ਮੈਨੂੰ ਇਸ ਦੀ ਪਿਆਸ ਦਾ ਅਹਿਸਾਸ ਹੈ ਪਰ ਫੇਰ ਵੀ
ਮਾਰੂਥਲ 'ਤੇ ਕਿਣਮਿਣੀ ਦਾ ਕਾਵਿ ਲਿਖ ਸਕਿਆ ਨਹੀਂ
ਮੈਂ ਕਿਵੇਂ ਰਾਤਾਂ ਦੇ ਅੰਦਰ ਗਰਕ ਹੋ ਜਾਂਦਾ ਰਿਹਾ
ਕੁਝ ਤੁਹਾਡੇ ਤੋਂ ਤਾਂ, ਮੇਰੇ ਸੂਰਜੋ, ਛੁਪਿਆ ਨਹੀਂ
ਰਾਤ ਦੀ ਸਰਹਦ 'ਤੇ ਹੀ ਅਕਸਰ ਜ਼ਿਬਹ ਕੀਤੇ ਗਏ
ਦਿਨ ਦਾ ਦਰਵਾਜ਼ਾ ਅਜੇ ਖ਼ਾਬਾਂ ਲਈ ਖੁੱਲ੍ਹਾ ਨਹੀਂ
ਖ਼ੌਫ਼ ਸੀ ਇਕ ਹੋਰ ਹੀ ਸੰਸਾਰ ਵਿਚ ਗੁੰਮ ਜਾਣ ਦਾ
ਇਸ ਲਈ ਮੈਂ ਮਨ ਦੇ ਵਿਚ ਗਹਿਰਾ ਉਤਰ ਸਕਿਆ ਨਹੀਂ
ਤੂੰ ਦਿਨਾਂ ਦੇ ਦੇਸ ਦਾ ਵਾਸੀ ਹੈਂ, ਅੱਗੇ ਰਾਤ ਹੈ
ਸ਼ਾਮ ਹੈ, ਰੁਕ ਜਾ, ਇਹ ਕੋਈ ਜਾਣ ਦਾ ਵੇਲਾ ਨਹੀਂ
ਅੰਨ੍ਹੀਆਂ ਇੱਛਾਵਾਂ ਦਾ ਜੰਗਲ ਹੈ ਤੇ ਪਾਗਲ ਹਵਾ
ਦਿਲ 'ਚ ਰੱਖੀਂ ਦੀਵਿਆਂ ਦੀ ਯਾਦ, ਜੇ ਰੁਕਣਾ ਨਹੀਂ
ਦੀਵਿਆਂ ਦੀ ਯਾਦ ਹਾਂ ਬਸ ਯਾਦ ਹੀ ਕੰਮ ਆਏਗੀ
ਦੀਵਿਆਂ ਨੇ ਆਪ ਤਾਂ ਇਸ ਤੋਂ ਅਗਾਂਹ ਜਗਣਾ ਨਹੀਂ
ਚੁੱਪ ਗਹਿਰੀ ਹੋ ਗਈ ਹੈ ਹੁਣ ਤਾਂ ਮੇਰੇ ਗੀਤ ਤੋਂ
ਅਲਵਿਦਾ ਸ਼ਬਦੋ ਕਿ ਹੁਣ ਕੁਝ ਬੋਲਣਾ ਬਣਦਾ ਨਹੀਂ