ਮੁੱਖ ਬੰਧ
ਜੀਵਨ ਅਜਬ ਗੋਰਖਧੰਦਾ ਹੈ, ਦ੍ਵੰਦ ਦਾ ਮਿਲਗੋਭਾ ਜਿਹਾ। ਅਨਕੂਲ ਤੇ ਪ੍ਰਤੀਕੂਲ। ਕਈ ਘਟਨਾਵਾਂ ਵਾਪਰਦੀਆਂ ਹਨ। ਕਈ ਖ਼ੁਸ਼ੀਆਂ ਗਮੀਆਂ ਜ਼ਿੰਦਗੀ ਦੇ ਸਫ਼ਰ ਵਿਚ ਨਾਲ ਹੋ ਤੁਰਦੀਆਂ ਹਨ। ਸੁਖ ਦੁਖ ਜਨਮ ਮਰਨ, ਹਰਖ ਸੋਗ ਆਦਿ ਸਰਬ ਸਾਂਝੇ ਤਜਰਬੇ ਹਨ । ਸੰਸਾਰਕ ਵਾਕਿਆਤ ਨਾਲ ਸੁਰਤ ਦਾ ਲਹਾ ਚੜਾ ਸੁਭਾਵਕ ਹੈ ਤੇ ਅਹਿਸਾਸ ਨਾਲ ਬੱਧਾ ਮਨ 'ਸੀਰਾ ਤਾਤਾ' ਹੁੰਦਾ ਰਹਿੰਦਾ ਹੈ । ਹਾਂ ਕਦੇ.. ਕਿਧਰੇ... ਕੋਈ ਸੱਤਪੁਰਖ ਐਸੇ ਹੁੰਦੇ ਹਨ ਜੋ ਸੱਟ ਤੇ ਸੱਟ ਪੈਣ ਤੇ ਵੀ ਅਹਿਲ ਤੇ ਅਡੋਲ ਖਲੋਤੇ ਆਖਦੇ ਹਨ :
"ਜੋ ਕੁਛ ਹੁੰਦਾ ਹੈ ਹੁਕਮ ਵਿਚ ਹੁੰਦਾ ਹੈ, ਉਦਾਸੀ ਦੀ ਲੋੜ ਨਹੀਂ, ਹੁਕਮ ਸੁਖ ਲਈ ਹੁੰਦਾ ਹੈ ।"
ਉਪਰੋਕਤ ਬਚਨ* ਓਸ ਸੰਤ-ਕਵੀ ਤੇ ਸ਼੍ਰੋਮਣੀ ਸਾਹਿਤਕਾਰ ਦੇ ਹਨ ਜਿਨ੍ਹਾਂ ਨੂੰ ਅਸੀਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਨਾਂ ਨਾਲ ਪਿਆਰਦੇ ਸਤਕਾਰਦੇ ਹਾਂ । ਨੇਕੀ ਦੇ ਪੁੰਜ, ਸ੍ਰੀ ਭਾਈ ਸਾਹਿਬ ਦਾ ਕਿਰਦਾਰ ਓਸ ਗੁਰਸਿਖ ਵਾਂਗ ਹੈ ਜਿਸ ਦੀ ਬਾਬਤ ਇਕ ਮਹਾਂਵਾਕ ਏਸ ਤਰ੍ਹਾਂ ਹੈ :
ਜਨ ਨਾਨਕ ਧੂੜ ਮੰਗੇ ਤਿਸ ਗੁਰਸਿਖ ਕੀ
ਜੋ ਆਪਿ ਜਪੈ ਅਵਰਹ ਨਾਮੁ ਜਪਾਵੈ
ਧੁਰੋਂ ਵਰੋਸਾਏ ਗੁਰਮੁਖ ਪਿਆਰੇ ਭਾਈ ਸਾਹਿਬ, ਇਹ ਉੱਤਮ ਕਾਰ ਕਰਦੇ ਕਰਦੇ ਨਾਲ ਨਾਲ ਚੜ੍ਹਦੀ ਕਲਾ ਦੀ ਪ੍ਰੇਰਨਾਂ ਦੇਂਦੇ ਹਨ । ਖੇੜਾ, ਖਿੜਨਾਂ ਖਿੜਾਣਾਂ ਆਪ ਜੀ ਦੇ ਚਿੰਤਨ ਦਾ ਕੇਂਦਰੀ ਨੁਕਤਾ ਹੈ। ਹਾਂ, ਜੇ ਕਿਧਰੇ ਦੁਖ ਦੇਖਦੇ ਹਨ ਤਾਂ ਸੱਜਲ ਨੇਤਰ, ਆਪ ਦਾ ਦਯਾਲੂ ਹਿਰਦਾ ਪੰਘਰ ਕੇ ਵਗ ਤੁਰਦਾ ਹੈ ।" ਕਹਿੰਦੇ ਹਨ :
ਦੁਨੀਆਂ ਦਾ ਦੁਖ ਦੇਖ ਦੇਖ ਦਿਲ
ਦਬਦਾ ਦਬਦਾ ਜਾਂਦਾ,
*ਪੁਸਤਕ "ਗੁਰਮੁਖ ਸਿਖਿਆ" - ਸਫ਼ਾ 13.
** ਪੁਸਤਕ ਲਹਿਰਾਂ ਦੇ ਹਾਰ - ਸਫ਼ਾ 32 ਕਵਿਤਾ, ਦਰਦ ਦੇਖ ਦੁਖ ਆਦਾ ।
ਅੰਦਰਲਾ ਪੰਘਰ ਵਗ ਟੁਰਦਾ
ਨੈਣੋਂ ਨੀਰ ਵਸਾਂਦਾ,
ਫਿਰ ਬੀ ਦਰਦ ਨ ਘਟੇ ਜਗਤ ਦਾ
ਚਾਹੇ ਆਪਾ ਵਾਰੋ,
ਪਰ ਪੱਥਰ ਨਹੀਂ ਬਣਿਆਂ ਜਾਂਦਾ
ਦਰਦ ਦੇਖ ਦੁਖ ਆਂਦਾ ।
ਆਪ ਜੀ ਦਾ ਮਾਨਵ ਪਿਆਰ, ਲੋਕ-ਪੀੜਾ ਮਹਿਸੂਸ ਕਰਦਾ ਵੈਰਾਗ ਵਿਚ ਔਂਦਾ ਹੈ ਅਤੇ ਆਪ ਜੀ ਅਪਨਾ ਆਪਾ ਵਾਰ ਕੇ ਵੀ ਜਗਤ ਦਾ ਦੁਖ ਦੂਰ ਕਰਨਾ ਲੋੜਦੇ ਹਨ । ਇਹ ਹਮਦਰਦੀ ਦਾ ਜਜ਼ਬਾ, ਲਿਖਤ ਦਾ ਰੂਪ ਲੈਂਦਾ, ਥਾਂ ਥਾਂ ਪ੍ਰਦੀਪਤ ਹੁੰਦਾ ਹੈ । ਕਿਧਰੇ ਇਹ ਕਵਿਤਾ ਬਨ ਕੇ, ਦਰਦ ਵੰਡਦਾ, ਦਿਲਜੋਈ ਕਰਦਾ ਹੈ ਅਤੇ ਕਿਧਰੇ ਚਿੱਠੀਆਂ ਦ੍ਵਾਰਾ ਚੰਗੇ ਜੀਵਨ ਦੀ ਰਾਹਨੁਮਾਈ ਕਰਦਾ ਹੈ। ਅੱਡ ਅੱਡ ਸਮੇਂ ਭੇਜੇ ਗਏ ਅਨੇਕ ਪੱਤਰ ਇਕ ਭਾਵਨਾਂ… ਇਕ ਅੰਤ੍ਰੀਵ ਆਸ਼ਾ ਦਰਸਾਂਦੇ ਦਿਸਦੇ ਹਨ। ਤੇ ਉਹ ਇਹ ਕਿ ਹੋਰ ਜੋ ਕੁਝ ਹੋਵੇ ਸੋ ਹੋਵੇ ਪਰ ਵਾਹਿਗੁਰੂ ਜੀ ਨਾਲ ਸਾਡੀ ਵਿੱਥ ਨਾ ਪਵੇ । ਆਪ ਜੀ ਦੇ ਖ਼ਿਆਲ ਵਿਚ ਅਸਲ ਸੁਖ ਕੀ ਹੈ । ਉਸ ਦਾ ਵਰਨਨ* ਐਉਂ ਕਰਦੇ ਹਨ :
"ਮਨ ਦੇ ਸੰਸੇ ਛੱਡ ਕੇ ਉਸ ਬੇਅੰਤ ਦੀ ਬਿਅੰਤ ਲੀਲਾ ਦਾ ਦਿਦਾਰਾ ਕਰਨਾ ਤੇ ਉਸ ਦੇ ਪਿਆਰ ਤੇ ਯਾਦ ਵਿਚ ਰਹਿਣਾ ਅਸਲ ਸੁਖ ਹੈ ।"
ਇਹ ਪੱਤਰ ਕਿ ਕਿਰਪਾ ਪੱਤਰ ਭਾਈ ਸਾਹਿਬ ਦੀ ਵਿਸ਼ੇਸ਼ ਸਾਹਿਤਕ ਦੇਣ ਤੋਂ ਛੁਟ ਆਪ ਜੀ ਦਾ ਵਡਾ ਭਾਰਾ ਪ੍ਰਉਪਕਾਰੀ ਕਰਮ ਹੈ । ਜਿਥੇ ਹੋਰ ਸਾਹਿਤ ਵਿਆਪਕ ਤੌਰ ਤੇ ਗੁਰਮਤ ਦੀ ਵਿਆਖਿਆ ਕਰਦਾ ਹੈ ਓਥੇ ਪੱਤਰਾਂ ਦਾ ਸਿਲਸਲਾ ਵਿਅਕਤੀ-
ਗਤ ਸਮਾਚਾਰਾਂ ਤੇ ਨਿੱਜ ਮਨਾਂ ਲਈ ਜੀਅਦਾਨ ਦਾ ਕੰਮ ਕਰਦਾ ਹੈ । ਇਹਨਾਂ ਪੱਤਰਾਂ ਵਿਚੋਂ ਕੁਝ ਜੋ ਸ਼ੋਕਮਈ ਚਲਾਣਿਆਂ ਦੇ ਮੌਕੇ ਤੇ ਵਿਯੋਗੀ ਪਰਵਾਰਾਂ ਨੂੰ ਲਿਖੇ ਗਏ, ਸੰਕਲਿਤ ਕਰ ਕੇ, ਹਮਦਰਦੀ ਪੱਤਰ ਦੇ ਨਾਂ ਹੇਠ ਛਾਪੇ ਦਾ ਜਾਮਾ ਪਹਿਨ ਰਹੇ ਹਨ।
ਆਸ ਹੈ ਕਿ ਇਹ ਪਾਠਕ ਜਨਾਂ ਨੂੰ ਸੁਖ ਸਨੇਹ ਦੇਂਦੇ, ਉਹਨਾਂ ਦੇ ਸਿਦਕ ਭਰੋਸੇ ਵਿਚ ਵਾਧਾ ਕਰਨਗੇ ।
ਇਹਨਾਂ ਪੱਤਰਾਂ ਦੀ ਪ੍ਰਾਪਤੀ ਦਾ ਵੇਰਵਾ ਕੁਝ ਏਸ ਤਰਾਂ ਹੈ ਕਿ ਜਦੋਂ ਸ੍ਰੀ ਭਾਈ ਸਾਹਿਬ ਕਿਸੇ ਦੁਖਿਤ ਹਿਰਦੇ ਨੂੰ ਓਸ ਦੇ ਮਿੱਤ੍ਰ ਜਾਂ ਸੰਬੰਧੀ ਦੇ ਵਿਛੋੜੇ ਤੇ ਕੁਝ ਧੀਰਜ ਦਿਲਾਸੇ ਅਤੇ ਭਾਣਾ ਮਿੱਠਾ ਕਰ ਕੇ ਮਨਣ ਦੇ ਅੱਖਰ ਲਿਖਿਆ ਕਰਦੇ ਸਨ ਤਾਂ ਸਿੰਧ ਵਾਲੇ ਬੀਬੀ ਤੇਜ ਜੀ ਆਪ ਜੀ ਦੀ ਆਗਿਆ ਲੈ ਕੇ ਉਹਨਾਂ ਦਾ ਉਤਾਰਾ ਅਪਨੇ ਲਈ ਰਖ ਲਿਆ ਕਰਦੇ ਸਨ। ਉਹ ਉਤਾਰੇ ਕਠੇ ਕਰ ਕੇ ਬੀਬੀ ਤੇਜ ਜੀ ਨੇ ਇਕ ਫਾਈਲ (File) ਦੀ ਸ਼ਕਲ ਵਿਚ ਬੀਬੀ ਗੁਰਲੀਲਾ ਜੀ ਨੂੰ ਦੇ ਦਿਤੇ ਸਨ । ਹੁਣ ਜਿਵੇਂ ਜਿਵੇਂ ਪਿਆਰ ਵਾਲੇ ਸੱਜਨਾਂ ਨੂੰ ਇਸ ਗੱਲ ਦਾ ਪਤਾ ਲਗਾ ਤਾਂ ਓਹਨਾਂ
*ਪੁਸਤਕ ਬਾਬਾ ਨੌਧ ਸਿੰਘ ਸੁਭਾਗ ਜੀ-ਸਫ਼ਾ 1.
ਇਸਰਾਰ ਕੀਤਾ ਕਿ ਇਸ ਅਮੋਲਕ ਸਮੱਗਰੀ ਨੂੰ ਕਿਤਾਬ ਦਾ ਰੂਪ ਦਿੱਤਾ ਜਾਏ । ਸੋ ਓਹਨਾਂ ਪਿਆਰਿਆਂ ਦੀ ਤੀਬਰ ਇੱਛਾ ਕਾਰਨ ਅਤੇ ਭਾਈ ਸਾਹਿਬ ਭਾਈ ਵੀਰ ਸਿੰਘ ਸਟੱਡੀ ਸਰਕਲ ਦੇ ਉੱਦਮ ਨਾਲ ਸਹਾਨਭੂਤੀ ਪੱਤਰਾਂ ਦਾ ਇਹ ਸੰਗ੍ਰਹਿ ਹਮਦਰਦੀ ਪੱਤਰ ਬਨ ਕੇ ਪਾਠਕਾਂ ਤਕ ਪਹੁੰਚ ਰਿਹਾ ਹੈ । ਆਸ ਹੈ ਜੀਵਨ ਜਾਚ ਦਸਦੇ, ਇਹ ਅਧਯਾਤਮਕ ਨੁਕਤੇ ਓਹਨਾਂ ਨੂੰ ਇਕ ਨਵੀਂ ਸੇਧ ਤੇ ਬਲ ਪ੍ਰਦਾਨ ਕਰਨਗੇ ।
ਦੋ ਹੋਰ ਕਿਰਪਾ ਪੱਤਰ ਜੋ ਭਾਈ ਸਾਹਿਬ ਜੀ ਦੀ ਆਪਨੀ ਹੱਥ-ਲਿਖਤ ਹਨ, ਇਸ ਪੁਸਤਕ ਦੇ ਸ਼ੁਰੂ ਤੋਂ ਅਖੀਰ ਵਿਚ ਦਿਤੇ ਗਏ ਹਨ ਤਾਂ ਜੋ ਪਾਠਕ ਜਨ ਆਪ ਜੀ ਦੇ ਸ਼ੁਭ ਵਿਚਾਰਾਂ ਦੇ ਨਾਲ ਨਾਲ ਆਪ ਜੀ ਦੀ ਹੱਥ-ਲਿਖਤ ਦੇ ਵੀ ਦਰਸ਼ਨ ਕਰ ਸਕਨ ।
ਕੁਝ ਅੱਖਰ ਸਟੱਡੀ ਸਰਕਲ ਬਾਰੇ :
ਭਾਈ ਸਾਹਿਬ ਭਾਈ ਵੀਰ ਸਿੰਘ ਸਟੱਡੀ ਸਰਕਲ ਇਕ ਧਾਰਮਿਕ ਸੰਸਥਾ ਹੈ ਜਿਸ ਦਾ ਮੁਖ ਉਦੇਸ਼ ਹੈ :
ਕਥਾ ਕੀਰਤਨ ਤੇ ਵਖਿਆਨਾਂ ਦ੍ਵਾਰਾ ਗੁਰਬਾਣੀ ਦੀ ਵੀਚਾਰ ।
ਸ੍ਰੀ ਭਾਈ ਸਾਹਿਬ ਦੇ ਸਾਹਿਤ ਦਾ ਅਧਿਐਨ ਕਰਨਾ ਅਤੇ ਆਪ ਜੀ ਦੇ ਅੰਕਿਤ ਕੀਤੇ ਗੁਰੂ ਪ੍ਰਸੰਗ ਤੇ ਗੁਰੂ ਆਸ਼ੇ ਸੰਗਤ ਵਿਚ ਪੜ੍ਹ ਕੇ ਸੁਣਾਣੇ ਤਾਂ ਜੋ ਨਾਮ ਸਿਮਰਨ ਅਤੇ ਉੱਚੇ ਸਿੱਖੀ ਆਦਰਸ਼ ਵਾਚਨ ਵਿਚ ਸਮਾਂ ਸਫਲ ਹੋਵੇ ।
ਏਸ ਮੰਤਵ ਦੀ ਪੂਰਤੀ ਲਈ ਸਟੱਡੀ ਸਰਕਲ ਦੇ ਮਾਸਕ ਸਮਾਗਮਾਂ ਦੇ ਨਾਲ ਹੋਰ ਵੀ ਕਈ ਉਪਰਾਲੇ ਗੁਰਮਤ ਪ੍ਰਚਾਰ ਦੇ ਕੀਤੇ ਜਾਂਦੇ ਹਨ ।
ਕੁਝ ਅੰਤਲੀਆਂ ਸਤਰਾਂ।
ਸਤਕਾਰ ਯੋਗ ਭਾਈ ਸਾਹਿਬ ਦੇ ਵਿਰਸੇ ਤੇ ਅਮੀਰ ਪਿਛੇ ਸੰਬੰਧੀ ਕੁਝ ਵਾਕਫ਼ੀ ਆਪ ਜੀ ਦੀ ਤਸਵੀਰ ਨਾਲ ਵੱਖਰੀ ਦਿਤੀ ਗਈ ਹੈ । ਆਪ ਜੀ ਦੇ ਦੈਵੀ ਜੀਵਨ ਤੇ ਪ੍ਰਾਪਤੀਆਂ ਦਾ ਵਿਸਥਾਰ ਸਹਿਤ ਵਰਨਨ ਥਾਂ ਦੀ ਥੁੜ ਕਾਰਨ ਇਥੇ ਸੰਭਵ ਨਹੀਂ । ਆਪ ਜੀ ਦੀ ਸਾਧ ਮੂਰਤ ਆਪਾ ਲੁਕਾਊ ਸ਼ਖ਼ਸੀਅਤ ਦਾ ਕਰਾਮਾਤੀ ਕਮਾਲ ਹੈ। ਇਤਨੇ ਮਾਣ ਸਨਮਾਣ ਮਿਲਨ ਤੇ ਵੀ ਆਪ ਜੀ ਦੀ ਛਿਪੇ ਰਹਿਨ ਦੀ ਚਾਹ ਸਦਾ ਪ੍ਰਧਾਨ ਰਹੀ । ਆਪ ਜੀ ਦੀ ਵਿਸ਼ਾਲ ਤੇ ਸੁਖਦਾਈ ਰਚਨਾ ਅਤੇ ਅਨੇਕ ਸਦਾਚਾਰਕ ਕਾਰਜਾਂ ਦਾ ਨਿਰੀਖਣ ਕਰੀਏ ਤਾਂ ਐਉਂ ਲਗਦਾ ਹੈ ਕਿ ਆਪ ਜੀ ਇਕ ਵਿਅਕਤੀ ਨਹੀਂ, ਇਕ ਵਡੀ ਭਾਰੀ ਸੰਸਥਾ ਹਨ। ਪਰਉਪਕਾਰ ਦੀ ਭਾਵਨਾ ਆਪ ਜੀ ਦੀ ਅਮਿਤ ਵਡਿਆਈ ਹੈ । ਭਲਿਆਈ ਆਪ ਜੀ ਤੋਂ ਸੁਤੇ ਸਿੱਧ ਹੁੰਦੀ ਹੈ । ਸਫਲ ਦਰਸ਼ਨ ਹਨ, ਸਫਲ ਯਾਤਰਾ ਤੇ ਸਫਲ ਜੀਵਨ ।
ਨਵੀਂ ਦਿੱਲੀ ਖ਼ੁਸ਼ਹਾਲ ਸਿੰਘ ਚਰਨ
5. 9. 1984
ਸਤਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਵਿਰਸਾ, ਜਨਮ ਤੇ ਕੁਝ ਜੀਵਨ ਝਲਕੇ
ਪੰਜਾਬ ਦੇ ਇਤਿਹਾਸ ਵਿਚ ਦੀਵਾਨ ਕੌੜਾ ਮਲ ਜੀ ਦਾ ਜ਼ਿਕਰ ਆਉਂਦਾ ਹੈ। 'ਸ੍ਰੀ ਚਰਨ ਹਰੀ ਵਿਸਥਾਰ' ਦੇ ਹਵਾਲੇ ਤੋਂ ਆਪ ਦਾ ਜਨਮ ਸੰਨ 1710 ਈਸਵੀ ਦਾ ਸਹੀ ਹੁੰਦਾ ਹੈ । ਆਪ ਦੇ ਵਡੇ ਵਡੇਰੇ, ਪਿਤਾ ਦੀਵਾਨ 'ਵਲੂ ਮਲ' ਅਤੇ ਦਾਦਾ ਦੀਵਾਨ 'ਦੀਵਾਨ ਚੰਦ ਚੁਘ' ਮੁਗ਼ਲਾਂ ਦੇ ਰਾਜ ਸਮੇਂ ਮੁਲਤਾਨ ਦੇ ਹਾਕਮਾਂ ਪਾਸ ਦੀਵਾਨ ਅਥਵਾ ਵਜ਼ੀਰ ਹੋਇਆ ਕਰਦੇ ਸਨ । ਕੁਝ ਸਮਾਂ ਪਾ ਕੇ, ਪਿਤਾ ਤੋਂ ਬਾਅਦ ਦੀਵਾਨ ਕੌੜਾ ਮਲ ਵੀ ਇਸੇ ਅਹੁਦੇ ਤੇ ਤਈਨਾਤ ਹੋਏ ਅਤੇ ਤਰੱਕੀ ਕਰਦੇ ਕਰਦੇ ਮੁਲਤਾਨ ਦੇ ਹਾਕਮ ਬਣ ਗਏ । ਇਹ ਗਲ ਉਦੋਂ ਦੀ ਹੈ ਜਦੋਂ ਸੰਨ 1748 ਈ: ਵਿਚ ਮੀਰ ਮੰਨੂੰ ਲਾਹੌਰ ਦਾ ਸੂਬਾ ਥਾਪਿਆ ਗਿਆ ਸੀ । ਦੀਵਾਨ ਕੌੜਾ ਮਲ ਨੂੰ ਓਹਨਾਂ ਦੀ ਅਦੁੱਤੀ ਸਿਆਣਪ, ਦੂਰਅੰਦੇਸ਼ੀ, ਬਹਾਦਰੀ ਅਤੇ ਰਾਜਨੀਤਿੱਗਤਾ ਕਾਰਨ ਹਕੂਮਤ ਵਲੋਂ 'ਮਹਾਰਾਜਾ ਬਹਾਦੁਰ' ਦਾ ਖ਼ਿਤਾਬ ਦਿਤਾ ਗਿਆ। ਆਪ ਦੀ ਸ਼ਖ਼ਸੀਅਤ ਦਾ ਵੱਡਾ ਕਮਾਲ ਇਹ ਹੈ ਕਿ ਸਿੱਖਾਂ ਦੀਆਂ ਔਖਿਆਈਆਂ ਤੇ ਜਬਰ ਜ਼ੁਲਮ ਸਮੇਂ ਆਪ ਓਹਨਾਂ ਦੀ ਹਰ ਸੰਭਵ ਸਹਾਇਤਾ ਗੁਪਤ ਤੌਰ ਤੇ ਕਰਦੇ ਰਹੇ । ਇਸੇ ਕਰ ਕੇ ਆਪ ਜੀ ਨੂੰ ਖ਼ਾਲਸਾ ਪੰਥ ਵਿਚ ਦੀਵਾਨ ਮਿੱਠਾ ਮਲ ਕਰ ਕੇ ਜਾਣਿਆ ਜਾਂਦਾ ਸੀ । ਇਹ ਵੀ ਦਸਿਆ ਜਾਂਦਾ ਹੈ ਕਿ ਆਪ ਗੁਰੂ ਘਰ ਦੇ ਪਿਆਰ ਵਾਲੇ ਸਹਿਜ ਧਾਰੀ ਸਿੱਖ ਸਨ ਅਤੇ ਸ੍ਰੀ ਦਰਬਾਰ ਸਾਹਿਬ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਕਈ ਗੁਰਦਵਾਰਿਆਂ ਦੀ ਸੇਵਾ ਸੰਭਾਲ ਤਨ ਮਨੁ ਧੰਨ ਨਾਲ ਖ਼ੁਦ ਕਰਦੇ ਰਹੇ ।
ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਦਾਦਾ ਸੰਤ ਬਾਬਾ ਕਾਹਨ ਸਿੰਘ ਜੀ ਇਸ ਵੰਸ਼ ਦੇ ਸਤਵੇਂ ਰੁਕਨ ਤੇ ਪਹਿਲੇ ਅੰਮ੍ਰਿਤਧਾਰੀ ਸਿੰਘ ਸਨ । ਆਪ ਦਾ ਜਨਮ ਸੰਨ 1788 ਈ: ਦਾ ਅਨੁਮਾਨਿਆ ਜਾਂਦਾ ਹੈ । ਆਪ ਬੜੇ ਸਾਧੂ ਸੁਭਾ ਅਤੇ ਤਿਆਗੀ
* ਸ੍ਰੀ ਚਰਨ ਹਰੀ ਵਿਸਥਾਰ -- ਭਾਗ 1 ਪੰਨਾ 3, ਕ੍ਰਿਤ ਡਾਕਟਰ ਬਲਬੀਰ ਸਿੰਘ ਜੀ ।
ਵੈਰਾਗੀ ਤਬੀਅਤ ਦੇ ਮਾਲਕ ਸਨ । ਪਿਤਾ ਜੀ ਦੇ ਚੜ੍ਹਾਈ ਕਰਨ ਤੋਂ ਬਾਅਦ, ਛੋਟੀ ਉਮਰ ਤੋਂ ਹੀ ਜੰਗਲਾਂ ਵਿਚ ਵਿਚਰਦੇ ਤਪ ਕਰਦੇ ਰਹੇ ਤੇ ਏਸ ਤਰ੍ਹਾਂ ਬਾਰਾਂ ਚੌਦਾਂ ਬਰਸ ਲੰਘ ਗਏ । ਅਖੀਰ 24 ਸਾਲਾਂ ਪਿਛੋਂ ਮਾਂ ਪੁੱਤਰ ਸ੍ਰੀ ਅੰਮ੍ਰਿਤਸਰ ਜੀ ਮਿਲੇ । ਇਹ ਇਕ ਅਜੀਬ ਨਜ਼ਾਰਾ ਸੀ । ਮਾਂ ਚਾਹੁੰਦੀ ਸੀ ਕਿ ਪੁੱਤਰ ਵਿਆਹ ਕਰੇ ਤਾਂ ਜੋ ਦੀਵਾਨ ਕੋੜਾ ਮਲ ਦੀ ਵੰਸ਼ ਅਗੇ ਚਲਦੀ ਰਹੇ । ਸੋ ਏਸੇ ਤਰ੍ਹਾਂ ਹੀ ਹੋਇਆ । ਮਜਬੂਰ ਕਰਨ ਤੇ ਬਾਬਾ ਜੀ ਨੇ 40 ਸਾਲ ਦੀ ਉਮਰ ਵਿਚ ਵਿਆਹ ਕਰ ਕੇ ਘਰ ਵਸਾਇਆ। ਸਿੱਕਾਂ ਸਿਕਦਿਆਂ ਆਪ ਦੇ ਗ੍ਰਹਿ ਸੰਨ 1853 ਈ: ਨੂੰ ਪੁੱਤਰ ਦਾ ਜਨਮ ਹੋਇਆ। ਏਸ ਹੋਣਹਾਰ ਬੱਚੇ ਦਾ ਨਾਂ ਚਰਨ ਸਿੰਘ ਰਖਿਆ ਗਿਆ । ਵਡੇ ਹੋ ਕੇ ਆਪ ਨੇ ਹਿਕਮਤ ਦੀ ਸਿਖਿਆ ਆਪਣੇ ਪਿਤਾ ਹਕੀਮ ਸੰਤ ਬਾਬਾ ਕਾਹਨ ਸਿੰਘ ਜੀ ਪਾਸੋਂ ਲਈ ਤੇ ਨਾਲ ਨਾਲ ਐਲੋਪੈਥਿਕ ਡਾਕਟਰੀ ਦੀ ਵੀ ਚੰਗੀ ਜਾਣਕਾਰੀ ਹਾਸਲ ਕੀਤੀ। ਡਾਕਟਰ ਚਰਨ ਸਿੰਘ ਜੀ ਬੜੇ ਦਾਨੀ ਤੇ ਆਤਮਕ ਸੂਝ ਬੂਝ ਵਾਲੇ ਵਿਦਵਾਨ ਪੁਰਸ਼ ਸਨ ! ਆਪ ਹਿੰਦੀ, ਸੰਸਕ੍ਰਿਤ, ਫ਼ਾਰਸੀ, ਅੰਗਰੇਜ਼ੀ ਆਦਿ ਭਾਸ਼ਾਵਾਂ ਦੇ ਵੀ ਚੰਗੇ ਗਿਆਤਾ ਸਨ ਅਤੇ ਬ੍ਰਜ ਭਾਸ਼ਾ ਦੇ ਮਹਾਨ ਕਵੀ ਤੇ ਲਿਖਾਰੀ ਮੰਨੇ ਜਾਂਦੇ ਸਨ । ਕਹਿੰਦੇ ਹਨ ਕਿ ਜਿਥੇ ਆਪ ਰੋਗੀਆਂ ਦੇ ਰੋਗ ਹਮਦਰਦੀ ਨਾਲ ਇਲਾਜ ਕਰ ਕੇ ਦੂਰ ਕਰਿਆ ਕਰਦੇ ਸਨ, ਓਥੇ ਲੋਕ-ਸੇਵਾ ਦੇ ਭਾਵ ਨਾਲ ਲੋੜਵੰਦਾਂ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਦੇ ਰਹਿੰਦੇ ਸਨ।
ਡਾਕਟਰ ਚਰਨ ਸਿੰਘ ਜੀ ਦਾ ਵਿਆਹ ਗਿਆਨੀ ਹਜ਼ਾਰਾ ਸਿੰਘ ਜੀ ਦੀ ਪੁੱਤਰੀ ਬੀਬੀ ਉੱਤਮ ਕੌਰ ਨਾਲ ਸੰਨ 1869 ਈ: ਵਿਚ ਹੋਇਆ । ਸੰਸਕ੍ਰਿਤ ਦੇ ਬਹੁਤ ਵਡੇ ਵਿਦਵਾਨ ਹੋਣ ਕਰ ਕੇ ਆਪ ਜੀ ਪੰਡਤ ਗਿਆਨੀ ਹਜ਼ਾਰਾ ਸਿੰਘ ਕਰ ਕੇ ਮਸ਼ਹੂਰ ਸਨ । ਆਪ ਜੀ ਫ਼ਾਰਸੀ ਦੇ ਵੀ ਬੜੇ ਆਲਮ ਸਨ ਤੇ ਕਈ ਉਰਦੂ ਫ਼ਾਰਸੀ ਕਿਤਾਬਾਂ ਦਾ ਆਪ ਨੇ ਪੰਜਾਬੀ ਵਿਚ ਅਨੁਵਾਦ ਕੀਤਾ। ਆਪ ਨੇ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਸੰਖੇਪ ਵੀ ਛਾਪਿਆ ਤੇ ਕਈ ਹੋਰ ਪੁਸਤਕਾਂ ਵੀ ਲਿਖੀਆਂ । ਗਿਆਨੀ ਜੀ ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚੋਂ ਸਨ ਜਿਨ੍ਹਾਂ ਨੇ ਧਰਮ ਪ੍ਰਚਾਰ ਦੀ ਸਫ਼ਲ ਤੋ ਨਿਸ਼ਕਾਮ ਸੇਵਾ ਨਾਲ ਫੇਰ ਨਵੇਂ ਸਿਰੋਂ ਸਿੱਖ ਕੌਮ ਵਿਚ ਉਤਸ਼ਾਹ ਤੇ ਜੀਵਨ ਭਰ ਦਿਤਾ ।
ਗਿਆਨੀ ਹਜ਼ਾਰਾ ਸਿੰਘ ਜੀ ਦੀ ਪਤਨੀ ਦਾ ਨਾਂ ਮਾਤਾ ਸੋਭਾ ਸੀ । ਆਪ ਜੀ ਦੇ ਆਚਰਨ ਬਾਬਤ ਇਹ ਗੱਲ ਮਸ਼ਹੂਰ ਸੀ ਕਿ ਮਾਤਾ ਜੀ ਨੇ ਸਾਰੀ ਜ਼ਿੰਦਗੀ ਕਦੇ ਝੂਠ ਨਹੀਂ ਸੀ ਬੋਲਿਆ ਤੇ ਨਾਂ ਹੀ ਕਿਸੇ ਝੂਠ ਬੋਲਣ ਵਾਲੇ ਨਾਲ ਓਹ ਕਦੇ ਬੋਲਦੇ ਵਰਤਦੇ ਸਨ । ਦਸਿਆ ਜਾਂਦਾ ਹੈ ਕਿ ਮਾਤਾ ਸੋਭੀ ਬੜੇ ਸਤਿ-ਵਕਤਾ, ਸੁਘੜ, ਸਿਆਣੇ ਤੇ ਨਾਮ ਬਾਣੀ ਦੇ ਪਿਆਰ ਵਾਲੇ ਸਨ । ਆਪ ਜੀ ਦੀ ਕਾਕੀ ਬੀਬੀ ਉੱਤਮ ਕੌਰ ਤੇ ਸਤਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਮਾਤਾ ਜੀ ਵੀ ਬਹੁਤ ਸੰਤ-ਸੇਵੀ, ਮਿੱਠੇ ਸੁਭਾ ਦੇ ਹਰ ਮਨ ਪਿਆਰੇ ਵਿਅਕਤੀ ਸਨ । ਆਪ ਦਾ ਕੰਮਲ ਹਿਰਦਾ ਦੂਜਿਆਂ ਦਾ ਦੁੱਖ ਦਰਦ ਦੇਖ ਕੇ ਵਿਆਕੁਲ ਹੋ ਉਠਦਾ ਸੀ ਅਤੇ ਆਪ ਵੱਸ