ਮੁੱਖਬੰਦ
ਇਕਬਾਲ ਸਲਾਹੁਦੀਨ
(ਏਥੇ ਅਸੀਂ ਜਨਾਬ ਅਬਦੁਲ ਅਜ਼ੀਜ਼ ਬਾਰ ਐਟ ਲਾਅ ਦੀ ਤਰਤੀਬ ਦਿੱਤੀ "ਹੀਰ ਵਾਰਸ ਸ਼ਾਹ" ਵਿੱਚੋਂ ਇਕਬਾਲ ਸਲਾਹੁਦੀਨ ਸਾਹਿਬ ਦਾ ਸਾਰਾ ਦੀਬਾਚਾ/ਮੁਖਬੰਦ ਦੇ ਰਹੇ ਹਾਂ। ਨਾਲ ਨਾਲ ਪਾਠਕਾਂ ਦੀ ਸੌਖ਼ ਲਈ ਉਰਦੂ ਦੇ ਕੁਝ ਕਠਨ ਸ਼ਬਦਾਂ ਦੇ ਅਰਥ ਬੈਕਟਾਂ ਵਿੱਚ ਦੇ ਰਹੇ ਹਾਂ- ਅਜਮੇਰ ਕਵੈਂਟਰੀ )
ਜਿਹੜੀ ਇੱਜ਼ਤ, ਸ਼ੁਹਰਤ (ਪ੍ਰਸਿੱਧੀ) ਤੇ ਅਜ਼ਮਤ (ਵਡਿਆਈ) ਸੱਯਦ ਵਾਰਸ ਸ਼ਾਹ ਹੋਰਾਂ ਦੀ ਕਿਤਾਬ "ਹੀਰ" ਨੂੰ ਮਿਲੀ ਏ ਪੰਜਾਬੀ ਅਦਬ (ਸਾਹਿਤ) ਵਿੱਚ ਕਿਸੇ ਹੋਰ ਕਿਤਾਬ ਨੂੰ ਨਸੀਬ ਨਹੀਂ ਹੋਈ। ਵਾਰਸ ਸ਼ਾਹ ਹੋਰਾਂ "ਹੀਰ" ਨੂੰ ਆਪਣੇ ਐਸੇ ਖੂਬਸੂਰਤ ਅੰਦਾਜ਼ (ਢੰਗ) ਨਾਲ ਪੇਸ਼ ਕੀਤਾ ਕਿ ਪੰਜਾਬੀਆਂ ਦੇ ਦਿਲ ਵਿੱਚ ਘਰ ਕਰ ਗਈ। ਵਾਰਸ ਸ਼ਾਹ ਹੋਰਾਂ ਦੀ ਇਹ ਕਿਤਾਬ ਇੱਕ ਇਸ਼ਕੀਆ ਦਾਸਤਾਨ ਈ ਨਹੀਂ, ਆਪਣੇ ਦੌਰ (ਸਮੇਂ) ਦੀ ਸਿਆਸੀ, ਸਮਾਜੀ ਤੇ ਮੁਆਸਰਤੀ (ਸਮਾਜੀ) ਮੰਜ਼ਰਨਗਾਰੀ (ਦ੍ਰਿਸ਼ ਚਿਤਰਨ) ਤੇ ਤਾਰੀਖ਼ ਵੀ ਏ। ਉਹਨਾਂ ਦੀ ਕਿਤਾਬ ਵਿੱਚ ਪੰਜਾਬ ਦੀ ਤਹਿਜ਼ੀਬ ਜਿਉਂਦੀ ਜਾਗਦੀ ਨਜ਼ਰ ਆਉਂਦੀ ਹੈ। ਏਸ ਹਵਾਲੇ ਨਾਲ ਅਸੀਂ ਹੀਰ ਵਾਰਸ ਸ਼ਾਹ ਨੂੰ "ਆਈਨਾ ਪੰਜਾਬ" (ਪੰਜਾਬ ਦਾ ਸ਼ੀਸ਼ਾ ਜਾਂ ਅਕਸ) ਵੀ ਕਹਿ ਸਕਨੇ ਆਂ। "ਹੀਰ" ਤਮਸੀਲ ਨਿਗਾਰੀ (ਅਲੰਕਾਰਕ ਚਿਤਰਨ) ਦਾ ਬੜਾ ਖ਼ੂਬਸੂਰਤ ਨਮੂਨਾ ਏ। ਆਲਮੀ ਅਦਬ ਵਿੱਚ ਏਸ ਕਿਤਾਬ ਦਾ ਮਕਾਮ ਬੜਾ ਉੱਚਾ ਏ।
ਸਾਦਗੀ, ਹਕੀਕਤਬਿਆਨੀ, ਤੇ ਜੋਸ਼ ਉਹ ਖੂਬੀਆਂ ਨੇ ਜਿਹੜੀਆਂ ਕਿਸੇ ਸ਼ਾਇਰ ਨੂੰ ਅਜ਼ੀਮ ਸ਼ਾਇਰ ਬਣਾ ਦੇਂਦੀਆਂ ਨੇ। ਇਨ੍ਹਾਂ ਖ਼ੂਬੀਆਂ ਦਾ ਈ ਕਮਾਲ ਏ ਕਿ ਅੱਜ ਪੰਜਾਬ ਦਾ ਬੱਚਾ ਬੱਚਾ ਵਾਰਸ ਤੇ ਉਹਦੀ ਤਖਲੀਕ (ਸਿਰਜਨਾ) "ਹੀਰ" ਦਾ ਜਾਣੂ ਏ। ਵਾਰਸ ਹੋਰਾਂ ਨੂੰ ਅਦਬ ਵਿਚ ਜੋ ਮਕਾਮ ਹਾਸਿਲ ਹੋਇਆ, ਓਸ ਦਾ ਅੰਦਾਜ਼ਾ ਏਸ ਗੱਲ ਤੇ ਵੀ ਲਗਾਇਆ ਜਾ ਸਕਦਾ ਏ ਕਿ ਵਾਰਸ ਤੋਂ ਬਾਅਦ ਹਰ ਦੌਰ ਦੇ ਪੰਜਾਬੀ ਅਦੀਬਾਂ ਤੇ ਸ਼ਾਇਰਾਂ ਨੇ ਵਾਰਸ ਨੂੰ ਅਕੀਦਤ ਦਾ ਖ਼ਰਾਜ (ਸ਼ਰਧਾ ਦੇ ਫੁਲ) ਪੇਸ਼ ਕੀਤਾ ਏ ਤੇ ਰਹਿੰਦੀ ਦੁਨੀਆਂ ਤੀਕ ਇਹ ਸਿਲਸਲਾ ਜਾਰੀ ਰਹੇਗਾ। ਸਾਡੇ ਨੱਕਾਦਾਂ ਤੇ ਮਹੱਕਕਾਂ (ਆਲੋਚਕਾਂ ਤੇ ਖੋਜੀਆਂ) ਸਭ ਤੋਂ ਜ਼ਿਆਦਾ ਮਜ਼ਾਮੀਨ ਸੱਯਦ ਵਾਰਸ ਸ਼ਾਹ ਹੋਰਾਂ ਤੇ ਲਿਖੇ ਨੇ। ਅਜੇ ਗੱਲ ਮੁੱਕੀ ਨਹੀਂ। ਏਨ੍ਹਾਂ ਕਈ ਸੌ ਮਕਾਲਾਤ (ਲੇਖਾਂ) ਦੇ ਬਾਵਜੂਦ ਵਾਰਸ ਦੇ ਕਲਾਮ ਤੇ ਹਿਆਤੀ ਦੇ ਬਹੁਤ ਸਾਰੇ ਪਹਿਲੂ ਅਜੇਬੇ ਨੇ ਜਿਨ੍ਹਾਂ ਉਤੇ ਲਿਖਣ ਤੇ ਤਹਿਕੀਕ (ਖੋਜ) ਕਰਨ ਦੀ ਗੁੰਜਾਇਸ਼ ਤੇ ਜ਼ਰੂਰਤ ਅੱਜ ਵੀ ਮੌਜੂਦ ਏ। ਇਹ ਸਭ ਕੁਝ ਪੰਜਾਬੀ ਅਦਬ ਵਿੱਚ ਸਿਰਫ ਵਾਰਸ ਸ਼ਾਹ ਹੋਰਾਂ ਦੇ ਈ ਫਨ ਤੇ ਫਕਰ (ਕਲਾ ਤੇ ਸੋਚ) ਦਾ ਕਮਾਲ ਏ।
ਸੱਯਦ ਵਾਰਸ ਸ਼ਾਹ ਹੋਰਾਂ ਦੇ ਹਾਲਾਤ-ਏ-ਜ਼ਿੰਦਗੀ ਅਜੇ ਸਾਡੇ ਮੁਹੱਕਕਾਂ (ਖੋਜਕਾਰਾਂ) ਦੀ ਨਜ਼ਰ ਤੋਂ ਉਹਲੇ ਨੇ। ਉਹਨਾਂ ਦੇ ਕਲਾਮ ਤੋਂ ਇਸ਼ਾਰੇ ਲੈ ਕੇ ਤੇ ਕੁਝ ਤਾਰੀਖੀ ਕੜੀਆਂ ਮਿਲਾ ਕੇ ਬਾਅਜ਼ ਦਾਨਸ਼ਵਰਾਂ (ਸੂਝਵਾਨਾਂ) ਨੇ ਵਾਰਸ ਸ਼ਾਹ ਦੀ ਜ਼ਿੰਦਗੀ ਦੇ ਹਾਲਾਤ ਤਸ਼ਕੀਲ ਕਰਨ (ਰੂਪ ਦੇਣ) ਦੀ ਕੋਸ਼ਿਸ਼ ਕੀਤੀ ਏ। ਇਹ ਕੋਸ਼ਿਸ਼ ਕਦਰ ਦੇ ਕਾਬਲ ਤੇ ਹੈ ਪਰ ਇਹਨੂੰ ਅਸੀਂ ਮੁਸਤਨਦ (ਇਤਬਾਰਯੋਗ) ਕੋਸ਼ਿਸ਼ ਨਹੀਂ ਆਖ ਸਕਦੇ ਕਿਉਂਕਿ ਕੁਤਬ ਦਿਆ ਬੇਟਿਆਂ ਵਰਗੇ ਅਲਫਾਜ਼ ਸ਼ਾਇਰ ਅਕਸਰ ਮੁਹਾਵਰੇ ਦੇ ਤੌਰ ਤੇ ਗੱਲ ਉਤੇ ਜ਼ੋਰ ਦੇਣ ਲਈ ਵੀ ਇਸਤੇਮਾਲ ਕਰਦੇ (ਵਰਤਦੇ) ਨੇ। ਪੰਜਾਬੀ ਅਦਬ ਦੇ ਮੁਹੱਕਕਾਂ ਨੇ ਹੁਣ ਤੀਕ ਜੋ ਖੋਜ ਕੱਢਿਆ ਏ ਉਹਦੇ
ਮੁਤਾਬਕ ਵਾਰਸ ਸ਼ਾਹ ਹੋਰਾਂ ਦੇ ਵਾਲਦ ਦਾ ਨਾਂ ਕੁਤਬ ਸ਼ਾਹ ਸੀ, ਉਹ ਜੰਡਿਆਲਾ ਸ਼ੇਰ ਖਾਂ ਜ਼ਿਲਾ ਸ਼ੇਖੂਪੁਰਾ ਵਿੱਚ ਪੈਦਾ ਹੋਏ। ਕਸੂਰ ਵਿੱਚ ਮੌਲਵੀ ਗੁਲਾਮ ਮੁਹਈਉਦੀਨ ਜਾਂ ਮੌਲਵੀ ਗੁਲਾਮ ਮੁਰਤਜ਼ਾ ਕੋਲੋਂ ਜ਼ਾਹਰੀ ਅਲੂਮ (ਇਲਮ ਦਾ ਬਹੁਵਚਨ) ਸਿਖੇ। ਬਾਬਾ ਫਰੀਦ ਉਦੀਨ ਮਸਊਦ ਹੋਰਾਂ ਦੀ ਦਰਗਾਹ ਤੋਂ ਰੂਹਾਨੀ ਫੈਜ਼ (ਲਾਭ ਲਿਆ) ਪਾਇਆ ਤੇ ਆਪ ਦੇ ਗੱਦੀ ਨਸ਼ੀਨ ਖਾਜਾ ਦੀਵਾਨ ਮੁਹੰਮਦ ਹੋਰਾਂ ਦੇ ਹੱਥ ਦਿੱਤਾ।
ਵਾਰਸ ਸ਼ਾਹ ਹੋਰਾਂ ਨੇ ਉਮਰ ਦਾ ਇੱਕ ਹਿੱਸਾ ਮਲਕਾ ਹਾਂਸ ਵਿੱਚ ਗੁਜ਼ਾਰਿਆ ਤੇ ਏਥੇ ਦੀ ਇੱਕ ਮਸੀਤ ਦੇ ਹੁਜਰੇ (ਕੋਠੜੇ) ਵਿੱਚ ਬੈਠ ਕੇ "ਹੀਰ" ਵਰਗੀ ਸ਼ਾਹਕਾਰ (ਚੋਟੀ ਦੀ) ਕਿਤਾਬ ਦੀ ਤਸਨੀਫ ਕੀਤੀ। ਉਹਨਾਂ ਦੀ ਕਿਤਾਬ "ਹੀਰ" 1180 ਹਿਜਰੀ ਦੀ ਤਸਨੀਫ ਏ। ਵਾਰਸ ਸ਼ਾਹ ਮਲਕਾ ਹਾਂਸ ਤੋਂ ਵਾਪਸ ਜੰਡਿਆਲੇ ਚਲੇ ਗਏ ਤੇ ਰਾਹ ਵਿੱਚ ਕਸੂਰ ਠਹਿਰ ਕੇ ਅਪਣੇ ਉਸਤਾਦ ਨਾਲ ਮਿਲੇ। ਏਸ ਗੱਲ ਦਾ ਖੋਜ ਵੀ ਮਿਲਿਆ ਏ ਕਿ ਆਪ ਹਜ਼ਰਤ ਬੁਲ੍ਹੇ ਸ਼ਾਹ ਹੋਰਾਂ ਦੇ ਹਮਅਸਰ (ਸਮਕਾਲੀ), ਹਮਸਬਕ (ਹਮ ਜਮਾਤੀ) ਅਤੇ ਉਸਤਾਦ ਭਰਾ ਸਨ। ਮੁਹੱਕਕਾਂ ਦੇ ਅੰਦਾਜ਼ੇ ਦੇ ਮੁਤਾਬਕ ਵਾਰਸ ਸ਼ਾਹ ਹੋਰੀਂ 1722 ਈਸਵੀ ਨੂੰ ਵਫਾਦ ਪਾਈ। ਆਪ ਜੰਡਿਆਲਾ ਸ਼ੇਰ ਖਾਂ ਵਿੱਚ ਦਫਨ ਹੋਏ।
ਵਾਰਸ ਸ਼ਾਹ ਹੋਰੀਂ ਪੰਜਾਬੀ ਦੇ ਅਜ਼ੀਮ (ਵੱਡੇ) ਤੇ ਕਾਦੁਰਕਲਾਮ (ਮਹਾਨਤਮ) ਸ਼ਾਇਰ ਨੇ। ਉਹ ਕਲਾਮ ਦੇ ਬਾਦਸ਼ਾਹ ਨੇ ਤੇ ਓਹਨਾਂ ਦੀ ਹਕੂਮਤ (ਰਾਜ) ਪੰਜਾਬੀ ਸ਼ਾਇਰੀ ਉਤੇ ਹਮੇਸ਼ਾ ਰਹਿਵੇ ਗੀ।
ਮੀਆਂ ਮੁਹੰਮਦ ਬਖਸ਼ ਹੋਰੀਂ ਆਖਦੇ ਨੇ:-
ਵਾਰਸ ਸ਼ਾਹ ਸੁਖਨ ਦਾ ਵਾਰਸ ਨਿੰਦੇ ਕੌਣ ਉਹਨਾਂ ਨੂੰ
ਹਰਫ ਉਹਦੇ ਤੇ ਉਂਗਲ ਧਰਨੀ ਨਾਹੀਂ ਕਦਰ ਅਸਾਂ ਨੂੰ
ਵਾਰਸ ਸ਼ਾਹ ਤੇ ਉਹਨਾਂ ਦੀ ਹੀਰ
ਪੰਜਾਬੀ ਅਦਬ ਵਿੱਚ ਜਿਹੜਾ ਰੁਤਬਾ ਹੀਰ ਵਾਰਸ ਸ਼ਾਹ ਨੂੰ ਮਿਲਿਆ ਏ ਕਿਸੇ ਹੋਰ ਕਿਤਾਬ ਨੂੰ ਨਸੀਬ ਨਹੀਂ ਹੋਇਆ। ਅਵਾਮ ਤੇ ਖਵਾਸ ਸਭ ਦੇ ਦਿਲਾਂ ਵਿੱਚ ਕਿਸੇ ਨਾ ਕਿਸੇ ਹਵਾਲੇ ਨਾਲ ਏਸ ਕਿਤਾਬ ਦੀ ਚਾਹਤ ਤੇ ਮੁਹੱਬਤ ਸਦੀਆਂ ਤੋਂ ਜ਼ਿੰਦਾ ਏ ਤੇ ਜ਼ਿੰਦਾ ਰਹਿਵੇਗੀ।
ਸੱਯਦ ਵਾਰਸ ਸ਼ਾਹ ਹੋਰਾਂ ਨੇ ਪੰਜਾਬ ਦੇ ਮਾਅਰੂਫ (ਪ੍ਰਸਿੱਧ) ਰੁਮਾਨਵੀ ਕਿੱਸੇ "ਹੀਰ" ਨੂੰ ਆਪਣੇ ਸ਼ਾਇਰਾਨਾ ਕਮਾਲ ਦੇ ਨਾਲ ਹਮੇਸ਼ਾ ਲਈ ਅਮਰ ਬਣਾ ਦਿੱਤਾ ਏ। ਜ਼ਬਾਨ ਵ ਬਿਆਨ ਦੇ ਜ਼ਾਇਕੇ ਦੇ ਹਵਾਲੇ ਨਾਲ ਹੀਰ ਵਾਰਸ ਸ਼ਾਹ ਉਹ ਉੱਚੀ ਸੁੱਚੀ ਕਿਤਾਬ ਏ ਜਿਹਦੇ ਵਿੱਚ ਪੰਜਾਬੀ ਜ਼ਬਾਨ, ਲਹਿਜੇ ਦੀ ਕੋਮਲਤਾ, ਸ਼ਾਇਰੀ ਦੀ ਚਮਕ ਦਮਕ ਤੇ ਮੁਆਸ਼ਰਤੀ ਰਵੱਈਆਂ ਦੀ ਅੱਕਾਸੀ ਦੇ ਸਬੱਬੋ ਅਰੂਜ ਸਿਖਰ ਤੇ ਨਜ਼ਰ ਆਉਂਦੀ ਏ। ਹੀਰ ਪੰਜਾਬੀ ਜ਼ਬਾਨ ਦੀ ਉਹ ਕਦੀਮ (ਪੁਰਾਣੀ) ਦੌਲਤ ਏ ਜਿਹਨੂੰ ਪੰਜਾਬੀ ਜ਼ਬਾਨ ਦਾ ਤਾਜਮਹੱਲ ਆਖਿਆ ਜਾਵੇ ਤੇ ਮੁਨਾਸਬ ਏ। ਏਸ ਕਿਤਾਬ ਨੇ ਪੰਜਾਬੀ ਜ਼ਬਾਨ ਦੇ ਬੇਸ਼ੁਮਾਰ ਠੇਠ ਲਫਜ਼, ਤਰਕੀਬਾਂ, ਮੁਹਾਵਰੇ ਤੇ ਕਹਾਵਤਾਂ ਨੂੰ ਹਮੇਸ਼ਾ ਲਈ ਮਹਿਫੂਜ਼ ਕਰ ਦਿੱਤਾ ਏ ਤੇ ਜਦੋਂ ਤੱਕ ਪੰਜਾਬੀ ਜ਼ਬਾਨ ਜ਼ਿੰਦਾ ਏ, ਪੰਜਾਬੀ ਪੜ੍ਹਣ ਵਾਲੇ ਹੀਰ ਵਾਰਸ ਸ਼ਾਹ ਤੋਂ ਮਹਿਜ਼ੂਜ਼ (ਖ਼ੁਸ਼) ਹੁੰਦੇ ਰਹਿਣਗੇ। ਪੰਜਾਬੀ ਦੇ ਮੁਅਤਬਰ ਸ਼ਾਇਰ ਮੀਆਂ ਮੁਹੰਮਦ ਬਖਸ਼ ਹੋਰੀ ਵਾਰਸ ਸ਼ਾਹ ਹੋਰਾਂ ਦੀ ਸ਼ਾਇਰੀ ਦੀ ਸਲਾਹਣਾ ਕਰਦਿਆਂ ਹੋਇਆਂ ਲਿਖਦੇ ਨੇ:-
ਵਾਰਸ ਸ਼ਾਹ ਸੁਖਨ ਦਾ ਵਾਰਸ ਨਿੰਦੇ ਕੌਣ ਉਹਨਾਂ ਨੂੰ
ਹਰਫ ਉਹਦੇ ਤੇ ਉਂਗਲ ਧਰਨੀ ਨਾਹੀਂ ਕਦਰ ਅਸਾਂ ਨੂੰ
ਜਿਹੜੀ ਓਸ ਚੁਹਰੇਟੀ ਆਖੀ ਜੇ ਸਮਝੇ ਕੋਈ ਸਾਰੀ
ਹਿਕ ਹਿਕ ਸੁਖਨ ਅੰਦਰ ਖੁਸ਼ਬੂ ਏ. ਵਾਂਗ ਫੁੱਲਾਂ ਦੀ ਖਾਰੀ
ਹੀਰ ਵਾਰਸ ਸ਼ਾਹ ਦੀ ਮਕਬੂਲੀਅਤ
ਹੀਰ ਵਾਰਸ ਸ਼ਾਹ ਨੂੰ ਅੱਜ ਜੋ ਮਕਾਮ ਹਾਸਲ ਏ ਤੇ ਜਿਹੜੀ ਮਕਬੂਲੀਅਤ (ਹਰਮਨਪਿਆਰਤਾ) ਉਹਦੇ ਹਿੱਸੇ ਆਈ ਏ. ਉਹਦਾ ਵੇਰਵਾ ਕਰੀਏ ਤੇ ਬਹੁਤ ਸਾਰੇ ਅਸਬਾਬ (ਕਾਰਨ) ਨਜ਼ਰ ਆਉਂਦੇ ਨੇ।
1. ਇਹਦੇ ਵਿੱਚ ਅਵਾਮੀ ਰੰਗ ਹੋਣ ਕਾਰਨ ਸਾਡੀ ਪੇਂਡੂ ਜਟਾਲੀ ਏਸ ਕਿਤਾਬ ਨੂੰ ਬਹੁਤ ਪਸੰਦ ਕਰਦੀ ਏ। ਪੰਜਾਬ ਦੇ ਦੇਹਾਤ (ਪਿੰਡਾਂ) ਵਿੱਚ ਹੀਰ ਨੂੰ ਬੜੇ ਸ਼ੌਕ ਨਾਲ ਪੜ੍ਹਿਆ ਤੇ ਸੁਣਿਆ ਜਾਂਦਾ ਏ। ਗਾ ਕੇ ਪੜ੍ਹਣ ਵਾਲੇ ਨੂੰ ਬੜੀ ਇੱਜ਼ਤ ਦਿੱਤੀ ਜਾਂਦੀ ਏ।
2. ਵਾਰਸ਼ ਸ਼ਾਹ ਦੀ ਹੀਰ ਪੰਜਾਬ ਦੀ ਦੇਹਾਤੀ ਜ਼ਿੰਦਗੀ ਦੀ ਅਕਾਸੀ ਕਰਦੀ (ਤਸਵੀਰ ਖਿੱਚਦੀ) ਏ ਏਸ ਪਾਰੋਂ ਵੀ ਇਹ ਲੋਕਾਂ ਦੇ ਦਿਲਾਂ ਵਿੱਚ ਵਸਦੀ ਏ। ਏਸ ਤੋਂ ਪਿੰਡਾਂ ਦੇ ਮੁਆਸ਼ਰਤੀ (ਸਮਾਜੀ) ਰਵੱਈਆਂ (ਵਰਤਾਰਿਆਂ) ਦੀ ਦੱਸ ਮਿਲਦੀ ਏ।
3. ਪੰਜਾਬ ਦਾ ਸਾਰਾ ਖਿੱਤਾ ਬਿਲਖ਼ਸੂਸ (ਖਾਸ ਤੌਰ ਤੇ ਪੇਂਡੂ ਰਹਿਤਲ ਰੁਮਾਨੀਅਤ ਪਸੰਦ ਏ। ਹੀਰ ਇੱਕ ਰੁਮਾਨਵੀ ਤੇ ਇਸ਼ਕਾਈਆ ਕਿੱਸਾ ਏ। ਏਸ ਕਰਕੇ ਲੋਕਾਂ ਦੇ ਮਜ਼ਾਜ ਨਾਲ ਇਹਦਾ ਬੜਾ ਮੇਲ ਏ।
4. ਇਹਦੇ ਕਿਰਦਾਰ (ਪਾਤਰ) ਦੇਹਾਤੀ ਜ਼ਿੰਦਗੀ ਦੀ ਨੁਮਾਇੰਦਗੀ (ਪ੍ਰਤੀਨਿਧਤਾ) ਕਰਦੇ ਨੇ। ਅੱਜ ਵੀ ਪਿੰਡਾਂ ਦੀਆਂ ਥਾਵਾਂ ਤੇ ਪਰਵਾਨ ਚੜ੍ਹਨ ਵਾਲੀ ਹਰ ਇਸ਼ਕ ਕਹਾਣੀ ਵਾਰਸ ਦੀ ਹੀਰ ਦਾ ਮਾਹੌਲ ਇਖਤਿਆਰ ਕਰ ਲੈਂਦੀ ਏ।
5. ਵਾਰਸ ਸ਼ਾਹ ਹੋਰਾਂ ਦੇ ਅਕਸਰ ਮਕੂਲੇ (ਕਥਨ) ਕਹਾਵਤ ਤੇ ਜਰਬੁਲਮਿਸਲ (ਆਖਾਣ) ਦਾ ਦਰਜਾ ਪਾ ਗਏ ਨੇ। ਜਿਹਦੇ ਪਾਰੋਂ ਹੀਰ ਦੀ ਹਿਆਤੀ ਅਬਦੀ (ਸਦੀਵੀ) ਹੋ ਗਈ ਏ।
6. ਜ਼ਬਾਨ ਵ ਬਿਆਨ ਦੇ ਇਅਤਬਾਰ ਨਾਲ ਇਸ ਕਿਤਾਬ ਵਿੱਚ ਬੜੇ ਵਸਫ (ਗੁਣ) ਨੇ ਤੇ ਇਨ੍ਹਾਂ ਵਸਫਾਂ ਦੇ ਸਬੱਬੋਂ ਵੀ ਵਾਰਸ ਦੀ ਸ਼ਾਇਰੀ ਲਾਸਾਨੀ (ਬੋਮਿਸਾਲ) ਅਤੇ ਲਾਫਾਨੀ (ਅਮਰ) ਏ।
7. ਹੀਰ ਨੂੰ ਮੀਆਂ ਹਦਾਇਤੁੱਲਾ ਅਤੇ ਪੀਰਾਂ ਦਿੱਤਾ ਹੋਰਾਂ ਨੇ ਵਧਾਇਆ ਏ। ਇਹ ਗੱਲ ਹੀਰ ਦੀ ਮਕਬੂਲੀਅਤ ਦਾ ਜ਼ਿੰਦਾ ਸਬੂਤ ਏ। ਇਨ੍ਹਾਂ ਸ਼ਾਇਰਾਂ ਦੀ ਮਿਹਨਤ ਨਾਲ ਹੀਰ ਦੀ ਸ਼ਾਨ ਵਿੱਚ ਮਜ਼ਾਫਾ (ਵਾਧਾ) ਹੋਇਆ ਏ।
8. ਦੁਖ ਦਰਦ, ਸੋਜ਼, ਮੰਜ਼ਰਨਿਗਾਰੀ ਤੇ ਸਰਾਪਾ ਨਿਗਾਰੀ (ਪੂਰੇ ਚਿਤਰ ਖਿਚਣੇ) ਵਰਗੇ ਵਸਫ ਹੀਰ ਰਾਂਝੇ ਦੀ ਪਿਆਰ ਕਹਾਣੀ ਦਾ ਤੁਅੱਲਕ ਲੋਕਾਂ ਦੇ ਦਿਲਾਂ ਨਾਲ ਕਾਇਮ ਕਰਲ ਵਿਚ ਬੜਾ ਕਿਰਦਾਰ ਅਦਾ ਕਰਦੇ ਨੇ।
9. ਸਾਡੀ ਰਹਿਤਲ ਵਿੱਚ ਇੱਕ ਤਬਕਾ ਅਜੇਹਾ ਏ ਜਿਹੜਾ ਤਸਵਫ (ਸੂਫ਼ੀਵਾਦ) ਅਤੇ ਸੂਫੀਆਂ ਨਾਲ ਅਕੀਦਤ (ਸ਼ਰਧਾ) ਰੱਖਦਾ ਏ। ਵਾਰਸ ਸ਼ਾਹ ਹੋਰਾਂ ਏਸ ਕਹਾਣੀ ਨੂੰ ਰੂਹ ਕਲਬੂਤ ਦਾ ਝਗੜਾ ਆਖ ਕੇ ਤਸੱਵਫ ਦਾ ਰੰਗ ਦੇ ਦਿੱਤਾ ਏ। ਕਿਤਾਬ ਦੀਆਂ ਸੂਫੀਆਨਾ ਰਮਜ਼ਾਂ ਦੀ ਤਸਵਫ ਪਸੰਦ ਲੋਕਾਂ ਵਿੱਚ ਬੜੀ ਕਦਰ ਏ।
10. ਹੀਰ ਤੇ ਰਾਂਝੇ ਦੇ ਕਿਰਦਾਰ ਨੂੰ ਮਸ਼ਰਕ (ਪੂਰਬ) ਦੇ ਮਹੱਜ਼ਬ (ਤਹਿਜ਼ੀਬਵਾਲੇ) ਮੁਆਸ਼ਰੇ ਵਿੱਚ ਇੱਜ਼ਤ ਤੇ ਵਕਾਰ ਦੀ ਨਜ਼ਰ ਨਾਲ ਨਹੀਂ ਦੇਖਿਆ ਜਾ ਸਕਦਾ। ਕੁਝ ਲੋਕ ਹੀਰ ਰਾਂਝੇ ਦੇ ਆਸ਼ਕਾਨਾ ਰਵੱਈਏ ਨਾਲ
ਇਤਿਫਾਕ (ਸਹਿਮਤੀ) ਨਹੀਂ ਕਰਦੇ, ਉਹ ਹੀਰ ਰਾਂਝੇ ਨੂੰ ਵਿਗੜੇ ਹੋਏ ਫਰਦ ਤੇ ਵਿਗਾੜ ਦਾ ਸਬੱਬ (ਕਾਰਨ) ਗਿਣਦੇ ਨੇ। ਏਸ ਇਖਤਲਾਫੀ (ਅਸਹਿਮਤੀ ਵਾਲੀ) ਬਹਿਸ ਨੇ ਹੀਰ ਨੂੰ ਬੜੀ ਮਕਬੂਲੀਅਤ ਦਿੱਤੀ ਏ।
ਵਿਧਾਤਾ ਸਿੰਘ ਤੀਰ ਹੋਰੀ ਹੀਰ ਦੀ ਮਕਬੂਲੀਅਤ ਦਾ ਬੜਾ ਸੁਹਣਾ ਨਖੇੜ ਕਰਦੇ ਨੇ:-
ਮਿੱਠੀ ਬੋਲੀ ਦੇ ਵਾਰਸਾ ਸੱਚ ਮੰਨੀ, ਮੰਨਾਂ ਮੈਂ ਪੰਜਾਬੀ ਦਾ ਪੀਰ ਤੈਨੂੰ
ਦਿੱਤੀ ਜਿੰਦ ਤੂੰ ਹੀਰ ਸਲੇਟੜੀ ਨੂੰ, ਦੇ ਗਈ ਸਦਾ ਜ਼ਿੰਦਗੀ ਹੀਰ ਤੈਨੂੰ
ਹੀਰ ਰਾਂਝਾ ਇੱਕ ਅਲਾਮਤੀ ਕਹਾਣੀ
ਹੀਰ ਦੇ ਕਿੱਸੇ ਵਿੱਚ ਜਿੰਨੇ ਵੀ ਤਮਸੀਲੀ ਕਿਰਦਾਰ (ਡਰਾਮਾਈ ਪਾਤਰ) ਪੇਸ਼ ਕੀਤੇ ਨੇ, ਸੱਯਦ ਵਾਰਸ ਸ਼ਾਹ ਹੋਰੀਂ ਓਹਨਾਂ ਨੂੰ ਅਲਾਮਤੀ (ਚਿਨ੍ਹਆਤਮਕ) ਕਿਰਦਾਰ ਆਖਦੇ ਹਨ। ਉਹਨਾਂ ਦੇ ਬਕੌਲ ਉਹਨਾਂ ਦੇ ਰੂਹ ਕਲਬੂਤ ਦਾ ਕਿੱਸਾ ਤਮਸੀਲੀ ਰੰਗ ਵਿੱਚ ਬਿਆਨ ਕੀਤਾ ਹੈ ਅਤੇ ਲਿਖਦੇ ਨੇ:
ਤਮਸੀਲ ਦੇ ਨਾਲ ਬਿਆਨ ਕੀਤਾ, ਜੇਹੀ ਜ਼ੀਨਤ ਲਾਅਲ ਦੇ ਹਾਰ ਦੀ ਸੀ
ਦੂਜੀ ਥਾਂ ਲਿਖਦੇ ਨੇ:
ਇਹ ਰੂਹ ਕਲਬੂਤ ਦਾ ਜ਼ਿਕਰ ਸਾਰਾ ਨਾਲ ਅਕਲ ਦੇ ਮੇਲ ਮਲਾਇਆ ਈ
ਅੱਗੇ ਹੀਰ ਨਾ ਕਿਸੇ ਨੇ ਕਹੀ ਐਸੀ ਸ਼ਿਅਰ ਬਹੁਤ ਮਰਗੂਬ ਬਣਾਇਆ ਈ
ਵਾਰਸ ਸ਼ਾਹ ਹੋਰਾਂ ਦੇ ਉਸਤਾਦ ਨੂੰ ਜਦੋਂ ਉਨ੍ਹਾਂ ਦੇ ਏਸ ਇਸ਼ਕੀਆ ਦਾਸਤਾਨ (ਕਹਾਣੀ) ਲਿਖਣ ਦਾ ਪਤਾ ਲੱਗਾ ਤੇ ਉਨ੍ਹਾਂ ਦੀ ਏਸ ਹਰਕਤ ਉਤੇ ਬਹੁਤ ਖਫਾ ਹੋਏ। ਵਾਰਸ ਸ਼ਾਹ ਹੋਰਾਂ ਦੀ ਵਜ਼ਾਰਤ (ਵਿਆਖਿਆ) ਨਾਲ ਉਹਨਾਂ ਦੀ ਨਾਰਾਜ਼ਗੀ ਦੂਰ ਹੋ ਗਈ। ਉਹਨਾਂ ਨੇ ਆਖਿਆ, "ਤੂੰ ਤੇ ਮੁੰਜ ਦੀ ਰੱਸੀ ਵਿੱਚ ਮੋਤੀ ਪਰੋ ਦਿੱਤੇ ਨੇ' ਇਹ ਗੱਲ ਹੀਰ ਨੂੰ ਅਲਾਮਤੀ ਕਿੱਸਾ ਸਾਬਤ ਕਰਨ ਲਈ ਇੱਕ ਮਜ਼ਬੂਤ ਦਲੀਲ ਏ। ਵਾਰਸ ਸ਼ਾਹ ਹੋਰੀਂ ਆਖਦੇ ਨੇ
ਇਹ ਮਾਅਨੇ ਕੁਰਾਨ ਮਜੀਦ ਦੇ ਨੇ, ਜਿਹੜੇ ਸ਼ਿਅਰ ਮੀਏਂ ਵਾਰਸ ਸ਼ਾਹ ਦੇ ਨੇ
ਕਿਰਦਾਰਾਂ ਦੀ ਤਸ਼ਰੀਹ (ਵਿਆਖਿਆ) ਕਰਦਿਆਂ ਹੋਇਆਂ ਵਾਰਸ ਸ਼ਾਹ ਹੋਰੀਂ ਲਿਖਦੇ ਨੇ ;
ਹੀਰ ਰੂਹ ਤੇ ਚਾਕ ਕਲਬੂਤ ਜਾਣੋ, ਬਾਲ ਨਾਥ ਇਹ ਪੀਰ ਬਣਾਇਆ ਈ
ਪੰਜ ਪੀਰ ਨੇ ਪੰਜ ਹਵਾਸ ਤੇਰੇ, ਜਿਨ੍ਹਾਂ ਥਾਪਨਾ ਤੁਧ ਨੂੰ ਲਾਇਆ ਈ
ਕਾਜ਼ੀ ਹੱਕ, ਝਬੇਲ ਨੇ ਅਮਲ ਤੇਰੇ ਇਆਲ ਮੁਨਕਰ ਨਕੀਰ ਠਹਿਰਾਇਆ ਈ
ਕੋਠਾ ਗੌਰ ਅਜ਼ਰਾਈਲ ਹੈ ਇਹ ਖੇੜਾ ਜਿਹੜਾ ਲੇਂਦਾ ਰੂਹ ਨੂੰ ਢਾਇਆ ਈ
ਕੈਦੋ ਲੰਙਾ ਸ਼ੈਤਾਨ ਮਲਊਨ ਜਾਣੋ ਜਿਸਨੇ ਵਿੱਚ ਦੀਵਾਨ ਫੜਾਇਆ ਈ
ਸਈਆਂ ਹੀਰ ਦੀਆਂ ਰੰਨ ਘਰ ਬਾਰ ਤੇਰਾ ਜਿਨ੍ਹਾਂ ਨਾਲ ਪੈਵੰਦ ਬਣਾਇਆ ਈ
ਵਾਂਗ ਹੀਰ ਦੇ ਨਾਲ ਲੈ ਜਾਣ ਤੈਨੂੰ ਕਿਸੇ ਨਾਲ ਨਾ ਸਾਥ ਲਦਾਇਆ ਈ
ਜਿਹੜਾ ਦਿਲ ਦਾ ਨਾਤਕਾ ਵੰਝਲੀ ਹੈ ਜਿਸ ਹੋਸ਼ ਦਾ ਰਾਗ ਸੁਣਾਇਆ ਈ
ਸਹਿਤੀ ਮੌਤ ਤੇ ਜਿਸਮ ਹੈ ਯਾਰ ਰਾਂਝਾ ਇਨ੍ਹਾਂ ਦੋਹਾਂ ਨੇ ਭੇੜ ਮਚਾਇਆ ਈ
ਸ਼ਹਿਵਤ ਭਾਬੀ ਤੇ ਭੁਖ ਰਬੇਲ ਬਾਂਦੀ ਜਿਨ੍ਹਾਂ ਜੰਨਤੋਂ ਮਾਰ ਕਢਾਇਆ ਈ
ਜੋਗ ਔਰਤ ਹੈ ਕੰਨ ਪਾੜ ਜਿਸ ਨੇ ਸਭ ਅੰਗ ਭਬੂਤ ਰਮਾਇਆ ਈ
ਦੁਨੀਆਂ ਜਾਣ ਐਵੇਂ ਜਿਵੇਂ ਝੰਗ ਪੇਕੇ ਗੋਰ ਕਾਲੜਾ ਬਾਗ਼ ਬਣਾਇਆ ਈ
ਤ੍ਰਿੰਜਨ ਇਹ ਬਦਅਮਲੀਆਂ ਤੇਰੀਆਂ ਨੇ ਕਢ ਕਬਰ ਥੀਂ ਦੋਜ਼ਖੀਂ ਪਾਇਆ ਈ
ਇਹ ਮਸੀਤ ਹੈ ਮਾਂ ਦਾ ਸ਼ਿਕਮ ਬੰਦੇ ਜਿਸ ਵਿੱਚ ਸ਼ਬ ਰੋਜ਼ ਲੰਘਾਇਆ ਈ
ਅਦਲੀ ਰਾਜਾ ਤੇ ਨੇਕ ਨੇ ਅਮਲ ਤੇਰੇ ਜਿਸ ਹੀਰ ਈਮਾਨ ਦਵਾਇਆ ਈ
ਵਾਰਸ ਸ਼ਾਹ ਮੀਆਂ ਬੇੜੇ ਪਾਰ ਤੇਰੇ ਕਲਮਾ ਪਾਕ ਜ਼ਬਾਨ ਤੇ ਆਇਆ ਈ
ਤਸੱਵਫ
ਕਿੱਸਾ “ਹੀਰ ਰਾਂਝਾ" ਦੇ ਉਹਲੇ ਵਾਰਸ ਸ਼ਾਹ ਹੋਰਾਂ ਨੇ ਤਸੱਵਫ, ਮਾਅਰਫਤ, ਹਿਕਮਤ ਤੇ ਦਾਨਾਈ ਦੀਆਂ ਗੱਲਾਂ ਕੀਤੀਆਂ ਨੇ। ਵਾਰਸ ਸ਼ਾਹ ਹੋਰਾਂ ਦੀ ਅਲਾਮਤਨਿਗਾਰੀ ਦੇ ਪਸਮੰਜ਼ਰ (ਪਿਠਭੂਮੀ) ਵਿੱਚ ਹੀਰ ਦਾ ਜਾਇਜ਼ਾ ਲਈਏ ਤੇ ਇਹ ਕਿਤਾਬ ਤਸੱਵਫ ਦਾ ਇੱਕ ਠਾਠਾਂ ਮਾਰਦਾ ਸਮੁੰਦਰ ਲਗਦੀ ਏ। ਵਾਰਿਸ ਸ਼ਾਹ ਹੋਰਾਂ ਨੇ ਕਈ ਥਾਵਾਂ ਤੇ ਅਪਣੀ ਸੂਫੀਆਨਾਂ ਰਮਜ਼ ਤੇ ਸੂਫੀਆਨਾ ਮਸਲਕ (ਰਾਹ) ਦਾ ਇਜ਼ਹਾਰ ਕੀਤਾ ਏ। ਵਾਰਸ ਸ਼ਾਹ ਹੋਰੀਂ ਤਸੱਵਫ ਵਿੱਚ 'ਹਮਾਂ ਓ ਮਸਤ' ਯਾਣੀ ਵਹਦਤੁਲ ਵਜੂਦ ਦੇ ਕਾਇਲ ਸਨ। ਵਾਰਸ ਸ਼ਾਹ ਹੋਰੀਂ ਆਪਣੇ ਸੂਫੀਆਨਾ ਮਸਲਕ ਦਾ ਇਜ਼ਹਾਰ ਇੰਜ ਕਰਦੇ ਨੇ:
ਬੱਚਾ ਸੁਣੋ ਇਸ ਵਿੱਚ ਕਲਬੂਤ ਖਾਕੀ ਸੱਚੇ ਰਬ ਨੇ ਥਾਂਉਂ ਬਣਾਇਆ ਈ
ਵਾਰਸ ਸ਼ਾਹ ਮੀਆਂ ਹਮਾਂ ਓ ਮਸਤ ਜਾਮੇ ਸਰਬ ਮੋਏ ਭਗਵਾਨ ਵਸਾਇਆ ਈ
ਇੱਕ ਹੋਰ ਥਾਂ ਤੇ ਏਸ ਅਕੀਦੇ (ਯਕੀਨ) ਦਾ ਇਜ਼ਹਾਰ ਕਰਦੇ ਨੇ;
ਵਾਰਸ ਸ਼ਾਹ ਯਕੀਨ ਦੀ ਗੱਲ ਏਹਾ ਸੱਭਾ ਹੱਕ ਹੀ ਹੱਕ ਠਹਿਰਾਇਆ ਜੀ
ਇਸ਼ਕ ਦਾ ਤਸੱਵਫ
ਹੀਰ ਵਾਰਸ ਸ਼ਾਹ ਨੂੰ ਜੇ ਮਜਾਜ਼ੀ ਆਈਨੇ (ਸ਼ੀਸ਼ੇ) ਵਿੱਚ ਦੇਖੀਏ ਤੇ ਮੌਜੂਅ (ਵਿਸ਼ਾ ਵਸਤੂ) ਤੇ ਇਅਤਬਾਰ ਨਾਲ ਇਹ ਬਹੁਤ ਮਹਿਦੂਦ (ਸੀਮਤ) ਹੋ ਜਾਂਦੀ ਏ ਤੇ ਇਹਦਾ ਅਸਰ ਸਿਰਫ ਅਵਾਮੀ ਹਲਕਿਆਂ ਤੀਕ ਹੀ ਰਹਿ ਜਾਂਦਾ ਏ, ਇਹਦੇ ਨਾਲ ਇੱਕ ਹੋਰ ਕਮੀ ਵੀ ਵਾਕਿਆ ਹੁੰਦੀ ਏ ਕਿ ਕਿੱਸਾ ਸੰਜੀਦਾ ਨਹੀਂ ਹੁੰਦਾ। ਪਰ ਵਾਰਸ ਦੇ ਇਸ਼ਕ ਦਾ ਤਸੱਵਰ ਮਜਾਜ਼ੀ ਰੰਗ ਨਹੀਂ ਰੱਖਦਾ ਜਿਸ ਕਾਰਨ ਹੀਰ ਨੂੰ ਮਹਿਦੂਦ ਨਹੀਂ ਕੀਤਾ ਜਾ ਸਕਦਾ। ਉਹ ਤੋ ਹਮਾ ਓਸਤ ਦੀ ਵੁਸਅਤ (ਵਿਸ਼ਾਲਤਾ) ਤੇ ਫਰਾਸਤ (ਤਿੱਖੀ ਸੂਝ) ਦੇ ਮਾਲਕ ਨਹੀਂ ਤੇ ਹਕੀਕੀ ਇਸ਼ਕ ਦੀ ਵਡਿਆਈ ਤੋਂ ਪੂਰੀ ਤਰ੍ਹਾਂ ਵਾਕਿਫ ਨਹੀਂ। ਕਿਤਾਬ ਦੇ ਸ਼ੁਰੂ ਵਿਚ ਈ ਉਹ ਏਸ ਗੱਲ ਦਾ ਇਜ਼ਹਾਰ ਕਰਦੇ ਨੇ ਕਿ ਇਸ ਤਮਸੀਲ ਵਿੱਚ ਇਸ਼ਕ ਹਕੀਕੀ ਦਾ ਰੰਗ ਏ। ਉਹਨਾਂ ਉਤੇ ਇਸ਼ਕ ਦਾ ਰੰਗ ਏਨਾਂ ਗੂੜ੍ਹਾ ਚੜ੍ਹਿਆ ਹੋਇਆ ਏ ਕਿ ਉਹ ਹਮਦ ਤੇ ਨਾਅਤ ਵੀ ਇਸ਼ਕ ਦੇ ਹਵਾਲੇ ਨਾਲ ਲਿਖਦੇ ਨੇ। ਉਹ ਇਸ਼ਕ ਨੂੰ ਹਾਰੀ ਸਾਰੀ ਦਾ ਕੰਮ ਨਹੀਂ ਸਮਝਦੇ। ਉਨ੍ਹਾਂ ਦੀ ਨਜ਼ਰ ਵਿੱਚ ਤੇ ਇਸ਼ਕ ਦਾ ਪੈਂਡਾ ਬੜਾ ਮੁਸ਼ਕਲ ਏ ਤੇ ਇਸ਼ਕ ਦਾ ਰੁਤਬਾ ਵੀ ਬੜਾ ਆਹਲਾ ਏ।
ਇਸ਼ਕ ਪੀਰ ਫਕੀਰ ਦਾ ਮਰਤਬਾ ਹੀ ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ
ਖਿਲੇ ਤਿਨ੍ਹਾਂ ਦੇ ਬਾਗ਼ ਕਲੂਬ ਅੰਦਰ ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ
ਓਹਨਾਂ ਦਾ ਹਮਦ ਦਾ ਅੰਦਾਜ਼ ਵੀ ਇੰਜ ਦਾ ਹੈ:
ਅੱਵਲ ਹਮਦ ਖ਼ੁਦਾ ਦਾ ਵਿਰਦ ਕੀਜੇ ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆਂ
ਪਹਿਲਾਂ ਆਪ ਹੈ ਰਬ ਨੇ ਇਸ਼ਕ ਕੀਤਾ ਤੇ ਮਾਅਸ਼ੂਕ ਹੈ ਰਬ ਰਸੂਲ ਮੀਆਂ
ਇਸ਼ਕ ਦੀਆਂ ਔਖੀਆਂ ਰਾਹਵਾਂ ਦਾ ਜ਼ਿਕਰ ਕਰਦਾ ਹੋਇਆ ਵਾਰਸ ਸ਼ਾਹ ਹੋਰੀਂ ਲਿਖਦੇ ਨੇ
ਖਾਕ ਭੁਖਿਆਂ ਕੰਦ ਦਾ ਸਵਾਦ ਆਵੇ, ਮਜ਼ਾ ਇਸ਼ਕ ਦਾ ਇਹ ਤਾਸੀਰ ਦਾ ਈ
ਬਿਨਾਂ ਮੁਰਸ਼ਿਦਾਂ ਇਸ਼ਕ ਦਾ ਰਾਹ ਮੁਸ਼ਕਲ ਜਿਵੇਂ ਰਾਹ ਵਿੱਚ ਹਾਲ ਜ਼ਰੀਰ ਦਾ ਈ
ਇਸ਼ਕ ਵਿੱਚ ਬੜੀਆਂ ਤਿਲਕਣ ਬਾਜ਼ੀਆਂ ਨੇ, ਏਥੇ ਹੌਸਲਾ ਪਸਤ ਜ਼ਮੀਰ ਦਾ ਈ
ਇਸ਼ਕ ਆਕਲਾਂ ਦੀ ਮਤ ਮਾਰ ਦਿੰਦਾ ਲਿਖੇ ਹੁਕਮ ਇਹ ਖਾਸ ਤਕਦੀਰ ਦਾ ਈ
ਦੁਨਿਆਵੀ ਬੇਸਬਾਤੀ-
ਦੁਨੀਆਂ ਦੀ ਬੇਸਬਾਤੀ (ਦੁਨੀਆਂ ਦੀ ਨਾਪਾਇਦਾਰੀ) ਬਾਰੇ ਸ਼ਾਇਰੀ ਸੂਫੀਆ ਦਾ ਮਨਪਸੰਦ ਮੌਜੂ ਏ। ਸੂਫੀ ਲੋਕ ਮਾਅਰਫਤ ਦੀ ਅੱਖ ਨਾਲ ਉਹ ਕੁਝ ਦੇਖ ਲੈਦੇ ਨੇ ਤੇ ਜਾਣ ਲੈਦੇ ਨੇ ਜਿਹੜਾ ਇੱਕ ਆਦਮੀ ਦੀ ਅੱਖ ਤੋਂ ਸਦਾ ਉਹਲੇ ਰਹਿੰਦਾ ਏ। ਉਹ ਦੁਨੀਆਂ ਦੀ ਹਕੀਕਤ ਤੋਂ ਪੂਰੀ ਤਰ੍ਹਾਂ ਵਾਕਫ ਨਹੀਂ ਹੁੰਦੇ। ਵਾਰਸ ਸ਼ਾਹ ਹੋਰਾਂ ਹੀਰ ਵਿੱਚ ਮਾਅਰਫਤ ਤੇ ਤਸੱਵਫ ਦੀ ਜ਼ਬਾਨ ਵਿੱਚ ਗੱਲ ਕੀਤੀ ਏ। ਅਕਸਰ ਥਾਂਵਾਂ ਤੇ ਉਨ੍ਹਾਂ ਨੇ ਦੁਨੀਆ ਦੀ ਬੇ ਸਬਾਤੀ ਨੂੰ ਆਪਣੇ ਕਲਾਮ ਦਾ ਮੌਜੂ ਬਣਾਇਆ ਏ;
ਵਾਰਸ ਰਬ ਨੇ ਕੰਮ ਬਣਾ ਦਿੱਤਾ ਸਾਡੀ ਉਮਰ ਹੈ ਨਕਸ਼ ਪਤਾਸੜੇ ਤੇ
ਮੌਤ ਜੇਡ ਨਾ ਸਖਤ ਕੋਈ ਚਿਠੀ ਓਥੇ ਕਿਸੇ ਦੀ ਨਹੀਓਂ ਨਾਬਰੀ ਏ
ਵਾਰਸ ਸ਼ਾਹ ਵਸਾਹ ਕੀ ਜ਼ਿੰਦਗੀ ਦਾ ਬੰਦਾ ਬਕਰਾ ਹਕ ਕਸਾਈਆਂ ਦੇ
ਅਖਲਾਕੀਅਤ-
ਇੱਕ ਸੂਫੀ ਵਿੱਚ ਇਹ ਖੂਬੀ ਵੀ ਹੁੰਦੀ ਏ ਇਕ ਉਹ ਅਖਲਾਕੀਆਤ ਦਾ ਬੜਾ ਵੱਡਾ ਮਬੱਲਗ (ਪ੍ਰਚਾਰਕ) ਹੁੰਦਾ ਏ। ਮੁਆਸ਼ਰੇ ਦੀ ਇਸਲਾਹ ਦੀ ਅਖਲਾਕੀਅਤ ਦੀ ਤਾਲੀਮ ਰਾਹੀਂ ਈ ਮੁਮਕਨ (ਸੰਭਵ) ਏ ਤੇ ਸੂਫੀਆਂ ਦੀ ਖਾਹਿਸ਼ ਅੱਲਾ ਨਾਲ ਮੁਹੱਬਤ ਨਾਲ ਮੁਆਸ਼ਰੇ ਦੀ ਇਸਲਾਹ ਵੀ ਏ। ਅੱਲਾਹ ਦੇ ਨੇਕ ਬੰਦੇ ਹਮੇ ਸ਼ਾ ਅਖਲਾਕੀ ਤੇ ਸਮਾਜੀ ਬੁਰਾਈਆਂ ਦੇ ਖਿਲਾਫ ਭਰਪੂਰ ਜਹਾਦ ਕਰਦੇ ਨੇ। ਵਾਰਸ ਸ਼ਾਹ ਹੋਰਾਂ ਦੀ ਸ਼ਾਇਰੀ ਦਾ ਇਹ ਪਹਿਲੂ ਵੀ ਸਖਣਾ ਨਹੀਂ। ਉਨ੍ਹਾਂ ਦੀ ਸ਼ਾਇਰੀ ਅਖਲਾਕੀਅਤ ਦੀ ਤਾਲੀਮ ਵਲ ਰਾਗ਼ਬ (ਝੁਕੀ) ਨਜ਼ਰ ਆਉਂਦੀ ਏ ਤੇ ਉਹ ਆਪਣੀ ਸ਼ਾਇਰੀ ਰਾਹੀਂ ਮੁਆਸ਼ਰੇ ਨੂੰ ਸੰਵਾਰਨ ਦੀ ਕੋਸ਼ਿਸ਼ ਕਰ ਰਹੇ ਨੇ:
ਵਾਰਸ ਸ਼ਾਹ ਉਹ ਸਦਾ ਜਿਉਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ
ਵਾਰਸ ਸ਼ਾਹ ਫਿਅਲਾਂ ਦੇ ਨਾਲ ਖ਼ਰਾਬ ਹੁੰਦੇ, ਬੰਦੇ ਪਾਕ ਗੁਨਾਹ ਤੋਂ ਜੰਮਦੇ ਨੇ
ਵਾਰਸ ਸ਼ਾਹ ਜੇ ਕਿਸੇ ਦਾ ਬੁਰਾ ਕੀਤਾ ਜਾ ਗੌਰ ਅੰਦਰ ਪਛੋਤਾਸੀ ਆਣੀ
ਵਾਰਸ ਸ਼ਾਹ ਨਾ ਦੱਬੀਏ ਮੋਤੀਆਂ ਨੂੰ ਫੁਲ ਅੱਗ ਦੇ ਵਿੱਚ ਨਾ ਸਾੜੀਏ ਜੀ
ਜੇਹਾ ਬੀਜਿਆ ਵਾਰਸਾ ਵਢ ਲਈਏ ਹਰਫ ਵਿੱਚ ਕੁਰਾਨ ਦੇ ਆਇਆ ਈ
ਵਾਰਸ ਸ਼ਾਹ ਉਜਾੜ ਕੇ ਵਸਦਿਆਂ ਨੂੰ ਆਪ ਖ਼ੈਰ ਦੇ ਨਾਲ ਫਿਰ ਵਸੀਏ ਕਿਉਂ
ਮਜ਼ਹਬ ਦੇ ਨਾਲ ਮੁਹੱਬਤ-
ਸੋਹਣੇ ਤੇ ਸੁੱਚੇ ਸ਼ਾਇਰ ਹੋਣ ਦੇ ਨਾਲ ਨਾਲ ਵਾਰਸ ਸ਼ਾਹ ਹੋਰੀਂ ਇੱਕ ਉਚੇ ਆਲਮ-ਏ-ਦੀਨ (ਦੀਨ ਦਾ ਪੰਡਤ) ਤੇ ਮੁਖਲਿਸ (ਸੱਚਾ) ਮੁਸਲਮਾਨ ਵੀ ਸਨ। ਉਹਨਾਂ ਦੀ ਸ਼ਾਇਰੀ ਦੇ ਪਸਮੰਜ਼ਰ (ਪਿਠ ਭੂਮੀ) ਵਿੱਚ ਅੱਲਾਹ ਦੇ ਅੱਲਾਹ ਦੇ ਰਸੂਲ ਦੀ ਮੁਹੱਬਤ, ਮਜ਼ਹਬੀ ਜ਼ਿੰਦਗੀ ਦਾ ਅਸਰ, ਇਸਲਾਮੀ ਅਕਾਇਦ (ਅਕੀਦਾ ਦਾ ਬਹੁਵਚਨ) ਦਾ ਇਜ਼ਹਾਰ ਬੜੇ ਭਰਵੇਂ ਅੰਦਾਜ਼ ਨਾਲ ਨਜ਼ਰ ਆਉਂਦਾ ਏ। ਏਸ ਤੋਂ ਨਾ ਸਿਰਫ ਉਹਨਾਂ ਦੇ ਮਜ਼ਹਬੀ ਇਲਮ (ਗਿਆਨ) ਦਾ ਪਤਾ ਲੱਗਦਾ ਏ ਸਗੋਂ ਇਸਲਾਮ ਨਾਲ ਖ਼ਲੂਸ ਦਾ ਸਬੂਤ ਵੀ ਮਿਲਦਾ ਏ। ਵਾਰਸ ਹੋਰਾਂ ਆਪਣੀ ਜ਼ਿੰਦਗੀ ਦਾ ਲੰਮਾ ਅਰਸਾ ਮਸਜਿਦਾਂ ਵਿੱਚ ਤੇ ਮਜ਼ਹਬੀ ਮਾਹੌਲ ਵਿੱਚ ਗੁਜ਼ਾਰਿਆ। ਹੀਰ ਦੀ ਤਸਨੀਫ ਦਾ ਕੰਮ ਵੀ ਉਹਨਾਂ ਮਲਕਾ ਹਾਂਸ ਦੀ ਮਸਜਿਦ ਦੇ ਹੁਜਰੇ ਵਿੱਚ ਬਹਿ ਕੇ ਕੀਤਾ। ਮਜ਼ਹਬ ਨਾਲ ਏਨਾ ਕਰੀਬੀ ਤੁਅੱਲਕ ਹੋਣ ਪਾਰੋਂ ਉਹਨਾਂ ਦੀ ਸ਼ਾਇਰੀ ਵਿੱਚ ਇਹ ਵਸਫ ਵੀ ਸ਼ਾਮਲ ਹੋ ਗਿਆ:
ਸਭੋ ਜਗ ਫਾਨੀ ਇੱਕੋ ਰੱਬ ਬਾਕੀ ਹੁਕਮ ਕੀਤਾ ਏ ਆਪ ਰਹਿਮਾਨ ਮੀਆਂ
ਕੁਲ ਸ਼ੈਈ ਹਾਲਕ ਇੱਲਾ ਵਜਹਾ ਹੁਕਮ ਆਇਆ ਏ ਵਿੱਚ ਕੁਰਾਨ ਮੀਆਂ
ਨਬੀ ਪਾਕ ਜੇਹਾ ਮਰਸਲ ਇੱਕ ਨਾਹੀਂ ਦੂਜਾ ਨਹੀਂ ਕੋਈ ਖਾਸ ਹਜ਼ੂਰ ਜੇਹਾ
ਦੂਈ ਨਾਅਤ ਰਸੂਲ ਮਕਬੂਲ ਵਾਲੀ ਜੈਦੇ ਹੱਕ ਨਜ਼ੂਲ "ਲੌਲਾਕ" ਕੀਤਾ
ਖਾਕੀ ਆਖ ਕੇ ਰੁਤਬਾ ਵੱਡਾ ਦਿੱਤਾ ਸਭ ਖਲਕ ਦੇ ਐਬ ਥੀਂ ਪਾਕ ਕੀਤਾ
ਚਾਰੇ ਯਾਰ ਰਸੂਲ ਦੇ ਚਾਰ ਗੌਹਰ ਸਭੇ ਇੱਕ ਥੀਂ ਇੱਕ ਚੜ੍ਹਦੜੇ ਨੀ
ਅਬੂ ਬਕਰ ਤੇ ਉਮਰ ਅਸਮਾਨ ਅਲੀ, ਆਪੋ ਆਪਣੀ ਥਾਂ ਸੁਹੰਦੜੇ ਨੀ
ਵਾਰਸ ਸ਼ਾਹ ਨਮਾਜ਼ ਦਾ ਫਰਜ਼ ਵੱਡਾ ਸਿਰੋ ਲਾਹ ਓ ਦਿਲਬਰਾ ਵਾਸਤਾ ਈ
ਵਾਰਸ ਸ਼ਾਹ ਖ਼ੁਦਾ ਦੇ ਖ਼ੌਫ ਕੋਲੋਂ ਸਾਡਾ ਰੋਦਿਆਂ ਨੀਰ ਖੱਟਿਆ ਈ
ਤਮਸੀਲ
ਸੱਯਦ ਵਾਰਸ ਸ਼ਾਹ ਹੋਰਾਂ ਨੇ ਕਿੱਸਾ ਹੀਰ ਰਾਂਝਾ ਨੂੰ ਤਮਸੀਲੀ (ਦੁਅਰਥੇ) ਅੰਦਾਜ਼ ਵਿੱਚ ਲਿਖਿਆ ਏ। ਇਹ ਕਿੱਸਾ ਇੱਕ ਮੰਜੂਮ (ਕਾਵਿਕ, ਨਜ਼ਮ ਵਿਚ ਲਿਖਿਆ) ਡਰਾਮਾ ਏ ਜਿਹੜਾ ਹਰ ਇਅਤਬਾਰ (ਲਿਹਾਜ਼) ਨਾਲ ਆਪਣੀਆਂ ਖਸੂਸੀਅਤਾਂ (ਵਿਸ਼ੇਸ਼ਤਾਈਆਂ) ਉਤੇ ਪੂਰਾ ਉਤਰਦਾ ਏ। ਡਰਾਮੇ ਦਾ ਉਤਾਰ ਚੜ੍ਹਾ ਇਬਤਦਾ (ਆਰੰਭ), ਅਰੂਜ (ਸਿਖਰ) ਤੇ ਅਖੀਰ ਸਭ ਕੁਝ ਫਨਕਾਰਾਨਾ (ਕਲਾਮਈ) ਤਰੀਕੇ ਨਾਲ ਏਸ ਤਮਸੀਲ ਵਿੱਚ ਮੌਜੂਦ ਏ, ਪੜ੍ਹਣ ਵਾਲਾ, ਸੁਨਣ ਵਾਲਾ ਇੰਜ ਮਹਿਸੂਸ ਕਰਦਾ ਏ ਕਿ ਇਹ ਸਭ ਕੁਝ ਉਹਦੀਆਂ ਅੱਖਾਂ ਦੇ ਸਾਮਣੇ ਹੋ ਰਿਹਾ ਏ। ਇਹ ਖੂਬੀ ਵਾਰਸ ਸ਼ਾਹ ਹੋਰਾਂ ਨੂੰ ਤਮਸੀਲ ਨਿਗਾਰਾਂ ਵਿੱਚ ਉੱਚਾ ਮਕਾਮ ਦਵਾਂਦੀ ਏ। ਵਾਰਸ ਸ਼ਾਹ ਹੋਰੀਂ ਗੱਲ ਨੂੰ ਟੋਰਨ ਤੇ ਮੋੜਨ ਦੇ ਮਾਹਰ ਨੇ। ਪੂਰੀ ਤਮਸੀਲ ਵਿੱਚ ਕੋਈ ਥਾਂ ਅਜੇਹੀ ਨਹੀਂ ਜਿੱਥੇ ਇਹ ਆਖਿਆ ਜਾ ਸਕੇ ਕਿ ਮਸਨਫ (ਲੇਖਕ) ਤਮਸੀਲ ਦਾ ਹੱਕ ਅਦਾ ਨਹੀਂ ਕਰ ਸਕਿਆ। ਡਾਇਆਲਾਗ (ਗੱਲਬਾਤ) ਤਮਸੀਲ ਦੀ ਜਾਨ ਹੁੰਦੇ ਨੇ। ਹੀਰ ਦੇ ਡਾਇਆਲਾਗ ਬੜੇ ਭਰਵੇਂ ਕਿਰਦਾਰ ਤੇ ਮੌਕੇ ਦੇ ਮੁਤਾਬਕ ਨੇ। ਮੰਜ਼ਰਨਿਗਾਰੀ (ਦ੍ਰਿਸ਼ ਚਿਤਰਨ) ਦੇ ਜੌਹਰ ਵੀ ਏਸ ਤਮਸੀਲ ਵਿੱਚ ਮੌਜੂਦ ਨੇ।
ਹੀਰ ਦੀ ਤਸਨੀਫ ਦਾ ਸਬੱਬ
ਹਕੀਕੀ ਇਸ਼ਕ ਦੀ ਮੰਜ਼ਲ ਤਕ ਪਹੁੰਚਣ ਲਈ ਕਦੀ ਕਦੀ ਇਸ਼ਕ ਮਜਾਜ਼ੀ ਦੀਆਂ ਰਾਹਵਾਂ ਤੋਂ ਲੰਘਨਾ ਪੈਂਦਾ ਏ। ਹੀਰ ਵਾਰਸਸ਼ਾਹ ਦੀ ਤਸਨੀਫ ਦਾ ਬਾਇਸ (ਕਾਰਨ) ਤੇ ਬੁਨਿਆਦ ਇਸ਼ਕ ਮਜਾਜ਼ੀ ਏ। ਸ਼ਾਇਰ ਅਪਣੀਆਂ ਪੀੜਾਂ ਤੇ ਰੋਗ ਸੌ ਹੀਲੇ ਬਹਾਨੇ ਨਾਲ ਬਿਆਨ ਕਰਦਾ ਏ। ਇਹ ਆਪਣੀ ਪੀੜ ਦੀਆਂ ਤਾਸੀਰਾਂ ਈ ਹੁੰਦੀਆਂ ਨੇ ਜਿਹੜੀਆਂ ਸ਼ਿਅਰਾਂ ਦਾ ਰੂਪ ਵਟਾ ਲੈਂਦੀਆਂ ਨੇ ਤੇ ਕਿਸੇ ਹੀਰ ਸਿਆਲ ਨੂੰ ਅਬਦੀ (ਸਦੀਵੀ) ਜ਼ਿੰਦਗੀ ਅਤਾ ਕਰ ਦਿੰਦੀਆਂ ਨੇ। ਮੀਆਂ ਮੁਹੰਮਦ ਬਖਸ਼ ਹੋਰੀਂ ਆਖ਼ਦੇ ਨੇ:
ਦਰਦ ਲੱਗੇ ਤੇ ਹਾਏ ਨਿਕਲੇ, ਕੋਈ ਕੋਈ ਰਹਿੰਦਾ ਜਰਕੇ
ਦਿਲਬਰ ਅਪਣੇ ਦੀ ਗੱਲ ਕੀਜੇ, ਹੋਰਾਂ ਨੂੰ ਮੂੰਹ ਧਰ ਕੇ
ਸੱਯਦ ਵਾਰਸ ਸ਼ਾਹ ਹੋਰਾਂ ਭਾਵੇਂ ਤਸੱਵਫ ਤੇ ਹਕੀਕੀ ਇਸ਼ਕ ਦੇ ਕਿੰਨੇ ਈ ਭੇਸ ਵਟਾਏ ਨੇ ਪਰ ਸੱਚੀ ਗੱਲ ਇਹ ਵੇ ਕਿ ਅਲਾਮਤ ਨਿਗਾਰੀ (ਚਿੰਨਆਤਮਕ ਸ਼ਿੰਗਾਰ) ਦੇ ਪਰਦੇ ਵੀ ਵਾਰਸ ਸ਼ਾਹ ਦੇ ਦਿਲ ਦੀ ਚੇਟਕ ਨੂੰ ਨਹੀਂ ਲਕੋ ਸਕੇ। ਕਿੱਸਾ ਹੀਰ ਰਾਂਝੇ ਪੜ੍ਹਨ ਵਾਲਿਆਂ ਤੇ ਇਹ ਰਾਜ਼ ਅਫਸ਼ਾਂ ਹੋ (ਖੁਲ੍ਹ) ਜਾਂਦਾ ਏ ਕਿ ਵਾਰਸ ਸ਼ਾਹ ਹੋਰਾਂ ਨੂੰ ਸੌਂਹ ਧਰ ਕੇ ਆਪਣੇ ਦਿਲਬਰ ਦੀ ਗੱਲ ਕੀਤੀ ਏ। ਏਸ ਤਰ੍ਹਾਂ ਹੀਰ ਦੇ ਮੰਜ਼ਰ ਨਾਮੇ ਅਤੇ "ਭਾਗਭਰੀ" ਦੇ ਨਕੂਸ਼ (ਚਿਹਰਾ ਮੁਹਰਾ) ਬੜੇ ਸਾਫ ਨਜ਼ਰ ਆਉਂਦੇ ਨੇ। ਵਾਰਸ ਸ਼ਾਹ ਹੋਰਾਂ ਨੇ ਭਾਗਭਰੀ ਦੇ ਇਸ਼ਕ ਵਿੱਚ ਨਾਕਾਮ (ਅਸਫਲ) ਹੋਣ ਤੋਂ ਬਾਅਦ ਕਿਸੇ ਗੂੜ੍ਹੇ ਸੱਜਣ ਦੇ ਕਹਿਣ ਤੇ ਭਾਗ ਭਰੀ ਦੇ ਮਲਾਲ (ਦੁਖ) ਵਿੱਚ ਕਿੱਸਾ ਹੀਰ ਰਾਂਝਾ ਤਸਨੀਫ ਕੀਤਾ ਏ। ਵਾਰਸ ਸ਼ਾਹ ਹੋਰਾਂ ਆਪਣੇ ਮਜਬ (ਰੱਬ ਦੇ ਪਿਆਰ ਵਿਚ ਮਸਤ) ਬਨਣ ਦਾ ਇੰਜ ਬਿਆਨ ਕਰਦੇ ਨੇ:
ਮਾਅਸ਼ੂਕ ਦਿਆਂ ਬਾਂਕਿਆਂ ਸ਼ੋਖ ਨੈਨਾਂ ਵਾਰਸ ਸ਼ਾਹ ਜਿਹੇ ਮਜਜੂਬ ਕੀਤੇ
ਵਾਰਸ ਸ਼ਾਹ ਹੋਰੀਂ ਕਈ ਹੋਰ ਸ਼ਿਅਰਾਂ ਵਿੱਚ ਭਾਗ ਭਰੀ ਨਾਲ ਪਿਆਰ ਦਾ ਇਜ਼ਹਾਰ ਕਰਦੇ ਨੇ:
ਵਾਰਸ ਸ਼ਾਹ ਨੂੰ ਮਾਰ ਨਾ ਭਾਗ ਭਰੀਏ ਅਨੀ ਮੁਨਸ ਦੀ ਪਿਆਰੀਏ ਵਾਸਤਾ ਈ
ਲੜੀਏ ਆਪ ਬਰੋਬਰੀ ਭਾਗ ਭਰੀਏ, ਸੋਟਾ ਪਕੜ ਯਤੀਮ ਨੂੰ ਤਾੜਨਾ ਕੀ
ਕੀਜੀਏ ਹੁਸਨ ਦਾ ਮਾਨ ਨਾ ਭਾਗ ਭਰੀਏ, ਛਲ ਜਾਏਗਾ ਰੂਪ ਵਿਚਾਰੀਏ ਨੀ
ਵਾਰਸ ਸ਼ਾਹ ਫਕੀਰ ਦੀ ਅਕਲ ਕਿੱਥੇ ਇਹ ਪੱਟੀਆਂ ਇਸ਼ਕ ਪੜ੍ਹਾਈਆਂ ਨੇ
ਇਹ ਮਿਸਰਾ ਵੀ ਵਾਰਸ ਸ਼ਾਹ ਹੋਰਾਂ ਦੇ ਆਪਣੇ ਇਸ਼ਕ ਵਲ ਇਸ਼ਾਰਾ ਕਰਦਾ ਏ;
ਤਦੋਂ ਸ਼ੌਕ ਹੋਇਆ ਕਿੱਸਾ ਜੋੜਨੇ ਦਾ ਜਦੋਂ ਇਸ਼ਕ ਦੀ ਗੱਲ ਇਜ਼ਹਾਰ ਹੋਈ
ਇੱਕ ਹੋਰ ਮਿਸਰੇ ਵਿੱਚ ਇਹ ਮਜ਼ਮੂਨ ਇੰਜ ਬਿਆਨ ਕੀਤਾ ਏ;
ਵਾਰਸ ਸ਼ਾਹ ਨੂੰ ਸਿਕ ਦੀਦਾਰ ਦੀ ਹੈ ਜੇਹੀ ਹੀਰ ਨੂੰ ਭਟਕਣਾ ਯਾਰ ਦੀ ਸੀ
ਬਿਆਨ ਦੀ ਕੋਮਲਤਾ
ਵਾਰਸ ਸ਼ਾਹ ਉਹ ਸ਼ਾਇਰ ਏ ਜਿਹਨੂੰ ਪੰਜਾਬੀ ਜ਼ਬਾਨ ਦੀ ਬਾਦਸ਼ਾਹਤ ਨਸੀਬ ਹੋਈ ਏ। ਉਨ੍ਹਾਂ ਨੂੰ ਅਦਬ ਵਿੱਚ ਮਕਾਮ ਮਿਲਣ ਦੀ ਇੱਕ ਵਜ੍ਹਾ ਦੀ ਸ਼ਿਅਰੀ ਜ਼ਬਾਨ ਦੀ ਸਾਦਗੀ ਤੇ ਕੋਮਲਤਾ ਏ। ਉਹ ਬੜੇ ਬੜੇ ਦਕੀਹ (ਔਖੇ) ਖਿਆਲਾਂ ਨੂੰ ਬੜੇ ਸੁਹਣੇ ਅੰਦਾਜ਼ ਨਾਲ ਕੋਮਲ ਲਫਜ਼ਾਂ ਵਿੱਚ ਬਿਆਨ ਕਰ ਦਿੰਦੇ ਨੇ। ਉਨ੍ਹਾਂ ਦੇ ਲਹਿਜੇ ਵਿੱਚ ਤਸਨੂਅ (ਬਨਾਵਟ) ਨਾਲ ਦੀ ਕੋਈ ਸ਼ੈ ਨਜ਼ਰ ਨਹੀਂ ਆਉਂਦੀ। ਉਹ ਲੋਕਾਂ ਦੇ ਇੰਤਹਾਈ (ਬਹੁਤ) ਕਰੀਬ ਰਹਿ ਕੇ ਉਨ੍ਹਾਂ ਦੇ ਮਾਹੌਲ ਵਿੱਚ ਉਨ੍ਹਾਂ ਵਾਂਗੂੰ ਜ਼ਬਾਨ ਦਾ ਵਰਤਾਰਾ ਕਰਦੇ ਨੇ। ਉਹਨਾਂ ਨੇ ਇਜ਼ਹਾਰ ਦੀ ਕੁਵੱਤ (ਸ਼ਕਤੀ) ਨੂੰ ਸਾਦਗੀ ਦਾ ਹੁਸਨ ਬਖਸ਼ ਕੇ ਅਪਣੀ ਫਨਕਾਰੀ ਦਾ ਲੋਹਾ ਮੰਨਵਾਇਆ ਏ।
ਵਾਰਸ ਸ਼ਾਹ ਹੋਰੀਂ ਰਮਜ਼ ਦੀਆਂ ਗੱਲਾਂ ਬੜੇ ਕੋਮਲ ਅੰਦਾਜ਼ ਵਿੱਚ ਕਰਦੇ ਨੇ;
ਜਿਹੜੇ ਬਾਜ਼ ਤੋ ਕਾਵਾਂ ਨੇ ਕੂੰਜ ਖੋਹੀ, ਸਬਰ ਸ਼ੁਕਰ ਕਰ ਬਾਜ਼ ਫਨਾ ਹੋਇਆ
ਦੁਨੀਆਂ ਛਡ ਉਦਾਸੀਆਂ ਪਹਿਨ ਲਈਆਂ ਸੱਯਦ ਵਾਰਸੋ ਹਨ ਵਾਰਸ ਸ਼ਾਹ ਹੋਇਆ
ਲਹਿਜੇ ਦੀ ਕੋਮਲਤਾ ਤੇ ਜ਼ੁਬਾਨ ਸਾਦਗੀ ਦੇ ਮੰਜਰ ਕਾਂ ਥਾਂ ਤੇ ਨਜ਼ਰ ਆਉਂਦੇ ਨੇ ;
ਗਿਆ ਭਜ ਤਕਦੀਰ ਦੇ ਨਾਲ ਠੂਠਾ ਤੇ ਕੀਮਤ ਲੈ ਜਾ ਸਾਥੋਂ ਮਟ ਦੀ ਏ
ਤਕਦੀਰ ਅਲਾਹ ਦੀ ਨੂੰ ਕੌਣ ਮੋੜੇ ਤਕਦੀਰ ਪਹਾੜਾਂ ਨੂੰ ਪਟਦੀ ਏ
ਮੂਸਾ ਲੰਘਿਆ ਪਾਰ, ਫਰਔਨ ਉਤੇ ਤਕਦੀਰ ਦਰਿਆ ਪੱਲਟ ਦੀ ਏ
ਯੂਸਫ ਜੇਹੇ ਪੈਗ਼ੰਬਰ ਜ਼ਾਦਿਆਂ ਨੂੰ ਤਕਦੀਰ ਖੂਹੇ ਵਿੱਚ ਸੁੱਟਦੀ ਏ
ਮਜ਼ਮੂਨ ਆਫਰੀਨੀ
ਮੁਖਤਸਰ ਲਫਜ਼ਾਂ ਵਿੱਚ ਬਹੁਤ ਸਾਰੀ ਗੱਲ ਆਖ ਜਾਣਾ ਤੇ ਸ਼ਿਅਰ ਦੀ ਸ਼ਿਅਰੀਅਤ ਵਿੱਚ ਫਰਕ ਵੀ ਨਾ ਆਣ ਦੇਣ ਦਾ ਨਾਂ ਸ਼ਾਇਰੀ ਏ। ਵਾਰਸ ਸ਼ਾਹ ਹੋਰਾਂ ਕੋਲ ਮਜ਼ਮੂਨ ਆਫਰੀਨੀ (ਪੈਦਾ ਕਰਨਾ) ਦਾ ਹੁਨਰ ਵੀ ਅੰਤਾਂ ਦਾ ਏ। ਉਹ ਤਮਲੀਹ (ਪੁਰਾਣੀ ਕਹਾਣੀ) ਦੇ ਇਸ਼ਾਰੇ ਨਾਲ ਇਸ ਅੰਦਾਜ਼ ਵਿੱਚ ਗੱਲ ਕਰਦੇ ਨੇ ਕਿ ਤਾਰੀਖ ਦੇ ਫਨ ਦੇ ਕਈ ਅਬਵਾਬ (ਕਾਂਡ) ਇਕ ਸ਼ਿਅਰ ਵਿੱਚ ਸਮਾ ਜਾਂਦੇ ਨੇ;
ਆਸ਼ਕ ਚਕ ਕੇ ਇਸ਼ਕ ਦੀ ਪੰਡ ਸਿਰ ਤੇ ਕਟ ਮੰਜ਼ਲਾਂ ਪਾਰ ਉਤਾਰਦੇ ਨੇ
ਹਜ਼ਰਤ ਯਾਅਕੂਬ ਦਾ ਤਮਲੀਹ ਬਿਆਨ ਕਰਦੇ ਨੇ ਤੇ ਯੂਸਫ ਦਾ ਵਾਕਿਆ ਯਾਦ ਆ ਜਾਂਦਾ
ਹੁਣ ਹੀਰ ਗਵਾਇਕੇ ਹੀਰਿਆ ਓ. ਰੋਨਾਏ ਅਸਰਾਈਲ ਵਾਂਗੂੰ
ਵਾਰਸ ਸ਼ਾਹ ਹੋਰਾਂ ਦੀ ਮਜ਼ਮੂਨ ਆਫਰੀਨੀ ਦੇ ਚੰਦ ਨਮੂਨੇ ਮਸਾਲ ਲਈ ਪੇਸ਼ ਕੀਤੇ ਜਾਂਦੇ ਨੇ ;
ਮਰਦ ਸਾਫ ਚਿਹਰੇ ਹਨ ਨੇਕੀਆਂ ਦੇ ਸੂਰਤ ਰੰਨ ਦੀ ਮੀਮ ਮੌਕੂਫ ਹੈ ਨੀ
ਮਰਦ ਆਲਮ ਫਾਜ਼ਲ ਅਤੇ ਅਸਲ ਕਾਬਲ ਕਿਸੇ ਰੰਨ ਨੂੰ ਕੌਣ ਮੌਕੂਫ ਹੈ
ਘਰੋਂ ਕੱਢਿਆ ਅਕਲ ਸ਼ਊਰ ਗਿਆ, ਆਦਮ ਜੰਨਤੋਂ ਕੱਢ ਹੈਰਾਨ ਹੋਇਆ
ਵਾਰਸ ਸ਼ਾਹ ਹੈਰਾਨ ਹੋ ਰਹਿਆ ਜੋਗੀ, ਜਿਵੇਂ ਨੂੰਹ ਤੂਫਾਨ ਹੈਰਾਨ ਕੀਤਾ
ਲਹਿਜੇ ਦੀ ਸ਼ੌਖੀ-
ਵਾਰਸ ਸ਼ਾਹ ਹੋਰੀਂ ਬੜੀ ਮਹਾਰਤ ਨਾਲ ਅਪਣੇ ਲਹਿਜੇ ਨੂੰ ਕਹਾਣੀ ਦੇ ਮਾਹੌਲ ਦੇ ਮੁਤਾਬਕ ਢਾਲ ਲੈਂਦੇ ਨੇ। ਦੂਜੀ ਗੱਲ ਇਹ ਕਿ ਵਾਰਸ ਸ਼ਾਹ ਹੋਰੀ ਰਿੰਦਾਨਾ (ਆਜ਼ਾਦ) ਤਬੀਅਤ ਦੇ ਮਾਲਕ ਸਨ। ਕਿੱਸੇ ਵਿੱਚ ਜਿੱਥੇ ਕਿਤੇ ਮਾਹੌਲ ਬਣਿਆ ਏ ਓਥੇ ਵਾਰਸ ਸ਼ਾਹ ਹੋਰਾਂ ਨੇ ਅਪਣੀ ਸ਼ੋਖ ਤਬੀਅਤ ਦਾ ਭਰਪੂਰ ਇਜ਼ਹਾਰ ਕੀਤਾ ਏ। ਉਨ੍ਹਾਂ ਦੀ ਇਹ ਸ਼ੋਖੀ ਬਾਅਜ਼ ਮਕਾਮਾਤ ਉਤੇ ਤਗੱਜ਼ਲ ਦਾ ਮਜ਼ਾਜ ਇਖਤਿਆਰ ਕਰ ਲੈਂਦੀ ਏ। ਉਹਨਾਂ ਦੇ ਲਹਿਜੇ ਵਿੱਚ ਤਨਜ਼ ਤੇ ਮਜ਼ਾਹ ਦਾ ਅੰਸਰ ਵੀ ਨਮਾਇਆਂ ਏ;
ਚੂੰਢੀ ਵੱਖੀਆਂ ਵਿੱਚ ਇਹ ਵਢ ਲੈਂਦਾ ਪਿੱਛੋਂ ਆਪਣੀ ਵਾਰ ਫਿਰ ਚੀਕਦਾ ਏ
ਇੱਕੇ ਖੈਰ ਹੱਥਾਂ ਨਹੀਂ ਇਹ ਰਾਵਲ ਦਿਲ ਇਹਦਾ ਚੇਲੜਾ ਕਿਸੇ ਪਲੀਤ ਦਾ ਏ
ਪੈਸਾ ਖੋਲ੍ਹ ਕੇ ਹੱਥ ਜੇ ਧਰੇਂ ਮੇਰੇ ਗੋਦੀ ਚਾੜ੍ਹ ਕੇ ਪਾਰ ਉਤਾਰਨਾ ਹਾਂ
ਅਤੇ ਦੇਕਿਆ ਮੁਫਤ ਜੇ ਕੰਨ ਖਾਏ ਚਾ ਬੇੜਿਉਂ ਜ਼ਮੀਨ ਤੇ ਮਾਰਨਾ ਹਾਂ
ਏ ਕਵਾਰੀਏ ਲੋਹੜੇ ਮਾਰੀਏ ਨੀ ਧੱਕਾ ਦੇ ਨਾ ਹਿੱਕ ਦੇ ਜ਼ੋਰ ਦਾ ਨੀ
ਦਰਦ ਤੇ ਸੋਜ਼-
ਕਿੱਸਾ ਹੀਰ ਰਾਂਝਾ ਬੁਨਿਆਦੀ ਤੌਰ ਤੇ ਇੱਕ ਅਲਮੀਆ (ਦੁਖਾਂਤ) ਦਾਸਤਾਨ ਏ। ਇਹਦੇ ਵਿੱਚ ਸ਼ੋਖੀ ਸ਼ਨਗੀ ਤੇ ਮਜ਼ਾਹ ਦਾ ਗੁਜ਼ਰ ਕਿਤੇ ਕਿਤੇ ਈ ਹੁੰਦਾ ਏ। ਦੁਖ ਦਰਦ ਤੇ ਸੋਜ਼ ਸ਼ਿਅਰ ਦੀ ਯੀਰਨੀ (ਮਿਠਾਸ) ਤੇ ਜੇਵਰ ਹੁੰਦੇ ਨੇ। ਸ਼ਿਅਰਾਂ ਵਿੱਚ ਦੁਖ ਦਰਦ ਓਦੋਂ ਈ ਆਂਦਾ ਏ ਜਦੋਂ ਦਰਦ ਸ਼ਾਇਰ ਦੇ ਦਿਲ ਵਿੱਚ ਜਾਗਦਾ ਹੋਵੇ । ਮੀਆਂ ਮੁਹੰਮਦ ਭਖ਼ਸ਼ ਹੋਰੀਂ ਫਰਮਾਂਦੇ ਨੇ;
ਜੋ ਸ਼ਾਇਰ ਬੇਪੀੜਾ ਹੋਵੇ ਸੁਖਨ ਉਹਦੇ ਵੀ ਰੁੱਖੇ
ਬੇਪੀੜੇ ਥੀਂ ਸ਼ਿਅਰ ਨਾ ਬਣਦਾ ਅੱਗ ਬਿਨ ਧੂੰ ਨਾ ਧੁਖੇ
ਏਸ ਹਵਾਲੇ ਨੂੰ ਸਾਮਣੇ ਰਖ ਕੇ ਦੇਖਿਆ ਜਾਵੇ ਤੇ ਵਾਰਸ ਸ਼ਾਹ ਦੇ ਦੁੱਖਾਂ ਦਾ ਕੋਈ ਅੰਤ ਨਹੀਂ। ਉਨ੍ਹਾਂ ਦੀ ਸ਼ਾਇਰੀ ਵਿੱਚ ਯਾਸ (ਬੇਉਮੀਦੀ) ਤੇ ਉਦਾਸ ਮੌਸਮ ਤੇ ਹਿਜਰ ਦੇ ਲਾਂਬੂਆਂ ਨੇ ਡੇਰੇ ਲਾਏ ਹੋਏ ਨੇ। ਤਮਸੀਲ ਦੇ ਪਲਾਟ ਦਾ ਤਕਾਜ਼ਾ ਵੀ ਵਾਰਸ ਸ਼ਾਹ ਹੋਰਾਂ ਨੂੰ ਦੁੱਖਾਂ ਵੱਲ ਮੋੜਦਾ ਏ ਤੇ ਉਨ੍ਹਾਂ ਦੇ ਅੰਦਰ ਦੀ ਦੁਨੀਆਂ ਬੜੀ ਗ਼ਮਗੀਨ ਏ ਜਿਸ ਪਾਰੋਂ ਸ਼ਿਅਰ ਇਸ਼ਕ ਰੋਗ ਤੇ ਹਿਜਰ ਦੀ ਲਾਟ ਬਣ ਕੇ ਤਖਲੀਕ ਹੁੰਦੇ ਨੇ;
ਹੀਰ ਆਖਦੀ ਜੋਗੀਆ ਝੂਠ ਆਖੇਂ ਕੌਣ ਰੁਠੜੇ ਯਾਰ ਮਨਾਂਵਦਾ ਏ
ਏਹਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ ਜਿਹੜਾ ਗਿਆਂ ਨੂੰ ਮੋੜ ਲਿਆਂਵਦਾ ਏ
ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ ਜਿਹੜਾ ਜਿਉ ਦਾ ਰੋਗ ਗਵਾਂਵਦਾ ਏ
ਭਲਾ ਦਸ ਖਾਂ ਚਿਰੀ ਵਿਛੁੰਨਿਆਂ ਨੂੰ ਕਦੋਂ ਰਬ ਸੱਚਾ ਘਰੀਂ ਲਿਆਂਵਦਾ ਏ
ਭਲਾ ਮੋਏ ਤੇ ਵਿਛੜੇ ਕੌਣ ਮੇਲੇ ਐਵੇਂ ਜਿਊੜਾ ਲੋਕ ਵਿਲਾਂਵਦਾ ਏ
ਕਿਰਦਾਰ ਨਿਗਾਰੀ-
ਇਹ ਇੱਕ ਤੈ ਸ਼ੁਦਾ ਗੱਲ ਏ ਕਿ ਤਮਸੀਲ ਵਿੱਚ ਪਲਾਟ ਦੀ ਨਹੀਂ, ਜ਼ਬਾਨ ਤੇ ਕਿਰਦਾਰ ਵੀ ਅਹਿਮੀਅਤ ਰੱਖਦੇ ਨੇ। ਹੀਰ ਦੇ ਕਿਰਦਾਰ ਫੌਕੁਲਬਸ਼ਰ (ਸੁਪਰ ਮੈਨ) ਨਹੀਂ। ਸਾਡੇ ਆਲੇ ਦੁਆਲੇ ਦੇ ਲੋਕ ਨੇ। ਉਨ੍ਹਾਂ ਦੀ ਜ਼ਬਾਨ, ਮਾਹੌਲ ਤੇ ਕਿਰਦਾਰ ਪੰਜਾਬ ਦੀ ਪੇਂਡੂ ਰਹਿਤਲ ਦੇ ਐਨ ਮੁਤਾਬਕ ਏ, ਹੀਰ ਦੇ ਸਾਰੇ ਕਿਰਦਾਰਾਂ ਦਾ ਲਹਿਜਾ ਉਹਨਾਂ ਦੇ ਤਮਸੀਲੀ ਕਿਰਦਾਰ ਤੋਂ ਮੁਖਤਲਿਫ ਨਹੀਂ। ਵਾਰਸ ਸ਼ਾਹ ਹੋਰਾਂ ਕਿਰਦਾਰਾਂ ਦੇ ਮੁਆਸ਼ਰਤੀ ਮਨਸਬ (ਦਰਜਾ) ਦਾ ਵੀ ਪੂਰਾ ਪੂਰਾ ਧਿਆਨ ਕੀਤਾ ਏ। ਮੁਕਦੀ ਗੱਲ ਇਹ ਵੇ ਕਿ ਹੀਰ ਦੇ ਕਿਰਦਾਰਾਂ ਦੇ ਮਜਾਜ ਤੇ ਅੰਦਾਜ਼ ਬੜੇ ਦਿਲਕਸ਼ (ਦਿਲ ਖਿਚਵੇਂ) ਤੇ ਕਹਾਣੀ ਨਾਲ ਮੇਲ ਖਾਂਦੇ ਨੇ। ਰਾਂਝਾ ਜੋਗੀ ਦਾ ਭੇਸ ਵਟਾ ਕੇ ਰੰਗਪੁਰ ਜਾਂਦਾ ਏ। ਰਾਹ ਵਿੱਚ ਇੱਕ ਇਆਲੀ ਉਹਨੂੰ ਸਿਹਾਣ ਲੈਂਦਾ ਏ। ਰਾਂਝਾ ਉਹਦੀ ਗੱਲ ਦੀ ਤਰਦੀਦ ਇੰਜ ਕਰਦਾ ਏ:
ਹਮੀਂ ਗੰਕਬਾਸ਼ੀ ਚੇਲੇ ਅਗਸਤ ਮੁੰਨ ਦੇ, ਹਾਮੀਂ ਪੰਛੀ ਸਮੁੰਦਰੋਂ ਪਾਰ ਦੇ ਜੀ
ਸਤ ਜਰਮ ਕੇ ਹਮੀਂ ਹੈਂ ਨਾਥ ਪੂਰੇ ਕਦੀ ਵਾਹਿਆ ਨਾਹੀਂ ਜੋਤਰਾ ਜੀ
ਏਸ ਸ਼ਿਅਰ ਵਿੱਚ ਰਾਂਝੇ ਦਾ ਲਹਿਜਾ ਬਿਲਕੁਲ ਜੋਗੀਆਂ ਵਾਲਾ ਏ। ਕਾਜ਼ੀ ਹੀਰ ਦਾ ਜ਼ੋਰੋ ਜ਼ੋਰ ਨਕਾਹ ਪੜ੍ਹਨ ਦੀ ਕੋਸ਼ਿਸ਼ ਕਰਦਾ ਏ ਤੇ ਹੀਰ ਬੜੇ ਜੁਰਅਤ ਮੰਦ ਲਹਿਰੇ ਵਿੱਚ ਆਖਦੀ ਏ:
ਹੀਰ ਆਖਦੀ ਦਗਾ ਕੀਤੋ ਕੀ ਵਟਣਾ ਏਸ ਜਹਾਨ ਤੋਂ ਵੇ
ਬਿਨਾ ਪੁਛਿਆਂ ਪੜ੍ਹੇ ਨਕਾਹ ਮੇਰਾ ਇਹ ਫਤਵਾ ਨਹੀਂ ਕੁਰਆਨ ਦਾ ਵੇ
ਦੂਜੇ ਕਿਰਦਾਰਾਂ ਦਾ ਮਜ਼ਾਜ ਤੇ ਰਵੱਈਆ ਵੀ ਜਿਊਂਦਾ ਜਾਗਦਾ ਨਜ਼ਰ ਆਉਂਦਾ ਏ।
ਸਰਾਪਾ ਨਿਗਾਰੀ: (ਸਮੁੱਚਾ ਨਕਸ਼ਾ ਚਿਤਰਨਾ) ਸ਼ਾਇਰ ਲਫਜ਼ਾਂ ਦੇ ਜਮਾਲੀ ਪੈਕਰ (ਸੁੰਦਰ ਰੂਪ) ਦਾ ਨਾਂ ਏ। ਓਹੋ ਹੀ ਸ਼ਾਇਰੀ ਸੁਹਣੀ ਗਿਣੀ ਜਾਂਦੀ ਏ ਜਿਹਦੇ ਵਿੱਚ ਜਮਾਲੀਆਤ (ਸੁੰਦਰਤਾ) ਦਾ ਨੁਮਾਇਆਂ (ਜ਼ਾਹਰ) ਹੋਵੇ। ਵਾਰਸ ਹੋਰੀਂ ਇੱਕ ਕਾਦਰੁਲਕਲਾਮ (ਮਹਾਨਤਮ) ਸ਼ਾਇਰ ਨੇ। ਸਰਾਪਾ ਨਿਗਾਰੀ ਵਿੱਚ ਹਰ ਸ਼ਾਇਰ ਆਪਣੀ ਸਲਾਹੀਅਤ (ਯੋਗਤਾ) ਦਾ ਇਜ਼ਹਾਰ ਭਰਪੂਰ ਅੰਦਾਜ਼ ਵਿੱਚ ਕਰਦਾ ਏ। ਵਾਰਸ ਸ਼ਾਹ ਹੋਰਾਂ ਦੀ ਸਰਾਪਾ ਨਿਗਾਰੀ ਤੋਂ ਏਸ ਗੱਲ ਦੀ ਤਾਈਦ (ਪਰੋੜਤਾ) ਹੁੰਦੀ ਏ ਕਿ ਉਹ ਇੱਕ ਮੁਕੰਮਲ ਸ਼ਾਇਰ ਨੇ। ਹੀਰ ਦਾ ਸਰਾਪਾ ਹੀਰ ਲਿਖਣ ਵਾਲੇ ਹਰ ਸ਼ਾਇਰ ਨੇ ਬਿਆਨ ਕੀਤਾ ਏ ਪਰ ਵਾਰਸ ਸ਼ਾਹ ਦਾ ਅੰਦਾਜ਼ ਸਭ ਤੋਂ ਵੱਖਰਾ ਤੇ ਸੁਹਣਾ ਏ:
ਹੋਂਠ ਸੁਰਖ਼ ਯਾਕੂਤ ਜਿਉਂ ਲਾਅਲ ਚਮਕਣ, ਠੋਡੀ ਸੇਬ ਵਲਾਇਤੀ ਸਾਰ ਵਿੱਚੋਂ
ਲਕ ਅਲਫ ਹੁਸੈਨੀ ਦਾ ਪਿਪਲਾ ਸੀ, ਜ਼ੁਲਫ ਨਾਗ ਖਜ਼ਾਨੇ ਦੀ ਬਾਰ ਵਿੱਚੋਂ
ਦੰਦ ਚੰਬੇ ਦੀ ਲੜੀ ਕਿ ਹੰਸ ਮੋਤੀ ਦਾਣੇ ਨਿਕਲੇ ਹੁਸਨ ਅਨਾਰ ਵਿਚੋਂ
ਗਰਦਨ ਕੂੰਜ ਦੀ ਉਂਗਲੀਆਂ ਰਵਾਂਹ ਫਲੀਆਂ ਹਥ ਕੂਲੜੇ ਬਰਗ ਚਨਾਰ ਵਿੱਚੋਂ
ਫਿਰੇ ਛਣਕਦੀ ਚਾ ਦੇ ਨਾਲ ਜੱਟੀ ਚੜਿਆ ਗ਼ਜ਼ਬ ਦਾ ਕਟਕ ਕੰਧਾਰ ਵਿਚੋਂ
ਵਾਰਸ ਸ਼ਾਹ ਜਦ ਨੈਨਾਂ ਦਾ ਦਾਉ ਲੱਗੇ ਕੋਈ ਬਚੇ ਨਾ ਜੂਏ ਦੀ ਹਾਰ ਵਿੱਚੋਂ
ਮਕੂਲੇ ਤੇ ਅਖਾਣ-
ਸੱਯਦ ਵਾਰਸ ਸ਼ਾਹ ਹੋਰਾਂ ਦੀ ਅਜ਼ਾਮਤ ਦੇ ਮਕਬੂਲੀਅਤ ਦੀ ਇੱਕ ਦਲੀਲ ਇਹ ਵੀ ਏ ਕਿ ਉਹਨਾਂ ਦੇ ਮਿਸਰੇ ਜ਼ਰਬੁਲਮਿਸਾਲ (ਕਹਾਵਤ) ਤੇ ਅਖਾਣ ਦੀ ਹੈਸੀਅਤ ਇਖਤਿਆਰ ਕਰ ਗਏ ਨੇ। ਵਾਰਸ ਸ਼ਾਹ ਹੋਰਾਂ ਮੁਆਸ਼ਰੇ ਨੂੰ ਤਨਕੀਦੀ (ਪੜਚੋਲੀਆ) ਨਜ਼ਰ ਨਾਲ ਵੀ ਵੇਖਿਆ ਏ। ਉਹਨਾਂ ਦਾ ਮੁਸ਼ਾਹਦਾ ਏਨਾ ਸੱਚਾ ਏ ਕਿ ਉਨ੍ਹਾਂ ਦੀ ਗੱਲ ਪਰਿਆ ਦੀ ਗੱਲ ਬਣ ਗਈ ਏ। ਇਹ ਵਾਰਸ ਸ਼ਾਹ ਹੋਰਾਂ ਦਾ ਹੀ ਨਸੀਬਾ ਏ ਕਿ ਉਨ੍ਹਾਂ ਦੀ ਸ਼ਾਇਰੀ ਵਿੱਚੋਂ ਅਵਾਮ ਤੇ ਖ਼ਾਸ ਨੇ ਅਖਾਣ ਇਸਤੇਮਾਲ ਕੀਤੇ ਨੇ। ਇਹ ਅਖਾਣ ਜ਼ਿੰਦਗੀ ਦੇ ਤਜਰਬਾਤ ਦਾ ਨਚੋੜ ਏ ਤੇ ਮੁਸ਼ਾਹਦਾਤ ਦਾ ਅਰਕ ਨੇ। ਵਾਰਸ ਦੀਆਂ ਸ਼ਾਇਰਾਨਾਂ ਹਕੀਕਤਾਂ ਏਨੀਆਂ ਵਾਜ਼ਿਆ ਨੇ ਕਿ ਲੋਕਾਂ ਲਈ ਇੱਕ ਅਟੱਲ ਫੈਸਲੇ ਦਾ ਦਰਜਾ ਰਖਦੀਆਂ ਨੇ:
ਵਾਰਸ ਰੰਨ, ਫਕੀਰ, ਤਲਵਾਰ ਘੋੜਾ ਚਾਰੇ ਥੋਕ ਇਹ ਕਿਸੇ ਦੇ ਨਾਰ ਨਾਹੀਂ
ਵਾਰਸ ਸ਼ਾਹ ਨਾ ਦੱਬੀਏ ਮੋਤੀਆਂ ਨੂੰ, ਫੁਲ ਅੱਗ ਦੇ ਵਿੱਚ ਨਾ ਸਾੜੀਏ ਨੀ
ਬਿਨਾ ਮੁਰਸ਼ਦਾਂ ਰਾਹ ਨਾ ਹੱਥ ਆਵੇ ਦੁਧ ਬਾਝ ਨਾ ਰਿਝਦੀ ਖੀਰ ਸਾਈ
ਲੈ ਵੇ ਰਾਂਝਣਾ ਵਾਹ ਮੈਂ ਲਾ ਥੱਕੀ ਸਾਡੇ ਵੱਸ ਥੀਂ ਗੱਲ ਬੇ ਵੱਸ ਹੋਈ
ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਨੇ
ਹੀਰ ਇਸ਼ਕ ਦਾ ਮੂਲ ਸਵਾਦ ਦੇਂਦਾ ਨਾਲ ਚੋਰੀਆਂ ਅਤੇ ਉਧਾਲਿਆਂ ਦੇ
ਵਾਰਸ ਸ਼ਾਹ ਹੋਰਾਂ ਨੇ ਹਿਕਮਤ, ਦਾਨਾਈ ਤੇ ਰਮਜ਼ ਦੀਆਂ ਜਿਹੜੀਆਂ ਗੱਲਾਂ ਹੀਰ ਵਿੱਚ ਬਿਆਨ ਕੀਤੀਆਂ ਨੇ ਉਹਨਾਂ ਨੇ ਹੀਰ ਦੀ ਸ਼ਾਨ ਹੋਰ ਵਧਾ ਦਿੱਤੀ ਏ। ਸ਼ਿਅਰ ਮਕੂਲਿਆਂ ਦੀ ਸ਼ਕਲ ਇਖਤਿਆਰ ਕਰਕੇ ਸ਼ਾਇਰ ਨੂੰ ਅਬਦੀ ਜ਼ਿੰਦਗੀ ਬਖਸ਼ਦੇ ਨੇ:-
ਜਿਨ੍ਹਾਂ ਹਿੰਗ ਦੇ ਨਿਰਖ ਦੀ ਖ਼ਬਰ ਨਾਂਹੀਂ ਪਏ ਪੁਛਦੇ ਭਾ ਕਸਤੂਰੀਆਂ ਦੇ
ਕਹੇ ਕਾਵਾਂ ਦੇ ਢੇਰ ਨਾ ਕਦੀ ਮਰਦੇ ਸ਼ੇਰ ਬਿੱਲੀਆਂ ਨਹੀਂ ਵੰਗਾਰਦੇ ਨੇ
ਉਹ ਕੁਆਰੀਆਂ ਜਾਣ ਖ਼ਰਾਬ ਹੋਈਆਂ ਜਿਹੜੀਆਂ ਮੁੰਡਿਆਂ ਨਾਲ ਖਡੇਂਦੀਆਂ ਨੇ
ਬੁਰੀ ਦੁਸ਼ਮਨੀ ਨਾਲ ਮਲਵਾਨਿਆਂ ਦੇ ਅੱਗ ਦਬਣੀ ਕੋਲ ਖਲਵਾੜਿਆਂ ਦੇ
ਤੈਨੂੰ ਰਬ ਸ਼ਹਿਬਾਜ਼ ਬਣਾਇਆ ਸੀ ਬਣਿਉਂ ਕਰਤਬਾਂ ਨਾਲ ਤੂੰ ਇਲ ਆਪੇ
ਪੇਂਡੂ ਰਹਿਤਲ ਦੀ ਤਸਵੀਰ-
ਓਹੋ ਈ ਸ਼ਾਇਰੀ ਅਬਦੀ ਜ਼ਿੰਦਗੀ ਪਾਂਦੀ ਏ ਲੈਂਦਾ ਤੁਅੱਲਕ ਜ਼ਮੀਨ ਤੇ ਉਹਦੇ ਵਸਨੀਕਾਂ ਨਾਲ ਹੋਵੇ। ਸੱਚ ਤੇ ਪੁਰਖ਼ਲੂਸ ਫੰਨਕਾਰ ਹਮੇਸ਼ਾ ਆਪਣੇ ਮਾਹੌਲ ਦੀ ਗੱਲ ਕਰਦਾ ਏ, ਉਹ ਕਦੀ ਵੀ ਆਲੇ ਦੁਆਲੇ ਤੋਂ ਮੁਤਾਸਰ ਹੋਇਆ ਬਗੈਰ ਨਹੀਂ ਰਹਿੰਦਾ। ਇੰਜ ਲਗਦਾ ਏ ਕਿ ਵਾਰਸ ਸ਼ਾਹ ਦਾ ਜਿਸਮਾਨੀ ਈ ਨਹੀਂ ਰੁਹਾਨੀ ਤੁਅੱਲਕ ਵੀ ਪੰਜਾਬ ਦੇ ਪਿੰਡਾਂ ਦੀ ਮਿੱਟੀ ਨਾਲ ਏ। ਪੰਜਾਬ ਦਾ ਮੰਜ਼ਰ ਹੀਰ ਵਿੱਚ ਨਜ਼ਰ ਆਉਂਦਾ ਏ। ਇਹਦੀ ਇੱਕ ਵਜ੍ਹਾ ਇਹ ਵੀ ਏ ਕਿ ਹੀਰ ਰਾਂਝਾ ਪੰਜਾਬ ਦੀ ਈ ਰੂਮਾਨਵੀ ਦਾਸਤਾਨ ਏ। ਏਸ ਤਰ੍ਹਾਂ ਸਾਰੀ ਦੀ ਸਾਰੀ ਤਮਸੀਲ ਪੰਜਾਬ ਦੀ ਪੇਂਡੂ ਰਹਿਤਲ ਦੀ ਤਸਵੀਰ ਏ। ਵਰਡਜ਼ਵਰਥ ਦਾ ਕੌਲ ਏ ਕਿ ਦੇਹਾਤੀ ਜ਼ਿੰਦਗੀ ਮਸਾਲੀ ਜ਼ਿੰਦਗੀ ਏ। ਵਾਰਸ ਸ਼ਾਹ ਹੋਰਾਂ ਏਸ ਗੱਲ ਦੀ ਪੂਰੀ ਤਰ੍ਹਾਂ ਤਾਈਦ ਤੇ ਤਸਦੀਕ ਕੀਤੀ ਏ। ਪਿੰਡ ਦੀ ਸਵੇਰ ਦਾ ਮੰਜ਼ਰ ਪੇਸ਼ ਕਰਦਿਆਂ ਹੋਇਆਂ ਲਿਖਦੇ ਨੇ:
ਚਿੜੀ ਚੂਕਦੀ ਨਾਲ ਜਾਂ ਟੁਰੇ ਪਾਂਧੀ ਪਈਆਂ ਦੁਧ ਦੇ ਵਿੱਚ ਮਧਾਨੀਆਂ ਨੇ
ਹੋਈ ਸੁਬਾ ਸਾਦਕ ਜਦੋਂ ਆਣ ਰੌਸ਼ਨ ਤਦੋ ਲਾਲੀਆਂ ਆਣ ਚਚਲਾਨੀਆ ਨੇ
ਪੇਂਡੂ ਜ਼ਿੰਦਗੀ ਵਿੱਚ ਸਾਂਝ ਤੇ ਸਹਾਰੇ ਦਾ ਤਸੱਵਰ ਭਰਾਵਾਂ ਨਾਲ ਏ। ਲੋਕ ਭਰਾਵਾਂ ਨੂੰ ਬਾਹਵਾਂ ਸਮਝਦੇ ਨੇ ਤੇ ਭਰਾਵਾਂ ਤੇ ਫਖ਼ਰ ਕਰਦੇ ਨੇ:
ਭਾਈਆਂ ਬਾਝ ਨਾ ਮਜਲਸਾਂ ਸੁਹੰਦੀਆਂ ਨੇ ਅਤੇ ਭਾਈਆਂ ਬਾਝ ਬਹਾਰ ਨਾਹੀਂ
ਲੱਖ ਓਟ ਹੈ ਕੋਲ ਵਸਿੰਦਿਆਂ ਦੀ ਭਾਈਆਂ ਗਿਆਂ ਜੇਡੀ ਕੋਈ ਹਾਰ ਨਾਹੀਂ
ਭਾਈ ਢਾਂਦੇ ਭਾਈ ਉਸਾਰ ਦੇ ਨੇ ਭਾਈਆਂ ਬਾਝ ਸੋਭ ਸੰਸਾਰ ਨਾਹੀਂ
ਭਾਈ ਮਰਨ ਤੇ ਪੈਂਦੀਆਂ ਭਜ ਬਾਹੀਂ ਬਿਨਾਂ ਭਾਈਆਂ ਭਰੇ ਪਰਿਵਾਰ ਨਾਹੀਂ
ਇਹੋ ਜਹੀਆਂ ਬੇਸ਼ੁਮਾਰ ਮਸਾਲਾ ਹੀਰ ਵਾਰਸ ਸ਼ਾਹ ਵਿੱਚ ਮੌਜੂਦ ਨੇ, ਜਿੰਨ੍ਹਾਂ ਨੂੰ ਲਿਖ ਕੇ ਇਹ ਗੱਲ ਬੜੇ ਇਅਤਮਾਦ (ਭਰੋਸੇ) ਨਾਲ ਆਖੀ ਜਾ ਸਕਦੀ ਏ ਕਿ ਹੀਰ ਵਾਰਸ ਸ਼ਾਹ ਪੰਜਾਬ ਦੀ ਪੁਰਾਦੀ ਤੇ ਮਨਮੁਹਣੀ ਤਸਵੀਰ ਏ।
ਵਾਰਸ ਸ਼ਾਹ ਹੋਰਾਂ ਦੀ ਆਪਣੀ ਰਾਏ: ਸ਼ਾਇਰ ਇਲਮ ਸ਼ਿਅਰ ਤੋਂ ਪੂਰੀ ਤਰ੍ਹਾਂ ਵਾਕਿਫ ਹੋਵੇ ਤੇ ਉਹਦੇ ਅੰਦਰ ਆਪਣੇ ਫਨ ਵਾਰੇ ਇਅਤਮਾਦ ਪੈਦਾ ਹੋ ਜਾਂਦਾ ਏ। ਵਾਰਸ ਸ਼ਾਹ ਹੋਰੀਂ ਇੱਕ ਸ਼ਾਇਰ ਹੋਣ ਦੇ ਨਾਲ ਨਾਲ ਕਈ ਅਲੂਮ ਦੇ ਆਲਮ ਵੀ ਸਨ। ਏਸ ਪਾਰੋਂ ਉਨ੍ਹਾਂ ਨੂੰ ਆਪਣੇ ਆਪ ਤੇ ਪੂਰਾ ਪੂਰਾ ਫੰਨੀ ਇਅਤਮਾਦ ਸੀ। ਵਾਰਸ ਸ਼ਾਹ ਹੋਰਾਂ ਨੂੰ ਆਪਣੀ ਸ਼ਾਇਰੀ ਦੀ ਖੂਬੀ ਅਤੇ ਖ਼ੂਬਸੂਰਤੀ ਤੇ ਬੜਾ ਮਾਨ ਏ। ਉਹ ਆਖਦੇ ਨੇ:
ਐਸਾ ਸ਼ਿਅਰ ਕਿਹਾ ਪੁਰ ਮਗਜ਼ ਮੌਜ਼ੂ ਜੇਹੀ ਮੋਤੀਆਂ ਲੜੀ ਸ਼ਹਿਵਾਰ ਦੀ ਸੀ
ਤਮਸੀਲ ਦੇ ਨਾਲ ਬਿਆਨ ਕੀਤਾ ਜੇਹੀ ਜ਼ੀਨਤ ਲਾਅਲ ਦੇ ਹਾਰ ਦੀ ਸੀ
ਕਿੱਸਾ ਗੋ ਲਿਖਦੇ ਨੇ ਤੇ ਲਿਖਦੇ ਈ ਚਲੇ ਜਾਂਦੇ ਨੇ। ਉਹ ਅਰੂਜ਼ ਅਤੇ ਫੰਨ ਦੀਆਂ ਦੂਜੀਆਂ ਜ਼ਰੂਰਤਾਂ ਦਾ ਜ਼ਿਆਦਾ ਖਿਆਲ ਵੀ ਰੱਖਦੇ। ਵਾਰਸ ਸ਼ਾਹ ਹੋਰਾਂ ਨੇ ਆਪਣੀ ਤਮਸੀਲ ਵਿੱਚ ਆਪਣੀ ਸ਼ਾਇਰਾਨਾ ਖੂਬੀਆਂ ਦਾ ਭਰਪੂਰ ਇਜ਼ਹਾਰ ਕੀਤਾ ਏ। ਵਾਰਸ ਸ਼ਾਹ ਹੋਰਾਂ ਨੇ ਕਿੱਸਾਗੋ ਸ਼ਾਇਰਾਂ ਵਾਂਗੂ ਸ਼ਿਅਰ ਨਹੀਂ ਲਿਖੇ ਸਗੋਂ ਨਾਲ ਤਖਲੀਕੀ (ਸਿਰਜਨਆਤਮਕ) ਸਲਾਹੀਅਤ ਦਾ ਇਜ਼ਹਾਰ ਕੀਤਾ ਏ:
ਫਿਕਰਾ ਜੋੜ ਕੇ ਖੂਬ ਦਰੁਸਤ ਕੀਤਾ ਜੇਹਾ ਫੁਲ ਗੁਲਾਬ ਦਾ ਤੋੜਿਆ ਈ
ਬਹੁਤ ਜਿਊ ਦੇ ਵਿੱਚ ਤਦਬੀਰ ਕਰਕੇ ਫਰਹਾਦ ਪਹਾੜ ਨੂੰ ਫੋੜਿਆ ਈ
ਸੱਭਾ ਵਿੰਨ੍ਹ ਕੇ ਜੇਬ ਬਣਾ ਦਿੱਤਾ ਜੇਹਾ ਇਤਰ ਗੁਲਾਬ ਨਚੋੜਿਆ ਈ
ਆਪਣੀ ਸ਼ਾਇਰੀ ਤੇ ਮਾਨ ਕਰਦਿਆਂ ਹੋਇਆਂ ਤੇ ਅਪਣੀ ਫੰਨੀ ਮਿਹਨਤ ਦਾ ਇਜ਼ਹਾਰ ਕਰਨ ਤੋਂ ਬਾਅਦ ਵਾਰਸ ਸ਼ਾਹ ਹੋਰੀਂ ਅਪਣਾ ਕਲਾਮ ਅਵਾਮ ਵਿੱਚ ਤੇ ਸ਼ਾਇਰਾਂ ਦੇ ਹਲਕੇ ਵਿੱਚ ਇਹਨਾਂ ਲਫਜ਼ਾਂ ਨਾਲ ਕਰਦੇ ਨੇ।
ਪਰਖ ਸ਼ਿਅਰ ਦੀ ਆਪ ਕਰ ਲੈਣ ਸ਼ਾਇਰ ਘੋੜਾ ਫੇਰਿਆ ਵਿੱਚ ਨਖ਼ਾਸ ਦੇ ਮੈਂ
ਵਾਰਸ ਸ਼ਾਹ ਹੋਰਾਂ ਦੀ ਸ਼ਾਇਰਾਨਾ ਅਜ਼ਮਤ ਨੂੰ ਹਰ ਦੌਰ ਦੇ ਲੋਕਾਂ ਨੇ ਤਸਲੀਮ ਕੀਤਾ ਏ। ਜਿਹੜਾ ਕੁਝ ਕਲਮਕਾਰਾਂ ਨੇ ਵਾਰਸ ਹੋਰਾਂ ਦੇ ਇਅਤਰਾਫ (ਮਨਣ) ਵਿੱਚ ਲਿਖਿਆ ਏ ਦਾਦ ਓ ਤਹਿਸੀਨ (ਦਾਅਰੀਫ) ਦਾ ਭੰਡਾਰ ਕਿਸੇ ਹੋਰ ਦੇ ਹਿੱਸੇ ਵਿਚ ਨਹੀਂ ਆਇਆ। ਪੰਜਾਬੀ ਜ਼ਬਾਨ ਦੇ ਹੋਰ ਸ਼ਾਇਰ ਤੇ ਅਦੀਬ (ਸਾਹਿਤਕਾਰ) ਨੇ ਵਾਰਸ ਹੋਰਾਂ ਦੇ ਫੰਨ ਤੋਂ ਅਸਰ ਕਬੂਲ ਕੀਤਾ ਏ। ਇਹ ਵਾਰਸ ਦੀ ਅਜ਼ਮਤ ਦੀ ਸ਼ਹਾਦਤ (ਗਵਾਹੀ) ਏ।
ਵਾਰਸ ਦੀ ਜਨਾਬ ਵਿੱਚ
ਵਾਰਸ ਸ਼ਾਹ ਸਾਡਾ ਪੰਜਾਬੀਆਂ ਦਾ ਭਾਵੇਂ ਅਸੀਂ ਧਰਤੀ ਦੇ ਕਿਸੇ ਹਿੱਸੇ ਤੇ ਵਸਦੇ ਹੋਈਏ, ਇੱਕ ਮਹਾਨ ਅਤੇ ਬੇਮਿਸਾਲ ਵਿਰਸਾ ਹੈ। ਇਹਦੇ ਉਤੇ ਜਿੰਨਾ ਵੀ ਮਾਣ ਕਰੀਏ ਓਨਾ ਹੀ ਥੋੜ੍ਹਾ ਹੈ। ਜਿਹੜੇ ਲੋਕੀਂ ਅਪਣਾ ਵਿਰਸਾ ਭੁਲ ਜਾਂਦੇ ਹਨ ਉਹ ਸੱਚੀਂ ਮੁੱਚੀਂ ਤਰਸ ਦੇ ਪਾਤਰ ਹਨ।
ਆਮ ਲੋਕ ਆਪਣੇ ਢੰਗ ਨਾਲ ਮਹਾਨ ਹੁੰਦੇ ਹਨ। ਉਹ ਜੀਵਨ ਦੀਆਂ ਨਿੱਕੀਆਂ ਵੱਡੀਆਂ ਮੁਸ਼ਕਲਾਂ ਨਾਲ ਲੜਦੇ ਭਿੜਦੇ ਅਪਣੇ ਢੰਗ ਨਾਲ ਉਨ੍ਹਾਂ ਨਾਲ ਦੋ ਚਾਰ ਹੁੰਦੇ ਹਨ। ਪਰ ਗਿਣਤੀ ਦੀਆਂ ਕੁਝ ਸਖਸ਼ੀਅਤਾਂ ਅਜੇਹੀਆਂ ਹੁੰਦੀਆਂ ਹਨ ਜਿਹੜੀਆਂ ਜੀਵਨ ਦੇ ਖੁਲ੍ਹੇ ਪਿੜ ਵਿੱਚ ਇੱਕ ਜਾਂ ਇੱਕ ਤੋਂ ਵੱਧ ਪਹਿਲੂਆਂ ਉਤੇ ਆਪਣੇ ਵਿਸ਼ੇਸ਼ ਯੋਗਦਾਨ ਦੀ ਅਜਿਹੀ ਮੁਹਰਸ਼ਾਪ ਛਡਦੀਆਂ ਹਨ ਕਿ ਢੇਰ ਸਮੇਂ ਤਾਈਂ ਆਉਣ ਵਾਲੀਆਂ ਨਸਲਾਂ ਉਨ੍ਹਾਂ ਤੋਂ ਹੌਸਲਾ, ਹੁਲਾਰਾ ਅਤੇ ਸੇਧ ਲੈਂਦੀਆਂ ਰਹਿੰਦੀਆਂ ਹਨ।
ਡਾਕਟਰ ਇਕਬਾਲ ਨੇ ਇੱਕ ਥਾਂ ਲਿਖਿਆ ਹੈ:-
ਹਜ਼ਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪਹਿ ਰੋਤੀ ਹੈ
ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇਂ ਦੀਦਾ ਵਰ ਪੈਦਾ
ਵਾਰਸ ਸ਼ਾਹ ਹੋਰੀ ਇੱਕ ਅਜਿਹੇ ਦੀਦਾ ਵਰ ਪੁਰਸ਼ ਸਨ। ਉਹ ਬਾਰੀਕ ਬੁੱਧੀ ਅਤੇ ਤੀਖਣ ਦ੍ਰਿਸ਼ਟੀ ਵਾਲੇ ਲੇਖਕ ਸਨ ਅਤੇ ਲੋਕ ਉਨ੍ਹਾਂ ਦੀ ਬੋਲੀ ਦੇ ਪਿਆਰ ਨਾਲ ਨੱਕੋ ਨੱਕ ਭਰੇ ਹੋਏ ਸਨ। ਉਨ੍ਹਾਂ ਨੇ ਅਜੇਹੀ ਰਚਨਾ ਕੀਤੀ ਜੋ ਸਦੀਆ ਤੀਕ ਪਾਠਕਾਂ ਨੂੰ ਅਨੰਦ ਬਖ਼ਸ਼ਦੀ ਰਹੀ ਹੈ ਅਤੇ ਬਖਸ਼ਦੀ ਰਹੇਗੀ।
ਵਾਰਸ ਸ਼ਾਹ ਹੋਰਾਂ ਆਪਣੀ ਕਲਮ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਸਿਰ ਉੱਚਾ ਕਰਕੇ ਇਨ੍ਹਾਂ ਨੂੰ ਅਮਰ ਕਰ ਦਿੱਤਾ ਹੈ। ਇਹ ਮਹਾਨ ਸ਼ਖਸ ਪੰਜਾਬੀ ਦੇ ਅਸਮਾਨ ਦਾ ਧਰੂ ਤਾਰਾ ਹੈ। ਮੋਟੇ ਤੌਰ ਤੇ ਇਹ ਦਰੁਸਤ ਹੈ ਕਿ ਵਰਤਮਾਨ ਯੁਗ (ਵਾਰਸ ਸ਼ਾਹ ਵੇਲੇ ਵੀ) ਸ਼੍ਰੇਣੀਆਂ ਵਾਲੇ ਵਰਤਾਰੇ ਦਾ ਯੁਗ ਹੈ। ਇਸ ਯੁਗ ਵਿੱਚ ਮਨੁੱਖ ਨੇ ਅਕਹਿ ਮੱਲਾਂ ਮਾਰੀਆਂ ਅਤੇ ਮਨੁਖੀ ਤਰੱਕੀ ਦੀਆਂ ਨਵੀਆਂ ਸਿਖਰਾਂ ਛੁਹੀਆਂ। ਜੀਵਨ ਦੇ ਦਵੰਦਵਾਦੀ ਨਿਯਮ ਅਨੁਸਾਰ ਕੀਤੀ ਗਈ ਤਰੱਕੀ ਦੇ ਦੋ ਪਹਿਲੂ ਹਨ। ਇੱਕ ਪਹਿਲੂ ਮਨੁਖ ਜਾਤੀ ਲਈ ਲਾਭਦਾਇਕ ਹੈ ਅਤੇ ਦੂਜਾ ਹਾਨੀਕਾਰਕ ਹੈ। ਹਰ ਮਹਾਨ ਪੁਰਖ, ਭਾਵੇਂ ਉਹਦਾ ਕਾਰਜਖੇਤਰ ਕੋਈ ਵੀ ਹੋਵੇ, ਜੀਵਨ ਦੇ ਹਾਂ ਪੱਖੀ ਪਹਿਲੂਆਂ ਨੂੰ ਉਭਾਰਦਾ ਹੈ ਅਤੇ ਮਨਫੀ ਪੱਖਾਂ ਨੂੰ ਨਕਾਰਦਾ ਅਤੇ ਭੰਡਦਾ ਹੈ।
ਇਤਿਹਾਸ ਦੀਆਂ ਕਈ ਚੰਗੀਆਂ ਮੰਦੀਆਂ ਦੇਣਾਂ ਵਿੱਚੋਂ ਇੱਕ ਮੰਦੀ ਦੇਣ ਬਸਤੀਵਾਦੀ ਲੋਕਾਂ ਦੀ ਗੁਲਾਮੀ ਕਾਰਨ ਇੱਕ ਭੈੜੀ ਰੁਚੀ ਹੋ ਜਾਂਦੀ ਹੈ ਜਿਹਦੇ ਅਧੀਨ ਉਹ ਆਪਣੇ ਅੰਦਰ ਬਦੇਸ਼ੀ ਹੁਕਮਰਾਨ ਨੂੰ ਅਚੇਤ ਜਾਂ ਚੇ ਤਨ ਤੌਰ ਤੇ ਪੂਜਣ ਲੱਗ ਜਾਂਦੇ ਹਨ। ਉਹ ਅੰਨ੍ਹੇਵਾਹ ਉਹਦੀਆਂ ਕਦਰਾਂ ਕੀਮਤਾਂ ਅਪਨਾਉਂਦੇ ਹਨ। ਏਥੇ ਹੀ ਬਸ ਨਹੀਂ ਇਸ ਕੰਮ ਵਿੱਚ ਉਹ ਆਪਣਾ ਸਵੈਮਾਨ ਵੀ ਦਾਅ ਤੇ ਲਾ ਛੱਡਦੇ ਹਨ। ਆਪਾਂ ਆਪਣੇ ਵਲ ਹੀ ਝਾਤ ਮਾਰ ਕੇ ਦੇਖ ਲਈਏ, ਪੁਸ਼ਤਾਂ ਲੰਘਣ ਪਿੱਛੋਂ ਵੀ ਅਸੀਂ ਭਾਰਤੀ ਅਤੇ ਪਾਕਿਸਤਾਨੀ ਆਪਣੇ ਆਪ ਨੂੰ ਨਕਾਰੀ ਜਾਂਦੇ ਹਾਂ। ਅਸੀਂ ਵਾਰਸ ਸ਼ਾਹ ਨੂੰ ਸ਼ੇਕਸਪੀਅਰ ਕਹਿ ਕੇ ਬਹੁਤ ਤਿੜਦੇ ਹਾਂ।
ਮੈਂ ਸਾਹਿਤ ਵਿੱਚ ਵਿਲੀਅਮ ਸ਼ੇਕਸਪੀਅਰ ਨੂੰ ਬਿਲਕੁਲ ਨਹੀਂ ਛੁਟਿਆ ਰਿਹਾ। ਮੈਂ ਕਹਿ ਰਿਹਾ ਹਾਂ ਕਿ ਦੁਨੀਆਂ ਵਿੱਚ ਬਾਕੀ ਦੇਸ਼ ਤੇ ਕੌਮਾਂ ਵੀ ਹਨ, ਉਨ੍ਹਾਂ ਦਾ ਵੀ ਸਾਹਿਤ ਮਹਾਨ ਹੈ, ਜਿਵੇਂ ਫਾਂਸੀਸੀ, ਸਪੇਨੀ, ਪੁਰਤਗਾਲੀ, ਜਾਪਾਨੀ, ਰੂਸੀ, ਚੀਨੀ ਆਦਿ ਪਰ ਅਸੀਂ ਦਿਮਾਗੀ ਗੁਲਾਮੀ ਦਾ ਸ਼ਿਕਾਰ ਹੋਏ, ਅੰਗ੍ਰੇਜ਼ੀ ਸਾਹਿਤ ਤੋਂ
ਪਰੇ ਨਹੀਂ ਦੇਖਦੇ, ਇਹ ਸਾਡੀ ਸੀਮਾ ਹੈ।
ਵਾਰਸ ਸ਼ਾਹ ਨੂੰ ਉਹਦੇ ਆਪਣੇ ਸਮਾਜਕ ਅਤੇ ਰਾਜਸੀ ਚੌਖਟੇ ਵਿੱਚ ਰੱਖ ਕੇ ਉਹਦੀ ਮਹਾਨਤਾ ਦੀਆਂ ਪਰਤਾਂ ਉਘਾੜਨ/ਮਾਨਣ ਤੇ ਆਮ ਲੋਕਾਂ ਨਾਲ ਸਾਂਝੀਆਂ ਕਰਨ ਦੀ ਵੱਡੀ ਲੋੜ ਹੈ। ਜੀਵਨ ਦਾ ਸੁਹਜ ਸਵਾਦ ਕੁਝ ਲੋਕਾਂ ਦੀ ਜਾਇਦਾਦ ਅਤੇ ਜਾਗੀਰ ਨਹੀਂ। ਇਸ ਤੋਂ ਬਿਨਾਂ ਵਾਰਸ ਸ਼ਾਹ ਦੀ ਮਹਾਨਤਾ ਲੋਕਾਂ ਨਾਲ ਸਾਂਝੀ ਕਰਨ ਨਾਲ ਘਟੇਗੀ ਨਹੀਂ। ਇਸ ਨਾਲ ਮਨੁੱਖੀ ਅਨੰਦ ਵਿੱਚ ਵਾਧਾ ਹੋਵੇਗਾ। ਕਲਾ ਦੇ ਅਨੰਦ ਦੀ ਸੁਨੱਖੀ ਵੰਡ ਇਨਸਾਨੀ ਕਰਤਾਰੀ ਸ਼ਕਤੀ ਨੂੰ ਉਤਸ਼ਾਹਤ ਕਰਨ ਦਾ ਜਾਦੂ ਰੱਖਦੀ ਹੈ। ਵਾਰਸ ਸ਼ਾਹ ਨੇ ਇਹ ਮਹਾਨ ਕਿਰਤ (ਹੀਰ) ਕਿਸੇ ਇੱਕ ਤਬਕੇ ਜਾਂ ਕਿਸੇ ਵਪਾਰਕ ਲਾਲਚ ਅਧੀਨ ਨਹੀਂ ਲਿਖੀ ਸੀ। ਉਹ 'ਹੀਰ' ਦੇ ਪਾਠਕਾਂ ਨੂੰ ਖੁਸ਼ ਦੇਖਣਾ ਅਤੇ ਉਨ੍ਹਾਂ ਦੀ ਸੂਝ ਬੂਝ ਵਿੱਚ ਵਾਧਾ ਕਰਕੇ ਉਨ੍ਹਾਂ ਦੇ ਜੀਵਨ ਨੂੰ ਚੰਗੇਰਾ ਦੇਖਣ ਦਾ ਚਾਹਵਾਨ ਸੀ। ਉਹ ਆਪਣੀ ਇਸ ਮਹਾਨ ਰਚਨਾ ਦੀ ਪਹਿਲੀ ਤੋਂ ਅਖੀਰਲੀ ਬੈਂਤ ਤੀਕ ਪਾਠਕ ਨੂੰ ਯਾਦ ਰਖਦਾ ਇਹ ਦੁਆ ਕਰਦਾ ਹੈ:
ਬਖਸ਼ ਲਿਖਣ ਵਾਲਿਆਂ ਜੁਮਲਿਆਂ ਨੂੰ, ਪੜ੍ਹਣ ਵਾਲਿਆਂ ਕਰੀਂ ਅਤਾ ਸਾਈ
ਸੁਣਨ ਵਾਲਿਆਂ ਨੂੰ ਬਖ਼ਸ਼ੀ ਦੌਲਤ, ਰੱਖੀ ਜ਼ੌਕ ਤੇ ਸ਼ੌਕ ਦਾ ਚਾ ਸਾਈਂ
ਇੱਕ ਸੂਝਵਾਨ ਅਤੇ ਮਹਾਨ ਕਲਾਕਾਰ ਹੁੰਦੇ ਹੋਏ ਵਾਰਸ ਸ਼ਾਹ ਨੂੰ ਅਪਣੀ ਕਿਰਤ ਬਾਰੇ ਕੋਈ ਸ਼ੱਕ ਨਹੀਂ ਸੀ ਕਿ ਲੋਕੀਂ ਇਹਨੂੰ ਪਸੰਦ ਕਰਨ ਗੇ ਪਰ ਉਹ ਘੁਮੰਡੀ ਹੋਦ ਦੀ ਮੂਰਖਤਾਈ ਤੋਂ ਕੋਹਾਂ ਦੂਰ ਖੜ੍ਹਾ, ਬਿਲਕੁਲ ਬੇਨਿਆਜ਼ ਮੁਸਕਰਾ ਰਿਹਾ ਹੈ।
ਅਪਣੇ ਸਮੇਂ ਦੇ ਭਾਈਚਾਰੇ ਵਿੱਚ ਵਿਚਰਦੇ ਲੋਕਾਂ ਦੇ ਜੀਵਨ ਦੀ ਇੱਕ ਇੱਕ ਨਾੜ ਦਾ ਵਾਕਿਫ ਵਾਰਸ ਸ਼ਾਹ ਉਨ੍ਹਾਂ ਦਾ ਵਿਸ਼ਲੇਸ਼ਨ ਇਸ ਬਰੀਕੀ ਅਤੇ ਨਿਪੁੰਨਤਾ ਨਾਲ ਕਰਦਾ ਹੈ ਕਿ ਪਾਠਕ ਇੰਝ ਮਹਿਸੂਸ ਕਰਦਾ ਹੈ ਕਿ ਉਹ ਵਾਰਸ ਸ਼ਾਹ ਹੋਰਾਂ ਦੇ ਨਾਲ ਗੱਲਾਂ ਕਰ ਰਿਹਾ ਹੈ। ਮਨੁਖੀ ਜਜ਼ਬਿਆਂ ਦੀ ਤਹਿ ਤਕ ਪਹੁੰਚ ਕੇ ਵਾਰਸ ਸ਼ਾਹ ਆਪਣੇ ਕਿਰਦਾਰਾਂ ਨੂੰ ਜਿਊਂਦੇ ਜਾਗਦੇ ਸਾਡੇ ਸਾਮਣੇ ਸਾਖਸ਼ਾਤ ਖੜ੍ਹੇ ਕਰ ਦਿੰਦਾ ਹੈ। ਹੀਰ ਦਾ ਹਰ ਪਾਠਕ ਇਸ ਤਰ੍ਹਾਂ ਸਮਝਣ ਲਗਦਾ ਹੈ ਜਿਵੇਂ ਉਹ ਇਕੱਲੇ ਇਕੱਲੇ ਕਿਰਦਾਰ ਨੂੰ ਮੁੱਦਤਾਂ ਤੋਂ ਜਾਣਦਾ ਹੈ।
ਹਰ ਸ਼ਾਇਰ ਦੇ ਕਲਾ ਕੌਸ਼ਲ ਹੋਣ ਦੇ ਨਾਲ ਉਹਦਾ ਨਿਡਰ ਅਤੇ ਬੇਬਾਕ ਹੋਣਾ ਬਹੁਤ ਜ਼ਰੂਰੀ ਹੈ। ਲਿਖਾਰੀ ਦੀ ਬੇਬਾਕੀ ਅਤੇ ਨਿਡਰਤਾ ਇੱਕ ਇਨਕਲਾਬੀ ਵਸਫ ਹੈ। ਇਸ ਨਾਲ ਉਹ ਸੁਹਿਰਦ ਪਾਠਕਾਂ ਦਾ ਦਿਲ ਜਿਤਕੇ ਉਨ੍ਹਾਂ ਨੂੰ ਆਪਣੇ ਨਾਲ ਤੋਰਦਾ ਹੋਇਆ ਸਿੱਧੇ ਰਸਤੇ ਉਤੇ ਰੱਖਦਾ ਹੈ।
ਪਦਾਰਥਵਾਦੀ ਦੁਨੀਆਂ ਵਿੱਚ ਮਨੁੱਖੀ ਰਿਸ਼ਤਿਆ ਨੂੰ ਕਈ ਵਸਤਾਂ ਪ੍ਰਭਾਵਤ ਕਰਦੀਆਂ ਹਨ। ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਮਨੋਵਿਗਿਆਨਕ ਸੂਝ ਅਤੇ ਡੂੰਘੀ ਜੀਵਨ ਜਾਚ ਦੀ ਖਾਸ ਜ਼ਰੂਰਤ ਹੁੰਦੀ ਹੈ। ਇਹਦੇ ਨਾਲ ਨਾਲ ਆਪਣੇ ਵੇਲੇ ਦੀਆਂ ਰਾਜਨੀਤਕ ਹਾਲਤਾਂ ਦਾ ਗਿਆਨ ਵਡਮੁੱਲੀ ਵਸਤ ਹੈ। ਕਵੀ ਨੂੰ ਸ਼ਾਇਰੀ ਦੇ ਮਰਤਬੇ ਤੋਂ ਪੈਗੰਬਰੀ ਤਕ ਲਿਜਾਣ ਵਾਲੀ ਸਭ ਤੋਂ ਵੱਡੀ ਅਤੇ ਜ਼ਰੂਰੀ ਚੀਜ਼ ਅਵੱਸ਼ ਹੀ ਸ਼ਾਇਰ ਦੀ ਦੂਰਦ੍ਰਿਸ਼ਟੀ ਅਤੇ ਲੋਕਾਂ ਦਾ ਸੱਚਾ ਸੁੱਚਾ ਪਿਆਰ ਹੁੰਦਾ ਹੈ। ਲੋਕਾਂ ਤੋਂ ਦੂਰ ਰਹਿ ਕੇ ਉਨ੍ਹਾਂ ਨੂੰ ਪਿਆਰ ਨਹੀਂ ਕੀਤਾ ਜਾ ਸਕਦਾ।
ਇਸ ਮਹਾਨ ਲਿਖਤ ਦਾ ਆਰੰਭ ਹੀ ਇਸ਼ਕ ਅਤੇ ਪਿਆਰ ਨਾਲ ਹੁੰਦਾ ਹੈ। ਕਵੀ ਪਿਆਰ ਨੂੰ ਜ਼ਿੰਦਗੀ ਦੀ ਚੂਲ ਸਮਝਦਾ ਹੈ। ਉਹ ਹੀਰ ਰਾਂਝੇ ਦੇ ਪਿਆਰ ਰਾਹੀਂ ਰੱਬ ਦੇ ਇਸ਼ਕ ਭਾਵ ਇਸ਼ਕ ਹਕੀਕੀ ਦੀ ਗੱਲ ਕਰਕੇ 'ਪੀਰ ਵਾਰਸ' ਬਣਦਾ ਹੈ। ਦਰ ਅਸਲ ਪਿਆਰ ਹੀ ਦੁਨੀਆਂ ਦੀ ਚਾਲਕ ਸ਼ਕਤੀ ਹੈ। ਗੁਰਬਾਣੀ ਵਿੱਚ ਵੀ ਕਿਹਾ ਗਿਆ ਹੈ ਕਿ ਜਿਹਨੇ ਪਿਆਰ ਕੀਤਾ ਉਹਨੇ ਹੀ ਰਬ ਪਾਇਆ। ਵਾਰਸ ਸ਼ਾਹ ਕਹਿੰਦਾ ਹੈ:-
ਅੱਵਲ ਹਮਦ ਖ਼ੁਦਾ ਦਾ ਵਿਰਦ ਕੀਜੇ ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆਂ
ਪਹਿਲੇ ਆਪ ਹੈ ਰਬ ਨੇ ਇਸ਼ਕ ਕੀਤਾ ਮਾਅਸ਼ੂਕ ਹੈ ਨਬੀ ਰਸੂਲ ਮੀਆਂ
ਇਸ਼ਕ ਪੀਰ ਫਕੀਰ ਦਾ ਮਰਤਬਾ ਹੈ, ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ
ਖੁਲ੍ਹੇ ਤਿਨ੍ਹਾਂ ਦੇ ਬਾਬ ਕਲੂਬ ਅੰਦਰ ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ
ਲੋਕਾਂ ਦੀ ਅਮੀਰ ਅਤੇ ਮਹਾਨ ਬੋਲੀ
‘ਮੁੰਜ ਦੀ ਰੱਸੀ' ਨਹੀਂ ਹੁੰਦੀ।
'ਹੀਰ' ਦੇ ਹਰਮਨ ਪਿਆਰੇ ਹੋਣ ਦੇ ਅਨੇਕਾਂ ਕਾਰਨਾਂ ਵਿੱਚੋਂ ਇੱਕ ਵੱਡਾ ਕਾਰਨ ਵਾਰਸ ਸ਼ਾਹ ਵੱਲੋਂ ਵਰਤੀ ਗਈ ਅਮੀਰ ਲੋਕਬੋਲੀ ਹੈ। ਵਾਰਸ ਸ਼ਾਹ ਰੋਜ਼ਾਨਾ ਜੀਵਨ ਵਿੱਚ ਸਾਹ ਲੈਂਦਾ ਅਤੇ ਭਰਪੂਰ ਜੀਵਨ ਜਿਉਂਦਾ ਹੈ ਅਤੇ ਉਹ ਆਮ ਲੋਕਾਂ ਦੀ ਬੋਲੀ ਦੇ ਮਹਾਨ ਖਜ਼ਾਨੇ ਨਾਲ ਮਾਲਾਮਾਲ ਹੈ। ਕਹਾਣੀ ਦੱਸੀ ਜਾਂਦੀ ਹੈ ਕਿ ਵਾਰਸ ਸ਼ਾਹ ਵੱਲੋਂ ਹੀਰ ਦਾ ਕਿੱਸਾ ਲਿਖਣ ਬਾਬਤ ਸੁਣ ਕੇ ਉਹਦਾ ਪੀਰ ਗੁੱਸੇ ਹੋਇਆ ਅਤੇ ਉਹਨੂੰ ਆਪਣੇ ਪਾਸ ਬੁਲਾ ਕੇ ਜਵਾਬਤਲਬੀ ਕੀਤੀ। ਜਦੋਂ ਵਾਰਸ ਸ਼ਾਹ ਹੋਰੀ ਉਸ ਨੂੰ 'ਹੀਰ' ਵਿੱਚੋਂ ਕੁਝ ਹਿੱਸੇ ਪੜ੍ਹ ਕੇ ਸੁਣਾਏ ਤਾਂ ਪੀਰ ਬਹੁਤ ਖੁਸ਼ ਹੋਇਆ ਅਤੇ ਆਖਣ ਲੱਗਾ ਕਿ ਤੂੰ ਤੇ "ਮੁੰਜ ਦੀ ਰੱਸੀ ਵਿੱਚ' ਮੋਤੀ ਪਰੋ ਦਿੱਤੇ ਹਨ।
ਪੀਰ ਦੀ ਆਖੀ ਅੱਧੀ ਗੱਲ ਠੀਕ ਹੈ ਕਿ ਵਾਰਸ ਸ਼ਾਹ ਨੇ (ਹੀਰ ਲਿਖਕੇ) ਮੁੰਜ ਦੀ ਰੱਸੀ ਵਿੱਚ ਮੋਤੀ ਪਰੋ ਦਿੱਤੇ ਹਨ। ਜਿੱਥੇ ਤੱਕ ਮੋਤੀ ਪਰੋਣ ਦੀ ਗੱਲ ਹੈ ਉਹ ਸੌ ਫੀ ਸਦੀ ਠੀਕ ਹੈ ਪਰ ਜਿੱਥੇ ਤਕ ‘ਮੁੰਜ' ਦੀ ਰੱਸੀ ਦੀ ਗੱਲ ਹੈ ਇਹ ਬਿਲਕੁਲ ਬੇਹੂਦਾ ਗੱਲ ਹੈ। ਲੋਕਾਂ ਦੀ 'ਮਾਂ ਬੋਲੀ ਕਿਸੇ ਤਰ੍ਹਾਂ ਵੀ ਮੁੰਜ ਦੀ ਰੱਸੀ ਨਹੀਂ। ਦਰ ਅਸਲ ਲੋਕਾਂ ਦੀ ਮਾਂ ਬੋਲੀ ਮਾਂ ਦਾ ਦਰਜਾ ਰੱਖਦੀ ਹੈ ਅਤੇ ਉਹ ਮਾਂ ਵਾਲੇ ਸਤਿਕਾਰ ਦੀ ਮੰਗ ਕਰਦੀ ਹੈ। ਕਿਸੇ ਵੀ ਮਾਂ ਬੋਲੀ ਬਾਬਤ ਅਜੇਹੇ ਕੁਚੱਜੇ ਅਤੇ ਬੇਹੂਦਾ ਸ਼ਬਦਾਂ ਦੀ ਵਰਤੋਂ ਕਿਸੇ ਪੀਰ ਨੂੰ ਤਾਂ ਇੱਕ ਪਾਸੇ ਸਧਾਰਨ ਮਰਦ ਇਸਤਰੀ ਨੂੰ ਵੀ ਨਹੀਂ ਸੋਭਦੀ। ਜਿਹੜਾ ਪੁਰਸ਼ ਕਿਸੇ ਦੀ ਮਾਂ ਦੀ ਕਦਰ ਨਹੀਂ ਕਰਦਾ ਉਹ ਆਪਣੀ ਮਾਂ ਦੀ ਇੱਜ਼ਤ ਕਿਸ ਤਰ੍ਹਾਂ ਕਰ ਸਕਦਾ ਹੈ?
ਦੁਨੀਆਂ ਦੇ ਉੱਚੇ ਨਕ ਵਾਲੇ ਕੁਰਾਹੇ ਪਏ ਅਤੇ ਸ਼ਾਵਲਵਾਦੀ ਲੋਕ ਹਮੇਸ਼ਾ ਆਪਣੀ ਮਾਂ ਬੋਲੀ ਨੂੰ ਉੱਚਾ ਸਾਬਤ ਕਰਨ ਦੀ ਕੋਸ਼ਿਸ਼ ਤਾਂ ਕਰਦੇ ਹੀ ਹਨ ਪਰ ਇਹਦੇ ਨਾਲ ਉਹ ਦੂਜਿਆਂ ਦੀ ਮਾਂ ਬੋਲੀ ਦਾ ਅਪਮਾਨ ਕਰਨ ਦੀ ਹਿਮਾਕਤ ਵੀ ਕਰਦੇ ਹਨ।
ਅਸੀਂ ਵਾਰਸ ਸ਼ਾਹ ਦੇ ਵੱਡੇ ਦੇਣਦਾਰ ਹਾਂ ਕਿ ਉਨ੍ਹਾਂ ਹੀਰ ਲਿਖਣ ਲਈ ਬਾਕੀ ਨਾਮ ਨਿਹਾਦ ਉਂਚੀਆਂ ਬੋਲੀਆਂ ਨੂੰ ਛੱਡ ਕੇ ਆਪਣੀ ਮਾਂ ਦੇ ਸਾਊ ਅਤੇ ਬੀਬੇ ਪੁੱਤਰ ਹੋਣ ਦਾ ਸਬੂਤ ਦਿੱਤਾ। ਏਸ ਨੇ ਹੀ ਵਾਰਸ ਸ਼ਾਹ ਲਈ ਲੋਕਾਂ ਤੋਂ ਆਪਣੇ ਦਿਲਾਂ ਦੇ ਦਰਵਾਜ਼ੇ ਖੁਲ੍ਹਵਾ ਕੇ ਉਹਨੂੰ ਅਮਰ ਕਰ ਦਿੱਤਾ। ਵਾਰਸ ਦੇ ਮਜ਼ਹਬੀ ਪੀਰ ਦੀ ਇਹ ਕਹਾਣੀ ਤਾਂ ਬਹੁਤ ਲੋਕਾਂ ਨੇ ਪੜ੍ਹੀ ਹੋਵੇਗੀ ਪਰ ਉਹ ਮਾਂ ਬੋਲੀ ਦੀ ਬੇਇਜ਼ਤੀ ਚੁੱਪ ਕਰਕੇ ਪੜ੍ਹਦੇ ਰਹੇ ਹਨ। ਖੈਰ ਅਸੀਂ ਇਹਦੇ ਵੱਲ ਧਿਆਨ ਦਿੰਦੇ ਵਾਰਸ ਸ਼ਾਹ ਹੋਰਾਂ ਦੇ ਪੀਰ ਵੱਲੋਂ ਪੰਜਾਬੀ ਲਈ ਵਰਤੇ ਗਏ ਗਲਤ ਬੋਲਾਂ ਦਾ ਸਖਤ ਨੋਟਿਸ ਲੈਂਦੇ ਹਾਂ। ਵਾਰਸ ਸ਼ਾਹ ਹੋਰੀਂ ਵੀ ਇਸ ਦਾ ਬੁਰਾ ਜ਼ਰੂਰ ਮਨਾਇਆ ਹੋਵੇਗਾ।
ਉਹਦੀ (ਵਾਰਸ ਸ਼ਾਹ ਦੀ ਕਵਿਤਾ ਲਈ ਵਰਤੀ ਗਈ ਲੋਕਬੋਲੀ ਬਹੁਤ ਵੱਡਾ ਅਤੇ ਮਾਣ ਵਾਲਾ ਕੰਮ ਹੈ ਇਸ ਸਬੰਧ ਵਿੱਚ ਕਮਾਲ ਅਹਿਮਦ ਸਦੀਕੀ ਆਪਣੀ ਪੁਸਤਕ 'ਆਹੰਗ ਔਰ ਅਰੂਜ਼' ਵਿੱਚ ਬਹੁਤ ਪਤੇ ਦੀ ਗੱਲ ਲਿਖਦੇ ਹਨ ਕਿ 'ਸ਼ਿਅਰ ਅਜੇਹੀ ਜ਼ਬਾਨ ਵਿੱਚ ਹੋਣ ਕਿ ਸਮਝ ਵਿੱਚ ਆ ਜਾਵੇ... ਜਿੰਦਗੀ ਨਾਲ ਸ਼ਾਇਰੀ
ਦਾ ਗੂੜ੍ਹਾ ਰਿਸ਼ਤਾ ਹੈ। (ਪੰਨਾ 157) । ਜ਼ਿੰਦਗੀ ਦਾ ਕਵਿਤਾ ਨਾਲ ਦਿਲ ਅਤੇ ਜਾਨ ਵਾਲਾ ਰਿਸ਼ਤਾ ਹੈ। ਵਾਰਸ ਸ਼ਾਹ ਹੋਰੀਂ ਇਸ ਕਥਨ ਤੇ ਪੂਰੇ ਉੱਤਰਦੇ ਹਨ ਜਦੋਂ ਅਸੀਂ ਅਨੇਕਾਂ ਅਨਪੜ੍ਹ ਲੋਕਾਂ ਨੂੰ (ਜਿਨ੍ਹਾਂ ਨੂੰ ਸਕੂਲ ਜਾਣ ਦਾ ਮੌਕਾ ਨਹੀਂ ਜੁੜਿਆ) ਵਾਰਸ ਸ਼ਾਹ ਦੀ ਹੀਰ ਸੁਣਕੇ ਬੇਖ਼ੁਦ ਹੋ ਕੇ ਝੂਮਦੇ ਦੇਖਦੇ ਹਾਂ ਅਤੇ ਆਮ ਜ਼ਿੰਦਗੀ ਵਿੱਚ ਵਾਰਸ ਸ਼ਾਹ ਦੀ ਹੀਰ ਦੇ ਮਿਸਰੇ ਅਤੇ ਸ਼ਿਅਰ ਜ਼ਬਾਨੀ ਪੇਸ਼ ਕਰਦੇ ਹਾਂ। ਤੜਕੇ, ਸਾਝਰੇ ਅੰਮ੍ਰਿਤ ਵੇਲੇ ਜਿਸ ਕਿਸੇ ਨੂੰ ਕਦੀ ਕਿਸੇ ਹਾਲੀ ਦੀ ਸੁਰੀਲੀ ਆਵਾਜ਼ ਵਿੱਚ 'ਹੀਰ' ਦੀਆਂ ਬੇਤਾਂ ਸੁਣਨ ਦਾ ਸੁਭਾਗ ਮਿਲਿਆ ਹੋਵੇ ਉਹਨੂੰ ਇਸ ਨਾਲੋਂ ਵਧੇਰੇ ਕਿਸ ਅਨੰਦ ਦੀ ਭੁਖ ਰਹਿ ਜਾਂਦੀ ਹੈ।
ਵਾਰਸ ਸ਼ਾਹ ਨੇ ਪੰਜਾਬੀ ਮਾਂ ਬੋਲੀ ਵਿੱਚ ਹੀਰ ਲਿਖਕੇ ਪੰਜਾਬੀ ਬੋਲੀ ਨੂੰ ਰੇਸ਼ਮ ਤੋਂ ਵੀ ਉੱਚੀ ਅਤੇ ਸੁੱਚੀ ਕਰ ਦਿੱਤਾ ਹੈ। ਅਸੀਂ ਵਾਰਸ ਸ਼ਾਹ ਅੱਗੇ ਅਦਬ ਅਤੇ ਸਤਿਕਾਰ ਨਾਲ ਸਿਰ ਝੁਕਾਉਂਦੇ ਹਾਂ।
1947 ਵਿੱਚ ਪਾਕਿਸਤਾਨ ਬਣਨ ਤੋਂ ਪਹਿਲਾਂ ਪੰਜਾਬ ਵਿੱਚ ਹੀਰ ਦੇ ਹਰਮਨ ਪਿਆਰੇ ਹੋਣ ਦਾ ਇਹ ਹਾਲ ਸੀ ਕਿ ਹਰ ਵਰ੍ਹੇ ਹੀਰ ਦੀਆਂ ਪੰਜਾਹ ਹਜ਼ਾਰ ਤੋਂ ਵੱਧ ਕਿਤਾਬਾਂ ਵਿਕਦੀਆਂ ਸਨ। ਅੱਜ ਕਲ੍ਹ ਸਾਡੇ (ਵੱਡੇ ) ਕਵੀਆਂ ਦੀ ਕਿਤਾਬ ਦੀ ਇੱਕ ਅਡੀਸ਼ਨ ਦੀਆਂ ਸਿਰਫ ਢਾਈ ਤਿੰਨ ਸੌ ਕਿਤਾਬਾਂ ਛਪਦੀਆਂ ਹਨ ਅਤੇ ਉਨ੍ਹਾਂ ਨੂੰ ਵਿਕਣ ਵਿਚ ਕਈ ਕਈ ਸਾਲ ਲਗ ਜਾਂਦੇ ਹਨ।
ਇਸ ਗੱਲ ਤੇ ਕੋਈ ਮਤਭੇਦ ਨਹੀਂ ਕਿ 'ਹੀਰ' ਨੂੰ ਲਿਖਣ ਵਾਲਾ ਵਾਰਸ਼ ਸ਼ਾਹ ਸਭ ਤੋਂ ਪਹਿਲਾ ਪੁਰਸ਼ ਨਹੀਂ ਸੀ। ਉਸ ਤੋਂ ਪਹਿਲਾਂ ਵੀ ਪੰਜਾਬੀ ਅਤੇ ਫਾਰਸੀ ਬੋਲੀ ਵਿੱਚ ਕਈ ਲਿਖਾਰੀਆਂ ਨੇ ਹੀਰ ਰਾਂਝੇ ਦੀ ਪ੍ਰੇਮ ਕਹਾਣੀ ਨਜ਼ਮਬੰਦ ਕੀਤੀ। ਭਾਰਤ ਅਤੇ ਪਾਕਿਸਤਾਨ ਵਿੱਚ ਹੀਰ ਰਾਂਝੇ ਉੱਤੇ ਇੱਕ ਤੋਂ ਵੱਧ ਫਿਲਮਾਂ ਵੀ ਬਣੀਆਂ। ਹੀਰ ਦੇ ਹਰਮਨ ਪਿਆਰੇ ਹੋਣ ਨਾਲ ਬੇਅਸੂਲੇ ਅਤੇ ਲਾਲਚੀ ਲੋਕਾਂ ਨੇ ਬਰਸਾਤੀ ਖੁੰਬਾਂ ਵਾਂਗੂੰ ਸਿਰ ਚੁਕ ਕੇ 'ਹੀਰ' ਵਿੱਚ ਸੈਂਕੜੇ ਭਰਤੀ ਦੇ ਸ਼ਿਅਰ ਠੋਕ ਦਿੱਤੇ ਅਤੇ 'ਵੱਡੀ ਅਤੇ ਅਸਲੀ ਪੋਥੀ ਹੀਰ' ਛਾਪ ਕੇ ਵੇਚਣ ਲੱਗ ਪਏ। ਕੁਝ ਸੁਹਿਰਦ ਲੋਕ ਇਸ ਭਰਤੀ ਦੀਆਂ ਬੈਂਤਾਂ ਵੱਲ ਸਾਡਾ ਧਿਆਨ ਦਵਾਉਦੇ ਰਹੇ।
ਜੂਨ 2005 ਈਸਵੀ ਦੇ ਪੰਜਾਬੀ (ਸ਼ਾਹਮੁਖੀ ਲਿਪੀ) ਦੇ ਮਹੀਨਾਵਾਰ ਰਸਾਲੇ 'ਲਹਿਰਾਂ' ਲਾਹੌਰ ਦੇ ਮੁੱਖ ਸੰਪਾਦਕ ਡਾਕਟਰ ਸੱਯਦ ਅਖਤਰ ਹੁਸੈਨ ਅਖਤਰ ਜੀ ਨੇ ਆਪਣੀ ਸੰਪਾਦਕੀ ਵਿੱਚ ਇਸ ਰਲੇ ਬਾਬਤ ਲਿਖਣ ਦੀ ਕਿਰਪਾ ਕੀਤੀ ਹੈ। ਉਹ ਲਿਖਦੇ ਹਨ, "ਚੌਧਰੀ ਮੁਹੰਮਦ ਅਫਜ਼ਲ ਖਾਂ ਮਰਹੂਮ ਐਡੀਟਰ 'ਪੰਜ ਦਰਿਆ' (ਕਲਮੀ ਨਾਂ ਏ.ਕੇ. ਲਖਨਪਾਲ) ਦੀ ਖੋਜ ਮੂਜਬ ਖੁਦ ਕਿੱਸਾ ਹੀਰ ਬਨਾਣ (ਤਸਨੀਫ ਕਰਨ) ਦੀ ਥਾਂ ਲਾਲਚੀ ਤਾਜਰਾਨੇ ਕੁਤਬ ਦੀਆਂ ਫਰਮਾਇਸ਼ਾਂ ਉਤੇ 'ਅਸਲੀ ਤੇ ਵੱਡੀ ਹੀਰ ਵਾਰਸ ਸ਼ਾਹ' ਬਣਾਨ ਲਈ ਹਦਾਇਤੂਲਾ ਦਰਜ਼ੀ ਨੇ 1673 ਮਿਸਰੇ, ਪੀਰਾਂ ਦਿੱਤਾ ਦਰਜ਼ੀ ਨੇ 1192 ਮਿਸਰੇ, ਮੋਲਵੀ ਮਹਿਬੂਬ ਆਲਮ ਨੇ 750 ਮਿਸਰੇ, ਤਾਜੁਦੀਨ ਨੇ 500 ਮਿਸਰੇ ਅਤੇ ਅਜ਼ੀਜ਼ ਉਦੀਨ ਕਾਨੂੰਗੋ ਨੇ ਵੱਡੀ ਗਿਣਤੀ ਵਿਚ ਮਿਸਰੇ ਲਿਖ ਕੇ ਵਾਰਸ ਸ਼ਾਹ ਦੇ ਨਾਂ ਉਤੇ ਵਾਰਸ ਸ਼ਾਹ ਵਿਚ ਵਾੜ ਦਿੱਤੇ। ਅਤੇ ਵਾਰਸ ਸ਼ਾਹ ਦੇ ਮਿਸਰਿਆਂ ਵਿੱਚ ਥੋਕ ਦੇ ਹਿਸਾਬ ਨਾਲ ਵਾਧਾ ਘਾਟਾ ਕੀਤਾ।"
ਕਈ ਦਹਾਕੇ ਲੰਘਣ ਤੇ ਪਾਕਿਸਤਾਨ ਸਰਕਾਰ ਹਿੱਲੀ। ਪੰਜਾਬ (ਪਾਕਿਸਤਾਨ) ਨੇ ਇੱਕ 'ਵਾਰਸ ਸ਼ਾਹ ਮੈਮੋਰੀਅਲ' ਕਮੇਟੀ ਬਣਾਈ। ਉਸ ਤੋਂ ਬਿਨਾ ਅਬਦੁਲ ਅਜ਼ੀਜ਼ ਬੈਰਿਸਟਰ ਆਦਿ ਦੀ ਹਿੰਮਤ ਨਾਲ ਵਾਰਸ ਸ਼ਾਹ ਦੀ ਹੀਰ ਵੱਲ ਧਿਆਨ ਦੇ ਕੇ ਭਰਤੀ ਦੇ ਸ਼ਿਅਰ ਕੱਢ ਕੇ ਹੀਰ ਛਾਪੀ ਗਈ। ਵੀਹ ਸਾਲ ਤੋਂ ਵੱਧ ਇਹ ਸੋਧੀ ਹੋਈ 'ਹੀਰ' ਸ਼ਾਹਮੁਖੀ ਲਿਪੀ ਵਿੱਚ ਪਾਕਿਸਤਾਨ ਵਿੱਚ ਮਿਲਦੀ ਹੈ। ਐਪਰ ਇਸ ਸੋਧੇ ਹੋਏ ਮਤਨ ਵਾਲੀ ਹੀਰ ਨੂੰ ਗੁਰਮੁਖੀ ਲਿਪੀ ਵਿਚ ਲਿਪੀਅੰਤਰ ਕਰਨ ਦੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਿਛਲੇ ਸਮਿਆਂ ਵਿੱਚ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਮਜ਼ਹਬੀ ਤੰਗਦਿਲੀ ਨੇ ਪੰਜਾਬੀ ਬੋਲੀ ਨੂੰ ਸਾਰੇ ਪੰਜਾਬੀਆਂ ਦੀ ਸਾਂਝੀ ਮਾਂ ਮੰਨਣ ਦੀ ਥਾਂ ਇਹਨੂੰ ਸਿੱਖਾਂ ਦੀ ਬੋਲੀ ਬਣਾ ਦਿੱਤਾ। ਕੋਕੇ ਕੋਲੇ ਵਿੱਚ ਡੁਬਦੀ ਪੰਜਾਬੀ ਬੋਲੀ ਅਤੇ 'ਮੈਕਡਾਨਲਡ' ਦਾ ਸੰਖੀਆ ਨਿਗਲਦਾ ਪੰਜਾਬੀ ਸਭਿਆਚਾਰ ਵਾਰਸ ਦੀ 'ਹੀਰ' ਨੂੰ ਕਿਵੇਂ ਸੰਭਾਲੇ। ਮਾਂ ਬੋਲੀ ਛੱਡ ਕੇ ਹੋਰ ਜ਼ਬਾਨਾਂ ਦਾ ਸੰਖੀਆ ਖਾਣ ਵਾਲਿਆਂ ਦੀ ਮੂਰਖਤਾ ਤੇ ਰੋਣ ਆਉਂਦਾ ਹੈ। ਇਸ ਬਾਬਤ ਵੱਡੀ ਚੇਤਨਾ ਦੀ ਲੋੜ ਹੈ। ਆਪਣੀ ਮਾਂ ਅਤੇ ਮਾਂ ਬੋਲੀ ਨੂੰ ਭੁਲ ਕੇ ਕੋਈ ਕੌਮ ਜੇ ਕਿਸੇ ਭਲਾਈ ਦੀ ਸੋਚਦੀ ਹੈ ਤਾਂ ਉਹ ਬੁਧੂਆਂ ਦੇ ਬਹਿਸ਼ਤ ਵਿੱਚ ਰਹਿੰਦੀ ਹੈ।
ਵਾਰਸ ਸ਼ਾਹ ਅੱਜ ਦਾ ਕਵੀ-
ਪ੍ਰੋ. ਸਪਰੀਲ ਦੇ ਕਥਨ ਅਨੁਸਾਰ ਵਾਰਸ ਸ਼ਾਹ ਜਿੰਨਾ ਆਪਣੇ ਵੇਲੇ ਦਾ ਕਵੀ ਸੀ ਓਨਾ ਹੀ ਸਾਡੇ ਸਮੇ ' ਭਾਵ ਅੱਜ ਦਾ ਸ਼ਾਇਰ ਹੈ। ਸੌਖੀ ਬੋਲੀ ਵਿੱਚ ਜੀਵਨ ਤੱਤਾਂ ਨੂੰ ਬੰਨ੍ਹਣਾ ਅਤੇ ਨਿਖਾਰਨਾ ਉਹਦਾ ਕਮਾਲ ਹੈ। ਪੁਸਤਕ ਦੀ ਪਾਤਰ ਉਸਾਰੀ ਦੀ ਸਿਫਤ ਨਹੀਂ ਕੀਤੀ ਜਾ ਸਕਦੀ। ਮੁੱਖ ਪਾਤਰਾਂ ਨੂੰ ਜਿਸ ਸਫਲਤਾਂ ਨਾਲ ਉਸਾਰਿਆ ਹੈ ਉਹ ਖਿਆਲੀ ਮੂਰਤਾਂ ਨਹੀਂ ਸਗੋਂ ਉਹ ਜਿਉਂਦੇ ਜਾਗਦੇ ਸਾਡੇ ਸਾਮ੍ਹਣੇ ਦਿਸਦੇ ਹਨ। ਉਹ ਫਰਿਸ਼ਤੇ ਅਤੇ ਸੁਪਰ ਇਸਤਰੀ/ਮਰਦ ਵੀ ਨਹੀਂ ਹਨ ਸਗੋਂ ਜਿਊਂਦੇ ਜਾਗਦੇ ਹੱਡ ਮਾਸ ਦੇ ਪੁਤਲੇ ਹਨ ਅਤੇ ਸਾਡੇ ਵਿਚ ਵਿੱਚਰਦੇ ਹਨ।
ਧੀਦੋ ਰਾਂਝਾ ਬਾਪਾ ਦਾ ਲਾਡਲਾ, ਸੱਤਾਂ ਭਰਾਵਾਂ ਅਤੇ ਦੋ ਭੈਣਾਂ ਦਾ ਭਰਾ, ਬਾਪ ਪਿੰਡ ਦਾ ਚੌਧਰੀ, ਚੜ੍ਹਦੀ ਜਵਾਨੀ, ਕੋਈ ਕੰਮ ਨਾ ਕਰਨਾ, ਸੁਹਣਾ ਪਹਿਨਣਾ, ਚੰਗਾ ਖਾਦਾ, ਪਟੇ ਚੋਪੜ ਲੈਣੇ ਅਤੇ ਵੰਝਲੀ ਵਜਾ ਛੱਡਣੀ। ਪਿਉ ਦੇ ਮਰਨ ਤੇ ਭਰਾਵਾਂ ਵੱਲੋਂ ਹਿੱਸੇ ਦਿੱਤੀ ਜ਼ਮੀਨ ਵਿੱਚ ਇੱਕ ਜੋਤਾ ਲਾ ਕੇ ਬੇਹਾਲ, ਭਾਬੀ ਨਾਲ ਲੜ ਪਿਆ ਅਤੇ ਉਹਦੀ ਮਾਰੀ ਬੋਲੀ ਵਿਆਹੁਣ, ਝੰਗ ਸਿਆਲਾਂ ਦੀ ਹੀਰ ਲੈਣ ਘਰੋਂ ਨਿਕਲ ਤੁਰਿਆ। ਭਰਾਵਾਂ ਦੇ ਮੋੜੇ ਮੁੜਦਾ ਨਹੀਂ। ਆਖਰ ਹੀਰ ਦੀਆਂ ਮੱਝਾਂ ਦਾ ਚਾਕ ਜਾ ਬਣਦਾ ਹੈ। ਪਰ ਧੀਦੋ ਡਰਪੋਕ ਹੈ ਅਤੇ ਉਹਦੀ ਮਹਿਬੂਬਾ ਹੀਰ ਬੜੇ ਹੌਸਲੇ ਨਾਲ ਉਹਨੂੰ ਉਧਾਲ ਕੇ ਲਿਜਾਣ ਲਈ ਕਹਿੰਦੀ ਹੈ ਤਾ ਉਹ ਦਾਨਾ ਬਣ ਕੇ ਨਘੁਚਾਂ ਕਢਦਾ ਮੱਤਾਂ ਦਿੰਦਾ ਹੈ:-
ਹੀਰੇ ਇਸ਼ਕ ਨਾ ਮੂਲ ਸਵਾਦ ਦੇਂਦਾ ਨਾਲ ਚੋਰੀਆਂ ਅਤੇ ਉਧਾਲਿਆਂ ਦੇ
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਾਂਝਾ ਕਾਇਰਤਾ ਦਿਖਾਲਦਾ ਪਖੰਡ ਕਰਦਾ ਹੈ
ਹੀਰ ਦੇ ਵਿਆਹ ਹੋਣ ਪਿੱਛੋਂ ਸਿਰ ਤੇ ਟਮਕ ਚੁੱਕ ਕੇ ਜੰਜ ਨਾਲ ਤੁਰ ਪੈਂਦਾ ਹੈ। ਪਿੱਛੋਂ ਉਸ ਹੀਰ ਨੂੰ ਉਧਾਲ ਵੀ ਲਿਆਉਂਦਾ ਹੈ। ਉਸ ਵੇਲੇ ਉਸਨੂੰ ਆਪਣੇ ਕਹੇ ਹੋਏ ਲਫਜ਼ ਯਾਦ ਨਹੀਂ ਰਹਿੰਦੇ!
ਅੱਜ ਦੇ ਪੰਜਾਬੀ ਗੱਭਰੂ ਮਾੜੀਆਂ ਆਦਤਾਂ ਵਿੱਚ ਧੀਦੋ ਤੋਂ ਕੋਹਾਂ ਅੱਗੇ ਨਿੱਕਲ ਕੇ ਭਟਕਦੇ ਹਨ।
ਹੀਰ ਸਲੇਟੀ ਵਾਰਸ ਸ਼ਾਹ ਦੇ ਫਿਊਡਲ ਸਮੇਂ ਕਾਜ਼ੀ ਕਾਨੂੰਨ ਦੇ ਨੁਮਾਇੰਦੇ ਹੁੰਦੇ ਸਨ। ਕਾਜ਼ੀ ਹੀਰ ਦੇ ਮਾਪਿਆਂ ਦੀ ਤਰਫਦਾਰੀ ਕਰਦਾ ਉਹਨੂੰ ਰਾਂਝੇ ਦੇ ਪਿਆਰੋਂ ਵਰਜਦਾ ਤੇ ਰੋਕਦਾ ਹੈ। ਉਹ ਹੀਰ ਨੂੰ ਉਹਦੀ ਮਰਜ਼ੀ ਦੇ ਖਿਲਾਫ ਡਰਾ ਧਮਕਾ ਕੇ ਹੋਰ ਕਿਧਰੇ ਵਿਆਹ ਲਈ ਮਜ਼ਬੂਰ ਕਰਦਾ ਹੈ। ਪਰ ਉਹ ਆਪਣੇ ਪਿਆਰ ਦੀ ਪੱਕੀ ਕਿਸੇ ਧਮਕੀ ਦੀ ਪਰਵਾਹ ਨਾ ਕਰਦੀ ਅਟਲ ਖੜ੍ਹਦੀ ਹੈ ਅਤੇ ਵਿਆਹ ਤੋਂ ਇਨਕਾਰ ਕਰਦੀ ਹੈ। ਪਰ ਮਾਪੇ ਅਤੇ ਕਾਜ਼ੀ ਆਪਣਾ ਧੱਕਾ ਪੁਗਾ ਲੈਦੇ ਹਨ।
ਹੀਰ ਦੇ ਪਾਤਰ ਦੇ ਕਈ ਨਿੱਗਰ ਪਖ ਹਨ ਅਤੇ ਉਹ ਆਪਣੀ ਮਿਸਾਲ ਆਪ ਹੈ। ਉਹ ਲਾ ਕੇ ਨਿਭਾਉਣ ਵਾਲੀ ਸਿਦਕੀ ਰੂਹ ਹੈ। ਹੁਸੀਨ ਮਹਿਬੂਬ ਪ੍ਰੇਮਕਾਵਾਂ ਨਾਲ ਸਾਰਾ ਸਾਹਿਤ ਨੱਕੋ ਨੱਕ ਭਰਿਆ ਪਿਆ ਹੈ। ਐਪਰ
ਵਾਰਸ ਦੀ ਨਾਇਕਾ ਇੱਕ ਨਾਲ ਲਾ ਕੇ ਨਿਭਾਉਣ ਵਾਲੀ ਮੁਟਿਆਰ ਹੈ। ਉਹ ਕਾਜ਼ੀ ਦੇ ਦਾਬਿਆਂ ਦੀ ਰੱਤੀ ਭਰ ਪ੍ਰਵਾਹ ਨਹੀਂ ਕਰਦੀ।
ਵਿਆਹ ਤੋਂ ਪਹਿਲਾਂ ਉਹ ਕੈਦੋਂ ਵੱਲੋਂ ਰਾਂਝੇ ਤੋਂ ਚਾਲਾਕੀ ਨਾਲ ਚੂਰੀ ਮੰਗ ਕੇ ਮੁੜਦੇ ਨੂੰ ਰਸਤੇ ਵਿੱਚ ਢਾ ਲੈਂਦੀ ਹੈ। ਉਹ ਪੰਜ ਦਰਿਆਵਾਂ ਦੀ ਸ਼ੀਹਨੀ ਹੈ। ਦੂਜੀ ਵਾਰੀ ਪਰਿਆ ਵਿੱਚ ਕੈਦੋ ਵੱਲੋਂ ਗੱਲਾਂ ਕਰਨ ਤੋਂ ਪਿੱਛੋਂ ਸਹੇਲੀਆਂ ਨੂੰ ਨਾਲ ਲੈ ਕੇ ਉਹਦੀ ਚੰਗੀ ਭੁਗਤ ਸੰਵਾਦਰੀ ਹੈ। ਵਾਰਸ ਸ਼ਾਹ ਸਮਾਜ ਵਿੱਚ ਔਰਤ ਦੀ ਮੰਦੀ ਹਾਲਤ ਜਾਣਦਾ ਹੈ। ਉਹਦੀ ਸਿਰਜੀ ਸਲੇਟੀ ਭੀੜ ਪਈ ਤੇ ਘਬਰਾਉਂਦੀ ਨਹੀਂ। ਉਹ ਆਪਣੇ ਇਸ਼ਕ ਦੀ ਪੱਕੀ, ਆਪਣੀ ਮਾਂ ਨੂੰ ਆਖਦੀ ਹੈ:-
ਅੰਮਾਂ ਬਸ ਕਰ ਗਾਲੀਆਂ ਦੇ ਨਾਹੀਂ, ਗਾਲੀਂ ਦਿਤਿਆਂ ਵੱਡੜਾ ਪਾਪ ਆਵੇ
ਵਾਰਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ
ਵਿਆਹੇ ਜਾਣ ਪਿੱਛੋਂ ਵੀ ਉਹ ਸੈਦੇ ਨੂੰ ਬਿਸਤਰੇ ਦੇ ਨੇੜੇ ਨਹੀਂ ਲੱਗਣ ਦਿੰਦੀ। ਉਹ ਸਹਿਤੀ ਦੇ ਰਾਂਝੇ ਪ੍ਰਤੀ ਵਤੀਰੇ ਤੋਂ ਦੁਖੀ ਹੈ ਪਰ ਸਬਰ ਅਤੇ ਸੋਝ ਤੋਂ ਕੰਮ ਲੈ ਕੇ ਹੁਸ਼ਿਆਰੀ ਨਾਲ ਸਹਿਤੀ ਨੂੰ ਜਿੱਤ ਲੈਂਦੀ ਹੈ ਅਤੇ ਕਾਫੀ ਸਿਆਣਪ ਦਾ ਸਬੂਤ ਦਿੰਦੀ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਸਾਡੇ ਵੱਡੇ ਸੂਫੀ ਕਵੀ ਅਤੇ ਸਿੱਖੀ ਦੇ ਗੁਣੀ ਹੀਰ ਦੇ ਗੁਣ ਗਾਉਂਦੇ ਸਿਫਤਾਂ ਕਰਦੇ ਹਨ।
ਮਰਦ ਪ੍ਰਧਾਨ ਸਮਾਜ ਅੰਦਰ ਮਰਦ ਲਿਖਾਰੀ ਆਮ ਤੌਰ ਤੇ ਇਸਤ੍ਰੀ ਨੂੰ ਮਾੜਾ ਕਹਿ ਕੇ ਭੰਡਦੇ ਆਏ ਹਨ:
ਚੜ੍ਹਦੇ ਮਿਰਜ਼ੇ ਖਾਨ ਨੂੰ ਜਟ ਵੰਝਲ ਦਿੰਦਾ ਮੱਤ
ਭਟ ਰੰਨਾਂ ਦੀ ਦੋਸਤੀ ਖੁਰੀਂ ਜਿਨ੍ਹਾਂ ਦੀ ਮੱਤ
ਔਰਤ ਦੀ ਨਿਰਾਦਰੀ ਵਾਲੀ ਸ਼ਾਇਰੀ ਨਾਲ ਉਰਦੂ ਸਾਹਿਤ ਹੀ ਨਹੀਂ ਸਗੋਂ ਪੰਜਾਬੀ ਕਵਿਤਾ ਵੀ ਭਰੀ ਪਈ ਹੈ। ਐਪਰ ਇਸ ਪੱਖੋਂ ਵਾਰਸ ਸ਼ਾਹ ਹੋਰਾਂ ਵੱਲ ਉਂਗਲੀ ਨਹੀਂ ਕੀਤੀ ਜਾ ਸਕਦੀ।
ਅੱਜ ਸਾਇੰਸ ਨੇ ਸਾਬਤ ਕਰ ਦਿੱਤਾ ਹੈ ਕਿ ਮਾਦਾ ਧਿਰ ਨਰਾਂ ਤੋਂ (ਇਸਤਰੀ ਮਰਦਾਂ ਨਾਲੋਂ) ਵਧੇਰੇ ਤਕੜੀ ਅਤੇ ਦੁੱਖਾਂ ਮੁਸੀਬਤਾਂ ਨੂੰ ਵਧੇਰੇ ਵੀਰਤਾ ਨਾਲ ਝੱਲ ਸਕਦੀ ਹੈ। ਵਾਰਸ ਸ਼ਾਹ ਵੱਲੋਂ ਅਠਾਰਵੀਂ ਸਦੀ ਵਿੱਚ ਔਰਤ ਨੂੰ ਏਨੀ ਜਿਆਲੀ ਅਤੇ ਹੌਸਲੇ ਵਾਲੀ ਸਿਰਜਣਾ ਇੱਕ ਵੱਡੀ ਗੱਲ ਹੈ। ਅਜੋਕੇ ਸਮਿਆਂ ਵਿੱਚ ਸਾਨੂੰ ਪੰਜਾਬੀਆਂ ਨੂੰ ਹੀਰ ਦਾ ਪਾਤਰ ਅਤਿ ਲੋੜੀਂਦਾ ਪਾਤਰ ਹੈ।
ਇੱਕ ਚੰਗੇ ਸ਼ਾਹਕਾਰ ਵਾਂਗੂੰ ਵਾਰਸ ਸ਼ਾਹ ਦੀ ਹੀਰ ਦੀਆਂ ਕਈ ਪਰਤਾਂ ਹਨ। ਵਾਰਸ ਸ਼ਾਹ ਨੇ ਜਿਸ ਪਰਵੀਨਤਾ ਨਾਲ ਹਿੰਦੂ ਅਤੇ ਮੁਸਲਮ ਜਗਤ ਦੀ ਸਾਂਝੀ ਮਿਥਹਾਸਿਕ ਅਤੇ ਇਤਿਹਾਸਕ ਸਮਗਰੀ ਨੂੰ ਆਪਣੀ ਕਹਾਣੀ ਵਿੱਚ ਗੁੰਦ ਕੇ ਪਾਠਕਾਂ ਦੀ ਸੂਝ ਲਈ ਵਰਤਿਆ, ਉਹ ਆਪਣੀ ਮਿਸਾਲ ਆਪ ਹੈ।
ਕੈਦੋ-ਇੱਕ ਕਲਾਸਕੀ ਖਲਨਾਇਕ
ਹੀਰ ਰਾਂਝੇ ਦੀ ਪ੍ਰੇਮ ਕਹਾਣੀ ਦਾ ਖਲਨਾਇਕ ਕੈਦੋ ਹੈ। ਉਹ ਲੱਤੋਂ ਲੰਗਾ ਹੈ ਅਤੇ ਸਾਧ ਮਤੇ ਵਿੱਚ ਰਹਿੰਦਾ ਹੈ। ਕੈਦੋ ਸਮਾਜ ਦੇ ਸਥਾਪਤ ਰੀਤਾਂ ਰਿਵਾਜਾਂ ਦਾ ਪਹਿਰੇਦਾਰ ਅਤੇ ਰਖਵਾਲਾ ਹੈ। ਰਜਵਾੜਾ ਸ਼ਾਹੀ ਸਮਾਜ ਦਾ ਉਹ ਇੱਕ ਰਾਖਾ ਹੈ। ਉਹ ਨੌਜਵਾਨ ਮੁੰਡੇ ਕੁੜੀਆਂ ਦੇ ਆਜ਼ਾਦ ਮੇਲ ਮਿਲਾਪ ਦੇ ਹੱਕ ਵਿੱਚ ਨਹੀਂ। ਉਹ ਸਮਾਜੀ ਤਬਦੀਲੀ ਦੇ ਰਾਹ ਦਾ ਰਵਾਇਤੀ ਰੋੜਾ ਹੈ। ਚੜ੍ਹਦੀ ਜਵਾਨੀ ਮੁਢ ਕਦੀਮੋ ਆਪਣੇ ਹਾਣ ਦਾ ਸਾਥ ਭਾਲਦੀ ਆਈ
ਹੈ। ਹੱਦਾਂ ਬੰਨੇ ਅਤੇ ਰੋਕਾਂ ਸਦਾ ਉਨ੍ਹਾਂ ਲਈ ਚਿਤਾਲੀ ਰਹੇ ਹਨ ਅਤੇ ਰਹਿਣ ਗੇ। ਰੋਕਾਂ ਤੋੜਨੀਆਂ ਨੌਜਵਾਨੀ ਦੇ ਸੁਭਾ ਵਿੱਚ ਹੈ। ਜਵਾਨੀ ਸਦਾ ਜੋਸ਼ ਨਾਲ ਠਾਠਾਂ ਮਾਰਦੀ ਹੈ। ਨਿਚਲਾ ਬੈਠਣਾ ਜਵਾਨੀ ਨੂੰ ਪਸੰਦ ਨਹੀਂ।
ਏਥੇ ਅਸੀਂ ਅਜੋਕੇ ਪੱਛਮੀ ਸਮਾਜ ਦੀ ਲਿੰਗਕ ਖੁਲ੍ਹ ਦੀ ਵਕਾਲਤ ਨਹੀਂ ਕਰ ਰਹੇ, ਬਿਲਕੁਲ ਨਹੀਂ। ਵੱਡੀ ਗੱਲ ਨੌਜਵਾਨ ਪੀੜ੍ਹੀ ਦੇ ਹੱਕਾਂ ਦੀ ਹੈ ਅਤੇ ਖਾਸ ਕਰਕੇ ਔਰਤ ਨੂੰ ਬਰਾਬਰ ਦੇ ਹੱਕ ਦੇਣ ਦਾ ਸਵਾਲ ਹੈ। ਗੱਲ ਮਾਪਿਆਂ ਦੇ ਦੂਹਰੇ ਸਦਾਚਾਰਕ ਮਾਪ ਤੋਲਾਂ ਦੀ ਹੈ। ਲੱਗ ਭਗ ਹਰ ਪੰਜਾਬੀ ਬਾਪ ਮਰਨ ਪਹਿਰੇ ਤਕ ਵੀ ਆਪਣੇ ਆਪ ਨੂੰ ਰਾਂਝਾ ਅਤੇ ਆਪਦੀਆਂ ਬੇਟੀਆਂ ਲਈ ਕੈਦੋ ਬਣਿਆ ਰਹਿੰਦਾ ਹੈ। ਪੰਜਾਬੀ ਸਮਾਜ ਦੇ ਲਿੰਗਕ ਰਿਵਾਜ ਅਤੇ ਮਾਪ ਤੋਲ ਕਈ ਤਾਰੀਖੀ ਦੌਰਾਂ ਵਿੱਚੋਂ ਨਿਕਲੇ ਹਨ। ਵਾਰਸ ਸ਼ਾਹ ਦਾ ਕੈਦੋ ਹਰ ਦੌਰ ਵਿੱਚ ਕਾਇਮ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਮਾਜਕ ਤਬਦੀਲੀ ਨੂੰ ਚੰਗੇ ਪਾਸੇ ਲਿਜਾਣ ਦੀ ਲੋੜ ਹੈ।
ਪੰਜਾਬੀਅਤ ਕੋਈ ਸੁੱਕਾ ਦਰਸ਼ਨ ਜਾਂ ਫਿਲਾਸਫੀ ਨਹੀਂ ਸਗੋਂ ਸਮੁੱਚਾ ਜੀਵਨ ਢੰਗ ਹੈ। ਇਹਦੇ ਗੰਦੇ ਅਤੇ ਭੈੜੇ ਪਖ ਛਾਂਟਣੇ ਚਾਹੀਦੇ ਹਨ। ਸੈਕਸ ਭਾਵ ਲਿੰਗ ਦਾ ਮਸਲਾ ਇਹੋ ਜਿਹਾ ਇਕ ਵੱਡਾ ਅਤੇ ਗੰਭੀਰ ਸਵਾਲ ਹੈ।
ਸਾਨੂੰ ਪੰਜਾਬ ਦੀਆਂ ਨਿੱਗਰ ਕਦਰਾਂ ਕੀਮਤਾਂ ਦੀ ਉਸਾਰੀ ਕਰਕੇ ਉਨ੍ਹਾਂ ਦੀ ਰਾਖੀ ਕਰਨੀ ਚਾਹੀਦੀ ਹੈ। ਜੀਵਨ ਦੇ ਕਿਸੇ ਮਸਲੇ ਨੂੰ ਦੱਬ ਘੁਟ ਕੇ ਰੱਖਣ ਨਾਲ ਉਹ ਮਸਲਾ ਹੱਲ ਨਹੀਂ ਹੋ ਜਾਂਦਾ।
ਪੰਜਾਬੀ ਮਾਂ ਬੋਲੀ ਅਤੇ ਵਾਰਸ ਸ਼ਾਹ
ਵਾਰਸ ਸ਼ਾਹ ਪੰਜਾਬੀ ਮਾਂ ਬੋਲੀ ਦਾ ਅਮਰ ਪੁੱਤਰ ਹੈ। ਵਾਰਸ ਸ਼ਾਹ ਦੀ ਮਹਾਨਤਾ ਨੂੰ ਥੋੜ੍ਹੇ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਵੀ ਹੈ। ਉਹ ਇੱਕ ਮਹਾਨ ਕਲਾਕਾਰ ਅਤੇ ਇੱਕ ਪੁਰਸ਼ ਨਹੀਂ ਸਗੋਂ ਇੱਕ ਬਹੁਪੱਖੀ ਪ੍ਰਤੀਭਾ ਵਾਲਾ ਅਦਾਰਾ ਹੈ। ਮਨੁਖੀ ਸਭਾ ਦੀਆਂ ਬਾਰੀਕੀਆਂ ਨੂੰ ਜਿਸ ਤਿੱਖੀ ਨਜ਼ਰ ਨਾਲ ਉਹਨੇ ਦੇਖਿਆ ਪਰਖਿਆ ਅਤੇ ਬਿਆਨਿਆ ਉਹਦੀ ਮਿਸਾਲ ਹੋਰ ਕਿੱਧਰੇ ਨਹੀਂ ਮਿਲਦੀ। ਪੰਜਾਬੀ ਸ਼ਾਇਰੀ ਨੂੰ ਜਿਸ ਪ੍ਰਵੀਨਤਾ ਨਾਲ ਉਹਨੇ ਲਿਸ਼ਕਾਇਆ ਅਤੇ ਨਿਭਾਇਆ ਉਹ ਇੱਕ ਅਛੂਤਾ ਖਜ਼ਾਨਾ ਹੈ। ਏਥੇ ਅਸੀਂ ਬੋਲੀ ਨੂੰ ਸਾਂਭਣ, ਕਲਾਮਈ ਢੰਗ ਨਾਲ ਸਮਝਣ, ਮਾਂਜਣ ਅਤੇ ਵਰਤਣ ਦਾ ਵਾਰਸ ਸ਼ਾਹ ਵੱਲੋਂ ਦਖਾਲੇ ਕਮਾਲ ਦੀਆਂ ਕੁਝ ਉਦਾਹਰਨਾ ਦੇ ਕੇ ਉਸ ਵੱਲ ਇਸ਼ਾਰਾ ਕਰਾਂਗੇ। ਇਸ ਦੀ ਪੂਰੀ ਵਿਆਖਿਆ ਕਰਨ ਲਈ ਸ਼ਾਇਦ ਸੌ ਤੋਂ ਵੀ ਵੱਧ ਗ੍ਰੰਥ ਚਾਹੀਦੇ ਹਨ। ਵਾਰਸ ਸ਼ਾਹ ਦੀ ਕਿਰਤ 'ਹੀਰ' ਦੇ ਪਾਠਕ ਭਲੀਭਾਂਤ ਪਛਾਣਦੇ ਹਨ ਕਿ ਉਨ੍ਹਾਂ ਨੇ ਹਰ ਇੱਥ ਬੰਦ ਦੀ ਆਖਰੀ ਬੈਂਤ ਵਿੱਚ ਭਾਵ ਮਕਤੇ ਵਿੱਚ ਇੱਕ ਵਿਆਪਕ ਸਚਾਈ ਬਹੁਤ ਸੁਚੱਜੇ ਢੰਗ ਨਾਲ ਅੰਕਿਤ ਕੀਤੀ ਹੈ। ਇਹ ਬੈਂਤ ਜਾਂ ਬੈਂਤਾਂ ਏਨੀਆਂ ਪਿਆਰੀਆਂ ਹਨ ਕਿ ਪਾਠਕ ਇੱਕ ਵਾਰੀ ਪੜ੍ਹ ਕੇ ਉਨ੍ਹਾਂ ਨੂੰ ਆਪਣੇ ਦਿਲ ਵਿਚ ਸਦਾ ਲਈ ਸਾਂਭ ਲੈਂਦਾ ਹੈ। ਕਈ ਸਰੋਤੇ ਜਿਹੜੇ ਆਪ ਨਹੀਂ ਪੜ੍ਹ ਸਕਦੇ ਉਹ ਇੱਕ ਵਾਰੀ ਸੁਣ ਕੇ ਹੀ ਬੈਂਤਾਂ ਦੇ ਜਾਦੂ ਨਾਲ ਕੀਲੇ ਜਾਂਦੇ ਹਨ। ਸਿੱਟਾ ਇਹ ਹੁੰਦਾ ਹੈ ਕਿ ਵਾਰਸ ਸ਼ਾਹ ਦੇ ਆਖੇ ਸ਼ਬਦ ਉਨ੍ਹਾਂ ਦੇ ਦਿਲ ਉਤੇ ਉਂਕਰ ਕੇ ਸਾਂਭੇ ਜਾਂਦੇ ਹਨ। ਕਿਸੇ ਵੀ ਕਵੀ ਦੀਆਂ ਇੱਕ ਜਾਂ ਦੋ ਬੈਂਤਾਂ ਵੀ ਜੇ ਲੋਕਾਂ ਦੀ ਯਾਦਦਾਸ਼ਤ ਵਿੱਚ ਸਾਂਭੀਆਂ ਜਾਣ ਉਹ ਅਮਰ ਹੋ ਜਾਂਦਾ ਹੈ। ਹਾਂ, ਵਾਰਸ ਸ਼ਾਹ ਜੀ ਨੂੰ ਸ਼ਰਫ ਹਾਸਲ ਹੈ ਕਿ ਉਨ੍ਹਾਂ ਦੀਆਂ ਸੈਂਕੜੇ ਬੈਂਤਾਂ ਬੱਚੇ ਬੱਚੇ ਦੀ ਜਿੰਦ ਜਾਨ ਦਾ ਹਿੱਸਾ ਬਣ ਗਈਆਂ ਹਨ।
ਮੈਂ ਆਪਣੇ ਅੱਗੇ ਪਈ 'ਹੀਰ' ਚੁੱਕ ਕੇ ਉਹਨੂੰ ਸਹਿਵਨ ਖੋਲਦਾ ਹਾਂ ਅਤੇ ਖੋਲ੍ਹੇ ਪੰਨੇ ਤੋਂ 61ਵੇਂ ਬੰਦ ਦਾ ਮਕਤਾ ਪਾਠਕਾਂ ਲਈ ਲਿਖਦਾ ਹਾਂ:-
ਵਾਰਸ ਸ਼ਾਹ ਨਾ ਥਾਂ ਦੰਮ ਮਾਰਨੇ ਦੀ, ਚਾਰ ਚਸ਼ਮ ਦੀ ਜਦੋਂ ਘਮਸਾਨ ਹੋਈ
ਅਤੇ ਹਰ ਪੰਜਾਬੀ ਗੱਭਰੂ ਵੱਲੋਂ ਆਪਣੀ ਪ੍ਰੇਮਿਕਾ ਨੂੰ ਆਖੇ ਜਾਂਦੇ ਸ਼ਬਦ (ਬੰਦ 68 ਦੀ ਆਖਰੀ ਬੈਂਤ)
ਸਾਡੇ ਨਾਲ ਜੇ ਤੋੜ ਨਵਾਹਣੀ ਹੈ ਸੱਚਾ ਦੇ ਖਾਂ ਕੌਲ ਕਲਾਲ ਹੀਰੇ
ਵਾਰਸ ਸ਼ਾਹ ਨੇ ਮਹਾਨ ਅਤੇ ਅਮੀਰ ਮਾਂ ਬੋਲੀ ਪੰਜਾਬੀ ਵਿੱਚ ਹੀਰ ਲਿਖ ਕੇ ਠੇਠ ਲੋਕ ਬੋਲੀ ਦੇ ਅਣਗਿਣਤ ਲਫਜ਼, ਅਖਾਣ ਅਤੇ ਮੁਹਾਵਰੇ ਵਰਤ ਕੇ ਸਾਡੇ ਲਈ ਸਾਂਭ ਦਿੱਤੇ ਹਨ ਜਿਹੜੇ ਸ਼ਾਇਦ ਸਮੇਂ ਦੀ ਧੂੜ ਮਿੱਟੀ ਵਿੱਚ ਸਦਾ ਲਈ ਗੁਆਚ ਜਾਂਦੈ। ਪੰਜਾਬੀ ਜ਼ਬਾਨ ਨੂੰ ਦਿਲੋਂ ਪਿਆਰਨ ਵਾਲੇ ਜਾਣਦੇ ਹਨ ਕਿ ਇਹ ਕਿੰਨੀ ਵੱਡੀ ਗੱਲ ਹੈ। ਅਸੀਂ ਮਿਸਾਲ ਲਈ ਕੁਝ ਲਫਜ਼ ਏਥੇ ਦਿੰਦੇ ਹਾਂ:-
ਫੰਦਾ ਲਾਉਣਾ, ਸੁੱਤੀਆਂ ਕਲਾ ਜਗਾਉਣਾ, ਦੁਧ ਵਿੱਚ ਅੱਕ ਚੋਣਾ, ਥਾਲ ਵਿਚ ਪਦਣਾ, ਰੰਗ ਵਿੱਚ ਭੰਗ ਪਾਉਣਾ, ਲੂਣ ਮਿਰਚ ਲਾਉਣਾ, ਪੀੜ ਵੰਡਾਉਣੀ, ਯਾਰ ਹੰਢਾਉਣਾ, ਸੱਚ ਨਤਾਰਨਾ, ਸ਼ਰਮ ਦੀ ਲੋਈ ਮੁਖ ਤੋਂ ਲਾਹੁਣਾ, ਖੇਹ ਉਡਾਉਣਾ, ਪੂਰੀਆਂ ਪਾਉਣਾ, ਪੰਡ ਚਾਉਣਾ, ਛੱਜ ਵਿੱਚ ਛੱਟਣਾ, ਤਲੀ ਹੇਠ ਅੰਗਿਆਰ ਰੱਖਣਾ, ਦੁਧ ਭਤ ਹੋਣਾ, ਹਠ ਕਰਨਾ, ਮੂਤ ਵਿੱਚੋਂ ਮੱਛੀਆਂ ਫੜਨਾ, ਸੰਢਾ ਚੋਣਾ, ਲੀੜੇ ਲਾਹੁਣਾ, ਕੱਖਾਂ ਵਿੱਚ ਅੰਗਿਆਰ ਰੱਖਣੇ . ਘੋਲ ਘੁਮਾਉਣਾ, ਉਲਟਾ ਖੂਹ ਗੇੜਨਾ, ਭੇਜੇ ਦਾਣੇ ਬੀਜਣੇ, ਚੰਨ ਚਾੜ੍ਹਨਾ, ਗੱਲ੍ਹਾਂ ਤੋਂ ਭੰਬੀਰੀਆਂ ਉੜਨਾ, ਬਾਂਦਰ ਫੱਲੀਆਂ ਦਾ ਰਾਖਾ, ਕਚਰਿਆਂ ਦਾ ਗਿੱਦੜ ਰਾਖਾ, ਜੌਆਂ ਦਾ ਰਾਖਾ ਖੋਤਾ, ਝਾੜ ਝਾੜਨਾ, ਟਹਿਲ ਟਕੋਰ ਕਰਨੀ, ਜਟ ਤੇ ਫਟ ਬੱਧੇ ਚੰਗੇ, ਭੇਡਾਂ ਵਿੱਚ ਊਠ ਪਛਾਣਨੇ, ਦਿਲ ਦੀ ਘੁੰਡੀ ਖੋਲਣਾ, ਥਾਲ ਵਿੱਚ ਲੂਣ ਭਨਣਾ, ਚੰਡੇ ਖੁਰਕਦੇ ਰਹਿਣਾ, ਰੱਜੇ ਸਾਨ੍ਹ ਵਾਂਗੂੰ ਲੁੰਡੀ ਮਾਰਨਾ, ਰੰਨਾ ਵਲਾਉਣਾ, ਜੀਭ ਸਾਣ ਚਾੜ੍ਹਨੀ, ਮਤਾ ਪਕਾਉਣਾ, ਬੂਹੇ ਬੂਹੇ ਘੁੰਮਣਾ, ਖਲਵਾੜੇ ਕੋਲ ਅੱਗ ਦੱਬਣਾ, ਅਵੱਲੜੇ ਬੋਲ ਬੋਲਣਾ, ਨਿਹੁੰ ਲਗਾਉਣਾ, ਬੁਰਕੀਆਂ ਗਿਣਨਾ, ਚਿਤੜ ਵਜਾਉਣਾ, ਚੁਬਾਰੇ ਚਾੜ੍ਹ ਕੇ ਪੌੜੀ ਚਾ ਲੈਣਾ, ਪੀੜ੍ਹੀਆਂ ਪੁਣਨਾ, ਚੋਰ ਉਚੱਕਾ ਚੌਧਰੀ ਗੁੰਡੀ ਰੰਨ ਪ੍ਰਧਾਨ, ਬੋਲੀਆਂ ਮਾਰਨਾ, ਲੀਕ ਲਾਉਣੀ, ਖਸਮਾ ਦਾ ਸਿਰ ਖਾਣਾ, ਪਤ ਲਾਹੁਣੀ, ਪੂਜ ਬਹਿਣਾ, ਪਹਾੜ ਤੋਲਣਾ, ਜਵਾਨੀਆਂ ਮਾਨਣਾ, ਝੋਲੀ ਅੱਡਣੀ, ਢਾਕ ਮਟੋੜਨਾ, ਰੀਝ ਲਾਹੁਣੀ, ਭੂਰੇ ਹੋਣਾ, ਖੱਤੇ ਜਾਂ ਪਿੱਛੇ ਪੈਣਾ, ਯਭ ਪੈਣਾ, ਮੱਥਾ ਡਾਹੁਣਾ।
ਵਾਰਸ ਸ਼ਾਹ ਪੰਜਾਬੀ ਬੋਲੀ ਦੇ ਮਹਾਨਕੋਸ਼ ਹਨ। ਉਨ੍ਹਾਂ ਦੀ 'ਹੀਰ' ਵਿੱਚ ਇੱਕ ਦੋ ਸ਼ਬਦ ਨਹੀਂ ਸਗੋਂ ਅਣਗਿਣਤ ਲਫਜ਼ ਅਜੇਹੇ ਹਨ ਜਿਹੜੇ ਸ਼ੁਧ ਪੰਜਾਬੀ ਹਨ। ਪੰਜਾਬ ਦੇ ਦੂਰ ਦੁਰਾਡੇ ਪਿੰਡਾਂ ਵਿੱਚ ਆਰੀਆ ਲੋਕਾਂ ਦੇ ਭਾਰਤ ਵਿੱਚ ਆਉਣ ਤੋਂ ਪਹਿਲਾਂ ਦੇ ਖੇਤੀ ਵਾੜੀ ਦੇ ਲਫਜ਼ਾਂ ਦਾ ਭੰਡਾਰ ਸ਼ੁਧ ਰੂਪ ਵਿੱਚ ਕਾਇਮ ਸੀ ਅਤੇ ਵਾਰਸ ਸ਼ਾਹ ਨੇ ਉਹ ਆਪਣੀ ਹੀਰ ਵਿੱਚ ਸਾਂਭ ਦਿੱਤੇ ਹਨ।
ਇੱਕ ਸੁਲਝੇ ਹੋਏ ਕਲਾਕਾਰ ਹੋਣ ਕਰਕੇ ਵਾਰਸ ਸ਼ਾਹ ਆਪਣੇ ਆਲੇ ਦੁਆਲੇ ਦੇ ਸਮਾਜ, ਉਨ੍ਹਾਂ ਦੇ ਸਭਿਆਚਾਰ ਅਤੇ ਇਤਿਹਾਸ ਤੋਂ ਪ੍ਰਭਾਵਤ ਹੋਇਆ ਹੈ। ਉਹ ਆਪਣੇ ਸਮੇਂ ਦੇ ਜੀਵਨ ਦੀ ਪੂਰੀ ਤਸਵੀਰ ਆਪਣੀ ਲਿਖਤ ਵਿੱਚ ਪੇਸ਼ ਕਰਦਾ ਹੈ
ਅਰਬੀ ਜ਼ਬਾਨ ਵਿੱਚ ਤਲਵਾਰ ਅਤੇ ਘੋੜੇ ਲਈ ਸੌ ਸੌ ਲਫਜ਼ ਹਨ। ਕੁਝ ਲੇਖਕਾਂ ਨੇ ਵਾਰਸ ਸ਼ਾਹ ਦਾ ਨਾਉਂ ਵਰਤ ਕੇ ਹੀਰ ਵਿਚ ਔਰਤਾਂ ਦੇ ਸੌ ਤੋਂ ਵਧ ਨਾਉਂ ਦਿੱਤੇ ਹਨ। ਸਾਨੂੰ ਇਹੋ ਜਹੀ ਬੇਹੂਦਾ ਹਰਕਤ ਕਰਨ ਦੀ ਲੋੜ ਨਹੀਂ। ਹਕੀਕਤ ਤਾਂ ਇਹ ਹੈ ਕਿ ਵਾਰਸ ਸ਼ਾਹ ਤੋਂ ਪਿੱਛੋਂ 'ਹੀਰ' ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਭਰਤੀ ਦੀਆਂ ਬੈਂਤਾਂ ਵਿੱਚ ਮੱਝਾਂ, ਗਾਵਾਂ ਅਤੇ ਇਸਤਰੀਆਂ ਦੀਆਂ ਕਿਸਮਾਂ ਭਰ ਦਿੱਤੀਆਂ ਹਨ, ਸਾਨੂੰ ਇੰਨ੍ਹਾਂ ਬਾਰੇ ਸਿਰ ਖਪਾਉਣ ਦੀ ਲੋੜ ਨਹੀਂ।
ਜਿੱਥੇ ਤੱਕ ਵਾਰਸ ਸ਼ਾਹ ਵੱਲੋਂ ਉਸ ਵੇਲੇ ਦੇ ਭਾਈਚਾਰੇ ਦੀਆਂ ਰਸਮਾਂ ਰਿਵਾਜਾਂ, ਪੁਸ਼ਾਕਾਂ, ਗਹਿਣਿਆਂ ਸਕੂਲ ਵਿੱਚ ਪੜ੍ਹਾਈਆ ਜਾਣ ਵਾਲੀਆਂ ਪੁਸਤਕਾਂ ਅਤੇ ਰੋਗਾਂ ਦੇ ਇਲਾਜ ਆਦਿ ਦਾ ਸਬੰਧ ਹੈ, ਇਨ੍ਹਾਂ ਬਾਬਤ ਉਨ੍ਹਾਂ
ਪੂਰਾ ਵੇਰਵਾ ਅਤੇ ਜਾਣਕਾਰੀ ਦਿੱਤੀ ਹੈ। ਮੁਟਿਆਰਾਂ ਵੱਲੋਂ ਪਾਣੀ ਵਿੱਚ ਤਰਨ ਅਤੇ ਖੇਡਣ ਵਾਲੀਆਂ ਖੇਡਾਂ ਦੇ ਨਾਲ ਮੱਛੀਆਂ ਦੀਆਂ ਕਿਸਮਾਂ ਅਤੇ ਪਾਣੀ ਨਾਲ ਸਬੰਧ ਰੱਖਦੇ ਪੰਛੀਆਂ ਦਾ ਵੇਰਵਾ ਵੀ ਦਿੱਤਾ ਹੈ।
ਵਾਰਸ ਸ਼ਾਹ ਦਾ ਕਲਾਸਕੀ ਸੰਗੀਤ ਦਾ ਗਿਆਨ ਬਹੁਤ ਡੂੰਘਾ ਅਤੇ ਸਲਾਹੁਣਯੋਗ ਹੈ। ਉਨ੍ਹਾਂ ਨੂੰ ਪੜ੍ਹਦਿਆਂ। ਇੰਝ ਮਹਿਸੂਸ ਹੁੰਦਾ ਹੈ ਕਿ ਅਸੀਂ ਕਿਸੇ ਸੰਗੀਤ ਅਚਾਰੀਆ ਦੀ ਸੰਗਤ ਵਿੱਚ ਬੈਠੇ ਆਨੰਦ ਮਾਣ ਰਹੇ ਹਾਂ।
ਧਰਮ ਦੇ ਠੇਕੇਦਾਰਾਂ ਮੌਲਵੀਆਂ ਅਤੇ ਕਾਜ਼ੀਆਂ ਉਤੇ ਉਨ੍ਹਾਂ ਨੇ ਬਹੁਤ ਨਿਡਰ ਹੋ ਕੇ ਭਰਪੂਰ ਚੋਟ ਕੀਤੀ ਹੈ। ਏਸੇ ਤਰ੍ਹਾਂ ਉਹ ਜੱਟਾਂ ਬਾਬਤ ਵੀ ਬੇਝਿਜਕ ਕਿੰਤੂ ਕਰਦੇ ਹਨ।
ਵਾਰਸ ਸ਼ਾਹ ਦੇ ਸਮੇਂ ਵਿਆਹ ਸ਼ਾਦੀਆਂ ਮੌਕੇ ਰੰਗ ਰਲੀਆਂ ਮਨਾਉਣ ਅਤੇ ਸ਼ਾਨ ਲਈ ਆਤਸ਼ਬਾਜ਼ੀ ਚਲਾਉਣ ਦਾ ਰਿਵਾਜ ਸੀ। ਇਸ ਬਾਬਤ ਵਾਰਸ ਸ਼ਾਹ ਹੋਰੀਂ ਕਾਫੀ ਵਿਸਥਾਰ ਨਾਲ ਲਿਖਿਆ ਹੈ।
ਕੁਝ ਕਾਵਿਕ ਜਿਗਰ ਪਾਰੇ!
ਵਾਰਸ ਸ਼ਾਹ ਦੀ ਹੀਰ ਦੀ ਖੂਬਸੂਰਤੀ ਅਜੇਹੀ ਹੈ ਕਿ ਇਹ ਮੁਢਲੀ ਬੈਂਤ ਤੋਂ ਆਖਰੀ ਬੰਦ ਦੀ ਆਖਰੀ ਬੈਂਤ ਤੱਕ ਪਾਠਕ ਨੂੰ ਕੀਲੀ ਰੱਖਦੀ ਹੈ। ਆਮ ਤੌਰ ਤੇ 'ਹੀਰ' ਵਿਚੋਂ ਉਹ ਬੰਦ ਜਿਨ੍ਹਾਂ ਵਿੱਚ ਸ਼ਾਇਰ ਨੇ ਅਪਣੇ ਖੂਬਸੂਰਤ ਬਾਕਮਾਲ ਢੰਗ ਵਿੱਚ ਹੀਰ ਦੇ ਰੂਪ ਦਾ ਵਰਨਣ ਕੀਤਾ ਹੈ ਜਾਂ ਭਰਾਵਾਂ ਦੇ ਪਿਆਰ ਅਤੇ ਅਹਿਮੀਅਤ ਬਾਰੇ ਸ਼ਿਅਰ ਦਰਜ ਕੀਤੇ ਹਨ ਜਾਂ ਉਹ ਬੈਂਤਾਂ ਪੇਸ਼ ਕੀਤੀਆਂ ਜਾਂਦੀਆਂ ਹਨ ਜਿੰਨ੍ਹਾਂ ਵਿੱਚ ਵਿਆਹ ਪਿੱਛੋਂ ਡੋਲੀ ਵਿੱਚ ਬੈਠ ਕੇ ਪੇਕੇ ਘਰੋਂ ਵਿਦਾ ਹੋਣ ਦਾ ਹਾਲ ਹੈ ਜਾਂ ਇਹ ਬੰਦ 'ਹੀਰ ਆਖਦੀ ਜੋਗੀਆ ਝੂਠ ਬੋਲੇਂ ਵੰਨਗੀ ਦੇ ਤੌਰ ਤੇ ਦਿੱਤਾ ਜਾਂਦਾ ਹੈ ਐਪਰ ਅਸੀਂ ਅਪਣੀ ਇਸ ਰੀਝ ਤੇ ਕਾਬੂ ਪਾਉਂਦੇ ਹੋਏ ਉਨ੍ਹਾਂ ਦੀ ਕਿਰਤ ਵਿੱਚੋਂ ਕੁਝ ਅਜੇਹੀਆਂ ਬੈਂਤਾਂ ਪੇਸ਼ ਕਰਦੇ ਹਾਂ ਜਿਨ੍ਹਾਂ ਵਿੱਚ ਵਾਰਸ਼ ਹੋਰੀਂ ਤਸ਼ਬੀਹਾਂ ਅਤੇ ਸ਼ਬਦਾਂ ਦੀ ਚੋਣ ਅਤੇ ਬਿਆਨ ਦੀ ਖੂਬਸੂਰਤੀ ਵਿੱਚ ਅਨੋਖੀਆਂ ਹੱਦਾਂ ਛੁਹ ਲੈਂਦੇ ਹਨ।
ਸਾਹਿਤ ਨਾਲ ਮੱਸ ਰੱਖਣ ਵਾਲੇ ਕਵਿਤਾ ਵਿੱਚ ਵਿਅੰਗ ਦੀ ਵਰਤੋਂ ਦੀ ਲੋੜ ਅਤੇ ਮਹੱਤਤਾ ਨੂੰ ਭਲੀ ਭਾਂਤ ਸਮਝਦੇ ਹਨ। ਸ਼ਾਇਰ ਵਿਅੰਗ ਦੀ ਜੁਗਤ ਨਾਲ ਇੱਕ ਇੱਕ ਬੈਂਤ ਜਾਂ ਸ਼ਿਅਰ ਵਿੱਚ ਪੂਰੇ ਗ੍ਰੰਥ ਦਾ ਜਾਦੂ ਨਿਭਾਹ ਜਾਂਦੇ ਹਨ। ਵਾਰਸ ਸ਼ਾਹ ਸ਼ਾਇਰੀ ਦੀ ਕਲਾ ਦੇ ਬਾਦਸ਼ਾਹ ਹਨ। ਵਿਅੰਗ ਦੀ ਵਰਤੋਂ ਦਾ ਕਮਾਲ ਦੇਖਣ ਲਈ ਉਨ੍ਹਾਂ ਦੀਆਂ ਇਹ ਦੋ ਬੈਂਤਾਂ ਦੇਖੋ:-
ਮਗਰ ਤਿੱਤਰਾਂ ਦੇ ਅੰਨ੍ਹਾ ਬਾਜ਼ ਛੁੱਟਾ, ਜਾ ਚੰਮੜੇ ਦਾਦ ਪਤਾਲੂਆਂ ਨੂੰ
ਅਤੇ
ਘੱਲਿਆ ਫੁੱਲ ਗੁਲਾਬ ਦਾ ਤੋੜ ਲਿਆਵੀਂ ਜਾ ਚੰਮੜੇ ਤੂਤ ਸੰਭਾਲਊਆਂ ਨੂੰ
ਕਿਸੇ ਮੋਟੇ ਪੁਰਸ਼ ਉੱਤੇ ਇਸ ਤੋਂ ਵਧ ਭਰਪੂਰ ਵਿਅੰਗ ਹੋਰ ਕੋਈ ਨਹੀਂ ਕੀਤਾ ਜਾ ਸਕਦਾ:-
ਹਾਥੀ ਵਾਂਗ ਟੰਗਾਂ, ਤੇਰਾ ਢਿਡ ਕੁੱਪਾ ਅਤੇ ਸਿਰ ਜਾਪੇ ਸੂਰਤ ਡਟ ਦੀ ਏ।
ਹੀਰ ਦੀਆਂ ਸਹੇਲੀਆਂ ਨੇ ਕੈਦੋ ਤੋਂ ਬਦਲਾ ਲੈਣ ਲਈ ਉਹਦੀ ਕੁੱਲੀ ਨੂੰ ਤੀਲੀ ਲਾ ਕੇ ਸਾੜ ਦਿੱਤਾ ਤੇ ਉਹਦਾ ਸਾਰਾ ਲੁੰਗ ਲਾਣਾ ਭੰਨ ਤੋੜ ਕੇ ਬਰਬਾਦ ਕਰ ਦਿੱਤਾ। ਇਸ ਵਿੱਚ ਹੋਰ ਵਾਧਾ ਇਹ ਕੀਤਾ ਕਿ ਉਹਨੂੰ ਵੀ ਥਾਪੜਿਆ। ਉਹ ਹੀਰ ਦੇ ਪਿਉ ਚੂਚਕ ਕੋਲ ਜਾ ਕੇ ਸ਼ਿਕਾਇਤ ਕਰਦਾ ਆਖਦਾ ਹੈ:-
ਮੈਨੂੰ ਮਾਰ ਕੇ ਉਧਲਾਂ ਮੁੰਜ ਕੀਤਾ, ਝੁਘੀ ਲਾ ਮਵਾਤੜਾ ਸਾੜਿਆ ਨੇ
ਮਾਂ ਬੋਲੀ ਨੂੰ ਪਿਆਰਨ ਵਾਲੇ ਜਾਣਦੇ ਹਨ ਕਿ ਕੁੜੀਆਂ ਨੂੰ 'ਉਧਲਾਂ' ਕਹਿਣਾ ਕਿੰਨੀ ਭੈੜੀ ਗਾਲ ਹੈ
ਅਤੇ 'ਮੁੰਜ ਕੀਤਾ' ਮੁਹਾਵਰੇ ਦੀ ਵਰਤੋਂ ਲਾਜਵਾਬ ਹੈ। ਇਸ ਅਲੰਕਾਰ ਦੀ ਹੁਸੀਨ ਵਰਤੋਂ ਲਾਜਵਾਬ ਹੈ। ਏਸੇ ਭਾਂਤ ਹੀਰ ਦੀ ਮਾਂ ਮਲਕੀ ਆਪਣੀ ਧੀ ਨੂੰ ਫਿਟ ਲਾਅਨਤ ਪਾਉਂਦੀ ਕਹਿੰਦੀ ਹੈ:-
ਨੱਕ ਵੱਢ ਕੇ ਕੋੜਮਾ ਗਾਲਿਉ ਦੀ ਨਫਾ ਏ ਲਾਡ ਲਡਾਵਣੇ ਦਾ
"ਨੱਕ ਵਢਣਾ' ਅਤੇ 'ਕੋੜਮਾ ਗਾਲਣਾ' ਦੋ ਮਹਾਵਰਿਆਂ ਦੀ ਬਾਕਮਾਲ ਵਰਤੋਂ ਨੇ ਅਰਥਾਂ ਨੂੰ ਚਾਰ ਚੰਨ ਲਾ ਦਿੱਤੇ ਹਨ। ਏਸੇ ਸਬੰਧ ਵਿੱਚ ਇਹ ਦੋ ਬੈਂਤਾਂ ਪੇਸ਼ ਹਨ:-
ਦਿਲੋਂ ਗੰਢ ਖੋਲ੍ਹੇ, ਮੂੰਹੋਂ ਹੱਸ ਬੋਲੇ, ਕਲੀ ਦਿਲ ਦੀ ਖਾਸ ਸ਼ਗੁਫਤ ਹੋਵੇ।
ਅਤੇ
ਕੋਈ ਗੁੱਡਾ ਰੋਗ ਹੈ ਏਸ ਧਾਨਾ, ਆਹੀਂ ਨਾਲ ਇਹ ਕਢਦੀ ਸਾਹ ਕੁੜੀ
"ਗੁੱਝਾ ਰੋਗ”, “ਦਿਲ ਦੀ ਗੰਢ ਖੋਲ੍ਹਣੀ" ਢੁਕਵੇਂ ਮਹਾਵਰਿਆਂ ਦੀ ਵਰਤੋਂ ਤੋਂ ਬਿਨਾਂ ਬੈਂਤ ਵਿੱਚੋਂ ਇੱਕ ਸੱਸ ਦਾ ਆਪਣੀ ਨੂੰਹ ਨੂੰ ਹਸਦੀ ਅਤੇ ਖ਼ੁਸ਼ ਦੇਖਣ ਦਾ ਚਾਅ ਠਾਠਾਂ ਮਾਰਦਾ ਹੈ!
ਥੱਲੇ ਦੀ ਬੈਂਤ ਵਿੱਚ ਵਾਰਸ ਸ਼ਾਹ ਹੋਰੀ ਬਿਆਨ ਦੀ ਸਿਖਰ ਤੇ ਹਨ:-
ਕਹੇ ਲਗ ਗਈ, ਚਿਣਗ ਜਗ ਗਈ, ਖਬਰ ਜਗ ਗਈ, ਵੱਜ ਧਰਗ ਗਈ
ਚਿੱਤਰਕਾਰ ਰੰਗਾਂ ਅਤੇ ਲਾਇਨਾਂ ਦੇ ਜਾਦੂ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ ਹੈ ਐਪਰ ਮਹਾਨ ਸ਼ਾਇਰ ਲਫਜ਼ਾਂ ਦੇ ਜਾਦੂ ਨਾਲ ਤਸਵੀਰਾਂ ਸਿਰਜਦਾ ਹੈ। ਦੇਖੋ ਵਾਰਸ ਦਾ ਸਿਰਜਿਆ ਇਹ ਚਿੱਤਰ:-
ਕਦੀ ਸੰਗਲੀ ਸੁਟ ਕੇ ਸ਼ਗਨ ਵਾਚੇ, ਕਦੀ ਸੁਆਹ ਤੇ ਔਸੀਆਂ ਪਾਈਆਂ ਨੇ
ਕਦੀ ਕਿੰਗ ਵਜੀਇਕੇ ਖੜਾ ਹੋਵੇ ਕਦੀ ਹੱਸ ਕੇ ਨਾਦ ਘੁਕਾਈਆਂ ਨੇ
ਇਨ੍ਹਾਂ ਬੈਂਤਾਂ ਦੇ ਲਫਜ਼ੀ ਚਿੱਤਰ ਏਨੇ ਅਛੂਤੇ ਅਤੇ ਅਨੋਖੇ ਹਨ ਕਿ ਇਨ੍ਹਾਂ ਦਾ ਅਰਥ ਕਿਸੇ ਹੋਰ ਜ਼ਬਾਨ ਵਿੱਚ ਢਾਲਿਆ ਨਹੀਂ ਜਾ ਸਕਦਾ।
ਜਿਸ ਸ਼ਾਇਰ ਨੂੰ ਲਫਜ਼ਾਂ ਦੇ ਸੁਮੇਲ ਅਤੇ ਜੋੜ ਦਾ ਪੂਰਾ ਭੇਦ ਹੋਵੇ ਉਹਦੀ ਕਲਮ ਪਾਠਕ ਨੂੰ ਸੱਤਵੇਂ ਅਸਮਾਨ ਵਿੱਚ ਉੜਾਉਣਾ ਜਾਣਦੀ ਹੈ। ਇਸ ਬੈਂਤ ਵੱਲ ਧਿਆਨ ਦਿਉ:-
ਹੁਣ ਹੀਰ ਗਵਾਇਕੇ ਹੀਰਿਆ ਓ ਪਿਆ ਰੋਨਾ ਏ ਇਸਰਾਈਲ ਵਾਂਗੂੰ
ਇਸ ਬੈਂਤ ਵਿੱਚ 'ਹੀਰ' ਅਤੇ 'ਹੀਰਿਆ' ਦਾ ਸੁਮੇਲ ਬਹੁਤ ਪਿਆਰਾ ਹੈ ਅਤੇ ਇਹਦੀ ਜਿੰਨੀ ਸਿਫਤ ਕਰੋ ਉਹ ਥੋੜੀ ਹੈ। ਹੀਰ ਆਪਣੇ ਵਿਛੜੇ ਮਹਿਬੂਬ ਨੂੰ ਜਾ ਕੇਕਾਲੇ ਬਾਗ ਵਿੱਚ ਮਿਲਦੀ ਹੈ ਤਾਂ ਇਸ ਮੇਲ ਨੂੰ ਸ਼ਾਇਰ ਆਪਣੇ ਅੰਦਾਜ਼ ਵਿੱਚ ਇੰਝ ਅਜੂਬਾ ਦਸਦਾ ਹੈ ਕਿਉਂਕਿ ਇਸ ਮੇਲ ਵਿੱਚ ਪਤੰਗਾ ਅੱਗ ਕੋਲ ਨਹੀਂ ਜਾਂਦਾ ਸਗੋਂ ਅੱਗ ਪਤੰਗੇ ਕੋਲ ਜਾਂਦੀ ਹੈ। ਇਹੀ ਅਜੂਬਾ ਹੈ। ਸ਼ਾਇਰ ਲਿਖਦਾ ਹੈ:-
ਨਵਾਂ ਤੌਰ ਅਜੂਬੇ ਦਾ ਨਜ਼ਰ ਆਇਆ ਦੇਖੋ ਜਲ ਪਤੰਗ ਤੇ ਅੱਗ ਗਈ
ਆਸ਼ਕਾਂ ਵੱਲੋਂ ਆਪਣੇ ਪਿਆਰੇ ਸਾਥੀ ਨੂੰ ਦਿਲ ਵਿੱਚ ਜਾਂ ਦਿਲ ਦੇ ਕਰੀਬ ਥਾਂ ਦੇਣ ਦੀ ਗੱਲ ਤਾਂ ਆਮ ਪੜ੍ਹੀ ਜਾਂਦੀ ਹੈ ਪਰ ਵਾਰਸ ਸ਼ਾਹ ਹੋਰੀਂ ਆਪਣੇ ਮਹਿਬੂਬ ਨੂੰ ਅੱਖ ਵਿੱਚ ਪੁਤਲੀ ਬਣਾਕੇ ਰੱਖਣ ਦੀ ਗੱਲ ਕਰਦੇ ਕਹਿੰਦੇ ਹਨ:-
ਸਾਡੀ ਅੱਖੀਆਂ ਦੇ ਵਿੱਚ ਵਾਂਗ ਧੀਰੀ ਡੇਰਾ ਘਤ ਬਹੁ ਹਿਲ ਨਾ ਸਜਣਾ ਓ
ਅਸੀਂ ਵਿਅੰਗ ਦੀ ਗੱਲ ਪਹਿਲਾਂ ਕੀਤੀ ਹੈ। ਇਸ ਬੈਂਤ ਵਿੱਚ ਤਸ਼ਬੀਹ ਇੱਕ ਦੰਮ ਪੇਂਡੂ ਹੈ ਅਤੇ ਆਪਣੇ ਵਿੱਚ ਵਿਅੰਗ ਦਾ ਇੱਕ ਜਹਾਨ ਲਕੋਈ ਬੈਠੀ ਹੈ:-
ਤੇਰੀ ਚਰਾ ਚਰ ਫਰਕਦੀ ਜੀਭ ਏਵੇਂ ਜਿਉ ਜੁੱਤੀਆਂ ਮੁਰਕਦੀਆਂ ਸਾਈਆਂ ਦੀਆਂ
ਹੇਠਲੀ ਬੈਂਤ ਵਿੱਚ ਵਾਰਸ ਸ਼ਾਹ ਹੋਰਾਂ ਨੇ ਉਹ ਸਾਰੀਆਂ ਗੱਲਾਂ ਪਰੋ ਦਿੱਤੀਆਂ ਹਨ ਜਿਨ੍ਹਾਂ ਦਾ ਸਬੰਧ ਸੁਆਦ ਅਤੇ ਖ਼ੁਸ਼ੀ ਨਾਲ ਹੈ:-
ਧਾਰਾਂ ਖਾਂਘੜਾਂ ਦੀਆਂ, ਝੋਕਾਂ ਹਾਣੀਆਂ ਦੀਆਂ
ਘੋਲ ਕਵਾਰੀਆਂ ਦੇ ਮਜ਼ੇ ਯਾਰੀਆਂ ਦੇ
ਹੀਰ ਜੱਟੀ ਦੇ ਸਹੁਰੇ ਪਿੰਡ ਤੋਂ ਬਾਹਰ ਜੋਗੀ ਦੇ ਰੂਪ ਵਿੱਚ ਰਾਂਝੇ ਨੂੰ ਇੱਕ ਇਆਲੀ ਪਛਾਣ ਲੈਂਦਾ ਹੈ। ਗੱਲ ਬਾਤ ਵਿੱਚ ਉਹ ਹੀਰ ਦੇ ਰੂਪ ਦੀ ਗੱਲ ਇਸ ਤਰ੍ਹਾਂ ਕਰਦਾ ਹੈ:-
ਮੌਜਾਂ ਮਾਰਦਾ ਹੁਸਨ ਦਰਿਆ ਜੱਟਾ ਅਤੇ ਬੂੰਬਾ ਆਂਵਦਾ ਝਘ ਦਾ ਈ
ਚਿਹਰਾ ਸੁਰਖ ਗੁਲਾਬ ਦੇ ਫੁਲ ਵਾਲਾ, ਵਾਂਗ ਕੋਲਿਆਂ ਸ਼ੋਖਿਉਂ ਮਘਦਾ ਈ
ਗੱਲ ਕੀ ਵਾਰਸ ਸ਼ਾਹ ਬਿਆਨ ਦੀ ਦੁਨੀਆਂ ਦਾ ਬਾਦਸ਼ਾਹ ਹੈ!
ਜਿਸ ਵੇਲੇ ਹੀਰ ਨੇ ਬਹਾਨਾ ਕੀਤਾ ਕਿ ਉਹਨੂੰ ਸੱਪ ਨੇ ਡਰ ਦਿੱਤਾ ਹੈ ਤਾਂ ਉਹ ਬਿੱਲੀ ਦੇ ਬਲੂੰਗੜੇ ਵਾਂਗੂੰ ਬਹੁਤ ਹੀ ਕੰਮਜ਼ੋਰ ਅਤੇ ਦਰਦੀਲੀ ਅਵਾਜ਼ ਵਿੱਚ ਬੋਲਦੀ ਹੈ। ਵਾਰਸ ਸ਼ਾਹ ਦੇਸੀ/ਪੇਂਡੂ ਅਲੰਕਾਰ ਵਰਤਦਾ ਹੈ ਜਿਹੜਾ ਕਿ ਹੱਦ ਦਰਜੇ ਦਾ ਢੁਕਵਾਂ 'ਤੇ ਨਵਾਂ ਨਕੋਰ ਹੈ:-
ਬਦਲ ਹੀਰ ਦੀ ਗਈ ਆਵਾਜ਼ ਜ਼ਹਿਰੋਂ' ਸਹਿਜੇ ਬੋਲਦੀ ਜਿਵੇਂ ਬਲੂੰਗੜਾ ਈ
ਵਾਰਸ ਸ਼ਾਹ ਇਸ ਗੱਲ ਤੇ ਪੂਰਾ ਉੱਤਰਦਾ ਹੈ ਕਿ ਸਾਹਿਤ ਇਤਿਹਾਸਕਾਰ ਵਲੋਂ ਆਪਣੇ ਕੰਮ ਵਿੱਚ ਛੱਡੇ ਖੱਪਿਆਂ ਨੂੰ ਕਲਾਮਈ ਡੰਗ ਨਾਲ ਭਰਦਾ ਹੈ। ਵਾਰਸ ਸ਼ਾਹ ਆਪਣੀ ਲਿਖਤ ਵਿੱਚ ਆਪਣੇ ਸਮੇਂ ਦੀ, ਮੁਗ਼ਲ ਰਾਜ ਦੇ ਖਾਤਮੇ ਦੀ ਮੰਦੀ ਹਾਲਤ ਦੇ ਨਾਲ ਨਾਲ ਉਤਰੀ ਭਾਰਤ ਵਿੱਚ ਵਧ ਰਹੀ ਸਿੱਖਾਂ ਦੀ ਸਿਆਸੀ ਸ਼ਕਤੀ ਦੇ ਨਾਲ ਵਿਦੇਸ਼ੀ ਹਮਲਾਆਵਰਾਂ ਦੀ ਗੱਲ ਕਰਦਾ ਹੈ, ਸਾਰੀ 'ਹੀਰ' ਭਾਵੇਂ ਉਹਨੇ ਇਸ਼ਕ ਮਜਾਜ਼ੀ ਦੇ ਰੰਗ ਵਿੱਚ ਨਜ਼ਮ ਕੀਤੀ ਹੈ ਅਤੇ ਉਹਦੇ ਪਿੱਛੇ ਇਸ਼ਕ ਮਜਾਜ਼ੀ ਝਾਤੀਆਂ ਮਾਰਦਾ ਹੈ ਐਪਰ ਇਨ੍ਹਾਂ ਦੋਨਾਂ ਵਿੱਚ ਉਹਨੇ ਕਮਾਲ ਦਾ ਸੰਤੁਲਨ ਕਾਇਮ ਰੱਖਿਆ ਹੈ।
ਵਿਸਥਾਰ ਅਤੇ ਸੰਜਮ
ਵਾਰਸ ਸ਼ਾਹ ਦਾ ਗਿਆਨ ਮਹਾਂਕੋਸ਼ ਇੱਕ ਵਿਸ਼ਾਲ, ਬੇਕਿਨਾਰ ਸਾਗਰ ਹੈ ਅਤੇ ਇਹਦੀ ਥਾਹ ਪਾਉਣੀ ਮੁਸ਼ਕਲ ਹੈ। ਜਦੋਂ ਉਹ ਚੌਲਾਂ, ਕਪੜਿਆਂ, ਭਾਂਡਿਆਂ, ਆਤਿਸ਼ਬਾਜ਼ੀ, ਜ਼ਾਤਾਂ, ਮੱਛੀਆਂ ਆਦਿ ਦੀ ਗੱਲ ਕਰਦਾ ਹੈ ਤਾਂ ਉਹਦੇ ਗਿਆਨ ਦਾ ਕੋਈ ਕੰਢਾ ਬੰਨਾ ਨਹੀਂ ਦਿਸਦਾ। ਉਹ ਤੁਰਿਆ ਹੀ ਚਲਿਆ ਜਾਂਦਾ ਹੈ। ਐਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹਦੇ ਗੱਲ ਕਰਨ ਦਾ ਅੰਦਾਜ਼ ਬਹੁਤ ਸੰਜਮੀ ਵੀ ਹੋ ਸਕਦਾ ਹੈ। ਉਹ ਇੱਕ ਹੰਢਿਆ ਹੋਇਆ ਕਲਾਕਾਰ ਹੈ। ਕਲਾ ਦੇ ਪਤੰਗ ਦੀ ਡੋਰ ਉਹ ਆਪਣੇ ਹੱਥ ਵਿੱਚ ਰੱਖਦਾ ਹੈ। ਉਹ ਇਹਨੂੰ ਕਦੇ ਵੀ ਇੱਕ ਪਲ ਲਈ ਬੇਕਾਬੂ ਨਹੀਂ ਹੋਣ ਦਿੰਦਾ ਜਾਂ ਠੇਡੇ ਭਾਰ ਨਹੀਂ ਡਿਗਣ ਦਿੰਦਾ। ਇਸ ਦੇ ਉਲਟ ਉਹਦੀ ਪਤੰਗ ਹਵਾ ਵਿੱਚ ਤਾਰੀਆਂ ਲਾਉਂਦੀ ਬੱਦਲਾਂ ਤੋਂ ਵੀ ਪਾਰ ਉੜਦੀ ਹੈ। ਬਿਆਨ ਦੇ ਸੰਜਮ ਦੇਖਣ ਲਈ ਇਨ੍ਹਾਂ ਦੋ ਬੈਂਤਾਂ ਵਲ ਧਿਆਨ ਦਿਉ, ਕਿਵੇਂ ਜਾਦੂਮਈ ਢੰਗ ਨਾਲ ਸਾਰੀ ਗੱਲ ਸੰਜਮ ਨਾਲ ਦੋ ਬੈਂਤਾਂ ਕਹਿ ਗਿਆ ਹੈ:-
ਰਾਂਝਾ ਆਖਦਾ ‘ਮਾਂ ਤੇਰੀ ਸਾਨੂੰ ਫੇਰ ਮੁੜ ਰਾਤ ਦੀ ਚੰਬੜੀ ਏ
ਮੀਆਂ ਮੰਨ ਲੈ ਓਸਦਾ ਆਖਿਆ ਤੂੰ ਤੇਰੀ ਹੀਰ ਪਿਆਰੀ ਦੀ ਅੰਬੜੀ ਏ.
ਸ਼ਬਦਾਂ ਦੀ ਮਿੱਟੀ ਉਹੀ ਹੈ ਪਰ ਅਸੀਂ ਦੇਖਦੇ ਹਾਂ ਕਿ ਇੱਕ ਨਿਪੁੰਨ ਕਲਾਕਾਰ ਦੋ ਛੋਹਾਂ ਨਾਲ ਕੀ ਕੁਝ ਕਰ ਸਕਦਾ ਹੈ। ਸ਼ਾਇਦ ਇਕਬਾਲ ਨੇ ਕਿਹਾ ਹੈ ਕਿ "ਕਸਬੇ ਕਮਾਲ ਕੁਨ, ਅਜ਼ੀਜ਼ੇ ਜਹਾਂ ਸ਼ਵੀ" (ਭਾਵ ਜੇ ਦੁਨੀਆਂ ਦਾ ਪਿਆਰਾ ਬਣਨਾ ਹੈ ਤਾਂ ਕੋਈ ਕਮਾਲ ਦਾ ਕੰਮ ਕਰ)। ਹਾਂ, ਜੇ ਕਿਸੇ ਨੇ ਕਮਾਲ ਦਾ ਕਸਬ ਦੇਖਣਾ ਹੋਵੇ ਤਾਂ ਵਾਰਸ ਸ਼ਾਹ ਦੀ ਹੀਰ ਦੇਖੇ/ਪੜ੍ਹੇ।
"ਹੀਰ" ਵਿੱਚ ਵਾਰਸ ਸ਼ਾਹ ਹੋਰਾਂ ਮੌਲਵੀਆਂ ਭਾਵ ਮਜ਼ਹਬ ਦੇ ਠੇਕੇਦਾਰਾਂ ਵੱਲੋਂ ਲੋਕਾਂ ਨਾਲ ਮੰਦੇ ਵਿਵਹਾਰ ਨੂੰ ਖੂਬ ਨੰਗਾ ਕੀਤਾ ਹੈ। ਇਹ ਲੋਕੀਂ ਕੁਰਾਨ ਨੂੰ ਹਾਫਜ਼ ਸ਼ੀਰਾਜ਼ੀ ਦੇ ਕਥਨ ਅਨੁਸਾਰ ਮੱਕਾਰੀ ਦਾ ਜਾਲ ਬਣਾਉਦੇ ਹਨ। ਉਨ੍ਹਾਂ ਆਪਣੇ ਦੀਵਾਨ ਵਿੱਚ ਲਿਖਿਆ ਹੈ:-
ਹਾਫ਼ਜ਼ਾ ਮੈਂ ਖ਼ੁਰ ਵਾ ਰਿੰਦੀ ਕੁਨ ਵ ਖ਼ੁਸ਼ ਬਾਸ਼ ਵਲੇ
ਦਾਮ-ਏ-ਤਜ਼ਵੀਰ ਮਕੁਨ ਚੂੰ ਦਿਗਰਾਂ ਕੁਰਆਨ ਰਾ
(ਐ ਹਾਫਿਜ਼, ਸ਼ਰਾਬ ਪੀ ਅਤੇ ਰਿੰਦੀ ਕਰ ਅਤੇ ਮੌਜਾਂ ਲੁੱਟ ਪ੍ਰੰਤੂ ਦੂਜਿਆਂ ਵਾਂਗੂੰ ਕੁਰਾਨ ਨੂੰ ਮੱਕਾਰੀ ਦਾ ਜਾਲ ਨਾ ਬਣਾ)
ਪੰਜਾਬ ਦੇ ਜੱਟਾਂ ਬਾਬਤ ਵਾਰਸ ਸ਼ਾਹ ਦੇ ਕਥਨ ਦਿਲਚਸਪ ਪਰ ਇੱਕ ਦਮ ਠੀਕ ਹਨ।
ਇਸੇ ਤਰ੍ਹਾਂ ਵਾਰਸ ਸ਼ਾਹ ਵਲੋਂ ਚੂਚਕ (ਇੱਕ ਚੌਧਰੀ) ਦੀ ਆਪਣੀ ਘਰ ਵਾਲੀ ਨਾਲ ਸਲਾਹ ਕਰਨੀ ਕਿ ਹੀਰ ਦੇ ਰਾਂਝੇ ਨਾਲ ਮਿਲਣ ਨਾਲ ਸਾਡਾ ਕੀ ਬਿਗੜਦਾ ਹੈ, ਵਿਆਹ ਪਿੱਛੋਂ ਪਸ਼ੂ ਚਾਰਨ ਦਾ ਪ੍ਰਬੰਧ ਕਰ ਲਵਾਂ ਗੇ, ਓਦੋਂ ਤੱਕ ਉਹ ਰਾਂਝੇ ਨੂੰ ਮਨਾ ਲਵੇ। ਚੂਚਕ ਕਹਿੰਦਾ ਹੈ:-
ਚੂਚਕ ਆਖਿਆ ਜਾ ਮਨਾ ਉਸਨੂੰ ਵਿਆਹ ਤੀਕ ਮਹੀਂ ਚਰਾ ਲਈਏ
ਜਦੋਂ ਹੀਰ ਡੋਲੀ ਪਾ ਤੋਰ ਦੇਈਏ ਰੁਸ ਪਵੇ ਜਵਾਬ ਤਾਂ ਚਾ ਦਈਏ
ਸਾਡੀ ਧੀ ਦਾ ਕੁਝ ਨਾ ਲਾਹ ਲੈਂਦਾ ਸੱਭਾ ਟਹਿਲ ਟਕੋਰ ਕਰਾ ਲਈਏ
ਵਾਰਸ ਸ਼ਾਹ ਅਸੀਂ ਜਟ ਸਦਾ ਖੋਟੇ ਜਟਕਾ ਫੰਦ ਏਥੇ ਹਿਕ ਲਾਈਏ
ਇਸ ਬੈਂਤ ਤੋਂ ਪਦਾਰਥਕ ਹਿੱਤਾਂ ਦੀ ਪ੍ਰਭਤਾ ਅਤੇ ਇਨ੍ਹਾਂ ਲਈ ਹੋਰ ਸਭ ਕੁਝ ਤਿਆਗਣ ਦਾ ਸਾਫ ਸਾਫ ਸਾਬਤ ਹੁੰਦਾ ਹੈ।
ਹੀਰ ਅਤੇ ਰਾਂਝੇ ਦੀ ਪਿਆਰ ਗਾਥਾ ਦੀ, ਇਸ ਕਮਾਲ ਦੀ ਸਿਰਜਨਾ ਦੇ ਅੰਤ ਬਾਰੇ ਇਹ ਜ਼ਿਕਰ ਕਰਨਾ ਜਰੂਰੀ ਹੈ। ਇਸ ਪ੍ਰੇਮਗਾਥਾ ਨੂੰ ਕੁਝ ਹੋਰ ਲਿਖਣ ਵਾਲਿਆਂ ਦੀ ਤਰ੍ਹਾਂ ਵਾਰਸ ਸ਼ਾਹ ਹੋਰਾਂ ਇੱਕ ਸੁਖਾਂਤ ਨਹੀਂ ਸਿਰਜਿਆ ਸਗੋਂ ਏਥੇ ਵੀ ਆਪਣੀ ਸੋਚ ਅਤੇ ਸੂਝ ਨੂੰ ਵਰਤ ਕੇ ਕਹਾਣੀ ਨੂੰ ਇੱਕ ਦੁਖਾਂਤ ਦਾ ਰੂਪ ਦਿੱਤਾ ਹੈ। ਅੰਗ੍ਰੇਜ਼ੀ ਦੇ ਮਹਾਨ ਜਗਤ ਪ੍ਰਸਿੱਧ ਕਵੀ John Keats (1795-1821) ਨੇ ਕਿਹਾ ਹੈ:-
Our Sweetest songs are those that tell us the saddest thoughts.
(ਸਾਡੇ ਸਭ ਤੋਂ ਵਧ ਮਿੱਠੇ ਗੀਤ ਉਹ ਹਨ ਜਿਨ੍ਹਾਂ ਵਿੱਚ ਸਭ ਤੋਂ ਵੱਧ ਉਦਾਸ ਖਿਆਲ ਉਲੀਕੇ ਹੁੰਦੇ ਹਨ)।
ਮੇਰੀ ਜਾਚੇ ਵਾਰਸ ਸ਼ਾਹ ਨੇ ਕਹਾਣੀ ਨੂੰ ਦੁਖਾਂਤ (ਟੈਜਡੀ) ਦਾ ਰੂਪ ਦੇ ਕੇ ਜੋ ਦਰਦ ਅਤੇ ਸੋਜ਼ ਪੈਦਾ ਕੀਤਾ ਹੈ ਉਹ ਸੁਖਾਂਤ (ਕਾਮਡੀ) ਨਾਲ ਸੰਭਵ ਨਹੀਂ ਸੀ। ਇਹ ਇੱਕ ਨਿੱਕੀ ਤੇ ਮਾੜੀ ਮੋਟੀ ਗੱਲ ਨਹੀਂ ਸੀ। ਲੋਕ ਬੋਲੀ, ਉੱਚੇ ਵਿਚਾਰ, ਗੱਲ ਕਹਿਣ ਦਾ ਸੁਚੱਜਾ ਪਰ ਸਾਦਾ ਢੰਗ, ਸ਼ਬਦਾਂ ਨਾਲ ਚਿਤਰ ਵਾਹੁਣੇ ਅਤੇ ਜਿਊਂਦੇ ਜਾਗਦੇ ਪਾਤਰ ਉਸਾਰਨੇ ਇਸ ਸਭ ਕੁਝ ਵਿੱਚ ਸਮਤੋਲ ਸਿਰਫ ਵਾਰਸ ਸ਼ਾਹ ਹੀ ਪੈਦਾ ਕਰ ਸਕਦਾ ਹੈ।
ਫੋਕੀ ਸਦਾਚਾਰਕ ਪਾਕੀਜ਼ਗੀ ਅਤੇ ਪਵਿੱਤਰਤਾ ਦੇ ਅਖੌਤੀ ਬੁਰਕੇ ਥੱਲੇ ਕਈ ਲੋਕ ਬੀਤੇ ਦੀ ਮਾਰੂ ਜਿੱਲ੍ਹਨ
ਵਿੱਚ ਫਸੇ ਹੀਰ ਅਤੇ ਰਾਂਝੇ ਨੂੰ ਸਮਾਜ ਦੇ ਵਿਗੜੇ ਗੱਭਰੂ ਮੁੰਡਾ ਅਤੇ ਕੁੜੀ ਗਰਦਾਨਦੇ ਹਨ ਅਤੇ ਇਹਦਾ ਦੋਸ਼ੀ ਵਾਰਸ ਸ਼ਾਹ ਨੂੰ ਠਹਿਰਾਉਂਦੇ ਹਨ। ਇਸ ਦੁਸ਼ਨ ਦੀ ਓਟ ਵਿੱਚ ਔਰਤ ਨੂੰ (ਬਿਨਾਂ ਕਾਰਨ) ਦਬਾਉਣ ਦੀ ਰੁਚੀ ਜਾਂ ਇਨ੍ਹਾਂ ਦਾ ਪਛੜਿਆਪਨ ਕੰਮ ਕਰਦਾ ਦੇਖਿਆ ਜਾ ਸਕਦਾ ਹੈ। ਫਿਊਡਲ ਰੁਚੀ ਕਈਆਂ ਰੂਪਾਂ ਵਿੱਚ ਸਿਰ ਚੁਕ ਸਕਦੀ ਹੈ। ਇਹ ਸਾਡੀ ਪੰਜਾਬੀਅਤ ਦਾ ਚੰਗਾ ਪੱਖ ਨਹੀਂ ਅਤੇ ਸਾਨੂੰ ਇਹਦਾ ਤਿਆਗ ਕਰਨਾ ਬਣਦਾ ਹੈ।
ਅਸੀਂ ਦੇਖਦੇ ਹਾਂ ਕਿ ਵਾਰਸ ਸ਼ਾਹ ਵਰਗੇ ਮਹਾਨ ਲੇਖਕ ਦੇ ਦਿਲ ਵਿੱਚ ਜਦੋਂ ਲੋਕਪਿਆਰ ਦਾ ਮਹਾਨ ਜਜ਼ਬਾ ਵਸਦਾ ਹੋਵੇ ਤਾਂ ਉਹ ਉਨ੍ਹਾਂ ਲਈ ਭਾਵ ਲੋਕਾਂ ਲਈ ਹੀਰ ਵਰਗੀ ਲਾਜਵਾਬ ਸੁਗਾਤ ਦੀ ਤਸਨੀਫ ਕਰਦਾ ਹੈ। ਸਾਹਿਤਕ ਦੁਨੀਆਂ ਵੱਲੋਂ ਸਥਾਪਤ ਅਤੇ ਹਾਲੀ ਤੀਕ ਸਵੀਕਾਰਤ ਕਿਸੇ ਵੀ ਚੰਗੇ ਮਾਪਤੋਲ ਨੂੰ ਅਸੀਂ ਲੈ ਲਈਏ , ਭਾਵੇਂ ਉਹ ਮਾਰਕਸਵਾਦੀ ਹੈ ਜਾਂ ਫਰਾਈਡ ਦੀ ਪਹੁੰਚ ਵਾਲਾ ਜਾਂ ਕੋਈ ਹੋਰ, ਵਾਰਸ ਸ਼ਾਹ ਹਰਇੱਕ ਉਤੇ ਪੂਰਾ ਉੱਤਰਦਾ ਹੈ।
ਵਾਰਸ ਇੱਕ ਯੁਗਪੁਰਸ਼ ਸੀ। ਉਨ੍ਹਾਂ ਦੀ ਹੀਰ ਵਿੱਚ ਲੋਕਾਂ ਅਤੇ ਜ਼ਿੰਦਗੀ ਦਾ ਪਿਆਰ ਠਾਠਾਂ ਮਾਰਦਾ ਹੈ। ਇਹ ਸ਼ਬਦਾਂ ਅਤੇ ਨਜ਼ਮ ਵਿੱਚ ਚਿਤਰੀ ਮੋਨਾ ਲੀਜ਼ਾ ਹੈ। ਵਾਰਸ ਸ਼ਾਹ ਸੱਚੇ ਅਰਥਾਂ ਵਿੱਚ ਇੱਕ ਮਹਾਂਰਥੀ ਹੈ।
ਬੜਾ ਜ਼ਬਤ ਕਰਕੇ "ਹੀਰ" ਵਿਚੋਂ ਅਨੇਕਾਂ ਬੈਂਤਾਂ ਦੇਣ ਤੋਂ ਸੰਕੋਚ ਕਰਦਾ ਹੋਇਆ ਮੈਂ ਇਹ ਕਹਿੰਦਾ ਹਾਂ ਕਿ ਜਿਹੜਾ ਪੰਜਾਬੀ ਨਾਰੀ/ਪੁਰਸ਼ ਵਾਰਸ ਸ਼ਾਹ ਦੀ ਹੀਰ ਸੁਣਨ ਪਿੱਛੋਂ ਮਾਨ ਨਾਲ ਇਹ ਨਹੀਂ ਕੂਕ ਉਠਦਾ ਕਿ "ਪੰਜਾਬੀ ਮੇਰੀ ਮਾਂ ਬੋਲੀ ਹੈ।” ਉਹਦੀ ਮਿੱਟੀ ਵਿੱਚ ਕੋਈ ਬੁਨਿਆਦੀ ਨੁਕਸ ਹੈ।
ਉਰਦੂ ਦੇ ਉਸਤਾਦ ਸ਼ਾਇਰ ਇਨਸ਼ਾ ਅੱਲਾ ਖਾਂ ਇਨਸ਼ਾ ਜੀ ਲਿਖਦੇ ਹਨ:-
ਸੁਨਾਇਆ ਰਾਤ ਕੋ ਕਿੱਸਾ ਜੋ ਹੀਰ ਰਾਂਝੇ ਕਾ
ਤੋ ਅਹਿਲੇ ਦਰਦ ਕੋ ਪੰਜਾਬੀਉ ਨੇ ਲੂਟ ਲੀਆ
ਅਜਮੇਰ ਕਵੈਂਟਰੀ
ਬਰਤਾਨੀਆ
ਇਸ "ਹੀਰ" ਬਾਰੇ
ਵਾਰਸ ਸ਼ਾਹ ਹੋਰਾਂ ਦੀ ਮਹਾਨ ਕਿਰਤ "ਹੀਰ" ਵਿੱਚ ਭਰਤੀ ਅਤੇ ਰਲੇ ਦੀਆਂ ਬੈਂਤਾਂ ਥੋਕ ਦੇ ਭਾ ਹੋਣ ਦਾ ਕਿੱਸਾ ਹਰ ਕੋਈ ਜਾਣਦਾ ਹੈ। ਇਸ ਬਾਰੇ ਜਾਇਜ਼ ਰੌਲਾ ਵੀ ਪੈਂਦਾ ਰਿਹਾ ਅਤੇ ਕੁਝ ਲੇਖਕਾਂ ਅਤੇ ਖੋਜਕਾਰਾਂ ਨੇ ਵਾਰਸ ਸ਼ਾਹ ਦੀ ਹੀਰ ਦਾ ਸਾਫ ਸੁਥਰਾ ਮਤਨ ਸਥਾਪਤ ਕਰਨ ਦੇ ਮਹਾਨ ਉੱਦਮ ਕੀਤੇ। ਇੱਕ ਵੱਡੀ ਹਿੰਮਤ ਜਨਾਬ ਅਬਦੁਲ ਅਜ਼ੀਜ਼ ਬਾਰ ਐਟ ਲਾ ਦੀ ਹੈ ਜਿੰਨ੍ਹਾਂ ਨੇ ਵਾਰਸ ਸ਼ਾਹ ਦੀ ਹੀਰ ਰਲੇ ਤੋਂ ਸਾਫ ਕਰਕੇ ਐਮ.ਏ. ਅਤੇ ਸੀ.ਐਸ.ਐਸ. ਦੇ ਵਿਦਿਆਰਕੀਆਂ ਲਈ ਛਾਪੀ। ਇਹ ਸ਼ਾਹਮੁਖੀ ਲਿਪੀ ਵਿੱਚ ਹੈ।
"ਹੀਰ" ਵਿੱਚ ਭਰਤੀ ਦੀਆਂ ਬੈਂਤਾਂ ਦੇ ਨਾਲ-ਨਾਲ ਵਾਰਸ ਸ਼ਾਹ ਦੀ ਯਾਦ ਬਨਾਉਣ ਲਈ ਪੰਜਾਬ (ਪਾਕਿਸਤਾਨ) ਸਰਕਾਰ ਨੇ ਇੱਕ ਵਾਰਸ ਸ਼ਾਹ ਮੈਮੋਰੀਅਲ ਕਮੇਟੀ ਬਣਾਈ। ਇਸ ਕਮੇਟੀ ਨੇ ਵਾਰਸ ਸ਼ਾਹ ਜੀ ਦੇ ਜਨਮ ਅਸਥਾਨ ਜੰਡਿਆਲਾ ਸੇਰ ਖਾਂ, ਜ਼ਿਲ੍ਹਾ ਸ਼ੇਖੂਪੁਰ ਵਿੱਚ ਉਨ੍ਹਾਂ ਦਾ ਮਜ਼ਾਰ ਤਿਆਰ ਕਰਵਾਇਆ ਅਤੇ ਵਾਰਸ ਸ਼ਾਹ ਨੂੰ ਉਰਦੂ ਜਗਤ ਨਾਲ ਪਛਾਣ ਕਰਾਉਣ ਲਈ ਮੁਹੰਮਦ ਸ਼ਰੀਫ ਸਾਬਰ ਹੋਰਾਂ ਤੋਂ ਇੱਕ ਪੁਸਤਕ ਤਿਆਰ ਕਰਵਾਈ। ਇਹ ਪੁਸਤਕ 1986 ਵਿੱਚ ਛਪੀ।
ਭਾਰਤੀ ਪੰਜਾਬ ਦੇ ਸ਼ਾਹਮੁਖੀ ਨਾ ਪੜ੍ਹ ਸਕਣ ਵਾਲੇ ਵਾਸੀ ਅਸਲੀ 'ਹੀਰ' ਤੋਂ ਸੱਖਣੇ ਰਹੇ। ਅਸੀਂ ਸ਼ਾਹਮੁਖੀ ਲਿਪੀ ਵਿੱਚੋਂ ਗੁਰਮੁਖੀ ਲਿਪੀ ਵਿੱਚ ‘ਹੀਰ` ਛਾਪਣ ਦਾ ਇਹ ਉਪਰਾਲਾ ਉਨ੍ਹਾਂ ਪਾਠਕਾਂ ਲਈ ਕੀਤਾ ਹੈ ਜਿਹੜੇ ਕਈ ਕਾਰਨਾਂ ਕਰਕੇ ਸ਼ਾਹਮੁਖੀ ਨਹੀਂ ਪੜ੍ਹ ਸਕਦੇ ਅਤੇ ਭਰਤੀ ਦੇ ਸਿਅਰਾਂ ਤੋਂ ਸਾਫ ਕੀਤੀ 'ਹੀਰ' ਦਾ ਅਨੰਦ ਨਹੀਂ ਮਾਣ ਸਕਦੇ। ਮੁੱਖ ਤੌਰ ਤੇ ਇਸ ਪੁਸਤਕ ਦਾ ਮਤਨ ਸ੍ਰੀ ਮੁਹੰਮਦ ਸ਼ਰੀਫ ਸਾਬਰ ਹੋਰਾਂ ਦੀ ਉਸ 'ਹੀਰ' ਵਾਲਾ ਹੈ ਜੋ ਵਾਰਸ ਸ਼ਾਹ ਮੈਮੋਰੀਅਲ ਕਮੇਟੀ ਮਹਿਕਮਾ ਇਤਲਾਆਤ, ਸਕਾਫਤ ਵ ਸਿਆਹਤ ਹਕੂਮਤ ਪੰਜਾਬ, ਲਾਹੌਰ ਪਾਕਿਸਤਾਨ ਨੇ 1986 ਵਿੱਚ ਛਾਪੀ ਸੀ। ਇਸ ਪੁਸਤਕ ਵਿੱਚ ਬੰਦਾਂ ਉਤੇ ਕੋਈ ਸ਼ੀਰਸ਼ਕ ਨਹੀਂ ਹਨ। ਸ਼ੀਰਸ਼ਕ ਦੇਣ ਲਈ ਅਸੀਂ ਜਨਾਬ ਅਬਦੁਲ ਅਜ਼ੀਜ਼ ਬਾਰ ਐਟ ਲਾ ਦੀ ਤਰਤੀਬ ਦਿੱਤੀ ਹੋਈ ਹੀਰ ਦੀ ਸਹਾਇਤਾ ਲਈ ਅਤੇ ਇਸ ਪੁਸਤਕ ਵਿਚ ਬੰਦਾਂ ਦੇ ਸ਼ੀਰਸ਼ਕ ਦੇ ਦਿੱਤੇ ਹਨ। ਸਾਬਰ ਜੀ ਦੀ ਹੀਰ ਦਾ ਆਧਾਰ ਵੀ ਜਨਾਬ ਅਬਦੁਲ ਅਜ਼ੀਜ਼ ਜੀ ਦੀ 'ਹੀਰ' ਹੀ ਹੈ। ਸ਼ੀਰਸ਼ਕਾਂ ਦੇ ਸੁਝਾਉ ਲਈ ਮੈਂ ਜਨਾਬ ਡਾਕਟਰ ਅਖ਼ਤਰ ਹੁਸੈਨ ਅਖਤਰ ਸੰਪਾਦਕ ਮਾਸਕ ਪੰਜਾਬੀ ਪੱਤਰ 'ਲਹਿਰਾਂ' ਲਾਹੌਰ ਦਾ ਰਿਣੀ ਹਾਂ।
ਵਾਰਸ ਸ਼ਾਹ ਹੋਰੀ 'ਹੀਰ' ਵਿੱਚ ਕਈ ਥਾਂਈਂ ਕੁਰਾਨ ਮਜੀਦ ਵਿੱਚੋਂ ਕੁਝ ਹਵਾਲੇ ਅਤੇ ਟੂਕਾਂ ਦਰਜ ਕੀਤੀਆਂ ਹਨ। ਲਿਪੀਅੰਤਰ ਕਰਨ ਸਮੇਂ ਉਨ੍ਹਾਂ ਦਾ ਠੀਕ ਉਚਾਰਨ ਦਰਜ ਕਰਨਾ ਬਹੁਤ ਜ਼ਰੂਰੀ ਸੀ। ਅਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। ਸਾਨੂੰ ਕੁਰਾਨ ਸ਼ਰੀਫ ਦਾ ਪੂਰਾ ਇਹਤਰਾਮ ਹੈ ਪਰ ਜੇ ਕੋਈ ਊਣਤਾਈ ਰਹਿ ਗਈ ਹੈ ਉਹਦੇ ਲਈ ਖਿਮਾ ਦਾ ਜਾਚਕ ਹਾਂ- ਸੰਪਾਦਕ
"ਵਾਰਸ ਸ਼ਾਹ ਹੋਰਾਂ ਦੀ ਗ਼ੈਰਫਾਨੀ ਤਸਨੀਫ 'ਹੀਰ' ਇੱਕ ਅਜੇਹੀ ਮਸਨਵੀ ਏ ਜਿਹੜੀ ਹਰ ਹੈਸੀਅਤ ਨਾਲ ਮੁਕੰਮਲ ਏ। ਵਾਰਸ ਸ਼ਾਹ ਹੋਰੀਂ ਖ਼ੁਦ ਫਰਮਾਉਂਦੇ ਨੇ;
ਇਹ ਕੁਰਾਨ ਮਜੀਦ ਦੇ ਮਾਅਨੇ ਨੀ, ਜਿਹੜੇ ਸ਼ਿਅਰ ਮੀਏ ਵਾਰਸ ਸ਼ਾਹ ਦੇ ਨੇ।"
(ਸੱਯਦ ਸਿਬਤੁਲ ਹਸਨ ਜੈਗਮ)
"ਗੱਲਾਂ ਪੱਕੀਆਂ ਪੀਡੀਆਂ ਕਰਨ ਵਾਲਾ ਦਾਨਸ਼ਵਰਾਂ ਦੇ ਵਿੱਚ ਪਰਧਾਨ ਵਾਰਸ
ਨੁਕਤਾ ਸੰਜ ਵਾਰਸ ਨੁਕਤਾ ਨੁਕਤਾ ਵਾਰਸ ਨੁਕਤਾ ਫਹਿਮ ਵਾਰਸ ਨੁਕਤਾ ਦਾਨ ਵਾਰਸ
ਅਰਜਮੰਦ ਫਰਜ਼ੰਦ ਪੰਜਾਬ ਨੇ ਬੋਲੀ ਮਾਦਰੀ ਨੂੰ ਮਾਲਾ ਮਾਲ ਕੀਤਾ
ਕਿੱਸਾ ਹੀਰ ਦਾ ਕੱਢ ਕੇ ਕਲਮ ਵਿੱਚੋਂ ਕੱਢ ਹੀਰਿਆਂ ਦੀ ਗਿਆ ਕਾਨ ਵਾਰਸ"
(ਪੀਰ ਫਜ਼ਲ ਹੁਸੈਨ ਫਜ਼ਲ ਗੁਜਰਾਤ)
"ਵਾਰਸ ਸੁਖਨ ਦੇ ਤਾਜ ਦਾ ਮੀਆਂ ਵਾਰਸ, ਤਾਜਵਰਾਂ ਦਾ ਜੋ ਬਾਦਸ਼ਾਹ ਹੋਇਆ
ਦੀਵਾ ਜਗਦਾ ਜਗ ਦੀਆਂ ਮਜਲਸਾਂ ਦਾ ਕਾਰਨ ਦਰਦਮੰਦਾਂ ਦਰਦਖਾਹ ਹੋਇਆ
ਲਿਖੇ ਸ਼ਿਅਰ ਤੇ ਮੋਤੀ ਪਰੋ ਦਿੱਤੇ ਐਸਾ ਚਮਕਿਆ ਕਿ ਮਹਿਰੋ ਮਾਹ ਹੋਇਆ
ਹੋਰ ਵਾਰਸ ਤੇ ਰਹਿਮਤਾਂ ਮੀਆਂ ਕੁਸ਼ਤਾ ਹੀਰ ਲਿਖ ਕੇ ਜੋ ਵਾਰਸ ਸ਼ਾਹ ਹੋਇਆ।"
(ਮਾਲੌਬਖਸ਼ ਕੁਸ਼ਤਾ, ਅਮ੍ਰਤਸਰੀ)
"ਪੰਜਾਬੀ ਵਿੱਚ ਇਸ (ਹੀਰ ਵਾਰਸ ਸ਼ਾਹ) ਤੋਂ ਜਿਆਦਾ ਮਕਬੂਲ ਕਿਤਾਬ ਹੁਣ ਤੱਕ ਤਸਨੀਫ ਨਹੀਂ ਹੋਈ।"
(ਅਹਿਮਦ ਨਦੀਮ ਕਾਸਮੀ)
ਵਾਰਸ ਸ਼ਾਹ ਉਹ ਸਦਾ ਈ ਜਿਉਂਦੇ ਨੇ, ਜਿਨ੍ਹਾਂ
ਕੀਤੀਆਂ ਨੇਕ ਕਮਾਈਆਂ ਨੀ
ਪੰਜਾਬ ਦੀ ਧਰਤੀ ਨੂੰ ਗੁਰੂਆਂ, ਪੀਰਾਂ, ਸ਼ਹੀਦਾਂ ਅਤੇ ਸੂਰਬੀਰਾਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ। ਇਸ ਧਰਤੀ ਨੇ ਹੀ ਕਿੱਸਾਕਾਰਾਂ ਅਤੇ ਸੂਫੀ ਬਾਬਿਆਂ ਵੱਲੋਂ ਪੰਜਾਬੀ ਬੋਲੀ ਅਤੇ ਸਭਿਆਚਾਰ ਦੇ ਨਾਲ ਨਾਲ ਲੋਕਾਈ ਦੀਆਂ ਦੁਖ ਤਕਲੀਫਾਂ ਦੀ ਗੱਲ ਕਰਨ ਦਾ ਜੱਸ ਖੱਟਿਆ ਹੈ। ਇਹਨਾਂ ਚੰਦ ਸਤਰਾਂ ਵਿਚ ਅਸੀਂ ਵਾਰਸ ਸ਼ਾਹ ਦੀ ਉਸ ਰਚਨਾ ਦੀ ਗੱਲ ਕਰ ਰਹੇ ਹਾਂ, ਜਿਸਦੀ ਮਿਸਾਲ ਸ਼ਾਇਦ ਹੀ ਕਿਸੇ ਹੋਰ ਰਚਨਾ ਵਿਚ ਮਿਲਦੀ ਹੋਵੇ। ਵਾਰਸ ਸ਼ਾਹ ਦੀ 'ਹੀਰ' ਪੰਜਾਬ ਦੀ ਧਰਤੀ ਉਤੇ ਜਿਤਨੀ ਮਕਬੂਲ ਹੋ ਚੁੱਕੀ ਹੈ ਉਹ ਕਿਸੇ ਜਾਣ ਪਛਾਣ ਦੀ ਮੁਥਾਜ ਨਹੀਂ ਹੈ। ਉਸਦੀ ਮਕਬੂਲੀਅਤ ਦਾ ਲਾਹਾ ਪ੍ਰਾਪਤ ਕਰਦਿਆਂ ਬਹੁਤ ਸਾਰੇ ਕਵੀਆਂ ਨੇ ਉਸ ਵਿਚ ਆਪਣੀ ਰਚਨਾ ਦੀ ਭਰਤੀ ਸ਼ੁਰੂ ਕਰ ਦਿੱਤੀ ਅਤੇ ਇਸਦਾ ਨਤੀਜਾ ਇਹ ਨਿਕਲਿਆ ਕਿ ਵਾਰਸ ਸ਼ਾਹ ਦੀ ਹੀਰ ਵੱਡੀ ਤੋਂ ਵੱਡੀ ਹੁੰਦੀ ਗਈ। ਛਾਪੇ ਖਾਨੇ ਵਾਲਿਆਂ ਨੇ ਵੀ ਉਸਨੂੰ ਅਸਲੀ, ਵੱਡੀ, ਪੂਰੀ, ਰੰਗਦਾਰ ਤਸਵੀਰਾਂ ਵਾਲੀ ਆਦਿ ਵਿਸ਼ਲੇਸ਼ਣ ਲਾ ਕੇ ਛਾਪਿਆ ਅਤੇ ਵੇਚਿਆ।
ਮੈਨੂੰ ਪੜ੍ਹਨ ਦਾ ਸ਼ੌਕ ਹੈ ਅਤੇ ਮੈਂ ਪਿਛਲੇ ਦੋ ਦਹਾਕਿਆਂ ਵਿੱਚ ਵੱਖੋ ਵੱਖਰੀਆਂ ਥਾਵਾਂ ਤੋਂ ਲਗਪਗ 8 ਕਿਤਾਬਾਂ 'ਹੀਰ ਵਾਰਸ ਸ਼ਾਹ' ਖਰੀਦੀਆਂ। ਹਰ ਇਕ ਕਿਤਾਬ ਦਾ ਅਨੰਦ ਪ੍ਰਾਪਤ ਕਰਦੇ ਸਮੇਂ ਮੇਰੀ ਹੈਰਾਨੀ ਵਿਚ ਵਾਧਾ ਹੁੰਦਾ ਗਿਆ ਕਿ ਇਕ ਕਿਤਾਬ ਵਿਚਲੀਆਂ ਬੈਂਤਾਂ ਦੂਜੀ ਕਿਤਾਬ ਨਾਲੋਂ ਵੱਧ ਘੱਟ ਸਨ। ਕਈਆਂ ਕਿਤਾਬਾਂ ਵਿਚ ਤਾਂ (ਉਦਾਹਰਣ ਵਜੋਂ) 'ਰਾਂਝੇ ਅੱਗੇ ਮਿੱਠੀ ਦੁਆਰਾ ਇਸ਼ਕ ਦਾ ਹਾਲ' ਬਹੁਤ ਸਾਰੇ ਸਫਿਆ ਉਪਰ ਦਰਜ਼ ਸੀ ਜਿਵੇਂ:-
ਤੈਨੂੰ ਹੋਰ ਵੀ ਖੋਲ ਕੇ ਦਸਨੀ ਆਂ, ਸਭ ਜਾਤ ਕੁਜਾਤ ਦਾ ਇਸ਼ਕ ਭਾਈ
ਮਸਤ ਹਥ ਹੈ ਇਸ਼ਕ ਦਰਵੇਸ਼ਨੀ ਦਾ, ਚੜ੍ਹਿਆ ਡੂੰਮਣੀ ਦਾ ਅਗੇ ਭਜ ਭਾਈ
ਸਾਫ ਇਸ਼ਕ ਹੈ ਰਾਵਣਾਂ ਝੀਲਣਾਂ ਦਾ ਘੁਮਰੇਟੀਆਂ ਦਾ ਮੱਛੀ ਵਾਂਗ ਭਾਈ
ਖੁਲ੍ਹਾ ਇਸ਼ਕ ਹੈ ਵੇਖ ਪਹਾੜਨਾ ਦਾ ਤੇ ਪਸੌਰਨਾ ਪਰਦੇ ਵਿਚ ਭਾਈ
ਚੜ੍ਹਿਆ ਊਠ ਤੇ ਇਸ਼ਕ ਬਲੋਚਨੀ ਦਾ, ਮਾਰੇ ਪਾਸ ਨੇ ਤੇ ਫਿਰੇ ਸਾਂਗ ਲਾਈ
ਕੂੰਜ ਵਾਂਗ ਕੁਰਲਾਵੇ ਸਿਪਾਹਨੀ ਦਾ, ਜਿੰਨ੍ਹਾਂ ਕੰਤ ਪ੍ਰਦੇਸ਼ ਨਾ ਖਬਰ ਕਾਈ
ਤਾਰੇ ਤੋੜਦਾ ਇਸ਼ਕ ਸੁਨਿਆਰੀਆਂ ਦਾ, ਅਗੇ ਉਤੋਂ ਸਾਫ ਤੇ ਅੰਦਰੋਂ ਖੋਟ ਜਾਈ
ਕਿਲੇ ਠੋਕਵਾਂ ਇਸ਼ਕ ਤਰਖਾਣੀਆਂ ਦਾ, ਅਗੇ ਮਾਸ਼ਕਣਾ ਦਾ ਖੜ੍ਹਾ ਮਸ਼ਕ ਚਾਈ
ਪਰ ਕੁਝ ਇਕ ਕਿਤਾਬਾਂ ਵਿਚ ਇਸਦਾ ਜ਼ਿਕਰ ਤੱਕ ਵੀ ਨਹੀਂ ਸੀ। ਨਾਲ ਦੀ ਨਾਲ ਸ਼ਬਦਾਵਲੀ ਦੀ ਭਿੰਨਤਾ ਵੀ ਸੀ ਅਤੇ ਬਹੁਤ ਸਾਰੇ ਸ਼ਬਦਾਂ ਦੇ ਅਰਥਾਂ ਦਾ ਗਿਆਨ ਵੀ ਨਹੀਂ ਸੀ। ਕਈ ਸਾਲਾਂ ਦੀ ਮਨ ਵਿਚਲੀ ਰੀਝ ਆਪਣੇ ਬਜ਼ੁਰਗ ਸਤਿਕਾਰਯੋਗ ਸਖਸ਼ੀਅਤ ਮਿੱਤਰ ਸ. ਅਜਮੇਰ ਸਿੰਘ ਬੈਂਸ ਜਿੰਨ੍ਹਾਂ ਨੂੰ ਸਾਹਿਤਕ ਲੋਕ
ਅਜਮੇਰ ਕਵੈਂਟਰੀ ਦੇ ਨਾਂ ਨਾਲ ਹੀ ਜਾਣਦੇ ਹਨ, ਨਾਲ ਸਾਂਝੀ ਕੀਤੀ। ਉਹਨਾਂ ਵਾਰਸ ਸ਼ਾਹ ਦੀ ਹੀਰ ਨੂੰ ਅਰਥਾਂ ਸਮੇਤ ਅਤੇ ਅਸਲੀ ਰੂਪ ਵਿਚ ਤੁਹਾਡੇ ਅੱਗੇ ਪੇਸ਼ ਕਰਨ ਲਈ ਜਿੰਨੀ ਸ਼ਿੱਦਤ ਨਾਲ ਕੰਮ ਕੀਤਾ, ਮੈਂ ਸ਼ਬਦਾਂ ਰਾਹੀਂ ਉਹਨਾਂ ਨੂੰ ਕਦੀ ਵੀ ਦਾਦ ਨਹੀਂ ਦੇ ਸਕਦਾ।
ਅਸੀਂ ਪੰਜਾਬੀ ਅੱਜ ਤੱਕ ਆਪਣੀ ਮਾਂ ਬੋਲੀ ਨੂੰ ਅਪਣਾਉਣ ਅਤੇ ਆਪਣੇ ਸਭਿਆਚਾਰ ਉਪਰ ਮਾਣ ਕਰਨ ਦੀ ਬਜਾਏ ਘਟੀਆਪਣ ਦੇ ਸ਼ਿਕਾਰ ਹੋ ਰਹੇ ਹਾਂ। ਅਸੀਂ ਆਪਣੀਆਂ ਸਿਹਤਮੰਦ ਸਮਾਜਿਕ ਕਦਰਾਂ ਕੀਮਤਾਂ ਤੋਂ ਆਪਣੇ ਬੱਚਿਆਂ ਨੂੰ ਜਾਣੂੰ ਕਰਾਉਣ ਲਈ ਵੀ ਅਸਫਲ ਹਾਂ। ਇਹ ਇਕ ਬਹੁਤ ਵੱਡਾ ਦੁਖਾਂਤ ਹੈ ਕਿ ਸਾਡੇ ਵਿਦਵਾਨ ਵੀ ਧੜੇਬੰਦੀਆਂ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹਨ। ਅਸੀਂ ਫੌਕੀਆਂ ਸ਼ੋਸ਼ੇਬਾਜ਼ੀਆਂ ਵਿਚ ਪੈ ਕੇ ਸਮੁੱਚੀ ਪੰਜਾਬੀਅਤ ਨੂੰ ਵਿਕਸਤ ਹੋਣ ਵਿਚ ਸਹਾਇਕ ਨਹੀਂ ਹੋ ਰਹੇ।
ਸਾਡੀ ਅਰਥਾਂ ਸਮੇਤ 'ਵਾਰਸ ਸ਼ਾਹ ਦੀ ਹੀਰ` ਰਾਹੀਂ ਪੰਜਾਬੀਆਂ ਨੂੰ ਆਪਣੇ ਵਿਰਸੇ ਅਤੇ ਸਭਿਆਚਾਰ ਨਾਲ ਜੁੜਨ ਦੀ ਅਪੀਲ ਹੈ। ਆਸ ਹੈ ਕਿ ਪੰਜਾਬੀ ਇਸ ਕਿਤਾਬ ਦਾ ਆਨੰਦ ਮਾਨਣ ਦੇ ਨਾਲ ਨਾਲ ਆਪਣੀ ਮਾਂ ਬੋਲੀ ਪ੍ਰਤੀ ਆਪਣਾ ਬਣਦਾ ਯੋਗਦਾਨ ਪਾਉਣ ਵਿਚ ਫ਼ਖਰ ਮਹਿਸੂਸ ਕਰਨਗੇ। ਪੰਜਾਬੀ ਵਿਚ ਕਿਤਾਬ ਨੂੰ ਛਪਵਾ ਕੇ ਪਾਠਕਾਂ ਤੱਕ ਪਹੁੰਚਾਉਣਾ ਕਿਸੇ ਵੀ ਪ੍ਰੋਜੈਕਟ ਤੋਂ ਘੱਟ ਨਹੀਂ ਹੈ। ਮੈਨੂੰ ਇਹ ਲਿਖਦਿਆਂ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਹਥਲੀ ਕਿਤਾਬ ਦਾ ਸਮੁੱਚਾ ਖਰਚਾ ਲੈਮਿੰਗਨ ਸਪਾ ਦੀਆਂ ਦੋ ਜਾਣੀਆਂ ਪਛਾਣੀਆਂ ਸਖਸ਼ੀਅਤਾਂ ਨੇ ਕੀਤਾ ਹੈ। ਉਹ ਦੋਵੇਂ ਸਾਡੇ ਆਪਣੇ ਸੁਹਿਰਦ ਮਿੱਤਰ ਅਤੇ ਯੂਰਪੀ ਪੰਜਾਬੀ ਸੱਥ ਦੇ ਹਿਤੈਸ਼ੀ ਸ. ਮੋਹਣ ਸਿੰਘ ਸੰਧੂ, ਸੰਧੂ ਇਸਟੇਟ ਏਜੰਟਸ ਅਤੇ ਸ. ਕਸ਼ਮੀਰ ਸਿੰਘ ਮਾਨ, ਸਪਾ ਡੇਅਰੀ ਵਾਲੇ ਹਨ। ਪ੍ਰਮਾਤਮਾ ਉਹਨਾਂ ਦੀ ਕਮਾਈ ਵਿਚ ਬਰਕਤ ਪਾਏ ਅਤੇ ਉਹ ਆਉਣ ਵਾਲੇ ਸਮੇਂ ਵਿਚ ਵੀ ਆਪਣੇ ਭਾਈਚਾਰੇ ਦੀ ਸੇਵਾ ਵਿਚ ਜੁਟੇ ਰਹਿਣ।
ਸ. ਅਜਮੇਰ ਸਿੰਘ ਜੀ ਦਾ ਧੰਨਵਾਦ ਅਤੇ ਉਸ ਦੋ ਜਹਾਨ ਦੇ ਵਾਲੀ ਅੱਗੇ ਅਰਦਾਸ ਹੈ ਕਿ ਉਹ ਉਹਨਾਂ ਨੂੰ ਲੰਬੀ ਉਮਰ ਅਤੇ ਤੰਦਰੁਸਤੀ ਬਖਸ਼ੇ। ਕਿਤਾਬ ਦੇ ਸਬੰਧ ਵਿਚ ਆਏ ਹੋਏ ਯੋਗ ਸੁਝਾਵਾਂ ਨੂੰ ਜੀ ਆਇਆਂ।
'ਵਾਰਸ ਸ਼ਾਹ ਅਸੀਂ ਜੱਟ ਸਦਾ ਖੋਟੇ, ਇਕ ਜਟਕਾ ਫੰਦ ਵੀ ਲਾ ਦੇਈਏ
ਭੁਲ ਚੁਕ ਲਈ ਮਾਫੀ। ਆਪਣੀ ਮਾਂ ਬੋਲੀ ਅਤੇ ਸਭਿਆਚਾਰ ਉਪਰ ਮਾਣ ਕਰਨ ਵਾਲਾ ਇਕ ਪ੍ਰਦੇਸੀ ਪੰਜਾਬੀ
ਮੋਤਾ ਸਿੰਘ ਸਰਾਏ
ਯੂਰਪੀ ਪੰਜਾਬੀ ਸੱਥ, ਇੰਗਲੈਂਡ
Email: [email protected]
ਵਾਰਿਸ ਸ਼ਾਹ ਸੁਖਨ ਦਾ ਵਾਰਸ
ਕਾਗਜ਼ ਕਾਲੇ ਕਰਨੇ, ਤੁਕਬੰਦੀ ਜਾ ਸਿਰਫ ਬਿਤਾਂਤ ਨੂੰ ਅੱਖਰੀ ਉਤਾਰਨਾ ਸਾਹਿਤ ਨਹੀਂ ਹੁੰਦਾ। ਉੱਤਮ ਸਾਹਿਤਕ ਲਿਖਤ ਉਹ ਹੁੰਦੀ ਹੈ ਜਿਹੜੀ ਜਿੰਦਗੀ ਨੂੰ ਮਾਨਣਯੋਗ ਬਣਾਵੇ, ਪੜ੍ਹਨ ਵਾਲੇ ਨੂੰ ਝੰਜੋੜ, ਮਨ ਨੂੰ ਸਕੂਨ ਦੇਵੇ ਤੇ ਰੂਹ ਰਾਜੀ ਕਰੇ। ਏਸ ਲੋਕ ਦੇ ਜਿਉੜਿਆਂ ਦੀਆਂ ਜਿੰਦਗੀਆ ਨੂੰ ਜਿਊਣਯੋਗ ਬਣਾਵੇ। ਕੁਝ ਚੰਗਾ ਚੰਗਾ ਸਾਰਿਆਂ ਦੇ ਭਲੇ ਵਾਲਾ ਸੋਚਣ ਲਈ ਉਤਸ਼ਾਹਤ ਕਰੇ। ਬਦੀ ਵਿਰੁੱਧ ਬਗਾਵਤ ਕਰਨ ਲਈ ਵੰਗਾਰੇ। ਉੱਚਤਮ ਸਾਹਿਤ ਕਿਸੇ ਮਾਂਜੀ, ਸੰਵਾਰੀ, ਲਿਸ਼ਕਾਈ, ਸ਼ਿੰਗਾਰੀ ਜ਼ਬਾਨ ਵਿਚ ਸਿਰਫ ਕੁਝ ਕੁ ਪੜ੍ਹਿਆ ਗੁੜ੍ਹਿਆਂ ਲਈ ਵੀ ਨਹੀਂ ਹੁੰਦਾ। ਇਹ ਤਾਂ ਆਮ ਖਲਕਤ ਦੀ ਸਮਝ ਵਾਲੀ ਠੇਠ ਬੋਲੀ ਵਿਚ ਹੋਣ ਕਾਰਨ ਲੋਕਾਈ ਵਿਚ ਨੇੜਤਾ, ਭਰੱਪਣ ਭਾਈਚਾਰਾ ਤੇ ਏਕਾ ਪੈਦਾ ਕਰਦਾ ਹੈ ਨਾ ਕਿ ਜਾਤਾਂ, ਜਮਾਤਾਂ, ਤਬਕਿਆਂ ਵਿਚ ਵੰਡੀਆਂ ਪਾਉਂਦਾ ਹੈ। ਇਹ ਤੁਹਾਨੂੰ ਇਕ ਪਾਸੇ ਕਾਦਰ ਦੀ ਅਦਭੁਤ ਕੁਦਰਤ ਦੇ ਗੁੱਝੇ ਭੇਤਾਂ ਦੇ ਦਰਸ਼ਨ ਕਰਵਾਉਂਦਾ ਹੈ ਦੂਜੇ ਪਾਸੇ ਮਾਂ ਧਰਤੀ ਦੇ ਕਣ ਕਣ ਨਾਲ ਨੇੜੇ ਦੀ ਸਾਂਝ ਪਾਉਂਦਾ ਹੈ। ਸਾਨੂੰ ਏਥੇ ਵਿਚਰਦੇ ਜੀਵ ਜੰਤੂ, ਰੁੱਖ, ਬੂਟੇ, ਜੰਗਲ, ਬੇਲੇ, ਥਲ, ਪਰਬਤ ਸਾਰੇ ਹੀ ਆਪਣੇ ਨੇੜੇ ਦੇ ਸੰਗੀ ਸਾਥੀ ਜਾਪਣ ਲੱਗ ਪੈਂਦੇ ਨੇ। ਸਾਨੂੰ ਕਿਰਤ ਨਾਲ, ਕੰਮਾਂ, ਧੰਦਿਆਂ ਨਾਲ ਜੋੜ ਆਪਣੇ ਫਰਜ਼-ਜਿੰਮੇਵਾਰੀਆਂ ਨਿਭਾਉਣ ਦੀ ਜਾਚ ਸਿਖਾਉਂਦਾ ਹੈ।
ਅਹਿ ਸਾਰਾ ਕੁਝ ਕਿਸੇ ਹਾਰੀ ਸਾਰੀ ਦੀ ਲਿਖਤ ਵਿਚ ਨਹੀਂ ਹੋ ਸਕਦਾ। ਇਹੋ ਜੇਹੇ ਅਦੀਬ- ਸਾਹਿਤਕਾਰ ਪੜ੍ਹ ਪੜ੍ਹ ਲਿਖ ਲਿਖ ਗੱਡੇ ਨਹੀਂ ਲੱਦਦੇ ਇਕ ਅਲਫ ਪੜ੍ਹਨ ਪੜ੍ਹਾਉਣ ਨਾਲ ਹੀ ਛੁਟਕਾਰਾ, ਪਾਰ ਉਤਾਰਾ ਕਰਵਾ ਦਿੰਦੇ ਨੇ। ਇਹਨਾਂ ਦੀ ਕੋਈ ਇਕ ਰਚਨਾ ਹੀ ਏਡੀ ਵੱਡੀ, ਏਨੀ ਉੱਚੀ ਸੁੱਚੀ ਹੁੰਦੀ ਹੈ ਕਿ ਚੱਕੀਆਂ ਝੋਣ ਵਾਲੇ ਖਰਾਸ ਦੇ ਸਾਹਮਣੇ ਨਿਮੂਣੇ ਜਾਪਦੇ ਨੇ। ਮੀਆਂ ਵਾਰਿਸ ਖੁਦ ਈ ਆਖਦੇ ਨੇ-
ਹੋਰਾਂ ਸ਼ਾਇਰਾਂ ਚੱਕੀਆਂ ਝੋਤੀਆਂ ਨੇ, ਗੱਲਾਂ ਪੀਠਿਆ ਵਿਚ ਖਰਾਸ ਦੇ ਮੈਂ। ਸੱਯਜ਼ਾਦੇ ਨੇ ਅਜਿਹਾ ਖਰਾਸ ਜੋੜਿਆ ਕਿ ਆਪ ਸਦੀਆਂ ਬੀਤਣ ਤੋਂ ਬਾਅਦ ਵੀ ਮੁੱਕਣ ਦਾ ਨਾਂ ਨਹੀਂ ਲੈਂਦਾ- ਭੜੋਲੇ ਭਰਪੂਰ ਨੇ। ਪੜ੍ਹਨ ਵਾਲੇ ਪਾਠਕ, ਗਾਉਣ ਵਾਲੇ ਗਮੰਤੀ ਜਿੰਨੇ ਮਰਜ਼ੀ ਪ੍ਰਸ਼ਾਦੇ ਛਕੀ ਜਾਣ ਆਟੇ ਦੀ ਤੋਟ ਕਤਈ ਨਹੀਂ ਆ ਸਕਦੀ। ਮੀਆਂ ਵਾਰਿਸ ਪੰਜਾਬੀਆਂ ਦਾ ਹੀ ਨਹੀਂ ਸਮੁੱਚੀ ਇਨਸਾਨੀਅਤ ਦਾ ਮਾਣ ਹੈ। ਉਸ ਨੇ ਪੂਰਬ ਦੀ ਉੱਚਤਾ ਨੂੰ ਸਹੀ ਅਰਥਾਂ ਵਿਚ ਪੇਸ਼ ਕਰਕੇ ਪੱਛਮ ਵਾਲਿਆਂ ਨੂੰ ਆਪਣੇ ਬੌਣੇਪਣ ਦਾ ਅਹਿਸਾਸ ਕਰਵਾ ਦਿੱਤਾ ਹੈ। ਲਿਖਤ ਦਾ ਕੋਈ ਵੀ ਪੱਖ ਲੈ ਲਓ, ਵਿਸ਼ੇ ਦਾ, ਵਿਚਾਰਾਂ ਦਾ, ਸ਼ੈਲੀ ਦਾ, ਬੋਲੀ ਦਾ ਸਮਗਰ ਵਿਸ਼ੇ ਦਾ ਸਾਡੇ ਮੀਏ ਦਾ ਸਿਤਾਰਾ ਬੁਲੰਦੀਆਂ ਛੋਂਹਦਾ ਹੀ ਵਿਖਾਈ ਦੇਂਦਾ ਹੇ। ਸਯਦ ਵਾਰਿਸ ਸ਼ਾਹ ਦੀਆਂ ਬੈਂਤਾਂ ਦੀਆ ਸਤਰਾਂ ਅਖਾਉਂਤਾ, ਮੁਹਾਵਰਿਆਂ, ਲੋਕ ਗੀਤਾਂ, ਸਿਖਿਆਵਾਂ ਮੱਤਾਂ ਵਿਚ ਵਟ ਕੇ ਮੁੱਦਤਾਂ ਤੋਂ ਪੰਜਾਬੀਆਂ ਲਈ ਪ੍ਰੇਰਨਾ ਦਾ ਸਰੋਤ ਬਣ ਚੁੱਕੀਆਂ ਨੇ, ਸਾਡਾ ਰਾਹ ਰੌਸ਼ਨ ਕਰ ਰਹੀਆਂ ਨੇ। ਮਜ੍ਹਬੀ, ਸਮਾਜੀ, ਸਿਆਸੀ ਚੌਧਰੀਆਂ ਸਬੰਧੀ ਜਿਹੜੀ ਸਮਝ ਸੋਝੀ ਮੀਏਂ ਹੋਰਾਂ ਪ੍ਰਦਾਲ ਕੀਤੀ ਏ ਉਹਨੇ ਸਾਡੇ ਸੁਭਾਵਾਂ ਨੂੰ ਪ੍ਰਭਾਵਤ ਕੀਤਾ ਏ। ਜਾਤਾਂ ਪਾਤਾਂ, ਕਸਬਾਂ, ਕੰਮ, ਧੰਦਿਆਂ, ਸੰਦਾਂ, ਵਸਤਾਂ, ਰਸਮਾਂ ਰਿਵਾਜਾਂ, ਦਾਜ, ਦਹੇਜਾਂ, ਆਦਤਾਂ, ਸ਼ਰੀਕੇਬਾਜ਼ੀਆਂ, ਡੇਰਿਆਂ, ਹੁਜਰਿਆਂ, ਸਾਧਾਂ, ਜੋਗੀਆਂ, ਪੀਰਾਂ, ਫਕੀਰਾਂ, ਕਪੜਿਆਂ ਲੀੜਿਆਂ, ਮੱਝਾਂ, ਲਵੇਰੀਆਂ, ਰੁੱਖਾਂ, ਬੂਟਿਆਂ, ਜੰਗਲਾਂ, ਬੇਲਿਆਂ, ਦਰਿਆਵਾਂ, ਪੈਲੀਆਂ ਸਬੰਧੀ ਸ਼ਾਇਦ ਈ ਵਾਰਿਸ ਤੋਂ ਪਹਿਲਾਂ ਕਦੀ ਕਿਸੇ ਨੇ ਏਨਾ ਲਿਖਿਆ ਹੋਵੇ।
ਪਿਛਲੇ ਦਹਾਕਿਆਂ ਵਿਚ ਅਖਾਉਤੀ ਵਿਗਿਆਨਕ ਸੋਚ ਵਾਲੇ ਆਪਣੇ ਵੱਲੋਂ ਬਣਾਈ ਤੱਕੜੀ ਵਿਚ ਮਰਜੀ ਦੇ ਵੱਟੇ ਪਾ ਪਾ ਕੇ ਅਤੋਲਵੇਂ ਸਯਦਜਾਦੇ ਨੂੰ ਤੋਲ ਤੋਲ ਕੇ ਕਈ ਵਾਰੀ ਉਹਨੂੰ ਜਾਗੀਰੂ ਸੋਚ ਵਾਲਾ,ਕਦੀ
ਔਰਤਾਂ ਦਾ ਵਿਰੋਧ, ਕਦੀ ਅਸ਼ਲੀਲਤਾ, ਲੱਚਰਪੁਣੇ ਦਾ ਹਾਮੀ ਸਾਬਤ ਕਰਨ ਲਈ ਟਿੱਲ ਲਾਉਂਦੇ ਰਹੇ। ਪਰ ਸੂਰਜ ਸਾਹਮਣੇ ਵਿਚਾਰੇ ਦੀਵੇ ਦੀ ਕੀ ਵੱਟੀਦੀ ਏ। ਵਾਰਿਸ ਦੀ ਹੀਰ ਪੰਜਾਬ ਦੀਆਂ ਆਮ ਕੁੜੀਆਂ ਵਰਗੀ ਹੀ ਭਾਵੇ ' ਕਿਸੇ ਖਾਂਦੇ ਪੀਂਦੇ ਜੱਟ ਦੀ ਧੀ ਏ ਪਰ ਉਹ ਔਰਤ ਦੀ ਆਜਾਦੀ ਲਈ ਲੜਨ ਵਾਲੀ ਮੁਜਾਹਿਦ ਹੈ। ਮਨਮਰਜੀ ਦੀ ਮਾਲਕ, ਅੱਖੜ, ਅਣਖੀਲੀ ਹੋਣ ਦੇ ਬਾਵਜੂਦ ਜਤ-ਸਤ ਦੀ ਪੱਕੀ ਪੀਡੀ ਅਲੰਬਰਦਾਰ, ਝੰਡਾ ਬਰਦਾਰ ਹੈ। ਉਹਨੇ ਇਸ਼ਕ ਮਜਾਜ਼ੀ ਨੂੰ ਹਕੀਕੀ ਇਸ਼ਕ ਦੀ ਰੰਗਤ ਦੀ ਖੁੰਭ ਚਾੜ੍ਹ ਅਜਿਹਾ ਗੁੜਾ ਕੀਤਾ ਕਿ ਉਹ ਸਧਾਰਨ ਪੰਜਾਬਣ ਤੋਂ ਅਰਸ਼ਾਂ ਤੋਂ ਉੱਤਰੀ ਪਰੀ ਅਤੇ ਸਤਿਕਾਰਯੋਗ ਦੇਵੀ ਦਾ ਰੂਪ ਵਟਾ ਕੇ ਆਦਰ ਮਾਣ ਵਾਲਾ ਪੂਜਣ ਯੋਗ ਰੁਤਬਾ ਹਾਸਲ ਕਰ ਗਈ। ਏਵੇਂ ਹੀ ਵੇਖਣ ਨੂੰ ਨਿਖੱਟੂ ਰਾਂਝਾ ਆਪਣੇ ਇਸ਼ਕ ਲਈ ਵਰ੍ਹਿਆਂ ਤੀਕ ਮੰਗੂ ਚਾਰਨ ਦਾ ਬਿਖਮ ਕਾਰਜ, ਜੰਗਲਾਂ ਬੇਲਿਆਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧ ਜੀਅ ਜਾਨ ਨਾਲ ਨਿਭਾਉਂਦਾ ਏ। ਬਾਲ ਨਾਥ ਦੇ ਟਿੱਲੇ ਪੁੱਜ ਪੰਜਾਬੀਆਂ ਦੇ ਖੁੱਲ੍ਹੇ ਖੁਲਾਸੇ ਕਿਸੇ ਦੀ ਟੈਂ ਨਾ ਮੰਨਣ ਵਾਲਾ ਸ਼ਾਨਾ ਮੱਤੇ ਅਣਖੀਲੇ ਸੁਭਾ ਦੀ ਪੇ ਸ਼ਕਾਰੀ ਬਾਖੂਬੀ ਕਰਦਾ ਏ। ਆਖਰ ਵਿਚ ਇਹ ਦੋਵੇਂ ਜੀਉੜੇ ਰੱਬ ਦੇ ਰਾਹ 'ਤੇ ਚੱਲਦੇ ਮਨੁੱਖੀ ਆਜਾਦੀ ਲਈ ਸ਼ਹੀਦੀਆਂ ਪਾ ਜਾਂਦੇ ਨੇ ਪਰ ਸੀਮਾ ਨਹੀਂ ਉਚਾਰਦੇ। ਏਸੇ ਕਾਰਨ ਤਾਂ ਪ੍ਰੋ. ਪੂਰਨ ਸਿੰਘ ਉਹਨਾਂ ਨੂੰ ਵਾਜਾਂ ਮਾਰਦਾ ਆਖਦਾ ਏ-
'ਆ ਭੈਣ ਹੀਰੇ ਤੇ ਆ ਵੀਰਾ ਰਾਂਝਿਆ, ਬਿਨ ਤੁਸਾਂ ਅਸੀਂ ਸੱਖਣੇ।"
ਪੰਜਾਬੀਆ ਨੇ ਸੱਯਦ ਵਾਰਿਸ ਸ਼ਾਹ ਦੇ ਹੀਰ ਰਾਂਝੇ ਦੇ ਕਿਰਦਾਰਾਂ ਤੋਂ ਬਗੈਰ ਬਿਲਕੁਲ ਸੱਖਣੇ ਹੀ ਰਹਿ ਜਾਣਾ ਸੀ। ਸੋ ਅਸੀਂ' ਵਾਰਿਸ ਦੀ ਹੀਰ ਨੂੰ ਵਾਰ ਵਾਰ ਪੜ੍ਹ ਕੇ, ਗਾ ਕੇ, ਲਿਖ ਕੇ, ਛਾਪ ਕੇ, ਸਮਝ ਕੇ, ਸੋਚ ਕੇ ਸ਼ਾਇਦ ਸ਼ਾਹ ਹੋਰਾਂ ਵੱਲੋਂ ਚਾੜ੍ਹੇ ਕਰਜੇ ਦਾ ਸੂਦ ਮੋੜ ਸਕੀਏ। ਏਸੇ ਵਜ੍ਹਾ ਕਰ ਕੇ ਹੀ ਸਾਡੇ ਸੂਝਵਾਨ ਸਿਆਣੇ ਵੀਰ ਅਜਮੇਰ ਕਵੈਂਟਰੀ ਵੱਲੋਂ ਅਰਥਾਂ ਸਮੇਤ ਸੰਪਾਦਿਤ ਕੀਤੀ ਹੀਰ ਦਾ ਇਹ ਨੁਸਖਾ ਤੁਹਾਡੇ ਸਾਹਮਣੇ ਆਇਆ ਹੈ। ਸਮੇਂ ਦੇ ਗੇੜ ਨਾਲ ਸ਼ਬਦਾਂ ਦੇ ਅਰਥ, ਉਚਾਰਣ ਤੇ ਕਈ ਵਾਰੀ ਤਾਂ ਸਭ ਕੁਝ ਹੀ ਬਦਲ ਜਾਂਦਾ ਹੈ। ਕੁਝ ਸ਼ਬਦ ਅਲੋਪ ਹੋ ਜਾਂਦੇ ਨੇ ਤੇ ਕੁਝ ਨਵੇਂ ਆ ਜਾਂਦੇ ਨੇ। ਅਜਮੇਰ ਹੋਰਾਂ ਬੜੀ ਸਿਰੜ, ਹਿੰਮਤ ਤੇ ਮਿਹਨਤ ਨਾਲ ਹਰ ਅਜਿਹੇ ਸ਼ਬਦ ਦੀ ਸੋਝੀ ਨਵੇਂ ਪੋਚ ਨੂੰ ਕਰਵਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਉਹਦੇ ਲਈ ਨਿਰੇ ਧੰਨਵਾਦ ਨਾਲ ਨਹੀਂ ਸੀ ਸਰਦਾ। ਏਸੇ ਤੱਥ ਨੂੰ ਮੁੱਖ ਰੱਖਦਿਆਂ ਪੰਜਾਬੀ ਸੱਥ ਦੇ ਯੂਰਪ 'ਚ ਵੱਸਦੇ, ਮਾਂ ਧਰਤੀ ਨਾਲ ਦਿਲੋਂ ਮਨੋਂ ਜੁੜੇ ਮਾਣਯੋਗ ਥੰਮ੍ਹ ਸ. ਮੋਤਾ ਸਿੰਘ ਸਰਾਏ ਨੇ ਇਹਨੂੰ ਕਿਤਾਬ ਦੀ ਸ਼ਕਲ 'ਚ ਛਾਪਣ ਦਾ ਵਿੱਢ ਵਿੱਢਿਆ ਏ। ਸੱਯਦ ਵਾਰਿਸ ਸ਼ਾਹ ਤੇ ਸਾਰੇ ਈ ਸੂਫੀ ਬਾਬੇ, ਸੰਤ ਭਗਤ ਤੇ ਗੁਰੂ ਸਾਹਿਬਾਨ ਸਾਡੇ ਸੱਥ ਵਾਲਿਆਂ ਦੇ ਰਾਹ ਦਸੇਰੇ ਨੇ । ਉਹਨਾਂ ਦੀ ਜਾਂ ਉਹਨਾਂ ਸਬੰਧੀ ਕੋਈ ਵੀ ਪਾਏਦਾਰ ਲਿਖਤ ਛਾਪ ਕੇ, ਪੰਜਾਬੀਆਂ ਤੀਕ ਪੁਚਾ ਕੇ ਸਾਨੂੰ ਸਕੂਨ ਮਿਲਦਾ ਏ, ਤਸੱਲੀ ਹੁੰਦੀ ਹੈ।
ਡਾ. ਨਿਰਮਲ ਸਿੰਘ
ਸੇਵਾਦਾਰ
ਪੰਜਾਬੀ ਸੱਥ, ਲਾਂਬੜਾਂ
ਹੀਰ ਸਰਵੋਤਮ ਰਚਨਾ ਹੈ ।
ਹੱਥਲੀ ਪੁਸਤਕ ਮੁਹੰਮਦ ਸ਼ਰੀਫ ਸਾਬਰ ਹੋਰਾਂ ਦੀ ਤਰਤੀਬ ਦਿਤੀ, 'ਵਾਰਸ ਸ਼ਾਹ ਮੈਮੋਰੀਅਲ ਕਮੇਟੀ', ਲਹਿੰਦਾ ਪੰਜਾਬ, ਲਾਹੌਰ ਵੱਲੋਂ ਸ਼ਾਹਮੁਖੀ ਅੱਖਾਂ ਵਿੱਚ ਛਪੀ ਹੋਈ ਹੀਰ ਵਾਰਸ ਦੀ ਗੁਰਮੁਖੀ ਅਨੁਵਾਦ ਹੈ। ਇਹ ਅਨੁਵਾਦ ਬਰਤਾਨੀਆ ਵਿੱਚ ਰਹਿੰਦੇ ਪੰਜਾਬੀ ਪਿਆਰੇ ਅਜਮੇਰ ਕੈਵਟਰੀ ਨੇ ਬੜੇ ਧਿਆਨ ਨਾਲ ਕੀਤਾ ਹੈ। ਵਾਰਸ ਸ਼ਾਹ ਨੇ ਹੀਰ-ਰਾਂਝੇ ਦੇ ਪ੍ਰੇਮ-ਕਿੱਸੇ ਨੂੰ 1180 ਹਿਜਰੀ ਮੁਤਾਬਕ 1767 ਈਸਵੀ ਮੁਤਾਬਕ 1823 ਬਿਕਰਮੀ ਸੰਮਤ ਵਿੱਚ ਮਲਕਾ ਹਾਂਸ ਵਿਖੇ (ਲਹਿੰਦਾ ਪੰਜਾਬ) ਸੰਪੂਰਨ ਕੀਤਾ ਸੀ। ਇਸ ਕਿੱਸੇ ਦੀ ਵਾਰਸ-ਹੱਥ-ਲਿਖਤ ਕਿਧਰੇ ਨਹੀਂ ਮਿਲਦੀ। ਹੋ ਸਕਦਾ ਹੈ ਸਮੇਂ ਦੇ ਵਹਾ ਨਾਲ ਕਿਧਰੇ ਰੁਲ-ਖੁਲ ਗਈ ਹੋਵੇ ਪਰ ਇਸ ਕਿੱਸੇ ਦੀ ਹਰਮਨ ਪ੍ਰਿਯਤਾ ਹੋਣ ਕਰਕੇ ਵਿਭਿੰਨ ਕਲਮਕਾਰਾਂ ਵੱਲੋਂ ਕੀਤੀਆਂ ਢੇਰ ਸਾਰੀਆਂ ਨਕਲਾਂ ਮੌਜੂਦ ਹਨ। ਇੰਨਾਂ ਵਿਚ ਕਾਫੀ ਵਾਧੇ-ਘਾਟੇ ਵੀ ਹੁੰਦੇ ਆ ਰਹੇ ਹਨ। ਇੰਨ੍ਹਾਂ ਦੀਆਂ ਵਧੇਰੇ ਨਕਲਾਂ ਸ਼ਾਹਮੁਖੀ ਅੱਖਰਾਂ ਵਿਚ ਮਿਲਦੀਆਂ ਹਨ ਪਰੰਤੂ ਦੇਸ਼ ਵੰਡ ਤੋਂ ਬਾਅਦ ਇਹ ਗੁਰਮੁਖੀ ਅੱਖਰਾਂ ਵਿੱਚ ਵੀ ਲਿਖਆਂ ਤੇ ਛਪੀਆਂ ਮਿਲਦੀਆਂ ਹਨ। ਡਾ. ਮੋਹਨ ਸਿੰਘ ਦੀਵਾਨਾ ਨੇ ਇੰਨ੍ਹਾਂ ਵਿਭਿੰਨ ਹਥ-ਲਿਖਤਾਂ ਨੂੰ ਇਕੱਠਾ ਕਰਕੇ ਇੱਕ ਸ਼ੁੱਧ ਪਾਠ ਤਿਆਰ ਕੀਤਾ ਜੋ ਲਾਹੌਰ ਬੁੱਕ ਸ਼ਾਪ ਲਾਹੌਰ ਵਾਲਿਆਂ ਨੇ 1947 ਈ. ਵਿੱਚ ਛਾਪਿਆ। ਇਹ ਕਿਤਾਬ ਵੀ ਸ਼ਾਹਮੁਖੀ ਅੱਖਰਾਂ ਵਿੱਚ ਹੀ ਛਪੀ ਸੀ।
ਮੀਆਂ ਅਬਦੁਲ ਅਜ਼ੀਜ਼ ਬੇਰਿਸਟਰ ਸਾਹਿਬ ਨੇ ਪੰਦਰਾਂ-ਸੋਲਾਂ ਨੁਸਖਿਆਂ ਦਾ ਮੇਲਾਨ ਕਰਕੇ ਹੀਰ ਵਾਰਸ ਦਾ ਇੱਕ ਹੋਰ ਸ਼ੁਧ ਪਾਠ ਤਿਆਰ ਕੀਤਾ। ਇਹ 1951 ਈਸਵੀ ਨੂੰ ਗੁਰਮੁਖੀ ਅੱਖਰਾਂ ਵਿੱਚ ਛਾਪਿਆ ਗਿਆ ਹਥਲੀ ਪੁਸਤਕ ਵੀ ਅਬਦੁਲ ਅਜ਼ੀਜ਼ ਹੋਰਾਂ ਦੇ ਤਿਆਰ ਕੀਤੇ ਫ਼ਾਰਸੀ ਅੱਖਰਾਂ ਵਾਲੇ ਪਾਠ ਤੇ ਅਧਾਰਤ ਹੈ। ਡਾ. ਜੀਤ ਸਿੰਘ ਸੀਤਲ ਨੇ ਵੀ ਕਾਫੀ ਮਿਹਨਤ ਕਰਕੇ ਹੀਰ ਵਾਰਸ ਸ਼ਾਹ ਦਾ ਸ਼ੁੱਧ ਪਾਠ ਤਿਆਰ ਕੀਤਾ ਅਤੇ ਛਪਵਾਇਆ। ਸੰਤ ਸਿੰਘ ਸੇਖੋਂ ਵੱਲੋਂ ਸੰਪਾਦਿਤ ਕੀਤੀ ਹੀਰ ਵਾਰਸ ਸ਼ਾਹ, ਸਾਹਿਤ ਅਕਾਦਮੀ ਦਿੱਲੀ ਵਾਲਿਆਂ ਨੇ ਪਹਿਲੀ ਵਾਰ 1967 ਈਸਵੀ ਵਿੱਚ ਛਾਪੀ। ਇਸ ਤਰ੍ਹਾਂ ਦੇ ਉਪਰਾਲੇ, ਖੋਜੀਆਂ, ਆਲੋਚਕਾਂ/ਸੰਪਾਦਕਾਂ ਵੱਲੋਂ ਵਰਤਮਾਨ ਸਮੇਂ ਵਿੱਚ ਵੀ ਜਾਰੀ ਹਨ।
ਹੀਰ ਰਾਂਝੇ ਦੀ ਪ੍ਰੀਤ ਕਹਾਣੀ ਦਾ ਕਿੱਸਾ ਜੋੜਨ ਵਾਲਾ ਵਾਰਸ ਸ਼ਾਹ ਹੀ ਪਹਿਲਾ ਸਾਹਿਤਕਾਰ ਨਹੀਂ, ਇਸ ਤੋਂ ਪਹਿਲਾਂ ਦਮੋਦਰ, ਅਹਿਮਦਗੁੱਜਰ, ਮੁਕਬਲ ਅਤੇ ਮੀਆਂ ਚਰਾਗ ਅਵਾਨ ਆਪਣੀ ਕਲਾ, ਕਲਪਨਾ ਨਾਲ ਹੀਰ ਦੀ ਪ੍ਰੀਤ ਕਹਾਣੀ ਦੇ ਕਿੱਸੇ ਜੋੜ ਚੁੱਕੇ ਸਨ। ਵਾਰਸ ਸ਼ਾਹ ਨੇ ਇਸ ਪ੍ਰੀਤ ਕਹਾਣੀ ਨੂੰ ਸਭਿਆਚਾਰਕ ਥਾਲ ਵਿੱਚ ਰੱਖ ਕੇ ਐਸੀ ਕਲਾ, ਕੁਸ਼ਲਤਾ ਨਾਲ ਪੇਸ਼ ਕੀਤਾ ਤੇ ਲੋਕਾਈ ਦੇ ਮਨ-ਮਸਤਕ ਤੇ ਬਿਠਾ ਦਿੱਤਾ ਕਿ ਹੀਰ- ਲੇਖਕਾਂ ਦਾ ਇਕ ਲੰਮਾ ਕਾਫਲਾ ਹੀ ਤੁਰ ਪਿਆ ਜੋ ਅਜੇ ਵੀ ਜਾਰੀ ਹੈ। ਹਾਮਦ ਸ਼ਾਹ ਅਹਿਮਦਯਾਰ, ਫ਼ਜਲ ਸ਼ਾਹ, ਭਗਵਾਨ ਸਿੰਘ, ਜੋਗਾ ਸਿੰਘ, ਕਾਹਨ ਸਿੰਘ, ਮੌਲਾ ਬਖਸ ਕੁਸ਼ਤਾ, ਸੂਬਾ ਸਿੰਘ, ਅਜੀਤ ਸਿੰਘ ਢੰਗਰਾਲੀ ਆਦਿ ਇਸ ਖੇਤਰ ਵਿੱਚ ਚੰਗੀ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਹਨ। ਹੁਣ ਵਾਰਸ ਸ਼ਾਹ ਦੀ ਲਿਖੀ ਹੀਰ ਦੇ ਅਰਬੀ, ਫਾਰਸੀ, ਹਿੰਦੀ, ਸਿੰਧੀ, ਬਲੋਰੀ, ਰਾਜਸਥਾਨੀ, ਉਰਦੂ ਅਤੇ ਅੰਗਰੇਜ਼ੀ ਆਦਿ ਭਾਸ਼ਾਵਾਂ ਵਿੱਚ ਵੀ ਨੁਸਖੇ ਮੌਜੂਦ ਹਨ।
ਪੰਜਾਬੀ ਬੋਲੀ ਵਿੱਚ ਲਿਖੀਆਂ ਕਿਤਾਬਾਂ ਵਿੱਚੋਂ ਸਭ ਤੋਂ ਵੱਧ ਨੋਟਿਸ ਵਾਰਸ ਸ਼ਾਹ ਦੀ ਲਿਖੀ ਹੀਰ ਦਾ ਲਿਆ ਗਿਆ ਹੈ। ਸ਼ਿਪਲੇ ਦੇ ਐਨਸਾਈਕਲੋਪੀਡੀਆ ਆਫ ਲਿਟਰੇਚਰ ਅਨੁਸਾਰ ਵਾਰਸ ਸ਼ਾਹ ਪੰਜਾਬੀ ਦਾ ਸਭ ਤੋਂ ਵੱਡਾ ਕਵੀ ਹੈ ਤੇ ਉਸਦੀ ਹੀਰ ਸਰਵੋਤਮ ਰਚਨਾ ਹੈ।
ਗੁਰ ਸ਼ਬਦ ਰਤਨਾਕਰ ਅਨੁਸਾਰ- ਪੰਜਾਬੀ ਵਿੱਚ ਅਨੇਕ ਕਵੀਆਂ ਨੇ ਲਿਖਿਆ। ਪਰ ਵਾਰਸ ਸ਼ਾਹ ਦਾ
ਮੁਕਾਬਲਾ ਕੋਈ ਨਹੀਂ ਕਰ ਸਕਦਾ। ਆਖਰ ਵਾਰਸ ਸ਼ਾਹ ਦੀ ਜੋੜੀ ਹੀਰ ਵਿੱਓ ਕਿਹੜੀਆਂ ਐਸੀਆਂ ਖੂਬੀਆਂ ਹਨ। ਕਿ ਵਿਦਵਾਨਾਂ, ਖੋਜੀਆਂ, ਆਲੋਚਕਾਂ, ਸੰਪਾਦਕਾਂ, ਨੌਜਵਾਨਾਂ, ਬਜ਼ੁਰਗਾਂ, ਪੜਿਆਂ, ਅਣਪੜ੍ਹਿਆਂ ਸਭ ਪੰਜਾਬੀਆਂ ਦੇ ਦਿਲਾ ਨੂੰ ਇਹ ਰਚਨਾ ਧੂਹ ਪਾ ਰਹੀ ਹੈ। ਵੀਹਵੀਂ ਸਦੀ ਵਿੱਚ ਵੀ 'ਅੱਜ ਆਖਾਂ ਵਾਰਸ ਸ਼ਾਹ ਨੂੰ, ਕਿਤੋਂ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ', ਦੀਆਂ ਆਵਾਜ਼ਾਂ ਅੰਮ੍ਰਿਤਾ ਪ੍ਰੀਤਮ ਵਰਗੀਆਂ ਸਮਰਥ ਲੇਖਕਾਵਾਂ ਵੱਲੋਂ ਆ ਰਹੀਆਂ ਹਨ। ਵਾਰਸ ਸ਼ਾਹ ਨੇ ਜਿਵੇਂ ਹੀ ਆਪਣੇ ਲਿਖੇ ਕਿੱਸੇ ਨੂੰ ਪੰਜਾਬੀਆਂ ਵਾਸਤੇ ਜਾਰੀ ਕੀਤਾ ਉਦੋਂ ਹੀ ਲੇਖਕਾਂ, ਪਾਠਕਾਂ, ਸਰੋਤਿਆਂ ਦਾ ਧਿਆਨ ਇਧਰ ਖਿੱਚਿਆ ਗਿਆ ਅਤੇ ਕਿੱਸੇ ਦੀਆਂ ਵਡਿਆਈਆਂ ਸ਼ੁਰੂ ਹੋ ਗਈਆਂ। ਪੈਂਤੀ ਕਿੱਸੇ ਲਿਖਣ ਵਾਲੇ ਕਿੱਸਾਕਾਰ, ਅਹਿਮਦਯਾਰ ਨੇ ਵਾਰਸ ਦੀ ਵਡਿਆਈ ਵਿੱਚ ਕਿਹਾ- ਜੋ ਅਜਕਲ ਮਜਬੂਨ ਬੰਨਣ ਦੀ, ਸੋ ਉਸ ਮੈਂ ਨਾ ਕਾਈ, ਵੱਡਾ ਤਅੱਜਬ ਆਵੇ ਯਾਰੋ ਵੇਖ ਉਸ ਦੀ ਵਡਿਆਈ। ਕਿੱਸਾਕਾਰ ਮੁਹੰਮਦ ਬਖਸ਼ ਨੇ ਕਿਹਾ- ਵਾਰਸ ਸ਼ਾਹ ਸੁਖੂਨ ਦਾ ਵਾਰਸ ਨਿੰਦੇ ਕੌਣ ਉਨ੍ਹਾਂ ਨੂੰ, ਸ਼ੇਅਰ ਉਹਦੇ ਤੇ ਉਂਗਲ ਧਰਨੀ, ਨਹੀਂ ਕਦਰ ਅਸਾਂ ਨੂੰ। ਉਰਦੂ ਸ਼ਾਇਰ ਇਨਸ਼ਾ ਇਹ ਕਿੱਸਾ ਸੁਣ/ਪੜ੍ਹ ਕੇ ਫਿਦਾ ਹੋ ਗਿਆ ਤੇ ਬੋਲ ਉਠਿਆ- ਸੁਣਾਇਆ ਰਾਤ ਕੋ ਕਿੱਸਾ ਜੋ ਹੀਰ ਰਾਂਝੇ ਦਾ ਅਹਿਲੇ ਦਰਦ ਕੋ ਪੰਜਾਬੀਆਂ ਨੇ ਲੂਟ ਲੀਆ।
ਲਾਸਾਨੀ ਸ਼ਾਇਰ ਵਾਰਸ ਸ਼ਾਹ ਦੀ ਹੀਰ ਪੰਜਾਬੀਆਂ ਦੇ ਦਿਲ/ਦਿਮਾਗ/ਜ਼ਜਬਾਤ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ ਅਤੇ ਲੋਕਾਂ ਦੀ ਧੜਕਨ ਨਾਲ ਸਾਂਝ ਪਾ ਚੁੱਕਾ ਹੈ। ਇਸ ਦੀਆਂ ਕੁਝ ਪ੍ਰਮੁੱਖ ਖੂਬੀਆਂ ਨੂੰ ਅਸੀਂ ਅਗਲੇ ਲਿਖੇ ਸ਼ਬਦਾਂ ਵਿੱਚ ਬਿਆਨ ਕਰ ਰਹੇ ਹਾਂ- ਹੀਰ-ਰਾਂਝੇ ਦੀ ਪ੍ਰੀਤ ਕਹਾਣੀ ਦੀ ਪੁਨਰ-ਸੁਰਜੀਤੀ ਅਤੇ ਯਥਾਰਥਕ ਛੋਹ, ਪੰਜਾਬੀ ਸਭਿਆਚਾਰ ਦੀ ਸਜੀਵ ਪੇਸ਼ਕਾਰੀ, ਸਮਕਾਲੀ ਸਮਾਜ ਦੀ ਆਰਸੀ, ਸਮਕਾਲੀ ਸਮੇਂ ਦੀ ਸਿਆਸੀ, ਸਮਾਜੀਕ, ਰਾਜਨੀਤਕ, ਧਾਰਮਿਕ, ਇਤਿਹਾਸਕ, ਮਿਥਿਹਾਸਕ, ਆਰਥਕ ਅਤੇ ਲੋਕਾਈ ਦੇ ਚਿੰਤਨ ਦੀ ਮੰਜਰ ਨਿਗਾਰੀ, ਸਰਬ ਸਾਂਝੀ ਵਾਲਤਾ, ਰੱਬੀ ਏਕਤਾ, ਸਮਾਜਕ ਮਿਲਵਰਤਨ-ਨਾ ਮਿਲਵਰਤਨ, ਸ਼ਰੀਕੇਬਾਜੀ, ਦਿਉਰ- ਭਰਜਾਈਆਂ ਦੇ ਪਿਆਰ/ਤੇੜਾਂ, ਨਾਥਾਂ, ਜੋਗੀਆਂ ਟਿੱਲਿਆਂ, ਮੰਦਰਾਂ, ਮਸਜਿਦਾਂ ਦੀ ਲੋਕਾਈ ਵਿੱਚ ਅਹਿਮੀਅਤ, ਪੰਜਾਬੀਆਂ ਦੇ ਆਦਰਸ਼, ਦੀਨ ਮਜ਼ਬ, ਸੱਥਾਂ, ਰਹਿਣੀਆਂ, ਬਹਿਣੀਆਂ, ਰਮਸ-ਰਿਵਾਜ, ਵਿਸ਼ਵਾਸ, ਵਿਆਹ- ਸ਼ਾਦੀਆਂ, ਮੇਲ, ਬਰਾਤਾਂ, ਦਾਜ-ਦਹੇਜ, ਭਾਂਡੇ-ਟੀਡੇ, ਗਹਿਣੇ-ਗੱਟੇ, ਲੀੜੇ-ਲੱਤੇ, ਸੁਹਾਗ, ਸਿਠਣੀਆਂ, ਖੰਡ ਤਮਾਸ਼ੇ , ਦੁਖ, ਸੁਖ, ਆਚਾਰ-ਵਿਵਹਾਰ, ਹਾਸੇ-ਠੱਠੇ, ਰੋਣ-ਧੋਣ, ਚੁਗਲੀਆਂ, ਵਿਕਰਾਂ, ਸੋਚਾਂ, ਗਮਾਂ, ਮੁਸੀਬਤਾਂ, ਉਦਾਸੀਆਂ- ਚਿੰਤਾਵਾਂ, ਔਰਤਾਂ ਦੇ ਚਲਿਤਰ, ਜਾਤ-ਪਾਤ, ਲੋਕ-ਕਥਾਵਾਂ, ਜੱਟ-ਸੁਭਾਵ, ਧਰਤ-ਪਿਆਰ, ਮਾਂ-ਬੋਲ-ਸਨੇਹ, ਲੋਕ-ਲਾਜ ਆਦਿ ਨੂੰ ਸ਼ਬਦੀ ਜ਼ਬਾਨ ਦਿੱਤੀ ਗਈ ਹੈ। ਕਿੱਸੇ ਦੀ ਸਾਦਗੀ, ਰਵਾਨਗੀ, ਵਿਸ਼ਾਲਤਾ, ਜ਼ਬਾਨ ਦੀ ਠੇ ਠਤਾ, ਲਹਿਜੇ ਦੀ ਕੋਮਲਤਾ, ਵਿਸ਼ਵਕੋਸ਼ੀ, ਨਾਟਕੀਅਤਾ, ਸ਼ਬਦ-ਚਿਤਰਕਾਰੀ, ਪੰਜਾਬੀ ਜੀਵਨ ਦੇ ਬਿੰਬ, ਵਾਰਤਾਲਾਪਾਂ ਦਾ ਕਮਾਲ, ਵਿਸਤਾਰ ਤੇ ਸੰਜਮ ਦੀ ਕਲਾ, ਲਹਿਜੇ ਦੀ ਸ਼ੋਖੀ ਦਰਦ ਤੇ ਸੋਜ਼, ਕਿਦਾਰ ਨਿਯਾਰੀ, ਅਲੰਕਾਰਾਂ, ਅਖੌਤਾਂ, ਅਟੱਲ ਸਚਾਈਆਂ ਦੀ ਘਾੜਤ ਤੇ ਵਰਤੋਂ, ਬੈਂਤ ਛੰਦ ਦੀ ਵਿਸ਼ੇਸ਼ਤਾ, ਸ਼ਬਦ-ਚੋਣ, ਸ਼ਬਦ- ਭੰਡਾਰ, ਸ਼ੈਲੀ ਦੀ ਗੂੜ੍ਹਤਾ, ਰਸਕਿਤਾ, ਮਿਠਾਸਤਾ, ਸੁਭਾਵਕਤਾ, ਸਰਲਤਾ, ਤਾਜਗੀਅਤਾ ਆਦਿ।
ਹੀਰ-ਰਾਂਝੇ ਦੀ ਪ੍ਰੀਤ ਕਹਾਣੀ ਅਤੇ ਇਸ਼ਕ ਸੰਕਲਪ ਬਾਰੇ ਸਿਰਫ ਕਿੱਸੇ ਹੀ ਨਹੀਂ ਲਿਖੇ ਗਏ, ਸਗੋਂ ਕਹਾਣੀਆਂ, ਨਿਬੰਧ, ਨਾਵਲ, ਨਾਟਕ, ਇਕਾਂਗੀ, ਗੀਤ, ਗ਼ਜ਼ਲਾਂ, ਸ਼ਬਦਾਂ, ਕਾਫੀਆਂ, ਦੋਹੜਿਆਂ ਕਲੀਆਂ ਆਦਿ ਦੀ ਵੀ ਸਿਰਜਨਾ ਹੋਈ ਹੈ। ਇਸ ਦੇ ਨਾਲ-ਨਾਲ ਇਨ੍ਹਾਂ ਦੇ ਸੱਚੇ ਇਸ਼ਕ ਦੀਆਂ ਬਾਤਾਂ ਸੁਣਾਉਂਦਾ ਲੋਕਾਂ ਦੇ ਦਿਲਾਂ ਅੰਦਰੋਂ, ਸਭਿਆਚਾਰ ਦੇ ਅਨੇਕ ਰੰਗਾਂ ਵਿੱਚ ਰੰਗਿਆ ਲੋਕ-ਸਾਹਿਤ ਵੀ ਪੈਦਾ ਹੋਇਆ/ਹੋ ਰਿਹਾ ਹੈ। ਵਿਸ਼ਿਸ਼ਟ
ਸਾਹਿਤ ਅਤੇ ਲੋਕ-ਸਾਹਿਤ ਵਿੱਚ ਇਸ ਪ੍ਰੇਮੀ ਜੋ ਦੇ ਵਿਭਿੰਨ ਰੂਪੀ ਬਿੰਬ ਦ੍ਰਿਸ਼ਟੀਗੋਚਰ ਹੁੰਦੇ ਹਨ ਅਤੇ ਦ੍ਰਿਸ਼ਟੀਗੋਚਰ ਹੋਇਆ ਹਰ ਰੂਪ/ਬਿੰਬ ਪੰਜਾਬੀਆਂ ਦੇ ਇੱਕ ਵਿਸ਼ੇਸ਼ ਵਰਗ ਨੂੰ ਦਿਲੋਂ, ਮਨੋ ਟੁੰਬਦਾ ਹੈ। ਅਸਲ ਵਿੱਚ ਇਸ ਜੋੜੀ ਦਾ ਵਿਅਕਤਿਤਵ ਵਾਰਸਸ਼ਾਹ ਦੇ ਲਿਖੇ ਕਿੱਸੇ ਦੀ ਸਮਾਂ-ਸੀਮਾਂ, ਸ਼ਬਦ-ਸੀਮਾਂ ਅਤੇ ਕਲਾ-ਸੀਮਾਂ ਤੋਂ ਆਰ-ਪਾਰ ਸਾਹਿੱਤ ਅਤੇ ਲੋਕ-ਦਿਲਾਂ ਦੀ ਇੱਕ ਅਨੰਤ ਵਿਸ਼ਾਲਤਾ ਵਿੱਚ ਫੈਲਿਆ ਹੋਇਆ ਹੈ। ਇਨ੍ਹਾਂ ਦੇ ਇਸ਼ਕ ਦੀ ਯਾਦ ਪੰਜਾਬੀਆਂ ਦੇ ਸੀਨਿਆਂ ਅੰਦਰ ਇੱਕ ਅਡੋਲ ਲਾਟ ਵਾਂਗ ਜਗ ਰਹੀ ਹੈ। ਕਵੀਸ਼ਰ/ਕਵੀ/ਗਾਇਕ ਇਹਨਾਂ ਦੀ ਯਾਦ ਦੇ ਗੀਤਾਂ ਨੂੰ ਮੇਲਿਆਂ, ਸੱਥਾਂ, ਪਿੜਾਂ, ਇਕੱਠਾਂ ਵਿਆਹ ਸ਼ਾਦੀਆਂ ਆਦਿ ਵਿੱਚ ਗਾ-ਗਾ ਕੇ ਖੂਬ ਰੰਗ ਬੰਨ੍ਹਦੇ ਹਨ।
ਅਧਿਆਤਮਕ ਸਾਹਿਤਕਾਰਾਂ ਨੇ ਇਨ੍ਹਾਂ ਦੇ ਪਿਆਰ ਨੂੰ ਦਿਲ ਖੋਲ੍ਹ ਕੇ ਮਾਣਤਾ ਦਿੱਤੀ ਹੈ। ਆਪਣੀ ਸੱਚੀ- ਸੁੱਚੀ ਪ੍ਰੀਤ ਦੇ ਕਾਰਨ ਹੀਰ ਤੇ ਰਾਂਝਾ ਇੱਕ ਸਧਾਰਨ ਲੜਕੀ-ਲੜਕੇ ਤੋਂ 'ਰਾਂਝਾ-ਹੀਰ, ਵਿਖਾਣੀਐ ਉਹ ਪਿਰਗ ਪਿਰਾਤੀ, ਪੀਰ ਮੁਰੀਦਾ ਪਿਰਹੜੀ ਗਾਵਣ ਪ੍ਰਭਾਤੀ' ਵਾਲੇ ਉੱਚੇ ਰੁਤਬੇ ਤੇ ਪਹੁੰਚ ਗਏ ਹਨ। ਮਹਾਨ ਸੂਫੀ, ਕਵੀਆਂ ਦੇ ਪ੍ਰਭੂ ਨਾਲ ਜੀਵਾਤਮਾ ਦੀ ਵਸਲ ਤੇ ਬਿਰਹਾ ਨੂੰ ਹੀਰ-ਰਾਂਝੇ ਦੇ ਚਿੰਨ੍ਹ ਰਾਹੀਂ ਹੀ ਪ੍ਰਗਟਾਇਆ ਹੈ। ਸ਼ਾਹ ਹੁਸੈਨ ਦੀ ਜੀਵਾਤਮਾ ਹੀਰ ਹੈ ਤੇ ਰਾਂਝਾ ਪ੍ਰਭੂ ਦਾ ਰੂਪਕ ਹੈ- ਰਾਂਝਾ ਜੋਗੀ ਮੈਂ ਜੁਗਿਆਣੀ ਕਮਲੀ ਕਰ-ਕਰ ਛੱਡੀਆਂ। ਬਾਬਾ ਬੁਲ੍ਹੇ ਸ਼ਾਹ ਦੀ ਪ੍ਰਭੂ ਪ੍ਰਤੀ ਬਿਰਹਾ, ਤੜਪ ਤੇ ਮਿਲਣ ਦੀ ਤਾਂਘ ਵੀ ਹੀਰ-ਰਾਂਝੇ ਦੇ ਪਿਆਰ-ਰੂਪਕ ਰਾਹੀਂ ਪ੍ਰਗਟ ਹੋਈ ਹੈ- ਰਾਂਝਾ, ਰਾਂਝਾ ਕਰਦੀ ਨੀ ਮੈਂ ਆਪਣੇ ਰਾਂਝਾ ਹੋਈ, ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ਪ੍ਰਭੂ ਪ੍ਰਮਾਤਮਾ ਨੂੰ ਆਪਣੇ ਦੁੱਖਾਂ-ਦਰਦਾਂ ਤੇ ਬਿਰਹਾ ਦੇ ਸੁਨੇਹੇ ਭੇਜਦੇ, ਰਾਂਝੇ ਤੋਂ ਵਿਛੜ ਕੇ ਸਹੁਰੇ ਘਰ ਬੈਠੀ ਹੀਰ ਦੀ ਮਾਨਸਕ ਅਵਸਥਾ ਨੂੰ ਹੀ ਰੂਪਕ ਬਣਾਉਂਦੇ ਹਨ-
ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ।,
ਮਿਤਰ ਪਿਆਰੇ ਨੂੰ ਸਾਡਾ ਹਾਲ ਮੁਰੀਦਾਂ ਦਾ ਕਹਿਣਾ।
ਆਧੁਨਿਕ ਕਾਲ ਵਿੱਚ ਪੰਜਾਬੀ ਕਵਿਤਾ ਲੰਮੇ ਅਕਾਰ ਦੇ ਕਿੱਸਿਆਂ ਤੋਂ ਸੁੰਗੜ ਕੇ ਨਿੱਕੀਆਂ ਕਵਿਤਾਵਾਂ ਦਾ ਰੂਪ ਧਾਰਨ ਕਰ ਗਈ ਪਰ ਫਿਰ ਵੀ ਪਿਆਰ, ਬਿਰਹਾ ਤੇ ਵਸਲ ਦੇ ਰੂਪਕ ਹੀਰ-ਰਾਂਝਾ ਸਾਹਿਤਕਾਰਾਂ ਦੇ ਮਨ-ਅੰਦਰ 'ਚੋਂ ਖਾਰਜ ਨਹੀਂ ਹੋਏ। ਇਨ੍ਹਾਂ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਵਿੱਚ ਸਭਿਆਚਾਰਕ ਅੰਸ਼ ਭਰਨ, ਪ੍ਰਸੰਸਕ, ਸਾਰਥਕ ਤੇ ਸਾਹਿਤਕ ਬਣਾਉਣ ਲਈ ਹੀਰ-ਰਾਂਝੇ ਦੇ ਇਨ੍ਹਾਂ ਪ੍ਰਤੀਕਾਂ ਤੇ ਰੂਪਕਾਂ ਦਾ ਸਹਾਰਾ ਲਿਆ। ਵੀਹਵੀਂ ਸਦੀ ਦੇ ਪਹਿਲੇ ਵੱਡੇ ਕਵੀ ਭਾਈ ਵੀਰ ਸਿੰਘ ਨੇ ਜੀਵਾਤਮਾ ਦੀ ਪਰਮਾਤਮਾ ਲਈ ਵਸਲ ਦੀ ਵਿਲਕਣ ਦੇ ਪ੍ਰਗਟਾਵੇ ਲਈ ਹੀਰ ਦੇ ਰੂਪਕ ਨੂੰ ਮਾਧਿਅਮ ਬਣਾਇਆ:- ਸਾਡਾ ਰਾਂਝਾ ਤਖਤ ਹਜ਼ਾਰੇ, ਤਖਤੋਂ ਕਦੀ ਨਾ ਉਠਦਾ, ਝੰਗ ਸਿਆਲੀ ਬੈਠਿਆਂ ਸਾਨੂੰ ਖਿੱਚਾਂ ਪਾ-ਪਾ ਕੁੱਠਦਾ। ਪੰਜਾਬ ਨੂੰ ਇਸ਼ਕ ਕਰਨ ਵਾਲੇ ਅਲਬੇਲੇ ਕਵੀ ਪੂਰਨ ਸਿੰਘ ਦੀ ਇਹੀ ਚਾਹਤ ਹੈ ਕਿ ਪੰਜਾਬ ਦਾ ਹਰ ਬਸ਼ਿੰਦਾ ਹੀਰ-ਰਾਂਝੇ ਦਾ ਰੂਪ ਹੀ ਹੋਵੇ। ਉਨ੍ਹਾਂ ਦੇ ਤੁਰ ਜਾਣ ਤੇ ਸਾਰਾ ਪੰਜਾਬ ਹੀ ਸਖਣਾ ਹੋ ਗਿਆ ਹੈ:-
ਆ ਵੀਰਾ ਰਾਂਝਿਆ, ਆ ਭੈਣੇ ਹੀਰੇ, ਸਾਨੂੰ ਛੋੜ ਜਾਵੋ, ਬਿਨਤੁਸੀ ਅਸੀਂ ਸਖਣੇ। ਪੰਜਾਬ ਦੇਸ ਦੇ ਅਕਾਸ਼ ਵਿੱਚ ਚੜ੍ਹੇ ਚੰਨ ਅਤੇ ਖਿੜੀਆਂ ਚਾਨਣੀਆਂ ਮਤਾਂ ਵੇਲੇ ਧਨੀ ਰਾਮ ਚਾਤ੍ਰਿਕ ਨੂੰ ਰਾਂਝੇ ਦੀ ਬੰਸਰੀ ਵਿੱਚੋਂ ਝਰਦਾ ਸੰਗੀਤ ਰੁਮਾਂਟਕ, ਅਦਭੁਤ ਤੇ ਵਿਸਮਾਦੀ ਅਵਸਥਾ ਵਿੱਚ ਲੈ ਜਾਂਦਾ ਹੈ:- ਜਦ ਰਾਤ ਚਾਨਣੀ ਖਿੜਦੀ ਹੈ, ਕੋਈ ਰਾਗ ਇਲਾਹੀ ਛਿੜਦਾ ਹੈ।
ਗਿੱਧੇ ਨੂੰ ਲੋਹੜਾ ਆਂਦਾ ਹੈ ਜੋਬਨ ਤੇ ਬਿਰਹਾ ਭਿੜਦਾ ਹੈ। ਵੰਝਲੀ ਵਹਿਣਾ ਵਿੱਚ ਰੁੜਦਾ ਹੈ, ਜਦ ਤੂੰਬਾ
ਸਿਰ ਧੁਣਿਆਂਦਾ ਹੈ। ਮਿਰਜ਼ਾ ਪਿਆ ਕੂਕਾਂ ਛਡਦਾ ਹੈ ਤੇ ਵਾਰਸ ਹੀਰ ਸੁਣਾਂਦਾ ਹੈ।
ਪ੍ਰੋ. ਮੋਹਨ ਸਿੰਘ ਨੂੰ ਵੀ ਰਾਂਝੇ ਦਾ ਸਾਥ ਹੀ ਚੰਗਾ ਲਗਦਾ ਹੈ ਤਾਂ ਹੀ ਉਹ ਉੱਚੀ ਸੁਰ ਵਿੱਚ ਅਲਾਪਦਾ ਹੈ:- ਮੇਰਾ ਰਾਂਝਣ ਮੈਨੂੰ ਮੋੜ ਦੇ. ਅਤੇ ਹੀਰ ਦੀਆਂ ਅਜੋਕੀਆਂ ਭੈਣਾਂ ਨਾਲ ਹੋ ਰਹੀ ਹੀਰ ਵਰਗੀ ਬੇ-ਇਨਸਾਫੀ ਤੱਕ ਕੇ ਉਸ ਦੇ ਅੰਦਰੋਂ ਹੂਕ ਨਿਕਲਦੀ ਹੈ- ਮੁੜ ਕੋਈ ਲੈ ਨਾ ਜਾਵੇ ਝੰਗ ਸਿਆਲੇ ਹੀਰ, ਜੈ ਮੀਰ। ਦੇਵਿੰਦਰ ਸਤਿਆਰਥੀ ਲਈ ਹੀਰ-ਰਾਂਝੇ ਦੀ ਕਹਾਣੀ ਬੇ-ਨਜ਼ੀਰ ਹੈ। ਉਸਦਾ ਦਿਲ ਦਰਿਆਵਾਂ ਦੇ ਡੂੰਘੇ ਵਹਿਣਾਂ ਵਿੱਚ ਵਹਿੰਦਾ ਹੀਰ ਦੀ ਯਾਦ ਨੂੰ ਤਾਜਾ ਕਰਦਾ ਹੈ:- ਵਗੇ ਝਨਾਂ ਦਾ ਨੀਰ, ਹੋ ਗੰਭੀਰ, ਰੱਬ ਆਪ ਬਣਾਈ ਇਹ ਤਸਵੀਰ, ਸੁਣ ਕਵਿਤਾ ਨਾ ਸ਼ੋਰ ਮਚਾ, ਨਾ ਕਾਹਲੀਆਂ ਪਾ, ਹੈ ਇਹ ਕਹਾਣੀ ਬੇ-ਨਜ਼ੀਰ ਇੱਕ ਸੀ ਰਾਂਝਾ ਇੱਕ ਸੀ ਹੀਰ। ਅਤੇ ਢੇਰ ਸਾਰੀਆਂ ਹੋਰ ਮਿਸਾਲਾਂ ਪੰਜਾਬੀ ਸਾਹਿੱਤ ਵਿੱਚ ਭਰੀਆਂ ਪਈਆਂ ਹਨ।
ਹੀਰ ਵੇਲੇ ਦਾ ਪੰਜਾਬੀ ਸਭਿਆਚਾਰ ਚਾਰ ਕੁ ਸਦੀਆਂ ਦਾ ਪੈਂਡਾ ਮਾਰ ਸਾਡੇ ਵਿਹੜਿਆਂ ਤੱਕ ਆਇਆ ਹੈ ਪਰੰਤੂ ਇਸਨੇਹੀਰ ਦਾ ਪੱਲਾ ਘੁੱਟ ਕੇ ਫੜਿਆ ਹੋਇਆ ਹੈ। ਅੱਜ ਪੰਜਾਬੀ ਗਾਇਕੀ ਸਾਰੇ ਵਿਸ਼ਵ ਵਿੱਚ ਜਾਣੀ ਜਾਣ ਲੱਗੀ ਹੈ ਤੇ ਸਭਿਆਚਾਰਕ ਗਾਇਕੀ ਦਾ ਮੁੱਖ ਆਧਾਰ ਹੀਰ ਦੇ ਜੀਵਨ-ਪ੍ਰਸੰਗ ਹੀ ਹਨ। ਹੀਰ ਦੀ ਸਖਸ਼ੀਅਤ ਅਤੇ ਉਸਦੀ ਹਰਮਨਪਿਆਰਤਾ ਦੇ ਕਾਰਨ ਬਣਦੇ, ਕਿੱਸਾ ਸਾਹਿਤ, ਸੂਫੀ ਸਾਹਿਤ, ਲੋਕ ਸਾਹਿਤ ਅਤੇ ਵਿਭਿੰਨ ਵਾਰਤਕ ਸਾਹਿਤ ਰੂਪਾਂ ਵਿੱਚੋਂ ਉਭਰਦੇ ਅਨੇਕ ਪਹਿਲੂ ਦੇਖੇ ਜਾ ਸਕਦੇ ਹਨ:- ਹੀਰ ਖੁਦਾ ਨੂੰ ਯਾਦ ਕਰਨ ਵਾਲੀ ਅਤੇ ਉਸਦੀ ਵਿਸ਼ਵਾਸ਼ ਪਾਤਰ, ਜਬਰਦਸਤੀ ਹੋ ਰਹੀ ਸ਼ਾਦੀ ਅਤੇ ਹੋਰ ਬੇ-ਇਨਸਾਫੀਆਂ ਸਮੇਂ ਦਲੀਲ ਸਹਿਤ ਆਪਣਾ ਪੱਖ ਪੇਸ਼ ਕਰਨ ਵਾਲੀ, ਨਾਰੀ ਸ਼ਕਤੀ ਦਾ ਪ੍ਰਗਟਾਵਾ ਕਰਨ ਵਾਲੀ, ਸਮਾਜਕ ਅਤੇ ਔਰਤ ਦੀ ਸੁਤੰਤਰਾ ਵਾਸਤੇ ਕ੍ਰਾਂਤੀਕਾਰੀ ਭਾਵਨਾ ਰੱਖਣ ਵਾਲੀ, ਅਨਿਆਂ ਨਾ ਸਹਿੰਦੀ ਮੌਤ ਕਬੂਲਦੀ, ਸਿਦਕ, ਸਬਰ ਤੇ ਹੌਂਸਲੇ ਦੀ ਦ੍ਰਿੜ, ਸੱਚ ਤੇ ਪਹਿਰਾ ਦੇਣ ਵਾਲੀ, ਪੰਜਾਬਣ ਮੁਟਿਆਰ ਦੀ ਪ੍ਰਤੀਨਿਧ, ਦੁੱਖਾਂ ਮੁਸੀਬਤਾਂ ਤੋਂ ਨਾ ਘਬਰਾਉਣ ਵਾਲੀ ਪਿਆਰ-ਵਿਆਹ ਅਤੇ ਇਸਨੂੰ ਸਭਿਆਚਾਰਕ ਮਾਣਤਾ ਦਿਵਾਉਣ ਲਈ ਸੰਘਰਸ਼ਸ਼ੀਲ, ਪ੍ਰੇਮੀ ਦੀ ਵਫਾਦਾਰ, ਆਪਣੇ ਚਰਿਤਰ ਤੇ ਕਾਇਮ ਰਹਿਣ ਵਰਗੀ ਖੂਬਸੂਰਤ, ਆਪਣੀ ਅਣਖ, ਇਜਤ ਨੂੰ ਕਾਇਮ ਰੱਖਣ ਵਾਲੀ, ਵਿਸ਼ੇ ਸ਼ ਗੋਂਦਾਂ ਗੁੰਦ ਕੇ ਆਪਣੇ ਪ੍ਰੇਮੀ ਨੂੰ ਮਿਲਣ ਅਤੇ ਇਸ਼ਕ ਨੂੰ ਸਿਰੇ ਚੜਾਉਣ ਲਈ ਗਤੀਸ਼ੀਲ ਆਦਿ ਖੂਬੀਆਂ ਨੇ ਹੀਰ ਨੂੰ ਪੰਜਾਬੀਆਂ ਦੀ ਅਭੁੱਲ ਨਾਇਕਾ ਬਣਾ ਦਿੱਤਾ ਹੈ। ਅੱਜ ਵੀ ਹੀਰ, ਲੋਕ-ਦਿਲਾਂ ਤੇ ਰਾਜ ਕਰਦੀ, ਲੋਕ ਚੇ ਤਿਆਂ ਵਿੱਚ ਵਸੀ ਹੋਈ ਹੈ ਅਤੇ ਇਸਦੀ ਯਾਦ ਲੋਕਾਂ ਦੀ ਰੂਹ ਦੀ ਖੁਰਾਕ ਬਣੀ ਹੋਈ ਹੈ। ਲੋਕ ਰੂਹ ਦੀ ਖੁਰਾਕ ਦੀ ਪ੍ਰਾਪਤੀ ਲਈ ਮੁੜ-ਮੁੜ ਹੀਰ ਦਾ ਕਿੱਸਾ/ਕਹਾਣੀ ਪੜ੍ਹਨ/ਸੁਣਨ ਵੱਲ ਉਮਡਦੇ ਹਨ ਅਤੇ ਇਹ ਕਿੱਸਾ ਵਾਰਸ ਦਾ ਲਿਖਿਆ ਹੀ ਉਨ੍ਹਾਂ ਦੀਆਂ ਅੱਖਾਂ ਅੱਗੇ ਚਮਕਦਾ ਦਿਸਦਾ ਹੈ।
ਡਾ. ਗੁਰਬਚਨ ਸਿੰਘ ਖਹਿਰਾ
ਤਤਕਰਾ
• ਮੁੱਖਬੰਦ
• ਵਾਰਸ ਦੀ ਜਨਾਬ ਵਿੱਚ
• ਇਸ "ਹੀਰ" ਬਾਰੇ
• ਵਾਰਸ ਸ਼ਾਹ ਉਹ ਸਦਾ ਈ ਜਿਉਦੇ ਨੇ, ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੀ
• ਵਾਰਿਸ ਸ਼ਾਹ ਸੁਖਨ ਦਾ ਵਾਰਸ
• ਹੀਰ ਸਰਵੋਤਮ ਰਚਨਾ ਹੈ।
• ਹੀਰ ਵਾਰਸ ਸ਼ਾਹ
• ਅਰਥਾਵਲੀ
ਹੀਰ ਵਾਰਸ ਸ਼ਾਹ
1. ਅੱਵਲ ਰੱਬ ਦਾ ਨਾਮ ਧਿਆਈਏ ਜੀ
ਅੱਵਲ ਹਮਦ ਖ਼ੁਦਾ ਦਾ ਵਿਰਦ ਕੀਜੇ ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆਂ
ਪਹਿਲੇ ਆਪ ਹੈ ਰਬ ਨੇ ਇਸ਼ਕ ਕੀਤਾ ਮਾਅਸ਼ੂਕ ਹੈ ਨਬੀ ਰਸੂਲ ਮੀਆਂ
ਇਸ਼ਕ ਪੀਰ ਫਕੀਰ ਦਾ ਮਰਤਬਾ ਹੈ, ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ
ਖੁਲ੍ਹੇ ਤਿਨ੍ਹਾਂ ਦੇ ਬਾਬਾ ਕਲੂਬ ਅੰਦਰ ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ
2. ਰਸੂਲ ਕਰੀਮ ਦੀ ਸਿਫਤ ਵਿੱਚੋਂ
ਦੁਈ ਨਾਅਤ ਰਸੂਲ ਮਕਬੂਲ ਵਾਲੀ ਜੈ ਦੇ ਹੱਕ ਨਜ਼ੂਲ ਲੌਲਾਕ ਕੀਤਾ
ਖ਼ਾਕੀ ਆਖ ਕੇ ਮਰਤਬਾ ਬਿਦਾ ਦਿੱਤਾ ਸਭ ਖ਼ਲਕ ਦੇ ਐਬ ਥੀਂ ਪਾਕ ਕੀਤਾ
ਸਰਵਰ ਹੋਇਕੇ ਔਲੀਆਂ ਅੰਬੀਆਂ ਦਾ ਅੱਗੇ ਹੱਕ ਦੇ ਆਪ ਨੂੰ ਪਾਕ ਕੀਤਾ
ਕਰੇ ਉਮੰਤੀ ਉਮੰਤੀ ਰੋਜ਼ ਮਹਿਸ਼ਰ ਖੁਸ਼ੀ ਛੱਡ ਕੇ ਜਿਊ ਗ਼ਮਨਾਕ ਕੀਤਾ
3. ਰਸੂਲ ਸ਼ਰੀਫ ਦੇ ਚੌਹਾਂ ਸਾਥੀਆਂ ਦੀ ਸਿਫਤ ਵਿਚ
ਚਾਰੇ ਯਾਰ ਰਸੂਲ ਦੇ ਚਾਰ ਗੌਹਰ ਸੱਭਾ ਇੱਥ ਥੀਂ ਇੱਕ ਚੜੰਦੜੇ ਨੇ
ਅਬੂ ਬਕਰ ਤੇ ਉਮਰ, ਉਸਮਾਨ, ਅਲੀ, ਆਪੋ ਆਪਣੇ ਗੁਣੀ ਸੁਹੰਦੜ ਨੇ
ਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ ਰਾਹ ਰਬ ਦੇ ਸੀਸ ਵਕੰਦੜੇ ਨੇ
ਜ਼ੌਕ ਛੱਡ ਕੇ ਜਿਨ੍ਹਾਂ ਨੇ ਜ਼ੁਹਦ ਕੀਤਾ ਵਾਹ ਵਾਹ ਉਹ ਰਬ ਦੇ ਬੰਦੜੇ ਨੇ
4. ਪੀਰ ਦੀ ਸਿਫਤ ਵਿੱਚ
ਮਦ੍ਰਾ ਪੀਰ ਦੀ ਹੁਬ ਦੇ ਨਾਲ ਕੀਤੇ ਜੈ ਦੇ ਖ਼ਾਦਮਾਂ ਦੇ ਵਿੱਚ ਪੀਰੀਆਂ ਨੀ
ਬਾਝ ਏਸ ਜਨਾਬ ਦੇ ਬਾਰ ਨਾਹੀਂ ਲਖ ਢੂੰਡਦੇ ਫਿਰਨ ਫਕੀਰੀਆਂ ਨੀ
ਜਿਹੜੇ ਪੀਰ ਦੀ ਮਿਹਰ ਮੰਜ਼ੂਰ ਹੋਏ ਘਰ ਤਿੰਨ੍ਹਾਂ ਦੇ ਪੀਰੀਆ ਮੀਰੀਆਂ ਨੀ
ਰੋਜ਼ ਹਸ਼ਰ ਦੇ ਪੀਰ ਦੇ ਤਾਲਿਬਾਂ ਨੂੰ ਹੱਥ ਸਜੜੇ ਮਿਲਨ ਗੀਆਂ ਚੀਰੀਆਂ ਨੀਂ
5. ਬਾਬਾ ਫਰੀਦ ਸ਼ਕਰ ਗੰਜ ਦੀ ਸਿਫਤ ਵਿਚ
ਮੌਦੂਦ ਦਾ ਲਾਡਲਾ ਪੀਰ ਚਿਸ਼ਤੀ ਸ਼ਕਰ ਗੰਜ ਮਸਉਦ ਭਰਪੂਰ ਹੈ ਜੀ
ਖ਼ਾਨਦਾਨ ਵਿੱਚ ਚਿਸ਼ਤ ਦੇ ਕਾਮਲੀਅੱਤ ਸ਼ਹਿਰ ਫਕਰ ਦਾ ਪਾਕਪਟਨ ਮਾਅਮੂਰ ਹੈ ਜੀ
ਬਾਹੀਆ ਕੁਤਬਾਂ ਵਿੱਚ ਹੈ ਪੀਰ ਕਾਮਲ ਜੈਂ ਦੀ ਆਜਜ਼ੀ ਜ਼ੁਹਦ ਮੰਜ਼ੂਰ ਹੈ ਜੀ
ਸ਼ਕਰ ਗੰਜ ਨੇ ਆਣ ਮੁਕਾਮ ਕੀਤਾ, ਦੁਖ ਦਰਦ ਪੰਜਾਬ ਦੇ ਦੂਰ ਹੈ ਜੀ
6. ਕਿੱਸਾ ਹੀਰ ਰਾਂਝਾ ਲਿਖਣ ਵਾਰੇ
ਯਾਰਾਂ ਅਸਾਂ ਨੂੰ ਆਨ ਸਵਾਲ ਕੀਤਾ ਇਸ਼ਕ ਹੀਰ ਦਾ ਨਵਾਂ ਬਣਾਈਏ ਜੀ
ਏਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ, ਢਬ ਸੁਹਨੇ ਨਾਲ ਸੁਣਾਈਏ ਜੀ
ਨਾਲ ਅਜਬ ਬਹਾਰ ਦੇ ਸ਼ਿਅਰ ਕਰਕੇ, ਰਾਂਝੇ ਹੀਰ ਦਾ ਮੇਲ ਕਰਾਈਏ ਜੀ
ਯਾਰਾਂ ਨਾਲ ਮਜਾਲਸਾਂ ਵਿੱਚ ਬਹਿ ਕੇ, ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ
7. ਕਵੀ ਦਾ ਕਥਨ
ਹੁਕਮ ਮਨ ਕੇ ਸੱਜਨਾਂ ਪਿਆਰਿਆਂ ਦਾ, ਕਿੱਸਾ ਅਜਬ ਬਹਾਰ ਦਾ ਜੋੜਿਆ ਏ
ਫਿਕਰਾ ਜੋੜ ਕੇ ਖੂਬ ਤਿਆਰ ਕੀਤਾ, ਨਵਾਂ ਫੁਲ ਗੁਲਾਬ ਦਾ ਤੋੜਿਆ ਏ
ਬਹੁਤ ਜਿਉ ਦੇ ਵਿੱਚ ਤਦਬੀਰ ਕਰਕੇ, ਫਰਹਾਦ ਪਹਾੜ ਨੂੰ ਤੋੜਿਆ ਏ
ਸੱਭਾ ਵੀਣ ਕੇ ਜ਼ੇਬ ਬਣਾ ਦਿੱਤਾ, ਜੇਹਾ ਇਤਰ ਗੁਲਾਬ ਨਚੋੜਿਆ ਏ।
8. ਕਿੱਸੇ ਦਾ ਆਰੰਭ, ਤਖ਼ਤ ਹਜ਼ਾਰਾ ਅਤੇ ਰਾਂਝੇ ਬਾਰੇ
ਇੱਕ ਤਖ਼ਤ ਹਜ਼ਾਰਿਉਂ ਗੱਲ ਕੀਜੇ ਜਿੱਥੇ ਰਾਂਝਿਆਂ ਰੰਗ ਮਚਾਇਆ ਏ
ਛੈਲ ਗੱਭਰੂ, ਮਸਤ ਅਲਬੇਲੜੇ ਨੇਂ, ਸੁੰਦਰ ਇੱਕ ਥੀਂ ਇੱਕ ਸਵਾਇਆ ਏ
ਵਾਲੇ ਕੋਕਲੇ, ਮੁੰਦਰੇ, ਮੱਝ ਲੁੰਗੀ, ਨਵਾਂ ਠਾਠ ਤੇ ਠਾਠ ਚੜ੍ਹਾਇਆ ਏ
ਕੇਹੀ ਸਿਫਤ ਹਜ਼ਾਰੇ ਦੀ ਆਖ ਸਕਾਂ ਗੋਇਆ ਬਹਿਸ਼ਤ ਜ਼ਮੀਨ ਤੇ ਆਇਆ ਏ
9. ਰਾਂਝੇ ਦੇ ਬਾਪ ਬਾਰੇ
ਮੌਜੂ ਚੌਧਰੀ ਪਿੰਡ ਦੀ ਪਾਂਡ ਵਾਲਾ ਚੰਗਾ ਭਾਈਆਂ ਦਾ ਸਰਦਾਰ ਆਹਾ
ਅੱਠ ਪੁੱਤਰ ਦੋ ਬੇਟੀਆਂ ਤਿਸ ਦੀਆਂ ਸਨ ਵੱਡਾ ਦਰਬ ਤੇ ਮਾਲ ਪਰਵਾਰ ਆਹਾ
ਭਲੀ ਭਾਈਆਂ ਵਿੱਚ ਪਰਤੀਤ ਉਸਦੀ, ਮੰਨਿਆ ਚੌਤਰੇ ਉਤੇ ਸਰਕਾਰ ਆਹਾ
ਵਾਰਸ ਸ਼ਾਹ ਇਹ ਕੁਦਰਤਾਂ ਰਬ ਦੀਆਂ ਨੇਂ ਧੀਦੋ ਨਾਲ ਉਸ ਬਹੁਤ ਪਿਆਰ ਆਹਾ
10. ਰਾਂਝੇ ਨਾਲ ਭਾਈਆਂ ਦਾ ਸਾੜਾ
ਬਾਪ ਕਰੇ ਪਿਆਰ ਤੇ ਵੈਰ ਭਾਈ, ਡਰ ਬਾਪ ਦੇ ਥੀਂ ਪਏ ਸੰਗਦੇ ਨੇ
ਗੁਝੇ ਮੇਹਣੇ ਮਾਰ ਕੇ ਸੱਪ ਵਾਂਗੂੰ ਉਸ ਦੇ ਕਾਲਜੇ ਨੂੰ ਪਏ ਡੰਗਦੇ ਨੇ
ਕੋਈ ਵੱਸ ਨਾ ਚੱਲਣੇ ਕਢ ਛੱਡਣ, ਦੇ ਦੇ ਮਿਹਣੇ ਰੰਗ ਬਰੰਗ ਦੇ ਨੇ
ਵਾਰਸ ਸ਼ਾਹ ਇਹ ਗਰਜ਼ ਹੈ ਬਹੁਤ ਪਿਆਰੀ, ਹੋਰ ਸਾਕ ਨਾ ਸੈਨ ਨਾ ਅੰਗ ਦੇ ਨੇ
11. ਰਾਂਝੇ ਦਾ ਬਾਪ ਕਾਲਵਸ
ਤਕਦੀਰ ਸੇਤੀ ਮੌਜੂ ਹੱਕ ਹੋਇਆ, ਭਾਈ ਰਾਂਝੇ ਦੇ ਨਾਲ ਖਦੇੜਦੇ ਨੇ
ਖਾਏ' ਰੱਜ ਕੇ ਘੁਰਦਾ ਫਿਰੇਂ ਰੰਨਾਂ ਕੱਢ ਰਿੱਕਤਾਂ ਧੀਦੋ ਨੂੰ ਛੇੜਦੇ ਨੇ
ਨਿੱਤ ਸੱਜਰਾ ਘਾ ਕਲੇਜੜੇ ਦਾ, ਗੱਲਾਂ ਤਿੱਖੀਆਂ ਨਾਲ ਉਚੇੜਦੇ ਨੇ
ਭਾਈ ਭਾਬੀਆਂ ਵੈਰ ਦੀਆਂ ਕਰਨ ਗੱਲਾਂ, ਏਹਾ ਝੰਮਟ ਨਿੱਤ ਸਹੇੜਦੇ ਨੇ
12. ਭੋਂ ਦੀ ਵੰਡ
ਹਜ਼ਰਤ ਕਾਜ਼ੀ ਤੇ ਪੈਂਚ ਸਦਾਅ ਸਾਰੇ ਭਾਈਆਂ ਜ਼ਮੀਂ ਨੂੰ ਕੱਛ ਪਵਾਈ ਆਹੀ
ਵੱਢੀ ਦੇ ਕੇ ਭੋਏਂ ਦੇ ਬਦੇ ਵਾਰਸ, ਬੰਜਰ ਜ਼ਮੀਂ ਰੰਝੇਟੇ ਨੂੰ ਆਈ ਆਹੀ
ਕੱਛਾਂ ਮਾਰ ਸ਼ਰੀਕ ਮਜ਼ਾਕ ਕਰਦੇ, ਭਾਬੀਆਂ ਰਾਂਝੇ ਦੇ ਬਾਬ ਬਨਾਈ ਆਹੀ
ਗੱਲ ਭਾਬੀਆਂ ਏਹੀ ਬਣਾ ਛੱਡੀ, ਮਗਰ ਜੱਟ ਦੇ ਫੱਕੜੀ ਲਾਈ ਆਹੀ
13. ਭਾਬੀ ਦਾ ਉੱਤਰ
ਪਿੰਡਾ ਚਤ ਕੇ ਆਰਸੀ ਨਾਲ ਦੇਖਣ, ਤਿਨਾਂ ਵਾਹਨ ਕੇਹਾ ਹਲ ਵਾਹਣਾ ਏ
ਪਿੰਡਾ ਪਾਲ ਕੇ ਚੋਪੜੇ ਪਟੇ ਜਿੰਨ੍ਹਾਂ, ਕਿਸੇ ਰੰਨ ਕੀ ਉਨ੍ਹਾਂ ਤੋਂ ਚਾਹੁਣਾ ਏ
ਹੁਣੇ ਭੋਏ ਦੇ ਝਗੜੇ ਕਰੇ ਮੁੰਡਾ ਏਸ ਤੋੜ ਨਾ ਮੁਲ ਨਬਾਹੁਣਾ ਏ
ਦੇਹੇ ਵੰਝਲੀ ਵਾਹੇ ਤੇ ਰਾਹ ਗਾਵੇ, ਕੋਈ ਰੋਜ਼ ਦਾ ਇਹ ਪ੍ਰਾਹੁਣਾ ਏ
14. ਉੱਤਰ ਰਾਂਝਾ
ਰਾਂਝਾ ਜੋਤਰਾ ਵਾਹ ਕੇ ਥੱਕ ਰਹਿਆ, ਲਾਹ ਅਰਲੀਆਂ ਛਾਉਂ ਨੂੰ ਆਂਵਦਾ ਏ
ਭੱਤਾ ਆਣ ਕੇ ਭਾਬੀ ਨੇ ਕੋਲ ਧਰਿਆ ਹਾਲ ਆਪਣਾ ਰੋ ਵਖਾਂਵਦਾ ਏ
ਛਾਲੇ ਪਏ ਤੇ ਹੱਥ ਤੇ ਪੈਰ ਫੁੱਟੇ ਸਾਨੂੰ ਵਾਹੀ ਦਾ ਕੰਮ ਨਾ ਭਾਂਵਦਾ ਏ
ਵਾਰਸ ਸ਼ਾਹ ਜਿਉਂ ਲਾਡਲਾ ਬਾਪ ਦਾ ਸੀ ਅਤੇ ਖਰਾ ਪਿਆਰੜਾ ਮਾਉਂ ਦਾ ਸੀ
15. ਰਾਂਝੇ ਦਾ ਉੱਤਰ
ਰਾਂਝਾ ਆਖਦਾ ਭਾਬੀਉ ਵੈਰਨੋ ਨੀ, ਤੁਸਾਂ ਭਾਈਆ ਨਾਲੋਂ ਵਿਛੋੜਿਆ ਜੇ
ਖ਼ੁਸ਼ੀ ਰੂਹ ਨੂੰ ਬਹੁਤ ਦਿਲਗੀਰ ਕੀਤਾ, ਤੁਸਾਂ ਫੁੱਲ ਗੁਲਾਬ ਦਾ ਤੋੜਿਆ ਜੇ
ਸਕੇ ਭਾਈਆਂ ਨਾਲੋਂ ਵਛੋੜ ਮੈਨੂੰ, ਕੰਡਾ ਵਿੱਚ ਕਲੇਜੇ ਦੇ ਪੋੜਿਆ ਜੇ
ਭਾਈ ਜਿਗਰ ਤੇ ਜਾਨ ਸਾਂ ਅਸੀਂ ਅੱਠੇ ਵੱਖੋ ਵੱਖ ਕਰ ਨਾ ਨਖੋੜਿਆ ਜੇ
ਨਾਲ ਵੈਰ ਦੇ ਰਿੱਕਤਾਂ ਛੇੜ ਭਾਬੀ ਸਾਨੂੰ ਮੇਹਣਾ ਹੋਰ ਚਿਮੋੜਿਆ ਜੇ
ਜਦੋਂ ਸਫਾ ਹੋ ਟੁਰਨ ਗੀਆਂ ਤਰਫ ਜੰਨਤ ਵਾਰਸ ਸ਼ਾਹ ਦੀ ਵਾਗ ਨਾ ਮੋੜਿਆ ਜੇ
16. ਉੱਤਰ ਭਾਬੀ
ਕਰੇਂ ਆਕੜਾਂ ਖਾ ਕੇ ਦੁੱਧ ਚਾਵਲ ਇਹ ਰੱਜ ਕੇ ਖਾਣ ਦੀਆਂ ਮਸਤੀਆਂ ਨੇ
ਆਖਣ ਦੇਵਰੇ ਨਾਲ ਨਿਹਾਲ ਹੋਈਆਂ ਸਾਨੂੰ ਸਭ ਸ਼ਰੀਕਣੀਆਂ ਹੱਸਦੀਆਂ ਨੇ
ਇਹੋ ਰਾਂਝਣੇ ਨਾਲ ਹਨ ਘਿਉ ਸ਼ੱਕਰ ਪਰ ਜਿਉ ਦਾ ਭੇਤ ਨਾ ਦੱਸਦੀਆਂ ਨੇ
ਰੰਨਾਂ ਡਿਗਦੀਆਂ ਵੇਖ ਕੇ ਛੈਲ ਮੁੰਡਾ ਜਿਵੇਂ ਸ਼ਹਿਰ 'ਚ ਮੱਖੀਆਂ ਫਸਦੀਆਂ ਨੇ
ਇੱਕ ਤੂੰ ਕਲੰਕ ਹੈਂ ਅਸਾਂ ਲੱਗਾ, ਹੋਰ ਸਭ ਸੁਖਾਲੀਆਂ ਵਸਦੀਆਂ ਨੇ
ਘਰੋਂ ਨਿਕਲਸੈਂ ਤੇ ਪਿਆ ਮਰੇਂ ਭੁਖਾ ਵਾਰਸ ਭੁਲ ਜਾਵਨ ਖ਼ਰ ਮਸਤੀਆਂ ਨੇ
17. ਉੱਤਰ ਰਾਂਝਾ
ਤੁਸਾਂ ਛਤਰੇ ਮਰਦ ਬਣਾ ਦਿੱਤੇ ਸੱਪ ਰੱਸੀਆਂ ਦੇ ਕਰੋ ਡਾਰੀਉ ਨੀ
ਰਾਜੇ ਭੋਜ ਦੇ ਮੁਖ ਲਗਾਮ ਦੇ ਕੇ ਚੜ੍ਹ ਦੌੜੀਆਂ ਹੋ ਟੂਣੇ ਹਾਰੀਉ ਨੀ
ਕੈਰੋ ਪਾਂਡੂਆਂ ਦੀ ਸਫਾ ਗਾਲ ਸੁੱਟੀ ਜ਼ਰਾ ਗੱਲ ਦੇ ਨਾਲ ਹਰਿਆਰਿਉ ਨੀ
ਰਾਵਣ ਲੰਕ ਲੁਟਾ ਕੇ ਗੁਰਦ ਹੋਇਆ ਕਾਰਨ ਤੁਸਾਂ ਦੇ ਹੀ ਹਤਿਆਰਿਉ ਨੀ
18. ਉੱਤਰ ਭਾਬੀ
ਭਾਬੀ ਆਖਦੀ ਗੁੰਡਿਆ ਮੁੰਡਿਆ ਵੇ, ਅਸਾਂ ਨਾਲ ਕੀ ਰਿੱਕਤਾਂ ਚਾਈਆਂ ਨੀ
ਅਲੀ ਜੇਠ ਤੇ ਜਿਨ੍ਹਾਂ ਦੇ ਫੱਤੂ ਦੇਵ, ਡੁੱਬ ਮੋਈਆਂ ਉਹ ਭਰਜਾਈਆਂ ਨੀ
ਘਰੋ ਘਰੀ ਵਿਚਾਰਦੇ ਲੋਕ ਸਾਰੇ, ਸਾਨੂੰ ਕੇਹੀਆਂ ਫਾਹੀਆਂ ਪਾਈਆਂ ਨੀ
ਤੇਰੀ ਗੱਲ ਨਾ ਬਣੇ ਗੀ ਨਾਲ ਸਾਡੇ, ਪਰਨਾ ਲਿਆ ਸਿਆਲਾਂ ਦੀਆਂ ਜਾਈਆਂ ਨੀ
19. ਉੱਤਰ ਰਾਂਝਾ
ਮੂੰਹ ਬੁਰਾ ਦਸੇਦੜਾ ਭਾਬੀਏ ਨੀ, ਸੜੇ ਹੋਏ ਪਤੰਗ ਕਿਉਂ ਸਾੜਨੀ ਹੈ
ਤੇਰੇ ਗੋਚਰੇ ਕੰਮ ਕੀ ਪਿਆ ਸਾਡਾ, ਸਾਨੂੰ ਬੋਲੀਆਂ ਨਾਲ ਕਿਉਂ ਸਾੜਨੀ ਹੈਂ
ਉੱਤੇ ਚਾੜ੍ਹ ਕੇ ਪੌੜੀਆਂ ਲਾਹ ਲੈਂਦੀ, ਕੇਹੇ ਕਲਾ ਦੇ ਮਹਿਲ ਉਸਾਰਨੀ ਹੈ
ਅਸਾਂ ਨਾਲ ਕੀ ਮਾਮਲਾ ਪਿਆ ਤੈਨੂੰ, ਐਪਰ ਪੇਕਿਆਂ ਵੱਲੋਂ ਗਵਾਰਨੀ ਹੈ
20. ਉੱਤਰ ਭਾਬੀ
ਸਿੱਧਾ ਹੋਇ ਕੇ ਰੋਟੀਆਂ ਖਾ ਜੱਟਾ, ਭਵਾਂ ਕਾਸ ਨੂੰ ਏਡੀਆਂ ਚਾਈਆਂ ਨੀ
ਤੇਰੀ ਪਨਘਟਾਂ ਦੇ ਉੱਤੇ ਪਿਉ ਪਈ, ਧੁੰਮਾਂ ਤ੍ਰਿੰਜਨਾਂ ਦੇ ਵਿੱਚ ਪਾਈਆਂ ਨੀ
ਘਰ ਘਰ ਵਸਾਰ ਕੇ ਖੁਆਰ ਹੋਈਆਂ, ਝੋਕਾਂ ਪ੍ਰੇਮ ਦੀਆਂ ਜਿਨ੍ਹਾਂ ਨੂੰ ਲਾਈਆਂ ਨੀ
ਜ਼ੁਲਫਾਂ ਕੁੰਢੀਆਂ ਕਾਲੀਆਂ ਹੂੰਕ ਮੰਗੂ ਝੋਕਾਂ ਹਿਕ ਤੇ ਆਣ ਬਠਾਈਆਂ ਨੀ
ਵਾਰਸ ਸ਼ਾਹ ਇਹ ਜਿਨ੍ਹਾਂ ਦੇ ਚੰਨ ਦੇਵਰ ਘੋਲ ਘੱਤੀਆਂ ਸੈ ਭਰਜਾਈਆਂ ਨੀ
21. ਉੱਤਰ ਭਾਬੀ
ਅਠਖੇਲੀਆਂ ਅਹਿਲ ਦੀਵਾਨਿਆਂ ਵੇ ਬੁੱਕਾਂ ਮੋਢਿਆਂ ਦੇ ਉੱਤੋਂ ਸੱਟਨਾ ਏ
ਚੀਰਾ ਬੰਨ੍ਹ ਕੇ ਭਿੰਨੜੇ ਵਾਲ ਚੋਪੜ ਵਿੱਚ ਤ੍ਰਿੰਜਣਾਂ ਫੇਰੀਆਂ ਘੱਤਨਾ ਏ
ਰੋਟੀ ਖਾਂਦਿਆਂ ਲੂਣ ਜੇ ਪਵੇ ਥੋੜ੍ਹਾ ਚਾ ਅੰਗਨੇ ਵਿੱਚ ਪਲੱਟਨਾ ਏ
ਕੰਮ ਕਰੇਂ ਨਾਹੀਂ ਹੱਛਾ ਖਾਏ ਪਹਿਲੇ ਜੜ ਆਪਣੀ ਆਪ ਤੂੰ ਪੱਟਨਾ ਏ
22. ਉੱਤਰ ਰਾਂਝਾ
ਭੁਲ ਗਏ ਹਾਂ ਵੜੇ ਹਾਂ ਆਣ ਵਿਹੜੇ ਸਾਨੂੰ ਬਖਸ਼ ਲੈ ਡਾਰੀਏ ਵਾਸਤਾ ਈ
ਹੱਥੋਂ ਤੇਰਿਉਂ ਦੇਸ ਮੈਂ ਛੱਡ ਜਾਸਾਂ ਰਖ ਘਰ ਹੈਸਿਹਾਰੀਏ ਵਾਸਤਾ ਈ
ਦਿਨੇਂ ਰਾਤ ਤੂੰ ਜ਼ੁਲਮ ਤੇ ਲੱਕ ਬੱਧਾ ਮੁੜੇ ਰੂਪ ਸੰਘਾਰੀਏ ਵਾਸਤਾ ਈ
ਨਾਲ ਹੁਸਨ ਦੇ ਫਿਰੇਂ ਗੁਮਾਨ ਲੱਦੀ ਸਮਝ ਮਸਤ ਹੰਕਾਰੀਏ ਵਾਸਤਾ ਈ
ਵਾਰਸ ਸ਼ਾਹ ਨੂੰ ਮਾਰ ਨਾ ਭਾਗ ਭਰੀਏ ਅਨੀ ਮਨਸ ਦੀਏ ਪਿਆਰੀਏ ਵਾਸਤਾ ਈ
23. ਉੱਤਰ ਭਾਬੀ
ਸਾਡਾ ਹੁਸਨ ਪਸੰਦ ਨਾ ਲਿਆਵਨਾਏ, ਜਾ ਹੀਰ ਸਿਆਲ ਵਿਵਾਹ ਲਿਆਵੀਂ
ਵਾਹ ਵੰਝਲੀ ਪ੍ਰੇਮ ਦੀ ਘਤ ਜਾਲੀ ਕਾਈ ਨੱਢੀ ਸਿਆਲਾਂ ਦੀ ਫਾਹ ਲਿਆਵੀਂ
ਤੈਂ ਬੇ ਵੱਲ ਹੈ ਰੰਨਾਂ ਵਿਲਾਵਨੇ ਦਾ ਰਾਨੀ ਕੋਕਲਾਂ ਮਹਿਲ ਤੋਂ ਲਾਹ ਲਿਆਵੀਂ
ਦਿਨੇਂ ਬੂਹਿਉਂ ਕੱਢਨੀਂ ਮਿਲੇ ਨਾਹੀਂ ਰਾਤੀਂ ਕੰਧ ਪਛਵਾੜਿਉਂ ਢਾਹ ਲਿਆਵੀਂ
ਵਾਰਸ ਸ਼ਾਹ ਨੂੰ ਨਾਲ ਲੈ ਜਾਇ ਕੇ ਤੇ ਜਿਹੜਾ ਦਾਉ ਲੱਗੇ ਸੋਈ ਲਾ ਲਿਆਵੀਂ
24. ਉੱਤਰ ਰਾਂਝਾ
ਨੱਢੀ ਸਿਆਲਾਂ ਦੀ ਵਿਆਹ ਕੇ ਲਿਆਵਸਾਂ ਮੈਂ ਕਰੋ ਬੋਲੀਆਂ ਅਤੇ ਠਠੋਲੀਆਂ ਨੀ
ਬਹੇ ਘਤ ਪੀੜ੍ਹਾ ਵਾਂਗ ਮਹਿਰੀਆਂ ਦੇ ਹੋਵਣ ਤੁਸਾਂ ਜਹੀਆਂ ਅੱਗੇ ਗੋਲੀਆਂ ਨੀ
ਮਝੋ ਵਾਹ ਵਿੱਚ ਬੋੜੀਏ ਭਾਬੀਆਂ ਨੂੰ ਹੋਵਨ ਤੁਸਾਂ ਜੇਹੀਆਂ ਬੜਬੋਲੀਆਂ ਨੀ
ਬਸ ਕਰੋ ਭਾਬੀ ਅਸੀਂ ਰੱਜ ਰਹੇ ਭਰ ਦਿੱਤੀਆਂ ਜੇ ਸਾਨੂੰ ਝੋਲੀਆਂ ਨੀ
25. ਉੱਤਰ ਭਾਬੀ
ਕੇਹਾ ਭੇੜ ਮਚਾਇਉ ਈ ਲੁਚਿਆ ਵੇ ਮੱਥਾ ਡਾਹਿਉਬੀ ਸੌਕਣਾਂ ਵਾਂਗ ਕੇਹਾ
ਜਾ ਸੱਜਰਾ ਕਾਮ ਗਵਾ ਨਾਹੀਂ ਹੋ ਜਾਸੀਆਂ ਜੋਬਨਾ ਫੇਰ ਬੇਹਾ
ਰਾਂਝੇ ਖਾ ਗੁੱਸਾ ਸਿਰ ਧੌਲ ਮਾਰ ਕੇਹੀ ਚੰਬੜੀ ਉਨ ਨੂੰ ਵਾਂਗ ਲੇਹਾ
ਤੁਸੀਂ ਦੇਸ ਰੱਖੋ ਅਸੀਂ ਛੱਡ ਚੱਲੇ ਲਾਹ ਝਗੜਾ ਭਾਬੀਏ ਗਲ ਏਹਾ
ਹਥ ਪਕੜ ਕੇ ਜੁੱਤੀਆਂ ਮਾਰ ਬੁੱਕਲ ਰਾਂਝਾ ਹੋ ਟੁਰਿਆ ਵਾਰਸ ਸ਼ਾਹ ਜੇਹਾ।
26. ਭਰਾਵਾਂ ਨੂੰ ਖਬਰ ਮਿਲੀ
ਖ਼ਬਰ ਭਾਈਆਂ ਨੂੰ ਲੋਕਾਂ ਜਾ ਦਿੱਤੀ ਧੀਦੋ ਰੁੱਸ ਹਜ਼ਾਰਿਉਂ ਚਲਿਆ ਜੇ
ਹਲ ਵਾਹੁਨਾ ਓਸ ਤੋਂ ਹੋਏ ਨਾਹੀਂ ਮਾਰ ਬੋਲੀਆਂ ਭਾਬੀਆਂ ਸਲਿੱਆ ਜੇ
ਪਕੜ ਰਾਹ ਟੁਰਿਆ, ਮੰਝੋ ਨੈਨ ਰੋਵਨ ਜਿਵੇਂ ਨਦੀ ਦਾ ਨੀਰ ਉੱਛਲਿਆ ਜੇ
ਅੱਗੋਂ ਵੀਰ ਦੇ ਵਾਸਤੇ ਭਾਈਆਂ ਨੇ ਅਧਵਾਟਿਉ ਰਾਹ ਜਾ ਮੱਲਿਆ ਜੇ
27. ਕਵੀ ਦਾ ਕਥਨ
ਰੂਹ ਛੱਡ ਕਲਬੂਤ ਜਿਉਂ ਵਿਦਾਅ ਹੋਂਦਾ ਤਿਵੇਂ ਇਹ ਦਰਵੇਸ਼ ਸਧਾਰਿਆ ਈ
ਅੰਨ ਪਾਣੀ ਹਜ਼ਾਰੇ ਦਾ ਕਸਮ ਕਰਕੇ ਕਸਦ ਝੰਗ ਸਿਆਲ ਚਤਾਰਿਆ ਈ
ਕੀਤਾ ਰਿਜ਼ਕ ਤੇ ਆਬ ਉਦਾਸ ਰਾਂਝਾ ਚਲੋ ਚਲੀ ਹੀ ਜੀਵ ਪੁਕਾਰਿਆ ਈ
ਕੱਛੇ ਵੰਝਲੀ ਮਾਰ ਕੇ ਰਵਾਂ ਹੋਇਆ ਵਾਰਸ ਵਤਨ ਤੇ ਦੇਸ ਵਸਾਰਿਆ ਈ
28. ਭਰਾਵਾਂ ਦਾ ਉੱਤਰ
ਆਖ ਰਾਂਝਿਆ ਭਾਇ ਕੀ ਬਣੀ ਤੇਰੇ ਦੇਸ ਆਪਣਾ ਛੱਡ ਸਧਾਰ ਨਾਂਹੀਂ
ਵੀਰਾ ਅੰਬੜੀ ਜਾਇਆ ਜਾ ਨਾਹੀਂ ਸਾਨੂੰ ਨਾਲ ਫਰਾਕ ਦੇ ਮਾਰ ਨਾਹੀਂ
ਇਹ ਬਾਂਦੀਆਂ ਤੇ ਅਸੀਂ ਵੀਰ ਤੇਰੇ ਕੋਈ ਹੋਰ ਵਿਚਾਰ ਵਿਚਾਰ ਨਾਹੀਂ
ਬਖ਼ਸ਼ ਇਹ ਗੁਨਾਹ ਤੂੰ ਭਾਬੀਆਂ ਨੂੰ ਕੌਣ ਜੰਮਿਆ ਜੋ ਗੁਨਾਹਗਾਰ ਨਾਹੀਂ
ਭਾਈਆਂ ਬਾਝ ਨਾ ਮਜਲਸਾਂ ਸੁੰਹਦੀਆਂ ਨੀ ਅਤੇ ਭਾਈਆਂ ਬਾਝ ਬਹਾਰ ਨਾਹੀਂ
ਭਾਈ ਮਰਨ ਤੇ ਪੌਂਦੀਆਂ ਭਜ ਬਾਹਾਂ ਬਿਨਾਂ ਭਾਈਆਂ ਪਰ੍ਹੇ ਪਰਵਾਰ ਨਾਹੀਂ
ਲੱਖ ਓਟ ਹੈ ਕੋਲ ਵਸੇਦਿਆਂ ਦੀ ਭਾਈਆਂ ਗਿਆਂ ਜੇਡੀ ਕੋਈ ਹਾਰ ਨਾਹੀਂ
ਭਾਈ ਢਾਂਵਦੇ ਭਾਈ ਉਸਾਰਦੇ ਨੇ ਭਾਈਆਂ ਬਾਝ ਬਾਹਾਂ ਬੇਲੀ ਯਾਰ ਨਾਹੀਂ
29. ਉੱਤਰ ਰਾਂਝਾ
ਰਾਂਝੇ ਆਖਿਆ ਉਠਿਆ ਰਿਜ਼ਕ ਮੇਰਾ ਮੈਥੋਂ ਭਾਈਓ ਤੁਸੀਂ ਕੀ ਮੰਗਦੇ ਹੋ
ਸਾਂਭ ਲਿਆ ਜੇ ਬਾਪ ਦਾ ਮਿਲਖ ਸਾਰਾ ਤੁਸੀਂ ਸਾਕ ਨਾ ਸੈਨ ਨਾ ਅੰਗ ਦੇ ਹੋ
ਵਸ ਲਗੇ ਤਾਂ ਮਨਸੂਰ ਵਾਂਗੂੰ ਮੈਨੂੰ ਚਾਇ ਸੂਲੀ ਉਤੇ ਟੰਗਦੇ ਹੋ ਵਿੱਚੋਂ ਖ਼ੁਸ਼ੀ ਹੋ
ਅਸਾਂ ਦੇ ਨਿਕਲਣ ਤੇ ਮੂੰਹੋਂ ਆਖਦੇ ਗੱਲ ਕਿਉਂ ਸੰਗਦੇ ਹੋ
30. ਉੱਤਰ ਭਾਬੀਆਂ
ਭਰਜਾਈਆਂ ਆਖਿਆ ਰਾਂਝਿਆ ਵੇ ਅਸੀਂ ਬਾਂਦੀਆਂ ਤੇਰੀਆਂ ਮੁੰਨੀਆਂ ਹਾਂ
ਨਾਉਂ ਲੈਂਨਾ ਹੈ ਜਦੋਂ ਤੂੰ ਜਾਵਣੇ ਦਾ ਅਸੀਂ ਹੰਝਰੋਂ ਰੱਤ ਦੀਆਂ ਰੁੰਨੀਆਂ ਹਾਂ
ਜਾਨ ਮਾਲ ਕੁਰਬਾਨ ਹੈ ਤੁਧ ਉਤੋਂ ਅਤੇ ਆਪ ਵੀ ਚੋਖਣੇ ਹੁੰਨੀਆਂ ਹਾਂ
ਸਾਨੂੰ ਸਬਰ ਕਰਾਰ ਨਾ ਆਂਵਦਾ ਹੈ ਜਿਸ ਵੇਲੜੇ ਤੈਥੋਂ ਵਿਛੁੰਨੀਆਂ ਹਾਂ
31. ਉੱਤਰ ਰਾਂਝਾ
ਭਾਬੀ ਰਿਜ਼ਕ ਉਦਾਸ ਜਾਂ ਹੋ ਟਰਿਆਂ ਹੁਣ ਕਾਸ ਨੂੰ ਘੇਰ ਕੇ ਠਗਦੀਆਂ ਹੋ
ਪਹਿਲਾਂ ਸਾੜ ਕੇ ਜਿਊ ਨਮਾਨੜੇ ਦਾ ਪਿੱਛੋਂ ਭੁੱਲੀਆਂ ਲਾਵਣੇ ਲਗਦੀਆਂ ਹੋ
ਭਾਈ ਸਾਕ ਸਨ ਸੋ ਤੁਸਾਂ ਵੱਖ ਕੀਤੇ ਤੁਸੀਂ ਸਾਕ ਕੀ ਸਾਡੀਆਂ ਲਗਦੀਆਂ ਹੋ
ਅਸੀਂ ਕੁੱਜੜੇ ਰੂਪ ਕਰੂਪ ਵਾਲੇ ਤੁਸੀਂ ਜੋਬਨੇ ਦੀਆ ਨੈਈ ਵਗਦੀਆਂ ਹੋ
ਅਸਾਂ ਆਬ ਤੇ ਤੁਆਮ ਹਰਾਮ ਕੀਤਾ ਤੁਸੀਂ ਠਗਣੀਆਂ ਸਾਰੜੇ ਜੱਗਦੀਆਂ ਹੋ
ਵਾਰਸ਼ ਸ਼ਾਹ ਇਕੱਲੜੇ ਕੀ ਕਰਨਾ ਤੁਸੀਂ ਸਤ ਇਕੱਠੀਆਂ ਵਗਦੀਆਂ ਹੋ।
32. ਰਾਂਝਾ ਮਸੀਤ ਵਿੱਚ ਪੁੱਜਾ
ਵਾਹ ਲਾ ਰਹੇ ਭਾਈਆ ਭੀ ਰਾਂਝਾ ਰੁਠ ਹਜ਼ਾਰਿਉਂ ਧਾਇਆ ਏ
ਭੁਖ ਨੰਗ ਨੂੰ ਝਾਕ ਕੇ ਪੰਧ ਕਰਕੇ ਰਾਤੀਂ ਵਿੱਚ ਮਸੀਤ ਦੇ ਛਾਇਆ ਏ
ਹਥ ਵੰਝਲੀ ਪਕੜ ਕੇ ਰਾਤ ਅੱਧੀ ਰਾਂਝੇ ਮਜ਼ਾ ਭਈ ਖੂਬ ਬਣਾਇਆ ਏ
ਰਨ ਮਰਦ ਨਾ ਪਿੰਡ ਵਿੱਚ ਰਹਿਆ ਕੋਈ ਸਭਾ ਗਿਰਦ ਮਸੀਤ ਸਦਾਇਆ ਏ
ਵਾਰਸ ਸ਼ਾਹ ਮੀਆਂ ਪੰਡ ਝਗੜਿਆਂ ਦੀ ਪਿੱਛੋਂ ਮੁੱਲਾਂ ਮਸੀਤ ਦਾ ਆਇਆ ਏ
33. ਮਸੀਤ ਦੀ ਸਿਫਤ
ਮਸਜਿਦ ਬੈਤੁਲ ਅਤੀਕ ਮਿਸਾਲ ਆਹੀ ਖਾਨਾ ਕਾਅਬਿਉਂ ਡੌਲ ਉਤਾਰਿਆ ਨੇ
ਗੋਇਆ ਅਕਸਾ ਦੇ ਨਾਲ ਦੀ ਭੈਨ ਦੁਈ ਸ਼ਾਇਦ ਸੰਦਲੀ ਨੂਰ ਉਸਾਰਿਆ ਨੇ
ਪੜ੍ਹਨ ਫਾਜ਼ਿਲ ਦਰਸ ਦਰਵੇਸ਼ ਮੁਫਤੀ ਖ਼ੂਬ ਕਢ ਅਲਹਾਨ ਪਰਕਾਰਿਆ ਨੇ
ਤਾਅਲੀਲ ਮੀਜ਼ਾਨ ਤੇ ਸਰਫ ਬਹਾਈ, ਸਰਫ ਮੀਰ ਭੀ ਯਾਦ ਪੁਕਾਰਿਆ ਨੇ
ਕਾਜ਼ੀ ਕੁਤਬ ਤੇ ਕਨਜ਼ ਅਨਵਾਅ ਬਾਰਾਂ ਮਸਉਣੀਆ ਜਿਲਦ ਸਵਾਰਿਆ ਨੇ
ਖ਼ਾਨੀ ਨਾਲ ਮਜਮੂਆ ਸੁਲਤਾਨੀਆਂ ਦੇ ਅਤੇ ਹੈਰਤੁਲਫਿੱਕਾ ਨਵਾਰਿਆ ਨੇ
ਫਤਾਵਾ ਬਰਹਨਾ ਮੰਜੂਮ ਸ਼ਾਹਾਂ ਨਾਲ ਜ਼ੁਬਦਿਆਂ ਹਿਫ਼ਜ਼ ਕਰਾਰਿਆ ਨੇ
ਮੁਆਰਜੁਲਨਬੂਤ ਖ਼ੁਲਾਲਿਆਂ ਤੋਂ ਰੋਜ਼ਾ ਨਾਲ ਅਖ਼ਲਾਸ ਪਸਾਰਿਆ ਨੇ
ਜ਼ਰਾਦਿਆਂ ਦੇ ਨਾਲ ਸ਼ਰ੍ਹਾ ਮੁੱਲਾ ਜ਼ਨਜਾਨੀਆਂ ਨਹਿਵ ਨਤਾਰਿਆ ਨੇ
ਕਰਨ ਹਿਫਜ਼ ਕੁਰਾਨ, ਤਫਸੀਰ ਦੌਰਾਂ ਗ਼ੈਰ ਸ਼ਰ੍ਹਾ ਨੂੰ ਦੁਰਿਆਂ ਮਾਰਿਆ ਨੇ
34. ਬੱਚੇ ਸਬਕ ਪੜ੍ਹਦੇ
ਇੱਕ ਨਜ਼ਮ ਦੇ ਦਰਸ ਹਰ ਕਰਨ ਪੜ੍ਹਦੇ ਨਾਮ-ਏ-ਹੱਕ ਅਤੇ ਖ਼ਾਲਿਕ ਬਾਰੀਆਂ ਨੇ
ਗੁਲਿਸਤਾਂ ਬੋਸਤਾਂ ਨਾਲ ਬਹਾਰ ਦਾਨਿਸ਼ ਤੁਤੀਨਾਮੇ ਤੇ ਰਾਜ਼ਕ ਬਾਰੀਆਂ ਨੇ
ਮਿਨਸ਼ਾਇਤ ਨਸਾਬ ਤੇ ਅੱਬਲਫਜ਼ਲਾਂ ਸ਼ਾਹਨਾਮਿਉਂ ਵਾਹਦਬਾਰੀਆਂ ਨੇ
ਕਿਰਾਨ ਅਲਸਾਅਦੀਅਨ ਦੀਵਾਨ ਹਾਫਿਜ਼ ਸ਼ੀਰੀਂ ਖ਼ੁਸਰਵਾਂ ਲਿਖ ਸਵਾਰੀਆਂ ਨੇ
35. ਬੱਚੇ ਸਬਕ ਪੜ੍ਹਦੇ
ਕਲਮਦਾਨ ਦਫਤੈਨ ਦਵਾਤ ਪੱਟੀ ਨਾਵੇ ਐਮਲੀ ਵੇਖਦੇ ਲੜਕਿਆਂ ਦੇ
ਲਿਖਣ ਨਾਲ ਮਸੌਦੇ ਸਿਆਕ ਖਸਰੇ ਸਿਆਹੇ ਅਵਾਰਜੇ ਲਿਖਦੇ ਵਰਕਿਆਂ ਦੇ
ਇੱਕ ਭੁਲ ਕੇ ਐਨ ਦਾ ਗ਼ੈਨ ਵਾਚਣ ਮੁੱਲਾਂ ਜਿੰਦ ਕਢੇ ਨਾਲ ਕੜਕਿਆਂ ਦੇ
ਇੱਕ ਆਂਵਦੇ ਸ਼ੌਕ ਯਜ਼ਦਾਨ ਲੈ ਕੇ ਵਿੱਚ ਮਕਤਬਾਂ ਦੇ ਨਾਲ ਤੜਕਿਆਂ ਦੇ
36. ਮੁੱਲਾਂ ਦਾ ਉੱਤਰ
ਮੁੱਲਾਂ ਆਖਿਆ ਚੂਨੀਆਂ ਦੇਖਦਿਆਂ ਈ ਗ਼ੈਰ ਸ਼ਰ੍ਹਾ ਤੂੰ ਕੌਣ ਹੈਂ ਦੂਰ ਹੋ ਓਏ
ਏਥੇ ਲੁਚਿਆਂ ਦੀ ਕਾਈ ਜਾ ਨਾਹੀਂ ਪਟੇ ਦੌਰ ਕਰ ਹੱਕ ਮੰਜੂਰ ਹੋ ਓਏ
ਅਨਲਹੱਕ ਕਿਹਾ ਨਾ ਕਿਬਰ ਕਰਕੇ ਓੜਕ ਮਾਰੇਂ ਗਾ ਵਾਂਗ ਮਨਸੂਰ ਹੋ ਓਏ
ਵਾਰਸ ਸ਼ਾਹ ਨਾ ਹਿੰਗ ਦੀ ਬਾਸ ਛੁਪਦੀ ਭਾਵੇਂ ਰਸਮਸੀ ਵਿੱਚ ਕਾਫੂਰ ਹੋ ਓਏ
37. ਉੱਤਰ ਰਾਂਝਾ
ਦਾੜ੍ਹੀ ਸ਼ੇਖ਼ ਦੀ ਅਮਲ ਸ਼ੈਤਾਨ ਵਾਲੇ ਕੇਹਾ ਰਾਣਿਓ ਜਾਂਦਿਆਂ ਰਾਹੀਆਂ ਨੂੰ
ਅੱਗੇ ਕਢ ਕੁਰਾਨ ਤੇ ਬਹੇ ਮੰਬਰ ਕੇਹਾ ਅਡਿਓ ਮਕਰ ਦੀਆਂ ਫਾਹੀਆਂ ਨੂੰ
ਏਸ ਪਲੀਤ ਤੇ ਪਾਕ ਦਾ ਕਰੋ ਵਾਕਿਫ ਅਸੀਂ ਜਾਣੀਏ ਸ਼ਰ੍ਹਾ ਗਵਾਹੀਆਂ ਨੂੰ
ਜਿਹੜੇ ਥਾਂਓ ਨਾਪਾਕ ਦੇ ਵਿੱਚ ਵੜਿਓਂ ਸ਼ੁਕਰ ਰਬ ਦੀਆਂ ਬੇਪਰਵਾਹੀਆਂ ਨੂੰ
ਵਾਰਸ ਸ਼ਾਹ ਵਿੱਚ ਹੁਜਰਿਆਂ ਫਿਅਲ ਕਰਦੇ ਮੁੱਲਾ ਜੋਤੜੇ ਲਾਂਵਦੇ ਵਾਹੀਆ ਨੂੰ
38. ਮੁੱਲਾਂ ਦਾ ਉੱਤਰ
ਘਰ ਰਬ ਦੇ ਮਸਜਿਦਾਂ ਹੁੰਦੀਆਂ ਨੇ ਏਥੇ ਗ਼ੈਰ ਸ਼ਰ੍ਹਾ ਨਾਹੀਂ ਵਾੜੀਏ ਓਏ
ਕੁੱਤਾ ਅਤੇ ਫਕੀਰ ਪਲੀਤ ਹੋਵੇ ਨਾਲ ਦੁਰਿਆਂ ਬੰਨ੍ਹ ਕੇ ਮਾਰੀਏ ਓਏ
ਤਾਰਕ ਹੋ ਸਲਵਾਤ ਦਾ ਪਟੇ ਰੱਖੇ ਲਬਾਂ ਵਾਲਿਆਂ ਮਾਰ ਪਛਾੜਈਏ ਓਏ
ਨੀਵਾਂ ਕਪੜਾ ਹੋਵੇ ਤਾਂ ਪਾੜ ਸੁੱਟੀਏ ਹੋਣ ਦਰਾਜ਼ ਤਾਂ ਸਾੜੀਏ ਓਏ
ਵਾਰਸ ਸ਼ਾਹ ਖ਼ੁਦਾ ਦਿਆਂ ਦੁਸ਼ਮਨਾਂ ਨੂੰ ਦੂਰੋਂ ਕੁੱਤਿਆਂ ਵਾਂਗ ਧਿਰਕਾਰੀਏ ਓਏ
39. ਰਾਂਝੇ ਦਾ ਉੱਤਰ, ਮਸੀਤ ਦੇ ਮੁੱਲਾਂ ਨੂੰ
ਸਾਨੂੰ ਦੱਸ ਨਮਾਜ਼ ਹੈ ਕਾਸ ਦੀ ਜੀ ਕਾਸ ਨਾਲ ਬਣਾਇ ਕੇ ਸਾਰਿਆ ਨੇ
ਕੰਨ ਨਕ ਨਮਾਜ ਦੇ ਹੈਨ ਕਿਤਨੇ ਮੱਥੇ ਕਿਨ੍ਹਾਂ ਦੇ ਧੁਰੋਂ ਇਹ ਮਾਰਿਆ ਨੇ
ਲੰਬੇ ਕੱਦ ਚੌੜੀ ਕਿਸ ਹਾਣ ਹੁੰਦੀ ਕਿਸ ਚੀਜ਼ ਦੇ ਨਾਲ ਸਵਾਰਿਆ ਨੇ
ਵਾਰਸ ਕਿੱਲੀਆਂ ਕਿਤਨੀਆਂ ਉਸ ਦੀਆਂ ਨੇ ਜਿਨ ਨਾਲ ਇਹ ਬੰਨ੍ਹ ਉਤਾਰਿਆ ਨੇ
40. ਮੁੱਲਾਂ ਦਾ ਉੱਤਰ ਰਾਂਝੇ ਨੂੰ
ਅਸਾਂ ਫਿੱਕਾ ਅਸੂਲ ਨੂੰ ਸਹੀ ਕੀਤਾ ਗ਼ੈਰ ਸ਼ਰ੍ਹਾ ਮਰਦੂਦ ਨੂੰ ਮਾਰਨੇ ਆਂ
ਅਸਾਂ ਦਸਨੇ ਕੰਮ ਇਬਾਦਤਾਂ ਦੇ ਪੁਲ ਸਰਾਤ ਤੋਂ ਪਾਰ ਉਤਾਰਨੇ ਆਂ
ਫਰਜ਼ ਸੁੰਨਤਾਂ ਵਾਜਬਾਂ ਨਫਲ ਵਿਤਰਾਂ ਨਾਲ ਜਾਇਜ਼ਾ ਸਚ ਨਿਤਾਰਨੇ ਆਂ
ਵਾਰਸ ਸ਼ਾਹ ਜਮਾਇਤ ਦੇ ਤਾਰਕਾਂ ਨੂੰ ਤਾਜ਼ਿਆਨਿਆਂ ਦੂਰਿਆਂ ਮਾਰਨੇ ਆਂ
41. ਉੱਤਰ ਰਾਂਝਾ
ਬਾਸ ਹਲਵਿਆਂ ਦੀ ਖ਼ਬਰ ਮੁਰਦਿਆਂ ਦੀ ਨਾਲ ਦੁਆਈ ਦੇ ਜੀਂਵਦੇ ਮਾਰਦੇ ਹੋ
ਅਨ੍ਹੇ ਕੋੜਿਆਂ ਲੁਲਿਆਂ ਵਾਂਗ ਬੈਠੇ ਕੁਰਾਅ ਮਰਨ ਜਮਾਣ ਦਾ ਮਾਰਦੇ ਹੋ
ਸ਼ਰ੍ਹਾ ਚਾ ਸਰਪੋਸ਼ ਬਣਾਇਆ ਜੇ ਰਵਾਦਾਰ ਵੱਡੇ ਗੁਨ੍ਹਾਗਾਰ ਦੇ ਹੋ
ਵਾਰਸ ਸ਼ਾਹ ਮੁਸਾਫਰਾਂ ਆਇਆਂ ਨੂੰ ਚੱਲ ਚਲੀ ਹੀ ਪਏ ਪੁਕਾਰਦੇ ਹੋ
42. ਉੱਤਰ ਮੁੱਲਾਂ
ਮੁੱਲਾਂ ਆਖਿਆ ਨਾਮਾਅਕੁਲ ਜੱਟਾ ਫਰਜ਼ ਕੱਜ ਕੇ ਰਾਤ ਗੁਜ਼ਾਰ ਜਾਈਂ
ਫਜਰ ਹੁੰਦੀ ਥੋਂ ਅੱਗੇ ਹੀ ਉਠ ਏਥੋਂ ਸਿਰ ਕੱਜ ਕੇ ਮਸਜਦੋਂ ਨਿਕਲ ਜਾਈ
ਘਰ ਰੱਬ ਦੇ ਨਾਲ ਨਾ ਬੰਨ੍ਹ ਝੇੜਾ ਅਜ਼ ਗ਼ੈਬ ਦੀਆਂ ਹੁਜੱਤਾਂ ਨਾ ਉਠਾਈਂ
ਵਾਰਸ ਸ਼ਾਹ ਖ਼ੁਦਾ ਦੇ ਖ਼ਾਨਿਆਂ ਨੂੰ ਇਹ ਮੁੱਲਾ ਭੀ ਚੰਬੜੇ ਹੈਨ ਬਲਾਈ
43. ਰਾਂਝੇ ਦਾ ਮਸੀਤੋਂ ਜਾਣਾਂ ਅਤੇ ਨਦੀ ਤੇ ਪੁਜਣਾ
ਚਿੜੀ ਚੂਹਕ ਦੇ ਨਾਲ ਜਾਂ ਟੁਰੇ ਪਾਂਧੀ ਪਈਆਂ ਦੁਧ ਦੇ ਵਿੱਚ ਮਧਾਣੀਆਂ ਨੀ
ਉਠ ਗੁਸਲ ਦੇ ਵਾਸਤੇ ਜਾਣ ਦੌੜੇ ਸੇਜਾਂ ਰਾਤ ਨੂੰ ਜਿਨ੍ਹਾਂ ਨੇ ਮਾਣੀਆਂ ਨੀਂ
ਰਾਂਝੇ ਕੂਚ ਕੀਤਾ ਆਇਆ ਨਦੀ ਉਤੇ ਸਾਥ ਲੱਦਿਆ ਪਾਰ ਮਹਾਣਿਆਂ ਨੇ
ਵਾਰਸ ਸ਼ਾਹ ਮੀਆਂ ਲੁੱਡਨ ਵਢੀ ਕੁੱਪਾ ਸ਼ਹਿਦ ਦਾ ਲੱਦਿਆ ਬਾਣੀਆਂ ਨੇ
44. ਮਲਾਹ ਨਾਲ ਰਾਂਝੇ ਦੇ ਸਵਾਲ ਜਵਾਬ
ਰਾਂਝੇ ਆਖਿਆ ਪਰ ਨੰਘਾ ਅੱਬਾ ਮੈਨੂੰ ਚਾੜ੍ਹ ਲੈ ਰੱਬ ਦੇ ਵਾਸਤੇ ਤੇ
ਅਸੀਂ ਰੱਬ ਕੀ ਜਾਣਦੇ ਭੇਨ ਪਾੜਾ ਬੇੜਾ ਠੇਲਦੇ ਲਬ ਦੇ ਵਾਸਤੇ ਤੇ
ਅਸਾਂ ਰਿਜ਼ਕ ਕਮਾਵਨਾ ਨਾਲ ਹੀਲੇ ਬੇੜੇ ਖਿਚਦੇ ਡਬ ਦੇ ਵਾਸਤੇ ਤੇ
ਹਥ ਜੋੜ ਕੇ ਮਿੰਨਤਾ ਕਰੇ ਰਾਂਝਾ ਤਰਲਾ ਕਰਾਂ ਮੈਂ ਝਬ ਦੇ ਵਾਸਤੇ ਤੇ
ਰੁੱਸ ਆਇਆ ਹਾਂ ਨਾਲ ਭਾਬੀਆਂ ਦੇ ਝਟ ਕਰਾਂ ਸਬਬ ਦੇ ਵਾਸਤੇ ਤੇ
45. ਉੱਤਰ ਮਲਾਹ
ਪੈਸਾ ਖੋਲ ਕੇ ਹੱਥ ਤੇ ਜੇ ਧਕੇ ਮੇਰੇ ਗੋਦੀ ਚਾਇ ਕੇ ਪਾਰ ਉਤਾਰਨਾ ਹਾਂ
ਅਤੇ ਢੇਕਿਆ ਮੁਫਤ ਜੇ ਕੰਨ ਖਾਏ ਚਾ ਬੇੜਿਉਂ ਜਮੀਨ ਤੋਂ ਮਾਰਨਾ ਹਾਂ
ਜਿਹੜਾ ਕੱਪੜਾ ਦੇ ਤੇ ਨਕਦ ਮੈਨੂੰ ਸਭੋ ਓਸ ਦੇ ਕੰਮ ਸਵਾਰਨਾ ਹਾਂ
ਜ਼ੋਰਾਵਰੀ ਜੋ ਆਣ ਕੇ ਚੜ੍ਹੇ ਬੇੜੀ ਅਧਵਾਟੜੇ ਡੋਬ ਕੇ ਮਾਰਨਾ ਹਾਂ
ਡੂਮਾਂ ਅਤੇ ਫਕੀਰਾਂ ਤੇ ਮੁਫਤਖੋਰਾਂ ਦੂਰੋਂ ਕੁੱਤਿਆਂ ਵਾਂਗ ਧਰਕਾਰਨਾ ਹਾਂ
ਵਾਰਸ ਸ਼ਾਹ ਜਿਹੀਆਂ ਪੀਰ ਜ਼ਾਦਿਆਂ ਨੂੰ ਮੁੱਢੋਂ ਬੇੜੀ ਦੇ ਵਿੱਚ ਨਾ ਵਾੜਨਾ ਹਾਂ
46. ਕਵੀ ਦਾ ਕਥਨ
ਰਾਂਝਾ ਮਿੰਨਤਾਂ ਕਰਕੇ ਥੱਕ ਰਹਿਆ ਅੰਤ ਹੋ ਕੰਧੀ ਪਰ੍ਹਾਂ ਜਾਇ ਬੈਠਾ
ਛਡ ਅੱਗ ਬੇਗਾਨੜੀ ਹੋ ਗੋਸ਼ੇ ਪ੍ਰੇਮ ਢਾਂਡਰੀ ਵੱਖ ਜਗਾਇ ਬੈਠਾ
ਗਾਵੇ ਸੱਦ ਫਰਾਕ ਦੇ ਨਾਲ ਰੋਵੇ ਉਤੇ ਵੰਝਲੀ ਸ਼ਬਦ ਵਜਾਇ ਬੈਠਾ
ਜੋ ਕੋ ਆਦਮੀ ਤ੍ਰੀਮਤਾਂ ਮਰਦ ਹੈ ਸਨ ਪੱਤਨ ਛਡ ਸਭ ਓਸ ਥੇ ਜਾਇ ਬੈਠਾ
ਰੰਨਾਂ ਲੁੱਡਨ ਜਬੈਲ ਦੀਆਂ ਭਰਨ ਮੁੱਠੀ ਪੈਰ ਦੋਹਾਂ ਦੇ ਹਿਕ ਟਿਕਾਇ ਬੈਠਾ
ਗੁੱਸਾ ਖਾ ਕੇ ਲਏ ਝਬੈਲ ਝਈਆਂ ਅਤੇ ਦੋਹਾਂ ਨੂੰ ਹਾਕ ਬੁਲਾਇ ਬੈਠਾ
ਪਿੰਡ ਬਾਹੁੜੀਂ ਜਟ ਲੈ ਜਾਗ ਰੰਨਾਂ ਕੇਹਾ ਸ਼ੁਗਲ ਹੈ ਆਣ ਜਗਾਇ ਬੈਠਾ
ਵਾਰਸ ਸ਼ਾਹ ਏਸ ਮੋਹੀਆਂ ਮਰਦ ਰੰਨਾਂ ਨਾਹੀਂ ਜਾਣਦੇ ਕੌਣ ਬਲਾਇ ਬੈਠਾ
47. ਲੁੱਡਨ ਮਲਾਹ ਦਾ ਹਾਲ ਪਾਹਰਿਆ
ਲੁੱਡਣ ਕਰੇ ਵਸਵਾਸ ਜਿਉ ਆਦਮੀ ਨੂੰ ਯਾਰੋ ਵਸਵਸਾ ਆਣ ਸ਼ੈਤਾਨ ਕੀਤਾ
ਦੇਖ ਸ਼ੋਰ ਫਸਾਦ ਝਬੇਲ ਸੱਦਾ ਮੀਏ ਰਾਂਝੇ ਨੇ ਜਿਉ ਹੈਰਾਨ ਕੀਤਾ
ਬਨ੍ਹ ਸਿਰੇ ਤੇ ਵਾਹਲ ਤਿਆਰ ਹੋਇਆ ਤੁਰ ਠੱਲਣੇ ਦਾ ਸਮਿਆਨ ਕੀਤਾ
ਰੰਨਾਂ ਲੁੱਡਣ ਦੀਆਂ ਦੇਖ ਰਹਿਮ ਕੀਤਾ ਜੋ ਕੁਝ ਨਬੀ ਨੇ ਨਾਲ ਮਹਿਮਾਨ ਕੀਤਾ
ਇਹੋ ਜਿਹੇ ਜੇ ਆਦਮੀ ਹੱਥ ਆਵਣ ਜਾਨ ਮਾਲ ਪਰਵਾਰ ਕੁਰਬਾਨ ਕੀਤਾ
ਆਉ ਕਰਾਂ ਹੈਂ ਏਸ ਦੀ ਮਿੰਨਤ ਜ਼ਾਰੀ ਵਾਰਸ ਕਾਸ ਥੋਂ ਦਿਲ ਪਰੇਸ਼ਾਨ ਕੀਤਾ।
48. ਮਲਾਹ ਦੀਆਂ ਰੰਨਾ ਦੀ ਰਾਂਝੇ ਨੂੰ ਤਸੱਲੀ ਦੇਣਾ
ਸੈਈ ਵੰਝੀ ਚਨਾਓ ਦਾ ਅੰਤ ਨਾਹੀਂ ਡੁਬ ਮਰੇਂ ਗਾ ਠਿਲ੍ਹ ਨਾ ਸੱਜਨਾ ਵੋ
ਚਾੜ੍ਹ ਮੋਢਿਆਂ ਤੇ ਤੈਨੂੰ ਅਸੀਂ ਠਿੱਲ੍ਹਾ ਕੋਈ ਜਾਨ ਤੋਂ ਢਿਲ ਨਾ ਸੱਜਨਾ ਵੋ
ਸਾਡਾ ਅਕਲ ਸ਼ਉਰ ਤੂੰ ਖੱਸ ਲੀਤਾ ਰਿਹਿਆ ਕੁਖੜਾ ਹਿਲ ਨਾ ਸੱਜਨਾ ਵੋ
ਸਾਡੀਆਂ ਅੱਖੀਆਂ ਦੇ ਵਿੱਚ ਵਾਂਗ ਧੀਰੀ ਡੇਰਾ ਘਤ ਬਹੁ ਹਿਲ ਨਾ ਸੱਜਨਾ ਵੋ
ਵਾਰਸ ਸ਼ਾਹ ਮੀਆਂ ਤੇਰੇ ਚੋਖਨੇ ਹਾਂ ਸਾਡਾ ਕਾਲਜਾ ਸਿੱਲ ਨਾ ਸੱਜਨਾ ਵੋ
49. ਮਲਾਹ ਦੀਆਂ ਰੰਨਾ ਨੇ ਰਾਂਝੇ ਨੂੰ ਕਿਸ਼ਤੀ ਵਿੱਚ ਚਾੜ੍ਹਨਾ
ਦੋਹਾਂ ਬਾਹਾਂ ਤੋਂ ਪਕੜ ਰੰਝੇਟੜੇ ਨੂੰ ਮੁੜ ਆਨ ਬੇੜੀ ਵਿੱਚ ਚਾੜ੍ਹਿਆ ਨੇ
ਤਕਸੀਰ ਮੁਆਫ ਕਰ ਆਦਮੇ ਦੀ ਮੁੜ ਆਨ ਬਹਿਸ਼ਤ ਵਿੱਚ ਵਾੜ੍ਹਿਆ ਨੇ
ਗੋਇਆ ਖ਼ਾਬ ਦੇ ਵਿੱਚ ਅਜ਼ਾਜ਼ੀਲ ਡਿੱਠਾ ਮੈਨੂੰ ਫੇਰ ਮੁੜ ਅਰਸ਼ ਤੇ ਚਾੜ੍ਹਿਆ ਨੇ
ਵਾਰਸ ਸ਼ਾਹ ਨੂੰ ਤੁਰਤ ਨਹਾਇ ਕੇ ਤੇ ਬੀਵੀ ਹੀਰ ਦੇ ਪਲੰਗ ਤੇ ਚਾੜ੍ਹਿਆ ਨੇ
50. ਰਾਂਝੇ ਦਾ ਪਲੰਗ ਬਾਰੇ ਪੁੱਛਣਾ
ਯਾਰੋ ਪਲੰਗ ਕੇਹਾ ਸੁੰਨੀ ਸੇਜ ਏਥੇ ਲੋਕਾਂ ਆਖਿਆ ਹੀਰ ਜਟੇਟੜੀ ਦਾ
ਬਾਦਸ਼ਾਹ ਸਿਆਲਾਂ ਦੇ ਤ੍ਰਿੰਜਨਾ ਦੀ ਮਹਿਰ ਚੂਚਕੇ ਖਾਨ ਦੀ ਬੇਟੜੀ ਦਾ
ਸ਼ਾਹ ਪਰੀ ਪਨਾਹ ਨਿਤ ਲਏ ਜਿਸ ਥੋਂ ਏਹ ਥਾਉਂ ਉਸ ਮੁਸ਼ਕ ਲਪੇਟੜੀ ਦਾ
ਅਸੀਂ ਸਭ ਝਬੇਲ ਤੇ ਘਾਟ ਪੱਤਨ ਸੱਭਾ ਹੁਕਮ ਹੋ ਓਸ ਸਲੇਟੜੀ ਦਾ
51. ਮਲਾਹ ਦਾ ਗੁੱਸਾ ਅਤੇ ਬੇਕਰਾਰੀ
ਬੇੜੀ ਨਹੀਂ ਇਹ ਜੰਜ ਦੀ ਬਣੀ ਬੈਠਕ ਜੋ ਕੋ ਆਂਵਦਾ ਸੱਦ ਬਹਾਵੰਦਾ ਹੈ
ਗੱਡਾ ਵਡਾ ਅਮੀਰ ਫਕੀਰ ਬੈਠੇ ਕੌਣ ਪੁਛਦਾ ਕਿਹੜੇ ਥਾਂਵਦਾ ਹੈ
ਜਿਵੇਂ ਸ਼ਮ੍ਹਾਂ ਤੇ ਡਿਗਨ ਪਤੰਗ ਧੜ ਧੜ ਲੰਘ ਨਏ ਮੁਹਾਨਿਆ ਆਵੰਦਾ ਹੈ
ਖ਼ਾਜਾ ਖ਼ਿਜਰ ਦਾ ਬਾਲਕਾ ਆਨ ਲੱਥਾ ਜਣਾ ਖਣਾ ਸ਼ੀਰਨੀਆਂ ਲਿਆਵਦਾ ਹੈ।
ਲੁੱਡਨ ਨਾ ਲੰਘਾਇਆ ਪਾਰ ਉਸ ਨੂੰ ਓਸ ਵੇਲੜੇ ਨੂੰ ਪੱਛੋਤਾਂਵਦਾ ਹੈ
ਯਾਰੋ ਝੂਠ ਨਾ ਕਰੇ ਖੁਦਾ ਸੱਚਾ ਰੰਨਾ ਮੇਰੀਆਂ ਇਹ ਖਿਸਕਾਵਦਾ ਹੈ
ਇੱਕ ਸੱਦ ਦੇ ਨਾਲ ਇਹ ਜਿੰਦ ਲੈਂਦਾ ਪੰਛੀ ਡੇਗਦਾ ਮਿਰਗ ਫਹਾਂਵਦਾ ਹੈ
ਠਗ ਸੁੰਨੇ ਥਾਨੇਸਰੋਂ ਆਂਵਦੇ ਨੇ ਇਹ ਤਾਂ ਜ਼ਾਹਰਾ ਠਗ ਝਨਾਂਵਦਾ ਹੈ
ਵਾਰਸ ਸ਼ਾਹ ਮੀਆਂ ਵਲੀ ਜ਼ਾਹਰਾ ਹੈ ਹੁਣੇ ਵੇਖ ਝਬੈਲ ਕਟਾਵਦਾ ਹੈ
52. ਰਾਂਝੇ ਦੇ ਆਉਣ ਦੀ ਖਬਰ
ਜਾ ਮਾਹੀਆਂ ਪਿੰਡ ਵਿੱਚ ਗੱਲ ਟੋਰੀ ਇੱਕ ਸੁਘੜ ਬੇੜੀ ਵਿੱਚ ਗਾਂਵਦਾ ਹੈ
ਉਹਦੇ ਬੋਲਿਆਂ ਮੁਖ ਥੀ ਫੁਲ ਕਿਰਦੇ ਲਾਖ ਲਾਖ ਦਾ ਸੱਦ ਉਲਾਵਦਾ ਹੈ
ਸਣੇ ਲੁੱਡਣ ਝਬੇਲ ਦੀਆਂ ਦੋਵੇਂ ਰੰਨਾਂ ਸੇਜ ਹੀਰ ਦੀ ਤੇ ਅੰਗ ਲਾਵੰਦਾ ਹੈ
ਵਾਰਸ ਸ਼ਾਹ ਕਵਾਰੀਆਂ ਅਫਤਾਂ ਨੇ ਵੇਖ ਕੇਹਾ ਫਤੂਰ ਹੁਣ ਅਵੰਦਾ ਹੈ
53. ਲੋਕਾਂ ਦਾ ਰਾਂਝੇ ਨੂੰ ਪੁੱਛਣਾ
ਲੋਕਾਂ ਪੁੱਛਿਆ ਵੋ ਮੀਆਂ ਕੌਣ ਹੁੰਨਾਂ ਏ ਅੰਨ ਕਿਸੇ ਆਨ ਖਵਾਲਿਆ ਈ
ਤੇਰੀ ਸੂਰਤ ਤੇ ਬਹੁਤ ਮਲੂਕ ਦਿੱਸੇ ਏਡ ਜਫਰ ਤੂੰ ਕਾਸ ਤੇ ਜਾਲਿਆ ਈ
ਅੰਗ ਸਾਕ ਕਿਉਂ ਛਡ ਕੇ ਠੋਸ ਆਇਉਂ ਬੁੱਢੀ ਮਾਂ ਤੇ ਬਾਪ ਨੂੰ ਗਾਲਿਆ ਈ
ਓਹਲੇ ਅੱਖੀਆਂ ਦੇ ਤੈਨੂੰ ਕਿਉਂ ਕੀਤਾ ਕਿਨ੍ਹਾਂ ਦੂਤੀਆਂ ਦਾ ਕੌਲ ਪਾਲਿਆ ਈ
54. ਰਾਂਝੇ ਦਾ ਓਥੋਂ ਤੁਰਨਾਂ
ਹੱਸ ਖੇਡ ਕੇ ਰਾਤ ਗੁਜ਼ਾਰਿਆ ਸੂ ਸੁਬਾ ਉਠ ਕੇ ਜਿਉ ਉਦਾਸ ਕੀਤਾ
ਰਾਹ ਜਾਂਦੜੇ ਨੂੰ ਨਦੀ ਨਜ਼ਰ ਆਈ ਡੇਰਾ ਜਾ ਮਲਾਹਾਂ ਦੇ ਪਾਸ ਕੀਤਾ
ਅੱਗੇ ਪਲੰਗ ਬੇੜੀ ਵਿੱਚ ਵਿਛਿਆ ਸੀ ਉਤੇ ਖ਼ੂਬ ਵਛਾਵਨਾ ਰਾਸ ਕੀਤਾ।
ਥੋੜੀ ਵਿੱਚ ਵਜਾਇ ਕੇ ਵੰਜ਼ਲੀ ਨੂੰ ਜਾ ਪਲੰਗ ਉਤੇ ਆਮ ਖਾਸ ਕੀਤਾ
ਵਾਰਸ ਸ਼ਾਹ ਜਾਂ ਹੀਰ ਨੂੰ ਖ਼ਬਰ ਹੋਈ ਤੇਰੀ ਸੇਜ ਦਾ ਜਟ ਨੇ ਨਾਸ ਕੀਤਾ
55. ਹੀਰ ਦਾ ਆਉਣਾ ਤੇ ਗੁੱਸਾ
ਲੈ ਕੇ ਸਠ ਸਹੇਲੀਆਂ ਨਾਲ ਆਈ ਹੀਰ ਮੱਤੜੀ ਰੂਪ ਗਮਾਨ ਦੀ ਜੀ
ਬੁਕ ਮੋਤੀਆਂ ਦੇ ਕੰਨੀਂ ਝੁਮਕਦੇ ਸਨ ਕੋਈ ਹੁਰ ਤੇ ਪਰੀ ਦੀ ਸ਼ਾਨ ਦੀ ਜੀ
ਕੁੜਤੀ ਸੂਹੇ ਦੀ ਹਿਕ ਦੇ ਨਾਲ ਫੱਬੀ ਹੋਸ਼ ਰਹੀ ਨਾ ਜ਼ਮੀ ਅਸਮਾਨ ਦੀ ਜੀ
ਜਿਸ ਦੇ ਨਕ ਬੁਲਾਕ ਜਿਉਂ ਕੁਤਬ ਤਾਰਾ ਜੋਬਨ ਭਿੰਨੜੀ ਕਹਿਰ ਤੂਫਾਨ ਦੀ ਜੀ
ਆ ਬੰਦਿਆ ਵਾਲੀਏ ਟਲੋਂ ਮੋਈਏ ਅੱਗੇ ਗਈ ਕੇਤੀ ਤੰਬੂ ਤਾਣਦੀ ਜੀ
ਵਾਰਸ ਸ਼ਾਹ ਮੀਆ ਜੱਟੀ ਲੋੜ੍ਹ ਲੁੱਟੀ ਪਰੀ ਕਿਬਰ ਹੰਕਾਰ ਤੇ ਮਾਨ ਦੀ ਜੀ
56. ਹੀਰ ਦੇ ਰੂਪ ਦੀ ਤਾਰੀਫ
ਕੇਹੀ ਹੀਰ ਦੀ ਕਰੇ ਤਾਅਰੀਫ ਸ਼ਾਇਰ ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ
ਖੂਨੀ ਚੂੰਡੀਆ ਰਾਤ ਜਿਉ ਚੰਨ ਦਵਾਲੇ ਸੁਰਖ ਰੰਗ ਸ਼ਰਾਬ ਦਾ ਜੀ
ਨੈਣ ਨਰਗਸੀ ਮਿਰਗ ਮਮੋਲੜੇ ਦੇ ਗੱਲ੍ਹਾਂ ਟਹਿਕੀਆ ਫੁਲ ਗੁਲਾਬ ਦਾ ਜੀ
ਭਵਾਂ ਵਾਂਗ ਕਮਾਨ ਲਾਹੌਰ ਦਿੱਸੇਕੋਈ ਹੁਸਨ ਨਾ ਅੰਤ ਹਸਾਬ ਦਾ ਜੀ
ਸੁਰਮਾ ਨੈਣਾਂ ਦੀ ਧਾਰ ਵਿੱਚ ਫਬ ਰਹਿਆ ਚੜ੍ਹਿਆ ਹਿੰਦ ਤੇ ਕਟਕ ਪੰਜਾਬ ਦਾ ਜੀ
ਖੁੱਲ੍ਹੀ ਤਿੰਜਨਾਂ ਵਿੱਚ ਲਟਕਦੀ ਹੈ ਹਾਥੀ ਮਸਤ ਜਿਉਂ ਫਿਰੇ ਨਵਾਬ ਦਾ ਜੀ
ਚਿਹਰੇ ਸੁਹਣੇ ਤੇ ਖਾਲ ਖ਼ਤ ਬਨਦੇ ਖ਼ੁਸ਼ਖਤ ਜਿਉਂ ਹਰਫ ਕਿਤਾਬ ਦਾ ਜੀ
ਜਿਹੜੇ ਵੇਖਣੇ ਦੇ ਰੀਝਵਾਨ ਆਹੇ ਵੱਡਾ ਵਾਇਦਾ ਤਿਨ੍ਹਾਂ ਦੇ ਬਾਬ ਦਾ ਜੀ
ਚਲੋ ਲੈਲਾਤੁਲਕਦਰ ਦੀ ਕਰੋ ਜ਼ਿਆਰਤ ਵਾਰਸ ਸ਼ਾਹ ਏਹ ਕੰਮ ਸਵਾਬ ਦਾ ਜੀ
57. ਓਹੀ ਚਾਲੂ
ਹੋਠ ਸੁਰਖ਼ ਯਾਕੂਤ ਜਿਉਂ ਲਾਲ ਚਮਕਣ ਥੋਡੀ ਸੇਬ ਵਲਾਇਤੀ ਸਾਰ ਵਿੱਚੋਂ
ਨਕ ਅਲਫ ਹੁਸੈਲੀ ਦਾ ਪਿਪਲਾ ਸੀ ਜ਼ੁਲਫ ਨਾਗ ਖ਼ਜ਼ਾਨੇ ਦੀ ਬਾਰ ਵਿੱਚੋਂ
ਦੰਦ ਚੰਬੇ ਦੀ ਲੜੀ ਕਿ ਹੰਸ ਮੋਤੀ ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ
ਲਖ਼ੀ ਚੀਨ ਕਸ਼ਮੀਰ ਤਸਵੀਰ ਜੱਟੀ ਕਦ ਸਰੂ ਬਹਿਸ਼ਤ ਗੁਲਜ਼ਾਰ ਵਿੱਚੋਂ
ਗਰਦਣ ਕੂੰਜ ਦੀ ਉਂਗਲਾਂ ਰੁਟਾਹ ਵਲੀਆਂ ਹਥ ਕੂਲਬੇ ਬਰਗ ਚਨਾਰ ਵਿੱਚੋਂ
ਬਾਹਾਂ ਵੇਲਣੇ ਵੇਲੀਆਂ ਗੁਨ੍ਹ ਮੱਖਣ ਛਾਤੀ ਸੰਗ ਮਰ ਮਰ ਗੰਗ ਧਾਰ ਵਿੱਚੋਂ
ਛਾਤੀ ਠਾਠ ਦੀ ਉਰ ਪਟ ਖਿਹਜ਼ ਸਿਉ ਬਲਖ ਦੇ ਚੁਣੇ ਅੰਬਾਰ ਵਿੱਚੋਂ
ਧੁੰਨੀ ਬਹਸ਼ਿਤ ਦੇ ਹੌਜ਼ ਦਾ ਮੁਸ਼ਕ ਕੁੱਬਾ ਪੇਟੂ ਮਖਮਲੀ ਖਾਸ ਸਰਕਾਰ ਵਿੱਚੋਂ
ਕਾਫੂਰ ਸ਼ਨਾਹ ਸਰੀਨ ਬਾਂਕੇ ਸਾਕ ਹੁਸਨ ਵਸਤੁਨ ਪਹਾੜ ਵਿੱਚੋਂ
ਸੁਰਖ਼ੀ ਹੋਠਾਂ ਦੀ ਲੋੜ੍ਹ ਦੰਦਾਸੜੇ ਦਾ ਖੋਜੇ ਖ਼ਤਰੀ ਕਤਲ ਬਾਜ਼ਾਰ ਵਿੱਚੋਂ
ਸ਼ਾਹ ਪਰੀ ਦੀ ਭੈਣ ਪੰਚ ਫੂਲ ਰਾਣੀ ਗੁਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ
ਸੱਈਆਂ ਨਾਲ ਲਟਕਦੀ ਮਾਨ ਮੱਤੀ ਜਿਵੇਂ ਹਰਨੀਆਂ ਤੁੱਠੀਆਂ ਬਾਰ ਵਿੱਚੋਂ
ਅਪਰਾਧ ਤੇ ਅਵਧ ਦਲਤ ਸਿਰੀ ਚਮਕ ਨਿਕਲੇ ਮਿਆਨ ਦੀ ਧਾਰ ਵਿੱਚੋਂ
ਫਿਰੇ ਚਿਣਕਦੀ ਚਾਉ ਦੇ ਨਾਲ ਜੱਟੀ ਚੜਿਆ ਗ਼ਜ਼ਬ ਦਾ ਕਟਕ ਕੰਧਾਰ ਵਿੱਚੋਂ
ਲੰਕ ਬਾਗ ਦੀ ਪਰੀ ਕਿ ਇੰਦਰਾਨੀ ਹੂਰ ਨਿਕਲੀ ਚੰਦ ਦੀ ਧਾਰ ਵਿੱਚੋਂ
ਪੁਤਲੀ ਪੀਕਣੇ ਦੀ ਨਕਸ਼ ਰੋਮ ਵਾਲੇ ਲੱਧਾ ਪੂਰੇ ਨੇ ਚੰਦ ਉਜਾੜ ਵਿੱਚੋਂ
ਏਵੇਂ ਸਰਕਦੀ ਆਂਵਦੀ ਲੋੜ੍ਹ ਲੁੱਟੀ ਜਿਵੇਂ ਕੂੰਜ ਤਰੰਗਲੀ ਡਾਰ ਵਿੱਚੋਂ
ਮੱਥੇ ਆਣ ਲੱਗਣ ਜਿਹੜੇ ਭੌਰ ਆਸ਼ਕ ਨਿੱਕਲ ਜਾਣ ਤਲਵਾਰ ਦੀ ਧਾਰ ਵਿੱਚੋਂ
ਇਸ਼ਕ ਬੋਲਦਾ ਨਢੀ ਦੇ ਥਾਂਉਂ ਥਾਂਈਂ ਰਾਗ ਨਿਕਲੇ ਜ਼ੀਲ ਦੀ ਤਾਰ ਵਿੱਚੋਂ
ਕਜ਼ਲਬਾਸ਼ ਅਸਵਾਰ ਜੱਲਾਦ ਖੂਨੀ ਨਿੱਕਲ ਦੌੜਿਆ ਉਰਦ ਬਾਜ਼ਾਰ ਵਿੱਚੋਂ
ਵਾਰਸ ਸ਼ਾਹ ਜਾਂ ਨੈਣਾਂ ਦਾ ਦਾਉ ਲੱਗੇ ਕੋਈ ਬਚੇ ਨਾ ਜੂਏ ਦੀ ਹਾਰ ਵਿੱਚੋਂ
58. ਮਲਾਹਾਂ ਤੇ ਸਖਤੀ ਤੇ ਉਨ੍ਹਾਂ ਦਾ ਉੱਤਰ
ਪਕੜ ਲਏ ਝਬੇਲ ਤੇ ਬੰਨ੍ਹ ਮੁਸ਼ਕਾ ਮਾਰ ਛਮਕਾਂ ਲਹੂ ਲੁਹਾਣ ਕੀਤੇ
ਆਣ ਪਲੰਗ ਤੇ ਕੌਣ ਸਵਾਲਿਆ ਜੇ ਮੇਰੇ ਵੈਰ ਤੇ ਤੁਸਾਂ ਸਾਮਾਨ ਕੀਤੇ
ਕੁੜੀਏ ਮਾਰ ਨਾ ਅਸਾਂ ਬੇਦੋਸਿਆਂ ਨੂੰ ਕੋਈ ਅਸਾਂ ਨਾ ਏਹ ਮਿਹਮਾਨ ਕੀਤੇ
ਚੈਂਚਰ ਹਾਰੀਏ ਰਬ ਤੋਂ ਡਰੀਂ ਮੋਈਏ ਅੱਗੇ ਕਿਸੇ ਨਾ ਏਡ ਤੂਫਾਨ ਕੀਤੇ
ਏਸ ਇਸ਼ਕ ਦੇ ਨਸ਼ੇ ਨੇ ਨਢੀਏ ਨੀ ਵਾਰਸ ਸ਼ਾਹ ਹੋਰੀਂ ਪਰੇਸ਼ਾਨ ਕੀਤੇ
59. ਉੱਤਰ ਹੀਰ
ਜੌਨੀ ਕਮਲੀ ਰਾਜ ਦੇ ਚੂਚਕੇ ਦਾ ਐਵੇਂ ਕਿਸੇ ਦੀ ਕੀ ਪਰਵਾਹ ਮੈਨੂੰ
ਮੈਂ ਤਾਂ ਧਰੂਹ ਕੇ ਪਲੰਘ ਤੋਂ ਚਾ ਸੁੱਟਾਂ ਆਇਆਂ ਕਿਧਰੇ ਦੇਹ ਬਾਦਸ਼ਾਹ ਮੈਨੂੰ
ਨਾਢੂ ਸ਼ਾਹ ਦਾ ਪੁੱਤ ਕਿ ਸ਼ੇਰ ਹਾਥੀ ਪਾਸ ਢੁਕਾਂ ਲਏ ਗਾ ਢਾ ਮੈਨੂੰ
ਨਾਹੀਂ ਪਲੰਘ ਤੇ ਏਸ ਨੂੰ ਟਿਕਨ ਦੇਣਾ ਲਾ ਰਹੇਗਾ ਲਖ ਜੋ ਵਾਹ ਮੈਨੂੰ
ਇਹ ਬੋਦਲਾ ਪੀਰ ਬਗ਼ਦਾਦ ਗੁੱਗਾ ਮੇਲੇ ਆਣ ਬੈਠਾ ਵਾਰਸ ਸ਼ਾਹ ਮੈਨੂੰ
60. ਉਹੀ (ਚਲਦਾ)
ਉਨ੍ਹੀਂ ਸੁੱਤਿਆ ਸੇਜ ਅਸਾਡੜੀ ਤੋਂ ਲੰਮਾ ਸੁਸਰੀ ਵਾਂਗ ਕੀ ਪਿਆ ਹੈ ਵੇ
ਰਾਤੀਂ ਕਿਤੇ ਉਨੀਂਦਰਾ ਕੱਟਿਉਈ ਏਡੀ ਨੀਂਦ ਵਾਲਾ ਲੁੜ੍ਹ ਗਿਆ ਹੈ ਵੇ
ਸੁੰਞੀ ਦੇਖ ਨਖਸਮੜੀ ਸੇਜ ਮੇਰੀ ਕੋਈ ਆਹਲਕੀ ਆਨ ਢੈ ਪਿਆ ਹੈਂ ਵੇ
ਕੋਈ ਤਾਪ ਕਸੂਰਤ ਕਿ ਜਿੰਨ ਲੱਗੋ ਇੱਕੇ ਡਾਇਨ ਕਿਸੇ ਭਖ ਲਿਆ ਹੈ ਵੇ
ਵਾਰਸ ਸ਼ਾਹ ਤੂੰ ਜਿਊਂਦਾ ਘੂਕ ਸੁਤੋਂ ਇੱਕੇ ਮੌਤ ਆਈ ਮਰ ਗਿਆ ਹੈ ਵੇ
61. ਰਾਂਝੇ ਦੀ ਬੇਪਰਵਾਹੀ, ਹੀਰ ਦਾ ਗੁੱਸਾ ਅਤੇ ਹੀਰ ਨੂੰ ਰਾਂਝੇ ਦਾ ਉੱਤਰ
ਕਰਕੇ ਮਾਰੋ ਹੀ ਮਾਰ ਤੇ ਪਕੜ ਛਮਕਾਂ ਪਰੀ ਆਦਮੀ ਤੇ ਕਹਿਰਬਾਨ ਹੋਈ
ਰਾਂਝੇ ਉਠ ਕੇ ਆਖਿਆ ਵਾਹ ਸੱਜਨ ਹੀਰ ਹੱਸ ਕੇ ਤੇ ਮਿਹਰਬਾਨ ਹੋਈ
ਕਛੋ ਵੰਝਲੀ ਕੰਨ ਦੇ ਵਿਚ ਵਾਲਾ ਜ਼ੁਲਫ ਮੁਖੜੇ ਤੇ ਪਰੇਸ਼ਾਨ ਹੋਈ
ਭਿੰਨੇ ਵਾਲ ਚੂਨੇ ਬੈਨੀ ਚੰਦ ਰਾਂਝਾ ਨੈਨ ਕੱਜਲੇ ਦੀ ਘਮਸ਼ਾਨ ਹੋਈ
ਸੂਰਤ ਯੂਸਫ ਵੇਖ ਤੈਮਸ ਬੇਟੀ ਸਨੇ ਬਾਲਕੇ ਬਹੁਤ ਹੈਰਾਨ ਹੋਈ
ਨੈਨ ਮਸਤ ਕਲੇਜੜੇ ਵਿੱਚ ਧਾਨੇ ਹੀਰ ਘੋਲ ਘੱਤੀ ਕੁਰਬਾਨ ਹੋਈ
ਆਇ ਬਗ਼ਲ ਵਿੱਚ ਬੈਠ ਕੇ ਕਰੇ ਗੱਲਾਂ ਜਿਵੇਂ ਵਿੱਚ ਕਿਰਬਾਨ ਕਮਾਨ ਹੋਈ
ਭਲਾ ਹੋਇਆ ਮੈਂ ਤੈਨੂੰ ਨਾ ਮਾਰ ਬੈਠੀ ਕਾਈ ਨਹੀਂ ਸੀ ਗੱਲ ਬੇਸ਼ਾਨ ਹੋਈ
ਰੂਪ ਜੱਟ ਦਾ ਵੇਖ ਕੇ ਜਾਗ ਲਧੀ ਹੀਰ ਵਾਰ ਘਤੀ ਸਰਗਰਦਾਨ ਹੋਈ
ਵਾਰਸ ਸ਼ਾਹ ਨਾ ਥਾਉਂ ਦਮ ਮਾਰਨੇ ਦੀ ਚਾਰ ਚਸ਼ਮ ਦੀ ਜਦੋਂ ਘਮਸਾਨ ਹੋਈ
62. ਉੱਤਰ ਰਾਂਝਾ
ਰਾਂਝਾ ਆਖਦਾ ਇਹ ਜਹਾਨ ਸੁਫਨਾ ਪਰ ਜਾਵਣਾ ਹੈ ਮਤਵਾਲੀਏ ਨੀ
ਤੁਸਾਂ ਜਿਹੀਆਂ ਪਿਆਰਿਆਂ ਇਹ ਲਾਜ਼ਮ ਆਏ ਗਏ ਮੁਸਾਫਰਾਂ ਪਾਲੀਏ ਜੀ
ਏਡਾ ਹੁਸਨ ਦਾ ਨਾ ਗੁਮਾਨ ਕੀਜੇ ਏਹ ਲੈ ਪਲੰਗ ਹਈ ਸਣੇ ਨਹਾਲੀਏ ਨੀ
ਅਸਾਂ ਰੱਬ ਦਾ ਆਸਰਾ ਰੱਖਿਆ ਏ ਉੱਠ ਜਵਾਨਾਂ ਹੈ ਨੈਨਾਂ ਵਾਲੀਏ ਨੀ
63. ਉੱਤਰ ਹੀਰ
ਅਜੀ ਹੀਰ ਤੇ ਪਲੰਗ ਸਭ ਥਾਉਂ ਤੇਰੇ ਘੋਲ ਘੱਤੀਆਂ ਜਿਊੜਾ ਵਾਰਿਆ ਈ
ਨਾਹੀਂ ਗਾਲ ਕੱਢੀ ਹੱਥ ਜੋੜਨੀ ਹਾਂ ਹਥ ਲਾ ਨਾਹੀਂ ਤੈਨੂੰ ਮਾਰਿਆ ਈ
ਅਸੀਂ ਮਿੰਨਤਾਂ ਕਰਾਂ ਤੇ ਪੈਰ ਪਕੜਾਂ ਤੈਥੋਂ ਘੋਲਿਆ ਕੋੜਮਾ ਸਾਰਿਆਂ ਈ
ਅਸਾਂ ਹਸ ਕੇ ਆਨ ਸਲਾਮ ਕੀਤਾ ਆਖ ਕਾਸ ਨੂੰ ਮਕਰ ਪਸਾਰਿਆ ਈ
ਸੁੰਞੇ ਪਰ੍ਹੇ ਹਨ ਤਿੰਜਨੀਂ ਚੈਨ ਨਾਹੀਂ ਅਲਾਹ ਵਾਲਿਆ ਵੋ ਸਾਨੂੰ ਤਾਰਿਆ ਈ
ਵਾਰਸ ਸ਼ਾਹ ਸ਼ਰੀਕ ਹੈ ਕੌਣ ਓਸਦਾ ਜਿਸ ਦਾ ਰੱਬ ਨੇ ਕੰਮ ਸਵਾਰਿਆ ਈ
64. ਉੱਤਰ ਰਾਂਝਾ
ਮਾਨ ਮੱਤੀਏ ਰੂਪ ਗੁਮਾਨ ਭਰੀਏ ਅਟਖੀਲੀਏ ਰੰਗ ਰੰਗੀਲੀਏ ਨੀ
ਆਸ਼ਕ ਭੌਰ ਫਕੀਰ ਤੇ ਨਾਗ ਕਾਲੇ ਬਾਝ ਮੰਤਰੋਂ ਮੂਲ ਨਾ ਕੀਲੀਏ ਨੀ
ਏਹ ਜੋਬਨਾ ਠਗ ਬਾਜ਼ਾਰ ਦਾ ਈ ਟੂਨੇ ਹਾਰੀਏ ਛੈਲ ਛਬੀਲੀ ਨੀ
ਤੇਰੇ ਪਲੰਘ ਦਾ ਰੂਪ ਨਾ ਰੰਗ ਘਟਿਆ ਨਾ ਕਰ ਸ਼ੁਹਦਿਆਂ ਨਾਲ ਬਖ਼ੀਲੀਆਂ ਨੀ
ਵਾਰਸ ਸ਼ਾਹ ਬਿਨ ਕਾਰਦੋ ਜ਼ਿਲ੍ਹਾ ਕਰੀਏ ਬੋਲ ਨਾਲ ਜ਼ਬਾਨ ਰਸੀਲੀਏ ਲੀ
65. ਰਾਂਝੇ ਤੋਂ ਹਾਲ ਪੁੱਛਣਾ
ਘੋਲ ਘੋਲ ਘੱਤੀ ਤੈਂਡੀ ਵਾਟ ਉੱਤੋਂ ਬੇਲੀ ਦੱਸ ਵੇਖਾਂ ਕਿਦੋਂ ਆਵਨਾ ਏ
ਕਿਸ ਮਾਨ ਮੱਤੀ ਘਰੋਂ ਕਢਿਉਂ ਤੂੰ ਜਿਸ ਵਾਸਤੇ ਫੇਰੀਆਂ ਪਾਵਨਾ ਏ
ਕੌਣ ਛਡ ਆਇਉਂ ਪਿੱਛੇ ਮਿਹਰਵਾਨ ਜਿਸ ਦੇ ਵਾਸਤੇ ਪੱਛੋਤਾਵਨਾ ਏ
ਕੌਣ ਵਤਨ ਤੇ ਨਾਮ ਕੀ ਸਾਈਆਂ ਵੇ ਅਤੇ ਜ਼ਾਤ ਦਾ ਕੌਣ ਸਦਾਵਨਾਂ ਏ
ਤੇਰੇ ਵਾਰਨੇ ਚੋਖਨੇ ਹੁੰਨੀਆਂ ਮੈਂ ਮੰਗੂ ਬਾਬਲੇ ਦਾ ਚਾਰ ਲਿਆਵਨਾ ਏ
ਮੰਗੂ ਬਾਬਲੇ ਦਾ ਤੇ ਤੂੰ ਚਾਕ ਮੇਰਾ ਇਹ ਵੀ ਫੰਦ ਲੱਗੇ ਜੇ ਤੂੰ ਲਾਵਨਾ ਏ
ਵਾਰਸ ਸ਼ਾਹ ਚੁਹੀਕ ਜੇ ਨਵੀਂ ਚੁਪੇ ਸਭੇ ਕੁਲ ਜਾਨੀ ਜਿਹੜੀਆਂ ਗਾਵਨਾਂ ਏ
66. ਉੱਤਰ ਰਾਂਝਾ
ਤੁਸਾਂ ਜਿਹੇ ਮਾਅਸ਼ਕ ਜੇ ਥੀਨ ਰਾਜ਼ੀ, ਮੰਗੂ ਨੈਨਾਂ ਦੀ ਧਾਰ ਵਿੱਚ ਚਾਰੀਏ ਨੀ
ਨੈਨਾਂ ਤੇਰਿਆਂ ਦੇ ਅਸੀਂ ਚਾਕ ਲੱਗੇ ਜਿਵੇਂ ਜਿਉ ਮੰਨੇ ਤਿਵੇਂ ਸਾਰੀਏ ਨੀ
ਕਿੱਥੋਂ ਗੱਲ ਕੀਚੈ ਨਿਤ ਨਾਲ ਤੁਸਾਂ ਕੋਈ ਬੈਠ ਵਿਚਾਰ ਵਿਚਾਰੀਏ ਨੀ
ਗੱਲ ਘਤ ਜੰਜਾਲ ਕੰਗਾਲ ਮਾਰੇ ਜਾਂ ਤਿੰਜਨੀਂ ਵੜੇ ਕਵਾਰੀਏ ਨੀ
67. ਉੱਤਰ ਹੀਰ
ਹੱਥ ਬੱਧੜੀ ਰਹਾਂ ਗੁਲਾਮ ਤੇਰੀ ਸਣੇ ਤ੍ਰਿੰਜਨਾਂ ਨਾਲ ਸਹੇਲੀਆਂ ਦੇ
ਹੋਸਨ ਨਿਤ ਬਹਾਰਾਂ ਤੇ ਰੰਗ ਘਨੇ ਵਿੱਚ ਬੇਲੜੇ ਦੇ ਨਾਲ ਬੇਲੀਆਂ ਦੇ
ਸਾਨੂੰ ਰੱਬ ਨੇ ਜੁਗ ਮਿਲਾਇ ਦਿੱਤਾ ਭੁੱਲ ਗਏ ਪਿਆਰ ਅਰਬੇਲੀਆਂ ਦੇ
ਦਿਨੇ ਬੇਲਿਆਂ ਦੇ ਵਿੱਚ ਕਰੇਂ ਮੌਜਾਂ ਰਾਤੀਂ ਖੇਡਸਾਂ ਵਿੱਚ ਹਵੇਲੀਆਂ ਦੇ
68. ਉੱਤਰ ਰਾਂਝਾ
ਨਾਲ ਨੱਢੀਆਂ ਘਿਨ ਚਰਖੜੇ ਨੂੰ ਤੁਸਾਂ ਬੈਠਨਾ ਵਿੱਚ ਭੰਡਾਰ ਹੀਰੇ
ਅਸੀਂ ਰੁਲਾਂ ਗੇ ਆਨ ਕੇ ਵਿੱਚ ਵਿਹੜੇ ਸਾਡੀ ਕੋਈ ਨਾ ਲਏ ਗਾ ਸਾਰ ਹੀਰੇ
ਟਕੇ ਰੁਲਾਂ ਗੇ ਵਿਹੜਿਉਂ ਕਢ ਛੱਡੇਂ ਸਾਨੂੰ ਠਗ ਕੇ ਮੂਲ ਨਾ ਮਾਰ ਹੀਰੇ
ਸਾਡੇ ਨਾਲ ਜੇ ਤੋੜ ਨਿਬਾਹਨੀ ਹੈ ਸੱਚਾ ਦੇ ਖਾਂ ਕੌਲ ਕਰਾਰ ਹੀਰ
69. ਉੱਤਰ ਹੀਰ
ਮੈਨੂੰ ਬਾਬਲੇ ਦੀ ਸੌਂਹ ਰਾਂਝਨਾ ਵੇ ਮਰੇ ਮਾਉਂ ਜੇ ਤੁਧ ਥੀਂ ਮੁਖ ਮੋੜਾਂ
ਤੇਰੇ ਬਾਝ ਤੁਆਮ ਹਰਾਮ ਮੈਨੂੰ ਤੁਧ ਬਾਝ ਨਾ ਨੈਨ ਨਾ ਅੰਗ ਜੋੜਾਂ
ਖ਼ਾਜਾ ਖਿਜ਼ਰ ਥੇ ਬੈਠ ਕੇ ਕਸਮ ਖਾਧੀ ਥੀਵਾਂ ਸੂਰ ਜੇ ਪ੍ਰੀਤ ਦੀ ਰੀਤ ਤੋੜਾਂ
ਕੁਹੜੀ ਹੋ ਕੇ ਨੈਨ ਪਰਾਨ ਜਾਵਨ ਤੇਰੇ ਬਾਝ ਜੇ ਕੌਤ ਮੈਂ ਹੋਰ ਲੋੜਾਂ
70. ਰਾਂਝੇ ਦਾ ਹੀਰ ਨੂੰ ਇਸ਼ਕ ਵਿੱਚ ਪੱਕਾ ਕਰਨਾ
ਚੋਤਾ ਮੁਆਮਲੇ ਪੈਣ ਤੇ ਛੱਡ ਜਾਏਂ ਇਸ਼ਕ ਜਾਲਨਾ ਖਰਾ ਦੁਹੇਲੜਾ ਜੀ
ਸਚ ਆਖਣਾ ਦੀ ਈ ਹੁਣੇ ਆਖ ਮੈਨੂੰ ਏਹੋ ਸਚ ਤੇ ਝੂਠ ਦਾ ਵੇਲੜਾ ਈ
ਤਾਬ ਇਸ਼ਕ ਦੀ ਝੱਲਣੀ ਖਰੀ ਔਖੀ ਇਸ਼ਕ ਗੁਰੂ ਤੇ ਜਗ ਸਭ ਚੇਲੜਾ ਈ
ਏਥੋਂ ਛਡ ਈਮਾਨ ਜੇ ਨੱਸ ਜਾਸੇ ਅੰਤ ਰੋਜ਼ ਕਿਆਮਤੇ ਮੇਲੜਾ ਈ
71. ਉੱਤਰ ਹੀਰ
ਤੇਰੇ ਨਾਉਂ ਤੋਂ ਜਾਨ ਕੁਰਬਾਨ ਕੀਤੀ ਮਾਲ ਜਿਉ ਤੇਰੇ ਉਤੋਂ ਵਾਰਿਆ ਈ
ਪਾਸਾ ਜਾਣ ਕੇ ਸੀਸ ਮੈਂ ਲਾਈ ਬਾਜ਼ੀ ਤੁਸਾਂ ਜਿੱਤਿਆ ਤੇ ਅਸਾਂ ਹਾਰਿਆਂ ਈ
ਰਾਂਝਾ ਜਿਉ ਦੇ ਵਿੱਚ ਯਕੀਨ ਕਰਕੇ ਮਿਹਰ ਚੂਚਕੇ ਕੋਲ ਸਧਾਰਿਆ ਈ
ਅੱਗੇ ਪੈਂਚਣੀ ਹੋ ਕੇ ਹੀਰ ਚੱਲੀ ਕੋਲ ਰਾਂਝੇ ਨੂੰ ਜਾ ਖਲਿਆਰਿਆ ਈ
72. ਹੀਰ ਨੇ ਆਪਣੇ ਬਾਪ ਤੋਂ ਸਲਾਹ ਪੁਛਣੀ
ਹੀਰ ਜਾ ਕੇ ਆਖਦੀ ਬਾਬਲਾ ਵੇ ਤੇਰੇ ਨਾਉਂ ਤੋ ਘੋਲ ਘੁਮਾਈਆਂ ਮੈਂ
ਜੱਸ ਆਪਣੇ ਰਾਜ ਦੇ ਹੁਕਮ ਅੰਦਰ ਵਿੱਚ ਸਾਂਦਲੇ ਬਾਰ ਖਡਾਈਆਂ ਮੈਂ
ਲਾਸਾਂ ਪੱਟ ਦੀਆਂ ਪਾ ਕੇ ਬਾਗ਼ ਕਾਲੇ ਪੀਂਘਾਂ ਸ਼ੌਕ ਦੇ ਨਾਲ ਪੀਂਘਾਈਆਂ ਮੈਂ
ਮੇਰੀ ਜਾਨ ਬਾਬਲ ਜਿਵੇਂ ਧਵਲ ਰਾਜਾ ਮਾਹੀ ਮਹੀਂ ਦਾ ਢੂੰਡ ਲਿਆਈਆਂ ਮੈਂ
73. ਹੀਰ ਦੇ ਬਾਪ ਦਾ ਉੱਤਰ
ਬਾਪ ਹਸ ਕੇ ਪੁੱਛਦਾ ਕੌਣ ਹੁੰਦਾ ਇਹ ਮੁੰਡਾ ਕਿਤ ਸਰਕਾਰ ਦਾ ਹੈ
ਹੱਥ ਲਾਇਆ ਪਿੰਡੇ ਤੇ ਦਾਗ਼ ਪੈਂਦਾ ਇਹ ਮਹੀਂ ਦੇ ਨਹੀਂ ਦਰਕਾਰ ਦਾ ਹੈ
ਸੁਘੜ ਚਤਰ ਤੇ ਅਕਲ ਦਾ ਕੋਟ ਨੱਢਾ ਮੱਝੀ ਬਹੁਤ ਸੰਭਾਲ ਕੇ ਚਾਰਦਾ ਹੈ
ਮਾਲ ਆਪਣਾ ਜਾਨ ਕੇ ਸਾਂਭ ਲਿਆਵੇ ਕੋਈ ਕੰਮ ਨਾ ਕਰੇ ਵਗਾਰ ਦਾ ਹੈ
ਹਿੱਕੇ ਨਾਲ ਪਿਆਰ ਦੇ ਹੁੰਗ ਦੇ ਕੇ ਸੋਟਾ ਸਿੰਗ ਤੇ ਮੂਲ ਨਾ ਮਾਰਦਾ ਹੈ
ਦਿਸੇ ਨੂਰ ਅੱਲਾਹ ਦਾ ਮੁਖੜੇ ਤੇ ਮਨੋ ਰਬ ਹੀ ਰਬ ਚਤਾਰਦਾ ਹੈ
74. ਹੀਰ ਦੇ ਬਾਪ ਦਾ ਪੁੱਛਣਾ
ਕਿਹੜੇ ਚੌਧਰੀ ਦਾ ਪੁਤ ਕੌਦ ਜ਼ਾਤੋਂ ਕੇਹਾ ਅਕਲ ਸ਼ਊਰ ਦਾ ਕੋਟ ਹੈ ਨੀ
ਕੀਕੂ ਰਿਜ਼ਕ ਤੇ ਆਬ ਉਦਾਸ ਕੀਤਾ ਇਸ ਨੂੰ ਕਿਹੜੇ ਪੀਰ ਦੀ ਓਟ ਹੈ ਨੀ
ਫੌਜਦਾਰ ਵਾਂਗੂੰ ਕਰ ਕੂਚ ਧਾਣਾ ਮਾਰ ਜਿਉਂ ਨਕਾਰੇ ਤੇ ਚੋਟ ਹੈ ਨੀ
ਕਿਨ੍ਹਾਂ ਜੱਟਾਂ ਦਾ ਪੋਤਰਾ ਕੌਣ ਕੋਈ ਕਿਹੜੀ ਗੱਲ ਦੀ ਏਸ ਨੂੰ ਤੋਟ ਹੈ ਨੀ
75. ਹੀਰ ਨੇ ਬਾਪ ਨੂੰ ਦੱਸਣਾ
ਪੁੱਤਰ ਤਖ਼ਤ ਹਜ਼ਾਰੇ ਦੇ ਚੌਧਰੀ ਦਾ ਰਾਂਝਾ ਜ਼ਾਤ ਦਾ ਜੱਟ ਅਸੀਲ ਹੈ ਜੀ
ਉਹਦਾ ਬੂਪੜਾ ਮੁਖ ਤੇ ਨੈਨ ਨਿਮੇ ਕੋਈ ਛੈਲ ਜੇਹੀ ਉਹਦੀ ਡੀਲ ਹੈ ਜੀ
ਮੱਥਾ ਰਾਂਝੇ ਦਾ ਚਮਕਦਾ ਨੂਰ ਭਰਿਆ ਸਖ਼ੀ ਜਿਉ ਦਾ ਨਹੀਂ ਬਖ਼ੀਲ ਹੈ ਜੀ
ਗੱਲ ਸੁਹਨੀ ਪਰ੍ਹੇ ਦੇ ਵਿੱਚ ਕਰਦਾ ਖੋਜੀ ਲਾਈ ਤੇ ਨਿਆਂਉਂ ਵਕੀਲ ਹੈ ਜੀ
76. ਹੀਰ ਦਾ ਉੱਤਰ
ਕਹੇ ਡੋਗਰਾਂ ਜੱਟਾਂ ਦੇ ਨਿਆਉਂ ਜਣੇ ਪਰ੍ਹੇ ਵਿੱਚ ਵਿਲਾਵੜੇ ਲਾਈਆਂ ਦੇ
ਪਾੜ ਚੀਰ ਕਰ ਜਾਂਦਾਇ ਦੇਸੋਂ ਲੜਿਆ ਕਾਸ ਤੋਂ ਨਾਲ ਇਹ ਭਾਈਆਂ ਦੇ
ਕਿਸ ਗੱਲ ਤੋਂ ਰੁਸਕੇ ਉਠ ਆਇਆ ਕੀਕਰ ਬੋਲਿਆ ਨਾਲ ਭਰਜਾਈਆਂ ਦੇ
ਵਾਰਸ ਸ਼ਾਹ ਦੇ ਨਾਲ ਬੇ ਸ਼ੌਕ ਆਇਆ ਦਿਖਣ ਮੁਖ ਸਿਆਲਾਂ ਦੀਆਂ ਜਾਈਆਂ ਦੇ।
77. ਮਾਂ ਬਾਪ ਅੱਗੇ ਰਾਂਝੇ ਦੀ ਸਿਫਤ
ਲਾਈ ਹੋਇ ਕੇ ਮੁਆਮਲੇ ਦੱਸ ਦੇਂਦਾ ਮੁਨਸਫ ਹੋ ਵੱਢੇ ਫਾਹੇ ਫੇੜਿਆਂ ਦੇ
ਵਰ੍ਹੀ ਘਤ ਕੇ ਕਹੀ ਦੇ ਪਾੜ ਲਾਏ ਸੱਥੋਂ ਕੱਢ ਦੇਂਦਾ ਖੋਜ ਝੇੜਿਆਂ ਦੇ
ਘਾੜਾ ਧਾੜਵੀ ਤੋਂ ਮੋੜ ਲਿਆਂਵਦਾ ਹੈ ਠੰਡ ਪਾਂਵਦਾ ਵਿੱਚ ਬਖੇੜਿਆਂ ਦੇ
ਸਭ ਰਹੀ ਰੋਨੀ ਨੂੰ ਸਾਂਭ ਲਿਆਵੇ ਅੱਖੀਂ ਵਿੱਚ ਰਖੇ ਵਾਂਗ ਹੇੜਿਆਂ ਦੇ
ਸੈਆਂ ਜਵਾਨਾਂ ਦਾ ਭਲਾ ਹੈ ਚਾਕ ਰਾਂਝਾ ਜਿੱਥੇ ਨਿਤ ਪੌਦੇ ਲਖ ਬੇੜਿਆਂ ਦੇ
78. ਹੀਰ ਨੂੰ ਉੱਤਰ
ਤੇਰ ਆਖਣਾ ਅਸਾਂ ਮਨਜ਼ੂਰ ਕੀਤਾ ਮਹੀਂ ਦੇ ਸੰਭਾਲ ਕੇ ਸਾਰੀਆਂ ਨੀ
ਖ਼ਬਰਦਾਰ ਰਹੇ ਮਝੀ ਵਿੱਚ ਖੇੜਾ ਬੇਲੇ ਵਿੱਚ ਮਸੀਬਤਾਂ ਭਾਰੀਆਂ ਨੀ
ਰਲਾ ਕਰੇ ਨਾਹੀਂ ਨਾਲ ਬੰਦਿਆਂ ਦੇ ਏਸ ਕਦੇ ਨਾਹੀਂ ਮਝੀਂ ਚਾਰੀਆਂ ਨੀ
ਮਤਾਂ ਖੇਡ ਰੁੱਝੇ ਖਿੜ ਜਾਨ ਮਝੀ ਹੋਵਣ ਪਿੰਡ ਦੇ ਵਿੱਚ ਖੁਆਰੀਆਂ ਨੀ
79. ਹੀਰ ਨੇ ਮਾਂ ਨੂੰ ਖਬਰ ਦੱਸੀ
ਪਾਸ ਮਾਉਂ ਦੇ ਨਢੜੀ ਗੱਲ ਕੀਤੀ ਮਾਹੀ ਮਝੀ ਦਾ ਆਨ ਕੇ ਛੇੜਿਆ ਮੈਂ
ਨਿਤ ਪਿੰਡ ਦੇ ਵਿੱਚ ਵਿਚਾਰ ਪੈਂਦੀ ਏਹ ਝਗੜਾ ਚਾ ਨਬੇੜਿਆ ਮੈਂ
ਸੁੰਞਾ ਨਿਤ ਰੁਲੇ ਮੰਗੂ ਵਿੱਚ ਬੇਲੇ ਮਾਹੀ ਸੁਘੜ ਹੀ ਆਣ ਸਹੇੜਿਆ ਮੈਂ
ਮਾਏਂ ਕਰਮ ਜਾਗੇ ਸਾਡੇ ਮੰਗੂਆਂ ਦੇ ਸਾਊ ਅਸਲ ਜਟੇਟੜਾ ਘੇਰਿਆ ਮੈਂ
80. ਰਾਂਝੇ ਨੂੰ ਹੀਰ ਦਾ ਉੱਤਰ
ਮੱਖਣ ਖੰਡ ਪਰਵਾਨੇ ਖਾ ਮੀਆਂ ਮਹੀਂ ਛੇੜ ਦੇ ਰਬ ਦੇ ਆਸਰੇ ਤੇ
ਹੱਸਨ ਗੱਭਰੂ ਰਾਂਝਿਆ ਜਾਲ ਮੀਆਂ ਗੁਜ਼ਰ ਆਵਸੀ ਦੁਧ ਦੇ ਕਾਸੜੇ ਤੇ
ਹੀਰ ਆਖਦੀ ਰਬ ਰੱਜਾਕ ਤੇਰਾ ਮੀਆਂ ਜਾਈਂ ਨਾ ਲੋਕਾਂ ਦੇ ਹਾਸੜੇ ਤੇ
ਮਝੀਂ ਛੇੜ ਦੇ ਝੱਲ ਦੇ ਵਿੱਚ ਮੀਆਂ ਆਪ ਹੋ ਬੈਸੇ ਇੱਕ ਪਾਸੜੇ ਤੇ
81. ਰਾਂਝਾ ਬੇਲੇ ਨੂੰ ਗਿਆ, ਉੱਥੇ ਪੰਜਾਂ ਪੀਰਾਂ ਨਾਲ ਮੁਲਾਕਾਤ
ਬੇਲੇ ਰਬ ਦਾ ਨਾਉਂ ਲੈ ਜਾ ਵੜਿਆ ਹੋਇਆ ਧੁਪ ਦੇ ਨਾਲ ਜ਼ਹੀਰ ਮੀਆਂ
ਉਹਦੀ ਨੇਕ ਸਾਇਤ ਰਜੂਹ ਆਣ ਹੋਈ ਮਿਲੇ ਰਾਹ ਜਾਂਦੇ ਪੰਜ ਪੀਰ ਮੀਆਂ
ਬੱਚਾ ਖਾ ਚੂਰੀ ਚੋ ਮਝ ਬੂਰੀ ਜਿਉ ਵਿੱਚ ਨਾ ਹੋ ਦਿਲਗੀਰ ਮੀਆਂ
ਕਾਈ ਨਢੜੀ ਸੋਹਨੀ ਕਰੇ ਬਖ਼ਸ਼ਸ਼ ਪੂਰੇ ਰਬ ਦੇ ਹੋ ਤੁਸੀਂ ਪੀਰ ਮੀਆਂ
ਬਖ਼ਸ਼ੀ ਹੀਰ ਦਰਗਾਹ ਥੀਂ ਤੁਧ ਤਾਈ ਯਾਦ ਕਰੀਂ ਸਾਨੂੰ ਪਵੇ ਭੀੜ ਮੀਆਂ
82. ਪੀਰਾਂ ਨੇ ਜੁਦਾ ਜੁਦਾ ਮੁਰਾਦ ਬਖਸ਼ਣੀ
ਖੁਆਜਾ ਖ਼ਿਜ਼ਰ ਤੇ ਸੱਕਰ ਗੰਜ ਬੋਜ਼ ਘੋੜੀ ਮੁਲਤਾਨ ਦਾ ਜ਼ਿਕਰੀਆ ਪੀਰ ਨੂਰੀ
ਹੋਰ ਸਈਅਦ ਜਲਾਲ ਬੁਖ਼ਾਰੀਆਂ ਸੀ ਅਤੇ ਲਾਅਲ ਸ਼ਹਿਬਾਜ਼ ਬਿਹਸ਼ਤ ਹੂਰੀ
ਤੁੱਰਾ ਖ਼ਿਜ਼ਰ ਰੂਮਾਲ ਸ਼ੱਕਰ ਗੰਜ ਦਿੱਤਾ ਅਤੇ ਮੁੰਦਰਾਂ ਲਾਅਲ ਸ਼ਹਿਬਾਜ਼ ਨੂਰੀ
ਖੰਜਰ ਸਈਅੱਦ ਜਲਾਲ ਬੁਖੀਏ ਨੇ ਖੂੰਡੀ ਜ਼ਿਕਰੀਏ ਪੀਰ ਨੇ ਹੱਕ ਬੂਰੀ
ਤੈਨੂੰ ਭੀੜ ਪਵੇਂ ਕਰੀਂ ਯਾਦ ਜੱਟਾ ਨਾਹੀਂ ਜਾਨਣੀ ਅਸਾਂ ਥੀਂ ਪਲਕ ਦੂਰੀ
83. ਹੀਰ ਭੱਤਾ ਲੈ ਕੇ ਬੇਲੇ ਨੂੰ
ਹੀਰ ਚਾ ਭੱਤਾ ਖੰਡ ਖੀਰ ਮੱਖਣ ਮੀਆਂ ਰਾਂਝੇ ਦੇ ਪਾਸ ਲੈ ਧਾਵਦੀ ਹੈ
ਤੇਰੇ ਵਾਸਤੇ ਜੂਹ ਮੈਂ ਭਾਲ ਥੱਕੀ ਰੋ ਰੋ ਆਪਣਾ ਹਾਲ ਵੰਜਾਵੰਦੀ ਹੈ
ਕੈਦੋਂ ਢੂੰਡਦਾ ਖੋਜ ਨੂੰ ਫਿਰੇ ਭੌਂਦਾ ਬਾਸ ਚੂਰੀ ਦੀ ਬੇਲਿਉਂ ਆਂਵੰਦੀ ਹੈ
ਵਾਰਸ ਸ਼ਾਹ ਮੀਆਂ ਦੇਖੋ ਟੰਗ ਲੰਗੀ ਸ਼ੈਤਾਨ ਦੀ ਕਲ੍ਹਾ ਜਗਾਂਵਦੀ ਹੈ
84. ਕੈਦੋ ਰਾਂਝੇ ਕੋਲ
ਹੀਰ ਗਈ ਜਾਂ ਨਦੀ ਵਲ ਲੈਣ ਪਾਣੀ ਕੈਦੋ ਆਨ ਕੇ ਮੁਖ ਦਿਖਾਵਾਂਦਾ ਹੈ
ਅਸੀਂ ਭੁਖ ਨੇ ਬਹੁਤ ਹੈਰਾਨ ਕੀਤੇ ਆਨ ਸਵਾਲ ਖ਼ੁਦਾ ਦਾ ਪਾਂਵਦਾ ਹੈ
ਰਾਂਝੇ ਰੁਗ ਭਰ ਕੇ ਚੂਰੀ ਚਾ ਦਿੱਤੀ ਲੈ ਕੇ ਤੁਰਤ ਹੀ ਪਿੰਡ ਨੂੰ ਧਾਵੰਦਾ ਹੈ
ਰਾਂਝਾ ਹੀਰ ਨੂੰ ਪੁੱਛਦਾ ਇਹ ਲੰਗਾ ਹੀਰੇ ਕੌਣ ਫਕੀਰ ਕਿਸ ਧਾਉਂ ਦਾ ਹੈ
ਵਾਰਸ ਸ਼ਾਹ ਮੀਆਂ ਜਿਵੇਂ ਪੁਛ ਕੇ ਤੇ ਕੋਈ ਉੱਪਰੋਂ ਲੂਣ ਚਾ ਲਾਂਵਦਾ ਹੈ
85. ਉੱਤਰ ਹੀਰ
ਹੀਰ ਆਖਿਆ ਰਾਂਝਨਾ ਬੁਰਾ ਕੀਤੇ ਸਾਡਾ ਕੰਮ ਹੈ ਨਾਲ ਵੀਰਾਈਆਂ ਦੇ
ਸਾਡੇ ਖੋਜ ਨੂੰ ਤਕ ਕੇ ਕਰੇ ਚੁਗ਼ਲੀ ਦਿਨੇਂ ਰਾਤ ਹੈ ਵਿੱਚ ਬੁਰਿਆਈਆਂ ਦੇ
ਮਿਲੇ ਸਿਰਾਂ ਨੂੰ ਇਹ ਵਿਛੋੜ ਦੇਂਦਾ ਭੰਗ ਘਤਦਾ ਵਿੱਚ ਕੁੜਮਾਈਆਂ ਦੇ
ਬਾਬਾਲ ਅੰਮੜੀ ਥੇ ਜਾ ਠਿਠ ਕਰਸੀ ਜਾ ਆਖਸੀ ਪਾਸ ਭਰਜਾਈਆਂ ਦੇ
86. ਹੀਰ ਦਾ ਉੱਤਰ (ਚਲਦਾ)
ਹੀਰ ਆਖਿਆ ਰਾਂਝਨਾ ਬੁਰੀ ਕੀਤੇ ਤੋਂ ਤਾਂ ਪੁੱਛਣਾ ਸੀ ਦੁਹਰਾਇਕੇ ਤੋ
ਮੈਂ ਜਾਣਦਾ ਨਹੀਂ ਸਾਂ ਇਹ ਸੁਹਾ ਖੈਰ ਮੰਗਿਆ ਸੁ ਮੈਥੋਂ ਆਇਕੇ ਤੇ
ਖੈਰ ਲੈਂਦੇ ਹੀ ਪਿਛਾਂ ਨੂੰ ਪਰਤ ਭੰਨਾ ਉਠ ਵਗਿਆ ਕੰਡ ਵਲਾਇਕੇ ਤੋ
ਨੇੜੇ ਜਾਂਦਾ ਹਈ ਸੀ ਜਾ ਮਿਲ ਨਢੀਏ ਨੀ ਜਾ ਪੁਛ ਲੈ ਗੱਲ ਸਮਝਾਇਕੇ ਤੇ
ਵਾਰਸ ਸ਼ਾਹ ਮੀਆਂ ਉਸ ਥੋਂ ਗੱਲ ਪੁੱਛੀ ਦੋ ਤਿੰਨ ਅੱਡੀਆਂ ਹਿਕ 'ਚ ਲਾਇਕੇ ਤੇ
87. ਹੀਰ ਦਾ ਕੈਦੋ ਨੂੰ ਟੱਕਰਨਾ
ਮਿਲੀ ਰਾਹ ਵਿੱਚ ਦੌੜ ਦੇ ਆ ਨਢੀ ਪਹਿਲੇ ਨਾਲ ਫਰੇਬ ਦੇ ਚਟਿਆ ਸੁ
ਨੇੜੇ ਆਨ ਕੇ ਸ਼ਹੀਨੀ ਵਾਂਗ ਗੱਜੀ ਅੱਖੀਂ ਰੋਹ ਦਾ ਨੀਰ ਪਲੱਟਿਆ ਸੂ
ਸਿਰੋਂ ਲਾਹ ਟੋਪੀ ਗਲੋਂ ਤੋੜ ਸੇਲ੍ਹੀ ਲੱਕੋਂ ਚਾਏ ਕੇ ਜ਼ਮੀਂ ਤੇ ਸੁੱਟਿਆ ਸੂ
ਪਕੜ ਜ਼ਮੀ ਤੇ ਮਾਰਿਆ ਨਾਲ ਗੁੱਸੇ ਧੋਬੀ ਪਟੜੇ ਤੇ ਖੇਸ ਛੱਟਿਆ ਸੂ
ਵਾਰਸ ਸ਼ਾਹ ਫਰਿਸ਼ਤਿਆਂ ਅਰਸ਼ ਉੱਤੋਂ ਸ਼ੈਤਾਨ ਨੂੰ ਜ਼ਮੀਂ ਤੇ ਸੁੱਟਿਆ ਸੂ
88. ਹੀਰ ਨੇ ਕੈਦੋ ਨੂੰ ਸਬਕ ਦੇਣਾ
ਹੀਰ ਢਾਇ ਕੇ ਆਖਿਆ ਮੀਆਂ ਚਾਚਾ ਚੂਰੀ ਦੇ ਜੇ ਜੀਵਿਆ ਲੋੜਨਾ ਹੈ
ਨਹੀਂ ਮਾਰ ਕੇ ਜਿੰਦ ਗਵਾ ਦੇਸਾਂ ਮੈਨੂੰ ਕਿਸੇ ਨਾ ਹਟਕਨਾ ਹੋੜਨਾ ਹੈ
ਬੰਨ੍ਹ ਪੈਰ ਤੇ ਹੱਥ ਲਟਕਾ ਦੇਸਾਂ ਲੜ ਲੜਕੀਆਂ ਨਾਲ ਕੀ ਜੋੜਨਾ ਹੈ
ਚੂਰੀ ਦੇ ਖਾਂ ਨਾਲ ਹਿਆ ਆਪੇ ਕਾਹੇ ਅਸਾਂ ਦੇ ਨਾਲ ਅਜੋੜਨਾ ਹੈ
89. ਕੈਦੋਂ ਦਾ ਪਰਿਆ ਵਿੱਚ ਆਉਣਾ
ਅੱਧੀ ਡੁੱਲ੍ਹ ਪਈ ਅੱਧੀ ਖੋਹ ਲਈ ਚੁਣ ਮੇਲ ਕੇ ਪਰ੍ਹੇ 'ਚ ਲਿਆਂਵਦਾ ਈ
ਕਿਹਾ ਮੰਨਦੇ ਨਹੀਂ ਸੁ ਮੂਲ ਮੇਰਾ ਚੂਰੀ ਪਲਿਉਂ ਖੋਲ ਵਿਖਾਂਵਦਾ ਈ
ਨਾਹੀਂ ਚੂਚਕੇ ਨੂੰ ਕੋਈ ਮਤ ਦੇਂਦਾ ਨਢੀ ਮਾਰ ਕੇ ਨਹੀਂ ਸਮਝਾਵੰਦਾ ਈ
ਚਾਕ ਨਾਲ ਇਕੱਲੜੀ ਜਾਏ ਬੇਲੇ ਅੱਜ ਕਲ ਕੋਈ ਲੀਕ ਲਾਂਵਦਾ ਈ
ਜਿਸ ਵੇਲੜੇ ਮਹਿਰ ਨੇ ਚਾਕ ਰੱਖਿਆ ਓਸ ਵੇਲੜੇ ਨੂੰ ਪਛੋਤਾਂਵਦਾ ਈ
90. ਚੂਚਕ ਦਾ ਉੱਤਰ
ਚੂਚਕ ਆਖਿਆ ਕੁੜੀਆਂ ਕਰੇਂ ਗੱਲਾਂ ਹੀਰ ਖੇਡਦੀ ਨਾਲ ਸਹੇਲੀਆਂ ਦੇ
ਪੀਂਘਾਂ ਪਇਕੇ ਸੱਈਆਂ ਦੇ ਨਾਲ ਝੂਟੇ ਤਿੰਜਨ ਜੋੜਦੀ ਵਿੱਚ ਹਵੇਲੀਆਂ ਦੇ
ਇਹ ਚੁਗ਼ਲ ਜਹਾਨ ਦਾ ਮਗਰ ਲੱਗਾ ਫਕਰ ਜਾਣਦੇ ਹੋ ਨਾਲ ਸੇਲ੍ਹੀਆਂ ਦੇ
ਕਦੀ ਨਾਲ ਮਦਾਰੀਆਂ ਭੰਗ ਘੋਟੇ ਕਦੀ ਜਾ ਨੱਚੇ ਨਾਲ ਚੇਲੀਆਂ ਦੇ
ਨਹੀਂ ਚੂਚੜੇ ਦਾ ਪੁੱਤਰ ਹੋ ਸਈਅੱਦ ਘੋੜੇ ਹੋਣ ਨਾਹੀਂ ਪੁੱਤਰ ਲੇਲੀਆਂ ਦੇ
ਵਾਰਿਸ ਸ਼ਾਹ ਫਕੀਰ ਭੀ ਨਹੀਂ ਹੁੰਦੇ ਬੇਟੇ ਜੱਟਾਂ ਤੇ ਮੋਚੀਆਂ ਤੇਲੀਆਂ ਦੇ
91. ਹੀਰ ਦੀ ਮਾਂ ਕੋਲ ਔਰਤਾਂ ਵੱਲੋਂ ਚੁਗਲੀ
ਮਾਂ ਹੀਰ ਦੀ ਥੇ ਲੋਕ ਕਰਨ ਚੁਗਲੀ ਮਹਿਰੀ ਮਲਕੀਏ ਧੀਉ ਖਰਾਬ ਹੈ ਨੀ
ਅਸੀਂ ਮਾਮੀਆਂ ਫੁਫੀਆਂ ਲਜ ਮੋਈਆਂ ਸਾਡਾ ਅੰਦਰੋਂ ਜਿਉ ਕਬਾਬ ਹੈ ਨੀ
ਸ਼ਮਸ ਦੀਨ ਕਾਜ਼ੀ ਨਿਤ ਕਰੇ ਮਸਲੇ ਸ਼ੋਖ਼ ਧੀਉ ਦਾ ਵਿਆਹ ਸਵਾਬ ਹੈ ਨੀ
ਚਾਕ ਨਾਲ ਇਕੱਲੀਆਂ ਜਾਣ ਧੀਆਂ ਹੋਇਆ ਮਾਪਿਆਂ ਧੁਰੋਂ ਜਵਾਬ ਹੈ ਨੀ
ਤੇਰੀ ਧੀਉ ਦਾ ਮਗ਼ਜ਼ ਹੈ ਬੇਗਮਾਂ ਦਾ ਵੇਖੋ ਚਾਕ ਜਿਉਂ ਫਿਰੇ ਨਵਾਬ ਹੈ ਨੀ
ਵਾਰਸ ਸ਼ਾਹ ਮੂੰਹ ਉਂਗਲਾਂ ਲੋਕ ਘੱਤਨ ਧੀਉ ਮਲਕੀ ਦੀ ਪੁੱਜ ਖਰਾਬ ਹੈ ਨੀ
92. ਕੈਦੋ ਦੀ ਹੀਰ ਦੀ ਮਾਂ ਕੋਲ ਚੁਗ਼ਲੀ
ਕੈਦੋ ਆਖਦਾ ਧੀਉ ਵਿਆਹ ਮਲਕੀ ਧਰੋਹੀ ਰਬ ਦੀ ਮੰਨ ਲੈ ਡਾਇਨੇ ਨੀ
ਇੱਕੇ ਮਾਰ ਕੇ ਵਢ ਕੇ ਕਰਸ ਬੈਰੇ ਮੂੰਹ ਸਿਰ ਭੰਨ ਚਵਾ ਸਾੜ ਸਾਇਨੇ ਨੀ
ਦੇਖ ਧੀਉ ਦੇ ਲਾਡ ਕੀ ਦੰਦ ਕਢੇ ਬਹੁਤ ਝੂਰ ਸੈਂ ਰੰਨੇ ਕਸਾਇਨੇ ਨੀ
ਇੱਕੇ ਬੰਨ੍ਹ ਕੇ ਭੋਹਰੇ ਚਾ ਘੱਤੋ ਲਿੰਬ ਵਾਂਗ ਭੜੋਲੜੇ ਦੇ ਆਇਨੇ ਨੀ
93. ਮਲਕੀ ਦਾ ਗੁੱਸਾ
ਗੁੱਸੇ ਨਾਲ ਮਲਕੀ ਤਪ ਲਾਲ ਹੋਈ ਝਬ ਦੌੜ ਤੂੰ ਮਿਠੀਏ ਨਾਇਣੇ ਨੀ
ਸਦ ਲਿਆ ਤੂੰ ਹੀਰ ਨੂੰ ਢੂੰਡ ਕੇ ਤੇ ਤੈਨੂੰ ਮਾਉਂ ਸਦੇਂਦੀ ਹੈ ਡਾਇਨੇ ਨੀ
ਨੀ ਖੁੜਦੁੰਬੀਏ ਮੋਹਣੀਏ ਪਾੜੀਏ ਨੀ ਮੁਸ਼ਟੰਡੀਏ ਬਾਰ ਦੀਏ ਵਾਇਨੇ ਨੀ
ਵਾਰਸ ਸ਼ਾਹ ਵਾਂਗੂੰ ਕਿਤੇ ਡੁਬ ਮੋਏ ਘਰ ਆ ਸਿਆਪੇ ਦੀਏ ਨਾਇਨੇ ਨੀ
94. ਹੀਰ ਦਾ ਮਾਂ ਕੋਲ ਆਉਣਾ
ਹੀਰ ਆਇ ਕੇ ਆਖਦੀ ਹਸ ਕੇ ਤੇ ਅਨੀ ਝਾਤ ਨੀ ਅਮੜੀਏ ਮੇਰੀਏ ਨੀ
ਤੈਨੂੰ ਡੁੰਗੜੇ ਖੂਹ ਵਿੱਓ ਚਾ ਬੋੜਾਂ ਕੁੱਲ ਪਿਟਿਉ ਬਚੜੀਏ ਮੇਰੀਏ ਨੀ
ਧੀਉ ਜਵਾਨ ਜੇ ਕਿਸੇ ਦੀ ਬੁਰੀ ਹੋਵੇ ਚੁਪ ਕੀਤੜੇ ਚਾ ਨਬੇੜੀਏ ਨੀ
ਤੈਨੂੰ ਵੱਡਾ ਉਦਮਾਦ ਆ ਜਾਗਿਆ ਏ ਤੇਰੇ ਵਾਸਤੇ ਮੁਨਸ ਸਹੇੜੀਏ ਨੀ
ਧੀਉ ਜਵਾਨ ਜੇ ਨਿਕਲੇ ਘਰੋਂ ਬਾਹਰ ਲੱਗੇ ਵੱਸ ਤੇ ਖੂਹ ਨਘੇਰੀਏ ਨੀ
ਵਾਰਸ ਜਿਉਂਦੇ ਹੋਣ ਜੇ ਭੈਣ ਭਾਈ ਚਾਕ ਚੋਬਰਾਂ ਨਾ ਸਹੇੜੀਏ ਨੀ
95. ਮਾਂ ਦਾ ਗੁੱਸਾ
ਤੇਰੇ ਵੀਰ ਸੁਲਤਾਨ ਨੂੰ ਖ਼ਬਰ ਹੋਵੇ ਕਰੇ ਫਿਕਰ ਉਹ ਤੇਰੇ ਮੁਕਾਵਨੇ ਦਾ
ਚੂਚਕ ਮਹਿਰ ਦੇ ਰਾਜ ਨੂੰ ਲੀਕ ਲਾਇਆ ਕੇਹਾ ਫਾਇਦਾ ਮਾਪਿਆਂ ਤਾਵਨੇ ਦਾ
ਨਕ ਵੱਢ ਕੇ ਕੋੜਮਾ ਗਾਲਿਉ ਈ ਲਾਭ ਇਹ ਮਾਪਿਆਂ ਜਾਵਨੇ ਦਾ
ਰਾਤੀਂ ਚਾਕ ਨੂੰ ਚਾ ਜਵਾਬ ਦੇਸਾਂ ਨਹੀਂ ਸ਼ੌਕ ਹੁਣ ਮਹੀਂ ਚਰਵਾਨੇ ਦਾ
ਆ ਮਿਠੀਏ ਲਾਹ ਨੀ ਸਭ ਗਹਿਨੇ ਗੁਣ ਕੌਣ ਹੈ ਗਹਿਨਿਆਂ ਪਾਵਨੇ ਦਾ
ਵਾਰਸ ਸ਼ਾਹ ਏਸ ਛੋਹਰੀ ਦਾ ਜਿਉ ਹੋਇਆ ਈ ਲਿੰਗ ਕੁਟਾਵਨੇ ਦਾ
96. ਹੀਰ ਦਾ ਉੱਤਰ
ਮਾਏ ਰਬ ਨੇ ਚਾਕ ਘਰ ਘਲਿਆ ਸੀ ਤੇਰੇ ਹੋਣ ਨਸੀਬ ਜੇ ਧੁਰੋਂ ਚੰਗੇ
ਇਹੋ ਜਹੇ ਜੇ ਆਦਮੀ ਹੱਥ ਆਵਨ ਸਾਰੋ ਮੁਲਕ ਹੀ ਰਬ ਥੀਂ ਦੁਆ ਮੰਗੇ
ਜਿਹੜੇ ਰਬ ਕੀਤੇ ਕੰਮ ਹੋ ਰਹੇ ਸਾਨੂੰ ਮਾਂਓਂ ਕਿਉਂ ਗ਼ੈਬ ਦੇ ਦਏ ਪੰਗੇ
ਕੁੱਲ ਸਿਆਨਿਆਂ ਮੁਲਕ ਨੂੰ ਮਤ ਦਿੱਤੀ ਤੇਗ਼ ਮਹਿਰੀਆਂ ਇਸ਼ਕ ਨਾ ਕਰੋ ਨੰਗੇ
ਨਹੀਂ ਛੇੜੀਏ ਰਬ ਦਿਆਂ ਪੂਰਿਆਂ ਨੂੰ ਜਿਨ੍ਹਾਂ ਕੱਪੜੇ ਖ਼ਾਕ ਦੇ ਵਿੱਚ ਰੰਗੇ
ਜਿਨ੍ਹਾਂ ਇਸ਼ਕ ਦੇ ਮੁਆਮਲੇ ਸਿਰੀਂ ਚਾਏ ਵਾਰਸ ਸ਼ਾਹ ਨਾ ਕਿਸੇ ਥੋਂ ਰਹਿਨ ਸੰਗੇ
97. ਹੀਰ ਦੇ ਮਾਂ ਪਿਉ ਦੀ ਆਪਸੀ ਸਲਾਹ
ਮਲਕੀ ਆਖ਼ਦੀ ਚੂਚਕਾ ਬਣੀ ਔਖੀ ਸਾਨੂੰ ਹੀਰ ਦੇ ਮਿਹਨਿਆਂ ਖੁਆਰ ਕੀਤਾ
ਤਾਅਨੇ ਦੇਨ ਸ਼ਰੀਕ ਤੇ ਲੋਕ ਸਾਰੇ ਚੌਤਰਫਿਉਂ ਖੁਆਰ ਸੰਸਾਰ ਕੀਤਾ
ਦੇਖੋ ਲੱਜ ਸਿਆਲਾਂ ਦੀ ਲਾਹ ਸੁੱਟੀ ਨਢੀ ਹੀਰ ਨੇ ਚਾਕ ਨੂੰ ਯਾਰ ਕੀਤਾ
ਜਾਂ ਮੈਂ ਮਤ ਦਿੱਤੀ ਅੱਗੋਂ ਲੜਨ ਲੱਗੀ ਲੱਜ ਲਾਹ ਕੇ ਚਸ਼ਮ ਨੂੰ ਚਾਰ ਕੀਤਾ
ਕੱਢ ਚਾਕ ਨੂੰ ਖੋਹ ਲੈ ਮਹੀਂ ਸਭੇ ਅਸਾਂ ਚਾਕ ਥੋ ਜਿਉ ਬੋਜ਼ਾਰ ਕੀਤਾ
ਇੱਕੇ ਧੀ ਨੂੰ ਚਾ ਘੜੇ ਡੋਬ ਕਰੀਏ ਜਾਣੋ ਰਬ ਨੇ ਚਾ ਗੁਨ੍ਹਾਗਾਰ ਕੀਤਾ
ਝਬ ਵਿਆਹ ਕਰ ਧੀਉ ਨੂੰ ਕੱਢ ਦੇਸ਼ਾਂ ਸਾਨੂੰ ਠਿਠ ਹੈ ਏਸ ਮੁਰਦਾਰ ਕੀਤਾ
ਵਾਰਸ ਸ਼ਾਹ ਨੂੰ ਹੀਰ ਖੁਆਰ ਕੀਤਾ ਨਹੀਂ ਰਬ ਸਾਹਿਬ ਸਰਦਾਰ ਕੀਤਾ।
98. ਪਿਉ ਦਾ ਘਰ ਵਾਲੀ ਨੂੰ ਉੱਤਰ
ਚੂਚਕ ਆਖਦਾ ਮਲਕੀਏ ਜਮਦੀ ਨੂੰ ਗਲ ਘੁਟਕੇ ਕਾਹੇ ਨਾ ਮਾਰਿਉ ਈ
ਘੁਟੀ ਅੱਕ ਦੀ ਘੋਲ ਨਾ ਦਿੱਤੀਆਈ ਉਹ ਅੱਜ ਸਵਾਬ ਨਿਤਾਰਿਉ ਈ
ਮੰਝ ਡੂੰਘੜੇ ਧੀਉ ਨਾ ਬੋੜਿਆਈ ਵਢ ਲੋੜ ਕੇ ਮੂਲ ਨਾ ਮਾਰਿਉ ਈ
ਵਾਰਸ ਸ਼ਾਹ ਖ਼ੁਦਾ ਦਾ ਖੌਫ ਕੀਤੇ ਕਾਰੂੰ ਵਾਂਗ ਨਾ ਜ਼ਮੀਂ ਨਘਾਰਿਉ ਈ
99. ਹੀਰ ਦੇ ਮਾਂ ਪਿਊ ਦਾ ਰਾਂਝੇ ਤੇ ਗੁੱਸਾ
ਰਾਤੀਂ ਰਾਂਝੇ ਨੇ ਮਹੀਂ ਜਾਂ ਆਨ ਢੋਈਆਂ ਚੂਚਕ ਸਿਆਲ ਮੱਥੇ ਵਟ ਪਾਇਆ ਈ
ਭਾਈ ਛੱਡ ਮਹੀਂ ਉਠ ਜਾ ਘਰ ਨੂੰ ਤੇਰਾ ਤੌਰ ਬੁਰਾ ਨਜ਼ਰ ਆਇਆ ਈ
ਸਿਆਲੋ ਕਹੋ ਭਾਈ ਸਾਡੇ ਕੰਮ ਨਾਹੀਂ ਜਾਏ ਉਧਰੇ ਜਿਧਰੋਂ ਆਇਆ ਈ
ਅਸਾਂ ਸਾਨ੍ਹ ਨਾ ਰਖਿਆ ਇਹ ਨਢਾ ਧੀਆਂ ਚਾਰਨਾ ਕਿਸ ਬਤਾਇਆ ਈ
'ਇੱਤਕੂ ਮਵਾਦੀ ਅੱਤ ਤੁਹੱਮ’ ਵਾਰਸ ਸ਼ਾਹ ਇਹ ਧੁਰੋਂ ਫਰਮਾਇਆ ਈ
100. ਉੱਤਰ ਚੂਚਕ ਤੇ ਉੱਤਰ ਰਾਂਝਾ
'ਵੱਲਊ ਬਸਾ ਤੱਲਾ ਹੁੱਰ ਰਿਜ਼ਕ ਰੱਜ ਖਾਇਕੇ ਮਸਤੀਆਂ ਚਾਈਆਂ ਨੀ
'ਕੁਲੁ ਵਸ਼ਰਬੂ ਬਲਾ ਤੁਸਰਿਫੋ ਨਹੀਂ ਮਸਤੀਆਂ ਕਰਨੀਆਂ ਆਈਆਂ ਨੀ
ਕਿੱਥੋਂ ਪਚਣ ਇਹਨਾਂ ਮਸ਼ਟੰਡਿਆਂ ਨੂੰ ਨਿਤ ਖਾਣੀਆਂ ਦੁਧ ਮਲਾਈਆਂ ਨੀ
'ਵਮਾਂ ਮਿੰਨ ਦਾ ਅੱਬਾ ਤਿੰਨ ਫਿੱਲ ਅਰਦੇ ਇਹ ਲੈ ਸਾਂਭ ਮੱਝੀ ਘਰ ਆਈਆਂ ਨੀ
101. ਰਾਂਝੇ ਨੂੰ ਮੱਝਾਂ ਛੇੜਨੇ ਤੋਂ ਛੁੱਟੀ
ਰਾਂਝਾ ਸੁਟ ਖੂੰਡੀ ਉਤੋਂ ਲਾਹ ਭੂਰਾ ਛਡ ਚਲਿਆ ਸਭ ਮੰਗਵਾੜ ਮੀਆਂ
ਜੇਹਾ ਚੋਰ ਨੂੰ ਬੜੇ ਦਾ ਖੜਕ ਪਹੁੰਚੇ ਛੱਡ ਟੁਰੋ ਹੈ ਸਨ੍ਹ ਦਾ ਪਾੜ ਮੀਆਂ
ਦਿਲ ਚਾਇਆ ਦੇਸ ਤੇ ਮੁਲਕ ਉਤੋਂ ਉਸ ਦੇ ਭਾ ਦਾ ਬੋਲਿਆ ਹਾੜ ਮੀਆਂ
ਤੇਰੀਆਂ ਖੋਲੀਆਂ ਕਟਕ ਤੇ ਮਿਲਣ ਸਭੇ ਖੜ੍ਹੇ ਕੱਟੀਆਂ ਨੂੰ ਕਾਈ ਧਾੜ ਮੀਆਂ
ਮੈਨੂੰ ਮਝੀ ਦੀ ਕੁਝ ਪਰਵਾਹ ਨਾਹੀਂ ਨਢੀ ਪਈ ਸੀ ਇੱਤ ਰਹਾੜ ਮੀਆਂ
ਤੋਰੀ ਧੀਉ ਨੂੰ ਅਸੀਂ ਕੀ ਜਾਣਨੇ ਹਾਂ ਤੈਨੂੰ ਆਉਂਦੀ ਨਜ਼ਰ ਪਹਾੜ ਮੀਆਂ
ਤੇਰੀਆਂ ਮੱਝਾਂ ਦੇ ਕਾਰਨੇ ਰਾਧ ਅੱਤੀ ਫਿਰਾਂ ਭੰਨਦਾ ਕਹਿਰ ਦੇ ਝਾੜ ਮੀਆਂ
ਮੰਗੂ ਮਗਰ ਮੇਰੇ ਸਭੋ ਆਵੰਦਾ ਈ ਮਝੀ ਆਪਣੀਆਂ ਮਹਿਰ ਜਾ ਤਾੜ ਮੀਆਂ
ਘੁਟ ਬਹੇ ਚਰਾਈ ਤੂੰ ਮਾਹੀਆਂ ਦੀ ਸਹੀ ਕੀਤਾਈ ਕੋਈ ਕਰਾੜ ਮੀਆਂ
ਮਹੀਂ ਚਾਰਦੇ ਨੂੰ ਗਏ ਬਰਸ ਬਾਰਾਂ ਅੱਜ ਉਠਿਆ ਅੰਦਰੋਂ ਸਾੜ ਮੀਆਂ
ਵਹੀ ਖਤਰੀ ਦੀ ਰਹੀ ਖਤੜੇ ਬੇ ਲੇਖਾ ਗਿਆਈ ਹੋ ਪਹਾੜ ਮੀਆਂ
ਤੇਰੀ ਧਿਉ ਰਹੀ ਤੇਰੇ ਘਰੇ ਬੈਠੀ ਝਾੜਾ ਮੁਫਤ ਦਾ ਲਿਆ ਈ ਝਾੜ ਮੀਆਂ
ਹਟ ਭਰੇ ਬਹੁਗੁਣੇ ਨੂੰ ਸਾਂਭ ਲਿਉ ਕੱਢ ਛੱਡਿਉ ਨੰਗ ਕਰਾੜ ਮੀਆਂ
ਵਾਰਸ ਸ਼ਾਹ ਅੱਗੋਂ ਪੂਰੀ ਨਾ ਪਈ ਆ ਪਿੱਛੋਂ ਆਇਐ ਸੈਂ ਪੜਤਣੇ ਪਾੜ ਮੀਆਂ
102. ਗਾਈਆਂ ਮੱਝਾਂ ਦਾ ਰਾਂਝੇ ਬਿਨਾ ਨਾ ਚੁਗਣਾ
ਮਝੀਂ ਚਰਨ ਨਾ ਬਾਝ ਰੰਝੇਟੜੇ ਦੇ ਮਾਹੀ ਹੋਰ ਸਭੇ ਝਖ਼ ਮਾਰ ਰਹੇ
ਕਾਈ ਘੁਸ ਜਾਏ ਕਾਈ ਡੁਬ ਜਾਏ ਕਾਈ ਸਨ੍ਹ ਲਹੇ ਕਾਈ ਪਾਰ ਰਹੇ
ਸਿਆਲ ਪਕੜ ਹਥਿਆਰ ਤੇ ਹੋ ਖੁੰਮਾਂ ਮਗਰ ਲਗ ਕੇ ਖੋਲੀਆਂ ਚਾਰ ਰਹੇ
ਵਾਰਸ ਸ਼ਾਹ ਚੂਚਕ ਪਛੋਤਾਂਵਦਾਈ ਮੰਗੂ ਨਾ ਛਿੜੇ ਅਸੀਂ ਹਾਰ ਰਹੇ
103. ਮਾਂ ਨੂੰ ਹੀਰ ਦਾ ਉੱਤਰ
ਮਾਏ ਚਾਕ ਤਰਾਹਿਆ ਚਾ ਬਾਬੇ ਏਸ ਗੱਲ ਉਤੇ ਬਹੁਤ ਖੁਸ਼ੀ ਹੋ ਨੀ
ਤਬ ਓਸ ਨੂੰ ਰਿਜ਼ਕ ਹੈ ਦੇਣ ਹਾਰਾ ਕੋਈ ਓਸ ਦੇ ਰਬ ਨਾ ਤੁਸੀਂ ਹੋ ਨੀ
ਮਹੀਂ ਫਿਰਨ ਖਰਾਬ ਵਿੱਚ ਬੇਲਿਆਂ ਦੇ ਖੋਲ ਦੱਸੋ ਕੇਹੀ ਬੁਸ ਬੁਸੀ ਹੋ ਨੀ
ਵਾਰਸ ਸ਼ਾਹ ਔਲਾਦ ਨਾ ਮਾਲ ਰਹਿਸੀ ਜਿਹਦਾ ਹੱਕ ਖੁੱਥਾ ਓਹ ਨਾਖੁਸ਼ੀ ਹੋ ਨੀ
104. ਮਲਕੀ ਦਾ ਆਪਣੇ ਪਤੀ ਨੂੰ ਕਹਿਣਾ
ਮਲਕੀ ਗੱਲ ਸੁਨਾਵੰਦੀ ਚੂਚਕੇ ਨੂੰ ਲੋਕ ਬਹੁਤ ਹੀ ਦਿੰਦੇ ਬਦ ਦੁਆ ਮੀਆਂ
ਬਾਰਾਂ ਬਰਸ ਇਸ ਮਝੀਆਂ ਚਾਰੀਆਂ ਨੇ ਨਹੀਂ ਕੀਤੀ ਸੁ ਚੂੰ ਚਰਾਂ ਮੀਆਂ
ਹੱਕ ਖੋਹ ਕੇ ਚਾ ਜਵਾਬ ਦਿੱਤਾ ਮਹੀਂ ਛਡ ਕੇ ਘਰਾਂ ਨੂੰ ਜਾ ਮੀਆਂ
ਪੈਰੀਂ ਲਗ ਕੇ ਜਾਮਨਾ ਉਸ ਨੂੰ ਆਹ ਫਕਰ ਦੀ ਬੁਰੀ ਪਏ ਜਾ ਮੀਆਂ
ਵਾਰਸ ਸ਼ਾਹ ਫਕੀਰ ਨੇ ਚੁਪ ਕੀਤੀ ਉਹਦੀ ਚੁਪ ਹੀ ਦੇਗ ਲੁੜ੍ਹਾ ਮੀਆਂ
105. ਉੱਤਰ ਚੂਚਕ
ਚੂਚਕ ਆਖਿਆ ਜਾ ਮਨਾ ਇਸਨੂੰ ਵਿਆਹ ਤੀਕ ਤਾਂ ਮਹੀਂ ਚਰਾ ਲਈਏ
ਜਦੋਂ ਹੀਰ ਪਾ ਡੋਲੀ ਟੋਰ ਦੇਈਏ ਰੁਸ ਪਵੇ ਜਵਾਬ ਤਾਂ ਚਾ ਦੇਈਏ
ਸਾਡੀ ਧਿਉ ਦਾ ਕੁਝ ਨਾ ਲਾਹ ਲੈਂਦਾ ਸਭਾ ਟਹਿਲ ਟਕੋਰ ਕਰਾ ਲਈਏ
ਵਾਰਸ ਸ਼ਾਹ ਅਸੀਂ ਜਟ ਹਾਂ ਸਦਾ ਖੋਟੇ ਜਟਕਾ ਫੰਦ ਏਥੇ ਹਿਕ ਲਾ ਲਈਏ
106. ਮਲਕੀ ਨੂੰ ਰਾਂਝੇ ਦੀ ਢੂੰਡ
ਮਲਕੀ ਜਾ ਵਿਹੜੇ ਵਿੱਚ ਪੁੱਛਦੀ ਹੈ ਵਿਹੜਾ ਜਿਹੜਾ ਭਾਈਆਂ ਸਾਂਵਿਆਂ ਦਾ
ਸਾਡੇ ਮਾਹੀ ਦੀ ਖ਼ਬਰ ਹੇ ਕਿਤੇ ਅੜਿਉ ਕਿਧਰ ਮਾਰਿਆ ਗਿਆ ਪੱਛੇ ਤਾਵਿਆ ਦਾ
ਜ਼ਰਾ ਹੀਰ ਕੁੜੀ ਉਹਨੂੰ ਸੱਦਦੀ ਹੈ ਰੰਗ ਧੋਵੇ ਪਲੰਗ ਦੇ ਪਾਵਿਆਂ ਦਾ
ਰਾਂਝਾ ਬੋਲਿਆ ਸੱਥਰੋਂ ਭੰਨ ਆਕੜ ਇਹ ਜੇ ਪਿਆ ਸਰਦਾਰ ਨਥਾਵਿਆਂ ਦਾ
ਸਿਰ ਪਟੇ ਸਫਾ ਕਰ ਹੋ ਰਹਿਆ ਜੇਹਾ ਬਾਲਕਾ ਮੁੰਨਿਆ ਬਾਵਿਆਂ ਦਾ
ਵਾਰਸ ਸ਼ਾਹ ਜਿਉਂ ਚੋਰ ਨੂੰ ਮਿਲੇ ਵਾਹਰ ਉਭੇ ਸਾਹ ਭਰਦਾ ਮਾਰਦਾ ਹਾਵਿਆਂ ਦਾ
107. ਮਲਕੀ ਦੀ ਰਾਂਝੇ ਨੂੰ ਤਸੱਲੀ ਦੇਣੀ
ਮਲਕੀ ਆਖਦੀ ਲੜਿਉਂ ਜੇ ਨਾਲ ਚੂਚਕ ਕੋਈ ਸੁਖਨ ਨਾ ਜਿਊ ਤੇ ਲਿਆਨਾ ਈ
ਕੇਹਾ ਮਾਪਿਆਂ ਪੁਤਰਾਂ ਲੜਨ ਹੁੰਦਾ ਤੁਸਾਂ ਖੱਟਣਾ ਤੇ ਅਸਾਂ ਖਾਵਨਾ ਈ
ਛਿੜ ਮਾਲ ਦੇ ਨਾਲ ਮੈਂ ਘੋਲ ਘੱਤੀ ਸ਼ਾਮੋ ਸ਼ਾਮ ਰਾਤੀਂ ਘਰੀਂ ਆਵਨਾ ਈ
ਤੂੰ ਹੀ ਚੋਇਕੇ ਦੁਧ ਜਮਾਉਣ ਈ ਤੂੰ ਹੀ ਹੀਰ ਦਾ ਪਲੰਘ ਵਛਾਵਨਾ ਈ
ਕੁੜੀ ਕਲ ਦੀ ਤੇਰੇ ਤੋਂ ਰੁਸ ਬੈਠੀ ਤੂੰ ਹੀ ਓਸ ਨੂੰ ਆ ਮਨਾਵਣਾ ਈ
ਮੰਗੂ ਮਾਲ ਸਿਆਲ ਤੇ ਹੀਰ ਤੇਰੀ ਨਾਲੇ ਘੁਰਨਾ ਤੇ ਨਾਲੇ ਖਾਵਨਾ ਈ
ਮੰਗੂ ਛੇੜ ਕੇ ਝਲ ਵਿੱਚ ਮੀਆਂ ਵਾਰਸ ਅਸਾਂ ਤਖਤ ਹਜ਼ਾਰੇ ਨੂੰ ਜਾਵਨਾ ਈ
108. ਰਾਂਝੇ ਦਾ ਹੀਰ ਨੂੰ ਕਹਿਣਾ
ਰਾਂਝਾ ਆਖਦਾ ਹੀਰ ਨੂੰ ਮਾਉਂ ਤੇਰੀ ਸਾਨੂੰ ਫੇਰ ਮੁੜ ਰਾਤ ਦੀ ਚੰਮੜੀ ਹੈ
ਮੀਆਂ ਮਨ ਲਏ ਓਸ ਦੇ ਆਖਣੇ ਨੂੰ ਤੇਰੀ ਹੀਰ ਪਿਆਰੀ ਦੀ ਅੰਮੜੀ ਹੈ
ਕੀ ਜਾਣੀਏ ਉਠ ਕਿਸ ਘੜੀ ਬਹਿਸੀ ਅਜੇ ਵਿਆਹ ਦੀ ਵਿੱਥ ਵੀ ਲੰਮੜੀ ਹੈ
ਵਾਰਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ ਪੱਲੇ ਕਿਸੇ ਨਾ ਬੱਧਿਆ ਦੰਮੜੀ ਹੈ
109. ਰਾਂਝੇ ਦਾ ਮਲਕੀ ਦੇ ਆਖੇ ਮਝੀਆਂ ਫੇਰ ਚਾਰਨਾ
ਰਾਂਝਾ ਹੀਰ ਦੀ ਮਾਉਂ ਦੇ ਲਗ ਆਖੇ ਛੇੜ ਮੱਝੀਆਂ ਝਲ ਨੂੰ ਆਂਵਦਾ ਹੈ
ਮੰਗੂ ਵਾੜ ਦਿੱਤਾ ਵਿੱਚ ਝਾਂਗੜੇ ਦੇ ਆਪ ਨਹਾਏਕੇ ਰਬ ਨੂੰ ਧਿਆਂਵਦਾ ਹੈ
ਹੀਰ ਸੱਤੂਆਂ ਦਾ ਮਗਰ ਘੋਲ ਛੰਨਾ ਦੇਖੋ ਰਿਜ਼ਕ ਰੰਝੇਟੇ ਦਾ ਆਂਵਦਾ ਬੈ
ਪੰਜਾਂ ਪੀਰਾਂ ਦੀ ਆਮਦਨ ਤੁਰਤ ਹੋਈ ਹਥ ਬੰਨ੍ਹ ਸਲਾਮ ਕਰ ਆਵਦਾ ਹੈ
ਰਾਂਝਾ ਹੀਰ ਦੋਵੇਂ ਹੋਏ ਆ ਹਜ਼ਰ ਅੱਗੋ ਪੀਰ ਹੁਣ ਇਹ ਫਰਮਾਂਵਦਾ ਹੈ
110. ਪੀਰਾਂ ਦਾ ਉੱਤਰ
ਬੱਚਾ ਦੋਹਾਂ ਨੇ ਰਬ ਨੂੰ ਯਾਦ ਕਰਨਾ ਨਾਹੀਂ ਇਸ਼ਕ ਨੂੰ ਲੀਕ ਲਗਾਵਨਾ ਈ
ਬੱਚਾ ਖਾ ਚੂਰੀ ਚੋਏ ਮਝ ਬੁਰੀ ਜ਼ਰਾ ਜਿਉ ਨੂੰ ਨਹੀਂ ਵਲਾਵਨਾ ਈ
ਅੱਠੇ ਪਹਿਰ ਖ਼ੁਦਾਏ ਦੀ ਯਾਦ ਅੰਦਰ ਤੁਸਾਂ ਜ਼ਿਕਰ ਤੇ ਖੈਰ ਕਮਾਵਨਾ ਈ
ਵਾਰਸ ਸ਼ਾਹ ਪੰਜਾਂ ਪੀਰਾਂ ਹੁਕਮ ਕੀਤਾ ਬੱਚਾ ਇਸ਼ਕ ਨੂੰ ਨਹੀਂ ਡੁਲਾਵਨਾ ਈ
111. ਹੀਰ ਦਾ ਘਰ ਆਉਣਾ ਅਤੇ ਕਾਜ਼ੀ ਅਤੇ ਮਾਂ ਬਾਪ ਵੱਲੋਂ ਹੀਰ ਨੂੰ ਨਸੀਹਤ
ਹੀਰ ਵਤ ਕੇ ਬੇਲਿਉਂ ਘਰੀਂ ਆਈ ਮਾਂ ਬਾਪ ਕਾਜ਼ੀ ਸਦ ਲਿਆਂਵਦੇ ਨੇ
ਦੋਵੇ ਅਹਿਲ ਬੈਠੇ ਅਤੇ ਵਿੱਚ ਕਾਜ਼ੀ ਅਤੇ ਸਾਮਣੇ ਹੀਰ ਬਹਾਂਵਦੇ ਨੇ
ਬੱਚਾ ਹੀਰ ਤੈਨੂੰ ਅਸੀਂ ਮੱਤ ਦਿੰਦੇ ਮਿੱਠੀ ਨਾਲ ਜ਼ਬਾਨ ਸਮਝਾਵੰਦੇ ਨੇ
ਚਾਕ ਚੋਬਰਾਂ ਨਾਲ ਨਾ ਗੱਲ ਕੀਜੇ ਇਹ ਮਿਹਨਤੀ ਕਿਹੜੇ ਥਾਂਉਂ ਦੇ ਨੇ
ਤ੍ਰਿੰਜਨ ਜੋੜ ਕੇ ਆਪਣੇ ਘਰੀਂ ਬਹੀਏ ਸੁਘੜ ਗਾਉਂ ਕੇ ਜੀ ਪਰਚਾਂਵਦੇ ਨੇ
ਲਾਲ ਚਰਖੜਾ ਡਾਹ ਕੇ ਛੋਪ ਪਾਈਏ ਜਿਹੜੇ ਸੁਹਣੇ ਗੀਤ ਚਨਾਵਦੇ ਨੇ
ਨੀਵੀਂ ਨਜਰ ਹਿਆ ਦੇ ਨਾਲ ਰਹੀਏ ਤੈਨੂੰ ਸਭ ਸਿਆਣੇ ਫਰਮਾਂਵਦੇ ਨੇ
ਚੂਚਕ ਸਿਆਲ ਹੋਰੀ ਹੀਰੇ ਜਾਨਣੀ ਹੈਂ, ਸਰਦਾਰ ਪੰਜ ਗਰਾਉਂ ਦੇ ਨੇ
ਸ਼ਰਮ ਮਾਪਿਆਂ ਦੀ ਵਲ ਧਿਆਨ ਕਰੀਏ ਵਾਲਾ ਸ਼ਾਨ ਇਹ ਜਟ ਸਾਂਦਵਦੇ ਨੇ
ਬਾਹਰ ਫਿਰਨ ਨਾ ਸੁੰਹਦਾ ਜੱਟੀਆਂ ਨੂੰ ਅੱਜ ਕਲ ਲਾਗੀ ਘਰ ਆਂਵਦੇ ਨੇ
ਏਥੇ ਵਿਆਹ ਦੇ ਵੱਡੇ ਸਾਮਾਨ ਹੋਏ ਖੇੜੇ ਪਏ ਬਣਾ ਬਨਾਂਵਦੇ ਨੇ
ਵਾਰਸ ਸ਼ਾਹ ਮੀਆਂ ਚੰਦ ਰੋਜ਼ ਅੰਦਰ ਖੇੜੇ ਮੇਲ ਕੇ ਜੰਜ ਲੈ ਆਂਵਦੇ ਨੇ
112. ਹੀਰ ਦਾ ਸਾਫ ਸਾਫ ਉੱਤਰ
ਹੀਰ ਆਖਦੀ ਬਾਬਲਾ ਅਮਲੀਆਂ ਤੋਂ ਨਹੀਂ ਅਮਲ ਹਟਾਇਆ ਜਾ ਮੀਆਂ
ਜਿਹੜੀਆਂ ਵਾਦੀਆਂ ਆਦ ਦੀਆਂ ਜਾਣ ਨਾਹੀਂ ਰਾਂਝੇ ਚਾਕ ਤੋਂ ਰਿਹਿਆ ਨਾ ਜਾ ਮੀਆਂ
ਸ਼ੀਂਹ ਚਿਤਰੇ ਰਹਿਨ ਨਾ ਮਾਸ ਬਾਝੋਂ ਝੁਟ ਨਾਲ ਓਹ ਰਿਜ਼ਕ ਕਮਾ ਮੀਆਂ
ਇਹ ਰਜ਼ਾ ਤਕਦੀਰ ਹੋ ਰਹੀ ਵਾਰਦ ਕੌਣ ਹੋਵਨੀ ਦੇ ਹਟਾ ਮੀਆਂ
ਦਾਗ਼ ਅੰਬ ਤੇ ਸਾਰਦਾ ਲਹੇ ਨਹੀਂ ਦਾਗ਼ ਇਸ਼ਕ ਦਾ ਭੀ ਨਾ ਜਾ ਮੀਆਂ
ਮੈਂ ਮੰਗ ਦਰਗਾਹ ਥੀਂ ਲਿਆ ਰਾਂਝਾ ਚਾਕ ਬਖਸ਼ਿਆ ਆਪ ਖ਼ੁਦਾ ਮੀਆਂ
ਹੋਰ ਸਭ ਗੱਲਾਂ ਮੰਜੂਰ ਹੋਈਆਂ ਰਾਂਝੇ ਚਾਕ ਥੀਂ ਨਾ ਹਿਹਿਆ ਜਾ ਮੀਆਂ
ਏਸ ਇਸ਼ਕ ਦੇ ਰੋਗ ਦੀ ਗੱਲ ਐਵੇਂ ਸਿਰ ਜਾਏ ਤੇ ਸਿਰ ਨਾ ਜਾ ਮੀਆਂ
ਵਾਰਸ ਸ਼ਾਹ ਮੀਆਂ ਜਿਵੇਂ ਗੰਜ ਸਿਰ ਦਾ ਬਾਰਾਂ ਬਰਸ ਬਿਨਾਂ ਨਾਹੀਂ ਜਾ ਮੀਆਂ
113. ਹੀਰ ਨੂੰ ਮਾਂ ਪਿਉ ਦਾ ਉੱਤਰ
ਇਹਦੇ ਵਢ ਲੁੜਕੇ ਖੋਹ ਚੁੰਡੀਆਂ ਨੂੰ ਗਲ ਘੁਟ ਕੇ ਡੂੰਘੜੇ ਬੋੜ ਰੰਨੇ
ਸਿਰ ਭੰਨ ਸੁ ਨਾਲ ਮਧਾਣੀਆਂ ਦੇ ਢੂਈਂ ਨਾਲ ਖੜਲੱਤ ਦੇ ਤੋੜ ਰੰਨੇ
ਇਹਦਾ ਦਾਤਰੀ ਲਾਲ ਚਾ ਢਿਡ ਪਾੜੋ ਸੁਆ ਅੱਖੀਆਂ ਦੇ ਵਿੱਚ ਪੋੜ ਰੰਨੇ
ਵਾਰਸ ਚਾਕ ਤੋਂ ਇਹ ਨਾ ਮੁੜੇ ਮੂਲੇ ਅਸੀਂ ਰਹੇ ਬਹੁਤੇਰੜਾ ਹੋੜ ਰੰਨੇ
114. ਮਾਂ ਦਾ ਉੱਤਰ
ਸਿਰ ਬੇਟੀਆਂ ਦੇ ਚਾ ਜੁਦਾ ਕਰਦੇ ਜਦੋਂ ਗੁੱਸਿਆਂ ਤੇ ਬਾਪ ਆਂਵਦੇ ਨੇ
ਸਿਰ ਵਢ ਕੇ ਨੈਂ ਵਿੱਚ ਰੋੜ੍ਹ ਦਿੰਦੇ ਮਾਸ ਕਾਊਂ ਕੁੱਤੇ ਬਿੱਲੇ ਖਾਂਵਦੇ ਨੇ
ਸੱਸੀ ਜਾਮ ਜਲਾਲੀ ਨੇ ਰੋੜ੍ਹ ਦਿੱਤੀ ਕਈ ਡੂਮ ਢਾਡੀ ਪਏ ਗਾਂਵਦੇ ਨੇ
ਔਲਾਦ ਜਿਹੜੀ ਕਹੇ ਨਾ ਲੱਗੇ ਮਾਪੇ ਓਸ ਨੂੰ ਘੁਟ ਲੰਘਾਂਵਦੇ ਨੇ
ਜਦੋਂ ਕਹਿਰ ਤੇ ਆਂਵਦੇ ਬਾਪ ਜ਼ਾਲਮ ਬੰਨ੍ਹ ਬੇਟੀਆਂ ਭੋਹਰੇ ਪਾਂਵਦੇ ਨੇ
ਵਾਰਸ ਸ਼ਾਹ ਜੇ ਮਾਰੀਏ ਬਦਾਂ ਤਾਈਂ ਦੇਣੇ ਖੂਨ ਨਾ ਤਿਨ੍ਹਾ ਦੇ ਆਂਵਦੇ ਨੇ
115. ਉੱਤਰ ਹੀਰ
ਜਿਨ੍ਹਾਂ ਬੇਟੀਆਂ ਮਾਰੀਆਂ ਰੋਜ਼ ਕਿਆਮਤ ਸਿਰੀ ਤਿਨ੍ਹਾਂ ਦੇ ਵੱਡਾ ਗੁਨਾਹ ਮਾਏ
ਮਿਲਨ ਖਾਣੀਆਂ ਤਿਨ੍ਹਾਂ ਫਾੜ ਕਰਕੇ ਜੀਕੂੰ ਮਾਰੀਆਂ ਜੇ ਤਿਵੇਂ ਖਾ ਮਾਏ
ਕਹੇ ਮਾਂ ਤੇ ਬਾਪ ਦੇ ਅਸਾਂ ਅਸਾਂ ਮੰਨੇ ਗਲ ਪਲੋੜਾ ਤੇ ਮੂੰਹ ਘਾ ਲੈ ਮਾਏ
ਇੱਕ ਚਾਕ ਦੀ ਗੱਲ ਨਾ ਕਰੋ ਮੂਲੇ ਇਸ ਦਾ ਹੀਰ ਦੇ ਨਾਲ ਨਿਬਾਹ ਮਾਏਂ
116. ਭਰਾ ਸੁਲਤਾਨ ਦਾ ਉੱਤਰ
ਸੁਲਤਾਨ ਭਾਈ ਆਇਆ ਹੀਰ ਸੰਦਾ ਆਖੇ ਮਾਉਂ ਨੂੰ ਧੀਉ ਨੂੰ ਤਾੜ ਅੰਮਾਂ
ਅਸਾਂ ਫੇਰ ਜੇ ਬਾਹਰ ਇਹ ਕਦੇ ਡਿੱਠੀ ਸਟ ਏਸ ਨੂੰ ਜਾਨ ਥੀਂ ਮਾਰ ਅੰਮਾਂ
ਤੇਰੇ ਆਖਿਆਂ ਸਤਰ ਜੇ ਬਹੇ ਨਾਹੀਂ ਫੇਰਾਂ ਏਸ ਦੀ ਘੌਨ ਤਲਵਾਰ ਅੰਮਾਂ
ਚਾਕ ਵੜੇ ਨਾਹੀਂ ਸਾਡੇ ਵਿੱਚ ਵਿਹੜੇ ਨਹੀਂ ਡੱਕਰੇ ਕਰਾਂ ਸੂ ਚਾਰ ਅੰਮਾਂ
ਜੇ ਧੀ ਨਾ ਹੁਕਮ ਵਿੱਚ ਰਖਿਆਈ ਸਭ ਸਾੜ ਸੁੱਟੂ ਘਰ ਬਾਰ ਅੰਮਾਂ
ਵਾਰਸ ਸ਼ਾਹ ਜਿਹੜੀ ਧਿਉ ਬੁਰੀ ਹੋਵੇ ਦੇਈਏ ਰੋਡ ਸਮੁੰਦਰੋਂ ਪਾਰ ਅੰਮਾਂ
117. ਹੀਰ ਦਾ ਉੱਤਰ ਭਰਾ ਨੂੰ
ਅਖੀਂ ਲੱਗੀਆਂ ਮੁੜਨ ਨਾ ਵੀਰ ਮੇਰੇ ਬੀਬੀ ਵਾਰ ਘੱਤੀ ਬਲਹਾਰੀਆਂ ਵੇ
ਵਹਿਨ ਪਏ ਦਰਿਆ ਨਾ ਕਦੀ ਮੁੜਦੇ ਵੱਡੇ ਲਾ ਰਹੇ ਜ਼ੋਰ ਜ਼ਾਰੀਆਂ ਵੇ
ਲਹੂ ਨਿਕਲਨੋ ਰਹੇ ਨਾ ਮੂਲ ਵੀਰਾ ਜਿੱਥੇ ਲੱਗੀਆਂ ਤੇਜ਼ ਕਟਾਰੀਆਂ ਵੇ
ਲੱਗੇ ਦਸਤ ਇੱਕ ਵਾਰ ਨਾ ਬੰਦ ਕੀਜਨ ਵੈਦ ਲਿਖਦੇ ਵੈਦਗੀਆਂ ਸਾਰੀਆਂ ਵੇ
ਸਿਰ ਦਿੱਤਿਆਂ ਬਾਝ ਨਾ ਇਸ਼ਕ ਪੁੱਗੇ ਏਹ ਨਹੀਂ ਸੁਖਾਲੀਆਂ ਯਾਰੀਆਂ ਵੇ
ਵਾਰਸ ਸ਼ਾਹ ਮੀਆਂ ਭਾਈ ਵਰਜਦੇ ਨੇ ਦੇਖੋ ਇਸ਼ਕ ਬਣਾਈਆਂ ਖੁਆਰੀਆਂ ਵੇ
118. ਹੀਰ ਨੂੰ ਕਾਜ਼ੀ ਦੀ ਨਸੀਹਤ
ਕਾਜ਼ੀ ਆਖਿਆ ਖ਼ੌਫ ਖੁਦਾਇ ਦਾ ਕਰ ਮਾਪੇ ਚਹਿ ਚਿੜੇ ਟਾਹੇ ਮਾਰ ਨੀ ਗੇ
ਤੇਰੀ ਕਿਆੜੀਉਂ ਜੀਭ ਖਿਚਾ ਕੱਢਣ ਮਾਰੇ ਸ਼ਰਮ ਦੇ ਖੂਨ ਗੁਜ਼ਾਰਨੀ ਗੇ
ਜਿਸ ਵਕਤ ਅਸਾਂ ਦਿੱਤਾ ਚਾ ਫਤਵਾ ਓਸ ਵਕਤ ਹੀ ਪਾਰ ਉਤਾਰਨੀ ਗੇ
ਮਾਂ ਆਖਦੀ ਲੋੜ੍ਹ ਖੁਦਦਾਇ ਦਾ ਜੇ ਤਿੱਖੇ ਸ਼ੋਖ ਦੀਦੇ ਵੇਖ ਪਾੜਨੀ ਗੇ
ਵਾਰਸ ਸ਼ਾਹ ਕਰ ਤਰਕ ਬੁਰਿਆਈਆਂ ਤੋਂ ਨਹੀਂ ਅੱਗ ਦੇ ਵਿੱਚ ਨਘਾਰਨੀ ਗੇ
119. ਰਾਂਝੇ ਦਾ ਪੰਜਾਂ ਪੀਰਾਂ ਨੂੰ ਯਾਦ ਕਰਨਾ
ਪੰਜਾਂ ਪੀਰਾਂ ਨੂੰ ਰਾਂਝਨੇ ਯਾਦ ਕੀਤਾ ਜਦੋਂ ਹੀਰ ਸਨੇਹੜਾ ਘੱਲਿਆ ਈ
ਮਾਂ ਬਾਪ ਕਾਜ਼ੀ ਸਭ ਗਿਰਦ ਹੋਏ ਗਿਲਾ ਸਭਨਾ ਦਾ ਅਸਾਂ ਝੱਲਿਆ ਈ
ਆਏ ਪੀਰ ਪੰਜੇ ਅੱਗੇ ਹਥ ਜੋੜੇ ਨੀਰ ਰੋਦਿਆਂ ਮੂਲ ਨਾਲ ਠੱਲਿਆ ਈ
ਬੱਚਾ ਕੌਣ ਮੁਸੀਬਤਾਂ ਪੇਸ਼ ਆਈਆਂ ਵਿੱਚੋਂ ਜਿਉ ਸਾਡਾ ਥਰਲਆ ਈ
ਮੇਰੀ ਹੀਰ ਨੂੰ ਵੀਰ ਹੈਰਾਨ ਕੀਤਾ ਕਾਜ਼ੀ ਮਾਉ ਤੇ ਬਾਪ ਪੱਥਲਿਆ ਈ
ਮਦਦ ਕਰੋ ਖੁਦਾਇ ਦੇ ਵਾਸਤੇ ਦੀ ਮੇਰਾ ਇਸ਼ਕ ਖਰਾਬ ਹੋ ਚੱਲਿਆ ਈ
ਬਹੁਤ ਪਿਆਰ ਦਿਲਾਸੜੇ ਨਾਲ ਪੀਰਾਂ ਮੀਏਂ ਰਾਂਝੇ ਦਾ ਜਿਉ ਤਸੱਲਿਆ ਈ
ਤੇਰੀ ਈਰ ਦੀ ਮੱਦਤੇ ਮੀਆਂ ਰਾਂਝਾ ਮਖਦੂਮ ਜਹਾਨੀਆਂ ਘੱਲਿਆ ਈ
ਦੋ ਸੱਦ ਸੁਣਾ ਖਾਂ ਵੰਝਲੀ ਦੇ ਸਾਡਾ ਗਾਵਨੇ ਤੇ ਜਿਉ ਚੱਲਿਆ ਈ
ਵਾਰਸ ਸ਼ਾਹ ਅੱਗੇ ਜਟ ਗਾਂਵਦਾਈ ਵੇਖੋ ਰਾਗ ਸੁਣ ਕੇ ਜਿਉ ਹੱਲਿਆ ਈ
120. ਪੀਰਾਂ ਨੂੰ ਰਾਂਝੇ ਦਾ ਰਾਗ ਗਾ ਕੇ ਸੁਣਾਉਣਾ
ਸ਼ੌਕ ਨਾਲ ਵਜਾਇ ਕੇ ਵੰਝਲੀ ਨੂੰ ਪੰਜਾਂ ਪੀਰਾਂ ਅੱਗੇ ਖੜ੍ਹਾ ਗਾਂਵਦਾ ਏ
ਕਦੀ ਉਧੋ ਤੇ ਕਾਨ੍ਹ ਦੇ ਬਿਸ਼ਨਪਦੇ ਕਦੇ ਮਾਝ ਪਹਾੜੀ ਦੀ ਲਾਂਵਦਾ ਏ
ਕਦੀ ਢੋਲ ਤੇ ਮਾਰੂਨ ਛੋਹ ਦਿੰਦਾ ਕਦੀ ਬੂਬਨਾ ਚਾ ਸੁਣਾਵਦਾ ਏ
ਮਲਕੀ ਨਾਲ ਜਲਾਲੀ ਨੂੰ ਖ਼ੂਬ ਗਾਵੇ ਵਿੱਚ ਝਿਊਰੀ ਦੀ ਕਲੀ ਲਾਂਵਦਾ ਏ
ਕਦੀ ਸੋਹਨੀ ਤੇ ਮਹੀਂਵਾਲ ਵਾਲੇ ਨਾਲ ਸ਼ੌਕ ਦੇ ਸੱਦ ਸੁਣਾਵਦਾ ਏ
ਕਦੀ ਧੁਰਪਦਾਂ ਨਾਲ ਕਥਿਤ ਛੋਹੇ ਕਦੀ ਸੋਹਲੇ ਨਾਲ ਰਲਾਵੰਦਾ ਏ
ਸਾਰੰਗ ਨਾਲ ਤਲੰਗ ਸ਼ਹਾਨੀਆਂ ਦੇ ਅੰਗ ਸੂਹੇ ਦਾ ਭੋਗ ਪਾਂਵਦਾ ਏ
ਸੋਰਠ ਗੁਜਰੀਆਂ ਪੂਰਬੀ ਭੈਰੋਂ ਦੀਪਕ ਰਾਗ ਦੀ ਜ਼ੀਲ ਵਜਾਂਵਦਾ ਏ
ਟੋਡੀ ਮੇਘ ਮਲ੍ਹਾਰ ਗੌਂਡ ਧਨਾਸਰੀ ਜੈਤਸਰੀ ਭੀ ਨਾਲ ਰਲਾਂਵਦਾ ਏ
ਮਾਲਸਰੀ ਤੇ ਪਰਜ ਬੇਹਾਗ ਬੋਲੇ ਨਾਲ ਮਾਰਵਾ ਵਿੱਚ ਵਜਾਵੰਦਾ ਏ
ਕੇਦਾਰਾ ਤੇ ਬੇਹਾਗੜਾ ਨਾਲੇ ਰਾਗ ਮਾਰੂ ਨਾਲੇ ਕਾਹਨੜੇ ਦੇ ਸੁਰ ਲਾਂਵਦਾ ਏ
ਕਲਿਆਨ ਦੇ ਨਾਲ ਮਾਲਕੰਸ ਬੋਲੇ ਅਤੇ ਮੰਗਲਾਚਾਰ ਸੁਣਾਵਦਾ ਏ
ਭੈਰੋਂ ਨਾਲ ਪਲਾਸੀਆਂ ਭੀਮ ਬੋਲੇ ਨਟ ਰਾਗ ਦੀ ਜ਼ੀਲ ਵਜਾਂਵਦਾ ਏ
ਬਰਵਾ ਨਾਲ ਪਹਾੜ ਝੰਝੋਟਿਆਂ ਦੇ ਹੋਰੀ ਲਾਲ ਆਸਾਖੜਾ ਗਾਂਵਦਾ ਏ
ਬੋਲੇ ਰਾਗ ਬਸੰਤ ਹੰਡੋਲ ਗੋਪੀ ਮੁੰਦਾਵਨੀ ਦੀਆਂ ਸੁਰਾਂ ਲਾਂਵਦਾ ਏ
ਪਲਾਸੀ ਨਾਲ ਤਰਾਨਿਆਂ ਠਾਂਸ ਕੇ ਤੇ ਵਾਰਸ ਸ਼ਾਹ ਨੂੰ ਖੜਾ ਸੁਣਾਂਦਾ ਏ
121. ਪੀਰਾਂ ਦਾ ਰਾਂਝੇ ਤੋਂ ਖੁਸ਼ ਹੋਣਾ
ਰਾਜ਼ੀ ਹੋ ਪੰਜਾਂ ਪੀਰਾਂ ਹੁਕਮ ਕੀਤਾ ਬੱਚਾ ਮੰਗ ਲੈ ਦੁਆ ਜੋ ਮੰਗਦੀ ਹੈ
ਅਜੀ ਹੀਰ ਜੱਟੀ ਮੈਨੂੰ ਬਖਸ਼ ਉਠੋ ਰੰਗਨ ਸ਼ੌਕ ਦੇ ਵਿੱਚ ਜੋ ਰੰਗਨੀ ਹੈ
ਤੈਨੂੰ ਲਾਏ ਭਬੂਤ ਮਲੰਗ ਕਰੀਏ ਬੱਚਾ ਓਹ ਵੀ ਤੇਰੀ ਮੰਗਨੀ ਹੈ
ਜਹੇ ਨਾਲ ਰਲੀ ਤੇਹੀ ਹੋ ਜਾਏ ਨੰਗਾਂ ਨਾਲ ਲੜੀਏ ਸੋ ਭੀ ਨੰਗਨੀ ਹੈ
ਵਾਰਸ ਸ਼ਾਹ ਨਾ ਸੇਵੇਂ ਨਾ ਛਡ ਜਾਈ ਘਰ ਮਾਪਿਆਂ ਦੇ ਨਾਹੀਂ ਟੰਗਨੀ ਹੈ
122. ਪੀਰਾਂ ਨੇ ਰਾਂਝੇ ਨੂੰ ਅਸੀਸ ਦੇਣ
ਰਾਂਝੇ ਪੀਰਾਂ ਨੂੰ ਬਹੁਤ ਖੁਸ਼ਹਾਲ ਕੀਤਾ ਦੁਆ ਦਿੱਤੀਆਂ ਨੇ ਜਾ ਹੀਰ ਤੇਰੀ
ਤੇਰੇ ਸਬ ਮਕਸੂਦ ਹੋ ਰਹੇ ਹਾਸਲ ਮਦਦ ਹੋ ਗਏ ਪੰਜੇ ਪੀਰ ਤੇਰੀ
ਜਾ ਗੂੰਜ ਤੂੰ ਵਿੱਚ ਮੰਗਵਾੜ ਬੈਠਾ ਬਖਸ਼ ਲਈ ਹੈ ਸਭ ਤਕਸੀਰ ਤੇਰੀ
ਵਾਰਸ ਸ਼ਾਹ ਮੀਆਂ ਪੀਰਾਂ ਕਾਮਲਾਂ ਨੇ ਕਰ ਛੱਡੀ ਹੈ ਨੇਕ ਤਦਬੀਰ ਤੇਰੀ
123. ਹੀਰ ਰਾਂਝੇ ਦੀ ਮਿੱਠੀ ਨਾਇਨ ਨਾਲ ਸਲਾਹ
ਰਾਂਝੇ ਆਖਿਆ ਆ ਖਾਂ ਬੈਠ ਹੀਰੇ ਕੋਈ ਖੂਬ ਤਦਬੀਰ ਬਣਾਈਏ ਨੀ
ਤੇਰੇ ਮਾਂ ਤੇ ਬਾਪ ਦਿਲਗੀਰ ਹੋਦੇ ਕਿਵੇਂ ਉਨ੍ਹਾਂ ਤੋਂ ਬਾਤ ਛੁਪਾਈਏ ਨੀ
ਮਿੱਠੀ ਨੈਨ ਨੂੰ ਸਦ ਕੇ ਬਾਤ ਗਿਣੀਏ ਜੇ ਤੂੰ ਕਹੇਂ ਤੇਰੇ ਘਰ ਆਈਏ ਨੀ
ਮੈਂ ਸਿਆਲਾਂ ਦੇ ਵਿਹੜੇ ਵੜਾਂ ਨਾਹੀਂ ਸਾਥੇ ਹੀਰ ਨੂੰ ਨਿੱਤ ਪਹੁੰਚਾਈਏ ਨੀ
ਦਿਨੇ ਰਾਤ ਤੇਰੇ ਘਰ ਮੇਲ ਸਾਡਾ ਸਾਡੇ ਸਿਰੀ ਅਹਿਸਾਨ ਚੜ੍ਹਾਈਏ ਨੀ
ਹੀਰ ਪੰਜ ਮੁਹਰਾਂ ਦਿੱਤੀਆਂ ਨੇ ਜੀਵੇ ਮਿਠੀਅਏ ਡੌਲ ਪਕਾਈਏ ਨੀ
ਕੁੜੀਆਂ ਨਾਲ ਨਾ ਖੋਲਣਾ ਭੇਦ ਮੂਲੇ ਸਭਾ ਜਿਉ ਦੇ ਵਿੱਚ ਲੁਕਾਈਏ ਨੀ
ਵਾਰਸ ਸ਼ਾਹ ਛੁਪਾਈਏ ਖਲਕ ਕੋਲੋਂ ਭਾਵੇ ਆਪਣਾ ਹੀ ਗੁੜ ਖਾਈਏ ਨੀ
124. ਨਾਈਆਂ ਦੇ ਘਰ ਖਬਰ
ਫਲੇ ਕੋਲ ਜਿੱਥੇ ਮੰਗੂ ਬੈਠਦਾ ਸੀ ਓਥੇ ਕੋਲ ਹੈਸੀ ਘਰ ਨਾਈਆਂ ਦਾ
ਮਿੱਠੀ ਨਾਇਨ ਘਰਾਂ ਸੰਦੀ ਖਸਮਣੀ ਸੀ ਨਾਈ ਕੰਮ ਕਰਦੇ ਫਿਰਨ ਸਾਈਆਂ ਦਾ
ਘਰ ਨਾਈਆਂ ਦੇ ਹੁਕਮ ਰਾਂਝਣੇ ਦਾ ਜਿਵੇਂ ਸਾਹੁਰੇ ਘਰੀਂ ਜਵਾਈਆਂ ਦਾ
ਚਾਨ ਭਾਨ ਮੱਠੀ ਫਿਰਨ ਵਾਲਿਆਂ ਦੀ ਬਾਰਾ ਖੁਲਦਾ ਲੇਫ ਤਲਾਈਆਂ ਦਾ
ਮਿੱਝੀ ਸੇਜ ਵਛਾਏ ਕੇ ਫੁਲ ਪੂਰੇ ਉੱਤੇ ਆਂਵਦਾ ਕਦਮ ਖ਼ੁਦਾਈਆ ਦਾ
ਦੋਵੇਂ ਹੀਰ ਰਾਂਝਾ ਰਾਤੀਂ ਕਰਨ ਮੌਜਾਂ ਖੜੀਆਂ ਖਾਣ ਮੱਝੀ ਸਿਰ ਸਾਈਆਂ ਦਾ
ਘੜੀ ਰਾਤ ਰਹਿੰਦੇ ਘਰੀਂ ਹੀਰ ਜਾਏ ਰਾਂਝਾ ਭਾਤ ਪੁਛਦਾ ਫਿਰ ਧਾਈਆਂ ਦਾ
ਆਪੇ ਆਪਣੀ ਕਾਰ ਵਿੱਚ ਜਾ ਰੁੱਝਨ ਬੂਹਾ ਫੇਰ ਨਾ ਦੇਖਦੇ ਨਾਈਆਂ ਦਾ
125. ਹੀਰ ਅਤੇ ਸਹੇਲੀਆਂ ਦਾ ਰਾਂਝੇ ਨਾਲ ਖੇਲਣਾ ਮੱਲ੍ਹਣਾ
ਦਿੰਹੁ ਹੋਵੇ ਦੋਪਹਿਰ ਤਾਂ ਆਵੇ ਰਾਂਝਾ ਅਤੇ ਓਧਰੋਂ ਹੀਰ ਭੀ ਆਂਵਦੀ ਹੈ
ਇਹ ਮਹੀਂ ਲਿਆ ਬਹਾਂਵਦਾ ਏ ਓਹ ਨਾਲ ਸਹੇਲੀਆਂ ਲਿਆਂਵਦੀ ਹੈ
ਉਹ ਵੰਝਲੀ ਨਾਲ ਸਰੋਦ ਕਰਦਾ ਇਹ ਨਾਲ ਸਹੇਲੀਆਂ ਗਾਵਦੀ ਹੈ
ਕਾਈ ਜ਼ੁਲਫ ਨਚੋੜਦੀ ਰਾਂਝਨੇ ਤੇ ਕਾਈ ਆਨ ਗਲੇ ਲਾਂਵਦੀ ਹੈ
ਕਾਈ ਚੰਬੜੇ ਲਕ ਨੂੰ ਮੁਸ਼ਕ ਬੋਰੀ ਕਾਈ ਮੁਖ ਨੂੰ ਮੁਖ ਛੋਹਾਂਵਦੀ ਹੈ
ਕਾਹੀ 'ਮੀਰੀ ਆਂ' ਆਖ ਕੇ ਭੱਜ ਜਾਂਦੀ ਮਗਰ ਪਵੇ ਤਾਂ ਟੁੱਬੀਆਂ ਲਾਂਵਦੀ ਹੈ
ਕਾਈ ਆਖਦੀ ਮਾਹੀਆ ਮਾਹੀਆ ਵੇ ਤੇਰੀ ਮਝ ਕਟੀ ਕੱਟਾ ਜਾਂਵਦੀ ਹੈ
ਕਾਈ ਮਾਮੜੇ ਦਿਆਂ ਖ਼ਰਬੂਜ਼ਿਆਂ ਨੂੰ ਕੌੜੇ ਬਕਬਕੇ ਚਾ ਬਨਾਂਵਦੀ ਹੈ
ਕਾਈ ਆਖਦੀ ‘ਏਡੀ ਹੈ' ਰਾਂਝਿਆ ਵੇ ਮਾਰ ਬਾਹਲੀ ਪਾਰ ਨੂੰ ਧਾਵਦੀ ਹੈ।
ਕੁੱਤੇ ਤਾਰੀਆਂ ਤਰਨ ਚਵਾ ਕਰਕੇ ਇੱਕ ਛਾਲ ਘੁੜਮ ਦੀ ਲਾਂਵਦੀ ਹੈ
ਮੁਰਦੇ ਤਾਰੀਆਂ ਤਰਲ ਚੌਫਾਲ ਪੈ ਕੇ ਕੋਈ ਨਵਲ ਨਸਲ ਰੁੜ੍ਹੀ ਆਂਵਦੀ ਹੈ
ਇੱਕ ਸ਼ਰਤ ਬੱਧੀ ਟੁਭੀ ਮਾਰ ਜਾਏ ਤੇ ਪਤਾਲ ਦੀ ਮਿਟੜੀ ਲਿਆਂਵਦੀ ਹੈ।
ਇੱਕ ਪੈਨ ਤੇ ਕਾਜ਼ ਚਤਰਾਂਗ ਹੋਕੇ ਸੁਰਖਾਬ ਤੇ ਕੂੰਜ ਬਣ ਆਂਵਦੀ ਹੈ
ਇੱਕ ਢੀਂਗ ਮੁਰਗਾਈ ਤੇ ਬਣੇ ਬਗਲਾ ਇੱਕ ਕਲਕਲਾ ਹੋ ਦੁਖਾਂਵਦੀ ਹੈ
ਇੱਕ ਵਾਂਗ ਕਕੋਹਿਆਂ ਸੰਘ ਵੱਡੇ ਇੱਕ ਉਤ ਦੇ ਵਾਂਗ ਬਲਾਉਂਦੀ ਹੈ
ਔਗਤ ਬੋਲਦੀ ਇੱਕ ਟਟੀਹਰੀ ਹੋਇੱਕ ਸੰਗ ਜਲਕਾਵਨੀ ਆਂਵਦੀ ਹੈ
ਇੱਕ ਲਧਰ ਹੋਇਕੇ ਕੁੜ ਕੁੜਾਵੇ ਇੱਕ ਹੋ ਸੰਸਾਰ ਸ਼ਕਾਂਵਦੀ ਹੈ
ਇੱਕ ਦੇ ਪਸਲੇਟੀਆਂ ਹੋ ਬੁਲ੍ਹਨ ਮਸ਼ਕ ਵਾਂਗਰੋ ਓਹ ਫੂਕਾਂਵਦੀ ਹੈ
ਹੀਰ ਤਰੇ ਚੌਤਰਫ ਹੀ ਰਾਂਝਨੇ ਦੇ ਮੋਰੀ ਮਛਲੀ ਬਨ ਬਨ ਆਂਵਦੀ ਹੈ
ਆਪ ਬਨੇ ਮਛਲੀ ਨਾਲ ਚਾਵੜਾਂ ਦੇ ਮੀਏ ਰਾਂਝੇ ਨੂੰ ਕੁਰਲ ਬਣਾਂਵਦੀ ਹੈ
ਏਸ ਤਖ਼ਤ ਹਜ਼ਾਰੇ ਦੇ ਡੰਬੜੇ ਨੂੰ ਰੰਗ ਰੰਗ ਦੀਆਂ ਜਾਲੀਆਂ ਪਾਂਵਦੀ ਹੈ
ਵਾਰਸ ਸ਼ਾਹ ਜੱਟੀ ਨਾਜ਼ ਨਿਆਜ਼ ਕਰਕੇ ਨਿਤ ਯਾਰ ਦਾ ਜਿਊ ਪਰਚਾਂਵਦੀ ਹੈ
126. ਕੈਦੋ ਦਾ ਮਲਕੀ ਕੋਲ ਲੂਤੀਆਂ ਲਾਉਣਾ
ਕੈਦੋ ਆਖਦਾ ਮਲਕੀਹੇ ਭੈੜੀਏ ਨੀ ਤੇਰੀ ਧਿਉ ਵੱਡਾ ਚੈਚਰ ਚਇਆ ਈ
ਜਾ ਨਏ ਤੇ ਚਾਕ ਦੇ ਨਾਲ ਘੁਲਦੀ ਏਸ ਮੁਲਕ ਦਾ ਅਰਥ ਗਵਾਇਆ ਈ
ਮਾ ਬਾਪ ਕਾਜ਼ੀ ਸਭੇ ਹਾਰ ਥੱਕੇ ਏਸ ਇੱਕ ਨਾ ਜਿਉ ਤੇ ਲਾਇਆ ਈ
ਮੂੰਹ ਘੁਟ ਰਹੇ ਵਾਲ ਪੁਟ ਰਹੇ ਲਿੰਗ ਕੁਟ ਰਹੇ ਮੈਨੂੰ ਤਾਇਆ ਈ
ਜੰਘ ਜੁਟ ਰਹੇ ਝਾਟਾ ਪੁਟ ਰਹੇ ਅਤੇ ਹੁਣ ਰਹੇ ਗ਼ੈਬ ਚਾਇਆ ਈ
ਲਿਟ ਪੁਟ ਰਹੇ ਤੇ ਨਖੁਟ ਰਹੇ ਅੰਤ ਹੁਟ ਰਹੇ ਲੱਤੀਂ ਜੁਟ ਰਹੇ ਲਟਕਾਇਆ ਈ
ਮਤੀ ਦੇਰਹੇ ਪੀਰ ਸਿਉਂ ਰਹੇ ਪੈਰੀਂ ਪੈ ਰਹੇ ਲੋੜ੍ਹਾ ਆਇਆ ਈ
ਵਾਰਸ ਸ਼ਾਹ ਮੀਆਂ ਸੁੱਤੇ ਮੁਆਮਲੇ ਨੂੰ ਲੰਬੇ ਰਿਛ ਨੇ ਮੋੜ ਜਗਾਇਆ ਈ
127. ਮਲਕੀ ਦਾ ਉੱਤਰ
ਮਲਕੀ ਆਖਦੀ ਸੱਦ ਤੂੰ ਹੀਰ ਤਾਈ ਝਬ ਹੋ ਤੂੰ ਔਲੀਆ ਨਾਈਆ ਵੇ
ਅਲਫੁ ਮੋਚੀਆ ਮੌਜਮਾ ਵਾਗੀਆ ਵੇ ਧੱਦੀ ਮਾਛੀਆ ਭਜ ਤੂੰ ਭਾਈਆ ਵੇ
ਖੇਡਨ ਗਈ ਮੂੰਹ ਸੋਝਲੇ ਘਰੋਂ ਨਿਕਲੀ ਨਿੰਮਾ ਸ਼ਾਮ ਹੋਈ ਨਹੀਂ ਆਈਆ ਵੇ
ਵਾਰਸ ਸ਼ਾਹ ਮਾਈ ਹੀਰ ਨਹੀਂ ਆਈ ਮੋਹਰ ਮੰਗੂਆਂ ਦੀ ਘਰੀਂ ਆਈਆ ਵੇ
128. ਹੀਰ ਨੂੰ ਸੱਦਣ ਲਈ ਬੰਦੇ ਦੌੜੇ
ਝੰਗੜ ਡੂਮ ਤੇ ਫੱਤੂ ਕਲਾਲ ਦੌੜੇ ਬੇਲਾ ਚੂਹੜਾ ਤੇ ਝੰਡੀ ਚਾਕ ਮੀਆਂ
ਜਾ ਹੀਰ ਅੱਗੇ ਧੁਮ ਘਤਿਆ ਨੇ ਬੱਚਾ ਕੇਹੀ ਉਡਾਈ ਆ ਖਾਕ ਮੀਆਂ
ਤੇਰੀ ਮਾਂਉਂ ਤੇਰੇ ਉਤੇ ਬਹੁਤ ਗੁੱਸੇ ਜਾਨੋਂ ਮਾਰ ਸੀ ਚੂਚਕਾ ਵਾਹਕ ਮੀਆ
ਰਾਂਝਾ ਜਾਹ ਤੇਰੇ ਸਿਰ ਆਣ ਬਣੀਆਂ ਨਾਲੇ ਆਖਦੇ ਮਾਰੀਏ ਚਾਕ ਮੀਆਂ
ਸਿਆਲ ਘੇਰ ਨਗਰ ਪੌਣ ਕੁੱਦ ਤੈਨੂੰ ਗਿਣੇਂ ਆਪ ਨੂੰ ਬਹੁਤ ਚਲਾਕ ਮੀਆਂ
ਤੋਤਾ ਅੰਬ ਦੀ ਡਾਲ ਤੇ ਕਰੇ ਮੌਜਾਂ ਤੇ ਗੁਲੇਲੜਾ ਪੌਸ ਪਟਾਕ ਮੀਆਂ
ਅੱਜ ਸਿਆਲਾਂ ਨੇ ਚੁੱਲ੍ਹੀ ਨਾ ਅੱਗ ਘੱਤੀ ਸਾਰਾ ਕੋੜਮਾ ਬਹੁਤ ਗੰਮਨਾਕ ਮੀਆਂ
ਵਾਰਸ ਸ਼ਾਹ ਯਤੀਮ ਦੇ ਮਾਰਨੇ ਨੂੰ ਸਭਾ ਜੁੜੀ ਚਨ੍ਹਾ ਦੀ ਧਾਕ ਮੀਆਂ
129. ਹੀਰ ਦਾ ਆਉਣਾ ਤੇ ਮਾਂ ਨੂੰ ਸਲਾਮ
ਹੀਰ ਮਾਂ ਨੂੰ ਆਣ ਸਲਾਮ ਕੀਤਾ ਮਾਉਂ ਆਦੀ ਆ ਨੀ ਨਹਿਰੀਏ ਨੀ
ਯਰੋਲੀਏ ਗੋਲੀਏ ਬੇਹਿਆਏ ਘੁੰਢ ਵੀਨੀਏ ਤੇ ਗੁਲ ਪਹਿਰੀਏ ਨੀ
ਉਧਲਾਕ ਟੁੰਬੇ ਅਤੇ ਕੁੜਮੀਏ ਨੀ ਛਲਛਿਦਰੀਏ ਤੇ ਛਾਈਂ ਜਹਿਰੀਏ ਨੀ
ਗੋਲਾ ਦਿੰਗੀਏ ਉਜ਼ਬਕੇ ਮਾਲਜ਼ਾਦੇ ਗੁੱਸੇ ਮਾਰੀਏ ਜ਼ਹਿਰ ਦੀਏ ਜ਼ਹਿਰੀਏ ਨੀ
ਤੂੰ ਅਕਾਇਕੇ ਸਾੜ ਕੇ ਲੋੜ ਦਿੱਤਾ ਲਿੰਗ ਘੜੂੰਗੀ ਨਾਲ ਮੁਤਹਿਰੀਏ ਨੀ
ਆ ਆਖਨੀ ਹੋ ਟਲ ਜਾ ਚਠੇ ਮਹਿਰ ਰਾਂਝੇ ਦੇ ਨਾਲ ਦੀਏ ਮਹਿਰੀਏ ਨੀ
ਸਾਨ੍ਹਾਂ ਨਾਲ ਰਹੇ ਦਿਹੁੰ ਰਾਤ ਖਹਿੰਦੀ ਆ ਟਲੋਂ ਨੀ ਕੁੱਤਏ ਵਹਿਰੀਏ ਨੀ
ਅੱਜ ਰਾਤ ਤੈਨੂੰ ਮਝੋ ਵਾਹ ਡੋਬਾਂ ਤੇਰੀ ਸਾਇਤ ਆਂਵਦੀ ਕਹਿਰੀਏ ਨੀ
ਵਾਰਸ ਸ਼ਾਹ ਤੈਨੂੰ ਕੱਪੜ ਧੜੀ ਹੋਸੀ ਵੇਖੀਂ ਨੀਲ ਡਾਂਡਾਂ ਅਤੇ ਲਹਿਰੀਏ ਨੀ
130. ਹੀਰ ਦਾ ਉੱਤਰ
ਅੰਮਾਂ ਚਾਕ ਬੇਲੇਅਸੀਂ ਪੀਂਘ ਪੀਂਘ ਕੈਸੇ ਗ਼ੈਬ ਦੇ ਤੁਤੀਏ ਬੋਲਨੀ ਹੈ
ਗੰਦਾ ਬਹੁਤ ਮਲੂਕ ਮੁੰਹ ਝੂਠੜੇ ਦਾ ਐਡਾ ਪਹਾੜ ਕਿਉਂ ਤੋਲਨੀ ਹੈਂ
ਸ਼ੁਅਲਾ ਨਾਲ ਗੁਲਾਬ ਤਿਆਰ ਕੀਤਾ ਵਿੱਚ ਪਿਆਜ਼ ਕਿਉਂ ਝੂਠ ਦਾ ਘੋਲਨੀ ਹੈਂ
ਗੱਦਾ ਕਿਸੇ ਦੀ ਨਹੀਂ ਚੁਰਾ ਆਂਦੀ ਦਾਨੀ ਹੋਇਕੇ ਗ਼ੈਬ ਕਿਉਂ ਬੋਲਨੀ ਹੈਂ
ਅਨਸੁਣਿਆਂ ਨੂੰ ਚਾ ਸੁਨਾਇਆ ਈ ਮੋਏ ਨਾਗ ਵਾਂਗੂੰ ਵਿਸ ਘੋਲਨੀ ਹੈ
ਵਾਰਸ ਸ਼ਾਹ ਗੁਨਾਹਹ ਕੀ ਅਸਾਂ ਕੀਤਾ ਏਡੇ ਗ਼ੈਬ ਤੂਫਾਨ ਕਿਉਂ ਤੋਲਨੀ ਹੈਂ
131. ਮਾਂ ਦਾ ਉੱਤਰ
ਸੜੇ ਲੇਖ ਸਾਡੇ ਕੱਜ ਪਏ ਤੇਨੂੰ ਵੱਡੀ ਸੋਹਣੀ ਧੀਉ ਨੂੰ ਲੀਕ ਲੱਗੀ
ਨਿਤ ਕਰੇ ਤੌਬਾ ਨਿਕ ਕਰੇਂ ਯਾਰੀ ਨਿਤ ਕਰੇ ਪਾਖੰਡ ਤੇ ਵੱਡੀ ਠੱਗੀ
ਅਸੀਂ ਮਨ੍ਹਾ ਕਰ ਰਹੇ ਹਾਂ ਮੁੜੀ ਨਾਹੀਂ ਤੈਨੂੰ ਕਿਸੇ ਫਕੀਰ ਦੀ ਕੇਹੀ ਵੱਗੀ
ਵਾਰਸ ਸ਼ਾਹ ਇਹ ਦੁਧ ਤੇ ਖੰਡ ਖਾਦੀ ਮਾਰੀ ਫਿਟਕ ਦੀ ਗਈ ਜੇ ਹੋ ਬੱਗੀ
132. ਉੱਤਰ ਹੀਰ
ਅੰਮਾਂ ਬਸ ਕਰ ਗਾਲੀਆਂ ਦੇ ਨਾਹੀਂ ਗਾਲੀ ਦਿੱਤੀਆਂ ਵੱਡੜਾ ਪਾਪ ਆਵੇ
ਨਿਊ ਰਬ ਦੀ ਪਟਨੀ ਖਰੀ ਔਖੀ ਧੀਆਂ ਮਾਰਿਆਂ ਵੱਡਾ ਸਰਾਪ ਆਵੇ
ਲੈ ਜਾਏ ਮੈਂ ਭੱਈੜਾਂ ਪਿਟਨੀ ਨੂੰ ਕੋਈ ਗ਼ੈਬ ਦਾ ਸੂਲ ਜਾਂ ਤਾਪ ਆਵੇ
ਵਾਰਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ
133. ਕੈਦੋ ਦਾ ਖਲਜਗਨ
ਕੈਦੋ ਆਇਕੇ ਆਖਦਾ ਸੌਹਰਿਉ ਵੋ ਮੈਥੋਂ ਕੌਣ ਚੰਗਾ ਮੱਤ ਦੇਸਿਆ ਓ
ਮਹੀਂ ਮੋਹੀਆਂ ਤੇ ਨਾਲੇ ਸਿਆਲ ਮੁਠੇ ਅੱਜ ਕਲ ਵਿਗਾੜ ਕਰੇਸਿਆ ਓ
ਇਹ ਨਿਤ ਦਾ ਪਿਆਰ ਨਾ ਜਾਏ ਖਾਲੀ ਪਿੰਜ ਗੱਡ ਦਾ ਪਾਸ ਨਾ ਵੇਸਿਆ ਓ
ਸੱਥੋਂ ਮਾਰ ਸਿਆਲਾਂ ਨੇ ਗੱਲ ਟਾਲੀ ਪਰ੍ਹਾ ਛੱਡ ਲੈੜਾ ਬਹੁ ਭੇਸਿਆ ਓ
ਰਗ ਇੱਕ ਵਧੀਕ ਹੈ ਲੰਙਿਆਂ ਦੀ ਕਿਰਤਘਨ ਫਰਫੇਜ ਮਲਖੇਸਿਆਂ ਓ
134. ਉਹੀ ਚਾਲੂ
ਕੋਈ ਰੋਜ਼ ਨੂੰ ਮੁਲਕ ਮਸ਼ਹੂਰ ਹੋਸੀ ਚੋਰੀ ਯਾਰੀ ਹੈ ਐਬ ਕਵਾਰੀਆਂ ਨੂੰ
ਜਿਨ੍ਹਾਂ ਬਾਨ ਹੈ ਨੱਚਨੇ ਕੁਦਨੇ ਦੀ ਰੱਖੇ ਕੌਣ ਰੰਨਾ ਹਰਪਿਆਰੀਆਂ ਨੂੰ
ਏਸ ਪਾ ਭੁਲਾਵੜਾ ਠਗ ਲੀਤੇ ਕੰਮ ਪਹੁੰਚਸੀ ਬਹੁਤ ਖੁਆਰੀਆਂ ਨੂੰ
ਜਦੋਂ ਚਾਕ ਉਧਾਲ ਲੈਜਾਗ ਨਢੀ ਤਦੋਂ ਝੁਰ ਸਾਂ ਬਾਜ਼ੀਆਂ ਹਾਰੀਆਂ ਨੂੰ
ਵਾਰਸ ਸ਼ਾਹ ਮੀਆਂ ਜਿਨ੍ਹਾਂ ਲਾਈਆਂ ਨੀ ਸਈ ਜਾਨਦੇ ਦਾਰੀਆਂ ਯਾਰੀਆਂ ਨੂੰ
135. ਹੀਰ ਨੂੰ ਸਹੇਲੀਆਂ ਨੇ ਕੈਦੋ ਬਾਬਤ ਜਾ ਦੱਸਣਾ
ਕਿੱਸਾ ਹੀਰ ਨੂੰ ਤੁਰਤ ਸਹੇਲੀਆਂ ਨੇ ਜਾ ਕੰਨ ਦੇ ਵਿੱਚ ਸੁਨਾਇਆ ਈ
ਤੈਨੂੰ ਮਿਹਣਾ ਚਾਕ ਦਾ ਦੇ ਕੈਦੋ ਵਿੱਚ ਪਰ੍ਹੇ ਦੇ ਸ਼ੋਰ ਮਚਾਇਆ ਈ
ਵਾਂਗ ਢੋਲ ਹਰਾਮ ਸ਼ੈਤਾਨ ਦੇ ਨੀ ਡਗਾ ਵਿੱਓ ਬਾਜ਼ਾਰ ਦੇ ਲਾਇਆ ਈ
ਇਹ ਗੱਲ ਜੇ ਜਾਇਸੀ ਅੱਜ ਖਾਲੀ ਤਨੇ ਹੀਰ ਕਿਉਂ ਨਾਉਂ ਸਦਾਇਆ ਈ
ਕਰ ਛੱਡਨੀ ਏਸ ਦੇ ਨਾਲ ਏਹੀ ਸੁਣੇ ਦੇਸ ਜੋ ਕੀਤੀ ਪਾਇਆ ਈ
ਵਾਰਸ ਸ਼ਾਹ ਅਪਰਾਧ ਦੀਆਂ ਰਹਿਣ ਜੁੜੀਆਂ ਲੰਬੇ ਰਿਛ ਨੇ ਮੁਆਮਲਾ ਚਾਇਆ ਈ
136. ਹੀਰ ਦਾ ਸਹੇਲੀਆਂ ਨੂੰ ਉੱਤਰ
ਹੀਰ ਆਖਿਆ ਵਾੜ ਕੇ ਫਲੇ ਅੰਦਰ ਗਲ ਪਾ ਰੱਸਾ ਮੂੰਹ ਘੁਟ ਘੱਤੋ
ਲੈ ਕੇ ਕੁਤਕੇ ਤੇ ਕੁਢਣ ਮਾਛੀਆਂ ਦੇ ਧੜਾ ਧੜ ਹੀ ਮਾਰ ਕੇ ਕੁਟ ਘੱਤੋ
ਟੰਗੋਂ ਪਕੜ ਕੇ ਲੱਕ ਵਿੱਚ ਪਾ ਜੱਫੀ ਕਿਸੇ ਟੋਭੜੇ ਦੇ ਵਿੱਚ ਸੁਟ ਘੱਤੋ
ਮਾਰ ਏਸ ਨੂੰ ਲਇਕੇ ਅੱਗ ਝੁੱਗੀ ਸਾੜ ਬਾਲ ਕੇ ਚੀਜ਼ ਸਭ ਲੁਟ ਘੱਤੋ
ਵਾਰਸ ਸ਼ਾਹ ਮੀਆਂ ਦਾੜ੍ਹੀ ਭਿਨੜੀ ਦਾ ਜੋ ਕੋ ਵਾਲ ਦਿਸੇ ਸਭੋ ਪੁਟ ਘੱਤੋ
137. ਹੀਰ ਦਾ ਸਹੇਲੀਆਂ ਨਾਲ ਰਲ ਕੈਦੋ ਨੂੰ ਚੰਡਨ ਦੀ ਸਲਾਹ
ਸਈਆ ਨਾਲ ਰਲ ਕੇ ਹੀਰ ਮਤਾ ਕੀਤਾ ਖਿੰਡ ਫੁਟਕੇ ਗਲੀਆਂ ਮੱਲੀਆਂ ਨੇ
ਕੈਦੋ ਆਣ ਵੜਿਆ ਜਦੋਂ ਫਲੇ ਅੰਦਰ ਖਬਰਾਂ ਤੁਰਤ ਹੀ ਹੀਰ ਥੇ ਘੱਲੀਆਂ ਨੇ
ਹੱਥੀਂ ਪਕੜ ਕਾਨੀਆਂ ਵਾਂਗ ਸ਼ਾਹ ਪਰੀਆਂ ਗੁੱਸਾ ਖਾਇਕੇ ਸਾਰੀਆਂ ਚਲੀਆਂ ਨੇ
ਕੈਦੋ ਘੇਰ ਜਿਉਂ ਗਧਾ ਘਮਿਆਰ ਪਕੜੇ ਲਾਹ ਸੇਲੀਆਂ ਪਕੜ ਪਥੱਲੀਆਂ ਨੇ
ਘਾੜ ਘੜਨ ਠਠਿਆਰ ਜਿਵੇਂ ਪੌਣ ਧਮਕਾਂ ਧਾਈਂ ਛੜਦੀਆਂ ਮੁਹਲੀਆਂ ਚੱਲੀਆਂ ਨੇ।
138. ਪਹਿਲਾ ਚਾਲੂ
ਗਲ ਪਾਇਕੇ ਸੇਲ੍ਹੀਆਂ ਪਾ ਟੋਪੀ ਪਾੜ ਜੁੱਲੀਆਂ ਸੰਘ ਨੂੰ ਘੁਟਿਉ ਨੇ
ਭੰਨ ਦੌੜ ਤੇ ਕੁਟਕੇ ਛੜਨ ਲੱਤੀ ਰੋੜ ਵਿੱਚ ਖੜਲ ਦੇ ਸੁਟਿਉ ਨੇ
ਝੰਝੋੜ ਸਿਰ ਤੋੜ ਕੇ ਘਤ ਮੂਧਾ ਲਾਂਗੜ ਪਾੜ ਕੇ ਧੜਾ ਧੜ ਕਟਿਉ ਨੇ
ਵਾਰਸ ਸ਼ਾਹ ਦਾੜ੍ਹੀ ਪੁਟ ਪਾੜ ਲਾਂਗੜ ਏਹ ਅਖੱਟੜਾ ਹੀ ਚਾ ਖੁਟਿਓ ਨੋ
139. ਓਹੀ ਚਾਲੂ
ਹਿਕ ਮਾਰ ਲੱਤਾਂ ਦੂਈ ਲਾ ਛਮਕਾਂ ਤੀਈ ਨਾਲ ਚਟਾਕਿਆਂ ਮਾਰਦੀ ਹੈ
ਕੋਈ ਇੱਟ ਵੱਟਾ ਜੁੱਤੀ ਢੀਮ ਪੱਥਰ ਕੋਈ ਪਕੜ ਕੇ ਧੌਣ ਭੋਏਂ ਮਾਰਦੀ ਹੈ
ਕੋਈ ਪੁਟ ਦਾੜ੍ਹੀ ਦੁੱਬਰ ਵਿੱਚ ਦੇਂਦੀ ਕੋਈ ਡੰਡਕਾ ਵਿੱਚ ਗੁਜ਼ਾਰਦੀ ਹੈ
ਚੋਰ ਮਾਰੀਦਾ ਵੇਖੀਏ ਚਲੋ ਸਾਧੋ ਵਾਰਸ ਸ਼ਾਹ ਜ਼ਬਤ ਸਰਕਾਰ ਦੀ ਹੈ
140. ਕੈਦੋ ਕੁੜੀਆਂ ਨਾਲ ਉਲਝਿਆ
ਪਾੜ ਚੁੰਨੀਆਂ ਸੁੱਥਣਾਂ ਕੁੜਤੀਆਂ ਨੂੰ ਚੱਕ ਵੱਢ ਕੇ ਚੀਕਦਾ ਚੋਰ ਵਾਂਗੂੰ
ਵਤੇ ਫਿਰਨ ਪਰਵਾਰ ਜਿਵੇਂ ਚੰਨ ਦਵਾਲੇ ਗਿਰਦ ਪਾਇਲਾਂ ਪਾਉਂਦਿਆਂ ਮੋਰ ਵਾਂਗੂੰ
ਸ਼ਾਹੂਕਾਰ ਦਾ ਮਾਲ ਜਿਉਂ ਵਿੱਚ ਕੋਟਾਂ ਦਵਾਲੇ ਚੌਂਕੀਆਂ ਫਿਰਨ ਲਾਹੌਰ ਵਾਂਗੂੰ
ਵਾਰਸ ਸ਼ਾਹ ਅੰਗਿਆਰਿਆਂ ਭਖਦੀਆਂ, ਉਸ ਦੀ ਪ੍ਰੀਤ ਹੈ ਚੰਦ ਚਕੋਰ ਵਾਂਗੂੰ
141. ਕੈਦੋ ਦੀ ਝੁੱਗੀ ਸਾੜਨੀ
ਉਹਨੂੰ ਫਾਟ ਕੇ ਕੁਟ ਚਕਚੂਰ ਕੀਤਾ ਸਿਆਲੀਂ ਲਾਇਕੇ ਪਾਸਨਾ ਧਾਈਆਂ ਨੀ
ਹੱਥੀਂ ਬਾਲ ਮਵਾਤੜੇ ਕਾਹ ਕਾਨੇਂ ਵੱਡੇ ਭਾਂਬੜੇ ਬਾਲ ਲੈ ਆਈਆਂ ਨੇ
ਝੁੱਘੀ ਸਾੜ ਕੇ ਭਾਂਡੜੇ ਭੰਨ ਸਾਰੇ ਕੁੱਕੜ ਕੁੱਤਿਆਂ ਚਾ ਭਜਾਈਆਂ ਨੇ
ਫੌਜਾਂ ਸ਼ਾਹ ਦੀਆਂ ਵਾਰਸਾ ਮਾਰ ਮਥਰਾ ਦੋ ਫੇਰ ਲਾਹੌਰ ਨੂੰ ਆਈਆਂ ਨੇ
142. ਕੈਦੋ ਦਾ ਫਰਿਆਦ ਲਾਉਣਾ
ਕੈਦੋ ਲਿੱਬੜੇ ਪੁਥੜੇ ਖੂਨ ਵਹਿੰਦੇ ਕੂਕੇ ਬਾਹੁੜੀ ਤੇ ਫਰਿਆਦ ਮੀਆਂ
ਮੈਨੂੰ ਮਾਰ ਕੇ ਹੀਰ ਨੇ ਚੂਰ ਕੀਤਾ ਪੈਂਚੋ ਪਿੰਡ ਦਿਉ, ਦਿਉ ਖਾਂ ਦਾਦ ਮੀਆਂ
ਕਫਨੀ ਪਾੜ ਬਾਦਸ਼ਾਹ ਬੇ ਜਾ ਕੁਕਾਂ ਮੈਂ ਤਾਂ ਪੁਟ ਸੂਟਾਂ ਬਨਿਆਦ ਮੀਆਂ
ਮੈਂ ਤਾਂ ਬੋਲਣੋਂ ਮਾਰਿਆ ਸੱਚ ਪਿੱਛੇ ਸ਼ੀਰੀ ਮਾਰਿਆ ਜਿਵੇਂ ਫਰਹਾਦ ਮੀਆਂ
ਚਲੋ ਝਗੜੀਏ ਬੈਠ ਕੇ ਪਾਸ ਕਾਜ਼ੀ ਏਹ ਗੱਲ ਨਾ ਜਾਣੇ ਬਰਬਾਦ ਮੀਆਂ
ਵਾਰਸ ਅਹਿਮਕਾਂ ਨੂੰ ਬਿਨਾ ਫਾਟ ਖਾਧੇ ਨਹੀਂ ਆਵੰਦਾ ਇਸ਼ਕ ਦਾ ਸਾਦ ਮੀਆਂ
143. ਚੂਚਕ ਦਾ ਕੈਦੋਂ ਨੂੰ ਉੱਤਰ
ਚੂਚਕ ਆਖਿਆ ਲੰਙਿਆ ਜਾ ਸਾਥੋਂ ਤੈਨੂੰ ਵੱਲ ਹੈ ਝਗੜਿਆਂ ਝੇੜਿਆਂ ਦਾ
ਸਰਦਾਰ ਹੈ ਚੋਰ ਉਚੱਕਿਆਂ ਦਾ ਸੂੰਹਾ ਬੈਠਾ ਹੈਂ ਸਾਹਈਆਂ ਫੇੜਿਆਂ ਦਾ
ਤੈਨੂੰ ਵੈਰ ਹੈ ਨਾਲ ਅਨਜਾਨਿਆਂ ਦੇ ਤੇ ਵੱਲ ਹੈ ਦੱਬ ਦਰੇੜਿਆਂ ਦਾ
ਆਪ ਛੇੜ ਕੇ ਪਿੱਛੋਂ ਦੀ ਫਿਰਨ ਰੋਦੇ ਇਹੋ ਚੱਜ ਜਿਹੇ ਮਾਹਨੂੰ ਭੈੜਿਆਂ ਦਾ
ਵਾਰਸ ਸ਼ਾਹ ਅਬਲੀਸ ਦੀ ਸ਼ਕਲ ਕੈਦੋ ਏਹੋ ਮੂਲ ਹੈ ਸਭ ਬਖੇੜਿਆਂ ਦਾ
144. ਕੈਦੋ ਨੇ ਆਪਣੀ ਹਾਲਤ ਦੱਸਣਾ
ਮੈਨੂੰ ਮਾਰ ਕੇ ਉਧਲਾਂ ਮੁੰਜ ਕੀਤਾ ਝੁੱਘੀ ਲਾ ਮਵਾਤੜੇ ਸਾੜਿਆ ਨੇ
ਦੌਰ ਭੰਨ ਕੇ ਕੁਤਕੇ ਸਾੜ ਮੇਰੇ ਪੈਵੰਦ ਜੁੱਲੀਆਂ ਫੋਲ ਕੇ ਪਾੜਿਆ ਨੇ
ਕੁੱਕੜ ਕੁੱਤਿਆਂ ਭੰਗ ਅਫੀਮ ਲੁੱਟੀ ਮੇਰੀ ਬਾਂਉਨੀ ਚਾ ਉਜਾੜਿਆ ਨੇ
ਧੜਵੈਲ ਧਾੜੇ ਮਾਰ ਲੁੱਟਣ ਮੇਰਾ ਦੇਸ ਲੁਟਿਆ ਏਨਾਂ ਲਾੜ੍ਹਿਆ ਨੇ
145. ਸਿਆਲਾਂ ਦਾ ਉੱਤਰ
ਝੂਠੀਆਂ ਸੱਚੀਆਂ ਚੁਗਲੀਆਂ ਮੇਲ ਕੇ ਤੇ ਘਰੋਂ ਘਰੀਂ ਤੂੰ ਲੁਤੀਆਂ ਲਾਵਨਾ ਹੈਂ
ਪਿਉ ਪੁੱਤਰਾਂ ਤੋਂ ਯਾਰ ਯਾਰ ਕੋਲੋਂ ਮਾਵਾਂ ਧੀਆਂ ਨੂੰ ਪਾੜ ਵਖਾਵਨਾਂ ਹੈ
ਤੈਨੂੰ ਬਾਣ ਹੈ ਬੁਰਾ ਕਮਾਵਨੇ ਦੀ ਐਵੇਂ ਟੱਕਰਾਂ ਪਿਆ ਲੜਾਵਨਾ ਹੈ
ਪਰ੍ਹਾਂ ਜਾ ਜੱਟਾ ਪਿੱਛਾ ਛਡ ਸਾਡਾ ਐਵੇਂ ਕਾਸ ਨੂੰ ਪਿਆ ਅਕਾਵਨਾ ਹੈ
ਧਰੋਹੀ ਰਬ ਦੀ ਨਿਆਉਂ ਕਮਾਉ ਪੈਂਚੋ ਭਰੇ ਦੇਸ 'ਚ ਫਾਟਿਆ ਕੁਟਿਆ ਹਾਂ
ਮੁਰਸ਼ਦ ਬਖਸ਼ਿਆ ਸੀ ਠੂਠਾ ਭੰਨਿਆ ਨੇ ਧੁਰੋਂ ਜੜਾਂ ਥੀਂ ਲਾ ਮੈਂ ਪੁਟਿਆ ਹਾਂ।
ਮੈਂ ਮਾਰਿਆ ਦੇਖਦੇ ਮੁਲਕ ਸਾਰੇ ਧਰੂਹ ਕਰੰਗ ਮੋਏ ਵਾਂਗੂੰ ਸੁਟਿਆ ਹਾਂ
ਹੱਡ ਗੋਡਨੇ ਭੰਨ ਕੇ ਚੂਰ ਕੀਤੇ ਅੜੀਵਾਰ ਗੱਦੋ ਵਾਂਗ ਕੁੱਟਿਆ ਹਾਂ
ਵਾਰਸ ਸ਼ਾਹ ਮੀਆਂ ਵੱਡਾ ਗ਼ਜ਼ਬ ਹੋਇਆ ਰੋ ਰੋਹਿਕੇ ਬਹੁਤ ਨਖੁਟਿਆ ਹਾਂ
147. ਸਿਆਲਾਂ ਨੇ ਕੁੜੀਆਂ ਤੋਂ ਪੁਛਣਾ
ਕੁੜੀਆਂ ਸਦ ਕੇ ਪੈਂਚਾਂ ਨੇ ਪੁੱਛ ਕੀਤੀ ਲੰਬਾ ਕਾਸ ਨੂੰ ਢਾਹ ਕੇ ਮਾਰਿਆ ਜੇ
ਐਵੇਂ ਬਾਝ ਤਕਸੀਰ ਗੁਨਾਹ ਮਾਰਿਆ ਇੱਕੇ ਕੋਈ ਗੁਨਾਹ ਨਿਤਾਰਿਆ ਜੇ
ਹਾਲ ਹਾਲ ਕਰੇ ਪਰ੍ਹੇ ਵਿੱਚ ਬੈਠਾ ਏਡਾ ਕਹਿਰ ਤੇ ਖੂਨ ਗੁਜ਼ਾਰਿਆ ਜੇ
ਕਹੋ ਕੌਣ ਤਕਸੀਰ ਫਕੀਰ ਅੰਦਰ ਫੜੇ ਚੋਰ ਵਾਂਗੂੰ ਘੁਟ ਮਾਰਿਆ ਜੇ
ਝੁੱਘੀ ਸਾੜ ਕੇ ਮਾਰ ਕੇ ਭੰਨ ਭਾਂਡੇ ਏਸ ਫਕਰ ਨੂੰ ਮਾਰ ਉਤਾਰਿਆ ਜੇ
ਵਾਰਸ ਸ਼ਾਹ ਮੀਆਂ ਪੁੱਛੇ ਲੜਕੀਆਂ ਨੂੰ ਅੱਗ ਲਾ ਫਕੀਰ ਕਿਉਂ ਸਾੜਿਆ ਜੇ
148. ਕੁੜੀਆਂ ਦਾ ਉੱਤਰ
ਮੂੰਹ ਉਂਗਲਾਂ ਘਤ ਕੇ ਕਹਿਨ ਸਭੇ ਕਾਰੇ ਕਰਨ ਥੀਂ ਇਹ ਨਾ ਸੰਗਦਾ ਏ
ਸਾਡੀ ਮੱਮੀਆਂ ਟੋਹੰਦਾ ਤੌੜ ਗੱਲ੍ਹਾਂ ਪਿੱਛੇ ਪਿੱਛੇ ਹੋਇਕੇ ਸੁੱਥਨਾਂ ਸੁੰਗਦਾ ਏ
ਸਾਨੂੰ ਕੱਟੀਆਂ ਕਰੇ ਤੇ ਆਪ ਪਿੱਛੋਂ ਸਾਨ੍ਹ ਹੋਇਕੇ ਟੱਪਦਾ ਰਿੰਗਦਾ ਏ
ਨਾਲੇ ਬੰਨ੍ਹ ਕੇਜੋਗ ਨੂੰ ਜੋ ਦਿੰਦਾ ਗੁੱਤਾਂ ਬਨ੍ਹ ਕੇ ਖਿਚਦਾ ਤੰਗਦਾ ਏ
ਤੇੜੋਂ ਲਾਹ ਕਹਾਈ ਵਤੇ ਫਿਰੇ ਭੌਂਦਾ ਭੌਂ ਭੌਂ ਮੁਤਦਾ ਤੇ ਨਾਲ ਠੰਗਦਾ ਏ
ਵਾਰਸ ਸ਼ਾਹ ਉਜਾੜ ਵਿੱਚ ਜਾਇਕੇ ਤੇ ਫਲਗਣਾਂ ਅਸਾਡੀਆਂ ਸੁੰਘਦਾ ਏ
149. ਸਿਆਲਾਂ ਦਾ ਕੁੜੀਆਂ ਨੂੰ ਉੱਤਰ
ਉਹ ਆਖਦਾ ਮਾਰ ਗਵਾ ਦਿੱਤਾ ਹੱਡ ਗੋਡੜੇ ਭੰਨ ਕੇ ਚੂਰ ਕੀਤੇ
ਝੁੱਘੀ ਸਾੜ ਭਾਂਡੇ ਭੰਨ ਖੋਹ ਦਾੜ੍ਹੀ ਲਾਹ ਭਾਗ ਪਟੇ ਪੁਟ ਦੂਰ ਕੀਤੇ
ਟੰਗੋ ਪਕੜ ਘਸੀਟ ਕੇ ਵਿੱਚ ਖਾਈ ਤੁਸਾਂ ਮਾਰ ਕੇ ਖਲਕ ਹਜ਼ੂਰ ਕੀਤੇ
ਵਾਰਸ ਸ਼ਾਹ ਗੁਨਾਹ ਥੋਂ ਪਕੜ ਕਾਫਰ ਹੱਡ ਪੈਰ ਮਲਾਇਕਾਂ ਚੂਰ ਕੀਤੇ।
150. ਕੁੜੀਆਂ ਦਾ ਉੱਤਰ
ਵਾਰ ਘੱਤਿਆ ਕੌਣ ਬਲਾ ਕੁੱਤਾ ਧਿਰਕਾਰ ਕੇ ਪਰ੍ਹਾਂ ਨਾ ਮਾਰਦੇ ਹੋ
ਅਸਾਂ ਭੱਈੜੇ ਪਿੱਟੀਆਂ ਹਥ ਲਾਇਆ ਤੁਸੀਂ ਏਨੀ ਗੱਲ ਨਾ ਸਾਰਦੇ ਹੋ
ਫਰਫੇਜੀਆਂ ਮਕਰਿਆਂ ਠਕਰਿਆਂ ਨੂੰ ਮੂੰਹ ਲਾਇਕੇ ਚਾ ਵਿਗਾੜਦੇ ਹੋ
ਮੁੱਠੀ ਮੁੱਠੀ ਹਾਂ ਏਡਾ ਅਪਰਾਧ ਪੌਦੇ ਧੀਆਂ ਸੱਦ ਕੇ ਪਰ੍ਹੇ ਵਿੱਚ ਮਾਰਦੇ ਹੋ
ਇਹ ਲੁੱਚ ਮੁਸ਼ਟੰਡੜਾ ਅਸੀਂ ਕੁੜੀਆਂ ਇਹੇ ਸੱਚ ਤੇ ਝੂਠ ਨਿਤਾਰਦੇ ਹੋ
ਪੁਰਸ਼ ਹੋਇਕੇ ਨੱਢੀਆਂ ਨਾਲ ਘੁਲਦਾ ਤੁਸਾਂ ਗੱਲ ਕੀ ਚਾ ਨਿਘਾਰਦੇ ਹੋ
ਵਾਰਸ ਸ਼ਾਹ ਮੀਆਂ ਮਰਦ ਸਦਾ ਝੂਠੇ ਰੰਨਾ ਸੱਚੀਆਂ ਸੱਚ ਕੀ ਤਾਰਦੇ ਹੋ
151. ਕੈਦੋ ਦਾ ਫਰਿਆਦ ਕਰਨਾ
ਕੈਦੋ ਬਾਹੁੜੀ ਤੇ ਫਰਿਆਦ ਕੂਕੇ ਧੀਆਂ ਵਾਲਿਉ ਕਰੋ ਨਿਆਂਉ ਮੀਆਂ
ਮੇਰਾ ਹੇਟ ਪਸਾਰੀ ਦਾ ਲੁਟਿਆ ਨੇ ਕੋਲ ਵੇਖਦਾ ਪਿੰਡ ਗਰਾਉਂ ਮੀਆਂ
ਮੇਰੀ ਭੰਗ ਅਫੀਮ ਤੇ ਪੋਸਤ ਲੁੜਿਆ ਹੋਰ ਨਿਆਮਤਾਂ ਦੇ ਕੇਹਾ ਨਾਉਂ ਮੀਆਂ
ਮੇਰੀ ਤੁਸਾਂ ਦੇਨਾਲ ਨਾ ਸਾਂਝ ਕਾਈ ਪੁੰਨ ਟੁਕੜੇ ਪਿੰਡ ਦੇ ਖਾਉਂ ਮੀਆਂ
ਤੋਤੀ ਬਾਗ਼ ਉਜਾੜਦੀ ਮੇਵਿਆਂ ਦੇ ਅਤੇ ਫਾਹ ਲਿਆਵਦੇ ਕਾਉਂ ਮੀਆਂ
ਵਾਰਸ ਸ਼ਾਹ ਮੀਆਂ ਵੱਡੇ ਮਾਲ ਲੁੱਟੇ ਕਿਹੜੇ ਕਿਹੜੇ ਦਾ ਲਵਾਂ ਨਾਉਂ ਮੀਆਂ
152. ਸਿਆਲਾਂ ਨੇ ਕੈਦੋ ਨੂੰ ਤਸੱਲੀ ਦੇਣੀ
ਪੈਂਚਾਂ ਕੈਦੋ ਨੂੰ ਆਖਿਆ ਸਬਰ ਕਰ ਤੂੰ ਤੈਨੂੰ ਮਾਰਿਆ ਨੇ ਝੱਖ ਮਾਰਿਆ ਨੇ
ਹਾਏ ਹਾਏ ਫਕੀਰ ਤੇ ਕਹਿਰ ਹੋਇਆ ਕੋਈ ਵੱਡਾ ਹੀ ਖੂਨ ਮੁਜਾਰਿਹਾ ਨੇ
ਬਹੁਤ ਦੇ ਦਲਾਸੜਾ ਪੂੰਝ ਅੱਖੀਂ ਕੈਦੋ ਲੰਬੇ ਨੂੰ ਠਗ ਕੇ ਠਾਰਿਆ ਨੇ
ਕੈਦੋ ਆਖਿਆ ਧੀਆਂ ਦੇਵਲ ਹੋ ਕੇ ਵੇਖੋ ਦੀਨ ਈਮਾਨ ਨਿਘਾਰਿਆ ਨੇ
ਵਾਰਸ ਅੰਧ ਰਾਜਾ ਤੇ ਬੇਦਾਦ ਨਗਰੀ ਝੂਠਾ ਵੇਖ ਜੋ ਭਾਂਭੜਾ ਮਾਰਿਆ ਨੇ
153. ਚੂਚਕ ਦਾ ਕੈਦੋ ਨੂੰ ਉੱਤਰ
ਚੂਚਕ ਆਖਿਆ ਅੱਖੀਂ ਵਖਾਲ ਮੈਨੂੰ ਮੁੰਡੀ ਲਾਹ ਸੁਟਾਂ ਮੁੰਡੇ ਮੁੰਡੀਆਂ ਦੀ
ਇੱਕੇ ਦਿਆਂ ਤਰਾਹ ਮੈਂ ਤੁਰਤ ਮਾਹੀ ਸਾਡੇ ਦੇਸ ਨਾ ਥਾਂਉ ਹੈ ਗੁੰਡਿਆਂ ਦੀ
ਸਰਵਾਹੀਆਂ ਛਕ ਕੇ ਅਲਖ ਲਾਹਾਂ ਅਸੀਂ ਸਥ ਨਾ ਪਰ੍ਹੇ ਹਾਂ ਚੁੰਡਿਆਂ ਦੀ
ਕੈਦੋ ਆਖਿਆ ਵੇਖ ਫੜਾਵਨਾ ਹਾਂ ਭਲਾ ਮਾਉਂ ਕਿਹੜਾ ਏਨ੍ਹਾਂ ਲੰਡਿਆਂ ਦੀ
ਅੱਖੀਂ ਵੇਖ ਕੇ ਫੇਰ ਜੇ ਕਰੋ ਟਾਲਾ ਤਦੋਂ ਜਾਣਸਾਂ ਪਰ੍ਹੇ ਦੋ ਬੁੰਡਿਆਂ ਦੀ
ਏਸ ਹੀਰ ਦੀ ਪੜਛ ਦੀ ਭੰਗ ਲੈਸਾਂ ਸੇਲ੍ਹੀ ਵਟਸਾਂ ਚਾਕ ਦੇ ਜੁੰਡਿਆਂ ਦੀ
ਵਾਰਸ ਸ਼ਾਹ ਮੀਆਂ ਏਥੇ ਖੇਡ ਪੌਦੀ ਵੇਖੋ ਨੱਢੀਆਂ ਦੀ ਅਤੇ ਮੁੰਡੀਆਂ ਦੀ
154. ਕੈਦੋ ਦੀ ਆਪਣੇ ਦਿਲ ਨਾਲ ਸਲਾਹ
ਕੈਦੋਂ ਆਖਿਆ ਜਿਉ ਤਦਬੀਰ ਕਰਕੇ ਇਹ ਜੂਹ ਵਿੱਚ ਜਾ ਕੇ ਖੇਡ ਦੇ ਨੇ
ਮੇਰੇ ਆਖਿਆਂ ਧੀਆਂ ਨੂੰ ਨਾ ਮਾਰਨ ਪਿੰਡ ਕੌਣ ਮਾਰੇ ਖੂਨ ਭੇਡ ਦੇ ਨੇ
ਛਹੇ ਤਕ ਦੇ ਜੰਗਲੇ ਵਿੱਚ ਆਇਆ ਏਹ ਵੇਖ ਕਾਰੇ ਏਸ ਢਿਡ ਦੇ ਨੇ
ਵਾਰਸ ਸ਼ਾਹ ਪਰਾਈਆਂ ਝੁੱਘੀਆਂ ਨੂੰ ਅੱਗ ਲਾ ਕੇ ਲੰਬੇ ਹੋਰੀਂ ਸੇਢੇ ਨੇ
155. ਕੈਦੋ ਨੇ ਬੇਲੇ ਵਿੱਚ ਲੁਕ ਕੇ ਬਹਿਣਾ
ਵੱਡੀ ਹੋਈ ਉਸ਼ੇਰ ਤਾ ਜਾ ਛਹਿਆ ਪੋਹ ਮਾਂਘ ਕੁੱਤਾ ਵਿੱਚ ਕੁੰਨੂਆਂ ਦੇ
ਹੋਇਆ ਸ਼ਾਹ ਵੇਲਾ ਤਦੋ ਵਿੱਚ ਬੇਲੇ ਫੇਰੇ ਆਨ ਪਏ ਸੱਸੀ ਪੁੰਨੂਆਂ ਦੇ
ਪੋਣਾ ਬਨ੍ਹ ਕੇ ਰਾਂਝੇ ਦੇ ਹੱਥ ਮਿਲਿਆ ਢੇਰ ਆ ਲੱਗੇ ਰੱਤੇ ਚੁੰਨੂਆਂ ਦੇ
ਬੇਲਾ ਲਾਲੋ ਹੀ ਲਾਲ ਪੁਕਾਰਦਾ ਸੀ ਕੈਦੋ ਪੈ ਰਹਿਆ ਵਾਂਗ ਘੁਨੂਆਂ ਦੇ
156. ਸਈਆਂ ਪਿੰਡ ਨੂੰ ਜਾਣ ਪਿੱਛੋਂ ਹੀਰ ਤੇ ਰਾਂਝੇ ਦਾ ਇਕੱਠੇ ਪੈ ਜਾਣਾ
ਜਦੋਂ ਲਾਲ ਖਜੂਰਿਉ ਖੇਡ ਸੱਈਆਂ ਸਭੇ ਘਰੋ ਘਰੀ ਉਠ ਚੱਲੀਆਂ ਨੀ
ਰਾਂਝਾ ਹੀਰ ਨਿਆਰੜੇ ਹੋ ਸੁੱਤੇ ਕੰਧਾਂ ਨਦੀ ਦੀਆਂ ਮਹੀਂ ਨੇ ਮੱਲੀਆਂ ਨੀ
ਪਏ ਵੇਖ ਕੇ ਦੋਹਾਂ ਇਕੱਠਿਆਂ ਨੂੰ ਟੰਗਾਂ ਲੰਬੇ ਦੀਆਂ ਤੇਜ਼ ਹੋ ਚੱਲੀਆਂ ਨੀ
ਪਰ੍ਹੇ ਵਿੱਚ ਕੈਦੋ ਆਨ ਪੱਗ ਮਾਰੀ ਚਲੋ ਵੇਖ ਲੋ ਗੱਲਾਂ ਅਵੱਲੀਆਂ ਨੀ
157. ਚੂਚਕ ਘੋੜੇ ਚੜ੍ਹ ਕੇ ਬੇਲੇ ਨੂੰ
ਪਰ੍ਹੇ ਵਿੱਚ ਬੇਗ਼ੈਰਤੀ ਕੁੱਲ ਹੋਈ ਚੋਭ ਵਿੱਚ ਕਲੇਜੜੇ ਦੇ ਚਸਕਦੀ ਏ
ਬੇਸ਼ਰਮ ਹੈ ਟਪ ਕੇ ਸਿਰੇ ਚੜ੍ਹਦਾ ਭਲੇ ਆਦਮੀ ਦੀ ਜਾਨ ਧਸਕਦੀ ਏ
ਚੂਚਕ ਘੋੜੇ ਤੇ ਤੁਰਤ ਅਸਵਾਰ ਹੋਇਆ ਹੱਥ ਸਾਂਗ ਜਿਉਂ ਬਿਜਲੀ ਲਿਸ਼ਕਦੀ ਏ
ਸੁੰਬ ਘੋੜੇ ਦੇ ਕਾੜ ਹੀ ਕਾੜ ਵੱਜਣ ਸੁਣਦਿਆਂ ਹੀਰ ਰਾਂਝੇ ਤੋਂ ਖਿਸਕਦੀ ਏ
ਉਠ ਰਾਂਝਨਾ ਵੇ ਬਾਬਲ ਆਂਵਦਾ ਈ ਨਾਲੇ ਗੱਲ ਕਰਦੀ ਨਾਲੇ ਰਿਸ਼ਕਦੀ ਏ
ਮੈਨੂੰ ਛੱਡ ਸਹੇਲੀਆਂ ਨੱਸ ਗਈਆਂ ਮਕਰ ਨਾਲ ਹੌਲੀ ਹੌਲੀ ਬੁਸਕਦੀ ਏ
ਵਾਰਸ ਸ਼ਾਹ ਜਿਉਂ ਮੋਰਚੇ ਬੈਠ ਬਿੱਲੀ ਸਾਹ ਘੁਟ ਜਾਂਦੀ ਨਾਹੀਂ ਕੁਸਕਦੀ ਏ
158. ਚੂਚਕ ਨੇ ਬੇਲੇ ਵਿਚ ਹੀਰ ਨੂੰ ਰਾਂਝੇ ਨਾਲ ਦੇਖਣਾ
ਮਹਿਰ ਵੇਖ ਕੇ ਦੋਹਾਂ ਇਕੱਲਿਆਂ ਨੂੰ ਗੁੱਸਾ ਖਾਇਕੇ ਹੋਇਆਈ ਰੱਤ ਵੰਨਾ
ਇਹ ਵੇਖ ਨਿਘਾਰ ਖ਼ੁਦਾਇ ਦਾ ਜੀ ਬੇਲੇ ਵਿੱਚ ਇਕੱਲਿਆਂ ਫਿਰਨ ਰੰਨਾਂ
ਅਖੀਂ ਨੀਵੀਆਂ ਰੱਕ ਕੇ ਠੁਮਕ ਚੱਲੀ ਹੀਰ ਕੱਛ ਵਿੱਚ ਮਾਰ ਕੇ ਬਾਲ ਸ਼ੰਨਾ
ਚੂਚਕ ਆਖਦਾ ਰਖ ਤੂੰ ਜਮ੍ਹਾਂ ਖਾਤਰ ਤੇਰੇ ਸੋਟਿਆਂ ਨਾਲ ਮੈ ਲਿੰਗ ਭੰਨਾਂ
159. ਹੀਰ ਦਾ ਬਾਪ ਨੂੰ ਉੱਤਰ
ਮਹੀਂ ਛਡ ਮਾਹੀ ਉਠ ਜਾਹਏ ਭੁੱਖਾ ਉਸ ਦੇ ਖਾਣ ਦੀ ਖਬਰ ਨਾ ਕਿਸੇ ਲੀਤੀ
ਭੱਤਾ ਫੇਰ ਨਾ ਕਿਸੇ ਲਿਆਵਨਾ ਈ ਏਦੂੰ ਪਿਛਲੀ ਬਾਬਲਾ ਹੋਈ ਬੀਤੀ
ਮਸਤ ਹੋ ਬੇਹਾਲ ਤੇ ਮਹਿਰ ਖਲਾ ਜਿਵੇਂ ਕਿਸੇ ਅਬਦਾਲ ਨੇ ਭੰਗ ਪੀਤੀ
ਕਿਤੇ ਨੱਢੀ ਦਾ ਚਾ ਵਿਵਾਹ ਕੀਚੈ ਇਹ ਮਹਿਰ ਨੇ ਜਿਉ ਦੇ ਵਿੱਚ ਸੀਤੀ
160. ਰਾਂਝੇ ਦੇ ਭਰਾਵਾਂ ਨੂੰ ਖਬਰ ਹੋਣੀ
ਜਦੋਂ ਰਾਂਝਣਾ ਜਾਇ ਕੇ ਚਾਕ ਲੱਗਾ ਮਹੀਂ ਸਾਂਭੀਆਂ ਚੂਚਕ ਸਿਆਲ ਦੀਆਂ ਨੀ
ਲੋਕਾਂ ਤਖ਼ਤ ਹਜ਼ਾਰੇ ਵਿੱਚ ਜਾ ਕਿਹਾ ਕੌਮਾਂ ਓਸ ਅੱਗੇ ਵੱਡੇ ਮਾਲ ਦੀਆਂ ਨੀ
ਭਾਈਆਂ ਰਾਂਝੇ ਦਿਆਂ ਸਿਆਲਾਂ ਨੂੰ ਇਹ ਲਿਖਿਆ ਜ਼ਾਤਾਂ ਮਹਿਰਮ ਜ਼ਾਤ ਦੇ ਹਾਲ ਦੀਆਂ ਨੀ
ਮੌਜੂ ਚੌਧਰੀ ਦਾ ਪੁੱਤ ਚਾਕ ਲਾਇਉ ਇਹ ਕੁਦਰਤਾਂ ਜ਼ੁਲਜਲਾਲ ਦੀਆਂ ਨੀ
ਸਾਥੋਂ ਰੁਸ ਆਇਆ ਤੁਸਾਂ ਮੋੜ ਘੱਲੋ ਇਹਨੂੰ ਵਾਹਰਾਂ ਰਾਤ ਦਿੰਹ ਭਾਲਦੀਆਂ ਨੀ
ਜਨਾ ਭੋਏਂ ਤੋਂ ਰੁੱਸ ਕੇ ਉਠ ਆਇਆ ਕਿਆਰੀਆਂ ਬਣੀਆਂ ਪਈਆਂ ਓਸ ਲਾਲ ਦੀਆਂ ਨੀ
ਸਾਥੋਂ ਵਾਹੀਆਂ ਬੇਚੀਆਂ ਲਏ ਦਾਣੇ ਅਤੇ ਮਾਨੀਆਂ ਪਿਛਲੇ ਸਾਲ ਦੀਆਂ ਨੀ
ਸਾਥੋਂ ਘੜੀ ਨਾ ਵਿਸਰੇ ਵੀਰ ਪਿਆਰਾ ਰੋ ਰੋ ਭਾਬੀਆਂ ਏਸ ਦੀਆਂ ਜਾਲਦੀਆਂ ਨੀ
ਮਹੀਂ ਚਾਰਦਿਆਂ ਵਢਿਓਸ ਨਕ ਸਾਡਾ ਸਾਥੇ ਖੂਣੀਆਂ ਏਸ ਦੇ ਮਾਲ ਦੀਆਂ ਨੀ
ਮਝੀ ਕਟਕ ਨੂੰ ਦੇ ਕੇ ਖਿਸ਼ਕ ਜਾਸੀ ਸਾਡਾ ਨਹੀਂ ਜ਼ੰਮਾਂ ਫਿਰੋ ਭਾਲਦੀਆਂ ਨੀ
ਇਹ ਸੂਰਤਾਂ ਠਗ ਜੋ ਵੇਖਦੇ ਹੋ ਵਾਰਸ ਸ਼ਾਹ ਉਕੀਰ ਦੇ ਨਾਲ ਦੀਆਂ ਨੀ
161. ਭਰਾਵਾਂ ਨੇ ਚੂਚਕ ਨੂੰ ਚਿੱਠੀ ਲਿਖਣੀ
ਤੁਸੀਂ ਘਲ ਦੇਹੋ ਤਾਂ ਅਹਿਸਾਨ ਹੋਵੇ ਨਹੀਂ ਚਲ ਮੇਲਾ ਅਸੀਂ ਆਵਨੇ ਹਾਂ
ਗਲ ਪਲੜਾ ਪਾਏ ਕੇ ਵੀਰ ਸਭੇ ਅਸੀ ਰੁਠੜਾ ਵੀਰ ਮਨਾਵਨੇ ਹਾਂ
ਅਸਾਂ ਆਇਆਂ ਨੂੰ ਤੁਸੀਂ ਜੇ ਨਾ ਮੋੜੋ ਤਦੋਂ ਪਏ ਪਕਾ ਪਕਾਵਨੇ ਹਾਂ
ਨਾਲ ਭਾਈਆਂ ਪਿੰਡ ਦੇ ਪੈਂਚ ਸਾਰੇ ਵਾਰਸ ਸ਼ਾਹ ਨੂੰ ਨਾਲ ਲਿਆਵਨੇ ਹਾਂ
162. ਚਿੱਠੀ ਦਾ ਉੱਤਰ
ਚੂਚਕ ਸਿਆਲ ਨੇ ਲਿਖਿਆ ਰਝਿਆਂ ਨੂੰ ਨੱਢੀ ਹੀਰ ਦਾ ਚਾਕ ਉਹ ਮੁੰਡੜਾ ਜੇ
ਸਾਡਾ ਪਿੰਡ ਡਰਦਾ ਓਸ ਚਾਕ ਕੋਲੋਂ ਸਿਰ ਮਾਪਿਆਂ ਦੇ ਓਹਦਾ ਕੁੰਡੜਾ ਜੇ
ਅਸਾਂ ਜਟ ਹੈ ਜਾਨ ਕੇ ਚਾਕ ਲਾਇਆ ਦੇਈਏ ਤਰਾਹ ਜੇ ਜਾਣੀਏ ਗੁੰਡੜਾ ਜੇ
ਇਹ ਗਭਰੂ ਘਰੋਂ ਕਿਉਂ ਕਢਿਊ ਜੇ ਲੰਙਾ ਨਹੀਂ ਕੰਮ ਚੋਰ ਨਾ ਟੁੰਡਰਾ ਜੇ
ਸਿਰ ਸੋਂਹਦੀਆਂ ਬੋਦੀਆਂ ਨੱਢੜੇ ਦੇ ਕੰਨੀਂ ਲਾਡਲੇ ਦੇ ਬਣੇ ਬੁੰਦੜਾ ਜੇ
ਵਾਰਸ ਸ਼ਾਹ ਨਾ ਕਿਸੇ ਨੂੰ ਜਾਨਦਾ ਹੈ ਪਾਸ ਹੀਰ ਦੇ ਰਾਤ ਦਿੰਹੁ ਹੁੰਦੜਾ ਜੇ
163. ਰਾਂਝੇ ਦੀਆਂ ਭਾਬੀਆਂ ਨੂੰ ਹੀਰ ਦਾ ਉੱਤਰ
ਘਰ ਆਈਆਂ ਦੌਲਤਾਂ ਕੌਣ ਮੋੜੇ ਕੋਈ ਬੰਨ੍ਹ ਪਿੰਡੋਂ ਕਿਸੇ ਟੋਰਿਆ ਈ
ਅਸਾਂ ਜੀਵੰਦਿਆਂ ਨਹੀਂ ਜਵਾਬ ਦੇਣਾ ਸਾਡਾ ਰੱਬ ਨੇ ਜੋੜਨਾ ਜੋੜਿਆ ਈ
ਖ਼ਤਾਂ ਚਿੱਠੀਆਂ ਅਤੇ ਸੁਨੇਹਿਆਂ ਤੇ ਕਿਸੇ ਲੁਟਿਆ ਮਾਲ ਨਾ ਮੋੜਿਆ ਈ
ਜਾਏ ਭਾਈਆਂ ਭਾਬੀਆਂ ਪਾਸ ਜਮ ਜਮ ਕਿਸੇ ਨਾਹੀਉਂ ਹਟਕਿਆ ਹੋੜਿਆ ਈ
ਵਾਰਸ ਸ਼ਾਹ ਸਿਆਲਾਂ ਦੇ ਬਾਗ਼ ਵਿੱਚੋਂ ਏਸ ਫੁਲ ਗੁਲਾਬ ਦਾ ਤੋੜਿਆ ਈ
164. ਹੀਰ ਨੂੰ ਚਿੱਠੀ ਦਾ ਉੱਤਰ
ਭਰਜਾਈਆਂ ਰਾਂਝੇ ਦੀਆਂ ਤੰਗ ਹੋ ਕੇ ਖ਼ਤ ਹੀਰ ਸਿਆਲ ਨੂੰ ਲਿਖਿਆ ਈ
ਸਾਥੋਂ ਛੈਲ ਸੁ ਅੱਧ ਵੰਡਾਏ ਸੁੱਤੀ ਲੋਕ ਯਾਰੀਆਂ ਕਿਧਰੋਂ ਸਿਖਿਆ ਈ
ਦੇਵਰ ਚੰਨ ਸਾਡਾ ਸਾਥੋਂ ਰੁੱਸ ਆਇਆ ਬੋਲ ਬੋਲ ਕੇ ਖਰਾ ਤ੍ਰਿਖਿਆ ਈ
ਸਾਡਾ ਲਾਲ ਮੋੜੋ ਸਾਨੂੰ ਖੈਰ ਘੱਤੋ ਜਾਨੋ ਕਮਲੀਆਂ ਨੂੰ ਪਾਈ ਭਿਖਿਆ ਈ
ਕੁੜੀਏ ਸਾਂਭ ਨਾਹੀਂ ਮਾਲ ਰਾਂਝਿਆਂ ਦਾ ਕਰ ਸਾਰਦਾ ਦੀਦੜਾ ਤ੍ਰਿਖਿਆ ਈ
ਝੁਟ ਕੀਤਿਆਂ ਲਾਲ ਨਾ ਹਥ ਆਵਨ ਸੋਈ ਮਿਲੇ ਜੋ ਤੋੜ ਦਾ ਲਿਖਿਆ ਈ
ਕੋਈ ਢੂੰਡਦੋ ਖਡੇਰੜਾ ਕੰਮ ਜੋਗਾ ਅਜੇ ਇਹ ਨਾ ਯਾਰੀਆਂ ਸਿਖਿਆ ਈ
ਵਾਰਸ ਸ਼ਾਹ ਲੈ ਚਿੱਠੀਆਂ ਦੌੜਿਆਈ ਕੰਮ ਕਾਸਦਾ ਦਾ ਮੀਆਂ ਸਿਖਿਆ ਈ
165. ਹੀਰ ਨੂੰ ਚਿੱਠੀ ਮਿਲੀ
ਜਦੋਂ ਖ਼ਤ ਦਿੱਤਾ ਲਿਆ ਕਾਸਦਾਂ ਨੇ ਨੱਢੀ ਹੀਰ ਨੇ ਤੁਰਤ ਪੜ੍ਹਾਇਆ ਈ
ਸਾਰੇ ਮੁਆਮਲੇ ਅਤੇ ਵਝਾਪ ਸਾਰੇ ਗਿਲਾ ਲਿਖਿਆ ਵਾਚ ਸੁਨਾਇਆ ਈ
ਘੱਲੋ ਮੋੜ ਕੇ ਦੇਵ ਅਸਾਡੜੇ ਨੂੰ ਮੁੰਡਾ ਰੁੱਸ ਹਜ਼ਾਰਿਉਂ ਆਇਆ ਈ
ਹੀਰ ਸੱਦ ਕੇ ਰਾਂਝਨੇ ਯਾਰ ਤਾਈ ਸਾਰਾ ਮੁਆਮਲਾ ਖੋਲ ਸੁਨਾਇਆ ਈ
166. ਭਾਬੀਆਂ ਨੂੰ ਰਾਂਝੇ ਨੇ ਆਪ ਉੱਤਰ ਲਿਖਾਉਣਾ
ਭਾਈਆਂ ਭਾਬੀਆਂ ਚਾ ਜਵਾਬ ਦਿੱਤਾ ਸਾਨੂੰ ਦੇਸ ਥੀਂ ਚਾ ਤਾਹਿਉ ਨੇ
ਭੋਏ ਖੋਹ ਕੇ ਬਾਪ ਦਾ ਲਿਆ ਵਿਰਸਾ ਮੈਨੂੰ ਆਪਣੇ ਗਲੋਂ ਚਾ ਲਾਹਿਉ ਨੇ
ਮੈਨੂੰ ਮਾਰ ਕੇ ਬੋਲੀਆਂ ਭਾਬੀਆਂ ਨੇ ਕੋਈ ਸੱਚ ਨਾ ਕੌਲ ਨਿਭਾਇਉ ਨੇ
ਰਲ ਰਨ ਖ਼ਸਮਾਂ ਮੈਨੂੰ ਠਿਠ ਕੀਤਾ ਮੇਰਾ ਅਰਸ਼ ਦਾ ਕਿੰਗਰਾ ਢਾਇਉ ਨੇ
ਨਿਤ ਬੋਲੀਆਂ ਮਾਰੀਆਂ ਜਾ ਸਿਆਲੀਂ ਮੇਰਾ ਕਢਨਾ ਦੇਸ ਥੀਂ ਚਾਹਿਉ ਨੇ
ਅਸੀਂ ਹੀਰ ਸਿਆਲ ਦੇ ਚਾਕ ਲੱਗੇ ਜੱਟੀ ਮਹਿਰ ਦੇ ਨਾਲ ਦਿਲ ਫਾਹਿਉ ਨੇ
ਹੁਣ ਚਿੱਠੀਆਂ ਲਿਖ ਕੇ ਘੱਲਦੀਆਂ ਨੇ ਰਾਖਾ ਖੇਤੜੀ ਨੂੰ ਜਦੋਂ ਚਾਹਿਉ ਨੇ
ਵਾਰਸ ਸ਼ਾਹ ਸਮਝਾ ਜਟੇਟੀਆਂ ਨੂੰ ਸਾਡੇ ਨਾਲ ਮੱਥਾ ਕੇਹਾ ਡਾਹਿਉ ਨੇ
167. ਹੀਰ ਨੇ ਉੱਤਰ ਲਿਖਣਾ
ਹੀਰ ਪੁਛ ਕੇ ਮਾਹੀੜੇ ਆਪਣੇ ਤੋਂ ਲਿਖਵਾ ਜਵਾਬ ਚਾ ਟੋਰਿਆ ਈ
ਤੁਸਾਂ ਲਿਖਿਆ ਸੋ ਅਸਾਂ ਵਾਚਿਆ ਏ ਸਾਨੂੰ ਵਾਚਦਿਆਂ ਈ ਲੱਗਾ ਝੋਰਿਆ ਈ
ਅਸੀਂ ਧੀਦੋਂ ਨੂੰ ਚਾ ਮਹੀਂਵਾਲ ਕੀਤਾ ਕਦੀ ਤੋੜਨਾ ਤੇ ਨਹੀਂ ਤੋੜਿਆ ਈ
ਕਦੀ ਪਾਨ ਨਾ ਵਲ ਥੇ ਫੇਰ ਪਹੁੰਚੇ ਸ਼ੀਸ਼ਾ ਚੂਰ ਹੋਇਆ ਕਿਸ ਜੋੜਿਆ ਈ
ਗੰਗਾ ਹੱਡੀਆਂ ਮੁੜਦੀਆਂ ਨਹੀਂ ਗਈਆਂ ਵਕਤ ਗਏ ਨੂੰ ਫੇਰ ਕਿਸ ਮੋੜਿਆ ਈ
ਹੱਥੋਂ ਛੁਟੜੇ ਵਾਹਰੀਂ ਨਹੀਂ ਮਿਲਦੇ ਵਾਰਸ ਛਡਨਾ ਤੇ ਨਾਹੀਂ ਛੋੜਿਆ ਈ
168. ਉੱਤਰ ਭਰਜਾਈਆਂ
ਜੇ ਤੂੰ ਸੋਹਨੀ ਹੋਇਕੇ ਪਵੇਂ ਸੌਕਣ ਅਸੀਂ ਇੱਕ ਥੀਂ ਇੱਕ ਚੜ੍ਹੇ ਦੀਆਂ ਹਾਂ
ਰਬ ਜਾਨਦਾ ਹੈ ਸਭੇ ਉਮਰ ਸਾਰੀ ਏਸ ਮਹਿਬੂਬ ਦੀਆਂ ਬੰਦੀਆਂ ਹਾਂ
ਅਸੀਂ ਏਸ ਦੇ ਮਗਰ ਦੀਵਾਨੀਆਂ ਹਾਂ ਭਾਵੇਂ ਚੰਗੀਆਂ ਤੇ ਭਾਵੇਂ ਮੰਦੀਆਂ ਹਾਂ
ਓਹ ਅਸਾਂ ਦੇ ਨਾਲ ਹੈ ਚੰਨ ਬਣਦਾ ਅਸਾਂ ਖਿੱਤੀਆਂ ਨਾਲ ਸੋਹੰਦੀਆਂ ਹਾਂ
ਉਹ ਮਾਰਦਾ ਗਾਲੀਆਂ ਦੇ ਸਾਨੂੰ ਅਸੀਂ ਫੇਰ ਮੁੜ ਚੋਖਨੇ ਹੋਂਦੀਆਂ ਹਾਂ
ਜਿਸ ਵੇਲੜੇ ਦਾ ਸਾਥੋਂ ਰੁਸ ਆਇਆ ਅਸੀਂ ਹੰਝਰੋਂ ਰੱਤ ਦੀਆਂ ਰੋਂਦੀਆਂ ਹਾਂ
ਇਹਦੇ ਥਾਂ ਗੁਲਾਮ ਹੋਰ ਲਉ ਸਾਥੋਂ ਮਮਨੂਨ ਅਹਿਸਨ ਦੀਆਂ ਹੁਨੀਆਂ ਹਾਂ
ਰਾਂਝੇ ਲਾਅਲ ਬਾਝੋਂ ਅਸੀਂ ਖੁਆਰ ਹੋਈਆਂ ਕੂੰਜਾਂ ਡਾਰ ਥੀਂ ਅਸੀਂ ਵਿਛੁਨੀਆਂ ਹਾਂ
ਜੋਗੀ ਲੋਕਾਂ ਨੂੰ ਮੁੰਨ ਕੇ ਕਰਨ ਚੇਲੇ ਅਸੀਂ ਏਸ ਦੇ ਇਸ਼ਕ ਨੇ ਮੁੰਨੀਆਂ ਹਾਂ।
ਵਾਰਸ ਸ਼ਾਹ ਰਾਂਝੇ ਅੱਗੇ ਹਥ ਜੋੜੇ ਤੇਰੇ ਪ੍ਰੇਮ ਦੀ ਅੱਗ ਨੇ ਭੁੰਨੀਆਂ ਹਾਂ
169. ਹੀਰ ਦਾ ਉੱਤਰ
ਚੂਚਕ ਸਿਆਲ ਥੋਂ ਲਿਖ ਕੇ ਨਾਲ ਚੋਰੀ ਹੀਰ ਸਿਆਲ ਨੇ ਕਹੀ ਬਤੀਤ ਹੈ ਨੀ
ਸਾਡੀ ਖ਼ੈਰ ਤੁਸਾਡੜੀ ਖੈਰ ਚਾਹਾਂ ਚਿੱਠੀ ਖਤ ਦੇ ਲਿਖਣ ਦੀ ਰੀਤ ਹੈ ਨੀ
ਹੋਰ ਰਾਂਝੇ ਦੀ ਗੱਲ ਜੋ ਲਿਖਿਆ ਜੇ ਏਹਾ ਬਾਤ ਮੇਰੀ ਅਨਾਨੀਤ ਹੈ ਨੀ
ਰੱਖਾਂ ਚਾ ਮੁਸਹਫ ਕੁਰਆਨ ਇਸ ਨੂੰ ਕਸਮ ਖਾਇਕੇ ਵਿੱਚ ਮਸੀਤ ਹੈ ਨੀ
ਤੁਸੀਂ ਮਗਰ ਕਿਉਂ ਏਸ ਦੇ ਉਠ ਪਈਆਂ ਇਹਦੀ ਅਸਾਂ ਦੇ ਨਾਲ ਪ੍ਰੀਤ ਹੈ ਨੀ
ਅਸੀਂ ਤ੍ਰਿੰਜਨਾਂ ਵਿੱਚ ਜਾਂ ਬਹਿਨੀਆਂ ਹਾਂ ਸਾਨੂੰ ਗਾਵਨਾ ਏਸ ਦਾ ਗੀਤ ਹੈ ਨੀ
ਦਿੰਹੇ ਛੇੜ ਮੱਝਾਂ ਵੜੇ ਝਲ ਬੇਲੇ ਏਸ ਮੁੰਡੜੇ ਦੀ ਏਹਾ ਰੀਤ ਹੈ ਨੀ
ਰਾਤੀਂ ਆਨ ਇੱਲਾਹ ਨੂੰ ਯਾਦ ਕਰਦਾ ਵਾਰਸ ਸ਼ਾਹ ਦੇ ਨਾਲ ਉਦਮੀਤ ਹੈ ਨੀ
170. ਚਾਲੂ
ਨੀ ਮੈਂ ਘੋਲ ਘੱਤੀ ਇਹਦੇ ਮੁਖੜੇ ਤੋਂ ਪਾਉ ਦੁਧ ਚਾਵਲ ਇਹਦਾ ਕੂਤ ਹੈ ਨੀ
ਇਲ-ਲਿਲਾਹ ਜੱਲਿਆਂ ਪਾਂਵਦਾ ਹੈ ਜ਼ਿਕਰ ਹਯ ਤੇ 'ਲਾਯਮੂਤ' ਹੈ ਨੀ
ਨਹੀਂ ਭਾਬੀਆਂ ਬੇ ਕਰਤੂਤ ਕਾਈ ਸੱਭਾ ਲੜਨ ਨੂੰ ਬਣੀ ਮਜ਼ਬੂਤ ਹੈ ਨੀ
ਜਦੋਂ ਤੁਸਾਂ ਥੇਸੀ ਗਾਲੀਆਂ ਦੇਂਦੀਆਂ ਸਾਉ ਇਹਤਾਂ ਊਤਨੀ ਦਾ ਕੋਈ ਊਤ ਹੈ ਨੀ
ਮਾਰਿਆ ਤੁਸਾਂ ਦੇ ਮੇਹਣੇ ਗਾਲੀਆਂ ਦਾ ਇਹ ਤਾਂ ਸੁਕ ਕੇ ਹੋਇਆ ਤਾਬੂਤ ਹੈ ਨੀ
ਸੌਂਪ ਪੀਰਾਂ ਨੂੰ ਝਲ ਵਿੱਚ ਛੇੜਨੀ ਹਾਂ ਇਹਦੀ ਮੱਦਤੇ ਖਿਜ਼ਰ ਤੇ ਲੁਤ ਹੈ ਨੀ
ਵਾਰਸ ਸ਼ਾਹ ਫਿਰੇ ਉਹਦੇ ਮਗਰ ਲੱਗਾ ਅੱਜ ਤਕ ਓਹ ਰਿਹਾ ਅਨਛੂਤ ਹੈ ਨੀ
171. ਰਾਂਝੇ ਦੀਆਂ ਭਰਜਾਈਆਂ ਦਾ ਉੱਤਰ
ਸਾਡਾ ਮਾਲ ਸੀ ਸੋ ਤੇਰਾ ਹੋ ਗਿਆ ਜ਼ਰਾ ਵੇਖਨਾ ਬਿਰਾ ਖ਼ੁਦਾਈਆਂ ਦਾ
ਤੂੰ ਹੀ ਚਟਿਆ ਸੀ ਤੂੰ ਹੀ ਪਾਲਿਆ ਸੀ ਨਾ ਇਹ ਭਾਬੀਆਂ ਦਾ ਤੇ ਨਾ ਭਾਈਆਂ ਦਾ
ਸ਼ਾਹੂਕਾਰ ਹੋ ਬੈਠੀ ਏਂ ਮਾਰ ਬੈਲੀ ਖੋਹ ਬੈਠੀ ਹੈਂ ਮਾਲ ਤੂੰ ਸਾਈਆਂ ਦਾ
ਅੱਗ ਲੈਣ ਆਈ ਘਰ ਸਾਂਭਿਉਈ ਏਹ ਤੇਰਾ ਹੈ ਬਾਪ ਨਾ ਮਾਈਆਂ ਦਾ
ਗੁੰਡਾ ਹੱਥ ਆਇਆ ਤੁਸਾਂ ਗੁੰਡੀਆਂ ਨੂੰ ਅੰਨ੍ਹੀ ਚੂਹੀ ਬੋਥੀਆਂ ਧਾਈਆਂ ਦਾ
ਵਾਰਸ ਸ਼ਾਹ ਦੀ ਮਾਰ ਈ ਵੱਗੀ ਹੀਰੇ ਜੇਹਾ ਖੋਹਿਉ ਈ ਵੀਰ ਤੂੰ ਭਾਈਆਂ ਦਾ
172. ਹੀਰ ਦਾ ਉੱਤਰ
ਤੁਸੀਂ ਏਸ ਦੇ ਖਿਆਲ ਨਾ ਪਵੋ ਅੜੀਉ ਨਹੀਂ ਖੱਟੀ ਕੁਝ ਏਸ ਬਪਾਰ ਉਤੋਂ
ਨੀ ਮੈਂ ਜਿਊਂਦੀ ਏਸ ਬਿਨ ਰਹਾਂ ਕੀਕੂੰ ਘੋਲ ਘੋਲ ਘੱਤੀ ਰਾਂਝੇ ਯਾਰ ਉੱਤੋਂ
ਝੱਲਾਂ ਬੇਲਿਆਂ ਵਿੱਚ ਇਹ ਫਿਰੇ ਭੌਂਦਾ ਸਿਰ ਵੇਚਦਾ ਮੈਂ ਗੁਨਾਹਗਾਰ ਉੱਤੋਂ
ਮੇਰੇ ਵਾਸਤੇ ਕਾਰ ਕਮਾਂਵਦਾ ਹੈ ਮੇਰੀ ਜਿੰਦ ਘੋਲੀ ਇਹਦੀ ਕਾਰ ਉੱਤੋਂ
ਤਦੋਂ ਭਾਬੀਆਂ ਸਾਕ ਨਾ ਬਣਦੀਆਂ ਸਨ ਜਦੋਂ ਸੁਟਿਆ ਪਕੜ ਪਹਾੜ ਉੱਤੋਂ
ਘਰੋਂ ਭਾਈਆਂ ਚਾ ਜਵਾਬ ਦਿੱਤਾ ਏਨ੍ਹਾਂ ਭੋਏ ਦੀਆਂ ਪੱਟੀਆਂ ਚਾਰ ਉੱਤੋਂ
ਨਾਉਮੀਦ ਹੋ ਵਤਨ ਨੂੰ ਛਡ ਟੁਰਿਆ ਮੋਤੀ ਤੁਰੇ ਜਿਉਂ ਪਟ ਦੀ ਤਾਰ ਉੱਤੋਂ
ਬਿਨਾ ਮਿਹਨਤਾਂ ਮਿਸਕਲੇ ਲੱਖ ਫੇਰੋ ਨਹੀਂ ਮੋਰਚਾ ਜਾਏ ਤਲਵਾਰ ਉੱਤੋਂ
ਇਹ ਮਿਹਣਾ ਲਹੇ ਗਾ ਕਦੇ ਨਾਹੀਂ ਏਸ ਸਿਆਲਾਂ ਦੀ ਸੱਥ ਸਲਵਾੜ ਉੱਤੋਂ
ਨੱਢੀ ਆਖਸਨ ਝਘੜਦੀ ਨਾਲ ਲੋਕਾਂ ਏਸ ਸੋਹਣੇ ਭੰਬੜੇ ਯਾਰ ਉੱਤੋਂ
ਵਾਰਸ ਸ਼ਾਹ ਸਮਝਾ ਤੂੰ ਭਾਬੀਆਂ ਨੂੰ ਹੁਣ ਮੁੜੇ ਨਾਲ ਲਖ ਹਜ਼ਾਰ ਉੱਤੋਂ
173. ਚੂਚਕ ਦੀ ਅਪਣੇ ਭਰਾਵਾਂ ਨਾਲ ਸਲਾਹ
ਚੂਚਕ ਸੱਦ ਭਾਈ ਪਰ੍ਹੇ ਲਾ ਬੈਠਾ ਕਿਤੇ ਹੀਰ ਨੂੰ ਚਾ ਪਰਨਾਈਏ ਜੀ
ਆਖੋ ਰਾਂਝੇ ਨਾਲ ਵਿਵਾਹ ਦੇਸਾਂ ਇੱਥੇ ਬੰਨੜੇ ਚਾ ਮੰਗਾਈਏ ਜੀ
ਹੱਥੀਂ ਆਪਣੀ ਕਿਤੇ ਸਾਮਾਨ ਕੀਚੇ ਜਾਨ ਬੁਝ ਕੇ ਲੀਕ ਨਾ ਲਾਈਏ ਜੀ
ਭਾਈਆਂ ਆਖਿਆ ਚੂਚਕਾ ਇਹ ਮਸਲਹਤ ਅਸੀਂ ਖੋਲ ਕੇ ਚਾ ਸੁਣਾਈਏ ਜੀ
ਵਾਰਸ ਸ਼ਾਹ ਫਕੀਰ ਪ੍ਰੇਮ ਸ਼ਾਹੀ ਹੀਰ ਓਸ ਥੋਂ ਪੁਛ ਮੰਗਾਈਏ ਜੀ
174. ਭਾਈਆਂ ਦਾ ਚੂਚਕ ਨੂੰ ਉੱਤਰ
ਰਾਂਝਿਆਂ ਨਾਲ ਨਾ ਕਦੀ ਹੈ ਸਾਕ ਕੀਤਾ ਨਹੀਂ ਦਿੱਤੀਆਂ ਅਸਾਂ ਕੁੜਮਾਈਆਂ ਵੋ
ਕਿੱਥੋਂ ਰੁਲਦੀਆਂ ਗੋਲੀਆ ਆਈਆਂ ਨੂੰ ਵਿੱਜਣ ਏਹ ਸਿਆਲਾਂ ਦੀਆਂ ਜਾਈਆਂ ਵੋ
ਨਾਲ ਖੇੜਿਆਂ ਦੇ ਇਹ ਸਾਕ ਕੀਚੇ ਦਿੱਤੀ ਮਸਲਹਤ ਸਭਨਾਂ ਭਾਈਆਂ ਵੋ
ਭਲਿਆਂ ਸਾਕਾਂ ਦੇ ਨਾਲ ਚਾ ਸਾਕ ਕੀਚੇ ਧੁਰੋਂ ਇਹ ਜੇ ਹੁੰਦੀਆਂ ਆਈਆਂ ਵੋ
ਵਾਰਸ ਸ਼ਾਹ ਅੰਗਿਆਰਿਆਂ ਭਖਦਿਆਂ ਭੀ ਕਿਸੇ ਵਿੱਚ ਬਾਰੂਦ ਸ਼ਪਾਈਆਂ ਵੋ
175. ਖੇੜਿਆਂ ਨੇ ਕੁੜਮਾਈ ਲਈ ਨਾਈ ਭੇਜਣਾ
ਖੇੜਿਆਂ ਭੇਜਿਆਂ ਅਸਾਂ ਥੇ ਇੱਕ ਨਾਈ ਕਰਨ ਮਿੰਨਤਾਂ ਚਾ ਅਹਿਸਾਨ ਕੀਚੇ
ਭਲੇ ਜਟ ਬੂਹੇ ਉੱਤੇ ਆ ਬੈਠੇ ਇਹ ਛੋਕਰੀ ਉਨ੍ਹਾਂ ਨੂੰ ਦਾਨ ਕੀਚੇ
ਅਸਾਂ ਭਾਈਆਂ ਇਹ ਸਲਾਹ ਦਿੱਤੀ ਕਿਹਾ ਅਸਾਂ ਸੋ ਸਭ ਪਰਵਾਨ ਕੀਚੇ
ਅੰਨ ਧਨ ਦਾ ਕੁਝ ਵਸਾਹ ਨਾਹੀਂ ਅਤੇ ਬਾਹਾਂ ਦਾ ਨਾ ਗੁਮਾਨ ਕੀਚੇ
ਜਿੱਥੇ ਰਬ ਦੇ ਨਾਉਂ ਦਾ ਜ਼ਿਕਰ ਆਇਆ ਲਖ ਬੋਟੀਆਂ ਚਾ ਕੁਰਬਾਨ ਕੀਚੇ
ਵਾਰਸ ਸ਼ਾਹ ਮੀਆਂ ਨਾਹੀਂ ਕਰੋ ਆਕੜ ਫਰਊਨ ਜਿਹੀਆਂ ਵਲ ਧਿਆਨ ਕੀਚੇ
176. ਚੂਚਕ ਨੇ ਪੈਂਚਾ ਨੂੰ ਸੱਦਣਾ
ਚੂਚਕ ਫੇਰ ਕੇ ਗੰਢ ਸੱਦਾ ਘੱਲੇ ਆਵਨ ਚੌਧਰੀ ਸਾਰਿਆਂ ਚੱਕਰਾਂ ਦੇ
ਹੱਥ ਦੇ ਰੁਪਈਆ ਪੱਲੇ ਪਾ ਸ਼ੱਕਰ ਸਵਾਲ ਪਾਂਵਦੇ ਛੋਹਰਾਂ ਬੱਕਰਾਂ ਦੇ
ਲਾਗੀਆਂ ਆਖਿਆ ਸਨ ਨੂੰ ਸਨ ਮਿਲਿਆ ਤੇਰਾ ਸਾਕ ਹੋਇਆ ਨਾਲ ਠੱਕਰਾਂ ਦੇ
ਧਰਿਆ ਢੋਲ ਜਟੇਟੀਆਂ ਦੇਣ ਵੇਲਾਂ ਛੰਨੇ ਲਿਆਂਵਦੀਆਂ ਦਾਣਿਆਂ ਸ਼ੱਕਰਾਂ ਦੇ
ਰਾਂਝੇ ਹੀਰ ਸੁਣਿਆ ਦਿਲਗੀਰ ਹੋਏ ਦੋਵੇਂ ਦੇਣ ਗਾਲੀਂ ਨਾਲ ਅੱਕਰਾਂ ਦੇ
177. ਖੇੜਿਆਂ ਨੂੰ ਵਧਾਈਆਂ
ਮਿਲੀ ਜਾ ਵਧਾਈ ਜਾਂ ਖੇੜਿਆਂ ਨੂੰ ਲੁੱਡੀ ਮਾਰ ਕੇ ਝੁੰਬੜਾਂ ਘੜਦੇ ਨੀ
ਛਾਲਾਂ ਲਾਇਨ ਅਪੁੱਠੀਆਂ ਖੁਸ਼ੀ ਹੋਏ ਮਜਲਸਾਂ ਖੇਡਦੇ ਵੱਤਦੇ ਨੀ
ਭਲੇ ਕੁੜਮ ਮਿਲੇ ਸਾਨੂੰ ਸ਼ਰਮ ਵਾਲੇ ਰੱਜੇ ਜੱਟ ਵੱਡੇ ਅਹਿਲ ਪੱਤ ਦੇ ਨੀ
ਵਾਰਸ ਸ਼ਾਹ ਵੀ ਸ਼ੀਰਨੀ ਵੰਡਿਆ ਨੇ ਵੱਡੇ ਦੇਗਚੇ ਦੁੱਧ ਤੇ ਭੱਤ ਦੇ ਨੀ
178. ਹੀਰ ਦਾ ਮਾਂ ਨਾਲ ਕਲੇਸ਼
ਹੀਰ ਮਾਉਂ ਦੇ ਨਾਲ ਆ ਲੜਨ ਲੱਗੀ ਤੁਸਾਂ ਸਾਕ ਕੀਤਾ ਨਾਲ ਜ਼ੋਰੀਆਂ ਦੇ
ਕਦੋ ਮੰਗਿਆ ਮੁਨਸ ਮੈਂ ਆਖ ਤੈਨੂੰ ਵੈਰ ਕੱਢਿਉਈ ਕਿਨ੍ਹਾਂ ਖੋਰੀਆਂ ਦੇ
ਹੁਣ ਕਰੇਂ ਵਲਾ ਕਿਉਂ ਅਸਾਂ ਕੋਲੋਂ ਇਹ ਕੰਮ ਨਾ ਹੁੰਦੇ ਨੀ ਚੋਰੀਆਂ ਦੇ
ਜਿਹੜੇ ਹੋਨ ਬੇਅਕਲ ਚਾ ਲਾਂਵਦੇ ਨੀ ਇੱਟ ਮਾੜੀਆਂ ਦੀ ਵਿੱਚ ਮੋਰੀਆਂ ਦੇ
ਚਾ ਚੁਗ਼ਦ ਨੂੰ ਕੂੰਜ ਦਾ ਸਾਕ ਦਿੱਤੋ ਪਰੀ ਬੰਧਆ ਜੇ ਗਲ ਢੋਰੀਆਂ ਦੇ
ਵਾਰਸ ਸ਼ਾਹ ਮੀਆਂ ਗੰਨਾ ਜੱਗ ਸਾਰਾ ਮਜ਼ੇ ਵੱਖ ਨੇ ਪੋਰੀਆਂ ਪੋਰੀਆਂ ਦੇ
179. ਹੀਰ ਨੇ ਰਾਂਝੇ ਨਾਲ ਸਲਾਹ ਕਰਨੀ
ਹੀਰ ਆਖਦੀ ਰਾਂਝਿਆ ਕਹਿਰ ਹੋਇਆ ਏਥੋਂ ਉਠ ਕੇ ਚਲ ਜੇ ਚੱਲਨਾ ਈ
ਦੋਨੋਂ ਉਠ ਕੇ ਲੰਮੜੇ ਰਾਹ ਪੇਈਏ ਕੋਈ ਅਸਾਂ ਨੇ ਦੇਸ ਨਾ ਮੱਲਣਾ ਈ
ਜਦੋਂ ਝੁੱਗੜੇ ਵੜੀ ਮੈਂ ਖੇੜਿਆਂ ਦੇ ਕਿਸੇ ਅਸਾਂ ਨੂੰ ਮੋੜ ਨਾ ਘੱਲਣਾ ਈ
ਮਾਂ ਬਾਪ ਨੇ ਜਦੋਂ ਵਿਆਹ ਟੋਰੀ ਕੋਈ ਅਸਾਂ ਦਾ ਵੱਸ ਨਾ ਚੱਲਣਾ ਈ
ਅਸੀਂ ਇਸ਼ਕੇ ਦੇ ਆਨ ਮੈਦਾਨ ਰੁਧੇ ਬੁਰਾ ਸੂਰਮੇ ਨੂੰ ਰਣੋ ਹੱਲਣਾ ਈ
ਵਾਰਸ ਸ਼ਾਹ ਜੇ ਅਨਕ ਫਰਾਕ ਛੁੱਟੇ ਇਹ ਕਟਕ ਫਿਰ ਆਖ ਕਿਸ ਝੱਲਣਾ ਈ
180. ਰਾਂਝੇ ਦਾ ਹੀਰ ਨੂੰ ਉੱਤਰ
ਹੀਰੇ ਇਸ਼ਕ ਨਾ ਮੂਲ ਸਵਾਦ ਦਿੰਦਾ ਨਾਲ ਚੋਰੀਆਂ ਅਤੇ ਉਧਾਲਿਆਂ ਦੇ
ਕਿੜਾਂ ਪੌਂਦੀਆਂ ਮੁਠੇ ਸਾਂ ਦੇਸ ਵਿੱਚੋਂ ਕਿਸੇ ਸੁਣੇ ਸਨ ਖੂਹਣੀਆਂ ਗਾਲਿਆਂ ਦੇ
ਠੱਗੀ ਨਾਲ ਤੂੰ ਮਝੀ ਚਰਾ ਲਿਉਂ ਏਹੋ ਰਾਹ ਨੇ ਰੰਨਾਂ ਦੀਆਂ ਚਾਲਿਆਂ ਦੇ
ਵਾਰਸ ਸ਼ਾਹ ਸਰਾਫ ਸਭ ਜਾਣਦੇ ਨੀ ਐਬ ਖੋਟਿਆਂ ਭੰਨਿਆਂ ਰਾਲੀਆਂ ਦੇ
181. ਹੀਰ ਦੇ ਵਿਆਹ ਦੀ ਤਿਆਰੀ
ਚੂਚਕ ਸਿਆਲ ਦੇ ਕੌਲ ਵਸਾਰ ਘੱਤੇ ਜਦੋਂ ਹੀਰ ਪਾਇਆ ਮਾਈਆਂ ਨੇ
ਕੁੜੀਆਂ ਝੰਗ ਸਿਆਲ ਦੀਆਂ ਧੁਮਲਾ ਹੋ ਸਭੇ ਪਾਸ ਰੰਝੇਟੇ ਦੇ ਆਈਆਂ ਨੇ
ਉਹਦੇ ਵਿਆਹ ਦੇ ਸਭ ਸਾਮਾਨ ਹੋਏ ਗੰਢੀਂ ਫੇਰੀਆਂ ਦੇਸ ਤੇ ਨਾਈਆਂ ਨੇ
ਹੁਣ ਤੇਰੀ ਰੰਝੇਟਿਆ ਗੱਲ ਕੀਕੂੰ ਤੂੰ ਭੀ ਰਾਤ ਦਿੰਹੁ ਮਹੀਂ ਚਰਾਈਆਂ ਨੇ
ਆ ਵੇ ਮੁਰਖਾ ਪੁੱਛ ਤੂੰ ਨਢੜੀ ਨੂੰ ਮੇਰੇ ਨਾਲ ਤੂੰ ਕੇਹੀਆਂ ਚਾਈਆਂ ਨੇ
ਹੀਰੇ ਕਹਿਰ ਕੀਤੇ ਰਲ ਨਾਲ ਬਿਹਾਈਆਂ ਸਭਾ ਖਲੋ ਖਲ ਚਾ ਗਵਾਈਆਂ ਨੇ
ਜੇ ਤੂੰ ਅੰਤ ਮੈਨੂੰ ਪਿੱਛਾ ਦੇਵਨਾ ਸੀ ਏਡੀਆਂ ਮਿਹਨਤਾਂ ਕਾਹੇ ਕਰਾਈਆਂ ਨੇ
ਏਹੀ ਹੱਦ ਹੀਰੇ ਤੇਰੇ ਨਾਲ ਸਾਡੀ ਮਹਿਲ ਚਾੜ੍ਹ ਕੇ ਪੌੜੀਆਂ ਚਾਈਆਂ ਨੇ
ਤੈਨੂੰ ਵਿਆਹ ਦੇ ਵੱਡੇ ਸਿੱਘਾਰ ਹੋਵੇ ਅਤੇ ਖੇੜਿਆਂ ਘਰੀਂ ਵਧਾਈਆਂ ਨੇ
ਖਾ ਕਸਮ ਸੌਗੰਦ ਤੂੰ ਘੋਲ ਪੀਤੀ ਡੋਬ ਸੁਟਿਉ ਪੂਰੀਆਂ ਪਾਈਆਂ ਨੇ
ਬਾਹੋਂ ਪਕੜ ਕੇ ਟੋਰ ਦੇ ਕਢ ਦੇਸੋਂ ਓਵੇਂ ਤੋੜ ਨੈਣਾਂ ਜਿਵੇਂ ਲਾਈਆਂ ਨੇ
ਯਾਰ ਯਾਰ ਥੀਂ ਜੁਦਾ ਕਰ ਦੂਰ ਹੋਵੇ ਮੇਰੇ ਬਾਬ ਤਕਦੀਰ ਲਖਾਈਆਂ ਨੇ
ਵਾਰਸ ਸ਼ਾਹ ਨੂੰ ਠਗਿਉ ਦਗ਼ਾ ਦੇ ਕੇ ਜੇਹੀਆਂ ਕੀਤੀਆਂ ਸੋ ਅਸਾਂ ਪਾਈਆਂ ਨੇ
182. ਰਾਂਝੇ ਦਾ ਉੱਤਰ
ਰਾਂਝੇ ਆਖਿਆ ਮੂੰਹੋਂ ਕੀ ਬੋਲਣਾ ਏਂ ਘੁਟ ਵੱਟ ਕੇ ਦੁਖੜਾ ਪੀਵਨਾ ਏ
ਮੇਰੇ ਸਬਰ ਦੀ ਦਾਦ ਜੇ ਰਬ ਦਿੱਛੀ ਖੇੜੀ ਹੀਰ ਸਿਆਲ ਲਾ ਜੀਵਨਾ ਏ
'ਯੌਮਾ ਤਸ਼ੱਕਾਕਸ ਸਮਾ ਆਉ ਫਿਲਗਮਾਮੇ' ਸਾਰੇ ਦੇਸ ਵਿੱਚ ਇਹ ਗੰਮ ਬੀਵਨਾ ਏ
ਯੌਮਾ.................................. ਤੁਬੱਦ ਲਾਲੁਲ ਅਰਦੋ ਗੈਰਲ ..........ਅਰਦੇ
ਅੰਬਰ...... ਪਾਟੜੇ ਨੂੰ ਅਰਦੋ ਕਹਿਏ .................................ਸੀਵਨਾ ਏ'
ਸਬਰ ਦਿਲਾਂ ਦੇ ਮਾਰ ਜਹਾਨ ਪੁੱਟਨ ਉੱਚੀ ਕਾਸਨੂੰ ਅਸਾਂ ਬਕੀਵਨਾ ਏ
ਤੁਸਾਂ ਕਮਲੀਆਂ ਇਸ਼ਕ ਥੀਂ ਨਹੀਂ ਵਾਕਫ ਨਿਉਂ ਲਾਵਣਾ ਨਿਮ ਦਾ ਪੀਵਨਾਂ ਏ
ਵਾਰਸ ਸ਼ਾਹ ਜੀ ਚੁਪ ਥੀਂ ਦਾਦ ਪਾਈਏ ਬੋਲਿਆਂ ਨਹੀਂ ਵਹੀਵਨਾ ਏ
183. ਸਹੇਲੀਆਂ ਨੇ ਹੀਰ ਕੋਲ ਆਉਣਾ
ਰਲ ਹੀਰ ਥੇ ਆਈਆਂ ਫੇਰ ਸੱਭੇ ਰਾਂਝੇ ਯਾਰ ਤੇਰੇ ਸਾਨੂੰ ਘੱਲਿਆ ਈ
ਸੋਟਾ ਗੰਝਲੀ ਕੰਬਲੀ ਸੁਟ ਕੇ ਤੇ ਛੱਡ ਦੇਸ ਪਰਦੇਸ ਨੂੰ ਚੱਲਿਆ ਈ
ਜੇ ਤੂੰ ਅੰਤ ਉਹਨੂੰ ਪਿੱਛਾ ਦੇਵਨਾ ਸੀ ਉਸ ਦਾ ਕਾਲਜਾ ਕਾਸ ਨੂੰ ਸੱਲਿਆ ਈ
ਅਸਾਂ ਏਤਨੀ ਗੱਲ ਮਾਅਲੂਮ ਕੀਤੀ ਤੇਰਾ ਨਿੱਕਲ ਈਮਾਨ ਹੁਣ ਚੱਲਿਆ ਈ
ਬੇਸਿਦਕ ਹੋਈ ਏ ਸਿਦਕ ਹਾਰਿਉਈ ਤੇਰਾ ਸਿਦਕ ਈਮਾਨ ਹੁਣ ਹੱਲਿਆ ਈ
ਉਹਦਾ ਵੇਖਕੇ ਹਾਲ ਅਹਿਵਾਲ ਸਾਰਾ ਸਾਡਾ ਰੋਂਦੀਆਂ ਨੀਰ ਨਾ ਠੱਲਿਆ ਈ
ਹਾਏ ਹਾਏ ਮੁਠੀ ਫਿਰੇ ਨੇਕ ਨੀਤੀ ਉਹਨੂੰ ਸੱਖਣਾ ਕਾਸ ਨੂੰ ਘਲਿਆ ਈ
ਨਿਰਾਸ ਵੀ ਰਾਸ ਲੈ ਇਸ਼ਕ ਕੋਲੋਂ ਸਕਲਾਤ ਦੇ ਬੈਆਂ ਨੂੰ ਚੱਲਿਆ ਈ
ਵਾਰਸ ਹੱਕ ਦੇ ਥੋਂ ਜਦੋਂ ਇਸ਼ਕ ਕੁੱਥਾ ਅਰਥ ਰਬ ਦਾ ਤਦੋਂ ਤਰਥਲਿਆ ਈ
184. ਹੀਰ ਦਾ ਉੱਤਰ
ਹੀਰ ਆਖਿਆ ਓਸ ਨੂੰ ਕੁੜੀ ਕਰਕੇ ਬੁੱਕਲ ਵਿੱਚ ਲੁਕਾ ਲਿਆਇਆ ਜੇ
ਮੇਰੀ ਮਾਉਂ ਤੇ ਬਾਪ ਥੋਂ ਕਰੋ ਪਰਦਾ ਗੱਲ ਕਿਸੇ ਨਾ ਮੂਲ ਸੁਨਾਇਆ ਜੇ
ਆਮੋ ਸਾਮਣਾ ਆਇਕੇ ਕਰੇ ਝੇੜਾ ਤੁਸੀਂ ਮੁਨਸਫ ਹੋਇ ਮੁਕਾਇਆ ਜੇ
ਜਿਹੜੇ ਹੋਣ ਸੱਚੇ ਸਈ ਛੁਟ ਜਾਸਨ ਡੰਨ ਝੂਠਿਆਂ ਨੂੰ ਤੁਸੀਂ ਲਾਇਆ ਜੇ
ਮੈਂ ਆਖ ਥੱਕੀ ਓਸ ਕਮਲੜੇ ਨੂੰ ਲੈ ਕੇ ਉਠ ਚਲ ਵਕਤ ਘੁਸਾਇਆ ਜੇ
ਮੇਰਾ ਆਖਨਾ ਓਸ ਦਾ ਕੰਨ ਕੀਤਾ ਹੁਣ ਕਾਸ ਨੂੰ ਡੁਸਕਣਾ ਲਾਇਆ ਜੇ
ਵਾਰਸ ਸ਼ਾਹ ਮੀਆਂ ਇਹ ਵਕਤ ਘੁੱਥਾ ਕਿਸੇ ਪੀਰ ਨੂੰ ਹੱਥ ਨਾ ਆਇਆ ਜੋ
185. ਰਾਂਝੇ ਦਾ ਹੀਰ ਕੋਲ ਆਉਣਾ
ਰਾਤੀਂ ਵਿੱਚ ਰਲਾਇਕੇ ਮਾਹੀੜੇ ਨੂੰ ਕੁੜੀਆਂ ਹੀਰ ਦੇ ਪਾਸ ਲੈ ਆਈਆਂ ਨੀ
ਹੀਰ ਆਖਿਆ ਜਾਂਦੇ ਨੂੰ ਬਿਸਮਿੱਲਾ ਅੱਜ ਦੌਲਤਾਂ ਮੈਂ ਘਰੀਂ ਪਾਈਆਂ ਨੀ
ਲੋਕਾਂ ਆਖਿਆ ਹੀਰ ਦਾ ਵਿਆਹ ਹੁੰਦਾ ਅਸੀਂ ਦੇਖਣੇ ਆਈਆਂ ਮਾਈਆਂ ਨੀ
ਸੂਰਜ ਚੜ੍ਹੇਗਾ ਮਗ਼ਰਬੋ ਜਿਵੇਂ ਕਿਆਮਤ ਤੌਬਾ ਤਰਕ ਕਰ ਕੁਲ ਬੁਰਾਈਆਂ ਨੀ
ਜਿਨ੍ਹਾਂ ਮਝੀ ਦਾ ਚਾਕ ਸਾਂ ਸਣੇ ਨੱਢੀ ਸੋਈ ਖੇੜਿਆਂ ਦੇ ਹੱਥ ਆਈਆਂ ਨੀ
ਓਸੇ ਵਕਤ ਜਵਾਬ ਹੈ ਮਾਲਕਾਂ ਨੂੰ ਹਿਕ ਧਾੜਵੀਆਂ ਜਾਂ ਅੱਗੇ ਲਾਈਆਂ ਨੀ
ਇਹ ਸਹੇਲੀਆਂ ਸਾਕ ਤੇ ਸੈਨ ਤੇਰੇ ਸਭੇ ਮਾਸੀਆਂ ਫੁਫੀਆਂ ਤਾਈਆਂ ਨੀ
ਤੁਸਾਂ ਵੌਹਟੀਆਂ ਬਨਣ ਦੀ ਨੀਤ ਬੱਧੀ ਲੀਕਾਂ ਹੱਦ ਤੇ ਪੁੱਜ ਕੇ ਲਾਈਆਂ ਨ
ਅਸਾਂ ਕੇਹੀ ਹੁਣ ਆਸ ਹੈ ਨੱਢੀਏ ਨੀ ਜਿੱਥੇ ਖੇੜਿਆਂ ਜ਼ਰਾਂ ਵਿਖਆਈਆਂ ਨੀ
ਵਾਰਸ ਸ਼ਾਹ ਇੱਲਾਹ ਨੂੰ ਸੌਂਪ ਹੀਰੇ ਸਾਨੂੰ ਛੱਡ ਕੇ ਹੋਧਰ ਲਾਈਆਂ ਨੀ
186. ਖੇੜਿਆਂ ਦਾ ਬਰਾਹਮਣਾ ਤੋਂ ਸਾਹਾ ਕਢਾਉਣਾ
ਖੇੜਿਆਂ ਸਾਹਾ ਸੁਧਾਇਆ ਬਾਹਮਣਾਂ ਥੋਂ ਭਲੀ ਤਿੱਥ ਮਹੂਰਤ ਤੇ ਵਾਰ ਮੀਆਂ
ਨਾਂਵੇ ਸਾਵਣੋ ਰਾਤ ਸੀ ਵੀਰਵਾਰੀ ਲਿਖ ਘਲਿਆ ਇਹ ਨਿਰਵਾਰ ਮੀਆਂ
ਪਹਿਰ ਰਾਤ ਨੂੰ ਆਣ ਨਿਕਾਹ ਲੈਣਾ ਵਿਲ ਲਾਵਨੀ ਨਹੀਂ ਜਿਨਹਾਰ ਮੀਆਂ
ਓਥੇ ਖੇੜਿਆਂ ਪੁਜ ਸਾਮਾਨ ਕੀਤੇ ਏਥੇ ਸਿਆਲ ਭੀ ਹੋਏ ਤਿਆਰ ਮੀਆਂ
ਰਾਂਝੇ ਦੁਆ ਕੀਤੀ ਜੰਜ ਆਵੰਦੀ ਨੂੰ ਕਾਈ ਗ਼ੈਬ ਦੇ ਕਟਕ ਤੇ ਧਾੜ ਮੀਆਂ
ਵਾਰਸ ਸ਼ਾਹ ਸਿਰਬਾਲੜਾ ਨਾਲ ਹੋਇਆ ਹੱਥ ਤੀਰ ਕਾਨੀ ਤਲਵਾਰ ਮੀਆਂ
187. ਸ਼ੀਰਨੀ ਦੀ ਤਿਆਰੀ
ਲੱਗੇ ਨੁਗਦਿਆਂ ਤਲਨ ਤੇ ਸ਼ਕਰ ਪਾਰੇ ਢੇਰ ਲਾ ਦਿੱਤੇ ਵੱਡੇ ਘਿਉਰਾਂ ਦੇ
ਤਲੇ ਖ਼ੂਬ ਜਲੇਬ ਗੁਲ ਬਹਿਸ਼ਤ ਬੂੰਦੀ ਲੱਡੂ ਟਿੱਕੀਆਂ ਭੰਬਰੀ ਮਿਉਰਾਂ ਦੇ
ਮੈਦਾ ਖੰਡ ਤੇ ਘਿਉ ਪਾ ਰਹੇ ਜੱਫੀ ਭਾਬੀ ਲਾਡਲੀ ਨਾਲ ਜਿਉਂ ਦੇਉਰਾਂ ਦੇ
ਕਲਾਕੰਦ ਮਖਾਨਿਆਂ ਸਵਾਦ ਮਿੱਠੇ ਪਕਵਾਨ ਗੁਨ੍ਹੇ ਨਾਲ ਤਿਉਰਾਂ ਦੇ
ਟਿੱਕਾ ਵਾਲੀਆਂ ਨੱਥ ਹਮੇਲ ਝਾਂਜਰ ਬਾਜੂਬੰਦ ਮਾਲਾ ਨਾਲ ਨਿਉਰਾਂ ਦੇ
188. ਓਹੀ ਚਲਦਾ
ਮਿਠੀ ਹੋਰ ਖਜੂਰ ਪਰਾਕੜੀ ਵੀ ਭਰੇ ਖਾਂਚੇ ਨਾਲ ਸੰਬੋਸਿਆਂ ਦੇ
ਅੰਦਰਸੇ ਕਚੌਰੀਆਂ ਲੁੱਚੀਆਂ ਵੜੇ ਸਨ ਖੰਡ ਦੇ ਖੁਰਮਿਆਂ ਖੋਸਿਆਂ ਦੇ
ਪੇੜੇ ਨਾਲ ਪਤਾਈਆਂ ਹੋਰ ਚੁਪ ਗੁਪ ਬੇਦਾਨਿਆਂ ਨਾਲ ਪਲੋਸਿਆਂ ਦੇ
ਰਾਂਝਾ ਜੋੜ ਕੇ ਪਰ੍ਹੇ ਫਰਿਆਦ ਕਰਦਾ ਦੇਖੋ ਖਸਦੇ ਸਾਕ ਬੇਦੋਸਿਆਂ ਦੇ
ਵਾਰਸ ਸ਼ਾਹ ਨਸੀਬ ਹੀ ਪਵਨ ਝੋਲੀ ਕਰਮ ਢੈਨ ਨਾਹੀਂ ਨਾਲ ਝੋਸ਼ਿਆਂ ਦੇ
189. ਰੋਟੀ ਦਿੱਤੀ
ਮੰਡੇ ਮਾਸ ਚਾਵਲ ਦਾਲ ਦਹੀਂ ਧਗੜ ਇਹ ਮਾਹੀਂਆਂ ਪਾਹੀਆਂ ਰਾਹੀਆਂ ਨੂੰ
ਸਭੋ ਚੂਹੜੇ ਚਪੜੇ ਰੱਜ ਥੱਕੇ ਰਾਖੇ ਜਿਹੜੇ ਸਾਂਭਦੇ ਵਾਹੀਆਂ ਨੂੰ
ਕਾਮੇ ਚਾਕ ਚੋਬਰ ਸੀਰੀ ਧਗੜਾਂ ਨੂੰ ਦਹੇ ਮੁਖ ਜਿਉਂ ਡਹਿਣ ਫਲਾਹਈਆਂ ਨੂੰ
ਦਾਲ ਸ਼ੋਰਬਾ ਰਸਾ ਤੇ ਮੱਠਾ ਮੰਡੇ ਡੂਮਾ ਢੋਲੀਆਂ ਕੰਜਰਾਂ ਨਾਈਆਂ ਨੂੰ
190. ਫ਼ਰਿਆਦ ਰਾਂਝੇ ਦੀ
ਸਾਕ ਮਾੜਿਆਂ ਦੇ ਖੋਹ ਲੈਣ ਢਾਡੇ ਅਨਪੁਜਦੇ ਉਹ ਨਾ ਬੋਲਦੇ ਨੇ
ਨਹੀਂ ਚਲਦਾ ਵਸ ਲਾਚਾਰ ਹੋ ਕੇ ਮੋਏ ਸਪ ਵਾਂਗੂ ਬਿਸ ਘੋਲਦੇ ਨੇ
ਕਦੀ ਆਖਦੇ ਮਾਰੀਏ ਆਪ ਮਰੀਏ ਪਏ ਅੰਦਰੋਂ ਬਾਹਰੋਂ ਡੋਲਦੇ ਨੇ
ਗੁਦ ਮਾੜਿਆਂ ਦੇ ਸਭੇ ਰਹਿਣ ਵਿੱਚੇ ਮਾੜੇ ਮਾੜਿਆਂ ਥੇ ਦੁਖ ਫੋਲਦੇ ਨੇ
ਸ਼ਾਨਦਾਰ ਨੂੰ ਕਰੇ ਨਾ ਕੋਈ ਝੂਠਾ ਕੰਗਾਲ ਝੂਠਾ ਕਰ ਟੋਲਦੇ ਨੇ
ਵਾਰਸ ਸ਼ਾਹ ਲੁਟਾਂਵਦੇ ਖੜੇ ਮਾੜੇ ਮਾਰੇ ਖੌਫ ਦੇ ਮੂੰਹੋਂ ਨਾ ਬੋਲਦੇ ਨੇ
191. ਚੌਲਾਂ ਦੀਆਂ ਕਿਸਮਾਂ
ਮੁਸ਼ਕੀ ਚਾਵਲਾਂ ਦੇ ਭਰੇ ਆਣ ਕੋਠੇ ਸੋਇਨ ਪਤੀ ਤੇ ਛੜੀਦੇ ਨੀ
ਬਾਸਮਤੀ ਮੁਸਾਫਰੀ ਬੇਗਮੀ ਸਨ ਹਰਚੰਦ ਵੇ ਜ਼ਰਦੀਏ ਧਰੀਦੇ ਨੀ
ਸੱਠੀ ਕਿਰਚਕਾਂ ਸੇਵਲਾ ਘਿਰਤ ਕੰਠਲ ਅਨੁਕੇਕਲਾ ਤੇਹਰਾ ਸਰੀ ਦੇ ਨੀ
ਬਾਰੀਕ ਸਫੈਦ ਕਸ਼ਮੀਰ ਕਾਬਲ ਪੁਰਸ਼ ਜਿਹੜੇ ਹੂਰ ਤੇ ਪਰੀ ਦੇ ਨੀ
ਗੁੱਲੀਆਂ ਸੁੱਚੀਆਂ ਨਾਲ ਹਥੌੜਿਆਂ ਦੇ ਮੋਤੀ ਚੋਣ ਕੰਬੋਹੀਆਂ ਜੜੀਦੇ ਨੀ
ਵਾਰਸ ਸ਼ਾਹ ਇਹ ਜ਼ੇਵਰਾਂ ਘੜਨ ਖ਼ਾਤਰ ਪਿੰਡ ਪਿੰਡ ਸਨਿਆਰੜੇ ਫੜੀਦੇ ਨੀ
192. ਗਹਿਣਿਆਂ ਦੀ ਸਜਾਵਟ
ਕੰਙਨ ਨਾਲ ਜ਼ੰਜੀਰੀਆਂ ਪੰਜ ਮਣੀਆਂ ਹਾਰ ਨਾਲ ਲੌਂਗੀਰ ਪੁਰਾਇਉ ਨੇ
ਤਰਗਾ ਨਾਲ ਕਪੂਰਾਂ ਦੇ ਜੁੱਟ ਸੁੱਚੇ ਤੋੜੇ ਪਾਉਂਟੇ ਗੁਜਰੀਆਂ ਛਾਇਉਂ ਨੇ
ਪਹੁੰਚੀ ਚੌਂਕੀਆਂ ਨਾਲ ਹਮੇਲ ਮਾਲਾ ਮੁਹਰ ਬਿਛੂਏ ਨਾਲ ਘੜਾਇਉ ਨੇ
ਸੋਹਣੀਆਂ ਅੱਲੀਆਂ ਨਾਲ ਪਾਜ਼ੇਬ ਪੱਖੇ ਘੁੰਗਰਾਲਾਂ ਦੇ ਘੁੰਗਰੂ ਲਾਇਉ ਨੇ
ਜਿਵੇਂ ਨਾਲ ਨੌਗ੍ਰਿਹੀ ਤੇ ਚੌਂਪ ਕਲਿਆਂ ਕਾਨ ਫੂਲ ਤੇ ਸੀਸ ਬਣਾਇਉ ਨੇ
ਵਾਰਸ ਸ਼ਾਹ ਗਹਿਣਾ ਠੀਕ ਚਾਕ ਆਹਾ ਸੋਈ ਖਤੜੇ ਚਾ ਪਵਾਇਉ ਨੇ
193. ਉਹੀ ਚਾਲੂ
ਅਸਕੰਦਰੀ ਨਹਿਰੀ ਬੀਰਬਲੀਆਂ ਪਿੱਪਲ ਪੱਤਰੇ ਝੁਮਕੇ ਸਾਰਿਆਂ ਨੇ
ਹਸ ਕੜੇ ਛੜ ਕੰਙਨਾ ਨਾਲ ਬੁਲਾਂ ਬੱਧੀ ਡੋਲ ਮਿਆਨੜਾ ਧਾਰਿਆ ਨੇ
ਚੱਨਣਹਾਰ ਲੁਹਲਾਂ ਟਿੱਕਾ ਨਾਲ ਬੀੜਾ ਅਤੇ ਜੁਗਨੀ ਚਾ ਸਵਾਰਿਆ ਨੇ
ਬਾਂਕਾਂ ਚੂੜੀਆਂ ਮੀਸ਼ਕ ਮਲਾਈਆਂ ਭੀ ਨਾਲ ਮਛਲੀਆਂ ਵਾਲੜੋ ਸਾਰਿਆਂ ਨੇ
194. ਕੱਪੜਿਆਂ ਦੀਆਂ ਭਾਂਤਾਂ
ਲਾਲ ਪੰਖੀਆਂ ਅਤੇ ਮਤਾਹ ਲਾਚੇ ਖਿਨ ਖੇਸ ਰੇਸ਼ਮੀਨ ਸਲਾਰੀਆਂ ਨੇ
ਮਾਂਗ ਚੌਂਕ ਪਟਾ ਗਲਾਂ ਚੂੜੀਏ ਸਨ ਬੂੰਦਾ ਅਵਧ ਪੰਜਤਾਨੀਆਂ ਸਾਰੀਆਂ ਨੇ
ਛੋਪ ਛਾਇਲਾਂ ਤੇ ਨਾਲ ਚਾਰ ਸੂਤੀ ਚੰਦਾਂ ਮੋਰਾਂ ਦੇ ਭਾਨ ਨੂੰ ਝਾਰੀਆਂ ਨੇ
ਸਾਲੂ ਭਿਨੜੇ ਚਾਦਰਾਂ ਬਾਫਤੇ ਦੀਆਂ ਨਾਲ ਭੋਛਨੇ ਦੇ ਫੁਲਕਾਰੀਆਂ ਨੇ
ਵਾਰਸ ਸ਼ਾਹ ਚਿਕਨੀ ਸਿਰੋਪਾ ਖਾਸੇ ਪੋਸ਼ਾਕੀਆਂ ਨਾਲ ਦੀਆਂ ਭਾਰੀਆਂ ਨੇ
195. ਦਾਜ ਦਾ ਸਾਮਾਨ
ਲਾਲ ਘੱਗਰੇ ਕਾਢਵੇਂ ਲਾਲ ਮਸ਼ਰੂ ਮੁਸ਼ਕੀ ਪੱਗਾਂ ਦੇ ਨਾਲ ਤਸੀਲੜੇ ਨੀ
ਦਰਿਆਈ ਦੀਆਂ ਚੋਲੀਆਂ ਨਾਲ ਮਹਿਤੇ ਕੀਮਖਾਬ ਤੇ ਚੁੰਨੀਆਂ ਪੀਲੜੇ ਨੇ
ਬੁਕ ਬੰਦ ਤੇ ਅੰਬਰੀ ਬਾਵਲਾ ਸੀ ਜ਼ਰੀ ਖਾਸ ਚੌਤਾਰ ਰਸੀਲੜੇ ਨੀ
ਚਾਰਖਾਨੀਏ ਡੋਰੀਏ ਮਲਮਲਾਂ ਸਨ ਛੋਪ ਛਾਇਲਾਂ ਨਪਟ ਸਖੀਲੜੇ ਨੀ
ਅਲਾਹ ਤੇ ਝੰਮੀਆਂ ਓਢਦੇ ਸਨ ਸ਼ੀਰ ਸ਼ੱਕਰ ਗੁਲਬਦਨ ਰਸੀਲੜੇ ਨੀ
ਵਾਰਸ ਸ਼ਾਹ ਵੋ ਓਢਨੇ ਹੀਰ ਰਾਂਝਾ ਸੁੱਕੇ ਤੀਲੜੇ ਤੇ ਬੁਰੇ ਹੀਲੜੇ ਨੀ
196. ਭਾਂਡਿਆਂ ਦੀ ਸਜਾਵਟ
ਸੁਰਮੇਦਾਨੀਆਂ ਥਾਲੀਆਂ ਥਾਲ ਛੰਨੇ ਲੋਹ ਕੜਛ ਦੇ ਨਾਲ ਕੜਾਹਈਆਂ ਦੇ
ਕੌਲ ਨਾਲ ਸਨ ਬਹੁਗੁਣੇ ਸਨ ਤਬਲਬਾਜ਼ਾਂ ਕਾਬ ਅਤੇ ਪਰਾਤ ਪਰਵਾਹੀਆਂ ਦੇ
ਚਮਚੇ ਬੇਲਵੇ ਡੋਢਨੀ ਦੇਗਚੇ ਭੀ ਨਾਲ ਖਾਂਚੇ ਤਾਸ ਬਾਦਸ਼ਾਹੀਆਂ ਦੇ
ਪਟ ਉਨੇ ਪਟੇਹੜਾਂ ਦਾਜ ਰੱਤੇ ਜਿਗਰ ਪਾਟ ਗਏ ਵੇਖ ਕਾਹੀਆਂ ਦੇ
ਘਮਿਆਰਾਂ ਨੇ ਮੱਟਾਂ ਦੇ ਢੇਰ ਲਾਏ ਢੁੱਕੇ ਬਹੁਤ ਬਾਲਣ ਨਾਲ ਕਾਹੀਆਂ ਦੇ
ਦੇਗਾਂ ਖਿਚਦੇ ਘਤ ਜ਼ਜੀਰ ਰੱਸੇ ਤੋਪਾਂ ਖਿਚਦੇ ਕਟਕ ਬਾਦਸ਼ਾਹੀਆਂ ਦੇ
ਵਾਰਸ ਸ਼ਾਹ ਮੀਆਂ ਚਾ ਵਿਆਹ ਦਾਸੀ ਸੁੰਞੇ ਫਿਰਨ ਖੰਧੇ ਮੰਗੂ ਮਾਹੀਆਂ ਦੇ
197. ਸਿਆਲਾਂ ਦਾ ਮੇਲ
ਡਾਰਾਂ ਖੂਬਾਂ ਦੀਆਂ ਸਿਆਲਾਂ ਦੇ ਮੇਲ ਆਈਆਂ ਹੁਰ ਪਰੀ ਦੇ ਹੋਸ਼ ਗਵਾਂਦੀਆਂ ਨੇ
ਲਖ ਜਟੱਟੀਆਂ ਮੁਸ਼ਕ ਲਪੇਟੀਆਂ ਨੇ ਅੱਤਨ ਪਦਮਣੀ ਵਾਂਗ ਸੁਹਾਂਦੀਆਂ ਨੇ
ਬਾਰਾਂ ਜ਼ਾਤ ਤੇ ਸੱਤ ਸਨਾਤ ਢੁੱਕੀ ਰੰਗ ਰੰਗ ਦੀਆਂ ਸੂਰਤਾਂ ਆਉਂਦੀਆਂ ਨੇ
ਅਤੇ ਤੋਛਨ ਸਨ ਪੰਜ ਤੌਲੀਏ ਦੇ ਅਤੇ ਲੁੰਗੀਆਂ ਤੋੜ ਚਨ੍ਹਾਉ ਦੀਆਂ ਨੇ
ਲੱਖ ਸਿੱਠਨੀ ਦੇਣ ਤੇ ਲੈਣ ਗਾਲੀਂ ਵਾਹ ਵਾਹ ਕੀਹ ਸਿਹਰਾ ਗਾਂਉਦੀਆਂ ਨੇ
ਪਰੀਜ਼ਾਦ ਜਟੇਟੀਆਂ ਨੈਣ ਖ਼ੂਨੀ ਨਾਲ ਹੇਕ ਮਹੀਨ ਦੇ ਗਾਂਉਂਦੀਆਂ ਨੇ
ਨਾਲ ਆਰਸੀ ਮੁਖੜਾ ਵੇਖ ਸੁੰਦਰ ਕੋਲ ਆਸ਼ਕਾਂ ਨੂੰ ਤਰਸਾਉਂਦੀਆਂ ਨੇ
ਇੱਕ ਵਾਂਗ ਬਸਾਤੀਆਂ ਕਢ ਲਾਟੂ ਵੀਰਾ ਰਾਧ ਦੀ ਨਾਫ ਵਖਾਉਂਦੀਆਂ ਨੇ
ਇੱਕ ਤਾੜੀਆਂ ਮਾਰੀਆਂ ਨੱਚਦੀਆਂ ਨੇ ਇੱਕ ਹੱਸਦੀਆਂ ਘੋੜਈਆਂ ਗਾਂਉਂਦੀਆਂ ਨੇ
ਇੱਕ ਗਾਉਂ ਕੇ ਕੋਇਲਾਂ ਕਾਂਗ ਹੋਈਆਂ ਇੱਕ ਰਾਹ ਦੇ ਵਿੱਚ ਦੋਹੜੇ ਲਾਉਂਦੀਆਂ ਨੇ
ਵਾਰਸ ਸ਼ਾਹ ਜਿਉਂ ਸ਼ੇਰ ਗੱਢ ਪਟਨ ਮੱਕੀ ਲਖ ਸੰਗਤਾਂ ਜ਼ਿਆਰਤੀਂ ਆਉਂਦੀਆਂ ਨੇ
198. ਉਹੀ ਚਾਲੂ
ਜਿਵੇਂ ਲੋਕ ਨਗਾਹੇ ਤੇ ਰਤਨ ਥੰਮਨ ਢੋਲ ਮਾਰਦੇ ਤੇ ਰੰਗ ਲਾਂਵਦੇ ਨੇ
ਭੜਥੂ ਮਾਰ ਕੇ ਫੁਮਨੀਆਂ ਘਤਦੇ ਨੇ ਇੱਕ ਆਂਵਦੇ ਤੇ ਇੱਕ ਜਾਂਵਦੇ ਨੇ
ਜਿਹੜੇ ਸਿਦਕ ਦੇ ਨਾਲ ਚਲ ਆਂਵਦੇ ਨੇਂ ਕਦਮ ਚੁੰਮ ਮੁਰਾਦ ਸਭ ਪਾਂਵਦੇ ਨੇ
ਵਾਰਸ ਸ਼ਾਹ ਦਾ ਚੂਰਮਾ ਕੁਟ ਕੇ ਤੇ ਦੇ ਫਾਤਿਹਾ ਵੰਡ ਵੰਡਾਵਦੇ ਨੇ
199. ਜਨੇਤ ਦੀ ਚੜ੍ਹਤ
ਚੜ੍ਹ ਘੋੜਿਆਂ ਖੇੜਿਆਂ ਗੰਢ ਫੇਰੀ ਚੜ੍ਹ ਗਭਰੂ ਡੰਕ ਵਜਾਇ ਕੇ ਜੀ
ਕਾਠੀਆਂ ਸੁਰਖ਼ ਬਨਾਤ ਦੀਆਂ ਹੱਥ ਨੇਜ਼ੇ ਦਾਰੂ ਪੀ ਕੇ ਧਰਗ ਵਜਾਇਕੇ ਜੀ
ਘੋੜੀਂ ਪਾਖਰਾਂ ਸੋਨੇ ਦੀਆਂ ਸਾਖਤਾਂ ਨੇ ਲੂਹਲਾਂ ਚੋਰ ਹਮੇਲ ਛਣਕਾਇਕੇ ਜੀ
ਕੇਸਰ ਭਿੰਨੜੇ ਪੱਗਾਂ ਦੇ ਪੇਚ ਬੱਧੇ ਵਿੱਚ ਕਲਗੀਆਂ ਜਗਾਂ ਨਗਾਇਖੇ ਜੀ
ਸਿਹਰੇ ਫੁੱਲਾਂ ਦੇ ਤੁਰਿਆਂ ਨਾਲ ਲਟਕਨ ਟਕੇ ਦਿੱਤੇ ਨੀ ਲਖ ਲੁਟਾਇਕੇ ਨੀ
ਢਾਡੀ ਭੁਗਤੀਏ ਕੰਜਰੀਆਂ ਨਕਲੀਏ ਸਨ ਅਤੇ ਡੂਮ ਸਰੋਦ ਵਜਾਇਕੇ ਜੀ
ਕਸ਼ਮੀਰੀ ਤੇ ਦਖਣੀ ਨਾਲ ਵਾਜੇ ਭੇਰੀ ਤੁਤੀਆਂ ਵੱਜੀਆਂ ਚਾਇਕੇ ਜੀ
ਵਾਰਸ ਸ਼ਾਹ ਦੇ ਮੁਖ ਤੇ ਬੰਨ੍ਹ ਮੁਕਟਾਂ ਸੋਇਨ ਸਿਹਰੇ ਬੰਨਾ ਬਣਾਇਕੇ ਜੀ
200. ਆਤਿਸ਼ਬਾਜ਼ੀ ਦੀ ਗਿਣਤੀ
ਆਤਿਸ਼ ਬਾਜ਼ੀਆਂ ਛੁਟਦੀਆਂ ਫੁਲ ਝੜੀਆਂ ਫੂਹੀ ਛੁੱਟੇ ਤੇ ਬਾਗ਼ ਹਵਾ ਮੀਆਂ
ਹਾਥੀ ਮੋਰ ਤੇ ਚਰਖੀਆਂ ਝਾੜ ਛੁੱਟਣ ਤਾੜ ਤਾੜ ਪਟਾਕਿਆਂ ਪਾ ਮੀਆਂ
ਸਾਵਨ ਭਾਦੋਂ ਕੁੱਜੀਆਂ ਨਾਲ ਚਹਿਕੇ ਟਿੰਡ ਚੂਹੀਆਂ ਦੀ ਕਰੇ ਤਾ ਮੀਆਂ
ਮਹਿਤਾਬੀਆਂ ਟੋਟਕੇ ਚਾਦਰਾਂ ਸਨ ਦੇਵਣ ਚੱਕੀਆਂ ਵੱਡੇ ਰਸਾ ਮੀਆਂ
201. ਖੇੜੇ ਜੰਞ ਲੈ ਕੇ ਢੁੱਕੇ
ਮਿਲੇਮੇਲ ਸਿਆਲਨਾਂ ਜੰਜ ਆਂਦੀ ਲੱਗੀਆਂ ਸਉਨ ਸੁਪਤ ਕਰਾਵਨੇ ਨੂੰ
ਘਤ ਸੁਰਮ ਸਲਾਈਆਂ ਦੇਣ ਗਾਲੀ ਅਤੇ ਖੁਢਕਨੇ ਨਾਲ ਖਡਾਵਨੇ ਨੂੰ
ਮੌਲੀ ਨਾਲ ਚਾ ਕਛਿਆ ਗਭਰੂ ਨੂੰ ਰੋੜੀ ਲੱਗੀਆਂ ਆਨ ਖੋਵਾਵਨੇ ਨੂੰ
ਭਰੀ ਘੜਾ ਘੜੋਲੀ ਤੇ ਕੁੜੀ ਨਹਾਤੀ ਆਈਆਂ ਫੇਰ ਨਕਾਹ ਪੜ੍ਹਾਵਨੇ ਨੂੰ
ਵਾਰਸ ਸ਼ਾਹ ਵਿਵਾਹ ਦੇ ਗੀਤ ਮਿੱਠੇ ਕਾਜ਼ੀ ਆਇਆ ਮੇਲ ਮਿਲਾਵਨੇ ਨੂੰ
202. ਓਹੀ ਚਲਦਾ
ਭੇਂਟਕ ਮੰਗਦੀਆਂ ਸਾਲੀਆਂ ਚੀਚ ਛੱਲਾ ਦੁਧ ਦੇ ਅਨਯੱਧੜੀ ਚਿੜੀ ਦਾ ਵੇ
ਦੁਧ ਦੇ ਗੋਹੀਰੇ ਦਾ ਚੋ ਜੱਟਾ ਨਾਲੇ ਦੱਛਨਾ ਖੰਡ ਦੀ ਪੁੜੀ ਦਾ ਵੇ
ਲੌਂਗਾਂ ਮੰਜੜਾ ਨਦੀ ਵਿੱਚ ਕੋਟ ਕਰਦੇ ਘਟ ਘੁੱਟ ਛੱਲਾ ਕੁੜੀ ਚਿੜੀ ਦਾ ਵੇ
ਬਿਨਾਂ ਬਲਦਾਂ ਦੇ ਖੂਹ ਦੇ ਗੇੜ ਸਾਨੂੰ ਵੇਖਾਂ ਕਿੱਕਰਾਂ ਉਹ ਵੀ ਗਿੜੀ ਦਾ ਵੇ
ਤੰਬੂ ਤਾਣ ਦੇ ਖਾਂ ਸਾਨੂ ਬਾਝ ਥੰਮਾਂ ਪਹੁੰਚਾ ਦੇ ਖਾਂ ਸੋਇਨੇ ਦੀ ਚਿੜੀ ਦਾ ਵੇ
ਇੱਕ ਮੁਨਸ ਕਸੀਰੇਦਾ ਖਰੀ ਮੰਗੇ ਹਾਥੀ ਪਾਇ ਕੁੱਜੇ ਵਿੱਚ ਫੜੀ ਦਾ ਵੇ
ਸਾਡੇ ਪਿੰਡ ਦੇ ਚਾਕ ਨੂੰ ਦੇ ਅੰਮਾਂ ਲੇਖਾ ਨਾਲ ਤੇਰੇ ਇਵੇਂ ਵਰੀ ਦਾ ਵੇ
ਵਾਰਸ ਸ਼ਾਹ ਜੀਜਾ ਖਿੜਿਆ ਵਾਂਗ ਫੁੱਲਾਂ ਜਿਵੇਂ ਫੁਲ ਗੁਲਾਬ ਖੜੀ ਦਾ ਵੇ
203. ਕਲਾਮ ਸੈਦਾ
ਅਨੀ ਸੋਹਣੀਏ ਛੈਲ ਮਲੂਕ ਕੁੜੀਏ ਸਾਥੋਂ ਏਤਨਾ ਝੇੜ ਨਾ ਝਿੜੀ ਦਾ ਨੀ
ਸਈਆਂ ਤਿੰਨ ਸੌ ਸੱਠ ਬਲਕੀਸ ਰਾਨੀ ਇਹ ਲੈ ਚੀਚ ਛੱਲਾ ਇਸ ਦੀ ਪਿੜੀ ਦਾ ਨੀ
ਚੜ੍ਹਿਆ ਸਾਵਨ ਤੇ ਬਾਗ ਬਹਾਰ ਹੋਈ ਦਭ ਕਾਹ ਸਰਕੜਾ ਖਿੜੀ ਦਾ ਨੀ
ਟੰਗੀਂ ਪਾ ਢੰਗਾ ਦੋਹਨੀਂ ਪੂਰ ਕੱਢੀ ਇਹ ਲੈ ਦੁਧ ਅਨਯਧੜੀ ਚਿੜੀਦਾ ਨੀ
ਦੁਧ ਲਿਆ ਗੋਹੀਰੇ ਦਾ ਚੋ ਕੁੜੀਏ ਇਹ ਲੈ ਪੀ ਜੇ ਬਾਪ ਨਾ ਲੜੀ ਦਾ ਨੀ
ਸੂਹੀਆਂ ਸਾਵੀਆਂ ਨਾਲ ਬਹਾਰ ਤੇਰੀ ਮੁਸ਼ਕ ਆਂਵਦਾ ਲੌਂਗਾਂ ਦੀ ਧੜੀ ਦਾ ਨੀ
ਖੰਡ ਪੁੜੀ ਦੀ ਦੱਛਨਾ ਦਿਆਂ ਤੈਨੂੰ ਤੁੱਕਾ ਲਾਵੀਏ ਵਿਚਲੀ ਧੜੀ ਦਾ ਨੀ
ਚਾਲ ਚਲੇਂ ਮੁਰਗਾਈਆਂ ਤੇ ਤਰੇਂ ਤਾਰੀ ਬੋਲਿਆਂ ਫੁਲ ਗੁਲਾਬ ਦਾ ਝੜੀ ਦਾ ਨੀ
ਕੋਟ ਨਦੀ ਵਿਚ ਲੈ ਸਣੇ ਲੌਂਗ ਮੰਜਾ ਤੇਰੇ ਸੌਣ ਨੂੰ ਕੌਣ ਲੌ ਵੜੀ ਦਾ ਨੀ
ਇੱਕ ਗੱਲ ਭੁੱਲੀ ਮੇਰੇ ਯਾਦ ਆਈ ਰੋਟ ਸੁਖਿਆ ਪੀਰ ਦਾ ਧੜੀ ਦਾ ਲੀ
ਬਾਝ ਬਲਦਾਂ ਦੇ ਖੂਹ ਭਜਾ ਦਿੱਤਾ ਅੱਡਾ ਖੜਕਦਾ ਕਾਠ ਦੀ ਕੜੀ ਦਾ ਨੀ
ਝਬ ਨਹਾ ਲੈ ਬੁੱਕ ਭਰ ਛੈਲ ਕੁੜੀਏ ਚਾਉ ਖੂਹ ਦਾ ਨਾਲ ਲੈ ਖੜੀ ਦਾ ਨੀ
ਹੋਰ ਕੌਣ ਹੈ ਨੀ ਜਿਹੜੀ ਮੁਨਸ ਮੰਗੇ ਅਸਾਂ ਮੁਨਸ ਲੱਧਾ ਜੋੜ ਜੁੜੀ ਦਾ ਨੀ
ਅਸਾਂ ਭਾਲ ਕੇ ਸਾਰੋ ਜਹਾਨ ਆਂਦਾ ਜਿਹੜਾ ਸਾੜਿਆਂ ਮੂਲ ਨਾ ਸੜੀਦਾ ਨੀ
ਇੱਕ ਚਾਕ ਦੀ ਭੈਨ ਤੇ ਤੁਸੀਂ ਸੱਭੇ ਚਲੋ ਨਾਲ ਮੇਰੇ ਜੋੜ ਜੁੜੀ ਦਾ ਨੀ
ਵਾਰਸ ਸ਼ਾਹ ਘੇਰਾ ਕਾਹਨੂੰ ਘਤਿਉ ਜੇ ਜੇਹਾ ਚੰਨ ਪਰਵਾਰ ਵਿੱਚ ਵੜੀਦਾ ਨੀ
204. ਕਾਜ਼ੀ ਨਾਲ ਹੀਰ ਦਾ ਸਵਾਲ ਜਵਾਬ
ਕਾਜ਼ੀ ਸੱਦਿਆ ਪੜ੍ਹਨ ਨਕਾਹ ਨੂੰ ਜੀ ਨਢੀ ਵਿਹਰ ਬੈਠੀ ਨਾਹੀਂ ਬੋਲਦੀ ਹੈ
ਮੈਂ ਤਾਂ ਮੰਗ ਰੰਝੇਟੇ ਦੀ ਹੋ ਚੁੱਕੀ ਮਾਂਉਂ ਕੁਫਰ ਤੇ ਗ਼ੈਬ ਕਿਉਂ ਤੋਲਦੀ ਹੈ।
ਨਜ਼ਾਅ ਵਕਤ ਸ਼ੈਤਾਨ ਜਿਉਂ ਦੇ ਪਾਣੀ ਪਈ ਜਾਨ ਗ਼ਰੀਬ ਦੀ ਡੋਲਦੀ ਹੈ
ਅਸਾਂ ਮੰਗ ਦਰਗਾਹ ਥੀਂ ਲਿਆ ਰਾਂਝਾ ਸਿਦਕ ਸੱਚ ਜ਼ਬਾਨ ਥੀਂ ਬੋਲਦੀ ਹੈ
ਮੱਖਣ ਨਜ਼ਰ ਰੰਝੇਟੇ ਦੇ ਅਸਾਂ ਕੀਤਾ ਸੁੰਞੀ ਮਾਂਉਂ ਛਾਹ ਨੂੰ ਰੋਲਦੀ ਹੈ
ਵਾਰਸ ਸ਼ਾਹ ਮੀਆਂ ਅੰਨ੍ਹੇ ਮੇਉ ਵਾਂਗੂੰ ਪਈ ਮੂਤ ਵਿੱਚ ਮੱਛੀਆਂ ਟੋਲਦੀ ਹੈ
205. ਕਾਜ਼ੀ ਦਾ ਉੱਤਰ
ਕਾਜ਼ੀ ਮਹਿਕਮੇ ਵਿੱਚ ਇਰਸ਼ਾਦ ਕੀਤਾ ਮੰਨ ਸ਼ਰ੍ਹਾ ਦਾ ਹੁਕਮ ਜੇ ਜੀਵਨਾ ਈ
ਬਾਅਦ ਮੌਤ ਦੇ ਨਾਲ ਈਮਾਨ ਹੀਰੇ ਦਾਖ਼ਲ ਵਿੱਚ ਬਹਿਸ਼ਤ ਦੇ ਥੀਵਨਾ ਈ
ਨਾਲ ਜ਼ੌਕ ਦੇ ਸ਼ੌਕ ਦਾ ਨੂੰਰ ਸ਼ਰਬਤ ਵਿੱਚ ਜੰਨਤ-ਇ ਅਦਨ ਦੇ ਪੀਵਨਾ ਈ
ਚਾਦਰ ਨਾਲ ਹਿਆ ਦੇ ਸਤਰ ਕੀਜੇ ਕਾਹ ਦਰਜ਼ ਹਰਾਮ ਦੀ ਸੀਵਨਾ ਈ
206. ਜਵਾਬ ਹੀਰ
ਹੀਰ ਆਖਦੀ ਜੀਵਨਾ ਭਲਾ ਸੋਈ ਜਿਹੜਾ ਹੋਵੇ ਭੀ ਨਾਲ ਈਮਾਨ ਮੀਆਂ
ਸਭੋ ਜੱਗ ਫਾਨੀ ਹਿੱਕੋ ਰਬ ਬਾਕੀ ਹੁਕਮ ਕੀਤਾ ਹੈ ਰਬ ਰਹਿਮਾਨ ਮੀਆਂ
'ਕੁਲੇ ਸ਼ੈਈਇਨ ਖ਼ਲਕਨਾ ਜ਼ੋਜਈਨੇ' ਹੁਕਮ ਆਇਆ ਹੈ ਵਿੱਚ ਕੁਰਾਨ ਮੀਆਂ
ਮੇਰੇ ਇਸ਼ਕ ਨੂੰ ਜਾਣਦੇ ਧੌਲ ਬਾਸ਼ਕ ਲੌਹ ਕਲਮ ਤੇ ਜ਼ਮੀਂ ਆਸਮਾਨ ਮੀਆਂ
207. ਉੱਤਰ ਕਾਜ਼ੀ
ਜੋਬਲ ਰੂਪ ਦਾ ਕੁਝ ਵਸਾਹ ਨਾਹੀਂ ਮਾਨ ਮੱਤੀਏ ਮੁਸ਼ਕ ਲਪੇਟੀਏ ਨੀ
ਨਬੀ ਹੁਕਮ ਨਕਾਹ ਫਰਮਾ ਦਿੱਤਾ 'ਫਇਨਕਿਹੂ' ਮਨ ਲੈ ਬੇਟੀਏ ਨੀ
ਕਦੀ ਦੀਨ ਇਸਲਾਮ ਦੇ ਰਾਹ ਟੁਰੀਏ ਜੜ੍ਹ ਕੁਫਰ ਦੀ ਜਿਉ ਥੋਂ ਪੁੱਟੀਏ ਨੀ
ਜਿਹੜੇ ਛਡ ਹਲਾਲ ਹਰਾਮ ਤੱਕਣ ਵਿੱਚ ਹਾਵੀਆ ਦੋਜ਼ਖੇ ਸੁੱਟਈਏ ਨੀ
ਖੇੜਾ ਹੱਕ ਹਲਾਲ ਕਬੂਲ ਕਰ ਤੂੰ ਵਾਰਸ ਸ਼ਾਹ ਬਿਨ ਬੈਠੀ ਏਂ ਵੱਟੀਏ ਨੀ
208. ਉੱਤਰ ਹੀਰ
ਕਲੂਬੁਲ ਮੋਮਨੀਨ ਅਰਸ਼ ਅੱਲਾਹ ਤੁਆਲਾ ਕਾਜ਼ੀ ਅਰਸ਼ ਖੁਦਾਏ ਦਾ ਢਾ ਨਾਹੀਂ
ਜਿੱਥੇ ਰਾਂਝੇ ਦੇ ਇਸ਼ਕ ਮੁਕਾਮ ਕੀਤਾ ਓਥੇ ਖੋੜਿਆਂ ਦੀ ਕੋਈ ਵਾਹ ਨਾਹੀਂ
ਏਹੀ ਚੜ੍ਹੀ ਗੋਲੇਰ ਮੈਂ ਇਸ਼ਕ ਵਾਲੀ ਜਿੱਥੇ ਹੋਰ ਕੋਈ ਚਾੜ੍ਹ ਲਾਹ ਨਾਹੀਂ
ਜਿਸ ਜੀਵਨੇ ਕਾਨ ਈਮਾਨ ਵੇਚਾਂ ਏਹਾ ਕੌਣ ਜੋ ਅੰਤ ਫਨਾਹ ਨਾਹੀ
ਜੇਹਾ ਰੰਘੜਾਂ ਵਿੱਚ ਨਾ ਪੀਰ ਕੋਈ ਅਤੇ ਲੁਧੜਾਂ ਵਿੱਚ ਬਾਦਸ਼ਾਹ ਨਾਹੀਂ
ਵਾਰਸ ਸ਼ਾਹ ਮੀਆਂ ਕਾਜ਼ੀ ਸ਼ਰ੍ਹਾ ਦੇ ਨੂੰ ਨਾਲ ਅਹਿਲ ਤਰੀਕਤਾਂ ਰਾਹ ਨਾਹੀਂ
209. ਕਾਜ਼ੀ ਦਾ ਉੱਤਰ
ਦੁਰੇ ਸ਼ਰ੍ਹਾ ਦੇ ਮਾਰ ਉਧੇੜ ਦੇਸਾਂ ਕਰਾਂ ਉਮਰ ਖਤਾਬ ਦਾ ਨਿਆਉਂ ਹੀਰੇ
ਘਤ ਕੱਖਾਂ ਦੇ ਵਿੱਚ ਮੈਂ ਸਾੜ ਸੁੱਟਾਂ ਕੋਈ ਵੇਖਸੀ ਪਿੰਡ ਗਰਾਉਂ ਹੀਰੇ
ਖੇੜਾ ਕਰੇ ਕਬੂਲ ਤਾਂ ਖ਼ੈਰ ਤੇਰੀ ਛੱਡ ਚਾਕ ਰੱਝੇਟੇ ਦਾ ਨਾਂਉ ਹੀਰੇ
ਅੱਖੀਂ ਮੀਟ ਕੇ ਵਕਲ ਲੰਘਾ ਮੋਈਏ ਇਹ ਜਹਾਨ ਹੈ ਬੱਦਲਾਂ ਛਾਂਉਂ ਹੀਰੇ
ਵਾਰਸ ਸ਼ਾਹ ਹੁਣ ਆਸਰਾ ਰਬ ਦਾ ਹੈ ਜਦੋਂ ਵਿੱਟਰੇ ਬਾਪ ਤੇ ਮਾਉਂ ਹੀਰੇ
210. ਹੀਰ ਦਾ ਉੱਤਰ
ਰਲੇ ਦਿਲਾ ਨੂੰ ਪਕੜ ਵਿਛੋੜ ਦੇਂਦੇ ਬੁਰੀ ਬਾਨ ਹੈ ਤਿਨ੍ਹਾਂ ਹਤਿਆਰਿਆਂ ਨੂੰ
ਨਿਤ ਸ਼ਹਿਰ ਦੇ ਫਿਕਰ ਗਲਤਾਨ ਰਹਿੰਦੇ ਏਹੋ ਸ਼ਾਮਤਾ ਰਬ ਦਿਆਂ ਮਾਰਿਆਂ ਨੂੰ
ਖਾਵਨ ਵੱਢੀਆਂ ਨਿਤ ਈਮਾਨ ਵੇਚਣ ਏਹੋ ਮਾਰ ਹੈ ਕਾਜ਼ੀਆਂ ਸਾਰਿਆਂ ਨੂੰ
ਰਬ ਦੋਜ਼ਖਾਂ ਨੂੰ ਭਰੇ ਪਾ ਬਾਲਣ ਕੇਹਾ ਦੋਸ ਹੈ ਇਹਨਾਂ ਵਿਚਾਰਿਆਂ ਨੂੰ
ਵਾਰਸ ਸ਼ਾਹ ਮੀਆਂ ਬਣੀ ਬਹੁਤ ਔਖੀ ਨਹੀਂ ਜਾਣਦੇ ਸਾਂ ਏਹਨਾਂ ਕਾਰਿਆਂ ਨੂੰ
211. ਕਾਜ਼ੀ ਦਾ ਉੱਤਰ
ਜਿਹੜੇ ਛੱਡ ਕੇ ਰਾਹ ਹਲਾਲ ਦੇ ਨੂੰ ਤੱਕਨ ਨਜ਼ਰ ਹਰਾਮ ਦੀ ਮਾਰੀਅਨ ਗੇ
ਕਬਰ ਵਿੱਚ ਬਹਾਇਕੇ ਨਾਲ ਗੁਰਜ਼ਾਂ ਓਥੇ ਪਾਪ ਤੇ ਪੁੰਨ ਨਵਾਰੀਅਨ ਗੇ
ਰੋਜ਼ ਹਸ਼ਰ ਦੇ ਦੋਜ਼ਖੀ ਪਕੜ ਕੇ ਤੇ ਘਤ ਅੱਗ ਦੇ ਵਿੱਚ ਨਘਾਰੀਅਨ ਗੇ
ਕੂਚ ਵਕਤ ਨਾ ਕਿਸੇ ਹੈ ਸਾਥ ਰਲਨਾਂ ਖਾਲੀ ਦੋਸਤ ਤੇ ਜੇਬ ਭੀ ਝਾੜੀਅਨ ਗੇ
ਵਾਰਸ ਸ਼ਾਹ ਇਹ ਉਮਰ ਦੇ ਲਾਅਲ ਮੁਹਰੇ ਇੱਕ ਰੋਜ਼ ਆਕਬਤ ਹਾਰੀਅਨ ਗੇ
212. ਹੀਰ ਦਾ ਉੱਤਰ
'ਕਾਲਵਾ ਬਲੀ' ਦੇ ਦਿੰਹੁ ਨਕਾਹ ਬੱਧਾ ਰੂਹ ਨਬੀ ਦੀ ਆਪ ਪੜ੍ਹਾਇਆ ਈ
ਕੁਤਬ ਹੋ ਵਕੀਲ ਬੈਠਾ ਵਿੱਚ ਆ ਬੈਠਾ ਹੁਕਮ ਰੱਬ ਨੇ ਆਣ ਕਰਾਇਆ ਈ
ਜਬਰਾਈਲ ਮੇਕਾਈਲ ਗਵਾਹ ਚਾਰੇ ਅਜ਼ਰਾਈਲ ਅਸਰਾਫੀਲ ਆਇਆ ਈ
ਅਗਲਾ ਤੋੜ ਕੇ ਹੋਰ ਨਕਾਹ ਪੜ੍ਹਨਾ ਆਖ ਰਬ ਨੇ ਕਦੋਂ ਫੁਰਮਾਇਆ ਈ
213. ਉਹੀ ਚਲਦਾ
ਜਿਹੜੇ ਇਸ਼ਕ ਦੀ ਅੱਗ ਦੇ ਤਾਉ ਤੱਤੇ ਤਿੰਨ੍ਹਾਂ ਦੋਜ਼ਖਾਂ ਨਾਲ ਕੀ ਵਾਸਤਾ ਈ
ਜਿਨ੍ਹਾਂ ਇੱਕ ਦੇ ਨਾਉਂ ਤੇ ਸਿਦਕ ਬੱਧਾ ਓਨ੍ਹਾਂ ਫਿਕਰ ਅੰਦੇਸੜਾ ਕਾਸ ਦਾ ਈ
ਆਖਿਰ ਸਿਦਕ ਯਕੀਨ ਤੇ ਕੰਮ ਪੌਸੀ ਮੌਤ ਚਰਗ ਇਹ ਪਤਲਾ ਮਾਸ ਦਾ ਈ
ਦੋਜ਼ਖ ਮੋਹਰਿਆਂ ਮਿਲਨ ਬੇਸਿਦਕ ਝੂਠੇ ਜਿਨ੍ਹਾਂ ਬਾਨ ਤੱਕਨ ਆਸ ਪਾਸ ਦਾ ਈ
214. ਕਾਜ਼ੀ ਦਾ ਉੱਤਰ
ਲਿਖਿਆ ਵਿੱਚ ਕੁਰਾਨ ਦੇ ਹੈ ਗੁਨਾਹਗਾਰ ਖੁਦਾ ਦਾ ਚੋਰ ਹੈ ਨੀ
ਹੁਕਮ ਮਾਉਂ ਤੇ ਬਾਪ ਦਾ ਮੰਨ ਲੈਣਾ ਇਹੋ ਰਾਹ ਤਰੀਕ ਦਾ ਜ਼ੋਰ ਹੈ ਨੀ
ਜਿਨ੍ਹਾਂ ਨਾ ਮੰਨਿਆ ਪੱਛੋਤਾਇ ਰੋਸਨ ਪੈਰ ਵੇਖ ਕੇ ਝੂਰ ਦਾ ਮੋਰ ਹੈ ਨੀ
ਜੋ ਕੁਝ ਮਾਉਂ ਤੇ ਬਾਪ ਤੇ ਅਸੀਂ ਕਰੀਏ ਓਥੇ ਤੁਧ ਦਾ ਕੁਝ ਨਾ ਜ਼ੋਰ ਹੈ ਨੀ
215. ਹੀਰ ਦਾ ਉੱਤਰ
ਕਾਜ਼ੀ! ਮਾਉਂ ਤੇ ਬਾਪ ਇਕਰਾਰ ਕੀਤਾ ਹੀਰ ਰਾਂਝੇ ਦੇ ਨਾਲ ਵਿਵਹਾਨੀ ਹੈ
ਅਸਾਂ ਓਸ ਦੇ ਨਾਲ ਚਾ ਕੌਲ ਇਕਰਾਰ ਕੀਤਾ ਲਬੇ ਗੋਰ ਦੇ ਤੀਕ ਨਿਬਾਹਨੀ ਹੇ
ਅੰਤ ਰਾਂਝੇ ਨੂੰ ਹੀਰ ਪਰਨਾ ਦੇਣੀ ਕੋਈ ਰੋਜ਼ ਦੀ ਇਹ ਪ੍ਰਾਹੁਣੀ ਹੈ
ਵਾਰਸ ਸ਼ਾਹ ਨਾ ਜਾਣਦੇ ਮੰਝ ਕਮਲੇ ਖੋਰਸ਼ ਸ਼ੇਰ ਦੀ ਗਧੇ ਨੂੰ ਡਾਹੁਣੀ ਹੈ
216. ਕਾਜ਼ੀ ਦਾ ਉੱਤਰ
ਕੁਰਬ ਵਿੱਚ ਦਰਗਾਹ ਦਾ ਤਿੰਨ੍ਹਾਂ ਨੂੰ ਹੈ ਜਿਹੜੇ ਹੱਕ ਦੇ ਨਾਲ ਨਕਾਹੈਨ ਗੇ
ਮਾਉਂ ਬਾਪ ਦੇ ਹੁਕਮ ਵਿੱਚ ਚਿੱਲੇ ਬਹੁਤ ਜ਼ੌਕ ਦੇ ਨਾਲ ਦਵਾਹੈਨ ਗੇ
ਜਿਹੜੇ ਸ਼ਰ੍ਹਾ ਥੋਂ ਜਾਨ ਬੇਹੁਕਮ ਹੋਏ ਵਿੱਚ ਹਾਵੀਏ ਜੋਜ਼ਖੇ ਲਾਹੈਨ ਗੇ
ਜਿਹੜੇ ਹੱਕ ਦੇ ਨਾਲ ਪਿਆਰ ਵੰਡਣ ਅੱਠ ਬਹਿਸ਼ਤ ਭੀ ਉਹਨਾਂ ਨੂੰ ਚਾਹੈਨ ਗੇ
ਜਿਹੜੇ ਨਾਲ ਤੱਕਬਰੀ ਆਕੜਨ ਗੇ ਵਾਂਗ ਈਦ ਦੇ ਬੱਕਰੇ ਢਾਹੈਨ ਗੇ
ਤਨ ਪਾਲ ਕੇ ਜਿਨ੍ਹਾਂ ਖੁਦਰੂਈ ਕੀਤੀ ਅੱਗੇ ਅੱਗ ਦੇ ਆਕਬਤ ਡਾਹੈਨ ਗੇ
ਵਾਰਸ ਸ਼ਾਹ ਮੀਆਂ ਜਿਹੜੇ ਬਹੁਤ ਸਿਆਣੇ ਕਾਉ ਵਾਂਗ ਪਲਾਕ ਵਿੱਚ ਫਾਹੈਨ ਗੇ
217. ਹੀਰ ਦਾ ਉੱਤਰ
ਜਿਹੜੇ ਇੱਕ ਦੇ ਨਾਂਉਂ ਤੇ ਮਹਿਵ ਹੋਏ ਮਨਜ਼ੂਰ ਖੁਦਾ ਦੇ ਰਾਹ ਦੇ ਨੇ
ਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ ਮਕਬੂਲ ਦਰਗਾਹ ਇਲਾਹ ਦੇ ਨੇ
ਜਿਨ੍ਹਾਂ ਇੱਕ ਦਾ ਰਾਹ ਦਰੁਸਤ ਕੀਤਾ ਤਿੰਨਾਂ ਫਿਕਰ ਅੰਦੇਸ਼ੜੇ ਕਾਹ ਦੇ ਨੇ
ਜਿੰਨ੍ਹਾਂ ਨਾਮ ਮਹਿਬੂਬ ਦਾ ਵਿਰਦ ਕੀਤਾ ਓ ਸਾਹਿਬ ਮਰਤਬਾ ਡਾਹ ਦੇਨੇ
ਜਿਹੜੇ ਰਿਸ਼ਵਤਾਂ ਖਾਏ ਕੇ ਹੱਕ ਰੋੜਨ ਓਹ ਚੋਰ ਉਚੱਕੜੇ ਰਾਹ ਦੇ ਨੇ
ਇਹ ਕੁਰਾਨ ਮਜੀਦ ਦੇ ਮਾਇਨੇ ਨੇ ਜਿਹੜੇ ਸ਼ਿਅਰ ਮੀਆਂ ਵਾਰਸ ਸ਼ਾਹ ਦੇ ਨੇ
218. ਕਾਜ਼ੀ ਦਾ ਸਿਆਲਾਂ ਨੂੰ ਉੱਤਰ
ਕਾਜ਼ੀ ਆਖਿਆ ਇਹ ਜੇ ਰੋੜ ਪੱਕਾ ਹੀਰ ਝਗੜਿਆਂ ਨਾਲ ਨਾ ਹਾਰਦੀ ਹੈ
ਲਿਆਉ ਪੜ੍ਹੋ ਨਕਾਹ ਮੂੰਹ ਬਨ੍ਹ ਇਸਦਾ ਕਿੱਸਾ ਗੋਈ ਫਸਾਦ ਗੁਜ਼ਾਰਦੀ ਹੈ
ਛੱਡ ਮਸਜਿਦਾਂ ਦਾਇਰਿਆਂ ਵਿੱਚ ਵੜਦੀ ਛੱਡ ਬਕਰੀਆਂ ਸੂਰੀਆਂ ਚਾਰਦੀ ਹੈ
ਵਾਰਸ ਸ਼ਾਹ ਮਧਾਣੀ ਹੈ ਹੀਰ ਜੱਟੀ ਇਸ਼ਕ ਦਹੀ ਦਾ ਘਿਉ ਨਤਾਰਦੀ ਹੈ।
219. ਕਾਜ਼ੀ ਵੱਲੋਂ ਨਕਾਹ ਕਰਕੇ ਹੀਰ ਨੂੰ ਖੇੜਿਆਂ ਨਾਲ ਤੋਰ ਦੇਣਾ
ਕਾਜ਼ੀ ਬਨ੍ਹ ਨਕਾਹ ਤੇ ਘਤ ਡੋਲੀ ਨਾਲ ਖੇੜਿਆਂ ਦੇ ਦਿੱਤੀ ਟੋਰ ਮੀਆਂ
ਤੇਵਰ ਬਿਉਰਾਂ ਨਾਲ ਜੜਾਊ ਗਹਿਣੇ ਦੰਮ ਦੌਲਤਾਂ ਨਿਅਮਤਾਂ ਹੋਰ ਮੀਆਂ
ਟਮਕ ਮਹੀਂ ਤੇ ਘੋੜੇ ਉਠ ਦਿੱਤੇ ਗਹਿਨਾ ਪੱਤਰਾ ਢੰਗੜਾ ਢੋਰ ਮੀਆਂ
ਹੀਰ ਖੇੜਿਆਂ ਨਾਲ ਨਾਲ ਟੁਰੇ ਮੂਲੇ ਪਿਆ ਪਿੰਡ ਦੇ ਵਿੱਚ ਹੈ ਸ਼ੋਰ ਮੀਆਂ
ਖੇੜੇ ਘਿਨ ਕੇ ਹੀਰ ਨੂੰ ਰਵਾਂ ਹੋਏ ਜਿਉਂ ਮਾਲ ਨੂੰ ਲੈ ਵਗੇ ਚੋਰ ਮੀਆਂ
220. ਰਾਂਝੇ ਬਿਨਾਂ ਗਾਈਆਂ ਮੱਝਾਂ ਦਾ ਕਾਬੂ ਨਾ ਆਉਣਾ
ਮਹੀਂ ਟੁਰਨ ਨਾ ਬਾਝ ਰੰਝੇਟੜੇ ਦੇ ਭੂਏ ਹੋਇਕੇ ਪਿੰਡ ਭਜਾਇਉ ਨੇ
ਪੁਟ ਝੁੱਘੀਆਂ ਲੋਕਾਂ ਨੂੰ ਢੁਡ ਮਾਰਨ ਭਾਂਡੇ ਭੰਨ ਕੇ ਸ਼ੋਰ ਘਤਾਇਉ ਨੇ
ਚੋ ਚਾਇਕੇ ਬੂਥੀਆਂ ਉਤਾਂਹ ਕਰਕੇ ਸ਼ੌਕਾ ਥੀ ਧੁਮਲਾ ਲਾਇਉ ਨੇ
ਲੋਕਾਂ ਆਖਿਆ ਰਾਂਝੇ ਦੀ ਕਰੋ ਮਿੰਨਤ ਪੈਰ ਚੁੰਮ ਕੇ ਆਨ ਜਗਾਇਉ ਨੇ
ਚਸ਼ਮਾ ਪੈਰ ਦੀ ਖ਼ਾਕ ਦਾ ਲਾ ਮੱਥੇ ਵਾਂਗ ਸੇਵਕਾਂ ਸਖੀ ਮਨਾਇਉ ਨੇ
ਭੜਥੂ ਮਾਰਿਉ ਨੇ ਦਵਾਲੇ ਰਾਂਝਨੇ ਦੇ ਲਾਲ ਬੇਗ ਦਾ ਥੜਾ ਪੁਜਾਇਉ ਨੇ
ਪਕਵਾਲ ਤੇ ਪਿੰਨੀਆ ਰੱਖ ਅੱਗੇ ਭੋਲੂ ਰਾਮ ਨੂੰ ਖੁਸ਼ੀ ਕਰਾਇਉ ਨੇ
ਮਗਰ ਮਹੀਂ ਦੇ ਛੇੜ ਕੇ ਨਾਲ ਸ਼ਫਕਤ ਸਿਰ ਟਮਕ ਚਾ ਚਵਾਇਉ ਨੇ
ਵਾਹੋ ਦਾਹੀ ਚਲੇ ਰਾਤੋ ਰਾਤ ਖੇੜੇ ਦਿੰਹੁ ਜਾਇਕੇ ਪਿੰਡ ਚੜ੍ਹਾਇਉ ਨੇ
ਦੇ ਚੂਰੀ ਤੇ ਖਿਚੜੀ ਦੀਆ ਸੱਤ ਬੁਰਕਾਂ ਨਢਾ ਦੇਵਰਾ ਗੋਦ ਬਹਾਇਉ ਨੇ
ਅੱਗੋਂ ਲੈਣ ਆਈਆਂ ਸਈਆਂ ਵੋਹਟੜੀ ਨੂੰ 'ਜੇ ਤੂੰ ਆਂਦੜੀ ਵੇ ਵੀਰਆ' ਗਾਇਉ ਨੇ
ਸਿਰੋਂ ਲਾਹ ਟਮਕ ਭੂਰਾ ਖਸ ਲੀਤਾ ਆਦਮ ਬਹਿਸ਼ਤ ਕੀ ਵੇਖ ਤਾਹਿਉ ਨੇ
ਵਾਰਸ ਸ਼ਾਹ ਮੀਆਂ ਵੇਖ ਕੁਦਰਤਾਂ ਨੀ ਭੁਖਾ ਜੰਨਤੋਂ ਰੂਹ ਕਢਾਇਉ ਨੇ
221. ਹੀਰ ਨੇ ਰਾਂਝੇ ਨੂੰ ਕਿਹਾ
ਲੈ ਵੇ ਰਾਂਝਿਆ ਵਾਹ ਮੈਂ ਲਾ ਥੱਕੀ ਸਾਡੇ ਵੱਸ ਥੀਂ ਗੱਲ ਬੇਵੱਸ ਹੋਈ
ਕਾਜ਼ੀ ਮਾਪਿਆਂ ਜ਼ਾਲਮਾਂ ਬੰਨ੍ਹ ਟੋਰੀ ਸਾਡੀ ਤੈਂਦੜੀ ਦੋਸਤੀ ਭੱਸ ਹੋਈ
ਘਰ ਖੇੜਿਆਂ ਦੇ ਨਹੀਂ ਵਸਨਾ ਮੈਂ ਸਾਡੀ ਉਨ੍ਹਾਂ ਦੇ ਨਾਲ ਖਰਖ਼ਸ ਹੋਈ
ਜਾਂ ਜੀਵਾਂ ਗੀ ਮਿਲਾਂ ਗੀ ਰਬ ਮੇਲੇ ਹਾਲ ਸਾਲ ਤਾਂ ਦੋਸਤੀ ਬਸ ਹੋਈ
222. ਰਾਂਝੇ ਦਾ ਉੱਤਰ
ਜੋ ਕੁਝ ਵਿੱਚ ਰਜ਼ਾ ਦੇ ਲਿਖ ਛੁੱਟਾ ਮੂੰਹੋਂ ਬਸ ਨਾ ਆਖੀਏ ਭੈੜੀਏ ਨੀ
ਸੁਝਾ ਸਖਣਾ ਚਾਕ ਨੂੰ ਰਖਿਉਈ ਮੱਥੇ ਭੌਰੀਏ ਚੰਦਰੀਏ ਬਹਿੜੀਏ ਨੀ
ਮੰਤਰ ਕੀਲ ਨਾ ਜਾਣੀਏ ਡੂਮਨੇ ਦਾ ਐਵੇ ਸੁੱਤੜੇ ਨਾਗ ਨਾ ਛੇੜੀਏ ਨੀ
ਇੱਕ ਯਾਰ ਦੇ ਨਾਂ ਤੇ ਫਿਦਾ ਹੋਈਏ ਮੁਹਰਾ ਦੇ ਕੇ ਇੱਕੇ ਨਬੇੜੀਏ ਨੀ
ਦਗਾ ਦੇਵਨਾ ਹੋਵੇ ਤਾਂ ਜੀਈਰੇ ਨੂੰ ਪਹਿਲੇ ਰੋਜ਼ ਹੀ ਚਾ ਖਦੇੜੀਏ ਨੀ
ਜੇ ਨਾ ਉਤਰੀਏ ਯਾਰ ਦੇ ਨਾਲ ਪੂਰੇ ਏਡੇ ਪਿੱਟਣੇ ਨਾ ਸਹੇੜੀਏ ਨੀ
ਵਾਰਸ ਸ਼ਾਹ ਜੇ ਪਿਆਸ ਨਾ ਹੋਵੇ ਅੰਦਰ ਸ਼ੀਸ਼ੇ ਸ਼ਰਬਰਾਂ ਦੇ ਨਾਹੀਂ ਛੇੜੀਏ ਨੀ
223. ਹੀਰ ਦਾ ਉੱਤਰ
ਤੈਨੂੰ ਹਾਲ ਦੀ ਗੱਲ ਮੈਂ ਲਿਖ ਘੱਲਾਂ ਤੁਰਤ ਹੋ ਫਕੀਰ ਤੋਂ ਆਵਨਾ ਈ
ਕਿਸੇ ਜੋਗੀ ਥੇ ਜਾਇਕੇ ਬਣੀਂ ਚੇਲਾ ਸਵਾਹ ਲਾਇਕੇ ਕੰਨ ਪੜਾਵਣਾ ਈ
ਸੱਭਾ ਜ਼ਾਤ ਸਫਾਤ ਬਰਬਾਦ ਕਰਕੇ ਅਤੇ ਠੀਕ ਤੈਂ ਸੀਸ ਮੁਨਾਵਣਾ ਈ
ਤੂੰ ਹੀ ਜੀਂਵਦਾ ਦੀਦ ਨਾ ਦਏਂ ਸਾਨੂੰ ਅਸਾਂ ਵੱਤ ਨਾ ਜਿਉਂਦਿਆਂ ਆਵਨਾ ਨੀ
224. ਰਾਂਝੇ ਨੇ ਸਿਆਲਾਂ ਨੂੰ ਗਾਲਾਂ ਕੱਢਣੀਆਂ
ਰਾਂਝੇ ਆਖਿਆ ਸਿਆਲ ਗਲ ਗਏ ਸਾਰੇ ਅਤੇ ਹੀਰ ਭੀ ਛਡ ਈਮਾਨ ਚੱਲੀ
ਸਿਰ ਹੇਠਾਂ ਕਰ ਲਿਆ ਫੇਰ ਮਹਿਰ ਚੂਚਕ ਜਦੋਂ ਸਥ ਵਿੱਚ ਆਨ ਕੇ ਗੱਲ ਹੱਲੀ
ਧੀਆਂ ਵੇਚਦੇ ਕੌਲ ਜ਼ਬਾਨ ਹਾਰਨ ਮਹਿਰਾਬ ਮੱਥੇ ਅਤੇ ਧੌਣ ਚੱਲੀ
ਯਾਰੋ ਸਿਆਲਾਂ ਦੀਆਂ ਦਾੜ੍ਹੀਆਂ ਦੇਖਦੇ ਹੋ ਜਿਹੀ ਮੁੰਡ ਮੰਗਵਾੜ ਮਸਰ ਪੱਲੀ
ਵਾਰਸ ਸ਼ਾਹ ਮੀਆਂ ਧੀ ਸੋਹਣੀ ਨੂੰ ਗਲ ਵਿਚ ਚਾ ਪਾਂਵਦੇ ਹੈ ਟੱਲੀ
225. ਉਹੀ ਚਲਦਾ
ਯਾਰੋ ਜੱਟ ਦਾ ਕੌਲ ਮਨਜ਼ੂਰ ਨਾਹੀਂ ਗੋਜ਼ ਸ਼ੁਤਰ ਹੈ ਕੌਲ ਰੂਸਤਾਈਆਂ ਦਾ
ਪੱਤਾਂ ਹੋਣ ਇੱਕੀ ਜਿਸ ਜਟ ਤਾਈ ਸੋਈ ਅਸਲ ਭਰਾ ਹੈ ਭਾਈਆਂ ਦਾ
ਜਦੋਂ ਬਹਿਣ ਅਰੂੜੀ ਤੇ ਅਕਲ ਆਵੇ ਜਿਵੇਂ ਖੋਤੜਾ ਹੋਵੇ ਗੁਸਾਈਆਂ ਦਾ
ਸਿਰੋਂ ਲਾਹ ਕੇ ਚੁਤੜਾਂ ਹੇਠ ਦਿੰਦੇ ਮਜ਼ਾ ਆਵਨੇ ਤਦੋਂ ਸਫਾਈਆਂ ਦਾ
ਜੱਟੀ ਜਟ ਦੇ ਸਾਂਗ ਤੇ ਹੋਣ ਰਾਜ਼ੀ ਫੜੇ ਮੁਗ਼ਲ ਤੇ ਵੇਸ ਗੋਲਾਈਆਂ ਦਾ
ਧੀਆਂ ਦੇਣੀਆਂ ਕਰਨ ਮੁਸਾਫਰਾਂ ਨੂੰ ਵੇਚਣ ਹੋਰਧਰੇ ਮਾਲ ਜਵਾਈਆਂ ਦਾ
ਵਾਰਸ ਸ਼ਾਹ ਨਾ ਮੁਹਤਬਰ ਜਾਣਨਾ ਜੇ ਕੌਲ ਜਟ ਸੰਸਾਰ ਕਸਾਈਆਂ ਦਾ
226. ਉੱਤਰ ਰਾਂਝਾ
ਪੈਂਚਾਂ ਪਿੰਡ ਦੀਆਂ ਸੱਚ ਥੀਂ ਤਰਕ ਕੀਤਾ ਕਾਜ਼ੀ ਰਿਸ਼ਵਤਾਂ ਮਾਰ ਕੇ ਕੋਰ ਕੀਤੇ
ਪਹਿਲਾਂ ਹੋਰਨਾਂ ਨਾਲ ਇਕਰਾਰ ਕਰਕੇ ਤੁਅਮਾਂ ਵੇਖ ਦਾਮਾਦ ਫਿਰ ਹੋਰ ਕੀਤੇ
ਗੱਲ ਕਰੀਏ ਈਮਾਨ ਦੀ ਕੱਢ ਛੱਡਨ ਪੈਂਚ ਪਿੰਡ ਦੇ ਠਗ ਤੇ ਚੋਰ ਕੀਤੇ
ਅਸ਼ਰਾਫ ਦੀ ਗੱਲ ਮਨਜ਼ੂਰ ਨਾਹੀਂ ਚੋਰ ਚੌਧਰੀ ਅਤੇ ਲੰਡੂਰ ਕੀਤੇ
ਕਾਉਂ ਬਾਗ਼ ਦੇ ਵਿੱਚ ਕਲੋਲ ਕਰਦੇ ਕੂੜਾ ਫੋਲਨੇ ਦੇ ਉਤੇ ਮੋਰ ਕੀਤੇ
ਜ਼ੋਰੋ ਜ਼ੋਰ ਵਿਵਾਹ ਲੈ ਗਏ ਖੇੜੇ ਅਸਾਂ ਰੋ ਬਹੁਤੇਰੜੇ ਸ਼ੋਰ ਕੀਤੇ ਵਾਰਸ
ਸ਼ਾਹ ਜੋ ਅਹਿਲ ਈਮਾਨ ਆਹੇ ਤਿੰਨ੍ਹਾਂ ਜਾ ਡੇਰੇ ਵਿੱਚ ਗੋਰ ਕੀਤੇ
227. ਉਹੀ ਚਾਲੂ
ਯਾਰੋ ਠਗ ਸਿਆਲ ਤਹਿਕੀਕ ਜਾਨੋ ਧੀਆਂ ਠਗਣੀਆਂ ਸਭ ਸਖਾਂਵਦੇ ਜੇ
ਪੁੱਤਰ ਠਗ ਸਰਦਾਰਾਂ ਦੇ ਮਿੱਠਿਆਂ ਹੋ ਉਹਨੂੰ ਮਹੀਂ ਦਾ ਚਾਕ ਬਨਾਂਵਦੇ ਜੇ
ਕੌਲ ਹਾਰ ਜ਼ਬਾਨ ਦਾ ਸਾਕ ਖੋਹਣ ਚਾ ਪਿਵੰਦ ਹਨ ਹੋਰ ਧਿਰ ਲਾਂਵਦੇ ਜੇ
ਦਾੜ੍ਹੀ ਸ਼ੇਖ਼ ਦੀ ਛੁਰਾ ਕਸਾਈਆ ਦਾ ਬੈਠ ਪਰ੍ਹੇ ਵਿੱਚ ਪੈਂਚ ਸਦਾਂਵਦੇ ਜੇ
ਜਟ ਚੋਰ ਤੇ ਯਾਰ ਤਰਾਹ ਮਾਰਨ ਡੰਡੀ ਮੋਹੰਦੇ ਤੇ ਸੰਨ੍ਹਾਂ ਲਾਂਵਦੇ ਜੇ
ਵਾਰਸ ਸ਼ਾਹ ਇਹ ਜਟ ਨੇ ਠਗ ਸਭੇ ਤਰੀ ਠਗਨੇ ਜਟ ਝਨ੍ਹਾਂ ਦੇ ਜੇ
228. ਉੱਤਰ ਰਾਂਝਾ
ਡੋਗਰ ਜਟ ਈਮਾਨ ਨੂੰ ਵੇਚ ਖਾਂਦੇ ਧੀਆਂ ਮਾਰਦੇ ਤੇ ਪਾੜ ਲਾਂਵਦੇ ਜੇ
ਤਰਕ ਕੌਲ ਹਦੀਸ ਦੇ ਨਿਤ ਕਰਦੇ ਚੋਰੀ ਯਾਰੀਆਂ ਬਿਆਜ ਕਮਾਂਵਦੇ ਜੇ
ਜੇਹੇ ਆਪ ਥੀਵਨ ਤੇਹੀਆਂ ਔਰਤਾਂ ਨੇ ਬੇਟੇ ਬੇਟੀਆਂ ਚੋਰੀਆਂ ਲਾਂਵਦੇ ਜੇ
ਜਿਹੜਾ ਚੋਰ ਤੇ ਰਾਹਜ਼ਨ ਹੋਵੇ ਕੋਈ ਉਸ ਦੀ ਵੱਡੀ ਤਾਅਰੀਫ ਸੁਣਾਵਦੇ ਜੇ
ਜਿਹੜਾ ਪੜ੍ਹੇ ਨਮਾਜ਼ ਹਲਾਲ ਖਾਵੇ ਉਹਨੂੰ ਮਿਹਣਾ ਮੁਤੱਫੀ ਲਾਂਵਦੇ ਜੇ
ਮੂੰਹੋਂ ਆਖ ਕੁੜਮਾਈਆਂ ਖੋਹ ਲੈਂਦੇ ਦੇਖੋ ਰਬ ਤੇ ਮੌਤ ਭੁਲਾਂਵਦੋ ਜੇ
ਵਾਰਸ ਸ਼ਾਹ ਮੀਆਂ ਦੋ ਦੋ ਖਸਮ ਹੁੰਦੇ ਨਾਲ ਬੇਟੀਆਂ ਵੈਰ ਕਮਾਂਵਦੇ ਜੇ
229. ਹੀਰ ਦੇ ਗਾਨੇ ਦੀ ਰਸਮ
ਜਦੋਂ ਗਾਂਨੜੇ ਦੇ ਦਿਨ ਪੁਜ ਮੁੱਕੇ ਲੱਸੀ ਮੁੰਦਰੀ ਖੇਡਨੇ ਆਈਆਂ ਨੇ
ਪਈ ਧੁਮ ਕੇਹਾ ਗਾਨੜੇ ਦੀ ਫਿਰਨ ਖੁਸ਼ੀ ਦੇ ਨਾਲ ਸਵਾਈਆਂ ਨੇ
ਸੈਦਾ ਲਾਲ ਪੀਹੜੇ ਉਤੇ ਆ ਬੈਠਾ ਕੁੜੀਆਂ ਵਹਟੜੀ ਪਾਸ ਬਹਾਈਆਂ ਨੇ
ਪਕੜ ਹੀਰ ਦੇ ਹੱਥ ਪਰਾਤ ਪਾਏ ਬਾਹਾਂ ਮੁਰਦਿਆਂ ਵਾਂਗ ਪਲਮਾਈਆਂ ਨੇ
ਵਾਰਸ ਸ਼ਾਹ ਮੀਆਂ ਨੈਨਾਂ ਹੀਰ ਦਿਆਂ ਨੇ ਵਾਂਗ ਬੱਦਲਾਂ ਝੰਬਰਾਂ ਲਾਈਆਂ ਨੇ
230. ਹੀਰ ਦੇ ਜਾਣ ਪਿੱਛੋਂ ਰਾਂਝਾ ਹੈਰਾਨ
ਘਰ ਖੇੜਿਆਂ ਦੇ ਜਦੋਂ ਹੀਰ ਆਈ ਚੁਕ ਗਏ ਤਗਾਦੜੇ ਅਤੇ ਝੇੜੇ
ਵਿੱਚ ਸਿਆਲਾਂ ਦੇ ਚੁਪ ਚਣਕ ਹੋਈ ਅਤੇ ਖੁਸ਼ੀ ਹੋ ਫਿਰਦੇ ਨੇ ਸਭ ਖੇੜੇ
ਫੌਜਦਾਰ ਤਗੱਈਅਰ ਹੋ ਆਨ ਬੈਠਾ ਕੋਈ ਓਸ ਦੇ ਪਾਸ ਨਾ ਪਾਏ ਫੇਰੇ
ਵਿੱਚ ਤਖ਼ਤ ਹਜ਼ਾਰੇ ਦੇ ਹੋਣ ਗੱਲਾਂ ਅਤੇ ਰਾਂਝੇ ਦੀਆਂ ਭਾਬੀਆਂ ਕਰਨ ਝੇੜੇ
ਚਿੱਠੀ ਲਿਖ ਕੇ ਹੀਰ ਦੀ ਉਜ਼ਰ ਖ਼ਾਹੀ ਜਿਵੇਂ ਮੋਏ ਨੂੰ ਪੁਛੀਏ ਹੋ ਨੇੜੇ
ਹੋਈ ਲਿਖੀ ਰਜ਼ਾ ਦੀ ਰਾਂਝਿਆ ਵੇ ਸਾਡੇ ਅੱਲੜੇ ਘਾ ਸਨ ਤੂੰ ਉਚੇੜੇ
ਮੁੜ ਕੇ ਆ ਨਾ ਵਿਗੜਿਆ ਕੰਮ ਤੇਰਾ ਲਟਕੰਦੜਾ ਘਰੀਂ ਤੂੰ ਪਾ ਫੇਰੇ
ਜਿਹੜੇ ਫੁਲ ਦਾ ਨਿਤ ਤੂੰ ਰਹੇ ਰਾਖਾ ਓਸ ਫੁਲ ਨੂੰ ਤੋੜ ਲੈ ਗਏ ਖੇੜੇ
ਜੈਦੇ ਵਾਸਤੇ ਫਿਰੇਂ ਤੂੰ ਵਿੱਚ ਝੱਲਾਂ ਜਿੱਥੇ ਬਾਘ ਬਘੇਲੇ ਤੇ ਸ਼ੀਂਹ ਬੇੜ੍ਹੇ
ਕੋਈ ਨਹੀਂ ਵਸਾਹ ਕੰਵਾਰੀਆਂ ਦਾ ਐਵੇਂ ਲੋਕ ਨਿਕੰਮੜੇ ਕਰਨ ਝੇੜੇ
ਤੂੰ ਤਾਂ ਮਿਹਨਤਾਂ ਸੈਂ ਦਿੰਹੁ ਰਾਤ ਕਰਦਾ ਵੇਖ ਕੁਦਰਤਾਂ ਰਬ ਦੀਆਂ ਕੌਣ ਫੇਰੇ
ਓਸ ਜੂਹ ਵਿੱਚ ਫੇਰ ਨਾ ਪੀਣ ਪਾਣੀ ਖੁਸ ਜਾਨ ਜਾਂ ਖੱਪਰਾਂ ਮੂੰਹੋਂ ਹੇੜੇ
ਕਲਸ ਜ਼ਰੀ ਦਾ ਚਾੜੀਏ ਜਾ ਰੋਜ਼ੇ ਜਿਸ ਵੇਲੜੇ ਆਣ ਕੇ ਵੜੇ ਵਿਹੜੇ
ਵਾਰਸ ਸ਼ਾਹ ਇਹ ਨਜ਼ਰ ਸੀ ਅਸਾਂ ਮੰਨੀ ਖੁਆਜਾ ਖਿਜ਼ਰ ਚਰਾਗ਼ ਦੇ ਲਏ ਪੇੜੇ
231. ਰਾਂਝੇ ਦਾ ਉੱਤਰ
ਭਾਬੀ ਖਿਜ਼ਾਂ ਦੀ ਰੁੱਤ ਜਾਂ ਆਨ ਪੁੰਨੀ ਭੌਰ ਆਸਰੇ ਤੇ ਪਏ ਜਾਲਦੇ ਨੀ
ਸੇਵਨ ਬੁਲਬੁਲਾਂ ਬੂਟਿਆਂ ਸੁੱਕਿਆਂ ਨੂੰ ਫੇਰ ਫੁਲ ਲੱਗਣ ਨਾਲ ਡਾਲਦੇ ਨੀ
ਅਸਾਂ ਜਦੋਂ ਕਦੋਂ ਉਨ੍ਹਾਂ ਪਾਸ ਜਾਣਾ ਜਿਹੜੇ ਮਹਿਰਮ ਅਸਾਡੜੇ ਹਾਲ ਦੇ ਨੀ
ਜਿਨ੍ਹਾਂ ਸੂਲੀਆਂ ਤੇ ਜਾਏ ਝੂਟੇ ਮਨਸੂਰ ਹੋਰੀਂ ਸਾਡੇ ਨਾਲ ਦੇ ਨੀ
ਵਾਰਸ ਸ਼ਾਹ ਜੋ ਗਏ ਸੋ ਨਹੀਂ ਮੁੜਦੇ ਲੋਕ ਅਸਾਂ ਥੋਂ ਆਵਨਾ ਭਾਲਦੇ ਨੇ
232. ਉਹੀ ਚਲਦਾ
ਮੌਜੂ ਚੌਧਰੀ ਦਾ ਪੁੱਤ ਚਾਕ ਲੱਗਾ ਇਹ ਪੇਖਨੇ ਜੁਉਲਜਲਾਲ ਦੇ ਨੀ
ਏਸ ਇਸ਼ਕ ਪਿੱਛੇ ਮਰਨ ਲੜਣ ਸੂਰੇ ਸਫਾ ਡੋਬਦੇ ਖੂਹਣੀਆਂ ਗਾਲਦੇ ਨੀ
ਭਾਬੀ ਇਸ਼ਕ ਥੋਂ ਨੱਸ ਕੇ ਤੇ ਉਹ ਜਾਂਦੇ ਪੁੱਤਰ ਹੋਣ ਜੋ ਕਿਸੇ ਕੰਗਾਲ ਦੇ ਨੀ
ਮਾਰੇ ਬੋਲੀਆਂ ਦੇ ਘਰੀਂ ਨਹੀਂ ਵੜਦੇ ਵਾਰਸ ਸ਼ਾਹ ਹੋਰੀਂ ਫਿਰਨ ਭਾਲਦੇ ਨੀ
233. ਰਾਂਝੇ ਦਾ ਉੱਤਰ ਜਗ ਦੀ ਰੀਤ ਬਾਰੇ
ਗਏ ਉਮਰ ਤੇ ਵਕਤ ਫਿਰ ਨਹੀਂ ਮੁੜਦੇ ਗਏ ਕਰਮ ਤੇ ਭਾਗ ਨਾ ਆਂਵਦੇ ਨੀ
ਗਈ ਗੱਲ ਜ਼ਬਾਨ ਥੀਂ ਤੀਰ ਛੁੱਟਾ ਗਏ ਰੂਹ ਕਲਬੂਤ ਨਾ ਆਂਵਦੇ ਨੀ
ਗਈ ਜਾਨ ਜਹਾਨ ਥੀਂ ਛੱਡ ਜੁੱਸਾ ਗਏ ਹੋਰ ਸਿਆਨ ਫਰਮਾਂਵਦੇ ਨੀ
ਮੁੜ ਏਤਨੇ ਫੇਰ ਜੇ ਆਂਵਦੇ ਨਹੀਂ ਰਾਂਝੇ ਯਾਰ ਹੋਰੀਂ ਮੁੜ ਆਂਵਦੇ ਨੀ
ਵਾਰਸ ਸ਼ਾਹ ਮੀਆ ਸਾਨੂੰ ਕੌਣ ਸੱਦੇ ਭਾਈ ਭਾਬੀਆਂ ਹੁਨਰ ਚਲਾਂਵਦੇ ਨੀ
234. ਉਹੀ ਚਾਲੂ
ਅੱਗੇ ਵਾਹੀਉਂ ਚਾ ਗਵਾਇਉਂ ਨੇ ਹੁਣ ਇਸ਼ਕ ਥੀਂ ਚਾ ਗਵਾਂਦੇ ਨੇ
ਰਾਂਝੇ ਯਾਰ ਹੋਰਾਂ ਥਾਪ ਛੱਡੀ ਕਿਤੇ ਜਾਇਕੇ ਕੰਨ ਪੜਾਂਵਦੇ ਨੇ
ਇੱਕੋ ਆਪਣੀ ਜਿੰਦ ਗਵਾਂਦੇ ਨੇ ਇੱਕੇ ਹੀਰ ਜੱਟੀ ਬੰਨ੍ਹ ਲਿਆਂਵਦੇ ਨੇ
ਵੇਖੋ ਜੱਟ ਹੁਣ ਫੰਦ ਚਲਾਂਵਦੇ ਨੇ ਬਣ ਚੇਲੜੇ ਘੋਨ ਹੋ ਆਵਦੇ ਨੇ
235. ਹੀਰ ਦੇ ਸੌਹਰਿਆ ਦੀ ਸਲਾਹ
ਮਸਲਹਤ ਹੀਰ ਦਿਆਂ ਸੌਹਰਿਆਂ ਇਹ ਕੀਤੀ ਮੁੜ ਹੀਰ ਨਾ ਪੱਈਅਰੇ ਘੱਲਣੀ ਜੇ
ਮਤ ਚਾਕ ਮੁੜ ਚੰਬੜੇ ਵਿੱਚ ਭਾਈਆਂ ਇਹ ਗੱਲ ਕਸਾਖ ਦੀ ਚੱਲਣੀ ਜੇ
ਆਖਰ ਰੰਨ ਦੀ ਜ਼ਾਤ ਬੇਵਫਾ ਹੁੰਦੀ ਜਾ ਪਈੜੇ ਘਰੀਂ ਇਹ ਮੱਲਣੀ ਜੇ
ਵਾਰਸ ਸ਼ਾਹ ਦੇ ਨਾਲ ਨਾ ਮਿਲਣ ਦੀਜੇ ਇਹ ਗੱਲ ਨਾ ਕਿਸੇ ਉਲੱਥਣੀ ਜੇ
236. ਇੱਕ ਵਹੁਟੀ ਹੱਥ ਹੀਰ ਦਾ ਸੁਨੇਹਾ
ਇੱਕ ਵਹੁਟੜੀ ਸਹੁਰੇ ਚੱਲੀਂ ਸਿਆਲੀਂ ਆਈ ਹੀਰ ਥੇ ਲੈ ਸਨੇਹਿਆਂ ਨੂੰ
ਤੇਰੇ ਪਈੜੇ ਚਲੀ ਹਾਂ ਦੇ ਗੱਲਾਂ ਖੋਲ ਕਿੱਸਿਆਂ ਜੇਹਿਆਂ ਕੇਹਿਆਂ ਨੂੰ
ਤੇਰੇ ਸਹੁਰਿਆਂ ਤੁਧ ਪਿਆਰ ਕੇਹਾ ਕਰੋ ਗਰਮ ਸਨੇਹਿਆਂ ਬੇਹਿਆਂ ਨੂੰ
ਤੇਰੀ ਗਭਰੂ ਨਾਲ ਹੈ ਬਣੀ ਕੇਹੀ ਵੋਹਟੀਆਂ ਦਸਦੀਆ ਨੇ ਅਸਾਂ ਜੇਹਿਆਂ ਨੂੰ
ਹੀਰ ਆਖਿਆ ਓਸ ਦੀ ਗੱਲ ਐਵੇਂ ਵੈਰ ਰੇਸ਼ਮਾਂ ਨਾਲ ਜੋ ਲੇਹਿਆਂ ਨੂੰ
ਵਾਰਸ ਕਾਫ ਤੇ ਅਲਿਫ ਤੇ ਲਾਮ ਬੋਲੇ ਕੀ ਆਖਣਾ ਜੇਹਿਆਂ ਤੇਹਿਆਂ ਨੂੰ
237. ਆਪਣੇ ਦੇਸ ਨੂੰ ਸੁਨੇਹਾ
ਹੱਥ ਬੰਨ੍ਹ ਗਲ ਵਿੱਚ ਪਾ ਪੱਲਾ ਕਹੀਂ ਦੇਸ ਨੂੰ ਦੁਆ ਸਲਾਮ ਮੇਰਾ
ਘੁਟ ਵੈਰੀਆਂ ਦੇ ਵੱਸ ਪਾਇਉ ਨੇ ਸਈਆਂ ਚਾ ਵਸਾਰਿਆ ਨਾਮ ਮੇਰਾ
ਮਝੋ ਵਾਹ ਵਿੱਚ ਡੋਬਿਆਂ ਮਾਪਿਆਂ ਨੇ ਓਹਨਾਂ ਨਾਲ ਨਾਹੀਂ ਕੋਈ ਕਾਮ ਮੇਰਾ
ਹੱਥ ਜੋੜ ਕੇ ਰਾਂਝੇ ਦੇ ਪੈਰ ਪਕੜੀ ਇੱਕ ਏਤਨਾ ਕਹੀਂ ਪੈਗਾਮ ਮੇਰਾ
ਵਾਰਸ ਨਾਲ ਬੇਵਾਰਸਾਂ ਰਹਿਮ ਕੀਤੇ ਮਿਹਰਬਾਂ ਹੋ ਕੇ ਆਉ ਸ਼ਾਮ ਮੇਰਾ
238. ਹੀਰ ਨੂੰ ਰਾਂਝੇ ਦੀ ਤਲਬ
ਤਰੁੱਟੇ ਕਹਿਰ ਕਲੂਰ ਸਿਰ ਤੱਤੜੀ ਦੇ ਤੇਰੇ ਬਿਰਹਾ ਫਰਾਕ ਦੀ ਕੁਠੀਆਂ ਮੈ
ਸੁੰਜੀ ਤਰਾਟ ਕਲੇਜੜੇ ਵਿੱਚ ਧਾਨੀ ਲਹੀਂ ਜਿਊਣਾ ਮਰਨ ਤੇ ਉਠੀਆਂ ਮੈਂ
ਚਰ ਪਵਨ ਰਾਤੀਂ ਘਰ ਸੁੱਤਿਆਂ ਦੇ ਵੇਖੋ ਹਿੰਦੁ ਬਾਜ਼ਾਰ ਵਿੱਚ ਮੁੱਠੀਆਂ ਮੈਂ
ਜੋਗੀ ਹੋਇਕੇ ਆ ਜੇ ਮਿਲੇ ਮੈਨੂੰ ਕਿਸੇ ਅੰਬਰੋਂ ਮਿਹਰ ਦਿਉਂ ਤਰੁਠੀਆਂ ਮੈਂ
ਨਹੀਂ ਛਡ ਘਰ ਬਾਰ ਉਜਾੜ ਵੈਸਾਂ ਨਹੀਂ ਵਸਨਾ ਤੇ ਨਾਹੀਂ ਵੁਠੀਆਂ ਮੈਂ
ਵਾਰਸ ਸ਼ਾਹ ਪਰੇਮ ਦੀਆਂ ਛਟੀਆਂ ਨੇ ਮਾਰ ਫੱਟੀਆਂ ਜੁੱਟੀਆਂ ਕੁੱਠੀਆਂ ਮੈਂ
239. ਵਹੁਟੀ ਦੀ ਪੁੱਛ ਗਿੱਛ
ਵਹੁਟੀ ਆਨ ਕੇ ਸਾਹੁਰੇ ਵੜੀ ਜਿਸ ਦਿਨ ਪੁੱਛੇ ਚਾਕ ਸਿਆਲਾਂ ਦਾ ਕੇਹੜਾ ਨੀ
ਮੰਗੂ ਚਾਰਦਾ ਸੀ ਜਿਹੜਾ ਚੂਚਕੇ ਦਾ ਮੁੰਡਾ ਤਖਤ ਹਜ਼ਾਰੇ ਦਾ ਜੇਹੜਾ ਨੀ
ਜਿਹੜਾ ਆਸ਼ਕਾਂ ਵਿੱਚ ਮਸ਼ਹੂਰ ਰਾਂਝਾ ਸਿਰ ਓਸ ਦੇ ਇਸ਼ਕ ਦਾ ਸਿਹਰਾ ਨੀ
ਕਿਤੇ ਦਾਇਰੇ ਇੱਕੇ ਮਸੀਤ ਹੁੰਦਾ ਕੋਈ ਓਸ ਦਾ ਕਿਤੇ ਹੈ ਵਿਹੜਾ ਨੀ
ਇਸ਼ਕ ਪੱਟ ਤਰੱਟੀਆਂ ਗਾਲੀਆਂ ਨੇਂ ਉੱਜੜ ਗਈਆਂ ਦਾ ਵਿਹੜਾ ਕਿਹੜਾ ਨੀ
240. ਸਿਆਲਾਂ ਦੀਆਂ ਕੁੜੀਆਂ ਨੇ ਕਿਹਾ
ਕੁੜੀਆਂ ਆਖਿਆ ਛੈਲ ਹੈ ਮੱਸ ਭਿੰਨਾ ਛੱਡ ਬੈਠਾ ਹੈ ਜਗ ਤੇ ਸਭ ਝੇੜੇ
ਸੱਟ ਵੰਝਲੀ ਅਹਿਲ ਫਕੀਰ ਹੋਇਆ ਜਿਸ ਰੋਜ਼ ਦੇ ਹੀਰ ਲੈ ਗਏ ਖੇੜੇ
ਵਿੱਚ ਬੇਲਿਆਂ ਕੂਕਦਾ ਫਿਰੇ ਕਮਲਾ ਜਿੱਥੇ ਬਾਘ ਬਘੇਲੇ ਤੇ ਸ਼ੀਂਹ ਬੇੜ੍ਹੇ
ਕੋਈ ਓਸ ਦੇ ਨਾਲ ਨਾ ਗੱਲ ਕਰਦਾ ਬਾਝ ਮੰਤਰੋਂ ਨਾਗ ਨੂੰ ਕੌਣ ਛੇੜੇ
ਕੁੜੀਆਂ ਆਖਿਆ ਜਾਉ ਵਿਲਾਉ ਓਸ ਨੂੰ ਕਿਵੇਂ ਘੇਰ ਕੇ ਮਾਂਦਰੀ ਕਰੋ ਨੇੜੇ
241. ਕੁੜੀਆਂ ਉਹਨੂੰ ਰਾਂਝੇ ਕੋਲ ਲੈ ਗਈਆਂ
ਕੁੜੀਆਂ ਜਾ ਵਲਾਇਆ ਰਾਂਝਨੇ ਨੂੰ ਫਿਰੇ ਦੁਖ ਤੇ ਦਰਦਾ ਦਾ ਲੱਦਿਆ ਈ
ਆ ਘਿਨ ਸਨੇਹੜਾ ਸੱਜਨਾਂ ਦਾ ਤੈਨੂੰ ਹੀਰ ਸਿਆਲ ਨੇ ਸੱਦਿਆ ਈ
ਤੇਰੇ ਵਾਸਤੇ ਮਾਪਿਆਂ ਘਰੋਂ ਕੱਢੀ ਅਸਾਂ ਸਾਹੁਰਾ ਪਈਅੜਾ ਰੋਇਆ ਈ
ਤੁਧ ਬਾਝ ਲੀ ਜਿਊਨਾ ਹੋਗ ਮੇਰਾ ਵਿੱਚ ਸਿਆਲਾਂ ਦੇ ਜਿਉ ਕਿਉਂ ਅਡਿਆ ਈ
ਝਬ ਹੋ ਫਕੀਰ ਤੇ ਪਹੁੰਚ ਮੈਥੇ ਓਥੇ ਝੰਡੜਾ ਕਾਸ ਨੂੰ ਗੱਡਿਆ ਈ
ਵਾਰਸ ਸ਼ਾਹ ਇਸ ਇਸ਼ਕ ਦੀ ਨੌਕਰੀ ਨੇ ਦੰਮਾਂ ਬਾਝ ਗੁਲਾਮ ਕਰ ਛੱਡਿਆ ਈ
242. ਰਾਂਝੇ ਨੇ ਹੀਰ ਨੂੰ ਚਿੱਠੀ ਲਿਖਵਾਈ
ਮੀਏ ਰਾਂਝੇ ਨੇ ਮੁਲਾਂ ਨੂੰ ਜਾ ਕਿਹਾ ਚਿੱਠੀ ਲਿਖੋ ਜੀ ਸੱਜਨਾ ਪਿਆਰਿਆਂ ਨੂੰ
ਤੁਸਾਂ ਸਾਹੁਰੇ ਜਾ ਆਰਾਮ ਕੀਤਾ ਅਸੀਂ ਢੋਏ ਹਾਂ ਸੂਲ ਅੰਗਿਆਰਿਆਂ ਨੂੰ
ਅੱਗ ਲੱਗ ਕੇ ਜ਼ਮੀਂ ਆਸਮਾਨ ਸਾੜੇ ਚਾ ਲਿੱਖਾਂ ਜੇ ਦੁਖੜਿਆਂ ਸਾਰਿਆਂ ਨੂੰ
ਮੈਥੋਂ ਠਗ ਕੇ ਮਹੀਂ ਚਰਾ ਲਿਉਂ ਰੰਨਾਂ ਸੱਚ ਨੇ ਤੋੜਦੀਆਂ ਤਾਰਿਆਂ ਨੂੰ
ਚਾਕ ਹੋਕੇ ਵੱਤ ਫਕੀਰ ਹੋਸਾਂ ਕੇਹਾ ਮਾਰਿਉ ਅਸਾਂ ਵਿਚਾਰਿਆਂ ਨੂੰ
ਗਿਲਾ ਲਿਖੋ ਜੋ ਯਾਰ ਨੇ ਲਿਖਿਆ ਏ ਸੱਜਨ ਲਿਖਦੇ ਜਿਵੇਂ ਪਿਆਰਿਆਂ ਨੂੰ
ਵਾਰਸ ਸ਼ਾਹ ਨਾ ਰੱਬ ਬਿਨ ਟਾਂਗ ਕਾਈ ਕਿਵੇਂ ਜਿੱਤੀਏ ਮੁਆਮਲਿਆਂ ਹਾਰਿਆਂ ਨੂੰ
243. ਉਹੀ ਚਾਲੂ
ਤੈਨੂੰ ਚਾ ਸੀ ਵੱਡਾ ਵਿਵਾਹ ਵਾਲਾ ਭਲਾ ਹੋਇਆ ਜੇ ਝਬ ਵਹੀਜੇਏ ਨੀ
ਐਥੋਂ ਨਿਕਲ ਗਈ ਏਂ ਬੁਰੇ ਦਿਹਾਂ ਵਾਂਗੂੰ ਅੰਤ ਸਾਹੁਰੇ ਜਾ ਪਤੀਜੀਏ ਨੀ
ਰੰਗ ਰੱਤਈਏ ਵੌਹਟੀਏ ਖੇੜਿਆ ਦੀਏ ਕੈਦੋ ਲੰਬੇ ਦੀ ਘੁੰਡ ਭਤੀਜੀਏ ਨੀ
ਚੁਲੀਂ ਪਾ ਪਾਣੀ ਦੁੱਖਾਂ ਨਾਲ ਪਾਲੀ ਕਰਮ ਸੈਦੇ ਦੇ ਮਾਪਿਆਂ ਸੇਜੀਏ ਨੀ
ਕਾਸਦ ਜਾਇਕੇ ਹੀਰ ਨੂੰ ਖਤ ਦਿੱਤਾ ਇਹ ਲੈ ਚਾਕ ਦਾ ਲਿਖਿਆ ਲੀਝੀ ਏਂ ਨੀ
244. ਉੱਤਰ ਹੀਰ
ਤੇਰੇ ਵਾਸਤੇ ਬਹੁਤ ਉਦਾਸ ਹਾਂ ਮੈਂ ਰੱਬਾ ਮੇਲ ਤੂੰ ਚਿਰੀ ਵਿਛੁਲਿਆਂ ਨੂੰ
ਹੱਥੀਂ ਮਾਪਿਆਂ ਦਿੱਤੀ ਸਾਂ ਜ਼ਾਲਮਾਂ ਨੂੰ ਲੱਗਾ ਲੂਣ ਕਲੇਜਿਆਂ ਭੁਨਿਆਂ ਨੂੰ
ਮੌਤ ਅਤੇ ਸੰਜੋਗ ਨਾ ਟਲੇ ਮੂਲੇ ਕੌਣ ਮੋੜਦਾ ਸਾਹਿਆਂ ਪੁਨਿਆਂ ਨੂੰ
ਜੋਗੀ ਹਇਕੇ ਆ ਤੂੰ ਸੱਜਨਾਂ ਵੋ ਕੌਣ ਜਾਣਦਾ ਜੋਗੀਆਂ ਮੁਨਿਆਂ ਨੂੰ
245. ਉਹੀ ਚਾਲੂ
ਕਾਇਦ ਆਬਖੋਰ ਦੇ ਖਿੱਚੀ ਵਾਗ ਕਿਸਮਤ ਕੋਇਲ ਲੰਕ ਦੇ ਬਾਗ ਦੀ ਗਈ ਦਿੱਲੀ
ਮੈਨਾ ਲਈ ਬੰਗਾਲਿਉ ਚਾਕ ਕਮਲੇ ਖੇੜਾ ਪਿਆ ਅਜ਼ ਗੈਬ ਦੀ ਆਣ ਬਿੱਲੀ
ਚੁਸਤੀ ਆਪਣੀ ਪਕੜ ਨਾ ਹਾਰ ਹਿੰਮਤ ਹੀਰ ਨਾਹੀਉ ਇਸ਼ਕ ਦੇ ਵਿੱਚ ਢਿੱਲੀ
ਕੋਈ ਜਾਇਕੇ ਪਕੜ ਫਕੀਰ ਕਾਮਲ ਫਕਰ ਮਾਰਦੇ ਵਿੱਚ ਰਜ਼ਾ ਕਿੱਲੀ
ਵਾਰਸ ਸ਼ਾਹ ਮਸਤਾਨੜਾ ਹੋ ਲੱਲੀ ਸੇਲ੍ਹੀ ਗੋਦੜੀ ਬੰਨ੍ਹ ਹੋ ਸ਼ੈਖ਼ ਚਿੱਲੀ
246. ਹੀਰ ਦੀ ਚਿੱਠੀ
ਦਿੱਤੀ ਹੀਰ ਲਖਾਇਕੇ ਇਹ ਚਿੱਠੀ ਰਾਂਝੇ ਯਾਰ ਦੇ ਹੱਥ ਲੈ ਜਾ ਦੇਣੀ
ਕਿਤੇ ਬੈਠ ਨਵੇਕਲਾ ਸੱਦ ਮੁੱਲਾ ਸਾਰੀ ਖੋਲ ਕੇ ਬਾਤ ਸੁਣਾ ਦੇਣੀ
ਹੱਥ ਬੰਨ੍ਹ ਕੇ ਮੇਰਿਆਂ ਸੱਜਨਾਂ ਨੂੰ ਰੋ ਰੋ ਸਲਾਮ ਦੁਆ ਦੋਣੀ
ਮਰ ਚੁੱਕੀਆਂ ਜਾਨ ਹੈ ਨੱਕ ਉਤੇ ਹਿੱਕ ਵਾਰ ਜੇ ਦੀਦਣਾ ਆ ਦੇਣੀ
ਖੇੜੇ ਹੱਥ ਨਾ ਲਾਂਵਦੇ ਮੰਜੜੀ ਨੂੰ ਹੱਥ ਲਾਇਕੇ ਗੋਰ ਵਿੱਚ ਪਾ ਦੇਣੀ
ਕਖ ਹੋ ਰਹੀਆਂ ਗੰਮਾਂ ਨਾਲ ਰਾਂਝਾ ਏਹ ਚਿੰਣਗ ਲੈ ਜਾਇਕੇ ਲਾ ਦੇਣੀ
ਮੇਰਾ ਯਾਰ ਹੈ ਤਾਂ ਮੈਥੇ ਪਹੁੰਚ ਮੀਆਂ ਕੰਨ ਰਾਂਝੇ ਦੇ ਏਤਨੀ ਪਾ ਦੇਣੀ
ਮੇਰੀ ਲਈ ਨਿਸ਼ਾਨਤੀ ਬਾਂਕ ਛੱਲਾ ਰਾਂਝੇ ਯਾਰ ਦੇ ਹੱਥ ਲਿਜਾ ਦੇਣੀ
ਵਾਰਸ ਸ਼ਾਹ ਮੀਆਂ ਓਸ ਕਮਲੜੇ ਨੂੰ ਢੰਗ ਜ਼ੁਲਫ ਜ਼ੰਜੀਰ ਦੀ ਪਾ ਦੇਣੀ
ਅੱਗੇ ਚੁੰਡੀਆਂ ਨਾਲ ਹੰਢਾਇਆ ਈ ਜ਼ੁਲਫ ਕੁੰਡਲਾਂਦਾਰ ਹੁਣ ਵੇਖ ਮੀਆਂ
ਘਤ ਕੁੰਡਲੀ ਲਾਗ ਸਿਆਹ ਪਲਮੇ ਦੇਖੇ ਉਹ ਭਲਾ ਜਿਸ ਲੇਖ ਮੀਆਂ
ਮਲੇ ਵਟਨੇ ਲੋੜ੍ਹ ਦੰਦਾਸੜੇ ਦਾ ਨੈਣ ਖੂਨੀਆਂ ਦੇ ਭਰਨ ਭੇਖ ਮੀਆਂ
ਆ ਹੁਸਨ ਦੀ ਦੀਦ ਕਰ ਵੇਖ ਜ਼ੁਲਫਾਂ ਖੂਨੀ ਨੈਣਾਂ ਦੇ ਭੇਖ ਨੂੰ ਦੇਖ ਮੀਆਂ
ਵਾਰਸ ਸ਼ਾਹ ਫਕੀਰ ਹੋ ਪਹੁੰਚ ਮੈਥੇ ਫਕਰ ਮਾਰਦੇ ਰੇਖ ਵਿੱਚ ਮੇਖ ਮੀਆਂ
248. ਹੀਰ ਦੀ ਚਿੱਠੀ ਡਾਕੀਆ ਰਾਂਝੇ ਕੋਲ ਲਿਆਇਆ
ਕਾਸਦ ਆਣ ਰੰਝੇਟੇ ਨੂੰ ਖਤ ਦਿੱਤਾ ਨਢੀ ਮੋਈ ਹੈ ਨੱਕ ਤੋਂ ਜਾਨ ਆਈ
ਕੋਈ ਪਾ ਭੁਲਾਵੜਾ ਠਗਿਉਈ ਸਿਰ ਘਤਿਉ ਚਾ ਮਸਾਨ ਮੀਆਂ
ਤੇਰੇ ਵਾਸਤੇ ਰਾਤ ਨੂੰ ਗਏ ਤਾਰੇ ਕਿਸ਼ਤੀ ਨੂਹ ਦੀ ਵਿੱਚ ਤੂਫਾਨ ਮੀਆਂ
ਇੱਕ ਘੜੀ ਆਰਾਮ ਨਾ ਆਵੰਦਾ ਈ ਕੇਹਾ ਠੋਕਿਉ ਪ੍ਰੇਮ ਦਾ ਬਾਨ ਮੀਆਂ
ਤੇਰਾ ਨਾਂਉਂ ਲੈ ਕੇ ਨੱਢੀ ਜਿਉਂਦੀ ਹੈ ਭਾਵੇਂ ਜਾਣ ਤੇ ਭਾਵੇਂ ਨਾ ਜਾਣ ਮੀਆਂ
ਮੂੰਹੋਂ ਰਾਂਝੇ ਦਾ ਨਾਮ ਜਾਂ ਕੱਢ ਬਹਿੰਦੀ ਓਥੇ ਨਿਤ ਪੌਦੇ ਘਮਸਾਣ ਮੀਆਂ
ਰਾਤੀਂ ਘੜੀ ਨਾ ਸੇਜ ਤੇ ਮੂਲ ਸੌਂਦੀ ਰਹੇ ਲੋਗ ਬਹੁਤੇਰੜਾ ਰਾਨ ਮੀਆਂ
ਜੋਗੀ ਹੋਇਕੇ ਨਗਰ ਵਿੱਚ ਪਾ ਫੇਰਾ ਮੌਜਾਂ ਨਾਲ ਤੂੰ ਨੱਢੜੀ ਮਾਣ ਮੀਆਂ
ਵਾਰਸ ਸ਼ਾਹ ਮੀਆਂ ਸਭੋ ਕੰਮ ਹੁੰਦੇ ਜਦੋਂ ਰਬ ਹੁੰਦਾ ਮਿਹਰਬਾਨ ਮੀਆਂ
249. ਰਾਂਝੇ ਦੀ ਉੱਤਰ ਲਈ ਫਰਮਾਇਸ਼
ਚਿੱਠੀ ਨਾਉਂ ਤੇਰੇ ਲਿਖੀ ਨੱਢੜੀ ਨੇ ਵਿੱਚੇ ਲਿਖੇ ਸੂ ਦਰਦ ਫਰਾਕ ਸਾਰੇ ਰਾਂਝਾ ਤੁਰਤ
ਪੜ੍ਹਾਇਕੇ ਫਰਸ਼ ਹੋਇਆ ਦਿਲੋਂ ਆਹ ਦੇ ਠੰਡੜੇ ਸਾਹ ਮਾਰੇ
ਮੀਆਂ ਲਿਖ ਤੂੰ ਦਰਦ ਫਰਾਕ ਮੇਰਾ ਜਿਹੜਾ ਅੰਬਰੋ ਸੁਟਦਾ ਤੋੜ ਤਾਰੇ
ਘਾ ਲਿਖ ਜੋ ਦਿਲੇ ਦੇ ਦੁਖੜੇ ਵੇ ਲਿਖਨ ਪਿਆਰਿਆਂ ਨੂੰ ਜਿਵੇਂ ਯਾਰ ਪਿਆਰੇ
250. ਰਾਂਝੇ ਦਾ ਉੱਤਰ ਲਿਖਣਾ
ਲਿਖਿ ਇਹ ਜਵਾਬ ਰੰਝੇਟੜੇ ਨੇ ਜਦੋਂ ਜਿਊ ਵਿੱਚ ਓਸ ਦੇ ਸ਼ੋਰ ਪਏ
ਓਸੇ ਰੋਜ਼ ਦੇ ਅਸੀਂ ਫਕੀਰ ਹੋਏ ਜਿਸ ਰੋਜ਼ ਦੇ ਹੁਸਨ ਦੇ ਚੋਰ ਹੋਏ
ਪਹਿਲੇ ਦੁਆ ਸਲਾਮ ਪਿਆਰਿਆਂ ਨੂੰ ਮਝੋ ਵਾਹ ਫਰਾਕ ਦੇ ਥੋੜ ਹੋਏ
ਅਸਾਂ ਜਾਨ ਤੇ ਮਾਲ ਦਰਪੇਸ਼ ਕੀਤਾ ਅੱਟੀ ਲੱਗੜੀ ਪ੍ਰੀਤ ਨੂੰ ਤੋੜ ਗਏ
ਸਾਡੀ ਜ਼ਾਤ ਸਫਾਤ ਬਰਬਾਦ ਕਰਕੇ ਲੜ ਖੇੜਿਆਂ ਦੇ ਨਾਲ ਜੋੜ ਗਏ
ਆਪ ਹੱਸ ਕੇ ਸਾਹੁਰੇ ਮਲਿਉ ਨੇ ਸਾਡੇ ਨੈਨਾਂ ਦਾ ਨੀਰ ਨਖੋੜ ਗਏ
ਆਪ ਹੋ ਮਹਿਬੂਬ ਜਾ ਸਤਰ ਬੈਠੇ ਸਾਡੇ ਰੂਪ ਦਾ ਰਸਾ ਨਚੋੜ ਗਏ
ਵਾਰਸ ਸ਼ਾਹ ਮੀਆਂ ਮਿਲਿਆਂ ਵਾਹਰਾਂ ਥੋਂ ਧੜਵੈਲ ਦੇਖੋ ਜ਼ੋਰੋ ਜ਼ੋਰ ਗਏ
251. ਉੱਤਰ ਰਾਂਝੇ ਵੱਲੋਂ
ਸਾਡੀ ਖ਼ੈਰ ਹੈ ਚਾਹੁੰਦੇ ਖੈਰ ਤੈਂਡੀ ਫਿਰ ਲਿਖੋ ਹਕੀਕਤਾਂ ਸਾਰੀਆਂ ਜੀ
ਪਾਕ ਰਬ ਤੇ ਪੀਰ ਦੀ ਮਿਹਰ ਬਾਝੋਂ ਕੱਟੇ ਕੌਣ ਮਸੀਬਤਾਂ ਭਾਰੀਆਂ ਜੀ
ਮੌਜੂ ਚੌਧਰੀ ਦੇ ਪੁਤ ਚਾਕ ਹੋ ਕੇ ਚੂਚਕ ਸਿਆਲ ਦੀਆਂ ਖੋਲੀਆਂ ਚਾਰੀਆਂ ਜੀ
ਦਗਾ ਦੇ ਕੇ ਆਪ ਚੜ੍ਹ ਜਾਣ ਡੋਲੀ ਚੈਂਚਰਹਾਰੀਆਂ ਇਹ ਕਵਾਰੀਆਂ ਜੀ
ਸੱਪ ਰੂਸੀਆਂ ਦੇ ਕਰਨ ਮਾਰ ਮੰਤਰ ਤਾਰੇਦੇਂਦੀਆਂ ਨੇ ਹੇਠ ਖਾਰੀਆਂ ਜੀ
ਪੇਕੇ ਜੱਟਾਂ ਨੂੰ ਮਾਰ ਫਕੀਰ ਕਰਕੇ ਲੈਦ ਸਾਹੁਦੇ ਜਾ ਘੁਮਕਾਰੀਆਂ ਜੀ
ਆਪ ਨਾਲ ਸੁਹਾਗ ਦੇ ਜਾ ਰੁਪੱਨ ਪਿੱਛੇ ਲਾ ਜਾਵਨ ਪਚਕਾਰੀਆਂ ਜੀ
ਸਰਦਾਰਾਂ ਦੇ ਪੁੱਤਰ ਚਾਕ ਕਰਕੇ ਆਪ ਮੱਲਦੀਆਂ ਜਾਂ ਸਰਦਾਰੀਆਂ ਜੀ
ਵਾਰਸ ਸ਼ਾਹ ਨਾ ਹਾਰਦੀਆਂ ਅਸਾਂ ਕੋਲੋਂ ਰਾਜੇ ਭੋਜ ਥੀਂ ਇਹ ਨਾ ਹਾਰੀਆਂ ਜੀ
252. ਰਾਂਝਾ ਆਪਣੇ ਦਿਲ ਨਾਲ
ਰਾਂਝੇ ਆਖਿਆ ਲੁੱਟੀ ਦੀ ਹੀਰ ਦੌਲਤ ਜਰਮ ਗਾਲੀਏ ਤਾਂ ਓਥੇ ਜਾ ਲਈਏ
ਉਹ ਰਬ ਦੇ ਨੂਰ ਦਾ ਖਵਾਨ ਯਗ਼ਮਾ ਸ਼ੁਹਦੇ ਹੋਇਕੇ ਜਰਮ ਵਟਾ ਲਈਏ
ਇੱਕ ਹੋਵਨਾ ਰਹਿਆ ਫਕੀਰ ਮੈਥੋਂ ਰਹਿਆ ਏਤਨੇ ਵੱਸ ਸੋ ਲਾ ਲਈਏ
ਮੱਖਣ ਪਾਲਿਆ ਚੀਕਣਾ ਨਰਮ ਪਿੰਡਾ ਜ਼ਰਾ ਖ਼ਾਕ ਦੇ ਵਿੱਚ ਰਲਾ ਲਈਏ
ਕਿਸੇ ਜੋਗੀ ਥੀਂ ਸਿੱਖੀਏ ਸਿਹਰ ਕੋਈ ਚੇਲੇ ਹੋਇਕੇ ਕੰਨ ਪੜਵਾ ਲਈਏ
ਅੱਗੇ ਲੋਕਾਂ ਦੇ ਝਗੜੇ ਬਾਲ ਸੇਕੇ ਜ਼ਰਾ ਆਪਣੇ ਨੂੰ ਚਿਣਗ ਲਾ ਲਈਏ
ਅੱਗੇ ਝੰਗ ਸਿਆਲਾਂ ਦਾ ਸੈਰ ਕੀਤਾ ਜ਼ਰਾ ਖੇੜਿਆਂ ਨੂੰ ਝੋਕ ਲਾ ਲਈਏ
ਓਥੇ ਖੁਦੀ ਗੁਮਾਨ ਮਨਜ਼ੂਰ ਨਾਹੀਂ ਸਿਰ ਵੇਚੀਏ ਤਾਂ ਭੇਤ ਪਾ ਲਈਏ
ਵਾਰਸ ਸ਼ਾਹ ਮਹਿਬੂਬ ਨੂੰ ਤਦੋਂ ਪਾਈਏ ਜਦੋਂ ਆਪਣਾ ਆਪ ਗਵਾ ਲਈਏ
253. ਰਾਂਝੇ ਦਾ ਜੋਗੀ ਬਨਣ ਦਾ ਇਰਾਦਾ
ਬੁਝੀ ਇਸ਼ਕ ਦੀ ਅੱਗ ਨੂੰ ਵਾਉ ਲੱਗੀ ਸਮਾ ਆਇਆ ਹੈ ਸ਼ੌਕ ਜਗਾਵਨੇ ਦਾ
ਬਾਲਨਾਥ ਦੇ ਟਿੱਲੇ ਦਾ ਰਾਹ ਫੜਿਆ ਮਤਾ ਜਾਗਿਆ ਕੰਨ ਪੜਾਵਨੇ ਦਾ
ਪਟੇ ਪਾਲ ਮਲਾਈਆਂ ਨਾਲ ਰੱਖੇ ਵਕਤ ਆਇਆ ਹੈ ਰਗੜ ਮੁਨਾਵਨੇ ਦਾ
ਜਰਮ ਕਰਮ ਤਿਆਗ ਕੇ ਥਾਪ ਬੈਠਾ ਕਿਸੇ ਜੋਗੀ ਦੇ ਹੱਥ ਵਿਕਾਵਨੇ ਦਾ
ਬੁੰਦੇ ਸੋਇਨੇ ਦੇ ਲਾਹ ਕੇ ਚਾਇ ਚੜ੍ਹਿਆ ਕੰਨ ਪਾੜ ਕੇ ਮੁੰਦਰਾਂ ਪਾਵਨੇ ਦਾ
ਕਿਸੇ ਐਸੇ ਗੁਰਦੇਵ ਦੀ ਟਹਿਲ ਕਰੀਏ ਸਹਿਰ ਦੱਸ ਦੇ ਰੰਨ ਖਿਸਕਾਵਨੇ ਦਾ
ਵਾਰਸ ਸ਼ਾਹ ਮੀਆਂ ਇਨ੍ਹਾ ਆਸ਼ਕਾਂ ਨੂੰ ਫਿਕਰ ਜ਼ਰਾ ਨਾ ਜਿੰਦ ਗਵਾਵਨੇ ਦਾ
254. ਰਾਂਝੇ ਦਾ ਹੋਕਾ
ਹੋਕਾ ਫਿਰੇ ਦਿੰਦਾ ਪਿੰਡਾਂ ਵਿੱਚ ਸਾਰੇ ਆਉ ਕਿਸੇ ਫਕੀਰ ਜੇ ਹੋਵਣਾ ਜੇ
ਮੰਗ ਖਾਵਨਾ ਕੰਮ ਨਾ ਕਾਜ ਕਰਨਾ ਨਾ ਕੋ ਚਾਰਨਾ ਤੇ ਨਾ ਹੀ ਚੋਵਨਾ ਜੇ
ਜ਼ਰਾ ਕੰਨ ਪੜਾਇਕੇ ਸਵਾਹ ਮਲਣੀ ਗੁਰੂ ਸਾਰੇ ਹੀ ਜਗ ਦਾ ਹੋਵਨਾ ਜੇ
ਨਾ ਦਿਹਾੜ ਨਾ ਕਸਬ ਰੁਜ਼ਗਾਰ ਕਰਨਾ ਨਾਢੂ ਸ਼ਾਹ ਫਿਰ ਮੁਫਤ ਦਾ ਹੋਵਨਾ ਜੇ
ਨਹੀਂ ਦੇਨੀ ਵਧਾਈ ਫਿਰ ਜੰਮਦੇ ਦੀ ਕਿਸੇ ਮੋਏ ਨੂੰ ਮੂਲ ਨਾ ਰੋਵਨਾ ਜੇ
ਮੰਗ ਖਾਵਨਾ ਅਤੇ ਮਸੀਤ ਸੌਣਾ ਨਾ ਕੁਝ ਬੋਵਣਾ ਤੇ ਨਾ ਕੁਝ ਲੋਵਣਾ ਜੇ
ਨਾਲੇ ਮੰਗਣਾ ਤੇ ਨਾਲੇ ਘੁਰਨਾ ਈ ਦੇਣਦਾਰ ਨਾ ਕਿਸੇ ਦਾ ਹੋਵਨਾ ਜੇ
ਖੁਸ਼ੀ ਆਪਣੀ ਉੱਠਣਾ ਮੀਆਂ ਵਾਰਸ ਅਤੇ ਆਪਣੀ ਨੀਂਦ ਹੀ ਸੋਵਨਾ ਜੇ
255. ਟਿੱਲੇ ਜਾਕੇ ਜੋਗੀ ਨਾਲ ਰਾਂਝੇ ਦੀ ਗੱਲ ਬਾਤ
ਟਿੱਲੇ ਜਾਇਕੇ ਜੋਗੀ ਦੇ ਹੱਥ ਜੋੜੇ ਸਾਨੂੰ ਆਪਣਾ ਫਕੀਰ ਸਾਈ
ਤੇਰੇ ਦਰਸ ਦੀਦਾਰ ਦੇ ਦੇਖਨੇ ਨੂੰ ਆਇਆ ਦੇਸ ਪਰਦੇਸ ਮੈਂ ਚੀਰ ਸਾਈ
ਸਿਦਕ ਧਾਰ ਕੇ ਨਾਲ ਯਕੀਨ ਆਇਆ ਅਸੀਂ ਚੇਲੜੇ ਤੇ ਤੁਸੀਂ ਪੀਰ ਸਾਈ
ਬਾਦਸ਼ਾਹ ਸੱਚਾ ਰੱਬ ਆਲਮਾਂ ਦਾ ਫਕਰ ਓਸ ਦੇ ਹੈਨ ਵਜ਼ੀਰ ਸਾਈ
ਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਵੇ ਦੁਧ ਬਾਝ ਨਾ ਹੋਵੇ ਹੈ ਖੀਰ ਸਾਈਂ
ਯਾਦ ਹੱਕ ਦੀ ਸਬਰ ਤਸਲੀਮ ਨਿਹਚਾ ਤੁਸਾਂ ਜਗ ਦੇ ਨਾਲ ਕੀ ਸੀਰ ਸਾਈਂ
ਫਕਰ ਕੁਲ ਜਹਾਨ ਦਾ ਆਸਰਾ ਹੈ ਤਾਬਿਹ ਫਕਰ ਦੀ ਪੀਰ ਤੇ ਮੀਰ ਸਾਈਂ
ਮੇਰਾ ਮਾਉਂ ਨਾ ਬਾਪ ਨਾ ਸਾਕ ਕੋਈ ਚਾਚਾ ਤਾਇਆ ਨਾ ਭੈਣ ਨਾ ਵੀਰ ਸਾਈਂ
ਦੁਨੀਆਂ ਵਿੱਚ ਹਾਂ ਬਹੁਤ ਉਦਾਸ ਹੋਇਆ ਪੈਰੋਂ ਸਾਡਿਉਂ ਲਾਹ ਜ਼ੰਜੀਰ ਸਾਈਂ
ਤੈਨੂੰ ਛੱਡ ਕੇ ਜਾਂ ਮੈਂ ਹੋਰ ਕਿਸ ਥੇ ਨਜ਼ਰ ਆਂਵਦਾ ਜ਼ਾਹਰਾ ਪੀਰ ਸਾਈਂ
256. ਨਾਥ ਦਾ ਉੱਤਰ
ਨਾਥ ਦੇਖ ਕੇ ਬਹੁਤ ਮਲੂਕ ਚੰਚਲ ਅਹਿਲ ਤਰ੍ਹਾ ਤੇ ਸੁਹਣਾ ਛੈਲ ਮੁੰਡਾ
ਕੋਈ ਹੁਸਨ ਦੀ ਖਾਣ ਹੁਸ਼ਨਾਕ ਸੁੰਦਰ ਅਤੇ ਲਾਡਲਾ ਮਾਂਉ ਤੇ ਬਾਪ ਸੰਦਾ
ਕਿਸੇ ਦੁਖ ਤੋਂ ਰੁਸ ਕੇ ਉਠ ਆਇਆ ਇੱਕੇ ਕਿਸੇ ਦੇ ਨਾਲ ਪੈ ਗਿਆ ਧੰਦਾ
ਨਾਥ ਆਖਦਾ ਦੱਸ ਖਾਂ ਸੱਚ ਮੈਥੇ ਤੂੰ ਹੈਂ ਕਿਹੜੇ ਦੁਖ ਫਕੀਰ ਹੁੰਦਾ
257. ਉਹੀ ਚਾਲੂ
ਇਹ ਜਗ ਮਕਾਮ ਫਨਾਹ ਦਾ ਹੈ ਸੱਭਾ ਰੇਤ ਦੀ ਕੰਧ ਇਹ ਜੀਵਣਾ ਹੇ
ਛਾਉਂ ਬੱਦਲਾਂ ਦੀ ਉਮਰ ਬੰਦਿਆਂ ਦੀ ਅਜ਼ਰਾਈਲ ਨੇ ਪਾੜਨਾ ਸੀਵਨਾ ਹੈ
ਅੱਜ ਕਲ ਜਹਾਨ ਦਾ ਸਹਿਜ ਮੇਲਾ ਕਿਸੇ ਨਿਤ ਨਾ ਹੁਕਮ ਤੇ ਥੀਵਨਾ ਹੈ
ਵਾਰਸ ਸ਼ਾਹ ਮੀਆਂ ਅੰਤ ਖਾਕ ਹੋਨਾ ਲਖ ਆਬੇ ਹਿਆਤ ਜੇ ਪੀਵਨਾ ਹੈ
258. ਨਾਥ ਦਾ ਉੱਤਰ
ਹੱਥ ਕੰਗਨਾ ਪਹੁੰਚੀਆਂ ਫਬ ਰਹੀਆਂ ਕੰਨੀ ਝਟਕਦੇ ਸੁਹਣੇ ਬੁੰਦੜੇ ਨੇ
ਮੰਝ ਪਟ ਦੀਆਂ ਲੁੰਗੀਆਂ ਖਨ ਅਤੇ ਸਿਰ ਭਿੰਨੇ ਫੁਲੇਲ ਦੇ ਜੁੰਡੜੇ ਨੇ
ਸਿਰ ਕੂਚਕੇ ਬਾਰੀਆਂ ਦਾਰ ਛੱਲੇ ਕੱਜਲ ਭਿੰਨੜੇ ਨੈਣ ਨਚੰਦੜੇ ਨੇ
ਖਾਇ ਪਹਿਨ ਫਿਰਨ ਸਿਰੋ ਮਾਪਿਆਂ ਦਿਉਂ ਤੁਸਾਂ ਜਹੇ ਫਕੀਰ ਕਿਉ ਹੁੰਦੜੇ ਨੇ
259. ਉਹੀ ਚਲਦਾ
ਖਾਬ ਰਾਤ ਦੀ ਜਗ ਦੀਆਂ ਸਭ ਗੱਲਾਂ ਧਨ ਮਾਲ ਨੂੰ ਮੂਲ ਨਾ ਝੂਰੀਏ ਜੀ
ਪੰਜ ਭੂਤ ਬਕਾਰ ਤੇ ਉਦਰ ਪਾਪੀ ਨਾਲ ਸਬਰ ਸੰਤੋਖ ਦੇ ਪੂਰੀਏ ਜੀ
ਉਸਨ ਸੀਤ ਦੁਖ ਸੁਖ ਸਮਾਨ ਜਾਪੇ ਜਿਹੇ ਸ਼ਾਲ ਮਸ਼ਰੂ ਤਹੇ ਭੂਰੀਏ ਜੀ
ਭੌ ਆਤਮਾ ਵਸ ਰਸ ਕਸ ਤਿਆਗੇ ਐਵੇਂ ਗੁਰੂ ਨੂੰ ਕਾਹ ਵਡਰੀਏ ਜੀ
260. ਉਹੀ ਚਲਦਾ
ਭੋਗ ਭੋਗਨਾ ਦੁਧ ਤੇ ਦਹੀ ਪੀਵਨ ਪਿੰਡਾ ਪਾਲ ਕੇ ਰਾਤ ਦਿਹੁੰ ਧੋਵਲਾ ਹੈਂ।
ਖਰੀ ਕਠਨ ਹੈ ਫਕਰ ਦੀ ਵਾਟ ਮੂੰਹੋਂ ਆਖ ਕੇ ਕਹ ਵਗੋਵਨ ਹੈ
ਵਾਹੋ ਵੰਝਲੀਹ ਤਰੀਮਤਾਂ ਨਿਤ ਘੂਰੇ ਗਾਏ ਮਹੀਂ ਵਸਾਇਕੇ ਚੋਵਨਾ ਹੈ
ਸੱਚ ਆਖ ਜੱਟਾ ਕਹੀ ਬਣੀ ਤੈਨੂੰ ਸਵਾਦ ਛੱਡ ਕੇ ਖੇਹ ਕਿਉਂ ਹੋਵਨਾ ਹੈਂ
261. ਰਾਂਝੇ ਦਾ ਉੱਤਰ
ਜੋਗੀ ਛੱਡ ਜਹਾਨ ਫਕੀਰ ਹੋਏ ਏਸ ਜੱਗ ਵਿੱਚ ਬਹੁਤ ਖਵਾਰੀਆਂ ਨੇ
ਲੈਣ ਦੇਣ ਤੇ ਦਗਾ ਅਨਿਆ ਕਰਨਾ ਲੁਟ ਘਸੁਟ ਤੇ ਚੋਰੀਆਂ ਯਾਰੀਆਂ ਨੇ
ਉਹ ਪੁਰਖ ਨਿਰਬਾਨ ਪਦ ਜਾ ਪਹੁੰਚੇ ਜਿਨ੍ਹਾਂ ਪੰਜੇ ਹੀ ਇੰਦਰੀਆਂ ਮਾਰੀਆਂ ਨੇ
ਜੋਗ ਦੇਹੋ ਤੇ ਕਰੋ ਨਿਹਾਲ ਮੈਨੂੰ ਕੇਹੀਆਂ ਜਿਊ ਤੇ ਘੁੰਡੀਆਂ ਚਾੜ੍ਹਈਆਂ ਨੇ
ਏਸ ਜਟ ਗ਼ਰੀਬ ਨੂੰ ਤਾਰ ਓਵੇਂ ਜਿਵੇਂ ਅਗਲੀਆਂ ਸੰਗਤਾਂ ਤਾਰੀਆਂ ਨੇ
ਵਾਰਸ ਸ਼ਾਹ ਮੀਆਂ ਰਬ ਸ਼ਰਮ ਰੱਖੇ ਜੋਗ ਵਿੱਚ ਮਸੀਬਤਾਂ ਭਾਰੀਆਂ ਨੇ
262. ਨਾਥ ਦਾ ਉੱਤਰ
ਮਹਾਂ ਦੇਵ ਥੋਂ ਜੋਗ ਦਾ ਪੰਥ ਬਣਿਆ ਖਰੀ ਕਠਨ ਹੈ ਜੋਗ ਮੁਹਿੰਮ ਮੀਆਂ
ਕੌੜਾ ਬਕਬਕਾ ਸਵਾਦ ਹੈ ਜੋਗ ਸੰਦਾ ਜਿਹੀ ਘੋਲ ਕੇ ਪੀਵਣੀ ਨਿਮ ਮੀਆਂ
ਜਹਾਂ ਸੁਨ ਸਮਾਧ ਕੀ ਮੰਡਲੀ ਹੈ ਅਤੇ ਜੋਤਨਾ ਹੈ ਰਮ ਝਮ ਮੀਆਂ
ਤਹਾਂ ਭਸਮ ਲਗਾਇਕੇ ਭਸਮ ਹੋਨਾ ਪੇਸ਼ ਜਾਏ ਨਾਹੀਂ ਗਰਬ ਢਿਮ ਮੀਆਂ
263. ਰਾਂਝੇ ਦਾ ਉੱਤਰ
ਤੁਸੀਂ ਜੋਗ ਦਾ ਪੰਥ ਬਤਾਉ ਸਾਨੂੰ ਸ਼ੌਕ ਜਾਗਿਆ ਹਰਫ ਨਗੀਨਿਆਂ ਦੇ
ਏਸ ਜੋਗ ਦੇ ਪੰਥ ਵਿੱਚ ਆ ਵੜਿਆਂ ਛੁਪਨ ਐਬ ਸਵਾਬ ਕਮੀਨਿਆਂ ਦੇ
ਹਿਰਸ ਅੱਗ ਤੇ ਫਕਰ ਦਾ ਪਵੇ ਪਾਣੀ ਜੋਗ ਠੰਡ ਘੱਤੇ ਵਿੱਚ ਸੀਨਿਆਂ ਦੇ
ਹਿਕ ਫਕਰ ਹੀ ਰਬ ਦੇ ਰਹਿਣ ਸ਼ਾਬਤ ਹੋਰ ਥਿੜਕਦੇ ਅਹਿਲ ਖਜ਼ੀਨਿਆਂ ਦੇ
ਤੇਰੇ ਦਵਾਰ ਤੇ ਆਨ ਮੁਹਤਾਜ ਹੋਏ ਅਸੀਂ ਨੌਕਰ ਹਾਂ ਬਾਝ ਮਹੀਨਿਆਂ ਦੇ
ਤੇਰਾ ਹੋ ਫਕੀਰ ਮੈਂ ਨਗਰ ਮੰਗਾਂ ਛੱਡਾਂ ਵਾਇਦੇ ਏਨ੍ਹਾਂ ਰੋਜ਼ੀਨਿਆਂ ਦੇ
264. ਨਾਥ ਦਾ ਉੱਤਰ
ਏਸ ਜੋਗ ਦੇ ਵਾਇਦੇ ਬਹੁਤ ਔਖੇ ਨਾਦ ਅਨਹਤ ਤੇ ਸਨ ਵਜਾਵਨਾ ਵੋ
ਜੋਗੀ ਜੰਗਮ ਗੋਦੜੀ ਜਟਾ ਧਾਰੀ ਮੁੰਡੀ ਨਿਰਮਲਾ ਭੇਖ ਵਟਾਵਨਾ ਵੋ
ਤਾੜੀ ਲਾਇਕੇ ਨਾਥ ਦਾ ਧਿਆਨ ਧਰਨਾ ਦਸਵੇਂ ਦਵਾਰ ਹੈ ਸਾਸ ਚੜ੍ਹਵਨਾ ਵੋ
ਜੰਮੇ ਆਏ ਦਾ ਹਰਖ ਤੇ ਸੋਗ ਛੱਡੇ ਨਹੀਂ ਮੋਇਆਂ ਗਿਆਂ ਪਛੋਤਾਵਨਾ ਵੋ
ਨਾਂਉਂ ਫਕਰ ਦਾ ਬਹੁਤ ਆਸਾਨ ਲੈਣਾ ਖਰਾ ਕਠਨ ਹੈ ਜੋਗ ਕਮਾਵਨਾ ਵੋ
ਧੋ ਧਾਇਕੇ ਜਟਾਂ ਨੂੰ ਧੂਪ ਦੇਣਾ ਸਦਾ ਅੰਗ ਭਭੂਤ ਰਮਾਵਣਾ ਵੋ
ਉਦਿਆਨ ਬਾਸ਼ੀ ਜਤੀ ਸਤੀ ਜੋਗੀ ਝਾਤ ਇਸਤਰੀ ਤੇ ਨਾਹੀਂ ਪਾਵਣਾ ਵੋ
ਲਖ ਖ਼ੂਬਸੂਰਤ ਪਰੀ ਹੂਰ ਹੋਵੇ ਜ਼ਰਾ ਜਿਉ ਨਾਹੀਂ ਭਰਮਾਵਨਾ ਵੋ
ਕੰਦ ਮੂਲ ਤੇ ਪੋਸਤ ਅਫੀਮ ਬਿਜੀਆ ਨਸ਼ਾ ਖਾਇਕੇ ਮਸਤ ਹੋ ਜਾਵਨਾ ਵੋ
ਜਗ ਖਾਬ ਖਿਆਲ ਹੈ ਸੁਪਨ ਮਾਤਰ ਹੋ ਕਮਲਿਆਂ ਹੋਸ਼ ਭੁਲਾਵਨਾ ਵੋ
ਘਤ ਮੁੰਦਰਾਂ ਜੰਗਲਾਂ ਵਿੱਚ ਰਹਿਣਾ ਬੀਨ ਕਿੰਗ ਤੇ ਸੰਗ ਵਜਾਵਨਾ ਵੋ
ਜਗਨ ਨਾਥ ਗੋਦਾਵਰੀ ਗੰਗ ਜਮਨਾ ਸਦਾ ਤੀਰਥਾਂ ਤੇ ਜਾ ਨਹਾਵਨਾ ਵੋ
ਮੇਲੇ ਸਿੱਧਾਂ ਦੇ ਖੇਲਨਾਂ ਦੇਸ ਪੰਚਮ ਨਵਾਂ ਨਾਥਾਂ ਦਾ ਦਰਸਨ ਪਾਵਨਾ ਵੋ
ਕਾਮ ਕਰੋਧ ਤੇ ਲੋਭ ਹੰਕਾਰ ਮਾਰਨ ਜੋਗੀ ਖਾਕ ਦਰ ਖਾਕ ਹੋ ਜਾਵਨਾ ਵੋ
ਰੰਨਾਂ ਘੂਰਦਾ ਗਾਂਵਦਾ ਫਿਰੇਂ ਵਹਿਸ਼ੀ ਤੈਨੂੰ ਔਖ਼ੜਾ ਜੋਗ ਕਮਾਵਨਾ ਵੋ
ਇਹ ਜੋਗ ਹੈ ਕੰਮ ਨਰਾਸਿਆਂ ਦਾ ਤੁਸਾਂ ਜੱਟਾਂ ਦੀ ਜੋਗ ਥੋਂ ਪਾਵਨਾ ਵੋ
265. ਉੱਤਰ ਰਾਂਝਾ
ਤੁਸਾਂ ਬਖਸ਼ਨਾ ਜੋਗ ਤਾਂ ਕਰੋ ਕਿਰਪਾ ਦਾਨ ਕਰਦਿਆਂ ਢਿਲ ਨਾਲ ਲੋੜੀਏ ਜੀ
ਜਿਹੜਾ ਆਸ ਕਰਕੇ ਡਿੱਗੇ ਆਨ ਦਵਾਰੇ ਜਿਉ ਓਸ ਦਾ ਚਾ ਨਾ ਤੋੜੀਏ ਜੀ
ਸਿਦਕ ਬੰਨ੍ਹ ਕੇ ਜਿਹੜਾ ਚਰਨ ਲੱਗੇ ਪਾਰ ਲਾਈਏ ਵਿੱਚ ਨਾ ਬੋੜੀਏ ਜੀ
ਵਾਰਸ ਸ਼ਾਹ ਮੀਆਂ ਲੈਂਦਾ ਕੋਈ ਨਾਹੀਂ ਮਿਹਰ ਓਸ ਥੋਂ ਨਾ ਵਿਛੋੜੀਏ ਜੀ
266. ਉੱਤਰ ਨਾਥ
ਘੋੜਾ ਸਬਰ ਦਾ ਜ਼ਿਕਰ ਦੀ ਵਾਗ ਦੇ ਕੇ ਨਫਸ ਮਾਰਨਾ ਕੰਮ ਭੁਜੰਗੀਆਂ ਦਾ
ਤਡ ਜ਼ਰਾਂ ਤੇ ਹੁਕਮ ਫਕੀਰ ਹੋਵਨ ਇਹ ਕੰਮ ਹੈ ਮਾਹਨੂੰਆਂ ਚੰਗਿਆਂ ਦਾ
ਇਸ਼ਕ ਕਰਨ ਤੇ ਤੇਗ ਦੀ ਘਾਰ ਕੱਪਣ ਨਹੀਂ ਕੰਮ ਇਹ ਭੁਖਿਆਂ ਨੰਗਿਆਂ ਦਾ
ਜਿਹੋ ਮਰਨ ਸੋ ਫਕਰ ਕੀਂ ਹੋ ਵਾਕਿਫ ਨਹੀਂ ਕੰਮ ਇਹ ਮਰਨ ਥੀਂ ਸੰਗੀਆਂ ਦਾ
ਏਥੇ ਥਾਂ ਨਾਹੀਂ ਅੜਬੰਗਿਆਂ ਦਾ ਫਕਰ ਕੰਮ ਹੈ ਸਿਰਾਂ ਥੋਂ ਲੰਘਿਆਂ ਦਾ
ਸ਼ੌਕ ਮਿਹਨ ਤੋ ਸਿਦਕ ਯਕੀਨ ਬਾਝੋਂ ਕੇਹਾ ਫਾਇਦਾ ਟੁਕੜਿਆਂ ਮੰਗਿਆਂ ਦਾ
ਵਾਰਸ ਸ਼ਾਹ ਜੇ ਇਸ਼ਕ ਦੇ ਰੰਗ ਰੱਤੇ ਕੁੰਦੀ ਆਪ ਹੈ ਰੰਗ ਦਿਆਂ ਰੰਗਿਆਂ ਦਾ
267. ਉਹੀ ਚਾਲੂ
ਜੋਗ ਕਰੇ ਸੋ ਮਰਨ ਥੀਂ ਹੋਇ ਅਸ਼ਬਰ ਜੋਗ ਸਿੱਖੀਏ ਸਿਖਨਾ ਆਇਆ ਈ
ਨਿਹਚਾ ਧਾਰ ਕੇ ਗੁਰੂ ਦੀ ਸੇਵ ਕਰੀਏ ਇਹ ਹੀ ਜੋਗੀਆਂ ਦਾ ਫਰਮਾਇਆ ਈ
ਨਾਲ ਸਿਦਕ ਯਕੀਨ ਦੇ ਬਨ੍ਹ ਤਕਵਾ ਧੰਨੇ ਪਥਰੋ ਰਬ ਨੂੰ ਪਾਇਆ ਈ
ਸੈਸੈ ਜਿਉ ਮਲੀਨ ਦੇ ਨਸ਼ਟ ਕੀਤੇ ਤੁਰਤ ਗੁਰੂ ਨੇ ਰਬ ਦਿਖਾਇਆ ਈ
ਬੱਚਾ ਸਿਉਂ ਜਿਸ ਵਿੱਚ ਕਲਬੂਤ ਖਾਕੀ ਸੱਚੇ ਰੱਬ ਨੇ ਥਾਉਂ ਬਨਾਇਆ ਈ
ਵਾਰਸ ਸ਼ਾਹ ਮੀਆਂ ਹਮਾਂ ਓਸਤ ਜਾਪੇ ਸਰਬ ਮਏ ਭਗਵਾਨ ਨੂੰ ਪਾਇਆ ਈ
268. ਉਹੀ ਚਾਲੂ
ਮਾਲਾ ਮਨਿਕਾਂ ਵਿੱਚ ਜਿਉਂ ਹਿਕ ਧਾਗਾ ਤਿਵੇਂ ਸਰਬ ਕੇ ਬੀਚ ਸਮਾਇ ਰਹਿਆ
ਸੱਭਾ ਜੀਵਾਂ ਦੇ ਵਿੱਚ ਹੈ ਜਾਨ ਵਾਂਗੂ ਨਸ਼ਾ ਭੰਗ ਅਫੀਮ ਵਿੱਚ ਆ ਰਹਿਆ
ਜਿਵੇਂ ਪੱਤਰੀਂ ਮਹਿੰਦੀਉ ਰੰਗ ਰਚਿਆ ਤਿਵੇਂ ਜਾਨ ਜਹਾਨ ਵਿੱਚ ਆ ਰਹਿਆ
ਜਿਵੇਂ ਰਕਤ ਸਰੀਰ ਵਿੱਚ ਸਾਸ ਅੰਦਰ ਤਿਵੇਂ ਜੋਤ ਮੇਂ ਜੋਤ ਬਣਾ ਰਹਿਆ
ਰਾਂਝਾ ਬਨ੍ਹ ਕੇ ਖਰਚ ਹੈ ਮਗਰ ਲੱਗਾ ਜੋਗੀ ਆਪਣਾ ਜ਼ੋਰ ਸਭ ਲਾ ਰਹਿਆ
ਤੇਰੇ ਦਵਾਰ ਜੋਗਾ ਹੋ ਰਹਿਆਂ ਹਾਂ ਮੈਂ ਜਟ ਜੋਗੀ ਨੂੰ ਘਣਾ ਸਮਝਾ ਰਹਿਆ
ਵਾਰਸ ਸ਼ਾਹ ਮੀਆਂ ਜਿਹਨੂੰ ਇਸ਼ਕ ਲੱਗਾ ਦੀਨ ਦੁਨੀ ਦੇ ਕੰਮ ਥੀਂ ਜਾ ਰਹਿਆ
269. ਰਾਂਝੇ ਤੇ ਨਾਥ ਦਾ ਮਿਹਰਬਾਨ ਹੋਣਾ ਅਤੇ ਉਹਨੂੰ ਚੇਲਿਆਂ ਦੇ ਤਾਅਨੇ
ਜੋਗੀ ਹੋ ਲਾਚਾਰ ਜਾਂ ਮਿਹਰ ਕੀਤੀ ਤਦੋਂ ਚੇਲਿਆਂ ਬੋਲੀਆਂ ਮਾਰੀਆਂ ਨੀ
ਜੀਭਾਂ ਸਾਣ ਚੜ੍ਹਾਇਕੇ ਗਿਰਦ ਹੋਏ ਜਿਵੇਂ ਤਿੱਖੀਆਂ ਤੇਜ਼ ਕਟਾਰੀਆਂ ਨੀ
ਦੇਖ ਸੁਹਨਾ ਰੂਪ ਜਟੇਟੜੇ ਦਾ ਜੋਗ ਦੇਣ ਦੀਆਂ ਕਰਨ ਤਿਆਰੀਆਂ ਨੀ
ਠਰਕ ਮੁੰਡਿਆਂ ਦੇ ਲੱਗੇ ਜੋਗੀਆਂ ਨੂੰ ਮੱਤਾਂ ਜਿਨ੍ਹਾਂ ਦੀਆਂ ਰਬ ਨੇ ਮਾਰੀਆਂ ਨੀ
ਜੋਗ ਦੇਨ ਨਾ ਮੂਲ ਨਮਾਣਿਆਂ ਨੂੰ ਜਿਨ੍ਹਾਂ ਕੀਤੀਆਂ ਮਿਹਨਤਾਂ ਭਾਰੀਆਂ ਨੀ
ਵਾਰਸ ਸ਼ਾਹ ਖੁਸ਼ਾਮਦ ਏ ਸੁਹਨਿਆਂ ਦੀ ਗੱਲਾਂ ਹੱਕ ਦੀਆਂ ਨਾ ਨਿਰਵਾਰੀਆਂ ਨੀ
270. ਨਾਥ ਦਾ ਚੇਲਿਆਂ ਨੂੰ ਉੱਤਰ
ਗੀਬਤ ਕਰਨ ਬੇਗਾਨੜੀ ਤਾਇਤ ਔਗਨ ਸੱਤੇ ਆਦਮੀ ਇਹ ਗੁਨ੍ਹਾਂਗਾਰ ਹੁੰਦੇ
ਚੋਰ ਕਿਰਤ ਘਣ ਚੁਗ਼ਲ ਤੇ ਝੂਠ ਬੋਲੇ ਲੁਤੀ ਲਾਵੜਾ ਸੱਤਵਾਂ ਯਾਰ ਹੁੰਦੇ
ਅਸਾਂ ਜੋਗ ਨੂੰ ਗਲ ਨਹੀਂ ਬਨ੍ਹ ਬਹਿਨਾ ਤੁਸੀਂ ਕਾਸ ਨੂੰ ਏਡ ਬੇਜ਼ਾਰ ਹੁੰਦੇ
ਵਾਰਸ ਜਿਨ੍ਹਾਂ ਉਮੀਦ ਨਾ ਟਾਂਗ ਕਾਈ ਬੇੜੇ ਤਿਨ੍ਹਾਂ ਦੇ ਆਕਬਤ ਪਾਰ ਹੁੰਦੇ
271. ਚੇਲਿਆਂ ਨੇ ਗੁੱਸਾ ਕਰਨਾ
ਰਲ ਚੇਲਿਆਂ ਤਾ ਅਕਸਾਇ ਕੀਤਾ ਬਾਲ ਨਾਥ ਨੂੰ ਪਕੜ ਪਥੱਲਿਉ ਨੇ
ਛੱਡ ਦਵਾਰ ਉਖਾੜ ਭੰਡਾਰ ਚੱਲੇ ਜਾ ਰੰਦ ਤੇ ਵਾਟ ਸਭ ਮਲਿਉ ਨੇ
ਸੇਲ੍ਹੀਆਂ ਟੋਪੀਆਂ ਮੁੰਦਰਾਂ ਸੁਟ ਬੈਠੇ ਮੋੜ ਗੋਦੜੀ ਨਾਥ ਥੇ ਘਲਿਉਂ ਨੇ
ਵਾਰਸ ਰਬ ਬਖੀਲ ਨਾ ਹੋਏ ਮੇਰਾ ਚਾਰੇ ਰਾਹ ਨਸੀਬ ਦੇ ਮਲਿਉ ਨੇ
272. ਰਾਂਝੇ ਦਾ ਉੱਤਰ
ਸੁੰਝਾਂ ਲੋਕ ਬਖੀਲ ਹੈ ਬਾਬ ਮੈਂਡੇ ਮੇਰਾ ਰੱਬ ਬਖੀਲ ਨਾ ਲੋੜੀਏ ਜੀ
ਕੀਜੇ ਗੁੱਰ ਤੇ ਕੰਮ ਬਣਾ ਦਿੱਜੇ ਮਿਲੇ ਦਿਲਾਂ ਨੂੰ ਨਾ ਵਿਛੋੜੀਏ ਜੀ
ਇਹ ਹੁਕਮ ਤੇ ਹੁਸਨ ਨਾ ਨਿੱਤ ਰਹਿੰਦੇ ਨਾਲ ਆਜਜ਼ਾਂ ਕਰੋ ਨਾ ਜ਼ੋਰੀਏ ਜੀ
ਕੋਈ ਕੰਮ ਗਰੀਬ ਦਾ ਕਰੇ ਜ਼ਾਇਆ ਸਗੋਂ ਓਸ ਨੂੰ ਹਟਕੀਏ ਹੋੜੀਏ ਜੀ
ਬੇੜਾ ਲੱਦਿਆ ਹੋਵੇ ਮੁਸਾਫਰਾਂ ਦਾ ਪਾਰ ਲਾਈਏ ਵਿੱਚ ਨਾ ਬੋੜੀਏ ਜੀ
ਜ਼ਮੀਂ ਨਾਲ ਨਾ ਮਾਰੀਏ ਫੇਰ ਆਪੇ ਹੱਥੀਂ ਜਿਨ੍ਹਾਂ ਨੂੰ ਚਾੜੀਏ ਘੋੜੀਏ ਜੀ
ਭਲਾ ਕਰਦਿਆਂ ਢਿਲ ਨਾ ਮੂਲ ਕਰੀਏ ਕਿੱਸਾ ਤੁਲ ਦਰਾਜ਼ ਨਾ ਤੋੜੀਏ ਜੀ
ਵਾਰਸ ਸ਼ਾਹ ਯਤੀਮ ਦੀ ਗ਼ੌਰ ਕਰੀਏ ਹੱਥ ਆਜਜ਼ਾਂ ਦੇ ਨਾਲ ਜੋੜੀਏ ਜੀ
273. ਨਾਥ ਦਾ ਉੱਤਰ
ਧੁਰੋਂ ਹੁੰਦੜੇ ਕਾਵਸ਼ਾਂ ਵੈਰ ਆਏ ਟੁਰੀਆਂ ਚੁਗਲੀਆਂ ਧੁਰੋਂ ਬਖੀਲੀਆਂ ਵੋ
ਮੈਨੂੰ ਤਰਸ ਆਇਆ ਦੇਖ ਜ਼ੁਹਦ ਤੇਰਾ ਗੱਲਾਂ ਮਿੱਠੀਆਂ ਬਹੁਤ ਰਸੀਲੀਆਂ ਵੋ
ਪਾਣੀ ਦੁਧ ਵਿੱਚੋਂ ਕਢ ਲੈਣ ਚਾਤਰ ਜਦੋਂ ਛਿੱਲ ਪਾਉਂਦੇ ਤੀਲੀਆਂ ਵੋ
ਗੁਰੂ ਦਬਕਿਆ ਮੁੰਦਰਾਂ ਝਬ ਲਿਆਉ ਛੱਡ ਦੇਹੋ ਗੱਲਾਂ ਅਨਖੀਲੀਆਂ ਵੋ
ਨਹੀਂ ਡਰਨ ਹਨ ਮਰਨ ਥੀਂ ਭੌਰ ਆਸ਼ਕ ਜਿਨ੍ਹਾਂ ਸੂਲੀਆਂ ਸਿਰਾਂ ਤੇ ਸੀਲੀਆਂ ਵੋ
ਵਾਰਸ ਸ਼ਾਹ ਫਿਰ ਨਾਥ ਨੇ ਹੁਕਮ ਕੀਤਾ ਕਢ ਅੱਖੀਆਂ ਨੀਲੀਆਂ ਪੀਲੀਆਂ ਵੋ
274. ਚੇਲਿਆਂ ਨੇ ਨਾਥ ਦਾ ਹੁਕਮ ਮੰਨ ਲੈਣਾ
ਚੇਲਿਆਂ ਗੁਰੂ ਦਾ ਹੁਕਮ ਪਰਵਾਨ ਕੀਤਾ ਜਾ ਸੁਰਗ ਦੀਆਂ ਮਿੱਟੀਆਂ ਮੇਲੀਆਂ ਨੇ
ਸੱਭਾ ਤਿੰਨ ਸੌ ਸੱਠ ਜਾ ਭਾਵੇਂ ਤੀਰਥ ਵਾਚ ਗੁਰਾਂ ਦੇ ਮੰਤਰਾਂ ਕੀਲੀਆਂ ਨੇ
ਨਵੇਂ ਨਾਥ ਬਵੰਜੜਾ ਬੀਰ ਆਏ ਚੌਸਠ ਜੋਗਨੀ ਨਾਲ ਰਸੀਲੀਆਂ ਨੇ
ਛਏ ਜਤੀ ਤੇ ਦਸੇ ਅਵਤਾਰ ਆਏ ਵਿੱਚ ਆਬੇ ਹਿਆਤ ਦੇ ਝੀਲੀਆਂ ਨੇ
275. ਚੇਲਿਆਂ ਨੇ ਰਾਂਝੇ ਲਈ ਤਿਆਰ ਕੀਤੀਆਂ ਮੁੰਦਰਾਂ ਲਿਆਂਦੀਆਂ
ਦਿਨ ਚਾਰ ਬਣਾ ਸੁਕਾਅ ਮੁੰਦਰਾਂ ਬਾਲ ਨਾਥ ਦੀ ਨਜ਼ਰ ਗੁਜ਼ਾਰਿਆ ਨੇ
ਗੁੱਸੇ ਨਾਲ ਵਿਗਾੜ ਕੇ ਗੱਲ ਸਾਰੀ ਡਰਦੇ ਗੁਰੁ ਥੀਂ ਚਾ ਸਵਾਰਿਆ ਨੇ
ਜ਼ੋਰਾਵਰਾਂ ਦੀ ਕੱਲ੍ਹ ਹੈ ਬਹੁਤ ਮੁਸ਼ਕਲ ਜਾਣ ਬੁਝ ਕੇ ਬਦੀ ਵਸਾਰਿਆ ਨੇ
ਗੁਰੂ ਕਿਹਾ ਸੋ ਏਨ੍ਹਾਂ ਪਰਵਾਨ ਕੀਤਾ ਨਰਦਾਂ ਪੁੱਠੀਆਂ ਤੇ ਬਾਜ਼ੀ ਹਾਰਿਆ ਨੇ
ਘੁਟ ਵਟ ਕੇ ਕਰੋਧ ਨੂੰ ਛਮਾਂ ਕੀਤਾ ਕਾਹੀ ਮੋੜ ਕੇ ਗੱਲ ਨਾ ਸਾਰਿਆ ਨੇ
ਗਹਿਣਾ ਕਪੜਾ ਕੁਲ ਤਾਰਾਜ ਕੀਤਾ ਹੁਸਨ ਬਾਨੋਨੀ ਚਾ ਉਜਾੜਿਆ ਨੇ
ਲਿਆ ਉਸਤਰਾ ਗੁਰੂ ਦੇ ਹੱਥ ਦਿੱਤਾ ਜੋਗੀ ਕਰਨ ਦੀ ਨੀਤ ਚਾ ਧਾਰਿਆ ਨੇ
ਵਾਰਸ ਸ਼ਾਹ ਹੁਣ ਹੁਕਮ ਦੀ ਪਈ ਫੇਟੀ ਲਖ ਵੈਰੀਆਂ ਧਕ ਕੇ ਮਾਰਿਆ ਨੇ
276. ਬਾਲਨਾਥ ਨੇ ਰਾਂਝੇ ਨੂੰ ਆਪਣੇ ਸਾਮਣੇ ਬਠਾਉਣਾ
ਬਾਲ ਨਾਥ ਨੇ ਸਾਮਣੇ ਸੱਦ ਧੀਦੋ ਜੋਗ ਦੇਣ ਨੂੰ ਪਾਸ ਬਹਾਲਿਉ ਸੁ
ਰੋਡ ਭੋਡ ਹੋਇਆ ਸਵਾਹ ਮਲੀ ਮੂੰਹ ਤੇ ਸਪੋ ਕੋੜਮੇ ਦਾ ਨਾਂਉ ਗਾਲਿਆ ਸੁ
ਕੰਨ ਪਾੜਕੇ ਝਾੜ ਕੇ ਲੋਭ ਬੋਦੇ ਇੱਕ ਪਲਕ ਵਿੱਚ ਮੁੰਨ ਵਖਾਲਿਆ ਸੁ
ਜਿਵੇਂ ਪੁੱਤਰਾਂ ਤੇ ਕਰੇ ਮਿਹਰ ਜਣਨੀ ਜਾਪੇ ਦੁਧ ਪਵਾ ਕੇ ਪਾਲਿਆ ਸੁ
ਛਾਰ ਅੰਗ ਲਗਾ ਕੇ ਸਿਰ ਮੁੰਨ ਅੱਖੀਂ ਪਾ ਮੰਦਰਾਂ ਚਾ ਨਵਾਲਿਆ ਸੁ
ਖਬਰਾਂ ਕੁਲ ਜਹਾਨ ਵਿੱਚ ਖਿੰਡ ਗਈਆਂ ਰਾਂਝਾ ਜੋਗੀੜਾ ਸਾਰ ਵਖਾਲਿਆ ਸੁ
ਵਾਰਸ ਸ਼ਾਹ ਮੀਆਂ ਸੁਨਿਆਰ ਵਾਂਗੂੰ ਜਟ ਫੇਰ ਮੁੜ ਭੰਨ ਕੇ ਗਾਲਿਆ ਸੁ
277. ਰਾਂਝੇ ਨੂੰ ਜੋਗੀ ਨੇ ਨਸੀਹਤ ਦੇਣੀ
ਦਿੱਤੀ ਦਿਖਿਆ ਰਬ ਦੀ ਯਾ ਦਦੱਸੀ ਗੁਰ ਜੋਗ ਦੇ ਭੇਤ ਨੂੰ ਪਾਈਏ ਜੀ
ਨਹਾ ਧੋਏ ਪਰਭਾਤ ਭਭੂਤ ਮਲੀਏ ਚਾਇ ਕਿਸੁਤੇ ਅੰਗ ਵਟਾਈਏ ਜੀ
ਸਿੰਗੀ ਫਾਹੁੜੀ ਖੱਪਰੀ ਹੱਥ ਲੈ ਕੇ ਪਹਿਲੇ ਰਬ ਦਾ ਨਾਉਂ ਧਿਆਈਏ ਜੀ
ਨਗਰ ਅਲਖ ਵਜਾਇ ਕੇ ਜਾ ਵੜੀਏ ਪਾਪ ਜਾਣ ਜੇ ਨਾਦ ਵਜਾਈਏ ਜੀ
ਸੁਖੀ ਦਵਾਰ ਵਸੇ ਜੋਗੀ ਭੀਖ ਮਾਂਗੇ ਦਈਏ ਦੁਆ ਅਸੀਂ ਸੁਣਾਈਏ ਜੀ
ਇਸੀ ਭਾਂਤ ਸੋਂ ਲਗਰ ਦੀ ਭੀਖ ਲੈ ਕੇ ਮਸਤ ਲਟਕਦੇ ਦਵਾਰ ਤੋਂ ਆਈਏ ਜੀ
ਵੱਡੀ ਮਾਉਂ ਹੈ ਜਾਨ ਕੇ ਕਰੋ ਨਿਸਚਾ ਛੋਟੀ ਭੈਨ ਮਸਾਲ ਕਿਰਪਾਈ ਜੀ
ਵਾਰਸ ਸ਼ਾਹ ਯਕੀਨ ਦੀ ਕਲਹ ਪਹਿਦੀ ਸਭੋ ਸੱਤ ਹੈ ਸੱਤ ਠਹਿਰਾਈਏ ਜੀ
278. ਰਾਂਝਾ ਨਾਥ ਅੱਗੇ ਵਿਟਰ ਗਿਆ
ਰਾਂਝਾ ਆਖਦਾ ਮਗਰ ਨਾ ਪਵੋ ਮੇਰੇ ਕਦੀ ਕਹਿਰ ਦੇ ਵਾਕ ਹਟਾਈਏ ਜੀ
ਗੁਰੂ ਮਤ ਤੇਰੀ ਸਾਨੂੰ ਨਹੀਂ ਪੁੰਹਦੀ ਗਲ ਘੁਟ ਕੇ ਚਾ ਲੰਘਾਈਏ ਜੀ
ਪਹਿਲੇ ਚੇਲਿਆਂ ਨੂੰ ਚਾ ਚੀਜ਼ ਕਰੀਏ ਪਿੱਛੋਂ ਜੋਗ ਦੀ ਰੀਤ ਬਤਾਈਏ ਜੀ
ਇੱਕ ਵਾਰ ਜੋ ਦੱਸਣਾ ਦੱਸ ਛੱਡੋ ਘੜੀ ਘੜੀ ਨਾ ਗੁਰੂ ਅਕਾਈਏ ਜੀ
ਕਰਤੂਤ ਜੇ ਏਹਾ ਸੀ ਸਭ ਤੇਰੀ ਮੁੰਡੇ ਠਗ ਕੇ ਲੀਕ ਨਾਲ ਲਾਈਏ ਜੀ
ਵਾਰਸ ਸ਼ਾਹ ਸ਼ਾਗਿਰਦ ਤੇ ਚੇਲੜੇ ਨੂੰ ਕੋਈ ਭਲੀ ਹੀ ਮਤ ਸਿਖਾਈਏ ਜੀ
279. ਨਾਥ ਦਾ ਉੱਤਰ
ਕਹੇ ਨਾਥ ਰੰਝੇਟਿਆ ਸਮਝ ਭਾਈ ਸਿਰ ਚਾਇਉਈ ਜੋਗ ਭਰੋਟਰੀ ਨੂੰ
ਅਲਖ ਨਾਦ ਵਜਾਇਕੇ ਕਰੋ ਲਿਸਚਾ ਮੇਲ ਲਿਆਵਨਾ ਟੁਕੜੇ ਰੋਟੜੀ ਨੂੰ
ਅਸੀ ਮੁਖ ਆਲੁਦ ਨਾ ਜੂਠ ਕਰੀਏ ਚਾਰ ਲਿਆਵੀਏ ਆਫਣੀ ਖੋਤੜੀ ਨੂੰ
ਵਡੀ ਮਾਉਂ ਬਰਾਬਰ ਜਾਣਨੀ ਹੈ ਅਤੇ ਭੈਣ ਬਰਾਬਰਾਂ ਛੋਟੜੀ ਨੂੰ
ਜਤੀ ਸਤੀ ਨਮਾਨਿਆਂ ਹੋ ਰਹੀਏ ਸਾਬਤ ਰੱਖਈਏ ਏਸ ਲੰਗੋਟੜੀ ਨੂੰ
ਵਾਰਸ ਸ਼ਾਹ ਮੀਆਂ ਲੈ ਕੇ ਛੁਰੀ ਕਾਈ ਵੱਢ ਦੂਰ ਕਰੇ ਏਸ ਬੋਟੀ ਨੂੰ
280. ਰਾਂਝੇ ਦਾ ਉੱਤਰ
ਸਾਬਤ ਹੋਏ ਲੰਗੋੜੀ ਸੁਣੀ ਨਾਥਾ ਕਾਹੇ ਝਗੜਾ ਚਾ ਉਜਾੜਦਾ ਮੈ
ਜਿਭ ਇਸ਼ਕ ਬੋ ਰਹੇ ਜੇ ਚੁਪ ਮੇਰੀ ਕਾਹੇ ਐਡੜੇ ਪਾੜਨੇ ਪਾੜਦਾ ਮੈ
ਜਿਉ ਮਾਰ ਕੇਰਹਿਣ ਜੇ ਹੋਏ ਮੇਰਾ ਐਡੇ ਮੁਆਮਲੇ ਕਾਸਨੂੰ ਧਾਰਦਾ ਮੈਂ
ਏਸ ਜਿਉ ਨੂੰ ਨਢੜੀ ਮੋਹ ਲੀਤਾ ਨਹੀਂ ਤੇ ਫਕੀਰ ਦਾ ਨਾਉਂ ਚਿਤਾਰਦਾ ਮੈਂ
ਜੇ ਤਾਂ ਮਸਤ ਉਜਾੜ ਵਿਚ ਜਾ ਬਹਿੰਦਾ ਮਹੀਂ ਸਿਆਲਾਂ ਦੀਆਂ ਕਾਸਨੂੰ ਚਾਰਦਾ ਮੈਂ
ਸਿਰ ਰੋੜ ਕਰਾਇ ਕਿਉਂ ਕੰਨ ਪਾਟਨ ਜੇ ਤਾਂ ਕਿਬਰ ਹੰਕਾਰ ਨੂੰ ਮਾਰਦਾ ਮੈਂ
ਜੋ ਮੈਂ ਜਾਣਦਾ ਕੰਨ ਤੂੰ ਪਾੜ ਮਾਰੋ ਇਹ ਮੁੰਦਰਾਂ ਮੂਲ ਨਾ ਮਾਰਦਾ ਮੈਂ
ਇੰਕੇ ਕੰਨ ਸਵਾਰ ਦੇ ਫਿਰ ਮੇਰੇ ਇੱਕੇ ਘੜੂੰ ਢਲੇਤ ਸਰਕਾਰ ਦਾ ਮੈਂ
ਹੋਰ ਵਾਇਦਾ ਫਿਕਰ ਨਾ ਕੋਈ ਮੈਥੇ ਵਾਰਸ ਰਖਦਾ ਹਾਂ ਗੰਮ ਯਾਰਦਾ ਮੈਂ
281. ਨਾਥ ਦਾ ਉੱਤਰ
ਖਾਇ ਰਿਜ਼ਕ ਹਲਾਲ ਤੇ ਸੱਚ ਬੋਲੀਂ ਛੱਡ ਦੇ ਤੂੰ ਯਾਰੀਆਂ ਚੋਰੀਆਂ ਵੋ
ਉਹ ਛੱਡ ਤਕਸੀਰ ਮੁਆਫ ਤੇਰੀ ਜਿਹਡੀਆਂ ਪਿਛਲੀਆਂ ਸਫਾਂ ਨਖੋਰੀਆਂ ਵੋ
ਉਹ ਛੱਡ ਚਾਲੇ ਗੁਆਰ ਪੁਨੇ ਵਾਲੇ ਚੁੰਨੀ ਪਾੜ ਕੇ ਘਤਿਉਂ ਮੋਰੀਆਂ ਵੋ
ਪਿੱਛਾ ਛੱਡ ਜੱਟਾ ਲਿਆ ਸਾਂਭ ਖਸਮਾ ਜਿਹੜੀਆਂ ਪਾੜਿਉ ਖੰਡ ਦੀਆਂ ਬੋਰੀਆਂ ਵੋ
ਜੋ ਰਾਹਕਾਂ ਜੋਤਰੇ ਲਾ ਦਿੱਤੇ ਜਿਹੜੀਆਂ ਅਰਲੀਆਂ ਭੰਨੀਆਂ ਧੋਰੀਆਂ ਵੋ
ਧੋ ਘਾ ਕੇ ਮਾਲਕਾਂ ਵਰਤ ਲਈਆਂ ਜਿਹੜਈਆਂ ਚਾਟੀਆਂ ਕੀਤਿਉਂ ਖੋਰੀਆਂ ਵੋ
ਰਲੇ ਵਿੱਚ ਤੈਂ ਰੇੜ੍ਹਿਆ ਕੰਮ ਚੋਰੀਂ ਕੋਈ ਖਰਚੀਆਂ ਨਾਹੀਉ ਬੋਰੀਆਂ ਵੋ
ਛਡ ਸਭ ਬੁਰਿਆਈਆਂ ਖਾਕ ਹੋ ਜਾ ਨਾ ਕਰ ਨਾਲ ਜਗਤ ਦੇ ਜ਼ੋਰੀਆਂ ਵੋ
ਤੇਰੀ ਆਜਜ਼ੀ ਅਜਜ਼ ਮਨਜ਼ੂਰ ਕੀਤੇ ਤਾਂ ਮੈਂ ਮੁੰਦਰਾਂ ਕੰਨ ਵਿੱਚ ਸੋਰੀਆਂ ਵੋ
ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਂਵੇਂ ਕੱਟੀਏ ਪੋਰੀਆਂ ਪੋਰੀਆਂ ਵੋ
282. ਰਾਂਝੇ ਦਾ ਉੱਤਰ
ਨਾਥਾ ਜਿਊਂਦਿਆਂ ਮਰਨ ਹੈ ਖਰਾ ਔਖਾ ਸਾਥੋਂ ਇਹ ਨਾ ਵਾਇਦੇ ਹੋਵਨੇ ਨੀ
ਅਸੀਂ ਜਟ ਹਾਂ ਨਾੜੀਆਂ ਕਰਨ ਵਾਲੇ ਕਚਕਰੇ ਨਹੀਂ ਪਰੋਵਨੇ ਨੀ
ਐਵੇਂ ਕੰਨ ਪੜਾਇਕੇ ਖੁਆਰ ਹੋਏ ਸਾਥੋਂ ਨਹੀਂ ਹੁੰਦੇ ਏਡੇ ਰੋਵਨੇ ਨੀ
ਸਾਥੋਂ ਖਪਰੀ ਨਾਦ ਨਾ ਜਾਣ ਸਾਂਭੇ ਅਸਾਂ ਢੱਗੇ ਹੀ ਅੰਤ ਨੂੰ ਜੋਵਨੇ ਨੀ
ਰੰਨਾਂ ਨਾਲ ਜੋ ਵਰਜਦੇ ਚੇਲਿਆਂ ਨੂੰ ਉਹ ਗੁਰੂ ਨਾ ਬੰਨ੍ਹ ਕੇ ਚੋਵਨੇ ਨੀ
ਹੱਸ ਖੇਡਨਾ ਤੁਸਾਂ ਚਾ ਮਨ੍ਹਾ ਕੀਤਾ ਅਸਾਂ ਧੂਏ ਗੋਹੇ ਕਹੇ ਢੋਵਣੇ ਨੀ
ਵਾਰਸ ਸ਼ਾਹ ਕੀ ਜਾਣੀਏ ਅੰਤ ਆਖਰ ਖੱਟੇ ਚੋਵਨੇ ਕਿ ਮਿਠੇ ਚੋਵਨੇ ਨੀ
283. ਉੱਤਰ ਨਾਥ
ਛੱਡ ਯਾਰੀਆਂ ਚੋਰੀਆਂ ਦਗਾ ਜੱਟਾ ਬਹੁਤ ਔਖੀਆ ਇਹ ਫਕੀਰੀਆਂ ਨੀ
ਜੋਗ ਜਾਲਨਾ ਸਾਰ ਦਾ ਨਿਗਲਨਾ ਹੈ ਇਸ ਜੋਗ ਵਿੱਚ ਬਿਕਟ ਜ਼ਹੀਰੀਆਂ ਨੀ
ਜੋਗੀ ਨਾਲ ਸੱਤਾਪ ਦੇ ਹੋ ਜਾਂਦੇ ਜਿਵੇਂ ਉਠ ਦੇ ਨਕ ਨਕੀਰੀਆਂ ਨੀ
ਤੂੰਬਾ ਸਮਰਨਾ ਖਪਰੀ ਨਾਦ ਸਿੰਗੀ ਚਿਮਟਾ ਭੰਗ ਨਲੇਅਰ ਜ਼ੰਜੀਰੀਆਂ ਨੀ
ਛਡ ਤਰੀਮਤਾਂ ਦੀ ਝਾਕ ਹੋਇ ਜੋਗਿ ਫਕਰ ਨਾਲ ਜਹਾਨ ਕੀ ਸੀਰੀਆਂ ਨੀ
ਵਾਰਸ ਸ਼ਾਹ ਇਹ ਜਟ ਫਕੀਰ ਹੋਇਆ ਨਹੀਂ ਹੁੰਦੀਆਂ ਗਧੇ ਥੋਂ ਪੀਰੀਆਂ ਨੀ
284. ਉੱਤਰ ਰਾਂਝਾ
ਸਾਨੂੰ ਜੋਗ ਦੀ ਰੀਝ ਤਦੋਕਨੀ ਸੀ ਜਦੋਂ ਹੀਰ ਸਿਆਲ ਮਹਿਬੂਬ ਕੀਤੇ
ਛਡ ਦੇਸ ਸ਼ਰੀਕ ਕਬੀਲੜੇ ਨੂੰ ਅਸਾਂ ਸ਼ਰਮ ਦਾ ਤਰਕ ਹਜੂਬ ਕੀਤੇ
ਰਲ ਹੀਰ ਦੇ ਨਾਲ ਸੀ ਉਮਰ ਜਾਲੀ ਅਸਾਂ ਮਜ਼ੇ ਜਵਾਨੀ ਦੇ ਖੂਬ ਕੀਤੇ
ਹੋਇਆ ਰਿਜ਼ਕ ਉਦਾਸ ਤੇ ਗਲ ਹਿੱਲੀ ਮਾਪਿਆਂ ਵਿਆਹ ਦੇ ਚਾ ਅਸਲੂਬ ਕੀਤੇ
ਦਿਹਾਂ ਕੰਡ ਦਿੱਤੀ ਪਵੀਂ ਬੁਰੀ ਸਾਇਤ ਨਾਲ ਖੇੜਿਆਂ ਦੇ ਮਨਸੂਬ ਕੀਤੇ
ਪਿਆ ਵਕਤ ਤਾਂ ਜੋਗ ਵਿੱਚ ਆਣ ਫਾਥੇ ਇਹ ਵਾਇਦੇ ਆਨ ਮਤਲੂਬ ਕੀਤੇ
ਇਹ ਇਸ਼ਕ ਨਾ ਟਲੇ ਪੈਗੰਬਰਾਂ ਥੋਂ ਥੋਥੇ ਇਸ਼ਕ ਥੀਂ ਹੱਡ ਅਯੂਬ ਕੀਤੇ
ਇਸ਼ਕ ਨਾਲ ਫਰਜ਼ੰਦ ਅਜ਼ੀਜ਼ ਯੂਸਫ ਨਾਅਰੇ ਦਰਦ ਦੇ ਬਹੁਤ ਯਾਅਕੂਬ ਕੀਤੇ
ਏਸ ਜ਼ੁਲਫ ਜ਼ੰਜੀਰ ਮਹਿਬੂਬ ਦੀ ਨੇ ਵਾਰਸ ਸ਼ਾਹ ਜਿਹੇ ਮਜ਼ਬੂਰ ਕੀਤੇ
285. ਬਾਲ ਨਾਥ ਨੇ ਦਰਗਾਹ ਅੰਦਰ ਅਰਜ਼ ਕੀਤੀ
ਨਾਥ ਮੀਟ ਅੱਖਾਂ ਦਰਗਾਹ ਅੰਦਰ ਨਾਲੇ ਅਰਜ਼ ਕਰਦਾ ਨਾਲੇ ਸੰਗਦਾ ਜੀ
ਦਰਗਾਹ ਲਾਉਬਾਲੀ ਹੈ ਹੱਕ ਵਾਲੀ ਓਥੇ ਆਦਮੀ ਬੋਲਦਾ ਹੰਗਦਾ ਜੀ
ਜ਼ਮੀਂ ਅਤੇ ਆਸਮਾਨ ਦਾ ਵਾਰਸ਼ੀ ਤੂੰ ਤੇਰਾ ਵੱਡਾ ਪਸਾਰ ਹੈ ਰੰਗ ਦਾ ਜੀ
ਰਾਝਾ ਜਟ ਫਕੀਰ ਹੋ ਆਨ ਬੈਠਾ ਲਾਹ ਆਸਰਾ ਨਾਮ ਤੇ ਨੰਗ ਦਾ ਜੀ
ਸਭ ਛੱਡੀਆਂ ਬੁਰਆਈਆਂ ਬੰਨ੍ਹ ਤਕਵਾ ਲਾਹ ਆਸਰਾ ਸਾਕ ਤੇ ਅੰਗ ਦਾ ਜੀ
ਮਾਰ ਹੀਰ ਦੇ ਨੈਨਾ ਨੇ ਖੁਆਰ ਕੀਤਾ ਲੱਗਾ ਜਿਗਰ ਵਿੱਚ ਤੀਰ ਖਦੰਗ ਦਾ ਜੀ
ਏਸ ਇਸ਼ਕ ਨੇ ਮਾਰ ਹੈਰਾਨ ਕੀਤਾ ਸੜ ਗਿਆ ਜਿਉਂ ਅੰਗ ਪਤੰਗ ਦਾ ਜੀ
ਕੰਨ ਪਾੜ ਮਨਾਇਕੇ ਸੀਸ ਦਾੜ੍ਹੀ ਪੀਏ ਬਹਿ ਪਿਆਲੜਾ ਭੰਗ ਦਾ ਜੀ
ਜੋਗੀ ਹੋ ਕੇ ਦੇਸ ਤਿਆਗ ਆਇਆ ਰਿਜ਼ਕ ਦੂਰ ਹੈ ਕੁੰਜ ਕਲੰਗ ਦਾ ਜੀ
ਤੁਸੀਂ ਰਬ ਗਰੀਬ ਨਵਾਜ਼ ਸਾਹਬ ਸਵਾਲ ਸੁਣਨਾ ਏਸ ਮਲੰਗ ਦਾ ਜੀ
ਕੀਕੂੰ ਹੁਕਮ ਹੈ ਖੋਲ ਕੇ ਕਹੋ ਅਸਲੀ ਰਾਂਝਾ ਹੋ ਜੋਗੀ ਹੀਰ ਮੰਗਦਾ ਜੀ
ਪੰਜਾਂ ਪੀਰਾਂ ਦਰਗਾਹ ਵਿੱਚ ਅਰਜ਼ ਕੀਤੀ ਦੋਵੇ ਫਕਰ ਨੂੰ ਚਰਮ ਪਲੰਗ ਦਾ ਜੀ
ਹੋਇਆ ਹੁਕਮ ਦਰਗਾਹ ਥੀਂ ਹੀਰ ਬਖਸ਼ੀ ਬੇੜਾ ਲਾ ਦਿੱਤਾ ਅਸਾਂ ਢੰਗ ਦਾ ਜੀ
ਵਾਰਸ ਸ਼ਾਹ ਹੁਣ ਜਿਨ੍ਹਾਂ ਨੂੰ ਰਬ ਬਖਸ਼ੇ ਤਿਨ੍ਹਾਂ ਨਾਲ ਕੀ ਮਕਿਮਾ ਜੰਗ ਦਾ ਜੀ
286. ਨਾਥ ਦਾ ਉੱਤਰ
ਨਾਥ ਖੋਲ ਅੱਖੀਂ ਕਿਹਾ ਰਾਂਝਨੇ ਨੂੰ ਬੱਚਾ ਜਾ ਤੇਰਾ ਕੰਮ ਹੋਇਆ ਈ
ਫਲ ਆਣ ਲੱਗਾ ਓਸ ਬੂਟੜੇ ਨੂੰ ਜਿਹੜਾ ਵਿੱਚ ਦਰਗਾਹ ਦੇ ਬੋਇਆ ਈ
ਹੀਰ ਬਖਸ਼ ਦਿੱਤੀ ਸੱਚੇ ਰਬ ਤੈਨੂੰ ਮੋਤੀ ਲਾਅਲ ਦੇ ਨਾਲ ਪਰੋਇਆ ਈ
ਚੜ੍ਹ ਦੌੜ ਕੇ ਜਿੱਤ ਲੈ ਖੇੜਿਆਂ ਨੂੰ ਬੱਚਾ ਸਉਣ ਤੈਨੂੰ ਭਲਾ ਹੋਇਆ ਈ
ਖੁਸ਼ੀ ਦੇ ਕੇ ਕਰੋ ਵਿਦਾ ਮੈਨੂੰ ਹੱਥ ਬੰਨ੍ਹ ਕੇ ਆਨ ਖਲੋਇਆ ਈ
ਵਾਰਸ ਸ਼ਾਹ ਜਾਂ ਨਾਥ ਨੇ ਵਿਦਾ ਕੀਤਾ ਟਿਲਿਉਂ ਉੱਤਰਦਾ ਪੱਤਰਾ ਹੋਇਆ ਈ
287. ਰਾਂਝਾ ਟਿੱਲੇ ਤੋਂ ਤੁਰ ਪਿਆ
ਜੋਗੀ ਨਾਥ ਥੋਂ ਖੁਸ਼ੀ ਲੈ ਵਿਦਾ ਹੋਇਆ ਛੁਟਾ ਬਾਜ਼ ਜਿਉ ਤੇਜ਼ ਤਰਾਰਿਆਂ ਨੂੰ
ਪਲਕ ਝਲਕ ਵਿੱਚ ਕੰਮ ਹੋ ਗਿਆ ਓਸਦਾ ਲੱਗੀ ਅੱਗ ਜੋਗੀਲਿਆਂ ਸਾਰਿਆਂ ਨੂੰ
ਮੁੜ ਕੇ ਧੀਦੋ ਨੇ ਇੱਕ ਜਵਾਬ ਦਿੱਤਾ ਓਹਨਾਂ ਚੇਲਿਆਂ ਹੈਸਿਆਰਿਆਂ ਨੂੰ
ਭਲੇ ਕਰਮ ਜੇ ਹੋਣ ਤਾਂ ਜੋਗ ਪਾਈਏ ਜੋਗ ਮਿਲੇ ਨਾ ਕਰਮ ਦੇ ਮਾਰਿਆਂ ਨੂੰ
ਅਸਾਂ ਜਟ ਅਜਾਣ ਸਾਂ ਫਸ ਗਏ ਕਰਮ ਕੀਤਾ ਸੋ ਅਸਾਂ ਵਿਚਾਰਿਆਂ ਨੂੰ
ਵਾਰਸ ਸ਼ਾਹ ਜਾਂ ਅੱਲਾਹ ਕਰਮ ਕਰਦਾ ਹੁਕਮ ਹੁੰਦਾ ਹੈ ਨੇਕ ਸਿਤਾਰਿਆਂ ਨੂੰ
288. ਉਹੀ ਚਾਲੂ
ਜਦੋਂ ਕਰਮ ਅੱਲਾਹ ਦਾ ਕਰੇ ਮਦਦ ਬੇੜਾ ਪਾਰ ਹੋ ਜਾਏ ਨਮਾਣਿਆਂ ਦਾ
ਲਹਿਣਾ ਕਰਜ਼ ਨਾਹੀਂ ਬੂਹੇ ਜਾ ਬਹੀਹੇ ਕੇਹਾ ਤਾਣ ਹੈ ਅਸਾਂ ਨਤਾਨਿਆਂ ਦਾ
ਮੇਰੇ ਕਰਮ ਸਵੱਲੜੇ ਆਨ ਪਹੁੰਚੇ ਖੇਤ ਜੰਮਿਆ ਭੁੰਨਿਆਂ ਦਾਣਿਆਂ ਦਾ
ਵਾਰਸ ਸ਼ਾਹ ਮੀਆਂ ਵੱਡਾ ਵੈਦ ਆਇਆ ਸਰਦਾਰ ਹੈ ਸਭ ਸਿਆਣਿਆਂ ਦਾ
289. ਲੋਕਾਂ ਦੀਆਂ ਗੱਲਾਂ
ਜਿਹੜੇ ਪਿੰਡ 'ਚ ਆਵੇ ਤੇ ਲੋਕ ਪੁੱਛਣ ਇਹ ਜੋਗੀੜਾ ਬਾਲੜਾ ਛੋਟੜਾ ਨੀ
ਕੰਨੀਂ ਮੁੰਦਰਾਂ ਏਸ ਨੂੰ ਨਾ ਫੱਬਨ ਇਹਦੇ ਤੇੜ ਨਾ ਬਣੇ ਲੰਗੋਟੜਾ ਨੀ
ਸੱਤ ਜਰਮ ਕੇ ਹਮੀਂ ਹੈ ਨਾਥ ਪੂਰੇ ਕਦੀ ਵਾਹਿਆ ਨਾਹੀਂ ਜੋਤਰਾ ਨੀ
ਦੁਖ ਭੰਜਨ ਨਾਥ ਹੈ ਨਾਮ ਮੇਰਾ ਮੈਂ ਧਨੰਤਰੀ ਵੈਦ ਦਾ ਪੋਤਰਾ ਨੀ
ਜੋ ਕੋ ਅਸਾਂ ਦੇ ਨਾਲ ਦੰਮ ਮਾਰਦਾ ਹੈ ਏਸ ਜਗ ਤੋਂ ਜਾਏਗਾ ਔਤਰਾ ਨੀ
ਹੀਰਾ ਨਾਥ ਹੋ ਵੱਡਾ ਗੁਰੂ ਦੇਵ ਲੀਤਾ ਚਲੇ ਓਸ ਕਾ ਪੂਜਨੇ ਚੌਤਰਾ ਨੀ
ਵਾਰਸ ਸ਼ਾਹ ਜੋ ਕੋਈ ਲਏ ਖੁਸ਼ੀ ਸਾਡੀ ਦੁਧ ਪੁਤਰਾਂ ਦੇ ਨਾਲ ਸੋਤਰਾ ਨੀ
290. ਰਾਂਝੇ ਨੇ ਚਾਲੇ ਪਾ ਦਿੱਤੇ
ਧਾ ਟਿਲਿਉ ਰੰਦ ਲੈ ਖੇੜਿਆਂ ਦਾ ਚੱਲਿਆ ਮੀਂਹ ਜੋ ਆਂਵਦਾ ਵੁਠ ਉਤੇ
ਕਾਅਬਾ ਰੱਖ ਮੱਥੇ ਰਬ ਯਾਦ ਕਰਕੇ ਚੜ੍ਹਿਆ ਖੇੜਿਆਂ ਦੀ ਸੱਜੀ ਗੁੱਟ ਉਤੇ
ਨਸ਼ੇ ਨਾਲ ਝੁਲਾਰਦਾ ਮਸਤ ਜੋਗੀ ਜਿਵੇਂ ਸੁੰਦਰੀ ਝੁਲਦੀ ਉਠ ਉਤੇ
ਚਿੱਪੀ ਖਪਰੀ ਫਾਹੁੜੀ ਡੰਡਾ ਕੂੰਡਾ ਭੰਗ ਪੋਸਤ ਬੱਧੇ ਚਾ ਪਿਠ ਉੱਤੇ
ਬੈਰਾਗ ਸਨਿਆਸ ਜੋ ਲੜਨ ਚੱਲੇ ਜਿਵੇਂ ਫੌਜ ਚੜ੍ਹ ਦੌੜਦੀ ਲੁਠ ਉੱਤੇ
291. ਜੋਗੀ ਬਦ ਕੇ ਰਾਂਝਾ ਰੰਗਪੁਰ ਆਇਆ
ਰਾਂਝਾ ਭੇਸ ਵਟਾਇਕੇ ਜੋਗੀਆਂ ਦਾ ਉਠ ਹੀਰ ਦੇ ਸ਼ਹਿਰ ਨੂੰ ਧਾਂਵਦਾ ਏ
ਭੁਖਾ ਸ਼ੇਰ ਜਿਉਂ ਦੌੜਦਾ ਮਾਰ ਉਤੇ ਚੋਰ ਵਿਠ ਉਤੇ ਜਿਵੇਂ ਆਂਵਦਾ ਏ
ਚਾ ਨਾਲ ਜੋਗੀ ਓਥੋਂ ਸਰਕ ਟੁਰਿਆ ਜਿਵੇਂ ਮੀਂਹ ਅੰਧੇਰ ਦਾ ਆਂਦਾ ਏ
ਦੇਸ ਖੇੜਿਆਂ ਦੇ ਰਾਂਝਾ ਆ ਵੜਿਆ ਵਾਰਸ ਸ਼ਾਹ ਇਆਲ ਬੁਲਾਂਦਾ ਏ
292. ਆਜੜੀ ਅਤੇ ਰਾਂਝੇ ਦੇ ਸਵਾਲ ਜਵਾਬ
ਜਦੋਂ ਰੰਗਪੁਰ ਦੀ ਜੂਹ ਜਾ ਵੜਿਆ ਭੇਡਾਂ ਚਾਰੇ ਇਆਲੀ ਵਿੱਚ ਹਾਰ ਦੇ ਜੀ
ਨੇੜੇ ਆਇਕੇ ਜੋਗੀ ਨੂੰ ਦੇਖਦਾ ਹੈ ਜਿਵੇਂ ਨੈਣ ਦੇਖਣ ਨੈਣ ਯਾਰ ਦੇ ਜੀ
ਛਿਨ ਚੋਰ ਦਾ ਚੁਗ਼ਲ ਦੀ ਜੀਭ ਵਾਂਗੂੰ ਗੁਝੇ ਰਹਿਨ ਨਾ ਦੀਦੜੇ ਯਾਰ ਦੇ ਜੀ
ਚੋਰ ਯਾਰ ਤੇ ਠਗ ਨਾ ਰਹਿਨ ਗੁੱਝੇ ਕਿੱਥੇ ਛਪਦੇ ਆਦਮੀ ਕਾਰ ਦੇ ਜੀ
ਤੁਸੀਂ ਕਿਹੜੇ ਦੇਸ ਦੇ ਫਕਰ ਸਾਈਂ ਸੁਖ਼ਨ ਦੱਸਖਾਂ ਕੋਲ ਨਿਰਵਾਰਦੇ ਜੀ
ਹਮੀਂ ਲੰਕ ਬਾਸ਼ੀ ਚੇਲੇ ਅਗਸਤ ਮੁਨ ਦੇ ਹਮੀਂ ਪੰਛੀ ਸਮੁੰਦਰੋਂ ਪਾਰ ਦੇ ਜੀ
ਬਾਰਾਂ ਬਰਸ ਬੈਠੇ ਬਾਰਾਂ ਬਰਸ ਫਿਰਦੇ ਮਿਲਨ ਵਾਲਿਆਂ ਦੀ ਕੁਲ ਤਾਰਦੇ ਜੀ
ਵਾਰਸ ਸ਼ਾਹ ਮੀਆਂ ਚਾਰੇ ਚਕ ਭੌਦੇ ਹਮੀਂ ਕੁਦਰਤਾਂ ਕੂੰ ਦੀਦ ਮਾਰਦੇ ਜੀ
293. ਉੱਤਰ ਆਜੜੀ
ਤੂੰ ਤਾਂ ਚਾਕ ਸਿਆਲਾਂ ਦਾ ਨਾਉਂ ਧੀਦੋ ਛੱਡ ਖਚਰ ਪੌ ਗੁਲ ਹੰਜਾਰਦੇ ਜੀ
ਮਝੀਂ ਚੂਚਕੇ ਦੀਆ ਜਦੋਂ ਚਾਰਦਾ ਸੈਂ ਜੱਟੀ ਮਾਨਦੇ ਸੈਂ ਵਿੱਚ ਬਾਰ ਜੀ
ਨੱਸ ਜਾ ਏਥੋਂ ਮਾਰ ਸੱਟਨੀ ਗੇ ਖੇੜੇ ਅੱਤ ਚੜ੍ਹੇ ਭਰੇ ਭਾਰਦੇ ਜੀ
ਦੇਸ ਖੇੜਿਆਂ ਦੇ ਜ਼ਰਾ ਖਬਰ ਹੋਵੇ ਜਾਨ ਤਖਤ ਹਜ਼ਾਰੇ ਨੂੰ ਮਾਰ ਦੇ ਜੀ
ਭੱਜ ਜਾ ਮਤਾਂ ਖੇੜੇ ਲਾਧ ਕਰਨੀ ਪਿਆਦੇ ਬਨ੍ਹ ਲੈ ਜਾਨ ਸਰਕਾਰ ਦੇ ਜੀ
ਮਾਰ ਚੂਰ ਕਰ ਸੱਟਣੀ ਹੱਡ ਗੋਡੇ ਮਲਕ ਗੋਰ ਅਜ਼ਾਬ ਕਹਾਰ ਦੇ ਜੀ
ਵਾਰਸ ਸ਼ਾਹ ਜਿਉਂ ਗੋਰ ਵਿੱਚ ਹੱਡ ਕੜਕਣ ਗੁਰਜ਼ਾਂ ਨਾਲ ਆਸੀਂ ਗੁਨ੍ਹਾਗਾਰ ਦੇ ਜੀ
294. ਆਜੜੀ ਨਾਲ ਗੱਲ ਬਾਤ
ਇੱਜੜ ਚਾਰਨਾ ਕੰਮ ਪੈਗੰਬਰਾਂ ਦਾ ਕੇਹਾ ਅਮਲ ਸ਼ੈਤਾਨ ਦਾ ਟੋਲਿਉ ਈ
ਭੇਡਾਂ ਚਾਰ ਕੇ ਤੁਹਮਤਾਂ ਜੋੜਨਾਂ ਏ ਕੇਹਾ ਗ਼ਜ਼ਬ ਫਕੀਰ ਤੇ ਬੋਲਿਉ ਈ
ਅਸੀਂ ਫਕਰ ਅੱਲਾਹ ਦੇ ਨਾਗ ਕਾਲੇ ਅਸਾਂ ਨਾਲ ਕੀ ਕੋਇਲਾ ਘੋਲਿਉ ਈ
ਵਾਹੀ ਛੱਡ ਕੇ ਖੋਲੀਆਂ ਚਾਰੀਆਂ ਨੀ ਹੋਇਉਂ ਜੋਗੀੜਾ ਜਿਉ ਜਾ ਡੋਲਿਉ ਈ
ਸੱਚ ਮੰਨ ਕੇ ਪਿਛਾਂ ਮੁੜ ਜਾ ਜੱਟਾ ਕੇਹਾ ਕੂੜ ਦਾ ਘੋਲਨਾ ਘੋਲਿਉ ਈ
ਵਾਰਸ ਸ਼ਾਹ ਇਹ ਉਮਰ ਨਿੱਤ ਕਰੇਂ ਜਾਇਆ ਸ਼ੱਕਰ ਵਿੱਚ ਪਿਆਜ਼ ਕਿਉਂ ਘੋਲਿਉ ਈ
295. ਉੱਤਰ ਆਜੜੀ
ਆ ਸੁਣੀ ਚਾਕਾ ਸਵਾਹ ਲਾ ਮੂੰਹ ਤੇ ਜੋਗੀ ਹੋਇਕੇ ਨਜ਼ਰ ਭੁਆ ਬੈਠੋ
ਹੀਰ ਸਿਆਲ ਦਾ ਯਾਰ ਮਸ਼ਹੂਰ ਰਾਂਝਾ ਮੌਜਾਂ ਮਾਣ ਕੇ ਕੰਨ ਪੜਵਾ ਬੈਠੋ
ਖੇੜੇ ਮਾਰ ਲਿਆਏ ਮੋਹ ਮਾਰ ਤੇਰੀ ਸਾਰੀ ਉਮਰ ਦੀ ਲੀਕ ਲਵਾ ਬੈਠੋ
ਤੇਰੇ ਬੈਠਿਆਂ ਵਿਆਹ ਲੈ ਗਏ ਖੇੜੇ ਦਾੜ੍ਹੀ ਪਰ੍ਹੇ ਦੇ ਵਿੱਚ ਮੁਨਾ ਬੈਠੋ
ਮੰਗ ਛੱਡੀਏ ਨਾ ਜੇ ਜਾਲ ਹੋਵੇ ਵੰਨੀ ਦਿੱਤੀਆਂ ਛਡ ਹਿਆ ਬੈਠੋ
ਜਦੋਂ ਡਠੋਈ ਦਾਵ ਨਾ ਲੱਗੇ ਕੋਈ ਬੂਹੇ ਨਾਥ ਦੇ ਅੰਤ ਨੂੰ ਜਾ ਬੈਠੋ
ਇੱਕ ਅਮਲ ਨਾ ਕੀਤੋਈ ਗਾਫਲਾ ਵੋ ਐਵੇਂ ਕੀਮੀਆਂ ਉਮਰ ਗੁਆ ਬੈਠੋ
ਸਿਰ ਵੱਢ ਕਰ ਸਨ ਤੇਰੇ ਚਾ ਬੇਰੇ ਜਿਸ ਵੇਲੜੇ ਖੇੜੀ ਰੂੰ ਜਾ ਬੈਠੋ
ਵਾਰਸ ਸ਼ਾਹ ਤਰਿਆਕ ਦੀ ਥਾਂ ਨਾਹੀਂ ਹੱਥੀਂ ਆਪਣੇ ਜ਼ਹਿਰ ਤੂੰ ਖਾ ਬੈਠੋ
296. ਉਤਰ ਰਾਂਝਾ
ਸਤ ਜਰਮ ਕੇ ਹਮੀਂ ਫਕੀਰ ਜੋਗੀ ਨਹੀਂ ਨਾਲ ਜਹਾਨ ਦੇ ਸੀਰ ਮੀਆਂ
ਅਸਾਂ ਸੇਲ੍ਹਆਂ ਖਪਰਾਂ ਨਾਲ ਵਰਤਨ ਭਖੀ ਖਾ ਇਕੇ ਹੋਨਾਂ ਵਹੀਰ ਮੀਆਂ
ਭਲਾ ਜਾਣ ਜੱਟਾ ਕਹੇਂ ਚਾਕ ਸਾਨੂੰ ਅਸੀਂ ਫਕਰ ਹਾਂ ਜ਼ਾਹਰਾਂ ਪੀਰ ਮੀਆਂ
ਨਾਉਂ ਮਿਹਰੀਆਂ ਦੇ ਲਿਆਂ ਡਰਨ ਆਵੇ ਰਾਂਝਾ ਕੌਣ ਤੇ ਕਿਹੜੀ ਹੀਰ ਮੀਆਂ
ਜਤੀ ਸਤੀ ਹਠੀ ਤਪੀ ਨਾਥ ਪੂਰੇ ਸਤ ਜਨਮ ਕੇ ਗਹਿਰ ਗਹੀਰ ਮੀਆਂ
ਜਟ ਚਾਕ ਬਣਾਉਣ ਨਾਹੀਂ ਜੋਗੀਆਂ ਨੂੰ ਇਹੀ ਜਿਉ ਆਵੇ ਸੁਟੂ ਚੀਰ ਮੀਆਂ
ਥਰਾ ਥਰ ਕੰਬੇ ਗੁੱਸੇ ਨਾਲ ਜੋਗੀ ਅੱਖੀਂ ਰੋਹ ਪਲਟਿਆਂ ਨੀਰ ਮੀਆਂ
ਹੱਥ ਜੋੜ ਇਆਲ ਨੇ ਪੈਰ ਪਗੜੇ ਜੋਗੀ ਬਖਸ਼ ਲੈ ਇਹ ਤਕਸੀਰ ਮੀਆਂ
ਤੁਸੀਂ ਪਾਰ ਸਮੁੰਦਰੋਂ ਰਹਿਣ ਵਾਲੇ ਭੁਲ ਗਿਆ ਚੇਲਾ ਬਖਸ਼ ਪੀਰ ਮੀਆਂ
ਵਾਰਸ ਸ਼ਾਹ ਦਾ ਅਰਜ਼ ਜਨਾਬ ਅੰਦਰ ਸਨ ਹੋ ਨਾਹੀਂ ਦਿਲਗੀਰ ਮੀਆਂ
297. ਆਜੜੀ ਦਾ ਉੱਤਰ
ਭੱਤੇ ਬੇਲਿਆਂ ਵਿੱਚ ਲੈ ਜਾਏ ਜੱਟੀ ਪੀਂਘਾਂ ਪੀਂਘਦੀ ਨਾਲ ਪਿਆਰਿਆਂ ਦੇ
ਇਹ ਪ੍ਰੇਮ ਪਿਆਲੜਾ ਝੋਕਿਉਈ ਨੈਨ ਮਸਤ ਵਿੱਚ ਖੁਮਾਰੀਆਂ ਦੇ
ਵਾਹੇਂ ਵੰਝਲੀ ਤੇ ਫਿਰੇ ਮਗਰ ਲੱਗੀ ਹਾਂਝ ਘਿਨ ਕੇ ਨਾਲ ਕੁਆਰੀਆਂ ਦੇ
ਜਦੋਂ ਵਿਆਹ ਹੋਇਆ ਤਦੋਂ ਵਿਹਰ ਬੈਠੀ ਡੋਲੀ ਚਾੜ੍ਹਿਆ ਨੇ ਨਾਲ ਖੁਆਰੀਆਂ ਦੇ
ਧਾਰਾਂ ਖਾਂਗੜਾਂ ਦੀਆਂ ਝੋਕਾਂ ਹਾਣੀਆਂ ਦੀਆਂ ਮਜ਼ੇ ਖੂਬਾਂ ਦੇ ਘੋਲ ਕੁਆਰੀਆਂ ਦੇ
ਮਸਾਂ ਨੀਂਗਰਾਂ ਦੀਆਂ ਲਾਡ ਨੱਢੀਆਂ ਦੇ ਇਸ਼ਕ ਕੁਆਰੀਆਂ ਦੇ ਮਜ਼ੇ ਯਾਰੀਆਂ ਦੇ
ਜੱਟੀ ਵਿਆਹ ਦਿੱਤੀ ਰਹਿਉਂ ਨਧਿਰਾ ਤੂੰ ਸਖਣੇ ਤੌਂਕ ਪਟਾਰੀਆਂ ਦੇ
ਖੇਡ ਵਾਲੀਆਂ ਸਾਹੁਰੇ ਬਨ੍ਹ ਖੜੀਆਂ ਰੁਲਲ ਛਮਕਾਂ ਹੇਠ ਬੁਖਾਰੀਆਂ ਦੇ
ਬੁੱਢਾ ਹੋਇਕੇ ਚੋਰ ਮਸੀਤ ਵੜਦਾ ਰਲ ਫਿਰਦਾ ਹੈ ਨਾਲ ਮਦਾਰੀਆਂ ਦੇ
ਗੁੰਡੀ ਰੰਨ ਬੁੱਢੀ ਹੋ ਬਣੇ ਹਾਜਣ ਫੇਰੇ ਮੋਰਛਰ ਗਿਰਦ ਪਿਆਰੀਆਂ ਦੇ
ਪਰ੍ਹਾਂ ਜਾ ਜੱਟਾ ਮਾਰ ਸੁਟਣ ਗੇ ਨਹੀਂ ਛੁਪਦੇ ਯਾਰ ਕਵਾਰੀਆਂ ਦੇ
ਕਾਰੀਗਰੀ ਮੌਕੂਫ ਕਰ ਮੀਆਂ ਵਾਰਸ ਤੈਥੇ ਵਲ ਹੈ ਪਾਵਨੇ ਤਾਰੀਆਂ ਦੇ
298. ਰਾਂਝੇ ਮੰਨਿਆ ਕਿ ਆਜੜੀ ਠੀਕ ਏ!
ਤੁਸੀਂ ਅਕਲ ਦੇ ਕੋਟ ਇਆਲ ਹੁੰਦੇ ਲੁਕਮਾਨ ਹਕੀਮ ਦਸਤੂਰ ਹੈ ਜੀ
ਬਾਜ਼ ਭੌਰ ਬਗਲਾ ਲੋਹਾ ਲੌਂਗ ਕਾਲੂ ਸ਼ਾਹੀਂ ਸ਼ੀਹਣੇ ਨਾਲ ਕਸਤੂਰ ਹੈ ਜੀ
ਲੋਹਾ ਪਸ਼ਮ ਪਿਸਤਾ ਡੱਬਾ ਮੌਤ ਸੂਰਤ ਕਾਲੂ ਅਜ਼ਰਾਈਲ ਮਨਜ਼ੂਰ ਹੈ ਜੀ
ਪੰਜੇ ਬਾਜ਼ ਜੇਹੇ ਲਕ ਵਾਂਗ ਚੀਤੇ ਪਹੁੰਚਾ ਵੱਜਿਆਂ ਮਰਗ ਸਬ ਦੂਰ ਹੈ ਜੀ
ਚਕ ਸ਼ੀਂਹ ਵਾਂਗੂੰ ਗੱਜ ਮੀਂਹ ਵਾਂਗੂੰ ਜਿਸ ਨੂੰ ਦੰਦ ਮਾਰਨ ਹੱਡ ਚੂਰ ਹੈ ਜੀ
ਕਿਸੇ ਪਾਸ ਨਾ ਖੋਲਣਾ ਭੇਤ ਭਾਈ ਜੋ ਕੁਝ ਆਖਿਉ ਸਭ ਮਨਜ਼ੂਰ ਹੈ ਜੀ
ਆ ਪਿਆ ਪਰਦੇਸ ਵਿੱਚ ਕੰਮ ਮੇਰਾ ਲਈ ਹੀਰ ਇੱਕੇ ਸਿਰ ਦੂਰ ਹੈ ਜੀ
ਵਾਰਸ ਸ਼ਾਹ ਹੁਣ ਬਣੀ ਹੈ ਬਹੁਤ ਭਾਰੀ ਔਖੀ ਅੱਗੇ ਬੁਝਦਾ ਕਹਿਰ ਕਲੂਰ ਹੈ ਜੀ
299. ਉੱਤਰ ਰਾਂਝਾ
ਭੇਤ ਦੱਸਨਾ ਮਰਦ ਦਾ ਕੰਮ ਨਾਹੀਂ ਮਰਦ ਸੋਈ ਜੋ ਦੇਖ ਦੰਮ ਘੁਟ ਜਾਏ
ਗੱਲ ਜਿਉ ਦੇ ਵਿੱਚ ਹੀ ਰਹੇ ਖੁਫੀਆ ਕਾਉਂ ਵਾਂਗ ਪੈਖ਼ਾਲ ਨਾ ਸੁਟ ਜਾਏ
ਭੇਤ ਕਿਸੇ ਦਾ ਦੱਸਣਾ ਭਲਾ ਨਾਹੀਂ ਭਾਵੇਂ ਪੁਛ ਕੇ ਲੋਕ ਨਖੁਟ ਜਾਏ
ਵਾਰਸ ਸ਼ਾਹ ਨਾ ਭੇਤ ਸੰਦੂਕ ਖੁਲੇ ਭਾਵੇਂ ਜਾਨ ਦਾ ਜੰਦਰਾ ਟੁੱਟ ਜਾਏ
300. ਉੱਤਰ ਆਜੜੀ
ਮਾਰ ਆਸ਼ਕਾਂ ਦੀ ਲੱਜ ਲਾਹਿਆਈ ਯਾਰੀ ਲਾਇਕੇ ਘਿਨ ਲੈ ਜਾਵਨਾ ਸੀ
ਇੱਕੇ ਯਾਰੀ ਤੈਂ ਮੂਲ ਨਾ ਲਾਵਨੀ ਸੀ ਚਿੜੀ ਬਾਜ਼ ਦੇ ਮੂੰਹੋਂ ਛਡਾਵਨੀ ਸੀ
ਲੈ ਗਏ ਵਿਆਹ ਕੇ ਜਿਉਂਦਾ ਤੂੰ ਮਰ ਜਾਨਾ ਸੀ ਲੀਕ ਨਾ ਲਾਵਨੀ ਸੀ
ਮਰ ਜਾਵਨਾਂ ਸੀ ਦਰ ਯਾਰ ਦੇ ਤੇ ਇਹ ਸੂਰਤ ਕਿਉਂ ਗਧੇ ਚੜ੍ਹਾਵਣਾ ਸੀ
ਵਾਰਸ਼ ਸ਼ਾਹ ਜੇ ਮੰਗ ਲੈ ਗਏ ਖੇੜੇ ਦਾੜ੍ਹੀ ਪਰੇ ਦੇ ਵਿੱਚ ਮੁਨਾਵਨਾ ਸੀ
301. ਉੱਤਰ ਰਾਂਝਾ
ਅੱਖੀਂ ਦੇਖ ਕੇ ਮਰਦ ਹਨ ਚੁਪ ਕਰਦੇ ਭਾਂਵੇਂ ਚੋਰ ਈ ਝਗੜਾ ਲੁਟ ਜਾਏ
ਦੇਣਾ ਨਹੀਂ ਜੇ ਭੇਤ ਵਿੱਚ ਖੇੜਿਆਂ ਦੇ ਗੱਲ ਖੁਆਰ ਹੋਵੇ ਕਿ ਖਿੰਡ ਫੁਟ ਜਾਏ
ਤੋਦਾ ਖੇੜਿਆਂ ਦੇ ਬੂਹੇ ਅੱਡਿਆ ਏ ਮਤਾਂ ਚਾਂਗ ਨਿਸ਼ਾਨੜਾ ਚੁਟ ਜਾਏ
ਹਾਥੀ ਚੋਰ ਗੁਲੇਰ ਥੀਂ ਛੁਟ ਜਾਂਦੇ ਏਹਾ ਕੌਣ ਜੋ ਇਸ਼ਕ ਥੀਂ ਛੁਟ ਜਾਏ
302. ਉੱਤਰ ਆਜੜੀ
ਅਸਾਂ ਰਾਂਝਿਆ ਹੱਸ ਕੇ ਗੱਲ ਕੀਤੀ ਜਾ ਲਾ ਲੈ ਦਾਉ ਜੇ ਲੱਗਦਾ ਈ
ਲਾਟ ਰਹੇ ਨਾ ਜਿਉ ਦੇ ਵਿੱਚ ਲੁਕੀ ਇਹ ਇਸ਼ਕ ਅਲੰਬੜਾ ਅੱਗ ਦਾ ਈ
ਜਾ ਦੇਖ ਮਾਅਸ਼ੂਕ ਦੇ ਨੈਨ ਖੂਨੀ ਤੈਨੂੰ ਨਿਤ ਉਲਾਂਹਬੜਾ ਜਗ ਦਾ ਈ
ਸਮਾ ਯਾਰ ਦਾ ਤੇ ਘੱਸਾ ਬਾਜ਼ ਵਾਲਾ ਝੁਟ ਚੋਰ ਦਾ ਤੇ ਦਾਉ ਠਗ ਦਾ ਈ
ਲੈ ਕੇ ਨੱਢੜੀ ਨੂੰ ਛਿਣਕ ਜਾ ਚਾਕਾ ਸੈਦਾ ਸਾਕ ਨਾ ਸਾਡੜਾ ਲਗਦਾ ਈ
ਵਾਰਸ ਕੰਨ ਪਾਟੇ ਮਹੀਂ ਚਾਰ ਮੁੜਿਉਂ ਅਜੇ ਮੁੱਕਾ ਨਾ ਮਿਹਣਾ ਜੱਗ ਦਾ ਈ
303. ਉੱਤਰ ਰਾਂਝਾ
ਮਰਦ ਬਾਝ ਮਹਿਰੀ ਪਾਣੀ ਬਾਝ ਧਰਤੀ ਆਸ਼ਕ ਡਿਠੜੇ ਬਾਝ ਨਾ ਰੱਜਦੇ ਨੇ
ਲਖ ਸਿਰੀਂ ਅਵੱਲ ਸਵੱਲ ਆਵਨ ਯਾਰ ਯਾਰਾਂ ਥੋਂ ਮੂਲ ਨਾ ਭੱਜਦੇ ਨੇਂ
ਭੀੜਾਂ ਬਣਦੀਆਂ ਅੰਗ ਵਟਾਇ ਦੇਦੇ ਪਰਦੇ ਆਸ਼ਕਾਂ ਦੇ ਮਰਦ ਕੱਜਦੇ ਨੇਂ
ਦਾ ਚੋਰ ਤੇ ਯਾਰ ਦਾ ਇੱਕ ਸਾਇਤ ਨਹੀਂ ਵੱਸਦੇ ਮੀਂਹ ਜੋ ਗੱਜਦੇ ਨੇਂ
304. ਆਜੜੀ ਨੇ ਰਾਂਝੇ ਅੱਗੇ ਕਸਮ ਖਾਧੀ
ਰਾਂਝੇ ਅੱਗੇ ਇਆਲ ਨੇ ਕਸਮ ਖਾਧੀ ਨਗਰ ਖੇੜਿਆਂ ਦੇ ਜਾ ਧੱਸਿਆ ਈ
ਯਾਰੋ ਕੌਣ ਗਰਾਉਂ ਸਰਦਾਰ ਕਿਹੜਾ ਕੌਣ ਲੋਕ ਕਦੋਕਣਾ ਵਸਿਆ ਈ
ਅੱਗੇ ਪਿੰਡ ਦੇ ਖੂਹ ਤੇ ਭਰਨ ਪਾਣੀ ਕੁੜੀਆਂ ਘਤਿਆ ਹੱਸ ਖ਼ਰ ਖਸ਼ਿਆ ਈ
ਯਾਰ ਹੀਰ ਦਾ ਭਾਵੇਂ ਇਹ ਜੋਗੀ ਕਿਸੇ ਲਭਿਆ ਤੇ ਨਾਹੀਂ ਦੱਸਿਆ ਈ
ਪਾਣੀ ਪੀ ਠੰਡਾ ਛਾਂਵੇਂ ਘੋਟ ਬੂਟੀ ਸੁੰਨ ਪਿੰਡ ਦਾ ਨਾਉਂ ਖਿੜ ਹੱਸਿਆ ਈ
ਇਹਦਾ ਨਾਉਂ ਹੈ ਰੰਗਪੁਰ ਖੇੜਿਆਂ ਦਾ ਕਿਸੇ ਭਾਗ ਭਰੀ ਚਾ ਦੱਸਿਆ ਈ
ਅਰੀ ਕੌਣ ਸਰਦਾਰ ਹੈ ਭਾਤ ਖਾਦੀ ਸਖੀ ਸ਼ਮ ਕੇਹਾ ਲਿਆ ਜਸਿਆ ਈ
ਅੱਜੂ ਨਾਮ ਸਰਦਾਰ ਤੇ ਪੁਤ ਸੈਦਾ ਜਿਸ ਨੇ ਹੱਕ ਰੰਝੇਟੇ ਦਾ ਖੱਸਿਆ ਈ
ਬਾਗ਼ ਬਾਗ਼ ਰੰਝੇਟੜਾ ਹੋ ਗਿਆ ਤਦੋ ਨਾਉਂ ਜਟੇਟੀਆਂ ਦੱਸਿਆ ਈ
ਸਿੰਙੀ ਖੱਪਰੀ ਬੰਨ੍ਹ ਤਿਆਰ ਹੋਇਆ ਲੱਕ ਚਾ ਫਕੀਰ ਨੇ ਕੱਸਿਆ ਈ
ਕਦੀ ਲਏ ਹੌਲਾਂ ਕਦੀ ਝੁਲਦਾ ਏ ਕਦੀ ਰੋ ਪਿਆ ਕਦੀ ਹੱਸਿਆ ਈ
ਵਾਰਸ ਸ਼ਾਹ ਕਰਸਾਨ ਜਿਉਂ ਹੋਨ ਰਾਜ਼ੀ ਮੀਂਹ ਔੜ ਦੇ ਦੇਹਾਂ ਤੇ ਵਸਿਆ ਈ
305. ਰਾਂਝੇ ਦੁਆਲੇ ਗਭਰੂ
ਆ ਜੋਗੀਆ ਕੇਹਾ ਇਹ ਦੇਸ ਡਿੱਠੇ ਪੁੱਛਣ ਗੱਭਰੂ ਬੈਠ ਵਿੱਚ ਦਾਰੀਆਂ ਦੇ
ਓਥੇ ਝੂਲ ਮਸਤਾਨੀਆਂ ਕਰੇ ਗੱਲਾਂ ਸੁਖਨ ਸੁਣੋ ਕੰਨ ਪਾਟਿਆਂ ਪਿਆਰਿਆਂ ਦੇ
ਕਰਾਂ ਕੌਣ ਸਲਾਹ ਮੈਂ ਖੇੜਿਆਂ ਦੀ ਡਾਰ ਫਿਰਨ ਚੌਤਰਫ ਕਵਾਰੀਆਂ ਦੇ
ਮਾਰ ਆਸ਼ਕਾਂ ਨੂੰ ਕਰਨ ਚਾ ਬੈਰੇ ਨੈਨ ਤਿਖੜੇ ਨੋਕ ਕਟਾਰੀਆਂ ਦੇ
ਦੇਣ ਆਸ਼ਕਾਂ ਨੂੰ ਤੋੜੇ ਨਾਲ ਨੈਣਾ ਨੈਨ ਰਹਿਣ ਨਾਹੀਂ ਮਰ ਯਾਰੀਆਂ ਦੇ
ਏਸ ਜੋਬਨੇ ਦੀਆਂ ਵਣਜਾਰੀਆਂ ਨੂੰ ਮਿਲੇ ਆਣ ਸੌਦਾਗਰ ਯਾਰੀਆਂ ਦੇ
ਸੁਰਮਾ ਫੁਲ ਦੰਦਾਸੜਾ ਸੁਰਖ ਮਹਿੰਦੀ ਲੁਟ ਲਏ ਨੇ ਹੱਟ ਪਸਾਰੀਆਂ ਦੇ
ਨੈਨਾਂ ਨਾਲ ਕਲੇਜੜਾ ਛਿਕ ਕੱਢਣ ਦਿਸਣ ਭੋਲੜੇ ਮੁਖ ਵਿਚਾਰੀਆਂ ਦੇ
ਜੋਗੀ ਦੇਖ ਕੇ ਆਣ ਚੌਗਿਰਦ ਹੋਈਆਂ ਛੁੱਟੇ ਪਰ੍ਹੇ ਵਿੱਚ ਨਾਗ ਪਟਾਰੀਆਂ ਦੇ
ਓਥੇ ਖੋਲ ਕੇ ਅੱਖੀਆਂ ਹੱਸ ਪੌਦਾ ਡਿਠੇ ਖਾਬ ਵਿੱਚ ਮੇਲ ਕਵਾਰੀਆਂ ਦੇ
ਆਨ ਗਿਰਦ ਹੋਈਆਂ ਬੈਠਾ ਵਿੱਚ ਝੂਲੇ ਬਾਦਸ਼ਾਹ ਜਿਉਂ ਵਿੱਚ ਅੰਮਾਰੀਆਂ ਦੇ
ਵਾਰਸ ਸ਼ਾਹ ਨਾ ਰਹਿਣ ਨਚੱਲੜੇ ਬਹਿ ਜਿਨ੍ਹਾਂ ਨਰਾਂ ਨੂੰ ਸ਼ੌਕ ਨੇ ਨਾਰੀਆਂ ਦੇ
306. ਉੱਤਰ ਰਾਂਝਾ
ਮਾਹੀ ਮੁੰਡਿਉ ਘਰੀਂ ਨਾ ਜਾ ਕਹਿਣਾ ਜੋਗੀ ਮਸਤ ਕਮਲਾ ਇੱਕ ਆ ਵੜਿਆ
ਕੰਨੀਂ ਮੁੰਦਰਾਂ ਸੇਲ੍ਹੀਆਂ ਸੁੰਦਰਾਂ ਨੇਂ ਦਾੜ੍ਹੀ ਪਟੇ ਸਿਰ ਭਵਾਂ ਮੁਨਾ ਵੜਿਆ
ਜਿਹਾਂ ਨਾਉਂ ਮੇਰਾ ਕੋਈ ਜਾ ਲੈਂਦਾ ਮਹਾ ਦੇਵ ਲੈ ਦੌਲਤਾਂ ਆ ਵੜਿਆ
ਕਿਸੇ ਨਾਲ ਕੁਦਰਤ ਫੁਲ ਜੰਗਲੇ ਥੀਂ ਕਿਵੇਂ ਭੁਲ ਭੁਲਾਵੜੇ ਆ ਵੜਿਆ
307. ਕੁੜੀਆਂ ਦੀਆਂ ਗੱਲਾਂ
ਕੁੜੀਆਂ ਦੇਖ ਕੇ ਜੋਗੀ ਦੀ ਤਰ੍ਹਾਂ ਸਾਰੀ ਘਰੀਂ ਹੱਸਦੀਆਂ ਹੱਸਦੀਆਂ ਆਈਆਂ ਨੇਂ
ਮਾਏ ਇੱਕ ਜੋਗੀ ਸਾਡੇ ਨਗਰ ਆਇਆ ਕੰਨੀਂ ਮੁੰਦਰਾਂ ਓਸ ਨੇ ਪਾਈਆਂ ਨੇਂ
ਨਹੀਂ ਬੋਲਦਾ ਬੁਰਾ ਜ਼ਬਾਨ ਵਿੱਚੋਂ ਭਾਵੇਂ ਭਿੱਛਿਆ ਨਾਹੀਉ ਪਾਈਆਂ ਨੇਂ
ਹੱਥ ਖੱਪਰੀ ਫਾਵੜੀ ਮੋਢਿਆਂ ਤੇ ਗਲ ਸੇਲ੍ਹੀਆਂ ਅਜਬ ਬਣਾਈਆਂ ਨੇ
ਅਰੜਾਂਵਦਾ ਵਾਗ ਜਲਾਲੀਆਂ ਦੇ ਜਟਾਂ ਵਾਂਗ ਮਦਾਰੀਆਂ ਛਾਈਆਂ ਨੇਂ
ਨਾ ਉਹ ਮੁੰਡੀਆ ਗੋਦੜੀ ਨਾ ਜੰਗਮ ਨਾ ਉਦਾਸੀਆਂ ਵਿੱਚ ਠਰਾਈਆਂ ਨੇ
ਪਰਮ ਮੱਤੀਆਂ ਅੱਖੀਆਂ ਰੰਗ ਭਰੀਆਂ ਸਦਾ ਗੁੜੀਆਂ ਲਾਲ ਸਵਾਈਆਂ ਨੇਂ
ਖੂਨੀ ਬਾਂਕੀਆਂ ਨਸ਼ੇ ਦੇ ਨਾਲ ਭਰੀਆਂ ਨੈਨਾਂ ਖੀਵਿਆਂ ਸਾਣ ਚੜ੍ਹਾਈਆਂ ਨੇਂ
ਕਦੀ ਸੰਗਲੀ ਸੁਟ ਕੇ ਸ਼ਗਨ ਵਾਚੇ ਕਦੀ ਔਂਸੀਆਂ ਸਵਾਹ ਤੇ ਪਾਈਆਂ ਨੇ
ਕਦੀ ਕਿੰਗ ਵਜਾਇਕੇ ਖੜ੍ਹਾ ਰੋਵੇ ਕਦੀ ਸੰਖ ਤੇ ਨਾਦ ਘੁਕਾਈਆਂ ਨੇਂ
ਅੱਠੇ ਪਹਿਰ ਅੱਲਾਹ ਨੂੰ ਯਾਦ ਕਰਦਾ ਖੈਰ ਓਸ ਨੂੰ ਪਾਉਂਦੀਆਂ ਮਾਈਆਂ ਨੇਂ
ਨਸ਼ੇ ਬਾਝ ਭਵਾਂ ਓਸ ਦੀਆਂ ਮੱਤੀਆਂ ਨੇਂ ਮਰਗਾਨੀਆਂ ਗਲੇ ਬਣਾਈਆਂ ਨੇਂ
ਜਟਾਂ ਸੁਹੰਦੀਆਂ ਛੈਲ ਓਸ ਜੋਗੜੇ ਨੂੰ ਜਿਵੇਂ ਚੰਦ ਦਵਾਲੇ ਘਟਾਂ ਆਈਆਂ ਨੇਂ
ਨਾ ਕੋਇ ਮਾਰਦਾ ਨਾ ਕਿਸੇ ਨਾਲ ਲੜਿਆ ਨੈਨਾਂ ਓਸ ਦਿਆਂ ਝੰਬਰਾਂ ਲਾਈਆਂ ਨੇਂ
ਕੋਈ ਗੁਰੂ ਪੂਰਾ ਓਸ ਨੂੰ ਆਨ ਮਿਲਿਆ ਕੰਨ ਛੇਦ ਕੇ ਮੁੰਦਰਾਂ ਪਾਈਆਂ ਨੇਂ
ਵਾਰਸ ਸ਼ਾਹ ਚੇਲਾ ਬਾਲਨਾਥ ਦਾ ਏ ਝੋਕਾਂ ਪ੍ਰੇਮ ਦੀਆਂ ਕਿਸੇ ਤੇ ਲਾਈਆਂ ਨੇਂ
308. ਉੱਤਰ ਨਨਾਣ
ਘਰ ਆਇ ਨਨਾਣ ਨੇ ਗੱਲ ਕੀਤੀ ਹੀਰੇ ਇੱਕ ਜੋਗੀ ਨਵਾਂ ਆਇਆ ਈ
ਕੰਨੀਂ ਓਸ ਦੇ ਦਰਸ਼ਨੀਂ ਮੁੰਦਰਾਂ ਨੇ ਕੁੱਲ੍ਹੇ ਮੇਖਲਾ ਅਜਬ ਸੁਹਾਹਿਆ ਈ
ਫਿਰੇ ਢੂੰਡਦਾ ਵਿੱਚ ਹਵੇਲੀਆ ਦੇ ਕੋਈ ਓਸ ਨੇ ਲਾਅਲ ਗਵਾਇਆ ਈ
ਨਾਲੇ ਗਾਂਵਦਾ ਤੇ ਨਾਲੇ ਰੋਂਦਾ ਏ ਵੱਡਾ ਓਸ ਨੇ ਰੰਗ ਵਟਾਇਆ ਈ
ਹੀਰੇ ਕਿਸੇ ਰਜਵੰਸ ਦਾ ਉਹ ਪੁੱਤਰ ਰੂਪ ਤੁਧ ਥੀਂ ਦੂਣ ਸਵਾਇਆ ਈ
ਵਿੱਚ ਤ੍ਰਿੰਜਨਾਂ ਗਾਂਵਦਾ ਫਿਰੇ ਭੌਂਦਾ ਅੰਤ ਓਸਦਾ ਕਿਸੇ ਨਾ ਪਾਇਆ ਈ
ਫਿਰੇ ਦੇਖਦਾ ਵੋਹਟੀਆਂ ਛੈਲ ਕੁੜੀਆਂ ਮਨ ਕਿਸੇ ਤੇ ਨਹੀਂ ਭਰਮਾਇਆ ਈ
ਕਾਈ ਆਖਦੀ ਪ੍ਰੇਮ ਦੀ ਚਾਟ ਲੱਗੀ ਤਾਂ ਹੀ ਓਸ ਨੇ ਸੀਸ ਮੁਨਾਇਆ ਈ
ਕਾਈ ਆਖਦੀ ਕਿਸੇ ਦੇ ਇਸ਼ਕ ਪਿੱਛੇ ਬੁੰਦੇ ਲਾਹ ਕੇ ਕੰਨ ਪੜਾਇਆ ਈ
ਕਹਿਨ ਤਖਤ ਹਜ਼ਾਰੇ ਦਾ ਇਹ ਰਾਂਝਾ ਬਾਲ ਨਾਥ ਤੋਂ ਜੋਗ ਲਿਆਇਆ ਈ
ਵਾਰਸ ਇਹ ਫਕੀਰ ਤਾਂ ਨਹੀਂ ਖਾਲੀ ਕਿਸੇ ਕਾਰਨੇ ਤੇ ਉਤੇ ਆਇਆ ਈ
309. ਉੱਤਰ ਹੀਰ
ਮੁਠੀ ਮੁਠੀ ਇਹ ਗੱਲ ਨਾ ਕਰੋ ਭੈਣਾਂ ਮੈਂ ਸੁਣਦਿਆਂ ਈ ਮਰ ਗਈ ਜੇ ਨੀ
ਤੁਸਾਂ ਇਹ ਜਦੋਕਨੀ ਗੱਲ ਟੋਰੀ ਖਲੀ ਤਲੀ ਹੀ ਮੈਂ ਲਹਿ ਗਈ ਜੇ ਨੀ
ਗਏ ਟੁਟ ਸਤਰਾਨ ਤੇ ਅਕਲ ਡੁੱਬੀ ਮੈਂ ਤੇ ਧੁਖ ਕਲੇਡੜੇ ਪਈ ਜੇ ਨੀ
ਕੀਕੂੰ ਕੰਨ ਪੜਾਇਕੇ ਜੀਵਦਾਏ ਗੱਲਾਂ ਸੁਣਦਿਆਂ ਹੀ ਜਿੰਦ ਗਈ ਜੇ ਨੀ
ਰੋਵਾਂ ਜਦੋਂ ਸੁਣਿਆਂ ਓਸਦੇ ਦੁਖੜੇ ਨੂੰ ਮੁਠੀ ਮੀਟ ਕੇ ਮੈਂ ਬਹਿ ਗਈ ਜੇ ਨੀ
ਮੱਸੋ ਭਿੰਨੇਦਾ ਨਾਉਂ ਜਾਂ ਲੈਂਦੀਆਂ ਹੋ ਜਿੰਦ ਸੁਣਦਿਆਂ ਹੀ ਲੁੜ੍ਹ ਗਈ ਜੇ ਨੀ
ਕਿਵੇਂ ਦੇਖਈਏ ਓਸ ਮਸਤਾਨੜੇ ਨੂੰ ਜਿਸ ਦੀ ਤ੍ਰਿੰਜਨਾਂ ਵਿੱਚ ਪਿਉ ਪਈ ਜੇ ਨੀ
ਦੇਖਾਂ ਕਿਹੜੇ ਦੇਸ ਦਾ ਉਹ ਜੋਗੀ ਓਸ ਥੋਂ ਕੈਣ ਪਿਆਰੀ ਰੁੱਸ ਗਈ ਜੇ ਨੀ
ਇੱਕ ਪੋਸਤ ਧਤੂਰਾ ਭੰਗ ਪੀ ਕੇ ਮੌਤ ਓਸ ਨੇ ਮੁੱਲ ਕਿਊ ਲਈ ਜੇ ਨੀ
ਜਿਸ ਦਾ ਮਾਉਂ ਨਾ ਬਾਪ ਨਾ ਭੈਣ ਭਾਬੀ ਕੌਣ ਕਰੇ ਗਾ ਓਸ ਦੀ ਸਹੀ ਜੇਨੀ
ਭਾਵੇਂ ਭੁਖੜਾ ਰਾਹ ਵਿੱਚ ਰਹੇ ਢੱਠਾ ਕਿਸੇ ਖਬਰ ਨਾ ਓਸ ਦੀ ਲਈ ਜੇ ਨੀ
ਹਾਏ ਹਾਏ ਮੁੱਠੀ ਉਹਦੀ ਗੱਲ ਸੁਣ ਕੇ ਮੈਂ ਤਾਂ ਨਿੱਘੜੀ ਬੋੜ ਹੋ ਗਈ ਜੇ ਨੀ
ਨਹੀਂ ਰਬ ਦੇ ਗ਼ਜ਼ਬ ਤੋਂ ਲੋਕ ਡਰਦਾ ਮੱਥੇ ਲੇਖ ਦੀ ਰੇਖ ਵਹਿ ਗਈ ਜੇ ਨੀ
ਜਿਸ ਦਾ ਚੰਨ ਪੁੱਤਰ ਸਵਾਹ ਲਾ ਬੈਠਾ ਦਿੱਤਾ ਰਬ ਦਾ ਮਾਉਂ ਸਹਿ ਗਈ ਜੇ ਨੀ
ਜਿਸ ਦੇ ਸੋਹਣੇ ਯਾਰ ਦੇ ਕੰਨ ਪਾਟੇ ਉਹ ਤਾਂ ਨੱਢੜੀ ਚੌੜ ਹੋ ਗਈ ਜੇ ਨੀ
ਵਾਰਸ ਸ਼ਾਹ ਫਿਰੇ ਦੁੱਖਾਂ ਨਾਲ ਭਰਿਆ ਖਲਕ ਮਗਰ ਕਿਉਂ ਓਸ ਦੇ ਪਈ ਜੇ ਨੀ
310. ਉਹੀ ਚਾਲੂ
ਰਬ ਝੂਠ ਨਾ ਕਰੇ ਜੇ ਹੋਏ ਰਾਂਝਾ ਤਾਂ ਮੈਂ ਚੌੜ ਹੋਈ ਮੈਨੂੰ ਪਟਿਆ ਸੂ
ਅੱਗੇ ਅੱਗ ਫਰਾਕ ਦੀ ਸਾੜ ਸੁੱਟੀ ਸੜੀ ਬਲੀ ਨੂੰ ਮੋੜ ਕੇ ਫੱਟਿਆ ਸੁ
ਨਾਲੇ ਰੰਨ ਗਈ ਨਾਲੇ ਕੰਨ ਪਾਟੇ ਆਖ ਇਸ਼ਕ ਥੀਂ ਨਫਾ ਕੀ ਖਟਿਆ ਸੁ
ਮੇਰੇ ਵਾਸਤੇ ਦੁਖੜੇ ਫਿਰੇ ਜਰਦਾ ਲੋਹਾ ਤਾ ਕੇ ਜੀਭੇ ਨਾਲ ਚੱਟਿਆ ਸੂ
ਬੁੱਕਲ ਵਿੱਚ ਚੋਰੀ ਚੋਰੀ ਹੀਰ ਰੋਵੇ ਘੜਾ ਨੀਰ ਦਾ ਚਾ ਪਲੱਟਿਆ ਸੁ
ਹੋਇਆ ਚਾਕ ਮਲੀ ਪਿੰਡੇ ਖਾਕ ਰਾਂਝੇ ਲਾਹ ਨੰਗ ਨਾਮੁਸ ਨੂੰ ਸਟਿਆ ਸੂ
ਵਾਰਸ ਸ਼ਾਹ ਇਸ ਇਸ਼ਕ ਦੇ ਵਨਜ ਵਿੱਚੋਂ ਜਫਾ ਜਾਲ ਕੀ ਖੱਟਿਆ ਵਟਿਆ ਸੁ
311. ਹੀਰ ਦਾ ਕੁੜੀਆਂ ਨੂੰ ਉੱਤਰ
ਗੱਲੀਂ ਲਾਇਕੇ ਕਿਵੇਂ ਲਿਆਉ ਉਸਨੂੰ ਰਲ ਪੁਛੀਏ ਕਿਹੜੇ ਥਾਂਉਂਦਾ ਈ
ਖੇਹ ਲਾਇਕੇ ਦੇਸ ਵਿੱਚ ਫਿਰੇ ਭੌਂਦਾ ਅਤੇ ਨਾਉਂ ਦਾ ਕੌਣ ਕਹਾਂਉਂਦਾ ਈ
ਦੇਖਾਂ ਕਿਹੜੇ ਦੇਸ ਦਾ ਚੌਧਰੀ ਹੈ ਅਤੇ ਜ਼ਾਤ ਦਾ ਕੌਣ ਸਦਾਉਂ ਦਾ ਈ
ਦੋਖਾਂ ਰੋਹੀਓਂ ਮਾਝਿਉਂ ਤੱਪੀਉਂ ਹੈ ਰਾਵੀ ਵਿਆਹ ਦੀ ਇੱਕੇ ਚਨ੍ਹਾਉਂਦਾ ਈ
ਫਿਰੇ ਤ੍ਰਿੰਜਨਾ ਵਿਚ ਖੁਆਰ ਹੁੰਦਾ ਵਿੱਚ ਵਿਹੜਿਆਂ ਫੇਰੀਆਂ ਪਾਉਂਦਾ ਈ
ਵਾਰਸ ਸ਼ਾਹ ਮਿਰਤੂ ਇਹ ਕਾਸਦਾ ਕੋਈ ਏਸ ਦਾ ਅੰਤ ਨਾ ਪਾਂਵਦਾ ਈ
312. ਕੁੜੀਆਂ ਜੋਗੀ ਕੋਲ
ਲੈਣ ਜੋਗੀ ਨੂੰ ਧੁੰਬਲਾ ਹੋ ਚਲੋ ਗੱਲ ਬਣਾਇ ਸਵਾਰੀਏ ਨੀ
ਸੱਭੇ ਬੋਲੀਆਂ ਜਾ ਨਮਸਕਾਰ ਜੋਗੀ ਕਿਉਂ ਨੀ ਸਾਈਂ ਸਵਾਰੀਏ ਪਿਆਰੀਏ ਨੀ
ਵੱਡੀ ਮਿਹਰ ਹੋਈ ਏਸ ਦੇਸ ਉਤੇ ਵਿਹੜੇ ਹੀਰ ਦੇ ਨੂੰ ਚਲ ਤਾਰੀਏ ਨੀ
ਨਗਰ ਮੰਗ ਅਤੀਤ ਨੇ ਅਜੇ ਖਾਣਾ ਬਾਤਾਂ ਸ਼ੌਕ ਦੀਆਂ ਚਾ ਵਸਾਰੀਏ ਨੀ
ਮੇਲੇ ਕੁੰਭ ਦੇ ਹਮੀਂ ਅਤੀਤ ਚੱਲੇ ਨਗਰ ਜਾਇਕੇ ਭੀਖ ਚਤਾਰੀਏ ਨੀ
ਵਾਰਸ ਸ਼ਾਹ ਤੁਮਹੀਂ ਘਰੋਂ ਖਾਇ ਆਈਆਂ ਚਾਵੜਾਂ ਲਉ ਗੁਟਕਾਰੀਏ ਨੀ
313. ਉੱਤਰ ਕੁੜੀਆਂ
ਰਸਮ ਜਗ ਦੀ ਕਰੋ ਅਤੀਤ ਸਾਈ ਸਾਡੀਆਂ ਸੁਰਤਾਂ ਵਲ ਧਿਆਨ ਕੀਚੈ
ਅਜੂ ਖੇੜੇ ਦੇ ਵਿਹੜੇ ਨੂੰ ਕਰੋ ਫੇਰਾ ਜ਼ਰਾ ਹੀਰ ਦੀ ਤਰਫ ਧਿਆਨ ਕੀਚੈ
ਵਿਹੜਾ ਮਹਿਰ ਦਾ ਚਲੋ ਵਿਖਾ ਲਿਆਈਏ ਸਹਿਤੀ ਮੋਹਣੀ ਤੇ ਨਜ਼ਰ ਆਨ ਕੀਚੈ
ਚਲੋ ਵੇਖੀਏ ਘਰਾਂ ਸਰਦਾਰ ਦੀਆਂ ਨੂੰ ਅਜੀ ਸਾਹਬੋ ਨਾ ਗੁਮਾਨ ਕੀਚੈ
314.-1 ਉੱਤਰ ਰਾਂਝਾ
ਹਮੀਂ ਬੱਡੇ ਫਕੀਰ ਸਤ ਪੀੜ੍ਹੀਏ ਹਾਂ ਰਸਮ ਜਗ ਦੀ ਹਮੀਂ ਨਾ ਜਾਨਤੇ ਹਾਂ
ਕੰਦ ਮੂਲ ਉਜਾੜ ਵਿੱਚ ਖਾਇਕੇ ਤੇ ਬਣ ਬਾਸ ਲੈ ਕੇ ਮੌਜਾਂ ਮਾਨਤੇ ਹਾਂ
ਬਘਿਆੜ ਸ਼ੇਰ ਅਰ ਮਿਰਗ ਚੀਤੇ ਹਮੀਂ ਤਿਨ੍ਹਾਂ ਦੀਆਂ ਸੂਰਤਾਂ ਝਾਨਤੇ ਹਾਂ
ਤੁਮਹੀਂ ਸੁੰਦਰਾਂ ਬੈਠੀਆਂ ਖੂਬਸੂਰਤ ਹਮੀਂ ਬੂਟੀਆਂ ਝਾਣੀਆਂ ਛਾਨਤੇ ਹਾਂ
ਨਗਰ ਬੀਚ ਨਾ ਆਤਮਾ ਪਰਚਦਾ ਏ ਉਦਿਆਨ ਪਖੀ ਤੰਬੂ ਤਾਨਤੇ ਹਾਂ
ਗੁਰੂ ਤੀਰਥ ਜੋਗ ਬੈਰਾਗ ਹੋਵੇ ਰੂਪ ਤਿਨ੍ਹਾਂ ਦੇ ਹਮੀਂ ਪਛਾਨਤੇ ਹਾਂ
314. ਕੁਝ ਹੋਰ ਕੁੜੀਆਂ
ਪਿੱਛੋਂ ਹੋਰ ਆਈਆਂ ਮੁਟਿਆਰ ਕੁੜੀਆਂ ਦੇਖ ਰਾਂਝਨੇ ਨੂੰ ਮੂਰਛਤ ਹੋਈਆਂ
ਅੱਖੀਂ ਟੱਡੀਆਂ ਰਹਿਉਂ ਨੇ ਮੁਖ ਮੀਟੇ ਟੰਗਾਂ ਬਾਹਾਂ ਵਗਾ ਬੇਸੱਤ ਹੋਈਆਂ
ਅਨੀ ਆਉ ਖਾਂ ਪੁਛੀਏ ਨਢੜੇ ਨੂੰ ਦੇਹੀਆਂ ਦੇਖ ਜੋਗੀ ਉਦਮਤ ਹੋਈਆਂ
ਧੁੱਪੇ ਆਲ ਖਲੋਤੀਆਂ ਦੇਖਦੀਆਂ ਨੇ ਮੁੜ੍ਹਕੇ ਡੁੱਬੀਆਂ ਤੇ ਰਤੋਂ ਰਤ ਹੋਈਆਂ
315. ਕੁੜੀਆਂ ਆਪੋ ਵਿੱਚ
ਸਈਉ ਦੇਖੋ ਤੋ ਮਸਤ ਅਲੱਸਤ ਜੋਗੀ ਜੈਂਦਾ ਰਬ ਦੇ ਨਾਲ ਧਿਆਨ ਹੈ ਨੀ
ਇਨ੍ਹਾਂ ਭੌਰਾਂ ਨੂੰ ਆਸਰਾ ਰਬ ਦਾ ਹੈ ਘਰ ਵਾਰ ਨਾ ਤਾਣ ਨਾ ਮਾਣ ਹੈ ਨੀ
ਸੋਇਨੇ ਵੰਨੜੀ ਦੇਹੀ ਨੂੰ ਖੇਹ ਕਰਕੇ ਰਲਨ ਖਾਕ ਵਿੱਚ ਫਕਰ ਦੀ ਬਾਣ ਹੈ ਨੀ
ਸੋਹਨਾ ਫੁਲ ਗੁਲਾਬ ਮਾਅਸ਼ੂਕ ਨੱਢਾ ਰਾਜ ਪੁੱਤਰ ਤੇ ਸੁਘੜ ਸੁਜਾਨ ਹੈ ਨੀ
ਜਿਨ੍ਹਾਂ ਭੰਗ ਪੀਤੀ ਸਵਾਹ ਲਾਇ ਬੈਠੇ ਓਨ੍ਹਾਂ ਮਾਹਣੂਆਂ ਦੀ ਕਹੀ ਕਾਣ ਹੈ ਨੀ
ਜਿਵੇਂ ਅਸੀਂ ਮੁਟਿਆਰ ਹਾਂ ਰੰਗ ਭਰੀਆਂ ਤਿਵੇਂ ਇਹ ਭੀ ਅਸਾਡੜਾ ਹਾਣ ਹੈ ਨੀ
ਆਉ ਪੁੱਛਈਏ ਕਿਹੜੇ ਦੇਸ ਦਾ ਹੈ ਅਤੇ ਏਸ ਦਾ ਕੌਣ ਮਕਾਨ ਹੈ ਨੀ
316. ਉੱਤਰ ਕੁੜੀਆਂ
ਸੁਣੀ ਜੋਗੀਆ ਗੱਭਰੂਆ ਛੈਲ ਬਾਂਕੇ ਨੈਨਾਂ ਖੀਵੀਆ ਮਸਤ ਦੀਵਾਨਿਆਂ ਵੇ
ਕੰਨੀਂ ਮੁੰਦਰਾਂ ਖੱਪਰੀ ਨਾਦ ਸਿੰਙੀ ਗਲ ਸੇਲੀਆਂ ਤੇ ਹਥ ਗਾਨਿਆ ਵੇ
ਵਿੱਚੋਂ ਨੈਨ ਹੱਸਣ ਹੋਠ ਭੇਦ ਦੱਸਨ ਅੱਖੀਂ ਮੀਟਦਾ ਨਾਲ ਬਹਾਨਿਆ ਵੇ
ਕਿਸ ਮੁਨਿਉਂ ਕੰਨ ਕਿਸ ਪਾੜਿਉਂ ਨੀ ਤੇਰਾ ਵਤਨ ਹੈ ਕੌਣ ਦੀਵਾਨਿਆ ਵੇ
ਕੌਣ ਜ਼ਾਤ ਹੈ ਕਾਸ ਤੋਂ ਜੋਗ ਲੀਤੋ ਸੱਚੋ ਸੱਚ ਹੀ ਦੱਸ ਮਸਤਾਨਿਆ ਵੇ
ਏਸ ਉਮਰ ਕੀ ਵਾਇਦੇ ਪਏ ਤੈਨੂੰ ਕਿਉਂ ਭਵਨਾ ਏ ਦੇਸ ਬੇਗਾਨਿਆ ਵੇ
ਕਿਸੇ ਰੰਨ ਭਾਬੀ ਬੋਲੀ ਮਾਰਿਆ ਈ ਹਿਕ ਸਾੜਿਆ ਸੁ ਨਾਲ ਤਾਨ੍ਹਿਆਂ ਵੇ
ਵਿੱਚ ਤ੍ਰਿੰਜਨਾ ਪਵੇ ਵਿਚਾਰ ਤੇਰੀ ਹੋਵੇ ਜ਼ਿਕਰ ਤੇਰਾ ਚੱਕੀ-ਹਾਨਿਆ ਵੇ
ਬੀਬੀ ਦੱਸ ਸ਼ਤਾਬ ਹੋ ਜਿਉ ਜਾਂਦਾ ਅਸੀਂ ਧੁਪ ਦੇ ਨਾਲ ਮਰ ਜਾਨੀਆ ਵੇ
ਕਰਨ ਮਿੰਨਤਾਂ ਮੁੱਠੀਆਂ ਭਰਨ ਲੱਗੀਆਂ ਅਸੀਂ ਪੁਛ ਕੇ ਹੀ ਟੁਰ ਜਾਨੀਆਂ ਵੇ
ਵਾਰਸ਼ ਸ਼ਾਹ ਗੁਮਾਨ ਨਾ ਪਵੀਂ ਮੀਆਂ ਅੱਦੀ ਹੀਰ ਦਿਆ ਮਾਲ ਖਜ਼ਾਨਿਆ ਵੇ
317. ਉੱਤਰ ਰਾਂਝਾ
ਰਾਂਝਾ ਆਖਦਾ ਖਿਆਲ ਨਾ ਪਵੋ ਮੇਰੇ ਸੱਪ ਸ਼ੀਂਹ ਫਕੀਰ ਦਾ ਦੇਸ ਕੇਹਾ
ਕੂੰਜਾਂ ਵਾਂਗ ਮਮੋਲੀਆਂ ਦੇਸ ਛੱਡੇ ਅਸਾਂ ਜ਼ਾਤ ਸਫਾਤ ਤੇ ਭੇਸ ਕੇਹਾ
ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ ਸਾਨੂੰ ਸਾਕ ਕਬੀਲੜਾ ਖੇਸ਼ ਕੇਹਾ
ਦੁਨੀਆਂ ਨਾਲ ਪੈਵੰਦ ਹੈ ਅਸਾਂ ਕੇਹਾ ਪੱਥਰ ਜੋੜਨਾ ਨਾਲ ਸਰੇਸ਼ ਕੇਹਾ
ਸੱਭਾ ਖਾਕ ਦਰ ਖਾਕ ਫਨਾ ਹੋਣਾ ਵਾਰਸ ਸ਼ਾਹ ਫਿਰ ਤਿਨ੍ਹਾ ਨੂੰ ਕੇਸ਼ ਕੇਹਾ
318. ਉਹੀ
ਸਾਨੂੰ ਨਾ ਅਕਾਉ ਰੀ ਭਾਤ ਖਾਣੀ ਖੰਡਾ ਕਰੋਧ ਕਾ ਹਮੀਂ ਨਾ ਸੂਤਨੇ ਹਾਂ
ਜੇ ਕਰ ਆਪਣੀ ਵਾਈ ਤੇ ਆ ਜਾਈਏ ਖੁੱਲੀ ਝੁੰਡ ਸਿਰ ਤੇ ਅਸੀਂ ਭੂਤਨੇ ਹਾਂ
ਘਰ ਮਹਿਰਾਂ ਦੇ ਕਾਸਨੂੰ ਅਸਾਂ ਜਾਣਾ ਸਿਰ ਮਹਿਰੀਆਂ ਦੇ ਅਸੀਂ ਮੂਤਨੇ ਹਾਂ
ਵਾਰਸ ਸ਼ਾਹ ਮੀਆਂ ਹੇਠ ਬਾਲ ਭਾਂਬੜ ਉਲਟੇ ਹੋਇਕੇ ਰਾਤ ਨੂੰ ਝੂਟਨੇ ਹਾਂ
319. ਉੱਤਰ ਕੁੜੀਆਂ
ਅਸਾਂ ਅਰਜ਼ ਕੀਤਾ ਤੈਨੂੰ ਗੁਰੂ ਕਰਕੇ ਬਾਲ ਨਾਥ ਦੀਆਂ ਤੁਸੀਂ ਨਿਸ਼ਾਨੀਆਂ ਹੋ
ਤਨ ਛੇਦਿਆ ਹੈ ਕਿਵੇਂ ਜ਼ਾਲਮਾਂ ਨੇ ਕਸ਼ਮੀਰ ਦੀਆਂ ਤੁਸੀਂ ਖੁਰਮਾਨੀਆਂ ਹੋ
ਸਾਡੀ ਆਜਜ਼ੀ ਤੁਸੀਂ ਨਾ ਮੰਨਦੇ ਹੋ ਗੁੱਸੇ ਨਾਲ ਪਸਾਰ ਦੇ ਆਨੀਆਂ ਹੋ
ਅਸਾਂ ਆਖਿਆ ਮਹਿਰ ਦੇ ਚਲੋ ਵਿਹੜੇ ਤੁਸੀਂ ਨਹੀਂ ਕਰਦੇ ਮਿਹਰਬਾਨੀਆਂ ਹੋ
320. ਉੱਤਰ ਰਾਂਝਾ
ਸਭੇ ਸੁੰਹਦੀਆਂ ਤਿੰਜਨੀਂ ਸ਼ਾਹ ਪਰੀਆਂ ਜਿਵੇਂ ਤਕਰਸ਼ਾਂ ਦੀਆਂ ਤੁਸੀਂ ਕਾਨੀਆਂ ਹੋ
ਚਲ ਕਰੋ ਅੰਗੁਸ਼ਤ ਫਰਿਸ਼ਤਿਆਂ ਨੂੰ ਤੁਸੀਂ ਅਸਲ ਸ਼ੈਤਾਨ ਦੀਆਂ ਨਾਨੀਆਂ ਹੋ
ਤੁਸਾਂ ਸ਼ੇਖ ਸਾਅਦੀ ਨਾਲ ਮਕਰ ਕੀਤਾ ਤੁਸੀਂ ਵੱਢੇ ਸ਼ਰੂਰ ਦੀਆਂ ਬਾਨੀਆਂ ਹੋ
ਅਸੀਂ ਕਿਸੇ ਪਰਦੇਸ ਦੇ ਫਕਰ ਆਏ ਤੁਸੀਂ ਨਾਲ ਸ਼ਰੀਕਾਂ ਦੇ ਸਾਨੀਆਂ ਹੋ
ਜਾਉ ਵਾਸਤੇ ਰਬ ਦੇ ਖਿਆਲ ਛੱਡੋ ਸਾਡੇ ਹਾਲ ਥੀਂ ਤੁਸੀਂ ਬੇਗਾਨੀਆਂ ਹੋ
ਵਾਰਸ ਸ਼ਾਹ ਫਕੀਰ ਦੀਵਾਨੜੇ ਨੇ ਤੁਸੀਂ ਦਾਨੀਆਂ ਅਤੇ ਪਰਧਾਨੀਆਂ ਹੋ
321. ਉਹੀ
ਹਮੀਂ ਭਿਛਿਆ ਵਾਸਤੇ ਤਿਆਰ ਬੈਠੇ ਤੁਮਹੀਂ ਆਨ ਕੇ ਰਿੱਕਤਾਂ ਛੇੜਦੀਆਂ ਹੋ
ਅਸਾਂ ਲਾਹ ਪੰਜਾਲੀਆਂ ਜੋਗ ਛੱਡੀ ਫੇਰ ਮੁੜ ਖੂਹ ਨੂੰ ਗੇੜਦੀਆਂ ਹੋ
ਅਸੀਂ ਛੱਡ ਝੇੜੇ ਜੋਗ ਲਾ ਬੈਠੇ ਤੁਸੀਂ ਫੇਰ ਆਲੂਦ ਲਬੇੜੀਆਂ ਹੋ
ਪਿੱਛੋਂ ਕਹੋਗੀ ਭੂਤਨੇ ਆਣ ਲੱਗੇ ਅੰਨ੍ਹੇ ਖੂਹ ਵਿੱਚ ਸੰਗ ਕਿਉਂ ਰੇੜ੍ਹਦੀਆਂ ਹੋ
ਹਮੀਂ ਭਿਖਿਆ ਮਾਂਗਨੇ ਚਲੇ ਹਾਂ ਰਹੀ ਤੁਸੀਂ ਆਣ ਕੇਕਾਹ ਖਹੇੜਦੀਆਂ ਹੋ
322. ਰਾਂਝਾ ਗਦਾ ਕਰਨ ਤੁਰ ਪਿਆ
ਰਾਂਝਾ ਖਪਰੀ ਪਕੜ ਕੇ ਗਜ਼ੇ ਚੜ੍ਹਿਆ ਸਿੰਙੀ ਦਵਾਰ ਬਦਵਾਰ ਵਜਾਉਂਦਾ ਏ
ਕੋਈ ਦੇ ਸੀਧਾ ਕੋਈ ਪਾਏ ਟੁੱਕੜ ਕੋਈ ਥਾਲੀਆਂ ਪੁਰਸ ਲਿਆਉਂਦਾ ਏ
ਕੋਈ ਆਖਦੀ ਜੋਗੀੜਾ ਨਵਾਂ ਬਣਿਆ ਰੰਗ ਰੰਗ ਦੀ ਕਿੰਗ ਵਜਾਂਉਣਾ ਏ
ਕੋਈ ਦੇ ਗਾਲੀ ਧਾੜੇ ਮਾਰ ਫਿਰਦਾ ਕੋਈ ਬੋਲਦੀ ਜੋ ਮਨ ਭਾਂਉਦਾ ਏ
ਕੋਈ ਜੋੜ ਕੇ ਹੱਥ ਤੇ ਕਰੇ ਮਿੰਨਤ ਸਾਨੂੰ ਆਸਰਾ ਫਕਰ ਦੇ ਨਾਉਂ ਦਾ ਏ
ਕੋਈ ਆਖਦੀ ਮਸਤਿਆ ਚਾਕ ਫਿਰਦਾ ਨਾਲ ਮਸਤੀਆਂ ਘੁਰਦਾ ਗਾਉਂਦਾ ਏ
ਕੋਈ ਆਖਦੀ ਮਸਤ ਦੀਵਾਨੜਾ ਹੈ ਬੁਰਾ ਲੇਖ ਜਨੇਂਦੜੀ ਮਾਉਂ ਦਾ ਏ
ਕੋਈ ਆਖਦੀ ਠਗ ਉਧਾਲ ਫਿਰਦਾ ਸੁੰਹਾ ਚੋਰਾਂ ਦੇ ਕਿਸੇ ਰਾਉਂਦਾ ਏ
ਲੜੇ ਭਿੜੇ ਤੇ ਗਾਲੀਆਂ ਦੇ ਲੋਕਾਂ ਠਠੇ ਮਾਰਦਾ ਲੋੜ ਕਮਾਂਉਦਾ ਏ
ਆਟਾ ਕਣਕ ਦਾ ਲਏ ਤੇ ਘਿਉ ਭੱਤਾ ਦਾਣਾ ਟੁਕੜਾ ਗੋਦ ਨਾ ਪਾਉਂਦਾ ਏ
ਵਾਰਸ ਸ਼ਾਹ ਰੰਝੇਟੜਾ ਚੰਦ ਚੜ੍ਹਿਆ ਘਰੋ ਘਰੀ ਮੁਬਾਰਕਾਂ ਲਿਆਉਂਦਾ ਏ
323. ਉੱਤਰ ਰਾਂਝਾ
ਆ ਵੜੇ ਹਾਂ ਉਜੜੇ ਪਿੰਡ ਅੰਦਰ ਕਾਈ ਕੁੜੀ ਨਾ ਤਿੰਜਨੀਂ ਗਾਂਵਦੀ ਹੈ
ਨਾਹੀ ਕਿਕਲੀ ਪਾਂਵਦੀ ਨਾ ਸੰਮੀ ਪੰਭੀ ਪਾ ਧਰਤ ਹਲਾਂਵਦੀ ਹੈ
ਨਾਹੀਂ ਚੂਹੜੀ ਦਾ ਗੀਤ ਗਾਂਉਂਦੀਆਂ ਨੇ ਗਰਧਾ ਰਾਹ ਵਿੱਚ ਕਾਈ ਨਾ ਪਾਂਵਦੀ ਹੈ
ਵਾਰਸ ਸ਼ਾਹ ਛੱਡ ਚੱਲੀਏ ਇਹ ਨਗਰੀ ਐਸੀ ਤਰ੍ਹਾ ਫਕੀਰ ਦੀ ਆਂਵਦੀ ਹੈ
324. ਕੁੜੀਆ ਦਾ ਉੱਤਰ
ਚਲ ਜੋਗੀਆ ਅਸੀਂ ਦਖਾ ਲਿਆਈਏ ਜਿੱਥੇ ਤਿੰਜਨੀਂ ਛੋਹਰੀਆਂ ਗਾਉਂਦੀਆਂ ਨੇ
ਲੈ ਕੇ ਜੋਗੀ ਨੂੰ ਆਨ ਦਖਾਲਿਉ ਨੇ ਜਿੱਥੇ ਵੌਹਟੀਆਂ ਛੋਪ ਰਲ ਪਾਉਂਦੀਆਂ ਨੇ
ਇੱਥ ਨੱਚਦੀਆਂ ਮਸਤ ਮਲੰਗ ਬਣ ਕੇ ਇੱਕ ਸਾਂਗ ਚੂੜੀ ਦਾ ਲਾਂਉਂਦੀਆਂ ਨੇ
ਇੱਕ ਬਾਇੜਾਂ ਨਾਲ ਘਸਾ ਬਾਇੜ ਇੱਕ ਮਾਲ੍ਹ ਤੇ ਮਾਲ੍ਹ ਭੜਾਂਦੀਆਂ ਨੇ
325. ਤ੍ਰਿੰਜਨ ਵਿੱਚ ਜਾਤਾਂ ਦਾ ਵੇਰਵਾ
ਜਿੱਥੇ ਤ੍ਰਿੰਜਨਾਂ ਦੀ ਘੁਮਕਾਰ ਪੌਦੀ ਅੱਤਨ ਬੈਠੀਆਂ ਲਖ ਮਹਿਰੇਟੀਆਂ ਨੇ
ਖਤਰੇਟਈਆਂ ਅਤੇ ਬਹਿਮਨੇਟੀਆਂ ਨੇ ਤੁਰਕੇਟੀਆਂ ਅਤੇ ਜਟੇਟੀਆਂ ਨੇ
ਲੁਹਾਰੀਆਂ ਲੌਂਗ ਸਪਾਰੀਆ ਨੇ ਸੁੰਦਰ ਖੋਜੀਆਂ ਅਤੇ ਰੰਘੜੇਟੀਆਂ ਨੇ
ਸੁੰਦਰ ਕੁਆਰੀਆਂ ਰੂਪ ਸੰਗਾਰੀਆਂ ਨੇ ਅਤੇ ਵਵਾਹੀਆਂ ਮੁਸ਼ਕ ਲਪੇਟੀਆਂ ਨੇ
ਅਰੋੜੀਆਂ ਮੁਸ਼ਕ ਵਿੱਚ ਬੋੜੀਆਂ ਨੇ ਫੁਲਹਾਰੀਆਂ ਛੈਲ ਸੁਨਰੇਟੀਆਂ ਨੇ
ਮਨਿਹਾਰੀਆਂ ਤੇ ਪੱਖੀਵਾਰੀਆਂ ਨੇ ਸੁੰਦਰ ਤੇਲਣਾਂ ਨਾਲ ਮੋਚੇਟੀਆਂ ਨੇ
ਪਠਾਨੀਆਂ ਚਾਦਰਾਂ ਤਾਣੀਆਂ ਨੇ ਪਸ਼ਤੋ ਮਾਰਦੀਆਂ ਨਾਲ ਮੁਗਲੇਟੀਆਂ ਨੇ
ਪਿੰਜਾਰੀਆਂ ਨਾਲ ਚਮਿਆਰੀਆਂ ਨੇ ਰਾਜਪੂਤਨੀਆਂ ਨਾਲ ਭਟੇਟੀਆਂ ਨੇ
ਦਰਜ਼ਾਨੀਆਂ ਸੁਘੜ ਸਿਆਣੀਆਂ ਨੇ ਬਰਵਾਲੀਆਂ ਨਾਲ ਮਛਨੇਟੀਆਂ ਨੇ
ਸਈਅੱਦ ਜ਼ਾਦੀਆਂ ਤੇ ਸ਼ੈਖ਼ ਜ਼ਾਦੀਆਂ ਨੇ ਤਰਖਾਣੀਆਂ ਨਾਲ ਘੁਮਰੇਟੀਆਂ ਨੇ
ਰਾਉਲਿਆਨੀਆਂ ਬੇਟੀਆਂ ਬਾਣੀਆਂ ਦੀਆਂ ਜਿਨ੍ਹਾਂ ਵਾਲੀਆਂ ਨਾਲ ਵਨੇਟੀਆਂ ਨੇ
ਚੰਗੜਾਨੀਆਂ ਨਾਇਨਾਂ ਮੀਰਜ਼ਾਦੀਆ ਜਿਨ੍ਹਾਂ ਲੱਸੀਆਂ ਨਾਲ ਲਪੇਟੀਆਂ ਨੇ
ਗੰਧੀਲਨਾਂ ਛੈਲ ਛਬੀਲੀਆਂ ਨੇ ਤੇ ਕਲਾਲਨਾਂ ਭਾਬੜੀਆਂ ਬੇਟੀਆਂ ਨੇ
ਬਾਜ਼ੀਗਰਨੀਆਂ ਨਟਨੀਆਂ ਕੁੰਗੜਾਨੀਆਂ ਵੀਰਾ ਰਾਧਨਾਂ ਰਾਮਜਨੇਟੀਆਂ ਨੇ
ਪੂਰਬਿਆਨੀਆਂ ਛੀਬਣੀਆਂ ਰੰਗਰੇਜ਼ਾਂ ਬੈਰਾਗਨਾਂ ਨਾਲ ਠਠਰੇਟੀਆਂ ਨੀ
ਸੰਡਾਸਣਾਂ ਅਤੇ ਖ਼ਰਾਸਣਾਂ ਨੀ ਢਾਲਗਰਨੀਆਂ ਨਾਲ ਵਨਸੇਟੀਆਂ ਨੀ
ਕੰਗਰਾਨੀਆਂ ਡੁਮਨੀਆਂ ਧਾਈਂ ਕੁੱਟਾਂ ਅਤਸ਼ਬਾਜ਼ਨਾਂ ਨਾਲ ਪਹਿਲਵੇਟੀਆਂ ਨੇ
ਖਟੀਕਨਾਂ ਤੇ ਨੇਚਾ ਬੰਦਨਾਂ ਨੇ ਚੂੜੀਗਰਨੀਆਂ ਤੇ ਕੰਮਗਰੇਟਈਆਂ ਨੇ
ਭਰਾਇਨਾਂ ਵਾਹਨਾਂ ਸਰਸਸਿਆਨੀਆਂ ਸਾਉਸਿਆਨੀਆਂ ਕਿਤਨ ਕੋਝੇਟੀਆਂ ਨੇ
ਬਹਿਰੂਪਨਾਂ ਰਾਜਨਾਂ ਜ਼ੀਲਵੱਟਾਂ ਬਰਵਾਲੀਆਂ ਭੱਟ ਬਹਿਮਨੇਟੀਆਂ ਨੇ
ਲੁਬਾਣੀਆਂ ਢੀਡਣਾਂ ਪੀਰਨੀਆਂ ਨੇ ਸਾਉਆਣੀਆਂ ਦੁਧ ਦੁਧੇਟੀਆਂ ਨੇ
ਝਬੇਲਣਾ ਮਿਉਨੀਆਂ ਫਫੇਕੁਟਨੀਆਂ ਜੁਲਹੇਟੀਆਂ ਨਾਲ ਕਸੇਟੀਆਂ ਨੇ
ਕਾਗਜ਼ ਕਟ ਡੁਬਗਰਨੀਆਂ ਉਰਦਬੇਗਾਂ ਹਾਥੀਵਾਨੀਆਂ ਨਾਲ ਬਲੋਚੇਟੀਆਂ ਨੇ
ਬਾਂਕੀਆਂ ਗੁਜਰੀਆਂ ਡੋਗਰੀਆਂ ਛੈਲ ਬਣੀਆਂ ਰਾਜਵੰਸਨਾਂ ਰਾਜੇ ਦੀਆਂ ਬੇਟੀਆਂ ਨੇ
ਪਕੜ ਅੰਚਲਾ ਜੋਗੀ ਨੂੰ ਲਾ ਗੱਲੀਂ ਵਿਹੜੇ ਵਾੜ ਕੇ ਘੇਰ ਲੈ ਬੈਠੀਆਂ ਨੇ
ਵਾਰਸ ਸ਼ਾਹ ਜੀਜਾ ਬੈਠਾ ਹੋ ਜੋਗੀ ਦਵਾਲੇ ਬੈਠੀਆਂ ਸਾਲੀਆਂ ਜੇਠੀਆਂ ਨੇ
326. ਉਹੀ
ਕਾਈ ਆ ਰੰਝੇਟੇ ਦੇ ਨੈਨ ਦੇਖੇ ਕਾਈ ਮੁਖੜਾ ਦੇਖ ਸਲਾਹੁੰਦੀ ਹੈ
ਅੜੀਉ ਦੇਖੋ ਤੋ ਨਿਸ਼ਾ ਜੋਗੀਲੜੇ ਦੀ ਰਾਹ ਜਾਂਦੇ ਮਿਰਗਾਂ ਨੂੰ ਫਾਹੁੰਦੀ ਹੈ
ਝੂਠੀ ਦੋਸਤੀ ਉਮਰ ਦੇ ਨਾਲ ਜੱਸਦੇ ਦਿਨ ਚਾਰ ਨਾ ਤੋੜ ਨਿਬਾਹੁੰਦੀ ਹੈ
ਕੋਈ ਓਢਨੀ ਲਾਹ ਕੇ ਮੁਖ ਪੂੰਝੇ ਧੋ ਧਾ ਭਭੂਤ ਚਾ ਲਾਂਵਦੀ ਹੈ
ਕਾਈ ਮੁਖ ਰੰਝੇਟੇ ਦੇ ਨਾਲ ਜੋੜੇ ਤੇਰੀ ਤਰ੍ਹਾ ਕੀ ਜੋਗੀਆ ਚਾਹੁੰਦੀ ਹੈ
ਸਹਿਤੀ ਲਾਡ ਦੇ ਨਾਲ ਚਵਾ ਕਰਕੇ ਚਾ ਸੇਲ੍ਹੀਆਂ ਜੋਗੀ ਦੀਆਂ ਲਾਹੁੰਦੀ ਹੈ
ਰਾਂਝੇ ਪੁੱਛਿਆ ਕੌਣ ਹੈ ਇਹ ਨਢੀ ਧੀ ਅਜੂ ਦੀ ਕਾਈ ਚਾ ਆਂਹਦੀ ਹੈ
ਅੱਜੂ ਬੱਜੂ ਛੱਜੂ ਫੱਜੂ ਅਤੇ ਕੱਜੂ ਹੁੰਦਾ ਕੌਣ ਹੈ ਤਾਂ ਅੱਗੋਂ ਆਂਹਦੀ ਹੈ
ਵਾਰਸ ਸ਼ਾਹ ਨਣਾਨ ਹੈ ਹੀਰ ਸੰਦੀ ਧਿਉ ਖੇੜਿਆਂ ਦੇ ਬਾਦਸ਼ਾਹਾਂ ਦੀ ਹੈ
327. ਰਾਂਝੇ ਦਾ ਉੱਤਰ
ਅੱਜੂ ਧੀ ਰੱਖੀ ਧਾੜੇ ਮਾਰ ਲਬੜ ਮੁਸ਼ਟੰਡੜੀ ਤ੍ਰਿੰਜਨੀਂ ਘੁੰਮਦੀ ਹੈ
ਕਰੇ ਆਨ ਬੇਅਦਬੀਆਂ ਨਾਲ ਫਕਰਾਂ ਸਗੋਂ ਸੇਲ੍ਹੀਆਂ ਨੂੰ ਨਾਹੀਂ ਚੁਮਦੀ ਹੈ
ਲਾਹ ਸੇਲ੍ਹੀਆਂ ਮਾਰਦੀ ਜੋਗੀਆਂ ਨੂੰ ਅਤੇ ਮਿਲਦੀਆਂ ਮਹੀਂ ਨੂੰ ਟੁੰਬਦੀ ਹੈ
ਫਿਰੇ ਨਚਦੀ ਸ਼ੋਖ ਬੇਹਾਨ ਘੋੜੀ ਨਾ ਇਹ ਬਹੇ ਨਾ ਕਤਦੀ ਤੁੰਬਦੀ ਹੈ
ਸਿਰਦਾਰ ਹੈ ਲੋਹਕਾਂ ਲਾਹਕਾਂ ਦੀ ਪੀਣਹ ਡੋਲ੍ਹਦੀ ਤੇ ਤੌਣ ਲੁੰਬਦੀ ਹੈ
ਵਾਰਸ ਸ਼ਾਹ ਦਿਲ ਆਂਵਦਾ ਚੀਰ ਸੁੱਟਾਂ ਬੁਨਿਆਦ ਪਰ ਜ਼ੁਲਮ ਦੀ ਖੁੰਬਦੀ ਹੈ
328. ਉੱਤਰ ਸਹਿਤੀ
ਲੱਗੋਂ ਹੱਥ ਤਾਂ ਪਗੜ ਪਛਾੜ ਸੁੱਟਾਂ ਤੇਰੇ ਨਾਲ ਕਰਸਾਂ ਸੋ ਤੂੰ ਜਾਣਸੈਂ ਵੇ
ਹੱਕੋ ਹੱਕ ਕਰਸਾਂ ਭੰਨ ਲਿੰਗ ਗੋਡੇ ਤਦੋਂ ਰਬ ਨੂੰ ਇੱਕ ਪਛਾਣਸੈਂ ਵੇ
ਵਿਹੜੇ ਵੜਿਆਂ ਤਾਂ ਖੋਹ ਚਟਕੋਰੀਆਂ ਨੂੰ ਤਦੋਂ ਸ਼ੁਕਰ ਬਜਾ ਲਿਆਣਸੈਂ ਵੇ
ਗਧੋ ਵਾਂਗ ਜਾਂ ਜੂੜ ਕੇ ਘੜਾਂ ਤੈਨੂੰ ਤਦੋਂ ਛਟ ਤਦਬੀਰ ਦੀ ਆਣਸੈ ਵੇ
ਸਹਿਤੀ ਉਠ ਕੇ ਘਰਾਂ ਨੂੰ ਖਿਸਕ ਚੱਲੀ ਮੰਗਣ ਆਵਸੈਂ ਤਾਂ ਮੈਨੂੰ ਜਾਣਸੈਂ ਵੇ
ਵਾਰਸ ਸ਼ਾਹ ਵਾਂਗੂੰ ਤੇਰੀ ਕਰਾਂ ਖਿਦਮਤ ਮੌਤ ਸੇਜਿਆ ਦੀ ਤਦੋਂ ਮਾਣਸੈਂ ਵੇ
329 . ਉੱਤਰ ਰਾਂਝਾ
ਸੱਪ ਸ਼ੀਹਨੀ ਵਾਂਕ ਕੁਲਹਿਣੀਏ ਨੀ ਮਾਸ ਖਾਣੀਏ ਤੇ ਰੱਤ ਪੀਣੀਏ ਨੀ
ਕਾਹੇ ਫਕਰ ਦੇ ਨਾਲ ਰੇਹਾੜ ਪਈਏ ਭਲਾ ਬਖਸ਼ ਸਾਨੂੰ ਮਾਪੇ ਜੀਣੀਏ ਨੀ
ਦੁਖੀ ਜੀ ਦੁਖਾ ਨਾ ਭਾਗ ਭਰੀਏ ਸੋਇਨ ਚਿੜੀ ਤੇ ਕੂੰਜ ਲਖੀਣੀਏ ਨੀ
ਸਾਥੋਂ ਨਿਸ਼ਾ ਨਾ ਹੋਸੀਆ ਮੂਲ ਤੇਰੀ ਸਕੇ ਖਸਮ ਥੋਂ ਨਾ ਪਤੀਣੀਏ ਨੀ
ਚਰਖਾ ਚਾਇਕੇ ਨੱਠੀਏ ਮਰਦ ਮਾਰੇ ਕਿਸੇ ਯਾਰ ਨੇ ਪਕੜ ਪਲੀਹਣੀਏ ਨੀ
ਵਾਰਸ ਸ਼ਾਹ ਫਕੀਰ ਦੇ ਵੈਰ ਪਈ ਏ ਜਰਮ ਤੱਤੀਏ ਕਰਮ ਦੀਏ ਹੀਣੀਏ ਨੀ
330. ਰਾਂਝਾ ਇੱਕ ਜਟ ਦੇ ਵਿਹੜੇ ਵਿੱਚ
ਵਿਹੜੇ ਜੱਟਾਂ ਦੇ ਮੰਗਦਾ ਜਾ ਵੜਿਆ ਅੱਗੇ ਜੱਟ ਬੈਠਾ ਗਾਉਂ ਮੇਲਦਾ ਹੈ
ਸਿੰਙੀ ਫੂਕ ਕੇ ਨਾਦ ਘੁਕਾਇਆ ਸੁ ਜੋਗੀ ਗੱਜਗਜੇ ਵਿੱਚ ਜਾ ਠੇਲਦਾ ਹੈ
ਵਿਹੜੇ ਵਿੱਚ ਅਧੂਤ ਜਾ ਗਜਿਆਈ ਮਸਤ ਸਾਨ੍ਹ ਵਾਂਗੂੰ ਜਾਇ ਖੇਲਦਾ ਹੈ
ਹੂ ਹੂ ਕਰਕੇ ਸੰਘ ਟੱਡਿਆ ਸੂ ਫੀਲਵਾਨ ਜਿਉਂ ਹਸਤ ਨੂੰ ਪੇਲਦਾ ਹੈ
331. ਜਟ ਨੇ ਕਿਹਾ
ਨਿਆਣਾ ਤੋੜ ਕੇ ਢਾਂਡੜੀ ਉਠ ਨੱਠੀ ਬੰਨ ਦੋਹਣੀ ਦੁੱਧ ਸਭ ਡੋਹਲਿਆ ਈ
ਘਰ ਖ਼ੈਰ ਏਸ ਕਟਕ ਦੇ ਮੋਹਰੀ ਨੂੰ ਜਟ ਉਠਕੇ ਰੋਹ ਹੋ ਬੋਲਿਆ ਈ
ਝਿਰਕ ਭੁਖੜੇ ਦੇਸ ਦਾ ਇਹ ਜੋਗੀ ਏਥੇ ਦੰਦ ਕੀ ਆਨ ਕੇ ਘੋਲਿਆ ਈ
ਸੂਰਤ ਜੋਗੀਆਂ ਦੀ ਅੱਖੀਂ ਗੁੰਡਿਆਂ ਦੀਆਂ ਦਾਬ ਕਟਾਕ ਦੇ ਤੇ ਜਿਉ ਡੋਲਿਆ ਈ
ਜੋਗੀ ਅੱਖੀਆਂ ਕਢ ਕੇ ਘਤ ਤਿਊੜੀ ਲੈ ਕੇ ਖਪਰਾ ਹੱਥ ਵਿੱਚ ਤੋਲਿਆ ਈ
ਵਾਰਸ ਸ਼ਾਹ ਹੁਣ ਜੰਗ ਤਹਿਕੀਕ ਹੋਇਆ ਜੰਬੂ ਸ਼ਾਕਣੀ ਦੇ ਅੱਗੇ ਬੋਲਿਆ ਈ
332. ਜੱਟੀ ਨੇ ਰਾਂਝੇ ਨੂੰ ਬੁਰਾ ਭਲਾ ਕਿਹਾ
ਜੱਟੀ ਬੋਲ ਕੇ ਦੁੱਧ ਦੀ ਕਸਰ ਕਢੀ ਸੱਭੇ ਅੜਤਨੇ ਪੜਤਨੇ ਪਾੜ ਸੁੱਟੇ
ਪੁਣੇ ਦਾਦ ਪੜਦਾਦੜੇ ਜੋਗੀੜੀ ਦੇ ਸੱਭੇ ਟੰਗਨੇ ਤੇ ਸਾਕ ਟਾੜ੍ਹ ਸੁੱਟੇ
ਮਾਰ ਬੋਲੀਆਂ ਗਾਲੀਆਂ ਦੇ ਜੱਟੀ ਸਭ ਫਕਰ ਦੇ ਪਿਤੜੇ ਸਾੜ ਸੁੱਟੇ
ਜੋਗੀ ਰੋਹ ਦੇ ਨਾਲ ਖੜਲੱਤ ਘੱਤੀ ਧੌਲ ਮਾਰ ਕੇ ਦੰਦ ਸਭ ਝਾੜ ਸੁੱਟੇ
ਜੱਟੀ ਜ਼ਮੀਂ ਤੇ ਪਟੜੇ ਵਾਂਗ ਢੱਠੀ ਜੈਸੇ ਵਾਹਰੂ ਫਟ ਕੇ ਧਾੜ ਸੁਟੇ
ਵਾਰਸ ਸ਼ਾਹ ਮੀਆਂ ਜਿਵੇਂ ਮਾਰ ਤੇਸ਼ੇ ਫਰਹਾਦ ਨੇ ਚੀਰ ਪਹਾੜ ਸੁੱਟੇ
333. ਜੱਟ ਦੀ ਫਰਿਆਦ
ਜੱਟ ਦੇਖ ਕੇ ਜੱਟੀ ਨੂੰ ਕਾਂਗ ਕੀਤੀ ਦੇਖੋ ਪਰੀ ਨੂੰ ਰਿਛ ਪਥੱਲਿਆ ਜੇ
ਮੇਰੀ ਸਈਆ ਦੀ ਮੋਹਰਨ ਮਾਰ ਜਿੰਦੋ ਤਿਲਕ ਮਹਿਰ ਦੀ ਜੂਹ ਨੂੰ ਚੱਲਿਆ ਜੇ
'ਲੋਕਾਂ ਬਾਹੁੜੀ' ਤੇ ਫਰਿਆਦ ਕੂਕੇ ਮੇਰਾ ਝੁੱਗੜਾ ਚੌੜ ਕਰ ਚੱਲਿਆ ਜੇ
ਪਿੰਡ ਵਿੱਚ ਇਹ ਆਣ ਬਲਾ ਵਿੱਜੀ ਜੇਹਾ ਜਿੰਨ ਪਛਵਾੜ ਵਿੱਚ ਮੱਲਿਆ ਜੇ
ਪਕੜ ਲਾਠੀਆਂ ਗੱਭਰੂ ਆਣ ਢੁੱਕੇ ਵਾਂਗ ਗਾਂਢਵੇਂ ਕਣਕ ਦੇ ਹੱਲਿਆ ਜੇ
ਵਾਰਸ ਸ਼ਾਹ ਜਿਉਂ ਧੂਇਆਂ ਸਿਰਕਿਆਂ ਤੋਂ ਬੱਦਲ ਪਾਟ ਕੇ ਘਟਾਂ ਹੋ ਚੱਲਿਆ ਜੇ
334. ਜੱਟੀ ਦੀ ਮਦਦ ਤੇ ਆਏ
ਆਇ ਆਇ ਮੁਹਾਣਿਆਂ ਜਦੋਂ ਕੀਤੀ ਚੌਹੀਂ ਵਲੀਂ ਜਾਂ ਪਲਮ ਕੇ ਆਇ ਗਏ
ਸੱਚੋ ਸੱਚ ਜਾਂ ਫਾਟ ਤੇ ਝਵੇਂ ਵੈਰੀ ਜੋਗੀ ਹੋਰੀਂ ਭੀ ਜੀ ਚੁਰਾਇ ਗਏ
ਦੇਖੋ ਫਕਰ ਅੱਲਾਹ ਦੇ ਮਾਰ ਜੱਟੀ ਓਸ ਜਟ ਨੂੰ ਵਾਇਦਾ ਪਾਇ ਗਏ
ਜਦੋਂ ਮਾਰ ਚੌਤਰਫ ਤਿਆਰ ਹੋਈ ਓਥੋਂ ਆਪਣਾ ਆਪ ਖਿਸਕਾਇ ਗਏ
ਇੱਕ ਫਾਟ ਕੱਢੀ ਸਭੇ ਸਮਝ ਗਈਆਂ ਰੰਨਾਂ ਪਿੰਡ ਦੀਆਂ ਨੂੰ ਰਾਹ ਪਾਇ ਗਏ
ਜਦੋਂ ਖਸਮ ਮਿਲੇ ਪਿੱਛੋਂ ਵਾਹਰੋ ਦੇ ਤਦੋਂ ਧਾੜਵੀ ਖੁਰੇ ਉਠਾਇ ਗਏ
ਹੱਥ ਲਾਇਕੇ ਬਰਕਤੀ ਜਵਾਨ ਪੂਰੇ ਕਰਾਮਾਤ ਜ਼ਾਹਰਾ ਦਿਖਲਾਇ ਗਏ
ਵਾਰਸ ਸ਼ਾਹ ਮੀਆਂ ਪਟੇ ਬਾਜ਼ ਛੁੱਟੇ ਜਾਨ ਰਖ ਕੇ ਚੋਟ ਚਲਾਇ ਗਏ
335. ਜੋਗੀ ਦੀ ਤਿਆਰੀ
ਜੋਗੀ ਮੰਗ ਕੇ ਪਿੰਡ ਤਿਆਰ ਹੋਇਆ ਆਟਾ ਮੇਲ ਕੇ ਖਪਰਾ ਪੂਰਿਆ ਈ
ਕਿਸੇ ਹੱਸ ਕੇ ਰੁਗ ਚਾ ਪਾਇਆਈ ਕਿਸੇ ਜੋਗੀ ਨੂੰ ਚਾ ਵਡੂਰਿਆ ਈ
ਕਾਈ ਦੱਬ ਕੇ ਜੋਗੀ ਨੂੰ ਡਾਂਟ ਲੈਂਦੀ ਕਿਤੇ ਓਨ੍ਹਾਂ ਨੂੰ ਜੋਗੀ ਨੇ ਘੁਰਿਆ ਈ
ਫਲੇ ਖੇੜਿਆਂ ਦੇ ਝਾਤ ਪਾਇਆ ਸੁ ਜਿਵੇਂ ਸੋਲ੍ਹਵੀਂ ਦਾ ਚੰਦ ਪੂਰਿਆ ਈ
336. ਰਾਂਝਾ ਖੇੜਿਆਂ ਦੇ ਘਰੀਂ ਆਇਆ
ਕੈਦੀਆਂ ਵਲਗਨਾਂ ਵਿਹੜੇ ਤੇ ਅਰਲਖੋੜਾਂ ਕੈਂਦੀਆਂ ਬੱਖਲਾਂ ਤੇ ਖੁਰਲਾਨੀਆਂ ਨੀ
ਕੈਂਦੀਆਂ ਕੋਰੀਆਂ ਚਾਟੀਆਂ ਨਹੀਂਆਂ ਤੇ ਕੈਂਦੀਆਂ ਕਿੱਲੀਆਂ ਨਾਲ ਮਧਾਣੀਆਂ ਨੀ
ਏਥੇ ਇੱਕ ਛਛੋਹਰੀ ਜੇਹੀ ਬੈਠੀ ਕਿਤੇ ਨਿੱਕਲੀਆਂ ਘਰੋਂ ਸਾਊ ਆਣੀਆਂ ਨੀ
ਛਤ ਨਾਲ ਟੰਗੇ ਹੋਏ ਨਜ਼ਰ ਆਵਣ ਖੋਪੇ ਨਾੜੀਆਂ ਅਤੇ ਪਰਾਣੀਆਂ ਨੀ
ਕੋਈ ਪਲੰਘ ਉਤੇ ਨਾਗਰਵੇਲ ਪੱਈਆਂ ਜਿਹੀਆਂ ਰੰਗ ਮਹਿਲ ਵਿੱਚ ਰਾਣੀਆਂ ਨੀ
ਵਾਰਸ ਕੁਆਰੀਆਂ ਕਸ਼ਟਨੇ ਕਰਨ ਪਈਆਂ ਮੋਏ ਮਾਪੜੇ ਤੇ ਮਿਹਨਤਾਣੀਆਂ ਨੀ
ਸਹਿਤੀ ਆਖਿਆ ਭਾਬੀਏ ਦੇਖਨੀ ਹੈ ਫਿਰਦਾ ਲੁੱਚਾ ਮੁੰਡਾ ਕਰਸਾਣੀਆ ਨੀ
ਕਿਤੇ ਸੱਜਰੇ ਕੰਨ ਪੜਾ ਲੀਤੇ ਧੁਰੋਂ ਲਾਹਨਤਾਂ ਇਹ ਪੁਰਾਣੀਆਂ ਨੀ
337. ਰਾਂਝਾ ਹੀਰ ਦੇ ਘਰ ਆਇਆ
ਜੋਗੀ ਹੀਰ ਦੇ ਸਾਹੁਰੇ ਜਾ ਵੜਿਆ ਭੁਖਾ ਬਾਜ਼ ਜਿਉਂ ਫਿਰੇ ਲਲੋਰ ਦਾ ਜੀ
ਆਇਆ ਖ਼ੁਸ਼ੀ ਦੇ ਨਾਲ ਦੋ ਚੰਦ ਹੋ ਕੇ ਸੂਬਾਦਾਰ ਜਿਵੇਂ ਨਵਾਂ ਲਾਹੌਰ ਦਾ ਜੀ
ਧੁਸ ਦੇ ਵਿਹੜੇ ਜਾ ਵੜਿਆ ਹੱਥ ਕੀਤਾ ਸੁ ਸੱਬ ਦੇ ਚੋਰ ਦਾ ਜੀ
ਜਾ ਅਲਖ ਵਜਾਇਕੇ ਨਾਦ ਫੁਕੇ ਸਵਾਲ ਪਾਉਂਦਾ ਲੁਤਪੁਤਾ ਲੋੜ ਦਾ ਜੀ
ਅਨੀ ਖੇੜਿਆਂ ਦੀਏ ਪਿਆਰੀਏ ਵੌਹਟੀਏ ਨੀ ਹੀਰੇ ਸੁਖ ਹੈ ਚਾ ਟਕੋਰ ਦਾ ਜੀ
ਵਾਰਸ ਸ਼ਾਹ ਹੁਣ ਦਿਗ ਨੂੰ ਜਿਵੇਂ ਫੋਲੇ ਪ੍ਰਸ਼ਨ ਲੱਗਿਆ ਜੰਗ ਤੋਂ ਸ਼ੋਰ ਦਾ ਜੀ
338. ਉੱਤਰ ਸਹਿਤੀ
ਸੱਚ ਆਖ ਤੂੰ ਰਾਵਲਾ ਵੇ ਕਹੇ ਸਹਿਤੀ ਤੇਰਾ ਜਿਉ ਕਾਈ ਗੱਲ ਲੋੜ ਦਾ ਜੀ
ਵਿਹੜੇ ਵੜਦਿਆਂ ਰਿੱਕਤਾਂ ਛੇੜੀਆਂ ਨੀ ਕੰਡਾ ਵਿੱਚ ਕਲੇਜੜੇ ਪੋੜ ਦਾ ਜੀ
ਬਾਦਸ਼ਾਹ ਦੇ ਬਾਗ਼ ਵਿੱਚ ਨਾਲ ਚਾਵੜ ਫਿਰੇਂ ਫੁਲ ਗੁਲਾਬ ਦਾ ਤੋੜ ਦਾ ਜੀ
ਵਾਰਸ ਸ਼ਾਹ ਨੂੰ ਸ਼ੁਤਰ ਮੁਹਾਰ ਬਾਝੋਂ ਡਾਂਗ ਨਾਲ ਕੋਈ ਮੂੰਹ ਮੋੜ ਦਾ ਜੀ
339. ਉੱਤਰ ਰਾਂਝਾ
ਆ ਕੁਆਰੀਏ ਐਡ ਅਪਰਾਧਨੇ ਨੀ ਧੱਕਾ ਦੇ ਨਾ ਹਿੱਕ ਦੇ ਜ਼ੋਰ ਦਾ ਨੀ
ਬੁੰਦੇ ਕੰਦਲੀ ਨਥਲੀ ਹੱਸ ਕੜੀਆਂ ਬੈਸੇ ਰੂਪ ਬਣਾਇਕੇ ਮੋਰ ਦਾ ਨੀ
ਅਨੀ ਨੱਢੀਏ ਰਿਕਤਾਂ ਛੇੜ ਨਾਹੀਂ ਇਹ ਕੰਮ ਨਾਹੀਂ ਧੁਮ ਸ਼ੋਰ ਦਾ ਨੀ
ਵਾਰਸ ਸ਼ਾਹ ਫਕੀਰ ਗਰੀਬ ਉਤੇ ਵੈਰ ਕੱਢਿਉਈ ਕਿਸੇ ਖੋਰ ਦਾ ਨੀ
340. ਉੱਤਰ ਸਹਿਤੀ
ਕਲ ਜਾਇਕੇ ਨਾਲ ਚਵਾ ਚਾਵੜ ਸਾਨੂੰ ਭੰਨ ਭੰਡਾਰ ਕਢਾਇਉ ਵੇ
ਅੱਜ ਆਣ ਵੜਿਉਂ ਜਿੰਨ ਵਾਂਗ ਵਿਹੜੇ ਵੈਰ ਕੁਲ ਦਾ ਆਣ ਜਗਾਇਉ ਵੇ
ਗਦੋਂ ਆਣ ਵੜਿਉਂ ਵਿੱਚ ਛੋਹਰਾਂ ਦੇ ਕਿਨ੍ਹਾਂ ਸ਼ਾਮਤਾਂ ਆਣ ਫਹਾਇਉਂ ਵੇ
ਵਾਰਸ ਸ਼ਾਹ ਰਜ਼ਾ ਦੇ ਕੰਮ ਦੇਖੋ ਅੱਜ ਰੱਬ ਨੇ ਠੀਕ ਕੁਟਾਇਉ ਵੇ
341. ਉੱਤਰ ਜੋਗੀ
ਕੱਚੀ ਕੁਆਰੀਏ ਲੋੜ੍ਹ ਦੀਏ ਮਾਰੀਏ ਨੀ ਟੂਣੇ ਹਾਰੀਏ ਆਖ ਕੀ ਆਹਨੀ ਹੈਂ
ਭਲਿਆਂ ਨਾਲ ਬੁਰਿਆਂ ਕਾਹੇ ਹੋਵਨੀ ਹੈਂ ਕਾਈ ਬੁਰੇ ਹੀ ਭਾਵਨੇ ਚਾਹਨੀ ਹੈਂ
ਅਸਾਂ ਭੁਖਿਆਂ ਆਣ ਸਵਾਲ ਕੀਤਾ ਕਹਿਆਂ ਗੋਬ ਦੀਆਂ ਰਿੱਕਤਾਂ ਡਾਹਨੀ ਹੈਂ
ਵਿੱਚੋਂ ਪੱਕੀਏ ਛੈਲ ਉਚੱਕੀਏ ਨੀ ਰਾਹ ਜਾਂਦੜੇ ਮਿਰਗ ਕਿਉਂ ਫਾਹਨੀ ਹੈ
ਗੱਲ ਹੋ ਚੁੱਕੀ ਫੇਰ ਛੇੜਨੀ ਹੈਂ ਹਰੀ ਸਾਖ ਨੂੰ ਮੋੜ ਕਿਉਂ ਵਾਹਨੀ ਹੈ
ਘਰ ਜਾਣ ਸਰਦਾਰ ਦਾ ਭੀਖ ਮਾਂਗੀ ਸਾਡਾ ਅਰਸ਼ ਦਾ ਕਿੰਗਰਾ ਢਾਹਨੀ ਹੈ।
ਕੇਹਾ ਨਾਲ ਪਰਦੇਸੀਆਂ ਵੈਰ ਚਾਇਉ ਚੈਂਚਰ ਹਾਰੀਏ ਆਖ ਕੀ ਆਹਨੀ ਹੈ
ਰਾਹ ਜਾਂਦੜੇ ਫਕਰ ਖਹੇੜਨੀ ਹੈਂ ਆ ਨਹਿਰੀਏ ਸਿੰਗ ਕਿਉਂ ਡਾਹਨੀ ਹੈ
ਘਰ ਪਈਅੜੇ ਧਰੋਹੀਆਂ ਘੇਰੀਆਂ ਨੀ ਢਗੀ ਵਿਹਰੀਏ ਸਾਨ੍ਹਾਂ ਨੂੰ ਵਾਹਨੀ ਹੈ
ਆ ਵਾਸਤਾ ਈ ਨੈਨਾਂ ਗੁੰਡਿਆਂ ਦਾ ਇਹ ਕਲ੍ਹਾ ਕਿਵੇਂ ਪਿੱਛੇ ਲਾਹਣੀ ਹੈ
ਅਸ਼ਕਾਰ ਦਰਿਆ ਵਿੱਚ ਖੇਡ ਮੋਈਏ ਕੱਹੀਆਂ ਮੂਤ ਵਿੱਚ ਮੱਛੀਆਂ ਫਾਹਨੀ ਹੈ
ਵਾਰਸ ਸ਼ਾਹ ਫਕੀਰ ਨੂੰ ਛੇੜਨੀ ਹੈਂ ਅੱਖੀਂ ਨਾਲ ਕਿਉਂ ਖੱਖਰਾਂ ਲਾਹਨੀ ਹੈ
342. ਉੱਤਰ ਸਹਿਤੀ
ਅਨੀ ਸੁਣੋ ਭੈਣਾ ਕੋਈ ਛਿਟ ਜੋਗੀ ਵੱਡੀ ਜੂਠ ਭੈੜਾ ਕਿਸੇ ਥਾਂਉ ਦਾ ਹੈ
ਝਗੜੈਲ ਮਰਖਨਾ ਘੰਡ ਮੱਚੜ ਰੱਪੜ ਖੰਡ ਇਹ ਕਿਸੇ ਗਰਾਉਂ ਦਾ ਹੈ
ਪਰਦੇਸੀਆਂ ਦੀ ਨਹੀਂ ਡੌਲ ਇਸ ਦੀ ਇਹ ਵਾਕਫ ਬਰੀ ਦੇ ਨਾਉਂ ਦਾ ਹੈ
ਗੱਲ ਆਖ ਕੇ ਹੱਥਾਂ ਤੇ ਪਵੇ ਮੁੱਕਰ ਆਪੇ ਲਾਂਵਦਾ ਆਪ ਬੁਝਾਂਦਾ ਹੈ
ਹੁਣੇ ਭੰਨ ਕੇ ਖਪਰੀ ਤੋੜ ਸੇਲ੍ਹੀ ਨਾਲੇ ਜਟਾਂ ਦੀ ਚੁਟ ਖੁਹਾਂਦਾ ਹੈ
ਜੋ ਮੈਂ ਉਠ ਕੇ ਪਾਣ ਪਤ ਲਾਹ ਸੁੱਟਾਂ ਪੈਂਚ ਇਹ ਨਾ ਕਿਸੇ ਗਰਾਉਂ ਦਾ ਹੈ
ਕੋਈ ਡੂਮ ਮੋਚੀ ਇੱਕੇ ਢੀਡ ਕੰਜਰ ਇੱਕੇ ਚੂਹੜਾ ਕਿਸੇ ਸਰਾਉਂਦਾ ਹੈ
ਵਾਰਸ ਸ਼ਾਹ ਮੀਆਂ ਵਾਹ ਲਾ ਰਹੀਆਂ ਇਹ ਝਗੜਿਉਂ ਬਾਜ਼ ਨਾ ਆਉਂਦਾ ਹੈ।
343. ਉੱਤਰ ਰਾਂਝਾ
ਪਕੜ ਢਾਲ ਤਲਵਾਰ ਕਿਉਂ ਗਿਰਦ ਹੋਈ ਮੱਥਾ ਮੁੰਨੀਏ ਕੜਮੀਏ ਭਾਗੀਏ ਨੀ
ਚੈਂਚਰ ਹਾਰੀਏ ਡਾਰੀਏ ਜੰਗ ਬਾਜ਼ੇ ਛੱਪਰ ਨੱਕੀਏ ਬੁਰੇ ਤੇ ਲਾਗੀਏ ਨੀ
ਫਸਾਦ ਦੀ ਫੌਜ ਦੀਏ ਪੇਸ਼ਵਾਏ ਸ਼ੈਤਾਨ ਦੀ ਲੱਕ ਛੜਾਗੀਏ ਨੀ
ਅਸੀਂ ਜੱਟੀਆਂ ਨਾਲ ਜੋ ਕਰੇ ਝੇੜੇ ਦੁਖ ਜ਼ੁਹਦ ਤੇ ਫਕਰ ਕਿਊ ਜ਼ਾਗੀਏ ਨੀ
ਮੱਥਾ ਡਾਹ ਨਾਹੀਂ ਆ ਛੱਡ ਪਿੱਛਾ ਭੰਨੇ ਜਾਂਦੇ ਮਗਰ ਨਾ ਲਾਗੀਏ ਨੀ
ਵਾਰਸ ਸ਼ਾਹ ਫਕੀਰ ਦੇ ਕਦਮ ਫੜੀਏ ਛੀ ਕਿਬਰ ਹੰਕਾਰ ਤਿਆਗੀਏ ਨੀ
344. ਉੱਤਰ ਸਹਿਤੀ
ਚੱਕੀ ਹਾਣੀਆਂ ਵਿੱਚ ਵਿਚਾਰ ਪੌਦੀ ਇਹਦੀ ਧੁਮ ਤਨੂਰ ਤੇ ਭਠ ਹੈ ਨੀ
ਕਮਜ਼ਾਤ ਕੁਪੱਤੜਾ ਢੀਡ ਬੈਡਾ ਪੁਰੇ ਦੇ ਨਾਲ ਦੀ ਚੱਠ ਹੈ ਨੀ
ਭੇੜੂਕਾਰ ਘੁਠਾ ਠੱਗ ਮਾਝੜੇ ਦਾ ਲੈਂਦਾ ਰੰਨ ਛਰੋਲੀ ਦਾ ਹੱਠ ਹੈ ਨੀ
ਮੰਗ ਖਾਣੇ ਹਰਾਮ ਮੁਸ਼ਟੰਡਿਆਂ ਨੂੰ ਵੱਡਾ ਸਾਰ ਹਸ਼ਧਾਤ ਦੀ ਲੱਠ ਹੈ ਨੀ
ਮੁਸ਼ਟੰਡੜੇ ਤੁਰਤ ਪਛਾਨ ਲਈਦੇ ਕੰਮ ਡਾਹ ਦਿਉ ਇਹ ਵੀ ਜੱਟ ਹੈ ਨੀ
ਇਹ ਜੱਟ ਹੈ ਪਰ ਝੁੱਘਾ ਪਟ ਹੈ ਨੀ ਇਹ ਚੌਧਰੀ ਚੌੜ ਚੌਪਟ ਹੈ ਨੀ
ਗੱਦੋਂ ਲੱਦਿਆ ਸਣੇ ਇਹ ਛੱਟ ਹੈ ਨੀ ਭਾਵੇਂ ਵੇਲੇ ਦੀ ਇਹ ਲਠ ਹੈ ਨੀ
345. ਗੁਆਢਨਾਂ ਦਾ ਉੱਤਰ
ਵਿਹੜੇ ਵਾਲੀਆ ਦਾਨੀਆਂ ਆਨ ਖੜ੍ਹੀਆਂ ਕਿਉਂ ਬੋਲਦੀਆਂ ਤੁਸੀਂ ਦੀਵਾਨੜੇ ਨੀ
ਕੁੜੀਏ ਕਾਸ ਨੂੰ ਲੂਝਦੀ ਨਾਲ ਜੋਗੀ ਇਹ ਜੰਗਲੀ ਖਰੇ ਨਮਾਨੜੇ ਨੀ
ਮੰਗ ਖਾਇਕੇ ਸਦਾ ਇਹ ਦੇਸ ਤਿਆਗਨ ਤੱਬੂ ਆਸ ਦੇ ਇਹ ਤਾਣਦੇ ਨੀ
ਜਾਪ ਜਾਣਦੇ ਰੱਬ ਦੀ ਯਾਦ ਵਾਲਾ ਐਡੇ ਝਗੜੇ ਇਹ ਨਾਲ ਜਾਣਦੇ ਨੀ
ਸਦਾ ਰਹਿਣ ਉਦਾਸ ਨਿਰਾਸ ਨੰਗੇ ਬਿਰਛ ਭੋਗ ਕੇ ਸਿਆਲ ਲੰਘਾਂਵਦੇ ਨੀ
ਵਾਰਸ ਸ਼ਾਹ ਪਰ ਅਸਾਂ ਮਾਅਲੂਮ ਕੀਤਾ ਜੱਟੀ ਜੋਗੀ ਦੋਵੇਂ ਇੱਕਸ ਹਾਨ ਦੇ ਨੀ
346. ਸਹਿਤੀ ਦਾ ਉੱਤਰ
ਨੈਨਾਂ ਹੀਰ ਦਿਆਂ ਦੇਖ ਕੇ ਆਹ ਭਰਦਾ ਵਾਂਗ ਆਸ਼ਕਾਂ ਅੱਖੀਆਂ ਮੀਟਦਾ ਈ
ਜਿਵੇਂ ਖਸਮ ਕੁਪੱਤੜਾ ਰੰਨ ਭੰਡੇ ਕੀਤੀ ਗੱਲ ਨੂੰ ਪਿਆ ਘਸੀਟਦਾ ਈ
ਰੰਨਾਂ ਗੁੰਡੀਆਂ ਵਾਂਗ ਫਰਫੇਜ ਕਰਦਾ ਤੋੜਨ ਹਾਰੜਾ ਲੱਗੜੀ ਪ੍ਰੀਤ ਦਾ ਈ
ਘਤ ਘਗਰੀ ਬਹੇ ਇਹ ਵੱਡਾ ਠੇਠਰ ਇਹ ਉਸਤਾਦੜਾ ਕਿਸੇ ਮਸੀਤ ਦਾ ਈ
ਚੂੰਢੀ ਵੱਖੀਆਂ ਦੇ ਵਿੱਚ ਵੱਢ ਲੈਂਦਾ ਪਿੱਛੋਂ ਆਪਣੀ ਵਾਰ ਮੁੜ ਚੀਤ ਦਾ ਈ
ਇੱਕੇ ਖੈਰ ਹੱਥਾਂ ਨਹੀਂ ਇਹ ਰਾਵਲ ਇੱਕੇ ਚੋਲੜਾ ਕਿਸੇ ਪਲੀਤ ਦਾ ਈ
ਨਾ ਇਹ ਜਿੰਨ ਨਾ ਭੂਤ ਨਾ ਰਿਛ ਬਾਂਦਰ ਨਾ ਇਹ ਚੇਲੜਾ ਕਿਸੇ ਅਤੀਤ ਦਾ ਈ
ਵਾਰਸ ਸ਼ਾਹ ਪ੍ਰੇਮ ਦੀ ਜ਼ੀਲ ਨਿਆਰੀ ਨਿਆਰਾ ਅੰਤਰਾ ਇਸ਼ਕ ਦੇ ਗੀਤ ਦਾ ਈ
347. ਉੱਤਰ ਰਾਂਝਾ
ਇਹ ਮਿਸਲ ਮਸ਼ਹੂਰ ਹੈ ਜਗ ਸਾਰੇ ਕਰਮ ਰਬ ਦੇ ਜੇਡ ਨਾ ਮਿਹਰ ਹੈ ਨੀ
ਹੁਨਰ ਝੂਠ ਕਮਾਨ ਲਹੌਰ ਜੇਹੀ ਅਤੇ ਕਾਂਉਰੂ ਜੇਡ ਨਾ ਸਿਹਰ ਹੈ ਨੀ
ਚੁਗਲੀ ਨਹੀਂ ਦੀਪਾਲਪੁਰ ਕੋਟ ਜੇਹੀ ਉਹ ਨਮਰੂਦ ਦੀ ਥਾਂਉਂ ਬੇ ਮਿਹਰ ਹੈ ਨੀ
ਨਕਸ਼ ਚੀਨ ਤੇ ਮੁਸ਼ਕ ਨਾ ਖਤਮ ਜੇਹਾ ਸੂਸਫ ਜ਼ੇਬ ਨਾ ਕਿਸੇ ਦਾ ਚਿਹਰ ਹੈ ਲੀ
ਮੈਂ ਤਾਂ ਤੋੜ ਹਸ਼ਧਾਤ ਦੇ ਕੋਟ ਸੁੱਟਾਂ ਰੈਨੂੰ ਦੱਸ ਖਾ ਕਾਸ ਦੀ ਵੇਹਰ ਹੈ ਨੀ
ਬਾਤ ਬਾਤ ਤੇਰੀ ਵਿੱਚ ਹੈਨ ਕਾਮਨ ਵਾਰਸ ਸ਼ਾਹ ਦਾ ਸ਼ਿਅਰ ਕੀ ਸਿਹਰ ਹੈ ਨੀ
348. ਉਹੀ
ਕੋਈ ਅਸਾਂ ਜਿਹਾ ਵਲੀ ਸਿਧ ਨਾਹੀਂ ਜਗ ਆਂਵਦਾ ਨਜ਼ਰ ਜ਼ਹੂਰ ਜੇਹਾ
ਦਸਤਾਰ ਬਜਵਾੜਿਉਂ ਖੂਬ ਆਵੇ ਅਤੇ ਬਾਫਤਾ ਨਹੀਂ ਕਸੂਰ ਜੇਹਾ
ਕਸ਼ਮੀਰ ਜੇਹਾ ਕੋਈ ਮੁਲਕ ਨਾਹੀਂ ਨਹੀਂ ਚਾਣਨਾ ਚੰਦ ਦੇ ਨੂਰ ਜੇਹਾ
ਅੱਗੇ ਨਜ਼ਰ ਦੇ ਮਜ਼ਾ ਮਾਅਸ਼ੂਕ ਦਾ ਹੈ ਅਤੇ ਢੋਲ ਨਾ ਸੋਹਦਾ ਦੂਰ ਜੇਹਾ
ਨਹੀਂ ਰੰਨ ਕੁਲੱਛਨੀ ਤੁਧ ਜੇਹੀ ਨਹੀਂ ਜ਼ਲਜ਼ਲਾ ਹਸ਼ਰ ਦੇ ਸੁਰ ਜੇਹਾ
ਸਹਿਤੀ ਜੇਡ ਨਾ ਹੋਰ ਝਗੜੈਲ ਕੋਈ ਅਤੇ ਸੁਹਣਾ ਹੋਰ ਨਾ ਤੂਰ ਜੇਹਾ
ਖੇੜਿਆਂ ਜੇਡ ਨਾ ਨੇਕ ਕੋਈ ਕੋਈ ਥਾਂਉਂ ਨਾ ਬੈਤ ਮਾਅਮੂਰ ਜੇਹਾ
ਸਹਿਜ ਵਸਦੀਆਂ ਜੇਡ ਨਾਲ ਭਲਾ ਕੋਈ ਬੁਰਾ ਨਹੀਂ ਹੈ ਕੰਮ ਫਤੂਰ ਜਿਹਾ
ਹਿੰਗ ਜੇਡ ਨਾ ਹੋਰ ਬਦਬੂ ਕੋਈ ਬਾਸਦਾਰ ਨਾ ਹੋਰ ਕਚੂਰ ਜੇਹਾ
ਵਾਰਸ ਸ਼ਾਹ ਜੇਹਾ ਗੁਨਾਹਗਾਰ ਨਾਹੀਂ ਕੋਈ ਤਾਓ ਨਾ ਤਪਤ ਤੰਦੂਰ ਜਿਹਾ
349. ਉੱਤਰ ਸਹਿਤੀ
ਜੋਗ ਦੱਸ ਖਾਂ ਕਿੱਧਰੋਂ ਹੋਇਆ ਪੈਦਾ ਕਿੱਥੋਂ ਹੋਇਆ ਸੰਡਾਸ ਬੈਰਾਗ ਹੈ ਵੇ ਕੇਤੀ ਰਾਹ ਹੈਨ ਜੋਗ ਦੇ ਦੱਸ ਵੇ ਖਾਂ ਕਿੱਥੋਂ ਨਿਕਲਿਆ ਜੋਗ ਦਾ ਰਾਗ ਹੈ ਵੇ ਇਹ ਖਪਰੀ ਸੇਲ੍ਹੀਆਂ ਨਾਦ ਕਿੱਥੋਂ ਕਿਸ ਬੰਧਿਆ ਜੁਟਾਂ ਦੀ ਪਾਗ ਹੈ ਵੇ ਵਾਰਸ ਸ਼ਾਹ ਭਬੂਤ ਕਿਸ ਕੱਢਿਆ ਈ ਕਿੱਥੋਂ ਨਿਕਲੀ ਪੂਜਣੀ ਆਗ ਹੈ ਵੇ
350. ਉੱਤਰ ਰਾਂਝਾ
ਮਹਾਂਦੇਵ ਥੋਂ ਜੋਗ ਦਾ ਪੰਥ ਬਣਿਆ ਦੇਵ ਦਤ ਹੈ ਗੁਰੂ ਸੰਡਾਸੀਆਂ ਦਾ
ਰਾਮਾਨੰਦ ਥੋਂ ਸਭ ਵੈਰਾਗ ਹੋਇਆ ਪਰਮ ਜੋਤ ਹੈ ਗੁਰੂ ਉਦਾਸੀਆਂ ਦਾ
ਬ੍ਰਹਮਾ ਬਰਾਹਮਣਾ ਦਾ ਰਾਮ ਹਿੰਦੂਆਂ ਦਾ ਬਿਸ਼ਨ ਅਤੇ ਮਹੇਸ਼ ਸ਼ੁਭ ਰਾਸੀਆਂ ਦਾ
ਸੁਥਰਾ ਸੁਥਰਿਆ ਦਾ ਨਾਨਕ ਦਾਸੀਆਂ ਦਾ ਸ਼ਾਹ ਮੱਖਣ ਹੈ ਮੰਡ ਅਭਾਸੀਆਂ ਦਾ
ਜਿਵੇਂ ਸਈਅੱਦ ਜਲਾਲ ਜਲਾਲੀਆਂ ਦਾ ਤੇ ਅਦਸੇ ਕਰਨੀ ਖੱਖੇ ਕਾਸਿਆਂ ਦਾ
ਜਿਵੇਂ ਸ਼ਾਹ ਮਦਾਰ ਮਦਾਰੀਆਂ ਦਾ ਅੰਸਾਰ ਅੰਸਾਰੀਆਂ ਤਾਸੀਆਂ ਦਾ
ਹੈ ਵਸ਼ਿਸ਼ਠ ਨਿਰਬਾਨ ਵੈਰਾਗੀਆਂ ਦਾ ਸਿਰੀ ਕਰਿਸ਼ਨ ਭਗਵਾਨ ਉਪਾਸੀਆਂ ਦਾ
ਹਾਜੀ ਨੋਸ਼ਾ ਜਿਵੇਂ ਨੌਸ਼ਾਹੀਆਂ ਦਾ ਅਤੇ ਭਗਤ ਕਬੀਰ ਜੋਲਾਸੀਆਂ ਦਾ
ਦਸਤਗੀਰ ਦਾ ਕਾਦਰੀ ਸਿਲਸਲਾ ਹੈ ਤੇ ਫਰੀਦ ਹੈ ਚਿਸ਼ਤ ਅੱਬਾਸੀਆਂ ਦਾ
ਜਿਵੇਂ ਸ਼ੈਖ ਤਾਹਿਰ ਪੀਰ ਮੋਚੀਆਂ ਦਾ ਸ਼ਮੱਸ ਪੀਰ ਸੁਨਿਆਰਿਆਂ ਚਾਸੀਆਂ ਦਾ
ਨਾਮ ਦੇਵ ਹੈ ਗੁਰੂ ਛੀਂਬਿਆਂ ਦਾ ਲੁਕਮਾਨ ਲੁਹਾਰ ਤਰਖਾਸੀਆਂ ਦਾ
ਖੁਆਜਾ ਖਿਜ਼ਰ ਹੈ ਮੇਨਾਂ ਮੁਹਾਨਿਆਂ ਦਾ ਨਕਸ਼ਬੰਦ ਮੁਗਲਾਨ ਚੁਗਤਾਸੀਆਂ ਦਾ
ਸਰਵਰ ਸਖੀ ਭਰਾਈਆਂ ਸੇਵਕਾ ਦਾ ਲਾਅਲ ਬੇਗ ਹੈ ਚੂਹੜਿਆਂ ਖਾਸੀਆਂ ਦਾ
ਨਲ ਰਾਜਾ ਹੈ ਗੁਰੂ ਜਵਾਰੀਆਂ ਦਾ ਸ਼ਾਹ ਸ਼ਮਸ ਨਿਆਰਿਆਂ ਤਾਸੀਆਂ ਦਾ
ਸ਼ੇਸ਼ ਵਲਦ ਆਦਮ ਜੁਲਾਹਿਆਂ ਦਾ ਸ਼ੈਤਾਨ ਹੈ ਪੀਰ ਮੀਰਾਸੀਆਂ ਦਾ
ਵਾਰਸ ਸ਼ਾਹ ਜਿਉਂ ਰਾਮ ਹੈ ਹਿੰਦੂਆਂ ਦਾ ਅਤੇ ਰਹਿਮਾਨ ਹੈ ਮੋਮਨਾਂ ਖਾਸਿਆਂ ਦਾ
ਜਿਵੇਂ ਹਾਜੀ ਗੁਲਗੋ ਘੁਮਿਆਰ ਮੰਨਣ ਹਜ਼ਰਤ ਅਲੀ ਹੈ ਸ਼ੀਆਂ ਖਾਸਿਆਂ ਦਾ
ਸਲਮਾਨ ਪਾਰਸ ਪੀਰ ਨਾਈਆਂ ਦਾ ਅਲੀ ਰੰਗਰੇਜ਼ ਅਦਰੀਸ ਦਰਜ਼ਾਸੀਆਂ ਦਾ
ਇਸ਼ਕ ਪੀਰ ਹੈ ਆਸ਼ਕਾਂ ਸਾਰਿਆਂ ਦਾ ਭੁਖ ਪੀਰ ਹੈ ਮਸਤੀਆ ਪਾਸੀਆਂ ਦਾ
ਹਸਵ ਤੇਲੀ ਜਿਉਂ ਪੀਰ ਹੈ ਤੇਲੀਆਂ ਦਾ ਸੁਲੇਮਾਨ ਜਿੰਨ ਭੁਤਾਸੀਆਂ ਦਾ
ਸੋਟਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ ਦਾਊਦ ਹੈ ਜ਼ਰ੍ਹਾ ਨਵਾਸੀਆਂ ਦਾ
351. ਕਥਨ ਸ਼ਾਇਰ
ਮਾਯਾਂ ਉਠਾਈ ਫਿਰਨ ਏਸ ਜੱਗ ਉਤੇ ਜਿਨ੍ਹਾ ਭਵਣ ਤੇ ਕੁਲ ਬੇਹਾਰ ਹੈ ਵੇ
ਏਨ੍ਹਾਂ ਫਿਰਨ ਜ਼ਰੂਰ ਹੈ ਦਿਹੁੰ ਰਾਤੀਂ ਧੁਰੋਂ ਫਿਰਨ ਏਨ੍ਹਾਦੜੀ ਕਾਰ ਹੈ ਵੇ
ਸੂਰਜ ਚੰਦ ਘੋੜਾ ਅਤੇ ਰੂਹ ਚਕਲ ਨਜ਼ਰ ਸ਼ੇਰ ਪਾਣੀ ਵਨਜਾਰ ਹੈ ਵੇ
ਤਾਣਾ ਤਨਣ ਵਾਲੀ ਇੱਲ ਗਧਾ ਕੁੱਤਾ ਤੀਰ ਛੱਜ ਤੇ ਛੋਕਰਾ ਯਾਰ ਹੈ ਵੇ
ਟੋਪਾ ਛਾਣਨੀ ਤੱਕੜੀ ਤੇਗ ਮਰੱਕਬ ਕਿਲਾ ਤਰੱਕਲਾ ਫਿਰਨ ਵਪਾਰ ਹੈ ਵੇ
ਬਿੱਲੀ ਰੰਨ ਫਕੀਰ ਤੇ ਅੱਗ ਬਾਂਦੀ ਏਨਾਂ ਫਿਰਨ ਘਰੋ ਘਰੀ ਕਾਰ ਹੈ ਵੇ
ਵਾਰਸ ਸ਼ਾਹ ਵੈਲੀ ਭੇਖੇ ਲਖ ਫਿਰਦੇ ਸਬਰ ਫਕਰ ਦਾ ਕੌਲ ਕਰਾਰ ਹੈ ਵੇ
351. ਉਹੀ ਚਲਦਾ
ਫਿਰਨ ਬੁਰਾ ਹੈ ਜਗ ਤੇ ਏਨ੍ਹਾਂ ਤਾਈਂ ਜੇ ਇਹ ਫਿਰਨ ਤਾਂ ਕੰਮ ਦੇ ਮੂਲ ਨਾਹੀਂ
ਫਿਰੇ ਕੌਲ ਜ਼ਬਾਨ ਜਵਾਨ ਰੰਨ ਥੀਂ ਸਤਰਦਾਰ ਘਰ ਛੋੜ ਮਾਅਕੂਲ ਨਾਹੀਂ
ਰਜ਼ਾ ਅੱਲਾਹ ਦੀ ਹੁਕਮ ਕਤੱਈ ਜਾਣੋ ਕੁਤਬ ਕੋਹ ਕਾਅਬਾ ਮਾਅਮੂਲ ਨਾਹੀਂ
ਰੰਨ ਆ ਵਿਗਾੜ ਤੇ ਚਹਿ ਚੜ੍ਹੀ ਫਕਰ ਆਏ ਜਾਂ ਕਹਿਰ ਕਲੂਲ ਨਾਹੀਂ
ਜ਼ਿੰਮੀਂਦਾਰ ਕਨਕੂਤਿਆਂ ਖੁਸ਼ੀ ਨਾਹੀਂ ਅਤੇ ਅਹਿਮਕ ਕਦੇ ਮਲੂਲ ਨਾਹੀਂ
ਵਾਰਸ ਸ਼ਾਹ ਦੀ ਬੰਦਗੀ ਲਿਲ੍ਹ ਨਾਹੀਂ ਵੇਖਾਂ ਮੰਨ ਲਏ ਕਿ ਕਬੂਲ ਨਾਹੀਂ
352. ਉਹੀ ਚਾਲੂ
ਅਦਲ ਬਿਨਾਂ ਸਰਦਾਰ ਹੈ ਰੁਖ ਅੱਫਲ ਰੰਨ ਕੁਢਨੀ ਜੋ ਵਫਾਦਾਰ ਨਾਹੀਂ
ਨਿਆਜ਼ ਬਿਨਾਂ ਹੈ ਕੰਚਨੀ ਬਾਂਬ੍ਹ ਥਾਵੇਂ ਮਰਦ ਗਧਾ ਜੋ ਇਕਲ ਦਾ ਯਾਰ ਹੈ ਨਹੀਂ
ਬਿਨਾ ਆਦਮੀ ਅੱਤ ਨਾਹੀਂ ਇਨਸ ਜਾਪੇ ਬਿਨਾ ਆਬ ਕੱਤਾਲ ਤਲਵਾਰ ਹੈ ਨਾਹੀਂ
ਸਬਜ ਜ਼ਿਕਰ ਇਬਾਦਤਾਂ ਬਾਝ ਜੋਗੀ ਦੰਮਾ ਬਾਝ ਜੀਵਣ ਦਰਕਾਰ ਨਾਹੀਂ
ਹਿੰਮਤ ਬਾਝ ਜਵਾਨ ਬਿਨ ਹੁਸਨ ਦਿਲਬਰ ਲੂਣ ਬਾਝ ਤੁਆਮ ਸਵਾਰ ਨਾਹੀਂ
ਸ਼ਰਮ ਬਾਝ ਮੁੱਛਾਂ ਬਿਨਾ ਅਮਲ ਦਾੜ੍ਹੀ ਤਲਬ ਬਾਝ ਫੌਜਾ ਭਰ ਭਾਰ ਨਾਹੀਂ
ਅਕਲ ਬਾਝ ਵਜ਼ੀਰ ਸਲਵਾਤ ਮੋਮਨ ਦੀਵਾਨ ਹਸਾਬ ਸ਼ੁਮਾਰ ਨਾਹੀਂ
ਵਾਰਸ, ਰੰਨ, ਫਕੀਰ, ਤਲਵਾਰ, ਘੋੜਾ ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ
353. ਉੱਤਰ ਰਾਂਝਾ
ਮਰਦ ਕਰਮ ਦੇ ਨਕਦ ਹਨ ਸਹਿਤੀਏ ਨੀ ਰੰਨਾਂ ਦੁਸ਼ਮਣਾ ਨੇਕ ਕਮਾਈਆਂ ਦੀਆਂ
ਤੁਸੀਂ ਏਸ ਜਹਾਨ ਵਿੱਚ ਹੋ ਰਹੀਆਂ ਪੰਜ ਸੇਰੀਆਂ ਘਟ ਧੜਵਾਈਆਂ ਦੀਆਂ
ਮਰਦ ਹੈਨ ਜਹਾਜ਼ ਨਿਕੋਈਆਂ ਦੇ ਰੰਨਾਂ ਬੇੜੀਆਂ ਹੈਨ ਬੁਰਾਈਆਂ ਦੀਆਂ
ਮਾਉਂ ਬਾਪ ਦਾ ਨਾਉਂ ਨਾਮੂਸ ਡੋਬਣ ਪੱਤਾ ਲਾਹ ਸੁੱਟਨ ਭਲਿਆਂ ਭਾਈਟਾਂ ਦੀਆਂ
ਹੱਡ ਮਾਸ ਹਲਾਲ ਹਰਾਮ ਕੱਪਨ ਏਹ ਕੁਹਾੜੀਆਂ ਹੈਨ ਕਸਾਈਆਂ ਦੀਆਂ
ਲਬਾਂ ਲੈਂਦੀਆਂ ਸਾਫ ਕਰ ਦੇਣ ਦਾੜ੍ਹੀ ਜਿਵੇਂ ਕੈਂਚੀਆਂ ਅਹਿਮਕਾਂ ਨਾਈਆਂ ਦੀਆਂ
ਸਿਰ ਜਾਏ, ਨਾ ਯਾਰ ਦਾ ਸਿਰ ਦੀਚੇ ਸ਼ਰਮਾਂ ਰੱਖੀਏ ਅੱਖੀਆਂ ਲਾਈਆਂ ਦੀਆਂ
ਨੀ ਤੂੰ ਕੇਹੜੀ ਗੱਲ ਤੇ ਐਡ ਸੂਕੇ ਗੱਲਾਂ ਦੱਸ ਖਾਂ ਪੂਰੀਆਂ ਪਾਈਆਂ ਦੀਆਂ
ਆਢਾ ਨਾਲ ਫਕੀਰਾਂ ਦੇ ਲਾਵਨੀ ਨੀ ਖੂਬੀਆਂ ਦੇਖ ਨਨਾਣ ਭਰਜਾਈਆਂ ਦੀਆਂ
ਵਾਰਸ ਸ਼ਾਹ ਤੇਰੇ ਮੂੰਹ ਨਾਲ ਮਾਰਨ ਪੰਡਾਂ ਬੰਨ੍ਹ ਕੇ ਸਭ ਭਨਿਆਈਆਂ ਦੀਆਂ
354. ਉੱਤਰ ਸਹਿਤੀ
ਰੀਸ ਜੋਗੀਆਂ ਦੀ ਤੈਥੋਂ ਨਹੀਂ ਹੁੰਦੀ ਹੋਨਸਾਂ ਕੇਹੀਆਂ ਜਟਾਂ ਰਖਾਈਆਂ ਦੀਆਂ
ਬੇਸ਼ਰਮ ਦੀ ਮੁਛ ਜਿਉਂ ਪੁਛ ਪਿੱਦੀ ਜੇਹਾ ਮੁੰਜਰਾਂ ਬੇਟ ਦੇ ਧਾਈਆਂ ਦੀਆਂ
ਤਾਨਸੈਨ ਜੇਹਾ ਰਾਗ ਨਹੀਂ ਬਣਦਾ ਲਖ ਸਫਾਂ ਜੇ ਹੋਣ ਅਤਾਈਆਂ ਦੀਆਂ
ਅਖੀਂ ਡਿੱਠੀਆਂ ਨਹੀਂ ਤੂੰ ਚੋਬਰਾ ਵੇ ਪਰਮ ਕੁੱਠੀਆਂ ਬਿਰਹੋਂ ਸਤਾਈਆਂ ਦੀਆਂ
ਸਿਰ ਮੁੰਨ ਦਾੜ੍ਹੀ ਖੇਹ ਲਾਇਆਈ ਕਦਰਾਂ ਡਿਠਿਉਂ ਏਡੀਆਂ ਚਾਈਆਂ ਦੀਆਂ
ਤੇਰੀ ਚਰਾ ਚਰ ਬਿਰਕਦੀ ਚੀਭ ਇਵੇਂ ਜਿਉਂ ਮੁਰਕਦੀਆਂ ਜੁੱਤਈਆਂ ਸਾਈਆਂ ਦੀਆਂ
ਲੁੰਡੀਆਂ ਨਾਲ ਘੁਲਨਾ ਮੰਦੇ ਬੋਲ ਬੋਲਨ ਨਹੀਂ ਚਾਲਿਆਂ ਭਲਿਆਂ ਦੀਆਂ ਜਾਈਆਂ ਦੀਆਂ
ਨਹੀਂ ਕਾਅਬਿਊ ਚੂਹੜਾ ਹੋ ਵਖਾਕਿਫ ਖਬਰਾਂ ਜਾਣਦੇ ਚੂਹੜੇ ਗੁਹਾਈਆਂ ਦੀਆਂ
ਨਹੀਂ ਫਕਰ ਦੇ ਭੇਤ ਦਾ ਜ਼ਰਾ ਵਾਕਿਫ ਖਬਰਾਂ ਤੁਧ ਨੂੰ ਮਹੀਂ ਚਰਾਈਆਂ ਦੀਆਂ
ਚੁਤੜ ਸਵਾਹ ਭਰੇ ਦੇਖ ਮਗਰ ਲੱਗੋਂ ਜਿਵੇਂ ਕੁੱਤੀਆਂ ਹੋਣ ਗੁਸਤਾਈਆਂ ਦੀਆਂ
ਜਿਹੜੀਆਂ ਸੁਣ ਉਜਾੜ ਵਿੱਚ ਵਾਗ ਖੱਚਰ ਕਦਰਾਂ ਉਹ ਕੀ ਜਾਣਦੀਆਂ ਦਾਈਆਂ ਦੀਆਂ
ਗਦੋ ਵਾਂਗ ਜਾ ਰਜਿਉਂ ਕਰੇਂ ਮਸਤੀ ਕੱਛਾਂ ਸੁੰਘਨਾਂਏਂ ਰੰਨਾਂ ਪਰਾਈਆਂ ਦੀਆਂ
ਬਾਪੂ ਨਹੀਂ ਪੂਰਾ ਤੇਨੂੰ ਕੋਈ ਮਿਲਿਆ ਅਜੇ ਟੋਹਿਉਂ ਬੁੱਕਲਾਂ ਮਾਈਆਂ ਦੀਆਂ
ਪੂਛਾਂ ਗਾਈ ਨੂੰ ਮਹੀਂ ਦੀਆਂ ਜੋੜਨਾ ਏ ਖੁਰੀਆਂ ਮਹੀਂ ਨੂੰ ਲਾਉਨਾਂ ਗਾਈਆਂ ਦੀਆਂ
ਹਾਸਾ ਦੇਖ ਕੇ ਆਉਂਦਾ ਸਿਫਲ ਵਾਈ ਗੱਲਾਂ ਤਰ੍ਹਾ ਦੀਆਂ ਦੇਖ ਖਫਾਈਆਂ ਦੀਆਂ
ਮੀਆਂ ਕੌਣ ਛਡਾਵਸੀ ਆਣ ਤੈਨੂੰ ਧਮਕਾਂ ਪੌਨ ਗੀਆਂ ਜਦੋਂ ਕੁਟਾਈਆਂ ਦੀਆਂ
ਗਿੱਲਾ ਇਸ਼ਕ ਦੇ ਵਾਲੀਆਂ ਨੇਈਂ ਰੁਲੀਆਂ ਕੱਚੇ ਘੜੇ ਤੇ ਵਹਿਣ ਲੁੜ੍ਹਾਈਆਂ ਦੀਆਂ
ਪਰੀਆਂ ਨਾਲ ਕੀ ਦੇਵਾਂ ਨੂੰ ਆਖ ਜਿਨ੍ਹਾਂ ਲੱਗੇ ਜਿਨ੍ਹਾਂ ਵੱਖੀਆਂ ਭੰਨੀਆਂ ਭਾਈਆਂ ਦੀਆਂ
ਇਹ ਇਸ਼ਕ ਕੀ ਜਾਣਦੇ ਚਾਕ ਚੋਬਰ ਖਬਰਾ ਜਾਣਦੇ ਰੋਟੀਆਂ ਧਾਈਆਂ ਦੀਆਂ
ਵਾਰਸ ਸ਼ਾਹ ਨਾ ਬੇਟੀਆਂ ਜਿਨ੍ਹਾਂ ਜਣੀਆਂ ਕਦਰਾਂ ਜਾਣਦੇ ਨਹੀਂ ਜਵਾਈਆਂ ਦੀਆਂ
355. ਉੱਤਰ ਰਾਂਝਾ ਅਸੀਂ
ਸਹਿਤੀਏ ਮੂਲ ਨਾਲ ਡਰਾਂ ਤੈਥੋਂ ਤਿੱਖੇ ਦੀਦੜੇ ਤੈਂਦੜੇ ਸਾਰ ਦੇ ਨੀ
ਹਾਥੀ ਹੀ ਤਸਵੀਰ ਦਾ ਕਿਲਾ ਢਾਏ ਸ਼ੇਰ ਮੱਖੀਆਂ ਨੂੰ ਨਾਹੀਂ ਮਾਰਦੇ ਨੀ
ਕਹੇ ਕਾਂਵਾਂ ਦੇ ਢੋਰ ਨਾ ਕਦੇ ਮੋਏ ਸ਼ੇਰ ਫੂਈਆਂ ਤੋਂ ਨਾਹੀਂ ਹਾਰਦੇ ਨੀ
ਫਟ ਹੈਨ ਲੜਾਈ ਦੇ ਅਸਲ ਢਾਈ ਹੋਰ ਐਵੇਂ ਪਸਾਰ ਪਸਾਰਦੇ ਨੀ
ਇੱਕੇ ਮਾਰਨਾ ਇੱਕੇ ਤਾਂ ਆਪ ਮਰਨਾ ਇੱਕੇ ਨੱਸ ਜਾਣਾ ਅੱਗੇ ਸਾਰ ਦੇ ਨੀ
ਹਿੰਮਤ ਸੁਸਤ ਬਰੂਤ ਸਰੀਨ ਭਾਰੇ ਇਹ ਗਭਰੂ ਕਿਸੇ ਨਾ ਕਾਰ ਦੇ ਨੀ
ਬੰਨ੍ਹ ਟੋੜੀਏ ਜੰਗ ਨੂੰ ਢਕ ਕਰਕੇ ਸਗੋਂ ਅਗਲਿਆਂ ਨੂੰ ਪਿੱਛੋਂ ਮਾਰਦੇ ਨੀ
ਸੜਨ ਕੱਪੜੇ ਹੋਣ ਤਹਿਕੀਕ ਕਾਲੇ ਜਿਹੜੇ ਗੋਸ਼ਟੀ ਹੋਣ ਲੋਹਾਰ ਦੇ ਨੀ
ਝੂਠੇ ਮਿਹਨਿਆਂ ਨਾਲ ਨਾ ਜੋਗ ਜਾਦਾ ਸੰਗ ਗਲੇ ਨਾ ਨਾਲ ਫੁਹਾਰ ਦੇ ਨੀ
ਖੈਰ ਦਿੱਤਿਆਂ ਮਾਲ ਨਾ ਹੋ ਥੋੜ੍ਹਾ ਬੋਹਲ ਥੁੜੇ ਨਾ ਚੁਣੇ ਗੋਟਾਰ ਦੇ ਨੀ
ਜਦੋਂ ਚੂਹੜੇ ਨੂੰ ਜਿੰਨ ਕਰੇ ਦਖਲਾ ਝਾੜਾ ਕਰੀਦਾ ਨਾਲ ਪੈਜ਼ਾਰ ਦੇ ਨੀ
ਤੈਂ ਤਾਂ ਫਿਕਰ ਕੀਤਾ ਸਾਨੂੰ ਮਾਰਨੇ ਦਾ ਤੈਨੂੰ ਦੇਖ ਲੈ ਯਾਰ ਹੁਣ ਮਾਰ ਦੇ ਨੀ
ਜੇਹਾ ਕਰੇ ਕੋਈ ਤੇਹਾ ਪਾਂਵਦਾ ਹੇ ਸੱਚੇ ਵਾਇਦੇ ਪਰਵਰਦਗਾਰ ਦੇ ਨੀ
ਵਾਰਸ ਸ਼ਾਹ ਮੀਆਂ ਰੰਨ ਭੌਂਕਨੀ ਨੂੰ ਫਕਰ ਚਾ ਜੜੀਆਂ ਚਾ ਮਾਰਦੇ ਨੀ
356. ਉੱਤਰ ਸਹਿਤੀ
ਤੇਰੀਆਂ ਸੇਲ੍ਹੀਆਂ ਥੋਂ ਅਸੀਂ ਨਹੀਂ ਡਰਦੇ ਕੋਈ ਡਰੇ ਨਾ ਭੀਲ ਦੇ ਸਾਂਗ ਕੋਲੋਂ
ਐਵੇਂ ਮਾਰੀਦਾ ਜਾਵਸੇ ਏਸ ਪਿੰਡੋਂ ਜਿਵੇਂ ਖਿਸਦਾ ਕੁਫਰ ਹੈ ਬਾਗ ਕੋਲੋਂ
ਸਿਰੀ ਕੱਜ ਕੇ ਟੁਰੇਂ ਗਾ ਜਹਿਲ ਜੱਟਾ ਜਿਵੇਂ ਧਾੜਵੀ ਸਰਕਦਾ ਕਾਂਗ ਕੋਲੋਂ
ਮੇਰੇ ਡਿੱਠਿਆਂ ਕੰਬਸੀ ਜਾਨ ਤੇਰੀ ਜਿਵੇਂ ਚੋਰ ਦੀ ਜਾਨ ਝਲਾਂਗ ਕੋਲੋਂ
ਤੇਰੀ ਟੂਟਣੀ ਫਿਰੇ ਹੈ ਸੱਪ ਵਾਂਗੂੰ ਆਇ ਰੰਨਾਂ ਦੇ ਡਰੇ ਉਪਾਂਗ ਕੋਲੋਂ
ਐਵੇਂ ਖੌਫ਼ ਪੌਸੀ ਤੈਨੂੰ ਮਾਰਇਨ ਦਾ ਜਿਵੇਂ ਢੱਕ ਦਾ ਪੀਰ ਉਲਾਂਘ ਕੋਲੋਂ
ਵਾਰਸ ਸ਼ਾਹ ਇਹ ਜੋਗੜਾ ਮੋਇਆ ਪਿਆਸਾ ਪਾਣੀ ਦੇਣ ਗੀਆਂ ਕਦੋਂ ਪੂਰ ਸਾਂਗ ਕੋਲੋਂ
357. ਉੱਤਰ ਰਾਂਝਾ
ਕੋਹੀਆਂ ਆਣ ਪੰਚਾਇਤਾਂ ਜੋੜੀਆਂ ਨੀ ਅਸੀਂ ਰੰਨ ਨੂੰ ਰੋਵੜੀ ਜਾਣਨੇ ਹਾਂ
ਫੜੀਏ ਚਿੱਥ ਕੇ ਲਏ ਲੰਘ ਪਲ ਵਿੱਚ ਤੰਬੂ ਵੈਰ ਦੇ ਨਿਤ ਨਾ ਤਾਣਨੇ ਹਾਂ
ਲੋਗ ਜਾਗਦੇ ਮਹਿਰੀਆਂ ਨਾਲ ਪਰਚਨ ਅਸੀਂ ਖੁਆਬ ਅੰਦਰ ਮੌਜਾਂ ਮਾਣਨੇ ਹਾਂ
ਲੋਗ ਛਾਣਦੇ ਭੰਗ ਤੇ ਸ਼ਰਬਤਾਂ ਨੂੰ ਅਸੀਂ ਆਦਮੀ ਨਜ਼ਰ ਵਿੱਚ ਛਾਣਨੇ ਹਾਂ
ਫੂਈ ਮਗਰ ਲੱਗੀ ਇਸ ਦੀ ਮੌਤ ਆਹੀ ਵਾਰਸ ਸ਼ਾਹ ਹੁਣ ਮਾਰ ਕੇ ਰਾਨੇ ਹਾਂ
358. ਇਹ ਨਾ ਭਲੇ!
ਜੇਠ ਮੀਂਹ ਤੇ ਸਿਆਲ ਨੂੰ ਵਾਉ ਮੰਦੀ ਕਟਕ ਮਾਘ ਵਿੱਚ ਮਨਾ ਹਨ੍ਹੇਰੀਆਂ ਨੀ
ਰੋਵਣ ਵਿਆਹ ਵਿੱਚ ਗਾਵਨਾ ਵਿੱਚ ਸਿਆਪੇ ਸਤਰ ਮਜਲਸਾਂ ਕਰਨ ਮੰਦੇਰੀਆਂ ਨੀ
ਚੁਗਲੀ ਖਾਵੰਦਾ ਦੀ ਬਦੀ ਨਾਲ ਮਏ ਖਾ ਲੂਣ ਹਰਾਮ ਬਦਖੈਰੀਆਂ ਨੀ
ਹੁਕਮ ਹੱਥ ਕੰਮਜ਼ਾਤ ਦੇ ਸੌਂਪ ਦੇਣਾ ਨਾਲ ਦੋਸਤਾਂ ਕਰਨੀਆਂ ਵੈਰੀਆਂ ਨੀ
ਚੋਰੀ ਨਾਲ ਰਫੀਕ ਦੀ ਦਗਾ ਪੀਰਾਂ ਪਰ ਨਾਰ ਪਰ ਮਾਲ ਉਸੀਰੀਆਂ ਨੀ
ਗੀਤਬ ਤਰਕ ਸਲਵਾਤ ਤੇ ਝੂਠ ਮਸਤੀ ਦੂਰ ਕਰਨ ਫਰਿਸ਼ਤਿਆਂ ਤੀਰੀਆ ਨੀ
ਮੁੜਨ ਨਾਲ ਫਕੀਰ ਸਰਦਾਰ ਯਾਰੀ ਕਢ ਘਤਨਾ ਮਾਲ ਵਸੀਰੀਆ ਨੀ
ਮੇਰੇ ਨਾਲ ਜੋ ਖੇੜਿਆਂ ਵਿੱਚ ਹੋਈ ਖਚਰਵਾਦੀਆਂ ਇਹ ਸਭ ਤੇਰੀਆਂ ਨੀ
ਭਲੇ ਨਾਲ ਭਲਿਆਂਈਆਂ ਬਦੀ ਬੁਰਿਆਂ ਯਾਦ ਰੱਖ ਨਸੀਹਤਾਂ ਮੇਰੀਆਂ ਨੀ
ਬਿਨਾ ਹੁਕਮ ਦੇ ਮਰਨ ਨਾ ਉਹ ਬੰਦੇ ਸਾਬਤ ਜਿੰਨ੍ਹਾਂ ਦੇ ਰਿਜ਼ਕ ਦੀਆਂ ਢੇਰੀਆਂ ਨੀ
ਬਦ ਰੰਗ ਨੂੰ ਰੰਗ ਕੇ ਰੰਗ ਲਾਇਉ ਵਾਹ ਵਾਹ ਇਹ ਕੁਦਰਤਾਂ ਤੇਰੀਆਂ ਨੀ
ਏਹਾ ਘਤ ਕੇ ਜਾਦੂੜਾ ਕਰੂੰ ਕਮਲੀ ਪਈ ਗਿਰਦ ਮੇਰੇ ਘਤੀਂ ਫੇਰੀਆਂ ਨੀ
ਵਾਰਸ ਸ਼ਾਹ ਅਸਾਂ ਨਾਲ ਜਾਦੂਆਂ ਦੇ ਕਈ ਰਾਣੀਆਂ ਕੀਤੀਆਂ ਚੇਰੀਆਂ ਨੀ
359. ਉੱਤਰ ਸਹਿਤੀ
ਅਸਾਂ ਜਾਦੂੜੇ ਘੋਲ ਕੇ ਸਭ ਪੀਤੇ ਕਰਾਂ ਬਾਵਰੇ ਜਾਦੂਆਂ ਵਾਲਿਆਂ ਨੂੰ
ਰਾਜੇ ਭੋਜ ਜਿਹੇ ਕੀਤੇ ਚਾ ਘੋੜੇ ਨਹੀਂ ਜਾਣਦਾ ਸਾਡੀਆਂ ਚਾਲਿਆਂ ਨੂੰ
ਸਕੇ ਭਾਈਆਂ ਨੂੰ ਕਰਨ ਨਫਰ ਰਾਜੇ ਬਹਾਂਵਦੇ ਸਾਲਿਆਂ ਨੂੰ
ਸਰਕੱਪ ਰਸਾਲੂ ਨੂੰ ਵਖਤ ਪਾਇਆ ਘਤ ਮਕਰ ਦੇ ਰੌਲਿਆਂ ਰਾਲਿਆਂ ਨੂੰ
ਰਾਵਨ ਲੰਕ ਲੁਟਾਇਕੇ ਗਰਦ ਹੋਇਆ ਸੀਤਾ ਵਾਸਤੇ ਭੇਖ ਦਖਾਲਿਆਂ ਨੂੰ
ਯੂਸਫ ਬੰਦ ਵਿੱਚ ਪਾ ਜ਼ਹੀਰ ਕੀਤਾ ਸੱਸੀ ਵਖਤ ਪਾਇਆ ਉਠਾਂ ਵਾਲਿਆਂ
ਰਾਂਝਾ ਚਾਰ ਕੇ ਮਹੀਂ ਫਕੀਰ ਹੋਇਆ ਹੀਰ ਮਿਲੀ ਜੇ ਖੇੜਿਆਂ ਸਾਲਿਆਂ ਨੂੰ
ਰੋਡਾ ਵੱਢ ਕੇ ਡੱਕਰੇ ਨਦੀ ਪਾਇਆ ਤੇ ਜਲਾਲੀ ਦੇ ਦੇਖ ਲੈ ਚਾਲਿਆਂ ਨੂੰ
ਫੋਗੂ ਉਮਰ ਬਾਦਸ਼ਾ ਖੁਆਰ ਹੋਇਆ ਮਿਲੀ ਮਾਰੂਨ ਢੋਲ ਦੇ ਰਾਲਿਆਂ ਨੂੰ
ਵਲੀ ਬਲਅਮ ਬਾਔਰ ਈਮਾਨ ਦਿੱਤਾ ਦੇਖ ਡੋਬਿਆ ਬੰਦਗੀ ਵਾਲਿਆਂ ਨੂੰ
ਮਹੀਂਵਾਲ ਤੋਂ ਸੋਹਣੀ ਰਹੀ ਐਵੇਂ ਹੋਰ ਪੁਛ ਲੈ ਇਸ਼ਕ ਦੇ ਭਾਲਿਆਂ ਨੂੰ
ਅਠਾਰਾਂ ਖੂਹਣੀ ਕਟਕ ਲੜ ਮੋਏ ਪਾਂਡੋ ਡੋਬ ਡਾਬ ਕੇ ਖੱਟਿਆ ਖਾਲਿਆਂ ਨੂੰ
ਰੰਨਾ ਮਾਰ ਲੜਾਏ ਅਮਾਮ ਜ਼ਾਦੇ ਮਾਰ ਘੱਤਿਆ ਪੀਰੀਆਂ ਵਾਲਿਆਂ ਨੂੰ
ਵਾਰਸ ਸ਼ਾਹ ਤੂੰ ਜੋਗੀਆ ਕੌਣ ਹੁੰਨਾਏ ਓੜਕ ਭਰੇਂਗਾ ਸਾਡਿਆਂ ਹਾਲਿਆਂ ਨੂੰ
360. ਉੱਤਰ ਰਾਂਝਾ
ਆ ਨੱਢੀਏ ਗ਼ੈਬ ਕਿਉਂ ਵਿੱਢਿਆ ਈ ਸਾਡੇ ਨਾਲ ਕੀ ਰਿੱਕਤਾਂ ਚਾਈਆਂ ਨੀ
ਕਰੇਂ ਨਰਾਂ ਦੇ ਨਾਲ ਬਰਾਬਰੀ ਕਿਉਂ ਆਖ ਤੁਸਾਂ ਵਿੱਚ ਕੀ ਭਲਿਆਈਆਂ ਨੀ
ਬੇਕਸਾਂ ਦਾ ਕੋਈ ਨਾ ਰੱਬ ਬਾਝੋਂ ਤੁਸੀਂ ਦੋਵੇਂ ਨਨਾਣ ਭਰਜਾਈਆਂ ਨੀ
ਜਿਹੜਾ ਰੱਬ ਦੇ ਨਾਂਉਂ ਤੇ ਭਲਾ ਕਰਸੀ ਅੱਗੇ ਮਿਲਣ ਗੀਆਂ ਓਸ ਭਲਿਆਈਂ ਨੀ
ਅੱਗੇ ਤਿਨ੍ਹਾਂ ਦਾ ਹਾਲ ਜ਼ਬੂਨ ਹੋਸੀ ਵਾਰਸ ਸ਼ਾਹ ਜੋ ਕਰਨ ਬੁਰਾਈਆਂ ਨੀ
361. ਉਹੀ ਚਲਦਾ
ਮਰਦ ਸਾਦ ਹਨ ਚਿਹਰੇ ਨੇਕੀਆਂ ਦੇ ਸੂਰਤ ਰੰਨ ਦੀ ਮੀਮ ਮੌਕੂਫ ਹੈ ਨੀ
ਮਰਦ ਆਲਮ ਫਾਜ਼ਲ ਅੱਜਲ ਕਾਬਲ ਕਿਸੇ ਰੰਨ ਨੂੰ ਕੌਣ ਵਕੂਫ ਹੈ ਨੀ
ਸਬਰ ਫਰ੍ਹਾ ਹੈ ਮੰਨਿਆ ਨੇਕ ਮਰਦਾਂ ਏਥੇ ਸਬਰ ਦੀ ਵਾਗ ਮਾਅਤੂਫ ਹੈ ਨੀ
ਦਫਤਰ ਮਕਰ ਫਰੇਬ ਦੇ ਖਰਚਵਾਈ ਏਹਨਾਂ ਪਿਸਤਿਆਂ ਵਿੱਚ ਮਲਫੂਫ ਹੈ ਨੀ
ਰੰਨ ਰੇਸ਼ਮੀ ਕੱਪੜਾ ਪਹਿਨ ਮੁਸਲੀ ਮਰਦ ਜੋਜ਼ ਕੈਦਾਰ ਮਸ਼ਰੂਫ ਹੈ ਨੀ
ਵਾਰਸ ਸ਼ਾਹ ਵਲਾਇਤੀ ਮਰਦ ਮੇਵੇ ਅਤੇ ਰੰਨ ਮਸਵਾਕ ਦਾ ਸੁਫ ਹੈ ਨੀ
362. ਇਹ ਜਹਾਨ ਤੇ ਭਲੇ
ਦੋਸਤ ਸੋਈ ਜੋ ਬਿਪਤ ਵਿੱਚ ਭੀੜ ਕੱਟੇ ਯਾਰ ਸੋਈ ਜੋ ਜਾਨ ਕੁਰਬਾਨ ਹੋਵੇ
ਯਾਰ ਸੋਈ ਜੋ ਕਾਲ ਵਿੱਚ ਭੀੜ ਕੱਟੇ ਕੁਲ ਪਾਤ ਦਾ ਜੋ ਨਿਗਾਹਬਾਨ ਹੋਵੇ
ਗਾਂਓ ਸੋਈ ਜੋ ਸਿਆਲ ਨੂੰ ਦੁਧ ਦੇਵੇ ਬਾਦਸ਼ਾਹ ਜੋ ਨਿਤ ਸ਼ਬਾਨ ਹੋਵੇ
ਨਾਰ ਸੋਈ ਜੋ ਮਾਲ ਬਿਨ ਬੈਠ ਜਾਲੇ ਪਿਆਦਾ ਸੋਈ ਜੋ ਭੂਤ ਮਸਾਣ ਹੋਵੇ
ਇਮਸਾਕ ਹੈ ਅਸਲ ਅਫੀਮ ਬਾਝੋਂ ਗੁੱਸੇ ਬਿਨਾ ਫਕੀਰ ਦੀ ਜਾਨ ਹੋਵੇ
ਰੋਗ ਸੋਈ ਜੋ ਨਾਲ ਇਲਾਜ ਹੋਵੇ ਤੀਰ ਸੋਈ ਜੋ ਨਾਲ ਕਮਾਨ ਹੋਵੇ
ਕੰਜਰ ਸੋਈ ਜੋ ਗ਼ੈਰਤਾਂ ਬਾਝ ਹੋਵਣ ਜਿਵੇਂ ਭਾਂਬੜਾ ਬਿਨਾਂ ਅਸ਼ਨਾਨ ਹੋਵੇ
ਕਸਬਾ ਸੋਈ ਜੋ ਵੈਰ ਬਿਨ ਪਿਆ ਵਸੇ ਜੱਲਾਦ ਜੋ ਮਿਹਰ ਬਿਨ ਖਾਨ ਹੋਵੇ
ਕਵਾਰੀ ਸੋਈ ਜੋ ਹਿਆ ਬਹੁਤ ਨੀਵੀਂ ਨਜ਼ਰ ਤੇ ਬਾਝ ਜ਼ਬਾਨ ਹੋਵੇ
ਬਿਨਾ ਚੋਰ ਤੇ ਜੰਗ ਦੇ ਦੇਸ ਵਸੇ ਪਟ ਸੂਈ ਬਿਨ ਅੰਨ ਦੀ ਪਾਣ ਹੋਵੇ
ਸਈਅਦ ਸੋਈ ਜੋ ਸ਼ਮ ਨਾ ਹੋਵੇ ਕਾਇਰ ਜਾਨੀ ਸਿਆਹ ਤੇ ਨਾ ਕਹਿਰਵਾਨ ਹੋਵੇ
ਚਾਕਰ ਔਰਤਾਂ ਸਦਾ ਬੇਉਜ਼ਰ ਹੋਵਣ ਅਤੇ ਆਦਮੀ ਬੇਨੁਕਸਾਨ ਹੋਵੇ
ਪਰ੍ਹਾਂ ਜਾ ਵੇ ਭੇਸੀਆ ਚੋਬਰਾ ਵੇ ਮਤਾਂ ਮੰਗਣੋਂ ਕੋਈ ਵਧਾਣ ਹੋਵੇ
ਵਾਰਸ ਸ਼ਾਹ ਫਕੀਰ ਬਿਨ ਹਿਰਸ ਗਫਲਤ ਯਾਦ ਰਬ ਦੀ ਵਿੱਚ ਮਸਤਾਨ ਹੋਵੇ
363. ਉੱਤਰ ਰਾਂਝਾ
ਕਾਰ ਸਾਜ਼ ਹੈ ਰੱਬ ਤੇ ਫੇਰ ਦੈਲਤ ਸਭੋ ਮਿਹਨਤਾਂ ਪੇਟ ਦੇ ਕਾਰਨੇ ਨੀ
ਨੇਕ ਮਰਦ ਤੇ ਨੇਕ ਹੀ ਹੋਵੇ ਔਰਤ ਉਹਨਾਂ ਦੋਹਾਂ ਦੇ ਕੰਮ ਸਵਾਰਨੇ ਨੀ
ਪੇਟ ਵਾਸਤੇ ਫਿਰਨ ਅਮੀਰ ਦਰ ਦਰ ਸਈਅੱਦਜ਼ਾਦੀਆਂ ਨੇ ਗਧੇ ਚਾਰਨੇ ਨੀ
ਪੇਟ ਵਾਸਤੇ ਪਰੀ ਤੇ ਹੂਰਜ਼ਾਦਾਂ ਜਾਨ ਜਿਨ ਤੇ ਭੂਤ ਦੇ ਵਾਰਨੇ ਨੀ
ਪੇਟ ਵਾਸਤੇ ਰਾਤ ਨੂੰ ਛੋਡ ਘਰ ਦਰ ਹੋ ਪਾਹਰ ਹੋਕਰੇ ਮਾਰਨੇ ਨੀ
ਪੇਟ ਵਾਸਤੇ ਸਭ ਖਰਾਬੀਆਂ ਨੇ ਪੇਟ ਵਾਸਤੇ ਖੂਨ ਗੁਜ਼ਾਰਨੇ ਨੀ
ਪੇਟ ਵਾਸਤੇ ਫਕਰ ਤਸਲੀਮ ਤੋੜਨ ਸਭੇ ਸਮਝ ਲੈ ਰੰਨੇ ਗਵਾਰਨੇ ਨੀ
ਏਸ ਜ਼ਿਮੀਂ ਨੂੰ ਵਾਹੁੰਦਾ ਮੁਲਕ ਮੁੱਕਾ ਉੱਤੇ ਹੋ ਚੁੱਕੇ ਬੱਡੇ ਕਾਰਨੇ ਨੀ
ਕਾਉਂ ਹੋਰ ਤੇ ਰਾਹਕ ਨੇ ਹੋਰ ਇਸ ਦੇ ਖਾਵੰਦ ਹੋਰ ਦੰਮ ਹੋਰਨਾਂ ਮਾਰਨੇ ਨੀ
ਮਿਹਰਬਾਨ ਜੇ ਹੋਵੇ ਫਕੀਰ ਇੱਕ ਪਲ ਤੁਸਾਂ ਜਿਹੇ ਕਰੋੜ ਲੱਖ ਤਾਰਨੇ ਨੇ
ਵਾਰਸ ਸ਼ਾਹ ਜੇ ਰੰਨ ਨੇ ਮਿਹਰ ਕੀਤੀ ਭਾਂਡੇ ਬੋਲ ਦੇ ਖੋਲ ਮੂੰਹ ਮਾਰਨੇ ਨੀ
364. ਉੱਤਰ ਸਹਿਤੀ
ਰਬ ਜੇਡ ਨਾ ਕੋਈ ਹੈ ਜਗ ਦਾਤਾ ਜ਼ਿਮੀਂ ਜੇਡ ਨਾ ਕਿਸੇ ਦੀ ਸਾਬਰੀ ਵੇ
ਮਝੀਂ ਜੇਡ ਨਾ ਕਿਸੇ ਦੇ ਹੋਣ ਜੇਰੇ ਰਾਜ ਹਿੰਦ ਪੰਜਾਬ ਦਾ ਬਾਬਰੀ ਵੇ
ਚੰਦ ਜੇਡ ਚਾਲਾਕ ਨਾ ਸਰਦ ਕੋਈ ਹੁਕਮ ਜੇਡ ਨਾ ਕਿਸੇ ਅਕਾਬਰੀ ਵੇ
ਬੁਰਾ ਕਸਬ ਨਾ ਨੌਕਰੀ ਜੇਡ ਕੋਈ ਯਾਦ ਹੱਕ ਦੀ ਜੇਡ ਅਕਾਬਰੀ ਵੇ
ਮੌਤ ਜੇਡ ਨਾ ਸਖਤ ਹੈ ਕੋਈ ਚਿੱਠੀ ਓਥੇ ਕਿਸੇ ਦੀ ਨਾਹੀਉਂ ਨਾਬਰੀ ਵੇ
ਮਾਲਜ਼ਾਦੀਆਂ ਜੇਡ ਨਾ ਕਸਬ ਭੈੜਾ ਕੰਮਜ਼ਾਤ ਨੂੰ ਹੁਕਮ ਹੈ ਖਾਬਰੀ ਵੇ
ਰੰਨ ਦੇਖਣੀ ਐਬ ਫਕੀਰ ਤਾਈ ਭੂਤ ਵਾਂਗ ਹੈ ਸਿਰਾਂ ਤੇ ਬਾਬਰੀ ਵੇ
365. ਉੱਤਰ ਰਾਂਝਾ
ਰਨ ਦੇਖਣੀ ਐਬ ਹੈ ਅੰਨਿਆਂ ਨੂੰ ਰੱਬ ਅੱਖੀਆਂ ਦਿੱਤੀਆਂ ਦੇਖਨੇ ਨੂੰ
ਸਭ ਖਲਕ ਦਾ ਦੇਖ ਕੇ ਲਉ ਮੁਜਰਾ ਕਰੋ ਦੀਦ ਇਸ ਜਗ ਦੇ ਪੇਖਣੇ ਨੂੰ
ਰਾਉ ਰਾਜਿਆਂ ਸਿਰਾਂ ਦੇ ਦਾਉ ਲਾਏ ਜ਼ਰਾ ਜਾ ਕੇ ਅੱਖੀਆਂ ਸੇਕਣੇ ਨੂੰ
ਸੱਭਾ ਦੀਦ ਮੁਆਫ ਹੈ ਆਸ਼ਕਾਂ ਨੂੰ ਰੱਬ ਨੈਨ ਦਿੱਤੇ ਜਗ ਦੇਖਨੇ ਨੂੰ
ਮਹਾਂ ਦੇਵ ਜਹੀਆਂ ਪਾਰਬਤੀ ਅੱਗੇ ਕਾਮ ਲਿਆਉਂਦਾ ਸੀ ਮਥਾ ਟੇਕਣੇ ਨੂੰ
ਅਜ਼ਰਾਈਲ ਹੱਥ ਕਲਮ ਲੈ ਦੇਖਦਾਈ ਤੇਰਾ ਨਾਮ ਇਸ ਜਗ ਤੋਂ ਛੇਕਣੇ ਨੂੰ
ਵਾਰਸ ਸ਼ਾਹ ਮੀਆਂ ਰੋਜ਼ ਹਸ਼ਰ ਦੇ ਨੂੰ ਅੱਤ ਸੱਦਏ ਗਾ ਲੇਖਾ ਲੇਖਣੇ ਨੂੰ
366. ਉੱਤਰ ਸਹਿਤੀ
ਜੇਹੀ ਨੀਤ ਹਈ ਤੇਹੀ ਮੁਰਾਦ ਮਿਲਿਆ ਘਰੋ ਘਰੀ ਛਾਈ ਸਿਰ ਪਾਉਨਾ ਹੈ
ਫਿਰੇ ਮੰਗਦਾ ਭੌਂਕਦਾ ਖੁਆਰ ਹੁੰਦਾ ਲਖ ਦਗੇ ਪਖੰਡ ਕਮਾਵਨਾ ਹੈਂ
ਸਾਨੂੰ ਰੱਬ ਨੇ ਦੁੱਧ ਤੇ ਦਹੀਂ ਦਿੱਤਾ ਹੱਥਾ ਖਾਵਣਾ ਅਤੇ ਹੰਢਾਵਨਾ ਹੈ
ਸੋਇਨਾ ਰੁੱਪੜਾ ਪਹਿਨ ਕੇ ਅਸੀਂ ਬਹੀਏ ਵਾਰਸ ਸ਼ਾਹ ਤੋਂ ਜਿਉ ਭਰਮਾਵਨਾ ਹੈਂ
367. ਉੱਤਰ ਰਾਂਝਾ
ਸੋਇਨਾ ਰੁਪੜਾ ਸ਼ਾਨ ਸਵਾਨੀਆਂ ਦਾ ਤੂੰ ਤਾਂ ਨਹੀਂ ਅਸੀਲ ਨੀ ਗੋਲੀਏ ਨੀ
ਗਧਾ ਅਰਦਕਾਂ ਨਾਲ ਨਾ ਹੋਇ ਘੋੜਾ ਬਾਂਬਹਿ ਪਰੀ ਨਾ ਹੋਏ ਯਰੋਲੀਏ ਨੀ
ਰੰਗ ਗੋਰੜੇ ਨਾਲ ਤੂੰ ਜਗ ਮੁੱਠਾ ਵਿੱਚੋ ਗੁਣਾਂ ਦੇ ਕਾਰਨੇ ਪੋਲੀਏ ਨੀ
ਵਿਹੜੇ ਵਿੱਚ ਤੂੰ ਕੰਜਰੀ ਵਾਂਗ ਨੱਚੇ ਚੋਰਾਂ ਯਾਰਾਂ ਦੇ ਵਿੱਚ ਵਚੋਲੀਏ ਨੀ
ਅਸਾਂ ਪੀਰ ਕਿਹਾ ਤੂੰ ਹੀਰ ਆਖੇਂ ਭੁਲ ਗਈ ਹੈਂ ਸੁਨਣ ਵਿੱਚ ਭੋਲੀਏ ਨੀ
ਅੰਤ ਇਹ ਜਹਾਨ ਹੈ ਛੱਡ ਜਾਣਾ ਐਡੇ ਕੁਫਰ ਅਪਰਾਧ ਕਿਉਂ ਤੋਲੀਏ ਨੀ
ਫਕਰ ਅੱਲਾਹ ਦੀ ਹੈਨ ਸੂਰਤ ਅੱਗੇ ਰੱਬ ਦੇ ਝੂਠ ਨਾ ਬੋਲੀਏ ਨੀ
ਹੁਸਨ ਮੱਤੀਏ ਬੂਬਕੇ ਸੋਇਨ ਚਿੜੀਏ ਨੈਨਾਂ ਵਾਲੀਏ ਸ਼ੋਖ ਮਮੋਲੀਏ ਨੀ
ਤੈਂਡਾ ਭਲਾ ਥੀਵੇ ਸਾਡਾ ਛੱਡ ਪਿੱਛਾ ਅੱਬਾ ਜਿਉਣੀਏ ਆਲੀਏ ਭੋਲੀਏ ਨੀ
ਵਾਰਸ ਸ਼ਾਹ ਕੀਤੀ ਗੱਲ ਹੋਇ ਚੁੱਕੀ ਮੂਤ ਵਿੱਚ ਨਾ ਮੱਛੀਆਂ ਟੋਲੀਏ ਨੀ
368. ਉੱਤਰ ਸਹਿਤੀ
ਛੇੜ ਮੁੰਦਰਾਂ ਭੇੜ ਮਚਾਵਨਾ ਏ ਸੇਕਾਂ ਲਿੰਗ ਤੇਰੇ ਨਾਲ ਸੋਟਿਆਂ ਦੇ
ਅਸੀਂ ਜੱਟੀਆਂ ਮੁਸ਼ਕ ਲਪੇਟੀਆਂ ਹਾਂ ਨੱਕ ਪਾੜ ਸੁਟੇ ਜਿਨ੍ਹਾਂ ਝੋਟਿਆਂ ਦੇ
ਜਦੋਂ ਮੋਲ੍ਹੀਆਂ ਪਕੜ ਕੇ ਗਿਰਦ ਹੋਈਏ ਪਿਸਤੇ ਕਢੀਏ ਚੀਨਿਆਂ ਕੋਟਿਆਂ ਦੇ
ਜੁੱਤ ਘੇਰਨੀ ਕੁਤਕੇ ਅਤੇ ਸੋਟੇ ਇਹ ਇਲਾਜ ਹੈਨ ਚਿਤੜਾਂ ਮੋਟਿਆਂ ਦੇ
ਲਪੜ ਸ਼ਾਹ ਦਾ ਬਾਲਕਾ ਝਕੜ ਤੇਥੇ ਵੱਲ ਹੇਠ ਵੱਡੇ ਲਪੋਟਿਆਂ ਦੇ
ਵਾਰਸ ਸ਼ਾਹ ਰੋਡਾ ਸਿਰ ਕੰਨ ਪਾਟੇ ਇਹ ਹਾਲ ਚੋਰਾਂ ਯਾਰਾਂ ਖੋਟਿਆਂ ਦੇ
369. ਉੱਤਰ ਰਾਂਝਾ
ਫਕਰ ਸ਼ੇਰ ਦਾ ਆਖਦੇ ਹੈਨ ਬੁਰਕਾ ਭੇਤ ਫਕਰ ਦਾ ਮੂਲ ਨਾ ਖੋਲੀਏ ਨੀ
ਦੁੱਧ ਸਾਫ ਹੈ ਦੇਖਨਾ ਆਸ਼ਕਾਂ ਦਾ ਸ਼ੱਕਰ ਵਿੱਚ ਪਿਆਜ਼ ਨਾ ਘੋਲੀਏ ਨੀ
ਸਰੇ ਖੈਰ ਸੋ ਹੱਸ ਕੇ ਆਣ ਦੀਚੇ ਲਏ ਦੁਆ ਤੇ ਮਿੱਠੜਾ ਬੋਲੀਏ ਨੀ
ਲਏ ਅੱਘ ਚੜ੍ਹਾਇਕੇ ਦੁਧ ਪੈਸਾ ਪਰ ਤੋਲ ਥੀਂ ਘਟ ਨਾ ਤੋਲਈਏ ਨੀ
ਬੁਰਾ ਬੋਲ ਨਾ ਰੱਬ ਦੇ ਪੂਰਿਆਂ ਨੂੰ ਨੀ ਬੇਸ਼ਰਮ ਕੁਪੱਤੀਏ ਲੂਲੀਏ ਨੀ
ਮਸਤੀ ਨਾਲ ਫਕੀਰਾਂ ਨੂੰ ਦੈਂ ਗਾਲੀਂ ਵਾਰਸ ਸ਼ਾਹ ਦੋ ਠੋਕ ਮਨੋਲੀਏ ਨੀ
370. ਉੱਤਰ ਸਹਿਤੀ
ਅਸੀਂ ਭੂਤ ਦੀ ਅਕਲ ਗਵਾ ਦੇਈਏ ਸਾਨੂੰ ਲਾ ਭਬੂਤ ਡਰਾਉਨਾ ਹੈ
ਤਿੰਜਨ ਦੇਖ ਕੇ ਵੌਹਟੀਆਂ ਛੈਲ ਕੁੜੀਆਂ ਓਥੇ ਕਿੰਗ ਦੀ ਤਾਰ ਵਜਾਉਨਾ ਹੈ
ਮੇਰੀ ਭਾਬੀ ਦੇ ਨਾਲ ਤੂੰ ਰਮਜ਼ ਮਾਰੇ ਭਲਾ ਆਪ ਤੂੰ ਕੌਣ ਸਦਾਉਨਾਂ ਹੈ
ਉਹ ਪਈ ਹੈਰਾਨ ਹੈ ਨਾਲ ਜ਼ਹਿਮਤ ਘੜੀ ਘੜੀ ਕਿਉਂ ਪਿਆ ਅਕਾਵਨਾ ਹੈ
ਨਾ ਤੂੰ ਵੈਦ ਨਾ ਮਾਂਦਰੀ ਨਾ ਮੁੱਲਾਂ ਝਾੜੇ ਗ਼ੈਬ ਦੇ ਕਾਸ ਨੂੰ ਪਾਉਨਾਂ ਹੈ
ਚੋਰ ਚੂਹੜੇ ਵਾਂਗ ਹੈ ਟੇਢ ਤੇਰੀ ਪਈ ਜਾਪਦੀ ਸਿਰੀ ਭਨਾਉਨਾਂ ਹੈ
ਕਦੀ ਭੂਤਨਾ ਹੋਇਕੇ ਝੁੰਡ ਖੋਲੇ ਕਦੀ ਜੋਗ ਧਾਰੀ ਬਣ ਆਉਨਾਂ ਹੈ
ਇੱਟ ਸਿੱਟ ਫਗਵਾੜ ਤੇ ਕੁਆਰ ਗੱਦਲ ਇਹ ਬੂਟੀਆਂ ਖੋਲ ਵਖਾਉਨਾ ਹੈ
ਦਾਰੂ ਨਾ ਕਿਤਾਬ ਨਾ ਹੱਥ ਸ਼ੀਸ਼ੀ ਆਖ ਕਾਸ ਦਾ ਵੈਦ ਸਦਾਉਨਾ ਹੈ
ਜਾ ਘਰੋ ਅਸਾਡਿਉ ਨਿਕ ਭੇਖੇ ਹੁਣੇ ਜਟਾਂ ਦੀ ਚੁਟ ਖੋਹਾਉਨਾਂ ਹੈ
ਖੋਹ ਬਾਬਰੀਆਂ ਖਪਰੀ ਭੰਨ ਤੋੜੰ ਹੁਣੇ ਹੋਰ ਕੀ ਮੂੰਹੋਂ ਅਖਾਉਨਾ ਹੈ
ਰੰਨਾ ਬਲਅਮ ਬਾਉਰ ਦਾ ਦੀਨ ਖੋਹਿਆ ਵਾਰਸ ਸ਼ਾਹ ਤੂੰ ਕੌਣ ਸਦਾਉਨਾ ਹੈ
371. ਉੱਤਰ ਰਾਂਝਾ
ਅਸਾਂ ਮਿਹਨਤਾਂ ਡਾਢੀਆਂ ਕੀਤੀਆਂ ਨੇ ਅਨੀ ਗੁੰਡੀਏ ਠੇਠਰੇ ਜੱਟੀਏ ਨੀ
ਕਰਾਮਾਤ ਫਕੀਰ ਦੀ ਦੇਖ ਨਾਹੀਂ ਖੈਰ ਰਬ ਤੋਂ ਮੰਗ ਕੁਪੱਤੀਏ ਨੀ
ਕੰਨ ਪਾਟਿਆਂ ਨਾਲ ਨਾ ਜ਼ਿਦ ਕੀਚੇ ਅੰਨ੍ਹੇ ਖੂਹ ਵਿੱਚ ਝਾਤ ਨਾ
ਘੱਤੀਏ ਨੀ ਮਸਤੀ ਨਾਲ ਤਕੱਬਰੀ ਰਾਤ ਦਿਨੇ ਕਦੀ ਹੋਸ਼ ਦੀ ਅੱਖ ਪਰਤੀਏ ਨੀ
ਕੋਈ ਦੁਖ ਤੇ ਦਰਦ ਨਾ ਰਹੇ ਭੋਰਾ ਝਾੜਾ ਮਿਹਰ ਦਾ ਜਿਨ੍ਹਾਂ ਨੂੰ ਘੱਤੀਏ ਨੀ
ਪੜ੍ਹ ਫੂਕੀਏ ਇੱਕ ਅਜ਼ਮਤ ਸੈਫੀ ਜੜ ਜਿੰਨ ਤੇ ਭੂਤ ਦੀ ਪੱਟੀਏ ਨੀ
ਤੇਰੀ ਭਾਬੀ ਦੇ ਦੁਖੜੇ ਦੂਰ ਹੋਵਨ ਅਸੀਂ ਮਿਹਰ ਜੇ ਚਾ ਪਲੱਟੀਏ ਨੀ
ਮੂੰਹੋਂ ਮਿਠੜਾ ਬੋਲ ਤੇ ਮੋਮ ਹੋਜਾ ਤਿੱਖੀ ਹੋ ਨਾ ਕਮਲੀਏ ਜੱਟੀਏ ਨੀ
ਜਾਂਦੇ ਸਭ ਆਜ਼ਾਰ ਯਕੀਨ ਕਰਕੇ ਵਾਰਸ ਸ਼ਾਹ ਦੇ ਪੈਰ ਜੇ ਚੱਟੀਏ
373 (i) . ਉੱਤਰ ਸਹਿਤੀ
ਫੇਰ ਭੇਜਿਆ ਬੀਰ ਬਤਾਲਿਆ ਵੇ ਔਖੇ ਇਸ਼ਕ ਦੇ ਝਾੜਨੇ ਪਾਵਨੇ ਵੇ
ਨੈਨਾਂ ਦੇਖ ਕੇ ਮਾਰਨੀ ਫੂਕ ਸਾਹਵੇਂ ਸੁੱਤੇ ਪਰੇਮ ਦੇ ਨਾਗ ਜਗਾਵਨੇ ਵੇ
ਕਦੋਂ ਯੂਸਫੀ ਤਿਬ ਮੀਜ਼ਾਨ ਪੜ੍ਹਿਉਂ ਦਸਤੂਰ ਇਲਾਜ ਸਿਖਾਵਨੇ ਵੇ
ਕਰਤਾਸ ਸਕੰਦਰੀ ਤਿਬ ਅਕਬਰ ਜ਼ਖੀਰਿਉਂ ਬਾਬ ਸਣਾਵਨੇ ਵੇ
ਕਾਨੂੰਨ ਮੋਜਜ਼ ਤੁਹਫਾ ਮੋਮਨੀਨ ਭੀ ਕਫਾਇਆ ਮਨਸੂਰੀ ਥੀਂ ਪਾਵਨੇ ਵੇ
ਪਰਾਨ ਸੰਗਲੀ ਵੈਦ ਮਨੌਤ ਸਿਮਰਤ ਨਿਰਘਟ ਦੇ ਧਿਆਇ ਵਿਫਲਾਵਨੇ ਵੇ
ਕਰਾਬਾ ਦੀਨ ਸ਼ਫਾਈ ਤੇ ਕਾਦਰੀ ਭੀ ਮੁਤਫਰਕਾ ਤਿਬ ਪੜ੍ਹ ਜਾਵਨੇ ਵੇ
ਰਤਨ ਜੋਤ ਤੇ ਸਾਖ ਬਲਮੀਕ ਸੋਜਨ ਸੁਖ ਦਿਆ ਗੰਗਾ ਤੈਂ ਥੀ ਆਵਨੇ ਵੋ
ਫੈਲਸੁਫ ਜਹਾਂ ਦੀਆਂ ਅਸੀਂ ਰੰਨਾਂ ਸਾਡੇ ਮਕਰ ਦੇ ਭੇਤ ਕਿਸ ਪਾਵਨੇ ਵੇ
ਅਫਲਾਤੂਨ ਸ਼ਾਗਿਰਦ ਗੁਲਾਮ ਅਰਸਤੂ ਲੁਕਮਾਨ ਥੀਂ ਪੈਰ ਧੁਆਵਨੇ ਵੇ
ਜਿੰਨਾ ਏਸ ਨੂੰ ਝੰਗ ਸਿਆਲ ਵਾਲੇ ਕਾਬੂ ਕਿਸੇ ਦੇ ਇਹ ਨਾ ਆਵਨੇ ਵੇ
ਗੱਲਾਂ ਚਾਇ ਚਵਾ ਦੀਆਂ ਬਹੁਤ ਕਰਨਾਏ ਇਹ ਰੋਗ ਨਾ ਤੁਧ ਥੀਂ ਜਾਵਨੇ ਵੇ
ਏਨ੍ਹਾ ਮਕਰਿਆਂ ਥੋਂ ਕੌਣ ਹੋਵੇ ਚੰਗਾ ਠਗ ਫਿਰਦੇ ਨੇ ਰੰਨਾਂ ਵਲਾਵਨੇ ਵੇ
ਜਿਹੜੇ ਮਕਰ ਦੇ ਪੈਰ ਖਲਾਰ ਬੈਠੇ ਬਿਨਾਂ ਫਾਟ ਖਾਦੇ ਨਾਹੀਂ ਜਾਵਨੇ ਵੇ
ਮੂੰਹ ਨਾਲ ਕਹਿਆਂ ਜਿਹੜੇ ਜਾਣ ਨਾਹੀਂ ਹੱਡ ਗੋਡੜੇ ਤਿਨ੍ਹਾਂ ਭਨਾਵਨੇ ਵੇ
ਵਾਰਸ ਸ਼ਾਹ ਇਹ ਮਾਰ ਹੈ ਵਸਤ ਐਸੀ ਜਿੰਨ ਭੂਤ ਤੇ ਦੇਵ ਨਿਵਾਵਨੇ ਵੇ
373 (ii). ਉੱਤਰ ਰਾਂਝਾ
ਏਹਾ ਰਸਮ ਕਦੀਮ ਹੈ ਜੋਗੀਆਂ ਦੀ ਉਹਨੂੰ ਮਾਰਦੇ ਹੈਨ ਜਿਹੜੀ ਟਰਕਦੀ ਹੈ
ਖੈਰ ਮੰਗਨੇ ਗਏ ਫਕੀਰ ਤਾਈਂ ਅੱਗੋ ਕੁੱਤਿਆ ਵਾਂਗਰਾਂ ਘੁਰਕਦੀ ਹੈ
ਇਹ ਖਸਮ ਦੇ ਖਾਣ ਨੂੰ ਕਿਵੇਂ ਦੇਸੀ ਜਿਹੜੀ ਖੈਰ ਦੇ ਦੇਣ ਤੋਂ ਝੁਰਕਦੀ ਹੈ
ਐਡੀ ਪੀਰਨੀ ਇੱਕੇ ਪਹਿਲਵਾਣਨੀ ਹੈ ਇੱਕੇ ਕੰਜਰੀ ਇਹ ਕਿਸੇ ਤੁਰਕਦੀ ਹੈ
ਪਹਿਲੇ ਫੂਕ ਕੇ ਅੱਗ ਮਹਿਤਾਬੀਆਂ ਨੂੰ ਪਿੱਛੋਂ ਸਰਦ ਪਾਣੀ ਦੇਖੋ ਬੁਰਕਦੀ ਹੈ
ਰੰਨ ਘੁੰਡ ਨੂੰ ਜਦੋਂ ਪੈਜ਼ਾਰ ਵੱਜਨ ਓਥੋਂ ਚੁਪ ਚੁਪਾਤੜੀ ਛੁਰਕਦੀ ਹੈ।
ਇੱਕ ਝੁਟ ਦੇ ਨਾਲ ਮੈਂ ਪੱਟ ਲੈਣੀ ਜਿਹੜੀ ਜ਼ੁਲਫ ਗੱਲ੍ਹਾਂ ਉਤੇ ਲੁੜਕਦੀ ਹੈ
ਸਿਆਣੇ ਜਾਨਣੇ ਹਨ ਧਨੀ ਜਾਏ ਝੋਟੀ ਜਿਹੜੀ ਸਾਨ੍ਹਾਂ ਦੇ ਮੁਤਰੇ ਖੁਰਕਦੀ ਹੈ
ਫਕਰ ਜਾਨ ਮੰਗਨ ਖੈਰ ਭੁਖ ਮਰਦੇ ਅੱਗੋਂ ਸਗਾਂ ਵਾਂਗੂੰ ਸਗੋਂ ਦੁਰਕਦੀ ਹੈ
ਲੁੰਡੀ ਪਾਹੜੀ ਨੂੰ ਖੇਤ ਹੱਥ ਆਇਆ ਪਈ ਉਪਰੋਂ ਉਪਰੋਂ ਮੁਰਕਦੀ ਹੈ
ਓਸਦੇ ਮੌਰ ਫੁਰਦੇ ਅਤੇ ਲੌਨ ਚੁੱਤੜ ਸਵਾ ਮਣੀ ਮਤਹਿਰ ਭੀ ਫੁਰਕਦੀ ਹੈ
374. ਉੱਤਰ ਸਹਿਤੀ
ਜਿਹੜੀਆਂ ਲੈਣ ਉਡਾਰੀਆਂ ਨਾਲ ਬਾਜ਼ਾਂ ਉਹ ਬੁਲਬੁਲਾਂ ਠੀਕ ਮਰੀਂਦੀਆਂ ਨੀ
ਉਹਨਾਂ ਹਰਨੀਆਂ ਦੀ ਉਮਰ ਹੋ ਚੁੱਕੀ ਪਾਣੀ ਸ਼ੇਰ ਦੀ ਜੂਹ ਜੋ ਪੀਂਦੀਆਂ ਨੀ
ਉਹ ਵਾਹਨਾਂ ਜਾਣ ਕਬਾਬ ਹੋਈਆਂ ਜਿੜੀਆਂ ਹੱਈੜੀਆਂ ਨਾਲ ਖਹਿੰਦੀਆਂ ਨੀ
ਇੱਕ ਦਿਨ ਉਹ ਫੇਰਸਨ ਆਣ ਘੋੜੇ ਕੜਾਂ ਜਿਨ੍ਹਾਂ ਦੀਆਂ ਨਿਤ ਸੁਣੀਦੀਆਂ ਨੀ
ਥੋੜੀਆਂ ਕਰਨ ਸੁਹਾਗ ਦੀਆਂ ਉਹ ਆਸਾਂ ਜਿਹੜੀਆਂ ਧਾੜਵੀਆਂ ਨਾਲ ਮੰਗੀਦੀਆਂ ਨੇ
ਜੋਕਾਂ ਇੱਕ ਦਿਨ ਪਕੜ ਨਚੋ ਹੈਨਗੀਆਂ ਅਨਪੁੱਣੇ ਲਹੂ ਨਿਤ ਪੀਂਦੀਆਂ ਨੇ
ਦਿਲ ਲੱਖ ਦੀਚੇ ਕੰਜਰੀ ਨੂੰ ਕਦੀ ਦਿਲੋਂ ਮਹਿਬੂਬ ਨਾ ਥੀਂਦੀਆਂ ਨੇ
ਇੱਕ ਦਿਹੁੰ ਪਕੜੀਆਂ ਜਾਣ ਗੀਆਂ ਹਾਕਮਾ ਥੇ ਪਰਸੇਜ ਜੋ ਨਿਤ ਚੜ੍ਹਦੀਆਂ ਨੇ
ਇੱਕ ਦਿਨ ਗੜੇ ਵਸਾਇਸਨ ਉਹ ਘਟਾਂ ਹਾਠਾਂ ਜੋੜ ਕੇ ਨਿਤ ਘਰੀਂਦੀਆਂ ਨੇ
ਤੇਰੇ ਲੌਣ ਮੋਢੇ ਸਾਡੇ ਲੌਣ ਨਾੜੇ ਮੁਸ਼ਕਾਂ ਕਿਸੇ ਦੀਆਂ ਅਜ ਬੁੜੀਂਦੀਆਂ ਨੇ
375. ਉੱਤਰ ਰਾਂਝਾ
ਸੁਣ ਸਹਿਤੀਏ ਅਸੀਂ ਹਾਂ ਨਾਗ ਕਾਲੇ ਪੜ੍ਹ ਸੈਫੀਆਂ ਜ਼ੁਹਦ ਕਮਾਵਨੇ ਹਾਂ
ਮਕਰ ਫਨ ਨੂੰ ਭੰਨ ਕੇ ਸਾਫ ਕਰਦੇ ਜਿਨ ਭੂਤ ਨੂੰ ਸਾੜ ਵਖਾਣਨੇ ਹਾਂ
ਨਕਸ਼ ਲਿਖ ਕੇ ਫੂਕ ਯਸੀਂ ਦੇਈਏ ਸਾਏ ਸੂਲ ਦੀ ਜ਼ਾਤ ਗਵਾਣਨੇ ਹਾਂ
ਦੁਖ ਦਰਦ ਬਲਾਇ ਤੇ ਜਾਏ ਤੰਗੀ ਕਦਮ ਜਿਨ੍ਹਾਂ ਦੇ ਵਿਹੜਿਆਂ ਪਾਵਨੇ ਹਾਂ
ਸਣੇ ਤਸਮੀਆਂ ਪੜ੍ਹਾਂ ਅਖਲਾਸ ਸੁਰਤ ਜੜ੍ਹਾਂ ਵੈਰ ਦੀਆਂ ਪੱਟ ਵਖਾਵਣੇ ਹਾਂ
ਦਿਲੋਂ ਹੁਬ ਦੇ ਚਾ ਤਾਅਵੀਜ਼ ਲਿਖੀਏ ਅਸੀਂ ਰੁਠੜੇ ਯਾਰ ਮਿਲਾਵਨੇ ਹਾਂ
ਜਿਹੜਾ ਮਾਰਨਾ ਹੋਵੇ ਤਾਂ ਕੀਲ ਕਰਕੇ ਐਤਵਾਰ ਮਸਾਨ ਜਗਾਵਨੇ ਹਾਂ
ਜਿਹੀ ਗੱਭਰੂ ਤੋਂ ਰੰਨ ਰਹੇ ਵਿਟਰ ਲੌਂਗ ਮੰਦਰੇ ਚਾ ਖਵਾਵਨੇ ਹਾਂ
ਜਿਹੜੇ ਯਾਰ ਨੂੰ ਯਾਰਨੀ ਮਿਲੇ ਨਾਹੀਂ ਫੁਲ ਮੁੰਦ ਕੇ ਚਾ ਸੁੰਘਾਵਨੇ ਹਾਂ
ਉਹਨਾਂ ਵੌਹਟੀਆਂ ਦੇ ਦੁਖ ਦੂਰ ਦਰਦ ਜਾਂਦੇ ਪੜ੍ਹ ਹਿਕ ਤੇ ਹੱਥ ਫਰਾਵਨੇ ਹਾਂ
ਕੀਲ ਡਇਣਾਂ ਕੱਚੀਆਂ ਪੱਕੀਆਂ ਨੂੰ ਦੰਦ ਪਨ ਕੇ ਲਿਟਾਂ ਮੁਨਾਵਨੇ ਹਾਂ
ਜਾਣ ਸਹਿਰ ਜਾਦੂ ਚੜ੍ਹੇ ਭੂਤ ਕੁੱਦੇ ਗੰਡਾ ਕੀਲ ਦਵਾਲੇ ਦਾ ਪਾਵਨੇ ਹਾਂ
ਕਿਸੇ ਨਾਲ ਜੇ ਵੈਰ ਵਰੋਧ ਹੋਵੇ ਉਹਨੂੰ ਭੂਤ ਮਸਾਦ ਚਮੜਾਵਨੇ ਹਾਂ
ਬੁਰਾ ਬੋਲਦੀ ਜਿਹੜੀ ਜੋਗੀਆਂ ਨੂੰ ਸਿਰ ਮੁੰਨ ਕੇ ਗਧੇ ਚੜ੍ਹਾਵਨੇ ਹਾਂ
ਜੈਦੇ ਨਾਲ ਮੁਦਪੜਾ ਠੀਕ ਹੋਵੇ ਉਹਨੂੰ ਬੀਰ ਬੇਤਾਲ ਭਛਾਵਨੇ ਹਾਂ
ਅਸੀਂ ਖੇੜਿਆਂ ਦੇ ਘਰੋ ਇੱਕ ਬੂਟਾ ਹੁਕਮ ਰੱਬ ਦੇ ਨਾਲ ਪਟਾਵਨੇ ਹਾਂ
ਵਾਰਸ ਸ਼ਾਹ ਜੇ ਹੋਰ ਨਾ ਦਾਉ ਲੱਗੇ ਸਿਰ ਪ੍ਰੇਮ ਜੜੀਆਂ ਚਾ ਪਾਵਨੇ ਹਾਂ
376. ਉੱਤਰ ਸਹਿਤੀ
ਮਹਿਬੂਬ ਅੱਲਾਹ ਦੇ ਲਾਡਲੇ ਹੋ ਏਸ ਵੌਹਟੜੀ ਨੂੰ ਕੋਈ ਸੂਲ ਹੈ ਜੀ
ਕੋਈ ਗੁਝੜਾ ਰੋਗ ਹੈ ਏਸ ਧਾਨਾ ਪਈ ਨਿਤ ਇਹ ਰਹੇ ਰੰਜੂਲ ਹੈ ਜੀ
ਹੱਥੋਂ ਲੁੜ੍ਹ ਵਿੰਹਦੀ ਲਾਹੂ ਲੱਥੜੀ ਹੈ ਦੇਹੀ ਹੋ ਜਾਂਦੀ ਮਖਬੂਲ ਹੈ ਜੀ
ਮੂੰਹੋਂ ਮਿਠੜੀ ਲਾਡ ਦੇ ਨਾਲ ਬੋਲੇ ਹਰ ਕਿਸੇ ਦੇ ਨਾਲ ਮਾਅਕੂਲ ਹੈ ਜੀ
ਮੂਧਾ ਪਿਆ ਹੈ ਝੁਗੜਾ ਨਿਤ ਸਾਡਾ ਇਹ ਵੋਹਟੜੀ ਘਰੇ ਦਾ ਮੂਲ ਹੈ ਜੀ
ਮੇਰੇ ਵੀਰ ਦੇ ਨਾਲ ਹੈ ਵੈਰ ਇਸ ਦਾ ਜੇਹਾ ਕਾਫਰਾਂ ਨਾਲ ਰਸੂਲ ਹੈ ਜੀ
ਅੱਗੇ ਏਸ ਦੇ ਸਾਹੁਰੇ ਹੱਥ ਬੱਧੇ ਜੋ ਕੁਝ ਆਖਦੀ ਸਭ ਕਬੂਲ ਹੈ ਜੀ
ਵਾਰਸ ਪਲੰਘ ਤੇ ਕਦੇ ਨਾ ਉਠ ਬੈਠੇ ਢਿੱਡ ਵਿੱਚ ਫਿਰੇ ਡੰਡਲ ਹੈ ਜੀ
377. ਉੱਤਰ ਰਾਂਝਾ
ਨਬਜ਼ ਦੇਖ ਕੇ ਏਸ ਦੀ ਕਰਾਂ ਕਾਰੀ ਦੇ ਵੇਦਨਾ ਸਭ ਬਤਾਇ ਮੈਨੂੰ
ਨਾੜ ਦੇਖ ਕੇ ਕਰਾਂ ਇਲਾਜ ਇਸਦਾ ਜੇ ਇਹ ਉਠ ਕੇ ਸੱਤ ਵਿਖਾਏ ਮੈਨੂੰ
ਰੋਗ ਕਾਸ ਤੋਂ ਚੱਲਿਆ ਕਰੇ ਜ਼ਾਹਰ ਮਜ਼ਾ ਮੂੰਹ ਦਾ ਦੇ ਬਤਾਏ ਮੈਨੂੰ
ਵਾਰਸ ਸ਼ਾਹ ਮੀਆਂ ਛੱਤੀ ਰੋਗ ਕੱਟਾਂ ਬਿਲਕ ਮੌਤ ਥੀਂ ਲਵਾਂ ਬਚਾਇ ਇਹਨੂੰ
378. ਉਹੀ
ਖੰਘ ਖੁਰਕ ਤੇ ਸਾਹ ਤੇ ਅੱਖ ਆਈ ਸੁਲ ਦੰਦ ਦੀ ਪੀੜ ਗਵਾਵਨੇ ਹਾਂ
ਕੌਲੰਜ ਤਪ ਦਿਕ ਤੇ ਮੁਹਰਕਾ ਤਪ ਉਹਨੂੰ ਕਾੜਿਆਂ ਨਾਲ ਗਵਾਵਨੇ ਹਾਂ
ਸਰਸਾਮ ਸੌਦਾਅ ਜ਼ੁਕਾਮ ਨਜ਼ਲਾ ਇਹ ਸ਼ਰਬਤਾਂ ਨਾਲ ਪਟਾਵਨੇ ਹਾਂ
ਸਿਲ ਨਫਖ ਇਸਤਸਕਾ ਹੋਵੇ ਲਹਿਮ ਤਬਲ ਤੇ ਵਾਉ ਵਨਜਾਵਨੇ ਹਾਂ
ਲੂਤ ਫੋੜੀਆਂ ਅਤੇ ਗੰਭੀਰ ਚੰਬਲ ਤੇਲ ਲਾਇਕੇ ਜੜ੍ਹਾਂ ਪਟਾਵਨੇ ਹਾਂ
ਹੋਵੇ ਪੁਟਪੁਟੀ ਪੀੜ ਕਿ ਅੱਧ ਸੀਸੀ ਉਹਦਾ ਗਟਾ ਦਿਨ ਅੱਠਵੇਂ ਪਾਵਨੇ ਹਾਂ
ਅਧਰੰਗ ਮੁਖ ਭੈਗਨੀਆ ਹੋਵੇ ਜਿਸੋ ਨੂੰ ਸ਼ੀਸ਼ਾ ਹਲਬ ਦਾ ਕਢ ਦਖਾਵਨੇ ਹਾਂ
ਮਿਰਗੀ ਹੋਊਸ ਤਾਂ ਲਾਹ ਕੇ ਪੈਰ ਛਿੱਤਰ ਨਕ ਤੇ ਚਾ ਸੁੰਘਾਵਨੇ ਹਾਂ
ਝੋਲਾ ਮਾਰ ਜਾਏ ਟੰਗ ਸੁਨ ਹੋਵੇ ਤਦੋਂ ਪੈਨ ਦਾ ਤੇਲ ਮਲਾਵਨੇ ਹਾਂ
ਰੰਨ ਮਰਦ ਨੂੰ ਕਾਮ ਜੇ ਕਰੇ ਗਲਬਾ ਧਨੀਆਂ ਭਿਉਂ ਕੇ ਚਾ ਪਵਾਵਨੇ ਹਾਂ
ਨਾਮਰਦ ਨੂੰ ਚੀਚ ਵੋਹਟੀਆਂ ਦਾ ਤੇਲ ਕੱਢ ਕੇ ਨਿੱਤ ਮਲਾਵਨੇ ਹਾਂ
ਜੇ ਕਿਸੇ ਨੂੰ ਬਾਦ ਫਰੰਗ ਹੋਵੇ ਤੇ ਰਸਕਪੁਰ ਤੇ ਲੌਂਗ ਦਵਾਵਨੇ ਹਾਂ
ਪਰਮੇਵ ਸੁਜ਼ਾਕ ਤੇ ਛਾਹ ਮੋਤੀ ਉਹਨੂੰ ਇੰਦਰੀ ਝਾੜ ਦਵਾਵਨੋ ਹਾਂ
ਅਤੀ ਸਾਰ ਨਬਾਹੀਆਂ ਸੂਲ ਜਿਹੜੇ ਈਸਬਗੋਲ ਹੀ ਘੋਲ ਪਿਵਾਵਨੇ ਹਾਂ
ਵਾਰਸ ਸ਼ਾਹ ਜਿਹੜੀ ਉਠ ਬਹੇ ਨਾਹੀਂ ਉਹਨੂੰ ਹੱਥ ਈ ਮੂਲ ਨਾ ਲਾਵਨੇ ਹਾਂ
379. ਉੱਤਰ ਸਹਿਤੀ
ਲਖ ਵੈਦਗੀ ਵੈਦ ਲਗਾ ਥੱਕੇ ਧੁਰੋਂ ਟੁਟੜੀ ਕਿਸੇ ਨਾ ਜੋੜਨੀ ਵੇ
ਜਿੱਥੇ ਕਲਮ ਤਕਦੀਰ ਦੀ ਵਗ ਚੁੱਕੀ ਕਿਸੇ ਵੈਦਗੀ ਨਾਲ ਨਾ ਮੋੜਨੀ ਵੇ
ਜਿਸ ਕਮ ਵਿੱਚ ਵੌਹਟੜੀ ਹੋਵੇ ਚੰਗੀ ਸੋਈ ਖੈਰ ਹੈ ਅਸਾਂ ਨਾ ਲੋੜਨੀ ਵੇ
ਵਾਰਸ ਸ਼ਾਹ ਆਜ਼ਾਰ ਹੋਰ ਸਭ ਮੁਠਦੇ ਇਹ ਕਤਈ ਨਾ ਕਿਸੇ ਨੇ ਮੋੜਨੀ ਵੇ
380. ਉੱਤਰ ਰਾਂਝਾ
ਮਨ ਜ਼ਾਹੀਕਾ ਜੁਹੀਕਾ ਹੁਕਮ ਹੋਇਆ ਗੱਲ ਫਕਰ ਦੀ ਨੂੰ ਨਾਹੀਂ ਹੱਸੀਏ ਨੀ
ਜੋ ਕੁਝ ਕਹਿਣ ਫਕੀਰ ਸੋ ਰੱਬ ਆਖੇ ਫਕਰ ਦੇ ਥੋਂ ਨਾਹੀਂ ਨੱਸੀਏ ਨੀ
ਹੋਵੇ ਖੈਰ ਤੇ ਦੇਹੀ ਦਾ ਰੋਗ ਜਾਏ ਨਿਤ ਪਹਿਨੀਏ ਖਾਈਏ ਵੱਸੀਏ ਨੀ
ਭਲਾ ਬੁਰਾ ਜੋ ਦੇਖੀਏ ਮਸ਼ਟ ਕਰੀਏ ਭੇਤ ਫਕਰ ਦਾ ਮੂਲ ਨਾ ਦੱਸੀਏ ਨੀ
ਹੱਥ ਬੰਨ੍ਹ ਫਕੀਰ ਤੇ ਸਿਦਕ ਕੀਜੇ ਨਹੀਂ ਸੇਲ੍ਹੀਆਂ ਟੋਪੀਆਂ ਖੱਸੀਏ ਨੀ
ਦੁਖ ਦਰਦ ਤੇਰੇ ਸਭ ਜਾਣ ਕੁੜੀਏ ਭੇਤ ਜਿਊ ਖੋਲ ਕੇ ਦੱਸੀਏ ਨੀ
381. ਉੱਤਰ ਸਹਿਤੀ
ਸਹਿਤੀ ਗੱਜ ਕੇ ਆਖਦੀ ਛੱਡ ਜੱਟਾ ਖੋਹ ਸਭ ਨਵਾਲੀਆਂ ਸੱਟੀਆਂ ਨੀ
ਹੋਰ ਸਭ ਜ਼ਾਤਾਂ ਠੱਗ ਖਾਂਦੀਆਂ ਨੀ ਪਰ ਏਸ ਵਿਹੜੇ ਵਿੱਚ ਜੱਟੀਆਂ ਨੀ
ਅਸਾਂ ਏਤਨੀ ਗੱਲ ਮਾਅਲੂਮ ਕੀਤੀ ਇਹ ਜੱਟੀਆਂ ਮੁਲਕ ਦੀਆਂ ਢਠੀਆਂ ਨੀ
ਡੂਮਾਂ ਰਾਵਲਾਂ ਕੋਨੀਤਾਂ ਜੱਟੀਆਂ ਦੀਆਂ ਜੀਭਾਂ ਧੁਰੋਂ ਸ਼ੈਤਾਨ ਦੀਆਂ ਚੱਟੀਆਂ ਨੀ
ਪਰ ਅਸਾਂ ਭੀ ਜਿਨ੍ਹਾਂ ਨੂੰ ਹਥ ਲਾਇਆ ਉਹ ਬੂਟੀਆਂ ਜੜਾਂ ਥੀਂ ਪੱਟੀਆਂ ਨੀ
ਪਵੇ ਢਿਡ ਤੇ ਅਕਲ ਦੀ ਮਾਰ ਵਾਰਸ ਛਾਹਾਂ ਪੀਣ ਤਰਬੇਹਈਆਂ ਖੱਟੀਆਂ ਨੀ
382. ਉੱਤਰ ਰਾਂਝਾ
ਹੌਲੀ ਸਹਿਜ ਸਭਿਉ ਦੀ ਗੱਲ ਕੀਚੇ ਨਾਹੀਂ ਕੜਕੀਏ ਬੋਲੀਏ ਗੱਜੀਏ ਨੀ
ਲਖ ਝੁਟ ਤਰਲੇ ਫਿਰੇ ਕੋਈ ਕਰਦਾ ਦਿੱਤੇ ਰੱਬ ਦੇ ਬਾਜ਼ ਨਾ ਰੱਜੀਏ ਜੀ
ਧਿਆਨ ਰੱਬ ਤੇ ਰੱਖ ਨਾ ਹੋ ਤੱਤੀ ਲਖ ਔਗਣਾਂ ਹੋਣ ਤਾਂ ਕੱਜੀਏ ਨੀ
ਅਸੀਂ ਨਜ਼ਰ ਕਰੀਏ ਤੁਰਤ ਹੋਣ ਚੰਗੇ ਜਿਨ੍ਹਾਂ ਰੋਗੀਆਂ ਤੇ ਜਾ ਵੱਜੀਏ ਨੀ
ਚੌਦਾਂ ਤਬਕ ਨੌ ਖੰਡ ਦੀ ਖਬਰ ਸਾਨੂੰ ਮੂੰਹ ਫਕਰ ਥੋਂ ਕਾਸ ਨੂੰ ਕੱਜੀਏ ਨੀ
ਜੈਦੇ ਹੁਕਮ ਵਿੱਚ ਜਾਨ ਤੇ ਮਾਲ ਆਲਮ ਓਸ ਰੱਬ ਥੋਂ ਕਾਸ ਨੂੰ ਭੱਜੀਏ ਨੀ
ਸਾਰੀ ਉਮਰ ਈ ਪਲੰਘ ਤੇ ਪਈ ਰਹਿਸੇ ਏਸ ਅਕਲ ਦੇ ਨਾਲ ਕੁਚੱਜੀਏ ਨੀ
ਸ਼ਰਮ ਜੇਠ ਤੇ ਸੌਹਰਿਉਂ ਕਰਨ ਆਈ ਮੂੰਹ ਫਕਰ ਥੋਂ ਕਾਸਨੂੰ ਲੱਜੀਏ ਨੀ
ਵਾਰਸ ਸ਼ਾਹ ਤਾਂ ਇਸ਼ਕ ਦੀ ਨਬਜ਼ ਦਿਸੇ ਜਦੋਂ ਆਪਨੀ ਜਾਨ ਨੂੰ ਤੱਜੀਏ ਨੀ
383. ਉੱਤਰ ਸਹਿਤੀ
ਕੇਹੀ ਵੈਦਗੀ ਆਨ ਮਚਾਇਆ ਕਿਸ ਵੈਦ ਨੇ ਦੱਸ ਪੜ੍ਹਾਇਆ ਹੈ
ਵਾਂਗ ਚੌਧਰੀ ਆਨ ਕੇ ਪੈਂਚ ਬਨਿਓਂ ਕਿਸ ਚਿੱਠੀਆਂ ਘਲ ਸਦਾਇਆ ਹੈ
ਸੇਲ੍ਹੀ ਟੋਪੀਆਂ ਪਹਿਨ ਲੰਗੂਰ ਵਾਂਗੂੰ ਤੂੰ ਤੇ ਸ਼ਾਹ ਭੋਲੂ ਬਣ ਆਇਆ ਹੈ
ਵੱਡੇ ਦਗ਼ ਤੇ ਫਨ ਫਰੇਬ ਫੜਿਉਂ ਔਵੇਂ ਕੰਨ ਪੜਾ ਗਵਾਇਆ ਹੈ।
ਨਾ ਤੂੰ ਜਟ ਰਹਿਉਂ ਨਾ ਤੂੰ ਫਕੀਰ ਹੋਇਉ ਐਵੇਂ ਮੁੰਨ ਕੇ ਘੋਨ ਕਰਾਇਆ ਹੈ
ਨਾ ਜਮਿਉਂ ਨਾ ਕਿਸੇ ਮਤ ਦਿੱਤੀ ਮਰ ਪਿਟ ਕੇ ਕਿਸੇ ਅਲਾਹਿਆ ਹੈ।
ਬੁਰੇ ਦੇਹਾਂ ਦੀਆਂ ਫੇਰੀਆਂ ਏਹ ਹੈਨੀ ਅੱਜ ਰਬ ਨੇ ਇਕ ਕੁਟਾਇਆਂ ਹੈ
ਵਾਰਸ ਸ਼ਾਹ ਕਰ ਬੰਦਗੀ ਰੱਬ ਦੀ ਤੂੰ ਜਿਸ ਵਾਸਤੇ ਰੱਬ ਬਣਾਇਆ ਹੈ।
384. ਉੱਤਰ ਰਾਂਝਾ
ਤੇਰੀ ਤਰ੍ਹਾ ਚਾਲਾਕ ਛਲ ਛਿੱਦਰੇ ਨੀ ਚੋਰ ਵਾਂਗ ਕੀ ਸੇਲ੍ਹੀਆਂ ਸਿੱਲੀਆਂ ਨੀ
ਪੈਰੀਂ ਬੱਲੀਆਂ ਹੋਣ ਫਿਰੇਂ ਦੀਆਂ ਦੇ ਤੇਰੀ ਜੀਭ ਹਰਿਆਰੀਏ ਬਿੱਲੀਆਂ ਨੀ
ਕੇਹਾ ਰੋਗ ਹੈ ਦੱਸ ਇਸ ਵੌਹਟੜੀ ਨੂੰ ਇੱਕੇ ਮਾਰਦੀ ਫਿਰੇਂ ਟਰਪੱਲੀਆਂ ਨੀ
ਕਿਸੇ ਏਸ ਨੂੰ ਚਾ ਮਸਾਨ ਘੱਤੇ ਪੜ੍ਹ ਠੋਕੀਆਂ ਸਾਰ ਦੀਆਂ ਕਿੱਲੀਆਂ ਨੀ
ਸਹਿੰਸ ਵੇਦ ਤੇ ਧੂਪ ਹੋਰ ਫੁਲ ਹਰਮਲ ਹਰੇ ਸ਼ੀਂਹ ਦੀਆਂ ਛਮਕਾਂ ਗਿੱਲੀਆਂ ਨੀ
ਝਬ ਕਰਾਂ ਮੈਂ ਜਤਨ ਝੜ ਜਾਨ ਕਾਮਨ ਅਨੀ ਕਮਲੀਉ ਹੋਉ ਨਾ ਢਿੱਲੀਆਂ ਨੀ
ਹਥ ਫੇਰ ਕੇ ਧੂਪ ਦੇ ਕਰਾਂ ਝਾੜਾਂ ਫਿਰੇਂ ਮਾਰਦੀ ਨਏ ਤੇ ਖੱਲੀਆਂ ਨੀ
ਰੱਬ ਵੈਦ ਪੱਕਾ ਘਰ ਘੱਲਿਆ ਜੇ ਫਿਰੋ ਢੂੰਡਦੀਆਂ ਪੂਰਬਾਂ ਦਿੱਲੀਆਂ ਨੀ
ਵਾਰਸ ਸ਼ਾਹ ਪ੍ਰੇਮ ਦੀ ਜੜੀ ਘੱਤੀ ਨੈਨਾਂ ਹੀਰ ਦਿਆਂ ਕੱਚੀਆਂ ਪਿੱਲੀਆਂ ਨੇ
385. ਉੱਤਰ ਸਹਿਤੀ
ਮੇਰੇ ਨਾਲ ਕੀ ਪਿਆ ਹੈਂ ਵੈਰ ਚਾਕਾ ਮੱਥਾ ਸੌਕਣਾਂ ਵਾਂਗ ਕੀ ਡਾਹਿਆ ਈ
ਐਵੇਂ ਘੂਰ ਕੇ ਮੁਲਕ ਨੂੰ ਫਿਰੇਂ ਖਾਂਦਾ ਕਦੀ ਚੋਤਰਾ ਮੂਲ ਨਾ ਵਾਹਿਆ ਈ
ਕਿਸੇ ਜੋਗੜੇ ਠਗ ਫਕੀਰ ਕੀਤੋਂ ਅਨਜਾਨ ਕਕੋਹੜਾ ਫਾਹਿਆ ਈ
ਮਾਉਂ ਬਾਪ ਗੁਰ ਪੀਰ ਘਰ ਬਾਰ ਤਜਿਉ ਕਿਸੇ ਨਾਲ ਨਾ ਕੌਲ ਨਬਾਹਿਆ ਈ
ਬੁੱਢੀ ਮਾਂ ਨੂੰ ਰੋਂਦੜੀ ਛੱਡ ਆਇਉਂ ਉਸ ਅਰਸ਼ ਦਾ ਕਿੰਗਰਾ ਢਾਹਿਆ ਈ
ਪੇਟ ਰੱਖ ਕੇ ਆਪਣਾ ਪਾਲਿਉ ਈ ਕਿਤੇ ਰੰਨ ਨੂੰ ਚਾ ਤਰਾਹਿਆ ਈ
ਡੱਬੀ ਪੂਰੇ ਦਿਆ ਝੱਲ ਵੱਲਲਿਆ ਵੇ ਅਸਾਂ ਨਾਲ ਕੀ ਖਚਰ ਪੌ ਚਾਹਿਆ ਈ
ਸਵਾਹ ਲਾਇਆ ਪਾਣ ਨਾ ਲਥਿਆਈ ਐਵੇਂ ਕਪੜਾ ਚੱਥੜਾ ਲਾਹਿਆ ਈ
386. ਉੱਤਰ ਰਾਂਝਾ
ਮਾਨੀ ਮੱਤੀਏ ਰੂਪ ਗੁਮਾਨ ਭਰੀਏ ਭੈੜੋ ਕਾਰੀਏ ਗਰਬ ਗਹੇਲੀਏ ਨੀ
ਐਡੇ ਫਨ ਫਰੇਬ ਕਿਉਂ ਖੇਡਨੀ ਹੈਂ ਕਿਸੇ ਵੱਡੇ ਉਸਤਾਦ ਦੀਏ ਚੇਲੀਏ ਨੀ
ਏਸ ਹੁਸਨ ਦਾ ਨਾ ਗੁਮਾਨ ਕੀਚੈ ਮਾਨ ਮੱਤੀਏ ਰੂਪ ਰੁਹੇਲੀਏ ਨੀ
ਤੇਰੀ ਭਾਬੀ ਦੀ ਨਹੀਂ ਪਰਵਾ ਸਾਨੂੰ ਵੱਡੀ ਹੀਰ ਦੀ ਅੰਗ ਸਹੇਲੀਏ ਨੀ
ਮਿਲੇ ਸਿਰਾਂ ਨੂੰ ਨਾ ਵਿਛੋੜ ਦੀਚੈ ਹੱਥੋਂ ਵਿਛੜਿਆਂ ਸਿਰਾਂ ਨੂੰ ਮੇਲੀਏ ਨੀ
ਕੇਹਾ ਵੈਰ ਫਕੀਰ ਦੇ ਨਾਲ ਚਾਇਉ ਪਿੱਛਾ ਛੱਡ ਅਨੋਖੀਏ ਲੇਲੀਏ ਨੀ
ਇਹ ਜੱਟੀ ਸੀ ਕੂੰਜ ਤੇ ਜਟ ਉੱਲੂ ਪਰ ਬੰਧਿਆ ਜੇ ਗੁਲ ਖੇਲੀਏ ਨੀ
ਵਾਰਸ ਜਿਨਸ ਦੇ ਨਾਲ ਹਮਜਿਨਸੀ ਬਣਦੀ ਭੋਰ ਤਾਜ਼ ਨਾਂ ਗਧੇ ਗਲ ਮੇਲੀਏ ਨੀ
387. ਹੀਰ ਨੂੰ ਪਤਾ ਲੱਗਣਾ
ਹੀਰ ਕੰਨ ਧਰਿਆ ਇਹ ਕੌਣ ਆਇਆ ਕੋਈ ਇਹ ਤਾਂ ਹੈ ਖੈਰਖਾਹ ਮੇਰਾ
ਮੈਨੂੰ ਭੋਰ ਤਾਜ਼ਨ ਜਿਹੜਾ ਆਖਦਾ ਹੈ ਅਤੇ ਗਧਾ ਬਣਾਇਆ ਸੁ ਚਾ ਖੋੜਾ
ਮਤਾਂ ਚਾਕ ਮੇਰਾ ਕਿਵੇ ਆਨ ਭਾਸੇ ਓਸ ਨਾਲ ਮੈਂ ਉਠ ਕੇ ਕਰਾਂ ਝੇੜਾ
ਵਾਰਸ ਸ਼ਾਹ ਮਤ ਕੰਨ ਪੜਾ ਰਾਂਝਾ ਘਤ ਮੁੰਦਰਾਂ ਮੰਨਿਆ ਹੁਕਮ ਮੇਰਾ
388. ਹੀਰ ਦਾ ਉੱਤਰ
ਬੋਲੀ ਹੀਰ ਵੇ ਅੜਿਆ ਜਾ ਸਾਥੋਂ ਕੋਈ ਖ਼ੁਸ਼ੀ ਨਾ ਹੋਵੇ ਤੇ ਹੱਸਈਏ ਕਿਉਂ
ਪਰਦੇਸੀਆਂ ਜੋਗੀਆਂ ਕਮਲਿਆਂ ਨੂੰ ਵਿੱਚੋਂ ਜਿਉ ਦਾ ਭੇਤ ਚਾ ਦੱਸੀਏ ਕਿਉਂ
ਜੇ ਤਾਂ ਜਫਾ ਨਾ ਜਾਲਿਆ ਜਾਏ ਜੋਗੀ ਜੋਗ ਪੰਥ ਆਇਕੇ ਧੱਸੀਏ ਕਿਉਂ
ਜੇ ਤੂੰ ਅੰਤ ਰੰਨਾ ਵਲ ਵੇਖਨਾ ਸੀ ਵਾਹੀ ਜੋਤਰੇ ਛੱਡ ਕੇ ਨੱਸੀਏ ਕਿਉਂ
ਜੇ ਤਾਂ ਆਪ ਇਲਾਜ ਨਾ ਜਾਣੀਏ ਵੇ ਜਿਨ ਭੂਤ ਤੇ ਜਾਦੁੜੇ ਦੱਸੀਏ ਕਿਉਂ
ਫਕੀਰ ਭਾਰੜੇ ਗੋਰੜੇ ਹੋ ਰਹੀਏ ਕੁੜੀ ਚਿੜੀ ਦੇ ਨਾਲ ਖਰਖੱਸੀਏ ਕਿਉਂ
ਜਿਹੜਾ ਕੰਨ ਲਪੇਟ ਕੇ ਨੱਸ ਜਾਏ ਮਗਰ ਲੱਗ ਕੇ ਓਸ ਨੂੰ ਧੱਸੀਏ ਕਿਉਂ
ਵਾਰਸ ਸ਼ਾਹ ਉਜਾੜ ਦੇ ਵਸਦਿਆਂ ਨੂੰ ਆਪ ਖੈਰ ਦੇ ਨਾਲ ਫੇਰ ਵੱਸੀਏ ਕਿਊਂ
389. ਉੱਤਰ ਰਾਂਝਾ
ਘਰੋਂ ਸੱਖਣਾ ਫਕਰ ਨਾ ਡੂਮ ਜਾਇ ਅਨੀ ਖੇੜਿਆਂ ਦੀਏ ਗਮਜ਼ੋਰੀਏ ਨੀ
ਕੋਈ ਵੱਡੀ ਤਕਸੀਰ ਹੈ ਅਸਾਂ ਕੀਤੀ ਸਦਕਾ ਹੁਸਨ ਦਾ ਬਖਸ਼ ਲੈ ਗੋਰੀਏ ਨੀ
ਘਰੋਂ ਸਰੇ ਫਕਰ ਨੂੰ ਖੈਰ ਦੀਜਏ ਨਹੀਂ ਤੁਰਤ ਜਵਾਬ ਦੇ ਟੋਰੀਏ ਨੀ
ਵਾਰਸ ਸ਼ਾਹ ਕੁਝ ਰੱਬ ਦੇ ਨਾਮ ਦੀਚੈ ਨਹੀਂ ਆਜਜ਼ਾਂ ਦੀ ਕਾਈ ਜ਼ੋਰੀਏ ਨੀ
390. ਉੱਤਰ ਹੀਰ
ਹੀਰ ਆਖਦੀ ਜੋਗੀਆ ਝੂਠ ਆਖੇ ਕੌਣ ਰੁਠੜੇ ਯਾਰ ਮਿਲਾਉਂਦਾ ਈ
ਏਹਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ ਜਿਹੜਾ ਗਿਆਂ ਨੂੰ ਮੋੜ ਲਿਆਉਂਦਾ ਈ
ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ ਜਿਹੜਾ ਜਿਊ ਦਾ ਰੋਗ ਗਵਾਉਂਦਾ ਈ
ਭਲਾ ਦੱਸ ਖਾਂ ਚਿਰੀ ਵਿਛੁਨਿਆਂ ਨੂੰ ਕਦੋਂ ਰੱਬ ਸੱਚਾ ਘਰੀਂ ਲਿਆਂਉਂਦਾ ਈ
ਭਲਾ ਮੋਏ ਤੇ ਵਿਛੜੇ ਕੌਣ ਮੇਲੇ ਐਵੇਂ ਜਿਊੜਾ ਲੋਕ ਵਲਾਂਉਂਦਾ ਈ
ਇੱਕ ਬਾਜ਼ ਥੋਂ ਕਾਉਂ ਨੇ ਕੁੰਜ ਖੋਹੀ ਵੇਖਾਂ ਚੁਪ ਹੈ ਕਿ ਕੁਰਲਾਉਂ ਦਾ ਈ
ਇਕਸ ਜਟ ਦੇ ਖੇਤ ਨੂੰ ਅੱਗ ਲੱਗੀ ਵੇਖਾਂ ਆਨ ਕੇ ਕਦੋਂ ਬੁਝਾਉਂਦਾ ਈ
ਦਿਆਂ ਚੂਰੀਆਂ ਘਿਉ ਦੇ ਬਾਲ ਦੀਵੇ ਵਾਰਸ ਸ਼ਾਹ ਜੇ ਸੁਣਾਂ ਮੈਂ ਆਉਂਦਾ ਈ
391. ਉੱਤਰ ਰਾਂਝਾ
ਜਦੋਂ ਤੀਕ ਜ਼ਮੀਂ ਅਸਮਾਨ ਕਾਇਮ ਤਦਾਂ ਤੀਕ ਇਹ ਵਾਹ ਵਹਿਣ ਗੇ ਨੀ
ਸੱਭਾ ਕਿਬਰ ਹੰਕਾਰ ਗੁਮਾਨ ਲੱਗੇ ਆਪ ਵਿੱਚ ਇਹ ਅੰਤ ਨੂੰ ਢੈਣ ਗੇ ਨੀ
ਇਸਰਾਫੀਲ ਜਾਂ ਸੂਰ ਕਰਨਾ ਫੂਕੇ ਜਦੋਂ ਜ਼ਮੀਂ ਅਸਮਾਨ ਸਭ ਢੈਣ ਗੇ ਨੀ
ਕੁਰਸੀ ਅਰਸ਼ੀ ਤੇ ਲੌਹ ਕਲਮ ਜੰਨਤ ਰੂਹ ਦੋਜ਼ਖਾਂ ਸਤ ਇਹ ਰਹਿਣ ਗੇ ਨੀ
ਕੁਰਆ ਸੁਟ ਕੇ ਪਸ਼ਨ ਮੈਂ ਲਾਵਨਾ ਹਾਂ ਦੱਸਾਂ ਉਹਨਾਂ ਜੋ ਉਠ ਕੇ ਬਹਿਣਗੇ ਨੀ
ਨਾਲੇ ਪੱਤਰੀ ਫੋਲ ਕੇ ਫਾਲ ਘੱਤਾਂ ਵਾਰਸ ਸ਼ਾਹ ਹੋਰੀਂ ਸੱਚ ਕਹਿਣਗੇ ਨੀ
392. ਉਹੀ
ਤੁਸੀਂ ਛੱਤਿਆ ਨਾਲ ਉਹ ਮਸ ਭਿੰਨਾ ਤਦੋਂ ਦੋਹਾਂ ਜਾ ਜਿਉ ਰਲ ਗਿਆ ਸੀ ਨੀ
ਓਸ ਵੰਝਲੀ ਨਾਲ ਤੂੰ ਨਾਲ ਲਟਕਾਂ ਜਿਉ ਦੋਹਾਂ ਦਾ ਦੋਹਾਂ ਨੇ ਲਿਆ ਸੀ ਨੀ
ਉਹ ਇਸ਼ਕ ਦੇ ਹੱਟ ਵਿਕਾਇ ਰਹਿਆ ਮਹੀਂ ਕਿਸੇ ਦੀਆ ਚਾਰਦਾ ਪਿਆ ਸੀ ਨੀ
ਨਾਲ ਸ਼ੌਕ ਮਹੀਂ ਉਹ ਚਾਰਦਾ ਸੀ ਤੇਰਾ ਵਿਆਹ ਹੋਇਆ ਲੁੜ੍ਹ ਗਿਆ ਸੀ ਨੀ
ਤੁਸੀਂ ਚੜ੍ਹੇ ਡੋਲੀ ਤਾਂ ਉਹ ਹਕ ਮਹੀਂ ਟਮਕ ਚਾਇਕੇ ਨਾਲ ਲੈ ਗਿਆ ਸੀ ਨੀ
ਹੁਣ ਕੰਨ ਪੜਾ ਫਕੀਰ ਹੋਇਆ ਨਾਲ ਜੋਗੀਆਂ ਦੇ ਰਲ ਗਿਆ ਸੀ ਨੀ
ਅੱਜ ਪਿੰਡ ਤੁਸਾਡੜੇ ਆ ਵੜਿਆ ਅਜੇ ਲੰਘ ਕੇ ਅਗਾਂ ਨਾ ਗਿਆ ਸੀ ਨੀ
ਹੁਣ ਸੰਗਲੀ ਸੁਟ ਕੇ ਸ਼ਗਨ ਬੋਲਾਂ ਅੱਗੇ ਸਾਂਵਰੀ ਥੇ ਸ਼ਗਨ ਲਿਆ ਸੀ ਨੀ
ਵਾਰਸ ਸ਼ਾਹ ਮੈਂ ਪੱਤਰੀ ਪਾਲ ਡਿੱਠੀ ਕੁਰਆ ਇਹ ਨਜੂਮ ਦਾ ਪਿਆ ਸੀ ਨੀ
393. ਉਹੀ
ਛੋਟੀ ਉਮਰ ਦੀਆਂ ਯਾਰੀਆਂ ਬਹੁਤ ਮੁਸ਼ਕਲ ਪੁੱਤਰ ਮਹਿਰਾਂ ਦੇ ਖੋਲੀਆਂ ਚਾਰਦੇ ਨੇ
ਕੰਨ ਪਾੜ ਫਕੀਰ ਹੋ ਜਾਣ ਰਾਜੇ ਦਰਦ ਮੰਦ ਪਹਿਰਨ ਵਿੱਚ ਬਾਰ ਦੇ ਨੇ
ਰੰਨਾ ਵਾਸਤੇ ਕੰਨ ਪੜਾ ਰਾਜੇ ਸੱਭਾ ਜ਼ਾਤ ਸਫਾਤ ਨਿਘਾਰਦੇ ਨੇ
ਭਲੇ ਦਿੰਹੁ ਤੇ ਨੇਕ ਨਸੀਬ ਹੋਵਨ ਸੱਜਨ ਆ ਬਹਿਸਨ ਕੋਲ ਯਾਰ ਦੇ ਨੇ
ਵਾਰਸ ਸ਼ਾਹ ਜਾਂ ਜ਼ੌਕ ਦੀ ਲੱਗੀ ਗੱਦੀ ਜੌਹਰ ਨਿਕਲੇ ਅਸਲ ਤਲਵਾਰ ਦੇ ਨੇ
394. ਉਹੀ
ਜਿਸ ਜਟ ਦੇ ਖੇਤ ਨੂੰ ਅੱਗ ਲੱਗੀ ਉਹ ਰਾਹਕਾਂ ਵੱਢ ਕੇ ਗਾਹ ਲਇਆ
ਲਾਵੇ ਹਾਰ ਰਾਖੇ ਸਭ ਵਿਦਾ ਹੋਏ ਨਾਉਮੀਦ ਹੋ ਕੇ ਜਟ ਰਾਹ ਪਇਆ
ਜਿਹੜੇ ਬਾਜ਼ ਥੋਂ ਕਾਂਉ ਨੇ ਕੁੰਜ ਖੋਹੀ ਸਬਰ ਸ਼ੁਕਰ ਕਰ ਬਾਜ਼ ਫਨਾ ਥਇਆ
ਦੁਨੀਆ ਛਡ ਉਦਾਸੀਆਂ ਪਹਿਨ ਲਈਆਂ ਜਸ ਦਾ ਵਾਰਸੀ ਹੋ ਵਾਰਸ ਸ਼ਾਹ ਭਇਆ
395. ਹੀਰ ਸਮਝ ਗਈ
ਹੀਰ ਉਠ ਬੈਠੀ ਪਤੇ ਠੀਕ ਲੱਗੇ ਅਤੇ ਠੀਕ ਨਿਸ਼ਾਨੀਆਂ ਸਾਰੀਆਂ ਨੀ
ਇਹ ਤਾਂ ਜੌਗੀੜਾ ਪੰਡਤ ਠੀਕ ਮਿਲਿਆ ਬਾਤਾਂ ਆਖਦਾ ਖੂਬ ਕਰਾਰੀਆਂ ਨੀ
ਪਤੇ ਵੰਝਲੀ ਦੇ ਏਸ ਠੀਕ ਦਿੱਤੇ ਅਤੇ ਮਹੀਂ ਭੀ ਸਾਡੀਆਂ ਚਾਰੀਆਂ ਨੀ
ਵਾਰਸ ਸ਼ਾਹ ਇਹ ਇਲਮ ਦਾ ਧਨੀ ਢਾਡਾ ਖੋਲ ਕੇ ਨਿਸ਼ਾਨੀਆਂ ਸਾਰੀਆਂ ਨੀ
396. ਹੀਰ ਦਾ ਉੱਤਰ
ਭਲਾ ਦੱਸ ਖਾਂ ਜੋਗੀਆ ਚੋਰ ਸਾਡਾ ਹੁਣ ਕਿਹੜੀ ਤਰਫ ਨੂੰ ਉਠ ਗਿਆ
ਵੇਖਾਂ ਆਪ ਹੁਣ ਕਿਹੜੀ ਤਰਫ ਫਿਰਦਾ ਅਤੇ ਮੁਝ ਗ਼ਰੀਬ ਨੂੰ ਕੁਠ ਗਿਆ
ਰੁਠੇ ਆਦਮੀ ਘਰਾਂ ਵਿੱਚ ਆ ਮਿਲਦੇ ਗੱਲ ਸਮਝ ਜਾ ਬੱਧੜੀ ਮੁਠ ਗਿਆ
ਘਰੇ ਵਿੱਚ ਪੌਦਾ ਗੁਣਾ ਸੱਜਣਾਂ ਦਾ ਯਾਰ ਹੋਰ ਨਾਹੀਂ ਕਿਤੇ ਗੁਠ ਗਿਆ
ਘਰ ਯਾਰ ਤੇ ਢੂੰਡਦੀ ਫਿਰੇਂ ਬਾਹਰ ਕਦੇ ਮਹਿਲ ਨਾ ਮਾੜੀਆਂ ਉਠ ਗਿਆ
ਸਾਨੂੰ ਸਬਰ ਕਰਾਰ ਤੇ ਚੈਨ ਨਾਹੀਂ ਵਾਰਸ ਸ਼ਾਹ ਜਦੋਕਨਾ ਉਠ ਗਿਆ
397. ਉੱਤਰ ਰਾਂਝਾ
ਏਸ ਘੁੰਡ ਵਿੱਚ ਬਹੁਤ ਖਰਾਬੀਆਂ ਨੇ ਅੱਗ ਲਾਇਕੇ ਘੁੰਡ ਨੂੰ ਸਾੜੀਏ ਨੀ
ਘੁੰਡ ਹੁਸਨ ਦੀ ਆਬ ਛੁਪਾ ਲੈਂਦਾ ਲੰਮੇ ਘੁੰਡ ਵਾਲੀ ਰੜੇ ਮਾਰੀਏ ਨੀ
ਘੁੰਡ ਆਸ਼ਕਾਂ ਦੇ ਬੇੜੇ ਡੋਬ ਦੇਂਦਾ ਮੈਨਾ ਤਾੜ ਨਾ ਪਿੰਜਰੇ ਮਾਰੀਏ ਨੀ
ਤਦੋਂ ਇਹ ਜਹਾਨ ਸਭ ਨਜ਼ਰ ਆਵੇ ਜਦੋਂ ਘੁੰਡ ਨੂੰ ਜ਼ਰਾ ਉਤਾਰੀਏ ਨੀ
ਘੁੰਡ ਅੰਨ੍ਹਿਆਂ ਕਰੇ ਸੁਜਾਖਿਆਂ ਨੂੰ ਘੁੰਡ ਲਾਹ ਤੂੰ ਮੂੰਹ ਤੋਂ ਲਾੜੀਏ ਨੀ
ਵਾਰਸ ਸ਼ਾਹ ਨਾ ਦੱਬੀਏ ਮੋਤੀਆਂ ਨੂੰ ਫੁਲ ਅੱਗ ਦੇ ਵਿੱਚ ਨਾ ਸਾੜੀਏ ਨੀ
398. ਹੀਰ ਰਾਂਝੇ ਦੀ ਆਪੋ ਵਿੱਚ ਗੱਲ
ਅੱਖੀਂ ਸਾਮਣੇ ਚੋਰ ਜੇ ਆਇ ਭਾਸਨ ਕਿਉਂ ਦੁਖ ਵਿੱਚ ਆਪ ਨੂੰ ਗਾਲੀਏ ਵੇ
ਮੀਆਂ ਜੋਗੀਆ ਝੂਠੀਆਂ ਇਹ ਗੱਲਾਂ ਘਰ ਹੋਣ ਤਾਂ ਕਾਸ ਨੂੰ ਭਾਲੀਏ ਵੇ
ਅੱਗ ਬੁਝੀ ਨੂੰ ਧੀਰੀਆਂ ਲਖ ਦੀਚਨ ਬਿਨਾ ਫੂਕ ਮਾਰੇ ਨਾ ਬਾਲੀਏ ਵੇ
ਹੀਰ ਦੇਖ ਕੇ ਤੁਰਤ ਪਛਾਨ ਲੀਤਾ ਹੱਸ ਆਖਦੀ ਬਾਤ ਸੰਭਾਲੀਏ ਵੇ
ਸਹਿਤੀ ਪਾਸ ਨਾ ਦੇਵਨਾ ਭੇਤ ਮੂਲੇ ਸ਼ੇਰ ਪਾਸ ਨਾ ਬੱਕਰੀ ਪਾਲੀਏ ਵੇ
ਦੇਖ ਮਾਲ ਚੁਰਾਇਕੇ ਪਿਆ ਮੁੱਕਰ ਰਾਹ ਜਾਂਦੜਾ ਕੋਈ ਨਾ ਭਾਲੀਏ ਵੇ
ਵਾਰਸ ਸ਼ਾਹ ਮਲਖਾਇਨਾ ਮਾਲ ਲੱਧਾ ਚਲੋ ਕੁੱਜੀਆਂ ਬਦਰ ਪਵਾਲੀਏ ਵੇ
399. ਉੱਤਰ ਰਾਂਝਾ
ਕਹੀ ਦੱਸਣੀ ਅਕਲ ਸਿਆਨਿਆਂ ਨੂੰ ਕਦੀ ਨਫਰ ਕਦੀਮ ਸੰਭਾਲੀਏ ਨੀ
ਦੌਲਤਮੰਦ ਨੂੰ ਜਾਣਦਾ ਸਭ ਕੋਈ ਨੇਂਹ ਨਾਲ ਗ਼ਰੀਬ ਦੇ ਪਾਲੀਏ ਨੀ
ਗੋਦੀ ਬਾਲ ਢੰਡੋਰੜਾ ਜਗ ਸਾਰੇ ਜਿਉ ਸਮਝ ਲੈ ਖੇੜਿਆਂ ਵਾਲੀਏ ਨੀ
ਸਾੜ ਘੁੰਡ ਨੂੰ ਖੋਲ ਕੇ ਦੇਖ ਨੈਨਾਂ ਨੀ ਅਨੋਖਿਆਂ ਸਾਲੂ ਵਾਲੀਏ ਨੀ
ਵਾਰਸ ਸ਼ਾਹ ਹੈ ਇਸ਼ਕ ਦਾ ਗਾਉਤਕੀਆ ਅਨੀ ਹੁਸਨ ਦੀਏ ਗਰਮ ਨਿਹਾਲੀਏ ਨੀ
400. ਉੱਤਰ ਸਹਿਤੀ
ਸਹਿਤੀ ਸਮਝਿਆ ਇਹ ਰਲ ਗਏ ਦੋਵੇਂ ਲਈਆਂ ਘੁਟ ਫਕੀਰ ਬਲਾਈਆਂ ਨੀ
ਇਹ ਦੇਖ ਫਕੀਰ ਨਿਹਾਲ ਹੋਈ ਜੜੀਆਂ ਏਸ ਨੇ ਘੇਲ ਪਵਾਈਆਂ ਨੀ
ਸਹਿਤੀ ਆਖਦੀ ਮਗ਼ਜ਼ ਖਪਾ ਨਾਹੀਂ ਨੀ ਮੈਂ ਤੇਰੀਆਂ ਲਿਆਂ ਬਲਾਈਆਂ ਨੀ
ਮਤਾਂ ਘਤ ਜੁਗ ਧੂੜ ਤੇ ਕਰੂ ਕਮਲੀ ਕਲ੍ਹਾਂ ਏਸ ਦੇ ਨਾਲ ਕੀ ਲਾਈਆਂ ਨੀ
ਆਟਾ ਖ਼ੈਰ ਨਾ ਭਿਤਿਆ ਲਏ ਦਾਣੇ ਕਿੱਥੋਂ ਕੱਢੀਏ ਦੁਧ ਮਲਾਈਆਂ ਨੀ
ਡਰਨ ਆਂਵਦਾ ਭੂਤਨੇ ਵਾਂਗ ਇਸ ਥੋਂ ਕਿਸੇ ਥਾਂਉਂ ਦੀਆਂ ਇਹ ਬਲਾਈਆਂ ਨੀ
ਖੈਰ ਘਿਨ ਕੇ ਜਾ ਫਰਫੇਜੀਆ ਵੇ ਅੱਤਾਂ ਰਾਵਲਾ ਕੇਹੀਆਂ ਚਾਈਆਂ ਨੀ
ਫਿਰੇਂ ਬਹੁਤ ਪਖੰਡ ਖਿਲਾਰਦਾ ਤੂੰ ਏਥੇ ਕਈ ਵਲੱਲੀਆਂ ਪਾਈਆਂ ਨੀ
ਵਾਰਸ ਰਿਹ ਗਰੀਬ ਦੀ ਅਕਲ ਘੁੱਥੀ ਇਹ ਪੱਟੀਆਂ ਇਸ਼ਕ ਪੜ੍ਹਾਈਆਂ ਨੀ
401. ਉੱਤਰ ਰਾਂਝਾ
ਮੈਂ ਇਕੱਲੜਾ ਕੁੱਲ ਨਜਾਣਨਾ ਹਾਂ ਤੁਸੀਂ ਦੋਵੇਂ ਨਨਾਣ ਭਰਜਾਈਆਂ ਨੀ
ਮਾਲਜ਼ਾਦੀਆਂ ਵਾਂਗ ਬਣਾ ਤੇਰੀ ਪਾ ਬੈਠੀ ਹੈਂ ਸੁਰਮ ਸਲਾਈਆਂ ਨੀ
ਪੈਰ ਪਕੜ ਫਕੀਰ ਦੇ ਦੇ ਭਿਛਿਆ ਅੜੀਆਂ ਕੇਹੀਆਂ ਕਵਾਰੀਏ ਲਾਈਆਂ ਨੀ
ਧਿਆਨ ਰੱਬ ਤੇ ਰੱਖ ਨਾ ਹੋ ਤੱਤੀ ਗੁੱਸੇ ਹੋ ਨਾ ਭਲਿਆਂ ਦੀਆਂ ਜਾਈਆਂ ਨੀ
ਤੈਨੂੰ ਸ਼ੌਕ ਹੈ ਤਿਨ੍ਹਾਂ ਦਾ ਭਾਗਭਰੀਏ ਜਿਨ੍ਹਾਂ ਡਾਚੀਆਂ ਬਾਰ ਚਰਾਈਆਂ ਨੀ
ਜਿਸ ਰੱਬ ਦੇ ਅਸੀਂ ਫਕੀਰ ਹੋਏ ਦੇਖ ਕੁਦਰਤਾਂ ਓਸ ਦਖਾਈਆਂ ਨੀ
ਸਾਡੇ ਪੀਰ ਨੂੰ ਜਾਣਦੀ ਗਿਆ ਮੋਇਆ ਤਾਂਹੀ ਗਾਲੀਆਂ ਦੇਣੀਆਂ ਲਾਈਆਂ ਨੀ
ਵਾਰਸ ਸ਼ਾਹ ਉਹ ਸਦਾ ਹੀ ਜਿਊਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੀ
402. ਉੱਤਰ ਸਹਿਤੀ
ਪਤੇ ਡਾਚੀਆਂ ਦੇ ਬੁਰੇ ਲਾਵਨਾਂ ਹੈ ਦੇਂਦਾ ਮਿਹਣੇ ਸ਼ਾਮਤਾਂ ਦੌੜੀਆਂ ਵੇ
ਮੱਥਾ ਡਾਹਿਉ ਨਾਲ ਕਵਾਰੀਆਂ ਦੇ ਤੇਰੀਆਂ ਲੌਂਦੀਆਂ ਜੋਗੀਆ ਮੇਰੀਆਂ ਵੇ
ਤੇਰੀ ਜੀਭ ਮਵੇਸੀਆ ਹੱਥ ਵਿੱਲਤ ਤੇਰੇ ਚੁਤੜੀਂ ਲੜਦੀਆਂ ਭੌਰੀਆਂ ਵੇ
ਖੈਰ ਮਿਲੇ ਸੋ ਲਏ ਨਾ ਨਾਲ ਮਸਤੀ ਮੰਗੇ ਦੁੱਧ ਤੇ ਪਾਨ ਫਲੋਰੀਆਂ ਵੇ
ਰੁਗ ਦੇ ਆਟਾ ਇੱਕੇ ਟੁਕ ਚੱਪਾ ਭਰ ਦੇਣ ਨਾ ਜੱਟੀਆਂ ਕੌਰੀਆਂ ਵੇ
ਏਸ ਅੰਨ ਨੂੰ ਢੂੰਡਦੇ ਉਹ ਫਿਰਦੇ ਚੜ੍ਹਨ ਹਾਥੀਆਂ ਤੇ ਹੋਵਨ ਚੋਰੀਆਂ ਵੇ
ਸੋਟਾ ਵੱਡਾ ਇਲਾਜ ਕੁਪੱਤਿਆਂ ਦਾ ਤੇਰੀਆਂ ਭੈੜੀਆਂ ਦਿਸਦੀਆਂ ਤੌਰੀਆਂ ਵੇ
ਵਾਰਸ ਮਾਰ ਸਵਾਰਦੇ ਭੂਤ ਰਾਕਸ਼ ਜਿਹੜੀਆਂ ਮਹਿਰੀਆਂ ਹੋਣ ਅਪੌੜੀਆਂ ਵੇ
403. ਉੱਤਰ ਰਾਂਝਾ ਬੁਰੇ
ਖਿਨ ਫਕੀਰਾਂ ਦੇ ਨਾਲ ਪਈਆਂ ਅਠਖੇਲ ਬੁਰਿਆਰ ਉਚੱਕੀਆਂ ਨੀ
ਰਾਤਬ ਖਾਇਕੇ ਹੰਜਰਨ ਵਿੱਚ ਟੱਲੇ ਮਾਰਨ ਲੱਤ ਅਰਾਕੀਆਂ ਬੱਕੀਆਂ ਨੀ
ਇੱਕ ਭੌਂਕਦੀ ਦੂਸਰੀ ਦੇ ਟਿਚਕਰ ਇਹ ਨਨਾਦ ਭਾਬੀ ਦੋਵੇਂ ਸਕੀਆਂ ਨੀ
ਏਥੇ ਬਹੁਤ ਫਕੀਰ ਜ਼ਹੀਰ ਕਰਦੇ ਖੈਰ ਦੇ ਦੀਆਂ ਅੱਕੀਆਂ ਨੀ
ਜਿਨ੍ਹੀਂ ਡੱਬੀਆਂ ਪਾਇਕੇ ਸਿਰੀਂ ਚਾਈਆਂ ਰੰਨਾਂ ਤਿਨ੍ਹਾਂ ਦੀਆਂ ਨਾਹੀਉ ਸਕੀਆਂ ਨੀ
ਨਾਲੇ ਢਿਡ ਖੁਰਕਨ ਨਾਲ ਦੁਧ ਰਿੜਕਣ ਅਤੇ ਚਾਟੀਆਂ ਕੁੜੀਆਂ ਲੱਕੀਆਂ ਨੀ
ਝਾਟਾ ਖੁਰਕਦੀਆਂ ਗੁਨ੍ਹਦੀਆਂ ਨੱਕ ਸਿਣਕਣ ਮਾਰਨ ਵਾਇਕੇ ਚਾੜ੍ਹ ਕੇ ਨੱਕੀਆਂ ਨੀ
ਲੜੋ ਨਹੀਂ ਜੇ ਚੰਗੀਆਂ ਹੋਵਨਾ ਜੇ ਵਾਰਸ ਸ਼ਾਹ ਥੋਂ ਲਉ ਦੋ ਫੱਕੀਆਂ ਨੀ
404. ਉੱਤਰ ਸਹਿਤੀ
ਅਨੀ ਦੇਖੋ ਨੀ ਵਾਸਤਾ ਰੱਬ ਦਾ ਜੇ ਵਾਹ ਪੈ ਗਿਆ ਨਾਲ ਕੁਪੱਤੀਆਂ ਦੇ
ਮਗਰ ਹਲਾ ਦੇ ਚੋਬਰਾਂ ਲਾ ਦੀਚਨ ਇੱਕੇ ਛੇੜ ਦੀਚਣ ਮਗਰ ਕੱਟਿਆਂ ਦੇ
ਇੱਕੇ ਵਾਢੀਆਂ ਲਾਵੀਆਂ ਕਰਨ ਘੇਰਾ ਇੱਕੇ ਡਾਹ ਦੀਚਣ ਹੇਠ ਝੱਟਿਆਂ ਦੇ
ਇਹ ਪੁਰਾਣੀਆਂ ਲਾਅਣਤਾਂ ਹੈਨ ਜੋਗੀ ਗਦੋਂ ਵਾਂਗ ਲੇਟਣ ਵਿੱਚ ਘੱਟਿਆਂ ਦੇ
ਹੀਰ ਆਖਦੀ ਬਹੁਤ ਹੈ ਸ਼ੌਕ ਤੈਨੂੰ ਭੇੜ ਪਾ ਬਹਿਣ ਨਾਲ ਡੱਟਿਆਂ ਦੇ
ਵਾਰਸ ਸ਼ਾਹ ਮੀਆਂ ਖਹਿੜੇ ਨਾ ਪਵੀਏ ਕਨ ਪਾਟਿਆਂ ਰਬ ਦਿਆਂ ਪੱਟਿਆਂ ਦੇ
405. ਉੱਤਰ ਹੀਰ ਨੂੰ ਸਹਿਤੀ ਦਾ
ਭਾਬੀ ਜੋਗੀਆਂ ਦੇ ਵੱਡੇ ਕਾਰਨੇ ਨੀ ਗੱਲਾਂ ਨਹੀਂ ਸੁਣੀਆਂ ਕੰਨ ਪਾਟਿਆਂ ਦੀਆਂ
ਰੋਕ ਬੰਨ੍ਹ ਪੱਲੇ ਦੁਧ ਦਹੀਂ ਪੀਵਣ ਵੱਟੀਆਂ ਚਾਟੀਆਂ ਜੋੜਦੇ ਆਟਿਆਂ ਦੀਆਂ
ਗਿੱਠ ਗਿੱਠ ਵਧਾਇਕੇ ਵਾਲ ਨਾਖੁਨ ਰਿਛ ਪਲਮਦੇ ਲਾਂਗੜਾਂ ਪਾਟਿਆਂ ਦੀਆਂ
ਵਾਰਸ ਸ਼ਾਹ ਇਹ ਮਸਤ ਕੇ ਪਾਟ ਲੱਥੇ ਰੰਗਾਂ ਕਿਰਲੀਆਂ ਵਾਂਗ ਨੇ ਗਾਟਿਆਂ ਦੀਆਂ
406. ਉੱਤਰ ਰਾਂਝਾ
ਇਹ ਮਿਸਲ ਮਸ਼ਹੂਰ ਜਹਾਨ ਸਾਰੇ ਜਟੀ ਚਾਰੇ ਹੀ ਥੋਕ ਸਵਾਰਦੀ ਹੈ
ਉਨ ਤੁੰਬਦੀ ਮੰਮੇ ਤੇ ਬਾਲ ਲੇੜ੍ਹੇ ਚਿੜੀਆਂ ਹਾਕਰੇ ਲੇਲੜੇ ਚਾਰਦੀ ਹੈ
ਬੰਨ੍ਹ ਝੇੜੇ ਫਕੀਰ ਦੇ ਨਾਲ ਲੜਦੀ ਘਰ ਸਾਂਭਦੀ ਲੋਕਾਂ ਨੂੰ ਮਾਰਦੀ ਹੈ
ਵਾਰਸ ਸ਼ਾਹ ਦੋ ਲੜਨ ਮਾਅਸ਼ਕ ਏਥੇ ਸੰਗਲੀ ਸ਼ਗਨ ਵਿਚਾਰਦੀ ਹੈ
407. ਉੱਤਰ ਸਹਿਤੀ
ਮੇਰੇ ਹੱਥ ਲੌਂਦੇ ਤੇਰੀ ਲਵੀਂ ਟੋਟਨ ਕੋਈ ਮਾਰਏ ਗਾ ਨਾਲ ਮੁਹਲਿਆਂ ਦੇ
ਅਸੀਂ ਘੜਾਂਗੇ ਵਾਂਗ ਕਲਬੂਤ ਮੋਚੀ ਕਰੀਂ ਚਾਵੜਾਂ ਨਾਲ ਤੂੰ ਰੁਹਲਿਆਂ ਦੇ
ਸੁੱਟੂ ਮਾਰ ਚਪੇੜ ਤੇ ਦੰਦ ਭੰਨੂੰ ਸਵਾਦ ਆਵਸੀ ਚੁਹਲਿਆਂ ਮੁਹਲਿਆਂ ਦੇ
ਵਾਰਸ ਹੱਡ ਤੇਰੇ ਘਾਟ ਵਾਂਗ ਛੜੀਅਨ ਨਾਲ ਕੁਤਕਿਆਂ ਮੁਹਲਿਆਂ ਪੌਲਿਆਂ ਦੇ
408. ਉੱਤਰ ਰਾਂਝਾ
ਤੇਰੇ ਮੌਰ ਲੌਂਦੇ ਫਾਟ ਖਾਣ ਅਤੇ ਮੇਰੀ ਫਰਕਦੀ ਅੱਜ ਮਤਹਿਰ ਹੈ ਨੀ
ਮੇਰਾ ਕੁਤਕਾ ਲਵੇਂ ਤੇ ਤੇਰੇ ਚੁਤੜ ਅੱਜ ਦੋਹਾਂ ਦੀ ਵੱਡੀ ਕੁਦੈੜ ਹੈ ਨੀ
ਚਿੱਭੜ ਵਾਂਗ ਤੇਰੇ ਬਿਉ ਕੱਢ ਸੁੱਟਾਂ ਮੈਨੂੰ ਆਇਆ ਜ਼ੁਅਮ ਦਾ ਕਹਿਰ ਹੈ ਨੀ
ਏਸ ਭੇਡ ਦੇ ਖੂਨ ਤੋਂ ਕਿਸੇ ਚਿੜ ਕੇ ਨਹੀਂ ਮਾਰ ਲੈਣਾ ਕੋਈ ਸ਼ਹਿਰ ਹੈ ਨੀ
ਉਜਾੜੇ ਜ਼ੋਰ ਗਦੋਂ ਵਾਂਗ ਕੁੱਈਏਂਗੀ ਕਹੀ ਮਸਤ ਤੈਨੂੰ ਵੱਡੀ ਵਿਹਰ ਹੈ ਨੀ
ਵਾਰਸ ਸ਼ਾਹ ਇਹ ਡੁਗਡੁਗੀ ਰੰਨ ਕੁੱਟਾਂ ਕਿਸ ਛਡਾਵਨੀ ਵਿਹਰ ਤੇ ਕਹਿਰ ਹੈ ਨੀ
409. ਉਹੀ
ਅਸੀਂ ਸਬਰ ਕਰਕੇ ਚੁਪ ਹੋ ਬੈਠੇ ਬਹੁਤ ਔਖੀਆਂ ਇਹ ਫਕੀਰੀਆਂ ਨੇ
ਨਜ਼ਰ ਥੱਲੇ ਕਿਉਂ ਲਿਆਵਣੀ ਕੰਨ ਪਾਟੀ ਜਿਸਦ ਹੱਸ ਦੇ ਨਾਲ ਜ਼ੰਜੀਰੀਆਂ ਨੇ
ਜਿਹੜੇ ਦਰਸ਼ਨੀ ਹੁੰਡਵੀਂ ਵਾਚ ਬੈਠੇ ਸੱਭੇ ਚਿਠੀਆਂ ਉਹਨਾਂ ਨੇ ਚੀਰੀਆਂ ਨੇ
ਤੁਸੀਂ ਕਰੋ ਹਿਆ ਕਵਾਰੀਉ ਨੀ ਅਜੇ ਦੁੱਧ ਦੀਆਂ ਦੰਦੀਆਂ ਖੀਰੀਆਂ ਨੇ
ਵਾਂਗ ਬੁਢਿਆਂ ਕਰੇ ਪਕ ਚੰਡ ਗੱਲਾਂ ਮਥੇ ਚੁੰਡੀਆਂ ਕਵਾਰ ਦੀਆਂ ਚੀਰੀਆਂ ਨੇ
ਕੇਹੀ ਚੰਦਰੀ ਲੱਗੀ ਹੈਂ ਆਣ ਮੱਥੇ ਅਖੀਂ ਭੁਖ ਦੀਆਂ ਭੌਣ ਭੰਬੀਰੀਆਂ ਨੇ
ਮੈਂ ਤਾਂ ਮਾਰ ਤਲੇਟੀਆਂ ਪੁਟ ਸੁੱਟਾਂ ਮੇਰੀ ਉਂਗਲੀ ਉਂਗਲੀ ਪੀਰੀਆਂ ਨੇ
ਵਾਰਸ ਸ਼ਾਹ ਫੌਜਦਾਰ ਦੇ ਮਾਰਨੇ ਨੂੰ ਸੈਨਾਂ ਮਾਰੀਆਂ ਦੇਖ ਕਸ਼ਮੀਰੀਆਂ ਨੇ
410. ਉੱਤਰ ਹੀਰ ਦਾ ਰਾਂਝੇ ਨੂੰ
ਸੇਨੀ ਮਾਰ ਕੇ ਹੀਰ ਦੇ ਜੋਗੀੜੇ ਨੂੰ ਕਹਿਆ ਚੁਪ ਕਰ ਏਸ ਭਕਾਉਨੀ ਹਾਂ
ਤੇਰੇ ਨਾਲ ਜੇ ਏਸ ਨੇ ਵੈਰ ਚਾਇਆ ਮੱਥਾ ਏਸ ਦੇ ਨਾਲ ਮੈਂ ਲਾਉਨੀ ਹਾਂ
ਕਰਾਂ ਗਲੋਂ ਗਲਾਇਨ ਨਾਲ ਏਸਦੇ ਗਲ ਏਸਦੇ ਰੇਸ਼ਟਾ ਪਾਉਨੀ ਹਾਂ
ਵਾਰਸ ਸ਼ਾਹ ਮੀਆਂ ਰਾਂਝੇ ਯਾਰ ਅੱਗੇ ਇਹਨੂੰ ਕੰਜਰੀ ਵਾਂਗ ਨਚਾਉਨੀ ਹਾਂ
411. ਹੀਰ ਦਾ ਸਹਿਤੀ ਨੂੰ ਉੱਤਰ
ਹੀਰ ਆਖਦੀ ਏਸ ਫਕੀਰ ਨੂੰ ਨੀ ਕੇਹਾ ਘਤਿਉ ਗ਼ੈਬ ਦਾ ਵਾਇਦਾ ਈ
ਏਨ੍ਹਾਂ ਆਜਜ਼ਾਂ ਭੌਰ ਨਮਾਣਿਆਂ ਨੂੰ ਪਈ ਮਾਰਨੀ ਹੈਂ ਕੇਹਾ ਫਾਇਦਾ ਈ
ਅੱਲਾਹ ਵਾਲਿਆਂ ਨਾਲ ਕੀ ਵੈਰ ਪਈ ਹੈਂ ਭਲਾ ਕਵਾਰੀਏ ਏਹ ਕੀ ਕਾਇਦਾ ਈ
ਪੈਰ ਚੁੰਮ ਫਕੀਰ ਦੀ ਟਹਿਲ ਕੀਚੇ ਏਸ ਕੰਮ ਵਿੱਚ ਖੈਰ ਦਾ ਜ਼ਾਇਦਆ ਈ
ਪਿੱਛੋਂ ਫੜੇ ਗੀ ਕੁਤਕਾ ਜੋਗੀੜੇ ਦਾ ਕੌਣ ਜਾਣਦਾ ਕਿਹੜੀ ਜਾਇ ਦਾ ਈ
ਵਾਰਸ ਸ਼ਾਹ ਫਕੀਰ ਜੇ ਹੋਣ ਗੁੱਸੇ ਖੌਫ ਸ਼ਹਿਰ ਨੂੰ ਕਹਿਤ ਵਬਾ ਦੀ ਈ
412. ਉੱਤਰ ਸਹਿਤੀ
ਭਾਬੀ ਇੱਕ ਧਿਰੋਂ ਲੜੇ ਫਕੀਰ ਸਾਨੂੰ ਤੂੰ ਭੀ ਜਿੰਦ ਕਢੇ ਨਾਲ ਘੂਰੀਆਂ ਦੇ
ਜੇ ਤਾਂ ਜੰਗ ਦੇ ਨਿਰਖ ਦੀ ਖਬਰ ਨਾਹੀਂ ਕਾਹ ਪੁਛੀਏ ਭਾ ਕਸਤੂਰੀਆਂ ਦੇ
ਏਨ੍ਹਾਂ ਜੋਗੀਆਂ ਦੇ ਨਹੀਂ ਵੱਸ ਕਾਈ ਕੀਤੇ ਰਿਜ਼ਕ ਨੇ ਵਾਇਦੇ ਦੂਰੀਆਂ ਦੇ
ਜੇ ਤਾਂ ਪਟ ਪੜਾਵਨਾ ਨਾ ਹੋਵੇ ਕਾਹ ਖਹਿਣ ਕੀਚੇ ਨਾਲ ਭੂਰੀਆਂ ਦੇ
ਜਾਣ ਸਹਿਤੀਏ ਫਕਰ ਨੀ ਨਾਗ ਕਾਲੇ ਮਿਲੇ ਹੱਕ ਕਮਾਈਆਂ ਪੂਰੀਆਂ ਦੇ
ਕੋਈ ਦੇ ਬਦ ਦੁਆ ਤੇ ਕਾਲ ਸੱਟੇ ਪਿੱਛੋਂ ਫਾਇਦੇ ਕੀ ਏਨ੍ਹਾਂ ਝੂਰੀਆਂ ਦੇ
ਲਛੂ ਲਛੂ ਕਰਦੀ ਫਿਰੇਂ ਲਾਲ ਫੱਕਰਾਂ ਲੁੱਚ ਚਾਲੜੇ ਇਹਨਾਂ ਲੰਗੂਰੀਆਂ ਦੇ
ਵਾਰਸ ਸ਼ਾਹ ਫਕੀਰ ਦੀ ਰੰਨ ਵੈਰਨ ਜਿਵੇਂ ਵੈਰੀ ਨੇ ਮਿਰਗ ਅੰਗੂਰੀਆਂ ਦੇ
413. ਉੱਤਰ ਸਹਿਤੀ
ਭਾਬੀ ਕਰੇਂ ਰਿਆਇਤਾਂ ਜੋਗੀਆਂ ਦੀਆਂ ਹੱਥੀਂ ਸੁੱਚੀਆਂ ਪਾਇ ਹਥੌੜੀਆਂ ਨੀ
ਜਿਹੜੀ ਦੀਦ ਦਖਾਇਕੇ ਕਰੇ ਆਕੜ ਮੈਂ ਤਾਂ ਪਟ ਸੁੱਟਾਂ ਉਹਦੀਆਂ ਚੌੜੀਆਂ ਨੀ
ਗਰੂ ਏਸ ਦੇ ਨੂੰ ਨਹੀਂ ਪਹੁੰਚ ਓਥੇ ਜਿਥੇ ਅਕਲਾਂ ਅਸਾਡੀਆਂ ਦੌੜੀਆ ਨੀ
ਮਾਰ ਮੁਹਲਿਆਂ ਸੁੱਟਾਂ ਸੁ ਭੰਨ ਟੰਗਾਂ ਫਿਰੇ ਢੂੰਡਦਾ ਕਾਟ ਕਠੋਰੀਆਂ ਨੀ
ਜਿੰਨ ਭੂਤ ਤੇ ਦਿਉ ਦੀ ਅਕਲੀ ਜਾਵੇ ਜਦੋਂ ਮਾਰ ਕੇ ਉੱਠੀਆਂ ਛੌੜੀਆਂ ਨੀ
ਵਾਰਸ ਸ਼ਾਹ ਫਕੀਰ ਦੇ ਨਾਲ ਲੜਨਾ ਕੱਪਨ ਜ਼ਹਿਰ ਦੀਆਂ ਗੰਦਲਾਂ ਕੌੜੀਆਂ ਨੀ
414. ਉੱਤਰ ਹੀਰ
ਹਾਏ ਹਾਏ ਫਕੀਰ ਨੂੰ ਬੁਰਾ ਬੋਲੇ ਬੁਰੇ ਸਹਿਤੀਏ ਤੇਰੇ ਅਪੌੜ ਹੋਏ
ਜਿਨ੍ਹਾਂ ਨਾਲ ਨਮਾਣਿਆਂ ਵੈਰ ਚਾਇਆ ਸਣੇ ਜਾਨ ਦੇ ਮਾਲ ਦੇ ਚੌੜ ਹੋਏ
ਕੰਨ ਪਾਟਿਆਂ ਨਾਲ ਜਿਸ ਚਹਿ ਬੱਧੀ ਪਸ ਪੇਸ਼ ਥੀਂ ਅੰਤ ਨੂੰ ਰੌੜ ਹੋਏ
ਰਹੇ ਔਤ ਨਖੱਤਰੀ ਰੰਡ ਸੁੰਞੀ ਜਿਹੜੀ ਨਾਲ ਮਲੰਗਾਂ ਦੇ ਕੌੜ ਹੋਏ
ਇਨ੍ਹਾਂ ਤਿਹਾਂ ਨੂੰ ਛੇੜੀਏ ਨਹੀਂ ਮੋਈਏ ਜਿਹੜੇ ਆਸ਼ਕ ਫਕੀਰ ਤੇ ਭੌਰ ਹੋਏ
ਵਾਰਸ ਸ਼ਾਹ ਲੜਾਈ ਦਾ ਮੂਲ ਬੋਲਨ ਦੇਖ ਦੋਹਾਂ ਦੇ ਲੜਨ ਦੇ ਤੌਰ ਹੋਏ
415. ਉੱਤਰ ਸਹਿਤੀ
ਭਾਬੀ ਏਸ ਜੇ ਗਧੇ ਦੀ ਅੜੀ ਬੱਧੀ ਅਸੀਂ ਰੰਨਾਂ ਭੀ ਚਹਿ ਚਹਾਰੀਆਂ ਹਾਂ
ਇਹ ਮਾਰਿਆ ਏਸ ਜਹਾਨ ਤਾਜ਼ਾ ਅਸੀਂ ਰੋਜ਼ੇ ਮੀਸਾਕ ਦੀਆਂ ਮਾਰੀਆਂ ਹਾਂ
ਇਹ ਜ਼ਿਦ ਦੀ ਛੁਰੀ ਜੇ ਹੋ ਬੈਠਾ ਅਸੀਂ ਚਹਿ ਦੀਆਂ ਤੇਜ਼ ਕਟਾਰੀਆਂ ਹਾਂ
ਜੇ ਇਹ ਗੁੰਡਿਆਂ ਵਿੱਚ ਹੈ ਪੈਰ ਧਰਦਾ ਅਸੀਂ ਖਚਰੀਆਂ ਬਾਂਕੀਆਂ ਡਾਰੀਆਂ ਹਾਂ।
ਮਰਦ ਰੰਗ ਮਹੱਲ ਹਨ ਇਸ਼ਰਤਾਂ ਦੇ ਅਸੀਂ ਜ਼ੌਕ ਤੇ ਮਜ਼ੇ ਦੀਆਂ ਮਾੜੀਆਂ ਹਾਂ
ਇਹ ਆਪ ਨੂੰ ਮਰਦ ਸਦਾਂਵਦਾ ਹੈ ਇਹ ਨਰਾਂ ਦੇ ਨਾਲ ਦੀਆਂ ਨਾਰੀਆਂ ਹਾਂ
ਏਸ ਚਾਕ ਦੀ ਕੌਣ ਮਜਾਲ ਹੈ ਨੀ ਰਾਜੇ ਭੋਜ ਥੀਂ ਅਸੀਂ ਨਾ ਹਾਰੀਆਂ ਹਾਂ
ਵਾਰਸ ਸ਼ਾਹ ਵਿੱਚ ਹੱਕ ਸਫੈਦ ਪੋਸ਼ਾਂ ਅਸੀਂ ਹੋਲੀ ਦੀਆਂ ਰੰਗ ਪਚਕਾਰੀਆਂ ਹਾਂ
416. ਉੱਤਰ ਹੀਰ
ਜਿਨ੍ਹਾਂ ਨਾਲ ਫਕੀਰ ਦੇ ਅੜੀ ਬੱਧੀ ਹੱਥ ਧੋ ਜਹਾਨ ਥੀਂ ਚੱਲੀਆਂ ਨੀ
ਆ ਟਲੀਂ ਕਵਾਰੀਏ ਡਾਰੀਏ ਨੀ ਕੋਹੀਆਂ ਚਾਈਓਂ ਭਵਾਂ ਅਵੱਲੀਆਂ ਲੀ
ਹੈਨ ਵੱਸਦੇ ਮੀਂਹ ਭੀ ਹੋ ਨੀਂਵੇਂ ਧੁੰਮਾਂ ਕਹਿਰ ਦੀਆਂ ਦੇਸ ਤੇ ਘੱਲੀਆਂ ਨੀ
ਕਾਰੇ ਹੱਥੀਆਂ ਕਵਾਰੀਆਂ ਵਿੱਚ ਭਰੀਆਂ ਭਵਾ ਕੀਕਰੋਂ ਰਹਿਣ ਨੱਚਲੀਆਂ ਨੀ
ਮੁਣਸ ਮੰਗਦੀਆਂ ਜੋਗੀਆਂ ਨਾਲ ਲੜਕੇ ਰਾਤੀਂ ਔਖੀਆਂ ਹੋਦ ਇਕੱਲੀਆਂ ਨੀ
ਪੱਛੀ ਚਰਖੜਾ ਰੁਲੇ ਹੈ ਸੜਣ ਜੋਗਾ ਕਦੀ ਚਾਰ ਨਾ ਲਾਹੀਉਂ ਛੱਲੀਆਂ ਨੀ
ਜਿੱਥੇ ਗਭਰੂ ਹੋਣ ਜਾ ਖਹਿਣ ਆਪੇ ਪਰ੍ਹੇ ਮਾਰ ਕੇ ਬਹਿਨ ਪਥੱਲੀਆਂ ਨੀ
ਟਲ ਜਾ ਫਕੀਰ ਥੋਂ ਗੁੰਡੀਏ ਨੀ ਆ ਕਵਾਰੀਏ ਰਾਹੀਂ ਕਿਉਂ ਮੱਲੀਆਂ ਨੀ
ਲੱਕ ਬੱਧਿਆ ਨਾਲ ਨਾ ਹਿਲਕ ਜਾਂਦਾ ਵਾਰਸ ਸ਼ਾਹ ਜੋ ਅੰਦਰੋਂ ਹੱਲੀਆਂ ਨੀ
417. ਉੱਤਰ ਸਹਿਤੀ
ਭਲਾ ਦੱਸ ਭਾਬੀ ਕੇਹਾ ਵੈਰ ਚਾਇਉ ਭਈਆਂ ਪਿੱਟਿਆਂ ਨੂੰ ਪਈ ਲੂਹਣੀ ਹੈਂ
ਅਣਹੁੰਦੀਆਂ ਗੱਲਾਂ ਦੇ ਨਾਉਂ ਲੈ ਕੇ ਘਾ ਅੱਲੜੇ ਪਈ ਖਨੂਹਨੀ ਹੈ
ਆਪ ਛਾਨਣੀ ਛੇਕਦੀ ਦੀ ਦੋਹਨੀ ਨੂੰ ਐਵੇਂ ਕੰਡਿਆਂ ਤੋਂ ਪਈ ਧੋਹਨੀ ਹੈ
ਸੋਹਨੀ ਹੋਈ ਹੈਂ ਨਹੀਂ ਤੂੰ ਗ਼ਜ਼ਬ ਚਾਇਆ ਖੂਨ ਖ਼ਲਕ ਦਾ ਪਈ ਨਚੋਹਨੀ ਹੈਂ
ਆਪ ਚਾਕ ਹੰਢਾਇਕੇ ਛੱਡ ਆਈਂ ਹੋਰ ਖਲਕ ਨੂੰ ਪਈ ਵਡੋਹਨੀ ਹੈ
ਆਖ ਭਾਈ ਨੂੰ ਹੁਣੇ ਕੁਟਾਇਅ ਕੱਢੂੰ ਜੇਹਾ ਅਸਾਂ ਨੂੰ ਮੇਹਣੇ ਲੁਹਨੀ ਹੈ
ਆਪ ਕਮਲੀ ਲੋਕਾਂ ਦੇ ਸਾਂਗ ਲਾਏ ਖਰਵਾਈਆਂ ਦੀ ਵੱਡੀ ਖੂਹਨੀ ਹੈ
ਵਾਰਸ ਸ਼ਾਹ ਕਹੀ ਬਘਿਆੜੀ ਏ ਨੀ ਮੁੰਡੇ ਮੋਹਣੀ ਤੇ ਵੱਡੀ ਸੁਹਨੀ ਹੈ
418. ਉੱਤਰ ਹੀਰ
ਖੁਆਰ ਖੱਜਲਾਂ ਰੁਲਦੀਆਂ ਫਿਰਦੀਆ ਸਨ ਅੱਖੀਂ ਦੇਖਦਿਆਂ ਹੋਰ ਦੀਆਂ ਹੋਰ ਹੋਈਆਂ
ਰਤੀ ਦੁਧ ਦੀਆਂ ਧੋਤੀਆਂ ਨੇਕ ਨੀਤਾਂ ਆਖੇ ਚੋਰਾਂ ਦੇ ਤੇ ਅਸੀਂ ਚੋਰ ਹੋਈਆਂ
ਚੋਰ ਚੌਧਰੀ ਗੁੰਡੀ ਪਰਧਾਨ ਕੀਤੀ ਇਹ ਉਲਟ ਅਵੱਲੀਆਂ ਜ਼ੋਰ ਹੋਈਆਂ
ਬਦਜ਼ੇਬ ਤੇ ਕੋਝੀਆਂ ਭੇੜ ਮੂੰਹੀਆਂ ਆਕੇ ਹੁਸਨੇ ਦ ਬਾਗ ਦੀਆਂ ਮੋਰ ਹੋਈਆਂ
ਇਹ ਚੁਗ਼ਲ ਬਲੋਚਾਂ ਦੇ ਨੇਹੋਂ ਨਹਿ ਮੁਠੀ ਜ਼ਮੀਂ ਦੋਜ਼ ਘੂਠੀ ਮਨ ਖੋਰ ਹੋਈਆਂ
ਇਹਦੀ ਬਣਤ ਦੇਖੋ ਨਾਲ ਨਖਰਿਆਂ ਦੇ ਮਾਲਜ਼ਾਦੀਆਂ ਵਿੱਚ ਲਹੌਰ ਹੋਈਆਂ
ਭਰਜਾਈਆਂ ਨੂੰ ਬੋਲੀ ਮਾਰਦੀਆਂ ਨੇ ਫਿਰਨ ਮੁੰਡੀਆਂ ਵਿੱਚ ਲਲੋਰ ਹੋਈਆਂ
ਵਾਰਸ ਸ਼ਾਹ ਚਨ੍ਹਾਉਂ ਤੇ ਧੁਮ ਇਹਦੀ ਜਿਵੇਂ ਸੱਸੀ ਦੀਆਂ ਸ਼ਹਿਰ ਭੰਬੋਰ ਹੋਈਆਂ
419. ਉੱਤਰ ਸਹਿਤੀ
ਲੜੇ ਜਟ ਤੇ ਕੁੱਟੀਏ ਡੂਮ ਨਾਈ ਸਿਰ ਜੋਗੀੜੇ ਦੇ ਗੱਲ ਆਈ ਏ
ਆ ਕੱਢੀਏ ਵੱਢੀਏ ਇਹ ਫਸਤਾ ਜਗ ਧੂੜ ਕਾਈ ਏਸ ਪਾਈ ਏ
ਏਸ ਮਾਰ ਮੰਤਰ ਵੈਰ ਪਾ ਦਿੱਤਾ ਚਾਣਚਕ ਦੀ ਪਈ ਲੜਾਈ ਏ
ਹੀਰ ਨਹੀਂ ਖ਼ੁਦੀ ਮਾਰ ਅਸਾਂ ਕੋਲੋਂ ਵਾਰਸ ਕਲ੍ਹਾ ਫਕੀਰ ਥੇ ਆਈ ਏ
420. ਹੀਰ ਦਾ ਨੌਕਰਾਨੀ ਨੂੰ ਉਤਰ
ਸਹਿਤੀ ਆਖਿਆ ਉਠ ਰਬੇਲ ਬਾਂਦੀ ਖੈਰ ਪਾ ਫਕੀਰ ਨੂੰ ਕਢੀਏ ਨੀ
ਆਟਾ ਘਤ ਕੇ ਰੁਗ ਕਿ ਬੁਕ ਚੀਣਾਂ ਵਿੱਚੋਂ ਅਲਖ ਫਸਾਦ ਦੀ ਵੱਢੀਏ ਨੀ
ਦੇ ਭਿਛਿਆ ਵਿਹੜਿਉਂ ਕਢ ਆਈਏ ਹੋੜਾ ਵਿੱਚ ਬਰੂੰਹ ਦੇ ਗੱਡੀਏ ਨੀ
ਅੰਮਾਂ ਅਵੇ ਤਾਂ ਭਾਬੀ ਤੋਂ ਵਧ ਹੋਈਏ ਸਾਥ ਉਠ ਬਲੇਦੇ ਦਾ ਛੱਡੀਏ ਨੀ
ਆਵੇ ਖੋਹ ਨਵਾਲੀਆਂ ਹੀਰ ਸੁੱਟੇ ਓਹਦੇ ਯਾਰ ਨੂੰ ਕੁਟ ਕੇ ਛੱਡੀਏ ਨੀ
ਵਾਂਗ ਕਿਲਾਅ ਦੀਪਾਲਪੁਰ ਹੋ ਆਕੀ ਝੰਡਾ ਵਿੱਚ ਮਵਾਸ ਦੇ ਗੱਡੀਏ ਨੀ
ਵਾਰਸ ਸ਼ਾਹ ਦੇ ਨਾਲ ਦੋ ਹੱਥ ਕਰੀਏ ਆਇ ਉਠ ਤੂੰ ਸਾਰ ਦੀਏ ਹੱਡੀਏ ਨੀ
421. ਨੌਕਰਾਨੀ ਦਾ ਉੱਤਰ ਜੋਗੀ ਨੂੰ
ਬਾਂਦੀ ਹੋ ਗੁੱਸੇ ਨਕ ਚਾੜ੍ਹ ਉਠੀ ਥੁਕ ਚੀਣੇ ਦਾ ਚਾਇ ਉਲੇਰਿਆ ਸੁ
ਧਰੋਹੀ ਰੱਬ ਦੀ ਖੈਰ ਲੈ ਜਾ ਸਾਥੋਂ ਹਾਲ ਹਾਲ ਕਰ ਪਲੋੜਾ ਫੇਰਿਆ ਸੁ
ਬਾਂਦੀ ਲਾਡ ਦੇ ਨਾਲ ਚਵਾ ਕਰਕੇ ਧੱਕਾ ਦੇ ਨਾਥ ਨੂੰ ਗੇਰਿਆ ਸੁ
ਲੈ ਕੇ ਖੈਰ ਤੇ ਖਪਰਾ ਜਾ ਸਾਥੋਂ ਓਸ ਸੁੱਤੜੇ ਨਾਗ ਨੂੰ ਛੇੜਿਆ ਸੁ
ਛਬੀ ਗੱਲ੍ਹ ਵਿੱਚ ਦੇ ਪਸ਼ਪ ਪੁੱਟੀ ਹੱਥ ਜੋਗੀ ਦੇ ਮੂੰਹ ਤੇ ਫੇਰਿਆ ਸੂ
ਵਾਰਸ ਸ਼ਾਹ ਫਰਹੰਗ ਦੇ ਬਾਗ਼ ਵੜ ਕੇ ਦੇਖ ਕਲਾ ਦੇ ਖੂਹ ਨੂੰ ਗੋਟਿਆ ਸੂ
422. ਉੱਤਰ ਰਾਂਝਾ
ਰਾਂਝਾ ਦੇਖ ਕੇ ਬਹੁਤ ਹੈਰਾਨ ਹੋਇਆ ਪਈਆਂ ਦੁੱਧ ਵਿੱਚ ਅੰਬ ਦੀਆਂ ਫਾੜੀਆਂ ਨੀ
ਗੁੱਸੇ ਨਾਲ ਜਿਉਂ ਹਸ਼ਰ ਨੂੰ ਜ਼ਿਮੀਂ ਤਪੇ ਜਿਉ ਵਿੱਚ ਕਲੇਲੀਆਂ ਚਾੜ੍ਹੀਆਂ ਨੀ
ਚੀਣਾ ਚੋਗ ਚਮੋਨੀਆਂ ਆਨ ਪਾਇਉ ਮੁੰਨ ਚੱਲੀ ਹੈ ਗੋਲੀਏ ਦਾੜੀਆਂ ਨੀ
ਜਿਸ ਤੇ ਨਬੀ ਦਾ ਰਵਾ ਵਿਰਦ ਨਾਹੀਂ ਅੱਖੀਂ ਭਰਨ ਨਾ ਮੂਲ ਉਘਾੜੀਆਂ ਨੀ
ਜਿਸ ਦਾ ਪਵੇ ਪਰਾਵਠਾ ਨਾ ਮੰਡਾ ਪੰਡ ਨਾ ਬੱਝੇ ਵਿੱਚ ਸਾੜਿਆਂ ਨੀ
ਡੁਬ ਮੋਏ ਨੇ ਕਾਸਬੀ ਵਿਚ ਚੀਣੇ ਵਾਰਸ ਸ਼ਾਹ ਨੇ ਬੋਲੀਆਂ ਮਾਰੀਆਂ ਨੀ
ਨੈਣੂੰ, ਯਸ਼ਬਾ ਅਤੇ ਅਨਭੋਲ ਘੁਘੁ ਡੁਬੇ ਆਪੋ ਆਪਦੀ ਵਾਰੀਆਂ ਨੀ
ਓਹ ਭਿਛਿਆ ਘਤਿਉ ਆਨ ਚੀਣਾ ਨਾਲ ਫਕਰ ਦੇ ਘੋਲਿਉਂ ਯਾਰੀਆਂ ਨੀ
423. ਉੱਤਰ ਸਹਿਤੀ
ਚੀਣਾਂ ਝਾਲ ਝੱਲੇ ਜਟਾ ਧਾਰੀਆਂ ਦੀ ਮਾਈ ਬਾਪ ਹੈ ਨੰਗਿਆਂ ਭੁਖਿਆਂ ਦਾ
ਅੰਨ ਚੀਣੇ ਦਾ ਖਾਵੀਏ ਨਾਲ ਲੱਸੀ ਸਵਾਦ ਦੁੱਧ ਦਾ ਟੁਕੜਿਆਂ ਰੁਖਿਆਂ ਦਾ
ਬਣਨ ਪਿੰਨੀਆਂ ਏਸ ਦੇ ਚਾਵਲਾਂ ਦੀਆਂ ਖਾਵੇ ਦੀਨ ਮਜ਼ਾ ਚੋਖਾ ਚੁਖਿਆਂ ਦਾ
ਵਾਰਸ ਸ਼ਾਹ ਮੀਆਂ ਨਵਾਂ ਨਜ਼ਰ ਆਇਆ ਇਹ ਚਾਲੜਾ ਲੁਚਿਆਂ ਭੁਖਿਆਂ ਦਾ
424. ਉੱਤਰ ਰਾਂਝਾ
ਚੀਣਾ ਖੈਰ ਦੇਣਾ ਜੋਗੀਆਂ ਨੂੰ ਮੱਛੀ ਭਾਬੜੇ ਨੂੰ ਮਾਸ ਬਾਹਮਣਾਂ ਨੀ
ਕੈਫ ਭਗਤ ਕਾਜ਼ੀ ਤੇਲ ਖੰਘ ਵਾਲੇ ਵਢ ਸੁੱਟਨਾ ਲੁੰਗ ਪਲਾਹਮਣਾਂ ਨੀ
ਜ਼ਹਿਰ ਜੀਂਵਦੇ ਨੂੰ ਅੰਨ ਸਨ ਵਾਲੇ, ਪਾਣੀ ਹਲਕਿਆਂ ਨੂੰ, ਧਰਨ ਸਾਮਣਾ ਨੀ
ਸਹਾ ਚੂਹੜੇ ਨੂੰ ਵਿਆਜ ਮੁਸਲਮਾਨਾਂ ਮੌਤ ਅਈੜਾਂ ਨੂੰ ਅੱਗੀ ਧਾਮਣਾਂ ਨੀ
ਵਾਰਸ ਸ਼ਾਹ ਜਿਉਂ ਸੰਖੀਆ ਚੂਹਿਆਂ ਨੂੰ ਸੰਖ ਮੁੱਲਾ ਨੂੰ ਬਾਂਗ ਜਿਉਂ ਬਾਹਮਣਾ ਨੀ
425. ਉੱਤਰ ਸਹਿਤੀ
ਕਿਉਂ ਵਿਗੜ ਕੇ ਤਿਗੜ ਕੇ ਪਾਟ ਲੱਥੋਂ ਅੰਨ ਆਬੇ ਹਿਆਤ ਹੈ ਭੁਖਿਆਂ ਨੂੰ
ਬੁੱਢਾ ਹੋਵਸੇ ਲਿੰਗ ਜਾ ਰਹਿਨ ਟੁਰਨੋਂ ਫਿਰੇਂ ਖੂੰਡਦਾ ਟੁੱਕਰਾਂ ਰੁਖਿਆਂ ਨੂੰ
ਕਿਤੇ ਰੰਨ ਘਰ ਬਾਰ ਅੱਡਿਆ ਈ ਅਜੇ ਫਿਰੇ ਚਲਾਂਉਂਦਾ ਤੁੱਕਿਆਂ ਨੂੰ
ਵਾਰਸ ਸ਼ਾਹ ਅੱਜ ਵੇਖ ਕੇ ਜੋ ਚੜ੍ਹੀ ਮਸਤੀ ਓਹਨਾਂ ਲੁੰਡਿਆਂ ਭੁਖਿਆਂ ਸੁੱਕਿਆਂ ਨੂੰ
426. ਜੋਗੀ ਲੜਨ ਲਈ ਤਿਆਰ
ਜੋਗੀ ਗ਼ਜ਼ਬ ਦੇ ਸਿਰੇ ਤੇ ਸੁਟ ਖੱਪਰ ਪਕੜ ਉਠਿਆ ਮਾਰ ਕੇ ਝੋੜਿਆਂ ਈ
ਲੈ ਕੇ ਫਾਵੜੀ ਘੁਲਣ ਨੂੰ ਤਿਆਰ ਹੋਇਆ ਮਾਰ ਵਿਹੜੇ ਦੇ ਵਿੱਚ ਅਪੌੜਿਆਈ
ਸਾੜ ਬਾਲ ਕੇ ਜਿਉ ਨੂੰ ਖਾਕ ਕੀਤਾ ਨਾਲ ਕਾਵੜਾਂ ਦੇ ਜਟ ਕੌੜਿਆ ਈ
ਜੇਹਾ ਜ਼ਕਰੀਆ ਖਾਨ ਮੁਹਿੰਮ ਕਰਕੇ ਲੈ ਕੇ ਤੋਪ ਪਹਾੜ ਨੂੰ ਦੋੜਿਆ ਈ
ਜੇਹਾ ਮਹਿਰ ਦੀ ਸਬ ਦਾ ਬਾਣ ਭੁੱਚਰ ਵਾਰਸ ਸ਼ਾਹ ਫਕੀਰ ਤੇ ਕੌੜਿਆਂ ਈ
427. ਉੱਤਰ ਰਾਂਝੇ ਦਾ ਨੌਕਰਾਨੀ ਨੂੰ
ਹੱਥ ਚਾ ਮਤਹਿਰੜੀ ਕੜਕਿਆ ਈ ਤੈਨੂੰ ਆਉਂਦਾ ਜਗ ਸਭ ਸੁੰਙ ਰੰਨੇ
ਚਾਵਲ ਨਿਅਮਤਾਂ ਕਣਕ ਤੂੰ ਆਪ ਖਾਏ ਖੈਰ ਦੇਣ ਤੇ ਕੀਤਾ ਹੈ ਖੁੰਝ ਰੰਨੇ
ਖੜਦੇ ਚੀਣਾ ਘਰ ਖਾਵੰਦਾਂ ਦੇ ਨਹੀਂ ਮਾਰ ਕੇ ਕਰੂੰ ਗਾ ਮੁੰਜ ਰੰਨੇ
ਫਿਟ ਚੜ੍ਹਦਿਆਂ ਚੂੜੀਆਂ ਕਢ ਸੁਟਾਂ ਲਾ ਬਹੀਏ ਜੇ ਵੈਰ ਦੀ ਚੁੰਜ ਰੰਨੇ
ਸਿਰ ਫਾਵੜੀ ਮਾਰ ਕੇ ਦੰਦ ਝਾੜੂ ਟੰਗਾਂ ਪੰਨ ਕੇ ਕਰੂੰਗਾ ਲੁੰਜ ਰੰਨੇ
ਤੇਰੀ ਵਰੀ ਸੂਈ ਬਣੇ ਫੋਲ ਸੁੱਟਾਂ ਜੁੱਟੀ ਰਹੇ ਗੀ ਉਂਜ ਦੀ ਉਂਜ ਰੰਨੇ
ਵਾਰਸ ਸ਼ਾਹ ਸਿਰ ਚਾੜ੍ਹ ਵਿਗਾੜੀਏ ਤੂੰ ਹਾਥੀ ਵਾਂਗ ਮੈਦਾਨ ਵਿੱਚ ਕੁੰਜ ਰੰਨੇ
428. ਸਹਿਤੀ ਦਾ ਉੱਤਰ ਨੌਕਰਾਨੀ ਨੂੰ
ਬਾਂਦੀ ਹੋਇਕੇ ਚੁਪ ਖਲੋ ਰਹੀ ਸਹਿਤੀ ਆਖਦੀ ਖੈਰ ਨਾ ਪਾਇਉ ਕਿਉਂ
ਇਹ ਤਾਂ ਜੋਗੀੜਾ ਲੀਕ ਕੰਮਜ਼ਾਤ ਕੰਜਰ ਏਸ ਨਲ ਤੂੰ ਭੇੜ ਮਚਾਇਉ ਕਿਉਂ
ਆਪ ਜਾਇ ਕੇ ਦੇ ਜੇ ਹੈ ਲੈਂਦਾ ਘਰ ਮੌਤ ਦੇ ਘਤ ਫਹਾਇਉ ਕਿਉਂ
ਮੇਰੀ ਪਾਣ ਪੱਤ ਏਸ ਨੇ ਲਾਹ ਸੁੱਟੀ ਜਾਣ ਬੁੱਝ ਬੇਸ਼ਰਮ ਕਰਾਇਉ ਕਿਉਂ
ਮੈਂ ਤਾਂ ਏਸ ਦੇ ਹੱਥ ਵਿੱਚ ਆਣ ਫਾਥੀ ਮੂੰਹ ਸ਼ੇਰ ਦੇਮਾਸ ਫਹਾਇਉ ਕਿਉਂ
ਵਾਰਸ ਸ਼ਾਹ ਮੀਆਂ ਏਸ ਮੋਰਨੀ ਤੇ ਦਵਾਲੇ ਲਾਹੀਕੇ ਬਾਜ਼ ਛੁਡਾਇਉ ਕਿਉਂ
429. ਉੱਤਰ ਰਾਂਝਾ
ਝਾਟਾ ਖੋਹ ਕੇ ਮੀਢੀਆਂ ਪੁਟ ਕਢੂੰ ਗੁੱਤੋਂ ਪਕੜ ਕੇ ਦਿਊਂ ਵਲਾਵੜਾ ਨੀ
ਜੇ ਤਾਂ ਪਿੰਡ ਦਾ ਖੌਫ ਦਿਖਾਵਨੀ ਹੈਂ ਲਿਖਾਂ ਪਸ਼ਮ ਤੇ ਇਹ ਗਰਾਂਵੜਾ ਨੀ
ਤੇਰਾ ਅਸਾਂ ਦੇ ਨਾਲ ਮੁਦਪੱੜਾ ਹੈ ਨਹੀਂ ਹੋਵਨਾ ਸਹਿਜ ਮਲਾਵੜਾ ਨੀ
ਲਤ ਮਰਿ ਕੇ ਛੜੂੰ ਗਾ ਚਾਇ ਗੁੰਬੜ ਕਢ ਆਈ ਹੈ ਢਿਡ ਜਿਉ ਤਾਵੜਾ ਨੀ
ਸਣੇ ਕਵਾਰ ਦੇ ਮਾਰ ਕੇ ਮਿਝ ਕਹੂੰ ਚੁਤੜ ਘੜੂੰ ਗਾ ਨਾਲ ਫਹਾਵੜਾ ਨੀ
ਹੱਥ ਲਗਏ ਤਾਂ ਸੁਟੂੰ ਚੀਰ ਰੰਨੇ ਕਢ ਲਉਗਾ ਸਾਰੀਆਂ ਕਾਵੜਾਂ ਨੀ
ਤੁਸੀਂ ਤਰੈ ਘੁਲਹਾਟਨਾਂ ਹੋ ਜਾਂਦਾ ਹਾਂ ਕੱਢਾ ਦੋਹਾਂ ਦਾ ਪੋਸਤਿਆਵੜਾ ਨੀ
ਵਾਰਸ ਸ਼ਾਹ ਦੇ ਮੋਢਿਆਂ ਚੜ੍ਹੀ ਹੈਂ ਤੂੰ ਨਿਕਲ ਜਾਣਗੀਆਂ ਜਵਾਨੀਆਂ ਦੀਆਂ ਚਾਵੜਾਂ ਨੀ
430. ਉਹੀ
ਹੀਰੇ ਕਰਾਂ ਮੈਂ ਬਹੁਤ ਹਿਆ ਤੇਰਾ ਨਹੀਂ ਮਾਰਾਂ ਸੂ ਪਕੜ ਪਥੱਲ ਕੇ ਨੀ
ਸੱਭਾ ਪਾਣ ਪੱਤ ਏਸ ਦੀ ਲਾਹ ਸੁੱਟਾਂ ਲੱਖ ਵਾਹਰਾਂ ਦਏ ਜੇ ਘੱਲ ਕੇ ਨੀ
ਜੇਹਾ ਮਾਰ ਚਤੌੜ ਗੜ੍ਹ ਸ਼ਾਹ ਅਕਬਰ ਢਾਹ ਮੋਰਚੇ ਲਏ ਮਚੱਲਕੇ ਨੀ
ਜਿਉਂ ਜਿਉਂ ਸ਼ਰਮ ਦਾ ਮਾਰਿਆ ਚੁਪ ਕਰਨਾ ਨਾਲ ਮਸਤੀਆਂ ਆਵਦੀ ਚੱਲ ਕੇ ਨੀ
ਤੇਰੀ ਪਕੜ ਸੰਘੋ ਜਿੰਦ ਕੱਢ ਸੁੱਟਾਂ ਮੇਰੇ ਖੁੱਸ ਨਜਾਨੇ ਤੁਅੱਲਕੇ ਨੀ
ਭਲਾ ਆਖ ਕੀ ਖੱਟਣਾ ਵੱਟਣਾ ਹਈ ਵਾਰਸ ਸ਼ਾਹ ਦੇ ਨਾਲ ਪਰਬੱਲ ਕੇ ਨੀ
431. ਉੱਤਰ ਹੀਰ
ਬੋਲੀ ਹੀਰ ਮੀਆਂ ਪਾਇ ਖਾਕ ਤੇਰੀ ਪਿੱਛਾ ਟੁੱਟੀਆਂ ਅਸੀਂ ਪਰਦੇਸਣਾਂ ਹਾਂ
ਪਿਆਰੇ ਵਿਛੜੇ ਚੌਂਪ ਨਾ ਰਹੀ ਕਾਈ ਲੋਕਾਂ ਵਾਂਗ ਨਾਲ ਮਿੱਠੀਆਂ ਮੀਸਣਾਂ ਹਾਂ
ਅਸੀਂ ਜੋਗੀਆ ਪੈਰ ਦੀ ਖਾਕ ਤੇਰੀ ਸਹਿਤੀ ਵਾਂਗ ਨਾ ਘੰਡ ਮਲਖੇਸਨਾਂ ਹਾਂ
ਨਾਲ ਫਕਰ ਦੇ ਕਰਾਂ ਬਰਾਬਰੀ ਕਿਉਂ ਅਸੀਂ ਜੱਟੀਆਂ ਕਿਤੇ ਕੁਰੈਸ਼ਨਾਂ ਹਾਂ
432. ਹੀਰ ਦਾ ਸਹਿਤੀ ਨੂੰ ਉੱਤਰ
ਨਵੀਂ ਨੋਚੀਏ ਕੰਚਨੀਏ ਯਾਰਨੀਏ ਨੀ ਕਾਰੇ ਹੱਥੀਏ ਚਾਕ ਦੀਏ ਪਿਆਰੀਏ ਨੀ
ਪਹਿਲੇ ਕੰਮ ਸਵਾਰ ਹੋ ਬਹੇਂ ਨਿਆਰੀ ਬੇਲੀ ਘੇਰ ਲੈ ਜਾਣੀਏ ਡਾਰੀਏ ਨੀ
ਆਪ ਭਲੀ ਹੋਬਹੇ ਤੇ ਅਸੀਂ ਬੁਰੀਆਂ ਕਰੇ ਖਚਰਪੌ ਰੂਪ ਸੰਘਾਰੀਏ ਨੀ
ਅਖੀਂ ਮਾਰ ਕੇ ਯਾਰ ਨੂੰ ਛੇੜ ਪਾਉ ਨੀ ਮਹਾਂ ਸਤੀਏ ਚਹਿ ਚਹਾਰੀਏ ਨੀ
ਆ ਜੋਗੀ ਨੂੰ ਲਏ ਛੁਡਾ ਸਾਥੋਂ ਤੁਸਾਂ ਦੋਹਾਂ ਦੀ ਪੈਜ ਸਵਾਰੀਏ ਨੀ
ਵਾਰਸ ਸ਼ਾਹ ਹੱਥ ਫੜੇ ਦੀ ਲਾਜ ਹੁੰਦੀ ਕਰੀਏ ਸਾਥ ਤਾਂ ਪਾਰ ਉਤਾਰੀਏ ਨੀ
433. ਉੱਤਰ ਸਹਿਤੀ
ਸਹਿਤੀ ਹੋ ਗੁੱਸੇ ਚਾ ਖੈਰ ਪਇਆ ਜੋਗੀ ਦੇਖਦੋ ਤੁਰਤ ਹੀ ਰੱਜ ਪਿਆ
ਮੂੰਹੋਂ ਆਖਦੀ ਰੋਹ ਦੇ ਨਾਲ ਜੱਟੀ ਕਟਕ ਖੇੜਿਆਂ ਦੇ ਭਾਵੇਂ ਅੱਜ ਪਿਆ
ਇਹ ਲੈ ਮਕਰਿਆ ਠਕਰਿਆ ਰਾਵਲਾ ਵੇਕਾਹੇ ਵਾਛਨਾਏਂ ਏਡ ਅਧਰਜ ਪਿਆ
ਠੂਠੇ ਵਿੱਚ ਸਹਿਤੀ ਚੀਣਾ ਘਤ ਦਿੱਤਾ ਫਟ ਜੋਗੀ ਦੇ ਕਾਲਜੇ ਵੱਜ ਪਿਆ
ਵਾਰਸ ਸ਼ਾਹ ਸ਼ਰਾਬ ਖਰਾਬ ਹੋਇਆ ਸ਼ੀਸ਼ਾ ਸੰਗ ਤੇ ਵੱਜ ਕੇ ਭੱਜ ਪਿਆ
434. ਉੱਤਰ ਰਾਂਝਾ
ਖੈਰ ਫਕਰ ਨੂੰ ਅਕਲ ਦੇ ਨਾਲ ਦੀਚੈ ਹੱਥ ਸੰਭਲ ਕੇ ਬੁੱਕ ਉਲਾਰੀਏ ਨੀ
ਕੀਚੈ ਐਡ ਹੰਕਾਰ ਨਾ ਜੋਬਨੇ ਦਾ ਘੋਲ ਘੱਤੀਏ ਮਸਤ ਹੰਕਾਰੀਏ ਨੀ
ਹੋ ਮਸਤ ਗਰੂਰ ਤਕੱਬਰੀ ਦੀ ਲੋੜ ਘਤਿਉ ਈ ਰੰਨੇ ਡਾਰੀਏ ਨੀ
ਕੀਚੈ ਹੁਸਨ ਦਾ ਮਾਣ ਨਾ ਭਾਗ ਭਰੀਏ ਛਲ ਜਾਈਸੀ ਰੂਪ ਵਿਚਾਰੀਏ ਨੀ
ਠੂਠਾ ਭੰਨ ਫਕੀਰ ਨੂੰ ਪਟਿਉ ਈ ਸ਼ਾ ਅੱਲਾਹ ਯਾਰ ਮਰੀ ਅਨੀ ਡਾਰੀਏ ਨੀ
ਮਾਪੇ ਮਰਨ ਹੰਕਾਰ ਭੱਜ ਪਵੇ ਤੇਰਾ ਅਨੀ ਪਟਨੇ ਦੀਏ ਵਨਜਾਰੀਏ ਨੀ
435. ਉੱਤਰ ਸਹਿਤੀ
ਘੋਲ ਘਤਿਉ ਯਾਰ ਦੇ ਨਾਂਉਂ ਉਤੋ ਮੂੰਹੋਂ ਸੰਭਲੀ ਜੋਗੀਆਂ ਵਾਰਿਆ ਵੇ
ਤੇਰੇ ਨਾਲ ਮੈਂ ਆਖ ਕੀ ਬੁਰਾ ਕੀਤਾ ਹੱਥ ਲਾ ਨਾਹੀਂ ਤੈਨੂੰ ਮਾਰਿਆ ਵੇ
ਮਾਉਂ ਸੁੰਦਿਆਂ ਪੁਣੇ ਨੂੰ ਯਾਰ ਮੇਰਾ ਵੱਡਾ ਕਹਿਰ ਕੀਤੋ ਲੋੜ੍ਹੇ ਮਾਰਿਆ ਵੇ
ਰੁਗ ਆਟੇ ਦਾ ਹੋਰ ਲੈ ਜਾ ਸਾਥੋਂ ਕਿਵੇਂ ਵੱਢ ਫਸਾਦ ਹਰਹਾਰਿਆ ਵੇ
ਤੇਥੇ ਆਦਮੀਗਰੀ ਦੀ ਗੱਲ ਨਾਹੀਂ ਰੱਬ ਚਾਇ ਬੁੱਥਣ ਉਸਾਰਿਆ ਵੇ
ਵਾਰਸ ਕਿਸੇ ਅਸਾਡੇ ਨੂੰ ਖਬਰ ਹੋਵੇ ਐਵੇਂ ਮੁਫਤ ਵਿਚ ਜਾਏਗਾ ਮਾਰਿਆ ਵੇ
436. ਉੱਤਰ ਰਾਂਝਾ
ਜੇ ਤੈਂ ਪੋਲ ਕਢਾਵਣਾ ਨਾ ਆਹਾ ਠੂਠਾ ਫਕਰ ਦਾ ਚਾ ਭਨਾਈਏ ਕਿਉਂ
ਜੇ ਤੋਂ ਕਵਾਰੀਆਂ ਯਾਰ ਹੰਢਾਵਣੇ ਸਨ ਤਾਂ ਫਿਰ ਮਾਂਉਂ ਦੇ ਕੋਲੋਂ ਛੁਪਾਈਏ ਕਿਉਂ
ਖੈਰ ਮੰਗੀਏ ਤਾਂ ਭੰਨ ਦਏ ਕਾਸਾ ਅਸੀਂ ਆਖਦੇ ਮੂੰਹੋਂ ਸ਼ਰਮਾਈਏ ਕਿਉਂ
ਭਰਜਾਈ ਨੂੰ ਮਿਹਣਾ ਚਾਕ ਦਾ ਸੀ ਯਾਰੀ ਨਾਲ ਬਲੋਚ ਦੇ ਲਾਈਏ ਕਿਉਂ
ਬੋਤੀ ਹੋ ਬਲੋਚ ਦੇ ਹੱਥ ਆਈਏ ਜੜ੍ਹ ਕਵਾਰ ਦੀ ਚਾ ਭਨਾਈਏ ਕਿਉਂ
ਵਾਰਸ ਸ਼ਾਹ ਜਾਂ ਆਕਬਤ ਖਾਕ ਹੋਣਾ ਏਥੇ ਆਪਣੀ ਸ਼ਾਨ ਵਧਾਈਏ ਕਿਉਂ
437. ਉੱਤਰ ਸਹਿਤੀ
ਜੋ ਕੋ ਜੰਮਿਆ ਮਰੇਗਾ ਸਭ ਕੋਈ ਘੜਿਆ ਭਜਸੀ ਵਾਹ ਸਭ ਵਹਿਣਗੋ ਵੇ
ਮੀਰ ਪੀਰ ਵਲੀ ਗੁੱਸ ਜਾਸਨ ਇਹ ਸਭ ਪਸਾਰੜੇ ਢਹਿਣ ਗੇ ਵੇ
ਜਦੋਂ ਰਬ ਆਮਾਲ ਦੀ ਖਬਰ ਪੁੱਛੇ ਹਥ ਪੈਰ ਗਵਾਹੀਆਂ ਕਹਿਣ ਗੇ ਵੇ
ਭੰਨੇ ਠੂਠੇ ਤੋਂ ਐਡ ਵਧਾ ਕੀਤੋ ਬੁਰਾ ਤੁਧ ਨੂੰ ਲੋਕ ਸਬ ਕਹਿਣਗੇ ਵੇ
ਜੀਭ ਬੁਰਾ ਬੋਲੇਸਿਆ ਰਾਵਲਾ ਵੇ ਹਡ ਪੈਰ ਸਜ਼ਾਈਟਾਂ ਲੈਣ ਗੇ ਵੇ
ਕੁਲ ਚੀਜ਼ ਫਨਾ ਹੋ ਖਾਕ ਰਲਸੀ ਸਾਬਤ ਵਲੀ ਅੱਲਾ ਦੇ ਰਹਿਣ ਗੇ ਵੇ
ਠੂਠਾ ਨਾਲ ਤਕਦੀਰ ਦੇ ਭਜ ਪਿਆ ਵਾਰਸ ਸ਼ਾਹ ਹੋਰੀਂ ਤੈਨੂੰ ਕਹਿਣ ਗੇ ਵੇ
438. ਉੱਤਰ ਰਾਂਝਾ
ਸ਼ਾ ਅੱਲਾਹ ਕਹਿਰ ਪੌਸੀ ਛੁਟ ਬਾਜ਼ ਪੈਣੀ ਠੂਠਾ ਭੰਨ ਕੇ ਲਾਡ ਭੰਗਾਰਨੀ ਹੈਂ
ਲੱਕ ਬੰਨ੍ਹ ਕੇ ਰੰਨੇ ਖੁਲ੍ਹਕੜੇ ਨੀ ਮਾੜਾ ਦੇਖ ਫਕੀਰ ਨੂੰ ਮਾਰਨੀ ਹੈ
ਨਾਲੇ ਮਾਰਨੀ ਹੈਂ ਜੀਉ ਸਾੜਨੀ ਹੈਂ ਨਾਲੇ ਹਾਲ ਹੀ ਹਾਲ ਪੁਕਾਰਨੀ ਹੈ
ਮਰੇ ਹੁਕਮ ਦੇ ਨਾਲ ਤਾਂ ਸਭ ਕੋਈ ਬਿਨਾ ਹੁਕਮ ਦੇ ਖੂਨ ਗੁਜ਼ਾਰਨੀ ਹੈ
ਬੁਰੇ ਨਾਲ ਜੇ ਬੋਲੀਏ ਬੁਰਾ ਹੋਈਏ ਅਸੀਂ ਬੋਦਲੇਹਾਂ ਤੇ ਤੂੰ ਯਾਰਲੀ ਹੈ
ਠੂਠਾ ਫੇਰ ਦਰੁਸਤ ਕਰ ਦੇ ਮੇਰਾ ਹੋਰ ਆਖ ਕੀ ਸੱਚ ਨਤਾਰਨੀ ਹੈ
ਲੋਕ ਆਖਦੇ ਹਨ ਇਹ ਕੁੜੀ ਕਵਾਰੀ ਸਾਡੇ ਬਾਬਾ ਦੀ ਧਾੜਵੀ ਧਾਰਨੀ ਹੈਂ
ਐਡੇ ਫਨ ਫਰੇਬ ਹੈਨ ਯਾਦ ਤੈਨੂੰ ਮੁਰਦਾਰਾਂ ਦੀ ਸਿਰ ਸਰਦਾਰਨੀ ਹੈ
ਇੱਕ ਚੋਰ ਤੇ ਦੂਸਰੇ ਚਤਰ ਬਣਿਉਂ ਵਾਰਸ ਸ਼ਾਹ ਹੁਣ ਢਾਇਕੇ ਮਾਰਨੀ ਹੈਂ
ਘਰ ਵਾਲੀਏ ਵੌਹਟੀਏ ਬੋਲ ਤੂੰ ਵੀ ਕਹੀ ਜਿਉ ਵਿੱਚ ਸੋਚ ਵਚਾਰਨੀ ਹੈਂ
ਸਵਾ ਮਣੀ ਮਤਹਿਰ ਪਈ ਫਰਕਦੀ ਹੈ ਕਿਸੇ ਯਾਰਨੀ ਦੇ ਸਿਰ ਮਾਰਨੀ ਹੈ
439. ਉੱਤਰ ਹੀਰ
ਹੀਰ ਆਖਦੀ ਇਹ ਚਵਾ ਕੇਹਾ ਠੂਠਾ ਭੰਨ ਫਕੀਰਾਂ ਨੂੰ ਮਾਰਨਾ ਕੀ
ਜਿਨ੍ਹਾਂ ਹਿਕ ਅੱਲਾਹ ਦਾ ਆਸਰਾ ਹੈ ਓਨ੍ਹਾਂ ਪੰਖੀਆਂ ਨਾਲ ਖਹਾੜਨਾ ਕੀ
ਜਿਹੜੇ ਕੰਨ ਪੜਾ ਫਕੀਰ ਹੋਏ ਭਲਾ ਉਨ੍ਹਾਂ ਦਾ ਪੜਤਨਾ ਪਾੜਨਾ ਕੀ
ਥੋੜ੍ਹੀ ਗੱਲ ਦਾ ਵਢਾ ਵਧਾ ਕਰਕੇ ਸੌਰੇ ਕੰਮ ਨੂੰ ਚਾ ਵਿਗਾੜਨਾ ਕੀ
ਜਿਹੜੇ ਘਰਾਂ ਦੀਆਂ ਚਾਵੜਾਂ ਨਾਲ ਮਾਰੇ ਘਰ ਚੱਕ ਕੇ ਏਸ ਲੈ ਜਾਵਨਾ ਕੀ
ਮੇਰੇ ਬੂਹਿਉਂ ਫਕਰ ਕੀ ਮਾਰਿਉ ਈ ਵਸਦੇ ਘਰਾਂ ਤੋਂ ਫਕਰ ਮੋੜਾਵਨਾ ਕੀ
ਘਰ ਮੇਰਾ ਤੇ ਮੈਂ ਨਾਲ ਖੁਣਸ ਚਾਇਉ ਏਥੋਂ ਕਵਾਰੀਏ ਤੁਧ ਲੈ ਜਾਵਨਾ ਕੀ
ਬੋਲ੍ਹ ਰਾਹਕਾਂ ਦਾ ਹੋਸ ਚੂਹੜੇ ਦੀ ਮੁਰਸ਼ੋ ਮੁਰਸ਼ ਦਿਨ ਰਾਤ ਕਰਾਵਨਾ ਕੀ
ਵਾਰਸ ਸ਼ਾਹ ਇਹ ਹਿਰਸ ਬੇਫਾਇਦਾ ਈ ਓੜਕ ਏਸ ਜਹਾਨ ਤੋਂ ਜਾਵਨਾ ਕੀ
440. ਉੱਤਰ ਸਹਿਤੀ, ਹੀਰ ਨੂੰ
ਭਲਾ ਆਖ ਕੀ ਆਹਦੀ ਏ ਨੇਕ ਪਾਕੇ ਜਿਸ ਦੇ ਪੱਲੂ ਤੇ ਪੜ੍ਹਨ ਨਮਾਜ਼ ਆਈ
ਘਰ ਵਾਰ ਤੇਰਾ ਅਸੀਂ ਕੋਈ ਹੋਈਆਂ ਜਾਪੇ ਲਦ ਕੇ ਘਰੋਂ ਜਹਾਜ਼ ਆਈ
ਨੱਢੇ ਮੋਹਣੀ ਨੀ ਝੋਟੇ ਦੋਹਨੀ ਨੀ ਅਜੇ ਤੀਕ ਨਾ ਇਸ਼ਕ ਤੋਂ ਬਾਜ਼ ਆਈ
ਵਾਰਸ ਸ਼ਾਹ ਜਵਾਨੀ ਦੀ ਉਮਰ ਗੁਜ਼ਰੀ ਅਜੇ ਤੀਕ ਨਾ ਯਾਦ ਹਜਾਜ਼ ਆਈ
441. ਉੱਤਰ ਹੀਰ
ਇਹ ਮਸਤ ਫਕੀਰ ਨਾ ਛੇਡ ਲੀਕੇ ਕੋਈ ਵੱਡਾ ਫਸਾਦ ਗਲ ਪਾਸਿਆ ਨੀ
ਮਾਰੇ ਜਾਣ ਖੇੜੇ ਉਜੜ ਜਾਣ ਮਾਪੇ ਤੁਧ ਲੰਡੀ ਦਾ ਕੁਝ ਨਾ ਜਾਸਿਆ ਨੀ
ਪੈਰ ਪਕੜ ਫਕੀਰ ਦੇ ਕਰਸ ਰਾਜ਼ੀ ਨਹੀਂ ਏਸ ਦੀ ਆਹ ਪੈ ਜਾਸਿਆ ਨੀ
ਵਾਰਸ ਸ਼ਾਹ ਜਿਸ ਕਿਸੇ ਦਾ ਬੁਰਾ ਕੀਤਾ ਜਾ ਗੋਰ ਅੰਦਰ ਪਛੋਤਾਸਿਆ ਨੀ
444. ਉੱਤਰ ਸਹਿਤੀ
ਇੱਕੇ ਮਰਾਂਗੀ ਮੈਂ ਇੱਕੇ ਏਸ ਮਾਰਾਂ ਇੱਕੇ ਭਾਬੀਏ ਤੁਧ ਮਰਾਇਸ਼ਾਂ ਨੀ
ਰੋਵਾਂ ਮਾਰ ਭੁੱਬਾਂ ਭਾਈ ਆਵਦੇ ਬੇ ਤੈਨੂੰ ਖਾਹ ਮਖਾਹ ਕੁਟਾਇਸਾਂ ਨੀ
ਚਾਕ ਲੀਕ ਲਾਈ ਤੈਨੂੰ ਮਿਲੇ ਭਾਬੀ ਗੱਲਾਂ ਪਿਛਲੀਆਂ ਕੱਢ ਸੁਣਇਸਾਂ ਨੀ
ਇੱਕੇ ਮਾਰਏ ਤੂੰ ਇੱਕੇ ਹੇਠ ਜੋਗੀ ਇਹੋ ਘਗਰਰੀ ਚਾ ਵਛਾਇਸਾਂ ਨੀ
ਸੀਤਾ ਦਹਸਰੇ ਨਾਲ ਜੋ ਗਾਹ ਕੀਤਾ ਕੋਈ ਵੱਡਾ ਕਮੰਦ ਪਵਾਇਸਾਂ ਨੀ
ਰੰਨ ਤਾ ਨਹੀਂ ਜੇ ਘਰੋਂ ਕਢਾ ਤੈਨੂੰ ਮੈਂ ਬਲੋਚ ਹੰਢਾਇਸਾਂ ਨੀ
ਸਿਰ ਏਸ ਦਾ ਵਢ ਕੇ ਅਤੇ ਤੇਰਾ ਏਸ ਠੂਠੇ ਦੇ ਨਾਲ ਰਲਾਇਸਾਂ ਨੀ
ਰਖ ਹੀਰੇ ਤੂੰ ਏਤਨੀ ਜਮ੍ਹਾਂ ਖਾਤਰ ਤੇਰੀ ਰਾਤ ਨੂੰ ਭੰਗ ਝੜਾਇਸ਼ਾਂ ਨੀ
ਕੁਟਾਇਸਾਂ ਅਤੇ ਮਰਾਇਸਾਂ ਨੀ ਗੁੱਤੋਂ ਧਰੂਹ ਕੇ ਘਰੋਂ ਕਢਾਇਸਾਂ ਨੀ
ਵਾਰਸ ਸ਼ਾਹ ਕੋਲੋਂ ਬਨ੍ਹਾ ਟੰਗਾਂਇਸਾਂ ਨੀ ਤੇਰੇ ਸਭ ਚੂਰ ਕਰਾਇਸਾਂ ਨੀ
445. ਉੱਤਰ ਹੀਰ
ਖੂਨ ਭੇਡ ਦੇ ਜੇ ਪਿੰਡ ਮਾਰ ਲੈਇਨ ਉਜੜ ਜਾਏ ਜਹਾਨ ਤੇ ਜਗ ਸਾਰਾ
ਹੱਥੋਂ ਜੂਆ ਦੇ ਜੁਲ ਜੇ ਸੁਟ ਵੇਚਣ ਕੀਕੂੰ ਕੱਟੀਏ ਪੋਹ ਤੇ ਮਾਂਘ ਸਾਰਾ
ਤੇਰੇ ਭਾਈ ਦੀ ਭੈਣ ਨੂੰ ਖੜਨ ਜੋਗੀ ਹੱਥ ਲਾਏ ਮੈਨੂੰ ਕਈ ਹਊਸ ਕਾਰਾ
ਮੇਰੀ ਭੰਗ ਝਾੜੇ ਉਹਦੀ ਟੰਗ ਭੰਨਾਂ ਸਿਆਲ ਸਾੜ ਸੁੱਟਣ ਉਹਦਾ ਦੇਸ ਸਾਰਾ
ਮੈਨੂੰ ਛੱਡ ਕੇ ਤੁਧ ਨੂੰ ਕਰੇ ਸੈਦਾ ਆਖ ਕਵਾਰੀਏ ਪਾਇਉ ਕੇਹਾ ਝੇੜਾ
ਵਾਰਸ ਖੋਹ ਕੇ ਚੁੰਡੀਆਂ ਤੇਰੀਆਂ ਨੂੰ ਕਰਾਂ ਖੂਬ ਪੈਜ਼ਾਰ ਦੇ ਨਾਲ ਝਾੜਾ
446. ਉੱਤਰ ਸਹਿਤੀ
ਕੱਜਲ ਪੂਛਲਿਆਲੜਾ ਘਤ ਨੈਣੀ ਜ਼ੁਲਫਾਂ ਕੁੰਡਲਾਂ ਦਾਰ ਬਣਾਵਨੀ ਹੈ
ਨੀਵੀਆਂ ਪੱਟੀਆਂ ਹਿਕ ਪਲਮਾ ਜ਼ੁਲਫਾਂ ਛੱਲੇ ਘਤ ਕੇ ਰੰਗ ਵਟਾਵਨੀ ਹੈ
ਰੱਤੀ ਆਸ਼ਕਾਂ ਨੂੰ ਦਖਲਾਵਨੀ ਹੈਂ ਨਥ ਵਿਹੜੇ ਦੇ ਵਿੱਚ ਛਣਕਾਵਨੀ ਹੈਂ
ਬਾਂਕੀ ਭਖ ਰਹੀ ਚੋਲੀ ਬਾਫਤੇ ਦੀ ਉਤੇ ਕਹਿਰ ਦੀਆਂ ਅੱਲੀਆਂ ਲਾਵਨੀ ਹੈਂ
ਠੋਡੀ ਗੱਲ੍ਹ ਤੇ ਪਾਇਕੇ ਖਾਲ ਖੂਨੀ ਰਾਹ ਜਾਂਦੜੇ ਮਿਰਗ ਫਹਾਵਨੀ ਹੈ
ਕਿਨ੍ਹਾਂ ਨਖਰਿਆਂ ਨਾਲ ਭਰਮਾਵਨੀ ਹੈਂ ਅਖੀਂ ਪਾ ਸੁਰਮਾ ਮਟਕਾਵਨੀ ਹੈ
ਮਲ ਵਟਨਾਂ ਲੋੜ੍ਹ ਦੰਦਾਸੜੇ ਦਾ ਜ਼ਰੀ ਬਾਦਲਾ ਪਟ ਹੰਢਾਵਨੀ ਹੈ
ਤੇੜ ਚੂੜੀਆਂ ਪਾ ਕੇ ਕਹਿਰ ਵਾਲਾ ਕੂੰਜਾਂ ਘਤ ਕੇ ਲਾਵਨਾ ਲਾਵਨੀ ਹੈਂ
ਨਵਾਂ ਵੇਸ ਤੇ ਵੇਸ ਬਣਾਵਲੀ ਹੈ ਲਏ ਫੇਰੀਆਂ ਤੇ ਘਮਕਾਵਨੀ ਹੈ
ਨਾਲ ਹੁਸਨ ਗੁਮਾਨ ਦੇ ਪਲੰਗ ਬਹਿ ਕੇ ਹੂਰ ਪਰੀ ਦੀ ਭੈਣ ਸਦਾਵਨੀ ਹੈਂ
ਪੈਰ ਨਾਲ ਚਵਾ ਦੇ ਚਾਵਨੀ ਹੈਂ ਲਾਡ ਨਾਲ ਗਹਿਣੇ ਛਨਕਾਵਨੀ ਹੈ।
ਸਰਦਾਰ ਹੈ ਖ਼ੂਬਾਂ ਦੇ ਤ੍ਰਿੰਜਨਾਂ ਦੀ ਖਾਤਰ ਤਲੇ ਨਾ ਕਿਸੇ ਲਿਆਵਨੀ ਹੈਂ
ਦੋਖ ਹੋਰਨਾਂ ਨੱਕ ਚੜ੍ਹਾਵਨੀ ਹੈ ਬੈਠੀ ਪਲੰਘ ਤੇ ਤੁਤੀਏ ਲਾਵਲੀ ਹੈ
ਪਰ ਅਸੀ ਭੀ ਨਹੀ ਹਾਂ ਘਟ ਤੈਥੋਂ ਜੇ ਤੂੰ ਆਪ ਨੂੰ ਛੈਲ ਸਦਾਵਨੀ ਹੈ
ਸਾਡੇ ਚਣਨ ਸਰੀਰ ਮਥੇਲੀਆਂ ਦੇ ਸਾਨੂੰ ਚੂਹੜੀ ਹੀ ਨਜ਼ਰ ਆਵਲੀ ਹੈਂ
ਨਾਢੂ ਸ਼ਾਹ ਰੰਨ ਹੋ ਪਲੰਘ ਬਹਿ ਕੇ ਸਾਡੇ ਜਿਉ ਨੂੰ ਜ਼ਰਾ ਨਾ ਭਾਵਨੀ ਹੈਂ
ਤੇਰਾ ਕੰਮ ਨਾ ਕੋਈ ਵਗਾੜਿਆ ਮੈਂ ਐਵੇਂ ਜੋਗੀ ਦੀ ਟੰਗ ਭਨਾਵਨੀ ਹੈ
ਸਣੇ ਜੋਗੀ ਦੇ ਮਾਰ ਕੇ ਮਿਝ ਕੱਢੂੰ ਜੈਂਦੀ ਚਾਵੜਾਂ ਪਈ ਦਖਾਵਨੀ ਹੈ
ਤੇਰਾ ਯਾਰ ਜਾਨੀ ਅਸਾਂ ਨਾਂ ਭਾਵੇ ਹੁਣੇ ਹੋਰ ਕੀ ਮੂੰਹੋਂ ਅਖਵਾਨੀ ਹੈ
ਸੱਭਾ ਅੜਤਨੇ ਪੜਤਨੇ ਪਾੜ ਸੁੱਟੂ ਐਵੇਂ ਸ਼ੇਖੀਆਂ ਪਈ ਜਗਾਵਨੀ ਹੈਂ
ਦੇਖ ਜੋਗੀ ਨੂੰ ਮਾਰ ਖਦੇੜ ਕੱਢਾਂ ਦੇਖਾਂ ਓਸਨੂੰ ਆ ਛਡਾਵਨੀ ਹੈਂ
ਤੇਰੇ ਨਾਲ ਜੋ ਕਰਾਂਗੀ ਮੁਲਕ ਦੋਖੇ ਜੇਹੇ ਮਿਹਣੇ ਲੁਤੀਆਂ ਲਾਵਨੀ ਹੈ
ਤੁਧ ਚਾਹਦਾ ਕੀ ਏਸ ਗੱਲ ਵਿੱਚੋਂ ਵਾਰਸ ਸ਼ਾਹ ਥੇ ਚੁਗਲੀਆਂ ਲਾਵਨੀ ਹੈਂ
447. ਉੱਤਰ ਹੀਰ
ਭਲਾ ਕਵਾਰੀਏ ਸਾਂਗ ਕਿਊ ਲਾਵਨੀ ਹੈਂ ਜਿੱਬੇ ਹੋਠ ਕਿੰਊ ਪਈ ਬਣਾਵਨੀ ਹੈਂ
ਭਲਾ ਜਿਉ ਕਿਉ ਭਰਮਾਵਨੀ ਹੈ ਅਤੇ ਜੀਭ ਕਿਉਂ ਪਈ ਪਕਾਵਨੀ ਹੈਂ
ਲੱਗੀ ਵਸ ਖਣੇ ਖੂਹ ਪਾਵਨੀ ਹੈਂ ਸੜੇ ਕਾਂਦ ਕਿਉਂ ਲੁਤੀਆਂ ਲਾਵਨੀ ਹੈਂ
ਐਡੀ ਲਟਕਣੀ ਨਾਲ ਕਿਉਂ ਕਰੇ ਗੱਲਾਂ ਸੈਦੇ ਨਾਲ ਨਕਾਹ ਪੜ੍ਹਾਵਨੀ ਹੈਂ
ਵਾਰਸ ਨਾਲ ਉਠ ਜਾ ਤੂੰ ਉਧਲੇ ਨੀ ਕੇਹੀਆਂ ਪਈ ਬੁਝਾਰਤਾਂ ਪਾਵਨੀ ਹੈਂ
448. ਸਹਿਤੀ ਰਾਂਝੇ ਨਾਲ ਜੰਗ ਲਈ ਤਿਆਰ
ਸਹਿਤੀ ਨਾਲ ਲੌਂਡੀ ਹਥੀਂ ਪਕੜ ਮੋਲ੍ਹੇ ਜੈਦੇ ਨਾਲ ਛੜੇ ਦੀਆਂ ਚਾਵਲੇ ਨੀ
ਗਿਰਦ ਆ ਭੰਵੀਆਂ ਵਾਂਗ ਜੋਗਣਾਂ ਦੇ ਤਾਉ ਘਤਿਉ ਨੇ ਓਸ ਰਾਵਲੇ ਨੂੰ
ਖਪਰ ਸੇਲ੍ਹੀਆਂ ਤੋੜ ਕੇ ਗੁਥ ਹੋਈਆਂ ਢਾਹ ਲਿਉ ਨੇ ਲਡ ਸੋਹਣੇ ਸਾਂਵਲੇ ਨੂੰ
ਅੰਦਰ ਹੀਰ ਨੂੰ ਵਾੜ ਕੇ ਮਾਰ ਕੁੰਡਾ ਬਾਹਰ ਕੁਟਿਉ ਨੇ ਬਾਵਲੇ ਨੂੰ
ਘੜੀ ਘੜੀ ਵਲਾਇ ਕੇ ਵਾਰ ਕੀਤਾ ਓਹਨਾਂ ਟਕਿਆ ਸੀ ਏਸ ਲਾਵਨੇ ਨੂੰ
ਵਾਰਸ ਸ਼ਾਹ ਮੀਆਂ ਨਾਲ ਮੋਲ੍ਹਿਆਂ ਦੇ ਠੰਡਾ ਕੀਤੋ ਲੇ ਓਸ ਉਤਾਵਲੇ ਨੂੰ
449. ਉਹੀ
ਦੋਹਾਂ ਵਟ ਲੰਗੋਟੜੇ ਲਏ ਮੋਲ੍ਹੇ ਕਾਰੇ ਦੇਖ ਲੈ ਮੁੰਡੀਆਂ ਮੋਹਣੀਆਂ ਦੇ
ਨਿਕਲ ਝੁਟ ਕੀਤਾ ਸਹਿਤੀ ਰਾਵਲੇ ਤੇ ਪਾਸੇ ਭਨਿਉ ਨੇ ਨਾਲ ਕੂਹਣੀਆਂ ਦੇ
ਜਟ ਮਾਰ ਮਧਾਣੀਆਂ ਫੇਹ ਸੁਟਿਆ ਸਿਰ ਭੰਨਿਆਂ ਮਾਰ ਦਧੁਨਿਆਂ ਦੇ
ਢੋ ਕਟਕ ਹੁਸੈਨ ਖਾਨ ਨਾਲ ਲੜਿਆ ਜਿਵੇਂ ਅਬੂ ਸਮੁੰਦ ਵਿੱਚ ਚੂਹਣੀਆਂ ਵੇ
450. ਰਾਂਝੇ ਨਾਲ ਲੜਾਈ
ਰਾਂਝਾ ਖਾਇਕੇ ਮਾਰ ਫਿਰ ਗਰਮ ਹੋਇਆ ਮਾਰੂ ਮਾਰਿਆ ਭੂਤ ਫਤੂਰ ਦੇ ਨੇ
ਦੇਖ ਪਰੀ ਦੇ ਨਾਲ ਖੁਮ ਮਾਰਿਆਈ ਏਸ ਫਰੇਸ਼ਤੇ ਬੈਤ ਮਾਅਮੂਰ ਦੇ ਨੇ
ਕਮਰ ਬੰਨ੍ਹ ਕੇ ਪੀਰ ਨੂੰ ਯਾਦ ਕੀਤਾ ਲਾਈ ਥਾਪਨਾ ਮਲਕ ਹਜ਼ੂਰ ਦੇ ਨੇ
ਡੇਰਾ ਬਖਸ਼ੀ ਦਾ ਮਾਰ ਕੇ ਲੁਟ ਲੀਤਾ ਪਾਈ ਫਤਹਿ ਪਠਾਨ ਕਸੂਰ ਦੇ ਨੇ
ਜਦੋ ਨਾਲ ਟਕੋਰ ਦੇ ਗਰਮ ਹੋਇਆ ਦਿੱਤਾ ਦੁਖੜਾ ਘਾਉ ਨਾਸੁਰ ਦੇ ਨੇ
ਵਾਰਸ ਸ਼ਾਹ ਜਾਂ ਅੰਦਰੋਂ ਗਰਮ ਹੋਇਆ ਲਾਟਾਂ ਕੱਢੀਆਂ ਤਾਉ ਤਨੂਰ ਦੇ ਨੇ
451. ਰਾਂਝੇ ਦੇ ਸੱਟਾਂ ਮਾਰਨੀਆਂ
ਦੋਵੇਂ ਮਾਰ ਸਵਾਰੀਆਂ ਰਾਵਲੇ ਨੇ ਪੰਜ ਸਤ ਫਾਹੁੜੀਆਂ ਲਾਈਆਂ ਸੂ
ਗੱਲ੍ਹਾ ਪੁਟ ਕੇ ਚੋਲੀਆਂ ਕਰੇ ਲੀਰਾਂ ਹਿੱਕਾਂ ਭੰਨ ਕੇ ਲਾਲ ਕਰਈਆਂ ਸੂ
ਨਾਲੇ ਤੋੜ ਝੰਝੋੜ ਕੇ ਪਕੜ ਗੁੱਤੋਂ ਦੋਵੇਂ ਵਿਹੜੇ ਦੇ ਵਿੱਚ ਭਵਾਈਆਂ ਸੁ
ਖੋਹ ਚੁੰਡੀਆਂ ਗੱਲ੍ਹਾ ਤੇ ਮਾਰ ਹੁੰਝਾਂ ਦੋ ਦੋ ਧੌਣ ਤੇ ਮੁਢ ਟਿਕਾਈਆਂ ਸੁ
ਜੇਹਾ ਰਿਛ ਕਲੰਦਰਾਂ ਘੋਲ ਪੌਦਾ ਸੋਟੇ ਚੁਤੜੀ ਲਾ ਨਚਾਈਆਂ ਸੂ
ਗਿੱਟੇ ਲਕ ਠਕੋਰ ਕੇ ਪਕੜ ਤ੍ਰਿਗੋਂ ਦੋਵੇਂ ਬਾਂਦਰੀ ਵਾਂਗ ਟਪਾਈਆਂ ਸੁ
ਜੋਗੀ ਵਾਸਤੇ ਰਬ ਦੇ ਬਸ ਕਰ ਜਾ ਹੀਰ ਅੰਦਰੋਂ ਆਖ ਛੁਡਾਈਆਂ ਸੂ
452. ਹੋਰ ਕੁੜੀਆਂ ਦਾ ਸਹਿਤੀ ਕੋਲ ਆਉਣਾ
ਓਹਨਾਂ ਛੁਟਦੀਆਂ ਹਾਲ ਪੁਕਾਰ ਕੀਤੀ ਪੰਜ ਸੱਤ ਮੁਸ਼ਟੱਡੀਆਂ ਆ ਘਈਆਂ
ਵਾਂਗ ਕਾਬਲੀ ਕੁੱਤਿਆਂ ਗਿਰਦ ਹੋਈਆਂ ਦੋ ਦੋ ਅਲੀ ਉਲਹਿਸਾਬ ਟਿਕਾ ਗਈਆਂ
ਉਹਨੂੰ ਇੱਕ ਨੇ ਧੱਕ ਕੇ ਰੱਖ ਅੱਗੇ ਘਰੋਂ ਕੱਢ ਕੇ ਤਾਕ ਚੜ੍ਹਾ ਗਈਆਂ
ਬਾਜ਼ ਤੋੜ ਕੇ ਤੁਅਮਿਉਂ ਲਾਹਿਉ ਨੇ ਮਾਅਸ਼ੂਕ ਦੀ ਦੀਦ ਹਟਾ ਗਈਆਂ
ਧੱਕਾ ਦੇ ਕੇ ਸੱਟ ਪੱਲਟ ਉਸ ਨੂੰ ਹੋੜਾ ਵੱਡਾ ਮਜ਼ਬੂਤ ਫਹਾ ਗਈਆਂ
ਸੂਬਾਦਾਰ ਤਗ਼ੀਅਰ ਕਰ ਕੱਢਿਉ ਨੇ ਵੱਡਾ ਜੋਗੀ ਨੂੰ ਵਾਇਦਾ ਪਾ ਗਈਆਂ
ਘਰੋਂ ਕੱਢ ਅਰੂੜੀ ਤੇ ਸੱਟਿਉ ਨੇ ਬਹਿਸ਼ਤੋਂ ਕੱਢ ਕੇ ਦੋਜ਼ਖੇ ਪਾ ਗਈਆਂ
ਜੋਗੀ ਮਸਤ ਹੈਰਾਨ ਹੋ ਦੰਗ ਰਹਿਆ ਕੋਈ ਜਾਦੁੜਾ ਘੋਲ ਪਵਾ ਗਈਆਂ
ਅੱਗੇ ਠੂਠੇ ਨੂੰ ਝੁਰਦਾ ਖਫਾ ਹੁੰਦਾ ਉਤੋਂ ਨਵਾਂ ਪਸਾਰ ਬਣਾ ਗਈਆਂ
ਵਾਰਸ ਸ਼ਾਹ ਮੀਆਂ ਨਵਾਂ ਸ਼ਹਿਰ ਹੋਇਆ ਪਰੀਆਂ ਜਿੰਨ ਫਰਿਸ਼ਤੇ ਨੂੰ ਲਾ ਗਈਆਂ
452-2. ਸ਼ਾਇਰ ਦਾ ਕਥਨ
ਘਰੋਂ ਕੱਢਿਆ ਅਕਲ ਸ਼ਊਰ ਗਇਆ ਆਦਮ ਜੰਨਤੋ ਕੱਢ ਹੈਰਾਨ ਕੀਤਾ
ਸਿਜਦੇ ਵਾਸਤੇ ਅਰਸ਼ ਤੋਂ ਦੇ ਧੱਕੇ ਜਿਵੇਂ ਰਬ ਨੇ ਰੱਦ ਸ਼ੈਤਾਨ ਕੀਤਾ
ਸੱਦਾਦ ਬਹਿਸ਼ਤ ਥੀਂ ਰਹਿਆ ਬਾਹਰ ਨਮਰੂਦ ਮੱਛਰ ਪਰੇਸ਼ਾਨ ਕੀਤਾ
ਵਾਰਸ ਸ਼ਾਹ ਹੈਰਾਨ ਹੋ ਰਹਿਆ ਜੋਗੀ ਜਿਵੇਂ ਨੂਹ ਹੈਰਾਨ ਤੂਫਾਨ ਕੀਤਾ
453. ਰਾਂਝਾ ਆਪਣੇ ਆਪ ਨਾਲ
ਹੀਰ ਚੁਪ ਬੈਠੀ ਅਸੀਂ ਕੁਟ ਕੱਢੇ ਸਾਡਾ ਵਾਹ ਪਿਆ ਨਾਲ ਡੌਰਿਆਂ ਦੇ
ਉਹ ਵੇਲੜਾ ਹੱਥ ਨਾ ਆਂਵਦਾ ਹੈ ਲੋਕ ਦੇ ਰਹੇ ਲਖ ਢੰਡੋਰਿਆਂ ਦੇ
ਇੱਕ ਰੰਨ ਗਈ ਦੁਆ ਵਨ ਗਿਆ ਲੋਕ ਸਾੜਦੇ ਨਾਲ ਨਹੋਰਿਆਂ ਦੇ
ਨਿਉਂਹ ਰਾਚਿਆਂ ਤੇ ਰੰਨਾਂ ਡਾਢੀਆਂ ਦੇ ਕੀਕੂ ਹੱਥ ਆਵਨ ਨਾਲ ਜ਼ੋਰਿਆਂ ਦੇ
ਅਸਾਂ ਮੰਗਿਆ ਉਨ੍ਹਾਂ ਨਾਂ ਖੈਰ ਕੀਤਾ ਮੈਨੂੰ ਮਾਰਿਆ ਨਾਲ ਫਹੌੜਿਆਂ ਦੇ
454. ਰਾਂਝਾ ਦੁਖੀ ਹੋਕੇ
ਧੂਆਂ ਹੂੰਝਦਾ ਰੋਇਕੇ ਢਾਹ ਮਾਰੇ ਰੱਬਾ ਮੇਲ ਕੇ ਯਾਰ ਵਿਛੋੜਿਉ ਕਿਉਂ
ਮੇਰਾ ਰੜੇ ਜਹਾਜ਼ ਸੀ ਆਣ ਲੱਗਾ ਬੰਨੇ ਲਾਇਕੇ ਫੇਰ ਮੁੜ ਬੋੜਿਉ ਕਿਉਂ
ਕੋਈ ਅਸਾਂ ਥੀਂ ਵੱਡਾ ਗੁਨਾਹ ਹੋਇਆ ਸਾਥ ਫਜ਼ਲ ਦਾ ਲੱਦ ਕੇ ਮੋੜਿਉ ਕਿਉਂ
ਵਾਰਸ ਸ਼ਾਹ ਇਬਾਦਤਾਂ ਛਡ ਕੇ ਤੇ ਦਿਲ ਨਾਲ ਸ਼ੈਤਾਨ ਦੇ ਜੋੜਿਉ ਕਿਉਂ
455. ਉਹੀ
ਮੈਨੂੰ ਰਬ ਬਾਝੋਂ ਨਹੀਂ ਤਾਂਘ ਕਾਈ ਸਭ ਡੰਡੀਆਂ ਗਮਾਂ ਨੇ ਮੱਲੀਆਂ ਨੇ
ਸਾਰੇ ਦੇਸ਼ ਤੇ ਮੁਲਕ ਦੀ ਸਾਂਝ ਚੁੱਕੀ ਸਾਡੀਆਂ ਕਿਸਮਤਾਂ ਜੰਗਲੀ ਚੱਲੀਆਂ ਨੇ
ਜਿੱਥੇ ਸ਼ੀਂਹ ਬੁੱਕਣ ਫੂਕਣ ਨਾਗ ਕਾਲੇ ਬਘਿਆੜ ਘੱਤਨ ਨਿਤ ਜੱਲੀਆਂ ਨੇ
ਚਿੱਲਾ ਕਟ ਕੇ ਪੜ੍ਹਾਂ ਕਲਾਮ ਡਾਹਡੀ ਭੀੜਾਂ ਵੱਜੀਆਂ ਆਣ ਅਵੱਲੀਆਂ ਨੇ
ਕੀਤੀਆਂ ਮਿਹਨਤਾਂ ਵਾਰਸਾਂ ਦੁਖ ਝਾਕੇ ਰਾਤਾਂ ਜਾਂਦੀਆਂ ਨਹੀਂ ਨਿਫਲੀਆਂ ਨੇ
456. ਰਾਂਝੇ ਨੂੰ ਪੀਰ ਯਾਦ ਆਏ
ਰੋਂਦਾ ਕਾਸਨੂੰ ਬੀਰ ਬੇਤਾਲਿਆ ਵੇ ਪੰਜਾਂ ਪੀਰਾਂ ਦਾ ਤੁਧ ਮਿਲਾਪ ਮੀਆਂ
ਲਾ ਜ਼ੋਰ ਲਲਕਾਰ ਤੂੰ ਪੀਰ ਪੰਜੇ ਤੇਰਾ ਦੂਰ ਹੋਵੇ ਦੁਖ ਤਾਪ ਮੀਆਂ
ਜਿਨ੍ਹਾਂ ਪੀਰਾਂ ਦਾ ਜ਼ੋਰ ਹੈ ਤੁਧ ਨੂੰ ਵੇ ਕਰ ਰਾਤ ਦਿੰਹ ਓਹਨਾਂ ਦਾ ਜਾਪ ਮੀਆਂ
ਜ਼ੋਰ ਆਪਣਾ ਫਕਰ ਨੂੰ ਯਾਦ ਆਇਆ ਬਾਲਨਾਥ ਮੇਰਾ ਗੁਰੂ ਬਾਪ ਮੀਆਂ
ਵਾਰਸ ਸ਼ਾਹ ਭੁਖਾ ਬੂਹੇ ਰੋਏ ਬੈਠਾ ਦੇ ਉਨ੍ਹਾਂ ਨੂੰ ਵੱਡਾ ਸਰਾਪ ਮੀਆਂ
457. ਰਾਂਝਾ ਆਪਣੇ ਆਪ ਨੂੰ ਕਹਿੰਦਾ
ਕਰਾਮਾਤ ਲਖਾਇ ਕੇ ਸ਼ਹਿਰ ਫੂਕਾਂ ਜੜ ਖੇੜਿਆਂ ਦੀ ਮੁਢੋਂ ਪੁਟ ਸੁੱਟਾਂ
ਫੌਜੀਰ ਨਾਹੀਂ ਪਕੜ ਕਵਾਰੜੀ ਨੂੰ ਹੱਥ ਪੈਰ ਤੇ ਨਕ ਕੰਨ ਕਟ ਸੁੱਟਾਂ
ਅਲਮ ਤਰ ਕੈਫ ਬਦੂਹ ਕਹਾਰ ਪੜ੍ਹ ਕੇ ਨਏ ਵਹਿੰਦੀਆਂ ਪਲਕ ਵਿੱਚ ਅੱਟ ਸੂਟਾਂ
ਸਹਿਤੀ ਹੱਥ ਆਵੇ ਪਕੜ ਚੂੜੀਆਂ ਥੋਂ ਵਾਂਗ ਟਾਟ ਦੀ ਤਪੜੀ ਛਟ ਸੂਟਾਂ
ਪੰਜ ਪੀਰ ਜੇ ਬਾਹੁੜਨ ਆਨ ਮੈਨੂੰ ਦੁਖ ਦਰਦ ਕਜ਼ੀੜੇ ਕਟ ਸੱਟਾਂ
ਹੁਕਮ ਰਬ ਦੇ ਨਾਲ ਮੈਂ ਕਾਲ ਜੀਭਾ ਮਗਰ ਲੱਗ ਕੇ ਦੂਤ ਨੂੰ ਚਟ ਸੁੱਟਾਂ
ਜਟ ਵਟ ਤੇ ਪਟ ਤੇ ਫਟ ਬੱਧੇ ਵਰ ਦੇਣ ਸਿਆਣਿਆਂ ਸੱਤ ਸੂਟਾਂ
ਵਟ ਸਟ ਤੇ ਪਟ ਤੇ ਫਟ ਬੱਧੇ ਵਰ ਦੇਣ ਸਿਆਣਿਆਂ ਸੱਤ ਸੂਟਾਂ
ਵਾਰਸ ਸ਼ਾਹ ਮਾਅਸ਼ੂਕ ਜੇ ਮਿਲੇ ਖਿਲਵਤ ਸਭ ਜਿਉ ਦੇ ਦੁਖ ਉੱਲਟ ਸੁੱਟਾਂ
458. ਰਾਂਝੇ ਦੀ ਹਾਲਤ
ਦਿਲ ਫਿਕਰ ਨੇ ਘਿਰਿਆ ਬੰਦ ਹੋਇਆ ਰਾਂਝਾ ਜਿਉ ਗੋਤੇ ਲਖ ਖਾਇ ਬੈਠਾ
ਸੱਥੋਂ ਹੂੰਝ ਧੂਆਂ ਸਿਰ ਚਾ ਟੁਰਿਆ ਕਾਲੇ ਬਾਗ਼ ਵਹੀਰ ਮਚਾਇ ਬੈਠਾ
ਅਖੀਂ ਮੀਟ ਕੇ ਰਬ ਧਿਆਨ ਧਰ ਕੇ ਚਾਰੋਂ ਤਰਫ ਹੈ ਧੁੰਨੜਾ ਲਾਇ ਬੈਠਾ
ਵਟ ਮਾਰ ਕੇ ਚਾਰੋਂ ਹੀ ਤਰਫ ਉੱਚੀ ਉੱਥੇ ਵਲਗਣਾਂ ਖੂਬ ਬਣਾਇ ਬੈਠਾ
ਅਸਾਂ ਕੱਚ ਕੀਤਾ ਰੱਬ ਸਚ ਕਰਸੀ ਇਹ ਆਖ ਕੇ ਵੇਲ ਜਗਾ ਬੈਠਾ
ਭੜਕੀ ਅੱਗ ਜਾਂ ਤਾਵਨੀ ਤਾ ਕੀਤਾ ਇਸ਼ਕ ਮੁਸ਼ਕ ਵਸਾਰ ਕੇ ਜਾਇ ਬੈਠਾ
ਵਿੱਚ ਸੰਘਣੀ ਛਾਉਂ ਦੇ ਘਤ ਭੂਰਾ ਵਾਂਗ ਅਹਿਦੀਆਂ ਢਾਸਣਾ ਲਾਇ ਬੈਠਾ
ਵਾਰਸ ਸ਼ਾਹ ਇਸ ਵਕਤ ਨੂੰ ਝੂਰਦਾ ਈ ਜਿਸ ਵੇਲੜੇ ਅੱਖੀਆਂ ਲਾਇ ਬੈਠਾ
459. ਉਹੀ ਚਲਦਾ
ਮੀਟ ਅੱਖੀਆਂ ਰੱਖੀਆਂ ਬੰਦਗੀ ਤੇ ਘੱਤੇ ਜੱਲਿਆਂ ਚਿੱਲੇ ਵਿੱਚ ਹੋ ਰਹਿਆ
ਕਰੇ ਆਜਜ਼ੀ ਵਿੱਚ ਮੁਰਾਕਬੇ ਦੇ ਦਿਨੇ ਰਾਤ ਖੁਦਾਏ ਥੇ ਰੋ ਰਹਿਆ
ਵਿੱਚ ਯਾਦ ਖੁਦਾਏ ਦੀ ਮਹਿਵ ਰਹਿੰਦਾ ਕਦੀ ਬੈਠ ਰਹਿਆ ਕਦੀ ਸੋ ਰਹਿਆ
ਵਾਰਸ ਸ਼ਾਹ ਨਾ ਫਿਕਰ ਕਰ ਮੁਸ਼ਕਲਾਂ ਦਾ ਜੋ ਕੁਛ ਹੋਵਨਾ ਸੀ ਸੋਈ ਹੋ ਰਹਿਆ
ਨਿਉਲੀ ਕਰਮ ਕਰਦਾ ਕਦੀ ਉਰਧ ਤਪ ਵਿੱਚ ਕਦੀ ਹੋਮ ਸਰੀਰ ਵਿੱਚ ਝੋ ਰਹਿਆ
460. ਉਹੀ
ਕਦੀ ਨਖ ਤਪ ਸ਼ਾਮ ਤਪ ਪਵਨ ਭਖੀ ਸਦਾ ਬਰਤ ਨੇਮੇ ਚਿਤ ਲਾ ਰਹਿਆ
ਕਦੀ ਉਰਧ ਤਪ ਸਾਸ ਤਪ ਗਰਾਸ ਤਪ ਨੂੰ ਕਦੀ ਜੋਗ ਜਤੀ ਚਿਤ ਲਾ ਰਹਿਆ
ਕਦੀ ਮਸਤ ਮਜਜ਼ੂਬ ਲਟ ਹੋ ਸੁਥਰਾ ਅਲਫ ਸਿਆਹ ਮੱਥੇ ਉਤੇ ਲਾ ਰਹਿਆ
ਆਵਾਜ਼ ਆਇਆ ਬੱਚਾ ਰਾਂਝਣਾ ਵੋ ਤੇਰਾ ਸੁਬਾਹ ਮੁਕਾਬਲਾ ਆ ਰਹਿਆ
461. ਕੁੜੀਆਂ ਇਕੱਠੀਆਂ ਹੋਕੇ ਜੋਗੀ ਕੋਲ
ਰੋਜ਼ ਜੁਮਾਂ ਯਯਯਦੇ ਤ੍ਰਿੰਜਨਾਂ ਧੂੜ ਘੱਤੀ ਤੁਰ ਨਿਕਲੇ ਕਟਕ ਅਰਬੇਲੀਆਂ ਦੇ
ਜਿਵੇਂ ਕੂੰਜਾਂ ਦੀ ਡਾਰ ਆ ਲਹੇ ਬਾਗੀਂ ਫਿਰਨ ਘੋਰੜੇ ਅਰਥ ਮਹੇਲੀਆਂ ਦੇ
ਵਾਂਗ ਸ਼ਾਹ ਪਰੀਆਂ ਛਨਾਂ ਛਨ ਛਣਕਨ ਵੱਡੇ ਤ੍ਰਿੰਜਨਾ ਨਾਲ ਸਹੇਲੀਆਂ ਦੇ
ਧਮਕਾਰ ਪੈ ਗਈ ਤੇ ਧਰਤ ਕੰਬੀ ਛੁੱਟੇ ਪਾਸਨੇ ਗਰਬ ਗਹੇਲੀਆਂ ਦੇ
ਦੇਖ ਜੋਗੀ ਦਾ ਥਾਂਉਂ ਵਿੱਚ ਆ ਵੜੀਆਂ ਮਹਿਕਾਰ ਪੈ ਗਏ ਚੰਬੇਲੀਆਂ ਦੇ
ਵਾਰਸ ਸ਼ਾਹ ਅਸ਼ਨਾਕ ਜਿਉਂ ਢੂੰਡ ਲੈਂਦੇ ਇਤਰ ਵਾਸਤੇ ਹਟ ਫੁਲੇਲੀਆਂ ਦੇ
462. ਕੁੜੀਆਂ ਨੇ ਰਾਂਝੇ ਦਾ ਡੇਰਾ ਬਰਬਾਦ ਕਰਨਾ
ਧੂੰਆਂ ਫੋਲ ਕੇ ਰੋਲ ਕੇ ਸਟ ਖੱਪਰ ਤੋੜ ਸੇਲ੍ਹੀਆਂ ਭੰਗ ਖਲਾਰਿਆ ਨੇ
ਡੰਡਾ ਕੂੰਡਾ ਭੰਗ ਅਫੀਮ ਕੋਹੀ ਫੋਲ ਫਾਲ ਕੇ ਪੱਟੀਆਂ ਡਾਰੀਆਂ ਨੇ
ਧੂੰਆਂ ਸਵਾਰ ਖਲਾਰ ਕੇ ਭੰਨ ਹੁੱਕਾ ਗਾਹ ਘੱਤ ਕੇ ਲੁੱਡੀਆਂ ਮਾਰੀਆਂ ਨੇ
ਸਾਫਾ ਸਿੰਗਲੀ ਚਿਮਟਾ ਭੰਗ ਕੱਕੜ ਨਾਦ ਸਿਮਰਨਾ ਧੂਪ ਖਲਾਰੀਆਂ ਨੇ
ਜੇਹਾ ਹੂੰਝ ਬੁਹਾਰ ਤੇ ਫੋਲ ਕੂੜਾ ਬਾਹਰ ਸੁੱਟੀਆਂ ਕੱਢ ਪਸਾਰੀਆ ਨੇ
ਕਰਨ ਹੇਲੋ ਬੁਹਾਰ ਮਾਰ ਬੁਹਗਾਂ ਦੇਣ ਧੀਰੀਆਂ ਤੇ ਖਿੱਲੀ ਮਾਰਿਆ ਨੇ
ਵਾਰਸ ਸ਼ਾਹ ਜਿਉਂ ਦਲਾਂ ਪੰਜਾਬ ਲੁੱਟੀ ਤਿਵੇਂ ਜੋਗੀ ਲੁਟ ਉਜਾੜਿਆ ਨੇ
463. ਉਹੀ
ਕਿਲਾਅਦਾਰ ਨੂੰ ਮੋਰਚੇ ਤੰਗ ਢੁੱਕੇ ਸ਼ਬਖੂਨ ਤੇ ਤਿਆਰ ਹੋ ਸਜਿਆ ਈ
ਥੜਾ ਪਵੇ ਜਿਉਂ ਧਾੜ ਨੂੰ ਸ਼ੀਂਹ ਛੁੱਟੇ ਉਠ ਬੋਤੀਆਂ ਦੇਮਨੇ ਗਜਿਆ ਈ
ਸਭਾ ਨਸ ਗਈਆਂ ਇੱਕਾ ਰਹੀ ਪਿੱਛੇ ਆ ਸੋਇਨ ਚਿੜੀ ਉਤੇ ਵੱਜਿਆ ਈ
ਹਾਉ ਹਾਇ ਮਾਹੀ ਮੁੰਡੀ ਜਾ ਨਾਹੀਂ ਪਰੀ ਦੇਖ ਅਘੁਤ ਨਾ ਲਜਿਆ ਈ
ਨੰਗੀ ਹੋ ਨੱਠੀ ਸਟ ਸਤਰ ਜ਼ੇਵਰ ਸੱਭਾ ਜਾਣ ਭਿਆਣੀਆਂ ਤੱਜਿਆ ਈ
ਮਲਕੁਲਮੌਤ ਅਜ਼ਾਬ ਦੀ ਕਰੇ ਤੰਗੀ ਪਰਦਾ ਕਿਸੇ ਦਾ ਕਦੀ ਨਾ ਕਜਿਆ ਈ
ਉਤੋਂ ਨਾਦ ਵਜਾਇਕੇ ਕਰੇ ਨਾਹਰਾ ਅਖੀਂ ਲਾਲ ਕਰਕੇ ਮੂੰਹ ਟੰਡਿਆ ਈ
ਵਾਰਸ ਸ਼ਾਹ ਹਸਾਬ ਨੂੰ ਪਰੀ ਪਕੜੀ ਸੂਰ ਹਸ਼ਰ ਦਾ ਵੇਖ ਲਏ ਵੱਜਿਆ ਈ
464. ਕੁੜੀ ਦਾ ਰਾਂਝੇ ਨੂੰ ਕਹਿਣਾ
ਕੁੜੀ ਆਖਿਆ ਮਾਰ ਨਾ ਫਾਵੜੀ ਵੇ ਮਰ ਜਾਊਂਗੀ ਮਸਤ ਦੀਵਾਨਿਆ ਵੇ
ਲੱਗੇ ਫਾਵੜੀ ਬਾਹੁੜੀ ਮਰਾਂ ਜਾਨੋਂ ਰੱਖ ਲਈ ਮੀਆਂ ਮਸਤਾਨਿਆ ਵੇ
ਅਜ਼ਰਾਈਲ ਜੰਮ ਆਣ ਕੇ ਬਹੇ ਬੂਹੇ ਨਹੀਂ ਛਟੀਦਾ ਨਾਲ ਬਹਾਨਿਆਂ ਵੇ
ਤੇਰੀ ਡੀਲ ਹੈ ਦਿਉ ਦੀ ਅਸੀਂ ਪਰੀਆਂ ਇੱਕਸ ਲਤ ਲੱਗੇ ਮਰ ਜਾਨੀਆਂ ਵੇ
ਗੱਲ ਦੱਸਣੀ ਹੈ ਸੋ ਤੂੰ ਦੱਸ ਮੈਨੂੰ ਤੇਰਾ ਲੈ ਸੁਨੇਹੜਾ ਜਾਨੀਆਂ ਵੇ
ਮੇਰੀ ਤਾਈ ਹੈ ਜਿਹੜੀ ਤੁਧ ਵੇਲਨ ਅਸੀਂ ਹਾਲ ਥੀਂ ਨਹੀਂ ਬੇਗਾਨੀਆਂ ਵੇ
ਤੇਰੇ ਵਾਸਤੇ ਓਸਦੀ ਕਰਾਂ ਮਿੰਨਤ ਜਾ ਹੀਰ ਅੱਗੇ ਟੇ ਆਟਨੀਆਂ ਵੇ
ਵਾਰਸ ਆਖ ਕੀਕੂੰ ਆਖਾਂ ਜਾ ਓਸ ਨੂੰ ਆਵੇ ਇਸ਼ਕ ਦੇ ਕੰਮ ਦਿਆਂ ਬਾਨੀਆਂ ਵੇ
465. ਉੱਤਰ ਰਾਂਝਾ
ਜਾ ਹੀਰ ਨੂੰ ਆਖਣਾ ਭਲਾ ਕੀਤੋ ਸਾਨੂੰ ਹਾਲ ਥੀਂ ਚਾ ਬੇਹਾਲ ਕੀਤੋ
'ਵਜ਼ਾਜ਼ੇ ਆਤੇ ਗਰਕਨ' ਪੜ੍ਹੇ ਬਾਬ ਸਾਡੇ 'ਇਜ਼ਾ ਜੁਲ ਜੇ ਲਾਤੇ' ਚਾਕ ਦੀ ਫਾਲ ਕੀਤੋ
ਝੰਡਾ ਸਿਆਹ ਸਫੈਦ ਸੀ ਇਸ਼ਕ ਵਾਲਾ ਉਹ ਘਤ ਮਜੀਠ ਗਮ ਲਾਲ ਕੀਤੋ
ਦਾਨਾ ਬੇਗ ਦੇ ਮਗਰ ਜਿਉ ਪਏ ਗ਼ਜ਼ਲਈ ਡੇਰਾ ਲੁੱਟ ਕੇ ਚਾ ਕੰਗਾਲ ਕੀਤੋ
ਤਿਲਾ ਕੁੰਦ ਨੂੰ ਅੱਗ ਦਾ ਤਾਉ ਦੇ ਕੇ ਚਾ ਅੰਦਰੋਂ ਬਾਹਰੋਂ ਲਾਲ ਕੀਤੋ
ਅਹਿਮਦ ਸ਼ਾਹ ਵਾਂਗੂੰ ਮੇਰੇ ਮਗਰ ਪੈ ਕੇ ਪਟ ਠੁਡ ਕੇ ਚੱਕ ਦਾ ਤਾਲ ਕੀਤੋ
ਚਿਹਰੀਂ ਸਾਦ ਬਹਾਲਿਆਂ ਖੇੜਿਆਂ ਨੂੰ ਬਰਤਰਫੀਆਂ ਤੇ ਮਹੀਂਵਾਲ ਕੀਤੋ
ਫਤਹਿ ਬਾਦ ਚਾ ਦਿਤਿਆ ਖੇੜਿਆਂ ਨੂੰ ਭਾਰਾ ਰਾਝਨੇ ਦੇ ਵੀਰੋਵਾਲ ਕੀਤੋ
ਛਡ ਨਠਿਏ ਸਿਆਲ ਤੇ ਮਹੀਂ ਮਾਹੀ ਵਿੱਚ ਖੇੜਿਆਂ ਦੇ ਆਇ ਜਾਲ ਕੀਤੇ
ਜਾਂ ਮੈਂ ਗਿਆਂ ਵਿਹੜੇ ਸਹਿਤੀ ਨਾਲ ਰਲ ਕੇ ਫੜੇ ਚੋਰ ਵਾਂਗੂੰ ਮੇਰਾ ਹਾਲ ਕੀਤੋ
ਨਾਦਰ ਸ਼ਾਹ ਥੋਂ ਹਿੰਦ ਪੰਜਾਬ ਥਰਕੇ ਮੇਰੇ ਬਾਬ ਦਾ ਤੁਧ ਭੁੰਚਾਲ ਕੀਤੋ
ਭਲੇ ਚੌਧਰੀ ਦਾ ਪੁਤ ਚਾਕ ਹੋਇਆ ਚਾਇ ਜਗ ਉਤੇ ਮਹੀਂਵਾਲ ਕੀਤੋ
ਤੇਰੇ ਬਾਬ ਦਰਗਾਹ ਥੀਂ ਮਿਲੇ ਬਦਲਾ ਜੇਹਾ ਜ਼ਾਲਮੇ ਤੋਂ ਮੇਰੇ ਨਾਲ ਕੀਤੋ
ਦਿੱਤੇ ਆਪਣਾ ਸ਼ੌਕ ਤੇ ਸੋਜ਼ ਮਸਤੀ ਵਾਰਸ ਸ਼ਾਹ ਫਕੀਰ ਨਿਹਾਲ ਕੀਤੋ
466. ਕੁੜੀ ਹੀਰ ਕੋਲ ਆਈ
ਕੁੜੀ ਆਪਣਾ ਆਪ ਛੁੜਾ ਨੱਠੀ ਤੀਰ ਗ਼ਜ਼ਬ ਦਾ ਜਿਊ ਵਿੱਚ ਕਸਿਆ ਈ
ਸਹਿਜੇ ਆ ਕੇ ਹੀਰ ਦੇਕੋਲ ਬਹਿ ਕੇ ਹਾਲ ਓਸ ਨੂੰ ਖੋਲ ਕੇ ਦੱਸਿਆ ਈ
ਛਡ ਨੰਗ ਨਾਮੁਸ ਫਕੀਰ ਹੋਇਆ ਰਹੇ ਰੋਦੜਾ ਕਦੀ ਨਾ ਹੱਸਿਆ ਈ
ਏਸ ਹੁਸਨ ਕਮਾਨ ਨੂੰ ਹੱਥ ਫੜਕੇ ਆ ਕਹਿਰ ਦਾ ਤੀਰ ਕਿਉਂ ਕਸਿਆ ਈ
ਘਰੋਂ ਮਾਰ ਕੇ ਮੁਹਲਿਆਂ ਕਢਿਆਂ ਈ ਜਾ ਕੇ ਕਾਲੜੇ ਬਾਗ਼ ਵਿੱਚ ਧਸਿਆ ਈ
ਵਾਰਸ ਸ਼ਾਹ ਦਿੰਹ ਰਾਤ ਦੇ ਮੀਂਹ ਵਾਂਗੂੰ ਨੀਰ ਓਸ ਦੇ ਨੈਨਾਂ ਥੀਂ ਵੱਸਿਆ ਈ
467. ਹੀਰ ਦਾ ਕੁੜੀ ਨੂੰ ਉੱਤਰ
ਕੁੜੀਏ ਦੇਖ ਰੰਝੇਟੜੇ ਕੱਚ ਕੀਤਾ ਖੋਲ ਜਿਊ ਦਾ ਭੇਤ ਪਸਾਰਿਉ ਨੇ
ਮਨਸੂਰ ਨੇ ਇਸ਼ਕ ਦਾ ਭੇਤ ਦਿੱਤਾ ਓਸ ਨੂੰ ਤੁਰਤ ਸੂਲੀ ਚਾੜ੍ਹਉ ਨ
ਰਸਮ ਇਸ਼ਕ ਦੇ ਮੁਲਕ ਦੀ ਚੁਪ ਰਹਿਣਾ ਮੂੰਹੋਂ ਬੋਲਿਆ ਸੁ ਉਹਨੂੰ ਮਾਰਿਉ ਨੇ
ਤੋਤਾ ਬੋਲ ਕੇ ਪਿੰਜਰੇ ਕੈਦ ਹੋਇਆ ਐਵੇਂ ਬੋਲਨੋ ਅਗਨ ਸੰਘਾਰਿਉਂ ਨੇ
ਯੂਸਫ ਬੋਲ ਕੇ ਬਾਪ ਥੇ ਖਾਬ ਦੱਸੀ ਓਸਨੂੰ ਖੂਹ ਦੇ ਵਿੱਚ ਉਤਾਰਿਉ ਨੇ
ਵਾਰਸ ਸ਼ਾਹ ਕਾਰੂਨ ਨੂੰ ਸਣੇ ਦੌਲਤ ਹੇਠ ਜ਼ਮੀਂ ਦੇ ਚਾ ਨਿਘਾਰਿਉ ਨੇ
468. ਉਹੀ
ਚਾਕ ਹੋਇ ਕੇ ਖੋਲੀਆਂ ਚਾਰਦਾ ਸੀ ਜਦੋਂ ਉਸਦਾ ਜਿਉ ਤੂੰ ਖੱਸਿਆ ਸੀ
ਉਹਦੀ ਨਜ਼ਰ ਦੇ ਸਾਮਣੇ ਖੇਡੀ ਸਏ ਮੁਲਕ ਓਸ ਦੇ ਬਾਬ ਦਾ ਵੱਸਿਆ ਸੀ
ਆ ਸਾਹੁਰੇ ਵੌਹਟੜੀ ਹੋ ਬੈਠੀ ਤਦੋਂ ਜਾਇਕੇ ਜੋਗ ਵਿੱਚ ਧੱਸਿਆ ਸੀ
ਆਇਆ ਹੋ ਫਕੀਰ ਤਾਂ ਲੜੇ ਸਹਿਤੀ ਗੜਾ ਕਹਿਰ ਦਾ ਓਸ ਤੇ ਵਸਿਆ ਸੀ
ਮਾਰ ਮੁਹਲਿਆਂ ਨਾਲ ਹੈਰਾਨ ਕੀਤੋ ਤਦੋਂ ਕਾਲੜੇ ਬਾਗ਼ ਨੂੰ ਨਸਿਆ ਸੀ
ਪਿੱਛਾ ਦੇ ਨਾ ਮਾੜਿਆਂ ਜਾਨ ਕੇ ਨੀ ਭੇਤ ਇਸ਼ਕ ਦਾ ਆਸ਼ਕਾਂ ਦੱਸਿਆ ਸੀ
ਡੋਲੀ ਚੜ੍ਹੀ ਤਾਂ ਯਾਰ ਤੋਂ ਛੁਟ ਪਈ ਏ ਤਦੋਂ ਮੁਲਕ ਸਾਰੇ ਤੈਨੂੰ ਹੱਸਿਆ ਸੀ
ਜਦੋਂ ਮਏ ਨੇ ਕੂਚ ਦਾ ਹੁਕਮ ਕੀਤਾ ਤੰਗ ਤੋਬਰਾ ਨਫਰ ਨੇ ਕੱਸਿਆ ਸੀ
ਜਦੋਂ ਰੂਹ ਇਕਰਾਰ ਅਖਰਾਜ ਕੀਤਾ ਤਦੋਂ ਜਾ ਕਲਬੂਤ ਵਿੱਚ ਧਸਿਆ ਸੀ
ਜਿਹੜੇ ਨਵੇਂ ਸੋ ਉਹ ਹਜ਼ੂਰ ਹੋਏ ਵਾਰਸ ਸ਼ਾਹ ਨੂੰ ਪੀਰ ਨੇ ਦੱਸਿਆ ਸੀ
469. ਉਹੀ
ਰਾਂਝਾ ਵਾਂਗ ਈਮਾਨ ਸ਼ਰਾਬੀਆਂ ਦੇ ਜੁਦਾ ਹੋਇ ਕੇ ਪਿੰਡ ਥੀਂ ਹਾਰ ਰਹਿਆ
ਨੈਨਾਂ ਤੇਰਿਆਂ ਜਟ ਨੂੰ ਕਤਲ ਕੀਤਾ ਚਾਕ ਹੋਇਕੇ ਖੋਲੀਆਂ ਚਾਰ ਰਹਿਆ
ਤੂੰ ਤਾਂ ਖੇੜਿਆਂ ਦੀ ਬਣੀ ਚੌਧਰਾਣੀ ਰਾਂਝਾ ਹੋਇ ਕੇ ਟੱਕਰਾਂ ਮਾਰ ਰਹਿਆ
ਅੰਤ ਕੰਨ ਪੜਾ ਫਕੀਰ ਹੋਇਆ ਘਤ ਮੁੰਦਰਾਂ ਵਿੱਚ ਉਜਾੜ ਰਹਿਆ
ਓਸ ਵਰਨ ਨਾ ਮਿਲੇ ਤੂੰ ਸਤਰ ਖਾਨੇ ਥੱਕ ਹੁਟ ਕੇ ਅੰਤ ਨੂੰ ਹਾਰ ਰਹਿਆ
ਤੈਨੂੰ ਚਾਕ ਦੀ ਆਖਦਾ ਜਗ ਸਾਰਾ ਐਵੇਂ ਓਸ ਨੂੰ ਮਿਹਣੇ ਮਾਰ ਰਹਿਆ
ਸ਼ਕਰ ਗੰਜ ਮਸਊਦ ਮੌਦੂਦ ਵਾਂਗੂੰ ਉਹ ਨਫਸ ਤੇ ਹਿਰਸ ਨੂੰ ਮਾਰ ਰਹਿਆ
ਸੁਧਾ ਨਾਲ ਤਵੱਕਲੀ ਠੇਲ੍ਹ ਬੇੜਾ ਵਾਰਸ ਵਿੱਚ ਡੁੱਬਾ ਇੱਕੇ ਪਾਰ ਰਹਿਆ
470. ਹੀਰ ਦਾ ਉੱਤਰ, ਨਖਰੇ ਨਾਲ
ਆਕੀ ਹੋ ਬੈਠੇ ਅਸੀਂ ਜੋਗੀੜੇ ਥੋਂ ਜਾ ਲਾ ਲੈ ਜ਼ੋਰ ਜੋ ਲਾਵਨਾ ਈ
ਅਸੀਂ ਹੁਸਨ ਤੇ ਹੋ ਮਗਰੂਰ ਬੈਠੇ ਚਾਰ ਚਸ਼ਮ ਦਾ ਕਟਕ ਲੜਾਵਨਾ ਈ
ਲਖ ਜ਼ੋਰ ਤੂੰ ਲਾ ਜੋ ਲਾਵਨਾ ਈ ਅਸਾਂ ਬੱਧਿਆ ਬਾਝ ਨਾ ਆਵਨਾ ਈ
ਸੁਰਮਾ ਅੱਖੀਆਂ ਦੇ ਵਿੱਚ ਪਾਵਨਾ ਈ ਅਸਾਂ ਵੱਡਾ ਕਮੰਦ ਪਵਾਵਨਾ ਈ
ਰੁਖ ਦੇ ਯਾਰ ਭਤਾਰ ਤਾਈਂ ਸੈਦਾ ਖੇੜੇ ਦੇ ਨਾਲ ਲੜਾਵਨਾ ਈ
ਸੀਤਾ ਪੂਜ ਬੈਠਾ ਸੈਦਾ ਵਾਂਗ ਦਹਿਸਰ ਸੋਹਣੀ ਲੰਕ ਨੂੰ ਓਸ ਲੁਟਾਵਨਾ ਈ
ਰਾਂਝੇ ਕੰਨ ਪੜ੍ਹਾਇਕੇ ਜੋਗ ਲੀਤਾ ਅਸਾਂ ਜੇਜ਼ੀਆ ਜੋਗ ਤੇ ਲਾਵਨਾ ਈ
ਵਾਰਸ ਸ਼ਾਹ ਉਹ ਬਾਗ਼ ਵਿੱਚ ਜਾ ਬੈਠਾ ਹਾਸਲ ਬਾਗ਼ ਦਾ ਅਸਾਂ ਲਿਆਵਨਾ ਈ
471. ਕੁੜੀ ਦਾ ਉੱਤਰ
ਆਕੀ ਹੋਇਕੇ ਖੇੜਿਆਂ ਵਿੱਚ ਵੜੀਏ ਇਸ਼ਕ ਹੁਸਨ ਦੀ ਵਾਰਸੇ ਜੱਟੀਏ ਨੀ
ਪਿੱਛਾ ਅੰਤ ਨੂੰ ਦੇਵਨਾ ਹੋਵੇ ਜਿਸ ਨੂੰ ਝੁੱਘਾ ਓਸ ਦਾ ਕਾਸ ਨੂੰ ਪੁੱਟੀਏ ਨੀ
ਜਿਹੜਾ ਦੇਖ ਕੇ ਮੁੱਖ ਨਿਹਾਲ ਹੋਵੇ ਕੀਚੇ ਕਤਲ ਨਾ ਹਾਂਹ ਪਲਟੀਏ ਨੀ
ਇਹ ਆਸ਼ਕੀ ਵੇਲ ਅੰਗੂਰ ਦੀ ਹੈ ਮੁਢੋਂ ਏਸ ਨੂੰ ਪੁੱਟ ਨਾ ਸੁੱਟੀਏ ਨੀ
ਇਹ ਜੋਬਨਾ ਨਿਤ ਲਾ ਹੋਵਨਾ ਈ ਤਾਉਂ ਬੱਦਲਾਂ ਜਦੀ ਜਾਣ ਡੱਟੀਏ ਨੀ
ਲੈ ਕੇ ਸੱਠ ਸਹੇਲੀਆਂ ਵਿੱਚ ਬੇਲੇ ਨਿਤ ਧਾਂਵਦੀ ਸੈਂ ਉਹ ਨੂੰ ਡੱਟੀਏ ਨੀ
ਪਿੱਛਾ ਨਾ ਦੀਚੇ ਸੱਚੇ ਆਸ਼ਕਾਂ ਨੂੰ ਜੋ ਕੁਝ ਜਾਨ ਤੇ ਬਣੇ ਸੋ ਕੱਟੀਏ ਨੀ
ਦਾਅਵਾ ਬੰਨ੍ਹੀਏ ਤਾਂ ਖੜਿਆਂ ਹੋ ਲੜੀਏ ਤੀਰ ਮਾਰ ਕੇ ਆਪ ਨਾ ਛੱਟੀਏ ਨੀ
ਅੱਠੇ ਪਹਿਰ ਵਸਾਰੀਏ ਨਹੀਂ ਸਾਹਿਬ ਕਦੀ ਹੋਸ਼ ਦੀ ਅਖ ਪਰਤੀ ਨੀ
ਮਿਠੀ ਚਾਟ ਹਲਾਇਕੇ ਤੋਤੜੇ ਨੂੰ ਪਿੱਛੋਂ ਕੰਕਰੀ ਰੋੜ ਨਾ ਘਤੀਏ ਨੀ
ਜਿਨ੍ਹਾਂ ਕੰਤ ਭੁਲਾਇਆ ਛੁਟੜਾਂ ਨੇ ਲਖ ਮੌਲੀਆਂ ਮਹਿੰਦੀਆਂ ਘੱਤੀਏ ਨੀ
ਉਠ ਝਬਦੇ ਜਾਇਕੇ ਹੋ ਹਾਜ਼ਰ ਏਹੇ ਕੰਮ ਨੂੰ ਢਿੱਲ ਨਾ ਘੱਤੀਏ ਨੀ
472. ਉਹੀ ਚਲਦਾ
ਜਿਵੇਂ ਮੁਰਸ਼ਦਾ ਪਾਸ ਜਾ ਢਹਿਣ ਤਾਲਬ, ਤਿਵੇਂ ਸਹਿਤੀ ਦੇ ਪਾਸ ਨੂੰ ਹੀਰ ਹੀਰੇ
ਕਰੀਂ ਸਭ ਤਕਸੀਰ ਮੁਆਫ ਸਾਡੀ ਪੈਰੀਂ ਪਵਾਂ ਜੇ ਮਨਏ ਨਾਲ ਮੇਰੇ
ਬਖਸ਼ੇ ਨਿਤ ਗੁਨਾਹ ਖੁਦਾ ਸੱਚਾ ਬੰਦਾ ਬਹੁਤ ਗੁਨਾਹ ਦੇ ਭਰੇ ਬੇੜੇ
ਵਾਰਸ ਸ਼ਾਹ ਮਨਾਵੜਾ ਅਸਾਂ ਆਂਦਾ ਸਾਡੀ ਸੁਲਾਹ ਕਰਾਂਦਾ ਨਾ ਤੇਰੇ
473. ਉੱਤਰ ਸਹਿਤੀ
ਅਸਾਂ ਕਿਸੇ ਦੇ ਨਾਲ ਕੁਝ ਨਹੀਂ ਮਤਲਬ ਸਿਰੋਪਾ ਲਏ ਖੁਸ਼ੀ ਹਾਂ ਹੋ ਰਹੇ
ਲੋਕਾਂ ਮਿਹਣੇ ਮਾਰ ਬੇਪਤੀ ਕੀਤੀ ਮਾਰੇ ਸ਼ਰਮ ਦੇ ਅੱਦਰੇ ਹੋ ਰਹੇ
ਗੁੱਸੇ ਨਾਲ ਇਹ ਵਾਲ ਪੈਕਾਨ ਵਾਂਗ ਸਾਡੇ ਜਿਉ ਦੇ ਵਾਲ ਗਡੋ ਰਹੇ
ਨੀਲ ਮੱਟੀਆਂ ਵਿੱਚ ਡਬੋ ਰਹੇ ਲਖ ਲਖ ਮੈਲੇ ਨਿਤ ਧੋ ਰਹੇ
ਵਾਰਸ ਸ਼ਾਹ ਨਾ ਸੰਗ ਨੂੰ ਰੰਗ ਆਵੇ ਲਖ ਸੂਹੇ ਦੇ ਵਿੱਚ ਸਮੋ ਰਹੇ
474. ਉੱਤਰ ਹੀਰ
ਹੀਰ ਆਨ ਜਨਾਬ ਵਿੱਚ ਅਰਜ਼ ਕੀਤਾ ਨਿਆਜ਼ਮੰਦ ਹਾਂ ਭਖਸ਼ ਮਰਗੋਲੀਆਂ ਨੀ
ਕੀਤੀ ਸਭ ਤਕਸੀਰ ਸੋ ਬਖਸ਼ ਮੈਨੂੰ ਜੋ ਕੁਛ ਆਖਸੈ ਮੈਂ ਤੇਰੀ ਗੋਲੀ ਆਂ ਨੀ
ਸਾਨੂੰ ਬਖਸ਼ ਗੁਨਾਹ ਤਕਸੀਰ ਸਾਰੀ ਜੋ ਕੁਝ ਲੜਦਿਆਂ ਤੁਧ ਨੂੰ ਬੋਲੀਆਂ ਨੀ
ਅੱਛੀ ਪੀੜ ਵੰਡਾਵੜੀ ਭੈਣ ਮੇਰੀ ਤੈਥੋਂ ਵਾਰ ਘੱਤੀ ਘੋਲ ਘੋਲੀਆਂ ਨੀ
ਮੇਰਾ ਕੰਮ ਕਰ ਮੁੱਲ ਲੈ ਬਾਝ ਦਮਾਂ ਦੋਨਾ ਬੋਲ ਲਏ ਜੋ ਕੁਝ ਬੋਲੀਆਂ ਨੀ
ਘਕ ਬਾਰ ਤੇ ਮਾਲ ਜ਼ਰ ਹੁਕਮ ਤੇਰਾ ਸਭੇ ਤੇਰੀਆਂ ਢਾਂਡੀਆਂ ਖੋਲੀਆਂ ਨੀ
ਮੇਰਾ ਯਾਰ ਆਇਆ ਚਲ ਦੇਖ ਆਈਏ ਪਈ ਮਾਰਦੀ ਸਏ ਨਿਤ ਬੋਲੀਆਂ ਨੀ
ਜਿਸ ਜ਼ਾਤ ਸਫਾਤ ਚੌਧਰਾਈ ਛੱਡੀ ਮੇਰੇ ਵਾਸਤੇ ਚਾਰੀਆ ਖੋਲੀਆ ਨੀ
ਜਿਹੜਾ ਮੁਢ ਕਦੀਮ ਦਾ ਯਾਰ ਮੇਰਾ ਜਿਸ ਚੂੰਡੀਆਂ ਕਵਾਰ ਦੀਆਂ ਖੋਲੀਆਂ ਨੀ
ਵਾਰਸ ਸ਼ਾਹ ਹੁਣ ਗੁਮਰ ਦੇ ਨਾਲ ਬੈਠਾ ਨਾਹੀਂ ਬੋਲਦਾ ਮਾਰਦਾ ਬੋਲੀਆਂ ਨੀ
475. ਉੱਤਰ ਸਹਿਤੀ
ਪਿਆ ਲਾਹਨਤੋਂ ਤੌਕ ਸ਼ੈਤਾਨ ਦੇ ਗਲ ਉਹਨੂੰ ਰਬ ਨਾ ਅਰਸ਼ ਤੇ ਚਾੜਨਾ ਏ
ਝੂਠ ਬੋਲਿਆਂ ਜਿਨ੍ਹਾਂ ਬਿਆਜ ਖਾਧੇ ਤਿਨ੍ਹਾਂ ਵਿੱਚ ਬਹਿਸ਼ਤ ਨਾ ਵਾੜਨਾ ਏਂ
ਅਸੀਂ ਜਿਊ ਦੀ ਮੈਲ ਚੁਕਾ ਬੈਠੇ ਵਤ ਕਰਾਂ ਨਾ ਸੀਵਣਾ ਪਾੜਨਾ ਏ
ਸਾਨੂੰ ਮਾਰ ਲੈ ਭਈੜੇ ਪਿੱਟਿਆਂ ਨੂੰ ਚਾੜ੍ਹ ਸੀਖ ਉਤੇ ਹੈ ਤੂੰ ਚਾੜ੍ਹਣਾ ਏ
ਅੱਗੇ ਜੋਗੀ ਥੋਂ ਮਾਰ ਕਰਾਈ ਆ ਹੁਣ ਹੋਰ ਕੀ ਪੜਤਣਾ ਪਾੜਨਾ ਏ
ਤੌਬਾ ਤੁਨ ਨਸੂਹਨ ਜੇ ਮੈਂ ਮੂੰਹੋਂ ਬੋਲਾਂ ਨਕ ਵੱਢ ਕੇ ਗਧੇ ਤੇ ਚਾੜ੍ਹਨਾ ਏਂ
ਘਰ ਬਾਰ ਥੀਂ ਚਾ ਜਵਾਬ ਦਿੱਤਾ ਹੋਰ ਆਖ ਕੀ ਸੱਚ ਨਤਾਰਨਾ ਏ
ਮੇਰੇ ਨਾਲ ਨਾ ਵਾਰਸਾ ਬੋਲ ਐਵੇ ਮਤਾਂ ਹੋ ਜਾਈ ਕੋਈ ਕਾਰਨਾ ਏ
476. ਉੱਤਰ ਹੀਰ
ਆ ਸਹਿਤੀਏ ਵਾਸਤਾ ਰਬ ਦਾ ਈ ਨਾਲ ਭਾਬੀਆਂ ਦੇ ਮਿੱਠਾ ਬੋਲੀਏ ਨੀ
ਹੋਈਏ ਪੀੜਵੰਡਾਵੜੇ ਸ਼ੁਹਦਿਆਂ ਦੇ ਜ਼ਹਿਰ ਬਿਸੀਅਰਾਂ ਵਾਂਗ ਨਾ ਘੋਲੀਏ ਨੀ
ਕੰਮ ਬੰਦ ਹੋਵੇ ਪਰਦੇਸੀਆਂ ਦਾ ਨਾਲ ਮਿਹਰ ਦੇ ਓਸ ਨੂੰ ਖੋਲੀਏ ਨੀ
ਤੇਰੇ ਜੇਹੀ ਨਨਾਣ ਹੋ ਮੇਲ ਕਰਨੀ ਜਿਉ ਜਾਨ ਭੀ ਓਸ ਥੋਂ ਘੋਲੀਏ ਨੀ
ਜੋਗੀ ਚਲ ਮਨਾਈਏ ਬਾਗ਼ ਵਿੱਚੋਂ ਹੱਥ ਬੰਨ੍ਹ ਕੇ ਮਿੱਠੜਾ ਬੋਲੀਏ ਨੀ
ਜੋ ਕੁਝ ਕਹੇ ਸੋ ਸਿਰੇ ਤੇ ਮੰਨ ਲਈਏ ਗ਼ਮੀ ਸ਼ਾਦੀਉਂ ਮੂਲ ਨਾ ਡੋਲੀਏ ਨੀ
ਚਲ ਨਾਲ ਮੇਰੇ ਜਿਵੇਂ ਭਾਗ ਪਰੀਏ ਮੇਲੇ ਕਰਨੀਏ ਵਿੱਚ ਵਚੋਲੀਏ ਨੀ
ਕਿਵੇਂ ਮੇਰਾ ਤੇ ਰਾਂਝੇ ਦਾ ਮੇਲ ਹੋਵੇ ਖੰਡ ਦੁੱਧ ਦੇ ਵਿੱਚ ਚਾ ਘੋਲੀਏ ਨੀ
477. ਸਹਿਤੀ ਨੇ ਹੀਰ ਦੀ ਗੱਲ ਮੰਨ ਲਈ
ਜਿਵੇਂ ਸੁਬਾ ਦੀ ਕਜ਼ਾ ਨਮਾਜ਼ ਹੁੰਦੀ ਰਾਜ਼ੀ ਹੋ ਅਬਲੀਸ ਭੀ ਨੱਚਦਾ ਏ
ਤਿਵੇਂ ਸਹਿਤੀ ਦੇ ਜਿਉ ਵਿੱਚ ਖੁਸ਼ੀ ਹੋਈ ਜਿਉ ਰੰਨ ਦਾ ਛਲੜਾ ਕੱਚ ਦਾ ਏ
ਜਾ ਬਖਸ਼ਿਆ ਸਭ ਗੁਨਾਹ ਤੇਰਾ ਤੈਨੂੰ ਇਸ਼ਕ ਕਦੀਮ ਥੋਂ ਸੱਚ ਦਾ ਏ
ਵਾਰਸ ਸ਼ਾਹ ਚਲ ਯਾਰ ਮਨਾ ਆਈਏ ਏਥੇ ਨਵਾਂ ਅਖਾੜਾ ਮਚਦਾ ਏ
478. ਸਹਿਤੀ ਨੇ ਜੋਗੀ ਲਈ ਭੇਟਾ ਲਿਜਾਣੀ
ਸਹਿਤੀ ਖੰਡ ਮਲਾਈ ਦਾ ਥਾਲ ਭਰਿਆ ਜਾ ਕਪੜੇ ਵਿੱਚ ਲੁਕਾਇਆ ਈ
ਜੇਹਾ ਵਿੱਚ ਨਮਾਜ਼ ਵਿਸਵਾਸ ਗੈਬੋ ਅਜ਼ਾਜ਼ੀਲ ਬਣਾ ਲੈ ਆਇਆ ਈ
ਉਤੇ ਪੰਜ ਰੁਪਏ ਸੁ ਰੋਕ ਰੱਖੇ ਜਾ ਫਕੀਰ ਥੇ ਫੇਰੜਾ ਪਾਇਆ ਈ
ਜਦੋਂ ਆਵੰਦੀ ਜੋਗੀ ਨੇ ਉਹ ਡਿੱਠੀ ਪਿਛਾਂ ਆਪਣਾ ਮੁਖ ਭਵਾਹਿਆ ਈ
ਅਸਾਂ ਰੂਹਾਂ ਬਹਿਸ਼ਤੀਆਂ ਬੈਠੀਆਂ ਨੂੰ ਤਾਉ ਦੋਜ਼ਖੇ ਦਾ ਕੇਹਾ ਆਇਆ ਈ
ਤਲਬ ਮੀਂਹ ਦੀ ਵਗਿਆ ਆਣ ਝੱਬੜ ਯਾਰੋ ਆਖਰੀ ਦੌਰ ਹੁਣ ਆਇਆ ਈ
ਸਹਿਤੀ ਬੰਨ੍ਹ ਕੇ ਹੱਥ ਸਲਾਮ ਕੀਤਾ ਅੱਗੋਂ ਮੂਲ ਜਵਾਬ ਨਾ ਆਇਆ ਈ
ਆਮਲ ਚੋਰ ਤੇ ਚੌਧਰੀ ਜਟ ਹਾਕਮ ਵਾਰਸ ਸ਼ਾਹ ਨੂੰ ਰੱਬ ਦਖਾਇਆ ਈ
479. ਰਾਂਝੇ ਦਾ ਉੱਤਰ
ਜਦੋਂ ਖਲਕ ਪੈਦਾ ਕੀਤੀ ਰਬ ਸੱਚੇ ਬੰਦਿਆਂ ਵਾਸਤੇ ਕੀਤੇ ਨੇ ਇਹ ਪਸਾਰੇ
ਰੰਨਾਂ ਛੋਕਰੇ ਜਿੰਨ ਸ਼ੈਤਾਨ ਰਾਵਲ ਕੁੱਤਾ ਕੁਕੜੀ ਬਕਰੀ ਉਠ ਸਾਰੇ
ਏਹਾ ਮੂਲ ਫਸਾਦ ਦਾ ਹੋਏ ਪੈਦਾ ਜਿਨ੍ਹਾਂ ਸਭ ਜਗਤ ਦੇ ਮੂਲ ਮਾਰੇ
ਆਦਮ ਕਢ ਬਹਿਸ਼ਤ ਥੀਂ ਖਵਾਰ ਕੀਤਾ ਇਹ ਡਾਇਨਾਂ ਧੁਰੋਂ ਹੀ ਕਰਨ ਕਾਰੇ
ਇਹ ਕਰਨ ਫਕੀਰ ਚਾ ਰਾਜਿਆਂ ਨੂੰ ਓਹਨਾਂ ਰਾਉ ਰਜ਼ਾਦੜੇ ਸਿਧ ਮਾਰੇ
ਵਾਰਸ ਸ਼ਾਹ ਜੋ ਹੁਨਰ ਸਭ ਵਿੱਚ ਮਰਦਾਂ ਅਤੇ ਮਹਿਰੀਆਂ ਵਿੱਚ ਨੇ ਐਬ ਸਾਰੇ
480. ਉੱਤਰ ਸਹਿਤੀ
ਸਹਿਤੀ ਆਖਿਆ ਪੇਟ ਨੇ ਖੁਆਰ ਕੀਤਾ ਕਣਕ ਖਾ ਬਹਿਸ਼ਤ ਥੀਂ ਕਢਿਆ ਈ
ਆਈ ਮੇਲ ਤਾਂ ਜੰਨਤੋਂ ਮਿਲੇ ਧੱਕੇ ਰੱਸਾ ਆਸ ਉਮੀਦ ਦਾ ਵਢਿਆ ਈ
ਆਖ ਰਹੇ ਫਰੇਸ਼ਤੇ ਕਣਕ ਦਾਣਾ ਨਾਹੀਂ ਖਾਵਣਾ ਹੁਕਮ ਕਰ ਛਡਿਆ ਈ
'ਵਲਾ ਤਕਰਬਾ ਹਾਜ਼ੇਹਿਸ਼ ਸ਼ਜਾਰਤਾ' ਨਾਲੇ ਸੱਪ ਤੇ ਮੋਰ ਨੂੰ ਕੱਢਿਆ ਈ
ਇਹ ਸਮਝ ਸ਼ੈਤਾਨ ਭੀ ਮਰਦ ਹੋਇਆ ਨਾਉਂ ਰੰਨਾਂ ਦਾ ਬੁਰਾ ਕਰ ਛੱਡਿਆ ਈ
ਗੋਂ ਆਦਮੇ ਹਵਾ ਨੂੰ ਖਵਾਰ ਕੀਤਾ ਸਾਥ ਓਸ ਦਾ ਏਸ ਨਾ ਛੱਡਿਆ ਈ
ਫੇੜਨ ਮਰਦ ਤੇ ਸੌਂਪਦੇ ਤਰੀਮਤਾਂ ਨੂੰ ਮੂੰਹ ਝੂਠ ਦਾ ਕਾਸ ਨੂੰ ਟਡਿਆ ਈ
ਮਰਦ ਚੋਰ ਤੇ ਠਗ ਜਵਾਰੀਏ ਨੇ ਸਾਕ ਬਦੀ ਦਾ ਨਰਾਂ ਨੇ ਲਦਿਆ ਈ
ਫਰਕਾਨ ਵਿੱਚ 'ਫਨਕਰੁ' ਰਬ ਕਿਹਾ ਜਦੋਂ ਵਹੀ ਰਸੂਲ ਨੇ ਸੱਦਿਆ ਈ
ਵਾਰਸ ਸ਼ਾਹ ਇਹ ਤਰੀਮਤਾਂ ਖਾਣ ਰਹਿਮਤ ਪੈਦਾ ਜਿਨ੍ਹਾਂ ਜਹਾਨ ਕਰ ਛੱਡਿਆ ਈ
481. ਉੱਤਰ ਰਾਂਝਾ
ਰੰਨਾਂ ਦਹਿੰਸਰੇ ਨਾਲ ਕੀ ਗਾਹ ਕੀਤਾ ਰਾਜੇ ਭੋਗ ਨੂੰ ਦੇ ਲਗਾਮੀਆਂ ਨੀ
ਸਿਰਕਪ ਤੇ ਨਾਲ ਸਲਵਾਹਣੇ ਦੇ ਦੇਖ ਰੰਨਾਂ ਨੇ ਕੀਤੀਆਂ ਖਾਮੀਆਂ ਨੀ
ਮਰਦ ਹੈਣ ਸੋ ਰਖਦੇ ਹੇਠ ਸੋਟੇ ਸਿਰ ਚਾੜ੍ਹੀਆਂ ਨੇ ਓਹਨਾਂ ਕਾਮੀਆਂ ਨੀ
ਜਿਨ੍ਹਾਂ ਨਹੀਂ ਦਾੜ੍ਹੀ ਕੰਨ ਨਕ ਪਾਟੇ ਕੌਣ ਤਿਨ੍ਹਾਂ ਦੀਆਂ ਭਰੇ ਗਾ ਹਾਮੀਆਂ ਨੀ
482. ਉੱਤਰ ਸਹਿਤੀ
ਜਿਸ ਮਰਦ ਨੂੰ ਸ਼ਰਮ ਨਾ ਹੋਵੇ ਗ਼ੈਰਤ ਓਸ ਮਰਦ ਥੀਂ ਚੰਗੀਆਂ ਤੀਵੀਆਂ ਨੇ
ਘਰ ਵਸਦੇ ਔਰਤਾਂ ਨਾਲ ਸੋਹਣ ਸ਼ਰਮਵੰਦ ਤੇ ਸਤਰ ਦੀਆਂ ਥੀਵੀਆਂ ਨੇ
ਇੱਕ ਹਾਲ ਵਿੱਚ ਮਸਤ ਘਰ ਬਾਰ ਅੰਦਰ ਇੱਥ ਹਾਰ ਸੰਘਾਰ ਵਿੱਚ ਖੀਵੀਆਂ ਨੇ
ਵਾਰਸ ਸ਼ਾਹ ਹਿਆ ਦੇ ਨਾਲ ਇੰਦਰ ਅੱਖੀਂ ਹੇਠ ਜ਼ਮੀਂ ਦੇ ਸੀਵੀਆਂ ਨੇ
483. ਉੱਤਰ ਰਾਂਝਾ
ਵਫਾਦਾਰ ਨਾ ਰੰਨ ਜਹਾਨ ਉਤੇ ਲਾਡੇ ਸ਼ੇਰ ਕੁਜ਼ੰਗ ਵਿੱਚ ਨੱਥ ਨਾਹੀਂ
ਗਧਾ ਨਹੀਂ ਕੁਲੰਦ ਮਨਖਟ ਖੋਜਾ ਅਤੇ ਖੁਸਰਿਆਂ ਦੀ ਕਾਈ ਕੱਥ ਨਾਹੀਂ
ਨਾਮਰਦ ਦੇ ਵਾਰ ਨਾ ਕਿਸੇ ਗਾਂਵੇ ਅਤੇ ਗਾਂਡੂਆਂ ਦੀ ਕਾਈ ਸੱਥ ਨਾਹੀਂ
ਜੋਗੀ ਨਾਲ ਨਾ ਰੰਨ ਦਾ ਟੁਰੇ ਟੂਨਾਂ ਜ਼ੋਰ ਨੈ ਦਾ ਚੜ੍ਹੇ ਅਗੱਥ ਨਾਹੀਂ
ਯਾਰੀ ਸੁੰਹਦੀ ਨਹੀਂ ਸੁਹਾਗਣਾਂ ਨੂੰ ਰੰਡੀ ਰੰਨ ਨੂੰ ਸੁੰਹਦੀ ਨੱਥ ਨਾਹੀਂ
ਵਾਰਸ ਸ਼ਾਹ ਉਹ ਆਪ ਹੈ ਕਰਨ ਕਾਰਨ ਇਹਨਾਂ ਬੰਦਿਆਂ ਦੇਕਾਈ ਹੱਥ ਨਾਹੀਂ
484. ਉੱਤਰ ਸਹਿਤੀ
ਮੀਆਂ ਤ੍ਰੀਮਤਾਂ ਨਾਲ ਵਿਆਹ ਸੋਹਣ ਅਤੇ ਮਰਨ ਦੇ ਸੋਹੰਦੇ ਵੈਨ ਮੀਆਂ
ਘਰ ਬਾਰ ਦੀ ਜ਼ੇਬ ਤੇ ਹੈਨ ਜ਼ੀਨਤ ਨਾਲ ਤ੍ਰੀਮਤਾਂ ਸਾਕ ਤੇ ਸੈਨ ਮੀਆਂ
ਇਹ ਤ੍ਰੀਮਤਾਂ ਸੇਜ ਦੀਆਂ ਵਾਰਸੀ ਨੇਂ ਅਤੇ ਦਿਲਾਂ ਦੀਆਂ ਦੇਣ ਤੇ ਲੈਣ ਮੀਆਂ
ਵਾਰਸ ਸ਼ਾਹ ਇਹ ਜੋਰਵਾਂ ਜੋਰਦੀਆਂ ਨੇ ਅਤੇ ਮਹਿਰੀਆਂ ਮਿਹਰ ਦੀਆਂ ਹੈਨ ਮੀਆਂ
485. ਉੱਤਰ ਰਾਂਝਾ
ਸੱਚ ਆਖ ਰੰਨੇ ਕੇਹੀ ਧੁੰਮ ਚਾਇਆ ਤੁਸਾਂ ਭੋਜ ਵਜ਼ੀਰ ਨੂੰ ਕੁੱਟਿਆ ਜੇ
ਦਹਿੰਸਰ ਮਾਰਿਆ ਭੇਤ ਘਰੋਗੜੇ ਨੇ ਸਣੇ ਲੰਕ ਦੇ ਓਸ ਨੂੰ ਪੁਟਿਆ ਜੇ
ਕੈਰੋ ਪਾਂਡੋਆਂ ਦੇ ਕਟਕ ਕਈ ਖੂਹਣੀ ਮਾਰੇ ਤੁਸਾਂ ਦੇਸਭ ਨਖੁਟਿਆਂ ਜੇ
ਕਤਲ ਅਮਾਮ ਹੋਏ ਕਰਬਲਾ ਅੰਦਰ ਮਾਰ ਦੀਨ ਦਿਆਂ ਵਾਰਸਾਂ ਸੁਟਿਆ ਜੇ
ਜੋ ਕੋ ਸ਼ਰਮ ਹਿਆ ਦਾ ਆਦਮੀ ਸੀ ਜਾਨ ਮਾਲ ਥੋਂ ਓਸ ਨੂੰ ਪੁਟਿਆ ਜੇ
ਵਾਰਸ ਸ਼ਾਹ ਫਕੀਰ ਤਾਂ ਨੱਸ ਆਇਆ ਪਿੱਛਾ ਏਸ ਦਾ ਆਨ ਕਿਉ ਖੁਟਿਆ ਜੇ
486. ਉੱਤਰ ਸਹਿਤੀ
ਤੈਨੂੰ ਵੱਡਾ ਹੰਕਾਰ ਹੈ ਜੋਬਨੇ ਦਾ ਖਾਤਰ ਥੱਲੇ ਨਾ ਕਿਸੇ ਨੂੰ ਲਿਆਵਨਾ ਹੈਂ
ਜੇਨ੍ਹਾਂ ਜਾਇਉਂ ਤਿਨ੍ਹਾਂ ਦੇ ਨਾਉਂ ਰੱਖੇ ਵੱਡਾ ਆਪ ਨੂੰ ਗੌਸ ਸਦਾਵਨਾ ਹੈ
ਹੋਵਣ ਤ੍ਰੀਮਤਾਂ ਨਹੀਂ ਤਾਂ ਜਗ ਮੁੱਕੇ ਵਤ ਕਿਸੇ ਨਾ ਜਗ ਤੇ ਆਵਨਾ ਹੈ
ਅਸਾਂ ਚਿੱਠੀਆਂ ਘਲ ਸਦਾਇਆ ਹੈ ਸਾਥੋਂ ਆਪਣਾ ਆਪ ਛੁਪਾਵਨਾ ਹੈ
ਕਰਾਮਾਤ ਤੇਰੀ ਅਸਾਂ ਢੂੰਡ ਡਿੱਠੀ ਐਵੇਂ ਸ਼ੇਖੀਆਂ ਪਿਆ ਜਗਾਵਨਾ ਹੈ
ਚਾਕ ਸਦ ਕੇ ਬਾਗ਼ ਥੀਂ ਕਢ ਛੱਡੂੰ ਹੁਣੇ ਹੋਰ ਕੀ ਮੂੰਹੋਂ ਅਖਾਵਨਾ ਹੈ
ਅੰਨ ਖਾਨਾਂ ਹੈ ਰੱਜ ਕੇ ਗਧੇ ਵਾਂਗੂੰ ਕਦੀ ਸ਼ੁਕਰ ਬਜਾ ਨਾ ਲਿਆਵਨਾ ਹੈਂ
ਛੱਡ ਬੰਦਗੀ ਚੋਰਾਂ ਦੇ ਚਲਨ ਫੜਿਉ ਵਾਰਸ ਸ਼ਾਹ ਫਕੀਰ ਸਦਾਵਨਾ ਹੈ
487. ਉੱਤਰ ਰਾਂਝਾ
ਬਾਗ਼ ਛਡ ਗਏ ਗੋਪੀ ਚੰਦ ਜੇਹੇ ਸ਼ੱਦਾਦ ਫਰਉਨ ਕਹਾਇ ਗਿਆ
ਨੌਸ਼ੀਰਵਾਂ ਛੱਡ ਬਗ਼ਦਾਦ ਟੁਰਿਆ ਉਹ ਅਪਦੀ ਵਾਰ ਲੰਘਾ ਗਿਆ
ਆਦਮ ਛਡ ਬਹਿਸ਼ਤ ਦੇ ਬਾਗ ਢੱਠਾ ਭੁਲੇ ਵਿਸਰੇ ਕਣਕ ਨੂੰ ਖਾ ਗਿਆ
ਫਰਉਨ ਖੁਦਾ ਕਹਇਕੇ ਤੇ ਮੂਸਾ ਨਾਲ ਅਸ਼ਟੰਡ ਉਠਾਇ ਗਿਆ
ਨਮਰੂਦ ਸ਼ੱਦਾਦ ਜਹਾਨ ਉਤੇ ਦੋਜ਼ਖ ਅਤੇ ਬਹਿਸ਼ਤ ਬਣਾ ਗਿਆ
ਕਾਰੂੰ ਜ਼ਰਾਂ ਇਕੱਠੀਆਂ ਮੇਲ ਕੇ ਤੇ ਬਨ੍ਹ ਸਿਰੇ ਤੇ ਪੰਡ ਉਠਾ ਗਿਆ
ਨਾਲ ਦੌਲਤਾਂ ਹੁਕਮ ਤੇ ਸ਼ਾਨ ਸ਼ੌਕਤ ਮਖਾਸਰੋ ਇੰਦ ਲੁਟਾ ਗਿਆ
ਸੁਲੇਮਾਨ ਸਕੰਦਰੋਂ ਲਾਇ ਸੱਭੇ ਸੱਤਾਂ ਨਵਾਂ ਤੇ ਹੁਕਮ ਚਲਾ ਗਿਆ
ਉਹ ਭੀ ਏਸ ਜਹਾਨ ਤੇ ਰਹਿਉ ਨਾਹੀਂ ਜਿਹੜਾ ਆਪ ਖੁਦਾ ਕਹੋ ਗਿਆ
ਮੋਇਆ ਬਖਤ ਨਸਰ ਜਿਹੜਾ ਚਾੜ੍ਹ ਡੋਲਾ ਸੱਚੇ ਰਬ ਨੂੰ ਤੀਰ ਚਲਾ ਗਿਆ
ਰੇਰੇ ਜੇਹੀਆਂ ਕੇਤੀਆਂ ਹੋਈਆਂ ਨੇ ਤੈਨੂੰ ਚਾ ਕੀ ਬਾਗ਼ ਦਾ ਆ ਗਿਆ
ਵਾਰਸ ਸ਼ਾਹ ਉਹ ਆਪ ਹੈ ਕਰਨ ਕਾਰਨ ਸਿਰ ਬੰਦਿਆਂ ਦੇ ਗਿਲਾ ਆ ਗਿਆ
488. ਉੱਤਰ ਸਹਿਤੀ
ਪੰਡ ਝਗੜਿਆਂ ਦੀ ਕਹੀ ਖੋਲ ਬੈਠੋ ਵੱਡਾ ਮਹਿਜ਼ਰੀ ਘੰਡ ਲਡ ਬਾਵਲਾ ਵੇ
ਅਸਾਂ ਇੱਕ ਰਸਾਣ ਹੈ ਢੂੰਡ ਆਂਦੀ ਭਲਾ ਦੱਸ ਖਾਂ ਕੀ ਹੈ ਰਾਵਲਾ ਵੇ
ਉਤੇ ਰੱਖਿਆ ਕੀ ਏ ਨਜ਼ਰ ਤੇਰੀ ਗਿਣੇਂ ਆਪ ਨੂੰ ਬਹੁਤ ਚਤਰਾਵਲਾ ਵੇ
ਦੱਸੇ ਬਿਨਾ ਨਾ ਜਾਪਦੀ ਜ਼ਾਤ ਪੀਰੀ ਛੜੇ ਬਾਝ ਨਾ ਥੀਵਦਾ ਚਾਵਲਾ ਵੇ
ਕੀ ਰੋਗ ਹੈ ਕਾਸਦਾ ਇਹ ਬਾਸਨ ਸਾਨੂੰ ਦੱਸ ਖਾਂ ਸੋਹਣਿਆਂ ਸਾਂਵਲਾ ਵੇ
ਸਹਿਜ ਨਾਲ ਸਭ ਕੰਮ ਨਿਬਾਹ ਹੁੰਦੇ ਵਾਰਸ ਸ਼ਾਹ ਨਾ ਹੋ ਉਤਾਵਲਾ ਵੇ
489. ਉੱਤਰ ਰਾਂਝਾ
ਕਰਾਮਾਤ ਹੈ ਕਹਿਰ ਦਾ ਨਾਂਉ ਰੰਨੇ ਕੇਹਾ ਘਤਿਉ ਆਣ ਵਸੂਰਿਆ ਈ
ਕਰੇ ਚਾਵੜਾਂ ਚੱਘੜਾਂ ਨਾਲ ਮਸਤੀ ਅਜੇ ਤੀਕ ਅਨਜਾਨਾਂ ਨੂੰ ਘੁਰਿਆ ਈ
ਫਕਰ ਆਖਸਨ ਸੋਈ ਕੁਝ ਰਬ ਕਰਸੀ ਐਵੇ ਜੋਗੀ ਨੂੰ ਚਾ ਵਡੂਰਿਆ ਈ
ਉਤੇ ਪੰਜ ਪੈਸੇ ਲਾਲ ਰੋਕ ਧਰਿਉ ਖੰਡ ਚਾਵਲਾਂ ਦਾ ਥਾਲ ਪੂਰਿਆ ਈ
490. ਉੱਤਰ ਸਹਿਤੀ
ਮਗਰ ਤਿੱਤਰਾਂ ਦੇ ਅੰਨ੍ਹਾ ਬਾਜ਼ ਛੁਟੇ ਜਾ ਚੰਮੜੇ ਦਾਂਦ ਪਤਾਲੂਆਂ ਨੂੰ
ਅੰਨਾ ਭੇਜਿਆ ਅੰਬ ਅਨਾਰ ਵੇਖਣ ਜਾ ਚੰਮੜੇ ਤੁਤ ਸੰਭਾਲੂਆਂ ਨੂੰ
ਘਲਿਆ ਫੁਲ ਗੁਲਾਬ ਦਾ ਤੋੜ ਲਿਆਵੀਂ ਜਾ ਲੱਗਾ ਹੈ ਲੈਣ ਕਚਾਲੂਆਂ ਨੂੰ
ਅੰਨ੍ਹਾਂ ਮੋਹਰੀ ਲਾਈਏ ਕਾਫਲੇ ਦਾ ਲੁਟਵਾਇਸੀ ਸਾਥ ਦਿਆਂ ਚਾਲੂਆਂ ਨੂੰ
ਖਚਰ ਪਵਾ ਦੇ ਚਾਲੜੇ ਕਰਨ ਲੱਗੋਂ ਅਸਾਂ ਫਾਟਿਆ ਕੁਟਿਆ ਚਾਲੂਆਂ ਨੂੰ
ਵਾਰਸ ਸ਼ਾਹ ਤੰਦੂਰ ਵਿੱਚ ਦੱਬ ਬੈਠਾ ਕਮਲਾ ਘੱਲਿਆ ਰੰਗਣੇ ਸਾਲੂਆਂ ਨੂੰ
491. ਉੱਤਰ ਰਾਂਝਾ
ਜਾ ਖੋਲ ਕੇ ਦੇਖ ਜੋ ਸਿਦਕ ਆਵੀ ਕੇਹਾ ਸ਼ਕ ਦਿਲ ਆਪਣੇ ਪਾਇਉਈ
ਕਿਹਿਆ ਅਸਾਂ ਸੋ ਰਬ ਤਹਿਕੀਕ ਕਰਸੀ ਕੇਹਾ ਆਣ ਕੇ ਮਗਜ਼ ਖਪਾਇਉਈ
ਜਾ ਦੇਖ ਜੋ ਵਸਵਸਾ ਦੂਰ ਹੋਵੀ ਕੇਹਾ ਡੌਰੂਵੜਾ ਆਨ ਵਜਾਇਉਈ
ਸ਼ਕ ਮਿਟੀ ਜੋ ਥਾਲ ਨੂੰ ਖੋਲ ਵੇਖੇ ਏਥੇ ਮਕਰ ਕੀ ਆਣ ਫੈਲਾਇਉਈ
492. ਸਹਿਤੀ ਨੇ ਕਰਾਮਾਤ ਦੇਖੀ
ਸਹਿਤੀ ਖੋਲ ਕੇ ਥਾਲ ਜਾਂ ਧਿਆਨ ਕੀਤਾ ਖੰਡ ਚਾਵਲਾਂ ਦਾ ਕਾਲ ਹੋ ਗਿਆ
ਛੁਟਾ ਤੀਰ ਫਕੀਰ ਦੇ ਮੁਅਜਜ਼ੇ ਦਾ ਵਿੱਚੋਂ ਕੁਫਰ ਦਾ ਜਿਊ ਪਰੋ ਗਿਆ
ਜਿਹੜਾ ਚਲਿਆ ਨਿਕਲ ਯਕੀਨ ਆਹਾ ਕਰਾਮਾਤ ਨੂੰ ਦੇਖ ਖਲੋ ਗਿਆ
ਗਰਮ ਗ਼ਜ਼ਬ ਦੀ ਆਤਸ਼ੋਂ ਆਬ ਆਹਾ ਬਰਫ ਕਸ਼ਫ ਦੀ ਨਾਲ ਸਮੋ ਗਿਆ
ਐਵੇਂ ਡਾਹਡਿਆਂ ਮਾੜਿਆਂ ਕੇਹਾ ਲੇਖਾ ਓਸ ਕੋਹ ਲਿਆ ਉਹ ਰੋ ਗਿਆ
ਵਾਰਸ ਸ਼ਾਹ ਜੋ ਕੀਮੀਆ ਨਾਲ ਛੱਥਾ ਸੋਇਨਾ ਤਾਂਬਿਉਂ ਤੁਰਤ ਹੀ ਹੋ ਗਿਆ
493. ਸਹਿਤੀ ਨੂੰ ਹੀਰ ਤੇ ਯਕੀਨ
ਹੱਥ ਬੰਨ੍ਹ ਕੇ ਬੇਨਤੀ ਕਰੇ ਸਹਿਤੀ ਦਿਲ ਜਾਨ ਥੀਂ ਚੇਲੜੀ ਤੇਰੀਆਂ ਮੈਂ
ਕਰਾਂ ਬਾਂਦੀਆਂ ਵਾਂਗ ਬਜਾ ਖਿਦਮਤ ਨਿਤ ਪਾਂਵਦੀ ਰਹਾਂ ਗੀ ਫੇਰੀਆਂ ਮੈਂ
ਪੀਰ ਸੱਚ ਦਾ ਅਸਾਂ ਤਹਿਕੀਕ ਕੀਤਾ ਦਿਲ ਜਾਨ ਥੀਂ ਤੁਧ ਤੇ ਹੀਰੀਆਂ ਮੈਂ
ਕਰਾਮਾਤ ਤੇਰੀ ਉਤੇ ਸਿਦਕ ਕੀਤਾ ਤੇਰੇ ਕਸ਼ਫ ਦੇ ਹੁਕਮ ਨੇ ਘੇਰੀਆਂ ਮੈਂ
ਸਾਡੀ ਜਾਨ ਤੇ ਮਾਲ ਹੀਰ ਤੇਰੀ ਨਾਲੇ ਸਣੇ ਸਹੇਲੀਆਂ ਤੇਰੀਆਂ ਮੈਂ'
ਅਸਾਂ ਕਿਸੇ ਦੀ ਗੱਲ ਨਾ ਕਦੇ ਮੰਨੀ ਤੇਰੇ ਇਸਮ ਆਜ਼ਮ ਹੁਬ ਟੇਰੀਆਂ ਮੈਂ
ਇੱਕ ਫਕਰ ਇੱਲਾਹ ਦਾ ਰਖ ਤਕਵਾ ਹੋਰ ਢਾਹ ਬੈਠੀ ਸਭੇ ਢੇਰੀਆਂ ਮੈਂ
ਪੂਰੀ ਨਾਲ ਹਿਸਾਬ ਨਾ ਹੋ ਸਕਾਂ ਵਾਰਸ ਸ਼ਾਹ ਕੀ ਕਰਾਂ ਗੀ ਸੀਰੀਆਂ ਮੈਂ
494. ਉੱਤਰ ਰਾਂਝਾ
ਘਰ ਆਪਣੇ ਵਿੱਚ ਚਵਾ ਕਰਕੇ ਆਖ ਨਾਗਣੀ ਵਾਂਗ ਕਿਉਂ ਸ਼ੁਕੀਏ ਨੀ
ਨਾਲ ਜੋਗੀਆਂ ਮੋਰਚਾ ਲਾਇਉਈ ਰੱਜੇ ਜਟ ਵਾਂਗੂੰ ਵੱਡੀ ਫੂਕੀਏ ਨੀ
ਜਦੋਂ ਬੰਨ੍ਹ ਝੇੜੇ ਥਕ ਹੁਟ ਰਹੀਏ ਜਾ ਪਿੰਡ ਦੀਆਂ ਰੰਨਾਂ ਤੇ ਕੁਕੀਏ ਨੀ
ਕਢ ਗਾਲੀਆਂ ਸਣੇ ਰਬੇਲ ਬਾਦੀ ਘਿਨ ਮੋਲ੍ਹਿਆਂ ਅਸਾਂ ਤੇ ਘੁਕੀਏ ਨੀ
ਭਲੋ ਭਲੀ ਜਾਂ ਢਿਠਿਆਂ ਆਸ਼ਕਾਂ ਦੀ ਵਾਂਗ ਕੁਤਿਆਂ ਅੰਤ ਨੂੰ ਚੂਕੀਏ ਨੀ
ਵਾਰਸ ਸ਼ਾਹ ਕੀ ਪੁਛ ਲੈ ਬੰਦਗੀ ਨੂੰ ਰੂਹ ਸਾਜ਼ ਕਲਬੂਤ ਵਿੱਚ ਫੂਕੀਏ ਨੀ
495. ਉਤਰ ਸਹਿਤੀ
ਸਾਨੂੰ ਬਖਸ਼ ਇੱਲਾਹ ਦੇ ਨਾਂਉ ਮੀਆਂ ਸਾਥੋਂ ਭੁੱਲਿਆ ਇਹ ਗੁਨਾਹ ਹੋਇਆ
ਕੱਚਾ ਸ਼ੀਰ ਪੀਤਾ ਬੰਦਾ ਸਦਾ ਭੁੱਨਾ ਧੁਰੋਂ ਆਦਮੋਂ ਭੁਲਨਾ ਰਾਹ ਹੋਇਆ
ਆਦਮ ਭੁਲ ਕੇ ਕਣਕ ਖਾ ਬੈਠਾ ਕਢ ਜੰਨਤੋਂ ਹੁਕਮ ਫਨਾ ਹੋਇਆ
ਸ਼ੈਤਾਨ ਉਸਤਾਦ ਫਰਿਸ਼ਤਿਆਂ ਦਾ ਭੁੱਲਾ ਸਿਜਦਿਉਂ ਕਿਬਰ ਦੇ ਰਾਹ ਹੋਇਆ
ਮੁਢੋਂ ਰੂਹ ਹੈ ਕੌਲ ਦੇ ਕਾਲ ਵੜਿਆ ਜੁੱਸਾ ਛੱਡ ਕੇ ਅੰਤ ਫਨਾ ਹੋਇਆ
ਕਾਰੂੰ ਭੁਲ ਜ਼ਕਾਤ ਕੀ ਸ਼ਮ ਹੋਇਆ ਵਾਰਦ ਓਸ ਤੇ ਕਹਿਰ ਇੱਲਾਹ ਹੋਇਆ
ਭੁਲ ਜ਼ਕਰੀਏ ਲਈ ਪਨਾਹ ਹੇਜ਼ਮ ਆਰੇ ਨਾਲ ਉਹ ਚੀਰ ਦੋ ਫਾਹ ਹੋਇਆ
ਅਮਲਾਂ ਬਾਝ ਦਰਗਾਹ ਵਿੱਚ ਪੈਣ ਪੌਲੇ ਲੋਕਾਂ ਵਿੱਚ ਮੀਆਂ ਵਾਰਸ ਸ਼ਾਹ ਹੋਇਆ
496. ਉੱਤਰ ਰਾਂਝਾ
ਘਰ ਪਈੜੇ ਵੱਡੀ ਹਵਾ ਤੈਨੂੰ ਦਿਤਿਉਂ ਛਿਬੀਆਂ ਨਾਲ ਅੰਗੂਠੀਆਂ ਦੇ
ਅੰਤ ਸੱਚ ਦਾ ਸੱਚ ਆ ਨਿਤਰੇ ਗਾ ਕੋਈ ਦੇਸ ਨਾ ਵਸਦੇ ਝੂਠੀਆਂ ਦੇ
ਫਕਰ ਮਾਰਿਉ ਅਸਾ ਨੇ ਸਬਰ ਕੀਤਾ ਨਹੀਂ ਜਾਣਦੀ ਦਾਉ ਤੂੰ ਘੁਠੀਆਂ ਦੇ
ਜਟੀ ਹੋ ਫਕੀਰ ਦੇ ਨਾਲ ਲੜਏ ਛੰਨਾ ਭੇੜਿਉਈ ਨਾਲ ਠੂਠਿਆਂ ਦੇ
ਸਾਨੂੰ ਬੋਲੀਆਂ ਮਾਰ ਕੇ ਨਿੰਦ ਦੀ ਸੈਂ ਯੁੰਮਨ ਡਿਠੋ ਈ ਟੁੱਕਰਾਂ ਜੂਠਿਆਂ ਦੇ
ਵਾਰਸ ਸ਼ਾਹ ਫਕੀਰ ਨੂੰ ਛੇੜਦੀ ਸਏ ਡਿਠੋ ਮੁਅਜਜ਼ੇ ਇਸ਼ਕ ਦੇ ਲੁਠਿਆਂ ਦੇ
497. ਉਹੀ
ਕਰੇ ਜਿਨ੍ਹਾਂ ਦੀਆਂ ਰਬ ਹਮਾਇਥਤਾਂ ਨੀ ਹੱਕ ਤਿਨ੍ਹਾਂ ਦਾ ਖੂਬ ਮਾਅਮੂਲ ਕੀਤਾ
ਜਦੋਂ ਮੁਸ਼ਰਕਾਂ ਆਨ ਸਵਾਲ ਕੀਤਾ ਤਦੋਂ ਚੰਨ ਦੋ ਖਣ ਰਸੂਲ ਕੀਤਾ
ਕਢ ਪੱਥਰੋ ਊਠਨੀ ਰਬ ਸੱਚੇ ਕਰਾਮਾਤ ਪੈਗੰਹਰੀ ਮੂਲ ਕੀਤਾ
ਵਾਰਸ ਸ਼ਾਹ ਨੇ ਕਸ਼ਫ ਦਿਖਾਇ ਦਿੱਤਾ ਤਦੋਂ ਜੱਟੀ ਨੇ ਫਕਰ ਕਬੂਲ ਕੀਤਾ
498. ਉਹੀ
ਫਿਰੇਂ ਜ਼ੁਅਮ ਦੀ ਭਰੀ ਤੇ ਸਾਣ ਚੜ੍ਹੀ ਆ ਟਲੀ ਨੀ ਮੁੰਡੀਏ ਵਾਸਤਾ ਈ
ਮਰਦ ਮਾਰ ਮਰਖਣੇ ਜੰਗ ਬਾਜ਼ੇ ਮਾਨ ਮੱਤੀਏ ਗੁੰਡੀਏ ਵਾਸਤਾ ਈ
ਬਖਸ਼ੀ ਸਭ ਗੁਨਾਹ ਤਕਸੀਰ ਤੇਰੀ ਲਿਆ ਹੀਰ ਨੀ ਹੁੰਦੀਏ ਵਾਸਤਾ ਈ
ਵਾਰਸ ਸ਼ਾਹ ਸਮਝਾ ਜਟੇਟੜੀ ਨੂੰ ਲਾਹ ਦਿਲੇ ਦੀ ਘੁੰਢੀਏ ਵਾਸਤਾ ਈ
499. ਉੱਤਰ ਸਹਿਤੀ
ਜੀਕੂੰ ਤੁਸੀਂ ਫਰਮਾਉ ਸੋ ਜਾ ਆਖਾਂ ਤੇਰੇ ਹੁਕਮ ਦੀ ਤਾਬਿਅ ਹੋਈਆਂ ਮੈਂ
ਤੈਨੂੰ ਪੀਰ ਜੀ ਭੁਲ ਕੇ ਬੁਰਾ ਬੋਲੀ ਵਿਸਰੀ ਆਨ ਵਗੋਈਆਂ ਮੈਂ
ਤੇਰੀ ਪਾਕ ਜ਼ਬਾਨ ਦਾ ਹੁਕਮ ਲੈ ਕੇ ਕਾਸਦ ਹੋਇਕੇ ਜਾ ਖਲੋਈਆਂ ਮੈਂ
ਵਾਰਸ ਸ਼ਾਹ ਦੇ ਮੁਆਜਜ਼ੇ ਸਾਫ ਕੀਤੀ ਨਹੀਂ ਮੁਢ ਦੀ ਵੱਡੀ ਬਦਖੋਈਆਂ ਮੈਂ
500. ਉੱਤਰ ਰਾਂਝਾ
ਲਿਆ ਹੀਰ ਸਿਆਲ ਜੋ ਦੀਦ ਕਰੀਏ ਆ ਜਾ ਵੋ ਦਿਲਬਰਾ ਵਾਸਤਾ ਈ
ਜਾਇਕੇ ਆਖ ਰਾਂਝਾ ਤੈਨੂੰ ਅਰਜ਼ ਕਰਦਾ ਘੁੰਢ ਲਾਹ ਵੋ ਦਿਲਬਰਾ ਵਾਸਤਾ ਈ
ਸਾਨੂੰ ਮਿਹਰ ਦੇ ਨਾਲ ਦਿਖਾ ਸੂਰਤ ਝਾਕ ਲਾਹ ਵੋ ਦਿਲਬਰਾ ਵਾਸਤਾ ਮੈਂ ਈ
ਜ਼ੁਲਫ ਨਾਗ ਵਾਂਗੂੰ ਚੱਕਰ ਘਤ ਬੈਠੀ ਗਲੋਂ ਲਾਹ ਵੋ ਦਿਲਬਰਾ ਵਾਸਤਾ ਈ
ਦਿੰਹ ਰਾਤ ਨਾ ਜੋਗੀ ਨੂੰ ਟਿਕਣ ਦੇਂਦੀ ਤੇਰੀ ਚਾਹ ਵੋ ਦਿਲਬਰਾ ਵਾਸਤਾ ਈ
ਲੋੜ੍ਹੇ ਲੁਟਿਆਂ ਨੈਨਾਂ ਦੀ ਝਾਕ ਦੇ ਕੇ ਲੋੜ੍ਹ ਜਾ ਵੋ ਦਿਲਬਰਾ ਵਾਸਤਾ ਈ
ਗਲ ਪਲੂੜਾ ਇਸ਼ਕ ਦਿਆਂ ਕੁਠਿਆਂ ਦੇ ਮੂੰਹ ਘਾਹ ਵੋ ਦਿਲਬਰਾ ਵਾਸਤਾ ਈ
ਸਦਕਾ ਸੈਦੇ ਦੇ ਨਵੇਂ ਪਿਆਰ ਵਾਲਾ ਮਿਲ ਜਾ ਵੋ ਦਿਲਬਰਾ ਵਾਸਤਾ ਈ
ਵਾਰਸ ਸ਼ਾਹ ਨਿਆਜ਼ ਦਾ ਫਰਜ਼ ਭਾਰਾ ਸਿਰੋਂ ਲਾ ਵੋ ਦਿਲਬਰਾ ਵਾਸਤਾ ਈ
501. ਉੱਤਰ ਸਹਿਤੀ
ਲਖੀ ਸੋਹਣੀ ਮੋਹਣੀ ਹੱਸ ਰਾਣੀ ਮਿਰਗ ਨੈਣੀ ਨੂੰ ਜਾਇਕੇ ਘਲਣੀ ਹਾਂ
ਤੇਰੀਆਂ ਅਜ਼ਮਤਾਂ ਦੇਖ ਕੇ ਪੀਰ ਮੀਆਂ ਬਾਂਦੀ ਹੋਇਕੇ ਘਰਾਂ ਨੂੰ ਚਲਨੀ ਹਾਂ
ਪੀਰੀ ਪੀਰ ਦੀ ਦੇਖ ਮਰੀਦ ਹੋਈ ਤੇਰੇ ਪੈਰ ਹੀ ਆ ਕੇ ਮਲਲੀ ਹਾਂ
ਮੈਨੂੰ ਬਖਸ ਮੁਰਾਦ ਬਲੋਚ ਸਾਈਆਂ ਤੇਰੀਆਂ ਜੁੱਤੀਆਂ ਸਿਰੇ ਤੇ ਝਲਨੀ ਹਾਂ
ਵਾਰਸ ਸ਼ਾਹ ਕਰ ਤਰਕ ਬੁਰਿਆਈਆਂ ਦੀ ਦਰਾਰ ਇੱਲਾਹ ਦਾ ਮੱਲਨੀ ਹਾਂ
502. ਸਹਿਤੀ ਦਾ ਹੀਰ ਨੂੰ ਉੱਤਰ
ਸਹਿਤੀ ਜਾਇਕੇ ਹੀਰ ਨੂੰ ਕੋਲ ਬਹਿ ਕੇ ਭੇਤ ਯਾਰ ਦਾ ਸੱਭੋ ਸਮਝਾਇਆ ਈ
ਜਿਹਨੂੰ ਮਾਰ ਕੇ ਘਰੋਂ ਫਕੀਰ ਕੀਤੋ ਉਹ ਜੋਗਿੜਾ ਹੋਇਕੇ ਆਇਆ ਈ
ਉਹਨੂੰ ਠਗ ਕੇ ਮਹੀਂ ਚਰਾ ਲਇਉਂ ਏਥੇ ਆਇਕੇ ਰੰਗ ਵਟਾਇਆ ਈ
ਤੇਰੇ ਨੈਣਾਂ ਨੇ ਚਾ ਮਲੰਗ ਕੀਤਾ ਮਨੋ ਓਸ ਨੂੰ ਚਾਇ ਭੁਲਾਇਆ ਈ
ਉਹਦੇ ਕੰਨ ਪੜਾਇਕੇ ਵਨ ਲੱਥਾ ਆਪ ਵੌਹਟੜੀ ਆਨ ਸਦਾਇਆ ਈ
ਆਪ ਹੋ ਜ਼ਲੇਖਾ ਦੇ ਵਾਂਗ ਸੱਚੀ ਉਹਨੂੰ ਯੂਸਫ ਚਾ ਬਣਾਇਆ ਈ
ਕੀਤੇ ਕੌਲ ਕਰਾਰ ਵਸਾਰ ਸਾਰੇ ਆਣ ਸੈਦੇ ਨੂੰ ਕੰਤ ਬਣਾਇਆ ਈ
ਹੋਇਆ ਚਾਕ ਪਿੰਡੇ ਮਲੀ ਖਾਕ ਰਾਂਝੇ ਕੰਨ ਪਾੜ ਕੇ ਹਾਲ ਵਣਜਾਇਆ ਈ
ਦੇਣੇ ਦਾਰ ਮਵਾਸ ਹੋ ਵਿਹਰ ਬੈਠੀ ਲੈਣੇ ਦਾਰ ਬੀ ਅੱਕ ਕੇ ਆਇਆ ਈ
ਗਾਲੀਂ ਦੇ ਕੇ ਵਿਹੜਿਉ ਕਢ ਉਸਨੂੰ ਕਲ ਮੋਲਿਆਂ ਨਾਲ ਕੁਟਆਇਆ ਈ
ਹੋ ਜਾਏਂ ਨਿਹਾਲ ਜੇ ਕਰੇ ਜ਼ਿਆਰਤ ਤੈਨੂੰ ਬਾਗ਼ ਵਿਚ ਓਸ ਬੁਲਾਇਆ ਈ
ਜ਼ਿਆਰਤ ਮਰਦ ਕੁੱਫਾਰਤ ਹੋਣ ਅਸਿਆਂ ਨੂਰ ਫਕਰ ਦਾ ਦੇਖਨਾ ਆਇਆ ਈ
ਬਹੁਤ ਜ਼ੁਹਦ ਕੀਤਾ ਮਿਲੇ ਪੀਰ ਪੰਜੇ ਮੈਨੂੰ ਕਸ਼ਫ ਬੇਰੂਜ਼ ਦਖਾਇਆ ਈ
ਝਬ ਨਜ਼ਰ ਲੈ ਕੇ ਮਿਲ ਹੋ ਰਈਅਤ ਫੌਜਦਾਰ ਬਹਾਲ ਹੋ ਆਇਆ ਈ
ਉਹਦੀ ਨਜ੍ਹਾ ਤੋਂ ਆਬੇਹਿਆਤ ਓਸ ਦਾ ਕਿਹਾ ਭਾਬੀਏ ਝੱਕੜਾ ਲਇਆ ਈ
ਚਾਕ ਲਾਇਕੇ ਕੰਨ ਪੜਾਇਉ ਨੀ ਨੈਣਾਂ ਵਾਲਈ ਗ਼ੈਬ ਕਿਉਂ ਚਾਇਆ ਈ
ਬਚੇ ਉਹ ਫਕੀਰਾਂ ਥੋਂ ਹੀਰ ਕੁੜੀਏ ਹੱਥ ਬੰਨ੍ਹ ਕੇ ਜਿਨ੍ਹਾਂ ਬਖਸ਼ਾਇਆ ਈ
ਇੱਕੇ ਮਾਰ ਜਾਸੀ ਇੱਕੇ ਤਾਰ ਜਾਸੀ ਇਹ ਮੀਂਹ ਅਨਿਆਉਂ ਦਾ ਆਇਆ ਈ
ਅਮਲ ਫੌਤ ਤੇ ਵੱਡੀ ਦਸਤਾਰ ਫੁੱਲੀ ਕੇਹਾ ਭੀਲ ਦਾ ਸਾਂਗ ਬਣਾਇਆ ਈ
ਵਾਰਸ਼ ਕੌਲ ਭੁਲਾਇਕੇ ਕੇ ਖੇਡ ਰੁਧੋ ਕੇਹਾ ਨਵਾਂ ਮਖੌਲ ਜਗਾਇਆ ਈ
503. ਉੱਤਰ
ਹੀਰ ਹੀਰ ਆਖਿਆ ਜਾਇਕੇ ਖੋਲ ਬੁੱਕਲ ਉਹਦੀ ਵੇਸ ਨੂੰ ਫੂਕ ਦਖਾਵਨੀ ਹਾਂ
ਨੈਣਾਂ ਚਾੜ੍ਹ ਕੇ ਸਾਣ ਤੇ ਕਰਾਂ ਗੱਲਾਂ ਪੁਰਜ਼ੇ ਕਤਲ ਆਸ਼ਕਾਂ ਦੇ ਉਤੇ ਧਾਵਨੀ ਹਾਂ
ਅੱਗੇ ਚਾਕ ਸੀ ਖਾਕ ਕਰ ਸਾੜ ਸੁੱਟਾਂ ਉਹਦੇ ਇਸ਼ਕ ਨੂੰ ਸਿਕਲ ਚੜ੍ਹਾਵਨੀ ਹਾਂ
ਉਹਦੇ ਪੈਰਾਂ ਦੀ ਖਾਕ ਹੈ ਜਾਨ ਮੇਰੀ ਸਾਰੀ ਸੱਚ ਦੀ ਨਿਸ਼ਾ ਦਵਾਵਨੀ ਹਾਂ
ਮੋਇਆ ਪਿਆ ਹੈ ਨਾਲ ਫਰਾਕ ਰਾਂਝਾ ਈਸਾ ਵਾਂਗ ਮੁੜ ਫੇਰ ਜਵਾਵਨੀ ਹਾਂ
504. ਹੀਰ ਸਜ ਕੇ ਤੁਰ ਪਈ
ਹੀਰ ਨਹਾਇਕੇ ਪਟ ਦਾ ਪਹਿਨ ਤੇਵਰ ਵਾਲੀਂ ਇਤਰ ਫਲੇਲ ਮਲਾਂਵਦੀ ਹੈ
ਵਲ ਪਾਇਕੇ ਮੀਢੀਆਂ ਖੂਨੀਆਂ ਨੂੰ ਗੋਰੇ ਮੁਖ ਤੇ ਜ਼ੁਲਫ ਪਲਮਾਂਵਦੀ ਹੈ
ਕੱਜਲ ਭਿੰਨੜੇ ਨੈਣ ਅਪਰਾਧ ਲੁੱਟੇ ਦੋਵੇਂ ਹੁਸਨ ਦੇ ਕਟਕ ਲੈ ਧਾਵਦੀ ਹੈ
ਮਲ ਵਟਨਾ ਹੋਠਾਂ ਤੇ ਲਾ ਸੁਰਖੀ ਨਵਾਂ ਲੋੜ ਤੇ ਲੋੜ ਚੜ੍ਹਾਵਦੀ ਹੈ
ਸਿਰੀ ਸਾਫ ਸੰਦਾ ਭੋਛਨ ਸੁੰਹਦਾ ਸੀ ਕੰਨੀਂ ਬੁਕ ਬੁਕ ਵਾਲੀਆਂ ਪਾਂਵਦੀ ਹੈ।
ਕੀਮਖਾਬ ਦੀ ਚੋਲੜੀ ਹਿਕ ਪੇਧੀ ਮਾਂਗ ਚੌਂਕ ਲੈ ਤੇੜ ਵਲਾਂਵਦੀ ਹੈ
ਘਤ ਝਾਂਜਰਾਂ ਲੋੜ੍ਹ ਦੇ ਸਿਰੇ ਚੜ੍ਹ ਕੇ ਹੀਰ ਸਿਆਲ ਲਟਕਦੀ ਆਂਵਦੀ ਹੈ
ਟਿੱਕਾ ਬੁੰਦਲੀ ਬਣੀ ਹੈ ਨਾਲ ਲੂਹਲਾਂ ਵਾਂਗ ਮੋਰ ਦੇ ਪਾਇਲਾਂ ਪਾਂਵਦੀ ਹੈ
ਹਾਥੀ ਮਸਤ ਛੁੱਟਾ ਛਣਾ ਛਣ ਛਣਕੇ ਕਤਲ ਆਮ ਖਲਕਤ ਹੁੰਦੀ ਆਂਵਦੀ ਹੈ
ਕਦੀ ਕਢ ਕੇ ਘੁੰਢ ਲੋੜ੍ਹਾ ਦੇਂ ਦੀ ਕਦੀ ਖੋਲ ਕੇ ਮਾਰ ਮੁਕਾਂਵਦੀ ਹੈ
ਘੁੰਡ ਲਾਹ ਕੇ ਲਟਕ ਵਿਖਾ ਸਾਰੀ ਜੱਟੀ ਰੁੱਠੜਾ ਯਾਰ ਮਨਾਂਵਦੀ ਹੈ
ਵਾਰਸ ਮਾਲ ਦੇ ਨੂੰ ਸੱਭਾ ਖੋਲ ਦੌਲਤ ਵੱਖੋ ਵੱਖ ਕਰ ਚਾਇ ਵਖਾਂਵਦੀ ਹੈ
ਵਾਰਸ ਸ਼ਾਹ ਸ਼ਹਿ ਪਰੀ ਦੀ ਨਜ਼ਰ ਚੜਿਆ ਖਲਕਤ ਸੈਫੀਆਂ ਫੂਕਨੇ ਆਂਵਦੀ ਹੈ
505. ਰਾਂਝੇ ਨੇ ਹੀਰ ਨੂੰ ਦੇਖਣਾ
ਰਾਂਝਾ ਦੇਖ ਕੇ ਆਖਦਾ ਪਰੀ ਕੋਈ ਇੱਕੇ ਭਾਂਵੇਂ ਤਾਂ ਹੀਰ ਸਿਆਲ ਹੋਵੇ
ਕੋਈ ਹੁਰ ਕਿ ਮੋਹਣੀ ਇੰਦਰਾਣੀ ਹੀਰ ਹੋਵੇ ਤਾਂ ਸਈਆਂ ਦੇ ਨਾਲ ਹੋਵੇ
ਨੇੜੇ ਆ ਕੇ ਕਾਲਜੇ ਧਾ ਗਿਉਸ ਜਿਵੇਂ ਮਸਤ ਕੋਈ ਨਸ਼ੇ ਨਾਲ ਹੋਵੇ
ਰਾਂਝਾ ਆਖਦਾ ਅਬਰ ਬਹਾਰ ਆਇਆ ਬੇਲਾ ਜੰਗਲਾ ਲਾਲੋ ਹੀ ਲਾਲ ਹੋਵੇ
ਹਾਠ ਜੋੜ ਕੇ ਬੱਦਲਾਂ ਹੇਠ ਬੱਧੀ ਵੇਖਾਂ ਕੇਹੜਾ ਦੇਸ਼ ਨਿਹਾਲ ਹੋਵੇ
ਚਮਕੀ ਲੈਲਾਤੁਲਕਦਰ ਸਿਆਹ ਸ਼ਬ ਥੀਂ ਜਿਸ ਤੇ ਪਵੇ ਗੀ ਨਜ਼ਰ ਨਿਹਾਲ ਹੋਵੇ
ਡੌਲ ਢਾਲ ਤੇ ਚਾਲ ਦੀ ਲਟਕ ਸੁੰਦਰ ਜੇਹਾ ਪੀਖਣੇ ਦਾ ਕੋਈ ਖਿਆਲ ਹੋਵੇ
ਯਾਰ ਸੋਈ ਮਹਿਬੂਬ ਥੋਂ ਫਿਦਾ ਹੋਵੇ ਜਿਉ ਸੋਈ ਜੋ ਮੁਰਸ਼ਦਾਂ ਨਾਲ ਹੋਵੇ
ਵਾਰਸ ਸ਼ਾਹ ਆਇ ਚੰਬੜੀ ਰਾਂਝਣੇ ਨੂੰ ਜੇਹਾ ਗਧੇ ਦੇ ਗਲ ਵਿੱਚ ਲਾਅਲ ਹੋਵੇ
506. ਇੱਕ ਦੂਜੇ ਨਾਲ ਮੁਲਾਕਾਤ
ਘੁੰਡ ਲਾਹ ਕੇ ਹੀਰ ਦੀਦਾਰ ਦਿੱਤਾ ਰਹਿਆ ਹੋਸ਼ ਨਾ, ਅਕਲ ਥੀਂ ਆਕ ਕੀਤਾ
ਲੰਕ ਬਾਗ਼ ਦੀ ਪਰੀ ਨੇ ਝਾਕ ਦੇ ਕੇ ਸੀਨਾ ਪਾੜ ਕੇ ਚਾਕ ਦਾ ਚਾਕ ਕੀਤਾ
ਬੰਨ੍ਹ ਮਾਪਿਆਂ ਜ਼ਾਲਮਾਂ ਟੋਰ ਦਿੱਤੀ ਤੇਰੇ ਇਸ਼ਕ ਨੇ ਮਾਰ ਕੇ ਖਾਕ ਕੀਤਾ
ਮਾਂ ਬਾਪ ਤੇ ਅੰਗ ਭੁਲਾ ਬੈਠੀ ਅਸਾਂ ਚਾਕ ਨੂੰ ਆਪਣਾ ਸਾਕ ਕੀਤਾ
ਤੇਰੇ ਬਾਝ ਨਾ ਕਿਸੇ ਨੂੰ ਅੰਗ ਲਾਇਆ ਸੀਨਾ ਸਾੜ ਕੇ ਬਿਰਹੋਂ ਨੇ ਖਾਕ ਕੀਤਾ
ਦੇਖ ਨਵੀਂ ਨਰੋਈ ਅਮਾਨ ਤੇਰੀ ਸ਼ਾਹਦ ਹਾਲ ਦਾ ਮੈਂ ਰਬ ਪਾਕ ਕੀਤਾ
ਅੱਲਾਹ ਜਾਣਦਾ ਹੈ ਏਨ੍ਹਾਂ ਆਸ਼ਕਾਂ ਨੇ ਮਜ਼ੇ ਜ਼ੌਕ ਨੂੰ ਚਾ ਤਲਾਕ ਕੀਤਾ
ਵਾਰਸ ਸ਼ਾਹ ਲੈ ਚਲਣਾ ਤੁਸਾਂ ਸਾਨੂੰ ਕਿਸ ਵਾਸਤੇ ਜਿਉ ਗੁੰਮਨਾਕ ਕੀਤਾ
507. ਉੱਤਰ ਰਾਂਝਾ
ਚੌਧਰਾਈਆਂ ਛੱਡ ਕੇ ਚਾਕ ਬਣੇ ਮਹੀਂ ਚਾਰ ਕੇ ਅੰਤ ਨੂੰ ਚੋਰ ਹੋਏ
ਕੌਲ ਕਵਾਰੀਆਂ ਦੇ ਲੋੜ੍ਹੇ ਮਾਰੀਆਂ ਦੇ ਓਲੋ ਹਾਰੀਆਂ ਦੇ ਹੋਰ ਹੋਰ ਹੋਏ
ਮਾਂ ਬਾਪ ਕਰਾਰ ਕਰ ਕੌਲ ਹਾਰੇ ਕੰਮ ਖੇੜਿਆਂ ਦੇ ਜ਼ੋਰ ਜ਼ੋਰ ਹੋਏ
ਰਾਹ ਸੱਚ ਦੇ ਤੇ ਕਦਮ ਧਰਲ ਨਾਹੀਂ ਜਿਨ੍ਹਾਂ ਖੋਟਿਆਂ ਦੇ ਮਨ ਖੋਰ ਹੋਏ
ਤੇਰੇ ਵਾਸਤੇ ਮਿਲੀ ਹਾਂ ਕਢ ਦੇਸੋਂ ਅਸੀਂ ਆਪਣੇ ਦਸ ਦੇ ਚੋਰ ਹੋਏ
ਵਾਰਸ ਸ਼ਾਹ ਨਾ ਅਕਲ ਨਾ ਹੋਸ਼ ਰਹਿਆ ਮਾਰੇ ਹੀਰ ਦੇ ਸ਼ਹਿਰ ਦੇ ਮੋਰ ਹੋਏ
508. ਉੱਤਰ ਹੀਰ
ਮਿਹਤਰ ਨੂਹ ਦਿਆਂ ਬੇਟਿਆਂ ਜ਼ਿਦ ਕੀਤੀ ਡੁਬ ਮੋਏ ਨੇਂ ਛੱਡ ਮੁਹਾਨਿਆਂ ਨੂੰ
ਯਾਕੂਬ ਦਿਆਂ ਪੱਤਰਾਂ ਜ਼ੁਲਮ ਕੀਤਾ ਸੁਣਿਆ ਹੋਸਿਆ ਯੂਸੁਫੋਂ ਵਾਨੀਆਂ ਨੂੰ
ਹਾਬੀਲ ਕਾਬੀਲ ਦੀ ਜੰਗ ਹੋਈ ਛੱਡ ਗਏ ਕੁਤਬ ਟਿਕਾਣਿਆਂ ਨੂੰ
ਜੇ ਮੈਂ ਜਾਣਦੀ ਮਾਪਿਆਂ ਬੰਨ੍ਹ ਦੇਣੀ ਛਡ ਚਲਦੀ ਝੰਗ ਸਮਾਣਿਆਂ ਨੂੰ
ਖਾਹਿਸ਼ ਹੱਕ ਦੀ ਕਮਲ ਤਕਦੀਰ ਵੱਗੀ ਮੋੜੇ ਕੌਣ ਅੱਲਾਹ ਦੇ ਭਾਣਿਆਂ ਨੂੰ
ਕਿਸੇ ਤੱਤੜੇ ਵਕਤ ਸੀ ਨਿੰਹ ਤੁਸਾਂ ਬੀਜਿਆ ਭੁਨਿਆਂ ਦਾਣਿਆਂ ਨੂੰ
ਸਾਢੇ ਤਿੰਨ ਹੱਥ ਜ਼ਮੀਂ ਹੈ ਮਿਲਖ ਤੇਰੀ ਵਲੀਂ ਕਾਸ ਨੂੰ ਏਡ ਵਲਾਨੀਆਂ ਨੂੰ
ਗੁੰਗਾ ਨਹੀਂ ਕੁਰਆਨ ਦਾ ਹੋਇ ਹਾਫਿਜ਼ ਅੰਨ੍ਹਾ ਦੇਖਦਾ ਨਹੀਂ ਟਟ੍ਰਾਨਿਆਂ ਨੂੰ
ਵਾਰਸ ਸ਼ਾਹ ਅੱਲਾਹ ਬਿਨ ਕੌਣ ਪੁੱਛੇ ਪਿੱਛਾ ਟੁੱਟਿਆ ਅਤੇ ਨਮਾਣਿਆਂ ਨੂੰ
509. ਰਾਂਝੇ ਦਾ ਉੱਤਰ
ਤੇਰੇ ਮਾਪਿਆਂ ਸਾਕ ਕੁਥਾਂ ਕੀਤਾ ਅਸੀਂ ਰੁਲਦੇ ਰਹਿ ਗਏ ਪਾਸਿਆਂ ਤੇ
ਆਪੇ ਰੁਪ ਗਈ ਏਂ ਨਾਲ ਖੇੜਿਆਂ ਦੇ ਸਾਡੀ ਗੱਲ ਗਵਾਇਆ ਹਾਸਿਆਂ ਤੇ
ਸਾਨੂੰ ਮਾਰ ਕੇ ਹਾਲ ਬੇਹਾਲ ਕੀਤੋ ਆਪ ਹੋਈ ਏ ਦਾਬਿਆਂ ਧਾਸਿਆਂ ਤੇ
ਸਾਢੇ ਤਿੰਨ ਮਣ ਦਿਹ ਮੈਂ ਫਿਦਾ ਕੀਤੀ ਅੰਤ ਹੋਈ ਹੈ ਤੋਲਿਆਂ ਮਾਸਿਆਂ ਤੇ
ਸ਼ਸ਼ ਪੰਜ ਬਾਰਾਂ ਦੱਸਾ ਤਿੰਨ ਕਾਣੇ ਲਿੱਖੇ ਏਸ ਜ਼ਮਾਨੇ ਦੇ ਪਾਸਿਆਂ ਤੇ
ਵਾਰਸ ਸ਼ਾਹ ਵਸਾਹ ਕੀ ਜ਼ਿੰਦਗੀ ਦਾ ਸਾਡੀ ਉਮਰ ਹੈ ਨਕਸ਼ ਪਤਾਸਿਆਂ ਤੇ
510. ਉੱਤਰ ਹੀਰ
ਜੋ ਕੋ ਏਸ ਜਹਾਨ ਤੇ ਆਦਮੀ ਹੈ ਰੌਂਦਾ ਮਰੇ ਗਾ ਉਮਰ ਤੇ ਝੂਰਦਾ ਈ
ਸਦਾ ਖੁਸ਼ੀ ਨਾਹੀਂ ਕਿਸੇ ਨਾਲ ਨਿਭਦੀ ਏਹ ਜ਼ਿੰਦਗੀ ਨੇਸ਼ ਜ਼ੰਬੂਰ ਦਾ ਈ
ਬੰਦਾ ਜੀਵਣੇ ਦੀਆਂ ਨਿਤ ਕਰੇ ਆਸਾਂ ਅਜ਼ਰਾਈਲ ਸਿਰੇ ਉਤੇ ਘੁਰਦਾ ਈ
ਵਾਰਸ ਸ਼ਾਹ ਏਸ ਇਸ਼ਕ ਦੇ ਕਰਨ ਹਾਰਾ ਵਾਲ ਵਾਲ ਤੇ ਖਾਰ ਖਜੂਰ ਦਾ ਈ
511. ਹੀਰ ਨੇ ਜਾਣ ਦੀ ਆਗਿਆ ਮੰਗੀ
ਤੁਸੀਂ ਕਰੋ ਜੇ ਹੁਕਮ ਤਾਂ ਘਰ ਜਾਈਏ ਨਾਲ ਸਹਿਤੀ ਦੇ ਸਾਜ਼ ਬਨਾਈਏ ਜੀ
ਬਹਿਰ ਇਸ਼ਕ ਦਾ ਖੁਸ਼ਕ ਗੰਮ ਨਾਲ ਹੋਇਆ ਮੀਂਹ ਅਕਲ ਦੇ ਨਾਲ ਭਰਾਈਏ ਜੀ
ਕਿਵੇਂ ਕਰਾਂ ਕੁਸ਼ਾਇਸ਼ ਮੈਂ ਅਕਲ ਵਾਲੀ ਤੇਰੇ ਇਸ਼ਕ ਦੀਆਂ ਪੂਰੀਆਂ ਪਾਈਏ ਜੀ
ਜਾ ਤਿਆਰੀਆਂ ਟੁਰਨ ਦੀਆਂ ਝਬ ਕਰੀਏ ਸਾਨੂੰ ਸਜਨੋ ਹੁਕਮ ਕਰਾਈਏ ਜੀ
ਹਜ਼ਰਤ ਸੂਰਾ ਇਖਲਾਸ ਲਿਖ ਦੋਵੋ ਮੈਨੂੰ ਫਾਲ ਕੁਰਆ ਨਜੂਮ ਦਾ ਪਾਈਏ ਜੀ
ਖੋਲ ਫਾਲ ਦੇ ਕਾਜ ਦੀਵਾਨ ਹਾਫਿਜ਼ ਵਾਰਸ ਸ਼ਾਹ ਥੋਂ ਫਾਲ ਕਢਾਈਏ ਜੀ
512. ਹੀਰ ਦੀ ਸਹਿਤੀ ਨਾਲ ਸਲਾਹ
ਅੱਵਲ ਪੈਰ ਪਕੜੇ ਇਹਤਕਾਦ ਕਰਕੇ ਫੇਰ ਨਾਲ ਕਲੇਜੇ ਦੇ ਲੱਗ ਗਈ
ਨਵਾਂ ਤੌਰ ਅਜੂਬੇ ਦਾ ਨਜ਼ਰ ਆਇਆ ਦੇਖੋ ਜਲ ਪਤੰਗ ਤੇ ਅੱਗ ਗਈ
ਕਹੇ ਲਗ ਗਈ ਚਿਣਗ ਜਗ ਗਈ ਖੁਬਰ ਜਗ ਗਈ ਵੱਜ ਧਰਗ ਗਈ
ਯਾਰੋ ਠਗਾਂ ਦੀ ਰਿਉੜੀ ਹੀਰ ਜੱਟੀ ਮੂੰਹ ਲਗਦਿਆਂ ਯਾਰ ਨੂੰ ਠਗ ਗਈ
ਲੱਗਾ ਮਸਤ ਹੋ ਕਮਲੀਆਂ ਕਰਨ ਗੱਲਾਂ ਦੁਆ ਕਿਸੇ ਫਕੀਰ ਦੀ ਵੱਗ ਗਈ
ਅੱਗੇ ਧੂੰਆਂ ਧੁਕੇ ਦੜਾ ਜੋਗੀੜੇ ਦਾ ਉਤੋਂ ਫੂਕ ਕੇ ਝੁੱਗੜੇ ਅੱਗ ਗਈ
ਯਾਰ ਯਾਰ ਦਾ ਬਾਗ਼ ਵਿੱਓ ਮੇਲ ਹੋਇਆ ਗੱਲ ਆਮ ਮਸ਼ਹੂਰ ਹੋ ਜਗ ਗਈ
ਵਾਰਸ ਤਰੁਟਿਆਂ ਨੂੰ ਰਬ ਮੇਲਦਾ ਏ ਦੇਖੋ ਕਮਲੜੇ ਨੂੰ ਪਰੀ ਲਗ ਗਈ
513. ਹੀਰ ਓਥੋਂ ਆ ਗਈ
ਹੀਰ ਹੋ ਰੁਖ਼ਸਤ ਰਾਂਝੇ ਯਾਰ ਕੋਲੋਂ ਆਖੇ ਸਹਿਤੀਏ ਮਤਾ ਪਕਾਈਏ ਨੀ
ਠੂਠਾ ਭੰਨ ਫਕੀਰ ਨੂੰ ਕਢਿਆ ਸੀ ਕਿਵੇਂ ਓਸ ਨੂੰ ਖੈਰ ਭੀ ਪਾਈਏ ਨੀ
ਵਹਿਣ ਲੋੜ੍ਹ ਪਿਆ ਬੇੜਾ ਸ਼ੁਹਦਿਆਂ ਦਾ ਨਾਲ ਕਰਮ ਦੇ ਬੰਨੜੋ ਲਾਈਏ ਨੀ
ਮੇਰੇ ਵਾਸਤੇ ਓਸ ਨੇ ਲਏ ਤਰਲੇ ਕਿਵੇਂ ਓਸ ਦੀ ਆਸ ਪੁਜਾਈਏ ਨੀ
ਤੈਨੂੰ ਮਿਲੇ ਮੁਰਾਦ ਤੇ ਅਸਾਂ ਮਾਹੀ ਦੋਵੇਂ ਆਪਣੇ ਯਾਰ ਹੰਢਾਈਏ ਨੀ
ਰਾਂਝਾ ਕੰਨ ਪੜਾ ਫਕੀਰ ਹੋਇਆ ਸਿਰ ਓਸ ਦੇ ਵਰੀ ਚੜ੍ਹਾਈਏ ਨੀ
ਬਾਕੀ ਉਮਰ ਰੰਝੇਟੇ ਦੇ ਨਾਲ ਜਾਲਾਂ ਕਿਵੇਂ ਸਹਿਤੀਏ ਡੌਲ ਬਣਾਈਏ ਨੀ
ਹੋਇਆ ਮੇਲ ਜਾਂ ਚਿਰੀਂ ਵਿਛੁਨਿਆਂ ਦਾ ਯਾਰ ਰੱਜ ਕੇ ਗਲੇ ਲਗਾਈਏ ਨੀ
ਜਿਊ ਆਸ਼ਕਾਂ ਦਾ ਅਰਸ਼ ਰਬਦਾ ਹੈ ਕਿਵੇਂ ਓਸ ਨੂੰ ਠੰਡ ਪਵਾਈਏ ਨੀ
ਕੋਈ ਰੋਜ਼ ਦਾ ਇਸ਼ਕ ਪੁਰਾਹੁਣਾ ਈ ਮਜ਼ੇ ਖੂਬੀਆਂ ਨਾਲ ਹੰਢਾਈਏ ਨੀ
ਸ਼ੈਤਾਨ ਦੀਆਂ ਅਸੀਂ ਉਸਤਾਦ ਰੰਨਾਂ ਕੋਈ ਆਉ ਖਾਂ ਮਕਰ ਫੈਲਾਈਏ ਨੀ
ਬਾਗ਼ ਜਾਂਦਿਆਂ ਅਸੀਂ ਨਾ ਸੁੰਹਦੀਆਂ ਹਾਂ ਕਿਵੇਂ ਯਾਰ ਨੂੰ ਘਰੀਂ ਲਿਆਈਏ ਨੀ
ਗਲ ਘਤ ਪੱਲਾ ਮੂੰਹ ਘਾਹ ਲੈ ਕੇ ਪੈਰੀਂ ਲਗ ਕੇ ਪੀਰ ਮਨਾਈਏ ਨੀ
ਵਾਰਸ ਸ਼ਾਹ ਗੁਨਾਹਾਂ ਦੇ ਅਸੀਂ ਲੱਗੇ ਚਲੋ ਕੁਲ ਤਕਸੀਰ ਬਖਸ਼ਾਈਏ ਨੀ
514. ਹੀਰ ਤੇ ਨਨਾਣ ਦੇ ਸਵਾਲ ਜਵਾਬ
ਅੱਗੋਂ ਰਾਇਬਾਂ ਸੈਰਫਾਂ ਬੋਲੀਆਂ ਨੇ ਕੇਹਾ ਭਾਬੀਏ ਨੀ ਮੱਥਾ ਖੇੜਿਆ ਈ
ਭਾਬੀ ਆਖ ਕੀ ਲਧਿਉ ਟਹਿਕ ਆਈਏ ਸੋਇਨ ਚਿੜੀ ਵਾਂਗੂੰ ਰਗ ਫੇਰਿਆ ਈ
ਮੋਈ ਗਈ ਸੈਂ ਜਿਉਂਦੀ ਆ ਵੜੀਏ ਸੱਚ ਆਖ ਕੀ ਸਹਿਜ ਸਹੇੜਿਆ ਈ
ਅੱਜ ਰੰਗ ਤੇਰਾ ਭਲਾ ਨਜ਼ਰ ਆਇਆ ਸਭੋ ਸੁਖ ਤੇ ਦੁਖ ਨਬੇੜਿਆ ਈ
ਨੈਣ ਸ਼ੋਖ ਹੋਏ ਰੰਗ ਚਮਕ ਆਇਆ ਕੋਈ ਜ਼ੋਬਨੇ ਦਾ ਖੂਹ ਗੇੜਿਆ ਈ
ਆਸ਼ਕ ਮਸਤ ਹਾਥੀ ਭਾਵੇਂ ਬਾਗ਼ ਵਾਲਾ ਤੇਰੀ ਸੰਗਲੀ ਨਾਲ ਖਹੇੜਿਆ ਈ
ਕਦਮ ਚੁਸਤ ਤੇ ਸਾਫ ਕਨੌਤੀਆਂ ਨੇ ਹੱਕ ਚਾਬਕ ਅਸਵਾਰ ਨੇ ਫੇਰਿਆ ਈ
ਵਾਰਸ ਸ਼ਾਹ ਅੱਜ ਹੁਸਨ ਮੈਦਾਨ ਚੜ੍ਹ ਕੇ ਘੋੜਾ ਸ਼ਾਹ ਅਸਵਾਰ ਨੇ ਫੇਰਿਆ ਈ
515. ਉਹੀ ਹੋਰ
ਨੈਣ ਮਸਤ ਗੱਲ੍ਹਾਂ ਤੇਰੀਆਂ ਲਾਲ ਹੋਈਆਂ ਡੁੱਕਾਂ ਭੰਨ ਚੋਲੀ ਵਿੱਚ ਟੇਲੀਆਂ ਨੀ
ਕਿਸੇ ਹਿਕ ਤੇਰੀ ਨਾਲ ਹਿਕ ਜੋੜੀ ਪੇਂਡੂ ਨਾਲ ਵਲੂੰਧਰਾਂ ਮੇਲੀਆਂ ਨੀ
ਕਿਸੇ ਅੰਬ ਤੇਰੇ ਅੱਜ ਚੂਪ ਲਏ ਦਿਲ ਪੀੜ ਕਢੇ ਜਿਵੇਂ ਤੇਲੀਆਂ ਨੀ
ਤੇਰਾ ਕਿਸੇ ਨਢੇ ਨਾਲ ਮੇਲ ਹੋਇਆ ਧਾਰਾਂ ਕਜਲੇ ਦੀਆਂ ਸੁਰਮੀਲੀਆਂ ਨੀ
ਦਸ ਵਾਰਸਾ ਕਿਸ ਨਚੋਹੀਏ ਤੂੰ ਕਿਤੇ ਗੋਸ਼ੇ ਹੀ ਹੋਰੀਆਂ ਖੇਲੀਆਂ ਨੀ
516. ਉਹੀ, ਨਨਾਣ ਤੇ ਹੀਰ
ਸਭੋ ਮਲ ਦਲ ਸੁਟੀਏ ਵਾਂਗ ਫੁੱਲਾਂ ਝੋਕਾਂ ਤੇਰੀਆਂ ਮਾਣੀਆਂ ਬੇਲੀਆਂ ਨੇ
ਕਿਸੇ ਜੁਅਮ ਭਰੇ ਫੜ ਨੱਪੀਏ ਤੂੰ ਧੜਕੇ ਕਾਲਜਾ ਪੌਦੀਆਂ ਤੇਲੀਆਂ ਨੇ
ਬਿਰਿਆ ਬਹੁਟੀਆ ਦਾ ਖੁੱਲਾ ਅੱਜ ਬਾਰਾ ਕੌਤਾਂ ਰਾਨੋਆਂ ਢਾ ਮਹੇਲੀਆਂ ਨੇ
ਕਿਸੇ ਲਈ ਹੁਸ਼ਨਾਕ ਨੇ ਜਿਤ ਬਾਜ਼ੀ ਪਾਸਾ ਲਾਇਕੇ ਬਾਜ਼ੀਆਂ ਖੇਲੀਆਂ ਨੇ
ਸੂਬਾਦਾਰ ਨੇ ਕਿਲਏ ਨੂੰ ਦੋ ਤੋਪਾਂ ਕਰਕੇ ਜ਼ੇਰ ਰਈਤਾਂ ਮੇਲੀਆਂ ਨੇ
ਤੇਰੀਆਂ ਗੱਲ੍ਹਾਂ ਤੇ ਦੰਦਾਂ ਦੇ ਦਾਗ਼ ਦਿੱਸਣ ਅੱਜ ਸੋਧੀਆਂ ਠਾਕਰਾਂ ਚੇਲੀਆਂ ਨੇ
ਅੱਜ ਨਹੀਂ ਇਆਲੀਆਂ ਖਬਰ ਲੱਧੀ ਬਘਿਆੜਾਂ ਨੇ ਰੋਲੀਆਂ ਛੇਲੀਆਂ ਨੇ
ਅੱਜ ਖੇਦੀਆਂ ਨੇ ਨਾਲ ਮਸਤੀਆਂ ਦੇ ਹਾਥੀ ਵਾਨਾਂ ਨੇ ਹਥਨੀਆਂ ਪੇਲੀਆਂ ਨੇ
ਛੁੱਟਾ ਝਾਂਜਰਾਂ ਬਾਗ਼ ਦੇ ਸੁਫੇ ਵਿੱਚੋਂ ਗਾਹ ਕਢੀਆਂ ਸਭ ਹਵੇਲੀਆਂ ਨੇ
517. ਉਹੀ, ਨਨਾਣ ਤੇ ਹੀਰ
ਜਿਵੇਂ ਸੁਹਣੇ ਆਦਮੀ ਫਿਰਨ ਬਾਹਰ ਕਿਚਰਕ ਜੌਲਤਾਂ ਰਹਿਨ ਛੁਪਾਈਆਂ ਨੇ
ਅੱਜ ਭਾਵੇਂ ਤਾਂ ਬਾਗ਼ ਵਿੱਚ ਈਦ ਹੋਈ ਖਾਧੀਆਂ ਭੁਖਿਆਂ ਨੇ ਮਠਿਆਈਆਂ ਨੇ
ਅੱਜ ਕਈਆਂ ਦੇ ਦਿਲਾਂ ਦੀ ਆਸ ਪੁੰਨੀ ਜਮ ਜਮ ਜਾਣ ਬਾਗ਼ੀ ਭਰਜਾਈਆਂ ਨੇ
ਵਸੇ ਬਾਗ਼ ਜੁੱਗਾਂ ਤਾਈਂ ਸਣੇ ਭਾਬੀ ਜਿੱਥੇ ਪੀਣ ਫਕੀਰ ਮਲਾਈਆਂ ਨੇ
ਖਾਕ ਤੋਦਿਆਂ ਤੇ ਵੱਡੇ ਤੀਰ ਛੁੱਟੇ ਤੀਰ ਅੰਦਾਜ਼ਾਂ ਨੇ ਕਾਨੀਆਂ ਲਾਈਆਂ ਨੇ
ਅੱਜ ਜੋ ਕੋਈ ਬਾਗ਼ ਵਿੱਚ ਜਾ ਵੜਿਆ ਮੂੰਹੋਂ ਮੰਗੀਆਂ ਦੌਲਤਾਂ ਪਾਈਆਂ ਨੇ
ਪਾਣੀ ਬਾਝ ਸੁੱਕੀ ਦਾੜ੍ਹੀ ਖੇੜਿਆਂ ਦੀ ਅੱਜ ਮੁੰਨ ਕਢੀ ਦੋਹਾਂ ਨਾਈਆਂ ਨੇ
ਅੱਜ ਸੁਰਮਚੂ ਪਾ ਕੇ ਛੈਲਿਆਂ ਨੇ ਸੁਰਮੇ ਦਾਨੀਆਂ ਖੂਹ ਹਲਾਈਆਂ ਨੇ
ਸਿਆਹ ਭੌਰ ਹੋਈਆਂ ਚਸ਼ਮਾਂ ਪਿਆਰਿਆਂ ਦੀਆਂ ਭਰ ਭਰ ਪਾਉਂਦੇ ਰਹੇ ਸਲਾਈਆਂ ਨੇ
ਅੱਜ ਆਬਦਾਰੀ ਚੜ੍ਹੀ ਮੋਤੀਆਂ ਨੂੰ ਜਿਉ ਆਈਆਂ ਭਾਬੀਆਂ ਆਈਆਂ ਨੇ
ਵਾਰਸ ਸ਼ਾਹ ਹੁਣ ਪਾਨੀਆਂ ਜ਼ੋਰ ਕੀਤਾ ਬਹੁਤ ਖੁਸ਼ੀ ਕੀਤੀ ਮਰਗਾਈਆਂ ਨੇ
518. ਉਹੀ, ਨਨਾਣ ਤੇ ਹੀਰ
ਤੇਰੇ ਚੰਬੇ ਦੇ ਸਿਹਰੇ ਹੁਸਨ ਵਾਲੇ ਅੱਜ ਕਿਸੇ ਹੁਸ਼ਨਾਕ ਨੇ ਲੁੱਟ ਲੀਤੇ
ਤੇਰੇ ਸੀਨੇ ਨੂੰ ਕਿਸੇ ਟਟੋਲਿਆ ਈ ਨਾਫੇ ਮੁਸ਼ਕ ਵਾਲੇ ਦੋਵੇਂ ਪੁਟ ਲੀਤੇ
ਜਿਹੜੇ ਨਿਤ ਨਿਸ਼ਾਨ ਛੁਪਾਂਵਦੀ ਸੈ ਕਿਸੇ ਤੀਰ ਅੰਦਾਜ਼ ਨੇ ਚੁਟ ਲੀਤੇ
ਕਿਸੇ ਹਿਕ ਤੇਰੀ ਨਾਲ ਹਿਕ ਜੋੜੀ ਵਿੱਚੇ ਫੁਲ ਗੁਲਾਬ ਦੇ ਘੁਟ ਲੀਤੇ
ਕਿਸੇ ਹੋ ਬੇਦਰਦ ਕਸ਼ੀਸ਼ ਦਿੱਤੀ ਬੰਦ ਬੰਦ ਕਮਾਨ ਦੇ ਤਰੁਟ ਗਏ
ਆਖ ਕਿਨ੍ਹਾਂ ਫੁਲੇਲਿਆਂ ਪੀੜੀਏ ਤੂੰ ਇਤਰ ਕਢ ਕੇ ਫੋਗ ਨੂੰ ਸੱਟ ਗਏ
519. ਉਹੀ, ਨਨਾਣ ਤੇ ਹੀਰ
ਤੇਰੀਹ ਗਾਧੀ ਨੂੰ ਅੱਜ ਕਿਸੇ ਧਕਿਆਈ ਕਿਸੇ ਅੱਜ ਤੇਰਾ ਖੂਹਾ ਗੇੜਿਆ ਈ
ਲਾਇਆ ਰੰਗ ਨਿਸੰਗ ਮਲੰਗ ਭਾਵੇਂ ਅੱਗ ਨਾਲ ਤੇਰੇ ਅੰਗ ਲਾਇਆ ਈ
ਲਾਹ ਚੀਨੀ ਦੁੱਧ ਦੀ ਦੇਗਚੀ ਦੀ ਕਿਸੇ ਅੱਜ ਮਲਾਈ ਨੂੰ ਛੇੜਿਆ ਈ
ਸੁਰਮੇ ਦਾਨੀ ਦਾ ਲਾਹ ਬਰੋਚਨਾ ਨੀ ਸੁਰਮੇ ਸੁਰਮਚੂ ਕਿਸੇ ਲਬੇੜਿਆ ਈ
ਵਾਰਸ ਸ਼ਾਹ ਤੈਨੂੰ ਪਿੱਛੋਂ ਆਇ ਮਿਲਿਆ ਇੱਕੇ ਨਵਾਂ ਹੀ ਕੋਈ ਸਹੇੜਿਆ ਈ
520. ਉਹੀ, ਨਨਾਣ ਤੇ ਹੀਰ
ਭਾਬੀ ਅੱਜ ਜੋਬਨ ਤੇਰੇ ਲਹਿਰ ਦਿੱਤੀ ਜਿਵੇਂ ਨਦੀ ਦਾ ਨੀਰ ਉੱਛਲਿਆ ਈ
ਤੇਰੀ ਚੋਲੀ ਦੀਆਂ ਢਿੱਲੀਆਂ ਹੋਣ ਤਣੀਆਂ ਤੈਨੂੰ ਕਿਸੇ ਮਹਿਬੂਬ ਪੱਥਲਿਆ ਈ
ਕੁਫਲ ਜੰਦਰੇ ਤੋੜ ਕੇ ਚੋਰ ਵੜਿਆ ਅੱਜ ਬੀੜਾ ਕਸਤੂਰੀ ਦਾ ਹੱਲਿਆ ਈ
ਸੂਹਾ ਘੱਗਰਾ ਲਹਿਰਾਂ ਦੇ ਨਾਲ ਉਡੇ ਬੋਗ ਬੰਦ ਦੋ ਚੰਦ ਹੋ ਚੱਲਿਆ ਈ
ਸੁਰਖੀ ਹੇਠਾਂ ਦੀ ਕਿਸੇ ਨੇ ਚੂਪ ਲਈ ਅੰਬ ਸੱਖਣਾ ਮੋੜ ਕੇ ਘਲਿਆ ਈ
ਕਸਤੂਰੀ ਦੇ ਮਿਰਗ ਜਿਸ ਢਾ ਲਏ ਕੋਈ ਵੱਡਾ ਹੇੜੀ ਆ ਮਿਲਿਆ ਈ
521. ਉਹੀ, ਚਲਦਾ
ਤੇਰੇ ਸਿਆਹ ਤਤੋਲੜੇ ਕਜਲੇ ਦੇ ਕੋਡੀ ਅਤੇ ਗੱਲ੍ਹਾਂ ਉਤੋਂ ਗੁੰਮ ਗਏ
ਤੇਰੇ ਫੁਲ ਗੁਲਾਬ ਦੇ ਨਾਅਲ ਹੋਏ ਕਿਸੇ ਘੇਰ ਕੇ ਰਾਹ ਵਿੱਚ ਚੁੰਮ ਲਏ
ਤੇਰੇ ਖਾਂਚੇ ਇਹ ਸ਼ੱਕਰ ਪਾਰਿਆ ਦੇ ਹੱਥ ਮਾਰ ਕੇ ਭੁਖਿਆਂ ਲੁੰਮ ਲਏ
ਧਾੜਾ ਮਾਰ ਕੇ ਧਾੜਵੀ ਮੇਵਿਆਂ ਦੇ ਰੇ ਝਾੜ ਬੂਟੇ ਕਿਤੇ ਗੁੰਮ ਗਏ
ਬੱਡੇ ਵਣਜ ਹੋਏ ਅੱਜ ਵੋਹਟੀਆਂ ਦੇ ਕੋਈ ਨਵੇਂ ਵਨਜਾਰੇ ਘੁੰਮ ਗਏ
522. ਉਹੀ, ਨਨਾਣ ਤੇ ਹੀਰ
ਕੋਈ ਧੋਬੀ ਵਲਾਇਤੋਂ ਆ ਲੱਥਾ ਸਰੀ ਸਾਫ ਦੇ ਥਾਨ ਚੜ੍ਹ ਖੁੰਬ ਗਿਆ
ਤੇਰੀ ਚੋਲੀ ਵਲੂੰਧਰੀ ਸਣੇ ਸੀਨੇ ਪੇਜੇ ਤੂੰਬਿਆਂ ਨੂੰ ਜਿਵੇਂ ਤੁੰਬ ਗਿਆ
ਖੇੜੇ ਕਾਬਲੀ ਕੁੱਤਿਆਂ ਵਾਂਗ ਏਥੇ ਵਢਵਾ ਕੇ ਕੰਨ ਤੇ ਦੁੰਬ ਗਿਆ
ਵਾਰਸ ਸ਼ਾਹ ਅਚੰਬੜਾ ਨਵਾਂ ਹੋਇਆ ਸੁੱਤੇ ਪਾਹਰੂ ਨੂੰ ਚੋਰ ਟੁੰਬ ਗਿਆ
523. ਉਹੀ ਚਲਦਾ
ਕਿਸੇ ਕੇਹੇ ਨਪੀੜੇਨੇ ਪੀੜੀਏ ਤੂੰ ਤੇਰਾ ਰੰਗ ਹੈ ਤੋਰੀ ਦੇ ਫੁਲ ਦਾ ਨੀ
ਢਾਕਾਂ ਤੇਰੀਆਂ ਕਿਸੇ ਮਰੋੜੀਆਂ ਨੇ ਇਹ ਤਾਂ ਕੰਮ ਹੋਇਆ ਹਿਲਜੁਲ ਦਾ ਨੀ
ਤੇਰਾ ਅੰਗ ਕਿਸੇ ਪਾਇਮਾਲ ਕੀਤਾ ਢੰਗਾ ਜੋਤਰੇ ਜਿਵੇਂ ਹੈ ਘੁਲ ਦਾ ਨੀ
ਵਾਰਸ ਸ਼ਾਹ ਮੀਆਂ ਇਹ ਦੁਆ ਮੰਗੋ ਖੁਲ ਜਾਏ ਬਾਰਾ ਅੱਜ ਕੁਲ ਦਾ ਨੀ
524. ਉੱਤਰ ਹੀਰ ਤੇ ਨਨਾਣ
ਪਰਨੇਹਾਂ ਦਾ ਮੈਨੂੰ ਅਸਰ ਹੋਇਆ ਰੰਗ ਜ਼ਰਦ ਹੋਇਆ ਏਸੇ ਵਾਸਤੇ ਨੀ
ਛਾਪਾਂ ਖੁਭ ਗਈਆਂ ਗਲ੍ਹਾਂ ਮੇਰੀਆਂ ਤੇ ਦਾਗ਼ ਲਾਲ ਪਏ ਏਸੇ ਵਾਸਤੇ ਨੀ
ਕੱਟੇ ਜਾਂਦੇ ਨੂੰ ਭਜ ਕੇ ਮਿਲੀ ਸਾਂ ਮੈਂ ਤਾਣੀਆਂ ਢਿਲੀਆਂ ਨੇ ਏਸੇ ਵਾਸਤੇ ਨੀ
ਰੁੰਨੀ ਅਥਰੂ ਡੁੱਲ੍ਹੇ ਸਨ ਮੁਖੜੇ ਤੇ ਘੁਲ ਗਏ ਤਤੋਲੜੇ ਪਾਸ ਤੇ ਨੀ
ਮੁਧੀ ਪਈ ਬਨੇਰੇ ਤੇ ਦੇਖਦੀ ਸਾਂ ਪੋਡੂ ਲਾਲ ਹੋਇਆ ਏਸੇ ਵਾਸਤੇ ਨੀ
ਸੁਰਖੀ ਹੋਠਾਂ ਦੀ ਆਪ ਮੈਂ ਚੂਪ ਲਈ ਰੰਗ ਉਡ ਗਿਆ ਏਸੇ ਵਾਸਤੇ ਨੀ
ਕੱਟਾ ਘੁਟਿਆ ਵਿੱਚ ਗਲੋਕੜੀ ਦੇ ਡੁੱਕਾਂ ਲਾਲ ਹੋਈਆਂ ਏਸੇ ਵਾਸਤੇ ਨੀ
ਮੇਰੇ ਪੇਡੂ ਨੂੰ ਕੱਟੇ ਢਿਡ ਮਾਰੇ ਲਾਸਾਂ ਬਖਲਾਂ ਦੀਆਂ ਮੇਰੇ ਮਾਸ ਤੇ ਨੀ
ਹੋਰ ਪੁਛ ਵਾਰਸ ਮੈਂ ਗ਼ਰੀਬਣੀ ਨੂੰ ਕਿਉਂ ਅੱਘਦੇ ਲੋਕ ਮਹਾਸਤੇ ਨੀ
525. ਉੱਤਰ ਨਨਾਣ
ਭਾਬੀ ਅਖੀਆਂ ਦੇ ਰੰਗ ਰੱਤ ਵੰਨੇ ਤੈਨੂੰ ਹੁਸਨ ਚੜ੍ਹਿਆ ਅਨਿਆਂਉ ਦਾ ਨੀ
ਅੱਜ ਧਿਆਨ ਤੇਰਾ ਆਸਮਾਨ ਉਤੇ ਤੈਨੂੰ ਆਦਮੀ ਨਜ਼ਰ ਨਾ ਆਂਉਦਾ ਨੀ
ਤੇਰੇ ਸੁਰਮੇ ਦੀਆਂ ਧਾਰੀਆਂ ਧੂੜ ਪਈਆਂ ਜਿਵੇਂ ਕਾਟਕੋ ਮਾਲ ਤੇ ਧਾਂਉਦਾ ਨੀ
ਰਾਜਪੂਤ ਮੈਦਾਨ ਵਿੱਚ ਲੜਨ ਤੇਗਾਂ ਅੱਗੇ ਢਾਢੀਆਂ ਦਾ ਪੁੱਤ ਗਾਉਦਾ ਨੀ
ਰੁਖ ਹੋਰ ਦਾ ਹੋਰ ਹੈ ਅੱਜ ਤੇਰਾ ਚਾਲਾ ਨਵਾਂ ਕੋਈ ਨਜ਼ਰ ਆਉਂਦਾ ਨੀ
ਅੱਜ ਆਖਦੇ ਹੈਣ ਵਾਰਸ ਸ਼ਾਹ ਹੋਰੀਂ ਖੇੜਾ ਕੌਣ ਗਾਂਡ ਕਿਸ ਥਾਂਉ ਦਾ ਨੀ
526. ਉੱਤਰ, ਹੀਰ ਦਾ ਸਹਿਤੀ ਨੂੰ
ਮੁਠੀ ਮੁਠੀ ਮੈਨੂੰ ਕੋਈ ਅਸਰ ਹੋਇਆ ਅੱਜ ਕੰਮ ਤੇ ਜਿਊ ਨਾ ਲਗਦਾ ਨੀ
ਭੁੱਲੀ ਵਿਸਰੀ ਬੂਟੀ ਉਲੰਘ ਆਈ ਇੱਕੇ ਪਿਆ ਭੁਲਾਵੜਾ ਠਗ ਦਾ ਨੀ
ਤੇਵਰ ਲਾਲ ਮੈਨੂੰ ਅੱਜ ਖੇੜਿਆਂ ਦਾ ਜਿਵੇਂ ਲੱਗੇ ਉਲੰਬੜਾ ਅੱਗ ਦਾ ਨੀ
ਅੱਜ ਯਾ ਦਆਏ ਮੈਨੂੰ ਸਈ ਸੱਜਣ ਜਾਂਦਾ ਮਗਰ ਓਲਾਂਭੜਾ ਜਗ ਦਾ ਨੀ
ਖੁਲ ਖੁਲ ਜਾਂਦੇ ਬੰਦ ਚੋਲੜੀ ਦੇ ਅੱਜ ਗਲੇ ਮੇਰੇ ਕੋਈ ਲਗਦਾ ਨੀ
ਘਰ ਬਾਰ ਵਿੱਚੋਂ ਡਰਨ ਆਂਵਦਾ ਹੈ ਜਿਵੇਂ ਕਿਸੇ ਤਤਾਰਚਾ ਵਗਦਾ ਨੀ
ਇੱਥੇ ਜੋਬਨੇ ਦੀ ਨਏ ਠਾਠਾ ਵੱਤੀ ਬੂੰਬਾ ਆਂਵਦਾ ਪਾਣੀ ਤੇ ਝਗਦਾ ਨੀ
ਵਾਰਸ ਸ਼ਾਹ ਬੁਲਾਉ ਨਾ ਮੂਲ ਮੈਨੂੰ ਸਾਨੂੰ ਭਲਾ ਨਾਹੀਂ ਕੋਈ ਲਗਦਾ ਨੀ
527. ਨਨਾਣ ਦਾ ਉੱਤਰ
ਅੱਜ ਕਿਸੇ ਭਾਬੀ ਤੇਰੇ ਨਾਲ ਕੀਤੀ ਚੋਰ ਯਾਰ ਫੜੇ ਗੁਨਾਹਗਾਰੀਆਂ ਨੂੰ
ਭਾਬੀ ਅੱਜ ਤੇਰੀ ਗਲ ਉਹ ਬਣੀ ਦੁੱਧ ਹੱਥ ਲੱਗਾ ਧੁਧਾ ਧਾਰੀਆਂ ਨੂੰ
ਤੇਰੇ ਨੈਣਾਂ ਦੀਆਂ ਨੋਕਾਂ ਦੇ ਖਤ ਬਣਦੇ ਵਾਢ ਮੱਲੀ ਹੈ ਜਿਵੇਂ ਕਟਾਰੀਆਂ ਨੂੰ
ਹੁਕਮ ਹੋਰ ਦਾ ਹੋਰ ਅੱਜ ਹੋ ਗਿਆ ਅੱਜ ਮਿਲੀ ਪੰਜਾਬ ਕੰਧਾਰੀਆਂ ਨੂੰ
ਤੇਰੇ ਜੋਬਨੇ ਦਾ ਰੰਗ ਕਿਸੇ ਲੁਟਿਆ ਹਨੁਮਾਨ ਜਿਉਂ ਲੰਕ ਅਟਾਰੀਆਂ ਨੂੰ
ਹੱਥ ਲੱਗ ਗਈ ਏਂ ਕਿਸੇ ਯਾਰ ਤਾਈਂ ਜਿਵੇਂ ਕਸਤੂਰੀ ਦਾ ਭਾਰ ਵਪਾਰੀਆਂ ਨੂੰ
ਤੇਰੀ ਤੱਕੜੀ ਦੀਆਂ ਕਸਾਂ ਢਿਲੀਆਂ ਨੇ ਕਿਸੇ ਤੋਲਿਆ ਲੌਂਗ ਸਪਾਰੀਆਂ ਨੂੰ
ਜਿਹੜੇ ਨਿੱਤ ਸਵਾਹ ਵਿੱਚ ਲੇਟਦੇ ਸਨ ਅਜ ਲੈ ਬੈਠੇ ਸਰਦਾਰੀਆਂ ਨੂੰ
ਅੱਜ ਸਿਕਦਿਆਂ ਕਵਾਰੀਆਂ ਕਰਮ ਖੁਲੇ ਨਿਤ ਢੂੰਡਦੇ ਸਨ ਜਿਹੜੇ ਯਾਰੀਆਂ ਨੂੰ
ਚੂੜੇ ਬੀੜੇ ਤੇ ਚੂਰ ਸੰਘਾਰ ਹੋਏ ਠੋਕਰ ਲਗ ਗਈ ਮਿਨਹਾਰੀਆਂ ਨੂੰ
ਵਾਰਸ ਸ਼ਾਹ ਜਿਨ੍ਹਾਂ ਮਿਲੇ ਇਤਰ ਸ਼ੀਸ਼ੇ ਉਹਨਾਂ ਕੀ ਕਰਨਾ ਫੌਜਦਾਰੀਆਂ ਨੂੰ
528. ਹੀਰ ਦਾ ਉੱਤਰ
ਕੇਹੀ ਛਿੰਜ ਘੱਤੀ ਅੱਜ ਤੁਸਾਂ ਭੈਣਾਂ ਖੁਆਰ ਕੀਤਾ ਜੇ ਮੈਂ ਨਿੱਘਰ ਜਾਂਦੜੀ ਨੂੰ
ਭਈਆਂ ਪਿੱਟੀ ਕਦੋਂ ਮੈਂ ਗਈ ਕਿਧਰੇ ਕਿਉ ਉਡਾਈਆਂ ਜੇ ਮੈਂ ਮੁਨਸ ਖਾਂਦੜੀ ਨੂੰ
ਛੱਜ ਛਾਣਨੀ ਘਤ ਉਡਾਇਆ ਜੇ ਮਾਪੇ ਪਿੱਟਣੀ ਤੇ ਲੁੜ੍ਹ ਜਾਂਦੜੀ ਨੂੰ
ਵਾਰਸ ਸ਼ਾਹ ਦੇ ਢਿਡ ਵਿੱਚ ਸੂਲ ਹੁੰਦਾ ਸੱਦਣ ਗਈ ਸਾਂ ਮੈਂ ਕਿਸੇ ਮਾਂਦਰੀ ਨੂੰ
529. ਨਨਾਣ ਦਾ ਉੱਤਰ
ਕਿਸੇ ਹੋ ਬੇਦਰਦ ਲਗਾਮ ਦਿੱਤੀ ਅੱਡੀਆਂ ਵੱਖੀਆਂ ਵਿੱਚ ਚੁਭਾਈਆਂ ਨੇ
ਢਿੱਲਿਆਂ ਹੋ ਕੇ ਕਿਸੇ ਮੈਦਾਨ ਦਿੱਤਾ ਲਈਆਂ ਕਿਸੇ ਮਹਿਬੂਬ ਸਫਾਈਆਂ ਨੇ
ਸਾਹ ਕਾਹਲਾ ਹੋਠਾਂ ਤੇ ਲਹੂ ਲੱਗਾ ਕਿਸੇ ਨੀਲੀ ਨੂੰ ਠੋਕਰਾਂ ਲਾਈਆਂ ਨੇ
ਵਾਰਸ ਸ਼ਾਹ ਮੀਆਂ ਹੋਣੀ ਹੋ ਰਹੀ ਹੁਣ ਕੇਹੀਆਂ ਰਿੱਕਤਾਂ ਚਾਈਆਂ ਨੇ
530.
ਲੁੜ੍ਹ ਗਈ ਜੇ ਮੈਂ ਪਰਤ ਪਾਟ ਚੱਲੀ ਕੁੜੀਆਂ ਪਿੰਡ ਦੀਆਂ ਅੱਜ ਦੀਵਾਨੀਆਂ ਨੇ
ਚੂਚੀ ਲਾਂਉਦੀਆਂ ਧੀਆਂ ਪਰਾਈਆਂ ਨੂੰ ਬੇਦਰਦ ਤੇ ਅੰਤ ਬੇਗਾਨੀਆਂ ਨੇ
ਮੈਂ ਬੇਦੋਸੜੀ ਅਤੇ ਬੇਖ਼ਬਰ ਤਾਈਂ ਰੰਗ ਰੰਗ ਦੀਆਂ ਲਾਦੀਆਂ ਕਾਨੀਆਂ ਨੇ
ਮਸਤ ਫਿਰਨ ਉਤਮਾਦ ਦੇ ਨਾਲ ਭਰੀਆਂ ਟੇਢੀ ਚਾਲ ਚੱਲਣ ਮਸਤਾਨੀਆਂ ਨੇ
531. ਉੱਤਰ ਹੀਰ
ਭਾਬੀ ਜਾਣਨੇ ਹਾਂ ਅਸੀਂ ਸਭ ਚਾਲੇ ਜਿਹੜੇ ਮੁੰਗ ਤੇ ਚਣੇ ਖਿੰਡਾਵਨੀ ਹੈ
ਆਪ ਖੇਦੇ ਹੈਂ ਤੂੰ ਗੁਹਤਾਲ ਚਾਲੇ ਸਾਨੂੰ ਹਸਤੀਆਂ ਚਾ ਬਣਾਵਨੀ ਹੈ
ਚੀਚੋਚੀਚ ਕੰਧੋਲੀਆਂ ਆਪ ਖੇਡੇ ਚੱਡੀ ਟਾਪਿਆਂ ਨਾਲ ਵਿਲਾਵਨੀ ਹੈ
ਆਪ ਰਹੇ ਬੇਦੋਸ਼ ਬੇਗਰਜ਼ ਬਣ ਕੇ ਮਾਲ ਖੇੜਿਆਂ ਦਾ ਲੁਟਵਾਵਨੀ ਹੈ
532. ਜਵਾਬ ਹੀਰ
ਅੜੀਉ ਕਸਮ ਮੈਨੂੰ ਜੇ ਯਕੀਨ ਕਰੋ ਮੈਂ ਨਰੋਲ ਬੇਗਰਜ਼ ਬੇਦੋਸੀਆਂ ਨੀ
ਜਿਹੜੀ ਆਪ ਵਿੱਚ ਰਮਜ਼ ਸੁਣਾਉਂਦੀਆਂ ਹੋ ਨਹੀਂ ਜਾਣਦੀ ਮੈਂ ਚਾਪਲੋਸੀਆਂ ਨੀ
ਮੈਂ ਤਾਂ ਪੇਕਿਆਂ ਨੂੰ ਨਿੱਤ ਯਾਦ ਕਰਾਂ ਪਈ ਪਾਂਉਨੀ ਹਾਂ ਨਿਤ ਔਸੀਆਂ ਨੀ
ਵਾਰਸ ਸ਼ਾਹ ਕਿਉਂ ਤਿਨ੍ਹਾਂ ਆਰਾਮ ਆਵੇ ਜਿਹੜੀਆਂ ਇਸ਼ਕ ਦੇ ਥਲਾਂ ਵਿੱਚ ਤੋਸੀਆਂ ਨੀ
533. ਉੱਤਰ ਨਨਾਣ
ਭਾਬੀ ਦੱਸ ਖਾਂ ਅਸੀਂ ਜੇ ਝੂਠ ਬੋਲਾਂ ਤੇਰੀ ਇਹੋ ਜੇਹੀ ਕਲ ਡੌਲ ਸੀ ਨੀ
ਬਾਗ਼ੋ ਥਰਕਦੀ ਘਰਕਦੀ ਆਣ ਪਈ ਏਂ ਦਸ ਖੇੜਿਆਂ ਦਾ ਤੈਨੂੰ ਹੌਲ ਸੀ ਨੀ
ਅੱਜ ਘੋੜੀ ਤੇਰੀ ਨੂੰ ਆਰਾਮ ਆਇਆ ਜਿਹੜੀ ਨਿਤ ਕਰਦੀ ਪਈ ਔਲ ਸੀ ਨੀ
ਬੂਟਾ ਸੱਖਣਾ ਅੱਜ ਕਰਾਇ ਆਇ ਏਂ ਕਿਸੇ ਤੋੜ ਲਿਆ ਜਿਹੜਾ ਮੌਲ ਸੀ ਨੀ
534. ਹੀਰ ਦਾ ਉੱਤਰ
ਰਾਹ ਜਾਂਦੀ ਮੈਂ ਝੋਟੇ ਨੇ ਢਾ ਲੀਤੀ ਸਾਨੂੰ ਬੁੱਲ੍ਹ ਕੁਥਲ ਕੇ ਮਾਰਿਆ ਨੀ
ਹੱਥੋਂ ਕੱਬੋ ਗਵਾਇਕੇ ਭੰਨ ਚੂੜਾ ਪਾੜ ਸੁੱਟੀਆਂ ਚੁੰਨੀਆਂ ਸਾਰੀਆਂ ਨੀ
ਡਾਹਡਾ ਮਾੜਿਆਂ ਨੂੰ ਢਾਹ ਮਾਰ ਕਰਦਾ ਜ਼ੋਰਾਵਰਾਂ ਅੱਗੇ ਅੰਤ ਹਾਰਿਆ ਨੀ
ਨੱਸ ਚੱਲੀ ਸਾਂ ਓਸ ਨੂੰ ਦੇਖ ਕੇ ਮੈਂ ਜਿਵੇਂ ਦੁਲ੍ਹੜੇ ਤੋਂ ਜਾਣ ਕਵਾਰੀਆਂ ਨੀ
ਸੀਨਾ ਫਿਹ ਕੇ ਭਨਿਉਸ ਪਾਸਿਆਂ ਨੂੰ ਦੋਹਾਂ ਸਿੰਗਾਂ ਉਤੇ ਚਾ ਚਾੜ੍ਹਿਆ ਨੀ
ਰੜੇ ਢਾਇਕੇ ਖਾਈ ਪਟਾਕ ਮਾਰੀ ਸ਼ੀਂਹ ਢਾਹ ਲੈਂਦੇ ਜਿਵੇਂ ਪਾੜ੍ਹਿਆਂ ਨੂੰ ਨੀ
ਮੇਰੇ ਕਰਮ ਸਨ ਆਣ ਮਲੰਗ ਮਿਲਿਆ ਜਿਸ ਜੀਵਦੀ ਪਿੰਡ ਵਿੱਚ ਵਾੜਿਆ ਨੀ
ਵਾਰਸ ਸ਼ਾਹ ਮੀਆਂ ਨਵੀਂ ਗੱਲ ਸੁਣੀਏ ਹੀਰੇ ਹਰਨ ਮੈਂ ਤੱਤੜੀ ਦਾੜ੍ਹਿਆ ਨੀ
535. ਨਨਾਣ ਦਾ ਉੱਤਰ
ਭਾਬੀ ਸਾਨ੍ਹ ਤੇਰੇ ਪਿੱਛੇ ਧੁਰੋਂ ਆਇਆ ਹਲਿਆ ਹੋਇਆ ਕਦੀਮ ਦਾ ਮਾਰਦਾ ਦੀ
ਤੂੰ ਭੀ ਵੌਹਟੜੀ ਪੁੱਤਰ ਸਰਦਾਰ ਦੇ ਦੀ ਉਸ ਭੀ ਦੁੱਧ ਪੀਤਾ ਸਰਕਾਰ ਦਾ ਈ
ਸਾਨ੍ਹ ਲਟਕਦਾ ਬਾਗ਼ ਵਿੱਚ ਹੋ ਕਮਲਾ ਹੀਰ ਹੀ ਨਿਤ ਪੁਕਾਰਦਾ ਈ
ਤੇਰੇ ਨਾਲ ਉਹ ਲਟਕਦਾ ਪਿਆਰ ਕਰਦਾ ਹੋਰ ਕਿਸੇ ਨੂੰ ਮੂਲ ਨਾ ਮਾਰਦਾ ਈ
ਪਰ ਉਹ ਹੀਲਤ ਬੁਰੀ ਹਲਾਇਆ ਈ ਪਾਣੀ ਪੀਂਵਦਾ ਤੇਰੀ ਨਸਾਰ ਦਾ ਈ
ਤੂੰ ਭੀ ਝੰਗ ਸਿਆਲਾਂ ਦੀ ਮੋਹਣੀ ਏਂ ਤੈਨੂੰ ਆਣ ਮਿਲਿਆ ਹਿਰਨ ਬਾਰ ਦਾ ਈ
ਵਾਰਸ ਸ਼ਾਹ ਮੀਆਂ ਸੱਚ ਝੂਠ ਵਿੱਚੋਂ ਪੁਣ ਕਢਦਾ ਅਤੇ ਨਤਾਰਦਾ ਈ
536. ਹੀਰ ਦਾ ਉੱਤਰ
ਅਨੀ ਭਰੋ ਮੁਠੀ ਉਹ ਮੁਠੀ ਕੁੱਠੀ ਬਿਰਹੋਂ ਨੇ ਢਿਡ ਵਿੱਚ ਸੂਲ ਹੋਇਆ
ਲਹਿਰ ਪੇਡੂਓਂ ਉਠ ਕੇ ਪਵੇ ਸੀਨੇ ਮੇਰੇ ਜੀਉ ਦੇ ਵਿੱਚ ਡੰਡਲ ਹੋਇਆ
ਤਲਬ ਡੁਬ ਗਈ ਸਿਰਕਾਰ ਮੇਰੀ ਮੈਨੂੰ ਇੱਕ ਨਾ ਦਾਮ ਵਸੂਲ ਹੋਇਆ
ਲੋਕ ਨਫੇ ਦੇ ਵਾਸਤੇ ਲੈਣ ਤਰਲੇ ਮੇਰਾ ਸਣੇ ਵਹੀ ਚੌੜ ਮੂਲ ਹੋਇਆ
ਅੰਬ ਸੇਚ ਕੇ ਦੁਧ ਦੇ ਨਾਲ ਪਾਲੇ ਭਾ ਤੱਤੀ ਦੇ ਅੰਤ ਬਬੂਲ ਹੋਇਆ
ਖੇੜਿਆਂ ਵਿੱਚ ਨਾ ਪਰਚਦਾ ਜਿਉ ਮੇਰਾ ਸ਼ਾਹਦ ਹਾਲ ਦਾ ਰਬ ਰਸੂਲ ਹੋਇਆ
537. ਨਨਾਣ ਦਾ ਉੱਤਰ
ਭਾਬੀ ਜ਼ੁਲਫ ਗੱਲ੍ਹਾਂ ਉਤੇ ਪੇਚ ਖਾਵੇ ਸਿਰੇ ਲੋੜ ਦੇ ਸੁਰਮੇ ਦੀਆਂ ਧਾਰੀਆਂ ਨੀ
ਗਲ੍ਹਾਂ ਉਤੇ ਭਵੀਰੀਆਂ ਉਡਦੀਆਂ ਨੇ ਨੈਣਾਂ ਸਾਣ ਕਟਾਰੀਆਂ ਚਾੜ੍ਹੀਆਂ ਨੀ
ਤੇਰੇ ਨੈਣਾਂ ਨੇ ਸ਼ਾਹ ਫਕੀਰ ਕੀਤੇ ਸਣੇ ਹਾਥੀਆਂ ਫੌਜ ਅੰਮਾਰੀਆਂ ਨੀ
ਵਾਰਸ ਸ਼ਾਹ ਜ਼ੁਲਫਾਂ ਖਾਲ ਨੈਣ ਖੂਨੀ ਫੌਜਾਂ ਕਤਲ ਉਤੇ ਚਾ ਚਾੜ੍ਹੀਆਂ ਨੀ
538. ਉੱਤਰ ਹੀਰ
ਬਾਰਾਂ ਬਰਸ ਦੀ ਔੜ ਸੀ ਮੀਂਹ ਵੁਠਾ ਲੱਗਾ ਰੰਗ ਫਿਰ ਖੁਸ਼ਕ ਬਗ਼ੀਚੀਆਂ ਨੂੰ
ਫੌਜਦਾਰ ਤਗੱਈਅਰ ਬਹਾਲ ਹੋਇਆ ਝਾੜ ਤੰਬੂਆਂ ਅਤੇ ਗਲੀਚਿਆਂ ਨੂੰ
ਵੱਲਾਂ ਸੁੱਕੀਆਂ ਫੇਰ ਮੁੜ ਸਬਜ਼ ਹੋਈਆਂ ਦੇਖ ਹੁਸਨ ਦੀ ਜ਼ਿਮੀਂ ਦੀਆਂ ਪੀਚੀਆਂ ਨੂੰ
ਵਾਰਸ ਸ਼ਾਹ ਕਿਸ਼ਤੀ ਪਰੇਸ਼ਾਨ ਸਾਂ ਮੈਂ ਪਾਣੀ ਪਹੁੰਚਿਆ ਨੂਹ ਦਿਆਂ ਟੀਚਿਆਂ ਨੂੰ
539. ਸਹਿਤੀ ਨਾਲ ਹੀਰ ਦੀ ਸਲਾਹ
ਸਹਿਤੀ ਭਾਬੀ ਦੇ ਨਾਲ ਪਕਾ ਮਸਲਹਤ ਵੱਡਾ ਮਕਰ ਫੈਲਾਇਕੇ ਬੋਲਦੀ ਹੈ
ਗਰਦਾਨਦੀ ਮਕਰ ਮਾਅਤੁਲਾਂ ਨੂੰ ਅਤੇ ਕੰਨਜ਼ ਫਰੇਬ ਦੀ ਖੋਲਦੀ ਹੈ
ਅਬਲੀਸ ਮਲਫੂਫ ਖੰਨਾਸ ਵਿੱਚੋਂ ਰਵਾਇਤਾਂ ਜਾਇਜ਼ੇ ਟੋਲਦੀ ਹੈ
ਵਫਾ ਕੁਲ ਹਦੀਸ ਮਨਸੂਖ ਕੀਤੀ ਕਾਜ਼ੀ ਲਾਅਨਤ ਅੱਲਾਹ ਦੀ ਖੋਲਦੀ ਹੈ
ਤੇਰੇ ਯਾਰ ਦਾ ਫਿਕਰ ਦਿਨ ਰਾਤ ਮੈਨੂੰ ਜਾਨ ਮਾਪਿਆਂ ਤੋਂ ਪਈ ਡੋਲਦੀ ਹੈ
ਵਾਰਸ ਸ਼ਾਹ ਸਹਿਤੀ ਅੱਗੇ ਮਾਉਂ ਬੁਢੀ ਵੱਡੇ ਗ਼ਜ਼ਬ ਦੇ ਕੀਰਨੇ ਫੋਲਦੀ ਹੈ
540. ਸਹਿਤੀ ਦੀ ਮਾਂ ਨਾਲ ਗੱਲ
ਅਸੀਂ ਵਿਆਹ ਆਂਦੀ ਕੂੰਜ ਫਾਹ ਆਂਦੀ ਸਾਡੇ ਭਾ ਦੀ ਬਣੀ ਹੈ ਔਖੜੀ ਨੀ
ਦੇਖ ਹੱਕ ਹਲਾਲ ਨੂੰ ਅੱਗ ਲਗਸ ਰਹੇ ਖਸਮ ਦੇ ਨਾਲ ਇਹ ਖੋਖੜੀ ਨੀ
ਜਦੋਂ ਆਈ ਤਦੋਕਣੀ ਰਹੀ ਢਠੀ ਕਦੀ ਹੋ ਨਾ ਬੈਠਿਆ ਖੋਖੜੀ ਨੀ
ਲਾਹੂ ਲੱਥੜੀ ਜਦੋਂ ਦੀ ਵਿਆਹ ਆਂਦੀ ਇੱਕ ਕਲ੍ਹਾ ਦੀ ਜਰਾ ਹੈ ਚੌਖੜੀ ਨੀ
ਘਰਾਂ ਵਿੱਚ ਹੁੰਦੀ ਨੂੰਹਾਂ ਨਾਲ ਵਸਤੀ ਇਹ ਉਜਾੜੇ ਦਾ ਮੂਲ ਹੈ ਚੋਖਰੀ ਨੀ
ਵਾਰਸ ਸ਼ਾਹ ਨਾ ਅੰਨ ਨਾ ਦੁੱਧ ਲੈਂਦੀ ਭੁੱਖ ਨਾਲ ਸੁਕਾਂਵਦੀ ਕੋਖੜੀ ਨੀ
541. ਸਹਿਤੀ ਦਾ ਉੱਤਰ
ਹਾਥੀ ਫੌਜ ਦਾ ਵੱਡਾ ਸਿੰਗਾਰ ਹੁੰਦਾ ਅਤੇ ਘੋੜੇ ਸੰਗਾਰ ਹਨ ਨਰਾਂ ਦੇ ਨੀ
ਅੱਧਾ ਪਹਿਣਨਾ ਖਾਵਨਾ ਸ਼ਾਨ ਸ਼ੌਕਤ ਇਹ ਸਬ ਬਣਾ ਹੈਨ ਜ਼ਰਾਂ ਦੇ ਨੀ
ਘੋੜੇ ਕਾਨ ਖੱਟਣ ਕਰਾਮਾਤ ਕਰਦੇ ਅਖੀਂ ਦੇਖਦਿਆਂ ਜਾਣ ਬਿਨ ਪਰਾਂ ਦੇ ਨੀ
ਮਝੀ ਗਾਈਂ ਸਿੰਗਾਰ ਦਿਆਂ ਸਬ ਟਲੇ ਅਤੇ ਨੂੰਹਾਂ ਸਿੰਗਾਰ ਹਨ ਘਰਾਂ ਦੇ ਨੀ
ਖੈਰ ਖਾਹ ਦੇ ਨਲ ਬਦਖਾਹ ਹੋਣਾ ਇਹ ਕੰਮ ਹਨ ਗੀਦੀਆਂ ਖਰਾਂ ਦੇ ਨੀ
ਮਸ਼ਹੂਰ ਹੈ ਰਸਮ ਜਹਾਨ ਅੰਦਰ ਪਿਆਰ ਵੌਹਟੀਆਂ ਦੇ ਨਾਲ ਵਰਾਂ ਦੇ ਨੀ
ਦਿਲ ਔਰਤਾਂ ਲੈਣ ਪਿਆਰ ਕਰਕੇ ਇਹ ਗਭਰੂ ਮਿਰਗ ਹਨ ਸਰਾਂ ਦੇ ਨੀ
ਤਦੋਂ ਰੰਨ ਬਦਖੂ ਨੂੰ ਅਕਲ ਆਵੇ ਜਦੋਂ ਲੱਤ ਵੱਜਸ ਵਿੱਚ ਫਰਾਂ ਦੇ ਨੀ
ਸੈਦਾ ਦੇਖ ਕੇ ਜਾਏ ਬਲਾ ਵਾਂਗੂੰ ਵੈਰ ਦੋਹਾਂ ਦੇ ਸਿਰਾਂ ਤੇ ਧੜਾ ਦਏ ਨੀ
542. ਉਹੀ ਚਲਦਾ
ਪੀੜ੍ਹਾ ਘਤ ਕੇ ਕਦੀ ਨਾ ਬਹੇ ਬੂਹੇ ਅਸੀਂ ਏਸ ਦੇ ਦੁਖ ਵਿੱਚ ਮਰਾਂਗੇ ਨੀ
ਏਸ ਦਾ ਜਿਉ ਨਾ ਪਰਚਦਾ ਪਿੰਡ ਸਾਡੇ ਅਸੀਂ ਇਹਦਾ ਇਲਾਜ ਕੀ ਕਰਾਂਗੇ ਨੀ
ਸੁਹਣੀ ਰੰਨ ਬਾਜ਼ਾਰ ਨਾ ਵੇਚਣੀ ਹੈ ਵਿਆਹ ਪੁਤ ਦਾ ਹੋਰ ਧਿਰ ਕਰਾਂਗੇ ਨੀ
ਮੁੱਲਾਂ ਵੈਦ ਹਕੀਮ ਲੈ ਜਾਣ ਪੈਸੇ ਕਿਹੀਆਂ ਚੱਟੀਆਂ ਗੈਬ ਦੀਆਂ ਭਰਾਂਗੇ ਨੀ
ਵੁਹਟੀ ਗੱਭਰੂ ਦੋਹਾਂ ਨੂੰ ਵਾੜ ਅੰਦਰ ਅਸੀਂ ਬਾਹਰੋਂ ਜੰਦਰਾ ਜੜਾਂਗੇ ਨੀ
ਸੈਦਾ ਢਾਇਕੇ ਏਸ ਨੂੰ ਲਏ ਲੇਖਾ ਅਸੀਂ ਚੀਕਣੋ ਜ਼ਰਾ ਨਾ ਡਰਾਂਗੇ ਨੀ
ਸ਼ਰਮਿੰਦਗੀ ਸਹਾਂ ਗੇ ਜ਼ਰਾ ਜਗਦੀ ਮੂੰਹ ਪਰ੍ਹਾਂ ਨੂੰ ਜਰਾ ਚਾ ਕਰਾਂਗੇ ਨੀ
ਕਦੀ ਚਰਖੜਾ ਡਾਹ ਨਾ ਛੋਪ ਘੱਤੇ ਅਸੀਂ ਮੇਲ ਭੰਡਾਰ ਕੀ ਕਰਾਂਗੇ ਨੀ
ਵਾਰਸ ਸ਼ਾਹ ਸ਼ਰਮਿੰਦਗੀ ਏਸ ਦੀ ਥੋਂ ਅਸੀਂ ਡੁੱਬ ਕੇ ਖੂਹ ਵਿੱਚ ਮਰਾਂਗੇ ਨੀ
543. ਹੀਰ ਆਪਣੀ ਸੱਸ ਕੋਲ
ਅਜ਼ਰਾਈਲ ਬੇਅਮਰ ਅੱਈਆਰ ਆਹਾ ਹੀਰ ਚਲ ਕੇ ਸੱਸ ਥੇ ਆਂਵਦੀ ਹੈ
ਸਹਿਤੀ ਨਾਲ ਮੈਂ ਜਾਇਕੇ ਖੇਤ ਦੇਖਾਂ ਪਈ ਅੰਦਰੇ ਉਮਰ ਵਿਹਾਵਦੀ ਹੈ
ਪਿੱਛੋਂ ਛਿਕਦੀ ਨਾਲ ਬਹਾਨਿਆਂ ਦੇ ਨਢੀ ਬੁਢੀ ਥੇ ਫੇਰੜੇ ਪਾਂਵਦੀ ਹੈ
ਵਾਂਗ ਠੱਗਾਂ ਦੇ ਕੁੱਕੜਾਂ ਰਾਤ ਅੱਧੀ ਅਜ਼ ਗ਼ੈਬ ਦੀ ਬਾਂਗ ਸੁਣਾਂਵਦੀ ਹੈ
ਵਾਂਗ ਬੁਢੀ ਅਮਾਮ ਨੂੰ ਜ਼ਹਿਰ ਦੇਣੀ ਕਿੱਸਾ ਗ਼ੈਬ ਦਾ ਜੋੜ ਸੁਣਾਂਵਦੀ ਹੈ
ਕਾਜ਼ੀ ਲਾਅਨਤ ਅੱਲਾਹ ਦਾ ਦੇ ਫਤਵਾ ਅਬਲੀਸ ਨੂੰ ਸਬਕ ਪੜ੍ਹਾਂਵਦੀ ਹੈ
ਇਹ ਖੇਤ ਲੈ ਜਾ ਕਪਾਹ ਚੁਣੀਏ ਮੇਰੇ ਜਿਉ ਤਦਬੀਰ ਵਿੱਚ ਆਂਵਦੀ ਹੈ
ਵੇਖੋ ਮਾਂਉ ਨੂੰ ਧੀ ਵਲਾਂਵਦੀ ਹੈ ਕੇਹੀਆਂ ਫੋਕੀਆਂ ਰੁੰਮੀਆਂ ਲਾਂਵਦੀ ਹੈ
ਤਲੀ ਹੇਠ ਅੰਗਿਆਰ ਟਿਕਾਂਵਦੀ ਹੈ ਉਤੋਂ ਬਹੁਤ ਪਿਆਰ ਕਰਾਂਵਦੀ ਹੈ
ਸ਼ੇਖ ਸਾਅਦੀ ਦੇ ਫਲਕ ਨੂੰ ਖੁਬਰ ਨਾਹੀਂ ਜੀਕੂੰ ਰੋਇਕੇ ਫਨ ਚਲਾਂਦੀ ਹੈ
ਦੇਖੋ ਧਿਉ ਅੱਗੇ ਮਾਂਉ ਝੁਰਨੇ ਲੱਗੀ ਹਾਲ ਨੂੰਹ ਦਾ ਖੋਲ ਸੁਣਾਂਵਦੀ ਹੈ
ਇਹਦੀ ਪਈ ਦੀ ਉਮਰ ਵਿਹਾਂਵਦੀ ਹੈ ਜ਼ਾਰ ਜ਼ਾਰ ਰੋਂਦੀ ਪੱਲੂ ਪਾਂਵਦੀ ਹੈ
ਕਿਸ ਮਨ੍ਹਾਂ ਕੀਤਾ ਖੇਤ ਨਾ ਜਾਏ ਕਦਮ ਮੰਜੀਓ ਹੇਠ ਨਾ ਪਾਂਵਦੀ ਹੈ
ਦੁਖ ਜਿਊ ਦਾ ਖੋਲ ਸੁਣਾਂਵਦੀ ਹੈ ਪਿੰਡੇ ਸ਼ਾਹ ਜੀ ਦੇ ਹੱਥ ਲਾਂਦੀ ਹੈ
ਇਨਸਾਫ ਦੇ ਵਾਸਤੇ ਗਵਾਹ ਕਰਕੇ ਵਾਰਸ ਸ਼ਾਹ ਨੂੰ ਕੋਲ ਬਹਾਂਦੀ ਹੈ
544. ਸਹਿਤੀ ਦਾ ਉੱਤਰ
ਨੂੰਹ ਲਾਅਲ ਜਹੀ ਅੰਦਰ ਘਤਿਆ ਈ ਪਰਖ ਬਾਹਰਾਂ ਲਾਅਲ ਵੰਣਜਾਵਨੀ ਹੈਂ
ਤੇਰੀ ਇਹ ਫੁਲੇਲੜੀ ਪਦਮਣੀ ਸੀ ਵਾਉ ਲੈਣ ਖੁਣੋ ਤੂੰ ਗਵਾਵਨੀ ਹੈਂ
ਇਹ ਫੁੱਲ ਗੁਲਾਬ ਦਾ ਘੁਟ ਅੰਦਰ ਪਈ ਦੁਖੜੇ ਨਾਲ ਸੁਕਾਵਨੀ ਹੈਂ
ਅੱਠੇ ਪਹਿਰ ਹੀ ਤਾੜ ਕੇ ਵਿੱਚ ਕੋਠੇ ਪੱਤਰ ਪਾਨਾਂ ਦੇ ਪਈ ਵਣਜਾਰਨੀ ਹੈਂ
ਵਾਰਸ ਧੀਉ ਸਿਆਲਾਂ ਦੀ ਮਾਰਨੀ ਹੈ ਦੱਸ ਆਪ ਨੂੰ ਕੌਣ ਸਦਾਵਨੀ ਹੈ
545. ਸ਼ਾਇਰ ਦਾ ਕਥਨ
ਨੂੰਹਾਂ ਹੁੰਦੀਆਂ ਖਿਆਲ ਜਿਉ ਪੇਖਣੇ ਦਾ ਮਾਨ ਮੱਤੀਆ ਬੂਹੇ ਦੀਆਂ ਮਹਿਰੀਆਂ ਨੇ
ਪਰੀ ਮੂਰਤਾਂ ਸੁਘੜ ਰਾਚੰਦਰਾਂ ਨੀ ਇੱਕ ਮੋਮ ਤਬਾਅ ਇੱਕ ਨਹਿਰੀਆਂ ਨੇ
ਇੱਕ ਇਰਮ ਦੇ ਬਾਗ ਦੀਆਂ ਮੋਰਨੀਆਂ ਨੇ ਇੱਕ ਨਰਮ ਮਲੂਕ ਇੱਕ ਨਹਿਰੀਆਂ ਨੇ
ਅੱਛਾ ਖਾਣ ਪਹਿਣਨ ਲਾਡ ਨਾਲ ਚੱਲਣ ਲੈਣ ਦੇਣ ਦੇ ਵਿੱਚ ਲੁਧੇਰੀਆਂ ਨੇ
ਬਾਹਰ ਫਿਰਨ ਜਿਊਂ ਬਾਰ ਦੀਆਂ ਵਾਹਣਾਂ ਨੇ ਸਤਰ ਵਿੱਚ ਬਹਾਈਆ ਸ਼ਹਿਰੀਆਂ ਨੇ
ਵਾਰਸ ਸ਼ਾਹ ਇਹ ਹੁਸਨ ਗੁਮਾਨ ਸੰਦਾ ਅਖੀਂ ਨਾਲ ਗੁਮਾਨ ਦੇ ਗਹਿਰੀਆਂ ਨੇ
546.ਉਹੀ
ਜਾਏ ਮੰਜੀਉਂ ਉਠ ਕੇ ਕਿਵੇਂ ਤਿਲਕੇ ਹੱਡ ਪੈਰ ਹਲਾਇਕੇ ਚੁਸਤ ਹੋਵੇ
ਵਾਂਗ ਰੋਗਣਾਂ ਰਾਤ ਦਿਹੁੰ ਰਹੇ ਢਠੀ ਕਿਵੇਂ ਹੀਰ ਤੰਦਰੁਸਤ ਹੋਵੇ
ਇਹ ਵੀ ਵੱਡਾ ਅਜ਼ਾਬ ਹੈ ਮਾਪਿਆਂ ਨੂੰ ਧੀਉ ਨੂੰਹ ਬੂਹੇ ਉਤੇ ਸੁਸਤ ਹੋਵੇ
ਵਾਰਸ ਸ਼ਾਹ ਮੀਆਂ ਕਿਉਂ ਨਾ ਹੀਰ ਬੋਲੇ ਸਹਿਤੀ ਜਹਿਆਂ ਦੀ ਜੈਨੂੰ ਪੁਸਤ ਹੋਵੇ
547. ਹੀਰ ਦਾ ਉੱਤਰ
ਹੀਰ ਆਖਿਆ ਬੈਠ ਕੇ ਉਮਰ ਸਾਰੀ ਮੈਂ ਤਾਂ ਆਪਣੇ ਆਪ ਨੂੰ ਸਾੜਨੀ ਹਾਂ
ਮਤਾਂ ਬਾਗ਼ ਗਿਆ ਮੇਰਾ ਜਿਉ ਖੁਲੇ ਅੰਤ ਇਹ ਭੀ ਪਾੜਨਾ ਪਾੜਦੀ ਹਾਂ।
ਪਈ ਰੋਨੀ ਹਾਂ ਕਰਮ ਮੈਂ ਆਪਣੇ ਨੂੰ ਕੁਝ ਕਿਸੇ ਦਾ ਨਹੀਂ ਵਗਾੜਨੀ ਹਾਂ
ਵਾਰਸ ਸ਼ਾਹ ਮੀਆਂ ਤਕਦੀਰ ਆਖੇ ਦੇਖੋ ਨਵਾਂ ਮੈਂ ਖੇਲ ਪਸਾਰਨੀ ਹਾਂ
548. ਸਹਿਤੀ ਦੀ ਸਹੇਲੀਆਂ ਦੇ ਨਾਲ ਸਲਾਹ
ਅੜੀਉ ਆਉ ਖਾਂ ਬੈਠ ਕੇ ਗਲ ਗਿਣੀਏ ਸੱਦ ਘੱਲੀਏ ਸਭ ਸਹੇਲੀਆਂ ਨੇ
ਕਈ ਕਵਾਰੀਆਂ ਕਈ ਵਿਆਹੀਆਂ ਨੇ ਚੰਨ ਜਹੇ ਸਰੀਰ ਮਥੇਲੀਆਂ ਨੇ
ਰਜੂਹ ਆਣ ਹੋਈਆਂ ਸਭੇ ਪਾਸ ਸਹਿਤੀ ਜਿਵੇਂ ਗੁਰੂ ਅੱਗੇ ਸਭ ਚੇਲੀਆਂ ਨੇ
ਜਿਨ੍ਹਾਂ ਮਾਉਂ ਤੇ ਬਾਪ ਨੂੰ ਭੁੰਨ ਖਾਧਾ ਮੁੰਗ ਚਨੇ ਕਵਾਰੀਆਂ ਖੇਲੀਆਂ ਨੇ
ਵਿੱਚ ਹੀਰ ਸਹਿਤੀ ਦੋਵੇਂ ਬੈਠੀਆਂ ਨੇ ਦਵਾਲੇ ਬੈਠੀਆਂ ਅਰਥ ਮਹੇਲੀਆਂ ਨੇ
ਵਾਰਸ ਸ਼ਾਹ ਸੰਘਾਰ ਮਹਾਵਤਾਂ ਨੇ ਸਿਵੇਂ ਹਥਨੀਆਂ ਕਿਲੇ ਨੂੰ ਪੇਲੀਆਂ ਨੇ
549. ਕਲਾਮ ਸਹਿਤੀ
ਵਕਤ ਫਜਰ ਦੇ ਉਠ ਸਹੇਲੀਉ ਨੀ ਤੁਸੀਂ ਆਪਦੇ ਆਹਰ ਹੀ ਆਵਨਾ ਜੇ
ਮਾਂ ਬਾਪ ਨੂੰ ਖਬਰ ਨਾ ਕਰੋ ਕੋਈ ਭਲਕੇ ਬਾਗ਼ ਨੂੰ ਪਾਸਣਾ ਲਾਵਨਾ ਜੇ
ਵੋਹਟੀ ਹੀਰ ਨੂੰ ਬਾਗ਼ ਲੈ ਚਲਣਾ ਹੈ ਜ਼ਰਾ ਏਸ ਦਾ ਜਿਉ ਵਲਾਵਨਾ ਜੇ
ਲਾਵਣ ਫੇਰਨੀ ਵਿੱਚ ਕਪਾਹ ਭੈਣਾ ਕਿਸੇ ਪੁਰਸ਼ ਨੂੰ ਨਹੀਂ ਦਖਾਵਨਾਂ ਜੇ
ਰਾਹ ਜਾਂਦੀਆਂ ਪੁਛੇ ਲੋਕ ਅੜੀਉ ਕੋਈ ਇਫਤਰਾ ਚਾ ਬਣਾਵਣਾ ਜੇ
ਖੇਡੋ ਸੰਮੀਆਂ ਤੇ ਘੱਤੋ ਪੰਭੀਆਂ ਨੀ ਭਲਕੇ ਖੂਹ ਨੂੰ ਰੰਗ ਲਗਾਵਨਾ ਜੇ
ਵੜੋ ਵਟ ਲੰਗੋਟੜੇ ਵਿਚ ਪੈਲੀ ਬੰਨਾ ਵਟ ਸਭ ਪੁੱਟ ਵਖਾਵਨਾ ਜੇ
ਬੰਨ੍ਹ ਝੋਲੀਆਂ ਚੁਣੋ ਕਪਾਹ ਸੱਭੇ ਤੇ ਮੰਡਾਸਿਆਂ ਰੰਗ ਸੁਹਾਵਨਾ ਜੇ
ਵੱਡੇ ਰੰਗ ਹੋਸਨ ਇੱਕੋ ਜੇਡੀਆਂ ਦੇ ਰਾਹ ਜਾਂਦਿਆਂ ਦੇ ਸਾਂਗ ਲਾਵਨਾ ਜੇ
ਮੰਜਿਉਂ ਉਠਦੀਆਂ ਸਭ ਨੇ ਆ ਜਾਣਾ ਇੱਕ ਦੁਈ ਨੂੰ ਸੱਦ ਲਿਆਵਨਾ ਜੇ
ਵਾਰਸ ਸ਼ਾਹ ਮੀਆਂ ਇਹੋ ਅਰਥ ਹੋਇਆ ਸਭਨਾ ਅਜੂ ਦੇ ਫਲੇ ਨੂੰ ਆਵਨਾ ਜੇ
550. ਸਹਿਤੀ ਅਤੇ ਹੋਰ ਔਰਤਾਂ
ਮਤਿਆਂ ਵਿੱਚ ਉਮਾਹ ਦੀ ਰਾਤ ਗੁਜ਼ਰੀ ਤਾਰੇ ਗਿਣਦੀਆਂ ਸਭ ਉਦਮਾਦੀਆਂ ਨੇ
ਗਿਰਧੇ ਪਾਉਂਦੀਆਂ ਘੁੰਬਰਾਂ ਮਾਰਦੀਆਂ ਸਨ ਜਹੀਆਂ ਹੋਣ ਮੁਟਿਆਰਾਂ ਦੀਆਂ ਵਾਦੀਆਂ ਨੀ
ਨਖਰੀਲੀਆ ਇੱਕ ਨਕ ਤੋੜਨਾਂ ਸਨ ਹਿਕ ਭੋਲੀਆਂ ਸਿਧੀਆ ਸਾਦੀਆਂ ਨੇ
ਇੱਕ ਨੇਕ ਬਖਤਾਂ ਇੱਕ ਬੇਜ਼ਬਾਨਾਂ ਹਿਕ ਨਚਨੀਆਂ ਤੇ ਮਾਲਜ਼ਾਦੀਆਂ ਨੇ
551. ਸਾਰੀਆਂ ਨੂੰ ਸੁਨੇਹਾ
ਗੰਢ ਫਿਰੀ ਰਾਤੀਂ ਵਿੱਚ ਖੇੜਿਆਂ ਦੇ ਘਰੋ ਘਰੀ ਵਿਚਾਰ ਵਿਚਾਰਿਉ ਨੇ
ਭਲਕੇ ਖੂਹ ਤੇ ਜਾਇਕੇ ਕਰਾਂ ਕੁਸਤੀ ਇੱਕ ਦੂਸਰੀ ਨੂੰ ਖੁਮ ਮਾਰਿਉ ਨੇ
ਚਲੋ ਚਲੀ ਹੀ ਕਰਨ ਛਨਾਲ ਬਾਜ਼ਾਂ ਸਭ ਕੰਮ ਤੇ ਕਾਜ ਵਸਾਰਿਉ ਨੇ
ਬਾਜ਼ੀ ਦਿਤਿਆਂ ਨੇ ਪੇਵਾਂ ਬੁੱਢੀਆਂ ਨੂੰ ਲਬਾ ਮਾਂਵਾਂ ਦੇ ਮੂੰਹਾਂ ਤੇ ਮਾਰਿਉ ਨੇ
ਸ਼ੈਤਾਨ ਦੀਆਂ ਲਸ਼ਕਰਾਂ ਫੈਲਸੂਫਾਂ ਬਿਨਾ ਆਤਸ਼ੋ ਫਨ ਪਘਾਰਿਉ ਨੇ
ਗਿਲਤੀ ਮਾਰ ਲੰਗੋਟੜੇ ਵਟ ਟੁਰੀਆਂ ਸਭੋ ਕਪੜਾ ਚਿਥੜਾ ਝਾੜਿਉ ਨੇ
ਸਭਾ ਭੰਨ ਭੰਡਾਰ ਉਜਾੜ ਛੋਪਾਂ ਸਣੇ ਪੂਣੀਆਂ ਪਿੜੀ ਨੂੰ ਸਾੜਿਉ ਨੇ
ਤੰਗ ਖਿਚ ਸਵਾਰ ਤਿਆਰ ਹੋਏ ਕੜਿਆਲੜੇ ਘੋੜੀਆਂ ਚਾੜ੍ਹਿਉ ਨੇ
ਰਾਤੀਂ ਲਾ ਮਹਿੰਦੀ ਦਿੰਹ ਘਤ ਸੁਰਮਾ ਗੁੰਦ ਚੁੰਡੀਆਂ ਕੁੰਭ ਸੰਘਾਰਿਊ ਨੇ
ਤੇੜ ਲੁੰਗੀਆਂ ਬਹੁਕਰਾਂ ਦੇਣ ਪਿੱਛੋਂ ਸੁਥਣ ਚੂੜੀਆ ਪਾਂਉਚੇ ਚਾੜਿਉ ਨੇ
ਕੱਜਲ ਪੂਛਲਿਆਲੜੇ ਵਿਆਹੀਆਂ ਦੇ ਹੋਠਾਂ ਸੁਰਖ ਦੰਦਾਸੜੇ ਚਾੜਿਉ ਨੇ
ਜ਼ੁਲਫਾਂ ਪਲਮ ਪਈਆਂ ਗੋਰੇ ਮੁਖੜੇ ਤੇ ਬਿੰਦੀਆਂ ਪਾਇਕੇ ਰੂਪ ਸੰਘਾਇਉ ਨੇ
ਗੱਲ੍ਹਾਂ ਥੋਡੀਆ ਤੇ ਬਣੇ ਖਾਲ ਦਾਣੇ ਰੜੇ ਹੁਸਨ ਨੂੰ ਚਾ ਉਘਾੜਿਉ ਨੇ
ਛਾਤੀਆਂ ਖੋਲ ਕੇ ਹੁਸਨ ਦੇ ਕੱਢ ਲਾਟੂ ਵਾਰਸ ਸ਼ਾਹ ਨੂੰ ਚਾ ਉਜਾੜਿਉ ਨੇ
552. ਸ਼ਾਇਰ ਦਾ ਕਥਨ
ਦੇ ਦੁਆਈਆਂ ਰਾਤ ਮੁਕਾ ਸੁੱਟੀ ਦੇਖੋ ਹੋਵਨੀ ਕਰੇ ਸ਼ਤਾਬੀਆਂ ਜੀ
ਜਿਹੜੀ ਹੋਵਨੀ ਗੱਲ ਸੋ ਹੋ ਰਹੀ ਸੱਭੇ ਹੋਵਨੀ ਦੀਆਂ ਖਰਾਬੀਆਂ ਜੀ
ਏਸ ਹੋਵਨੀ ਸ਼ਾਹ ਫਕੀਰ ਕੀਤੇ ਪੰਨੂ ਜੇਹਿਆਂ ਕਰੇ ਸ਼ਰਾਬੀਆਂ ਜੀ
ਮਜਨੂੰ ਜੇਹਿਆਂ ਨਾਮ ਮਜਜ਼੍ਹਬ ਹੋਏ ਸ਼ਹਿਜ਼ਾਦੀਆਂ ਕਰੇ ਬੇਆਬੀਆਂ ਜੀ
ਮਾਅਸ਼ਕ ਨੂੰ ਬੇਪਰਵਾਹ ਕਰਕੇ ਵਾਏ ਆਸ਼ਕਾਂ ਰਾਤ ਬੇਖਾਬੀਆਂ ਜੀ
ਅਲੀ ਜੇਹਿਆਂ ਨੂੰ ਕਤਲ ਗੁਲਾਮ ਕੀਤਾ ਖਬਰ ਹੋਈ ਨਾ ਮੂਲ ਅਸਹਾਬੀਆਂ ਜੀ
ਕੁੜੀਆਂ ਪਿੰਡ ਦੀਆਂ ਬੈਠ ਕੇ ਧੜਾ ਕੀਤਾ ਲੈਣੀ ਅੱਜ ਕੰਧਾਰ ਪੰਜਾਬੀਆਂ ਜੀ
ਵਾਰਸ ਸ਼ਾਹ ਮੀਆਂ ਫਲੇ ਖੇੜਿਆਂ ਦੇ ਜਮ੍ਹਾਂ ਆਣ ਹੋਈਆਂ ਹਰਬਾਬੀਆਂ ਜੀ
553. ਉਹੀ
ਇਸ਼ਕ ਇੱਕ ਤੇ ਇਫਤਰੇ ਲਖ ਕਰਨੇ ਯਾਰੋ ਔਖੀਆਂ ਯਾਰਾਂ ਦੀਆਂ ਯਾਰੀਆਂ ਨੀ
ਕੇਡਾ ਪਾੜਨਾ ਪਾੜਿਆ ਇਸ਼ਕ ਪਿੱਛੇ ਸਦ ਘੱਲੀਆਂ ਸਭ ਕਵਾਰੀਆਂ ਨੀ
ਏਨ੍ਹਾਂ ਯਾਰੀਆਂ ਰਾਜਿਆਂ ਫਕਰ ਕੀਤਾ ਇਸ਼ਕ ਕੀਤਾ ਖਲਕਤਾਂ ਸਾਰੀਆਂ ਨੀ
ਕੋਈ ਹੀਰ ਹੈ ਨਵਾਂ ਨਾ ਇਸ਼ਕ ਕੀਤਾ ਇਸ਼ਕ ਕੀਤਾ ਖਲਕਤਾਂ ਸਾਰੀਆ ਨੀ
ਏਸ ਇਸ਼ਕ ਨੇ ਦੇਖ ਫਰਹਾਦ ਕੁੱਠਾ ਕੀਤੀਆਂ ਯੂਸਫ ਨਾਲ ਖਵਾਰੀਆਂ ਨੀ
ਇਸ਼ਕ ਸੋਹਣੀ ਜਹੀਆਂ ਸੂਰਤਾਂ ਭੀ ਡੋਬ ਵਿੱਚ ਦਰਿਆ ਦੇ ਮਾਰੀਆਂ ਨੀ
ਮਿਰਜ਼ੇ ਜੇਹੀਆਂ ਸੂਰਤਾਂ ਇਸ਼ਕ ਸੁੰਝੇ ਅੱਗ ਲਾਇਕੇ ਬਾਰ ਵਿੱਚ ਸਾੜੀਆਂ ਨੀ
ਦੇਖ ਬੂਬਨਾਂ ਮਾਰੂਨ ਕਹਿਰ ਘੱਤੀ ਕਈ ਹੋਰ ਕਰ ਚੱਲੀਆਂ ਯਾਰੀਆਂ ਨੀ
ਵਾਰਸ ਸ਼ਾਹ ਜਹਾਨ ਦੇ ਚਲਨ ਨਿਆਰੇ ਅਤੇ ਇਸ਼ਕ ਦੀਆਂ ਧਜਾਂ ਨਿਆਰੀਆਂ ਨੇ
554. ਉਹੀ ਚਲਦਾ
ਸੁਬਾ ਚਲਦਾ ਖੇਤ ਕਰਾਰ ਹੋਇਆ ਕੁੜੀਆਂ ਮਾਵਾ ਦੀਆਂ ਕਰਨ ਦਿਲਦਾਰੀਆਂ ਨੀ
ਆਪੋ ਆਪਣੇ ਥਾਂ ਤਿਆਰ ਹੋਈਆਂ ਕਈ ਵਿਆਹੀਆਂ ਕਈ ਕਵਾਰੀਆਂ ਨੀ
ਰੋਜ਼ੇ ਦਾਰ ਨੂੰ ਈਦ ਦਾ ਚੰਨ ਚੜ੍ਹਿਆ ਜਿਵੇਂ ਹਾਜੀਆਂ ਹਜ ਤਿਆਰੀਆਂ ਨੀ
ਜਿਵੇਂ ਵਿਆਹ ਦੀ ਖੁਸ਼ੀ ਦਾ ਚਾ ਚੜ੍ਹਦਾ ਅਤੇ ਮਿਲਣ ਮੁਬਾਰਕਾਂ ਕਵਾਰੀਆਂ ਨੀ
ਚਲੋ ਚਲ ਹਿਲ ਜੁਲ ਤਰਥੱਲ ਧੜ ਧੜ ਖੁਸ਼ੀ ਨਾਲ ਨੱਚਣ ਮਤਿਆਰੀਆਂ ਨੀ
ਥਾਉਂ ਥਾਈ ਚਵਾ ਦੇ ਨਾਲ ਫੜਕੇ ਮੁੱਠੇ ਚੂੜੀਆਂ ਦੇ ਮਿਨਹਾਰੀਆਂ ਨੀ
ਗਿਰਦ ਫਲੇ ਦੀ ਖੁਰਲੀ ਆਣ ਹੋਈਆਂ ਸਭ ਹਾਰ ਸੰਗਾਰ ਕਰ ਸਾਰੀਆਂ ਨੀ
ਏਧਰ ਸਹਿਤੀ ਨੇ ਮਾਂਉ ਤੋਂ ਲਈ ਰੁਖਸਤ ਚਲੋ ਚਲ ਜਾਂ ਸਭ ਪੁਕਾਰੀਆਂ ਨੀ
ਐਵੇਂ ਬੰਨ੍ਹ ਕਤਾਰ ਹੋ ਸਫਾਂ ਚੂਰੀਆਂ ਜਿਵੇਂ ਲਦਿਆ ਸਾਥ ਬਿਉਪਾਰੀਆਂ ਨੀ
ਐਵੇਂ ਸਹਿਤੀ ਨੇ ਕਵਾਰੀਆਂ ਮੇਲ ਲਈਆਂ ਜਿਵੇਂ ਝੁੰਡ ਮੇਲੇ ਜਟਾਧਾਰੀਆਂ ਨੀ
ਖਤਰੇਟੀਆਂ ਅਤੇ ਬਹਿਮਨਟੀਅ ਨੀ ਜਟੇਟੀਆਂ ਨਾਲ ਸਨਿਆਰੀਆਂ ਨੀ
ਘੋੜੇ ਛੁੱਟੇ ਅਬਾਹ ਜਿਉਂ ਫਿਰਨ ਨਚਦੇ ਚੱਲਣ ਟੇਢੜੀ ਚਾਲ ਮੁਟਿਆਰੀਆਂ ਨੀ
ਵਾਰਸ ਸ਼ਾਹ ਹੁਣ ਹੀਰ ਨੂੰ ਸੱਪ ਲੜਦਾ ਚੈਂਚਰ ਪਾਂਉਦੀਆਂ ਚੈਂਚਰ ਹਾਰੀਆਂ ਨੀ
555. ਹੀਰ ਸਹਿਤੀ ਨਾਲ ਖੇਤ ਨੂੰ ਤੁਰ ਪਈ
ਹੁਕਮ ਹੀਰ ਦਾ ਮਾਂਉਂ ਥੋਂ ਲਿਆ ਸਹਿਤੀ ਗਲ ਗਿਣੀ ਸੂ ਨਾਲ ਸਹੇਲੀਆਂ ਦੇ
ਤਿਆਰ ਹੋਈਆਂ ਦੋਵੇਂ ਨਨਾਣ ਭਾਬੀ ਨਾਲ ਚੜ੍ਹੇ ਨੇ ਕਟਕ ਅਰਬੇਲੀਆਂ ਦੇ
ਛਡ ਪਾਸਨੇ ਤੁਰਕ ਬੇਰਾਹ ਚਲੇ ਰਾਹ ਮਾਰਦੇ ਨੇ ਅਟਖੇਲੀਆਂ ਦੇ
ਕਿੱਲੇ ਪੁਟ ਹੋ ਗਈ ਵਿੱਚ ਵਿਹੜਿਆਂ ਦੇ ਰਹੀ ਇੱਕ ਨਾ ਵਿੱਚ ਹਵੇਲੀਆਂ ਦੇ
ਸੋਹਣ ਬੈਂਸਰਾਂ ਨਾਲ ਬਲਾਕ ਬੁੰਦੇ ਟਿੱਕੇ ਫਬ ਰਹੇ ਵਿੱਚ ਮਥੇਲੀਆਂ ਦੇ
ਧਾਗੇ ਪਾਂਉਟੇ ਬੰਨ੍ਹ ਕੇ ਨਾਲ ਬੋਦੇ ਗੋਇਆ ਫਿਰਨ ਦੁਕਾਨ ਫੁਲੇਲਿਆਂ ਦੇ
ਜਟਾ ਧਾਰੀਆਂ ਦਾ ਝੁੰਡ ਤਿਆਰ ਹੋਇਆ ਸਹਿਤੀ ਗੁਰੂ ਚਲਿਆ ਨਾਲ ਚੇਲੀਆਂ ਦੇ
ਰਾਜੇ ਇੰਦਰ ਦੀ ਸਭਾ ਵਿੱਚ ਹੋਈ ਹੋਰੀ ਪਏ ਅਜਬ ਛਨਕਾਰ ਅਬੇਲੀਆਂ ਦੇ
ਆਪ ਹਾਰ ਸੰਗਾਰ ਕਰ ਦੌੜ ਚਲੀਆਂ ਅਰਥ ਕੀਤਿਆਂ ਨੇ ਨਾਲ ਬੇਲੀਆਂ ਦੇ
ਵਾਰਸ ਸ਼ਾਹ ਕਸਤੂਰੀ ਦੇ ਮਿਰਗ ਛੁਟੇ ਥਈ ਬਈ ਸਰੀਰ ਮਥੱਲੀਆਂ ਨੇ
556. ਖੇਤ ਵਿੱਚ ਦਾਖ਼ਲਾ
ਫੌਜ ਹੁਸਨ ਦੀ ਖੇਤ ਵਿੱਚ ਖਿੰਡ ਪਈ ਤੁਰਤ ਚਾ ਲੰਗੋਟੜੇ ਵਟਿਉ ਨੇ
ਸੰਮੀ ਘਤਦੀਆਂ ਮਾਰਦੀਆਂ ਫਿਰਨ ਗਿਰਧਾ ਪੰਭੀ ਘਤ ਬਨਾਵਟ ਪਟਿਉ ਨੇ
ਤੋੜ ਕਿੱਕਰੋ ਸੂਲ ਦਾ ਵੱਡਾ ਕੰਡਾ ਪੈਰ ਚੋਭ ਕੇ ਖੂਨ ਪੱਲਟਿਉ ਨੇ
ਸਹਿਤੀ ਮਾਂਦਰਨ ਫਨ ਦਾ ਨਾਗ ਭਿਛਿਆ ਦੰਦੀ ਮਾਰ ਕੇ ਖੂਨ ਉਲਟਿਉ ਨੇ
ਸ਼ਿਸਤ ਅੰਦਾਜ਼ ਨੇ ਮਕਰ ਦੀ ਸ਼ਿਸਤ ਕੀਤੀ ਓਸ ਹੁਸਨ ਦੇ ਮੋਰ ਨੂੰ ਫਟਿਉ ਨੇ
ਵਾਰਸ ਯਾਰ ਦੇ ਖਰਚ ਤਹਿਸੀਲ ਵਿੱਚੋਂ ਹਿੱਸਾ ਸਰਫ ਕਸੂਰ ਦਾ ਕਟਿਉ ਨੇ
557. ਹੀਰ ਦੀ ਹਾਲਤ
ਦੰਦ ਮੀਟ ਘਸੀਟ ਇਹ ਹੱਡ ਗੋਡੇ ਚਿਬੇ ਹੋਠ ਗੱਲ੍ਹਾਂ ਕਰ ਨੀਲੀਆਂ ਜੀ
ਨੱਕ ਚਾੜ੍ਹ ਦੰਦੇੜਕਾਂ ਵਟ ਰੋਏ ਕਢ ਅੱਖੀਆਂ ਨੀਲੀਆਂ ਪੀਲੀਆਂ ਜੀ
ਥਰ ਥਰ ਕੰਬੇ ਤੇ ਆਖੇ ਮੈਂ ਮੋਈ ਲੋਕਾ ਕੋਈ ਕਰੇ ਝਾੜਾ ਬੁਰੇ ਹੀਲਿਆਂ ਜੀ
ਮਾਰੇ ਲਿੰਗ ਤੇ ਪੈਰ ਬੇਸੁਰਤ ਹੋਈ ਲਏ ਜਿਉ ਨੇ ਕਾਜ ਕਲੇਲੀਆਂ ਜੀ
ਸ਼ੈਤਾਨ ਸੈਤੂੰਗੜੇ ਹੱਥ ਜੋੜਨ ਸਹਿਤੀ ਗੁਰੂ ਤੇ ਅਸੀਂ ਜੋਗੀਲੀਆਂ ਜੀ
558. ਹੀਰ ਨੂੰ ਸਪ ਨੇ ਡੰਗਣਾ
ਹੀਰ ਮੀਟ ਕੇ ਦੰਦ ਪੈ ਰਹੀ ਬੋਖੁਦ ਸਹਿਤੀ ਹਾਲ ਬੂ ਸ਼ੋਰ ਪੁਕਾਰਿਆ ਈ
ਕਾਲੇ ਨਾਗ ਨੇ ਫਨ ਫੁਲਾ ਵੱਡਾ ਡੰਗ ਵੌਹਟੀ ਦੇ ਪੈਰ ਤੇ ਮਾਰਿਆਂ ਈ
ਕੁੜੀਆਂ ਕਾਂਗ ਕੀਤੀ ਆ ਪਈ ਵਾਹਰ ਲੋਕਾਂ ਕੰਮ ਤੇ ਕਾਜ ਵਸਾਰਿਆ ਈ
ਮੰਜੇ ਪਾਇਕੇਹੀਰ ਨੂੰ ਘਰੀ ਘਿਨਿਆ ਜਟੀ ਪਲੋ ਪਲੀ ਅੰਗ ਨਿਹਾਰਿਆ ਈ
ਦੇਖੋ ਫਾਰਲੀ ਤੋਰਕੀ ਨਜ਼ਮ ਨਸਰੋਂ ਇਹ ਮਕਰ ਘਿਉ ਵਾਂਗ ਨਿਤਾਰਿਆ ਈ
ਅੱਗੇ ਕਿਸੇ ਕਿਤਾਬ ਵਿੱਚ ਨਹੀਂ ਪੜ੍ਹਿਆ ਜੇਹਾ ਖਚਰਿਆਂ ਪਚਰਪੌ ਸਾਰਿਆ ਈ
ਸ਼ੈਤਾਨ ਨੇ ਆਣ ਸਲਾਮ ਕੀਤਾ ਤੁਸਾਂ ਜਿੱਤਿਆ ਤੇ ਅਸਾਂ ਹਾਰਿਆ ਈ
ਅਫਲਾ ਤੁਨ ਦੀ ਰੀਸ਼ ਮਿਕਰਾਜ਼ ਕੀਤੀ ਵਾਰਸ ਕੁਦਰਤਾਂ ਦੇਖ ਕੇ ਵਾਰਿਆ ਈ
559. ਸਾਰੇ ਖ਼ਬਰ ਹੋ ਗਈ
ਖੜਕੇ ਸ਼ਾਂਘਰੋਂ ਦਿਲਬਰਾਂ ਕਾਂਗ ਕੀਤੀ ਸਾਰੇ ਦੇਸ ਤੇ ਧੁੰਮ ਭੋਚਾਲ ਆਹੀ
ਘਰੀਂ ਖੁਰ ਹੋਈ ਕੜਾ ਦੇਸ ਸਾਰੇ ਨੂੰਹ ਖੇੜਿਆਂ ਦੀ ਜੇਹੜੀ ਸਿਆਲ ਆਹੀ
ਸਰਦਾਰ ਸੀ ਖੂਬਾਂ ਦੇ ਤ੍ਰਿੰਜਨਾਂ ਦੀ ਜਿਸ ਦੀ ਹੰਸ ਤੇ ਮੋਰ ਦੀ ਚਾਲ ਆਹੀ
ਖੇੜੇ ਨਾਲ ਸੀ ਓਸ ਅਜੋੜ ਮੁਢੋਂ ਦਿਲੋਂ ਸਾਫ ਰੰਝੇਟੇ ਦੇ ਨਾਲ ਆਹੀ
ਓਸ ਨਾਗਨੀ ਨੂੰ ਕੋਈ ਸੱਪ ਲੜਿਆ ਸੱਸ ਓਸ ਨੂੰ ਦੇਖ ਨਿਹਾਲ ਆਹੀ
'ਇੰਨਾ ਕਈਦਾ ਕੁੰਨਾ' ਬਾਬਾ ਔਰਤਾਂ ਦੇ ਧੁਰੋਂ ਵਿੱਚ ਕੁਰਾਨ ਦੇ ਫਾਲ ਆਹੀ
560. ਮਾਂਦਰੀਆਂ ਨੂੰ ਸਦਿਆ
ਸਦ ਮਾਂਦਰੀ ਖੇੜਿਆਂ ਲਖ ਆਂਦੇ ਫਕਰ ਵੈਦ ਤੇ ਭਟ ਮਦਾਰੀਆਂ ਦੇ
ਤਰਿਆਕ ਅਕਬਰ ਅਫਲਾਤੂਨ ਵਾਲਾ ਦਾਰੂ ਵੱਡੇ ਫਰੰਗ ਪਸਾਰੀਆਂ ਦੇ
ਜਿਨ੍ਹਾਂ ਜ਼ਾਤ ਹਜ਼ਾਰ ਦੇ ਸੱਪ ਕੀਲੇ ਘਤ ਆਂਦੇ ਨੇ ਵਿੱਚ ਪਟਾਰੀਆਂ ਦੇ
ਗੰਡੇ ਲਿਖ ਤਾਅਵੀਜ਼ ਤੇ ਧੂਪ ਧੂਣੀ ਸੂਤ ਆਂਦੇ ਨੇ ਕੰਜ ਕਵਾਰੀਆਂ ਦੇ
ਕੋਈ ਇੱਕ ਚਵਾ ਖੁਆ ਗੰਢੇ ਨਾਗ ਦੂਣ ਧਾਤਾ ਸਭੇ ਸਾਰਿਆਂ ਦੇ
ਕਿਸੇ ਲਾ ਮੱਕੇ ਲੱਸੀ ਵਿੱਚ ਘੱਤੇ ਪਰਦੇ ਚਾ ਪਾਏ ਨਰਾਂ ਨਾਰਈਆਂ ਦੇ
ਤੇਲ ਮਿਰਚ ਤੇ ਬੂਟੀਆਂ ਦੁੱਧ ਪੀਸੇ ਘਿਉ ਦੇਂਦੇ ਨੇ ਨਾਲ ਖਵਾਰੀਆਂ ਦੇ
ਵਾਰਸ ਸ਼ਾਹ ਸਪਾਧਿਆਂ ਪਿੰਡ ਬੱਧੇ ਘੁਣ ਜ਼ਹਿਰ ਮੁਹਰੇ ਧਾਤਾਂ ਮਾਰੀਆਂ ਦੇ
561. ਲੋਕਾਂ ਦਾ ਕਥਨ
ਦਰਦ ਹੋਰ ਤੇ ਦਾਰੁੜਾ ਹੋਰ ਕਰਦੇ ਫਰਕ ਪਵੇ ਲਾ ਲੋੜ ਵਿੱਚ ਲੁੜ੍ਹੀ ਹੈ ਨੀ
ਰੰਨਾ ਦੇਖ ਕੇ ਆਖਦੀਆਂ ਜ਼ਹਿਰ ਧਾਨੀ ਕੋਈ ਸਾਇਤ ਇਹ ਜਿਊਂਦੀ ਕੁੜੀ ਹੈ ਨੀ
ਹੀਰ ਆਖਦੀ ਜ਼ਹਿਰ ਹੈ ਖਿੰਡ ਚੱਲੀ ਛਿੱਬੀ ਕਾਲਜਾ ਚੀਰ ਦੀ ਛੁਰੀ ਹੋ ਨੀ
ਮਰ ਚੱਲੀ ਹੈ ਹੀਰ ਸਿਆਲ ਭਾਵੇਂ ਭਲੀ ਬੁਰੀ ਓਥੇ ਆਨ ਜੁੜੀ ਹੈ ਨੀ
ਜਿਸ ਵੇਲੇ ਦੀ ਸੂਤਰੀ ਇਹ ਸੁੰਘੀ ਭਾਗੀਂ ਹੋ ਗਈ ਹੈ ਨਾਹੀਂ ਮੁੜੀ ਹੈ ਨੀ
ਵਾਰਸ ਸ਼ਾਹ ਸਦਾਈਏ ਵੈਦ ਰਾਂਝਾ ਜਿਸ ਥੇ ਦਰਦ ਅਸਾਡੇ ਦੀ ਪੁੜੀ ਹੈ ਨੀ
562. ਸਹਿਤੀ ਅਤੇ ਮਾਂ
ਸਹਿਤੀ ਆਖਿਆ ਫਰਕ ਨਾ ਪਵੇ ਮਾਸਾ ਇਹ ਸੱਪ ਦਾ ਕੀਲ ਤੇ ਆਂਵਦੇ ਨੇ
ਕਾਲੇ ਬਾਗ਼ ਵਿੱਚ ਜੋਗੜਾ ਸਿੱਧ ਦਾਤਾ ਓਸ ਦੇ ਕਦਮ ਪਾਇਆਂ ਦੁਖ ਜਾਂਵਦੇ ਨੇ
ਭਾਸ਼ਕ ਨਾਂਗ ਕਰੰਡੀਏ ਮੇਡ ਭੱਸ਼ਕ ਛੀਣੇ ਤਿੱਤਰੇ ਸਭ ਨਿਉਂ ਆਂਵਦੇ ਨੇ
ਕਲਗੀ ਧਰ ਤੇ ਉਡਣਾਂ ਭੂੰਡ ਆਬੀ ਅਸਰਾਲ ਘੜਾਲ ਡਰ ਖਾਂਵਦੇ ਨੇ
ਤੰਦੁਰੜਾ ਬੋਰੜਾ ਫੰਨੀ ਫਨੀਅਰ ਸਭ ਆਨ ਕੇ ਸੀਸ ਨਿਵਾਂਦੇ ਨੇ
ਮਨੀ ਦਾਰ ਦੂਸਰੇ ਤੇ ਘਰਨੀਏ ਭੀ ਮੰਤਰ ਪੜ੍ਹੇ ਤਾਂ ਕੀਲ ਤੇ ਆਂਵਦੇ ਨੇ
ਕੰਗੋੜਿਆ ਧਾਮੀਆ ਨ ਨਸਾ ਵੀ ਰਤਵਾੜਿਆ ਕਜਲੀਆ ਝਾਂਵਦੇ ਨੇ
ਖਜੂਰੀਆ ਤੇਲੀਆ ਨਿਪਟ ਚੁੰਘਾ ਹਤਵਾਰੀਆ ਕੋਝਿਆ ਗਾਂਵਦੇ ਨੇ
ਬਲਿਸ਼ਤੀਆ ਚੱਪੀਆ ਸੰਗ ਚੂਰਾ ਚਲਮਲਾਵੜਾ ਕੁਲਨਾਂਸੀਆ ਧਾਂਵਦੇ ਨੇ
ਕੋਈ ਦੁਖ ਤੋਂ ਦਰਦ ਨਾ ਰਹੇ ਭੋਰਾ ਜਾਦੂ ਜਿੰਨ ਤੇ ਭੂਤ ਸਭ ਜਾਂਵਣਦੇ ਨੇ
ਰਾਉ ਰਾਜੇ ਤੇ ਵੈਦ ਤੇ ਦੇਵ ਪਰੀਆਂ ਸਭ ਓਸ ਥੋਂ ਹੱਥ ਵਖਾਂਵਦੇ ਨੇ
ਹੋਰ ਵੈਦ ਸਭ ਵੈਦਗੀ ਲਾ ਥੱਕੇ ਵਾਰਸ ਸ਼ਾਹ ਜੋਗੀ ਹੁਣ ਆਂਵਦੇ ਨੇ
563. ਜੋਗੀ ਸੱਦਣ ਲਈ ਆਦਮੀ ਭੇਜਣ ਦੀ ਸਲਾਹ
ਖੇੜਿਆਂ ਆਖਿਆ ਸੈਦੇ ਨੂੰ ਘਲ ਦੀਚ ਜਿਹੜਾ ਡਿੱਗੇ ਫਕੀਰ ਦੇ ਜਾ ਪੈਰੀ
ਸਾਡੀ ਕਰੇ ਵਾਹਰ ਨਾਮ ਰਬ ਤੇ ਕੋਈ ਫਜ਼ਲ ਦਾ ਪਲੋਰਾ ਚਾ ਪੈਰਰੀਂ
ਸਾਰਾ ਖੋਲ ਕੇ ਹਾਲ ਅਹਿਵਾਲ ਆਖੀਂ ਨਾਲ ਮਹਿਰੀਆਂ ਬਰਕਤਾਂ ਵਿੱਚ ਦੈਰੀਂ
ਚਲੋ ਵਾਸਤੇ ਰਬ ਦੇ ਨਾਲ ਮੇਰੇ ਕਦਮ ਘਤਿਆਂ ਫਕਰ ਦੇ ਹੋਰ ਖੈਰੀਂ
ਦਮ ਲਾਇਕੇ ਸਿਆਲ ਵਿਆਹ ਲਿਆਂਦੀ ਜੰਜ ਜੋੜ ਕੇ ਗਏ ਸਾਂ ਵਿੱਚ ਵੈਰੀਂ
ਬੈਠ ਕੋੜਮੇ ਗਲ ਪਕਾ ਛੱਡੀ ਸੈਦਾ ਘੱਲੀਏ ਰਲਣ ਜਾਂ ਐਰ ਐਰੀਂ
ਜੀਕੂੰ ਜਾਣਸੈ ਤਿਵੇਂ ਲਿਆ ਜੋਗੀ ਕਰ ਮਿੰਨਤਾਂ ਲਾਵਣਾ ਹੱਥ ਪੈਰੀਂ
ਵਾਰਸ ਸ਼ਾਹ ਮੀਆਂ ਤੇਰਾ ਇਲਮ ਹੋਇਆ ਮਸ਼ਹੂਰ ਵਿੱਚ ਜਿੰਨ ਤੇ ਇਣਸ ਤੈਰੀਂ
564. ਸੈਦੇ ਨੂੰ ਭੇਜਿਆ
ਅਜੁ ਆਖਿਆ ਸੈਦਿਆ ਜਾ ਭਾਈ ਇਹ ਵੌਹਟੀਆਂ ਬਹੁਤ ਪਿਆਰੀਆਂ ਜੀ
ਜਾ ਬੰਨ੍ਹ ਕੇ ਹੱਥ ਸਲਾਮ ਕਰਨਾ ਤੁਸਾਂ ਤਾਰੀਆਂ ਖਲਕਤਾਂ ਸਾਰੀਆਂ ਜੀ
ਅੱਗੇ ਨਜ਼ਰ ਰੱਖੀਂ ਸਭ ਹਾਲ ਦੱਸੀਂ ਅੱਗੇ ਜੋਗੀੜੇ ਦੇ ਕਰੀਂ ਜ਼ਾਰੀਆਂ ਜੀ
ਸਾਨੂੰ ਬਣੀ ਹੈ ਹੀਰ ਨੂੰ ਸੱਪ ਲੜਿਆ ਖੋਲ ਕਹੇ ਹਕੀਕਤਾਂ ਸਾਰੀਆਂ ਜੀ
ਆਖੀਂ ਵਾਸਤੇ ਰਬ ਦੇ ਚਲੋ ਜੋਗੀ ਸਾਨੂੰ ਬਣੀਆਂ ਮਸੀਬਤਾਂ ਭਾਰੀਆਂ ਜੀ
ਜੋਗੀ ਮਾਰ ਮੰਤਰ ਕਰੇ ਸੱਪ ਹਾਜ਼ਰ ਜਾ ਲਿਆ ਵਲਾਇਕੇ ਵਾਰੀਆਂ ਜੀ
ਵਾਰਸ ਸ਼ਾਹ ਓਥੇ ਨਾਹੀਂ ਫੁਰੇ ਮੰਤਰ ਜਿੱਥੇ ਇਸ਼ਕ ਨੇ ਦੰਦੀਆਂ ਮਾਰੀਆਂ ਜੀ
565. ਸੈਦਾ ਚਲੇ ਗਿਆ
ਸੈਦਾ ਵਟ ਬੁੱਕਲ ਬੱਧੀ ਪਚਾੜਿਕੀ ਜੁੱਤੀ ਚਾੜ੍ਹ ਕੇ ਡਾਂਗ ਲੈ ਕੜਕਿਆ ਈ
ਵਾਹੋ ਵਾਹ ਚਲਿਆ ਖੋਰੀ ਬੰਨ੍ਹ ਖੇੜਾ ਵਾਂਗ ਕਾਟਕੋ ਮਾਲ ਤੇ ਸਰਕਿਆ ਈ
ਕਾਲੇ ਬਾਗ਼ ਵਿੱਚ ਜੋਗੀ ਥੇ ਜਾ ਵੜਿਆ ਜੋਗੀ ਦੇਖ ਕੇ ਜਟ ਨੂੰ ਵੜਕਿਆ ਈ
ਖੜਾ ਹੋਇ ਮਾਹੀ ਮੁੰਡਿਆ ਕਹਾਂ ਆਵੇਂ ਮਾਰ ਵਾਹੁੜਾ ਸ਼ੋਰ ਕਰ ਭੜਕਿਆ ਈ
ਸੈਦਾ ਸੰਗ ਕੇ ਥਰ ਥਰਾ ਖੜਾ ਕੰਬੇ ਓਸ ਦਾ ਅੰਦਰੋਂ ਕਾਲਜਾ ਘੜਕਿਆ ਈ
ਓਥੋਂ ਖੜੀ ਕਰ ਬਾਂਹ ਪੁਕਾਰਦਾ ਈ ਏਹਾ ਖਤਰੇ ਦਾ ਮਾਰਿਆਂ ਯਰਕਿਆ ਈ
ਚੱਲੀ ਵਾਸਤੇ ਰਬ ਦੇ ਜੋਗੀਆ ਓ ਖਾਰ ਵਿੱਚ ਕਲੇਜੇ ਦੇ ਰੜਕਿਆ ਈ
ਜੋਗੀ ਪੁੱਛਦਾ ਬਣੀ ਹੈ ਕੌਣ ਤੈਨੂੰ ਏਸ ਹਾਲ ਆਇਉ ਜੱਟਾ ਬੜ੍ਹਕਿਆ ਈ
ਜਟੀ ਵੜੀ ਕਪਾਹ ਵਿੱਚ ਬੰਨ ਝੋਲੀ ਕਾਲਾ ਨਾਗ ਅਜ਼ ਗੈਬ ਥੀਂ ਕੜਕਿਆ ਈ
ਵਾਰਸ ਸ਼ਾਹ ਜੋ ਚੋਟੀਆਂ ਕਢ ਆਈ ਅਤੇ ਸੱਪ ਸਰੋਤਿਆਂ ਮਰਕਿਆ ਈ
566. ਰਾਂਝੇ ਦਾ ਉੱਤਰ
ਤਕਦੀਰ ਨੂੰ ਮੋੜਨਾ ਭਾਲਦਾ ਏ ਸੱਪ ਨਾਲ ਤਕਦੀਰ ਦੇ ਡੰਗਦੇ ਨੇ
ਜਿਹਨੂੰ ਰੱਬ ਦੇ ਇਸ਼ਕ ਦੀ ਚਾਟ ਲੱਗੀ ਦੀਦਵਾਨ ਕਜ਼ਾ ਦੇ ਰੰਗ ਦੇ ਨੇ
ਜਿਹੜੇ ਛੱਡ ਜਹਾਨ ਉਜਾੜ ਵਸਣ ਸੁਹਬਤ ਔਰਤਾਂ ਦੀ ਕੋਲੋਂ ਸੰਗਦੇ ਨੇ
ਕਦੀ ਕਿਸੇ ਦੀ ਕੀਲ ਵਿੱਚ ਨਹੀਂ ਆਏ ਜਿਹੜੇ ਸੱਪ ਸਿਆਲ ਤੇ ਝੰਗ ਦੇ ਨੇ
ਅਸਾਂ ਚਾ ਕੁਰਆਨ ਤੇ ਤਰਕ ਕੀਤੀ ਸੰਗ ਮਹਿਰੀਆਂ ਦੇ ਕੋਲੋਂ ਸੰਗਦੇ ਨੇ
ਮਰਨ ਦੇ ਜੱਟੀ ਜ਼ਰਾ ਵੈਣ ਸੁਣੀਏ ਰਾਗ ਨਿਕਲਣ ਰੰਗ ਬਰੰਗ ਦੇ ਨੇ
ਜਵਾਨ ਮੇਰੇ ਮਹਿਰੀ ਬੱਡੇ ਰੰਗ ਹੋਤੇ ਖੁਸ਼ੀ ਹੋਤੇ ਹੈਂ ਰੂਹ ਮਲੱਗ ਦੇ ਨੇਂ
ਵਾਰਸ ਸ਼ਾਹ ਮੁਨਾਇਕੇ ਸੀਸ ਦਾੜ੍ਹੀ ਹੋ ਰਹੇ ਜਿਉਂ ਸੰਗਤੀ ਗੰਗ ਦੇ ਨੇ
567. ਸੈਦੇ ਨੂੰ ਰਾਂਝੇ ਦਾ ਉੱਤਰ
ਹੱਥ ਬੰਨ੍ਹ ਨੀਵੀਂ ਧਉਣ ਘਾਹ ਮੂੰਹ ਵਿੱਚ ਕਢ ਦੰਦੀਆਂ ਮਿੰਨਤਾਂ ਘਾਲਿਆ ਵੋ
ਤੇਰੇ ਚਲਿਆਂ ਹੁੰਦੀਆ ਹੈ ਹੀਰ ਚੰਗੀ ਧੁਰੋਹੀ ਰਬ ਦੀ ਮੁੰਦਰਾਂ ਵਾਲਿਆ ਵੋ
ਅੱਠ ਪਹਿਰ ਹੋਏ ਭੁਖੇ ਕੋੜਮੇ ਨੂੰ ਲੁੜ੍ਹ ਗਏ ਹਾਂ ਫਾਕੜਾ ਜਾਲਿਆਂ ਵੋ
ਜਟੀ ਜ਼ਹਿਰ ਵਾਲੇ ਕਿਸੇ ਨਾਗ ਡੰਗੀ ਅਸਾਂ ਮੁਲਕ ਤੇ ਮਾਂਦਰੀ ਭਾਲਿਆ ਵੋ
ਜੋਗੀ ਵਾਸਤੇ ਰਬ ਦੇ ਤਾਰ ਸਾਨੂੰ ਬੇੜਾ ਲਾ ਬੰਨੇ ਅੱਲਾਹ ਵਾਲਿਆ ਵੋ
ਲਿਖੀ ਵਿੱਚ ਰਜ਼ਾ ਦੇ ਮਰੇ ਜੱਟੀ ਜਿਸ ਨੇ ਸੱਪ ਦਾ ਦੁਖ ਹੈ ਜਾਲਿਆ ਵੋ
ਤੇਰੀ ਜੱਟੀ ਦਾ ਕੀ ਇਲਾਜ ਕਰਨਾ ਅਸਾਂ ਆਪਣਾ ਕੋੜਮਾ ਗਾਲਿਆ ਵੋ
ਵਾਰਸ ਸ਼ਾਹ ਰਜ਼ਾ ਤਕਦੀਰ ਵੇਲਾ ਪੀਰਾਂ ਔਲੀਆਂਵਾਂ ਨਾਹੀਂ ਟਾਲਿਆ ਵੋ
568. ਉੱਤਰ ਜੋਗੀ
ਚੁਪ ਹੋ ਜੋਗੀ ਸਹਿਜ ਨਾਲ ਬੋਲੇ ਜੱਟਾ ਕਾਸ ਨੂੰ ਪਕੜਿਉਂ ਕਾਹੀਆਂ ਨੂੰ
ਅਸੀਂ ਛੱਡ ਜਹਾਨ ਫਕੀਰ ਹੋਏ ਛੱਡ ਦੌਲਤਾਂ ਨਾਲ ਬਾਦਸ਼ਾਹੀਆਂ ਨੂੰ
ਯਾਦ ਰਬ ਦੀ ਛੱਡ ਕੇ ਗਿਰਾਂ ਝੇਰੇ ਢੂੰਡਾਂ ਉਡਦੀਆਂ ਛੱਡ ਕੇ ਫਾਹੀਆਂ ਨੂੰ
ਤੇਰੇ ਨਾਲ ਨਾ ਚੱਲਿਆ ਨਫਾ ਕੋਈ ਮੇਰਾ ਅਮਲ ਨਾਲ ਫੁਰੇ ਵਵਾਹੀਆਂ ਨੂੰ
ਰੰਨਾ ਪਾਸ ਫਕੀਰ ਨੂੰ ਐਬ ਜਾਣਾਂ ਜੇਹਾ ਨੱਸਨਾਂ ਰਣੋ ਸਪਾਹੀਆਂ ਨੂੰ
ਵਾਰਸ ਕਢ ਕੁਰਆਨ ਤੇ ਬਹੇ ਮੰਮਬਰ ਕੇਹਾ ਅੱਡਿਉ ਮਕਰ ਦੀਆਂ ਫਾਹੀਆਂ ਨੂੰ
569. ਉੱਤਰ ਸੈਦਾ
ਸੈਦਾ ਆਖਦਾ ਰੋਦੜੀ ਪਈ ਡੋਲੀ ਚੁਪ ਕਰੇ ਨਾਹੀਂ ਹਤਿਆਰੜੀ ਵੋ
ਵਡੀ ਜਵਾਨ ਬਾਲਗ਼ ਕੋਈ ਪਰੀ ਸੁਰਤ ਤਿੰਨ ਕਪੜੀ ਵੱਡੀ ਮੁਟਿਆਰੜੀ ਵੋ
ਜੋ ਮੈਂ ਹੱਥ ਲਾਵਾਂ ਸਿਰੋਂ ਲਾਹ ਲੈਂਦੀ ਚਾ ਘਤਦੀ ਚੀਕ ਚਹਾੜਦੀ ਵੋ
ਹਥ ਲਾਵਨਾ ਪਲੰਗ ਨੂੰ ਮਿਲੇ ਨਾਹੀਂ ਖੌਫ ਖਤਰਿਉਂ ਰਹੇ ਨਿਆਰੜੀ ਵੋ
ਮੈਨੂੰ ਮਾਰ ਕੇ ਆਪ ਨਿਤ ਰਹੇ ਰੋਂਦੀ ਐਸੇ ਬਾਣ ਉਹ ਰਹੇ ਕਵਾਰੜੀ ਵੋ
ਨਾਲ ਸੱਸ ਨਨਾਣ ਦੇ ਗਲ ਨਾਹੀਂ ਪਈ ਮਚਦੀ ਨਿਤ ਖਵਾਰੜੀ ਵੋ
ਅਸਾਂ ਓਸ ਨੂੰ ਮੂਲ ਨਾ ਹੱਥ ਲਾਇਆ ਕਾਈ ਲੋਥ ਲਾਗਰ ਹੈ ਭਾਰਤੀ ਵੋ
ਐਵੇਂ ਗੁਫਲਤਾਂ ਵਿੱਚ ਬਰਬਾਦ ਕੀਤੀ ਵਾਰਸ ਸ਼ਾਹ ਏਹ ਉਮਰ ਵਿਚਾਰੜੀ ਵੋ
570. ਸੈਦੇ ਨੂੰ ਕਸਮ ਖਲਾਈ
ਜੋਗੀ ਕੀਲ ਕੀਤੀ ਪਿੜੀ ਵਿੱਚ ਚੌਂਕੇ ਛੁਰੀ ਓਸ ਦੇ ਵਿੱਚ ਖੁਭਾਇਆ ਸੂ
ਖਾ ਕਸਮ ਕੁਰਆਨ ਦੀ ਬੈਠ ਜੱਟਾ ਕਸਮ ਚੋਰ ਨੂੰ ਚਾ ਕਰਾਇਆ ਸੂ
ਉਹਦੇ ਨਾਲ ਤੂੰ ਨਾਂਹੀਉ ਅੰਗ ਲਾਇਆ ਛੁਰੀ ਪੁਟ ਕੇ ਧੌਣ ਰਖਾਇਆ ਸੂ
ਫੜਿਆ ਹੁਸਨ ਦੇ ਮਾਲ ਦਾ ਚੋਰ ਸਾਬਤ ਤਾਂਹੀਂ ਓਸ ਤੋਂ ਕਸਮ ਕਰਾਇਉ ਸੂ
ਵਾਰਸ ਰਬ ਨੂੰ ਛੱਡ ਕੇ ਪਿਆ ਝੰਜਟ ਐਵੇਂ ਰਾਇਗਾਂ ਉਮਰ ਗਵਾਇਆ ਸੂ
571. ਸੈਦੇ ਨੇ ਕਸਮ ਚੁੱਕੀ
ਖੇੜੇ ਨਿਸ਼ਾ ਦਿੱਤੀ ਅੱਗੇ ਜੋਗੀੜੇ ਦੇ ਸਾਨੂੰ ਕਸਮ ਹੈ ਪੀਰ ਫਕੀਰ ਦੀ ਜੀ
ਮਰਾਂ ਹੋਇਕੇ ਏਸ ਜਹਾਨ ਕੋੜਾ ਕਦੀ ਸੂਤ ਡਠੀ ਜੇ ਮੈਂ ਹਰ ਦੀ ਜੀ
ਸਾਨੂੰ ਹੀਰ ਜੱਟੀ ਧੌਲੀ ਧਾਰ ਦਿੱਸੇ ਕੋਹਕਾਫ ਤੇ ਧਾਰ ਕਸ਼ਮੀਰ ਦੀ ਜੀ
ਲੰਕਾ ਕੋਟ ਪਹਾੜ ਦਾ ਪਾੜ ਦਿੱਸੇ ਫਰਹਾਦ ਨੂੰ ਨਹਿਰ ਜਿਉਂ ਸ਼ੀਰ ਦੀ ਜੀ
ਦੂਰੋਂ ਦੇਖ ਕੇ ਫਾਤਿਹਾ ਆਖ ਛੱਡਾਂ ਗੋਰ ਪੀਰ ਪੰਚਾਲ ਦੇ ਪੀਰ ਦੀ ਜੀ
ਸਾਨੂੰ ਕਹਿਕਹਾ ਇਹ ਦੀਵਾਰ ਦਿੱਸੇ ਢੁੱਕਾਂ ਜਾ ਤਾਂ ਕਾਲਜਾ ਚੀਰ ਦੀ ਜੀ
ਓਸ ਦੀ ਝਾਲ ਨਾ ਅਸਾਂ ਥੋਂ ਜਾਏ ਝੱਲੀ ਝਾਲ ਕੌਣ ਝੱਲੇ ਛੁੱਟੇ ਤੀਰ ਦੀ ਜੀ
ਭੈਂਸ ਮਾਰ ਕੇ ਸਿੰਗ ਨਾ ਦੇ ਢੋਈ ਐਵੇਂ ਹੌਂਸ ਕੇਹੀ ਦੁੱਧ ਖੀਰ ਦੀ ਜੀ
ਲੋਕ ਆਖਦੇ ਪਰੀ ਹੈ ਹੀਰ ਜੱਟੀ ਅਸਾਂ ਨਹੀਂ ਡਿੱਠੀ ਸੂਰਤ ਹੀਰ ਦੀ ਜੀ
ਵਾਰਸ ਝੂਠ ਨਾ ਬੋਲੀਏ ਜੋਗੀਆਂ ਥੇ ਖਿਆਨਤ ਨਾ ਕਰੀਏ ਚੀਜ਼ ਪੀਰ ਦੀ ਜੀ
572. ਰਾਂਝਾ ਸੈਦੇ ਦੁਆਲੇ
ਜੋਗੀ ਰੱਖ ਕੇ ਅਣਖ ਤੇ ਨਾਲ ਗ਼ੈਰਤ ਕਢ ਅੱਖੀਆਂ ਰੋਹ ਥੀਂ ਫੁੱਟਿਆ ਈ
ਏਹ ਹੀਰ ਦਾ ਵਾਰਸੀ ਹੋ ਬੈਠਾ ਚਾ ਡੇਰਿਉਂ ਸਵਾਹ ਵਿੱਚ ਸੁਟਿਆ ਈ
ਸਣੇ ਜੁੱਤੀਆਂ ਚੌਂਕੇ ਵਿੱਚ ਆ ਵੜਿਉਂ ਸਾਡਾ ਧਰਮ ਤੇ ਨੇਮ ਸਭ ਪੁਟਿਆ ਈ
ਲੱਥ ਪੱਥ ਕੇ ਨਾਲ ਨਖੁਟਿਆ ਈ ਕੁਟ ਫਾਟ ਕੇ ਖੂਹ ਵਿੱਚ ਸੁਟਿਆ ਈ
ਬੁਰਾ ਬੋਲਦਾ ਨੀਰ ਪੱਲਟ ਅਖੀਂ ਜੇਹਿਆ ਬਾਣੀਆ ਸ਼ਹਿਰ ਵਿੱਚ ਲੁਟਿਆ ਈ
ਪਕੜ ਸੈਦੇ ਨੂੰ ਨਾਲ ਫੌਹੜੀਆਂ ਦੇ ਚੋਰ ਯਾਰ ਵਾਂਗੂੰ ਢਾਹ ਕੁਟਿਆ ਈ
ਖੜ ਲੱਤ ਫੌਹੜੀਆਂ ਖੂਬ ਜੜੀਆਂ ਧੌਣ ਸੇਕਿਆ ਨਾਲ ਨਝੁਟਿਆ ਈ
ਦੋਵੇਂ ਬਨ੍ਹ ਬਾਹਾਂ ਸਿਰੋ ਲਾਹ ਪਟਕਾ ਗੁਨਾਹਗਾਰ ਵਾਂਗੂੰ ਉੱਠ ਜੁਟਿਆ ਈ
ਸ਼ਾਨਾ ਆਈਨਾਂ ਕੁਟ ਚਕਚੂਰ ਕੀਤਾ ਲਿੰਗ ਭੰਨ ਕੇ ਸੰਘ ਨੂੰ ਘੁਟਿਆ ਈ
ਵਾਰਸ ਸ਼ਾਹ ਖੁਦਾ ਦੇ ਖੌਫ਼ ਕੋਲੋਂ ਸਾਡਾ ਨੀਰ ਨਖੁਟਿਆ ਈ
573. ਸੈਦਾ ਮਾਰ ਖਾ ਕੇ ਘਰ ਨੂੰ ਭੱਜਾ
ਖੇੜਾ ਖਾਇਕੇ ਮਾਰ ਤੇ ਭੱਜ ਚਲਿਆ ਵਾਹੋ ਵਾਹ ਰੋਂਦਾ ਘਰੀਂ ਆਂਵਦਾ ਹੈ
ਇਹ ਜੋਗੀੜਾ ਨਹੀਂ ਜੇ ਧਾੜ ਕੜਕੇ ਹਾਲ ਆਪਣਾ ਖੋਲ ਸੁਣਾਂਵਦਾ ਹੈ
ਇਹ ਕਾਂਫਰੂ ਦੇਸ ਦਾ ਸ਼ਹਿਰ ਜਾਣੇ ਵੱਡੇ ਲੋੜ੍ਹ ਤੇ ਕਹਿਰ ਕਮਾਂਵਦਾ ਹੈ
ਇਹ ਦੇਵ ਉਜਾੜ ਵਿੱਚ ਆਣ ਲੱਥਾ ਨਾਲ ਕੜਕਿਆਂ ਜਾਣ ਗਵਾਂਵਦਾ ਹੈ
ਨਾਲੇ ਪੜ੍ਹੇ ਕੁਰਆਨ ਤੇ ਦੇ ਬਾਂਗਾਂ ਚੌਂਕੇ ਪਾਂਵਦਾ ਸੰਘ ਵਜਾਂਵਦਾ ਹੈ
ਮੈਨੂੰ ਮਾਰ ਕੇ ਕੁੱਟ ਤਹਿ ਬਾਰ ਕੀਤਾ ਪਿੰਡਾ ਖੋਲ੍ਹਕੇ ਡਟ ਦਿਖਾਂਵਦਾ ਹੈ
574. ਸੈਦੇ ਦਾ ਪਿਉ ਆਖਣ ਲੱਗਾ
ਅਜੁ ਆਖਿਆ ਲਉ ਅਨ੍ਹੇਰ ਯਾਰੋ ਦੇਖੋ ਗ਼ਜ਼ਬ ਫਕੀਰ ਨੇ ਚਇਆ ਜੇ
ਮੇਰਾ ਸੋਨੇ ਦਾ ਖਿਉੜਾ ਮਾਰ ਜਿੰਦੋਂ ਕੰਮ ਕਾਰ ਥੀਂ ਚਾ ਗਵਾਇਆ ਜੇ
ਫਕਰ ਮਿਹਰ ਕਰਦੇ ਸਭ ਖਲਕ ਉਤੇ ਓਸ ਕਹਿਰ ਜਹਾਨ ਤੇ ਚਾਇਆ ਜੇ
ਵਾਰਸ ਸ਼ਾਹ ਮੀਆਂ ਨਵਾਂ ਸਾਂਗ ਦੇਖੋ ਦੇਵ ਆਦਮੀ ਹੋਇਕੇ ਆਇਆ ਜੇ
575. ਸਹਿਤੀ ਨੇ ਪਿਉ ਨੂੰ ਕਿਹਾ
ਸਹਿਤੀ ਆਖਿਆ ਬਾਬਲਾ ਜਾ ਆਪੇ ਸ਼ੈਦਾ ਆਪ ਨੂੰ ਵਦਰ ਸਦਾਂਦਾ ਏ
ਨਾ ਕਿਬਰ ਹੰਕਾਰ ਦੇ ਮਸਤ ਫਿਰਦਾ ਖਾਤਰ ਥੱਲੇ ਨਾ ਕਿਸੇ ਨੂੰ ਲਿਆਂਵਦਾ ਏ
ਸਾਨ੍ਹ ਵਾਂਗਰਾਂ ਸਿਰੀ ਟਪਾਂਵਦਾ ਹੈ ਅੱਗੋਂ ਆਕੜਾਂ ਪਿਆ ਵਖਾਂਵਦਾ ਏ
ਜਾ ਨਾਲ ਫਕੀਰ ਦੇ ਕਰੇ ਆਕੜ ਗੁੱਸੇ ਗ਼ਜ਼ਬ ਨੂੰ ਪਿਆ ਵਧਾਂਵਦਾ ਏ
ਮਾਰ ਨੂੰਹ ਦੇ ਦੁਖ ਹੈਰਾਨ ਕੀਤਾ ਅਜੂ ਘੋੜੇ ਤੇ ਚੜ੍ਹ ਦਿਰੜ੍ਹਾਂਵਦਾ ਏ
ਯਾਰੋ ਉਮਰ ਸਾਰੀ ਜੱਟੀ ਨਾ ਲੱਧੀ ਰਹਿਆ ਸੁਹਣੀ ਢੂੰਡ ਢੂੰਢਾਂਵਦਾ ਏ
ਵਾਰਸ ਸ਼ਾਹ ਜਵਾਨੀ ਵਿੱਓ ਮਸਤ ਰਹਿਆ ਵਕਤ ਗਏ ਤਾਈਂ ਪਛੋਤਾਂਦਾ ਏ
576. ਅੱਜੂ ਜੋਗੀ ਕੋਲ ਗਿਆ
ਜਾ ਬੰਨ੍ਹ ਖੜਾ ਹੱਥ ਪੀਰ ਅੱਗੇ ਤੁਸੀਂ ਲਾਡਲੇ ਪਰਵਰਦਗਾਰ ਦੇ ਹੋ
ਤੁਸੀਂ ਫਕਰ ਇਲਾਹ ਦੇ ਪੀਰ ਪੂਰੇ ਵਿੱਚ ਰੇਖ ਦੇ ਮੇਖ ਨੂੰ ਮਾਰਦੇ ਹੋ
ਹੋਵੇ ਦੁਆ ਕਬੂਲ ਪਿਆਰਿਆਂ ਦੀ ਦੀਨ ਦੁਨੀ ਦੇ ਕੰਮ ਸਵਾਰ ਦੇ ਹੋ
ਅੱਠੇ ਪਹਿਰ ਖੁਦਾ ਦੀ ਯਾਦ ਅੰਦਰ ਤੁਸੀਂ ਨਫਸ ਸ਼ੈਤਾਨ ਨੂੰ ਮਾਰਦੇ ਹੋ
ਹੁਕਮ ਰੱਬ ਦੇ ਥੋਂ ਤੁਸੀਂ ਨਹੀਂ ਬਾਹਰ ਤੁਸੀਂ ਕੀਲ ਕੇ ਸੱਪ ਨੂੰ ਮਾਰਦੇ ਹੋ
ਲੁੜ੍ਹੇ ਜਾਨ ਬੇੜੇ ਅਵਗੁਣਹਾਰਿਆਂ ਦੇ ਕਰੋ ਫਜ਼ਲ ਤਾਂ ਪਾਰ ਉਤਾਰਦੇ ਹੋ
ਤੇਰੇ ਚੱਲਿਆਂ ਨੂੰਹ ਮੇਰੀ ਜਿਉਂਦੀ ਹੈ ਲੱਗਾ ਦਾਮਨੇ ਸੋ ਤੁਸੀਂ ਤਾਰਦੇ ਹੋ
ਵਾਰਸ ਸ਼ਾਹ ਦੇ ਉਜ਼ਰ ਮੁਆਫ ਕਰਨੇ ਬਖਸ਼ਣਹਾਰ ਬੰਦਾ ਗੁਨਹਿਗਾਰ ਦੇ ਹੋ
577. ਉੱਤਰ ਜੋਗੀ
ਛਡ ਦੇਸ ਜਹਾਨ ਉਜਾੜ ਮੱਲੀ ਅਜੇ ਜਟ ਨਾਹੀਂ ਪਿੱਛਾ ਛੱਡੇ ਦੇ ਨੇ
ਅਸਾਂ ਛੱਡਿਆ ਇਹ ਨਾ ਮੂਲ ਛੱਡਣ ਕੀੜੇ ਮੁਢ ਕਦੀਮ ਦੇ ਹੱਡ ਦੇ ਨੇ
ਲੇਹ ਪਈ ਮੇਰੇ ਉਤੇ ਝਾੜਿਆਂ ਦੀ ਪਾਸ ਜਾਣ ਨਾਹੀਂ ਪਿੰਡ ਗੱਡ ਦੇ ਨੇ
ਵਾਰਸ ਸ਼ਾਹ ਜਹਾਨ ਥੋਂ ਇੱਕ ਪਏ ਅੱਜ ਕਲ ਫਕੀਰ ਹੁਣ ਲੱਦ ਦੇ ਨੇ
578. ਸੈਦੇ ਦੇ ਬਾਪ ਅਜੂ ਦਾ ਵਾਸਤਾ
ਚਲੀ ਜੋਗੀਆ ਰਬ ਦਾ ਵਾਸਤਾ ਈ ਅਸੀਂ ਮਰਦ ਨੂੰ ਮਰਦ ਲਲਕਾਰਨੇ ਹਾਂ
ਜੋ ਕੁਝ ਸਰੇ ਸੋ ਨਜ਼ਰ ਲੈ ਪੈਰ ਪਕੜਾਂ ਜਾਨ ਮਾਲ ਪਰਵਾਰ ਨੂੰ ਵਾਰਨੇ ਹਾਂ
ਪਏ ਕੁਲ ਦੇ ਕੋੜਮੇ ਸਭ ਰੋਂਦੇ ਅਸੀਂ ਕਾਗ ਤੇ ਮੋਰ ਉਡਾਰਨੇ ਹਾਂ
ਹੱਥ ਬੰਨ੍ਹ ਕੇ ਬੇਨਤੀ ਜੋਗੀਆ ਵੋ ਅਸੀਂ ਆਜਜ਼ੀ ਨਾਲ ਪੁਕਾਰਨੇ ਹਾਂ
ਚੋਰ ਸੱਦਿਆ ਮਾਲ ਦੇ ਸਾਂਭਣੇ ਨੂੰ ਤੇਰੀਆਂ ਕੁਦਰਤਾਂ ਤੋਂ ਅਸੀਂ ਵਾਰਨੇ ਹਾਂ
ਵਾਰਸ ਸ਼ਾਹ ਵਸਾਹ ਕੀ ਏਸ ਦੰਮ ਦਾ ਐਵੇਂ ਰਾਇਗਾਂ ਉਮਰ ਕਿਉ ਹਾਰਨੇ ਹਾਂ
579. ਜੋਗੀ ਦਾ ਉਹਦੇ ਨਾਲ ਤੁਰਨਾ
ਜੋਗੀ ਚੱਲਿਆ ਰੂਹ ਦੀ ਕਲਾ ਬੱਲੀ ਤਿੱਤਰ ਬੋਲਿਆ ਸਗਨ ਮਨਾਵਨੇ ਨੂੰ
ਐਤਵਾਰ ਨਾ ਪੁੱਛਿਆ ਖੇੜਿਆਂ ਨੇ ਜੋਗੀ ਆਂਦਾ ਨੇ ਸੀਸ ਮੁਨਾਵਨੇ ਨੂੰ
ਦੋਖੋ ਅਕਲ ਸ਼ਊਰ ਜੋ ਮਾਰਿਉ ਨੇ ਤੁਅਮਾ ਬਾਜ਼ ਦੇ ਹੱਥ ਫੜਾਵਨੇ ਨੂੰ
ਭੁੱਖਾ ਖੰਡ ਤੇ ਖੀਰ ਦਾ ਭਇਆ ਰਾਖਾ ਰੰਡਾ ਘਲਿਆ ਸਾਕ ਕਰਾਵਨੇ ਨੂੰ
ਸਪ ਮਕਰ ਦਾ ਪਰੀ ਦੇ ਪੈਰ ਲੜਿਆ ਸੁਲੇਮਾਨ ਆਇਆ ਝਾੜਾ ਪਾਵਨੇ ਨੂੰ
ਅਨਜਾਣ ਜਹਾਨ ਹਟਾ ਦਿੱਤਾ ਆਏ ਮਾਂਦਰੀ ਕੀਲ ਕਰਾਵਨੇ ਨੂੰ
ਰਾਖਾ ਜੂਆਂ ਦੇ ਢੇਰ ਦਾ ਗਧਾ ਹੋਇਆ ਅੰਨ੍ਹਾਂ ਘਲਿਆ ਹਰਫ ਲਖਾਵਨੇ ਨੂੰ
ਮਿੰਨਤ ਖਾਸ ਕਰਕੇ ਓਹਨਾਂ ਸਦ ਆਂਦਾ ਮੀਆਂ ਆਇਆ ਹੈ ਰੰਨ ਖਿਸਕਾਵਨੇ ਨੂੰ
ਉਹਨਾਂ ਸਪ ਦਾ ਮਾਂਦਰੀ ਢੂੰਡ ਆਂਦਾ ਸਗੋਂ ਆਇਆ ਹੈ ਸੱਪ ਲੜਾਵਣੇ ਨੂੰ
ਵਸਦੇ ਝੁਗੜੇ ਚੌੜ ਕਰਾਵਨੇ ਨੂੰ ਮੱਢੋਂ ਪੁਟ ਬੂਟਾ ਲੈਂਦੋ ਜਾਵਨੇ ਨੂੰ
ਵਾਰਸ ਬੰਦਗੀ ਵਾਸਤੇ ਘਲਿਆ ਸੈਂ ਆ ਜੁਟਿਆ ਪਹਿਣਨੇ ਖਾਵਨੇ ਨੂੰ
580-581 ਉਹੀ
ਭਲਾ ਹੋਇਆ ਭੈਣਾਂ ਹੀਰ ਬਚੀ ਜਾਣੋ ਮੰਨ ਮੰਨੇ ਦਾ ਵੈਦ ਹੁਣ ਆਇਆ ਨੀ
ਦੁਖ ਦਰਦ ਗਏ ਸੱਭੇ ਦਿਲ ਵਾਲੇ ਕਾਮਲ ਵਲੀ ਨੇ ਫੇਰੜਾ ਪਾਇਆ ਨੀ
ਜਿਹੜਾ ਛੱਡ ਚੌਧਰੀਆਂ ਚਾਕ ਬਣਿਆ ਵਤ ਓਸ ਨੇ ਜੋਗ ਕਮਾਇਆ ਨੀ
ਜੈਦੀ ਵੰਝਲੀ ਦੇ ਵਿੱਚ ਲਾਖ ਮੰਤਰੀ ਓਹੋ ਰੱਬ ਨੇ ਵੈਦ ਮਲਾਇਆ ਨੀ
ਸ਼ਾਖਾਂ ਰੰਗ ਬਰੰਗੀਆਂ ਹੋਣ ਪੈਦਾ ਸਾਵਨ ਮਾਹ ਜਿਫੇ ਮੀਂਹ ਵਸਾਇਆ ਨੀ
ਨਾਲੇ ਸਹਿਤੀ ਦੇ ਹਾਲ ਤੇ ਰਬ ਤਰੁਠਾ ਜੋਗੀ ਦਿਲੀਆਂ ਦਾ ਮਾਲਕ ਆਇਆ ਨੀ
ਤਿੰਨਾਂ ਧਿਰਾਂ ਦੀ ਹੋਈ ਮੁਰਾਦ ਹਾਸੋਲ ਧੂਆਂ ਏਸ ਚਰੋਕਣਾ ਪਾਇਆ ਨੀ
ਇਹਦੀ ਫੁਰੀ ਕਲਾਮ ਅਜ ਖੇੜਿਆਂ ਤੇ ਇਸਮ ਆਜ਼ਮ ਅਸਰ ਕਰਾਇਆ ਨੀ
ਅਜਮਾਨ ਜਿਉਂ ਆਂਵਦਾ ਲੈਣ ਵੌਹਟੀ ਅੱਗੋਂ ਸਾਹੁਰਿਆਂ ਪਲੰਘ ਵਛਾਇਆ ਨੀ
ਵੀਰਾ ਰਾਧ ਦੇਖੋ ਏਥੇ ਕੋਈ ਹੋਸੀ ਜਗ ਧੂੜ ਭੁਲਾਵੜਾ ਪਾਇਆ ਨੀ
ਮੰਤਰ ਇੱਕ ਤੇ ਪੁਤਲੀਆਂ ਦੋਏਂ ਉੱਡਨ ਅੱਲਾਹ ਵਾਲਿਆਂ ਖੇਲ ਰਚਾਇਆ ਨੀ
ਖਿਸਕੂ ਸ਼ਾਹ ਹੋਰੀ ਅੱਜ ਆਣ ਲੱਥੇ ਤੰਬੂ ਆਣ ਉਧਾਲਵਾਂ ਲਾਇਆ ਨੀ
ਧਰਨਾ ਮਾਰ ਬੈਠਾ ਜੋਗੀ ਮੁੱਦਤਾਂ ਦਾ ਅੱਜ ਖੇੜਿਆਂ ਨੇ ਖੈਰ ਪਾਇਆ ਨੀ
ਕੱਖੋਂ ਲਖ ਕਰ ਦਏ ਖੁਦਾ ਸੱਚਾ ਦੁਖ ਹੀਰ ਦਾ ਰਬ ਗਵਾਇਆ ਨੀ
ਉਨ੍ਹਾਂ ਸਿਕਦਿਆਂ ਦੀ ਦੁਆ ਰੱਬ ਸੁਣੀ ਓਸ ਨੱਡੜੀ ਦਾ ਯਾਰ ਆਇਆ ਨੀ
ਭਲਾ ਹੋਇਆ ਜੇ ਕਿਸੇ ਦੀ ਆਸ ਪੁੰਨੀ ਰਬ ਵਿਛੜਿਆਂ ਲਾਅਲ ਮਲਾਇਆ ਨੀ
ਸਹਿਤੀ ਆਪਣੇ ਹੱਥ ਇਖਤਿਆਰ ਲੈ ਕੇ ਡੇਰਾ ਡੁਮਾਂ ਦੀ ਕੋਠੜੀ ਪਾਇਆ ਨੀ
ਰੰਨਾਂ ਮੋਹ ਕੇ ਲੈਣ ਸਹਿਜ਼ਾਦਿਆਂ ਨੂੰ ਦੇਖੋ ਇਫਤਰਾ ਕੌਣ ਬਣਾਇਆ ਨੀ
ਆਪੇ ਧਾੜਵੀ ਦੇ ਅੱਗੇ ਮਾਲ ਦਿੱਤਾ ਪਿੱਛੋਂ ਸਾਂਘਰੂ ਢੋਲ ਵਜਾਇਆ ਨੀ
ਭਲਕੇ ਏਥੇ ਨਾ ਹੋ ਵਸਨ ਦੋ ਕੁੜੀਆਂ ਸਾਨੂੰ ਸ਼ਗਨ ਏਹੋ ਨਜ਼ਰ ਆਇਆ ਨੀ
ਵਾਰਸ ਸ਼ਾਹ ਸ਼ੈਤਾਨ ਬਦਨਾਮ ਕਰਸੋ ਲੂਣ ਥਾਲ ਦੇ ਵਿੱਚ ਭਨਾਇਆ ਨੀ
582. ਕੁੜੀਆਂ ਦੀ ਹੀਰ ਨੂੰ ਵਧਾਈ
ਕੁੜੀਆਂ ਆਖਿਆ ਆਣ ਕੇ ਹੀਰ ਤਾਂਈਂ ਅਨੀ ਵੌਹਟੀਏ ਅੱਜ ਵਧਾਈ ਏਂ ਨੀ
ਮਿਲੀ ਆਬੇ ਹਿਆਤ ਪਿਆਸਿਆਂ ਨੂੰ ਹੁੰਦੇ ਜੋਗੀਆਂ ਦੇ ਵਿੱਚ ਆਈ ਏ ਨੀ
ਤੈਥੋਂ ਦੋਜ਼ਖੇ ਦੀ ਆਂਚ ਦੂਰ ਹੋਈ ਰਬ ਵਿੱਚ ਬਹਿਸ਼ਤ ਦੇ ਪਾਈ ਏ ਨੀ
ਜਿਉੜੇ ਰਬ ਨੇ ਮੇਲ ਕੇ ਤਾਰੀਏ ਤੂੰ ਮੋਤੀ ਲਾਅਲ ਦੇ ਨਾਲ ਪੁਰਾਈ ਏਂ ਨੀ
ਵਾਰਸ ਸ਼ਾਹ ਕਹਿ ਹੀਰ ਦੀ ਸੱਸ ਤਾਈਂ ਅੱਜ ਰੱਬ ਨੇ ਚੌੜ ਕਰਾਈ ਏਂ ਨੀ
583. ਜੋਗੀ ਦਾ ਮਰਦਾਂ ਅਤੇ ਔਰਤਾਂ ਨੂੰ ਤੋਰਨਾ
ਜੋਗੀ ਆਖਿਆ ਫਿਰੇ ਨਾ ਮਰਦ ਔਰਤ ਪਵੇ ਕਿਸੇ ਦਾ ਨਾ ਪਰਛਾਂਵਨਾ ਵੋ
ਕਰਾਂ ਬੈਠ ਨਵੇਕਲਾ ਜਤਨ ਗੋਸ਼ੇ ਕੋਈ ਨਹੀਂ ਜੇ ਛਿੰਜ ਪਵਾਨਾਂ ਵੋ
ਕੰਨ ਸੁਣ ਵਿੱਚ ਵੌਹਟੜੀ ਆਣ ਪਾਇਉ ਨਹੀਂ ਧੁਮ ਤੇ ਸ਼ੋਰ ਕਰਾਵਨਾ ਵੋ
ਇੱਕੋ ਆਦਮੀ ਆਵਨਾ ਮਿਲੇ ਸਾਥੇ ਔਖਾ ਸਪ ਦਾ ਰੋਗ ਗਵਾਵਨਾ ਵੋ
ਕਵਾਰੀ ਕੁੜੀ ਦਾ ਰੱਖ ਵਿੱਚ ਪੈਰ ਪਾਈਏ ਨਹੀਂ ਹੋਰ ਕਿਸੇ ਏਥੇ ਆਵਣਾ ਵੋ
ਸਪ ਨੱਸ ਜਾਏ ਛਲ ਮਾਰ ਜਾਏ ਖਰਾ ਔਖੜਾ ਛਿਲਾ ਕਮਾਵਨਾ ਵੋ
ਲਿਖਿਆ ਸੱਤ ਸੈ ਵਾਰ ਕੁਰਆਨ ਅੰਦਰ ਨਾਹੀਂ ਛੱਡ ਨਮਾਜ਼ ਪਛੋਤਾਵਣਾ ਵੋ
ਵਾਰਸ ਸ਼ਾਹ ਨਿਕੋਈ ਤੇ ਬੰਦਗੀ ਕਰ ਵਤ ਨਹੀਂ ਜਹਾਨ ਤੋਂ ਆਵਣਾ ਵੋ
584. ਸਹਿਤੀ ਨੇ ਕੁੜੀ ਕੋਲ ਹੀਰ ਨੂੰ ਸਪੁਰਦ ਕਰਨਾ
ਸਹਿਤੀ ਕੁੜੀ ਨੂੰ ਸੱਦ ਕੇ ਸੌਂਪਿਉ ਨੇ ਮੰਜਾ ਵਿੱਚ ਦੀਵਾਨ ਦੇ ਪਾਇਕੇ ਤੇ
ਪਿੰਡੋਂ ਬਾਹਰਾ ਡੂਮਾਂ ਦਾ ਕੋਠੜਾ ਸੀ ਓਥੇ ਦਿੱਤੀ ਨੇ ਥਾਉਂ ਬਣਾਇਕੇ ਤੇ
ਜੋਗੀ ਪਲੰਗ ਦੇ ਪਾਸੇ ਬਹਾਇਉ ਨੇ ਆ ਬੈਠਾ ਹੈ ਸ਼ਗਨ ਮਨਾਇਕੇ ਤੇ
ਨਾਢੂ ਸ਼ਾਹ ਬਣਿਆ ਮਸਤ ਜੋ ਆਸ਼ਕ ਮਾਅਸ਼ਕ ਨੂੰ ਪਾਸ ਬਹਾਇਕੇ ਤੇ
ਖੇੜੇ ਆਪ ਜਾ ਘਰੀਂ ਬੇਫਿਕਰ ਸੁੱਤੇ ਤੁਅਮਾ ਬਾਜ਼ ਦੇ ਹੱਥ ਫੜਾਇਕੇ ਤੇ
ਸਿਰ ਤੇ ਹੋਵਣੀ ਆਇਕੇ ਕੂਕਦੀ ਹੈ ਚੁਟਕੀ ਮਾਰ ਦੀ ਹੱਥ ਬਨਾਇਕੇ ਤੇ
ਵਾਰਸ ਸ਼ਾਹ ਹੁਣ ਤਿਨ੍ਹਾਂ ਨੇ ਵੈਣ ਕਰਨੇ ਜਿਨ੍ਹਾਂ ਵਿਆਹਿਉਂ ਘੋੜੀਆਂ ਗਾਇਕੇ ਤੇ
585. ਹੀਰ ਤੇ ਰਾਂਝੇ ਨੇ ਪੰਜੇ ਪੀਰ ਯਾਦ ਕੀਤੇ
ਅੱਧੀ ਰਾਤ ਰਾਂਝੇ ਪੀਰ ਯਾਦ ਕੀਤੇ ਤੁਰਾਂ ਖਿਜ਼ਰ ਦਾ ਹੱਥ ਲੈ ਬੋਲਿਆ ਈ
ਸ਼ਕਰ ਗੰਜ ਦਾ ਪਕੜ ਰੁਮਾਲ ਚੁੰਮੇ ਵਿੱਚ ਮੁਸ਼ਕ ਤੇ ਇਤਰ ਦੇ ਝੋਲਿਆ ਈ
ਖੰਜਰ ਕੱਢ ਮਖਦੂਮ ਜਹਾਨੀਏ ਦਾ ਵਿੱਚੋਂ ਰੂਹ ਰੰਝੇਟੇ ਦਾ ਡੋਲਿਆ ਈ
ਖੂੰਡੀ ਪੀਰ ਬਹਾਉਦੀਨ ਵਾਲੀ ਮੰਦਰਾ ਲਾਲ ਸ਼ਹਿਬਾਜ਼ ਦਾ ਟੋਲਿਆ ਈ
ਪੀਰ ਬਹਾਉਦੀਨ ਜ਼ਕਰੀਏ ਧਮਕ ਦਿੱਤੀ ਕੰਧ ਢਾਇਕੇ ਰਾਹ ਨੂੰ ਖੋਲਿਆ ਈ
ਜਾ ਬੈਠਾ ਹੈਂ ਕਾਸ ਨੂੰ ਉਠ ਜੱਟਾ ਸਵੇਂ ਨਾਹੀਂ ਤੋਰਾ ਰਾਹ ਖੋਲਿਆ ਈ
ਵਾਰਸ ਸ਼ਾਹ ਪਛੋਤਾਸੈਂ ਬੰਦਗੀ ਨੂੰ ਅਜ਼ਰਾਈਲ ਜਾਂ ਧੌਣ ਚੜ੍ਹ ਬੋਲਿਆ ਈ
586. ਸਹਿਤੀ ਦੀ ਅਰਜ਼
ਨਿਕਲ ਕੋਠਿਉਂ ਤੁਰਨ ਨੂੰ ਤਿਆਰ ਹੋਇਆ ਸਹਿਤੀ ਆਣ 'ਹਜ਼ੂਰ ਸਲਾਮ' ਕੀਤਾ
ਬੇੜਾ ਲਾ ਬੰਨੇ ਅਸਾਂ ਆਜਜ਼ਾਂ ਦਾ ਰਬ ਫਜ਼ਲ ਤੇਰੇ ਉਤੇ ਆਮ ਕੀਤਾ
ਮੇਰਾ ਯਾਰ ਮਿਲਾਵਨਾ ਵਾਸਤਾ ਈ ਅਸਾਂ ਕੰਮ ਤੇਰਾ ਸਰ ਅੰਜਾਮ ਕੀਤਾ
ਭਾਬੀ ਹੱਥ ਫੜਾਇਕੇ ਤੋਰ ਦਿੱਤੀ ਕੰਮ ਖੇੜਿਆਂ ਦਾ ਸਭੋ ਖਾਮ ਕੀਤਾ
ਤੇਰੇ ਵਾਸਤੇ ਮਾਪਿਆਂ ਨਾਲ ਕੀਤੀ ਜੋ ਕੁਝ ਅਲੀ ਦੇ ਨਾਲ ਗੁਲਾਮ ਕੀਤਾ
ਜੋ ਕੁਝ ਹੋਵਣੀ ਸੀਤਾ ਦੇ ਨਾਲ ਕੀਤੀ ਅਤੇ ਦਹਿਸਰੇ ਨਾਲ ਜੋ ਰਾਮ ਕੀਤਾ
ਵਾਰਸ ਜਿਸ ਤੇ ਆਪ ਮਿਹਰਬਾਨ ਹੋਵੇ ਓਥੇ ਫਜ਼ਲ ਨੇ ਆਣ ਮੁਕਾਮ ਕੀਤਾ
587. ਰਾਂਝੇ ਨੇ ਅਸੀਸ ਦਿੱਤੀ
ਰਾਂਝੇ ਹੱਥ ਉਠਾਇ ਦੁਆ ਮੰਗੀ ਰੱਬਾ ਮੇਲਣਾ ਯਾਰ ਗਵਾਰਨੀ ਦਾ
ਏਸ ਹੁਬ ਦੇ ਨਾਲ ਹੈ ਕੰਮ ਕੀਤਾ ਬੇੜਾ ਪਾਰ ਕਰਨਾ ਕੰਮ ਸਾਰਨੀ ਦਾ
ਪੰਜਾਂ ਪੀਰਾਂ ਦੀ ਤੁਰਤ ਆਵਾਜ਼ ਆਈ ਰੱਬਾ ਯਾਰ ਮੇਲੀਂ ਏਸ ਯਾਰਨੀ ਦਾ
ਫਜ਼ਲ ਰੱਬ ਕੀਤਾ ਯਾਰ ਆ ਮਿਲਿਆ ਓਸ ਸ਼ਾਹ ਮੁਰਾਦ ਪੁਕਾਰਨੀ ਦਾ
588. ਸ਼ਾਹ ਮੁਰਾਦ ਆ ਪਹੁੰਚਾ
ਡਾਚੀ ਸ਼ਾਹ ਮੁਰਾਦ ਦੀ ਆਨ ਰਿੰਗੀ ਉਤੋ ਬੋਲਿਆ ਸਾਈਂ ਸਵਾਰੀਏ ਨੀ
ਸਾਲਾ ਢੁਕ ਆਵੀਂ ਹੁਸ਼ ਢੁਕ ਨੇੜੇ ਆ ਚੜ੍ਹੀ ਕੁਚਾਵੇ ਤੇ ਡਾਰੀਏ ਨੀ
ਮੇਰੀ ਗਈ ਕਤਾਰ ਕੁਰਾਹ ਘੁਥੀ ਕੋਈ ਸਹਿਰ ਕੀਤੋ ਟੂਣੇ ਹਾਰੀਏ ਨੀ
ਵਾਂਈ ਸੂਈ ਦੀ ਪੋਤਰੀ ਇਹ ਡਾਚੀ ਘਨ ਝੋਕ ਪਲਾਣੇ ਦੀ ਲਾੜੀਏ ਨੀ
ਵਾਰਸ ਸ਼ਾਹ ਲੰਗੂਰ ਦੀ ਭੈਣ ਢਿੱਡਲ ਇਹ ਫਰੇਸ਼ਤਿਆਂ ਅਤਿ ਚਤਾਰੀਏ ਨੀ
589. ਉਹੀ
ਸਹਿਤੀ ਲਈ ਮੁਰਾਦ ਤੇ ਹੀਰ ਰਾਂਝੇ ਰਵਾਂ ਹੋ ਚੱਲੇ ਲਾੜੇ ਲਾੜੀਆਂ ਨੇ
ਰਾਤੋ ਰਾਤ ਗਏ ਲੈ ਬਾਜ਼ ਕੂੰਜਾਂ ਸਿਰੀਆਂ ਨਾਂਗਾਂ ਦੀਆਂ ਸ਼ੀਂਹਾਂ ਲਤਾੜੀਆਂ ਨੇ
ਆਪੋ ਧਾਪ ਗਏ ਲੈ ਕੇ ਵਾਹੋ ਦਾਹੀ ਬਘਿਆੜਾਂ ਨੇ ਤਰੰਡੀਆਂ ਪਾੜੀਆਂ ਨੇ
ਫਜਰ ਹੋਈ ਕਿੜਾਉਆਂ ਗਜ ਘਤੇ ਦੇਖੋ ਖੇੜਿਆਂ ਵਾਹਰਾਂ ਚਾੜ੍ਹੀਆਂ ਨੇ
ਜੜਾ ਦੀਨ ਈਮਾਨ ਦੀਆਂ ਕੱਟਣੇ ਨੂੰ ਇਹ ਮਹਿਰੀਆਂ ਤੇਜ਼ ਕਟਾਰੀਆਂ ਨੇ
ਮੀਆਂ ਜਿਨ੍ਹਾਂ ਬੇਗਾਨੜੀ ਰੰਨ ਨਾਰ ਰਾਂਵੀ ਮਿਲਨ ਦੋਜ਼ਖੋਂ ਤਾ ਚਵਾੜੀਆਂ ਨੇ
ਵਾਰਸ ਸ਼ਾਹ ਨਾਈਆਂ ਨਾਲ ਜੰਗ ਬੱਧਾ ਖੇੜਿਆਂ ਕੁਲ ਮਨਾਇਕੇ ਦਾੜ੍ਹੀਆਂ ਨੇ
590. ਸ਼ਾਇਰ ਦਾ ਕਥਨ
ਇੱਕ ਜਾਣ ਭੰਨੇ ਬਹੁਤ ਨਾਲ ਖੁਸ਼ੀਆਂ ਭਲਾ ਹੋਇਆ ਫਕੀਰਾਂ ਦੀ ਆਸ ਹੋਈ
ਇੱਕ ਜਾਣ ਰੋਂਦੇ ਜੂਹ ਖੇੜਿਆਂ ਦੀ ਅੱਜ ਦੇਖੋ ਤਾਂ ਚੌੜ ਨਖਾਸ ਹੋਈ
ਇੱਕ ਲੈ ਡੰਡੇ ਨੰਗੇ ਜਾਣ ਭੰਨੇ ਯਾਰੋ ਪਈ ਸੀ ਹੀਰ ਉਦਾਸ ਹੋਈ
ਇੱਕ ਚਿੱਤੜ ਵਜਾਂਵਦੇ ਫਿਰਨ ਭੌਂਦੇ ਜੋ ਮੁਰਾਦ ਫਕੀਰਾਂ ਦੀ ਰਾਸ ਹੋਈ
ਵਾਰਸ ਸ਼ਾਹ ਕੀ ਮੁੰਨਦਿਆਂ ਢਿਲ ਲੱਗੇ ਜਦੋਂ ਉਸਤਰੇ ਨਾਲ ਪਟਾਸ ਹੋਈ
591. ਪਹਿਲੀ ਵਾਹਰ
ਪਹਿਲੀ ਮਿਲੀ ਮੁਰਾਦ ਨੂੰ ਜਾ ਵਾਹਰ ਅੱਗੋਂ ਕਟਕ ਬਲੋਚਾਂ ਨੇ ਚਾੜ੍ਹ ਦਿੱਤੇ
ਪਕੜ ਤਰਕਸ਼ਾਂ ਅਤੇ ਕਮਾਨ ਦੌੜੇ ਖੇੜੇ ਨਾਲ ਹਥਿਆਰਾਂ ਦੀ ਬਾੜ ਦਿੱਤੇ
ਮਾਰ ਬਰਛੀਆਂ ਆਨ ਬਲੋਚ ਕੜਕੇ ਤੇਗਾਂ ਮਾਰ ਕੇ ਵਾਹਰੂ ਝਾੜ ਦਿੱਤੇ
ਮਾਰ ਨਾਵਕਾਂ ਮੋਰਚੇ ਭੰਨ ਦਿੱਤੇ ਮਾਰ ਝਾੜ ਕੇ ਪਿੰਡ ਵਿੱਚ ਵਾੜ ਦਿੱਤੇ
ਵਾਰਸ ਸ਼ਾਹ ਜਾਂ ਰਬ ਨੇ ਮਿਹਰ ਕੀਤੀ ਬੱਦਲ ਕਹਿਰ ਦੇ ਲੁਤਫ ਨੇ ਪਾੜ ਦਿੱਤੇ
592. ਦੂਜੀ ਵਾਹਰ
ਦੁਈਆਂ ਵਾਹਰਾਂ ਰਾਂਝੇ ਨੂੰ ਆਣ ਮਿਲੀਆਂ ਸੁੱਤਾ ਪਿਆ ਉਜਾੜ ਵਿੱਚ ਘੇਰਿਉ ਨੇ
ਦੁੰਦ ਮਾਰਦੇ ਬਰਛੀਆਂ ਫੇਰਦੇ ਨੇ ਘੋੜੇ ਵਿੱਚ ਮੈਦਾਨ ਦੇ ਫੇਰਿਉ ਨੇ
ਸਿਰ ਹੀਰ ਦੇ ਪਟ ਤੇ ਰੱਖ ਸੁਤਾ ਸਪ ਮਾਲ ਤੋਂ ਆਣ ਕੇ ਛੇੜਿਉ ਨੇ
ਹੀਰ ਪਕੜ ਲਈ ਰਾਂਝਾ ਕੈਦ ਕੀਤਾ ਦੇਖੋ ਜੋਗੀ ਨੂੰ ਚਾ ਖਦੇੜਿਉ ਨੇ
ਲਾਹ ਸੇਲ੍ਹੀਆਂ ਬੰਨ੍ਹ ਕੇ ਹੱਥ ਦੋਵੇਂ ਪਿੰਡਾਂ ਚਾਬਕਾਂ ਨਾਲ ਅਚੇੜਿਉ ਨੇ
ਵਾਰਸ ਸ਼ਾਹ ਫਕੀਰ ਅੱਲਾਹ ਦੇ ਨੂੰ ਮਾਰ ਮਾਰ ਕੇ ਚਾ ਖਦੇੜਿਉ ਨੇ
593. ਹੀਰ ਨੇ ਰਾਂਝੇ ਨੂੰ ਕਿਹਾ
ਹੀਰ ਆਖਿਆ ਸੁਤੇ ਸੋ ਸਭ ਮੁੱਠੇ ਨੀਂਦਰ ਮਾਰਿਆ ਰਾਜਿਆਂ ਰਾਣਿਆਂ ਨੂੰ
ਨੀਂਦ ਵਲੀ ਤੇ ਗੌਸ ਤੇ ਕੁਤਬ ਮਾਰੇ ਨੀਂਦ ਲੁਟਿਆ ਰਾਹ ਪੰਧਾਣਿਆਂ ਨੂੰ
ਏਸ ਨੀਂਦ ਨੇ ਸ਼ਾਹ ਫਕੀਰ ਕੀਤੇ ਰੋ ਬੈਠੇ ਨੇ ਵਕਤ ਵਿਹਾਣਿਆਂ ਨੂੰ
ਨੀਂਦ ਸ਼ੇਰ ਤੇ ਦੇਵ ਅਮਾਮ ਕੁਠੇ ਨੀਂਦ ਮਾਰਿਆ ਵੱਡੇ ਸਿਆਣਿਆਂ ਨੂੰ
ਸੁੱਤੇ ਸੋਈ ਵਿਗੁਤੜੇ ਉਦਮ ਵਾਂਗੂੰ ਗਾਲਬ ਨੀਂਦ ਹੈ ਦੇਵ ਰਣਜਾਨਿਆਂ ਨੂੰ
ਨੀਂਦ ਹੇਠ ਸੁਟਿਆ ਸੁਲੇਮਾਨ ਤਾਂਈਂ ਦੇ ਦੀ ਛੁਡਾ ਟਕਾਨਿਆਂ ਨੂੰ
ਨੀਂਦ ਪੁੱਤਰ ਯਾਅਕੂਬ ਦਾ ਖੂਹ ਪਾਇਆ ਸੁਣਿਆ ਹੋਸਿਆ ਯੂਸਫੀ ਵਾਣਿਆਂ ਨੂੰ
ਨੀਂਦ ਜ਼ਿਹਾਬ ਕੀਤਾ ਇਸਮਾਈਲ ਤਾਈਂ ਯੂਨਸ ਪੇਟ ਮੱਛੀ ਵਿੱਚ ਪਾਣੀਆਂ ਨੂੰ
ਨੀਂਦ ਫਜਰ ਦੀ ਕਜ਼ਾ ਨਮਾਜ਼ ਕਰਦੀ ਸ਼ੈਤਾਨ ਦੇ ਤੰਬੂਆਂ ਤਾਣਿਆਂ ਨੂੰ
ਨੀਂਦ ਦੇਖ ਜੋ ਸੱਸੀ ਨੂੰ ਵਕਤ ਪਾਇਆ ਫਿਰੇ ਢੂੰਡਦੀ ਬਾਰੂਨ ਵਾਣਿਆਂ ਨੂੰ
ਰਾਂਝੇ ਹੀਰ ਨੂੰ ਬਨ੍ਹ ਲੈ ਟੁਰੇ ਖੇੜੇ ਦੋਵੇਂ ਰੋਂਦੇ ਨੇ ਵਕਤ ਵਿਹਾਣਿਆਂ ਨੂੰ
ਸਾਢੇ ਤਿੰਨ ਹੱਥ ਜ਼ਮੀਂ ਹੈ ਮਿਲਕ ਤੇਰੀ ਵਾਰਸ ਵਲੋਂ ਕਿਉਂ ਐਡ ਵਲਾਣਿਆਂ ਨੂੰ
594. ਹੀਰ ਆਖਿਆ ਰਾਂਝੇ ਨੂੰ
ਹਾ ਹਾ ਮੁੱਠੀ ਮਤ ਨਾ ਲਇਆ ਦਿੱਤੀ ਅਕਲ ਹਜ਼ਾਰ ਚਕੇਟਿਆ ਵੇ
ਵਸ ਪਿਉਂ ਤੂੰ ਵੈਰੀਆਂ ਸਾਂਵਿਆਂ ਦੇ ਕੇਹੀ ਵਾਹ ਹੈ ਮੁਸ਼ਕ ਲਪੇਟਿਆ ਵੇ
ਜਿਹੜਾ ਛਿੜਿਆ ਵਿੱਚ ਜਹਾਨ ਝੇੜਾ ਨਹੀਂ ਜਾਵਣਾ ਮੂਲ ਸਮੇਟਿਆਂ ਵੇ
ਰਾਜਾ ਅਦਲੀ ਹੈ ਤਖਤ ਤੇ ਅਦਲ ਕਰਦਾ ਖੜੀ ਬਾਂਹ ਕਰ ਕੂਕ ਰੰਝੇਟਿਆ ਵੇ
ਬਿਨਾ ਅਮਲ ਦੇ ਨਹੀਂ ਨਜਾਤ ਤੇਰੀ ਪਿਆ ਮਾਰਏ ਕੁਤਬ ਦਿਆ ਬੇਟਿਆ ਵੇ
ਨਹੀਂ ਹੂਰ ਬਹਿਸ਼ਤ ਦੀ ਹੋ ਜਾਂਦਾ ਗਧਾ ਜ਼ਰੀ ਦੇ ਵਿੱਚ ਲਪੇਟਿਆ ਵੇ
ਅਸਰ ਸੁਹਬਤਾਂ ਦੇ ਕਰ ਜਾਣ ਗ਼ਲਬਾ ਜਾ ਰਾਜੇ ਦੇ ਪਾਸ ਜਟੇਟਿਆ ਵੇ
ਵਾਰਸ ਸ਼ਾਹ ਮੀਆਂ ਲੋਹਾ ਹੋਏ ਸੋਇਨਾ ਜਿੱਥੇ ਕੀਮਿਆ ਦੇ ਨਾਲ ਭੇਟਿਆ ਵੇ
595/596. ਰਾਂਝੇ ਨੇ ਉੱਚੀ ਉੱਚੀ ਫਰਿਆਦ ਕੀਤੀ
ਓਕੂ ਕੀਤਾਇ ਕੂਕ ਰਾਂਝੇ ਉੱਚਾ ਕੂਕ ਦਾ ਚਾਗਰਾਂ ਧਰਾਸ ਦਾ ਈ
ਬੂ ਬੂ ਮਾਰਕੇ ਲਿਲਕਰਾਂ ਕਰੇ ਧੁਮਾਂ ਰਾਜੇ ਭਿਛਿਆ ਸ਼ੋਰ ਵਸ ਵਾਸ ਦਾ ਈ
ਰਾਂਝੇ ਆਖਿਆ ਰਾਜਿਆ ਚਿਰੀਂ ਜੀਵੇਂ ਕਰਮ ਰਬ ਦਾ ਫਿਕਰ ਗਮ ਕਾਸ ਦਾ ਈ
ਹੁਕਮ ਮੁਲਕ ਦਿੱਤਾ ਤੈਨੂੰ ਰੱਬ ਸੱਚੇ ਤੇਰਾ ਰਾਜ ਤੇ ਹੁਕਮ ਆਕਾਸ਼ ਦਾ ਈ
ਤੇਰੀ ਧਾਂਕ ਪਈ ਏ ਰੋਮ ਸ਼ਾਮ ਅੰਦਰ ਬਾਦਸ਼ਾਹ ਡਰੇ ਆਸ ਪਾਸ ਦਾ ਈ
ਤੇਰੇ ਰਾਜ ਵਿੱਚ ਬਿਨਾ ਤਕਸੀਰ ਲੁਟਿਆ ਨਾ ਗੁਨਾਹ ਤੇ ਨਾ ਕੋਈ ਵਾਸਤਾ ਈ
ਮੱਖੀ ਫਾਸਦੀ ਸ਼ਹਿਦ ਵਿੱਚ ਹੋ ਨੇੜੇ ਵਾਰਸ ਸ਼ਾਹ ਏਸ ਜਗ ਵਿੱਚ ਫਾਸਦਾ ਈ
597. ਰਾਜੇ ਦਾ ਹੁਕਮ
ਰਾਜੇ ਹੁਕਮ ਕੀਤਾ ਚੜ੍ਹੀ ਫੌਜ ਬਾਂਕੀ ਆ ਰਾਹ ਵਿੱਚ ਘੇਰਿਆ ਖੇੜਿਆਂ ਨੂੰ
ਤੁਸੀਂ ਹੋ ਸਿੱਧੇ ਚਲੋ ਪਾਸ ਰਾਜੇ ਛਡ ਦਿਉ ਖਾਂ ਛਲ ਦਰੇੜਿਆਂ ਨੂੰ
ਰਾਜੇ ਆਖਿਆ ਚੋਰ ਨਾ ਜਾਣ ਪਾਵੇ ਚਲੋ ਛੱਡ ਦੇਵੋ ਝਗੜਿਆਂ ਨੂੰ
ਝੇੜਿਆਂ ਪਕੜ ਵਿੱਚ ਹਜ਼ੂਰ ਦੇ ਲਿਆਉ ਹਾਜ਼ਰ ਰਾਹਜ਼ਨਾਂ ਤੇ ਖੋਹੜ ਬੇੜਿਆਂ ਨੂੰ
ਬੰਨ੍ਹ ਖੜਾਂਗੇ ਇੱਕੇ ਤਾਂ ਚਲੋ ਆਪੇ ਨਹੀਂ ਜਾਣਦੇ ਅਸੀਂ ਬਖੇੜਿਆਂ ਨੂੰ
ਵਾਰਸ ਸ਼ਾਹ ਚੰਦ ਸੂਰਜਾਂ ਗ੍ਰਹਿਨ ਲੱਗੇ ਉਹ ਭੀ ਫੜੇ ਨੇ ਆਪਣੇ ਫੇੜਿਆਂ ਨੂੰ
598. ਫ਼ੌਜ ਨੇ ਖੇੜਿਆਂ ਨੂੰ ਰਾਜੇ ਦੇ ਪੇਸ਼ ਕੀਤਾ
ਖੇੜੇ ਰਾਜੇ ਦੇ ਆਣ ਹਜ਼ੂਰ ਕੀਤੇ ਸੂਰਤ ਬਣੇ ਨੇ ਆਣ ਫਰਿਆਦੀਆਂ ਦੇ
ਰਾਂਝੇ ਆਖਿਆ ਖੋਹ ਲੈ ਚੱਲੇ ਨੱਢੀ ਇਹ ਖੋਹੜ ਪਰ੍ਹੇ ਬੇ ਦਾਦਿਆਂ ਦੇ
ਮੈਥੋਂ ਖੋਹ ਫਕੀਰਨੀ ਉੜ ਨਠੇ ਜਿਵੇਂ ਪੈਸ਼ਿਆਂ ਨੂੰ ਡੂਮ ਸ਼ਾਦੀਆਂ ਦੇ
ਮੇਰਾ ਨਿਆਉਂ ਤੇਰੇ ਅੱਗੇ ਰਾਏ ਸਾਹਬ ਇਹ ਵੱਡੇ ਦਰਬਾਰ ਨੇ ਆਦੀਆਂ ਦੇ
ਜੇ ਤਾਂ ਦਾੜ੍ਹੀਆਂ ਪਗੜੀਆਂ ਦੇਖ ਭੁੱਲੇ ਸ਼ੈਤਾਨ ਹਨ ਅੰਦਰੋਂ ਵਾਦੀਆਂ ਦੇ
ਵਾਰਸ ਬਾਹਰੋਂ ਸੂਹੇ ਤੇ ਸਿਆਹ ਅੰਦਰੋਂ ਤੰਬੂ ਹੋਣ ਜਿਵੇਂ ਮਾਲਜ਼ਾਦੀਆਂ ਦੇ
599. ਰਾਜੇ ਕੋਲ ਖੇੜਿਆਂ ਦੀ ਫਰਿਆਦ
ਖੇੜਿਆਂ ਜੋੜ ਕੇ ਹੱਥ ਫਰਿਆਦ ਕੀਤੀ ਨਹੀਂ ਵਕਤ ਹੁਣ ਜ਼ੁਲਮ ਕਮਾਵਨੇ ਦਾ
ਇਹ ਠਗ ਹੈ ਮਹਿਜ਼ਰੀ ਵੱਡਾ ਘੁਠਾ ਸਹਿਰ ਜਾਣਦਾ ਜਮਾਵਣੇ ਦਾ
ਵਿਹੜੇ ਵੜਦਿਆਂ ਨਢੀਆਂ ਮੋਹ ਲਏਸ ਇਸ ਥੇ ਇਲਮ ਜੇ ਰੰਨਾ ਵਲਾਵਨੇ ਦਾ
ਸਾਡੀ ਨੂੰਹ ਨੂੰ ਇੱਕ ਦਿਨ ਸੱਪ ਲੜਿਆ ਉਹ ਵਕਤ ਸੀ ਮਾਂਦਰੀ ਲਿਆਵਨੇ ਦਾ
ਸਹਿਤੀ ਦੱਸਿਆ ਜੋਗੜਾ ਬਾਗਕਾਲੇ ਢਬ ਜਾਣਦਾ ਝਾੜਿਆਂ ਪਾਵਨੇ ਦਾ
ਮੰਤਰ ਝਾੜਨੇ ਨੂੰ ਅਸਾਂ ਸਦ ਆਂਦਾ ਸਾਨੂੰ ਕੰਮ ਸੀ ਜਿੰਦ ਛੁਡਾਵਣੇ ਦਾ
ਲੈਂਦੋ ਦੋਹਾਂ ਨੂੰ ਰਾਤੋ ਹੀ ਰਾਤ ਨੱਠਾ ਫਕਰ ਵਲੀ ਅੱਲਾਹ ਪਹਿਰਾਵਨੇ ਦਾ
ਵਿੱਚੋਂ ਚੋਰ ਤੇ ਬਾਹਰੋਂ ਸਾਧ ਦਿੱਤੇ ਏਸ ਥੇ ਵੱਲ ਜੇ ਭੇਖ ਵਟਾਵਨੇ ਦਾ
ਰਾਜੇ ਚੋਰਾਂ ਤੇ ਯਾਰਾਂ ਨੂੰ ਮਾਰਦੇ ਨੇ ਸੂਲੀ ਰਸਮ ਹੈ ਚੋਰ ਚੜ੍ਹਾਵਨੇ ਦਾ
'ਉਕ ਤੂ ਲੁਲਮੂੰਜ਼ੀ ਜਾਤੀ ਕਬਲੁਲ ਈਜ਼ਾ' ਕੇਹਾ ਫਾਇਦਾ ਜਗੜਿਆਂ ਪਾਵਨੇ ਦਾ
ਭਲਾ ਕਰੇ ਤਾਂ ਏਸ ਨੂੰ ਮਾਰ ਸੁੱਟੇ ਹੁਕਮ ਆਇਆ ਹੈ ਚੋਰ ਮੁਕਾਵੇਂ ਦਾ
ਬਾਦਸ਼ਾਹ ਤੋਂ ਅਦਲ ਹੀ ਪੁਛੀਅਗੇ ਵਕਤ ਆਉ ਸੀ ਅਮਲ ਤੁਲਾਵੇਂ ਦਾ
600. ਰਾਂਝੇ ਦਾ ਉੱਤਰ
ਰਾਂਝੇ ਆਖਿਆ ਸੁਹਣੀ ਰੰਨ ਡਿੱਠੀ ਮਗਰ ਲਗ ਗਿਆ ਮੇਰੇ ਆ ਘੇਰਿਆ ਨੇ
ਨੱਠਾ ਖੌਫ਼ ਥੋਂ ਇਹ ਸਨ ਦੇਸ ਵਾਲੇ ਪਿੱਛੇ ਕਟਕ ਅਜ਼ ਗ਼ੈਬ ਦਾ ਛੇੜਿਆ ਨੇ
ਪੰਜਾਂ ਪੀਰਾਂ ਦੀ ਇਹ ਮਜਾਵਰਾਨੀ ਇਹਨਾਂ ਕਿਧਰੋਂ ਸਾਕ ਸਹੇੜਿਆ ਨੇ
ਸਭ ਰਾਜਿਆਂ ਏਨ੍ਹਾਂ ਨੂੰ ਧੱਕ ਦਿੱਤਾ ਤੇਰੇ ਮੁਲਕ ਵਿੱਚ ਆਇ ਕੇ ਛੇੜਿਆ ਨੇ
ਦੇਖੋ ਵਿੱਚ ਦਰਬਾਰ ਦੇ ਝੂਠ ਬੋਲਣ ਇਹ ਵੱਡਾ ਹੀ ਫੇੜਨਾ ਫੇੜਿਆ ਨੇ
ਮਜਰੂਹ ਸਾਂ ਗ਼ਮਾਂ ਦੇ ਨਾਲ ਭਿੜਿਆ ਮੇਰਾ ਅੱਲੜਾ ਘਾਇ ਉਚੇੜਿਆ ਨੇ
ਕੋਈ ਰੋਜ਼ ਜਹਾਨ ਤੇ ਵਾਉ ਲੈਣੀ ਭਲਾ ਹੋਇਆ ਨਾ ਚਾਇ ਨਬੇੜਿਆ ਨੇ
ਆਪ ਵਾਰਸੀ ਬਣੇ ਏਸ ਵੌਹਟੜੀ ਦੇ ਮੈਨੂੰ ਮਾਰ ਕੇ ਚਾ ਖਦੇੜਿਆ ਨੇ
ਰਾਜਾ ਪੁਛਦਾ ਕਰਾਂ ਮੈਂ ਕਤਲ ਸਾਰੇ ਤੇਰੀ ਚੀਜ਼ ਨੂੰ ਰਾਹ ਜੇ ਛੇੜਿਆ ਨੇ
ਸਚ ਆਖ ਤੂੰ ਖੁਲ ਕੇ ਕਰਾਂ ਪੁਰਜ਼ੇ ਕੋਈ ਬੁਰਾ ਜੇ ਏਸ ਨਾਲ ਫੇੜਿਆ ਨੇ
ਛਡ ਅਰਲੀਆਂ ਜੋਗ ਭਜਾ ਨਠੇ ਪਰ ਖੂਹ ਨੂੰ ਅਜੇ ਨਾ ਗੇੜਿਆ ਨੇ
ਵਾਰਸ ਸ਼ਾਹ ਮੈਂ ਗਿਰਦ ਹੀ ਰਹਿਆ ਭੌਂਦਾ ਸੁਰੇਮ ਸੁਰਮਚੂ ਨਹੀਂ ਲਵੇੜਿਆ ਨੇ
601. ਜਵਾਬ ਰਾਂਝੇ ਦਾ
ਰਾਜੇ ਆਖਿਆ ਤੁਸਾਂ ਤਕਸੀਰ ਕੀਤੀ ਏਹ ਵੱਡਾ ਫਕੀਰ ਰੰਜਾਣਿਆ ਜੇ
ਨਕ ਕੰਨ ਵਢਾ ਦਿਆਂ ਚਾੜ੍ਹ ਸੁਲੀ ਐਵੇਂ ਗਈ ਇਹ ਗੱਲ ਨਾ ਜਾਣਿਆ ਜੇ
ਰੱਜੇ ਜਟ ਨਾ ਜਾਣਦੇ ਕਿਸੇ ਤਾਈਂ ਤੁਸੀਂ ਅਪਣੀ ਕਦਰ ਪਛਾਣਿਆ ਜੇ
ਰੰਨਾ ਖੋਹ ਫਕੀਰਾਂ ਦੀਆਂ ਰਾਹ ਮਾਰੋ ਤੰਬੂ ਗਰਬ ਗੁਮਾਨ ਦੇ ਤਾਣਿਆ ਜੇ
ਰਾਤੀਂ ਚੋਰ ਤੇ ਦਿਨੇ ਉਧਾਲਿਆਂ ਤੇ ਸ਼ੈਤਾਨ ਵਾਂਗੂੰ ਜਗ ਰਾਣਿਆ ਜੇ
ਕਾਜ਼ੀ ਸ਼ਰ੍ਹਾ ਦਾ ਤੁਸਾਂ ਨੂੰ ਕਰੇ ਝੂਠਾ ਮੌਜ ਸੂਲੀਆਂ ਦੀ ਤੁਸੀਂ ਮਾਣਿਆ ਜੇ
ਇਹ ਨਿਤ ਹੰਕਾਰ ਨਾ ਮਾਲ ਰਹਿੰਦੇ ਕਦੀ ਮੌਤ ਤਹਿਕੀਕ ਪਛਾਣਿਆ ਜੇ
ਵਾਰਸ ਸ਼ਾਹ ਸਰਾਏ ਦੀ ਰਾਤ ਵਾਂਗੂੰ ਦੁਨੀਆ ਖਾਬ ਖਿਆਲ ਕਰ ਜਾਣਿਆ ਜੇ
602. ਸ਼ਰ੍ਹਾ ਦੇ ਮਹਿਕਮੇ ਵਿੱਚ ਪੇਸ਼ੀ
ਜਦੋਂ ਸ਼ਰ੍ਹਾ ਦੇ ਆਣ ਕੇ ਰਜੂਅ ਹੋਏ ਕਾਜ਼ੀ ਆਖਿਆ ਕਰੋ ਬਿਆਨ ਮੀਆਂ
ਦਿਉ ਖੋਲ ਸੁਣਾਇ ਕੇ ਬਾਤ ਸਾਰੀ ਕਰਾਂ ਉਮਰ ਖਤਾਬ ਦਾ ਨਿਆਂ ਮੀਆਂ
ਖੇੜੇ ਆਖਿਆ ਹੀਰ ਸੀ ਸਾਕ ਚੰਗਾ ਘਰ ਚੂਚਕ ਸਿਆਲ ਦੇ ਜਾਦ ਮੀਆਂ
ਅਜੂ ਖੇੜੇ ਦੇ ਪੁੱਤ ਨੂੰ ਖੈਰ ਕੀਤਾ ਹੋਰ ਲਾ ਥੱਕੇ ਲੋਕ ਤਾਣ ਮੀਆਂ
ਜੰਜ ਜੋੜ ਕੇ ਅਸਾਂ ਵਿਆਹ ਲਿਆਂਦੀ ਟਕੇ ਖਰਚ ਕੀਤੇ ਖੈਰ ਦਾਨ ਮੀਆਂ
ਲਖ ਆਦਮਾਂ ਦੀ ਢੁੱਕੀ ਲਖਮੀ ਸ਼ੀ ਹਿੰਦੂ ਜਾਣਦੇ ਤੇ ਮੁਸਲਮਾਨ ਮੀਆਂ
ਦੌਰ ਰਸਮ ਕੀਤੀ, ਮੁੱਲਾਂ ਸਦ ਆਂਦਾ ਜਿਸ ਨੂੰ ਹਿਫਜ਼ ਸੀ ਫਿਕਾ ਕੁਰਆਨ ਮੀਆਂ
ਮੁੱਲਾ ਸ਼ਾਹਦਾਂ ਨਾਲ ਵਕੀਲ ਕੀਤੇ ਜਿਵੇਂ ਲਿਖਿਆ ਵਿੱਚ ਫਰਕਾਨ ਮੀਆਂ
ਅਸਾਂ ਲਾਇਕੇ ਦਮ ਵਿਆਹ ਆਂਦੀ ਦੇਸ ਮੁਲਕ ਰਹਿਆ ਸਭੋ ਜਾਣ ਮੀਆਂ
ਰਾਵਨ ਵਾਂਗ ਲੈ ਚਲਿਆ ਸੀਤਾ ਤਾਈਂ ਇਹ ਛੋਹਰਾ ਤੇਜ਼ ਜ਼ਬਾਨ ਮੀਆਂ
ਵਾਰਸ ਸ਼ਾਹ ਨੂੰਹ ਰਹੇ ਜੇ ਕਿਵੇਂ ਸਾਥੇ ਰੱਬਾ ਜੁੰਮਲ ਦਾਰ ਹੈ ਈਮਾਨ ਮੀਆਂ
603. ਰਾਜੇ ਨੇ ਪੁੱਛਿਆ
ਰਾਜਾ ਆਖਦਾ ਪੁੱਛੋ ਖਾਂ ਇਹ ਛਾਪਾ ਕਿਥੋਂ ਦਾਮਨੇ ਨਾਲ ਚਮੋੜਿਆ ਜੇ
ਰਾਹ ਜਾਂਦੜੇ ਕਿਸੇ ਨਾ ਪੌਣ ਚੰਬੜ ਇਹ ਭੂਤਨਾ ਕਿੱਥੋਂ ਸਹੇੜਿਆ ਜੇ
ਸਾਰੇ ਮੁਲਕ ਜੋ ਝਗੜ ਦਾ ਨਾਲ ਫਿਰਿਆ ਕਿਸੇ ਹਟਕਿਆ ਨਾਹੀਂ ਮੋੜਿਆ ਜੇ
ਵਾਰਸ ਸ਼ਾਹ ਕਸੁੰਭੇ ਦੇ ਫੋਗ ਵਾਂਗੂੰ ਉਹਦਾ ਅਕਰਾ ਰਸਾ ਨਚੋੜਿਆ ਜੇ
604. ਉੱਤਰ ਖੇੜਿਆਂ ਦਾ
ਕਿਤੋਂ ਆਇਆ ਇਹ ਕਾਲ ਵਿੱਚ ਭੁਖ ਮਰਦਾ ਇਹ ਚਾਕ ਸੀ ਮਹਿਰ ਦੀਆਂ ਖੋਲੀਆਂ ਦਾ
ਲੋਕ ਕਰਨ ਵਿਚਾਰ ਜਵਾਨ ਬੇਟੀ ਉਹਨੂੰ ਫਿਕਰ ਸ਼ਰੀਕਾਂ ਦੀਆਂ ਬੋਲੀਆਂ ਦਾ
ਛੈਲ ਨਢੜੀ ਦੇਖ ਕੇ ਮਗਰ ਲੱਗਾ ਹਿਲਿਆ ਹੋਇਆ ਸਿਆਲਾਂ ਦੀਆਂ ਗੋਲੀਆਂ ਦਾ
ਮਹੀਂ ਚਾਇਕੇ ਮਚਿਆ ਦਾਅਵਿਆਂ ਤੇ ਹੋਇਆ ਵਾਰਸੀ ਸਾਡੀਆਂ ਡੋਲੀਆਂ ਦਾ
ਮੌਜੂ ਚੌਧਰੀ ਦਾ ਪੁਤ ਆਖਦੇ ਸਨ ਪਿਛਲਗ ਹਜ਼ਾਰੇ ਦੀਆਂ ਡੋਲੀਆਂ ਦਾ
ਹੱਕ ਕਰੀਂ ਜੋ ਉਮਰ ਖਤਾਬ ਕੀਤਾ ਹੱਥ ਵੱਢਣਾ ਝੂਠਿਆਂ ਰੋਲੀਆਂ ਦਾ
ਨੌਸ਼ੀਰਵਾਂ ਗਧੇ ਦਾ ਅਦਲ ਕੀਤਾ ਅਤੇ ਕੰਜਰੀ ਅਦਲ ਤੰਬੂਲੀਆਂ ਦਾ
ਨਾਦ ਖਪਰੀ ਠਗੀ ਦੇ ਬਾਬ ਸਾਰੇ ਚੇਤਾ ਕਰੀਂ ਧਿਆਨ ਜੇ ਝੂਲੀਆਂ ਦਾ
ਮੰਤਰ ਮਾਰ ਕੇ ਖੰਭ ਦਾ ਕਰੇ ਕੁੱਕੜ ਬੇਰ ਨਿਮ ਦੀਆਂ ਕਰੇ ਨਮੋਲੀਆਂ ਦਾ
ਕੰਘੀ ਲੋਹੇ ਦੀ ਤਾਂ ਕੇ ਪਟੇ ਵਾਹੇ ਸਰਦਾਰ ਹੈ ਵੱਡੇ ਕਸਬੋਲੀਆਂ ਦਾ
ਅੰਬ ਬੀਜ ਤੰਦੂਰ ਵਿੱਚ ਕਰੇ ਹਰਿਆ ਬਣੇ ਮਕਿਉ ਬਾਲਕਾ ਔਲੀਆ ਦਾ
ਵਾਰਸ ਸਾਹ ਸਭ ਐਬ ਦਾ ਰਬ ਮਹਿਰਮ ਐਵੇਂ ਸਾਂਗ ਹੈ ਪਗੜੀ ਪੋਲੀਆਂ ਦਾ
605. ਉੱਤਰ ਕਾਜ਼ੀ
ਕਾਜ਼ੀ ਆਖਿਆ ਬੋਲ ਫਕੀਰ ਮੀਆਂ ਛੱਡ ਝੂਠ ਦੇ ਦਬ ਦੜੇੜਿਆਂ ਨੂੰ
ਅਸਲ ਗੱਲ ਸੋ ਆਖ ਦਰਗਾਹ ਅੰਦਰ ਲਾ ਤਯਕਰ ਝਗੜਿਆਂ ਝੇੜਿਆਂ ਨੂੰ
ਸਾਰੇ ਦੇਸ ਵਿੱਚ ਠਿਠ ਹੋ ਸਣੇ ਨਢੀ ਦੋਵੇਂ ਫੜੇ ਹੋ ਆਪਣੇ ਫੇੜਿਆਂ ਨੂੰ
ਪਿੱਛੇ ਮੇਲ ਕੇ ਚੋਇਆ ਰਿੜਕਿਆਈ ਉਹ ਰਵਾ ਸੀ ਵਕਤ ਸਹੇੜਿਆਂ ਨੂੰ
ਭਲੇ ਜੱਟਾਂ ਦੀ ਸ਼ਰਮ ਤੂੰ ਲਾਹ ਸੁੱਟੀ ਖਵਾਰ ਕੀਤਾ ਈ ਸਿਆਲਾਂ ਤੇ ਖੇੜਿਆਂ ਨੂੰ
ਭਲਾ ਮਚਿਉਂ ਆਣ ਕੇ ਦਾਅਵਿਆਂ ਤੇ ਸਲਾਮ ਹੈ ਵਲ ਛਲਾਂ ਤੇਰਿਆਂ ਨੂੰ
ਆਭੂ ਭੁਣਦਿਆਂ ਝਾੜ ਕੇ ਚੱਬ ਚੁੱਕੋਂ ਹੁਣ ਵੌਹਟੜੀ ਦੇਹ ਇਹ ਖੇੜਿਆਂ ਨੂੰ
ਆਓ ਦੇਖ ਲੌ ਸੁਣਨ ਗਿਣਨ ਵਾਲਿਉ ਏਹ ਮਲਾਹ ਜੇ ਡੋਬਦੇ ਬੋੜਿਆਂ ਨੂੰ
ਦੁਨੀਦਾਰ ਨੂੰ ਔਰਤਾਂ ਜ਼ੁਹਦ ਫਕਰਾਂ ਮੀਆਂ ਛਡ ਸ਼ੁਹਦਿਆਂ ਝੇੜਿਆਂ ਨੂੰ
ਕਾਜ਼ੀ ਬਹੁਤ ਜੇ ਆਂਵਦਾ ਤਰਸ ਤੈਨੂੰ ਬੇਟੀ ਅਪਣੀ ਬਖਸ਼ ਦੇ ਖੇੜਿਆਂ ਨੂੰ
ਨਿਤ ਮਾਲ ਪਰਾਏ ਹਨ ਚੋਰ ਖਾਂਦੇ ਇਹ ਦੱਸ ਮਸਲੇ ਰਾਹੀਂ ਬੇੜ੍ਹਿਆਂ ਨੂੰ
ਛਡ ਜਾ ਹਿਆ ਦੇ ਨਾਲ ਜੱਟੀ ਨਹੀਂ ਜਾਣਸੈ ਦੁਰਿਆਂ ਮੇਰਿਆਂ ਨੂੰ
ਗਨੀ ਕੁਲ ਜਹਾਨ ਦੇ ਪਕੜੀਅਣ ਗੇ ਵਾਰਸ ਸ਼ਾਹ ਫਕੀਰ ਦੇ ਫੇੜਿਆਂ ਨੂੰ
606. ਕਾਜ਼ੀ ਦਾ ਖੇੜਿਆਂ ਤੇ ਗੁੱਸਾ
ਕਾਜ਼ੀ ਖੋਹ ਦਿੱਤੀ ਹੀਰ ਖੇੜਿਆਂ ਨੂੰ ਮਾਰੋ ਇਹ ਫਕੀਰ ਦਗੋਲੀਆ ਜੇ
ਵਿੱਚੋ ਚੋਰ ਤੇ ਯਾਰ ਹੈ ਜੇ ਲੁੱਚ ਲੁੱਡਾ ਦੇਖੋ ਬਾਹਰੋਂ ਵਲੀ ਤੇ ਔਲੀਆ ਜੇ
ਦਗਾਦਾਰ ਤੇ ਝਾਗੜੂ ਕਲਾਕਾਰੀ ਬਣ ਫਿਰੇ ਅਸ਼ਇਖ ਮੌਲੀਆ ਜੇ
ਜਦੋਂ ਦਗੇ ਤੇ ਆਵੇ ਤਾਂ ਸਫਾਂ ਗਾਲੇ ਅਖੀਂ ਮੀਟ ਬਹੇ ਜਾਪੇ ਰੋਲੀਆ ਜੇ
607. ਖੇੜੇ ਹੀਰ ਨੂੰ ਲੈ ਕੇ ਤੁਰ ਪਏ
ਹੀਰ ਖੋਹ ਖੇੜੇ ਚਲੇ ਵਾਹੋ ਦਾਹੀ ਰਾਂਝਾ ਰਹਿਆ ਮੂੰਹ ਗੁੰਝ ਹੈਰਾਨ ਯਾਰੋ
ਉਡ ਜਾਏ ਕਿ ਨਿਘਰੇ ਗਰਮ ਹੋਵੇ ਵੇਹਲ ਦੇਸ ਨਾ ਜ਼ਮੀਂ ਅਸਮਾਨ ਯਾਰੋ
ਖੇਪ ਮਾਰ ਲਏ ਖੇਤੜੇ ਸੜੇ ਬੋਹਲ ਹੱਕ ਅਮਲੀਆਂ ਦੇ ਰੁੜ੍ਹ ਜਾਣ ਯਾਰੋ
ਡੋਰਾਂ ਦੇਖ ਕੇ ਮੀਰ ਸ਼ਿਕਾਰ ਰੋਵਨ ਹੱਥੋਂ ਜਿਨ੍ਹਾਂ ਦਿਉਂ ਬਾਜ਼ ਉਡ ਜਾਣ ਯਾਰੋ
ਉਹਨਾਂ ਹੋਸ਼ ਤੇ ਅਕਲ ਨਾ ਥਾਉਂ ਰਹਿੰਦਾ ਸਿਰੀਂ ਜਿਨ੍ਹਾਂ ਦੇ ਪਵਣ ਦਵਾਣ ਯਾਰੋ
ਹੀਰ ਲਾਹ ਕੇ ਘੁੰਢ ਹਰਾਨ ਹੋਈ ਸਤੀ ਖਚਾਵੇ ਵਿੱਚ ਮੈਦਾਨ ਯਾਰੋ
ਤਿੱਖਾ ਦੀਦੜਾ ਵਾਂਗ ਮਹਾਸਤੀ ਦੇ ਮੱਲ ਖੜੀ ਸੀ ਇਸ਼ਕ ਮੈਦਾਨ ਯਾਰੋ
ਵਿੱਚ ਓਢਣੀ ਸਹਿਮ ਦੇ ਨਾਲ ਛਪੀ ਜਿਵੇਂ ਵਿੱਚ ਕਿਰਬਾਨ ਕਮਾਨ ਯਾਰੋ
ਖੂੰਡੇ ਅਤੇ ਚੌਗਾਨ ਲੈ ਦੇਸ ਨੱਠਾ ਦੇਖਾਂ ਕਿਹੜੇ ਫੁੰਡ ਲੈ ਜਾਣ ਯਾਰੋ
ਚੁਪ ਸ਼ੱਲ ਹੋ ਬੋਲਣੋ ਰਹੀ ਜੱਟੀ ਬਿਨਾ ਰੂਹ ਦੇ ਜਿਵੇਂ ਇਨਸਾਨ ਯਾਰੋ
ਵਾਰਸ ਸ਼ਾਹ ਦੋਵੇਂ ਪਰੇਸ਼ਾਨ ਹੋਏ ਜਿਵੇਂ ਪੜ੍ਹਿਆ ਲਾਹੌਲ ਸ਼ੈਤਾਨ ਯਾਰੋ
608. ਹੀਰ ਨੂੰ ਉੱਤਰ ਰਾਂਝੇ ਦਾ
ਰਾਂਝਾ ਆਖਦਾ ਜਾ ਕੀ ਦੇਖਦੀ ਹੈ ਬੁਰਾ ਮੌਤ ਕੀਂ ਏਹ ਵਜੋਗ ਹੈ ਨੀ
ਪਏ ਧਾੜਵੀ ਲੁਟ ਲੈ ਚੱਲੇ ਮੈਨੂੰ ਏਹ ਦੁਖ ਕੀ ਜਾਣਦਾ ਲੋਗ ਹੈ ਨੀ
ਮਿਲੀ ਸੈਦੇ ਨੂੰ ਹੀਰ ਤੇ ਸਵਾਹ ਤੈਨੂੰ ਤੇਰਾ ਨਾਮ ਤੇ ਅਸਾਂ ਨੂੰ ਟੋਗ ਹੈ ਨੀ
ਬੁੱਕਲ ਲੇਫ ਦੀ ਜੱਫੀਆਂ ਵੌਹਟੀਆਂ ਦੀਆਂ ਇਹ ਰੁਤ ਸਿਆਲ ਦਾ ਭੋਗ ਹੈ ਨੀ
ਸੌਕਦ ਰੰਨ ਗਵਾਂਢ ਕੁਪੱਤਿਆਂ ਦਾ ਭਲੇ ਮਰਦ ਦੇ ਬਾਬਾ ਦਾ ਰੋਗ ਹੈ ਨੀ
ਖੁਸ਼ੀ ਨਿਤ ਹੋਵਨ ਮਰਦ ਫੁਲ ਵਾਂਗੂੰ ਘਰੀਂ ਜਿਨ੍ਹਾਂ ਦੇ ਨਿਤ ਦਾ ਸੋਗ ਹੈ ਨੀ
ਤਿਨ੍ਹਾਂ ਵਿੱਚ ਜਹਾਨ ਕੀ ਮਜ਼ਾ ਪਾਇਆ ਗਲੇ ਜਿਨ੍ਹਾਂ ਦੇ ਰੇਸ਼ਟਾ ਜੋਗ ਹੈ ਨੀ
ਜਿਹੜਾ ਬਿਨਾ ਖੁਰਾਕ ਦੇ ਕਰੇ ਕੁਸ਼ਤੀ ਓਸ ਮਰਦ ਨੂੰ ਜਾਣੀਏ ਫੇਗ ਹੈ ਨੀ
ਅਸਮਾਨ ਢਹਿ ਪਵੇ ਤਾਂ ਨਹੀਂ ਮਰਦੇ ਬਾਕੀ ਜਿਨ੍ਹਾਂ ਦੀ ਜ਼ਿਮੀਂ ਤੇ ਚੋਗ ਹੈ ਨੀ
ਜਦੋਂ ਕਦੋ ਮਹਿਬੂਬ ਨਾ ਛੱਡਣਾ ਏ ਕਾਲਾ ਨਾਗ ਖੁਦਾ ਦਾ ਜੋਗ ਹੈ ਨੀ
ਕਾਂਉ ਕੂੰਜ ਨੂੰ ਮਿਲੇ ਤੇ ਸ਼ੇਰ ਫਵੀ ਵਾਰਸ ਸ਼ਾਹ ਇਹ ਧੁਰੋਂ ਸੰਜੋਗ ਹੈ ਨੀ
609. ਉਹੀ
ਬਰ ਵਕਤ ਜੇ ਫਜ਼ਲ ਦਾ ਮੀਂਹ ਵੱਸੇ ਬੁਰਾ ਕੌਣ ਮਨਾਂਵਦਾ ਵੁਠਿਆਂ ਨੂੰ
ਲਬ ਯਾਰ ਦੇ ਆਬਿ ਹਿਆਤ ਬਾਝੋਂ ਕੌਣ ਜ਼ਿੰਦਗੀ ਬਖਸ਼ਦਾ ਕੁਠਿਆਂ ਨੂੰ
ਦੋਵੇਂ ਆਹ ਫਰਾਕ ਦੀ ਮਾਰ ਲੁਟਏ ਕਰਾਮਾਤ ਮਨਾਵਸੀ ਰੁੱਠਿਆਂ ਨੂੰ
ਵਾਰਸ ਮਾਰ ਕੇ ਆਹ ਤੇ ਸ਼ਹਿਰ ਸਾਨੂੰ ਬਾਦਸ਼ਾ ਜਾਣੇ ਅਸਾਂ ਮੁਠਿਆਂ ਨੂੰ
610. ਹੀਰ ਦੀ ਆਹ
ਹੀਰ ਨਾਲ ਫਰਾਕ ਦੇ ਆਹ ਮਾਰੀ ਰੱਬਾ ਦੇਖ ਅਸਾਡੀਆਂ ਭਖਣ ਭਾਹੀਂ
ਅੱਗੇ ਅੱਗ ਪਿੱਛੇ ਸੱਪ ਸ਼ੀਂਹ ਪਾਸੀਂ, ਸਾਡੀ ਵਾਹ ਨਾ ਚਲਦੀ ਚੋਹੀਂ ਰਾਹੀਂ
ਇੱਕੇ ਮੇਲ ਰੰਝੇਟੜਾ ਉਮਰ ਜਾਲਾਂ ਇੱਕੇ ਦੋਹਾਂ ਦੀ ਉਮਰ ਦੀ ਅਲਖ ਲਾਹੀਂ
ਏਡਾ ਕਹਿਰ ਕੀਤਾ ਦੇਸ ਵਾਲਿਆਂ ਨੇ ਏਸ ਸ਼ਹਿਰ ਨੂੰ ਕਾਦਰਾਂ ਅੱਗ ਲਾਈ
611. ਰਾਂਝੇ ਦੀ ਰੱਬ ਤੋਂ ਮੰਗ
ਰੱਬਾ ਕਹਿਰ ਪਾਈ ਉਹ ਸ਼ਹਿਰ ਉਤੇ ਜਿਹੜਾ ਘਤ ਫਰਔਨ ਡੁਬਾਇਆ ਈ
ਜਿਹੜਾ ਨਾਜ਼ਲ ਹੋਇਆ ਜ਼ਿਕਰੀਏ ਤੇ ਉਹਨੂੰ ਘੱਤ ਸ਼ਰੀਹ ਚਰਵਾਇਆ ਈ
ਜਿਹੜਾ ਪਾਇ ਕੇ ਕਹਿਰ ਦੇ ਨਾਲ ਗੁੱਸੇ ਵਿੱਚ ਅੱਗ ਖਲੀਲ ਪਵਾਇਆ ਈ
ਜਿਹੜਾ ਪਾਇਕੇ ਕਹਿਰ ਤੇ ਸੁਟ ਤਖਤੋਂ ਸੁਲੇਮਾਨ ਨੂੰ ਭਠ ਝੁਕਾਇਆ ਈ
ਜਿਹੜੇ ਕਹਿਰ ਦਾ ਯੂਨਸ ਤੇ ਪਿਆ ਬੱਦਲ ਉਹਨੂੰ ਡੰਭਰੇ ਥੋਂ ਨਿਗਲਵਾਇਆ ਈ
ਜਿਹੜੇ ਕਹਿਰ ਤੇ ਗ਼ਜ਼ਬ ਦੀ ਪਕੜ ਕਾਤੀ ਇਸਮਾਈਲ ਨੂੰ ਜਿਬਾਹ ਕਰਾਇਆ ਈ
ਜਿਹੜਾ ਘਤਿਉ ਗ਼ਜ਼ਬ ਤੇ ਵੱਡਾ ਗੱਸਾ ਯੂਸਫ ਖੂਹ ਦੇ ਬੰਦ ਪਵਾਇਆ ਈ
ਜਿਹੜੇ ਕਹਿਰ ਦੇ ਨਾਲ ਸ਼ਾਹ ਮਰਦਾਂ ਇਕਸ ਨਫਰ ਤੋਂ ਕਤਲ ਕਰਾਇਆ ਈ
ਜਿਹੜੇ ਕਹਿਰ ਦੇ ਨਾਲ ਯਜ਼ੀਦੀਆਂ ਤੋਂ ਇਮਾਮ ਹੁਸੈਨ ਚਾ ਕੁਹਾਇਆ ਈ
ਕੱਕੀ ਭੂਰੀ ਤੇਜ਼ ਜ਼ਬਾਨ ਕੋਲੋਂ ਹਸਨ ਜ਼ਹਿਰ ਦੇ ਨਾਲ ਮਰਵਾਇਆ ਈ
ਓਹਾ ਕਹਿਰ ਘੱਤੀਂ ਏਸ ਦੇਸ ਉਤੇ ਜਿਹੜਾ ਇਤਨਿਆਂ ਦੇ ਸਿਰ ਆਇਆ ਈ
612. ਰਾਂਝੇ ਦਾ ਸਰਾਪ
ਰਾਂਝੇ ਹੱਥ ਉਠਾ ਦੁਆ ਮੰਗੀ ਤੇਰਾ ਨਾਮ ਕਹਾਰ ਜੱਬਾਰ ਸਾਈਂ
ਤੂੰ ਤਾਂ ਅਪਣੇ ਨਾਉਂ ਨਿਆਉਂ ਪਿੱਛੇ ਏਸ ਦੇਸ ਤੇ ਗ਼ੈਬ ਦਾ ਗ਼ਜ਼ਬ ਪਾਈ
ਸਾਰਾ ਸ਼ਹਿਰ ਉਜਾੜਕੇ ਸਾੜ ਸਾਈਆਂ ਕਿਵੇਂ ਮੁਝ ਗ਼ਰੀਬ ਭੀ ਦਾਦ ਪਾਈਂ
ਸਾਡੀ ਸ਼ਰਮ ਰਹਿਸੀ ਕਰਾਮਾਤ ਜਾਗੇ ਬੰਨੇ ਬੇੜੀਆਂ ਸਾਡੀਆਂ ਚਾ ਲਾਈ
613. ਉਹੀ (ਹਿੰਦੂ ਮਿਥਿਹਾਸ)
ਜਿਵੇਂ ਇੰਦ ਤੇ ਕਹਿਰ ਦੀ ਨਜ਼ਰ ਕਰਕੇ ਮਹਿਖਾਸਰੋਂ ਪਰੀ ਲੁਟਵਾਇਆ ਈ
ਸੁਰਗਾ ਪੁਰੀ ਅਮਰ ਪੁਰੀ ਇੰਦ ਪੁਰੀਆਂ ਦੇਵ ਪੁਰੀ ਮੁਖ ਆਸਣ ਲਾਇਆ ਈ
ਰਿੱਕਤ ਬੀਜ ਮਹਿਘਸਰੋਂ ਲਾ ਸੱਭੇ ਪਰਚੰਡ ਕਰ ਪਲਕ ਵਿੱਚ ਆਇਆ ਈ
ਓਹਾ ਕ੍ਰੋਪ ਕਰ ਜਿਹੜਾ ਪਿਆ ਜੋਗੀ ਬਿਸ਼ਵਾ ਮਿੱਤਰੋਂ ਖੇਲ ਕਰਵਾਇਆ ਈ
ਓਹਾ ਕ੍ਰੋਧ ਕਰ ਜਿਹੜਾ ਪਾਇ ਰਾਵਨ ਰਾਮ ਚੰਦ ਥੋਂ ਲੰਕ ਲੁਟਵਾਇਆ ਈ
ਓਹਾ ਕ੍ਰੋਪ ਕਰ ਜਿਹੜਾ ਪਾਂਡੋਆਂ ਥੋਂ ਚਖਾ ਬੂਹ ਦੇ ਵਿੱਚ ਕਰਵਾਇਆ ਈ
ਦੋਨਾਂ ਚਾਰਜੋਂ ਲਾਇਕੇ ਭੀਮ ਭੇਖਮ ਜਿਹੜਾ ਕੈਰਵਾਂ ਦੇ ਗਲ ਪਾਇਆ ਈ
ਕਹਿਰ ਪਾ ਜੋ ਘਤ ਹਕਨਾਕਸ਼ੇ ਤੇ ਨਾਲ ਨਖਾਂ ਦੇ ਢਿਡ ਪੜਵਾਇਆ ਈ
ਘਤ ਕ੍ਰੋਪ ਜੋ ਪਾਇਕੇ ਕੰਸ ਰਾਜੇ ਬੋਦੀ ਕਾਨ੍ਹ ਥੋਂ ਚਾ ਪਟਾਇਆ ਈ
ਘਤ ਕ੍ਰੋਪ ਜੋ ਪਾਇ ਕਲਖੇਤਰੇ ਨੂੰ ਕਈ ਖੂਹਣੀ ਸੈਨ ਗਲਵਾਇਆ ਈ
ਘਤ ਕ੍ਰੋਪ ਜੋ ਦਰੋਪਦੀ ਨਾਲ ਹੋਏ ਪਤ ਨਾਲ ਪਰ ਅੰਤ ਬਚਾਇਆ ਈ
ਘਤ ਕ੍ਰੋਪ ਜੋ ਰਾਮ ਦੀ ਬੈਠ ਗਤ ਮੇਂ ਸਰੂਪ ਨਖਾ ਬਿਨ ਨਕ ਕਟਵਾਇਆ ਈ
ਜੁਧ ਵਿੱਚ ਜੋ ਰਾਮ ਨਲ ਨੀਲ ਲਛਮਣ ਕੁੰਭ ਕਰਨ ਦੇ ਬਾਬਾ ਬਣਾਇਆ ਈ
ਘਤ ਕ੍ਰੋਪ ਜੋ ਰਾਮ ਨੇ ਕ੍ਰੋਧ ਕਰਕੇ ਬਲੀ ਸਿੰਘ ਦੀ ਖੇਡ ਮੁਕਾਇਆ ਈ
ਘਤ ਕ੍ਰੋਪ ਜੋ ਬਾਲੀ ਤੇ ਰਾਮ ਕੀਤਾ ਅਤੇ ਤਾਰਕਾ ਪਕੜ ਚਰਵਾਇਆ ਈ
ਘਤ ਕ੍ਰੋਪ ਸਬਾਹੂ ਮਰੀਖ ਮਾਰਿਉ ਮਹਾ ਦੇਵ ਦਾ ਕੁੰਢ ਭਨਾਇਆ ਈ
ਉਹ ਕ੍ਰੋਪ ਕਰ ਜਿਹੜਾ ਏਤਨਿਆਂ ਤੇ ਜੁਗਾ ਜੁਗ ਹੀ ਧੁੰਮ ਕਰਾਇਆ ਈ
ਉਸ ਦਾ ਆਖਿਆ ਰੱਬ ਮਨਜ਼ੂਰ ਕੀਤਾ ਤੁਰਤ ਸ਼ਹਿਰ ਨੂੰ ਅੱਗ ਲਗਾਇਆ ਈ
ਜਦੋਂ ਅੱਗ ਨੇ ਸ਼ਹਿਰ ਨੂੰ ਚੌੜ ਕੀਤਾ ਧੁੰਮ ਰਾਜੇ ਦੇ ਪਾਸ ਫਿਰ ਆਇਆ ਈ
ਵਾਰਸ ਸ਼ਾਹ ਮੀਆਂ ਵਾਂਗ ਸ਼ਹਿਰ ਲੰਕਾ ਚਾਰੋਂ ਤਰਫ ਬੀ ਅੱਗ ਮਚਾਇਆ ਈ
614. ਸਾਰੇ ਸ਼ਹਿਰ ਨੂੰ ਅੱਗ ਲੱਗਣੀ
ਲੱਗੀ ਅੱਗ ਚੌਤਰਫ ਜਾਂ ਸ਼ਹਿਰ ਸਾਰੇ ਕੀਤਾ ਸਾਫ ਸਭ ਝੁਘੀਆਂ ਝਾਹੀਆਂ ਨੂੰ
ਸਾਰੇ ਦੇਸ ਵਿੱਚ ਧੁੰਮ ਤੇ ਸ਼ੋਰ ਹੋਇਆ ਖਬਰਾਂ ਪਹੁੰਚੀਆਂ ਪਾਂਧੀਆਂ ਰਾਹੀਆਂ ਨੂੰ
ਲੋਕਾਂ ਆਖਿਆ ਫਕਰ ਬਦ ਦੁਆ ਦਿੱਤੀ ਰਾਜੇ ਭੇਜਿਆ ਤੁਰਤ ਸਪਾਹੀਆਂ ਨੂੰ
ਪਕੜ ਖੇੜਿਆਂ ਨੂੰ ਕਰੋ ਆਣ ਹਾਜ਼ਰ ਨਹੀਂ ਜਾਣਦੇ ਜ਼ਬਤ ਬਾਦਸ਼ਾਹੀਆਂ ਨੂੰ
ਜਾ ਘੇਰ ਆਂਦੇ ਚਲੋ ਹੋਓ ਹਾਜ਼ਰ ਖੇੜੇ ਫੜੇ ਨੇ ਦੇਖ ਲੈ ਕਾਹੀਆਂ ਨੂੰ
ਵਾਰਸ ਸੋਮ ਸਲਾਤ ਦੀ ਛੁਰੀ ਕੱਪੇ ਇਹਨਾਂ ਦੀਨ ਈਮਾਨ ਦੀਆਂ ਫਾਹੀਆਂ ਨੂੰ
615. ਹੀਰ ਨੇ ਰਾਂਝੇ ਨੂੰ ਰੋਕਿਆ
ਹੀਰ ਖੋਹ ਕੇ ਰਾਂਝੇ ਦੇ ਹੱਥ ਦਿੱਤੀ ਕਰੀਂ ਜੋਗੀਆ ਖ਼ੈਰ ਦੁਆ ਮੀਆਂ
ਰਾਂਝਾ ਹੱਥ ਉਠਾ ਕੇ ਦੁਆ ਦਿੱਤੀ ਤੇਸ਼ੋ ਜ਼ੁਲ ਜਲਾਲ ਖੁਦਾ ਮੀਆਂ
ਤੇਰੇ ਹੁਕਮ ਤੇ ਮੁਲਕ ਤੇ ਖੈਰ ਹੋਵੇ ਤੇਰੀ ਦੂਰ ਹੋ ਕੁੱਲ ਬਲਾ ਮੀਆਂ
ਅੰਨ ਧੰਨ ਤੇ ਲਛਮੀ ਹੁਕਮ ਦੌਲਤ ਨਿਤ ਹੋਵਨੀ ਦੂਣ ਸਵਾ ਮੀਆਂ
ਘੋੜੇ ਊਠ ਹਾਥੀ ਦਮ ਤੋਪ ਖਾਨੇ ਹਿੰਦ ਸਿੰਧ ਤੇ ਹੁਕਮ ਚਲਾ ਮੀਆਂ
ਵਾਰਸ ਸ਼ਾਹ ਰਬ ਨਾਲ ਹਿਆ ਰੱਖੇ ਮੀਟੀ ਮੁਠ ਹੀ ਦੇ ਲੰਘਾ ਮੀਆਂ
616. ਉੱਤਰ ਰਾਂਝਾ
ਲੈ ਕੇ ਚਲਿਆ ਆਪਣੇ ਦੇਸ ਤਾਈਂ ਚਲ ਨੱਢੀਏ ਰੱਬ ਵਧਾਈ ਨੀ
ਚੌਧਰਾਣੀਏ ਤਖਤ ਹਜ਼ਾਰੇ ਦੀਏ ਪੰਜਾਂ ਪੀਰਾਂ ਨੇ ਆਣ ਬਹਾਈਂ ਨੀ
ਕਢ ਖੇੜਿਆਂ ਤੋਂ ਰੱਬ ਦਿੱਤੀਏ ਤੂੰ ਅਤੇ ਮੁਲਕ ਪਹਾੜ ਪਹੁੰਚਾਈਂ ਨੀ
ਹੀਰ ਆਖਿਆ ਐਵੇ ਜੇ ਜਾ ਵੜਸਾਂ ਰੰਨਾ ਆਖਸਨ ਉਧਲੇ ਆਈ ਨੀ
ਪੀਏ ਸਹੁਰੇ ਡੋਬ ਕੇ ਗਾਲਿਉ ਨੀ ਖੋਹ ਕੌਣ ਨਵਾਲੀਆਂ ਆਈਂ ਨੀ
ਲਾਵਾਂ ਫੇਰਿਆਂ ਅਕਦ ਨਕਾਹ ਬਾਝੋਂ ਐਵੇਂ ਬੋਦਲ ਹੋਇਕੇ ਆਈਂ ਨੀ
ਘਤ ਜਾਦੂੜਾ ਦੇਵ ਨੇ ਪਰੀ ਠੱਗੀ ਹੂਰ ਆਦਮੇ ਦੇ ਹੱਥ ਆਈ ਨੀ
ਵਾਰਸ ਸ਼ਾਹ ਪ੍ਰੇਮ ਦੀ ਜੜੀ ਘੱਤੀ ਮਸਤਾਨੜੇ ਚਾਕ ਰਹਾਈ ਨੀ
617. ਪਹਾੜੀ ਔਰਤਾਂ ਦੀ ਗੱਲ ਬਾਤ
ਰੰਨਾਂ ਦੇਸ ਪਹਾੜ ਦੀ ਠੀਕਰੀ ਦੀਆਂ ਆਈਆਂ ਹੋ ਕੇ ਧੁੰਬਲਾ ਬੱਡਾ ਭਾਰਾ
ਰਾਜੇ ਮਾਹਣੂਆਂ ਜਿਉ ਕੌਣ ਸੇਵਕਣਾਂ ਕਦੇ ਪ੍ਰੇਮ ਦੀ ਝੋਕ ਥੀਂ ਜਿਉ ਮਹਾਰਾ
ਬਾਰੋ ਅਥਰੂ ਥਾਰ ਹੀ ਥਾਇ ਜਾਂਦੇ ਅਨਾ ਕੀਕਣੌ ਚੜ੍ਹਿਉ ਅਪਰਾਧ ਭਾਰਾ
ਐਡੋ ਵੀਨ ਆਧਾਨ ਗਲਾਇਕੇ ਤੇ ਮਹਾਰੇ ਦੇਸ ਕੋ ਲੁਟੀਏ ਜਾਨ ਕਾਰਾ
ਧਰਮੀ ਰਾਜੇ ਕੂੰ ਮਾਹਣੂਆਂ ਕਹਿ ਲਿਤੇ ਕੀ ਬੀ ਕਾਂਡ ਅੰਧੇਰੀ ਹੈ ਚੜ੍ਹੀ ਧਾੜਾ
ਬਹਿਰਮ ਗਲੇ ਕੂੰ ਪੀਰ ਪੰਚਾਲ ਭੀਤਰ ਬਣੋ ਘਾਟ ਕੂੰ ਕੁਬੜੇ ਚਲਣ ਹਾਰਾ
ਕਦੇ ਕਦੇ ਵੰਝੇ ਛੁੱਕੇ ਮਾਹਣੂਆਂ ਵੋ ਜੰਘੀ ਕਾਪ ਸੁਟੂ ਜਿਵੇਂ ਕੰਟ ਕਾਰਾ
ਕੀ ਬੀ ਲਾੜੀਆਂ ਕਬੀ ਗਲਾਈ ਮੰਡੀ ਵਾਰਸ ਕੌਣ ਕਵਰਾਜ ਕਰ ਖੇਡ ਧਾਰਾ
618. ਉਹੀ ਚਾਲੂ
ਥਾਰੋ ਸੁਸਰੋ ਕੌਣ ਕੀ, ਮਾਤ ਪਿਤਾ ਪਿਤਰ ਕਿਨ, ਕਿਨ ਹੋ ਬਦਾਈ ਕੋਲੜੇ ਰੀ
ਕਦੀ ਦਿਸ਼ਰੋ ਚੰਦਰ ਮੁਖ ਕਾਲ ਬੇਧੀ, ਏਰੋ ਲਾਗੜੋ ਭਟ ਕੰਨ ਖੱਲੜੋ ਰੀ
ਅਠਕੇਲੜੋ ਖੇਲ ਕਟਕਨੇ ਧਾਇਉ ਕਰ ਠਾਕ ਕਿਨ ਦੇਸ ਲੈ ਚਲੜੋ ਰੀ
ਧੁਨ ਧਾਰਕੇ ਕੀਲ ਲੈ ਧੌਂਸ ਧਾਂਕੋ ਸਰਵਸਿੱਆ ਬਸੁਰਤ ਅਲਵੜੋ ਰੀ
619. ਉੱਤਰ ਹੀਰ
ਰਾਹੇ ਰਾਹ ਜਾਂ ਸਿਆਲਾਂ ਦੀ ਜੂਹ ਆਈ ਹੀਰ ਆਖਿਆ ਦੇਖ ਲੈ ਜੂਹ ਮੀਆਂ
ਜਿੱਥੋਂ ਖੇਡਦੇ ਗਏ ਸਾਂ ਚੋਜ ਕਰਦੇ ਤਕਦੀਰ ਲਾਹੇ ਵਿੱਚ ਖੂਹ ਮੀਆਂ
ਜਦੋਂ ਜੰਜ ਆਈ ਘਰ ਖੇੜਿਆਂ ਦੀ ਤੂਫਾਨ ਆਇਆ ਸਿਰ ਨੂਹ ਮੀਆਂ
ਇਹ ਥਾਂਉ ਜਿੱਥੇ ਕੈਦੋ ਫਾਂਟਿਆ ਸੀ ਨਾਲ ਸੇਲ੍ਹੀਆਂ ਬੰਨ੍ਹ ਧਰੂਹ ਮੀਆਂ
620. ਸਿਆਲਾਂ ਨੂੰ ਖਬਰ ਹੋਣੀ
ਮਾਹੀਆਂ ਆਖਿਆ ਜਾ ਕੇ ਵਿੱਚ ਸਿਆਲੀਂ ਨਢੀ ਹੀਰ ਨੂੰ ਚਾਕ ਲੈ ਆਇਆ ਜੇ
ਦਾੜ੍ਹੀ ਖੇੜਿਆਂ ਦੀ ਸੱਭਾ ਮੁੰਨ ਸੁੱਟੀ ਪਾਣੀ ਇਕ ਫੂਹੀ ਨਾਹੀਂ ਲਾਇਆ ਜੇ
ਸਿਆਲਾਂ ਆਖਿਆ ਪਰ੍ਹਾਂ ਨਾ ਜਾਣ ਕਿਤੇ ਜਾ ਕੇ ਚਾਕੜੇ ਨੂੰ ਘਰੀਂ ਲਿਆਇਆ ਜੇ
ਆਖੋ ਰਾਂਝਣੇ ਨੂੰ ਜੰਜ ਬਣਾ ਲਿਆਵੇ ਬਨ੍ਹ ਸਿਹਰੇ ਡੋਲੜੀ ਪਾਇਆ ਜੇ
ਜੋ ਕੁਝ ਹੈ ਨਸੀਬ ਸੋ ਦਾਜ ਦਾਮਨ ਸਾਥੋਂ ਤੁਸੀਂ ਭੀ ਚਾ ਲੈਜਾਇਆ ਜੇ
ਏਧਰੋਂ ਹੀਰ ਤੇ ਰਾਂਝੇ ਨੂੰ ਲੈਣ ਚੱਲੇ ਓਧਰੋਂ ਖੇੜਿਆਂ ਦਾ ਨਾਈ ਆਇਆ ਜੇ
ਸਿਆਲਾਂ ਆਖਿਆ ਖੇੜਿਆਂ ਨਾਲ ਸਾਡੇ ਕੋਈ ਖੈਰ ਦੇ ਪੇਚ ਨਾ ਪਾਇਆ ਜੇ
ਹੀਰ ਵਿਆਹ ਦਿੱਤੀ ਮੋਈ ਗਈ ਸਾਥੋਂ ਮੂੰਹ ਧੀ ਦਾ ਨਾ ਦਖਾਇਆ ਜੇ
ਮੁੜੀ ਤੁਸਾਂ ਥੋਂ ਉਹ ਕਿਸੇ ਖੂਹ ਡੁੱਬੀ ਕੇਹਾ ਦੇਸ ਤੇ ਪੁਛਨਾ ਲਾਇਆ ਜੇ
ਸਾਡੀ ਧੀ ਦਾ ਖੋਜ ਮੁਕਾਇਆ ਜੇ ਕੋਈ ਅਸਾਂ ਨੂੰ ਸਾਕ ਦਵਾਇਆ ਜੇ
ਓਵੇਂ ਮੋੜ ਕੇ ਨਾਈ ਨੂੰ ਟੋਰ ਦਿੱਤਾ ਮੁੜ ਫੇਰ ਨਾ ਅਸਾਂ ਵੱਲ ਆਇਆ ਜੇ
ਓੜਕ ਤੁਸਾਂ ਤੇ ਇਹ ਉਮੀਦ ਆਹੀ ਡੰਡੇ ਸੁਥਰਿਆਂ ਵਾਂਗ ਵਜਾਇਆ ਜੇ
621. ਹੀਰ ਨੂੰ ਘਰ ਲਿਆਉਣਾ
ਭਾਈਆਂ ਜਾਇਕੇ ਹੀਰ ਨੂੰ ਘਰੀਂ ਆਂਦਾ ਰਾਂਝਨਾ ਨਾਲ ਹੀ ਘਰੇ ਮੰਗਾਇਉ ਨੇ
ਲਾਹ ਮੁੰਦਰਾਂ ਜਟਾਂ ਮੁਨਾ ਸੁਟੀਆਂ ਸਿਰ ਸੋਹਣੀ ਪਗ ਬਨਾਇਉ ਨੇ
ਘਿਨ ਘਤ ਉਤੇ ਖੰਡ ਦੁਧ ਚਾਵਲ ਅੱਗੇ ਰਖ ਪਲੰਗ ਬਹਾਇਉ ਨੇ
ਯਾਅਕੂਬ ਦੇ ਪਿਆਰੜੇ ਪੁਤ ਵਾਂਗੂ ਕਢ ਖੂਹ ਥੀਂ ਤਖਤ ਬਹਾਇਉ ਨੇ
ਜਾ ਭਾਈਆਂ ਦੀ ਜੰਜ ਜੋੜ ਲਿਆਵੀਂ ਅੰਦਰ ਵਾੜ ਕੇ ਬਹੁਤ ਸਮਝਾਇਉ ਨੇ
ਨਾਲ ਦੇ ਲਾਗੀ ਖੁਸ਼ੀ ਹੋ ਸਭਨਾਂ ਤਰਫ ਘਰਾਂ ਦੇ ਓਸ ਪਹੁੰਚਾਇਉ ਨੇ
ਭਾਈਚਾਰੇ ਨੂੰ ਮੇਲ ਬਹਾਇਉ ਨੇ ਸਭੋ ਹਾਲ ਅਹਿਵਾਲ ਸੁਣਾਇਉ ਨੇ
ਦੇਖੋ ਦਗ਼ੇ ਦੇ ਫੰਦ ਲਾਇਉ ਨੇ ਧੀਉ ਮਾਰਨ ਦਾ ਮਤਾ ਪਕਾਇਉ ਨੇ
ਵਾਰਸ ਸ਼ਾਹ ਇਹ ਕੁਦਰਤਾਂ ਰਬ ਦੀਆਂ ਨੇ ਦੇਖ ਨਵਾਂ ਪਖੰਡ ਰਚਾਇਉ ਨੇ
622. ਰਾਂਝਾ ਤਖਤ ਹਜ਼ਾਰੇ ਆ ਗਿਆ
ਰਾਂਝੇ ਜਾਇ ਕੇ ਘਰੇ ਆਰਾਮ ਕੀਤਾ ਗੰਢ ਫੇਰਿਆ ਸੁ ਵਿਚ ਭਾਈਆਂ ਦੇ
ਸਾਰੋ ਕੋੜਮਾ ਆਇਕੇ ਗਿਰਦ ਹੋਇਆ ਬੈਠਾ ਪੈਂਚ ਹੋ ਵਿੱਚ ਭਰਜਾਈਆਂ ਦੇ
ਚਲੋ ਭਾਈਉ ਵਿਆਹ ਕੇ ਸਿਆਲ ਲਿਆਈਏ ਹੀਰ ਲਈ ਹੈ ਨਾਲ ਦੁਆਈਆਂ ਦੇ
ਜੰਜ ਜੋੜ ਕੇ ਰਾਂਝੇ ਤਿਆਰ ਕੀਤੀ ਟਮਕ ਚਾ ਬੱਧੇ ਮਗਰ ਨਾਈਆਂ ਦੇ
ਵਾਜੇ ਪਛਮੀ ਧਰਗਾਂ ਦੇ ਨਾਲ ਵੱਜਣ ਲਖ ਰੰਗ ਛੈਣੇ ਸਰਨਾਈਆਂ ਦੇ
ਵਾਰਸ ਸ਼ਾਹ ਵਸਾਹ ਕੀ ਜਿਊਣੇ ਦਾ ਬੰਦਾ ਬੱਕਰਾ ਹੱਥ ਕਸਾਈਆਂ ਦੇ
623. ਸਿਆਲਾਂ ਨੇ ਹੀਰ ਨੂੰ ਮਾਰਨ ਦੀ ਸਲਾਹ ਬਣਾਈ
ਸਿਆਲਾਂ ਬੈਠ ਕੇ ਸੱਥ ਵਿਚਾਰ ਕੀਤੀ ਭਲੇ ਆਦਮੀ ਗੈਰਤਾਂ ਪਾਲਦੇ ਜੇ
ਯਾਰੋ ਗਲ ਮਸ਼ਹੂਰ ਜਹਾਨ ਉਤੇ ਸਾਨੂੰ ਮੋਹਣੇ ਹੀਰ ਲਿਆਲ ਦੇ ਜੀ
ਪਤ ਰਹੇ ਗੀ ਨਾ ਜੇ ਟੋਰ ਦਿੱਤੀ ਨੱਢੀ ਨਾਲ ਮੁੰਡੇ ਮਹੀਂਵਾਲ ਦੇ ਜੀ
ਫਟ ਜੀਭ ਦੇ ਕਾਲਕਾ ਬੇਟੀਆਂ ਦੀ ਐਬ ਜੂਆਂ ਦੇ ਮੇਹਣੇ ਗਾਲ ਦੇ ਜੀ
ਜਿੱਥੋਂ ਆਂਵਦੇ ਤਿੱਥੋਂ ਦਾ ਬੁਰਾ ਮੰਗਣ ਦਗਾ ਕਰਨ ਧਨ ਮਾਲ ਦਾ ਜੀ
ਕਬਰ ਵਿੱਚ ਦੇਵਸ ਖ਼ਨਜ਼ੀਰ ਹੋ ਸਨ ਜਿਹੜੇ ਲਾੜ੍ਹ ਕਰਨ ਧਨ ਮਾਲ ਦੇ ਜੀ
ਔਰਤ ਆਪਣੀ ਕੋਲ ਜੇ ਗ਼ੈਰ ਦੇਖਣ ਗ਼ੈਰਤ ਕਰਨ ਨਾ ਓਸ ਦੇ ਹਾਲ ਦੇ ਜੀ
ਮੂੰਹ ਤਿੰਨਾਂ ਦਾ ਦੇਖਣਾ ਖੂਕ ਵਾਂਗੂੰ ਕਤਲ ਕਰਨ ਰਜਫੀਕ ਜੋ ਨਾਲ ਦੇ ਜੀ
ਸੱਯਦ ਸ਼ੈਖ਼ ਨੂੰ ਪੀਰ ਨਾ ਜਾਣਨਾ ਏ ਅਮਲ ਕਰੇ ਜੇ ਉਹ ਚੰਡਾਲ ਦੇ ਜੀ
ਹੋਏ ਚੂਹੜਾ ਤਰਕ ਹਰਾਮ ਮੁਸਲਮ ਮੁਸਲਮਾਨ ਸਭ ਓਸ ਦੇ ਨਾਲ ਦੇ ਜੀ
ਦੌਲਤਮੰਦ ਦੇਵਸ ਦੀ ਤਰਕ ਸੁਹਬਤ ਮਗਰ ਲੱਗੀਏ ਨੇਕ ਕੰਗਾਲ ਦੇ ਜੀ
ਕੋਈ ਕਚਕਰਾ ਲਾਅਲ ਨਾ ਹੋ ਜਾਂਦਾ ਜੇ ਪਰੋਈ ਨਾਲ ਉਹ ਲਾਅਲ ਦੇ ਜੀ
ਜ਼ਹਿਰ ਦੇ ਕੇ ਮਾਰੀਏ ਨਢੜੀ ਨੂੰ ਗੁਨਾਹਗਾਰ ਹੋ ਜ਼ੁਲਜਲਾਲ ਦੇ ਜੀ
ਮਾਰ ਸੁਟਿਆ ਹੀਰ ਨੂੰ ਮਾਪਿਆਂ ਨੇ ਇਹ ਪੇਖਨੇ ਓਸ ਦੇ ਖਿਆਲ ਦੇ ਜੀ
ਬਦ ਅਮਲੀਆਂ! ਜਿਨ੍ਹਾਂ ਥੋਂ ਕਰੇਂ ਚੋਰੀ ਮਹਿਰਮ ਤਰੇ ਵਾਲ ਵਾਲ ਦੇ ਜੀ
ਸਾਨੂੰ ਜੰਨਤੀਂ ਸਾਥ ਰਲਾਉਨਾ ਏ ਅਸਾਂ ਆਸਰੇ ਫਜ਼ਲ ਕਮਾਲ ਦੇ ਜੀ
ਜਿਹੜੇ ਦੋਜ਼ਖਾਂ ਨੂੰ ਬੰਨ੍ਹ ਟੋਰੇਗੇ ਵਾਰਸ ਸ਼ਾਹ ਫਕੀਰ ਦੇ ਨਾਲ ਦੇ ਜੀ
624. ਹੀਰ ਦੀ ਮੌਤ ਦੀ ਖਬਰ ਰਾਂਝੇ ਨੂੰ ਦੇਣੀ
ਹੀਰ ਜਾਨ ਬਹੱਕ ਤਸਲੀਮ ਹੋਈ ਸਿਆਲਾਂ ਦਫਨ ਕੇ ਖਤ ਲਿਖਾਇਆ ਈ
ਵਲੀ ਗੁੱਸ ਤੇ ਕੁਤਬ ਸਭ ਖਤਮ ਹੋਏ ਮੌਤ ਸੱਚ ਹੈ ਰਬ ਫਰਮਾਇਆ ਈ
'ਕੱਲੂ ਸ਼ਈਇਨ ਹਾਲੇਕੁਨ ਇੱਲਾ ਵਜ ਹਾ ਹੂ' ਹੁਕਮ ਵਿੱਚ ਕੁਰਆਨ ਦੇ ਆਇਆ ਈ
ਅਸਾਂ ਸਬਰ ਕੀਤਾ ਸਤੁਸਾਂ ਸਬਰ ਕਰਨਾ ਇਹ ਧਰੋਂ ਹੀ ਹੁੰਦੜਾ ਆਇਆ ਈ
ਅਸਾਂ ਹੋਰ ਉਮੀਦ ਸੀ ਹੋਰ ਹੋਈ ਖਾਲੀ ਜਾਏ ਉਮੀਦ ਫਰਮਾਇਆ ਜੀ
ਇਹ ਰਜ਼ਾ ਕਤਈ ਨਾ ਟਲੇ ਹਰਗਿਜ਼ ਲਿਖ ਆਦਮੀ ਤੁਰਤ ਭਜਾਇਆ ਈ
ਡੇਰਾ ਪੁਛ ਕੇ ਧੀਦੋ ਦਾ ਜਾ ਵੜਿਆ ਖਤ ਰੋਇਕੇ ਹੱਥ ਫੜਾਇਆ ਈ
ਇਹ ਰੋਵਨਾ ਖਬਰ ਕੀ ਲਿਆਇਆ ਏ ਮੂੰਹ ਕਾਸ ਥੋਂ ਬੁਰਾ ਬਣਾਇਆ ਈ
ਮਾਅਜ਼ੂਲ ਹੋਇਉਂ ਤਖਤ ਜ਼ਿੰਦਗੀ ਥੋਂ ਪਰਮਾਨ ਤਗੱਈਅਰ ਦਾ ਆਇਆ ਈ
ਮੇਰੇ ਮਾਲ ਨੂੰ ਖੈਰ ਹੈ ਕਾਸਦਾ ਓ ਆਖ ਕਾਸਨੂੰ ਡੁਸਕਣਾ ਲਾਇਆ ਈ
ਤੇਰੇ ਮਾਲ ਨੂੰ ਧਾੜਵੀ ਉਹ ਪਿਆ ਜਿਸ ਤੋਂ ਕਿਸੇ ਨਾ ਮਾਲ ਛੁਡਾਇਆ ਈ
ਹੀਰ ਮੋਈ ਨੂੰ ਅਠਵਾਂ ਪਹਿਰ ਹੋਇਆ ਮੈਨੂੰ ਸਿਆਲਾਂ ਨੇ ਅੱਜ ਭਜਾਇਆ ਈ
ਵਾਰਸ ਸ਼ਾਹ ਮੀਆਂ ਗੱਲ ਠੀਕ ਜਾਣੀਂ ਤੈਥੇ ਕੂਚ ਦਾ ਉੱਦਮੀਂ ਆਇਆ ਈ
625. ਉਹੀ ਚਲਦਾ
ਕਈ ਬੋਲ ਗਏ ਸ਼ਾਖ਼ ਉਮਰ ਦੀ ਤੇ ਏਥੇ ਆਲ੍ਹਣਾ ਕਿਸੇ ਨਾ ਪਾਇਆ ਈ
ਕਈ ਹੁਕਮ ਤੇ ਜ਼ੁਲਮ ਕਮਾ ਚੱਲੇ ਨਾਲ ਕਿਸੇ ਨਾ ਸਾਥ ਲਦਾਇਆ ਈ
ਵੱਡੀ ਉਮਰ ਆਵਾਜ਼ ਔਲਾਦ ਵਾਲਾ ਜਿਸ ਨੂਹ ਤੂਫਾਨ ਮੰਗਵਾਇਆ ਈ
ਇਹ ਰੂਹ ਕਲਬੂਤ ਦਾ ਜ਼ਿਕਰ ਸਾਰਾ ਨਾਲ ਅਕਲ ਦੇ ਮੇਲ ਮਿਲਾਇਆ ਈ
ਅਗੇ ਹੀਰ ਨਾ ਕਿਸੇ ਨੇ ਕਹੀ ਐਸੀ ਸ਼ਿਅਰ ਬਹੁਤ ਮਰਗੁਬ ਬਣਾਇਆ ਈ
ਵਾਰਸ ਸ਼ਾਹ ਲੋਕ ਕਮਲਿਆਂ ਨੂੰ ਕਿੱਸਾ ਜੋੜਾ ਹੁਸ਼ਿਆਰ ਸੁਣਾਇਆ ਈ
626. ਰਾਂਝੇ ਨੇ ਆਹ ਮਾਰੀ
ਰਾਂਝੇ ਵਾਂਗ ਫਰਹਾਦ ਦੇ ਆਹ ਕੱਢੀ ਜਾਨ ਗਈ ਸੂ ਹੋ ਹਵਾ ਮੀਆਂ
ਦੋਵੇਂ ਦਾਰੇ ਫਨਾ ਥੀਂ ਗਏ ਸਾਬਤ ਜਾ ਰੁੱਪੇ ਨੇ ਦਾਰ ਬਕਾ ਮੀਆਂ
ਦਵੇਂ ਰਾਹ ਮਜਾਜ਼ ਦੇ ਰਹੇ ਸਾਬਤ ਨਾਲ ਸਿਦਕ ਦੇ ਗਏ ਵਹਾ ਮੀਆਂ
ਵਾਰਸ ਸ਼ਾਹ ਇਸ ਖਾਬ ਸਰਾਏ ਅੰਦਰ ਕਈ ਵਾਜੜੇ ਗਏ ਵਦਾ ਮੀਆਂ
627. ਹਿਜਰੀ ਸੰਮਤ 1180, ਤਾਰੀਖ 1823 ਬਿਕਰਮੀ
ਸਨ ਯਾਰਾਂ ਸੈ ਅੱਸੀਆਂ ਨਬੀ ਹਿਜਰਤ ਲੰਮੇ ਦੇਸ ਦੇ ਵਿਚ ਤਿਆਰ ਹੋਈ
ਅਠਾਰਾਂ ਸੈ ਤਰੇਈਆਂ ਸਮਤਾਂ ਦਾ ਰਾਜੇ ਬਿਕਰਮਜੀਤ ਦੀ ਸਾਰ ਹੋਈ
ਜਦੋਂ ਦੇਸ ਤੇ ਜਟ ਸਰਦਾਰ ਹੋਏ ਘਰੋ ਘਰੀ ਜਾਂ ਨਵੀਂ ਸਰਕਾਰ ਹੋਈ
ਅਸ਼ਰਾਫ ਖਰਾਬ ਕਮੀਨ ਤਾਜ਼ੇ ਜ਼ਿਮੀਂਦਾਰ ਨੂੰ ਵੱਡੀ ਬਹਾਰ ਹੋਈ
ਚੋਰ ਚੌਧਰੀ ਯਾਰਨੀ ਪਾਕ ਦਾਮਨ ਭੂਤ ਮੰਡਲੀ ਇੱਕ ਥੋਂ ਚਾਰ ਹੋਈ
ਵਾਰਸ ਸ਼ਾਹ ਨੇ ਆਖਿਆ ਪਾਕ ਕਲਮਾ ਬੇੜੀ ਤਿਨ੍ਹਾਂ ਦੀ ਆਕਬਤ ਪਾਰ ਹੋ
628. ਸ਼ਾਇਰ ਦਾ ਕਥਨ
ਖਰਲ ਹਾਂਸ ਦਾ ਮੁਲਕ ਮਸ਼ਹੂਰ ਮਲਕਾ ਤਿੱਥੇ ਸ਼ਿਅਰ ਕੀਤਾ ਨਾਲ ਰਾਸ ਦੇ ਮੈਂ
ਪਰਖ ਸ਼ਿਅਰ ਦੀ ਆਪ ਕਰ ਲੈਣ ਸ਼ਾਇਰ ਘੋੜਾ ਫੇਰਿਆ ਵਿੱਚ ਨਖਾਸ ਦੇ ਮੈਂ
ਪੜ੍ਹਣ ਗਭਰੂ ਦਿਲੀਂ ਵਿੱਚ ਖੁਸ਼ੀ ਹੋ ਕੇ ਫੁਲ ਬੀਜਿਆ ਵਾਸਤੇ ਬਾਸ ਦੇ ਮੈਂ
ਵਾਰਸ ਸ਼ਾਹ ਨਾ ਅਮਲ ਦੀ ਰਾਸ ਮੈਥੇ ਕਰਾਂ ਮਾਨ ਨਮਾਨੜਾ ਕਾਸ ਦੇ ਮੈਂ
629. ਉਹੀ ਚਾਲੂ
ਅਫਸੋਸ ਮੈਨੂੰ ਆਪਣੀ ਨਾਕਸੀ ਦਾ ਗੁਨਾਹਗਾਰਾਂ ਨੂੰ ਹਸ਼ਰ ਦੇ ਸੂਰ ਦਾ ਏ
ਇਹਨਾਂ ਮੋਮਨਾਂ ਖੌਫ ਈਮਾਨ ਦਾ ਹੈ ਅਤੇ ਹਾਜੀਆਂ ਬੈਤ ਮਾਅਮੂਰ ਦਾ ਏ
ਸੂਬਾ ਦਾਰ ਨੂੰ ਤਲਬ ਸਪਾਹ ਦੀ ਦਾ ਅਤੇ ਚਾਕਰਾਂ ਕਾਟ ਕਸੂਰ ਦਾ ਏ
ਸਾਰੇ ਮੁਲਕ ਖਰਾਬ ਪੰਜਾਬ ਵਿੱਚੋਂ ਸਾਨੂੰ ਵੱਡਾ ਅਫਸੋਸ ਕਸੂਰ ਦਾ ਏ
ਸਾਨੂੰ ਸ਼ਰਮ ਹਿਆ ਦਾ ਖੌਫ਼ ਰਹਿੰਦਾ ਜਿਵੇਂ ਮੂਸਾ ਨੂੰ ਖੌਫ ਕੋਹ ਤੂਰ ਦਾ ਏ
ਇਹਨਾਂ ਗਾਜ਼ੀਆਂ ਕਰਮ ਬਹਿਸ਼ਤ ਹੋਵੇ ਤੇ ਸ਼ਹੀਦਾਂ ਨੂੰ ਵਾਅਦਾ ਹੂਰ ਦਾ ਏ
ਐਵੇ ਬਾਹਰੋਂ ਸ਼ਾਨ ਖਰਾਬ ਵਿੱਚੋਂ ਜਿਵੇਂ ਢੋਲ ਸੁਹਾਵਨਾ ਦੂਰ ਦਾ ਏ
ਵਾਰਸ ਸ਼ਾਹ ਵਸਨੀਕ ਜੰਡਿਆਲੜੇ ਦਾ ਸ਼ਾਗਿਰਦ ਮਖਦੂਮ ਕਸੂਰ ਦਾ ਏ
ਰਬ ਆਬਰੂ ਨਾਲ ਈਮਾਨ ਬਖਸ਼ੇ ਸਾਨੂੰ ਆਸਰਾ ਫਜ਼ਲ ਗ਼ਫੂਰ ਦਾ ਏ
ਵਾਰਸ ਸ਼ਾਹ ਨਾ ਅਮਲ ਦੇ ਟਾਂਕ ਮੈਥੇ ਆਪ ਬਖਸ਼ ਲਕਾ ਹਜ਼ੂਰ ਦਾ ਏ
ਵਾਰਸ ਸ਼ਾਹ ਹੋਵੇ ਰੌਸ਼ਨ ਨਾਮ ਤੇਰਾ ਕਰਮ ਹੋਵੇ ਜੇ ਰਬ ਸ਼ੁਕਰ ਦਾ ਏ
ਵਾਰਸ ਸ਼ਾਹ ਤੇ ਜੁਮਲਿਆਂ ਮੋਮਨਾਂ ਨੂੰ ਹਿੱਸਾ ਬਖਸ਼ਣਾ ਆਪਣੇ ਨੂਰ ਦਾ ਏ
629. ਕਿਤਾਬ ਦਾ ਭੋਗ
ਖਤਮ ਰਬ ਦੇ ਕਰਮ ਨਾਲ ਹੋਈ ਫਰਮਾਇਸ਼ ਪਿਆਰੜੇ ਯਾਰ ਦੀ ਸੀ
ਐਸਾ ਸਿਅਰ ਕੀਤਾ ਪੁਰਮਗ਼ਜ਼ ਮੋਜੂੰ ਜੇਹਾ ਮੋਤੀਆਂ ਲੜੀ ਸ਼ਹਿਵਾਰ ਦੀ ਸੀ
ਤੁਲ ਖੋਲ ਕੇ ਜ਼ਿਕਰ ਮਿਆਨ ਕੀਤਾ ਰੰਗਤ ਰੰਗ ਦੀ ਖ਼ੂਬ ਬਹਾਰ ਦੀ ਸੀ
ਤਮਸੀਲ ਦੇ ਨਾਲ ਬਣਾਇ ਕਹਿਆ ਜੇਹੀ ਜ਼ੀਨਤ ਲਾਅਲ ਦੇ ਹਾਰ ਦੀ ਸੀ
ਜੋ ਕੋ ਪੜ੍ਹੇ ਸੋ ਬਹੁਤ ਖੁਰਸੰਦ ਹੋਵੇ ਵਾਹ ਵਾਹ ਸਭ ਖਲਕ ਪੁਕਾਰਦੀ ਸੀ
ਵਾਰਸ ਸ਼ਾਹ ਨੂੰ ਸਿੱਕ ਦੀਦਾਰ ਦੀ ਹੈ ਜੇਹੀ ਹੀਰ ਨੂੰ ਭਟਕਨਾ ਯਾਰ ਦੀ ਸੀ
630. ਉਹੀ
ਬਖਸ਼ ਲਿਖਣੇ ਵਾਲਿਆਂ ਜੁਮਲਿਆਂ ਨੂੰ ਪੜ੍ਹਣ ਵਾਲਿਆਂ ਕਰੀਂ ਅਤਾ ਸਾਈ
ਸੁਣਨ ਵਾਲਿਆਂ ਨੂੰ ਬਖਸ਼ ਖੁਸ਼ੀ ਦੌਲਤ ਜ਼ੌਕ ਤੇ ਸ਼ੌਕ ਦਾ ਚਾ ਸਾਈਂ
ਰੱਖੀਂ ਸ਼ਰਮ ਹਿਆ ਤੂੰ ਜੁਮਲਿਆਂ ਦਾ ਮੀਟੀ ਮੁਠ ਹੀ ਦੇਈਂ ਲੰਘਾ ਸਾਈ
ਵਾਰਸ ਸ਼ਾਹ ਤਮਾਮੀਆਂ ਮੋਮਨਾਂ ਨੂੰ ਦੇਈਂ ਦੀਨ ਈਮਾਨ ਲਿਕਾ ਸਾਈਂ
631. ਸ਼ਾਇਰ ਦਾ ਕਥਨ
ਹੀਰ ਰੂਹ ਤੇ ਚਾਕ ਕਲਬੂਤ ਜਾਣੋ ਬਾਲਨਾਥ ਏਹ ਪੀਰ ਬਣਾਇਆ ਈ
ਪੰਜ ਪੀਰ ਹਵਾਸ ਇਹ ਪੰਜ ਤੇਰੇ ਜਿਨ੍ਹਾਂ ਥਾਪਣਾ ਤੁਧ ਨੂੰ ਲਾਇਆ ਈ
ਕਾਜ਼ੀ ਹੱਕ ਝਬੇਲ ਨੇ ਅਮਲ ਤੇਰੇ ਇਆਲ ਮੁਨਕਰ ਨਕੀਰ ਠਹਿਰਾਇਆ ਈ
ਕੋਠਾ ਗੋਰ ਅਜ਼ਰਾਈਲ ਹੈ ਇਹ ਖੇੜਾ ਜਿਹੜਾ ਲੈਂਦੋ ਹੀ ਰੂਹ ਨੂੰ ਧਾਇਆ ਈ
ਕੈਦੋ ਲੰਙਾ ਸ਼ੈਤਾਨ ਮਲਊਨ ਜਾਣੋ ਜਿਸ ਨੇ ਵਿੱਚ ਦੀਵਾਨ ਫੜਾਇਆ ਈ
ਸਈਆਂ ਹੀਰ ਦੀਆਂ ਰੰਨ ਘਰ ਬਾਰ ਤੇਰਾ ਜਿੰਨ੍ਹਾਂ ਨਾਲ ਪੈਵੰਦ ਬਣਾਇਆ ਈ
ਵਾਂਗ ਹੀਰ ਦੇ ਬੰਨ੍ਹ ਲੈ ਜਾਣ ਤੈਨੂੰ ਕਿਸੇ ਨਾਲ ਨਾ ਸਾਥ ਲਦਾਇਆ ਈ
ਜਿਹੜਾ ਬੋਲਦਾ ਨਾਤਕਾ ਵੰਝਲੀ ਹੈ ਜਿਸ ਹੋਸ਼ ਦਾ ਰਾਗ ਸੁਣਾਇਆ ਈ
ਸਹਿਤੀ ਮੌਤ ਤੇ ਜਿਸਮ ਹੈ ਯਾਰ ਰਾਂਝਾ ਇਨ੍ਹਾਂ ਦੋਹਾਂ ਨੇ ਭੇੜ ਮਚਾਇਆ ਈ
ਸ਼ਹਿਵਤ ਭਾਬੀ ਤੇ ਭੁਖ ਰਬੇਲ ਬਾਂਦੀ ਜਿਨ੍ਹਾਂ ਜੰਨਤੋਂ ਮਾਰ ਕਢਾਇਆ ਈ
ਜੋਗੀ ਹੈ ਔਰਤ ਕੰਨ ਪਾੜ ਜਿਸ ਨੇ ਸਭ ਅੰਗ ਭਬੂਤ ਰਮਾਇਆ ਈ
ਦੁਨੀਆਂ ਜਾਣ ਐਵੇਂ ਜਿਵੇਂ ਝੰਗ ਪੇਕੇ ਗੋਰ ਕਾਲੜਾ ਬਾਗ ਬਣਾਇਆ ਈ
ਤਿੰਜਨ ਇਹ ਬਦ ਅਮਲੀਆਂ ਤੇਰੀਆਂ ਨੇ ਕਢ ਕਬਰ ਥੀਂ ਦੋਜ਼ਖੇ ਪਾਇਆ ਈ
ਉਹ ਮਸੀਤ ਹੈ ਮਾਂਉ ਦੇ ਸ਼ਿਕਮ ਬੰਦੇ ਜਿਸ ਵਿੱਚ ਸ਼ਬ ਰੋਜ਼ ਲੰਘਾਇਆ ਈ
ਅਦਲੀ ਰਾਜਾ ਏਹ ਨੇਕ ਨੇ ਅਮਲ ਤੇਰੇ ਜਿਸ ਹੀਰ ਈਮਾਨ ਦਵਾਇਆ ਈ
ਵਾਰਸ ਸ਼ਾਹ ਮੀਆਂ ਬੇੜੀ ਪਾਰ ਤੇਰੀ ਕਲਮਾ ਪਾਕ ਜ਼ਬਾਨ ਤੋ ਆਇਆ ਈ