ਹਵਾ ਵਿਚ ਲਿਖੇ ਹਰਫ਼
(ਗ਼ਜ਼ਲਾਂ)
ਇਕ ਪ੍ਰਤੀਕਰਮ
ਸੁਰਜੀਤ ਪਾਤਰ ਦਾ ਇਹ ਗ਼ਜ਼ਲ-ਸੰਗ੍ਰਹਿ ਜੋ ਉਸਦਾ ਪਹਿਲਾ ਕਾਵਿ-ਸੰਗ੍ਰਹਿ ਵੀ ਹੈ, ਆਲੇ ਦੁਆਲੇ ਪਸਰੇ ਯਥਾਰਥ ਨਾਲ ਉਸ ਦੀ ਬਹੁ-ਦਿਸ਼ਾਵੀ ਤੇ ਬਹੁ-ਪਾਸਾਰੀ ਗੁਫ਼ਤਗੂ ਦਾ ਹੀ ਪ੍ਰਮਾਣ ਨਹੀਂ ਬਲਕਿ ਇਹ ਗ਼ਜ਼ਲ ਸੰਗ੍ਰਹਿ ਯਥਾਰਥ ਦੀ ਇਤਿਹਾਸਕ ਗਤੀ ਦੇ ਵਿਵੇਕ ਵਿਚ ਉਤਰਨ ਅਤੇ ਆਪਣੀ ਰਚਨਾ-ਦ੍ਰਿਸ਼ਟੀ ਨਾਲ ਇਸ ਗਤੀ ਵਿਚ ਨਵੀਆਂ ਮਨੁੱਖੀ ਹੋਣੀਆਂ ਦਾ ਪ੍ਰਕਾਸ਼ ਕਰਨ ਦੀ ਤਿੱਖੀ ਚੇਤਨਾ ਦਾ ਵੀ ਬੜਾ ਸਮਰੱਥ ਪ੍ਰਮਾਣ ਬਣਦਾ ਨਜ਼ਰ ਆਉਂਦਾ ਹੈ।
ਅਕਸਰ ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰ ਉਪਰਲੀ ਤਹਿ ਤੇ ਸੁਤੰਤਰ ਹੋ ਕੇ ਵੀ ਹੇਠਲੀ ਤਹਿ ਤੇ ਆਪੋ ਵਿਚ ਡੂੰਘੀ ਤਰ੍ਹਾਂ ਜੁੜੇ ਹੋਏ, ਸਾਫ਼ ਦਿਸ ਆਉਂਦੇ ਹਨ। ਨਿਰਸੰਦੇਹ ਯਥਾਰਥ ਦੀ ਉਪਰਲੀ ਤੇ ਹੇਠਲੀ ਤਹਿ ਦੇ ਡੂੰਘੇ ਸਬੰਧਾਂ ਦਾ ਰਚਨਾਤਮਕ ਤਰਕ ਆਪਣੀ ਪੂਰੀ ਰਹੱਸਮਈ ਸੁੰਦਰਤਾ ਸਹਿਤ ਉਸ ਦੀ ਰਚਨਾ-ਦ੍ਰਿਸ਼ਟੀ ਦੀ ਪ੍ਰੇਰਨਾ ਬਣਿਆ ਹੈ। ਹੇਠ ਲਿਖਿਆ ਸ਼ਿਅਰ ਲਫ਼ਜ਼ਾਂ ਦੀ ਦਿਲਕਸ਼ ਤਰਤੀਬ ਤੇ ਹੁਸਨਿ-ਤਗ਼ਜ਼ਲ ਤੋਂ ਵੀ ਵਧ ਕਿਸੇ ਡੂੰਘੇਰੇ ਰਹੱਸ ਦੇ ਬੋਧ ਨਾਲ ਸਰੂਰਿਆ ਹੋਇਆ ਦਿਸਦਾ ਹੈ:
ਅਸਾਂ ਤਾਂ ਡੂਬ ਕੇ ਸਦਾ ਖ਼ੂਨ ਵਿਚ ਲਿਖੀ ਏ ਗ਼ਜ਼ਲ
ਉਹ ਹੋਰ ਹੋਣਗੇ ਲਿਖਦੇ ਨੇ ਜਿਹੜੇ ਬਹਿਰ ਅੰਦਰ
ਪਹਿਲਾਂ ਤਾਂ ਖੂਨ ਵਿਚ ਡੁੱਬ ਕੇ ਗ਼ਜ਼ਲ ਲਿਖਣ ਦੇ ਮਹਾਤਮ ਨੂੰ ਜਾਣੋ ਤੇ ਫਿਰ ਦੇਖੋ ਉਹ ਹੋਰ ਕੌਣ ਨੇ ਲਿਖਦੇ ਨੇ ਜਿਹੜੇ ਬਹਿਰ ਅੰਦਰ? ਤੇ ਕੀ ਇਹ ਬਹਿਰ ਬਸ ਫ਼ਾਇਲਾਤੁਨ ਫ਼ਿਇਲੁਨ ਦੇ ਰੁਕਨਾਂ ਦੀ ਗਿਣਤੀ ਤੱਕ ਹੀ ਮਹਿਦੂਦ ਹੈ? ਪਹਿਲੀ ਸਤਰ 'ਅਸੀਂ' ਤੇ ਦੂਸਰੀ ਵਿੱਚ 'ਹੋਰ' ਕਿੰਨੇ ਤੁਲਵੇਂ ਮਿਚਵੇਂ ਵਿਰੋਧ ਵਿਚ ਆਪਸ ਵਿਚ ਤਣੇ ਹੋਏ ਹਨ। ਵੇਖਣ ਨੂੰ ਇਹ ਦੋਵੇਂ ਕਿੰਨੇ ਸਾਦਾ ਲਫ਼ਜ਼ ਹਨ ਪਰ ਸ਼ਿਅਰ ਵਿਚ ਇਹ ਕਿੰਨੇ ਮਰਮੀ ਸਬੰਧ ਵਿਚ ਜੁੜ ਗਏ ਹਨ। ਉਪਰੋਂ ਤਾਂ ਇਹ ਸਾਧਾਰਣ ਪੜਨਾਂਵ ਹੀ ਲਗਦੇ ਹਨ: "ਅਸੀਂ" ਕਵੀ ਦੀ ਹਉਂ ਨੂੰ ਵਡਿਆਉਂਦਾ ਤੇ ਹੋਰ ਹੋਰਨਾਂ ਵਿਚ ਪਸਰੇ ਅਨਾਪੇ ਨੂੰ ਛੁਟਿਆਉਂਦਾ। ਪਰ ਨਹੀਂ, ਇਹ ਤਾਂ ਕੇਵਲ ਲਫ਼ਜ਼ੀ ਸਤਰ ਦੀਆਂ ਗੱਲਾਂ ਨੇ। ਰਤਾ ਹੇਠਾਂ ਅਰਥਾਂ ਦੀ ਤਹਿ ਵਿਚ ਝਾਤੀ ਮਾਰੀਏ ਤਾਂ ਪਤਾ ਲਗਦਾ ਹੈ ਇਹ 'ਅਸੀਂ' ਕਿਸੇ ਕਵੀ-ਅਕਵੀ ਦੀ ਹਉਮੈ ਦਾ ਵਿਸਥਾਰ ਨਹੀਂ ਸਗੋਂ ਇਹ ਤਾਂ ਉਸ ਮੁਕਾਮ ਤੇ ਪੁੱਜੀ ਵੇਦਨਾ ਦਾ ਆਲਾਪ ਹੈ ਜਿੱਥੇ ਵਿਅਕਤੀ 'ਮੈਂ' ਹੁਸਨ ਦੇ ਦੀਵਾਨਿਆਂ ਦੀ ਸਾਂਝੀ ਜੁਸਤਜੂ ਦਾ ਅੰਗ ਬਣ ਕੇ ਹੁਸਨ ਦੀ ਸਰਕਾਰ ਦੇ ਹਜੂਰ ਨਿਛਾਵਰ ਹੋ ਜਾਂਦੀ ਹੈ ਤੇ 'ਅਸੀਂ" ਦੇ
ਇੰਜ ਸੁਰਜੀਤ ਪਾਤਰ ਦਾ ਇਹ ਸ਼ਿਅਰ ਇਸ ਗੱਲ ਦਾ ਜ਼ਾਮਨ ਤਾਂ ਹੈ ਕਿ ਉਹ ਪਹਿਲੀ ਪੌੜੀ ਉਤੇ ਖਲੋ ਕੇ 'ਬਹਿਰ ਅੰਦਰ' ਲਿਖਣ ਦੀ ਬਜਾਏ ਖੂਨ ਵਿਚ ਡੁੱਬਕੇ ਗ਼ਜ਼ਲ ਲਿਖਣ ਦਾ ਨਿਸਚਾ ਲੈ ਕੇ ਕਲਮ ਦੇ ਸਫ਼ਰ ਉਤੇ ਤੁਰਿਆ ਹੈ, ਜਦ ਕਵੀ ਦੀ ਮੈਂ ਆਪੇ ਦੀ ਚੇਤਨਾ ਵਿਚ ਘੁਲ ਕੇ 'ਅਸੀਂ' ਦੇ ਰੁੱਤਬੇ ਨੂੰ ਪੁੱਜਦੀ ਏ ਤਾਂ ਨਿਸਚੇ ਹੀ ਉਸ ਦੀ ਰਚਨਾ ਵਿਚ ਸਾਡੇ ਆਪਣੇ ਲਹੂ ਦਾ ਰੰਗ ਵੀ ਸ਼ਾਮਿਲ ਹੁੰਦਾ ਹੈ। ਅਜਿਹੇ ਕਵੀ ਨੂੰ ਪਛਾਨਣ ਦਾ ਯਤਨ ਕੇਵਲ ਇੱਕ ਨਵੇਂ ਹਸਤਾਖਰ ਨੂੰ ਪਛਾਨਣ ਦੇ ਉਤਸ਼ਾਹ ਤੱਕ ਹੀ ਸੀਮਤ ਨਹੀਂ ਰਹਿੰਦਾ। ਸਗੋਂ ਇਸ ਨਵੇਂ ਹਸਤਾਖਰ ਵਿਚੋਂ ਉਦੈ ਹੁੰਦੀ ਆਪਣੀ ਤੇ ਆਪਣੇ ਯੁੱਗ ਦੀ ਪਛਾਣ ਦਾ ਉਮਾਹ ਵੀ ਇਸ ਯਤਨ ਦਾ ਪ੍ਰੇਰਕ ਹੁੰਦਾ ਹੈ। ਹਸਤਾਖਰ ਦਾ ਨਵਾਂਪਨ ਤੇ ਇਸ ਯੁਗ ਦੇ ਨਕਸ਼ਾਂ ਦਾ ਪ੍ਰਕਾਸ਼ਮਾਨ ਹੋਣਾ ਹੀ ਪ੍ਰਤਿਭਾ ਦਾ ਪ੍ਰਮਾਣ ਬਣਦਾ ਹੈ।
ਸੁਰਜੀਤ ਪਾਤਰ ਨੇ ਆਪਣੀਆਂ ਗ਼ਜ਼ਲਾਂ ਵਿਚ ਯੁੱਗ ਦੀ ਚੇਤਨਾ ਨੂੰ ਮਨੁੱਖ ਵਿਚ ਮੌਤ, ਸਹਿਮ ਤੇ ਤ੍ਰਾਸ ਦੇ ਨਾਟਕੀ ਮਹਾਂ ਦ੍ਰਿਸ਼ ਦੇ ਰੂਪ ਵਿਚ ਸੰਕਲਪਿਤ ਕੀਤਾ ਹੈ। ਇਹ ਮਹਾਂ ਦ੍ਰਿਸ਼ ਜੋ ਉਪਰੋਂ ਆਧੁਨਿਕ ਮਨ ਵਿਚ ਵਿਆਪ ਰਹੀ ਨਿਰੰਤਰ ਤ੍ਰਾਸਦੀ ਦਾ ਬੋਧ ਕਰਾਉਂਦਾ ਹੈ ਤਾਂ ਅੰਦਰੋਂ ਅੰਦਰ ਅਚੇਤ ਹੀ ਜ਼ਿੰਦਗੀ ਦੀ ਅਮੁਕ ਗਤੀ ਵਿਚੋਂ ਉਦੈ ਹੋਣ ਵਾਲੀ ਆਸ ਨਾਲ ਵੀ ਜੁੜਿਆ ਹੋਇਆ ਹੈ। ਜੇ ਇਕ ਪਲ ਇਹ ਤ੍ਰਾਸਦੀ ਟੁੱਟਦੀ ਮਨੁੱਖੀ ਸੰਭਾਵਨਾ ਨੂੰ ਖੋਰਦੀ ਤੇ ਮੇਸਦੀ ਦਿਸਦੀ ਹੈ ਤਾਂ ਦੂਜੇ ਹੀ ਪਲ ਇਸ ਤ੍ਰਾਸਦੀ ਵਿਚ ਟੁੱਟਦੀ ਚੇਤਨਾ ਨਵੀਂ ਆਸ ਦੇ ਲੜ ਲੱਗ ਕੇ ਕਿਸੇ ਨਵੇਂ ਮਹਾਂ ਆਰੰਭ ਦਾ ਜਾਦੂ ਵੀ ਜਗਾਉਂਦੀ ਨਜ਼ਰ ਆਉਂਦੀ ਹੈ । ਤ੍ਰਾਸਦਕ ਨਿਰਾਸ਼ਾ ਤੇ ਮਹਾਂ ਆਸ਼ਾ ਪਾਤਰ ਦੇ ਸ਼ਿਅਰਾ ਵਿਚ ਅਕਸਰ ਪਹਾੜਾਂ ਵਾਂਗ ਟਕਰਾਉਂਦੀਆਂ ਤੇ ਫਿਰ ਆਪਸ ਵਿਚ ਘੁਲਦੀਆਂ ਵੇਖੀਆਂ ਜਾ ਸਕਦੀਆਂ ਹਨ। ਇਹ ਟੱਕਰ ਹੀ ਉਸ ਦੇ ਸ਼ਿਅਰਾਂ ਵਿਚ ਰੰਗ ਤਗ਼ਜ਼ਲ ਦੀ ਆਭਾ ਦਾ ਭੇਤ ਲੁਕਾਈ ਬੈਠੀ ਹੈ। ਪਰਲੋ ਦਾ ਸ਼ੋਰ ਤੇ ਮਹਾਂ ਆਰੰਭ ਦਾ ਜਾਦੂ ਉਸ ਦੇ ਕਈ ਸ਼ਿਅਰਾਂ ਵਿਚ ਆਪਸ ਵਿਚ ਲਿਪਟੇ ਹੋਏ ਵੇਖੇ ਜਾ ਸਕਦੇ ਹਨ:
ਕਿਸੇ ਦੇ ਵਾਸਤੇ ਸ਼ਾਇਦ ਬਿਰਖ ਬਣਾਂ ਮੈਂ ਵੀ
ਇਸੇ ਉਮੀਦ ਤੇ ਥਲ ਵਿਚ ਖੜਾ ਦੁਪਹਿਰ ਅੰਦਰ
ਸਮੇਂ ਦੇ ਦੰਦਿਆਂ ਨੂੰ ਆਂਦਰਾਂ 'ਚ ਉਲਝਾ ਕੇ
ਉਡੀਕ ਤੇਰੀ ਕਰਾਂ ਤੇਜ ਚਲਦੇ ਪਹਿਰ ਅੰਦਰ
ਯਥਾਰਥ ਦੇ ਵਿਰਾਟ ਪਸਾਰੇ ਨੂੰ ਤਿੱਖੇ ਵਿਰੋਧ ਦੇ ਰੂਪ ਵਿਚ ਸੰਕਲਪਿਤ ਕਰਨਾ ਤੇ ਇਸ ਦੀ ਸ਼ਿੱਦਤ ਨੂੰ ਨਾਟਕੀ ਵਿਰੋਧ-ਬਿੰਬ ਵਿਚ ਸਮੇਟਣਾ ਸੁਰਜੀਤ ਪਾਤਰ ਦੀ ਰਚਨਾ
ਬਲਦਾ ਬਿਰਖ ਹਾਂ, ਖ਼ਤਮ ਹਾਂ, ਬਸ ਸ਼ਾਮ ਤੀਕ ਹਾਂ
ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ
ਅੱਗ ਦਾ ਸਫ਼ਾ ਹੈ ਉਸ ਤੇ ਮੈਂ ਫੁੱਲਾਂ ਦੀ ਸਤਰ ਹਾਂ
ਉਹ ਬਹਿਸ ਕਰ ਰਹੇ ਨੇ ਗ਼ਲਤ ਹਾਂ ਕਿ ਠੀਕ ਹਾਂ
ਪਾਤਰ ਨੇ ਜ਼ਿੰਦਗੀ ਨੂੰ ਅਨੁਭਵ ਦੀ ਪੱਧਰ ਤੇ ਇਕ ਤਣਾਉ ਦੇ ਰੂਪ ਵਿਚ ਵੇਖਿਆ ਹੈ। ਉਸ ਦੀ ਨਜ਼ਰ ਵਿਚ ਤਣਾਉ ਹੀ ਜੀਵਨ ਦਾ ਪ੍ਰਮਾਣਿਕ ਅਨੁਭਵ ਹੈ। ਬੇਸ਼ਕ ਚੇਤਨਾ ਹਸਤੀ ਅਤੇ ਮਾਹੌਲ ਦੇ ਨਿਰੰਤਰ ਤਣਾਉ ਵਿਚੋਂ ਗੁਜ਼ਰਦੀ ਮਨੁੱਖੀ ਸ਼ਖ਼ਸੀਅਤ ਦੀ ਤ੍ਰਾਸਦੀ ਆਧੁਨਿਕ ਮਨੁੱਖ ਦੀ ਪ੍ਰਵਾਣਿਤ ਹੋਣੀ ਹੈ। ਇਹ ਤਣਾਉ ਉਸ ਦੀ ਗ਼ਜ਼ਲ-ਸੰਵੇਦਨਾ ਦਾ ਮੂਲ ਪਛਾਣ ਚਿੰਨ੍ਹ ਹੈ। ਪਰ ਉਸ ਦੇ ਸ਼ਿਅਰਾਂ ਦੀ ਮੁੱਖ ਟੇਕ ਇਸ ਤਣਾਉ ਵਿਚ ਖੁਰਦੀ ਤੇ ਖੀਣ ਹੁੰਦੀ ਜ਼ਿੰਦਗੀ ਨਹੀਂ ਸਗੋਂ ਤਣਾਉਸ਼ੀਲ ਜੀਵਨ ਦੀ ਅਮੁੱਕ ਖੇਡ ਵਿਚ ਟੁੱਟਦੇ, ਮੁੱਕਦੇ ਬਿਨਸਦੇ ਦ੍ਰਿਸ਼ਾਂ ਤੋਂ ਬਾਅਦ ਵੀ ਬਚ ਰਹੀ ਗਤੀਸ਼ੀਲ ਮਨੁੱਖੀ ਚੇਤਨਾ ਦੀ ਅਖੁੱਟ ਸ਼ਕਤੀ ਹੈ। ਇਹ ਕਾਰਨ ਹੈ ਕਿ ਮਨੁੱਖੀ ਚੇਤਨਾ ਉਤੇ ਜੋ ਤ੍ਰਾਸਦੀ ਆਧੁਨਿਕ ਸਭਿਅਤਾ ਦੇ ਫਲਸਰੂਪ ਅੰਦਰੇ-ਅੰਦਰੇ ਵਾਪਰ ਰਹੀ ਹੈ, ਉਸ ਨੂੰ ਪਾਤਰ ਨੇ ਬੜੀ ਤਿੱਖੀ ਤੇ ਵਿੰਨ੍ਹਵੀਂ ਵਿਅੰਗ- ਦ੍ਰਿਸ਼ਟੀ ਨਾਲ ਪੇਸ਼ ਕੀਤਾ ਹੈ। ਉਸਦਾ ਵਿਅੰਗ-ਬੋਧ ਮਨੁੱਖੀ ਤ੍ਰਾਸਦੀ ਨੂੰ ਵਿਰੋਧ- ਬਿੰਬ ਦੇ ਰਚਨਾਤਮਕ ਜਸ਼ਨ ਵਿਚ ਮਟਕਾ ਕੇ ਪੇਸ਼ ਕਰਦਾ ਹੈ। ਇਸ ਜਸ਼ਨ ਦੀ ਮਹਾਨਤਾ ਇਹ ਹੈ ਕਿ ਤ੍ਰਾਸਦੀ ਵਿਚੋਂ ਗੁਜ਼ਰਦਾ ਹੋਇਆ ਉਸਦੀ ਗ਼ਜ਼ਲ ਦਾ ਨਾਇਕ ਇਸ ਤ੍ਰਾਸਦੀ ਵਿਚ ਖੁਰਦਾ ਹਾਰਦਾ ਜਾਂ ਨਿਖੁੱਟਦਾ ਨਜ਼ਰ ਨਹੀਂ ਆਉਂਦਾ ਸਗੋਂ ਇਸ ਨੂੰ ਜੀਵਨ ਦੇ ਅਖੰਡ ਅਨੁਭਵ ਦੇ ਵਿਵੇਕ ਦਾ ਅੰਗ ਸਮਝਦਾ ਇਸ ਨੂੰ ਮੁਸਕਰਾ ਕੇ ਭੋਗਦਾ ਤੇ ਜ਼ਿੰਦਗੀ ਦੀ ਅਜ਼ਮਤ ਵਿਚ ਆਪਣੇ ਵਿਸ਼ਵਾਸ ਨੂੰ ਪਰਪੱਕ ਕਰਦਾ ਦਿਸਦਾ ਹੈ। ਬੇਸ਼ਕ ਇਹ ਵਿਸ਼ਵਾਸ ਪਾਤਰ ਦੀ ਚੰਡੀ ਹੋਈ ਦਵੰਦਵਾਦੀ ਦ੍ਰਿਸ਼ਟੀ ਦੀ ਦੇਣ ਹੈ। ਇਹ ਦ੍ਰਿਸ਼ਟੀ ਹੀ ਯਥਾਰਥ ਦੇ ਪੂਰਕ ਵਿਰੋਧਾਂ ਨੂੰ ਰਚਨਾਤਮਕ ਠਰੰਮੇ ਅਤੇ ਸਹਿਜ ਨਾਲ ਨਿਖਾਰਦੀ ਤੇ ਉਘਾੜਦੀ ਹੈ:
ਸਮੁੰਦਰ ਸੀ ਨਮਕ ਤੇ ਜ਼ਖ਼ਮ ਵੀ ਸੀ
ਤਦੇ ਹਰ ਲਹਿਰ ਏਦਾਂ ਤੜਪਦੀ ਸੀ
ਅਜੀਬ ਸਾਜ਼ ਸੀ ਜੋ ਵਿਚ ਸਿਵੇ ਦੇ ਸੜ ਕੇ ਵੀ
ਉਦਾਸ ਰਾਤ ਦੀ ਕਾਲੀ ਹਵਾ 'ਚ ਵਜਦਾ ਰਿਹਾ
ਸੀ ਸਮਝਦਾਰ ਬੜਾ ਸਾਡੇ ਦੋਰ ਦਾ ਸੂਰਜ
ਕਿ ਦਿਨ ਚੜ੍ਹੇ ਤਾਂ ਚੜ੍ਹਾਂ ਇੰਤਜ਼ਾਰ ਕਰਦਾ ਰਿਹਾ।
ਜਦੋਂ ਉਸ ਦੀ ਵਿਅੰਗ ਦ੍ਰਿਸ਼ਟੀ ਇਤਿਹਾਸਕ ਵਿਵੇਕ ਦੇ ਵਿਰੋਧਾਂ ਨੂੰ ਆਪਸ ਵਿਚ ਭਿੜਾਉਂਦੀ ਹੈ ਤਾਂ ਯਥਾਰਥ ਦਾ ਵਿਰਾਟ ਦਰਸ਼ਨ ਚੇਤਨਾ ਦੇ ਸੂਖ਼ਮ ਬੋਧ ਵਿਚ ਮਲਕੜੇ ਉਤਰਦਾ ਚਲਾ ਜਾਂਦਾ ਹੈ। ਆਪਾ-ਅਨਾਪਾ, ਆਤਮ-ਅਨਾਤਮ ਨਿੱਜ ਤੇ ਪਰ ਅਥਵਾ ਸੂਖ਼ਮ ਤੇ ਵਿਰਾਟ ਦੇ ਦਵੰਦਮਈ ਵਿਰੋਧ ਯਥਾਰਥ ਦੇ ਅਖੰਡ ਬੋਧ ਵਿਚ ਘੁਲਦੇ ਅਨੁਭਵ ਹੁੰਦੇ ਹਨ। ਯਥਾਰਥ-ਬੋਧ ਅਤੇ ਪ੍ਰਤੱਖਣ ਦੀ ਇਸ ਯਾਤਰਾ ਵਿਚ ਵਿਅੰਗ ਸੁਰਜੀਤ ਪਾਤਰ ਦੀ ਸਹਿਜ ਵਿਧੀ ਹੈ।
ਜਦ ਉਹ ਵਰਤਮਾਨ ਨਿਜ਼ਾਮ ਉਤੇ ਕਾਬਿਜ਼ ਸ਼ਕਤੀਆਂ ਦੇ ਦੰਭ ਨੂੰ ਆਪਣੇ ਕਟਾਖਸ਼ ਦਾ ਨਿਸ਼ਾਨਾ ਬਣਾਉਂਦਾ ਹੈ ਤਾਂ ਉਸ ਦੀ ਵਿਅੰਗਾਤਮਕ ਅੰਤਰ-ਦ੍ਰਿਸ਼ਟੀ ਆਪਣੇ ਰਚਨਾਤਮਕ ਕਮਾਲ ਦੀਆਂ ਸਿਖਰਾਂ ਛੂੰਹਦੀ ਨਜ਼ਰ ਆਉਂਦੀ ਹੈ। ਨਾਟਕੀ ਵਿਰੋਧਾਭਾਸ ਵਿਚ ਵਿਅਗਮਈ ਤਕਰਾਰ ਪੈਦਾ ਕਰ ਸਕਣ ਦਾ ਆਪ ਮੁਹਾਰਾ ਗੁਣ ਉਸ ਦੀ ਗ਼ਜ਼ਲ ਨੂੰ ਵਿਸ਼ੇਸ਼ ਇਤਿਹਾਸਕ ਅਰਥ ਤੇ ਡੂੰਘਾਈ ਪ੍ਰਦਾਨ ਕਰਦਾ ਹੈ:
ਮੈਂ ਤਾਂ ਬਸ ਏਨਾ ਕਿਹਾ ਸੀ ਨਾ ਜਲਾਓ ਫੁੱਲ
ਅੱਗ ਮੈਨੂੰ ਫੜ ਕੇ ਲੈ ਗਈ ਕਹਿ ਕੇ ਚੋਰ ਚੋਰ
ਰਾਤ ਮੇਰੀ ਹਿੱਕ ਉਤੇ ਲਿਖ ਗਈ ਸੰਗੀਨ
ਬੰਦਾ ਬਣ ਜਾ ਪਾਣੀਆਂ ਪੱਥਰ ਨਾ ਸਾਡੇ ਖੋਰ
ਪਹਿਲਾਂ ਜੋ ਵੀ ਦਿਲ ਵਿਚ ਆਉਂਦਾ ਗੋਂਦੀ ਸੀ ਸ਼ਹਿਨਾਈ
ਫਿਰ ਸ਼ਹਿਨਾਈ ਦੇ ਗਲ ਅੰਦਰ ਫਸ ਗਈ ਇਕ ਅਠਿਆਨੀ
ਹੋਵੇ ਪੇਸ਼ ਸਵੇਰਾ ਸੂਰਜ ਦਾ ਜਾਇਆ
ਨ੍ਹੇਰੇ ਦੇ ਦਰਬਾਰ 'ਚ ਮੈਨੂੰ ਹਾਕ ਪਈ
ਏਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ
ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ
ਕਿਤੇ ਕਿਤੇ ਉਸਦੀ ਇਤਿਹਾਸਕ ਚੇਤਨਤਾ, ਕਟਾਖ਼ਸ਼ ਦੇ ਰਚਨਾਤਮਕ ਅਸਲ ਤੋਂ ਹਟ ਕੇ ਕਾਬਿਜ਼ ਸ਼ਕਤੀਆਂ ਦੇ ਪੈਦਾ ਕੀਤੇ ਤਣਾਉ ਨੂੰ ਅਰਥ ਦੀ ਯਾਦ ਪੱਧਰ ਤੇ
ਜ਼ਖ਼ਮ ਨੂੰ ਜ਼ਖ਼ਮ ਲਿਖੋ ਖਾਮਖਾ ਕੰਵਲ ਨਾ ਲਿਖੋ
ਸਿਤਮ ਹਟਾਓ ਸਿਤਮ ਤੇ ਨਿਰੀ ਗ਼ਜ਼ਲ ਨਾ ਲਿਖੋ
ਇਹ ਕੀ ਹੁਨਰ ਹੈ ਭਲਾ ਕੀ ਕਲਾ ਕਹੇ ਜਿਹੜੀ
ਹੁਸਨ ਨੂੰ ਹੁਸਨ ਲਿਖੋ ਕਤਲ ਨੂੰ ਕਤਲ ਨਾ ਲਿਖੋ
ਉਸ ਦੀ ਵਿਅੰਗ ਸਾਧਨਾ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਤਿਹਾਸਕ ਸਿਥਿਤੀ ਦੇ ਵਿਰੋਧ ਸੁਭਾਵਿਕ ਹੀ ਯਥਾਰਥ ਦੀ ਅਖੰਡਤਾ ਦੀ ਅਰਾਧਨਾ ਕਰਦੇ ਦਿਖਾਈ ਦਿੰਦੇ ਹਨ। ਇਹ ਨਿਸਚੇ ਹੀ ਇਤਿਹਾਸ ਦੇ ਵਿਰੋਧਾਂ ਨੂੰ ਅਖੰਡ ਦ੍ਰਿਸ਼ਟੀ ਨਾਲ ਧਿਆਉਣ ਦਾ ਸਿੱਟਾ ਹੈ। ਕੁਝ ਸ਼ਿਅਰ ਪ੍ਰਮਾਣ ਵਜੋਂ ਮੁਲਾਹਜ਼ਾ ਕਰੋ:
ਇਕ ਕੈਦ 'ਚੋਂ ਦੂਜੀ ਕੈਦ 'ਚ ਪਹੁੰਚ ਗਈ ਏਂ
ਕੀ ਖੱਟਿਆ ਮਹਿੰਦੀ ਲਾ ਕੇ ਵਟਣਾ ਮਲ ਕੇ
ਜਿਸ ਨਾਲੋਂ ਮੈਨੂੰ ਚੀਰ ਕੇ ਵੰਝਲੀ ਬਣਾ ਲਿਆ
ਵੰਝਲੀ ਦੇ ਰੂਪ ਵਿਚ ਮੈਂ ਉਸ ਜੰਗਲ ਦੀ ਚੀਕ ਹਾਂ
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਤੇਰੇ ਯਾਰ ਕਿੰਝ ਸਹਿਣਗੇ
ਇਹ ਜੋ ਰੰਗਾਂ 'ਚ ਚਿਤਰੇ ਨੇ ਖੁਰ ਜਾਣਗੇ
ਇਹ ਜੋ ਮਰਮਰ 'ਚ ਉਕਰੇ ਨੇ ਮਿਟ ਜਾਣਗੇ
ਬਲਦੇ ਹੱਥਾਂ ਨੇ ਜਿਹੜੇ ਹਵਾ ਵਿਚ ਲਿਖੇ
ਹਰਫ਼ ਓਹੀ ਹਮੇਸ਼ਾਂ ਲਿਖੇ ਰਹਿਣਗੇ।
ਅਖੰਡ ਦ੍ਰਿਸ਼ਟੀ ਦੇ ਇਸ ਸਹਿਜ ਅਨੁਭਵ ਨਾਲ ਹੀ ਪਾਤਰ ਆਸ ਨਿਰਾਸ ਦੇ ਵਿਵੇਕ ਵਿਚ ਵੀ ਮਲਕੜੇ ਉਤਰ ਜਾਂਦਾ ਹੈ, ਜਿੱਥੇ ਆਸ ਤੇ ਨਿਰਾਸਤਾ ਦੇ ਰੰਗ ਇਕ ਦੂਜੇ ਵਿਚ ਘੁਲੇ ਤੇ ਇਕ ਦੂਜੇ ਵਿਚੋਂ ਉਦੈ ਹੁੰਦੇ ਦਿਖਾਈ ਦਿੰਦੇ ਹਨ:
ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ
ਪਾਣੀ ਨੇ ਮੇਰੇ ਗੀਤ ਮੈਂ ਪਾਣੀ ਤੇ ਲੀਕ ਹਾਂ
ਇਸ ਸ਼ਾਮ ਜਹਾਜ਼ਾਂ ਵਾਂਗੂੰ ਡੁੱਬ ਰਹੇ ਹਾਂ
ਫਿਰ ਸੂਰਜ ਵਾਂਗ ਉਦੈ ਹੋਵਾਂਗੇ ਭਲਕੇ
ਪੈ ਚੱਲੀਆ ਤੇਰੇ ਚਿਹਰੇ ਤੇ ਤਰਕਾਲਾਂ
ਪਰ ਵਾਲਾਂ ਵਿਚ ਕੋਈ ਰਿਸ਼ਮ ਸੂਬ੍ਹਾ ਦੀ ਝਲਕੇ
ਅਨੁਭਵ ਨੂੰ ਰਚਨਾ ਦੇ ਅਮਲ ਵਿਚੋਂ ਗੁਜ਼ਾਰਦਾ ਹੋਇਆ ਸੁਰਜੀਤ ਪਾਤਰ ਇਤਿਹਾਸਕ ਯਥਾਰਥ ਨੂੰ ਵਿਅੰਗ ਮਈ ਵਿਵੇਕ-ਦ੍ਰਿਸ਼ਟੀ ਨਾਲ ਪੇਸ਼ ਕਰਕੇ ਹੀ ਸੰਤੋਖ ਨਹੀਂ ਕਰ ਲੈਂਦਾ। ਸਗੋਂ ਆਲੋਚਨਾਤਮਕ ਯਥਾਰਥਵਾਦ ਦੇ ਰਚਨਾਤਮਕ ਪੈਂਤੜੇ ਨੂੰ ਅਪਣਾਉਂਦਾ ਹੋਇਆ, ਉਹ ਯਥਾਰਥ ਤੇ ਇਤਿਹਾਸਕ ਸਥਿਤੀ ਦੀਆਂ ਗੁੱਥੀਆਂ ਤੇ ਗ੍ਰੰਥੀਆਂ ਨੂੰ ਖੋਲ੍ਹਣ ਤੇ ਸੁਲਝਾਉਣ ਦੇ ਵਿਵੇਕਸ਼ੀਲ ਪ੍ਰਮਾਣ ਵੀ ਪੇਸ਼ ਕਰਦਾ ਨਜ਼ਰ ਆਉਂਦਾ ਹੈ। ਇਸ ਪੈਂਤੜੇ ਅਨੁਸਾਰ ਉਹ ਸਥਿਤੀ ਦੇ ਵਿਰੋਧ ਨੂੰ ਵਿਅੰਗ ਦੀ ਨਸ਼ਤਰ ਨਾਲ ਕੁਝ ਇਸ ਅੰਦਾਜ਼ ਨਾਲ ਉਘਾੜਦਾ ਹੈ ਕਿ ਉਸਦਾ ਕਟਾਖਸ਼ ਹੀ ਉਸ ਦੇ ਸਾਕਾਰਾਤਮਕ ਦ੍ਰਿਸ਼ਟੀਕੋਣ ਦਾ ਸੰਕੇਤਕ ਵੀ ਬਣ ਨਿਬੜਦਾ ਹੈ।
ਇਤਿਹਾਸ ਦੀਆਂ ਸਾਕਾਰਾਤਮਕ ਸ਼ਕਤੀਆਂ ਪ੍ਰਤੀ ਉਸ ਦੀ ਪ੍ਰਤੀਬੱਧਤਾ ਵਿਅੰਗ ਦਾ ਵਿਵੇਕ ਬਣ ਕੇ ਉਸ ਦੇ ਸ਼ਿਅਰਾਂ ਦੀਆਂ ਪਰਤਾਂ ਵਿਚ ਰਮੀ ਹੋਈ ਦਿਸਦੀ ਹੈ। ਬੇਸ਼ਕ ਜਿਸ ਸ਼ਾਇਰ ਦੀ ਕਲਮ, ਰਚਨਾ ਦੇ ਅਸਲ ਗੌਰਵ ਦਾ ਮਰਮ ਪਛਾਣ ਲੈਂਦੀ ਹੈ, ਉਹ ਕਦੇ ਵੀ ਆਪਣੀ ਪ੍ਰਤੀਬੱਧਤਾ ਨੂੰ ਰਚਨਾ ਦੇ ਮੱਥੇ ਉਤੇ ਚਿਪਕਾਉਣ ਦੀ ਲੋੜ ਨਹੀਂ ਸਮਝਦਾ। ਕਹਿਣ ਦੀ ਲੋੜ ਨਹੀਂ ਕਿ ਪਾਤਰ ਦੀ ਕਾਵਿ ਸਾਧਨਾ ਵਿਚ ਇਸ ਮਰਮ ਦੀ ਪਛਾਣ ਦੇ ਭਰਪੂਰ ਪ੍ਰਮਾਣ ਮੌਜੂਦ ਹਨ। ਉਸ ਦੇ ਅਨੇਕਾਂ ਸ਼ਿਅਰਾਂ ਵਿਚ ਧਰਤੀ ਦੀ ਕੁੱਖ ਵਿਚੋਂ ਉਦੈ ਹੋਏ ਲੋਕ ਗੀਤਾਂ ਵਰਗੀ ਸਹਿਜ ਸਾਦਗੀ ਹੈ, ਜੋ ਅਚੇਤ ਹੀ ਰੂਹ ਦੀਆਂ ਡੂੰਘਾਈਆਂ ਵਿਚ ਲਹਿ ਜਾਂਦੀ ਹੈ।
ਆਧੁਨਿਕ ਜੀਵਨ ਦੇ ਤਣਾਉਸ਼ੀਲ ਰਿਸ਼ਤਿਆਂ ਦੇ ਮਨੋਸਮਾਜਕ ਤੇ ਇਤਿਹਾਸਕ ਵਿਵੇਕ ਦੇ ਆਰ ਪਾਰ-ਝਾਕ ਸਕਣ ਵਾਲੀ ਉਸ ਦੀ ਨਜ਼ਰ ਏਨੀ ਵਿੰਨ੍ਹਵੀ ਤੇ ਪਾਰਦਰਸ਼ੀ ਹੈ ਕਿ ਰਿਸ਼ਤਿਆਂ ਦੇ ਗੁੰਝਲਦਾਰ ਸਮੀਕਰਣਾਂ ਦੀ ਜਟਿਲਤਾ ਇਸ ਦੇ ਮੂਹਰੇ ਬਲੋਰੀ ਪਾਣੀਆਂ ਵਾਂਗ ਤਹਿ ਤਕ ਨਿੱਤਰੀ ਹੋਈ ਪ੍ਰਤੀਤ ਹੁੰਦੀ ਹੈ। ਯਥਾਰਥ ਦੀਆਂ ਸਹੰਸਰਾਂ ਉਲਝਣਾਂ ਤੇ ਅੜ੍ਹਕਾਂ ਨੂੰ ਸੁਲਝਾ- ਸੰਵਾਰ ਕੇ ਸ਼ਾਇਰ ਦੀ ਨਜ਼ਰ ਸ਼ਾਇਰੀ ਦੇ ਪੈਗ਼ੰਬਰੀ ਕਾਰਜ ਨੂੰ ਨਿਭਾਉਣ ਦੇ ਯੋਗ ਹੁੰਦੀ ਹੈ। ਰਿਸ਼ਤਿਆਂ ਬਨਾਵਟਾਂ, ਪਰਦਾਦਾਰੀਆਂ ਤੇ ਵਿਖਾਵਿਆਂ ਦਾ ਕੋਈ ਉਹਲਾ ਸ਼ਾਇਰ ਦੀ ਪੈਗੰਬਰੀ ਨਜ਼ਰ ਸਾਹਮਣੇ ਨਹੀਂ ਠਹਿਰ ਸਕਦਾ। ਸੁਰਜੀਤ ਪਾਤਰ ਦੀ ਕਾਵਿ ਸਾਧਨਾ ਇਸ ਗੱਲ ਦਾ ਭਰਪੂਰ ਅਹਿਸਾਸ ਪ੍ਰਦਾਨ ਕਰਦੀ ਹੈ ਕਿ ਪੈਗੰਬਰੀ ਨਜ਼ਰ ਦੀ ਸਾਧਨਾ ਹੀ ਸ਼ਾਇਰੀ ਦੀ ਪ੍ਰਮਾਣਿਕ ਦਿਸ਼ਾ ਹੈ। ਉਸ
ਦੇ ਹੇਠ ਲਿਖੇ ਸ਼ਿਅਰ ਇਸ ਦਿਸ਼ਾ ਵੱਲ ਪੱਟੇ ਉਸ ਦੇ ਕਦਮਾਂ ਦੀ ਸਾਖੀ ਭਰਦੇ ਹਨ:
ਇਕ ਇਕ ਕਤਰੇ ਵਿਚ ਸਨ ਸੋ ਬਦੀਆਂ ਸੌ ਨੇਕੀਆਂ
ਮੈਂ ਤਾਂ ਯਾਰੋ ਖੁਰ ਗਿਆ ਘੁਲ ਘੁਲ ਅਪਣੇ ਨਾਲ
ਕਿੱਥੋਂ ਕਿੱਥੋਂ ਰੱਖਣਾ ਤੇ ਕਿੱਥੋਂ ਕਿੱਥੋਂ ਵੱਢਣਾ
ਸਾਰਾ ਨਹੀਂ ਹਰਾਮ ਮੈਂ ਸਾਰਾ ਨਹੀਂ ਹਲਾਲ
ਅੰਨ੍ਹੇ ਯੁਗ ਨੂੰ ਪੁਚਾ ਦਿਓ ਯਾਰੋ
ਏਦ੍ਹੇ ਨੈਣਾਂ ਦੀ ਰੌਸ਼ਨੀ ਤੀਕਰ
ਏਨਾ ਉੱਚਾ ਤਖ਼ਤ ਸੀ ਅਦਲੀ ਰਾਜੇ ਦਾ
ਮਜ਼ਲੂਮਾਂ ਦੀ ਉਮਰ ਹੀ ਰਾਹ ਵਿਚ ਬੀਤ ਗਈ
ਇਹ ਤਾਂ ਸਦੀਆਂ ਤੱਕ ਸੋਗੀ ਇਹ ਤਾਂ ਕੋਹਾਂ ਤੱਕ ਲਹੂ
ਇਸ ਦੀ ਤਾਂ ਹਰ ਪਰਤ ਜ਼ਖ਼ਮੀ ਤੂੰ ਹਵਾ ਦਾ ਦਿਲ ਨਾ ਫੋਲ
ਸ਼ਾਇਦ ਇਸੇ ਸੰਦਰਭ ਵਿਚ ਹੀ ਉਹ ਸਾਰੇ ਬ੍ਰਹਿਮੰਡ ਉਤੇ ਛਾ ਜਾਣ ਵਾਲੀ ਮਹਾਂ ਕਰੁਣਾ ਨੂੰ ਆਪਣੇ ਰਚਨਾਤਮਕ ਆਦਰਸ਼ ਦੇ ਰੂਪ ਵਿਚ ਧਿਆਉਂਦਾ ਹੈ:
ਜੋ ਤਪਦੇ ਥਲ 'ਚ ਬਰਸ ਜਾਂਦੀ ਬਣ ਕੇ ਦਰਦ ਦਾ ਮੀਂਹ
ਬਹੁਤ ਮੈਂ ਰੋਇਆ ਨਾ ਆਈ ਉਹ ਸ਼ਾਇਰੀ ਮੈਨੂੰ
ਇਸ ਪ੍ਰਸੰਗ ਵਿਚ ਸੁਰਜੀਤ ਪਾਤਰ ਬਾਰੇ ਵੱਡੇ ਸੰਤੋਖ ਦੀ ਗੱਲ ਇਹ ਹੈ ਕਿ ਉਸਨੇ ਯਥਾਰਥ ਬਾਰੇ ਆਪਣੀ ਦ੍ਰਿਸ਼ਟੀ ਅਤੇ ਪਹੁੰਚ ਨੂੰ ਕਿਸੇ ਇਕ ਜਾਂ ਦੂਜੀ ਕਾਵਿ ਧਾਰਾ ਦੇ ਰਚਨਾਤਮਕ ਜਾਂ ਵਿਚਾਰਧਾਰਾਈ ਸੰਜਮ ਦੀਆਂ ਬੰਦਿਸ਼ਾਂ ਤੋਂ ਬੜੀ ਦ੍ਰਿੜਤਾ ਨਾਲ ਸੁਤੰਤਰ ਰੱਖਿਆ ਹੈ। ਉਸ ਦੀ ਇਹ ਸੁਤੰਤਰਤਾ ਹੀ ਯਥਾਰਥ ਬਾਰੇ ਉਸ ਦੇ ਅਨੁਭਵ ਦੀ ਪ੍ਰਮਾਣਿਕਤਾ ਦੀ ਜ਼ਾਮਨ ਬਣੀ ਹੈ। ਇਸੇ ਲਈ ਇਹ ਕਹਿਣ ਵਿਚ ਮੈਨੂੰ ਕੋਈ ਸੰਕੋਚ ਨਹੀਂ ਕਿ ਸੁਰਜੀਤ ਪਾਤਰ ਪਿਛਲੇ ਦਹਾਕੇ ਦੀ ਪੰਜਾਬੀ ਗ਼ਜ਼ਲ ਬਲਕਿ ਸਮੁੱਚੀ ਪੰਜਾਬੀ ਕਵਿਤਾ ਦੀ ਬੜੀ ਮੁੱਲਵਾਨ ਪ੍ਰਾਪਤੀ ਹੈ। ਸੁਭਾਵਿਕ ਹੀ ਇਸ ਪ੍ਰਾਪਤੀ ਦੀ ਕੁੱਖ ਵਿਚ ਆਧੁਨਿਕ ਪੰਜਾਬੀ ਕਵਿਤਾ ਦੇ ਭਵਿੱਖ ਦੀਆਂ ਸਹੰਸਰ ਸੰਭਾਵਨਾਵਾਂ ਦੇ ਨਕਸ ਝਲਕਦੇ ਦਿਖਾਈ ਦੇਂਦੇ ਹਨ।
ਡਾ. ਕਰਮਜੀਤ ਸਿੰਘ
ਉਜਲੇ ਸ਼ੀਸ਼ੇ ਸਨਮੁਖ ਮੈਨੂੰ ਚਿਰ ਤਕ ਨਾ ਖਲ੍ਹਿਆਰ
ਮੈਲੇ ਮਨ ਵਾਲੇ ਮੁਜਰਿਮ ਨੂੰ ਇਸ ਮੌਤੇ ਨਾ ਮਾਰ
ਚੰਨ ਏਕਮ ਦਾ, ਫੁਲ ਗੁਲਾਬ ਦਾ, ਸਾਜ਼ ਦੇ ਕੰਬਦੇ ਤਾਰ
ਕਿੰਨੇ ਖੰਜਰ ਅੱਖਾਂ ਸਾਹਵੇਂ ਲਿਸ਼ਕਣ ਵਾਰੋ ਵਾਰ
ਦਿਲ ਨੂੰ ਬੋਝਲ ਜਿਹੀਆਂ ਲੱਗਣ ਤੇਰੀਆਂ ਕੋਮਲ ਯਾਦਾਂ
ਪੱਥਰਾਂ ਕੋਲੋਂ ਚੁੱਕ ਨਾ ਹੁੰਦਾ ਹੁਣ ਫੁੱਲਾਂ ਦਾ ਭਾਰ
ਲੱਖਾਂ ਗੀਤਾਂ ਦੇ ਲਈ ਖੁੱਲ੍ਹੇ ਮੁਕਤੀ ਦਾ ਦਰਵਾਜ਼ਾ
ਦਿਲ ਵਿਚ ਕੋਈ ਐਸੀ ਖੁੱਭੇ ਚਾਨਣ ਦੀ ਤਲਵਾਰ
ਪੱਥਰ ਹੇਠਾਂ ਅੰਕੁਰ ਤੜਪੇ, ਹਰ ਅੰਕੁਰ ਵਿਚ ਫੁੱਲ
ਪੱਥਰ ਵਿਚ ਤਰੇੜਾਂ ਪਾ ਗਈ ਹਿੰਸਕ ਰੁੱਤ ਬਹਾਰ
ਮਿੱਟੀ ਉਤੇ, ਫੁੱਲ ਦੇ ਉਤੇ, ਤੇ ਸ਼ਾਇਰ ਦੇ ਦਿਲ 'ਤੇ
ਇਕ ਮੋਈ ਤਿਤਲੀ ਦਾ ਹੁੰਦਾ ਵੱਖੋ ਵੱਖਰਾ ਭਾਰ
ਚੜ੍ਹਦਾ ਚੰਦ, ਸਮੁੰਦਰ, ਵਜਦਾ ਸਾਜ਼ ਤੇ ਤੇਰੀ ਯਾਦ
ਮੈਂ ਵੀ ਸ਼ਾਮਲ ਹੋ ਜਾਵਾਂ ਤਾਂ ਚੀਜ਼ਾਂ ਹੋਵਣ ਚਾਰ
ਲੇਟੇ ਲੇਟੇ ਪੜ੍ਹਦੇ ਪੜ੍ਹਦੇ ਸੌਂ ਜਾਂਦੇ ਨੇ ਲੋਕ
ਰੋਜ਼ ਤਕਾਲੀ ਛਪ ਜਾਂਦਾ ਹੈ ਇਕ ਨੀਲਾ ਅਖ਼ਬਾਰ
ਕੋਈ ਡਾਲੀਆਂ 'ਚੋਂ ਲੰਘਿਆ ਹਵਾ ਬਣਕੇ
ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣਕੇ
ਪੈੜਾਂ ਤੇਰੀਆਂ 'ਤੇ ਦੂਰ ਦੂਰ ਤੀਕ ਮੇਰੇ ਪੱਤੇ
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣਕੇ
ਪਿਆ ਅੰਬੀਆਂ ਨੂੰ ਬੂਰ ਸੀ ਕਿ ਕੋਇਲ ਕੂਕ ਪਈ
ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣਕੇ
ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ
ਐਵੇਂ ਲੰਘ ਜਾਨੈ ਪਾਣੀ ਕਦੇ ਵਾ ਬਣਕੇ
ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਰਾ ਜਿਹਾ
ਜਦੋਂ ਜੁਦਾ ਹੋਇਆ ਤੁਰ ਗਿਆ ਖ਼ੁਦਾ ਬਣਕੇ
ਮੇਰਾ ਸੂਰਜ ਡੁਬਿਆ ਹੈ ਤੇਰੀ ਸ਼ਾਮ ਨਹੀਂ ਹੈ।
ਤੇਰੇ ਸਿਰ ਤੇ ਤਾਂ ਸਿਹਰਾ ਹੈ ਇਲਜ਼ਾਮ ਨਹੀਂ ਹੈ
ਏਨਾ ਹੀ ਬਹੁਤ ਹੈ ਕਿ ਮੇਰੇ ਖੂਨ ਨੇ ਰੁਖ ਸਿੰਜਿਆ
ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ
ਮੇਰੇ ਹਤਿਆਰੇ ਨੇ ਗੰਗਾ 'ਚ ਲਹੂ ਧੋਤਾ
ਗੰਗਾ ਦੇ ਪਾਣੀਆਂ ਵਿਚ ਕੁਹਰਾਮ ਨਹੀਂ ਹੈ
ਮਸਜਿਦ ਦੇ ਆਖਣ 'ਤੇ ਕਾਜ਼ੀ ਦੇ ਫ਼ਤਵੇ 'ਤੇ
ਅੱਲ੍ਹਾ ਨੂੰ ਕਤਲ ਕਰਨਾ ਇਸਲਾਮ ਨਹੀਂ ਹੈ।
ਇਹ ਸਿਜਦੇ ਨਹੀਂ ਮੰਗਦਾ ਇਹ ਤਾਂ ਸਿਰ ਮੰਗਦਾ ਹੈ
ਯਾਰਾਂ ਦਾ ਸੁਨੇਹਾ ਹੈ ਇਲਹਾਮ ਨਹੀਂ ਹੈ
ਮੇਰਾ ਨਾ ਫਿਕਰ ਕਰੀਂ ਜੀ ਕੀਤਾ ਤਾਂ ਮੁੜ ਜਾਵੀਂ
ਸਾਨੂੰ ਤਾਂ ਰੂਹਾਂ ਨੂੰ ਆਰਾਮ ਨਹੀਂ ਹੈ
ਹਿਕ ਵਿਚ ਖੰਜਰ ਡੋਬ ਕੇ ਸੌਂ ਗਏ, ਅਜਕਲ੍ਹ ਇਉਂ ਨਈਂ ਕਰਦੇ ਲੋਕ
ਹੁਣ ਤਾਂ ਦਿਲ ਨੂੰ ਦੁਖ ਜਿਹਾ ਲਾ ਕੇ. ਹੌਲੀ ਹੌਲੀ ਮਰਦੇ ਲੋਕ
ਮੈਂ ਕਦ ਸੂਹੇ ਬੇਲ ਉਗਾਏ, ਮੈਂ ਕਦ ਰੋਸ਼ਨ ਬਾਤ ਕਹੀ
ਮੇਰੇ ਪੇਸ਼ ਤਾਂ ਐਵੇਂ ਪੈ ਗਏ, ਇਸ ਬੇਨੂਰ ਨਗਰ ਦੇ ਲੋਕ
ਜਿਹੜੀ ਰੁਤ ਨੂੰ 'ਉਮਰਾ' ਕਹਿੰਦੇ, ਉਸ ਦੀ ਠੰਢ ਵੀ ਕੈਸੀ ਹੈ
ਜਿਸ ਦਿਨ ਤੀਕ ਸਿਵਾ ਨਾ ਸੇਕਣ ਰਹਿਣ ਵਿਚਾਰੇ ਠਰਦੇ ਲੋਕ
ਰੇਤਾ ਉਤੋਂ ਪੈੜ ਮਿਟਦਿਆਂ ਫਿਰ ਵੀ ਕੁਝ ਚਿਰ ਲਗਦਾ ਹੈ
ਕਿੰਨੀ ਛੇਤੀ ਭੁਲ ਗਏ ਸਾਨੂੰ ਤੇਰੇ ਯਾਰ ਨਗਰ ਦੇ ਲੋਕ
ਲਿਸ਼ਕਦੀਆਂ ਤਲਵਾਰਾਂ ਕੋਲੋਂ ਅਜਕਲ ਕਿਹੜਾ ਡਰਦਾ ਹੈ।
ਡਰਦੇ ਨੇ ਤਾਂ ਕੇਵਲ ਆਪਣੇ ਸ਼ੀਸ਼ੇ ਕੋਲੋਂ ਡਰਦੇ ਲੋਕ
ਜੇ ਤਲੀਆਂ ਤੇ ਚੰਦ ਟਿਕਾ ਕੇ ਗਲੀਆਂ ਦੇ ਵਿਚ ਫਿਰਦਾ ਹੈ
ਓਸ ਖ਼ੁਦਾ ਦੇ ਪਿੱਛੇ ਲੱਗੇ ਪਾਗਲ ਪਾਗਲ ਕਰਦੇ ਲੋਕ
ਇਹ ਇਕ ਧੁਖਦਾ ਰੁੱਖ ਆਇਆ, ਹੈ ਇਹ ਆਈ ਧੁਨ ਮਾਤਮ ਦੀ
ਏਨ੍ਹਾਂ ਲਈ ਦਰਵਾਜ਼ੇ ਖੋਲ੍ਹੋ ਇਹ ਤਾਂ ਆਪਣੇ ਘਰ ਦੇ ਲੋਕ
ਐਸੀ ਰਾਤ ਵੀ ਕਦੀ ਕਦੀ ਤਾਂ ਮੇਰੇ ਪਿੰਡ 'ਤੇ ਪੈਂਦੀ ਹੈ
ਦੀਵੇ ਹੀ ਬੁਝ ਜਾਣ ਨਾ ਕਿਧਰੇ ਹਉਕਾ ਲੈਣ ਨਾ ਡਰਦੇ ਲੋਕ
ਪੈਸਾ ਧੇਲਾ, ਜੱਗ ਝਮੇਲਾ, ਰੌਣਕ ਮੇਲਾ, ਮੈਂ ਮੇਰੀ
ਸਿਵਿਆਂ ਕੋਲੋਂ ਕਾਹਲੀ ਕਾਹਲੀ ਲੰਘੇ ਗੱਲਾਂ ਕਰਦੇ ਲੋਕ
ਰਾਜੇ-ਪੁੱਤਰਾਂ ਬਾਗ ਉਜਾੜੇ, ਦੋਸ਼ ਹਵਾ ਸਿਰ ਧਰਦੇ ਲੋਕ
ਬਾਗ ਤਾਂ ਉਜੜੇ, ਜਾਨ ਨਾ ਜਾਵੇ, ਏਸੇ ਗੱਲੋਂ ਡਰਦੇ ਲੋਕ
ਪੀਲੇ ਪੱਤਿਆਂ 'ਤੇ ਪਬ ਧਰਕੇ ਹਲਕੇ ਹਲਕੇ
ਹਰ ਸ਼ਾਮ ਅਸੀਂ ਭਟਕੇ ਪੌਣਾਂ ਵਿਚ ਰਲਕੇ
ਨਾ ਤੇਰੇ ਦਰ ਨਾ ਮੇਰੇ ਦਸਤਕ ਹੋਈ
ਇਕ ਉਮਰਾ ਚੱਲੀ ਅਸੀਂ ਨਾ ਆਏ ਚਲਕੇ
ਇਸ ਸ਼ਾਮ ਜਹਾਜ਼ਾਂ ਵਾਂਗੂੰ ਡੁੱਬ ਰਹੇ ਹਾਂ
ਫਿਰ ਸੂਰਜ ਵਾਂਗ ਉਦੈ ਹੋਵਾਂਗੇ ਭਲਕੇ
ਇਕ ਕੈਦ ਚੋਂ ਦੂਜੀ ਕੈਦ 'ਚ ਪਹੁੰਚ ਗਈ ਏਂ
ਕੀ ਖੱਟਿਆ ਮਹਿੰਦੀ ਲਾ ਕੇ ਵਟਣਾ ਮਲ ਕੇ
ਪੈ ਚੱਲੀਆਂ ਤੇਰੇ ਚਿਹਰੇ ਤੇ ਤਰਕਾਲਾਂ
ਪਰ ਵਾਲਾਂ ਵਿਚ ਕੋਈ ਰਿਸ਼ਮ ਸੁਬਾ ਦੀ ਝਲਕੇ
ਇਹ ਉਡਦੇ ਨੇ ਜੋ ਅਜ ਹੰਸਾਂ ਦੇ ਜੋੜੇ
ਯਾਰੋ ਏਨ੍ਹਾਂ ਦੀ ਰਾਖ ਉਡੇਗੀ ਭਲਕੇ
ਮੈਂ ਤਾਂ ਸੜਕਾਂ ਤੇ ਵਿਛੀ ਬਿਰਖ ਦੀ ਛਾਂ ਹਾਂ
ਮੈਂ ਨਈਂ ਮਿਟਣਾ ਸੌ ਵਾਰੀ ਲੰਘ ਮਸਲ ਕੇ
ਉਹ ਰਾਤੀਂ ਸੁਣਿਆ ਛੁਪ ਕੇ ਛਮ ਛਮ ਰੋਇਆ
ਜਿਸ ਗਾਲ੍ਹਾਂ ਦਿੱਤੀਆਂ ਦਿਨੇ ਚੁਰਾਹੇ ਖਲ ਕੇ
ਤੂੰ ਦੀਵਿਆਂ ਦੀ ਇਕ ਡਾਰ ਤੇ ਤੇਜ਼ ਹਵਾ ਹੈ
ਅਨੀ ਮੇਰੀਏ ਜਿੰਦੇ ਜਾਈਂ ਸੰਭਲ ਸੰਭਲ ਕੇ
ਸੂਰਜ ਨ ਡੁਬਦਾ ਕਦੇ ਸਿਰਫ਼ ਛੁਪਦਾ ਹੈ।
ਮਤ ਸੋਚ ਕਿ ਮਰ ਜਾਵੇਂਗਾ ਸਿਵੇ 'ਚ ਬਲ ਕੇ
ਚਿਹਰਾ ਸੀ ਇਕ ਉਹ ਖੁਰ ਗਿਆ ਬਾਰਸ਼ ਦੇ ਔਣ ਨਾਲ
ਦੋ ਹੱਥ ਸਨ ਉਹ ਝੜ ਗਏ ਪਤਝੜ ਦੀ ਪੌਣ ਨਾਲ
ਸੂਰਜ ਗਿਆ ਤਾਰੇ ਗਏ ਚਿਹਰੇ ਹਜ਼ਾਰ ਚੰਦ
ਕੀ ਕੁਝ ਜਿਮੀਂ ਤੇ ਢਹਿ ਪਿਆ ਬੰਦੇ ਦੀ ਧੌਣ ਨਾਲ
ਘਰ ਵਿਚ ਮੇਰੇ ਇਕ ਦੀਪ ਸੀ ਫਿਰ ਉਹ ਵੀ ਬੁਝ ਗਿਆ
ਦੀਵਾਰ ਉਤੇ ਚੰਨ ਦੀ ਮੂਰਤ ਸਜੋਣ ਨਾਲ
ਮਰ ਖਪ ਗਿਆ ਨੂੰ ਦਿਸ ਨਾ ਕਿਤੇ ਪੈਣ ਘਰ ਦੇ ਰਾਹ
ਕਬਰਾਂ 'ਤੇ ਰੋਜ਼ ਰਾਤ ਨੂੰ ਦੀਵੇ ਜਗਣ ਨਾਲ
ਇਕ ਇਕ ਨੂੰ ਚੁਕ ਕੇ ਵਾਚਣਾ ਮੇਰੇ ਖ਼ਤਾਂ ਦੇ ਵਾਂਗ
ਵਿਹੜੇ 'ਚ ਪੱਤੇ ਔਣਗੇ ਪਤਝੜ ਦੀ ਪੌਣ ਨਾਲ
ਗੋਬਿੰਦ ਸੀ ਤੇ ਰਸੂਲ ਸੀ, ਈਸਾ ਸੀ, ਬੁੱਧ ਸੀ
ਤਪਦੇ ਥਲਾਂ 'ਚ ਚਲ ਰਿਹਾ ਸੀ ਕੌਣ ਕੌਣ ਨਾਲ
ਮੈਂ ਉਸ ਨੂੰ ਟੋਕ ਰਿਹਾ ਵਾਰ ਵਾਰ ਟਾਲ ਰਿਹਾ
ਤੇਰੀ ਨਜ਼ਰ ਦਾ ਭਰਮ ਮੇਰੇ ਨਾਲ ਨਾਲ ਰਿਹਾ
ਤੇਰੇ ਵਿਯੋਗ ਨੂੰ ਕਿੰਨਾ ਮੇਰਾ ਖ਼ਿਆਲ ਰਿਹਾ
ਕਿ ਸਾਰੀ ਉਮਰ ਹੀ ਲੱਗਿਆ ਕਲੇਜੇ ਨਾਲ ਰਿਹਾ
ਮੈਂ ਓਨ੍ਹਾਂ ਲੋਕਾਂ 'ਚੋਂ ਹਾਂ ਜੋ ਸਦਾ ਸਫ਼ਰ 'ਚ ਰਹੇ
ਜਿਨ੍ਹਾਂ ਦੇ ਸਿਰ 'ਤੇ ਸਦਾ ਤਾਰਿਆਂ ਦਾ ਥਾਲ ਰਿਹਾ
ਅਸੀਂ ਤਾਂ ਮਚਦਿਆਂ ਅੰਗਿਆਰਿਆਂ ਤੇ ਨੱਚਦੇ ਰਹ
ਤੁਹਾਡੇ ਸ਼ਹਿਰ 'ਚ ਹੀ ਝਾਂਜਰਾਂ ਦਾ ਕਾਲ ਰਿਹਾ
ਮੇਰੀ ਬਹਾਰ ਦੇ ਫੁੱਲ ਮੰਡੀਆਂ 'ਚ ਸੜਦੇ ਰਹੇ
ਇਕ ਅੱਗ ਦਾ ਲਾਂਬੂ ਹਮੇਸ਼ਾਂ ਮੇਰਾ ਦਲਾਲ ਰਿਹਾ
ਅਸਾਡੇ ਖੂਨ 'ਚੋਂ ਕਰਕੇ ਕਸ਼ੀਦ ਸਭ ਖੁਸ਼ੀਆਂ
ਅਸਾਡੇ ਸ਼ਹਿਰ 'ਚ ਹੀ ਵੇਚਦਾ ਕਲਾਲ ਰਿਹਾ
ਕਿਸੇ ਦੀ 'ਵਾਜ ਨਾ ਉੱਠੀ ਫਿਰ ਏਸ ਸ਼ਹਿਰ ਅੰਦਰ
ਮਿਲੀ ਜੁ ਲਾਸ਼ ਕਿਸੇ ਬੇਗੁਨਾਹ ਦੀ ਨਹਿਰ ਅੰਦਰ
ਉਨ੍ਹਾਂ ਨੇ ਡੋਬ ਕੇ ਉਸ ਨੂੰ ਇਹ ਨਸ਼ਰ ਕੀਤੀ ਖ਼ਬਰ
ਅਜੀਬ ਆਦਮੀ ਡੁਬਿਆ ਏ ਮਨ ਦੀ ਲਹਿਰ ਅੰਦਰ
ਉਹ ਤੇਰੀ ਨਾਂਹ ਸੀ ਜਿਵੇਂ ਲਫ਼ਜ਼ ਕੋਈ 'ਕੁਨ' ਤੋਂ ਉਲਟ
ਹਜ਼ਾਰ ਚੰਦ ਬੁਝੇ ਓਸ ਇਕ ਹੀ ਪਹਿਰ ਅੰਦਰ
ਕਿਸੇ ਦੇ ਵਾਸਤੇ ਸ਼ਾਇਦ ਬਿਰਖ ਬਣਾਂ ਮੈਂ ਵੀ
ਇਸੇ ਉਮੀਦ ਤੇ ਥਲ ਵਿਚ ਖੜਾਂ ਦੁਪਹਿਰ ਅੰਦਰ
ਸਮੇਂ ਦੇ ਦੰਦਿਆਂ ਨੂੰ ਆਂਦਰਾਂ 'ਚ ਉਲਝਾ ਕੇ
ਉਡੀਕ ਤੇਰੀ ਕਰਾਂ ਤੇਜ਼ ਚਲਦੇ ਪਹਿਰ ਅੰਦਰ
ਹੁਣ ਇਸ ਦੀ ਕਬਰ ਬਣਾਇਓ ਕਿਸੇ ਘਣੀ ਛਾਵੇਂ
ਵਿਚਾਰਾ ਮਰ ਤਾਂ ਗਿਆ ਝੁਲਸ ਕੇ ਦੁਪਹਿਰ ਅੰਦਰ
ਮੈਂ ਥਮਦਾ ਝੁਲਸ ਗਿਆ ਅਸਤ ਹੁੰਦੇ ਸੂਰਜ ਨੂੰ
ਉਹ ਫਿਰ ਵੀ ਗਰਕ ਗਿਆ ਨ੍ਹੇਰਿਆਂ ਦੇ ਸ਼ਹਿਰ ਅੰਦਰ
ਅਸਾਂ ਤਾਂ ਡੁਬ ਕੇ ਸਦਾ ਖੂਨ ਵਿਚ ਲਿਖੀ ਏ ਗ਼ਜ਼ਲ
ਉਹ ਹੋਰ ਹੋਣਗੇ ਲਿਖਦੇ ਨੇ ਜਿਹੜੇ ਬਹਿਰ ਅੰਦਰ
ਜਿਸ 'ਚ ਸੂਲੀ ਦਾ ਇੰਤਜ਼ਾਮ ਨਹੀਂ
ਯਾਰੋ ਐਸਾ ਕਿਤੇ ਨਿਜ਼ਾਮ ਨਹੀਂ
ਮੈਂ ਤਾਂ ਸੂਰਜ ਹਾਂ ਛੁਪ ਕੇ ਵੀ ਬਲਦਾ
ਸ਼ਹਿਰ ਦੀ ਸ਼ਾਮ ਮੇਰੀ ਸ਼ਾਮ ਨਹੀਂ
ਤੂੰ ਮੇਰੀ ਨਮ ਨਜ਼ਰ ਨਾ ਦੇਖ ਕੇ ਡਰ
ਮੇਰੇ ਹੰਝੂਆਂ 'ਤੇ ਤੇਰਾ ਨਾਮ ਨਹੀਂ
ਮੇਰੀ ਮਿੱਟੀ 'ਚੋਂ ਫੁੱਲ ਖਿੜਦੇ ਨੇ
ਮੈਨੂੰ ਤਾਂ ਮਰ ਕੇ ਵੀ ਅਰਾਮ ਨਹੀਂ
ਅਹਿ ਲੈ ਕੁਝ ਹੋਰ ਦਰਦ ਗੀਤਾਂ ਲਈ
ਇਸ ਤੋਂ ਵੱਡਾ ਕੋਈ ਇਨਾਮ ਨਹੀਂ
ਬਲਦਾ ਬਿਰਖ ਹਾਂ, ਖ਼ਤਮ ਹਾਂ, ਬਸ ਸ਼ਾਮ ਤੀਕ ਹਾਂ
ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ
ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ
ਪਾਣੀ ਨੇ ਮੇਰੇ ਗੀਤ ਮੈਂ ਪਾਣੀ 'ਤੇ ਲੀਕ ਹਾਂ
ਜਿਸ ਨਾਲੋਂ ਮੈਨੂੰ ਚੀਰ ਕੇ ਵੰਝਲੀ ਬਣਾ ਲਿਆ
ਵੰਝਲੀ ਦੇ ਰੂਪ ਵਿਚ ਮੈਂ ਉਸ ਜੰਗਲ ਦੀ ਚੀਕ ਹਾਂ
ਅੱਗ ਦਾ ਸਫ਼ਾ ਹੈ ਉਸ 'ਤੇ ਮੈਂ ਫੁੱਲਾਂ ਦੀ ਸਤਰ ਹਾਂ
ਉਹ ਬਹਿਸ ਕਰ ਰਹੇ ਨੇ ਗ਼ਲਤ ਹਾਂ ਕਿ ਠੀਕ ਹਾਂ
ਕੁਛ ਕਿਹਾ ਤਾਂ ਹਨ੍ਹੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮ੍ਹਾਦਾਨ ਕੀ ਕਹਿਣਗੇ
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ
ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ
ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ
ਆਖੋ ਏਨ੍ਹਾਂ ਨੂੰ ਉਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਏਥੇ ਖੜੇ ਰਹਿਣਗੇ
ਯਾਰ ਮੇਰੇ ਜੁ ਇਸ ਆਸ ਤੇ ਮਰ ਗਏ
ਕਿ ਮੈਂ ਓਨ੍ਹਾਂ ਦੇ ਦੁਖ ਦਾ ਬਣਾਵਾਂਗਾ ਗੀਤ
ਜੇ ਮੈਂ ਚੁਪ ਹੀ ਰਿਹਾ ਜੇ ਮੈਂ ਕੁਛ ਨਾ ਕਿਹਾ
ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ।
ਜੋ ਬਦੇਸਾਂ 'ਚ ਰੁਲਦੇ ਨੇ ਰੋਜ਼ੀ ਲਈ
ਉਹ ਜਦੋਂ ਦੇਸ ਪਰਤਣਗੇ ਅਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁਖ ਹੇਠ ਜਾ ਬਹਿਣਗੇ
ਕੀ ਇਹ ਇਨਸਾਫ਼ ਹਉਮੈ ਦੇ ਪੁਤ ਕਰਨਗੇ
ਕੀ ਇਹ ਖ਼ਾਮੋਸ਼ ਪੱਥਰ ਦੇ ਬੁਤ ਕਰਨਗੇ
ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ
ਰਾਜ ਬਦਲਣਗੇ ਸੂਰਜ ਚੜ੍ਹਨ ਲਹਿਣਗੇ
ਇਹ ਜੁ ਰੰਗਾਂ 'ਚ ਚਿਤਰੇ ਨੇ ਖੁਰ ਜਾਣਗੇ
ਇਹ ਜੋ ਮਰਮਰ 'ਚ ਉਕਰੇ ਨੇ ਮਿਟ ਜਾਣਗੇ
ਬਲਦੇ ਹੱਥਾਂ ਨੇ ਜਿਹੜੇ ਹਵਾ ਵਿਚ ਲਿਖੇ
ਹਰਫ਼ ਓਹੀ ਹਮੇਸ਼ਾ ਲਿਖੇ ਰਹਿਣਗੇ
ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹ
ਕੋਈ ਦੀਵਾ ਜਗੇਗਾ ਮੇਰੀ ਕਬਰ 'ਤੇ
ਜੇ ਹਵਾ ਇਹ ਰਹੀ ਕਬਰਾਂ ਉਤੇ ਤਾਂ ਕੀ
ਸਭ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ
ਕਬੂਲ ਨ੍ਹੇਰ ਕਰੇਗਾ ਨਾ ਰੌਸ਼ਨੀ ਮੈਨੂੰ
ਅਜੀਬ ਮੋੜ ਤੇ ਮਾਰੇਗੀ ਜ਼ਿੰਦਗੀ ਮੈਨੂੰ
ਨਦੀ ਦੇ ਪਾਰ ਸੁਣੇ ਕੁਕਦੀ ਜੋ ਰਾਤ ਗਏ
ਹਟੇਗੀ ਡੋਬ ਕੇ ਆਖਰ ਉਹ ਬੰਸਰੀ ਮੈਨੂੰ
ਕਰੇ ਹਜ਼ਾਰ ਜੁ ਰੰਗ ਇਕ ਲਹੂ ਦੇ ਕਤਰੇ ਦੇ
ਮਿਲੀ ਨ ਤੇਗ਼ ਕਲਮ ਨਾਰ ਨਾ ਨਦੀ ਮੈਨੂੰ
ਮੇਰੀ ਸਵੇਰ ਤਾਂ ਹੁਣ ਸ਼ਾਮ ਹੋ ਗਈ ਹੋਣੀ
ਪਛਾਣ ਵੀ ਨਾ ਸਕਾਂਗਾ ਜੇ ਹੁਣ ਮਿਲੀ ਮੈਨੂੰ
ਮੈਂ ਪਿਛਲੇ ਜਨਮ 'ਚ ਅੱਗ ਬਣ ਕੇ ਸਾੜੇ ਹੋਣਗੇ ਫੁੱਲ
ਕਿ ਜੂਨ ਫੁੱਲ ਦੀ ਏਸੇ ਲਈ ਮਿਲੀ ਮੈਨੂੰ
ਜੋ ਤਪਦੇ ਬਲ 'ਚ ਬਰਸ ਜਾਂਦੀ ਬਣ ਕੇ ਦਰਦ ਦਾ ਮੀਂਹ
ਬਹੁਤ ਮੈਂ ਰੋਇਆ ਨ ਆਈ ਉਹ ਸ਼ਾਇਰੀ ਮੈਨੂੰ
ਸ਼ਹਿਰ ਇਉਂ ਧੁਖਦਾ ਰਿਹਾ ਦੋ ਚਾਰ ਦਿਨ ਜੇ ਹੋਰ
ਅੱਗ ਚੁੰਮੇਗੀ ਤੇਰੀ ਕੈਨਵਸ ਦੇ ਚਿੜੀਆਂ ਮੋਰ
ਮੈਂ ਤਾਂ ਬਸ ਏਨਾ ਕਿਹਾ ਸੀ ਨਾ ਜਲਾਓ ਫੁੱਲ
ਅੱਗ ਮੈਨੂੰ ਫੜ ਕੇ ਲੈ ਗਈ ਕਹਿ ਕੇ ਚੋਰ ਚੋਰ
ਰਾਤ ਮੇਰੀ ਹਿੱਕ ਉਤੇ ਲਿਖ ਗਈ ਸੰਗੀਨ
ਬੰਦਾ ਬਣ ਜਾ ਪਾਣੀਆਂ ਪੱਥਰ ਨਾ ਸਾਡੇ ਖੋਰ
ਮੇਰੇ ਤੋਂ ਕੀ ਪੁੱਛਦੇ ਹੋ ਮੈਂ ਤਾਂ ਕੇਵਲ ਗੂੰਜ
ਗੋਲੀ ਵੀ ਕਿਸੇ ਹੋਰ ਮਾਰੀ ਮਰਿਆ ਵੀ ਕੋਈ ਹੋਰ
ਸ਼ਹਿਰ ਦੇ ਹਰਫ਼ਾਂ ਨੂੰ ਹੀ ਕਰਦੇ ਰਹੇ ਉਹ ਠੀਕ
ਸ਼ਹਿਰ ਵਿਚ ਵਧਦਾ ਗਿਆ ਮੈਲੀ ਨਦੀ ਦਾ ਸ਼ੋਰ
ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ
ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ
ਵਜਦਾ ਬਸੰਤ ਰਾਗ ਹੈ ਜੇ ਰੇਡੀਓ ਤੋਂ ਰੋਜ਼
ਮਤਲਬ ਨ ਲੈ ਕਿ ਪੌਣ ਖਿਜਾਂ ਦੀ ਤੁਰੀ ਨਹੀਂ
ਕੁਝ ਲੋਕ ਸਮਝਦੇ ਨੇ ਬਸ ਏਨਾ ਕੁ ਰਾਗ ਨੂੰ
ਸੋਨੇ ਦੀ ਜੇ ਹੈ ਬੰਸਰੀ ਤਾਂ ਬੇਸੁਰੀ ਨਹੀਂ
ਹਰ ਵਕਤ ਖੁਰਦੀ ਜਾਪਦੀ ਹੈ ਭਾਵੇਂ ਫੇਰ ਵੀ
ਪਾਣੀ 'ਚ ਟਿੱਕੀ ਚੰਨ ਦੀ ਅਜ ਤਕ ਖੁਰੀ ਨਹੀਂ
ਝੀਲ ਵਿਚ ਸੁੱਟੀ ਤਾਂ ਡੁੱਬ ਹੀ ਜਾਏਗੀ ਹਰ ਇਕ ਕਿਤਾਬ
ਲਫ਼ਜ਼ ਯੁਗ ਯੁਗ ਤੀਕ ਸਾਂਭਣ ਦਿਲ ਦੇ ਦਰਿਆਵਾਂ ਦੇ ਆਬ
ਅੱਗ 'ਚ ਨਾ ਸਾੜੋ ਕਿ ਹਰ ਇਕ ਦਿਲ ਹੈ ਇਕ ਐਸੀ ਕਿਤਾਬ
ਜਿਸ ਦੀ ਹਰ ਇਕ ਸਤਰ ਡਾਲੀ, ਜਿਸ ਦਾ ਹਰ ਅੱਖਰ ਗੁਲਾਬ
ਛੁਹ ਬਿਨਾ ਹੀ ਹੋ ਗਏ ਬੇਲਿਸ਼ਕ ਉਸ ਸ਼ੁਹਦੀ ਦੇ ਕੇਸ
ਡਾਲ ਤੇ ਮੁਰਝਾ ਗਿਆ ਹੈ ਉਸ ਦੇ ਹਿੱਸੇ ਦਾ ਗੁਲਾਬ
ਰੇਤ 'ਤੇ ਬਾਬਰ ਦਾ ਸੀ, ਰੂਹਾਂ 'ਤੇ ਉਸ ਦਾ ਰਾਜ ਸੀ
ਉਹ ਜੁ ਅਕਸਰ ਆਖਦਾ ਸੀ ਛੇੜ ਮਰਦਾਨੇ ਰਬਾਬ
ਉਹ ਕਿ ਜੋ ਲਫ਼ਜ਼ਾਂ ਦੀ ਖੇਤੀ ਹੀ ਸਦਾ ਕਰਦੇ ਰਹੇ
ਓਨ੍ਹਾਂ ਲਈ ਦੇ ਲਫ਼ਜ਼ ਹੀ ਸਨ ਕੀ ਸੀ ਬਾਬਰ ਕੀ ਰਬਾਬ
ਇਸ ਦਾ ਹਰ ਵਰਕਾ ਜਿਵੇਂ ਬਾਰੀ ਦੇ ਵਿਚ ਅਸਮਾਨ ਹੈ।
ਅਹਿ ਜ਼ਰਾ ਤਕਣਾ ਛਪੀ ਏ ਮੇਰੀ ਗ਼ਜ਼ਲਾਂ ਦੀ ਕਿਤਾਬ
ਉਹ ਲੋਕ ਜੁ ਇਸ ਸ਼ਹਿਰ ਚੋਂ ਅਤ੍ਰਿਪਤ ਗਏ ਨੇ
ਹਾਲੇ ਵੀ ਮੇਰੇ ਖ਼ੂਨ ਦੇ ਵਿਚ ਸੁਲਗ ਰਹੇ ਨੇ
ਲੱਤਾਂ ਨੇ ਜਦੋਂ ਚਾਰ ਤਾਂ ਕਿਉਂ ਦੌੜ ਨਾ ਜਾਈਏ
ਦਫ਼ਤਰ 'ਚ ਪਏ ਮੇਜ਼ ਇਹੋ ਸੋਚ ਰਹੇ ਨੇ
ਉਹ ਫੇਰ ਕਦੀ ਹੋ ਕੇ ਹਰੇ ਝੂਮ ਸਕੇ ਨਾ
ਉਹ ਬਿਰਖ ਕਿ ਜੋ ਕੁਰਸੀਆਂ ਦੀ ਜੂਨ ਪਏ ਨੇ
ਫੁਟਦਾ ਹੈ ਕੋਈ ਪੱਤਾ ਜਿਵੇਂ ਆਉਂਦਾ ਹੈ ਖ਼ਤ ਕੋਈ
ਕੁਝ ਲੋਕਾਂ ਦੇ ਪੁੰਗਾਰੇ ਪਰਦੇਸ ਗਏ ਨੇ
ਰਾਹਾਂ 'ਚ ਕੋਈ ਹੋਰ ਹੈ ਚਾਹਾਂ 'ਚ ਕੋਈ ਹੋਰ
ਬਾਂਹਾਂ 'ਚ ਕਿਸੇ ਹੋਰ ਦੀਆਂ ਬਿਖਰੇ ਪਏ ਨੇ
ਬਣ ਜਾਣਗੇ ਮੋਂ ਬੱਤੀਆਂ ਜਿਹੇ ਇਹ ਵੀ ਘਰਾਂ ਵਿਚ
ਇਹ ਚਿਹਰੇ ਕਿ ਜੋ ਸ਼ਹਿਰ ਦੇ ਵਿਚ ਚੰਨਾਂ ਜਿਹੇ ਨੇ
ਇਕ ਤੂੰ ਨਹੀਂ ਸੀ ਉਗਮਣਾ ਉਮਰਾਂ ਦੇ ਮੋੜ 'ਤੇ
ਖਿੜਨੇ ਸੀ ਗੁਲ ਹਜ਼ਾਰ ਚੰਨ ਚੜ੍ਹਨੇ ਸੀ ਹੋਰ 'ਤੇ
ਮੈਂ ਤਾਂ ਬਹੁਤ ਸੰਭਾਲਿਆ, ਪਰ ਸ਼ਾਮ ਪੈ ਗਈ
ਵਿਛੜਨ ਦਾ ਵਕਤ ਆ ਗਿਆ, ਗੁਰਦਿਸ਼ ਦੇ ਜ਼ੋਰ 'ਤੇ
ਇਕ ਬੰਸਰੀ ਦੀ ਹੇਕ ਕੀ ਨਦੀਆਂ ਨੂੰ ਰੋਕਦੀ
ਨਦੀਆਂ ਦਾ ਕਿਹੜਾ ਜ਼ੋਰ ਸੀ ਨਦੀਆਂ ਦੀ ਤੇਰ 'ਤੇ
ਨੱਚਣਾ ਤਾਂ ਕੀ ਸੀ ਓਸਨੇ, ਦੋ ਪਲ 'ਚ ਖੁਰ ਗਿਆ
ਕਣੀਆਂ ਕੀ ਚਾਰ ਡਿੱਗੀਆਂ ਮਿੱਟੀ ਦੇ ਮੋਰ 'ਤੇ
'ਜ਼ੰਜੀਰ ਹੈ ਜ਼ੰਜੀਰ ਨੂੰ ਝਾਂਜਰ ਨਾ ਸਮਝਣਾ'
ਹੰਝੂਆਂ ਦੇ ਨਾਲ ਉਕਰਿਆ ਸੀ ਬੋਰ ਬੋਰ 'ਤੇ
ਤੇਰੇ ਪਰਾਈ ਹੋਣ ਦੀ ਕਿਉਂ ਰਾਤ ਏਨੀ ਚੁਪ
ਉੱਠਾਂ ਤੜਪ ਤੜਪ ਕੇ ਇਕ ਕੰਙਣ ਦੇ ਸ਼ੋਰ 'ਤੇ
ਸੂਰਜ ਤਲੀ ਤੇ ਰੱਖ ਕੇ ਮੈਂ ਜਿੱਥੇ ਉਡੀਕਿਆ
ਤੇਰੀ ਖ਼ਬਰ ਵੀ ਆਈ ਨਾ ਕਦੇ ਓਸ ਮੋੜ 'ਤੇ
ਮੇਰੇ ਚਿਰਾਗ਼ ਬੁਝਾ ਕੇ ਹਵਾ ਨੇ ਰੋਣਾ ਸੀ
ਤਮਾਸ਼ਾ ਇਹ ਵੀ ਮੇਰੇ ਹੀ ਨਗਰ 'ਚ ਹੋਣਾ ਸੀ
ਅਸੀਂ ਤਾਂ ਮਰਨ ਦਿਤਾ ਉਸਨੂੰ ਸਾਹਮਣੇ ਅਪਣੇ
ਖ਼ਬਰ ਪੜ੍ਹੀ ਤਾਂ ਅਸੀਂ ਕੀ ਉਦਾਸ ਹੋਣਾ ਸੀ।
ਉਹ ਆਪਣੀ ਹੋਂਦ ਦੇ ਜੰਗਲ 'ਚ ਉਲਝ ਅਸਤ ਹੋ ਗਏ
ਜਿਨ੍ਹਾਂ ਉਦੈ ਹੀ ਸਲੀਬਾਂ 'ਤੇ ਚੜ੍ਹ ਕੇ ਹੋਣਾ ਸੀ
ਹਵਾ ਵੀ ਵਗਦੀ ਹੈ ਅਜਕਲ ਤਾਂ ਤੁਹਮਤਾਂ ਵਰਗੀ
ਤੂੰ ਹਾਦਸੇ ਤੋਂ ਜ਼ਰਾ ਫ਼ਰਕ ਤੇ ਖੜੋਣਾ ਸੀ
ਉਹ ਤੇਰਾ ਦਿਲ ਨ ਸਹੀ ਖ਼ੁਦਕੁਸ਼ੀ ਦੀ ਝੀਲ ਸਹੀ
ਮੈਂ ਤਪਦੇ ਜਿਸਮ ਨੂੰ ਆਖ਼ਰ ਕਿਤੇ ਡੁਬੋਣਾ ਸੀ
ਮੇਰੇ ਤਾਂ ਸੀਨੇ 'ਚ ਅੱਗ ਹੈ ਇਹ ਝੁਲਸ ਜਾਵੇਗਾ
ਇਹ ਪੁਸ਼ਪ-ਹਾਰ ਕਿਸੇ ਹੋਰ ਲਈ ਪਰੋਣਾ ਸੀ
ਕਿਤੇ ਜੇ ਵਕਤ ਦੀ ਰਗ ਰਗ 'ਚ ਜ਼ਹਿਰ ਨਾ ਘੁਲਦਾ
ਮੇਰੀ ਗ਼ਜ਼ਲ 'ਚ ਵੀ ਫੁੱਲਾਂ ਦਾ ਜ਼ਿਕਰ ਹੋਣਾ ਸੀ
ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ
ਉਤੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ
ਵਾਇਲਿਨ ਦਾ ਗਜ਼ ਫੇਰ ਰਿਹਾ ਸੀ ਸੀਖਾਂ ਤੇ
ਜੇਲ 'ਚ ਇਕ ਸਾਜ਼ਿੰਦਾ ਡੱਕਿਆ ਹੋਇਆ ਸੀ
ਪਹਿਲਾਂ ਸਾਡੀ ਧੌਣ ਤੋਂ ਸੀਸ ਉਡਾ ਦਿੱਤਾ
ਪਿੱਛੋਂ ਉਸ ਦੀ ਖ਼ਾਤਰ ਹਾਰ ਪਰੋਇਆ ਸੀ
ਏਨੀ ਸੁਹਣੀ ਕਬਰ ਕਿਸੇ ਨੇ ਦੇਖੀ ਹੈ?
ਤਨ ਜੀਂਦਾ ਸੀ ਤਨ ਅੰਦਰ ਮਨ ਮੋਇਆ ਸੀ
ਅੱਥਰੂ ਟੈਸਟ ਟਿਊਬ 'ਚ ਪਾ ਕੇ ਵੇਖਾਂਗੇ
ਕਲ੍ਹ ਰਾਤੀਂ ਤੂੰ ਕਿਸ ਮਹਿਬੂਬ ਨੂੰ ਰੋਇਆ ਸੀ
ਕਿਸੇ ਦਾ ਸੂਰਜ ਕਿਸੇ ਦਾ ਦੀਵਾ ਕਿਸੇ ਦਾ ਤੀਰ ਕਮਾਨ
ਸਾਡੀ ਅੱਖ 'ਚੋਂ ਡਿਗਦਾ ਹੰਝੂ ਸਾਡਾ ਚੋਣ-ਨਿਸ਼ਾਨ
ਤਾਨਸੈਨ ਤੋਂ ਬਾਪ ਦਾ ਬਦਲਾ ਬੈਜੂ ਲੈਣ ਗਿਆ
ਤਾਨ ਸੁਣੀ ਤਾਂ ਕਿਰ ਗਈ ਹੱਥੋਂ ਹੰਝੂ ਬਣ ਕਿਰਪਾਨ
ਕਾਲੀ ਰਾਤ ਵਰਾਨੇ ਟਿੱਲੇ ਏਦਾਂ ਬਰਸੇ ਮੀਂਹ
ਜਿਉਂ ਕੋਈ ਅਧਖੜ ਔਤ ਜਨਾਨੀ ਨ੍ਹਾਵੇ ਵਿਚ ਸ਼ਮਸ਼ਾਨ
ਰਾਤ ਟਿਕੀ ਵਿਚ ਰੋਵੇ ਸ਼ਾਇਰ ਜਾਂ ਲੱਕੜ ਦਾ ਖੂਹ
ਦੋਹਾਂ ਉਤੇ ਹੱਸੀ ਜਾਵੇ ਅੱਜ ਦਾ ਜੱਗ ਜਹਾਨ
ਟਿੰਡਾਂ ਦੇ ਵਿਚ ਗੁਟਕੂੰ ਬੋਲੇ ਕਦੀ ਨਾ ਚੱਲੇ ਖੂਹ
ਟਿੰਡਾਂ ਵਿਚ ਮੇਰੇ ਬਚੜੇ ਸੁੱਤੇ ਬੱਚੜਿਆਂ ਵਿਚ ਜਾਨ
ਧੁਖਦੀ ਧਰਤੀ, ਤਪਦੇ ਪੈਂਡੇ, ਸੜਦੇ ਰੱਬ ਦੇ ਜੀਅ
ਸ਼ਾਇਦ ਓਹੀ ਰੱਬ ਹੈ ਜਿਹੜਾ ਚੁੱਪ ਲਿਸ਼ਕੇ ਅਸਮਾਨ
ਪਿੰਡ ਜਿਨ੍ਹਾਂ ਦੇ ਗੱਡੇ ਚੱਲਣ ਹੁਕਮ ਅਤੇ ਸਰਦਾਰੀ
ਸ਼ਹਿਰ 'ਚ ਆ ਕੇ ਬਣ ਜਾਂਦੇ ਨੇ ਬੱਸ ਦੀ ਇਕ ਸਵਾਰੀ
ਜਾਂ ਤਾਂ ਫੌਜੀ ਮਰ ਗਿਆ ਹੋਣਾ ਜਾਂ ਕੋਈ ਹੋਰ ਖੁਆਰੀ
ਪਿੰਡ 'ਚ ਲੋਕੀਂ ਡਰ ਜਾਂਦੇ ਜੇ ਖ਼ਤ ਆਵੇ ਸਰਕਾਰੀ
ਕਾਲੇ ਧਨ ਦੇ ਚਿੱਟੇ ਸਿੱਕੇ ਚਾੜ੍ਹ ਗਏ ਵਿਉਪਾਰੀ
ਮੰਦਰ ਵਿਚ ਮੁਸਕਾਈ ਜਾਵੇ ਫਿਰ ਵੀ ਕ੍ਰਿਸ਼ਨ ਮੁਰਾਰੀ
ਬਾਹੀਂ ਚੂੜਾ, ਹੱਥੀਂ ਮਹਿੰਦੀ, ਸਿਰ ਸੂਹੀ ਫੁਲਕਾਰੀ
ਕੰਨੀਂ ਕਾਂਟੇ, ਨੈਣੀਂ ਕਜਲਾ, ਕਜਲੇ ਵਿਚ ਲਾਚਾਰੀ
ਬਿਰਧ ਮਰੇ ਤਾਂ ਕਬਰ 'ਤੇ ਉਗੇ ਕਿੱਕਰ ਜਾਂ ਕੰਡਿਆਰੀ
ਅੱਗ ਤੇ ਦੁੱਧ ਦੇ ਫੁੱਲ ਖਿੜਦੇ ਨੇ ਜਿੱਥੇ ਮਰੇ ਕੁਆਰੀ
ਮਨ ਮਰਿਆ ਤਾਂ ਸੋਗ ਨਾ ਕੀਤਾ, ਨਾ ਰੋਏ ਰੂਹ ਵਾਰੀ
ਤਨ ਢੱਠਾ ਤਾਂ ਸ਼ੁਹਦੇ ਯਾਰਾਂ ਕੂਕ ਗਜ਼ਬ ਦੀ ਮਾਰੀ
ਰੇਤ ਨੇ ਉਹਦੀ ਰੱਤ ਚੂਸ ਲਈ ਪੌਣਾਂ ਰਾਖ ਖਿਲਾਰੀ
ਹਾਲੇ ਤੀਕ ਖਿਲਾ ਵਿਚ ਗੂੰਜੇ ਜੱਗੇ ਦੀ ਕਿਲਕਾਰੀ
ਨ ਸੂਰਜ ਦਾ ਪੰਛੀ ਨ ਕਿਰਨਾਂ ਦਾ ਚੰਬਾ
ਕੋਈ ਏਨਾ ਸੁੰਨਾ ਬਨੇਰਾ ਨ ਹੋਵੇ
ਕਿਸੇ ਵਸਦੇ ਵਿਹੜੇ 'ਚ ਆਵੇ ਕਦੇ ਵੀ ਨਾ
ਉਹ ਰਾਤ ਜਿਸ ਦਾ ਸਵੇਰਾ ਨ ਹੋਵੇ
ਇਹ ਅੰਨ੍ਹੀ ਉਦਾਸੀ, ਹਨ੍ਹੇਰੇ ਦੀ ਵਲਗਣ
ਇਹ ਬੇਅਰਥ ਪੌਣਾਂ, ਇਹ ਬੇਅਰਥ ਜੰਗਲ
ਇਹ ਬੇਨਕਸ਼ ਲੋਕਾਂ ਦਾ ਨਿਹ-ਲਕਸ਼ ਝੁਰਮਟ
ਕਿਤੇ ਮੇਰੇ ਮਨ ਦਾ ਹਨ੍ਹੇਰਾ ਨ ਹੋਵੇ
ਮੈਂ ਤਕਿਆ ਹੈ ਇਕ ਜ਼ਖ਼ਮੀ ਚੰਨ ਜੇਹਾ ਸੁਫ਼ਨਾ
ਜੋ ਕੰਡਿਆਲੇ ਬਿਰਖਾਂ 'ਚ ਫਸਿਆ ਪਿਆ ਸੀ
ਜ਼ਰਾ ਗੌਰ ਨਾਲ ਇਸ ਨੂੰ ਤਕ ਤਾਂ ਸਹੀ ਤੂੰ
ਤੇਰਾ ਤਾਂ ਨਹੀਂ ਹੈ ਇਹ ਮੇਰਾ ਨ ਹੋਵੇ
ਇਹ ਮਾੜੀ ਜਿਹੀ ਜਿਹੜੀ ਦਿਲ ਵਿਚ ਲਗਨ ਹੈ
ਮੈਂ ਮੰਨਿਆ ਕਿ ਇਸਦੀ ਬੜੀ ਹੀ ਜਲਣ ਹੈ
ਇਨੂੰ ਐਵੇਂ ਯਾਰੋ ਬੁਝਾ ਵੀ ਨ ਦੇਣਾ
ਕਿਤੇ ਏਹੀ ਕਲ੍ਹ ਦਾ ਸਵੇਰਾ ਨ ਹੋਵੇ
ਕਿਸੇ ਜੇਲ੍ਹ ਅੰਦਰ ਹਵਾਲਾਤ ਅੰਦਰ
ਅਸੀਂ ਸੁਲਗਦੇ ਹਾਂ ਅਜੇ ਰਾਤ ਅੰਦਰ
ਹਜ਼ਾਰਾਂ ਨੇ ਸੂਰਜ ਖ਼ਿਆਲਾਂ 'ਚ ਸਾਡੇ
ਨਸੀਬਾਂ 'ਚ ਬੇਸ਼ਕ ਸਵੇਰਾ ਨ ਹੋਵੇ
ਹਵਾਵਾਂ ਦੀ ਆਜ਼ਾਦ ਆਵਾਜ਼ ਨੂੰ ਸੁਣ
ਤੂੰ ਛੱਡ ਇਹ ਮਫਾਈਲ ਫਿਇਲੁਨ ਫ਼ਊਲਨ
ਨਹੀਂ ਤਾਂ ਜੋ ਕੈਦੀ ਪਰਿੰਦਿਆਂ ਦਾ ਹੋਇਆ
ਕਿਤੇ ਹਸ਼ਰ ਓਹੋ ਹੀ ਤੇਰਾ ਨਾ ਹੋਵੇ
ਕਿਸੇ ਦੇ ਜਿਸਮ ਵਿਚ ਕਿੰਨੇ ਕੁ ਡੂੰਘੇ ਲੱਥ ਜਾਓਗੇ
ਕਿ ਆਖ਼ਰ ਲਾਸ਼ ਵਾਗੂੰ ਸਤਹ ਉਤੇ ਤੈਰ ਆਓਗੇ
ਜੇ ਨੀਲੀ ਰਾਤ ਨੂੰ ਪਾਣੀ ਸਮਝ ਕੇ ਬਣ ਗਏ ਕਿਸ਼ਤੀ
ਨਮੋਸ਼ੀ ਬਾਦਬਾਨਾਂ ਦੀ ਦਿਨੇ ਕਿਥੇ ਛੁਪਾਓਗੇ
ਕਦੀ ਝਾਂਜਰ, ਕਦੀ ਖੰਜਰ, ਕਦੀ ਹਾਸਾ, ਕਦੀ ਹਉਕਾ
ਛਲਾਵੀ ਪੌਣ ਤੋਂ ਰਾਤੀਂ ਭੁਲੇਖੇ ਬਹੁਤ ਖਾਓਗੇ
ਜਦੋਂ ਥਮ ਜਾਇਗਾ ਠੱਕਾ, ਜਦੋਂ ਹਟ ਜਾਇਗੀ ਬਾਰਸ਼
ਜਦੋਂ ਚੜ੍ਹ ਆਇਗਾ ਸੂਰਜ ਤੁਸੀਂ ਵੀ ਪਹੁੰਚ ਜਾਓਗੇ
ਮੈਂ ਰੇਤਾ ਹਾਂ ਮੈਂ ਅਪਣੀ ਆਖ਼ਰੀ ਤਹਿ ਤੀਕ ਰੇਤਾ ਹਾਂ
ਮੇਰੇ 'ਚੋਂ ਨੀਰ ਲਭਦੇ ਖ਼ੁਦ ਤੁਸੀਂ ਹੋ ਰੇਤ ਜਾਓਗੇ
ਤੂੰ ਵੀ ਬੁਝ ਜਾਵੇਂਗਾ, ਇਕ ਦੀਵਾ ਮਸੀਂ ਦਾ ਘਰ ਦੇ ਕੋਲ
ਰਹਿਣ ਦੇ ਗਲੀਆਂ 'ਚ ਰੋਂਦੀ ਪੌਣ ਤੂੰ ਬੂਹਾ ਨਾ ਖੋਲ੍ਹ
ਇਹ ਤਾਂ ਸਦੀਆਂ ਤੀਕ ਸੋਗੀ, ਇਹ ਤਾਂ ਕੋਹਾਂ ਤਕ ਲਹੂ
ਇਸ ਦੀ ਤਾਂ ਹਰ ਪਰਤ ਜ਼ਖ਼ਮੀ ਤੂੰ ਹਵਾ ਦਾ ਦਿਲ ਨ ਫੋਲ
ਯਾਰ, ਮੈਂ ਕਿਸ ਦਿਨ ਕਿਹਾ ਹੈ, ਏਨ੍ਹਾਂ ਵਿਚ ਨ੍ਹੇਰੇ ਦੀ ਮੌਤ
ਤੂੰ ਤਾਂ ਐਵੇਂ ਪਿੰਜ ਸੁੱਟੇ ਤੋਤਲੇ ਮਾਸੂਮ ਬੋਲ
ਰਾਤ ਭਰ ਪਿੰਜਣਗੇ ਇਸਦੀ ਚਾਨਣੀ ਪਹੀਏ ਤੇ ਪੈਰ
ਅੱਜ ਮੇਰੇ ਸ਼ਹਿਰ ਉਤੇ ਚੰਦ ਚੜ੍ਹਿਆ ਗੋਲ ਗੋਲ
ਝੀਲ ਦੀ ਫ਼ਿਤਰਤ ਹੈ ਸਭ ਦੇ ਸਾਹਮਣੇ ਸੱਚ ਆਖਣਾ
ਝੀਲ ਦੀ ਕਿਸਮਤ ਹੈ ਭਰਨੀ ਪੱਥਰਾਂ ਦੇ ਨਾਲ ਝੋਲ
ਸਿਆਹ ਚਸ਼ਮੇ ਮਗਰ ਅੱਖਾਂ ਲੁਕੋ ਕੇ
ਘਰੋਂ ਨਿਕਲੀ ਏ ਰੇਤਾ ਝੀਲ ਹੋ ਕੇ
ਤੇਰਾ ਸੁਫ਼ਨਾ ਹਜ਼ਾਰਾਂ ਨਾਲ ਜਾਗੇ
ਤੂੰ ਸੌਂ ਗਈ ਕੁਆਰਪਨ ਬਾਹੀਂ ਲੁਕੋ ਕੇ
ਬਦਨ ਦੀ ਪਰਤ ਹੀ ਪਾਸੇ ਨਾ ਹੋਈ
ਮੈਂ ਤੈਨੂੰ ਵੇਖਣਾ ਸੀ ਕੋਲ ਹੋ ਕੇ
ਨਹੀਂ ਖੁਰਿਆ ਤਿਰਾ ਸੁਫ਼ਨਾ ਨਜ਼ਰ ਚੋਂ
ਅਸਾਂ ਦੇਖੇ ਨੇ ਹੰਝੂ ਬਹੁਤ ਰੋ ਕੇ
ਨਗਰ ਦੇ ਨਾਲ ਕੈਸੀ ਸਾਂਝ ਹੈ ਇਹ
ਕਿ ਬਾਰੀ ਖੋਲ੍ਹ ਛੱਡੀ ਬਾਰ ਢੋ ਕੇ
ਇਨੂੰ ਦੱਬੀਏ ਕਿ ਏਨੂੰ ਸਾੜ ਦੇਈਏ
ਅਸੀਂ ਥੱਕੇ ਹਾਂ ਰੂਹ ਦੀ ਲਾਸ਼ ਢੋ ਕੇ
ਜੇ ਜੀਣਾਂ ਕੰਵਲ ਬਣ ਉਗੀਂ ਤਲਾ ਵਿਚ
ਹਨ੍ਹੇਰੇ ਨੇ ਕਿਹਾ ਅੱਗ ਨੂੰ ਡੁਬੋ ਕੇ
ਸੀ ਝਿਲਮਿਲ ਕਰ ਰਿਹਾ ਅਸਮਾਨ ਵਾਂਗੂੰ
ਮੈਂ ਤੱਕਿਆ ਸ਼ਹਿਰ ਨੂੰ ਦੂਰੋਂ ਖਲੋ ਕੇ
ਖਿਲਾ ਵਿਚ ਘੁੰਮ ਰਹੇ ਪੱਥਰ ਵਿਚਾਰੇ
ਮੈਂ ਅੰਬਰ ਦੇਖਿਆ ਹੈ ਕੋਲ ਹੋ ਕੇ
ਐਵੇਂ ਨਾ ਬੁੱਤਾਂ 'ਤੇ ਡੋਲ੍ਹੀ ਜਾ ਪਾਣੀ
ਜਾ ਕਿਧਰੇ ਬਿਰਖਾਂ 'ਤੇ ਇਹ ਬਰਸਾ ਪਾਣੀ
ਜੇ ਕੋਈ ਰਾਹਗੀਰ ਪਿਆਸਾ ਨਾ ਆਇਆ
ਹੋਰ ਘੜੀ ਨੂੰ ਜਾਵਣਗੇ ਪਥਰਾ ਪਾਣੀ
ਕੌਣ ਕਿਤੇ ਬਿਰਖਾਂ ਤੋਂ ਪੱਤੀਆਂ ਤੋੜ ਰਿਹਾ
ਕੰਬ ਗਿਆ ਹੈ ਸੁੱਤਾ ਸਰਵਰ ਦਾ ਪਾਣੀ
ਬਿਰਖਾਂ ਪੀਲੇ ਪੱਤਰ ਪੌਣਾਂ ਹਥ ਭੇਜੇ
ਉਡ ਕੇ ਮਿਲਣ ਗਿਆ ਫਿਰ ਸਾਗਰ ਦਾ ਪਾਣੀ
ਜਦ ਵੀ ਮੇਰੀ ਪਿਆਸ ਬਣੀ ਹੈ ਅਗਨ ਜਿਹੀ
ਸੁੱਚਾ ਲੱਗਾ ਹਰ ਇਕ ਸਰਵਰ ਦਾ ਪਾਣੀ
ਜਦ ਤੋਂ ਸੁਣਿਆ ਪੁੰਨਿਆਂ ਕਾਲੇ ਚੰਨ ਦੀ ਅਜ
ਡੋਲਣ ਦੇ ਉਪਰਾਲੇ ਸੋਚ ਰਿਹਾ ਪਾਣੀ
ਚੇਤੇ ਆਈ ਤੂੰ ਮੈਨੂੰ ਤੇ ਨਾਲੇ ਮੈਂ
ਜਦ ਵੀ ਸੂਲਾਂ ਦੇ ਰੁੱਖ ਤੇ ਵਸਿਆ ਪਾਣੀ
ਲੱਗੀ ਧੁੱਪ ਜੇ ਸ਼ਹਿਰ ਤੇਰੇ ਦੇ ਬਿਰਖਾਂ ਨੂੰ
ਸ਼ਹਿਰ ਮੇਰੇ ਦਾ ਓਦਰ ਜਾਵੇਗਾ ਪਾਣੀ
ਰੋਵਣਗੇ ਪੱਥਰ ਤਾਂ ਦੁਨੀਆਂ ਦੇਖੇਗੀ
ਕੌਣ ਸਕੇਗਾ ਦੇਖ ਜੇ ਰੋਵੇਗਾ ਪਾਣੀ
ਮੈਂ ਕਿਉਂ ਡਰਦਾ ਉਲਝਣੋਂ ਤਲਵਾਰਾਂ ਦੇ ਨਾਲ
ਚਾਰ ਦਿਨਾਂ ਦੀ ਜ਼ਿੰਦਗੀ ਮੌਤ ਹਜ਼ਾਰਾਂ ਸਾਲ
ਕੱਢਾਂ ਏਸ ਨਰੇਲ ਚੋਂ ਚਿੱਟੀ ਦੁੱਧ ਸਵੇਰ
ਚੀਰਾਂ ਅੱਧੀ ਰਾਤ ਨੂੰ ਚੀਕ ਦੇ ਚਾਕੂ ਨਾਲ
ਖੇਡੋਗੇ ਸ਼ਤਰੰਜ ਜੇ ਮਰ ਚੁੱਕਿਆਂ ਦੇ ਨਾਲ
ਆਪ ਹੀ ਚੱਲਣੀ ਪਵੇਗੀ ਓਨ੍ਹਾਂ ਦੀ ਵੀ ਚਾਲ
ਦੂਜੇ ਰੋਜ਼ ਦਹਾੜਦਾ, ਦਿਨ ਸੀ ਚਾਰ ਪਹਾੜ ਦਾ
ਰਾਤੀਂ ਤਾਰੇ ਰੁੜ੍ਹ ਗਏ, ਦਰਿਆਵਾਂ ਦੇ ਨਾਲ
ਪੁੰਨ ਸੀ ਖ਼ਬਰੇ ਪਾਪ ਸੀ, ਜਾਂ ਫਿਰ ਅੱਲ੍ਹਾ ਆਪ ਸੀ
ਘਰ ਦੀ ਸਰਦਲ ਟੱਪ ਗਈ ਦਰਿਆਵਾਂ ਦੀ ਚਾਲ
ਜੰਗਲ ਪੀਲਾ ਜ਼ਰਦ ਸੀ, ਅਸਮਾਨਾਂ ਤੇ ਗਰਦ ਸੀ
ਪੌਣਾਂ ਵਿਚ ਸੀ ਉਲਝਿਆ, ਸਾਹਾਂ ਦਾ ਜੰਜਾਲ
ਪ੍ਰੇਤ ਸੀ ਖਬਰੇ ਪੌਣ ਸੀ, ਭੇਤ ਨਹੀਂ ਕੁਛ ਕੌਣ ਸੀ
ਰਹਿੰਦਾ ਸੀ ਕੁਛ ਹੌਂਕਦਾ, ਰਲ ਕੇ ਸਾਹਾਂ ਨਾਲ
ਉੱਗੇ ਪੱਤੇ ਤੋੜ ਲੈ, ਗਿਣ ਗਿਣ ਕੇ ਛਿਣ ਮੋੜ ਲੈ
ਲੈ ਸਾਹਾਂ ਤੋਂ ਤੋੜ ਲੈ, ਮਹਿਕਾਂ ਦਾ ਜੰਜਾਲ
ਮੈਂ ਕਿਉਂ ਪੱਥਰ ਹੋ ਗਿਆ, ਤੂੰ ਕਿਉਂ ਪਾਣੀ ਹੀ ਰਿਹਾ
ਰਿਸ਼ਮਾਂ ਦੀ ਤਲਵਾਰ ਤੂੰ ਮੈਂ ਕਿਉਂ ਬਣ ਗਿਆ ਢਾਲ
ਜਿਸ ਦਿਨ ਮੈਂ ਮਜ਼ਲੂਮ ਸਾਂ, ਉਸ ਦਿਨ ਨਜ਼ਮ ਆਸਾਨ ਸੀ
ਹੁਣ ਕੁਝ ਮੇਰਾ ਆਖਣਾ ਹੋ ਗਿਆ ਅੱਤ ਮੁਹਾਲ
ਦਰਦ ਥਕਾਵਟ ਬੇਬਸੀ, ਰੂਹ ਦੀ ਨਾਲੇ ਜਿਸਮ ਦੀ
ਮੈਥੋਂ ਚੱਲ ਨਹੀਂ ਹੋਵਦਾ, ਸਭ ਕੁਝ ਲੈ ਕੇ ਨਾਲ
ਨਿੱਤਰਿਆ ਨਾ ਮੈਂ ਕਦੇ, ਗੰਧਲੇ ਗੰਧਲੇ ਹੀ ਰਹੇ
ਪਾਣੀ ਮੇਰੀ ਸੋਚ ਦੇ ਮੇਰਿਆਂ ਅਕਸਾਂ ਨਾਲ
ਪੈਰ ਸੀ ਉਸਦੇ ਅੱਗ ਦੇ, ਪਰ ਮੈਂ ਵਿਛਿਆ ਹੀ ਰਿਹਾ
ਚਲਦੀ ਤੱਤੀ ਪੌਣ ਸੀ ਮੋਰਨੀਆਂ ਦੀ ਚਾਲ
ਡੁਬ ਜਾਣਾ ਸੀ ਚੰਦ ਨੇ. ਛੁਪ ਜਾਣਾ ਸੀ ਤਾਰਿਆਂ
ਚੰਗੇ ਵੇਲੇ ਪਾ ਲਿਆ, ਮੈਂ ਸ਼ਬਦਾਂ ਦਾ ਜਾਲ
ਰਹਿ ਗਿਆ ਨਾਮ ਕਿਤਾਬ 'ਤੇ, ਜਾਂ ਫਿਰ ਧੱਬਾ ਨਾਮ 'ਤੇ
ਮੈਂ ਤਾਂ ਤੋੜ ਕੇ ਆ ਗਿਆ, ਪੌਣਾਂ ਦਾ ਜੰਜਾਲ
ਲੱਖ ਸਫ਼ਾ ਮੈਂ ਫੋਲਿਆ, ਕਿਤਓਂ ਵੀ ਨਾ ਲੱਭਿਆ
ਤਾਂ ਹੀ ਲਿਖਣਾ ਪੈ ਗਿਆ, ਅਪਣੇ ਜੀ ਦਾ ਹਾਲ
ਕਾਲੀ ਨੀਂਦਰ ਸੌਂ ਰਹੇ, ਖੰਜਰ ਸਨ ਬਰੜਾਂਵਦੇ
ਕਿੰਨੀ ਵਾਰੀ ਤ੍ਰਭਕ ਕੇ ਉਠੀ ਰੂਹ ਦੀ ਢਾਲ
ਉਸ ਦੀ ਨੀਂਦ ਚੋਂ ਚੀਰ ਕੇ, ਵਰਕਾ ਸੂਹੇ ਖ਼ਾਬ ਦਾ
ਖ਼ਤ ਲਿਖਿਆ ਅਮਿਤੋਜ ਨੂੰ, ਲਿਖਿਆ ਹੰਝੂਆਂ ਨਾਲ
ਰੂਹ ਨੂੰ ਸੂਲੀ ਟੰਗ ਕੇ, ਛਾਂਟੇ ਖੂਨ 'ਚ ਰੰਗ ਕੇ
ਪੁੱਛੇ ਅਪਣੇ ਆਪ ਤੋਂ ਰਾਹੀਂ ਲੱਖ ਸੁਆਲ
ਅੰਦਰੋਂ ਕੋਈ ਨਾ ਬੋਲਿਆ, ਰੂਹ ਨੇ ਭੇਦ ਨ ਖੋਲ੍ਹਿਆ
ਛਿੱਟੇ ਡਿਗੇ ਜ਼ਮੀਨ ਤੇ, ਲਹੂ ਨਾਲੋਂ ਵੀ ਲਾਲ
ਅਪਣਾ ਜਿਗਰੀ ਯਾਰ ਸੀ. ਲਿਖਣਾ ਅਤਿ ਦਰਕਾਰ ਸੀ
ਉਸ ਦੀ ਹਿਕ ਤੇ ਆਪਣਾ ਨਾਂ ਨਸ਼ਤਰ ਦੇ ਨਾਲ
ਕਿੰਜ ਕਚਹਿਰੀ ਵਾੜਦਾ, ਮੈਂ ਕਿੰਜ ਕਟਹਿਰੇ ਚਾੜ੍ਹਦਾ
ਦੋਸ਼ੀ ਤਾਂ ਮਾਹੌਲ ਸੀ, ਪਰ ਕਿੰਜ ਲਿਆਉਂਦਾ ਨਾਲ
ਦਰਿਆ ਮੇਰਾ ਵਕੀਲ ਸੀ, ਕਾਲੀ ਪੌਣ ਦਲੀਲ ਸੀ
ਜੰਗਲ ਮੇਰਾ ਸੀ ਗਵਾਹ, ਕੋਈ ਨਹੀਂ ਆਇਆ ਨਾਲ
ਬਿੱਫਰੀ ਹੋਈ ਰਾਤ ਸੀ, ਕੀ ਮੇਰੀ ਔਕਾਤ ਸੀ
ਕੀ ਕਰਦਾ ਤਕਰਾਰ ਮੈਂ ਦਰਿਆਵਾਂ ਦੇ ਨਾਲ
ਇਕ ਇਕ ਕਤਰੇ ਵਿਚ ਸਨ, ਸੋ ਬਦੀਆਂ ਸੌ ਨੇਕੀਆਂ
ਮੈਂ ਤਾਂ ਯਾਰੋ ਖੁਰ ਗਿਆ ਘੁਲ ਘੁਲ ਅਪਣੇ ਨਾਲ
ਕਿੱਥੋਂ ਕਿੱਥੋਂ ਰੱਖਣਾ ਤੇ ਕਿੱਥੋਂ ਕਿੱਥੋਂ ਵੱਢਣਾ
ਸਾਰਾ ਨਹੀਂ ਹਰਾਮ ਮੈਂ ਸਾਰਾ ਨਹੀਂ ਹਲਾਲ
ਚੰਨ ਸਿਤਾਰੇ ਗਰਦਸ਼ਾਂ, ਗ੍ਰਹਿ ਨਕਸ਼ੱਤਰ ਓੜਕਾਂ
ਮੈਂ ਇਕ ਜ਼ੱਰਾ ਖ਼ਾਕ ਦਾ, ਇਕ ਛਿਣ ਏਨ੍ਹਾਂ ਨਾਲ
ਬਣ ਕੇ ਲਾਂਬੂੰ ਅੱਗ ਦਾ, ਮੇਰੇ ਘਰ ਵਿਚ ਆ ਗਈ
ਦੂਜੇ ਘਰ ਦੀ ਕੰਧ ਤੋਂ, ਫੁੱਲਾਂ ਦੀ ਇਕ ਡਾਲ
ਭੇਤ ਨਹੀਂ ਕੀ ਕਰ ਗਿਆ, ਮਨ ਅੰਦਰ ਕੀ ਮਰ ਗਿਆ
ਪਾਣੀ ਰਹਿ ਗਿਆ ਤੜਪਦਾ ਸਿਲ ਪਥਰਾਂ ਦੇ ਨਾਲ
ਖੋਟਾ ਹੀ ਜਦ ਆਪ ਸਾਂ, ਪੋਟਾ ਪੋਟਾ ਪਾਪ ਸਾਂ
ਤੀਰ ਚਲਾਉਂਦਾ ਕੇਸ 'ਤੇ ਕਰਦਾ ਕਿਨੂੰ ਹਲਾਲ
ਪਹਿਲੀ ਵਾਰੀ ਵੇਖਿਆ ਦੁਖ ਹਤਿਆਰਾ ਹੋਣ ਦਾ
ਰੋਇਆ ਰਲ ਕੇ ਆਪਣੇ ਮਕਤੂਲਾਂ ਦੇ ਨਾਲ
ਜਿਸਮ ਤੇ ਛਾਂਟੇ ਜਰਨ ਨੂੰ, ਜੀ ਨਹੀਂ ਕਰਦਾ ਮਰਨ ਨੂੰ
ਉਂਜ ਤਾਂ ਮੈਂ ਵੀ ਚੋਰ ਹਾਂ, ਛੁਪਿਆ ਹਾਂ ਚੰਡਾਲ
ਜਿਸ ਨੇ ਚਸ਼ਮਾ ਡੱਕਿਐ, ਪੱਥਰ ਮੇਰੀ ਹੋਂਦ ਹੈ
ਚੀਰੋ, ਮੇਰੀ ਹਿੱਕ ਨੂੰ ਤਲਵਾਰਾਂ ਦੇ ਨਾਲ
ਬੇਰਹਿਮਾਂ ਦੀ ਚਾਕਰੀ, ਮੁੜ੍ਹਕੇ ਭਿੱਜਿਆ ਟੁੱਕ
ਜੇ ਕੋਈ ਸਾਡਾ ਮਿਲ ਪਿਆ, ਦੱਸ ਨਾ ਦੇਣਾ ਹਾਲ
ਕੀ ਖ਼ਬਰ ਸੀ ਜੱਗ ਤੈਨੂੰ ਇਸ ਤਰ੍ਹਾਂ ਭੁਲ ਜਾਇਗਾ
ਡਾਕ ਨਿਤ ਆਏਗੀ ਤੇਰੇ ਨਾਂ ਦਾ ਖ਼ਤ ਨਾ ਆਇਗਾ
ਤੂੰ ਉਸੇ ਨੂੰ ਚੁਕ ਲਵੇਂਗਾ ਤੇ ਪੜ੍ਹੇਗਾ ਖ਼ਤ ਦੇ ਵਾਂਗ
ਕੋਈ ਸੁੱਕਾ ਪੱਤਾ ਟੁੱਟ ਕੇ ਸਰਦਲਾਂ ਤਕ ਆਇਗਾ
ਰੰਗ ਕੱਚੇ ਸੁਰਖੀਆਂ ਹੋਵਣਗੇ ਅਖ਼ਬਾਰਾਂ ਦੀਆਂ
ਤੇਰੇ ਡੁੱਲ੍ਹੇ ਖੂਨ ਦੀ ਕੋਈ ਖ਼ਬਰ ਤਕ ਨਾ ਲਾਇਗਾ
ਰੇਡੀਓ ਤੋਂ ਨਸ਼ਰ ਨਿਤ ਹੋਵੇਗਾ ਦਰਿਆਵਾਂ ਦਾ ਸ਼ੋਰ
ਪਰ ਤੇਰੇ ਥਲ ਤੀਕ ਕਤਰਾ ਨੀਰ ਦਾ ਨਾ ਆਇਗਾ
ਰਹਿਣਗੇ ਵੱਜਦੇ ਸਦਾ ਟੇਪਾਂ ਦੇ ਵਿੱਚ ਪੱਛਮ ਦੇ ਗੀਤ
ਸ਼ਹਿਰ ਦੀ ਰੋਂਦੀ ਹਵਾ ਦਾ ਜ਼ਿਕਰ ਤਕ ਨਾ ਆਇਗਾ
ਇਸ ਤਰ੍ਹਾਂ ਸਭ ਝੁਲਸ ਜਾਵਣਗੇ ਤੇਰੇ ਰੀਝਾਂ ਦੇ ਬਾਗ
ਮੋਹ ਦੀ ਸੰਘਣੀ ਛਾਂ ਦਾ ਤੈਨੂੰ, ਖ਼ਾਬ ਤਕ ਨਾ ਆਇਗਾ
ਤੂੰ ਭਲਾ ਕੀ ਕਰ ਸਕੇਂਗਾ ਔੜ ਦਾ ਕੋਈ ਇਲਾਜ
ਹੰਝੂ ਇਕ ਆਏਗਾ, ਉਹ ਵੀ ਪਲਕ ਤੇ ਸੁਕ ਜਾਇਗਾ
ਸੜਕ ਤੇ ਵੇਖੇਂਗਾ ਨੰਗੇ ਪੈਰ ਭੱਜਦੀ ਛਾਂ ਜਿਹੀ
ਇਹ ਮੁਹੱਬਤ ਹੈ ਜਾਂ ਮਮਤਾ, ਯਾਦ ਕੁਛ ਕੁਛ ਆਇਗਾ
ਲੋੜ ਕੀ ਹੈ ਏਸ ਦੀ ਕੋਈ ਯਾਦਗਾਰ ਬਣਾਉਣ ਦੀ
ਬਿਰਖ ਸੁਕ ਜਾਏਗਾ, ਬਿਲਕੁਲ ਬੁੱਤ ਹੀ ਬਣ ਜਾਇਗਾ
ਹਾਸਿਆਂ ਦੀ ਉਮਰ ਵਿਚ ਹੋਵੇਗਾ ਇਕ ਉਹ ਹਾਦਸਾ
ਫਿਰ ਤੇਰੇ ਰਾਹਾਂ 'ਚ ਕੋਈ ਹਾਦਸਾ ਨਾ ਆਇਗਾ
ਉਹ ਤੇਰੀ ਸੰਭਾਵਨਾ ਦੇ ਬੀਜ ਹੀ ਲੂਹ ਦੇਣਗੇ
ਤੇਰੇ ਮੱਥੇ ਵਿਚ ਤੇਰਾ ਸਰਬੰਸ ਮਰ ਖਪ ਜਾਇਗਾ
ਇੱਕੋ ਬੂਟੀ ਪਾਏਗੀ ਚਾਦਰ 'ਤੇ ਤੇਰੇ ਨਾਮ
ਦੀ ਫਿਰ ਤੇਰੀ ਮਹਿਬੂਬ ਨੂੰ ਕੰਡਿਆਂ ਨਾ ਵਿੰਨ੍ਹਿਆ ਜਾਇਗਾ
ਚੜ੍ਹਦੇ ਸੂਰਜ ਨਾਲ ਹੀ ਆਏਗੀ ਇਕ ਐਸੀ ਖ਼ਬਰ
ਡੁਬਦੇ ਚੜ੍ਹਦੇ ਸੂਰਜਾਂ ਦਾ ਫ਼ਰਕ ਹੀ ਮਿਟ ਜਾਇਗਾ
ਮੰਨਿਆ ਕਿ ਹਰੇਕ ਕੰਡਾ ਉੱਗੇਗਾ ਅੰਦਰ ਦੇ ਵੱਲ
ਜਿਸਮ ਤੇਰਾ ਕੰਡਿਆਂ ਦਾ ਰੁੱਖ ਪਰ ਬਣ ਜਾਇਗਾ
ਜਦ ਹਵਾ ਝੱਲੇਗੀ ਤੇਰੇ ਸ਼ਹਿਰ ਵਿਚ ਤੇਰੇ ਖ਼ਿਲਾਫ
ਰੁੱਖ ਤੇਰੇ ਵਿਹੜੇ ਦਾ ਵੀ ਸਭ ਨਾਲ ਹੀ ਰਲ ਜਾਇਗਾ
ਫੇਰ ਲੱਗੇਗੀ ਕਚਹਿਰੀ ਆਤਮਾ ਦੀ ਸੁੰਞ ਵਿਚ
ਆਪ ਮੁਨਸਿਫ਼ ਆਤਮਾ ਦੀ ਸੂਲੀ 'ਤੇ ਚੜ੍ਹ ਜਾਇਗਾ
ਕਿਸ ਕਿਸ ਨਾਲ ਝਗੜਦਾ ਆਖ਼ਰ ਸਿਰ 'ਤੇ ਉਲਝੇ ਵਾਲ
ਲੜ ਪਿਆ ਨਾਲ ਹਵਾ ਦੇ ਕੱਢੀ ਚੰਨ ਚੜ੍ਹੇ ਨੂੰ ਗਾਲ
ਅੱਧੀ ਲਾਸ਼ ਸੜੀ ਨਾ ਹਾਲੇ ਕਣੀਆਂ ਪਈਆਂ ਲੱਥ
ਸਾਰੀ ਉਮਰ ਦੇ ਤਪਦੇ 'ਤੇ ਅਜ ਹੋਇਆ ਰੱਬ ਦਿਆਲ
ਜੀਵਨ ਵੇਚੇ ਮੌਤ ਖਰੀਦੇ ਮੰਡੀ ਮਚਿਆ ਸ਼ੋਰ
ਉਮਰ ਮੇਰੀ ਦਾ ਸੌਦਾ ਕਰਦੀ ਕਵਿਤਾ ਵਿਚ ਦਲਾਲ
ਹਾਲੇ ਤੀਕਰ ਹਰਫ਼ਾਂ ਦੇ ਵਿਚ ਜਗੀ ਨਾ ਸੂਹੀ ਲੋਅ
ਵਰਕੇ ਕਾਲੇ ਕਰਦਿਆਂ ਯਾਰੋ ਚਿੱਟੇ ਹੋ ਗਏ ਵਾਲ
ਇਸ ਨੂੰ ਡਰ ਹੈ ਸ਼ਾਮਾਂ ਵੇਲੇ ਨਈਂ ਪਰਤਾਂਗਾ ਘਰ
ਢੱਠੇ ਘਰ ਦਾ ਮਾਤਮ ਮੇਰੇ ਹਰ ਪਲ ਤੁਰਦਾ ਨਾਲ
ਰੂਹ ਦਾ ਖ਼ਾਲੀਪਨ ਹੈ ਯਾਰੋ ਕੀ ਰੌਣਕ ਕੀ ਮੇਲੇ
ਇਹ ਕੋਈ ਆਕਾਸ਼ ਨਹੀਂ ਜੋ ਭਰ ਜਾਏ ਤਾਰਿਆਂ ਨਾਲ
ਚੋਟਾਂ ਖਾ ਕੇ ਆਖ਼ਰ ਖ਼ੁਦ ਹੀ ਪੱਥਰ ਜਾਵੇ ਹੋ
ਦਿਲ ਹੈ ਕੋਈ ਜਿਸਮ ਨਹੀਂ ਹੈ ਮੰਗੇ ਜਿਹੜਾ ਢਾਲ
ਦਿਲ ਦੀ ਧੂਣੀ ਫੋਲ ਨਾ ਯਾਰਾ ਨਾਜ਼ਕ ਤੇਰੇ ਪੋਟੇ
ਗੀਤਾਂ ਜੋਗੀ ਉਮਰਾ ਤੇਰੀ ਪੁੱਛ ਨਾ ਸਾਡਾ ਹਾਲ
ਕਾਲਾ ਸੂਰਜ, ਤਿੜਕਿਆ ਅੰਬਰ, ਧੁਖਦਾ ਚੰਦ ਸਿਆਹ
ਬੜੇ ਵਧਾਈ ਪੱਤਰ ਮੈਨੂੰ ਆਏ ਨੇ ਇਸ ਸਾਲ
ਅੰਦਰ ਔਣਾ ਮਨ੍ਹਾ ਲਿਖਾ ਕੇ ਬੂਹੇ ਤੇ ਲਟਕਾਇਆ ਸੀ
ਫਿਰ ਵੀ ਅੰਨ੍ਹਾ ਦੁੱਖ ਹਨ੍ਹੇਰਾ ਅੰਦਰ ਲੰਘ ਈ ਆਇਆ ਸੀ
ਉਸ ਥਾਂਵੇਂ ਹੁਣ ਉੱਗ ਰਿਹਾ ਹੈ ਬੂਟਾ ਇਕ ਤਲਵਾਰਾਂ ਦਾ
ਜਿਸ ਥਾਂਵੇਂ ਤੂੰ ਫੁੱਲਾਂ ਵਰਗਾ ਸੁਫ਼ਨਾ ਕਤਲ ਕਰਾਇਆ ਸੀ
ਸੂਰਜ ਡੁੱਬਣ ਸਾਰ ਜੋ ਮੇਰੇ ਛੋਟੇਪਨ ਤੇ ਹਸਦਾ ਸੀ
ਉਹ ਤਾਂ ਮੈਥੋਂ ਲੰਮ ਸਲੰਮਾ ਮੇਰਾ ਅਪਣਾ ਸਾਇਆ ਸੀ
ਘੋੜਾ ਵੇਚ ਰਕਾਬਾਂ, ਕਲਗੀ ਕਾਠੀ ਕਿਸ ਵਣਜ ਲਈ
ਵੇਚਕੇ ਅਪਣੀ ਉਮਰ ਮੁਸਾਫ਼ਰ ਕਿਸ ਲਈ ਵੇਸ ਲਿਆਇਆ ਸੀ
ਚੜ੍ਹਦੇ ਸੂਰਜ ਵੱਲ ਪਿਠ ਕਰਕੇ, ਤਣੀ ਰੇਲ ਦੀ ਪਟੜੀ ਤੇ
ਕਿੰਨੀ ਵਾਰ ਮੈਂ ਫੰਭਾ ਫੰਭਾ ਕੀਤਾ ਅਪਣਾ ਸਾਇਆ ਸੀ।
ਜ਼ਖਮ ਨੂੰ ਜ਼ਖਮ ਲਿਖੋ ਖਾਮਖਾ ਕੰਵਲ ਨਾ ਲਿਖੋ
ਸਿਤਮ ਹਟਾਉ ਸਿਤਮ ਤੇ ਨਿਰੀ ਗਜ਼ਲ ਨਾ ਲਿਖੋ
ਅਜਾਈਂ ਮਰਨਗੇ ਹਰਫ਼ਾਂ ਦੇ ਹਿਰਨ ਖਪ ਖਪ ਕੇ
ਚਮਕਦੀ ਰੇਤ ਨੂੰ ਯਾਰੋ ਨਦੀ ਦਾ ਤਲ ਨਾ ਲਿਖੋ
ਇਹ ਕੀ ਹੁਨਰ ਹੈ ਭਲਾ ਕੀ ਕਲਾ ਕਹੇ ਜਿਹੜੀ
ਹੁਸਨ ਨੂੰ ਹੁਸਨ ਲਿਖੋ ਕਤਲ ਨੂੰ ਕਤਲ ਨਾ ਲਿਖੋ
ਜੋ ਲੱਗਿਆ ਵਿਹੜੇ 'ਚ ਆਸਾਂ ਦਾ ਰੁੱਖ ਸੁਕਾ ਦੇਵੇ
ਘਰਾਂ ਨੂੰ ਖ਼ਤ ਜੇ ਲਿਖੇ ਇਸਤਰਾਂ ਦੀ ਗਲ ਨਾ ਲਿਖੋ
ਜੇ ਅਪਣੇ 'ਜ਼ੁਲਮ' ਨੂੰ ਕਹਿਣਾ ਹੈ 'ਇੰਤਜ਼ਾਮ' ਤੁਸਾਂ
ਤਾਂ ਸਾਡੀ ਹੱਕ ਦੀ ਆਵਾਜ਼ ਨੂੰ ਖ਼ਲਲ ਨਾ ਲਿਖੋ
ਤਿਲਮਿਲਾਂਦੇ ਦਿਨ ਮਿਲੇ ਕੁਝ ਮੁਸਕਰਾਂਦੇ ਦਿਨ ਮਿਲੇ
ਸ਼ਹਿਰ ਵਿਚ ਤੇਰੇ ਅਸਾਨੂੰ ਹਰ ਤਰ੍ਹਾਂ ਦੇ ਦਿਨ ਮਿਲੇ
ਅਗਨ ਵਿਚ ਸੜਦੇ ਪਰਾਂ ਨੂੰ ਫੜਫੜਾਂਦੇ ਦਿਨ ਮਿਲੇ
ਰਾਤ ਦੇ ਦਰਿਆ 'ਚ ਡੁਬ ਕੇ ਮਰਨ ਜਾਂਦੇ ਦਿਨ ਮਿਲੇ
ਓੜ ਕੇ ਮੁੱਖ ਤੇ ਸਵੇਰਾ, ਸੀਨਿਆਂ ਵਿਚ ਲੈ ਕੇ ਸ਼ਾਮ
ਰਾਤ ਦੇ ਬਾਜ਼ਾਰ ਅੰਦਰ ਵਿਕਣ ਜਾਂਦੇ ਦਿਨ ਮਿਲੇ
ਮੈਂ ਸਮਝਦਾ ਸਾਂ ਕਿ ਉਸ ਵਿਚ ਕੁਝ ਨਹੀਂ ਪਿੰਜਰ ਸਿਵਾਇ
ਦੇਖਿਆ ਤਾਂ ਕਬਰ ਦੇ ਵਿਚ ਬਿਲਬਿਲਾਂਦੇ ਦਿਨ ਮਿਲੇ
ਸੁਬਹ ਵਰਗੀ ਰੂਹ ਸੀ ਉਸਦੀ ਰਾਤ ਵਰਗੀ ਹੋ ਗਈ
ਜ਼ਿੰਦਗੀ ਵਿਚ ਓਸਨੂੰ ਕੁਝ ਇਸ ਤਰ੍ਹਾਂ ਦੇ ਦਿਨ ਮਿਲੇ
ਕੋਈ ਅਠਿਆਨੀ ਜਿਹਾ ਸੀ ਕੋਈ ਸੀ ਦਮੜੀ ਜਿਹਾ
ਉਸਦੇ ਘਰ ਚੋਂ ਮੇਰੇ ਗੁਮ ਹੋਏ ਚਿਰਾਂ ਦੇ ਦਿਨ ਮਿਲੇ
ਸੜਕ ਉਤੇ ਡੁੱਲ੍ਹੇ ਹੋਏ ਉਸਦੇ ਗਭਰੂ ਖੂਨ 'ਚੋਂ
ਉਮਰ ਦੇ ਬਾਕੀ ਹਜ਼ਾਰਾਂ ਝਿਲਮਿਲਾਂਦੇ ਦਿਨ ਮਿਲੇ
ਬਣੇ ਰਹਿ ਗਏ ਮੂਰਤਾਂ ਵਿਚ ਸਵੇਰੇ
ਨਜ਼ਰ ਵਿਚ ਹਨ੍ਹੇਰੇ, ਨਗਰ ਵਿਚ ਹਨ੍ਹੇਰੇ
ਕਿਤਾਬਾਂ 'ਚ ਜਿਹੜੀ ਮੁਹੱਬਤ ਪੜ੍ਹੀ ਸੀ।
ਉਹ ਜੀਵਨ 'ਚ ਆਈ ਨ ਤੇਰੇ ਨ ਮੇਰੇ
ਅਸੀਂ ਜ਼ਖ਼ਮ ਹੀ ਦਿੱਤੇ ਇਕ ਦੂਸਰੇ ਨੂੰ
ਖਿੜਨ ਨੂੰ ਫੁਲ ਵੀ ਖਿੜੇ ਸਨ ਬਥੇਰੇ
ਅਸੀਂ ਵੀ ਹਨ੍ਹੇਰੇ ਦੇ ਦੁਸ਼ਮਣ ਨਹੀਂ ਹਾਂ
ਜੇ ਰੱਖੇ ਸਿਰਫ਼ ਵਾਲਾਂ ਤੀਕਰ ਬਸੇਰੇ
ਉਹ ਝੁਲਸਣਗੇ ਚਿਹਰਾ ਤਿਰਾ ਤੇ ਕਹਿਣਗੇ
ਤਿਰੇ ਮਨ ਦੇ ਦਾਗ਼ ਆਏ ਚਿਹਰੇ 'ਤੇ ਤੇਰੇ
ਮੈਂ ਤੈਨੂੰ ਆਵਾਜ਼ਾਂ ਬੜੀਆਂ ਮਾਰੀਆਂ
ਤੇਰੀ ਚੁੱਪ ਨੇ ਜੀਰ ਹੀ ਲਈਆਂ ਸਾਰੀਆਂ
ਤੂੰ ਜੋ ਚੁਪ ਚੁਪ ਕੇਰੇਂ ਅਪਣੀ ਰੇਤ ਵਿਚ
ਓਨ੍ਹਾਂ ਹੰਝੂਆਂ ਨਾਲ ਅਸਾਡੀਆਂ ਯਾਰੀਆਂ
ਦੇਖ ਉਨ੍ਹਾਂ ਦਾ ਕਿੰਨਾ ਸ਼ੋਰ ਜਹਾਨ ਵਿਚ
ਤੂੰ ਜੋ ਸਾਨੂੰ ਚੁਪ ਚੁਪ ਵਾਜਾਂ ਮਾਰੀਆਂ
ਡੁਬਦਾ ਡੁਬਦਾ ਸੂਰਜ ਫਿਰ ਵੀ ਡੁਬ ਗਿਆ
ਸ਼ਾਖਾਂ ਨੇ ਤਾਂ ਬਾਹਾਂ ਲੱਖ ਪਸਾਰੀਆਂ
ਡੁਬਦਾ ਸੂਰਜ ਹੋਰ ਵੀ ਸੁਹਣਾ ਹੋ ਗਿਆ
ਭਾਹਾਂ ਤੇਰੇ ਵਿਛੜਨ ਜਿਹੀਆਂ ਮਾਰੀਆਂ
ਕੱਲ੍ਹ ਨੂੰ ਫੇਰ ਚੜ੍ਹੇਗਾ ਸੂਰਜ ਸ਼ਹਿਰ ਵਿਚ
ਜੇ ਸਜਣਾਂ ਦੇ ਘਰ ਦੀਆਂ ਖੁੱਲ੍ਹੀਆਂ ਬਾਰੀਆਂ
ਨਿਘ ਹੈ ਨ ਰੌਸ਼ਨੀ ਹੈ
ਕੀ ਤੇਰੀ ਦੋਸਤੀ ਹੈ
ਹੱਤਿਆ ਨਾ ਖ਼ੁਦਕੁਸ਼ੀ ਹੈ
ਇਹ ਕੈਸੀ ਆਸ਼ਕੀ ਹੈ
ਕੋਈ ਤਾਂ ਇਸ ਨੂੰ ਸੇਕੋ
ਚਿਖ਼ਾ ਐਵੇਂ ਬਲ ਰਹੀ ਹੈ
ਹੋ ਤੁਸੀਂ ਹੀ ਬੁਤ ਕਿ ਮੇਰੀ
ਬੰਸੀ ਹੀ ਬੇਸੁਰੀ ਹੈ
ਕੱਲ੍ਹ ਮੈਂ ਵੀ ਹੋਣਾ ਪੱਥਰ
ਅਜ ਲਹਿਰ ਆਖ਼ਰੀ ਹੈ
ਮੇਰੇ ਥਲ 'ਤੇ ਫੇਰ ਸੂਰਜ
ਤੇਰੀ ਪੈੜ ਮਿਟ ਰਹੀ ਹੈ
ਦਰ ਬੰਦ ਹੋ ਰਹੇ ਨੇ
ਸਿਰ ਸ਼ਾਮ ਪੈ ਰਹੀ ਹੈ
ਹੁਣ ਤੂੰ ਵੀ ਮੁੜ ਜਾ ਯਾਰਾ
ਮੇਰੇ ਸਿਰ ਕਜ਼ਾ ਖੜੀ ਹੈ
ਖ਼ਾਕ ਵਿਚ ਸੁਟਿਆ ਗਿਆ ਤਾਂ ਇਹ ਵੀ ਦੁਖ ਜਰਨਾ ਪਿਆ
ਮੇਰੇ ਵਿਚ ਵੀ ਫੁੱਲ ਨੇ ਮੈਨੂੰ ਵੀ ਸਿਧ ਕਰਨਾ ਪਿਆ
ਮੈਂ ਹਵਾ ਵਿਚ ਤਰਦਾ ਦੀਵਾ, ਤੇਰੇ ਘਰ ਮੇਰੀ ਉਡੀਕ
ਤੇਰੀ ਖ਼ਾਤਰ ਪੌਣ ਦੀ ਹਰ ਲਹਿਰ ਤੋਂ ਡਰਨਾ ਪਿਆ
ਜਿਸ ਦੀ ਖ਼ਾਤਰ ਦੁਖ ਜਰੇ, ਦਰਬਾਰ ਨੂੰ ਕੀਤਾ ਖ਼ਫ਼ਾ
ਉਸ ਦੇ ਦਰਬਾਰੀ ਬਣਨ ਦਾ ਦਰਦ ਵੀ ਜਰਨਾ ਪਿਆ।
ਫਿੱਕਾ ਫਿੱਕਾ ਹੋ ਗਿਆ ਸੀ ਦੋਸਤੋ ਸ਼ਾਮਾਂ ਦਾ ਰੰਗ
ਖੂਨ ਗੀਤਾਂ ਵਿਚ ਤਦੇ ਕੁਝ ਹੋਰ ਵੀ ਭਰਨਾ ਪਿਆ
ਮੁੱਦਤਾਂ ਤੋਂ ਉਸ 'ਚ ਕੋਈ ਕੰਵਲ ਨਈਂ ਸੀ ਉੱਗਿਆ
ਡੁਬ ਕੇ ਕਾਲੀ ਝੀਲ ਵਿਚ ਉਸ ਨੂੰ ਤਦੇ ਮਰਨਾ ਪਿਆ
ਨਾ ਤਾਂ ਮੈਂ ਤਾਰੇ ਚੜ੍ਹਾਏ ਨਾ ਮੈਂ ਸੂਰਜ ਡੋਬਿਆ
ਕਿਸ ਲਈ ਤੂੰ ਨਾਂਉਂ ਮੇਰਾ ਸ਼ਾਇਰਾਂ ਵਿਚ ਲਿਖ ਲਿਆ।
ਆ ਗਿਆ ਪਤਝੜ ਦਾ ਪਹਿਰਾ, ਮੈਂ ਨ ਉਸਨੂੰ ਰੋਕਿਆ,
ਮੈਂ ਤਾਂ ਸ਼ੀਸ਼ੇ ਵਿਚ ਬਦਲਦੇ ਰੰਗ ਹੀ ਤਕਦਾ ਰਿਹਾ
ਪੌੜੀਆਂ ਚੜ੍ਹ ਆਈ ਥੱਕੀ ਸ਼ਾਮ ਮੇਰੇ ਘਰ ਦੀਆਂ
ਜਿਸਮ ਦੀ ਢਲਵਾਨ ਤੋਂ ਦਿਨ ਭਰ ਦਾ ਸੂਰਜ ਡਿੱਗ ਪਿਆ
ਬਲਦੇ ਸੂਰਜ ਵਾਂਗ ਮੈਂ ਅਸਮਾਨ ਤੋਂ ਡਿਗਦਾ ਰਿਹਾ
ਸ਼ਹਿਰ ਨੇ ਮੈਨੂੰ ਤਮਾਸ਼ੇ ਵਾਂਗ ਕਈ ਦਿਨ ਦੇਖਿਆ
ਦੁਖ ਨਹੀਂ ਕਿ ਹਾਦਸਾ ਹੋਇਆ ਅਤੇ ਉਹ ਮਰ ਗਿਆ
ਦੁਖ ਤਾਂ ਹੈ ਕਿ ਹਾਦਸਾ ਕਿੰਨੇ ਵਰ੍ਹੇ ਹੁੰਦਾ ਰਿਹਾ
ਸੀ ਬਹੁਤ ਗਹਿਰੀ ਉਦਾਸੀ ਜੇ ਮੈਂ ਦਿਲ ਵਿਚ ਦੇਖਦਾ
ਇਸ ਲਈ ਮੈਂ ਸੱਖਣੇ ਅਸਮਾਨ ਵਲ ਤਕਦਾ ਰਿਹਾ,
ਓਸਦੀ ਰਗ ਰਗ 'ਚ ਅਪਣਾ ਖੂਨ ਨਾ ਮੈਂ ਵੇਖਿਆ
ਲਾਲ ਸੂਹੇ ਬਿਰਖ ਦੀ ਮੈਂ ਸ਼ਾਨ ਵਲ ਤਕਦਾ ਰਿਹਾ
ਅਪਣੇ ਤੋਂ ਤੇਰੀ ਦੋਸਤੀ ਤੀਕਰ
ਰੇਤ ਹੀ ਰੇਤ ਹੈ ਨਦੀ ਤੀਕਰ
ਮੌਤ ਰਸਤੇ 'ਚ ਮਿਲ ਗਈ ਸਾਨੂੰ
ਹਾਲੇ ਜਾਣਾ ਸੀ ਜ਼ਿੰਦਗੀ ਤੀਕਰ
ਰਸਤਾ ਅਪਣੇ ਲਹੂ 'ਚੋਂ ਜਾਂਦਾ ਹੈ
ਨਜ਼ਮਬਾਜ਼ੀ ਤੋਂ ਸ਼ਾਇਰੀ ਤੀਕਰ
ਅੱਗ ਦਾ ਇਲਜ਼ਾਮ ਲਾ ਕੇ ਲੈ ਗਏ ਉਹ
ਜਗਦੇ ਹੱਥਾਂ ਨੂੰ ਹਥਕੜੀ ਤੀਕਰ
ਦੇਖਦੇ ਹਾਂ ਕਿ ਕਿਹੜਾ ਜੂਨ ਦਾ ਦਿਨ
ਤਪਦਾ ਰਹਿੰਦਾ ਹੈ ਜਨਵਰੀ ਤੀਕਰ
ਏਨ੍ਹਾਂ ਹੇਠਾਂ ਨੂੰ ਜ਼ਹਿਰ ਨਾ ਦੇਣਾ
ਏਨ੍ਹਾਂ ਜਾਣਾ ਹੈ ਬੰਸਰੀ ਤੀਕਰ
ਅਪੜਦੇ ਹੱਥ ਹੋ ਗਏ ਮੈਲੇ
ਤੇਰੇ ਚਿਹਰੇ ਦੀ ਤਾਜ਼ਗੀ ਤੀਕਰ
ਧੂੰਆਂ ਬਣ ਕੇ ਜੇ ਪਹੁੰਚੇ ਕੀ ਪਹੁੰਚੇ
ਤੇਰੇ ਚਿਹਰੇ ਦੀ ਚਾਨਣੀ ਤੀਕਰ
ਅੰਨ੍ਹੇ ਯੁਗ ਨੂੰ ਪੁਚਾ ਦਿਓ ਯਾਰੋ
ਏਦ੍ਹੇ ਨੈਣਾਂ ਦੀ ਰੌਸ਼ਨੀ ਤੀਕਰ
ਆਪੋ ਵਿਚ ਘੁਲ ਕੇ ਬਣਦੇ ਨੇ ਸਾਰੇ
ਰੰਗ ਚਿੱਟੇ ਤੋਂ ਜਾਮਨੀ ਤੀਕਰ
ਕਿਸ਼ਤੀਆਂ ਨੇ ਥਲਾਂ 'ਚ ਪਈਆਂ ਨੇ
ਏਨ੍ਹਾਂ ਨੂੰ ਲੈ ਚਲੋ ਨਦੀ ਤੀਕਰ
ਲਫ਼ਜ਼ ਹਾਂ ਗਾਲੀਆਂ 'ਚ ਰੁਲਦੇ ਹਾਂ
ਸਾਨੂੰ ਲੈ ਜਾਓ ਸ਼ਾਇਰੀ ਤੀਕਰ
ਕਿਸੇ ਦਰ ਨਾ ਦੀਵਾ ਮਿਰੇ ਨਾਂ ਦਾ ਬਲਦਾ
ਹਵਾ ਨਾਲ ਕਿਸਦੇ ਸਹਾਰੇ ਮੈਂ ਲੜਦਾ
ਹਵਾਵਾਂ ਦੀ ਸਾਂ ਸਾਂ ਦਾ ਮਤਲਬ ਹੀ ਕੀ ਸੀ
ਜਦੋਂ ਮੇਰਾ ਪਿੰਜਰ ਸੀ ਰੇਤੇ 'ਚ ਸੜਦਾ
ਮੈਂ ਰੇਤੇ ਤੇ ਬਿਲਕੁਲ ਇਕੱਲਾ ਸਾਂ ਤੁਰਦਾ
ਤੇ ਰੇਤਾ 'ਚ ਮੇਰਾ ਕਬੀਲਾ ਸੀ ਗ਼ਲਦਾ
ਤੇਰੀ ਸਾਂਝ ਵੀ ਜੱਗ ਦੇ ਮੌਸਮ ਨਾ' ਪੈਂਦੀ
ਕੋਈ ਤੇਰੇ ਆਂਗਣ 'ਚ ਬੂਟਾ ਜੇ ਪਲਦਾ
ਪਿਆ ਹੀ ਰਿਹਾ ਖੂਨੀ ਜੰਗਲ 'ਚ ਹਾਸਾ
ਕਦੀ ਏਸ ਗਲ ਦਾ ਕਦੀ ਓਸ ਗਲ ਦਾ
ਮੇਰਾ ਜੀ ਕਰੇ ਮੈਂ ਸਮੁੰਦਰ ਹੋ ਜਾਵਾਂ
ਜਦੋਂ ਵੀ ਉਜਾੜਾਂ 'ਚ ਸੂਰਜ ਹੈ ਢਲਦਾ
ਜਿਸਮ ਅਪਣਾ ਰੂਹ ਲਈ ਸੂਲੀ ਜਿਹਾ ਕਿਉਂ ਹੋ ਗਿਆ
ਉਮਰ ਨੂੰ ਕੱਟਣਾ ਹੀ ਇਕ ਲੰਮੀ ਸਜ਼ਾ ਕਿਉਂ ਹੋ ਗਿਆ
ਹਾਲੇ ਤਾਂ ਕੁਝ ਕਹਿਣ ਨੂੰ ਉਹ ਤਰਸਦੇ ਸਨ ਮੁਨਸਿਫ਼ੋ
ਏਨੀ ਛੇਤੀ ਮੁਜਰਮਾਂ ਦਾ ਫ਼ੈਸਲਾ ਕਿਉਂ ਹੋ ਗਿਆ
ਮੈਂ ਨਿਪੱਤਰਾ ਕਹਿ ਕੇ ਮਾਰੀ ਵਾਜ ਆਪਣੇ ਆਪ ਨੂੰ
ਚੱਕ ਵਿਚ ਲੋਕਾਂ ਦਾ ਇਹ ਝੁਰਮਟ ਖੜਾ ਕਿਉਂ ਹੋ ਗਿਆ
ਕਿਉਂ ਕਿਤੇ ਮਿਲਦਾ ਨਹੀਂ ਘੁਟ ਮੋਹ ਦਾ ਪਾਣੀ ਪੀਣ ਨੂੰ
ਹਰ ਨਗਰ ਹਰ ਸ਼ਹਿਰ ਹੀ ਹੁਣ ਕਰਬਲਾ ਕਿਉਂ ਹੋ ਗਿਆ
ਕਿਉਂ ਮੇਰੀ ਆਤਮ-ਕਥਾ ਵਿਚ ਸੁਬਹ ਦਾ ਸੂਰਜ ਨਹੀਂ
ਮੇਰਾ ਜੀਵਨ ਏਨੀ ਲੰਮੀ ਸੰਧਿਆ ਕਿਉਂ ਹੋ ਗਿਆ
ਏਦਾਂ ਰੰਗ ਵਟਾਉਂਦਾ ਤੇਰਾ ਚਿਹਰਾ ਰੋਜ਼ ਰਿਹਾ
ਨਾ ਮੈਂ ਤੈਨੂੰ ਤਜ ਸਕਿਆ ਤੇ ਨਾ ਸਕਿਆ ਅਪਣਾ
ਇਸ ਮੌਸਮ ਦਾ ਨਾਮ ਕੀ ਰੱਖੀਏ ਮਾਰੀਏ ਵਾਜ ਕਿਵੇਂ
ਏਹੀ ਸੋਚਦਿਆਂ ਨੂੰ ਯਾਰੋ ਮੌਸਮ ਬੀਤ ਗਿਆ
ਤੇਰੇ ਕੇਸ ਧੁਆਂਖੇ, ਮੇਰੇ ਹੱਥ ਗਏ ਪਥਰਾ
ਡਾਲੀ ਉੱਤੇ ਲੱਗਾ ਸੂਹਾ ਫੁੱਲ ਗਿਆ ਮੁਰਝਾ
ਜਦ ਚੁੰਮਿਆ ਅਗ ਬਣ ਕੇ ਚੁੰਮਿਆ ਨੀਰ ਨਾ ਬਣਿਆ ਮੈਂ
ਕਿਹੜੇ ਮੂੰਹੋਂ ਆਖਾਂ ਤੈਨੂੰ ਅੜੀਏ ਨਾ ਕੁਮਲਾ
ਮੈਂ ਕਦ ਕਿਸ ਨੂੰ ਛਾਂ ਕੀਤੀ. ਮੈਂ ਕਦ ਬਣਿਆ ਦਰਿਆ
ਹੁਣ ਕੀ ਰੋਸ ਜੇ ਯਾਰਾਂ ਦੇ ਵੀ ਨੈਣ ਗਏ ਪਥਰਾ
ਅਜੀਬ ਮੋੜ ਤੇ ਸਾਹਾਂ ਦਾ ਕਾਫ਼ਲਾ ਆਇਆ
ਕਿ ਮੇਰੇ ਖੂਨ ਦਾ ਪਿਆਸਾ ਹੈ ਮੇਰਾ ਹੀ ਸਾਇਆ
ਕਿਤੇ ਨ ਕਤਲ ਦਾ ਇਲਜ਼ਾਮ ਸਿਰ ਤੇ ਆ ਜਾਵੇ
ਤੜਫ਼ਦੀ ਲਾਸ਼ ਰਹੀ ਪਰ ਕਿਸੇ ਨੇ ਹੱਥ ਲਾਇਆ
ਅਦਬ ਸੀ ਜਸ਼ਨ ਦਾ, ਤਾਂ ਹੀ ਨਾ ਨੈਣ ਛਲਕਾਏ
ਤੁਹਾਡੇ ਜਸ਼ਨ ਵਿਚ ਦਿਲ ਤਾਂ ਮੇਰਾ ਸੀ ਭਰ ਆਇਆ
ਉਦਾਸ ਰਾਤ ਹੈ ਚੁਪ ਇਉਂ ਕਿ ਝੰਗ ਤੀਕ ਸੁਣੇ
ਕਲੀਰਾ ਯਾਰ ਦਾ ਅੱਜ ਖੇੜਿਆਂ 'ਚ ਛਣਕਾਇਆ
ਬਦਨ 'ਚੋ ਨਿਕਲ ਕੇ ਉਡਿਆ ਜਾਂ ਜਾਨ ਦਾ ਪੰਛੀ
ਹਜ਼ਾਰਾਂ ਪੰਛੀਆਂ ਝੁਰਮਟ ਬਦਨ ਨੂੰ ਆ ਪਾਇਆ
ਅਜਕਲ ਸਾਡੇ ਅੰਬਰ ਉਤੇ ਚੜ੍ਹਦਾ ਚੰਨ ਚਵਾਨੀ
ਕਾਹਦਾ ਮਾਣ ਦਵਾਨੀ ਪਿੱਛੇ ਚੱਲੀ ਬੀਤ ਜਵਾਨੀ
ਮੰਗਲ ਸੂਤਰ ਦੇ ਵਿਚ ਕਿਹੜਾ ਡਕ ਸਕਦਾ ਏ ਨਦੀਆਂ
ਕਿਹੜਾ ਪਾ ਸਕਦਾ ਏ ਚੰਦਰੇ ਮਨ-ਪੰਛੀ ਗਲ ਗਾਨੀ
ਟਪ ਜਾਂਦੀ ਹੈ ਹੱਦਾਂ ਬੰਨੇ ਹੜ੍ਹ ਦੀ ਤੇਜ਼ ਰਵਾਨੀ
ਰੁਲਦੀ ਰਹਿ ਜਾਏ ਖੁਰੀਆਂ ਵਾਂਗੂੰ ਪਿਛਲੀ ਪਿਆਰ-ਨਿਸ਼ਾਨੀ
ਪਹਿਲਾਂ ਜੋ ਵੀ ਦਿਲ ਵਿਚ ਆਇਆ ਗੋਂਦੀ ਸੀ ਸ਼ਹਿਨਾਈ
ਫਿਰ ਸ਼ਹਿਨਾਈ ਦੇ ਗਲ ਅੰਦਰ ਫਸ ਗਈ ਇਕ ਅਠਿਆਨੀ
ਓਹੀ ਵਿਚ ਕਲੇਜੇ ਲੱਗੀ, ਉਸ ਦੀ ਕਲਮ ਬਣਾਈ
ਜਿਹੜੀ ਮਿਰਜ਼ੇ ਜੱਟ ਨੇ ਮਾਰੀ ਵਿਚ ਅਸਮਾਨ ਦੇ ਕਾਨੀ
ਡੁੱਬ ਚੁੱਕਿਆਂ ਦੀ ਫੇਰ ਕਥਾ ਕਿਉਂ ਛੇੜ ਲਈ
ਹੁਣ ਤਾਂ ਦਿਲ ਦਰਿਆ ਵਗਦਾ ਸੀ ਸ਼ਾਂਤਮਈ
ਕਾਲੀ ਰਾਤ ਦੀਆਂ ਫੌਜਾਂ ਨਾ ਲੜਨ ਲਈ
ਮੈਂ ਵੀ ਆ ਪਹੁੰਚਾ ਹਾਂ ਅਪਣਾ ਸਾਜ਼ ਲਈ
ਹੋਵੇ ਪੇਸ਼ ਸਵੇਰਾ ਸੂਰਜ ਦਾ ਜਾਇਆ
ਨ੍ਹੇਰੇ ਦੇ ਦਰਬਾਰ 'ਚ ਮੈਨੂੰ ਹਾਕ ਪਈ
ਸੁੱਕੇ ਪੀਲੇ ਰੁੱਖ ਸਫ਼ਾਈ ਮੇਰੀ ਵਿਚ
ਤੁਰ ਕੇ ਔਂਦੇ ਕਿੰਜ ਗਵਾਹੀ ਦੇਣ ਲਈ
ਏਨਾ ਉੱਚਾ ਤਖ਼ਤ ਸੀ ਅਦਲੀ ਰਾਜੇ ਦਾ
ਮਜ਼ਲੂਮਾਂ ਦੀ ਉਮਰ ਹੀ ਰਾਹ ਵਿਚ ਬੀਤ ਗਈ
ਮਾਪਣ ਨੂੰ ਗਹਿਰਾਈ ਮੇਰੀਆਂ ਸੋਚਾਂ ਦੀ
ਮੇਰੀ ਹਿਕ ਵਿਚ ਤੇਗ ਉਨ੍ਹਾਂ ਨੇ ਡੋਬ ਲਈ
ਏਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ
ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ
ਸਿਰ 'ਤੇ ਤੂਫ਼ਾਨ ਕਦੀ ਐਸਾ ਵੀ ਝੁਲ ਜਾਂਦਾ ਏ
ਜਾਣੇ ਪਹਿਚਾਣੇ ਨਗਰ ਆਦਮੀ ਭੁਲ ਜਾਂਦਾ ਏ
ਜਾਨ ਹੈ ਦਰਦ-ਭਰੀ, ਸੋਗਮਈ. ਦੁਖ-ਦੇਣੀ
ਵਾਰ ਵੀ ਦੇਵਾਂ ਜੇ ਤਾਂ ਮੇਰਾ ਕੀ ਮੁਲ ਜਾਂਦਾ ਏ
ਜਿਸ ਦਾ ਡਰ ਹੁੰਦਾ ਏ, ਉਹ ਬਾਤ ਜਦੋਂ ਹੋ ਜਾਵੇ
ਸੌਖ ਹੋ ਜਾਂਦੀ ਏ ਦਰ ਚੈਨ ਦਾ ਖੁੱਲ੍ਹ ਜਾਂਦਾ ਏ
ਚੁੱਕੀ ਫਿਰਦਾ ਏ ਬੜਾ ਭਾਰ ਸਦਾਚਾਰਾਂ ਦਾ
ਆਦਮੀ ਖੂਨ ਦੀ ਇਕ ਲਹਿਰ ਤੋਂ ਤੁਲ ਜਾਂਦਾ ਏ
ਡੁੱਬਣੋਂ ਬਚ ਜਾਂਦਾ ਏ ਇਉਂ ਜਾਨ ਦਾ ਬੇੜਾ ਯਾਰੋ
ਬੋਝ ਲਹਿ ਜਾਂਦਾ ਏ ਇਕ ਹੰਝੂ ਜੇ ਡੁੱਲ੍ਹ ਜਾਂਦਾ ਏ
ਆਦਮੀ ਮੌਤ ਦੇ ਵੱਲ ਜਾਂਦਾ ਏ ਹੌਲੀ ਹੌਲੀ
ਚੰਦ-ਮੁੱਖ ਰੇਤ 'ਚ ਰਲ ਜਾਂਦਾ ਏ ਹੌਲੀ ਹੌਲੀ
ਇਸ ਤਰ੍ਹਾਂ ਜਾਲ ਜਿਹਾ ਬੁਣਦੀ ਏ ਪਰਦਾਦਾਰੀ
ਅਰਥ ਨੂੰ ਸ਼ਬਦ ਨਿਗਲ ਜਾਂਦਾ ਏ ਹੌਲੀ ਹੌਲੀ
ਬਣ ਕੇ ਜ਼ੰਜੀਰ ਲਈ ਮੌਤ ਜੁ ਉਠਦਾ ਲੋਹਾ
ਉਹ ਵੀ ਜ਼ੰਜੀਰ 'ਚ ਢਲ ਜਾਂਦਾ ਏ ਹੌਲੀ ਹੌਲੀ
ਪਹਿਲਾਂ ਬਚਪਨ ਫੇ ਜਵਾਨੀ, ਫਿਰ ਅਰਥੀ ਜਾਵੇ
ਆਦਮੀ ਘਰ 'ਚੋਂ ਨਿਕਲ ਜਾਂਦਾ ਏ ਹੌਲੀ ਹੌਲੀ
ਪਹਿਲਾਂ ਕੰਬਦਾ ਏ ਬਹੁਤ ਵੇਗ 'ਚ ਪੱਤੇ ਵਾਂਗੂੰ
ਫੇਰ ਦਿਲ ਆਪੇ ਸੰਭਲ ਜਾਂਦਾ ਏ ਹੌਲੀ ਹੌਲੀ
ਮੇਰੇ ਹੱਥਾਂ 'ਚ ਫੁਲ ਮਨ ਵਿਚ ਬਦੀ ਸੀ
ਬੁਝੀ ਸੀ ਰੂਹ ਤੇ ਕਾਇਆ ਸੁਲਗਦੀ ਸੀ
ਉਤਾਰੇ ਵੇਸ ਜਦ ਉਸਨੇ ਮੈਂ ਤੱਕਿਆ
ਮੇਰੇ ਸਾਹਵੇਂ ਬਦਨ ਦੀ ਥਾਂ ਨਦੀ ਸੀ
ਬਦਨ ਦੇ ਪਾਣੀਆਂ ਵਿਚ ਲਹਿਰ ਹੋ ਕੇ
ਅਸਲ ਵਿਚ ਓਸ ਦੀ ਰੂਹ ਤੜਪਦੀ ਸੀ
ਉਹ ਉਸਦਾ ਜ਼ਖ਼ਮ ਸੀ, ਉਸਦੀ ਤ੍ਰਿਖਾ ਸੀ
ਜੁ ਆਖਣ ਨੂੰ ਬੁਰਾਈ ਸੀ, ਬਦੀ ਸੀ
ਉਹ ਬੈਠੀ ਸ਼ਬਦ-ਕੋਸ਼ਾਂ ਦੇ ਵਿਚਾਲੇ
ਕਿਸੇ ਦੇ ਇਕ ਸੁਖ਼ਨ ਨੂੰ ਤਰਸਦੀ ਸੀ
ਸਮੁੰਦਰ ਦੀ ਮਹਾਂ-ਪੁਸਤਕ ਦੇ ਵਰਕੇ
ਹਵਾ ਚੰਨ ਚਾਨਣੀ ਵਿਚ ਪਰਤਦੀ ਸੀ
ਸਮੁੰਦਰ ਸੀ ਨਮਕ ਤੇ ਜ਼ਖਮ ਵੀ ਸੀ
ਤਦੇ ਹਰ ਲਹਿਰ ਏਦਾਂ ਤੜਪਦੀ ਸੀ
ਤੇਰੀ ਅਣਹੋਂਦ ਵਿਚ ਹਰ ਲਹਿਰ ਸ਼ਾਇਦ
ਮਚਲਦੀ ਵੀ ਤੜਪਦੀ ਜਾਪਦੀ ਸੀ
ਕਦੀ ਸਲੀਬ ਕਦੀ ਬਿਰਖ ਤੇ ਕਦੀ ਦਰਿਆ
ਤੂੰ ਮੇਰੀ ਸੋਚ 'ਚ ਕਿਸ ਕਿਸ ਨ ਸ਼ੈ ਦਾ ਰੂਪ ਲਿਆ
ਜਦੋਂ ਮੈਂ ਬਿਰਖ ਸਾਂ ਉਸ ਪਲ ਤਾਂ ਬਣ ਸਕੀ ਨਾ ਤੂੰ
ਜਦੋਂ ਚਿਰਾਗ਼ ਮੈਂ ਬਣਿਆ, ਬਣੀ ਤੂੰ ਤੇਜ਼ ਹਵਾ
ਤੇਰੇ ਤੇ ਮੇਰੇ ਵਿਚਾਲੇ ਨਦੀ ਸੀ ਰੋਲੇ ਦੀ
ਮੈਂ ਅਪਣੇ ਗੀਤਾਂ ਦਾ ਇਕ ਪੁਲ ਬਣਾ ਨਹੀਂ ਸਕਿਆ
ਉਠਾ ਹੀ ਸਕਿਆ ਨ ਤੂੰ ਮੇਰੇ ਦਿਲ ਦੀਆਂ ਪਰਤਾਂ
ਉਨ੍ਹਾਂ ਦੇ ਹੇਠ ਸੀ ਤੇਰਾ ਹੀ ਨਾਮ ਲਿਖਿਆ ਪਿਆ
ਸੀ ਸਮਝਦਾਰ ਬੜਾ ਸਾਡੇ ਦੌਰ ਦਾ ਸੂਰਜ
ਕਿ ਦਿਨ ਚੜ੍ਹੇ ਤਾਂ ਚੜ੍ਹਾਂ ਇੰਤਜ਼ਾਰ ਕਰਦਾ ਰਿਹਾ
ਮੈਂ ਖੁਸ਼ ਵੀ ਹੋਇਆ ਜ਼ਰਾ ਤੇ ਉਦਾਸਿਆ ਵੀ ਬਹੁਤ
ਜੁ ਪੱਲੂ ਤੇਰਾ ਮੇਰੇ ਕੰਡਿਆਂ ਚੋਂ ਨਿਕਲ ਗਿਆ
ਜ਼ਰਾ ਸੁਣੀਂ ਤਾਂ ਸਹੀ, ਇਸ ਤਰ੍ਹਾਂ ਨਹੀਂ ਲਗਦਾ
ਜਿਵੇਂ ਕਲੇਜੇ 'ਚ ਛੁਪਕੇ ਹੈ ਕੋਈ ਸਿਸਕ ਰਿਹਾ
ਅਜੀਬ ਸਾਜ਼ ਸੀ ਜੋ ਵਿਚ ਸਿਵੇ ਦੇ ਸੜ ਕੇ ਵੀ
ਉਦਾਸ ਰਾਤ ਦੀ ਕਾਲੀ ਹਵਾ 'ਚ ਵੱਜਦਾ ਰਿਹਾ
ਪੈੜ ਦਾ ਹਰਫ਼ ਕਦੋਂ ਥਲ 'ਤੇ ਲਿਖਣ ਦੇਂਦਾ ਏ
ਰੇਤ ਦਾ ਸੇਕ ਕਦੋਂ ਪੈਰ ਟਿਕਣ ਦੇਂਦਾ ਏ
ਤੋੜ ਲੈ ਜਾਣਗੇ ਲੋਕੀਂ ਜੇ ਨਾ ਤੋੜੇਗੀ ਹਵਾ
ਕੌਣ ਫੁੱਲਾਂ ਨੂੰ ਘੜੀ ਪਹਿਰ ਟਿਕਣ ਦੇਂਦਾ ਏ
ਡੋਬ ਲੈਂਦਾ ਏ ਕਲੇਜੇ ਵਿਚ ਖੰਜਰ ਵਾਂਗੂੰ
ਦਰਦ ਸੂਰਜ ਨੂੰ ਕਦੋਂ ਐਵੇਂ ਮਿਟਣ ਦੇਂਦਾ ਏ
ਖ਼ਾਕ ਕਰ ਦਿੰਦੀ ਏ ਬੰਦੇ ਨੂੰ ਸਹੀ ਮੁੱਲ ਦੀ ਤਲਾਸ਼
ਕੌਣ ਆਪੇ ਨੂੰ ਉਰ੍ਹਾਂ ਉਸ ਤੋਂ ਵਿਕਣ ਦੇਂਦਾ ਏ
ਇਹ ਜੁ ਦੀਵਾਰਾਂ ਨੇ ਇਹ ਤ੍ਰੇੜਾਂ ਲਈ ਵਰਕੇ ਨੇ
ਸਾਨੂੰ ਏਨ੍ਹਾਂ ਤੇ ਗ਼ਜ਼ਲ ਕੌਣ ਲਿਖਣ ਦੇਂਦਾ ਏ
ਦੂਰ ਜੇਕਰ ਅਜੇ ਸਵੇਰਾ ਹੈ
ਇਸ 'ਚ ਕਾਫ਼ੀ ਕਸੂਰ ਮੇਰਾ ਹੈ
ਮੈਂ ਕਿਵੇਂ ਕਾਲੀ ਰਾਤ ਨੂੰ ਕੋਸਾਂ
ਮੇਰੇ ਦਿਲ ਵਿਚ ਹੀ ਜਦ ਹਨ੍ਹੇਰਾ ਹੈ
ਮੈਂ ਚੁਰਾਹੇ 'ਚ ਜੇ ਜਗਾਂ ਤਾਂ ਕਿਵੇਂ
ਮੇਰੇ ਘਰ ਦਾ ਵੀ ਇਕ ਬਨੇਰਾ ਹੈ
ਘਰ 'ਚ ਨ੍ਹੇਰਾ ਬਹੁਤ ਨਹੀਂ ਤਾਂ ਵੀ
ਮੇਰੀ ਲੋ ਵਾਸਤੇ ਬਥੇਰਾ ਹੈ
ਤੂੰ ਘਰਾਂ ਦਾ ਹੀ ਸਿਲਸਿਲਾ ਹੈਂ ਪਰ
ਐ ਨਗਰ, ਕਿਸ ਨੂੰ ਫ਼ਿਕਰ ਤੇਰਾ ਹੈ
ਦਿਲ 'ਚ ਰਹਿ ਰਹਿ ਕੇ ਕਿਸੇ ਦਾ ਜੋ ਖ਼ਿਆਲ ਆਉਂਦਾ ਏ
ਇਹ ਬੁਰੀ ਗੱਲ ਏ ਖ਼ਿਆਲ ਇਹ ਵੀ ਤਾਂ ਨਾਲ ਆਉਂਦਾ ਏ
ਮੈਂ ਹਾਂ ਉਹ ਨੀਂਦ-ਨਦੀ ਜਿਸ 'ਚ ਨੇ ਐਸੇ ਸੁਫ਼ਨੇ
ਖ਼ੌਫ਼ ਆਉਂਦਾ ਏ ਜਦੋਂ ਕੰਢੇ 'ਤੇ ਜਾਲ ਆਉਂਦਾ ਏ
ਹੈ ਬਹੁਤ ਉਚਾ ਸਦਾਚਾਰ ਦਾ ਗੁੰ ਬਦ ਫਿਰ ਵੀ
ਡੁੱਬ ਹੀ ਜਾਂਦਾ ਏ ਜਦ ਮਨ 'ਚ ਉਛਾਲ ਆਉਂਦਾ ਏ
ਕੀ ਤੇਰਾ ਮਨ ਵੀ ਹੈ ਬੇਸਿਦਕ ਮੇਰੇ ਮਨ ਵਰਗਾ
ਕੰਬ ਜਾਂਦਾ ਹਾਂ ਜਦੋਂ ਮਨ 'ਚ ਸਵਾਲ ਆਉਂਦਾ ਏ
ਅਪਣਿਆਂ ਹੱਥਾਂ ਦੇ ਹੀ ਲਾਏ ਹੋਏ ਬੂਟੇ, ਬੰਦਾ
ਬਾਲ ਲੈਂਦਾ ਏ ਇਕ ਐਸਾ ਵੀ ਸਿਆਲ ਆਉਂਦਾ ਏ
ਅੰਤਿਕਾ
ਇਹ ਉਦਾਸੀ, ਧੁੰਦ, ਇਹ ਸਭ ਕੁਝ ਕਿ ਜੋ ਚੰਗਾ ਨਹੀਂ
ਮੈਂ ਉਦੈ ਹੋਣਾ, ਸਦਾ ਇਸ ਵਿਚ ਘਿਰੇ ਰਹਿਣਾ ਨਹੀਂ
ਕੁਫ਼ਰ, ਬਦੀਆਂ, ਖ਼ੌਫ਼ ਕੀ ਕੀ ਏਸ ਵਿਚ ਘੁਲਿਆ ਪਿਆ
ਮੇਰੇ ਦਿਲ ਦਰਿਆ ਤੋਂ ਵਧ ਦਰਿਆ ਕੋਈ ਗੰਧਲਾ ਨਹੀਂ
ਮੈਂ ਦਲੀਲਾਂ ਦੇ ਰਿਹਾ ਹਾਂ, ਖਪ ਰਿਹਾਂ, ਕੁਰਲਾ ਰਿਹਾ
ਪਰ ਅਜੇ ਰੂਹ ਦੀ ਅਦਾਲਤ ਚੋਂ ਬਰੀ ਹੋਇਆ ਨਹੀਂ
ਅਚਨਚੇਤੀ ਮੇਰੇ ਦਿਲ ਵਿਚ ਸੁਲਗ ਉਠਦਾ ਹੈ ਕਦੇ
ਹਾਲੇ ਤਕ ਮਕਤੂਲ ਮੇਰੇ ਦਾ ਸਿਵਾ ਠਰਿਆ ਨਹੀਂ
ਸ਼ੁਹਰਤਾਂ ਦੇ ਮੋਹ ਅਤੇ ਬਦਨਾਮੀਆਂ ਦੇ ਖ਼ੌਫ਼ ਤੋਂ
ਮੁਕਤ ਹੋ ਕੇ ਮੈਂ ਅਜੇ ਸਫ਼ਿਆਂ 'ਤੇ ਵਿਛ ਸਕਿਆ ਨਹੀਂ
ਮੇਰੀ ਰਚਨਾ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਦੀਵਾਰ 'ਤੇ
ਬੂਹਿਆਂ ਦੀਆਂ ਮੂਰਤਾਂ ਨੇ, ਪਰ ਕੋਈ ਬੂਹਾ ਨਹੀਂ
ਰੁੱਖ ਦੀਆਂ ਲਗਰਾਂ ਨੇ ਐਵੇਂ ਵਿਚ ਹਵਾ ਦੇ ਕੰਬਦੀਆਂ
ਇਹ ਕਿਸੇ ਥਾਂ ਜਾਣ ਦਾ ਕੋਈ ਦਸਦੀਆਂ ਰਸਤਾ ਨਹੀਂ
ਅਗਲਿਆਂ ਰਾਹਾਂ ਦਾ ਡਰ. ਇਸ ਥਾਂ ਦਾ ਮੋਹ, ਇਕ ਇੰਤਜ਼ਾਰ
ਬਿਰਖ ਤੋਂ ਬੰਦਾਂ ਅਜੇ ਤਕ ਹਾਇ ਮੈਂ ਬਣਿਆ ਨਹੀਂ
ਸ਼ੋਰ ਦੇ ਦਰਿਆ 'ਤੇ ਪੁਲ ਹੈ ਬੰਸਰੀ ਦੀ ਹੂਕ, ਪਰ
ਬੋਝ ਦਿਲ 'ਤੇ ਹੈ ਜੋ ਇਸ ਤੋਂ ਝੱਲਿਆ ਜਾਣਾ ਨਹੀਂ
ਲਾਟ ਬਣ ਜਗਿਆ ਨਹੀਂ, ਧੁਖਣੋਂ ਵੀ ਪਰ ਹਟਿਆ ਨਹੀਂ
ਦਿਲ ਤੋਂ ਮੈਂ ਏਸੇ ਲਈ ਮਾਯੂਸ ਵੀ ਹੋਇਆ ਨਹੀਂ
ਤੇਰਿਆਂ ਰਾਹਾਂ ਤੇ ਗੁੜ੍ਹੀ ਛਾਂ ਤਾਂ ਬਣ ਸਕਦਾ ਹਾਂ ਮੈਂ
ਮੰਨਿਆ ਸੂਰਜ ਦੇ ਰਸਤੇ ਨੂੰ ਬਦਲ ਸਕਦਾ ਨਹੀਂ
ਉਹ ਨੇ ਭੁੱਖੇ ਤੇ ਉਨ੍ਹਾਂ ਨੂੰ ਭੁੱਖਿਆਂ ਦਾ ਖ਼ੌਫ਼ ਹੈ
ਨੀਂਦ ਇਸ ਨਗਰੀ 'ਚ ਕੋਈ ਚੈਨ ਦੀ ਸੌਂਦਾ ਨਹੀਂ
ਮੈਨੂੰ ਇਸ ਦੀ ਪਿਆਸ ਦਾ ਅਹਿਸਾਸ ਹੈ ਪਰ ਫੇਰ ਵੀ
ਮਾਰੂਥਲ 'ਤੇ ਕਿਣਮਿਣੀ ਦਾ ਕਾਵਿ ਲਿਖ ਸਕਿਆ ਨਹੀਂ
ਮੈਂ ਕਿਵੇਂ ਰਾਤਾਂ ਦੇ ਅੰਦਰ ਗਰਕ ਹੋ ਜਾਂਦਾ ਰਿਹਾ
ਕੁਝ ਤੁਹਾਡੇ ਤੋਂ ਤਾਂ, ਮੇਰੇ ਸੂਰਜੋ, ਛੁਪਿਆ ਨਹੀਂ
ਰਾਤ ਦੀ ਸਰਹਦ 'ਤੇ ਹੀ ਅਕਸਰ ਜ਼ਿਬਹ ਕੀਤੇ ਗਏ
ਦਿਨ ਦਾ ਦਰਵਾਜ਼ਾ ਅਜੇ ਖ਼ਾਬਾਂ ਲਈ ਖੁੱਲ੍ਹਾ ਨਹੀਂ
ਖ਼ੌਫ਼ ਸੀ ਇਕ ਹੋਰ ਹੀ ਸੰਸਾਰ ਵਿਚ ਗੁੰਮ ਜਾਣ ਦਾ
ਇਸ ਲਈ ਮੈਂ ਮਨ ਦੇ ਵਿਚ ਗਹਿਰਾ ਉਤਰ ਸਕਿਆ ਨਹੀਂ
ਤੂੰ ਦਿਨਾਂ ਦੇ ਦੇਸ ਦਾ ਵਾਸੀ ਹੈਂ, ਅੱਗੇ ਰਾਤ ਹੈ
ਸ਼ਾਮ ਹੈ, ਰੁਕ ਜਾ, ਇਹ ਕੋਈ ਜਾਣ ਦਾ ਵੇਲਾ ਨਹੀਂ
ਅੰਨ੍ਹੀਆਂ ਇੱਛਾਵਾਂ ਦਾ ਜੰਗਲ ਹੈ ਤੇ ਪਾਗਲ ਹਵਾ
ਦਿਲ 'ਚ ਰੱਖੀਂ ਦੀਵਿਆਂ ਦੀ ਯਾਦ, ਜੇ ਰੁਕਣਾ ਨਹੀਂ
ਦੀਵਿਆਂ ਦੀ ਯਾਦ ਹਾਂ ਬਸ ਯਾਦ ਹੀ ਕੰਮ ਆਏਗੀ
ਦੀਵਿਆਂ ਨੇ ਆਪ ਤਾਂ ਇਸ ਤੋਂ ਅਗਾਂਹ ਜਗਣਾ ਨਹੀਂ
ਚੁੱਪ ਗਹਿਰੀ ਹੋ ਗਈ ਹੈ ਹੁਣ ਤਾਂ ਮੇਰੇ ਗੀਤ ਤੋਂ
ਅਲਵਿਦਾ ਸ਼ਬਦੋ ਕਿ ਹੁਣ ਕੁਝ ਬੋਲਣਾ ਬਣਦਾ ਨਹੀਂ