ਲਿਬੜਿਆ ਤਿਬੜਿਆ ਹਰੀਆ ਵੇਖ ਕੇ ਪਹਿਲਾਂ ਤੇ ਮਾਂ ਘਬਰਾ ਗਈ। ਖਰਬੂਜ਼ੇ ਵੇਖ ਕੇ ਹੋਰ ਵੀ ਹੈਰਾਨ ਹੋਈ। ਕਾਮਿਆਂ ਵੱਲ ਘੂਰਿਆ ਤੇ ਫੇਰ ਆਖਣ ਲੱਗੀ।
ਖਰਬੂਜੇ ਮੁੰਡਿਆਂ ਕਿਉਂ ਚੁੱਕੇ ਹੋਏ ਨੇ? ਕੀ ਤੁਸੀਂ ਮਰ ਗਏ ਸੌ ਜਾਂ ਤੁਹਾਡੇ ਹੱਥਾਂ ਨੂੰ ਮਹਿੰਦੀ ਲੱਗੀ ਹੋਈ ਸੀ। ਸਰਦਾਰਨੀ ਕਾਮਿਆਂ ਨੂੰ ਆਖਣ ਲਗੀ।
ਨਹੀਂ ਮਾਤਾ ਜੀ, ਇਹ ਖਰਬੂਜ਼ੇ ਕਿਸੇ ਨੂੰ ਦੇਣ ਨੂੰ ਤਿਆਰ ਨਹੀਂ। ਇਨ੍ਹਾਂ ਆਪ ਕੰਧ ਟੱਪ ਕੇ ਪੈਲੀ ਵਿਚੋਂ ਆਪ ਜਾ ਕੇ ਤੋੜ ਕੇ ਆਂਦੇ ਨੇ। ਸਾਨੂੰ ਕਿਤੇ ਪਤਾ ਵੀ ਨਹੀਂ ਲੱਗਣ ਦਿੱਤਾ। ਸਾਡੀਆ ਅੱਖਾਂ ਵਿਚ ਘੱਟਾ ਪਾ ਕੇ ਕੰਧ ਟੱਪ ਕੇ ਪੈਲੀ ਵਿਚ ਜਾ ਵੜੇ ਤੇ ਖਰਬੂਜ਼ੇ ਤੋੜ ਲਏ। ਕਾਮੇ ਨੇ ਅਰਜ਼ ਕੀਤੀ।
ਹਰੀਆ ਵੇ ਹਰੀਆ! ਕੀ ਤੈਨੂੰ ਖਰਬੂਜ਼ੇ ਨਹੀਂ ਮਿਲਦੇ। ਤੈਨੂੰ ਕੋਈ ਖਰਬੂਜ਼ੇ ਲਿਆ ਕੇ ਨਹੀਂ ਦੇਂਦਾ।
ਨਹੀਂ ਮਾਂ, ਮੈ ਖਰਬੂਜਿਆਂ ਲਈ ਬਾਹਰ ਨਹੀਂ ਸਾਂ ਗਿਆ. ਅਸਾਂ ਤੇ ਕੰਧ ਟੱਪ ਕੇ ਵੇਖੀ ਸੀ। ਹਰੀਆ ਪਟਾਕ ਰਿਹਾ ਸੀ।
ਤੁਸੀਂ ਕੰਧ ਟੱਪ ਲਈ।
ਹਾਂ ਮਾਂ, ਚੌਹਾਂ ਹੀ ਕੰਧ ਟੱਪ ਲਈ. ਆਲਿਆਂ ਵਿਚ ਪੈਰ ਧਰ ਕੇ। ਖਰਬੂਜ਼ੇ ਬੜੇ ਮਿੱਨੇ ਨੇ ਮਾਂ. ਹਰੀਆ ਆਖ ਰਿਹਾ ਸੀ।
ਮੇਰੇ ਪੁੱਤ ਨੇ ਕੰਧ ਟੱਪ ਲਈ। ਤੁਸੀਂ ਚਾਰੇ ਜਣੇ ਕੰਧ ਟੱਪ ਗਏ। ਤੁਹਾਨੂੰ ਕਿਸੇ ਨੇ ਮੋੜਿਆ ਨਾ। ਮਾਂ ਪਿਆਰ ਵਿਚ ਆਈ ਆਖ ਰਹੀ ਸੀ।
ਮੋੜਨ ਵਾਲਿਆਂ ਤੋਂ ਡਰੀਏ ਤੇ ਖਰਬੂਜ਼ੇ ਨਾ ਖਾਈਏ। ਆਪਣੀ ਪੈਲੀ ਦੇ ਖਰਬੂਜ਼ੇ ਆਪ ਤੋੜ ਲਏ ਤੇ ਫੇਰ ਡਰ ਕਾਹਦਾ। ਬੋਲ ਸਨ ਹਰੀਏ ਦੇ।
ਖਰਬੂਜ਼ੇ ਤੇ ਆਪਣੇ ਹਨ ਪਰ ਰਾਖਾ, ਮਾਂ ਨੇ ਸੁਆਲ ਕੀਤਾ।
ਰਾਖਾ ਤੇ ਅਤੇ ਵਾਧੂ ਦਾ ਚੌਧਰੀ ਏ। ਜ਼ਮੀਨ ਸਾਡੀ, ਫਸਲ ਸਾਡੀ, ਰਾਖੇ ਨੂੰ ਤੇ ਰਾਖੀ ਚਾਹੀਦੀ ਏ। ਹਰੀਏ ਦੀ ਜ਼ਬਾਨ ਵਿਚ ਕਿਤੇ ਵਲ ਨਹੀਂ ਸੀ ਪੈਂਦਾ।
ਮਾਂ ਨੇ ਹਰੀਏ ਦਾ ਮੂੰਹ ਚੁੰਮਿਆਂ ਤੇ ਉਹਦੇ ਸਾਥੀਆਂ ਦਾ ਵੀ।
ਹਰੀਆ ਮੇਰਾ ਪੁੱਤ ਹੁਣ ਹਵੇਲੀ ਦੀ ਰਾਖੀ ਕਰ ਸਕਦਾ ਏ। ਮਾਂ ਦੇ ਬੁਲ੍ਹਾ ਤੇ ਬੋਲ ਨੱਚ ਰਹੇ ਸਨ।
ਹਾਏ ਉਏ ਮੇਰਿਆ ਰੱਬਾ।
ਕੀ ਹੋਇਆ, ਕੀ ਹੋਇਆ।
ਸਰਦਾਰ ਸਾਹਿਬ ਪੂਰੇ ਹੋ ਗਏ।
ਸਰਦਾਰ ਗੁਰਦਿਆਲ ਸਿੰਘ ਚੜ੍ਹਾਈ ਕਰ ਗਏ ਤੇ ਹਰੀਆ ਯਤੀਮ ਹੋ ਗਿਆ। ਧਰਮ ਕੌਰ ਵਿਧਵਾ ਹੋ ਗਈ। ਹਵੇਲੀ ਦਾ ਬੂਹਾ ਦੂਜੇ ਪਾਸੇ ਜਾ ਲੱਗਾ। ਹਵੇਲੀ ਵਿਚੋਂ ਤੁਰ ਗਿਆ ਸਰਦਾਰ ਯਤੀਮ ਹਰੀਆ ਛੱਡ ਕੇ।
ਕੋਕਿਆਂ ਵਾਲਾ, ਤਿਖਿਆ ਕਿੱਲਾਂ ਵਾਲਾ ਦਰਵਾਜ਼ਾ ਅਜੇ ਉਸੇ ਤਰ੍ਹਾਂ ਖੜਾ ਸੀ। ਗ਼ਮਗੀਨ ਉਦਾਸ ਤੇ ਖਾਮੋਸ਼।
ਅਥਰੂ ਕਿਰ ਕਿਰ ਪੈ ਰਹੇ ਸਨ ਫਕੀਰ ਅਜ਼ੀਜ਼ ਉਦ ਦੀਨ ਦੇ।