Back ArrowLogo
Info
Profile
ਗੁਲੇਲ ਨੂੰ ਇਕ ਕਮਾਨ ਦੀ ਸ਼ਕਲ ਨੇ ਘੇਰਿਆ ਹੋਇਆ ਸੀ। ਵਿਚਾਰਾ ਰਣਜੀਤ ਸਿੰਘ ਕਿਹਦਾ ਕਿਹਦਾ ਮੁਕਾਬਲਾ ਕਰਦਾ। ਪੰਜਾਬੀਆਂ ਨੇ ਆਪੋ ਆਪਣੀ ਮਦਦ ਕੀਤੀ। ਪਹਿਲਾਂ ਗੁਲੇਲ ਭੰਨੀ ਤੇ ਹੁਣ ਕਮਾਨ ਨੂੰ ਤੋੜਨਾ ਚਾਹੁੰਦੇ ਸਨ। ਆਓ ਜ਼ਰਾ ਗੁਲੇਲ ਦੀ ਡੀਲ ਡੌਲ ਤੋਲੀਏ ਤੇ ਕਮਾਨ ਦੀ ਜਵਾਨੀ ਦਾ ਨਜ਼ਾਰਾ ਵੇਖੀਏ ।

ਮੁਲਤਾਨ ਦੇ ਨਵਾਬ ਮੁਜ਼ਫਰ ਖਾਨ ਦਾ ਰਾਜ ਸੀ ਡੇਰਾ ਅਸਮਾਇਲ ਖਾਂ। ਨਵਾਬ ਅਬਦੁਲ ਸਮਾਧ ਖਾਨ ਮਨੋਕਰ ਤੇ ਬੰਨੂੰ ਕੋਹਾਟ ਤੇ ਮੁਹੰਮਦ ਸ਼ਾਹ ਨਵਾਬ ਖਾਨ ਟਾਂਕ ਦਾ ਇਲਾਕਾ ਨਵਾਬ ਸਰਵਰ ਖਾਨ ਦੇ ਅਧੀਨ ਸਨ। ਇਹ ਸਾਰੇ ਨਵਾਬ ਅਮੀਰ ਕਾਬਲ ਦੇ ਗੁਮਾਸ਼ਤੇ ਸਨ ਦੁਰਾਨੀ ਨਿਰਬਲ ਹੋਏ ਤੇ ਗੁਮਾਸ਼ਤੇ ਸ਼ਾਹ ਬਣ ਬੈਠੇ ਆਪਣਾ ਸਿੱਕਾ ਤੇ ਆਪਣਾ ਹੁਕਮ ਹਰ ਜਗ੍ਹਾ ਡੇਢ ਇੱਟ ਦੀ ਮਸੀਤ ਵਖਰੀ ਖੜੀ ਕਰ ਲਈ, ਇਹ ਮੁਰਗੇ ਆਪੋ ਆਪਣੀ ਬੋਲੀ ਬੋਲਦੇ, ਪੰਜਾਬ ਦੇ ਲੋਕਾਂ ਦੇ ਕੰਨ ਸੁਣ ਸੁਣ ਕੇ ਪੱਕ ਗਏ ਸਨ। ਹੁਣ ਪੰਜਾਬ ਚਾਹੁੰਦਾ ਸੀ ਆਪਣੀ ਬੋਲੀ ਬੋਲ ਕੇ ਵੇਖਣੀ।

ਬਹਾਵਲਪੁਰ ਦਾ ਨਵਾਬ ਬਹਾਵਲ ਖਾਨ ਦਾ ਦਾਊਦ ਪੋਤਰੇ ਦੇ ਅਧੀਨ ਪੇਸ਼ਾਵਰ ਤੇ ਉਸ ਦੇ ਨਾਲ ਦੇ ਇਲਾਕਿਆਂ ਤੇ ਫ਼ਤਹਿ ਖਾਂ ਬਾਕਰਜ਼ਾਈ ਦੇ ਭਰਾ ਹਕੂਮਤ ਕਰਦੇ ਸਨ। ਅਟਕ ਦਾ ਕਿਲਾ ਵੀ ਉਹਦੀ ਮਲ ਗੁਜ਼ਾਰ ਵਿਚ ਸੀ। ਜਹਾਂਦਾਤ ਖਾਨ ਦੇ ਜ਼ੋਰ ਨਾਲ ਪਠਾਨ ਆਪਣੀ ਮੱਲਮਾਰੀ ਬੈਠੇ ਸਨ। ਕਸ਼ਮੀਰ ਤੇ ਹਜ਼ਾਰਾ ਉਸ ਦੇ ਦੂਜੇ ਭਰਾਵਾਂ ਦੀ ਛੱਤਰ ਛਾਇਆ ਹੇਠ ਭਾਵੇਂ ਵਸਦਾ ਸੀ। ਜੇਹਲਮ, ਸ਼ਾਹਪੁਰ, ਸਾਹੀਵਾਲ, ਖੁਸਾਬ, ਝੰਗ, ਪਾਕਪਟਨ ਤੇ ਕਸੂਰ ਵਿਚ ਮੁਗਲ ਪਠਾਨ ਤੇ ਹੋਰ ਧਾੜਵੀਆਂ ਦੇ ਚਮਚਿਆਂ ਤੇ ਆਪਣੇ ਝੰਡੇ ਗਡੇ ਹੋਏ ਸਨ।

ਕਾਂਗੜਾ, ਜੰਮੂ, ਚੰਬਾ, ਮੰਡੀ ਸਕੇਤ ਪਹਿਲਾਂ ਮੁਗਲਾਂ ਦੀਆ ਲਾਲਾਂ ਚਟਦੇ ਸਨ ਤੇ ਫੇਰ ਹੁਣ ਖੁਦਮੁਖਤਿਆਰ ਬਣ ਬੈਠੇ ਸਨ। ਚੜ੍ਹਦੇ ਵੱਲ ਅੰਗਰੇਜ਼ਾਂ ਦਾ ਰਾਜ ਸੀ। ਮਰਾਠਿਆਂ ਤੇ ਮੁਗਲਾਂ ਦੇ ਤਾਰੇ ਡੁਬ ਚੁਕੇ ਸਨ। ਉਥੇ ਅੰਗਰੇਜ਼ਾਂ ਦੀ ਤੁਤੀ ਬੋਲ ਰਹੀ ਸੀ। ਹਰੀ ਸਿੰਘ ਨਲੂਏ ਨੂੰ ਵੀ ਇਹ ਗੁਲੇਲ ਦਸੀ ਤੇ ਕਮਾਨ ਦੀ ਸ਼ਕਲ ਵੀ ਵਿਖਾਈ। ਮਹਾਰਾਜਾ, ਮੋਹਕਮ ਚੰਦ ਤੇ ਨਲੂਏ ਨੇ ਪਹਿਲਾਂ ਗੁਲੇਲ ਤੋੜੀ ਹੈ। ਹੁਣ ਕਮਾਨ ਭੰਨਣ ਲਗੇ ਸਨ।

ਪੰਜਾਬੀ ਆਖਦਾ ਅਸੀਂ ਤੁਹਾਡੇ ਨਾਲ ਹਾਂ ਆਉ ਗੁਲੇਲ ਭੰਨੀਏ, ਕਮਾਨ ਤੋੜੀਏ, ਇਨ੍ਹਾਂ ਖੜੱਪਿਆਂ ਦੀਆਂ ਸਿਰੀਆਂ ਮਰੋੜੀਏ। ਹਿੰਦੂ, ਮੁਸਲਮਾਨ, ਸਿੱਖ ਤਿੰਨੇ ਸਾਵੇਂ ਜ਼ੋਰ ਲਾ ਰਹੇ ਸਨ। ਗੁਲੇਲ ਨੂੰ ਦੁਫਾੜ ਕਰ ਦਿਓ ਤੇ ਕਮਾਨ ਨੂੰ ਲਕੋ ਮਰੋੜ ਦਿਉ, ਇਨ੍ਹਾਂ ਦੇ ਗੁਲੇਲੇ ਸ਼ੇਰੇ ਪੰਜਾਬ ਦੇ ਗੁਮਾਸ਼ਤਿਆਂ ਦੇ ਕੰਮ ਆਉਣਗੇ।

50 / 111
Previous
Next