ਵੈਰਾਗੀ ਤਬੀਅਤ ਦੇ ਮਾਲਕ ਸਨ । ਪਿਤਾ ਜੀ ਦੇ ਚੜ੍ਹਾਈ ਕਰਨ ਤੋਂ ਬਾਅਦ, ਛੋਟੀ ਉਮਰ ਤੋਂ ਹੀ ਜੰਗਲਾਂ ਵਿਚ ਵਿਚਰਦੇ ਤਪ ਕਰਦੇ ਰਹੇ ਤੇ ਏਸ ਤਰ੍ਹਾਂ ਬਾਰਾਂ ਚੌਦਾਂ ਬਰਸ ਲੰਘ ਗਏ । ਅਖੀਰ 24 ਸਾਲਾਂ ਪਿਛੋਂ ਮਾਂ ਪੁੱਤਰ ਸ੍ਰੀ ਅੰਮ੍ਰਿਤਸਰ ਜੀ ਮਿਲੇ । ਇਹ ਇਕ ਅਜੀਬ ਨਜ਼ਾਰਾ ਸੀ । ਮਾਂ ਚਾਹੁੰਦੀ ਸੀ ਕਿ ਪੁੱਤਰ ਵਿਆਹ ਕਰੇ ਤਾਂ ਜੋ ਦੀਵਾਨ ਕੋੜਾ ਮਲ ਦੀ ਵੰਸ਼ ਅਗੇ ਚਲਦੀ ਰਹੇ । ਸੋ ਏਸੇ ਤਰ੍ਹਾਂ ਹੀ ਹੋਇਆ । ਮਜਬੂਰ ਕਰਨ ਤੇ ਬਾਬਾ ਜੀ ਨੇ 40 ਸਾਲ ਦੀ ਉਮਰ ਵਿਚ ਵਿਆਹ ਕਰ ਕੇ ਘਰ ਵਸਾਇਆ। ਸਿੱਕਾਂ ਸਿਕਦਿਆਂ ਆਪ ਦੇ ਗ੍ਰਹਿ ਸੰਨ 1853 ਈ: ਨੂੰ ਪੁੱਤਰ ਦਾ ਜਨਮ ਹੋਇਆ। ਏਸ ਹੋਣਹਾਰ ਬੱਚੇ ਦਾ ਨਾਂ ਚਰਨ ਸਿੰਘ ਰਖਿਆ ਗਿਆ । ਵਡੇ ਹੋ ਕੇ ਆਪ ਨੇ ਹਿਕਮਤ ਦੀ ਸਿਖਿਆ ਆਪਣੇ ਪਿਤਾ ਹਕੀਮ ਸੰਤ ਬਾਬਾ ਕਾਹਨ ਸਿੰਘ ਜੀ ਪਾਸੋਂ ਲਈ ਤੇ ਨਾਲ ਨਾਲ ਐਲੋਪੈਥਿਕ ਡਾਕਟਰੀ ਦੀ ਵੀ ਚੰਗੀ ਜਾਣਕਾਰੀ ਹਾਸਲ ਕੀਤੀ। ਡਾਕਟਰ ਚਰਨ ਸਿੰਘ ਜੀ ਬੜੇ ਦਾਨੀ ਤੇ ਆਤਮਕ ਸੂਝ ਬੂਝ ਵਾਲੇ ਵਿਦਵਾਨ ਪੁਰਸ਼ ਸਨ ! ਆਪ ਹਿੰਦੀ, ਸੰਸਕ੍ਰਿਤ, ਫ਼ਾਰਸੀ, ਅੰਗਰੇਜ਼ੀ ਆਦਿ ਭਾਸ਼ਾਵਾਂ ਦੇ ਵੀ ਚੰਗੇ ਗਿਆਤਾ ਸਨ ਅਤੇ ਬ੍ਰਜ ਭਾਸ਼ਾ ਦੇ ਮਹਾਨ ਕਵੀ ਤੇ ਲਿਖਾਰੀ ਮੰਨੇ ਜਾਂਦੇ ਸਨ । ਕਹਿੰਦੇ ਹਨ ਕਿ ਜਿਥੇ ਆਪ ਰੋਗੀਆਂ ਦੇ ਰੋਗ ਹਮਦਰਦੀ ਨਾਲ ਇਲਾਜ ਕਰ ਕੇ ਦੂਰ ਕਰਿਆ ਕਰਦੇ ਸਨ, ਓਥੇ ਲੋਕ-ਸੇਵਾ ਦੇ ਭਾਵ ਨਾਲ ਲੋੜਵੰਦਾਂ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਦੇ ਰਹਿੰਦੇ ਸਨ।
ਡਾਕਟਰ ਚਰਨ ਸਿੰਘ ਜੀ ਦਾ ਵਿਆਹ ਗਿਆਨੀ ਹਜ਼ਾਰਾ ਸਿੰਘ ਜੀ ਦੀ ਪੁੱਤਰੀ ਬੀਬੀ ਉੱਤਮ ਕੌਰ ਨਾਲ ਸੰਨ 1869 ਈ: ਵਿਚ ਹੋਇਆ । ਸੰਸਕ੍ਰਿਤ ਦੇ ਬਹੁਤ ਵਡੇ ਵਿਦਵਾਨ ਹੋਣ ਕਰ ਕੇ ਆਪ ਜੀ ਪੰਡਤ ਗਿਆਨੀ ਹਜ਼ਾਰਾ ਸਿੰਘ ਕਰ ਕੇ ਮਸ਼ਹੂਰ ਸਨ । ਆਪ ਜੀ ਫ਼ਾਰਸੀ ਦੇ ਵੀ ਬੜੇ ਆਲਮ ਸਨ ਤੇ ਕਈ ਉਰਦੂ ਫ਼ਾਰਸੀ ਕਿਤਾਬਾਂ ਦਾ ਆਪ ਨੇ ਪੰਜਾਬੀ ਵਿਚ ਅਨੁਵਾਦ ਕੀਤਾ। ਆਪ ਨੇ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਸੰਖੇਪ ਵੀ ਛਾਪਿਆ ਤੇ ਕਈ ਹੋਰ ਪੁਸਤਕਾਂ ਵੀ ਲਿਖੀਆਂ । ਗਿਆਨੀ ਜੀ ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚੋਂ ਸਨ ਜਿਨ੍ਹਾਂ ਨੇ ਧਰਮ ਪ੍ਰਚਾਰ ਦੀ ਸਫ਼ਲ ਤੋ ਨਿਸ਼ਕਾਮ ਸੇਵਾ ਨਾਲ ਫੇਰ ਨਵੇਂ ਸਿਰੋਂ ਸਿੱਖ ਕੌਮ ਵਿਚ ਉਤਸ਼ਾਹ ਤੇ ਜੀਵਨ ਭਰ ਦਿਤਾ ।
ਗਿਆਨੀ ਹਜ਼ਾਰਾ ਸਿੰਘ ਜੀ ਦੀ ਪਤਨੀ ਦਾ ਨਾਂ ਮਾਤਾ ਸੋਭਾ ਸੀ । ਆਪ ਜੀ ਦੇ ਆਚਰਨ ਬਾਬਤ ਇਹ ਗੱਲ ਮਸ਼ਹੂਰ ਸੀ ਕਿ ਮਾਤਾ ਜੀ ਨੇ ਸਾਰੀ ਜ਼ਿੰਦਗੀ ਕਦੇ ਝੂਠ ਨਹੀਂ ਸੀ ਬੋਲਿਆ ਤੇ ਨਾਂ ਹੀ ਕਿਸੇ ਝੂਠ ਬੋਲਣ ਵਾਲੇ ਨਾਲ ਓਹ ਕਦੇ ਬੋਲਦੇ ਵਰਤਦੇ ਸਨ । ਦਸਿਆ ਜਾਂਦਾ ਹੈ ਕਿ ਮਾਤਾ ਸੋਭੀ ਬੜੇ ਸਤਿ-ਵਕਤਾ, ਸੁਘੜ, ਸਿਆਣੇ ਤੇ ਨਾਮ ਬਾਣੀ ਦੇ ਪਿਆਰ ਵਾਲੇ ਸਨ । ਆਪ ਜੀ ਦੀ ਕਾਕੀ ਬੀਬੀ ਉੱਤਮ ਕੌਰ ਤੇ ਸਤਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਮਾਤਾ ਜੀ ਵੀ ਬਹੁਤ ਸੰਤ-ਸੇਵੀ, ਮਿੱਠੇ ਸੁਭਾ ਦੇ ਹਰ ਮਨ ਪਿਆਰੇ ਵਿਅਕਤੀ ਸਨ । ਆਪ ਦਾ ਕੰਮਲ ਹਿਰਦਾ ਦੂਜਿਆਂ ਦਾ ਦੁੱਖ ਦਰਦ ਦੇਖ ਕੇ ਵਿਆਕੁਲ ਹੋ ਉਠਦਾ ਸੀ ਅਤੇ ਆਪ ਵੱਸ
ਲਗਦੇ ਅਪਨੇ ਆਸ ਪੜੋਸ ਤੇ ਹੋਰ ਜਾਣਨ ਵਾਲਿਆਂ ਦੀ ਬੜੀ ਹਮਦਰਦੀ ਨਾਲ ਸੇਵਾ ਕਰਦੇ ਹੁੰਦੇ ਸਨ ।
ਇਹ ਸੀ ਅਤੀਤ ਚੁਗਿਰਦਾ ਓਹਨਾਂ ਸਤਿ-ਵਕਤਾ, ਉੱਚੇ ਇਖ਼ਲਾਕ, ਸੰਤ ਬ੍ਰਿਤੀ, ਗੁਣੀ ਗਿਆਨੀ, ਕੂਲੇ ਕੂਲ ਦਿਲ ਵਾਲਿਆਂ ਦਾ ਜਿਨ੍ਹਾਂ ਦੀ ਛਤਰ ਛਾਇਆ ਹੇਠ ਇਕ ਅਲੋਕਾਰ ਵਰਤਮਾਨ ਤਿਆਰ ਹੋਇਆ ਓਸ ਅਲੋਕਿਕ ਬੱਚੇ ਲਈ ਜੋ ਵੱਡਾ ਹੋ ਕੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਨਾਮ ਨਾਲ ਪ੍ਰਸਿੱਧ ਹੋਇਆ। ਆਪ ਦੇ ਪੂਰਬਲੇ ਜਨਮਾਂ ਦਾ ਬਿਰਤਾਂਤ ਕੁਝ ਇਸ ਤਰ੍ਹਾਂ ਦਸਿਆ ਜਾਂਦਾ ਹੈ : ਕਹਿੰਦੇ ਹਨ ਕਿ ਇਕ ਵੇਰ ਭਾਈ ਸਾਹਿਬ ਦੇ ਦਾਦਾ ਸੰਤ ਬਾਬਾ ਕਾਹਨ ਸਿੰਘ ਜੀ ਲਾਹੌਰ ਅਪਨੀ ਧਰਮ ਦੀ ਭੈਣ ਪਾਸ ਗਏ ਹੋਏ ਸਨ। ਇਕ ਦਿਨ ਆਪ ਯਕਦਮ ਲਾਹੌਰੋਂ ਸ੍ਰੀ ਅੰਮ੍ਰਿਤਸਰ ਜਾਣ ਵਾਸਤੇ ਤਿਆਰ ਹੋ ਗਏ। ਪੁੱਛਨ ਤੇ ਬਾਬਾ ਜੀ ਨੇ ਦਸਿਆ ਕਿ ਸਾਨੂੰ ਇਕ ਜ਼ਰੂਰੀ ਕੰਮ ਹੈ । ਹੋਰ ਖਿੱਚ ਕਰਨ ਤੇ ਬਾਬਾ ਜੀ ਕਹਿਨ ਲਗੇ ਕਿ ਅੰਮ੍ਰਿਤਸਰ ਸਾਡੇ ਘਰ ਇਕ ਪਵਿੱਤਰ ਆਤਮਾਂ ਇਕ ਮਹਾਂਪੁਰਸ਼ ਆ ਰਹੇ ਹਨ । ਇਹ ਗੱਲ 3 ਜਾਂ 4 ਦਸੰਬਰ ਸੰਨ 1872 ਈ: ਦੀ ਹੈ। ਬਾਅਦ ਵਿਚ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਓਹ ਪਵਿੱਤਰ ਆਤਮਾਂ ਤੇ ਮਹਾਂਪੁਰਖ ਹੋਰ ਕੋਈ ਨਹੀਂ, ਬਾਲਕ ਭਾਈ ਸਾਹਿਬ ਹੀ ਸਨ ਜਿਨ੍ਹਾਂ ਦਾ ਸ਼ੁਭ ਜਨਮ 5 ਦਸੰਬਰ ਸੰਨ 1872 ਈ: ਨੂੰ ਹੋਇਆ ।
ਏਸ ਤਰ੍ਹਾਂ ਦੀ ਇਕ ਹੋਰ ਚੀਜ਼ ਵੀ ਬਿਆਨ ਕੀਤੀ ਜਾਂਦੀ ਹੈ । ਦੱਸਦੇ ਹਨ ਕਿ ਸੰਤ ਬਾਬਾ ਕਾਹਨ ਸਿੰਘ ਜੀ ਨੇ ਅਪਨੇ ਅੰਤ ਸਮੇਂ ਅਪਨੇ ਪੁੱਤਰ ਡਾਕਟਰ ਚਰਨ ਸਿੰਘ ਜੀ ਨੂੰ ਬੁਲਾ ਕੇ ਕਿਹਾ ਕਿ ਦੇਖੋ ਬੇਟਾ ਇਹ (ਭਾਈ ਸਾਹਿਬ) ਕੋਈ ਆਮ ਬੱਚਾ ਨਹੀਂ । ਇਹ ਮੇਰੀਆਂ ਅਰਦਾਸਾਂ ਨਾਲ ਗੁਰੂ ਨਾਨਕ ਦਾ ਪਿਆਰਾ ਸਿੱਖ ਆਇਆ ਹੈ । ਤੁਸੀਂ ਇਸ ਦਾ ਖ਼ਿਆਲ ਰਖਨਾ ਤੇ ਇਸ ਨੂੰ ਕਦੇ ਨਾਰਾਜ਼ ਨਾ ਹੋਣਾ ।
ਬਾਣੀ ਦੀਆਂ ਲੋਰੀਆਂ ਸੁਣਦੇ ਤੇ ਨਾਮ ਸਿਮਰਨ ਦੇ ਝੂਟੇ ਲੈਂਦੇ ਬਾਲਕ ਭਾਈ ਸਾਹਿਬ ਵਡੇ ਹੋਏ। ਸਿੱਖੀ ਪਿਆਰ ਤੇ ਗੁਰਮਤ ਪ੍ਰਚਾਰ ਆਪ ਦਾ ਪ੍ਰਾਚੀਨ ਵਿਰਸਾ ਸੀ । ਆਪ ਨੇ ਇਹ ਵਿਰਸਾ ਅਗੇ ਤੋਰਿਆ ਅਤੇ ਅਪਨਾ ਸਾਰਾ ਜੀਵਨ ਏਸ ਆਦਰਸ਼ ਦੇ ਨਮਿੱਤ ਅਰਪਣ ਕਰ ਦਿਤਾ । ਇਕ ਥਾਂ ਆਪ ਅਪਨੀ ਲੇਖਣੀ ਦਾ ਆਸ਼ਾ ਏਸ ਤਰ੍ਹਾਂ ਅੰਕਿਤ ਕਰਦੇ ਹਨ । ਲਿਖਦੇ ਹਨ :
"ਮੈਂ ਜੋ ਕੁਝ ਲਿਖਿਆ ਹੈ ਓਹ ਜੋ ਕੁਝ ਮੈਂ ਸਤਗੁਰਾਂ ਦੀ ਮਹਾਨ ਪਵਿੱਤਰ ਬਾਣੀ ਤੋਂ ਸਮਝਿਆ ਹੈ ਸੱਚਾ ਤੇ ਸਿੱਧਾ ਰਸਤਾ ਜੀਵਨ ਪੱਧਰ ਦਾ ਉਸੇ ਨੂੰ ਦੁਖੀ ਜਗਤ ਲਈ ਪੇਸ਼ ਕਰਨ ਦਾ ਜਤਨ ਕਰਦਾ ਰਿਹਾ ਹਾਂ ।...
ਏਸ ਤਰ੍ਹਾਂ ਇਹ ਗੁਰਮੁਖ ਜੀਵਨ 5 ਦਸੰਬਰ ਸੰਨ 1872 ਈ: ਤੋਂ 10 ਜੂਨ ਸੰਨ 1957 ਈ: ਤਕ ਕਰੀਬਨ 85 ਸਾਲ ਧੁਰੋਂ ਬਖ਼ਸ਼ੀ ਦੇਵਤੋਂ* ਬਨਾਣ ਵਾਲੀ ਕਾਰ ਕਰਦਾ ਰਿਹਾ ਤੇ ਇੰਜ ਅਪਨੇ ਪੰਨੇ ਪਾਇਆਂ ਦੀ ਸਾਰ ਲੈਂਦਾ ਰਿਹਾ ।
ਦਿੱਲੀ, ਖ਼ੁਸ਼ਹਾਲ ਸਿੰਘ ਚਰਨ
5-10-1984
* ਦੇਵਤੇ ਬਨਾਓਣ ਵਾਲੇ ਕਾਰੀਗਰ ।
'ਬਾਬਾ ਨੌਧ ਸਿੰਘ' ਵਿਚ ਇਉਂ ਲਿਖਿਆ ਹੈ :
"ਇਕ ਦਿਨ ਬਾਬਾ ਜੀ ਨੂੰ ਸੰਗਤ ਵਿਚੋਂ ਕਿਸੇ ਬਾਹਰੋਂ ਆਏ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਕਾਰਾਂ ਪਰ ਵਖਯਾਨ ਦਿਓ । ਬਾਬੇ ਨੇ ਆਖਿਆ ਭਈ :
ਗੁਰੂ ਨਾਨਕ ਜਗਤ ਵਿਚ ਆਇਆ, ਅਸੀਂ ਪਸ਼ੂ ਸਾਂ ਸਾਨੂ ਆਦਮੀ ਬਣਾਇਆ, ਫੇਰ ਆਦਮੀ ਤੋਂ ਉਸਨੇ ਦੇਵਤਾ ਬਣਾ ਦਿਤਾ । ਹੁਣ ਸਾਡਾ ਧਰਮ ਹੈ ਕਿ ਧਰਮ ਦੀ ਕਿਰਤ ਕਰੀਏ, ਵੰਡ ਛਕੀਏ ਤੇ ਨਾਮ ਜਪੀਏ ।
ਏਥੇ ਬਾਬੇ ਦਾ ਲੈਕਚਰ ਮੁੱਕ ਗਿਆ । ਇਕ-ਸਜਨ ਨੇ ਕਿਹਾ, ਬਾਬਾ ਜੀ ! ਬਸ ? ਤਾਂ ਬਾਬੇ ਨੇ ਖਿੜ ਕੇ ਕਿਹਾ, ਭਈ ਮੇਰੇ ਹੱਡ ਜੋ ਬੀਤਿਆ, ਮੈਂ ਸੁਣਾ ਦਿਤਾ ਹੈ।"
ਸਮੇਂ ਦੇ ਗੇੜ ਨਾਲ ਅਸੀਂ ਫੇਰ ਪਸ਼ੂ ਬਣ ਗਏ ਸਾਂ । ਸਤਿਗੁਰੂ ਨਾਨਕ ਮੁੜ ਤਰੁਠੇ । ਉਨ੍ਹਾਂ ਖਸਮਾਨਾ ਕੀਤਾ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੂੰ ਸਾਹਿਬੀ ਬਖ਼ਸ਼ੀ । ਕਵੀ ਦਾ ਓਹਲਾ ਪਾ ਕੇ ਆਪਣੀ ਦੇਵਤੇ ਬਣਾਨ ਵਾਲੀ ਕਾਰੇ ਲਾਇਆ ਤੇ ਇੰਜ ਆਪਣੇ ਪੰਨੇ ਪਾਇਆਂ ਦੀ ਸਾਰ ਲੀਤੀ ।
ਮੇਰਾ ਇਹ ਸੱਚਾ ਨਿਸਚਾ ਹੈ ।
ਸੰਤ ਗੁਰਬਖ਼ਸ਼ ਸਿੰਘ
ਭਾਈ ਵੀਰ ਸਿੰਘ ਅਭਿਨੰਦਨ ਗ੍ਰੰਥ -- ਪੰਨਾ 168
ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਲਿਖੇ ਹਮਦਰਦੀ ਪੱਤਰ
1
C/o
D. T. Punjabi Bombay-1
13, Usha Kiran, 10-2-1953
Opp. C.C.I.
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਵਿਤ੍ਰਾਤਮਾ ਜੀਓ
8-2-53 ਦਾ ਪਤ੍ਰ ਅਜ ਪੁਜਾ ਹੈ। ਕਲ ਰਾਤ ਫੋਨ ਤੇ ਦਰਸਨ ਮੇਲੇ ਹੋਏ ਸਨ ।
ਸ੍ਰੀ ਰਾਜ ਜੀ ਨੇ ਅਪਨੀ ਟਿਕੀ ਅਵਸਥਾ ਦਸੀ ਸੀ, ਤੁਸੀ ਵੀ ਕੋਲ ਹੀ ਸਾਓ।
ਭਾਣਾ ਬਿਖਮ ਹੈ ਝਲਣਾ ਕਠਨ ਹੁੰਦਾ ਹੈ ਪਰ ਦਾਰੂ ਬੀ ਹੋਰ ਕੋਈ ਨਹੀ। ਇਸ ਕਰਕੇ ਬਾਰ ਬਾਰ ਫੋਨਾਂ ਤੇ ਪਤ੍ਰਾਂ ਵਿਚ ਸਹਾਰਾ ਦੇਣ ਦਾ ਯਤਨ ਹੈ । ਦਿਲ ਢੈਂਦੇ ਹਨ ਤਾਂ ਛਪਰਾਂ ਨੂੰ ਤੁਲਹਾ ਦੇ ਕੇ ਚਾਣਾ ਹੁੰਦਾ ਹੈ । ਦਿਲ ਖੜੇ ਕਰਨੇ ਦੇ ਕਈ ਤ੍ਰੀਕੇ ਹੁੰਦੇ ਹਨ । ਇਕ ਤ੍ਰੀਕਾ ਹੈ—ਭੁਲ ਜਾਓ, ਕਦੇ ਨਹੀਂ ਸਾਂ ਕੱਠੇ, ਤਦੋਂ ਬੀ ਵਕਤ ਲੰਘਦਾ ਸੀ, ਚਲੋ ਹੁਣ ਫੇਰ ਨਾ ਰਹੇ ਇਕਠੇ । ਇਹ ਤ੍ਰੀਕਾ ਸਬਰ ਕਰਨ ਦਾ ਇਕ ਪ੍ਰਕਾਰ ਦਾ ਅੰਦਰਲੇ ਸੂਖਮ ਭਾਵਾਂ ਦੀ ਮੌਤ ਹੁੰਦਾ ਹੈ।
ਜੇ ਸਦਮੇ ਤੇ ਵਿਯੋਗ ਨਾਲ ਆਪਾ ਹਲਾਲ ਕੀਤਾ ਜਾਏ, ਨਾਸ਼ੁਕਰੋ ਹੋ ਹੋ ਰੋਣ ਕੁਰਲਾਣ ਵਿਚ ਲਗਿਆ ਜਾਵੇ ਤਾਂ ਮਨ ਤੇ ਤਨ ਦੁਇ ਰੰਗੀ ਹੋ ਜਾਂਦੇ ਹਨ ਤੇ ਸੋਹਣੇ ਵਾਹਿਗੁਰੂ ਤੇ ਗੁਰੂ ਨਾਲ ਵਿਥ ਪੈ ਜਾਂਦੀ ਹੈ । ਸਿਖੀ ਇਹ ਹੈ ਕਿ ਮਨ ਦ੍ਰਵੇ, ਵੈਰਾਗ ਵਿਚ ਆਵੇ ਕੋਮਲਤਾ ਅੰਦਰ ਪਯਾਰੇ ਦੀ ਯਾਦ ਤੇ ਪਯਾਰ ਨਾਲ ਆ ਆ ਕੇ ਟੁੰਬੇ ਤੇ ਵੈਰਾਗ ਛੇੜੇ ਪਰ feelings ਦੇ ਇਸ ਪ੍ਰਵਾਹ ਨੂੰ ਵਾਹਿਗੁਰੂ ਅਰਪਨ ਕੀਤਾ ਜਾਵੇ । ਉਸ ਵੇਲੇ ਅਰਦਾਸ ਵਿਚ ਪੈ ਜਾਈਏ ਹੋ ਦਾਤਾ ਜਿਤਨੇ ਦੁਖ ਹਨ ਤੇਰੇ ਤੋਂ ਵਿਛੜੇ ਰਹਣ ਵਿਚ ਜੋ ਜਨਮ ਜਨਮਾਤ੍ਰਾਂ ਵਿਚ ਭੁਲਾਂ ਕੀਤੀਆਂ ਹਨ ਉਨ੍ਹਾਂ ਦਾ ਫਲ ਹਨ। ਤੁਸੀਂ ਪਯਾਰ ਪੁੰਜ ਹੋ ਹੁਣ ਸਾਡੇ ਅਵਗੁਣ ਬਖਸ਼ੋ, ਹੁਣ ਸਾਥੋਂ ਨਾ ਵਿਛੁੜੋ ਸਦਾ ਸਾਡੇ ਨਾਲ ਰਹੋ । ਸਾਡੇ ਵਿਛੜੇ ਪਯਾਰੇ ਨੂੰ ਅਪਨੀ ਗੋਦ ਵਿਚ ਸੰਭਾਲੇ, ਸਾਨੂੰ ਨਾਮਦਾਨ ਬਖਸੋ ਤੇਰੇ ਗੁਣ ਗਾਉਂਦੇ ਅਸੀ ਬੀ ਆਪ ਦੀ ਚਰਨ ਸਰਣ ਆ ਕੇ ਵਸਣ ਜੋਗ ਹੋ ਜਾਵੀਏ।