ਜਿਹੜੀ ਰੁਤ ਨੂੰ 'ਉਮਰਾ' ਕਹਿੰਦੇ, ਉਸ ਦੀ ਠੰਢ ਵੀ ਕੈਸੀ ਹੈ
ਜਿਸ ਦਿਨ ਤੀਕ ਸਿਵਾ ਨਾ ਸੇਕਣ ਰਹਿਣ ਵਿਚਾਰੇ ਠਰਦੇ ਲੋਕ
ਰੇਤਾ ਉਤੋਂ ਪੈੜ ਮਿਟਦਿਆਂ ਫਿਰ ਵੀ ਕੁਝ ਚਿਰ ਲਗਦਾ ਹੈ
ਕਿੰਨੀ ਛੇਤੀ ਭੁਲ ਗਏ ਸਾਨੂੰ ਤੇਰੇ ਯਾਰ ਨਗਰ ਦੇ ਲੋਕ
ਲਿਸ਼ਕਦੀਆਂ ਤਲਵਾਰਾਂ ਕੋਲੋਂ ਅਜਕਲ ਕਿਹੜਾ ਡਰਦਾ ਹੈ।
ਡਰਦੇ ਨੇ ਤਾਂ ਕੇਵਲ ਆਪਣੇ ਸ਼ੀਸ਼ੇ ਕੋਲੋਂ ਡਰਦੇ ਲੋਕ
ਜੇ ਤਲੀਆਂ ਤੇ ਚੰਦ ਟਿਕਾ ਕੇ ਗਲੀਆਂ ਦੇ ਵਿਚ ਫਿਰਦਾ ਹੈ
ਓਸ ਖ਼ੁਦਾ ਦੇ ਪਿੱਛੇ ਲੱਗੇ ਪਾਗਲ ਪਾਗਲ ਕਰਦੇ ਲੋਕ
ਇਹ ਇਕ ਧੁਖਦਾ ਰੁੱਖ ਆਇਆ, ਹੈ ਇਹ ਆਈ ਧੁਨ ਮਾਤਮ ਦੀ
ਏਨ੍ਹਾਂ ਲਈ ਦਰਵਾਜ਼ੇ ਖੋਲ੍ਹੋ ਇਹ ਤਾਂ ਆਪਣੇ ਘਰ ਦੇ ਲੋਕ
ਐਸੀ ਰਾਤ ਵੀ ਕਦੀ ਕਦੀ ਤਾਂ ਮੇਰੇ ਪਿੰਡ 'ਤੇ ਪੈਂਦੀ ਹੈ
ਦੀਵੇ ਹੀ ਬੁਝ ਜਾਣ ਨਾ ਕਿਧਰੇ ਹਉਕਾ ਲੈਣ ਨਾ ਡਰਦੇ ਲੋਕ
ਪੈਸਾ ਧੇਲਾ, ਜੱਗ ਝਮੇਲਾ, ਰੌਣਕ ਮੇਲਾ, ਮੈਂ ਮੇਰੀ
ਸਿਵਿਆਂ ਕੋਲੋਂ ਕਾਹਲੀ ਕਾਹਲੀ ਲੰਘੇ ਗੱਲਾਂ ਕਰਦੇ ਲੋਕ
ਰਾਜੇ-ਪੁੱਤਰਾਂ ਬਾਗ ਉਜਾੜੇ, ਦੋਸ਼ ਹਵਾ ਸਿਰ ਧਰਦੇ ਲੋਕ
ਬਾਗ ਤਾਂ ਉਜੜੇ, ਜਾਨ ਨਾ ਜਾਵੇ, ਏਸੇ ਗੱਲੋਂ ਡਰਦੇ ਲੋਕ
ਪੀਲੇ ਪੱਤਿਆਂ 'ਤੇ ਪਬ ਧਰਕੇ ਹਲਕੇ ਹਲਕੇ
ਹਰ ਸ਼ਾਮ ਅਸੀਂ ਭਟਕੇ ਪੌਣਾਂ ਵਿਚ ਰਲਕੇ
ਨਾ ਤੇਰੇ ਦਰ ਨਾ ਮੇਰੇ ਦਸਤਕ ਹੋਈ
ਇਕ ਉਮਰਾ ਚੱਲੀ ਅਸੀਂ ਨਾ ਆਏ ਚਲਕੇ
ਇਸ ਸ਼ਾਮ ਜਹਾਜ਼ਾਂ ਵਾਂਗੂੰ ਡੁੱਬ ਰਹੇ ਹਾਂ
ਫਿਰ ਸੂਰਜ ਵਾਂਗ ਉਦੈ ਹੋਵਾਂਗੇ ਭਲਕੇ
ਇਕ ਕੈਦ ਚੋਂ ਦੂਜੀ ਕੈਦ 'ਚ ਪਹੁੰਚ ਗਈ ਏਂ
ਕੀ ਖੱਟਿਆ ਮਹਿੰਦੀ ਲਾ ਕੇ ਵਟਣਾ ਮਲ ਕੇ
ਪੈ ਚੱਲੀਆਂ ਤੇਰੇ ਚਿਹਰੇ ਤੇ ਤਰਕਾਲਾਂ
ਪਰ ਵਾਲਾਂ ਵਿਚ ਕੋਈ ਰਿਸ਼ਮ ਸੁਬਾ ਦੀ ਝਲਕੇ
ਇਹ ਉਡਦੇ ਨੇ ਜੋ ਅਜ ਹੰਸਾਂ ਦੇ ਜੋੜੇ
ਯਾਰੋ ਏਨ੍ਹਾਂ ਦੀ ਰਾਖ ਉਡੇਗੀ ਭਲਕੇ
ਮੈਂ ਤਾਂ ਸੜਕਾਂ ਤੇ ਵਿਛੀ ਬਿਰਖ ਦੀ ਛਾਂ ਹਾਂ
ਮੈਂ ਨਈਂ ਮਿਟਣਾ ਸੌ ਵਾਰੀ ਲੰਘ ਮਸਲ ਕੇ
ਉਹ ਰਾਤੀਂ ਸੁਣਿਆ ਛੁਪ ਕੇ ਛਮ ਛਮ ਰੋਇਆ
ਜਿਸ ਗਾਲ੍ਹਾਂ ਦਿੱਤੀਆਂ ਦਿਨੇ ਚੁਰਾਹੇ ਖਲ ਕੇ
ਤੂੰ ਦੀਵਿਆਂ ਦੀ ਇਕ ਡਾਰ ਤੇ ਤੇਜ਼ ਹਵਾ ਹੈ
ਅਨੀ ਮੇਰੀਏ ਜਿੰਦੇ ਜਾਈਂ ਸੰਭਲ ਸੰਭਲ ਕੇ
ਸੂਰਜ ਨ ਡੁਬਦਾ ਕਦੇ ਸਿਰਫ਼ ਛੁਪਦਾ ਹੈ।
ਮਤ ਸੋਚ ਕਿ ਮਰ ਜਾਵੇਂਗਾ ਸਿਵੇ 'ਚ ਬਲ ਕੇ
ਚਿਹਰਾ ਸੀ ਇਕ ਉਹ ਖੁਰ ਗਿਆ ਬਾਰਸ਼ ਦੇ ਔਣ ਨਾਲ
ਦੋ ਹੱਥ ਸਨ ਉਹ ਝੜ ਗਏ ਪਤਝੜ ਦੀ ਪੌਣ ਨਾਲ
ਸੂਰਜ ਗਿਆ ਤਾਰੇ ਗਏ ਚਿਹਰੇ ਹਜ਼ਾਰ ਚੰਦ
ਕੀ ਕੁਝ ਜਿਮੀਂ ਤੇ ਢਹਿ ਪਿਆ ਬੰਦੇ ਦੀ ਧੌਣ ਨਾਲ
ਘਰ ਵਿਚ ਮੇਰੇ ਇਕ ਦੀਪ ਸੀ ਫਿਰ ਉਹ ਵੀ ਬੁਝ ਗਿਆ
ਦੀਵਾਰ ਉਤੇ ਚੰਨ ਦੀ ਮੂਰਤ ਸਜੋਣ ਨਾਲ
ਮਰ ਖਪ ਗਿਆ ਨੂੰ ਦਿਸ ਨਾ ਕਿਤੇ ਪੈਣ ਘਰ ਦੇ ਰਾਹ
ਕਬਰਾਂ 'ਤੇ ਰੋਜ਼ ਰਾਤ ਨੂੰ ਦੀਵੇ ਜਗਣ ਨਾਲ
ਇਕ ਇਕ ਨੂੰ ਚੁਕ ਕੇ ਵਾਚਣਾ ਮੇਰੇ ਖ਼ਤਾਂ ਦੇ ਵਾਂਗ
ਵਿਹੜੇ 'ਚ ਪੱਤੇ ਔਣਗੇ ਪਤਝੜ ਦੀ ਪੌਣ ਨਾਲ
ਗੋਬਿੰਦ ਸੀ ਤੇ ਰਸੂਲ ਸੀ, ਈਸਾ ਸੀ, ਬੁੱਧ ਸੀ
ਤਪਦੇ ਥਲਾਂ 'ਚ ਚਲ ਰਿਹਾ ਸੀ ਕੌਣ ਕੌਣ ਨਾਲ
ਮੈਂ ਉਸ ਨੂੰ ਟੋਕ ਰਿਹਾ ਵਾਰ ਵਾਰ ਟਾਲ ਰਿਹਾ
ਤੇਰੀ ਨਜ਼ਰ ਦਾ ਭਰਮ ਮੇਰੇ ਨਾਲ ਨਾਲ ਰਿਹਾ
ਤੇਰੇ ਵਿਯੋਗ ਨੂੰ ਕਿੰਨਾ ਮੇਰਾ ਖ਼ਿਆਲ ਰਿਹਾ
ਕਿ ਸਾਰੀ ਉਮਰ ਹੀ ਲੱਗਿਆ ਕਲੇਜੇ ਨਾਲ ਰਿਹਾ
ਮੈਂ ਓਨ੍ਹਾਂ ਲੋਕਾਂ 'ਚੋਂ ਹਾਂ ਜੋ ਸਦਾ ਸਫ਼ਰ 'ਚ ਰਹੇ
ਜਿਨ੍ਹਾਂ ਦੇ ਸਿਰ 'ਤੇ ਸਦਾ ਤਾਰਿਆਂ ਦਾ ਥਾਲ ਰਿਹਾ
ਅਸੀਂ ਤਾਂ ਮਚਦਿਆਂ ਅੰਗਿਆਰਿਆਂ ਤੇ ਨੱਚਦੇ ਰਹ
ਤੁਹਾਡੇ ਸ਼ਹਿਰ 'ਚ ਹੀ ਝਾਂਜਰਾਂ ਦਾ ਕਾਲ ਰਿਹਾ
ਮੇਰੀ ਬਹਾਰ ਦੇ ਫੁੱਲ ਮੰਡੀਆਂ 'ਚ ਸੜਦੇ ਰਹੇ
ਇਕ ਅੱਗ ਦਾ ਲਾਂਬੂ ਹਮੇਸ਼ਾਂ ਮੇਰਾ ਦਲਾਲ ਰਿਹਾ
ਅਸਾਡੇ ਖੂਨ 'ਚੋਂ ਕਰਕੇ ਕਸ਼ੀਦ ਸਭ ਖੁਸ਼ੀਆਂ
ਅਸਾਡੇ ਸ਼ਹਿਰ 'ਚ ਹੀ ਵੇਚਦਾ ਕਲਾਲ ਰਿਹਾ
ਕਿਸੇ ਦੀ 'ਵਾਜ ਨਾ ਉੱਠੀ ਫਿਰ ਏਸ ਸ਼ਹਿਰ ਅੰਦਰ
ਮਿਲੀ ਜੁ ਲਾਸ਼ ਕਿਸੇ ਬੇਗੁਨਾਹ ਦੀ ਨਹਿਰ ਅੰਦਰ
ਉਨ੍ਹਾਂ ਨੇ ਡੋਬ ਕੇ ਉਸ ਨੂੰ ਇਹ ਨਸ਼ਰ ਕੀਤੀ ਖ਼ਬਰ
ਅਜੀਬ ਆਦਮੀ ਡੁਬਿਆ ਏ ਮਨ ਦੀ ਲਹਿਰ ਅੰਦਰ
ਉਹ ਤੇਰੀ ਨਾਂਹ ਸੀ ਜਿਵੇਂ ਲਫ਼ਜ਼ ਕੋਈ 'ਕੁਨ' ਤੋਂ ਉਲਟ
ਹਜ਼ਾਰ ਚੰਦ ਬੁਝੇ ਓਸ ਇਕ ਹੀ ਪਹਿਰ ਅੰਦਰ
ਕਿਸੇ ਦੇ ਵਾਸਤੇ ਸ਼ਾਇਦ ਬਿਰਖ ਬਣਾਂ ਮੈਂ ਵੀ
ਇਸੇ ਉਮੀਦ ਤੇ ਥਲ ਵਿਚ ਖੜਾਂ ਦੁਪਹਿਰ ਅੰਦਰ
ਸਮੇਂ ਦੇ ਦੰਦਿਆਂ ਨੂੰ ਆਂਦਰਾਂ 'ਚ ਉਲਝਾ ਕੇ
ਉਡੀਕ ਤੇਰੀ ਕਰਾਂ ਤੇਜ਼ ਚਲਦੇ ਪਹਿਰ ਅੰਦਰ
ਹੁਣ ਇਸ ਦੀ ਕਬਰ ਬਣਾਇਓ ਕਿਸੇ ਘਣੀ ਛਾਵੇਂ
ਵਿਚਾਰਾ ਮਰ ਤਾਂ ਗਿਆ ਝੁਲਸ ਕੇ ਦੁਪਹਿਰ ਅੰਦਰ
ਮੈਂ ਥਮਦਾ ਝੁਲਸ ਗਿਆ ਅਸਤ ਹੁੰਦੇ ਸੂਰਜ ਨੂੰ
ਉਹ ਫਿਰ ਵੀ ਗਰਕ ਗਿਆ ਨ੍ਹੇਰਿਆਂ ਦੇ ਸ਼ਹਿਰ ਅੰਦਰ
ਅਸਾਂ ਤਾਂ ਡੁਬ ਕੇ ਸਦਾ ਖੂਨ ਵਿਚ ਲਿਖੀ ਏ ਗ਼ਜ਼ਲ
ਉਹ ਹੋਰ ਹੋਣਗੇ ਲਿਖਦੇ ਨੇ ਜਿਹੜੇ ਬਹਿਰ ਅੰਦਰ