ਭੇਟਾ ਤੇ ਭਾਵਨਾ
ਇਹ ਲਾਭਦਾਇਕ ਪੁਸਤਕ ਸੰਨਿਆਸੀਆਂ ਦੇ ਸਿਰਤਾਜ, ਗੁਰੂਦੇਵ ਸਵਾਮੀ ਸ੍ਰੀ ਕ੍ਰਿਸ਼ਨਾਨੰਦ ਜੀ ਮਹਾਰਾਜ ਸੰਨਿਆਸੀ ਦੇ ਚਰਣ ਕਮਲਾਂ ਵਿਚ ਭੇਟ ਕਰਦਾ ਹਾਂ, ਜਿਨ੍ਹਾਂ ਨੇ ਆਪਣੀ ਅਧਿਆਤਮ ਅਤੇ ਵੈਦਿਕ ਹਿਕਮਤ ਦਵਾਰਾ ਬਿਨਾ ਪੈਸੇ ਅਥਵਾ ਸਸਤੇ ਸਸਤੇ ਇਲਾਜ ਗਿਆਨ ਦੇ ਚਾਨਣੇ ਨਾਲ ਮੇਰੀ ਬੁੱਧੀ ਨੂੰ ਪ੍ਰਕਾਸ਼ਵਾਨ ਕੀਤਾ ।
ਸਵਾਮੀ ਜੀ ਮਹਾਰਾਜ ! ਜਦ ਲੋਕੀਂ ਮੇਰੀਆਂ ਪੁਸਤਕਾਂ ਅਤੇ ਦਵਾਈਆਂ ਦੀ ਪ੍ਰਸੰਸਾ ਕਰਦੇ ਹਨ ਅਤੇ ਮੇਰਾ ਧੰਨਵਾਦ ਕਰਦੇ ਹਨ, ਤਾਂ ਮੈਂ ਉਨ੍ਹਾਂ ਨੂੰ ਸਦਾ ਇਹੀ ਕਹਿੰਦਾ ਹਾਂ ਕਿ ਇਹ ਸਭ ਆਪ ਜੀ ਦੀ ਹੀ ਕਿਰਪਾ ਹੈ, ਇਸ ਲਈ ਇਨ੍ਹਾਂ ਨੂੰ ਆਪ ਜੀ ਦਾ ਧੰਨਵਾਦੀ ਹੋਣਾ ਚਾਹੀਦਾ ਹੈ, ਨਾ ਕਿ ਮੇਰਾ ।
ਮਹਾਰਾਜ ਜੀ ! ਮੈਨੂੰ ਆਪ ਦੀ ਆਗਿਆ ਸਦਾ ਚੇਤੇ ਰਹਿੰਦੀ ਹੈ ਤੇ ਮੈਂ ਜਨਤਾ ਦੀ ਸੇਵਾ ਤੋਂ ਕਦੇ ਵੀ ਮੂੰਹ ਨਹੀਂ ਮੋੜਿਆ । ਇਹ ਪੁਸਤਕ ਵੀ ਉਹਨਾਂ ਛੋਟੀ ਉਮਰ ਦੇ ਤੇ ਜਵਾਨ ਅਤੇ ਬੁੱਢਿਆਂ ਪਤੀਆਂ ਦੀ ਸਿੱਖਿਆ ਲਈ ਲਿਖੀ ਹੈ, ਜਿਹੜੇ ਵਿਆਹ ਨੂੰ ਇਕ ਜੰਜਾਲ ਸਮਝ ਰਹੇ ਹਨ। ਮੈਨੂੰ ਵਿਸ਼ਵਾਸ ਹੈ ਕਿ ਉਹ ਸਾਰੇ, ਮੇਰੇ ਇਨ੍ਹਾਂ ਲਿਖੇ ਹੋਏ ਅਨੁਭਵਾਂ ਤੋਂ ਲਾਭ ਉਠਾਉਂਦੇ ਹੋਏ, ਹਰ ਤਰ੍ਹਾਂ ਦੀਆਂ ਬੀਮਾਰੀਆਂ, ਕਮਜ਼ੋਰੀਆਂ, ਪਰਿਵਾਰਿਕ ਝਗੜਿਆਂ, ਉਲਝਣਾਂ ਤੇ ਮਾਨਸਿਕ ਦੁੱਖਾਂ ਅਤੇ ਗ੍ਰਿਹਸਤ ਦੀਆਂ ਸਭ ਤਰ੍ਹਾਂ ਦੀਆਂ ਚਿੰਤਾਵਾਂ ਤੋਂ ਬਚੇ ਰਹਿਣਗੇ, ਨਾਲ ਹੀ ਆਪਣੇ ਦੂਜੇ ਮਿੱਤਰਾਂ, ਸੰਬੰਧੀਆਂ ਨੂੰ ਵੀ ਇਹ ਪੁਸਤਕ ਪੜ੍ਹਾ ਕੇ ਜਾਂ ਉਨ੍ਹਾਂ ਨੂੰ ਪੜ੍ਹਣ ਦਾ ਸੁਝਾਅ ਦੇ ਕੇ ਪੁੰਨ ਖਟਣਗੇ ।
ਮਹਾਰਾਜ ਜੀ ਦਾ ਅਗਿਆਕਾਰੀ
ਹਰਨਾਮ ਦਾਸ
ਇਸ ਵਧਾਏ ਹੋਏ ਐਡੀਸ਼ਨ ਦੀ ਜ਼ਰੂਰੀ ਬੇਨਤੀ
'ਹਦੈਤ ਨਾਮਾ ਖਾਵੰਦ' ਦਾ ਪਹਿਲਾ ਐਡੀਸ਼ਨ 1924 ਵਿਚ 144 ਸਫਿਆਂ ਦਾ ਕੇਵਲ ਇਕ ਹਜਾਰ ਛਪਵਾਇਆ ਗਿਆ ਸੀ। ਉਸ ਸਮੇਂ ਮੈਨੂੰ ਇਹ ਖਿਆਲ ਭੀ ਨਹੀਂ ਸੀ ਕਿ ਇਹ ਪੁਸਤਕ ਇਤਨੀ ਹਰਮਨ ਪਿਆਰੀ ਸਿਧ ਹੋਵੇਗੀ । ਇਸ ਵਿਚ ਸਕ ਨਹੀਂ ਕਿ ਜਦੋਂ ਮੈਂ ਇਹ ਪੁਸਤਕ ਲਿਖੀ ਸੀ ਤਾਂ ਇਸ ਨੂੰ ਬਹੁਤ ਲਾਭਕਾਰੀ ਸਮਝਦਾ ਸੀ, ਪਰੰਤੂ ਲੇਖਕ ਦੇ ਕਹਿਣ ਨਾਲ ਹੀ ਕੋਈ ਪੁਸਤਕ ਲਾਭਕਾਰੀ ਨਹੀਂ ਕਹੀ ਜਾ ਸਕਦੀ, ਜਦ ਤਕ ਜਨਤਾ ਆਪਣੀ ਮਨਜ਼ੂਰੀ ਦੀ ਮੋਹਰ ਓਸ 'ਤੇ ਨਾ ਲਾ ਦੇਵੇ । ਈਸ਼ਵਰ ਦੀ ਮਾਇਆ ਕਿ ਪੁਸਤਕ ਜਨਤਾ ਨੂੰ ਪਸੰਦ ਆ ਗਈ ਅਤੇ ਬਹੁਤ ਸਾਰੇ ਪ੍ਰਸੰਸਾ ਪੱਤਰ ਮੈਨੂੰ ਪ੍ਰਾਪਤ ਹੋਏ । ਮੇਰਾ ਉਤਸ਼ਾਹ ਵਧ ਗਿਆ। ਉਸ ਸਾਲ ਦੂਜੀ ਐਡੀਸ਼ਨ 180 ਸਫ਼ਿਆਂ ਦੀ ਛਾਪੀ ਗਈ। ਪੰਜਵੀਂ ਐਡੀਸ਼ਨ ਦਸ ਹਜਾਰ ਛਾਪੀ ਗਈ। ਉਹ ਵੀ ਇਕ ਸਾਲ ਦੇ ਅੰਦਰ ਅੰਦਰ ਖਤਮ ਹੋ ਗਈ । 1926 ਵਿਚ ਹੋਰ ਸਫੇ ਵੱਧ ਗਏ। 1950 ਵਿਚ ਇਸ ਪੁਸਤਕ ਦੇ ਬਲਾਕ ਬਣਵਾ ਲਏ । ਮੰਗ ਵਧਣ 'ਤੇ ਅਗਲੇ ਸਾਲ 30,000 ਛਾਪੀ ਗਈ ਅਤੇ ਇਹ ਸਾਰੀ ਹੀ ਹੱਥੋ ਹੱਥ ਵਿਕ ਗਈ।
ਹੁਣ ਅਨੇਕ ਵਰ੍ਹਿਆਂ ਦੇ ਅਨੁਭਵ ਅਤੇ ਜਾਣਕਾਰੀ ਦੇ ਆਧਾਰ 'ਤੇ ਹੋਰ ਵਧੇਰੇ ਮੈਟਰ ਭੀ ਪਾ ਦਿੱਤਾ ਗਿਆ ਹੈ।
ਹੁਣ ਮੇਰੇ ਲਈ ਇਸ ਵਿਚ ਹੋਰ ਵਾਧਾ ਕਰਨਾ ਅਸੰਭਵ ਜਿਹਾ ਹੈ-ਖਾਸ ਕਰ ਜਦ ਕਿ ਮੇਰੇ ਸਪੁਤ੍ਰ ਕਵੀਰਾਜ ਮਹਾਰਾਜ ਕ੍ਰਿਸਨ ਬੀ.ਏ., ਐਲ.ਏ. ਐਸ.ਐਸ. ਭਿਸਜ ਰਤਨ ਨੇ 1942 ਤੋਂ ਕਲਕੱਤੇ ਦੀ ਵਿਦਿਆ ਅਤੇ ਲਾਹੌਰ ਤੇ ਦਿੱਲੀ ਦੀ ਲੰਮੀ ਪ੍ਰੈਕਟਿਸ ਦੇ ਆਧਾਰ 'ਤੇ, ਪੁਰਖਾਂ ਦੇ ਵੀਰਯ ਆਦਿ ਰੋਗਾਂ ਦੇ ਬਿਆਨ ਵਿਚ ਮਹਤਤਾ ਭਰੀ ਜਾਣਕਾਰੀ ਦਾ ਵਾਧਾ ਇਸ ਪੁਸਤਕ ਵਿਚ ਕਰ ਦਿੱਤਾ ਹੈ ।
------------------
1. Comparative Study in Ayurved & Allopathy. Got First position in 1942
"ਦੂਜਿਆਂ ਦੀ ਭਲਾਈ ਵਿਚ ਆਪਣੀ ਭਲਾਈ ਸਮਝੋ !
ਸੁਤਿਆਂ ਨੂੰ ਜਗਾਓ, ਡਿੱਗਦਿਆਂ ਨੂੰ ਉਠਾਓ, ਰੋਂਦਿਆਂ ਨੂੰ ਹਸਾਓ,
ਕਿਸੇ ਦੀ ਵਿਗੜੀ ਬਣਾਓ, ਕਿਸੇ ਦੀ ਦਰਦ ਦੀ ਦਵਾ ਬਣੋ ।"
ਭੂਮਿਕਾ
ਇਸ ਸੰਸਾਰ ਵਿਚ ਜਿਹੜੀਆਂ ਚੰਗਿਆਈਆਂ ਆਪ ਨੂੰ ਵਿਖਾਈ ਦੇਦੀਆਂ ਹਨ ਜਾਂ ਜਿਤਨੇ ਵੀ ਉੱਨਤ ਮਨੁੱਖ ਵਿਖਾਈ ਦਿੰਦੇ ਹਨ, ਉਹਨਾਂ ਸਾਰਿਆਂ ਦੀ ਨੀਂਵ ਵਿਚ ਪਤੀ ਅਤੇ ਪਤਨੀ ਦਾ ਪਵਿਤ੍ਰ ਸੰਬੰਧ ਕੰਮ ਕਰ ਰਿਹਾ ਹੈ । ਇੰਜੀਨੀਅਰ, ਡਾਕਟਰ, ਹਕੀਮ, ਵਿਚਾਰਕ, ਫ਼ਿਲਾਸਫਰ, ਸਾਇੰਸਦਾਨ, ਜ਼ਿਮੀਂਦਾਰ, ਬਿਉਪਾਰੀ, ਵਕੀਲ, ਧਰਮਾਤਮਾ, ਦੇਸ ਭਗਤ, ਰਾਜ ਪ੍ਰਬੰਧਕ, ਗੱਲ ਕੀ-ਜਿੰਨੇ ਵੀ ਆਪਣੇ ਆਪਣੇ ਕੰਮ ਵਿਚ ਚਤੁਰ, ਪਰਬੀਨ ਤੇ ਅਕਲਮੰਦ ਦਿਖਾਈ ਦਿੰਦੇ ਹਨ, ਉਹ ਸਾਰੇ ਇਹੋ ਜਿਹੇ ਮਾਪਿਆਂ ਦੀ ਸੰਤਾਨ ਹਨ ਜਿਹੜੇ ਕਿ ਸਮਝਦਾਰ, ਮਿਹਨਤੀ, ਸਿਆਣੇ, ਦੂਰ-ਦਰਸੀ, ਸੱਚ, ਨਿਆਂਸ਼ੀਲ ਅਤੇ ਕੁਦਰਤ ਦੇ ਨਿਯਮਾਂ ਅਨੁਸਾਰ ਚਲਣ ਵਾਲੇ ਸਨ । ਉਹ ਆਪ ਚੰਗੇ ਸਨ ਅਤੇ ਆਪਣੀ ਸੰਤਾਨ ਨੂੰ ਭੀ ਉਹਨਾਂ ਨੇ ਚੰਗਾ ਬਣਾਇਆ । ਉਹਨਾਂ ਦਾ ਆਪਣਾ ਵਹੁਟੀ-ਗਭਰੂ ਦਾ ਜੀਵਨ ਆਨੰਦਮਈ ਅਤੇ ਸ਼ਾਂਤ ਸੀ, ਉਹ ਵਿਹਾਰ ਵਿਚ ਚਤੁਰ ਅਤੇ ਚਰਿਤ੍ਰਵਾਨ ਸਨ ਅਤੇ ਉਹਨਾਂ ਨੇ ਆਪਣੀ ਸੰਤਾਨ ਨੂੰ ਚੰਗਾ ਬਨਾਉਣ ਦਾ ਪੂਰਾ ਯਤਨ ਕੀਤਾ ।
ਇਸ ਦੇ ਉਲਟ ਜਿੰਨੇ ਕਮਜ਼ੋਰ, ਰੋਗੀ, ਚੋਰ, ਠੱਗ, ਝੂਠ ਬੋਲਣ ਵਾਲੇ ਡਾਕੂ, ਝਗੜਾਲੂ, ਜੂਏਬਾਜ਼, ਦੁਰਾਚਾਰੀ, ਆਲਸੀ, ਕਾਮੀ ਅਤੇ ਵਿਸ਼ਈ ਪੁਰਸ਼ ਆਪ ਵੇਖਦੇ ਹੋ, ਸਿਵਾਏ ਥੋੜਿਆਂ ਦੇ, ਉਹ ਸਾਰੇ ਇਹੋ ਜਿਹੇ ਮਾਪਿਆਂ ਦੀ ਔਲਾਦ ਹਨ, ਜਿਹੜੇ ਆਪ ਬੇਸਮਝ ਅਤੇ ਗ੍ਰਿਹਸਤ ਦੀ ਦ੍ਰਿਸ਼ਟੀ ਨਾਲ ਜਿਨ੍ਹਾਂ ਦਾ ਜੀਵਨ ਬਿਲਕੁਲ ਅਸਫਲ ਸੀ, ਉਹ ਆਪਣੇ ਵਿਸੈ ਦੀ ਖੁਮਾਰੀ ਵਿਚ ਜਾਂ ਕਾਰੋਬਾਰ ਵਿਚ ਇਤਨੇ ਮਸਤ ਰਹਿੰਦੇ ਸਨ
ਕਿ ਆਪਣੀ ਔਲਾਦ ਦੇ ਸੁਧਾਰ ਦਾ ਉਹਨਾਂ ਨੂੰ ਖਿਆਲ ਤੀਕਰ ਭੀ ਨਹੀਂ ਸੀ ਆਉਂਦਾ ਜਾਂ ਉਹ ਮੂਰਖ ਸਨ । ਪਤੀ-ਪਤਨੀ ਇਕ ਦੂਜੇ ਨੂੰ ਪ੍ਰਸੰਨ ਰਖਣ ਦੇ ਗੁਰ ਨਹੀਂ ਸਨ ਜਾਣਦੇ, ਉਹ ਆਪੋ ਵਿਚ ਲੜਦੇ ਝਗੜਦੇ ਰਹਿੰਦੇ ਸਨ । ਉਨ੍ਹਾਂ ਦੇ ਪ੍ਰਸਪਰ ਲੜਾਈ ਝਗੜੇ ਅਤੇ ਖਿੱਚਾ-ਖਿਚੀ ਦੇ ਕਾਰਨ, ਜਿਥੇ ਉਹਨਾਂ ਦਾ ਆਪਣਾ ਜੀਵਨ ਬੇ-ਸਵਾਦਾ ਬਣ ਰਿਹਾ ਸੀ, ਉਥੇ ਉਹ ਆਪਣੀ ਔਲਾਦ ਲਈ ਭੀ ਕੁਝ ਸਮਾਂ ਨਹੀਂ ਸਨ ਕੱਢ ਸਕਦੇ, ਤੇ ਉਹਨਾਂ ਦੀ ਸੰਤਾਨ ਨੇ ਉਹਨਾਂ ਪਾਸੋਂ ਭੈੜੀਆਂ ਸਿੱਖਿਆਵਾਂ ਹੀ ਸਿੱਖੀਆਂ। ਸੋ ਉਹਨਾਂ ਦਾ ਜੀਵਨ ਮੁਰਦਿਆਂ ਤੋਂ ਭੀ ਭੈੜਾ ਰਿਹਾ ਅਤੇ ਉਹਨਾਂ ਦੀ ਸੰਤਾਨ ਬੁਰਿਆਈਆਂ ਦਾ ਅਖਾੜਾ ਬਣ ਕੇ ਰਹਿ ਗਈ ।
ਇਹ ਇਕ ਮੰਨੀ-ਪ੍ਰਮੰਨੀ ਗੱਲ ਹੈ ਕਿ ਜਿੰਦੜੀ ਦੀ ਸਭ ਤੋਂ ਵੱਧ ਮਿਠਾਸ, ਜਵਾਨ ਗਭਰੂ ਅਤੇ ਵਹੁਟੀ ਦੇ ਹਿੱਸੇ ਵਿਚ ਆਈ ਹੈ, ਪਰ ਜੇ ਹੋਣ ਦੋਵੇਂ ਹੀ ਸਮਝਦਾਰ । ਖਾਸ ਕਰਕੇ ਪਤੀ 'ਤੇ ਬਹੁਤਾ ਨਿਰਭਰ ਹੈ । ਕਾਮ ਸੂਤਰ (ਕਾਮ ਸ਼ਾਸਤਰ) ਦੇ ਵੱਡੇ ਵਿਦਵਾਨ ਪੰਡਿਤ ਕੋਕਾ ਜੀ ਨੇ ਆਪਣੀ ਜਗਤ ਪ੍ਰਸਿਧ ਸੰਸਕ੍ਰਿਤ ਰਚਨਾ ‘ਰਤੀ ਰਹੱਸ' ਵਿਚ ਲਿਖਿਆ ਹੈ ਕਿ ਜਿਹੜਾ ਪੁਰਸ਼ 'ਕਾਮ ਵਿਦਿਆ' (Sexual Science) ਨੂੰ ਨਹੀਂ ਜਾਣਦਾ, ਜਵਾਨ ਤ੍ਰੀਮਤਾਂ ਦੇ ਸੁਭਾਅ, ਚਾਲ ਢਾਲ, ਗੁਣ ਔਗੁਣ, ਉਹਨਾਂ ਦੀਆਂ ਰਮਜ਼ਾਂ, ਉਮੰਗਾਂ, ਮਸਤੀ ਖਰਮਸਤੀ, ਰੋਣਾ ਹੱਸਣਾ, ਚੋਹਲ ਮੋਹਲ, ਹਾਰ ਸ਼ਿੰਗਾਰ ਤੇ ਚਾਅ ਮਲਾਰ ਦੀਆਂ ਬਾਰੀਕੀਆਂ ਅਤੇ ਗੁਝੀਆਂ ਰਮਜ਼ਾ ਨੂੰ ਨਹੀਂ ਸਮਝਦਾ ਜਾਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਜਾਂ ਕਦੇ ਪਰੇਮੀ ਦਿਲ ਨਾਲ ਉਹਦੇ ਖਿੜੇ ਜਾਂ ਉਦਾਸ ਚਿਹਰੇ ਤੋਂ ਉਸ ਦੇ ਦਿਲ ਦੀਆਂ ਡੂੰਘੀਆਂ ਗੱਲਾਂ ਨੂੰ ਨਹੀਂ ਪੜ੍ਹ ਸਕਦਾ ਜਾਂ ਉਸ ਦੇ ਗੁੰਗੇ ਇਸ਼ਾਰਿਆਂ ਨੂੰ, ਜੋ ਕੁਦਰਤ ਨੇ ਖਾਸ ਤੌਰ 'ਤੇ ਆਦਿ ਸ੍ਰਿਸ਼ਟੀ ਤੋਂ ਇਸਤ੍ਰੀ ਦੇ ਹਿੱਸੇ ਵਿਚ ਹੀ ਰਖ ਦਿੱਤੇ ਹਨ, ਸਹੀ ਤੌਰ 'ਤੇ ਨਹੀਂ ਸਮਝ ਸਕਦਾ। ਉਹ ਚੰਗੀ ਤੋਂ ਚੰਗੀ ਅਤੇ ਸੁੰਦਰ ਤੋਂ ਸੁੰਦਰ ਇਸਤ੍ਰੀ ਦਾ ਪਤੀ ਹੁੰਦਾ ਹੋਇਆ ਭੀ ਜ਼ਿੰਦਗੀ ਦੇ ਵੱਡਮੁਲੇ ਸਵਾਦਾਂ ਤੋਂ ਵਾਂਝਿਆ ਰਹਿੰਦਾ ਹੈ, ਜੇ ਸੱਚ ਪੁੱਛੋ ਤਾਂ ਉਸ ਦੀ ਹਾਲਤ ਅਜੇਹੀ ਹੈ ਜੀਕਰ ਕਿਸੇ ਬਾਂਦਰ ਦੇ ਹੱਥ ਵਿਚ ਨਰੇਲ ਫੜਾ ਦਿੱਤਾ ਜਾਵੇ ਤਾਂ ਉਹ ਉਸ ਨਾਲ ਆਪਣਾ ਸਿਰ ਪਾੜ ਲੈਣ ਬਿਨਾਂ ਹੋਰ ਕੋਈ ਲਾਭ ਪ੍ਰਾਪਤ ਨਹੀਂ ਕਰ ਸਕਦਾ ।
ਅੱਜ-ਕੱਲ ਘਰਾਂ ਵਿਚ ਕਿੰਨੀਆਂ ਫਿੱਕਾਂ, ਲੜਾਈ-ਝਗੜੇ ਤੇ ਘਿਰਨਾ ਦੀਆਂ ਤਪਦੀਆਂ ਭੱਠੀਆਂ ਨਜ਼ਰ ਆ ਰਹੀਆਂ ਹਨ, ਕੋਈ ਵਿਰਲੇ ਹੀ ਚੰਗੀ ਕਿਸਮਤ ਵਾਲੇ ਘਰਾਣੇ ਹੋਣਗੇ ਜਿਨ੍ਹਾਂ ਵਿਚ ਵਹੁਟੀ-ਗਭਰੂ ਰੁਪਏ ਵਿਚੋਂ ਪੂਰੇ 100 ਪੈਸੇ ਇਕ-ਦੂਜੇ ਨਾਲ ਖੁਸ਼ ਹੋਣਗੇ, ਨਹੀਂ ਤਾਂ ਬਹੁਤਿਆਂ ਦੇ ਦਿੱਲ ਪਾਟੇ ਪਏ ਹਨ । ਉਹਨਾਂ ਦੇ ਹਾਲ 'ਤੇ ਤਰਸ ਖਾਣ ਵਾਲਾ ਕੋਈ ਨਹੀਂ, ਉਨ੍ਹਾਂ ਦੇ ਜੀਵਨ-ਸੰਗ੍ਰਾਮ ਅੰਦਰ ਉਨ੍ਹਾਂ ਨੂੰ ਰਾਹੇ ਪਾਉਣ ਵਾਲਾ ਕੋਈ ਨਹੀਂ, ਨਹੀਂ ਤਾਂ ਉਹਨਾਂ ਦੀਆਂ ਜ਼ਿੰਦਗੀਆਂ ਭੀ ਇਕ ਨੁਕਤੇ ਦੇ ਫੇਰ ਨਾਲ ਹੀ ਬਹੁਤ ਸਵਾਦੀ ਅਤੇ ਸ਼ਾਨਦਾਰ ਬਣ ਜਾਂਦੀਆਂ ।
ਵਹੁਟੀ ਗਭਰੂ ਦੇ ਇਸ ਪਵਿਤ੍ਰ, ਵੱਡਮੁੱਲੇ ਅਤੇ ਸੁਖ ਆਨੰਦ ਨਾਲ ਭਰੇ ਹੋਏ ਸੰਬੰਧ ਤੋਂ ਪ੍ਰਾਚੀਨ ਜ਼ਮਾਨੇ ਦੇ ਬਜੁਰਗ ਚੰਗੀ ਤਰ੍ਹਾਂ ਜਾਣੂ ਸਨ ਅਤੇ ਉਹਨਾਂ ਨੇ ਜਵਾਨਾਂ ਦੀ ਸਿੱਖਿਆ ਲਈ ਅਨੇਕਾਂ ਪੁਸਤਕਾਂ ਸੰਸਕ੍ਰਿਤ ਵਿਚ 'ਰਤੀ ਰਹੱਸ', 'ਸ਼ਿੰਗਾਰ ਸ਼ਕਤ' ਕਾਮ ਸੂਤਰ', 'ਰਤੀ ਸ਼ਾਸਤਰ', 'ਕਾਮ ਸੰਜਮ', 'ਮਦਨ ਮੰਜਰੀ', ਸਭਾ ਵਿਲਾਸ, 'ਅੰਧਾ ਕਾਮ' ਤੇ ਫ਼ਾਰਸੀ ਅਰਬੀ ਵਿਚ 'ਇਲਮ-ਉਲਨਿਸਾ' ਤੇ ਲੱਜ਼ਤ-ਉਲਨਿਸਾ', 'ਹੋਸ਼ੋ-ਹਵਾਸ' ਆਦਿ ਲਿਖੀਆਂ ਸਨ । ਉਸ ਜਮਾਨੇ ਵਿਚ ਇਸ ਜ਼ਰੂਰੀ ਵਿਸ਼ੈ ਨੂੰ ਸ਼ਰਾਫ਼ਤ ਦੇ ਉਲਟ ਨਹੀਂ ਸੀ ਸਮਝਿਆ ਜਾਂਦਾ, ਉਸ ਸਮੇਂ ਦੀਆਂ ਧਾਰਮਿਕ ਤੇ ਸਦਾਚਾਰਕ ਰਚਨਾਵਾਂ ਅੰਦਰ ਏਸ ਵਿਸ਼ੈ ਦੇ ਵਿਰੁਧ ਕੁਝ ਨਹੀਂ ਲਿਖਿਆ ਮਿਲਦਾ । ਵੱਡੇ ਤੋਂ ਵੱਡੇ ਆਦਮੀ ਇਹਨਾਂ ਪੁਸਤਕਾਂ ਤੋਂ ਲਾਭ ਪ੍ਰਾਪਤ ਕਰਦੇ ਸਨ ਅਤੇ ਆਪਣੇ ਜੀਵਨ ਨੂੰ ਸਫਲ ਕਰਦੇ ਸਨ । ਪਰ ਅੱਜ-ਕੱਲ ਦੇ ਸਮੇਂ ਵਿਚ ਜੇ ਕੋਈ ਇਹ ਵਿਸ਼ੈ ਦਾ ਨਾਂ ਵੀ ਲੈ ਲਵੇ ਤਾਂ ਉਹ ਸਭਾ ਬਰਾਦਰੀ ਦੇ ਯੋਗ ਨਹੀਂ ਸਮਝਿਆ ਜਾਂਦਾ, ਹਾਲਾਂ ਕਿ ਮੈਂ ਸਮਝਦਾ ਹਾਂ ਕਿ ਅੱਜ-ਕੱਲ ਚਾਲ-ਚਲਨ ਦੀ ਗਿਰਾਵਟ, ਮਰਦਾਂ ਦਾ ਸੋਹਣੇ ਮੁੰਡਿਆਂ ਲਈ ਸ਼ੌਕ, ਬਿਗਾਨੀਆਂ ਇਸਤ੍ਰੀਆਂ ਦੀ ਚਾਹ, ਰੰਡੀਆਂ ਨਾਲ ਤਮਾਸ਼ਬੀਨੀ, ਹੱਥ-ਰਸੀ, ਮਾਨਸਿਕ ਵਿਸ਼ੈ ਭੋਗ, ਬੁਰੀਆਂ ਆਦਿਤਾਂ ਦੀ ਭਾਵਨਾ ਆਦਿਕ ਜਿੰਨੀਆਂ ਭੀ ਗੰਦੀਆਂ ਗੱਲਾਂ ਵੇਖੀਆਂ ਜਾਂਦੀਆਂ ਹਨ ਉਹਨਾਂ ਸਾਰੀਆਂ ਦੀ ਜੜ ਕੇਵਲ ਇਸ ਵਿਦਿਆ ਦਾ ਸੱਚਾ ਰੂਪ ਨਾ ਜਾਣਨਾ ਹੈ ।
ਪਤੀ-ਪਤਨੀ ਦਾ ਰਿਸ਼ਤਾ ਦੁਨੀਆਂ ਦੇ ਸਾਰੇ ਰਿਸ਼ਤਿਆਂ ਤੋਂ ਨਾਜ਼ੁਕ ਹੈ । ਇਸ ਨੂੰ ਮਜ਼ਬੂਤ ਅਤੇ ਆਨੰਦ-ਮਈ ਬਣਾਨ ਦੇ ਤਰੀਕਿਆਂ