ਉਜਲੇ ਸ਼ੀਸ਼ੇ ਸਨਮੁਖ ਮੈਨੂੰ ਚਿਰ ਤਕ ਨਾ ਖਲ੍ਹਿਆਰ
ਮੈਲੇ ਮਨ ਵਾਲੇ ਮੁਜਰਿਮ ਨੂੰ ਇਸ ਮੌਤੇ ਨਾ ਮਾਰ
ਚੰਨ ਏਕਮ ਦਾ, ਫੁਲ ਗੁਲਾਬ ਦਾ, ਸਾਜ਼ ਦੇ ਕੰਬਦੇ ਤਾਰ
ਕਿੰਨੇ ਖੰਜਰ ਅੱਖਾਂ ਸਾਹਵੇਂ ਲਿਸ਼ਕਣ ਵਾਰੋ ਵਾਰ
ਦਿਲ ਨੂੰ ਬੋਝਲ ਜਿਹੀਆਂ ਲੱਗਣ ਤੇਰੀਆਂ ਕੋਮਲ ਯਾਦਾਂ
ਪੱਥਰਾਂ ਕੋਲੋਂ ਚੁੱਕ ਨਾ ਹੁੰਦਾ ਹੁਣ ਫੁੱਲਾਂ ਦਾ ਭਾਰ
ਲੱਖਾਂ ਗੀਤਾਂ ਦੇ ਲਈ ਖੁੱਲ੍ਹੇ ਮੁਕਤੀ ਦਾ ਦਰਵਾਜ਼ਾ
ਦਿਲ ਵਿਚ ਕੋਈ ਐਸੀ ਖੁੱਭੇ ਚਾਨਣ ਦੀ ਤਲਵਾਰ
ਪੱਥਰ ਹੇਠਾਂ ਅੰਕੁਰ ਤੜਪੇ, ਹਰ ਅੰਕੁਰ ਵਿਚ ਫੁੱਲ
ਪੱਥਰ ਵਿਚ ਤਰੇੜਾਂ ਪਾ ਗਈ ਹਿੰਸਕ ਰੁੱਤ ਬਹਾਰ
ਮਿੱਟੀ ਉਤੇ, ਫੁੱਲ ਦੇ ਉਤੇ, ਤੇ ਸ਼ਾਇਰ ਦੇ ਦਿਲ 'ਤੇ
ਇਕ ਮੋਈ ਤਿਤਲੀ ਦਾ ਹੁੰਦਾ ਵੱਖੋ ਵੱਖਰਾ ਭਾਰ
ਚੜ੍ਹਦਾ ਚੰਦ, ਸਮੁੰਦਰ, ਵਜਦਾ ਸਾਜ਼ ਤੇ ਤੇਰੀ ਯਾਦ
ਮੈਂ ਵੀ ਸ਼ਾਮਲ ਹੋ ਜਾਵਾਂ ਤਾਂ ਚੀਜ਼ਾਂ ਹੋਵਣ ਚਾਰ
ਲੇਟੇ ਲੇਟੇ ਪੜ੍ਹਦੇ ਪੜ੍ਹਦੇ ਸੌਂ ਜਾਂਦੇ ਨੇ ਲੋਕ
ਰੋਜ਼ ਤਕਾਲੀ ਛਪ ਜਾਂਦਾ ਹੈ ਇਕ ਨੀਲਾ ਅਖ਼ਬਾਰ
ਕੋਈ ਡਾਲੀਆਂ 'ਚੋਂ ਲੰਘਿਆ ਹਵਾ ਬਣਕੇ
ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣਕੇ
ਪੈੜਾਂ ਤੇਰੀਆਂ 'ਤੇ ਦੂਰ ਦੂਰ ਤੀਕ ਮੇਰੇ ਪੱਤੇ
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣਕੇ
ਪਿਆ ਅੰਬੀਆਂ ਨੂੰ ਬੂਰ ਸੀ ਕਿ ਕੋਇਲ ਕੂਕ ਪਈ
ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣਕੇ
ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ
ਐਵੇਂ ਲੰਘ ਜਾਨੈ ਪਾਣੀ ਕਦੇ ਵਾ ਬਣਕੇ
ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਰਾ ਜਿਹਾ
ਜਦੋਂ ਜੁਦਾ ਹੋਇਆ ਤੁਰ ਗਿਆ ਖ਼ੁਦਾ ਬਣਕੇ
ਮੇਰਾ ਸੂਰਜ ਡੁਬਿਆ ਹੈ ਤੇਰੀ ਸ਼ਾਮ ਨਹੀਂ ਹੈ।
ਤੇਰੇ ਸਿਰ ਤੇ ਤਾਂ ਸਿਹਰਾ ਹੈ ਇਲਜ਼ਾਮ ਨਹੀਂ ਹੈ
ਏਨਾ ਹੀ ਬਹੁਤ ਹੈ ਕਿ ਮੇਰੇ ਖੂਨ ਨੇ ਰੁਖ ਸਿੰਜਿਆ
ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ
ਮੇਰੇ ਹਤਿਆਰੇ ਨੇ ਗੰਗਾ 'ਚ ਲਹੂ ਧੋਤਾ
ਗੰਗਾ ਦੇ ਪਾਣੀਆਂ ਵਿਚ ਕੁਹਰਾਮ ਨਹੀਂ ਹੈ
ਮਸਜਿਦ ਦੇ ਆਖਣ 'ਤੇ ਕਾਜ਼ੀ ਦੇ ਫ਼ਤਵੇ 'ਤੇ
ਅੱਲ੍ਹਾ ਨੂੰ ਕਤਲ ਕਰਨਾ ਇਸਲਾਮ ਨਹੀਂ ਹੈ।
ਇਹ ਸਿਜਦੇ ਨਹੀਂ ਮੰਗਦਾ ਇਹ ਤਾਂ ਸਿਰ ਮੰਗਦਾ ਹੈ
ਯਾਰਾਂ ਦਾ ਸੁਨੇਹਾ ਹੈ ਇਲਹਾਮ ਨਹੀਂ ਹੈ
ਮੇਰਾ ਨਾ ਫਿਕਰ ਕਰੀਂ ਜੀ ਕੀਤਾ ਤਾਂ ਮੁੜ ਜਾਵੀਂ
ਸਾਨੂੰ ਤਾਂ ਰੂਹਾਂ ਨੂੰ ਆਰਾਮ ਨਹੀਂ ਹੈ
ਹਿਕ ਵਿਚ ਖੰਜਰ ਡੋਬ ਕੇ ਸੌਂ ਗਏ, ਅਜਕਲ੍ਹ ਇਉਂ ਨਈਂ ਕਰਦੇ ਲੋਕ
ਹੁਣ ਤਾਂ ਦਿਲ ਨੂੰ ਦੁਖ ਜਿਹਾ ਲਾ ਕੇ. ਹੌਲੀ ਹੌਲੀ ਮਰਦੇ ਲੋਕ
ਮੈਂ ਕਦ ਸੂਹੇ ਬੇਲ ਉਗਾਏ, ਮੈਂ ਕਦ ਰੋਸ਼ਨ ਬਾਤ ਕਹੀ
ਮੇਰੇ ਪੇਸ਼ ਤਾਂ ਐਵੇਂ ਪੈ ਗਏ, ਇਸ ਬੇਨੂਰ ਨਗਰ ਦੇ ਲੋਕ
ਜਿਹੜੀ ਰੁਤ ਨੂੰ 'ਉਮਰਾ' ਕਹਿੰਦੇ, ਉਸ ਦੀ ਠੰਢ ਵੀ ਕੈਸੀ ਹੈ
ਜਿਸ ਦਿਨ ਤੀਕ ਸਿਵਾ ਨਾ ਸੇਕਣ ਰਹਿਣ ਵਿਚਾਰੇ ਠਰਦੇ ਲੋਕ
ਰੇਤਾ ਉਤੋਂ ਪੈੜ ਮਿਟਦਿਆਂ ਫਿਰ ਵੀ ਕੁਝ ਚਿਰ ਲਗਦਾ ਹੈ
ਕਿੰਨੀ ਛੇਤੀ ਭੁਲ ਗਏ ਸਾਨੂੰ ਤੇਰੇ ਯਾਰ ਨਗਰ ਦੇ ਲੋਕ
ਲਿਸ਼ਕਦੀਆਂ ਤਲਵਾਰਾਂ ਕੋਲੋਂ ਅਜਕਲ ਕਿਹੜਾ ਡਰਦਾ ਹੈ।
ਡਰਦੇ ਨੇ ਤਾਂ ਕੇਵਲ ਆਪਣੇ ਸ਼ੀਸ਼ੇ ਕੋਲੋਂ ਡਰਦੇ ਲੋਕ
ਜੇ ਤਲੀਆਂ ਤੇ ਚੰਦ ਟਿਕਾ ਕੇ ਗਲੀਆਂ ਦੇ ਵਿਚ ਫਿਰਦਾ ਹੈ
ਓਸ ਖ਼ੁਦਾ ਦੇ ਪਿੱਛੇ ਲੱਗੇ ਪਾਗਲ ਪਾਗਲ ਕਰਦੇ ਲੋਕ
ਇਹ ਇਕ ਧੁਖਦਾ ਰੁੱਖ ਆਇਆ, ਹੈ ਇਹ ਆਈ ਧੁਨ ਮਾਤਮ ਦੀ
ਏਨ੍ਹਾਂ ਲਈ ਦਰਵਾਜ਼ੇ ਖੋਲ੍ਹੋ ਇਹ ਤਾਂ ਆਪਣੇ ਘਰ ਦੇ ਲੋਕ
ਐਸੀ ਰਾਤ ਵੀ ਕਦੀ ਕਦੀ ਤਾਂ ਮੇਰੇ ਪਿੰਡ 'ਤੇ ਪੈਂਦੀ ਹੈ
ਦੀਵੇ ਹੀ ਬੁਝ ਜਾਣ ਨਾ ਕਿਧਰੇ ਹਉਕਾ ਲੈਣ ਨਾ ਡਰਦੇ ਲੋਕ
ਪੈਸਾ ਧੇਲਾ, ਜੱਗ ਝਮੇਲਾ, ਰੌਣਕ ਮੇਲਾ, ਮੈਂ ਮੇਰੀ
ਸਿਵਿਆਂ ਕੋਲੋਂ ਕਾਹਲੀ ਕਾਹਲੀ ਲੰਘੇ ਗੱਲਾਂ ਕਰਦੇ ਲੋਕ
ਰਾਜੇ-ਪੁੱਤਰਾਂ ਬਾਗ ਉਜਾੜੇ, ਦੋਸ਼ ਹਵਾ ਸਿਰ ਧਰਦੇ ਲੋਕ
ਬਾਗ ਤਾਂ ਉਜੜੇ, ਜਾਨ ਨਾ ਜਾਵੇ, ਏਸੇ ਗੱਲੋਂ ਡਰਦੇ ਲੋਕ
ਪੀਲੇ ਪੱਤਿਆਂ 'ਤੇ ਪਬ ਧਰਕੇ ਹਲਕੇ ਹਲਕੇ
ਹਰ ਸ਼ਾਮ ਅਸੀਂ ਭਟਕੇ ਪੌਣਾਂ ਵਿਚ ਰਲਕੇ
ਨਾ ਤੇਰੇ ਦਰ ਨਾ ਮੇਰੇ ਦਸਤਕ ਹੋਈ
ਇਕ ਉਮਰਾ ਚੱਲੀ ਅਸੀਂ ਨਾ ਆਏ ਚਲਕੇ
ਇਸ ਸ਼ਾਮ ਜਹਾਜ਼ਾਂ ਵਾਂਗੂੰ ਡੁੱਬ ਰਹੇ ਹਾਂ
ਫਿਰ ਸੂਰਜ ਵਾਂਗ ਉਦੈ ਹੋਵਾਂਗੇ ਭਲਕੇ
ਇਕ ਕੈਦ ਚੋਂ ਦੂਜੀ ਕੈਦ 'ਚ ਪਹੁੰਚ ਗਈ ਏਂ
ਕੀ ਖੱਟਿਆ ਮਹਿੰਦੀ ਲਾ ਕੇ ਵਟਣਾ ਮਲ ਕੇ
ਪੈ ਚੱਲੀਆਂ ਤੇਰੇ ਚਿਹਰੇ ਤੇ ਤਰਕਾਲਾਂ
ਪਰ ਵਾਲਾਂ ਵਿਚ ਕੋਈ ਰਿਸ਼ਮ ਸੁਬਾ ਦੀ ਝਲਕੇ
ਇਹ ਉਡਦੇ ਨੇ ਜੋ ਅਜ ਹੰਸਾਂ ਦੇ ਜੋੜੇ
ਯਾਰੋ ਏਨ੍ਹਾਂ ਦੀ ਰਾਖ ਉਡੇਗੀ ਭਲਕੇ
ਮੈਂ ਤਾਂ ਸੜਕਾਂ ਤੇ ਵਿਛੀ ਬਿਰਖ ਦੀ ਛਾਂ ਹਾਂ
ਮੈਂ ਨਈਂ ਮਿਟਣਾ ਸੌ ਵਾਰੀ ਲੰਘ ਮਸਲ ਕੇ
ਉਹ ਰਾਤੀਂ ਸੁਣਿਆ ਛੁਪ ਕੇ ਛਮ ਛਮ ਰੋਇਆ
ਜਿਸ ਗਾਲ੍ਹਾਂ ਦਿੱਤੀਆਂ ਦਿਨੇ ਚੁਰਾਹੇ ਖਲ ਕੇ
ਤੂੰ ਦੀਵਿਆਂ ਦੀ ਇਕ ਡਾਰ ਤੇ ਤੇਜ਼ ਹਵਾ ਹੈ
ਅਨੀ ਮੇਰੀਏ ਜਿੰਦੇ ਜਾਈਂ ਸੰਭਲ ਸੰਭਲ ਕੇ
ਸੂਰਜ ਨ ਡੁਬਦਾ ਕਦੇ ਸਿਰਫ਼ ਛੁਪਦਾ ਹੈ।
ਮਤ ਸੋਚ ਕਿ ਮਰ ਜਾਵੇਂਗਾ ਸਿਵੇ 'ਚ ਬਲ ਕੇ