ਪੁੱਤ੍ਰ- ਫਿਰ ਬਖਸ਼ੇ ਤੇ ਬਖਸ਼ਵਾਓ, ਮੇਰੀ ਨੀਂਦਰ ਹੁਣ ਖੁੱਲ੍ਹ ਪਈ ਹੈ।
-੭-
ਸਭਿ ਕੁਟੰਬ ਇਕਠੇ ਹੁਇ ਗਯੇ।
ਗੁਰ ਦਰਸਨ ਹਿਤ ਚਲਿਬੋ ਕਿਯੋ ।
ਕ੍ਰਮ ਕ੍ਰਮ ਪੰਥ ਉਲੰਘਨਿ ਕੋ ਕਰਿ।
ਆਏ ਧ੍ਯਾਨ ਸਿੰਘ ਮਾਜਰੀਏ ਘਰ। (ਸੂ: ਪ੍ਰ:)
ਬਿਸੰਭਰ ਦਾਸ ਸਾਰੇ ਪਰਿਵਾਰ ਨੂੰ ਨਾਲ ਲੈਕੇ ਚਮਕੌਰ ਪਹੁੰਚ ਪਿਆ ਤੇ ਧ੍ਯਾਨ ਸਿੰਘ ਦੇ ਘਰ ਪਹੁੰਚ ਕੇ ਦੁਖ ਰੋਣੀ ਰੋਇਆ ਕਿ ਮੇਰਾ ਪੁੱਤਰ ਭੁੱਲ ਕਰ ਗਿਆ ਹੈ, ਤੂੰ ਮੇਰਾ ਗੁਰਭਾਈ ਹੈ, ਹੁਣ ਤੂੰ ਦੱਸ ਕਿ ਮੈਂ ਕਿਵੇਂ ਕਰਾਂ? ਪੁਤਰ ਨੂੰ ਸਮਝਾਇਆ, ਹੁਣ ਇਸਦੀ ਮਤ ਉੱਜਲ ਹੋ ਆਈ ਹੈ; ਇਸਨੂੰ ਨਾਲ ਲੈਕੇ ਆਇਆ ਹਾਂ ਤੇ ਤੇਰੀ ਸਰਨ ਹਾਂ, ਸਾਡਾ ਨਿਸਤਾਰਾ ਹੁਣ ਤੇਰੇ ਹੱਥ ਹੈ। ਮੇਰੇ ਤੇ ਉਪਕਾਰ ਕਰ, ਜੀਕੂੰ ਗੁਰੂ ਸਿਖ ਸਦਾ ਕਰਦੇ ਰਹੇ ਹਨ। ਉਹ ਬਿਧਿ ਕਰ ਕਿ ਜੀਕੂੰ ਸਤਿਗੁਰ ਪ੍ਰਸੰਨ ਹੋ ਜਾਣ ਤੇ ਇਸ ਪੁੱਤ੍ਰ ਨੂੰ ਨਾਮ ਦੀ ਰੰਗਣ ਚੜ੍ਹ ਜਾਵੇ।
ਧ੍ਯਾਨ ਸਿੰਘ ਨੇ ਕਿਹਾ:- ਭ੍ਰਾਤਾ ਜੀਓ ਮੈਂ ਹਰ ਤਰ੍ਹਾਂ ਹਾਜ਼ਰ ਹਾਂ। ਸਤਿਗੁਰੂ ਦੇ ਦੁਆਰੇ ਚੱਲੋ ਤੇ ਮੈਂ ਬੀ ਚਲਦਾ ਹਾਂ। ਉਨ੍ਹਾਂ ਦਾ ਬਿਰਦ ਬਖਸਿੰਦ ਹੈ, ਉਹ ਤਾਂ ਪਿਤਾ ਹਨ, ਮਾਤਾ ਹਨ, ਸਨੇਹ ਆਪ ਹਨ, ਬਖਸ਼ ਦੇਣਗੇ ਤੇ ਨਾਮ ਦਾ ਰੰਗ ਲਾ ਦੇਣਗੇ।
ਗਲ ਕੀ ਸਾਰੇ ਆਨੰਦਪੁਰ ਆ ਪਹੁੰਚੇ। ਪਹਿਲਾ ਡੇਰਾ ਕੀਤਾ ਤੇ ਫੇਰ ਗੁਰਚਰਨਾ ਵਿਚ ਜਾ ਮੱਥਾ ਟੇਕਿਆ। ਸਤਿਗੁਰ ਦੇਖਕੇ ਮੁਸਕ੍ਰਾਏ ਤੇ ਕ੍ਰਿਪਾ ਭਰੇ ਨੈਣਾਂ ਨਾਲ ਤੱਕੇ। ਸੁੱਖ ਸਾਂਦ ਪੁੱਛੀ ਦੱਸੀ। ਇਸ ਤਰ੍ਹਾਂ ਤ੍ਰੈ ਦਿਨ ਬਿਨਾਂ ਕੋਈ ਗਲ ਛੇੜੇ ਦੇ ਸਾਰੇ ਦਰਸਨ ਮੇਲੇ ਕਰਦੇ ਰਹੇ ਅਤੇ ਪ੍ਰਸਾਦ ਦੇਗ ਤੋਂ ਛਕਦੇ ਰਹੇ। ਹਰਿਗੁਪਾਲ ਦੀ ਹੁਣ ਮਤਿ ਹੋਰ ਉੱਜਲ ਆ ਹੋਈ।
ਇਕ ਦਿਨ ਸਤਿਗੁਰ ਜੀ ਨੂੰ ਜ਼ਰਾ ਵਿਹਲ ਵਿਚ ਵੇਖਕੇ ਬਿਸੰਭਰ ਦਾਸ ਪੁੱਤਰ ਸਮੇਤ ਸਾਹਿਬਾਂ ਦੇ ਹਜ਼ੂਰ ਹੱਥ ਜੋੜਕੇ ਖਲੋ ਗਿਆ ਤੇ ਅਰਦਾਸ ਕੀਤੀ:-