

ਵੇਖਣ ਨੂੰ ਸ਼ਾਇਦ ਇਹ ਗੱਲਾਂ ਮਾਮੂਲੀ ਨਜ਼ਰ ਆਉਣ, ਪਰ ਇਹ ਸੰਜੋਗ ਕੋਈ ਇਕ ਦਿਨ ਦੀ ਗੱਲ ਤਾਂ ਨਹੀਂ ਕਿ ਕੋਈ ਮਨ ਨੂੰ ਮਾਰ ਕੇ ਝਟ ਟਪਾ ਲਵੇ ਫੇਰ ਵੀ ਧੰਨ ਹਨ ਉਹ ਇਸਤ੍ਰੀ ਪੁਰਸ਼ ਜਿਨ੍ਹਾਂ ਨੇ ਇਹ ਸਮਝ ਲਿਆ ਹੈ ਕਿ "ਹੁਣ ਫਸ ਗਈ ਨੂੰ ਫੜਕਣ ਕਾਹਦਾ" ਅਤੇ ਉਹ ਜੀਵਨ ਨਈਆ ਨੂੰ ਭਵ ਸਾਗਰ ਦੇ ਕਿਸੇ ਕੰਢੇ ਲਗਾਉਣ ਦੇ ਯਤਨ ਵਿਚ ਰਲ ਮਿਲ ਕੇ ਚਪੂ ਚਲਾ ਰਹੇ ਹਨ । ਪਰੰਤੂ ਮੈਂ ਤਾਂ ਆਖਦਾ ਹਾਂ ਕਿ ਫਸਣ ਫਸਾਣ ਦੀ ਗੱਲ ਹੀ ਕਿਉਂ ਹੋਵੇ ਤੇ ਬੇਜੋੜ ਸ਼ਾਦੀਆਂ ਦੀਆਂ ਮਿਸਾਲਾਂ ਹੀ ਕਿਉਂ ਕਾਇਮ ਹੋਣ ਦਿੱਤੀਆਂ ਜਾਣ ।
ਅਸੀਂ ਆਪਣੇ ਵਲੋਂ ਸ਼ਾਦੀ ਵਾਸਤੇ ਮੁੰਡੇ ਕੁੜੀ ਦੀ ਤਲਾਸ਼ ਸੰਬੰਧ ਵਿਚ ਲਗਪਗ ਸਾਰੇ ਹੀ ਮੋਟੇ ਮੋਟੇ ਕੰਮ ਆਉਣ ਵਾਲੇ ਗੁਰ ਲਿਖ ਦਿੱਤੇ ਹਨ । ਸੋਚ ਸਮਝ ਕੇ ਕਾਰਜ ਕਰੋ । ਉਹ ਨਾ ਹੋਵੇ ਕਿ,
ਬਿਨਾ ਵਿਚਾਰੇ ਜੋ ਕਰੇ ਫਿਰ ਪਾਛੇ ਪਛੁਤਾਏ ।
ਕਾਮ ਬਿਗਾੜੇ ਆਪਣਾ ਜਗ ਮੇਂ ਹੋਤ ਹੰਸਾਏ ।
----------------------
ਬੁਢਾਪੇ ਦੀ ਸ਼ਾਦੀ
ਪਤੀ ਨੂੰ ਜਵਾਨੀ ਨਾਲੋਂ ਬੁਢੇਪੇ ਵਿਚ ਪਤਨੀ ਦੇ ਸੁਖ ਦੀ ਵਧੇਰੇ ਲੋੜ ਪੈਂਦੀ ਹੈ । ਜਿਨ੍ਹਾਂ ਦੀ ਪਿਛਲੀ ਅਵੱਸਥਾ ਵਿਚ ਪਤਨੀ ਦੀ ਜੁਦਾਈ ਦਾ ਤੀਰ ਲੱਗ ਜਾਵੇ, ਉਨ੍ਹਾਂ ਦਾ ਜੀਵਨ ਅਜੀਰਣ ਹੋ ਜਾਇਆ ਕਰਦਾ ਹੈ ਤੇ ਉਨ੍ਹਾਂ ਦੀਆਂ ਖੁਸ਼ੀਆਂ ਅਤੇ ਆਰਾਮ ਦੇ ਦਿਨ ਪਰ ਲਗਾ ਕੇ ਉਡ ਜਾਇਆ ਕਰਦੇ ਹਨ । ਨੂੰਹਾਂ ਅਤੇ ਭਰਜਾਈਆਂ ਚਾਹੇ ਸੇਵਾ ਲਈ ਤਿਆਰ ਵੀ ਹੋਣ, ਪਰ ਉਨ੍ਹਾਂ ਅੱਗੇ ਮਨੁਖ ਆਪਣੀਆਂ ਲੋੜਾਂ ਅਥਵਾ ਦੁੱਖ ਦਰਦ ਦੀ ਵਾਰਤਾ ਕਦੋਂ ਖੁਲ੍ਹ ਕੇ ਕਹਿ ਸਕਦਾ ਹੈ ? ਜੁਰਾਬ ਰੁਮਾਲ ਧਵਾਉਣਾ ਹੋਵੇ ਤਾਂ ਦਸ ਵਾਰੀ ਸੋਚਣਾ ਪੈਂਦਾ ਹੈ ਕਿ ਇਹ ਲੋੜ ਕਰਾਂ ਕਿ ਨਾ ਕਰਾਂ ? ਪੇਟ ਵਿਚ ਕਿਸੇ ਖਰਾਬੀ ਦੇ ਕਾਰਨ ਪੀੜ ਹੋਣ ਲੱਗ ਜਾਏ ਤਾਂ ਸੋਚਣ ਪੈਂਦਾ ਹੈ ਕਿ ਜਵੈਣ ਦੀ ਚੂੰਢੀ ਦੀ ਖੇਚਲ ਦੇਵਾਂ ਕਿ ਨਾ ਦੇਵਾਂ ? ਨਰਮ ਗਿਜ਼ਾ ਖਾਣ