੀ ਓਹੋ ਆਪ ਹੈ ਤਾਂ ਤੇ ਇਸ ਦੀ ਦਲੀਲ ਬੀ ਇਹੋ ਨਿਕਲੀ ਕਿ ਦਾਤਾ ਬੀ ਵਾਹਿਗੁਰੂ ਹੈ, ਮਰਨਾਂ ਜਮਣਾ ਵੀ ਉਸ ਦੇ ਹੱਥ ਹੈ ਮਨੁੱਖ ਦੇ ਹੱਥ ਨਹੀਂ ਤਾਂ ਤੇ ਮਨੁੱਖਾਂ ਦੀ ਟੇਕ ਵਲ ਪੈਕੇ ਨਾਂ ਭੁੱਲੋ। ਸਭ ਮਨੁੱਖਾਂ ਦੇਵਤਿਆਂ ਤੋਂ ਵਡਾ ਹੈ ਵਾਹਿਗੁਰੂ ਤੇ ਉਸ ਦੀ ਸਿਫ਼ਤ ਸਲਾਹ ਵਿਚ ਸਾਨੂੰ ਲਗਣਾ ਯੋਗ ਹੈ । ਸਿੱਟਾ ਮਹਾਰਾਜ ਜੀ ਦੇ ਉਪਦੇਸ਼ ਦਾ ਇਹ ਨਿਕਲਿਆ ਕਿ ਸਭਨਾਂ ਨੇ ਮਰਨਾਂ ਹੈ ਵਿਛੋੜਾ ਸਭ ਦੇ ਸਿਰ ਖੜਾ ਹੈ, ਜਿਨ੍ਹਾਂ ਨੂੰ ਵਾਹਿਗੁਰੂ ਯਾਦ ਨਹੀਂ ਹੈ ਉਨ੍ਹਾਂ ਨੂੰ ਇਹ ਵਿਛੋੜਾ ਦੁਖਦਾਈ ਹੋਵੇਗਾ ਜਿਨ੍ਹਾਂ ਨੂੰ ਯਾਦ ਹੈ ਉਨ੍ਹਾਂ ਨੂੰ ਕੋਈ ਪੀੜਾ ਨਹੀਂ ਹੋਣੀ ਕਿਉਂਕਿ ਉਨ੍ਹਾਂ ਦੇ ਵਿਛੋੜੇ ਹੋਣੇ ਹੀ ਨਹੀਂ ਓਹ ਤਾਂ ਸਾਰੇ ਵਾਹਿਗੁਰੂ ਦੇ
ਯਾਦ ਵਾਲੇ ਵਾਹਿਗੁਰੂ ਨੂੰ ਪ੍ਰਾਪਤ ਹੋਣਗੇ । ਜੋ ਇਕ ਥਾਂ ਲਿਵ ਲਾਉਂਦੇ ਰਹੇ ਹਨ, ਇਕ ਹਾਲ ਯਾ ਇਕ ਅਨੰਤ ਦੇ ਟਿਕਾਣੇ ਵਿਚ ਜਾਣਗੇ ਓਹ ਤਾਂ ਮਿਲਨਗੇ ਹੀ। ਸਾਰੇ ਜੇ ਇਕ ਥਾਂ ਗਏ ਸੋ ਤਾਂ ਸਦਾ ਦੇ ਮੇਲ ਵਿਚ ਮਿਲ ਗਏ ਉਨ੍ਹਾਂ ਨੂੰ ਵਿਛੋੜੇ ਦਾ ਦੁੱਖ ਕਿਉਂ ਹੋਸੀ । ਇਸ ਕਰ ਕੇ ਚੰਗੀ ਗੱਲ ਇਹੋ ਹੈ ਕਿ ਵਿਛੜ ਗਿਆਂ ਨੂੰ ਰੋਵੋ ਨਾਂਹ, ਉਨ੍ਹਾਂ ਦਾ ਦੁੱਖ ਨਾਂਹ ਕਰੋ । ਸਗੋਂ ਵਾਹਿਗੁਰੂ ਦੇ ਚਰਨਾਂ ਵਲ ਧਿਆਨ ਕਰੋ । ਓਹ ਦਾਤਾ ਹੈ । ਉਹ ਸਮਰਥ ਹੈ, ਉਸ ਦੀ ਸਿਫ਼ਤ ਸਲਾਹ ਕਰੋ, ਉਸ ਦੀ ਮੇਹਰ ਨਾਲ ਸਦਾ ਦਾ ਸੁੱਖ ਪ੍ਰਾਪਤ ਹੁੰਦਾ ਹੈ । ਉਹ ਸਦਾ ਥਿਰ ਹੈ। ਸਦਾ ਥਿਰ ਹੀ ਸਦਾ ਸੁੱਖ ਦੇ ਸਕਦਾ ਹੈ !
ਹੁਣ ਵੀਚਾਰ ਏਹ ਰਹੀ ਕਿ ਸਿਫ਼ਤ ਸਲਾਹ ਕਿਸ ਤਰ੍ਹਾਂ ਕਰਨੀ ਹੈ । ਗੁਰੂ ਕੀ ਬਾਣੀ ਸਿਫਤ ਸਲਾਹ ਨਾਲ ਭਰੀ ਪਈ ਹੈ । ਬਾਣੀ ਦਾ ਪਾਠ ਕਰਨਾ, ਸੁਣਨਾਂ, ਕੀਰਤਨ ਤੇ ਵੀਚਾਰ ਇਹੋ ਹੈ ਸਿਫ਼ਤ ਸਲਾਹ ਦਾ ਰਸਤਾ ਜਿਸ ਨੂੰ ਕਰਦਿਆਂ ਠੰਢ ਪੈਂਦੀ ਹੈ । ਫੇਰ ਇਸ ਬਾਣੀ ਦਾ ਵਿਚਾਰ ਕਿਸ ਪਾਸੇ ਲੈ ਜਾਂਦਾ ਹੈ ਕਿ ਨਾਮ ਜਪੋ, ਨਾਮ ਫਿਰ ਦਮ ਬਦਮ ਦੀ ਸਿਫ਼ਤ ਸਲਾਹ ਹੈ । ਸਾਈਂ ਜੀ ਦਾ ਉਸ ਹਿਰਦੇ ਵਿਚ ਅਖੰਡ ਕੀਰਤਨ ਹੋ ਰਿਹਾ ਹੈ ਜਿਸ ਵਿਚ ਸਾਈਂ ਦੇ ਨਾਮ ਦਾ ਸਿਮਰਣ ਟੁਰ ਪਿਆ ਹੈ।
ਸੋ ਗੁਰੂ ਜੀ ਨੇ ਅਪਨੇ ਸਿੱਖਾਂ ਨੂੰ ਦਿਲ ਨੂੰ ਕਠੋਰ ਕਰਨ ਵਾਲਾ ਯਾ ਖ਼ੁਸ਼ਕ ਗਿਆਨ ਵਾਲਾ ਧੀਰਜ ਨਹੀਂ ਬਨਾਇਆ ਸਗੋਂ ਅਸਲੀਅਤ ਦਸ ਕੇ ਪਿਆਰ ਤੇ ਭਗਤੀ ਨੂੰ ਅੰਦਰ ਪਾ ਕੇ ਸਾਈਂ ਵਲ ਜੋੜਿਆ ਹੈ । ਜਦੋਂ ਕਿ ਪਿਆਰਾ ਅਤਿ ਪਿਆਰਾ ਵਿਛੁੜਦਾ ਹੈ ਦਿਲ ਬਿਰਹ ਪੀੜਾ ਨਾਲ ਪੰਘਰ ਜਾਂਦਾ ਹੈ। ਇਸੇ ਕਰ ਕੇ ਰੁਦਨ ਹੈ ਇਸੇ ਕਰ ਕੇ ਕਲੇਜੇ ਵਿਚ ਕੁਛ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਪਹਿਲਾਂ ਤਾਂ ਕਹਿੰਦੇ ਹਨ ਕਿ :
ਚਿੰਤਾ ਤਾਕੀ ਕੀਜੀਐ ਜੋ ਅਨਹੋਨੀ ਹੋਇ ॥
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥
ਪਰ ਏਥੇ ਬਸ ਨਹੀਂ ਕਰਦੇ । ਗੁਰਬਾਣੀ ਵਿਚ ਦਸਦੇ ਹਨ ਕਿ ਹੁਣ ਤੇਰਾ ਮਨ ਪੰਘਾਰ ਵਿਚ ਹੈ ਵਿਚਾਰ ਕੇ ਦੇਖ ਕਿ ਅਪਨੀ ਉਮਰਾ ਬੀ ਵਿਹਾ ਰਹੀ ਹੈ :
ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ॥
ਮੇਘ ਬਿਨਾ ਜਿਉ ਖੇਤੀ ਜਾਇ !
ਸੰਮ੍ਹਾਲਾ ਕਰ ਤੇ ਵੀਚਾਰ ਕਿ ਮਰਨਾ ਤੇ ਵਿਛੋੜਾ ਸਭ ਦੇ ਸਿਰ ਹੈ, ਨਾ ਗ਼ਮਾਂ ਵਿਚ ਰੁੜ੍ਹ, ਨਾ ਖ਼ੁਸ਼ਕ ਗਿਆਨ ਵਿਚ ਦਿਲ ਕਰੜਾ ਕਰ, ਪਰ ਸਾਈਂ ਦੇ ਚਰਨਾਂ ਵਲ ਝੁਕ, ਉਸ ਦੀ ਸਿਫ਼ਤ ਸਲਾਹ ਵਿਚ ਆ ਜਿਸ ਨਾਲ ਤੇਰੇ ਦਿਲ ਦੀ ਮੈਲ ਉਤਰੇ :
ਗੁਨ ਗਾਵਤ ਤੇਰੀ ਉਤਰਸਿ ਮੈਲੁ ॥
ਮੈਲ ਉਤਰਿਆਂ ਤੇ ਫੇਰ ਵਾਹਿਗੁਰੂ ਜੀ ਦਾ ਨਾਮ ਰਸ ਰੂਪ ਹੋ ਜਾਂਦਾ ਹੈ । ਇਸ ਤਰ੍ਹਾਂ ਗੁਰੂ ਜੀ ਨੇ ਸਾਡੇ ਵਿਛੋੜੇ ਨਾਲ ਦੁਖੇ ਮਨਾਂ ਨੂੰ ਵਾਹਿਗੁਰੂ ਜੀ ਦੇ ਠੰਢੇ ਚਰਨਾਂ ਵਲ ਧਿਆਨ ਦੁਆਕੇ ਉੱਚਿਆਂ ਕੀਤਾ ਤੇ ਉਸ ਰਸਤੇ ਪਾਇਆ ਹੈ ਕਿ ਜਿਸ ਰਸਤੇ
ਟੁਰ ਕੇ ਨਾ ਕੇਵਲ ਵਿਛੋੜੇ ਦੀ ਪੀੜਾ ਦੂਰ ਹੁੰਦੀ ਹੈ ਸਗੋਂ ਸਾਈਂ ਚਰਨਾਂ ਨਾਲ ਨੇਂਹੁ ਲਗ ਕੇ ਜਨਮ ਮਰਨ ਦੀ ਪੀੜਾ ਦੂਰ ਹੁੰਦੀ ਹੈ ਤੇ ਵਾਹਿਗੁਰੂ ਜੀ ਦੇ ਮੇਲ ਦਾ ਸਦਾ ਸੁੱਖ ਪ੍ਰਾਪਤ ਹੁੰਦਾ ਹੈ ।
ਤੁਸੀ ਮੁਦਤਾਂ ਤੋਂ ਪੰਥ ਸੇਵਾ ਵਿਚ ਲਗ ਰਹੇ ਹੋ, ਗੁਰਬਾਣੀ ਦੇ ਪ੍ਰੇਮੀ ਹੋ। ਸਤਿਸੰਗ ਵਿਚ ਜਾਂਦੇ ਆਉਂਦੇ ਹੋ । ਗੁਰੂ ਸਾਹਿਬ ਦੇ ਮਨੋਰਥਾਂ ਨੂੰ ਸਮਝਦੇ ਹੋ ਇਸ ਲਈ ਇਸ ਪੀੜਾ ਵੇਲੇ ਕਿ ਜੋ ਸੰਸਾਰ ਮੂਜਬ ਡਾਢੀ ਕਰੜੀ ਪੀੜਾ ਹੈ ਵਾਹਿਗੁਰੂ ਜੀ ਦੇ ਚਰਨਾਂ ਵਲ ਵਧੇਰੇ ਰੁੱਚੀ ਕਰੋ । ਵਧੇਰੇ ਮਨ ਨੂੰ ਉਸ ਸਦਾ ਦੇ ਸੁਖਦਾਤੇ ਦੇ ਨੇੜੇ ਹੋਰ ਨੇੜੇ ਲਿਆਓ !
ਕਾਲ ਬਤੀਤ ਹੋ ਰਿਹਾ ਹੈ ਉਮਰਾ ਦਰਯਾ ਦੇ ਵੇਗ ਵਾਂਝੁ ਤੁਰੀ ਜਾ ਰਹੀ ਹੈ। ਛਿਨ ਛਿਨ ਕਰ ਕੇ ਵਰਹੇ ਬੀਤ ਰਹੇ ਹਨ ਛਿਨ ਛਿਨ ਵਿਚ ਸਾਈਂ ਦੀ ਸੰਭਾਲ-ਨਾਮ ਸਿਮਰਨ-ਵਿਚ ਜੀਵਨ ਨੂੰ ਲਈ ਚਲੋ । ਜੇ ਅਗੇ ਨਾਮ ਵਿਚ ਸਮਾਂ ਲੰਘ ਰਿਹਾ ਹੈ ਤਾਂ ਹੁਣ ਹੋਰ ਜ਼ੋਰ ਨਾਲ ਲਾਓ ਜੇ ਅਗੇ ਕੁਝ ਢਿਲ ਮੱਠ ਪੈਂਦੀ ਹੈ ਤਾਂ ਹੋਰ ਸਾਵਧਾਨ ਹੋ ਜਾਓ । ਸੁੱਖਾਂ ਦੇ ਦਾਤੇ, ਧਨ ਦੇ ਦਾਤੇ, ਪੁਤ੍ਰ ਪਰਵਾਰ ਦੇ ਦਾਤੇ, ਇੱਜ਼ਤ ਤੇ ਵਡਿਆਈ ਦੇ ਦਾਤੇ ਸਤਿਸੰਗ ਤੇ ਗੁਰਬਾਣੀ ਦੋ ਦਾਤੇ ਅਕਾਲ ਪੁਰਖ ਜੀ ਦੇ ਨਿਕਟ- ਵਰਤੀ ਵਧ ਤੋਂ ਵਧ ਬਣੋ ਇਹੋ ਸਤਿਗੁਰਾਂ ਦਾ ਹੁਕਮ ਹੈ । ਹਰ ਵਿਛੋੜਾ ਹਰ ਖੇਚਲ ਗੁਰਸਿੱਖ ਨੂੰ ਇਹ ਸਿਖਲਾਂਦੇ ਹਨ ਕਿ ਸੰਸਾਰ ਅਸੱਤ ਹੈ, ਵਾਹਿਗੁਰੂ ਸੱਤ ਹੈ, ਅਸੱਤ ਵਲੋਂ ਮਨ ਨੂੰ ਅੰਦਰ ਉਪ੍ਰਾਮ ਰਖੋ ਤੇ ਸੱਤ ਨਾਲ ਨੇਹੁੰ ਵਧਾਓ । ਗ੍ਰਹਸਤ ਵਿਚ ਬੈਠੇ ਕਾਰ ਵਿਹਾਰ ਕਰਦੇ ਸਾਈਂ ਦੀ ਯਾਦ ਅੰਦਰ ਵੱਸੋ । ਬਸ ਇਹ ਹੀ ਉਸ ਦਾਤੇ ਨਾਲ ਪ੍ਰੇਮ ਤੇ ਇਸ ਨਾਲ ਜਗਤ ਤੋਂ ਉਪ੍ਰਾਮਤਾ ਦਾ ਭਾਵ ਅੰਦਰ ਵਸਾਓ।
ਆਸ ਹੈ ਤੁਸੀ ਗੁਰਬਾਣੀ ਦੀ ਟੇਕ ਲੈ ਕੇ ਅਪਨੇ ਆਪ ਨੂੰ ਇਸ ਯਤਨ ਵਿਚ ਪਾਇਆ ਹੋਇਆ ਹੋਣਾ ਹੈ ।
ਮੈਂ ਕੁਛ ਅੱਖਰ ਇਸ ਲਈ ਲਿਖੇ ਹਨ ਕਿ ਉਸ ਯਤਨ ਵਿਚ ਕੁਝ ਹੋਰ ਮਦਤ ਹੋ ਜਾਏ । ਦੁਖ ਸੁਖ ਵੇਲੇ ਜਿਸ ਨੂੰ ਪੀੜ ਹੁੰਦੀ ਹੈ ਉਸੇ ਨੂੰ ਮਾਲੂਮ ਹੁੰਦਾ ਹੈ ਪਰ ਜੋ ਸੱਜਨ ਦੁਖ ਸੁਣਨੇ ਨਾਲ ਪੀੜਤ ਹੁੰਦੇ ਹਨ ਓਹ ਜੇ ਪਿਆਰ ਕਰਨ ਤਾਂ ਇਹੋ ਉਸ ਦਾ ਸਰੂਪ ਹੈ ਕਿ ਅਪਨੇ ਪਿਆਰੇ ਨੂੰ ਗੁਰੂ ਕੇ ਚਰਨਾਂ ਵਲ ਵਧੇਰੇ ਪ੍ਰੇਰਨ । ਨਾਮ ਵਿਚ ਵਧੇਰੇ ਉੱਦਮ ਦਵਾਵਣ । ਵਾਹਿਗੁਰੂ ਪ੍ਰੇਮ ਦੀ ਰੁੱਚੀ ਵਧਾਉਣ ਤੇ ਭਾਣੇ ਤੇ ਰਜ਼ਾ ਨੂੰ ਮਿੱਠਾ ਕਰ ਮਨਣ ਦੇ ਰਸਤੇ ਵਿਚ ਢਾਹਾ ਦੇਣ । ਜਿਸ ਨਾਲ ਕਿ ਵਿਛੋੜੇ ਨਾਲ ਪੀੜਤ ਮਨ ਉੱਚਾ ਉਠੇ । ਅੰਦਰਲਾ ਆਪਾ ਹੰਬਲਾ ਮਾਰੇ ਨਾਮ ਨੂੰ ਅੰਦਰ ਜਫ਼ਾ ਮਾਰੇ ਤੇ ਆਪ ਸਰਬ ਸੁਖਾਂ ਦਾ ਦਾਤਾ-ਨਾਮ-ਤਾਂ ਮੇਰੇ ਅੰਦਰ ਬੈਠਾ ਹੈ, ਇਹੋ ਨਾਮ ਹੈ ਵਾਹਿਗੁਰੂ ਜੀ ਦਾ ਵਿੱਦਤ ਸਰੂਪ ਜੋ ਅਪਨੇ ਆਪ ਨੂੰ ਸਾਡੇ ਮਨਾਂ ਤੇ ਪ੍ਰਗਟ ਕਰਦਾ ਹੈ, ਮੈਂ ਇਸ ਆਸਰੇ ਉੱਚਾ ਹੋਵਾਂ ਤੇ ਵਾਲੇਵੇ ਦਾ ਰੋਣ ਮੈਨੂੰ ਨਾ ਆਵੇ । ਭਾਣੇ ਮਨਣ ਦੀ ਨਰਮੀ ਆਵੇ, ਅਰਦਾਸ ਵਿਚ ਚਿੱਤ ਲਗੇ । ਸ਼ੁਕਰ ਦਾ ਹੀਲਾ ਹੋ ਆਵੇ ਤੇ ਨਾਮ ਦੇ ਤੁਲਹੇ ਦੇ ਆਸਰੇ ਸੰਸਾਰ ਸਾਗਰ ਵਿਚ ਉੱਚਾ ਉੱਚਾ ਤਰਦਾ ਜਾਵਾਂ । ਵਾਹਿਗੁਰੂ ਮੇਹਰ ਕਰੋ । ਗੁਰੂ ਨਾਨਕ ਦੇਵ ਆਪ
ਦਾ ਸਹਾਈ ਹੋਵੇ । ਬਾਣੀ ਨਾਮ ਦਾ, ਪ੍ਰੇਮ ਦਾ ਦਾਨ ਹੋਵੇ। ਆਪ ਦਾ ਜੀਵਨ ਗੁਰਮੁਖ ਜੀਵਨ ਹੋਵੇ ਜੋ ਮੁਰਗਾਈ ਨੈਸਾਣੇ ਵਾਂਙੂ ਹੁੰਦਾ ਹੈ ।
ਜੈਸੋ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈਸਾਣੇ ॥
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ ॥
ਮੇਰੀ ਦਿਲੀ ਹਮਦਰਦੀ ਇਸ ਵਿਛੋੜੇ ਵਿਚ ਆਪ ਦੇ ਨਾਲ ਹੈ ਤੇ ਮੇਰੀ ਦਿਲੀ ਅਰਦਾਸ ਹੈ ਕਿ ਇਸ ਵੇਲੇ ਆਪ ਦੇ ਦਿਲ ਵਿਚ ਗੁਰਮੁਖਤਾਈ ਤੇ ਨਾਮ ਬਾਣੀ ਦੀ ਜੋ ਦਾਤ ਹੈ : ਚਾਹੇ ਓਹ ਕਿੰਨੀ ਨਿਕੀ ਹੈ ਚਾਹੇ ਓਹ ਕਿੰਨੀ ਵਡੀ ਹੈ, ਹੁਲਾਰਾ ਮਾਰੇ, ਵਧੇ ਤੇ ਆਪ ਉਸ ਚੋਟੀ ਤੇ ਜਾ ਖੜੇਵੋ ਜਿਥੇ ਖੜੋ ਕੇ ਗੁਰਸਿੱਖ ਤੇ ਗੁਰਮੁਖ ਅਕਾਲ ਪੁਰਖ ਦੇ ਭਾਣੇ ਨੂੰ ਉਸ ਦੇ ਚੋਜ ਜਾਣ ਕੇ ਮਿੱਠਾ ਕਰ ਮੰਨਦੇ ਤੇ ਆਖਦੇ ਹਨ :
ਗਉੜੀ ਮ: ੫
ਮੀਤੁ ਕਰੈ ਸੋਈ ਹਮ ਮਾਨਾ ॥
ਮੀਤ ਕੇ ਕਰਤਬ ਕੁਸਲ ਸਮਾਨਾ ॥
ਏਕਾ ਟੇਕ ਮੇਰੈ ਮਨਿ ਚੀਤ ॥
ਜਿਸੁ ਕਿਛੁ ਕਰਣਾ ਸੁ ਹਮਰਾ ਮੀਤ ॥੧॥ ਰਹਾਉ ॥
ਮੀਤ ਹਮਾਰਾ ਵੇ ਪਰਵਾਹਾ ॥
ਗੁਰ ਕਿਰਪਾ ਤੇ ਮੋਹਿ ਅਸਨਾਹਾ ॥੨॥
ਮੀਤੁ ਹਮਾਰਾ ਅੰਤਰਜਾਮੀ ॥
ਸਮਰਥ ਪੁਰਖ ਪਾਰਬ੍ਰਹਮ ਸੁਆਮੀ ॥੩॥
ਹਮ ਦਾਸੇ ਤੁਮ ਠਾਕੁਰ ਮੇਰੇ ॥
ਮਾਨੁ ਮਹਤੁ ਨਾਨਕ ਪ੍ਰਭੁ ਤੇਰੇ ॥੪ ॥
ਗੁਰੂ ਨਾਨਕ ਦੇਵ ਆਪਦਾ ਸਹਾਈ ਹੋਵੇ ਤੇ ਆਪ ਨੂੰ ਨਾਮ ਦਾਨ ਵਿਚ ਪ੍ਰਫੁਲਤ ਕਰੇ ਤੇ ਇਸ ਵੇਲੇ ਸਹਾਯਤਾ ਦੇ ਕੇ ਦਿਲ ਸੁਖੀ ਕਰੇ ਤੇ ਉਸ ਦਿਲ ਵਿਚ ਸਿਮਰਣ ਵਾਫਰ ਕਰੇ । ਸਾਰੇ ਪ੍ਰਵਾਰ ਨੂੰ ਤੇ ਭਾਈ...ਜੀ ਨੂੰ ਅਸੀਸ ।
ਆਪ ਨੂੰ ਗੁਰੂ ਚਿਤ ਆਵੇ । ਕਾਕਾ ਜੀ ਦੀ ਮਾਈ ਨੂੰ ਗੁਰੂ ਚਿਤ ਆਵੇ । ਗੁਰੂ ਅੰਦਰ ਹੋਵੇ ਤਾਂ ਸਰਬ ਸੁਖ ਦਾਤਾ ਅੰਦਰੋਂ ਠੰਢਾਂ ਪਾਉਂਦਾ ਹੈ ।
ਆਪ ਦਾ ਹਿਤਕਾਰੀ
ਵ. ਸ.
22
ਅੰਮ੍ਰਿਤਸਰ
२५.੭.३੬
ੴ ਸ੍ਰੀ ਵਾਹਗੁਰੂ ਜੀ ਕੀ ਫਤੇ
ਪਯਾਰ ਭਾਈ...ਜੀਓ
ਆਪ ਜੀ ਦਾ ਕ੍ਰਿਪਾ ਪਤਰ ਪੁਜ ਗਿਆ ਸੀ ਆਪ ਜੀ ਦੇ ਪਯਾਰੇ ਸਰਦਾਰ ਜੀ ਦੇ ਬਰਖੁਰਦਾਰ ਦੇ ਅਕਾਲ ਚਲਾਣੇ ਦੀ ਖ਼ਬਰ ਪੜ੍ਹ ਕੇ ਸ਼ੋਕ ਹੋਇਆ । ਮੈਂ ਇਕ ਪਤ੍ਰ ਸ੍ਰ:......ਜੀ ਵਲ ਲਿਖਿਆ ਹੈ ਆਸ ਹੈ ਪੁਜ ਗਿਆ ਹੋਸੀ । ਭਾਈ ਜੀਓ ! ਤੁਸੀਂ ਹੁਣ ਚਿਰਾਂ ਦੇ ਸਤਸੰਗ ਵਿਚ ਲਗ ਰਹੇ ਹੋ, ਤੇ ਤੁਸਾਂ ਬਹੂੰ ਸੁਹਣੇ ਤੇ ਕੀਮਤੀ ਪਯਾਰਿਆਂ ਦੇ ਵਿਯੋਗ ਵੇਖੇ ਹਨ ਤੇ ਚੰਗੇ ਸਬਰ ਸ਼ੁਕਰ ਨਾਲ ਝੱਲੇ ਹਨ । ਸੰਸਾਰ ਇਸੀ ਤਰ੍ਹਾਂ ਦਾ ਹੈ ਇਸ ਵਿਚ ਗ੍ਰਹਸਤੀ ਨੂੰ ਬਹੁਤ ਸਦਮੇ ਦੇਖਣੇ ਪੈਂਦੇ ਹਨ । ਕੇਵਲ ਉਨ੍ਹਾਂ ਨੂੰ ਕੁਛ ਸਹਾਰਾ ਮਿਲਦਾ ਹੈ ਜੋ ਜੀਵਨ ਦੇ ਦੁਸਾਰ ਪਾਰ ਨਜ਼ਰ ਮਾਰ ਕੇ ਇਸ ਸਿਦਕ ਵਿਚ.. ਜੀਉਂਦੇ ਹਨ ਕਿ ਮਰਦਾ ਕੁਛ ਨਹੀਂ ।
ਕਹੁ ਨਾਨਕ ਗੁਰ ਬ੍ਰਹਮੁ ਦਿਖਾਇਆ ॥
ਮਰਤਾ ਜਾਤਾ ਨਦਰਿ ਨ ਆਇਆ ॥
ਭਜਨ ਬੰਦਗੀ ਦੀ ਅਵਸਥਾ ਵਾਲਿਆਂ ਦੇ ਮੁੜ ਮੇਲੇ ਹੋਣੇ ਲਿਖੇ ਹਨ ਤੇ ਜੋ ਪੂਰਨ ਗਯਾਨ ਤੇ ਪੂਰਨ ਪਦ ਨੂੰ ਅਪੜੇ ਹਨ ਓਹ ਵਾਹਿਗੁਰੂ ਨੂੰ ਪ੍ਰਾਪਤ ਹੁੰਦੇ ਹਨ ਜੋ ਕਿ ਸਭ ਦਾ ਸੰਗਮ ਸਥਾਨ ਹੈ । ਇਸ ਲਈ ਤਕੜੇ ਹੋਵੋ । ਅਕਸਰ ਵਿਯੋਗ ਨਾਲ ਅੰਦਰੋਂ ਨਾਮ ਹਿਲ ਖਲੋਂਦਾ ਹੈ । ਤੁਸੀ ਘਾਲੀ ਪੁਰਖ ਹੋ ਨਾਮ ਨੂੰ ਤਕੜੇ ਹੋ ਕੇ ਪਕੜਨਾ, ਨਾਮ ਅੰਦਰ ਇਕ ਸਹਾਰਾ ਤੇ ਆਸਰਾ ਬਣ ਜਾਂਦਾ ਹੈ ।
ਸਿਮਰਿ ਸਿਮਰਿ ਨਾਮੁ ਬਾਰੰ ਬਾਰ ॥
ਨਾਨਕ ਜੀਅ ਕਾ ਇਹੈ ਅਧਾਰ ॥
ਜੋ ਇਨਸਾਨ ਨੂੰ ਡੋਲਣੋਂ ਬਚਾਉਂਦਾ ਹੈ, ਤੇ ਜੇ ਕਿਸੇ ਦੁੱਖ ਨਾਲ ਨਾਮ ਹਿਲ ਖਲੋਵੇ ਤਾਂ ਔਖ ਹੁੰਦਾ ਹੈ, ਤੁਸਾਂ ਨਾਮ ਵਿਚ ਜੀਉਣਾ, ਵਾਹਿਗੁਰੂ ਤੇ ਗੁਰੂ ਨਾਨਕ ਅੰਗ ਸੰਗ ਹੈ ।
ਆਪ ਸਿਦਕ ਵਿਚ ਰਹਿ ਕੇ ਸਰਦਾਰ...... ਜੀ ਤੇ ਅਪਨੇ ਭੈਣ ਜੀ ਜੋਗ ਉਚੇ
ਆਦਰਸ਼ ਸਤਿਗੁਰ ਦੇ ਪਯਾਰ ਤੇ ਵਾਹਿਗੁਰੂ ਦੀਆਂ ਮਿਹਰਾਂ ਦੇ ਪ੍ਰਸੰਗ ਸੁਨਾਣੇ । ਸੁਖੀ ਹੋਣਾ ਤੇ ਸੁਖੀ ਕਰਨਾ । ਧੰਨ ਗੁਰੂ ਨਾਨਕ
ਅਰਦਾਸ ਹੈ ਕਿ ਗੁਰੂ ਆਪ ਸਾਰਿਆਂ ਦੇ ਅੰਗ ਸੰਗ ਹੋਵੇ ਤੇ ਵਿਛੁੜੇ ਪਯਾਰੇ ਦੀ ਆਤਮਾ ਸਤਿਗੁਰ ਦੀ ਮਿਹਰ ਛਾਵੇਂ ਸੁਖੀ ਵੱਸੇ ।
ਆਪ ਦਾ ਹਿਤਕਾਰੀ
ਵੀਰ ਸਿੰਘ
23
ਅੰਮ੍ਰਿਤਸਰ
१੮. ੯.३੬
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਸ਼੍ਰੀ ਬੀਬੀ.. ਜੀਓ....
ਬਹੁਤ ਬਹੁਤ ਅਸੀਸ ਪਹੁੰਚੇ ।
ਤੁਸਾਂ ਜੀ ਦੀ ੪ ਤਰੀਕ ਦੀ ਚਿਠੀ ਪੁਜੀ ਹੈ, ਇਸ ਤੋਂ ਪਹਲਾਂ ਕੋਈ ਚਿਠੀ ਨਹੀਂ ਅਪੜੀ ।
ਤੁਸਾਂ ਦੁਹਾਂ ਨੂੰ ਪਯਾਰੀ ਪੁਤ੍ਰੀ ਦਾ ਵਿਛੋੜਾ ਹੋਇਆ ਹੈ, ਇਹ ਸਚਮੁਚ ਚਿਤ ਨੂੰ ਬਹੁਤ ਡਾਵਾਂ ਡੋਲ ਕਰਦਾ ਹੈ । ਪਯਾਰ ਦਾ ਜੋ ਕੋਈ ਉਦਾਸੀ ਤੇ ਨਿਰਾਸਤਾ ਵਾਲਾ ਪਹਿਲੂ ਹੈ ਤਾਂ ਇਹੋ ਹੈ ਕਿ ਜੇ ਪਿਆਰਾ ਵਿਛੁੜੇ ਤਾਂ ਦਿਲ ਤਰੁਟਦਾ ਹੈ ਤੇ ਫੇਰ ਵਸੇਂ ਵਸੇਂ ਧੀਰਜ ਨਹੀਂ ਬੰਨ੍ਹਦਾ ਤੇ ਸੰਸਾਰ ਦੇ ਸਾਰੇ ਸਾਮਾਨ ਉਦਾਸ ਤੇ ਦੁਖਦਾਈ ਜੇਹੇ ਭਾਸਣ ਲਗ ਜਾਂਦੇ ਹਨ। ਪਰ ਮੁਸ਼ਕਲ ਹੈ ਤਾਂ ਇਹ ਕਿ ਇਸ ਤਰ੍ਹਾਂ ਦੇ ਦੁਖਾਂ ਤੋਂ ਜਗਤ ਵਿਚ ਕੋਈ ਨਹੀਂ ਬਚ ਸਕਦਾ। ਕੁਦਰਤ ਦੇ ਰੰਗ ਹੀ ਐਸੇ ਹਨ, ਇਨ੍ਹਾਂ ਗੱਲਾਂ ਕਰਕੇ ਹੀ ਪੁਰਾਣੇ ਸਾਡੇ ਵਡਿਆਂ ਨੇ ਸੰਸਾਰ ਨੂੰ ਦੁਖ ਰੂਪ ਆਖਿਆ ਤੇ ਜੰਗਲਾਂ ਵਿਚ ਜਾ ਕੇ ਤਪ ਆਦਿ ਕਰਨੇ ਨੂੰ ਤੇ ਸਦਾ ਲਈ ਮੋਹ ਦੇ ਹਥੋਂ ਖਲਾਸੀ ਪਾਉਣ ਨੂੰ ਹੀ ਸ਼ੁਭ ਮਾਰਗ ਦਸਿਆ, ਜਦੋਂ ਗੁਰੂ ਨਾਨਕ ਦੇਵ ਜੀ ਕੈਲਾਸ਼ ਪਰਬਤ ਤੇ ਗਏ ਤਦੋਂ ਸਿਧਾਂ ਨੇ ਮਾਤਲੋਕ ਅਰਥਾਤ ਹਿੰਦੁਸਤਾਨ ਦਾ ਹਾਲ ਪੁਛਿਆ ਸੀ । ਗੁਰੂ ਜੀ ਨੇ ਕਿਹਾ ਭਲੇ ਲੋਕ ! ਤੁਸੀਂ ਜੋ ਉੱਤਮ ਲੋਕ ਸਾਉ ਸੋ ਤਾਂ ਸ੍ਰਿਸ਼ਟੀ ਨੂੰ ਛਡ ਕੇ ਬਨਾਂ ਤੇ ਪਹਾੜਾਂ ਵਿਚ ਆ ਬਸੇ ਹੋ ਪਿਛੇ ਜੋ ਲੋਕ ਰਹਿ ਗਏ ਹਨ ਸੁਖੀ ਨਹੀਂ ਹਨ, ਤੁਸੀ ਵਿਚੇ ਵਸਦੇ, 'ਉਨ੍ਹਾਂ ਦੇ ਦੁਖ ਸੁਖ ਵਿਚ ਸਹਾਈ ਹੁੰਦੇ ਤਾਂ ਓਹ ਲੋਕ ਬੀ ਉੱਚੇ ਹੋ ਜਾਂਦੇ । ਇਹੋ ਗੱਲ ਗੁਰੂ ਨਾਨਕ ਦੇਵ ਜੀ ਨੇ ਜਗਤ ਨੂੰ ਸਿਖਾਈ ਕਿ ਇਨਸਾਨ ਜੇ ਅਪਨੇ ਅੰਦਰਲੇ ਪਯਾਰ ਤੇ ਵਲਵਲਿਆਂ ਵਾਲੇ ਹਿੱਸੇ ਨੂੰ ਜਿੱਤ ਕੇ ਨਿਰਾ ਵਿਚਾਰਵਾਨ ਤੇ ਨਿਰਾ Rational ਹੋ ਜਾਵੇ ਤਾਂ ਦੁਖ ਦੂਰ ਨਹੀਂ ਹੁੰਦੇ ਪਰ ਉਨ੍ਹਾਂ ਤੋਂ ਬੇਪਰਵਾਹੀ ਹੋ ਜਾਂਦੀ ਹੈ। ਪਰ ਇਨਸਾਨੀ ਸ਼ਖ਼ਸੀਅਤ ਦਾ ਇਕ ਹਿਸਾ ਜਿਸ ਵਿਚ ਪਯਾਰ ਵਸਦਾ ਹੈ ਉਹ ਮਰ ਜਾਂਦਾ ਹੈ । ਸੋ ਉਸ ਇਕ ਪਹਿਲੂ ਵਾਲੀ ਪ੍ਰਾਪਤੀ ਦਾ ਲਾਭ ਕੁਛ ਨਹੀਂ ਹੈ। ਚਾਹੀਦਾ ਹੈ ਕਿ ਇਨਸਾਨ ਦੀ ਦਿਮਾਗੀ ਤੇ ਦਿਲੀ ਦੋਵੇਂ ਤਾਕਤਾਂ ਤ੍ਰੱਕੀ ਕਰਨ । ਪਰ ਦਿਲੀ ਭਾਵਾਂ
ਵਿਚ ਵਿਸ਼ੇਸ਼ ਸ਼ੈ ਪ੍ਰੇਮ ਹੈ, ਤੇ ਪ੍ਰੇਮ ਕਰਨ ਵਾਲੇ ਨੂੰ ਪ੍ਰੀਤਮ ਦੇ ਵਿਛੋੜੇ ਤੇ ਅਸਹਿ ਕਸ਼ਟ ਹੁੰਦਾ ਹੈ । ਇਸ ਦਾ ਕੀਹ ਦਾਰੂ ਹੈ । ਤਦ ਗੁਰੂ ਜੀ ਨੇ ਦਸਿਆ ਹੈ, ਕਿ ਅਪਨੇ ਸਿਰਜਨਹਾਰ ਤੇ ਭਰੋਸਾ ਤੇ ਉਸ ਨਾਲ ਪ੍ਰੇਮ ਇਸ ਦਾ ਦਾਰੂ ਹੈ । ਅਰਥਾਤ ਅਸੀ ਜੋ ਪੁਤ੍ਰ, ਪੁਤ੍ਰੀ, ਪਤੀ, ਇਸਤ੍ਰੀ, ਮਿੱਤ੍ਰ, ਪਿਤਾ, ਆਦਿਕਾਂ ਨਾਲ ਪਿਆਰ ਕਰ ਰਹੇ ਹਾਂ, ਇਹ ਪਯਾਰ ਉਨ੍ਹਾਂ ਨਾਲ ਹੈ ਜੋ ਨਾਸ਼ਮਾਨ ਹਨ, ਸਦਾ ਨਹੀਂ ਰਹਿੰਦੇ, ਸੋ ਵਿਛੋੜੇ ਵੇਲੇ ਦੁਖ ਹੋਣਾ ਹੋਇਆ। ਹੁਣ ਜੇ ਅਸੀ ਪਿਆਰ ਉਸ ਨਾਲ ਪਾਈਏ ਜੋ ਅਬਿਨਾਸ਼ੀ ਹੈ ਤਾਂ ਨਾ ਉਹ ਕਦੇ ਮਰੇਗਾ ਨਾ ਵਿਛੋੜੇ ਦਾ ਦੁਖ ਹੋਵੇਗਾ। ਇਸੇ ਪਰ ਗੁਰੂ ਜੀ ਦਾ ਅਪਨਾ ਵਾਕ ਹੈ :-
"ਨਾ ਓਹੁ ਮਰੈ ਨਾ ਹੋਵੈ ਸੋਗੁ ॥" ਜਦ ਪ੍ਰੇਮ ਵਾਹਿਗੁਰੂ ਜੀ ਵਲ ਲਾਇਆ ਤਾਂ ਪਹਲਾ ਫਾਇਦਾ ਇਹ ਹੋਇਆ ਕਿ ਸਾਡੇ ਅੰਦਰ ਦਾ ਜੋ ਪ੍ਰੇਮ ਦਾ ਭਾਵ ਹੈ ਸੋ ਮਾਰਨਾ ਨਾ ਪਿਆ ਕੇਵਲ ਉਸ ਦਾ ਨਿਸ਼ਾਨਾ ਬਦਲਨਾ ਪਿਆ । ਫਿਰ ਜੋ ਸਾਡਾ ਪ੍ਰੇਮ ਪਿਤਾ, ਮਾਤਾ, ਪੁਤ੍ਰ, ਪੁਤ੍ਰੀ, ਮਿੱਤ੍ਰ ਆਦਿਕਾਂ ਵਿਚ ਹੈ ਉਸ ਨੂੰ ਮਾਰਨ ਦੀ ਤੇ ਦਿਲਗੀਰ ਜਾਂ ਵੈਰਾਗੀ ਹੋ ਕੇ ਦਿਲ ਨੂੰ ਪ੍ਰੇਮ ਦੇ ਭਾਵਾਂ ਤੋਂ ਖਾਲੀ ਕਰਨ ਦੀ ਬੀ ਲੋੜ ਨਹੀਂ ਰਹਿੰਦੀ । ਕਿਉਂਕਿ ਗੁਰੂ ਜੀ ਕਹਿੰਦੇ ਹਨ ਕਿ ਇਨ੍ਹਾਂ ਸਭਨਾਂ ਨਾਲ ਪਿਆਰ ਦਾ ਨਿਸ਼ਾਨਾ ਤਾਂ ਵਾਹਿਗੁਰੂ ਹੈ । ਅਰ ਏਹ ਸਾਰੇ ਉਸ ਦੀ ਦਾਤ ਹਨ, ਤੇ ਸਾਡੀ ਸੁਰਤ ਦਾ ਆਸਰਾ ਹੋਣ ਲਈ ਤੇ ਸਾਡੇ ਦਿਲ ਨੂੰ ਟੇਕ ਦੇਣ ਲਈ ਏਹ ਸਾਰੇ ਆਸਰੇ ਪਰਮੇਸ਼ੁਰ ਜੀ ਨੇ ਸਾਨੂੰ ਬਖਸ਼ੇ ਹਨ । ਜਦ ਇਹ ਵੀਊ (ਨੁਕਤਾ ਖਯਾਲ) ਇਨਸਾਨ ਬਣਾ ਲਵੇ ਤਾਂ ਉਹ ਅਪਨੇ ਅੰਦਰ ਇਕ ਤਬਦੀਲੀ ਦੇਖੇਗਾ । ਉਹ ਇਹ ਕਿ ਇਨ੍ਹਾਂ ਪਿਆਰਿਆਂ ਨੂੰ ਓਹ ਅਪਨਾ ਸਭ ਕੁਛ ਜਾਣ ਕੇ ਪਿਆਰ ਨਹੀਂ ਕਰਦਾ, ਪਰ ਉਨ੍ਹਾਂ ਨੂੰ 'ਦਾਤੇ' ਦੀ ਦਾਤ ਸਮਝ ਕੇ ਪਿਆਰ ਕਰਦਾ ਹੈ । ਇਸ ਤਰ੍ਹਾਂ ਕਰਨ ਨਾਲ ਉਸ ਨੂੰ ਅਪਨਾ 'ਦਾਤਾ' ਯਾਦ ਰਹਿੰਦਾ ਹੈ, ਮੁਖ ਪਿਆਰ ਦਾ ਨਿਸ਼ਾਨਾ ਉਸ ਨੂੰ ਸਮਝਦਾ ਹੈ, ਤੇ ਇਨ੍ਹਾਂ ਪਿਆਰਿਆਂ ਨੂੰ ਉਸ ਦੀ ਦਾਤ ਸਮਝ ਕੇ ਪਿਆਰ ਕਰਦਾ ਹੈ, ਸੋ ਤੁਸੀ ਸਮਝ ਲਓ ਕਿ ਐਉਂ ਸਾਡੇ ਅੰਦਰ ਇਹਨਾਂ 'ਭਾਵਾਂ' ਵਾਲੀ ਕੁਦਰਤ ਦੀ ਉਚੀ ਤੇ ਦਰੁਸਤ ਪਾਲਨਾ ਹੁੰਦੀ ਗਈ, ਉਸ ਨੂੰ ਮਾਰਨ ਦੀ ਲੋੜ ਨਹੀਂ ਪਈ। ਇਸ ਸਿਖਯਾ ਲਈ ਸੁਖਮਨੀ ਸਾਹਿਬ ਵਿਚ ਇਕ ਅਸਟਪਦੀ ਹੈ, ਉਸ ਵਿਚ ਦਸਿਆ ਹੈ ਕਿ ਪਦਾਰਥਾਂ ਤੇ ਦਾਤਾਂ ਦੇ ਦਾਤੇ ਨੂੰ ਯਾਦ ਰੱਖੋ ਦਾਤਾਂ ਨਾਲ ਰੁਸਣ ਦੀ ਲੋੜ ਨਹੀਂ, ਜਿਵੇਂ ਲਿਖਯਾ ਹੈ :-
ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ ॥
ਆਠ ਪਹਰ ਸਿਮਰਹੁ ਤਿਸੁ ਰਸਨਾ ॥
ਸੋ ਜਦ ਈਸ਼੍ਵਰ ਦੇ ਬਖਸ਼ੇ ਪਦਾਰਥਾਂ ਤੇ ਸੰਬੰਧੀਆਂ ਮਿਤ੍ਰਾਂ ਨੂੰ ਉਸ ਦੀ ਦਾਤ ਸਮਝ ਕੇ ਵਾਹਿਗੁਰੂ ਦਾ ਸ਼ੁਕਰ ਕਰੀਏ ਤੇ ਉਸ ਨਾਲ ਪਿਆਰ ਕਰੀਏ ਤਾਂ ਸਾਨੂੰ ਪ੍ਰੇਮ ਕਰਨ ਦਾ ਮੌਕਿਆ ਬੀ ਰਿਹਾ ਤੇ ਬਿਨ ਖੇਚਲਾਂ ਵਿਰਾਗ ਬੀ ਹੋ ਗਿਆ। ਕਿਉਂਕਿ ਐਸਾ ਭਾਵ ਅੰਦਰ ਪਕਾ ਹੋ ਜਾਣ ਨਾਲ ਫੇਰ ਸੰਬੰਧੀਆਂ ਦਾ ਪਿਆਰ ਇਕ ਸੁਰਤ ਦਾ
ਆਸਰਾ ਬਣ ਜਾਂਦਾ ਹੈ ਤੇ ਮੁਖ-ਪਯਾਰ ਨਾ ਬਿਨਸਨਹਾਰ ਪਰਮੇਸ਼ੁਰ ਜੀ ਦਾ ਅੰਦਰ ਬੈਠਾ ਰਹਿੰਦਾ ਹੈ।
ਇਥੇ ਹੁਣ ਹਾਲਤ ਉਸੇ ਤਰ੍ਹਾਂ ਰਹੀ ਕਿ ਦੀਸਣਹਾਰ ਜਗਤ ਦੇ ਸਾਮਾਨ ਤੇ ਸਾਕ ਮਿਤ੍ਰਾਂ ਨੇ ਬਿਨਸਦੇ ਰਹਿਣਾ ਹੈ ਤੇ ਬਿਨਸਨ ਵੇਲੇ ਫਿਰ ਵਿਛੋੜੇ ਦੀ ਪੀੜਾ ਰਹਿਣੀ ਹੈ, ਕਿਸੇ ਉਪਾਉ ਨਾਲ ਪਿਆਰਿਆਂ ਦਾ ਵਿਛੁੜਨਾ ਬੰਦ ਨਹੀਂ ਹੋ ਸਕਦਾ । ਪਰ ਜੇ ਸੋਚ ਕੇ ਦੇਖੋਗੇ ਤਾਂ ਇਕ ਫ਼ਾਇਦਾ ਹੋ ਗਿਆ ਹੋਊ ਕਿ ਵਾਹਿਗੁਰੂ ਦੇ ਪਿਆਰ ਵਾਲਿਆਂ ਨੂੰ ਓਨੀ ਡੂੰਘੀ ਸਟ ਨਹੀਂ ਵਜੇਗੀ ਕਿ ਜਿੰਨੀ ਨਿਰੇ ਮੋਹ ਵਿਚ ਗ੍ਰਸਿਆਂ ਤੇ ਮਾਯਾ ਦੀ ਨੀਂਦ ਵਿਚ ਸੁਤਿਆਂ ਨੂੰ ਲਗਦੀ ਹੈ। ਤੇ ਫੇਰ ਜਿਨੀ ਕੁ ਸਟ ਵਜਦੀ ਹੈ ਉਸ ਦਾ ਨਾਲ ਇਕ ਹੋਰ ਇਲਾਜ ਸਮਝ ਵਿਚ ਪੈ ਜਾਂਦਾ ਹੈ। ਉਹ ਇਹ ਕਿ ਵਾਹਿਗੁਰੂ ਅਬਿਨਾਸ਼ੀ ਹੈ। ਉਸ ਨਾਲ ਸਾਡਾ ਪਿਆਰ ਹੈ । ਉਸ ਨੇ ਸਦਾ ਰਹਿਣਾ ਹੈ, ਤੇ ਅਸਾਂ ਬੀ ਵਿਨਾਸ਼ ਨਹੀਂ ਹੋਣਾ। ਅਸਾਂ ਬੀ ਸਦਾ ਜੀਉਣਾ ਹੈ । ਮੌਤ ਜਿਸ ਨੂੰ ਕਈ ਲੋਕ ਵਿਨਾਸ਼ ਤੇ ਅਭਾਵ ਸਮਝਦੇ ਹਨ, ਪਰਮੇਸ਼ੁਰ ਨੂੰ ਪਿਆਰ ਕਰਨ ਵਾਲਾ ਉਸ ਨੂੰ ਇਕ ਹਾਲਤ ਦੀ ਤਬਦੀਲੀ ਸਮਝਦਾ ਹੈ ਤੇ ਇਥੋਂ ਟੁਰ ਕੇ ਕਿਸੇ ਹੋਰ ਉਚੇਰੀ ਤੇ ਸੁਖਦਾਈ ਹਾਲਤ ਵਿਚ ਜਾਣ ਦਾ ਉਸ ਨੂੰ ਭਾਸਾ ਤੇ ਕਈ ਵੇਰ ਤਜਰਬਾ ਬੀ ਹੋ ਜਾਂਦਾ ਹੈ, ਸੋ ਉਹ ਕਿਸੇ ਪਿਆਰੇ ਦੇ ਵਿਛੋੜੇ ਵੇਲੇ ਅਪਨੇ ਮਨ ਨੂੰ ਸਮਝਾਉਂਦਾ ਹੈ ਕਿ ਹੋ ਮਨ ਇਹ ਜੋ ਪਿਆਰਾ ਟੁਰ ਗਿਆ ਹੈ ਵਿਨਾਸ਼ ਨੂੰ ਪ੍ਰਾਪਤ ਨਹੀਂ ਹੋਇਆ ਇਸ ਦੀ ਹਾਲਤ ਬਦਲੀ ਹੈ, ਇਹ ਰੱਬ ਜੀ ਦੇ ਦੇਸ ਗਿਆ ਹੈ, ਜਿਥੇ ਇਹ ਕਿਸੇ ਹੋਰ ਹਾਲਤ ਵਿਚ ਜੀਉ ਰਿਹਾ ਹੈ, ਹੇ ਮਨ ! ਮੈਂ ਬੀ ਏਥੇ ਸਦਾ ਨਹੀਂ ਰਹਿਣਾ, ਇਕ ਨਾ ਇਕ ਦਿਨ ਏਥੋਂ ਟੁਰ ਜਾਣਾ ਹੈ, ਤੇ ਮੈਂ ਬੀ ਰੱਬ ਜੀ ਦੇ ਦੇਸ ਜਾਣਾ ਹੈ, ਫੇਰ ਓਥੇ ਜਾ ਕੇ ਪਹਲੋਂ ਦੇ ਗਏ ਪਿਆਰਿਆਂ ਨੂੰ ਮਿਲਨਾ ਹੈ, ਤਾਂਤੇ ਹੇ ਮਨ ਵਿਚਾਰ ਕਰ ਕਿ ਇਹ ਜੋ ਪਿਆਰਾ ਹੁਣ ਟੁਰ ਗਿਆ ਹੈ ਏਹ ਕੇਵਲ ਸਾਥੋਂ ਪਹਲੋਂ ਟੁਰਿਆ ਹੈ ਤੇ ਅਸਾਂ ਇਕ ਨਾ ਇਕ ਦਿਨ ਇਸ ਨੂੰ ਮਿਲਨਾ ਹੈ, ਸੋ ਜੋ ਵਿਛੋੜਾ ਪਿਆ ਹੈ ਇਹ ਸਦਾ ਦਾ ਵਿਛੋੜਾ ਨਹੀਂ ਹੈ, ਇਹ ਕੁਛ ਸਮੇਂ ਦਾ ਵਿਛੋੜਾ ਹੈ, ਇਸ ਵੀਚਾਰ ਨਾਲ ਜੋ ਵਿਛੋੜੇ ਦਾ ਸੱਲ ਉਠਦਾ ਹੈ ਉਸ ਦੀ ਚੋਭ ਬਹੁਤ ਘਟ ਜਾਂਦੀ ਹੈ, ਸਗੋਂ ਕਈ ਵੇਰ ਤਾਂ ਚੋਭ ਮੂਲੋਂ ਨਹੀਂ ਰਹਿੰਦੀ । ਮਿਠੀ ਮਿਠੀ ਯਾਦ ਜਿਸ ਵਿਚ ਆਸ ਭਰੀ ਹੋਈ ਹੁੰਦੀ ਹੈ ਤੇ ਵਿਛੜੇ ਪ੍ਰੀਤਮ ਦੇ ਗੁਣਾਂ ਦਾ ਚੇਤਾ ਠਾਲ ਰਹਿੰਦਾ ਹੈ ਤੇ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਤੇ ਪ੍ਰਾਰਥਨਾਂ ਦੀ ਸ਼ਕਲ ਲੈ ਲੈਂਦਾ ਹੈ, ਕਿ ਹੇ ਦਾਤਾ ਤੂੰ ਅਪਨੀ ਦਿਤੀ ਦਾਤ ਅਪਨੇ ਪਾਸ ਸਦ ਲਈ ਹੈ ਮੇਹਰ ਕਰਕੇ ਉਸ ਨੂੰ ਅਪਨੇ ਛਤਰ ਛਾਵੇਂ ਰੱਖ ਤੇ ਸਦਾ ਦਾ ਸੁਖ ਉਸ ਨੂੰ ਦੇਹ । ਏਸ ਤਰ੍ਹਾਂ ਦੀ ਪ੍ਰਾਰਥਨਾ ਨਾਲ ਅਪਨਾ ਦਿਲ ਬੀ ਠਰਦਾ ਹੈ ਤੇ ਵਿਛੁੜੇ ਮਿਤ੍ਰ ਨੂੰ ਬੀ ਸੁਖ ਪਹੁੰਚਦਾ ਹੈ । ਜੇੜਾ ਪਰਮੇਸ਼ੁਰ ਨਾਲ ਪਿਆਰ ਨਾ ਕਰਨ ਵਾਲਿਆਂ ਦੇ ਦਿਲ ਵਿਚ ਹਾਵਾ ਤੇ ਕਲੇਸ਼ ਹੁੰਦਾ ਹੈ, ਉਸ ਨਾਲ ਅਪਨਾ ਅੰਦਰ ਬੀ ਸੜਦਾ ਹੈ ਤੇ ਵਿਛੁੜੇ ਸਜਨ ਨੂੰ ਬੀ ਸੁਖ ਨਹੀਂ ਪਹੁੰਚਦਾ ।
ਹੁਣ ਏਥੋਂ ਕੁ ਆ ਕੇ ਇਹ ਪ੍ਰਸ਼ਨ ਪੈਦਾ ਹੋ ਜਾਂਦਾ ਹੈ ਕਿ ਸਭ ਕਿਸੇ ਦੇ ਕਰਮ ਇਕੋ ਜੇਹੇਂ ਨਹੀਂ ਹਨ । ਸਾਰੇ ਪਰਮੇਸ਼ੁਰ ਨਾਲ ਪਿਆਰ ਕਰਦੇ ਤੇ ਸ਼ੁਭ ਕਰਮ ਕਰਦੇ
ਨਹੀਂ ਮਰਦੇ ਇਸ ਕਰਕੇ ਸਭਨਾਂ ਦੀ ਇਕ ਹਾਲਤ ਮਰਨ ਦੇ ਬਾਦ ਨਹੀਂ ਹੁੰਦੀ । ਸੋ ਜਦ ਹਰ ਇਕ ਦੀ ਹਾਲਤ ਅੱਡੇ ਅੱਡ ਹੋਣੀ ਹੈ ਤਦ ਹਰ ਇਕ ਦਾ ਨਿਵਾਸ ਆਪੋ ਆਪਣੀ ਖਿਚ ਦੇ ਦਾਇਰਿਆਂ ਵਿਚ ਹੋਵੇਗਾ। ਇਹ ਕੀਕੂੰ ਤਸਲੀ ਹੋਵੇ ਕਿ ਅਸੀ ਜਰੂਰ ਅਪਨੇ ਪਿਆਰੇ ਨੂੰ ਮਿਲਾਗੇ ? ਇਸ ਦਾ ਉੱਤਰ ਜੋ ਗੁਰੂ ਕੀ ਬਾਣੀ ਵਿਚ ਆਇਆ ਹੈ ਉਹ ਇਸ ਪ੍ਰਕਾਰ ਦਾ ਹੈ ਕਿ ਸਭ ਤੋਂ ਉੱਚੀ ਅਵਸਥਾ ਪਰਮੇਸ਼ੁਰ ਜੀ ਦੀ ਹੈ, ਜੋ ਪਰਮੇਸ਼ੁਰ ਜੀ ਨੂੰ ਪਿਆਰ ਕਰਦੇ ਹਨ ਸੋ ਪਰਮੇਸ਼ੁਰ ਜੀ ਦੇ ਪਾਸ ਹੀ ਜਾਣਗੇ । ਕਿਉਂਕਿ ਇਸ ਗੱਲ ਦਾ ਸਾਨੂੰ ਇਥੇ ਤਜਰਬਾ ਹੈ ਕਿ ਇਨਸਾਨ ਜਿਸ ਵੇਲੇ ਅਪਨੇ ਕੰਮਾਂ ਤੋਂ ਵਿਹਲ ਪਾਉਂਦਾ ਹੈ ਉਹ ਉਸ ਵੇਲੇ ਓਥੇ ਤੇ ਓਸ ਪਾਸ ਜਾਂਦਾ ਹੈ ਜਿਥੇ ਉਸ ਦਾ ਪਿਆਰ ਹੁੰਦਾ ਹੈ। ਇਸੀ ਤਰ੍ਹਾਂ ਜੇ ਅਸੀ ਪਰਮੇਸ਼ੁਰ ਜੀ ਨੂੰ ਪਿਆਰ ਕਰਦੇ ਹਾਂ ਤਾਂ ਜਦੋਂ ਮਰਕੇ ਏਥੋਂ ਟੁਰਾਂਗੇ ਤਾਂ ਉਨ੍ਹਾਂ ਪਾਸ ਜਾਵਾਂਗੇ, ਜੋ ਓਥੇ ਨੂੰ ਜਾਵੇਗਾ ਓਹ ਸੁਤੰਤਰ ਤੇ ਉੱਚਾ ਹੋਵੇਗਾ, ਓਸ ਨੂੰ ਅਪਨੇ ਤੋਂ ਨੀਵੀਆਂ ਹਾਲਤਾਂ ਵਿਚ ਜਾਣੇ ਦੀ ਖੁਲ੍ਹ ਹੋਵੇਗੀ ਯਾ ਇਉਂ ਕਹੋ ਕਿ ਉਸ ਵਿਚ ਬਲ ਤੇ ਤਾਕਤ ਹੋਏਗੀ ਕਿ ਸਭ ਹਾਲਤਾਂ ਤੇ ਨਿਵਾਸਾਂ ਵਿਚ ਫਿਰ ਟੁਰ ਸਕੇ, ਉਸ ਨੂੰ ਦੁਰਗਮ ਕੁਛ ਨਹੀਂ ਹੋਵੇਗਾ, ਇਸ ਲਈ ਅਸੀ ਜੋ ਵਾਹਿਗੁਰੂ ਜੀ ਨੂੰ ਪ੍ਰੇਮ ਕਰਾਂਗੇ ਤਾਂ ਅਸੀਂ ਅਪਨੇ ਵਿਛੁੜੇ ਪਿਆਰਿਆਂ ਨੂੰ ਚਾਹੇ ਓਹ ਕਿਤੇ ਹੋਣ ਤੇ ਕਿਸੇ ਹਾਲ ਹੋਣ ਮਿਲ ਸਕਾਂਗੇ। ਇਸ ਲਈ ਪਰਮੇਸ਼ੁਰ ਜੀ ਨਾਲ ਪਿਆਰ ਕਰਨਾ ਸਾਨੂੰ ਏਥੇ ਬੀ ਸੁਖਾਂ ਦਾ ਦਾਤਾ ਹੈ ਕਿਉਂਕਿ ਸਾਡੀ ਅੰਦਰਲੀ ਫਿਤਰਤ ਇਸ ਨਾਲ ਹਰ ਪਹਿਲੂ ਵਿਚ ਤਰਕੀ ਕਰਦੀ ਹੈ ਕਿਉਂਕਿ ਸੰਸਾਰ ਵਿਚ ਜੀਵਨ ਦਾ ਨੁਕਤਾ ਖਯਾਲ (View) ਬਦਲ ਕੇ ਉੱਚਾ ਤੇ ਸੁਖਦਾਈ ਹੋ ਜਾਂਦਾ ਹੈ, ਅਤੇ ਸਾਨੂੰ ਸੋਝੀ ਪੈ ਜਾਂਦੀ ਹੈ ਕਿ ਸਾਡਾ ਅੱਗਾ ਬੀ ਸੌਰ ਰਿਹਾ ਹੈ ਤੇ ਸਾਡੇ ਵਿਛੁੜੇ ਮਿਤਰ ਸਨਬੰਧੀ ਪਿਆਰੇ ਜੀਉਂਦੇ ਹਨ ਤੇ ਫੇਰ ਮੇਲੇ ਹੋਣਗੇ।
ਇਥੇ ਕੁ ਆ ਕੇ ਫਿਰ ਇਹ ਸੁਆਲ ਉਠ ਪੈਂਦਾ ਹੈ ਕਿ ਪਿਆਰ ਦਿਸਣ ਵਾਲੇ ਨਾਲ ਪੈਂਦਾ ਹੈ ਤੇ ਰਬ ਜੀ ਦਿਸਦੇ ਨਹੀਂ । ਉਸ ਨਾਲ ਪਯਾਰ ਕਿਵੇਂ ਪਵੇ । ਇਸ ਗਲ ਨੂੰ ਸਤਗੁਰ ਨੇ ਐਉਂ ਹਲ ਕੀਤਾ ਹੈ ਕਿ ਸਾਨੂੰ ਰੋਜ਼ ਦਾ ਤਜਰਬਾ ਹੈ ਕਿ ਜਿਸ ਕਿਸੇ ਨਾਲ ਸਾਡਾ ਪਿਆਰ ਹੋਵੇ ਉਸ ਦੇ ਦੋ ਸਰੂਪ ਹੁੰਦੇ ਹਨ। ਜਾਂ ਇਉਂ ਕਹੋ ਕਿ ਪਯਾਰ ਅਪਨੇ ਆਪ ਨੂੰ ਸਾਡੇ ਮਨ ਉਤੇ ਦੋ ਤਰ੍ਹਾਂ ਨਾਲ ਪ੍ਰਗਟ ਕਰਦਾ ਹੈ :
੧. ਜਦੋਂ ਕਿ ਪਿਆਰਾ ਕੋਲ ਹੁੰਦਾ ਹੈ ਤਾਂ ਜੀ ਕਰਦਾ ਹੈ ਕਿ ਇਹ ਅੱਖੀਆਂ ਤੋਂ ਉਹਲੇ ਨਾ ਹੋਵੇ ।
੨. ਜਦੋਂ ਉਹ ਅੱਖੀਆਂ ਤੋਂ ਉਹਲੇ ਹੋਵੇ ਤਾਂ ਜੀ ਕਰਦਾ ਹੈ ਕਿ ਕਿਵੇਂ ਇਹ ਭੁੱਲੇ ਨਾਂ, ਸਗੋਂ ਐਸਾ ਹੁੰਦਾ ਹੈ ਕਿ ਜਿਉਂ ਓਹ ਭੁਲਦਾ ਹੀ ਨਹੀਂ। ਸੋ ਇਸ ਤੋਂ ਇਕ ਅਸੂਲ ਲਭ ਪਿਆ ਕਿ 'ਜਦ ਪ੍ਰੀਤਮ ਅੱਖਾਂ ਤੋਂ ਉਹਲੇ ਹੋਵੇ ਤਦ ਪ੍ਰੇਮ ਆਪਨੇ ਆਪ ਨੂੰ ਸਾਡੇ ਮਨ ਉਤੇ 'ਯਾਦ' ਦੀ ਸ਼ਕਲ ਵਿਚ ਪ੍ਰਕਾਸ਼ਦਾ ਹੈ ।
ਹੁਣ ਇਸ ਅਸੂਲ ਨੂੰ ਰਬੀ ਪਿਆਰ ਵਾਲੇ ਪਾਸੇ ਘਟਾ ਕੇ ਦੇਖੋ। ਵਾਹਿਗੁਰੂ ਸਾਡੇ ਇਨ੍ਹਾਂ ਸਰੀਰਕ ਨੈਣਾਂ ਤੋਂ ਇਕ ਤਰ੍ਹਾਂ ਉਹਲੇ ਹੈ । ਪ੍ਰੀਤਮ ਦੇ ਉਹਲੇ ਹੋਣ ਦੀ ਹਾਲਤ
ਵਿਚ ਅਸਾਂ ਡਿਠਾ ਹੈ ਕਿ ਪਿਆਰ ਦਾ ਵਿਦੱਤ ਸਰੂਪ ਹੈ 'ਯਾਦ' । ਸੋ ਅਸੀ 'ਯਾਦ' ਸਾਈਂ ਦੀ ਅੰਦਰ ਵਸਾ ਲਈਏ ਤਾਂ ਇਹ ਬਣ ਜਾਏਗੀ 'ਪ੍ਰੇਮ' । ਜਿਸ ਤਰ੍ਹਾਂ ਬੋੜ੍ਹ ਦੇ ਬੀਜ ਤੋਂ ਬੋੜ੍ਹ ਉਗ ਪੈਂਦਾ ਹੈ ਤੇ ਉਗੇ ਹੋਏ ਬੋੜ੍ਹ ਨੂੰ ਉਸ ਦਾ ਬੀਜ ਪੈ ਜਾਂਦਾ ਹੈ । ਇਸ ਲਈ ਪਤਾ ਲਗ ਗਿਆ ਕਿ ਵਾਹਿਗੁਰੂ ਜੀ ਨੂੰ ਯਾਦ ਰਖਣਾ ਉਨ੍ਹਾਂ ਦੇ ਪ੍ਰੇਮ ਨੂੰ ਅੰਦਰ ਬੀਜ ਦੇਣਾ ਹੈ ਜੋ ਅਭਯਾਸ ਨਾਲ ਪ੍ਰੇਮ ਦਾ ਬ੍ਰਿਛ ਬਣ ਜਾਵੇਗਾ । ਇਸ ਲਈ ਘਰ ਛਡਣ ਦੀ, ਬਨ ਜਾਣ ਦੀ, ਬ੍ਰਤ ਤੇ ਹੋਰ ਤਪ ਦੀ ਲੋੜ ਨਹੀਂ । ਕੇਵਲ ਅਪਨੇ ਅੰਦਰ ਇਸ ਭਾਵ ਨੂੰ ਇਸ Feeling ਨੂੰ ਥਾਂ ਦੇਣ ਦੀ ਲੋੜ ਹੈ ਕਿ ਵਾਹਿਗੁਰੂ ਹੈ। ਮੇਰੇ ਅੰਦਰ ਹੈ ਤੇ ਮੈਨੂੰ ਪਿਆਰ ਕਰਦਾ ਹੈ । ਚਾਹੋ ਤਾਂ ਇਹ ਭਾਵ ਇਕਦਮ ਦ੍ਰਿੜ ਹੋ ਜਾਵੇ ਤੇ ਚਾਹੋ ਸਮੇਂ ਨਾਲ ਹੋਵੇ । ਜਿਨ੍ਹਾਂ ਨੂੰ ਤਾਂ ਇਕਦਮ ਪ੍ਰਾਪਤ ਹੋ ਜਾਵੇ ਇਹ ਗੱਲ ਉਨ੍ਹਾਂ ਲਈ ਕੰਮ ਹੋ ਗਿਆ, ਜਿਨ੍ਹਾਂ ਨੂੰ ਇਉਂ ਛੇਤੀ ਪਰਪਕਤਾ ਨਾ ਹੋਵੇ ਓਹ ਫਿਰ ਪਰਮੇਸੁਰ ਜੀ ਦਾ ਨਾਮ-ਜਪ ਦਾ ਅਭਯਾਸ ਕਰਦੇ ਹਨ ਇਸ ਨਾਲ 'ਜਪ' ਸਿਮਰਣ ਬਨ ਜਾਂਦਾ ਹੈ । ਸਿਮਰਣ ਹੈ ਸਮਰਣ ਸਕਤੀ ਯਾ ਚੇਤੇ ਦੇ ਮੰਡਲ ਵਿਚ ਯਾਦ ਕੀਤੀ ਗੱਲ ਦਾ ਨਿਵਾਸ ਹੋ ਜਾਣਾ । ਇਹ ਫਿਰ 'ਹੈ' ਦਾ ਰੂਪ ਲੈ ਕੇ ਅੰਦਰ ਬਝ ਜਾਂਦੀ ਹੈ । ਫੇਰ ਮਨ ਹਲਕਾ, ਸਰੀਰ ਹਲਕਾ ਭਾਸਦਾ ਹੈ। ਇਕ ਉਚਯਾਣ ਦੀ ਪ੍ਰਤੀਤੀ ਅੰਦਰ ਹੋ ਆਉਂਦੀ ਹੈ, ਕੁਛ ਸੁਆਦ ਜਿਹਾ ਹਰ ਵੇਲੇ ਭਰ ਜਾਂਦਾ ਹੈ, ਤੇ ਬਾਹਰ ਸੰਸਾਰ ਵਿਚ ਸੁੰਦਰਤਾ ਦਾ ਪ੍ਰਭਾਵ ਦਿਸਣ ਲਗ ਪੈਂਦਾ ਹੈ। ਮਨ ਫਿਰ ਵਿਸਮਾਦ ਵਿਚ ਜਾਂਦਾ ਹੈ ਤੇ ਓਹ ਤਜਰਬੇ ਅੰਦਰ ਹੋਣ ਲਗ ਪੈਂਦੇ ਹਨ ਜੋ ਸਾਡੀ ਅੰਤ ਵਾਲੀ ਆਤਮਾ (Finite) ਨੂੰ ਅਨੰਤ (Infinite) ਦੀ ਛੁਹ ਵਿਚ ਲੈ ਜਾਂਦੇ ਹਨ । ਮਤਲਬ ਇਹ ਕਿ ਫਿਰ ਸਾਨੂੰ ਅਪਨੇ ਅੰਦਰ ਇਕ ਸੁਖ ਪ੍ਰਾਪਤ ਹੋ ਜਾਂਦਾ ਹੈ, ਸੋ ਬੀਬੀ ਜੀਓ ! ਇਸ ਵਿਛੋੜੇ ਵਿਚ ਜੋ ਤੁਸਾਂ ਦੰਪਤੀ ਨੂੰ ਅਪਨੀ ਪਿਆਰੀ ਪੁਤ੍ਰੀ ਤੋਂ ਹੋਇਆ ਹੈ ਵਾਹਿਗੁਰੂ ਦੇ ਚਰਨਾਂ ਵਿਚ ਮਨ ਲਾਉਣ ਨਾਲ ਸਹਾਰਾ, ਠੰਢ ਤੇ ਸੁਖ ਮਿਲਦਾ ਹੈ।
ਵਿਣਸਦਾ ਕੁਛ ਨਹੀਂ, ਵਿਛੜਦਾ ਹੈ। ਜੋ ਵਿਛੜਦਾ ਹੈ ਓਹ ਫੇਰ ਮਿਲਦਾ ਹੈ, ਕੇਵਲ ਕੁਛ ਸਮੇਂ ਦੀ ਵਿਥ ਪੈਂਦੀ ਹੈ ।
ਫਿਰ ਇਕ ਹੋਰ ਵੀਚਾਰ ਕਰਨੀ ਚਾਹਯੇ । ਹਰ ਇਕ ਦੀ ਮੌਤ ਇਕੋ ਤਰ੍ਹਾਂ ਦੀ ਨਹੀਂ । ਜਿਸ ਤਰ੍ਹਾਂ ਦੀ ਮੌਤ ਬੀਬੀ ਦੀ ਹੈ, ਇਹ ਕਿਸੇ ਹੋਰ ਗਲ ਦੀ ਲਖਾਇਕ ਹੈ। ਇਹ ਅਨੁਮਾਨ ਅਸੀ ਕਾਕੀ ਦੇ ਗੁਣਾਂ ਤੇ ਸੁਭਾਵ ਤੋਂ ਲਾ ਸਕਦੇ ਹਾਂ, ਕਿ ਜੋ ਇਤਨੀ ਛੋਟੀ ਉਮਰ ਵਿਚ ਇਤਨੇ ਸ਼ੁਭ ਗੁਣਾਂ ਵਾਲੀ ਸੀ ਓਹ ਅਚਰਜ ਨਹੀਂ ਕਿ ਪਿਛਲੇ ਜਨਮ ਦੀ ਕੋਈ ਘਾਲੀ ਰੂਹ ਸੀ, ਜਿਸ ਦੇ ਕੁਛ ਥੋੜੇ ਕਰਮਾਂ ਦਾ ਭੋਗ ਬਾਕੀ ਸੀ ਸੋ ਇਸ ਥੋੜੇ ਅਰਸੇ ਵਿਚ ਪੂਰਾ ਹੋ ਗਿਆ ਤੇ ਓਹ ਅਪਨੇ ਘਰ ਚਲੀ ਗਈ। ਜੇ ਐਸਾ ਹੋਵੇ ਤਾਂ ਤੁਸਾਡੇ ਸੁਭਾਗ ਹਨ ਕਿ ਇਕ ਨੇਕ ਰੂਹ ਦੀ ਸੇਵਾ ਤੇ ਪਿਆਰ ਦਾ ਇੰਨਾ ਅਵਸਰ ਮਿਲ ਗਿਆ, ਮੈਂ ਜਦ ਕਦੇ ਬੀਬੀ ਨੂੰ ਡਿੱਠਾ ਹੈ ਉਸ ਦੀ ਪਵਿਤ੍ਰਤਾ ਤੇ ਰੂਹ ਦੇ ਉਚੇ ਹੋਣ ਦਾ ਪਰਭਾਉ ਪੈਂਦਾ ਪ੍ਰਤੀਤ ਕਰਦਾ ਰਿਹਾ ਹਾਂ। ਇਸ ਕਰ ਕੇ ਭਲਿਆਂ ਦੇ ਚਲੇ ਜਾਣੇ ਪਰ ਜਿੰਨਾ ਉਨ੍ਹਾਂ ਦਾ ਮੇਲ ਮਿਲਿਆ ਸੀ ਉਸ ਲਈ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ ਤੇ ਵਿਛੁੜ ਜਾਣੇ ਪਰ ਦਿਲਗੀਰ ਨਹੀਂ ਹੋਣਾ ਚਾਹੀਦਾ । ਤੁਸੀ ਉੱਚੇ
ਪਾਸੇ ਵਲ ਧਯਾਨ ਕਰੋ, ਅਪਣਾ ਅੱਗਾ ਸੁਆਰਨੇ ਦਾ ਫ਼ਿਕਰ ਕਰੋ, ਬੀਬੀ ਯਾਦ ਆਵੇ ਤੇ ਵਿਛੋੜੇ ਦਾ ਖ਼ਯਾਲ ਉਦਾਸ ਕਰੇ ਤਾਂ ਅਰਦਾਸ ਕਰੋ ਕਿ ਵਾਹਿਗੁਰੂ ਜੀ ਸਾਨੂੰ ਅਪਨਾ ਪਿਆਰ ਬਖ਼ਸ਼ੋ । ਜਦ ਤੁਸੀਂ ਪੰਘਰੇ ਹੋਏ ਤੇ ਨਰਮ ਹੋਏ ਮਨ ਵਿਚ ਅਰਦਾਸ ਕਰੋਗੇ ਤਾਂ ਉਹ ਬਹੁਤ ਅਸਰ ਵਾਲੀ ਹੁੰਦੀ ਹੈ, ਸਾਈਂ ਦਰ ਅਪੜਦੀ ਹੈ ਤੇ ਉਸ ਦਾ ਫਲ ਸੁਖ ਤੇ ਸ਼ਾਂਤੀ ਉਪਜਦਾ ਹੈ । ਮੇਰਾ ਤਾਂ ਖ਼ਯਾਲ ਹੈ ਕਿ ਜੇ ਤੁਸਾਡੇ ਸਤਕਾਰ ਯੋਗ ਪਤੀ ਜੀ ਇਕ ਘੰਟਾ ਯਾ ਅੱਧਾ ਘੰਟਾ ਹੀ ਰੋਜ਼ ਇਸ ਗਲ ਲਈ ਕਢ ਸਕਣ ਕਿ ਓਹ ਏਕਾਂਤ ਹੋ ਕੇ ਬੈਠ ਸਕਣ, ਚਾਹੋ ਸਵੇਰੇ ਅੰਮ੍ਰਿਤ ਵੇਲੇ ਚਾਹੋ ਸ਼ਾਮ ਨੂੰ ਯਾ ਰਾਤ ਨੂੰ, ਤਾਂ ਤੁਸੀ ਸੁਖਮਨੀ ਸਾਹਿਬ ਦਾ ਪਾਠ ਕਰੋ ਤੇ ਓਹ ਸੁਣਨ, ਜੇ ਸਾਰੀ ਲਈ ਰੋਜ਼ ਵਕਤ ਨਾ ਮਿਲੇ ਤਾਂ ਅੱਧੀ ਹੀ ਸਹੀ । ਪਰ ਪਾਠ ਰੋਜ਼ ਜ਼ਰੂਰ ਕਰੋ, ਤੁਹਾਨੂੰ ਪਾਠ ਕਰਨ ਨਾਲ ਤੇ ਉਨ੍ਹਾਂ ਨੂੰ ਸੁਣਨ ਨਾਲ ਸ਼ਾਂਤੀ ਤੇ ਸੁਖ ਪ੍ਰਾਪਤ ਹੋਵੇਗਾ । ਸੁਖਮਨੀ ਸਾਹਿਬ ਗੁਰੂ ਜੀ ਨੇ ਸੰਸਾਰ ਦੇ ਤਪਤ ਹਿਰਦਿਆਂ ਲਈ ਤੇ ਦੁਖੀ ਮਨਾਂ ਲਈ ਇਕ ਸ਼ਾਂਤੀ ਦਾ ਸੰਦੇਸ਼ ਦਿਤਾ ਹੈ, ਜਿਸ ਨਾਲ ਮੈਂ ਅਨੇਕਾਂ ਸੁਖੀ ਹੁੰਦੇ ਡਿਠੇ ਹਨ । ਜੇ ਕਦੇ ਕੋਈ ਨੇੜੇ ਤੇੜੇ ਚੰਗੇ ਕੀਰਤਨ ਕਰਨ ਵਾਲੇ ਹੋਣ ਤੇ ਪਾਸ ਬੁਲਾ ਸਕੋ ਤਾਂ ਕੁਛ ਦਿਨ ਗੁਰਬਾਣੀ ਦਾ ਕੀਰਤਨ ਸੁਣਨ ਨਾਲ ਤੁਸਾਨੂੰ ਬਹੁਤ ਸੁਖ ਮਿਲੇਗਾ ।
ਅੰਗ੍ਰੇਜ਼ੀ ਦੀ ਕੋਈ ਕਿਤਾਬ ਇਸ ਵੇਲੇ ਮੇਰੇ ਖ਼ਯਾਲ ਵਿਚ ਨਹੀਂ, ਪਰ ਮੈਂ ਸੋਚ ਕੇ ਜੇ ਕੋਈ ਲਭੀ ਤਾਂ ਦਸ ਘਲਾਂਗਾ । ਜੇਕਰ ਆਪਦੇ ਸਤਕਾਰ ਯੋਗ ਪਤੀ ਜੀ ਨੇ After Death ਨਾਮ ਦੀ ਕਿਤਾਬ ਪੜ੍ਹੀ ਹੋਵੇ ਤਾਂ ਹਾਲੇ ਉਸ ਨੂੰ ਨਜ਼ਰ ਮਾਰ ਲੈਣ । ਇਸ ਵਿਚ ਅਗਲੇ ਲੋਕ ਦੇ ਸੰਦੇਸੇ ਹਨ ਜਿਸ ਦਾ ਸਿਧਾਂਤ ਇਹ ਹੈ ਕਿ ਸਰੀਰ ਮਰਨੇ ਨਾਲ ਰੂਹ ਕਾਯਮ ਰਹਿੰਦੀ ਹੈ । ਇਸੇ ਵਿਸ਼ੇ ਤੇ Sir Oliver Lodge ਜੋ ਇੰਗਲੈਂਡ ਦਾ ਇਕ ਵਡਾ ਸਾਇੰਸਦਾਨ ਹੈ ਤੇ ਅਪਨੇ ਪੁਤਰ ਦੇ ਚਲਾਣੇ ਤੇ ਉਸ ਦੇ ਫੇਰ ਮਿਲਨ ਪਰ ਇਕ ਕਿਤਾਬ ਲਿਖੀ ਸੀ, ਮੇਰਾ ਖ਼ਯਾਲ ਹੈ ਉਸ ਦਾ ਨਾਮ Reymand ਸੀ, ਇਸ ਵਿਚ ਬੀ ਇਹ ਗਲ ਸਾਬਤ ਕੀਤੀ ਹੈ ਕਿ ਮਰਨ ਦੇ ਬਾਦ Human personality survive ਕਰਦੀ ਹੈ ।
ਇਨ੍ਹਾਂ ਸੋਚਾਂ ਵਿਚ ਅਪਨੇ ਆਪ ਨੂੰ ਵਧੇਰੇ ਦੁਖੀ ਨਾ ਕਰੋ ਕਿ ਅਸਾਂ ਮਾੜੇ ਮਾੜੇ ਕਰਮ ਕੀਤੇ ਹਨ ਤਾਂ ਇਹ ਦੁਖ ਆਯਾ ਹੈ ਤੇ ਹੁਣ ਕੀ ਬਣੇ, ਕਰਮ ਹੋ ਚੁਕੇ ਤੇ ਅਸੀ ਸਦਾ ਲਈ ਕਰਮ ਜਾਲ ਵਿਚ ਫਸ ਚੁਕੇ । ਜੇ ਐਸੇ ਖ਼ਯਾਲ ਆਉਣ ਤਾਂ ਨਾਲ ਹੀ ਸੋਚ ਲਓ ਕਿ ਜੋ ਹੋ ਚੁਕਾ ਸੋ ਹੋ ਚੁਕਾ । ਹੁਣ ਤੋਂ ਅਸੀਂ ਪਰਮੇਸ਼ੁਰ ਦੇ ਪਯਾਰ ਵਿਚ ਆਈਏ ਤੇ ਕੁਛ ਸਮਾਂ ਭਜਨ ਤੇ ਲਾਯਾ ਕਰੀਏ ਤਾਂ ਜੋ ਅੱਗਾ ਸੌਰ ਜਾਵੇ । ਪਰਮੇਸ਼ੁਰ ਦਾ ਪਿਆਰ ਸਾਰੇ ਕਰਮ ਜਾਲ ਨੂੰ ਕਟਦਾ ਹੈ। ਮੇਰੀ ਜਾਚੇ ਤਾਂ ਇਸ ਪ੍ਰਕਾਰ ਦੇ ਖ਼ਯਾਲਾਂ ਵਿਚ ਜਾਓ ਤਾਂ ਚਿਤ ਵਿਚ ਵਧੇਰੇ Comfort feel ਕਰੋਗੇ ਕਿ ਵਾਹਿਗੁਰੂ ਸਾਡਾ ਪਿਤਾ ਹੈ । ਮਿੱਤ੍ਰ ਹੈ ਓਹ ਸਾਡੇ ਨਾਲ ਪਯਾਰ ਕਰਦਾ ਹੈ, ਇਹ ਜੋ ਵਿਛੋੜਾ ਹੋਇਆ ਹੈ ਉਸ ਦੇ ਹੁਕਮ ਵਿਚ ਹੋਇਆ ਹੈ। ਉਸ ਨੇ ਜੋ ਮਿੱਤ੍ਰ ਹੈ, ਜੋ ਕੁਛ ਕੀਤਾ ਹੈ ਭਲਾ ਕੀਤਾ ਹੈ ਕਿਉਂਕਿ ਉਹ ਸੁਧੀ ਤੇ ਸਾਰੀ ਨੇਕੀ ਹੈ, ਜੇ ਸਾਨੂੰ ਇਹ ਵਿਛੋੜਾ ਦੁਖ ਭਾਸਦਾ ਹੈ ਤਾਂ ਸਾਨੂੰ ਅਸਲ ਕਾਰਣ ਦਾ ਪਤਾ ਨਹੀਂ । ਪਰਮੇਸ਼ੁਰ ਨੇ ਜੋ ਕੁਛ ਕੀਤਾ ਹੈ ਚਾਹੇ
ਉਸ ਵਿਚ ਬੀਬੀ ਦਾ ਭਲਾ ਸੀ ਚਾਹੋ ਸਾਡਾ ਸਭਨਾਂ ਦਾ, ਪਰ ਉਹ ਹੈ ਸੀ ਭਲਾ, ਜੇ ਅਸੀਂ ਨਹੀਂ ਸਮਝ ਸਕਦੇ ਤਾਂ ਬੀ ਸਾਨੂੰ ਭਾਣਾ ਮਿਠਾ ਕਰ ਕੇ ਮੰਨਣਾ ਚਾਹੀਦਾ ਹੈ । ਗੁਰੂ ਜੀ ਦਾ ਇਹ ਸ਼ਬਦ ਵੀਚਾਰ ਨਾਲ ਪੜ੍ਹਨਾ । ਇਸ ਦੇ ਰਹਾਉ ਦੀ ਤੁਕ ਐਉਂ ਹੈ :-
ਏਕਾ ਟੇਕ ਮੇਰੈ ਮਨਿ ਚੀਤ ॥
ਜਿਸੁ ਕਿਛ ਕਰਣਾ ਸੁ ਹਮਰਾ ਮੀਤ ॥
ਤੁਸਾਂ ਜੀ ਨੇ ਅਪਨੀ ਚਿੱਠੀ ਦੇ ਅੰਤ ਵਿਚ ਇਥੇ ਆਉਣ ਵਾਸਤੇ ਲਿਖਯਾ ਸੀ ਤੇ ਪੁੱਛਿਆ ਸੀ । ਪੁਛਣੇ ਦੀ ਕੋਈ ਲੋੜ ਨਹੀਂ ਇਹ ਤੁਸਾਂ ਦਾ ਆਪਨਾ ਘਰ ਹੈ । ਤੁਸੀ ਦੁਇ ਸਦਾ ਇਥੇ Welcome ਹੋ ਜਦੋਂ ਜੀ ਚਾਹੇ ਆਓ। ਜੇ ਮੈਂ ਤੁਸਾਂ ਦੁਹਾਂ ਦੇ ਹ੍ਰਿਦੇ ਨੂੰ ਰੰਚਕ ਮਾਤ੍ਰ ਸੁਖ ਤੇ ਠੰਢ ਪੁਚਾ ਸਕਾਂ ਤਾਂ ਵਾਹਿਗੁਰੂ ਜੀ ਦੀ ਮਿਹਰ ਨਾਲ ਸੁਭਾਗ ਹੈ ।
ਗੁਰੂ ਤੁਸਾਡੇ ਅੰਗ ਸੰਗ ਹੋਵੇ ਤੇ ਤੁਹਾਨੂੰ ਅਪਨੀ ਮੇਹਰ ਦੀ ਛਾਂ ਦੇ ਕੇ ਸੁਖੀ ਕਰੇ । ਤੁਸਾਨੂੰ ਤੁਸਾਡੇ ਪਤੀ ਜੀ ਤੇ ਬਚਯਾਂ ਨੂੰ ਬਹੁਤ ਬਹੁਤ ਅਸੀਸ ।
ਵਾਹਿਗੁਰੂ ਚਿਤ ਆਵੇ ।
ਆਪ ਦਾ ਹਿਤਕਾਰੀ
ਵੀਰ ਸਿੰਘ
ਜੇ ਆਓ ਤਾਂ ਪਹਲਾਂ ਪਤਾ ਕਰ ਲੈਣਾਂ, ਮੈਂ ਡੇਹਰੇ ਯਾ ਕਿਸੇ ਪਹਾੜ ਜਾਣ ਦਾ ਖ਼ਿਆਲ ਕਰ ਰਿਹਾ ਹਾਂ । ਐਸਾ ਨਾ ਹੋਵੇ ਕਿ ਤੁਸੀਂ ਆਓ ਤੇ ਮੈਂ ਏਥੇ ਨਾ ਹੋਵਾਂ ।
24
ਅੰਮ੍ਰਿਤਸਰ
੪.੧੨.੩੬
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਰਮ ਕ੍ਰਿਪਾਲੂ ਜੀਓ ਜੀ
ਆਪ ਜੀ ਦੇ ਸਤਿਕਾਰਯੋਗ ਭਰਾਤਾ ਸ੍ਰੀ ਭਾਈ...ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਬਹੁਤ ਸ਼ੋਕ ਹੋਇਆ । ਮੈਂ ਜੋ ਉਨ੍ਹਾਂ ਦੇ ਪੁਰਾਤਨ ਸਿੰਘਾਂ ਵਾਲੇ ਗੁਣ ਸੁਣੇ ਹਨ, ਉਨ੍ਹਾਂ ਕਰ ਕੇ ਇਸ ਸ਼ੋਕ ਦੇ ਨਾਲ ਮੇਰਾ ਸ਼ੋਕ ਹੋਰ ਵਧ ਗਿਆ ਜਦ ਕਿ ਖਯਾਲ ਇਸ ਘਾਟੇ ਵਲ ਗਿਆ ਜੋ ਰਹਿਣੀ ਬਹਿਣੀ ਦੇ ਸਿੰਘਾਂ ਦੇ ਦਿਨੋ ਦਿਨ ਟੁਰਦੇ ਚਲੇ ਜਾਣ ਨਾਲ ਪੰਥ ਨੂੰ ਪੈ ਰਿਹਾ ਹੈ ! ਆਪ ਜੀ ਦੇ ਧਰਮ ਜੀਵਨ ਵਾਲੇ ਉਪਕਾਰੀ ਤੇ ਬਾਣੀ ਰਸੀਏ ਵੀਰ ਦਾ ਵਿਛੋੜਾ ਆਪ ਦੇ ਵੀਰ ਵਿਛੋੜੇ ਦੇ ਨਾਲ ਇਕ ਵਡਾ ਪੰਥਕ ਵਿਛੋੜਾ ਹੈ । ਸਿੱਖ ਮੰਦਰਾਂ ਵਿਚੋਂ ਧਰਮੀ ਸੇਵਕਾਂ ਦਾ ਟੁਰ ਜਾਣਾ ਉਸ ਮੰਡਲ ਵਿਚ ਅਗੇ ਹੀ ਪੈ ਰਹੇ ਘਾਟੇ ਨੂੰ ਵਧੇਰੇ ਦੁਖਦਾਈ ਬਣਾਉਂਦਾ ਹੈ। ਪਰ ਅਸਾਂ ਦੁਖ ਸੁਖ ਹਰ ਹਾਲ ਵਿਚ ਗੁਰੂ ਮਤਿ ਵਲ ਤਕਣਾ ਹੈ ਜਿਸ ਵਿਚ ਗੁਰੂ ਸੱਚੇ ਪਾਤਸ਼ਾਹ ਦਾ ਮੁੱਖ ਅਸੂਲ ਸਾਡੇ ਲਈ ਭਾਣਾ ਮੰਨਣਾ ਦਸਿਆ ਹੈ, ਤੇ ਨਾਲ ਹੀ ਬਾਣੀ ਆਗਿਆ ਕਰਦੀ ਹੈ ਕਿ ਅਗੇ ਜਾ ਕੇ ਮੇਲੇ ਹੋਣੇ ਹੈਨ ਤਦ ਇਹ ਆਸ ਉਸ ਵਿਯੋਗ ਨੂੰ ਸਦਾ-ਵਿਯੋਗ ਦਾ ਰੂਪ ਨਹੀਂ ਲੈਣ ਦੇਂਦੀ, ਇਸ ਤਰ੍ਹਾਂ ਆਸ ਦੀ ਤਾਰ ਦੀ ਅਟੁੱਟਤਾ ਰਜ਼ਾ ਨਾਲ ਇਕ ਸ੍ਵਰਤਾ ਕੁਛ ਛੇਤੀ ਪ੍ਰਦਾਨ ਕਰ ਦੇਂਦੀ ਹੈ। ਇਸ ਕਰ ਕੇ ਉਸ ਪਰਮ ਪਿਤਾ ਜੀ ਦੀ ਰਜ਼ਾ ਅਗੇ ਸਿਰ ਝੁਕਾਉਣਾ ਤੇ ਉਨ੍ਹਾਂ ਦੀ ਪਵਿੱਤ੍ਰ ਮਰਜ਼ੀ ਵਿਚ ਅਪਣੀ ਮਰਜ਼ੀ ਨੂੰ ਇਕ ਸ੍ਵਰ ਕਰ ਕੇ ਮੇਲਣਾ ਇਹੀ ਸਾਡੇ ਲਈ ਕਲਯਾਣਕਾਰੀ ਹੈ ।
ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ ॥
ਆਪ ਵੀਚਾਰ ਸ਼ੀਲ ਹੋ ਗੁਰਬਾਣੀ ਦੀ ਟੇਕ ਆਪ ਨੂੰ ਇਹੋ ਆਸਰਾ ਦੇ ਰਹੀ ਹੋਸੀ । ਸੱਜਣਾਂ ਮਿੱਤਰਾਂ ਨੇ ਬੀ ਅਪਣੀ ਦਿਲੀ ਹਮਦਰਦੀ ਪ੍ਰਗਟ ਕਰਦੇ ਹੋਏ ਇਹੀ ਅਰਦਾਸ ਕਰਨੀ ਹੈ ਕਿ ਆਪ ਸਾਰੇ ਸਾਹਿਬਾਨ ਨੂੰ ਵਾਹਿਗੁਰੂ ਜੀ ਭਾਣਾ ਮੰਨਣ ਦੀ ਦਾਤ ਬਖ਼ਸ਼ਣ ਤੇ ਵਿਛੜ ਗਏ ਪਿਆਰੇ ਨੂੰ ਅਪਣੀ ਮਿਹਰ ਦੀ ਛਾਵੇਂ ਨਿਵਾਸ ਬਖ਼ਸ਼ੇ ।
ਇਸ ਵਿਛੋੜੇ ਵਿਚ ਮੇਰੀ ਦਿਲੀ ਹਮਦਰਦੀ ਆਪ ਜੀ ਤੇ ਆਪ ਜੀ ਦੇ ਸਾਰੇ ਪਰਿਵਾਰ ਨਾਲ ਹੈ, ਗੁਰੂ ਸੱਚਾ ਪਾਤਸ਼ਾਹ ਨਾਮ ਦਾਨ ਤੇ ਸਿੱਖੀ ਸਿਦਕ ਦਾਨ ਕਰੇ ਜੋ ਸੰਸਾਰ ਦੇ ਇਸ ਤਰ੍ਹਾਂ ਦੇ ਮੁਸ਼ਕਲ ਮਾਮਲੇ ਸੁਖੈਨਤਾ ਤੇ ਭਰੋਸੇ ਨਾਲ ਝੱਲੇ ਜਾਣ।
ਹਿਤਕਾਰੀ
ਵ. ਸ.
25
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਅੰਮ੍ਰਿਤਸਰ
२੮. १,३੭
ਪਯਾਰੇ ਬਰਖ਼ੁਰਦਾਰ ਜੀਓ
ਮੈਨੂੰ ਆਪ ਦਾ ਲਿਖਿਆ ਪੱਤਰ ਪਾਰਸਲ ਵਿਚ ਪਿਆ ਅੱਜ ਮਿਲਿਆ ਹੈ।
ਆਪ ਜੀ ਦੇ ਬਜ਼ੁਰਗ ਪਿਤਾ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਮੈਨੂੰ ਨਹੀਂ ਮਿਲੀ, ਮੇਰੇ ਨੇੜੇ ਨੇੜੇ ਕਈ ਲੋਕ ਲੰਘੇ ਪਰ ਕਿਸੇ ਮੇਰੇ ਨਾਲ ਜ਼ਿਕਰ ਨਹੀਂ ਕੀਤਾ । ਪਰਸੋਂ ਮੈਨੂੰ ਸੁਧ ਪਈ ਹੈ, ਆਪ ਦਾ ਪੱਤ੍ਰ ਭਾਈ ਸੇਵਾ ਸਿੰਘ ਜੀ ਦੇ ਨਾਮ ਆਯਾ ਸੀ ਤੇ ਓਹ ਬਾਹਰ ਗਏ ਹੋਏ ਸਨ । ਕਲ ਮੈਂ ਆਪ ਤੇ ਆਪ ਦੇ ਭ੍ਰਾਵਾਂ ਜੋਗ ਤਾਰ ਦਿਤੀ ਸੀ ਸ਼ਾਯਦ ਪੁਜ ਗਈ ਹੋਊ ।
ਆਪ ਦੇ ਧਰਮ ਭਾਵ ਨਾਲ ਪੂਰਤ ਪਿਤਾ ਜੀ ਮੇਰੇ ਬਹੁਤ ਦੇਰ ਦੇ ਸੱਜਣ ਸਨ ਤੇ ਉਨ੍ਹਾਂ ਦੇ ਵਿਛੋੜੇ ਦਾ ਮੈਨੂੰ ਦਰਦ ਹੈ । ਪਰੰਤੂ ਉਨ੍ਹਾਂ ਦਾ ਜੀਵਨ ਖਰਾ ਖਰਾ ਸੀ ਚਾਹੇ ਓਹ ਖ਼ੁਰਦਰੇ-ਪਨ ਤੇ ਪਹੁੰਚ ਜਾਂਦਾ ਸੀ, ਪਰ ਸੀ ਖਰਾ ਤੇ ਨੇਕ ਤੇ ਸੱਚ ਦੇ ਕੇਂਦ੍ਰ ਦੇ ਦੁਆਲੇ ਭੌਣ ਵਾਲਾ । ਹੁਣ ਪੈਨਸ਼ਨ ਲੈ ਕੇ ਨਾਮ ਵਲ ਬੀ ਝੁਕ ਗਏ ਸਨ ਤੇ ਇਸ ਵਿਸ਼ੇ ਵਿਚ ਪੱਤਰ ਬਿਵਹਾਰ ਤੇ ਮਿਲ ਕੇ ਜ਼ਬਾਨੀ ਬਹੁਤ ਕੁਛ ਪੁੱਛਿਆ ਤੇ ਮੁਸ਼ਕਲਾਂ ਹਲ ਕਰਿਆ ਕਰਦੇ ਸਨ । ਇਸ ਕਰ ਕੇ ਇਹ ਖਯਾਲ ਸੁਖ ਦੇਂਦਾ ਹੈ ਕਿ ਉਨ੍ਹਾਂ ਦੀ ਆਤਮਾ ਸੁਹਣੇ ਸੁਖ ਵਿਚ ਗਈ ਹੋਸੀ । ਆਪ ਸਾਰੇ ਸਿਆਣੇ ਹੋ ਤੇ ਕਮਾਈ ਦੀ ਉਮਰਾ ਵਿਚ ਹੋ, ਪਰ ਪਿਤਾ ਦੀ ਮਿਹਰ ਤੇ ਪਯਾਰ ਇਕ ਦੁਰਲਭ ਵਸਤੂ ਹੈ। ਮੈਨੂੰ ਉਨ੍ਹਾਂ ਦੀ ਬ੍ਰਿਧ ਮਾਤਾ ਜੀ ਦੇ ਹਿਰਦੇ ਦੀ ਕੋਮਲਤਾ ਦਾ ਖਯਾਲ ਆਉਂਦਾ ਹੈ ਕਿ ਉਥੇ ਵਿਜੋਗ ਦੀ ਸੱਟ ਬਹੁਤ ਦੁਖਦਾਈ ਹੋਈ ਹੋਸੀ । ਇਸ ਟਿਕਾਣੇ ਆਪ ਤ੍ਰੈਹਾਂ ਭਰਾਵਾਂ ਦਾ ਫਰਜ਼ ਹੈ ਕਿ ਉਨ੍ਹਾਂ ਨੂੰ ਬਹੁਤ ਪਿਆਰ ਕਰੋ ਤੇ ਉਨ੍ਹਾਂ ਦੇ ਬਿਰਧਾਪਨ ਦੇ ਦਿਨ ਸਦਾ ਪਯਾਰ ਭਰੀ ਸੇਵਾ ਨਾਲ ਗੁਰਬਾਣੀ ਤੇ ਨਾਮ ਦੇ ਪ੍ਰੇਮ ਵਿਚ ਬਸਰ ਹੋਣ ਵਿਚ ਸਹਾਈ ਹੋਵੇ ਤੇ ਓਹ ਕਿਸੇ ਗਲੇ ਔਖੇ ਨਾ ਹੋਣ ।
ਵਾਹਿਗੁਰੂ ਵਿਛੁੜੇ ਪਯਾਰੇ ਨੂੰ ਅਪਨੇ ਚਰਨਾਂ ਕਮਲਾਂ ਦੀ ਛਾਵੇਂ ਡੇਰਾ ਬਖ਼ਸ਼ੇ ਤੇ ਆਪ ਸਾਰਿਆਂ ਨੂੰ ਧੀਰਜ, ਭਾਣਾ ਮੰਨਣ ਦੀ ਦਾਤ ਤੇ ਸਿੱਖੀ ਸਿਦਕ ਦਾਨ ਕਰੇ । ਮੇਰੀ ਦਿਲੀ ਹਮਦਰਦੀ ਆਪ ਨਾਲ ਹੈ । ਤੁਸਾਂ ਤਿੰਨਾਂ ਭਰਾਵਾਂ ਨੇ ਆਪੋ ਵਿਚ ਪਯਾਰ ਤੇ ਮੁਹਬਤ ਨਾਲ ਸੰਬੰਧ ਰਖਣਾ । ਸੰਸਾਰ ਦਾ ਸੁਖ ਤੇ ਪਰਮਾਰਥ ਦਾ ਸੁਖ ਇਸ ਵਿਚ ਹੁੰਦਾ ਹੈ ।
ਆਪ ਸਭਨਾਂ ਦੇ ਦਰਦ ਵਿਚ ਦਰਦੀ
ਵ. ਸ.
26
ਅੰਮ੍ਰਿਤਸਰ
26.2.37
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਯਾਰੇ ਭਾਈ...ਜੀਓ
ਮੈਨੂੰ ਭਾਈ ਇੰਦਰ ਸਿੰਘ ਜੀ ਨੇ ਦਸਿਆ ਹੈ ਕਿ ਆਪ ਜੀ ਦੇ ਦੁਖ ਸੁਖ ਦੀ ਸਾਥਣ, ਨੇਕ ਤੇ ਪਯਾਰ ਵਾਲੀ ਅਰਧੰਗੀ ਇਸ ਅਸਾਰ ਸੰਸਾਰ ਤੋਂ ਚਲਾਣਾ ਕਰ ਗਈ ਹੈ, ਗ੍ਰਸਤ ਆਸ਼੍ਰਮ ਵਿਚ ਇਸ ਤਰ੍ਹਾਂ ਦੇ ਵਿਯੋਗ ਕਿ ਜਿਨ੍ਹਾਂ ਵਿਚ ਦਿਲੀ ਪਯਾਰ ਦੇ ਆਧਾਰ ਟੁਟਦੇ ਹਨ, ਆਉਂਦੇ ਹਨ ਤੇ ਇਹੀ ਇਸ ਆਸ਼ਰਮ ਤੋਂ ਉਦਾਸੀਨਤਾ ਦੇ ਜਾਂਦੇ ਹਨ । ਫਿਰ ਏਹ ਕੇਵਲ ਵਿਛੋੜੇ ਦੀ ਪੀੜਾ ਦੇਣਹਾਰ ਨਹੀਂ ਹੁੰਦੇ ਸਗੋਂ ਅਨੇਕਾਂ ਵਿਗੋਚੇ ਪੈ ਜਾਂਦੇ ਤੇ ਜ਼ਿੰਮੇਵਾਰੀਆਂ ਵਧ ਜਾਂਦੀਆਂ ਹਨ। ਜਿਸ ਕਰ ਕੇ ਅਮਲੀ ਜੀਵਨ ਵਿਚ ਬੀ ਮੁਸ਼ਕਲਾਂ ਵਧ ਜਾਂਦੀਆਂ ਹਨ । ਪਰ ਸਤਿਗੁਰ ਜੀ ਨੇ ਇਨਸਾਨ ਨੂੰ ਇਹ ਦਸਿਆ ਹੈ ਕਿ ਇਹ ਸੰਸਾਰ ਤੇ ਇਸ ਵਿਚ ਸਾਡਾ ਜੀਵਨ ਸਿਖਯਾ ਪਾਉਣ ਲਈ ਹੈ ਤੇ ਸਿਖਯਾ ਅੱਡ ਅੱਡ ਤਰ੍ਹਾਂ ਦੇ ਤਜਰਬਿਆਂ ਨਾਲ ਹਾਸਲ ਹੁੰਦੀ ਹੈ, ਤੇ ਤਜਰਬੇ ਤੋਂ ਪਾਈ ਸੋਝੀ ਪੱਕੀ ਹੋ ਕੇ ਟਿਕਦੀ ਹੈ, ਫਿਰ ਸਤਿਗੁਰ ਜੀ ਨੇ ਦਸਿਆ ਹੈ ਕਿ ਸੰਸਾਰ ਵਿਚ ਦੋ ਸਾਮਾਨ ਹਨ ਇਕ ਚਲਣਹਾਰ ਤੇ ਇਕ ਅਵਿਨਾਸ਼, ਅਸੀ ਚਲਣਹਾਰ ਨਾਲ ਮੋਹ ਵਿਚ ਹਾਂ ਕਿਉਂਕਿ ਚਲਣਹਾਰ ਦੀਸਣਹਾਰ ਹੈ ਤੇ ਦੀਸਣਹਾਰ ਨਾਲ ਮੋਹ ਉਪਜਦਾ ਹੈ । ਅਵਿਨਾਸ਼ੀ ਅਣਡਿੱਠਾ ਹੈ ਤੇ ਉਸ ਨਾਲ ਮੋਹ ਨਹੀਂ ਪਿਆ ਸਾਡਾ। ਦੀਸਣਹਾਰ ਜਦ ਵਿਣਸਦਾ ਹੈ ਤਾਂ ਵਿਯੋਗ ਦੀ ਸੱਟ ਵਜਦੀ ਹੈ ਤੇ ਪੀੜਾ ਹੁੰਦੀ ਹੈ ਦਿਲ ਦਿਮਾਗ਼ ਟੁਟਦੇ ਤੇ ਚੱਕਰ ਖਾਂਦੇ ਹਨ । ਅਵਿਨਾਸ਼ੀ ਨਾਲ ਜੇ ਮੋਹ ਹੋਵੇ ਤਾਂ ਵਿਯੋਗ ਦੀ ਪੀੜਾ ਨਹੀਂ ਪੈਂਦੀ ਕਿਉਂਕਿ ਉਹ ਸਦਾ ਥਿਰ ਹੈ। ਇਸੇ ਕਰ ਕੇ ਫੁਰਮਾਯਾ ਹੈ ਸਤਿਗੁਰਾਂ ਨੇ “ਨਾ ਓਹੁ ਮਰੈ ਨ ਹੋਵੈ ਸੋਗ" ਤੇ ਸੋਗ ਤੋਂ ਰਖਯਾ ਵਾਸਤੇ ਹੀ ਫੁਰਮਾਯਾ ਨੇ 'ਤਿਸ ਸਿਉ ਨੇਹ ਨ ਕੀਜਈ ਜੋ ਦੀਸੈ ਚਾਲਣਹਾਰ ।
ਪਰ ਆਮ ਜਗਤ ਲਈ ਏਹ ਸਬਕ ਸਿਖਣੇ ਔਖਾਂ ਨਾਲ ਹੀ ਹੁੰਦੇ ਹਨ ਤੇ ਜਿਨ੍ਹਾਂ ਨੂੰ ਦਿਨੇ ਰਾਤ ਸਾਈਂ ਨੇ ਗੁਰਬਾਣੀ ਨਾਲ ਵਾਹ ਬਖਸ਼ਿਆ ਹੈ ਉਨ੍ਹਾਂ ਦੇ ਨੈਣਾਂ ਅਗੇ ਇਹ ਉਪਦੇਸ਼ ਹਰ ਵੇਲੇ ਰਹਿੰਦਾ ਹੈ, ਉਨ੍ਹਾਂ ਨੂੰ ਕੋਈ ਮਤ ਦੇਣੀ ਯਾ ਉਪਦੇਸ਼ ਲਿਖਣਾ ਵਾਧੂ ਜੇਹਾ ਹੁੰਦਾ ਹੈ । ਤੁਸੀਂ ਗੁਰੂ ਕੇ ਪਿਆਰੇ ਹੋ ਆਸ ਹੈ ਗੁਰਬਾਣੀ ਦੇ ' ਆਸ਼ੇ ਅਨੁਕੂਲ ਸਤਿਗੁਰੂ ਦੇ ਭਾਣੇ ਨੂੰ ਮਿਠਾ ਕਰਕੇ ਮੰਨ ਰਹੇ ਹੋਵੇਗੇ ਤੇ ਇਸ ਵਿਯੋਗ
ਨੂੰ ਦਾਤਾ ਜੀ ਦੀ ਰਜ਼ਾ ਸਮਝ ਕੇ ਉਸ ਦੀ ਰਜ਼ਾ ਵਿਚ ਅਪਨੀ ਮਰਜੀ ਮੇਲ ਰਹੇ ਹੋਵੇਗੇ । ਕਈ ਵੇਰ ਐਸਾ ਬੀ ਹੁੰਦਾ ਹੈ ਕਿ ਪੜੇ ਸਬਕ ਤੇ ਸਿਖੀ ਸਿਖਯਾ ਦਾ ਅਸਰ ਕਰੜੀ ਸੱਟ ਆ ਪੈਣ ਤੇ ਗੌਨ ਹੋ ਜਾਂਦੇ ਹਨ ਤੇ ਬਿਰਹਾ ਪੀੜਾ ਮੁਖਤਾ ਲੈ ਜਾਂਦੀ ਹੈ । ਇਨਸਾਨ ਆਖਰ ਇਨਸਾਨ ਹੈ ਤੇ ਇਨਸਾਨੀ ਵਲਵਲੇ ਅਪਨੀਆਂ ਡੂੰਘਾਈਆਂ ਆਪ ਰਖਦੇ ਹਨ ਤੇ ਉਨ੍ਹਾਂ ਦੇ ਮਰਮ ਬੀ ਸੁਖੱਲੇ ਨਹੀਂ ਜਾਣ ਪੈਂਦੇ । ਐਸੇ ਸਮਿਆਂ ਲਈ ਸਤਿਗੁਰ ਨੇ ਸਤਿਸੰਗ ਰਚਿਆ ਹੈ ਕਿ ਬਾਣੀ ਦੇ ਪ੍ਰੇਮੀ ਅਪਨੇ ਹਿਤੂ ਤੇ ਪਯਾਰੇ ਪਾਸ ਹੋਣ ਤੇ ਅਪਨੇ ਪਯਾਰ ਹਿਤ ਨਾਲ, ਅਪਨੀ ਹਮਦਰਦੀ ਨਾਲ, ਅਪਨੀ ਸਿਖ ਮਤ ਨਾਲ, ਅਪਨੇ ਕੀਰਤਨ ਤੇ ਪਾਠ ਦੇ ਅਸਰ ਨਾਲ ਉਨ੍ਹਾਂ ਇਨਸਾਨੀ ਵਲਵਲਿਆਂ ਤੋਂ ਉਪਜੀ ਪੀੜਾ ਨੂੰ ਦੂਰ ਕਰ ਦੇਣ, ਘਟਾ ਦੇਣ ਤੇ ਅੰਦਰ ਸਹੂਲਤਾਂ ਵਾਲੇ ਖਯਾਲ ਪਾ ਦੇਣ ਤਾਂ ਜੋ ਰਜ਼ਾ ਦਾ ਸਬਕ ਫੇਰ ਤਾਜਾ ਹੋ ਜਾਏ ਤੇ ਨਾਮ ਬਾਣੀ ਰੌਂ ਸੁਹਣਾ ਹੋ ਕੇ ਚਮਕ ਪਵੇ ਤੇ ਅਪਨੇ ਰੰਗ ਵਿਚ ਰੰਗ ਲਾ ਦੇਵੇ । ਇਸ ਪਹਿਲੂ ਵਿਚ ਬੀ ਸਿਰਜਨਹਾਰ ਕਰਤਾਰ ਦੀ ਆਪ ਤੇ ਕ੍ਰਿਪਾ ਹੈ, ਸ੍ਰੀ ਭਾਈ ਸੁਧ ਸਿੰਘ ਜੀ ਵਰਗੇ ਰਾਗੀ ਤੇ ਬਾਣੀ ਦੇ ਪ੍ਰੇਮੀ, ਨਾਮ ਦੇ ਜਪਨ ਵਾਲੇ ਤੇ ਸਤਸੰਗੀ ਆਪ ਦੇ ਪਾਸ ਹਨ, ਕੀਰਤਨ ਦਾ ਸਾਮਾਨ ਸਾਰਾ ਹੈ, ਆਪ ਨੂੰ ਉਨ੍ਹਾਂ ਦਾ ਮੇਲ ਪਯਾਰ ਤੇ ਨਿਕਟ ਹੋਣਾ ਮਰਹਮ ਦਾ ਕੰਮ ਦੇ ਰਿਹਾ ਹੋਵੇਗਾ, ਇਸ ਵੇਲੇ ਇਹ ਸਹਾਯਤਾ ਬੀ ਇਤਨੀ ਵਾਫਰ ਪਾਸ ਹੋਣੀ ਬੀ ਦਾਤਾ ਵਾਹਿਗੁਰੂ ਜੀ ਦੀ ਮਿਹਰ ਸਮਝਣੀ ਚਾਹਯੇ ।
ਧੰਨ ਗੁਰੂ ਨਾਨਕ ਦੇਵ ਜੀ
ਸੋ ਇਸ ਤਰ੍ਹਾਂ ਆਪ ਦੇ ਪਾਸ ਉਹ ਸਾਮਾਨ ਗੁਰੂ ਦਾ ਬਖਸ਼ਿਆ ਹੈ ਜੋ ਇਸ ਪ੍ਰਕਾਰ ਦੇ ਵਿਯੋਗਾਂ ਵੇਲੇ ਤੁਲਹਾ ਹੋ ਖਲੋਂਦਾ ਹੈ ਤੋ ਸੁਰਤ ਨੂੰ ਬਚਾ ਲੈਂਦਾ ਹੈ । ਇਸੇ ਵਿਚ ਕੁਛ ਥੋੜੀ ਹੋਰ ਸਹਾਯਤਾ ਨਮਿਤ ਮੈਂ ਏਹ ਚਾਰ ਅਖਰ ਲਿਖ ਰਿਹਾ ਹਾਂ ਕਿ ਆਪ ਗੁਰਬਾਣੀ ਦੇ ਗਾਯਨਹਾਰ ਹੋ ਤੇ ਬਾਣੀ ਇਹੋ ਸਿਖਾਲਦੀ ਹੈ ਕਿ ਵਾਹਗੁਰੂ ਸਾਡਾ ਪਰਮ ਮਿਤ੍ਰ ਹੈ । ਮਿਤ੍ਰ ਜੋ ਕੁਛ ਕਰਦਾ ਹੈ ਭਲੇ ਲਈ ਕਰਦਾ ਹੈ। ਇਸ ਕਰਕੇ ਮਿਤ੍ਰ ਦੇ ਕੀਤੇ ਨੂੰ ਮਿਤ੍ਰਤਾ ਸਮਝ ਕੇ ਦਿਲ ਨੂੰ ਉਸ ਦੇ ਸੁਕਰ ਤੇ ਰਜ਼ਾ ਵਿਚ ਸਨਮੁਖ ਰਖਣਾ ਚਾਹਯੇ ।
ਮੀਤੁ ਕਰੈ ਸੋਈ ਹਮ ਮਾਨਾ॥ ਮੀਤ ਕੇ ਕਰਤਬ ਕੁਸਲ ਸਮਾਨਾ ॥ ਫਿਰ ਸਤਿਗੁਰ ਨੇ ਦਸਿਆ ਹੈ ਕਿ ਇਹ ਜਗਤ ਸਾਡਾ ਡੇਰਾ ਨਹੀਂ ਇਹ ਪਕਾ ਮਕਾਮ ਨਹੀਂ, ਇਹ ਤਾਂ ਉਹ ਥਾਂ ਹੈ ਜਿਥੇ ਅਸਾਂ ਨੇ ਸੰਜਮ ਕਰਨਾ ਹੈ, ਪ੍ਰਬੰਧ ਕਰਨਾ ਹੈ ਉਸ ਡੇਰੇ ਦਾ ਜੋ ਡੇਰਾ ਸਚਮੁਚ ਹੈ ਕਿ ਜਿਥੇ ਹੁਣ ਬੀਬੀ ਜੀ ਗਏ ਹਨ ਤੇ ਅਸਾਂ ਸਭਨਾਂ ਨੇ ਜਾਣਾ ਹੈ ਤੇ ਉਸ ਦਾ ਸਾਮਾਨ ਸੰਜਮ ਪ੍ਰਬੰਧ ਇਹੋ ਹੈ ਕਿ ਅਸਾਂ ਏਥੇ ਵਸਦਿਆਂ ਜੀਵਨ ਨੂੰ ਸੁੱਚਾ ਬਨਾਉਣਾ ਹੈ ਸ਼ੁਭ ਕਰਮਾਂ ਨਾਲ ਤੇ ਮਨ ਨੂੰ ਸੱਚਾ ਕਰਨਾ ਹੈ ਬਾਣੀ ਦੇ ਪਾਠ ਵੀਚਾਰ ਕੀਰਤਨ ਨਾਲ ਤੇ ਬੁਧੀ ਨੂੰ ਸੱਚਾ ਕਰਨਾ ਹੈ ਨਾਮ ਅਭਯਾਸ ਨਾਲ, ਤੇ ਇਸੇ ਨਾਮ ਨੇ ਲਿਵ ਲਵਾ ਦੇਣੀ ਹੈ ਵਾਹਿਗੁਰੂ ਜੀ ਵਿਚ । ਇਉਂ ਸੰਜਮ ਹੋ ਜਾਣਾ ਹੈ ਉਸ ਡੇਰੇ ਦਾ । ਸੋ ਵਿਛੜ ਗਏ ਸਜਣ ਲਈ ਪਾਠ, ਅਰਦਾਸ, ਬੇਨਤੀ, ਕੀਰਤਨ ਦਾ ਸਾਮਾਨ ਕਰਕੇ ਹਰ ਐਸੇ ਸਮੇਂ ਕਿ ਜਦੋਂ ਕੀਰਤਨ ਹੋਵੇ, ਸ਼ੁਭ ਉਪਦੇਸ਼
ਹੋਵੇ, ਸਤਸੰਗ ਹੋਵੇ ਯਾ ਕਿਸੇ ਪਯਾਰ ਦੇ ਵਯੋਗ ਨਾਲ ਮਨ ਪੰਘਰੇ ਤਾਂ ਅਸੀ ਵਾਹਿਗੁਰੂ ਜੀ ਦੇ ਧਯਾਨ ਪੂਜਾ ਅਰਾਧਨ ਵਿਚ ਹੋਰ ਅਗੇਰੇ ਹੋਵੀਏ ਜੋ ਏਥੇ ਵਸਦਿਆਂ ਹੀ ਅਸੀ ਪਕੇ ਮੁਕਾਮ ਤੇ ਸਚੇ ਡੇਰੇ ਵਿਚ ਵਸਣ ਲੈਕ ਹੋ ਜਾਈਏ। ਸੋ ਰੱਬ ਜੀ ਦੀ ਮਿਹਰ ਨਾਲ ਆਪ ਪਾਸ ਸਾਰਾ ਸਤਿਸੰਗ ਦਾ ਸਾਧਨ ਹੈ । ਉਸ ਦਾ ਪੂਰਾ ਲਾਭ ਲਓ । ਰੱਬ ਜੀ ਦੇ ਹੋਰ ਨੇੜੇ ਹੋ ਜਾਓ । ਸੁਰਤਿਆਂ ਪੁਰਖਾਂ ਨੂੰ ਹਰ ਠੁਹਕਰ ਪੌੜੀ ਦੇ ਅਗਲੇ ਡੰਡੇ ਤੇ ਲੈ ਜਾਂਦੀ ਹੈ, ਹਰ ਸ਼ੋਕ ਦਾ ਕਦਮ ਪਰਮਾਰਥ ਵਿਚ ਅਗੇਰੇ ਕਰ ਦੇਂਦਾ ਹੈ । ਸੋ ਸਜਣ ਜੀਓ ! ਭਾਣਾ ਮਿਠਾ ਕਰ ਮੰਨੋ, ਬਾਣੀ ਦੇ ਆਸ਼ੇ ਨੂੰ ਸਮਝੋ, ਨਾਮ ਨਾਲ ਪ੍ਰੀਤ ਪਾਓ ਵਧਾਓ ਜਗਤ ਨੂੰ ਵਿਥ ਉਤੇ ਤਕੇ, ਸਾਈਂ ਰੱਬ ਨੂੰ ਨੇੜੇ ਕਰਕੇ ਵੇਖੋ । ਇਸ ਦ੍ਰਿਸ਼ਟੀ ਨਾਲ ਵਿਯੋਗ ਦੀ ਪੀੜਾ ਦੂਰ ਹੋ ਜਾਂਦੀ ਹੈ।
ਦਿਲਾਂ ਦੇ ਸੱਲ ਕੋਈ ਕਥਨੀ ਮਾਤ੍ਰ ਨਾਲ ਨਹੀਂ ਤੋੜ ਸਕਦਾ ਪਰ ਇਨਸਾਨ ਦਾ ਇਨਸਾਨੀ ਪਯਾਰ ਇਹੋ ਕੁਛ ਕਰ ਸਕਦਾ ਹੈ ਕਿ ਦੁਖ ਵੇਲੇ ਉੱਚੇ ਸੁੱਚੇ ਤੇ ਸੱਚੇ ਵੀਚਾਰ ਪੇਸ਼ ਕੀਤੇ ਜਾਣ, ਜਿਨ੍ਹਾਂ ਨਾਲ ਮਨ ਉੱਚਾ ਆਸ਼ਾ ਲੈ ਕੇ ਹੰਬਲਾ ਮਾਰਦਾ ਹੈ ਤੇ ਸ਼ੋਕ ਦੇ ਘਰੋਂ ਨਿਕਲ ਕੇ ਭਾਣੇ ਦੇ ਮਿਠੇ ਕਰ ਮੰਨਣ ਦੇ ਘਰ ਵਿਚ ਆ ਜਾਂਦਾ ਹੈ, ਮਰਦਾ ਕੁਛ ਨਹੀਂ, ਬਿਨਸਦਾ ਕੁਛ ਨਹੀਂ ਰੂਪ ਵਟਦਾ ਹੈ ਸੋ ਗੁਰਬਾਣੀ ਦਸਦੀ ਹੈ ਕਿ ਨਾਮ ਪ੍ਰੇਮੀਆਂ ਨੇ ਜਿਨ੍ਹਾਂ ਨੂੰ ਰਬ ਜੀ ਨਹੀਂ ਵਿਸਰਦੇ ਵਿਛੋੜੇ ਨਹੀ ਹੋਣੇ । ਵਿਛੋੜੇ ਉਨ੍ਹਾਂ ਨੂੰ ਹਨ, ਵੇਦਨਾ ਉਨ੍ਹਾਂ ਨੂੰ ਹਨ ਜਿਨ੍ਹਾਂ ਨੂੰ ਸਾਹਿਬ ਵਿਸਰ ਰਿਹਾ ਹੈ।
ਜਿਨ ਮੇਰਾ ਸਾਹਿਬੁ ਵੀਸਰੈ ਵਡੜੀ ਵੇਦਨ ਤਿਨਾਹ, ਸੋ ਸਾਹਿਬ ਦੀ ਯਾਦ ਵਿਚ- ਉਸ ਦੇ ਨਾਮ ਸਿਮਰਣ ਵਿਚ ਵੱਸੋ, ਕਿਸੇ ਵਿਯੋਗ ਨਾਲ ਉਹ ਤਾਰ ਢਿਲੀ ਨਾ ਪਵੇ, ਫੇਰ ਇਹ ਜਨਮ ਜਿਤਿਆ ਪਿਆ ਹੈ ਤੇ ਫੇਰ ਵਿਛੋੜੇ ਕੋਈ ਨਹੀਂ । ਕਿਉਂਕਿ ਸਦਾ ਸਿਮਰਣ ਵਾਲਿਆਂ ਨੂੰ ਰੱਬ ਨਾਲ ਵਿਛੋੜਾ ਨਹੀਂ ਪੈਂਦਾ, ਓਹ ਤਾਂ ਮਿਲੇ ਰਹਿੰਦੇ ਹਨ ਅੰਤਰ ਆਤਮੇ ਨਾਮ ਦੀ ਤਾਰ ਨਾਲ । ਸੋ ਜਿਨ੍ਹਾਂ ਨੂੰ ਰੱਬ ਜੀ ਨਾਲ ਵਿਯੋਗ ਨਹੀਂ ਪੈਂਦਾ ਓਹ ਸਭਨਾਂ ਨਾਲ ਮਿਲੇ ਹੋਏ ਹਨ ਜੋ ਰੱਬ ਜੀ ਨਾਲ ਮਿਲ ਰਹੇ ਹਨ । ਇਸ ਕਰਕੇ ਵਿਛੋੜਿਆਂ ਦਾ ਦਾਰੂ ਤੇ ਫੇਰ ਮੇਲਿਆਂ ਦਾ ਉਪਾਲਾ ਬੀ ਰੱਬ ਜੀ ਨਾਲ ਪ੍ਰੇਮ ਹੈ, ਲਿਵ ਹੈ, ਜੋ ਲਗਦੀ ਹੈ ਨਾਮ ਅਭਯਾਸ ਨਾਲ । ਸੋ ਹੁਕਮ ਮਿਠਾ ਕਰਕੇ ਮੰਨਣਾ, ਬਾਣੀ ਨਾਮ ਵਿਚ ਤਤਪਰ ਰਹਿਣਾ, ਰਜ਼ਾ ਸ਼ੁਕਰ ਦਾ ਸਾਧਨ ਜਾਰੀ ਰਖਣਾ । ਇਹੋ ਡਾਢਾਂ ਹਨ ਜੋ ਦਿਲ ਨੂੰ ਸਾਈਂ ਤੋਂ ਦੂਰ ਨਹੀਂ ਹੋਣ ਦਿੰਦੀਆਂ । ਇਹੋ ਸਿਖਯਾ ਹਨ ਜੋ ਵਿਯੋਗੀ ਜਗਤ ਨੂੰ ਆਪ ਗੁਰਬਾਣੀ ਦੇ ਕੀਰਤਨ ਦੁਆਰਾ ਦੇਂਦੇ ਰਹੇ ਹੋ, ਇਹੋ ਸਿਖਯਾ ਹਨ ਸਤਗੁਰ ਦੀ ਬਾਣੀ ਦੀਆਂ ਜੋ ਇਸ ਵੇਲੇ ਆਪ ਜੀ ਦੀਆਂ ਸਹਾਈ ਹੋ ਸਕਦੀਆਂ ਹਨ ਤੇ ਹੋਨ । ਗੁਰੂ ਅੰਗ ਸੰਗ । ਆਪ ਜੀ ਨੂੰ ਸ਼ਾਂਤੀ ਠੰਢ ਬਖਸ਼ੇ, ਨਾਮ ਦਾਨ ਬਖਸ਼ੋ । ਪਰਵਾਰ ਵਿਚ ਸੁਖ ਵਰਤੇ । ਤੇ ਬੀਬੀ ਜੀ ਦਾ ਵਾਸ ਸਾਈਂ ਦੀ ਮੇਹਰ ਦੀ ਛਾਵੇਂ ਹੋਵੇ । ਮੇਰੀ ਦਿਲੀ ਹਮਦਰਦੀ ਤੇ ਪਯਾਰ ਆਪ ਜੀ ਦੇ ਨਾਲ ਹੈ, ਗੁਰੂ ਅੰਗ ਸੰਗ । ਧੰਨ ਗੁਰੂ ਨਾਨਕ ਦੇਵ ਧੰਨ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲਾ ਪਯਾਰ ਪੁੰਜ ।
ਆਪ ਦਾ ਹਿਤਕਾਰੀ
ਵੀਰ ਸਿੰਘ
27
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਯਾਰੇ ਜੀਓ
ਭਾਈ ਸੇਵਾ ਸਿੰਘ ਜੀ ਨੇ ਦੁਖਦਾਈ ਖ਼ਬਰ ਦਸੀ ਹੈ ਕਿ ਸ੍ਰੀ ਜੀ ਦੇ ਛੋਟੇ ਭਰਾਤਾ ਜੀ ਸਚਖੰਡ ਪਯਾਨਾ ਕਰ ਗਏ ਹਨ, ਆਪ ਜੀ ਦਾ ਬ੍ਰਿਧ ਅਵਸਥਾ ਵਿਚ ਜਦੋਂ ਕਿ ਆਰਾਮ ਤੇ ਕੁਸ਼ਲ ਚਾਰ ਚੁਫੇਰਿਓਂ ਲੋੜੀਦਾ ਸੀ, ਇਕ ਲਾਯਕ ਭਰਾਤਾ ਜੀ ਦੇ ਚਲਾਣੇ ਥੋੜੇ ਹੀ ਚਿਰ ਬਾਹਦ ਦੂਜੇ ਲਾਯਕ ਭ੍ਰਾਤਾ ਜੀ ਦੇ ਚਲਾਣੇ ਦਾ ਸਦਮਾ ਆ ਜਾਣਾ ਬਹੁਤ ਦੁੱਖ ਦੀ ਵਾਰਤਾ ਹੈ । ਖੇਚਲ ਬਾਦ ਖੇਚਲ ਤੇ ਐਸੀ ਖੇਚਲ ਜੋ ਦਿਲੀ ਸਹਾਰਿਆਂ ਦੇ ਬਿਨਸਨ ਦੀ ਹੈ ਅਸੈਹ ਹੈ, ਪਰੰਤੁ ਸਭ ਕੁਛ ਪਯਾਰੇ ਕਰਤਾਰ ਦੀ ਰਜ਼ਾ ਵਿਚ ਹੈ, ਜੋ ਕਰਦਾ ਹੈ ਸਰੀਰਾਂ ਨੂੰ ਸੰਬੰਧ ਦੇ ਕੇ ਕਠਿਆਂ ਕਰਦਾ ਹੈ। ਦਿਲਾਂ ਨੂੰ ਮੇਲਦਾ ਹੈ ਉਹੀ ਵਿਯੋਗ ਦੇ ਸਾਮਾਨ ਕਰ ਦੇਂਦਾ ਹੈ । ਪਰ ਕਿਉਂਕਿ ਸਾਡੇ ਸਾਰਿਆਂ ਦਾ ਅੰਤ ਉਹੋ ਮਾਲਕ ਹੈ ਜਿਸ ਵਲ ਸਾਰੇ ਕੋਈ ਸਹਿਜੇ ਕੋਈ ਤ੍ਰਿਖੇ ਜਾ ਰਹੇ ਹਾਂ ਇਸ ਕਰ ਕੇ ਉਸ ਦੇ ਕੀਤੇ ਨੂੰ 'ਮੀਤੁ ਕਰੈ ਸੋਈ ਹਮ ਮਾਨਾ ਵਾਲਾ ਸਤਿਗੁਰ ਦਾ ਉਪਦੇਸ਼ ਆਸਾ ਬਨਾਉਂਦਾ ਹੈ । ਸਾਨੂੰ ਤਾਂ ਪਯਾਰ ਹੋਣ ਕਰ ਕੇ ਬਿਰਹੇ ਹੀ ਹੁੰਦੇ ਹਨ ਤੇ ਬਿਰਹੇ ਦੀ ਪੀੜਾ ਹੁੰਦੀ ਹੈ ਪਰ ਸਤਿਗੁਰ ਦਸਦੇ ਹਨ ਕਿ ਓਹ ਮਿੱਤਰ ਤੇ 'ਮੀਤ ਕੇ ਕਰਤਬ ਕੁਸਲ ਸਮਾਨਾ' ਹੁੰਦੇ ਹਨ ਇਸ ਕਰ ਕੇ ਉਸ ਦੇ ਕਰਨੇ ਨੂੰ ਮਿੱਠਾ ਕਰ ਕੇ ਮੰਨਣਾ ਹੀ ਗੁਰਸਿੱਖਾਂ ਦੀ ਟੇਕ ਹੈ, ਵਾਹਿਗੁਰੂ ਆਪ ਜੀ ਨੂੰ ਅਪਨਾ ਨਾਮ ਦਾਨ ਤੇ ਸਿਦਕ ਦਾਨ ਦੇਣ ਜੋ ਉਨ੍ਹਾਂ ਦੀ ਬਖ਼ਸ਼ੀ ਟੇਕ ਦੇ ਆਸਰੇ ਇਹ ਸਦਮਾ ਅਪਨਾ ਢਾਊ ਅਸਰ ਨਾ ਪਾ ਸਕੇ ਤੇ ਮਨ ਨੂੰ ਸਾਈਂ ਪਯਾਰਤੇ ਚੜ੍ਹਦੀਆਂ ਕਲਾ ਵਿਚ ਰਖੇ ।
ਮੇਰੀ ਦਿਲੀ ਹਮਦਰਦੀ ਆਪ ਦੇ ਇਸ ਵਿਯੋਗ ਵਿਚ ਆਪ ਦੇ ਨਾਲ ਹੈ ਤੇ ਅਰਦਾਸ ਹੈ ਕਿ ਗੁਰੂ ਆਪ ਦਾ ਸਹਾਈ ਹੋਵੇ ਤੇ ਵਿਛੜੀ ਆਤਮਾ ਦਾ ਨਿਵਾਸ ਅਕਾਲ ਪੁਰਖ ਦੀ ਮਿਹਰ ਦੀ ਛਾਵੇਂ ਹੋਵੇ ।
ਅੰ. ਸ. ਜੀ ਆਪ ਦੇ ਦਰਦ ਵਿਚ ਦਰਦੀ ਵ. ਸ.
२३.੬. ३੭
28
ਅੰਮ੍ਰਿਤਸਰ
३०.੬.३੭
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਯਾਰੇ ਜੀਓ
ਆਪ ਦਾ ਪੱਤਰ ਸ੍ਰੀ ਬੀਬੀ...ਜੀ ਦੇ ਅਕਾਲ ਚਲਾਣੇ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਦਾ ਆਯਾ ।
ਬੀਬੀ ਜੀ ਦੇ ਚਲਾਣੇ ਦੀ ਸ਼ੋਕ ਦਾਇਕ ਖ਼ਬਰ ਮੈਨੂੰ Lio ਜੀ ਨੇ ਦਸੀ ਸੀ ਤੇ ਮੈਂ ਬਰਖ਼ੁਰਦਾਰ ਜੀ… ਜੋਗ ਤਾਰ ਪਾਈ ਸੀ, ਉਨ੍ਹਾਂ ਦਾ ਪੱਤਰ ਬੜਾ ਤਸੱਲੀ ਵਾਲਾ ਆਯਾ ਹੈ ਕਿ ਉਨ੍ਹਾਂ ਨੇ ਇਸ ਸਦਮੇ ਨੂੰ ਵਾਹਿਗੁਰੂ ਜੀ ਦਾ ਭਾਣਾ ਜਾਣ ਕੇ ਬਹੁਤ ਮਿੱਠਾ ਕਰ ਕੇ ਝਲਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਜਤਨ ਵਿਚ ਸਫ਼ਲ ਰਹੇ ਹਨ । ਬਰਖ਼ੁਰਦਾਰ ਜੀ ਦੀ ਇਹ ਅਵਸਥਾ ਬੜੀ ਸਤਕਾਰ ਜੋਗ ਹੈ। ਮੈਂ ਉਨ੍ਹਾਂ ਨੂੰ ਹੁਣੇ ਹੀ ਇਕ ਖ਼ਤ ਲਿਖ ਚੁਕਾ ਹਾਂ ਕਿ ਵਾਹਿਗੁਰੂ ਜੀ ਦੀ ਇਹ ਮੇਹਰ ਹੈ ਤੇ ਆਪ ਨੂੰ ਗੁਰਬਾਣੀ ਦੀ ਵੀਚਾਰ ਤੇ ਵਾਹਿਗੁਰੂ ਜੀ ਦੇ ਨਾਮ ਸਿਮਰਨ ਵਿਚ ਹੋਰ ਅਗੇਰੇ ਹੋਣਾ ਚਾਹੀਦਾ ਹੈ, ਹਰ ਸਦਮਾਂ ਨਾਮ ਦੇ ਅਭਯਾਸੀਆਂ ਨੂੰ ਅਪਨੀ ਰੂਹਾਨੀ ਤ੍ਰਕੀ ਦੇ ਰਾਹ ਵਿਚ ਦਸ 'ਕਦਮ ਅਗੇਰੇ ਨੂੰ ਲੈ ਜਾਂਦਾ ਹੈ ।
ਵਾਹਿਗੁਰੂ ਜੀ ਸਹਾਯਤਾ ਕਰਨ ਜੋ ਲਾਲ ਜੀ ਨਾਮ ਦੇ ਰਸਤੇ ਤੇ ਸਿਦਕ ਭਰੋਸੇ ਵਿਚ ਹੋਰ ਵਧਦੇ ਜਾਣ ।
ਆਸ ਹੈ ਆਪ ਜੀ ਤੇ ਬੀਬੀ ਜੀ ਨੇ ਬੀ ਵਿਯੋਗ ਨੂੰ ਭਾਣਾ ਮਿੱਠਾ ਲਾ ਕੇ ਸਹਾਰਿਆ ਹੋਸੀ ।
ਆਪ ਜੀ ਨੂੰ ਇਕ ਪਾਸੇ ਡਾਢੇ ਕੰਮ ਪੈ ਰਹੇ ਹਨ ਨਵੀਂ ਲਈ ਫ਼ਰਜ਼ਾਂ ਪ੍ਰਸੰਗਲੀ, ਤੇ ਦੂਜੇ ਪਾਸੇ ਇਹ ਫ਼ਿਕਰ ਆ ਪਿਆ । ਵਾਹਿਗੁਰੂ ਆਪ ਦੇ ਅੰਗ ਸੰਗ ਹੋਵੇ ਤੇ ਨਾਮ ਬਾਣੀ ਦਾ ਪਯਾਰ ਤੇ ਸਿਮਰਨ ਦਾ ਵਕਤ ਬਖ਼ਸ਼ੀ ਰਖੇ ਜੋ ਸੰਸਾਰਿਕ ਉਲਝਾਵਾਂ ਵਿਚ ਅਪਨੀ ਰੂਹ ਦੇ ਏਹ ਕੰਮ ਬੀ ਹੁੰਦੇ ਰਹਨ ਤੇ ਨਾਮ ਅਰਾਧਨ ਦੀ ਤਾਰ ਜਾਰੀ ਰਹੇ ।
ਸ੍ਰੀ ਬੀਬੀ ਜੀ ਜੋਗ ਅਸੀਸ, ਨਾਮ ਚਿਤ ਰਹੇ ਤੇ ਸੁਰਤ ਖੇੜੇ ਵਿਚ ਰਹੇ, ਬਰਖ਼ੁਰਦਾਰ ਜੀ ਜੋਗ ਅਸੀਸ ਗੁਰੂ ਆਪ ਦੇ ਅੰਗ ਸੰਗ ।
ਆਪ ਦਾ ਅਪਨਾ
ਵੀਰ ਸਿੰਘ
29
ਅੰਮ੍ਰਿਤਸਰ
३०. ६. ३०
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਯਾਰੇ ਬਰਖ਼ੁਰਦਾਰ ਜੀਓ
ਆਪ ਜੀ ਦਾ ਪੁੱਤਰ ੨੫ ਤਰੀਕ ਦਾ ਪੁਜਾ ਹੈ । ਹਾਲ ਵਾਚਿਆ ਹੈ । ਆਪ ਜੀ ਨੂੰ ਜੋ ਇਸ ਵਿਯੋਗ ਵਿਚ ਵਾਹਿਗੁਰੂ ਜੀ ਨੇ ਭਾਣਾ ਮੰਨਣ ਦੀ ਦਾਤ ਬਖ਼ਸ਼ੀ ਹੈ ਤੇ ਆਪ ਡੋਲੇ ਨਹੀਂ ਹੋ ਇਹ ਵਾਹਿਗੁਰੂ ਜੀ ਦੀ ਅਪਾਰ ਮਿਹਰ ਹੈ । ਧੰਨ ਹੈ ਦਾਤਾ ਜੋ ਅਪਨੇ ਪਿਆਰਿਆਂ ਨੂੰ ਨਾਜ਼ਕ ਸਮਿਆਂ ਤੇ ਸੰਭਾਲਦਾ ਤੇ ਦਿਲੀ ਆਸਰੇ ਬਖ਼ਸ਼ਦਾ ਹੈ ।
ਇਸ ਸੰਸਾਰ ਵਿਚ ਵਸਦਿਆਂ ਤੇ ਗ੍ਰਹਸਤ ਆਸ਼੍ਰਮ ਵਿਚ ਜੀਵਨ ਬਸਰ ਕਰਦਿਆਂ ਇਸ ਤਰ੍ਹਾਂ ਦੇ ਵਿਛੋੜਿਆਂ ਦੇ ਸਦਮੇ ਆਉਂਦੇ ਹੀ ਹਨ, ਜਿਨ੍ਹਾਂ ਨੂੰ ਗੁਰੂ ਨਾਨਕ ਪ੍ਰੇਮ ਦੇ ਜਾਣੂ ਉਸ ਦਾ ਭਾਣਾ ਮੰਨ ਕੇ ਝਲਦੇ ਹਨ । ਵਿਛੜਨ ਦਾ ਦੁਖ ਤਾਂ ਬੜਾ ਹੁੰਦਾ ਹੈ ਪਰ ਸਤਿਗੁਰੂ ਜੀ ਦਸਦੇ ਹਨ ਕਿ ਇਹ ਵਿਛੋੜੇ ਹਨ, ਸਦਾ ਦੀਆਂ ਜੁਦਾਈਆਂ ਨਹੀਂ ਹਨ । ਕਿਉਂਕਿ ਜੋ ਨਾਮ ਜਪਦੇ ਹਨ ਓਹ ਸਰੀਰ ਛਡਣ ਦੇ ਬਾਦ ਸੁਖ ਵਾਲੀ ਹਾਲਤ ਵਿਚ ਹੁੰਦੇ ਹਨ, ਤੇ ਵਿਛੜਦੇ ਨਹੀਂ । ਨਾਮ ਤੋਂ ਭੁਲੇ ਤੇ ਮਾਯਾ ਵਿਚ ਖਚਤ ਜੀਵਨ ਵਾਲੇ ਆਪੋ ਆਪਣੇ ਸੰਕਲਪਾਂ ਦੇ ਮਗਰ ਭਟਕਦੇ ਹਨ । ਇਸ ਕਰ ਕੇ ਸੁਖ ਤੇ ਦੁਖ ਹਰ ਹਾਲਤ ਗੁਰੂ ਕੇ ਸਰਨਾਗਤਾਂ ਦਾ ਕੰਮ ਇਹੋ ਹੈ ਕਿ ਵਧੇਰੇ ਤੋਂ ਵਧੇਰੇ ਨਾਮ ਨੂੰ ਸਿਮਰਨ ਤੇ ਐਉਂ ਪਰਮੇਸ਼ਰ ਜੀ ਨੂੰ ਯਾਦ ਕਰਦਿਆਂ ਉਸ ਦੇ ਨੇੜੇ ਨੇੜੇ ਹੁੰਦੇ ਜਾਣ । ਸਿੰਘ ਦੀ ਸ਼ਰਨ ਗਿਆਂ ਜੰਬੁਕ ਨਹੀਂ ਹਮਲਾ ਕਰ ਸਕਦਾ, ਸੋ ਰੱਬ ਜੀ ਦੀ ਸ਼ਰਨ ਗਿਆਂ ਫੇਰ ਕੋਈ ਨਹੀਂ ਸਾਨੂੰ ਉਨ੍ਹਾਂ ਤੋਂ ਵਿਛੋੜ ਸਕਦਾ ।
ਹਰ ਸਦਮਾ ਸਦਮਾ ਹੈ ਪਰ ਨਾਮ ਪ੍ਰੇਮੀਆਂ ਨੂੰ ਹਰ ਸਦਮਾ ਉਨ੍ਹਾਂ ਦੀ ਮੰਜ਼ਲ ਉਤੇ, ਜਿਸ ਲਈ ਕਿ ਓਹ ਸਫ਼ਰ ਕਰ ਰਹੇ ਹਨ ਧੱਕਾ ਮਾਰ ਕੇ ਦਸ ਕਦਮ ਅਗੇ ਕਰ ਦੇਂਦਾ ਹੈ, ਇਉਂ ਰੂਹਾਨੀ ਤ੍ਰੱਕੀ ਹੁੰਦੀ ਰਹਿੰਦੀ ਹੈ । ਤਾਂਤੇ ਸਾਡਾ ਜਤਨ ਗੁਰਬਾਣੀ ਦੀ ਵੀਚਾਰ ਤੇ ਨਾਮ ਸਿਮਰਨ ਪਰ ਲਗਣਾ ਚਾਹਯੇ । ਇਹੋ ਟੇਕ ਦਿਲ ਨੂੰ ਢਾਰਸ ਦੇਂਦੀ ਹੈ, ਇਹੋ ਭਾਣਾ ਮਿੱਠਾ ਕਰਵਾਉਂਦੀ ਹੈ, ਇਹੋ ਜੀਉਂਦਿਆਂ ਸਾਈਂ ਦੇ ਨੇੜੇ ਰਖਦੀ ਹੈ ਤੇ ਇਹੋ ਉਨ੍ਹਾਂ ਦੀ ਚਰਨ ਸ਼ਰਨ ਲੈ ਜਾਂਦੀ ਹੈ ।
'ਏਕ ਓਟ ਏਕੋ ਆਧਾਰੁ ॥
ਨਾਨਕ ਮਾਗੈ ਨਾਮੁ ਪ੍ਰਭ ਸਾਰੁ ॥
ਆਪ ਜੀ ਨੂੰ ਸਤਸੰਗ ਪ੍ਰਾਪਤ ਰਿਹਾ ਹੈ, ਸ਼ੁਭ ਮਾਤ ਪਿਤਾ ਦੇ ਆਪ ਵੰਸ਼ ਹੋ।
ਗੁਰੂ ਮੇਹਰ ਕਰੇ ਤੇ ਨਾਮ ਦੀ ਦਾਤ ਹੋਰ ਵਧ ਤੋਂ ਵਧ ਬਖ਼ਸ਼ੇ ਜੋ ਆਪਦਾ ਮਨੁਖਾਂ ਜਨਮ ਉਚ ਜੀਵਨ ਵਿਚ ਹੋਰ ਵਾਧਾ ਕਰੇ । ਗੁਰੂ ਅੰਗ ਸੰਗ ਰਹੇ ਤੇ ਚਰਨਾਂ ਕਮਲਾਂ ਦੀ ਪ੍ਰੀਤ ਬਖ਼ਸ਼ੇ ।
ਮੇਰੀ ਦਿਲੀ ਹਮਦਰਦੀ ਤੇ ਪਯਾਰ ਆਪ ਦੇ ਨਾਲ ਹੈ । ਵਿਛੁੜੀ ਰੂਹ-ਸ੍ਰੀ ਬੀਬੀ ਜੀ ਲਈ ਅਰਦਾਸ ਹੈ ਕਿ ਗੁਰੂ ਉਨ੍ਹਾਂ ਨੂੰ ਅਪਨੀ ਮਿਹਰ ਦੀ ਛਾਵੇਂ ਥਾਂ ਬਖ਼ਸ਼ੇ ਤੇ ਓਹ ਅਗੇ ਜਿਥੇ ਗਏ ਹਨ ਗੁਰੂ ਮੇਹਰ ਨਾਲ ਸੁਖੀ ਤੇ ਸੁਭਾਗੇ ਹੋਣ । ਬਖਸ਼ਿੰਦ ਦਾਤਾ ਮੇਹਰਾਂ ਕਰੇ ਤੇ ਅਪਨੀ ਰਹਮਤ ਦੀ ਛਾਵੇਂ ਰੱਖੇ ।
ਆਪਦਾ ਅਪਨਾ
ਹਿਤਕਾਰੀ ਵ.ਸ.
30
ਮਸੂਰੀ
५.१०.३੭
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਸ੍ਰੀਮਾਨ ਪਰਮ ਕ੍ਰਿਪਾਲੂ ਸੰਤ ਜੀਓ,
ਆਪ ਜੀ ਦਾ ਪੱਤ੍ਰ ਸ੍ਰੀ ਅੰਮ੍ਰਿਤਸਰ ਜੀ ਤੋਂ ਹੋ ਕੇ ਮੈਨੂੰ ਏਥੇ ਮਿਲਿਆ ਹੈ ਬੜੇ ਹੀ ਸ਼ੋਕ ਦੀ ਬਾਤ ਹੈ ਕਿ ਸ੍ਰੀਮਾਨ ਮਹੰਤ ਸਾਹਿਬ ਸੰਤ ਕੁਲ ਭੂਸ਼ਨ ਸ੍ਰੀ ਸੰਤ ਬੁਢਾ ਸਿੰਘ ਜੀ ਇਸ ਅਸਾਰ ਸੰਸਾਰ ਤੋਂ ਗੁਰੂ ਕੇ ਦੇਸ ਨੂੰ ਚਲੇ ਗਏ ਹਨ । ਆਸ ਤਾਂ ਹੋ ਰਹੀ ਸੀ ਕਿ ਸਰੀਰ ਅਰੋਗ ਹੋ ਜਾਯਗਾ ਪਰ ਵਾਹਿਗੁਰੂ ਜੀ ਦਾ ਭਾਣਾ ਕਿ ਆਪ ਦਾ ਬਰਕਤਾਂ ਵਾਲਾ ਸਰੀਰ ਹੋਰ ਇਸ ਲੋਕ ਵਿਚ ਨਹੀਂ ਰਹਣ ਦਿਤਾ ਗਿਆ । ਸੰਤ ਤਾਂ ਅਪਨੇ ਗ੍ਰਹਿ ਜਾਂਦੇ ਹਨ । ਉਨ੍ਹਾਂ ਲਈ ਤਾਂ ਏਥੇ ਰਹਿਣਾ ਅਗੇ ਜਾਣਾ ਤੁਲ ਹੈ ਸਗੋਂ ਵਧੀਕ ਅਨੰਦ- ਦਾਯਕ । ਪਰੰਤੂ ਪਿਛੇ ਰਹੇ ਸੇਵਕਾਂ ਸੰਤਾਂ ਪ੍ਰੇਮੀਆਂ ਤੇ ਲਾਭ ਲੈਣ ਵਾਲੇ ਜਗਯਾਸੂਆਂ ਲਈ ਐਸਾ ਬਿਰਹਾ ਹ੍ਰਦਯ ਵਿਹਦਕ ਹੁੰਦਾ ਹੈ। ਵਾਹਿਗੁਰੂ ਸਚਾ ਪਾਤਸ਼ਾਹ ਮਿਹਰ ਕਰੇ ਆਪ ਸਾਹਿਬਾਨ ਤੇ ਉਨ੍ਹਾਂ ਦੇ ਸਾਰੇ ਪ੍ਰੇਮੀਆਂ ਨੂੰ ਅਪਨਾ ਪ੍ਰੇਮ ਤੇ ਸਿਖੀ ਸਿਦਕ ਦਾਨ ਕਰੇ ਤੇ ਇਹ ਭਾਣਾ ਮਿਠਾ ਕਰ ਕੇ ਲੁਆਵੇ । ਆਪ ਸਾਰੇ ਉਨ੍ਹਾਂ ਦੇ ਸਤਸੰਗੀ ਸਜਨ ਹੋ, ਉਨ੍ਹਾਂ ਦੇ ਜੀਵਨ ਦਾ ਨਮੂਨਾ ਤੇ ਉਪਦੇਸ਼ ਆਪਦੇ ਅੰਗ ਸੰਗ ਹੈ ।
ਵਾਹਿਗੁਰੂ ਸ੍ਰੀਮਾਨ ਸੰਤਾਂ ਜੀ ਨੂੰ ਅਪਨੇ ਚਰਨਾਂ ਕਮਲਾਂ ਵਿਚ ਨਿਵਾਸ ਬਖ਼ਸ਼ੇ ਤੇ ਉਨ੍ਹਾਂ ਦੀ ਮਹਕਾਈ ਨਾਮਬਾਣੀ ਦੀ ਖੁਸ਼ਬੋ ਉਨ੍ਹਾਂ ਦੇ ਡੇਰੇ ਤੇ ਸਤਸੰਗੀਆਂ ਤੇ ਸੰਤਾਂ ਵਿਚ ਮਹਿਕਦੀ ਰਖੇ । ਮੇਰੀ ਦਿਲੀ ਹਮਦਰਦੀ ਆਪ ਦੇ ਨਾਲ ਤੇ ਡੇਰੇ ਦੇ ਸਾਰੇ ਸੰਤਾਂ ਸਾਧੂ ਸਜਨਾ ਨਾਲ ਹੈ।
ਕੋਈ ਸੇਵਾ ਮੇਰੇ ਲਾਇਕ । ਗੁਰੂ ਅੰਗ ਸੰਗ
ਆਪ ਸਾਹਿਬਾਨ ਦੇ ਦਰਦ ਵਿਚ ਦਰਦੀ
ਆਪ ਦਾ ਹਿਤਕਾਰੀ
ਵੀਰ ਸਿੰਘ
31
ਅੰਮ੍ਰਿਤਸਰ
२३. ੬.३੮
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਯਾਰ ਦੀਵਾਨ ਸਾਹਿਬ ਜੀਓ
ਆਪ ਜੀ ਦੀ ਤਾਰ ਪੁਜੀ ਸੀ ਤੇ ਬੀਬੀਆਂ ਟੁਰ ਪਈਆਂ ਸਨ ਜੋ ਸੁਖਾਂ ਨਾਲ ਅਪੜ ਪਈਆਂ ਹਨ ।
ਆਪ ਜੀ ਦੀ ਬ੍ਰਿਧ ਮਾਤਾ ਜੀ ਦੇ ਵਿਛੋੜੇ ਦੀ ਖ਼ਬਰ ਸ਼ੋਕ ਮਈ ਹੈ, ਕਿਉਂਕਿ ਮਾਵਾਂ ਤੋਂ ਵਧੀਕ ਮਿਠੀ ਹਸਤੀ ਦੁਨੀਆਂ ਵਿਚ ਕੋਈ ਸ਼ੈ ਨਹੀਂ । ਪੰਜਾਬੀ ਵਿਚ ਕਹਾਵਤ ਹੈ :---
ਅਪਨੀਆਂ ਮਾਵਾਂ, ਠੰਢੀਆਂ ਛਾਵਾਂ ।
ਆਪ ਜੀ ਅਪਨੇ ਇਸ ਪਯਾਰ ਦੇ ਸੋਮੇ ਦੇ ਵਿਛੜਨ ਕਰ ਕੇ ਉਦਾਸ ਹੁੰਦੇ ਹੋਸੋ। ਇਹ ਕੁਦਰਤੀ ਗੱਲ ਹੈ । ਪਰ ਆਪ ਨਾਮ ਦੇ ਅਭਯਾਸੀ ਤੇ ਗੁਰਬਾਣੀ ਦੇ ਰਸੀਏ ਹੋ, ਇਸ ਕਰ ਕੇ ਉਚ ਜੀਵਨ ਦੇ ਜਾਣੂ ਹੋ । ਆਸ ਹੈ ਇਸ ਵਿਛੋੜੇ ਵਿਚ ਆਪ ਦੀਆਂ ਪ੍ਰੇਮ ਦੀਆਂ ਤਾਰਾਂ ਮਾਤਾ ਜੀ ਲਈ ਵੈਰਾਗ ਵਿਚ ਆ ਕੇ ਵਾਹਿਗੁਰੂ ਜੀ ਦੇ ਪ੍ਰੇਮ ਵਿਚ ਬੋਲ ਉਠਦੀਆਂ ਹੋਣਗੀਆਂ! ਮਨ ਪਯਾਰ ਵਿਚ ਆ ਕੇ ਦ੍ਰਵਦਾ (Melt) ਹੈ, ਉਸ ਵੇਲੇ ਪਯਾਰੇ ਨੂੰ ਯਾਦ ਕਰਦੇ ਕਰਦੇ, ਚਾਹੀਦਾ ਹੈ ਕਿ ਪਰਮੇਸ਼ੁਰ ਦੇ ਚਰਨਾਂ ਵਿਚ ਅਰਦਾਸ ਨਾਲ ਜੁੜ ਜਾਵੇ । ਇਉਂ ਆਤਮਾ ਨੂੰ ਬਹੁਤ ਠੰਢ ਪੈਂਦੀ ਹੈ ਤੇ ਵਾਹਿਗੁਰੂ ਜੀ ਨਾਲ ਪ੍ਰੇਮ ਵਧਦਾ ਹੈ ਤੇ ਵਿਛੁੜੇ ਪਯਾਰੇ ਦੀ ਆਤਮਾਂ ਨੂੰ ਬੀ ਸੁਖ ਹੁੰਦਾ ਹੈ । ਵਾਹਿਗੁਰੂ ਆਪ ਦਾ ਸਹਾਈ ਹੋਵੇ, ਸਾਰੇ ਪਰਿਵਾਰ ਨੂੰ ਨਾਮ ਚਿਤ ਆਵੇ, ਭਾਣਾ ਮਿਠਾ ਲਗੇ ਤੇ ਮਾਤਾ ਜੀ ਦੀ ਆਤਮਾ ਦਾ ਗੁਰੂ ਚਰਨਾਂ ਵਿਚ ਨਿਵਾਸ ਹੋਵੇ ।
ਆਪ ਜੀ ਦਾ ਦਰਦੀ
ਵ. ਸ.
32
ਅੰਮਿ੍ਤਸਰ
२३,१०,३੮
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਵਿਤ੍ਰਾਤਮਾ ਜੀਓ, ਪਯਾਰੇ...ਸਿੰਘ ਜੀ...ਜੀਓ ਤੇ ਅਜ਼ੀਜ਼ ਡਾਕਟਰ ਸਾਹਿਬ ਜੀਓ-
ਪਯਾਰੇ ਸਤੀ ਜੀ ਦੀ ਪਰਲੋਕ ਯਾਤ੍ਰਾ ਦੀ ਖਬਰ ਪਹੁੰਚੀ ਹੈ। ਵਿਛੋੜੇ ਤੇ ਅਤਿ ਪਯਾਰਿਆਂ ਦੇ ਵਿਛੋੜੇ ਝਰਨਾਟਾਂ ਛੇੜ ਦੇਣ ਵਾਲੇ ਹੁੰਦੇ ਹਨ । ਪਰ ਏਹ ਹੁੰਦੇ ਹਨ ਤੇ ਇਹੋ ਜਗਤ ਵਿਚ ਵਡੇ ਪ੍ਰੀਖਯਾ ਦੇ ਸਾਮਾਨ ਹਨ ਜਿਨ੍ਹਾਂ ਦੇ ਕਾਰਣਾ ਦਾ ਪਤਾ ਕਰਤੇ ਦੇ ਹਥ ਹੈ, ਸਾਡੇ ਲਈ ਝਲਣਾ ਤੇ ਤਸਲੀਮ ਦਾ ਸਿਰ ਝੁਕਾ ਦੇਣਾ ਹੀ ਰਖਯਾ ਹੈ । ਇਹ ਹੁਕਮ ਵਿਚ ਹੁੰਦਾ ਹੈ, ਹੁਕਮ ਸਰਬਗ ਹੈ ਤੇ ਅਸੀ ਅਲਪਗ ਹਾਂ, ਸਰਬਗ ਜੋ ਕੁਛ ਕਰਦਾ ਹੈ ਉਹ ਠੀਕ ਹੁੰਦਾ ਹੈ ਕਿ ਉਹ ਸਭ ਕੁਛ ਵੇਖਦਾ ਹੋਇਆ ਇਹ ਕੁਛ ਕਰਦਾ ਹੈ । ਉਹ ਪ੍ਰੇਮ ਸਰੂਪ ਹੈ, ਉਹ ਨੇਕੀਕੁਲ ਹੈ, ਜੋ ਕੁਛ ਉਸ ਤੋਂ ਹੁੰਦਾ ਹੈ ਪਯਾਰ ਤੇ ਨੇਕੀ ਹੈ । ਸਾਡੀ ਸਮਝ ਹਦਬੰਦੀ ਵਾਲੀ ਹੋਣ ਕਰਕੇ ਤੇ ਨਜ਼ਰ ਸਾਡੀ ਦੂਰ ਤਕ ਨਾ ਜਾਣ ਵਾਲੀ ਤੇ ਸਾਰੇ ਨੂੰ ਇਕਦਮ ਨਾ ਦੇਖ ਸਕਣ ਵਾਲੀ ਹੋਣ ਕਰਕੇ ਨੇੜੇ ਤੇ ਹੁਣ ਵਿਚ ਹੀ ਅਪਨੇ ਅੰਦਾਜ਼ੇ ਲਾ ਸਕਦੀ ਹੈ ਤੇ ਐਉਂ ਦੁਖੀ ਹੁੰਦੀ ਹੈ, ਪਰ ਦੁਖੀ ਹੋਣਾ ਚਾਹਯੇ ਨਹੀਂ । ਜਿਸ ਵਲੋਂ ਇਹ ਸਭ ਕੁਛ ਹੁੰਦਾ ਹੈ ਉਹ ਕੁਮਿਹਾਰ ਵਾਙੂ ਜੋ ਟਿੰਡਾਂ ਬਣਾਉਂਦਾ ਬਾਹਰੋਂ ਥਾਪੀ ਮਾਰਦਾ ਹੈ ਤਾਂ ਅੰਦਰ ਆਪਣਾ ਦੂਸਰਾ ਹਥ ਦੇਂਦਾ ਹੈ, ਐਉਂ ਦਾਤਾ ਕਰਤਾ ਸਾਡਾ ਅਣਡਿਠ ਪ੍ਰੀਤਮ ਜਦ ਕੋਈ ਪ੍ਰਤਾਵਾ ਘਲਦਾ ਹੈ ਤਦ ਉਹ ਸਾਡੇ ਅੰਦਰ ਆ ਬਹਿੰਦਾ ਹੈ ਯਾ ਅਪਨੇ ਪਯਾਰਿਆਂ ਤੋਂ ਸਾਨੂੰ ਠੰਡ ਸੁਖ ਤੇ ਸ਼ਾਂਤੀ ਦਾ ਸਾਮਾਨ ਘਲਵਾਉਂਦਾ ਹੈ। ਇਸ ਲਈ ਭਾਣਾ ਮਿਠਾ ਕਰ ਲਓ ਤੇ ਸਬਰ ਸ਼ੁਕਰ ਵਿਚ ਸੁਖ ਮਨਾਓ, ਹੁਕਮ ਹੈ 'ਦੁਖ ਵਿਚ ਸੁਖ ਮਨਾਂਈਂ ।'
ਸ੍ਰੀ ਮਾਯਾ ਜੀਓ ਤੁਸਾਡੇ ਤੇ ਬੜੇ ਕਰੜੇ ਪਰਤਾਵੇ ਲੰਘੇ ਹਨ, ਪਰ ਤੁਹਾਡੀ ਬੀਰਤਾ ਕੀਰਤੀ ਜੋਗ ਹੈ, ਜਿਸ ਹੌਂਸਲੇ ਨਾਲ ਤੁਸਾਂ ਪਯਾਰੇ ਸਤੀ ਦੀ ਸੇਵਾ ਕੀਤੀ ਹੈ ਤੇ ਜਿਸ ਤਰ੍ਹਾਂ ਉਸ ਦਾ ਅਸਹਿ ਵਿਯੋਗ ਸਹਿ ਲਿਆ ਹੈ, ਬਹੁਤ ਹੀ ਸ਼ਲਾਘਾ ਯੋਗ ਹੈ । ਅਸੀਂ ਤਾਂ ਇਹ ਕੁਛ ਦੇਖ ਕੇ ਤੁਸਾਨੂੰ ਸ਼ਾਬਾਸ਼ ਦੇਵੀਏ । ਪਰ ਤੁਸੀ ਪ੍ਰਮਾਤਮਾ ਵਾਹਿਗੁਰੂ ਦਾ ਸ਼ੁਕਰ ਕਰੋ ਜੋ ਤੁਸਾਡੇ ਹਿਰਦੇ ਵਿਚ ਆ ਬੈਠਾ ਹੈ ਤੇ ਅੰਦਰ ਤੁਲਹਾ ਦੇਂਦਾ ਤੇ ਸਭ
ਕੁਝ ਨਿਬਾਹੁੰਦਾ ਰਿਹਾ ਹੈ। ਮੇਰੀ ਅਰਦਾਸ ਹੈ ਕਿ ਵਾਹਿਗੁਰੂ ਆਪ ਨੂੰ ਨਾਮ ਦਾਨੁ ਬਖਸ਼ੇ-ਤੇ ਅਪਨੇ ਪਯਾਰ ਵਿਚ ਹੋਰ ਮੇਹਰ ਕਰੇ ਜੋ ਤੁਸੀ ਹੁਣ ਸੁਖੀ ਰਹੋ, ਸੁਖਾਲੇ ਸੁਆਸੀਂ ਨਾਮ ਸਿਮਰੋ ਤੇ ਨਾਮ ਰਸ ਮਾਣੋ ।
ਪਯਾਰੇ ਡਾਕਟਰ ਜੀ ਆਪ ਪਾਸ ਹੋਣ ਤਾਂ ਮੇਰੀ ਵਲੋਂ ਪਯਾਰ ਤੇ ਅਸੀਸ ਦੇਣੀ । ਆਪਨੇ ਬਹੁਤ ਖੇਚਲ ਦੇਖੀ ਝਲੀ ਤੇ ਮਰਦ ਹੋ ਕੇ ਨਿਬਾਹੀ ਹੈ, ਰੂਹਾਂ ਦਾ ਮਾਲਕ ਆਪ ਦੇ ਸਿਰ ਆਪਣਾ ਹਥ ਰਖੇ ਤੇ ਸਭ ਮੁਸ਼ਕਲਾਂ ਆਸਾਨ ਕਰੇ । ਆਪ ਦੇ ਪਯਾਰ ਵਾਲੇ ਸੁਹਲ ਦਿਲ ਵਿਚ ਉਹ ਆਪ ਆ ਕੇ ਵਸੇ ਤੇ ਸੰਸਾਰ ਵਿਚ ਆਪ ਦਾ ਹਰ ਤਰ੍ਹਾਂ ਸਹਾਈ ਹੋਵੇ । ਮੈਂ ਚਾਹੇ ਆਪ ਦੀ ਸਹਾਯਤਾ ਨਹੀਂ ਕਰ ਸਕਦਾ ਪਰ ਆਪ ਦੀਆਂ ਮੁਸ਼ਕਲਾਂ ਨੂੰ ਮਹਸੂਸ ਕਰਦਾ ਹਾਂ, ਤੇ ਇਕ ਫਕੀਰ ਵਾਂਙੂ ਦੁਆਇ ਖੈਰ ਹੀ ਕਰ ਸਕਦਾ ਹਾਂ ਕਿ 'ਫਜ਼ਲ ਕਰਨਾ ਜਿਸ ਦਾ ਬਿਰਦ ਹੈ' ਉਹ ਤੁਸਾਂ ਤੇ ਫ਼ਜ਼ਲ ਕਰੇ ਤੇ ਸ਼ਾਂਤੀ ਠੰਢ ਤੇ ਸੁਖ ਬਖਸ਼ੇ ਤੇ ਹਰਬਾਬ ਸਹਾਈ ਹੋਵੇ । ਤੁਸੀ ਸਾਰੇ ਵਾਹਿਗੁਰੂ ਦਾ ਕੀਰਤਨ ਕਰੋ । ਬਾਣੀ ਪੜ੍ਹੋ ਤੇ ਭਾਣਾ ਮਿਠਾ ਕਰਕੇ ਮੰਨੋ । ਸਾਈਂ ਸਭ ਨੂੰ ਸਿਖੀ ਸਿਦਕ ਬਖਸ਼ੇ, ਅਰਦਾਸ ਹੈ ਕਿ ਗੁਰੂ ਅਜ਼ੀਜ਼ ਸਤੀ (ਨਿਰਲੇਪ ਸਿੰਘ ਜੀ) ਨੂੰ ਅਪਨੀ ਮੇਹਰ ਦੀ ਛਾਵੇਂ ਥਾਂ ਬਖਸ਼ੇ । ਜਿਵੇਂ ਬਰਖੁਰਦਾਰ ਨੂੰ ਨਿਰਲੇਪ ਅਵਸਥਾ ਵਿਚ ਸਦ ਲਿਆ ਸੂ, ਤਿਵੇਂ ਆਪ ਅਪਨੀ ਮੇਹਰ ਉਸ ਤੇ ਵਾਫਰ ਕਰੇ । ਮੇਰੀ ਵਲੋਂ ਤੁਸਾਂ ਸਾਰਿਆਂ ਨੂੰ ਬਹੁਤ ਬਹੁਤ ਅਸੀਸ ਤੇ ਪਯਾਰ ਪਹੁੰਚੇ ।
ਆਪ ਦਾ ਅਪਨਾ
ਵ. ਸ.
33
ਅੰਮ੍ਰਿਤਸਰ ੬੦ ਲਾਰੈਂਸ ਰੋਡ
२४.१०.३८
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਰਮ ਪਿਆਰੇ ਜੀਓ
ਬਰਖੁਰਦਾਰ ਸਤੀ ਜੀ ਦੇ ਅਗਲੇ ਜਹਾਨ ਵਿਚ ਚਲੇ ਜਾਣ ਦੀ ਖ਼ਬਰ ਪਹੁੰਚੀ ਹੈ । ਪਿਯਾਰਿਆਂ ਦੇ ਵਿਛੜਨ ਵੇਲੇ ਤੇ ਵਿਛੜ ਗਿਆਂ ਦਿਲ ਨੂੰ ਪੀੜ ਹੁੰਦੀ ਹੈ ਤੇ ਇਹ ਇਨਸਾਨ ਦੇ ਪਿਆਰਨ ਵਾਲੇ ਹਿਸੇ ਦਾ ਇਕ ਖਾਸਾ ਹੈ ਤੇ ਪਯਾਰ ਦੇ ਅਸਲੀ ਹੋਣੇ ਦੀ ਨਿਸ਼ਾਨੀ ਹੈ । ਇਸ ਕਰਕੇ ਇਹ ਪੀੜ ਸਾਡੇ ਅੰਦਰ ਪਯਾਰ ਦੀ ਜੀਵਨ ਰੌਂ ਦੀ ਨਿਸ਼ਾਨੀ ਹੋਣ ਕਰਕੇ ਮਾੜੀ ਸ਼ੈ ਨਹੀਂ ਹੈ। ਇਸ ਪੀੜ ਦਾ ਇਕ ਮੁਦਆ ਬੀ ਹੈ ਤੇ ਉਹ ਇਹ ਹੈ ਕਿ ਸਾਨੂੰ ਜਾਚ ਆਵੇ ਕਿ ਜਦ ਨਾਸ਼ ਹੋਣ ਵਾਲੀਆਂ ਜਾਂ ਰੂਪ ਵਟਾ ਲੈਣ ਵਾਲੀਆਂ ਹਸਤੀਆਂ ਜਾਂ ਚੀਜ਼ਾਂ ਨਾਲ ਜੋ ਪਿਆਰ ਹੈ ਉਸ ਦਾ ਇਕ ਪਹਲੂ ਪੀੜ ਹੈ, ਇਸ ਲਈ ਅਸੀਂ ਨਾਸ਼ ਨਾ ਹੋਣ ਵਾਲੇ ਨਾਲ ਪਿਆਰ ਕਰੀਏ ਜੋ ਸਾਡਾ ਪਿਆਰ ਅਰਾਮ ਤੇ ਠੰਢ ਤੇ ਸ਼ਾਂਤੀ ਦੇ ਟਿਕਾਣੇ ਬੀ ਪੁਜ ਜਾਵੇ ਤੇ ਪੀੜ ਰਹਿਤ ਹੋ ਜਾਵੇ ।
ਦੂਸਰੇ ਇਸ ਪੀੜ ਤੋਂ ਅਸੀ ਸੋਚ ਵਿਚ ਜਾਂਦੇ ਹਾਂ ਕਿ ਪੀੜ ਕਿਵੇਂ ਹ਼ਟੇ ਤਾਂ ਦੋ ਗੱਲਾਂ ਲਭਦੀਆਂ ਹਨ । ਇਕ ਇਹ ਕਿ 'ਜੀਵਨ' ਸਚਾ ਹੈ । ਜੋ ਮਰੇ ਹਨ ਓਹ ਨਾਸ ਨਹੀਂ ਹੋਏ ਵਿਛੜੇ ਹਨ । ਸੋ ਜਿਵੇਂ ਹੁਣ ਮਿਲ ਪਏ ਸਾਂ, ਕਦੇ ਕਿਤੇ ਕਿਸੇ ਹਾਲ ਸਦ ਰਹਣ ਵਾਲੀਆਂ ਹਸਤੀਆਂ ਫੇਰ ਮਿਲਣਗੀਆਂ। ਸੋ ਪਯਾਰ ਦੀ ਪੀੜਾ ਨੂੰ ਆਸ ਦੀ ਮਲ੍ਹਮ ਲਗ ਜਾਣੀ ਚਾਹੀਦੀ ਹੈ ਕਿ ਫੇਰ ਮੇਲੇ ਹੋਣਗੇ । ਦੂਸਰੇ ਅਪਨੇ ਜੀਵਨ ਵਲ ਨਜ਼ਰ ਪੈਂਦੀ ਹੈ ਕਿ ਆਯਾ ਜਿਕੁਰ ਦੀ ਜ਼ਿੰਦਗੀ ਅਸੀ ਬਸਰ ਕਰ ਰਹੇ ਹਾਂ ਉਹ ਸਾਡੇ ਆਤਮ ਜੀਵਨ ਨੂੰ ਅਰੋਗ ਰੱਖ ਰਹੀ ਹੈ ਅਰ ਐਸੇ ਸਾਮਾਨ ਪੈਦਾ ਕਰ ਰਹੀ ਹੈ ਕਿ ਉਹ ਸਾਡੇ ਸਦਾ ਦੇ ਜੀਵਨ ਦੀ ਤਰੱਕੀ ਵਿਚ ਸਹਾਯਤਾ ਕਰ ਰਹੀ ਹੈ ਤੇ ਰੋਕਾਂ ਨਹੀਂ ਪਾ ਰਹੀ ।
ਇਸ ਪਹਲੂ ਤੋਂ ਤੁਸੀਂ Noble ਜੀਵਨ ਬਸਰ ਕਰ ਰਹੇ ਹੋ ਆਪਾ ਵਾਰ ਰਹੇ ਹੋ, ਸੁਖ ਦੇ ਰਹੇ ਹੋ ਤੇ ਅਪਨੇ ਪਯਾਰ ਦੇ ਪਾਤਰਾਂ ਨੂੰ ਹਰ ਤਰ੍ਹਾਂ ਦਾ ਸੁਖ ਪਹੁੰਚਾ ਰਹੇ ਹੋ। ਮੇਰਾ ਮਤਲਬ ਕੋਈ ਫੁਲਾਹੁਣੀ ਦੇਣ ਤੋਂ ਨਹੀਂ, ਪਰ ਤੁਸਾਡੇ ਆਤਮਾਂ ਨੂੰ ਉਹ ਦਰੁਸਤ View ਦੇਣ ਤੋਂ ਹੈ ਕਿ ਜਿਸ ਨਾਲ ਉਨ੍ਹਾਂ ਮੁਸ਼ਕਲਾਂ ਦੇ ਸਾਹਮਣੇ ਜਿਨ੍ਹਾਂ
ਵਿਚ ਵਿਛੋੜੇ ਤੋਂ ਇਲਾਵਾ ਸਤੀ ਜੀ ਦਾ ਵਿਛੋੜਾ ਆਪ ਨੂੰ ਛਡ ਗਿਆ ਹੈ, ਆਪ ਨੂੰ ਮੁਨਾਸਬ ਤੇ ਐਨ ਦਰੁਸਤ ਸਹਾਰਾ ਪ੍ਰਾਪਤ ਰਹੇ ਕਿ ਆਪ ਨੂੰ ਉਦਾਸੀ ਨਾ ਪਵੇ ਅਰ ਰੂਹਾਨੀ ਤਕਵਾ ਮਿਲੇ ਕਿ ਠੀਕ ਹੈ ਤੇ ਠੀਕ ਹੋ ਰਿਹਾ ਹੈ । ਕਰਤਾਰ ਆਪ ਨੂੰ ਅਪਨਾ ਪਯਾਰ ਬਖਸ਼ੇ ਇਨ੍ਹਾਂ ਪਰਤਾਵਿਆਂ ਤੇ ਅਜਮਾਇਸ਼ਾਂ ਵਿਚ ਹੋਰ ਉਚਿਆਂ ਕਰੇ ਤੇ ਅਪਨੇ ਸਹਾਰੇ ਨਾਲ ਤਕੜਿਆਂ ਰਖੇ ।
ਮੇਰੀ ਦਿਲੀ ਹਮਦਰਦੀ ਚਾਹੁੰਦੀ ਹੈ ਕਿ ਕਿਵੇਂ ਆਪ ਦੇ ਅੰਦਰ ਵੜ ਕੇ ਸੁਖ ਤੇ ਠੰਢ ਪਹੁੰਚਾ ਦਿਆਂ, ਤੇ ਰਸਤਾ ਇਕੋ ਹੈ ਕਿ ਖਾਲਕ ਤੇ ਪਰਵਰਦਗਾਰ ਅਗੇ ਅਰਦਾਸ ਕਰਾਂ ਕਿ ਉਹ ਆਪ ਨੂੰ ਸੁਖ ਤੇ ਠੰਢ ਪਾਵੇ ਤੇ ਆਪ ਦੇ ਹਿਰਦੇ ਵਿਚ ਵੜ ਕੇ ਆਪ ਦਾ ਸਹਾਰਾ ਬਣੇ । ਮੇਰਾ ਬਹੁਤ ਬਹੁਤ ਪਿਆਰ ਪਹੁੰਚੇ । ਗੁਰੂ ਅੰਗ ਸੰਗ ।
ਇਕ ਖਯਾਲ ਹੋਰ ਆ ਰਿਹਾ ਹੈ ਕਿ ਤੁਸੀ ਪਰਵਾਰ ਦੇ ਜਗਰਾਵਾਂ ਨੂੰ ਟੁਰ ਜਾਣ ਨਾਲ ਡੇਹਰੇ ਵਿਚ ਇਕੱਲੇ ਹੋਸੋ। ਕਲ ਮੇਰਾ ਖਆਲ ਸੀ ਕਿ ਤੁਸੀ ਜਗਰਾਓਂ ਆਸੋ, ਪਰ ਅਜ ਖਯਾਲ ਹੋਰ ਮਿਲਿਆ ਹੈ ਕਿ ਤੁਸੀਂ ਸ਼ਾਯਦ ਡੇਹਰੇ ਹੀ ਰਹੋ । ਸੋ ਇਕਲੇ ਡੇਰੇ ਵਿਚ ਹੋਸੋ ਤੇ ਉਦਾਸੀ ਨੂੰ ਅਪਨੇ ਕੰਮ ਕਰਨੇ ਦਾ ਵਧੀਕ ਮੌਕਾ ਮਿਲਸੀ । ਜੇ ਮੁਮਕਿਨ ਹੋ ਸਕੇ ਤਾਂ ਤੁਸੀ ਕੁਛ ਦਿਨਾਂ ਲਈ ਏਥੇ ਆ ਜਾਓ । ਹਫ਼ਤਾ ਅਰਸਾ ਕਠੇ ਰਹ ਕੇ ਵਧੇਰੇ ਮੌਕਾ ਬਣੇਗਾ ਕਿ ਆਪ ਜੀ ਦਾ ਦਿਲ ਪਰਚੇ ਤੇ ਇਸ ਵੇਲੇ ਦੇ ਸਦਮੇ ਦੀ ਚੋਟ ਤੋਂ ਛੇਤੀ ਵਲ ਹੋ ਜਾਵੇ ।
ਆਪ ਜੀ ਦੇ ਡੇਹਰੇ ਦੇ ਕੰਮਾਂ ਦਾ ਮੈਨੂੰ ਪਤਾ ਨਹੀਂ, ਪਰ ਜੇ ਵਿਹਲ ਮਿਲ ਸਕੇ ਤੇ ਆ ਜਾਓ ਤਾਂ ਬਹੁਤ ਸੁਖਦਾਈ ਗੱਲ ਹੋਵੇ ।
ਬੀਬੀ ਮਾਯਾ ਜੀ ਤੇ ਹੋਰ ਸਭਨਾਂ ਯੋਗ ਅਸੀਸ । ਨਰਿੰਕਾਰ ਆਪ ਸਭਨਾਂ ਦਾ ਸਹਾਈ ਹੋਵੇ ।
ਆਪ ਜੀ ਦਾ ਅਪਨਾ
ਵ. ਸ.
34
ਅੰਮ੍ਰਿਤਸਰ
२੭. ११. ३੮
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਯਾਰੇ ਬਰਖ਼ੁਰਦਾਰ ਜੀਓ ਤੇ ਸ੍ਰੀ ਬੀਬੀ ਜੀਓ
ਆਪ ਜੀ ਦੇ ਪਰਮ ਪਯਾਰੇ ਪਿਤਾ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਅਚਾਨਕ ਸੁਣ ਕੇ ਚਿਤ ਨੂੰ ਬਹੁਤ ਹੀ ਸ਼ੋਕ ਹੋਇਆ । ਪਿਤਾ ਦਾ ਸਾਯਾ ਇਕ ਐਸੀ ਅਮੋਲਕ ਤੇ ਦੁਰਲਭ ਵਸਤੂ ਹੈ ਇਸ ਨੂੰ ਕੋਈ ਹੋਰ ਸਨਬੰਧ ਯਾ ਹਿਤ ਪੂਰਾ ਨਹੀਂ ਕਰ ਸਕਦਾ। ਫਿਰ ਜਿਸ ਤਰ੍ਹਾਂ ਦੇ ਲਾਇਕ ਤੇ ਪ੍ਰਬੀਨ ਆਪ ਜੀ ਦੇ ਪਿਤਾ ਜੀ ਸੇ ਇਹ ਉਨ੍ਹਾਂ ਦੇ ਵਿਯੋਗ ਤੋਂ ਪੈਦਾ ਹੋਏ ਘਾਟੇ ਨੂੰ ਹੋਰ ਬੀ ਦੁਖਦਾਈ ਕਰ ਦੇਂਦਾ ਹੈ । ਫਿਰ ਜਦ ਉਨ੍ਹਾਂ ਦੇ ਉਸ ਅਤਯੰਤ ਪਯਾਰ ਨੂੰ ਸੋਚੀਏ ਜੋ ਆਪ ਨਾਲ ਉਨ੍ਹਾਂ ਦਾ ਸੀ ਤਾਂ ਹੋਰ ਦੁਖ ਵਧਦਾ ਹੈ । ਕਿਸ ਪਯਾਰ ਨਾਲ ਆਪ ਜੀ ਦਾ ਜ਼ਿਕਰ ਕਰਦੇ 'ਹਰੀ ਜੀ ਹਰੀ ਜੀ' ਪਦ ਵਰਤਿਆ ਕਰਦੇ ਸੇ । ਇਸ ਆਪ ਦੇ ਨਿਜ ਦੇ ਬਿਰਹੇ ਦੇ ਨਾਲ ਪਰਵਾਰ ਨੂੰ ਵਿਗੋਚਾ ਤੇ ਵਿਦਯਾ ਮੰਡਲ ਵਿਚ ਇਕ ਅਸਹਿ ਕਮੀ ਪੈਦਾ ਹੋ ਜਾਣੀ ਭਾਈ ਸਾਹਿਬ ਜੀ ਦੇ ਚਲਾਣੇ ਨੂੰ ਬਹੁਤ ਉਦਾਸੀਨਤਾ ਵਾਲਾ ਬਣਾਉਂਦਾ ਹੈ। ਕਾਨਫ੍ਰੰਸਾਂ ਦੇ ਕੀਰਤਨ ਦਰਬਾਰਾਂ ਵਿਚ ਤੇ ਕਵੀ ਦਰਬਾਰਾਂ ਵਿਚ ਆਪ ਦਾ ਸ਼ਿਰੋਮਣੀ ਜੱਜ ਹੋ ਕੇ ਬੈਠਣਾ ਤੇ ਫੈਸਲੇ ਦੇਣੇ ਤੇ ਗੁਣੀਆਂ ਦੀ ਕਦਰ ਕਰਨੀ, ਐਜੂਕੇਸ਼ਨਲ ਕਾਨਫ੍ਰੰਸ ਦੀ ਪ੍ਰਧਾਨਗੀ ਦੀ ਕੁਰਸ਼ੀ ਨੂੰ ਸ਼ਸ਼ੋਭਿਤ ਕਰਨਾ ਐਸੇ ਨਜ਼ਾਰੇ ਹਨ ਜਿਨ੍ਹਾਂ ਨੂੰ ਲੋਕੀ ਯਾਦ ਕਰਦੇ ਹਨ ।
ਜਿਵੇਂ ਆਪ ਜੀ ਜੋਗ ਇਸ ਅਸਹਿ ਵਿਛੋੜੇ ਦਾ ਦੁਖ ਹੈ ਤਿਵੇਂ ਉਨ੍ਹਾਂ ਦੇ ਮਿੱਤ੍ਰਾਂ ਨੂੰ ਬੀ ਅਤਿ ਦੁਖ ਹੋ ਰਿਹਾ ਹੈ।
ਪਰ ਜੀਓ ਜੀ ਇਸ ਜਗਤ ਦੀ ਬਨਾਵਟ ਐਸੀ ਹੈ ਕਿ ਇਸ ਵਿਚ ਸਦਾ ਦਾ ਰਹਿਣਾ ਹੋ ਹੀ ਨਹੀਂ ਸਕਦਾ । ਅੰਤ ਚਲਣਾ ਪੈਂਦਾ ਹੈ। ਗੁਣੀ, ਗਯਾਨੀ, ਸੰਤ ਵਿਦਵਾਨ, ਰਾਜੇ ਗੱਲ ਕੀ ਅਵਤਾਰ ਪਿਯੰਬਰ ਸਭ ਨੂੰ ਅਵਸ਼ਮੇਵ ਟੁਰਨਾ ਪੈਂਦਾ ਹੈ। ਤੇ ਸਾਡੇ ਸਤਿਗੁਰਾਂ ਦੀ ਆਗਯਾ ਹੈ ਕਿ ਇਹ ਸਭ ਕੁਛ ਹੁਕਮ ਵਿਚ ਹੁੰਦਾ ਹੈ। ਹੁਕਮ ਨਾਲ ਅਪਨੇ ਮਨ ਨੂੰ ਮੇਲਣਾ, ਰਜ਼ਾ ਵਿਚ ਮਰਜ਼ੀ ਨੂੰ ਇਕਸੁਰ ਕਰਨਾ ਇਹ ਸਿੱਖੀ ਦਾ ਵਡਾ ਅਸੂਲ ਸਤਿਗੁਰ ਨੇ ਦਸਿਆ ਹੈ। ਤੇ ਤੇਰਾ ਭਾਣਾ ਮੀਠਾ ਲਾਗੈ ਦਾ ਉਪਦੇਸ਼
ਦਿਤਾ ਹੈ । ਇਸ ਲਈ ਸਤਿਗੁਰ ਦੀ ਰਜ਼ਾ ਵਿਚ ਟੁਰਨ ਦਾ ਬਲ ਆਪ ਨੂੰ ਸਤਗੁਰੂ ਬਖ਼ਸ਼ੇ, ਆਪ ਦੇ ਵਿਛੁੜੇ ਦਿਲ ਉਤੇ ਵਾਹਿਗੁਰੂ ਅਪਨੇ ਪਯਾਰ ਦਾ ਅੰਮ੍ਰਿਤ ਵਰਸਾਵੇ ਜੋ ਆਪ ਦੇ ਹਿਰਦੇ ਵਿਚ ਨਾਮ ਦੀ ਠੰਢ ਵਾਫ਼ਰ ਹੋਵੇ । ਮੇਰੀ ਦਿਲੀ ਹਮਦਰਦੀ ਇਸ ਵਿਯੋਗ ਵਿਚ ਆਪ ਜੀ ਦੇ ਤੇ ਆਪ ਦੇ ਸਾਰੇ ਪਰਿਵਾਰ ਦੇ ਨਾਲ ਹੈ।
ਵਾਹਿਗੁਰੂ ਭਾਈ ਸਾਹਿਬ ਦੀ ਆਤਮਾ ਨੂੰ ਅਪਨੀ ਰਹਿਮਤ ਦੀ ਛਾਵੇਂ ਥਾਂ ਬਖ਼ਸ਼ੇ ਤੇ ਆਪ ਜੀ ਦਾ ਹਰ ਬਾਬ ਸਹਾਈ ਹੋਵੇ ।
ਆਪ ਦਾ ਹਿਤਕਾਰੀ
ਵੀਰ ਸਿੰਘ
35
ਅੰਮ੍ਰਿਤਸਰ
੧ ਦਸੰਬਰ ੧੯੩੮
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਯਾਰੇ ਜੀਓ
ਆਪ ਜੀ ਦਾ ਪੱਤ੍ਰ ਪਹੁੰਚਾ। ਆਪ ਜੀ ਦੀ ਸੁਪਤਨੀ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਵਾਚ ਕੇ ਸ਼ੌਕ ਹੋਇਆ । ਇਸ ਉਮਰੇ ਇਨਸਾਨ ਨੂੰ ਇਕ ਉਮਰਾ ਦੇ ਸਾਥ ਨਿਭੇ ਹੋਏ ਸਾਥੀ ਦੀ ਲੋੜ ਹੋਰ ਉਮਰਾ ਨਾਲੋਂ ਵਧੇਰੇ ਹੋਇਆ ਕਰਦੀ ਹੈ । ਪਰ ਅਪਨੇ ਅਪਨੇ ਸੋਚੇ ਮਿਥੇ ਤੇ ਚਾਹੇ ਹੋਏ ਹੋਣੇ ਨਹੀਂ ਹੁੰਦੇ, ਓਹ ਹੁੰਦੇ ਹਨ ਜੋ ਅਪਨੇ ਚਿਤ ਚੇਤੇ ਬੀ ਨਹੀਂ ਹੁੰਦੇ । ਜਿਵੇਂ ਏਹ ਅਚਣਚੇਤ ਭਾਣੇ ਵਰਤ ਜਾਂਦੇ ਹਨ ਤਿਵੇਂ ਇਨਸਾਨ ਨੂੰ ਇਹ ਬੀ ਪਤਾ ਨਹੀਂ ਲਗਦਾ ਕਿ ਇਨ੍ਹਾਂ ਦਾ ਪ੍ਰਣਾਮ ਕੀ ਹੈ ? ਕਿਸ ਪ੍ਰਯੋਜਨ ਲਈ ਏਹ ਹੋਏ ਹਨ । ਪਰ ਜਦ ਅਪਨੇ ਆਉਣ ਤੇ ਜਾਣ ਨੂੰ ਵਿਚਾਰੀਏ ਤਾਂ ਸੋਝੀ ਪੈਂਦੀ ਹੈ ਕਿ ਇਕੱਲਾ ਹੀ ਜੀਵ ਆਉਂਦਾ ਜਾਂਦਾ ਹੈ ਤੇ ਇਕੱਲਾ ਹੀ ਟੁਰ ਜਾਂਦਾ ਹੈ। ਏਥੇ ਜੋ ਸੰਬੰਧੀ ਜਾਂ ਮਿੱਤਰ ਬਣੇ ਸਨ ਯਾ ਓਹ ਇਸ ਨੂੰ ਛਡ ਛਡ ਕੇ ਟੁਰੀ ਜਾਂਦੇ ਹਨ ਯਾ ਇਹ ਸਾਰਿਆਂ ਨੂੰ ਛਡ ਕੇ ਟੁਰ ਪੈਂਦਾ ਹੈ । ਤਾਂ ਤੇ ਜਗ ਰਚਨਾ ਦੀ ਖੇਲ ਇਸੇ ਤਰ੍ਹਾਂ ਦੀ ਬਣੀ ਹੋਈ ਹੈ ਤੇ ਅਪਨੇ ਰਾਹੇ ਟੁਰਦੀ ਹੈ। ਹੁਣ ਸਾਰ ਵਸਤੂ ਇਸ ਵਿਚ ਆਪੇ ਦੀ ਆਪੇ ਵਿਚ ਕਾਇਮੀ ਤੇ ਜਗਤ ਦੇ ਮੂਲ ਕਾਰਣ ਨਾਲ ਪੈਵਸਤਗੀ ਹੈ । ਜੋ ਹਾਲਤ ਕਿ ਸਦਾ ਥਿਰ ਤੇ ਸਦਾ ਸੁਖਦਾਈ ਹੈ ਕਿਉਂਕਿ ਦੁਖ ਤਾਂ ਸੁਖਦਾਈ ਦੇ ਵਿਛੋੜੇ ਵਿਚ ਹੈ, ਸੁਖਦਾਈ ਸਰਬ ਵਿਸ਼ਵ ਦਾ ਆਧਾਰ ਹੈ, ਉਸ ਨਾਲ ਅੰਤਰ ਆਤਮੇ ਮੇਲ ਹੋ ਜਾਣਾ ਯਾ ਹੋਇਆ ਰਹਿਣਾ ਹੀ ਸੁਖ ਹੋਇਆ।
ਆਪ ਸਤਸੰਗੀ ਹੋ, ਆਪ ਦੀ ਉਮਰਾ ਭਰੋਸੇ ਤੇ ਸਿਦਕ ਵਿਚ ਬੀਤੀ ਹੈ, ਗੁਰਬਾਣੀ ਨਾਲ ਆਪ ਦਾ ਪ੍ਰੇਮ ਹੈ । ਸੋ ਇਹ ਆਸਰਾ ਹੈ। ਇਹ ਰਹਨੁਮਾਈ ਹੈ, ਇਹ ਆਧਾਰ ਹੈ 'ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ । ਆਸ ਹੈ ਆਪ ਜੀ ਦੇ ਹਿਰਦੇ ਨੇ ਇਸੇ ਰਤਨ ਸਮੁੰਦ ਤੋਂ ਅਪਨੇ ਦਿਲ ਦਾ ਦਾਰੂ ਟੋਲ ਲਿਆ ਹੋਣਾ ਹੈ ਤੇ 'ਜੋ ਕਿਛੁ ਕਰੈ ਸੋ ਭਲਾ ਕਰ ਮਾਨੀਐ ਹਿਕਮਤਿ ਹੁਕਮੁ ਚੁਕਾਈਐ' ਦੇ ਆਸਰੇ ਟੋਕ ਲੱਝ ਲਈ ਹੋਣੀ ਹੈ, ਵਾਹਿਗੁਰੂ ਆਪ ਦੀ ਸਹਾਯਤਾ ਕਰੋ ਤੇ ਬਾਣੀ ਨਾਮ ਦੀ ਦਾਤ ਹੋਰ ਵਾਫ਼ਰ ਕਰੇ ।
ਮੇਰੀ ਦਿਲੀ ਹਮਦਰਦੀ ਤੇ ਪਯਾਰ ਆਪ ਦੇ ਨਾਲ ਹੈ । ਸ੍ਰੀ ਸੰਤ ਸੰਗਤ ਸਿੰਘ ਜੀ ਏਥੇ ਹੀ ਹਨ । ਉਨ੍ਹਾਂ ਨੂੰ ਆਪ ਦਾ ਪੱਤ੍ਰ ਦਸ ਦਿਤਾ ਹੈ, ਉਹ ਬੀ ਇਸ ਬਿਰਹੇ ਵਿਚ ਆਪ ਦੇ ਨਾਲ ਪਯਾਰ ਤੇ ਹਮਦਰਦੀ ਦੇ ਭਾਵ ਵਿਚ ਹੈਨ । ਇਸ ਤੋਂ ਪਹਲਾਂ ਆਪ ਲਾਯਲਪੁਰ ਵਕਤ ਦੇ ਚੁਕੇ ਹੋਏ ਹਨ ਤੇ ਓਥੇ ਇਸ਼ਤਿਹਾਰ ਬੀ ਨਿਕਲ ਚੁਕੇ ਹਨ ਇਸ ਕਰ ਕੇ ਲਾਯਲਪੁਰ ਜਾਣੋ ਰੁਕ ਨਹੀਂ ਸਕਦੇ ਤੇ ਆਪ ਪਾਸ ਬੀ ਜ਼ਰੂਰ ਪਹੁੰਚਣਾ ਚਾਹੁੰਦੇ ਹਨ । ਸੋ ਉਨ੍ਹਾਂ ਨੇ ਇਹ ਵਿਉਂਤ ਸੋਚੀ ਹੈ ਕਿ ਲਾਯਲਪੁਰ ਦਾ ਕੰਮ ਆਪ ਐਤਵਾਰ ੪ ਦਸੰਬਰ ਵਾਲੇ ਦਿਨ ਸਵੇਰੇ ੧੧ ਵਜੇ ਤਕ ਮੁਕਾ ਲੈਣਗੇ । ਤੇ ਫੇਰ ਓਥੋਂ ਮੋਟਰ ਤੇ ਚੜ ਕੇ ਕਮਾਲੀਏ ਨੂੰ ਟੁਰ ਪੈਣਗੇ ਤੇ ਆਸ ਕਰਦੇ ਹਨ ਕਿ ਗੁਰੂ ਆਗਯਾ ਵਿਚ ਤ੍ਰੈ ਚਾਰ ਵਜੇ ਤਕ ਅਪੜ ਪੈਣਗੇ, ਸੰਤ ਕਲ੍ਹ ੧੨ ਵਜੇ ਦੁਪਹਿਰੇ ਇਥੋਂ ਲਾਯਲਪੁਰ ਟੁਰਨਗੇ ।
ਵਾਹਿਗੁਰੂ ਜੀ ਆਪ ਨੂੰ ਸਿਖੀ ਸਿਦਕ ਦਾਨ ਬਖ਼ਸ਼ਨ ਪ੍ਰਵਾਰ ਵਿਚ ਭੀ ਸਿਖੀ ਤੇ ਸਿਦਕ ਦਾਨ ਵਧੇ ।
ਸ੍ਰੀ ਵਿਛੜੇ ਬੀਬੀ ਜੀ ਦਾ ਗੁਰਪੁਰੀ ਵਿਚ ਨਿਵਾਸ ਹੋਵੇ ।
ਆਪ ਦੇ ਵਿਛੋੜੇ ਵਿਚ ਦਰਦੀ
ਆਪਦਾ
ਵੀਰ ਸਿੰਘ
36
ਅੰਮ੍ਰਿਤਸਰ
११,१,३੯
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਯਾਰੇ ਜੀਓ
ਸ੍ਰੀ ਮਾਤਾ ਜੀ ਦੇ ਚਲਾਣੇ ਦੀ ਖਬਰ ਸੁਣ ਕੇ ਬਹੁਤ ਸ਼ੋਕ ਹੋਇਆ। ਮਾਵਾਂ ਦਾ ਪਿਆਰ ਸਭ ਪਯਾਰਾਂ ਤੋਂ ਵਧੀਕ ਮਿਠਾ ਤੇ ਕੀਮਤੀ ਹੁੰਦਾ ਹੈ। ਚਾਹੋ ਆਦਮੀ ਕਿਤਨਾ ਵਡੇਰਾ ਹੋ ਜਾਵੇ ਮਾਂ ਦਾ ਪਯਾਰ ਸਦਾ ਹੀ ਪਯਾਰਾ ਲਗਦਾ ਹੈ ਇਸ ਤੋਂ ਵੰਚਿਤ ਹੋਣੇ ਨੂੰ ਕਦੇ ਚਿਤ ਨਹੀਂ ਕਰਦਾ। ਚਾਹੋ ਮਾਵਾਂ ਦੀ ਨਿਤ ਅਰਜ਼ੋਈ ਇਹੋ ਹੁੰਦੀ ਹੈ ਕਿ ਅਸੀ ਪੁਤਰਾਂ ਦੇ ਹਥਾਂ ਵਿਚ ਸਦਗਤੀ ਨੂੰ ਪ੍ਰਾਪਤ ਹੋਵੀਏ ਪਰ ਪੁਤ੍ਰਾਂ ਲਈ ਮਾਵਾਂ ਦਾ ਵਿਛੋੜਾ ਸਦਾ ਵਿਛੋੜਾ ਹੀ ਹੋ ਕੇ ਪੀੜ ਕਰਦਾ ਹੈ। ਇਨ੍ਹਾਂ ਗੱਲਾਂ ਨੂੰ ਸੋਚ ਕੇ ਤਾਂ ਵਿਯੋਗ ਵਿਚ ਵਿਯੋਗੀ ਹੋ ਕੇ ਹੀ ਉਦਾਸੀ ਵੰਡੀਦੀ ਹੈ। ਪਰ ਤੁਸੀ ਗੁਰ ਗਲੀ ਦੇ ਪੰਧਾਊ ਹੋ, ਪਰਮੇਸ਼ੁਰ ਜੀ ਨੇ ਤੁਸਾਨੂੰ ਅਪਨੇ ਰਸਤੇ ਲਾਯਾ ਹੈ ਇਸ ਲਈ ਉਸ ਦਾ ਭਾਣਾ ਮੰਨਣਾ ਤੇ ਭਾਣੇ ਵਿਚ ਪ੍ਰਸੰਨ ਰਹਣਾ ਆਪ ਦੇ ਹਿਸੇ ਆਯਾ ਹੈ। ਵਾਹਿਗੁਰੂ ਆਪ ਨੂੰ ਇਹ ਦਾਤ ਵਾਫ਼ਰ ਬਖਸ਼ੇ। ਵਿਯੋਗ ਹੋਇਆ ਹੈ ਪਰ ਵਯੋਗ ਉਸ ਨਾਲ ਹੋਇਆ ਹੈ ਜਿਸ ਦੇ ਗੁਣ ਚਿੰਤਨ ਸੁਖ ਦੇ ਸਕਦੇ ਹਨ । ਮੈਨੂੰ ਕਦੇ ਬਹੁਤਾ ਸਮਾਂ ਤਾਂ ਨਹੀਂ ਮਿਲਿਆ ਪਰ ਜਦ ਕਦੇ ਦਰਸ਼ਨਾਂ ਦਾ ਸੁਭਾਗ ਬਣਿਆ ਮੈਂ ਉਨ੍ਹਾਂ ਨੂੰ ਹਸਦੇ ਤੇ ਪ੍ਰਸੰਨ ਹੀ ਡਿਠਾ ਯਾਦ ਪੈਂਦਾ ਹੈ, ਬਾਣੀ ਦਾ ਪ੍ਰੇਮ ਸੀ, ਨਾਮ ਵਲ ਰੌਂ ਸੀ । ਏਹ ਸਾਰੇ ਗੁਣ ਉਨ੍ਹਾਂ ਦੇ ਨਾਲ ਗਏ ਤੇ ਸਹਾਈ ਹੋਣਗੇ ਤੋਂ ਆਪ ਲਈ ਇਹ ਸੁਭਾਗਤਾ ਯਾਦ ਵਿਚ ਛੋੜ ਗਏ ਹਨ ਕਿ ਜਗਤ ਜੀਵਨ ਵਿਚ ਸਦਾ ਖਿੜੇ ਰਿਹਾਂ ਹੀ ਸੁਖ ਨਾਲ ਬੀਤਦੀ ਹੈ । ਸ੍ਰੀ ਰਖਾਂ ਜੀ ਦਾ ਪਯਾਰ ਬੀ ਸਸ ਨਾਲ ਸਸਾਂ ਵਾਲਾ ਨਹੀਂ ਸੀ ਮਾਵਾਂ ਹਾਰ ਸੀ ਉਨ੍ਹਾਂ ਦਾ ਪਯਾਰ ਵੀ ਐਸਾ ਹੀ ਦਿਸਿਆ ਕਰਦਾ ਸੀ । ਏ ਸਭੇ ਗੱਲਾਂ ਇਸ ਸ਼ੁਕਰ ਲਈ ਹਨ ਕਿ ਜਿਤਨਾ ਸਮਾਂ ਵਾਹਿਗੁਰੂ ਜੀ ਦੀ ਆਗਯਾ ਵਿਚ ਕਠੇ ਰਹਣ ਦਾ ਮਿਲਿਆ ਉਹ ਜਗਤ ਨਾਲੋਂ ਬਹੁਤ ਅਛਾ ਅਤੇ ਉਤਮ ਬੀਤਿਆ। ਉਤਮਤਾ ਦੀ ਯਾਦ ਜੀਵ ਲਈ ਜੀਵਨ ਸਹਾਰਾ ਹੋਇਆ ਕਰਦੀ ਹੈ । ਸੋ ਵਯੋਗ ਦੀ ਪੀੜਾ ਵੇਲੇ ਉਨ੍ਹਾਂ ਦੇ ਪਯਾਰ ਤੇ ਗੁਣਾਂ ਦਾ ਚਿੰਤਨ ਚਾਹੀਦਾ ਹੈ ਕਿ ਸੁਰਤ ਨੂੰ ਸਹਾਰਾ ਦੇਵੇ ਤੇ ਉਚਿੱਆਂ ਰੱਖੇ ।
ਆਪ ਦੋਹਾਂ ਜੋਗ ਮੇਰੀ ਵਲੋਂ ਬਹੁਤ ਬਹੁਤ ਅਸੀਸ ਤੇ ਦਿਲੀ ਅਸੀਸ ਪਹੁੰਚੇ ਤੇ ਅਰਦਾਸ ਹੈ ਕਿ ਗੁਰੂ ਆਪ ਦੋਹਾਂ ਜੋਗ ਆਪਣੀ ਮੇਹਰ ਤੇ ਪਯਾਰ ਵਿਚ ਸਦਾ ਸੁਖ ਤੇ ਸਿਖੀ ਦਾਨ ਬਖਸ਼ੇ । ਮਾਤਾ ਜੀ ਦੀ ਆਤਮਾ ਗੁਰੂ ਦਿਆਂ ਚਰਨਾਂ ਵਿਚ ਸਦਾ ਪ੍ਰਸੰਨ ਰਹੇ ।
ਮੇਰੇ ਲਾਯਕ ਕੋਈ ਇਸ ਵੇਲੇ ਸਹਾਈ ਹੋ ਸਕਣ ਵਾਲੀ ਗੱਲ ਹੋਵੇ ਤਾਂ ਲਿਖਣੀ । ਮੇਰਾ ਵਿਸ਼ਵਾਸ ਹੈ ਕਿ ਆਪ ਗੁਰੂ ਕੇ ਪਯਾਰ ਵਿਚ ਇਸ ਵਿਛੋੜੇ ਨੂੰ ਭਾਣੇ ਦੇ ਮਿਠੇ ਲਾਣ ਵਾਲੇ ਰੰਗ ਵਿਚ ਵਾਹਿਗੁਰੂ ਦੀ ਯਾਦ ਦੇ ਵਾਧੇ ਵਿਚ ਸਫਲਾਓਗੇ । ਨਾਮ ਹੀ ਸਭ ਤੋਂ ਅਮੋਲਕ ਤੇ ਨਾਲ ਨਿਭਣੇ ਵਾਲੀ ਦਾਤ ਹੈ ।
ਆਪ ਜੋਗ ਤੇ ਸ੍ਰੀ ਰਖਾਂ ਜੀ ਜੋਗ ਅਸੀਸ ।
ਬਚਯਾਂ ਜੋਗ ਪਯਾਰ ।
ਆਪ ਦਾ ਹਿਤਕਾਰੀ
ਵੀਰ ਸਿੰਘ
37
ਅੰਮ੍ਰਿਤਸਰ
२३.५.३੯
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਯਾਰੇ ਜੀਓ ਜੀ
ਬਰਖੁਰਦਾਰ ਜੀ ਦੇ ਅਕਾਲ ਚਲਾਣੇ ਦੀ ਖਬਰ ਪੁਜ ਗਈ ਸੀ । ਮੈਂ ਉਸ ਵੇਲੇ ਤਾਰ ਪਾਈ ਸੀ ਪਰ ਪਤ੍ਰ ਨਹੀਂ ਸੀ ਲਿਖ ਸਕਿਆ ਸਰੀਰ ਵਲ ਨਹੀਂ ਸੀ ਤੇ ਡਾ: ਦਿਮਾਗੀ ਕੰਮ ਲਿਖਣ ਪੜ੍ਹਨ ਤਕ ਦੀ ਆਗਿਆ ਨਹੀਂ ਸੀ ਦੇਂਦਾ ।
ਆਪ ਜੀ ਦੇ ਇਸ ਹਿਰਦਯ ਵੇਹਦਕ ਸਮੇਂ ਜੋ, ਮਨ ਦੇ ਟਿਕਾਉ ਤੇ ਭਾਣਾ ਮਿਠਾ ਕਰ ਮੰਨਣ ਦੇ ਜਤਨਾਂ ਬਾਬਤ ਸੁਣਿਆ ਹੈ ਉਹ ਲੋੜ ਨਹੀਂ ਰਖਦਾ ਆਪ ਜੋਗ ਕਿਸੇ ਤਸੱਲੀ ਤੇ ਸ਼ਾਂਤੀ ਦੇਣ ਵਾਲੇ ਅੱਖਰਾਂ ਦੇ ਲਿਖਣ ਦੀ ਤੇ ਆਪ ਨੂੰ ਉਨ੍ਹਾਂ ਦੇ ਪੜ੍ਹਨ ਸੁਣਨ ਦੀ । ਗੁਰਸਿਖੀ ਦਾ ਮੁੱਢ ਤੇ ਅੰਤ ਸਤਿਗੁਰਾਂ ਨੇ 'ਹੁਕਮ ਰਜਾਈ ਚਲਣਾ' ਹੀ ਲਿਖਯਾ ਹੈ, ਬਾਣੀ ਦੇ ਪਾਠ ਵੀਚਾਰ ਤੇ ਅਭਯਾਸ ਨਾਲ ਅਤੇ ਨਾਮ ਜਪਣ ਦੇ ਯਤਨ ਨਾਲ ਮਨ ਦੀ ਨਜ਼ਰ ਉਚੇਰੀ ਤੇ ਵਡੇਰੀ ਤੇ ਵਿਸ਼ਾਲ ਹੋਣੀ ਹੈ। ਇਸ ਨਜ਼ਰ ਨੇ ਰੋਜ਼ ਦੇ ਵਾਪਰ ਰਹੇ ਮਾਮਲਿਆਂ ਤੇ ਗ੍ਰਹਸਤ ਆਸ਼ਰਮ ਦੇ ਕਸ਼ਟ ਦੇਣ ਵਾਲੇ ਵਾਕਿਆ ਨੂੰ ਉਚੇਰੀ ਤੇ ਵਿਸ਼ਾਲ ਨਜ਼ਰ ਨਾਲ ਵੇਖਣਾ ਹੈ । ਸਰੀਰ ਦੇ ਸੰਬੰਧ ਤਾਂ ਮੋਹ ਮਾਯਾ ਵਾਲੇ ਖਿਆਲਾਂ ਵਿਚ ਲਿਜਾ ਕੇ ਸਲ ਬਣ ਬਣ ਕੇ ਰੜਕਾਂ ਤੇ ਪੀੜਾਂ ਹੀ ਦੇਂਦੇ ਹਨ । ਪਰ ਵਿਸ਼ਾਲ ਦ੍ਰਿਸ਼ਟੀ ਦਸਦੀ ਹੈ ਕਿ ਜਗਤ ਦਾ ਜੀਵਨ ਸਦਾ ਦੀ ਸ਼ੈ ਨਹੀਂ । ਸਭ ਨੇ ਚਲਣਾ ਹੈ; ਇਥੇ ਤਾਂ ਇਕ ਅਵਸਰ ਹੈ ਅਪਨੇ ਆਪ ਨੂੰ ਉਚਿਆਂ ਕਰ ਲੈਣ ਦਾ । ਸਦਾ ਦਾ ਟਿਕਾਣਾ ਯਾ ਡੇਰਾ ਤਾਂ ਉਹੋ ਹੈ ਜਿਥੇ ਵਲ ਨੂੰ ਮਿਠੇ ਤੇ ਪਯਾਰਿਆਂ ਨੂੰ ਟੋਰ ਰਹੇ ਹਾਂ ਤੇ ਅੰਤ ਆਪ ਟੁਰ ਜਾਣਾ ਹੈ। ਉਥੇ ਜਾ ਕੇ ਇਥੇ ਦੀ ਪ੍ਰਾਪਤ ਕੀਤੀ ਜੀਵਨ ਦੀ ਉੱਚਤਾ ਨੇ ਹੀ ਕੰਮ ਆਉਣਾ ਹੈ । ਜੋ ਆਉਂਦੇ ਹਨ, ਹੁਕਮ ਵਿਚ, ਜੋ ਇਥੇ ਹਨ, ਹੁਕਮ ਵਿਚ; ਜੋ ਜਾ ਰਹੇ ਹਨ, ਹੁਕਮ ਵਿਚ । ਆਪ ਸੁਭਾਗ ਹੋ ਜੋ ਦੁਇ-ਬੀਬੀ ਜੀ ਤੇ ਤੁਸੀਂ-ਗੁਰਬਾਣੀ ਦੀ ਟੇਕ ਵਿਚ ਹੋ ਤੇ ਬਰਖੁਰਦਾਰ ਦੀ ਸੇਵਾ ਤੇ ਚਲਾਣੇ ਦੇ ਬਾਦ ਇਸ ਸਿਦਕ ਵਿਚ ਟਿਕ ਰਹੇ ਹੋ ਤੋ ਹੋਰ ਟਿਕਣ ਦਾ ਜਤਨ ਕਰ ਰਹੇ ਹੋ ਕਿ ਗੁਰੂ ਕੀ ਆਗਿਆ ਵਿਚ ਸਿਖ ਆਯਾ ਤੇ ਕੁਛ ਦਿਨ ਰਹਿ ਕੇ ਟੁਰ ਗਿਆ ਹੈ। ਤੇ ਟੁਰਨ ਵੇਲੇ ਅਪਨੇ ਟਿਕਾਉ ਤੇ ਸਿਦਕ ਦਾ ਬੀ ਪਤਾ ਆਪ ਜੀ ਨੂੰ ਦੇ ਗਿਆ ਹੈ । ਇਹੀ ਨੁਕਤਾ
ਖਯਾਲ ਸਿਖੀ ਦਾ ਹੈ, ਜੋ ਓਹ ਦਾਤਾ ਕਰੇ ਸੋ ਭਲਾ ਕਰ ਮੰਨੀਏ ਤੇ ਹਰ ਇਸ ਤਰ੍ਹਾਂ ਦੇ ਵਿਛੋੜੇ ਤੇ ਜਗਤ ਵਿਚ ਹਰ ਵਾਪਰਨ ਵਾਲੇ ਔਖ ਤੋਂ ਇਹੋ ਉਛਾਲ ਖਾਈਏ ਕਿ ਅਪਨੇ ਆਪੇ ਨੂੰ ਵਾਹਿਗੁਰੂ ਜੀ ਦੇ ਹੋਰ ਨੇੜੇ ਕਰ ਲੈਣ ਵਿਚ ਕਾਮਯਾਬ ਹੋਵੀਏ । ਸਤਸੰਗ ਪ੍ਰਾਪਤ ਪੁਰਖਾਂ ਨੂੰ ਹਰ ਦੁਖ, ਭਾਣੇ ਤੇ ਰਜ਼ਾ ਦੇ ਜ਼ੋਰ ਨਾਲ ਧਕਾ ਦੇ ਕੇ ਤ੍ਰਕੀ ਦੇ ਅਗਲੇ ਡੰਡੇ ਤੇ ਲੈ ਜਾਂਦਾ ਹੈ ਤੇ ਹਰ ਸੁਖ ਸ਼ੁਕਰ ਦੇ ਬਲ ਨਾਲ ਅਗੇਰੀ ਪੌੜੀ ਤੇ ਜਾ ਖੜਾ ਕਰਦਾ ਹੈ । ਆਪ ਇਸ ਜਤਨ ਵਿਚ ਹੋ, ਗੁਰੂ ਇਹ ਜਤਨ ਸਫਲਾਵੇ ।
ਮੇਰੀ ਦਿਲੀ ਹਮਦਰਦੀ ਸ੍ਰੀ ਬੀਬੀ ਜੀ ਦੇ ਨਾਲ ਹੈ ਤੇ ਅਰਦਾਸ ਹੈ ਕਿ ਵਾਹਿਗੁਰੂ ਵਿਛੜੇ ਬਰਖ਼ੁਰਦਾਰ ਨੂੰ ਅਪਨੀ ਮੇਹਰ ਦੀ ਛਾਵੇਂ ਨਿਵਾਸ ਬਖਸ਼ੇ ਤੇ ਆਪ ਦੁਹਾਂ ਨੂੰ ਹੋਰ ਸਿਖੀ ਸਿਦਕ ਦਾਨ ਕਰੇ । ਨਾਮ ਦੀ ਦਾਤ ਹੋਰ ਵਾਫਰ ਕਰੇ ਤੇ ਸੰਸਾਰ ਯਾਤ੍ਰਾ ਮਨ ਸਰੀਰ ਤੇ ਆਤਮਾ ਕਰਕੇ ਸੁਖ ਵਾਲੀ ਬਣਾਵੇ । ਗੁਰੂ ਅੰਗ ਸੰਗ । ਨਾਮ ਚਿਤ ਰਹੇ ਤੇ ਨਾਮ ਰਸ ਵਿਚ ਉਛਾਲ ਮਿਲਦਾ ਰਹੇ ।
ਆਪ ਜੀ ਦਾ ਹਿਤਕਾਰੀ ਤੇ ਦਰਦ ਵਿਚ ਦਰਦੀ
ਵੀਰ ਸਿੰਘ
38
ਪੰਚਬਟੀ ੨੦ ਪ੍ਰੀਤਮ ਰੋਡ
ਡੇਹਰਾਦੂਨ ੧੦.੬.੩੯
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਿਆਰੇ ਜੀਓ ਜੀ,
ਕੁਛ ਦਿਨ ਹੋਏ ਇਹ ਅਫ਼ਸੋਸਨਾਕ ਖ਼ਬਰ ਸੁਣੀ ਸੀ ਕਿ ਖ਼ਾਲਸਾ ਸਕੂਲ ਲਾਯਲਪੁਰ ਦੇ ਤ੍ਰੈ ਲੜਕੇ ਦਰਯਾ ਵਿਚ ਇਸ਼ਨਾਨ ਕਰਦੇ ਸਚਖੰਡ ਪਧਾਰ ਗਏ ਸੇ, ਪਰ ਅਜ ਟ੍ਰਿਬਯੂਨ 10 ਤ੍ਰੀਕ ਵਾਲੇ ਵਿਚ ਇਹ ਪੜ੍ਹ ਕੇ ਸ਼ੋਕ ਬਹੁਤ ਵਧ ਗਿਆ ਕਿ ਉਨ੍ਹਾਂ ਬਚਿਆਂ ਵਿਚ ਇਕ ਬਰਖ਼ੁਰਦਾਰ ਜੀ ਆਪ ਜੀ ਦੇ ਸਪੁਤ੍ਰ ਸਨ, ਆਪ ਜੀ ਜੈਸੇ ਸਜਨ ਪੁਰਖ ਐਸੇ ਸਦਮੇ ਦੇ ਯੋਗ ਨਹੀਂ ਸਨ । ਪਰੰਤੂ ਸਭ ਕੁਛ ਵਾਹਿਗੁਰੂ ਜੀ ਦੇ ਹੁਕਮ ਵਿਚ ਹੁੰਦਾ ਹੈ, ਤੇ ਹੁਕਮ ਮੰਨਣਾਂ ਸਿਖਾਂ ਦਾ ਧਰਮ ਹੈ, ਇਹੀ ਸਿਖੀ ਦੀ ਘਾਲਣਾ ਹੈ— “ਹੁਕਮ ਮੰਨ ਹੋਵੇ ਪਰਵਾਣ ਤਾਂ ਖਸਮੈ ਕਾ ਮਹਲੁ ਪਾਇਸੀ ।" ਪਯਾਰੇ ਜੀ, ਪੰਥ ਦੇ ਤ੍ਰੈ ਹੋਨਹਾਰ ਨੌਨਿਹਾਲਾਂ ਦਾ ਇਸ ਤਰ੍ਹਾਂ ਦਾ ਪਯਾਨਾ ਭਾਰੀ ਦੁਖਦਾਈ ਗੱਲ ਹੈ ਅਰ ਦਿਲ ਹਮਦਰਦੀ ਨਾਲ ਪੰਘਰ ਪੰਘਰ ਜਾਂਦਾ ਹੈ, ਪਰ ਗੁਰਬਾਣੀ ਦੀ ਸਿਖਯਾ ਸਾਨੂੰ ਇਹੀ ਹੈ ਕਿ ਜੋ ਬੱਚਾ ਸਿਖ ਦੇ ਘਰ ਆਉਂਦਾ ਹੈ ਵਾਹਿਗੁਰੂ ਵਲੋਂ ਇਕ ਸਿਖ ਆਉਂਦਾ ਹੈ ਜਿਸ ਦੀ ਸੇਵਾ ਪਾਲਨਾ ਸਾਡਾ ਧਰਮ ਹੈ ਤੇ ਜੇ ਵਾਹਿਗੁਰੂ ਸਦ ਲੈਂਦਾ ਹੈ ਤਾਂ ਅਸੀ ਉਸ ਦੀ ਰਜ਼ਾ ਸਮਝ ਕੇ ਭਾਣਾ ਮਿਠਾ ਕਰੀਏ ਕਿ ਹੁਣ ਉਸ ਨੇ ਅਪਨੇ ਸਿਖ ਨੂੰ ਸਦ ਲਿਆ ਹੈ, ਅਸੀ ਸਿਦਕ ਵਿਚ ਰਹੀਏ । ਐਸੇ ਪਯਾਰ ਦੇ ਵਿਛੋੜੇ ਦਿਲ ਨੂੰ ਬਿਰਹੇ ਵਿਚ ਲੈ ਜਾਂਦੇ ਹਨ। ਮੇਰੀ ਦਿਲੋਂ ਹਮਦਰਦੀ ਆਪ ਦੇ ਨਾਲ ਹੈ । ਤੇ ਅਰਦਾਸ ਹੈ ਕਿ ਇਸ ਖੇਦ ਵਿਚ ਵਾਹਿਗੁਰੂ ਆਪ ਦਾ ਸਹਾਈ ਹੋਵੇ ਤੇ ਦਿਲ ਨੂੰ ਠੰਢਿਆਂ ਤੇ ਸਿਦਕ ਵਿਚ ਰੱਖੇ । ਵਿਛੁੜੇ ਪਯਾਰੇ ਨੂੰ ਗੁਰੂ ਅਪਨੀ ਛਤਰ ਛਾਯਾ ਨਿਵਾਸ ਦੇਵੇ ਤੇ ਰਹਮਤ ਵਿਚ ਰਖੇ ।
ਜਗਤ ਬਿਨਸਨਹਾਰ ਹੈ, ਪਿਛਲੇ ਬਿਨਸ ਗਏ ਤੇ ਬਿਨਸਦੇ ਅਸਾਂ ਅਣਗਿਣਤ ਦੇਖੇ, ਤਿਵੇਂ ਸਭ ਨੇ ਚਲਣਾ ਹੈ । ਘਾਟ ਵਧ ਜਾਂਦੀ ਹੈ ਜਦੋਂ ਮੌਤ ਨੂੰ ਵਿਨਾਸ ਸਮਝ ਲਈਏ ਤਾਂ । ਪਰ ਗੁਰੂ ਬਾਬੇ ਨੇ ਗੁਰੂ ਗ੍ਰੰਥ ਸਾਹਿਬ ਵਿਚ ਇਕ ਪ੍ਰਸ਼ਨ ਕਰ ਕੇ ਉਸ ਦੇ ਉਤਰ ਵਿਚ ਭੇਤ ਦਸਿਆ ਹੈ। ਪ੍ਰਸ਼ਨ ਇਹ ਹੈ ਕਿ ਸਭਨਾਂ ਨੂੰ ਮਰਨਾਂ ਆਉਂਦਾ ਹੈ ਪਰ ਦਸੋ ਕਿ ਅਗੇ ਜਾਕੇ ਮੇਲੇ ਹੋਣਗੇ ਕਿ ਨਹੀਂ। ਉਤਰ ਵਿਚ ਦਸਦੇ ਹਨ ਕਿ ਜੋ
ਲੋਕ ਵਾਹਿਗੁਰੂ ਵਿਮੁੱਖ ਹਨ ਉਨ੍ਹਾਂ ਨੂੰ ਵੇਦਨਾ ਹੁੰਦੀ ਹੈ, ਗੁਰਮੁਖਾਂ ਨੂੰ ਮੇਲੇ ਹੋਣਗੇ ।
ਜਦੋਂ ਗੁਰੂ ਵਾਕਾਂ ਅਨੁਸਾਰ ਇਹ ਤਸੱਲੀ ਹੋ ਜਾਂਦੀ ਹੈ ਕਿ ਅੱਗਾ ਹੈ ਤੇ ਮਰਨ ਨਾਲ ਜੀਵ ਮਰਦਾ ਨਹੀਂ ਤੇ ਅਗੇ ਜਾ ਕੇ ਫਿਰ ਮੇਲੇ ਹੋ ਜਾਂਦੇ ਹਨ ਤਾਂ ਵਿਛੋੜੇ ਦਾ ਦੁਖ ਉਤਨਾ ਤ੍ਰਿਖਾ ਨਹੀਂ ਰਹਿੰਦਾ। ਫੇਰ, ਮਨ ਸੋਚਦਾ ਹੈ ਕਿ ਕੁਛ ਸਮੇਂ ਦੀ ਗੱਲ ਹੈ, ਫੇਰ ਮਿਲਾਂਗੇ 'ਫੇਰ ਮਿਲਨ ਦੀ ਆਸ ਟੁਟਦੇ ਦਿਲਾਂ ਨੂੰ ਢਾਰਸ ਦੇਂਦੀ ਤੇ ਸਾਈਂ ਦੇ ਚਰਨਾਂ ਵਲ ਲਾਉਂਦੀ ਹੈ । ਤੁਸੀ ਗੁਰੂ ਕੇ ਪਯਾਰੇ ਹੋ ਬਾਣੀ ਤੇ ਭਰੋਸੇ ਵਾਲੇ ਹੋ । ਵਾਹਿਗੁਰੂ ਆਪ ਨੂੰ ਅਪਨੇ ਪਯਾਰ ਦੀ ਦਿਲ ਨੂੰ ਤੁਲਨਾ ਦੇਵੇ ਤੇ ਸਿਦਕ ਭ੍ਰੋਸੇ ਵਿਚ ਰਖ ਕੇ ਮਿਹਰ ਦਾ ਪਾਤ੍ਰ ਬਨਾਵੇ । ਗੁਰਬਾਣੀ ਦੀ ਟੇਕ ਰਖਣੀ, ਐਹੋ ਜਿਹੇ ਵੇਲਿਆਂ ਵਿਚ ਗੁਰਬਾਣੀ ਹੀ ਸੱਚਾ ਸਹਾਈ ਤੇ ਮਿੱਤ੍ਰ ਹੈ । 'ਗੁਰਬਾਣੀ ਇਸ ਜੁਗ ਮੈ ਚਾਨਣ ।
ਦਿਲੀ ਹਮਦਰਦੀ ਤੇ ਪਯਾਰ ਸਹਿਤ
ਆਪ ਦਾ ਹਿਤਕਾਰੀ ਵੀਰ ਸਿੰਘ
39
ਸ੍ਰੀ ਅੰਮ੍ਰਿਤਸਰ
४. ੮. ੩੯
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਯਾਰੇ ਜੀਓ ਜੀ,
ਆਪ ਜੀ ਦਾ ੨ ਤ੍ਰੀਕ ਦਾ ਪੱਤ੍ਰ ਪੁਜਾ ਹੈ । ਆਪ ਸਾਹਿਬਾਂ ਦੇ ਲਿਖੇ ਅਨੁਸਾਰ ਟੁਰਨੇ ਦੀ ਸਲਾਹ ਰਹਾ ਲਈ ਹੈ । ਬਜ਼ੁਰਗ ਮਾਤਾ ਜੀ ਦਾ ਚਲਾਣਾ ਵਾਹਿਗੁਰੂ ਜੀ ਦੇ ਭਾਣੇ ਵਿਚ ਹੋਇਆ ਹੈ, ਭਾਣੇ ਨਾਲ ਅਨੁਕੂਲਤਾ ਇਹੋ ਗੁਰਸਿਖੀ ਦਾ ਸੁਖ ਦਾਤਾ ਮਾਰਗ ਹੈ । ਆਪ ਦੋਵੇਂ ਪਯਾਰੇ ਮਾਤਾ ਜੀ ਦੇ ਲਾਇਕ ਸਪੂਤ ਹੋ । ਆਪਨੇ ਉਨ੍ਹਾਂ ਨੂੰ ਸਦਾ ਪ੍ਰਸੰਨ ਰਖਿਆ ਤੇ ਉਤਮ ਤੋਂ ਉਤਮ ਸੇਵਾ ਕੀਤੀ ਹੈ ਤੇ ਓਹ ਆਪ ਨਾਲ ਸਦਾ ਪ੍ਰਸੰਨ ਰਹੇ ਹਨ ਤੇ ਸਾਰੇ ਪਰਵਾਰ ਵਿਚ ਉਨ੍ਹਾਂ ਇਕ ਤੁਲਨਾ ਤੇ ਪਯਾਰ ਵਾਲਾ ਵਰਤਾਉ ਰਖਿਆ ਹੈ । ਸਾਈਂ ਵਾਲੇ ਪਾਸੇ ਉਨ੍ਹਾਂ ਨੇ ਅੰਤ ਤੀਕ ਗੁਰਬਾਣੀ ਨਾਲ ਅਤਯੰਤ ਪ੍ਰੇਮ ਤੇ ਗੁਰਸਿਖੀ ਨਾਲ ਸਿਦਕ ਨਿਬਾਹਿਆ ਹੈ । ਐਤਕੀ ਵੀ ਦਿੱਲੀ ਜਾਂਦੇ ਹੋਏ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਯਾਤਰਾ ਕਰ ਕੇ ਗਏ ਹਨ ਤੇ ਇਸ ਸਾਂਗੋ ਸਾਨੂੰ ਸਾਰਿਆਂ ਨੂੰ ਬੀ ਬੜੇ ਪਯਾਰ ਨਾਲ ਮਿਲ ਗਏ ਹਨ।
ਆਪ ਸਿਆਣੇ ਹੋ ਗੁਰਬਾਣੀ ਦੇ ਪ੍ਰੇਮੀ ਨੇਮੀ ਹੋ, ਫਿਰ ਬੀ ਵਿਛੋੜਾ ਵਿਛੋੜਾ ਹੀ ਹੁੰਦਾ ਹੈ ਤੇ ਮਾਂ ਵਰਗਾ ਮਿਠਾ ਸੰਬੰਧੀ ਮਾਂ ਹੀ ਹੁੰਦੀ ਹੈ ਤੇ ਇਹ ਵਿਛੋੜਾ ਮਨ ਨੂੰ ਉਦਾਸੀ ਤੇ ਬਿਰਹੋਂ ਜ਼ਰੂਰ ਦੇਂਦਾ ਹੈ ਤੇ ਸਾਡੇ ਸਤਿਗੁਰਾਂ ਨੇ ਖ਼ੁਸ਼ਕ ਹੋ ਕੇ ਦਿਲੀ ਪਯਾਰ ਦੀ ਝਰਨਾਟ ਨੂੰ Feel ਨਾ ਕਰਨਾ ਕੋਈ ਗਯਾਨ ਦੀ ਅਵਸਥਾ ਨਹੀਂ ਦਸਿਆ । ਆਪ ਨੇ ਫੁਰਮਾਯਾ ਹੈ ਕਿ 'ਵਾਲੇਵੇ' ਦੇ ਕਾਰਨ ਰੋਣਾ ਵਿਕਾਰ ਰੂਪ ਹੈ ਪਰ ਦਿਲੀ ਪਿਆਰ ਵਿਚ ਦ੍ਰੱਵਣਾ ਮਾੜਾ ਨਹੀਂ । ਦਿਲ ਦੀ ਦ੍ਰਵਣਤਾ ਨੂੰ ਆਪਨੇ ਪਰਮੇਸ਼ਰ ਦੇ ਨੇੜੇ ਹੋਣ ਦਾ ਵਸੀਲਾ ਦਸਿਆ ਹੈ।
"ਅਨਿਕ ਜਤਨ ਕਰਿ ਆਤਮ ਨਹੀਂ ਦ੍ਰਵੈ ॥
ਹਰਿ ਦਰਗਹ ਕਹੁ ਕੈਸੇ ਗਵੈ ॥
ਵਿਯੋਗ ਵਿਚ ਜਦੋਂ ਪਿਆਰ ਦੀ ਝਰਨਾਟ ਛਿੜਦੀ ਹੈ ਯਾ ਮਨ ਪੰਘਰਦਾ ਹੈ ਤੇ ਪੰਘਰੇ ਮਨ ਵਿਚ ਪਰਮੇਸ਼ਰ ਦੇ ਨਾਮ ਦੀ ਮੁਹਰ ਡੂੰਘੀ ਉਤਰ ਕੇ ਲਗ ਜਾਂਦੀ ਹੈ । ਮਨ ਦੀ ਇਸ ਤਰਾਂ ਦੀ ਪਯਾਰ ਨਾਲ ਦ੍ਰਵੀ ਹਾਲਤ ਵਿਚ ਕੀਤੀ ਅਰਦਾਸ ਬਹੁਤ ਅਸਰ
ਵਾਲੀ ਹੁੰਦੀ ਹੈ। ਸੋ ਗੁਰਮੁਖ ਅਰਦਾਸ ਇਸ ਵੇਲੇ ਕਰਦੇ ਹਨ ਕਿ ਹੇ ਸਾਈਂ ਹੇ ਵਾਹਿਗੁਰੂ ਅਪਨੇ ਪਯਾਰ ਦੀ ਦਾਤ ਬਖ਼ਸ਼ ਤੇ ਸਾਨੂੰ ਉੱਚਯਾਂ ਕਰ ਜੋ ਤੇਰੇ ਨੇੜੇ ਹੋ ਕੇ ਜੰਜਾਲ ਤੋਂ ਬਚੀਏ । ਸੰਸਾਰ ਦੀ ਅਸਾਰਤਾ ਇਸ ਵੇਲੇ ਪਰਤੱਖ ਹੋ ਦਿਸਦੀ ਹੈ ਤੇ 'ਵਾਹਿਗੁਰੂ ਇਕ ਅਟੱਲ ਹੈ ਤੇ ਉਸ ਦੇ ਨੇੜੇ ਹੋਣਾ ਸਾਡੀ ਅਟੱਲਤਾ ਦਾ ਕਾਰਣ ਹੈ ਇਹ ਗੱਲ ਸਫੁਟ ਹੋ ਦਿਸਦੀ ਹੈ । ਸੋ ਬਾਣੀ ਦੇ ਪ੍ਰੇਮੀ ਇਸ ਵੇਲੇ ਇਨ੍ਹਾਂ ਭਾਵਾਂ ਵਿਚ ਜਾਂਦੇ ਹਨ ਤੇ ਪਯਾਰ ਦੀ ਦ੍ਰਵਣਤਾ ਨਾਲ ਸਾਈਂ ਦੇ ਵਧੇਰੇ ਨੇੜੇ ਹੋ ਜਾਂਦੇ ਹਨ । ਹਾਂ ਬਾਣੀ ਤੋਂ ਭੁਲੇ ਹੋਏ ਨਿਰੇ ਮਾਯਕ ਜੀਵਨ ਵਿਚ ਗਲਤਾਨ ਲੋਕ ਇਸ ਵੇਲੇ 'ਵਾਲੇਵੇ ਦੇ ਰੋਣ' ਵਿਚ ਜਾਂਦੇ ਹਨ । ਆਪ ਬਾਣੀ ਦੇ ਪ੍ਰੇਮੀ ਨੇਮੀ ਹੋ। ਸੁਣਿਆ ਹੈ ਭਾਈ ਸੁਧ ਸਿੰਘ ਜੀ ਕੀਰਤਨ ਦੇ ਰਸੀਏ ਆਪ ਪਾਸ ਪੁਜ ਗਏ ਹਨ । ਗੁਰੂ ਜੀ ਨੇ 'ਕੀਰਤਨ ਨਿਰਮੋਲਕ ਹੀਰਾ' ਫੁਰਮਾਯਾ ਹੈ । ਕੀਰਤਨ ਆਪ ਨੂੰ ਸੁਖ ਦੇਸੀ ਤੇ ਸ੍ਰੀ ਮਾਤਾ ਜੀ ਨੂੰ ਸੁਖ ਦੇਸੀ । ਤੀਜੇ ਸਤਿਗੁਰਾਂ ਨੇ ਅਪਨੇ ਲਈ ਇਹੋ ਫੁਰਮਾਯਾ ਸੀ, 'ਮੈਂ ਪਿਛੇ ਕੀਰਤਨ ਕਰਿਅਹੁ ਨਿਰਬਾਣ ਜੀਓ' ਸੋ ਆਪ ਸੁਖੀ ਹੋਵੋ ਤੇ ਮਾਤਾ ਜੀ ਦੀ ਆਤਮਾ ਆਤਮ ਅਨੰਦ ਨੂੰ ਪ੍ਰਾਪਤ ਹੋਵੇ ਤੇ ਜਿਸ ਸੁਖ ਵਿਚ ਓਹ ਹੈਨ ਉਸ ਤੋਂ ਵਧੇਰੇ ਸੁਖੀ ਹੋਣ । ਮੈਂ ਤੇ ਸਾਰਾ ਪਰਵਾਰ ਆਪ ਦੇ ਨਾਲ ਇਸ ਅਰਦਾਸ ਵਿਚ ਦਿਲੋਂ ਸ਼ਾਮਲ ਹਾਂ । ਗੁਰੂ ਆਪ ਸਾਰਿਆਂ ਦਾ ਸਹਾਈ ਰਹੇ ਤੇ ਬਾਨੀ ਨਾਮ ਦੇ ਆਧਾਰ ਵਿਚ ਹੋਰ ਉਚਯਾਂ ਕਰੇ ।
ਆਪ ਦੇ ਦਰਦ ਵਿਚ ਦਰਦੀ
ਵ.ਸ.
40
ਅੰਮ੍ਰਿਤਸਰ
१०, १०,४०
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਯਾਰੇ ਜੀਓ ਜੀ
ਕਲ ਅਸੀ ਆਪ ਦੀ ਸੁਖਾਂ ਨਾਲ ਪਹੁੰਚਣੇ ਦੀ ਤਾਰ ਦੀ ਉਡੀਕ ਕਰ ਰਹੇ ਸਾਂ ਕਿ ਤਾਰ ਪਹੁੰਚੀ । ਜਦ ਖੁਹਲੀ ਤਾਂ ਵਾਚ ਕੇ ਬਹੁਤ ਹੀ ਸ਼ੌਕ ਹੋਇਆ ਕਿ ਐਤਨੀ ਜਲਦੀ ਕਿਵੇਂ ਭਾਣਾ ਵਰਤ ਗਿਆ। ਟੁਰਨ ਵੇਲੇ ਬੇਜੀ ਬੜੇ ਖੁਸ਼ ਸਨ । ਸ: ਨੈਣ ਸਿੰਘ ਜੀ ਦਸਦੇ ਸਨ ਕਿ ਲਾਹੌਰ ਸਟੇਸ਼ਨ ਤੇ ਜਦੋਂ ਗੱਡੀ ਵਿਚ ਸ੍ਵਾਰ ਹੋਏ ਤਦੋਂ ਬੜੇ Cheer ful ਸਨ ਤੇ Looks healthy ਸਨ । ਸ਼ਾਯਦ ਘਰ ਪਹੁੰਚ ਕੇ ਅਚਾਨਕ Heart fail ਕਰ ਗਿਆ । ਯਾ ਸਫ਼ਰ ਵਿਚ ਕੋਈ ਖੇਚਲ ਵਧ ਗਈ ਹੋਵੇ ।
ਵਾਹਿਗੁਰੂ ਜੀ ਦਾ ਭਾਣਾ ਅਮਿਟ ਹੈ। ਬੇਜੀ ਦਾ ਸੁਭਾਵ ਅਤਿ ਪਯਾਰ ਵਾਲਾ ਤੇ ਹਰ ਵੇਲੇ ਸੁਖ ਦੇਣ ਵਾਲਾ ਸੀ । ਬਾਣੀ ਵਲ ਪ੍ਰੇਮ ਤੇ ਗੱਲਾਂ ਕਰਦਿਆਂ ਕਰਦਿਆਂ ਵੈਰਾਗ ਵਿਚ ਆ ਜਾਂਦੇ ਸਨ । ਤੁਹਾਡੇ ਉਮਰਾ ਦੇ ਸਾਥੀ ਤੇ ਬਹੁਤ ਸੁਹਣੀ ਤਰਹਾਂ ਪੂਰਨ ਪਤਿਬ੍ਰਤ ਭਾਵ ਨਾਲ ਨਿਭਣ ਵਾਲੇ ਸਨ । ਤੁਸੀ ਬੀ ਉਨ੍ਹਾਂ ਦੇ ਪਯਾਰ ਵਿਚ ਇਨ੍ਹਾਂ ਦਿਨਾਂ ਵਿਚ ਡਿਠਾ ਹੈ ਕਿ ਬੜੇ ਵੈਰਾਗ ਵਿਚ ਜਾਂਦੇ ਸਾਓ । ਤੇਜ ਜੀ ਨੂੰ ਮਾਤ ਵਿਛੋੜਾ ਬੜਾ ਔਖਾ ਲਗ ਰਿਹਾ ਹੋਵੇਗਾ ਪਰ ਜੀਓ ਜੀ ਇਹ ਸਭ ਕੁਛ ਭਾਣੇ ਵਿਚ ਵਰਤਦਾ ਹੈ । ਦੇਖੋ ਭਾਣਾ ਸੀ ਕਿ ਅੰਤਮ ਸੁਆਸ ਸਿੰਧ ਵਿਚ ਪਹੁੰਚ ਕੇ ਪੂਰੇ ਹੋਣੇ ਸਨ ਤਦ ਭਾਵੀ ਨੇ ਕਿੰਞ ਬੇ ਜੀ ਨੂੰ ਲਲਨਾ ਲਗਾ ਦਿਤੀ ਕਿ ਸਿੱਧ ਜਰੂਰ ਲੈ ਜਾਓ ਤੇ ਕਿੰਵੇ ਛੇਤੀ ਛੇਤੀ ਉਦਮ ਹੋ ਕੇ ਪਹੁੰਚ ਗਏ । ਏਹ ਭਾਣੇ ਦੇ ਕੌਤਕ ਹਨ ।
ਆਪ ਜੀ ਨੂੰ ਇਸ ਵੇਲੇ ਇੰਨੇ ਲੰਮੇ ਸਫਰ ਦੇ ਬਕਾਨ ਵਿਚ ਇਸ ਤਰ੍ਹਾਂ ਅਚਾਨਕ ਵਿਛੋੜੇ ਦਾ ਸਦਮਾ ਆ ਵਜਣਾ ਵਯਾਕੁਲ ਕਰਦਾ ਹੋਵੇਗਾ। ਅਸੀ ਤਾਰ ਪੜ ਕੇ ਸਾਰੇ ਸੋਚਾਂ ਵਿਚ ਪੈ ਗਏ ਸਾਂ ਕਿ ਕਰਤਾਰ ਦੀ ਕੁਦਰਤ ਕਿਵੇਂ ਕਾਰਜ ਕਰਦੀ ਹੈ ਪਰ ਫੇਰ ਮਹਾਰਾਜ ਦਾ ਹੁਕਮ ਯਾਦ ਆਉਂਦਾ ਹੈ— "ਜੋ ਕਿਛੁ ਕਰੇ ਸੁ ਭਲਾ ਕਰਿ ਮਾਨੀਐ ਹਿਕਮਤ ਹੁਕਮ ਚੁਕਾਈਐ।" ਜੋ ਕੁਛ ਕਰਤਾ ਪੁਰਖ ਕਰਦਾ ਹੈ ਕਿਸੇ ਭਲੇ ਲਈ ਹੁੰਦਾ ਹੈ ਜਿਸ ਨੂੰ ਅਸੀ ਕਈ ਵੇਰ ਸਮਝ ਨਹੀਂ ਸਕਦੇ। ਇਸ ਕਰ ਕੇ ਭਰੋਸੇ ਨਾਲ ਉਸ ਦੀ ਕੀਤੀ ਤੇ ਟਿਕਣਾ ਤੇ ਸੁਖ ਮੰਨਣਾ ਹੀ ਭਲਾ ਹੈ। ਕੀਹ ਜਾਣੀਏ ਬੀਮਾਰੀ
ਦੀ ਜੋ ਹਾਲਤ ਵਧ ਰਹੀ ਸੀ ਤੇ ਨਾ ਉਪਰੇਸ਼ਨ ਦਾ ਮੌਕਾ ਸੀ ਤੇ ਨਾ ਡਾਕਟਰ ਕੋਈ ਦਵਾਈ ਦਸਦੇ ਸੀ, ਸ਼ਾਯਦ ਅਗੋਂ ਬੇ ਜੀ ਦੇ ਸਰੀਰ ਨੂੰ ਖੋਚਲ ਬਹੂੰ ਹੋਣੀ ਸੀ ਜਿਸ ਕਰ ਕੇ ਦਿਆਲ ਪੁਰਖ ਨੇ ਛੇਤੀ ਅਪਨੇ ਪਾਸ ਸਦ ਲਿਆ ਹੈ ਤੇ ਉਸ ਖੇਚਲ ਤੋਂ ਬਚਾ ਲਿਆ ਹੈ। ਜੋ ਕੁਛ ਬੀ ਹੈ ਉਸ ਮਾਲਕ ਨੂੰ ਪਤਾ ਹੈ। ਉਹ ਸਾਡਾ ਮਿੱਤ੍ਰ ਹੈ, ਪਿਤਾ ਹੈ, ਪਯਾਰ ਕਰਨੇ ਵਾਲਾ ਹੈ ਜੋ ਕੁਛ ਉਸ ਨੇਕੀਕੁਲ ਵਲੋਂ ਹੁੰਦਾ ਹੈ ਨੇਕੀ ਤੇ ਪਯਾਰ ਹੁੰਦਾ ਹੈ । ਇਹ ਸਮਝ ਕੇ ਸਾਨੂੰ ਭਾਣੇ ਨਾਲ ਆਪਣੀ ਸੁਰ ਮੇਲਣੀ ਚਾਹੀਦੀ ਹੈ ਤੇ ਉਸ ਦੇ ਕੀਤੇ ਨੂੰ ਮਿੱਠਾ ਕਰ ਕੇ ਮੰਨਣਾ ਚਾਹੀਦਾ ਹੈ ।
ਮੀਤ ਕਰੈ ਸੋਈ ਹਮ ਮਾਨਾ ॥ ਮੀਤ ਕੇ ਕਰਤਬ ਕੁਸਲ ਸਮਾਨਾ ॥
ਏਕਾ ਟੇਕ ਮੇਰੈ ਮਨ ਚੀਤ ॥ ਜਿਸੁ ਕਿਛੁ ਕਰਣਾ ਸੁ ਹਮਰਾ ਮੀਤ ॥
ਗੁਰੂ ਆਪ ਦਾ ਸਹਾਈ ਹੋਵੇ ਆਪ ਨੂੰ ਬਲ ਬਖ਼ਸ਼ੇ ਜੋ ਭਾਣਾ ਮਿੱਠਾ ਕਰ ਮੰਨੋ ਤੇ ਬੇ ਜੀ ਦੀ ਆਤਮਾ ਨੂੰ ਵਾਹਿਗੁਰੂ ਅਪਨੇ ਚਰਨਾਂ ਕਮਲਾਂ ਵਿਚ ਨਿਵਾਸ ਬਖ਼ਸ਼ੇ । ਸ੍ਰੀ ਰਤਨ ਜੀ ਤੇਜ ਜੀ ਟਿਕਲ ਜੀ ਸਭਨਾਂ ਜੋਗ ਅਸੀਸ ਪਯਾਰ ਗੁਰੂ ਅੰਗ ਸੰਗ । ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਆਪ ਦੇ ਸਹਾਈ ਹੋਣ ।
ਵੀਰ ਸਿੰਘ
41
ਅੰਮ੍ਰਿਤਸਰ
११. ४, ४२
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਯਾਰੇ ਬਰਖ਼ੁਰਦਾਰ ਜੀਓ
ਆਪ ਜੀ ਦਾ ਪੱਤ੍ਰ ਪਹੁੰਚਾ ਹੈ, ਸ੍ਰੀਮਾਨ ਭਾਈ... ਜੀ ਆਪ ਜੀ ਦੇ ਬਜ਼ੁਰਗ ਪਿਤਾ ਜੀਓ ਦੇ ਚਲਾਣੇ ਦੀ ਖ਼ਬਰ ਪੜ੍ਹ ਕੇ ਪਰਮ ਸ਼ੋਕ ਹੋਇਆ ਹੈ । ਭਾਈ ਸਾਹਿਬ ਮੇਰੇ ਬਾਲ ਅਵਸਥਾ ਦੇ ਸਜਣ ਸਨ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਉਨ੍ਹਾਂ ਦੀ ਸਜਨਾਈ ਤੇ ਪਯਾਰ ਇਸ ਬ੍ਰਿਧ ਅਵਸਥਾ ਤਕ ਬੀ ਨਿਭ ਗਿਆ । ਆਪ ਬੜੇ ਮਿਲਾਪੜੇ ਤੇ ਗੁਰਮੁਖ ਸਨ । ਉਨ੍ਹਾਂ ਦਾ ਵਿਛੋੜਾ ਮੈਨੂੰ ਅਪਨੇ ਨਿਜ ਤਨੀ ਸਨਬੰਧੀ ਤੇ ਸੱਚੇ ਮਿਤ੍ਰ ਦਾ ਵਿਛੋੜਾ ਹੋਇਆ ਹੈ, ਆਪ ਦੇ ਉਹ ਪਿਤਾ ਜੀ ਸਨ ਤੇ ਸਦਾ ਆਪ ਸਭਨਾਂ ਦੀ ਬਿਹਤਰੀ ਲਈ ਪ੍ਰਯਤਨ ਕਰਦੇ ਰਹੇ ਹਨ, ਅਪਨੇ ਖ਼ਾਨਦਾਨ ਲਈ ਸੁਖਦਾਤੇ ਸਨ ਤੇ ਬੇਅਜ਼ਾਰ ਜੀਵਨ ਬਸਰ ਕਰਦੇ ਸਨ। ਵਿਛੋੜਾ ਅਸਹਿ ਹੈ ਪਰ ਬਰਖ਼ੁਰਦਾਰ ਜੀਓ ਮਿਲਨਾ ਵਿਛੜਨਾ ਇਹ ਕਰਤਾਰ ਅਧੀਨ ਹੈ । ਜੋ ਕੁਛ ਭਾਣਾ ਵਰਤਿਆ ਹੈ, ਵਾਹਿਗੁਰੂ ਜੀ ਦੇ ਹੁਕਮ ਵਿਚ ਹੈ। ਵਾਹਿਗੁਰੂ ਜੀ ਸਾਡੇ ਪਿਤਾ ਸੱਚੇ ਮਿੱਤਰ ਹਨ, 'ਮੀਤ ਕੇ ਕਰਤਬ ਕੁਸਲ ਸਮਾਨਾ' ਗੁਰੂ ਵਾਕ ਹੈ, 'ਮੀਤ ਕਰੈ ਸੋਈ ਹਮ ਮਾਨਾ ਆਗਯਾ ਹੈ, ਸੋ ਸਾਨੂੰ ਸਾਰਿਆਂ ਨੂੰ ਵਾਹਿਗੁਰੂ ਦਾ ਹੁਕਮ ਸਿਰ ਮੱਥੇ ਤੇ ਧਰਨਾ ਚਾਹਯੇ, 'ਜੋ ਕਿਛੁ ਕਰੇ ਸੁ ਭਲਾ ਕਰਿ ਮਾਨੀਐ ਹਿਕਮਤਿ ਹੁਕਮ ਚੁਕਾਈਐ ।' ਪ੍ਰਭੂ ਦੀ ਆਗਯਾ ਸਿਰ ਮੱਥੇ ਤੇ ਧਰ ਕੇ ਮੰਨਣੀ ਚਾਹਯੇ ।
ਮੈਂ ਏਥੇ ਤੁਸਾਨੂੰ ਸਾਰੇ ਭਰਾਵਾਂ ਨੂੰ ਦੇ ਗੱਲਾਂ ਜ਼ਰੂਰ ਲਿਖਣੀਆਂ ਚਾਹੁੰਦਾ ਹਾਂ ! ਪਹਿਲੀ ਤਾਂ ਇਹ ਹੈ ਕਿ ਤੁਸਾਂ ਸਾਰੇ ਭਰਾਵਾਂ ਨੇ ਆਪੋ ਵਿਚ ਪਯਾਰ ਨਾਲ ਵਸਣਾ। ਸ੍ਰੀ ਪਿਤਾ ਜੀ ਦੇ ਪਯਾਰ ਦੀ ਯਾਦਗਾਰ ਇਹੀ ਹੈ ਕਿ ਤੁਸੀ ਉਨ੍ਹਾਂ ਦੇ ਸਪੁਤ੍ਰ ਆਪੋ ਵਿਚ ਮਿਲ ਕੇ ਰਹੋ, ਕਿਸੇ ਗੱਲੇ ਵਖੇਵਾਂ ਨਾ ਆਵੇ, ਖ਼ਾਨਦਾਨ ਦੀ ਇੱਜ਼ਤ ਏਸੇ ਵਿਚ ਹੈ, ਬਿਰਾਦਰੀ ਤੇ ਜਗਤ ਦੇ ਸੁਖ ਏਸੇ ਵਿਚ ਹੈਨ । ਦੂਸੇ ਅਪਨੀ ਸਤਿਕਾਰਯੋਗ ਮਾਤਾ ਜੀ ਦਾ ਸਨਮਾਨ ਪੂਰਾ ਪੂਰਾ ਰਖਣਾ। ਉਨ੍ਹਾਂ ਦੀ ਸੇਵਾ ਸੱਚੇ ਦਿਲੋਂ ਕਰਨੀ । ਜਿਕੁਰ ਉਹ ਤੁਸਾਡੇ ਪਿਤਾ ਜੀ ਦੇ ਹੁੰਦਿਆਂ ਸੁਖੀ ਵਸਦੇ ਸਨ, ਉਸ ਤਰ੍ਹਾਂ ਉਨ੍ਹਾਂ ਲਈ ਸਾਰੇ ਸੁਖਾਂ ਦਾ ਬੰਦੋਬਸਤ ਰਖਣਾ । ਮਾਤਾ ਦੀ ਸੇਵਾ ਵਿਚ ਹੀ ਹੁਣ ਪਿਤਾ ਜੀ ਦੀ ਸੇਵਾ
ਸਮਝਣੀ । ਜਗਤ ਹੁਣ ਹੋਰ ਰਾਹੀਂ ਟੁਰ ਪਿਆ ਹੈ । ਪਰ ਤੁਸੀ ਸੰਤਾਂ ਦੀ ਵੰਸ਼ ਵਿਚੋਂ ਹੋ ਤੁਹਾਨੂੰ ਸ਼ੁਭ ਕਰਮ ਸੰਤਾਂ ਵਾਲੇ ਚਾਹਯੇ, ਮਾਤਾ ਜੀ ਦੀ ਸੇਵਾ ਕਰੋਗੇ ਤਾਂ ਲੋਕ ਬੀ ਸਵਰੇਗਾ ਪਰਲੋਕ ਬੀ । ਤੁਸੀ ਬਰਖ਼ੁਰਦਾਰ ਹੋ ਤੇ ਮੇਰੇ ਖਯਾਲ ਵਿਚ ਅਗੇ ਹੀ ਸਰਵਣ ਪੁਤ੍ਰ ਵਾਂਙ ਮਾਤਾ ਜੀ ਦੀ ਸੇਵਾ ਕਰਦੇ ਹੋ, ਮੈਂ ਤੁਸਾਂ ਜੀ ਦੇ ਖ਼ਾਨਦਾਨ ਨਾਲ ਪਯਾਰ ਹੋਣ ਕਰ ਕੇ ਲਿਖ ਰਿਹਾ ਹਾਂ ਕਿ ਆਪ ਅਪਨੀ ਬਰਖ਼ੁਰਦਾਰੀ ਨੂੰ ਪੂਰੀ ਤਰ੍ਹਾਂ ਨਿਬਾਹੁਣਾ ਤੇ ਬੀਬੀ ਜੀ ਦੀ ਸੇਵਾ ਵਧ ਤੋਂ ਵਧ ਕਰਨੀ ।
ਆਪ ਦੇ ਸਾਰੇ ਪਰਵਾਰ ਨਾਲ ਇਸ ਵਿਯੋਗ ਵਿਚ ਮੇਰੀ ਦਿਲੀ ਹਮਦਰਦੀ ਹੈ । ਅਕਾਲ ਪੁਰਖ ਭਾਈ...ਜੀ ਦੀ ਆਤਮਾਂ ਨੂੰ ਸੁਖ ਤੇ ਸ਼ਾਨਤੀ ਬਖ਼ਸ਼ੇ ਤੇ ਤੁਸੀ ਸਾਰੇ ਉਸ ਦੇ ਭਾਣੇ ਵਿਚ ਉਸ ਦੀ ਰਜ਼ਾ ਵਿਚ ਤੁਰਨ ਦੀ ਦਾਤ ਪਾਓ ।
ਆਪ ਦਾ ਹਿਤਕਾਰੀ
ਵ ਸ.
42
ਅੰਮ੍ਰਿਤਸਰ
२४. ੮.४२
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਵਿਤ੍ਰਾਤਮਾ ਜੀਓ-
ਆਪ ਦਾ ਪਤ੍ਰ ਪਹੁੰਚਾ ਜਿਸ ਵਿਚ ਆਪ ਜੀ ਨੇ ਅਪਨੇ ਬਜ਼ੁਰਗ ਮਾਤਾ ਜੀ ਦੇ, ਚਲਾਣੇ ਦੀ ਸ਼ੋਕਦਾਯਕ ਖਬਰ ਲਿਖੀ ਹੈ । ਮਾਤਾ ਦਾ ਸਾਕ ਐਸਾ ਪਯਾਰ ਵਾਲਾ' ਸਾਕ ਹੈ ਕਿ ਜੋ ਸੁਧਾ ਪ੍ਰੇਮ ਸਰੂਪ ਹੁੰਦਾ ਹੈ, ਪਰ ਆਪ ਦੇ ਮਾਤਾ ਜੀ ਤਾਂ ਬੜੇ ਪਰਮਾਰਥ ਦੇ ਪ੍ਰੇਮੀ ਸਨ । ਮੁਦਤਾਂ ਉਨ੍ਹਾਂ ਨੇ ਸ੍ਰੀ ਮਾਨ ਸੰਤ ਅਤਰ ਸਿੰਘ ਜੀ ਦੇ ਸਤਿਸੰਗ ਤੋਂ ਲਾਭ ਉਠਾਯਾ ਸੀ। ਤੇ ਸਾਰੀ ਆਯੂ ਪਰਮਾਰਥ ਦੀ ਖੋਜ ਤੇ ਸਤ ਮਾਰਗ ਦੇ ਸਾਹਿਤਯ ਦੇ ਪਠਨ ਪਾਠਨ ਤੇ ਪ੍ਰਚਾਰ ਵਿਚ ਰਹੇ, ਆਪ ਨੂੰ ਤਾਂ ਮਾਤਾ ਜੀ ਦਾ ਵਿਛੋੜਾ ਬਹੁਤ ਹੀ ਵਿਗੋਚੇ ਵਾਲਾ ਲਗਾ ਹੋਣਾ ਹੈ। ਜੀਵ ਅਕਸਰ ਅਪਨੇ ਹਾਨ ਲਾਭ ਵਿਚ ਹੀ ਉਦਾਸ ਖੁਸ਼ ਹੁੰਦਾ ਹੈ, ਚਾਹੇ ਆਰਥਿਕ ਹੋਵੇ ਚਾਹੇ ਪਰਮਾਰਥਿਕ । ਪਰ ਦੇਖਣਾ ਇਹ ਚਾਹਯੇ ਕਿ ਵਾਹਿਗੁਰੂ ਜੀ ਦਾ ਹੁਕਮ ਕਿਵੇਂ ਹੈ। ਉਸ ਹੁਕਮ ਨੂੰ ਚਾਹੋ ਸੌਖਾ ਹੋਵੇ ਚਾਹੇ ਔਖਾ, ਝਲਣਾ ਤੇ ਉਸ ਨਾਲ ਰਾਜੀ ਰਹਣ ਵਿਚ ਕਾਮਯਾਬ ਹੋ ਜਾਣਾ ਗੁਰਸਿਖੀ ਦੀ ਘਾਲ ਤੇ ਸਫ਼ਲ ਘਾਲ ਹੈ। ਏਥੇ ਆਉਣ ਵਾਲਾ ਸਭ ਕੋਈ ਪਰਦੇਸੀ ਹੈ ਤੇ ਇਕ ਦਿਨ ਸ੍ਵੈ-ਦੇਸ਼ ਨੂੰ ਜਾਏਗ। ਇਸ ਵਾਸਤੇ ਸ਼ੋਕ ਨਿਵਾਰ ਕੇ ਭਜਨ ਬੰਦਗੀ ਪਵਿਤ੍ਰਤਾ ਤੇ ਸੇਵਾ ਉਪਕਾਰ ਵਿਚ ਜਨਮ ਸਫਲ ਕਰਨ ਵਿਚ ਵਧੇਰੇ ਲੱਗ ਪੈਣਾ ਚਾਹਯੇ । ਕਿਉਂਕਿ ਇਕ ਦਿਨ ਆਪ ਬੀ ਚੱਲਣਾ ਹੈ ।
ਮਾਤਾ ਜੀ ਭਲੇ ਸਨ, ਅਪਨੋ ਵਾਹਿਗੁਰੂ ਬਖਸ਼ੇ ਗਯਾਨ ਅਨੁਸਾਰ ਅਪਨਾ ਜੀਵਨ ਸਫਲ ਤ੍ਰੀਕੇ ਤੇ ਬਿਤਾ ਗਏ । ਉਨ੍ਹਾਂ ਨਾਲ ਪਯਾਰ ਇਹ ਹੈ ਕਿ ਉਨ੍ਹਾਂ ਲਈ ਪਾਠ ਕੀਤੇ ਜਾਣ । ਗੁਰਬਾਣੀ ਦਾ ਆਧਾਰ ਜੀਉਂਦਿਆਂ ਮੋਇਆਂ ਰੂਹ ਨੂੰ ਸਹਾਰਾ ਦੇਂਦਾ ਹੈ । ਤੀਸਰੇ ਸਾਹਿਬਾਂ ਨੇ ਫੁਰਮਾਇਆ ਸੀ :
'ਮੈਂ ਪਿਛੇ ਕੀਰਤਨ ਕਰਿਅਹੁ ਨਿਰਬਾਣ ਜੀਓ ॥
ਵਾਹਿਗੁਰੂ ਮੇਹਰ ਕਰੇ ਮਾਤਾ ਜੀ ਗੁਰੂ ਦੀ ਮੇਹਰ ਛਾਵੇਂ ਨਿਵਾਸ ਪਾਉਣ । ਤੁਸੀ ਸਾਰੇ ਭਾਣਾ ਮਿਠਾ ਕਰਕੇ ਮੰਨੋ ਤੇ ਅਪਨਾ ਜੀਵਨ ਜਿਵੇਂ ਕੀਰਤਨ ਵਿਚ ਲਾਯਾ ਨੇ ਲਾਈ ਰਖੋ, ਬਾਣੀ ਪੜ੍ਹੋ, ਗਾਵੋ, ਬਾਣੀ ਵੀਚਾਰੋ, ਅਮਲ ਕਰੋ ਤੇ ਨਾਮ ਦੀ ਟੇਕ ਲੈ ਕੇ ਏਥੇ ਸੁਖ ਤੇ ਅਗੇ ਸੁਖ ਦੇ ਸਾਮਾਨ ਕਰ ਲਓ ।
“ਆਇਓ ਸੁਣਨ ਪੜਨ ਕਉ ਬਾਣੀ ॥"
ਹਿਤਕਾਰੀ
ਵ. ਸ.
43
ਅੰਮ੍ਰਿਤਸਰ
२੬.३.४३
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਬਰਖੁਰਦਾਰ ਜੀਓ
ਆਪ ਜੀ ਦਾ ਪਤਰ ੨੪ ਮਾਰਚ ਦਾ ਪੁਜਾ ਹੈ, ਆਪ ਜੀ ਦੇ ਬਜ਼ੁਰਗ ਮਾਤਾ ਜੀ ਦਾ ਚਲਾਣਾ ਬੜੀ ਸ਼ੋਕਦਾਇਕ ਘਟਨਾ ਹੈ, ਮਾਂ ਜੇਹਾ ਪਯਾਰ ਦਾ ਚਸ਼ਮਾਂ ਜੋ ਕਦੇ ਨਹੀਂ ਹੋਵਦਾ ਇਨਸਾਨ ਲਈ ਮਾਂ ਹੀ ਹੈ, ਇਸ ਲਈ ਮਾਂ ਵਿਛੋੜਾ ਸਭ ਤੋਂ ਵਧੀਕ ਘਾਟਾ ਹੈ ਜੋ ਇਨਸਾਨ ਨੂੰ ਪਯਾਰ-ਮੰਡਲ ਵਿਚ ਵਾਪਰਦਾ ਹੈ, ਆਪ ਸਭਨਾਂ ਦੇ ਇਸ ਵਿਛੋੜੇ ਨੂੰ ਮੈਂ ਪੂਰੀ ਤਰ੍ਹਾਂ ਅਨੁਭਵ ਕਰਦਾ ਹਾਂ ਤੇ ਆਪ ਦੇ ਇਸ ਦਰਦ ਨੂੰ ਪ੍ਰਤੀਤ ਕਰਦਾ ਹਾਂ । ਇਹ ਦਰਦ ਹੋਰ ਵਧੀਕ ਹੋ ਜਾਂਦਾ ਹੈ ਜਦੋਂ ਇਹ ਖਯਾਲ ਕੀਤਾ ਜਾਂਦਾ ਹੈ ਕਿ ਆਪ ਦੀ ਮਾਤਾ ਕੇਵਲ ਮਾਤਾ ਹੀ ਨਹੀਂ ਸੰਤ ਮਾਤਾ ਸੀ, ਜਿਸ ਨੇ ਅਪਨਾ ਜੀਵਨ ਵਾਹਿਗੁਰੂ ਜੀ ਦੀ ਯਾਦ ਵਿਚ ਤੇ ਗੁਰੂ ਕੀ ਬਾਣੀ ਦੇ ਪਯਾਰ ਵਿਚ ਬਤੀਤ ਕੀਤਾ । ਪਰ ਇਹ ਵਿਚਾਰ ਇਸ ਪਾਸੇ ਬੀ ਲੈ ਜਾਂਦੀ ਹੈ ਕਿ ਜੋ ਮਾਤਾ ਅਪਨੀ ਜੀਵਨ ਯਾਤ੍ਰਾ ਸਫਲਤਾ ਨਾਲ ਸੰਪੂਰਨ ਕਰਕੇ ਇਥੋਂ ਵਿਦਾ ਹੋਈ ਹੈ, ਉਸ ਲਈ ਸੰਸਾਰਕ ਬਿਰਹੀਆਂ ਵਾਂਙੂ ਸ਼ੌਕ ਕਰਨਾ ਉਚਿਤ ਨਹੀਂ । ਉਸ ਲਈ ਤਾਂ :
"ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ"
ਵਾਲਾ ਮਹਾਂ ਵਾਕ ਯਾਦ ਕਰਕੇ ਅਰਦਾਸ ਵਿਚ ਜਾਣਾ ਚਾਹਯੇ ਜੋ ਗੁਰੂ ਉਹਨਾ ਨੂੰ ਅਪਨੀ ਮੇਹਰ ਦੀ ਛਾਵੇਂ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਉਨ੍ਹਾਂ ਦੇ ਪੂਰਨਿਆਂ ਤੇ ਟੁਰਨੇ ਦਾ ਬਲ ਬਖਸ਼ੇ ।
ਇਹ ਸੁਣ ਕੇ ਸੁਖ ਹੋਇਆ ਹੈ ਕਿ ਆਪ ਉਨ੍ਹਾਂ ਲਈ ਗੁਰਬਾਣੀ ਦਾ ਚਾਨਣਾ ਉਚਾਰ ਕਰਵਾ ਰਹੇ ਤੇ ਆਪ ਸ੍ਰਵਣ ਕਰ ਰਹੇ ਹੋ । ਇਹੋ ਗੁਰੂ ਕੀ ਆਗਿਆ ਹੈ ਕਿ ਜਿਸ ਨਾਲ ਪ੍ਰਾਣੀ ਦੀ ਆਤਮਾ ਨੂੰ ਖੁਸ਼ੀ ਪਹੁੰਚਦੀ ਹੈ ਤੇ ਸੁਣਨ ਵਾਲਿਆਂ ਦਾ ਮਨ ਸ਼ੁਕਰ ਸ਼ਾਂਤੀ ਤੇ ਠੰਢਕ ਵਿਚ ਆਉਂਦਾ ਹੈ।
ਮੇਰੀ ਦਿਲੀ ਹਮਦਰਦੀ ਆਪ ਜੀ ਤੇ ਆਪ ਜੀ ਦੇ ਸਾਰੇ ਪਰਿਵਾਰ ਨਾਲ ਹੈ।
ਆਪ ਦਾ ਹਿਤਕਾਰੀ
ਵੀਰ ਸਿੰਘ
44
ਅੰਮ੍ਰਿਤਸਰ
२४.१०.४३
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਯਾਰੇ ਜੀ-
ਆਪ ਦੇ ੨੨ ਤੋਂ ੨੩ ਦੇ ਦੁਇ ਖਤ ਅਜ ਇਕਠੇ ਮਿਲੇ ਹਨ। ਆਪ ਦੇ ਪਯਾਰੇ ਸਾਥੀ ਤੇ ਅਰਧਅੰਗ ਬੀਬੀ ਮਾਨ ਕੌਰ ਜੀ ਦੇ ਅਚਾਨਕ ਚਲਾਣੇ ਦੀ ਖਬਰ ਪੜ੍ਹ ਕੇ ਕਰਤਾ ਪੁਰਖ ਦੇ ਕਰਨਿਆਂ ਵਲ ਤਕ ਕੇ ਅਸਚਰਜਤਾ ਦਾ ਨਕਸ਼ਾ ਬਝਦਾ ਹੈ ।
'ਜੋ ਮਨ ਚਿਤਿ ਨ ਚੇਤੇ ਸਨ ਸੋ ਗਾਲੀ ਰਬ ਕੀਆਂ'।।
ਇਸ ਵਿਚ ਸ਼ਕ ਹੀ ਨਹੀਂ ਕਿ ਆਪ ਲਈ ਇਹ ਵਿਛੋੜਾ ਬੜਾ ਭਾਰੀ ਦੁਖ ਹੈ, ਇਸ ਉਮਰੇ ਐਸੇ ਪਯਾਰੇ ਸਾਥੀ ਦਾ ਵਿਛੜਨਾ ਤੇ ਨਿਕੇ ਨਿਕੇ ਬੱਚਿਆਂ ਦਾ ਸਾਰਾ ਬੋਝ ਇਕਲੇ ਦੇ ਸਿਰ ਪੈ ਜਾਣਾ ਇਕ ਭਾਰੀ ਸਟ ਹੈ, ਜੋ ਝਲਣੀ ਕਠਨ ਹੈ। ਪਰ ਜੋ ਕੁਛ ਹੁੰਦਾ ਹੈ ਕਰਤਾ ਪੁਰਖ ਦੇ ਹੁਕਮ ਵਿਚ ਹੁੰਦਾ ਹੈ, ਤੇ ਕਰਤਾ ਪੁਰਖ ਮਿਤ੍ਰ ਹੈ ।
ਮੀਤ ਕਰੈ ਸੋਈ ਹਮ ਮਾਨਾ ॥
ਮੀਤ ਕੇ ਕਰਤਬ ਕੁਸਲ ਸਮਾਨਾ ॥
ਇਹੋ ਯਤਨ ਕਰੋ ਕਿ ਭਾਣਾ ਮਿਠਾ ਲੱਗੇ, ਵਿਯੋਗ ਦਾ ਸਦਮਾ ਰਜ਼ਾ ਦੀ ਤਾਰ ਨਾਲ ਇਕਸੁਰ ਰਹਿੰਦਿਆਂ ਝਲਿਆ ਜਾਵੇ । ਜੋ ਜ਼ਿੰਮੇਵਾਰੀਆਂ ਆ ਪਈਆਂ ਹਨ ਵਾਹਿਗੁਰੂ ਦੇ ਆਸ੍ਰੇ ਉਸ ਦਾ ਹੁਕਮ ਸਮਝ ਕੇ ਨਿਭਾਓ ਤੇ ਤਕੜੇ ਹੋ ਕੇ ਨਿਭਾਓ । ਦਿਲ ਤੋੜ ਬੈਠਿਆਂ ਗ਼ਮ ਵਧਦਾ ਹੈ। ਦਿਲ ਵਾਹਿਗੁਰੂ ਤੋਂ ਲਾ ਕੇ, ਉਸ ਅਗੇ ਅਰਦਾਸਾ ਕਰਕੇ, ਉਸ ਦੀ ਸਹਾਯਤਾ ਤੇ ਭਰੋਸਾ ਧਾਰ ਕੇ ਸਰੀਰ ਅਰੋਗ ਰਹਿੰਦਾ ਹੈ, ਮਨ ਤਕੜਾ ਰਹਿਂਦਾ ਹੈ ਤੇ ਗੁਰੂ ਕੇ ਸਿੰਘਾਂ ਵਾਂਙ ਆਦਮੀ ਅਪਨੇ ਫ਼ਰਜ਼ ਸੁਹਣੇ ਨਿਬਾਹ ਜਾਂਦਾ ਹੈ । ਘੁਮਿਆਰ ਜਦ ਟਿੰਡ ਘੜਦਾ ਹੈ ਤਾਂ ਥਾਪੀਆਂ ਮਾਰਦਾ ਹੈ । ਪਰ ਜਿਸ ਵੇਲੇ ਬਾਹਰ ਥਾਪੀ ਮਾਰ ਰਿਹਾ ਹੁੰਦਾ ਹੈ, ਉਸ ਵੇਲੇ ਉਸ ਦਾ ਦੂਸਰਾ ਹਥ ਟਿੰਡ ਦੇ ਅੰਦਰ ਸਹਾਰਾ ਦੇ ਰਿਹਾ ਹੁੰਦਾ ਹੈ, ਇਹ ਭਰੋਸਾ ਧਾਰੋ ਕਿ ਜਿਸ ਵਾਹਿਗੁਰੂ ਨੇ ਬੀਬੀ ਜੀ ਨੂੰ ਸਦ ਲਿਆ ਹੈ ਉਹ ਆਪ ਦੇ ਵਿਗੋਚਿਆਂ ਵਿਚ ਆਪ ਸਹਾਈ ਹੋਵੇਗਾ । ਬਾਣੀ
ਤੇ ਟੇਕ ਲਾਓ। ਵਾਹਿਗੁਰੂ ਆਪ ਦਾ ਸਹਾਈ ਹੋਵੇ ਤੇ ਇਸ ਵਿਛੋੜੇ ਵਿਚ ਅਪਨੇ ਦਰੋਂ ਘਰੋਂ ਨਾਮ ਦਾਨ ਬਖ਼ਸੇ ।
ਬੀਬੀ ਮਾਨ ਜੀ ਦੀ ਆਤਮਾ ਜੋ ਬਾਣੀ ਨਾਮ ਦੇ ਪ੍ਰੇਮ ਵਿਚ ਰਹੀ ਹੈ ਸਾਈਂ ਦੀ ਮੇਹਰ ਦੀ ਠੰਢੀ ਛਾਵੇਂ ਜਾ ਕੇ ਸੁਖੀ ਹੋਵੇ । ਮੈਨੂੰ ਉਨ੍ਹਾਂ ਦਾ ਉਹ ਚਿਹਰਾ ਯਾਦ ਆਉਂਦਾ ਹੈ, ਜਿਸ ਤੇ ਸ਼ਾਂਤ ਠੰਢ ਤੇ ਅੱਖਾਂ ਵਿਚ ਟਿਕਾਉ ਹੁੰਦਾ ਸੀ ਤੇ ਬੁਲ ਵਾਹਿਗੁਰੂ ਜਪਦੇ, ਨੈਣ ਬੰਦ ਹੋ ਕੇ ਅੰਦਰ ਲੀਨ ਹੋ ਜਾਯਾ ਕਰਦੇ ਸਨ । ਉਨ੍ਹਾਂ ਦਾ ਇਹ ਨਾਮ ਨਿਰੰਤਰ ਸਿਮਰਨ ਜ਼ਰੂਰ ਉਨ੍ਹਾਂ ਦੀ ਸਹਾਯਤਾ ਕਰੇਗਾ ।
ਅਕਾਲ ਪੁਰਖ ਗੁਰੂ ਸਾਹਿਬ, ਆਪ ਦੇ ਸਹਾਈ ਹੋਣ ਤੇ ਆਪ ਦੇ ਬੱਚਿਆਂ ਨੂੰ ਸ਼ਾਂਤੀ ਸੁਖ ਤੇ ਮਾਂ ਵਾਲਾ ਧਾਰਮਿਕ ਜੀਵਨ ਪ੍ਰਦਾਨ ਕਰਨ ।
ਆਪ ਦਾ ਹਿਤਕਾਰੀ
ਵ. ਸ.
45
ਅੰਮ੍ਰਿਤਸਰ
२४.१०.४३
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਯਾਰੇ ਜੀਓ
“ਜੋ ਮਨ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆ" ਸੋ ਹੋਣਹਾਰ ਹੋ ਕੇ ਹੋ ਗੁਜ਼ਰਦੀਆਂ ਹਨ, ਗ਼ੈਬ ਦੇ ਬਕਸ ਵਿਚ ਕੀ ਕੀ ਹੁੰਦਾ ਹੈ ਤੇ ਕਿਸ ਵੇਲੋ ਨਿਕਲ ਪੈਂਦਾ ਹੈ ਕਰਤਾ ਪੁਰਖ ਹੀ ਜਾਣਦਾ ਹੈ, ਦਿੱਲੀ ਜਦੋਂ ਜਾਂਦੇ ਬੀਬੀ ਜੀ ਰਸਤੇ ਕੁਛ ਵਕਤ ਠਹਰੇ ਤੇ ਮਿਲੇ ਸਨ ਸਿਹਤ ਇਸ ਤਰ੍ਹਾਂ ਦੀ ਸੀ ਕਿ ਜਿਵੇਂ ਸਦਾ ਨੌ ਬਰ ਨੌ ਹੁੰਦੇ ਸਨ । ਇਸ ਅਰਸੇ ਵਿਚ ਆਪ ਰੀਟਾਇਰ ਬੀ ਹੋ ਗਏ ਦਿੱਲੀ ਤੋਂ ਕਸ਼ਮੀਰ ਬੀ ਪੁਜ ਗਏ ਤੇ ਕੁਈ ਐਸੀ ਅਹੁਰ ਪੈਦਾ ਹੋ ਕੇ ਵਧ ਗਈ ਕਿ ਉਨ੍ਹਾਂ ਦੇ ਸਰੀਰ ਨੂੰ ਸ਼ਾਂਤ ਕਰ ਗਈ--'ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ।
ਆਪ ਲਈ ਇਸ ਤਰ੍ਹਾਂ ਇਸ ਉਮਰੇ ਇਸ ਤਰ੍ਹਾਂ ਦੇ ਮਨ ਮਿਲੇ ਪਯਾਰੇ ਸਾਥੀ ਦਾ ਟੁਰ ਜਾਣਾ ਜ਼ਿੰਦਗੀ ਦਾ ਸਭ ਤੋਂ ਕੌੜਾ ਘੁਟ ਹੈ ਤੇ ਕੋਈ ਕਿਸ ਤਰ੍ਹਾਂ ਦਾ ਦਰਦ ਵੰਡਾਵੇ ਤੇ ਸ਼ਾਂਤੀ ਦੇ ਵਾਕ ਕਹੋ ? ਸਮਝ ਨਹੀਂ ਪੈਂਦੀ, ਜਿਸ ਹਿਰਦੇ ਨੂੰ ਲਗਦੀ ਹੈ ਉਸ ਦੀ ਦਾਰੀ ਸਚਾ ਪਾਤਸ਼ਾਹ ਹੀ ਕਰ ਸਕਦਾ ਹੈ, ਪਰ ਸਜਣਾਂ ਤੇ ਹਿਤਾਵਲੰਬੀਆਂ ਪਾਸ ਸਿਵਾ ਪਿਆਰ ਵਾਕਾਂ ਦੀ ਮਲ੍ਹਮ ਲਗਾਣ ਤੇ ਦਰਦ ਵੰਡਾਵਣ ਦਾ ਹੋਰ ਤਰੀਕਾ ਬੀ ਕੋਈ ਨਹੀਂ ।
ਤੁਸੀ ਸਤਸੰਗੀ ਹੋ, ਬਾਣੀ ਦੇ ਜਾਣਕਾਰ ਹੋ, ਲੰਮੀ ਨਦਰ ਪਾ ਕੇ ਤਕੋ, ਸੰਸਾਰ ਵਿਚ ਜੀਵ ਦਾ ਨਿਵਸ ਕਿੰਨਾ ਕੁ ਹੈ, ਸਦਾ ਰਹਿਣਾ ਨਹੀਂ, ਜਿਨ੍ਹਾਂ ਕੁ ਰਹਿਣਾ ਹੈ Eternity ਵਿਚ ਇਕ ਨੁਕਤਾ ਮਾਤ੍ਰ ਹੈ। ਪਰ ਦੁਖ ਦਾ ਨੁਕਤਾ ਬੀ ਲੰਮੀ ਅਤ ਲੰਮੀ ਲੀਕ ਹੋ ਢੁਕਦਾ ਹੈ । ਜੇ ਗੁਰੂ ਹੁਕਮ ਸੂਜਬ ਨਦਰ ਉੱਚੀ ਹੋ ਕੇ 'ਸਦਾ ਥਿਰ' ਦਾਤੇ ਵਲ ਜਾ ਟਿਕੇ ਤਾਂ ਫੇਰ ਦੁਖਾਂ ਦਾ ਸੰਤਾਪ ਘਟ ਜਾਂਦਾ ਹੈ, ਜੋ ਉਸ ਨਾਲ ਪ੍ਰੀਤ ਹੋ ਜਾਵੇ ਤਾਂ ਬ੍ਰਿਤੀ ਦਾ ਆਸਰਾ ਉਹ ਹੋ ਜਾਂਦਾ ਹੈ ਫੇਰ ਸੰਸਾਰਕ ਆਸਰੇ ਵਿਨਸਦੇ ਭਾਣੇ ਦੇ ਆਸਰੇ ਕੁਛ ਆਸਾਨੀ ਨਾਲ ਲੰਘ ਜਾਂਦੇ ਹਨ । ਤਕੜੇ ਹੋਵੋ, ਬਾਣੀ ਨਾਮ ਦੇ ਆਸਰੇ ਮਨ ਉੱਚਾ ਕਰੋ । ਹੁਕਮ ਦੇ ਮਾਲਕ ਵਲ ਧਯਾਨ ਪਾ ਕੇ ਹੁਕਮ ਨੂੰ ਮਿਤ੍ਰ ਦਾ ਪਯਾਰੇ ਦਾ ਹੁਕਮ ਜਾਣ ਕੇ ਮਿਠਾ ਕਰ ਮੰਨਣ ਦਾ ਜਤਨ ਕਰੋ । ਗੁਰੂ ਅੰਗ ਸੰਗ
ਹੋਵੇ ਤੇ ਦਿਲ ਨੂੰ ਅਪਨੀ ਤੁਲ ਦੇ ਕੇ ਸੰਭਾਲੋ । ਉਹ ਮੇਹਰ ਕਰੇ । ਤੁਸੀਂ ਮੇਹਰ ਮੰਗੋ, ਤਕ ਲਾਓ ਕਿ ਉਹ ਹੁਣ ਆਪ ਦੇ ਸਰੀਰ ਤੋਂ ਅਪਨੀ ਕੀਹ ਸੇਵਾ ਮੰਗਦਾ ਹੈ, ਜੇ ਲਭ ਪਵੇ ਤਾਂ ਦਿਨ ਸੁਹਣੇ ਲੰਘ ਸਕਦੇ ਹਨ ਇਹ ਮੰਨਦੇ ਹੋਏ ਕਿ ਇਸ ਉਮਰੇ ਇਹ ਵਿਯੋਗ ਔਖੀ ਝਲੀ ਜਾਣ ਵਾਲੀ ਗੱਲ ਹੈ। ਟੇਕ ਉਸੇ ਤੇ ਧਾਰੀਏ, ਹਿਲੇ ਤਾਂ ਜੋੜੀਏ, ਜੋ ਸਾਡਾ ਮੂਲ ਆਧਾਰ ਹੈ, ਤਾਂ ਦਿਲ ਨਿਰਆਸਰੇ Feel ਨਹੀਂ ਕਰਦਾ । ਸੰਸਾਰ ਵਿਚ ਇਹ ਜੋ ਸੱਟਾਂ ਪੈਂਦੀਆਂ ਹਨ, ਇਨ੍ਹਾਂ ਦੇ ਝਲੇ ਜਾਣ ਦਾ ਕੋਈ ਹੋਰ ਧਰੁਵਾ ਨਹੀਂ ਸਿਵਾ ਵਾਹਿਗੁਰੂ ਦੀ ਟੇਕ ਦੇ । ਸੋ ਬਾਣੀ ਦੀ ਜਿਸ ਦੇ ਆਪ ਪ੍ਰੇਮੀ ਹੋ ਟੇਕ ਹੋਰ ਵਧੇਰੇ ਲਓ । ਕਰਤਾ ਪੁਰਖ ਦੇ ਰੰਗ ਤਕੋ । ਸਾਈਂ ਦੀ ਰਜ਼ਾ ਵਿਚ ਅਪਨੀ ਮਰਜ਼ੀ ਨੂੰ ਸੁਰ ਕਰਨ ਦਾ ਯਤਨ ਕਰੋ, ਉਹ ਪਯਾਰਾ ਜਿਸ ਨੇ ਇਹ ਆਸਰਾ ਲੈ ਲੈਣਾ ਯੋਗ ਜਾਤਾ ਹੈ, ਅਪਨੇ ਕਿਸੇ ਆਤਮ ਆਸਰੇ ਨਾਲ ਕਿਸੇ ਅਪਨੀ ਵਡੇਰੀ ਦਾਤ ਨਾਲ, ਆਪ ਨੂੰ ਸੁਖੀ ਕਰੇ । ਵਾਹਿਗੁਰੂ ਬੀਬੀ ਜੀ ਨੂੰ ਅਪਨੀ ਮੇਹਰ ਬਖ਼ਸ਼ਸ ਦੀ ਛਾਵੇਂ ਥਾਂ ਬਖ਼ਸ਼ੇ ਤੇ ਆਪ ਨੂੰ ਅਪਨਾ ਪਯਾਰ, ਅਪਨੀ ਟੇਕ ਤੇ ਅਪਨੀ ਮੇਹਰ ਬਖ਼ਸੇ ਜੋ ਦਿਲ ਉਸ ਦੀ ਟੇਕ ਤੇ ਟਿਕਿਆ ਸੁਖੀ ਹੋਵੇ ਤੇ ਸੁਖੀ ਰਹੇ ।
ਆਪ ਦਾ ਹਿਤਕਾਰੀ
ਵੀਰ ਸਿੰਘ
46
ਸ੍ਰੀ ਅੰਮ੍ਰਿਤਸਰ ਜੀ
३.३.४४
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ
ਪਯਾਰੇ ਜੀਉ
ਕਾਕਾ ਜੀ ਦੇ ਸ੍ਵਦੇਸ਼ ਗਮਨ ਦੀ ਸੁਧ ਸੁਣੀ ਹੈ। ਵਿਛੋੜੇ ਤੇ ਪਯਾਰ ਦੇ ਵਿਛੋੜੇ ਕਲੇਜਿਆਂ ਨੂੰ ਵਿੰਨ੍ਹਦੇ ਹਨ ਤੇ ਉਦਾਸੀਆਂ ਦੇਂਦੇ ਹਨ। "ਉਪਦੇਸ਼ੇ ਤੇ ਪਰਚਾਵੇ ਸਜਨਾ ਮਿਤ੍ਰਾਂ ਦੇ" ਸਹਾਈ ਹੁੰਦੇ ਹਨ, ਪਰ ਦਿਲਾਂ ਦੇ ਡੂੰਘੇ ਥਾਈਂ ਜੋ ਚੋਭ ਪੈਂਦੀ ਹੈ ਉਹ ਵਲਵਲੇ ਤੇ ਬਿਰਹੋਂ ਦੇ ਭਾਵਾਂ ਦੀ ਇਕ ਕੋਮਲਤਾ ਦੀ ਝਰਨਾਟ ਮੁੜ ਮੁੜ ਕੇ ਲਾਈ ਜਾਂਦੀ ਹੈ । ਇਸ ਤੋਂ ਯਾ ਤਾਂ ਸਮਾਂ ਕੱਢਦਾ ਹੈ ਯਾ ਗੁਰੂ ਸਚੇ ਪਾਤਸ਼ਾਹ ਦੇ ਹੁਕਮ ਦੀ ਸਿਆਣ । ਸਜਣਾ ਪਾਸ ਬੀ ਇਹੋ ਪਿਆਰ ਵਰਤਾਉ ਹੁੰਦਾ ਹੈ ਕਿ ਹੁਕਮ ਦੀ ਸਿਆਣ ਦੇ ਖ਼ਿਆਲ, ਵਾਹਿਗੁਰੂ ਪ੍ਰੇਮ ਦੇ ਭਾਵ ਤੇ 'ਦੇ ਲੰਮੀ ਨਦਰਿ ਨਿਹਾਲੀਐ' ਦੇ ਉੱਚੇ ਆਸ਼ੇ ਅੱਖਾਂ ਅਗੇ ਲਿਆਉਣ ਤਾਂ ਜੋ ਮਨ ਦੇ ਅੰਦਰਲੇ ਮੰਡਲਾਂ ਵਿਚ ਠੰਢ ਵਰਤੇ ।
'ਸੀਤਲ ਸੁਖੁ ਪਾਇਓ ਮਨ ਤ੍ਰਿਪਤੇ ਹਰਿ ਸਿਮਰਤ ਸ੍ਰਮ ਸਗਲੇ ਲਾਥ ॥ ਜੋ ਕੁਛ ਹੋਇਆ ਹੁਕਮ ਵਿਚ । ਹੁਕਮ ਕਰਨੇ ਵਾਲਾ ਸਾਡਾ ਮਿਤ੍ਰ ਹੈ :
ਮੀਤੁ ਕਰੈ ਸੋਈ ਹਮ ਮਾਨਾ ॥
ਮੀਤ ਕੇ ਕਰਤਬ ਕੁਸਲ ਸਮਾਨਾ ॥
ਸੋ ਹੁਕਮ ਨੂੰ ਸਿਆਣੋ ।
'ਕਹੁ ਨਾਨਕ ਜਿਨਿ ਹੁਕਮੁ ਪਛਾਤਾ ॥
ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ॥
ਵਾਹਿਗੁਰੂ ਆਪ ਨੂੰ, ਬੀਬੀ ਜੀ ਤੇ ਆਪ ਦੇ ਮਾਤਾ ਜੀ ਨੂੰ ਅਪਣਾ ਪਯਾਰ ਬਖ਼ਸ਼ੇ । ਸਿਦਕ ਤੇ ਭਰੋਸਾ ਦਾਨ ਕਰੇ ।
ਪਤਾ ਨਹੀਂ ਕਿਉਂ, ਮੇਰਾ ਖਯਾਲ ਮੁੜ ਮੁੜ ਕੇ ਉਧਰੇ ਜਾਂਦਾ ਹੈ । ਜਿਸ ਵੇਲੇ ਦਾ ਸੁਣਿਆ ਹੈ ਜਿੰਨੀ ਵੇਰ ਖਿਆਲ ਆਯਾ, ਉਹੋ ਗੱਲ ਚੇਤੇ ਆਉਂਦੀ ਹੈ ਕਿ ਜਿਵੇਂ ਇਕ ਬਨ ਵਿਚੋਂ ਮੈਂ ਡਿਠਾ ਹੈ, ਲਛਮਨ ਸਿਧ ਨਾਮੇ ਇਕ ਟਿਕਾਣਾ ਹੈ, ਓਥੇ ਇਕ ਸਾਧੂ ਤਪਸਿਆ ਕਰਦਾ ਚੋਲਾ ਛੱਡ ਟੁਰਿਆ ਹੈ ਤੇ ਆਪ ਦੇ ਆਨ ਪ੍ਰਗਟਿਆ ਹੈ।
ਥੋੜੇ ਸੰਸਕਾਰ ਜੋ ਬਾਕੀ ਸਨ ਓਹ ਆਪ ਜੈਸੇ ਜੋਗੀ ਤੇ ਸੁਖੀ ਪੁਰਖ ਦੇ ਘਰ ਆ ਕੇ ਪੂਰੇ ਕਰ ਲਏ ਤੇ ਸਮਾ ਪੁਗ ਜਾਣ ਤੇ ਸੁਖਾਂ ਨਾਲ ਵਿਦੈਗੀ ਲੈਂਦਾ ਵਿਦਾ ਹੋਇਆ ਹੈ । ਇਹੋ ਗੱਲ ਬਚਪਨ ਤੋਂ ਜਦ ਜਦ ਮੈਂ ਕਾਕੇ ਨੂੰ ਡਿੱਠਾ ਅੱਖਾਂ ਅਗੇ ਆਉਂਦੀ ਸੀ ਕਿ ਇਹ ਧੂਣੀ ਤੋਂ ਉਠ ਕੇ ਆਯਾ ਸਾਧੂ ਹੈ ਕੋਈ। ਮੈਂ ਅੰਤਰਯਾਮੀ ਨਹੀਂ, ਪਰ ਫੁਰਨਾ ਇਹੋ ਹੁੰਦਾ ਸੀ ਕਿ ਸਾਧੂ ਹੈ, ਉਸ ਦੇ ਜ਼ਿੰਦਗੀ ਦੇ ਲਛਣ ਬੀ ਸਾਰੇ ਐਸੇ ਸਨ । ਇਸ ਉਮਰੇ ਉਸ ਦੀ ਰੁਚੀ ਪ੍ਰਬਲ ਧਾਰਮਿਕ ਸੀ । ਜ਼ਿਹੀਨ ਸਮਝਦਾਰ ਤੇ ਕੀਰਤਨ ਆਦਿ ਦਾ ਪ੍ਰੇਮੀ ਸੀ । ਜੇਕਰ ਫ਼ਰਜ਼ ਕਰ ਲਈਏ ਕਿ ਇਸ ਖਿਆਲ ਹੇਠ ਕੁਛ ਸਚਾਈ ਹੈ ਤਾਂ ਇਤਨੇ ਬਰਸ ਆਪ ਨੂੰ ਇਕ ਤਪਸ੍ਰੀ ਸਾਧੂ ਦੀ ਘਰ ਬੈਠਿਆਂ ਸੇਵਾ ਦੇ ਮਿਲੇ । ਇਹ ਧੰਨ ਭਾਗ ਹੋਇਆ, ਉਸ ਦਾ ਆਉਣ ਹਰਖ ਜਨਕ ਸੀ, ਉਸ ਦਾ ਜਾਣਾ ਸ਼ੋਕ ਜਨਕ ਨਹੀਂ ਹੋਣਾ ਚਾਹੀਦਾ । ਇਹ ਧੰਨਤਾ ਤੇ ਸ਼ੁਕਰ ਫੁਰਨਾ ਚਾਹੀਦਾ ਹੈ ਕਿ ਇਕ ਗੁਰੂ ਕੇ ਪਯਾਰੇ ਸਾਧੂ ਦੀ ਸੇਵਾ ਸਾਥੋਂ ਸਰ ਆਈ ਤੇ ਓਹ ਇਕ ਗੁਰੂ ਕਾ ਪਾਂਧੀ ਸਾਡੇ ਘਰੋਂ ਸੁਖੀ ਤੇ ਖੁਸ਼ੀ ਅਪਨੇ ਧਾਮ ਨੂੰ ਗਿਆ ਹੈ ।
ਹਰ ਹਾਲ— 'ਜੋ ਕਿਛੁ ਹੋਆ ਸਭੁ ਕਿਛੁ ਤੁਝ ਤੇ ਤੇਰੀ ਸਭ ਅਸਨਾਈ' ਗੁਰੂ ਹੁਕਮ ਵੀਚਾਰ ਕੇ ਮਨ ਨੂੰ ਵਾਹਿਗੁਰੂ ਜੀ ਦੇ ਹੋਰ ਨੇੜੇ ਕਰੋ ਤੇ ਜਿਥੋਂ ਤਕ ਹੋ ਸਕੇ ਭਾਣੇ ਤੇ ਸ਼ਾਕਰ ਹੋਣ ਦਾ ਜਤਨ ਕਰੋ । ਇਹੋ ਸਿਖੀ ਹੈ । ਇਹੋ ਨਾਮ ਅਭਯਾਸ ਦਾ ਫਲ ਹੈ । ਇਸੇ ਯਤਨ ਵਿਚ ਮੈਂ ਹਾਂ, ਤੇ ਏਹੋ ਯਤਨ ਸਾਰੇ ਗੁਰਸਿਖਾਂ ਨੂੰ ਸ਼ਾਂਤੀ ਤੇ ਸੁਖ ਦੇਣੇ ਹਾਰਾ ਹੈ ।
ਬੀਬੀ ਜੀ ਤੇ ਮਾਤਾ ਜੀ ਜੋਗ ਅਸੀਸ । ਨਾਮ ਚਿਤ ਰਹੇ । ਗੁਰੂ ਆਪ ਦਾ ਸਹਾਈ ਹੋਵੇ ।
ਆਪ ਦਾ ਹਿਤਕਾਰੀ
ਵ.ਸ.
47
ਅੰਮ੍ਰਿਤਸਰ
੧੫.੪.੪੪
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਬਰਖ਼ੁਰਦਾਰ ਜੀਓ
ਆਪ ਦੇ ਬਜ਼ੁਰਗ ਮਾਤਾ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸਰਗੋਧੇ ਕਾਨਫ੍ਰੰਸ ਤੇ ਮਿਲ ਗਈ ਸੀ । ਇਥੇ ਵਾਪਸ ਆਉਣੇ ਤੇ ਆਪ ਦੀ ਚਿੱਠੀ ਮਿਲੀ ਹੈ । ਬਰਖ਼ੁਰਦਾਰ ਜੀਓ ਅਕਾਲ ਪੁਰਖ ਦਾ ਭਾਣਾ ਵਰਤ ਚੁਕਾ ਹੈ । ਸਾਡੀਆਂ ਅਰਦਾਸਾਂ ਤੇ ਤੀਬਰ ਇਛਯਾ ਦਾ ਪੁਗਣਾ ਪੁਗਾਣਾ ਅਕਾਲ ਪੁਰਖ ਦੇ ਅਧੀਨ ਹੈ, ਓਹ ਮਾਲਕ ਹੈ ਤੇ ਜੀਵ ਸਭ ਦਾਸ ਹਨ। ਭਾਣੇ ਦੀ ਸੋਝੀ ਕਠਨ ਹੈ, ਭਾਣਾ ਬਿਖਮ ਹੈ, ਤੇ ਮੰਨਣਾ ਉਖੇਰਾ ਹੈ। ਪਰ ਗੁਰਸਿੱਖੀ ਦਾ ਮਾਰਗ ਇਹੋ ਹੈ, ਕਿਉਂਕਿ ਇਹ ਜਗਤ ਸਦਾ ਦਾ ਥਾਉਂ ਨਹੀਂ! ਇਹ ਚਲਣੀ ਸਰਾਂ ਹੈ, ਸਭ ਕਿਸੇ ਟੁਰਨਾ ਹੈ ਕਿਸੇ ਅਗੇ ਕਿਸੇ ਪਿਛੇ, ਇਸ ਲਈ ਇਥੇ ਰਹਿੰਦਿਆਂ ਅਪਨਾ ਜੀਵਨ ਇਸ ਤਰ੍ਹਾਂ ਦਾ ਬਤੀਤ ਕਰਨਾ ਹੈ ਕਿ ਜਿਵੇਂ ਘਰੋਂ ਬਾਹਰ ਜਾ ਕੇ ਕਾਲਜਾਂ ਵਿਚ ਕਰੀ ਦਾ ਹੈ । ਏਥੇ ਨਾਮ ਬਾਣੀ ਪੜ੍ਹਨ ਆਏ ਹਾਂ
ਆਇਓ ਸੁਨਨ ਪੜਨ ਕਉ ਬਾਣੀ ॥
ਤੁਹਾਡੇ ਮਾਤਾ ਜੀ ਇਹ ਗੱਲ ਸਮਝ ਗਏ ਸਨ, ਓਹ ਅਪਨੇ ਵਿਤ ਤੇ ਸਰੀਰ ਦੀ ਤਾਕਤ ਅਨੁਸਾਰ ਨਾਮ ਬਾਣੀ ਵਿਚ ਲਗੇ ਰਹੇ ਹਨ । ਹੁਣ ਸਦਾ ਦੇ ਘਰ, ਸਦਾ ਦੇ ਮੁਕਾਮ ਤੇ ਹੁਕਮ ਵਿਚ ਚਲੇ ਗਏ ਹਨ
“ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ ।"
ਵਾਹਿਗੁਰੂ ਉਨ੍ਹਾਂ ਨੂੰ ਅਪਨੀ ਰਹਮਤ ਦੇ ਸਾਏ ਵਿਚ ਟਿਕਾਣਾ ਦੇਵੇ। ਆਪ ਉਨ੍ਹਾਂ ਦੇ ਸਪੁਤ੍ਰ ਹੋ, ਚਾਹੇ ਕਠਨ ਹੈ ਪਰ ਭਾਣੇ ਨੂੰ ਗੁਰਸਿੱਖਾਂ ਵਾਂਙੂ ਮੰਨੋ ਤੇ ਉਨ੍ਹਾਂ ਦੀ ਆਤਮਾ ਲਈ ਪਾਠ ਕਰਵਾਓ ।
ਭਾਣਾ ਮੰਨਣਾ ਇਹ ਨਹੀਂ ਕਿ ਵਿਛੜੇ ਪਿਆਰਿਆਂ ਨੂੰ ਭੁਲ ਜਾਈਏ, ਪਰ ਇਹ ਕਿ ਜਿਵੇਂ ਏਥੇ ਸੁਖ ਦੇਂਦੇ ਸਾਂ ਹੁਣ ਉਨ੍ਹਾਂ ਨੂੰ ਆਤਮ ਖੁਰਾਕ ਘਲ ਕੇ ਸੁਖ ਦੇਵੀਏ। ਤੀਸ੍ਰੇ ਪਾਤਸ਼ਾਹ ਜੀ ਨੇ ਹੁਕਮ ਦਿਤਾ ਸੀ----
"ਮੈ ਪਿਛੇ ਕੀਰਤਨ ਕਰਿਅਹੁ ਨਿਰਬਾਣ ਜੀਉ ॥
ਆਪ ਜੀ ਨੇ ਪਾਠ ਰਖਵਾਏ ਹਨ ਤੇ ਹੋਰ ਰਖਵਾਸੋ, ਇਹੋ ਆਤਮ ਭੋਜਨ ਹੈ ਜੋ ਸਰੀਰ ਤਿਆਗ ਗਏ ਅਪਨੇ ਪਯਾਰਿਆਂ ਨੂੰ ਘਲ ਸਕੀ ਦਾ ਹੈ । ਲੋਕ ਪ੍ਰਲੋਕ ਦੀ ਸਹਾਯਤਾ ਇਸੇ ਨਾਲ ਹੁੰਦੀ ਹੈ ।
ਵਾਹਿਗੁਰੂ ਆਪ ਨੂੰ ਸ਼ਾਂਤੀ ਤੇ ਸਬਰ ਦਾਨ ਕਰੇ । ਭਾਣਾ ਮਿੱਠਾ ਲੁਆਵੇ ਤੇ ਜੀਵਨ ਵਿਚ ਨੇਕੀ ਤੇ ਨਾਮ ਦੇ ਰਸਤੇ ਟੁਰਨ ਵਿਚ ਸਹਾਈ ਰਹੇ । ਤੇ ਆਪ ਦੇ ਸਤਿਕਾਰੇ ਗਏ ਮਾਤਾ ਜੀ ਦੀ ਆਤਮਾ ਨੂੰ ਗੁਰਪੁਰੀ ਵਿਚ ਨਿਵਾਸ ਬਖ਼ਸੇ !
ਆਪ ਦਾ ਹਿਤਕਾਰੀ
ਵੀਰ ਸਿੰਘ
48
ਅੰਮ੍ਰਿਤਸਰ
૧૫, ੪. ੪੪
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਯਾਰੇ ਜੀਓ ਜੀ
ਆਪ ਜੀ ਦੀ ਤਾਰ ਕਾਨਫ੍ਰੰਸ ਤੇ ਪਹੁੰਚ ਗਈ ਸੀ ਜਿਸ ਨੂੰ ਵਾਚ ਕੇ ਅਤਯੰਤ ਸੋਕ ਹੋਇਆ । ਮੇਰੀ ਉਥੋਂ ਪਾਈ ਤਾਰ ਆਸ ਹੈ ਪੁਜ ਗਈ ਹੋਸੀ । ਕਾਨਫ੍ਰੰਸ ਤੇ ਸਵੇਰੇ ੮ ਤੋਂ ਲੈ ਰਾਤੀਂ ੧੧ ਵਜੇ ਤਕ ਤ੍ਰਏ ਦਿਨ ਮੈਨੂੰ ਲਗਾਤਾਰ ਰੁਝੇਵਾਂ ਰਿਹਾ ਹੈ। ਆ ਕੇ ਬੀ ਵਿਹਲ ਨਹੀਂ ਲਗੀ । ਸਰੀਰ ਅਤਿ ਥੱਕ ਗਿਆ ਹੈ ।
ਆਪ ਜੀ ਦੀ ਇਹ ਬ੍ਰਿਹ ਪੀੜਾ ਕਈ ਵੇਰ ਰੋਜ਼ ਯਾਦ ਆਉਂਦੀ ਰਹੀ ਹੈ। ਸਾਰੀ ਉਮਰਾ ਦੇ ਸਾਥੀ ਦਾ ਇਸ ਉਮਰੇ ਟੁਰ ਜਾਣਾ ਗ੍ਰਹਸਤ ਆਸ਼੍ਰਮ ਦੇ ਦੁਖਾਂ ਵਿਚੋਂ ਭਾਰੀ ਦੁਖ ਹੈ । ਪਰ ਵਾਹਿਗੁਰੂ ਜੀ ਦੀ ਰਜ਼ਾ ਵਿਚ ਕਿਸੇ ਦਾ ਦਖ਼ਲ ਨਹੀਂ । ਨਾ ਉਸ ਦੇ ਭਾਣੇ ਦੀ ਸੋਝੀ ਪੈਂਦੀ ਹੈ । ਸੋਚਾਂ ਸੋਚ ਸੋਚ ਕੇ ਅੰਤ ਮੰਨਣਾ ਪੈਂਦਾ ਹੈ —
ਤੂੰ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥
ਉਹ ਜੋ ਕੁਛ ਕਰਦਾ ਹੈ ਉਹੋ ਜਾਣਦਾ ਹੈ। ਅਸੀ ਆਪਣੀਆਂ ਲੋੜਾਂ ਥੋੜਾਂ ਤੇ ਪਯਾਰਾਂ ਦੇ ਕਾਰਣ ਦੁਖੀ ਹੁੰਦੇ ਹਾਂ । ਜਿਸ ਦਾ ਦਾਰੂ ਉਹ ਜਾਣਦਾ ਹੈ ਤੇ ਉਹ ਕਰਦਾ ਹੈ । ਇਸੇ ਕਰ ਕੇ ਗੁਰੂ ਜੀ ਨੇ ਭਾਣੇ ਨੂੰ ਮਿੱਠਾ ਕਰ ਮੰਨਣੇ ਦਾ ਉਪਦੇਸ਼ ਦਿੱਤਾ ਹੈ। ਆਪ ਤੇ ਗੁਰੂ ਕੀ ਮੇਹਰ ਹੈ । ਨਾਮ ਬਾਣੀ ਦਾ ਪਿਆਰ ਗੁਰੂ ਨੇ ਬਖ਼ਸ਼ਿਆ ਹੋਇਆ ਹੈ । ਇਸ ਵਿਯੋਗ ਵਿਚ ਬਾਣੀ ਦੀ ਟੇਕ ਲੈ ਰਹੇ ਹੋਸੋ । ਇਹੋ ਸਹਾਰਾ ਇਸ ਵੇਲੇ ਸਭ ਤੋਂ ਵਧੀਕ ਸਹਾਈ ਹੁੰਦਾ ਹੈ । ਗੁਰੂ ਮੇਹਰ ਕਰੇ ਤੇ ਆਪਣੀ ਮੇਹਰ ਦਾ ਹੱਥ ਆਪ ਦੇ ਸਿਰ ਤੇ ਰਖੀ ਰਖੇ ਤੇ ਅਪਨੇ ਪਯਾਰ ਵਿਚ ਆਪ ਨੂੰ ਡੋਲਨ ਨਾ ਦੇਵੇ ।
ਕਾਨਫ੍ਰੰਸ ਤੇ ਬੀਬੀ ਜੀ ਦੀ ਪਸ਼ਾਵਰ ਕਾਨਫ੍ਰੰਸ ਦੀ ਸੇਵਾ ਯਾਦ ਆਉਂਦੀ ਰਹੀ ਹੈ। ਇਤਨੇ ਕਮਜ਼ੋਰ ਸਰੀਰ ਨਾਲ ਕਿਸ ਤਰ੍ਹਾਂ ਤਤਪਰ ਰਹੇ ਤੇ ਕਿਸ ਤਰ੍ਹਾਂ ਸਾਧ ਸੰਗਤ ਦੀ ਸੇਵਾ ਨਿਬਾਹੀ । ਅਥੱਕ ਤੇ ਮਥਾ ਖਿੜਿਆ ਘਰ ਆਏ ਅਗਿਣਤ ਸਜਣਾਂ ਦੇ ਅਰਾਮ ਤੇ ਸੁਖ ਵਿਚ ਦਿਨੇ ਰਾਤ ਜੁਟੇ ਰਹੇ । ਬਾਣੀ ਨਾਲ ਬੀ ਪਯਾਰ ਤੇ ਨਾਮ
ਦਾ ਪਰਚਾ ਬੀ ਸੀ । ਆਸ ਹੈ ਉਨ੍ਹਾਂ ਦੀ ਆਤਮਾ ਵਾਹਿਗੁਰੂ ਜੀ ਦੀ ਮਿਹਰ ਦੀ ਛਾਵੇਂ ਸੁਖੀ ਹੋਸੀ । ਸੱਚਾ ਪਾਤਸ਼ਾਹ ਹੋਰ ਮਿਹਰ ਕਰੋ ਜੋ ਬੀਬੀ ਜੀ ਦੀ ਸਾਥੋਂ ਵਿਛੜੀ ਰੂਹ ਗੁਰਪੁਰੀ ਵਿਚ ਵਡੇਰੇ ਸੁਖ ਵਿਚ ਸੁਖੀ ਹੋਵੇ । ਗੁਰੂ ਪਰ ਸਾਰੀ ਟੇਕ ਤੇ ਕੀਤੀ ਕਮਾਈ ਚਾਹੋ ਕਿੰਨੀ ਹੋਵੇ ਸਦਗਤੀ ਤਾਂ ਮਿਹਰਾਂ ਤੇ ਹੀ ਹੁੰਦੀ ਹੈ । ਅਰਦਾਸ ਹੈ ਕਿ ਗੁਰੂ ਮਿਹਰ ਹੀ ਮਿਹਰ ਕਰੇ ਤੇ ਸੁਖ, ਸ਼ਾਂਤੀ, ਟਿਕਾਉ ਤੇ ਆਤਮ ਰਸ ਵਿਚ ਨਿਵਾਸ ਦੇਵੇ ।
ਗੁਰੂ ਅੰਗ ਸੰਗ ਰਹੇ ਤੇ ਨਾਮ ਬਾਣੀ ਦੀ ਟੇਕ ਹਿਰਦੇ ਨੂੰ ਚਾਈ ਰਖੇ !
ਆਪ ਦਾ ਹਿਤਕਾਰੀ
ਵੀਰ ਸਿੰਘ
49
ਅੰਮ੍ਰਿਤਸਰ
੪.૫.੪੪
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ.
ਪਯਾਰੇ ਬਰਖ਼ੁਰਦਾਰ ਜੀਓ
ਆਪ ਜੀ ਦੇ ਬਜ਼ੁਰਗ ਪਿਤਾ ਜੀ ਦੇ ਅਕਾਲ ਚਲਾਣੇ ਦੀ ਅਚਾਨਕ ਖ਼ਬਰ ਸੁਣ ਕੇ ਬਹੂੰ ਮੰਦਾ ਲਗਾ । ਆਪ ਸਭਨਾਂ ਦੇ ਸਿਰ ਉਤੇ ਉਨ੍ਹਾਂ ਦੇ ਪਯਾਰ ਦੀ ਛਾਯਾ ਅਤਿ ਲੁੜੀਂਦੀ ਵਸਤੂ ਸੀ । ਆਪ ਦੇ ਸਨਮਾਨ ਯੋਗ ਪਿਤਾ ਜੀ ਦਾ ਜੋ ਗੁਪਤ ਦਾਨਾਂ ਵਲ ਵਰਤਾਉ ਰਹਿੰਦਾ ਸੀ ਉਸ ਤੋਂ ਬਹੁਤਿਆਂ ਨੂੰ ਲਾਭ ਪਹੁੰਚਦਾ ਸੀ ਤੇ ਉਨ੍ਹਾਂ ਦਾ ਦਮ ਜਗਤ-ਪੀੜਾ ਦੇ ਹਰਨ ਵਿਚ ਇਕ ਉਪਕਾਰੀ ਹਸਤੀ ਸੀ । ਆਪ ਲਈ ਤੇ ਆਪ ਦੇ ਸਤਿਕਾਰ ਯੋਗ ਮਾਤਾ ਜੀ ਲਈ ਉਨ੍ਹਾਂ ਦਾ ਵਿਛੋੜਾ ਅਸਹਿ ਹੈ ਤੇ ਉਨ੍ਹਾਂ ਦੇ ਗੁਰਪੁਰੀ ਚਲੇ ਜਾਣ ਨਾਲ ਜੋ ਥੁੜ ਪੈਣੀ ਹੈ ਸੋ ਭਾਰੀ ਹੈ । ਪਰੰਤੂ ਬਰਖ਼ੁਰਦਾਰ ਜੀਓ ਏਹ ਭਾਣੇ ਵਾਹਿਗੁਰੂ ਜੀ ਦੇ ਹੁਕਮ ਵਿਚ ਵਰਤਦੇ ਹਨ। ਤੇ ਵਾਹਿਗੁਰੂ ਜੀ ਸਾਡੇ ਪਰਮ ਕ੍ਰਿਪਾਲੂ ਕਰਤਾ ਪੁਰਖ ਜੀ ਹਨ । ਉਨਾਂ ਦੀ ਸਮਰਥਾ ਤੇ ਖੁਸ਼ੀ ਅਮਿਤ ਹੈ----
ਤੂੰ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥
ਸੋ ਸਾਨੂੰ ਅਪਨੀ ਮਰਜ਼ੀ ਨੂੰ ਵਾਹਿਗੁਰੂ ਜੀ ਦੀ ਰਜ਼ਾ ਵਿਚ ਇਕ ਸ੍ਵਰ ਕਰਨਾ ਚਾਹਯੇ ।
ਜੋ ਕਿਛ ਕਰੈ ਸੁ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ ॥
ਪਰ ਗੁਰਸਿੱਖੀ ਵਿਚ ਆਗਿਆ ਇਹ ਹੈ ਕਿ ਪਯਾਰੇ ਜੀ ਦੇ ਵਿਛੋੜੇ ਪਰ ਜੋ ਮਨ ਦ੍ਰਵਦਾ ਹੈ, ਵੈਰਾਗ ਆਉਂਦਾ ਹੈ ਤੇ ਦਿਲ ਉਦਾਸੀਆਂ ਖਾਂਦਾ ਹੈ ਉਸ ਵੇਲੇ ਮਨ ਨਰਮ ਤੇ ਕੋਮਲ ਹੋਇਆ ਹੁੰਦਾ ਹੈ । ਉਸ ਵੇਲੇ ਦਿਲਗੀਰੀ ਵਿਚ ਜਾਣ ਨਾਲੋਂ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਵਿਚ ਲਗਣਾ ਚਾਹਯੇ ! ਅਰਦਾਸ ਦੋ ਤਰ੍ਹਾਂ ਦੀ ਕਰਨੀ ਚਾਹਯੇ ---- ਇਕ ਤਾਂ ਵਿਛੁੜੇ ਪਯਾਰੇ ਦੇ ਆਤਮਾਂ ਦੀ ਕਲਯਾਨ ਵਾਸਤੇ ਹੋਵੇ ਕਿ ਵਾਹਿਗੁਰੂ ਉਨ੍ਹਾਂ ਦੀ ਆਤਮਾਂ ਨੂੰ ਅਪਨੀ ਰਹਿਮਤ ਦੀ ਛਾਵੇਂ ਥਾਂ ਬਖ਼ਸ਼ੇ। ਦੂਸਰੇ ਅਪਨੇ ਆਤਮਾਂ ਲਈ ਚਾਹਯੇ ਕਿ ਹੇ ਪਯਾਰੇ ਦੇ ਮਾਲਕ ਵਾਹਿਗੁਰੂ ਜੀ ਸਾਨੂੰ ਅਪਨਾ ਪਯਾਰ ਬਖ਼ਸ਼ੋ ਅਪਨਾ ਨਾਮ ਦਾਨ ਦਿਓ ਜੋ ਅਸੀ ਉਹ ਜੀਵਨ ਬਸਰ ਕਰੀਏ ਜੋ
ਤੁਸੀਂ ਚਾਹੁੰਦੇ ਹੋ ਕਿ ਅਸੀ ਕਰੀਏ ! ਤਾਂ ਜੋ ਸਾਡਾ ਜਨਮ ਮਰਨ ਕਟਿਆ ਜਾਵੇ ।
ਪ੍ਰਭ ਜਨਮ ਮਰਨ ਨਿਵਾਰਿ ॥
ਸੋ ਅਪਨੇ ਲਈ ਵਾਹਿਗੁਰੂ ਜੀ ਦੀ ਰਖਯਾ ਤੇ ਅਗਵਾਨੀ ਦੀ ਅਰਦਾਸ ਕਰੀਏ । ਇਸ ਤਰ੍ਹਾਂ ਮਨ ਦਿਲਗੀਰੀਆਂ ਤੋਂ ਨਿਕਲ ਕੇ ਵਾਹਿਗੁਰੂ ਜੀ ਦੀ ਮੇਹਰ ਹੇਠ ਆਉਂਦਾ ਹੈ ਤੇ ਸ੍ਵਛ ਹੋ ਜਾਂਦਾ ਹੈ । ਤੁਸੀ ਗੁਰੂ ਕੀ ਮੇਹਰ ਨਾਲ ਵਾਹਿਗੁਰੂ ਜੀ ਦੇ ਦਰ ਦੇ ਗੁਰਮੁਖ ਹੋ ਬਾਣੀ ਦੇ ਪ੍ਰੇਮੀ ਹੈ । ਇਸ ਵੇਲੇ ਸਭ ਤੋਂ ਵਡਾ ਆਸਰਾ ਗੁਰੂ ਕੀ ਬਾਣੀ ਹੈ, ਪਾਠ ਕਰੋ, ਪਾਠ ਸੁਣੋ, ਕੀਰਤਨ ਦੀ ਟੇਕ ਲਓ। ਇਸ ਯਤਨ ਨਾਲ ਮਨ ਨੂੰ ਠੰਢ ਵਰਤੇਗੀ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵਿਛੜ ਗਏ ਪਯਾਰੇ ਮਲਕ ਸਾਹਿਬ ਜੀ ਲਈ ਕਰੋ ਤੇ ਕਰਵਾਓ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਇਕ ਲਗਾਤਾਰੀ ਅਰਦਾਸ ਹੈ। ਜਿਸ ਦਾ ਲਾਭ ਵਿਛੜੇ ਪ੍ਰਾਣੀਆਂ ਨੂੰ ਪਹੁੰਚਦਾ ਹੈ । ਤੀਸਰੇ ਸਤਿਗੁਰਾਂ ਨੇ ਹੁਕਮ ਦਿਤਾ ਸੀ-
ਮੈ ਪਿਛੇ ਕੀਰਤਨੁ ਕਰਿਅਹੁ ਨਿਰਬਾਣ ਜੀਓ ।।
ਆਸ ਹੈ ਆਪ ਨੇ ਇਹੋ ਟੇਕ ਲੈ ਰਖੀ ਹੋਣੀ ਹੈ। ਵਾਹਿਗੁਰੂ ਆਪ ਸਭਨਾਂ ਦਾ ਸਹਾਈ ਹੋਵੇ ਤੇ ਗੁਰਬਾਣੀ ਆਪ ਦੀ ਸਹਾਯਤਾ ਕਰੇ ।
ਲਾਲ ਜੀਓ ! ਪਿਤਾ ਜੀ ਦੇ ਵਿਛੋੜੇ ਕਰਕੇ ਜੋ ਤੁਸਾਂ ਸਭਨਾਂ ਭਰਾਵਾਂ ਦੀਆਂ ਜ਼ਿਮੇਵਾਰੀਆਂ ਵਧਣੀਆਂ ਹਨ ਉਨ੍ਹਾਂ ਵਿਚੋਂ ਸਭ ਤੋਂ ਵਡੀ ਜ਼ਿਮੇਵਾਰੀ ਹੋਣੀ ਹੈ ਅਪਨੀ ਬ੍ਰਿਧ ਤੇ ਬਜ਼ੁਰਗ ਮਾਤਾ ਜੀ ਦੀ ਸੇਵਾ। ਆਪ ਬਰਖੁਰਦਾਰ ਹੋ ਅਪਨੇ ਮਾਤਾ ਪਿਤਾ ਦੇ ਸਪੂਤ ਹੋ, ਆਪ ਤੋਂ ਇਹੋ ਆਸ ਹੈ ਤੇ ਨਿਸਚੇ ਆਸ ਹੈ ਕਿ ਅਪਨੇ ਸਿਰ ਪਏ ਇਸ ਪਵਿਤ੍ਰ ਫਰਜ਼ ਨੂੰ ਸੁਹਣੀ ਤਰ੍ਹਾਂ ਨਿਭਾਸੋ ਤੇ ਸਰਵਣ ਸਪੂਤ ਹੋ ਕੇ ਮਾਤਾ ਜੀ ਦੀ ਸੇਵਾ ਵਿਚ ਤਤਪਰ ਰਹਿਸੋ ।
ਮੇਰੀ ਇਛਾ ਤੇ ਆਸ ਹੈ ਕਿ ਆਪ ਵਿਛੜੇ ਮਲਕ ਸਾਹਿਬ ਜੀ ਦੀ ਆਤਮਾ ਲਈ ਕੇਵਲ ਇਕ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਵਾਕੇ ਬਸ ਨਹੀਂ ਕਰਸੋ, ਉਨ੍ਹਾਂ ਲਈ ਲਗ ਪਗ ਪੰਜ ਭੋਗ ਪਵਾਣੇ ਚਾਹਯੇ ਤੇ ਆਪ ਬੀ ਵਿਚ ਪਾਠਾਂ ਦਾ ਹਿਸਾ ਲੈਣਾ ਚਾਹਯੇ । ਇਹ ਬਾਣੀ ਤੇ ਨਾਮ ਤੇ ਅਰਦਾਸ ਦਾ ਦਾਰੂ ਅਪਨਾ ਭਲਾ ਕਰਦਾ ਹੈ ਤੇ ਵਿਛੁੜਿਆਂ ਪ੍ਰੀਤਮਾਂ ਲਈ ਪਰਮ ਸੁਖਦਾਈ ਹੁੰਦਾ ਹੈ ।
ਇਸ ਬਿਰਹ ਵਿਚ ਮੇਰੀ ਦਿਲੀ ਹਮਦਰਦੀ ਆਪ ਜੀ ਤੇ ਸਾਰੇ ਪਰਿਵਾਰ ਦੇ ਨਾਲ ਹੈ ਤੇ ਅਰਦਾਸ ਹੈ ਕਿ ਵਾਹਿਗੁਰੂ ਆਪ ਦੇ ਪਿਆਰੇ ਪਿਤਾ ਜੀ ਦੀ ਆਤਮਾ ਨੂੰ ਅਪਨੀ ਰਹਮਤ ਦੀ ਮਿਠੀ ਮਿਠੀ ਛਾਵੇਂ ਨਿਵਾਸ ਬਖ਼ਸ਼ੇ ਤੇ ਆਪ ਸਭਨਾਂ ਨੂੰ ਭਾਣਾ ਮਿਠਾ ਕਰਕੇ ਮੰਨਣ ਦਾ ਬਲ ਤੇ ਸਿਖੀ ਸਿਦਕ ਦਾਨ ਕਰੇ ।
ਆਪ ਦਾ ਹਿਤਕਾਰੀ
ਵੀਰ ਸਿੰਘ
50
ਅੰਮ੍ਰਿਤਸਰ
२੮.੬.४४
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਗੁਰੂ ਸਵਾਰੇ...ਜੀਓ
ਅਜ ਬਜ਼ਾਰ ਵਿਚ ਮੁਸੰਮੀਆਂ ਦਾ ਪਤਾ ਲਗਾ । ਮਹਾਂ ਸਿੰਘ ਜੀ ਨੂੰ ਕਿਹਾ ਕਿ ਹੁਣੇ ਪਾਰਸਲ ਕਰਕੇ ਦਾਦਾ ਜੀ ਲਈ ਘਲੋ ਕਿ ਆਪ ਦੀ ਤਾਰ ਪਹੁੰਚੀ ਕਿ ਮੁਸੰਮੀਆਂ ਦੇ ਆਧਾਰ ਤੇ ਜੀਣ ਵਾਲੇ ਪਯਾਰੇ ਦਾਦਾ ਜੀ ਗੁਰੂ ਚਰਨਾਂ ਵਿਚ ਚਲੇ ਗਏ ਹਨ । ਘਰ ਵਿਚ ਮੈਂ ਤੇ ਸ੍ਰੀ ਐਨਾ ਜੀ ਹੀ ਸਨ । ਤਾਰ ਪੜ੍ਹ ਕੇ ਮਨ ਸਖ਼ਤ ਦੁਖੀ ਹੋਇਆ ਐਸੇ ਨਾਮ ਦੇ ਪਿਆਰੇ ਗੁਰੂ ਦੇ ਸਵਾਰੇ ਪਵਿਤ੍ਰ ਜੀਵਨ ਵਾਲੇ ਤੇ ਪਰੋਪਕਾਰ ਵਿਚ ਜੀਵਨ ਸਫਲ ਕਰਨ ਵਾਲੇ ‘ਬਾਬਾ ਬੋਲਤੇ ਥੇ ਕਹਾ ਗਏ । ਕੈਸਾ ਸੁਹਣਾ ਸੁਭਾਗ ਜੀਵਨ ਬਸਰ ਕੀਤਾ ਹੈ ਰਸਨਾ ਨਾਮ ਵਿਚ ਹਿਲ ਰਹੀ ਹੈ ਯਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਤੇ ਵੀਚਾਰ ਕਰ ਰਹੇ ਹਨ ਯਾ ਯਤੀਮ ਬੱਚਿਆਂ ਦੇ ਕਾਰਜ ਸਵਾਰ ਰਹੇ ਹਨ। ਸਿੰਧ ਗਏ ਤਾਂ ਬੀ ਯਤੀਮਾਂ ਦੀ ਸੇਵਾ, ਪੰਜਾਬ ਆਏ ਤਾਂ ਬੀ ਯਤੀਮਾਂ ਤੇ ਸੂਰਮਿਆਂ ਸਿੰਘਾਂ ਦੀ ਸੇਵਾ, ਸਫ਼ਲ ਸਫ਼ਲ ਸਫਲ ਭਈ ਯਾਤਰਾ ॥ ਜਗਤ ਤੇ ਆਉਣਾ ਦਾਦਾ ਜੀ ਦਾ ਸਫਲ ਆਉਣਾ ਹੋਇਆ ਹੈ ਅਪਨਾ ਜੀਵਨ ਜਿਤ ਗਏ। ਪਰ ਪਿਛਲਿਆਂ ਨੂੰ ਅਤਿ ਦਾ ਵਿਯੋਗ ਹੈ । ਤੁਸੀ ਤੇ ਤੁਹਾਡੇ ਮਾਤਾ ਜੀ ਤੇ ਪਯਾਰੇ ਸੇਵਕ ਰਾਮ ਜੀ ਨੂੰ ਵਿਛੋੜਾ ਹੋਇਆ ਚਿਤ ਕਰਕੇ ਦਿਲ ਅਤਿ ਦਰੱਵਦਾ ਹੈ । ਪਰ ਤੇਜ ਜੀਓ ਤੇ ਰਤਨ ਜੀਓ ਤੇ ਪਯਾਰੇ ਸੇਵਕ ਰਾਮ ਜੀਓ ਤੇ ਟਿਕਲ ਜੀਓ ਗੁਰੂ ਤੁਹਾਡੇ ਸੰਗੀ ਹੋਵੇ । ਏਹ ਅਸਹਿ ਭਾਣੇ ਹੁਕਮ ਵਿਚ ਵਰਤਦੇ ਹਨ। ਹੁਕਮ ਮਾਲਕ ਪਾਲਕ ਦਾ ਹੈ ਜਿਸ ਅਗੇ ਸਭ ਸਿਰ ਨਿਉਂਦੇ ਹਨ । ਉਹ ਦਾਤਾ ਤੁਹਾਡਾ ਹੈ । ਸਹਾਈ ਹੋਵੇ । ਤੁਸੀਂ ਦਾਦਾ ਜੀ ਦੇ ਵਿਛੋੜੇ ਨੂੰ ਸਾਈਂ ਦਾ ਅਟਲ ਭਾਣਾ ਜਾਣ ਕੇ ਮਿਠਾ ਕਰਕੇ ਝਲੋ। ਗੁਰੂ ਤੁਹਾਨੂੰ ਮਦਦ ਦੇਵੇ । ਹਰ ਤਰਾਂ ਸਹਾਈ ਹੋਵੇ । ਜਿਸ ਨੇ ਇਹ ਬਿਰਹਾ ਦਿਤਾ ਹੈ ਉਹ ਆਪ ਦੇ ਦਿਲਾਂ ਵਿਚ ਵਸ ਕੇ ਆਪ ਨੂੰ ਸੁਖੀ ਕਰੋ । ਆਪ ਨੇ ਬਹੁਤ ਸੇਵਾ ਕੀਤੀ ਹੈ ਸਾਰੇ ਤਰਦਦ ਸੁਣਿਆ ਹੈ ਕੀਤੇ ਹਨ । ਪਰ ਜਦ ਹੁਕਮ ਸੱਚੇ ਨਾਲ ਕਰਤਾਰੋਂ ਸਦੇ ਆ ਜਾਣ ਤਾਂ
ਜਿਸਕੀ ਬਸਤੁ ਤਿਸੁ ਆਗੈ ਰਾਖੈ ॥
ਪ੍ਰਭ ਕੀ ਆਗਿਆ ਮਾਨੈ ਮਾਥੈ ॥
ਦਾ ਹੁਕਮ ਹੈ ਸਤਿਗੁਰੂ ਦਾ ।
ਮੇਰੀ ਦਿਲੀ ਅਰਦਾਸ ਹੈ ਕਿ ਵਾਹਗੁਰੂ ਸਤਗੁਰੂ ਗੁਰੂ ਨਾਨਕ ਦੇਵ ਤੇ ਸਚਖੰਡੀ ਗੁਰਮੁਖ ਸਾਰੇ ਦਾਦਾ ਜੀ ਨੂੰ ਅਪਨੇ ਚਰਨਾਂ ਵਿਚ ਨਿਵਾਸ ਦੇਣ । ਆਪ ਸਾਰਿਆਂ ਨੂੰ ਭਰੋਸਾ ਸਿਦਕ ਭਾਣਾ ਮੰਨਣ ਦਾ ਬਲ ਬਖ਼ਸ਼ਣ ਸੋਈ ਦਾਨ ਕਰਨ । ਮੈਂ ਨਾ ਬਿਮਾਰੀ ਵਿਚ ਦਾਦਾ ਜੀ ਨੂੰ ਕੋਈ ਸੁਖ ਦੇ ਸਕਿਆ ਨਾ ਹੁਣ ਉਨ੍ਹਾਂ ਦੇ ਸਚਖੰਡ ਪਯਾਨੇ ਪਰ ਆਪ ਨੂੰ ਕੋਈ ਪਯਾਰ ਦਿਲਾਸਾ ਕੋਲ ਹੋ ਕੇ ਦੇ ਸਕਿਆ। ਮੇਰੇ ਪਾਸ ਇਕ ਅਰਦਾਸ ਹੈ ਜੋ ਕੇ ਗੁਰੂ ਕੇ ਹਜ਼ੂਰ ਕਰ ਰਿਹਾ ਹਾਂ ਕਿ ਦਾਦਾ ਜੀ ਦੀ ਆਤਮਾ ਸੁਖੀ ਵਸੇ ਤੇ ਤੁਸੀ ਸਾਰੇ ਭਾਣੇ ਨੂੰ ਮਿਠਾ ਕਰਕੇ ਮੰਨ ਸਕੇ ਤੇ ਗੁਰੂ ਆਪ ਦੇ ਅੰਗ ਸੰਗ ਹੋ ਕੇ ਆਪ ਦੀ ਹਰਬਾਬ ਰਖਯਾ ਸਹਾਯਤਾ ਕਰੋ । ਵਿਛੋੜਾ ਕਰੜਾ ਹੈ । ਸਾਕ ਸਨਬੰਧੀ ਮਿਤ੍ਰ ਸਜਨ ਹਮਦਰਦੀਆਂ ਵਾਲੇ ਅਕਸਰ ਉਦਾਸੀਆਂ ਤੇ ਦਿਲਗੀਰੀਆਂ ਵਧਾਉਂਦੇ ਹਨ। ਪਰ ਤੁਸਾਂ ਗੁਰੂ ਦੀ ਬਾਣੀ ਦੀ ਓਟ ਲੈਣੀ । ਇਸ ਜਗਤ ਵਿਚ ਦੁਖਾਂ ਸੁਖਾਂ ਵੇਲੇ ਗੁਰਬਾਣੀ ਹੀ ਸਾਡੀ ਸਹਾਯਕ ਹੈ ਇਸ ਨਾਲ ਦਿਲ ਧਰਵਾਸ ਪਕੜਦਾ ਹੈ । ਇਸ ਨਾਲ ਹੀ ਵਿਛੁੜੇ ਪਯਾਰੇ ਨੂੰ ਸੁਖ ਪਹੁੰਚਾ ਸਕੀਦਾ ਹੈ । ਗੁਰੂ ਅੰਗ ਸੰਗ ਹੋਵੇ ਗੁਰੂ ਤੁਹਾਡੇ ਦਿਲਾਂ ਵਿਚ ਨਿਵਾਸ ਕਰੋ । ਗੁਰੂ ਦਾਦਾ ਜੀ ਨੂੰ ਅਪਨੀ ਮਿਹਰ ਦੇ ਛਾਵੇਂ ਅਪਨੇ ਚਰਨਾਂ ਵਿਚ ਸਦਾ ਰਖੇ ।
ਆਪ ਸਭਨਾਂ ਦੇ ਦਰਦ ਵਿਚ ਦਰਦੀ
ਵੀਰ ਸਿੰਘ
ਜਿਥੇ ਤਕ ਹੋ ਸਕੇ ਮਨ ਨੂੰ ਬਾਣੀ ਦਾ ਆਸਰਾ ਦੇ ਕੇ ਨਾਮ ਵਿਚ ਲਾਉ ਤੇ ਗੁਰੂ ਨੂੰ ਪਯਾਰਾ ਪਿਤਾ ਸਮਝ ਕੇ ਉਸ ਦੇ ਕੀਤੇ ਤੇ ਸ਼ੁਕਰ ਕਰਨ ਦਾ ਜਤਨ ਕਰੋ । ਔਖੀ ਗੱਲ ਹੈ। ਪਰ ਗੁਰ ਸਿਖੀ ਇਹੀ ਹੈ ਸਤਗੁਰ ਜਦ ਵਿਯੋਗ ਦੇਂਦਾ ਹੈ ਤਾਂ ਸਹਾਯਤਾ ਵੀ ਆਪ ਹੀ ਕਰਦਾ ਹੈ ਸਾਡਾ ਭਰੋਸਾ ਕਾਯਮ ਰਹੇ ਤਾਂ ਉਸ ਦੀ ਸਹਾਯਤਾ ਮਿਲਦੀ ਰਹਿੰਦੀ ਹੈ। ਰਬ ਦੀ ਸਹਾਯਤਾ ਸਿਦਕ ਦੀ ਡੋਰ ਤੇ ਤੁਰ ਕੇ ਆਉਂਦੀ ਸੁਖਦਾਈ ਹੁੰਦੀ ਹੈ ।
51
ਅੰਮ੍ਰਿਤਸਰ
੧२. ४. ४੫
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਯਾਰੇ ਡਾਕਟਰ ਜੀਓ
ਸ੍ਰੀਮਤੀ ਬੀਬੀ...ਜੀ ਦੇ ਹਜ਼ੂਰ ਸਾਹਿਬ ਯਾਤ੍ਰਾ ਕਰਨ ਗਿਆਂ ਸਰੀਰ ਤਯਾਗ ਜਾਣ ਦੀ ਖ਼ਬਰ ਸੁਣੀ ਹੈ । ਬੀਬੀ ਜੀ ਦਾ ਜੀਵਨ ਬਹੁਤ ਧਰਮੀ ਜੀਵਨ ਸੀ ਤੇ ਆਪ ਜੀ ਨਾਲ ਬਹੁਤ ਪਯਾਰ ਸੀ, ਵਡਿਆਂ ਦਾ ਵਿਛੋੜਾ ਸਦਾ ਅਪੁਰ ਘਾਟੇ ਪਾ ਦੇਂਦਾ ਹੈ ਤੇ ਫੇਰ ਖ਼ਾਸ ਕਰ ਐਸੇ ਧਰਮੀ ਤੇ ਪਯਾਰ ਵਾਲਿਆਂ ਨਿਕਟ ਦੇ ਸਨਬੰਧੀਆਂ ਦਾ । ਬੀਬੀ...ਜੀ ਨੂੰ ਇਸ ਸੁਭਾਗ ਮਾਂ ਨੇ ਹੀ ਉੱਚ ਜੀਵਨ ਵਿਚ ਪਾਯਾ ਸੀ, ਤੇ ਓਹ ਮਾਤਾ ਦੇ ਵਯੋਗ ਨੂੰ ਬਹੁਤ ਫੀਲ ਕਰਦੇ ਹੋਸਨ । ਪਰੰਤੂ ਇਕ ਗੱਲ ਸੋਚਣ ਵਾਲੀ ਹੈ ਕਿ ਸ੍ਰੀ ਬੀਬੀ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਅਪੜ ਕੇ ਸਦਾ ਲਈ ਚਰਨਾਂ ਵਿਚ ਸਮਾ ਜਾਣਾ ਉਨ੍ਹਾਂ ਦੀ ਆਤਮਾਂ ਲਈ ਇਕ ਪ੍ਰਕਾਰ ਦਾ ਸੁਭਾਗ ਹੈ । ਜਿਸ ਪ੍ਰਕਾਰ ਦਾ ਉਨ੍ਹਾਂ ਦਾ ਜੀਵਨ ਗੁਰੂ ਦਰ ਸਮਰਪਿਤ ਸੀ, ਉਸ ਤੋਂ ਅੰਦਾਜ਼ਾ ਲਗਦਾ ਹੈ ਕਿ ਉਨ੍ਹਾਂ ਨੇ ਬੀ ਉਸ ਪਵਿਤ੍ਰ ਭੂਮੀ ਤੇ ਸਰੀਰ ਤਯਾਗਣ ਨੂੰ ਅਪਨੇ ਲਈ ਸ਼ੁਭ ਖਯਾਲ ਕੀਤਾ ਹੋਣਾ ਹੈ । ਸਾਨੂੰ ਬੀ ਚਾਹੀਦਾ ਹੈ ਕਿ ਅਪਨੇ ਵਯੋਗ ਤੇ ਘਾਟ ਨੂੰ ਜੋ ਉਨ੍ਹਾਂ ਦੇ ਚਲੇ ਜਾਣ ਨਾਲ ਪਈ ਹੈ ਭਾਣੇ ਵਿਚ ਮਿੱਠੀ ਕਰ ਮੰਨੀਏ ਤੇ ਅਰਦਾਸ ਕਰੀਏ ਕਿ ਗੁਰੂ ਉਨ੍ਹਾਂ ਦੀ ਆਤਮਾਂ ਨੂੰ ਅਪਨੀ ਮੇਹਰ ਦੀ ਛਾਵੇਂ ਥਾਂ ਬਖ਼ਸ਼ੇ ਤੇ ਉਨ੍ਹਾਂ ਦੀ ਸਾਰੀ ਉਮਰ ਦੀ ਕੀਤੀ ਘਾਲ ਥਾਂ ਪਵੇ ।
ਮੇਰੀ ਦਿਲੀ ਹਮਦਰਦੀ ਇਸ ਪਯਾਰ ਵਿਛੋੜੇ ਵਿਚ ਆਪ ਜੀ ਦੰਪਤੀ ਤੇ ਸਾਰੇ ਪਰਿਵਾਰ ਨਾਲ ਹੈ। ਤੇ ਅਰਦਾਸ ਹੈ ਕਿ ਗੁਰੂ ਜੀ ਉਨ੍ਹਾਂ ਪਰ ਅਪਨੀ ਖ਼ਾਸ ਰਹਮਤ ਕਰਨ ।
ਆਪ ਦਾ ਹਿਤਕਾਰੀ
ਵ. ਸ,
52
ਅੰਮ੍ਰਿਤਸਰ
१੮, ११.४੬
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਯਾਰੇ ਭਾਈ ਸਾਹਿਬ ਜੀਓ ਜੀ
ਆਪ ਜੀ ਦੇ ਬਜ਼ੁਰਗ ਪਿਤਾ ਜੀ ਦੇ ਵਾਹਿਗੁਰੂ ਜੀ ਦੇ ਦੇਸ ਇਸ ਲੁੜੀਂਦੇ ਵੇਲੇ ਪਯਾਨਾ ਕਰ ਜਾਣ ਦੀ ਹਿਰਦਯ ਵਿਹਦਕ ਖ਼ਬਰ ਨੇ ਚਿਤ ਨੂੰ ਬੜੀ ਉਦਾਸੀ ਦਿਤੀ ਹੈ । ਆਪ ਜੀ ਲਗਭਗ ੪੫ ਬਰਸ ਤੋਂ ਮੇਰੇ ਪਰਮ ਮਿਤ੍ਰ ਰਹੇ ਹਨ। ਆਪ ਜੀ ਦਾ ਪੰਥਕ ਪਯਾਰ, ਧਾਰਮਿਕ ਜੀਵਨ ਸ੍ਰੇਸ਼ਟਾਚਾਰ ਤੇ ਮਿਲਨਸਾਰੀ ਇਤਨੇ ਗੁਣ ਸਨ ਜਿਨ੍ਹਾਂ ਦੀ ਮਹਿਮਾ ਕਹੀ ਨਹੀਂ ਜਾ ਸਕਦੀ । ਆਪ ਜੀ ਲਈ ਤੇ ਪਰਿਵਾਰ ਲਈ ਉਨ੍ਹਾਂ ਦਾ ਅਕਾਲ ਚਲਾਣਾ ਭਾਰੀ ਸਦਮਾ ਤੇ ਟੋਟਾ ਹੈ ਪਰ ਮਿਤ੍ਰ ਮਡਲ ਵਿਚ ਤੇ ਪੰਥ ਸੇਵਾ ਦੇ ਦਾਇਰੇ ਵਿਚ ਬੀ ਆਪ ਦਾ ਵਿਛੋੜਾ ਨਾ ਪੂਰਾ ਹੋ ਸਕਣ ਵਾਲਾ ਘਾਟਾ ਹੈ । ਇਨਸਾਨਾਂ ਨਾਲ ਜਗਤ ਭਰਿਆ ਪਿਆ ਹੈ । ਪ੍ਰੰਤੂ ਇਸ ਖੂਬੀ ਤੇ ਇਨ੍ਹਾਂ ਗੁਣਾਂ ਵਾਲੇ ਇਨਸਾਨ ਜੈਸੇ ਕਿ ਆਪ ਜੀ ਦੇ ਬਜ਼ੁਰਗ ਪਿਤਾ ਜੀ ਸਨ ਦੁਰਲਭ ਹਨ ਤੇ ਸਿੱਖਾਂ ਵਿਚ ਤਾਂ ਬੜਾ ਤੋਟਾ ਆ ਰਿਹਾ ਹੈ। ਸੁਹਣੀਆਂ ਸੁਹਣੀਆਂ ਵਯਕਤੀਆਂ ਯਕੇ ਬਾਦ ਦੀਗਰੇ ਟੁਰੀਆਂ ਜਾ ਰਹੀਆਂ ਹਨ।
ਪਰ ਪਯਾਰੇ ਜੀਓ, ਏਹ ਸਾਰੇ ਖੇਲ ਕਰਤਾ ਪੁਰਖ ਜੀ ਦੇ ਹੁਕਮ ਵਿਚ ਵਰਤ ਰਹੇ ਹਨ ਜਿਨ੍ਹਾਂ ਦੇ ਭਾਣੇ ਦੀ ਸੋਝੀ ਕਠਨ ਹੈ -- ਮਹਾਰਾਜ ਜੀ ਦਾ ਵਾਕ ਹੈ - 'ਬਿਖਮ ਤੇਰਾ ਹੈ ਭਾਣਾ' । ਉਸ ਸਿਰਜਨਹਾਰ ਦੇ ਕਿਸੇ ਅਪਨੇ ਪ੍ਰਬੰਧ ਤੇ ਵੀਚਾਰ ਵਿਚ ਜੀਵ ਆਉਂਦੇ ਤੇ ਉਸੇ ਦੇ ਦੇਸ ਚਲੇ ਜਾਂਦੇ ਹਨ । ਉਹ ਸਾਡਾ ਪਿਤਾ ਹੈ, ਮਿੱਤਰ ਹੈ, ਸਖਾ ਹੈ ਬੰਧਪ ਹੈ ਉਸ ਦੇ ਕਰਣੇ ਭਲੇ ਹੁੰਦੇ ਹਨ, ਪਰ ਸਾਡੀ ਸਮਝ ਛੋਟੀ ਹੋਣ ਕਰ ਕੇ ਉਸ ਦੇ ਭੇਤਾਂ ਨੂੰ ਲਖ ਨਹੀਂ ਸਕਦੀ । ਅਸੀ ਅਪਨੇ ਪਯਾਰਾਂ ਨੂੰ ਤੇ ਅਪਨੇ ਵਿਗੋਚਿਆਂ ਨੂੰ ਵੇਖ ਵੇਖ ਕੇ ਉਦਾਸ ਹੁੰਦੇ ਹਾਂ । ਪਰ ਸਤਿਗੁਰੂ ਜੀ ਚਾਹੁੰਦੇ ਹਨ ਕਿ ਅਸੀ ਉਸ ਪਯਾਰ ਸੋਮੇ ਦੀ ਰਜਾ ਵਿਚ ਅਪਨੀ ਮਰਜ਼ੀ ਮੇਲੀਏ ਤੇ ਇਸ ਤਰ੍ਹਾਂ ਉਸ ਦੀ ਮੇਹਰ ਦੇ ਭਾਗੀ ਬਣੀਏ । ਆਪ, ਫੁਰਮਾਉਂਦੇ ਹਨ ਕਿ ਵਾਹਿਗੁਰੂ ਸਾਡਾ ਮਿਤ੍ਰ ਹੈ - 'ਮੀਤ ਹਮਾਰਾ ਅੰਤਰਜਾਮੀ' ॥ ਫਿਰ ਫ਼ੁਰਮਾਉਂਦੇ ਹਨ : - 'ਮੀਤ ਕੇ ਕਰਤਬ ਕੁਸਲ ਸਮਾਨਾ' ॥ ਇਸ ਕਰ ਕੇ ਦਸਦੇ ਹਨ ਕਿ 'ਮੀਤੁ ਕਰੈ ਸੋਈ ਹਮ ਮਾਨਾ' ॥ ਜੋ ਕੁਛ ਮਿਤ੍ਰ ਕਰਦਾ
ਹੈ ਅਸੀ ਉਸ ਨੂੰ ਸਿਰ ਮਥੇ ਤੇ ਤਸਲੀਮ ਕਰਦੇ ਹਾਂ । ਇਹੋ ਟੇਕ ਆਪ ਜੀ ਧਾਰਦੇ ਹਨ --- ਏਕਾ ਟੇਕ ਮੇਰੇ ਮਨ ਚੀਤ ॥ ਜਿਸ ਕਿਛੁ ਕਰਣਾ ਸੁ ਹਮਰਾ ਮੀਤ ॥
ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਨੀ ਮੇਹਰ ਦ੍ਰਿਸ਼ਟੀ ਨਾਲ ਬਖਸ਼ੇ ਹੋਏ ਮਹਾਂ- ਪੁਰਖਾਂ ਦੇ ਵੰਸ਼ਜ਼ ਹੋ । ਇਸ ਤਰ੍ਹਾਂ ਗੁਰੂ ਕ੍ਰਿਪਾ ਦੇ ਸੁਪਾਤ੍ਰ ਹੋ, ਆਪ ਦੀਆਂ ਅੱਖਾਂ ਦੇ ਅਗੇ ਅਪਨੇ ਬਜ਼ੁਰਗ ਪਿਤਾ ਜੀ ਦਾ ਧਾਰਮਕ ਜੀਵਨ ਲੰਘਿਆ ਹੈ । ਆਪ ਇਸ ਪ੍ਰਯਤਨ ਵਿਚ ਹੋਸੋ ਕਿ ਆਪ ਵਾਹਿਗੁਰੂ ਜੀ ਦੇ ਅਮਿਟ ਭਾਣੇ ਵਿਚ ਅਪਨੀ ਮਰਜ਼ੀ ਨੂੰ ਇਕ ਸ੍ਵਰ ਕਰੋ । ਗੁਰੂ ਆਪ ਦਾ ਸਹਾਈ ਹੋਵੇ । ਮੇਰੀ ਅਰਦਾਸ ਹੈ ਕਿ ਵਾਹਿਗੁਰੂ ਜੀ ਤੇ ਬਖ਼ਸ਼ਸਾਂ ਕਰਨ ਵਾਲੇ ਛੇਵੇਂ ਤੇ ਦਸਵੇਂ ਪਾਤਸ਼ਾਹ ਜੀ ਆਪ ਦੇ ਸਹਾਈ ਹੋਣ ਤੇ ਆਪ ਅਪਨੇ ਪਰਿਵਾਰ ਨੂੰ ਸੰਭਾਲੋ ਤੇ ਸੁਖ ਬਖ਼ਸ਼ੋ ਜੋ ਸਾਰੇ ਹੁਣ ਆਪ ਦੇ ਆਸ੍ਰਿਤ ਹਨ। ਮੇਰੀ ਅਰਦਾਸ ਹੈ ਅਰ ਦਿਲੀ ਅਰਦਾਸ ਹੈ ਕਿ ਆਪ ਜੀ ਨੂੰ ਗੁਰੂ ਬਲ ਬਖ਼ਸੇ ਕਿ ਆਪ ਅਪਨੇ ਸੰਤ ਪਿਤਾ ਜੀ ਦੇ ਨਕਸ਼ੇ ਕਦਮ ਤੇ ਟੁਰੋ । ਆਪ ਦਾ ਜੀਵਨ ਗੁਰਮੁਖ ਜੀਵਨ ਹੋਵੇ, ਆਪ ਨਾਮ ਅਭਿਯਾਸੀਆਂ ਦੇ ਵੰਸ਼ ਵਿਚੋਂ ਹੋ, ਆਪ ਤੇ ਵਾਹਿਗੁਰੂ ਨਾਮ ਦੀ ਦਾਤ ਵਾਫ਼ਰ ਕਰੇ, ਆਪ ਜਪੋ ਤੇ ਅਪਨੇ ਪੀੜ੍ਹੀਆਂ ਤੋਂ ਮਗਰੋਂ ਲਗੇ ਆ ਰਹੇ ਸਿੱਖਾਂ ਨੂੰ ਨਾਮ ਜਪਾਵੇ । ਆਪ ਵਿਚ ਇਤਨਾ ਆਤਮ ਬਲ ਉਪਜੇ ਕਿ ਆਪ ਸਾਰੀ ਸਿੱਖੀ ਵਿਚ ਨਾਮ ਬਾਣੀ ਦਾ ਪਲੂ ਫੇਰ ਦਿਓ। ਹਜ਼ਾਰਾਂ ਜੀਵ ਆਪ ਦੇ ਹੱਥੋਂ ਅੰਮ੍ਰਿਤ ਛਕਣ ਨੂੰ ਲੋਚਣ ਜਿਵੇਂ ਆਪ ਦੇ ਪਿਤਾ ਜੀ ਤੋਂ ਛਕਣ ਨੂੰ ਲੋਕੀ ਲੋਚਦੇ ਸਨ।
ਬਰਖ਼ੁਰਦਾਰ ਜੀਓ ! ਜਗਤ ਸਦਾ ਨਹੀਂ ਤੇ ਹੁਣ ਹੀ ਇਤਨੇ ਬਜ਼ੁਰਗ ਵਯਕਤੀ ਦੇ ਟੁਰ ਜਾਣ ਨਾਲ ਜੈਸੀ ਕਿ ਆਪ ਦੇ ਪਿਤਾ ਜੀ ਦੀ ਸੀ ਸਾਮਰਤਖ ਨਜ਼ਰ ਆ ਰਿਹਾ ਹੈ ਕਿ ਜਗਤ ਦਾ ਜੀਵਨ ਸੁਪਨੇ ਮਾਤ੍ਰ ਹੈ। ਇਸ ਵਿਚ ਆ ਕੇ ਜਿਸ ਕਿਸੇ ਨੇ ਨਾਮ ਜਪ ਲਿਆ ਜਪਾ ਲਿਆ ਤੇ ਜਗਤ ਨੂੰ ਸੁਖ ਦੇ ਲਿਆ ਉਹ ਲਾਹਾ ਲੈ ਗਿਆ ਹੈ । ਸ੍ਰੀ ਗੁਰੂ ਜੀ ਦਾ ਫ਼ੁਰਮਾਨ ਹੈ -
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ
ਜੋ ਆਪ ਜਪੈ ਅਵਰਹ ਨਾਮੁ ਜਪਾਵੈ ॥
ਜਪਣ ਤੇ ਜਪਾਉਣ ਦਾ ਕਰ ਸਤਗੁਰਾਂ ਆਪ ਦੇ ਖ਼ਾਨਦਾਨ ਦੇ ਸਿਰ ਧਰਿਆ ਹੈ, ਦੇਗ਼ ਬਖ਼ਸ਼ੀ ਹੈ ਤੇ ਸਦਾ ਅੰਗ ਸੰਗ ਰਹੇ ਹਨ। ਮੇਰੀ ਅਰਦਾਸ ਹੈ ਕਿ ਉਹ ਸਤਿਗੁਰੂ ਆਪ ਵਿਚ ਉਹੋ ਬਲ ਬਖ਼ਸ਼ੇ ਉਹੋ ਆਤਮ-ਸਤਯਾ ਦਾਨ ਕਰੇ, ਉਹੋ ਬਰਕਤ ਪਾਵੇ ਕਿ ਆਪ ਸਿੱਖੀ ਪ੍ਰਚਾਰ ਵਿਚ, ਜਗਤ ਦੇ ਉਧਾਰ ਵਿਚ ਧਰਮ ਧੁਜਾ ਹੋ ਕੇ ਖੜੇ ਹੋਵੋ ।
ਲਾਲ ਜੀਓ ! ਅਪਨੇ ਆਪ ਨੂੰ ਜਗਤ ਵਿਚ ਇਕੱਲੇ Feel ਨਾ ਕਰੋ, ਆਪ ਦੇ ਪਿਤਾ ਪਿਤਾਮਾ ਗੁਰੂ ਬਖ਼ਸ਼ਸ਼ ਵਾਲੇ ਸਾਰੇ ਸਿਰ ਤੇ ਖੜੇ ਹਨ । ਆਪ ਕਮਰਕਸਾ ਕਰੋ ਤੇ ਉਹ ਗੁਰੂ ਸੇਵਾ ਦੀ ਕਾਰ ਸੰਭਾਲੇ । ਜਪੋ ਤੇ ਜਪਾਵੋ । ਗੁਰੂ ਸੱਚਾ ਪਾਤਸ਼ਾਹ ਆਪ ਦੇ ਅੰਗ ਸੰਗ ਹੋਵੇ ਮੇਰੇ ਯੋਗ ਕੋਈ ਸੇਵਾ ਹੋਵੇ ਤਾਂ ਦਸੀਓ ।
ਆਪ ਜੀ ਦਾ ਹਿਤਕਾਰੀ
ਵੀਰ ਸਿੰਘ
53
ਅੰਮ੍ਰਿਤਸਰ ਜੀ
१੭,१.४੭
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਯਾਰੇ ਜੀਓ ਜੀ
ਕਲ ਆਪ ਦੀ ਅਤਿ ਸ਼ੋਕ ਦਾਇਕ ਤਾਰ ਪੁਜੀ ਸੀ । ਬਰਖੁਰਦਾਰ ….. ਸਿੰਘ ਜੀ ਦੇ ਇਸ ਤਰ੍ਹਾਂ ਪਰਦੇਸ ਵਿਚ ਇਸ ਉਮਰੇ ਅਕਾਲ ਚਲਾਣੇ ਦੀ ਖ਼ਬਰ ਵਾਚ ਕੇ ਬਹੁਤ ਚਿਤ ਅਜੀਬ ਹਾਲਤ ਵਿਚ ਗਿਆ । ਵਾਹਿਗੁਰੂ ਜੀ ਦੇ ਬਿਖਮ ਭਾਣੇ ਤੇ ਕੌਤਕ ਵੇਖ ਕੇ ਚਿਤ ਇਹੋ ਆਖਦਾ ਸੀ ਵਾਹਿਗੁਰੂ ਹੀ ਮੇਹਰ ਕਰੋ ਤੇ ਸਾਰੇ ਜੀਵਾਂ ਤੇ ਅਪਨਿਆਂ ਦਰ ਢਠਿਆਂ ਦੀ ਲਾਜ ਰਖੇ । ਬਿਰਦ ਬਾਣੇ ਦੀ ਲਾਜ ਓਸੇ ਨੂੰ ਹੈ । ਕਲ ਹੀ ਤਾਰ ਆਪ ਨੂੰ ਪਾਈ ਸੀ । ਆਸ ਹੈ ਪੁਜ ਗਈ ਹੋਸੀ । ਜਿਸ ਵਿਚ ਇਹ ਅਰਦਾਸ ਹੀ ਲਿਖੀ ਸੀ ।
ਪਰਮ ਸ਼ੋਕ ਹੈ । ਵਾਹਿਗੁਰੂ ਵਿਛੁੜੀ ਆਤਮਾਂ ਨੂੰ ਸ਼ਾਂਤੀ ਸੁਖ ਬਖ਼ਸ਼ੇ, ਤੇ ਆਪ ਸਾਰਿਆਂ ਜੋਗ ਭਾਣਾ ਮੰਨਣ ਦਾ ਬਲ ਬਖ਼ਸ਼ੇ ।
ਮੈਂ ਹੋਰ ਕੀਹ ਲਿਖਾਂ, ਆਪ ਸਿਆਣੇ ਬੀ ਹੋ, ਨਾਮ ਪ੍ਰੇਮੀ ਬੀ ਹੋ । ਗੁਰੂ ਨੇ ਬਾਣੀ ਦਾ ਬਲ ਬਖ਼ਸ਼ਿਆ ਹੋਇਆ ਹੈ, ਹੋਰ ਬਲ ਬਖ਼ਸ਼ੇ ਤੇ 'ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਗੇ' ॥ ਦੇ ਰੰਗ ਗੁਰੂ ਬਖ਼ਸ਼ੇ ।
ਬੀਬੀ ਜਿਸ ਨੂੰ ਇਸ ਵਿਛੋੜੇ ਨਾਲ ਅਪਨੇ ਜੀਵਨ ਵਿਚ ਭਾਰੀ ਵਿਲਖਣਤਾ ਭਾਸਣੀ ਹੈ ਉਸ ਦੇ ਆਪ ਤੇ ਆਪ ਦਾ ਪਰਿਵਾਰ ਹੀ ਸਹਾਰਾ ਹੋ । ਸਾਰੇ ਸਨਬੰਧੀਆਂ ਨੇ ਆਪ ਤੋਂ ਆਸਰਾ ਓਟ ਤੇ ਤਸੱਲੀ ਮੰਗਣੀ ਹੈ ।
ਆਪ ਨੂੰ ਗੁਰੂ ਬਲ ਬਖ਼ਸ਼ੇ ਕਿ ਨਾ ਕੇਵਲ ਆਪ ਝਲ ਸਕੇ ਤੇ ਭਾਣੇ ਵਿਚ ਰਹਿ ਸਕੋ ਸਗੋਂ ਐਸੇ ਤਕਵੇ ਵਿਚ ਤੇ ਮਨ ਦੀ ਤਾਕਤ ਵਿਚ ਗੁਰੂ ਰਖੇ ਕਿ ਸਭ ਨੂੰ ਆਸਰਾ ਧੀਰਜ ਤੇ ਤਸੱਲੀ ਦੇ ਸਕੋ । ਆਪ ਲਈ ਇਹੋ ਅਰਦਾਸ ਹੈ ਤੇ ਅਰਦਾਸ ਹੀ ਫਕੀਰਾਂ ਪਾਸ ਆਸ ਤਕੀਆ ਹੈ ।
ਕਾਕਾ ਤੇ ਬੀਬੀ ਕਲਕੱਤੇ ਟੁਰ ਗਏ ਹੋਣਗੇ ਕਿ ਤਾਰ ਟੁਰਨ ਤੋਂ ਪਹਿਲੋਂ ਅਪੜ ਪਈ ਸੀ ।
ਮੈਂ ਇਸ ਵਿਯੋਗ ਤੇ ਵਿਛੋੜੇ ਵਿਚ ਕੁਛ ਕਰ ਸਕਾਂ ਤਾਂ ਲਿਖਿਆ ਜੇ, ਮੇਰੀ ਦਿਲੀ ਹਮਦਰਦੀ ਤੇ ਪਯਾਰ ਸਾਰੇ ਪਰਿਵਾਰ ਨਾਲ ਹੈ ।
ਵਾਹਿਗੁਰੂ ਜਿਸ ਦੇ ਹੁਕਮ ਵਿਚ ਖੇਚਲ ਆਈ ਹੈ ਬੀਬੀ ਦਾ ਆਪ ਰਖਵਾਲਾ ਤੇ ਸਹਾਈ ਹੋਵੇ ।
ਆਪ ਦਾ ਅਪਨਾ
ਵੀਰ ਸਿੰਘ
ਸਰਦਾਰ ਜੀ ਅਜੇ ਵੱਲ ਨਹੀਂ ਹੋਏ, ਮੈਨੂੰ ਹਰ ਵੇਲੇ ਉਧਰ ਦੀ ਤਾਂਘ ਤੇ ਰੁਝੇਵਾਂ ਰਹਿੰਦਾ ਹੈ । ਗੁਰੂ ਸੱਚਾ ਪਾਤਸ਼ਾਹ ਮੇਹਰ ਕਰੇ ਤੇ ਆਰਾਮ ਬਖ਼ਸ਼ੇਂ ।
54
ਅੰਮ੍ਰਿਤਸਰ
१.४.४੭
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਯਾਰੇ ਸਰਦਾਰ ਜੀਓ
ਆਪ ਜੀ ਦੇ ਰਿਸ਼ਤੇਦਾਰਾਂ ਉਤੇ ਜੋ ਅਤਯੰਤ ਦੁਖਦਾਈ ਘਟਨਾ ਵਾਪਰੀ ਹੈ ਰਾਤ ਅਖ਼ਬਾਰ ਵਿਚ ਪੜ੍ਹੀ ਹੈ । ਜਿਸ ਨੂੰ ਪੜ੍ਹ ਕੇ ਚਿਤ ਨੂੰ ਮਹਾਨ ਖੇਦ ਹੋਇਆ । ਇਕ ਸਨਬੰਧੀ ਘਰ ਦੇ ਗੁਜਰ ਗਿਆ ਤਾਂ ਮਹਾਨ ਸ਼ੋਕ ਵਾਪਰਦਾ ਹੈ ਆਪ ਦੇ ਅੱਸੀ ਰਿਸ਼ਤੇਦਾਰ ਇਕਦੰਮ ਸ਼ਹੀਦ ਹੋ ਗਏ ਜੋ ਸਦਮਾ ਇਤਨੀ ਸਟ ਦਾ ਹੋ ਸਕਦਾ ਹੈ ਅੰਦਾਜ਼ਾ ਲਾ ਸਕਨਾ ਕਠਨ ਹੈ । ਪਰ ਆਪ ਜੀ ਅਚਰਜ ਸਹਿਨਸ਼ੀਲਤਾ ਨਾਲ ਝਲ ਰਹੇ ਹੋ ।
ਵਾਹਿਗੁਰੂ ਜੀ ਦਾ ਭਾਣਾ ਕਿਸੇ ਕਿਸੇ ਵੇਲੇ ਅਤਿ ਬਿਖਮ ਹੋ ਕੇ ਵਰਤਦਾ ਹੈ । ਉਥੇ ਭਾਣੇ ਦੇ ਸਾਈਂ ਅਗੇ ਅਰਦਾਸ ਹੈ ਕਿ ਆਪ ਜੀ ਨੂੰ ਅਪਨੇ ਦਰੋਂ ਘਰੋਂ ਹੋਰ ਸਹਾਰਾ ਬਖ਼ਸ਼ੇ । ਤੇ ਜਿਤਨਾ ਕਠਨ ਭਾਣਾ ਉਸ ਦਾਤੇ ਨੇ ਘਲਿਆ ਹੈ ਉਤਨਾ ਹੀ ਵਡਾ ਜਿਗਰਾ ਤੇ ਸੰਤੋਖ ਦਾਨ ਕਰੋ ਤੇ ਆਪ ਦੇ ਵਿਛੁੜੇ ਦਿਲ ਉਤੇ ਆਪ ਅਪਨੇ ਪਿਆਰ ਦੀ ਮਰਹਮ ਲਗਾਵੇ । ਨਾਲ ਹੀ ਇਹ ਅਰਦਾਸ ਉਸ ਦੇ ਚਰਨਾਂ ਵਿਚ ਹੈ ਕਿ ਵਿਛੁੜੇ ਸਾਰੇ ਸਨਬੰਧੀਆਂ ਦੀ ਆਤਮਾ ਨੂੰ ਅਪਨੇ ਚਰਨਾਂ ਵਿਚ ਨਿਵਾਸ ਬਖ਼ਸ਼ੇ, ਜਿਨ੍ਹਾਂ ਨੂੰ ਕਿ ਕੇਵਲ ਅਪਨੇ ਧਰਮ ਦੀ ਖ਼ਾਤਰ ਇਸ ਭਯਾਨਕ ਘਟਨਾ ਨਾਲ ਸਰੀਰ ਤਯਾਗਨੇ ਪਏ ਹਨ। ਸ਼ਹੀਦਾਂ ਦਾ ਸਿਰਤਾਜ ਕਲਗੀਆਂ ਵਾਲਾ ਪਾਤਸ਼ਾਹ ਉਨ੍ਹਾਂ ਦੀ ਆਤਮਾਂ ਦਾ ਆਪ ਸਹਾਈ ਹੋਵੇ ।
ਆਪ ਦਾ ਹਿਤਕਾਰੀ
ਵੀਰ ਸਿੰਘ
55
ਅੰਮ੍ਰਿਤਸਰ ਜੀ
५. ੬.४੭
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਵਿਤ੍ਰਾਤਮਾਂ ਜੀਓ
ਆਪ ਦਾ ਪੱਤਰ ਦੋ ਜੂਨ ਦਾ ਅਜ ਪੁਜਾ। ਡਾਕਾਂ ਦੇ ਹਾਲ ਏਥੇ ਬਹੁਤ ਖ਼ਰਾਬ ਹਨ । ਡਾਕਖਾਨੇ ਵਾਲੇ ਵੰਡਣ ਨਹੀਂ ਆਉਂਦੇ। ਕਦੇ ਕੋਈ ਹਮਸਾਯਾ ਲੈ ਆਯਾ ਕਦੇ ਕੋਈ ਅਪਨਾ ਆਦਮੀ ਲੈ ਆਯਾ, ਕਦੇ ਖ਼ਤ ਤੀਏ ਚੌਥੇ ਦਿਨ ਕਦੇ ਪੰਦਰਾਂ ਵੀਹ ਦਿਨ ਬਾਦ ਮਿਲੇ । ਕਦੇ ਕੋਈ ਨਾ ਮਿਲੇ, ਗੜਬੜ ਰਹਿੰਦੀ ਹੈ ।
ਅਜ ਆਦਮੀ ਜਾ ਕੇ ਡਾਕ ਲਿਆਯਾ ਹੈ ਤਾਂ ਆਪ ਦਾ ਪੱਤ੍ਰ ਮਿਲਿਆ ਹੈ।
ਆਪ ਦੇ ਬਜ਼ੁਰਗ ਪਿਤਾ ਜੀ ਦੇ ਚਲਾਣੇ ਦੀ ਖ਼ਬਰ ਪਹੁੰਚੀ ਹੈ, ਚਲਣਾ ਤਾਂ ਸਭ ਕਿਸੇ ਹੈ, ਵਾਰੀ ਬੀ ਨਹੀਂ ਅਟਕਦੀ । ਹੁਕਮ ਦੀ ਖੇਲ ਹੈ। ਪਰ ਗੁਰਮੁਖਾਂ ਦਾ ਸੰਸਾਰ ਤੋਂ ਚਲ ਬਸਨਾ ਸੰਸਾਰ ਲਈ ਬੜੇ ਘਾਟੇਵੰਦੇ ਦਾ ਕੰਮ ਹੈ, ਮੇਰੀ ਸਿਆਣ ਆਪ ਜੀ ਦੇ ਸੰਤ ਪਿਤਾ ਜੀ ਨਾਲ ਕੋਈ ਪੰਜਾਹ ਵਰਹੇ ਤੋਂ ਘਟ ਦੀ ਨਹੀਂ ਹੋਣੀ ਆਪ ਜੀ ਨੇ ਪਹਿਲੇ ਪੰਥ ਸੇਵਾ ਤੇ ਫੇਰ ਸਿਮਰਣ ਵਿਚ ਜੀਵਨ ਸਫਲਾ ਕੀਤਾ ਹੈ । 'ਸੇਵਕ ਕੀ ਓੜਕ ਨਿਬਹੀ ਪ੍ਰੀਤ' ਵਾਲਾ ਵਾਕ ਪੂਰਨ ਹੋਇਆ ਹੈ । ਗੁਰੂ ਅਪਨੇ ਚਰਨ ਸਰਨ ਨਿਵਾਸ ਬਖ਼ਸ਼ੇ ।
ਆਪ ਨੂੰ ਵਿਛੋੜਾ ਹੈ ਪਿਤਾ ਦਾ ਤੇ ਵਿਛੋੜਾ ਹੈ ਸਤਿਸੰਗ ਦਾ, ਪਰ ਹੁਕਮ ਵਿਚ ਹੈ। ਵਾਹਿਗੁਰੂ ਅੰਗ ਸੰਗ ਰਹੇ, ਭਾਣਾ ਮਿਠਾ ਕਰ ਲੁਆਵੇ, ਮੇਰੀ ਦਿਲੀ ਹਮਦਰਦੀ ਆਪ ਨਾਲ ਤੇ ਸਾਰੇ ਪਰਵਾਰ ਨਾਲ ਹੈ।
ਗੁਰੂ ਅੰਗ ਸੰਗ ।
ਏਥੇ ਸ਼ਹਿਰ ਦੀ ਹਾਲਤ ਚੰਗੀ ਨਹੀਂ ਹੋਈ । ਪਹਿਰੇ ਰਾਖੀਆਂ ਹੈਨ, ਪਰ ਮਾੜੇ ਲੋਗ ਅਜੇ ਟਲਦੇ ਨਹੀਂ । ਗੁਰੂ ਕ੍ਰਿਪਾ ਨਾਲ ਇਥੇ ਅਸੀਂ ਸੁਖ ਸਹਿਤ ਹਾਂ।
ਆਪ ਦੇ ਦਰਦ ਵਿਚ ਦਰਦੀ
ਵੀਰ ਸਿੰਘ
ਇਸ ਵਿਯੋਗ ਵਿਚ ਮੈਂ ਕੋਈ ਸਹਾਯਤਾ ਕਰ ਸਕਾਂ ਤਾਂ ਲਿਖਣੋਂ ਸੰਕੋਚ ਨਾ ਕਰਨਾ । ਸੰਤਾਂ ਦੀ ਬਿਮਾਰੀ ਦੀ ਪਤ੍ਰਿਕਾ ਪੁਜ ਤਾਂ ਗਈ ਸੀ, ਪਰ ਇਥੇ ਹਾਲਾਤ ਐਸੇ ਵਰਤਦੇ ਰਹੇ ਹਨ ਕਿ ਉਤਰ ਨਹੀਂ ਦੇ ਸਕੇ ।
56
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ
ਪਵਿਤ੍ਰਾਤਮਾ ਜੀਓ
ਸਭ ਪ੍ਰਕਾਰ ਕੁਸ਼ਲ ਹੈ। ਆਸ ਹੈ ਸੰਸਾਰ ਦੇ ਭੁਚਾਲਾਂ ਵਿਚ ਨਾਮ ਦਾ ਨਿੱਕਾ ਜਿਹਾ ਕਿਣਕਾ ਅਡੋਲ ਚਮਕਦਾ ਹੋਸੀ ।
ਨਾਲ ਕੁਛ ਨਹੀਂ ਜਾਣਾ ਸਿਵਾ ਨਾਮ ਦੇ । ਨਾਮ ਦੇ ਰੰਗ ਦੇ ਬਿਨਾ ਸਭ ਰੰਗ ਕੂੜਾਵੇ ਹਨ ਤੇ ਰਹ ਜਾਣ ਵਾਲੇ ਹਨ । ਗੁਰੂ ਮੇਹਰ ਕਰੇ ਤੇ ਸਦਾ ਅੰਗ ਸੰਗ ਰਹੇ ਤੇ ਕਿਸੇ ਡਕੋ ਡੋਲੇ ਵਿਚ ਤਤਾ ਝੋਲਾ ਨਾ ਲੱਗਣ ਦੇਵੇ । ਨਾਮ ਜਪਣ ਵਾਲੇ ਅੰਦਰੋਂ ਖਿੜੇ ਰਹਣੇ ਚਾਹਯੇ । ਹਿਰਦਾ ਕਮਲ ਸਦਾ ਖੇੜੇ ਵਿਚ ਦਾਹਯੋ । ਦਿਲ ਦਿਲਗੀਰੀ ਰਖ ਕੇ ਨਾਮ ਜਪਨਾ ਤੇ ਵਾਹਗੁਰੂ ਨੂੰ ਯਾਦ ਕਰਨਾ ਚੰਗਾ ਨਹੀਂ ਹੁੰਦਾ ।
ਬਾਹਰ ਸੂਤ ਸਗਲ ਸਿਉ ਮਉਲਾ
ਅਲਿਪਤ ਰਹਉ ਜੈਸੇ ਜਲ ਮੇ ਕਉਲਾ ॥
ਦਿਲ ਸੁਖੀ ਰਹਕੇ ਵਾਹਗੁਰੂ ਦੇ ਪਯਾਰ ਤੇ ਸ਼ੁਕਰ ਵਿਚ ਰਹਕੇ ਅੰਦਰਲੋ ਕਮਲ ਨੂੰ ਸਦਾ ਖੇੜੇ ਵਿਚ ਰਖ ਕੇ ਨਾਮ ਜਪੇ ਉਹੋ ਪਾਰਗ੍ਰਾਮੀ ਹੁੰਦਾ ਹੈ । ਇਹ ਬਹੂੰ ਬਹੂੰ ਤਾਕੀਦ ਹੈ ਤੇ ਬਹੂੰ ਹੀ ਪਯਾਰ ਨਾਲ ਤਾਕੀਦ ਹੈ ਕਿ ਸ਼ੁਕਰ ਵਿਚ ਰਹਨਾ ਚਾਹਯੇ। ਕਦੇ ਵਾਹਗੁਰੂ ਵਲ ਨਾਸ਼ੁਕਰੀ ਤੇ ਉਦਾਸੀ ਨਹੀਂ ਠੀਕ । ਉਹ ਜੋ ਕੁਛ ਕਰਦਾ ਹੈ ਭਲੇ ਲਈ ਕਰਦਾ ਹੈ ਤੇ ਓਹ ਅੰਗ ਸੰਗ ਵਸਦਾ ਹੈ ਤੇ ਅਪਨੀ ਗੋਦ ਵਿਚ ਖਿਡਾਂਦਾ ਹੈ । ਜੇ ਅੱਖਾਂ ਨਹੀਂ ਦੇਖ ਸਕਦੀਆਂ ਤਾਂ ਮਨ ਦੇਖ ਸਕਦਾ ਹੈ ਪਰ ਮਨ ਤਾਂ ਵੇਖਨਾ ਹੈ ਜੇ ਉਸ ਦੇ ਪਯਾਰ ਤੇ ਸ਼ੁਕਰ ਤੇ ਸੁਖ ਤੇ ਖੇੜੇ ਵਿਚ ਰਹੇ। ਇਹੀ ਸਤਗੁਰ ਦੀ ਸਿਖਯਾ ਹੈ ਜੋ ਸਾਨੂੰ ਗੁਰੂ ਜੀ ਤੋਂ ਮਿਲਦੀ ਹੈ । ਇਸੇ ਪਰ ਕਮਰਬੰਦ ਹੋਣਾ ਠੀਕ ਹੈ।
ਜੋ ਸਾਡੇ ਅੰਦਰ ਰੱਬ ਵਸਦਾ ਹੈ ਸਾਡੇ ਜਲਨ ਨਾਲ ਉਸ ਨੂੰ ਸੇਕ ਲਗਦਾ ਹੈ। ਅਸੀ ਅੰਦਰੋਂ ਸ਼ੁਕਰ ਠੰਢ ਤੇ ਪਯਾਰ ਤੇ ਖ਼ੁਸ਼ੀ ਵਿਚ ਵਸੀਏ ।
ਆਪ ਦੇ ਦਰਦ ਵਿਚ ਦਰਦੀ
ਵੀਰ ਸਿੰਘ