1
C/o
D. T. Punjabi Bombay-1
13, Usha Kiran, 10-2-1953
Opp. C.C.I.
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਪਵਿਤ੍ਰਾਤਮਾ ਜੀਓ
8-2-53 ਦਾ ਪਤ੍ਰ ਅਜ ਪੁਜਾ ਹੈ। ਕਲ ਰਾਤ ਫੋਨ ਤੇ ਦਰਸਨ ਮੇਲੇ ਹੋਏ ਸਨ ।
ਸ੍ਰੀ ਰਾਜ ਜੀ ਨੇ ਅਪਨੀ ਟਿਕੀ ਅਵਸਥਾ ਦਸੀ ਸੀ, ਤੁਸੀ ਵੀ ਕੋਲ ਹੀ ਸਾਓ।
ਭਾਣਾ ਬਿਖਮ ਹੈ ਝਲਣਾ ਕਠਨ ਹੁੰਦਾ ਹੈ ਪਰ ਦਾਰੂ ਬੀ ਹੋਰ ਕੋਈ ਨਹੀ। ਇਸ ਕਰਕੇ ਬਾਰ ਬਾਰ ਫੋਨਾਂ ਤੇ ਪਤ੍ਰਾਂ ਵਿਚ ਸਹਾਰਾ ਦੇਣ ਦਾ ਯਤਨ ਹੈ । ਦਿਲ ਢੈਂਦੇ ਹਨ ਤਾਂ ਛਪਰਾਂ ਨੂੰ ਤੁਲਹਾ ਦੇ ਕੇ ਚਾਣਾ ਹੁੰਦਾ ਹੈ । ਦਿਲ ਖੜੇ ਕਰਨੇ ਦੇ ਕਈ ਤ੍ਰੀਕੇ ਹੁੰਦੇ ਹਨ । ਇਕ ਤ੍ਰੀਕਾ ਹੈ—ਭੁਲ ਜਾਓ, ਕਦੇ ਨਹੀਂ ਸਾਂ ਕੱਠੇ, ਤਦੋਂ ਬੀ ਵਕਤ ਲੰਘਦਾ ਸੀ, ਚਲੋ ਹੁਣ ਫੇਰ ਨਾ ਰਹੇ ਇਕਠੇ । ਇਹ ਤ੍ਰੀਕਾ ਸਬਰ ਕਰਨ ਦਾ ਇਕ ਪ੍ਰਕਾਰ ਦਾ ਅੰਦਰਲੇ ਸੂਖਮ ਭਾਵਾਂ ਦੀ ਮੌਤ ਹੁੰਦਾ ਹੈ।
ਜੇ ਸਦਮੇ ਤੇ ਵਿਯੋਗ ਨਾਲ ਆਪਾ ਹਲਾਲ ਕੀਤਾ ਜਾਏ, ਨਾਸ਼ੁਕਰੋ ਹੋ ਹੋ ਰੋਣ ਕੁਰਲਾਣ ਵਿਚ ਲਗਿਆ ਜਾਵੇ ਤਾਂ ਮਨ ਤੇ ਤਨ ਦੁਇ ਰੰਗੀ ਹੋ ਜਾਂਦੇ ਹਨ ਤੇ ਸੋਹਣੇ ਵਾਹਿਗੁਰੂ ਤੇ ਗੁਰੂ ਨਾਲ ਵਿਥ ਪੈ ਜਾਂਦੀ ਹੈ । ਸਿਖੀ ਇਹ ਹੈ ਕਿ ਮਨ ਦ੍ਰਵੇ, ਵੈਰਾਗ ਵਿਚ ਆਵੇ ਕੋਮਲਤਾ ਅੰਦਰ ਪਯਾਰੇ ਦੀ ਯਾਦ ਤੇ ਪਯਾਰ ਨਾਲ ਆ ਆ ਕੇ ਟੁੰਬੇ ਤੇ ਵੈਰਾਗ ਛੇੜੇ ਪਰ feelings ਦੇ ਇਸ ਪ੍ਰਵਾਹ ਨੂੰ ਵਾਹਿਗੁਰੂ ਅਰਪਨ ਕੀਤਾ ਜਾਵੇ । ਉਸ ਵੇਲੇ ਅਰਦਾਸ ਵਿਚ ਪੈ ਜਾਈਏ ਹੋ ਦਾਤਾ ਜਿਤਨੇ ਦੁਖ ਹਨ ਤੇਰੇ ਤੋਂ ਵਿਛੜੇ ਰਹਣ ਵਿਚ ਜੋ ਜਨਮ ਜਨਮਾਤ੍ਰਾਂ ਵਿਚ ਭੁਲਾਂ ਕੀਤੀਆਂ ਹਨ ਉਨ੍ਹਾਂ ਦਾ ਫਲ ਹਨ। ਤੁਸੀਂ ਪਯਾਰ ਪੁੰਜ ਹੋ ਹੁਣ ਸਾਡੇ ਅਵਗੁਣ ਬਖਸ਼ੋ, ਹੁਣ ਸਾਥੋਂ ਨਾ ਵਿਛੁੜੋ ਸਦਾ ਸਾਡੇ ਨਾਲ ਰਹੋ । ਸਾਡੇ ਵਿਛੜੇ ਪਯਾਰੇ ਨੂੰ ਅਪਨੀ ਗੋਦ ਵਿਚ ਸੰਭਾਲੇ, ਸਾਨੂੰ ਨਾਮਦਾਨ ਬਖਸੋ ਤੇਰੇ ਗੁਣ ਗਾਉਂਦੇ ਅਸੀ ਬੀ ਆਪ ਦੀ ਚਰਨ ਸਰਣ ਆ ਕੇ ਵਸਣ ਜੋਗ ਹੋ ਜਾਵੀਏ।