ਉਸ ਵਿਚ ਕੁਛਹੇ ਚਾਹੋ ਅਸੀ ਨਹੀਂ ਜਾਣਦੇ, ਉਹ ਮਿੱਤ੍ਰ ਹੈ, ਸਖਾ ਹੈ, ਪਿਆਰਾਂ ਦਾ ਪੁੰਜ ਹੈ ਜੋ ਕਰਦਾ ਹੈ ਭਲੇ ਲਈ ਕਰਦਾ ਹੈ, ਅਸੀ ਉਸ ਦੀ ਟੇਕ ਤੇ ਖੁਸ਼ ਤੇ ਸੁਖੀ ਰਹੀਏ ਤੇ ਉਸ ਦੀ ਰਜ਼ਾ ਵਿਚ ਅਪਨੀ ਮਰਜ਼ੀ ਮੇਲੀਏ । ਸੁਖ ਦਾ ਮਾਰਗ ਇਹ ਹੈ । ਆਪ ਦੇ ਪਿਤਾ ਜੀ ਆਪ ਦੋਹਾਂ ਨੂੰ ਵਡਾ ਪਿਆਰ ਕਰਦੇ ਸੀ ਤੇ ਆਪ ਦੇ ਸੁਖ ਤੇ ਭਲੇ ਲਈ ਉਹਨਾਂ ਨੇ ਬੜੇ ਸਾਮਾਨ ਕੀਤੇ ਸਨ, ਆਪ ਦੇ ਮਨ ਭੀ ਉਨ੍ਹਾਂ ਨਾਲ ਕੂਲ੍ਹੇ ਕੂਲ੍ਹੇ ਪਿਆਰ ਵਿਚ ਸਨ ਤੇ ਹੁਣ ਇਸ ਪਿਆਰ ਕਾਰਨ ਬਹੂੰ ਦ੍ਰਵਦੇ ਹੋਸਣ । ਦ੍ਰਵਣ । ਦ੍ਰਵਣਾ ਮਨ ਦੇ ਸੁਭਾਗ ਲਛਣਾਂ ਵਿਚੋਂ ਹੈ ਤੇ ਦਰਗਾਹੇ ਜਾਣ ਵਾਸਤੇ ਦ੍ਰਵਣਾ ਇਕ ਜ਼ਰੂਰੀ ਗੁਣ ਹੈ ।
ਅਨਿਕ ਜਤਨ ਕਰਿ ਆਤਮ ਨਾਹੀ ਦ੍ਰਵੈ ॥
ਹਰਿਦਰਗਹ ਕਹੁ ਕੈਸੇ ਗਵੈ ॥
ਇਹ ਦ੍ਰਵਣਾਂ ਹੈ ਸੋਹਣਾ, ਪਰ ਜੇ ਇਸ ਨੂੰ ਅਸੀ ਵਾਲੇਵੇ ਕਾਰਨ ਬਾਬਾ ਰੋਈਐ ਰੋਵਣ ਸਗਲ ਬਿਕਾਰੋ, ਵਾਲੇ ਵੈਹਣਾਂ ਵਿਚ ਜਾਣੋਂ ਰੋਕ ਕੇ ਉਰਧਗਾਮੀ ਕਰੀਏ । ਹਾਂ ਜਦੋਂ ਕਿ ਅਪਨੇ ਸੁਭਾਗ ਪਿਆਰੇ ਦੇ ਵਿਛੋੜੇ ਵਿਚ ਤੇ ਤੁਹਾਡੀ ਦਸ਼ਾ ਵਿਚ ਉਸ ਪਿਆਰੇ ਦੇ ਵਿਛੋੜੇ ਵਿਚ ਕਿ ਜਿਨ੍ਹਾਂ ਦਾ ਜੀਵਨ ਗੁਰਸਿਖੀ ਵਿਚ ਸੋਹਣਿਆਂ ਜੀਵਨਾਂ ਵਿਚੋਂ ਸੀ, ਮੰਨ ਦ੍ਰਵੇ ਤਾਂ ਝਟ ਸਿਮਰਨ ਦੀ ਤਾਰ ਨੂੰ ਸੰਭਾਲੀਏ ਤੇ ਦਾਤਾ ਵਾਹਿਗੁਰੂ ਜੀ ਤੋਂ ਜੋ ਸਾਨੂੰ ਵਿਥ ਹੈ ਉਸ ਦੇ ਅਨੁਭਵ ਵਿਚ ਆ ਕੇ ਅਰਦਾਸ ਵਿਚ ਪੈ ਜਾਈਏ ਕਿ ਹੇ ਜਗਤ ਆਧਾਰ ! ਹੇ ਪੂਰਨ, ਹੇ ਪਿਆਰ ਪੁੰਜ ਪ੍ਰੀਤਮ ।
ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ
ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ
ਭਗਤਿ ਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ
ਤੁਝ ਬਿਨੁ ਨਾਹੀ ਕੋਇ ਬਿਨਉ ਮੋਹਿ ਸਾਰਿਆ
ਕਰੁ ਗਹਿ ਲੇਹੁ ਦਇਆਲ ਸਾਗਰ ਸੰਸਾਰਿਆ ॥
ਬਾਬਾ ਜੀ ਨੇ ਆਪ ਫੁਰਮਾਇਆ ਹੈ :
ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥
ਪਿਆਰ ਲਾ ਕੇ ਰੋਵੀਏ ਪਰ ਪਿਆਰ ਦਾ ਨਿਸ਼ਾਨਾਂ ਸਾਂਈ ਨੂੰ ਬਣਾ ਲਈਏ। ਪਛਮੀ ਵਿਦਿਯਾ ਨੇ ਜਿਥੇ ਵਿਦਿਯਾ ਫੈਲਾਈ ਹੈ ਉਥੇ ਭਰਮ ਭੁਲਾਵੇ ਬੀ ਆਤਮ ਨੈਣਾਂ ਦੇ ਅਗੇ ਤਾਂਣੇ ਹਨ । ਹੁਣ ਕੁਛ ਅਰਸੇ ਤੋਂ ਇਸ ਨੂੰ ਆਪ ਦਿਸਦੇ ਦੇ ਪਿਛੇ ਕੁਛ ਧੁੰਧਲੇ ਚਮਕਾਰੇ ਹੋਰ ਤਰਾਂ ਦੇ ਪੈਂਦੇ ਹਨ । ਇਸ ਨੇ ਅੰਤ ਜੇ ਇਸੇ ਰਾਹ ਪਏ ਰਹੇ ਤਾਂ ਓਥੇ ਹੀ ਆਉਣਾ ਹੈ ਕਿ ਦਿਸਦੇ ਦਾ ਕੇਂਦ੍ਰੀਅ ਆਧਾਰ ਇਸ ਸਾਰੇ ਵਿਚ ਵਿਆਪ ਰਿਹਾ ਆਸ੍ਰਾ 'ਇਕ ਹੈ । ਪਰ ਸਾਨੂੰ ਦਾਨੇ ਸਤਿਗੁਰ ਦਸ ਦਿਤਾ ਹੈ ਕਿ ਉਹ 'ਇਕ' ਹੈ, ਪਿਆਰ ਪੁੰਜ ਹੈ ਤੇ ਫਿਰ ਇਨਸਾਨੀ ਦਿਲ ਦੀ ਠਾਹਰ ਹੈ ਤਾਂ ਉਹੋ, ਤੇ ਉਹੋ ਉਸ ਦੀ ਟੇਕ । ਚਾਹੇ ਅਸੀ ਉਸ ਨੂੰ ਦੇਖਦੇ ਨਹੀਂ, ਪਰ ਭਗਤਾਂ ਦੀ ਓਟ ਉਹ ਹੈ; ਤੋ ਉਸੇ ਦਾ ਨਾਮ ਉਸ ਦੀ ਟੇਕ ਦ੍ਰਿੜਾਉਂਦਾ ਹੈ ।