ਆਵਾਜ਼ਾਂ
ਗਰਮੀਆਂ ਦੀ ਕੜਕਦੀ ਧੁੱਪ, ਤਾਂਬੇ ਵਰਗੀ ਤਪੀ ਜ਼ਮੀਨ, ਸਵਾ ਨੇਜੇ ਤੇ ਸੂਰਜ ਬੰਦਾ ਤੇ ਇਕ ਪਾਸੇ, ਮੱਛੀ ਜ਼ਮੀਨ ਤੇ ਪਈ ਭੁੱਜ ਜਾਂਦੀ। ਤਿੱਖੜ ਦੁਪਹਿਰ ਤੇ ਉਤੋਂ ਫੌਜਾਂ ਦਾ ਹੁੱਸੜ। ਘੋੜਿਆਂ ਦੀ ਦਗੜ ਦਗੜ।
ਮੁਲਤਾਨ ਦਾ ਸ਼ਹਿਰ; 1810 ਦੇ ਦਿਨ ਲਾਹੌਰ ਸ਼ਹਿਰ ਤੇ ਝੂਲਦੇ ਕੇਸਰੀ ਨਿਸ਼ਾਨ: ਮਹਾਰਾਜਾ ਰਣਜੀਤ ਸਿੰਘ ਦਾ ਰਾਜ। ਮੁਲਤਾਨ ਦੇ ਸ਼ਹਿਰ ਤੇ ਮਹਾਰਾਜੇ ਦਾ ਕਬਜ਼ਾ ਤੇ ਕਿਲ੍ਹੇ ਅੰਦਰ ਨਵਾਬ ਮੁਜ਼ਫਰ ਖਾਂ ਦੀ ਹਕੂਮਤ।
ਸ਼ਹਿਰ ਇਕ ਤੇ ਬਾਦਸ਼ਾਹ ਦੋ; ਮਿਆਨ ਇਕ ਤੇ ਦੋ ਤਲਵਾਰਾਂ; ਇਹ ਨਹੀਂ ਹੋ ਸਕਦਾ। ਮਿਆਨ ਇਕ ਤੇ ਇਕ ਤਲਵਾਰ: ਸ਼ਹਿਰ ਇਕ ਤੇ ਇਕ ਬਾਦਸ਼ਾਹ।
ਮੁਲਤਾਨ ਇਕ ਨੂੰ ਛਡਣਾ ਪਵੇਗਾ। ਭਾਵੇਂ ਮਹਾਰਾਜਾ ਰਣਜੀਤ ਸਿੰਘ ਛੱਡ ਜਾਏ ਤੇ ਭਾਵੇਂ ਨਵਾਬ ਮੁਜ਼ਫਰ ਖ਼ਾਂ ਛੱਡ ਜਾਏ। ਇਹ ਫੈਸਲਾ ਅੱਜ ਹੋ ਕੇ ਰਹੇਗਾ। ਇਹ ਰੋਜ਼ ਦੀ ਘੈਂਸ ਘੈਂਸ ਚੰਗੀ ਨਹੀਂ।
ਲੋਕ ਤੰਗ ਪੈ ਗਏ ਹਨ, ਚੜ੍ਹਦੇ ਸੂਰਜ ਨਾਲ ਫੌਜਾਂ ਦੀ ਘੋੜ ਦੋੜ, ਤੋਪਾਂ ਦੀ ਗਰਜਨ ਦੀ ਆਵਾਜ਼, ਤਲਵਾਰਾਂ ਦੀ ਚਮਕ, ਜਵਾਨਾਂ ਦੀਆਂ ਬੜ੍ਹਕਾਂ, ਗਭਰੂਆਂ ਦੇ ਨਾਅਰੇ, ਜੋਸ਼ ਨਿਮਾਜ਼ੀਆਂ ਦੇ, ਜਲਾਲ ਬਹਾਦਰਾਂ ਦਾ, ਹਿੰਮਤ ਜਵਾਨਾਂ ਦੀ ਹੌਸਲਾ ਜਵਾਂ ਮਰਦਾਂ ਦਾ। ਮੁਲਤਾਨ ਦੀ ਗਰਮੀ ਉਡਦੇ ਪੰਛੀ ਨੂੰ ਭੁੰਨ ਸਕਦੀ ਏ, ਬਹਾਦਰਾਂ ਦੇ ਵਲਵਲੇ ਅੰਧ ਭੁੰਨੇ ਨਹੀਂ ਕਰ ਸਕਦੀ। ਮੁਲਾਤਨ ਦੀ ਗਰਮੀ ਤੋਂ ਬੁਜ਼ਦਿਲ ਡਰਦਾ ਏ। ਸੂਰਮੇ ਜੁੱਤੀ ਤੇ ਨਹੀਂ ਗਿਣਦੇ। ਤਲਵਾਰਾਂ ਅੱਜ ਫੈਸਲਾ ਕਰ ਕੇ ਹੀ ਉਠਣਗੀਆਂ। ਮੁਲਤਾਨ ਦਾ ਇਕ ਵਸਨੀਕ ਆਖ ਰਿਹਾ ਸੀ।
ਮੁਲਤਾਨ ਦਾ ਗੜ੍ਹ ਤੋੜਨਾ ਕੋਈ ਆਸਾਨ ਗੱਲ ਨਹੀਂ। ਇਹ ਟੇਢੀ ਖੀਰ ਏ। ਸਿੱਧੀ ਉਂਗਲੀ ਘਿਓ ਨਾ ਨਿਕਲਿਆ। ਜਿੰਨਾ ਚਿਰ ਤੱਕ ਨਵਾਬ ਕੋਲ ਰਾਸ਼ਨ ਏ, ਕਿਲੇ ਦਾ ਫਾਟਕ ਨਾ ਖੁੱਲ੍ਹਿਆ। ਤੋਪਾਂ ਨੇ ਕੀ ਭੰਨਣਾ ਏ? ਕਿਲੇ ਦਾ ਮੁੱਖ ਦੁਆਰਾ। ਕਿਲੇ ਦੀ ਦੀਵਾਰ ਤੇ ਦੋ ਬੰਦੇ ਸਿਰ ਨਾਲ ਸਿਰ ਜੋੜ ਕੇ ਸੌਂ ਸਕਦੇ ਹਨ। ਦੀਵਾਰ ਨਾ ਟੁੱਟੀ, ਕਿਲਾ ਸਰ ਨਾ ਹੋਇਆ ਤੇ ਮਹਾਰਾਜੇ ਨੂੰ ਲਾਹੌਰ ਵੱਲ ਮੁਹਾਰਾਂ ਮੋੜਨੀਆਂ ਹੀ ਪੈਣੀਆਂ ਨੇ। ਮੁਲਤਾਨ ਸਰਹੱਦ ਦਾ ਦਰਵਾਜ਼ਾ ਏ। ਜੇ ਮੁਲਤਾਨ ਫ਼ਤਿਹ ਹੋ ਗਿਆ ਤੇ ਫੇਰ ਸਰਹੱਦ
ਦੇ ਦਰਵਾਜ਼ੇ ਖੁੱਲ੍ਹ ਗਏ ਤੇ ਫੇਰ ਪੰਜਾਬੀ ਪਿਸ਼ੌਰ ਜਾ ਕੇ ਸਾਹ ਲੈਣਗੇ। ਤੇ ਜੇ ਮੁਲਤਾਨ ਨੇ ਏਥੇ ਹੀ ਮੂੰਹ ਭੰਨ ਦਿੱਤਾ। ਲਾਹੌਰ ਜਾ ਕੇ ਮੰਗਿਆਂ ਪਾਣੀ ਵੀ ਨਹੀਂ ਮਿਲਣਾ। ਲੋਕਾਂ ਟਿਕਚਰਾਂ ਕਰ ਕੇ ਮੂੰਹ ਦੂਜੇ ਪਾਸੇ ਲਾ ਦੇਣਾ ਏ। ਪੰਜਾਬ ਦੀ ਕਿਸਮਤ ਦਾ ਫੈਸਲਾ ਸਿਰਫ ਮੁਲਤਾਨ ਦੇ ਮੱਥੇ ਤੇ ਲਿਖਿਆ ਹੋਇਆ ਏ। ਮੁਲਤਾਨ ਹਮੇਸ਼ਾ ਖ਼ੁਦ ਮੁਖ਼ਤਾਰ ਰਹਿਣਾ ਸਿਖਿਆ ਏ। ਇਸ ਕਦੇ ਵੀ ਈਨ ਨਹੀਂ ਮੰਨੀ। ਮੌਜ ਆਈ ਤੇ ਖਰਾਜ ਭੇਜ ਛਡਿਆ ਤੇ ਜੇ ਕਿਸੇ ਨੇ ਅੱਖਾਂ ਕੱਢੀਆਂ ਤੇ ਠੱਠ ਵਿਖਾ ਦਿੱਤਾ। ਇਹ ਇਹਦੇ ਖਾਮੀਰ ਦੀ ਤਾਸੀਰ - ਏ। ਇਹਦਾ ਉਤਲਾ ਰੂਪ ਕੋਈ ਨਹੀਂ। ਇਹ ਅੰਦਰੋਂ ਬਾਹਰੋਂ ਇਕ ਏ। ਮੁਲਤਾਨ ਦਰਵੇਸ਼ਾਂ ਦਾ ਸ਼ਹਿਰ ਏ। ਫਕੀਰਾਂ ਦਾ ਘਰ ਏ। ਖੁਦਾ ਦੇ ਬੰਦਿਆਂ ਦਾ ਡੇਰਾ ਏ। ਮਲੰਗਾਂ ਦੀ ਜਗ੍ਹਾ ਏ। ਇਹ ਮਲੀਆ ਮੇਟ ਨਹੀਂ ਹੋ ਸਕਦਾ। ਇਹਨੂੰ ਕੋਈ ਜ਼ਮੀਨ ਦੇ ਨਾਲ ਮਿਲਾਉਣ ਵਾਲਾ ਅਜੇ ਜੰਮਿਆ ਨਹੀਂ। ਕਈ ਆਏ ਤੇ ਕਈ ਚਲੇ ਗਏ। ਮੁਲਤਾਨ ਆਪਣੀ ਸ਼ਾਨ ਵਸਦਾ ਏ ਤੇ ਵਸਦਾ ਰਹੇਗਾ। ਜਾਓ, ਤਲਵਾਰਾਂ ਤੇ ਮਾਣ ਕਰਨ ਵਾਲਿਓ, ਜਾਓ ਆਪਣੇ ਘਰ ਜਾ ਕੇ ਚਾਦਰਾਂ ਤਾਣ ਕੇ ਸੌਂ ਜਾਓ। ਮੁਲਤਾਨ ਬਲੀ ਮੰਗਦਾ ਏ। ਮੁਲਤਾਨ ਲਹੂ ਦਾ ਪਿਆਸਾ ਏ। ਮੁਲਤਾਨ ਆਦਮਖੋਰ ਏ। ਮੁਲਤਾਨ ਦਾ ਕਾਸਾ ਆਦਮ ਦੇ ਲਹੂ ਦੀ ਮੰਗ ਕਰਦਾ ਏ। ਲਹੂ ਦੇ ਹੜ੍ਹ ਵਗਾ ਦਿਓ। ਇਨਸਾਨਾਂ ਦੇ ਸਿਰਾਂ ਦੇ ਮੀਨਾਰ ਬਣਾ ਕੇ ਉਸਾਰੋ। ਤੇ ਏਨਾ ਉਚਾ ਕਰ ਦਿਓ ਕਿ ਉਹਦੇ ਤੋਂ ਤੁਹਾਨੂੰ ਲਾਹੌਰ ਦੇ ਬੁਰਜ ਨਜ਼ਰ ਆ ਜਾਣ। ਜੇ ਤੁਸੀਂ ਇਹ ਕਰ ਸਕਦੇ ਓ, ਤੇ ਫੇਰ ਮੁਲਤਾਨ ਤੁਹਾਡਾ ਏ। ਨਹੀਂ ਤੇ ਮੁਲਤਾਨ ਕਿਸੇ ਦਾ ਨਹੀਂ। ਮੁਲਤਾਨ, ਮੁਲਤਾਨ ਵਾਲਿਆਂ ਦਾ ਏ। ਰਹੇ, ਖਾਓ, ਪੀਓ ਤੇ ਆਪਣੇ ਰਾਹ ਫੜੋ। ਇਹ ਖਾਲੀ ਜੈਕਾਰੇ ਤੇ ਫੋਕੇ ਨਾਹਰੇ ਇਹ ਪੁਠੀਆਂ ਸਿਧੀਆਂ ਪੱਗਾਂ, ਇਹ ਲਿਸ਼ਕਦੇ ਨੇਜੇ, ਇਹ ਮੂੰਹ ਅੱਡੀਆਂ ਤੋਪਾਂ ਮੁਲਤਾਨ ਦਾ ਕੱਖ ਭੰਨ ਕੇ ਦੂਹਰਾ ਨਹੀਂ ਕਰ ਸਕਦੀਆਂ। ਮੁਲਤਾਨ ਦੇ ਇਕ ਸ਼ਹਿਰੀ ਦੇ ਖਿਆਲ ਸਨ।
ਤੁਹਾਡੇ ਘੋੜਿਆਂ ਦੇ ਸੁੰਮਾਂ ਨੇ ਧਰਤੀ ਪੁੱਟ ਖਾਧੀ ਏ। ਤੁਹਾਡੀਆਂ ਫੌਜਾਂ ਨੇ ਸਾਡਾ ਜੀਉਣਾ ਹਰਾਮ ਕਰ ਦਿੱਤਾ ਏ। ਲੜਾਈ ਬਾਦਸ਼ਾਹਾਂ ਦੀ ਤੇ ਗਰੀਬਾਂ ਦਾ ਐਵੇ ਈ ਨ੍ਹਾਉਣ। ਜੇ ਰਣਜੀਤ ਸਿੰਘ ਜਿੱਤ ਗਿਆ ਤੇ ਫੇਰ ਉਸ ਸਾਨੂੰ ਕਿਹੜੇ ਸੋਨੇ ਦੇ ਕੰਗਣ ਪੁਆ ਦੇਣੇ ਨੇ। ਜੇ ਨਵਾਬ ਮੁਜ਼ਫਰ ਖਾਂ ਦੀ ਨੌਬਤ ਖੜਕ ਪਈ ਤੇ ਫੇਰ ਕਿਹੜੇ ਸਾਡੇ ਮੂੰਹੋਂ ਗਰਾਹੀ ਖੋਹ ਕੇ ਲੈ ਚਲਿਆ। ਜਿਹੜਾ ਵੀ ਆਇਆ ਉਸ ਸਾਡੀ ਉਨ ਹੀ ਲਾਹੁਣੀ ਏ। ਭਾਵੇਂ ਮੁਜ਼ਫਰ ਖਾਂ ਹੋਵੇ ਤੇ ਭਾਵੇਂ ਰਣਜੀਤ ਸਿੰਘ। ਮੁਲਤਾਨ ਦੇ ਬੰਦੇ ਕਦੋਂ ਆਖਣੋ ਮੁੜਦੇ ਸਨ। ਉਹ ਕੀ ਸਮਝਦੇ ਸਨ ਰਣਜੀਤ ਸਿੰਘ ਨੂੰ ਤੇ ਨਵਾਬ ਮੁਜ਼ਫਰ ਖਾਂ ਨੂੰ, ਉਹ ਤੇ ਖੁਦਾ ਦਾ ਦਿੱਤਾ ਖਾਂਦੇ ਸਨ ਤੇ ਖੁਦਾ ਦੀ ਰਜ਼ਾ ਵਿਚ ਰਹਿੰਦੇ ਸਨ।
ਸ਼ਹਿਰ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਸੀ ਤੇ ਫੌਜਾਂ ਹਰਲ ਹਰਲ ਕਰਦੀਆਂ ਫਿਰਦੀਆਂ ਸਨ। ਕਬਜ਼ਾ ਈ ਏ ਤੇ ਫੇਰ ਕੀ ਏ? ਕਿਲੇ ਵਿਚ ਨਵਾਬ ਮੁਜ਼ਫਰ
ਜਾਓ। ਸ਼ਹਿਰ ਵਾਸੀਓ, ਅੱਖਾਂ ਮੀਟ ਕੇ ਸੌਂ ਜਾਓ। ਤੁਹਾਨੂੰ ਕਿਤੇ ਤਤੀ ਵਾ ਨਹੀਂ ਲੱਗਣ ਲਗੀ। ਇਹਨਾਂ ਨੂੰ ਹੌਕੇ ਮਾਰਨ ਦਿਓ, ਮੁਲਤਾਨ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਮੁਲਤਾਨ ਦੀ ਕਿਸਮਤ ਦਾ ਫੈਸਲਾ ਮੈਂ ਕਰਾਂਗਾ। ਮੁਲਤਾਨ ਦੀ ਕਿਸਮਤ ਦਾ ਫੈਸਲਾ ਮੇਰੀ ਮੁੱਠ ਵਿਚ ਏ। ਇਕ ਮਸਤ ਮਲੰਗ ਫਕੀਰ ਮੌਲਾ ਆਖ ਕੇ ਚੁੱਪ ਹੋ ਗਿਆ।
ਰਾਤ ਦੀ ਚੁੱਪ, ਹਨੇਰੇ ਤੇ ਖਾਮੋਸ਼ੀ ਨੇ ਸਾਰੀਆਂ ਆਵਾਜਾਂ ਦਾ ਗਲ ਘੁੱਟ ਲਿਆ। ਮੁਲਤਾਨ ਦੇ ਕਿਲੇ ਤੇ ਸ਼ਹਿਰ ਤੇ ਜਾਂ ਹਨੇਰਾ ਜਾਂ ਚੁੱਪ। ਸਾਰੀ ਖੁਚਾਈ ਲੱਤ ਤੇ ਲੱਤ ਧਰ ਕੇ ਸੁੱਤੀ ਹੋਈ ਸੀ। ਜਾਗ ਰਹੇ ਸਨ ਹਕੂਮਤ ਦੇ ਹਿਰਸੀ, ਲਾਲਚੀ ਤੇ ਰਾਜ ਦੇ ਚਾਹਵਾਨ।
ਗੱਲ ਇਕ ਇਕ ਸਰਕਾਰ ਦੀ
ਚਹੁੰ ਸਵਾਰਾਂ ਨੇ ਕਿਲੇ ਦੀ ਪਹਿਲਾਂ ਪਰਦੱਖਣਾ ਕੀਤੀ। ਖਿਜ਼ਰੀ ਦਰਵਾਜ਼ਾ ਵੇਖਿਆ ਤੇ ਫੇਰ ਹਾਥੀ ਦਰਵਾਜ਼ਾ। ਬਾਕੀ ਦੋ ਦਰਵਾਜ਼ੇ ਵੀ ਅੱਖਾਂ 'ਚੋਂ ਕੱਢੇ।
ਪਹਿਲੇ ਘੋੜੇ ਤੇ ਮਹਾਰਾਜਾ ਰਣਜੀਤ ਸਿੰਘ ਸੀ।
ਦੂਜੇ ਘੋੜੇ ਤੇ ਨਿਹਾਲ ਸਿੰਘ ਅਟਾਰੀ।
ਤੀਜੇ ਘੋੜੇ ਤੇ ਨਿਹਾਲ ਸਿੰਘ ਧਾਰੀ।
ਚੌਥੇ ਘੋੜੇ ਤੇ ਗਭਰੂ ਮੁੰਡਾ ਹਰੀ ਸਿੰਘ ਨਲੂਆ ਜਿਹੜਾ ਤਿੰਨਾਂ ਤੋਂ ਛੋਟਾ ਸੀ। ਮਹਾਰਾਜਾ ਪੰਦਰਾਂ ਸਾਲ ਵੱਡੇ ਸਨ, ਬਾਕੀ ਤੇ ਸਾਰੇ ਦੇ ਸਾਰੇ ਬਜ਼ੁਰਗ ਸਨ, ਪੂਜਣ ਯੋਗ। ਪਰ ਹੈ ਸਨ ਖੁਰਾਂਟ, ਖੁੰਢ, ਮੈਦਾਨ ਦੇ ਕੀੜੇ, ਕਈ ਮੈਦਾਨਾਂ ਵਿਚ ਤੇਗਾਂ ਮਾਰੀਆਂ ਤੇ ਕਈਆਂ ਮੈਦਾਨਾਂ ਵਿਚੋਂ ਖੁਹਾ ਕੇ ਵੇਖੀਆਂ। ਕਈ ਜੰਗ ਜਿੱਤੇ ਤੇ ਕਈਆਂ ਵਿਚ ਘੋੜਿਆ ਨੂੰ ਦੁੜਕੀ ਪਵਾ ਕੇ ਨਸਾਇਆ। ਜਿੱਤ ਹਾਰ ਉਨ੍ਹਾਂ ਦੀ ਜ਼ਿੰਦਗੀ ਵਿਚ ਤਮਾਸ਼ਾ ਸੀ। ਮੈਦਾਨ ਜਿੱਤ ਕੇ ਬਹੁਤੀ ਖੁਸ਼ੀ ਵੀ ਨਹੀਂ ਸੀ ਹੁੰਦੀ ਤੇ ਹਾਰ ਕੇ ਬਹੁਤਾ ਦੁੱਖ ਵੀ ਨਹੀਂ ਸੀ ਹੁੰਦਾ। ਦੋਹਾਂ ਧੜਿਆਂ ਵਿਚ ਕਿਤੇ ਪਾਸਕੂ ਨਹੀਂ ਸੀ। ਨਾ ਹਾੜ ਹਰੇ ਤੇ ਨਾ ਸਾਉਣ ਸੁੱਕੇ। ਲੜਾਈ ਜ਼ਿੰਦਗੀ ਦਾ ਇਕ ਅੰਗ ਬਣ ਚੁਕੀ ਸੀ। ਪੰਜਾਬ ਵਿਚ ਲੜਾਈ ਹਰ ਮੌਸਮ ਵਿਚ ਘਗਰਾ ਪਾ ਕੇ ਨੱਚ ਖਲੋਂਦੀ ਏ। ਏਧਰ ਕੁੜੀਆਂ ਨੇ ਗਿੱਧੇ ਦਾ ਪਿੜ ਬੰਨ੍ਹਿਆਂ ਉਧਰ ਮੁੰਡੇ ਭੰਗੜਾ ਪਾਉਣ ਖਲੋ ਗਏ ਤੇ ਏਧਰ ਲੜਾਈ ਨੇ ਵੀ ਡਫਰੀ ਵਜਾ ਦਿੱਤੀ। ਪੰਜਾਬ ਦੀ ਖੱਲੜੀ ਵਿਚ ਡਰ ਭੋਰਾ ਭਰ ਵੀ ਨਹੀਂ ਸੀ। ਪੰਜਾਬੀ ਤੇ ਲੜਨ ਨੂੰ ਇਕ ਖੇਡ ਸਮਝਦੇ ਸਨ। ਗੁੱਲੀ ਡੰਡਾ ਖੇਡ ਲਿਆ ਤੇ ਲੜਾਈ ਲੜ ਲਈ ਇਕੋ ਜਿਹੀ ਗੱਲ ਸੀ।
ਉਂਜ ਸੱਚੀ ਗੱਲ ਤੇ ਇਹ ਹੈ ਕਿ ਪੰਜਾਬੀ ਭਾਵੇਂ ਹਿੰਦੂ ਸੀ ਤੇ ਭਾਵੇਂ ਮੁਸਲਮਾਨ ਤੇ ਭਾਵੇਂ ਸਿੱਖ, ਉਹ ਪਹਿਲਾਂ ਪੰਜਾਬੀ ਸੀ ਤੇ ਫੇਰ ਕੁਝ ਹੋਰ।
ਚੰਗੇ ਮਕਾਨ, ਖੂਬਸੂਰਤ ਹਵੇਲੀਆਂ, ਮਹਿਲ ਮਾੜੀਆਂ ਪੰਜਾਬ ਵਿਚ ਪੇਟਿਆਂ ਤੇ ਗਿਣੀਆਂ ਜਾ ਸਕਦੀਆਂ ਸਨ। ਇਹ ਨਿਹਮਤਾਂ ਸਿਰਫ ਹਾਕਮਾਂ ਕੋਲ ਸਨ ਜਾਂ ਸੂਬੇਦਾਰਾਂ ਕੋਲ ਜਾਂ ਟਾਵੇਂ ਟਾਵੇ ਕਿਸੇ ਸ਼ਾਹੂਕਾਰ ਦੇ ਹਿੱਸੇ ਆਉਂਦੀ। ਬਾਕੀ ਤੇ ਸਾਰੇ ਪੰਜਾਬੀ ਲਗੋਜੇ ਹੀ ਵਜਾਉਂਦੇ ਫਿਰਦੇ ਸਨ। ਚੌਥੇ ਮਹੀਨੇ ਕੋਈ ਘੋੜ ਚੜ੍ਹਿਆ ਆਉਂਦਾ ਤੇ ਲੁੱਟ ਪੁੱਟ ਕੇ ਰਾਹੇ ਪੈਂਦਾ। ਉਹਦੇ ਲਈ ਜਾਤ ਦੀ ਕੋਈ ਨਿੰਦ ਵਿਚਾਰ ਨਹੀਂ ਸੀ ਉਹ ਤੇ ਹਿਰਸੀ ਸੀ,
ਪੰਜਾਬ ਦੀ ਅਣਖ ਜਾਗ ਰਹੀ ਸੀ। ਪੰਜਾਬ ਦਾ ਰੋਹ ਭੜਕ ਰਿਹਾ ਸੀ। ਪੰਜਾਬ ਵੀ ਆਪਣੀ ਹੋਂਦ ਚਾਹੁੰਦਾ ਸੀ। ਪੰਜਾਬ ਦੀ ਅੱਖ ਖੁਲ੍ਹੀ, ਪੰਜਾਬ ਦਾ ਮੁਹਾਂਦਰਾ ਬਦਲ ਰਿਹਾ ਸੀ। ਪੰਜਾਬ ਹੁਣ ਸੋਚ ਰਿਹਾ ਸੀ, ਸਾਨੂੰ ਆਪਣੀ ਹਕੂਮਤ ਚਾਹੀਦੀ ਏ, ਆਪਣਾ ਰਾਜ।
ਘੋੜੇ ਜੋਸ਼ੀਲੇ ਗਭਰੂਆਂ ਦੇ ਵਿਚੋਂ ਦੀ ਲੰਘ ਰਹੇ ਸੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਅੱਲਾ ਹੂ ਅਕਬਰ। ਹਰ ਹਰ ਮਹਾਂਦੇਵ। ਜੈ ਦੇਵਾ।
ਇਹ ਕਿਹੜੀ ਤਾਕਤ ਏ ਜਿਹੜੀ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਚਾਹੁੰਦੀ ਏ। ਇਕ ਫੌਜੀ ਆਖਣ ਲੱਗਾ।
ਮਹਾਰਾਜਾ ਰਣਜੀਤ ਸਿੰਘ, ਦੂਜੇ ਫੌਜੀ ਨੇ ਜੁਆਬ ਦਿੱਤਾ।
ਮੁਲਤਾਨ ਹੁਣ ਅੜ ਨਹੀਂ ਸਕਦਾ। ਕਲ੍ਹ ਮੁਲਤਾਨ ਦੇ ਕਿਲੇ ਦੇ ਫਾਟਕ ਮਹਾਰਾਜ ਦੀ ਹਜ਼ੂਰੀ ਵਿਚ ਖੁਲ੍ਹੇ ਹੋਣਗੇ। ਮਹਾਰਾਜੇ ਦਾ ਕੁਝ ਤੇਜ ਹੀ ਵਖਰਾ ਏ। ਇਹਦਾ ਸਿਤਾਰਾ ਈ ਬੁਲੰਦ ਏ। ਮੁਲਤਾਨ ਦਾ ਕਿਲਾ ਹੁਣ ਬੰਦ ਨਹੀਂ ਰਹਿ ਸਕਦਾ। ਪਹਿਲੇ ਫੌਜੀ ਨੇ ਆਪਣੇ ਵਿਚਾਰ ਪਰਗਟ ਕੀਤੇ।
ਕਈ ਘੋੜੇ ਚੜ੍ਹੇ ਅਫਸਰਾਂ ਨੇ ਸਲਾਮੀਆਂ ਦਿੱਤੀਆਂ। ਮਹਾਰਾਜੇ ਨੇ ਆਪਣੇ ਘੋੜੇ ਦੀਆਂ ਵਾਗਾਂ ਖਿਚੀਆਂ। ਘੋੜੇ ਦੇ ਕੰਨ ਖੜੇ ਹੋ ਗਏ। ਘੋੜੇ ਨੇ ਅਗਲੇ ਦੋਵੇਂ ਸੁੰਮ ਖੜੇ ਕਰ ਲਏ। ਮਹਾਰਾਜ ਨੇ ਤਲਵਾਰ ਦੇ ਦਸਤੇ ਤੇ ਹੱਥ ਪਾਇਆ, ਤਲਵਾਰ ਖਿੱਚੀ, ਨੰਗੀ ਤਲਵਾਰ ਹਵਾ ਵਿਚ ਲਹਿਰਾਈ। ਤਲਵਾਰ ਦਾ ਹਵਾ ਵਿਚ ਚਮਕਾਰਾ ਲਿਸ਼ਕ, ਘੋੜੇ ਦੇ ਸੁੰਮ ਜ਼ਮੀਨ ਤੇ ਆ ਡਿੱਗੇ। ਘੋੜੇ ਚੜੇ ਅਫ਼ਸਰਾਂ ਨੇ ਮਹਾਰਾਜ ਨੂੰ ਆਪਣੇ ਘੇਰੇ ਵਿਚ ਲੈ ਲਿਆ। ਮਹਾਰਾਜ ਕੁਝ ਸੋਚ ਰਹੇ ਸਨ।