ਕਦੀ ਸਲੀਬ ਕਦੀ ਬਿਰਖ ਤੇ ਕਦੀ ਦਰਿਆ
ਤੂੰ ਮੇਰੀ ਸੋਚ 'ਚ ਕਿਸ ਕਿਸ ਨ ਸ਼ੈ ਦਾ ਰੂਪ ਲਿਆ
ਜਦੋਂ ਮੈਂ ਬਿਰਖ ਸਾਂ ਉਸ ਪਲ ਤਾਂ ਬਣ ਸਕੀ ਨਾ ਤੂੰ
ਜਦੋਂ ਚਿਰਾਗ਼ ਮੈਂ ਬਣਿਆ, ਬਣੀ ਤੂੰ ਤੇਜ਼ ਹਵਾ
ਤੇਰੇ ਤੇ ਮੇਰੇ ਵਿਚਾਲੇ ਨਦੀ ਸੀ ਰੋਲੇ ਦੀ
ਮੈਂ ਅਪਣੇ ਗੀਤਾਂ ਦਾ ਇਕ ਪੁਲ ਬਣਾ ਨਹੀਂ ਸਕਿਆ
ਉਠਾ ਹੀ ਸਕਿਆ ਨ ਤੂੰ ਮੇਰੇ ਦਿਲ ਦੀਆਂ ਪਰਤਾਂ
ਉਨ੍ਹਾਂ ਦੇ ਹੇਠ ਸੀ ਤੇਰਾ ਹੀ ਨਾਮ ਲਿਖਿਆ ਪਿਆ
ਸੀ ਸਮਝਦਾਰ ਬੜਾ ਸਾਡੇ ਦੌਰ ਦਾ ਸੂਰਜ
ਕਿ ਦਿਨ ਚੜ੍ਹੇ ਤਾਂ ਚੜ੍ਹਾਂ ਇੰਤਜ਼ਾਰ ਕਰਦਾ ਰਿਹਾ
ਮੈਂ ਖੁਸ਼ ਵੀ ਹੋਇਆ ਜ਼ਰਾ ਤੇ ਉਦਾਸਿਆ ਵੀ ਬਹੁਤ
ਜੁ ਪੱਲੂ ਤੇਰਾ ਮੇਰੇ ਕੰਡਿਆਂ ਚੋਂ ਨਿਕਲ ਗਿਆ
ਜ਼ਰਾ ਸੁਣੀਂ ਤਾਂ ਸਹੀ, ਇਸ ਤਰ੍ਹਾਂ ਨਹੀਂ ਲਗਦਾ
ਜਿਵੇਂ ਕਲੇਜੇ 'ਚ ਛੁਪਕੇ ਹੈ ਕੋਈ ਸਿਸਕ ਰਿਹਾ
ਅਜੀਬ ਸਾਜ਼ ਸੀ ਜੋ ਵਿਚ ਸਿਵੇ ਦੇ ਸੜ ਕੇ ਵੀ
ਉਦਾਸ ਰਾਤ ਦੀ ਕਾਲੀ ਹਵਾ 'ਚ ਵੱਜਦਾ ਰਿਹਾ