ਪੁੱਠੀਆਂ ਚਾਲਾਂ ਤੋਂ ਹਟਾ ਕੇ ਇਸਤ੍ਰੀ ਪੁਰਸ਼ ਦੇ ਰੱਬੀ ਸੰਬੰਧ ਨੂੰ ਉੱਤਮ ਰੰਗ ਵਿਚ ਵਰਣਨ ਕਰਨ ਵਾਲੀ ਪੁਸਤਕ ਦੀ ਬੜੀ ਲੋੜ ਹੈ ।
ਮੈਨੂੰ ਯਕੀਨ ਹੈ ਕਿ ਬਿਉਪਾਰੀ ਅਤੇ ਮੁਲਾਜ਼ਮ ਪੇਸ਼ਾ, ਮਸ਼ਰਕ-ਪਸੰਦ ਤੇ ਮਗਰਬ-ਪਸੰਦ, ਹਿੰਦੂ ਅਤੇ ਸਿੱਖ, ਮੁਸਲਮਾਨ ਅਤੇ ਈਸਾਈ, ਜਵਾਨ ਅਤੇ ਬੁੱਢੇ, ਮਰਦ ਅਤੇ ਇਸਤ੍ਰੀ ਜਦੋਂ ਮੇਰੀਆਂ ਪੁਸਤਕਾਂ ਨੂੰ ਪੜ੍ਹ ਲੈਣਗੇ ਤਾਂ ਉਹ ਮੰਨ ਜਾਣਗੇ ਕਿ ਉਹਨਾਂ ਦੀਆਂ ਘਰੋਗੀ ਮੁਸ਼ਕਿਲਾਂ ਦਾ ਇਲਾਜ ਇਸ ਪੁਸਤਕ ਵਿਚ ਬਹੁਤ ਹਦ ਤੀਕਰ ਵੇਰਵੇ ਸਹਿਤ ਲਿਖਿਆ ਹੈ, ਸਗੋਂ ਉਹ ਕਹਿਣਗੇ 'ਚੰਗਾ ਹੁੰਦਾ ਕਿ ਇਹ ਪੁਸਤਕ ਅਸਾਂ ਪਹਿਲਾਂ ਪੜ੍ਹੀ ਹੁੰਦੀ ।'
ਮੇਰੇ ਕੋਲ ਇੰਗਲੈਡ, ਅਫ਼ਰੀਕਾ, ਅਮਰੀਕਾ, ਮਲਾਇਆ, ਬਰਮਾ ਅਤੇ ਹਿੰਦੁਸਤਾਨ ਭਰ ਦੀਆਂ ਕਈ ਜਗ੍ਹਾ ਤੋਂ ਬੜੇ ਦਰਦ ਭਰੇ ਖਤ ਆਉਂਦੇ ਹਨ । ਉਹਨਾਂ ਲੋਕਾਂ ਦੀ ਸ਼ਾਦੀ ਅਕਸਰ ਖਾਨਾ ਆਬਾਦੀ ਦੀ ਬਜਾਇ ਖ਼ਾਨਾ-ਬਰਬਾਈ ਹੀ ਹੁੰਦੀ ਹੈ । ਉਸ ਖਰਾਬੀ ਦੇ ਕਸੂਰਵਾਰ ਕਈ ਵਾਰੀ ਆਪ ਹੀ ਵਹੁਟੀ ਗਭਰੂ ਦੋਵੇਂ ਹੀ ਹੁੰਦੇ ਸੀ, ਚੰਗੇ ਵੇਲੇ ਸਾਡੀ ਸਿੱਖ-ਮਤ ਪਰਾਪਤ ਕਰਨ ਦੇ ਕਾਰਣ ਉਹ ਲੋਕ ਖੁਸ਼ਹਾਲ ਹੋਏ । ਜੇ ਪਹਿਲੀ ਉਮਰ ਵਿਚ ਹੀ ਉਹਨਾਂ ਨੂੰ ਸਿਧੇ ਰਾਹ ਪਾਇਆ ਜਾਂਦਾ ਤਾਂ ਉਹ 'ਮੇਰੀ ਸੇਵਾ ਤੋਂ ਬਿਨਾਂ ਹੀ' ਖੁਸ਼ਹਾਲ ਹੋ ਸਕਦੇ ਸਨ ।
ਇਸ ਲਈ ਇਹ ਸੇਵਾ ਮੈਨੂੰ ਕਰਨੀ ਹੀ ਚਾਹੀਦੀ ਹੈ। ਮੈਂ ਹਜ਼ਾਰਾਂ ਬਰਬਾਦ ਸਿਹਤਾਂ ਤੇ ਟੁੱਟੀਆਂ ਹੋਈਆਂ ਮੁਹੱਬਤਾਂ ਦੇਖਣ ਤੋਂ ਬਾਅਦ ਇਸ ਪੁਸਤਕ ਵਿਚ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਤਨੀ ਨਾਲ ਧਾਰਮਿਕ, ਦੁਨਿਆਵੀ ਅਤੇ ਗ੍ਰਿਹਸਤ ਦਾ ਕਿਸ ਪ੍ਰਕਾਰ ਦਾ ਵਰਤਾਓ ਪਤੀ ਕਰੇ ਜਿਸ ਨਾਲ ਇਸਤ੍ਰੀ ਪ੍ਰਸੰਨ ਰਹੇ, ਨਾਲੇ ਉਹ ਭੀ ਆਪਣੇ ਪਤੀ ਨੂੰ ਪ੍ਰਸੰਨ ਰਖੇ ।
ਵੇਖਿਆ ਗਿਆ ਹੈ ਕਿ ਕਈ ਵਾਰੀ ਦੋਹਾਂ ਪਾਸਿਆਂ ਤੋਂ ਮੁਹੱਬਤ ਪਿਆਰ ਦੇ ਹੁੰਦਿਆਂ ਸੁੰਦਿਆਂ ਭੀ ਪਤੀ ਅਤੇ ਪਤਨੀ ਦੇ ਵਿਚਕਾਰ ਇਕ ਦਮ ਏਨੀ ਖਿਚਾ ਖਿਚੀ ਪੈਦਾ ਹੋ ਜਾਂਦੀ ਹੈ ਕਿ ਉਹ ਆਪ ਹੈਰਾਨ ਹੋ ਜਾਂਦੇ ਹਨ । ਇਸ ਦਾ ਕਾਰਨ ਦੂਜੀਆਂ ਘਰੋਗੀ ਗੱਲਾਂ ਤੋਂ ਸਿਵਾ ਇਕ ਇਹ ਭੀ ਹੁੰਦਾ ਹੈ ਕਿ ਹਰ ਇਸਤ੍ਰੀ ਵਿਚ ਇਕ ਖਾਸ ਸਮੇਂ ਪਿੱਛੋਂ 'ਮਦਨ ਤਰੰਗ’,
'ਗਰਮੀ' ਜਾਂ 'ਸ਼ਹਿਵਤ' ਦੀ ਲਹਿਰ ਉਠਦੀ ਹੈ । ਉਸ ਵੇਲੇ ਇਸਤ੍ਰੀ ਕੁਝ ਅਜਿਹੀਆਂ ਸੈਨਤਾਂ ਨਾਲ ਆਪਣੇ ਸੌਕ ਨੂੰ ਪ੍ਰਗਟ ਕਰਦੀ ਹੈ ਜਿਹੜੀਆਂ ਕੁਦਰਤ ਨੇ ਕੇਵਲ ਇਸਤ੍ਰੀਆਂ ਨੂੰ ਹੀ ਸਿਖਾਈਆਂ ਹਨ । ਸਿਆਣੇ ਪਤੀ ਤਾਂ ਠੀਕ ਸਮੇਂ ਦੇ ਅਨੁਸਾਰ ਅਮਲ ਕਰਦੇ ਹਨ, ਪਰੰਤੂ ਬੇਸਮਝ ਪਤੀ ਉਸ ਮਦਨ ਤਰੰਗ ਦੇ ਸਮੇਂ ਤਾਂ ਉਸ ਦੀ ਸਾਰ ਹੀ ਨਹੀਂ ਲੈਂਦੇ ਪਰੰਤੂ ਜਦੋਂ ਉਹ ਠੰਢੀ ਹੁੰਦੀ ਹੈ ਅਤੇ ਉਸ ਨੂੰ ਵਿਸ਼ੈ ਦਾ ਖਿਆਲ ਤੀਕਰ ਭੀ ਨਹੀਂ ਹੁੰਦਾ, ਉਸ ਵੇਲੇ ਉਸ ਨਾਲ ਵਿਸ਼ਾ ਭੋਗ ਕਰਕੇ ਦੁਖੀ ਕਰਦੇ ਹਨ । ਇਸ ਤਰ੍ਹਾਂ ਦੀ ਮੂਰਖਤਾ ਤੇ ਅਨਜਾਣ-ਪੁਣੇ ਨਾਲ ਉਹ ਘਰ ਵਿਚ ਰੰਜਸ਼ ਪੈਦਾ ਕਰ ਲੈਂਦੇ ਹਨ ਤੇ ਉਹ ਆਪਣੀ ਇਸਤ੍ਰੀ ਨੂੰ ਬੀਮਾਰੀ ਦੀ ਗੋਦ ਵਿਚ ਧਕ ਦੇਂਦੇ ਹਨ, ਖਾਸ ਕਰ ਕੇ ਜਦ ਕਿ ਉਹ ਪਤੀ ਸੁਰਅਤ-ਅੰਜਾਲ (ਛੇਤੀ ਖਲਾਸ ਹੋਣ) ਦੇ ਰੋਗੀ ਹੁੰਦੇ ਹਨ ।
ਗਰਭ ਜਾਂ ਹੈਜ਼ ਦੇ ਦਿਨਾਂ ਵਿਚ ਪਤੀ ਅਤੇ ਪਤਨੀ ਤੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ, ਹੋਰ ਤਾਂ ਹੋਰ ਭੋਗ ਵਿਚ ਭੀ ਕਈ ਲੋਕ ਅਜਿਹੇ ਉਲਟ ਪੁਲਟ ਆਸਨ ਵਰਤਦੇ ਹਨ ਕਿ ਦੋਹਾਂ ਧਿਰਾਂ ਨੂੰ ਨੁਕਸਾਨ ਹੁੰਦਾ ਹੈ । ਘਰ ਦੇ ਆਮ ਵਰਤਾਓ ਵਿਚ ਇਕ ਦੂਜੇ ਦੀਆਂ ਘਰੋਗੀ ਲੋੜਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ । ਮੁਹੱਬਤ ਪਿਆਰ ਦੇ ਪ੍ਰਗਟ ਕਰਨ ਵਿਚ, ਇਕ ਦੂਜੇ ਦੇ ਦੁੱਖ ਸੁਖ ਦਾ ਖਿਆਲ ਕਰਨ ਵਿਚ ਅਤੇ ਇਸ ਤਰ੍ਹਾਂ ਦੀਆਂ ਕਈਆਂ ਗੱਲਾਂ ਵਿਚ ਉਨ੍ਹਾਂ ਵਲੋਂ ਬੜੀਆਂ ਬੜੀਆਂ ਭੁੱਲਾਂ ਹੋ ਜਾਂਦੀਆਂ ਹਨ ਜਿਸ ਨਾਲ ਦੋਵੇਂ ਦੁਖੀ ਰਹਿੰਦੇ ਹਨ ।
ਕਈ ਖਾਵੰਦ ਹਰ ਨਿੱਕੀ ਨਿੱਕੀ ਗੱਲ 'ਤੇ ਵਹੁਟੀ ਨੂੰ ਬੁਰਾ ਭਲਾ ਕਹਿੰਦੇ ਰਹਿੰਦੇ ਹਨ, ਕਈ ਇਸਤ੍ਰੀਆਂ ਖਾਵੰਦ ਨੂੰ ਇਹੋ ਜਿਹੇ ਜਵਾਬ ਦੇਂਦੀਆਂ ਹਨ ਜੋ ਕਲੇਜੇ ਵਿਚ ਛੇਕ ਪਾ ਦੇਂਦੇ ਹਨ ।
ਇਸਦਾ ਸਿੱਟਾ ਇਹ ਹੁੰਦਾ ਹੈ ਕਿ ਪਰੇਮ ਪਿਆਰ ਤਾਂ ਪੈ ਜਾਂਦਾ ਹੈ ਢਠੇ ਖੂਹ ਵਿਚ, ਬਾਕੀ ਉਹਨਾਂ ਦਾ ਸੰਬੰਧ ਕੇਵਲ ਵਿਸ਼ੈ ਭੋਗ ਦਾ ਹੀ ਰਹਿ ਜਾਂਦਾ ਹੈ । ਉਹ ਪਿਆਰ, ਉਹ ਖੁਸ਼ੀ, ਉਹ ਮਜ਼ਾ ਤੇ ਮੁਹੱਬਤ ਕਿਥੇ ਰਹੇ ? ਕਿੰਨੇ ਦੁੱਖ ਦੀ ਗੱਲ ਹੈ ।
ਮੈਂ ਇਹਨਾਂ ਸਾਰਿਆਂ ਮਾਮਲਿਆਂ 'ਤੇ ਚਾਨਣਾ ਪਾਉਣਾ ਜ਼ਰੂਰੀ ਸਮਝਿਆ ਹੈ । ਇਸ ਤੋਂ ਬਿਨਾਂ ਗੁਪਤ ਰੋਗਾਂ ਅਤੇ ਗਰਭ ਆਦਿ ਦੇ ਵਿਸ਼ਿਆਂ ਅਤੇ
ਹੋਰ ਨਾਲ ਲੱਗਦੀਆਂ ਗੱਲਾਂ ਉਪਰ ਵਿਸਥਾਰ ਨਾਲ ਬਹਿਸ ਕਰਕੇ ਇਸ ਪੁਸਤਕ ਨੂੰ ਹਦ ਦਰਜੇ ਦੀ ਗੁਣਕਾਰੀ ਬਣਾ ਦਿੱਤਾ ਗਿਆ ਹੈ। ਇਸ ਕਿਤਾਬ ਦੇ ਪੜਨ ਨਾਲ ਪਤੀ ਦੀ ਜਾਣਕਾਰੀ ਅੰਦਰ ਵੱਡਾ ਵਾਧਾ ਹੋ ਜਾਵੇਗਾ ਤੇ ਉਹ ਮਹਿਸੂਸ ਕਰੇਗਾ ਕਿ ਇਸ ਪੁਸਤਕ ਨੂੰ ਪੜ੍ਹਨ ਤੋਂ ਪਹਿਲਾਂ ਉਹ ਘਰੇਲੂ ਮਾਮਲਿਆਂ ਸੰਬੰਧੀ ਬਹੁਤ ਕੁਝ ਨਹੀਂ ਸੀ ਜਾਣਦਾ । ਮੈਂ ਦਾਹਵੇ ਨਾਲ ਕਹਿ ਸਕਦਾ ਹਾਂ ਕਿ ਏਨੀਆਂ ਨਿੱਗਰ ਹਦਾਇਤਾਂ ਤੇ ਜਾਣਕਾਰੀਆਂ ਤੁਹਾਨੂੰ ਕਿਸੇ ਵੀ ਬੋਲੀ ਵਿਚ ਵੱਡੀ ਤੋਂ ਵੱਡੀ ਤੇ ਉਘੀ ਤੋਂ ਉਘੀ ਕਿਸੇ ਵੀ ਇਕੋ ਪੁਸਤਕ ਵਿਚ ਨਹੀਂ ਮਿਲਣਗੀਆਂ । ਮੈਂ ਪੰਜ ਕਿਤਾਬਾਂ ਦਾ ਨਿਚੋੜ ਏਸ ਇਕੋ ਹੀ ਪੁਸਤਕ ਅੰਦਰ ਭਰ ਦਿੱਤਾ ਹੈ, ਇਕ ਗਾਗਰ ਵਿਚ ਸਾਗਰ, ਤੇ ਕੁੱਜੇ ਵਿਚ ਦਰਿਆ ਬੰਦ ਕਰ ਦਿੱਤਾ ਹੈ । ਮੈਨੂੰ ਵਿਸ਼ਵਾਸ ਹੈ ਕਿ ਪਰਮਾਤਮਾ ਦੀ ਕਿਰਪਾ ਅਤੇ ਬਜ਼ੁਗਰਾਂ ਦੇ ਆਸ਼ੀਰਵਾਦ ਨਾਲ ਮੇਰਾ ਇਹ ਨਿਮਾਣਾ ਜਿਹਾ ਯਤਨ ਭਾਰਤਵਾਸੀ ਪਤੀਆਂ ਵਾਸਤੇ ਬੇਹੱਦ ਗੁਣਕਾਰੀ ਸਿਧ ਹੋਵੇਗਾ ।
ਸਾਧ ਸੰਗਤ ਦਾ ਦਾਸ-
ਕਵੀਰਾਜ ਹਰਨਾਮ ਦਾਸ
ਪਹਿਲਾ ਕਾਂਡ
(ਪੁਸਤਕ ਰਚਨ ਦਾ ਕਾਰਨ)
ਕੁਝ ਚਿਰ ਹੋਇਆ ਕਿ ਇਕ ਨੌਜਵਾਨ ਅੰਮ੍ਰਿਤ ਵੇਲੇ ਮੇਰੇ ਕੋਲ ਆਇਆ ਅਤੇ ਨੀਵੀਆਂ ਅੱਖਾਂ ਕਰਕੇ ਕਹਿਣ ਲੱਗਾ ਕਿ "ਅੱਜ-ਕੱਲ ਮੇਰੇ ਦਿਨ ਅਤੇ ਰਾਤ ਬੜੀ ਬੇਚੈਨੀ ਨਾਲ ਬਤੀਤ ਹੋ ਰਹੇ ਹਨ, ਮੈਂ ਆਪ ਜੀ ਪਾਸੋਂ ਇਕ ਅਤਿ ਜ਼ਰੂਰੀ ਸਲਾਹ ਲੈਣੀ ਹੈ ।" ਮੇਰੇ ਪੁੱਛਣ 'ਤੇ ਉਸ ਨੇ ਦੱਸਿਆ ਕਿ “ਛੇਤੀ ਹੀ ਮੇਰਾ ਵਿਆਹ ਹੋਣ ਵਾਲਾ ਹੈ ਅਤੇ ਮੈਂ ਆਪਣੇ ਪਿਤਾ ਜੀ ਦੀ ਇਹੋ ਜਿਹੀ ਸ਼ਖਤ ਰਾਖੀ ਵਿਚ ਪਲਿਆ ਹਾਂ ਕਿ ਮੈਨੂੰ ਕਿਸੇ ਪਾਸੋਂ ਇਹ ਪਤਾ ਕਰਨ ਦਾ ਮੌਕਾ ਨਹੀਂ ਮਿਲਿਆ ਕਿ ਵਹੁਟੀ ਦੇ ਨਾਲ ਕਿਵੇਂ ਗੁਜ਼ਾਰਾ ਕਰੀਦਾ ਹੈ ।" ਮੈਂ ਦੁਬਾਰਾ ਪ੍ਰਸ਼ਨ ਕੀਤਾ ਕਿ ਜਿੰਨਾ ਥੋੜ੍ਹਾ ਬਹੁਤ ਤੂੰ ਜਾਣਦਾ ਹੈਂ ਉਹ ਦੱਸ ! ਉਸ ਤੋਂ ਅਗੇ ਤੈਨੂੰ ਮੈਂ ਦੱਸਾਂਗਾ । ਉਸ ਨੇ ਕਿਹਾ ਕਿ "ਵਹੁਟੀ ਇਸ ਲਈ ਲਿਆਂਦੀ ਜਾਂਦੀ ਹੈ ਕਿ ਘਰ ਨੂੰ ਸੰਭਾਲੇ, ਰੋਟੀ ਪਕਾਵੇ, ਕੱਪੜੇ ਲੀੜੇ ਦਾ ਖਿਆਲ ਰਖੇ ਅਤੇ ਰਾਤ ਨੂੰ ਪਤੀ ਦੇ ਕੋਲ ਸੌਵੇਂ ਤਾਂ ਕਿ ਔਲਾਦ ਪੈਦਾ ਕੀਤੀ ਜਾਵੇ । ਮੈਂ ਸੁਣਦਾ ਹਾਂ ਕਿ 'ਕੱਠੇ ਸੌਂਦੇ ਹੋਏ ਵਹੁਟੀ ਅਤੇ ਗਭਰੂ ਬੜੇ ਪਿਆਰ ਨਾਲ ਆਪੋ ਵਿਚ ਕੋਈ ਇਹੋ ਜਿਹਾ ਕੰਮ ਕਰਦੇ ਹਨ, ਜਿਸ ਤੋਂ ਦੋਹਾਂ ਨੂੰ ਇਕ ਤਰ੍ਹਾਂ ਦਾ ਸਵਾਦ ਪ੍ਰਾਪਤ ਹੁੰਦਾ ਹੈ ਕਿ ਮਨੁੱਖ ਅਤੇ ਇਸਤ੍ਰੀ ਉਸ ਸਵਾਦ ਦਾ ਜਦੋਂ ਇਕ ਵਾਰੀ ਅਨੁਭਵ ਕਰ ਲੈਂਦੇ ਹਨ ਤਾਂ ਫੇਰ ਉਸਦਾ ਚਸਕਾ ਪੈ ਜਾਂਦਾ ਹੈ ਅਤੇ ਉਸ ਤਰ੍ਹਾਂ ਕਰਨ ਦੀ ਉਹਨਾਂ ਨੂੰ ਸਦਾ ਚਾਹ ਲੱਗੀ ਰਹਿੰਦੀ ਹੈ ਅਤੇ ਜਿਹੜੇ
ਹਦੋਂ ਟੱਪ ਜਾਂਦੇ ਹਨ ਉਹ ਕਮਜ਼ੋਰ ਤੇ ਬੀਮਾਰ ਹੋ ਜਾਂਦੇ ਹਨ ਅਤੇ ਛੇਤੀ ਹੀ ਮਰ ਜਾਂਦੇ ਹਨ । ਫੇਰ ਸੁਣਦਾ ਹਾਂ ਕਿ ਕਈ ਲੋਕ ਨਾ-ਮਰਦ ਹੁੰਦੇ ਹਨ, ਇਸਤ੍ਰੀ ਦੀ ਚਾਹ ਪੂਰੀ ਨਹੀਂ ਕਰ ਸਕਦੇ । ਜਿਵੇਂ ਕਈ ਪੁਰਸ਼ ਨਾ-ਮਰਦ ਹੁੰਦੇ ਹਨ ਉਸੇ ਤਰ੍ਹਾਂ ਇਸਤ੍ਰੀਆਂ ਭੀ ਨਾ-ਇਸਤ੍ਰੀਆਂ ਹੁੰਦੀਆਂ ਹੋਣਗੀਆਂ ਮੈਨੂੰ ਪਤਾ ਨਹੀਂ ਕਿ ਜਿਸ ਇਸਤ੍ਰੀ ਨਾਲ ਮੇਰਾ ਵਿਆਹ ਹੋਣਾ ਹੈ ਉਹ ਇਸਤ੍ਰੀ ਹੈ ਜਾਂ ਨਾ-ਇਸਤ੍ਰੀ ਤੇ ਮੈਨੂੰ ਆਪਣਾ ਵੀ ਪਤਾ ਨਹੀਂ ਕਿ ਮੈਂ ਮਰਦ ਹਾਂ ਜਾਂ ਨਾ-ਮਰਦ ! ਵਿਆਹ ਕਰਾਂ ਕਿ ਨਾ, ਜੇ ਕਰਾਂ ਤਾਂ ਕਿਹੜੀਆਂ ਗੱਲਾਂ ਦਾ ਖਿਆਲ ਰਖਾਂ ਜਿਨ੍ਹਾਂ ਕਰਕੇ ਮੈਨੂੰ ਸਫ਼ਲਤਾ ਪ੍ਰਾਪਤ ਹੋਵੇ ।"
ਮੈਂ ਉਸ ਵੇਲੇ ਅੰਮ੍ਰਿਤਸਰ ਜਾਣਾ ਸੀ, ਮੋਟਰਕਾਰ ਦਾ ਬੁੱਢਾ ਡਰਾਈਵਰ ਹਾਰਨ ਵਜਾ-ਵਜਾ ਕੇ ਮੈਨੂੰ ਛੇਤੀ ਕਰਨ ਲਈ ਟਾਹਰਾਂ ਮਾਰ ਰਿਹਾ ਸੀ, ਇਸ ਲਈ ਮੈਂ ਉਸ ਨੌਜਵਾਨ ਦੀਆਂ ਨਬਜ਼-ਨਾੜੀਆਂ, ਅੱਖਾਂ, ਪੱਟਾਂ ਦੀਆਂ ਗਿਲਟੀਆਂ ਆਦਿ ਸਹਿਜ-ਸੁਭਾਅ ਵੇਖ ਕੇ ਉਸ ਨੂੰ ਹੌਸਲਾ ਦਿੱਤਾ ਕਿ ਤੂੰ ਫਿਕਰ ਕਾ ਕਰ, ਤੇਰੀ ਸਿਹਤ ਚੰਗੀ ਹੈ, ਤੂੰ ਵਿਆਹ ਕਰਨ ਦੇ ਯੋਗ ਹੈਂ, ਪਰਸੋਂ ਦੁਪਹਿਰ ਨੂੰ ਆਵੀਂ, ਤੈਨੂੰ ਚੰਗੀ ਤਰ੍ਹਾਂ ਸਿਖਿਆ ਦੇਵਾਂਗਾ।
ਅਜਿਹੇ ਨੌਜਵਾਨ ਤਾਂ ਮੇਰੇ ਕੋਲ ਅਨੇਕਾਂ ਆਉਂਦੇ ਹਨ ਜਿਹੜੇ ਵਿਆਹ ਤੋਂ ਪਹਿਲਾਂ ਸੈਂਕੜੇ ਵਾਰੀ ਹੱਥ ਨਾਲ, ਮੁੰਡਿਆਂ ਨਾਲ ਜਾਂ ਕੁੜੀਆਂ ਨਾਲ ਵਿਆਹ ਕਰ ਚੁਕੇ ਹੁੰਦੇ ਹਨ । ਉਹਨਾਂ ਦੀਆਂ ਲੋੜਾਂ ਤੇ ਘਾਟਿਆਂ ਨੂੰ ਪੂਰਾ ਕਰਨ ਦਾ ਤਾਂ ਮੈਨੂੰ ਕਾਫੀ ਤਜਰਬਾ ਸੀ, ਪਰ ਇਹ ਰੋਗੀ ਇਕ ਵਖਰੇ ਢੰਗ ਦਾ ਹੀ ਸੀ, ਜਿਸ ਕਰਕੇ ਮੈਂ ਕੁਝ ਚਿਰ ਸੋਚਦਾ ਰਿਹਾ ਕਿ ਜਦੋਂ ਇਹ ਮੁੜ ਕੇ ਆਵੇਗਾ ਤਾਂ ਇਸ ਨੂੰ ਕੀ ਕੀ ਗੱਲਾਂ ਕਹਾਂਗਾ । ਕਈ ਗੱਲਾਂ ਕਰਨ ਵਾਲੀਆਂ ਹੁੰਦੀਆਂ ਹਨ, ਕਈ ਨਹੀਂ ਹੁੰਦੀਆਂ । ਕਈ ਗੱਲਾਂ ਕਰਦਿਆਂ ਸ਼ਰਮ ਆਉਂਦੀ ਹੈ । ਮੈਨੂੰ ਖਿਆਲ ਆਇਆ ਕਿ ਕੋਈ ਨਾ ਕੋਈ ਚੰਗੀ ਜਿਹੀ ਪੁਸਤਕ ਹੀ ਇਸ ਨੂੰ ਪੜ੍ਹਨ ਲਈ ਦੱਸ ਦੇਵਾਂ । ਪਰ ਮੈਂ ਇਸ ਵਿਸ਼ੈ ਸੰਬੰਧੀ ਜਿੰਨੀਆਂ ਅੰਗ੍ਰੇਜ਼ੀ, ਉਰਦੂ, ਹਿੰਦੀ, ਗੁਰਮੁਖੀ ਦੀਆਂ ਪੁਸਤਕਾਂ, ਕੋਕ-ਸ਼ਾਸਤਰ ਅਤੇ ਕਾਮ-ਸ਼ਾਸਤਰ ਆਦਿ ਵੇਖੀਆਂ ਹਨ ਉਹ ਸਾਰੀਆਂ ਹੀ ਲੇਖਕਾਂ ਦੀਆਂ ਦਵਾਈਆਂ ਦੇ ਇਸ਼ਤਿਹਾਰਾਂ ਨਾਲ ਭਰੀਆਂ ਹੋਈਆਂ ਹੁੰਦੀਆਂ ਹਨ। ਉਹਨਾਂ ਦੇ ਲੇਖ ਬਹੁਤੇ ਨੌਜਵਾਨਾਂ ਨੂੰ ਕੁਰਾਹੇ ਪਾਉਣ ਵਾਲੇ