53
ਅੰਮ੍ਰਿਤਸਰ ਜੀ
१੭,१.४੭
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਯਾਰੇ ਜੀਓ ਜੀ
ਕਲ ਆਪ ਦੀ ਅਤਿ ਸ਼ੋਕ ਦਾਇਕ ਤਾਰ ਪੁਜੀ ਸੀ । ਬਰਖੁਰਦਾਰ ….. ਸਿੰਘ ਜੀ ਦੇ ਇਸ ਤਰ੍ਹਾਂ ਪਰਦੇਸ ਵਿਚ ਇਸ ਉਮਰੇ ਅਕਾਲ ਚਲਾਣੇ ਦੀ ਖ਼ਬਰ ਵਾਚ ਕੇ ਬਹੁਤ ਚਿਤ ਅਜੀਬ ਹਾਲਤ ਵਿਚ ਗਿਆ । ਵਾਹਿਗੁਰੂ ਜੀ ਦੇ ਬਿਖਮ ਭਾਣੇ ਤੇ ਕੌਤਕ ਵੇਖ ਕੇ ਚਿਤ ਇਹੋ ਆਖਦਾ ਸੀ ਵਾਹਿਗੁਰੂ ਹੀ ਮੇਹਰ ਕਰੋ ਤੇ ਸਾਰੇ ਜੀਵਾਂ ਤੇ ਅਪਨਿਆਂ ਦਰ ਢਠਿਆਂ ਦੀ ਲਾਜ ਰਖੇ । ਬਿਰਦ ਬਾਣੇ ਦੀ ਲਾਜ ਓਸੇ ਨੂੰ ਹੈ । ਕਲ ਹੀ ਤਾਰ ਆਪ ਨੂੰ ਪਾਈ ਸੀ । ਆਸ ਹੈ ਪੁਜ ਗਈ ਹੋਸੀ । ਜਿਸ ਵਿਚ ਇਹ ਅਰਦਾਸ ਹੀ ਲਿਖੀ ਸੀ ।
ਪਰਮ ਸ਼ੋਕ ਹੈ । ਵਾਹਿਗੁਰੂ ਵਿਛੁੜੀ ਆਤਮਾਂ ਨੂੰ ਸ਼ਾਂਤੀ ਸੁਖ ਬਖ਼ਸ਼ੇ, ਤੇ ਆਪ ਸਾਰਿਆਂ ਜੋਗ ਭਾਣਾ ਮੰਨਣ ਦਾ ਬਲ ਬਖ਼ਸ਼ੇ ।
ਮੈਂ ਹੋਰ ਕੀਹ ਲਿਖਾਂ, ਆਪ ਸਿਆਣੇ ਬੀ ਹੋ, ਨਾਮ ਪ੍ਰੇਮੀ ਬੀ ਹੋ । ਗੁਰੂ ਨੇ ਬਾਣੀ ਦਾ ਬਲ ਬਖ਼ਸ਼ਿਆ ਹੋਇਆ ਹੈ, ਹੋਰ ਬਲ ਬਖ਼ਸ਼ੇ ਤੇ 'ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਗੇ' ॥ ਦੇ ਰੰਗ ਗੁਰੂ ਬਖ਼ਸ਼ੇ ।
ਬੀਬੀ ਜਿਸ ਨੂੰ ਇਸ ਵਿਛੋੜੇ ਨਾਲ ਅਪਨੇ ਜੀਵਨ ਵਿਚ ਭਾਰੀ ਵਿਲਖਣਤਾ ਭਾਸਣੀ ਹੈ ਉਸ ਦੇ ਆਪ ਤੇ ਆਪ ਦਾ ਪਰਿਵਾਰ ਹੀ ਸਹਾਰਾ ਹੋ । ਸਾਰੇ ਸਨਬੰਧੀਆਂ ਨੇ ਆਪ ਤੋਂ ਆਸਰਾ ਓਟ ਤੇ ਤਸੱਲੀ ਮੰਗਣੀ ਹੈ ।
ਆਪ ਨੂੰ ਗੁਰੂ ਬਲ ਬਖ਼ਸ਼ੇ ਕਿ ਨਾ ਕੇਵਲ ਆਪ ਝਲ ਸਕੇ ਤੇ ਭਾਣੇ ਵਿਚ ਰਹਿ ਸਕੋ ਸਗੋਂ ਐਸੇ ਤਕਵੇ ਵਿਚ ਤੇ ਮਨ ਦੀ ਤਾਕਤ ਵਿਚ ਗੁਰੂ ਰਖੇ ਕਿ ਸਭ ਨੂੰ ਆਸਰਾ ਧੀਰਜ ਤੇ ਤਸੱਲੀ ਦੇ ਸਕੋ । ਆਪ ਲਈ ਇਹੋ ਅਰਦਾਸ ਹੈ ਤੇ ਅਰਦਾਸ ਹੀ ਫਕੀਰਾਂ ਪਾਸ ਆਸ ਤਕੀਆ ਹੈ ।
ਕਾਕਾ ਤੇ ਬੀਬੀ ਕਲਕੱਤੇ ਟੁਰ ਗਏ ਹੋਣਗੇ ਕਿ ਤਾਰ ਟੁਰਨ ਤੋਂ ਪਹਿਲੋਂ ਅਪੜ ਪਈ ਸੀ ।