ਪਾਲਕੀਆਂ ਮੁਲਤਾਨ ਦੀਆਂ ਜੂਹਾਂ ਟੱਪ ਗਈਆਂ। ਘੋੜਿਆਂ ਤੇ ਸਵਾਰ ਅਜ਼ੀਜ਼ ਉਲ ਦੀਨ ਤੇ ਹਕੀਮ ਰਾਮ ਸਹਾਏ ਜਾ ਰਹੇ ਸਨ। ਪਾਲਕੀਆਂ ਵਿਚੋਂ ਕਦੀ ਕਦੀ ਹਾਏ ਹਾਏ ਦੀ ਆਵਾਜ਼ ਉਭਰਦੀ। ਫੱਟੜਾਂ ਦਾ ਕਾਫਲਾ ਲਾਹੌਰ ਵੱਲ ਵਧ ਰਿਹਾ ਸੀ।
ਗੁਜਰਾਂਵਾਲਾ ਕਦੀ ਸ਼ਹਿਰ ਸੀ, ਅੱਜ ਨਗਰਾਂ ਵਰਗਾ ਵੀ ਨਹੀਂ। ਅਬਦਾਲੀ ਨਾਦਰ ਨੇ ਉਜਾੜ ਕੇ ਖੇਹ ਕਰ ਦਿੱਤਾ ਏ। ਉਥੇ ਇਕ ਸਰਦਾਰ ਘਰਾਣਾ ਵਸਦਾ ਸੀ। ਇਹ ਮਿਸਲਾਂ ਦੇ ਸਾਥੀ ਸਨ। ਇਨ੍ਹਾਂ ਬੜੀਆਂ ਤੇਗਾਂ ਮਾਰੀਆਂ, ਬੜੇ ਜ਼ਫਰ ਜਾਲੇ। ਖੱਤਰੀ, ਉਪਲ ਜਾਤ। ਓਸ ਘਰਾਣੇ ਨੇ ਸਿੱਖੀ ਕਬੂਲ ਕਰ ਲਈ। ਜਦੋਂ ਲੋਕ ਸਿੱਖ ਦਾ ਨਾਂ ਲੈਦਿਆਂ ਡਰਦੇ ਸਨ। ਸਿੱਖ ਬਣ ਗਏ, ਗੁਰੂ ਦੇ ਪਿਆਰੇ। ਪੰਜਾਬ ਵਿਚ ਸਿੱਖ ਹੋਣਾ ਉਨ੍ਹਾਂ ਦਿਨਾਂ ਵਿਚ ਸਭ ਤੋਂ ਵੱਡਾ ਗੁਨਾਹ ਸਮਝਿਆ ਜਾਂਦਾ ਸੀ। ਸਿੱਖ ਦੀ ਸਮਾਜ ਵਿਚ, ਜਿਹੜਾ ਓਸ ਵੇਲੇ ਉਭਰ ਕੇ ਸਾਹਮਣੇ ਆਇਆ ਹੋਇਆ ਸੀ, ਧੇਲੇ ਦੀ ਕਦਰ ਨਹੀਂ ਸੀ। ਸਿੱਖ ਦਾ ਅਰਬ ਸੀ ਘਰੋਂ ਬਾਹਰੋਂ ਛੇਕਿਆ ਹੋਇਆ। ਦੁਰਕਾਰਿਆ ਹੋਇਆ ਸਮਾਜ ਦਾ। ਕੋਈ ਗ੍ਰਹਿਸਤੀ ਉਹਨੂੰ ਮੂੰਹ ਲਾ ਕੇ ਖੁਸ਼ ਨਹੀਂ ਸੀ। ਹਕੂਮਤ ਦਾ ਡੰਡਾ ਬੜਾ ਡਾਢਾ ਏ। ਭਾਵੈਂ ਪੰਜਾਬ ਦਾ ਹਰ ਘਰ ਆਪਣਾ ਇਕ ਮੁੰਡਾ ਸਿੱਖ ਬਣਾਉਂਦਾ ਸੀ, ਸ਼ਰਧਾ ਪਿਆਰ ਤੇ ਸਤਿਕਾਰ ਨਾਲ ਪਰ ਫੇਰ ਵੀ ਏਨਾ ਕੁਝ ਹੁੰਦਿਆਂ ਹੋਇਆਂ ਵੀ ਕੋਈ ਆਪਣੇ ਪੁੱਤ ਨੂੰ ਜਿਹੜਾ ਸਿੰਘ ਸੱਜ ਗਿਆ ਸੀ, ਘਰ ਵਾੜ ਕੇ ਖੁਸ਼ ਨਹੀਂ ਸੀ। ਇਹ ਸਿੱਖੀ ਦਾ ਦੋਸ਼ ਨਹੀਂ ਸੀ। ਹਕੂਮਤ ਦਾ ਰੁਖ ਦੀ ਕੁਝ ਇਸ ਤਰ੍ਹਾਂ ਦਾ ਸੀ। ਓਦਾਂ ਸਿੱਖ ਬੜੀ ਇਜਤ ਨਾਲ ਸਤਕਾਰਿਆ ਜਾਂਦਾ। ਸੱਚ ਦਾ ਪੁਤਲਾ ਤੇ ਸੇਵਾ ਦਾ ਦੇਵਤਾ ਕਰਨੀ ਦਾ ਪੂਰਾ ਤੇ ਹੱਠ ਦੇ ਪੱਕੇ ਨੂੰ ਪੰਜਾਬ ਵਾਲੇ ਸਿੱਖ ਆਖਦੇ ਸਨ। ਮੰਨਦੀ ਹਕੂਮਤ ਵੀ ਇਸ ਤਰ੍ਹਾਂ ਹੀ ਸੀ ਪਰ ਇਹ ਗੱਲ ਉਹ ਆਪਣਿਆਂ ਬੁਲ੍ਹਾਂ ਤੇ ਨਾ ਆਉਣ ਦੇਂਦੀ। ਉਨ੍ਹਾਂ ਦਾ ਵਕਾਰ ਘਟਦਾ ਸੀ ਫਕੀਰ ਸਾਹਿਬ ਦੀ ਆਵਾਜ਼ ਵਿਚ ਮਿਠਾਸ ਦੀ ਚਾਸ਼ਨੀ ਸੀ।
ਸਿੱਖ ਜੰਗਲਾਂ ਵਿਚ ਰਹਿੰਦੇ, ਜੂਹਾਂ ਵਿਚ ਫਿਰਦੇ, ਬੇਲਿਆਂ ਵਿਚ ਭਾਉਂਦੇ, ਝੱਲਾਂ ਵਿਚ ਖਾਂਦੇ, ਉਜਾੜਾਂ ਵਿਚ ਸੌਂਦੇ। ਇਕ ਘੋੜਾ, ਭੂਰਾ ਤੇ ਸਿਮਰਨਾ ਇਹੋ ਉਨ੍ਹਾਂ ਦੀ ਜਾਇਦਾਦ ਸੀ। ਜਿਹੜਾ ਮੁੰਡਾ ਕਦੀ ਭੁੱਲਾ ਚੁੱਕਾ ਆਪਣੇ ਮਾਪਿਆਂ ਨੂੰ ਮਿਲਣ ਆ ਜਾਂਦਾ, ਸਮਝੋ ਉਸ ਘਰ ਦੀ ਸ਼ਾਮਤ ਆ ਜਾਂਦੀ। ਉਹਦੀਆਂ ਨੀਹਾਂ ਹਿੱਲ ਜਾਂਦੀਆਂ। ਸਮੇਂ ਦੀ ਹਕੂਮਤ ਉਨ੍ਹਾਂ ਦੀਆਂ ਦਲੀਜਾਂ ਪੁੱਟ ਮਾਰਦੀ। ਮਾਰ ਮਾਰ ਕੇ ਧੌੜੀ ਲਾਹ ਸੁੱਟਦੇ। ਏਸ ਲਈ ਕੋਈ ਗ੍ਰਹਿਸਤੀ ਆਪਣੇ ਪੁੱਤ ਨੂੰ ਜਿਹੜਾ ਓਸ ਸਿੱਖ ਬਣਾ ਦਿੱਤਾ ਸੀ, ਆਪਣੇ ਘਰ ਨਾ ਵੜਨ ਦੇਂਦਾ। ਸਿੱਖਾਂ ਦਾ ਵਿਆਹ ਨਹੀਂ ਸੀ ਹੋ ਸਕਦਾ। ਕੋਈ ਰਾਠ ਬੰਦਾ ਆਪਣੀ ਧੀ ਦਾ ਡੋਲਾ ਦੇਣ ਨੂੰ ਤਿਆਰ ਨਹੀਂ ਸੀ। ਘਰ ਦਿਆਂ ਲਈ ਉਹ ਮਰ ਗਿਆ