ਇਸ ਸ਼ਾਮ ਜਹਾਜ਼ਾਂ ਵਾਂਗੂੰ ਡੁੱਬ ਰਹੇ ਹਾਂ
ਫਿਰ ਸੂਰਜ ਵਾਂਗ ਉਦੈ ਹੋਵਾਂਗੇ ਭਲਕੇ
ਪੈ ਚੱਲੀਆ ਤੇਰੇ ਚਿਹਰੇ ਤੇ ਤਰਕਾਲਾਂ
ਪਰ ਵਾਲਾਂ ਵਿਚ ਕੋਈ ਰਿਸ਼ਮ ਸੂਬ੍ਹਾ ਦੀ ਝਲਕੇ
ਅਨੁਭਵ ਨੂੰ ਰਚਨਾ ਦੇ ਅਮਲ ਵਿਚੋਂ ਗੁਜ਼ਾਰਦਾ ਹੋਇਆ ਸੁਰਜੀਤ ਪਾਤਰ ਇਤਿਹਾਸਕ ਯਥਾਰਥ ਨੂੰ ਵਿਅੰਗ ਮਈ ਵਿਵੇਕ-ਦ੍ਰਿਸ਼ਟੀ ਨਾਲ ਪੇਸ਼ ਕਰਕੇ ਹੀ ਸੰਤੋਖ ਨਹੀਂ ਕਰ ਲੈਂਦਾ। ਸਗੋਂ ਆਲੋਚਨਾਤਮਕ ਯਥਾਰਥਵਾਦ ਦੇ ਰਚਨਾਤਮਕ ਪੈਂਤੜੇ ਨੂੰ ਅਪਣਾਉਂਦਾ ਹੋਇਆ, ਉਹ ਯਥਾਰਥ ਤੇ ਇਤਿਹਾਸਕ ਸਥਿਤੀ ਦੀਆਂ ਗੁੱਥੀਆਂ ਤੇ ਗ੍ਰੰਥੀਆਂ ਨੂੰ ਖੋਲ੍ਹਣ ਤੇ ਸੁਲਝਾਉਣ ਦੇ ਵਿਵੇਕਸ਼ੀਲ ਪ੍ਰਮਾਣ ਵੀ ਪੇਸ਼ ਕਰਦਾ ਨਜ਼ਰ ਆਉਂਦਾ ਹੈ। ਇਸ ਪੈਂਤੜੇ ਅਨੁਸਾਰ ਉਹ ਸਥਿਤੀ ਦੇ ਵਿਰੋਧ ਨੂੰ ਵਿਅੰਗ ਦੀ ਨਸ਼ਤਰ ਨਾਲ ਕੁਝ ਇਸ ਅੰਦਾਜ਼ ਨਾਲ ਉਘਾੜਦਾ ਹੈ ਕਿ ਉਸਦਾ ਕਟਾਖਸ਼ ਹੀ ਉਸ ਦੇ ਸਾਕਾਰਾਤਮਕ ਦ੍ਰਿਸ਼ਟੀਕੋਣ ਦਾ ਸੰਕੇਤਕ ਵੀ ਬਣ ਨਿਬੜਦਾ ਹੈ।
ਇਤਿਹਾਸ ਦੀਆਂ ਸਾਕਾਰਾਤਮਕ ਸ਼ਕਤੀਆਂ ਪ੍ਰਤੀ ਉਸ ਦੀ ਪ੍ਰਤੀਬੱਧਤਾ ਵਿਅੰਗ ਦਾ ਵਿਵੇਕ ਬਣ ਕੇ ਉਸ ਦੇ ਸ਼ਿਅਰਾਂ ਦੀਆਂ ਪਰਤਾਂ ਵਿਚ ਰਮੀ ਹੋਈ ਦਿਸਦੀ ਹੈ। ਬੇਸ਼ਕ ਜਿਸ ਸ਼ਾਇਰ ਦੀ ਕਲਮ, ਰਚਨਾ ਦੇ ਅਸਲ ਗੌਰਵ ਦਾ ਮਰਮ ਪਛਾਣ ਲੈਂਦੀ ਹੈ, ਉਹ ਕਦੇ ਵੀ ਆਪਣੀ ਪ੍ਰਤੀਬੱਧਤਾ ਨੂੰ ਰਚਨਾ ਦੇ ਮੱਥੇ ਉਤੇ ਚਿਪਕਾਉਣ ਦੀ ਲੋੜ ਨਹੀਂ ਸਮਝਦਾ। ਕਹਿਣ ਦੀ ਲੋੜ ਨਹੀਂ ਕਿ ਪਾਤਰ ਦੀ ਕਾਵਿ ਸਾਧਨਾ ਵਿਚ ਇਸ ਮਰਮ ਦੀ ਪਛਾਣ ਦੇ ਭਰਪੂਰ ਪ੍ਰਮਾਣ ਮੌਜੂਦ ਹਨ। ਉਸ ਦੇ ਅਨੇਕਾਂ ਸ਼ਿਅਰਾਂ ਵਿਚ ਧਰਤੀ ਦੀ ਕੁੱਖ ਵਿਚੋਂ ਉਦੈ ਹੋਏ ਲੋਕ ਗੀਤਾਂ ਵਰਗੀ ਸਹਿਜ ਸਾਦਗੀ ਹੈ, ਜੋ ਅਚੇਤ ਹੀ ਰੂਹ ਦੀਆਂ ਡੂੰਘਾਈਆਂ ਵਿਚ ਲਹਿ ਜਾਂਦੀ ਹੈ।
ਆਧੁਨਿਕ ਜੀਵਨ ਦੇ ਤਣਾਉਸ਼ੀਲ ਰਿਸ਼ਤਿਆਂ ਦੇ ਮਨੋਸਮਾਜਕ ਤੇ ਇਤਿਹਾਸਕ ਵਿਵੇਕ ਦੇ ਆਰ ਪਾਰ-ਝਾਕ ਸਕਣ ਵਾਲੀ ਉਸ ਦੀ ਨਜ਼ਰ ਏਨੀ ਵਿੰਨ੍ਹਵੀ ਤੇ ਪਾਰਦਰਸ਼ੀ ਹੈ ਕਿ ਰਿਸ਼ਤਿਆਂ ਦੇ ਗੁੰਝਲਦਾਰ ਸਮੀਕਰਣਾਂ ਦੀ ਜਟਿਲਤਾ ਇਸ ਦੇ ਮੂਹਰੇ ਬਲੋਰੀ ਪਾਣੀਆਂ ਵਾਂਗ ਤਹਿ ਤਕ ਨਿੱਤਰੀ ਹੋਈ ਪ੍ਰਤੀਤ ਹੁੰਦੀ ਹੈ। ਯਥਾਰਥ ਦੀਆਂ ਸਹੰਸਰਾਂ ਉਲਝਣਾਂ ਤੇ ਅੜ੍ਹਕਾਂ ਨੂੰ ਸੁਲਝਾ- ਸੰਵਾਰ ਕੇ ਸ਼ਾਇਰ ਦੀ ਨਜ਼ਰ ਸ਼ਾਇਰੀ ਦੇ ਪੈਗ਼ੰਬਰੀ ਕਾਰਜ ਨੂੰ ਨਿਭਾਉਣ ਦੇ ਯੋਗ ਹੁੰਦੀ ਹੈ। ਰਿਸ਼ਤਿਆਂ ਬਨਾਵਟਾਂ, ਪਰਦਾਦਾਰੀਆਂ ਤੇ ਵਿਖਾਵਿਆਂ ਦਾ ਕੋਈ ਉਹਲਾ ਸ਼ਾਇਰ ਦੀ ਪੈਗੰਬਰੀ ਨਜ਼ਰ ਸਾਹਮਣੇ ਨਹੀਂ ਠਹਿਰ ਸਕਦਾ। ਸੁਰਜੀਤ ਪਾਤਰ ਦੀ ਕਾਵਿ ਸਾਧਨਾ ਇਸ ਗੱਲ ਦਾ ਭਰਪੂਰ ਅਹਿਸਾਸ ਪ੍ਰਦਾਨ ਕਰਦੀ ਹੈ ਕਿ ਪੈਗੰਬਰੀ ਨਜ਼ਰ ਦੀ ਸਾਧਨਾ ਹੀ ਸ਼ਾਇਰੀ ਦੀ ਪ੍ਰਮਾਣਿਕ ਦਿਸ਼ਾ ਹੈ। ਉਸ
ਦੇ ਹੇਠ ਲਿਖੇ ਸ਼ਿਅਰ ਇਸ ਦਿਸ਼ਾ ਵੱਲ ਪੱਟੇ ਉਸ ਦੇ ਕਦਮਾਂ ਦੀ ਸਾਖੀ ਭਰਦੇ ਹਨ:
ਇਕ ਇਕ ਕਤਰੇ ਵਿਚ ਸਨ ਸੋ ਬਦੀਆਂ ਸੌ ਨੇਕੀਆਂ
ਮੈਂ ਤਾਂ ਯਾਰੋ ਖੁਰ ਗਿਆ ਘੁਲ ਘੁਲ ਅਪਣੇ ਨਾਲ
ਕਿੱਥੋਂ ਕਿੱਥੋਂ ਰੱਖਣਾ ਤੇ ਕਿੱਥੋਂ ਕਿੱਥੋਂ ਵੱਢਣਾ
ਸਾਰਾ ਨਹੀਂ ਹਰਾਮ ਮੈਂ ਸਾਰਾ ਨਹੀਂ ਹਲਾਲ
ਅੰਨ੍ਹੇ ਯੁਗ ਨੂੰ ਪੁਚਾ ਦਿਓ ਯਾਰੋ
ਏਦ੍ਹੇ ਨੈਣਾਂ ਦੀ ਰੌਸ਼ਨੀ ਤੀਕਰ
ਏਨਾ ਉੱਚਾ ਤਖ਼ਤ ਸੀ ਅਦਲੀ ਰਾਜੇ ਦਾ
ਮਜ਼ਲੂਮਾਂ ਦੀ ਉਮਰ ਹੀ ਰਾਹ ਵਿਚ ਬੀਤ ਗਈ
ਇਹ ਤਾਂ ਸਦੀਆਂ ਤੱਕ ਸੋਗੀ ਇਹ ਤਾਂ ਕੋਹਾਂ ਤੱਕ ਲਹੂ
ਇਸ ਦੀ ਤਾਂ ਹਰ ਪਰਤ ਜ਼ਖ਼ਮੀ ਤੂੰ ਹਵਾ ਦਾ ਦਿਲ ਨਾ ਫੋਲ
ਸ਼ਾਇਦ ਇਸੇ ਸੰਦਰਭ ਵਿਚ ਹੀ ਉਹ ਸਾਰੇ ਬ੍ਰਹਿਮੰਡ ਉਤੇ ਛਾ ਜਾਣ ਵਾਲੀ ਮਹਾਂ ਕਰੁਣਾ ਨੂੰ ਆਪਣੇ ਰਚਨਾਤਮਕ ਆਦਰਸ਼ ਦੇ ਰੂਪ ਵਿਚ ਧਿਆਉਂਦਾ ਹੈ:
ਜੋ ਤਪਦੇ ਥਲ 'ਚ ਬਰਸ ਜਾਂਦੀ ਬਣ ਕੇ ਦਰਦ ਦਾ ਮੀਂਹ
ਬਹੁਤ ਮੈਂ ਰੋਇਆ ਨਾ ਆਈ ਉਹ ਸ਼ਾਇਰੀ ਮੈਨੂੰ
ਇਸ ਪ੍ਰਸੰਗ ਵਿਚ ਸੁਰਜੀਤ ਪਾਤਰ ਬਾਰੇ ਵੱਡੇ ਸੰਤੋਖ ਦੀ ਗੱਲ ਇਹ ਹੈ ਕਿ ਉਸਨੇ ਯਥਾਰਥ ਬਾਰੇ ਆਪਣੀ ਦ੍ਰਿਸ਼ਟੀ ਅਤੇ ਪਹੁੰਚ ਨੂੰ ਕਿਸੇ ਇਕ ਜਾਂ ਦੂਜੀ ਕਾਵਿ ਧਾਰਾ ਦੇ ਰਚਨਾਤਮਕ ਜਾਂ ਵਿਚਾਰਧਾਰਾਈ ਸੰਜਮ ਦੀਆਂ ਬੰਦਿਸ਼ਾਂ ਤੋਂ ਬੜੀ ਦ੍ਰਿੜਤਾ ਨਾਲ ਸੁਤੰਤਰ ਰੱਖਿਆ ਹੈ। ਉਸ ਦੀ ਇਹ ਸੁਤੰਤਰਤਾ ਹੀ ਯਥਾਰਥ ਬਾਰੇ ਉਸ ਦੇ ਅਨੁਭਵ ਦੀ ਪ੍ਰਮਾਣਿਕਤਾ ਦੀ ਜ਼ਾਮਨ ਬਣੀ ਹੈ। ਇਸੇ ਲਈ ਇਹ ਕਹਿਣ ਵਿਚ ਮੈਨੂੰ ਕੋਈ ਸੰਕੋਚ ਨਹੀਂ ਕਿ ਸੁਰਜੀਤ ਪਾਤਰ ਪਿਛਲੇ ਦਹਾਕੇ ਦੀ ਪੰਜਾਬੀ ਗ਼ਜ਼ਲ ਬਲਕਿ ਸਮੁੱਚੀ ਪੰਜਾਬੀ ਕਵਿਤਾ ਦੀ ਬੜੀ ਮੁੱਲਵਾਨ ਪ੍ਰਾਪਤੀ ਹੈ। ਸੁਭਾਵਿਕ ਹੀ ਇਸ ਪ੍ਰਾਪਤੀ ਦੀ ਕੁੱਖ ਵਿਚ ਆਧੁਨਿਕ ਪੰਜਾਬੀ ਕਵਿਤਾ ਦੇ ਭਵਿੱਖ ਦੀਆਂ ਸਹੰਸਰ ਸੰਭਾਵਨਾਵਾਂ ਦੇ ਨਕਸ ਝਲਕਦੇ ਦਿਖਾਈ ਦੇਂਦੇ ਹਨ।
ਡਾ. ਕਰਮਜੀਤ ਸਿੰਘ
ਉਜਲੇ ਸ਼ੀਸ਼ੇ ਸਨਮੁਖ ਮੈਨੂੰ ਚਿਰ ਤਕ ਨਾ ਖਲ੍ਹਿਆਰ
ਮੈਲੇ ਮਨ ਵਾਲੇ ਮੁਜਰਿਮ ਨੂੰ ਇਸ ਮੌਤੇ ਨਾ ਮਾਰ
ਚੰਨ ਏਕਮ ਦਾ, ਫੁਲ ਗੁਲਾਬ ਦਾ, ਸਾਜ਼ ਦੇ ਕੰਬਦੇ ਤਾਰ
ਕਿੰਨੇ ਖੰਜਰ ਅੱਖਾਂ ਸਾਹਵੇਂ ਲਿਸ਼ਕਣ ਵਾਰੋ ਵਾਰ
ਦਿਲ ਨੂੰ ਬੋਝਲ ਜਿਹੀਆਂ ਲੱਗਣ ਤੇਰੀਆਂ ਕੋਮਲ ਯਾਦਾਂ
ਪੱਥਰਾਂ ਕੋਲੋਂ ਚੁੱਕ ਨਾ ਹੁੰਦਾ ਹੁਣ ਫੁੱਲਾਂ ਦਾ ਭਾਰ
ਲੱਖਾਂ ਗੀਤਾਂ ਦੇ ਲਈ ਖੁੱਲ੍ਹੇ ਮੁਕਤੀ ਦਾ ਦਰਵਾਜ਼ਾ
ਦਿਲ ਵਿਚ ਕੋਈ ਐਸੀ ਖੁੱਭੇ ਚਾਨਣ ਦੀ ਤਲਵਾਰ
ਪੱਥਰ ਹੇਠਾਂ ਅੰਕੁਰ ਤੜਪੇ, ਹਰ ਅੰਕੁਰ ਵਿਚ ਫੁੱਲ
ਪੱਥਰ ਵਿਚ ਤਰੇੜਾਂ ਪਾ ਗਈ ਹਿੰਸਕ ਰੁੱਤ ਬਹਾਰ
ਮਿੱਟੀ ਉਤੇ, ਫੁੱਲ ਦੇ ਉਤੇ, ਤੇ ਸ਼ਾਇਰ ਦੇ ਦਿਲ 'ਤੇ
ਇਕ ਮੋਈ ਤਿਤਲੀ ਦਾ ਹੁੰਦਾ ਵੱਖੋ ਵੱਖਰਾ ਭਾਰ
ਚੜ੍ਹਦਾ ਚੰਦ, ਸਮੁੰਦਰ, ਵਜਦਾ ਸਾਜ਼ ਤੇ ਤੇਰੀ ਯਾਦ
ਮੈਂ ਵੀ ਸ਼ਾਮਲ ਹੋ ਜਾਵਾਂ ਤਾਂ ਚੀਜ਼ਾਂ ਹੋਵਣ ਚਾਰ
ਲੇਟੇ ਲੇਟੇ ਪੜ੍ਹਦੇ ਪੜ੍ਹਦੇ ਸੌਂ ਜਾਂਦੇ ਨੇ ਲੋਕ
ਰੋਜ਼ ਤਕਾਲੀ ਛਪ ਜਾਂਦਾ ਹੈ ਇਕ ਨੀਲਾ ਅਖ਼ਬਾਰ
ਕੋਈ ਡਾਲੀਆਂ 'ਚੋਂ ਲੰਘਿਆ ਹਵਾ ਬਣਕੇ
ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣਕੇ
ਪੈੜਾਂ ਤੇਰੀਆਂ 'ਤੇ ਦੂਰ ਦੂਰ ਤੀਕ ਮੇਰੇ ਪੱਤੇ
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣਕੇ
ਪਿਆ ਅੰਬੀਆਂ ਨੂੰ ਬੂਰ ਸੀ ਕਿ ਕੋਇਲ ਕੂਕ ਪਈ
ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣਕੇ
ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ
ਐਵੇਂ ਲੰਘ ਜਾਨੈ ਪਾਣੀ ਕਦੇ ਵਾ ਬਣਕੇ
ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਰਾ ਜਿਹਾ
ਜਦੋਂ ਜੁਦਾ ਹੋਇਆ ਤੁਰ ਗਿਆ ਖ਼ੁਦਾ ਬਣਕੇ
ਮੇਰਾ ਸੂਰਜ ਡੁਬਿਆ ਹੈ ਤੇਰੀ ਸ਼ਾਮ ਨਹੀਂ ਹੈ।
ਤੇਰੇ ਸਿਰ ਤੇ ਤਾਂ ਸਿਹਰਾ ਹੈ ਇਲਜ਼ਾਮ ਨਹੀਂ ਹੈ
ਏਨਾ ਹੀ ਬਹੁਤ ਹੈ ਕਿ ਮੇਰੇ ਖੂਨ ਨੇ ਰੁਖ ਸਿੰਜਿਆ
ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ
ਮੇਰੇ ਹਤਿਆਰੇ ਨੇ ਗੰਗਾ 'ਚ ਲਹੂ ਧੋਤਾ
ਗੰਗਾ ਦੇ ਪਾਣੀਆਂ ਵਿਚ ਕੁਹਰਾਮ ਨਹੀਂ ਹੈ
ਮਸਜਿਦ ਦੇ ਆਖਣ 'ਤੇ ਕਾਜ਼ੀ ਦੇ ਫ਼ਤਵੇ 'ਤੇ
ਅੱਲ੍ਹਾ ਨੂੰ ਕਤਲ ਕਰਨਾ ਇਸਲਾਮ ਨਹੀਂ ਹੈ।
ਇਹ ਸਿਜਦੇ ਨਹੀਂ ਮੰਗਦਾ ਇਹ ਤਾਂ ਸਿਰ ਮੰਗਦਾ ਹੈ
ਯਾਰਾਂ ਦਾ ਸੁਨੇਹਾ ਹੈ ਇਲਹਾਮ ਨਹੀਂ ਹੈ
ਮੇਰਾ ਨਾ ਫਿਕਰ ਕਰੀਂ ਜੀ ਕੀਤਾ ਤਾਂ ਮੁੜ ਜਾਵੀਂ
ਸਾਨੂੰ ਤਾਂ ਰੂਹਾਂ ਨੂੰ ਆਰਾਮ ਨਹੀਂ ਹੈ
ਹਿਕ ਵਿਚ ਖੰਜਰ ਡੋਬ ਕੇ ਸੌਂ ਗਏ, ਅਜਕਲ੍ਹ ਇਉਂ ਨਈਂ ਕਰਦੇ ਲੋਕ
ਹੁਣ ਤਾਂ ਦਿਲ ਨੂੰ ਦੁਖ ਜਿਹਾ ਲਾ ਕੇ. ਹੌਲੀ ਹੌਲੀ ਮਰਦੇ ਲੋਕ
ਮੈਂ ਕਦ ਸੂਹੇ ਬੇਲ ਉਗਾਏ, ਮੈਂ ਕਦ ਰੋਸ਼ਨ ਬਾਤ ਕਹੀ
ਮੇਰੇ ਪੇਸ਼ ਤਾਂ ਐਵੇਂ ਪੈ ਗਏ, ਇਸ ਬੇਨੂਰ ਨਗਰ ਦੇ ਲੋਕ